ਤਾਜਾ ਖ਼ਬਰਾਂ


ਹਾਲੈਂਡ ਨੇ ਆਸਟ੍ਰੇਲੀਆ ਨੂੰ ਹਰਾ ਕੇ, ਫਾਈਨਲ 'ਚ ਬਣਾਈ ਥਾਂ
. . .  1 day ago
ਭੁਵਨੇਸ਼ਵਰ 15 ਦਸੰਬਰ (ਚਹਿਲ)- ਪਿਛਲੀ ਚੈਂਪੀਅਨ ਆਸਟ੍ਰੇਲੀਆ ਦੀ ਟੀਮ ਨੂੰ ਸਡਨ ਡੈੱਥ ਰਾਹੀਂ ਹਰਾ ਕੇ, ਹਾਲੈਂਡ ਦੀ ਟੀਮ ਨੇ ਵਿਸ਼ਵ ਕੱਪ ਹਾਕੀ ਦੇ ਫਾਈਨਲ 'ਚ ਥਾਂ ਬਣਾ ਲਈ ...
ਸਾਡੀ ਦਲੀਲ ਨੂੰ ਗਲਤ ਸਮਝਿਆ ਗਿਆ - ਸਰਕਾਰ ਨੇ ਸੁਪਰੀਮ ਕੋਰਟ 'ਚ ਦਾਖਲ ਕੀਤੀ ਅਰਜ਼ੀ
. . .  1 day ago
ਨਵੀਂ ਦਿੱਲੀ, 15 ਦਸੰਬਰ - ਰਾਫੇਲ ਸੌਦੇ ਨੂੰ ਲੈ ਕੇ ਮਚੇ ਘਮਸਾਣ ਵਿਚਕਾਰ ਮੋਦੀ ਸਰਕਾਰ ਨੇ ਆਪਣੇ ਬਚਾਅ 'ਚ ਸਫ਼ਾਈ ਪੇਸ਼ ਕੀਤੀ ਹੈ। ਕੇਂਦਰ ਵੱਲੋਂ ਸੁਪਰੀਮ ਕੋਰਟ 'ਚ ਅਰਜ਼ੀ ਦਾਖਲ ਕੀਤੀ ਗਈ ਹੈ। ਜਿਸ ਵਿਚ ਸਰਕਾਰ ਨੇ ਕਿਹਾ ਹੈ ਕਿ ਉਸ ਨੇ ਕੋਰਟ ਨੂੰ ਗੁਮਰਾਹ ਨਹੀਂ...
ਨਾਮਜ਼ਦਗੀਆਂ ਭਰਨ ਦੇ ਪਹਿਲੇ ਦਿਨ ਚਾਹਵਾਨ ਉਮੀਦਵਾਰਾਂ ਨੇ ਭਰੀਆਂ ਫਾਈਲਾਂ
. . .  1 day ago
ਬੈਲਜੀਅਮ ਵਿਸ਼ਵ ਕੱਪ ਹਾਕੀ ਦੇ ਫਾਈਨਲ 'ਚ ਪੁੱਜਿਆ
. . .  1 day ago
ਭੁਵਨੇਸ਼ਵਰ 15 ਦਸੰਬਰ (ਚਹਿਲ)- ਇੱਥੇ ਕਾਲਿੰਗਾ ਸਟੇਡੀਅਮ 'ਚ ਚੱਲ ਰਹੇ ਉਡੀਸ਼ਾ ਵਿਸ਼ਵ ਕੱਪ ਹਾਕੀ ਦੇ ਟੂਰਨਾਮੈਂਟ ਦੇ ਪਹਿਲੇ ਸੈਮੀਫਾਈਨਲ 'ਚ ਬੈਲਜ਼ੀਅਮ ਦੀ ਟੀਮ ਨੇ ਇੰਗਲੈਂਡ ਨੂੰ 6-੦ ਦੇ ਵੱਡੇ ਅੰਤਰ ਨਾਲ ਹਰਾਕੇ, ਪਹਿਲੀ ਵਾਰ ਆਲਮੀ ਕੱਪ ਦੇ ਫਾਈਨਲ 'ਚ ਖੇਡਣ ਦਾ...
ਦਿੱਲੀ ਹਾਈਕੋਰਟ ਸਜਣ ਕੁਮਾਰ 'ਤੇ ਸੋਮਵਾਰ ਸੁਣਾਏਗਾ ਅਹਿਮ ਫ਼ੈਸਲਾ
. . .  1 day ago
ਨਵੀਂ ਦਿੱਲੀ, 15 ਦਸੰਬਰ - ਦਿੱਲੀ ਹਾਈਕੋਰਟ 17 ਦਸੰਬਰ ਸੋਮਵਾਰ ਨੂੰ 1984 ਸਿੱਖ ਕਤਲੇਆਮ ਮਾਮਲੇ 'ਚ ਸੱਜਣ ਕੁਮਾਰ ਨੂੰ ਬਰੀ ਕੀਤੇ ਜਾਣ ਖਿਲਾਫ ਅਰਜ਼ੀ 'ਤੇ ਫ਼ੈਸਲਾ...
ਚੋਰਾਂ ਦੇ ਹੌਸਲੇ ਬੁਲੰਦ, ਖੇਤਾਂ 'ਚੋਂ ਨਿਰੰਤਰ ਟਰਾਂਸਫਾਰਮ ਚੋਰੀ ਕਰਨ ਦਾ ਸਿਲਸਿਲਾ ਜਾਰੀ
. . .  1 day ago
ਜੈਤੋ, 15 ਦਸੰਬਰ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਚੋਰਾਂ ਦੇ ਹੋਏ ਹੌਸਲੇ ਬੁਲੰਦ 'ਤੇ ਕਿਸਾਨਾਂ ਦੇ ਖੇਤਾਂ ਵਿਚੋਂ ਨਿਰੰਤਰ ਟਰਾਂਸਫਾਰਮ ਚੋਰੀ ਕਰਨ ਦਾ ਸਿਲਸਿਲਾ ਜਾਰੀ ਪ੍ਰੰਤੂ ਪੁਲਿਸ ਪ੍ਰਸ਼ਾਸਨ ਚੋਰਾਂ ਨੂੰ ਕਾਬੂ ਕਰਨ 'ਚ ਪੂਰੀ ਅਸਫਲ ਸਾਬਤ ਹੋਇਆ। ਪ੍ਰਾਪਤ...
ਸੁਲਤਾਨਪੁਰ ਲੋਧੀ ਵਿਖੇ ਨੌਜਵਾਨ ਦੀ ਸ਼ੱਕੀ ਹਾਲਤ 'ਚ ਮੌਤ
. . .  1 day ago
ਸੁਲਤਾਨਪੁਰ ਲੋਧੀ, 15 ਦਸੰਬਰ (ਜਗਮੋਹਨ ਸਿੰਗ ਥਿੰਦ, ਨਰੇਸ਼ ਹੈਪੀ)- ਜ਼ਮੀਨੀ ਝਗੜੇ ਦੇ ਚਲਦਿਆ ਸੁਲਤਾਨ ਲੋਧੀ ਵਿਖੇ ਦਰਸ਼ਨ ਸਿੰਘ ਨਾਂਅ ਦੇ ਨੌਜਵਾਨ ਦੀ ਸ਼ੱਕੀ ਹਾਲਤ 'ਚ ਮੌਤ ਹੋਣ ਦੀ ਖ਼ਬਰ ਮਿਲੀ ਹੈ। ਪਰਿਵਾਰਕ ਮੈਂਬਰਾਂ ਅਤੇ ਜਥੇਬੰਦੀਆਂ ਵੱਲੋਂ ਸਿਵਲ .....
ਗ੍ਰਾਮ ਪੰਚਾਇਤਾਂ ਦੀਆਂ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦੀ ਪ੍ਰਕਿਰਿਆ ਹੋਈ ਸ਼ੁਰੂ
. . .  1 day ago
ਨਰੋਟ ਜੈਮਲ ਸਿੰਘ, 15 ਦਸੰਬਰ (ਗੁਰਮੀਤ ਸਿੰਘ)- ਸੂਬੇ 'ਚ 30 ਦਸੰਬਰ ਨੂੰ ਹੋਣ ਜਾ ਰਹੀਆਂ ਗ੍ਰਾਮ ਪੰਚਾਇਤਾਂ ਦੀਆਂ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦੀ ਪ੍ਰਕਿਰਿਆ ਅੱਜ ਸ਼ੁਰੂ ਹੋ ਗਈ ਹੈ। ਹਾਲਾਂਕਿ ਨਾਮਜ਼ਦਗੀ ਪੱਤਰ ਭਰਨ ਦੇ ਪਹਿਲੇ ਦਿਨ ਸਰਪੰਚ ਅਤੇ......
ਅਗਸਤਾ ਵੈਸਟਲੈਂਡ ਮਾਮਲਾ : 19 ਦਸੰਬਰ ਨੂੰ ਹੋਵੇਗੀ ਮਿਸ਼ੇਲ ਦੀ ਜ਼ਮਾਨਤ ਪਟੀਸ਼ਨ 'ਤੇ ਸੁਣਵਾਈ
. . .  1 day ago
ਨਵੀਂ ਦਿੱਲੀ, 15 ਦਸੰਬਰ- ਅਗਸਤਾ ਵੈਸਟਲੈਂਡ ਮਾਮਲੇ 'ਚ ਸੀ.ਬੀ.ਆਈ. ਵਕੀਲ ਨੇ ਕੋਰਟ ਨੂੰ ਦੱਸਿਆ ਕਿ ਹੈਲੀਕਾਪਟਰ ਸੌਦੇ ਦੇ ਕਥਿਤ ਵਿਚੋਲੀਏ ਕ੍ਰਿਸਟੀਅਨ ਮਿਸ਼ੇਲ ਦੇ ਵਕੀਲ ਦਾ ਮਾਮਲਾ ਵਿਦੇਸ਼ ਮੰਤਰਾਲੇ 'ਚ ਵਿਚਾਰ ਅਧੀਨ ਹੈ। ਮਿਸ਼ੇਲ ਦੀ ਜ਼ਮਾਨਤ ਪਟੀਸ਼ਨ ....
ਛੱਤੀਸਗੜ੍ਹ : ਕੱਲ੍ਹ ਹੋਵੇਗਾ ਮੁੱਖ ਮੰਤਰੀ ਦੇ ਨਾਂਅ ਦਾ ਐਲਾਨ- ਪੀ.ਐਲ. ਪੁਨੀਆ
. . .  1 day ago
ਰਾਏਪੁਰ, 15 ਦਸੰਬਰ- ਛੱਤੀਸਗੜ੍ਹ ਕਾਂਗਰਸ ਦੇ ਸੀਨੀਅਰ ਆਗੂ ਪੀ.ਐਲ. ਪੁਨੀਆ ਨੇ ਕਿਹਾ ਕਿ ਰਾਏਪੁਰ 'ਚ ਐਤਵਾਰ ਨੂੰ ਇਕ ਬੈਠਕ ਹੋਵੇਗੀ। ਇਸ ਤੋਂ ਬਾਅਦ ਹੀ ਮੁੱਖ ਮੰਤਰੀ ਦੇ ਨਾਂਅ ਦਾ ਐਲਾਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਰਾਜਪਾਲ ਨੇ ਉਨ੍ਹਾਂ ਨੂੰ ਸਹੁੰ ਚੁੱਕ ਸਮਾਗਮ ਲਈ ....
ਹੋਰ ਖ਼ਬਰਾਂ..

ਲੋਕ ਮੰਚ

ਆਤਮਘਾਤੀ ਹਥਿਆਰ ਹੈ ਸ਼ਰਾਬ

ਸ਼ਰਾਬ ਨੂੰ ਸਮਾਜਿਕ, ਸਿਹਤ ਅਤੇ ਆਰਥਿਕ ਪੱਖੋਂ ਅਸੀਂ ਮਾਨਤਾ ਦਿੱਤੀ ਹੋਈ ਹੈ। ਹਰੇਕ ਬੁਰਾਈ ਨੂੰ ਆਪਣੇ ਅਨੁਕੂਲ ਬਣਾਉਣਾ ਸਾਡਾ ਸੁਭਾਅ ਹੈ। ਸਮਾਜਿਕ ਪੱਖ ਤੋਂ ਸ਼ਰਾਬ ਦੇ ਔਗੁਣ ਵੱਧ ਹਨ। ਸਮਾਜਿਕ ਪ੍ਰੋਗਰਾਮਾਂ ਵਿਚ ਸ਼ਰਾਬ ਵਾਲੇ ਦੇ ਨੇੜੇ ਕੋਈ ਬੈਠਣ ਲਈ ਤਿਆਰ ਨਹੀਂ ਹੁੰਦਾ। ਡਰ ਵੀ ਹੁੰਦਾ ਹੈ ਕਿ ਸ਼ਰਾਬੀ ਕਦੇ ਵੀ ਡਰਾਮਾ ਕਰ ਸਕਦਾ ਹੈ। ਪਤੀਆਂ ਵਲੋਂ ਘਰੇਲੂ ਹਿੰਸਾ ਦਾ ਵੱਡਾ ਕਾਰਨ ਵੀ ਸ਼ਰਾਬ ਹੈ, ਸਿਹਤ ਦੇ ਪੱਖ ਤੋਂ ਸ਼ਰਾਬ ਅੰਦਰੂਨੀ ਅੰਗਾਂ ਨੂੰ ਅਕਿਰਿਆਸ਼ੀਲ ਕਰਦੀ ਹੈ, ਜਿਸ ਤੋਂ ਬਿਮਾਰੀਆਂ ਆਰੰਭ ਹੁੰਦੀਆਂ ਹਨ। ਸਰਕਾਰ ਵਲੋਂ ਬੋਤਲ ਦੇ ਬਾਹਰ 'ਪੀਣੀ ਹਾਨੀਕਾਰਕ' ਲਿਖਵਾਇਆ ਜਾਂਦਾ ਹੈ। ਹੁਣ ਤਾਂ ਮਿਲਾਵਟੀ ਸ਼ਰਾਬ ਦੀ ਵੀ ਭਰਮਾਰ ਹੈ। ਘਰੇਲੂ ਆਰਥਿਕਤਾ ਨੂੰ ਸਭ ਤੋਂ ਵੱਧ ਸ਼ਰਾਬ ਸੱਟ ਮਾਰਦੀ ਹੈ। ਇਕ ਫਜ਼ੂਲ ਖਰਚੀ, ਦੂਜਾ ਸਿਹਤ ਖਰਾਬ।
ਸਰਕਾਰ ਵਲੋਂ ਹਰ ਸਾਲ ਆਬਕਾਰੀ ਨੀਤੀ ਤਹਿਤ ਮਾਲੀਏ ਅਤੇ ਸ਼ਰਾਬ ਦੀ ਮਾਤਰਾ ਦੇ ਟੀਚੇ ਨਿਰਧਾਰਤ ਕੀਤੇ ਜਾਂਦੇ ਹਨ। ਪੰਜਾਬ ਵਿਚ ਸਾਲ 2008-09 ਵਿਚ 943 ਲੱਖ ਪਰੂਫ਼ ਲੀਟਰ, 2009-10 ਵਿਚ 1085 ਲੱਖ ਪਰੂਫ਼ ਲੀਟਰ, 2010-11 ਵਿਚ 1173 ਲੱਖ ਪਰੂਫ਼ ਲੀਟਰ ਅਤੇ 2012-13 ਵਿਚ 1334 ਲੱਖ ਪਰੂਫ਼ ਲੀਟਰ ਕੋਟਾ ਮਿਥਿਆ ਗਿਆ ਸੀ। ਹੁਣ ਮਾਣਯੋਗ ਸਰਬਉੱਚ ਅਦਾਲਤ ਨੇ ਮੁੱਖ ਸੜਕਾਂ ਤੋਂ 500 ਮੀਟਰ ਦੂਰ ਤੱਕ ਠੇਕੇ ਚਕਾਉਣ ਦੀ ਹਦਾਇਤ ਦਿੱਤੀ ਹੈ। ਇਸ ਵਾਰ ਸਰਕਾਰ ਵਲੋਂ ਕੋਟਾ ਘਟਾਇਆ ਗਿਆ ਹੈ। ਸ਼ਰਾਬ ਵਿਕਰੇਤਾਵਾਂ ਦੀ ਗਿਣਤੀ ਵੀ 6384 ਤੋਂ ਘਟਾ ਕੇ 5900 ਕੀਤੀ ਗਈ ਹੈ। ਪੰਜਾਬ ਦੇ ਪੰਚਾਇਤ ਐਕਟ ਵਿਚ ਪਿੰਡਾਂ ਵਿਚੋਂ ਸ਼ਰਾਬ ਦੇ ਠੇਕੇ ਚੁੱਕਣ ਦੀ ਵਿਵਸਥਾ ਵੀ ਕੀਤੀ ਗਈ ਹੈ। ਕੁਝ ਵਰਗ ਸ਼ਰਾਬ ਦੀ ਵਕਾਲਤ ਵੀ ਕਰਦੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਸ਼ਰਾਬ ਨਹੀਂ, ਸ਼ਰਾਬੀ ਮਾੜਾ ਹੈ। ਪਰ ਸ਼ਰਾਬ ਪੀਣ ਪਿੱਛੇ ਕਮਜ਼ੋਰ ਮਾਨਸਿਕਤਾ ਕੰਮ ਕਰਦੀ ਹੈ। ਸ਼ਰਾਬ ਬਾਰੇ ਪਰਖ-ਪੜਚੋਲ ਕਰਨ ਤੋਂ ਮਨੁੱਖੀ ਜੀਵਨ ਦੇ ਸਾਰੇ ਪੱਖਾਂ ਤੋਂ ਸਪਸ਼ੱਟ ਹੈ ਕਿ ਸ਼ਰਾਬ ਸਹੀ ਅਰਥਾਂ ਵਿਚ ਮਨੁੱਖ ਲਈ ਆਤਮਘਾਤੀ ਹਥਿਆਰ ਹੈ। ਹਥਿਆਰ ਵਾਂਗ ਕਦੇ ਵੀ ਸ਼ਰਾਬ ਚੱਲ ਕੇ ਬੰਦੇ ਕੋਲ ਨਹੀਂ ਆਉਂਦੀ, ਬਲਕਿ ਬੰਦਾ ਖੁਦ ਸ਼ਰਾਬ ਕੋਲ ਚੱਲ ਕੇ ਆਤਮਘਾਤ ਨੂੰ ਸੁਨੇਹਾ ਦਿੰਦਾ ਹੈ।

-ਅਬਿਆਣਾ ਕਲਾਂ।
ਮੋਬਾ: 98781-11445


ਖ਼ਬਰ ਸ਼ੇਅਰ ਕਰੋ

ਬਜ਼ੁਰਗ ਹੁੰਦੇ ਹਨ ਘਰ ਦਾ ਜਿੰਦਾ

ਕਿਸੇ ਸਿਆਣੇ ਬੰਦੇ ਨੇ ਇਹ ਅਖਾਣ ਬਿਲਕੁਲ ਸਹੀ ਬਣਾਈ ਹੈ ਕਿ ਬਜ਼ੁਰਗ ਘਰ ਦਾ ਜਿੰਦਾ ਹੁੰਦੇ ਹਨ। ਇਨ੍ਹਾਂ ਬਜ਼ੁਰਗਾਂ ਦੇ ਸਹਾਰੇ ਅਸੀਂ ਆਪਣੇ ਘਰ-ਬਾਰ ਨੂੰ ਖੁੱਲ੍ਹਾ ਛੱਡ ਕਿਤੇ ਵੀ ਆ-ਜਾ ਸਕਦੇ ਹਾਂ, ਕਿਉਂਕਿ ਸਾਨੂੰ ਪਤਾ ਹੁੰਦਾ ਹੈ ਕਿ ਜਦੋਂ ਤੱਕ ਘਰ ਵਿਚ ਬਜ਼ੁਰਗ ਬੈਠੇ ਹਨ, ਉਦੋਂ ਤੱਕ ਘਰ ਦੀ ਕੋਈ ਵੀ ਚੀਜ਼ ਇਧਰ-ਉਧਰ ਨਹੀਂ ਹੋ ਸਕਦੀ। ਬਜ਼ੁਰਗ ਉਸ ਬੁੱਢੇ ਹੋਏ ਦਰਖੱਤਾਂ ਦੀ ਤਰ੍ਹਾਂ ਹੁੰਦੇ ਹਨ ਜੋ ਕਿ ਸਾਥੋਂ ਕੁਝ ਵੀ ਨਹੀਂ ਲੈਂਦੇ, ਉਲਟਾ ਸਾਨੂੰ ਠੰਢੀਆਂ ਹਵਾਵਾਂ ਅਤੇ ਫਲ ਆਦਿ ਦਿੰਦੇ ਰਹਿੰਦੇ ਹਨ।
ਪਰ ਸਮੇਂ ਨੇ ਐਸੀ ਚਾਲ ਚੱਲੀ ਕਿ ਵੱਡੇ-ਵੱਡੇ ਧਨਾਢ ਬੰਦਿਆਂ ਦੇ ਮਾਂ-ਬਾਪ ਵੀ ਧੜਾਧੜ ਖੁੱਲ੍ਹ ਰਹੇ ਬਿਰਧ ਆਸ਼ਰਮਾਂ ਵਿਚ ਆਪਣੀ ਜ਼ਿੰਦਗੀ ਦੇ ਆਖਰੀ ਪਲ ਆਪਣੇ ਧੀਆਂ-ਪੁੱਤਰਾਂ ਦੀ ਯਾਦ ਵਿਚ ਕੱਟ ਰਹੇ ਹਨ। ਕਿੰਨੇ ਅਫਸੋਸ ਦੀ ਗੱਲ ਹੈ ਕਿ ਜਿਨ੍ਹਾਂ ਮਾਪਿਆਂ ਨੇ ਪੰਜ-ਪੰਜ ਧੀਆਂ-ਪੁੱਤਰਾਂ ਨੂੰ ਜੇਠ-ਹਾੜ੍ਹ ਦੀਆਂ ਤਪਦੀਆਂ ਦੁਪਹਿਰਾਂ ਅਤੇ ਪੋਹ-ਮਾਘ ਦੀਆਂ ਸਰਦੀਆਂ ਵਿਚ ਦਿਨ-ਰਾਤ ਕੰਮ ਕਰ ਕੇ ਪਾਲਿਆ, ਅੱਜ ਉਨ੍ਹਾਂ ਧੀਆਂ-ਪੁੱਤਰਾਂ ਦੇ ਵੱਡੇ-ਵੱਡੇ ਆਲੀਸ਼ਾਨ ਮਹਿਲਨੁਮਾ ਮਕਾਨਾਂ ਵਿਚ ਇਨ੍ਹਾਂ ਬਜ਼ੁਰਗਾਂ ਲਈ ਇਕ ਵਾਣ ਦਾ ਮੰਜਾ ਡਾਹੁਣ ਜੋਗੀ ਵੀ ਜਗ੍ਹਾ ਨਹੀਂ ਹੁੰਦੀ। ਕੀ ਕਰਨਾ ਇਨ੍ਹਾਂ ਮਹਿਲਨੁਮਾ ਮਕਾਨਾਂ ਨੂੰ, ਜਿਨ੍ਹਾਂ ਵਿਚ ਆਪਣੇ ਬਜ਼ੁਰਗਾਂ ਲਈ ਥਾਂ ਨਾ ਹੋਵੇ।
ਇਨ੍ਹਾਂ ਬਜ਼ੁਰਗਾਂ ਕਾਰਨ ਹੀ ਅਸੀਂ ਜ਼ਿੰਦਗੀ ਦੇ ਕਈ ਮੁਕਾਮ ਸਰ ਕਰ ਜਾਂਦੇ ਹਾਂ, ਕਿਉਂਕਿ ਇਹ ਬਜ਼ੁਰਗ ਹੀ ਹਨ ਜੋ ਆਪਣੀ ਜ਼ਿੰਦਗੀ ਦੇ ਤਜਰਬੇ ਸਾਡੇ ਨਾਲ ਸਾਂਝੇ ਕਰ ਕੇ ਸਾਨੂੰ ਤਰੱਕੀਆਂ ਦੀਆਂ ਪੌੜੀਆਂ ਚੜ੍ਹਨਾ ਸਿਖਾਉਂਦੇ ਹਨ। ਪਹਿਲੇ ਸਮੇਂ ਵਿਚ ਜਦੋਂ ਬਜ਼ੁਰਗ ਘਰ ਵਿਚ ਹੁੰਦੇ ਸਨ ਤਾਂ ਬੱਚੇ ਆਪਣੇ ਬਜ਼ੁਰਗਾਂ ਤੋਂ ਸੂਰਬੀਰ, ਯੋਧਿਆਂ ਦੀਆਂ ਬਾਤਾਂ ਸੁਣ ਕੇ ਮਜ਼ਬੂਤ ਇਰਾਦੇ ਵਾਲੇ ਇਨਸਾਨ ਬਣਦੇ ਸਨ ਅਤੇ ਅੱਜ ਦੇ ਬੱਚੇ ਮੋਬਾਈਲਾਂ, ਲੈਪਟਾਪ, ਟੀ. ਵੀ. ਅਤੇ ਵੀਡੀਓ ਗੇਮਾਂ ਵਿਚ ਕੈਦ ਹੋ ਕੇ ਰਹਿ ਗਏ ਹਨ। ਇਸ ਲਈ ਜੇਕਰ ਅਸੀਂ ਚਾਹੁੰਦੇ ਹਾਂ ਕਿ ਸਾਡੇ ਬੱਚੇ ਸਾਡੇ ਬੁਢਾਪੇ ਦਾ ਸਹਾਰਾ ਬਣਨ ਤਾਂ ਸਾਨੂੰ ਵੀ ਆਪਣੇ ਬਜ਼ੁਰਗਾਂ ਦਾ ਸਹਾਰਾ ਬਣਨਾ ਪਵੇਗਾ। ਸਾਨੂੰ ਆਪਣੇ ਬਜ਼ੁਰਗਾਂ ਦੀ ਸੇਵਾ ਘਰ ਪਰਿਵਾਰ ਵਿਚ ਰਲ ਮਿਲ ਕੇ ਕਰਨੀ ਪਵੇਗੀ, ਤਾਂ ਜੋ ਸਾਡੇ ਬੱਚੇ ਬਜ਼ੁਰਗਾਂ ਤੋਂ ਚੰਗੀਆਂ ਗੱਲਾਂ ਸਿੱਖ ਕੇ ਸੂਰਬੀਰ, ਯੋਧਿਆਂ ਵਾਲੇ ਮਾਨਵਤਾ ਭਲਾਈ ਕਾਰਜ ਕਰਨ ਨੂੰ ਪਹਿਲ ਦੇਣ ਤੇ ਇਕ ਚੰਗਾ ਇਨਸਾਨ ਬਣ ਸਕਣ ਅਤੇ ਅਸੀਂ ਵੀ ਬਜ਼ੁਰਗਾਂ ਦੇ ਘਰ ਵਿਚ ਹੋਣ 'ਤੇ ਬੇਫਿਕਰ ਹੋ ਕੇ ਆਪਣੇ ਕੰਮ-ਕਾਰ ਨੂੰ ਜਾਈਏ ਕਿ ਸਾਡੇ ਘਰ ਦਾ ਜਿੰਦਾ ਸਾਥੋਂ ਬਾਅਦ ਸਾਡੇ ਘਰ ਦੀ ਅਤੇ ਬੱਚਿਆਂ ਦੀ ਸੰਭਾਲ ਪੂਰੀ ਤਸੱਲੀ ਨਾਲ ਕਰ ਰਿਹਾ ਹੈ। ਇੱਧਰ ਸਰਕਾਰ ਦਾ ਵੀ ਫਰਜ਼ ਬਣਦਾ ਹੈ ਕਿ ਉਹ ਕੋਈ ਅਜਿਹਾ ਨਿਯਮ ਬਣਾਏ ਕਿ ਜਦੋਂ ਤੱਕ ਘਰ ਦਾ ਬਜ਼ੁਰਗ ਜਿਊਂਦਾ ਹੈ, ਉਦੋਂ ਤੱਕ ਉਸ ਦਾ ਘਰ ਦੀ ਜਾਇਦਾਦ ਉੱਤੇ ਬਰਾਬਰ ਦਾ ਹੱਕ ਹੈ ਅਤੇ ਉਨ੍ਹਾਂ ਦੇ ਬੱਚੇ ਉਨ੍ਹਾਂ ਨੂੰ ਕਿਸੇ ਵੀ ਕੀਮਤ 'ਤੇ ਘਰ ਤੋਂ ਬਾਹਰ ਨਾ ਕੱਢ ਸਕਣ ਅਤੇ ਜੇਕਰ ਫਿਰ ਵੀ ਕੋਈ ਆਪਣੇ ਬਜ਼ੁਰਗਾਂ ਨੂੰ ਬਾਹਰ ਬਿਰਧ ਆਸ਼ਰਮਾਂ ਆਦਿ 'ਚ ਭੇਜਦਾ ਹੈ ਤਾਂ ਉਸ 'ਤੇ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ।

-ਪਿੰਡ ਬਠੋਈ ਕਲਾਂ, ਡਾਕ: ਡਕਾਲਾ, ਜ਼ਿਲ੍ਹਾ ਪਟਿਆਲਾ।
ਮੋਬਾ: 99152-98157

ਮੁਸ਼ਕਿਲ 'ਚ ਸਕੂਲੀ ਵਿਦਿਆਰਥੀ

ਹਰਿਆਣਾ ਦੇ ਗੁਰੂਗ੍ਰਾਮ (ਗੁੜਗਾਓਂ) 'ਚ ਸਤੰਬਰ ਮਹੀਨੇ ਦੇ ਸ਼ੁਰੂ 'ਚ ਹੋਏ ਇਕ ਬੱਚੇ ਦੇ ਕਤਲ ਦੇ ਮਾਮਲੇ 'ਚ ਸੀ.ਬੀ.ਆਈ. ਦੇ ਨਵੇਂ ਖੁਲਾਸੇ ਤੋਂ ਬਾਅਦ ਮਾਮਲਾ ਹੋਰ ਜ਼ਿਆਦਾ ਉਲਝ ਗਿਆ, ਹੁਣ ਤੱਕ ਤਾਂ ਅਸੀਂ ਸਮਝ ਰਹੇ ਸੀ ਕਿ ਡਰਾਈਵਰ ਹੀ ਕਾਤਲ ਹੈ, ਪਰ ਹੁਣ ਸੀ.ਬੀ.ਆਈ. ਇਹ ਸਮਝ ਰਹੀ ਹੈ ਕਿ ਕਾਤਲ ਉਸੇ ਹੀ ਸਕੂਲ ਦੀ ਕਲਾਸ ਦੀ 11ਵੀਂ ਦਾ ਵਿਦਿਆਰਥੀ ਹੀ ਹੈ। ਸਮਝ 'ਚ ਨਹੀਂ ਆ ਰਿਹਾ ਹੈ ਕਿ ਕਿਸ ਦੀ ਗੱਲ ਦਾ ਯਕੀਨ ਕੀਤਾ ਜਾਵੇ, ਇਸ ਲਈ ਕਿਹਾ ਜਾਂਦਾ ਹੈ ਕਿ ਜਦੋਂ ਤੱਕ ਕੋਈ ਮੁਜਰਿਮ ਅਦਾਲਤ ਤੋਂ ਸਜ਼ਾ ਨਾ ਪਾ ਜਾਵੇ, ਉਦੋਂ ਤੱਕ ਉਸ ਨੂੰ ਦੋਸ਼ੀ ਨਹੀਂ ਸਮਝਣਾ ਚਾਹੀਦਾ ਹੈ। ਇਸ ਤਰ੍ਹਾਂ ਦੇ ਜਜ਼ਬਾਤੀ ਮਾਮਲੇ 'ਚ ਸਮਾਜ ਨੂੰ ਹੋਰ ਖਾਸ ਤੌਰ 'ਤੇ ਉਨ੍ਹਾਂ ਲੋਕਾਂ ਨੂੰ, ਜਿਨ੍ਹਾਂ 'ਤੇ ਸਮਾਜ ਦੀਆਂ ਜ਼ਿੰਮੇਵਾਰੀਆਂ ਹਨ, ਜਜ਼ਬਾਤਾਂ ਨੂੰ ਕਿਨਾਰੇ ਰੱਖਣਾ ਚਾਹੀਦਾ ਹੈ, ਤਾਂ ਕਿ ਉਹ ਆਪਣਾ ਕੰਮ ਕਰ ਸਕਣ। ਜੇਕਰ ਸੀ.ਬੀ.ਆਈ. ਦੀ ਗੱਲ ਸੱਚ ਹੈ, ਤਾਂ ਸੋਚਣਾ ਹੋਵੇਗਾ ਕਿ ਸਾਡੇ ਬੱਚੇ ਕਿੱਥੇ ਜਾ ਰਹੇ ਹਨ?
ਅਖ਼ਬਾਰ 'ਚ ਆਇਆ ਹੈ ਕਿ ਉਸੇ ਸਕੂਲ ਵਿਚ ਇਕ ਬੱਚੇ ਨੇ ਦੱਸਿਆ ਹੈ ਕਿ ਉਥੇ ਇਕ ਦਿਨ ਬੱਚਾ ਜ਼ਹਿਰ ਲੈ ਕੇ ਆਇਆ ਸੀ ਅਤੇ ਉਹ ਕਿਸੇ ਨੂੰ ਪਿਲਾਉਣ ਦੀ ਕੋਸ਼ਿਸ਼ ਕਰ ਰਿਹਾ ਸੀ, ਜਿਸ ਨਾਲ ਸਕੂਲ 'ਚ ਹੰਗਾਮਾ ਹੋ ਜਾਵੇ। ਜੇਕਰ ਇਹ ਗੱਲ ਵੀ ਸੱਚ ਹੈ ਤਾਂ ਫਿਰ ਸਾਨੂੰ ਸੰਜੀਦਗੀ ਨਾਲ ਸੋਚਣਾ ਹੋਵੇਗਾ ਕਿ ਅਸੀਂ ਕਿਧਰ ਜਾ ਰਹੇ ਹਾਂ? ਬੱਚੇ ਸਾਡਾ ਆਉਣ ਵਾਲਾ ਕੱਲ੍ਹ ਹੈ, ਜੇਕਰ ਅੱਜ ਇਹੀ ਕੱਲ੍ਹ ਐਨਾ ਚਿੰਤਾਜਨਕ ਹੈ ਤਾਂ ਕੱਲ੍ਹ ਉਹ ਇਸ ਤੋਂ ਜ਼ਿਆਦਾ ਖਤਰਨਾਕ ਹੋ ਸਕਦਾ ਹੈ, ਜੇਕਰ ਅੱਜ ਦਾ ਬਚਪਨ ਇਸ ਅੰਦਾਜ਼ ਨਾਲ ਵੱਡਾ ਹੋ ਰਿਹਾ ਹੈ। ਕਿੱਥੇ ਗਲਤੀ ਹੋਈ ਹੈ? ਸਿੱਖਿਆ ਤਾਂ ਸਾਨੂੰ ਇਨਸਾਨ ਬਣਾਉਂਦੀ ਹੈ, ਪਰ ਇਹ ਕਿਹੋ ਜਿਹੀ ਸਿੱਖਿਆ ਹੈ ਜੋ 11ਵੀਂ ਦੇ ਇਕ ਬੱਚੇ ਨੂੰ ਹਿੰਸਕ ਬਣਾ ਦਿੰਦੀ ਹੈ?
ਫਿਕਰ ਹੋਣੀ ਚਾਹੀਦੀ ਹੈ ਕਿ ਆਖਰ ਗਲਤੀ ਕਿੱਥੇ ਹੋਈ ਹੈ? ਇਸ ਦੇ ਲਈ ਕੌਣ ਜ਼ਿੰਮੇਵਾਰ ਹੈ? ਕੀ ਸਕੂਲ ਜ਼ਿੰਮੇਵਾਰ ਹੈ, ਜਿਸ ਨੇ ਬੱਚਿਆਂ 'ਤੇ ਐਨਾ ਜ਼ਿਆਦਾ ਦਬਾਅ ਬਣਾ ਕੇ ਰੱਖਿਆ ਹੋਇਆ ਹੈ ਕਿ ਬੱਚੇ ਆਪਣੇ ਬਚਾਅ ਦੇ ਲਈ ਐਨੇ ਖਤਰਨਾਕ ਇਰਾਦਿਆਂ ਦੇ ਨਾਲ ਅੱਗੇ ਆ ਜਾਂਦੇ ਹਨ? ਜਾਂ ਉਹ ਮਾਪੇ, ਜੋ ਬੱਚਿਆਂ ਨੂੰ ਸਭ ਕੁਝ ਦੇ ਰਹੇ ਹਨ, ਬਜਾਏ ਵਕਤ ਦੇ? ਜਾਂ ਫਿਰ ਉਹ ਸਮਾਜ ਜ਼ਿੰਮੇਵਾਰ ਹੈ? ਕੀ ਅਸੀਂ ਐਨਾ ਭਟਕ ਗਏ ਹਾਂ ਕਿ ਆਪਣੇ ਬੱਚਿਆਂ ਦੇ ਭਵਿੱਖ ਪ੍ਰਤੀ ਬੇਫਿਕਰੇ ਹੋ ਗਏ ਹਾਂ? ਕੀ ਹੱਥ 'ਚ ਆ ਗਏ ਮੋਬਾਈਲ ਅਤੇ ਸੋਸ਼ਲ ਮੀਡੀਆ 'ਤੇ ਬੈਠੇ ਰਹਿਣ ਦੀ ਵਜ੍ਹਾ ਨਾਲ ਅਸੀਂ ਲੋਕ ਹੁਣ ਇਕ-ਦੂਜੇ ਤੋਂ ਅਲੱਗ ਹੁੰਦੇ ਜਾ ਰਹੇ ਹਾਂ? ਸਵਾਲ ਬਹੁਤ ਹਨ, ਪਰ ਉਨ੍ਹਾਂ ਦੀ ਜੜ੍ਹ 'ਚ ਸਿਰਫ ਇਕ ਹੀ ਵੱਡਾ ਸਵਾਲ ਹੈ ਕਿ ਕਿਉਂ ਅਸੀਂ ਆਪਣੇ ਬੱਚਿਆਂ ਦੀ ਚੰਗੀ ਪਾਲਣ-ਪੋਸ਼ਣ 'ਚ ਨਾਕਾਮਯਾਬ ਹੋ ਰਹੇ ਹਾਂ? ਆਖਰ ਇਕ ਸਿੱਖਿਆ ਅਦਾਰੇ 'ਚ ਕਿਵੇਂ ਇਕ ਮਾਸੂਮ ਬੱਚਾ ਮੌਤ ਦਾ ਸ਼ਿਕਾਰ ਹੋ ਜਾਂਦਾ ਹੈ?
ਅੱਜਕਲ੍ਹ ਕੁਝ ਨਿੱਜੀ ਸਕੂਲਾਂ ਨੂੰ ਛੱਡ ਕੇ ਜ਼ਿਆਦਾਤਰ ਸਿੱਖਿਅਕ ਘੱਟ ਅਤੇ ਕਾਰੋਬਾਰੀ ਜ਼ਿਆਦਾ ਹੋ ਚੁੱਕੇ ਹਨ, ਕੋਈ ਵੀ ਸਕੂਲ ਉਸ ਦੇ ਅਧਿਆਪਕ ਅਤੇ ਪ੍ਰਬੰਧਾਂ ਦੇ ਕਰਕੇ ਹੀ ਚੰਗਾ ਬਣਦਾ ਹੈ। ਜ਼ਰੂਰੀ ਨਹੀਂ ਹੈ ਕਿ ਇਕ ਨਾਂਅ ਨਾਲ ਦੇਸ਼ ਭਰ 'ਚ ਚੱਲਣ ਵਾਲੇ ਸਾਰੇ ਸਕੂਲ ਚੰਗੇ ਹੀ ਹੋਣ, ਪਰ ਇਹ ਸਕੂਲ ਬ੍ਰੈਂਡ ਦੇ ਤੌਰ 'ਤੇ ਕੰਮ ਕਰਦੇ ਹਨ, ਹੌਲੀ-ਹੌਲੀ ਇਹ ਐਨੇ ਵੱਡੇ ਹੋ ਜਾਂਦੇ ਹਨ ਕਿ ਇਨ੍ਹਾਂ ਦੇ ਖਿਲਾਫ ਕੋਈ ਕੁਝ ਨਹੀਂ ਕਰ ਪਾਉਂਦਾ। ਅਜਿਹਾ ਕਈ ਵਾਰ ਹੁੰਦਾ ਹੈ ਕਿ ਅਧਿਆਪਕਾਂ ਦੀ ਗਲਤੀ ਦੇ ਬਾਵਜੂਦ ਤੁਹਾਨੂੰ ਆਪਣੇ ਬੱਚੇ ਨੂੰ ਹੀ ਝਿੜਕਣਾ ਪੈਂਦਾ ਹੈ, ਕਿਉਂਕਿ ਇਹ ਸਕੂਲ ਕਾਰੋਬਾਰੀ ਬਣ ਚੁੱਕੇ ਹਨ, ਤਾਂ ਕੁਝ ਅਜਿਹੇ ਅਧਿਆਪਕ ਵੀ ਰੱਖਣੇ ਪੈਂਦੇ ਹਨ, ਜੋ ਰਸੂਖਦਾਰ ਲੋਕਾਂ ਦੇ ਕਰੀਬੀ ਹੋਣ। ਇਸ ਲਈ ਅਜਿਹੇ ਅਧਿਆਪਕ ਦੀਆਂ ਖਾਮੀਆਂ ਨੂੰ ਨਜ਼ਰਅੰਦਾਜ਼ ਕਰਨਾ ਪੈਂਦਾ ਹੋਵੇਗਾ। ਮਾਪੇ ਬੱਚਿਆਂ ਦੀ ਭਾਰੀ ਫੀਸ ਨਾਲ ਪਹਿਲਾਂ ਹੀ ਦੱਬੇ ਹੁੰਦੇ ਹਨ, ਇਸ ਲਈ ਉਹ ਬੱਚਿਆਂ ਦੀ ਪੜ੍ਹਾਈ ਨੂੰ ਲੈ ਕੇ ਕੁਝ ਹੋਰ ਸੁਣਨ ਨੂੰ ਤਿਆਰ ਨਹੀਂ ਹੁੰਦੇ। ਅਜਿਹਾ ਵੀ ਹੁੰਦਾ ਹੈ ਕਿ ਨਾ ਚਾਹੁੰਦੇ ਹੋਏ ਵੀ ਬੱਚਿਆਂ ਨੂੰ ਉਹ ਪੜ੍ਹਾਈ ਪੜ੍ਹਨ ਲਈ ਮਜਬੂਰ ਕੀਤਾ ਜਾਂਦਾ ਹੈ, ਜਿਸ ਵਿਚ ਉਨ੍ਹਾਂ ਦੀ ਕੋਈ ਰੁਚੀ ਹੀ ਨਹੀਂ ਹੁੰਦੀ। ਇਹ ਸਾਰੀਆਂ ਚੀਜ਼ਾਂ ਕਿਤੇ ਨਾ ਕਿਤੇ ਉਸ ਉਮਰ ਨੂੰ ਪ੍ਰਭਾਵਿਤ ਕਰਦੀਆਂ ਹਨ, ਜਿਸ ਉਮਰ 'ਚ ਉਨ੍ਹਾਂ ਨੂੰ ਸੁਣੇ ਜਾਣ ਦੀ ਜ਼ਰੂਰਤ ਹੁੰਦੀ ਹੈ।

-ਸਾਬਕਾ ਡੀ.ਓ., 174, ਮਿਲਟਰੀ ਹਸਪਤਾਲ, ਮੇਨ ਏਅਰ ਫੋਰਸ ਰੋਡ, ਬਠਿੰਡਾ।

ਸੱਭਿਆਚਾਰ ਦਾ ਅੰਗ ਹਨ ਵਿਰਾਸਤੀ ਰੁੱਖ

 

ਪੰਜ ਦਰਿਆਵਾਂ ਦੀ ਧਰਤੀ 'ਤੇ ਹੁਣ ਢਾਈ ਦਰਿਆਵਾਂ ਵਾਲਾ ਪੰਜਾਬ ਕਦੇ ਜੰਗਲ ਬੇਲਿਆਂ ਤੇ ਹਰੀ-ਭਰੀ ਬਨਸਪਤੀ ਨਾਲ ਮਾਲਾਮਾਲ ਸੀ। ਵਿਗਿਆਨਕ ਤਰੱਕੀ ਅਤੇ ਦਿਨੋ-ਦਿਨ ਵਧ ਰਹੀ ਆਬਾਦੀ ਨੇ 21ਵੀਂ ਸਦੀ ਦੇ ਪੰਜਾਬ ਦਾ ਨਕਸ਼ਾ ਵਿਗਾੜ ਕੇ ਰੱਖ ਦਿੱਤਾ ਹੈ। ਵਿਗਿਆਨਕ ਸੁੱਖਾਂ ਦਾ ਸਹਾਰਾ ਲੈ ਕੇ ਪੰਜਾਬੀ ਗੱਭਰੂ ਨਿਕੰਮਾ ਹੋ ਗਿਆ ਹੈ। ਉਹ ਵਿਗਿਆਨ ਨੂੰ ਸਹੀ ਅਰਥਾਂ ਵਿਚ ਆਪਣੀ ਜ਼ਿੰਦਗੀ ਵਿਚ ਲਾਗੂ ਹੀ ਨਹੀਂ ਕਰ ਸਕਿਆ। ਮੋਟਰਸਾਈਕਲ, ਮੋਬਾਈਲ ਤੇ ਮਟਰਗਸ਼ਤੀ ਨੇ ਉਸ ਨੂੰ ਫਿਲਮਾਂ ਦਾ ਕਾਰਟੂਨ ਬਣਾ ਕੇ ਰੱਖ ਦਿੱਤਾ ਹੈ। ਉਹ ਭਰ ਜਵਾਨੀ ਵਿਚ ਹੀ ਸ਼ੂਗਰ, ਟੀ.ਬੀ., ਉੱਚ ਖੂਨ ਦਬਾਅ ਵਰਗੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਕੇ ਰਹਿ ਗਿਆ ਹੈ। ਉਸ ਦਾ ਆਲਾ-ਦੁਆਲਾ ਭਾਵ ਚੌਗਿਰਦਾ ਵਿਗੜ ਗਿਆ ਹੈ। ਹੁਣ ਸਾਂਝੇ ਖੂਹਾਂ ਤੋਂ ਪਾਣੀ ਭਰਦੀਆਂ ਮੁਟਿਆਰਾਂ ਨਹੀਂ ਦੇਖੀਆਂ ਜਾ ਸਕਦੀਆਂ ਤੇ ਨਾ ਹੀ ਸੱਥਾਂ ਵਿਚ ਬੈਠ ਕੇ ਸਿਆਣੇ ਬੰਦੇ ਬਾਤਾਂ ਸੁਣਾਉਂਦੇ ਦਿਖਾਈ ਦਿੰਦੇ ਹਨ। ਹੁਣ ਪਿੰਡਾਂ ਵਿਚ ਪਿੱਪਲ ਤੇ ਬੋਹੜ ਦੇ ਰੁੱਖ ਨਹੀਂ ਰਹੇ, ਜਿਥੇ ਪੰਜਾਬੀ ਮੁਟਿਆਰਾਂ ਪੀਂਘਾਂ ਝੂਟਦੀਆਂ ਸਨ। ਹੁਣ ਤੂਤਾਂ ਦੀ ਠੰਢੀ ਛਾਂ ਤੇ ਬਲਦਾਂ ਨਾਲ ਗਿੜਦਾ ਹਲਟ ਵੀ ਦਿਖਾਈ ਨਹੀਂ ਦਿੰਦਾ ਤੇ ਉਹ ਜੰਗਲ ਬੇਲੇ ਵੀ ਨਹੀਂ ਰਹੇ, ਜੋ ਆਕਸੀਜਨ ਦਾ ਭੰਡਾਰ ਸਨ। ਵਿਗਿਆਨਕ ਯੁੱਗ ਦੀ ਦੌੜ ਵਿਚ ਨਵੀਂ ਪੀੜ੍ਹੀ ਸਾਹਾਂ ਦਾ ਵੀ ਮੁੱਲ ਕਰੀ ਬੈਠੀ ਹੈ। ਕਿੱਥੇ ਗਿਆ ਮੇਰੇ ਰੰਗਲੇ ਪੰਜਾਬ ਦਾ ਚੌਗਿਰਦਾ? ਕੀ ਇਸ ਨੂੰ ਟੈਲੀਵਿਜ਼ਨ ਉੱਪਰ ਹੀ ਦੇਖਦੇ ਰਹਾਂਗੇ? ਹੁਣ ਸਮਾਂ ਹੈ ਕਿ ਜਦੋਂ ਵੀ ਕਿਸੇ ਘਰ ਵਿਚ ਬੱਚਾ ਜਨਮ ਲਵੇ, ਉਸ ਦਾ ਨਾਮਕਰਨ ਕਰਨ ਉਪਰੰਤ ਉਸ ਦੇ ਨਾਂਅ ਦਾ ਇਕ ਬੂਟਾ ਉਸ ਦੇ ਜਨਮ ਦਿਨ ਨੂੰ ਸਮਰਪਿਤ ਕਰ ਕੇ ਲਗਾਇਆ ਜਾਵੇ ਅਤੇ ਬੱਚੇ ਦੇ ਪਾਲਣ-ਪੋਸ਼ਣ ਵਾਂਗ ਉਸ ਦੇ ਵੀ ਪਾਲਣ-ਪੋਸ਼ਣ ਕੀਤੀ ਜਾਵੇ। ਹਰ ਘਰ ਵਿਚ ਬੂਟੇ ਲਗਾਉਣੇ ਚਾਹੀਦੇ ਹਨ।

-ਪਿੰਡ ਤੇ ਡਾਕ: ਕੋਟਲੀ ਖਾਸ, ਤਹਿ: ਮੁਕੇਰੀਆਂ (ਹੁਸ਼ਿਆਰਪੁਰ)। ਮੋਬਾ: 94653-69343

ਔਰਤਾਂ ਦਾ ਜੀਵਨ

ਭਾਵੇਂ ਔਰਤ ਤੋਂ ਬਿਨਾਂ ਮਨੁੱਖੀ ਸਮਾਜ ਦੀ ਹੋਂਦ ਨਹੀਂ ਹੋ ਸਕਦੀ ਪਰ ਸਦੀਆਂ ਤੋਂ ਹੀ ਇਹ ਮਨੁੱਖੀ ਸਮਾਜ ਸਦਾ ਮਰਦ ਪ੍ਰਧਾਨ ਰਿਹਾ ਹੈ ਅਤੇ ਔਰਤਾਂ 'ਤੇ ਸਦਾ ਜ਼ੁਲਮ ਹੁੰਦੇ ਆਏ ਹਨ। ਔਰਤਾਂ 'ਤੇ ਇਨ੍ਹਾਂ ਜ਼ੁਲਮਾਂ ਦੀ ਕਹਾਣੀ ਅੱਜ ਦੇ ਜ਼ਮਾਨੇ ਵਿਚ ਕੋਈ ਨਵੀਂ ਨਹੀਂ ਹੈ, ਸਗੋਂ ਇਹ ਤਾਂ ਮਹਾਂਭਾਰਤ ਅਤੇ ਰਮਾਇਣ ਦੇ ਸਮਿਆਂ ਤੋਂ ਹੀ ਚਲੀ ਆ ਰਹੀ ਹੈ।
ਅੱਜ ਸਾਡੇ ਦੇਸ਼ ਅੰਦਰ ਮਾਦਾ ਭਰੂਣਹੱਤਿਆਵਾਂ ਕਾਰਨ ਲੜਕੀਆਂ ਦੀ ਘਟ ਰਹੀ ਗਿਣਤੀ ਨੂੰ ਠੱਲ੍ਹ ਪਾਉਣ ਲਈ ਵੱਡੇ-ਵੱਡੇ ਯਤਨ ਹੋ ਰਹੇ ਹਨ। ਸਾਡੇ ਮਰਦ ਪ੍ਰਧਾਨ ਦੇਸ਼ ਵਿਚ ਲੜਕੀਆਂ ਨੂੰ ਮਾਰਨ ਦੀ ਇਹ ਬਿਮਾਰੀ ਕੋਈ ਨਵੀਂ ਪੈਦਾ ਨਹੀਂ ਹੋਈ, ਇਹ ਤਾਂ ਮੁੱਢ ਤੋਂ ਹੀ ਚੱਲੀ ਆ ਰਹੀ ਹੈ। ਅਜੋਕੇ ਸਮੇਂ ਵਿਚ ਇਸ ਦਾ ਸਿਰਫ ਰੰਗ ਹੀ ਬਦਲਿਆ ਹੈ। ਮਾਦਾ ਭਰੂਣਹੱਤਿਆ ਦਾ ਮੁੱਖ ਕਾਰਨ ਇਸਤਰੀ ਦੀ ਨਾਬਰਾਬਰੀ ਹੀ ਹੈ। ਕਹਿਣ ਨੂੰ ਤਾਂ ਭਾਵੇਂ ਇਸਤਰੀ ਨੂੰ ਬਰਾਬਰਤਾ ਦਾ ਹੱਕ ਪ੍ਰਾਪਤ ਹੈ ਪਰ ਅਸਲੀਅਤ ਇਸ ਦੇ ਉਲਟ ਹੈ। ਇਸਤਰੀ ਨਾਲ ਤਾਂ ਇਥੋਂ ਦੇ ਕਹੇ ਜਾਂਦੇ ਧਾਰਮਿਕ ਰਹਿਬਰਾਂ ਨੇ ਵੀ ਘੱਟ ਨਹੀਂ ਗੁਜ਼ਾਰੀ।
ਜੇ ਸਵਾਲ ਹੋਵੇ ਕੀ ਸੱਚੀਂ ਔਰਤ ਕਮਜ਼ੋਰ ਹੈ? ਤਾਂ ਮੇਰਾ ਜਵਾਬ ਹੋਵੇਗਾ ਨਹੀਂ, ਔਰਤ ਕਮਜ਼ੋਰ ਨਹੀਂ ਹੈ। ਕਿਉਂਕਿ ਇਸ ਦੇ ਪ੍ਰਮਾਣ ਵਜੋਂ ਅਜੋਕੇ ਸਮੇਂ ਵਿਚ ਕੁੜੀਆਂ ਮੁੰਡਿਆਂ ਤੋਂ ਕਿਸੇ ਪੱਖੋਂ ਵੀ ਪਿੱਛੇ ਨਹੀਂ ਹਨ। ਉਨ੍ਹਾਂ ਜਿਥੇ ਆਪਣੀ ਅਹਿਮੀਅਤ ਦੀ ਪਹਿਚਾਣ ਕੀਤੀ, ਉਥੇ ਆਪਣੇ ਵਜੂਦ ਨੂੰ ਵੀ ਪਰਿਵਾਰਕ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਮੋਢੇ ਨਾਲ ਮੋਢਾ ਲਾ ਇਕੋ ਹੀ ਰਾਹ ਤੁਰ ਕੇ ਮੰਜ਼ਿਲ ਕਾਇਮ ਕੀਤਾ ਹੈ।
ਆਪਣੇ ਜੀਵਨ ਦਾ ਅੱਧ ਪੜਾਅ ਲੰਘਾਉਣ ਲਈ ਚਾਈਂ-ਚਾਈਂ ਜਾਂਦੀ ਹੈ ਤਾਂ ਕਿੰਨੇ ਹੀ ਨਵੇਂ ਅਰਮਾਨਾਂ ਨੇ ਉਦੋਂ ਫਿਰ ਜਨਮ ਲਿਆ ਹੋਣਾ ਪਰ ਅਫਸੋਸ, ਫਿਰ ਦਹੇਜ ਦੀ ਮਾਰ ਥੱਲੇ ਪਿੱਸ-ਪਿੱਸ ਕੇ ਆਪਣੇ ਗਰੀਬੜੇ ਮਾਪਿਆਂ ਦਾ ਮਾਣ ਵਧਾਉਣ ਲਈ ਆਪਣਾ-ਆਪ ਕੁਰਬਾਨ ਕਰ ਕੇ ਵੀ ਝੂਠਾ ਜਿਹਾ ਹੱਸ ਕੇ ਦਿਲਾਸਾ ਦੇ ਜਾਂਦੀ ਹੈ ਕਿ ਸਭ ਠੀਕ ਹੈ ਤੇ ਮਾਪੇ ਸਭ ਜਾਣਦੇ ਹੋਏ ਵੀ ਚੁੱਪ ਧਾਰ ਲੈਂਦੇ ਹਨ। ਅੰਤ ਮਨ 'ਤੇ ਪੱਥਰ ਧਰ ਜਦੋਂ ਕੁੱਖੋਂ ਜੰਮੇ 9 ਮਹੀਨਿਆਂ ਦੀ ਘੋਰ ਤਪੱਸਿਆ ਤੋਂ ਬਾਅਦ ਪੁੱਤਰ ਨੂੰ ਦੇਖਦੀ ਹੈ ਤਾਂ ਸੋਚਦੀ ਹੈ ਕਿ ਹੁਣ ਜ਼ਿੰਦਗੀ ਇਸੇ ਦੇ ਸਹਾਰੇ ਰਹਿਣਾ ਹੈ ਪਰ ਜਦੋਂ ਉਹ ਪੁੱਤ ਆਪਣੀ ਮਾਂ ਨੂੰ ਗ਼ਲਤ ਬੋਲਦਾ ਹੈ, ਫਿਰ ਉਸ ਦੇ ਸਾਰੇ ਅਰਮਾਨ ਮਿੱਟੀ 'ਚ ਮਿਲ ਜਾਂਦੇ ਹਨ।
ਅਜੋਕੇ ਘਟੀਆ ਕਲਾਕਾਰਾਂ ਨੇ ਤਾਂ ਔਰਤਾਂ ਨੂੰ ਗਲੀ-ਗਲੀ ਫਿਰਦੀਆਂ ਵੇਸਵਾਵਾਂ ਦੇ ਰੂਪ ਵਿਚ ਪੇਸ਼ ਕਰ ਕੇ ਆਪਣੀ ਨੀਚ ਸੋਚ ਦਾ ਪ੍ਰਗਟਾਵਾ ਕੀਤਾ ਹੈ। ਇਨ੍ਹਾਂ ਗੀਤਾਂ ਕਾਰਨ ਅੱਜ ਘਰਾਂ ਤੋਂ ਲੈ ਕੇ ਸਕੂਲਾਂ, ਕਾਲਜਾਂ, ਬੱਸਾਂ, ਰਸਤਿਆਂ ਆਦਿ ਵਿਚ ਔਰਤਾਂ ਕਿਤੇ ਵੀ ਸੁਰੱਖਿਅਤ ਨਹੀਂ ਹਨ। ਆਖ਼ਰ ਕਦੋਂ ਹੋਵੇਗਾ ਬੰਦ ਔਰਤਾਂ 'ਤੇ ਜੁਰਮ, ਜਿਸ ਦਾ ਮੁੱਢ ਭਰੂਣ ਹੱਤਿਆ ਵਰਗੇ ਘਿਨੌਣੇ ਅਪਰਾਧ ਤੋਂ ਸ਼ੁਰੂ ਹੁੰਦਾ ਹੈ? ਕੀ ਸਮਾਜ ਇਸ ਅਪਰਾਧ ਨੂੰ ਬੰਦ ਨਹੀਂ ਹੋਣ ਦੇਣਾ ਚਾਹੁੰਦਾ? ਕੀ ਸਰਕਾਰਾਂ ਦੁਆਰਾ ਵੀ ਇਨ੍ਹਾਂ ਗੰਭੀਰ ਅਪਰਾਧਾਂ ਨੂੰ ਸਹਿਯੋਗ ਦਿੱਤਾ ਜਾ ਰਿਹਾ ਹੈ? ਕੀ ਔਰਤ ਸਿਰਫ਼ ਤੇ ਸਿਰਫ਼ ਧਾਰਮਿਕ ਅਸਥਾਨਾਂ 'ਤੇ ਜਿਥੇ ਦੇਵੀ ਦੇ ਰੂਪ ਵਿਚ ਮੰਨ ਕੇ ਪੂਜਾ ਕੀਤੀ ਹੈ, ਉਥੇ ਪੁਤਲਾ ਬਣ ਕੇ ਖੜ੍ਹੀ ਹੀ ਰਹੇਗੀ?

-ਪਿੰਡ ਰਹੀਮਪੁਰ, ਜਲੰਧਰ।

ਚੁਬਾਰਿਆਂ ਦੀ ਵਿਰਾਸਤੀ ਹੋਂਦ ਨੂੰ ਲੱਗੀ ਢਾਹ

ਸਮੇਂ ਦੇ ਬਦਲਣ ਨਾਲ ਅੱਜ ਪਿੰਡਾਂ ਵਿਚ ਲੋਕਾਂ ਵਲੋਂ ਨਵੇਂ ਰਿਵਾਜ ਦੀਆਂ ਕੋਠੀਆਂ ਪਾਉਣ ਦੇ ਵਧਦੇ ਰੁਝਾਨ ਨੇ ਪਿੰਡਾਂ ਦੇ ਘਰਾਂ ਦੀ ਸ਼ਾਨ ਸਮਝੇ ਜਾਣ ਵਾਲੇ ਪੁਰਾਤਨ ਚੁਬਾਰੇ ਦੀ ਵਿਰਾਸਤੀ ਹੋਂਦ ਨੂੰ ਧੁੰਦਲਾ ਕਰ ਦਿੱਤਾ ਹੈ। ਕੋਈ ਸਮਾਂ ਸੀ ਜਦੋਂ ਚੁਬਾਰੇ ਨੂੰ ਸਾਡੇ ਪੰਜਾਬੀ ਵਿਰਸੇ ਦਾ ਇਕ ਅਨਿੱਖੜਵਾਂ ਅੰਗ ਸਮਝਿਆ ਜਾਂਦਾ ਸੀ। ਉਦੋਂ ਘਰ ਭਾਵੇਂ ਕੱਚੇ ਸਨ ਪਰ ਲੋਕਾਂ ਵਿਚ ਆਪਸੀ ਪਿਆਰ ਬਹੁਤ ਜ਼ਿਆਦਾ ਸੀ। ਉਸ ਸਮੇਂ ਬਿਜਲੀ ਦੇ ਸਾਧਨ ਘੱਟ ਹੋਣ ਕਰਕੇ ਲੋਕ ਚੁਬਾਰੇ 18 ਇੰਚ ਮੋਟੀ ਕੰਧ ਦੇ ਦਰਵਾਜ਼ਿਆਂ ਵਾਂਗ ਚਾਰ-ਚੁਫੇਰੇ ਬਾਰੀਆਂ ਰੱਖ ਕੇ ਬਣਾਉਂਦੇ ਸਨ। 18 ਇੰਚੀ ਕੰਧ ਗਰਮੀ 'ਚ ਤਪਦੀ ਨਹੀਂ ਸੀ ਤੇ ਅੰਦਰ ਠੰਢਾ ਰੱਖਦੀ ਸੀ। ਚੁਬਾਰੇ ਵਿਚ ਚਾਰ-ਚੁਫੇਰੇ ਬਾਰੀਆਂ ਲੱਗੀਆਂ ਹੋਣ ਕਰਕੇ ਥੱਲੇ ਵਾਲੇ ਕਮਰਿਆਂ ਨਾਲੋਂ ਹਵਾ ਵੱਧ ਲੱਗਦੀ ਸੀ।
ਪੁਰਾਤਨ ਪਿੰਡਾਂ ਦੇ ਚੰਗੇ ਘਰ ਜਿਵੇਂ ਜ਼ੈਲਦਾਰਾਂ, ਨੰਬਰਦਾਰਾਂ, ਸਰਪੰਚਾਂ ਅਤੇ ਆਰਥਿਕ ਪੱਖੋਂ ਮਜ਼ਬੂਤ ਘਰਾਂ ਵਿਚ ਇਹ ਚੁਬਾਰੇ ਵੇਖਣ ਨੂੰ ਮਿਲਦੇ ਸਨ। ਕਈ ਪਿੰਡਾਂ ਵਿਚ ਚੁਬਾਰੇ ਲਾਹੌਰੀ ਇੱਟਾਂ ਦੇ ਬਣੇ ਹੁੰਦੇ ਸਨ। ਜੋ ਵਿਅਕਤੀ ਚੁਬਾਰੇ ਵਿਚ ਰਹਿੰਦਾ ਸੀ, ਉਸ ਦੀ ਖ਼ਾਸ ਟੌਹਰ ਹੁੰਦੀ ਸੀ। ਰਾਤੀਂ ਚੁਬਾਰੇ ਵਿਚ ਸੁੱਤੇ ਬੰਦੇ ਨੂੰ ਆਪਣੇ ਘਰ ਦੇ ਆਲੇ-ਦੁਆਲੇ ਦੀ ਪੂਰੀ ਬਿੜਕ ਵੀ ਰਹਿੰਦੀ ਸੀ। ਚੁਬਾਰੇ ਦੀ ਮਹਾਨਤਾ ਨੂੰ ਬਿਆਨ ਕਰਨ ਲਈ ਪੰਜਾਬ ਦੇ ਕਈ ਗੀਤਕਾਰਾਂ ਨੇ ਆਪਣੇ ਲਿਖੇ ਗੀਤਾਂ ਵਿਚ ਇਸ ਦਾ ਖ਼ਾਸ ਜ਼ਿਕਰ ਕੀਤਾ ਹੈ, ਜਿਨ੍ਹਾਂ ਨੂੰ ਕਈ ਪ੍ਰਸਿੱਧ ਪੰਜਾਬੀ ਗਾਇਕਾਂ ਨੇ ਆਪਣੀ ਆਵਾਜ਼ ਦਿੱਤੀ ਹੈ। ਅੱਜ ਸਮੇਂ ਦੇ ਬਦਲਦੇ ਹਾਲਾਤ ਕਰਕੇ ਲੋਕਾਂ ਵਲੋਂ ਪਿੰਡਾਂ ਵਿਚ ਦੋ-ਦੋ, ਤਿੰਨ-ਤਿੰਨ ਮੰਜ਼ਲੀਆਂ ਕੋਠੀਆਂ ਪਾਉਣ ਦੇ ਰੁਝਾਨ ਨੇ ਚੁਬਾਰੇ ਦੀ ਵਿਰਾਸਤੀ ਹੋਂਦ ਨੂੰ ਢਾਹ ਲਾਈ ਹੈ। ਪਰ ਫਿਰ ਵੀ ਚੁਬਾਰੇ ਦੀ ਹੋਂਦ ਖਤਮ ਨਹੀਂ ਹੋਈ, ਸਗੋਂ ਇਸ ਦਾ ਚਿਹਰਾ ਬਦਲ ਚੁੱਕਾ ਹੈ। ਕਈ ਲੋਕਾਂ ਨੇ ਆਪਣੇ ਘਰ ਦੇ ਦਰਵਾਜ਼ੇ ਵਾਲੀ ਬੈਠਕ 'ਤੇ ਪਏ ਚੁਬਾਰੇ ਨੂੰ ਸਮੇਂ ਦੇ ਹਾਣ ਦਾ ਬਣਾ ਕੇ ਰੱਖਿਆ ਹੋਇਆ ਹੈ। ਅੱਜ ਦੇ ਸਮੇਂ ਨਵੀਂ ਪੀੜ੍ਹੀ ਦਾ ਧਿਆਨ ਚੁਬਾਰੇ ਵੱਲ ਖਿੱਚਣ ਲਈ ਵਿਰਾਸਤੀ ਮੇਲੇ ਵਿਚ ਪੁਰਾਤਨ ਪਿੰਡ ਦਾ ਚੁਬਾਰਾ ਬਣਾਇਆ ਜਾਂਦਾ ਹੈ।

-ਪਿੰਡ ਸੋਹੀਆਂ, ਡਾਕ: ਚੀਮਾ ਖੁੱਡੀ, ਤਹਿ: ਬਟਾਲਾ, ਜ਼ਿਲ੍ਹਾ ਗੁਰਦਾਸਪੁਰ
sohianshamsher@ gmail.com

ਸਿਰਫ਼ ਲਾਲ ਬੱਤੀ ਹਟਾਉਣ ਨਾਲ ਗੱਲ ਨਹੀਂ ਬਣਨੀ

ਲਾਲ ਬੱਤੀ ਸ਼ਬਦ ਸੁਣ ਕੇ ਹੀ ਪੁਲਿਸ, ਅੰਬੂਲੈਂਸ, ਮੰਤਰੀ ਦੀ ਗੱਡੀ ਅਦਿ ਦੀ ਤਸਵੀਰ ਸਾਡੇ ਮਨ ਵਿਚ ਬਣ ਜਾਂਦੀ ਹੈ, ਜਿਸ ਨੂੰ ਵੀ.ਆਈ.ਪੀ. ਕਲਚਰ ਕਹਿ ਲਿਆ ਜਾਵੇ ਤਾਂ ਕੋਈ ਅਤਿਕਥਨੀ ਨਹੀਂ। ਕਿਤੇ ਨਾ ਕਿਤੇ ਪੰਜਾਬ ਜਾਂ ਪੰਜਾਬ ਤੋਂ ਬਾਹਰ ਕੇਂਦਰ ਸਰਕਾਰ ਵਲੋਂ ਵੀ ਹੁੰਗਾਰਾ ਭਰਿਆ ਗਿਆ ਕਿ ਲਾਲ ਬੱਤੀ ਦੀ ਵਰਤੋਂ ਬੰਦ ਕਰ ਦਿੱਤੀ ਜਾਵੇਗੀ, ਤਾਂ ਜੋ ਵੀ.ਆਈ.ਪੀ. ਕਲਚਰ ਜੋ ਦਿਨ-ਪਰ-ਦਿਨ ਵਧਦਾ ਜਾ ਰਿਹਾ ਹੈ, ਉਸ 'ਤੇ ਠੱਲ੍ਹ ਪਾਈ ਜਾ ਸਕੇ, ਇਸ ਲਾਲ ਬੱਤੀ ਨੂੰ ਖਤਮ ਕਰਨ ਦਾ ਸਰਕਾਰਾਂ ਦਾ ਮੁੱਖ ਮੰਤਵ ਸ਼ਾਇਦ ਇਹ ਸੀ ਕਿ ਉਹ ਇਸ ਵੀ.ਆਈ.ਪੀ. ਸੱਭਿਆਚਾਰ ਨੂੰ ਖਤਮ ਕਰਕੇ ਹਰ ਇਕ ਨੂੰ ਬਰਾਬਰ ਦਾ ਬਣਾਉਣ ਦਾ ਸੋਚ ਰਹੀ ਹੈ ਪਰ ਸ਼ਾਇਦ ਇਸ ਗੱਲ ਉੱਤੇ ਧਿਆਨ ਨਹੀਂ ਦਿੱਤਾ ਕਿ ਇਸ ਸੱਭਿਆਚਾਰ ਨੂੰ ਕਾਗਜ਼ਾਂ ਵਿਚੋਂ ਤਾਂ ਕੱਢਿਆ ਜਾ ਸਕਦਾ ਹੈ ਪਰ ਜੋ ਲੋਕਾਂ ਦੇ ਦਿਲ ਤੇ ਦਿਮਾਗ ਵਿਚ ਇਹ ਸੱਭਿਆਚਾਰ ਘਰ ਕਰ ਚੁੱਕਾ, ਉਸ ਨੂੰ ਕਿਸ ਤਰ੍ਹਾਂ ਖਤਮ ਕੀਤਾ ਜਾ ਸਕੇ, ਕਿਉਂਕਿ ਲੋਕ ਅੱਜ ਵੀ ਇਸ ਵੀ.ਆਈ.ਪੀ. ਸੱਭਿਆਚਾਰ ਵਿਚ ਹੀ ਕਿਤੇ ਨਾ ਕਿਤੇ ਜ਼ਿੰਦਗੀ ਜਿਊਣ ਦੇ ਆਦੀ ਬਣੇ ਹੋਏ ਹਨ।
ਗੱਲ ਕੁਝ ਦਿਨ ਪਹਿਲਾਂ ਦੀ ਹੈ, ਜਦੋਂ ਮੈਂ ਆਪਣੇ ਪਿੰਡ ਤੋਂ ਸ਼ਹਿਰ ਨੂੰ ਕਿਸੇ ਕੰਮ ਲਈ ਜਾ ਰਿਹਾ ਸੀ। ਮੈਂ ਦੇਖਿਆ ਕਿ ਕਿਸੇ ਮੰਤਰੀ ਸਾਹਿਬ ਦੀ ਗੱਡੀ ਜਦੋਂ ਮੇਰੇ ਕੋਲੋਂ ਲੰਘੀ ਤੇ ਉਸ ਗੱਡੀ ਦੇ ਅੱਗੇ ਪੁਲਿਸ ਦੀ ਪਾਇਲਟ ਗੱਡੀ ਜਿਸ 'ਤੇ ਲਾਲ ਬੱਤੀ ਘੁੰਮ ਰਹੀ ਸੀ ਤੇ ਇਸ ਤੋਂ ਇਲਾਵਾ ਹੋਰ ਵੀ ਤਿੰਨ ਚਾਰ ਗੱਡੀਆਂ ਮੰਤਰੀ ਜੀ ਦੀ ਗੱਡੀ ਦੇ ਅੱਗੇ-ਪਿੱਛੇ ਦੌੜ ਰਹੀਆਂ ਸਨ। ਕਿੳਂੁਕਿ ਅੱਜ ਵੀ ਕਿਸੇ ਵੱਡੇ ਲੀਡਰ ਜਾਂ ਮੁੱਖ ਮੰਤਰੀ ਦੇ ਆਉਣ 'ਤੇ ਸੜਕ ਨੂੰ ਜਾਮ ਕਰ ਦਿੱਤਾ ਜਾਂਦਾ ਹੈ ਜਾਂ ਫਿਰ ਜੇਕਰ ਮੰਤਰੀ ਸਾਹਿਬ ਸੜਕ ਪਾਰ ਕਰ ਰਹੇ ਹੋਣ ਤਾਂ ਰਾਹਗੀਰਾਂ ਦੀਆਂ ਗੱਡੀਆਂ ਦੀ ਲੰਬੀ ਲਾਈਨ ਬਣਾ ਕੇ ਰੋਕ ਦਿੱਤਾ ਜਾਂਦਾ ਹੈ ਜਾਂ ਫਿਰ ਜੇਕਰ ਕਿਸੇ ਰੈਲੀ ਜਾਂ ਧਾਰਮਿਕ ਸਥਾਨ 'ਤੇ ਮੰਤਰੀ ਸਾਹਿਬ ਨੇ ਜਾਣਾ ਹੋਵੇ ਤਾਂ ਉਨ੍ਹਾਂ ਦੀ ਫੋਰਸ ਪਹਿਲਾਂ ਉਸ ਜਗ੍ਹਾ ਪਹੁੰਚ ਜਾਂਦੀ ਹੈ, ਜੋ ਕਿਤੇ ਨਾ ਕਿਤੇ ਵੀ. ਆਈ. ਪੀ. ਸੱਭਿਆਚਾਰ ਦੀ ਛਾਪ ਛੱਡਦੀ ਨਜ਼ਰ ਆਉਂਦੀ ਹੈ। ਕਾਗਜ਼ਾਂ ਵਿਚੋਂ ਹੀ ਲਾਲ ਬੱਤੀ ਨੂੰ ਕੱਢ ਕੇ ਇਸ ਦਾ ਕੋਈ ਹੱਲ ਨਹੀਂ ਬਣੇਗਾ, ਕਿਉਂਕਿ ਲਾਲ ਬੱਤੀ ਹਟਾ ਕੇ ਵੀ ਕਈ ਲੋਕ ਜਾਂ ਲੀਡਰ ਆਪਣੀ ਜ਼ਿੰਦਗੀ ਨੂੰ ਅੱਜ ਵੀ ਵੀ.ਆਈ.ਪੀ. ਢੰਗ ਨਾਲ ਜਿਊ ਰਹੇ ਹਨ। ਅੱਜ ਵੀ ਆਮ ਆਦਮੀ ਨੇ ਜੇਕਰ ਉਨ੍ਹਾਂ ਨੂੰ ਮਿਲਣਾ ਹੋਵੇ ਤਾਂ ਘੰਟਿਆਂਬੱਧੀ ਉਡੀਕ ਕਰਨੀ ਪੈਂਦੀ ਹੈ ਜਾਂ ਕਈ ਵਾਰ ਬਿਨਾਂ ਮਿਲੇ ਹੀ ਨਿਰਾਸ਼ ਮੁੜਨਾ ਪੈਂਦਾ ਹੈ।
ਸੋ, ਸਰਕਾਰ ਨੂੰ ਚਾਹੀਦਾ ਹੈ ਕਿ ਜੇਕਰ ਸੱਚ ਵਿਚ ਹੀ ਵੀ.ਆਈ.ਪੀ. ਕਲਚਰ ਖ਼ਤਮ ਕਰਨਾ ਹੈ ਤਾਂ ਇਕੱਲੇ ਲਾਲ ਬੱਤੀ ਹਟਾਉਣ ਨਾਲ ਇਸ ਦਾ ਹੱਲ ਨਹੀਂ ਹੋਵੇਗਾ। ਇਸ ਦੇ ਲਈ ਸਰਕਾਰ ਕੁਝ ਠੋਸ ਕਦਮ ਚੁੱਕੇ ਤੇ ਸਖਤ ਰਵੱਈਆ ਅਪਣਾਏ, ਤਾਂ ਜੋ ਲੋਕਾਂ ਦੇ ਦਿਲ ਤੇ ਦਿਮਾਗ ਵਿਚ ਜੋ ਵੀ.ਆਈ.ਪੀ. ਸੱਭਿਆਚਾਰ ਘਰ ਕਰਕੇ ਬੈਠਾ ਹੈ, ਉਸ ਨੂੰ ਬਾਹਰ ਕੱਢਿਆ ਜਾ ਸਕੇ, ਕਿਉਂਕਿ ਇਸ ਨਾਲ ਹੀ ਆਮ ਆਦਮੀ ਨੂੰ ਹੁੰਦੀਆਂ ਮੁਸ਼ਕਿਲਾਂ ਤੋਂ ਛੁਟਕਾਰਾ ਮਿਲ ਸਕਦਾ ਹੈ।

-ਅਨੰਦਪੁਰ ਸਾਹਿਬ। ਮੋਬਾ: 90412-96518

ਸਰਹੱਦੀ ਕਿਸਾਨਾਂ ਦੀਆਂ ਮੁਸ਼ਕਿਲਾਂ ਜਿਉਂ ਦੀਆਂ ਤਿਉਂ

ਭਾਰਤ ਦੇਸ਼ 15 ਅਗਸਤ, 1947 ਨੂੰ ਆਜ਼ਾਦ ਹੋਇਆ। ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਆਜ਼ਾਦੀ ਦੇ ਜਸ਼ਨ ਮਨਾਏ ਜਾਂਦੇ ਹਨ, ਜੋ ਚੰਗੀ ਗੱਲ ਹੈ, ਪਰ ਉਨ੍ਹਾਂ ਲੋਕਾਂ ਨੂੰ ਵੀ ਯਾਦ ਰੱਖਿਓ ਜੋ ਆਜ਼ਾਦੀ ਤੋਂ ਲੈ ਕੇ ਹੁਣ ਤੱਕ ਵੀ ਵੰਡ ਦੇ ਸੰਤਾਪ ਨੂੰ ਹੰਢਾਅ ਰਹੇ ਹਨ। ਉਸ ਸਮੇਂ ਨੂੰ ਯਾਦ ਕਰਕੇ ਅੱਖਾਂ ਭਰ ਆਉਂਦੀਆਂ ਹਨ। ਵੰਡ ਹੋਣ ਕਾਰਨ ਪੰਜਾਬ ਨਾਲ ਲੱਗਦੀ 553 ਕਿਲੋਮੀਟਰ ਲੰਬੀ ਸਰਹੱਦ ਪੰਜਾਬ ਦੇ 220 ਪਿੰਡਾਂ ਦੇ ਉਜਾੜੇ ਦਾ ਕਾਰਨ ਬਣੀ ਅਤੇ 1990 ਵਿਚ ਬਾਰਡਰ 'ਤੇ ਕੰਡਿਆਲੀ ਤਾਰ ਲੱਗਣ ਕਾਰਨ 21,600 ਏਕੜ ਤਾਰ ਤੋਂ ਅੱਗੇ ਜਾਣ ਕਾਰਨ ਖੇਤੀ ਕਰਨ ਦੇ ਲਿਹਾਜ਼ੇ ਨਾਲ ਬਰਬਾਦ ਹੋ ਗਈ।
ਇਹ 220 ਪਿੰਡ ਸਰਹੱਦ 'ਤੇ ਕਈ ਵਾਰ ਪਾਕਿਸਤਾਨ ਨਾਲ ਹੋਈ ਲੜਾਈ ਅਤੇ ਟਕਰਾਅ ਕਾਰਨ ਉਜੜੇ ਹਨ। ਆਪਣੇ ਘਰ ਦਾ ਸਾਮਾਨ ਮਕਾਨ ਤੱਕ ਬਰਬਾਦ ਕਰਾ ਚੁੱਕੇ ਹਨ, ਵਸਣਾ ਅਤੇ ਉਜੜਨਾ ਇਨ੍ਹਾਂ ਦੀ ਜ਼ਿੰਦਗੀ ਦਾ ਹਿੱਸਾ ਬਣ ਚੁੱਕਾ ਹੈ। ਬਾਰਡਰ ਕਿਸਾਨ ਵੈਲਫੇਅਰ ਸੁਸਾਇਟੀ ਪਿਛਲੇ ਕਈ ਸਾਲਾਂ ਤੋਂ ਆਪਣੇ ਹੀ ਦੇਸ਼ ਦੀਆਂ ਸਰਕਾਰਾਂ ਨਾਲ ਜਾਇਜ਼ ਮੰਗਾਂ ਲਈ ਅਦਾਲਤਾਂ ਵਿਚ ਧੱਕੇ ਖਾ ਰਹੀ ਹੈ। ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਅਧੀਨ ਚੱਲ ਰਹੇ ਕੇਸ ਐਲ. ਪੀ. ਏ. 35/2012 ਦੇ ਅਨੁਸਾਰ ਸਰਹੱਦੀ ਕਿਸਾਨਾਂ ਦੀ ਇਹ ਜ਼ਮੀਨ ਅਦਾਲਤ ਵਲੋਂ ਪ੍ਰਤੀਬੰਧਤ ਖੇਤੀ ਵਾਲੀ ਜ਼ਮੀਨ ਘੋਸ਼ਿਤ ਕੀਤੀ ਗਈ ਹੈ, ਜੋ ਕਿ ਬੀ. ਐਸ. ਐਫ. ਦੇ ਕੰਟਰੋਲ ਹੇਠ ਅੱਜ ਵੀ ਚੱਲ ਰਹੀ ਹੈ। ਕੰਡਿਆਲੀ ਤਾਰ ਤੋਂ ਅੱਗੇ ਵਾਲੀ ਜ਼ਮੀਨ ਅਦਾਲਤੀ ਹੁਕਮਾਂ ਮੁਤਾਬਕ ਇਸ ਜ਼ਮੀਨ ਦੇ ਬਦਲੇ ਕਿਸਾਨਾਂ ਨੂੰ ਹੋਰ ਜ਼ਮੀਨ ਅਲਾਟ ਕਰਨ ਜਾਂ ਐਕਵਾਇਰ ਕਰਨ ਬਾਰੇ ਅਦਾਲਤਾਂ ਵਿਚ ਸਰਕਾਰ ਕੋਲੋਂ ਪੁੱਛਿਆ ਤਾਂ ਸਰਕਾਰ ਅਤੇ ਬੀ. ਐਸ. ਐਫ. ਨੇ ਆਪਣੇ ਹਲਫੀਆ ਬਿਆਨ ਦਾਇਰ ਕਰਵਾਏ. ਜਿਸ ਵਿਚ ਖੇਤੀ ਕਰਵਾਉਣ ਲਈ ਕਿਹਾ, ਪਰ ਕਿਸਾਨ ਨਾ ਖੇਤੀ ਕਰਨਾ ਚਾਹੁੰਦਾ ਹੋਇਆ ਵੀ ਢੁੱਕਵੀਂ ਖੇਤੀ ਕਰ ਰਿਹਾ ਹੈ। 14 ਮਾਰਚ, 2014 ਦਾ ਸਾਲਾਨਾ ਮੁਆਵਜ਼ਾ ਅਜੇ ਤੱਕ ਨਹੀਂ ਮਿਲਿਆ। 1 ਜਨਵਰੀ, 2015 ਤੋਂ 31 ਦਸੰਬਰ, 2015 ਦਾ ਮੁਆਵਜ਼ਾ 10,800 ਰੁਪਏ ਬਣਿਆ ਸੀ, ਉਹ ਸਤੰਬਰ, 2016 ਵਿਚ ਵੰਡਣ ਲਈ ਕਿਹਾ ਸੀ, ਜਿਸ ਵਿਚੋਂ ਸਿਰਫ 10000 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਕੁਝ ਹੀ ਕਿਸਾਨਾਂ ਨੂੰ ਦਿੱਤਾ। ਦੱਸੋ ਸਰਹੱਦੀ ਕਿਸਾਨ ਵਿਚਾਰਾ ਕੀ ਕਰੇ? 1 ਜਨਵਰੀ, 2016 ਤੋਂ 31 ਦਸੰਬਰ, 2016 ਦਾ ਸਾਲਾਨਾ ਮੁਆਵਜ਼ਾ ਤਕਰੀਬਨ 11 ਹਜ਼ਾਰ ਰੁਪਏ ਪ੍ਰਤੀ ਏਕੜ ਬਣਿਆ ਹੈ, ਇਸ ਬਾਰੇ ਸਰਕਾਰ ਅਜੇ ਤੱਕ ਸੋਚ ਨਹੀਂ ਰਹੀ, ਇਹ ਵੀ ਅਦਾਲਤੀ ਹੁਕਮਾਂ ਦੀ ਉਲੰਘਣਾ ਹੈ। ਕੀ ਕਿਸਾਨਾਂ ਨੂੰ ਸਾਲਾਨਾ ਮੁਆਵਜ਼ੇ ਲਈ ਵੀ ਹਰ ਵਾਰ ਅਦਾਲਤਾਂ ਵਿਚ ਜਾਣਾ ਪਵੇਗਾ। ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਲੋਂ ਸਰਹੱਦੀ ਕਿਸਾਨਾਂ ਦੀ ਪੂਰੀ ਬਰਬਾਦੀ ਨੂੰ ਵਾਚਣ ਲਈ ਮਾਣਯੋਗ ਐਡੀਸ਼ਨਲ ਸੈਸ਼ਨ ਜੱਜ ਤਰਨਤਾਰਨ ਦੇ ਅੰਡਰ ਵਿਸ਼ੇਸ਼ ਟ੍ਰਿਬਿਊਨਲ 20 ਮਈ, 2015 ਨੂੰ ਗਠਿਤ ਕੀਤਾ ਗਿਆ, ਜਿਸ ਦਾ ਨੋਟੀਫਿਕੇਸ਼ਨ ਮਿਤੀ 8 ਮਾਰਚ, 2016 ਨੂੰ ਹੋ ਗਿਆ, ਜਿਸ ਵਿਚ ਕਿਸਾਨਾਂ ਵੱਲ ਪਾਏ ਗਏ ਕਲੇਮਾਂ ਦੀ ਕਾਰਵਾਈ ਚੱਲ ਰਹੀ ਹੈ।
ਇਸ ਫੈਸਲੇ ਨੂੰ ਵੀ ਕੇਂਦਰੀ ਅਤੇ ਪੰਜਾਬ ਸਰਕਾਰਾਂ ਨੇ ਮਾਣਯੋਗ ਸੁਪਰੀਮ ਕੋਰਟ ਵਿਚ ਚੁਣੌਤੀ ਦਿੱਤੀ ਸੀ, ਜਿਸ ਦਾ ਫੈਸਲਾ 10 ਅਕਤੂਬਰ, 2016 ਨੂੰ ਮਾਣਯੋਗ ਸੁਪਰੀਮ ਕੋਰਟ ਨੇ ਸਰਹੱਦੀ ਕਿਸਾਨਾਂ ਦੇ ਹੱਕ ਵਿਚ ਫੈਸਲਾ ਦਿੱਤਾ ਸੀ ਅਤੇ ਹਦਾਇਤ ਕੀਤੀ ਕਿ ਉਕਤ ਕਿਸਾਨਾਂ ਦੇ ਫੈਸਲੇ ਚਾਰ ਹਫਤਿਆਂ ਅੰਦਰ ਨਿਪਟਾਏ ਜਾਣ ਪਰ ਸਰਕਾਰਾਂ ਅਦਾਲਤ ਦੇ ਹੁਕਮ ਦੀ ਪ੍ਰਵਾਹ ਨਾ ਕਰਦੇ ਹੋਏ ਸਰਹੱਦੀ ਕਿਸਾਨਾਂ ਨਾਲ ਹਮਦਰਦੀ ਦੀ ਬਜਾਏ ਉਨ੍ਹਾਂ ਨੂੰ ਬਰਬਾਦ ਕਰ ਰਹੀਆਂ ਹਨ। ਪਰ ਫਿਰ ਵੀ ਸਾਡਾ ਸਰਹੱਦੀ ਕਿਸਾਨ ਦੇਸ਼ ਪਿਆਰ ਪ੍ਰਤੀ ਅਡੋਲ ਖੜ੍ਹਾ ਹੈ। ਜਿਸ ਦੇ ਸਿਰ 'ਤੇ ਉਜੜਨ ਦੀ ਤਲਵਾਰ ਹਮੇਸ਼ਾ ਲਟਕਦੀ ਰਹਿੰਦੀ ਹੈ। ਸਰਹੱਦੀ ਕਿਸਾਨਾਂ ਦਾ ਕਹਿਣਾ ਹੈ ਕਿ ਆਜ਼ਾਦੀ ਦਿਵਸ ਦੇ ਮੌਕੇ ਸਾਨੂੰ ਸ਼ਬਦਾਂ ਦੇ ਖਾਲੀ ਭੰਡਾਰ ਹੀ ਮਿਲਦੇ ਹਨ। ਸਰਹੱਦੀ ਕਿਸਾਨਾਂ ਦੀ ਮੰਗ ਹੈ ਕਿ 1990 ਤੋਂ ਲੈ ਕੇ ਹੁਣ ਤੱਕ ਲੱਗੀ ਕੰਡਿਆਲੀ ਤਾਰ ਲਈ ਐਕਵਾਇਰ ਕੀਤੀ ਜ਼ਮੀਨ ਦਾ ਉਚਿਤ ਮੁਅਵਜ਼ਾ ਅਤੇ ਸਾਲਾਨਾ ਮੁਆਵਜ਼ਾ, ਨੌਕਰੀਆਂ ਵਿਚ ਰਾਖਵਾਂਕਰਨ, ਸਿਹਤ ਸਹੂਲਤਾਂ, ਮੁਢਲੀ ਸਿੱਖਿਆ, ਉੱਚ ਪੱਧਰੀ ਸਿੱਖਿਆ ਆਦਿ ਮੁਹੱਈਆ ਕਰਵਾਈ ਜਾਵੇ ਅਤੇ ਸਰਹੱਦੀ ਕਿਸਾਨਾਂ ਦੇ ਕਰਜ਼ੇ ਪਹਿਲ ਦੇ ਅਧਾਰ 'ਤੇ ਮੁਆਫ ਕੀਤੇ ਜਾਣ ਅਤੇ ਜੋ ਵਿਸ਼ੇਸ਼ ਸਰਹੱਦੀ ਟ੍ਰਿਬਿਊਨਲ ਕਾਰਵਾਈ ਕਰ ਰਿਹਾ ਹੈ, ਸਰਕਾਰਾਂ ਉਸ ਦਾ ਸਹਿਯੋਗ ਕਰਕੇ ਜਲਦੀ ਤੋਂ ਜਲਦੀ ਕਿਸਾਨਾਂ ਦੇ ਬਣਦੇ ਹੱਕ ਦਿੱਤੇ ਜਾਣ, ਜਿਸ ਨਾਲ ਇਹ ਕਿਸਾਨ ਵੀ ਆਮ ਲੋਕਾਂ ਦੀ ਜ਼ਿੰਦਗੀ ਦੀ ਤਰ੍ਹਾਂ ਆਨੰਦਮਈ ਮਾਹੌਲ ਵਿਚ ਜੀਵਨ ਬਸੇਰਾ ਕਰ ਸਕਣ।

-ਪਿੰਡ ਚੱਕ ਬਜ਼ੀਦਾ (ਗਹਿਲੇ ਵਾਲਾ), ਜ਼ਿਲ੍ਹਾ ਫਾਜ਼ਿਲਕਾ। ਮੋਬਾ: 99887-66013

ਸਰਦੀਆਂ ਵਿਚ ਵਧ ਰਿਹਾ ਧੁੰਦ ਦਾ ਪ੍ਰਕੋਪ-ਸੁਚੇਤ ਹੋਣ ਲੋਕ

ਸਰਦੀਆਂ ਵਿਚ ਪੈਣ ਵਾਲੀ ਇਹ ਧੁੰਦ ਅਤੇ ਪ੍ਰਦੂਸ਼ਿਤ ਹਵਾ ਸਕੂਲੀ ਬੱਚਿਆਂ ਨੂੰ ਵਿਸ਼ੇਸ਼ ਤੌਰ 'ਤੇ ਪ੍ਰਭਾਵਿਤ ਕਰਦੀ ਹੈ। ਬੱਚਿਆਂ ਨੂੰ ਅਲੱਗ-ਅਲੱਗ ਵਾਹਨਾਂ ਰਾਹੀਂ ਸਵੇਰੇ ਜਲਦੀ-ਜਲਦੀ ਆਪਣੇ ਸਕੂਲਾਂ ਵਿਚ ਪਹੁੰਚਣਾ ਹੁੰਦਾ ਹੈ। ਸਮੇਂ ਦੀ ਘਾਟ ਕਾਰਨ ਜਲਦੀ ਦੇ ਚੱਕਰ ਵਿਚ ਇਹ ਵਾਹਨ ਤੇਜ਼ ਵੀ ਚਲਦੇ ਦੇਖੇ ਜਾਂਦੇ ਹਨ ਪਰ ਇਹ ਤੇਜ਼ੀ ਬੱਚਿਆਂ ਦੀ ਜਾਨ ਲਈ ਖਤਰਾ ਵੀ ਬਣ ਜਾਂਦੀ ਹੈ। ਇਹੀ ਕਾਰਨ ਹੈ ਕਿ ਕਈ ਸਰਕਾਰਾਂ ਨੇ ਇਸ ਸਾਲ ਨਵੰਬਰ ਵਿਚ ਕਈ ਦਿਨਾਂ ਲਈ ਸਕੂਲ ਬੰਦ ਰੱਖੇ ਅਤੇ ਫਿਰ ਸਮੇਂ ਵਿਚ ਤਬਦੀਲੀ ਵੀ ਕੀਤੀ। ਧੁੰਦ ਕਿਉਂਕਿ ਸਵੇਰੇ-ਸਵੇਰੇ ਵੱਧ ਅਤੇ ਬਾਅਦ ਵਿਚ ਦਿਨ ਚੜ੍ਹਨ ਦੇ ਨਾਲ-ਨਾਲ ਘਟਦੀ ਜਾਂਦੀ ਹੈ, ਬੱਚਿਆਂ ਦੇ ਬਚਾਅ ਲਈ ਇਹ ਇਕ ਸਧਾਰਨ ਪ੍ਰਬੰਧ ਹੈ, ਪਰ ਇਹ ਆਖਰੀ ਅਤੇ ਮੁਕੰਮਲ ਪ੍ਰਬੰਧ ਨਹੀਂ ਹੈ। ਇਹ ਦੋ-ਚਾਰ ਦਿਨ ਦੀ ਗੱਲ ਨਹੀਂ ਹੈ। ਕਈ ਵਾਰ ਸਰਦੀਆਂ ਵਿਚ ਇਹ ਧੁੰਦ ਲੰਬੀ ਵਧ ਜਾਂਦੀ ਹੈ ਤਾਂ ਇਸ ਤਰ੍ਹਾਂ ਬੱਚਿਆਂ ਦੀ ਰੋਜ਼ਾਨਾ ਪੜ੍ਹਾਈ 'ਤੇ ਵੀ ਅਸਰ ਪੈਂਦਾ ਹੈ। ਪਰ ਬੱਚਿਆਂ ਦੇ ਜੀਵਨ ਨੂੰ ਸੁਰੱਖਿਅਤ ਰੱਖਣਾ ਅਤੇ ਸ਼ੁੱਧ ਹਵਾ ਦਾ ਪ੍ਰਬੰਧ ਹੋਣਾ ਚਾਹੀਦਾ ਹੈ। ਪੜ੍ਹਾਈ ਲਈ ਵੀ ਬੱਚਿਆਂ ਦਾ ਤੰਦਰੁਸਤ ਹੋਣਾ ਬਹੁਤ ਜ਼ਰੂਰੀ ਹੈ।
ਮਨੁੱਖੀ ਜਾਨਾਂ ਅਤੇ ਖਾਸ ਕਰਕੇ ਸਵੇਰੇ-ਸਵੇਰੇ ਸਕੂਲ ਜਾਣ ਵਾਲੇ ਬੱਚਿਆਂ ਨੂੰ ਧੁੰਦ ਦੇ ਪ੍ਰਕੋਪ ਤੋਂ ਬਚਾਉਣ ਲਈ ਸਾਨੂੰ ਸਭ ਨੂੰ ਸੁਚੇਤ ਹੋਣ ਦੀ ਲੋੜ ਹੈ। ਪਹਿਲਾਂ ਤਾਂ ਮਨੁੱਖ ਕੋਈ ਗਲਤੀ ਨਾ ਕਰੇ, ਤਾਂ ਕਿ ਉਸ ਦੀ ਇਸ ਗਲਤੀ ਨਾਲ ਵਾਤਾਵਰਨ ਦੂਸ਼ਿਤ ਨਾ ਹੋਵੇ। ਸਰਦੀਆਂ ਵਿਚ ਪਰਾਲੀ, ਪੱਤਿਆਂ ਅਤੇ ਗੰਦੇ ਕੂੜੇ-ਕਰਕਟ ਨੂੰ ਅੱਗ ਲਾਉਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਅਤੇ ਜਿਥੋਂ ਤੱਕ ਹੋ ਸਕੇ, ਵਾਹਨਾਂ ਨੂੰ ਧੂੰਆਂ ਰਹਿਤ ਰੱਖਣ ਵਿਚ ਸਰਕਾਰਾਂ ਦੀ ਮਦਦ ਕਰਨੀ ਚਾਹੀਦੀ ਹੈ। ਸਵੇਰ ਸਮੇਂ ਬੱਚਿਆਂ ਨੂੰ ਸਕੂਲ ਛੱਡਣ ਲਈ ਸਮੇਂ ਦਾ ਧਿਆਨ ਰੱਖ ਕਾਹਲੀ ਨੂੰ ਤਿਆਗ ਆਰਾਮ ਨਾਲ ਚੱਲਣਾ ਚਾਹੀਦਾ ਹੈ। ਸਕੂਲੀ ਬੱਚਿਆਂ ਨੂੰ ਲਿਆਉਣ, ਲਿਜਾਣ ਵਾਲੀਆਂ ਬੱਸਾਂ ਨੂੰ ਘੱਟ ਗਤੀ 'ਤੇ ਚੱਲਣ ਲਈ ਡਰਾਈਵਰਾਂ ਨੂੰ ਪ੍ਰੇਰਨਾ ਚਾਹੀਦਾ ਹੈ। ਵੱਧ ਆਵਾਜਾਈ ਸਮੇਂ ਕੋਈ ਕਾਹਲੀ ਨਹੀਂ ਕਰਨੀ ਚਾਹੀਦੀ, ਸਗੋਂ ਕਤਾਰ ਵਿਚ ਰਹਿ ਕੇ ਹੀ ਚੱਲਣ ਨਾਲ ਸਫ਼ਰ ਜਲਦੀ ਮੁੱਕਦਾ ਹੈ। ਕਿਸੇ ਵੀ ਗੱਡੀ ਦੇ ਡਰਾਈਵਰ ਨੂੰ ਉਸ ਦੀ ਗੱਡੀ ਵਲੋਂ ਛੱਡੇ ਜਾਣ ਵਾਲੇ ਧੂੰਏਂ ਅਤੇ ਉਡਾਈ ਗਈ ਮਿੱਟੀ ਤੋਂ ਸੁਚੇਤ ਹੋਣ ਦੀ ਲੋੜ ਹੈ, ਕਿਉਂਕਿ ਤੁਹਾਡੇ ਫਾਇਦੇ ਵਿਚ ਹੀ ਸਭ ਦਾ ਫਾਇਦਾ ਹੈ। ਸਕੂਲ ਵਿਚ ਬੱਚਿਆਂ ਦਾ ਸਮਾਂ ਘੱਟ ਹੋਣ ਕਾਰਨ ਸਰਦੀਆਂ ਵਿਚ ਬੱਚਿਆਂ ਨੂੰ ਘਰ ਰਹਿੰਦੇ ਸਮੇਂ ਵੱਧ ਪੜ੍ਹਨ ਦੀ ਸਲਾਹ ਵੀ ਦਿੱਤੀ ਜਾਂਦੀ ਹੈ। ਸਭ ਦੇ ਭਲੇ ਲਈ ਹਰ ਇਕ ਨੂੰ ਸੁਚੇਤ ਹੋਣ ਦੀ ਲੋੜ ਹੈ।

-ਮ: ਨੰ: 3098, ਸੈਕਟਰ 37-ਡੀ, ਚੰਡੀਗੜ੍ਹ।
ਮੋਬਾ: 98764-52223

ਮਾਂ-ਬੋਲੀ ਨੂੰ ਬਚਾਉਣ ਲਈ ਮਾਨਸਿਕਤਾ ਬਦਲਣ ਦੀ ਲੋੜ

ਸ਼ਾਇਦ ਦੁਨੀਆ ਦੀ ਕਿਸੇ ਵੀ ਕੌਮ ਨੇ ਆਪਣੀ ਮਾਂ-ਬੋਲੀ ਦੀ ਏਨੀ ਬੇਪੱਤੀ ਨਹੀਂ ਕੀਤੀ ਹੋਣੀ, ਜਿੰਨੀ ਅਸਾਂ ਪੰਜਾਬੀਆਂ ਨੇ ਕੀਤੀ ਹੈ। ਸਾਡੇ ਨੌਜਵਾਨ ਆਪਣੇ ਪੰਜਾਬੀ ਹੋਣ ਦੇ ਮਾਣ ਦਾ ਪ੍ਰਗਟਾਵਾ ਵੀ ਆਪਣੇ ਵਾਹਨਾਂ 'ਤੇ ਅੰਗਰੇਜ਼ੀ ਵਿਚ 'ਪ੍ਰਾਊਡ ਟੂ ਬੀ ਪੰਜਾਬੀ' ਲਿਖ ਕੇ ਕਰਦੇ ਹਨ। ਕਿੰਨੀ ਹਾਸੋਹੀਣੀ ਗੱਲ ਹੈ ਕਿ ਬਿਹਾਰ ਅਤੇ ਯੂ.ਪੀ. ਤੋਂ ਆਏ ਹੋਏ ਕਾਮੇ ਤਾਂ ਸਾਡੇ ਨਾਲ ਗੱਲ ਕਰਦੇ ਸਮੇਂ ਆਪਣੀ ਮਾਂ-ਬੋਲੀ ਨੂੰ ਨਹੀਂ ਛੱਡਦੇ ਅਤੇ ਹਿੰਦੀ ਵਿਚ ਗੱਲ ਕਰਦੇ ਹਨ, ਪਰ ਅਸੀਂ ਆਪਣੀ ਭਾਸ਼ਾ ਵਿਚ ਜਵਾਬ ਦੇਣ ਦੀ ਥਾਂ ਹਿੰਦੀ ਵਿਚ ਜਵਾਬ ਦਿੰਦੇ ਹਾਂ।
ਮਾਂ-ਬੋਲੀ ਦਾ ਆਧਾਰ ਮਾਂ ਦੀ ਗੋਦ ਵਿਚ ਬਣਨਾ ਹੁੰਦਾ ਹੈ ਪਰ ਸਾਡੀਆਂ ਵਰਤਮਾਨ ਮਾਵਾਂ ਪਤਾ ਨਹੀਂ ਕਿਉਂ ਪੰਜਾਬੀ ਭਾਸ਼ਾ ਦੇ ਮਹੱਤਵ ਤੋਂ ਮੂੰਹ ਮੋੜਦੀਆਂ ਨਜ਼ਰ ਆਉਂਦੀਆਂ ਹਨ। ਸ਼ਾਇਦ ਉਨ੍ਹਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਦਾ ਬੱਚਾ ਹਿੰਦੀ ਭਾਸ਼ਾ ਬੋਲਦਾ ਜ਼ਿਆਦਾ ਪਿਆਰਾ ਲਗਦਾ ਹੈ। ਬੱਚਿਆਂ ਨੂੰ ਖੜ੍ਹੇ ਹੋਣ, ਬੈਠਣ, ਕਿਤਾਬ ਚੁੱਕਣ, ਤੁਰਨ, ਦੌੜਨ ਆਦਿ ਵਰਗੇ ਨਿੱਕੇ-ਨਿੱਕੇ ਹੁਕਮ ਅੰਗਰੇਜ਼ੀ ਭਾਸ਼ਾ ਵਿਚ ਦੇਣ ਦਾ ਰਿਵਾਜ ਚੱਲ ਪਿਆ ਹੈ।
ਰਹਿੰਦੀ ਕਸਰ ਅੰਗਰੇਜ਼ੀ ਸਕੂਲਾਂ ਨੇ ਕੱਢ ਦਿੱਤੀ ਹੈ। ਅਨੇਕਾਂ ਸਕੂਲ ਅਜਿਹੇ ਹਨ ਜਿੱਥੇ ਬੱਚਿਆਂ ਨੂੰ ਅੰਗਰੇਜ਼ੀ, ਹਿੰਦੀ ਬੋਲਣ ਲਈ ਪ੍ਰੇਰਿਤ ਕੀਤਾ ਜਾਂਦਾ ਹੈ ਅਤੇ ਪੰਜਾਬੀ ਬੋਲਣ ਤੋਂ ਰੋਕਿਆ ਜਾਂਦਾ ਹੈ। ਅਜਿਹੇ ਸਕੂਲਾਂ ਵਿਚ ਕੁਝ ਸਾਲ ਗੁਜ਼ਾਰਨ ਵਾਲੇ ਬੱਚੇ ਜਦ ਘਰੋਂ ਬਾਹਰ ਪੰਜਾਬੀ ਵੀ ਬੋਲਦੇ ਹਨ ਤਾਂ ਉਸ ਉੱਪਰ ਅੰਗਰੇਜ਼ੀ ਦੀ ਪੁੱਠ ਚੜ੍ਹੀ ਹੁੰਦੀ ਹੈ। ਕਿਸ਼ੋਰ ਅਵਸਥਾ ਦੇ ਅਨੇਕਾਂ ਪੜ੍ਹੇ-ਲਿਖੇ ਬੱਚੇ 'ਭ' ਨੂੰ 'ਪ' ਬੋਲਦੇ ਅਕਸਰ ਹੀ ਨਜ਼ਰ ਆ ਜਾਂਦੇ ਹਨ।
ਹੋਰ ਤਾਂ ਹੋਰ, ਕਈ ਜਥੇਬੰਦੀਆਂ ਜਦੋਂ ਆਪਣੇ ਸਮਾਰੋਹਾਂ 'ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਮੁੱਖ ਮਹਿਮਾਨ ਜਾਂ ਵਿਸ਼ੇਸ਼ ਮਹਿਮਾਨਾਂ ਵਜੋਂ ਸੱਦਾ ਦਿੰਦੀਆਂ ਹਨ ਤਾਂ ਉਨ੍ਹਾਂ ਨੂੰ ਦਿੱਤੇ ਜਾਣ ਵਾਲੇ ਸਨਮਾਨ ਚਿੰਨ੍ਹ ਵੀ ਅੰਗਰੇਜ਼ੀ ਭਾਸ਼ਾ ਵਿਚ ਲਿਖੇ ਹੁੰਦੇ ਹਨ। ਜੇਕਰ ਪੰਜਾਬੀ ਦੀ ਵਰਤੋਂ ਕੀਤੀ ਵੀ ਜਾਂਦੀ ਹੈ ਤਾਂ ਉਸ ਵਿਚ ਵੀ ਕਈ ਗਲਤੀਆਂ ਹੁੰਦੀਆਂ ਹਨ।
ਪੰਜਾਬੀਆਂ ਦੇ ਮਨੋਰੰਜਨ ਲਈ ਬਣਾਈਆਂ ਜਾਣ ਵਾਲੀਆਂ ਪੰਜਾਬੀ ਫ਼ਿਲਮਾਂ ਵਿਚੋਂ ਵੀ ਪੰਜਾਬੀ ਗਾਇਬ ਹੁੰਦੀ ਜਾ ਰਹੀ ਹੈ। ਇਹ ਕਲਾਕਾਰ ਜਦੋਂ ਰੱਟਾ ਲੱਗੇ ਹੋਏ ਪੰਜਾਬੀ ਸੰਵਾਦ ਬੋਲਣ ਦੀ ਕੋਸ਼ਿਸ਼ ਕਰਦੇ ਹਨ ਤਾਂ ਉਨ੍ਹਾਂ ਵਿਚ ਹਿੰਦੀ ਦੀ ਝਲਕ ਸਾਫ਼ ਨਜ਼ਰ ਆਉਂਦੀ ਹੈ। ਜੇਕਰ ਅਸੀਂ ਆਪਣੀ ਮਾਨਸਿਕਤਾ ਵਿਚ ਥੋੜ੍ਹੀ ਜਿਹੀ ਤਬਦੀਲੀ ਲੈ ਆਈਏ ਤਾਂ ਸਾਨੂੰ ਪੰਜਾਬੀ ਬਚਾਉਣ ਲਈ ਤਰਲੇ ਪਾਉਣ ਅਤੇ ਵਿਸ਼ੇਸ਼ ਕੋਸ਼ਿਸ਼ਾਂ ਦੀ ਲੋੜ ਨਹੀਂ ਪਵੇਗੀ। ਸਾਨੂੰ ਆਪਣੇ ਪੰਜਾਬੀ ਹੋਣ 'ਤੇ ਮਾਣ ਹੋਣਾ ਚਾਹੀਦਾ ਹੈ ਅਤੇ ਪੰਜਾਬੀ ਬੋਲਣ ਵਿਚ ਸ਼ਰਮ ਮਹਿਸੂਸ ਨਹੀਂ ਹੋਣੀ ਚਾਹੀਦੀ।

-ਮ: ਨੰ: 2440, ਜਲਾਲਾਬਾਦ ਪੱ:, ਜ਼ਿਲ੍ਹਾ ਫ਼ਾਜ਼ਿਲਕਾ।
ਮੋਬਾ: 89569-00001

ਲੰਗਰਾਂ ਦਾ ਯੋਜਨਾਬੱਧ ਪ੍ਰਬੰਧ ਕਰਨ ਦੀ ਲੋੜ

ਕੌਮ ਲਈ ਸਰਬੰਸ ਵਾਰਨ ਵਾਲੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਉਨ੍ਹਾਂ ਦੇ ਪਰਿਵਾਰ ਦੀਆਂ ਕੁਰਬਾਨੀਆਂ ਨੂੰ ਸਜਦਾ ਕਰਨ ਲਈ ਚਮਕੌਰ ਸਾਹਿਬ, ਮਾਛੀਵਾੜਾ ਸਾਹਿਬ ਅਤੇ ਫ਼ਤਹਿਗੜ੍ਹ ਸਾਹਿਬ ਵਿਖੇ ਹਰ ਸਾਲ ਸ਼ਹੀਦੀ ਜੋੜ-ਮੇਲ ਮਨਾਇਆ ਜਾਂਦਾ ਹੈ। ਪਰ ਪਿਛਲੇ ਕੁਝ ਸਮੇਂ ਤੋਂ ਇਨ੍ਹਾਂ 'ਭਾਰੇ ਦਿਨਾਂ' ਨੂੰ ਲੋਕਾਂ ਨੇ ਮੌਜ-ਮੇਲੇ ਵਜੋਂ ਮਨਾਉਣਾ ਸ਼ੁਰੂ ਕਰ ਦਿੱਤਾ ਹੈ। ਇਹ ਗ਼ਲਤ ਹੀ ਨਹੀਂ, ਬਲਕਿ ਬੱਜਰ ਗੁਨਾਹ ਹੈ। ਫ਼ਤਹਿਗੜ੍ਹ ਸਾਹਿਬ ਵਿਖੇ ਸਿਆਸੀ ਕਾਨਫਰੰਸਾਂ ਮੌਕੇ ਦੂਸ਼ਣਬਾਜ਼ੀਆਂ ਅਤੇ ਤੋਹਮਤਾਂ ਲੱਗਣੀਆਂ ਅਤੇ ਥਾਂ-ਥਾਂ ਲਗਾਏ ਲੰਗਰਾਂ ਵਿਚ ਸੁਆਦੀ ਭੋਜਨਾਂ ਦਾ ਪ੍ਰਚਾਰ ਕਰਕੇ ਲੋਕਾਂ ਨੂੰ ਹਾਕਾਂ ਮਾਰ-ਮਾਰ ਲੰਗਰ ਖਾਣ ਲਈ ਬੁਲਾਉਣਾ ਆਦਿ ਵਰਗੇ ਗ਼ਲਤ ਰੁਝਾਨ ਸ਼ੁਰੂ ਹੋ ਚੁੱਕੇ ਹਨ।
ਫ਼ਤਹਿਗੜ੍ਹ ਸਾਹਿਬ ਦੇ ਜੋੜ-ਮੇਲ ਦੌਰਾਨ ਚੰਡੋਲ, ਮੋਟਰਸਾਈਕਲ-ਕਾਰਾਂ ਦੇ ਕਰਤੱਬ ਦਿਖਾਉਣੇ ਅਤੇ ਜਾਦੂਗਰਾਂ ਵਰਗੇ ਸ਼ੋਅ ਤਾਂ ਕੁਝ ਸਮਾਂ ਪਹਿਲਾਂ ਹੀ ਬੰਦ ਕਰਵਾਏ ਜਾ ਚੁੱਕੇ ਹਨ ਅਤੇ ਹੁਣ ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਵਲੋਂ ਫ਼ਤਹਿਗੜ੍ਹ ਸਾਹਿਬ ਵਿਖੇ ਕਰਵਾਈਆਂ ਜਾਂਦੀਆਂ ਸਿਆਸੀ ਕਾਨਫ਼ਰੰਸਾਂ ਨਾ ਕਰਨ ਦੇ ਫੈਸਲੇ ਦਾ ਵੀ ਹਰ ਪਾਸਿਓਂ ਸਵਾਗਤ ਹੋ ਰਿਹਾ ਹੈ। ਇਹ ਇਕ ਵਧੀਆ ਸ਼ੁਰੂਆਤ ਹੈ ਅਤੇ ਆਸ ਹੈ ਕਿ ਅੱਗੋਂ ਵੀ ਇਹ ਪਰੰਪਰਾ ਜਾਰੀ ਰਹੇਗੀ। ਇਸ ਦੇ ਨਾਲ ਹੀ ਥਾਂ-ਥਾਂ ਲੱਗੇ ਲੰਗਰਾਂ ਨੂੰ ਵੀ ਯੋਜਨਾਬੱਧ ਢੰਗ ਨਾਲ ਲਾਗੂ ਕਰਵਾਉਣਾ ਸਮੇਂ ਦੀ ਬਹੁਤ ਵੱਡੀ ਮੰਗ ਹੈ।
ਪਿੰਡਾਂ ਅਤੇ ਹੋਰ ਸੰਸਥਾਵਾਂ ਵਲੋਂ ਸੜਕਾਂ ਦੇ ਕਿਨਾਰਿਆਂ 'ਤੇ ਲਗਾਏ ਕਈ ਲੰਗਰਾਂ ਦੀ ਦੂਰੀ ਘੱਟ ਹੁੰਦੀ ਹੈ। ਇਸ ਕਾਰਨ ਸੜਕਾਂ 'ਤੇ ਲੰਬੇ-ਲੰਬੇ ਜਾਮ ਲੱਗਦੇ ਹਨ ਅਤੇ ਸੜਕੀ ਆਵਾਜਾਈ ਵਿਚ ਭਾਰੀ ਰੁਕਾਵਟ ਪੈਂਦੀ ਹੈ। ਚਾਹੀਦਾ ਤਾਂ ਇਹ ਹੈ ਕਿ ਕਈ ਪਿੰਡ ਆਪਸ ਵਿਚ ਮਿਲ ਕੇ ਇਕ ਖੁੱਲ੍ਹੀ ਥਾਂ ਵਿਚ ਲੰਗਰ ਲਗਾਉਣ। ਇਸ ਨਾਲ ਸੜਕੀ ਆਵਾਜਾਈ ਵੀ ਸੁਚਾਰੂ ਹੋਵੇਗੀ ਅਤੇ ਪੈਸੇ ਦੀ ਵੀ ਬਚਤ ਹੋਵੇਗੀ। ਸਿਰਫ਼ ਵਿਖਾਵੇ ਖਾਤਰ ਅਤੇ ਲੋਕਾਂ ਨੂੰ ਰੱਸੇ ਲਾ ਕੇ ਰੋਕ-ਰੋਕ ਲੰਗਰ ਛਕਾਉਣਾ ਕਿਸੇ ਵੀ ਪਾਸਿਓਂ ਧਾਰਮਿਕ ਆਸਥਾ ਦਾ ਪ੍ਰਤੀਕ ਨਹੀਂ ਹੈ।
ਲੰਗਰ ਪਰੰਪਰਾ ਸਿੱਖ ਇਤਿਹਾਸ ਦੀ ਬਹੁਤ ਖ਼ਾਸ ਅਤੇ ਮਹੱਤਵਪੂਰਨ ਪ੍ਰਥਾ ਹੈ ਪਰ ਇਸ ਨੂੰ ਗ਼ਲਤ ਰੰਗਤ ਦੇਣ ਤੋਂ ਬਚਿਆ ਜਾਣਾ ਚਾਹੀਦਾ ਹੈ। ਜਿੱਥੇ ਹੁਣ ਸ਼ਹੀਦੀ ਜੋੜ ਮੇਲ ਮੌਕੇ ਬਹੁਤ ਸਾਰੀਆਂ ਚੰਗੀਆਂ ਗੱਲਾਂ ਦੀ ਸ਼ੁਰੂਆਤ ਹੋ ਰਹੀ ਹੈ, ਉੱਥੇ ਸਾਰਿਆਂ ਨੂੰ ਆਦਰ ਤੇ ਸਤਿਕਾਰ ਭਰੀ ਬੇਨਤੀ ਹੈ ਕਿ ਲੰਗਰਾਂ ਦਾ ਪ੍ਰਬੰਧ ਵੀ ਯੋਜਨਾਬੱਧ ਢੰਗ ਨਾਲ ਕੀਤਾ ਜਾਣਾ ਚਾਹੀਦਾ ਹੈ।

-ਬੈਂਕ ਕਾਲੋਨੀ, ਮਲੇਰਕੋਟਲਾ ਰੋਡ, ਖੰਨਾ-141401. ਮੋਬਾ: 93567-13000

ਘਰਾਂ 'ਚ ਨਿੱਤ ਦੇ ਕਲੇਸ਼ ਬੁਰੇ ਨੇ

ਜ਼ਿੰਦਗੀ 'ਚ ਸੁੱਖ-ਦੁੱਖ, ਔਖ-ਸੌਖ ਚਲਦੀ ਰਹਿੰਦੀ ਹੈ। ਕਦੇ ਧੁੱਪ ਤੇ ਕਦੇ ਛਾਂ। ਹਾਲਾਤ ਕਦੇ ਵੀ ਸਥਿਰ ਨਹੀਂ ਹੁੰਦੇ। ਅਸਲ ਵਿਅਕਤੀ ਉਹ ਹੈ, ਜੋ ਮੁਸ਼ਕਿਲਾਂ ਤੋਂ ਡਰਨ ਦੀ ਬਜਾਏ ਉਨ੍ਹਾਂ ਦਾ ਡਟ ਕੇ ਮੁਕਾਬਲਾ ਕਰੇ। ਅਜੋਕੇ ਸਮੇਂ ਘਰਾਂ 'ਚ ਆਪਸੀ ਪਰਿਵਾਰਕ ਮੈਂਬਰਾਂ 'ਚ ਕਲੇਸ਼ ਵਧਦਾ ਜਾ ਰਿਹਾ ਹੈ। ਛੋਟੀ-ਛੋਟੀ ਗੱਲ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਜਾਂਦਾ ਹੈ। ਸਿਆਣੇ ਕਹਿੰਦੇ ਹਨ ਕਿ ਕਲੇਸ਼ ਦਾ ਮੂੰਹ ਕਾਲਾ ਹੁੰਦਾ ਹੈ। ਅਜਿਹੇ ਘਰਾਂ ਚ ਬਰਕਤਾਂ ਨਹੀਂ ਰਹਿੰਦੀਆਂ। ਜਿੱਥੇ ਪਰਿਵਾਰ ਦੇ ਜੀਆਂ 'ਚ ਏਕਾ, ਇਤਫ਼ਾਕ ਨਹੀਂ, ਉਥੇ ਤਰੱਕੀ ਵੀ ਸੰਭਵ ਨਹੀਂ। ਆਮ ਤੌਰ 'ਤੇ ਘਰਾਂ 'ਚ ਸ਼ਰਾਬ, ਨਸ਼ੇ, ਗਰੀਬੀ ਅਤੇ ਬੇਰੁਜ਼ਗਾਰੀ ਆਦਿ ਕਰਕੇ ਵਧੇਰੇ ਝਗੜੇ ਹੁੰਦੇ ਹਨ। ਸਮਝਣਾ ਚਾਹੀਦਾ ਹੈ ਕਿ ਝਗੜਾ ਕਿਸੇ ਮਸਲੇ ਦਾ ਹੱਲ ਨਹੀਂ। ਅੱਜ ਲੋਕਾਂ 'ਚ ਸਹਿਣਸ਼ੀਲਤਾ, ਸਹਿਜਤਾ ਅਤੇ ਨਿਮਰਤਾ ਨਹੀਂ ਰਹੀ। ਜੇਕਰ ਕਿਸੇ ਨੇ ਕੁਝ ਕਹਿ ਵੀ ਦਿੱਤਾ ਤਾਂ ਸਹਿਣ ਦੀ ਬਜਾਏ ਤੁਰੰਤ ਉਸ ਦਾ ਮੋੜਵਾਂ ਜਵਾਬ ਠਾਹ ਸੋਟਾ ਮਾਰਦੇ ਹਨ। ਅੱਜ ਪਤੀ-ਪਤਨੀ ਦੇ ਰਿਸ਼ਤੇ 'ਚ ਵੀ ਵਿਸ਼ਵਾਸ ਘਟਦਾ ਜਾ ਰਿਹਾ ਹੈ। ਸ਼ੱਕ ਅਜਿਹੀ ਚੀਜ਼ ਹੈ ਜੋ ਵਸਦੇ ਘਰਾਂ ਨੂੰ ਪਲਾਂ 'ਚ ਤਬਾਹ ਕਰ ਦਿੰਦੀ ਹੈ।
ਕਈ ਵਾਰ ਇਕ-ਦੂਜੇ ਦੇ ਚਰਿੱਤਰ ਉੱਤੇ ਸ਼ੱਕ ਕਰਨ ਕਰਕੇ ਝਗੜਾ ਏਨਾ ਵਧ ਜਾਂਦਾ ਹੈ ਕਿ ਥਾਣੇ, ਕੋਰਟ-ਕਚਹਿਰੀ ਤੇ ਆਤਮ ਹੱਤਿਆ ਤੱਕ ਪਹੁੰਚ ਜਾਂਦਾ ਹੈ। ਜ਼ਿੰਦਗੀ ਦੀ ਗੱਡੀ ਵਿਸ਼ਵਾਸ ਦੇ ਪਹੀਆਂ 'ਤੇ ਹੀ ਚਲਦੀ ਹੈ। ਵਿਸ਼ਵਾਸ ਦਾ ਬੂਟਾ ਧਰਤੀ 'ਚ ਨਹੀਂ, ਸਗੋਂ ਦਿਲਾਂ 'ਚ ਉੱਗਦਾ ਹੈ। ਪਿੰਡਾਂ ਚ ਕਿਸਾਨਾਂ ਦੇ ਕਰਜ਼ੇ, ਜ਼ਮੀਨਾਂ ਦੀ ਵੰਡ-ਵੰਡਾਈ ਅਤੇ ਵੱਟਾਂ ਆਦਿ ਦੇ ਝਗੜੇ ਮੁੱਕਣ ਦਾ ਨਾਂਅ ਨਹੀਂ ਲੈਂਦੇ। ਕਈ ਵਿਅਕਤੀ ਕਿਸੇ ਮਸਲੇ ਨੂੰ ਮੈਂ ਅਤੇ ਵਡੱਪਣ ਦਿਖਾਉਣ ਲਈ ਅਣਖ ਤੇ ਮੁੱਛ ਦਾ ਸਵਾਲ ਬਣਾ ਲੈਂਦੇ ਹਨ, ਜਿਸ ਦਾ ਸੇਕ ਫਿਰ ਕਈ ਪੀੜ੍ਹੀਆਂ ਤੱਕ ਲੱਗਦਾ ਰਹਿੰਦਾ ਹੈ। ਕਿਸੇ ਵੀ ਝਗੜੇ ਦਾ ਮੁੱਖ ਕਾਰਨ ਚੁਗਲਖੋਰਾਂ ਵਲੋਂ ਕੀਤੀ ਚੁਗਲੀ ਤੇ ਸ਼ਰੀਕਾਂ ਵਲੋਂ ਲਾਈ ਉਂਗਲ ਹੁੰਦਾ ਹੈ। ਅਜਿਹੇ ਝਗੜੇ ਫਿਰ ਗਿੱਲੀ ਲੱਕੜ ਵਾਂਗ ਪਲ-ਪਲ ਧੁਖਦੇ ਰਹਿੰਦੇ ਹਨ ਤੇ ਕਦੀ ਮੁੱਕਣ ਦਾ ਨਾਂਅ ਨਹੀਂ ਲੈਂਦੇ। ਵਧਦੀ ਮਹਿੰਗਾਈ, ਬੇਰੁਜ਼ਗਾਰੀ, ਫਜ਼ੂਲ-ਖਰਚੀ ਤੇ ਫੈਸ਼ਨਪ੍ਰਸਤੀ ਵੀ ਘਰਾਂ 'ਚ ਤੂੰ-ਤੂੰ, ਮੈਂ-ਮੈਂ ਦਾ ਕਾਰਨ ਬਣਦੀ ਹੈ। ਕਈ ਲੋਕ ਕਹਿੰਦੇ ਹਨ ਕਿ ਜਿੱਥੇ ਦੋ ਭਾਂਡੇ ਹੋਣਗੇ, ਉਹੀ ਖੜਕਣਗੇ ਪਰ ਏਨੇ ਵੀ ਨਹੀਂ ਖੜਕਣੇ ਚਾਹੀਦੇ ਕਿ ਜਿਊਂਦੇ ਜੀਅ ਘਰ ਨਰਕ ਬਣ ਜਾਵੇ। ਦਿਲਾਂ 'ਚ ਦਰਾੜ ਤੇ ਘਰਾਂ 'ਚ ਕੰਧਾਂ ਬਣ ਜਾਣ। ਵਿਅਕਤੀ ਰੋਜ਼ ਦੀ ਕੁੜ-ਕੁੜ ਕਾਰਨ ਮਾਨਸਿਕ ਤਣਾਅ ਦਾ ਸ਼ਿਕਾਰ ਹੋ ਜਾਂਦਾ ਹੈ।
ਮਰਨ ਵਾਲਾ ਤਾਂ ਮਰ ਜਾਂਦਾ ਹੈ, ਪਿੱਛੋਂ ਬੱਚਿਆਂ ਤੇ ਪਰਿਵਾਰ ਦੇ ਜੀਆਂ ਦਾ ਬੇਹੱਦ ਮੁਸ਼ਕਿਲ ਹੋ ਜਾਂਦਾ ਹੈ। ਝਗੜਾ ਬੇਸਮਝੀ ਤੇ ਗੁੱਸੇ ਤੋਂ ਸ਼ੁਰੂ ਹੋ ਕੇ ਪਛਤਾਵੇ 'ਤੇ ਖਤਮ ਹੋ ਜਾਂਦਾ ਹੈ। ਕਿਉਂਕਿ ਗੁੱਸਾ ਅਕਲ ਨੂੰ ਖਾ ਜਾਂਦਾ ਹੈ। ਜੇਕਰ ਅਸੀਂ ਆਪਣੇ ਨੀਵੇਂ ਦੀ ਬਜਾਏ ਉੱਚੇ ਵੱਲ ਵੇਖ ਕੇ ਅਤੇ ਜ਼ਰੂਰਤਾਂ ਦੀ ਥਾਂ ਖਵਾਹਿਸ਼ਾਂ ਮੁਤਾਬਿਕ ਜ਼ਿੰਦਗੀ ਬਤੀਤ ਕਰਾਂਗੇ ਤਾਂ ਘਰਾਂ 'ਚ ਝਗੜੇ ਜ਼ਰੂਰ ਪੈਦਾ ਹੋਣਗੇ। ਬੱਚਿਆਂ ਦਾ ਮਾਪਿਆਂ ਦੇ ਆਗਿਆਕਾਰੀ ਨਾ ਹੋਣਾ ਤੇ ਬਰਾਬਰ ਜ਼ੁਬਾਨ ਲੜਾਉਣੀ ਵੀ ਤਣਾਅ ਪੈਦਾ ਕਰਦੀ ਹੈ। ਜ਼ਿੰਦਗੀ ਦੇ ਹਰ ਪਲ ਨੂੰ 'ਤੇਰਾ ਭਾਣਾ ਮੀਠਾ ਲਾਗੈ' ਦੇ ਮਹਾਂਵਾਕ ਅਨੁਸਾਰ ਬਤੀਤ ਕਰੋ। ਸਿਆਣਾ ਵਿਅਕਤੀ ਉਹ ਹੈ, ਜੋ ਝਗੜੇ ਨੂੰ ਵਧਾਉਣ ਦੀ ਬਜਾਏ ਖ਼ਤਮ ਕਰੇ ਅਤੇ ਆਪਸੀ ਪ੍ਰੇਮ ਪਿਆਰ ਤੇ ਭਾਈਚਾਰਕ ਸਾਂਝ ਨੂੰ ਤਰਜੀਹ ਦੇਵੇ।

-ਪਿੰਡ ਜਲਵੇੜ੍ਹਾ, ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ।
ਮੋਬਾ: 75081-32699

ਪ੍ਰੇਸ਼ਾਨੀ ਦਾ ਕਾਰਨ ਬਣ ਰਹੇ ਸਿੱਕੇ

ਅੱਜ ਦੇ ਸਮੇਂ ਹਰੇਕ ਵਿਅਕਤੀ ਨੂੰ ਆਪਣੀ ਰੋਜ਼ਮਰਾ ਦੀ ਜ਼ਿੰਦਗੀ ਵਿਚ ਆਉਣ-ਜਾਣ ਤੇ ਘਰੇਲੂ ਸਾਮਾਨ ਲੈਣ ਲਈ ਖੁੱਲ੍ਹੇ ਪੈਸੇ 1, 2, 5 ਤੇ 10 ਰੁਪਏ ਦੇ ਸਿੱਕਿਆਂ ਦੀ ਲੋੜ ਪੈਂਦੀ ਹੈ। ਪਰ ਅੱਜ ਦੇ ਸਮੇਂ ਇਹ ਸਿੱਕੇ ਗਾਹਕ ਤੇ ਦੁਕਾਨਦਾਰ ਦੋਵਾਂ ਲਈ ਪ੍ਰੇਸ਼ਾਨੀ ਦਾ ਕਰਨ ਬਣੇ ਹੋਏ ਹਨ। ਸਿੱਕਿਆਂ ਦੀ ਹਰ ਥਾਂ ਏਨੀ ਬੇਕਦਰੀ ਹੋ ਰਹੀ ਹੈ ਕਿ ਹਰ ਕੋਈ 10 ਰੁਪਏ ਦਾ ਸਿੱਕਾ ਦੇਖ ਕੇ ਮੱਥੇ ਵੱਟ ਪਾ ਲੈਂਦਾ ਹੈ। ਜਦੋਂ ਅਸੀਂ ਬੈਂਕ ਵਿਚ ਸਿੱਕੇ ਜਮ੍ਹਾਂ ਕਰਵਾਉਣ ਜਾਂਦੇ ਹਾਂ ਤਾਂ ਬੈਂਕ ਮੁਲਾਜ਼ਮ ਜਾਂ ਤਾਂ ਸਟਾਫ਼ ਦੀ ਘਾਟ ਤੇ ਸਿੱਕੇ ਗਿਣਨ ਲਈ ਸਮਾਂ ਨਾ ਹੋਣ ਦਾ ਬਹਾਨਾ ਲਾ ਕੇ ਸਾਨੂੰ ਟਾਲਮਟੋਲ ਕਰ ਜਾਂਦੇ ਹਨ ਜਾਂ ਉਹ ਕਹਿੰਦੇ ਹਨ ਕਿ ਸਾਡੇ ਕੋਲ ਤਾਂ ਪਹਿਲਾਂ ਹੀ ਸਿੱਕੇ ਹਜ਼ਾਰਾਂ ਦੀ ਗਿਣਤੀ ਵਿਚ ਪਏ ਹਨ। ਬੈਂਕ ਵਾਲੇ ਵੀ ਦੁਚਿੱਤੀ ਵਿਚ ਫਸੇ ਹੋਏ ਹਨ, ਕਿਉਂਕਿ ਉਨ੍ਹਾਂ ਕੋਲੋਂ ਵੀ ਕੋਈ ਗਾਹਕ ਸਿੱਕੇ ਲੈਣ ਨੂੰ ਤਿਆਰ ਨਹੀਂ। ਹਾਲਾਂਕਿ ਬੈਂਕਾਂ ਨੂੰ ਰਿਜ਼ਰਵ ਬੈਂਕ ਵਲੋਂ ਸਿੱਕੇ ਜਮ੍ਹਾਂ ਕਰਨ ਦੀ ਹਦਾਇਤ ਹੈ।
ਪਿਛਲੇ ਦਿਨੀਂ ਲੋਕਾਂ ਤੇ ਦੁਕਾਨਦਾਰਾਂ ਵਿਚ ਅਫ਼ਵਾਹ ਫੈਲੀ ਸੀ ਕਿ 10 ਰੁਪਏ ਦੇ ਸਿੱਕੇ ਨਕਲੀ ਹਨ ਜਾਂ ਸਰਕਾਰ ਵਲੋਂ ਬੰਦ ਕਰ ਦਿੱਤੇ ਗਏ ਹਨ। ਰਿਜ਼ਰਵ ਬੈਂਕ ਸਮੇਂ-ਸਮੇਂ 'ਤੇ ਲੋਕਾਂ ਵਿਚ ਫੈਲੀ ਇਸ ਅਫਵਾਹ ਨੂੰ ਦੂਰ ਕਰਨ ਲਈ ਦੱਸਦੀ ਰਹੀ ਹੈ ਕਿ ਨਕਲੀ ਸਿੱਕੇ ਬਣਾਉਣਾ ਘਾਟੇ ਦਾ ਸੌਦਾ ਹੁੰਦਾ ਹੈ, ਕਿਉਂਕਿ ਸਿੱਕਿਆਂ ਦੇ ਨਿਰਮਾਣ ਦੀ ਲਾਗਤ ਇਨ੍ਹਾਂ ਦੇ ਕਰੰਸੀ ਮੁੱਲ ਨਾਲੋਂ ਜ਼ਿਆਦਾ ਆਉਂਦੀ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਉਹ ਛੋਟੀ ਕਰੰਸੀ ਦੇ ਸਿੱਕੇ ਤੇ ਛੋਟੇ ਕਾਗਜ਼ ਦੇ ਨੋਟ ਦੀ ਵਧਦੀ ਹੋਈ ਮੰਗ ਨੂੰ ਧਿਆਨ ਵਿਚ ਰੱਖਦੇ ਹੋਏ ਜ਼ਿਆਦਾ ਗਿਣਤੀ ਵਿਚ ਬਣਾਏ, ਉੱਥੇ ਹਰੇਕ ਭਾਰਤ ਦੇ ਨਾਗਰਿਕ ਨੂੰ ਸਿੱਕਿਆਂ ਦੀ ਕਦਰ ਕਰਨੀ ਚਾਹੀਦੀ ਹੈ ਤੇ ਕਾਗਜ਼ ਦੇ ਨੋਟਾਂ ਉਪਰ ਵੀ ਕੁਝ ਨਹੀਂ ਲਿਖਣਾ ਚਾਹੀਦਾ। ਹਰ ਵਿਅਕਤੀ ਨੂੰ ਕਿਸੇ ਕਿਸਮ ਦੀ ਸ਼ਰਮ ਤੋਂ ਖੁੱਲ੍ਹੇ ਪੈਸੇ ਰੱਖਣਾ ਆਪਣਾ ਨਿੱਜੀ ਫਰਜ਼ ਸਮਝਣਾ ਚਾਹੀਦਾ ਹੈ, ਤਾਂ ਜੋ ਕਿਸੇ ਕਿਸਮ ਦੀ ਪ੍ਰੇਸ਼ਾਨੀ ਜਾਂ ਹੋਰ ਲੜਾਈ-ਝਗੜੇ ਤੋਂ ਬਚਿਆ ਜਾ ਸਕੇ। ਬੈਂਕਾਂ ਨੂੰ ਸਖ਼ਤ ਹਦਾਇਤਾਂ ਦੇਣੀਆਂ ਚਾਹੀਦੀਆਂ ਹਨ ਕਿ ਉਹ ਗਾਹਕ ਕੋਲੋਂ ਸਿੱਕੇ ਜਮ੍ਹਾਂ ਕਰਨ ਤਾਂ ਹੀ ਇਸ ਸਮੱਸਿਆ ਦਾ ਹੱਲ ਹੋ ਸਕਦਾ ਹੈ। -

sohianshamsher@gmail.com

ਟੁੱਟਦੀ ਭਾਈਚਾਰਕ ਸਾਂਝ

'ਭਾਈਚਾਰਾ' ਸ਼ਬਦ ਤੋਂ ਹੀ ਇਸ ਦਾ ਮਤਲਬ ਸਪੱਸ਼ਟ ਹੋ ਜਾਂਦਾ ਹੈ। ਸਾਡੀ ਇਸ ਦੁਨੀਆ 'ਤੇ ਭਰਾਵਾਂ ਦੀ ਸਾਂਝ ਨੂੰ ਸਭ ਤੋਂ ਸਿਰੇ ਦੀ ਸਾਂਝ ਮੰਨਿਆ ਜਾਂਦਾ ਹੈ। ਪਰ ਅੱਜ ਸਾਡੇ ਇਸ ਭਾਈਚਾਰੇ ਨੂੰ ਅਤੇ ਇਸ ਸਾਂਝ ਨੂੰ ਇਕ-ਦੂਜੇ ਤੋਂ ਅੱਗੇ ਨਿਕਲਣ ਦੀ ਦੌੜ ਅਤੇ ਮਸ਼ੀਨੀ ਯੁੱਗ ਨੇ ਬਹੁਤ ਦੂਰ ਕਰ ਦਿੱਤਾ ਹੈ। ਸਾਡੇ ਵਿਚੋਂ ਮਨੁੱਖਤਾ, ਭਾਈਚਾਰਕਤਾ ਖ਼ਤਮ ਹੋ ਰਹੀ ਹੈ ਅਤੇ ਪਸ਼ੂਪੁਣਾ ਵਧ ਰਿਹਾ ਹੈ ਤੇ ਭਾਵਨਾਵਾਂ ਦਾ ਘਾਣ ਹੋ ਰਿਹਾ ਹੈ। ਪਹਿਲਾਂ ਦੇ ਸਮਿਆਂ ਵਿਚ ਪਿੰਡਾਂ ਦੇ ਭਾਈਚਾਰੇ ਦੀ ਮਿਸਾਲ ਦਿੱਤੀ ਜਾਂਦੀ ਸੀ। ਪਹਿਲਾਂ ਜਦੋਂ ਪਿੰਡਾਂ ਵਿਚ ਕੋਈ ਵੀ ਖੁਸ਼ੀ, ਗ਼ਮੀ ਦਾ ਕਾਰਜ ਹੁੰਦਾ ਸੀ ਤਾਂ ਸਭ ਦੀ ਸਾਂਝੀ ਰਾਇ ਨਾਲ ਹੁੰਦਾ ਸੀ ਪਰ ਅੱਜਕਲ੍ਹ ਤਾਂ ਲੋਕ ਇਕ-ਦੂਜੇ ਤੋਂ ਐਨੇ ਪਰਦੇ ਰੱਖਦੇ ਹਨ ਕਿ ਨਾਲ ਦੇ ਘਰ ਵਿਚ ਵਿਆਹ ਹੁੰਦਾ ਹੈ ਤੇ ਨਾਲ ਦੇ ਗੁਆਂਢ ਨੂੰ ਪਤਾ ਹੀ ਨਹੀਂ ਹੁੰਦਾ।
ਅੱਜਕਲ੍ਹ ਜੇ ਭਾਈਚਾਰਾ ਬਚਿਆ ਹੈ ਤਾਂ ਉਹ ਮੈਨੂੰ ਲਗਦਾ ਹੈ ਸਿਰਫ 'ਖੁਸ਼ਾਮਦੀ ਭਾਈਚਾਰਾ' ਹੈ। ਬਸ ਇਕ-ਦੂਜੇ ਨੂੰ ਉਪਰੋਂ-ਉਪਰੋਂ ਭਾਈਚਾਰਾ ਦਿਖਾ ਕੇ ਪਿੱਠ ਪਿੱਛੇ ਵਾਰ ਕੀਤੇ ਜਾਂਦੇ ਹਨ। ਭਾਈਚਾਰੇ ਦਾ ਮਤਲਬ ਸਿਰਫ ਇਹ ਨਹੀਂ ਹੁੰਦਾ ਕਿ ਸਹੀ/ਚੰਗੇ ਕੰਮ 'ਚ ਜਾਂ ਫਿਰ ਕਿਸੇ ਦੀ ਤਾਰੀਫ਼ ਕਰਕੇ ਹੀ ਭਾਈਚਾਰਾ ਦਿਖਾਇਆ ਜਾ ਸਕਦਾ ਹੈ। ਕਿਸੇ ਨੂੰ ਗ਼ਲਤ ਕੰਮ ਕਰਨ ਤੋਂ ਰੋਕਣਾ, ਨਸੀਹਤ ਦੇਣੀ ਜਾਂ ਆਪਣੇ ਸਕੇ-ਸੰਬੰਧੀ ਨੂੰ ਵਰਜਣਾ ਵੀ ਭਾਈਚਾਰੇ ਵਿਚ ਹੀ ਆਉਂਦਾ ਹੈ। ਪਰ ਅੱਜਕਲ੍ਹ ਭਾਈਚਾਰੇ ਦਾ ਖੁਸ਼ਾਮਦੀ ਪੱਖ ਹੀ ਜ਼ਿਆਦਾ ਭਾਰੂ ਹੈ। ਜੇਕਰ ਕੋਈ ਕਿਸੇ ਨੂੰ ਕੋਈ ਗ਼ਲਤ ਕੰਮ ਕਰਨ ਤੋਂ ਵਰਜਦਾ ਹੈ, ਤਾਂ ਫਿਰ ਸੁਣਨ ਵਾਲਾ ਇਹ ਬਿਲਕੁਲ ਵੀ ਸਹਿਣ ਨਹੀਂ ਕਰਦਾ। ਸਾਡੀ ਇਸ ਸਾਂਝ ਅਤੇ ਭਾਈਚਾਰਾ ਟੁੱਟਣ ਦੇ ਕਾਰਨ ਪੈਸਾ, ਇਕ-ਦੂਜੇ ਨੂੰ ਪਛਾੜਨ ਦੀ ਦੌੜ ਤੇ ਮਸ਼ੀਨੀਕਰਨ ਹੈ। ਹਰੇਕ ਚੀਜ਼ ਸਾਡੇ 'ਤੇ ਮਾਰੂ ਅਸਰ ਉਦੋਂ ਕਰਦੀ ਹੈ ਜਦੋਂ ਉਹ ਸਾਡੇ 'ਤੇ ਲੋੜ ਤੋਂ ਵੱਧ ਭਾਰੂ ਹੋ ਜਾਵੇ। ਜ਼ਮਾਨੇ ਦੀ ਦੌੜ ਨਾਲ ਚੱਲਣਾ ਅਤੇ ਨਵੀਨੀਕਰਨ ਅਪਣਾਉਣਾ ਗ਼ਲਤ ਨਹੀਂ ਹੈ, ਕਿਉਂਕਿ ਜੇਕਰ ਅਸੀਂ ਉਥੇ ਹੀ ਖੜ੍ਹੇ ਰਹੇ ਤਾਂ ਅਸੀਂ ਬਹੁਤ ਪਿੱਛੇ ਰਹਿ ਜਾਵਾਂਗੇ। ਭਾਈਚਾਰਾ, ਪਿਆਰ, ਹਮਦਰਦੀ ਆਦਿ ਇਸ ਤਰ੍ਹਾਂ ਦੇ ਸ਼ਬਦ ਜਾਂ ਰਿਸ਼ਤੇ ਹਨ, ਜਿਨ੍ਹਾਂ ਨੂੰ ਅਸੀਂ ਪੜ੍ਹ ਕੇ ਜਾਂ ਸੁਣ ਕੇ ਨਹੀਂ ਸਮਝ ਸਕਦੇ, ਸਗੋਂ ਸਿਰਫ਼ ਦਿਲ ਤੋਂ ਮਹਿਸੂਸ ਕਰਕੇ ਹੀ ਸਮਝ ਸਕਦੇ ਹਾਂ। ਕਹਿੰਦੇ ਹਨ ਕਿ ਕੁਝ ਚੀਜ਼ਾਂ ਵਾਹ ਪਿਆਂ ਹੀ ਸਮਝ ਆਉਂਦੀਆਂ ਹਨ। ਚਾਹੇ ਅਸੀਂ ਇਸ ਬਾਰੇ ਜਿੰਨਾ ਮਰਜ਼ੀ ਲਿਖ ਲਈਏ ਪਰ ਭਾਈਚਾਰੇ ਨੂੰ ਓਨਾ ਚਿਰ ਮੁੜ ਜੀਵਤ ਨਹੀਂ ਕੀਤਾ ਜਾ ਸਕਦਾ, ਜਿੰਨਾ ਚਿਰ ਅਸੀਂ ਖੁਦ ਇਸ ਨੂੰ ਮਹਿਸੂਸ ਨਹੀਂ ਕਰਦੇ। ਨਹੀਂ ਤਾਂ ਸਾਡੇ ਕੋਲ ਪਛਤਾਵੇ ਤੋਂ ਬਿਨਾਂ ਹੋਰ ਕੁਝ ਨਹੀਂ ਰਹਿ ਜਾਣਾ।

-ਪੱਤਰਕਾਰੀ ਵਿਭਾਗ, ਗੁਰੂ ਨਾਨਕ ਕਾਲਜ ਫਾਰ ਗਰਲਜ਼, ਸ੍ਰੀ ਮੁਕਤਸਰ ਸਾਹਿਬ। ਮੋਬਾ: 94654-08758

ਨੌਜਵਾਨਾਂ 'ਤੇ ਵਿਦੇਸ਼ਾਂ ਦਾ ਵਧਦਾ ਪ੍ਰਭਾਵ

ਆਧੁਨਿਕ ਸਮੇਂ ਦੇ ਤੇਜ਼ੀ ਨਾਲ ਬਦਲ ਰਹੇ ਯੁੱਗ ਅੰਦਰ ਸਾਡੀ ਵਿੱਦਿਅਕ ਪ੍ਰਣਾਲੀ ਨੂੰ ਵਿਦੇਸ਼ੀ ਤਜਰਬਿਆਂ ਨੂੰ ਅਪਣਾ ਕੇ ਸਾਡੇ ਸਮਾਜ ਅਨੁਸਾਰ ਢਾਲਣ ਦੀ ਬਹੁਤ ਵੱਡੀ ਜ਼ਰੂਰਤ ਹੈ। ਅਸੀਂ ਸਾਰੇ ਜਾਣਦੇ ਹਾਂ ਕਿ ਸਾਡੇ ਵਿੱਦਿਅਕ ਢਾਂਚੇ ਵਿਚ ਬਹੁਤ ਵੱਡਾ ਵਪਾਰੀਕਰਨ ਹੋ ਰਿਹਾ ਹੈ, ਜਿਸ ਨੂੰ ਰੋਕਣ ਦੀ ਬਹੁਤ ਲੋੜ ਹੈ। ਨਿੱਜੀ ਸੰਸਥਾਵਾਂ ਨੂੰ ਮਨਜ਼ੂਰੀ ਦੇਣ ਸਮੇਂ ਸਰਕਾਰਾਂ ਨੂੰ ਚਾਹੀਦਾ ਹੈ ਕਿ ਸਾਰੇ ਤੱਥਾਂ ਨੂੰ ਬੜੀ ਬਰੀਕੀ ਨਾਲ ਵੇਖਿਆ ਜਾਵੇ। ਇਨ੍ਹਾਂ ਸੰਸਥਾਵਾਂ ਵਿਚ ਵਿਦਿਆਰਥੀ ਦੇ ਹੋ ਰਹੇ ਨਿੱਜੀਕਰਨ ਨੂੰ ਜੇਕਰ ਪਕੜ ਵਿਚ ਲਿਆਂਦਾ ਜਾਵੇ ਤਾਂ ਸਿੱਖਿਆ ਦਾ ਪੱਧਰ ਜ਼ਰੂਰ ਉੱਚਾ ਉੱਠੇਗਾ ਅਤੇ ਹਰ ਵਿਦਿਆਰਥੀ ਇਸ ਤੋਂ ਫਾਇਦਾ ਲੈ ਸਕੇਗਾ। ਇੱਛਾਵਾਂ ਨੂੰ ਪੁੰਗਰਨ ਲਈ ਸਾਡੇ ਦੇਸ਼ ਵਿਚ ਮੌਕੇ ਘੱਟ ਹੀ ਮਿਲ ਰਹੇ ਹਨ, ਇਸੇ ਕਰਕੇ ਮਜਬੂਰਨ ਉਹ ਆਪਣੀ ਕਰਮ-ਭੂਮੀ ਅਤੇ ਪਰਿਵਾਰ ਨੂੰ ਛੱਡ ਕੇ ਵਿਦੇਸ਼ਾਂ ਵਿਚ ਜਾਣਾ ਜ਼ਿਆਦਾ ਪਸੰਦ ਕਰ ਰਹੇ ਹਨ, ਕਿਉਂਕਿ ਉਨ੍ਹਾਂ ਨੂੰ ਆਪਣਾ ਵਰਤਮਾਨ ਧੁਆਂਖਿਆ-ਧੁਆਂਖਿਆ ਲੱਗ ਰਿਹਾ ਹੈ ਅਤੇ ਭਵਿੱਖ ਵਿਚ ਹਨੇਰਾ ਦਿਖ ਰਿਹਾ ਹੈ।
ਸਾਡੇ ਦੇਸ਼ ਵਿਚ ਤਕਨੀਕੀ ਸਿੱਖਿਆ ਦੀ ਬਹੁਤ ਵੱਡੀ ਘਾਟ ਹੈ। ਹਰ ਸਾਲ ਕਾਲਜ ਅਤੇ ਯੂਨੀਵਰਸਿਟੀਆਂ ਵਿਚੋਂ ਲੱਖਾਂ ਨੌਜਵਾਨ ਚੰਗਾ ਪੜ੍ਹ-ਲਿਖ ਕੇ ਨੌਕਰੀ ਦੀ ਆਸ ਵਿਚ ਨਿਕਲਦੇ ਹਨ, ਪਰ ਜ਼ਿਆਦਾ ਦੇ ਹੱਥ ਵਿਚ ਨਿਰਾਸ਼ਾ ਹੀ ਲੱਗਦੀ ਹੈ, ਜਿਸ ਕਰਕੇ ਬਾਅਦ ਵਿਚ ਜ਼ਿਆਦਾ ਪੜ੍ਹੇ-ਲਿਖੇ ਹੋਣ ਕਰਕੇ ਉਹ ਹੱਥ ਦੀ ਕਿਰਤ ਅਤੇ ਘਰੇਲੂ ਕਿੱਤੇ ਵੱਲ ਵੀ ਰੁਚੀ ਨਹੀਂ ਦਿਖਾਉਂਦੇ, ਕਿਉਂਕਿ ਆਧੁਨਿਕ ਨੌਜਵਾਨ ਰਾਤੋ-ਰਾਤ ਅਮੀਰ ਬਨਣ ਦੇ ਸੁਪਨੇ ਵੇਖਦਾ ਰਹਿੰਦਾ ਹੈ।
ਅੱਜ ਜੇਕਰ ਅਸੀਂ ਆਪਣੇ ਆਲੇ-ਦੁਆਲੇ ਧਿਆਨ ਮਾਰੀਏ ਤਾਂ ਪਤਾ ਲਗਦਾ ਹੈ ਕਿ ਪੰਜਾਬ ਦੇ ਨੌਜਵਾਨ ਸਭ ਤੋਂ ਜ਼ਿਆਦਾ ਵਿਦੇਸ਼ੀ ਧਰਤੀ 'ਤੇ ਪਹੁੰਚ ਚੁੱਕੇ ਹਨ। ਜਦੋਂ ਉਹ ਕਦੇ ਸਾਲਾਂ ਬਾਅਦ ਆਪਣੇ ਘਰਾਂ ਵੱਲ ਪਰਤਦੇ ਹਨ ਤਾਂ ਉਨ੍ਹਾਂ ਦਾ ਪਹਿਰਾਵਾ ਅਤੇ ਚਮਕ-ਦਮਕ ਵੇਖ ਕੇ ਕੋਈ ਵੀ ਸਧਾਰਨ ਨੌਜਵਾਨ ਜ਼ਰੂਰ ਪ੍ਰਭਾਵਿਤ ਹੁੰਦਾ ਹੈ ਅਤੇ ਉਸ ਅੰਦਰ ਵੀ ਵਿਦੇਸ਼ੀ ਧਰਤੀ ਵੇਖਣ ਦੀ ਇੱਛਾ ਠਾਠਾਂ ਮਾਰਨ ਲੱਗ ਜਾਂਦੀ ਹੈ। ਜਦੋਂ ਨੌਜਵਾਨਾਂ ਨੂੰ ਆਪਣੇ ਦੇਸ਼ ਅੰਦਰ ਉਚਿਤ ਰੁਜ਼ਗਾਰ ਦੀ ਪ੍ਰਾਪਤੀ ਨਹੀਂ ਹੁੰਦੀ ਤਾਂ ਉਨ੍ਹਾਂ ਦੇ ਮਨ ਵਿਚ ਕੇਵਲ ਵਿਦੇਸ਼ ਜਾਣ ਦਾ ਫੁਰਨਾ ਫੁਰਦਾ ਹੈ। ਉਹ ਕਿਸੇ ਵੀ ਸਹੀ ਜਾਂ ਗਲਤ ਤਰੀਕੇ ਨਾਲ ਵਿਦੇਸ਼ ਜਾਣ ਦੀ ਤਾਂਘ ਵਿਚ ਰਹਿੰਦੇ ਹਨ, ਪਰ ਜਦੋਂ ਉਹ ਸਫਲ ਨਹੀਂ ਹੁੰਦੇ ਤਾਂ ਫਿਰ ਬਹੁਤੇ ਏਜੰਟਾਂ ਦੇ ਧੱਕੇ ਚੜ੍ਹ ਜਾਂਦੇ ਹਨ ਅਤੇ ਆਪਣੀਆਂ ਜ਼ਮੀਨਾਂ-ਜਾਇਦਾਦਾਂ ਵੇਚ ਕੇ ਲੱਖਾਂ ਰੁਪਏ ਉਨ੍ਹਾਂ ਕੋਲ ਫਸਾ ਬੈਠਦੇ ਹਨ। ਜੇਕਰ ਕੁਝ ਕੁ ਗਲਤ ਤਰੀਕੇ ਨਾਲ ਵਿਦੇਸ਼ਾਂ ਵਿਚ ਚਲੇ ਵੀ ਜਾਂਦੇ ਹਨ ਤਾਂ ਉਨ੍ਹਾਂ ਨੂੰ ਉੱਥੇ ਲੁਕ-ਛਿਪ ਕੇ ਕੰਮ ਕਰਨਾ ਪੈਂਦਾ ਹੈ, ਜਿਸ ਦਾ ਸਿੱਟਾ ਇਹ ਨਿਕਲਦਾ ਹੈ ਕਿ ਉਹ ਸਰੀਰਕ ਤਸ਼ੱਦਦ ਝੱਲਣ ਦੇ ਨਾਲ-ਨਾਲ ਮਾਨਸਿਕ ਤਸ਼ੱਦਦ ਦੇ ਸ਼ਿਕਾਰ ਵੀ ਬਣੇ ਰਹਿੰਦੇ ਹਨ।
ਭਾਵੇਂ ਅੱਜ ਅਨੇਕਾਂ ਪੰਜਾਬੀਆਂ ਨੇ ਅਮਰੀਕਾ, ਕੈਨੇਡਾ, ਇੰਗਲੈਂਡ, ਆਸਟ੍ਰੇਲੀਆ ਵਰਗੇ ਵੱਡੇ ਦੇਸ਼ਾਂ ਵਿਚ ਆਪਣੇ ਪੈਰ ਜਮਾ ਲਏ ਹਨ ਅਤੇ ਵੱਡੇ-ਵੱਡੇ ਅਹੁਦਿਆਂ 'ਤੇ ਬਿਰਾਜਮਾਨ ਹਨ ਤਾਂ ਉਸ ਦਾ ਵੱਡਾ ਕਾਰਨ ਇਹ ਹੈ ਕਿ ਵਿਦੇਸ਼ੀ ਧਰਤੀ 'ਤੇ ਕੰਮ ਕਰਨ ਵਾਲੇ ਇਨਸਾਨ ਦੀ ਕਦਰ ਕੀਤੀ ਜਾਂਦੀ ਹੈ। ਉਸ ਨੂੰ ਕੰਮ ਬਦਲੇ ਪੂਰੀ ਮਿਹਨਤ ਦਿੱਤੀ ਜਾਂਦੀ ਹੈ ਭਾਵ ਉਸ ਦੀ ਮਿਹਨਤ ਦਾ ਪੂਰਾ ਮੁੱਲ ਪਾਇਆ ਜਾਂਦਾ ਹੈ ਪਰ ਸਾਡੇ ਭਾਰਤ ਅੰਦਰ ਇਸ ਦੇ ਬਿਲਕੁਲ ਉਲਟ ਹੈ, ਕਿਉਂਕਿ ਲਗਪਗ ਸਾਰੇ ਵਿਭਾਗਾਂ ਵਿਚ ਜ਼ਿਆਦਾ ਕੰਮ ਅਤੇ ਘੱਟ ਤਨਖਾਹ 'ਤੇ ਅਨੇਕਾਂ ਨੌਜਵਾਨ ਸਖ਼ਤ ਮਿਹਨਤ ਨਾਲ ਕੰਮ ਕਰ ਰਹੇ ਹਨ। ਜੇਕਰ ਅਸੀਂ ਆਪਣੀ ਨੌਜਵਾਨ ਪੀੜ੍ਹੀ ਨੂੰ ਵਿਦੇਸ਼ੀ ਹੋਣ ਤੋਂ ਜਾਂ ਕੁਰਾਹੇ ਪੈਣ ਤੋਂ ਬਚਾਉਣਾ ਹੈ ਤਾਂ ਲੋੜ ਹੈ ਅੱਜ ਇਨ੍ਹਾਂ ਨੂੰ ਵੀ ਭਾਰਤ ਅੰਦਰ ਵਿਦੇਸ਼ਾਂ ਵਰਗੀਆਂ ਸਹੂਲਤਾਂ ਦੇਣ ਦੀ।

-ਰਾਜਗੜ੍ਹ (ਸਮਾਣਾ-2)।
ਮੋਬਾ: 94175-43175

ਟੁੱਟੇ ਖੰਭੇ ਤੇ ਢਿੱਲੀਆਂ ਤਾਰਾਂ ਬਣੇ ਜਾਨ ਦਾ ਖੌਅ

ਕਈ ਵਰ੍ਹੇ ਪਹਿਲਾਂ ਜਦ ਪੰਜਾਬ ਰਾਜ ਬਿਜਲੀ ਬੋਰਡ ਨੂੰ ਤੋੜ ਕੇ ਨਿੱਜੀ ਹੱਥਾਂ ਵਿਚ ਸੌਂਪਣ ਦੀ ਕਵਾਇਦ ਸ਼ੁਰੂ ਹੋਈ ਤਾਂ ਪੰਜਾਬੀਆਂ ਨੇ ਸੋਚਿਆ ਕਿ ਚਲੋ ਸ਼ਾਇਦ ਸਾਡੇ ਰਾਜ ਅੰਦਰ ਵੀ ਬਿਜਲੀ ਦੀ ਸਪਲਾਈ ਦੇ ਦਿਨ ਫਿਰਨਗੇ। ਪਾਵਰਕਾਮ ਨੇ ਸ਼ੁਰੂਆਤੀ ਦਿਨਾਂ ਵਿਚ ਕਾਫ਼ੀ ਕੁਝ ਬਦਲਣ ਦੇ ਯਤਨ ਜ਼ਰੂਰ ਕੀਤੇ, ਪਰ ਸ਼ਾਇਦ ਇਸ ਮਹਿਕਮੇ ਅੰਦਰ ਬਹੁਤ ਕੁਝ ਵੱਡਾ ਕਰਨ ਦੀ ਲੋੜ ਮਹਿਸੂਸ ਹੋਈ, ਜਿਸ ਨੂੰ ਇਸ ਦੇ ਸਿਆਸੀ ਪੁਸ਼ਤ-ਪਨਾਹੀ ਦੇ ਚਲਦਿਆਂ ਦੂਰ ਕਰਨਾ ਅੱਜ ਦੀ ਘੜੀ ਨਾ-ਮੁਮਕਿਨ ਜਾਪਦੈ।
ਹੁਣ ਪਾਵਰਕਾਮ ਦਾ ਕੰਮ ਵੀ ਰੱਬ ਆਸਰੇ ਚੱਲ ਰਿਹੈ। ਕਰਮਚਾਰੀਆਂ ਦੀ ਘਾਟ ਦੇ ਚਲਦਿਆਂ ਬਿਜਲੀ ਸਪਲਾਈ ਵਿਚ ਪਏ ਨੁਕਸ ਨੂੰ ਦੂਰ ਕਰਨ ਵਿਚ ਕਈ-ਕਈ ਦਿਨ ਦਾ ਸਮਾਂ ਲੱਗਦੈ। ਬਹੁਤ ਜਗ੍ਹਾ 'ਤੇ ਟੁੱਟੇ ਖੰਬੇ ਤੇ ਢਿੱਲੀਆਂ ਤਾਰਾਂ ਪਾਵਰਕਾਮ ਦੀ ਨਖਿੱਧ ਸਪਲਾਈ ਦੀ ਪੋਲ ਖੋਲ੍ਹਦੇ ਨਜ਼ਰ ਆਉਂਦੇ ਨੇ। ਜਿਸ ਮਹਿਕਮੇ ਅੰਦਰ 4-4 ਪਿੰਡਾਂ ਲਈ 2 ਜਾਂ 3 ਮੁਲਾਜ਼ਮ ਹੋਣ ਤਾਂ ਉਥੋਂ ਦੇ ਵਧੀਆ ਪ੍ਰਬੰਧਾਂ ਬਾਰੇ ਸੋਚਣਾ ਮੂਰਖ਼ਤਾਈ ਹੋਵੇਗੀ। ਮੇਰੀ ਜਾਣਕਾਰੀ ਵਿਚ ਇਕ ਟਰਾਂਸਫ਼ਾਰਮਰ ਹੈ ਜੋ ਬਿਲਕੁਲ ਚੌਕ ਦੇ ਵਿਚ ਲੱਗਿਐ, ਉਸ ਨੂੰ ਲਗਪਗ 8 ਸਾਲ ਪਹਿਲਾਂ ਕਿਸੇ ਟਰੱਕ ਨੇ ਰਾਤ ਨੂੰ ਟੱਕਰ ਮਾਰ ਦਿੱਤੀ ਸੀ ਅਤੇ ਖੰਭਾ ਵਿਚਕਾਰੋਂ ਤੋੜ ਦਿੱਤਾ। ਸਦਕੇ ਜਾਈਏ ਮਹਿਕਮੇ ਦੇ ਤੇ ਇਸ ਦੇ ਕਰਮਚਾਰੀਆਂ 'ਤੇ, ਉਨ੍ਹਾਂ ਖੰਬਿਆਂ ਨੂੰ ਆਰਜ਼ੀ ਜੋੜ ਲਗਾ ਕੇ ਤੇ ਤਾਰਾਂ ਬੰਨ੍ਹ ਕੇ ਸਪਲਾਈ ਚਾਲੂ ਕਰ ਦਿੱਤੀ, ਜੋ ਵਰ੍ਹਿਆਂ ਤੋਂ ਅੱਜ ਤੱਕ ਚਾਲੂ ਹੈ। ਅਫ਼ਸਰ ਆਉਂਦੇ ਰਹੇ ਤੇ ਦੇਖ ਕੇ ਜਾਂਦੇ ਰਹੇ ਪਰ ਕਿਸੇ ਦਾ ਹੌਸਲਾ ਨਾ ਪਿਆ ਕਿ ਇਸ ਅਪਾਹਜ ਟਰਾਂਸਫਾਰਮਰ ਨੂੰ ਇਥੋਂ ਹਟਾ ਕੇ ਕਿਸੇ ਹੋਰ ਜਗ੍ਹਾ ਰੱਖ ਦਈਏ। ਸਕੂਲੀ ਬੱਚਿਆਂ ਦੀ ਬੱਸ ਨਾਲ ਹਾਦਸਾ ਵਾਪਰ ਚੁੱਕਿਐ, ਮਾਸੂਮ ਕਈ ਵਾਰ ਮੌਤ ਦੇ ਮੂੰਹੋਂ ਮੁੜੇ ਨੇ ਪਰ ਕਿਸੇ ਦੇ ਕੰਨ 'ਤੇ ਜੂੰ ਨਾ ਸਰਕੀ। ਪੰਚਾਇਤ ਸ਼ਾਮਲਾਟਾਂ ਅੰਦਰੋਂ ਵਿਰੋਧੀਆਂ ਦੀਆਂ ਰੂੜੀਆ ਚੁਕਵਾਉਣ ਅਤੇ ਆਪਣਿਆਂ ਦੀਆਂ ਨਾਲੀਆਂ ਸਾਫ਼ ਕਰਵਾਉਣ ਤੋਂ ਲੈ ਕੇ ਵਿਰੋਧੀਆਂ ਦੀਆਂ ਨੇਤਾਵਾਂ ਕੋਲ ਸ਼ਿਕਾਇਤਾਂ ਲਾਉਣ ਤੱਕ ਸੀਮਤ ਰਹੀ।
ਪਾਵਰਕਾਮ ਨੂੰ ਪੂਰੇ ਪੰਜਾਬ ਅੰਦਰ ਟੁੱਟੇ ਖੰਭੇ, ਢਿੱਲੀਆਂ ਤਾਰਾਂ ਅਤੇ ਖੁੱਲ੍ਹੇ ਮੀਟਰਾਂ ਦੇ ਬਕਸੇ ਜਿਹੜੇ ਹਰ ਸਮੇਂ ਹਾਦਸਿਆਂ ਨੂੰ ਸੱਦਾ ਦਿੰਦੇ ਨੇ, ਉਨ੍ਹਾਂ ਦੀ ਤੁਰੰਤ ਮੁਰੰਮਤ ਕਰਾਉਣ ਦੀ ਲੋੜ ਹੈ, ਤਾਂ ਕਿ ਕਿਸੇ ਪਸ਼ੂ ਜਾਂ ਮਨੁੱਖੀ ਜਾਨ 'ਤੇ ਬਣਿਆ ਖ਼ਤਰਾ ਟਲ ਸਕੇ।

-ਮਲੇਰਕੋਟਲਾ। ਮੋਬਾ: 94634-63136

'ਟੋਲ ਟੈਕਸ' ਲੋਕਾਂ 'ਤੇ ਪੈਂਦੀ ਦੋਹਰੀ ਮਾਰ

ਗੱਲ ਪੰਜਾਬ ਦੇ ਟੋਲ ਪਲਾਜ਼ਾ ਦੀ ਕਰੀਏ ਤਾਂ ਇਨ੍ਹਾਂ ਦੀ ਗਿਣਤੀ ਇਸ ਸਾਲ ਦੇ ਅਖੀਰ ਤੱਕ 30 ਦੇ ਕਰੀਬ ਹੋ ਜਾਏਗੀ, ਜਦੋਂ ਕਿ ਰਾਸ਼ਟਰੀ ਮਾਰਗ 'ਤੇ 7 ਟੋਲ ਪਲਾਜ਼ੇ ਵੱਖਰੇ ਰੂਪ ਵਿਚ ਚੱਲ ਰਹੇ ਹਨ। ਸੂਬੇ ਦੇ ਟਰਾਂਸਪੋਰਟ ਵਿਭਾਗ ਵਲੋਂ ਵਾਹਨ ਚਾਲਕਾਂ ਕੋਲੋਂ 15 ਸਾਲ ਦਾ ਸੜਕੀ ਟੈਕਸ ਭਰਵਾਇਆ ਜਾਂਦਾ ਹੈ, ਜਿਸ ਨੂੰ ਮੋਟਰ ਵਹੀਕਲ ਟੈਕਸ ਦਾ ਨਾਂਅ ਦਿੱਤਾ ਜਾਂਦਾ ਹੈ ਤੇ ਦੁਬਾਰਾ ਫਿਰ ਲੋਕਾਂ ਕੋਲੋਂ ਸੜਕ 'ਤੇ ਵਾਹਨ ਚਲਾਉਣ ਦਾ ਵੱਖਰਾ ਟੈਕਸ ਟੋਲ ਪਲਾਜ਼ਾ ਦੇ ਰੂਪ ਵਿਚ ਲਿਆ ਜਾਂਦਾ ਹੈ। ਬਠਿੰਡਾ ਤੋਂ ਚੰਡੀਗੜ੍ਹ ਤੱਕ 6 ਟੋਲ ਪਲਾਜ਼ਿਆਂ ਦਾ ਚਾਲਕਾਂ ਨੂੰ ਬੋਝ ਝੱਲਣਾ ਪਵੇਗਾ। ਸਤਲੁਜ ਦਰਿਆ ਨੇੜੇ ਚੱਲ ਰਹੇ ਟੋਲ ਪਲਾਜ਼ੇ ਨੂੰ ਰੋਜ਼ਾਨਾ 40 ਲੱਖ ਰੁਪਏ ਤੋਂ ਵੱਧ ਆਮਦਨ ਹੈ। ਟੋਲ ਪਲਾਜ਼ਾ ਦੀਆਂ ਪਰਚੀਆਂ ਦੀਆਂ ਦਰਾਂ ਵਿਚ ਹਰ ਸਾਲ ਵਾਧਾ ਕੀਤਾ ਜਾਂਦਾ ਹੈ। ਅੱਜ ਟੋਲ ਪਲਾਜ਼ੇ ਲੋਕਾਂ ਲਈ ਆਰਥਿਕ ਮੰਦੀ ਦੇ ਦੌਰ ਵਿਚ ਪ੍ਰੇਸ਼ਾਨੀ ਦਾ ਸਬੱਬ ਬਣੇ ਹੋਏ ਹਨ। ਭਵਾਨੀਗੜ੍ਹ ਨੇੜੇ ਪਿੰਡ ਕਾਲਾਝਾੜ ਵਿਖੇ ਲੱਗੇ ਹੋਏ ਟੋਲ ਪਲਾਜ਼ਾ ਦੀ ਪਰਚੀ ਸਭ ਤੋਂ ਵੱਧ ਪ੍ਰਤੀ ਕਾਰ ਦੇ ਤਕਰੀਬਨ 180 ਰੁਪਏ ਹੈ। ਟਰਾਂਸਪੋਰਟ ਵਿਭਾਗ ਵਲੋਂ ਵਾਹਨ ਚਾਲਕਾਂ ਕੋਲੋਂ ਸੜਕ 'ਤੇ ਚੱਲਣ ਦਾ ਟੈਕਸ ਲਿਆ ਜਾਂਦਾ ਹੈ, ਜਿਸ ਵਿਚ ਮੋਟਰਸਾਈਕਲ ਦੇ ਮਾਲਕ ਕੋਲੋਂ 15 ਸਾਲ ਦਾ 3 ਤੋਂ ਲੈ ਕੇ 5 ਹਜ਼ਾਰ ਰੁਪਏ ਤੱਕ ਅਤੇ ਵੱਧ ਮੁੱਲ ਵਾਲੀ ਕਾਰ ਦਾ ਸੜਕ ਟੈਕਸ ਭਰਵਾਇਆ ਜਾਂਦਾ ਹੈ। ਪੰਜਾਬ ਅੰਦਰ ਟੋਲਾਂ ਦਾ ਦੌਰ 2005 ਦੇ ਕਰੀਬ ਸ਼ੁਰੂ ਹੋਇਆ ਅਤੇ ਇਸ ਸਮੇ ਦੌਰਾਨ ਬਣੇ ਟੋਲ ਨੂੰ 2020 ਤੋਂ 2025 ਤੱਕ ਚਲਾਇਆ ਜਾਣਾ ਹੈ। ਜੇਕਰ ਪੰਜਾਬ ਸਰਕਾਰ ਪਹਿਲਾਂ ਹੀ ਲੋਕਾਂ ਕੋਲੋਂ ਸੜਕੀ ਟੈਕਸ ਦੇ ਰੂਪ ਵਿਚ ਪੈਸੇ ਲੈ ਰਹੀ ਹੈ ਤਾਂ ਟੋਲ ਟੈਕਸ ਦੇ ਰੂਪ ਵਿਚ ਪਰਚੀ ਨਹੀਂ ਲੱਗਣੀ ਚਾਹੀਦੀ ਜਾਂ ਫਿਰ ਰੋਡ ਟੈਕਸ ਲੈਣਾ ਬੰਦ ਕਰਨਾ ਚਾਹੀਦਾ ਹੈ, ਤਾਂ ਕਿ ਪੰਜਾਬ ਦੇ ਲੋਕ ਦੂਹਰੇ ਕਰ ਦੀ ਮਾਰ ਤੋਂ ਬਚ ਸਕਣ।

-ਭਗਤਾ ਭਾਈ ਕਾ। ਮੋਬਾ: 98721-02614





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX