ਤਾਜਾ ਖ਼ਬਰਾਂ


ਵਿਅਕਤੀ ਨੂੰ ਗੋਲੀ ਮਾਰ ਕੇ ਉਸ ਦਾ ਟਰੈਕਟਰ ਖੋਹ ਕੇ ਫ਼ਰਾਰ ਹੋਏ ਲੁਟੇਰੇ
. . .  5 minutes ago
ਜੰਡਿਆਲਾ ਗੁਰੂ, 22 ਫਰਵਰੀ (ਗੁਰਦੀਪ ਸਿੰਘ ਨਾਗੀ)- ਪੁਲਿਸ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਦੇ ਥਾਣਾ ਚਾਟੀਵਿੰਡ ਅਧੀਨ ਪੈਂਦੇ ਮਾਨਾਂਵਾਲ਼ਾ 'ਚ ਬਠਿੰਡਾ ਨੈਸ਼ਨਲ ਹਾਈਵੇਅ ਨੂੰ ਜਾਣ ਵਾਲੇ ਫਲਾਈਓਵਰ 'ਤੇ ਇੱਕ...
ਮੇਲਾਨੀਆ ਟਰੰਪ ਦੀ ਸਕੂਲ ਈਵੈਂਟ 'ਚੋਂ ਹਟਿਆ ਕੇਜਰੀਵਾਲ ਅਤੇ ਸਿਸੋਦੀਆ ਦਾ ਨਾਂ
. . .  28 minutes ago
ਨਵੀਂ ਦਿੱਲੀ, 22 ਫਰਵਰੀ- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਪਤਨੀ ਮੇਲਾਨੀਆ ਟਰੰਪ ਦੇ ਸਰਕਾਰੀ ਸਕੂਲ ਦੌਰੇ 'ਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ...
ਪਠਾਨਕੋਟ-ਦਿੱਲੀ ਸੁਪਰ ਫਾਸਟ ਰੇਲ ਗੱਡੀ ਦੇ ਅੱਗੇ ਆਈ ਗਾਂ, ਜਾਨੀ-ਮਾਲੀ ਨੁਕਸਾਨ ਤੋਂ ਰਿਹਾ ਬਚਾਅ
. . .  49 minutes ago
ਧਾਰੀਵਾਲ, 22 ਫਰਵਰੀ (ਜੇਮਸ ਨਾਹਰ)- ਅੱਜ ਸਵੇਰੇ ਪਠਾਨਕੋਟ ਤੋਂ ਦਿੱਲੀ ਜਾ ਰਹੀ ਸੁਪਰ ਫਾਸਟ ਟਰੇਨ ਜਦੋਂ ਧਾਰੀਵਾਲ ਮਾਡਲ ਟਾਊਨ ਨੇੜੇ ਰੇਲਵੇ ਫਾਟਕ ਕੋਲ ਪਹੁੰਚੀ ਤਾਂ ਰੇਲਵੇ ਟਰੈਕ 'ਤੇ ਅਚਾਨਕ ਇੱਕ ਗਾਂ...
ਮੀਕਾ ਸਿੰਘ ਦੀ ਸਟਾਫ਼ ਮੈਂਬਰ ਸੌਮਿਆ ਖ਼ਾਨ ਦੇ ਖ਼ੁਦਕੁਸ਼ੀ ਮਾਮਲੇ 'ਚ ਜਾਂਚ ਸ਼ੁਰੂ
. . .  about 1 hour ago
ਮੁੰਬਈ, 22 ਫਰਵਰੀ- ਮੁੰਬਈ ਪੁਲਿਸ ਨੇ ਬੀਤੀ 2 ਫਰਵਰੀ ਨੂੰ ਗਾਇਕ ਮੀਕਾ ਸਿੰਘ ਦੀ ਸਟਾਫ਼ ਮੈਂਬਰ ਸੌਮਿਆ ਖ਼ਾਨ ਵਲੋਂ ਕਥਿਤ ਖ਼ੁਦਕੁਸ਼ੀ ਕੀਤੇ ਜਾਣ ਸੰਬੰਧੀ...
ਪਹਿਲਾ ਟੈਸਟ : ਦੂਜੇ ਦਿਨ ਦਾ ਖੇਡ ਖ਼ਤਮ ਹੋਣ ਤੱਕ 51 ਦੌੜਾਂ ਦੀ ਲੀਡ ਨਾਲ ਨਿਊਜ਼ੀਲੈਂਡ 216/5
. . .  about 1 hour ago
ਨਿਰਭੈਆ ਦੇ ਦੋਸ਼ੀ ਪਵਨ ਗੁਪਤਾ ਨੇ ਆਪਣੇ ਕਾਨੂੰਨੀ ਸਲਾਹਕਾਰ ਨਾਲ ਮਿਲਣ ਤੋਂ ਕੀਤਾ ਇਨਕਾਰ
. . .  about 1 hour ago
ਨਵੀਂ ਦਿੱਲੀ, 22 ਫਰਵਰੀ- ਨਿਰਭੈਆ ਸਮੂਹਿਕ ਜਬਰ ਜਨਾਹ ਅਤੇ ਹੱਤਿਆ ਦੇ ਮਾਮਲੇ 'ਚ ਮੌਤ ਦੀ ਸਜ਼ਾ ਪਾਉਣ ਵਾਲੇ ਦੋਸ਼ੀਆਂ 'ਚੋਂ ਇੱਕ ਪਵਨ ਗੁਪਤਾ ਨੇ ਆਪਣੇ ਕਾਨੂੰਨੀ ਸਲਾਹਕਾਰ ਰਵੀ...
ਇੱਕ ਵਾਰ ਫਿਰ ਪ੍ਰਦਰਸ਼ਨਕਾਰੀਆਂ ਨਾਲ ਗੱਲਬਾਤ ਕਰਨ ਲਈ ਸ਼ਾਹੀਨ ਬਾਗ ਪਹੁੰਚੀ ਵਕੀਲ ਸਾਧਨਾ ਰਾਮਾਚੰਦਰਨ
. . .  about 1 hour ago
ਨਵੀਂ ਦਿੱਲੀ, 22 ਫਰਵਰੀ- ਸੁਪਰੀਮ ਕੋਰਟ ਵਲੋਂ ਨਿਯੁਕਤ ਕੀਤੇ ਗਏ ਵਾਰਤਾਕਾਰਾਂ 'ਚੋਂ ਇੱਕ, ਵਕੀਲ ਸਾਧਨਾ ਰਾਮਾਚੰਦਰਨ ਅੱਜ ਇੱਕ ਵਾਰ ਫਿਰ ਸ਼ਾਹੀਨ ਬਾਗ 'ਚ ਪ੍ਰਦਰਸ਼ਨਕਾਰੀਆਂ ਨਾਲ ਗੱਲਬਾਤ ਕਰਨ...
ਸੁਲਤਾਨਪੁਰ ਲੋਧੀ ਤੋਂ ਕਰਤਾਰਪੁਰ ਸਾਹਿਬ ਲਈ ਨਗਰ ਕੀਰਤਨ ਰਵਾਨਾ
. . .  about 1 hour ago
ਸੁਲਤਾਨਪੁਰ ਲੋਧੀ, 22 ਫਰਵਰੀ- (ਲਾਡੀ, ਹੈਪੀ, ਥਿੰਦ)- ਨਿਰੋਲ ਸੇਵਾ ਸੰਸਥਾ ਧੂਲਕੋਟ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ...
ਕੋਰੋਨਾ ਵਾਇਰਸ : ਭਾਰਤੀ ਨਾਗਰਿਕਾਂ ਨੂੰ ਵਾਪਸ ਲਿਆਉਣ ਵਾਲੇ ਜਹਾਜ਼ ਨੂੰ ਚੀਨ ਨਹੀਂ ਦੇ ਰਿਹਾ ਇਜਾਜ਼ਤ
. . .  about 2 hours ago
ਨਵੀਂ ਦਿੱਲੀ, 22 ਫਰਵਰੀ- ਚੀਨ ਦੇ ਵੂਹਾਨ ਸ਼ਹਿਰ 'ਚ ਫਸੇ ਭਾਰਤੀਆਂ ਨੂੰ ਲਿਆਉਣ ਲਈ ਭਾਰਤੀ ਹਵਾਈ ਫੌਜ ਦੇ ਜਹਾਜ਼ ਨੂੰ ਚੀਨ ਵਲੋਂ ਆਗਿਆ ਨਹੀਂ ਦਿੱਤੀ ਗਈ ਹੈ। ਅਸਲ 'ਚ ਫੌਜ ਆਪਣੇ ਸੀ.-17 ਗਲੋਬਮਾਸਟਰ...
ਬੇਰੁਜ਼ਗਾਰ ਬੀ. ਐੱਡ. ਅਧਿਆਪਕਾਂ ਵਲੋਂ 1 ਮਾਰਚ ਨੂੰ ਸਿੱਖਿਆ ਮੰਤਰੀ ਦੀ ਕੋਠੀ ਘੇਰਨ ਦਾ ਐਲਾਨ
. . .  about 2 hours ago
ਸੰਗਰੂਰ, 22 ਫਰਵਰੀ (ਧੀਰਜ ਪਸ਼ੋਰੀਆ)- ਪਿਛਲੇ ਕਰੀਬ 6 ਮਹੀਨਿਆਂ ਤੋਂ ਸਿੱਖਿਆ ਮੰਤਰੀ ਦੇ ਸ਼ਹਿਰ ਸੰਗਰੂਰ ਵਿਖੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮੂਹਰੇ ਪੱਕਾ ਮੋਰਚਾ ਲਾਈ ਬੈਠੇ ਅਧਿਆਪਕਾਂ ਨੇ ਉਨ੍ਹਾਂ ਦੀਆਂ ਮੰਗਾਂ ਪ੍ਰਤੀ...
ਹੋਰ ਖ਼ਬਰਾਂ..

ਧਰਮ ਤੇ ਵਿਰਸਾ

ਚੁਨਾਰ ਦਾ ਕਿਲ੍ਹਾ : ਜਿੱਥੇ ਮਹਾਰਾਣੀ ਜਿੰਦਾਂ ਨੂੰ ਕੀਤਾ ਗਿਆ ਸੀ ਕੈਦ

ਪਿਛਲੇ ਦਿਨੀਂ ਮੈਨੂੰ ਆਪਣੇ ਅਮਰੀਕਾ ਰਹਿੰਦੇ ਅਜ਼ੀਜ਼ ਮਿੱਤਰ ਲੇਖਕ ਰਣਜੀਤ ਸੰਧੂ ਨਾਲ ਇਥੇ ਜਾਣ ਦਾ ਮੌਕਾ ਮਿਲਿਆ। ਅਸੀਂ ਇਸ ਕਿਲ੍ਹੇ ਨੂੰ ਦੇਖਣ ਲਈ ਇਸ ਕਰਕੇ ਗਏ ਕਿਉਂਕਿ ਇਸ ਕਿਲ੍ਹੇ ਵਿਚ ਸਿੱਖ ਰਾਜ ਵੇਲੇ ਅੰਗਰੇਜ਼ਾਂ ਨੇ ਮਹਾਰਾਣੀ ਜਿੰਦਾਂ ਨੂੰ ਬੰਦੀ ਬਣਾ ਕੇ ਰੱਖਿਆ ਸੀ। ਜਿੰਨੀ ਕੁ ਜਾਣਕਾਰੀ ਅਸੀਂ ਇਕੱਠੀ ਕੀਤੀ ਉਸ ਨੂੰ ਅਸੀਂ 'ਅਜੀਤ' ਦੇ ਪਾਠਕਾਂ ਲਈ ਸਾਂਝੀ ਕਰ ਰਹੇ ਹਾਂ।
ਮੇਰੀ ਕੋਸ਼ਿਸ਼ ਹੈ ਕਿ ਪਹਿਲਾਂ ਕਿਲ੍ਹੇ ਦੇ ਇਤਿਹਾਸ ਤੋਂ ਜਾਣੂ ਕਰਵਾਇਆ ਜਾਵੇ ਤਾਂ ਕਿ ਪਤਾ ਲੱਗ ਸਕੇ ਕਿ ਇਹ ਕਿਲ੍ਹਾ ਕਦੋਂ ਅਤੇ ਕਿਸ ਤਰ੍ਹਾਂ ਹੋਂਦ 'ਚ ਆਇਆ। ਇਸੇ ਚੁਨਾਰ ਦੇ ਕਿਲ੍ਹੇ 'ਚ ਸ਼ੇਰ-ਏ-ਪੰਜਾਬ ਦੀ ਮਹਾਰਾਣੀ ਰਾਣੀ ਜਿੰਦਾਂ ਨਾਲ ਕੀ ਗੁਜ਼ਰੀ ਅਤੇ ਕਿਸ ਤਰ੍ਹਾਂ ਇਸ ਕਿਲ੍ਹੇ 'ਚੋਂ ਅੰਗਰੇਜ਼ਾਂ ਦੀ ਕੈਦ 'ਚੋਂ ਫਰਾਰ ਹੋ ਕੇ ਚੋਰੀ-ਚੋਰੀ ਕਾਠਮੰਡੂ ਨਿਪਾਲ ਵਿਚ ਪਹੁੰਚੀ ।
ਚੁਨਾਰ ਦਾ ਕਿਲ੍ਹਾ ਉੱਤਰ ਪ੍ਰਦੇਸ਼ ਦੇ ਮਿਰਜ਼ਾਪੁਰ ਤੋਂ ਲਗਪਗ 35 ਕਿਲੋਮੀਟਰ ਪੂਰਬ ਵਿਚ, ਵਾਰਾਨਸੀ ਤੋਂ 40 ਕਿਲੋਮੀਟਰ, ਇਲਾਹਾਬਾਦ ਤੋਂ 130 ਕਿਲੋਮੀਟਰ ਦੀ ਦੂਰੀ 'ਤੇ ਗੰਗਾ ਨਦੀ ਦੇ ਦੱਖਣੀ ਕੰਢੇ 'ਤੇ ਸਥਿਤ ਹੈ। ਇਹ ਕਿਲ੍ਹਾ ਇਕ ਸਮੇਂ ਹਿੰਦੂ ਸ਼ਕਤੀ ਦਾ ਕੇਂਦਰ ਹੁੰਦਾ ਸੀ। ਇਸ ਦੀ ਮਿਸਾਲ ਹਿੰਦੂ ਕਾਲ ਦੀਆਂ ਤਸਵੀਰਾਂ ਜੋ ਅਜੇ ਵੀ ਇਸ ਕਿਲ੍ਹੇ ਵਿਚ ਪਈਆਂ ਹਨ ਤੋਂ ਮਿਲਦੀ ਹੈ।
ਇਸ ਕਿਲ੍ਹੇ ਦਾ ਤਕਰੀਬਨ 5 ਹਜ਼ਾਰ ਸਾਲ ਦਾ ਪੁਰਾਣਾ ਇਤਿਹਾਸ ਦੱਸਿਆ ਜਾਂਦਾ ਹੈ। ਇਹ ਕਿਲ੍ਹਾ ਜਿਸ ਪਹਾੜੀ ਉੱਤੇ ਸਥਿਤ ਹੈ ਉਸ ਪਹਾੜੀ ਦੀ ਸ਼ਕਲ ਮਨੁੱਖੀ ਪੈਰਾਂ ਵਰਗੀ ਹੈ। ਇਸ ਲਈ ਇਸ ਨੂੰ ਚਰਨਾਦ੍ਰਿਗੜ ਵੀ ਕਿਹਾ ਜਾਂਦਾ ਹੈ। ਇਹ ਵੀ ਕਿਹਾ ਜਾਂਦਾ ਹੈ ਕਿ ਚੁਨਾਰ ਕਿਲ੍ਹੇ ਦਾ ਇਤਿਹਾਸ ਮਹਾਂਭਾਰਤ ਕਾਲ ਤੋਂ ਪੁਰਾਣਾ ਹੈ।
ਇਸੇ ਕਿਲ੍ਹੇ 'ਚ ਅੰਦਰ ਦਾਖਲ ਹੁੰਦਿਆਂ ਸਾਹਮਣੇ ਇਕ 200 ਫੁੱਟ ਡੂੰਘਾ ਖੂਹ ਹੈ। ਦੱਸਿਆ ਜਾਂਦਾ ਹੈ ਕਿ ਉਜੈਨ ਦੇ ਰਾਜਾ ਪ੍ਰਿਥਵੀ ਰਾਜ ਚੌਹਾਨ ਦੀ ਪਤਨੀ ਮਹਾਰਾਣੀ ਸੋਨਵਾ ਇਸ ਖੂਹ ਵਿਚ ਇਸ਼ਨਾਨ ਕਰਦੀ ਹੁੰਦੀ ਸੀ। ਅੱਜਕਲ੍ਹ ਖੰਡਰ ਬਣ ਚੁੱਕੇ ਖੂਹ ਦਾ ਪਾਣੀ ਬਦਬੂ ਮਾਰ ਰਿਹਾ ਹੈ। ਹੈਰਾਨੀ ਵਾਲੀ ਗੱਲ ਹੈ ਕਿ ਇਸ ਖੂਹ ਦਾ ਸਬੰਧ ਗੰਗਾ ਨਦੀ ਨਾਲ ਹੈ ਜਦੋਂ-ਜਦੋਂ ਗੰਗਾ ਦਾ ਪਾਣੀ ਦਾ ਪੱਧਰ ਵਧਦਾ ਹੈ ਤਾਂ ਖੂਹ ਦਾ ਪਾਣੀ ਉੱਪਰ ਆ ਜਾਂਦਾ ਹੈ। (ਗੰਗਾ ਨਦੀ ਕਿਲ੍ਹੇ ਦੇ ਬਿਲਕੁਲ ਨਜ਼ਦੀਕ ਹੀ ਵਗਦੀ ਹੈ।)
ਪਰ ਅੱਜਕਲ੍ਹ ਖੂਹ ਦੀ ਸਾਫ਼-ਸਫ਼ਾਈ ਦਾ ਪ੍ਰਬੰਧ ਨਾ ਹੋਣ ਕਰਕੇ ਪਾਣੀ ਖਰਾਬ ਹੋ ਗਿਆ ਹੈ। ਹਿੰਦੂ ਪੌਰਾਣਕ ਕਥਾਵਾਂ ਦੇ ਅਧਿਐਨ ਤੋਂ ਪਤਾ ਲਗਦਾ ਹੈ ਕਿ ਰਾਣੀ ਚੰਦਰਕਾਂਤਾ ਦੇ ਵੇਲੇ ਰਾਜਾ ਸ਼ਿਵਦਤ ਵੀ ਇਸੇ ਖੂਹ 'ਤੇ ਬੈਠ ਕੇ ਚੰਦਰਕਾਂਤਾ ਦਾ ਇੰਤਜ਼ਾਰ ਕਰਦਾ ਹੁੰਦਾ ਸੀ।
ਬਾਦਸ਼ਾਹ ਵਿਕਰਮਾਦਿੱਤਿਆ ਦੇ ਵੱਡਾ ਭਰਾ ਰਾਜਾ ਭਰਥਰੀ ਨੇ ਗੱਦੀ ਤਿਆਗਣ ਤੋਂ ਬਾਅਦ ਇਸ ਪਹਾੜੀ ਉੱਤੇ ਤਪੱਸਿਆ ਕੀਤੀ ਸੀ। ਰਾਜਾ ਭਰਥਰੀ ਗੁਰੂ ਗੋਰਖਨਾਥ ਦਾ ਚੇਲਾ ਸੀ ਅਤੇ ਆਪਣੇ ਗੁਰੂ ਗੋਰਖਨਾਥ ਤੋਂ ਗਿਆਨ ਲੈ ਕੇ ਚੁਨਾਰਗੜ੍ਹ ਆਇਆ ਅਤੇ ਇਥੇ ਤਪੱਸਿਆ ਕਰਨ ਲੱਗ ਪਿਆ। ਉਸ ਸਮੇਂ ਇਸ ਜਗ੍ਹਾ 'ਤੇ ਸੰਘਣਾ ਜੰਗਲ ਹੁੰਦਾ ਸੀ। ਹਿੰਸਕ ਜੰਗਲੀ ਜਾਨਵਰ ਜੰਗਲ ਵਿਚ ਰਹਿੰਦੇ ਸਨ। ਸਮਰਾਟ ਵਿਕਰਮਾਦਿੱਤਿਆ ਜਿਸ ਦਾ ਆਪਣੇ ਭਰਾ ਭਰਥਰੀ ਨਾਲ ਪਿਆਰ ਬਹੁਤ ਸੀ, ਪਹਿਲਾਂ ਤਾਂ ਓਸ ਨੇ ਆਪਣੇ ਭਰਾ ਨੂੰ ਰਾਜ ਭਾਗ ਨਾ ਤਿਆਗਣ 'ਤੇ ਜ਼ੋਰ ਦਿੱਤਾ ਪਰ ਜਦੋਂ ਉਹ ਨਾ ਮੰਨਿਆ ਤਾਂ ਓਸ ਨੇ ਆਪਣੇ ਭਰਾ ਯੋਗੀਰਾਜ ਭਰਥਰੀ ਦੀ ਰੱਖਿਆ ਲਈ ਇਸ ਪਹਾੜੀ ਉੱਤੇ ਇਕ ਕਿਲ੍ਹਾ ਬਣਾ ਦਿੱਤਾ ਤਾਂ ਜੋ ਉਸਦੇ ਭਰਾ ਨੂੰ ਜੰਗਲੀ ਜਾਨਵਰਾਂ ਤੋਂ ਬਚਾਇਆ ਜਾ ਸਕੇ। ਇਸ ਕਿਲ੍ਹੇ ਵਿਚ ਹੀ ਵਿਕਰਮਾਦਿੱਤ ਦੁਆਰਾ ਬਣਾਇਆ ਗਿਆ ਇਕ ਭਰਥਰੀ ਮੰਦਰ ਹੈ ਅਤੇ ਕਿਲ੍ਹੇ ਵਿਚ ਹੀ ਰਾਜਾ ਵਿਕਰਮਦਿੱਤ ਦੀ ਸਮਾਧੀ ਵੀ ਹੈ।
ਕਿਲ੍ਹਾ ਬਹੁਤ ਹੀ ਤਰਕੀਬ ਨਾਲ ਬਣਾਇਆ ਗਿਆ ਹੈ। ਜਦੋਂ ਅਸੀਂ ਇਸ ਦੇ ਅੰਦਰ ਦਾਖਲ ਹੋਏ ਤਾਂ ਵੇਖਦੇ ਸਾਰ ਹੀ ਕਿਲ੍ਹਾ ਕਿਸੇ ਰਾਜੇ ਦਾ ਮਹਿਲ ਪ੍ਰਤੀਤ ਹੋਇਆ। ਇਥੇ ਜਾਣਕਾਰੀ ਲਈ ਗਾਰਡ ਵੀ ਕਿਰਾਏ 'ਤੇ ਮਿਲ ਜਾਂਦੇ ਹਨ ਜੋ ਕਿਲ੍ਹੇ ਬਾਰੇ ਸਾਰੀ ਜਾਣਕਾਰੀ ਉਪਲਬਧ ਕਰਵਾ ਦਿੰਦੇ ਹਨ। ਕਿਲ੍ਹਾ ਸਾਰਾ ਨਹੀਂ ਦੇਖਿਆ ਜਾਂਦਾ ਕਿਉਂਕਿ ਇਸ ਦੀਆਂ ਕੁਝ ਥਾਵਾਂ ਇਹੋ ਜਹੀਆਂ ਹਨ ਜਿਥੇ ਬਿਹਾਰ ਸਰਕਾਰ ਨੇ ਰੋਕ ਲਗਾਈ ਹੋਈ ਹੈ। ਜਿਵੇਂ ਕਿ ਅੰਗਰੇਜ਼ਾਂ ਦੇ ਵੇਲੇ ਦਾ ਫ਼ਾਂਸੀ ਘਰ, ਪੁਰਾਣੇ ਸਮੇਂ ਵਿਚ ਰਾਜਿਆਂ ਨੂੰ ਕੈਦ ਕਰਨ ਲਈ ਬਣਾਏ ਗਏ ਤਹਿਖਾਨੇ। ਪਰ ਇਥੋਂ ਦੇ ਵਸਨੀਕ ਸਰਕਾਰ ਦੀ ਪ੍ਰਵਾਹ ਕੀਤੇ ਬਿਨਾਂ ਚਲੇ ਜਾਂਦੇ ਹਨ।
(ਬਾਕੀ ਅਗਲੇ ਐਤਵਾਰ ਦੇ ਅੰਕ 'ਚ)


-ਹੁਸ਼ਿਆਰ ਨਗਰ, ਅੰਮ੍ਰਿਤਸਰ। ਮੋਬਾਈਲ : 98551-20287


ਖ਼ਬਰ ਸ਼ੇਅਰ ਕਰੋ

ਸਿੱਖ ਧਰਮ ਵਿਚ ਔਰਤ ਬਨਾਮ ਕੰਨਿਆ ਭਰੂਣ ਹੱਤਿਆ

ਜਗਤ ਗੁਰੂ, ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਤੋਂ ਪਹਿਲਾਂ ਹਿੰਦੁਸਤਾਨ ਦੇ ਵੱਖ-ਵੱਖ ਧਰਮਾਂ ਵਿਚ ਔਰਤ ਦੀ ਸਥਿਤੀ ਬੜੀ ਹੀ ਤਰਸਯੋਗ ਸੀ। ਉਸ ਨੂੰ ਧਾਰਮਿਕ ਕਾਰਜਾਂ ਵਿਚ ਭਾਈਵਾਲੀ ਦਾ ਅਧਿਕਾਰ ਨਹੀਂ ਸੀ। ਹੋਰ ਤਾਂ ਹੋਰ ਔਰਤ ਨੂੰ ਪੈਰ ਦੀ ਜੁੱਤੀ ਸਮਝਿਆ ਜਾਂਦਾ ਸੀ। ਕੋਈ ਔਰਤ ਧਾਰਮਿਕ ਆਗੂ ਨਹੀਂ ਸੀ ਬਣ ਸਕਦੀ। ਮਰਦਾਂ ਦੇ ਧਰਮ ਸਥਾਨਾਂ 'ਤੇ ਔਰਤ ਨੂੰ ਜਾਣ ਦਾ ਅਧਿਕਾਰ ਨਹੀਂ ਸੀ। ਔਰਤ ਨੂੰ ਨਰਕ ਦਾ ਦੁਆਰ ਕਹਿ ਕੇ ਭੰਡਿਆ ਜਾਂਦਾ ਸੀ।
ਜਿਸ ਇਸਤਰੀ ਦਾ ਪਤੀ ਮਰ ਜਾਂਦਾ ਸੀ, ਉਸ ਔਰਤ ਨੂੰ ਜ਼ਬਰਦਸਤੀ ਉਸ ਦੇ ਪਤੀ ਦੇ ਨਾਲ ਜਿਊਂਦਿਆਂ ਹੀ ਸਾੜ ਦਿੱਤਾ ਜਾਂਦਾ ਸੀ। ਇਸ ਪ੍ਰਥਾ ਨੂੰ ਸਤੀ ਪ੍ਰਥਾ ਕਿਹਾ ਜਾਂਦਾ ਸੀ। ਇਸੇ ਤਰ੍ਹਾਂ ਔਰਤ ਨੂੰ ਸਿੱਖਿਆ ਦਾ ਅਧਿਕਾਰ ਨਹੀਂ ਸੀ। ਉਹ ਧਰਮ ਗ੍ਰੰਥ ਨਹੀਂ ਸੀ ਪੜ੍ਹ ਸਕਦੀ। ਉਹ ਧਰਮ ਸਥਾਨਾਂ 'ਤੇ ਆ ਕੇ ਪ੍ਰਾਰਥਨਾ ਆਦਿ ਨਹੀਂ ਸੀ ਕਰ ਸਕਦੀ। ਕੁੱਲ ਮਿਲਾ ਕੇ ਔਰਤ ਉੱਪਰ ਜ਼ੁਲਮ ਹੋ ਰਹੇ ਸਨ। ਪਰ, ਧਰਮ ਦੇ ਠੇਕੇਦਾਰ ਇਸ ਪੱਖੋਂ ਚੁੱਪ ਵੱਟੀ ਬੈਠੇ ਸਨ। ਔਰਤ ਨੂੰ ਕਿਸੇ ਪਾਸੇ ਤੋਂ ਨਿਆਂ ਦੀ ਆਸ ਨਹੀਂ ਸੀ।
ਖ਼ੈਰ! ਸਿੱਖ ਧਰਮ ਦੇ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆ ਕੇ ਸਭ ਤੋਂ ਪਹਿਲਾਂ ਔਰਤ ਦੇ ਹੱਕ ਵਿਚ ਆਵਾਜ਼ ਬੁਲੰਦ ਕੀਤੀ। ਉਨ੍ਹਾਂ ਆਪਣੀ ਬਾਣੀ ਵਿਚ ਔਰਤ ਨੂੰ ਸਤਿਕਾਰ ਦਿੰਦਿਆਂ ਕਿਹਾ :
'ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ॥'
(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ-473)
ਭਾਵ ਉਸ ਇਸਤਰੀ ਨੂੰ ਮਾੜਾ ਕਿਸ ਤਰ੍ਹਾਂ ਕਿਹਾ ਜਾ ਸਕਦਾ ਹੈ ਜਿਸ ਨੇ ਰਾਜਿਆਂ-ਮਹਾਰਾਜਿਆਂ, ਪੀਰਾਂ-ਫ਼ਕੀਰਾਂ, ਸਾਧੂ-ਸੰਤਾਂ, ਦਰਵੇਸ਼ਾਂ ਅਤੇ ਮਹਾਂਪੁਰਸ਼ਾਂ ਨੂੰ ਜਨਮ ਦਿੱਤਾ ਹੈ, ਜਿਸ ਦੀ ਕੁੱਖ ਤੋਂ ਪੈਦਾ ਹੋ ਕੇ ਮਰਦ ਰਾਜਾ-ਮਹਾਰਾਜਾ ਤਾਂ ਬਣ ਸਕਦਾ ਹੈ ਪਰ ਉਸ ਨੂੰ ਜਨਮ ਦੇਣ ਵਾਲੀ ਮਾਂ ਨੂੰ ਹੀਣ-ਦ੍ਰਿਸ਼ਟੀ ਨਾਲ ਦੇਖਿਆ ਜਾਂਦਾ ਹੈ। ਗੁਰੂ ਸਾਹਿਬ ਨੇ ਕਿਹਾ ਕਿ ਔਰਤ ਦੀ ਹੋਂਦ ਤੋਂ ਬਿਨਾਂ ਸ੍ਰਿਸ਼ਟੀ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਇਸ ਕਰਕੇ ਔਰਤ ਦਾ ਸਤਿਕਾਰ ਲਾਜ਼ਮੀ ਹੈ।
ਇਥੇ ਧਿਆਨ ਦੇਣ ਵਾਲੀ ਗੱਲ ਇਹ ਵੀ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਨੂੰ ਮੰਨਣ ਵਾਲੀ ਸਭ ਤੋਂ ਪਹਿਲੀ ਸਿੱਖ ਹੀ ਔਰਤ ਹੋਈ ਹੈ ਅਤੇ ਉਹ ਹੈ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਵੱਡੀ ਭੈਣ ਬੀਬੀ ਨਾਨਕੀ ਜੀ। ਬੇਬੇ ਨਾਨਕੀ ਜੀ ਨੂੰ ਸਿੱਖ ਧਰਮ ਵਿਚ ਸਭ ਤੋਂ ਪਹਿਲੀ ਸਿੱਖ ਮੰਨਿਆ ਜਾਂਦਾ ਹੈ। ਸਭ ਤੋਂ ਪਹਿਲਾਂ ਉਨ੍ਹਾਂ ਹੀ ਸ੍ਰੀ ਗੁਰੂ ਨਾਨਕ ਸਾਹਿਬ ਦੀ ਪਹਿਚਾਣ ਕੀਤੀ ਕਿ ਇਹ ਰੱਬੀ ਅਵਤਾਰ ਹਨ। ਇਸੇ ਤਰ੍ਹਾਂ ਸਿੱਖ ਇਤਿਹਾਸ ਵਿਚ ਅਨੇਕਾਂ ਸਿੱਖ ਬੀਬੀਆਂ ਦੀ ਕੁਰਬਾਨੀ ਅਤੇ ਬਹਾਦਰੀ ਦੇ ਕਿੱਸੇ ਪ੍ਰਚੱਲਿਤ ਹਨ। ਮਾਤਾ ਗੁਜਰੀ, ਮਾਈ ਭਾਗੋ, ਬੀਬੀ ਭਾਨੀ, ਮਾਤਾ ਖੀਵੀ, ਮਾਤਾ ਸਾਹਿਬ ਕੌਰ ਅਤੇ ਮਾਤਾ ਗੰਗਾ ਜੀ ਵਰਗੀਆਂ ਅਨੇਕਾਂ ਸਿੱਖ ਬੀਬੀਆਂ ਨੇ ਆਪਣੇ ਵਡਮੁੱਲੇ ਯੋਗਦਾਨ ਨਾਲ ਸਿੱਖ ਇਤਿਹਾਸ ਨੂੰ ਸ਼ਿੰਗਾਰਿਆ ਹੈ ਤੇ ਚਾਰ ਚੰਨ ਲਾਏ ਹਨ।
ਗੁਰੂ ਸਾਹਿਬਾਨ ਨੇ ਔਰਤ ਨੂੰ ਮਰਦ ਦੇ ਬਰਾਬਰ ਦੇ ਅਧਿਕਾਰ ਦਿੱਤੇ ਹਨ। ਔਰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰ ਸਕਦੀ ਹੈ। ਉਹ ਪੰਜਾਂ ਪਿਆਰਿਆਂ ਵਿਚ ਸ਼ਾਮਿਲ ਹੋ ਕੇ ਅੰਮ੍ਰਿਤਪਾਨ ਕਰਵਾ ਸਕਦੀ ਹੈ ਅਤੇ ਮਰਦਾਂ ਦੀ ਤਰ੍ਹਾਂ ਅੰਮ੍ਰਿਤਪਾਨ ਵੀ ਕਰ ਸਕਦੀ ਹੈ। ਉਹ ਰਾਗੀ, ਗ੍ਰੰਥੀ, ਕਥਾਵਾਚਕ, ਢਾਡੀ, ਕਵੀਸ਼ਰ ਆਦਿ ਧਰਮ ਪ੍ਰਚਾਰਕ ਦੀ ਡਿਊਟੀ ਨਿਭਾਅ ਸਕਦੀ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ 30 ਮਾਰਚ 1699 ਈ: ਨੂੰ ਪੰਜਾਂ ਪਿਆਰਿਆਂ ਨੂੰ ਅੰਮ੍ਰਿਤ ਦੀ ਦਾਤ ਦਿੱਤੀ ਤਾਂ ਮਾਤਾ ਸਾਹਿਬ ਕੌਰ ਨੇ ਪਤਾਸੇ ਪਾ ਕੇ ਅੰਮ੍ਰਿਤ ਵਿਚ ਮਿਠਾਸ ਪਾਈ ਸੀ ਅਤੇ ਗੁਰੂ ਸਾਹਿਬ ਨੇ ਮਾਤਾ ਜੀ ਨੂੰ ਖ਼ਾਲਸੇ ਦੀ ਧਰਮ ਮਾਤਾ ਹੋਣ ਦਾ ਵਰ ਦਿੱਤਾ ਸੀ।
ਮਾਤਾ ਗੁਜਰੀ ਨੇ ਆਪਣੇ ਯੋਗਾਦਨ ਨਾਲ ਔਰਤ ਦੇ ਸਤਿਕਾਰ ਨੂੰ ਚਾਰ ਚੰਨ ਲਗਾਏ ਹਨ। ਉਨ੍ਹਾਂ ਆਪਣਾ ਪਤੀ, ਪੋਤਰੇ, ਪੁੱਤਰ ਅਤੇ ਨੂੰਹਾਂ ਸਾਰਾ ਪਰਿਵਾਰ ਧਰਮ ਦੇ ਲੇਖੇ ਲਾ ਦਿੱਤਾ ਪ੍ਰੰਤੂ ਕਦੇ ਮਨ ਨਹੀਂ ਡੁਲਾਇਆ ਬਲਕਿ ਵਾਹਿਗੁਰੂ ਦੇ ਭਾਣੇ ਨੂੰ ਮਿੱਠਾ ਕਰ ਕੇ ਮੰਨਿਆ ਹੈ। ਉਨ੍ਹਾਂ ਆਪਣੇ ਛੋਟੇ ਪੋਤਰਿਆਂ ਨੂੰ ਧਰਮ ਦੀ ਰੱਖਿਆ ਖ਼ਾਤਰ ਸ਼ਹੀਦੀ ਦੇਣ ਲਈ ਪ੍ਰੇਰਿਤ ਕੀਤਾ ਅਤੇ ਧਰਮ ਦੀ ਰੱਖਿਆ ਕਰਦਿਆਂ ਖ਼ੁਦ ਆਪਣੀ ਵੀ ਸ਼ਹੀਦੀ ਦੇ ਦਿੱਤੀ। ਅਜਿਹੀ ਮਿਸਾਲ ਸ਼ਾਇਦ ਹੀ ਸੰਸਾਰ ਵਿਚ ਕਿਤੇ ਮਿਲੇ ਜਿਹੜੀ ਮਾਤਾ ਗੁਜਰੀ ਜੀ ਨੇ ਕਾਇਮ ਕੀਤੀ ਹੈ। ਇਸੇ ਤਰ੍ਹਾਂ ਮਾਈ ਭਾਗੋ ਜੀ ਨੇ ਮਹਾਂ ਸਿੰਘ ਅਤੇ ਹੋਰ ਸਿੰਘਾਂ ਨੂੰ ਅਜਿਹੀ ਵੰਗਾਰ ਪਾਈ ਕਿ ਉਹ ਦਸਮੇਸ਼ ਪਿਤਾ ਜੀ ਦੀ ਸੇਵਾ ਵਿਚ ਜੰਗ ਨੂੰ ਚੱਲ ਪਏ। ਇਨ੍ਹਾਂ ਸਿੰਘਾਂ ਨੇ ਧਰਮ ਦੀ ਰੱਖਿਆ ਲਈ ਆਪਣੇ ਬਲੀਦਾਨ ਦੇ ਦਿੱਤੇ। ਇਨ੍ਹਾਂ ਨੂੰ ਕੁਰਬਾਨੀ ਦਾ ਪਾਠ ਪੜ੍ਹਾਉਣ ਵਾਲੀ ਇਸਤਰੀ ਹੀ ਸੀ।
ਕੰਨਿਆ ਭਰੂਣ ਹੱਤਿਆ : ਅੱਜ ਤੋਂ 300/350 ਸਾਲ ਪਹਿਲਾਂ ਰਾਜਸਥਾਨ ਦੇ ਕੁਝ ਰਾਜਪੂਤ ਕਬੀਲਿਆਂ ਵਿਚ ਕੰਨਿਆ ਨੂੰ ਪੈਦਾ ਹੋਣ ਉਪਰੰਤ ਜ਼ਮੀਨ ਵਿਚ ਜ਼ਿੰਦਾ ਹੀ ਦਫ਼ਨਾ ਦਿੱਤਾ ਜਾਂਦਾ ਸੀ ਕਿਉਂਕਿ ਇਨ੍ਹਾਂ ਕਬੀਲਿਆਂ ਵਿਚ ਕੰਨਿਆ ਨੂੰ ਮੰਦਭਾਗਾ ਸਮਝਿਆ ਜਾਂਦਾ ਸੀ। ਪ੍ਰੰਤੂ ਅਜੋਕੇ ਸਮੇਂ ਵਿਗਿਆਨ ਦੀ ਤਰੱਕੀ ਦੇ ਨਾਲ ਹੀ ਕੰਨਿਆ ਤੋਂ ਜਨਮ ਲੈਣ ਦਾ ਹੱਕ ਵੀ ਖੋਹ ਲਿਆ ਗਿਆ ਹੈ। ਅੱਜ ਤਾਂ ਕੰਨਿਆ ਨੂੰ ਜਨਮ ਲੈਣ ਤੋਂ ਪਹਿਲਾਂ ਹੀ ਕੁੱਖ ਵਿਚ ਹੀ ਕਤਲ ਕਰ ਦਿੱਤਾ ਜਾਂਦਾ ਹੈ। ਇਥੇ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਪੂਰੇ ਭਾਰਤ ਵਿਚ ਸਾਡੇ ਉੱਤਰੀ ਰਾਜ ਜਿਵੇਂ ਹਰਿਆਣਾ, ਪੰਜਾਬ, ਹਿਮਾਚਲ ਪ੍ਰਦੇਸ਼, ਰਾਜਸਥਾਨ ਅਤੇ ਜੰਮੂ-ਕਸ਼ਮੀਰ ਕੰਨਿਆ-ਭਰੂਣ ਹੱਤਿਆ ਵਿਚ ਸਭ ਤੋਂ ਮੋਹਰੀ ਹਨ।
ਕੰਨਿਆ ਭਰੂਣ ਹੱਤਿਆ ਦੇ ਮਾਮਲਿਆਂ ਵਿਚ ਪੰਜਾਬ ਪੂਰੇ ਭਾਰਤ ਵਿਚ ਲਗਪਗ ਪਹਿਲੇ ਥਾਂ 'ਤੇ ਹੈ। ਸਾਡੇ ਲਈ ਇਹ ਬੜੀ ਸ਼ਰਮ ਦੀ ਗੱਲ ਹੈ ਕਿ ਜਿਸ ਧਰਤੀ 'ਤੇ ਸਾਡੇ ਗੁਰੂਆਂ, ਪੀਰਾਂ, ਫ਼ਕੀਰਾਂ ਨੇ ਇਸਤਰੀ ਨੂੰ ਸਤਿਕਾਰ ਦੇਣ ਹਿੱਤ ਲੋਕਾਂ ਨੂੰ ਜਾਗਰੂਕ ਕੀਤਾ ਸੀ, ਔਰਤ ਦੇ ਹੱਕ ਵਿਚ ਆਵਾਜ਼ ਬੁਲੰਦ ਕੀਤੀ ਸੀ, ਅੱਜ ਉਸੇ ਧਰਤੀ 'ਤੇ ਸਭ ਤੋਂ ਵੱਧ ਧੀਆਂ ਦੇ ਭਰੂਣ ਵਿਚ ਹੀ ਕਤਲ ਹੋ ਰਹੇ ਹਨ। ਦੁਨੀਆ ਵਿਚ ਮੌਜੂਦ ਸਾਰੇ ਧਰਮ ਗ੍ਰੰਥਾਂ ਅਤੇ ਗੁਰੂ ਸਾਹਿਬਾਨ ਦੀ ਸਿੱਖਿਆ ਇਹ ਹੈ ਕਿ ਕੰਨਿਆ ਵੀ ਆਪਣੇ ਫ਼ਰਜ਼ ਮਰਦ ਵਾਂਗ ਹੀ ਚੰਗੇ ਢੰਗ ਨਾਲ ਨਿਭਾਅ ਸਕਦੀ ਹੈ। ਉਸ ਨੂੰ ਵੀ ਜਨਮ ਲੈਣ ਦਾ ਅਧਿਕਾਰ ਹੈ।
ਕੀ ਪਤਾ ਤੁਹਾਡੇ ਘਰ ਪੈਦਾ ਹੋਣ ਵਾਲੀ ਲੜਕੀ ਕਲਪਨਾ ਚਾਵਲਾ, ਕਿਰਨ ਬੇਦੀ, ਪ੍ਰਤਿਭਾ ਪਾਟਿਲ, ਮਹਾਰਾਣੀ ਲਕਸ਼ਮੀਬਾਈ, ਮਾਈ ਭਾਗੋ, ਮਦਰ ਟੈਰੇਸਾ ਜਾਂ ਅੰਮ੍ਰਿਤਾ ਪ੍ਰੀਤਮ ਵਰਗੀ ਬਣ ਜਾਵੇ ਅਤੇ ਸਫ਼ਲਤਾ ਦੇ ਝੰਡੇ ਗੱਡ ਦੇਵੇ। ਅੱਜ ਕੁੜੀਆਂ ਹਰ ਖੇਤਰ ਵਿਚ ਮੁੰਡਿਆਂ ਦੇ ਬਰਾਬਰ ਕੰਮ ਕਰ ਰਹੀਆਂ ਹਨ। ਆਮ ਤੌਰ 'ਤੇ ਦੇਖਿਆ ਜਾ ਰਿਹਾ ਹੈ ਕਿ ਯੂਨੀਵਰਸਿਟੀਆਂ ਵਿਚ ਜਦੋਂ ਕਿਸੇ ਕਲਾਸ ਦਾ ਨਤੀਜਾ ਐਲਾਨ ਹੁੰਦਾ ਹੈ ਤਾਂ ਪਹਿਲੇ 9 ਸਥਾਨਾਂ 'ਤੇ ਕੁੜੀਆਂ ਦਾ ਹੀ ਕਬਜ਼ਾ ਹੁੰਦਾ ਹੈ। ਪੱਤਰਕਾਰਤਾ, ਧਰਮ, ਅਧਿਆਪਨ, ਵਿਗਿਆਨ, ਤਕਨਾਲੋਜੀ, ਮੈਡੀਕਲ, ਸਾਹਿਤ, ਵਿਗਿਆਨ, ਭੂਗੋਲ, ਅਰਥਸ਼ਾਸਤਰ, ਸੰਗੀਤ ਅਤੇ ਨਿਆਂ ਮਾਮਲਿਆਂ ਵਿਚ ਕੁੜੀਆਂ ਦੀ ਭਾਗੀਦਾਰੀ ਕਿਸੇ ਗੱਲੋਂ ਵੀ ਮੁੰਡਿਆਂ ਨਾਲੋਂ ਘੱਟ ਨਹੀਂ ਹੈ ਬਲਕਿ ਅੱਜ ਹਰ ਖੇਤਰ ਵਿਚ ਔਰਤਾਂ ਨੇ ਆਪਣੀ ਕਾਮਯਾਬੀ ਦੇ ਝੰਡੇ ਗੱਡੇ ਹਨ।
ਜਦੋਂ ਇਕ ਇਸਤਰੀ ਕਿਸੇ ਦੇਸ਼ ਦੀ ਰਾਸ਼ਟਰਪਤੀ, ਸੂਬੇ ਦੀ ਮੁੱਖ ਮੰਤਰੀ ਅਤੇ ਰਾਜਪਾਲ ਬਣ ਸਕਦੀ ਹੈ ਤਾਂ ਉਸ ਨੂੰ ਕਿਸੇ ਗੱਲੋਂ ਘੱਟ ਕਿਸ ਤਰ੍ਹਾਂ ਕਿਹਾ ਜਾ ਸਕਦਾ ਹੈ। ਕੋਈ ਧਰਮ ਔਰਤ ਦੇ ਜ਼ੁਲਮ ਕਰਨ ਲਈ ਨਹੀਂ ਕਹਿੰਦਾ। ਜਿਥੇ ਸਿੱਖ ਧਰਮ ਵਿਚ ਔਰਤ ਨੂੰ ਸਤਿਕਾਰ ਦੀ ਨਿਗ੍ਹਾ ਨਾਲ ਦੇਖਿਆ ਜਾਂਦਾ ਹੈ, ਉਥੇ ਇਸਲਾਮ ਵਿਚ ਕਿਹਾ ਗਿਆ ਹੈ ਕਿ ਮਾਂ ਦੇ ਪੈਰਾਂ ਹੇਠ ਸਵਰਗ ਹੈ ਅਤੇ ਹਿੰਦੂ ਧਰਮ ਵਿਚ ਕੰਨਿਆ-ਪੂਜਨ ਕੀਤਾ ਜਾਂਦਾ ਹੈ। ਔਰਤ ਨੂੰ ਦੇਵੀ ਦਾ ਰੂਪ ਮੰਨਿਆ ਜਾਂਦਾ ਹੈ। ਇਹ ਸਾਡੀ ਮਾੜੀ ਸੋਚ ਅਤੇ ਅਨਪੜ੍ਹਤਾ ਦਾ ਪ੍ਰਤੀਕ ਹੈ ਕਿ ਅਸੀਂ ਕਹਿੰਦੇ ਹਾਂ ਕਿ ਮੁੰਡਿਆਂ ਨਾਲ ਖਾਨਦਾਨ ਦਾ ਨਾਂਅ ਚਲਦਾ ਹੈ ਪਰੰਤੂ ਜੇਕਰ ਲੜਕੇ ਮਾੜੇ ਨਿਕਲ ਜਾਣ ਤਾਂ ਉਹੀ ਮਾਤਾ-ਪਿਤਾ ਸਭ ਤੋਂ ਜ਼ਿਆਦਾ ਦੁਖੀ ਹੁੰਦੇ ਹਨ, ਜਿਨ੍ਹਾਂ ਨੇ ਪੁੱਤਰਾਂ ਦੇ ਜਨਮ 'ਤੇ ਜਸ਼ਨ ਮਨਾਏ ਹੁੰਦੇ ਹਨ।
ਇਸ ਤੋਂ ਇਲਾਵਾ ਕੰਨਿਆ ਭਰੂਣ ਹੱਤਿਆ ਲਈ ਇਕ ਹੋਰ ਕਾਰਨ ਵੀ ਹੈ ਅਤੇ ਉਹ ਹੈ ਦਾਜ ਪ੍ਰਥਾ। ਕੰਨਿਆ ਭਰੂਣ ਹੱਤਿਆ ਲਈ ਦਾਜ ਪ੍ਰਥਾ ਵੀ ਬਰਾਬਰ ਦੀ ਜ਼ਿੰਮੇਵਾਰ ਹੈ। ਲੜਕੀ ਦੇ ਵਿਆਹ 'ਤੇ ਲਾਲਚੀ ਸਹੁਰਿਆਂ ਵਲੋਂ ਦਾਜ ਦੀ ਮੰਗ ਕੀਤੀ ਜਾਂਦੀ ਹੈ। ਇਸ ਲਈ ਜਦੋਂ ਲੜਕੀ ਦਾ ਜਨਮ ਹੁੰਦਾ ਹੈ ਤਾਂ ਗ਼ਰੀਬ ਮਾਂ-ਬਾਪ ਦਾਜ ਪ੍ਰਥਾ ਦੇ ਚਲਦਿਆਂ ਕੰਨਿਆ ਨੂੰ ਕੁੱਖ ਵਿਚ ਹੀ ਕਤਲ ਕਰ ਦਿੰਦੇ ਹਨ ਤਾਂ ਕਿ ਉਨ੍ਹਾਂ ਨੂੰ ਦਾਜ ਨਾ ਦੇਣਾ ਪਵੇ। ਪਰ ਜੇਕਰ ਅਸੀਂ ਇਸੇ ਤਰ੍ਹਾਂ ਕੁੱਖ ਵਿਚ ਹੀ ਧੀਆਂ ਦਾ ਕਤਲ ਕਰਦੇ ਰਹੇ ਤਾਂ ਨੂੰਹਾਂ ਕਿੱਥੋਂ ਲੈ ਕੇ ਆਵਾਂਗੇ?
ਅੱਜ ਜੇਕਰ ਨੌਜਵਾਨ ਵਰਗ ਦਾਜ ਨਾ ਲੈਣ ਦਾ ਪ੍ਰਣ ਕਰ ਲਵੇ ਤਾਂ ਸ਼ਾਇਦ ਇਨ੍ਹਾਂ ਕਤਲਾਂ ਦੀ ਗਿਣਤੀ ਘੱਟ ਹੋ ਸਕਦੀ ਹੈ। ਇਸ ਲਈ ਨੌਜਵਾਨਾਂ ਨੂੰ ਵੀ ਅੱਗੇ ਆਉਣਾ ਪਵੇਗਾ। ਕੇਂਦਰ ਅਤੇ ਰਾਜ ਸਰਕਾਰ ਨੂੰ ਚਾਹੀਦਾ ਹੈ ਕਿ ਜੇਕਰ ਕੋਈ ਹਸਪਤਾਲ ਕੰਨਿਆ ਭਰੂਣ ਹੱਤਿਆ ਦੇ ਜੁਰਮ ਵਿਚ ਸ਼ਾਮਿਲ ਪਾਇਆ ਜਾਂਦਾ ਹੈ ਜਾਂ ਜਨਮ ਤੋਂ ਪਹਿਲਾਂ ਭਰੂਣ ਚੈੱਕ ਕੀਤਾ ਜਾਂਦਾ ਹੈ ਤਾਂ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਅਤੇ ਨਾਲ ਹੀ ਉਸ ਡਾਕਟਰ ਖ਼ਿਲਾਫ਼ ਵੀ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ ਜੋ ਇਸ ਜੁਰਮ ਵਿਚ ਸ਼ਾਮਿਲ ਪਾਇਆ ਜਾਂਦਾ ਹੈ।
ਆਖ਼ੀਰ ਵਿਚ ਕਿਹਾ ਜਾ ਸਕਦਾ ਹੈ ਕਿ ਧਰਮ ਗ੍ਰੰਥਾਂ ਵਿਚ ਔਰਤ ਨੂੰ ਸਤਿਕਾਰਯੋਗ ਥਾਂ ਦਿੱਤੀ ਗਈ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਭ ਤੋਂ ਪਹਿਲਾਂ ਔਰਤ ਦੇ ਸਤਿਕਾਰ ਨੂੰ ਤਰਜੀਹ ਦਿੱਤੀ ਅਤੇ ਗੁਰਬਾਣੀ ਵਿਚ ਇਸ ਗੱਲ ਦਾ ਜ਼ਿਕਰ ਕੀਤਾ। ਉਨ੍ਹਾਂ ਤੋਂ ਬਾਅਦ ਗੁਰੂ ਨਾਨਕ ਗੱਦੀ ਦੇ ਵਾਰਸਾਂ ਨੇ ਹਰ ਜਾਮੇ ਵਿਚ ਔਰਤ ਨੂੰ ਮਾਣ-ਸਤਿਕਾਰ ਦਿੱਤਾ ਹੈ।


-ਸਾਬਕਾ ਹੈੱਡ ਗ੍ਰੰਥੀ, ਗੁਰਦੁਆਰਾ ਛੇਵੀਂ ਪਾਤਸ਼ਾਹੀ, ਕੁਰੂਕਸ਼ੇਤਰ। ਮੋਬਾਈਲ : 098961-61534.

ਸਿਰ ਤੋਂ ਪਰ੍ਹੇ ਇਸ਼ਕ ਦਾ ਡੇਰਾ

ਸ਼ਹੀਦ ਬਾਬਾ ਆਲੀ ਸਿੰਘ ਜੀ

ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੇ ਮਰਜੀਵੜੇ ਸਿੰਘਾਂ ਨਾਲ ਸਰਹਿੰਦ ਫ਼ਤਹਿ ਕੀਤੀ ਤਾਂ ਕਿਲ੍ਹੇ 'ਤੇ ਨਿਸ਼ਾਨ ਸਾਹਿਬ ਝੁਲਾ ਕੇ ਖ਼ਾਲਸਾ ਰਾਜ ਸਥਾਪਤ ਕੀਤਾ। ਸਰਹਿੰਦ ਦੇ 28 ਪਰਗਣੇ ਸਨ, ਜਿਨ੍ਹਾਂ ਦਾ ਸੂਬੇਦਾਰ ਭਾਈ ਬਾਜ ਸਿੰਘ ਜੀ ਨੂੰ ਅਤੇ ਨਾਇਬ ਸੂਬੇਦਾਰ ਬਾਬਾ ਆਲੀ ਸਿੰਘ ਜੀ ਨੂੰ ਥਾਪਿਆ ਗਿਆ। ਇਨ੍ਹਾਂ ਦਾ ਇਕ ਸਾਥੀ ਭਾਈ ਬਲਾਕਾ ਸਿੰਘ ਛੇਵੇਂ ਪਾਤਸ਼ਾਹ ਜੀ ਦੇ ਨਿਵਾਜ਼ੇ ਹੋਏ ਪਿੰਡ ਘੁਡਾਣੀ ਵਿਚ ਪੁੱਜਾ। ਉਸ ਨੇ ਗੁਰਦੁਆਰਾ ਸਾਹਿਬ ਜਾ ਕੇ ਦੋਤਾਰੇ ਨਾਲ ਕੀਰਤਨ ਕਰਨਾ ਸੁਰੂ ਕੀਤਾ ਤਾਂ ਰਾਮਰਾਈਏ ਮਸੰਦਾਂ ਨੇ ਉਸ ਦਾ ਦੋਤਾਰਾ ਤੋੜ ਕੇ ਕੁੱਟਮਾਰ ਕੀਤੀ। ਭਾਈ ਬਲਾਕਾ ਸਿੰਘ ਦੀ ਸ਼ਿਕਾਇਤ 'ਤੇ ਬਾਬਾ ਬੰਦਾ ਬਹਾਦਰ ਨੇ ਬਾਬਾ ਆਲੀ ਸਿੰਘ ਨੂੰ ਦੁਸ਼ਟਾਂ ਨੂੰ ਸੋਧਣ ਲਈ ਭੇਜਿਆ। ਬਾਬਾ ਜੀ ਨੇ ਜਦੋਂ ਉਥੇ ਚੜ੍ਹਾਈ ਕੀਤੀ ਤਾਂ ਰਾਮਰਾਈਏ ਮਸੰਦ ਪਿੰਡ ਛੱਡ ਕੇ ਭੱਜ ਗਏ। ਇਲਾਕੇ ਦੇ ਚੌਧਰੀਆਂ ਨੇ ਬਾਬਾ ਆਲੀ ਸਿੰਘ ਨੂੰ ਨਜ਼ਰਾਨੇ ਭੇਟ ਕੀਤੇ ਅਤੇ ਉਨ੍ਹਾਂ ਨੂੰ ਥਾਣੇਦਾਰ ਨਿਯੁਕਤ ਕਰ ਦਿੱਤਾ। ਬਾਬਾ ਜੀ ਬਹੁਤ ਬਹਾਦਰ, ਸੂਰਬੀਰ ਅਤੇ ਭਜਨੀਕ ਯੋਧੇ ਸਨ। ਸੁਨਾਮ ਦੇ ਰੰਘੜ ਲੋਕਾਂ 'ਤੇ ਬਹੁਤ ਜ਼ੁਲਮ ਕਰ ਰਹੇ ਸਨ। ਬਾਬਾ ਜੀ ਨੇ ਸੁਨਾਮ ਨੂੰ ਘੇਰਾ ਪਾ ਲਿਆ ਅਤੇ ਰਾਜਪੂਤ ਰੰਘੜਾਂ ਨੂੰ ਸੋਧ ਕੇ ਲੋਕਾਂ ਨੂੰ ਸੁਖੀ ਕੀਤਾ। ਫਿਰ ਬਾਬਾ ਜੀ ਨੇ ਮਨਸੂਰ ਪਰਗਣੇ 'ਤੇ ਕਬਜ਼ਾ ਕੀਤਾ। ਕੈਥਲ ਸ਼ਹਿਰ ਦੇ ਬਲੋਚਾਂ ਨੇ ਵੀ ਲੋਕਾਂ ਨੂੰ ਬਹੁਤ ਦੁਖੀ ਕੀਤਾ ਹੋਇਆ ਸੀ। ਬਾਬਾ ਜੀ ਨੇ ਕੈਥਲ ਫ਼ਤਹਿ ਕਰਕੇ ਲੋਕਾਂ ਨੂੰ ਆਜ਼ਾਦ ਕਰਾਇਆ। ਮਾਛੀਵਾੜੇ ਤੋਂ ਕਰਨਾਲ ਤੱਕ ਦਾ ਸਾਰਾ ਇਲਾਕਾ ਇਨ੍ਹਾਂ ਦੇ ਪ੍ਰਬੰਧ ਹੇਠ ਸੀ। ਇਨ੍ਹਾਂ ਦੀ ਵੀਰਤਾ, ਦ੍ਰਿੜ੍ਹਤਾ, ਹਿੰਮਤ, ਸਿਦਕ ਅਤੇ ਨਿਰਭੈਤਾ ਦਾ ਲੋਹਾ ਸਾਰੇ ਮੰਨਣ ਲੱਗੇ। ਇਨ੍ਹਾਂ ਦੇ ਉੱਚੇ-ਸੁੱਚੇ ਜੀਵਨ ਤੋਂ ਪ੍ਰੇਰਨਾ ਲੈ ਕੇ ਬਹੁਤ ਸਾਰੇ ਹਿੰਦੂ ਮੁਸਲਮਾਨ ਵੀ ਸਿੰਘ ਸਜ ਗਏ। ਖ਼ਾਲਸਾ ਦਰਬਾਰ ਵਿਚ ਸਭ ਨੂੰ ਇਨਸਾਫ਼ ਮਿਲਦਾ ਸੀ।
ਸੰਨ 1715 ਈ: ਵਿਚ ਫਰੁਖਸੀਅਰ ਨੇ 24000 ਫ਼ੌਜ ਭੇਜ ਕੇ ਗੁਰਦਾਸ ਨੰਗਲ ਦੀ ਕੱਚੀ ਗੜ੍ਹੀ ਨੂੰ ਘੇਰਾ ਪਾ ਲਿਆ। ਉਸ ਸਮੇਂ ਬਾਬਾ ਬੰਦਾ ਸਿੰਘ ਬਹਾਦਰ ਨਾਲ ਹੋਰ ਸਿੰਘਾਂ ਸਮੇਤ ਬਾਬਾ ਆਲੀ ਸਿੰਘ ਵੀ ਮੌਜੂਦ ਸਨ। ਅੱਠ ਮਹੀਨਿਆਂ ਦੇ ਲੰਮੇ ਘੇਰੇ ਵਿਚ ਸਾਰੇ ਸਿੰਘ ਭੁੱਖ ਅਤੇ ਦੁੱਖ ਸਹਿੰਦੇ ਹੋਏ ਵੀ ਚੜ੍ਹਦੀ ਕਲਾ ਵਿਚ ਰਹੇ। ਦਸੰਬਰ 1715 ਈ: ਨੂੰ ਸ਼ਾਹੀ ਫ਼ੌਜਾਂ ਨੇ ਹਮਲਾ ਕਰਕੇ 300 ਸਿੰਘਾਂ ਨੂੰ ਉਥੇ ਹੀ ਸ਼ਹੀਦ ਕਰ ਦਿੱਤਾ ਅਤੇ ਬਾਕੀਆਂ ਨੂੰ ਗ੍ਰਿਫ਼ਤਾਰ ਕਰਕੇ ਦਿੱਲੀ ਲੈ ਆਏ। ਬਾਬਾ ਬੰਦਾ ਸਿੰਘ ਬਹਾਦਰ, ਭਾਈ ਬਾਜ ਸਿੰਘ, ਭਾਈ ਫ਼ਤਹਿ ਸਿੰਘ, ਬਾਬਾ ਆਲੀ ਸਿੰਘ ਨੂੰ ਮੀਰ ਆਤਿਸ਼ ਇਬਰਾਹੀਮ ਖ਼ਾਨ ਦੇ ਹਵਾਲੇ ਕੀਤਾ ਗਿਆ। ਇਨ੍ਹਾਂ ਨੂੰ ਬਹੁਤ ਘਿਨਾਉਣੇ ਤਸੀਹੇ ਦਿੱਤੇ ਗਏ ਪਰ ਕੋਈ ਵੀ ਆਪਣੇ ਧਰਮ ਤੋਂ ਨਾ ਡੋਲਿਆ।
9 ਜੂਨ, 1716 ਈ: ਨੂੰ ਬਾਬਾ ਬੰਦਾ ਸਿੰਘ ਅਤੇ ਉਨ੍ਹਾਂ ਦੇ 26 ਚੋਣਵੇਂ ਸਾਥੀਆਂ ਨੂੰ ਕਿਲ੍ਹੇ ਵਿਚੋਂ ਬਾਹਰ ਲਿਆਂਦਾ ਗਿਆ। ਇਨ੍ਹਾਂ ਵਿਚ ਭਾਈ ਆਲੀ ਸਿੰਘ ਵੀ ਸਨ। ਸਾਰਿਆਂ ਨੂੰ ਅਕਹਿ ਅਤੇ ਅਸਹਿ ਕਸ਼ਟ ਦੇ ਕੇ ਸ਼ਹੀਦ ਕਰ ਦਿੱਤਾ ਗਿਆ। ਪੰਥ ਪ੍ਰਕਾਸ਼ ਵਿਚ ਲਿਖਿਆ ਹੈ:
ਆਲੀ ਸਿੰਘ ਸਲੌਦੀ ਵਾਲੇ
ਉਹ ਭੀ ਮੋਏ ਬੰਦੇ ਕੇ ਨਾਲੇ।
ਬਾਬਾ ਜੀ ਦੀ ਔਲਾਦ ਅੱਜਕਲ੍ਹ ਸਲੌਦੀ ਪਿੰਡ ਵਿਚ ਵਸਦੀ ਹੈ।

ਧਾਰਮਿਕ ਆਜ਼ਾਦੀ ਅਤੇ ਅਧਿਕਾਰਾਂ ਦਾ ਪ੍ਰਤੀਕ-ਸ੍ਰੀ ਅਨੰਦਪੁਰ ਸਾਹਿਬ

(ਲੜੀ ਜੋੜਨ ਲਈ ਪਿਛਲੇ
ਮੰਗਲਵਾਰ ਦਾ ਅੰਕ ਦੇਖੋ)
ਰਤਨ ਸਿੰਘ ਭੰਗੂ ਬਾਦਸ਼ਾਹ ਔਰੰਗਜ਼ੇਬ ਦੀ ਧਾਰਮਿਕ ਨੀਤੀ ਦਾ ਪ੍ਰਗਟਾਵਾ ਕਰਦੇ ਹੋਏ ਲਿਖਦਾ ਹੈ:
ਹਿੰਦੋ ਹਿੰਦੂ ਨ੍ਰਿਬੀਜ ਹੈ ਕਰਨੇ,
ਸ਼ਾਹਿ ਨੁਰੰਗੈ ਯੌ ਲਿਖ ਬਰਨੇ।
ਤੁਰਕ ਪ੍ਰਿਥਮੇ ਹੈ ਬਾਹਮਨ ਕਰਨੇ,
ਔਰ ਹਿੰਦੂ ਹੈ ਪਾਛੇ ਫਰਨੇ।
ਅਨੰਦਪੁਰ ਸਾਹਿਬ ਅਜਿਹੀ ਸੋਚ ਦੇ ਵਿਰੋਧ ਦਾ ਪ੍ਰਤੀਕ ਹੈ। ਇਸੇ ਕਰ ਕੇ ਕਸ਼ਮੀਰੀ ਪੰਡਿਤ ਅਨੰਦਪੁਰ ਸਾਹਿਬ ਵਿਖੇ ਗੁਰੂ ਤੇਗ਼ ਬਹਾਦਰ ਜੀ ਦੀ ਸ਼ਰਨ ਆਏ ਸਨ। ਗੁਰੂ ਜੀ ਨੇ ਨਿਰਭਉ ਅਤੇ ਨਿਰਵੈਰ ਭਾਵ ਨਾਲ ਉਨ੍ਹਾਂ ਦੀ ਬਾਂਹ ਫੜੀ ਅਤੇ ਆਪਣਾ ਸਰੀਰ ਹਿੰਦੂ ਧਰਮ ਦੇ ਉਨ੍ਹਾਂ ਧਾਰਮਿਕ ਚਿੰਨ੍ਹਾਂ ਨੂੰ ਬਚਾਉਣ ਲਈ ਦੇ ਦਿੱਤਾ ਜਿਨ੍ਹਾਂ ਨੂੰ ਪਹਿਲੇ ਗੁਰੂ ਨਾਨਕ ਦੇਵ ਜੀ ਨੇ ਪਹਿਨਣ ਤੋਂ ਇਨਕਾਰ ਕਰ ਦਿੱਤਾ ਸੀ। ਇਸ ਦਾ ਅਰਥ ਇਹ ਹੋਇਆ ਕਿ ਭਾਵੇਂ ਗੁਰੂ ਜੀ ਨੂੰ ਹਿੰਦੂ ਧਰਮ ਵਿਚ ਕੁੱਝ ਗੱਲਾਂ ਕੇਵਲ ਫੋਕੇ ਕਰਮਕਾਂਡਾਂ ਦੇ ਰੂਪ ਵਿਚ ਦਿਖਾਈ ਦੇ ਰਹੀਆਂ ਸਨ ਪਰ ਫਿਰ ਵੀ ਉਹ ਚਾਹੁੰਦੇ ਸਨ ਕਿ ਹਰ ਇਕ ਵਿਅਕਤੀ ਨੂੰ ਆਪੋ-ਆਪਣੇ ਧਰਮ ਦੇ ਅਨੁਸਾਰ ਪੂਜਾ-ਪਾਠ ਅਤੇ ਹੋਰ ਧਾਰਮਿਕ ਕੰਮਾਂ ਦੀ ਅਜ਼ਾਦੀ ਹੋਣੀ ਚਾਹੀਦੀ ਹੈ।
ਇਸ ਤਰ੍ਹਾਂ ਗੁਰੂ ਸਾਹਿਬ ਨੇ ਉਨ੍ਹਾਂ ਦਿਨਾਂ ਵਿਚ ਧਰਮ ਦੀ ਅਜ਼ਾਦੀ ਦੀ ਗੱਲ ਕੀਤੀ ਜਦੋਂ ਹਕੂਮਤ ਇਸ ਬਾਰੇ ਸੁਣਨਾ ਅਤੇ ਸੋਚਣਾ ਵੀ ਪਾਪ ਸਮਝਦੀ ਸੀ। ਮੌਜੂਦਾ ਸਮੇਂ ਵਿਚ ਜਦੋਂ ਫਿਰ ਕਸ਼ਮੀਰੀ ਹਿੰਦੂਆਂ ਨੂੰ ਜਬਰ ਅਤੇ ਜ਼ੁਲਮ ਦਾ ਸਾਹਮਣਾ ਕਰਨਾ ਪਿਆ ਤਾਂ ਉਹ ਦੁਬਾਰਾ ਅਨੰਦਪੁਰ ਸਾਹਿਬ ਵਿਖੇ ਆਏ ਸਨ। 1995 ਵਿਚ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹਾਦਤ ਤੋਂ ਲਗਪਗ 320 ਸਾਲਾਂ ਬਾਅਦ 1500 ਕਸ਼ਮੀਰੀ ਹਿੰਦੂਆਂ, ਜਿਨ੍ਹਾਂ ਵਿਚ ਔਰਤਾਂ ਤੇ ਬੱਚੇ ਵੀ ਸ਼ਾਮਲ ਸਨ, ਨੇ ਆਪਣੇ ਉਤੇ ਹੋਣ ਵਾਲੇ ਜ਼ੁਲਮਾਂ ਤੋਂ ਬਚਣ ਲਈ ਅਨੰਦਪੁਰ ਸਾਹਿਬ ਨੂੰ ਯਾਦ ਕੀਤਾ। ਜਦੋਂ ਉਹ ਅਨੰਦਪੁਰ ਸਾਹਿਬ ਵਿਖੇ ਆਏ ਤਾਂ ਉਨ੍ਹਾਂ ਦੇ ਹੱਥਾਂ ਵਿਚ ਜਿਹੜੇ ਬੈਨਰ ਫੜੇ ਹੋਏ ਸਨ, ਉਨ੍ਹਾਂ 'ਤੇ ਲਿਖਿਆ ਹੋਇਆ ਸੀ 'ਗੁਰੂ ਤੇਗ਼ ਬਹਾਦਰ ਜੀ ਦਾ ਬਲਿਦਾਨ ਯਾਦ ਰੱਖੇਗਾ ਹਿੰਦੁਸਤਾਨ'।
ਇਸ ਵੱਡੇ ਕਾਫ਼ਲੇ ਦੇ ਰੂਪ ਵਿਚ ਆਏ ਸ਼ਰਨਾਰਥੀਆਂ ਨੇ ਗੁਰੂ ਤੇਗ ਬਹਾਦਰ ਜੀ ਦੇ ਮਹਾਨ ਬਲਿਦਾਨ ਲਈ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਮੌਜੂਦਾ ਸਮੇਂ ਵਿਚ ਉਨ੍ਹਾਂ 'ਤੇ ਹੋ ਰਹੇ ਜ਼ੁਲਮਾਂ ਨੂੰ ਠੱਲ੍ਹ ਪਾਉਣ ਲਈ ਹੌਂਸਲੇ ਅਤੇ ਤਾਕਤ ਲਈ ਅਰਦਾਸ ਵੀ ਕੀਤੀ। ਫਰਕ ਕੇਵਲ ਏਨਾ ਹੈ ਕਿ ਉਸ ਵੇਲੇ ਮੁਗ਼ਲਾਂ ਦਾ ਰਾਜ ਸੀ ਪਰ ਹੁਣ ਦੇਸ਼ ਆਜ਼ਾਦ ਹੈ ਅਤੇ ਦੇਸ਼ ਦੀ ਆਜ਼ਾਦੀ ਤੋਂ ਬਾਅਦ ਵੀ ਜਦੋਂ ਉਹ ਇਸ ਧਰਮ-ਨਿਰਪੱਖ ਦੇਸ਼ ਦੇ ਵਸਨੀਕ ਹਨ ਤਾਂ ਉਨ੍ਹਾਂ ਨੂੰ ਆਪਣੇ ਜਾਨ-ਮਾਲ ਦੀ ਰਾਖੀ ਲਈ ਗੁਰੂ ਜੀ ਦੀ ਸ਼ਰਨ ਆਉਣਾ ਪਿਆ। ਇਸ ਉਪਰੋਕਤ ਕਥਨ ਤੋਂ ਇਕ ਹੋਰ ਗੱਲ ਸਾਹਮਣੇ ਆਉਂਦੀ ਹੈ ਕਿ ਇੰਨੇ ਸਾਲਾਂ ਬਾਅਦ ਵੀ ਉਹ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੁਆਰਾ ਉਨ੍ਹਾਂ (ਹਿੰਦੂਆਂ) ਦੇ ਧਰਮ ਚਿੰਨ੍ਹਾਂ ਦੀ ਰਖਵਾਲੀ ਲਈ ਦਿੱਤੇ ਬਲਿਦਾਨ ਨੂੰ ਭੁੱਲੇ ਨਹੀਂ ਅਤੇ ਇਹ ਯਾਦ ਅੱਜ ਵੀ ਉਨ੍ਹਾਂ ਦੇ ਮਨਾਂ ਵਿਚ ਸਮਾਈ ਹੋਈ ਹੈ।
ਗੁਰੂ ਜੀ ਦਾ ਮਹਾਨ ਬਲਿਦਾਨ ਅੱਜ ਵੀ ਧਰਮ ਦੀ ਸਹੀ ਸਪਿਰਟ ਨੂੰ ਸਮਝਣ ਵਾਲੇ ਵਿਅਕਤੀਆਂ ਲਈ ਮਾਰਗ ਦਰਸ਼ਨ ਦਾ ਕੰਮ ਕਰ ਰਿਹਾ ਹੈ। ਮੌਜੂਦਾ ਸਮੇਂ ਵਿਚ ਜਦੋਂ ਅਸੀਂ ਵਿਭਿੰਨ ਧਰਮਾਂ ਅਤੇ ਵਿਸ਼ਵਾਸਾਂ ਵਾਲੇ ਸਮਾਜ ਦਾ ਅੰਗ ਹਾਂ ਅਤੇ ਸਮਾਜ ਨੂੰ ਅੱਗੇ ਵੱਧਦੇ ਹੋਏ ਦੇਖਣਾ ਚਾਹੁੰਦੇ ਹਾਂ। ਅਸੀਂ ਚਾਹੁੰਦੇ ਹਾਂ ਕਿ ਸਾਨੂੰ ਵੀ ਵਿਕਸਤ ਮੁਲਕਾਂ ਵਾਲੀਆਂ ਸਹੂਲਤਾਂ ਪ੍ਰਾਪਤ ਹੋਣ; ਸਾਡਾ ਦੇਸ਼ ਵੀ ਆਰਥਿਕ ਅਤੇ ਵਿਗਿਆਨਕ ਤਰੱਕੀ ਦੀਆਂ ਬੁਲੰਦੀਆਂ ਨੂੰ ਛੂਹੇ; ਸਾਡੇ ਬੱਚੇ ਰੁਜ਼ਗਾਰ ਪ੍ਰਾਪਤ ਕਰਨ ਲਈ ਬਾਹਰ ਜਾ ਰਹੇ ਹਨ ਅਤੇ ਇਥੇ ਹੀ ਅਜਿਹਾ ਮਾਹੌਲ ਪੈਦਾ ਹੋਵੇ ਕਿ ਅਸੀਂ ਪੀੜ੍ਹੀਆਂ ਤੱਕ ਇਸ ਮੁਲਕ ਦੀ ਤਰੱਕੀ ਵਿਚ ਹਿੱਸਾ ਪਾਉਂਦੇ ਰਹੀਏ। ਸੋ ਸਾਡੇ ਲਈ ਇਹ ਬਹੁਤ ਹੀ ਜ਼ਰੂਰੀ ਹੈ ਕਿ ਆਪਸੀ ਸਦਭਾਵਨਾ, ਸੁਹਿਰਦਤਾ, ਸਹਿਹੋਂਦ ਅਤੇ ਸਚਾਈ ਵਾਲਾ ਮਾਹੌਲ ਕਾਇਮ ਹੋਵੇ ਕਿਉਂਕਿ ਧਰਮ ਦੇ ਨਾਂਅ 'ਤੇ ਸ਼ੁਰੂ ਹੋਇਆ ਕੋਈ ਵੀ ਵਿਵਾਦ ਵੱਡੇ ਸੰਕਟ ਦਾ ਕਾਰਨ ਬਣ ਸਕਦਾ ਅਤੇ ਇਹ ਸਦੀਆਂ ਤੱਕ ਸਾਡੇ ਲਈ ਪੀੜਾਦਾਇਕ ਸਾਬਤ ਹੋ ਸਕਦਾ ਹੈ। ਅਨੰਦਪੁਰ ਸਾਹਿਬ ਵਿਖੇ ਗੁਰੂ ਸਾਹਿਬਾਨ ਦੁਆਰਾ ਪ੍ਰਦਾਨ ਕੀਤਾ ਗਿਆ ਧਰਮ ਦਾ ਸੰਦੇਸ਼ ਅੱਜ ਵੀ ਲਾਹੇਵੰਦ ਹੈ ਜਿਹੜਾ ਕਿ ਸਮਾਜ ਦੀਆਂ ਤੰਗ ਵਲਗਣਾਂ ਤੋਂ ਦੂਰ ਕਰ ਕੇ ਪ੍ਰੇਮ ਅਤੇ ਭਾਈਚਾਰੇ ਵਾਲੀ ਭਾਵਨਾ ਦਾ ਸੁਨੇਹਾ ਦਿੰਦਾ ਹੈ। (ਸਮਾਪਤ)


-ਸਿੱਖ ਵਿਸ਼ਵਕੋਸ਼ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਜਨਮ ਦਿਨ 'ਤੇ ਵਿਸ਼ੇਸ਼

ਉੱਘੇ ਸਿੱਖ ਆਗੂ ਸ: ਤੇਜਾ ਸਿੰਘ ਸਮੁੰਦਰੀ ਨੂੰ ਯਾਦ ਕਰਦਿਆਂ...

ਗੁਰਦੁਆਰਾ ਸੁਧਾਰ ਲਹਿਰ ਦੇ ਸਿਦਕੀ ਸਿੱਖ ਆਗੂ ਸ: ਤੇਜਾ ਸਿੰਘ ਸਮੁੰਦਰੀ ਨੇ ਜਿਸ ਦ੍ਰਿੜ੍ਹਤਾ, ਸਾਦਗੀ, ਸਿਦਕਦਿਲੀ ਅਤੇ ਨਿਸ਼ਕਾਮ ਸੇਵਕ ਵਜੋਂ ਜਿਹੜਾ ਮਹਾਨ ਯੋਗਦਾਨ ਪਾਇਆ, ਉਸ ਨੂੰ ਕੌਮ ਕਦੇ ਵੀ ਭੁੱਲ ਨਹੀਂ ਸਕਦੀ। ਸ: ਤੇਜਾ ਸਿੰਘ ਦਾ ਜਨਮ ਪਿਤਾ ਰਿਸਾਲਦਾਰ ਮੇਜਰ ਸ: ਦੇਵਾ ਸਿੰਘ ਅਤੇ ਮਾਤਾ ਨੰਦ ਕੌਰ ਦੇ ਗ੍ਰਹਿ ਵਿਖੇ ਉਸ ਸਮੇਂ ਦੇ ਜ਼ਿਲ੍ਹਾ ਅੰਮ੍ਰਿਤਸਰ ਦੀ ਤਹਿਸੀਲ ਤਰਨ ਤਾਰਨ ਦੇ ਪਿੰਡ ਰਾਇ ਕਾ ਬੁਰਜ ਵਿਖੇ 20 ਫਰਵਰੀ, 1882 ਈ: ਨੂੰ ਹੋਇਆ। ਬਚਪਨ ਤੋਂ ਸ: ਤੇਜਾ ਸਿੰਘ ਦੀ ਰੁਚੀ ਧਾਰਮਿਕ ਅਤੇ ਸਮਾਜਿਕ ਕਾਰਜਾਂ ਵਿਚ ਸੀ। ਚੀਫ਼ ਖ਼ਾਲਸਾ ਦੀਵਾਨ ਦੇ ਮੈਂਬਰ ਵਜੋਂ ਧਾਰਮਿਕ ਖੇਤਰ ਵਿਚ ਪ੍ਰਵੇਸ਼ ਕੀਤਾ। ਆਪਣੇ ਸ਼ਹਿਰ ਸਮੁੰਦਰੀ ਵਿਚ ਸਭ ਤੋਂ ਪਹਿਲਾਂ ਖ਼ਾਲਸਾ ਦੀਵਾਨ ਕਾਇਮ ਕੀਤਾ। ਇਸ ਤੋਂ ਪਿੱਛੋਂ ਹੋਰ ਬਹੁਤ ਸਾਰੀਆਂ ਸਿੱਖ ਸੰਸਥਾਵਾਂ ਨੂੰ ਇਕੱਠਾ ਕਰਕੇ 'ਖ਼ਾਲਸਾ ਦੀਵਾਨ ਬਾਰ' ਦੀ ਸਥਾਪਨਾ ਕੀਤੀ।
ਆਪਣੇ ਪਿੰਡ ਵਿਚ ਖ਼ਾਲਸਾ ਹਾਈ ਸਕੂਲ ਅਤੇ ਸਰਹਾਲੀ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਖ਼ਾਲਸਾ ਹਾਈ ਸਕੂਲ ਦੀ ਸਥਾਪਨਾ ਕਰਕੇ ਲੋਕਾਂ ਨੂੰ ਸਿੱਖਿਅਤ ਕਰਨ ਲਈ ਵੱਡਾ ਉੱਦਮ ਕੀਤਾ। ਸ੍ਰੀ ਨਨਕਾਣਾ ਸਾਹਿਬ ਦੇ ਖ਼ੂਨੀ ਸਾਕੇ ਤੋਂ ਬਾਅਦ ਜਿਹੜੀ ਪ੍ਰਬੰਧਕ ਕਮੇਟੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਅਸਥਾਨ ਦੇ ਪ੍ਰਬੰਧ ਲਈ ਬਣੀ, ਉਸ ਵਿਚ ਬਤੌਰ ਮੈਂਬਰ ਸ਼ਾਮਿਲ ਕੀਤਾ ਗਿਆ। ਨਵੇਂ ਬਣੇ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਿਲ ਹੋ ਕੇ ਛੇਤੀ ਹੀ ਅਖ਼ਬਾਰ 'ਅਕਾਲੀ ਪੱਤ੍ਰਿਕਾ' ਦੀ ਪ੍ਰਕਾਸ਼ਨਾ ਸ਼ੁਰੂ ਕੀਤੀ। ਇਸ ਅਖ਼ਬਾਰ ਲਈ ਮਾਇਕ ਸਹਾਇਤਾ ਵੀ ਦਿਲ ਖੋਲ੍ਹ ਕੇ ਕੀਤੀ। ਜਦੋਂ ਸ੍ਰੀ ਰਕਾਬਗੰਜ ਦਿੱਲੀ ਵਿਖੇ ਮੋਰਚਾ ਆਰੰਭ ਹੋਇਆ ਤਾਂ ਤੇਜਾ ਸਿੰਘ ਸਮੁੰਦਰੀ ਨੇ ਇਕ ਸੌ ਇਕ ਸਿੰਘਾਂ ਦੇ ਜਥੇ ਸਮੇਤ ਗ੍ਰਿਫ਼ਤਾਰੀ ਲਈ ਆਪਣਾ ਨਾਂਅ ਪੇਸ਼ ਕੀਤਾ। ਉਹ ਗੁਰਦੁਆਰਾ ਸੁਧਾਰ ਲਹਿਰ ਦੇ ਸਰਗਰਮ ਆਗੂ ਵਜੋਂ ਹਮੇਸ਼ਾ ਮੋਹਰੀ ਆਗੂ ਵਜੋਂ ਵਿਚਰੇ। 13 ਅਕਤੂਬਰ, 1923 ਈ: ਨੂੰ ਜੈਤੋ ਦੇ ਮੋਰਚੇ ਸਮੇਂ ਗ੍ਰਿਫ਼ਤਾਰੀ ਦਿੱਤੀ। 1925 ਈ: ਵਿਚ ਜਦੋਂ ਭਾਰਤ ਵਿਚ ਹਕੂਮਤ ਕਰ ਰਹੀ ਅੰਗਰੇਜ਼ ਸਰਕਾਰ ਨੇ ਗੁਰਦੁਆਰਾ ਐਕਟ ਪਾਸ ਕੀਤਾ, ਉਸ ਸਮੇਂ ਗੁਰਦੁਆਰਾ ਸੁਧਾਰ ਲਹਿਰ ਲਈ ਸੰਘਰਸ਼ ਕਰ ਰਹੇ ਸਿੱਖ ਆਗੂ ਦੋ ਧੜਿਆਂ ਵਿਚ ਵੰਡੇ ਗਏ। ਜਿਹੜੇ ਸੰਘਰਸ਼ ਕਰ ਰਹੇ ਸਿੱਖ ਆਗੂਆਂ ਨੇ ਗੁਰਦੁਆਰਾ ਐਕਟ ਨੂੰ ਪ੍ਰਵਾਨ ਨਹੀਂ ਸੀ ਕੀਤਾ, ਉਨ੍ਹਾਂ ਜੇਲ੍ਹ ਵਿਚੋਂ ਰਿਹਾਅ ਹੋਣ ਤੋਂ ਇਨਕਾਰ ਕਰ ਦਿੱਤਾ। ਸ: ਤੇਜਾ ਸਿੰਘ ਵੀ ਰਿਹਾਅ ਹੋਣ ਤੋਂ ਇਨਕਾਰ ਕਰਨ ਵਾਲੇ ਆਗੂਆਂ ਵਿਚ ਸ਼ਾਮਿਲ ਸਨ। ਦਲੇਰੀ ਤੇ ਸਿਦਕਦਿਲੀ ਕਰਕੇ ਸ: ਤੇਜਾ ਸਿੰਘ ਸਮੁੰਦਰੀ ਦਾ ਸਤਿਕਾਰ ਸਮੁੱਚਾ ਸਿੱਖ ਜਗਤ ਕਰਦਾ ਸੀ।
ਅੰਗਰੇਜ਼ ਹਕੂਮਤ ਵੱਲੋਂ ਜੇਲ੍ਹ ਵਿਚ ਤੰਗੀਆਂ-ਤੁਰਸ਼ੀਆਂ ਵਾਲਾ ਜੀਵਨ ਬਤੀਤ ਕਰਦਿਆਂ 18 ਜੁਲਾਈ, 1926 ਈ: ਨੂੰ 44 ਕੁ ਸਾਲ ਦੀ ਉਮਰ ਵਿਚ ਦਿਲ ਦਾ ਦੌਰਾ ਪਿਆ। ਇਸ ਮਾਰੂ ਹੱਲੇ ਨਾਲ ਇਸ ਫ਼ਾਨੀ ਸੰਸਾਰ ਨੂੰ ਛੱਡ ਕੇ ਉਹ ਸਦੀਵੀ ਵਿਛੋੜਾ ਦੇ ਗਏ। ਸ: ਤੇਜਾ ਸਿੰਘ ਸਮੁੰਦਰੀ ਦੀ ਯਾਦ ਨੂੰ ਹਮੇਸ਼ਾ ਲਈ ਬਰਕਰਾਰ ਰੱਖਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੇ ਸਕੱਤਰੇਤ ਲਈ ਬਣਾਈ ਇਮਾਰਤ ਦਾ ਨਾਂਅ 'ਤੇਜਾ ਸਿੰਘ ਸਮੁੰਦਰੀ ਹਾਲ' ਰੱਖਿਆ। ਸ: ਤੇਜਾ ਸਿੰਘ ਸਮੁੰਦਰੀ ਦੇ ਸਪੁੱਤਰ ਸ: ਬਿਸ਼ਨ ਸਿੰਘ ਸਮੁੰਦਰੀ ਨੂੰ 1969 ਈ: ਵਿਚ ਨਵੀਂ ਬਣੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਪਹਿਲਾ ਵਾਈਸ ਚਾਂਸਲਰ ਬਣਾਇਆ ਗਿਆ। ਅੱਜ ਇਸ ਮਹਾਨ ਸਿੱਖ ਆਗੂ ਦੀ ਕੇਵਲ ਯਾਦ ਹੀ ਬਾਕੀ ਹੈ।


Email : bhagwansinghjohal@gmail.com

ਬਟਾਲੇ ਤੋਂ ਲਾਹੌਰ ਤੱਕ ਫ਼ਤਹਿ ਦੀ ਲਲਕਾਰ...

ਰਣਜੀਤ ਸਿੰਘ ਨੂੰ 'ਸ਼ੇਰ-ਏ-ਪੰਜਾਬ' ਬਣਾਉਣ ਵਾਲੀ ਦਲੇਰ ਸਿੱਖ ਔਰਤ ਸਦਾ ਕੌਰ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਸੰਨ 1789 ਵਿਚ ਕਨ੍ਹਈਆ ਮਿਸਲ ਦੇ ਮੁਖੀ ਜੈ ਸਿੰਘ ਦਾ 81 ਸਾਲ ਦੀ ਉਮਰ ਵਿਚ ਬਟਾਲਾ ਵਿਖੇ ਦਿਹਾਂਤ ਹੋ ਜਾਂਦਾ ਹੈ। ਆਪਣੇ ਸਹੁਰੇ ਦੀ ਮੌਤ ਤੋਂ ਬਾਅਦ ਸਦਾ ਕੌਰ ਕਨ੍ਹਈਆ ਮਿਸਲ ਦੀ ਮੁਖੀ ਬਣ ਜਾਂਦੀ ਹੈ। ਉਸ ਸਮੇਂ ਕਨ੍ਹਈਆ ਮਿਸਲ ਕੋਲ 8000 ਦੇ ਕਰੀਬ ਤਾਕਤਵਰ ਘੋੜ ਸਵਾਰ ਫ਼ੌਜੀ ਸਨ, ਜਿਸ ਦੀ ਉਹ ਕਮਾਂਡਰ ਬਣ ਜਾਂਦੀ ਹੈ। ਓਧਰ ਸੰਨ 1790 ਵਿਚ ਸ਼ੁਕਰਚੱਕੀਆ ਮਿਸਲ ਦੇ ਮੁਖੀ ਅਤੇ ਰਣਜੀਤ ਸਿੰਘ ਦੇ ਪਿਤਾ ਮਹਾਂ ਸਿੰਘ ਦਾ ਦਿਹਾਂਤ ਹੋ ਜਾਂਦਾ ਹੈ। ਉਸ ਸਮੇਂ ਰਣਜੀਤ ਸਿੰਘ ਦੀ ਉਮਰ ਮਹਿਜ਼ 10 ਸਾਲ ਦੀ ਸੀ। ਆਪਣੇ ਪਿਤਾ ਦੇ ਦਿਹਾਂਤ ਤੋਂ ਬਾਅਦ ਰਣਜੀਤ ਸਿੰਘ ਸ਼ੁਕਰਚੱਕੀਆ ਮਿਸਲ ਦਾ ਮੁਖੀ ਬਣ ਜਾਂਦਾ ਹੈ। ਸਦਾ ਕੌਰ ਜੋ ਕਿ ਕਨ੍ਹਈਆ ਮਿਸਲ ਦੀ ਮੁਖੀ ਹੁੰਦੀ ਹੈ ਆਪਣੇ ਜਵਾਈ ਰਣਜੀਤ ਸਿੰਘ ਦੀ ਵੀ ਸਰਪ੍ਰਸਤ ਬਣ ਜਾਂਦੀ ਹੈ, ਜਿਸ ਤੋਂ ਬਾਅਦ ਸਦਾ ਕੌਰ ਦੇ ਹੱਥਾਂ ਵਿਚ ਕਨ੍ਹਈਆ ਮਿਸਲ ਦੇ ਨਾਲ ਸ਼ੁਕਰਚੱਕੀਆ ਮਿਸਲ ਦਾ ਕੰਟਰੋਲ ਵੀ ਆ ਜਾਂਦਾ ਹੈ।
ਸਦਾ ਕੌਰ ਬੜੀ ਬਹਾਦਰ ਅਤੇ ਪ੍ਰਗਤੀਸ਼ੀਲ ਸੋਚ ਵਾਲੀ ਔਰਤ ਸੀ ਅਤੇ ਉਸ ਨੇ ਬੜੀ ਸਿਆਣਪ ਤੇ ਬਹਾਦਰੀ ਨਾਲ ਕਨ੍ਹਈਆ ਤੇ ਸ਼ੁਕਰਚੱਕੀਆ ਮਿਸਲਾਂ ਨੂੰ ਰਣਜੀਤ ਸਿੰਘ ਦੀ ਸੱਤਾ ਨੂੰ ਅੱਗੇ ਵਧਾਉਣ ਲਈ ਵਰਤਿਆ। 1796 ਵਿਚ ਅਫਗਾਨਿਸਤਾਨ ਦੇ ਸ਼ਾਹ ਜਮਾਨ ਨੇ 30000 ਫ਼ੌਜ ਨਾਲ ਪੰਜਾਬ 'ਤੇ ਹੱਲਾ ਬੋਲ ਦਿੱਤਾ। ਕੋਈ ਉਨ੍ਹਾਂ ਦੇ ਰਸਤੇ ਵਿਚ ਖੜ੍ਹਾ ਨਹੀਂ ਹੋਇਆ ਪਰ ਰਾਣੀ ਸਦਾ ਕੌਰ ਉਸਦੇ ਰਸਤੇ ਵਿਚ ਚਟਾਨ ਬਣ ਕੇ ਖੜ੍ਹੀ ਹੋ ਗਈ। ਉਸਨੇ ਆਪਣੇ 16 ਸਾਲਾ ਜਵਾਈ ਰਣਜੀਤ ਸਿੰਘ ਨਾਲ ਰਲ ਕੇ ਅਫ਼ਗਾਨੀਆਂ ਦਾ ਟਾਕਰਾ ਕੀਤਾ ਜਿਸ ਵਿਚ ਅਫ਼ਗਾਨੀਆਂ ਨੂੰ ਮੈਦਾਨ ਛੱਡ ਕੇ ਨੱਸਣਾ ਪਿਆ। ਇਸੇ ਸਮੇਂ ਦੌਰਾਨ ਭੰਗੀ ਮਿਸਲ ਦਾ ਲਾਹੌਰ ਉੱਪਰ ਕਬਜ਼ਾ ਸੀ। ਰਾਣੀ ਸਦਾ ਕੌਰ ਨੇ ਆਪਣੇ ਜਵਾਈ ਰਣਜੀਤ ਸਿੰਘ ਨੂੰ ਕਿਹਾ ਕਿ ਜਿਹੜਾ ਲਾਹੌਰ ਦਾ ਮਾਲਕ ਹੁੰਦਾ, ਉਹ ਫਿਰ ਸਾਰੇ ਪੰਜਾਬ ਦਾ ਮਾਲਕ ਹੋ ਜਾਂਦਾ ਹੈ। ਸਦਾ ਕੌਰ ਨੇ ਰਣਜੀਤ ਸਿੰਘ ਨੂੰ ਨਾਲ ਲੈ ਸੰਨ 1799 ਨੂੰ ਲਾਹੌਰ ਉੱਪਰ ਹੱਲਾ ਬੋਲਿਆ ਅਤੇ ਲਾਹੌਰ ਦੇ ਸ਼ਾਹੀ ਕਿਲ੍ਹੇ ਉੱਪਰ ਕਬਜ਼ਾ ਕਰ ਲਿਆ। ਇਸ ਤੋਂ ਬਾਅਦ ਰਾਣੀ ਸਦਾ ਕੌਰ ਨੇ ਰਣਜੀਤ ਸਿੰਘ ਨੂੰ ਪੰਜਾਬ ਦਾ ਮਹਾਰਾਜਾ ਬਣਾ ਦਿੱਤਾ। ਅੰਮ੍ਰਿਤਸਰ, ਚਨਿਓਟ, ਕਸੂਰ, ਅਟਕ ਅਤੇ ਹਜਾਰਾ ਦੀਆਂ ਲੜਾਈਆਂ ਸਮੇਂ ਸਦਾ ਕੌਰ ਰਣਜੀਤ ਸਿੰਘ ਨਾਲ ਸੀ ਅਤੇ ਉਸ ਨੇ ਖੁਦ ਬੜੀ ਬਹਾਦਰੀ ਨਾਲ ਇਹ ਸਾਰੀਆਂ ਜੰਗਾਂ ਲੜੀਆਂ। ਕਹਿੰਦੇ ਹਨ ਕਿ 1807 ਵਿਚ ਜਦੋਂ ਰਣਜੀਤ ਸਿੰਘ ਨੇ ਦੂਜਾ ਵਿਆਹ ਕਰਵਾ ਲਿਆ ਤਾਂ ਇਹ ਗੱਲ ਸਦਾ ਕੌਰ ਨੂੰ ਚੰਗੀ ਨਾ ਲੱਗੀ। ਉਸਦੇ ਮਹਾਰਾਜਾ ਰਣਜੀਤ ਸਿੰਘ ਨਾਲ ਰਿਸ਼ਤੇ ਟੁੱਟਣੇ ਸ਼ੁਰੂ ਹੋ ਗਏ ਅਤੇ ਉਹ ਫਿਰ ਆਪਣੀ ਮਿਸਲ ਦੇ ਦਮ ਉਪਰ ਰਾਜ ਕਰਨ ਦੀ ਸੋਚਣ ਲੱਗੀ। ਮਹਾਰਾਜਾ ਰਣਜੀਤ ਸਿੰਘ ਨੇ ਜਦੋਂ ਇਹ ਮਹਿਸੂਸ ਕੀਤਾ ਤਾਂ ਉਨ੍ਹਾਂ ਨੇ ਰਾਣੀ ਸਦਾ ਕੌਰ ਨੂੰ ਲਾਹੌਰ ਵਿਖੇ ਨਜ਼ਰਬੰਦ ਕਰ ਦਿੱਤਾ ਅਤੇ ਉਸਦੀ ਬਟਾਲਾ ਸਥਿਤ ਜਗੀਰ ਉਸਦੇ ਦੋਹਤਰੇ ਅਤੇ ਮਹਿਤਾਬ ਕੌਰ ਦੇ ਪੁੱਤਰ ਸ਼ੇਰ ਸਿੰਘ ਨੂੰ ਸੌਂਪ ਦਿੱਤੀ। ਮਜ਼ਬੂਤ ਖ਼ਾਲਸਾ ਰਾਜ ਕਾਇਮ ਕਰਨ ਵਿਚ ਆਪਣਾ ਯੋਗਦਾਨ ਦੇਣ ਵਾਲੀ ਰਾਣੀ ਸਦਾ ਕੌਰ ਦਾ ਸੰਨ 1832 'ਚ ਲਾਹੌਰ ਵਿਚ ਦਿਹਾਂਤ ਹੋ ਗਿਆ। ਰਣਜੀਤ ਸਿੰਘ ਨੂੰ 'ਸ਼ੇਰ-ਏ-ਪੰਜਾਬ' ਦਾ ਰੁਤਬਾ ਦਿਵਾਉਣ ਵਾਲੀ ਦਲੇਰ ਔਰਤ ਸਦਾ ਕੌਰ ਭਾਵੇਂ ਕਰੀਬ 200 ਸਾਲ ਪਹਿਲਾਂ ਸਦਾ ਲਈ ਇਸ ਜਹਾਨ ਤੋਂ ਰੁਖ਼ਸਤ ਹੋ ਗਈ ਸੀ ਪਰ ਜੰਗ ਦੇ ਮੈਦਾਨ ਵਿਚ ਮਾਰੀਆਂ ਉਸ ਦੀਆਂ ਤੇਗਾਂ ਦੀ ਗੂੰਜ ਸਦਾ ਇਤਿਹਾਸ ਵਿਚ ਗੂੰਜਦੀ ਰਹੇਗੀ। ਬਟਾਲਾ ਵਾਸੀਆਂ ਨੂੰ ਆਪਣੀ ਰਾਣੀ ਸਦਾ ਕੌਰ ਉੱਪਰ ਮਾਣ ਹੈ ਜਿਸਨੇ ਬੜੀ ਬਹਾਦਰੀ ਨਾਲ ਮਜ਼ਬੂਤ ਸਿੱਖ ਰਾਜ ਕਾਇਮ ਕਰਨ ਵਿਚ ਆਪਣਾ ਯੋਗਦਾਨ ਪਾਇਆ। ਆਓ! ਬਟਾਲਾ ਵਿਖੇ ਰਾਣੀ ਸਦਾ ਕੌਰ ਦੇ ਰਾਜ ਦੀਆਂ ਨਿਸ਼ਾਨੀਆਂ ਨੂੰ ਸੰਭਾਲੀਏ ਅਤੇ ਨੌਜਵਾਨਾਂ ਨੂੰ ਇਸ ਬਾਰੇ ਦੱਸੀਏ।
(ਸਮਾਪਤ)


-ਪਿੰਡ ਹਰਪੁਰਾ, ਤਹਿਸੀਲ: ਬਟਾਲਾ, ਜ਼ਿਲ੍ਹਾ ਗੁਰਦਾਸਪੁਰ।
ਮੋਬਾਈਲ : 98155-77574

ਮੇਲੇ 'ਤੇ ਵਿਸ਼ੇਸ਼

ਸਿੱਖ ਇਤਿਹਾਸ ਦਾ ਸਭ ਤੋਂ ਲੰਮਾ ਮੋਰਚਾ : ਜੈਤੋ ਦਾ ਮੋਰਚਾ

ਜੈਤੋ ਦਾ ਮੋਰਚਾ ਸਿੱਖ ਇਤਿਹਾਸ ਦਾ ਇਹ ਸ਼ਾਂਤਮਈ ਮੋਰਚਾ ਸਾਰੇ ਸਿੱਖ ਮੋਰਚਿਆਂ ਤੋਂ ਲੰਮਾਂ ਸਮਾਂ (ਪੌਣੇ ਦੋ ਸਾਲ ਤੋਂ ਵੀ ਵੱਧ) ਜਾਰੀ ਰਿਹਾ ਅਤੇ ਇਸ ਮੋਰਚੇ ਦੀ ਸਭ ਤੋਂ ਵੱਡੀ ਪ੍ਰਾਪਤੀ ਇਹ ਰਹੀ ਕਿ ਉਸ ਵੇਲੇ ਦੀ ਅੰਗਰੇਜ਼ੀ ਹਕੂਮਤ ਨੂੰ 'ਗੁਰਦੁਆਰਾ ਐਕਟ' ਬਣਾਉਣ ਲਈ ਮਜਬੂਰ ਹੋਣਾ ਪਿਆ। ਇਸੇ ਐਕਟ ਦੇ ਅਧੀਨ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੌਜੂਦਾ ਸਰੂਪ ਹੋਂਦ ਵਿਚ ਆਇਆ। ਇਸ ਮੋਰਚੇ ਦਾ ਆਰੰਭ 8 ਜੂਨ 1923 ਨੂੰ ਉਸ ਵੇਲੇ ਹੋਇਆ ਜਦੋਂ ਅੰਗਰੇਜ਼ੀ ਹਕੂਮਤ ਸ੍ਰੀ ਰਿਪੁਦਮਨ ਸਿੰਘ ਨੂੰ ਨਾਭਾ ਦੀ ਗੱਦੀ ਤੋਂ ਜਬਰੀ ਲਾਹ ਕੇ ਰਿਆਸਤ ਵਿਚੋਂ ਕੱਢ ਦਿੱਤਾ। ਇਸ ਘਟਨਾ ਵਿਰੁੱਧ ਸਾਰੇ ਸਿੱਖ ਜਗਤ ਵਿਚ ਰੋਸ ਦੀ ਲਹਿਰ ਫੈਲਣੀ ਕੁਦਰਤੀ ਸੀ ਕਿਉਂਕਿ ਮਹਾਰਾਜਾ ਨਾਭਾ ਸਿੱਖਾਂ ਵਿਚ ਬਹੁਤ ਹਰਮਨ ਪਿਆਰੇ ਹੋ ਚੁੱਕੇ ਸਨ। ਅੰਗਰੇਜ਼ੀ ਹਕੂਮਤ ਦੀ ਇਸ ਕਾਰਵਾਈ ਦਾ ਵਿਰੋਧ ਕਰਨ ਲਈ ਹੀ 5 ਅਗਸਤ 1923 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ 'ਚ ਕੋਈ ਬੈਠਕ ਵਿਚ ਮਹਾਰਾਜਾ ਰਿਪੁਦਮਨ ਸਿੰਘ ਪ੍ਰਤੀ ਹਮਦਰਦੀ ਦਾ ਮਤਾ ਪਾਸ ਕਰ ਕੇੇ 9 ਸਤੰਬਰ ਨੂੰ ਮਹਾਰਾਜਾ ਦੇ ਹੱਕ ਵਿਚ ਨਾਭਾ ਦਿਵਸ ਮਨਾਉਣ ਦਾ ਐਲਾਨ ਕੀਤਾ ਗਿਆ। ਅੰਗਰੇਜ਼ੀ ਹਕੂਮਤ ਵੱਲੋਂ ਮਹਾਰਾਜੇ ਦੇ ਸਬੰਧ ਵਿਚ ਕੋਈ ਵੀ ਮਤਾ ਪਾਸ ਕਰਨ ਦੀ ਆਗਿਆ ਨਾ ਹੋਣ ਦੇ ਬਾਵਜੂਦ ਸਿੱਖ ਸੰਗਤਾਂ ਵੱਲੋਂ ਪੰਜਾਬ ਭਰ ਵਿਚ ਥਾਂ-ਥਾਂ ਮੁਜ਼ਾਹਰੇ ਕੀਤੇ ਗਏ ਅਤੇ ਮਹਾਰਾਜਾ ਦੀ ਬਹਾਲੀ ਦੇ ਮਤੇ ਪਾਸ ਕੀਤੇ ਗਏ। ਜੈਤੋ ਮੰਡੀ ਵਿਚ ਵੀ ਅਜਿਹਾ ਮੁਜ਼ਾਹਰਾ ਕਰਨ ਉਪਰੰਤ ਗੁਰਦੁਆਰਾ ਪਾਤਸ਼ਾਹੀ ਦਸਵੀਂ ਸ੍ਰੀ ਗੰਗਸਰ ਸਾਹਿਬ ਵਿਖੇ ਦੀਵਾਨ ਸਜਾਇਆ ਗਿਆ ਅਤੇ ਸ੍ਰੀ ਅਖੰਡ ਪਾਠਾਂ ਦੀ ਲੜੀ ਆਰੰਭ ਕੀਤੀ ਗਈ।
ਜੈਤੋ ਵਿਖੇ ਸ੍ਰੀ ਅਖੰਡ ਪਾਠਾਂ ਦੀ ਲੜੀ ਨੂੰ ਹਕੂਮਤ ਨੇ ਵੱਡੀ ਬਗ਼ਾਵਤ ਦੇ ਤੌਰ 'ਤੇ ਲਿਆ ਅਤੇ 14 ਸਤੰਬਰ ਨੂੰ ਅੰਗਰੇਜ਼ੀ ਹਕੂਮਤ ਦੇ ਹਥਿਆਰਬੰਦ ਸਿਪਾਹੀਆਂ ਨੇ ਗੁਰਦੁਆਰੇ ਅੰਦਰ ਦਾਖ਼ਲ ਹੋ ਕੇ ਉਥੇ ਇਕੱਤਰ ਹੋਏ ਲੋਕਾਂ ਅਤੇ ਸੇਵਾਦਾਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਪਾਠ ਕਰ ਰਹੇ ਗ੍ਰੰਥੀ ਸਿੰਘ ਨੂੰ ਬਾਹਰ ਖਿੱਚ ਲਿਆਂਦਾ। ਸ੍ਰੀ ਅਖੰਡ ਪਾਠ ਸਾਹਿਬ ਨੂੰ ਖੰਡਿਤ ਕਰ ਦਿੱਤਾ ਗਿਆ। ਇਹ ਸਿੱਖਾਂ ਮਰਯਾਦਾ ਦੀ ਘੋਰ ਉਲੰਘਣਾ ਸੀ ਅਤੇ ਇਸ ਦੁਰਘਟਨਾ ਨੇ ਮਹਾਰਾਜਾ ਦੇ ਰਾਜਸੀ ਸਵਾਲ ਨੂੰ ਧਾਰਮਿਕ ਸਵਾਲ ਬਣਾ ਦਿੱਤਾ। ਜੈਤੋ ਮੋਰਚੇ ਦਾ ਮੁੱਖ ਨਿਸ਼ਾਨਾ ਖੰਡਿਤ ਸ੍ਰੀ ਅਖੰਡ ਪਾਠ ਸਾਹਿਬ ਨੂੰ ਮੁੜ ਅਖੰਡਿਤ ਰੂਪ ਵਿਚ ਚਾਲੂ ਕਰਨਾ ਸੀ। ਸਿੱਖਾਂ ਦੀ ਧਾਰਮਿਕ ਜਥੇਬੰਦੀ ਨੇ ਇਸ ਮੋਰਚੇ ਦੀ ਕਮਾਨ ਸੰਭਾਲਦਿਆਂ ਅੰਮ੍ਰਿਤਸਰ ਤੋਂ ਰੋਜ਼ਾਨਾ 25-25 ਸਿੰਘਾਂ ਦੇ ਜੱਥੇ ਜੈਤੋ ਵੱਲ ਭੇਜਣੇ ਸ਼ੁਰੂ ਕੀਤੇ। ਹਰ ਰੋਜ਼ ਇੱਕ ਜੱਥਾ ਸ੍ਰੀ ਅਕਾਲ ਤਖਤ ਸਾਹਿਬ ਤੋਂ ਚੱਲ ਕੇ ਜਦੋਂ ਜੈਤੋ ਪਹੁੰਚਦਾ ਤਾਂ ਹਕੂਮਤ ਵੱਲੋਂ ਸਿੰਘਾਂ ਨੂੰ ਗ੍ਰਿਫਤਾਰ ਕਰਕੇ ਜੰਗਲਾਂ ਵਿਚ ਲਿਜਾ ਕੇ ਛੱਡ ਦਿੱਤਾ ਜਾਂਦਾ। ਮੋਰਚੇ ਦੀ ਚਰਚਾ ਪੰਜਾਬ ਤੋਂ ਬਾਹਰ ਵੀ ਹੋਣ ਲੱਗੀ। ਕਾਂਗਰਸ ਵੱਲੋਂ ਪੰਡਿਤ ਜਵਾਹਰ ਲਾਲ ਨਹਿਰੂ, ਪ੍ਰਿੰਸੀਪਲ ਗਿਡਵਾਨੀ ਅਤੇ ਮਿਸਟਰ ਕੇ. ਸਨਾਤਮ ਸਥਿਤੀ ਦਾ ਜਾਇਜ਼ਾ ਲੈਣ ਲਈ ਜੈਤੋ ਮੰਡੀ ਭੇਜਿਆ ਗਿਆ। ਤਿੰਨਾਂ ਆਗੂਆਂ ਨੂੰ ਜੈਤੋ ਪੁੱਜਣ 'ਤੇ ਹੀ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਇਕ ਰਾਤ ਜੈਤੋ ਕਿਲੇ ਦੀ ਇਕ ਕੋਠੜੀ ਵਿਚ ਬੰਦ ਕਰਨ ਉਪਰੰਤ ਅਗਲੇ ਦਿਨ ਨਾਭਾ ਜੇਲ੍ਹ ਵਿਚ ਭੇਜ ਦਿੱਤਾ। 29 ਸਤੰਬਰ, 1923 ਨੂੰ ਸ਼੍ਰੋਮਣੀ ਗੁਰਦੁਆਰਾ ਕਮੇਟੀ ਵੱਲੋਂ ਸਿੱਖਾਂ ਦੇ ਧਾਰਮਿਕ ਮਾਮਲਿਆਂ ਵਿਚ ਹਕੂਮਤ ਦੀ ਦਖਲਅੰਦਾਜ਼ੀ ਨਾ ਸਹਿਣ ਕਰਨ ਦਾ ਮਤਾ ਪਾਸ ਕੀਤਾ ਗਿਆ ਅਤੇ 25-25 ਸਿੰਘਾਂ ਦੇ ਜੱਥੇ ਭੇਜਣ ਨਾਲ ਕੋਈ ਤਸੱਲੀਬਖਸ਼ ਸਿੱਟਾ ਨਿਕਲਦਾ ਨਾ ਵੇਖ ਕੇ ਮੋਰਚੇ ਨੂੰ ਹੋਰ ਤੇਜ਼ ਕਰਨ ਲਈ 500-500 ਸਿੰਘਾਂ ਦਾ ਜੱਥੇ ਭੇਜਣ ਦਾ ਫੈਸਲਾ ਕੀਤਾ ਗਿਆ। ਪਹਿਲੇ ਜਥੇ ਨੂੰ 21 ਫਰਵਰੀ, 1924 ਨੂੰ ਜੈਤੋ ਪੁੱਜ ਕੇ ਗੁਰਦੁਆਰਾ ਪਾਤਸ਼ਾਹੀ ਦਸਵੀਂ ਸ੍ਰੀ ਗੰਗਸਰ ਸਾਹਿਬ ਨੂੰ ਕਬਜ਼ੇ ਵਿਚ ਲੈਣ ਅਤੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਨ ਦਾ ਆਦੇਸ਼ ਦਿੱਤਾ ਗਿਆ।
ਇਹ ਵਿਸ਼ਾਲ ਜਥਾ 20 ਫਰਵਰੀ ਨੂੰ ਫ਼ਰੀਦਕੋਟ ਜ਼ਿਲ੍ਹੇ ਦੇ ਪਿੰਡ ਬਰਗਾੜੀ ਵਿਖੇ ਪੁੱਜਿਆ। 21 ਫਰਵਰੀ ਨੂੰ ਸਵੇਰੇ ਕੀਰਤਨ ਕਰਨ ਉਪਰੰਤ ਇਹ ਜਥਾ ਜੈਤੋ ਵੱਲ ਕੂਚ ਕਰਨ ਲੱਗਿਆ। ਜਥੇ ਦੇ ਨਾਲ ਹਜ਼ਾਰਾਂ ਦੀ ਗਿਣਤੀ ਵਿਚ ਹੋਰ ਸੰਗਤ ਵੀ ਸ਼ਰਧਾਵੱਸ ਨਾਲ ਚੱਲ ਰਹੀ ਸੀ ਅਤੇ ਬੀਬੀਆਂ ਸਮੇਤ ਵੱਡੀ ਗਿਣਤੀ ਵਿਚ ਦਰਸ਼ਕ ਵੀ ਸਨ। ਕਾਂਗਰਸੀ ਨੇਤਾ ਡਾਕਟਰ ਕਿਚਲੂ, ਪ੍ਰਿੰਸੀਪਲ ਗਿਡਵਾਨੀ ਅਤੇ ਨਿਊਯਾਰਕ ਟਾਈਮਜ਼ ਦੇ ਪ੍ਰਤੀਨਿੱਧ ਮਿਸਟਰ ਜ਼ਿੰਮਦ ਕਾਰ ਵਿਚ ਸਵਾਰ ਹੋ ਕੇ ਜਥੇ ਦੇ ਨਾਲ-ਨਾਲ ਚੱਲ ਰਹੇ ਸਨ ਪਰ ਇਨ੍ਹਾਂ ਨੇਤਾਵਾਂ ਨੂੰ ਨਾਭਾ ਰਿਆਸਤ ਦੀ ਹੱਦ ਤੋਂ ਅੱਗੇ ਨਹੀਂ ਜਾਣ ਦਿੱਤਾ ਗਿਆ। ਜਥੇ ਦੇ ਅੱਗੇ ਪੰਜ ਸਿੰਘ ਨਿਸ਼ਾਨ ਸਾਹਿਬ ਲੈ ਕੇ ਚੱਲ ਰਹੇ ਸਨ ਅਤੇ ਵਿਚਾਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਸੁਸ਼ੋਭਿਤ ਸਨ। ਅੰਗਰੇਜ਼ੀ ਹਕੂਮਤ ਵੱਲੋਂ ਜਥੇ ਨੂੰ ਗੁਰਦੁਆਰਾ ਟਿੱਬੀ ਸਾਹਿਬ ਤੋਂ ਕੁਝ ਦੂਰੀ 'ਤੇ ਰੋਕ ਕੇ ਗੋਲੀ ਚਲਾ ਦੇਣ ਦੀ ਧਮਕੀ ਦਿੱਤੀ ਪਰ ਜੱਥਾ ਸ਼ਾਂਤਮਈ ਅੱਗੇ ਵਧਦਾ ਰਿਹਾ ਜਿਸ 'ਤੇ ਵਿਲਸਨ ਜਾਨਸਟਨ ਨੇ ਪੁਲਿਸ ਨੂੰ ਗੋਲੀ ਚਲਾਉਣ ਦਾ ਹੁਕਮ ਦੇ ਦਿੱਤਾ ਅਤੇ ਸੈਂਕੜੇ ਸਿੰਘਾਂ ਨੂੰ ਸ਼ਹੀਦ ਕਰ ਦਿੱਤਾ ਗਿਆ (ਸ਼੍ਰੋਮਣੀ ਕਮੇਟੀ ਅਨੁਸਾਰ ਇਸ ਘਟਨਾ ਵਿਚ 300 ਸਿੰਘ ਗੋਲੀ ਦਾ ਸ਼ਿਕਾਰ ਹੋਏ ਜਿਨ੍ਹਾਂ ਵਿਚੋਂ 100 ਸਿੰਘ ਸ਼ਹਾਦਤ ਦਾ ਜਾਮ ਪੀ ਗਏ)। ਇਸ ਘਟਨਾ ਨੇ ਸਿੱਖਾਂ ਅੰਦਰ ਨਵਾਂ ਜੋਸ਼ ਭਰ ਦਿੱਤਾ ਅਤੇ ਉਨ੍ਹਾਂ ਵਿਚ ਇਸ ਮੋਰਚੇ ਵਿਚ ਸ਼ਹਾਦਤ ਪਾਉਣ ਦਾ ਚਾਅ ਠਾਠਾਂ ਮਾਰਨ ਲੱਗਾ। ਲੋਕ ਸ਼ਹੀਦੀ ਜੱਥਿਆਂ ਵਿਚ ਵਧ ਚੜ੍ਹ ਕੇ ਸ਼ਾਮਿਲ ਹੋਣ ਲੱਗੇ। ਇਸ ਤਰ੍ਹਾਂ 500-500 ਦੇ ਜਥੇ ਭੇਜਣ ਦਾ ਸਿਲਸਿਲਾ ਲਗਾਤਾਰ ਚਲਦਾ ਰਿਹਾ ਅਤੇ ਉਦੋਂ ਤੱਕ ਜਾਰੀ ਰਿਹਾ ਜਦੋਂ ਤੱਕ ਅੰਗਰੇਜ਼ੀ ਹਕੂਮਤ ਨੇ ਹੱਥ ਖੜ੍ਹੇ ਨਾ ਕੀਤੇ। ਅੰਤ ਹਕੂਮਤ ਸਿੱਖ ਸੰਘਰਸ਼ ਅੱਗੇ ਝੁਕ ਗਈ ਅਤੇ ਇਸ ਇਤਿਹਾਸਕ ਮੋਰਚੇ ਨੂੰ ਸਫਲਤਾ ਮਿਲੀ। ਸਿੱਖ ਸੰਗਤ ਨੇ ਗੁਰਦੁਆਰਾ ਗੰਗਸਰ ਸਾਹਿਬ ਜੈਤੋ ਵਿਖੇ ਮੁੜ ਸ੍ਰੀ ਅਖੰਡ ਪਾਠ ਸਾਹਿਬ ਜੀ ਆਰੰਭ ਕਰਕੇ ਮੋਰਚੇ ਨੂੰ ਤੋੜ ਚੜ੍ਹਾਇਆ।


-ਅਜੀਤ ਪ੍ਰਤੀਨਿਧ ਜੈਤੋ, ਜ਼ਿਲ੍ਹਾ ਫ਼ਰੀਦਕੋਟ
ਮੋਬਾ: 98721-84024

ਸ਼ਬਦ ਵਿਚਾਰ

ਤੀਰਥੁ ਤਪੁ ਦਇਆ ਦਤੁ ਦਾਨੁ॥ 'ਜਪੁ' ਪਉੜੀ ਇੱਕਵੀਂ

ਤੀਰਥੁ ਤਪੁ ਦਇਆ ਦਤੁ ਦਾਨੁ॥
ਜੇ ਕੋ ਪਾਵੈ ਤਿਲ ਕਾ ਮਾਨੁ॥
ਸੁਣਿਆ ਮੰਨਿਆ ਮਨਿ ਕੀਤਾ ਭਾਉ॥
ਅੰਤਰਗਤਿ ਤੀਰਥਿ ਮਲਿ ਨਾਉ॥
ਸਭਿ ਗੁਣ ਤੇਰੇ ਮੈ ਨਾਹੀ ਕੋਇ॥
ਵਿਣੁ ਗੁਣ ਕੀਤੇ ਭਗਤਿ ਨ ਹੋਇ॥
ਸੁਅਸਤਿ ਆਥਿ ਬਾਣੀ ਬਰਮਾਉ॥
ਸਤਿ ਸੁਹਾਣੁ ਸਦਾ ਮਨਿ ਚਾਉ॥
ਕਵਣੁ ਸੁ ਵੇਲਾ ਵਖਤੁ ਕਵਣੁ
ਕਵਣ ਥਿਤਿ ਕਵਣੁ ਵਾਰੁ॥
ਕਵਣਿ ਸਿ ਰੁਤੀ ਮਾਹੁ ਕਵਣੁ
ਜਿਤੁ ਹੋਆ ਆਕਾਰੁ॥
ਵੇਲ ਨ ਪਾਈਆ ਪੰਡਤੀ
ਜਿ ਹੋਵੈ ਲੇਖੁ ਪੁਰਾਣੁ॥
ਵਖਤੁ ਨ ਪਾਇਓ ਕਾਦੀਆ
ਜਿ ਲਿਖਨਿ ਲੇਖੁ ਕੁਰਾਣੁ॥
ਥਿਤਿ ਵਾਰੁ ਨ ਜੋਗੀ ਜਾਣੈ
ਰੁਤਿ ਮਾਹੁ ਨਾ ਕੋਈ॥
ਜਾ ਕਰਤਾ ਸਿਰਠੀ ਕਉ ਸਾਜੇ
ਆਪੇ ਜਾਣੈ ਸੋਈ॥
ਕਿਵ ਕਰਿ ਆਖਾ ਕਿਵ ਸਾਲਾਹੀ
ਕਿਉ ਵਰਨੀ ਕਿਵ ਜਾਣਾ॥
ਨਾਨਕ ਆਖਣਿ ਸਭੁ ਕੋ ਆਖੈ
ਇਕ ਦੂ ਇਕੁ ਸਿਆਣਾ॥
ਵਡਾ ਸਾਹਿਬੁ ਵਡੀ ਨਾਈ
ਕੀਤਾ ਜਾ ਕਾ ਹੋਵੈ॥
ਨਾਨਕ ਜੇ ਕੋ ਆਪੌ ਜਾਣੈ
ਅਗੈ ਗਇਆ ਨ ਸੋਹੈ॥੨੧॥ (ਅੰਗ : 405)
ਪਦ ਅਰਥ : ਦਤੁ ਦਾਨੁ-ਦਿੱਤਾ ਹੋਇਆ ਦਾਨ। ਤਿਲ ਕਾ-ਤਿਲ ਜਿੰਨਾ, ਰਤਾ ਭਰ। ਭਾਊ-ਪ੍ਰੇਮ ਕੀਤਾ ਹੈ। ਅੰਤਰਗਤਿ-ਅੰਤਰਹਕਰਨ। ਮਲਿ ਨਾਉ-ਚੰਗੀ ਤਰ੍ਹਾਂ ਨਾਲ ਮਲ ਕੇ ਇਸ਼ਨਾਨ ਕਰ ਲਿਆ ਹੈ। ਸੁਆਸਤਿ-ਕਲਿਆਣ ਰੂਪ। ਆਥਿ-ਮਾਇਆ। ਬਰਮਾਉ-ਬ੍ਰਹਮਾ। ਸਤਿ-ਸੱਚ। ਸੁਹਾਣੁ-ਸੋਹਣਾ, ਸੁੰਦਰ ਸਰੂਪ। ਮਨਿ ਚਾਉ-ਮਨ ਵਿਚ ਖੇੜਾ ਬਣਿਆ ਰਹਿੰਦਾ ਹੈ, ਸਦਾ ਅਨੰਦ ਚਿੱਤ। ਕਵਣੁ-ਕਿਹੜਾ। ਸੁ-ਉਹ। ਵੇਲਾ-ਸਮਾਂ। ਵਖਤ-ਵਕਤ, ਸਮਾਂ। ਥਿਤਿ-ਚੰਦ੍ਰਮਾ (ਚੰਦ) ਦੀ ਚਾਲ ਤੋਂ ਥਿਤਾਂ ਗਿਣੀਆਂ ਜਾਂਦੀਆਂ ਹਨ ਜਿਵੇਂ ਏਕਮ, ਦੂਜ, ਤੀਜ ਆਦਿ। ਵਾਰੁ-ਸੂਰਜ ਦੀ ਚਾਲ ਤੋਂ ਦਿਨ ਗਿਣੇ ਜਾਂਦੇ ਹਨ ਜਿਵੇਂ ਐਤਵਾਰ, ਸੋਮਵਾਰ, ਮੰਗਲਵਾਰ, ਬੁੱਧਵਾਰ ਆਦਿ। ਰੁਤੀ-ਰੁੱਤਾਂ। ਮਾਹੁ-ਮਹੀਨਾ। ਸਿਰਠੀ-ਸ੍ਰਿਸ਼ਟੀ। ਜਿਤੁ ਹੋਆ-ਜਦੋਂ ਹੋਂਦ ਵਿਚ ਆਇਆ। ਆਕਾਰੁ-ਸੰਸਾਰ, ਵੇਲ-ਵੇਲਾ, ਸਮਾਂ। ਪੰਡਤੀ-ਪੰਡਤਾਂ ਨੇ। ਜਿ-ਨਹੀਂ ਤਾਂ। ਵਖਤੁ-ਵਕਤ, ਸਮਾਂ, ਸੰਸਾਰ ਦੀ ਰਚਨਾ ਦਾ ਸਮਾਂ। ਕਾਦੀਆ-ਕਾਜ਼ੀਆਂ ਨੇ। ਜਾ ਕਰਤਾ-ਜਿਸ ਕਰਤਾਰ ਨੇ। ਸਿਰਠੀ-ਸ੍ਰਿਸ਼ਟੀ। ਕਉ ਸਾਜੇ-ਨੂੰ ਬਣਾਇਆ ਹੈ। ਸੋਈ-ਉਹ।
ਕਿਵ ਕਰਿ-ਕਿਸ ਤਰ੍ਹਾਂ। ਕਿਵ ਸਾਲਾਹੀ-ਕਿਵੇਂ ਸਿਫ਼ਤ ਕਰਾਂ। ਕਿਉ ਵਰਨੀ-ਕਿਵੇਂ ਵਰਨਣ ਕਰਾਂ। ਆਖਣਿ ਆਖੈ-ਆਖਣ ਨੂੰ ਆਖਦਾ ਹੈ। ਦੂ-ਤੋਂ। ਇਕ ਦੂ ਇਕ ਸਿਆਣਾ-ਆਪਣੇ ਆਪ ਨੂੰ ਦੂਜੇ ਤੋਂ ਸਿਆਣਾ ਸਮਝ ਕੇ। ਵਡਾ ਸਾਹਿਬੁ-ਅਕਾਲ ਪੁਰਖ। ਨਾਈ-ਵਡਿਆਈ। ਕੀਤਾ ਜਾ ਕਾ ਹੋਵੈ-ਜਿਸ ਅਕਾਲ ਪੁਰਖ ਦਾ ਕੀਤਾ ਸਭ ਕੁਝ ਹੁੰਦਾ ਹੈ। ਆਪੌ-ਆਪਣੇ ਆਪ ਤੋਂ। ਅਗੈ ਗਇਆ-ਅਕਾਲ ਪੁਰਖ ਦੇ ਦਰ 'ਤੇ ਜਾ ਕੇ। ਨਾ ਸੋਹੈ-ਸੋਭਾ ਅਥਵਾ ਆਦਰ ਮਾਣ ਨਹੀਂ ਪਾਉਂਦੇ।
ਵਾਸਤਵ ਵਿਚ ਉਸ ਵੱਡੇ ਸਾਹਿਬ (ਕਰਤਾਰ) ਦੀਆਂ ਵਡਿਆਈਆਂ (ਗੁਣਾਂ) ਬਾਰੇ ਕੁਝ ਕਿਹਾ ਨਹੀਂ ਜਾ ਸਕਦਾ। ਉਹ ਸਭ ਦਾ ਕਰਤਾ ਹੈ, ਸਿਰਜਨਹਾਰ ਹੈ, ਕੁਦਰਤ ਦਾ ਮਾਲਕ ਹੈ, ਸਭਨਾਂ 'ਤੇ ਮਿਹਰਾਂ ਕਰਨ ਵਾਲਾ ਹੈ ਅਤੇ ਆਪ ਹੀ ਸਭ ਜੀਵਾਂ ਨੂੰ ਰਿਜਕ ਪਹੁੰਚਾਉਣ ਵਾਲਾ ਹੈ:
ਵਡੇ ਕੀਆ ਵਡਿਆਈਆ
ਕਿਛੁ ਕਹਣਾ ਕਹਣੁ ਨ ਜਾਇ॥
ਸੋ ਕਰਤਾ ਕਾਦਰ ਕਰੀਮੁ
ਦੇ ਜੀਆ ਰਿਜਕੁ ਸੰਬਾਹਿ॥
(ਰਾਗੁ ਆਸਾ ਦੀ ਵਾਰ ਮਹਲਾ ੧, ਅੰਗ : 475)
ਕਾਦਰ-ਕੁਦਰਤ ਦਾ ਮਾਲਕ। ਕਰੀਮੁ-ਮਿਹਰ ਅਥਵਾ ਬਖਸ਼ਿਸ਼ ਕਰਨ ਵਾਲਾ।
ਜੋ ਉਸ ਦੀ ਮਰਜ਼ੀ (ਰਜ਼ਾ) ਹੁੰਦੀ ਹੈ, ਉਹੀ ਕੁਝ ਉਹ ਕਰਦਾ ਹੈ॥
ਸੋ ਕਰੈ ਜਿ ਤਿਸੈ ਰਜਾਇ॥
(ਅੰਗ : 475)
ਰਜਾਇ-ਮਰਜ਼ੀ, ਰਜ਼ਾ।
ਸਾਰਾਂਸ਼ ਇਹ ਹੈ ਕਿ ਜਿਸ ਵਿਚ ਵੀ ਜਗਿਆਸੂ ਨੇ ਆਪਣੇ ਮਨ ਨੂੰ ਨਾਮ ਵਿਚ ਜੋੜਿਆ ਹੈ, ਜਿਸ ਦਾ ਮਨ ਸਿਮਰਨ ਵਿਚ ਭਿੱਜ ਗਿਆ ਹੈ ਅਤੇ ਮਨ ਅੰਦਰ ਪਰਮਾਤਮਾ ਲਈ ਪਿਆਰ ਪੈਦਾ ਹੋ ਗਿਆ ਹੈ, ਉਸ ਦੀ ਆਤਮਾ ਨਿਰਮਲ ਅਥਵਾ ਪਵਿੱਤਰ ਹੋ ਜਾਂਦੀ ਹੈ, ਪ੍ਰੰਤੂ ਜੇਕਰ ਪ੍ਰਭੂ ਦੀ ਕਿਰਪਾ ਦ੍ਰਿਸ਼ਟੀ ਹੋਵੇ ਤਾਂ ਹੀ ਇਹ ਦਾਤ ਪ੍ਰਾਪਤ ਹੁੰਦੀ ਹੈ।
ਕਰਤਾਰ ਦੀ ਕੁਦਰਤ ਦਾ ਇਹ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ ਕਿ ਸੰਸਾਰ ਉਤਪਤੀ ਕਿਵੇਂ ਹੋਈ। ਇਸ ਰਹੱਸ ਦਾ ਭੇਦ ਪੰਡਿਤ, ਕਾਜ਼ੀ, ਜੋਗੀ ਅਰਥਾਤ ਕੋਈ ਵੀ ਨਹੀਂ ਪਾ ਸਕਿਆ। ਊਚ ਤੇ ਅਪਾਰ ਕਰਤਾਰ ਜੋ ਬੇਅੰਤ ਵਡਿਆਈਆਂ ਦਾ ਮਾਲਕ ਹੈ, ਉਸ ਦੀ ਕੁਦਰਤ ਵੀ ਬੇਅੰਤ ਹੈ।
ਪਉੜੀ ਦੇ ਅੱਖਰੀ ਅਰਥ : ਤੀਰਥਾਂ ਦੀ ਯਾਤਰਾ, ਤਪ ਸਾਧਨਾਂ, ਦਇਆ ਅਤੇ ਦਿੱਤੇ ਹੋਏ ਦਾਨ ਵਜੋਂ ਜੇਕਰ ਕੋਈ ਮਾਣ ਸਤਿਕਾਰ ਮਿਲਦਾ ਹੈ ਤਾਂ ਰਤਾ ਭਰ ਹੀ ਮਿਲਦਾ ਹੈ ਭਾਵ ਬੜੇ ਥੋੜ੍ਹੇ ਸਮੇਂ ਲਈ ਹੀ ਹੁੰਦਾ ਹੈ ਪ੍ਰੰਤੂ ਜੋ ਪਰਮਾਤਮਾ ਦੇ ਨਾਮ ਨੂੰ ਸੁਣ ਕੇ ਮੰਨ ਲੈਂਦਾ ਹੈ, ਭਾਵ ਮਨ ਵਿਚ ਵਸਾ ਲੈਂਦਾ ਹੈ, ਉਸ ਨੇ ਮਾਨੋ ਆਪਣੇ ਅੰਤਹਕਰਣ ਨੂੰ ਨਾਮ ਰੂਪੀ ਜਲ ਨਾਲ ਮਲ ਮਲ ਕੇ ਤੀਰਥ ਇਸ਼ਨਾਨ ਕਰਵਾ ਲਿਆ ਹੈ। ਪਰਮਾਤਮਾ ਤਾਂ ਗੁਣਾਂ ਦਾ ਭੰਡਾਰ ਹੈ ਪਰ ਮੇਰੇ (ਸਾਡੇ) ਵਿਚ ਤਾਂ ਕੋਈ ਵੀ ਗੁਣ ਨਹੀਂ। ਇਸ ਲਈ ਹੇ ਪ੍ਰਭੂ, ਤੇਰੇ ਗੁਣਾਂ ਤੋਂ ਬਿਨਾਂ ਤੇਰੀ ਭਗਤੀ ਕਿਵੇਂ ਹੋ ਸਕਦੀ ਹੈ? ਗੁਰੂ ਬਾਬਾ ਸੋਝੀ ਬਖ਼ਸ਼ਿਸ਼ ਕਰ ਰਹੇ ਹਨ ਕਿ ਜਦੋਂ ਤਾਈਂ ਜਗਿਆਸੂ ਪ੍ਰਭੂ ਦੇ ਗੁਣਾਂ ਨੂੰ ਗ੍ਰਹਿਣ ਨਹੀਂ ਕਰਦਾ ਅਤੇ ਸਮਝਦਾ ਹੈ ਕਿ ਉਹ ਭਗਤੀ ਕਰ ਰਿਹਾ ਹੈ ਤਾਂ ਇਹ ਉਸ ਦੀ ਭੁਲ ਹੈ:
ਹੇ ਕਲਿਆਣ ਰੂਪ ਸਦਾ ਆਨੰਦ ਚਿੱਤ ਪ੍ਰਭੂ, ਤੂੰ ਤਾਂ ਸਦਾ ਥਿਰ ਰਹਿਣ ਵਾਲਾ ਹੈਂ, ਸਤਿ ਸਰੂਪ ਅਤੇ ਸੁੰਦਰ ਰੂਪ ਵਾਲਾ ਹੈਂ। ਹੇ ਪ੍ਰਭੂ, ਤੂੰ ਆਪ ਹੀ ਮਾਇਆ ਹੈਂ, ਆਪ ਹੀ ਬਾਣੀ ਹੈਂ ਅਤੇ ਆਪ ਹੀ ਬ੍ਰਹਮਾ ਹੈਂ ਭਾਵ ਸਭ ਕੁਝ ਤੂੰ ਹੀ ਤੂੰ ਹੈਂ।
9ਵੀਂ ਅਤੇ 10ਵੀਂ ਤੁਕਾਂ ਵਿਚ ਜਗਤ ਗੁਰੂ ਬਾਬਾ ਪ੍ਰਸ਼ਨ ਕਰ ਰਹੇ ਹਨ ਕੀ ਕੋਈ ਦੱਸ ਸਕਦਾ ਹੈ ਕਿ ਉਹ ਕਿਹੜਾ ਵੇਲਾ ਸੀ, ਕਿਹੜਾ ਵਾਰ ਸੀ, ਕਿਹੜੀ ਥਿਤਿ ਜਾਂ ਦਿਨ ਸੀ, ਕਿਹੜੀ ਰੁੱਤ ਜਾਂ ਮਹੀਨਾ ਸੀ ਜਦੋਂ ਪ੍ਰਭੂ ਨੇ ਇਸ ਜਗਤ ਦੀ ਰਚਨਾ ਕੀਤੀ?
ਜਗਤ ਰਚਨਾ ਕਦੋਂ ਹੋਈ ਇਸ ਵੇਲੇ ਦਾ ਪਤਾ ਪੰਡਤਾਂ ਨੂੰ ਵੀ ਨਹੀਂ ਚੱਲਿਆ ਕਿਉਂਕਿ (ਜੇਕਰ) ਉਨ੍ਹਾਂ ਨੂੰ ਪਤਾ ਹੁੰਦਾ ਤਾਂ ਇਸ ਦਾ ਜ਼ਿਕਰ ਪੁਰਾਣਾਂ ਵਿਚ ਜ਼ਰੂਰ ਹੁੰਦਾ। ਇਸੇ ਤਰ੍ਹਾਂ ਜੇਕਰ ਕਾਜ਼ੀਆਂ ਨੂੰ ਇਸ ਵੇਲੇ ਬਾਰੇ ਪਤਾ ਹੁੰਦਾ ਤਾਂ ਇਸ ਭੇਦ ਨੂੰ ਉਹ ਕੁਰਾਨ ਸ਼ਰੀਫ਼ ਵਿਚ ਲਿਖ ਦਿੰਦੇ।
ਇਸੇ ਤਰ੍ਹਾਂ ਜਗਤ ਰਚਨਾ ਵੇਲੇ ਕਿਹੜੀ ਥਿਤਿ ਸੀ ਜਾਂ ਕਿਹੜਾ ਮਹੀਨਾ ਸੀ ਜੋਗੀ ਵੀ ਨਹੀਂ ਦਸ ਸਕਦੇ ਅਤੇ ਨਾ ਹੀ ਕਿਸੇ ਨੂੰ ਰੁੱਤ ਜਾਂ ਮਹੀਨੇ ਦਾ ਪਤਾ ਹੈ ਜਦੋਂ ਸੰਸਾਰ ਹੋਂਦ ਵਿਚ ਆਇਆ, ਅਸਲ ਵਿਚ ਇਸ ਭੇਦ ਨੂੰ ਸੰਸਾਰ ਦੀ ਰਚਨਾ ਕਰਨ ਵਾਲਾ ਸਿਰਜਨਹਾਰ ਆਪ ਹੀ ਜਾਣਦਾ ਹੈ।
ਇਸ ਲਈ ਹੇ ਭਾਈ, ਪਰਮਾਤਮਾ ਦੀ ਵਡਿਆਈ ਨੂੰ ਕਿਵੇਂ ਬਿਆਨ ਕੀਤਾ ਜਾਵੇ, ਉਸ ਦੀ ਸਿਫ਼ਤ ਸਾਲਾਹ ਨੂੰ ਕਿਵੇਂ ਵਰਨਣ ਕਰਾਂ ਅਤੇ ਕਿਵੇਂ ਉਸ ਦੀ ਬੇਅੰਤਤਾ ਨੂੰ ਸਮਝ ਸਕਾਂ?
ਅੰਤ ਵਿਚ ਜਗਤ ਗੁਰੂ ਬਾਬਾ ਇਸ ਗੱਲ ਦਾ ਪ੍ਰਗਟਾਵਾ ਕਰ ਰਹੇ ਹਨ ਕਿ ਮਨੁੱਖ ਆਪਣੇ ਆਪ ਨੂੰ ਸਿਆਣਾ ਸਮਝ ਕੇ ਅਕਾਲ ਪੁਰਖ ਦੀ ਵਡਿਆਈ ਨੂੰ ਬਿਆਨ ਕਰਨ ਦਾ ਯਤਨ ਕਰਦਾ ਹੈ ਪ੍ਰੰਤੂ ਵੱਡੇ ਸਾਹਿਬ (ਪਾਰਬ੍ਰਹਮ) ਦਾ ਅੰਤ ਨਹੀਂ ਪਾਇਆ ਜਾ ਸਕਦਾ। ਇਸ ਜਗਤ ਵਿਚ ਜੋ ਕੁਝ ਵੀ ਹੋ ਰਿਹਾ ਹੈ ਸਭ ਕੁਝ ਉਸ ਦੇ ਹੁਕਮ ਵਿਚ ਹੀ ਹੋ ਰਿਹਾ ਹੈ।


-217, ਆਰ. ਮਾਡਲ ਟਾਊਨ, ਜਲੰਧਰ।

ਪ੍ਰੇਰਨਾ-ਸਰੋਤ

ਗਿਆਨ ਪ੍ਰਾਪਤੀ ਦਾ ਕੇਵਲ ਉਪਾਅ ਹੈ 'ਇਕਾਗਰਤਾ'

ਰਸਾਇਣ ਸ਼ਾਸਤਰੀ ਪ੍ਰਯੋਗਸ਼ਾਲਾ ਵਿਚ ਜਾ ਕੇ ਆਪਣੇ ਮਨ ਦੀਆਂ ਸਾਰੀਆਂ ਸ਼ਕਤੀਆਂ ਨੂੰ ਕੇਂਦਰਿਤ ਕਰਕੇ ਜਿਨ੍ਹਾਂ ਪਦਾਰਥਾਂ ਦਾ ਵਿਸ਼ਲੇਸ਼ਣ ਕਰਦਾ ਹੈ, ਉਨ੍ਹਾਂ 'ਤੇ ਪ੍ਰਯੋਗ ਕਰਦਾ ਹੈ ਤਾਂ ਉਹ ਉਨ੍ਹਾਂ ਦੇ ਭੇਦ ਜਾਣ ਲੈਂਦਾ ਹੈ। ਇਕ ਖ਼ਗੋਲ ਵਿਗਿਆਨੀ ਆਪਣੇ ਮਨ ਦੀਆਂ ਸਾਰੀਆਂ ਸ਼ਕਤੀਆਂ ਨੂੰ ਕੇਂਦਰਿਤ ਕਰਕੇ ਜਦ ਦੂਰਬੀਨ ਰਾਹੀਂ ਆਕਾਸ਼ ਵੱਲ ਵੇਖਦਾ ਹੈ ਤਾਂ ਉਹ ਸੂਰਜ, ਚੰਨ, ਤਾਰੇ ਤੇ ਦੂਰਬੀਨ ਸਾਹਮਣੇ ਆਉਣ ਵਾਲੇ ਆਕਾਸ਼ੀ ਪਿੰਡਾਂ ਦੇ ਭੇਦ ਖੋਲ੍ਹ ਦਿੰਦਾ ਹੈ। ਸਵਾਮੀ ਵਿਵੇਕਾਨੰਦ ਜੀ 'ਸਿੱਖਿਆ ਦਾ ਆਦਰਸ਼' ਨਾਂਅ ਦੀ ਪੁਸਤਕ ਵਿਚ ਲਿਖਦੇ ਹਨ 'ਮੈਂ ਜਿਸ ਵਿਸ਼ੇ 'ਤੇ ਗੱਲਾਂ ਕਰ ਰਿਹਾ ਹਾਂ ਉਸ ਵਿਸ਼ੇ 'ਤੇ ਮੈਂ ਜਿੰਨਾ ਮਨੋ ਨਿਵੇਸ਼ ਕਰ ਸਕਾਂਗਾ ਓਨਾ ਹੀ ਮੈਂ ਉਸ ਵਿਸ਼ੇ ਦੇ ਗੂੜ੍ਹੇ ਤੱਤਾਂ ਨੂੰ ਤੁਹਾਡੇ ਸਾਹਮਣੇ ਪ੍ਰਗਟ ਕਰ ਸਕਾਂਗਾ। ਤੁਸੀਂ ਮੇਰੀਆਂ ਗੱਲਾਂ ਸੁਣ ਰਹੇ ਹੋ, ਤੁਸੀਂ ਵੀ ਇਸ ਵਿਸ਼ੇ ਬਾਰੇ ਸਪੱਸ਼ਟ ਧਾਰਨਾ ਕਰ ਸਕੋਗੇ। ਮੋਚੀ ਜੇ ਵੱਧ ਕੇਂਦਰਿਤ ਹੋ ਕੇ ਕੰਮ ਕਰੇ ਤਾਂ ਉਹ ਚੰਗੀਆਂ ਜੁੱਤੀਆਂ ਤਿਆਰ ਕਰੇਗਾ, ਰਸੋਈਆ ਇਕਾਗਰ ਹੋ ਕੇ ਵਧੀਆ ਖਾਣਾ ਬਣਾਏਗਾ। ਕਿਸੇ ਵਸਤੂ ਦਾ ਨਿਰਮਾਣ ਹੋਵੇ ਜਾਂ ਪਰਮਾਤਮਾ ਦੀ ਭਗਤੀ, ਜਿਸ ਕੰਮ ਵਿਚ ਜਿੰਨੀ ਇਕਾਗਰਤਾ ਹੋਵੇਗੀ, ਉਹ ਕਾਰਜ ਓਨਾ ਹੀ ਵਧੀਆ ਢੰਗ ਨਾਲ ਸੰਪੰਨ ਹੋਵੇਗਾ।' ਕੀ ਮਨ ਦੀਆਂ ਸ਼ਕਤੀਆਂ ਨੂੰ ਇਕਾਗਰ ਕਰਨ ਤੋਂ ਇਲਾਵਾ ਕਿਸੇ ਹੋਰ ਢੰਗ ਨਾਲ ਸੰਸਾਰ ਦੇ ਸਾਰੇ ਗਿਆਨ ਪ੍ਰਾਪਤ ਹੋਏ ਹਨ। ਮਨੁੱਖੀ ਮਨ ਦੀ ਸ਼ਕਤੀ ਅਸੀਮਤ ਹੈ। ਉਹ ਜਿੰਨਾ ਵੀ ਇਕਾਗਰ ਹੁੰਦਾ ਹੈ, ਉਸ ਦੀ ਸਾਰੀ ਸ਼ਕਤੀ ਇਕੋ ਟੀਚੇ 'ਤੇ ਕੇਂਦਰਿਤ ਹੁੰਦੀ ਹੈ। ਇਹ ਹੀ ਭੇਦ ਹੈ।


-ਸਵਾਮੀ ਵਿਵੇਕਾਨੰਦ ਸਟੱਡੀ ਸਰਕਲ, ਜਲੰਧਰ।
ਮੋਬਾਈਲ : +9194175-50741.

ਸਿੰਗਾਪੁਰ ਦੀ ਬਗ਼ਾਵਤ ਦੇ ਅਣਗੌਲੇ ਫ਼ੌਜੀ ਸੂਰਬੀਰਾਂ ਦੀ ਗਾਥਾ

ਭਾਰਤ ਨੂੰ ਅੰਗਰੇਜ਼ੀ ਸ਼ਾਸਨ ਦੀ ਗੁਲਾਮੀ ਤੋਂ ਆਜ਼ਾਦ ਕਰਵਾਉਣ ਲਈ ਚੱਲੇ ਸੰਘਰਸ਼ ਵਿਚ ਗ਼ਦਰ ਲਹਿਰ ਦੌਰਾਨ ਭਾਰਤੀ ਫ਼ੌਜੀਆਂ ਦੀ ਭੂਮਿਕਾ ਬਹੁਤ ਮਹੱਤਵਪੂਰਨ ਰਹੀ ਹੈ। ਫ਼ੌਜੀ ਦੇਸ਼ ਭਗਤਾਂ ਨੇ ਜਦੋ-ਜਹਿਦ ਕਰਦਿਆਂ ਅਣਗਿਣਤ ਤਸੀਹੇ ਤੇ ਕਸ਼ਟ ਝੱਲੇ ਅਤੇ ਆਪਣੀਆਂ ਜਾਨਾਂ ਵੀ ਕੁਰਬਾਨ ਕੀਤੀਆਂ। ਸੈਂਕੜੇ ਫ਼ੌਜੀਆਂ ਨੂੰ ਕੋਰਟ ਮਾਰਸ਼ਲ ਕਰ ਕੇ ਗੋਲੀਆਂ ਨਾਲ ਉਡਾਇਆ ਗਿਆ, 70 ਤੋਂ ਵੱਧ ਨੂੂੰ ਫਾਂਸੀ ਦਿੱਤੀ ਗਈ ਤੇ 190 ਤੋਂ ਉਪਰ ਨੂੰ ਉਮਰ ਕੈਦ ਤੇ ਜਲਾਵਤਨੀ, ਜਾਇਦਾਦ ਜਬਤੀ ਦੀ ਸਜ਼ਾ ਦਿੱਤੀ ਗਈ। ਇਸ ਲੇਖ ਵਿਚ ਅਸੀਂ ਸਿੰਗਾਪੁਰ ਦੀ ਛਾਉਣੀ ਵਿਚਲੀ 5ਵੀਂ ਲਾਈਟ ਇਨਫੈਂਟਰੀ (ਪਲਟਨ) ਦੇ ਬਹਾਦਰ ਫ਼ੌਜੀ ਯੋਧੇ ਜਿਨ੍ਹਾਂ ਨੇ ਵਿਦੇਸ਼ੀ ਧਰਤੀ 'ਤੇ ਹੋਣ ਦੇ ਬਾਵਜੂਦ ਵੀ 15 ਫਰਵਰੀ, 1915 ਦੇ ਦਿਨ ਆਪਣੀਆਂ ਜਾਨਾਂ ਦੀ ਪ੍ਰਵਾਹ ਕੀਤੇ ਬਿਨਾਂ ਬਗ਼ਾਵਤ ਕਰ ਕੇ ਅੰਗਰੇਜ਼ੀ ਸ਼ਾਸਨ ਨੂੰ ਭਾਜੜਾਂ ਪਾ ਦਿੱਤੀਆਂ ਸਨ, ਦੀ ਵੀਰ ਗਾਥਾ ਬਿਆਨ ਕਰਨ ਜਾ ਰਹੇ ਹਾਂ।
ਆਜ਼ਾਦੀ ਸੰਘਰਸ਼ ਦੌਰਾਨ ਦੇਸ਼ ਦੇ ਅਲੱਗ-ਅਲੱਗ ਹਿੱਸਿਆਂ ਵਿਚ ਵੱਖ-ਵੱਖ ਸਮੇਂ ਕਈ ਆਜ਼ਾਦੀ ਲਹਿਰਾਂ ਚੱਲੀਆਂ। ਉਨ੍ਹਾਂ ਵਿਚੋਂ ਇਕ ਆਜ਼ਾਦੀ ਲਹਿਰ ਸੀ, ਗ਼ਦਰ ਪਾਰਟੀ ਲਹਿਰ ਜਿਸ ਦਾ ਆਰੰਭ ਵੀਹਵੀਂ ਸਦੀ ਦੇ ਮੁਢਲੇ ਦਹਾਕਿਆਂ ਦੌਰਾਨ ਭਾਰਤ ਤੋਂ ਬਾਹਰ ਦੂਰ ਕੈਨੇਡਾ ਤੇ ਅਮਰੀਕਾ ਦੀ ਧਰਤੀ 'ਤੇ ਰੋਜ਼ੀ-ਰੋਟੀ ਤੇ ਚੰਗੇ ਭਵਿੱਖ ਲਈ ਗਏ ਭਾਰਤੀਆਂ ਦੁਆਰਾ ਕੀਤਾ ਗਿਆ। ਜਿਨ੍ਹਾਂ ਵਿਚ ਬਹੁਗਿਣਤੀ ਪੰਜਾਬੀਆਂ ਦੀ ਸੀ। ਪਾਰਟੀ ਦਾ ਮੁੱਖ ਉਦੇਸ਼ ਭਾਰਤ ਦੀ ਮੁਕੰਮਲ ਆਜ਼ਾਦੀ ਅਤੇ ਗ਼ੈਰ-ਫਿਰਕੂ ਰਾਜ ਦੀ ਸਥਾਪਨਾ ਕਰਨਾ ਸੀ। ਜਿਸ ਦੀ ਪ੍ਰਾਪਤੀ ਲਈ ਭਾਰਤ ਦੇ ਆਮ ਲੋਕਾਂ ਅਤੇ ਫ਼ੌਜੀਆਂ ਦੀ ਮਦਦ ਨਾਲ ਹਥਿਆਰਬੰਦ ਸੰਘਰਸ਼ ਕਰਨ ਦੀ ਲੋੜ ਸੀ। ਇਸ ਕਾਰਜ ਲਈ ਲੋਕ ਜਾਗ੍ਰਿਤੀ ਜ਼ਰੂਰੀ ਸੀ। ਗ਼ਦਰ ਪਾਰਟੀ ਵਲੋਂ ਭਾਰਤ ਦੀ ਆਜ਼ਾਦੀ ਲਈ ਅੰਗਰੇਜ਼ਾਂ ਵਿਰੁੱਧ ਹਥਿਆਰਬੰਦ ਯੁੱਧ ਦੀਆਂ ਤਿਆਰੀਆਂ ਅਜੇ ਪੂਰੀਆਂ ਵੀ ਨਹੀਂ ਹੋਈਆਂ ਸਨ ਕਿ ਜੁਲਾਈ 1914 ਵਿਚ ਪਹਿਲਾ ਵਿਸ਼ਵ ਯੁੱਧ ਛਿੜ ਗਿਆ। ਇਸ ਵਿਚ ਅੰਗਰੇਜ਼ ਬੁਰੀ ਤਰ੍ਹਾਂ ਫਸ ਗਏ। ਗ਼ਦਰੀ ਆਗੂਆਂ ਨੇ ਅੰਗਰੇਜ਼ਾਂ ਨੂੰ ਭਾਰਤ ਚੋਂ ਕੱਢਣ ਲਈ ਇਹ ਮੌਕਾ ਢੁਕਵਾਂ ਜਾਣਿਆ। ਪਾਰਟੀ ਨੇ 5 ਅਗਸਤ, 1914 ਨੂੰ ਐਲਾਨ-ਏ-ਜੰਗ ਕਰ ਦਿੱਤਾ। ਸੈਂਕੜੇ ਗ਼ਦਰੀ ਵੱਖ-ਵੱਖ ਜਹਾਜ਼ਾਂ ਰਾਹੀਂ ਭਾਰਤ ਵੱਲ ਚੱਲ ਪਏ। ਅਜੋਕੇ ਸੰਚਾਰ ਸਾਧਨਾਂ ਦੀ ਅਣਹੋਂਦ ਦੇ ਬਾਵਜੂਦ ਵੀ ਇਨ੍ਹਾਂ ਆਜ਼ਾਦੀ ਪਰਵਾਨਿਆਂ ਨੇ ਪੂਰਾ ਨੈਟਵਰਕ ਕਾਇਮ ਕਰ ਲਿਆ। ਬਹੁਤ ਸਾਰੇ ਗ਼ਦਰੀ ਪਲਟਣਾਂ ਵਿਚ ਭਰਤੀ ਹੋ ਗਏ। ਉਨ੍ਹਾਂ ਵਲੋਂ ਬਹੁਤ ਸਾਰੀਆਂ ਫ਼ੌਜੀ ਛਾਉਣੀਆਂ ਵਿਚ ਜਾ ਕੇ ਭਾਰਤੀ ਫ਼ੌਜੀਆਂ ਨੂੰ ਗ਼ਦਰ ਵਿਚ ਸਾਥ ਦੇਣ ਲਈ ਸਹਿਮਤ ਕਰ ਲਿਆ। ਦੇਸ਼ ਤੋਂ ਬਾਹਰ ਹਾਂਗਕਾਂਗ ਸਿੰਗਾਪੁਰ, ਰੰਗੂਨ ,ਪੀਨਾਂਗ ਆਦਿ ਵਿਚਲੀਆਂ ਭਰਤੀ ਫ਼ੌਜਾਂ ਵਿਚ ਵੀ ਗ਼ਦਰੀਆ ਦਾ ਚੰਗਾ ਪ੍ਰਭਾਵ ਬਣ ਚੁੱਕਾ ਸੀ। ਬਹੁਤ ਸਾਰੀਆਂ ਫ਼ੌਜੀ ਛਾਉਣੀਆਂ ਵਿਚ ਹੋਈਆਂ ਬਗ਼ਾਵਤਾਂ ਚੋਂ ਇਕ ਸੀ ਸਿੰਗਾਪੁਰ ਵਿਚਲੀ5ਵੀਂ ਨੇਟਿਵ ਲਾਈਟ ਇਨਫੈਂਟਰੀ (ਪਲਟਨ)ਦੀ ਬਗ਼ਾਵਤ।
ਸਰਕਾਰੀ ਰਿਕਾਰਡ ਅਨੁਸਾਰ ਸਤੰਬਰ-ਅਕਤੂਬਰ 1914 ਦੌਰਾਨ ਬਾਹਰਲੇ ਦੇਸ਼ਾਂ ਤੋਂ ਆਏਗ਼ਦਰੀਆਂ ਹੀਰਾ ਸਿੰਘ ਚਰੜ, ਮੁਜਤਬਾ ਹੁਸੈਨ , ਜੀਵਨ ਸਿੰਘ ਫੇਲੋਕੇ ਤੇ ਗਿਆਨ ਚੰਦ ਮੋਰੀ ਮਰਲ ਆਦਿ ਨੇ ਸਿੰਗਾਪੁਰ ਦੀਆਂਪਲਟਨਾਂ ਵਿਚ ਗ਼ਦਰ ਦਾ ਪ੍ਰਚਾਰ ਕੀਤਾ। ਜਿਸ ਦੇ ਸਿੱਟੇ ਵਜੋਂ ਇਥੇ ਰਹਿੰਦੀ5ਵੀਂ ਨੇਟਿਵ ਲਾਈਟ ਇਨਫੈਂਟਰੀ (ਪਲਟਨ)ਦੀ ਬਗ਼ਾਵਤ ਹੋਈ। ਇਸ ਪਲਟਨ ਦੇ ਬਹੁਤੇ ਜਵਾਨਪੰਜਾਬੀ ਮੁਸਲਮਾਨਸਨ। ਬਗ਼ਾਵਤ ਦੇ ਸਮੇਂ ਸਿੰਗਾਪੁਰ ਵਿਚ ਸਿਰਫ ਇਹ ਹੀ ਇਕ ਸਿਖਲਾਈ ਪ੍ਰਾਪਤ ਪਲਟਨ ਸੀ।
ਅਸਲ ਵਿਚ ਬਹਾਦਰ ਫ਼ੌਜੀਆਂ ਨੇ15 ਫਰਵਰੀ 1915 ਸ਼ਾਮ ਨੂੰ 8 ਵਜੇ, ਜਦੋਂ ਅਫ਼ਸਰਾਂ ਨੇ ਖਾਣੇ 'ਤੇ ਬੈਠ ਜਾਣਾ ਸੀ ਉਸ ਸਮੇਂ ਗ਼ਦਰ ਦੀ ਯੋਜਨਾ ਬਣਾਈ ਸੀ। ਇਸ ਬਾਰੇ ਅਫ਼ਸਰਾਂ ਨੂੰ ਕੁਝ ਸ਼ੱਕ ਹੋ ਗਿਆ ਤੇ 15 ਫਰਵਰੀ ਦੀ ਸਵੇਰ ਨੂੰ ਹੀ ਪਲਟਨ ਨੂੰ ਹੁਕਮ ਸੁਣਾ ਦਿੱਤਾ ਕਿ ਉਨ੍ਹਾਂ ਨੂੰ ਕੱਲ੍ਹ ਹੀ ਹਾਂਗਕਾਂਗ ਰਵਾਨਾ ਕਰਨਾ ਹੈ ਇਸ ਲਈ ਅੱਜ ਹੀ ਸ਼ਾਮ ਨੂੰ ਹਥਿਆਰ ਜਮ੍ਹਾਂ ਕਰਾ ਦੇਣ। ਇਸ ਹਾਲਤ ਨੂੰ ਦੇਖ ਕੇ ਫ਼ੌਜੀਆਂ ਨੇ ਨਿਯਤ ਸਮੇਂ ਤੋਂ ਪਹਿਲਾਂ ਹੀ ਗ਼ਦਰ ਸ਼ੁਰੂ ਕਰਨ ਦਾ ਦਾ ਫੈਸਲਾ ਕੀਤਾ। 15 ਫਰਵਰੀ 1915 ਸੋਮਵਾਰ ਦਾ ਦਿਨ ਸੀ ਤੇ ਚੀਨੀ ਨਵੇਂ ਸਾਲ ਦਾ ਪਹਿਲਾਂ ਦਿਨ ਹੋਣ ਕਾਰਨ ਸਿੰਗਾਪੁਰ 'ਚ ਜਨਤਕ ਛੁੱਟੀ ਸੀ। ਸ਼ਹਿਰ ਦੇ ਲੋਕ ਨਵੇਂ ਸਾਲ ਦੀ ਪਟਾਕਿਆਂ ਦੀਆਂ ਲੜੀਆਂ 'ਚ ਆਪਣੇ ਘਰਾਂ ਦੀਆਂ ਉਪਰਲੀਆਂ ਮੰਜ਼ਿਲਾਂ ਦੀਆਂ ਬਾਰੀਆ ਚੋਂ ਹੇਠਾਂ ਗਲੀਆਂ ਵਿਚ ਛੋਟੇ ਪਟਾਕਿਆਂ ਦੀਆਂ ਲ਼ੜੀਆਂ ਚਲਾ ਰਹੇ ਸਨ। ਯੂਰਪੀਨ ਲੋਕ ਜਿਨ੍ਹਾਂ ਵਿਚ ਅੰਗਰੇਜ਼, ਜਰਮਨ, ਫ਼ਰੈਂਚ ਆਦਿ ਤੈਰਾਕੀ, ਟੈਨਿਸ ਜਾਂ ਪੋਲੋ ਆਦਿ ਦੇ ਮੰਨੋਰੰਜਨ 'ਚ ਲੱਗੇ ਹੋਏ ਸਨ ਸ਼ਹਿਰ ਤੋਂ 5 ਕਿਲੋਮੀਟਰ ਦੂਰ ਐਲਗਜੈਂਡਰਾ ਬਾਰਕਾਂ ਵਿਚ 5ਵੀਂ ਲਾਈਟ ਇੰਨਫੈਂਟਰੀ ਦੇ ਜਵਾਨਾਂ ਦੀ ਵਿਦਾਇਗੀ ਦੀ ਯਾਦਗਰੀ ਪਰੇਡ ਸ਼ੁਰੂ ਹੋ ਚੁੱਕੀ ਸੀ, ਕਿਉਂਕਿ ਉਸ ਨੂੰ ਹੁਣ ਹਾਂਗਕਾਂਗ ਭੇਜਿਆ ਜਾ ਰਿਹਾ ਸੀ। ਇਹ ਸਮਾਗਮ ਕਰਨਲ ਮਾਰਟਿਨ ਦੀ ਅਗਵਾਈ ਹੇਠ ਹੋ ਰਿਹਾ ਸੀ। ਬ੍ਰਿਗੇਡੀਅਰ ਜਨਰਲ ਰਿਡਾਊਟ ਸਲਾਮੀ ਲਈ ਪਹੰਚ ਚੁੱਕਾ ਸੀ। ਰਿਡਾਊਟ ਨੂੰ ਰੈਜਮਂੈਟ 'ਤੇ ਕੁਝ ਸ਼ੱਕ ਸੀ, ਪਰੇਡ ਦੇ ਸਮੇਂ ਉਸ ਨੇ ਨੋਟ ਕੀਤਾ ਕਿ ਸੱਜੇ ਵਿੰਗ ਨੇ ਵਧੀਆ ਤਰੀਕੇ ਨਾਲ ਮਾਰਚ ਨਹੀਂ ਕੀਤਾ ਸੀ, ਜਵਾਨ ਆਪਸ 'ਚ ਗੱਲਬਾਤ ਕਰ ਰਹੇ ਸਨ। ਇਹ ਇੰਸਪੈਕਸ਼ਨ ਇਕ ਘੰਟਾ ਚੱਲੀ ਸੀ ਉਪਰੰਤ ਜਨਰਲ ਰਿਡਾਊਟ ਆਪਣੀ ਸਰਕਾਰੀ ਰਿਹਾਇਸ਼ ਟੈਂਗਲਿਨ ਚਲਾ ਗਿਆ ਤੇ ਇੰਨਫੈਂਟਰੀ ਜਵਾਨ ਆਪਣੀ ਰਵਾਨਗੀ ਦੀ ਦੀ ਤਿਅਰੀ ਕਰਨ ਚਲੇ ਗਏ।
ਹੁੰਮਸ ਭਰੀ ਸ਼ਾਮ ਨੂੰ 3 ਵਜੇ ਜਦੋਂ ਅਧਿਕਾਰੀ ਫ਼ੌਜੀਆਂ ਤੋਂ ਹਥਿਆਰ ਜਮ੍ਹਾਂ ਕਰਵਾਉਣ ਲੱਗੇ ਤਾਂ ਅਚਾਨਕ ਬਿਨਾਂ ਕਿਸੇ ਚਿਤਾਵਨੀ ਦੇ ਪੂਰੀ ਪਲਟਨ ਨੇ ਵਿਦਰੋਹ ਕਰ ਦਿੱਤਾ। ਸਭ ਤੋਂ ਪਹਿਲਾਂ ਨੌਜਵਾਨ ਸਿਪਾਹੀ ਇਸਮਾਇਲ ਖਾਂ ਨੇ ਸੰਤਰੀ ਦੀ ਪੋਸਟ ਛੱਡ ਦਿੱਤੀ ਤੇ ਇਕ ਗੋਲੀ ਚਲਾ ਕੇ ਬਗ਼ਾਵਤ ਦਾ ਸਿਗਨਲ ਦੇ ਦਿੱਤਾ।
(ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)


-ਮੋਬਾਈਲ : 98766-98068. kpannu84@yahoo.in

ਕੁਝ ਬੁਰੇ ਕਿਰਦਾਰ, ਜਿਨ੍ਹਾਂ ਦਾ ਗੁਰੂ ਨਾਨਕ ਦੇਵ ਜੀ ਨੇ ਉੱਧਾਰ ਕੀਤਾ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਜਦੋਂ ਪਹਿਲੀ ਉਦਾਸੀ ਦੌਰਾਨ ਲਗਪਗ 1500 ਈਸਵੀ ਵਿਚ ਗੁਰੂ ਸਾਹਿਬ ਅਤੇ ਭਾਈ ਮਰਦਾਨਾ ਸਰਾਂ ਵਿਚ ਪਹੁੰਚੇ ਤਾਂ ਸੱਜਣ ਦੀ ਠੱਗੀ ਦਾ ਧੰਦਾ ਪੂਰੇ ਜ਼ੋਰਾਂ 'ਤੇ ਚੱਲ ਰਿਹਾ ਸੀ। ਉਸ ਨੇ ਗੁਰੂ ਜੀ ਨੂੰ ਕੋਈ ਧਨਾਢ ਵਪਾਰੀ ਸਮਝ ਕੇ ਰੱਜ ਕੇ ਸੇਵਾ ਕੀਤੀ। ਜਾਣੀ ਜਾਣ ਗੁਰੂ ਜੀ ਨੂੰ ਸੱਜਣ ਦੀਆਂ ਕਰਤੂਤਾਂ ਬਾਰੇ ਗਿਆਨ ਸੀ। ਉਨ੍ਹਾਂ ਨੇ ਸੌਣ ਤੋਂ ਪਹਿਲਾਂ ਗੁਰਬਾਣੀ ਦਾ ਗਾਇਨ ਸ਼ੁਰੂ ਕਰ ਦਿੱਤਾ ਜਿਸ ਵਿਚ ਪਖੰਡੀ ਤੇ ਲਾਲਚੀ ਮਨੁੱਖਾਂ ਦੇ ਪਾਪਾਂ ਬਾਰੇ ਵਰਨਣ ਸੀ। ਇਹ ਸ਼ਬਦ ਸੱਜਣ ਦੇ ਕਲੇਜੇ 'ਤੇ ਅਸਰ ਕਰ ਗਏ। ਉਹ ਗੁਰੂ ਜੀ ਦੇ ਚਰਨਾਂ ਵਿਚ ਡਿਗ ਪਿਆ ਤੇ ਆਪਣੇ ਪਾਪਾਂ ਦੀ ਖਿਮਾ ਮੰਗਣ ਲੱਗਾ। ਗੁਰੂ ਜੀ ਨੇ ਉਸ ਨੂੰ ਪਾਪਾਂ ਦਾ ਰਸਤਾ ਛੱਡ ਕੇ ਧਰਮ ਦੇ ਮਾਰਗ 'ਤੇ ਚੱਲਣ ਦਾ ਉਪਦੇਸ਼ ਦਿੱਤਾ। ਸੱਜਣ ਸੱਚਮੁਚ ਦਾ ਸੱਜਣ ਬਣ ਗਿਆ ਤੇ ਆਪਣੀ ਸਾਰੀ ਪਾਪਾਂ ਦੀ ਕਮਾਈ ਗ਼ਰੀਬਾਂ ਵਿਚ ਵੰਡ ਦਿੱਤੀ। ਉਸ ਨੇ ਆਪਣੀ ਸਰਾਂ ਨੂੰ ਧਰਮਸ਼ਾਲਾ ਵਿਚ ਬਦਲ ਦਿੱਤਾ ਤੇ ਆਏ ਗਏ ਗ਼ਰੀਬ ਗੁਰਬੇ ਤੇ ਸਾਧਾਂ ਸੰਤਾਂ ਦੀ ਸੇਵਾ ਕਰਨ ਲੱਗਾ।
ਕੌਡਾ ਰਾਖਸ਼-ਕੌਡਾ ਰਾਖਸ਼ ਇਕ ਨਰ ਭਕਸ਼ੀ ਇਨਸਾਨ ਸੀ ਜੋ ਗੁਰੂ ਜੀ ਦੀ ਪਾਰਸ ਰੂਪੀ ਸ਼ਖ਼ਸੀਅਤ ਅਤੇ ਅੰਮ੍ਰਿਤ ਮਈ ਉਪਦੇਸ਼ਾਂ ਸਦਕਾ ਮਾਸਾਹਾਰ ਛੱਡ ਕੇ ਪਵਿੱਤਰ ਜੀਵਨ ਬਿਤਾਉਣ ਲੱਗਾ। ਕੌਡਾ, ਭੀਲ ਜਾਤੀ ਦੇ ਇਕ ਕਬੀਲੇ ਦਾ ਸਰਦਾਰ ਸੀ ਤੇ ਪ੍ਰੋ: ਸਾਹਿਬ ਸਿੰਘ ਅਨੁਸਾਰ ਆਂਧਰਾ ਪ੍ਰਦੇਸ਼ ਦੇ ਵਿਜੇਵਾੜਾ ਜ਼ਿਲ੍ਹੇ ਦੇ ਕੁਡੱਪਾ ਪਿੰਡ ਦੇ ਨਜ਼ਦੀਕ ਜੰਗਲਾਂ ਵਿਚ ਰਹਿੰਦਾ ਸੀ। ਉਸ ਦਾ ਮੇਲ ਗੁਰੂ ਜੀ ਨਾਲ ਦੱਖਣ ਦੀ ਉਦਾਸੀ ਦੌਰਾਨ ਲਗਪਗ 1507-08 ਈਸਵੀ ਵਿਚ ਹੋਇਆ। ਖੁਸ਼ਕ ਬੀਆਬਾਨ ਜੰਗਲ ਵਿਚ ਸ਼ਿਕਾਰ ਅਤੇ ਕੰਦ ਮੂਲ ਦੀ ਘਾਟ ਕਾਰਨ ਕੌਡਾ ਅਤੇ ਉਸ ਦਾ ਕਬੀਲਾ ਭੁੱਖ ਤੋਂ ਪ੍ਰੇਸ਼ਾਨ ਹੋ ਕੇ ਕਦੇ-ਕਦੇ ਪੇਟ ਭਰਨ ਲਈ ਇਨਸਾਨਾਂ ਦਾ ਮਾਸ ਖਾ ਕੇ ਗੁਜ਼ਾਰਾ ਕਰ ਲੈਂਦੇ ਸਨ। ਉਨ੍ਹਾਂ ਦਾ ਆਸਾਨ ਸ਼ਿਕਾਰ ਜੰਗਲ ਵਿਚੋਂ ਗੁਜ਼ਰਨ ਵਾਲੇ ਮੁਸਾਫਰ ਬਣਦੇ ਸਨ। ਆਪਣੀ ਦੱਖਣ ਯਾਤਰਾ ਦੌਰਾਨ ਗੁਰੂ ਜੀ ਉਸ ਜੰਗਲ ਦੇ ਬਾਹਰ ਇਕ ਕਸਬੇ ਵਿਚ ਠਹਿਰੇ ਹੋਏ ਸਨ। ਉਥੇ ਕੌਡੇ ਤੋਂ ਦੁਖੀ ਲੋਕਾਂ ਨੇ ਗੁਰੂ ਸਾਹਿਬ ਕੋਲ ਫਰਿਆਦ ਕੀਤੀ।
ਗੁਰੂ ਜੀ ਲੋਕਾਂ ਦਾ ਦੁੱਖ ਦੂਰ ਕਰਨ ਲਈ ਕੌਡੇ ਨੂੰ ਮਿਲਣ ਲਈ ਬਾਲੇ ਤੇ ਮਰਦਾਨੇ ਸਮੇਤ ਜੰਗਲ ਵੱਲ ਚੱਲ ਪਏ। ਕੌਡੇ ਨੂੰ ਵੇਖ ਕੇ ਚਾਅ ਚੜ੍ਹ ਗਿਆ ਕਿ ਤਿੰਨ ਸ਼ਿਕਾਰ ਖੁਦ-ਬਾਖੁਦ ਹੀ ਉਸ ਦੇ ਚੁੰਗਲ ਵਿਚ ਫਸਣ ਲਈ ਚਲੇ ਆ ਰਹੇ ਹਨ। ਉਸ ਨੇ ਉਨ੍ਹਾਂ ਨੂੰ ਤਲਣ ਲਈ ਕੜਾਹਾ ਚਾੜ੍ਹ ਲਿਆ, ਪਰ ਸਾਰੀ ਕੋਸ਼ਿਸ਼ ਦੇ ਬਾਵਜੂਦ ਤੇਲ ਗਰਮ ਨਾ ਹੋਇਆ। ਉਹ ਹੈਰਾਨ ਰਹਿ ਗਿਆ, ਉਸ ਨੇ ਭੁੰਨਣ ਲਈ ਗੁਰੂ ਸਾਹਿਬ ਨੂੰ ਅੱਗ ਵਿਚ ਧੱਕ ਦਿੱਤਾ ਪਰ ਉਹ ਮੁਸਕਰਾਉਂਦੇ ਹੋਏ ਭਾਂਬੜ ਤੋਂ ਬਾਹਰ ਆ ਗਏ। ਇਹ ਕੌਤਕ ਵੇਖ ਕੇ ਕੌਡੇ ਦਾ ਸਰੀਰ ਠੰਡਾ ਹੋ ਗਿਆ, ਉਹ ਗੁਰੂ ਸਾਹਿਬ ਨੂੰ ਦੁਬਾਰਾ ਅੱਗ ਵਿਚ ਧੱਕਣ ਦਾ ਹੀਆ ਨਾ ਕਰ ਸਕਿਆ। ਗੁਰੂ ਜੀ ਨੇ ਉਸ ਨੂੰ ਧਰਮ ਕਰਮ ਦਾ ਉਪਦੇਸ਼ ਦਿੱਤਾ ਤਾਂ ਕੌਡੇ ਦੀਆਂ ਅੱਖਾਂ ਖੁੱਲ੍ਹ ਗਈਆਂ, ਉਸ ਦਾ ਜਨਮਾਂ-ਜਨਮਾਂ ਦਾ ਅਗਿਆਨ ਦੂਰ ਹੋ ਗਿਆ। ਉਸ ਨੇ ਗੁਰੂ ਸਾਹਿਬ ਦੇ ਚਰਨ ਫੜ ਲਏ ਤੇ ਆਪਣੇ ਗੁਨਾਹਾਂ ਦੀ ਮੁਆਫੀ ਮੰਗੀ। ਗੁਰੂ ਜੀ ਨੇ ਉਸ ਨੂੰ ਪਵਿੱਤਰ ਜੀਵਨ ਬਤੀਤ ਕਰਨ ਤੇ ਮਾਸਾਹਾਰ ਛੱਡਣ ਦੀ ਪ੍ਰੇਰਨਾ ਦਿੱਤੀ। ਗੁਰੂ ਸਾਹਿਬ ਦੀ ਸਿੱਖਿਆ ਕਾਰਨ ਕੌਡੇ ਤੇ ਉਸ ਦੇ ਕਬੀਲ਼ੇ ਨੇ ਪਾਪਾਂ ਦਾ ਰਸਤਾ ਛੱਡ ਦਿੱਤਾ ਤੇ ਸਾਤਵਿਕ ਜੀਵਨ ਬਿਤਾਉਣਾ ਸ਼ੁਰੂ ਕਰ ਦਿੱਤਾ।
ਮਲਕ ਭਾਗੋ-ਪਹਿਲੀ ਉਦਾਸੀ ਦੌਰਾਨ 1501-02 ਈਸਵੀ ਵਿਚ ਗੁਰੂ ਸਾਹਿਬ ਆਪਣੇ ਅਨਿੰਨ ਭਗਤ ਭਾਈ ਲਾਲੋ ਨੂੰ ਮਿਲਣ ਲਈ ਸੈਦਪੁਰ (ਹੁਣ ਅਮੀਨਾਬਾਦ ਜ਼ਿਲ੍ਹਾ ਗੁੱਜਰਾਂਵਾਲਾ, ਪਾਕਿਸਤਾਨ) ਪਧਾਰੇ ਸਨ। ਭਾਈ ਲਾਲੋ ਘਟੌੜਾ ਗੋਤਰ ਦਾ ਦਸਾਂ ਨਹੁੰਆਂ ਦੀ ਕਿਰਤ ਕਰਨ ਵਾਲਾ ਮਿਹਨਤਕਸ਼ ਸਿੱਖ ਸੀ। ਉਸ ਦਾ ਜਨਮ 1452 ਈਸਵੀ ਨੂੰ ਭਾਈ ਜਗਤ ਰਾਮ ਦੇ ਗ੍ਰਹਿ ਵਿਖੇ ਹੋਇਆ। ਜਦੋਂ ਗੁਰੂ ਸਾਹਿਬ ਭਾਈ ਲਾਲੋ ਦੇ ਗ੍ਰਹਿ ਵਿਖੇ ਵਿਸ਼ਰਾਮ ਕਰ ਰਹੇ ਸਨ ਤਾਂ ਇਲਾਕੇ ਦੇ ਇਕ ਵੱਡੇ ਸਰਕਾਰੀ ਅਹਿਲਕਾਰ ਮਲਕ ਭਾਗੋ ਨੇ ਮਹਾਂ ਭੋਜ ਦਾ ਆਯੋਜਨ ਕੀਤਾ। ਉਸ ਨੇ ਸਾਰੇ ਸ਼ਹਿਰ ਨੂੰ ਖਾਣੇ 'ਤੇ ਬੁਲਾਇਆ ਪਰ ਗੁਰੂ ਸਾਹਿਬ ਨਾ ਗਏ। ਮਲਕ ਭਾਗੋ ਗੁਰੂ ਸਾਹਿਬ ਦੀ ਪ੍ਰਸਿੱਧੀ ਤੋਂ ਵਾਕਫ ਸੀ। ਉਸ ਦੇ ਵਾਰ-ਵਾਰ ਸੱਦੇ ਭੇਜਣ 'ਤੇ ਆਖਰ ਗੁਰੂ ਸਾਹਿਬ ਭਾਈ ਲਾਲੋ ਸਮੇਤ ਉਸ ਦੇ ਘਰ ਪਹੁੰਚ ਗਏ। ਮਲਕ ਭਾਗੋ ਨੇ ਗੁੱਸੇ ਨਾਲ ਲੋਹੇ ਲਾਖੇ ਹੋ ਕੇ ਗੁਰੂ ਸਾਹਿਬ ਨੂੰ ਨਾ ਆਉਣ ਦਾ ਕਾਰਨ ਪੁੱਛਿਆ ਤੇ ਹੰਕਾਰ ਨਾਲ ਕਿਹਾ ਕੇ ਤੁਸੀਂ ਇਕ ਛੋਟੀ ਜਾਤ ਦੇ ਬੰਦੇ ਦੇ ਘਰ ਤਾਂ ਰੁੱਖੀ-ਮਿੱਸੀ ਰੋਟੀ ਖਾ ਸਕਦੇੇ ਹੋ, ਪਰ ਮੇਰੇ ਘਰ ਬਣੇ ਸਵਾਦਿਸ਼ਟ ਪਕਵਾਨ ਖਾਣ ਤੋਂ ਇਨਕਾਰ ਕਰ ਰਹੇ ਹੋ।
ਗੁਰੂ ਸਾਹਿਬ ਨੇ ਉਸ ਨੂੰ ਸਮਝਾਇਆ ਕਿ ਭਾਈ ਲਾਲੋ ਦੀਆਂ ਰੋਟੀਆਂ ਸੱਚੀ ਕਿਰਤ ਨਾਲ ਕਮਾਈਆਂ ਗਈਆਂ ਹਨ, ਪਰ ਤੇਰੇ ਸ਼ਾਹੀ ਪਕਵਾਨ ਗ਼ਰੀਬਾਂ ਦਾ ਖ਼ੂਨ ਚੂਸ ਕੇ ਕਮਾਏ ਹੋਏ ਪੈਸੇ ਨਾਲ ਬਣੇ ਹਨ। ਉਨ੍ਹਾਂ ਨੇ ਇਕ ਹੱਥ ਵਿਚ ਭਾਈ ਲਾਲੋ ਦੀ ਸੁੱਕੀ ਰੋਟੀ ਤੇ ਦੂਸਰੇ ਹੱਥ ਵਿਚ ਮਲਕ ਭਾਗੋ ਦੀ ਦੇਸੀ ਘਿਓ ਨਾਲ ਚੋਪੜੀ ਰੋਟੀ ਫੜ ਕੇ ਨਿਚੋੜੀ ਤਾਂ ਭਾਈ ਲਾਲੋ ਦੀ ਰੋਟੀ ਵਿਚੋਂ ਦੁੱਧ ਤੇ ਮਲਕ ਭਾਗੋ ਦੀ ਰੋਟੀ ਵਿਚੋਂ ਖ਼ੂਨ ਟਪਕਣ ਲੱਗਾ। ਇਹ ਕੌਤਕ ਵੇਖ ਕੇ ਮਲਕ ਭਾਗੋ ਗੁਰੂ ਸਾਹਿਬ ਦੇ ਚਰਨੀਂ ਢਹਿ ਪਿਆ। ਗੁਰੂ ਸਾਹਿਬ ਨੇ ਉਸ ਨੂੰ ਅਧਰਮ ਦਾ ਮਾਰਗ ਛੱਡਣ ਅਤੇ ਹੱਕ-ਸੱਚ ਨਾਲ ਕਮਾਈ ਕਰਨ ਦਾ ਉਪਦੇਸ਼ ਦਿੱਤਾ। (ਸਮਾਪਤ)


-ਪੰਡੋਰੀ ਸਿੱਧਵਾਂ। ਮੋਬਾਈਲ : 9501100062

ਜੋੜ ਮੇਲੇ 'ਤੇ ਵਿਸ਼ੇਸ਼

ਗੁ: ਸ੍ਰੀ ਡੰਡਾ ਸਾਹਿਬ ਸੱਤਵੀਂ ਪਾਤਸ਼ਾਹੀ ਸੰਧਵਾਂ (ਨਵਾਂਸ਼ਹਿਰ)

ਫਗਵਾੜਾ-ਬੰਗਾ ਮੁੱਖ ਮਾਰਗ 'ਤੇ ਪੈਂਦੇ ਕਸਬਾ ਬਹਿਰਾਮ ਤੋਂ ਕਰੀਬ 4 ਕਿਲੋਮੀਟਰ ਦੀ ਦੂਰੀ 'ਤੇ ਮਾਹਿਲਪੁਰ ਮੁੱਖ ਸੜਕ 'ਤੇ ਸਥਿਤ ਸੱਤਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਸ੍ਰੀ ਡੰਡਾ ਸਾਹਿਬ ਪਿੰਡ ਸੰਧਵਾਂ (ਨਵਾਂਸ਼ਹਿਰ) ਦਾ ਸਿੱਖ ਇਤਿਹਾਸ ਵਿਚ ਇਕ ਅਹਿਮ ਸਥਾਨ ਹੈ। ਮਿਲੇ ਵੇਰਵਿਆਂ ਅਨੁਸਾਰ ਸੱਤਵੇਂ ਪਾਤਸ਼ਾਹ ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ ਮਾਲਵੇ ਤੋਂ ਸ੍ਰੀ ਕੀਰਤਪੁਰ ਸਾਹਿਬ ਨੂੰ ਜਾਣ ਸਮੇਂ ਪਿੰਡ ਸੰਧਵਾਂ ਦੀ ਇਕ ਜੰਗਲ ਵਰਗੀ ਝਿੜੀ 'ਚ ਆਪਣੀ 2200 ਘੋੜ ਸਵਾਰ ਫ਼ੌਜ ਸਮੇਤ 1713 ਬਿਕਰਮੀ (1656 ਈ:) ਨੂੰ ਆਪਣੇ ਪਵਿੱਤਰ ਚਰਨ ਪਾਏ। ਜਿਥੇ ਗੁਰੂ ਸਾਹਿਬ ਕਾਫੀ ਸਮਾਂ ਠਹਿਰੇ, ਪਿੰਡ ਦੀਆਂ ਸੰਗਤਾਂ ਨੇ ਗੁਰੂ ਸਾਹਿਬ, ਗੁਰੂ ਦੀਆਂ ਫ਼ੌਜਾਂ ਸਮੇਤ ਘੋੜਿਆਂ ਦੀ ਸੇਵਾ ਕਰ ਕੇ ਗੁਰੂ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ। ਸਾਖੀ ਸਾਹਿਤ ਅਨੁਸਾਰ ਇਕ ਦਿਨ ਗੁਰੂ ਜੀ ਨੇ ਮੌਜ ਵਿਚ ਆ ਕੇ ਫਲਾਹੀ ਦੀ ਦਾਤਣ ਕਰਕੇ ਉਸ ਜਗ੍ਹਾ 'ਤੇ ਅੰਤਰ ਧਿਆਨ ਹੋ ਕੇ ਗੱਡ ਦਿੱਤੀ। ਜੋ ਹੌਲੀ-ਹੌਲੀ ਇਕ ਫਲਾਹ ਦਾ ਵੱਡਾ ਦਰੱਖਤ ਬਣ ਗਿਆ, ਜੋ ਅੱਜ ਵੀ ਗੁਰਦੁਆਰਾ ਸ੍ਰੀ ਡੰਡਾ ਸਾਹਿਬ ਜੀ ਦੀ ਆਲੀਸ਼ਾਨ ਇਮਾਰਤ ਵਿਚ ਸੁਸ਼ੋਭਿਤ ਹੈ। ਇਸ ਫਲਾਹ ਦੇ ਦਰੱਖਤ ਦੇ ਨਾਂਅ ਤੋਂ ਹੀ ਗੁਰਦੁਆਰਾ ਸਾਹਿਬ ਦਾ ਨਾਂਅ ਦੁਨੀਆ 'ਤੇ ਪ੍ਰਸਿੱਧ ਹੋਇਆ। ਗੁਰੂ ਸਾਹਿਬ ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ ਦਾ ਸੰਦੇਸ਼ ਦਿੰਦੇ ਹੋਏ ਇਲਾਹੀ ਬਾਣੀ ਦਾ ਜਾਪ ਕਰਦੇ ਸ੍ਰੀ ਕੀਰਤਪੁਰ ਸਾਹਿਬ ਨੂੰ ਚੱਲ ਪਏ। ਸੇਵਾਦਾਰ ਜਥੇ: ਹਰਜੀਤ ਸਿੰਘ ਸੰਧੂ ਤੇ ਸੈਕਟਰੀ ਜਥੇਦਾਰ ਬਲਵੀਰ ਸਿੰਘ ਸੰਧੂ ਨੇ ਦੱਸਿਆ ਕਿ ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀ ਖੁਸ਼ੀ 'ਚ 18 ਤੋਂ 20 ਫਰਵਰੀ ਤੱਕ ਸਜਾਏ ਜਾ ਰਹੇ ਧਾਰਮਿਕ ਦੀਵਾਨਾਂ 'ਚ ਸੰਤ ਜੀਤ ਸਿੰਘ ਅਤੇ ਕੀਰਤਨੀ ਜਥੇ ਸੰਗਤਾਂ ਨੂੰ ਨਿਹਾਲ ਕਰਨਗੇ। ਖੇਡ ਪ੍ਰਮੋਟਰ ਸ: ਨਿਰਮਲ ਸਿੰਘ ਸੰਧੂ, ਚੇਅਰਮੈਨ ਮੋਹਣ ਸਿੰਘ ਸੰਧੂ ਭਗਤਾਂ ਦੇ, ਸਰਪੰਚ ਸਤਿਕਰਤਾਰ ਸਿੰਘ ਸੰਧੂ, ਸ: ਦਲਜੀਤ ਸਿੰਘ, ਪ੍ਰਧਾਨ ਸ: ਸ਼ਿੰਦਰਪਾਲ ਸਿੰਘ ਗਿੱਲ, ਜਥੇ: ਜੋਗਿੰਦਰ ਸਿੰਘ ਸੇਖੋਂ ਅਤੇ ਪ੍ਰਧਾਨ ਅਮਰੀਕ ਸਿੰਘ ਸੰਧੂ ਨੇ ਸਾਂਝੇ ਤੌਰ 'ਤੇ ਦੱਸਿਆ ਕਿ ਗੁਰੂ ਸਾਹਿਬ ਜੀ ਦੀ ਯਾਦ 'ਚ 21 ਫਰਵਰੀ ਤੋਂ 24 ਫਰਵਰੀ ਤੱਕ ਸਾਲਾਨਾ ਕਬੱਡੀ ਖਿਡਾਰੀ ਤੇ ਸਾਬਕਾ ਆਈ.ਜੀ. ਸ: ਹਰਭਜਨ ਸਿੰਘ ਭਜੀ ਦੀ ਪ੍ਰਧਾਨਗੀ ਹੇਠ ਕਰਵਾਏ ਜਾ ਰਹੇ ਖੇਡ ਮੇਲੇ 'ਚ 24 ਫਰਵਰੀ ਨੂੰ ਸਵੇਰੇ 11 ਵਜੇ ਤੱਕ ਦਾਖ਼ਲ ਹੋਣ ਵਾਲੀਆਂ ਆਲ ਓਪਨ ਕਬੱਡੀ ਟੀਮਾਂ ਦੇ ਮੁਕਾਬਲੇ ਹੋਣਗੇ।


-ਪ੍ਰੇਮੀ ਸੰਧਵਾਂ
ਸੰਧਵਾਂ (ਨਵਾਂਸ਼ਹਿਰ)

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX