ਤਾਜਾ ਖ਼ਬਰਾਂ


ਸਾਬਕਾ ਵਿਧਾਇਕ ਸੁਖਦਰਸ਼ਨ ਸਿੰਘ ਮਰਾੜ ਕਾਂਗਰਸ ਵਿਚ ਸ਼ਾਮਿਲ
. . .  43 minutes ago
ਸ੍ਰੀ ਮੁਕਤਸਰ ਸਾਹਿਬ, 18 ਅਪ੍ਰੈਲ (ਰਣਜੀਤ ਸਿੰਘ ਢਿੱਲੋਂ)-ਸ੍ਰੀ ਮੁਕਤਸਰ ਸਾਹਿਬ ਦੀ ਰਾਜਨੀਤੀ ਵਿਚ ਉਸ ਸਮੇਂ ਹਿਲਜੁੱਲ ਹੋਈ, ਜਦੋਂ ਸਾਬਕਾ ਵਿਧਾਇਕ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਸੁਖਦਰਸ਼ਨ ਸਿੰਘ ਮਰਾੜ ਕਾਂਗਰਸ ਪਾਰਟੀ ਵਿਚ...
ਸੁਆਂ ਨਦੀ ਵਿਚ ਨਹਾਉਣ ਗਏ ਦੋ ਨੌਜਵਾਨ ਡੁੱਬੇ
. . .  about 1 hour ago
ਨੂਰਪੁਰ ਬੇਦੀ, 18 ਅਪ੍ਰੈਲ (ਹਰਦੀਪ ਸਿੰਘ ਢੀਂਡਸਾ) - ਸ੍ਰੀ ਅਨੰਦਪੁਰ ਸਾਹਿਬ ਤਹਿਸੀਲ ਅਧੀਨ ਪੈਂਦੇ ਕਸਬਾ ਨੂਰਪੁਰ ਬੇਦੀ ਨੇੜਿਓ ਗੁਜ਼ਰਦੀ ਸੁਆਂ ਨਦੀ ਵਿਚ ਦੋ ਨੌਜਵਾਨਾਂ ਦੇ ਡੁੱਬਣ ਦਾ...
ਆਈ.ਪੀ.ਐੱਲ 2019 : ਦਿੱਲੀ ਖ਼ਿਲਾਫ਼ ਟਾਸ ਜਿੱਤ ਕੇ ਮੁੰਬਈ ਵੱਲੋਂ ਪਹਿਲਾ ਬੱਲੇਬਾਜ਼ੀ ਦਾ ਫ਼ੈਸਲਾ
. . .  about 1 hour ago
ਸ਼ਮਸ਼ੇਰ ਸਿੰਘ ਦੂਲੋ ਨੂੰ ਆਪਣੇ ਪ੍ਰਚਾਰ ਦੀ ਕਰਾਂਗੀ ਅਪੀਲ - ਬੀਬੀ ਦੂਲੋ
. . .  about 1 hour ago
ਫ਼ਤਹਿਗੜ੍ਹ ਸਾਹਿਬ, 18 ਅਪ੍ਰੈਲ (ਅਰੁਣ ਅਹੂਜਾ)- ਕਾਂਗਰਸ ਦੇ ਰਾਜ ਸਭਾ ਮੈਂਬਰ ਸ਼ਮਸ਼ੇਰ ਸਿੰਘ ਦੂਲੋ ਦੀ ਪਤਨੀ ਬੀਬੀ ਹਰਬੰਸ ਕੋਰ ਦੂਲੋ ਜੋ ਕਿ ਬੀਤੇ ਦਿਨੀਂ ਆਮ ਆਦਮੀ ਪਾਰਟੀ ਵਿਚ...
ਗੁਰੂ ਹਰਸਹਾਏ : ਪਿੰਡ ਝੋਕ ਮੋਹੜੇ 'ਚ ਚੱਲੀ ਗੋਲੀ
. . .  about 1 hour ago
ਗੁਰੂ ਹਰਸਹਾਏ, 18 ਅਪ੍ਰੈਲ (ਹਰਚਰਨ ਸਿੰਘ ਸੰਧੂ) - ਪਿੰਡ ਝੋਕ ਮੋਹੜੇ ਵਿਖੇ ਪੁਰਾਣੀ ਰੰਜਸ਼ ਦੇ ਚੱਲਦਿਆਂ ਇੱਕ ਪਿੰਡ ਦੇ ਸਰਪੰਚ ਵੱਲੋਂ ਕੁੱਝ ਨੌਜਵਾਨਾਂ ਨੂੰ ਨਾਲ ਲੈ ਕੇ ਇੱਕ ਨੌਜਵਾਨ 'ਤੇ ਗੋਲੀ...
ਕੰਟਰੋਲ ਰੇਖਾ ਤੋਂ ਪਾਰ ਵਪਾਰ ਦੋ ਦਿਨਾਂ ਲਈ ਬੰਦ
. . .  about 1 hour ago
ਨਵੀਂ ਦਿੱਲੀ, 18 ਅਪ੍ਰੈਲ - ਗ੍ਰਹਿ ਮੰਤਰਾਲੇ ਨੇ ਐਨ.ਆਈ.ਏ ਦੀ ਜਾਂਚ ਦੌਰਾਨ ਕੁੱਝ ਅੱਤਵਾਦੀ ਸੰਗਠਨਾਂ ਵੱਲੋਂ ਵਪਾਰ ਚਲਾਏ ਜਾਣ ਦਾ ਪਾਏ ਜਾਣ 'ਤੇ ਜੰਮੂ ਕਸ਼ਮੀਰ ਵਿਖੇ ਕੱਲ੍ਹ...
ਆਮਦਨ ਕਰ ਵਿਭਾਗ ਵੱਲੋਂ ਵਪਾਰੀ ਤੋਂ 42 ਲੱਖ ਦੀ ਬੇਹਿਸਾਬੀ ਨਕਦੀ ਜ਼ਬਤ
. . .  about 2 hours ago
ਨਵੀਂ ਦਿੱਲੀ, 18 ਅਪ੍ਰੈਲ - ਆਮਦਨ ਕਰ ਵਿਭਾਗ ਨੇ ਗੁਜਰਾਤ ਦੇ ਗਾਂਧੀ ਨਗਰ ਵਿਖੇ ਇੱਕ ਵਪਾਰੀ ਤੋਂ 42 ਲੱਖ ਰੁਪਏ ਦੀ ਬੇਹਿਸਾਬੀ ਨਕਦੀ ਜ਼ਬਤ ਕੀਤੀ...
ਲੋਕ ਸਭਾ ਚੋਣਾਂ ਦੇ ਦੂਸਰੇ ਪੜਾਅ ਤਹਿਤ ਹੋਈ 61.12 ਫ਼ੀਸਦੀ ਵੋਟਿੰਗ
. . .  about 1 hour ago
ਨਵੀਂ ਦਿੱਲੀ, 18 ਅਪ੍ਰੈਲ - ਲੋਕ ਸਭਾ ਚੋਣਾਂ ਦੇ ਦੂਸਰੇ ਪੜਾਅ ਤਹਿਤ ਕੁੱਲ 61.12 ਫ਼ੀਸਦੀ ਵੋਟਿੰਗ ਹੋਈ...
ਸੜਕ ਹਾਦਸੇ 'ਚ ਦੋ ਸਕੇ ਭਰਾਵਾਂ ਦੀ ਮੌਤ
. . .  about 2 hours ago
ਗੁਰਦਾਸਪੁਰ, 18 ਅਪ੍ਰੈਲ (ਆਲਮਬੀਰ ਸਿੰਘ) - ਨੇੜਲੇ ਪਿੰਡ ਕੋਠੇ ਘੁਰਾਲਾ ਬਾਈਪਾਸ ਨੇੜੇ ਵਾਪਰੇ ਇਕ ਦਰਦਨਾਕ ਸੜਕ ਹਾਦਸੇ ਵਿਚ ਦੋ ਸਕੇ ਭਰਾਵਾਂ ਦੀ ਮੌਤ ਹੋ ਗਈ। ਜਾਣਕਾਰੀ...
ਉੜੀਸਾ : ਈ.ਵੀ.ਐਮ 'ਚ ਖ਼ਰਾਬੀ ਹੋਣ ਕਾਰਨ 4 ਬੂਥਾਂ 'ਤੇ ਦੁਬਾਰਾ ਹੋਵੇਗੀ ਵੋਟਿੰਗ- ਚੋਣ ਅਧਿਕਾਰੀ
. . .  about 3 hours ago
ਭੁਵਨੇਸ਼ਵਰ, 18 ਅਪ੍ਰੈਲ- ਉੜੀਸਾ ਦੇ ਮੁੱਖ ਚੋਣ ਅਧਿਕਾਰੀ ਸੁਰੇਂਦਰ ਕੁਮਾਰ ਨੇ ਕਿਹਾ ਹੈ ਕਿ ਸੁਰੇਂਦਰਗੜ੍ਹ ਦੇ ਬੂਥ ਨੰਬਰ 213, ਬੁਨਾਈ ਦੇ ਬੂਥ ਨੰਬਰ 129 ਅਤੇ ਦਾਸਪੱਲਾ ਵਿਧਾਨ ਸਭਾ ਖੇਤਰ 'ਚ ਬੂਥ ਨੰਬਰ 210 ਅਤੇ 222 'ਚ ਈ.ਵੀ.ਐਮ 'ਚ ਖ਼ਰਾਬੀ ਦੇ ਚੱਲਦਿਆਂ ...
ਹੋਰ ਖ਼ਬਰਾਂ..

ਦਿਲਚਸਪੀਆਂ

ਤਸੱਲੀ

ਸਰਕਾਰੀ ਯੋਜਨਾਵਾਂ ਬੜੀਆਂ ਮਨ-ਲੁਭਾਉ ਘੋਸ਼ਣਾਵਾਂ ਨਾਲ ਸ਼ੁਰੂ ਹੁੰਦੀਆਂ ਹਨ, ਜਿਹੜੀਆਂ ਅਕਸਰ ਅਫ਼ਸਰ ਸ਼ਾਹੀ ਦੀ ਢਿੱਲ ਅਤੇ ਲੇਟ ਲਤੀਫ਼ੀ ਕਰਕੇ ਠੁਸ ਹੋ ਜਾਂਦੀਆਂ ਹਨ। 'ਪੰਜਾਬ ਸ਼ਹਿਰੀ ਆਵਾਸ ਯੋਜਨਾ' ਦੇ ਤਹਿਤ ਆਪਣੀ ਛੱਤ ਦੀ ਉਮੀਦ ਦੇ ਸਜੋਏ ਸੁਪਨਿਆਂ ਦੇ ਦਸਤਾਵੇਜ਼ ਜਮ੍ਹਾਂ ਕਰਵਾਉਣ ਲਈ ਲੋਕ ਕਤਾਰਾਂ ਵਿਚ ਲੱਗੇ ਹੋਏ ਸਨ। ਪਰ ਸਬੰਧਤ ਵਿਭਾਗੀ ਅਮਲੇ ਵਲੋਂ ਦਸਤਾਵੇਜ਼ ਅਧੂਰੇ ਤੇ ਸਮਾਂ ਪੂਰਾ ਹੋ ਜਾਣ ਦਾ ਬਹਾਨਾ ਬਣਾ ਕੇ ਮੋੜੇ ਜਾ ਰਹੇ ਸਨ। ਭਾਵੇਂ ਸਿਫਾਰਸ਼ ਤੇ ਪੈਸੇ ਨਾਲ ਚੋਰ ਮੋਰੀ ਰਾਹੀਂ ਸਭ ਚਲ ਰਿਹਾ ਸੀ।
ਕੌਂਸਲਰ ਦੀ ਵੱਡੀ ਸਿਫਾਰਸ਼ ਕਰਕੇ ਉਸ ਨੂੰ ਭਰੋਸਾ ਸੀ ਕਿ ਉਸ ਦੇ ਦਸਤਾਵੇਜ਼ ਸਹੀ ਹੋਣ ਕਰਕੇ ਦਾਖਲ ਹੋ ਜਾਣਗੇ। ਫਿਰ ਵੀ ਉਸ ਨੇ ਪੰਜ ਸੌ ਦਾ ਛੋਟਾ ਜਿਹਾ ਨੋਟ ਕਲਰਕ ਦੀ ਮੁੱਠੀ ਵਿਚ ਦਿੰਦਿਆਂ ਆਖਿਆ, 'ਸਾਹਬ! ਮੈਨੂੰ ਯਕੀਨ ਹੀ ਨਹੀਂ ਭਰੋਸਾ ਵੀ ਹੈ ਕਿ ਮੇਰਾ ਕੰਮ ਹੋ ਜਾਵੇਗਾ ਪਰ ਮੈਂ ਆਪਣੇ ਮਨ ਦੀ ਤਸੱਲੀ ਲਈ ਇਸ ਨੂੰ ਜ਼ਰੂਰੀ ਸਮਝਿਆ।

-ਮੁਖ਼ਤਾਰ ਗਿੱਲ
ਪਿੰਡ ਪ੍ਰੀਤ ਨਗਰ, ਡਾਕ: ਚੁਗਾਵਾਂ, ਜ਼ਿਲ੍ਹਾ ਅੰਮ੍ਰਿਤਸਰ।
ਮੋਬਾਈਲ : 98140-82217.


ਖ਼ਬਰ ਸ਼ੇਅਰ ਕਰੋ

ਕਹਾਣੀ ਪਾਰਟੀ

ਨਵਦੀਪ ਐਮ.ਏ. 'ਚ ਪੜ੍ਹਦੀ ਸੀ। ਰੰਗ ਸਾਂਵਲਾ ਪਰ ਤਿੱਖੇ ਨੈਣ-ਨਕਸ਼ ਸਾਂਵਲੇ ਰੰਗ ਨਾਲ ਵੀ ਦਿਲ ਮੋਹ ਲੈਂਦੇ ਸੀ। ਅਕਸਰ ਕਾਲਜ 'ਚ ਮੁੰਡੇ ਉਸ ਨਾਲ ਗੱਲ ਕਰਨ ਨੂੰ ਤਰਸਦੇ ਤੇ ਪਿੰਡ ਦੇ ਮੁੰਡੇ ਵੀ ਉਹਦੇ ਆਉਣ-ਜਾਣ ਦਾ ਸਮਾਂ ਨੋਟ ਕਰ ਕੇ ਰੱਖਦੇ। ਅੱਜ ਜਦੋਂ ਉਹ ਘਰ ਆਈ ਤਾਂ ਰੋਜ਼ਾਨਾ ਦੀ ਤਰ੍ਹਾਂ ਥੋੜ੍ਹਾ ਪੜ੍ਹ ਕੇ ਤੇ ਫਿਰ ਟੀ.ਵੀ. ਦੇਖਣ ਲੱਗ ਗਈ। ਸ਼ਾਮ ਨੂੰ ਪਿਤਾ ਜੀ ਨੇ ਦੱਸਿਆ ਕਿ ਕੱਲ੍ਹ ਉਸ ਨੂੰ ਦੇਖਣ ਲਈ ਮੁੰਡੇ ਵਾਲੇ ਆਉਣਗੇ। ਪਹਿਲਾਂ ਤਾਂ ਨਵਦੀਪ ਨੂੰ ਗੁੱਸਾ ਆਇਆ ਕਿ ਉਸ ਦੇ ਬਿਨਾਂ ਪੁੱਛਿਆਂ ਹੀ ਏਨਾ ਵੱਡਾ ਫ਼ੈਸਲਾ ਉਸ ਦੇ ਪਾਪਾ ਨੇ ਕਰ ਦਿੱਤਾ ਤੇ ਦੂਸਰਾ ਜਦੋਂ ਉਸ ਨੂੰ ਮੁੰਡੇ ਦੀ ਤਸਵੀਰ ਮਾਂ ਨੇ ਦਿਖਾਈ ਤਾਂ ਉਹ ਦੁਖੀ ਹੋ ਗਈ ਤੇ ਫਿਰ ਅੱਕ ਕੇ ਫੋਨ ਚੁੱਕਿਆ ਤੇ ਵਟਸਐਪ ਤੋਂ ਆਵਦੀਆਂ ਪੰਜੇ ਸਹੇਲੀਆਂ ਨੂੰ ਮੈਸੇਜ ਕੀਤਾ।
'ਆਈ ਐਮ ਸੈਡ'
'ਵਾਏ???'
'ਕੱਲ੍ਹ ਮੈਨੂੰ ਮੁੰਡੇ ਵਾਲੇ ਦੇਖਣ ਲਈ ਆ ਰਹੇ ਨੇ।'
'ਫਿਰ ਕੀ ਹੁੰਦਾ ਤੂੰ ਦੁਖੀ ਕਿਉਂ?'
'ਯਾਰ ਮੈਂ ਹਾਲੇ ਛੋਟੀ ਆਂ, ਨਾਲੇ ਮੈਂ ਪਿਕ ਦੇਖੀ ਆ ਮੁੰਡੇ ਦੀ ਰੰਗ ਪੱਕਾ, ਪ੍ਰਾਈਵੇਟ ਜੌਬ ਤੇ ਸੈਲਰੀ ਵੀ ਘੱਟ ਆ।'
'ਤਾਂ ਤੂੰ ਪਾਪਾ ਨਾਲ ਗੱਲ ਕਰ ਯਾਰ'
'ਮੰਨਦੇ ਨਹੀਂ, ਮੈਂ ਕੀ ਕਰਾਂ?'
ਉਸ ਦੇ ਦੋਸਤਾਂ ਨੇ ਸਾਰੀ ਗੱਲ ਸੁਣ ਕੇ ਸੈਡ ਤੇ ਰੋਂਦੂ ਦੇ ਕਾਰਟੂਨ ਭੇਜ ਦਿੱਤੇ ਤੇ ਉਹਦੇ ਦੁੱਖ 'ਚ ਭਾਗੀਦਾਰ ਬਣੇ।
ਦੂਸਰੇ ਦਿਨ ਸਵੇਰੇ ਹੀ ਤਿਆਰੀਆਂ ਸ਼ੁਰੂ ਹੋ ਗਈਆਂ, ਵਧੀਆ-ਵਧੀਆ ਪਕਵਾਨ ਬਣੇ ਬੇਸ਼ੱਕ ਨਵਦੀਪ ਦੁਖੀ ਸੀ, ਪਰ ਪਿਤਾ ਦੇ ਕਹਿਣ 'ਤੇ ਉਸ ਨੂੰ ਤਿਆਰ ਹੋਣਾ ਪਿਆ।
...ਤੇ ਆਖਿਰਕਾਰ ਮੁੰਡੇ ਵਾਲੇ ਵੀ ਪਹੁੰਚ ਗਏ। ਖ਼ਾਤਿਰਦਾਰੀ ਹੋਈ ਤੇ ਸ਼ਗਨ ਪਾਉਣ ਤੋਂ ਪਹਿਲਾਂ ਮੁੰਡੇ ਕੁੜੀ ਨੂੰ ਅਲੱਗ ਕਮਰੇ 'ਚ ਗੱਲ ਕਰਨ ਲਈ ਭੇਜ ਦਿੱਤਾ।
'ਤੁਸੀਂ ਖੁਸ਼ ਹੋ' ਮੁੰਡੇ ਨੇ ਨਵਦੀਪ ਨੂੰ ਪੁੱਛਿਆ।
'ਹਾਂ' ਨਵਦੀਪ ਨੇ ਬਿਨਾਂ ਉਸ ਵੱਲ ਦੇਖਿਆਂ ਉੱਤਰ ਦਿੱਤਾ।
'ਕੀ ਪਸੰਦ ਆਇਆ ਥੋਨੂੰ' ਉਸ ਨੇ ਫਿਰ ਪੁੱਛਿਆ।
'ਨਵਦੀਪ ਨੇ ਇਕ ਵਾਰ ਉਸ ਵੱਲ ਦੇਖਿਆ ਤੇ ਬੋਲੀ, 'ਥੋਨੂੰ ਮੇਰੇ ਪਾਪਾ ਜੀ ਨੇ ਪਸੰਦ ਕੀਤਾ, ਜ਼ਰੂਰ ਉਨ੍ਹਾਂ ਨੂੰ ਥੋਡੀ ਕੋਈ ਗੱਲ ਵਧੀਆ ਲੱਗੀ ਹੋਵੇਗੀ, ਉਨ੍ਹਾਂ ਨੂੰ ਜ਼ਿੰਦਗੀ ਦਾ ਤਜਰਬਾ ਹੈ, ਉਨ੍ਹਾਂ ਨੇ ਥੋਨੂੰ ਮੇਰੇ ਲਈ ਚੁਣਿਆ ਇਸ ਲਈ ਮੈਂ ਖੁਸ਼ ਹਾਂ।'
ਉਹਦੀ ਗੱਲ ਸੁਣ ਕੇ ਮੁੰਡਾ ਥੋੜ੍ਹੇ ਸਮੇਂ ਬਾਅਦ ਬੋਲਿਆ, 'ਦੇਖੋ ਮੈਂ ਪ੍ਰਾਈਵੇਟ ਐਮਪਲੋਇਰ ਹਾਂ, ਪੇਅ ਵੀ ਠੀਕ-ਠਾਕ ਹੈ, ਪਰ ਮੈਂ ਵਾਅਦਾ ਕਰਦਾ ਹਾਂ ਕਿ ਥੋਨੂੰ ਹਮੇਸ਼ਾ ਖੁਸ਼ ਰੱਖਣ ਦੀ ਕੋਸ਼ਿਸ਼ ਕਰਾਂਗਾ, ਦਿਲੋਂ ਇੱਜ਼ਤ ਕਰਾਂਗਾ ਥੋਡੀ। ਬਸ ਹਰ ਕਦਮ 'ਤੇ ਥੋਨੂੰ ਮੇਰੇ ਨਾਲ ਚੱਲਣਾ ਪਵੇਗਾ।'
ਗੱਲਬਾਤ ਹੋਈ ਤੇ ਇਸ ਤੋਂ ਬਾਅਦ ਰਿਸ਼ਤਾ ਪੱਕਾ ਕਰ ਦਿੱਤਾ। ਖੁਸ਼ੀ 'ਚ ਮੁੰਡੇ ਦਾ ਪਿਤਾ ਬੋਲਿਆ, 'ਬਸ ਹੁਣ ਧੀ ਰਾਣੀ ਨੂੰ ਜਲਦੀ ਅਸੀਂ ਲੈ ਜਾਣਾ।'
ਰਿਸ਼ਤੇਦਾਰ ਚਲੇ ਗਏ, ਸ਼ਾਮ ਨੂੰ ਨਵਦੀਪ ਨੇ ਦੋਸਤ ਨੂੰ ਮੈਸੇਜ ਕੀਤਾ।'
'ਮੈਂ ਖੁਸ਼ ਹਾਂ ਕੱਲ੍ਹ ਪਾਰਟੀ ਕਰਾਂਗੀ ਥੋਨੂੰ।'
ਤਾਂ ਅੱਗੋਂ ਉੱਤਰ ਆਇਆ, ਕਿਉਂ ਕੀ ਗੱਲ ਰਿਸ਼ਤਾ ਰਿਜੈਕਟ ਹੋ ਗਿਆ ਜੋ ਇੰਨੀ ਖੁਸ਼ ਏਂ।'
'ਨਹੀਂ, ਪੱਕਾ ਹੋ ਗਿਆ ਸ਼ਾਇਦ ਮੈਰਿਜ ਵੀ ਜਲਦੀ ਹੋਵੇਗੀ', ਨਵਦੀਪ ਨੇ ਉੱਤਰ ਦਿੱਤਾ।
'ਕੱਲ੍ਹ ਤਾਂ ਰੋਂਦੀ ਸੀ, ਅੱਜ ਖੁਸ਼, ਕਿਤੇ ਮੁੰਡੇ ਦਾ ਰੰਗ ਗੋਰਾ ਤਾਂ ਨਹੀਂ???' ਤੇ ਨਾਲ ਉਸ ਦੀ ਦੋਸਤ ਨੇ ਹੱਸਦੇ ਕਾਰਟੂਨ ਭੇਜ ਦਿੱਤੇ।
'ਜੀ ਨਹੀਂ ਜੋ ਕਿਹਾ ਸੀ ਸਭ ਸੱਚ ਆ'
'ਫਿਰ'
'ਕੱਲ੍ਹ ਮੈਂ ਮੁੰਡੇ ਦਾ ਰੰਗ ਦੇਖਿਆ ਸੀ, ਜੌਬ ਦੇਖੀ ਸੀ, ਸੈਲਰੀ ਦੇਖੀ ਸੀ ਪਰ ਉਹਦਾ ਦਿਲ ਤਾਂ ਅੱਜ ਦੇਖਿਆ', ਨਵਦੀਪ ਨੇ ਉੱਤਰ ਦਿੱਤਾ।
'ਮਤਲਬ'
'ਉਹ ਕਹਿੰਦਾ ਸੈਲਰੀ ਘੱਟ ਆ ਪਰ ਮੈਂ ਥੋਨੂੰ ਹਮੇਸ਼ਾ ਖੁਸ਼ ਰੱਖਾਂਗਾ, ਥੋਨੂੰ ਇੱਜ਼ਤ ਦੇਵਾਂਗਾ, ਪਰ ਹਰ ਕਦਮ ਉਸ ਦਾ ਸਾਥ ਦੇਵਾਂ ਮੈਂ।'
'ਬਸ ਆਹੀ ਚਾਹੁੰਦੀ ਸੀ ਮੈਂ ਕਿ ਮੇਰਾ ਹਮਸਫ਼ਰ ਜੋ ਵੀ ਹੋਵੇ ਮੇਰੇ ਬਿਨਾਂ ਉਹ ਆਪਣੇ-ਆਪ ਨੂੰ ਅਧੂਰਾ ਸਮਝੇ, ਬਸ ਐਨੀ ਕੁ ਅਟੈਚਮੈਂਟ ਹੋਵੇ ਉਹਦੀ ਮੇਰੇ ਨਾਲ, ਯਾਰ ਵਧਾਈਆਂ ਤਾਂ ਦੇ ਦੋ ਹੁਣ' ਤੇ ਨਵਦੀਪ ਨੇ ਨਾਲ ਹੱਸਦੇ ਕਾਰਟੂਨ ਵੀ ਸੈਂਡ ਕਰ ਦਿੱਤੇ ਤੇ ਫਿਰ ਉਹਦੀਆਂ ਪੰਜੇ ਸਹੇਲੀਆਂ ਨੇ ਉਸ ਨੂੰ ਵਾਰੀ-ਵਾਰੀ 'ਵਧਾਈਆਂ' ਦਾ ਮੈਸੇਜ ਕੀਤਾ ਤੇ ਅੱਗੇ ਦੀਆਂ ਹੋਰ ਗੱਲਾਂ ਪੁੱਛਣ ਲੱਗੀਆਂ।

-ਪਿੰਡ ਘੁੱਦਾ-151401. ਜ਼ਿਲ੍ਹਾ ਬਠਿੰਡਾ।
ਮੋਬਾਈਲ : 73474-98393.

ਗੱਡੀ ਦੀ ਕੋਈ ਗੱਲ ਨਹੀਂ

31 ਮਾਰਚ ਦਾ ਦਿਨ ਸੀ। ਸ਼ਰਾਬ ਸਸਤੀ ਹੋ ਗਈ, ਕਿਉਂਕਿ ਠੇਕੇ ਹੁਣ ਨਵੇਂ ਠੇਕੇਦਾਰਾਂ ਕੋਲ ਚਲੇ ਗਏ ਸਨ। ਮੇਰਾ ਨਿੱਤ ਦਾ ਪਿਆਕੜ ਇਕ ਮਿੱਤਰ ਕਵੀ ਕਹਿਣ ਲੱਗਾ, 'ਚੱਲ ਯਾਰ ਆਪਾਂ ਵੀ ਦੋ ਪੇਟੀਆਂ ਗੱਡੀ ਵਿਚ ਲੱਦ ਲਿਆਈਏ।'
ਉਸ ਦੇ ਹੁਕਮ ਅਨੁਸਾਰ ਮੈਂ ਆਪਣਾ ਮੋਟਰਸਾਈਕਲ ਉਸ ਦੇ ਘਰ ਲਗਾਇਆ। ਉਸ ਦੀ ਗੱਡੀ ਲੈ ਕੇ ਠੇਕੇ 'ਤੇ ਜਾ ਪਹੁੰਚੇ। ਦੋ ਪੇਟੀਆਂ ਵਿਸਕੀ ਲੈ ਕੇ ਮਗਰ ਡਿੱਕੀ ਵਿਚ ਰੱਖ ਕੇ ਤੁਰ ਪਏ।
ਮੇਨ ਰੋਡ 'ਤੇ ਚੜ੍ਹੇ ਤਾਂ ਇਕ ਹੋਰ ਗੱਡੀ ਨੇ ਸਾਡੀ ਗੱਡੀ ਨੂੰ ਸਾਈਡ ਮਾਰ ਦਿੱਤੀ। ਗੱਡੀ ਦਾ ਕਾਫੀ ਨੁਕਸਾਨ ਹੋ ਗਿਆ ਪਰ ਦੂਸਰੀ ਗੱਡੀ ਵਾਲਾ ਗੱਡੀ ਭਜਾ ਕੇ ਲੈ ਗਿਆ। ਅਸੀਂ ਗੱਡੀ 'ਚੋਂ ਹੇਠਾਂ ਉੱਤਰੇ। ਮੈਂ ਗੱਡੀ ਦੇ ਸਾਹਮਣੇ ਖਲੋ ਕੇ ਹੋਏ ਨੁਕਸਾਨ ਬਾਰੇ ਸੋਚ ਰਿਹਾ ਸੀ। ਮੇਰੇ ਮਿੱਤਰ ਨੇ ਗੱਡੀ ਦੀ ਡਿੱਕੀ ਖੋਲ੍ਹੀ, ਪੇਟੀਆਂ ਖੋਲ੍ਹ ਕੇ ਬੋਤਲਾਂ ਵੇਖੀਆਂ, ਸਾਰੀਆਂ ਸਹੀ ਸਲਾਮਤ ਸਨ।
ਫਿਰ ਉਹ ਮੇਰੇ ਕੋਲ ਆਇਆ, ਗੱਡੀ ਵੱਲ ਵੇਖ ਕੇ ਕਹਿਣ ਲੱਗਾ, 'ਗੱਡੀ ਦੀ ਕੋਈ ਗੱਲ ਨਹੀਂ, ਗੱਡੀ ਤਾਂ ਫੇਰ ਬਣ ਜਾਊ ਪਰ ਸ਼ੁਕਰ ਆ ਕਿ ਕੋਈ ਬੋਤਲ ਨਹੀਂ ਟੁੱਟੀ।'

-ਧਰਵਿੰਦਰ ਸਿੰਘ ਔਲਖ
ਪਿੰਡ ਤੇ ਡਾਕ: ਕੋਹਾਲੀ, ਰਾਮ ਤੀਰਥ ਰੋਡ, ਅੰਮ੍ਰਿਤਸਰ।
ਮੋਬਾਈਲ: 98152-82283.

ਭਾਬੀ ਦਾ ਕਰਜ਼ਾ

'ਕੁੜੇ ਦੁਲਾਰੀ ਇਹ ਕੀ ਸ਼ਕਲ ਬਣਾ ਰੱਖੀ ਏ। ਕਿਹਦੀ ਨਜ਼ਰ ਲੱਗ ਗਈ ਤੈਨੂੰ, ਨਾਲੇ ਤੂੰ ਫੈਕਟਰੀ ਵਿਚ ਕਿਉਂ ਕੰਮ ਕਰਨ ਜਾਂਦੀ ਏਂ? ਤੇਰੇ ਘਰਦਿਆਂ ਨੇ ਤੇਰਾ ਰਿਸ਼ਤਾ ਤਾਂ ਕੀਤਾ ਸੀ ਬਈ ਮੁੰਡਾ ਸਰਕਾਰੀ ਨੌਕਰੀ ਕਰਦਾ ਅਖੇ ਸਾਡੀ ਕੁੜੀ ਰਾਜ ਕਰੇਗੀ। ਮਰਜ਼ੀ ਦਾ ਖਾਏਗੀ ਮਰਜ਼ੀ ਦਾ ਪਹਿਨਗੇ', ਕੰਮ ਤੋਂ ਪਰਤਦੀ ਦੁਲਾਰੀ ਨੂੰ ਰਾਹ ਵਿਚ ਪਿੰਡੋਂ ਲਗਦੀ ਉਸ ਦੀ ਚਾਚੀ ਅਚਾਨਕ ਮਿਲ ਪਈ। ਚਾਚੀ ਦੇ ਤਿੱਖੇ ਸਵਾਲਾਂ ਨੂੰ ਸੁਣ ਅੱਖਾਂ 'ਚੋਂ ਹੰਝੂ ਕੇਰਦੀ ਦੁਲਾਰੀ ਆਪਣੇ ਤਿੜਕੇ ਹੋਏ ਖਾਬਾਂ ਅਤੇ ਲੁੱਟੀ ਹੋਈ ਤਕਦੀਰ ਨੂੰ ਬਿਆਨ ਕਰਦੀ ਵੀ ਕਿਵੇਂ। ਆਪਣੇ ਹਿੱਸੇ ਦਾ ਘਰ ਜ਼ਮੀਨ ਤੇ ਆਪਣੀ ਤਨਖਾਹ ਸ਼ੀਲਾ ਭਾਬੀ ਤੇ ਉਸ ਦੇ ਨਿਆਣਿਆਂ 'ਤੇ ਲੁਟਾਉਂਦਾ ਕਿਸ਼ੋਰ ਹਰ ਪਲ ਦੁਲਾਰੀ ਨੂੰ ਇਹ ਸੁਣਾਉਂਦਾ ਕਿ ਬਾਪ ਦੇ ਮਰਨ ਪਿੱਛੋਂ ਭਰਾ-ਭਾਬੀ ਨੇ ਹੀ ਪੜ੍ਹਾ-ਲਿਖਾ ਕੇ ਉਸ ਨੂੰ ਨੌਕਰੀ 'ਤੇ ਲੱਗਣ ਦੇ ਕਾਬਲ ਕੀਤਾ ਤੇ ਹੁਣ ਉਹ ਸਾਰੀ ਉਮਰ ਭਾਬੀ ਦੇ ਅਹਿਸਾਨਾਂ ਦੇ ਕਰਜ਼ ਥੱਲੇ ਦੱਬਿਆ ਦੁਲਾਰੀ ਵਾਸਤੇ ਕੁਝ ਨਹੀਂ ਕਰ ਸਕਦਾ।

-ਜਸਵੀਰ ਕੌਰ ਜੱਸ ਤਲਵਾੜਾ
ਸੈਕਟਰ-3, ਤਲਵਾੜਾ ਟਾਊਨਸ਼ਿਪ, ਹੁਸ਼ਿਆਰਪੁਰ।
ਮੋਬਾਈਲ : 99146-10729.

ਮਿੰਨੀ ਕਹਾਣੀਆਂ

ਪ੍ਰਹੇਜ਼
ਇਕ ਦਿਨ ਸਵੇਰੇ-ਸਵੇਰੇ ਪਤੀ ਆਪਣੀ ਸ੍ਰੀਮਤੀ ਜੀ ਨੂੰ ਸਿਹਤ ਸਬੰਧੀ ਗੱਲਾਂ ਸਮਝਾ ਰਿਹਾ ਸੀ ਕਿ ਮਿੱਠਾ ਤੇ ਨਮਕ ਘੱਟ ਖਾਣਾ ਚਾਹੀਦਾ ਹੈ, ਖੱਟੀਆਂ-ਮਿੱਠੀਆਂ ਅਤੇ ਤਲੀਆਂ ਹੋਈਆਂ ਚੀਜ਼ਾਂ ਨੂੰ ਆਪਣੇ ਖਾਣੇ ਵਾਲੇ ਟੇਬਲ ਤੋਂ ਦੂਰ ਰੱਖਣਾ ਚਾਹੀਦਾ ਹੈ। ਬਹੁਤ ਮਸਾਲੇਦਾਰ ਖਾਣੇ ਵੀ ਸਰੀਰ ਉੱਪਰ ਬੇਲੋੜਾ ਭਾਰ ਪਾਉਂਦੇ ਹਨ। ਫਾਸਟ-ਫੂਡ ਤਾਂ ਜਮ੍ਹਾਂ ਹੀ ਨਹੀਂ ਖਾਣਾ ਚਾਹੀਦਾ। ਬੜੀ ਗੰਭੀਰ ਮੁਦਰਾ 'ਚ ਆ ਕੇ ਸ੍ਰੀਮਾਨ ਜੀ ਨੇ ਕਿਹਾ ਕਿ ਭਾਗਵਾਨੇ ਜੇ ਕਦੇ-ਕਦੇ ਹਫ਼ਤੇ 'ਚ ਇਕ ਅੱਧੀ ਵਾਰੀ ਵਰਤ ਰੱਖ ਲਿਆ ਜਾਵੇ ਤਾਂ ਉਹ ਵੀ ਸਿਹਤ ਲਈ ਬਹੁਤ ਹੀ ਲਾਹੇਵੰਦ ਹੁੰਦਾ ਹੈ। ਇਸ ਨਾਲ ਸਰੀਰ ਦੀ ਪਾਚਣ ਪ੍ਰਣਾਲੀ ਨੂੰ ਆਰਾਮ ਮਿਲਦਾ ਹੈ। ਸਰੀਰ ਊਰਜਾਵਾਨ ਵੀ ਹੁੰਦਾ ਹੈ। ਚਾਹ ਵਗੈਰਾ ਜੇਕਰ ਬੰਦ ਨਹੀਂ ਕਰ ਸਕਦੇ ਤਾਂ ਗੁਰੇਜ਼ ਕਰਨਾ ਅੱਛੀ ਗੱਲ ਹੈ। ਉਪਰੋਕਤ ਸਿਹਤ ਸਬੰਧੀ ਗੱਲਾਂ ਨੂੰ ਬੜੇ ਧਿਆਨ ਨਾਲ ਸੁਣ ਕੇ ਉਸ ਦੀ ਸ੍ਰੀਮਤੀ ਨੇ ਕਿਹਾ ਕਿ ਤੁਹਾਡਾ ਸਿਹਤ ਸਬੰਧੀ ਭਾਸ਼ਣ ਬਾਕਮਾਲ ਹੈ ਜੀ। ਜੇਕਰ ਇਸ ਭਾਸ਼ਣ 'ਚ ਇਹ ਗੱਲ ਵੀ ਸ਼ਾਮਿਲ ਕਰ ਲੈਂਦੇ ਕਿ ਸ਼ਰਾਬ ਪੀਣਾ ਵੀ ਸਿਹਤ ਲਈ ਹਾਨੀਕਾਰਕ ਹੈ। ਨਾਲੇ ਕਹਿੰਦੇ ਨੇ ਸ਼ਰਾਬ ਦੀ ਬੋਤਲ ਉਪਰ ਲੇਬਲ ਉਤੇ ਇਹ ਵੀ ਲਿਖਿਆ ਹੁੰਦਾ ਹੈ ਕਿ ਸ਼ਰਾਬ ਪੀਣੀ ਸਿਹਤ ਲਈ ਨੁਕਸਾਨਦਾਇਕ ਹੈ, ਜਿਹੜੀ ਆਪ ਜੀ ਸ਼ਾਮ ਨੂੰ ਰੋਜ਼ ਹੀ ਡੱਫ ਕੇ ਆ ਜਾਂਦੇ ਹੋ। ਇਹ ਸੁਣ ਕੇ ਪਤੀ ਦੇਵ ਜੀ ਨਿਰਉੱਤਰ ਹੋ ਕੇ ਨਿੰਬੂ ਪਾਣੀ ਲਈ ਰਸੋਈ ਵੱਲ ਨੂੰ ਹੋ ਤੁਰੇ।

-ਸਨੇਹਇੰਦਰ ਸਿੰਘ ਮੀਲੂ ਫਰੌਰ
ਸੰਪਰਕ : 93163-17356.

ਰਾਜਨੀਤੀ
'ਹੋਰ ਸੁਣਾ ਬੰਤਾ ਸਿਹਾਂ?' ਖੇਤੋਂ ਮੁੜਦੇ ਬੰਤਾ ਸਿੰਘ ਨੂੰ ਨਾਜਰ ਸਿੰਘ ਨੇ ਪੁੱਛਿਆ।
'ਬਸ ਸਭ ਅਕਾਲ ਪੁਰਖ ਦੀ ਕਿਰਪਾ ਹੈ।' ਬੰਤਾ ਸਿੰਘ ਨੇ ਮੋੜਵਾਂ ਜਵਾਬ ਦਿੱਤਾ।
'ਪਰ ਬੰਤਾ ਸਿਹਾਂ ਮੈਂ ਸੁਣਿਆ ਕਿ ਤੇਰੇ ਦੋਵੇਂ ਮੁੰਡੇ ਵੋਟਾਂ ਵਿਚ ਇਕ-ਦੂਜੇ ਦੇ ਵਿਰੁੱਧ ਉਮੀਦਵਾਰ ਖੜ੍ਹੇ ਨੇ? ਹਾਂ ਭਾਈ ਮੁੰਡੇ ਖੁੰਡੇ ਜੋ ਹੋਏ। ਵੇਖ ਲੈ ਬੰਤਾ ਸਿਹਾਂ ਰਾਜਨੀਤੀ ਭਾਈ ਨੂੰ ਭਾਈ ਦੇ ਵਿਰੁੱਧ ਖੜ੍ਹਾ ਕਰ ਦਿੰਦੀ ਹੈ?'
'ਉਹ ਨਹੀਂ ਨਾਜਰ ਸਿਹਾਂ ਇਹ ਤਾਂ ਮੈਂ ਹੀ ਸਲਾਹ ਦਿੱਤੀ ਸੀ ਦੋਵਾਂ ਮੁੰਡਿਆਂ ਨੂੰ। ਮੈਂ ਆਖਿਆ ਜੇ ਦੋਵੇਂ ਜਣੇ ਦੋਵਾਂ ਪਾਰਟੀਆਂ ਵਲੋਂ ਉਮੀਦਵਾਰ ਖਲੋ ਜਾਓ ਤਾਂ ਇਕ ਦੀ ਜਿੱਤ ਤਾਂ ਯਕੀਨੀ ਹੈ। ਮਤਲਬ ਸੀਟ ਆਪਣੇ ਹੀ ਘਰ ਰਹੇਗੀ। ਭਾਈ ਰਾਜਨੀਤੀ ਇਸੇ ਨੂੰ ਹੀ ਤਾਂ ਕਹਿੰਦੇ ਨੇ।'
ਬੰਤਾ ਸਿੰਘ ਨੇ ਡੂੰਘਾ ਰਮਜ਼ ਭਰਪੂਰ ਉੱਤਰ ਦਿੱਤਾ ਅਤੇ ਤੁਰ ਪਿਆ।

-ਗੁਰਸੇਵਕ ਸਿੰਘ ਭੰਗਾਲੀ
116, ਮੂਨ ਐਵੇਨਿਊ, ਮਜੀਠਾ ਰੋਡ, ਅੰਮ੍ਰਿਤਸਰ। ਮੋਬਾਈਲ : 98156-90731.

ਨਸੀਹਤ
'ਬੇਬੇ ਜੀ, ਮੇਰੇ ਮੋਢੇ ਵਿਚ ਦਰਦ ਰਹਿੰਦੀ ਹੈ। ਪੜ੍ਹਦਿਆਂ ਤੇ ਲਿਖਦਿਆਂ ਥੱਕ ਜਾਂਦੀ ਹਾਂ। ਦਰਦ ਦੀ ਗੋਲੀ ਖਾ ਕੇ ਕੁਝ ਅਰਾਮ ਆ ਜਾਂਦਾ ਹੈ, ਨਾਲ ਹੀ ਪੇਟ ਖਰਾਬ ਹੋ ਜਾਂਦਾ ਹੈ', ਪ੍ਰੀਤ ਨੇ ਆਪਣੀ ਨਾਨੀ ਨਾਲ ਦੁੱਖ-ਸੁੱਖ ਸਾਂਝਾ ਕੀਤਾ।
'ਦੇਖ, ਬੱਚੀਏ ਜੇ ਥਕਾਵਟ ਮਹਿਸੂਸ ਹੋਵੇ ਤਾਂ ਉੱਠ ਕੇ ਕੁਝ ਕੰਮ ਕਰ ਲਓ, ਤਾਂ ਜੁ ਮਨ ਦਾ ਬੋਝ ਘੱਟ ਜਾਵੇ। ਤੁਰਦਿਆਂ-ਫਿਰਦਿਆਂ ਖਾਣਾ ਚੰਗੀ ਤਰ੍ਹਾਂ ਹਜ਼ਮ ਹੋ ਜਾਂਦਾ ਹੈ।
'ਨਾਨੀ ਜੀ, ਕੀ ਕਰੀਏ, ਕਿੰਨਾ ਤਾਂ ਸਕੂਲ ਦਾ ਕੰਮ ਹੋ ਜਾਂਦਾ ਹੈ, ਪੜ੍ਹਾਈ ਤਾਂ ਤਪੱਸਿਆ ਹੈ, ਹਿੰਮਤ ਕਰਨੀ ਪੈਂਦੀ ਹੈ। ਆਪਣੀ ਮੰਮੀ ਨੂੰ ਦੱਸੀਂ ਦੇਸੀ ਘਿਓ ਵਿਚ ਆਟਾ ਭੁੰਨ ਕੇ ਹਲਦੀ ਤੇ ਡਰਾਈ ਫਰੂਟ ਪਾ ਕੇ ਪਿੰਨੀਆਂ ਬਣਾ ਦੇਵੇ। ਚਾਹੇ ਗੁੜ ਜਾਂ ਖੰਡ ਪਾ ਲਵੇ। ਸਵੇਰੇ ਨਾਸ਼ਤੇ ਨਾਲ ਦੁੱਧ ਨਾਲ ਪਿੰਨੀ ਖਾ ਲਵੀਂ। ਦਵਾਈਆਂ ਦੀ ਆਦਤ ਨਾ ਪਾਓ। ਛੋਟੀ ਉਮਰ ਵਿਚ ਸਭ ਕੁਝ ਹਜ਼ਮ ਹੋ ਜਾਂਦਾ ਹੈ।
'ਚੰਗਾ, ਨਾਨੀ ਜੀ, ਤੁਹਾਡਾ ਕਿਹਾ ਸਿਰ ਮੱਥੇ।'

-ਦਵਿੰਦਰ ਕੌਰ
35, ਨਿਊ ਜਵਾਹਰ ਨਗਰ, ਜਲੰਧਰ ਸ਼ਹਿਰ। ਫੋਨ : 0181-5073798.

ਚਾਹ ਦਾ ਕੱਪ ਤੇ ਗੱਪ ਸ਼ੱਪ

ਮੈਂ ਇਕ ਸ਼ਾਮ ਇਕੱਲੀ ਬੈਠੀ ਚਾਹ ਪੀ ਰਹੀ ਸੀ ਕਿ ਮੇਰੀ ਬਚਪਨ ਤੋਂ ਸਹੇਲੀ ਜਸਬੀਰ ਆ ਪਹੁੰਚੀ । ਉਸ ਦੇ ਚਿਹਰੇ ਦੁਆਲੇ ਟੈਨਸ਼ਨ ਦਾ ਘੇਰਾ ਸੀ। ਬੜੀ ਦੁਖੀ ਲੱਗ ਰਹੀ ਸੀ। ਮੈਂ ਉਸ ਨੂੰ ਠੰਢੇ ਪਾਣੀ ਦਾ ਗਿਲਾਸ ਪਿਲਾਇਆ ਤੇ ਫਿਰ ਚਾਹ ਦਾ ਕੱਪ ਮੰਗਵਾਇਆ।
'ਜਸਬੀਰ ਹੋਇਆ ਕੀ ਹੈ' ਮੈਂ ਪੁੱਛਿਆ।
ਉਹ ਜਿਵੇਂ ਫੁੱਟ ਪਈ। 'ਕੀ ਦੱਸਾਂ ਕਿਸ ਮੁਸੀਬਤ ਵਿਚ ਫਸ ਗਈ ਹਾਂ। ਤੈਨੂੰ ਪਤਾ ਹੀ ਹੈ ਕਿ ਪਤੀ ਦੇ ਗੁਜ਼ਰ ਜਾਣ ਤੋਂ ਬਾਅਦ ਮੈਂ ਕਿੰਨੀ ਮੁਸੀਬਤ ਝੱਲ ਕੇ ਡੌਲੀ ਨੂੰ ਪੜ੍ਹਾਇਆ ਸੀ, ਪਿਛਲੇ ਸਾਲ ਉਸ ਦਾ ਵਿਆਹ ਕੀਤਾ। ਤੂੰ ਵੀ ਤਾਂ ਜਾ ਕੇ ਖਰੀਦਦਾਰੀ ਕਰਵਾਈ ਸੀ। ਹੁਣ ਘਰ ਆ ਬੈਠੀ ਹੈ ਤੇ ਕਹਿੰਦੀ ਹੈ: 'ਮੈਂ ਸਹੁਰੇ ਘਰ ਵਾਪਸ ਨਹੀਂ ਜਾਣਾ, ਮੈਨੂੰ ਤਾਂ ਤਲਾਕ ਚਾਹੀਦਾ ਹੈ', ਦੱਸ ਮੈਂ ਕੀ ਕਰਾਂ। '
'ਪਰ ਕਾਰਨ ਕੀ ਹੈ ਤੂੰ ਪੁੱਛਿਆ ਨਹੀਂ'
'ਹਾਂ ਪੁੱਛਿਆ ਸੀ ਕਹਿੰਦੀ ਹੈ ਉਸ ਘਰ ਵਿਚ ਨਾ ਹੀ ਉਸ ਦੀ ਪੜ੍ਹਾਈ ਦੀ ਕਦਰ ਹੈ ਤੇ ਨਾ ਹੀ ਉਸ ਦੇ ਕੰਮ ਦੀ। ਤੈਨੂੰ ਪਤਾ ਹੀ ਹੈ ਕਿ ਉਸ ਨੇ ਐਮ ਏ , ਬੀ ਐੱਡ ਕੀਤੀ ਹੋਈ ਹੈ ਤੇ ਸਰਕਾਰੀ ਸਕੂਲ ਵਿਚ ਨੌਕਰੀ ਵੀ ਕਰ ਰਹੀ ਹੈ। ਪਰ ਘਰਵਾਲੇ ਚਾਹੁੰਦੇ ਹਨ ਕਿ ਉਹ ਘਰ ਦਾ ਸਾਰਾ ਕੰਮ ਵੀ ਸੰਭਾਲੇ। ਜ਼ਰਾ ਜਿਹੀ ਅਣਗਹਿਲੀ ਹੋ ਜਾਵੇ ਤਾ ਨੁਕਤਾਚੀਨੀ ਸ਼ੁਰੂ ਕਰ ਦਿੰਦੇ ਹਨ। '
'ਤੇ ਘਰ ਵਾਲਾ' ਮੈਂ ਪੁੱਛਿਆ।
'ਉਹ ਚੁੱਪ-ਚਾਪ ਸੁਣਦਾ ਰਹਿੰਦਾ ਹੈ ਤੇ ਉਸ ਦੇ ਹੱਕ ਵਿਚ ਕੁਝ ਨਹੀਂ ਬੋਲਦਾ'।
ਮੈਨੂੰ ਵੀ ਗੁੱਸਾ ਆਇਆ। ਗੱਲ ਤਾਂ ਡੌਲੀ ਦੀ ਠੀਕ ਹੈ ਜੇਕਰ ਉਨ੍ਹਾਂ ਨੂੰ ਘਰੇਲੂ ਕੰਮ ਕਾਜ ਕਰਨ ਵਾਲੀ ਨੂੰਹ ਚਾਹੀਦੀ ਸੀ ਤਾਂ ਕਿਸੇ ਘੱਟ ਪੜ੍ਹੀ-ਲਿਖੀ ਕੁੜੀ ਦਾ ਰਿਸ਼ਤਾ ਲੈਣਾ ਚਾਹੀਦਾ ਸੀ। ਕੋਈ 12 ਜਾਂ 14 ਪੜ੍ਹੀ ਲੈ ਲੈਂਦੇ। ਬਈ ਲੋਕਾਂ ਦਾ ਕੋਈ ਪਾਰਾਵਾਰ ਨਹੀਂ। ਪਹਿਲਾਂ ਤਾਂ ਚੰਗੀਆਂ ਪੜ੍ਹੀਆਂ-ਲਿਖੀਆਂ ਤੇ ਚੰਗੀ ਨੌਕਰੀ 'ਤੇ ਲੱਗੀਆਂ ਕੁੜੀਆਂ ਨੂੰ ਵੇਖ ਕੇ ਮੂੰਹ ਵਿਚ ਪਾਣੀ ਆ ਜਾਂਦਾ ਹੈ ਤੇ ਬਾਅਦ ਵਿਚ ਪਾਉਂਦੇ ਨੇ ਪੁਆੜੇ।
'ਪਰ ਕੀ ਡੌਲੀ ਨੂੰ ਪੁੱਛਿਆ ਹੈ ਕਿ ਤਲਾਕ ਤੋਂ ਬਾਅਦ ਇਕੱਲੀ ਕਿਵੇਂ ਰਹੇ 'ਗੀ?' ਮੈਂ ਸਵਾਲ ਕੀਤਾ।
'ਹਾਂ ਮੈਂ ਇਹ ਪੁੱਛਿਆ ਸੀ। ਉਹ ਬਿਨਾਂ ਝਿਜਕ ਦੇ ਬੋਲੀ ਮੈਂ ਇਕੱਲੀ ਕਿਉਂ ਨਹੀਂ ਰਹਿ ਸਕਦੀ? ਮੇਰੀ ਨੌਕਰੀ ਪੱਕੀ ਤੇ ਤਨਖਾਹ ਵਧੀਆ ਹੈ। ਮੈਂ ਆਰਥਿਕ ਤੌਰ 'ਤੇ ਕਿਸੇ 'ਤੇ ਨਿਰਭਰ ਨਹੀਂ। ਸਮਾਜ ਵਿਚ ਮੇਰੀ ਇੱਜ਼ਤ ਹੈ। ਫਿਰ ਮੈਨੂੰ ਕੀ ਤਕਲੀਫ ਹੈ ਇਕੱਲੇ ਰਹਿਣ 'ਚ। ' ਭਲਾ ਤੂੰ ਹੀ ਮੈਨੂੰ ਦੱਸ ਮੈਂ ਇਸ ਦਿਨ ਲਈ ਲਈ ਪੜ੍ਹਾਇਆ ਸੀ ਉਸ ਨੂੰ', ਜਸਬੀਰ ਰੋਂਦੀ-ਰੋਂਦੀ ਬੋਲੀ।
'ਜਸਬੀਰ ਡੌਲੀ ਦੀ ਗਲ ਸਮਝਣ ਦੀ ਕੋਸ਼ਿਸ਼ ਕਰ। ਸਾਡਾ ਵੀ ਤਾਂ ਹੱਥ ਹੈ ਉਸ ਦੇ ਇਸ ਰਵੱਈਏ ਵਿਚ'।
'ਉਹ ਕਿਵੇਂ?'
'ਵੇਖ ਜਦੋਂ ਸਾਡੇ ਮਾਂ-ਬਾਪ ਆਪਣੀਆਂ ਕੁੜੀਆਂ ਨੂੰ ਪੜ੍ਹਾਉਂਦੇ ਸੀ ਤੇ ਇਹੀ ਕਹਿੰਦੇ ਸੀ ਕਿ ਪੜ੍ਹ-ਲਿਖ ਕੇ ਇਨ੍ਹਾਂ ਨੂੰ ਵਧੀਆ ਘਰ ਤੇ ਵਰ ਮਿਲ ਸਕੇਗਾ। ਪਰ ਅੱਜਕਲ੍ਹ ਜਦੋਂ ਅਸੀਂ ਆਪਣੀਆਂ ਕੁੜੀਆਂ ਨੂੰ ਪੜ੍ਹਾਉਂਦੇ ਹਾਂ ਤਾਂ ਵਾਰ-ਵਾਰ ਕਹਿੰਦੇ ਹਾਂ ਕਿ ਪੜ੍ਹ-ਲਿਖ ਕੇ ਇਨ੍ਹਾਂ ਦਾ ਕੈਰੀਅਰ ਵਧੀਆ ਬਣ ਜਾਵੇਗਾ ਤੇ ਉਹ ਆਤਮ-ਨਿਰਭਰ ਹੋਣਗੀਆਂ। ਅਸੀਂ ਆਪ ਹੀ ਤਾਂ ਉਨ੍ਹਾਂ ਨੂੰ ਵਧੀਆ ਕੈਰੀਅਰ ਦੇ ਤੇ ਆਤਮ-ਨਿਭਰਤਾ ਦੇ ਸੁਪਨੇ ਵਿਖਾਉਂਦੇ ਤੇ ਸਬਕ ਪੜ੍ਹਾਉਂਦੇ ਹਾਂ। ਇਹ ਸੋਚ ਗ਼ਲਤ ਵੀ ਨਹੀਂ। ਇਸ ਲਈ ਇਹ ਸੁਭਾਵਿਕ ਹੈ ਕਿ ਅੱਜਕਲ੍ਹ ਦੀਆਂ ਕੁੜੀਆਂ ਘਰ ਚਲਾਉਣ ਤੋਂ ਜ਼ਿਆਦਾ ਕੈਰੀਅਰ ਵੱਲ ਝੁਕਦੀਆਂ ਜਾ ਰਹੀਆਂ ਹਨ ਤੇ ਕਈ ਵਾਰ ਘਰ ਦੇ ਕੰਮਕਾਜ ਤੋਂ ਕਤਰਾਉਂਦੀਆਂ ਹਨ। ਨਾਲੇ ਇਕ ਹੋਰ ਗੱਲ ਵੀ ਹੈ। ਵਿਆਹ ਵੱਲ ਅੱਜਕਲ੍ਹ ਦੇ ਬੱਚਿਆਂ ਦਾ ਰਵੱਈਆ ਵੀ ਬਦਲਦਾ ਜਾ ਰਿਹਾ ਹੈ। ਪਹਿਲਾਂ ਤਾਂ ਵਿਆਹ ਨੂੰ ਇਕ ਪਵਿੱਤਰ ਬੰਧਨ ਸਮਝਿਆ ਜਾਂਦਾ ਸੀ। ਜਨਮ-ਜਨਮ ਦਾ ਸਾਥ ਮੰਨਿਆਂ ਜਾਂਦਾ ਸੀ। ਪਰ ਅੱਜਕਲ੍ਹ ਨਹੀਂ। ਹੁਣ ਤਾ ਕਾਨਟ੍ਰੈਕਟ ਮੈਰਿਜ ਤੱਕ ਹੋਣ ਲੱਗ ਪਈਆ ਹਨ। ਕਾਨਟ੍ਰੈਕਟ ਖ਼ਤਮ ਤੇ ਵਿਆਹ ਖ਼ਤਮ'।
'ਮੇਰਾ ਬਾਕੀ ਦੇ ਬੱਚਿਆਂ ਦੇ ਰਵੱਈਏ ਨਾਲ ਕੀ ਲੈਣਾ ਦੇਣਾ ਹੈ। ਮੈਨੂੰ ਤੇ ਆਪਣੀ ਧੀ ਦੀ ਸਮਸਿੱਆ ਦਾ ਹੱਲ ਚਾਹੀਦਾ ਹੈ।'
'ਅੱਛਾ ਜਸਬੀਰ ਮੈਨੂੰ ਇਕ ਗੱਲ ਹੋਰ ਦੱਸ। ਕਿਤੇ ਇਸ ਸਾਰੇ ਝਮੇਲੇ ਦੇ ਪਿੱਛੇ ਦਹੇਜ ਵਗੈਰਾ ਦੀ ਸਮਸਿਆ ਤਾਂ ਨਹੀਂ। '
'ਨਹੀਂ-ਨਹੀਂ, ਦਾਜ ਦਹੇਜ ਦੀ ਕੋਈ ਗੱਲ ਨਹੀਂ। ਅਸੀਂ ਨਾ ਕੁਝ ਦਿੱਤਾ ਤੇ ਨਾ ਉਨ੍ਹਾਂ ਮੰਗਿਆ। ਮੇਰੀ ਕੁੜੀ ਪੜ੍ਹੀ-ਲਿਖੀ ਤੇ ਵਧੀਆ ਕਮਾ ਰਹੀ ਹੈ, ਬੱਸ, ਇਹੀ ਦਹੇਜ਼ ਹੈ। '
ਸੋ ਹੁਣ ਆਈਏ ਵਾਪਿਸ ਸਮੱਸਿਆ ਦੀ ਜੜ੍ਹ ਵੱਲ। ਡੌਲੀ ਦੀ ਸਮੱਸਿਆ ਦਾ ਕਾਰਨ ਇਹ ਹੈ ਕਿ ਪਤੀ ਤੇ ਸਹੁਰਿਆਂ ਦੀਆਂ ਉਮੀਦਾਂ ਕੁਝ ਹੋਰ ਹਨ ਤੇ ਡੌਲੀ ਦੀਆਂ ਉਮੀਦਾਂ ਕੁਝ ਹੋਰ। ਲੈ ਬਈ ਜਸਬੀਰ ਇਸੇ ਗੱਲ ਤੇ ਮੈਂ ਤੈਨੂੰ ਇਕ ਦਿਲਚਸਪ ਹੱਡਬੀਤੀ ਸੁਣਾਉਂਦੀ ਹਾਂ। ਮੇਰੀ ਛੋਟੀ ਭੈਣ ਦੀ ਲੜਕੀ ਅੱਛੀ ਪੜ੍ਹੀ-ਲਿਖੀ ਹੈ ਤੇ ਇਕ ਵੱਡੀ ਕੰਪਨੀ ਵਿਚ ਕੰਮ ਕਰਦੀ ਹੈ। ਸੋਹਣੀ-ਸੁਨੱਖੀ ਤੇ ਸਮਾਰਟ ਹੈ। ਉਸ ਦੇ ਰਿਸ਼ਤੇ ਲਈ ਮੇਰੀ ਭੈਣ ਨੇ ਅਖ਼ਬਾਰ ਵਿਚ ਇਸ਼ਤਿਹਾਰ ਦਿੱਤਾ। ਇਕ ਚੰਗੇ ਘਰ ਤੋਂ ਜੁਆਬ ਆਇਆ। ਮੁੰਡਾ ਵੀ ਵਧੀਆ ਨੌਕਰੀ 'ਤੇ ਸੀ। ਸੋ ਮੈਂ ਤੇ ਮੇਰੀ ਭੈਣ ਮੁੰਡੇ ਵਾਲਿਆਂ ਦੇ ਘਰ ਗਏ। ਵਧੀਆ ਚਾਹ ਪਾਣੀ ਦਾ ਇੰਤਜ਼ਾਮ ਸੀ। ਗੱਲਾਂ-ਗੱਲਾਂ ਵਿਚ ਮੁੰਡੇ ਦੀ ਮਾਂ ਨੇ ਕਿਹਾ, 'ਸਾਨੂੰ ਤਾਂ ਜੀ ਗਾਂ ਵਰਗੀ ਨੂੰਹ ਚਾਹੀਦੀ ਹੈ'। ਮੇਰੀ ਭੈਣ ਦੇ ਹੱਥੋਂ ਚਾਹ ਦਾ ਪਿਆਲਾ ਡਿਗਦਾ ਡਿਗਦਾ ਬਚਿਆ। ਉਸ ਨੇ ਚਾਹ ਦਾ ਕੱਪ ਮੇਜ਼ 'ਤੇ ਰੱਖ ਦਿੱਤਾ ਤੇ ਬੋਲੀ, 'ਭੈਣ ਜੀ ਤੁਹਾਡਾ ਮੁੰਡਾ ਵੀ ਵਧੀਆ ਹੈ ਤੇ ਘਰ ਬਾਰ ਵੀ, ਪਰ ਮੇਰੀ ਕੁੜੀ 'ਗਾਂ ਵਰਗੀ' ਨਹੀਂ ਹੈ। ਉਹ ਪੜ੍ਹੀ-ਲਿਖੀ ਤੇ ਸਵੈ-ਨਿਰਭਰ ਹੈ। ਸਗੋਂ ਮੈਂ ਤੇ ਉਸ ਲਈ ਇਕ 'ਗਾਂ ਵਰਗੀ' ਸੱਸ ਲੱਭ ਰਹੀ ਹਾਂ। ਤੁਹਾਡਾ ਆਪਣੇ ਬਾਰੇ ਕੀ ਵਿਚਾਰ ਹੈ'।
ਮੇਰੀ ਭੈਣ ਉਠ ਖੜ੍ਹੀ ਤੇ ਚਾਹ ਦੇ ਕੱਪ ਲਈ ਧੰਨਵਾਦ ਕਰਦੇ ਕਿਹਾ, 'ਭੈਣ ਜੀ ਮੈਂ ਤੁਹਾਡੇ ਘਰ ਰਿਸ਼ਤਾ ਕਰ ਕੇ ਨਾ ਹੀ ਆਪਣੀ ਬੇਟੀ ਦੀ ਤੇ ਨਾ ਹੀ ਤੁਹਾਡੀ ਜ਼ਿੰਦਗੀ ਨਰਕ ਬਣਾਉਣਾ ਚਾਹੁੰਦੀ ਹਾਂ। ਸੋ ਸਤਿ ਸ੍ਰੀ ਅਕਾਲ'।
'ਜੀਤ ਗੱਲ ਤਾਂ ਤੇਰੀ ਮਜ਼ੇਦਾਰ ਹੈ। ਪਰ ਮੇਰੀ ਧੀ ਦਾ ਤਾਂ ਵਿਆਹ ਹੋ ਚੁਕਿਆ ਹੈ ਹੁਣ ਦੱਸ ਕੀ ਕਰਾਂ', ਜਸਬੀਰ ਨੇ ਤਰਲਾ ਜਿਹਾ ਪਾਇਆ।
'ਵੇਖ ਜਸਬੀਰ ਮੈਂ ਤਾਂ ਇਸ ਨਤੀਜੇ 'ਤੇ ਪੰਹੁਚੀ ਹਾਂ ਕਿ ਡੁੱਲ੍ਹੇ ਬੇਰਾਂ ਦਾ ਹਾਲੀ ਕੁਝ ਨਹੀਂ ਵਿਗੜਿਆ। ਸਾਨੂੰ ਡੌਲੀ ਦੇ ਸਹੁਰਿਆਂ ਦੇ ਘਰ ਪੁੱਜ ਕੇ ਗੱਲ ਕਰਨੀ ਚਾਹੀਦੀ ਹੈ। ਡੌਲੀ ਦੀ ਸਮੱਸਿਆ ਦੱਸਾਂਗੇ ਤੇ ਉਨ੍ਹਾਂ ਨੂੰ ਕਹਾਂਗੇ ਕਿ ਬੱਚੀ ਨੂੰ ਨਵੇਂ ਘਰ ਵਿਚ ਰਚਣ-ਮਿਚਣ ਦਾ ਸਮਾਂ ਤੇ ਮੌਕਾ ਦਿਓ, ਉਸ ਦਾ ਸਾਥ ਦਿਓ ਤੇ ਮਦਦ ਕਰੋ। ਜੋ ਗੁਣ ਉਸ ਦੇ ਹਨ ਉਨ੍ਹਾਂ ਦੀ ਕਦਰ ਕਰੋ ਤੇ ਉਨ੍ਹਾਂ ਤੋਂ ਲਾਭ ਉਠਾਓ ਤੇ ਖੁਸ਼ ਰਹੋ। ਸ਼ਾਇਦ ਉਹ ਇਹ ਗੱਲ ਨੂੰ ਸਮਝ ਜਾਣ'।
'ਗੱਲ ਤਾਂ ਹਾਲੇ 'ਸ਼ਾਇਦ' ਵਾਲੀ ਹੀ ਹੈ। ਘਰ ਜਾ ਕੇ ਡੌਲੀ ਨਾਲ ਸਲਾਹ ਕਰਦੀ ਹਾਂ ਤੇ ਫਿਰ ਤੈਨੂੰ ਦੱਸਾਂ 'ਗੀ।'
ਇਹ ਕਹਿ ਕੇ ਜਸਬੀਰ ਤਾਂ ਚਲੀ ਗਈ ਪਰ ਮੈਂ ਸੋਚਦੀ ਰਹੀ ਕਿ ਅੱਜਕਲ੍ਹ ਵਿਆਹ ਦੇ ਅਦਾਰੇ 'ਤੇ ਕਿੰਨਾ ਸੰਕਟ ਆਇਆ ਹੈ। ਤਲਾਕ ਲੈਣ ਤੇ ਦੇਣ ਲਈ ਕਿੰਨੇ ਕਾਰਨ ਵਧਦੇ ਜਾ ਰਹੇ ਹਨ ਤੇ ਨਵੇਂ-ਨਵੇਂ ਕਾਨੂੰਨ ਬਣ ਰਹੇ ਹਨ। ਮੁਸਲਮਾਨ ਭੈਣਾਂ ਨੂੰ ਤੁਰੰਤ ਤਲਾਕ ਤੋਂ ਰਾਹਤ ਦੇਣ ਲਈ ਸੁਪਰੀਮ ਕੋਰਟ ਤੇ ਕੇਂਦਰੀ ਸਰਕਾਰ ਦਖਲ ਦੇ ਰਹੀ ਹੈ। ਸਮਾਂ ਕਿੰਨਾ ਬਦਲ ਗਿਆ ਹੈ ਤੇ ਬਦਲਦਾ ਹੀ ਜਾਏਗਾ ਤੇ ਚਾਹ ਦਾ ਕੱਪ ਤੇ ਗੱਪ-ਸ਼ੱਪ ਵੀ ਚਲਦੀ ਰਹੇਗੀ।

-46 ਕਰਤਾਰਪੁਰ, ਰਵਾਸ ਬ੍ਰਾਹਮਣਾਂ, ਡਾਕਖਾਨਾ ਸੂਲਰ, ਪਟਿਆਲਾ।
ਮੋਬਾਈਲ : 95015-31277.

ਕਿਸਾਨ ਤੇ ਪੱਤਰਕਾਰ

ਇਕ ਟੀ.ਵੀ. ਪੱਤਰਕਾਰ ਕਿਸਾਨ ਦਾ ਇੰਟਰਵਿਊ ਲੈ ਰਿਹਾ ਸੀ।
ਪੱਤਰਕਾਰ, 'ਤੁਸੀਂ ਬੱਕਰੇ ਨੂੰ ਕੀ ਖੁਆਉਂਦੇ ਹੋ?'
ਕਿਸਾਨ, 'ਕਾਲੇ ਨੂੰ ਜਾਂ ਚਿੱਟੇ ਨੂੰ।'
ਪੱਤਰਕਾਰ, 'ਸਫੈਦ ਨੂੰ' ਕਿਸਾਨ, 'ਘਾਹ', ਪੱਤਰਕਾਰ ਤੇ 'ਕਾਲੇ ਨੂੰ', 'ਉਸ ਨੂੰ ਵੀ ਘਾਹ।'
ਪੱਤਰਕਾਰ, 'ਤੁਸੀਂ ਇਨ੍ਹਾਂ ਬੱਕਰਿਆਂ ਨੂੰ ਬੰਨ੍ਹਦੇ ਕਿੱਥੇ ਹੋ?'
ਕਿਸਾਨ 'ਕਾਲੇ ਨੂੰ ਜਾਂ ਚਿੱਟੇ ਨੂੰ?'
ਪੱਤਰਕਾਰ, 'ਚਿੱਟੇ ਨੂੰ'
ਕਿਸਾਨ, 'ਬਾਹਰ ਕਮਰੇ 'ਚ',
ਪੱਤਰਕਾਰ, '...ਤੇ ਕਾਲੇ ਨੂੰ'
ਕਿਸਾਨ, 'ਉਸ ਨੂੰ ਵੀ ਬਾਹਰ ਵਾਲੇ ਕਮਰੇ 'ਚ ਬੰਨ੍ਹਦਾ ਹਾਂ।'
ਪੱਤਰਕਾਰ, 'ਚੰਗਾ ਤੇ ਇਹ ਦੱਸੋ ਇਨ੍ਹਾਂ ਨੂੰ ਨਹਾਉਂਦੇ ਕਿਵੇਂ ਹੋ?'
ਕਿਸਾਨ, 'ਕਾਲੇ ਨੂੰ ਜਾਂ ਚਿੱਟੇ ਨੂੰ।'
ਪੱਤਰਕਾਰ, 'ਕਾਲੇ ਨੂੰ',
ਕਿਸਾਨ 'ਪਾਣੀ ਨਾਲ',
ਪੱਤਰਕਾਰ '...ਤੇ ਚਿੱਟੇ ਨੂੰ',
ਕਿਸਾਨ, 'ਉਸ ਨੂੰ ਵੀ ਪਾਣੀ ਨਾਲ।'
ਇਹ ਸੁਣ ਪੱਤਰਕਾਰ ਭੰਬਲਭੂਸੇ ਵਿਚ ਪੈ ਗਿਆ ਤੇ ਉਸ ਦਾ ਗੁੱਸਾ ਸੱਤਵੇਂ ਅਸਮਾਨ 'ਤੇ ਜਾ ਪੁੱਜਿਆ। ਖਿਝ ਕੇ ਬੋਲਿਆ, 'ਮੂਰਖਾ ਜਦ ਕਾਲੇ ਚਿੱਟੇ ਬੱਕਰੇ ਨਾਲ ਸਾਰਾ ਕੁਝ ਇਕੋ ਜਿਹਾ ਕਰਦਾ ਹੈਂ ਤਾਂ ਮੈਨੂੰ ਵਾਰ-ਵਾਰ ਕਿਉਂ ਪੁੱਛਦਾ ਹੈਂ 'ਕਾਲਾ ਜਾਂ ਚਿੱਟਾ।'
ਕਿਸਾਨ ਮੀਸਣਾ ਜਿਹਾ ਹੋ ਕੇ, 'ਕਿਉਂ ਜੋ ਕਾਲਾ ਬੱਕਰਾ ਮੇਰਾ ਹੈ।'
ਪੱਤਰਕਾਰ ਨੇ ਮੁੜ ਪੁੱਛਿਆ, 'ਤੇ ਚਿੱਟਾ ਬੱਕਰਾ?'
ਕਿਸਾਨ, 'ਉਹ ਵੀ ਤੇ ਮੇਰਾ ਹੀ ਹੈ ਸਰ ਜੀ।'
ਇਹ ਸੁਣ ਪੱਤਰਕਾਰ ਬੇਹੋਸ਼ ਹੋਣ ਲੱਗਾ ਤੇ ਕਿਸਾਨ ਨੇ ਉਸ ਨੂੰ ਸੰਭਾਲਦੇ ਹੋਏ ਕਿਹਾ, 'ਪੁੱਤਰਾ ਬੋਲ ਹੁਣ ਪਤਾ ਲੱਗਾ, ਜਦੋਂ ਤੁਸੀਂ ਇਕੋ ਹੀ ਖ਼ਬਰ (ਨਿਊਜ਼) ਨੂੰ ਸਾਰਾ-ਸਾਰਾ ਦਿਨ ਘੁਮਾ-ਫਿਰਾ ਕੇ ਮੁੜ-ਘਿੜ ਕੇ ਵਿਖਾਉਂਦੇ ਰਹਿੰਦੇ ਹੋ ਤਾਂ ਅਸੀਂ ਦਰਸ਼ਕ ਵੀ ਦੁਖੀ ਹੋ ਜਾਂਦੇ ਹਾਂ, ਆਈ ਗੱਲ ਸਮਝ 'ਚ।'

-ਅਵਿਨਾਸ਼ ਭੰਡਾਰੀ
ਮੋਬਾਈਲ : 98142-21564.

ਚਿੱਟਾ ਹੋ ਗਿਆ ਲਹੂ

'ਵੇ ਪੁੱਤ! ਆਪਣੇ ਪਿੰਡ ਗੁਰਦੁਆਰੇ ਅੱਖਾਂ ਦਾ ਮੁਫ਼ਤ ਕੈਂਪ ਲੱਗਾ ਰਿਹਾ। ਮੈਨੂੰ ਵੀ ਦਿਖਾ ਲਿਆਈਂ ਉਥੇ, ਮੈਨੂੰ ਹੁਣ ਝੌਲਾ-ਝੌਲਾ ਜਿਹਾ ਦਿੱਸਦੇ, ਕਿਤੇ ਮੈਂ ਅੰਨ੍ਹੀ ਹੀ ਨਾ ਹੋ ਜਾਵਾਂ', ਮਾਈ ਨਸੀਬ ਕੌਰ ਨੇ ਆਪਣੇ ਪੁੱਤ ਨੂੰ ਆਪਣੀ ਤਕਲੀਫ਼ ਜ਼ਾਹਿਰ ਕਰਦਿਆਂ ਕਿਹਾ।
'ਉਹ, ਬੈਠੀ ਰਹਿ ਮਾਂ, ਤੂੰ ਹੁਣ ਕਿਹੜਾ ਇਸ ਉਮਰੇ ਕਸੀਦਾ ਕੱਢਣਾ ਨਾਲੇ ਮੇਰੇ ਕੋਲ ਆਲਤੂ-ਫਾਲਤੂ ਕੰਮਾਂ ਲਈ ਵਿਹਲ ਨਹੀਂ ਹੈਗਾ, ਤੈਨੂੰ ਤਾਂ ਪਤਾ ਫ਼ਸਲਾਂ ਦਾ ਕਿੰਨਾ ਕੰਮ ਹੁੰਦਾ ਕਦੇ ਖਾਦਾਂ, ਕਦੇ ਸਪਰੇਆਂ ਤੇ ਵਿਚ ਹੀ ਘਰ ਦੇ ਨਿੱਕੇ-ਮੋਟੇ ਕੰਮ, ਸਾਰੇ ਮੈਨੂੰ ਹੀ ਕਰਨੇ ਪੈਂਦੇ ਆ, ਫਿਰ ਤੈਨੂੰ ਕਿਥੇ ਲਈ ਫਿਰੂੰ, ਐਵੇਂ ਸਾਰਾ ਦਿਨ ਲੱਗ ਜਾਣਾ ਉਥੇ', ਪੰਮੇ ਨੇ ਇਕ ਟੁੱਕ ਗੱਲ ਮੁਕਾਉਂਦਿਆਂ ਕਿਹਾ ਤੇ ਮੋਟਰ ਸਾਈਕਲ ਚੁੱਕ ਕੇ ਖੂਹ ਦੇ ਰਾਹੇ ਪੈ ਗਿਆ।
ਤੇ ਫਿਰ ਜਦ ਉਹ ਦੁਪਹਿਰੇ ਘਰ ਵਾਪਸ ਆਇਆ ਤਾਂ ਉਹਦੀ ਘਰਵਾਲੀ ਬੀਰੋ ਉਸ ਨੂੰ ਆਖ ਰਹੀ ਸੀ, 'ਜੀਤੇ ਦੇ ਡੈਡੀ, ਮੇਰੀ ਮੰਮੀ ਦਾ ਫੋਨ ਆਇਆ ਸੀ।' 'ਕੀ ਕਹਿੰਦੇ ਸੀ? ਸਭ ਠੀਕ ਆ?' ਪੰਮੇ ਨੇ ਬੜੀ ਉਤਸੁਕਤਾ ਨਾਲ ਪੁੱਛਿਆ। 'ਹਾਂ ਓਦਾਂ ਤਾਂ ਸਭ ਠੀਕ ਆ, ਪਰ ਮੰਮੀ ਕਹਿ ਰਹੀ ਸੀ ਕਿ ਮੇਰੀ ਸੱਜੀ ਅੱਖ ਤੋਂ ਕੁਝ ਧੁੰਦਲਾ-ਧੁੰਦਲਾ ਦਿਸਦਾ, ਕਿਸੇ ਦਿਨ ਸ਼ਹਿਰ ਜਾ ਕੇ ਚੈੱਕ ਕਰਾਊਂਗੀ, ਕਿਤੇ ਮੋਤੀਆ ਨਾ ਉੱਤਰ ਆਇਆ ਹੋਵੇ, ਤਾਂ ਮੈਂ ਮੰਮੀ ਨੂੰ ਆਖ 'ਤਾ ਕਿ ਸਾਡੇ ਪਿੰਡ ਅੱਖਾਂ ਦਾ ਮੁਫ਼ਤ ਕੈਂਪ ਲੱਗਣਾ, ਤੁਹਨੂੰ ਉਥੇ ਚੈੱਕ ਕਰਵਾ ਦੇਵਾਂਗੇ, ਕਿੱਥੇ ਸ਼ਹਿਰ ਖੱਜਲ-ਖੁਆਰ ਹੁੰਦੀ ਰਹੇਗੀ।'
'ਤੂੰ ਬਿਲਕੁਲ ਠੀਕ ਕੀਤਾ ਹੈ, ਮੈਂ ਕੱਲ੍ਹ ਹੀ ਤੇਰੀ ਮੰਮੀ ਨੂੰ ਜਾ ਕੇ ਲੈ ਆਊਂਗਾ ਤੇ ਫਿਰ ਨਾਲ ਜਾ ਕੇ ਕੈਂਪ 'ਚ ਵੀ ਚੈੱਕ ਕਰਵਾ ਦੇਵਾਂਗਾ, ਕੰਮ ਤਾਂ ਸਾਲੇ ਇੰਜ ਹੀ ਚਲਦੇ ਰਹਿਣੇ, ਵੱਡਿਆਂ ਦੀ ਸੇਵਾ ਕਰਨਾ ਵੀ ਸਾਡਾ ਫਰਜ਼ ਬਣਦਾ। ਤੂੰ ਫਿਕਰ ਨਾ ਕਰ', ਪੰਮੇ ਨੇ ਘਰਵਾਲੀ ਨੂੰ ਹੌਸਲਾ ਦਿੰਦੇ ਹੋਏ ਕਿਹਾ।
ਪੁੱਤ ਦੇ ਮੂੰਹੋਂ ਇਹ ਬੋਲ ਸੁਣ ਕੇ ਉਸ ਦੀ ਜਨਮਦਾਤੀ ਦਾ ਦਿਲ ਭਰ ਆਇਆ ਤੇ ਉਹ ਆਪਣੇ ਅੱਥਰੂ ਚੁੰਨੀ ਨਾਲ ਲੁਕਾਉਂਦਿਆਂ, ਖੂੰਡੀ ਫੜ ਕੇ ਡਿਗਦੀ-ਢਹਿੰਦੀ ਪੈਰ ਘਸੀਟਦਿਆਂ ਅੰਦਰ ਜਾ ਵੜੀ ਤੇ ਪੁੱਤ ਦੇ ਬਚਪਨ 'ਚ ਗੁਆਚ ਗਈ ਕਿ ਉਹਨੇ ਪਤੀ ਦੀ ਮੌਤ ਤੋਂ ਬਾਅਦ ਉਹਨੂੰ ਕਿਵੇਂ ਪਾਲਿਆ ਸੀ, ਤੇ ਉਸ ਤੋਂ ਬੁਢਾਪੇ ਵਿਚ ਸਹਾਰੇ ਦੀ ਉਮੀਦ ਰੱਖੀ ਸੀ ਪਰ ਜਦ ਸਹਾਰਾ ਦੇਣ ਵਾਲੇ ਪੁੱਤ ਹੀ ਮਾਪਿਆਂ ਨੂੰ ਬੇਸਹਾਰਾ ਕਰ ਦੇਣ ਤਾਂ ਫਿਰ ਦੱਸੋ ਸਹਾਰਾ ਕੌਣ ਦੇਵੇਗਾ? ਹੁਣ ਉਸ ਨੂੰ ਸਮਝ ਨਹੀਂ ਆ ਰਹੀ ਸੀ ਕਿ ਉਸ ਦੇ ਢਿੱਡ ਦਾ ਜਾਇਆ ਕਿਸ ਫ਼ਰਜ਼ ਦੀ ਗੱਲ ਕਰ ਰਿਹਾ।

-ਪਿੰਡ ਗਿੱਲਾਂ, ਡਾਕ: ਚਮਿਆਰਾ, ਜ਼ਿਲ੍ਹਾ ਜਲੰਧਰ।
ਮੋਬਾਈਲ : 81461-87521.

ਵਿਅੰਗ..........................................ਮੈਂ ਏ.ਟੀ.ਐਮ. ਬੋਲ ਰਿਹਾਂ...

ਮੈਂ ਏ.ਟੀ.ਐਮ. ਬੋਲ ਰਿਹਾਂ ਹਾਂ। ਮੇਰੇ ਘਾੜਿਆਂ ਨੇ ਬੜੇ ਪਿਆਰ ਨਾਲ ਮੇਰਾ ਨਾਂਅ ਰੱਖਿਆ ਸੀ 'ਆਟੋਮੈਟਿਕ ਟੈਲਰ ਮਸ਼ੀਨ' ਪਰ ਅੱਜਕਲ੍ਹ ਮੈਂ ਲੋਕਾਂ ਵਿਚ 'ਆਉਣਗੇ ਤੇ ਮਿਲਣਗੇ' ਦੇ ਨਾਂਅ ਨਾਲ ਜਾਣਿਆਂ ਜਾਣ ਲੱਗਾਂ ਹਾਂ। ਪਿਛਲੇ ਦਿਨਾਂ ਤੋਂ ਅਜੀਬੋ-ਗ਼ਰੀਬ ਸਥਿਤੀ ਦੇਖਣ ਨੂੰ ਮਿਲੀ, ਮੇਰੇ ਪ੍ਰਬੰਧਕਾਂ ਨੇ ਕਦੀ ਵੀ ਮੇਰੇ ਕੋਲ ਦੋ ਗ੍ਰਾਹਕ ਇਕੱਠੇ ਨਹੀਂ ਸੀ ਆਉਣ ਦਿੱਤੇ। ਮੇਰੇ ਮੋਹਰੇ ਕਦੇ ਲੋਕਾਂ ਦੀ ਭੀੜ ਲੱਗੀ ਹੀ ਨਹੀਂ ਸੀ। ਪਰ ਹੁਣ ਕੁਝ ਦਿਨਾਂ ਤੋਂ ਮੇਰੇ ਦੁਆਲੇ ਲੰਮੀਆਂ ਕਤਾਰਾਂ ਵਿਚ ਬੀਬੇ ਤੇ ਬੀਬੀਆਂ ਝੁਰਮਟ ਪਾਈ ਖੜ੍ਹੇ ਹੁੰਦੇ ਹਨ। ਮੈਂ ਹੈਰਾਨ ਹੁੰਦਾਂ ਹਾਂ ਕਿ ਮੈਂ ਤਾਂ ਪਹਿਲਾਂ ਵਾਲਾ ਹਾਂ। ਲੋਕ ਵੀ ਪਹਿਲਾਂ ਵਾਲੇ ਹਨ। ਜਿਨ੍ਹਾਂ ਦੇ ਚਿਹਰੇ ਮੈਨੂੰ ਮਹੀਨੇ ਵਿਚ ਇਕ ਅੱਧੀ ਵਾਰ ਦੇਖਣ ਨੂੰ ਮਿਲਦੇ ਸਨ, ਉਹ ਹੁਣ ਦਿਨ ਚੜ੍ਹਨ ਤੋਂ ਪਹਿਲਾਂ ਮੇਰੇ ਸਾਹਮਣੇ ਖੜ੍ਹੇ ਹੁੰਦੇ। ਬੜੀਆਂ ਸੁਆਦਲੀਆਂ ਗੱਲਾਂ ਸੁਣਨ ਨੂੰ ਮਿਲਦੀਆਂ, ਇਨ੍ਹਾਂ ਕੋਲੋਂ, ਪਰ ਕਈ ਵਾਰ ਜਦ ਮੇਰੇ ਸਾਹਮਣੇ ਖਲੋ ਕੇ ਇਹ ਆਪੋ-ਆਪਣੇ ਦੁੱਖ ਫਰੋਲਦੇ ਹਨ, ਤਾਂ ਮੈਨੂੰ ਬੜਾ ਤਰਸ ਆਉਂਦਾ ਹੈ, ਪਰ ਮੈਂ ਆਪਣੇ ਮਾਲਕਾਂ ਦਾ ਗੁਲਾਮ ਹਾਂ, ਉਨ੍ਹਾਂ ਦੀ ਹੁਕਮ ਅਦੂਲੀ ਨਹੀਂ ਕਰ ਸਕਦਾ। ਮੈਨੂੰ ਪਤਾ ਹੈ ਕਿ ਜੇਕਰ ਮੈਂ ਮਾਲਕਾਂ ਦੀ ਹੁਕਮ ਅਦੂਲੀ ਕੀਤੀ ਤਾਂ ਇਨ੍ਹਾਂ ਮੇਰੇ ਵਿਚ ਕੋਈ ਨੁਕਸ ਕਹਿ ਕਿ ਮੇਰਾ ਇੰਜਰ ਪਿੰਜਰ ਖੋਲ੍ਹ ਦੇਣਾਂ। ਕਈ ਨਸ਼ਈ ਤਾਂ ਮੇਰੇ ਕੰਨ (ਬਟਨ) ਇਸ ਤਰ੍ਹਾਂ ਦਬਾਉਂਦੇ ਹਨ ਜਿਵੇਂ ਬੱਚੇ ਬੰਟੇ ਖੇਡਣ ਲੱਗਿਆਂ ਨਿਸ਼ਾਨਾ ਲਗਾਉਂਦੇ ਹਨ। ਮੈਨੂੰ ਉਦੋਂ ਬੜਾ ਤਰਸ ਆਉਂਦਾ ਹੈ ਜਦ ਦੋ-ਚਾਰ ਘੰਟੇ ਕਤਾਰ ਵਿਚ ਲੱਗਣ ਮਗਰੋਂ ਲੋਕ ਮੇਰੇ ਤੱਕ ਅੱਪੜਦੇ ਹਨ ਤਾਂ ਉਨ੍ਹਾਂ ਦੇ ਚਿਹਰੇ ਦੀ ਮੁਸਕਰਾਹਟ ਇਕ ਦਮ ਉਦਾਸੀ ਵਿਚ ਬਦਲ ਜਾਂਦੀ, ਜਦ ਉਹ ਖਾਲੀ ਹੱਥ ਵਾਪਸ ਪਰਤਦੇ। ਮੈਂ ਉਨ੍ਹਾਂ ਨੂੰ ਆਪਣੇ ਸੁਭਾਅ ਅਨੁਸਾਰ ਵੈਲਕਮ ਜ਼ਰੂਰ ਆਖਦਾ ਹਾਂ। ਉਹ ਬਥੇਰੇ ਮੇਰੇ ਬਟਨ ਦਬਾਉਂਦੇ, ਪਰ ਕੈਸ਼-ਮੁੱਕ ਗਿਆ ਵਾਲੇ ਬੋਲ ਸੁਣ ਕੇ ਕਤਾਰਾਂ ਵਿਚ ਬੀਬੇ-ਬੀਬੀਆਂ ਇਸ ਤਰ੍ਹਾਂ ਖਿਲਰ-ਪੁਲਰ ਜਾਂਦੇ ਜਿਵੇਂ ਸਕੂਲ ਵਿਚ ਸਾਰੀ ਛੁੱਟੀ ਹੋਣ ਉਪਰੰਤ ਚੌਕੀਦਾਰ ਅਤੇ ਦਫਤਰ ਨੂੰ ਤਾਲਾ ਲਗਾਉਣ ਵਾਲੇ ਸੇਵਾਦਾਰ ਰਹਿ ਗਏ ਹੋਣ । ਮੇਰੇ ਉੱਪਰ ਨੋ ਕੈਸ਼ ਵਾਲੀ ਤਖਤੀ ਲਮਕਾ ਦਿੱਤੀ ਜਾਂਦੀ। ਸਭ ਨਾਲੋਂ ਜ਼ਿਆਦਾ ਮੈਂ ਉਦੋਂ ਕੁਰਲਾਉਂਦਾ ਹਾਂ ਜਦ ਅੱਧੀ ਰਾਤ ਨੂੰ ਮੈਨੂੰ ਕੁਝ ਲੋਕ ਜੇ.ਸੀ.ਬੀ. ਦੀ ਸਹਾਇਤਾ ਨਾਲ ਪੁੱਟ ਕੇ ਲੈ ਜਾਂਦੇ ਹੈ ਤੇ ਮੈਨੂੰ ਵਾਤਾਅਨਕੂਲ ਵਿਚ ਰਹਿਣ ਵਾਲੇ ਨੂੰ ਉਜਾੜ-ਬੀਆਬਾਨ ਵਿਚ ਸੁੱਟ ਆਉਂਦੇ ਹਨ। ਮੇਰਾ ਅੰਗ-ਅੰਗ ਇਸ ਤਰਾਂ ਖਿਲਰਿਆ ਹੁੰਦਾ ਹੈ ਜਿਵੇਂ ਹੱਡਾ-ਰੋੜੀ ਵਿਚ ਪਸ਼ੂਆਂ ਦੇ ਹੱਡ ਖਿੱਲਰੇ ਹੋਣ। ਫਿਰ ਮੇਰੀਆਂ ਫੋਟੋਆਂ ਅਖਬਾਰਾਂ ਵਿਚ ਛਪਦੀਆਂ ਹਨ ਤੇ ਲੋਕ ਚਸਕੇ ਲਾ ਕੇ ਖ਼ਬਰਾਂ ਪੜ੍ਹਦੇ ਹਨ। ਸਾਡੇ ਨਾਲ ਵੀ ਭਰਾਵਾਂ ਵਾਂਗ ਵੰਡ-ਵੰਡਾਈ ਵਿਚ ਵਿਤਕਰਾ ਹੋ ਰਿਹਾ। ਸਾਡੇ ਕਈ ਭਰਾਵਾਂ ਦਾ ਤਾਂ ਅਜੇ ਤੱਕ ਲੋਕਾਂ ਨੇ ਮੂੰਹ ਵੀ ਨਹੀਂ ਵੇਖਿਆ ਕਿਉਂਕਿ ਉਹ ਨੋਟਾਂ ਤੋਂ ਸੱਖਣੇ ਰਹੇ । ਸਾਡੇ ਬਾਕੀਆਂ ਭਰਾਵਾਂ ਵਿਚ ਵੀ ਪੈਸੇ ਵੱਧ-ਘੱਟ ਪਾਏ ਜਾ ਰਹੇ ਹਨ। ਸਾਡੇ ਸਾਰਿਆਂ ਭਰਾਵਾਂ ਦੇ ਸਿਰ 'ਤੇ ਬੋਰਡ ਤਾਂ ਭਾਵੇਂ ਚੌਵੀ ਘੰਟੇ ਸਰਵਿਸ ਦੇ ਲੱਗੇ ਹਨ, ਪਰ ਅਜੇ ਤੱਕ ਇਹ ਸਮਝ ਨਹੀਂ ਆਈ ਕਿ ਇਹ ਚੌਵੀ ਘੰਟੇ ਸਾਲ ਵਿਚ ਹਨ ਜਾਂ ਮਹੀਨੇ ਵਿਚ। ਮੈਂ ਆਪਣੇ ਮਾਲਕਾਂ ਦਾ ਹੁਕਮ ਮੰਨਦਾ ਹਾਂ, ਉਹ ਮੈਨੂੰ ਜਿੰਨੇ ਪੈਸੇ ਦੇਣ ਲਈ ਕਹਿੰਦੇ ਹਨ, ਦੇ ਦਿੰਦਾ ਹਾਂ। ਮੈਨੂੰ ਸਾਹ ਚੜ੍ਹਿਆ ਹੁੰਦਾ ਹੈ ਫਿਰ ਮੈਂ ਆਪਣੀ ਸਪੀਡ ਘਟਾ ਕੇ ਕੰਮ ਕਰੀ ਜਾਂਦਾ ਹਾਂ। ਮੈਨੂੰ ਬਜ਼ੁਰਗਾਂ 'ਤੇ ਬੜਾ ਤਰਸ ਆਉਂਦਾ ਜਦ ਉਨ੍ਹਾਂ ਨੂੰ ਵੀ ਮੇਰੇ ਤੱਕ ਪਹੁੰਚਣ ਲਈ ਘੰਟਿਆਂ ਬੱਧੀ ਕਤਾਰ ਵਿਚ ਖੜ੍ਹ ਕੇ ਮੇਰੇ ਕੋਲੋਂ ਨਿਰਾਸ਼ ਪਰਤ ਕੇ ਘਰੋਂ ਵੀ ਵੱਧ-ਘੱਟ ਸੁਣਨਾ ਪੈਂਦਾ। ਬਣਿਆਂ ਤਾਂ ਮੈਂ ਲੋਕਾਂ ਦੀ ਸਹੂਲਤ ਵਾਸਤੇ ਸੀ ਪਰ ਹੁਣ ਜਿੰਨੇ ਦੁੱਖ ਲੋਕਾਂ ਨੂੰ ਮੈਂ ਦਿੱਤੇ ਹਨ ਸ਼ਾਇਦ ਕਿਸੇ ਤਸੀਹਾ ਕੇਂਦਰ ਵਿਚ ਵੀ ਨਾ ਦਿੱਤੇ ਜਾਂਦੇ ਹੋਣ। ਕਈ ਲੋਕ ਤਾਂ ਮੇਰੇ ਅੱਗੇ ਮੰਜੀਆਂ ਡਾਹ ਕੇ ਸੌਣ ਵੀ ਲੱਗ ਪਏ। ਮੈਂ ਸੋਚਿਆ ਚਲੋ ਮੇਰੀ ਰਾਖੀ ਹੋ ਰਹੀ ਹੈ। ਘੱਟੋ-ਘੱਟ ਹੁਣ ਮੈਨੂੰ ਕੋਈ ਪੁੱਟ ਕੇ ਤਾਂ ਨਹੀਂ ਲਿਜਾ ਸਕਦਾ। ਹਾਂ ਇਕ ਗੱਲ ਦੀ ਮੈਨੂੰ ਸਮਝ ਆ ਗਈ ਕਿ ਦੁਨੀਆਂ ਪੈਸੇ ਦੀ ਹੈ। ਜੇਕਰ ਮੇਰੇ ਕੋਲ ਪੈਸੇ ਹਨ ਤਾਂ ਰਿਸ਼ਤੇਦਾਰਾਂ ਵਾਂਗ ਲੋਕ ਮੇਰੇ ਦੁਆਲੇ ਘੇਰਾ ਪਾਈ ਰੱਖਦੇ ਹਨ ਨਹੀਂ ਤਾਂ ਮੈਨੂੰ ਕੌਣ ਪੁੱਛਦਾ ਹੈ। ਕੋਲ ਪੈਸੇ ਨਾ ਹੋਣ ਤੇ ਮੇਰੀ ਹਾਲਤ ਵੀ ਉਨ੍ਹਾਂ ਬਜ਼ੁਰਗਾਂ ਵਰਗੀ ਹੋ ਜਾਂਦੀ ਹੈ ਜਿਨ੍ਹਾਂ ਦੀ ਪੈਨਸ਼ਨ ਮਿਲਣ ਵਾਲੇ ਦਿਨ ਜ਼ਰਾ ਵਧੇਰੇ ਕਦਰ ਹੁੰਦੀ...।

-ਮੋਬਾਈਲ : 98555-12677

ਕਾਵਿ-ਵਿਅੰਗ

ਪਰਖ
* ਨਵਰਾਹੀ ਘੁਗਿਆਣਵੀ *
ਭਾਈ, ਭਾਈ ਦੀ ਕਰਦੇ ਸਨ ਮਦਦ ਪਹਿਲਾਂ,
ਹੁਣ ਤਾਂ ਈਰਖਾ ਵਿਚ ਗ਼ਲਤਾਨ ਹੋ ਗਏ।
ਭੱਜੇ ਜਾਂਦੇ ਨੂੰ ਡੇਗਣਾ ਫ਼ਖ਼ਰ ਸਮਝਣ,
ਆਖਣ, ਵੇਖ ਲਉ ਅਸੀਂ 'ਮਹਾਨ' ਹੋ ਗਏ।
ਚੂਚੇ ਕੁਕੜੀ ਨੂੰ ਆਖਦੇ, 'ਅੰਮੜੀਏ ਨੀਂ,
ਅਸੀਂ ਦਿਨਾਂ ਦੇ ਵਿਚ ਜੁਆਨ ਹੋ ਗਏ।'
ਬੁਜ਼ਦਿਲ ਅਤੇ ਬਹਾਦਰ ਦੀ ਪਰਖ ਔਖੀ,
ਗਿੱਦੜ, ਸ਼ੇਰ ਜੋ ਇਕ ਸਮਾਨ ਹੋ ਗਏ।

-ਨਹਿਰ ਨਜ਼ਾਰਾ, ਨਵਾਂ ਹਰਿੰਦਰ ਨਗਰ, ਫ਼ਰੀਦਕੋਟ-151203.
ਮੋਬਾਈਲ : 98150-02302.

ਮੌਜਾਂ ਝੰਗ ਦੀਆਂ
* ਹਰਦੀਪ ਢਿੱਲੋਂ *
ਮੌਜਾਂ ਝੰਗ ਦੀਆਂ ਵਾਰਸਾ ਵੇਖ ਮੁੜ ਕੇ,
ਗਈਆਂ ਜਿਹੜੀਆਂ ਤੇਰੇ ਤੋਂ ਮਾਣੀਆਂ ਨਾ।
ਗੋਡੇ ਮੋਢੇ ਨਾ ਨੰਗੇ ਦਿਖਾਉਣ ਜਿਹੜੇ,
ਬਾਣੇ ਪਹਿਨਦੀਆਂ ਮੂਲ ਸੁਆਣੀਆਂ ਨਾ।
ਉੱਠਣਾ ਪਵੇ ਨਾ ਚਿੜੀ ਦੀ ਚਹਿਕ ਸੁਣ ਕੇ,
ਖੜਕਣ ਰਿੜਕਣਿਆਂ ਵਿਚ ਮਧਾਣੀਆਂ ਨਾ।
ਬੱਗੇ ਬਲਦ ਖਰਾਸੇ ਨਾ ਕਿਸੇ ਜੋਣੇ,
ਸੰਨ੍ਹੀਆਂ ਮੱਝਾਂ ਨੂੰ ਕਿਸੇ ਰਲਾਣੀਆਂ ਨਾ।
ਚੜ੍ਹੇ ਠੇਕੇ 'ਤੇ ਚੂਚਕ ਦੇ ਟੱਕ ਸਾਰੇ,
ਤੌਣਾਂ ਮਲਕੀ ਨੇ ਗੁੰਨ੍ਹ ਪਕਾਣੀਆਂ ਨਾ।
ਏ.ਸੀ. ਤਾਰਦੇ ਕਮਰੇ ਕੋਠੀਆਂ ਦੇ,
ਝੱਲਾਂ ਪੱਖੀ ਦੀਆਂ ਪੈਣ ਮਰਵਾਣੀਆਂ ਨਾ।
ਸੁੱਕਾ ਦੁੱਧ ਰਸੋਈ ਦੀ ਸ਼ਾਨ ਬਣਿਆ,
ਹਾਰੇ ਕਾੜ੍ਹਨੀਆਂ ਕਦੇ ਚੜ੍ਹਾਣੀਆਂ ਨਾ।
ਤੜਕਾ ਢਾਬੇ ਦਾ ਖਿੱਚਦਾ ਮਾਰ ਲਪਟਾਂ,
ਦਾਲਾਂ ਤੌੜੀਆਂ ਦੀ ਰਿੱਝੀਆਂ ਖਾਣੀਆਂ ਨਾ।
ਸਾਹਵੇਂ ਰੱਖਦਾ ਕੁੱਜੀ ਵਿਚ ਘੋਲ ਚੂਨਾ,
ਮੁੱਕਣ ਜਰਦੇ ਨੂੰ ਦਿੰਦਾ ਹਟਵਾਣੀਆਂ ਨਾ।
ਰੁੱਝਿਆ ਵੋਟਾਂ ਵਿਕਾਣ ਵਿਚ ਫਿਰੇ ਕੈਦੋਂ,
ਛੇੜੇ ਹੀਰ ਦੀਆਂ ਕਿਤੇ ਕਹਾਣੀਆਂ ਨਾ।
ਮੱਥਾ ਟਿੱਲੇ 'ਤੇ ਟੇਕਦੀ ਲਾਲ ਬੱਤੀ,
ਚਿਲਮਾਂ ਘੁੰਮਦੀਆਂ ਕਿਸੇ ਹਟਾਣੀਆਂ ਨਾ।
'ਮੁਰਾਦਵਾਲਿਆ' ਰਾਂਝਾ ਨਚਾਰ ਬਣਿਆ,
ਮੱਝਾਂ ਪੈਂਦੀਆਂ ਮੁਫ਼ਤ ਚਰਾਣੀਆਂ ਨਾ।

1-ਸਿਵਲ ਹਸਪਤਾਲ, ਅਬੋਹਰ-152116
-ਮੋਬਾਈਲ : 98764-57242.


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX