ਤਾਜਾ ਖ਼ਬਰਾਂ


ਪਿੰਡ ਵਲੀਪੁਰ ਵਿਖੇ ਆਰ.ਐੱਮ.ਪੀ. ਡਾਕਟਰ ਨੂੰ ਗੋਲੀਆਂ ਮਾਰ ਕੇ ਕੀਤਾ ਜ਼ਖ਼ਮੀ
. . .  about 1 hour ago
ਤਰਨ ਤਾਰਨ, 20 ਮਈ (ਹਰਿੰਦਰ ਸਿੰਘ)-ਥਾਣਾ ਸਦਰ ਤਰਨ ਤਾਰਨ ਅਧੀਨ ਪੈਂਦੇ ਪਿੰਡ ਵਲੀਪੁਰ ਵਿਖੇ ਆਰ.ਐਮ.ਪੀ. ਡਾਕਟਰ ਵਜੋਂ ਕੰਮ ਕਰਦੇ ਇਕ ਵਿਅਕਤੀ ਨੂੰ ਪਿੰਡ ਦੇ ਇਕ ਨੌਜਵਾਨ ਨੇ ਆਪਣੇ ਸਾਥੀਆਂ
ਦਿੱਲੀ ਦੇ ਸੰਗਮ ਬਿਹਾਰ 'ਚ ਵਿਅਕਤੀ ਦਾ ਚਾਕੂ ਮਾਰ ਕੇ ਕਤਲ
. . .  about 3 hours ago
ਨਵੀਂ ਦਿੱਲੀ, 20 ਮਈ- ਦਿੱਲੀ ਦੇ ਸੰਗਮ ਬਿਹਾਰ 'ਚ ਇਕ 29 ਸਾਲ ਦੇ ਵਿਅਕਤੀ ਦਾ ਕੁਝ ਅਣਪਛਾਤੇ ਹਮਲਾਵਰਾਂ ਵੱਲੋਂ ਚਾਕੂ ਮਾਰ ਕੇ ਕਤਲ ਕੀਤਾ ਜਾਣ ਦੀ ਮਾਮਲਾ ਸਾਹਮਣੇ ਆਇਆ...
ਅੰਮ੍ਰਿਤਸਰ ਦੇ ਵਿਧਾਨ ਸਭਾ ਹਲਕਾ ਰਾਜਾਸਾਂਸੀ 'ਚ 22 ਮਈ ਨੂੰ ਮੁੜ ਪੈਣਗੀਆਂ ਵੋਟਾਂ
. . .  about 3 hours ago
ਅੰਮ੍ਰਿਤਸਰ, 20 ਮਈ (ਅਮਨ ਮੈਨੀ) - ਰਾਜਾਸਾਂਸੀ ਵਿਧਾਨ ਸਭਾ ਹਲਕੇ ਦੇ ਪੋਲਿੰਗ ਸਟੇਸ਼ਨ ਨੰਬਰ 123 'ਤੇ 22 ਮਈ ਨੂੰ ਮੁੜ ਵੋਟਾਂ ਪੈਣਗੀਆਂ। ਇਸ ਦੇ ਨਾਲ ਹੀ ਦੱਸ ਦੇਈਏ ਕਿ ਵੋਟਿੰਗ ਦਾ ਸਮਾਂ 7 ਵਜੇ ਤੋਂ ਸ਼ਾਮ 6 ਵਜੇ ਤਕ ਹੋਵੇਗਾ। ਇਸ ਸੰਬੰਧੀ....
ਨਸ਼ੇ ਦੀ ਓਵਰ ਡੋਜ਼ ਲੈਣ ਕਾਰਨ ਨੌਜਵਾਨ ਦੀ ਮੌਤ
. . .  about 3 hours ago
ਹੰਡਿਆਇਆ, 20 ਮਈ (ਗੁਰਜੀਤ ਸਿੰਘ ਖੁੱਡੀ)- ਜ਼ਿਲ੍ਹਾ ਬਰਨਾਲਾ ਦੇ ਪਿੰਡ ਖੁੱਡੀ ਕਲਾਂ ਵਿਖੇ ਆਏ ਪਿੰਡ ਮਾਂਗੇਵਾਲ ਦੇ ਵਾਸੀ ਸੁਖਦੇਵ ਸਿੰਘ ਪੁੱਤਰ ਦਰਸ਼ਨ ਦੀ ਨਸ਼ੇ ਦੀ ਓਵਰ ਡੋਜ਼ ਲੈਣ ਦੇ ਕਾਰਨ....
ਮਹਾਰਾਸ਼ਟਰ ਮਹਿਲਾ ਕਮਿਸ਼ਨ ਨੇ ਵਿਵੇਕ ਓਬਰਾਏ ਨੂੰ ਨੋਟਿਸ ਕੀਤਾ ਜਾਰੀ
. . .  about 4 hours ago
ਨਵੀਂ ਦਿੱਲੀ, 20 ਮਈ- ਬਾਲੀਵੁੱਡ ਅਦਾਕਾਰ ਵਿਵੇਕ ਓਬਰਾਏ ਇੰਨੀ ਦਿਨੀਂ ਆਪਣੀ ਫ਼ਿਲਮ 'ਪੀ.ਐਮ ਨਰਿੰਦਰ ਮੋਦੀ' ਨੂੰ ਲੈ ਕੇ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਇਸ ਦੌਰਾਨ, ਐਗਜ਼ਿਟ ਪੋਲ ਦੇ ਨਤੀਜਿਆਂ ਨੂੰ ਲੈ ਕੇ ਵਿਵੇਕ ਨੇ ਆਪਣੇ ਟਵਿਟਰ ਹੈਂਡਲ 'ਤੇ ਇਕ ਪੋਸਟ ....
ਅਫ਼ਗ਼ਾਨਿਸਤਾਨ 'ਚ 11 ਤਾਲਿਬਾਨੀ ਅੱਤਵਾਦੀ ਢੇਰ
. . .  about 4 hours ago
ਕਾਬੁਲ, 20 ਮਈ- ਅਫ਼ਗ਼ਾਨਿਸਤਾਨ ਦੇ ਪੱਛਮੀ ਪ੍ਰਾਂਤ ਫਰਾਹ 'ਚ ਨਾਟੋ ਦੀ ਅਗਵਾਈ ਹੇਠ ਗੱਠਜੋੜ ਫੌਜ ਦੇ ਹਵਾਈ ਹਮਲਿਆਂ 'ਚ 11 ਅੱਤਵਾਦੀ ਮਾਰੇ ਗਏ ਹਨ। ਸੂਬਾਈ ਪੁਲਿਸ ਦੇ ਬੁਲਾਰੇ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਗੱਠਜੋੜ....
ਮਮਤਾ ਨੂੰ ਮਿਲਣ ਲਈ ਕੋਲਕਾਤਾ ਪਹੁੰਚੇ ਚੰਦਰਬਾਬੂ ਨਾਇਡੂ
. . .  about 5 hours ago
ਕੋਲਕਾਤਾ, 20 ਮਈ- ਤੇਲਗੂ ਦੇਸ਼ਮ ਪਾਰਟੀ ਦੇ ਪ੍ਰਧਾਨ ਚੰਦਰਬਾਬੂ ਨਾਇਡੂ ਤ੍ਰਿਣਮੂਲ ਕਾਂਗਰਸ ਦੀ ਪ੍ਰਧਾਨ ਅਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਮਿਲਣ ਲਈ ਅੱਜ...
ਘਰੇਲੂ ਲੜਾਈ ਦੌਰਾਨ ਹਿੰਸਕ ਹੋਇਆ ਪਤੀ, ਦੰਦੀਆਂ ਵੱਢ ਕੇ ਕੱਟਿਆ ਪਤਨੀ ਦਾ ਨੱਕ
. . .  about 5 hours ago
ਬਠਿੰਡਾ, 20 ਮਈ (ਕੰਵਲਜੀਤ ਸਿੰਘ ਸਿੱਧੂ)- ਬਠਿੰਡਾ ਦੀ ਅਗਰਵਾਲ ਕਲੋਨੀ 'ਚ ਅੱਜ ਘਰੇਲੂ ਲੜਾਈ ਦੌਰਾਨ ਇੱਕ ਪਤੀ ਇੰਨਾ ਹਿੰਸਕ ਹੋ ਗਿਆ ਕਿ ਉਸ ਨੇ ਦੰਦੀਆਂ ਵੱਢ ਕੇ ਆਪਣੀ ਪਤਨੀ ਦਾ ਨੱਕ ਹੀ ਕੱਟ ਦਿੱਤਾ। ਇੰਨਾ ਹੀ ਨਹੀਂ, ਪਤੀ ਨੇ ਆਪਣੀ ਪਤਨੀ ਦੀ ਬਾਹ...
ਪਿਕਅਪ ਵਲੋਂ ਟੱਕਰ ਮਾਰੇ ਜਾਣ ਕਾਰਨ ਮਾਂ-ਪੁੱਤ ਦੀ ਮੌਤ
. . .  about 5 hours ago
ਅਬੋਹਰ, 20 ਮਈ (ਸੁਖਜਿੰਦਰ ਸਿੰਘ ਢਿੱਲੋਂ)- ਅੱਜ ਸ਼ਾਮੀਂ ਅਬੋਹਰ-ਮਲੋਟ ਰੋਡ 'ਤੇ ਬੱਲੂਆਣਾ ਨੇੜੇ ਵਾਪਰੇ ਇੱਕ ਸੜਕ ਹਾਦਸੇ 'ਚ ਮਾਂ-ਪੁੱਤਰ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਅਬੋਹਰ ਤੋਂ ਮਲੋਟ ਵੱਲ ਜਾ ਰਹੀ ਇੱਕ ਤੇਜ਼ ਰਫ਼ਤਾਰ...
ਅੰਮ੍ਰਿਤਸਰ ਦੇ ਪਿੰਡ ਸ਼ਹੂਰਾ ਦੇ ਇੱਕ ਪੋਲਿੰਗ ਬੂਥ ਦੀ ਚੋਣ ਰੱਦ
. . .  about 6 hours ago
ਬੱਚੀਵਿੰਡ, 20 ਮਈ (ਬਲਦੇਵ ਸਿੰਘ ਕੰਬੋ)- ਚੋਣ ਕਮਿਸ਼ਨ ਨੇ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਸ਼ਹੂਰਾ ਦੇ ਇੱਕ ਪੋਲਿੰਗ ਬੂਥ ਦੀ ਨੂੰ ਚੋਣ ਰੱਦ ਕਰ ਦਿੱਤਾ ਹੈ। ਇੱਥੇ ਹੁਣ 21 ਮਈ ਨੂੰ ਮੁੜ ਵੋਟਾਂ ਪੈਣਗੀਆਂ। ਚੋਣਾਂ ਵਾਲੇ ਦਿਨ ਵਿਰੋਧੀ ਧਿਰ ਨੇ ਇਹ ਇਲਜ਼ਾਮ ਲਾਇਆ ਸੀ ਕਿ...
ਹੋਰ ਖ਼ਬਰਾਂ..

ਧਰਮ ਤੇ ਵਿਰਸਾ

ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ (ਬਠਿੰਡਾ)

ਬਠਿੰਡਾ ਸ਼ਹਿਰ ਤੋਂ 29.4 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ ਉਪ-ਮੰਡਲ ਤਲਵੰਡੀ ਸਾਬੋ ਜਿਥੇ ਸਿੱਖ ਧਰਮ ਦਾ ਚੌਥਾ ਤਖ਼ਤ, ਤਖ਼ਤ ਸ੍ਰੀ ਦਮਦਮਾ ਸਾਹਿਬ ਸਥਿਤ ਹੈ। ਇਥੋਂ ਦੀ ਪਵਿੱਤਰ ਧਰਤੀ ਨੂੰ ਵੀ ਪਾਤਸ਼ਾਹੀ ਪਹਿਲੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਪਹਿਲੀ ਉਦਾਸੀ 1515 ਈ: ਸਮੇਂ ਮਾਲਵੇ ਦੀ ਧਰਤੀ ਨੂੰ ਭਾਗ ਲਾਉਣ ਮੌਕੇ ਚਰਨ ਛੋਹ ਪ੍ਰਾਪਤ ਹੋਈ ਸੀ। ਇਤਿਹਾਸਕ ਨਗਰ ਅਤੇ ਸਿੱਖ ਕੌਮ ਲਈ ਬਹੁਤ ਹੀ ਮਹੱਤਵਪੂਰਨ ਧਾਰਮਿਕ ਅਸਥਾਨ ਤਖ਼ਤ ਸ੍ਰੀ ਦਮਦਮਾ ਸਾਹਿਬ ਦੀ ਧਰਤੀ ਵਜੋਂ ਜਾਣੇ ਜਾਂਦੇ ਪਵਿੱਤਰ ਨਗਰ ਤਲਵੰਡੀ ਸਾਬੋ ਨੂੰ ਹੋਰਨਾਂ ਗੁਰੂ ਸਾਹਿਬਾਨ ਦੀ ਵੀ ਚਰਨਛੋਹ ਪ੍ਰਾਪਤ ਹੈ, ਜਿਸ ਨੂੰ ਲੈ ਕੇ ਉਕਤ ਨਗਰ 'ਚ ਵੀ ਗੁਰੂ ਸਾਹਿਬ ਦੇ 550ਵੇਂ ਪ੍ਰਕਾਸ਼ ਪੁਰਵ ਮੌਕੇ ਵੱਡੇ ਸਮਾਗਮ ਹੋਣਗੇ। ਇਤਿਹਾਸਕ ਸਰੋਤਾਂ 'ਤੇ ਝਾਤ ਮਾਰੀ ਜਾਵੇ ਤਾਂ ਗਿਆਨੀ ਬਲਵੰਤ ਸਿੰਘ ਕੋਠਾਗੁਰੂ ਵਲੋਂ ਰਚਿਤ 'ਮਾਲਵਾ ਇਤਿਹਾਸ ਦੀ ਭੂਮਿਕਾ' ਨਾਮੀ ਕਿਤਾਬ ਅਤੇ ਸ਼੍ਰੋਮਣੀ ਕਮੇਟੀ ਵਲੋਂ ਪ੍ਰਕਾਸ਼ਿਤ 'ਦਮਦਮਾ ਸਾਹਿਬ ਦਾ ਇਤਿਹਾਸ' ਵਿਚ ਮਿਲਦੀ ਜਾਣਕਾਰੀ ਅਨੁਸਾਰ ਸ੍ਰੀ ਗੁਰੂ ਨਾਨਕ ਦੇਵ ਜੀ ਵਲੋਂ ਕੀਤੀਆਂ ਉਦਾਸੀਆਂ ਦੌਰਾਨ ਸਰਨੇ ਤੋਂ ਸੁਲਤਾਨਪੁਰ ਜਾਂਦਿਆਂ ਉਹ 1515 ਈ: ਵਿਚ ਤਲਵੰਡੀ ਸਾਬੋ ਪੁੱਜੇ ਤੇ ਇਥੇ ਗੁਰੂਸਰ ਸਰੋਵਰ ਵਾਲੀ ਜਗ੍ਹਾ 'ਤੇ ਇਕ ਬੇਰੀ ਥੱਲੇ ਵਿਸ਼ਰਾਮ ਕਰਨ ਸਮੇਂ ਗੁਰਬਾਣੀ ਦਾ ਸ਼ਬਦ ਕੀਰਤਨ ਕਰਦਿਆਂ ਸੰਗਤਾਂ ਨੂੰ ਨਿਹਾਲ ਕੀਤਾ।
ਗੁਰੂ ਸਾਹਿਬ ਨੇ ਇਥੇ ਵਚਨ ਕੀਤੇ ਸਨ ਕਿ ਆਉਣ ਵਾਲੇ ਸਮੇਂ ਵਿਚ ਇਹ ਜਗ੍ਹਾ ਤੀਰਥ ਬਣੇਗੀ ਤੇ ਇਸੇ ਜਗ੍ਹਾ 'ਤੇ ਗੁਰੂ ਸਾਹਿਬ ਦੀ ਉਦਾਸੀ ਤੋਂ 159 ਸਾਲ ਬਾਅਦ ਨੌਵੇਂ ਗੁਰੂ ਸਾਹਿਬ ਸ੍ਰੀ ਗੁਰੂ ਤੇਗ਼ ਬਹਾਦਰ ਜੀ ਨੇ ਪੁੱਜ ਕੇ ਪਾਵਨ ਸਰੋਵਰ ਦੀ ਨੀਂਹ ਰੱਖੀ ਸੀ। ਉਕਤ ਜਗ੍ਹਾ ਦੇ ਨਾਲ ਹੀ ਗੁਰੂ ਨਾਨਕ ਦੇਵ ਜੀ ਦਾ ਇਤਿਹਾਸਕ ਗੁਰਦੁਆਰਾ ਨਾਨਕਸਰ ਸਾਹਿਬ ਵੀ ਸੁਸ਼ੋਭਿਤ ਹੈ। ਉਕਤ ਇਤਿਹਾਸਕ ਸਰੋਤਾਂ ਵਿਚਲੀ ਜਾਣਕਾਰੀ ਦੀ ਪੁਸ਼ਟੀ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਕੀਤੀ ਹੈ। ਜਿਥੇ ਪਾਵਨ ਗੁਰੂਸਰ ਸਰੋਵਰ ਦਾ ਪ੍ਰਬੰਧ ਸੰਤ ਅਤਰ ਸਿੰਘ ਜੀ ਵਲੋਂ ਚਲਾਈ ਸੰਸਥਾ ਗੁਰਦੁਆਰਾ ਬੁੰਗਾ ਮਸਤੂਆਣਾ ਵਲੋਂ ਮਸਤੂਆਣਾ ਸਾਹਿਬ ਦੇ ਮੁਖੀ ਬਾਬਾ ਛੋਟਾ ਸਿੰਘ ਦੀ ਅਗਵਾਈ ਹੇਠ ਸੰਭਾਲਿਆ ਜਾ ਰਿਹਾ ਹੈ, ਉਥੇ ਗੁਰਦੁਆਰਾ ਨਾਨਕਸਰ ਸਾਹਿਬ ਦਾ ਪ੍ਰਬੰਧ ਨਿਹੰਗ ਸਿੰਘਾਂ ਦੀ ਸਿਰਮੌਰ ਜਥੇਬੰਦੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ (96 ਕਰੋੜੀ) ਵਲੋਂ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ ਦੀ ਅਗਵਾਈ ਹੇਠ ਚਲਾਇਆ ਜਾ ਰਿਹਾ ਹੈ ਤੇ ਸਥਾਨ ਦੀ ਸਾਂਭ-ਸੰਭਾਲ ਦਾ ਕੰਮ ਬਾਬਾ ਅਰਜੁਨਦੇਵ ਸਿੰਘ ਸ਼ਿਵਜੀ ਕਰਦੇ ਹਨ।
ਗੁਰੂ ਸਾਹਿਬ ਨਾਲ ਸਬੰਧਤ ਹੋਣ ਕਾਰਨ ਉਕਤ ਨਗਰ ਨੂੰ ਹੁਣ 550ਵੇਂ ਪ੍ਰਕਾਸ਼ ਪੁਰਬ ਨੂੰ ਦੇਖਦਿਆਂ ਸਰਕਾਰ ਵਲੋਂ ਪ੍ਰਕਾਸ਼ ਪੁਰਬ ਨਾਲ ਸਬੰਧਤ ਯਾਦਗਾਰਾਂ ਸਥਾਪਤ ਕਰਨ ਲਈ ਗ੍ਰਾਂਟ ਦਿੱਤੇ ਜਾਣ ਦੀ ਜਾਣਕਾਰੀ ਮਿਲੀ ਹੈ, ਜਿਸ ਸਬੰਧੀ ਨਗਰ ਪੰਚਾਇਤ ਤਲਵੰਡੀ ਸਾਬੋ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਮਾਨਸ਼ਾਹੀਆ ਦੀ ਅਗਵਾਈ ਵਿਚ ਪੰਚਾਇਤ ਵਲੋਂ 3 ਕਰੋੜ 30 ਲੱਖ ਰੁਪਏ ਦੇ ਕੰਮਾਂ ਦਾ ਐਸਟੀਮੇਟ ਬਣਾ ਕੇ ਭੇਜਿਆ ਗਿਆ ਹੈ, ਜਿਸ ਨਾਲ ਇਸ ਦੇ ਚੁਫੇਰੇ ਸੁੰਦਰੀਕਰਨ ਦੇ ਪ੍ਰੋਜੈਕਟਾਂ ਤਹਿਤ ਰੋੜੀ ਰੋਡ 'ਤੇ ਇਕ ਸੁੰਦਰ ਪਾਰਕ ਤੇ ਉਥੇ ਬਣੇ ਦੋ ਪਾਰਕਾਂ ਨੂੰ ਪੁਰਾਤਨ ਤਰੀਕੇ ਦੀਆਂ ਸੁੰਦਰ ਲਾਈਟਾਂ ਅਤੇ ਪੁਰਾਤਨ ਕਿਸਮ ਦੇ ਬੈਂਚਾਂ ਦੇ ਨਾਲ-ਨਾਲ ਓਪਨ ਏਅਰ ਜਿੰਮ ਸਥਾਪਿਤ ਕੀਤੇ ਜਾਣਗੇ, ਸ਼ਹਿਰ ਦੇ ਦਰਸ਼ਨੀ ਨਿਸ਼ਾਨ-ਏ-ਖ਼ਾਲਸਾ ਚੌਕ ਦਾ ਆਕਾਰ ਥੋੜ੍ਹਾ ਘੱਟ ਕਰਕੇ ਉਸ ਨੂੰ ਅਤਿ ਆਧੁਨਿਕ ਪੁਰਾਤਨ ਲਾਈਟਾਂ ਲਗਾ ਕੇ ਹੋਰ ਸੁੰਦਰ ਰੂਪ ਦਿੱਤਾ ਜਾਵੇਗਾ। ਨਿਸ਼ਾਨ-ਏ-ਖ਼ਾਲਸਾ ਚੌਕ ਤੋਂ ਗਿੱਲਾਂ ਵਾਲਾ ਖੂਹ ਤੱਕ ਜਾਂਦੀ ਸੜਕ ਦੀ ਫੁੱਟਪਾਥ 'ਤੇ ਗਰਿੱਲ ਲਾਉਣ, ਚੌਕ ਤੋਂ ਤਖ਼ਤ ਸਾਹਿਬ ਤੱਕ ਸੰਗਤਾਂ ਲਈ ਹੈਰੀਟੇਜ ਬੈਂਚ ਲਾਉਣ, ਗੁਰਦੁਆਰਾ ਨਾਨਕਸਰ ਸਾਹਿਬ ਦੇ ਰਸਤੇ ਨੂੰ ਸੁੰਦਰ ਬਣਾਉਣ ਦੀ ਯੋਜਨਾ ਵੀ ਵਿਚਾਰ ਅਧੀਨ ਹੈ। ਸੰਗਤਾਂ ਇਥੇ ਸ਼ਰਧਾ ਨਾਲ ਨਤਮਸਤਕ ਹੋਣ ਆਉਂਦੀਆਂ ਹਨ।


-ਕੰਵਲਜੀਤ ਸਿੰਘ ਸਿੱਧੂ, ਰਣਜੀਤ ਸਿੰਘ ਰਾਜੂ
ਬਠਿੰਡਾ ਦਫ਼ਤਰ


ਖ਼ਬਰ ਸ਼ੇਅਰ ਕਰੋ

ਇਤਿਹਾਸ ਵਿਚ ਬੁਲੰਦ ਰਿਹਾ ਹੈ ਸਿੱਖਾਂ ਦਾ ਇਖ਼ਲਾਕੀ ਕਿਰਦਾਰ

ਨੌਂ ਸਾਲ ਦੀ ਉਮਰ ਵਿਚ ਜਦ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸੰਸਾਰਕ ਵਿੱਦਿਆ ਸੰਪੂਰਨ ਕਰ ਲਈ ਤਾਂ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਕੋਲ ਸੱਦ ਕੇ ਜ਼ਿੰਦਗੀ ਭਰ ਇਕ ਪ੍ਰਣ ਨਿਭਾਉਣ ਲਈ ਆਖਿਆ। ਸਪੁੱਤਰ ਗੋਬਿੰਦ ਰਾਇ ਜੀ ਨੇ ਸਿਰ ਝੁਕਾ ਕੇ ਸਾਰੀ ਉਮਰ ਉਸ ਪ੍ਰਣ ਨੂੰ ਤੋੜ ਨਿਭਾਉਣ ਦਾ ਵਚਨ ਦਿੱਤਾ। ਦਸਮ ਗ੍ਰੰਥ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 'ਚਰਿੱਤਰ ਦੀ ਵਚਿੱਤਰ ਉਸਾਰੀ ਅਤੇ ਨੈਤਿਕਤਾ ਦੀ ਸੁੱਚਮਤਾ' ਦੀ ਉਚੇਰੀ ਮਹਾਨਤਾ ਦਰਸਾਉਂਦੇ ਇਸ ਪ੍ਰਣ ਦਾ ਨਫ਼ੀਸ ਸ਼ਬਦਾਂ 'ਚ ਜ਼ਿਕਰ ਕੀਤਾ ਹੈ:
ਸੁਧਿ ਜਬ ਤੇ ਹਮ ਧਰੀ ਬਚਨ ਗੁਰ ਦਏ ਹਮਾਰੇ॥
ਪੂਤ ਇਹੈ ਪ੍ਰਨ ਤੋਹਿ ਪ੍ਰਾਨ ਜਬ ਲਗ ਘਟ ਥਾਰੇ।
ਨਿਜ ਨਾਰੀ ਕੇ ਸਾਥ ਨੇਹੁ ਤੁਮ ਨਿਤ ਬਢੈਯਹੁ॥
ਪਰ ਨਾਰੀ ਕੀ ਸੇਜ ਭੂਲਿ ਸੁਪਨੇ ਹੂੰ ਨਾ ਜੈਯਹੂ॥
ਗੁਰੂ ਸਾਹਿਬ ਨੇ ਇਸ ਪ੍ਰਣ ਨੂੰ ਕਿਸ ਗੰਭੀਰਤਾ ਨਾਲ ਨਿਭਾਇਆ, ਉਸ ਦੀ ਇਕ ਸੁੰਦਰ ਸਾਖ਼ੀ ਇਤਿਹਾਸ ਵਿਚ ਆਉਂਦੀ ਹੈ। ਸਮੇਂ ਦੀ ਸਭ ਤੋਂ ਸੁੰਦਰ ਇਸਤਰੀ, ਚੰਬਾ ਰਿਆਸਤ ਦੀ ਰਾਣੀ ਪਦਮਨੀ ਆਪ ਦੇ ਦਰਬਾਰ ਵਿਚ ਆਈ। ਆਪ ਜੀ ਦਾ ਇਹ ਸੁਭਾਅ-ਕਰਮ ਸੀ ਕਿ ਜੋ ਦਰਬਾਰ ਵਿਚ ਆ ਸਿਰ ਝੁਕਾਏ, ਉਸ ਨੂੰ ਹਜ਼ੂਰ ਆਪਣੇ ਤੀਰ ਨਾਲ ਹੀ ਅਸ਼ੀਰਵਾਦ ਦਿੰਦੇ ਸਨ। ਜੇਕਰ ਵਧੇਰੇ ਪ੍ਰਸੰਨ ਹੋਣ ਤਾਂ ਬਖ਼ਸ਼ਿਸ਼ ਵਜੋਂ ਤੀਰ ਹੀ ਉਸ ਵਿਅਕਤੀ ਨੂੰ ਦੇ ਦਿੰਦੇ ਸਨ। ਰਾਣੀ ਪਦਮਨੀ ਨੇ ਜਦ ਸੀਸ ਝੁਕਾਇਆ ਤਾਂ ਆਪ ਨੇ ਇਕ ਤੀਰ ਨਾਲ ਅਸ਼ੀਰਵਾਦ ਦਿੱਤਾ। ਮਹਾਰਾਣੀ ਨੇ ਬੇਨਤੀ ਕਰਦਿਆਂ ਕਿਹਾ, 'ਮਹਾਰਾਜ ਮੈਂ ਤੁਹਾਡੀ ਸੇਵਿਕਾ ਹਾਂ, ਆਪਣੇ ਕਰ-ਕਮਲਾਂ ਨਾਲ ਅਸ਼ੀਰਵਾਦ ਦਿਓ।' ਉਸ ਇਖ਼ਲਾਕ ਦੇ ਦੇਵਤੇ ਨੇ ਉੱਤਰ ਵਜੋਂ ਫੁਰਮਾਇਆ, 'ਪਦਮਨੀ ਇਨ੍ਹਾਂ ਹੱਥਾਂ ਨਾਲ ਅੱਜ ਤੱਕ ਸਿਰਫ਼ ਆਪਣੀ ਪਤਨੀ ਨੂੰ ਹੀ ਛੂਹਿਆ ਗਿਆ ਹੈ, ਹੋਰ ਕਿਸੇ ਨੂੰ ਨਹੀਂ।'
ਸ੍ਰੀ ਅਨੰਦਪੁਰ ਸਾਹਿਬ ਵਿਚ ਇਕ ਵਾਰ ਮੁਗ਼ਲਾਂ 'ਤੇ ਕੀਤੇ ਹਮਲੇ ਦੌਰਾਨ ਮਾਲ-ਅਸਬਾਬ ਦੇ ਨਾਲ ਹੀ ਸਿੱਖ ਫ਼ੌਜ ਰੰਘੜਾਂ ਦੀ ਇਕ ਕੁੜੀ ਨੂੰ ਵੀ ਬੰਦੀ ਬਣਾ ਨਾਲ ਲੈ ਆਈ। ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਉਸ ਕੁੜੀ ਨੂੰ ਬੰਦੀ ਵਿਚ ਵੇਖਿਆ ਤਾਂ ਸਖ਼ਤ ਨਾਖ਼ੁਸ਼ੀ ਜ਼ਾਹਰ ਕਰਦਿਆਂ ਉਸ ਬੱਚੀ ਨੂੰ ਸਨਮਾਨ ਤੇ ਇੱਜ਼ਤ ਨਾਲ ਵਾਪਸ ਉਸ ਦੇ ਘਰ ਪਹੁੰਚਾਉਣ ਦਾ ਹੁਕਮ ਦਿੱਤਾ। ਸਿੱਖ ਫ਼ੌਜਾਂ ਨੇ ਫਿਰ ਵੀ ਹੱਥ ਜੋੜ ਕੇ ਬੇਨਤੀ ਕੀਤੀ ਕਿ ਤੁਰਕ ਬੇਖ਼ੌਫ਼ ਹੋ ਕੇ ਹਿੰਦੂਆਂ ਦੀਆਂ ਬਹੂ-ਬੇਟੀਆਂ ਦੀ ਬੇਪਤੀ ਕਰ ਰਹੇ ਹਨ। ਸਾਨੂੰ ਵੀ ਬਦਲਾ ਲੈਣ ਦੀ ਆਗਿਆ ਹੋਣੀ ਚਾਹੀਦੀ ਹੈ। ਬਦਲੇ ਤੋਂ ਬਗ਼ੈਰ ਤੁਰਕ ਸਿੱਧੇ ਨਹੀਂ ਹੋਣ ਲੱਗੇ। ਨਾਲ ਹੀ ਜੰਗ-ਨੀਤੀ ਵੀ ਇਹੋ ਹੈ।
ਸਗਲ ਸਿੱਖ ਪੁਛਣ ਗੁਣ ਖਾਣੀ।
ਸਗਲ ਤੁਰਕ ਭੁਗਵੇ ਹਿੰਦਵਾਨੀ।
ਸਿਖ ਬਦਲਾ ਲੈ ਭਲਾ ਜਣਾਵੈ।
ਗੁਰੂ ਸ਼ਾਸਤ੍ਰ ਕਿਉ ਵਰਜ ਹਟਾਵੈ।
ਸਿੱਖਾਂ ਦੇ ਵਿਚਾਰ ਸੁਣ ਕੇ ਦਸਮੇਸ਼ ਪਿਤਾ ਕਹਿਣ ਲੱਗੇ, 'ਮੈਂ ਤਾਂ ਅਜਿਹੇ ਸਿੱਖ ਬਣਾਉਣੇ ਹਨ, ਜੋ ਜੰਗਾਂ-ਯੁੱਧਾਂ ਵਿਚ ਵੀ ਆਪਣਾ ਆਚਰਣ ਬੁਲੰਦ ਰੱਖਣ। ਹਰ ਵੇਲੇ ਉਹ ਆਚਰਣ ਦੀ ਮੂਰਤ ਦਿਸਣ। ਅਸੀਂ ਬਦਲੇ ਨਹੀਂ ਲੈਣੇ। ਨੀਵੀਂ ਖੱਡ ਵਿਚ ਨਹੀਂ ਡਿਗਣਾ।'
ਸੁਣ ਸਤਿਗੁਰ ਬੋਲੇ ਤਿਸ ਬੇਰੇ। ਹਮ ਲੈ ਜਾਣਹੁ ਪੰਥ ਉਚੇਰੇ।
ਨਾਹਿ ਅਧੋਗਤੀ ਬਿਖ-ਪੁਹਚਾਵੈ। ਤਾਂ ਤੇ ਰਲ ਮਲ ਕਰਨ ਹਟਾਵੈ।
ਇਖ਼ਲਾਕ ਦੇ ਮੁਜੱਸਮੇ ਗੁਰੂ ਨੇ ਸਿੰਘਾਂ ਵਿਚ ਇਖ਼ਲਾਕ ਦੇ ਉੱਚੇ ਗੁਣ ਭਰੇ, ਜਿਸ ਦੇ ਸਦਕਾ ਸਿੱਖਾਂ ਨੇ ਜੰਗਾਂ ਅਤੇ ਅਮਨ, ਦੋਹਾਂ ਸਮਿਆਂ ਵਿਚ ਆਪਣਾ ਆਚਰਣ ਨਾ ਡਿੱਗਣ ਦਿੱਤਾ। ਇਸ ਦੀਆਂ ਗਵਾਹੀਆਂ ਗ਼ੈਰ-ਸਿੱਖ ਇਤਿਹਾਸਕਾਰਾਂ ਨੇ ਹੀ ਨਹੀਂ, ਸਗੋਂ ਦੁਸ਼ਮਣਾਂ ਨੇ ਵੀ ਭਰੀਆਂ ਹਨ।
ਸੰਨ 1764 ਦੌਰਾਨ ਅਹਿਮਦ ਸ਼ਾਹ ਅਬਦਾਲੀ ਦੇ ਹਿੰਦੁਸਤਾਨ 'ਤੇ ਸੱਤਵੇਂ ਹਮਲੇ ਵੇਲੇ ਉਸ ਦਾ ਇਕ ਮੀਰ ਮੁਨਸ਼ੀ ਕਾਜ਼ੀ ਨੂਰ ਮੁਹੰਮਦ ਉਸ ਦੇ ਨਾਲ ਪੰਜਾਬ ਆਇਆ। ਉਸ ਨੇ ਸਿੰਘਾਂ ਨੂੰ ਮੈਦਾਨ-ਏ-ਜੰਗ 'ਚ ਲੜਦਿਆਂ ਵੇਖਿਆ ਤਾਂ ਉਹ ਦੁਸ਼ਮਣ ਹੁੰਦੇ ਹੋਏ ਵੀ ਸਿੰਘਾਂ ਦੇ ਗੁਣਾਂ ਤੋਂ ਪ੍ਰਭਾਵਿਤ ਹੋਏ ਬਗ਼ੈਰ ਰਹਿ ਨਾ ਸਕਿਆ। ਅਬਦਾਲੀ ਦੇ ਲਸ਼ਕਰ ਦੇ ਤੁਰਨ ਤੋਂ ਲੈ ਕੇ ਵਾਪਸੀ ਤੱਕ ਦੇ ਅੱਖੀਂ ਡਿੱਠੇ ਹਾਲ ਨੂੰ ਬਿਆਨਦੇ ਉਹ ਆਪਣੇ 55 ਬਿਆਨਾਤ ਵਾਲੇ 'ਜੰਗਨਾਮੇ' ਵਿਚ ਲਿਖਦਾ ਹੈ ਕਿ : 'ਇਨ੍ਹਾਂ ਸਿੰਘਾਂ ਨੂੰ 'ਸਗ' (ਕੁੱਤੇ) ਨਾ ਆਖੋ, ਇਹ ਤੇ ਸ਼ੇਰ ਹਨ। ਮਰਦਾਨਗੀ ਦੇ ਮੈਦਾਨ ਵਿਚ ਸ਼ੇਰਾਂ ਵਾਂਗ ਦਲੇਰ ਹਨ। ਰਣ ਦਾ ਉਹ ਸੂਰਮਾ ਜੋ ਲੜਾਈ ਵਿਚ ਸ਼ੇਰ ਵਾਂਗ ਬੁੱਕੇ, ਉਹ 'ਸਗ' ਕਿਵੇਂ ਹੋ ਸਕਦਾ ਹੈ? ਇਨ੍ਹਾਂ ਵਿਚ ਵਿਭਚਾਰ ਬਿਲਕੁਲ ਨਹੀਂ ਹੈ ਤੇ ਨਾ ਹੀ ਇਨ੍ਹਾਂ ਭੈੜੀਆਂ ਰਗਾਂ ਵਾਲਿਆਂ ਵਿਚ ਚੋਰੀ ਹੈ। ਔਰਤ ਭਾਵੇਂ ਉਹ ਜਵਾਨ ਹੈ, ਭਾਵੇਂ ਬਜ਼ੁਰਗਜੇਕਰ ਜੰਗ ਦੇ ਮੈਦਾਨ ਵਿਚ ਇਨ੍ਹਾਂ ਦੇ ਸਾਹਮਣੇ ਆ ਜਾਵੇ ਤਾਂ ਇਹ ਕਹਿੰਦੇ ਹਨ ਪਾਸੇ ਹਟ ਜਾ ਬੁੱਢੀਏ...। ਔਰਤ, ਬੱਚੇ ਤੇ ਬਜ਼ੁਰਗ 'ਤੇ ਕਦੇ ਹੱਥ ਨਹੀਂ ਚੁੱਕਦੇ।' ਇਸੇ ਤਰ੍ਹਾਂ ਜਦੋਂ ਅਬਦਾਲੀ ਵਰਗੇ ਵਿਦੇਸ਼ੀ ਜਰਵਾਣੇ ਹਿੰਦੁਸਤਾਨ 'ਤੇ ਹਮਲਿਆਂ ਦੌਰਾਨ ਮਾਲ-ਅਸਬਾਬ ਲੁੱਟਣ ਦੇ ਨਾਲ-ਨਾਲ ਹਿੰਦੂਆਂ ਦੀਆਂ ਬਹੂ-ਬੇਟੀਆਂ ਨੂੰ ਵੀ ਅਗਵਾ ਕਰਕੇ ਗੱਡਿਆਂ 'ਤੇ ਲੱਦ ਕੇ ਵਾਪਸ ਜਾਣ ਲੱਗਦੇ ਸਨ ਤਾਂ ਬਿਆਸ ਦਰਿਆ ਟੱਪਣ ਵੇਲੇ ਸਿੰਘ ਉਨ੍ਹਾਂ ਦੀਆਂ ਫ਼ੌਜਾਂ 'ਤੇ ਹਮਲੇ ਕਰਕੇ ਅਗਵਾ ਔਰਤਾਂ ਨੂੰ ਆਜ਼ਾਦ ਕਰਵਾ ਕੇ ਬਾਇੱਜ਼ਤ ਘਰੋ-ਘਰੀ ਛੱਡ ਕੇ ਆਉਂਦੇ ਸਨ।
ਅਠਾਰ੍ਹਵੀਂ ਸਦੀ 'ਚ ਜਦੋਂ ਸਰਦਾਰ ਹਰੀ ਸਿੰਘ ਨਲੂਆ ਨੇ ਦੱਰਾ-ਏ-ਖੈਬਰ 'ਤੇ ਹਮਲਾ ਕੀਤਾ ਤਾਂ ਉੱਥੋਂ ਦੇ ਬਹਾਦਰ ਪਠਾਣਾਂ ਨੂੰ ਭਾਜੜਾਂ ਪੈ ਗਈਆਂ। ਹਰ ਪਾਸੇ 'ਹਰੀਆ ਰਾਗਲੇ', 'ਹਰੀਆ ਰਾਗਲੇ' (ਭਾਵ ਹਰੀ ਸਿੰਘ ਆ ਰਿਹੈ) ਦਾ ਕੋਹਰਾਮ ਮਚ ਗਿਆ। ਹਰੀ ਸਿੰਘ ਨਲੂਆ ਦੀ ਬਹਾਦਰੀ ਕਾਰਨ ਪਠਾਣਾਂ 'ਚ ਮਚੀ ਹਫੜਾ-ਦਫੜੀ ਤੋਂ ਪ੍ਰਭਾਵਿਤ ਹੋ ਕੇ ਇਕ ਜਵਾਨ ਪਠਾਣ ਮੁਟਿਆਰ ਹਰੀ ਸਿੰਘ ਨਲੂਆ ਨੂੰ ਮਿਲਣ ਲਈ ਪਹੁੰਚ ਗਈ। ਹਰੀ ਸਿੰਘ ਨੇ ਜਮਰੌਦ ਵਿਚ ਆਪਣੀ ਫ਼ੌਜ ਸਮੇਤ ਡੇਰੇ ਲਾਏ ਹੋਏ ਸਨ। ਜਦੋਂ ਉਹ ਸਿੰਘਾਂ ਦੀ ਛਾਉਣੀ ਵਿਚ ਹਰੀ ਸਿੰਘ ਨਲੂਆ ਦੇ ਤੰਬੂ ਨੇੜੇ ਪਹੁੰਚੀ ਤਾਂ ਅਨਜਾਣ ਔਰਤ ਨੂੰ ਵੇਖ ਕੇ ਪਹਿਰੇਦਾਰ ਸਿੰਘਾਂ ਨੇ ਉਸ ਨੂੰ ਰੋਕ ਲਿਆ। ਉਹ ਉੱਚੀ-ਉੱਚੀ ਰੌਲਾ ਪਾਉਣ ਲੱਗੀ ਕਿ ਉਹ 'ਹਰੀਆ' ਨੂੰ ਮਿਲਣਾ ਚਾਹੁੰਦੀ ਹੈ। ਜਦੋਂ ਹਰੀ ਸਿੰਘ ਨਲੂਆ ਨੇ ਤੰਬੂ ਅੰਦਰ ਆਵਾਜ਼ ਸੁਣੀ ਤਾਂ ਉਸ ਨੇ ਪਹਿਰੇਦਾਰਾਂ ਨੂੰ ਹੁਕਮ ਕੀਤਾ ਕਿ ਉਸ ਔਰਤ ਨੂੰ ਅੰਦਰ ਆਉਣ ਦਿੱਤਾ ਜਾਵੇ। ਪਠਾਣ ਮੁਟਿਆਰ ਹਰੀ ਸਿੰਘ ਨਲੂਆ ਨੂੰ ਕੁਝ ਸਵਾਲ-ਜਵਾਬ ਕਰਨ ਤੋਂ ਬਾਅਦ ਏਨੀ ਪ੍ਰਭਾਵਿਤ ਹੋਈ ਕਿ ਆਖਣ ਲੱਗੀ, 'ਮੈਂ ਚਾਹੁੰਦੀ ਹਾਂ ਕਿ ਮੇਰੀ ਕੁੱਖੋਂ ਵੀ ਤੁਹਾਡੇ ਵਰਗਾ ਬਹਾਦਰ ਅਤੇ ਜਰਨੈਲ ਪੁੱਤਰ ਪੈਦਾ ਹੋਵੇ।' ਹਰੀ ਸਿੰਘ ਕਹਿਣ ਲੱਗਾ, 'ਅੱਲ੍ਹਾ ਕੋਲ ਦੁਆ ਕਰਿਆ ਕਰ ਕਿ ਉਹ ਤੈਨੂੰ ਨੇਕ ਪੁੱਤਰ ਦੇਵੇ।' ਵਾਰ-ਵਾਰ ਹਰੀ ਸਿੰਘ ਨਲੂਆ ਵਲੋਂ ਇਕੋ ਉੱਤਰ ਦੇਣ ਤੋਂ ਬਾਅਦ ਪਠਾਣ ਮੁਟਿਆਰ ਕਹਿਣ ਲੱਗੀ, 'ਮੈਂ ਆਪਣੀ ਕੁੱਖੋਂ ਬਿਲਕੁਲ ਤੇਰੇ ਵਰਗਾ ਪੁੱਤਰ ਚਾਹੁੰਦੀ ਹਾਂ।' ਹਰੀ ਸਿੰਘ ਨਲੂਆ ਉਸ ਦੇ ਹਾਵ-ਭਾਵ ਵੇਖ ਕੇ ਉਸ ਦੀ ਨੀਅਤ ਸਮਝ ਗਿਆ ਤੇ ਗੁੱਸੇ ਵਿਚ ਲਾਲ ਹੋ ਗਿਆ। ਉਸ ਨੇ ਸ਼ਮਸ਼ੀਰ ਧੂਹ ਕੇ ਮਿਆਨੋਂ ਕੱਢ ਲਈ ਤੇ ਆਖਣ ਲੱਗਾ,'ਪਠਾਣ ਦੀਏ ਬੱਚੀਏ! ਤੂੰ ਸਿੱਖ ਦਾ ਕਿਰਦਾਰ ਪਰਖਣ ਆਈ ਏਂ। ਜਾ ਚਲੀ ਜਾ ਇੱਥੋਂ।' ਪਠਾਣ ਮੁਟਿਆਰ ਡਰ ਨਾਲ ਕੰਬਦੀ ਤੇ ਰੋਂਦੀ ਹੋਈ ਕਾਹਲੀ ਵਿਚ ਤੰਬੂ ਵਿਚੋਂ ਬਾਹਰ ਨੂੰ ਤੁਰ ਪਈ ਤੇ ਦਰ ਕੋਲ ਜਾ ਕੇ ਕਹਿਣ ਲੱਗੀ, 'ਮੈਂ ਤਾਂ ਸੁਣਿਆ ਸੀ ਕਿ ਗੁਰੂ ਦੇ ਖ਼ਾਲਸੇ ਦੇ ਦਰ ਤੋਂ ਕਦੇ ਕੋਈ ਖ਼ਾਲੀ ਨਹੀਂ ਮੁੜਦਾ, ਪਰ ਅੱਜ ਇਹ ਪਠਾਣ ਬੱਚੀ ਇਸ ਦਰ ਤੋਂ ਖ਼ਾਲੀ ਜਾ ਰਹੀ ਹੈ...।'
ਇਹ ਸੁਣ ਕੇ ਹਰੀ ਸਿੰਘ ਨਲੂਆ ਗਰਜਵੀਂ ਆਵਾਜ਼ 'ਚ ਬੋਲਿਆ, 'ਨਹੀਂ, ਇਹ ਫ਼ਰਿਆਦਣ ਖ਼ਾਲਸੇ ਦੇ ਦਰ ਤੋਂ ਖ਼ਾਲੀ ਨਹੀਂ ਮੁੜੇਗੀ। ਬੀਬੀ ਤੂੰ ਚਾਹੁੰਦੀ ਹੈ ਕਿ ਤੇਰੇ ਘਰ ਮੇਰੇ ਵਰਗਾ ਪੁੱਤਰ ਹੋਵੇਤੇ ਜਾ ਅੱਜ ਤੋਂ ਇਹ ਹਰੀ ਸਿੰਘ ਤੇਰਾ ਪੁੱਤਰ ਏ ਤੇ ਤੂੰ ਹਰੀ ਸਿੰਘ ਦੀ ਧਰਮ ਦੀ ਮਾਂ।' ਇਹ ਕਹਿੰਦਿਆਂ ਹਰੀ ਸਿੰਘ ਨੇ ਪਹਿਰੇਦਾਰ ਕੋਲੋਂ ਇਕ ਦੁਸ਼ਾਲਾ ਮੰਗਵਾ ਕੇ ਪਠਾਣ ਮੁਟਿਆਰ ਦੇ ਸਿਰ 'ਤੇ ਦਿੰਦਿਆਂ ਉਸ ਦੇ ਪੈਰਾਂ 'ਤੇ ਆਪਣਾ ਸਿਰ ਧਰ ਦਿੱਤਾ। ਪਠਾਣ ਮੁਟਿਆਰ ਸਰੀਰ ਤੋਂ ਲੈ ਕੇ ਰੂਹ ਤੱਕ ਪਵਿੱਤਰਤਾ ਦੇ ਨਾਲ ਸਰਸ਼ਾਰ ਹੋ ਗਈ ਤੇ ਅਸਚਰਜਤਾ ਤੇ ਵੈਰਾਗ 'ਚ ਉਸ ਦੀਆਂ ਅੱਖਾਂ 'ਚੋਂ ਵਾਹੋਦਾਹੀ ਹੰਝੂ ਵਹਿਣ ਲੱਗੇ। ਕਈ ਇਤਿਹਾਸਕਾਰਾਂ ਦਾ ਕਹਿਣਾ ਹੈ ਕਿ ਉਹ ਪਠਾਣ ਮੁਟਿਆਰ ਦੱਰਾ-ਏ-ਖੈਬਰ ਦੇ ਸ਼ਾਸਕ ਦੇ ਪੁੱਤਰ ਗੁਲਫਾਮ ਖ਼ਾਨ ਦੀ ਮੰਗੇਤਰ ਬਾਨੋ ਸੀ, ਜਿਸ ਨੂੰ ਪਠਾਣ ਸ਼ਾਸਕ ਨੇ ਜਾਣ-ਬੁੱਝ ਕੇ ਹਰੀ ਸਿੰਘ ਨਲੂਆ ਨੂੰ ਆਚਰਣ ਤੋਂ ਡੇਗ ਕੇ ਉਸ ਦੀ ਸ਼ਕਤੀ ਨੂੰ ਕਮਜ਼ੋਰ ਕਰਨ ਦੀ ਚਾਲ ਨਾਲ ਉਸ ਕੋਲ ਭੇਜਿਆ ਸੀ, ਕਿਉਂਕਿ ਦੁਨੀਆ ਦੇ ਇਤਿਹਾਸ 'ਚ ਕਈ ਬਹਾਦਰ ਕੌਮਾਂ ਤੇ ਬਹੁਤ ਸਾਰੇ ਬਹਾਦਰ ਜਰਨੈਲ ਅਨੇਕਾਂ ਖ਼ੂਬੀਆਂ ਦੇ ਬਾਵਜੂਦ ਵਿਭਚਾਰ ਦੀ ਮਨੁੱਖੀ ਕਮਜ਼ੋਰੀ ਦਾ ਸ਼ਿਕਾਰ ਹੋ ਕੇ ਫ਼ਨਾਹ ਹੋ ਗਏ, ਪਰ ਖ਼ਾਲਸੇ ਨੂੰ ਇਸ ਦੇ ਗੁਰੂ ਨੇ ਬੜੀ ਸਖ਼ਤੀ ਨਾਲ ਆਚਰਣ ਦੀ ਉੱਚਤਾ ਕਾਇਮ ਰੱਖਣ ਦੀ ਹਦਾਇਤ ਕੀਤੀ ਹੈ।
ਭਾਰਤ-ਪਾਕਿ ਵੰਡ ਤੋਂ ਬਹੁਤ ਸਾਲ ਪਹਿਲਾਂ ਇਕ ਅਮਰੀਕਨ ਮੁਟਿਆਰ ਭਾਰਤ ਯਾਤਰਾ ਲਈ ਆਈ। ਉਸ ਨੇ ਯਾਤਰਾ ਤੋਂ ਵਾਪਸ ਪਰਤ ਕੇ ਖ਼ਾਲਸਾ ਕਾਲਜ ਅੰਮ੍ਰਿਤਸਰ ਦੇ ਪ੍ਰੋਫ਼ੈਸਰ ਤੇਜਾ ਸਿੰਘ ਨੂੰ ਇਕ ਚਿੱਠੀ ਲਿਖੀ। ਉਸ ਬੀਬੀ ਨੇ ਲਿਖਿਆ ਕਿ, 'ਮੈਂ ਬੰਬਈ ਤੋਂ ਦੋ ਦਿਨ ਤੇ ਦੋ ਰਾਤਾਂ ਦਾ ਰੇਲ ਵਿਚ ਸਫ਼ਰ ਤੁਹਾਡੇ ਇਕ ਆਗੂ ਮਾਸਟਰ ਤਾਰਾ ਸਿੰਘ ਨਾਲ ਇਕੋ ਡੱਬੇ ਵਿਚ ਕੀਤਾ, ਜਿਸ ਸਾਰੇ ਸਫ਼ਰ ਦੌਰਾਨ ਰੇਲ ਦੇ ਉਸ ਡੱਬੇ ਵਿਚ ਸਾਡੇ ਦੋਵਾਂ ਤੋਂ ਇਲਾਵਾ ਹੋਰ ਕੋਈ ਤੀਜਾ ਮੁਸਾਫ਼ਰ ਨਾ ਆਇਆ। ਇੰਨੇ ਲੰਬੇ ਸਫ਼ਰ ਵਿਚ ਮੈਂ ਇਹ ਵੇਖ ਕੇ ਹੈਰਾਨ ਰਹਿ ਗਈ ਕਿ ਤੁਹਾਡੇ ਇਸ ਨੌਜਵਾਨ ਆਗੂ ਨੇ ਇਕ ਵਾਰੀ ਵੀ ਮੇਰੇ ਵੱਲ ਸਿੱਧੀ ਜਾਂ ਚੁਰਾਵੀਂ ਅੱਖ ਨਾਲ ਨਹੀਂ ਵੇਖਿਆ। ਅਸੀਂ ਅਮਰੀਕਾ ਨਿਵਾਸੀ ਆਪਣੇ ਦੇਸ਼ ਵਿਚ ਸੁਣਦੇ ਹਾਂ ਕਿ ਭਾਰਤ ਦੇ ਇਤਿਹਾਸ 'ਚ ਇਕ ਲਛਮਣ ਜਤੀ ਹੋਇਆ ਹੈ ਪਰ ਤੁਹਾਡੇ ਆਗੂ ਦੇ ਇਸ ਅਦੁੱਤੀ ਮਾਨਸਿਕ ਸੰਜਮ ਦੇ ਗੁਣ ਦੇਖ ਕੇ ਇਹ ਪਤਾ ਲੱਗਦਾ ਹੈ ਕਿ ਤੁਹਾਡੇ ਦੇਸ਼ ਵਿਚ ਲਛਮਣ ਜਤੀ ਅਜੇ ਵੀ ਮੌਜੂਦ ਹਨ।' ਸਿੱਖਾਂ ਦੇ ਉੱਚੇ ਇਖ਼ਲਾਕ ਕਾਰਨ ਹੀ, ਹੁਣ ਤੱਕ ਮੁੰਬਈ ਵਰਗੇ ਮਹਾਂਨਗਰਾਂ 'ਚ ਜੇਕਰ ਰਾਤ-ਬਰਾਤੇ ਕਿਸੇ ਇਕੱਲੀ ਔਰਤ ਨੂੰ ਸਫ਼ਰ ਕਰਨਾ ਪੈ ਜਾਵੇ ਤਾਂ ਉਹ ਕਿਸੇ ਸਰਦਾਰ ਦੀ ਟੈਕਸੀ 'ਚ ਬੈਠਣ ਨੂੰ ਤਰਜੀਹ ਦਿੰਦੀ ਹੈ, ਕਿਉਂਕਿ ਉਨ੍ਹਾਂ ਦਾ ਵਿਸ਼ਵਾਸ ਹੈ ਕਿ ਕਿਸੇ ਮੁਸੀਬਤ ਵੇਲੇ ਇਕੱਲੀ ਔਰਤ ਦੀ ਸੁਰੱਖਿਆ ਕਰਨੀ ਸਿੱਖਾਂ ਤੋਂ ਵੱਧ ਕੋਈ ਨਹੀਂ ਜਾਣਦਾ। ਉਹ ਹਰੇਕ ਔਰਤ ਨੂੰ ਆਪਣੀ ਮਾਂ, ਭੈਣ ਤੇ ਧੀ ਵਾਂਗ ਵੇਖਦੇ ਹਨ। ਪਿੱਛੇ ਜਿਹੇ ਇਕ ਅਖ਼ਬਾਰ 'ਚ ਬਾਲੀਵੁੱਡ ਦੇ ਫ਼ਿਲਮ ਮੇਕਰ ਸ਼ੇਖਰ ਕਪੂਰ ਨੇ ਆਪਣੀ ਇੰਟਰਵਿਊ 'ਚ ਸਿੱਖਾਂ ਦੇ ਆਚਰਣ ਦੀ ਇਕ ਮਿਸਾਲ ਦਿੰਦਿਆਂ ਆਖਿਆ ਸੀ, 'ਬਚਪਨ ਵਿਚ ਸਾਡਾ ਪਰਿਵਾਰ ਦਿੱਲੀ ਰਹਿੰਦਾ ਸੀ ਤਾਂ ਉਦੋਂ ਕੁੜੀਆਂ ਨੂੰ ਕਿਹਾ ਜਾਂਦਾ ਸੀ ਕਿ ਜੇਕਰ ਤੁਸੀਂ ਕਿਸੇ ਖ਼ਤਰੇ 'ਚ ਇਕੱਲੇ ਹੋਵੋ ਤਾਂ ਨੇੜੇ ਕਿਸੇ ਸਰਦਾਰ ਕੋਲ ਚਲੇ ਜਾਵੋ, ਉਹ ਆਪਣੀ ਜਾਨ ਦੇ ਕੇ ਵੀ ਤੁਹਾਡੀ ਰੱਖਿਆ ਕਰੇਗਾ।'
ਦਰਅਸਲ ਇਤਿਹਾਸ 'ਚ ਸਿੱਖਾਂ ਦੇ ਬੁਲੰਦ ਇਖ਼ਲਾਕੀ ਕਿਰਦਾਰ ਦੀ ਸਿਰਜਣਾ ਦੀ ਆਧਾਰਸ਼ਿਲਾ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਹੀ ਰੱਖ ਦਿੱਤੀ ਸੀ। ਗੁਰੂ ਸਾਹਿਬ ਨੇ ਜਿੱਥੇ ਪੰਦਰਵੀਂ ਸਦੀ 'ਚ ਸਮਾਜ ਵਲੋਂ ਤ੍ਰਿਸਕਾਰੀ ਤੇ ਲਿਤਾੜੀ ਔਰਤ ਨੂੰ 'ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ॥' ਦਾ ਸੰਦੇਸ਼ ਦੇ ਕੇ ਸਤਿਕਾਰ ਨਾਲ ਨਿਵਾਜਿਆ, ਉਥੇ ਸੱਭਿਅਕ ਮਨੁੱਖ ਬਣਨ ਲਈ ਉੱਚਾ-ਸੁੱਚਾ ਆਚਰਣ ਰੱਖਣਾ ਸਭ ਤੋਂ ਉੱਤਮ ਦੱਸਿਆ।
ਸਚਹੁ ਓਰੈ ਸਭੁ ਕੋ ਉਪਰਿ ਸਚੁ ਆਚਾਰੁ॥
(ਸਿਰੀ ਰਾਗੁ ਮ: ੧, ਅੰਗ 62)
ਭਾਈ ਗੁਰਦਾਸ ਜੀ ਵੀ ਇਕ ਉਤਮ ਸੇਧ ਇਉਂ ਦਿੰਦੇ ਹਨ :
ਏਕਾ ਨਾਰੀ ਜਤੀ ਹੋਇ ਪਰ ਨਾਰੀ ਧੀ ਭੈਣ ਵਖਾਣੈ॥
ਦੇਖਿ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣੈ॥
(ਵਾਰਾਂ ਭਾਈ ਗੁਰਦਾਸ ਜੀ, 29-11)
ਸ੍ਰੀ ਗੁਰੂ ਅਰਜਨ ਦੇਵ ਜੀ ਪਰਾਈ ਇਸਤਰੀ ਦੇ ਸੰਗ ਨੂੰ ਮਨੁੱਖ ਲਈ ਸੱਪ ਦਾ ਸਾਥ ਕਰਨ ਬਰਾਬਰ ਦੱਸਦੇ ਹਨ।
ਜੈਸਾ ਸੰਗੁ ਬਿਸੀਅਰ ਸਿਉ ਹੈ ਰੇ,
ਤੈਸੋ ਹੀ ਇਹੁ ਪਰ ਗ੍ਰਿਹੁ॥
(ਆਸਾ ਮ: ੫, ਅੰਗ 403)
ਜੰਗ ਦੌਰਾਨ ਵੀ ਸਿੱਖਾਂ ਵਲੋਂ ਔਰਤ ਪ੍ਰਤੀ ਸਤਿਕਾਰਤ ਨਜ਼ਰੀਆ ਅਤੇ ਅਦੁੱਤੀ ਮਾਨਸਿਕ ਸੰਜਮ ਬਰਕਰਾਰ ਰੱਖਣ ਪਿੱਛੇ ਗੁਰੂ ਸਾਹਿਬਾਨ ਵਲੋਂ ਉਨ੍ਹਾਂ ਨੂੰ ਦਿੱਤੀ ਉਹ ਦੈਵੀ ਪ੍ਰੇਰਨਾ ਉਚੇਚੀ ਵਰਤਦੀ ਰਹੀ, ਜਿਹੜੀ ਦੁਨੀਆ ਦੀ ਹੋਰ ਕਿਸੇ ਵੀ ਫ਼ੌਜੀ ਸਿਖਲਾਈ 'ਚ ਨਹੀਂ ਮਿਲਦੀ। ਸਿੱਖਾਂ ਨੂੰ ਰਣ ਤੱਤੇ ਅੰਦਰ ਆਪਣੇ ਸਰੀਰਕ ਬਲ ਤੇ ਸਾਹਸ ਦੁਆਰਾ ਦੁਸ਼ਮਣ ਨਾਲ ਜੂਝਣ ਤੋਂ ਪਹਿਲਾਂ, ਆਪਣੇ ਅੰਦਰੋਂ ਪੰਜ ਵਿਕਾਰਾਂ (ਕਾਮ, ਕ੍ਰੋਧ, ਲੋਭ, ਮੋਹ, ਹੰਕਾਰ) ਨੂੰ ਮੂਲੋਂ ਮਾਰ ਮੁਕਾਉਣ ਦੀ ਸਿਖਲਾਈ ਮਿਲਦੀ ਹੈ। ਪਹਿਲਾਂ ਪੰਜ ਵਿਕਾਰਾਂ ਨੂੰ ਮਾਰ ਕੇ, ਨੇਕੀ ਲਈ ਬਦੀ ਦੇ ਖ਼ਿਲਾਫ਼ ਮੈਦਾਨ-ਏ-ਜੰਗ 'ਚ ਜੂਝਣ ਵਾਲੇ ਨੂੰ ਹੀ ਗੁਰਮਤਿ ਨੇ ਅਸਲ ਸੂਰਮਾ ਦੱਸਿਆ ਹੈ।
ਜਿਨਿ ਮਿਲਿ ਮਾਰੇ ਪੰਚ ਸੂਰਬੀਰ
ਐਸੋ ਕਉਨੁ ਬਲੀ ਰੇ॥
ਜਿਨਿ ਪੰਚ ਮਾਰਿ ਬਿਦਾਰਿ ਗੁਦਾਰੇ
ਸੋ ਪੂਰਾ ਇਹ ਕਲੀ ਰੇ॥੧॥
(ਆਸਾ ਮ: ੫, ਅੰਗ 404)


-ਮੋਬਾ: 98780-70008
e-mail : ts1984buttar@yahoo.com

ਸਿੱਖ ਰਾਜ ਦੀ ਸਥਾਪਤੀ ਵੱਲ ਪਹਿਲਾ ਕਦਮ, ਚੱਪੜਚਿੜੀ ਦੀ ਜੰਗ

ਸਿੱਖ ਇਤਿਹਾਸ ਨੂੰ ਨਵਾਂ ਮੋੜ ਦੇਣ ਵਾਲੀ ਚੱਪੜਚਿੜੀ ਦੀ ਜੰਗ ਬਾਬਾ ਬੰਦਾ ਸਿੰਘ ਬਹਾਦਰ ਦੀ ਕਮਾਂਡ ਹੇਠ ਖ਼ਾਲਸਾ ਪੰਥ ਅਤੇ ਸਰਹੰਦ ਦੇ ਸੂਬੇਦਾਰ ਵਜ਼ੀਰ ਖ਼ਾਨ ਦੀ ਫ਼ੌਜ ਦਰਮਿਆਨ 14 ਮਈ, 1710 ਈ: ਨੂੰ ਹੋਈ ਸੀ। ਚੱਪੜਚਿੜੀ ਜ਼ਿਲ੍ਹਾ ਮੁਹਾਲੀ ਵਿਚ ਲਾਂਡਰਾਂ-ਖਰੜ ਰੋਡ 'ਤੇ ਲਾਂਡਰਾਂ ਦੇ ਨਜ਼ਦੀਕ ਪੈਂਦਾ ਹੈ। 1708 ਈ: ਵਿਚ ਬਾਬਾ ਬੰਦਾ ਸਿੰਘ ਬਹਾਦਰ ਦਾ 38 ਸਾਲ ਦੀ ਉਮਰ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਨਾਂਦੇੜ ਵਿਖੇ ਮਿਲਾਪ ਹੋਇਆ। ਗੁਰੂ ਜੀ ਨੇ ਉਸ ਬਾਰੇ ਕਈ ਕਿੱਸੇ ਸੁਣੇ ਹੋਏ ਸਨ। ਜਦੋਂ ਦਸਮ ਪਿਤਾ ਉਸ ਨੂੰ ਮਿਲਣ ਲਈ ਉਸ ਦੇ ਡੇਰੇ ਪਧਾਰੇ ਤਾਂ ਉਹ ਕਿਤੇ ਬਾਹਰ ਗਿਆ ਹੋਇਆ ਸੀ। ਗੁਰੂ ਜੀ ਉਸ ਦੀ ਗੱਦੀ 'ਤੇ ਬਿਰਾਜਮਾਨ ਹੋ ਗਏ। ਜਦੋਂ ਉਹ ਡੇਰੇ ਵਾਪਸ ਆਇਆ ਤਾਂ ਉਸ ਦਾ ਗੁਰੂ ਜੀ ਨਾਲ ਕੁਝ ਵਾਦ-ਵਿਵਾਦ ਹੋਇਆ। ਪਰ ਸਹਿਜ ਗਿਆਨ ਕਾਰਨ ਉਹ ਜਲਦੀ ਹੀ ਸਮਝ ਗਿਆ ਕਿ ਦੋ ਜਹਾਨ ਦੇ ਵਾਲੀ ਉਸ ਨੂੰ ਕ੍ਰਿਤਾਰਥ ਕਰਨ ਲਈ ਖੁਦ ਪਧਾਰੇ ਹਨ। ਗੁਰੂ ਜੀ ਅਤੇ ਮਾਧੋ ਦਾਸ ਬੈਰਾਗੀ ਦੀ ਮੁਲਾਕਾਤ ਅਤੇ ਗੱਲਬਾਤ ਦਾ ਵੇਰਵਾ ਸਾਰੇ ਇਤਿਹਾਸਕਾਰਾਂ ਨੇ ਤਕਰੀਬਨ ਇਕੋ ਜਿਹਾ ਹੀ ਦਿੱਤਾ ਹੈ। ਉਸ ਨੇ ਗੁਰੂ ਸਾਹਿਬ ਨੂੰ ਪੁੱਛਿਆ, 'ਤੁਸੀਂ ਕੌਣ ਹੋ?' ਗੁਰੂ ਸਾਹਿਬ ਨੇ ਫਰਮਾਇਆ, 'ਆਪਣੇ ਮਨ ਨੂੰ ਪੁੱਛ ਕਿ ਮੈਂ ਕੌਣ ਹਾਂ?' ਮਾਧੋ ਦਾਸ ਨੇ ਬੜੀ ਅਧੀਨਗੀ ਨਾਲ ਬੇਨਤੀ ਕੀਤੀ, 'ਕੀ ਤੁਸੀਂ ਗੁਰੂ ਗੋਬਿੰਦ ਸਿੰਘ ਹੋ?' ਗੁਰੂ ਜੀ ਨੇ ਕਿਹਾ, 'ਹਾਂ, ਹੁਣ ਤੂੰ ਦੱਸ ਤੂੰ ਕੌਣ ਹੈਂ?'
ਮਾਧੋ ਦਾਸ ਗੁਰੂ ਜੀ ਦੇ ਚਰਨਾਂ ਵਿਚ ਢਹਿ ਪਿਆ ਤੇ ਬੋਲਿਆ, 'ਮੈਂ ਆਪ ਜੀ ਦਾ ਬੰਦਾ (ਗੁਲਾਮ) ਹਾਂ।' ਗੁਰੂ ਜੀ ਨੇ ਸਨੇਹ ਨਾਲ ਉਸ ਦੇ ਸਿਰ 'ਤੇ ਹੱਥ ਫੇਰਿਆ ਤਾਂ ਉਸ ਦੇ ਮਨ ਵਿਚੋਂ ਜਨਮ ਜਨਮਾਤਰਾਂ ਦਾ ਅਗਿਆਨ ਮਿਟ ਗਿਆ। ਉਸ ਨੇ ਕਈ ਦਿਨ ਗੁਰੂ ਸਾਹਿਬ ਦੀ ਸੰਗਤ ਵਿਚ ਗੁਜ਼ਾਰੇ। ਗੁਰੂ ਸਾਹਿਬ ਨੇ ਉਸ ਨੂੰ ਪੰਜਾਬ ਵਿਚ ਨਿਰਦੋਸ਼ਾਂ 'ਤੇ ਹੋ ਰਹੇ ਜ਼ੁਲਮਾਂ ਬਾਰੇ ਜਾਣਕਾਰੀ ਦਿੱਤੀ। ਨੌਵੇਂ ਪਾਤਸ਼ਾਹ ਅਤੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਅਤੇ ਮਾਤਾ ਗੁਜਰੀ ਜੀ ਬਾਰੇ ਸੁਣ ਕੇ ਮਾਧੋ ਦਾਸ ਦੀ ਆਤਮਾ ਝੰਜੋੜੀ ਗਈ। ਗੁਰੂ ਸਾਹਿਬ ਨੇ ਉਸ ਨੂੰ ਸਮਝਾਇਆ ਕਿ ਜੋ ਜ਼ਿੰਦਗੀ ਉਹ ਬਸਰ ਕਰ ਰਿਹਾ ਹੈ, ਇਸ ਦਾ ਸਮਾਜ ਅਤੇ ਧਰਮ ਨੂੰ ਕੋਈ ਲਾਭ ਨਹੀਂ ਹੈ। ਗੁਰੂ ਸਾਹਿਬ ਨੇ ਉਸ ਨੂੰ ਅੰਮ੍ਰਿਤ ਛਕਾ ਕੇ ਨਵਾਂ ਨਾਂਅ ਗੁਰਬਖਸ਼ ਸਿੰਘ ਦਿੱਤਾ, ਪਰ ਇਤਿਹਾਸ ਵਿਚ ਉਹ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਂਅ ਨਾਲ ਅਮਰ ਹੋ ਗਿਆ। ਗੁਰੂ ਜੀ ਨੇ ਉਸ ਨੂੰ ਆਪਣੀ ਤਲਵਾਰ, ਕਮਾਨ ਅਤੇ ਭੱਥੇ ਵਿਚੋਂ ਪੰਜ ਤੀਰ ਬਖ਼ਸ਼ੇ। ਪੰਜ ਸਿੱਖਾਂ, ਬਾਜ਼ ਸਿੰਘ, ਰਾਮ ਸਿੰਘ, ਫ਼ਤਹਿ ਸਿੰਘ, ਬਿਨੋਦ ਸਿੰਘ ਅਤੇ ਬਿਨੋਦ ਸਿੰਘ ਦੇ ਪੁੱਤਰ ਕਾਹਨ ਸਿੰਘ ਦੀ ਅਗਵਾਈ ਹੇਠ, 25 ਸਿੱਖਾਂ ਸਮੇਤ ਜ਼ੁਲਮ ਦਾ ਨਾਸ ਕਰਨ ਲਈ ਪੰਜਾਬ ਵੱਲ ਤੋਰ ਦਿੱਤਾ। ਗੁਰੂ ਜੀ ਨੇ ਖ਼ਾਲਸਾ ਪੰਥ ਨੂੰ ਬਾਬਾ ਬੰਦਾ ਸਿੰਘ ਦਾ ਸਾਥ ਦੇਣ ਲਈ ਹੁਕਮਨਾਮੇ ਜਾਰੀ ਕਰ ਦਿੱਤੇ।
ਬਾਬਾ ਬੰਦਾ ਸਿੰਘ ਦੀ ਫ਼ੌਜ ਵਿਚ ਤਿੰਨ ਪ੍ਰਕਾਰ ਦੇ ਸੈਨਿਕ ਸਨ। ਪਹਿਲੇ ਧਰਮ ਦੀ ਖ਼ਾਤਰ ਸ਼ਹੀਦ ਹੋਣ ਵਾਲੇ ਪੱਕੇ ਸਿੱਖ, ਦੂਸਰੇ ਰਾਮ ਸਿੰਘ-ਤਿਲੋਕ ਸਿੰਘ ਫੂਲਕੀਆਂ ਦੁਆਰਾ ਭੇਜੇ ਗਏ ਤਨਖਾਹਦਾਰ ਸਿਪਾਹੀ ਅਤੇ ਤੀਸਰੇ ਸਿਰਫ਼ ਲੁੱਟਮਾਰ ਲਈ ਇਕੱਠੇ ਹੋਏ ਦੂਰ-ਨੇੜੇ ਦੇ ਲੁਟੇਰੇ। ਇਸ ਤੋਂ ਇਲਾਵਾ ਸੁੱਚਾ ਨੰਦ ਤੋਂ ਨਾਰਾਜ਼ ਉਸ ਦਾ ਭਤੀਜਾ ਵੀ ਇਕ ਹਜ਼ਾਰ ਫ਼ੌਜੀ ਲੈ ਕੇ ਸਿੱਖ ਫ਼ੌਜ ਵਿਚ ਆ ਰਲਿਆ। ਬਾਬਾ ਬੰਦਾ ਸਿੰਘ ਦੀ ਫ਼ੌਜ ਕੋਲ ਕੁਝ ਰਾਈਫਲਾਂ-ਬੰਦੂਕਾਂ ਨੂੰ ਛੱਡ ਕੇ ਬਾਕੀ ਰਵਾਇਤੀ ਹਥਿਆਰ ਹੀ ਸਨ, ਤੋਪ ਕੋਈ ਨਹੀਂ ਸੀ। ਫ਼ੌਜ ਦੀ ਕੁੱਲ ਗਿਣਤੀ 25,000 ਦੇ ਕਰੀਬ ਸੀ। ਓਧਰ ਨਵਾਬ ਵਜ਼ੀਰ ਖ਼ਾਨ ਵੀ ਪੂਰੀ ਤਿਆਰੀ ਕਰ ਰਿਹਾ ਸੀ। ਉਸ ਨੇ ਸਾਰੇ ਮਾਤਹਿਤ ਫ਼ੌਜਦਾਰਾਂ ਅਤੇ ਚੌਧਰੀਆਂ ਨੂੰ ਫ਼ੌਜ ਸਮੇਤ ਮਦਦ ਲਈ ਬੁਲਾ ਲਿਆ। ਇਸ ਤੋਂ ਇਲਾਵਾ ਜ਼ੇਹਾਦ ਦਾ ਨਾਅਰਾ ਲਗਾ ਕੇ ਹਜ਼ਾਰਾਂ ਗਾਜ਼ੀ ਵੀ ਇਕੱਠੇ ਕਰ ਲਏ। ਉਸ ਕੋਲ ਭਾਰੀ ਮਾਤਰਾ ਵਿਚ ਰਾਈਫਲਾਂ, ਜੰਬੂਰਚੇ ਅਤੇ ਤੋਪਾਂ ਤੋਂ ਇਲਾਵਾ 40,000 ਤੋਂ ਵੱਧ ਫ਼ੌਜ ਸੀ। ਵਰਨਣਯੋਗ ਹੈ ਕਿ ਸਰਹੰਦ ਲਾਹੌਰ ਦੇ ਬਰਾਬਰ ਦਾ ਸੂਬਾ ਸੀ। ਵਜ਼ੀਰ ਖ਼ਾਨ ਦੀ ਮਦਦ ਲਈ ਨਵਾਬ ਮਲੇਰਕੋਟਲਾ ਸ਼ੇਰ ਮੁਹੰਮਦ ਖ਼ਾਨ (ਹਾਅ ਦਾ ਨਾਅਰਾ ਮਾਰਨ ਵਾਲਾ) ਅਤੇ ਉਸ ਦਾ ਭਰਾ ਖਵਾਜ਼ਾ ਅਲੀ ਵੀ ਹਾਜ਼ਰ ਸਨ। ਬਾਬਾ ਬੰਦਾ ਸਿੰਘ ਬਹਾਦਰ ਦੀ ਫ਼ੌਜ ਦੀ ਅਗਵਾਈ ਫ਼ਤਹਿ ਸਿੰਘ, ਕਰਮ ਸਿੰਘ, ਧਰਮ ਸਿੰਘ, ਆਲੀ ਸਿੰਘ, ਬਿਨੋਦ ਸਿੰਘ, ਬਾਜ਼ ਸਿੰਘ, ਕਾਹਨ ਸਿੰਘ, ਰਾਮ ਸਿੰਘ ਅਤੇ ਸ਼ਾਮ ਸਿੰਘ ਦੇ ਹੱਥ ਸੀ।
ਸਾਰੇ ਪੰਜਾਬ ਦੀਆਂ ਨਜ਼ਰਾਂ ਇਸ ਜੰਗ ਵੱਲ ਟਿਕੀਆਂ ਹੋਈਆਂ ਸਨ। 22 ਮਈ, 1710 ਈ: ਨੂੰ ਤੜਕੇ ਦੋਵਾਂ ਧਿਰਾਂ ਵਿਚ ਘਮਸਾਨ ਸ਼ੁਰੂ ਹੋ ਗਿਆ। ਬਾਬਾ ਬੰਦਾ ਸਿੰਘ ਆਪ ਰਿਜ਼ਰਵ ਫ਼ੌਜ ਲੈ ਕੇ ਨਿਰਦੇਸ਼ ਦੇਣ ਅਤੇ ਜੰਗ ਦੇ ਰੰਗ ਵੇਖਣ ਲਈ ਇਕ ਉੱਚੇ ਟਿੱਬੇ 'ਤੇ ਚਲਾ ਗਿਆ। ਸਿੱਖ ਫ਼ੌਜ ਦੇ ਨਜ਼ਦੀਕ ਆਉਂਦੇ ਹੀ ਸਰਹੰਦੀ ਤੋਪਾਂ ਨੇ ਅੱਗ ਉੱਗਲਣੀ ਸ਼ੁਰੂ ਕਰ ਦਿੱਤੀ। ਸਿਰ 'ਤੇ ਨੱਚਦੀ ਮੌਤ ਵੇਖ ਕੇ ਲੁਟੇਰੇ ਅਤੇ ਸੁੱਚਾ ਨੰਦ ਦਾ ਭਤੀਜਾ ਪਹਿਲੇ ਹੱਲੇ ਹੀ ਹਰਨ ਹੋ ਗਏ, ਪਿੱਛੇ ਕੇਵਲ ਸਿਦਕੀ ਸਿੱਖ ਹੀ ਬਚੇ। ਇਸ ਹਮਲੇ ਵਿਚ ਸਿੱਖਾਂ ਦਾ ਬਹੁਤ ਸਖ਼ਤ ਨੁਕਸਾਨ ਹੋਇਆ। ਇਕ ਵੇਲੇ ਤਾਂ ਇਸ ਤਰ੍ਹਾਂ ਲੱਗਣ ਲੱਗਾ ਕਿ ਸਿੱਖ ਭੱਜੇ ਕਿ ਭੱਜੇ। ਬਾਜ਼ ਸਿੰਘ ਨੇ ਜੰਗ ਹੱਥੋਂ ਨਿਕਲਦੀ ਵੇਖ ਕੇ ਘੋੜਾ ਦੌੜਾ ਕੇ ਸਾਰੇ ਹਾਲਾਤ ਬਾਬਾ ਬੰਦਾ ਸਿੰਘ ਨੂੰ ਜਾ ਦੱਸੇ। ਉਹ ਆਪਣੀ ਰਿਜ਼ਰਵ ਫ਼ੌਜ ਲੈ ਕੇ ਮੈਦਾਨ ਵਿਚ ਕੁੱਦ ਪਿਆ। ਉਸ ਨੇ ਕਲਗੀਧਰ ਵਲੋਂ ਬਖਸ਼ਿਆ ਇਕ ਤੀਰ ਸਰਹੰਦ ਵੱਲ ਚਲਾ ਦਿੱਤਾ। ਨਵਾਬ ਮਲੇਰਕੋਟਲਾ ਸ਼ੇਰ ਮੁਹੰਮਦ ਖ਼ਾਨ ਅਤੇ ਖਵਾਜ਼ਾ ਅਲੀ ਮਰਦਾਂ ਵਾਂਗ ਹਿੱਕ ਡਾਹ ਕੇ ਮੈਦਾਨ ਵਿਚ ਜੂਝ ਕੇ ਮਰੇ। ਉਨ੍ਹਾਂ ਦੀ ਫ਼ੌਜ ਮੈਦਾਨ ਛੱਡ ਗਈ। ਸੂਬੇ ਦੇ ਤੀਰ ਨਾਲ ਬਾਜ਼ ਸਿੰਘ ਜ਼ਖਮੀ ਹੋ ਗਿਆ ਤਾਂ ਕੋਲ ਹੀ ਲੜ ਰਹੇ ਫ਼ਤਹਿ ਸਿੰਘ ਨੇ ਇਕੋ ਵਾਰ ਨਾਲ ਨਵਾਬ ਦਾ ਸਿਰ ਧੜ ਤੋਂ ਅਲੱਗ ਕਰ ਦਿੱਤਾ। ਸਰਹੰਦ ਦੀ ਫ਼ੌਜ ਮੈਦਾਨ ਛੱਡ ਕੇ ਨੱਸ ਗਈ।
ਕਈ ਦਿਨਾਂ ਬਾਅਦ ਅੰਤ ਬਾਬਾ ਬੰਦਾ ਸਿੰਘ ਨੇ ਹੁਕਮਨ ਸ਼ਾਂਤੀ ਕਾਇਮ ਕੀਤੀ। ਸਰਹੰਦ ਸ਼ਹਿਰ ਮੁਕੰਮਲ ਤਬਾਹੀ ਤੋਂ ਬਚ ਗਿਆ। ਸਰਹੰਦ ਸੂਬੇ ਦਾ ਕਰੀਬ 270 ਕਿ: ਮੀ: ਲੰਬਾ ਅਤੇ 210 ਕਿ: ਮੀ: ਚੌੜਾ ਇਲਾਕਾ ਅਤੇ ਕਰੋੜਾਂ ਰੁਪਏ ਦਾ ਖਜ਼ਾਨਾ ਸਿੱਖਾਂ ਦੇ ਕਬਜ਼ੇ ਹੇਠ ਆ ਗਿਆ। 27 ਮਈ ਨੂੰ ਸਰਹੰਦ ਵਿਚ ਦਰਬਾਰ ਲਗਾ ਕੇ ਸਿੱਖ ਰਾਜ ਦੀ ਕਾਇਮੀ ਦਾ ਐਲਾਨ ਕਰ ਦਿੱਤਾ ਗਿਆ। ਬਾਜ਼ ਸਿੰਘ ਨੂੰ ਸਰਹੰਦ ਦਾ ਪਹਿਲਾ ਸਿੱਖ ਸੂਬੇਦਾਰ ਥਾਪਿਆ ਗਿਆ। (ਸਰਹੰਦ ਨੂੰ ਮੁਕੰਮਲ ਤੌਰ 'ਤੇ 1763 ਈ: ਵਿਚ ਤਬਾਹ ਕੀਤਾ ਗਿਆ ਜਦੋਂ ਦਲ ਖ਼ਾਲਸਾ ਨੇ ਸ: ਜੱਸਾ ਸਿੰਘ ਆਹਲੂਵਾਲੀਆ ਦੀ ਕਮਾਂਡ ਹੇਠ ਨਵਾਬ ਜੈਨ ਖ਼ਾਨ ਨੂੰ ਮਾਰ ਕੇ ਸਰਹੰਦ 'ਤੇ ਕਬਜ਼ਾ ਕੀਤਾ। ਸਰਹੰਦ ਦਾ ਕਿਲ੍ਹਾ ਨੀਂਹਾਂ ਤੱਕ ਢਾਹ ਕੇ ਉੱਪਰ ਗਧਿਆਂ ਮਗਰ ਹਲ ਪਾ ਕੇ ਫੇਰਿਆ ਗਿਆ)।
ਨਵੰਬਰ, 2011 ਵਿਚ ਚੱਪੜਚਿੜੀ ਵਿਖੇ ਪੰਜਾਬ ਸਰਕਾਰ ਨੇ ਕਰੋੜਾਂ ਰੁਪਏ ਖਰਚ ਕੇ 20 ਏਕੜ ਜਗ੍ਹਾ ਵਿਚ ਸ਼ਾਨਦਾਰ ਜੰਗੀ ਯਾਦਗਾਰ ਕਾਇਮ ਕੀਤੀ ਹੈ। ਇਥੇ 328 ਫੁੱਟ ਉੱਚਾ ਫ਼ਤਹਿ ਮੀਨਾਰ ਉਸਾਰਿਆ ਗਿਆ ਹੈ ਜੋ ਭਾਰਤ ਵਿਚ ਸਭ ਤੋਂ ਉੱਚਾ ਧਾਰਮਿਕ ਮੀਨਾਰ ਹੈ। ਬਾਬਾ ਬੰਦਾ ਸਿੰਘ ਬਹਾਦਰ ਅਤੇ ਉਸ ਦੇ 5 ਜਰਨੈਲਾਂ ਦੇ ਬੁੱਤ ਵੀ ਸਥਾਪਿਤ ਕੀਤੇ ਗਏ ਹਨ।


-ਮੋਬਾ: 98151-24449

ਸਿਰ ਤੋਂ ਪਰ੍ਹੇ ਇਸ਼ਕ ਦਾ ਡੇਰਾ

ਭਾਈ ਤਾਰਾ ਸਿੰਘ 'ਵਾਂ'

ਸੱਚੇ ਆਸ਼ਕਾਂ ਨੂੰ ਕੋਈ ਦਰਦ, ਕੋਈ ਦੁੱਖ, ਕੋਈ ਸੰਕਟ, ਕੋਈ ਜ਼ੁਲਮ, ਕੋਈ ਦਬਾਅ ਆਪਣੇ ਨਿਸ਼ਾਨੇ ਤੋਂ ਥਿੜਕਾ ਨਹੀਂ ਸਕਦਾ। ਅਠਾਰ੍ਹਵੀਂ ਸਦੀ ਵਿਚ ਜਦੋਂ ਪੱਤਾ-ਪੱਤਾ ਸਿੰਘਾਂ ਦਾ ਵੈਰੀ ਹੋ ਚੁੱਕਾ ਸੀ, ਇਨ੍ਹਾਂ ਬਹਾਦਰਾਂ ਦੇ ਸਿਰਾਂ ਦੇ ਮੁੱਲ ਪੈ ਰਹੇ ਸਨ। ਇਨ੍ਹਾਂ ਦਾ ਵਸੇਬਾ ਘੋੜਿਆਂ ਦੀਆਂ ਕਾਠੀਆਂ, ਖੱਡਾਂ, ਗੁਫ਼ਾਵਾਂ ਅਤੇ ਜੰਗਲਾਂ ਵਿਚ ਸੀ, ਫਿਰ ਵੀ ਇਹ ਬੇਖੌਫ਼ ਅਤੇ ਚੜ੍ਹਦੀ ਕਲਾ ਵਿਚ ਰਹੇ। ਅਜਿਹਾ ਹੀ ਇਕ ਪਰਵਾਨਾ 'ਵਾਂ' ਪਿੰਡ ਦਾ ਭਾਈ ਤਾਰਾ ਸਿੰਘ ਸੀ, ਜੋ 1702 ਈ: ਵਿਚ ਭਾਈ ਗੁਰਦਾਸ ਦੇ ਘਰ ਜਨਮਿਆ। ਆਪਣੇ ਖੇਤਾਂ ਵਿਚ ਹੀ ਇਸ ਸਿੰਘ ਨੇ ਬਹੁਤ ਵੱਡਾ ਵਾੜਾ ਵਲਿਆ ਹੋਇਆ ਸੀ, ਜਿਸ ਦੇ ਅੰਦਰ ਕੁਝ ਕੁੱਲੀਆਂ ਬਣਾਈਆਂ ਹੋਈਆਂ ਸਨ। ਜਦੋਂ ਰਾਤ-ਬਰਾਤੇ ਭੁੱਖੇ-ਪਿਆਸੇ ਸਿੰਘ ਇਥੇ ਆਉਂਦੇ ਤਾਂ ਭਾਈ ਸਾਹਿਬ ਉਨ੍ਹਾਂ ਦੀ ਹਰ ਤਰ੍ਹਾਂ ਦੀ ਸੇਵਾ ਕਰਦੇ। ਭਾਈ ਤਾਰਾ ਸਿੰਘ ਨੇ ਭਾਈ ਮਨੀ ਸਿੰਘ ਤੋਂ ਅੰਮ੍ਰਿਤ ਛਕਿਆ ਸੀ। ਉਹ ਸੇਵਾ, ਸਿਮਰਨ ਦੇ ਮੁਜੱਸਮੇ ਸਨ ਅਤੇ ਸ਼ਸਤਰ ਦੇ ਧਨੀ ਸਨ। ਸਮਾਂ ਏਨਾ ਭਿਆਨਕ ਸੀ ਕਿ ਮੁਗਲਾਂ ਤੋਂ ਇਲਾਵਾ ਪਿੰਡਾਂ ਦੇ ਚੌਧਰੀ ਅਤੇ ਮੁਖ਼ਬਰ ਵੀ ਸਿੰਘਾਂ ਨੂੰ ਚੈਨ ਦਾ ਸਾਹ ਨਹੀਂ ਸਨ ਲੈਣ ਦਿੰਦੇ। ਨੁਸ਼ਹਿਰੇ ਪਿੰਡ ਦਾ ਸਾਹਿਬ ਰਾਏ ਨਾਂਅ ਦਾ ਚੌਧਰੀ ਆਪਣੀਆਂ ਘੋੜੀਆਂ ਕਿਸਾਨਾਂ ਦੇ ਖੇਤਾਂ ਵਿਚ ਉਜਾੜੇ ਲਈ ਛੱਡ ਦਿੰਦਾ ਸੀ।
ਇਹ ਏਨਾ ਹੰਕਾਰਿਆ ਹੋਇਆ ਸੀ ਕਿ ਜਦੋਂ ਦੋ ਸਿੰਘਾਂ ਨੇ ਇਹਨੂੰ ਘੋੜੀਆਂ ਬੰਨ੍ਹਣ ਲਈ ਕਿਹਾ ਤਾਂ ਇਹ ਕਹਿਣ ਲੱਗਾ ਕਿ ਮੈਂ ਤਾਂ ਤੁਹਾਡੇ ਕੇਸਾਂ ਦੇ ਰੱਸੇ ਬਣਾ ਕੇ ਘੋੜੀਆਂ ਬੰਨ੍ਹਾਂਗਾ। ਗੁੱਸੇ ਵਿਚ ਆਏ ਸਿੰਘਾਂ ਨੇ ਘੋੜੀਆਂ ਫੜ ਕੇ ਪਟਿਆਲੇ ਦੇ ਮਹਾਰਾਜਾ ਆਲਾ ਸਿੰਘ ਨੂੰ ਵੇਚ ਦਿੱਤੀਆਂ ਅਤੇ ਮਾਇਆ ਲੰਗਰ ਵਿਚ ਪਾ ਦਿੱਤੀ। ਸਾਹਿਬ ਰਾਏ ਨੇ ਪੱਟੀ ਦੇ ਫ਼ੌਜਦਾਰ ਨੂੰ ਚੜ੍ਹਾ ਲਿਆਂਦਾ ਪਰ ਸਿੰਘਾਂ ਨੇ ਭਜਾ ਦਿੱਤਾ। ਫਿਰ ਜ਼ਕਰੀਆ ਖ਼ਾਨ ਨੇ ਮੋਮਨ ਖਾਨ ਦੀ ਕਮਾਂਡ ਵਿਚ 2200 ਘੋੜਸਵਾਰ, 40 ਜੰਬੂਰੇ, 5 ਹਾਥੀ ਦੇ ਕੇ 'ਵਾਂ' ਪਿੰਡ 'ਤੇ ਹਮਲਾ ਕਰ ਦਿੱਤਾ। ਭਾਈ ਤਾਰਾ ਸਿੰਘ ਵਾਂ ਦੇ ਵਾੜੇ ਵਿਚ ਉਸ ਸਮੇਂ 18 ਸਿੰਘ ਸਨ, ਜਿਨ੍ਹਾਂ ਨੇ ਨਗਾਰਾ ਵਜਾ ਦਿੱਤਾ। ਅਜਿਹਾ ਭਿਆਨਕ ਯੁਧ ਮਚਿਆ ਕਿ ਇਤਿਹਾਸ ਵੀ ਅਸ਼-ਅਸ਼ ਕਰ ਉੱਠਿਆ। ਭਾਵੇਂ ਜੰਗ ਤੋਂ ਪਹਿਲਾਂ ਹਜ਼ੂਰਾ ਸਿੰਘ ਨਾਂਅ ਦੇ ਸਿੰਘ ਨੇ ਭਾਈ ਤਾਰਾ ਸਿੰਘ ਨੂੰ ਖ਼ਬਰ ਕਰ ਦਿੱਤੀ ਸੀ ਅਤੇ ਕਿਹਾ ਸੀ ਕਿ ਕੁਝ ਦਿਨ ਲਈ ਇਧਰ-ਉਧਰ ਹੋ ਜਾਓ, ਕਿਉਂਕਿ 2200 ਦੀ ਫ਼ੌਜ ਨਾਲ 18 ਸਿੰਘਾਂ ਦਾ ਮੁਕਾਬਲਾ ਅਸੰਭਵ ਸੀ। ਭਾਈ ਸਾਹਿਬ ਨੇ ਅਰਦਾਸ ਕਰਕੇ ਆਪਣੇ ਗਾਤਰੇ ਦੀ ਦਸ ਗ੍ਰੰਥੀ ਪੋਥੀ ਵਿਚੋਂ ਹੁਕਮ ਲਿਆ, ਜੋ ਇਸ ਤਰ੍ਹਾਂ ਸੀ-
ਜੌ ਕਹੂੰ ਕਾਲ ਤੇ ਭਾਜ ਕੇ ਬਾਚੀਅਤ
ਤੋ ਕਿਹ ਕੁੰਟ ਕਹੋ ਭਜਿ ਜਈਯੈ॥
ਬਸ ਸਿੰਘਾਂ ਨੂੰ ਸ਼ਹਾਦਤ ਦਾ ਚਾਅ ਚੜ੍ਹ ਗਿਆ। ਮੁਗ਼ਲਾਂ ਦਾ ਜਰਨੈਲ ਤਕੀ ਖ਼ਾਨ ਅੱਗੇ ਵਧਿਆ ਤਾਂ ਭਾਈ ਸਾਹਿਬ ਨੇ ਉਹਦੇ ਮੂੰਹ ਵਿਚ ਬਰਛਾ ਮਾਰ ਕੇ ਲਹੂ-ਲੁਹਾਣ ਕਰ ਦਿੱਤਾ। ਸਿੰਘਾਂ ਨੇ ਹਾਥੀ ਵੀ ਖੋਹ ਲਿਆ। ਅੰਤ ਖੂਨ ਦੀ ਹੋਲੀ ਖੇਡਦੇ ਹੋਏ ਸੂਰਜ ਡੁੱਬਣ ਤੱਕ ਸਾਰੇ ਸਿੰਘ ਸ਼ਹੀਦ ਹੋ ਗਏ। ਭਾਈ ਤਾਰਾ ਸਿੰਘ ਦੀ ਸ਼ਹੀਦੀ ਉਹ ਰੰਗ ਲਿਆਈ ਕਿ ਜ਼ਕਰੀਆ ਖ਼ਾਨ ਨੇ ਤਿੰਨ ਮਹੀਨੇ ਬਾਅਦ ਹੀ ਮਾਰਚ, 1733 ਈ: ਵਿਚ ਖ਼ਾਲਸੇ ਨੂੰ ਨਵਾਬੀ ਪੇਸ਼ ਕੀਤੀ।

ਨਲੂਆ ਸਰਦਾਰ ਦੇ ਦੋ ਅਣਗੌਲੇ ਵਾਰਸ : ਚਤੁਰ ਸਿੰਘ ਅਤੇ ਮਹਾਂ ਸਿੰਘ

ਸਿੱਖ ਰਾਜ ਦਾ ਨਿਧੜਕ ਤੇ ਸੂਰਬੀਰ ਜਰਨਲ ਸ: ਹਰੀ ਸਿੰਘ ਨਲੂਆ, ਜਿਸ ਨੂੰ 'ਸਿੱਖ ਰਾਜ ਦਾ ਸਤੰਭ' ਦੇ ਨਾਂਅ ਨਾਲ ਵੀ ਸੰਬੋਧਨ ਕੀਤਾ ਜਾਂਦਾ ਹੈ, ਦੀ ਪਹਿਲੀ ਪਤਨੀ ਬੀਬੀ ਰਾਜ ਕੌਰ ਨੇ ਜਵਾਹਰ ਸਿੰਘ ਨਲੂਆ ਅਤੇ ਗੁਰਦਿੱਤ ਸਿੰਘ ਨਲੂਆ ਨੂੰ ਜਨਮ ਦਿੱਤਾ ਅਤੇ ਦੂਸਰੀ ਪਤਨੀ ਬੀਬੀ ਦੇਸਾਂ ਦੀ ਕੁੱਖੋਂ ਪੰਜਾਬ ਸਿੰਘ ਨਲੂਆ ਅਤੇ ਅਰਜਨ ਸਿੰਘ ਨਲੂਆ ਨੇ ਜਨਮ ਲਿਆ। ਸਰਦਾਰਨੀ ਦੇਸਾਂ ਦੀਆਂ ਦੋ ਪੁੱਤਰੀਆਂ ਚੰਦ ਕੌਰ ਅਤੇ ਨੰਦ ਕੌਰ ਵੀ ਸਨ। ਸ: ਨਲੂਆ ਦੇ ਉਪਰੋਕਤ ਸਪੁੱਤਰਾਂ ਦੇ ਨਾਵਾਂ ਦੇ ਨਾਲ ਹੀ ਦੋ ਹੋਰ ਨਾਵਾਂ ਦੀ ਜਾਣਕਾਰੀ ਇਤਿਹਾਸ ਦੀਆਂ ਕੁਝ ਇਕ ਪੁਸਤਕਾਂ ਵਿਚ ਦਰਜ ਹੈ, ਇਨ੍ਹਾਂ ਵਿਚੋਂ ਇਕ ਨਾਂਅ ਸ: ਮਹਾਂ ਸਿੰਘ ਮੀਰਪੁਰੀਆ ਅਤੇ ਦੂਸਰਾ ਨਾਂਅ ਸ: ਚਤੁਰ ਸਿੰਘ ਦਾ ਹੈ।
ਸ: ਮਹਾਂ ਸਿੰਘ ਮੀਰਪੁਰੀਏ ਦੇ ਸਬੰਧ ਵਿਚ ਤਾਂ ਕਈ ਲਿਖ਼ਤਾਂ ਵਿਚ ਉਸ ਦੀ ਬਹਾਦਰੀ, ਉਸ ਦੀਆਂ ਜੰਗਾਂ ਅਤੇ ਉਪਲਬਧੀਆਂ ਦਾ ਵੇਰਵਾ ਮੌਜੂਦ ਹੈ ਅਤੇ ਉਸ ਨੂੰ ਸਪੱਸ਼ਟ ਤੌਰ 'ਤੇ ਹਰੀ ਸਿੰਘ ਨਲੂਆ ਦਾ ਮੂੰਹ ਬੋਲਿਆ (ਪਾਲਿਤ) ਪੁੱਤਰ ਲਿਖਿਆ ਗਿਆ ਹੈ, ਜਦਕਿ ਸ: ਚਤੁਰ ਸਿੰਘ ਦਾ ਜ਼ਿਕਰ ਪਹਿਲੀ ਤੇ ਅੰਤਿਮ ਵਾਰ ਸਿਰਫ਼ ਜਰਮਨ ਯਾਤਰੂ ਮਿਸਟਰ ਬੈਰਨ ਹਿਊਗਟਨ ਨੇ ਹੀ ਆਪਣੇ ਸਫ਼ਰਨਾਮੇ ਵਿਚ ਕੀਤਾ ਹੈ। ਬੈਰਨ ਹਿਊਗਟਨ ਤੇ ਇਕ ਹੋਰ ਜਰਮਨ ਯਾਤਰੂ ਜੀ. ਟੀ. ਵਾਇਨ ਦੇ 23 ਦਸੰਬਰ, 1835 ਨੂੰ ਕਸ਼ਮੀਰ ਤੋਂ ਵਾਪਸੀ ਸਮੇਂ ਹਰੀ ਸਿੰਘ ਨਲੂਆ ਦੇ ਵਸਾਏ ਸ਼ਹਿਰ ਹਰੀਪੁਰ ਪਹੁੰਚਣ 'ਤੇ ਸ: ਨਲੂਆ ਦੀ ਗ਼ੈਰ-ਹਾਜ਼ਰੀ ਵਿਚ ਉਨ੍ਹਾਂ ਦਾ ਸਵਾਗਤ ਸ: ਨਲੂਆ ਦੇ ਪੁੱਤਰ ਚਤੁਰ ਸਿੰਘ ਅਤੇ ਦੀਵਾਨ ਨੇ ਕੀਤਾ ਸੀ। ਹਿਊਗਟਨ ਦੀ ਲਿਖ਼ਤ ਦੇ ਅਨੁਸਾਰ ਚਤੁਰ ਸਿੰਘ ਦੀ ਉਮਰ ਉਸ ਸਮੇਂ 10 ਵਰ੍ਹਿਆਂ ਦੀ ਸੀ ਅਤੇ ਉਹ ਨਲੂਆ ਸਰਦਾਰ ਦਾ ਪੰਜਵਾਂ ਪੁੱਤਰ ਸੀ। ਇਸ ਜਰਮਨ ਯਾਤਰੂ ਨੇ ਚਤੁਰ ਸਿੰਘ ਦੀ ਹਾਜ਼ਰ ਜਵਾਬੀ, ਨਿੱਘੀ ਪ੍ਰਾਹੁਣਾਚਾਰੀ ਅਤੇ ਅਤਿ ਸੋਹਣੀ ਪੋਸ਼ਾਕ ਦੀ ਖੁੱਲ੍ਹ ਕੇ ਤਾਰੀਫ਼ ਕੀਤੀ ਹੈ, ਪਰ ਇਹ ਸਾਫ਼ ਨਹੀਂ ਕੀਤਾ ਕਿ ਉਹ ਨਲੂਆ ਸਰਦਾਰ ਦੀ ਕਿਸ ਰਾਣੀ ਦੇ ਪੇਟੋਂ ਸੀ? ਇਸ ਦੇ ਨਾਲ ਹੀ ਇੱਥੇ ਇਹ ਵੀ ਇਕ ਵੱਡਾ ਸਵਾਲ ਖੜ੍ਹਾ ਹੋ ਜਾਂਦਾ ਹੈ ਕਿ ਜੇਕਰ ਚਤੁਰ ਸਿੰਘ ਵਾਕਿਆ ਹੀ ਸ: ਨਲੂਆ ਦਾ ਆਪਣਾ ਪੁੱਤਰ ਸੀ ਤਾਂ ਬਾਅਦ ਵਿਚ ਉਸ ਦਾ ਨਾਂਅ ਕਿਸੇ ਹੋਰ ਇਤਿਹਾਸਕ ਦਸਤਾਵੇਜ਼ ਵਿਚ ਦਰਜ ਕਿਉਂ ਨਹੀਂ ਕੀਤਾ ਗਿਆ?
(ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)


-ਅੰਮ੍ਰਿਤਸਰ। ਮੋਬਾ: 93561-27771

ਗੁਰਮਤਿ ਸੰਗੀਤ ਵਿਚ ਸ਼ਬਦ ਚੌਕੀ ਦਾ ਮਹੱਤਵ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਆਸਾ ਦੀ ਵਾਰ ਦੀ ਚੌਕੀ
ਜਿਹਾ ਕਿ ਇਸ ਦੇ ਨਾਂਅ ਤੋਂ ਸਪੱਸ਼ਟ ਹੈ ਕਿ ਇਹ ਆਸਾ ਦੇ ਰਾਗ ਉੱਤੇ ਆਧਾਰਿਤ ਹੈ। ਟੁੰਡੇ ਅਸਰਾਜੇ ਕੀ ਧੁਨੀ ਵਿਚ ਆਸਾ ਦੀ ਵਾਰ ਗਾਉਣ ਦਾ ਹੁਕਮ ਹੈ ਪਰ ਇਹ ਪ੍ਰਚਲਨ ਵੀ ਹੁਣ ਅਲੋਪ ਹੁੰਦਾ ਜਾ ਰਿਹਾ ਹੈ। ਆਸਾ ਦੀ ਵਾਰ ਵਿਚ ਪਹਿਲਾ ਛੰਤ ਇਕ ਤਾਲ ਜਾਂ ਯਕਾ ਤਾਲ ਵਿਚ ਗਾਇਨ ਕੀਤਾ ਜਾਂਦਾ ਹੈ। ਰਾਗੀ ਸਿੰਘਾਂ ਵਲੋਂ ਪਉੜੀ ਲਈ ਖਾਸ ਤਾਲ ਹਨ। ਇਸ ਵਿਚ ਪਹਿਲੇ ਗੇ ਅਤੇ ਸਮ ਹੈ। ਪਰੰਪਰਾ ਮੁਤਾਬਕ ਆਸਾ ਦੀ ਵਾਰ ਦੇ ਗਾਇਨ ਸਮੇਂ ਤਬਲਾਵਾਦਕ ਨੂੰ ਪਉੜੀ ਸਮੇਂ ਖੁੱਲ੍ਹਾ ਹੱਥ ਵਜਾਉਣਾ ਚਾਹੀਦਾ ਹੈ ਪਰ ਅੱਜਕਲ੍ਹ ਕੁਝ ਜਥਿਆਂ ਨੂੰ ਛੱਡ ਕੇ ਬਾਕੀ ਕਹਿਰਵਾ ਆਦਿ ਹੀ ਵਜਾਈ ਜਾਂਦੇ ਹਨ।
ਬਿਲਾਵਲ ਦੀ ਚੌਕੀ
ਸ੍ਰੀ ਆਸਾ ਜੀ ਦੀ ਵਾਰ ਦੀ ਸਮਾਪਤੀ ਤੋਂ ਬਾਅਦ ਇਹ ਚੌਕੀ ਦਿਨ ਦੇ ਦੂਜੇ ਪਹਿਰ ਦੌਰਾਨ ਸ਼ੁਰੂ ਹੁੰਦੀ ਹੈ। ਬਿਲਾਵਲ ਦੀਆਂ ਤਿੰਨ ਚੌਕੀਆਂ ਹਨ। ਬਿਲਾਵਲ ਦੀ ਦੂਜੀ ਚੌਕੀ ਵਿਚ ਸਮੇਂ ਦੇ ਰਾਗਾਂ ਅਤੇ ਰੀਤਾਂ ਵਿਚ ਕੀਰਤਨ ਕਰਨ ਅਤੇ ਪਉੜੀ 'ਵਡੀ ਹੂ ਵਡਾ ਅਪਾਰ ਤੇਰਾ ਮਰਤਬਾ' ਦੇ ਗਾਇਨ ਨਾਲ ਸਮਾਪਤ ਹੁੰਦੀ ਹੈ।
ਆਨੰਦ ਦੀ ਚੌਕੀ
ਇਸ ਚੌਕੀ ਵਿਚ ਦੁਪਹਿਰ ਤੋਂ ਪਹਿਲਾਂ ਅਤੇ ਦੁਪਹਿਰ ਦੇ ਰਾਗਾਂ ਵਿਚ ਸ਼ਬਦਾਂ ਦਾ ਕੀਰਤਨ ਕੀਤਾ ਜਾਂਦਾ ਹੈ। ਇਸ ਚੌਕੀ ਵਿਚ ਆਨੰਦ ਸਾਹਿਬ ਦਾ ਗਾਇਨ ਕਰਕੇ ਸਮਾਪਤੀ ਕੀਤੀ ਜਾਂਦੀ ਹੈ।
ਚਰਨ ਕਮਲ ਦੀ ਚੌਕੀ
ਚਰਨ ਕਮਲ ਦੀ ਚੌਕੀ ਵਿਚ ਮੁੱਖ ਤੌਰ ਉੱਤੇ ਸਾਰੰਗ ਰਾਗ ਵਿਚ ਕੀਰਤਨ ਕੀਤਾ ਜਾਂਦਾ ਹੈ। ਚਰਨ ਕਮਲ ਦੀਆਂ ਵੀ ਤਿੰਨ ਚੌਕੀਆਂ ਹਨ। ਆਨੰਦ ਸਾਹਿਬ ਦੀਆਂ ਛੇ ਪੌੜੀਆਂ ਦਾ ਕੀਰਤਨ ਕਰਕੇ ਚਰਨ ਕਮਲ ਦੀ ਪਉੜੀ ਦੀ ਸਮਾਪਤੀ ਹੁੰਦੀ ਹੈ।
'ਸੋ ਦਰੁ' ਦੀ ਚੌਕੀ
ਦਿਨ ਦੇ ਚੌਥੇ ਪਹਿਰ ਸਮੇਂ ਤ੍ਰਕਾਲਾਂ ਦੇ ਰਾਗਾਂ ਵਿਚ ਡੰਡਉਤ ਬੰਦਨਾ ਕਰਨ ਉਪਰੰਤ 'ਸੋ ਦਰੁ' ਦਾ ਰਾਗ ਆਸਾ ਵਿਚ ਪਉੜੀ ਸ਼ੈਲੀ ਵਿਚ ਅਤੇ ਪਉੜੀ ਤਾਲ ਵਿਚ ਕੀਰਤਨ ਗਾਇਨ ਕੀਤਾ ਜਾਂਦਾ ਹੈ। 'ਸੋ ਦਰੁ' ਦੇ ਗਾਇਨ ਤੋਂ ਬਾਅਦ ਰਹਿਰਾਸ ਸਾਹਿਬ ਦਾ ਪਾਠ ਹੁੰਦਾ ਹੈ ਅਤੇ ਉਪਰੰਤ ਅਰਦਾਸ ਨਾਲ ਇਹ ਚੌਕੀ ਸਮਾਪਤ ਹੁੰਦੀ ਹੈ।
ਆਰਤੀ ਦੀ ਚੌਕੀ
ਆਰਤੀ ਭਾਰਤ ਵਿਚ ਪ੍ਰਚਲਤ ਵੱਖ-ਵੱਖ ਧਰਮਾਂ ਦੀ ਪ੍ਰਸਿੱਧ ਰੀਤ ਹੈ, ਜਿਸ ਵਿਚ ਲੋੜੀਂਦੀ ਸਮੱਗਰੀ ਪਾ ਕੇ ਸ਼ਰਧਾਲੂ ਇਸ਼ਟ ਦੇਵ ਦੀ ਆਰਤੀ ਉਤਾਰਦੇ ਸਨ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ, ਭਗਤ ਰਵਿਦਾਸ ਮਹਾਰਾਜ, ਭਗਤ ਸੈਣ, ਭਗਤ ਧੰਨਾ ਜੀ ਦੀ ਰਾਗ ਧਨਾਸਰੀ ਅਤੇ ਭਗਤ ਕਬੀਰ ਜੀ ਦੀ ਰਾਗ ਪ੍ਰਭਾਤੀ ਤਹਿਤ ਆਰਤੀ ਬਾਣੀ ਦਰਜ ਹੈ ਅਤੇ ਇਸੇ ਅਨੁਸਾਰ ਆਰਤੀ ਦਾ ਗਾਇਨ ਹੁੰਦਾ ਹੈ, ਕਿਉਂਕਿ ਇਹ ਬ੍ਰਹਿਮੰਡੀ ਆਰਤੀ ਹੈ, ਇਸ ਲਈ ਇਸ ਵਿਚ ਧੂਪ, ਦੀਪ ਵਗੈਰਾ ਦੀ ਕੋਈ ਵਰਤੋਂ ਨਹੀਂ ਹੁੰਦੀ। 'ਥਿਰ ਘਰਿ ਬੈਸਹੁ ਹਰਿ ਜਨ ਪਿਆਰੇ' ਸ਼ਬਦ ਦੇ ਗਾਇਨ ਨਾਲ ਇਸ ਚੌਕੀ ਦੀ ਸਮਾਪਤੀ ਹੁੰਦੀ ਹੈ ਅਤੇ ਇਸ ਤੋਂ ਪਹਿਲਾਂ ਬਹੁਤ ਸੰਖੇਪ ਅਰਦਾਸ ਹੁੰਦੀ ਹੈ।
ਕਲਿਆਣ ਦੀ ਚੌਕੀ
ਇਸ ਚੌਕੀ ਅਤੇ ਆਰਤੀ ਦੀ ਚੌਕੀ ਸਬੰਧੀ ਸਿੱਖ ਸੰਗੀਤਕਾਰਾਂ ਦੀ ਰਾਇ ਇਕ ਨਹੀਂ ਹੈ। ਕੁਝ ਸੰਗੀਤ ਆਚਾਰੀਆਂ ਨੇ ਆਰਤੀ ਅਤੇ ਕਲਿਆਣ ਦੀ ਚੌਕੀ ਨੂੰ ਇਕ ਹੀ ਮੰਨਿਆ ਹੈ। ਇਨ੍ਹਾਂ ਚੌਕੀਆਂ ਵਿਚ ਰਾਤ ਦੇ ਦੂਜੇ ਪਹਿਰ ਦੇ ਰਾਗਾਂ ਅੰਦਰ ਸ਼ਬਦ ਗਾਇਨ ਉਪਰੰਤ ਪਉੜੀ ਗਾਇਨ ਕੀਤੀ ਜਾਂਦੀ ਹੈ।
ਕਾਨੜੇ ਦੀ ਚੌਕੀ
ਇਸ ਚੌਕੀ ਦੀ ਮਰਿਆਦਾ ਸਵਾ ਪਹਿਰ ਰਾਤ ਗਏ ਗਾਇਨ ਕਰਨ ਦੀ ਹੈ। ਇਸ ਤੋਂ ਉਪਰੰਤ ਕੀਰਤਨ ਸੋਹਿਲਾ ਦੀ ਬਾਣੀ ਦਾ ਪਾਠ ਕੀਤਾ ਜਾਂਦਾ ਹੈ। ਅਖੀਰ ਵਿਚ 'ਆਪੇ ਹੀ ਸਿਧ ਸਾਧਿ ਕੋ' ਪਉੜੀ ਗਾਇਨ ਕਰਕੇ ਸਲੋਕ 'ਪਾਵਣ ਗੁਰੂ ਪਾਣੀ ਪਿਤਾ' ਪੜ੍ਹ ਕੇ ਅਰਦਾਸੀਆ ਸਿੰਘ ਗੁਰੂ ਸਨਮੁਖ ਸਮਾਪਤੀ ਦੀ ਅਰਦਾਸ ਕਰਦਾ ਹੈ। ਪੁਰਾਤਨ ਰਾਗੀ ਜਥੇ ਇਨ੍ਹਾਂ ਕੀਰਤਨ ਚੌਕੀਆਂ ਨੂੰ ਸ਼ੁੱਧ ਪਰੰਪਰਾ ਮੁਤਾਬਕ ਲਾਉਂਦੇ ਸਨ, ਕਿਉਂਕਿ ਉਹ ਉੱਚ ਕੋਟੀ ਦੇ ਮਾਹਿਰ ਅਤੇ ਪ੍ਰਬੀਨ ਕਲਾਕਾਰ ਸਨ। ਇਸ ਬਾਰੇ ਭਾਈ ਕਿਰਪਾਲ ਸਿੰਘ ਲਿਖਦੇ ਹਨ ਕਿ 'ਪੁਰਾਤਨ ਸਮੇਂ ਹਰੇਕ ਚੌਕੀ ਦੇ ਆਰੰਭ ਵਿਚ ਅਲਾਪ ਸਹਿਤ ਪੂਰੀ ਸ਼ਿੱਦਤ ਨਾਲ ਰਾਗ ਵਿਚ ਗਾਇਨ ਹੁੰਦਾ ਸੀ ਅਤੇ ਰਾਗੀ ਸਿੰਘ ਰਾਗ ਦੇ ਸਰੂਪ ਨੂੰ ਪ੍ਰਗਟ ਕਰ ਦਿੰਦੇ ਸਨ, ਇਸ ਉਪਰੰਤ ਉਹ ਬਾਕੀ ਦੇ ਸ਼ਬਦ ਸਰਲ ਤਰੀਕੇ ਵਿਚ ਪੜ੍ਹਦੇ ਸਨ। ਇਹੋ ਵਜਾ ਹੈ ਕਿ ਪੁਰਾਤਨ ਸਮਿਆਂ ਵਿਚ ਦੇਸ਼ ਦੇ ਵੱਡੇ-ਵੱਡੇ ਸੰਗੀਤਕਾਰ ਸ੍ਰੀ ਹਰਿਮੰਦਰ ਸਾਹਿਬ ਦੇ ਰਾਗੀਆਂ ਅਤੇ ਰਬਾਬੀਆਂ ਨਾਲ ਮੁਕਾਬਲਾ ਕਰਨ ਤੋਂ ਪਹਿਲਾਂ ਸੌ ਵਾਰ ਸੋਚਦੇ ਸਨ ਪਰ ਅੱਜਕਲ੍ਹ ਅਜਿਹਾ ਨਹੀਂ ਹੈ।'
ਤੱਤਸਾਰ ਇਹ ਹੈ ਕਿ ਇਹ ਕੀਰਤਨ ਚੌਕੀਆਂ ਗੁਰਮਤਿ ਸੰਗੀਤ ਦੀ ਸੱਚੀ-ਸੁੱਚੀ ਅਤੇ ਸਰਬੋਤਮ ਪਰੰਪਰਾ ਦਾ ਪ੍ਰਤੱਖ ਪ੍ਰਮਾਣ ਅਤੇ ਸਾਖਿਆਤ ਦਰਸ਼ਨ ਦੀਦਾਰੇ ਹਨ। ਲੋੜ ਹੈ ਇਸ ਵਿਰਸੇ ਨੂੰ ਸੰਭਾਲਣ ਦੀ।


-ਮੋਬਾ: 98154-61710

ਕਥਾਵਾਚਕ ਭਾਈ ਬੂਟਾ ਸਿੰਘ ਤਾਰਾਂਵਾਲੀ

ਭਾਈ ਬੂਟਾ ਸਿੰਘ ਜਿਨ੍ਹਾਂ ਦਾ ਜਨਮ ਸ: ਲੱਖਾ ਸਿੰਘ ਦੇ ਗ੍ਰਹਿ ਮਾਤਾ ਸ੍ਰੀਮਤੀ ਸ਼ਰਨਜੀਤ ਕੌਰ ਦੀ ਕੁੱਖੋਂ 5 ਜੁਲਾਈ, 1986 ਨੂੰ ਪਿੰਡ ਤਾਰਾਂਵਾਲੀ, ਤਹਿਸੀਲ ਗੂਹਲਾ ਜ਼ਿਲ੍ਹਾ ਕੈਥਲ (ਹਰਿਆਣਾ) ਵਿਖੇ ਹੋਇਆ। ਆਪ ਜੀ ਨੇ ਮੁੱਢਲੀ ਸਕੂਲੀ ਸਿੱਖਿਆ ਪਿੰਡ ਦੇ ਇਕ ਨਿੱਜੀ ਸਕੂਲ ਤੋਂ ਹਾਸਲ ਕੀਤੀ ਅਤੇ ਬੀ.ਏ. ਤੱਕ ਦੀ ਪੜ੍ਹਾਈ ਕੁਰੂਕਸ਼ੇਤਰ ਯੂਨੀਵਰਸਿਟੀ ਤੋਂ ਕੀਤੀ। ਬੀ.ਏ. ਕਰਨ ਤੋਂ ਪਹਿਲਾਂ ਜਦੋਂ ਉਨ੍ਹਾਂ ਨੇ ਦਸਵੀਂ ਦੀ ਪ੍ਰੀਖਿਆ ਹਾਸਲ ਕੀਤੀ, ਉਦੋਂ ਤੋਂ ਹੀ ਖਨੌਰੀ ਗੁਰਦੁਆਰਾ ਸਾਹਿਬ ਵਿਖੇ ਤਕਰੀਬਨ 7 ਕੁ ਸਾਲ ਗੁਰਮਤਿ ਵਿਦਿਆਲਿਆ ਤੋਂ ਕੀਰਤਨ ਤੇ ਮਿਊਜ਼ਿਕ ਦੀ ਬੀ. ਏ. ਕੀਤੀ। ਭਾਈ ਸਾਹਿਬ ਦਾ ਪਰਿਵਾਰ ਗੁਰਸਿੱਖ ਪਰਿਵਾਰ ਹੋਣ ਕਰਕੇ ਆਪ ਦੀ ਰੁਚੀ ਵੀ ਕਥਾ ਕੀਰਤਨ ਕਰਨ ਦੀ ਸੀ, ਜਿਸ ਕਰਕੇ ਆਪ ਨੇ ਗੁਰਮਤਿ ਦੀ ਸਿੱਖਿਆ ਹਾਸਲ ਕਰਨ ਦਾ ਮਨ ਬਣਾ ਲਿਆ। ਆਪ ਦੇ ਵੱਡੇ ਭਰਾ ਭਾਈ ਬਚਿੱਤਰ ਸਿੰਘ ਵੀ ਕਥਾਵਾਚਕ ਹਨ, ਜੋ ਕਿ ਅੱਜਕਲ੍ਹ ਆਸਟ੍ਰੇਲੀਆ ਵਿਖੇ ਕਥਾਵਾਚਕ ਦੀ ਸੇਵਾ ਨਿਭਾਅ ਰਹੇ ਹਨ। ਭਾਈ ਬੂਟਾ ਸਿੰਘ ਨੇ ਸਾਹਿਬਜ਼ਾਦਾ ਜੁਝਾਰ ਸਿੰਘ ਗੁਰਮਤਿ ਮਿਸ਼ਨਰੀ ਕਾਲਜ ਚੌਂਤਾ ਕਲਾਂ, ਜ਼ਿਲ੍ਹਾ ਰੋਪੜ ਤੋਂ 2 ਸਾਲ ਦਾ ਗੁਰਮਤਿ ਕੋਰਸ ਕੀਤਾ, ਜਿੱਥੇ ਉਨ੍ਹਾਂ ਨੇ ਸਖ਼ਤ ਮਿਹਨਤ ਕੀਤੀ ਤੇ ਗੁਰਮਤਿ ਵਿਚ ਪਹਿਲਾ ਸਥਾਨ ਹਾਸਲ ਕੀਤਾ। ਉਨ੍ਹਾਂ ਨੇ ਸ੍ਰੀ ਗੁਰੂ ਸਿੰਘ ਸਭਾ ਆੜ੍ਹਤ ਬਾਜ਼ਾਰ ਦੇਹਰਾਦੂਨ ਵਿਖੇ 3 ਸਾਲ ਬਤੌਰ ਹੈੱਡ ਗ੍ਰੰਥੀ ਤੇ ਕਥਾਵਾਚਕ ਦੀ ਸੇਵਾ ਨਿਭਾਉਂਦਿਆਂ ਸੰਗਤਾਂ ਨੂੰ ਗੁਰਬਾਣੀ ਦੇ ਮਾਰਗ 'ਤੇ ਚੱਲਣ ਲਈ ਪ੍ਰੇਰਿਤ ਕੀਤਾ।
ਬਾਅਦ ਵਿਚ ਆਪ ਸਿੰਘਾਪੁਰ, ਮਲੇਸ਼ੀਆ ਅਤੇ ਥਾਈਲੈਂਡ 3 ਮਹੀਨੇ ਰਹੇ। ਇਸੇ ਤਰ੍ਹਾਂ 8 ਮਹੀਨੇ ਆਸਟ੍ਰੇਲੀਆ ਦੇ ਗੁਰਦੁਆਰਾ ਸਿੰਘ ਸਭਾ ਕਰੇਗੀਬਰਨ ਮੈਲਬੌਰਨ ਵਿਖੇ ਵੀ ਕਥਾਵਾਚਕ ਦੀ ਸੇਵਾ ਨਿਭਾਈ। ਉਥੋਂ ਆ ਕੇ ਭਾਈ ਬੂਟਾ ਸਿੰਘ ਨੇ 2 ਸਾਲ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਕੀਰਤਨ ਵਿਦਿਆਲਿਆ ਅਤੇ ਗੁਰਦੁਆਰਾ ਕਲਗੀਧਰ ਸਾਹਿਬ ਇੰਦਰਾ ਕਾਲੋਨੀ ਦੇਹਰਾਦੂਨ ਵਿਖੇ ਬਤੌਰ ਪ੍ਰਚਾਰਕ ਸੇਵਾ ਕੀਤੀ। ਆਪ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਗਿਆਨੀ ਦੀ ਡਿਗਰੀ ਵੀ ਹਾਸਲ ਕੀਤੀ। ਭਾਈ ਸਾਹਿਬ ਕਥਾਵਾਚਕ ਹੋਣ ਦੇ ਨਾਲ-ਨਾਲ ਜਿਥੇ ਖੇਤੀਬਾੜੀ ਦਾ ਧੰਦਾ ਕਰਦੇ ਹਨ, ਉੱਥੇ ਹੀ ਆਪ ਨੂੰ ਘੋੜੀਆਂ ਪਾਲਣ ਦਾ ਵੀ ਸ਼ੌਕ ਹੈ। ਅੱਜਕਲ੍ਹ ਉਹ ਦੇਸ਼ ਦੇ ਕੋਨੇ-ਕੋਨੇ ਵਿਚ ਹੁੰਦੇ ਗੁਰਮਤਿ ਸਮਾਗਮਾਂ ਵਿਚ ਵੀ ਹਿੱਸਾ ਲੈ ਕੇ ਸੰਗਤਾਂ ਨੂੰ ਗੁਰਬਾਣੀ ਦੀ ਕਥਾ ਸਰਵਣ ਕਰਾਉਂਦੇ ਹਨ।


-ਦੇਵੀਗੜ੍ਹ। ਮੋਬਾ: 98551-16609

ਸ਼ਬਦ ਵਿਚਾਰ

ਜਾਨਉ ਨਹੀ ਭਾਵੈ ਕਵਨ ਬਾਤਾ॥

ਸਿਰੀਰਾਗੁ ਮਹਲਾ ੫ ਘਰੁ ੫
ਜਾਨਉ ਨਹੀ ਭਾਵੈ ਕਵਨ ਬਾਤਾ॥
ਮਨ ਖੋਜਿ ਮਾਰਗੁ॥ ੧॥ ਰਹਾਉ॥
ਧਿਆਨੀ ਧਿਆਨੁ ਲਾਵਹਿ॥
ਗਿਆਨੀ ਗਿਆਨੁ ਕਮਾਵਹਿ॥
ਪ੍ਰਭੁ ਕਿਨ ਹੀ ਜਾਤਾ॥ ੧॥
ਭਗਉਤੀ ਰਹਤ ਜੁਗਤਾ॥
ਜੋਗੀ ਕਹਤ ਮੁਕਤਾ॥
ਤਪਸੀ ਤਪਹਿ ਰਾਤਾ॥ ੨॥
ਮੋਨੀ ਮੋਨਿ ਧਾਰੀ॥
ਸਨਿਆਸੀ ਬ੍ਰਹਮਚਾਰੀ॥
ਉਦਾਸੀ ਉਦਾਸਿ ਰਾਤਾ॥ ੩॥
ਭਗਤਿ ਨਵੈ ਪਰਕਾਰਾ॥
ਪੰਡਿਤੁ ਵੇਦੁ ਪੁਕਾਰਾ॥
ਗਿਰਸਤੀ ਗਿਰਸਤਿ ਧਰਮਾਤਾ॥ ੪॥
ਇਕ ਸਬਦੀ ਬਹੁ ਰੂਪਿ ਅਵਧੂਤਾ॥
ਕਾਪੜੀ ਕਉਤੇ ਜਾਗੂਤਾ॥
ਇਕਿ ਤੀਰਥਿ ਨਾਤਾ॥ ੫॥
ਨਿਰਹਾਰ ਵਰਤੀ ਆਪਰਸਾ॥
ਇਕਿ ਲੂਕਿ ਨ ਦੇਵਹਿ ਦਰਸਾ॥
ਇਕਿ ਮਨ ਹੀ ਗਿਆਤਾ॥ ੬॥
ਘਾਟਿ ਨ ਕਿਨਹੀ ਕਹਾਇਆ॥
ਸਭ ਕਹਤੇ ਹੈ ਪਾਇਆ॥
ਜਿਸੁ ਮੇਲੇ ਸੋ ਭਗਤਾ॥ ੭॥
ਸਗਲ ਉਕਤਿ ਉਪਾਵਾ॥
ਤਿਆਗੀ ਸਰਨਿ ਪਾਵਾ॥
ਨਾਨਕੁ ਗੁਰ ਚਰਣਿ ਪਰਾਤਾ॥ ੮॥ ੨॥ ੨੭॥ (ਅੰਗ 71)
ਪਦ ਅਰਥ : ਜਾਨਉ ਨਹੀ-(ਮੈਂ) ਨਹੀਂ ਜਾਣਦਾ। ਭਾਵੈ-ਭਾਉਂਦੀਆਂ ਹਨ, ਚੰਗੀਆਂ ਲਗਦੀਆਂ ਹਨ। ਕਵਨ ਬਾਤਾ-ਕਿਹੜੀਆਂ ਗੱਲਾਂ। ਮਾਰਗੁ-ਰਾਹ ਨੂੰ। ਧਿਆਨੀ-ਸਮਾਧੀਆਂ ਲਾਉਣ ਵਾਲੇ। ਗਿਆਨੀ-ਗਿਆਨਵਾਨ, ਵਿਦਵਾਨ। ਗਿਆਨੁ ਕਮਾਵਹਿ-ਵਿਦਵਤਾ ਦੀਆਂ ਗੱਲਾਂ ਕਰਦੇ ਹਨ। ਕਿਨ ਹੀ-ਕਿਸੇ ਵਿਰਲੇ ਨੇ ਹੀ। ਜਾਤਾ-ਜਾਣਿਆ ਹੈ, ਸਮਝਿਆ ਹੈ। ਭਗਉਤੀ-ਵੈਸ਼ਨੂ ਭਗਤ। ਰਹਤ ਜੁਗਤਾ-(ਵਕਤ ਨੇਮ, ਤਿਲਕ ਪੂਜਾ, ਤੀਰਥ ਇਸ਼ਨਾਨ ਆਦਿ) ਸੰਜਮਾਂ ਵਿਚ ਰਹਿੰਦੇ ਹਨ। ਕਹਤ-ਆਖਦੇ ਹਨ। ਮੁਕਤਾ-ਮੁਕਤ ਹੋ ਗਏ ਹਾਂ। ਤਪਸੀ-ਤਪ ਕਰਨ ਵਾਲੇ ਤਪੱਸਵੀ। ਤਪਹਿ ਰਾਤਾ-ਤਪ ਕਰਨ ਵਿਚ ਹੀ ਮਸਤ ਰਹਿੰਦੇ ਹਨ।
ਮੋਨੀ-ਚੁੱਪ ਸਾਧੀ ਰੱਖਣ ਵਾਲਾ। ਮੋਨਿ ਧਾਰੀ-ਚੁੱਪ ਧਾਰੀ ਰੱਖਦੇ ਹਨ। ਉਦਾਸੀ ਉਦਾਸਿ ਰਾਤਾ-ਉਦਾਸੀ ਉਦਾਸ ਭੇਖ ਵਿਚ ਮਸਤ ਰਹਿੰਦਾ ਹੈ। ਭਗਤਿ-ਭਗਤੀ। ਨਵੈ ਪਰਕਾਰਾ-ਨੌਂ ਪ੍ਰਕਾਰ ਦੀ। ਵੇਦੁ ਪੁਕਾਰਾ-ਵੇਦਾਂ ਨੂੰ ਉੱਚੀ-ਉੱਚੀ ਪੜ੍ਹਦਾ ਹੈ, ਪਾਠ ਕਰਦਾ ਹੈ। ਗਿਰਸਤਿ ਧਰਮਾਤਾ-ਗ੍ਰਿਹਸਤ ਧਰਮ ਵਿਚ ਮਸਤ ਰਹਿੰਦਾ ਹੈ, ਗ੍ਰਿਹਸਤ ਧਰਮ ਵਿਚ ਪਿਆਰ ਕਰਦਾ ਹੈ। ਇਕ ਸ਼ਬਦੀ-ਇਕ ਹੀ ਸ਼ਬਦ (ਅਲੱਖ ਅਲੱਖ) ਬੋਲਦੇ ਹਨ। ਬਹੁ ਰੂਪਿ-ਬਹੁਰੂਪੀਏ ਹਨ। ਅਵਧੂਤਾ-ਨਾਂਗਾ ਸਾਧੂ। ਕਾਪੜੀ-ਫਟੀਆਂ ਟਕੀਆਂ ਦਾ ਚੋਲਾ। ਕਉਤੇ-ਨਾਟਕ ਚੇਟਕ ਦੁਆਰਾ ਲੋਕਾਂ ਨੂੰ ਖੁਸ਼ ਕਰਨ ਵਾਲੇ। ਜਾਗੂਤਾ-ਰਾਤ ਭਰ ਜਾਗਣ ਵਾਲੇ। ਇਕਿ-ਕਈ, ਅਨੇਕਾਂ।
ਨਿਰਹਾਰ ਵਰਤੀ-ਅਹਾਰ (ਭੋਜਨ) ਨਾ ਖਾ ਕੇ ਵਰਤ ਰੱਖਣ ਵਾਲੇ, ਜੋ ਕੁਝ ਵੀ ਨਹੀਂ ਖਾਂਦੇ। ਆਪਰਸਾ-ਉਹ (ਸਾਧੂ) ਜੋ ਦੂਜਿਆਂ ਨਾਲ ਛੂੰਹਦੇ ਨਹੀਂ, ਤਾਂ ਕਿ ਭਿੱਟੇ ਨਾ ਜਾਣ। ਇਕਿ ਲੂਕਿ-ਕਈ ਲੁਕ ਕੇ ਗੁਫ਼ਾ ਵਿਚ ਰਹਿੰਦੇ ਹਨ। ਦਰਸਾ-ਦਰਸ਼ਨ। ਗਿਆਤਾ-ਗਿਆਨਵਾਨ, ਗਿਆਨੀ ਬਣੇ ਪਏ ਹਨ। ਕਿਨਹੀ-ਕਿਸੇ ਨੇ ਵੀ (ਆਪਣੇ ਆਪ ਨੂੰ)। ਘਾਟਿ-ਘਟ। ਨ ਕਹਾਇਆ-ਨਹੀਂ ਅਖਵਾਇਆ। ਸਭ ਕਹਤੇ ਹੈ-ਸਾਰੇ ਹੀ ਕਹਿੰਦੇ ਹਨ। ਪਾਇਆ-(ਕਿ ਮੈਂ ਪਰਮਾਤਮਾ ਨੂੰ) ਪਾ ਲਿਆ ਹੈ। ਜਿਸੁ ਮੇਲੇ-ਜਿਸ ਨੂੰ (ਆਪਣੇ ਨਾਲ) ਮਿਲਾ ਗਿਆ ਹੈ। ਸੋ ਭਗਤਾ-ਉਹੀ (ਸੱਚਾ) ਭਗਤ ਹੈ।
ਸਗਲ-ਸਾਰੀਆਂ। ਉਕਤਿ-ਸਿਆਣਪਾਂ। ਉਪਾਵਾ-ਉਪਾਅ।
'ਐਥੈ ਆਇਆ ਸਭੁ ਕੋ ਜਾਸੀ ਕੂੜਿ ਕਰਹੁ ਅਹੰਕਾਰੋ (ਅੰਗ 578) ਦੇ ਮਹਾਂਵਾਕ ਅਨੁਸਾਰ ਇਸ ਸੰਸਾਰ ਵਿਚ ਜੋ ਵੀ ਆਇਆ ਹੈ, ਉਸ ਨੇ ਇਕ ਨਾ ਇਕ ਦਿਨ ਜ਼ਰੂਰ ਤੁਰ ਜਾਣਾ ਹੈ। ਉਹ ਫਿਰ ਭਾਵੇਂ ਜੋਗੀ ਹੋਵੇ, ਜਤੀ ਜਾਂ ਤਪੀ ਅਤੇ ਸੰਨਿਆਸੀ ਹੋਵੇ ਜਾਂ ਤੀਰਥਾਂ 'ਤੇ ਬੜਾ ਭਰਮਣ ਕਰਨ ਵਾਲਾ ਹੋਵੇ, ਸ੍ਰੇਵੜਾ (ਸਿਰ ਦੇ ਵਾਲ ਪੁੱਟਣ ਵਾਲਾ) ਹੋਵੇ ਜਾਂ ਵੈਰਾਗੀ, ਮੋਨੀ ਅਤੇ ਜਟਾਧਾਰੀ ਸਾਧੂ ਹੋਵੇ, ਅੰਤ ਵੇਲੇ ਉਨ੍ਹਾਂ ਸਭ ਨੂੰ ਮਰਨਾ ਹੀ ਪੈਣਾ ਹੈ। ਸਿਰਮੌਰ ਭਗਤ ਕਬੀਰ ਜੀ ਦੇ ਰਾਗੁ ਆਸਾ ਵਿਚ ਪਾਵਨ ਬਚਨ ਹਨ-
ਜੋਗੀ ਜਤੀ ਤਪੀ ਸੰਨਿਆਸੀ
ਬਹੁ ਤੀਰਥ ਭ੍ਰਮਨਾ॥
ਲੁੰਜਿਤ ਮੁੰਜਿਤ ਮੋਨ ਜਟਾਧਰ
ਅੰਤਿ ਤਊ ਮਰਨਾ॥ (ਅੰਗ 476)
ਲੁੰਜਿਤ-ਸ੍ਰੇਵੜੇ (ਮੋਚਨੇ ਨਾਲ ਸਿਰ ਦੇ ਵਾਲ ਪੁੱਟਣ ਵਾਲੇ)। ਮੁੰਜਿਤ-ਬੈਰਾਗੀ ਲੋਕ ਜੋ ਮੁੰਜ ਦੀ ਤੜਾਗੀ ਪਾਉਂਦੇ ਹਨ। ਜਟਾਧਾਰ-ਜਟਾਂ ਵਾਲੇ ਸਾਧੂ।
ਆਪ ਜੀ ਦੇ ਹੋਰ ਬਚਨ ਹਨ ਕਿ ਵੇਦ, ਪੁਰਾਨ ਅਤੇ ਸਿਮ੍ਰਤੀਆਂ ਸਭ ਖੋਜ ਲਏ ਹਨ, ਕਿਸੇ ਤੋਂ ਵੀ ਉਧਾਰ ਨਹੀਂ ਹੁੰਦਾ-
ਬੇਦ ਪੁਰਾਨ ਸਿਮ੍ਰਿਤਿ ਸਭ ਖੋਜੇ
ਕਹੂ ਨ ਊਬਰਨਾ॥ (ਅੰਗ 477)
ਊਬਰਨਾ-ਬਚਾਓ, ਉਧਾਰ।
ਆਪ ਜੀ ਦ੍ਰਿੜ੍ਹ ਕਰਵਾ ਰਹੇ ਹਨ ਕਿ ਮੈਂ ਤਾਂ ਕੇਵਲ ਪਰਮਾਤਮਾ ਦਾ ਨਾਮ ਹੀ ਜਪਦਾ ਹਾਂ, ਜੋ ਜਨਮ-ਮਰਨ ਦੇ ਚੱਕਰ ਤੋਂ ਬਚਾਉਂਦਾ ਹੈ-
ਕਹੁ ਕਬੀਰ ਇਉ ਰਾਮਹਿ ਜੰਪਉ
ਮੇਟਿ ਜਨਮ ਮਰਨਾ॥ (ਅੰਗ 477)
ਮੇਟਿ-ਮਿਟਾਉਂਦਾ ਹੈ, ਬਚਾਉਂਦਾ ਹੈ।
ਅੱਖਰੀਂ ਅਰਥ : ਪੰਚਮ ਗੁਰਦੇਵ ਦੇ ਪਾਵਨ ਬਚਨ ਹਨ ਕਿ ਮੈਨੂੰ ਇਸ ਗੱਲ ਦੀ ਸੋਝੀ ਨਹੀਂ ਕਿ (ਪਰਮਾਤਮਾ ਨੂੰ) ਕਿਹੜੀ ਗੱਲ ਚੰਗੀ ਲਗਦੀ ਹੈ। ਹੇ ਮੇਰੇ ਮਨ, ਉਸ ਪ੍ਰਭੂ (ਨੂੰ ਮਿਲਣ ਦੇ) ਰਸਤੇ ਦੀ ਖੋਜ ਕਰ। ਸਮਾਧੀਆਂ ਲਾਉਣ ਵਾਲੇ ਸਮਾਧੀਆਂ ਲਾਉਂਦੇ ਹਨ, ਗਿਆਨਵਾਨ ਲੋਕ ਗਿਆਨ ਕਮਾਉਂਦੇ ਹਨ ਪਰ (ਉਸ ਦੇ ਚੋਜਾਂ ਦੀ) ਸੋਝੀ ਕਿਸੇ ਵਿਰਲੇ ਨੂੰ ਹੀ ਪਈ ਹੈ। ਵੈਸ਼ਨੋ ਭਗਤ ਵਰਤ ਨੇਮ, ਤਿਲਕ, ਪੂਜਾ, ਤੀਰਥ ਇਸ਼ਨਾਨ ਆਦਿ ਸੰਜਮਾਂ ਵਿਚ ਪਏ ਰਹਿੰਦੇ ਹਨ। ਜੋਗੀ ਆਖਦੇ ਹਨ ਕਿ ਅਸੀਂ ਜੋਗ (ਯੋਗ) ਕਿਰਿਆ ਦੁਆਰਾ ਮੁਕਤ ਹੋ ਗਏ। ਤਪ ਕਰਨ ਵਾਲੇ ਤਪੱਸਵੀ (ਸਾਧੂ) ਤਪ ਕਰਨ ਵਿਚ ਹੀ ਮਸਤ ਰਹਿੰਦੇ ਹਨ।
ਇਸੇ ਤਰ੍ਹਾਂ ਚੁੱਪ ਰਹਿਣ ਵਾਲੇ (ਮੋਨੀ) ਸਾਧੂ ਚੁੱਪ ਧਾਰੀ ਰੱਖਦੇ ਹਨ, ਸੰਨਿਆਸੀ ਸੰਨਿਆਸ ਵਿਚ, ਬ੍ਰਹਮਚਾਰੀ ਬ੍ਰਹਮਚਰਜ ਵਿਚ ਅਤੇ ਉਦਾਸੀ ਉਦਾਸੀ ਭੇਖ ਵਿਚ ਮਸਤ ਰਹਿੰਦੇ ਹਨ। ਕੋਈ ਆਖਦਾ ਹੈ ਕਿ ਉਹ ਨੌਂ ਤਰ੍ਹਾਂ ਦੀ ਭਗਤੀ ਕਰਦਾ ਹੈ। ਪੰਡਿਤ ਵੇਦਾਂ ਨੂੰ ਉੱਚੀ-ਉੱਚੀ ਪੜ੍ਹਦਾ ਹੈ। ਗ੍ਰਹਿਸਤੀ ਗ੍ਰਹਿਸਤ ਧਰਮ ਵਿਚ ਹੀ ਮਸਤ ਰਹਿੰਦਾ ਹੈ।
ਕਈ ਇਕ ਹੀ ਸ਼ਬਦ ਆਖਦੇ ਹਨ, ਜਿਵੇਂ ਅਲੱਖ, ਅਲੱਖ ਪਰ ਕਈ ਬਹੁਰੂਪੀਏ ਹਨ ਅਤੇ ਕਈ ਨਾਂਗੇ ਸਾਧੂ ਹਨ। ਇਕ ਟਾਕੀਆਂ ਵਾਲੇ ਚੋਲੇ ਪਹਿਨਦੇ ਹਨ। ਇਕ ਨਾਟਕੀ ਚੇਟਕੀ ਹਨ (ਭਾਵ ਨਾਟਕਾਂ ਚੇਟਕਾਂ ਦੁਆਰਾ ਲੋਕਾਂ ਨੂੰ ਖੁਸ਼ ਕਰਦੇ ਹਨ ਅਤੇ ਅਨੇਕਾਂ ਤੀਰਥਾਂ 'ਤੇ ਇਸ਼ਨਾਨ ਕਰਦੇ ਰਹਿੰਦੇ ਹਨ, ਕਈ ਸਾਰੀ ਰਾਤ ਜਾਗ ਕੇ ਕੱਟਦੇ ਹਨ ਭਾਵ ਜਗਰਾਤੇ ਕਰਨ ਵਾਲੇ)।
ਇਕ ਭੋਜਨ ਅਥਵਾ ਖਾਣਾ ਨਾ ਖਾ ਕੇ ਵਰਤ ਰੱਖਣ ਵਾਲੇ ਹਨ। ਇਕ ਅਜਿਹੇ ਸਾਧੂ ਹਨ, ਜੋ ਦੂਜਿਆਂ ਨੂੰ ਛੂੰਹਦੇ ਨਹੀਂ ਕਿ ਮਤਾ ਉਹ ਭਿੱਟ ਨਾ ਜਾਣ। ਅਨੇਕ ਪਹਾੜਾਂ ਦੀਆਂ ਗੁਫਾਵਾਂ ਵਿਚ ਲੁਕ ਕੇ ਰਹਿੰਦੇ ਹਨ ਅਤੇ ਦੂਜਿਆਂ ਨੂੰ ਦਰਸ਼ਨ ਨਹੀਂ ਦਿੰਦੇ ਅਤੇ ਇਕ ਆਪਣੇ-ਆਪ ਵਿਚ ਹੀ ਗਿਆਨੀ ਅਥਵਾ ਗਿਆਨਵਾਨ ਬਣੇ ਰਹਿੰਦੇ ਹਨ।
(ਇਸ ਸ੍ਰਿਸ਼ਟੀ ਵਿਚ) ਕਿਸੇ ਨੇ ਵੀ ਆਪਣੇ-ਆਪ ਨੂੰ ਘੱਟ ਨਹੀਂ ਅਖਵਾਇਆ। ਸਾਰੇ ਹੀ ਕਹਿੰਦੇ ਹਨ ਕਿ ਮੈਂ ਪਰਮਾਤਮਾ ਨੂੰ ਪਾ ਲਿਆ ਹੈ ਪਰ ਪਰਮਾਤਮਾ ਨੇ ਜਿਸ ਨੂੰ ਆਪਣੇ-ਆਪ ਨਾਲ ਮਿਲਾ ਲਿਆ ਹੈ, ਉਹੀ (ਸਮਝੋ ਸੱਚਾ) ਭਗਤ ਹੈ। ਅੰਤਲੇ ਬੰਦ ਵਿਚ ਆਪ ਜੀ ਦ੍ਰਿੜ੍ਹ ਕਰਵਾ ਰਹੇ ਹਨ ਕਿ ਮੈਂ ਸਾਰੀਆਂ ਸਿਆਣਪਾਂ ਅਤੇ ਉਪਾਵਾਂ ਨੂੰ ਤਿਆਗ ਕੇ, ਗੁਰੂ ਦੇ ਚਰਨਾਂ ਦਾ ਓਟ ਆਸਰਾ ਲੈ ਕੇ ਪ੍ਰਭੂ ਦੀ ਸਰਨੀ ਆ ਪਿਆ ਹਾਂ।


-217-ਆਰ, ਮਾਡਲ ਟਾਊਨ, ਜਲੰਧਰ।

ਪ੍ਰੇਰਨਾ-ਸਰੋਤ

ਸਾਡੇ ਅੰਦਰ ਦਾ ਦੈਵੀ ਤੱਤ ਹੀ ਸਾਡਾ ਚਰਿੱਤਰ ਬਣਦਾ ਹੈ

ਸਾਡੇ ਵਿਚਾਰ ਅਤੇ ਸਾਡੀਆਂ ਕਿਰਿਆਵਾਂ ਸਾਡੇ ਮਨ 'ਤੇ ਅਮਿਟ ਛਾਪ ਛੱਡਦੇ ਹਨ। ਅਜਿਹੇ ਵਿਚਾਰ ਅਤੇ ਕਿਰਿਆਵਾਂ ਸਦਕਾ ਹੀ ਸਾਡੇ ਸੰਸਕਾਰ ਬਣਦੇ ਹਨ। ਇਹ ਸੰਸਕਾਰ ਹੀ ਇਹ ਨਿਰਧਾਰਤ ਕਰਦੇ ਹਨ ਕਿ ਅਸੀਂ ਕਿਸੇ ਵਿਸ਼ੇਸ਼ ਹਾਲਤ ਵਿਚ ਕਿਸ ਤਰ੍ਹਾਂ ਦਾ ਵਰਤਾਓ ਕਰਾਂਗੇ। ਸਵਾਮੀ ਵਿਵੇਕਾਨੰਦ ਚਰਿੱਤਰ ਨਿਰਮਾਣ ਬਾਰੇ ਲਿਖਦੇ ਹਨ ਕਿ ਸਾਡੇ ਸਾਰੇ ਸੰਸਕਾਰਾਂ ਦਾ ਯੋਗ ਸਾਡਾ ਚਰਿੱਤਰ ਨਿਰਮਾਣ ਕਰਦਾ ਹੈ। ਜਿਸ ਤਰ੍ਹਾਂ ਵਰਤਮਾਨ, ਭੂਤਕਾਲ 'ਤੇ ਆਧਾਰਿਤ ਹੈ ਅਤੇ ਸਾਡਾ ਭਵਿੱਖ ਸਾਡੇ ਵਰਤਮਾਨ 'ਤੇ ਨਿਰਭਰ ਕਰਦਾ ਹੈ। ਸਾਡੀਆਂ ਵਰਤਮਾਨ ਦੀਆਂ ਕਿਰਿਆਵਾਂ ਅਤੇ ਵਿਚਾਰ ਸਾਡਾ ਭਵਿੱਖ ਨਿਰਧਾਰਤ ਕਰਨਗੇ। ਇਹ ਹੀ ਵਿਅਕਤੀ-ਵਿਕਾਸ ਨੂੰ ਨਿਯੰਤਰ ਕਰਨ ਵਾਲਾ ਮੂਲ ਸਿਧਾਂਤ ਹੈ।
ਸਾਡੇ ਸਰੀਰ ਜਾਂ ਦੇਹ ਕੌਣ ਕਿਰਿਆਸ਼ੀਲ ਕਰਦਾ ਹੈ, ਇਸ ਵੱਲ ਪੁਰਾਤਨ ਕਾਲ ਵਿਚ ਹੀ ਸਾਡੇ ਰਿਸ਼ੀਆਂ-ਮੁਨੀਆਂ ਦਾ ਧਿਆਨ ਗਿਆ ਸੀ। ਉਨ੍ਹਾਂ ਨੇ ਆਪਣੇ 'ਤੇ ਹੀ ਪ੍ਰਯੋਗ ਕੀਤੇ। ਆਪਣੀਆਂ ਗਿਆਨ ਇੰਦਰੀਆਂ ਅਤੇ ਮਾਨਸਿਕ ਯੰਤਰਾਂ 'ਤੇ ਅਧਿਐਨ ਅਤੇ ਸੋਧ ਤੋਂ ਉਨ੍ਹਾਂ ਨੇ ਪਤਾ ਲਗਾਇਆ ਕਿ ਮਨੁੱਖਾਂ ਵਿਚ ਇਕ ਦੈਵੀ ਤੱਤ ਮੌਜੂਦ ਹੁੰਦਾ ਹੈ, ਜਿਹੜਾ ਮਨ ਦਾ ਵੀ ਮਨ, ਅੱਖਾਂ ਦੀ ਅੱਖ ਅਤੇ ਵਾਣੀ ਦੀ ਵਾਣੀ ਹੁੰਦਾ ਹੈ। ਇਹ ਵੀ ਅਨੋਖਾ ਤੱਤ ਹੈ, ਜੋ ਅਸਲ ਵਿਚ ਸਰੀਰ ਦਾ ਨਾਸ਼ ਹੋਣ 'ਤੇ ਵੀ ਨਸ਼ਟ ਨਹੀਂ ਹੁੰਦਾ। ਜਦ ਤੱਕ ਅਸੀਂ ਆਪਣੇ ਸਰੀਰ, ਮਨ ਅਤੇ ਇੰਦਰੀ ਤੰਤਰ ਦਾ ਬੋਧ ਕਰਦੇ ਹਾਂ, ਤਦ ਤੱਕ ਇਹ ਛੁਪਿਆ ਰਹਿੰਦਾ ਹੈ। ਸ਼ਾਸਤਰਾਂ ਅਤੇ ਮਹਾਂਪੁਰਸ਼ਾਂ ਦੇ ਮਤ ਅਨੁਸਾਰ ਇਸ ਛੁਪੀ ਹੋਈ ਦਿਵਅਤਾ (ਅਨੋਖੇਪਨ) ਦੀ ਵਿਆਖਿਆ ਕਰਨਾ ਹੀ ਜੀਵਨ ਦਾ ਉਦੇਸ਼ ਹੈ।


-ਮੋਬਾ: 62805-75943

ਪ੍ਰਾਚੀਨ ਤੇ ਪ੍ਰਸਿੱਧ ਹੜਿੰਬਾ ਦੇਵੀ ਮੰਦਰ ਮਨਾਲੀ (ਹਿਮਾਚਲ ਪ੍ਰਦੇਸ਼)

ਹਿਮਾਚਲ ਪ੍ਰਦੇਸ਼ ਨੂੰ ਦੇਵ ਭੂਮੀ ਵਜੋਂ ਜਾਣਿਆ ਜਾਂਦਾ ਹੈ। ਇਥੇ ਹਰ ਸ਼ਹਿਰ, ਕਸਬੇ ਅਤੇ ਪਿੰਡਾਂ ਵਿਚ ਪ੍ਰਾਚੀਨ ਮੰਦਰ ਦੇਖੇ ਜਾ ਸਕਦੇ ਹਨ। ਹਿਮਾਚਲ ਪ੍ਰਦੇਸ਼ ਦੀ ਅਧਿਆਤਮਿਕਤਾ ਤੇ ਹਿੰਦੂ ਫਿਲਾਸਫੀ ਦੇ ਕੇਂਦਰ ਵਜੋਂ ਜਾਣਿਆ ਜਾਂਦਾ ਪ੍ਰਸਿੱਧ ਤੇ ਪ੍ਰਾਚੀਨ 'ਹੜਿੰਬਾ ਦੇਵੀ ਮੰਦਰ' ਪੁਰਾਣੀ ਮਨਾਲੀ ਸੜਕ ਉੱਪਰ ਸੁਸ਼ੋਭਿਤ ਹੈ। ਇਸ ਪ੍ਰਾਚੀਨ ਮੰਦਰ ਨੂੰ ਰਾਜਾ ਬਹਾਦਰ ਸਿੰਘ ਨੇ 1553 ਈ: ਵਿਚ ਬਣਾਇਆ ਸੀ। ਇਸ ਪੁਰਾਤਨ ਮੰਦਰ ਦਾ ਇਤਿਹਾਸ ਮਹਾਂਭਾਰਤ ਨਾਲ ਜੁੜਿਆ ਹੋਇਆ ਹੈ। ਇਤਿਹਾਸਕ ਤੇ ਮਿਥਿਹਾਸਕ ਹਵਾਲਿਆਂ ਅਨੁਸਾਰ ਇਹ ਮੰਦਰ ਭੀਮ ਦੀ ਪਤਨੀ ਹੜਿੰਬਾ ਦੇਵੀ ਨੂੰ ਸਮਰਪਿਤ ਹੈ। ਹੜਿੰਬਾ ਦੇਵੀ ਕੁੱਲੂ ਰਾਜਬੰਸ ਨਾਲ ਸਬੰਧ ਰੱਖਦੀ ਸੀ।
ਇਹ ਮੰਨਿਆ ਜਾਂਦਾ ਹੈ ਕਿ ਜਦੋਂ ਪਾਂਡਵ ਭਰਾ ਕੌਰਵਾਂ ਹੱਥੋਂ ਜੂਏ ਵਿਚ ਸਭ ਕੁਝ ਹਾਰ ਗਏ ਸਨ ਤਾਂ ਦੁਰਯੋਧਨ ਨੇ ਪਾਂਡਵ ਭਰਾਵਾਂ ਨੂੰ ਵਰਣਾ ਪੰਥ ਨਾਂਅ ਦੇ ਸਥਾਨ 'ਤੇ ਭੇਜ ਦਿੱਤਾ ਸੀ, ਜਿਥੇ ਦੁਰਯੋਧਨ ਨੇ ਇਕ ਕੱਖਾਂ ਦਾ ਖ਼ੂਬਸੂਰਤ ਮਹਿਲ ਤਿਆਰ ਕਰਵਾਇਆ ਸੀ। ਇਸ ਕੱਖਾਂ ਦੇ ਮਹਿਲ ਅੰਦਰ ਪਾਂਡਵ ਭਰਾਵਾਂ ਨੂੰ ਜਿਉਂਦੇ ਜਲਾਉਣ ਦੀ ਯੋਜਨਾ ਸੀ। ਪਾਂਡਵ ਭਰਾਵਾਂ ਨੂੰ ਵੀ ਇਸ ਗੱਲ ਦੀ ਖ਼ਬਰ ਸੀ ਕਿ ਕੌਰਵ ਉਨ੍ਹਾਂ ਨਾਲ ਧੋਖਾ ਕਰ ਰਹੇ ਹਨ। ਇਸ ਲਈ ਉਨ੍ਹਾਂ ਨੇ ਇਸ ਮਹਿਲ ਹੇਠਾਂ ਸੁਰੰਗ ਬਣਾ ਲਈ ਸੀ, ਜਿਸ ਰਸਤੇ ਉਹ ਗੰਗਾ ਦੇ ਤੱਟ 'ਤੇ ਪਹੁੰਚ ਗਏ ਸਨ। ਗੰਗਾ ਨਦੀ ਪਾਰ ਕਰਕੇ ਉਹ ਦੱਖਣੀ ਦਿਸ਼ਾ ਵੱਲ ਜੰਗਲਾਂ ਵਿਚ ਚਲੇ ਗਏ ਸਨ। ਉਹ ਜੰਗਲ ਵਿਚ ਭਟਕ ਕੇ ਉਸ ਖੇਤਰ ਵਿਚ ਚਲੇ ਗਏ ਸਨ, ਜਿਥੇ ਰਾਖਸ਼ਸ਼ ਰਹਿੰਦੇ ਸਨ। ਇਸ ਦੌਰਾਨ ਹੀ 'ਹੜਿੰਬ' ਰਾਖਸ਼ਸ਼ ਨੇ ਆਪਣੀ ਭੈਣ ਹੜਿੰਬਾ ਨੂੰ ਸ਼ਿਕਾਰ ਕਰਨ ਲਈ ਭੇਜਿਆ ਸੀ। ਜਦੋਂ ਹੜਿੰਬਾ ਸ਼ਿਕਾਰ ਦੀ ਭਾਲ ਵਿਚ ਜੰਗਲਾਂ ਵਿਚ ਘੁੰਮ ਰਹੀ ਸੀ ਤਾਂ ਉਸ ਨੇ ਕੁੰਤੀ ਸਮੇਤ ਪਾਂਡਵ ਭਰਾਵਾਂ ਨੂੰ ਦੇਖ ਲਿਆ ਸੀ। ਪੰਜ ਪਾਂਡਵਾਂ ਵਿਚੋਂ ਉਸ ਦਾ ਦਿਲ ਭੀਮ ਉੱਪਰ ਆ ਗਿਆ ਸੀ। ਉਹ ਉਸ ਦੀ ਆਸ਼ਕ ਹੋ ਗਈ ਸੀ। ਇਸ ਲਈ ਉਸ ਨੇ ਪਾਂਡਵਾਂ ਉੱਪਰ ਹਮਲਾ ਨਹੀਂ ਕੀਤਾ ਸੀ। ਪਾਂਡਵਾਂ ਦਾ ਸ਼ਿਕਾਰ ਨਾ ਕਰਨ 'ਤੇ ਹੜਿੰਬ ਕ੍ਰੋਧਿਤ ਹੋ ਗਿਆ ਸੀ ਅਤੇ ਉਸ ਨੇ ਆਪ ਹੀ ਪਾਂਡਵਾਂ ਉੱਪਰ ਹਮਲਾ ਕਰ ਦਿੱਤਾ ਸੀ। ਭੀਮ ਤੇ ਹੜਿੰਬ ਵਿਚਕਾਰ ਘਮਸਾਨ ਦਾ ਯੁੱਧ ਹੋਇਆ। ਆਖ਼ਰ ਨੂੰ ਭੀਮ ਨੇ ਹੜਿੰਬ ਨੂੰ ਮਾਰ ਦਿੱਤਾ ਸੀ। ਹੜਿੰਬਾ ਭੀਮ ਨਾਲ ਵਿਆਹ ਕਰਾਉਣਾ ਚਾਹੁੰਦੀ ਸੀ ਪਰ ਭੀਮ ਨੇ ਵਿਆਹ ਤੋਂ ਇਨਕਾਰ ਕਰ ਦਿੱਤਾ ਸੀ। ਕੁੰਤੀ ਨੇ ਭੀਮ ਨੂੰ ਇਹ ਕਹਿ ਕੇ ਮਨਾ ਲਿਆ ਸੀ ਕਿ ਹੜਿੰਬਾ ਦਾ ਇਸ ਜੰਗਲ ਵਿਚ ਹੋਰ ਕੋਈ ਨਹੀਂ। ਇਸ ਤਰ੍ਹਾਂ ਭੀਮ ਤੇ ਹੜਿੰਬਾ ਦਾ ਵਿਆਹ ਹੋ ਗਿਆ ਸੀ। ਮਹਾਂਭਾਰਤ ਵਿਚ ਜਿਸ 'ਘਟੋਤਘੱਚ' ਦਾ ਜ਼ਿਕਰ ਆਉਂਦਾ ਹੈ, ਉਹ ਭੀਮ ਤੇ ਹੜਿੰਬਾ ਦਾ ਹੀ ਪੁੱਤਰ ਸੀ। ਹੜਿੰਬਾ ਭਾਵੇਂ ਮੂਲ ਰੂਪ 'ਚ ਜਿਥੇ ਮਰਜ਼ੀ ਨਿਵਾਸ ਰੱਖਦੀ ਸੀ ਪਰ ਮਨਾਲੀ ਵਿਚ ਹੀ ਉਸ ਦਾ ਦੇਵੀਕਰਨ ਹੋਇਆ ਸੀ ਅਤੇ ਰਾਖਸ਼ਸ਼ ਜਾਤੀ ਤੋਂ ਮੁਕਤ ਹੋ ਕੇ ਹੜਿੰਬਾ ਦੇਵੀ ਬਣ ਗਈ ਸੀ। ਮਨਾਲੀ ਵਿਚ ਹੜਿੰਬਾ ਦੇਵੀ ਦਾ ਮੰਦਰ ਉਤਕ੍ਰਿਸ਼ਟ ਕਲਾ ਦਾ ਨਮੂਨਾ ਹੈ। ਮੰਦਰ ਦੇ ਅੰਦਰ ਇਕ ਪ੍ਰਕਿਰਤਕ ਚਟਾਨ ਹੈ, ਜਿਸ ਦੇ ਥੱਲੇ ਹੜਿੰਬਾ ਦੇਵੀ ਦਾ ਸਥਾਨ ਹੈ। ਸਥਾਨਕ ਭਾਸ਼ਾ ਵਿਚ ਇਸ ਚਟਾਨ ਨੂੰ ਢੋਗਕਾ ਵੀ ਕਿਹਾ ਜਾਂਦਾ ਹੈ। ਇਸ ਲਈ ਇਥੇ ਹੜਿੰਬਾ ਦੇਵੀ ਨੂੰ ਢੋਗਰੀ ਦੇਵੀ ਅਤੇ ਗ੍ਰਾਮ ਦੇਵੀ ਦੇ ਨਾਂਅ ਨਾਲ ਵੀ ਪੂਜਿਆ ਜਾਂਦਾ ਹੈ। 4 ਛੱਤਾਂ ਵਾਲਾ ਇਹ ਮੰਦਰ ਪਿਕੋਡਾ ਸ਼ੈਲੀ ਵਿਚ ਬਣਾਇਆ ਗਿਆ ਹੈ। ਦਿਉਦਾਰ ਤੇ ਚੀਲ ਦੇ ਰੁੱਖਾਂ ਵਿਚ ਘਿਰਿਆ ਇਹ ਮੰਦਰ ਸੈਲਾਨੀਆਂ ਲਈ ਰਮਣੀਕ ਨਜ਼ਾਰਾ ਪੇਸ਼ ਕਰਦਾ ਹੈ। ਅੱਜ ਤੱਕ ਲੱਖਾਂ ਹੀ ਸ਼ਰਧਾਲੂ ਇਸ ਪ੍ਰਾਚੀਨ ਮੰਦਰ ਦੇ ਦਰਸ਼ਨ ਕਰ ਚੁੱਕੇ ਹਨ।


-ਮੋਬਾ: 94653-69343

ਧਾਰਮਿਕ ਸਾਹਿਤ

ਗੁਰ ਅੰਗਦ ਸੋਭਾ
(ਸਿੱਖ ਧਰਮ ਦੀ ਸਥਾਪਤੀ ਲਈ ਗੁਰੂ ਅੰਗਦ ਦੇਵ ਜੀ ਦਾ ਯੋਗਦਾਨ)
ਲੇਖਕ : ਡਾ: ਅਵਤਾਰ ਸਿੰਘ
ਪ੍ਰਕਾਸ਼ਕ : ਆਰਸੀ ਪਬਲਿਸ਼ਰਜ਼, ਦਿੱਲੀ।
ਸਫੇ : 624, ਮੁੱਲ : 695 ਰੁਪਏ
ਸੰਪਰਕ : 94784-82210


ਗੁਰਮਤਿ ਦਰਸ਼ਨ ਨਾਲ ਲਬਰੇਜ਼ ਸ਼ਖ਼ਸੀਅਤ ਡਾ: ਅਵਤਾਰ ਸਿੰਘ ਦੀ ਵੱਡ-ਆਕਾਰੀ ਅਤੇ ਵਡਮੁੱਲੀ ਪੁਸਤਕ ਗੁਰ ਅੰਗਦ ਸੋਭਾ ਬੜੀ ਹੀ ਗਿਆਨ-ਵਰਧਕ ਹੈ। ਇਸ ਮਹਾਨ ਪੁਸਤਕ ਦੀ ਤਿਆਰੀ ਬੜੀ ਮਿਹਨਤ ਅਤੇ ਲਗਨ ਨਾਲ ਕੀਤੀ ਗਈ ਹੈ। ਲੇਖਕ ਨੂੰ ਗੁਰਮਤਿ ਸਾਹਿਤ ਨਾਲ ਸਬੰਧਿਤ ਮਣਾਂ-ਮੂੰਹੀ ਸਮੱਗਰੀ ਨਾਲ ਜੂਝਣਾ ਪਿਆ। ਇਸ ਤੱਥ ਦੀ ਸਚਾਈ ਪੁਸਤਕ ਅੰਦਰਲੇ ਹਵਾਲੇ ਅਤੇ ਪੁਸਤਕ ਸੂਚੀ ਤੋਂ ਸਹਿਜੇ ਹੀ ਅਨੁਮਾਨੀ ਜਾ ਸਕਦੀ ਹੈ। ਲੇਖਕ ਨੇ ਇਸ ਨੂੰ ਚਾਰ ਪ੍ਰਮੁੱਖ ਖੰਡਾਂ ਵਿਚ ਵੰਡਿਆ ਹੈ। ਪਹਿਲਾ ਖੰਡ ਇਤਿਹਾਸ ਹੈ, ਜਿਸ ਵਿਚ ਚਾਰ ਅਧਿਐਨ ਸ਼ਾਮਿਲ ਹਨ। ਦੂਜਾ ਖੰਡ ਗੁਰੂ ਅੰਗਦ ਦੇਵ ਜੀ ਦੇ ਯੋਗਦਾਨ ਬਾਰੇ ਹੈ। ਇਸ ਖੰਡ ਵਿਚ ਪੰਜ ਅਧਿਆਇ ਹਨ। ਤੀਜਾ ਖੰਡ ਬਾਣੀ ਬਾਰੇ ਹੈ, ਜਿਸ ਵਿਚ ਤਿੰਨ ਅਧਿਆਇ ਸ਼ਾਮਿਲ ਹਨ। ਚੌਥੇ ਖੰਡ ਵਿਚ ਸਹਾਇਕ ਸਮੱਗਰੀ ਦਿੱਤੀ ਗਈ ਹੈ, ਜਿਸ ਵਿਚ ਦੋ ਖੰਡ ਹਨ। ਇੰਜ ਇਸ ਪੁਸਤਕ ਦੇ ਕੁੱਲ ਕਾਂਡ 14 ਹਨ। ਪਹਿਲੇ ਅਧਿਆਇ ਵਿਚ ਗੁਰੂ ਅੰਗਦ ਦੇਵ ਜੀ ਸਮੇਂ (1504-52) ਦੀ ਤਤਕਾਲਿਕ ਸਮਾਜਿਕ, ਆਰਥਿਕ, ਰਾਜਨੀਤਕ ਅਤੇ ਧਾਰਮਿਕ ਦਸ਼ਾ ਬਿਆਨ ਕੀਤੀ ਗਈ ਹੈ।
ਦੂਜੇ ਅਧਿਆਇ ਵਿਚ ਭਾਈ ਲਹਿਣਾ ਤੋਂ ਗੁਰੂ ਅੰਗਦ ਹੋਣ ਦਾ ਸਫ਼ਰ ਉਲੀਕਿਆ ਗਿਆ ਹੈ। ਇਸ ਕਾਂਡ ਵਿਚ ਉਨ੍ਹਾਂ ਦੇ ਜਨਮ ਤੋਂ ਸ਼ੁਰੂ ਕਰਕੇ ਜਨਮ ਸਥਾਨ, ਵਡੇਰਿਆਂ, ਬਚਪਨ ਤੇ ਸ਼ਾਦੀ, ਆਤਮਿਕ ਜਗਿਆਸਾ, ਪਹਿਲੀ ਪਾਤਸ਼ਾਹੀ ਨਾਲ ਮਿਲਾਪ, ਸੇਵਾ ਪ੍ਰੀਖਿਆਵਾਂ ਤੇ ਅਖੀਰ ਯੋਗ ਉੱਤਰਾਧਿਕਾਰੀ ਵਜੋਂ ਗੁਰੂ ਅੰਗਦ ਦੀ ਉਪਾਧੀ ਪ੍ਰਾਪਤ ਕਰਨ ਦੇ ਨਾਲ-ਨਾਲ ਗੁਰੂ ਨਾਨਕ ਸਾਹਿਬ ਦੇ ਜੋਤੀ-ਜੋਤਿ ਸਮਾਉਣ ਦਾ ਉਲੇਖ ਮਿਲਦਾ ਹੈ। ਤੀਜੇ ਅਧਿਆਇ ਵਿਚ ਗੁਰੂ ਪਦਵੀ ਪ੍ਰਾਪਤ ਕਰਨ ਉਪਰੰਤ ਖਡੂਰ ਸਾਹਿਬ ਵਿਖੇ ਪਹਿਲਾਂ ਗੁਪਤ ਵਾਸ ਅਤੇ ਬਾਅਦ ਵਿਚ ਪ੍ਰਗਟ ਹੋ ਕੇ ਗੁਰੂ-ਕਾਰਜ ਆਰੰਭ ਕਰਨ ਬਾਰੇ ਦੱਸਿਆ ਗਿਆ ਹੈ। ਚੌਥੇ ਕਾਂਡ ਵਿਚ ਗੁਰੂ ਅੰਗਦ ਦੇਵ ਜੀ ਦੇ ਸਿੱਖੀ ਪਰਿਵਾਰ (ਮਾਤਾ ਖੀਵੀ ਜੀ, ਮਾਤਾ ਵਿਰਾਈ ਜੀ) ਅਤੇ ਉਸ ਸਮੇਂ ਦੇ ਗੁਰਸਿੱਖਾਂ ਵਿਸ਼ੇਸ਼ ਕਰਕੇ ਭਾਈ ਬੁੱਢਾ ਜੀ, ਭਾਈ ਲਾਲੋ ਜੀ, ਭਾਈ ਦੁਨੀ ਚੰਦ ਜੀ, ਭਾਈ ਸੌਂਧੇ ਸ਼ਾਹ, ਰਾਇ ਬਲਵੰਡ ਰਬਾਬੀ ਨਾਲ ਜਾਣ-ਪਛਾਣ ਕਰਵਾਈ ਗਈ ਹੈ। ਪੰਜਵੇਂ ਅਧਿਆਇ ਵਿਚ ਦੇਵਨਾਗਰੀ ਅਤੇ ਫਾਰਸੀ ਦੇ ਮੁਕਾਬਲੇ ਵਿਚ ਮਾਂ-ਬੋਲੀ ਪੰਜਾਬੀ ਲਈ ਗੁਰਮੁਖੀ ਲਿਪੀ ਦੇ ਪ੍ਰਚਲਣ, ਪ੍ਰਸਾਰ ਤੇ ਪ੍ਰਭਾਵ ਦੇ ਨਾਲ-ਨਾਲ ਗੁਰਮੁਖੀ ਲਿਪੀ ਵਿਚ ਗੁਰੂ ਨਾਨਕ ਬਾਣੀ, ਭਗਤ ਬਾਣੀ, ਆਪਣੀ ਬਾਣੀ, ਗੁਰੂ ਨਾਨਕ ਦੇਵ ਜੀ ਦੀ ਜਨਮ ਸਾਖੀ (ਪੈੜੇ ਮੋਖੇ ਤੋਂ) ਲਿਖਵਾਈ।
ਸੱਤਵੇਂ ਅਧਿਆਇ ਵਿਚ ਲੰਗਰ ਪ੍ਰਥਾ ਚਾਲੂ ਕਰਨਾ, ਮੱਲਾਂ ਦੇ ਅਖਾੜੇ ਆਦਿ ਸਮਾਜਿਕ ਮਿਲਾਪ ਦੇ ਕਾਰਜਾਂ ਨੂੰ ਪਹਿਲ ਦੇਣ ਤੋਂ ਇਲਾਵਾ ਗੋਇੰਦਵਾਲ ਅਤੇ ਖਡੂਰ ਸਾਹਿਬ ਬਾਰੇ ਮੁੱਲਵਾਨ ਦ੍ਰਿਸ਼ ਉਜਾਗਰ ਕੀਤਾ ਗਿਆ ਹੈ। ਅੱਠਵੇਂ ਅਧਿਆਇ ਵਿਚ ਹੋਰਨਾਂ ਧਰਮਾਂ ਦੀ ਤੁਲਨਾ ਵਿਚ ਸਿੱਖ ਧਰਮ ਦਾ ਮਹੱਤਵ ਸਥਾਪਿਤ ਕੀਤਾ ਗਿਆ ਹੈ। ਨੌਵੇਂ ਅਧਿਆਇ ਵਿਚ ਗੁਰੂ ਅਮਰਦਾਸ ਜੀ ਨੂੰ ਯੋਗ ਉੱਤਰਾਧਿਕਾਰੀ ਮੰਨ ਕੇ ਗੁਰਿਆਈ ਸੌਂਪਣ ਦੀ ਪਵਿੱਤਰ ਰਸਮ ਦੀ ਗਾਥਾ ਹੈ। ਦਸਵੇਂ ਅਧਿਆਇ ਵਿਚ ਗੁਰੂ ਅੰਗਦ ਬਾਣੀ (63 ਸਲੋਕਾਂ) ਦਾ ਮੂਲ ਪਾਠ ਪ੍ਰਸਤੁਤ ਹੈ। ਗਿਆਰ੍ਹਵੇਂ ਕਾਂਡ ਵਿਚ ਗੁਰੂ ਸਾਹਿਬ ਦੀ ਕਾਵਿ-ਕਲਾ ਨੂੰ ਵਿਭਿੰਨ ਪੱਖਾਂ-ਰੂਪ, ਰਸ, ਅਲੰਕਾਰ, ਸ਼ਬਦਾਵਲੀ ਦੀ ਦ੍ਰਿਸ਼ਟੀ ਤੋਂ ਉਦਾਹਰਨਾਂ ਸਹਿਤ ਪੇਸ਼ ਕੀਤਾ ਗਿਆ ਹੈ। ਬਾਰ੍ਹਵੇਂ ਕਾਂਡ ਵਿਚ ਬਾਣੀ ਦੇ ਵਿਸ਼ਾ ਵਸਤੂ (ਗੁਰੂ ਦੀ ਮਹੱਤਤਾ, ਗੁਰੂ ਦੀ ਪਛਾਣ, ਸ਼ਬਦ ਗੁਰੂ ਆਦਿ) 'ਤੇ ਵਿਸ਼ੇਸ਼ ਧਿਆਨ ਕੇਂਦਰਿਤ ਹੈ। ਤੇਰ੍ਹਵੇਂ ਕਾਂਡ ਵਿਚ ਗੁਰੂ ਅੰਗਦ ਦੇਵ ਜੀ ਦੇ ਸੰਪੂਰਨ ਜੀਵਨ 'ਤੇ ਪੁਨਰ-ਝਾਤ ਪੁਆਈ ਗਈ ਹੈ। ਪੁਸਤਕ ਲੋੜੀਂਦੀਆਂ ਤਸਵੀਰਾਂ, ਪ੍ਰਮਾਣਿਕ ਹਵਾਲਿਆਂ ਅਤੇ ਤਾਲਿਕਾਵਾਂ ਨਾਲ ਸੁਸਜਿਤ ਹੈ। ਸੰਖੇਪ ਇਹ ਕਿ ਗੁਰੂ ਅੰਗਦ ਦੇਵ ਜੀ ਦੇ ਸਿੱਖ ਧਰਮ ਦੀ ਸਥਾਪਤੀ ਲਈ ਪਾਏ ਗਏ ਯੋਗਦਾਨ ਲਈ ਇਹ ਪੁਸਤਕ ਪ੍ਰਮਾਣਿਤ ਦਸਤਾਵੇਜ਼ ਹੋ ਨਿਬੜੀ ਹੈ।


-ਡਾ: ਧਰਮ ਚੰਦ ਵਾਤਿਸ਼
ਮੋਬਾ: 88376-79186


ਗੁਰਬਾਣੀ ਦੀ ਮਹੱਤਤਾ

ਆਧੁਨਿਕ ਵਿਗਿਆਨਕ ਖੋਜਾਂ ਦੇ ਸੰਦਰਭ ਵਿਚ
ਲੇਖਕ : ਬਲਦੇਵ ਸਿੰਘ
ਪ੍ਰਕਾਸ਼ਕ : ਗੋਰਕੀ ਪਬਲਿਸ਼ਰਜ਼, ਲੁਧਿਆਣਾ।
ਪੰਨੇ : 127, ਕੀਮਤ : 200 ਰੁਪਏ
ਸੰਪਰਕ : 94634-12031


ਅੱਜ ਲੋੜ ਹੈ ਕਿ ਗੁਰਬਾਣੀ ਵਿਚਲੇ ਅਥਾਹ ਗਿਆਨ ਦੀ ਆਧੁਨਿਕ ਵਿਗਿਆਨਕ ਖੋਜਾਂ ਦੇ ਸੰਦਰਭ ਵਿਚ ਵਿਆਖਿਆ ਕਰਨ ਦੀ, ਤਾਂ ਕਿ ਇਸ ਦੌਰ ਦੇ ਲੋਕਾਂ ਦੀ ਤ੍ਰਿਪਤੀ ਹੋ ਸਕੇ। ਲੇਖਕ ਨੇ ਇਸੇ ਮੰਤਵ ਨੂੰ ਲੈ ਕੇ ਇਸ ਪੁਸਤਕ ਦੀ ਰਚਨਾ ਕੀਤੀ ਹੈ। ਇਹ ਹੀ ਸਹੀ ਅਰਥਾਂ ਵਿਚ ਸ਼ਬਦ ਗੁਰੂ ਦੀ ਸੇਵਾ ਹੈ। ਪੁਸਤਕ ਦੇ 7 ਅਧਿਆਇ ਹਨ : ਆਧੁਨਿਕ ਡਾਕਟਰੀ ਪਹੁੰਚ, ਸਾਧ ਦੀ ਪੁੜੀ, ਬ੍ਰਹਿਮੰਡੀ ਰਚਨਾ, ਰੱਬੀ ਜੋਤਿ, ਅਰਦਾਸ ਬੇਨਤੀ, ਦੁਨਿਆਵੀ ਖੁਸ਼ੀ ਅਤੇ ਪਰਮਾਤਮਾ ਦੀ ਹੋਂਦ।
ਨਵੀਨਤਮ ਵਿਧੀ ਰਾਹੀਂ ਲੇਖਕ ਨੇ ਹਰ ਨੁਕਤੇ ਨੂੰ ਸੰਤੁਲਿਤ ਪਹੁੰਚ ਅਪਣਾਉਂਦਿਆਂ ਵਿਗਿਆਨ ਅਤੇ ਗੁਰਬਾਣੀ ਵਿਚੋਂ ਢੁਕਵੇਂ ਹਵਾਲੇ ਦੇ ਕੇ ਪਰਿਭਾਸ਼ਿਤ ਕੀਤਾ ਹੈ। ਲੇਖਕ ਨੇ ਅਜੋਕੇ ਵਿਗਿਆਨੀਆਂ ਅੰਦਰ ਰੱਬੀ ਹੋਂਦ ਸਬੰਧੀ ਭਰੋਸੇ ਦੀ ਵਧ ਰਹੀ ਰੁਚੀ ਨੂੰ ਵੀ ਸਾਹਮਣੇ ਲਿਆਂਦਾ ਹੈ।
ਕੁਝ ਵੰਨਗੀਆਂ:
1. ਉਦਮੁ ਕਰਤ ਹੋਵੈ ਮਨੁ ਨਿਰਮਲੁ ਨਾਚੈ ਆਪੁ ਨਿਵਾਰੈ॥ (ਅੰਗ ੩੮੧)
2. ਕਾਇਆ ਅੰਦਰਿ ਜਗਜੀਵਨ ਦਾਤਾ ਵਸੈ ਸਭਨਾ ਕਰੈ ਪ੍ਰਤਿਪਾਲਾ। (ਅੰਗ ੭੫੪)
3. ਖੰਡ ਦੀਪ ਸਭ ਲੋਆ॥ ਏਕ ਕਵਾਵੈ ਤੇ ਸਭਿ ਹੋਆ॥ (ਅੰਗ ੧੦੦੩)
4. ਅਕੁਲ ਪੁਰਖ ਇਕੁ ਚਲਿਤੁ ਉਪਾਇਆ॥
ਘਟਿ ਘਟਿ ਅੰਤਰਿ ਬ੍ਰਹਮੁ ਲੁਕਾਇਆ॥ (ਅੰਗ ੧੩੫੧)
5. ਪੂਰਨ ਪੂਰਿ ਰਹਿਓ ਸਭ ਜਾਇ॥ (ਅੰਗ ੧੭੮)
ਲੇਖਕ ਨੇ ਗੁਰਬਾਣੀ ਤੋਂ ਇਲਾਵਾ ਤਨਖਾਹਨਾਮਾ ਅਤੇ ਹੋਰ ਧਾਰਮਿਕ ਸਾਹਿਤ ਦੇ ਨਾਲ-ਨਾਲ ਪ੍ਰਸਿੱਧ ਵਿਗਿਆਨੀਆਂ ਦੇ ਵਿਚਾਰ ਵੀ ਦਰਜ ਕੀਤੇ ਹਨ, ਜਿਹੜੇ ਕਿ ਅੰਗਰੇਜ਼ੀ ਭਾਸ਼ਾ ਵਿਚ ਹਨ। ਇਹ ਪੁਸਤਕ ਸਹੀ ਅਰਥਾਂ ਵਿਚ ਸ਼ਬਦ ਗੁਰੂ ਦੇ ਸੰਦੇਸ਼ ਨੂੰ ਬ੍ਰਹਿਮੰਡੀ ਦਿਸਹੱਦਿਆਂ ਤੱਕ ਪਹੁੰਚਾਉਣ ਦਾ ਨਿੱਗਰ ਉਪਰਾਲਾ ਹੈ।
ਗੁਰਬਾਣੀ ਦੀ ਪ੍ਰਚਲਿਤ ਸਹੀ ਵਰਤੋਂ
ਲੇਖਕ : ਸੁਖਜੀਤ ਸਿੰਘ ਕਪੂਰਥਲਾ
ਪ੍ਰਕਾਸ਼ਕ : ਚੱਕ ਸਤਾਰਾਂ ਪ੍ਰਕਾਸ਼ਨ, ਰਾਜਪੁਰਾ।
ਪੰਨੇ : 113, ਕੀਮਤ : 100 ਰੁਪਏ
ਸੰਪਰਕ : 98720-76876
ਲੇਖਕ ਦੀ ਇਹ 7ਵੀਂ ਪੁਸਤਕ ਹੈ। ਸਰਕਾਰੀ ਨੌਕਰੀ ਕਰ ਰਿਹਾ ਲੇਖਕ ਸਮਾਂ ਕੱਢ ਕੇ ਗੁਰਮਤਿ ਪ੍ਰਚਾਰਕ, ਕਥਾਵਾਚਕ ਅਤੇ ਧਾਰਮਿਕ ਤੇ ਸਮਾਜਿਕ ਵਿਸ਼ਿਆਂ 'ਤੇ ਲਿਖਣ ਵਾਲਾ ਕਰਮਸ਼ੀਲ ਵਿਅਕਤੀ ਹੈ। ਪੁਸਤਕ ਦੇ 23 ਅਧਿਆਏ ਹਨ, ਜਿਨ੍ਹਾਂ ਰਾਹੀਂ ਗੁਰਬਾਣੀ ਦੀ ਪ੍ਰਚਲਿਤ ਸਹੀ ਵਰਤੋਂ ਵਾਲੇ ਵਿਦਵਤਾ ਭਰਪੂਰ ਜਾਣਕਾਰੀ ਦਿੱਤੀ ਗਈ ਹੈ। ਪਹਿਲੇ ਲੇਖ ਸਮੇਤ ਸਾਰੇ ਹੀ ਲੇਖਾਂ ਵਿਚ ਗੁਰਬਾਣੀ ਦੇ ਬੇਅੰਤ ਢੁਕਵੇਂ ਪ੍ਰਮਾਣ/ਪਾਵਨ ਪੰਕਤੀਆਂ ਦੇ ਕੇ ਹਰ ਨੁਕਤੇ ਨੂੰ ਸਪੱਸ਼ਟ ਕੀਤਾ ਗਿਆ ਹੈ। ਕੁਝ ਵੰਨਗੀਆਂ :
ਏਹਿ ਭਿ ਦਾਤਿ ਤੇਰੀ ਦਾਤਾਰ : ਇਸ ਤੁਕ ਵਾਲੇ ਸ਼ਬਦ ਦਾ ਸਹੀ ਭਾਵ ਅਰਥ ਹੈ ਕਿ ਜੀਵਨ ਵਿਚ ਆਉਣ ਵਾਲੇ ਦੁੱਖਾਂ-ਸੁੱਖਾਂ ਨੂੰ ਪ੍ਰਮੇਸ਼ਵਰ ਦੀ ਬਖਸ਼ਿਸ਼ ਸਮਝ ਕੇ ਖਿੜੇ ਮੱਥੇ ਪ੍ਰਵਾਨ ਕਰਨਾ ਚਾਹੀਦਾ ਹੈ।
ਕਹਦੇ ਕਚੇ ਸੁਣਦੇ ਕਚੇ : ਇਸ ਤੁਕ ਵਾਲੇ ਸ਼ਬਦ ਦਾ ਸਹੀ ਅਰਥ ਭਾਵ ਇਹ ਹੈ ਕਿ ਗੁਰਬਾਣੀ ਨੂੰ ਉਸ ਦੇ ਸਹੀ ਪਰਿਪੇਖ ਵਿਚ ਹੀ ਸਮਝਿਆ ਜਾਵੇ ਤੇ ਆਪਣੇ ਕੋਲੋਂ ਕੁਝ ਤੁਕਾਂ ਘੜ ਕੇ ਸੰਸਾਰਕ ਕਾਰਜਾਂ ਲਈ ਇਨ੍ਹਾਂ ਦੀ ਵਰਤੋਂ ਨਾ ਕੀਤੀ ਜਾਵੇ।
ਜਿਵੇਂ :
ਨਾਨਕ ਨੀਵਾਂ ਜੋ ਚਲੇ ਲਗੈ ਨ ਤਤੀ ਵਾਉ॥
ਇਹ ਗੁਰਬਾਣੀ ਨਹੀਂ ਹੈ। ਹਰ ਲੇਖ ਦੇ ਅਖੀਰ ਵਿਚ ਗੁਰਮਤਿ ਸਿਧਾਂਤ-ਸਵੈ ਪੜਚੋਲ ਸਿਰਲੇਖ ਹੇਠ ਦਿੱਤੇ ਪੈਰ੍ਹੇ ਗੱਲ ਨੂੰ ਹੋਰ ਸਪੱਸ਼ਟ ਕਰਦੇ ਹਨ। ਅਖੀਰ ਵਿਚ 'ਅਜੀਤ' ਵਿਚ ਉਸ ਦੀਆਂ ਕਿਤਾਬਾਂ ਦੇ ਛਪੇ ਕੁਝ ਰੀਵਿਊ ਦਰਜ ਹਨ। ਪੁਸਤਕ ਇਕ ਨਿਵੇਕਲੀ ਰਚਨਾ ਹੈ।


-ਤੀਰਥ ਸਿੰਘ ਢਿੱਲੋਂ
98154-61710


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX