ਤਾਜਾ ਖ਼ਬਰਾਂ


ਅਬੋਹਰ ਸ਼ਹਿਰ ਦੇ ਦੋ ਸੇਬ ਵਪਾਰੀਆਂ ਨੂੰ ਜੰਮੂ ਕਸ਼ਮੀਰ ਚ ਅੱਤਵਾਦੀਆਂ ਨੇ ਮਾਰੀ ਗੋਲੀ
. . .  1 minute ago
ਅਬੋਹਰ, 16 ਅਕਤੂਬਰ (ਪ੍ਰਦੀਪ ਕੁਮਾਰ) - ਜੰਮੂ ਕਸ਼ਮੀਰ ਇਲਾਕੇ ਵਿਚ ਅਬੋਹਰ ਸ਼ਹਿਰ ਦੇ ਦੋ ਸੇਬ ਵਪਾਰੀਆਂ ਨੂੰ ਅੰਤਕਵਾਦੀਆਂ ਵੱਲੋਂ ਗੋਲੀ ਮਾਰ ਦਿਤੇ ਜਾਣ ਦਾ ਸਮਾਚਾਰ ਹੈ। ਮਿਲੀ ਜਾਣਕਾਰੀ ਅਨੁਸਾਰ ਕਰੀਬ ਦਸ ...
ਕੈਪਟਨ ਦੇ ਰੋਡ ਸ਼ੋਅ ਵਿਚ ਲਗੇ ਪੰਜਾਬ ਸਰਕਾਰ ਮੁਰਦਾਬਾਦ ਦੇ ਨਾਅਰੇ
. . .  about 2 hours ago
ਜਲਾਲਾਬਾਦ,16 ਅਕਤੂਬਰ (ਪ੍ਰਦੀਪ ਕੁਮਾਰ )- ਜਲਾਲਾਬਾਦ ਜ਼ਿਮਨੀ ਚੋਣਾਂ ਵਿਚ ਕਾਂਗਰਸ ਪਾਰਟੀ ਦੇ ਉਮੀਦਵਾਰ ਰਮਿੰਦਰ ਆਵਲਾ ਦੇ ਹੱਕ ਵਿਚ ਸੂਬੇ ਦੇ ਮੁੱਖਮੰਤਰੀ ਵੱਲੋਂ ਕਢੇ ਗਏ ਰੋਡ ਸ਼ੋਅ ਦੌਰਾਨ ਪਾਵਰ ਕਾਮ ਕਰਾਸਕੋ ਠੇਕਾ ਮੁਲਾਜ਼ਮ...
ਜਦੋਂ ਰਾਣਾ ਗੁਰਮੀਤ ਸਿੰਘ ਸੋਢੀ ਨੂੰ ਮੁੱਖ ਮੰਤਰੀ ਦੀ ਗੱਡੀ ਵਿਚ ਨਾ ਬੈਠਣ ਦਿੱਤਾ
. . .  about 4 hours ago
ਸ੍ਰੀ ਮੁਕਤਸਰ ਸਾਹਿਬ, 16 ਅਕਤੂਬਰ (ਰਣਜੀਤ ਸਿੰਘ ਢਿੱਲੋਂ)-ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਮੋਹਲਾਂ ਦੇ ਸਰਕਾਰੀ ਹਾਈ ਸਕੂਲ ਵਿਖੇ ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਹੈਲੀਕਾਪਟਰ ਉਤਰਿਆ। ਇਸ ਸਮੇਂ ਦੌਰਾਨ ...
ਬੀਐਸਐਫ ਵੱਲੋਂ ਪਾਕਿਸਤਾਨੀ ਘੁਸਪੈਠੀਆ ਢੇਰ
. . .  about 5 hours ago
ਅਟਾਰੀ 16 ਅਕਤੂਬਰ( ਰੁਪਿੰਦਰਜੀਤ ਸਿੰਘ ਭਕਨਾ)- ਅਟਾਰੀ ਨਜ਼ਦੀਕ ਬੀ ਐੱਸ ਐੱਫ ਵੱਲੋਂ ਭਾਰਤੀ ਇਲਾਕੇ ਵਿਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰਦਿਆਂ ਇਕ ਘੁਸਪੈਠੀਏ ਨੂੰ ਗੋਲੀਆਂ ਮਾਰ ਕੇ ਮੌਕੇ 'ਤੇ ਹੀ ਢੇਰ ਕਰ ਦੇਣ ਦਾ ਸਮਾਚਾਰ ...
550 ਸਾਲਾ ਪ੍ਰਕਾਸ਼ ਉਤਸਵ ਨੂੰ ਲੈ ਕੇ 'ਆਪ' ਦੀ ਵਿਸ਼ੇਸ਼ ਕਮੇਟੀ ਦੀ ਹੋਈ ਬੈਠਕ
. . .  about 5 hours ago
ਚੰਡੀਗੜ੍ਹ, 16 ਅਕਤੂਬਰ -ਆਮ ਆਦਮੀ ਪਾਰਟੀ (ਆਪ) ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਲੈ ਕੇ ਗਠਿਤ ਕੀਤੀ ਗਈ ਵਿਸ਼ੇਸ਼ ਕਮੇਟੀ ਦੀ ਬੈਠਕ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਦੀ ਪ੍ਰਧਾਨਗੀ ਹੇਠ ਹੋਈ।
ਅੰਤਰਰਾਸ਼ਟਰੀ ਸਰਹੱਦ ਨੇੜਿਓ ਚਾਰ ਪੈਕਟ ਹੈਰੋਇਨ ਬਰਾਮਦ
. . .  about 5 hours ago
ਬੱਚੀਵਿੰਡ, 16 ਅਕਤੂਬਰ (ਬਲਦੇਵ ਸਿੰਘ ਕੰਬੋ)- 88 ਬਟਾਲੀਅਨ ਸੀਮਾ ਸੁਰੱਖਿਆ ਬਲ ਦੇ ਜੁਆਨਾਂ ਨੇ ਅੰਤਰਰਾਸ਼ਟਰੀ ਸਰਹੱਦ ਨੇੜਿਓ 4 ਪੈਕਟ ਹੈਰੋਇਨ ਬਰਾਮਦ ਕਰ ਕੇ ਵੱਡੀ ਸਫਲਤਾ ਪ੍ਰਾਪਤ ਕੀਤੀ ਹੈ । ਪ੍ਰਾਪਤ ਜਾਣਕਾਰੀ ਅਨੁਸਾਰ ...
ਪੰਜਾਬ ਅਤੇ ਜੰਮੂ 'ਚ ਰੱਖਿਆ ਟਿਕਾਣਿਆਂ 'ਤੇ ਅੱਤਵਾਦੀ ਹਮਲੇ ਦਾ ਖ਼ਦਸ਼ਾ, ਅਲਰਟ ਜਾਰੀ
. . .  about 5 hours ago
ਨਵੀਂ ਦਿੱਲੀ, 16 ਅਕਤੂਬਰ- ਪੰਜਾਬ ਅਤੇ ਜੰਮੂ 'ਚ ਰੱਖਿਆ ਟਿਕਾਣਿਆਂ 'ਤੇ ਅੱਤਵਾਦੀ ਹਮਲੇ ਦੀ ਤਾਜ਼ਾ ਇਨਪੁੱਟ ਮਿਲਣ ਤੋਂ ਬਾਅਦ 'ਆਰੇਂਜ ਅਲਰਟ' ਜਾਰੀ ਕੀਤਾ ਗਿਆ ਹੈ। ਦੱਸਣਯੋਗ ਹੈ ਕਿ...
ਯੂਥ ਕਾਂਗਰਸ ਹਲਕਾ ਬੰਗਾ ਦੇ ਪ੍ਰਧਾਨ ਪੂਨੀ 'ਤੇ ਕਾਤਲਾਨਾ ਹਮਲਾ
. . .  about 5 hours ago
ਬੰਗਾ, 16 ਅਕਤੂਬਰ (ਜਸਵੀਰ ਸਿੰਘ ਨੂਰਪੁਰ)- ਅੱਜ ਕੁਝ ਅਣਪਛਾਤੇ ਵਿਅਕਤੀਆਂ ਨੇ ਯੂਥ ਕਾਂਗਰਸ ਹਲਕਾ ਬੰਗਾ ਦੇ ਪ੍ਰਧਾਨ ਦਰਬਜੀਤ ਸਿੰਘ ਪੂਨੀ 'ਤੇ ਉਸ ਦੇ ਘਰ ਜਾ ਕੇ ਤੇਜ਼ਧਾਰ ਹਥਿਆਰਾਂ...
ਕਾਰ ਅਤੇ ਮੋਟਰਸਾਈਕਲ ਵਿਚਾਲੇ ਹੋਈ ਟੱਕਰ 'ਚ ਇੱਕ ਦੀ ਮੌਤ
. . .  about 6 hours ago
ਡਮਟਾਲ, 16 ਅਕਤੂਬਰ (ਰਾਕੇਸ਼ ਕੁਮਾਰ)- ਡਮਟਾਲ ਹਾਈਵੇਅ 'ਤੇ ਅੱਜ ਇੱਕ ਕਾਰ ਅਤੇ ਮੋਟਰਸਾਈਕਲ ਵਿਚਾਲੇ ਹੋਈ ਟੱਕਰ 'ਚ ਇੱਕ ਨੌਜਵਾਨ ਦੀ ਮੌਤ ਹੋ ਗਈ, ਜਦਕਿ ਇੱਕ ਹੋਰ ਜ਼ਖ਼ਮੀ...
ਕਚੂਰਾ ਦੇ ਹੱਕ 'ਚ 'ਆਪ' ਆਗੂ ਅਮਨ ਅਰੋੜਾ ਵਲੋਂ ਜਲਾਲਾਬਾਦ 'ਚ ਕੱਢਿਆ ਗਿਆ ਰੋਡ ਸ਼ੋਅ
. . .  about 6 hours ago
ਜਲਾਲਾਬਾਦ, 16 ਅਕਤੂਬਰ (ਪ੍ਰਦੀਪ ਕੁਮਾਰ)- ਜਲਾਲਾਬਾਦ ਜ਼ਿਮਨੀ ਚੋਣ 'ਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਹਿੰਦਰ ਸਿੰਘ ਕਚੂਰਾ ਦੇ ਹੱਕ 'ਚ ਅੱਜ ਪਾਰਟੀ ਦੇ ਸੀਨੀਅਰ ਆਗੂ ਅਮਨ ਅਰੋੜਾ...
ਹੋਰ ਖ਼ਬਰਾਂ..

ਖੇਡ ਜਗਤ

ਸਮਝਦਾਰੀ ਨਹੀਂ ਹੋਵੇਗੀ ਰਾਸ਼ਟਰਮੰਡਲ ਖੇਡਾਂ ਨੂੰ ਤਿਆਗਣਾ

2002 ਦੀਆਂ ਰਾਸ਼ਟਰਮੰਡਲ ਖੇਡਾਂ ਵਿਚ ਭਾਰਤੀ ਮਹਿਲਾ ਹਾਕੀ ਟੀਮ ਨੇ ਸੈਮੀਫਾਈਨਲ ਵਿਚ ਆਸਟ੍ਰੇਲੀਆ ਨੂੰ ਹਰਾਇਆ ਅਤੇ ਫਿਰ ਫਾਈਨਲ ਵਿਚ ਇੰਗਲੈਂਡ ਨੂੰ ਹਰਾ ਕੇ ਸੋਨ ਤਗਮਾ ਹਾਸਲ ਕੀਤਾ। ਇਹ ਬਹੁਤ ਵੱਡੀ ਉਪਲਬਧੀ ਸੀ, ਪਰ ਇਸ ਨੂੰ ਕੋਈ ਵਿਸ਼ੇਸ਼ ਮਹੱਤਵ ਨਹੀਂ ਦਿੱਤਾ ਗਿਆ। ਇਸ ਦੇ ਪੰਜ ਸਾਲ ਬਾਅਦ ਸ਼ਾਹਰੁਖ ਖਾਨ ਦੀ ਫ਼ਿਲਮ 'ਚੱਕ ਦੇ ਇੰਡੀਆ' (2007) ਆਈ ਅਤੇ ਉਸ ਦੀ ਸਫ਼ਲਤਾ ਦੇ ਕਾਰਨ ਹੀ ਸੂਰਜ ਲਤਾ ਦੇਵੀ ਤੇ ਮਮਤਾ ਖਰਬ 'ਤੇ ਧਿਆਨ ਆਕਰਸ਼ਿਤ ਹੋ ਸਕਿਆ, ਉਨ੍ਹਾਂ ਨੂੰ 2002 ਦਾ 'ਹੀਰੋ' ਮੰਨਿਆ ਗਿਆ।
ਪਰ ਹੁਣ ਭਾਰਤੀ ਉਲੰਪਿਕ ਸੰਘ (ਆਈ. ਓ. ਏ.) ਦੇ ਮੁਖੀ ਨਰਿੰਦਰ ਬੱਤਰਾ ਰਾਸ਼ਟਰਮੰਡਲ ਖੇਡਾਂ ਨੂੰ 'ਸਮੇਂ ਦੀ ਬਰਬਾਦੀ' ਮੰਨਦੇ ਹਨ, ਕਿਉਂਕਿ ਮੁਕਾਬਲੇਬਾਜ਼ਾਂ ਦਾ ਪੱਧਰ ਉੱਚਾ ਨਹੀਂ ਹੈ। ਉਨ੍ਹਾਂ ਦੀ ਸ਼ਿਕਾਇਤ ਇਹ ਹੈ ਕਿ ਭਾਰਤ ਰਾਸ਼ਟਰਮੰਡਲ ਖੇਡਾਂ ਵਿਚ 70 ਤੋਂ 100 ਤਗਮੇ ਵਿਚਾਲੇ ਜਿੱਤਦਾ ਹੈ, ਪਰ ਉਲੰਪਿਕ ਵਿਚ ਸਿਰਫ਼ ਦੋ, ਇਸ ਲਈ ਬਦਲਾਅ ਬਹੁਤ ਜ਼ਰੂਰੀ ਹੈ। ਰਾਸ਼ਟਰਮੰਡਲ ਖੇਡਾਂ ਵਿਚ ਹਿੱਸੇਦਾਰੀ 'ਤੇ ਰੋਕ ਲਗਾਉਣ ਦਾ ਜੇਕਰ ਇਹੀ ਤਰਕ ਹੈ ਤਾਂ ਏਸ਼ੀਅਨ ਖੇਡਾਂ 'ਤੇ ਵੀ ਇਹੀ ਗੱਲ ਲਾਗੂ ਹੁੰਦੀ ਹੈ। ਸਾਲ 2016 ਦੇ ਰੀਓ ਉਲੰਪਿਕ ਤੋਂ ਪਹਿਲਾਂ ਹੋਈਆਂ ਏਸ਼ੀਅਨ ਖੇਡਾਂ ਵਿਚ ਭਾਰਤ ਨੇ 57 ਤਗਮੇ ਜਿੱਤੇ ਸਨ, ਜਦ ਕਿ ਰੀਓ ਵਿਚ ਉਸ ਨੂੰ ਸਿਰਫ਼ ਦੋ ਤਗਮੇ (ਬੈਡਮਿੰਟਨ ਵਿਚ ਪੀ. ਵੀ. ਸਿੰਧੂ ਨੂੰ ਚਾਂਦੀ ਤੇ ਕੁਸ਼ਤੀ ਵਿਚ ਸਾਕਸ਼ੀ ਮਲਿਕ ਨੂੰ ਕਾਂਸੀ) ਮਿਲੇ ਸਨ। ਧਿਆਨ ਰਹੇ ਕਿ ਉਲੰਪਿਕ ਵਿਚ ਭਾਰਤ ਦਾ ਸਰਬੋਤਮ ਪ੍ਰਦਰਸ਼ਨ ਕੁੱਲ ਛੇ ਤਗਮੇ ਹਾਸਲ ਕਰਨ ਦਾ ਰਿਹਾ ਹੈ, ਜੋ ਉਸ ਨੂੰ 2012 ਲੰਡਨ ਵਿਚ ਮਿਲੇ ਸਨ। ਇਹ ਸਭ 'ਮਿਸ਼ਨ ਪੋਡੀਅਮ' ਆਦਿ ਯੋਜਨਾਵਾਂ ਦੇ ਚਲਦਿਆਂ ਹੋਇਆ।
ਹੁਣ ਸਵਾਲ ਇਹ ਹੈ ਕਿ ਨਰਿੰਦਰ ਬੱਤਰਾ ਨੇ ਉਕਤ ਬਿਆਨ ਕਿਉਂ ਦਿੱਤਾ? ਦਰਅਸਲ, ਸ਼ੂਟਿੰਗ, ਕੁਸ਼ਤੀ, ਵੇਟ ਲਿਫਟਿੰਗ ਅਤੇ ਕਾਫੀ ਹੱਦ ਤਕ ਬੈਡਮਿੰਟਨ ਤੇ ਟੇਬਲ ਟੈਨਿਸ ਰਾਸ਼ਟਰਮੰਡਲ ਖੇਡਾਂ ਵਿਚ ਹੇਠ ਲਟਕੇ ਹੋਏ ਫਲ ਹਨ। ਇਨ੍ਹਾਂ ਖੇਡਾਂ ਤੋਂ ਭਾਰਤ ਨੂੰ ਜ਼ਿਆਦਾਤਰ ਤਗਮੇ ਹਾਸਲ ਹੁੰਦੇ ਹਨ। ਪਰ ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਖਿਡਾਰੀਆਂ ਨੂੰ ਫਲ ਤੋੜਨ ਲਈ ਫਿਰ ਵੀ ਕੋਸ਼ਿਸ਼ ਕਰਨੀ ਪੈਂਦੀ ਹੈ। ਬੱਤਰਾ ਨੂੰ ਇਹ ਗੱਲ ਸਮਝਣੀ ਚਾਹੀਦੀ। ਉਨ੍ਹਾਂ ਨੂੰ ਇਸ ਕੌੜੇ ਸੱਚ ਦਾ ਵੀ ਸਾਹਮਣਾ ਕਰਨਾ ਚਾਹੀਦਾ ਕਿ ਉਲੰਪਿਕ ਦੇ ਜੋ ਤਿੰਨ ਵੱਡੀਆਂ ਖੇਡਾਂ ਮੰਨੀਆਂ ਜਾਂਦੀਆਂ ਹਨ-ਟ੍ਰੈਕ ਐਂਡ ਫੀਲਡ, ਤੈਰਾਕੀ ਤੇ ਜਿਮਨਾਸਿਟਕਸ ਉਨ੍ਹਾਂ ਵਿਚੋਂ ਭਾਰਤ ਨੂੰ ਨਾਮਾਤਰ ਦੀ ਹੀ ਸਫ਼ਲਤਾ ਮਿਲਦੀ ਹੈ। ਉੱਚ ਕੋਟੀ ਦੇ ਮੁਕਾਬਲੇ ਵਿਚ ਭਾਰਤੀ ਹਾਕੀ ਦੀ ਕਮਜ਼ੋਰੀ ਲਗਾਤਾਰ ਉਜਾਗਰ ਹੋ ਰਹੀ ਹੈ। ਮੁੱਕੇਬਾਜ਼ੀ ਦਾ ਤਗਮਾ ਮਿਲਣਾ ਸੌਖਾ ਨਹੀਂ ਹੈ। ਨੈੱਟਬਾਲ, ਬਾਸਕਟਬਾਲ, ਬੀਚ ਵਾਲੀਬਾਲ ਤੇ ਰਗਬੀ ਸੇਵੈਂਸ ਵਰਗੇ ਟੀਮ ਖੇਡਾਂ ਵਿਚ ਭਾਰਤ ਦੀ ਦਿਲਚਸਪੀ ਨਹੀਂ ਹੈ।
ਇਹ ਸਾਰੇ ਸੱਚ ਉਲੰਪਿਕ ਵਿਚ ਅਸਫ਼ਲਤਾ ਦੇ ਸੰਕੇਤ ਹਨ, ਨਾ ਕਿ ਰਾਸ਼ਟਰਮੰਡਲ ਖੇਡਾਂ ਵਿਚ ਉਪਲਬਧ ਮੁਕਾਬਲੇ ਦਾ ਪੱਧਰ। ਏਸ਼ੀਅਨ ਖੇਡਾਂ ਵਿਚ ਮੁਕਾਬਲੇ ਦਾ ਪੱਧਰ ਕਮਜ਼ੋਰ ਹੋਣ ਦੇ ਕਾਰਨ ਭਾਰਤ ਅਥਲੈਟਿਕਸ ਵਿਚ ਦਰਜਨਾਂ ਤਗਮੇ ਹਾਸਲ ਕਰਦਾ ਹੈ ਅਤੇ ਫਿਰ ਉਲੰਪਿਕ ਵਿਚ ਜ਼ੀਰੋ ਹੋ ਜਾਂਦਾ ਹੈ। ਪਰ ਇਸ ਦਾ ਅਰਥ ਇਹ ਨਹੀਂ ਹੈ ਕਿ ਅਸੀਂ ਮੁਕਾਬਲਾ ਕਰਨਾ ਹੀ ਛੱਡ ਦਈਏ, ਵਿਸ਼ੇਸ਼ ਕਰਕੇ ਜਦੋਂ ਬੈਡਮਿੰਟਨ ਤੇ ਟੈਨਿਸ ਨੂੰ ਛੱਡ ਕੇ ਭਾਰਤੀ ਅਥਲੀਟ ਪੂਰੇ ਸਾਲ ਮੁਕਾਬਲਿਆਂ ਤੋਂ ਦੂਰ ਰਹਿੰਦੇ ਹਨ ਅਤੇ ਮੌਕਾ ਮਿਲੇ ਤਾਂ ਟ੍ਰਾਇਲਸ ਨੂੰ ਵੀ ਛੱਡ ਦੇਣ। ਕਬੱਡੀ ਵਿਚ ਭਾਰਤ ਦੇ ਮੁਕਾਬਲੇ 'ਤੇ ਕੋਈ ਨਹੀਂ ਆਉਂਦਾ ਸੀ, ਪਰ ਪਿਛਲੇ ਸਾਲ ਏਸ਼ੀਅਨ ਖੇਡਾਂ ਵਿਚ ਈਰਾਨ ਨੇ ਇਸ ਭਰਮ ਨੂੰ ਵੀ ਤੋੜ ਦਿੱਤਾ ਤੇ ਇਸ ਦਾ ਅਰਥ ਇਹ ਨਹੀਂ ਹੈ ਕਿ ਅਸੀਂ ਏਸ਼ੀਅਨ ਖੇਡਾਂ ਵਿਚ ਵੀ ਜਾਣਾ ਛੱਡ ਦਈਏ।
ਦਰਅਸਲ, ਰਾਸ਼ਟਰਮੰਡਲ ਖੇਡਾਂ ਨੂੰ ਪੂਰੀ ਤਰ੍ਹਾਂ ਨਾਲ ਤਿਆਗਣ ਦੇ ਵਿਚਾਰ ਦੇ ਕੇਂਦਰ ਵਿਚ ਇਹ ਤੱਥ ਹੈ ਕਿ 2022 ਦੇ ਬਰਮਿੰਘਮ ਰਾਸ਼ਟਰਮੰਡਲ ਖੇਡਾਂ ਲਈ ਸ਼ੂਟਿੰਗ ਨੂੰ ਛੱਡ ਦਿੱਤਾ ਗਿਆ ਹੈ, ਜੋ ਭਾਰਤ ਲਈ ਦੁਧਾਰੂ ਗਾਂ ਸੀ ਇਨ੍ਹਾਂ ਖੇਡਾਂ ਵਿਚ। ਇਸ ਵਜ੍ਹਾ ਨਾਲ ਭਾਰਤ ਦੀ ਤਗਮਾ ਗਿਣਤੀ ਡਿਗ ਜਾਵੇਗੀ। ਸ਼ੂਟਿੰਗ ਨੂੰ ਹਟਾਏ ਜਾਣ ਦਾ ਇਹ ਕਾਰਨ ਦੱਸਿਆ ਜਾ ਰਿਹਾ ਹੈ ਕਿ ਰਾਸ਼ਟਰਮੰਡਲ ਖੇਡਾਂ ਦੀਆਂ 13 ਕਮੇਟੀਆਂ ਵਿਚੋਂ ਇਕ ਵੀ ਭਾਰਤੀ ਨਹੀਂ ਹੈ, ਜਦ ਕਿ ਤੱਥ ਇਹ ਹੈ ਕਿ ਸ਼ੂਟਿੰਗ ਮਹਿੰਗੀ ਤੇ ਪੁਰਾਤਨ ਖੇਡ ਹੈ ਅਤੇ ਟੀ. ਵੀ. ਦੇ ਲਾਇਕ ਖੇਡ ਨਹੀਂ ਹੈ, ਜਦ ਕਿ ਅੱਜਕਲ੍ਹ ਖੇਡਾਂ ਵਿਚ ਜ਼ਿਆਦਾਤਰ ਪੈਸਾ ਟੀ. ਵੀ. ਤੋਂ ਹੀ ਆਉਂਦਾ ਹੈ। ਧਿਆਨ ਰਹੇ ਕਿ ਗਲਾਸਗੋ, ਜਿਥੇ ਐਂਡੀ ਮਰਰੇ ਦਾ ਜਨਮ ਹੋਇਆ, ਨੇ ਆਪਣੇ 2014 ਦੇ ਰਾਸ਼ਟਰਮੰਡਲ ਖੇਡਾਂ ਵਿਚ ਟੈਨਿਸ ਨੂੰ ਛੱਡ ਦਿੱਤਾ ਸੀ, ਜਦ ਕਿ ਮੇਜ਼ਬਾਨ ਦੇਸ਼ਾਂ ਨੂੰ ਆਪਣੀ ਖੇਡ ਸ਼ਾਮਿਲ ਕਰਨ ਦਾ ਅਧਿਕਾਰ ਹੈ।


ਖ਼ਬਰ ਸ਼ੇਅਰ ਕਰੋ

ਖੇਡਾਂ ਵਿਚ ਭਾਰਤ ਦਾ ਮਾਣ ਵਧਾ ਰਹੇ ਖਿਡਾਰੀ

ਵੱਡੀਆਂ ਖੇਡਾਂ ਦੀ ਚਰਚਾ ਤਾਂ ਹੁੰਦੀ ਹੀ ਰਹਿੰਦੀ ਹੈ ਪਰ ਕਈ ਖਿਡਾਰੀਆਂ ਨੇ ਘੱਟ ਚਰਚਾ ਪ੍ਰਾਪਤ ਖੇਡਾਂ ਅਤੇ ਕਈ ਖਿਡਾਰੀਆਂ ਨੇ ਨਿੱਜੀ ਪੱਧਰ ਉੱਤੇ ਪਿਛਲੇ ਇਕ ਹਫਤੇ ਦੇ ਅੰਦਰ-ਅੰਦਰ ਭਾਰਤ ਦਾ ਕਾਫ਼ੀ ਮਾਣ ਵਧਾਇਆ ਹੈ। ਅਜਿਹੇ ਖਿਡਾਰੀਆਂ ਵਿਚ ਸਭ ਤੋਂ ਪਹਿਲਾ ਨਾਂਅ ਆਉਂਦਾ ਹੈ ਭਾਰਤ ਦੇ ਬਿਲੀਅਰਡਜ਼/ਸਨੂਕਰ ਖੇਡ ਦੇ ਸਟਾਰ ਖਿਡਾਰੀ ਪੰਕਜ ਅਡਵਾਨੀ ਦਾ, ਜਿਸ ਨੇ ਲੰਘੇ ਦਿਨੀਂ ਚੌਥੇ ਆਈ.ਬੀ.ਐੱਸ.ਐੱਫ. ਵਿਸ਼ਵ ਬਿਲੀਅਰਡਜ਼ ਦਾ ਖਿਤਾਬ ਜਿੱਤਿਆ ਹੈ ਅਤੇ ਇਸ ਜਿੱਤ ਦੇ ਨਾਲ ਆਪਣੇ ਖੇਡ ਜੀਵਨ ਦਾ ਕੁੱਲ 22ਵਾਂ ਵਿਸ਼ਵ ਖਿਤਾਬ ਜਿੱਤਿਆ, ਜੋ ਆਪਣੇ-ਆਪ ਵਿਚ ਇਕ ਬੇਹੱਦ ਵੱਡੀ ਪ੍ਰਾਪਤੀ ਹੈ। ਇਥੇ ਹੀ ਬਸ ਨਹੀਂ, 34 ਸਾਲ ਦੇ ਪੰਕਜ ਅਡਵਾਨੀ ਦਾ ਪਿਛਲੇ 6 ਸਾਲ ਵਿਚ ਇਹ 5ਵਾਂ ਖਿਤਾਬ ਹੈ। ਬੈਂਗਲੁਰੂ ਦੇ ਅਡਵਾਨੀ ਤੋਂ ਵੱਧ ਵਿਸ਼ਵ ਖਿਤਾਬ ਕਿਸੇ ਖਿਡਾਰੀ ਨੇ ਨਹੀਂ ਜਿੱਤੇ ਹਨ। ਅਡਵਾਨੀ ਦੇ 22ਵਾਂ ਵਿਸ਼ਵ ਖਿਤਾਬ ਜਿੱਤਣ ਤੋਂ ਬਾਅਦ ਸਪੱਸ਼ਟ ਤੌਰ 'ਤੇ ਇਹ ਕਿਹਾ ਜਾ ਸਕਦਾ ਹੈ ਕਿ ਹਰੇਕ ਵਾਰ ਜਦੋਂ ਉਹ ਵਿਸ਼ਵ ਚੈਂਪੀਅਨਸ਼ਿਪ ਵਿਚ ਹਿੱਸਾ ਲੈਂਦਾ ਹੈ ਤਾਂ ਇਕ ਚੀਜ਼ ਸਪੱਸ਼ਟ ਹੁੰਦੀ ਹੈ ਕਿ ਉਸ ਦੀ ਪ੍ਰੇਰਨਾ ਵਿਚ ਕੋਈ ਕਮੀ ਨਹੀਂ ਹੁੰਦੀ। ਇਹ ਜਿੱਤ ਇਸ ਗੱਲ ਦਾ ਸਬੂਤ ਹੈ ਕਿ ਖਿਤਾਬ-ਦਰ-ਖਿਤਾਬ ਜਿੱਤ ਕੇ ਵੀ ਉਸ ਦੀ ਭੁੱਖ ਅਤੇ ਅੰਦਰ ਦੀ ਅੱਗ ਬਰਕਰਾਰ ਹੈ। ਅਡਵਾਨੀ ਨੇ ਹੁਣ ਅੱਗੇ ਆਈ.ਬੀ.ਐੱਸ.ਐੱਫ. ਵਿਸ਼ਵ 6 ਰੈੱਡ ਸਨੂਕਰ ਅਤੇ ਵਿਸ਼ਵ ਟੀਮ ਸਨੂਕਰ ਚੈਂਪੀਅਨਸ਼ਿਪ ਵਿਚ ਹਿੱਸਾ ਲੈਣਾ ਹੈ ਅਤੇ ਉਥੇ ਵੀ ਉਹ ਖਿਤਾਬ ਦਾ ਪ੍ਰਮੁੱਖ ਦਾਅਵੇਦਾਰ ਹੈ।
ਸ਼ਤਰੰਜ ਦੀ ਖੇਡ ਵਿਚ ਭਾਰਤ ਦੀ ਚੋਟੀ ਦੀ ਮਹਿਲਾ ਖਿਡਾਰੀ ਕੋਨੇਰੂ ਹੰਪੀ ਨੇ ਵੀ ਲੰਘੇ ਦਿਨੀਂ ਭਾਰਤ ਦਾ ਮਾਣ ਵਧਾਇਆ ਹੈ ਅਤੇ ਫਿਡੇ ਵੂਮੈਨ ਗ੍ਰਾਂ. ਪ੍ਰੀ. ਸ਼ਤਰੰਜ ਟੂਰਨਾਮੈਂਟ ਵਿਚ ਵੱਕਾਰੀ ਖਿਤਾਬ ਜਿੱਤਿਆ ਹੈ। ਆਖਰੀ ਰਾਊਂਡ ਵਿਚ ਉਸ ਨੇ ਮੌਜੂਦਾ ਵਿਸ਼ਵ ਚੈਂਪੀਅਨ ਚੀਨ ਦੀ ਜੂ ਵੇਂਜੂਨ ਨੂੰ ਡਰਾਅ ਉੱਤੇ ਰੋਕਦੇ ਹੋਏ ਅੱਧੇ ਅੰਕ ਦੀ ਬੜ੍ਹਤ ਦੇ ਨਾਲ ਪਹਿਲਾ ਸਥਾਨ ਹਾਸਲ ਕੀਤਾ ਸੀ। ਕੋਨੇਰੂ ਹੰਪੀ ਬਾਬਤ ਖਾਸ ਗੱਲ ਇਹ ਵੀ ਸੀ ਕਿ ਇਸ ਜਿੱਤ ਲਈ ਉਸ ਨੇ ਮਹਿਲਾ ਸ਼ਤਰੰਜ ਦੀਆਂ ਜ਼ਬਰਦਸਤ ਖਿਡਾਰਨਾਂ ਵਿਸ਼ਵ ਚੈਂਪੀਅਨ ਜੂ ਵੇਂਜੂਨ ਅਤੇ ਰੂਸ ਦੀ ਅਲੈਕਜ਼ਾਂਦ੍ਰਾ ਗੋਰਯਾਚਿਕਨਾ ਨਾਲ ਸਖਤ ਟੱਕਰ ਲੈਂਦੇ ਹੋਏ ਇਹ ਖਿਤਾਬ ਜਿੱਤ ਕੇ ਭਾਰਤ ਲਿਆਂਦਾ ਹੈ। ਇਸੇ ਤਰ੍ਹਾਂ ਭਾਰਤੀ ਮੁੱਕੇਬਾਜ਼ ਅਮਿਤ ਪੰਘਾਲ ਨੇ ਪੁਰਸ਼ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿਚ ਸ਼ਾਨਦਾਰ ਸਫਰ ਚਾਂਦੀ ਤਗਮੇ ਨਾਲ ਖਤਮ ਕੀਤਾ ਅਤੇ ਫ਼ਾਈਨਲ ਵਿਚ ਉਸ ਨੇ ਆਪਣੇ ਤੋਂ ਕਿਤੇ ਮਜ਼ਬੂਤ ਵਿਰੋਧੀ ਵਿਰੁੱਧ ਸਖਤ ਚੁਣੌਤੀ ਪੇਸ਼ ਕੀਤੀ। ਦੂਜੇ ਦਰਜੇ ਦਾ ਪੰਘਾਲ ਇਸ ਤਰ੍ਹਾਂ ਵਿਸ਼ਵ ਚੈਂਪੀਅਨਸ਼ਿਪ ਵਿਚ ਚਾਂਦੀ ਤਗਮਾ ਜਿੱਤਣ ਵਾਲਾ ਪਹਿਲਾ ਭਾਰਤੀ ਮੁੱਕੇਬਾਜ਼ ਬਣ ਗਿਆ ਤੇ ਦੇਸ਼ ਨੇ ਇਸ ਵਾਰ 2 ਤਗਮਿਆਂ ਨਾਲ ਆਪਣਾ ਬਿਹਤਰੀਨ ਪ੍ਰਦਰਸ਼ਨ ਵੀ ਕੀਤਾ। ਭਾਰਤ ਨੇ ਕਦੇ ਵੀ ਵਿਸ਼ਵ ਚੈਂਪੀਅਨਸ਼ਿਪ ਦੇ ਇਕ ਗੇੜ ਵਿਚ ਇਕ ਤੋਂ ਵੱਧ ਕਾਂਸੀ ਤਗਮਾ ਹਾਸਲ ਨਹੀਂ ਕੀਤਾ ਸੀ। ਇਸ ਤੋਂ ਪਹਿਲਾਂ ਵਜਿੰਦਰ ਸਿੰਘ (2009), ਵਿਕਾਸ ਕ੍ਰਿਸ਼ਣਨ (2011), ਸ਼ਿਵ ਥਾਪਾ (2015) ਤੇ ਗੌਰਵ ਬਿਧੂੜੀ (2017) ਨੇ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿਚ ਕਾਂਸੀ ਤਗਮੇ ਹਾਸਲ ਕੀਤੇ ਸਨ।
ਮੋਟਰਸਾਈਕਲ ਰੇਸਿੰਗ ਦੀ ਖੇਡ ਵਿਚ ਵੀ ਹੁਣ ਭਾਰਤ ਦੀ ਹਾਜ਼ਰੀ ਲੱਗਣੀ ਸ਼ੁਰੂ ਹੋ ਗਈ ਹੈ ਅਤੇ ਮਲੇਸ਼ੀਆ ਦੇ ਸੇਪਾਂਗ ਇੰਟਰਨੈਸ਼ਨਲ ਸਰਕਟ ਵਿਚ ਛੇਵੇਂ ਰਾਊਂਡ ਦੀ ਫਾਈਨਲ ਰੇਸ ਵਿਚ ਲੰਘੇ ਦਿਨ ਭਾਰਤ ਦੀ ਇਕਲੌਤੀ ਰੇਸਿੰਗ ਟੀਮ ਆਈ. ਡੇਮਿਟਸੂ ਹੋਂਡਾ ਰੇਸਿੰਗ ਇੰਡੀਆ ਨੇ ਏਸ਼ੀਆ ਰੋਡ ਰੇਸਿੰਗ ਚੈਂਪੀਅਨਸ਼ਿਪ-2019 ਵਿਚ ਇਕ ਵਾਰ ਫਿਰ ਤੋਂ ਅੰਕ ਹਾਸਲ ਕੀਤਾ। ਇਸ ਦੌਰਾਨ ਪਿੱਠ ਤੇ ਹੱਥ ਵਿਚ ਸੱਟ ਦੇ ਬਾਵਜੂਦ ਭਾਰਤ ਦੇ ਰੇਸਰ ਰਾਜੀਵ ਨੇ ਇਕ ਹੋਰ ਅੰਕ ਹਾਸਲ ਕੀਤਾ ਅਤੇ ਏ.ਆਰ.ਆਰ.ਸੀ. ਦੇ ਏਸ਼ੀਆਈ ਪ੍ਰੋਡਕਸ਼ਨ 250 ਸੀ.ਸੀ. (ਏ.ਪੀ. 250) ਕਲਾਸ ਵਿਚ ਇਸ ਸੈਸ਼ਨ ਵਿਚ 8 ਵਾਰ ਪਹਿਲੇ 15 ਸਥਾਨਾਂ ਵਿਚ ਆ ਕੇ ਭਾਰਤ ਲਈ ਇਕ ਨਵਾਂ ਮੁਕਾਮ ਹਾਸਲ ਕੀਤਾ।


-ਪਿੰਡ ਢਿੱਲਵਾਂ, ਡਾਕ: ਦਕੋਹਾ, ਜ਼ਿਲ੍ਹਾ ਜਲੰਧਰ-144023 E-mail : sudeepsdhillon@ymail.com

ਕਿਵੇਂ ਵਧਾਈਏ ਕ੍ਰਿਕਟ ਵਾਂਗ ਹੋਰਨਾਂ ਖੇਡਾਂ ਦੀ ਵੁੱਕਤ

ਅਕਸਰ ਹੀ ਬਹੁਤ ਸਾਰੇ ਖੇਡ ਪ੍ਰੇਮੀ ਸੁਆਲ ਉਠਾਉਂਦੇ ਰਹਿੰਦੇ ਹਨ ਕਿ ਕ੍ਰਿਕਟ ਦੇ ਹਰ ਮੈਚ ਦਾ ਪ੍ਰਸਾਰਨ ਵੱਖ-ਵੱਖ ਟੀ.ਵੀ. ਚੈਨਲਾਂ 'ਤੇ ਕੀਤਾ ਜਾਂਦਾ ਹੈ ਪਰ ਹੋਰਨਾਂ ਖੇਡਾਂ ਦੇ ਬਹੁਤ ਘੱਟ ਕੌਮਾਂਤਰੀ ਟੂਰਨਾਮੈਂਟ ਟੀ.ਵੀ. 'ਤੇ ਦਿਖਾਏ ਜਾਂਦੇ ਹਨ। ਇਸ ਨੂੰ ਬਹੁਤ ਸਾਰੇ ਖੇਡ ਪ੍ਰੇਮੀ ਵਿਤਕਰੇਬਾਜ਼ੀ ਗਰਦਾਨ ਕੇ ਆਪਣਾ ਗੁੱਸਾ ਠੰਢਾ ਕਰਦੇ ਹਨ ਜਾਂ ਸਬਰ ਦਾ ਘੁੱਟ ਭਰਦੇ ਹਨ। ਵੱਖ-ਵੱਖ ਖੇਡਾਂ ਪ੍ਰਤੀ ਇਲੈਕਟ੍ਰਾਨਿਕ ਮੀਡੀਆ ਦੇ ਵੱਖ-ਵੱਖ ਰਵੱਈਏ ਪਿੱਛੇ ਬਹੁਤ ਸਾਰੇ ਵੱਡੇ ਕਾਰਨ ਛੁਪੇ ਹੋਏ ਹਨ, ਜਿਨ੍ਹਾਂ ਨੂੰ ਸਾਡੇ ਖੇਡ ਸੰਚਾਲਕ ਦੂਰ ਕਰ ਸਕਦੇ ਹਨ ਅਤੇ ਖੇਡ ਪ੍ਰੇਮੀਆਂ ਦੀਆਂ ਗ਼ਲਤ-ਫਹਿਮੀਆਂ ਵੀ ਦੂਰ ਕਰ ਸਕਦੇ ਹਨ।
ਕੌਮਾਂਤਰੀ ਮੰਚ 'ਤੇ ਸਥਾਪਤ ਖੇਡਾਂ ਦੇ ਇਤਿਹਾਸ 'ਤੇ ਜੇਕਰ ਝਾਤ ਮਾਰੀ ਜਾਵੇ ਤਾਂ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਹਰੇਕ ਖੇਡ ਦੁਨੀਆ ਦੇ ਕਿਸੇ ਨਾ ਕਿਸੇ ਖਿੱਤੇ 'ਚ ਸ਼ੁਰੂ ਹੋਈ ਹੈ। ਫਿਰ ਉਸ ਖਿੱਤੇ ਦੇ ਲੋਕਾਂ ਦੀ ਨਿੱਜੀ ਦਿਲਚਸਪੀ ਦੀ ਬਦੌਲਤ ਉਨ੍ਹਾਂ ਦੀ ਖੇਡ ਵਿਸ਼ਵ ਖੇਡ ਮੰਚ 'ਤੇ ਪੁੱਜੀ। ਮਿਸਾਲ ਵਜੋਂ ਇੰਗਲੈਂਡ ਕ੍ਰਿਕਟ ਦਾ ਜਨਮਦਾਤਾ ਦੇਸ਼ ਹੈ। ਇਸ ਦੇਸ਼ ਦੇ ਸ਼ਾਸਕਾਂ ਨੇ ਜਿਸ ਦੇਸ਼ 'ਚ ਵੀ ਰਾਜ ਕੀਤਾ, ਉੱਥੇ ਹੀ ਇਸ ਖੇਡ ਨੂੰ ਪ੍ਰਚੱਲਤ ਕਰਨ ਦੀ ਕੋਸ਼ਿਸ਼ ਕੀਤੀ। ਭਾਰਤ, ਆਸਟਰੇਲੀਆ, ਦੱਖਣੀ ਅਫ਼ਰੀਕਾ, ਪਾਕਿਸਤਾਨ, ਬੰਗਲਾਦੇਸ਼ ਤੇ ਵੈੱਸਟ ਇੰਡੀਜ਼ ਦੇ ਦੇਸ਼ਾਂ 'ਚ ਅੰਗਰੇਜ਼ ਲੋਕ ਇਸ ਖੇਡ ਨੂੰ ਸਥਾਪਤ ਕਰਨ 'ਚ ਸਫਲ ਹੋ ਗਏ। ਅੱਜ ਇੰਨ੍ਹਾਂ ਮੁਲਕਾਂ 'ਚ ਇਸ ਖੇਡ ਦਾ ਪੂਰਾ ਬੋਲਬਾਲਾ ਹੈ। ਇਸੇ ਤਰ੍ਹਾਂ ਹੋਰ ਖੇਡਾਂ ਵੀ ਦੁਨੀਆ ਦੇ ਕਿਸੇ ਨਾ ਕਿਸੇ ਕੋਨੇ 'ਚੋਂ ਉੱਭਰ ਕੇ ਸਾਹਮਣੇ ਆਈਆਂ ਹਨ। ਇਹ ਮਿਸਾਲ ਦੇਣ ਦਾ ਮਕਸਦ ਇਹ ਹੈ ਕਿ ਜਿਸ ਖੇਡ ਦੇ ਸੰਚਾਲਕ ਆਪਣੀ ਖੇਡ ਨੂੰ ਮਕਬੂਲ ਬਣਾਉਣ ਲਈ ਵਧੇਰੇ ਯਤਨ ਕਰਦੇ ਹਨ, ਉਸ ਖੇਡ ਦਾ ਪਸਾਰ ਜਲਦੀ ਹੁੰਦਾ ਹੈ। ਇਸ ਦੇ ਨਾਲ ਹੀ ਜਿਸ ਖੇਡ 'ਚ ਵਧੇਰੇ ਐਕਸ਼ਨ ਹੁੰਦਾ ਹੈ, ਉਸ ਖੇਡ ਦਾ ਪਸਾਰ ਵੀ ਜਲਦੀ ਹੁੰਦਾ ਹੈ। ਟੀ.ਵੀ. ਪ੍ਰਸਾਰਨ ਲਈ ਉਕਤ ਦੋ ਮੁਢਲੀਆਂ ਲੋੜਾਂ ਹਨ ਭਾਵ ਖੇਡ ਨੂੰ ਦੇਖਣ ਵਾਲੇ ਦਰਸ਼ਕਾਂ ਦੀ ਗਿਣਤੀ ਅਤੇ ਖੇਡ ਟੀ.ਵੀ. ਪ੍ਰਸਾਰਨ ਲਈ ਢੁਕਵੀਂ ਹੋਣੀ। ਫਿਰ ਗੱਲ ਤੁਰਦੀ ਹੈ ਟੀ.ਵੀ. ਪ੍ਰਸਾਰਨ ਲਈ ਹੋਣ ਵਾਲੇ ਖਰਚ ਦੀ, ਜਿਸ ਲਈ ਸਪਾਂਸਰਸ਼ਿਪ ਦੀ ਜ਼ਰੂਰਤ ਪੈਂਦੀ ਹੈ। ਕਿਸੇ ਵੀ ਖੇਡ ਜਾਂ ਈਵੈਂਟ 'ਤੇ ਧਨ ਖਰਚਣ ਤੋਂ ਪਹਿਲਾਂ ਵਪਾਰਕ ਘਰਾਣਾ ਦੇਖਦਾ ਹੈ ਕਿ ਕਿਸ ਖੇਡ ਰਾਹੀਂ ਉਸ ਦੇ ਉਤਪਾਦ ਦੀ ਗੱਲ ਵੱਧ ਤੋਂ ਵੱਧ ਲੋਕਾਂ ਤੱਕ ਪੁੱਜਦੀ ਹੈ। ਜ਼ਿਆਦਾ ਲੋਕਾਂ ਦੁਆਰਾ ਦੇਖੀ ਜਾਣ ਵਾਲੀ ਖੇਡ 'ਤੇ ਵਪਾਰਕ ਘਰਾਣੇ ਵਧੇਰੇ ਧਨ ਖਰਚਦੇ ਹਨ।
ਕਿਸੇ ਖੇਡ ਲਈ ਸਪਾਂਸਰਸ਼ਿਪ ਹਾਸਲ ਕਰਨ ਲਈ ਖੇਡ ਸੰਸਥਾਵਾਂ ਨੂੰ ਵੱਡੇ ਯਤਨ ਕਰਨੇ ਪੈਂਦੇ ਹਨ। ਪਹਿਲੀ ਗੱਲ ਖੇਡ ਨੂੰ ਸਮੇਂ ਦੇ ਹਾਣ ਦੀ ਬਣਾ ਕੇ ਰੱਖਣਾ। ਜਿੱਥੋਂ ਤੱਕ ਸਾਡੇ ਦੇਸ਼ ਦਾ ਸੁਆਲ ਹੈ, ਇੱਥੇ ਕ੍ਰਿਕਟ ਵਾਲਿਆਂ ਨੇ ਇਸ ਖੇਡ ਦੇ ਸਰੂਪ 'ਚ ਸਮੇਂ-ਸਮੇਂ ਵੱਡੇ ਬਦਲਾਅ ਲਿਆਂਦੇ ਹਨ। ਟੈਸਟ ਤੋਂ ਇਕ ਦਿਨਾ, ਇਕ ਦਿਨਾ ਤੋਂ ਟੀ-20 ਵਾਲੇ ਸਰੂਪ ਤੱਕ ਪੁੱਜਣਾ ਇਸ ਖੇਡ ਦੀ ਸਫਲਤਾ ਦਾ ਵੱਡਾ ਰਾਜ਼ ਹੈ। ਤਾਜ਼ਾ ਮਿਸਾਲ ਨੈਸ਼ਨਲ ਸਟਾਈਲ ਕਬੱਡੀ ਦੀ ਹੈ, ਜਿਸ ਨੂੰ ਕਿਸੇ ਸਮੇਂ ਨੀਰਸ ਖੇਡ ਮੰਨਿਆ ਜਾਂਦਾ ਸੀ ਪਰ ਇਸ ਖੇਡ ਦੇ ਨਿਯਮਾਂ 'ਚ ਕੁਝ ਬਦਲਾਅ ਕਰਕੇ ਖੇਡ ਸੰਚਾਲਕਾਂ ਨੇ ਅਜਿਹਾ ਰੰਗ ਚਾੜ੍ਹਿਆ ਕਿ ਅੱਜ ਇਸ ਖੇਡ ਦੀ ਪਰੋ ਕਬੱਡੀ ਲੀਗ ਨੇ ਸੈਂਕੜੇ ਖਿਡਾਰੀ ਮਾਲਾ-ਮਾਲ ਕਰ ਦਿੱਤੇ ਹਨ। ਇਸ ਖੇਡ ਨੂੰ ਵੱਡੇ ਸਪਾਂਸਰ ਵੀ ਮਿਲ ਰਹੇ ਹਨ ਅਤੇ ਟੀ.ਵੀ. 'ਤੇ ਵੀ ਇਸ ਖੇਡ ਦੀਆਂ ਸਰਗਰਮੀਆਂ ਲਗਾਤਾਰ ਦਿਖਾਈਆਂ ਜਾਣ ਲੱਗੀਆਂ ਹਨ। ਇਸ ਤੋਂ ਇਲਾਵਾ ਖੇਡ ਸਮਾਗਮਾਂ ਦਾ ਮਿਆਰੀ ਸੰਚਾਲਨ ਤੇ ਪੇਸ਼ਕਾਰੀ, ਜਿਸ ਵਿਚ ਖਿਡਾਰੀਆਂ ਲਈ ਵਧੀਆ ਸਹੂਲਤਾਂ, ਖੇਡ ਸਮਾਗਮਾਂ 'ਚ ਪਾਰਦਰਸ਼ਤਾ, ਅਨੁਸ਼ਾਸਨ ਤੇ ਸਮਾਂਬੱਧਤਾ, ਦਰਸ਼ਕਾਂ ਲਈ ਵਧੀਆ ਪ੍ਰਬੰਧ, ਖੇਡ ਸਮਾਗਮ ਦਾ ਲੋੜੀਂਦਾ ਪ੍ਰਚਾਰ ਅਤੇ ਮੀਡੀਆ ਦੀ ਸੁਚੱਜੀ ਵਰਤੋਂ ਕਰਨਾ ਵੀ ਸ਼ਾਮਿਲ ਹੈ। ਇਨ੍ਹਾਂ ਸਾਰੇ ਉੱਦਮਾਂ ਦੀ ਬਦੌਲਤ ਖੇਡਾਂ ਲਈ ਸਪਾਂਸਰ ਮਿਲਦੇ ਹਨ ਅਤੇ ਟੀ.ਵੀ. ਪ੍ਰਸਾਰਨ ਲਈ ਲੋੜੀਂਦਾ ਧਨ ਉਪਲਬਧ ਹੁੰਦਾ ਹੈ।
ਇਸ ਤਰ੍ਹਾਂ ਉਪਰੋਕਤ ਵਿਸ਼ਲੇਸ਼ਣ ਦਰਸਾਉਂਦਾ ਹੈ ਕਿ ਅਜੋਕੇ ਪਦਾਰਥਵਾਦੀ ਯੁੱਗ 'ਚ ਖੇਡਾਂ ਦਾ ਆਯੋਜਨ ਕਰਨ ਲਈ ਯੋਜਨਾਬੰਦੀ ਤੇ ਮਿਹਨਤ ਦੀ ਬਹੁਤ ਲੋੜ ਹੁੰਦੀ ਹੈ। ਪਹਿਲਾਂ ਖੇਡ ਨੂੰ ਸਮੇਂ ਦੇ ਹਾਣ ਦੇ ਬਣਾ ਕੇ, ਸਥਾਪਿਤ ਰੱਖਣਾ ਪੈਂਦਾ ਹੈ, ਜਿਸ ਨਾਲ ਸਪਾਂਸਰ ਆਕਰਸ਼ਿਤ ਹੁੰਦੇ ਹਨ। ਸਪਾਂਸਰਸ਼ਿਪ ਦੀ ਬਦੌਲਤ ਹੀ ਖੇਡ ਸਮਾਗਮਾਂ ਦਾ ਟੀ.ਵੀ. ਪ੍ਰਸਾਰਨ ਹੁੰਦਾ ਹੈ। ਜਿੱਥੋਂ ਤੱਕ ਸਾਡੇ ਦੇਸ਼ 'ਚ ਕ੍ਰਿਕਟ ਤੋਂ ਇਲਾਵਾ ਹੋਰਨਾਂ ਖੇਡਾਂ ਨੂੰ ਪ੍ਰਫ਼ੁੱਲਿਤ ਕਰਨ ਦਾ ਸਵਾਲ ਹੈ, ਇਸ ਸਬੰਧ 'ਚ ਸਰਕਾਰ ਇਕ ਕਦਮ ਉਠਾ ਸਕਦੀ ਹੈ। ਹਰ ਸਾਲ ਕਰੋੜਾਂ ਰੁਪਏ ਦੀ ਕ੍ਰਿਕਟ ਨੂੰ ਸਪਾਂਸਰਸ਼ਿਪ ਦੇਣ ਵਾਲੇ ਅਦਾਰਿਆਂ ਲਈ ਇਕ ਕਾਨੂੰਨ ਬਣਾਇਆ ਜਾਣਾ ਚਾਹੀਦਾ ਹੈ ਕਿ ਉਹ ਆਪਣੇ ਸਪਾਂਸਰਸ਼ਿਪ ਲਈ ਰੱਖੇ ਬਜਟ ਦਾ 25 ਤੋਂ 50 ਫ਼ੀਸਦੀ ਹਿੱਸਾ ਕ੍ਰਿਕਟ ਤੋਂ ਇਲਾਵਾ ਹੋਰਨਾਂ ਖੇਡਾਂ 'ਤੇ ਵੀ ਖ਼ਰਚ ਕਰਨਗੇ। ਅਜਿਹਾ ਕਰਨ ਲਈ ਹੋਰਨਾਂ ਖੇਡਾਂ ਵਾਲਿਆਂ ਨੂੰ ਇਕਜੁੱਟ ਹੋ ਕੇ ਕੇਂਦਰ ਸਰਕਾਰ ਕੋਲ ਆਵਾਜ਼ ਉਠਾਉਣੀ ਚਾਹੀਦੀ ਹੈ।


-ਪਟਿਆਲਾ।
ਮੋਬਾ: 97795-90575

ਹੇਠਲੇ ਪੱਧਰ ਤੋਂ ਦੂਰ ਹੋਣ ਖੇਡਾਂ ਵਿਚਲੀਆਂ ਊਣਤਾਈਆਂ

ਕਹਿਣ ਨੂੰ ਤਾਂ ਸਾਡੇ ਦੇਸ਼ ਦੀ ਆਬਾਦੀ ਇਸ ਸਮੇਂ ਦੁਨੀਆ ਵਿਚ ਦੂਸਰੇ ਨੰਬਰ 'ਤੇ ਹੈ ਅਤੇ ਜਿਸ ਦੇਸ਼ ਕੋਲ ਏਨੀ ਮਨੁੱਖੀ ਸ਼ਕਤੀ ਹੋਵੇ, ਉਸ ਦੀ ਤਾਕਤ ਦਾ ਅੰਦਾਜ਼ਾ ਸਹਿਜੇ ਹੀ ਅਸੀਂ ਲਗਾ ਸਕਦੇ ਹਾਂ ਕਿ ਇਸ ਕੋਲ ਦੁਨੀਆ ਦੇ ਕਿਸੇ ਵੀ ਖੇਤਰ ਵਿਚ ਵਧੀਆ ਨਤੀਜੇ ਦੇਣ ਦੀ ਤਾਕਤ ਹੋਵੇਗੀ। ਪਰ ਏਨੀ ਮਨੁੱਖੀ ਤਾਕਤ ਹੋਣ ਦੇ ਬਾਵਜੂਦ ਅਸੀ ਖੇਡਾਂ ਦੇ ਖੇਤਰ ਵਿਚ ਉਨ੍ਹਾਂ ਛੋਟੇ-ਛੋਟੇ ਮੁਲਕਾਂ ਤੋਂ ਵੀ ਪਿੱਛੇ ਹਾਂ, ਜਿਨ੍ਹਾਂ ਦੀ ਆਬਾਦੀ ਸਾਡੇ ਇਕ ਛੋਟੇ ਜਿਹੇ ਰਾਜ ਤੋਂ ਵੀ ਘੱਟ ਹੋਵੇਗੀ। ਅਸੀਂ ਅੰਤਰਰਾਸ਼ਟਰੀ ਪੱਧਰ 'ਤੇ ਅਜੇ ਵੀ ਤਗਮੇ ਲੈਣ ਲਈ ਹੱਥ-ਪੈਰ ਮਾਰਦੇ ਹੀ ਨਜ਼ਰ ਆਉਂਦੇ ਹਾਂ ਅਤੇ ਆਪਣੀ ਸ਼ਕਤੀ ਦੇ ਅਨੁਸਾਰ ਅਸੀਂ ਵਿਸ਼ਵ ਖੇਡ ਮੈਦਾਨ ਵਿਚ ਫਾਡੀ ਹਾਂ। ਦੁਨੀਆ ਦੇ ਸਾਰੇ ਦਿੱਗਜ ਇਹ ਸੋਚਣ ਲਈ ਮਜਬੂਰ ਹਨ ਕਿ ਜੇਕਰ ਚੀਨ ਆਪਣੀ ਆਬਾਦੀ ਦੀ ਸੁਚੱਜੀ ਵਰਤੋਂ ਕਰਕੇ ਆਪਣੇ-ਆਪ ਨੂੰ ਖੇਡਾਂ ਵਿਚ ਅੱਵਲ ਲਿਆ ਖੜ੍ਹਾ ਕਰ ਸਕਦਾ ਹੈ, ਫਿਰ ਭਾਰਤ ਕੋਲ ਏਨੀਆਂ ਵਿਭਿੰਨਤਾਵਾਂ ਹੁੰਦੇ ਹੋਏ ਅਤੇ ਏਨਾ ਮਨੁੱਖੀ ਬਲ ਹੁੰਦੇ ਹੋਏ ਉਸ ਦੇ ਅਥਲੀਟ ਤਗਮੇ ਲੈਣ ਲਈ ਜੱਦੋ-ਜਹਿਦ ਕਰਦੇ ਹੀ ਕਿਉਂ ਨਜ਼ਰ ਆਂਉਦੇ ਹਨ? ਅਸਲ ਵਿਚ ਭਾਰਤ ਵਿਚ ਅਜੇ ਤੱਕ ਕੋਈ ਸਥਾਈ ਖੇਡ ਨੀਤੀ ਹੇਠਾਂ ਤੋਂ ਲੈ ਕੇ ਉੱਪਰ ਤੱਕ ਨਹੀਂ ਬਣ ਸਕੀ ਅਤੇ ਸਭ ਪਾਸੇ ਆਪੋਧਾਪੀ ਹੀ ਚੱਲ ਰਹੀ ਹੈ। ਹਰ ਛੋਟੇ ਟੂਰਨਾਮੈਂਟ ਤੋਂ ਲੈ ਕੇ ਵੱਡੇ ਟੂਰਨਾਮੈਂਟ ਵਿਚ ਊਣਤਾਈਆਂ ਅਤੇ ਪੱਖਪਾਤ ਸਾਹਮਣੇ ਆਉਂਦਾ ਹੀ ਰਹਿੰਦਾ ਹੈ।
ਸਭ ਤੋਂ ਪਹਿਲਾਂ ਤਾਂ ਸਾਡਾ ਖੇਡ ਸਿਸਟਮ ਅਜੇ ਤੱਕ ਖੇਡਾਂ ਦੀਆਂ ਨਰਸਰੀਆਂ ਵਜੋਂ ਜਾਣੇ ਜਾਂਦੇ ਸਕੂਲਾਂ ਅਤੇ ਸਕੂਲੀ ਵਿਦਿਆਰਥੀਆਂ ਲਈ ਹੀ ਕੋਈ ਵਿਸ਼ੇਸ਼ ਖੇਡ ਨੀਤੀ ਨਹੀਂ ਘੜ ਸਕਿਆ। ਅਜੇ ਤੱਕ ਸਾਡੀਆਂ ਸਕੂਲਾਂ ਦੀਆਂ ਖੇਡ ਫੈੱਡਰੇਸ਼ਨਾਂ ਹੀ ਬੱਸ ਡੰਗ-ਟਪਾਊ ਨੀਤੀ ਨਾਲ ਖੇਡਾਂ ਦੀਆਂ ਨੀਤੀਆਂ ਨੂੰ ਬਣਾ ਅਤੇ ਚਲਾ ਰਹੀਆਂ ਹਨ। ਪਿੱਛੇ ਜਿਹੇ ਭਾਵੇਂ ਉਲੰਪਿਕ ਤਗਮਾ ਜੇਤੂ ਭਾਰਤ ਦੇ ਖੇਡ ਮੰਤਰੀ ਨੇ 'ਖੇਲੋ ਸਕੂਲ ਇੰਡੀਆ' ਦੀ ਸ਼ੁਰੂਆਤ ਕੀਤੀ ਸੀ, ਜੋ ਕਿ ਇਕ ਸਾਰਥਕ ਕਦਮ ਹੈ ਪਰ ਹੁਣ ਦੇਖਣਾ ਇਹ ਹੈ ਕਿ ਨਵੇਂ ਖੇਡ ਮੰਤਰੀ ਸਾਹਿਬ ਇਸ ਸਾਰਥਕ ਪਹਿਲ ਨੂੰ ਕਿੰਨਾ ਅੱਗੇ ਲੈ ਜਾਂਦੇ ਹਨ। ਇਹ ਤਾਂ ਹੈ ਉਪਰਲੇ ਪੱਧਰ ਦੀਆਂ ਗੱਲਾਂ ਪਰ ਹੁਣ ਜੇਕਰ ਇਨ੍ਹਾਂ ਸਕੂਲ ਖੇਡਾਂ ਦੇ ਛੋਟੇ-ਛੋਟੇ ਮੁਕਾਬਲਿਆਂ ਜਿਵੇਂ ਕਿ ਜ਼ੋਨਲ ਅਤੇ ਜ਼ਿਲ੍ਹਾ ਪੱਧਰ ਦੀ ਗੱਲ ਕਰੀਏ ਤਾਂ ਇਨ੍ਹਾਂ ਵਿਚ ਹੀ ਸਕੂਲ ਅਤੇ ਜ਼ੋਨ ਆਪੋ-ਆਪਣੀ ਚੌਧਰ ਬਰਕਰਾਰ ਰੱਖਣ ਅਤੇ ਆਪੋ-ਆਪਣੇ ਹਿੱਤਾਂ ਦੀ ਪੂਰਤੀ ਲਈ ਵਿਦਿਆਰਥੀਆਂ ਦੇ ਭਵਿੱਖ ਨਾਲ ਖੇਡਦੇ ਆਮ ਨਜ਼ਰ ਆਉਂਦੇ ਹਨ ਅਤੇ ਤੇਰ-ਮੇਰ ਦੀ ਭਾਵਨਾ ਛੋਟੇ-ਛੋਟੇ ਟੂਰਨਾਮੈਂਟਾਂ ਵਿਚ ਹੀ ਵਿਦਿਆਰਥੀਆਂ ਦਾ ਮੂੰਹ ਖੇਡਾਂ ਵਲੋਂ ਮੋੜ ਦਿੰਦੀ ਹੈ। ਇਸ ਤੋਂ ਇਲਾਵਾ ਜਦੋਂ ਮੁਢਲੇ ਪੱਧਰ 'ਤੇ ਹੀ ਖਿਡਾਰੀਆਂ ਨੂੰ ਸਾਰਥਿਕ ਖੇਡ ਵਾਤਾਵਰਨ ਨਹੀਂ ਪ੍ਰਦਾਨ ਕੀਤਾ ਜਾਂਦਾ ਤਾਂ ਵੀ ਖਿਡਾਰੀ ਖੇਡ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਹੀ ਅਲਵਿਦਾ ਆਖ ਜਾਂਦੇ ਹਨ। ਅਸੀਂ ਆਮ ਤੌਰ 'ਤੇ ਦੇਖਦੇ ਹਾਂ ਕਿ ਖਿਡਾਰੀਆਂ ਦੇ ਅਭਿਆਸ ਲਈ ਕੋਈ ਨਾ ਤਾਂ ਵਿਸ਼ੇਸ਼ ਮਾਹੌਲ ਸਿਰਜਿਆ ਜਾਂਦਾ ਹੈ ਅਤੇ ਨਾ ਹੀ ਮੁਕਾਬਲਿਆਂ ਵਿਚ ਉਨ੍ਹਾਂ ਦੇ ਰੱਖ-ਰਖਾਵ ਲਈ ਕੁਝ ਵਿਸ਼ੇਸ਼ ਉਪਰਾਲੇ ਕੀਤੇ ਜਾਂਦੇ ਹਨ। ਖੇਡ ਮੁਕਾਬਲਿਆਂ ਵਿਚ ਵੀ ਵੈਰ-ਵਿਰੋਧ ਦੀ ਭਾਵਨਾ ਖੇਡ ਭਾਵਨਾ ਨੂੰ ਰੌਂਦਦੀ ਨਜ਼ਰ ਆਉਂਦੀ ਹੈ। ਸੂਬਾ ਪੱਧਰੀ ਅਤੇ ਰਾਸ਼ਟਰੀ ਪੱਧਰ 'ਤੇ ਵੀ ਖਿਡਾਰੀਆਂ ਨੂੰ ਉਨ੍ਹਾਂ ਸਾਰੀਆਂ ਬੁਨਿਆਦੀ ਸਹੂਲਤਾਂ ਸਬੰਧੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਨ੍ਹਾਂ ਦੀ ਖਿਡਾਰੀਆਂ ਨੂੰ ਮੁਢਲੀ ਲੋੜ ਹੁੰਦੀ ਹੈ।
ਇਹ ਤਾਂ ਸੀ ਸਕੂਲੀ ਖੇਡਾਂ ਦੀ ਗੱਲ, ਜਿਨ੍ਹਾਂ ਰਾਹੀਂ ਸਾਡੇ ਦੇਸ਼ ਨੂੰ ਵਧੀਆ ਖੇਡ ਸਿਤਾਰੇ ਮਿਲਦੇ ਹਨ ਅਤੇ ਦੇਸ਼ ਲਈ ਖੇਡ ਕੌਸ਼ਲ ਸਾਹਮਣੇ ਆਉਂਦਾ ਹੈ ਪਰ ਜੇਕਰ ਗੱਲ ਕਰੀਏ ਪਿੰਡਾਂ ਅਤੇ ਸ਼ਹਿਰਾਂ ਦੀ ਤਾਂ ਦੇਸ਼ ਦੇ ਵੱਡੇ-ਵੱਡੇ ਸ਼ਹਿਰਾਂ ਨੂੰ ਛੱਡ ਕੇ ਬਾਕੀ ਜਗ੍ਹਾ ਖੇਡਾਂ ਦੀਆਂ ਸੁਵਿਧਾਵਾਂ ਰੱਬ ਆਸਰੇ ਹੀ ਹਨ। ਦੇਸ਼ ਦੀ ਜ਼ਿਆਦਾ ਆਬਾਦੀ ਪਿੰਡਾਂ ਵਿਚ ਹੈ ਅਤੇ ਜ਼ਿਆਦਾ ਖੇਡ ਕੌਸ਼ਲ ਵੀ ਇਥੇ ਹੀ ਪਾਇਆ ਜਾਂਦਾ ਹੈ ਪਰ ਇਨ੍ਹਾਂ ਪਿੰਡਾਂ ਦੇ ਖਿਡਾਰੀਆਂ ਨੂੰ ਦੂਰ-ਦੁਰਾਡੇ ਖੇਡ ਅਭਿਆਸ ਲਈ ਜਾਣਾ ਪੈਂਦਾ ਹੈ, ਜਿਸ ਨਾਲ ਦੇਸ਼ ਦਾ ਬਹੁਤਾ ਖੇਡ ਕੌਸ਼ਲ ਛੁਪਿਆ ਹੀ ਰਹਿ ਜਾਂਦਾ ਹੈ। ਇਸ ਤੋਂ ਇਲਾਵਾ ਛੋਟੇ-ਛੋਟੇ ਖੇਡ ਟੂਰਨਾਮੈਂਟਾਂ ਵਿਚ ਹੀ ਆਪਸੀ ਬਦਲਾਖੋਰੀ ਦੀ ਭਾਵਨਾ ਅਤੇ ਪੱਖਪਾਤੀ ਰਵੱਈਏ ਨੇ ਦੇਸ਼ ਦੀ ਖੇਡ ਵਿਵਸਥਾ ਦਾ ਬੇੜਾ ਗਰਕ ਕਰ ਕੇ ਰੱਖਿਆ ਹੈ। ਉਦਾਹਰਨ ਦੇ ਤੌਰ 'ਤੇ ਜੇਕਰ ਕਿਸੇ ਸਾਲ ਕਿਸੇ ਖੇਡ ਦਾ ਟੂਰਨਾਮੈਂਟ ਕਿਸੇ ਵਿਸ਼ੇਸ਼ ਜਗ੍ਹਾ 'ਤੇ ਕਰਵਾਇਆ ਜਾਂਦਾ ਹੈ ਅਤੇ ਵਧ-ਚੜ੍ਹ ਕੇ ਆਪਣੀ ਟੀਮ ਨੂੰ ਜਿਤਾਉਣ ਲਈ ਜ਼ੋਰ ਅਜ਼ਮਾਇਸ਼ ਕੀਤੀ ਜਾਂਦੀ ਹੈ ਅਤੇ ਅਗਲੇ ਸਾਲ ਜਦੋਂ ਉਸੇ ਖੇਡ ਦਾ ਟੂਰਨਾਮੈਂਟ ਕਿਸੇ ਹੋਰ ਥਾਂ 'ਤੇ ਕਰਵਾਇਆ ਜਾਂਦਾ ਹੈ ਤਾਂ ਉਥੋਂ ਦੇ ਖੇਡ ਪ੍ਰਬੰਧਕਾਂ ਵਲੋਂ ਵੀ ਪੂਰੀ ਭਾਜੀ ਮੋੜੀ ਜਾਂਦੀ ਹੈ। ਇਸ ਸਭ ਨਾਲ ਖੇਡ ਭਾਵਨਾ ਦਾ ਜਿੱਥੇ ਘਾਣ ਹੋ ਰਿਹਾ ਹੈ, ਉਥੇ ਹੋਣਹਾਰ ਖਿਡਾਰੀਆਂ ਨੂੰ ਧੱਕੇਸ਼ਾਹੀ ਦਾ ਸ਼ਰੇਆਮ ਸਾਹਮਣਾ ਕਰਨਾ ਪੈਂਦਾ ਹੈ। ਇਸ ਲਈ ਜਦੋਂ ਤੱਕ ਸਾਡੇ ਖੇਡ ਪ੍ਰਬੰਧਕਾਂ ਅਤੇ ਖਿਡਾਰੀਆਂ ਵਿਚ ਖੇਡ ਭਾਵਨਾ ਅੰਦਰ ਤੱਕ ਘਰ ਨਹੀਂ ਕਰਦੀ, ਉਦੋਂ ਤੱਕ ਖੇਡਾਂ ਦਾ ਭਲਾ ਨਹੀਂ ਹੋ ਸਕਦਾ, ਵੱਡੇ ਪੱਧਰ 'ਤੇ ਸਭ ਠੀਕ-ਠਾਕ ਹੈ ਪਰ ਹੇਠਲੇ ਪੱਧਰ 'ਤੇ ਇਨ੍ਹਾਂ ਹੁੰਦੀਆਂ ਖੇਡ ਊਣਤਾਈਆਂ ਅਤੇ ਪੱਖਪਾਤ ਨੂੰ ਦੂਰ ਕਰਨ ਨਾਲ ਹੀ ਖੇਡ ਵਿਵਸਥਾ ਵਿਚ ਸੁਧਾਰ ਹੋ ਸਕਦਾ ਹੈ।


-ਮੋਬਾ: 94174-79449

ਨਕਲੀ ਪੈਰ ਦੇ ਸਹਾਰੇ ਹੀ ਜਹਾਨ ਜਿੱਤਣ ਦੀ ਖਾਹਿਸ਼ ਰੱਖਣ ਵਾਲਾ-ਸੁਸਾਂਤ ਸ਼ੁਨਾ ਜਮਸ਼ੇਦਪੁਰ

ਸੁਸਾਂਤ ਕੁਮਾਰ ਸ਼ੁਨਾ ਉਹ ਨੌਜਵਾਨ ਹੈ, ਜਿਸ ਨੇ ਇਕ ਪੈਰ ਗਵਾ ਲੈਣ ਤੋਂ ਬਾਅਦ ਵੀ ਹਿੰਮਤ ਨਹੀਂ ਹਾਰੀ ਅਤੇ ਉਹ ਮਾਣ ਨਾਲ ਆਖਦਾ ਹੈ ਕਿ, 'ਮੈਂ ਦਇਆ ਦਾ ਪਾਤਰ ਨਹੀਂ, ਮੈਂ ਹਿੰਮਤ ਦਾ ਪਾਤਰ ਹਾਂ ਅਤੇ ਮੈਂ ਆਪਣੀ ਹੀ ਜ਼ਿੰਦਗੀ ਸ਼ਾਨ ਨਾਲ ਨਹੀਂ ਜੀਉਂਗਾ, ਸਗੋਂ ਦੂਸਰਿਆਂ ਨੂੰ ਵੀ ਜ਼ਿੰਦਗੀ ਸ਼ਾਨ ਨਾਲ ਜਿਉਣ ਲਈ ਪ੍ਰੇਰਿਤ ਕਰਾਂਗਾ। ਇਹੀ ਮੇਰੀ ਜ਼ਿੰਦਗੀ ਦਾ ਆਕੀਦਾ ਅਤੇ ਨਿਸਚਾ ਹੈ।' ਸੁਸਾਂਤ ਸ਼ੁਨਾ ਦਾ ਜਨਮ ਝਾਰਖੰਡ ਪ੍ਰਾਂਤ ਦੇ ਸ਼ਹਿਰ ਜਮਸ਼ੇਦਪੁਰ ਵਿਚ 29 ਅਕਤੂਬਰ, 1991 ਨੂੰ ਪਿਤਾ ਕਾਂਥਾ ਸ਼ੁਨਾ ਦੇ ਘਰ ਮਾਤਾ ਉਮਾ ਸ਼ੁਨਾ ਦੀ ਕੁੱਖੋਂ ਹੋਇਆ। ਸੁਸਾਂਤ ਸ਼ੁਨਾ ਆਪਣੀ ਜ਼ਿੰਦਗੀ ਦੀ ਡਗਰ ਨੂੰ ਇਸ ਕਦਰ ਤੋਰ ਰਿਹਾ ਸੀ ਕਿ ਉਹ ਸੋਚਦਾ ਸੀ ਕਿ ਜ਼ਿੰਦਗੀ ਵਿਚ ਕੁਝ ਅਜਿਹਾ ਕੀਤਾ ਜਾ ਸਕੇ ਕਿ ਲੋਕ ਮਾਣ ਕਰ ਸਕਣ ਪਰ ਜਦ ਸੁਸਾਂਤ ਸ਼ੁਨਾ 22 ਸਾਲਾਂ ਦਾ ਭਰ ਗੱਭਰੂ ਸੀ ਕਿ ਉਹ ਹਾਦਸੇ ਦਾ ਸ਼ਿਕਾਰ ਹੋ ਗਿਆ। ਉਸ ਨੂੰ ਪਾਣੀ ਵਾਲੇ ਟੈਂਕਰ ਨੇ ਲਪੇਟ ਵਿਚ ਲੈ ਲਿਆ, ਜਿਸ ਦੌਰਾਨ ਉਸ ਦੀ ਖੱਬੀ ਲੱਤ ਟੈਂਕਰ ਦੇ ਹੇਠਾਂ ਆ ਗਈ ਅਤੇ ਵਧੀ ਇਨਫੈਕਸ਼ਨ ਕਾਰਨ ਮਜਬੂਰੀ ਵਸ ਡਾਕਟਰਾਂ ਨੂੰ ਉਸ ਦੀ ਲੱਤ ਕੱਟਣੀ ਪਈ। ਇਸ ਹਾਦਸੇ ਨੇ ਸੁਸਾਂਤ ਦੀ ਪੂਰੀ ਜ਼ਿੰਦਗੀ ਹੀ ਨਹੀਂ ਬਦਲੀ, ਸਗੋਂ ਕੁਝ ਕਰ ਸਕਣ ਦੀ ਚਾਹਤ ਵੀ ਬਿਲਕੁਲ ਖ਼ਤਮ ਕਰ ਦਿੱਤੀ।
ਸੁਸਾਂਤ ਨੇ ਸੋਚਿਆ ਕਿ ਜ਼ਿੰਦਗੀ ਰੁਕਣ ਦਾ ਨਾਂਅ ਨਹੀਂ, ਚੱਲਣ ਦਾ ਨਾਂਅ ਹੈ ਅਤੇ ਉਸ ਨੇ ਆਪਣੀਆਂ ਉਮੀਦਾਂ ਨੂੰ ਫਿਰ ਮਜ਼ਬੂਤ ਬਣਾ ਲਿਆ। ਸਾਲ 2015 ਵਿਚ ਉਸ ਨੇ ਬੂਟ ਬਣਾਉਣ ਵਾਲੀ ਕੰਪਨੀ ਇੰਡੋਲਾਈਟ ਦੇ ਸਹਿਯੋਗ ਨਾਲ ਨਕਲੀ ਪੈਰ ਲਗਵਾਇਆ ਪਰ ਉਸ ਨਾਲ ਉਹ ਚੱਲ ਤਾਂ ਸਕਦਾ ਸੀ ਪਰ ਲੰਮੀ ਦੌੜ ਜਾਂ ਦੂਰ ਤੱਕ ਚੱਲ-ਫਿਰ ਨਹੀਂ ਸੀ ਸਕਦਾ ਪਰ ਇਸ ਦੇ ਬਾਵਜੂਦ ਉਸ ਨੇ ਸਾਲ 2015 ਵਿਚ ਕੋਚੀ ਵਿਖੇ ਪਹਿਲੀ ਵਾਰ ਮੈਰਾਥਨ ਦੌੜ ਵਿਚ ਭਾਗ ਲੈ ਕੇ ਜਿੱਤ ਪ੍ਰਾਪਤ ਕੀਤੀ ਅਤੇ ਫਿਰ ਸੁਸਾਂਤ ਸ਼ੁਨਾ ਨੇ ਪਿੱਛੇ ਮੁੜ ਕੇ ਨਹੀਂ ਵੇਖਿਆ। ਸਾਲ 2016 ਵਿਚ ਉਹ ਟਰੈਕਿੰਗ 'ਤੇ ਵੀ ਗਿਆ ਅਤੇ ਉਹ ਦੂਸਰਿਆਂ ਲਈ ਮਿਸਾਲ ਬਣਿਆ। ਸਾਲ 2019 ਵਿਚ ਹੀ ਉਸੇ ਕੰਪਨੀ ਇੰਡੋਲਾਈਟ ਨੇ ਉਸ ਦੇ ਉੱਚ ਅਤੇ ਹਾਈ ਤਕਨੀਕ ਵਾਲਾ ਬਲੇਡ ਰਨਰ ਲਗਵਾ ਦਿੱਤਾ, ਜਿਸ ਦੇ ਸਹਾਰੇ ਸੁਸਾਂਤ ਹੁਣ ਆਪਣੀਆਂ ਮੰਜ਼ਿਲਾਂ ਤਹਿ ਕਰ ਰਿਹਾ ਹੈ। ਸੁਸਾਂਤ ਹੁਣ ਤੱਕ 2 ਵਾਰ 21 ਕਿਲੋਮੀਟਰ ਮੈਰਾਥਨ, 4 ਵਾਰ 10 ਕਿਲੋਮੀਟਰ, 5 ਵਾਰ 5 ਕਿਲੋਮੀਟਰ ਮੈਰਾਥਨ ਦੌੜਾਂ ਦੌੜ ਚੁੱਕਾ ਹੈ ਅਤੇ ਨਾਲ ਹੀ ਤਾਮਿਲਨਾਡੂ ਵਿਖੇ ਪੈਰਾ ਅਥਲੈਟਿਕ ਖੇਡਾਂ ਵਿਚ 200 ਮੀਟਰ ਦੌੜ ਵਿਚ ਪਹਿਲਾ ਸਥਾਨ ਅਤੇ 100 ਮੀਟਰ ਫਰਾਟਾ ਦੌੜ ਵਿਚ ਦੂਸਰਾ ਸਥਾਨ ਹਾਸਲ ਕਰ ਚੁੱਕਾ ਹੈ।
ਮੈਰਾਥਨ ਦੌੜ ਹੀ ਨਹੀਂ, ਸਗੋਂ ਟਰੈਕਿੰਗ ਕਰਨੀ, ਪਹਾੜ 'ਤੇ ਚੜ੍ਹਨਾ, ਬਾਈਕ ਰਾਈਡਿੰਗ, ਸਕੇਟਿੰਗ ਅਤੇ ਸਾਈਕਲ ਰਾਈਡਿੰਗ ਕਰਨਾ ਉਸ ਦੇ ਮੁੱਖ ਸ਼ੌਕ ਹਨ ਅਤੇ ਉਹ ਨਕਲੀ ਪੈਰ ਹੋਣ ਦੇ ਬਾਵਜੂਦ ਵੀ ਜਹਾਨ ਜਿੱਤਣ ਦੀ ਖ਼ਾਹਿਸ਼ ਰੱਖਣ ਵਾਲਾ ਮਜ਼ਬੂਤ ਇਰਾਦੇ ਅਤੇ ਬੁਲੰਦ ਹੌਸਲੇ ਵਾਲਾ ਨੌਜਵਾਨ ਹੈ। ਸੁਸਾਂਤ ਆਪਣੇ ਸ਼ਹਿਰ ਵਿਚ ਪੈਰ ਤੋਂ ਨਕਾਰਾ ਹੋਰ ਨੌਜਵਾਨਾਂ ਨੂੰ ਵੀ ਜ਼ਿੰਦਗੀ ਵਿਚ ਕੁਝ ਕਰ ਸਕਣ ਦੀ ਚਾਹਤ ਨਾਲ ਪ੍ਰੇਰਦਾ ਆ ਰਿਹਾ ਹੈ ਅਤੇ ਉਹ ਬਹੁਤ ਸਾਰੀਆਂ ਸਮਾਜਿਕ ਸੰਸਥਾਵਾਂ ਨਾਲ ਜੁੜ ਕੇ ਦੂਸਰਿਆਂ ਲਈ ਕੰਮ ਕਰ ਰਿਹਾ ਹੈ। ਸੁਸਾਂਤ ਸ਼ੁਨਾ ਵਰਗੇ ਨੌਜਵਾਨ ਵਾਕਿਆ ਹੀ ਆਪਣੇ ਲਈ ਨਹੀਂ, ਸਗੋਂ ਦੂਸਰਿਆਂ ਲਈ ਇਕ ਵੱਡੀ ਮਿਸਾਲ ਹਨ। ਸੁਸਾਂਤ ਸੱਚਮੁੱਚ ਹੀ ਪੂਰੇ ਝਾਰਖੰਡ ਦਾ ਮਾਣ ਹੈ।


-ਮੋਬਾ: 98551-14484

36 ਵੇਂ ਸੁਰਜੀਤ ਹਾਕੀ ਟੂਰਨਾਮੈਂਟ ਲਈ ਵਿਸ਼ੇਸ਼

ਪੈਨਲਟੀ ਕਾਰਨਰ ਦਾ ਜਾਦੂਗਰ ਸੀ ਸੁਰਜੀਤ

ਵਿਸ਼ਵ ਹਾਕੀ ਜਗਤ ਵਿਚ ਸੁਰਜੀਤ ਨੂੰ ਭੁਲਾਉਣਾ ਔਖਾ ਬਹੁਤ ਹੈ। ਕਿਉਂਕਿ ਸੁਰਜੀਤ, ਸੁਰਜੀਤ ਹੀ ਸੀ। 5 ਫੁੱਟ 11 ਇੰਚ ਲੰਬਾ ਇਹ ਗੱਭਰੂ ਜਦੋਂ 6 ਜਨਵਰੀ, 1984 ਨੂੰ ਜਲੰਧਰ ਬਿਧੀਪੁਰ ਫਾਟਕ ਨੇੜੇ ਦੁਰਘਟਨਾ ਦਾ ਸ਼ਿਕਾਰ ਹੋਇਆ ਤਾਂ ਹੋਣੀ ਸਾਡੇ ਤੋਂ ਹਾਕੀ ਵਾਲਾ ਸੁਰਜੀਤ ਖੋਹ ਕੇ ਲੈ ਗਈ... ਟੁੱਟ ਤਾਂ ਉਹਦੀ ਕਾਰ ਦਾ ਰਾਡ ਗਿਆ ਸੀ ਪਰ... ਅਸਲ 'ਚ ਇਹ ਭਾਰਤੀ ਹਾਕੀ ਜਗਤ ਦਾ ਲੱਕ ਟੁੱਟ ਗਿਆ ਸੀ। ਸੁਰਜੀਤ ਦਾ ਜਨਮ ਜ਼ਿਲ੍ਹਾ ਗੁਰਦਾਸਪੁਰ ਵਿਖੇ 8 ਅਕਤੂਬਰ, 1951 ਨੂੰ ਹੋਇਆ। ਸੁਰਜੀਤ ਖੂਬ ਖੇਡਿਆ ਤੇ ਪੈਨਲਟੀ ਕਾਰਨਰ ਦਾ ਜਾਦੂਗਰ ਹੋਣ ਦੇ ਨਾਤੇ ਵੀ ਅਰਜਨ ਐਵਾਰਡ ਤੋਂ ਪਛੜਿਆ ਰਿਹਾ, ਜੋ ਉਸ ਨਾਲ ਵਿਤਕਰਾ ਜਿਹਾ ਲਗਦਾ ਹੈ। ਸੁਰਜੀਤ ਨੇ ਮੁੱਢਲੀ ਵਿੱਦਿਆ ਖਾਲਸਾ ਸਕੂਲ ਵਡਾਲਾ ਤੋਂ ਪ੍ਰਾਪਤ ਕੀਤੀ। ਸਕੂਲ ਦੀ ਹਾਕੀ ਟੀਮ ਵਿਚ ਉਹ ਹਾਫ ਖੇਡਣ ਤੋਂ ਬਾਅਦ 1988 ਵਿਚ ਸਪੋਰਟਸ ਕਾਲਜ ਜਲੰਧਰ ਵਿਚ ਦਾਖਲ ਹੋ ਗਿਆ। 1971 ਵਿਚ ਉਹ ਕੰਬਾਈਂਡ ਯੂਨੀਵਰਸਿਟੀ ਦਾ ਮੈਂਬਰ ਬਣ ਕੇ ਆਸਟ੍ਰੇਲੀਆ ਗਿਆ। ਚੰਗਾ ਖਿਡਾਰੀ ਹੋਣ ਦੇ ਨਾਤੇ ਉਸ ਨੂੰ ਰੇਲਵੇ ਵਿਚ ਕਮਰਸ਼ੀਅਲ ਇੰਸਪੈਕਟਰ ਦੀ ਨੌਕਰੀ ਮਿਲ ਗਈ। 1973 ਵਿਚ 22 ਸਾਲਾ ਸੁਰਜੀਤ ਨੇ ਭਾਰਤ ਦੀ ਟੀਮ ਵਿਚ ਦੂਜਾ ਵਿਸ਼ਵ ਕੱਪ ਹਾਕੀ ਟੂਰਨਾਮੈਂਟ ਖੇਡਿਆ। ਐਮਸਟਰਡਰਮ ਵਿਚ ਫਾਈਨਲ ਮੈਚ ਵਿਚ ਸੁਰਜੀਤ ਨੇ ਦੋ ਗੋਲ ਦਾਗ ਦਿੱਤੇ ਤੇ ਬਸ ਫਿਰ ਕੀ ਸੀ, ਸੁਰਜੀਤ ਦਾ ਨਾਂਅ ਹਾਕੀ ਪ੍ਰੇਮੀਆਂ ਦੀ ਜ਼ਬਾਨ 'ਤੇ ਚੜ੍ਹ ਗਿਆ। 1973 ਵਿਚ ਤਹਿਰਾਨ ਦੀਆਂ ਏਸ਼ੀਆਈ ਖੇਡਾਂ ਵਿਚ ਸੁਰਜੀਤ ਭਾਰਤੀ ਟੀਮ ਵਲੋਂ ਖੇਡਿਆ। ਆਪਣੀ ਟੀਮ ਦਾ ਮੈਂਬਰ ਰਹਿਣ ਪਿੱਛੋਂ ਉਹ ਏਸ਼ੀਅਨ ਆਲ ਸਟਾਰ ਟੀਮ ਦਾ ਮੈਂਬਰ ਬਣ ਕੇ ਭਾਰਤ ਦੇ ਵਿਰੁੱਧ ਵੀ ਖੇਡਿਆ। 1975 ਵਿਚ ਉਸ ਨੇ ਵਰਲਡ ਕੱਪ ਕੁਆਲਾਲੰਪੁਰ ਵਿਖੇ ਖੇਡਿਆ, ਜਿੱਥੇ ਭਾਰਤ ਨੂੰ ਜਿੱਤ ਨਸੀਬ ਹੋਈ। 1978 ਦੀਆਂ ਬੈਂਕਾਕ ਵਿਚ ਹੋਈਆਂ ਖੇਡਾਂ ਦੌਰਾਨ ਸੁਰਜੀਤ ਭਾਰਤੀ ਟੀਮ ਵਲੋਂ ਖੇਡਿਆ। ਬਹੁਤ ਚੰਗੀ ਖੇਡ ਦਾ ਪ੍ਰਦਰਸ਼ਨ ਕੀਤਾ। ਏਨੀ ਵਧੀਆ ਖੇਡ ਵਿਖਾਈ ਕਿ ਕੁਮੈਂਟਰੀ ਕਰਨ ਵਾਲੇ ਇਹ ਆਖਣ ਲੱਗ ਪਏ ਸਨ ਕਿ ਇਕ ਪਾਸੇ ਪਾਕਿਸਤਾਨ ਹੈ ਤੇ ਦੂਜੇ ਪਾਸੇ ਸੁਰਜੀਤ ਇਕੱਲਾ ਹੀ ਸਭ ਨੂੰ ਡੱਕੀ ਫਿਰਦਾ ਹੈ। ਇਸ ਪਿੱਛੋਂ ਉਹ ਭਾਰਤੀ ਟੀਮ ਦਾ ਕਪਤਾਨ ਬਣਿਆ। 1980 ਨੂੰ ਛੱਡ ਕੇ 79 ਤੋਂ 82 ਤੱਕ ਕਮਾਨ ਉਸ ਦੇ ਹੱਥ ਰਹੀ। 1982 ਵਿਚ ਉਹ ਵਰਲਡ ਕੱਪ ਟੂਰਨਾਮੈਂਟ ਖੇਡਿਆ। ਸੁਰਜੀਤ ਦੀ ਖੇਡ ਜਗਤ ਨੂੰ ਦੇਣ ਬਾਰੇ ਕਦੇ ਸਿਰ ਨਹੀਂ ਫੇਰਿਆ ਜਾ ਸਕਦਾ। ਸੁਰਜੀਤ, ਜਲੰਧਰ 'ਚ ਤੇਰੀ ਯਾਦ 'ਚ 36ਵਾਂ ਹਾਕੀ ਟੂਰਨਾਮੈਂਟ ਹੋਇਆ ਹੈ। ਤੈਨੂੰ ਚੇਤੇ ਰੱਖਣ ਵਾਲੇ, ਹਾਕੀ ਨੂੰ ਪ੍ਰੇਮ ਕਰਨ ਵਾਲੇ ਇਸ ਟੂਰਨਾਮੈਂਟ ਦਾ ਹਿੱਸਾ ਬਣਦੇ ਹੀ ਰਹਿਣ। ਇਸ ਵਾਰ ਪਹਿਲਾ ਸਾਢੇ ਪੰਜ ਲੱਖ ਰੁਪਏ ਦਾ ਇਨਾਮ ਅਮਰੀਕਾ ਵਸਦੇ ਗਾਖਲ ਭਰਾਵਾਂ ਅਮੋਲਕ ਸਿੰਘ ਗਾਖਲ, ਪਲਵਿੰਦਰ ਸਿੰਘ ਗਾਖਲ ਅਤੇ ਇਕਬਾਲ ਸਿੰਘ ਗਾਖਲ ਵਲੋਂ ਦਿੱਤਾ ਜਾ ਰਿਹਾ ਹੈ।


ashokbhaura@gmail.com

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX