ਤਾਜਾ ਖ਼ਬਰਾਂ


ਐਨ.ਆਈ.ਏ ਦੀ ਟੀਮ ਪਹੁੰਚੀ ਨਿਰੰਕਾਰੀ ਭਵਨ
. . .  1 day ago
ਰਾਜਾਸਾਂਸੀ, 18 ਨਵੰਬਰ (ਹੇਰ) - ਅੰਮ੍ਰਿਤਸਰ ਦੇ ਰਾਜਾਸਾਂਸੀ ਵਿਖੇ ਨਿਰੰਕਾਰੀ ਭਵਨ 'ਚ ਹੋਏ ਹਮਲੇ ਤੋਂ ਬਾਅਦ ਦਿੱਲੀ ਤੋਂ ਐਨ.ਆਈ.ਏ ਦੀ ਟੀਮ ਨਿਰੰਕਾਰੀ ਭਵਨ ਪਹੁੰਚ ਗਈ ਹੈ। ਜਿਸ ਨੇ ਕਿ...
ਗਰਨੇਡ ਹਮਲੇ 'ਚ ਸੀ.ਆਰ.ਪੀ.ਐੱਫ ਦਾ ਜਵਾਨ ਸ਼ਹੀਦ
. . .  1 day ago
ਸ੍ਰੀਨਗਰ, 18 ਨਵੰਬਰ - ਅੱਤਵਾਦੀਆਂ ਵੱਲੋਂ ਪੁਲਵਾਮਾ ਦੀ ਰੇਲਵੇ ਕਲੋਨੀ ਕਾਕਾਪੋਰਾ ਵਿਖੇ ਸੀ.ਆਰ.ਪੀ.ਐੱਫ ਕੈਂਪ 'ਤੇ ਕੀਤੇ ਗਏ ਗਰਨੇਡ ਹਮਲੇ ਵਿਚ ਸੀ.ਆਰ.ਪੀ.ਐੱਫ ਦਾ ਇੱਕ ਜਵਾਨ...
ਕਿਸਾਨਾਂ ਦਾ ਧਰਨਾ ਖ਼ਤਮ
. . .  1 day ago
ਟਾਂਡਾ ਉੜਮੁੜ, 18 ਨਵੰਬਰ (ਦੀਪਕ ਬਹਿਲ) - ਅੰਮ੍ਰਿਤਸਰ ਦੇ ਰਾਜਾਸਾਂਸੀ ਵਿਖੇ ਬਣੇ ਨਿਰੰਕਾਰੀ ਭਵਨ ਵਿਖੇ ਹੋਏ ਧਮਾਕੇ ਦੇ ਚੱਲਦਿਆਂ ਸਰਕਾਰ ਝੁਕ ਗਈ ਹੈ। ਪ੍ਰਸ਼ਾਸਨ ਨੇ ਧਰਨੇ 'ਤੇ ਬੈਠੇ ਕਿਸਾਨਾਂ...
ਉੱਤਰਾਖੰਡ ਬੱਸ ਹਾਦਸੇ 'ਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ ਹੋਈ 14
. . .  1 day ago
ਦੇਹਰਾਦੂਨ, 18 ਨਵੰਬਰ- ਉੱਤਰਾਖੰਡ ਦੇ ਉਤਰਕਾਸ਼ੀ ਜ਼ਿਲ੍ਹੇ 'ਚ ਬੱਸ ਦੇ 150 ਮੀਟਰ ਡੂੰਘੀ ਖੱਡ 'ਚ ਡਿੱਗਣ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 14 ਹੋ ਗਈ ਹੈ ਜਦਕਿ 13 ਲੋਕ ਜ਼ਖਮੀ ਹੋਏ....
ਮਰਾਠਾ ਰਾਖਵਾਂਕਰਨ ਦਾ ਰਸਤਾ ਸਾਫ਼, ਮਹਾਰਾਸ਼ਟਰ ਸਰਕਾਰ ਨੇ ਬਿਲ ਨੂੰ ਦਿੱਤੀ ਮਨਜ਼ੂਰੀ
. . .  1 day ago
ਮੁੰਬਈ, 18 ਨਵੰਬਰ- ਮਹਾਰਾਸ਼ਟਰ 'ਚ ਮਰਾਠਾ ਰਾਖਵਾਂਕਰਨ ਨੂੰ ਲੈ ਕੇ ਸੂਬੇ ਦੀ ਦਵੇਂਦਰ ਫੜਨਵੀਸ ਸਰਕਾਰ ਨੇ ਬਿੱਲ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਦੇ ਨਾਲ ਹੀ ਸੂਬੇ 'ਚ ਮਰਾਠਾ ਰਾਖਵਾਂਕਰਨ ਦਾ ਰਸਤਾ ਸਾਫ਼ ਹੋ ਗਿਆ ਹੈ। ਇਸ ਤੋਂ ਪਹਿਲਾਂ ਮੁੱਖ ਮੰਤਰੀ ਫੜਨਵੀਸ ਨੇ .....
ਆਈ.ਐੱਸ.ਆਈ. ਸਮਰਥਨ ਪ੍ਰਾਪਤ ਖ਼ਾਲਿਸਤਾਨ ਅਤੇ ਕਸ਼ਮੀਰੀ ਦਹਿਸ਼ਤਗਰਦਾਂ ਦਾ ਧਮਾਕੇ 'ਚ ਹੋ ਸਕਦਾ ਹੈ ਹੱਥ - ਕੈਪਟਨ
. . .  1 day ago
ਚੰਡੀਗੜ੍ਹ, 18 ਨਵੰਬਰ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਆਈ.ਐੱਸ.ਆਈ. ਸਮਰਥਨ ਪ੍ਰਾਪਤ ਖ਼ਾਲਿਸਤਾਨ ਅਤੇ ਕਸ਼ਮੀਰੀ ਦਹਿਸ਼ਤਗਰਦਾਂ ਦਾ ਰਾਜਾਸਾਂਸੀ ਨੇੜਲੇ ਪਿੰਡ ਅਦਲੀਵਾਲ ਵਿਖੇ ਸਥਿਤ ਨਿਰੰਕਾਰੀ ਭਵਨ ਵਿਖੇ ਹੋਏ ਬੰਬ ਧਮਾਕੇ .....
ਤਿੰਨ ਕਰੋੜ ਦੇ ਸੋਨੇ ਸਮੇਤ ਇਕ ਯਾਤਰੀ ਕਾਬੂ
. . .  1 day ago
ਕੋਲਕਾਤਾ, 18 ਨਵੰਬਰ - ਮਾਲ ਖੂਫੀਆਂ ਡਾਇਰੈਕਟੋਰੇਟ (ਡੀ.ਆਰ.ਆਈ) ਨੇ ਸਿਲੀਗੁੜੀ ਖੇਤਰੀ ਇਕਾਈ ਵੱਲੋਂ ਨਿਊ ਜਲਪਾਈਗੁੜੀ ਰੇਲਵੇ ਸਟੇਸ਼ਨ ਤੋਂ ਇਕ ਯਾਤਰੀ ਨੂੰ 9.296 ਕਿੱਲੋਗਰਾਮ ਸੋਨੇ ਦੇ ਬਿਸਕੁਟ ਨਾਲ ਗ੍ਰਿਫ਼ਤਾਰ ਕੀਤਾ ਹੈ। ਇਸ ਯਾਤਰੀ ਕੋਲੋਂ ਬਰਾਮਦ ....
ਰਾਜਾਸਾਂਸੀ ਬੰਬ ਧਮਾਕੇ ਤੋਂ ਬਾਅਦ ਨਿਰੰਕਾਰੀ ਭਵਨਾਂ ਦੀ ਵਧਾਈ ਗਈ ਸੁਰੱਖਿਆ
. . .  1 day ago
ਪਠਾਨਕੋਟ, 18 ਨਵੰਬਰ(ਚੌਹਾਨ)- ਨਿਰੰਕਾਰੀ ਭਵਨ ਅੰਮ੍ਰਿਤਸਰ ਵਿਖੇ ਹੋਏ ਬੰਬ ਧਮਾਕੇ ਤੋਂ ਬਾਅਦ ਪਠਾਨਕੋਟ ਦੇ ਮੁੱਖ ਨਿਰੰਕਾਰੀ ਭਵਨ ਸਿਆਲ਼ੀ ਕੁਲੀਆਂ ਵਿਖੇ ਸੁਰੱਖਿਆ ਵਧਾ ਦਿੱਤੀ ਗਈ ਹੈ। ਬੰਬ ਧਮਾਕੇ ਦੀ ਖ਼ਬਰ ਮਿਲਦਿਆਂ ਹੀ ਨਿਰੰਕਾਰੀ ਭਵਨ 'ਚ ਚਲ ਰਹੇ ....
ਨਿਰੰਕਾਰੀ ਭਵਨ 'ਚ ਹੋਏ ਹਮਲੇ ਤੋਂ ਬਾਅਦ ਤਪਾ ਪੁਲਿਸ ਹੋਈ ਅਲਰਟ
. . .  1 day ago
ਤਪਾ ਮੰਡੀ,18 ਨਵੰਬਰ (ਪ੍ਰਵੀਨ ਗਰਗ)- ਅੱਜ ਰਾਜਾਸਾਂਸੀ ਨੇੜਲੇ ਪਿੰਡ ਅਦਲੀਵਾਲਾ ਦੇ ਨਿਰੰਕਾਰੀ ਭਵਨ ਵਿਖੇ ਹੋਏ ਹਮਲੇ ਤੋਂ ਬਾਅਦ ਤਪਾ ਪੁਲਿਸ ਹਰਕਤ 'ਚ ਆ ਗਈ ਹੈ, ਜਿਸ ਤਹਿਤ ਸੁਰੱਖਿਆ ਦੇ ਮੱਦੇਨਜ਼ਰ ਆਉਣ ਜਾਣ ਵਾਲੇ ਵਾਹਨਾਂ ਦੀ ਬਰੀਕੀ ਨਾਲ ਜਾਂਚ...
ਰਾਜਾਸਾਂਸੀ ਬੰਬ ਧਮਾਕੇ 'ਚ ਮਾਰੇ ਗਏ ਲੋਕਾਂ ਦੀ ਹੋਈ ਸ਼ਨਾਖ਼ਤ
. . .  1 day ago
ਰਾਜਾਸਾਂਸੀ, 18 ਨਵੰਬਰ (ਹੇਰ, ਖੀਵਾ) - ਰਾਜਾਸਾਂਸੀ ਨੇੜਲੇ ਪਿੰਡ ਅਦਲੀਵਾਲ ਵਿਖੇ ਸਥਿਤ ਨਿਰੰਕਾਰੀ ਭਵਨ 'ਚ ਹੋਏ ਧਮਾਕੇ 'ਚ ਮਾਰੇ ਗਏ ਲੋਕਾਂ 'ਚ ਦੀ ਸ਼ਨਾਖ਼ਤ ਸੁਖਦੇਵ ਸਿੰਘ ਚੌਕ ਮੀਰਾ ਕੋਟ, ਕੁਲਦੀਪ ਸਿੰਘ ਵਾਸੀ ਬੱਗਾ ਕਲਾਂ ਅਤੇ ਸੰਦੀਪ ਸਿੰਘ(13) ਵਾਸੀ .....
ਹੋਰ ਖ਼ਬਰਾਂ..

ਨਾਰੀ ਸੰਸਾਰ

ਜਦੋਂ ਸਫ਼ਰ 'ਤੇ ਇਕੱਲੇ ਜਾਣਾ ਹੋਵੇ

ਇਸ ਭੱਜ-ਦੌੜ ਵਾਲੇ ਸਮੇਂ ਵਿਚ ਕਈ ਵਾਰ ਇਕੱਲੇ ਜਾਂ ਬੱਚਿਆਂ ਦੇ ਨਾਲ ਵੀ ਸਫ਼ਰ ਕਰਨਾ ਪੈ ਸਕਦਾ ਹੈ। ਜਦੋਂ ਤੁਹਾਡੇ ਪਤੀ ਦੇਵ ਕਿਸੇ ਕਾਰਨ ਕਰਕੇ ਨਹੀਂ ਜਾ ਸਕਦੇ ਜਾਂ ਉਹ ਖੁਦ ਟੂਰ ਆਦਿ 'ਤੇ ਹੁੰਦੇ ਹਨ ਤਾਂ ਅਜਿਹੇ ਵਿਚ ਘਬਰਾਓ ਨਾ। ਥੋੜ੍ਹੀ ਸੂਝਬੂਝ ਨਾਲ ਤੁਸੀਂ ਯਾਤਰਾ ਨੂੰ ਸੁਖਦ ਬਣਾ ਸਕਦੇ ਹੋ।
* ਯੋਜਨਾਬੱਧ ਤਰੀਕੇ ਨਾਲ ਜਾ ਰਹੇ ਹੋ ਤਾਂ ਪਹਿਲਾਂ ਆਪਣੀ ਟਿਕਟ ਬੁੱਕ ਕਰਵਾ ਲਓ। ਇਹ ਵੀ ਪਹਿਲਾਂ ਹੀ ਸੋਚ ਲਓ ਕਿ ਕਿਸ ਸਾਧਨ ਵਿਚ ਜਾਣਾ ਹੈ, ਬੱਸ, ਰੇਲ, ਹਵਾਈ ਜਹਾਜ਼ ਜਾਂ ਟੈਕਸੀ ਦੁਆਰਾ। ਟੈਕਸੀ 'ਤੇ ਜਾਣਾ ਹੋਵੇ ਤਾਂ ਲੋਏ-ਲੋਏ ਹੀ ਸਫ਼ਰ ਕਰ ਲਓ। ਟੈਕਸੀ ਡਰਾਈਵਰ ਜਾਣ-ਪਛਾਣ ਵਾਲਾ ਹੋਣਾ ਚਾਹੀਦਾ ਹੈ। ਜੇ ਆਪਣੀ ਗੱਡੀ ਰਾਹੀਂ ਜਾ ਰਹੇ ਹੋ ਤਾਂ ਵੀ ਸਵੇਰੇ ਛੇਤੀ ਨਿਕਲ ਕੇ ਸ਼ਾਮ ਹੋਣ ਤੱਕ ਮੰਜ਼ਿਲ 'ਤੇ ਪਹੁੰਚ ਜਾਓ।
* ਘੱਟ ਤੋਂ ਘੱਟ ਸਾਮਾਨ ਨਾਲ ਲਓ। ਵੱਡੇ ਸੂਟਕੇਸ ਦੀ ਜਗ੍ਹਾ ਹਲਕੇ ਬੈਗ ਵਿਚ ਸਾਮਾਨ ਰੱਖੋ। ਸਾਮਾਨ ਏਨਾ ਕੁ ਹੀ ਲਓ, ਜਿਸ ਨੂੰ ਤੁਸੀਂ ਅਤੇ ਬੱਚੇ ਚੁੱਕ ਸਕਦੇ ਹੋਣ।
* ਬੈਗ, ਸੂਟਕੇਸ ਦੇ ਹੈਂਡਲ, ਜਿਪ, ਤਾਲੇ, ਚਾਬੀ ਪਹਿਲਾਂ ਹੀ ਜਾਂਚ ਲਓ ਤਾਂ ਕਿ ਰਾਹ ਵਿਚ ਜਾਂ ਬਾਹਰ ਜਾ ਕੇ ਪ੍ਰੇਸ਼ਾਨੀ ਨਾ ਹੋਵੇ। ਸੁਰੱਖਿਆ ਪੱਖੋਂ ਵੀ ਇਹ ਜ਼ਰੂਰੀ ਹੈ।
* ਟਾਰਚ, ਮੋਮਬੱਤੀ, ਮਾਚਸ, ਮੱਛਰ ਤੋਂ ਬਚਾਅ ਲਈ ਗੁੱਡ ਨਾਈਟ, ਫਸਟ ਏਡ ਬਾਕਸ ਨਾਲ ਰੱਖਣਾ ਨਾ ਭੁੱਲੋ।
* ਬਾਹਰ ਅਤੇ ਸਫ਼ਰ ਦੇ ਦੌਰਾਨ ਸ਼ਾਲੀਨ ਕੱਪੜੇ ਪਹਿਨੋ।
* ਬੱਚਿਆਂ ਨੂੰ ਰੇਲ ਗੱਡੀ, ਬੱਸ ਆਦਿ ਵਿਚੋਂ ਇਕੱਲੇ ਨਾ ਉਤਰਨ ਦਿਓ।
* ਇਕੱਲੇ ਜਾ ਰਹੇ ਹੋ ਜਾਂ ਬੱਚਿਆਂ ਦੇ ਨਾਲ, ਖਾਣ-ਪੀਣ ਦਾ ਲੋੜੀਂਦਾ ਸਾਮਾਨ ਜ਼ਰੂਰ ਨਾਲ ਲਓ। ਪਾਣੀ ਵੀ ਲੋੜੀਂਦੀ ਮਾਤਰਾ ਵਿਚ ਨਾਲ ਰੱਖੋ।
* ਛੋਟੇ ਬੱਚਿਆਂ ਦੇ ਨਾਲ ਜਾ ਰਹੇ ਹੋ ਤਾਂ ਉਨ੍ਹਾਂ ਦੀ ਜੇਬ ਵਿਚ ਨਾਂਅ, ਪਤਾ, ਫੋਨ ਨੰਬਰ ਲਿਖ ਕੇ ਰੱਖ ਦਿਓ। ਥੋੜ੍ਹੇ ਵੱਡੇ ਬੱਚੇ ਹਨ ਤਾਂ ਕੁਝ ਪੈਸੇ ਉਨ੍ਹਾਂ ਨੂੰ ਜ਼ਰੂਰ ਦਿਓ।
* ਰਾਹ ਵਿਚ ਕਿਸੇ ਕੋਲੋਂ ਖਾਣ-ਪੀਣ ਦਾ ਸਾਮਾਨ ਨਾ ਲਓ, ਨਾ ਹੀ ਬੱਚਿਆਂ ਨੂੰ ਲੈਣ ਦਿਓ।
* ਦੇਰ ਰਾਤ ਤੱਕ ਬਾਹਰ ਨਾ ਘੁੰਮੋ, ਨਾ ਹੀ ਬੱਚਿਆਂ ਨੂੰ ਇਕੱਲੇ ਘੁੰਮਣ ਦੀ ਆਗਿਆ ਦਿਓ।
* ਆਪਣੇ ਕੋਲ ਜ਼ਿਆਦਾ ਨਕਦੀ, ਅਸਲੀ ਗਹਿਣੇ, ਕੀਮਤੀ ਸਾਮਾਨ ਜ਼ਿਆਦਾ ਲੈ ਕੇ ਨਾ ਜਾਓ। ਕ੍ਰੈਡਿਟ ਕਾਰਡ ਨਾਲ ਰੱਖੋ।
* ਜੇ ਕਿਸੇ ਜਾਣਕਾਰ ਦੇ ਕੋਲ ਠਹਿਰਨਾ ਹੋਵੇ ਜਾਂ ਜਾਣਾ ਹੋਵੇ ਤਾਂ ਉਸ ਦਾ ਪਤਾ, ਫੋਨ ਨੰਬਰ ਜ਼ਰੂਰ ਨਾਲ ਰੱਖੋ। ਜਾਣ ਤੋਂ ਪਹਿਲਾਂ ਉਸ ਨੂੰ ਸੂਚਨਾ ਦੇ ਦਿਓ ਕਿ ਤੁਸੀਂ ਕਦੋਂ ਅਤੇ ਕਿਵੇਂ ਪਹੁੰਚ ਰਹੇ ਹੋ।
* ਬੱਚਿਆਂ ਨੂੰ ਆਪਣਾ ਸਾਮਾਨ ਸੰਭਾਲ ਕੇ ਰੱਖਣ ਲਈ ਸਮਝਾਓ। ਜੇ ਬੱਚੇ ਛੋਟੇ ਹਨ ਤਾਂ ਸਾਮਾਨ ਚੰਗੀ ਤਰ੍ਹਾਂ ਸੰਭਾਲ ਕੇ ਰੱਖੋ।
* ਕਿਸੇ ਅਣਜਾਣ ਵਿਅਕਤੀ ਕੋਲੋਂ ਲਿਫਟ ਨਾ ਲਓ, ਨਾ ਹੀ ਉਸ ਨਾਲ ਜ਼ਿਆਦਾ ਮੇਲ-ਮਿਲਾਪ ਵਧਾਓ।
* ਕਿਸੇ ਹੋਟਲ ਵਿਚ ਰਹਿਣਾ ਹੋਵੇ ਤਾਂ ਹੋਟਲ ਰੌਣਕ ਵਾਲੀ ਜਗ੍ਹਾ 'ਤੇ ਲੱਭੋ ਅਤੇ ਬਜਟ ਦਾ ਵੀ ਧਿਆਨ ਰੱਖੋ।
* ਇਹ ਵੀ ਧਿਆਨ ਦਿਓ ਕਿ ਹੋਟਲ ਵਿਚ ਪਹਿਲਾਂ ਕੁਝ ਪਰਿਵਾਰ ਹਨ ਜਾਂ ਨਹੀਂ। ਹੋਟਲ ਦੇ ਵਾਤਾਵਰਨ ਦੀ ਵੀ ਆਲੇ-ਦੁਆਲੇ ਤੋਂ ਜਾਣਕਾਰੀ ਲੈ ਲਓ।
**


ਖ਼ਬਰ ਸ਼ੇਅਰ ਕਰੋ

ਪੰਜ ਮਿੰਟ ਦੀ ਕਲਾਕਾਰੀ

ਨੇਲ ਆਰਟ ਅੱਜਕਲ੍ਹ ਬੜੇ ਫੈਸ਼ਨ ਵਿਚ ਹੈ। ਬਿਊਟੀ ਪਾਰਲਰ ਤੇ ਸੈਲੂਨ ਵਰਗੀਆਂ ਥਾਵਾਂ 'ਤੇ ਹਲਕੇ-ਫੁਲਕੇ ਡਿਜ਼ਾਈਨ ਲਈ ਹੀ ਤੁਹਾਨੂੰ ਕਾਫੀ ਪੈਸੇ ਖਰਚਣੇ ਪੈਂਦੇ ਹਨ। ਪਰ ਤੁਸੀਂ ਘਰ ਬੈਠੇ ਵੀ ਇਸ ਤਰ੍ਹਾਂ ਨੇਲ ਆਰਟ ਕਰ ਸਕਦੇ ਹੋ, ਜੋ ਤੁਹਾਡਾ ਸਮਾਂ ਤੇ ਪੈਸਾ ਬਚਾਏਗਾ। ਕੁਝ ਹਲਕੇ-ਫੁਲਕੇ ਡਿਜ਼ਾਈਨ ਇਸ ਪ੍ਰਕਾਰ ਹਨ-
* ਪੋਲਕਾ ਡੋਟ ਡਿਜ਼ਾਈਨ : ਪਹਿਲਾਂ ਆਪਣੀ ਪਸੰਦ ਦਾ ਕੋਈ ਵੀ ਰੰਗ ਲਗਾ ਕੇ ਉਸ ਦੇ ਸੁੱਕਣ ਤੋਂ ਬਾਅਦ ਮਾਚਿਸ ਦੀ ਤੀਲ੍ਹੀ/ਈਅਰ ਬਡਜ਼/ਹੇਅਰ ਪਿੰਨ/ਝਾੜੂ ਦੀ ਤੀਲ੍ਹੀ/ਪੈਨਸਿਲ ਦੀ ਨੋਕ ਨਾਲ ਕਿਸੇ ਚਮਕੀਲੇ ਰੰਗ ਨਾਲ ਬਿੰਦੂ ਲਗਾ ਲਓ।
* ਹਾਫ ਸ਼ੇਡ ਡਿਜ਼ਾਈਨ : ਟੇਪ ਦੀ ਮਦਦ ਨਾਲ ਪਹਿਲਾਂ ਨਹੁੰ ਦਾ ਇਕ ਪਾਸਾ ਰੰਗ ਲਵੋ ਤੇ ਸੁੱਕਣ ਤੋਂ ਬਾਅਦ ਟੇਪ ਹਟਾ ਕੇ ਬਚੇ ਭਾਗ ਨੂੰ ਕਿਸੇ ਦੂਜੇ ਰੰਗ ਨਾਲ ਰੰਗ ਲਵੋ।
* ਸਪੰਜ ਡਿਜ਼ਾਈਨ : ਬੇਸ ਕਲਰ ਕਰਨ ਤੋਂ ਬਾਅਦ ਸਪੰਜ ਦੇ ਛੋਟੇ ਜਿਹੇ ਟੁਕੜੇ 'ਤੇ ਨੇਲ ਪੇਂਟ ਲਗਾ ਕੇ ਬੇਸ ਕਲਰ 'ਤੇ ਹਲਕਾ-ਹਲਕਾ ਛੁਹਾਉਂਦੇ ਹੋਏ ਲਗਾਓ।
* ਹਰਟ ਡਿਜ਼ਾਈਨ : ਬੇਸ ਕਲਰ ਕਰ ਕੇ ਕੋਨੇ 'ਤੇ ਇਕ ਛੋਟਾ ਜਿਹਾ ਹਰਟ ਨੇਲ ਪੇਂਟ ਦੀ ਮਦਦ ਨਾਲ ਬਣਾ ਲਵੋ।
* ਤਿਕੋਣ ਡਿਜ਼ਾਈਨ : ਬੇਸ ਕਲਰ ਕਰ ਕੇ ਸੁਕਾਉਣ ਤੋਂ ਬਾਅਦ ਟੇਪ ਦੀ ਮਦਦ ਨਾਲ ਜਾਂ ਸਿੱਧਾ ਹੀ ਜੇਕਰ ਸਫ਼ਾਈ ਆ ਰਹੀ ਹੋਵੇ, ਤਿਕੋਣਾ ਬਣਾ ਲਵੋ।
* ਫਲੋਰਲ ਡਿਜ਼ਾਈਨ : ਬੇਸ ਕਲਰ ਚਿੱਟਾ ਜਾਂ ਸਿਲਵਰ ਰੱਖ ਕੇ ਹੇਅਰ ਪਿੰਨ ਦੀ ਮਦਦ ਨਾਲ ਪੰਜ ਪੱਤੀਆਂ ਵਾਲੇ ਛੋਟੇ-ਛੋਟੇ ਫੁੱਲ ਬਣਾਓ।


-ਸਿਮਰਨਜੀਤ ਕੌਰ
simranjeet.dhiman16@gmail.com

ਆਪਸੀ ਪਿਆਰ ਵਧਾਉਂਦਾ ਹੈ ਤੋਹਫ਼ਿਆਂ ਦਾ ਲੈਣ-ਦੇਣ

ਤਿਉਹਾਰ ਹੋਣ, ਜਨਮ ਦਿਨ ਜਾਂ ਵਿਆਹ-ਸ਼ਾਦੀਆਂ ਤੋਹਫ਼ਿਆਂ ਦਾ ਲੈਣ-ਦੇਣ ਤਾਂ ਚਲਦਾ ਹੀ ਰਹਿੰਦਾ ਹੈ। ਤੋਹਫ਼ਾ ਦੇਣ ਲੱਗਿਆਂ ਸਾਨੂੰ ਕੁਝ ਇਕ ਜ਼ਰੂਰੀ ਗੱਲਾਂ ਦਾ ਧਿਆਨ ਰੱਖਣਾ ਹੀ ਚਾਹੀਦਾ ਹੈ। ਮਿਸਾਲ ਦੇ ਤੌਰ 'ਤੇ ਜਿਸ ਨੂੰ ਤੁਸੀਂ ਤੋਹਫ਼ਾ ਦੇਣਾ ਹੈ, ਉਸ ਦੀ ਉਮਰ ਕਿੰਨੀ ਹੈ, ਉਸ ਦੀ ਪੜ੍ਹਾਈ ਕਿੰਨੀ ਕੁ ਹੈ ਜਾਂ ਉਸ ਦੀਆਂ ਦਿਲਚਸਪੀਆਂ ਕੀ ਹਨ, ਉਹ ਉਦਾਸ ਤਬੀਅਤ ਦਾ ਹੈ ਜਾਂ ਖੁਸ਼ਦਿਲ। ਹੁਣ ਜੇਕਰ ਤੁਸੀਂ ਕਿਸੇ ਬੱਚੇ ਨੂੰ ਤੋਹਫ਼ਾ ਦੇਣ ਜਾ ਰਹੇ ਹੋ ਤਾਂ ਦੇਖੋ ਉਸ ਦੀ ਉਮਰ ਕਿੰਨੀ ਹੈ। ਛੋਟੇ ਬੱਚਿਆਂ ਨੂੰ ਖਿਡੌਣੇ ਬਹੁਤ ਪਸੰਦ ਹੁੰਦੇ ਹਨ। ਉਨ੍ਹਾਂ ਦੀ ਮਨਪਸੰਦ ਦੇ ਖਿਡੌਣੇ ਲੈ ਜਾਣੇ ਚਾਹੀਦੇ ਹਨ।
ਵੱਡੇ ਬੱਚਿਆਂ ਨੂੰ ਕਿਤਾਬਾਂ ਜਾਂ ਕੱਪੜੇ ਦਿੱਤੇ ਜਾ ਸਕਦੇ ਹਨ। ਔਰਤਾਂ ਜਾਂ ਵੱਡੇ ਬੱਚਿਆਂ ਨੂੰ ਵੀ ਉਨ੍ਹਾਂ ਦੀ ਪਸੰਦ ਅਨੁਸਾਰ ਹੀ ਕੱਪੜੇ ਜਾਂ ਗਹਿਣੇ ਆਦਿ ਦਿੱਤੇ ਜਾ ਸਕਦੇ ਹਨ। ਔਰਤਾਂ ਆਮ ਤੌਰ 'ਤੇ ਸਾੜ੍ਹੀਆਂ ਜਾਂ ਚੂੜੀਆਂ ਦੀਆਂ ਸ਼ੌਕੀਨ ਹੁੰਦੀਆਂ ਹਨ। ਜੇ ਤੁਹਾਨੂੰ ਉਨ੍ਹਾਂ ਦੀ ਪਸੰਦ ਜਾਂ ਨਾਪਸੰਦ ਦਾ ਪਤਾ ਹੈ ਤਾਂ ਉਸੇ ਅਨੁਸਾਰ ਹੀ ਤੋਹਫ਼ਾ ਦਿਓ। ਹੁਣ ਗੱਲ ਆਈ ਬਜ਼ੁਰਗਾਂ ਦੀ। ਬਜ਼ੁਰਗ ਸਾਡੇ ਪਰਿਵਾਰ ਅਤੇ ਕਈ ਵਾਰੀ ਦੇਸ਼ ਦਾ ਵੀ ਅਨਮੋਲ ਧਨ ਹੁੰਦੇ ਹਨ। ਜ਼ਿੰਦਗੀ ਦੇ ਤਜਰਬੇ ਦਾ ਸਰਮਾਇਆ ਹੁੰਦੇ ਹਨ ਪਰ ਅਫਸੋਸ, ਅਸੀਂ ਉਨ੍ਹਾਂ ਦੇ ਇਸ ਕੀਮਤੀ ਸਰਮਾਏ ਤੋਂ ਕੋਈ ਲਾਭ ਪ੍ਰਾਪਤ ਨਹੀਂ ਕਰ ਰਹੇ, ਸਗੋਂ ਉਨ੍ਹਾਂ ਨੂੰ ਅਣਗੌਲਿਆ ਹੀ ਕੀਤਾ ਜਾਂਦਾ ਹੈ। ਹੁਣ ਤਾਂ ਹਰ ਜ਼ਿਲ੍ਹੇ ਵਿਚ ਇਕ-ਇਕ ਬਿਰਧ ਆਸ਼ਰਮ ਬਣਾਉਣ ਦੀ ਵੀ ਗੱਲ ਕੰਨੀਂ ਪੈ ਰਹੀ ਹੈ। ਜਦੋਂ ਅਸੀਂ ਘਰ ਦੇ ਬੱਚਿਆਂ, ਨਵੇਂ ਵਿਆਹੇ ਜੋੜਿਆਂ ਜਾਂ ਨੌਜਵਾਨਾਂ ਨੂੰ ਤੋਹਫ਼ੇ ਪੇਸ਼ ਕਰਦੇ ਹਾਂ, ਉਦੋਂ ਬਜ਼ੁਰਗ ਹਸਰਤ ਵੀ ਰੱਖਦੇ ਹਨ ਤੇ ਉਮੀਦ ਵੀ ਪਰ ਅਸੀਂ ਸ਼ਾਇਦ ਉਨ੍ਹਾਂ ਨੂੰ ਸਨਮਾਨ ਦੇਣਾ ਵੀ ਉਚਿਤ ਨਹੀਂ ਸਮਝਦੇ। ਤੋਹਫ਼ੇ ਦਿੰਦੇ ਸਮੇਂ ਵੱਡੇ ਬਜ਼ੁਰਗਾਂ ਦੇ ਸਤਿਕਾਰ ਦਾ ਵੀ ਖਿਆਲ ਰੱਖਣਾ ਚਾਹੀਦਾ ਹੈ। ਇਕ ਜ਼ਰੂਰੀ ਗੱਲ, ਤੋਹਫ਼ਾ ਸਸਤਾ ਹੋਵੇ ਜਾਂ ਮਹਿੰਗਾ, ਖਿੜੇ ਮੱਥੇ ਸਵੀਕਾਰ ਕਰੋ।


-ਮਹਿੰਦਰ ਸਿੰਘ ਬਾਜਵਾ,
ਪਿੰਡ ਮਸੀਤਾਂ, ਜ਼ਿਲ੍ਹਾ ਕਪੂਰਥਲਾ। ਮੋਬਾ: 99157-31345

ਊਨੀ ਕੱਪੜੇ ਦੀ ਦੇਖਭਾਲ

ਸਰਦੀਆਂ ਵਿਚ ਊਨੀ ਕੱਪੜੇ ਸਾਰੇ ਪਹਿਨਦੇ ਹਨ ਪਰ ਜੇ ਇਨ੍ਹਾਂ ਦੀ ਸਹੀ ਢੰਗ ਨਾਲ ਦੇਖਭਾਲ ਨਾ ਕੀਤੀ ਜਾਵੇ ਤਾਂ ਇਨ੍ਹਾਂ 'ਤੇ ਲੂੰਈਂ ਆ ਜਾਂਦੀ ਹੈ ਅਤੇ ਇਹ ਖਰਾਬ ਹੋ ਜਾਂਦੇ ਹਨ ਅਤੇ ਇਨ੍ਹਾਂ ਦੀ ਗਰਮਾਹਟ ਖ਼ਤਮ ਹੋ ਜਾਂਦੀ ਹੈ। ਸਹੀ ਜਾਣਕਾਰੀ ਦੀ ਕਮੀ ਕਾਰਨ ਇਨ੍ਹਾਂ ਦਾ ਰੱਖ-ਰਖਾਅ ਸਹੀ ਤਰ੍ਹਾਂ ਨਹੀਂ ਹੁੰਦਾ। ਆਓ ਅਸੀਂ ਤੁਹਾਨੂੰ ਦੱਸਦੇ ਹਾਂ, ਨਾਜ਼ੁਕ ਫੈਬ੍ਰਿਕ ਨਾਲ ਬਣੇ ਇਨ੍ਹਾਂ ਕੱਪੜਿਆਂ ਦੀ ਦੇਖਭਾਲ ਕਿਵੇਂ ਕੀਤੀ ਜਾਣੀ ਚਾਹੀਦੀ ਹੈ।
ਊਨੀ ਕੱਪੜਿਆਂ ਦੀ ਧੁਆਈ
ਊਨੀ ਕੱਪੜਿਆਂ ਨੂੰ ਪਹਿਨਣ ਤੋਂ ਬਾਅਦ ਇਨ੍ਹਾਂ 'ਤੇ ਲੱਗੀ ਧੂੜ ਅਤੇ ਮਿੱਟੀ ਸਾਫ਼ ਕਰਨ ਲਈ ਇਨ੍ਹਾਂ ਨੂੰ ਬੁਰਸ਼ ਨਾਲ ਝਾੜ ਲੈਣਾ ਚਾਹੀਦਾ ਹੈ। ਇਨ੍ਹਾਂ ਨੂੰ ਸੂਤੀ ਜਾਂ ਦੂਜੇ ਹੋਰ ਕੱਪੜਿਆਂ ਦੀ ਤਰ੍ਹਾਂ ਛੇਤੀ ਨਹੀਂ ਧੋਣਾ ਚਾਹੀਦਾ। ਧੋਣ ਲਈ ਇਨ੍ਹਾਂ ਨੂੰ ਸਾਬਣ ਮਿਲੇ ਪਾਣੀ ਵਿਚ ਦੇਰ ਤੱਕ ਨਾ ਭਿਉਂ ਕੇ ਰੱਖੋ, ਕਿਉਂਕਿ ਇਸ ਨਾਲ ਇਨ੍ਹਾਂ ਦੇ ਤੰਤੂ ਕਮਜ਼ੋਰ ਹੋ ਕੇ ਖਰਾਬ ਹੋ ਜਾਂਦੇ ਹਨ। ਇਨ੍ਹਾਂ ਨੂੰ ਹਲਕੇ ਡਿਟਰਜੈਂਟ ਨਾਲ, ਹਲਕੇ ਗਰਮ ਪਾਣੀ ਨਾਲ, ਨਰਮ ਹੱਥਾਂ ਨਾਲ ਮਲ ਕੇ ਧੋਣਾ ਚਾਹੀਦਾ ਹੈ। ਜਿਨ੍ਹਾਂ ਕੱਪੜਿਆਂ ਨੂੰ ਡਰਾਈਕਲੀਨ ਕਰਵਾਉਣ ਦਾ ਨਿਰਦੇਸ਼ ਇਨ੍ਹਾਂ ਦੇ ਟੈਗ 'ਤੇ ਹੋਵੇ, ਉਨ੍ਹਾਂ ਨੂੰ ਘਰ ਨਾ ਧੋਵੋ। ਇਨ੍ਹਾਂ ਨੂੰ ਵਾਸ਼ਿੰਗ ਮਸ਼ੀਨ ਵਿਚ ਨਾ ਧੋਵੋ, ਹੱਥਾਂ ਨਾਲ ਖੁੱਲ੍ਹੇ ਪਾਣੀ ਦੇ ਹੇਠਾਂ ਚੰਗੀ ਤਰ੍ਹਾਂ ਖੰਗਾਲ ਕੇ ਧੋਵੋ, ਜਿਸ ਨਾਲ ਇਨ੍ਹਾਂ ਦੇ ਅੰਦਰ ਡਿਟਰਜੈਂਟ ਦਾ ਕਣ ਨਾ ਰਹੇ। ਧੋਣ ਤੋਂ ਬਾਅਦ ਇਨ੍ਹਾਂ ਨੂੰ ਵਾਸ਼ਿੰਗ ਮਸ਼ੀਨ ਦੇ ਡ੍ਰਾਇਰ ਵਿਚ ਨਾ ਸੁਕਾਓ, ਸਗੋਂ ਸੁਕਾਉਣ ਲਈ ਹਲਕੇ ਹੱਥਾਂ ਨਾਲ ਪਾਣੀ ਕੱਢ ਕੇ ਤੌਲੀਏ ਜਾਂ ਸੂਤੀ ਕੱਪੜੇ ਨਾਲ ਪਾਣੀ ਕੱਢ ਕੇ ਕਿਸੇ ਜਾਲੀ ਵਾਲੀ ਕੁਰਸੀ, ਪਲੰਘ ਜਾਂ ਸਮਤਲ ਸਾਫ ਜਗ੍ਹਾ 'ਤੇ ਫੈਲਾਅ ਕੇ ਸੁਕਾਉਣਾ ਚਾਹੀਦਾ ਹੈ। ਇਨ੍ਹਾਂ ਨੂੰ ਧੁੱਪ ਵਿਚ ਸੁਕਾਉਣ ਨਾਲ ਇਨ੍ਹਾਂ ਦਾ ਰੰਗ ਫਿੱਕਾ ਪੈ ਜਾਂਦਾ ਹੈ। ਊਨੀ ਕੱਪੜੇ ਹੈਂਗਰ ਜਾਂ ਕਿਸੇ ਹੋਰ ਜਗ੍ਹਾ 'ਤੇ ਲਟਕਾ ਕੇ ਨਹੀਂ ਸੁਕਾਉਣੇ ਚਾਹੀਦੇ, ਕਿਉਂਕਿ ਇਨ੍ਹਾਂ ਵਿਚ ਮੌਜੂਦ ਪਾਣੀ ਦੇ ਕਾਰਨ ਭਾਰ ਵਧਣ ਨਾਲ ਕੱਪੜੇ ਖਿੱਚ ਹੋ ਕੇ ਲਟਕ ਜਾਂਦੇ ਹਨ, ਕੱਪੜਿਆਂ ਦਾ ਆਕਾਰ ਵੀ ਖਰਾਬ ਹੋ ਜਾਂਦਾ ਹੈ। ਇਨ੍ਹਾਂ ਨੂੰ ਧੋਣ ਲਈ ਰੀਠਿਆਂ ਦੀ ਵੀ ਵਰਤੋਂ ਕੀਤੀ ਜਾ ਸਕਦੀ ਹੈ। ਰੰਗੀਨ, ਊਨੀ ਕੱਪੜੇ ਜੇ ਰੰਗ ਛੱਡਦੇ ਹੋਣ ਤਾਂ ਧੋਣ ਵਾਲੇ ਪਾਣੀ ਵਿਚ ਕੁਝ ਬੂੰਦਾਂ ਨਿੰਬੂ ਜਾਂ ਸਿਰਕੇ ਦੀਆਂ ਪਾ ਦਿਓ, ਇਸ ਨਾਲ ਇਨ੍ਹਾਂ ਦਾ ਰੰਗ ਨਹੀਂ ਉਤਰਦਾ। ਫਟਕੜੀ ਮਿਲਾ ਕੇ ਪੀਸ ਕੇ ਪਾਉਣ ਨਾਲ ਵੀ ਇਹ ਰੰਗ ਨਹੀਂ ਛੱਡਦੇ।
ਪ੍ਰੈੱਸ ਕਿਵੇਂ ਕਰੀਏ
ਇਨ੍ਹਾਂ ਨੂੰ ਆਇਰਨ ਕਰਨ ਲਈ ਸਟੀਮ ਆਇਰਨ ਦੀ ਵਰਤੋਂ ਕਰੋ। ਗਿੱਲੇ ਜਾਂ ਨਮੀ ਵਾਲੇ ਊਨੀ ਕੱਪੜਿਆਂ 'ਤੇ ਆਇਰਨ ਨਾ ਕਰੋ। ਅਜਿਹਾ ਕਰਨ ਨਾਲ ਉਨ੍ਹਾਂ ਦੀ ਚਮਕ ਫਿੱਕੀ ਪੈ ਜਾਂਦੀ ਹੈ। ਜੇ ਸਟੀਮ ਪ੍ਰੈੱਸ ਨਾ ਹੋਵੇ ਤਾਂ ਊਨੀ ਕੱਪੜਿਆਂ ਅਤੇ ਪ੍ਰੈੱਸ ਦੇ ਵਿਚ ਇਕ ਪਤਲੇ ਕੱਪੜੇ ਨੂੰ ਗਿੱਲਾ ਕਰਕੇ ਇਸ 'ਤੇ ਆਇਰਨ ਕਰੋ।
ਕੀੜਿਆਂ ਤੋਂ ਬਚਾਅ
ਊਨੀ ਕੱਪੜਿਆਂ ਨੂੰ ਬਾਕਸ ਵਿਚ ਰੱਖਦੇ ਸਮੇਂ ਬਾਕਸ ਵਿਚ ਹਲਕਾ ਜਿਹਾ ਤਾਰਪੀਨ ਦਾ ਤੇਲ ਪਾ ਦਿਓ ਤਾਂ ਇਸ ਨਾਲ ਇਨ੍ਹਾਂ 'ਤੇ ਕੀੜੇ ਨਹੀਂ ਲਗਦੇ। ਊਨੀ ਕੱਪੜਿਆਂ ਦੇ ਵਿਚ ਨਿੰਮ ਦੇ ਪੱਤੇ ਰੱਖਣ ਨਾਲ ਵੀ ਕੀੜਿਆਂ ਤੋਂ ਬਚਾਅ ਅਸਾਨੀ ਨਾਲ ਹੋ ਜਾਂਦਾ ਹੈ। ਕੱਪੜੇ ਦੀ ਇਕ ਛੋਟੀ ਜਿਹੀ ਪੋਟਲੀ ਵਿਚ ਕਪੂਰ ਬੰਨ੍ਹ ਕੇ ਰੱਖਣ ਜਾਂ ਇਨ੍ਹਾਂ 'ਤੇ ਫਟਕੜੀ ਪੀਸ ਕੇ ਇਨ੍ਹਾਂ 'ਤੇ ਬੁਰਕ ਦੇਣ ਨਾਲ ਕੀੜਿਆਂ ਤੋਂ ਬਚਾਅ ਕਰਨਾ ਆਸਾਨ ਹੁੰਦਾ ਹੈ।
ਤਾਂ ਕਿ ਲੂੰਈਂ ਨਾ ਆਵੇ
ਊਨੀ ਕੱਪੜਿਆਂ ਨੂੰ ਪਹਿਨਣ ਅਤੇ ਧੋਣ ਨਾਲ ਇਨ੍ਹਾਂ 'ਤੇ ਲੂੰਈਂ ਆ ਜਾਂਦੀ ਹੈ, ਜਿਸ ਨਾਲ ਇਨ੍ਹਾਂ ਦੀ ਪੂਰੀ ਖੂਬਸੂਰਤੀ ਖ਼ਤਮ ਹੋ ਜਾਂਦੀ ਹੈ। ਇਨ੍ਹਾਂ 'ਤੇ ਲੂੰਈਂ ਨਾ ਆਵੇ, ਇਸ ਵਾਸਤੇ ਇਨ੍ਹਾਂ ਨੂੰ ਧੋਂਦੇ ਸਮੇਂ ਬੁਰਸ਼ ਦੀ ਵਰਤੋਂ ਨਾ ਕਰੋ ਅਤੇ ਰਾਤ ਨੂੰ ਸੌਣ ਸਮੇਂ ਊਨੀ ਕੱਪੜਿਆਂ ਨੂੰ ਪਹਿਨ ਕੇ ਸੌਣ ਨਾਲ ਵੀ ਇਨ੍ਹਾਂ 'ਤੇ ਲੂੰਈਂ ਆ ਜਾਂਦੀ ਹੈ, ਇਸ ਲਈ ਅਜਿਹਾ ਕਰਨ ਤੋਂ ਬਚੋ।
ਦਾਗ-ਧੱਬੇ ਕਿਵੇਂ ਹਟਾਈਏ
ਸਿਆਹੀ ਦੇ ਦਾਗ ਲੱਗ ਜਾਣ 'ਤੇ ਸਪਿਰਟ ਵਿਚ ਕੱਪੜਾ ਭਿਉਂ ਕੇ ਦਾਗ ਵਾਲੀ ਜਗ੍ਹਾ 'ਤੇ ਮਲਣ ਨਾਲ ਦਾਗ ਗਾਇਬ ਹੋ ਜਾਂਦੇ ਹਨ। ਚਾਹ ਪੀਂਦੇ ਸਮੇਂ ਜੇ ਚਾਹ ਕੱਪੜਿਆਂ 'ਤੇ ਪੈ ਜਾਵੇ ਤਾਂ ਸਾਫ਼ ਕੱਪੜੇ ਨਾਲ ਪੂੰਝ ਕੇ ਗਰਮ ਪਾਣੀ ਅਤੇ ਸਪਿਰਟ ਨਾਲ ਧੋਵੋ ਤਾਂ ਦਾਗ ਹਟ ਜਾਂਦਾ ਹੈ। ਚਾਹ ਜਾਂ ਕੌਫੀ ਦੇ ਦਾਗ ਹਟਾਉਣ ਲਈ ਗਲਿਸਰੀਨ, ਫਲਾਂ ਦੇ ਦਾਗ ਲਈ ਨਮਕ, ਸ਼ਰਾਬ ਦੇ ਦਾਗ ਲਈ ਸੋਡਾ ਵਾਟਰ, ਤੇਲ ਦੇ ਦਾਗ ਹਟਾਉਣ ਲਈ ਦਹੀਂ ਅਤੇ ਪੁਰਾਣੇ ਦਾਗ ਨੂੰ ਹਟਾਉਣ ਲਈ ਬੋਰਿਕ ਪਾਊਡਰ ਦੀ ਵਰਤੋਂ ਕਰਨੀ ਚਾਹੀਦੀ ਹੈ।


-ਇਮੇਜ ਰਿਫਲੈਕਸ਼ਨ ਸੈਂਟਰ

ਬੱਚਿਆਂ ਲਈ ਢਿੱਲੀਆਂ ਜੁੱਤੀਆਂ ਖ਼ਰੀਦੋ

ਬੱਚਿਆਂ ਦੇ ਪੈਰ ਤੇਜ਼ੀ ਨਾਲ ਵਧਦੇ ਹਨ, ਇਸ ਲਈ ਉਨ੍ਹਾਂ ਵਾਸਤੇ ਜੁੱਤੀਆਂ ਖਰੀਦਦੇ ਸਮੇਂ ਖਾਸ ਧਿਆਨ ਰੱਖਣਾ ਚਾਹੀਦਾ ਹੈ ਤਾਂ ਕਿ ਅੱਗੇ ਜਾ ਕੇ ਬੱਚਿਆਂ ਨੂੰ ਤਕਲੀਫਾਂ ਦਾ ਸਾਹਮਣਾ ਨਾ ਕਰਨਾ ਪਵੇ।
ਆਮ ਧਾਰਨਾ ਹੈ ਕਿ ਖਰੀਦਦੇ ਸਮੇਂ ਜੁੱਤੀ ਥੋੜ੍ਹੀ ਘੁੱਟਵੀਂ ਜਾਂ ਇਕਦਮ ਫਿੱਟ ਹੋਣੀ ਚਾਹੀਦੀ ਹੈ। ਕਿਉਂਕਿ ਇਸਤੇਮਾਲ ਹੋਣ 'ਤੇ ਜੁੱਤੀ ਆਪਣੇ-ਆਪ ਢਿੱਲੀ ਹੋ ਜਾਂਦੀ ਹੈ ਪਰ ਇਸ ਮਾਮਲੇ ਵਿਚ ਅਸੀਂ ਇਹ ਭੁੱਲ ਜਾਂਦੇ ਹਾਂ ਕਿ ਇਹ ਗੱਲ ਸਿਰਫ 30 ਸਾਲ ਤੋਂ ਬਾਅਦ ਦੇ ਲੋਕਾਂ 'ਤੇ ਹੀ ਪੂਰੀ ਤਰ੍ਹਾਂ ਲਾਗੂ ਹੁੰਦੀ ਹੈ, ਕਿਉਂਕਿ 30 ਤੋਂ ਬਾਅਦ ਆਦਮੀ ਦਾ ਵਧਣਾ ਲਗਪਗ ਰੁਕ ਜਾਂਦਾ ਹੈ, ਜਦੋਂ ਕਿ ਬੱਚੇ ਤੇਜ਼ੀ ਨਾਲ ਵਧਦੇ ਹਨ। ਵਧਣ ਦੀ ਗਤੀ ਅੱਲ੍ਹੜਪੁਣੇ ਤੋਂ ਬਾਅਦ ਹੌਲੀ ਹੁੰਦੀ ਹੈ। ਮਾਹਿਰਾਂ ਦੇ ਅਨੁਸਾਰ ਜੁੱਤੀ ਦਾ ਆਕਾਰ ਬੱਚਿਆਂ ਦੇ ਪੈਰ ਨਾਲੋਂ 12 ਤੋਂ 16 ਮਿਲੀਮੀਟਰ ਵੱਡਾ ਹੋਣਾ ਚਾਹੀਦਾ ਹੈ। ਜਿਨ੍ਹਾਂ ਬੱਚਿਆਂ ਦੀ ਜੁੱਤੀ ਕੱਸੀ ਹੁੰਦੀ ਹੈ, ਉਹ ਪੈਰਾਂ ਨੂੰ ਕੱਟਦੀ ਹੈ। ਇਸ ਨਾਲ ਨਾ ਸਿਰਫ ਬੱਚਿਆਂ ਨੂੰ ਸਰੀਰਕ ਕਸ਼ਟ ਹੁੰਦਾ ਹੈ, ਬਲਕਿ ਮਾਨਸਿਕ ਪੱਧਰ 'ਤੇ ਵੀ ਪ੍ਰੇਸ਼ਾਨੀ ਹੁੰਦੀ ਹੈ। ਇਸ ਨਾਲ ਪੈਰਾਂ ਦਾ ਆਕਾਰ ਵਿਗੜਨ ਦਾ ਖ਼ਤਰਾ ਤਾਂ ਰਹਿੰਦਾ ਹੀ ਹੈ, ਮਾਨਸਿਕ ਅਤੇ ਸਰੀਰਕ ਵਿਕਾਸ 'ਤੇ ਵੀ ਪ੍ਰਤੀਕੂਲ ਅਸਰ ਪੈਣ ਦਾ ਖ਼ਤਰਾ ਪੈ ਜਾਂਦਾ ਹੈ। ਇਹੀ ਨਹੀਂ, ਬੱਚਾ ਚਿੜਚਿੜਾ ਅਤੇ ਝਗੜਾਲੂ ਹੋ ਸਕਦਾ ਹੈ।


-ਏ. ਪੀ. ਭਾਰਤੀ

ਭੋਜਨ ਪਰੋਸਣਾ ਵੀ ਇਕ ਕਲਾ ਹੈ

ਭੋਜਨ ਪਰੋਸਣਾ ਵੀ ਇਕ ਕਲਾ ਹੈ। ਆਓ, ਤੁਹਾਨੂੰ ਦੱਸੀਏ ਇਸ ਸਬੰਧੀ ਕੁਝ ਖਾਸ ਗੱਲਾਂ :
* ਸਭ ਤੋਂ ਪਹਿਲਾਂ ਖਾਣੇ ਲਈ ਭਾਂਡਿਆਂ ਨੂੰ ਧੋ-ਪੂੰਝ ਕੇ ਤਿਆਰ ਰੱਖੋ। ਇਹ ਨਾ ਹੋਵੇ ਕਿ ਖਾਣਾ ਪਰੋਸਦੇ ਸਮੇਂ ਤੁਹਾਨੂੰ ਕੋਈ ਭਾਂਡਾ ਲੱਭਣਾ ਜਾਂ ਧੋਣਾ ਪਵੇ।
* ਸਲਾਦ ਨੂੰ ਸੁੰਦਰ ਢੰਗ ਨਾਲ ਪਲੇਟ ਵਿਚ ਇਸ ਤਰ੍ਹਾਂ ਸਜਾਓ ਕਿ ਸਾਰੀਆਂ ਸਬਜ਼ੀਆਂ ਅਤੇ ਫਲ ਇਕ-ਦੂਜੇ ਦੇ ਉੱਪਰ-ਹੇਠਾਂ ਨਾ ਆਉਣ।
* ਖਾਣਾ ਪਰੋਸਦੇ ਸਮੇਂ ਦੇਖ ਲਓ ਕਿ ਕਿਤੇ ਉਹ ਠੰਢਾ ਤਾਂ ਨਹੀਂ।
* ਮੇਜ਼ 'ਤੇ ਜ਼ਰੂਰੀ ਚੀਜ਼ਾਂ ਜਿਵੇਂ ਪਾਣੀ ਦਾ ਜੱਗ, ਅਚਾਰ ਦੀ ਸ਼ੀਸ਼ੀ, ਲੂਣ-ਮਿਰਚ, ਚਮਚ, ਕਾਂਟੇ, ਛੁਰੀਆਂ ਆਦਿ ਪਹਿਲਾਂ ਹੀ ਰੱਖ ਦਿਓ।
* ਜਦੋਂ ਮਹਿਮਾਨ ਖਾ ਰਹੇ ਹੋਣ ਤਾਂ ਇਹ ਧਿਆਨ ਰੱਖੋ ਕਿ ਕਿਸ ਵਿਅਕਤੀ ਦੇ ਕੋਲ ਕੀ ਚੀਜ਼ ਖ਼ਤਮ ਹੋ ਗਈ ਹੈ ਅਤੇ ਖੁਦ ਹੀ ਉਹ ਚੀਜ਼ ਉਸ ਨੂੰ ਦਿਓ। ਇਹ ਨਾ ਹੋਵੇ ਕਿ ਮਹਿਮਾਨ ਨੂੰ ਖੁਦ ਹੀ ਤੁਹਾਡੇ ਕੋਲੋਂ ਕਿਸੇ ਚੀਜ਼ ਦੀ ਮੰਗ ਕਰਨੀ ਪਵੇ।
* ਸੰਭਵ ਹੋਵੇ ਤਾਂ ਆਪ ਵੀ ਉਨ੍ਹਾਂ ਦੇ ਨਾਲ ਖਾਣਾ ਖਾਣ ਬੈਠੋ।
* ਖਾਣਾ ਪਰੋਸਦੇ ਸਮੇਂ ਇਹ ਹਮੇਸ਼ਾ ਧਿਆਨ ਰੱਖੋ ਕਿ ਸਭ ਭਾਂਡੇ ਇਕੋ ਜਿਹੇ ਹੋਣ। ਇਹ ਨਾ ਹੋਵੇ ਕਿ ਕੋਈ ਭਾਂਡਾ ਕੱਚ ਦਾ ਹੋਵੇ ਅਤੇ ਕੋਈ ਸਟੀਲ ਦਾ। ਇਸ ਨਾਲ ਖਾਣੇ ਦੀ ਸ਼ੋਭਾ ਘਟ ਜਾਂਦੀ ਹੈ।
* ਖੁਸ਼ੀ-ਖੁਸ਼ੀ ਖਾਣਾ ਪਰੋਸੋ ਅਤੇ ਵਿਚ-ਵਿਚ ਮਹਿਮਾਨ ਨੂੰ ਪਿਆਰ ਨਾਲ ਖਾਣ ਲਈ ਵੀ ਕਹਿੰਦੇ ਰਹੋ। ਇਸ ਨਾਲ ਮਹਿਮਾਨ 'ਤੇ ਚੰਗਾ ਪ੍ਰਭਾਵ ਪਵੇਗਾ।


-ਭਾਸ਼ਣਾ ਬਾਂਸਲ

ਉਮਰ ਗਿਣਨ ਦੀ ਬਜਾਏ ਊਰਜਾਵਾਨ ਬਣਾਉਣ ਵਿਚ ਲਗਾਓ ਸਮਰੱਥਾ

ਜੀਵਨ ਦੇ ਪ੍ਰਤੀ ਨਜ਼ਰੀਆ ਗਰਮਜੋਸ਼ੀ ਵਾਲਾ ਰੱਖੋ : ਜੀਵਨ ਦੇ ਪ੍ਰਤੀ ਨਜ਼ਰੀਆ ਉਤਸ਼ਾਹ ਅਤੇ ਉਮੰਗ ਨਾਲ ਭਰਿਆ ਹੋਣਾ ਚਾਹੀਦਾ ਹੈ। ਆਪਣੀ ਤੁਲਨਾ ਦੂਜਿਆਂ ਨਾਲ ਤਾਂ ਨਹੀਂ ਪਰ ਖੁਦ ਨਾਲ ਵੀ ਨਹੀਂ ਕਰਨੀ ਚਾਹੀਦੀ। 'ਅਸਲੀ ਗੱਲ ਤਾਂ ਉਦੋਂ ਸੀ ਜਦੋਂ ਅਸੀਂ ਛੋਟੇ ਸੀ' ਜਾਂ 'ਸਮੇਂ ਸਿਰ ਸਾਨੂੰ ਕੋਈ ਮਿਲਿਆ ਹੀ ਨਹੀਂ ਰਾਏ ਦੇਣ ਵਾਲਾ, ਨਹੀਂ ਤਾਂ ਅਸੀਂ ਵੀ ਕੁਝ ਬਣ ਸਕਦੇ ਸੀ' ਵਰਗੀ ਸੋਚ ਰੱਖਣ ਨਾਲ ਗੱਲ ਨਾਕਾਰਾਤਮਕ ਹੋ ਜਾਂਦੀ ਹੈ। ਆਪਣੀ ਅੰਤਰ ਪ੍ਰੇਰਨਾ ਵਿਕਸਿਤ ਕਰਨੀ ਚਾਹੀਦੀ ਹੈ।
ਅਹਿਸਾਸ ਰੱਖੋ ਬਰਕਰਾਰ : ਕੁਝ ਲੋਕ ਬੁਢਾਪੇ ਤੱਕ ਵੱਡੇ ਹੀ ਨਹੀਂ ਹੁੰਦੇ। ਏਨੀ ਛੇਤੀ ਘੁਲ-ਮਿਲ ਜਾਂਦੇ ਹਨ ਕਿ ਲੋਕ ਉਨ੍ਹਾਂ ਦੇ ਇਸ ਰਹੱਸ ਦਾ ਕਾਰਨ ਹੀ ਨਹੀਂ ਜਾਣ ਸਕਦੇ। ਅਸਲੀ ਗੱਲ ਹੁੰਦੀ ਹੈ ਉਨ੍ਹਾਂ ਦੀ ਸਾਰਿਆਂ ਨੂੰ ਪ੍ਰੋਤਸਾਹਿਤ ਕਰਨ ਦੀ ਭਾਵਨਾ। ਆਪਣੇ ਬੋਲਚਾਲ ਦੇ ਸਲੀਕੇ, ਮਿੱਤਰ ਬਣਾਉਣ ਦੀ ਭਾਵਨਾ ਅਤੇ ਸਾਰਿਆਂ ਨੂੰ ਹਰ ਪੱਧਰ 'ਤੇ ਧੀਰਜ ਨਾਲ ਸਮਝਾਉਣ ਦੀ ਕੋਸ਼ਿਸ਼ ਕਰਨਾ। ਇਨ੍ਹਾਂ ਕਾਰਨਾਂ ਨਾਲ ਉਹ ਹਰ ਉਮਰ ਦੇ ਲੋਕਾਂ ਵਿਚ ਹਰਮਨ ਪਿਆਰੇ ਹੁੰਦੇ ਹਨ।
ਆਪਣੇ ਨਾਲ ਪਿਆਰ ਕਰੋ : ਕਹਿੰਦੇ ਹਨ ਕਿ ਜੇ ਅਸੀਂ ਆਪਣੀ ਕਦਰ ਆਪ ਨਹੀਂ ਕਰਦੇ ਤਾਂ ਕੋਈ ਵੀ ਕਿਉਂ ਕਰੇ? ਭਗਵਾਨ ਨੇ ਸਾਨੂੰ ਜਿੰਨਾ ਵੀ ਦਿੱਤਾ ਹੈ, ਉਸ ਨੂੰ ਮਜ਼ਬੂਤੀ ਦੇ ਨਾਲ ਹੋਰ ਖੂਬਸੂਰਤ ਬਣਾਓ ਅਤੇ ਆਪਣੀ ਰੋਜ਼ਮਰਾ ਵਿਚ ਸ਼ਾਮਿਲ ਕਰੋ। ਚੰਗੇ ਸੁਪਨੇ ਦੇਖੋ। ਜ਼ਰੂਰੀ ਨਹੀਂ ਕਿ ਤੁਸੀਂ ਜੋ ਸੋਚਿਆ ਹੈ, ਉਹ ਪੂਰਾ ਹੀ ਹੋਵੇ, ਪਰ ਤੁਸੀਂ ਹਿੰਮਤ ਨਾ ਹਾਰੋ। ਜੀਅ-ਜਾਨ ਨਾਲ ਜੁਟ ਜਾਓ ਕਿਉਂਕਿ ਸਿਰਫ ਮਿਹਨਤ ਹੀ ਤੁਹਾਡੇ ਕੰਮ ਆ ਸਕਦੀ ਹੈ।
ਪੜ੍ਹੋ ਅਤੇ ਸੰਗੀਤ ਦਾ ਅਨੰਦ ਵੀ ਲਓ : ਸੰਸਾਰਕ ਮਿੱਤਰ ਕਦੇ ਵੀ ਸਾਨੂੰ ਧੋਖਾ ਦੇ ਸਕਦੇ ਹਨ ਜਾਂ ਦੁੱਖ ਪਹੁੰਚਾ ਸਕਦੇ ਹਨ ਪਰ ਪੁਸਤਕਾਂ ਤੁਹਾਡੀਆਂ ਸੱਚੀਆਂ ਮਿੱਤਰ ਬਣ ਸਕਦੀਆਂ ਹਨ। ਕਿਸੇ ਵੀ ਸਥਿਤੀ ਵਿਚ ਉਹ ਤੁਹਾਡਾ ਸਾਥ ਨਹੀਂ ਛੱਡਦੀਆਂ। ਇਸ ਤੋਂ ਇਲਾਵਾ ਸੰਗੀਤ ਚਾਹੇ ਪੰਛੀਆਂ ਦੀ ਚਹਿਚਹਾਟ ਦਾ ਹੋਵੇ, ਚਾਹੇ ਝਰਨਿਆਂ ਦੇ ਵਗਦੇ ਪਾਣੀ ਦਾ ਹੋਵੇ, ਮਨ ਨੂੰ ਸਕੂਨ ਹੀ ਦਿੰਦਾ ਹੈ।


-ਰੇਣੁ ਜੈਨ,
714, ਦੂਜੀ ਮੰਜ਼ਿਲ, ਸੁਦਾਮਾ ਨਗਰ, ਨਰੇਂਦਰਾ ਤਿਵਾੜੀ ਮਾਰਗ, ਇੰਦੌਰ-09 (ਮੱਧ ਪ੍ਰਦੇਸ਼)। ਮੋਬਾ: 78982-74643





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX