ਤਾਜਾ ਖ਼ਬਰਾਂ


ਅੱਜ ਦਾ ਵਿਚਾਰ
. . .  3 minutes ago
ਵੇਰਕਾ ਵੱਲਾ ਰੋਡ 'ਤੇ ਮੈਰਿਜ ਪੈਲੇਸ ਨੂੰ ਲੱਗੀ ਅੱਗ
. . .  1 day ago
ਵੇਰਕਾ ,20 ਫ਼ਰਵਰੀ{ਪਰਮਜੀਤ ਸਿੰਘ ਬੱਗਾ }- ਵੇਰਕਾ ਵੱਲਾ ਰੋਡ 'ਤੇ ਅਸਲਾ ਡੀਪੂ ਕੋਲ ਇਕ ਮੈਰਿਜ ਪੈਲੇਸ ਦੀ ਰਸੋਈ 'ਚ ਸਲੰਡਰ ਫੱਟਣ ਨਾਲ ਹੋਏ ਹਾਦਸੇ 'ਚ ਪੈਲੇਸ ਦਾ ਅੰਦਰਲ ਹਿੱਸਾ ਸੜ ਕੇ ਰਾਖ
ਹਾਦਸੇ ਦੌਰਾਨ ਇਕ ਦੀ ਮੌਤ ਅਤੇ ਇਕ ਗੰਭੀਰ ਜ਼ਖ਼ਮੀ
. . .  1 day ago
ਤਰਨ ਤਾਰਨ, 20 ਫਰਵਰੀ (ਪਰਮਜੀਤ ਜੋਸ਼ੀ)-ਇੱਥੋਂ ਨਜ਼ਦੀਕ ਸਰਹਾਲੀ ਰੋਡ 'ਤੇ ਇਕ ਬੱਸ ਅਤੇ ਸਵਿਫ਼ਟ ਕਾਰ ਵਿਚ ਹੋਈ ਭਿਆਨਕ ਟੱਕਰ ਦੌਰਾਨ ਕਾਰ ਸਵਾਰ ਪੁਲਿਸ ਮੁਲਾਜ਼ਮ ਦੀ ਮੌਕੇ 'ਤੇ ਮੌਤ ਹੋ ਗਈ ਅਤੇ ਇਕ ਦੀ ਹੋਰ ...
ਸਾਉਦੀ ਅਰਬ ਭਾਰਤ 'ਚ ਨਿਵੇਸ਼ ਕਰੇਗਾ 100 ਅਰਬ ਡਾਲਰ ਦਾ ਨਿਵੇਸ਼ - ਵਿਦੇਸ਼ ਮੰਤਰਾਲਾ
. . .  1 day ago
ਨਵੀਂ ਦਿੱਲੀ, 20 ਫਰਵਰੀ - ਸਾਉਦੀ ਅਰਬ ਭਾਰਤ 'ਚ 100 ਅਰਬ ਡਾਲਰ ਦਾ ਨਿਵੇਸ਼ ਕਰੇਗਾ। ਇਹ ਜਾਣਕਾਰੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ...
ਯੇਦੀਯੁਰੱਪਾ ਵੱਲੋਂ ਆਡੀਓ ਟੇਪ ਦੇ ਦੋਸ਼ਾਂ ਦੀ ਐੱਫ.ਆਈ.ਆਰ ਖ਼ਾਰਜ ਕਰਨ ਲਈ ਪਟੀਸ਼ਨ
. . .  1 day ago
ਬੈਂਗਲੁਰੂ, 20 ਫਰਵਰੀ - ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਅਤੇ ਕਰਨਾਟਕ ਭਾਜਪਾ ਪ੍ਰਮੁੱਖ ਬੀ.ਐੱਸ.ਯੇਦੀਯੁਰੱਪਾ ਨੇ ਉਨ੍ਹਾਂ ਖ਼ਿਲਾਫ਼ ਆਡੀਓ ਟੇਪ ਦੇ ਦੋਸ਼ਾਂ ਦੀ ਦਰਜ ਐੱਫ.ਆਈ.ਆਰ...
ਬਰਫ਼ ਦੇ ਤੋਦੇ ਡਿੱਗਣ ਕਾਰਨ ਫੌਜ ਦੇ ਇੱਕ ਜਵਾਨ ਦੀ ਮੌਤ, 5 ਫਸੇ
. . .  1 day ago
ਸ਼ਿਮਲਾ, 20 ਫਰਵਰੀ - ਹਿਮਾਚਲ ਪ੍ਰਦੇਸ਼ ਦੇ ਕਿੱਨੌਰ ਜ਼ਿਲ੍ਹੇ 'ਚ ਬਰਫ਼ ਦੇ ਤੋਦੇ ਡਿੱਗਣ ਕਾਰਨ ਫੌਜ ਦੇ ਇੱਕ ਜਵਾਨ ਦੀ ਮੌਤ ਹੋ ਗਈ, ਜਦਕਿ 5 ਜਵਾਨ ਫਸੇ ਹੋਏ ਹਨ। ਸਥਾਨਕ...
ਫ਼ਰਾਰ ਕਾਂਗਰਸੀ ਵਿਧਾਇਕ ਗ੍ਰਿਫ਼ਤਾਰ - ਗ੍ਰਹਿ ਮੰਤਰੀ ਕਰਨਾਟਕ
. . .  1 day ago
ਬੈਂਗਲੁਰੂ, 20 ਫਰਵਰੀ - ਕਰਨਾਟਕ ਦੇ ਗ੍ਰਹਿ ਮੰਤਰੀ ਐਮ.ਬੀ ਪਾਟਿਲ ਨੇ ਦੱਸਿਆ ਕਿ ਫ਼ਰਾਰ ਕਾਂਗਰਸੀ ਵਿਧਾਇਕ ਜੇ.ਐਨ ਗਣੇਸ਼ ਨੂੰ ਪੁਲਿਸ ਨੇ ਗੁਜਰਾਤ ਦੇ ਸੋਮਨਾਥ ਤੋਂ ਗ੍ਰਿਫ਼ਤਾਰ...
ਸਮਾਂ ਆ ਗਿਆ ਹੈ ਧਾਰਾ 370 ਨੂੰ ਖ਼ਤਮ ਕਰਨ ਦਾ - ਰਾਜਪਾਲ ਰਾਜਸਥਾਨ
. . .  1 day ago
ਜੈਪੁਰ, 20 ਫਰਵਰੀ - ਰਾਜਸਥਾਨ ਦੇ ਰਾਜਪਾਲ ਕਲਿਆਣ ਸਿੰਘ ਦਾ ਕਹਿਣਾ ਹੈ ਕਿ ਧਾਰਾ 370 ਨੂੰ ਖ਼ਤਮ ਕਰਨ ਦਾ ਸਮਾਂ ਆ ਗਿਆ ਹੈ। ਕਿਉਂਕਿ ਇਹ ਵੱਖਵਾਦੀਆਂ ਨੂੰ ਉਤਸ਼ਾਹਿਤ...
ਰੂਹਾਨੀ ਰੰਗ 'ਚ ਰੰਗੀ 'ਪੰਜ ਤਖਤ ਐਕਸਪ੍ਰੈੱਸ' ਯਾਤਰਾ 'ਚ ਸ਼ਾਮਲ ਸ਼ਰਧਾਲੂ ਪਹੁੰਚੇ ਸ੍ਰੀ ਨਾਂਦੇੜ ਸਾਹਿਬ, ਦੇਖੋ ਤਸਵੀਰਾਂ
. . .  1 day ago
25 ਤੱਕ ਕਲਮ ਛੋੜ ਹੜਤਾਲ ਤੇ ਤਹਿਸੀਲ ਕਰਮਚਾਰੀ
. . .  1 day ago
ਖਮਾਣੋਂ, 20 ਫ਼ਰਵਰੀ (ਪਰਮਵੀਰ ਸਿੰਘ) - ਪੀ. ਐਮ. ਐਸ. ਯੂ ਪੰਜਾਬ ਦੇ ਸੱਦੇ ਤੇ ਤਹਿਸੀਲ ਕਰਮਚਾਰੀ 25 ਫ਼ਰਵਰੀ ਤੱਕ ਕਲਮ ਛੋੜ ਹਡ਼ਤਾਲ ਤੇ ਚਲੇ ਗਏ ਹਨ। ਮੰਗਾ ਨੂੰ ਲੈਕੇ...
ਹੋਰ ਖ਼ਬਰਾਂ..

ਬਾਲ ਸੰਸਾਰ

ਬੱਚਿਆਂ ਦੇ ਪ੍ਰਸਿੱਧ ਕਾਰਟੂਨ ਚਰਿੱਤਰ-12: ਘਟੋਤਕਚ

ਬੱਚਿਓ, ਮਹਾਭਾਰਤ ਵਿਚ 'ਇੰਦਰਪ੍ਰਸਥ' ਦਾ ਜ਼ਿਕਰ ਆਉਂਦਾ ਹੈ। ਅਜੋਕੀ ਦਿੱਲੀ ਇਸੇ ਇੰਦਰਪ੍ਰਸਥ ਦਾ ਨਵਾਂ ਨਾਂਅ ਹੈ। ਮਹਾਭਾਰਤ ਨਾਲ ਸਬੰਧਿਤ ਬਹਾਦਰ ਵਿਅਕਤੀ ਭੀਮ ਦਾ ਵਿਆਹ ਇਕ ਰਾਖ਼ਸ਼ਣੀ ਨਾਲ ਹੋਇਆ ਮੰਨਿਆ ਜਾਂਦਾ ਹੈ, ਜਿਸ ਨੇ ਘਟੋਤਕਚ ਨੂੰ ਜਨਮ ਦਿੱਤਾ ਸੀ। ਇਸੇ ਘਟੋਤਕਚ ਨੂੰ ਇਕ ਕਾਰਟੂਨ ਪਾਤਰ ਵਜੋਂ ਅੱਜਕਲ੍ਹ ਬੜੀ ਪ੍ਰਸਿੱਧੀ ਮਿਲੀ ਹੋਈ ਹੈ। ਘਟੋਤਕਚ ਬੱਚਿਆਂ ਨੂੰ ਬੇਹੱਦ ਲੁਭਾਉਣ ਵਾਲਾ ਪਾਤਰ ਹੈ। ਇਸ ਨਾਲ ਸਬੰਧਿਤ ਕਾਰਟੂਨ ਮੂਵੀ ਦੋ ਭਾਗਾਂ ਵਿਚ ਫੁੱਲ ਐਚ.ਡੀ. ਦੇ ਰੂਪ ਵਿਚ ਤਿਆਰ ਕੀਤੀ ਗਈ ਹੈ। ਹੱਥ ਵਿਚ ਗਦਾ ਲਈ ਘਟੋਤਕਚ ਹਾਥੀ ਵਰਗੇ ਜੰਗਲੀ ਜੀਵਾਂ ਨਾਲ ਵਿਚਰਦਾ ਹੈ। ਜਦੋਂ ਉਹ 'ਮੈਂ ਹੂੰ ਘਟੋਤਕਚ, ਮੈਂ ਦੁਨੀਆ ਮੇਂ ਸਬ ਸੇ ਨਿਰਾਲਾ' ਗਾਉਂਦਾ ਹੈ ਤਾਂ ਬੱਚੇ ਵੀ ਉਸ ਦੇ ਨਾਲ ਗੁਣਗੁਣਾਉਣ ਅਤੇ ਨੱਚਣ ਲੱਗਦੇ ਹਨ। ਕਦੇ-ਕਦੇ ਇਹ ਆਪਣੇ ਦੋਸਤ ਹਾਥੀ ਦੇ ਬੱਚੇ ਨਾਲ ਨਾਰਾਜ਼ ਵੀ ਹੋ ਜਾਂਦਾ ਹੈ ਤੇ ਕਦੇ ਉਸ ਨੂੰ ਝਿੜਕਦਾ ਵੀ ਹੈ। ਇਹ ਅਥਾਹ ਜਾਦੂਈ ਸ਼ਕਤੀਆਂ ਦਾ ਮਾਲਕ ਹੈ। ਬੱਚਿਆਂ ਨੂੰ ਇਸ ਦੇ ਕਾਰਨਾਮੇ ਬਹੁਤ ਚੰਗੇ ਲੱਗਦੇ ਹਨ। ਇਸ ਪਾਤਰ ਨਾਲ ਸਬੰਧਿਤ ਇਹ ਕਾਰਟੂਨ ਫ਼ਿਲਮ ਸਿੰਗੀਤਮ ਸ੍ਰੀਨਿਵਾਸਾ ਰਾਓ ਦੀ ਨਿਰਦੇਸ਼ਨਾ ਅਧੀਨ ਤਿਆਰ ਹੋਈ ਅਤੇ ਇਸ ਦੀ ਕਹਾਣੀ ਅਪਰਾਜਿਤ ਸ਼ੁਕਲਾ ਨੇ ਲਿਖੀ। ਇਹ ਫ਼ਿਲਮ 23 ਮਈ, 2008 ਨੂੰ ਰਿਲੀਜ਼ ਹੋਈ ਸੀ।

-ਪੰਜਾਬੀ ਯੂਨੀਵਰਸਿਟੀ ਕੈਂਪਸ, ਪਟਿਆਲਾ। ਮੋਬਾ: 98144-23703


ਖ਼ਬਰ ਸ਼ੇਅਰ ਕਰੋ

ਬਾਲ ਕਹਾਣੀ: ਚਲਾਕੋ ਦੀ ਚਲਾਕੀ

ਵਣ ਜੀਵਾਂ ਵਿਚੋਂ ਸਭ ਤੋਂ ਚਲਾਕ ਸਮਝੀ ਜਾਂਦੀ ਮੌਮ ਲੂੰਬੜੀ ਨੇ ਕਾਨਵੈਂਟ ਸਕੂਲ ਦੀ ਪਹਿਲੀ 'ਚ ਪੜ੍ਹ ਰਹੀ ਬੇਟੀ ਲਿਲੀਅਨ ਉਰਫ ਚਲਾਕੋ ਨੂੰ ਪਹਿਲਾ ਪਾਠ ਇਹੋ ਪੜ੍ਹਾ ਕੇ ਭੇਜਿਆ ਸੀ ਕਿ 'ਬੇਟਾ ਲਾਲਚ ਕਦੇ ਨਾ ਕਰਨਾ ਅਤੇ ਨਾ ਹੀ ਕਿਸੇ ਦੀ ਵਸਤ ਨੂੰ ਚਲਾਕੀ ਨਾਲ ਪ੍ਰਾਪਤ ਕਰਨਾ, ਨਹੀਂ ਤਾਂ ਤੁਹਾਡਾ ਲਾਲਚ ਬੁਰੀ ਬਿਪਤਾ ਬਣ ਤੁਹਾਨੂੰ ਕਦੇ ਨਾ ਕਦੇ ਸ਼ਰਮਿੰਦਾ ਕਰੇਗਾ।'
ਪਰ ਇੰਗਲਿਸ਼ ਮੀਡੀਅਮ ਵਾਲੇ ਕਥਿਤ ਪਬਲਿਕ ਸਕੂਲ ਦੀ ਨਰਸਰੀ, ਯੂ.ਕੇ.ਜੀ. ਤੇ ਐਲ.ਕੇ.ਜੀ. ਪਾਸ ਕਰ ਫਸਟ 'ਚ ਪੁੱਜੀ ਚਲਾਕੋ ਤਾਂ ਮਾਤ ਭਾਸ਼ਾ ਵਿਚ ਘਰੋਂ ਗ੍ਰਹਿਣ ਕੀਤੇ ਸੱਚੇ-ਸੁੱਚੇ ਸੰਸਕਾਰ ਤਾਂ ਕਦੋਂ ਦੇ ਭੁੱਲ ਚੁੱਕੀ ਸੀ। ਸੋ, ਉਸ ਨੇ ਕਾਂ ਦੇ ਮੂੰਹ (ਚੁੰਝ) ਵਿਚ ਪਨੀਰ ਦਾ ਟੁਕੜਾ ਦੇਖ ਉਸ ਨੂੰ ਹਥਿਆਉਣ ਲਈ ਹਾਈ-ਫਾਈ ਸਕੀਮ ਬਣਾਈ। ਚਲਾਕੋ ਨੇ ਕਾਂ ਦੇ ਮੋਬਾਈਲ ਫੋਨ ਦੀ ਐਲ.ਈ.ਡੀ. ਸਕਰੀਨ ਉੱਤੇ ਉਸੇ ਵਰਗੇ ਕਾਂ ਦੀ ਚੁੰਝ (ਮੂੰਹ) ਵਿਚ ਉਸ ਤੋਂ ਵੀ ਵੱਡਾ ਚੀਜ਼ ਦਾ ਟੁਕੜਾ ਫੜੀ ਵਾਲੀ ਫੋਟੋ ਭੇਜ ਦਿੱਤੀ। ਉਸ ਨੇ ਸੋਚਿਆ ਜਦੋਂ ਕਾਂ ਆਪਣੇ ਮੋਬਾਈਲ ਦੀ ਸਕਰੀਨ 'ਤੇ ਡਿਸਪਲੇ ਹੋਈ ਫੋਟੋ ਦੇਖੇਗਾ ਤਾਂ ਝੱਟ ਫੋਟੋ ਵਾਲੇ ਕਾਂ ਤੋਂ ਵੱਡਾ ਟੁਕੜਾ ਖੋਹਣ ਲਈ ਆਪਣਾ ਮੂੰਹ ਖੋਲ੍ਹੇਗਾ। ਸੋ, ਇਸ ਤਰ੍ਹਾਂ ਉਸ ਦੇ ਆਪਣੇ ਮੂੰਹ ਵਾਲਾ ਪਨੀਰ ਦਾ ਟੁਕੜਾ ਹੇਠਾਂ ਉਸ ਕੋਲ ਆ ਡਿਗੇਗਾ। ਜਦੋਂ ਚਲਾਕੋ ਆਪਣੀ ਚਾਲ 'ਚ ਨਾਕਾਮ ਹੋ ਗਈ ਤਾਂ ਕਾਂ ਨੇ ਕਿਹਾ, 'ਚਲਾਕੋ! ਹੁਣ ਸੋਸ਼ਲ ਮੀਡੀਆ 'ਤੇ ਸਭ ਚੰਗਾ-ਮੰਦਾ ਵਾਇਰਲ ਹੋ ਜਾਂਦਾ। ਤੇਰੀ ਬਣਾਈ ਸਕੀਮ ਦੀ ਵੀਡੀਓ ਵੀ ਮੇਰੇ ਸਮਾਰਟ ਫੋਨ 'ਤੇ ਆ ਗਈ ਸੀ। ਸੋ, ਮੈਂ ਆਪਣੇ ਪਨੀਰ ਦੇ ਟੁਕੜੇ ਨਾਲ ਹਲਕਾ ਜਿਹਾ ਵਿਸਫੋਟ ਲਗਾ ਰਿਮੋਟ ਨਾਲ ਧਮਾਕਾ ਕਰ ਦਿੱਤਾ, ਜਿਸ ਦੇ ਧੂੰਏਂ ਤੇ ਧੱਕੇ ਨਾਲ ਤੂੰ ਮੂੰਹ ਭਨਾ ਬੈਠੀ। ਇਸ ਤਰ੍ਹਾਂ ਚਲਾਕੋ ਦੀ ਚਲਾਕੀ ਠੁੱਸ ਹੋ ਗਈ।

-ਮੁਖ਼ਤਾਰ ਗਿੱਲ,
ਪਿੰਡ ਪ੍ਰੀਤ ਨਗਰ, ਡਾਕ: ਚੋਗਾਵਾਂ (ਅੰਮ੍ਰਿਤਸਰ)-143109

ਕਿਤਾਬਾਂ ਦੀ ਸੰਭਾਲ

ਪਿਆਰੇ ਬੱਚਿਓ! ਵਿਦਿਆਰਥੀ ਜੀਵਨ ਵਿਚ ਸਾਡੀਆਂ ਸੱਚੀਆਂ ਦੋਸਤ ਸਾਡੀਆਂ ਕਿਤਾਬਾਂ ਹਨ, ਜਿਨ੍ਹਾਂ ਤੋਂ ਅਸੀਂ ਆਪਣੇ ਜੀਵਨ ਲਈ ਸੇਧ ਲੈਂਦੇ ਹਾਂ। ਇਨ੍ਹਾਂ ਕਿਤਾਬਾਂ ਨੂੰ ਪੜ੍ਹ ਕੇ ਅਸੀਂ ਸਫਲਤਾ ਦੀ ਪੌੜੀ ਭਾਵ ਇਕ ਜਮਾਤ ਤੋਂ ਦੂਸਰੀ ਜਮਾਤ ਵਿਚ ਜਾਂਦੇ ਹਾਂ। ਕਿਤਾਬਾਂ ਪੜ੍ਹਨ ਦੇ ਨਾਲ-ਨਾਲ ਇਨ੍ਹਾਂ ਦੀ ਸਾਂਭ-ਸੰਭਾਲ ਦੀ ਬਹੁਤ ਜ਼ਰੂਰਤ ਹੁੰਦੀ ਹੈ, ਕਿਉਂਕਿ ਅਸੀਂ ਸਾਰਾ ਸਾਲ ਇਨ੍ਹਾਂ ਨੂੰ ਪੜ੍ਹਨਾ ਤੇ ਵਿਚਾਰਨਾ ਹੁੰਦਾ ਹੈ।
ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਸਰਕਾਰ ਵਲੋਂ ਮੁਫਤ ਕਿਤਾਬਾਂ ਦਿੱਤੀਆਂ ਜਾਂਦੀਆਂ ਹਨ, ਜਿਨ੍ਹਾਂ ਦੀਆਂ ਜਿਲਦਾਂ ਨਹੀਂ ਹੁੰਦੀਆਂ। ਅਧਿਆਪਕ ਬੱਚਿਆਂ ਨੂੰ ਕਿਤਾਬਾਂ ਵੰਡਣ ਸਮੇਂ ਬੱਚਿਆਂ ਨੂੰ ਤਾਕੀਦ ਕਰਦੇ ਹਨ ਕਿ ਬੱਚਿਓ, ਆਪਣੀਆਂ ਕਿਤਾਬਾਂ 'ਤੇ ਜਿਲਦਾਂ ਜ਼ਰੂਰ ਚੜ੍ਹਵਾ ਲਈਆਂ ਜਾਣ। ਕੁਝ ਬੱਚੇ ਤੇ ਉਨ੍ਹਾਂ ਦੇ ਮਾਪੇ ਬੱਚਿਆਂ ਦੀਆਂ ਕਿਤਾਬਾਂ 'ਤੇ ਜਿਲਦਾਂ ਚੜ੍ਹਵਾ ਲੈਂਦੇ ਹਨ ਤੇ ਕਈ ਇਨ੍ਹਾਂ ਕਿਤਾਬਾਂ 'ਤੇ ਜਿਲਦਾਂ ਨਹੀਂ ਚੜ੍ਹਾਉਂਦੇ, ਜਿਸ ਕਾਰਨ ਇਹ ਕਿਤਾਬਾਂ ਸਾਲ ਦੇ ਵਿਚਕਾਰ ਹੀ ਫਟ ਜਾਂਦੀਆਂ ਹਨ। ਕਿਤਾਬਾਂ ਫਟਣ ਕਾਰਨ ਜਾਂ ਪੜ੍ਹਨ ਸਮੇਂ ਬੱਚਿਆਂ ਕੋਲ ਨਾ ਹੋਣ ਕਾਰਨ ਉਨ੍ਹਾਂ ਨੂੰ ਪੜ੍ਹਨ ਸਮੇਂ ਤੇ ਉਨ੍ਹਾਂ ਦੇ ਅਧਿਆਪਕਾਂ ਨੂੰ ਪੜ੍ਹਾਉਣ ਸਮੇਂ ਬਹੁਤ ਜ਼ਿਆਦਾ ਦਿੱਕਤ ਆਉਂਦੀ ਹੈ।
ਇਸ ਤਰ੍ਹਾਂ ਉਹ ਬੱਚੇ ਪੜ੍ਹਾਈ ਵਿਚ ਅੱਗੇ ਲੰਘ ਜਾਂਦੇ ਹਨ, ਜੋ ਕਿਤਾਬਾਂ ਨੂੰ ਪੂਰਨ ਰੂਪ ਵਿਚ ਸਤਿਕਾਰ ਦਿੰਦੇ ਹਨ। ਕਿਤਾਬ ਨੂੰ ਕਦੇ ਵਿਚਕਾਰੋਂ ਮੋੜ ਕੇ ਨਾ ਪੜ੍ਹੋ, ਇਸ ਨਾਲ ਕਿਤਾਬ ਦੀ ਜਿਲਦ, ਵਿਚਕਾਰਲਾ ਧਾਗਾ ਟੁੱਟ ਜਾਵੇਗਾ। ਕਿਤਾਬ ਪੜ੍ਹਨ ਤੋਂ ਬਾਅਦ ਉਸ ਦੇ ਪੰਨਿਆਂ ਨੂੰ ਵੇਖੋ ਕਿ ਕੋਈ ਪੰਨਾ ਮੁੜ ਤਾਂ ਨਹੀਂ ਗਿਆ। ਕਿਤਾਬ ਬੰਦ ਕਰਨ ਸਮੇਂ ਉਸ ਵਿਚ ਕੋਈ ਮੋਟਾ ਪੈੱਨ ਆਦਿ ਨਾ ਪਾਇਆ ਜਾਵੇ। ਇਸ ਤਰ੍ਹਾਂ ਵੀ ਕਿਤਾਬ ਖਰਾਬ ਹੋ ਜਾਂਦੀ ਹੈ। ਪੜ੍ਹਨ ਤੋਂ ਬਾਅਦ ਕਿਤਾਬਾਂ ਨੂੰ ਸਹੀ ਸਥਾਨ 'ਤੇ ਜ਼ਰੂਰ ਰੱਖਿਆ ਜਾਵੇ। ਸਕੂਲ ਤੋਂ ਘਰ ਜਾਣ ਸਮੇਂ ਕਿਤਾਬਾਂ ਨੂੰ ਸਹੀ ਥਾਂ ਜਾਂ ਘਰ ਵਿਚ ਕਿਤਾਬਾਂ ਰੱਖਣ ਲਈ ਬੁੱਕ ਰੈਕ ਵੀ ਬਣਾਇਆ ਜਾ ਸਕਦਾ ਹੈ। ਘਰ ਵਿਚ ਕਿਸੇ ਚੋਣਵੇਂ ਜਾਂ ਉੱਚੀ ਥਾਂ 'ਤੇ ਕਿਤਾਬਾਂ ਨੂੰ ਰੱਖਿਆ ਜਾਵੇ। ਜੇ ਘਰ ਵਿਚ ਕੋਈ ਛੋਟਾ ਬੱਚਾ ਹੈ ਤਾਂ ਉਸ ਦੀ ਪਹੁੰਚ ਤੋਂ ਵੀ ਕਿਤਾਬਾਂ ਨੂੰ ਦੂਰ ਰੱਖੋ। ਅੱਜਕਲ੍ਹ ਕਿਤਾਬਾਂ 'ਤੇ ਪਲਾਸਟਿਕ ਪੇਪਰ ਦੀਆਂ ਜਿਲਦਾਂ ਵੀ ਬਾਜ਼ਾਰ ਵਿਚ ਉਪਲਬਧ ਹਨ, ਜਿਸ ਨਾਲ ਕਿਤਾਬਾਂ ਸਾਰਾ ਸਾਲ ਵਧੀਆ ਹਾਲਤ ਵਿਚ ਰਹਿੰਦੀਆਂ ਹਨ। ਸੋ ਆਓ ਕਿਤਾਬਾਂ ਦੀ ਸੰਭਾਲ ਪ੍ਰਤੀ ਅਸੀਂ ਸੰਜੀਦਾ ਹੋਈਏ, ਜਿਨ੍ਹਾਂ ਸਾਨੂੰ ਗਿਆਨ ਦੇਣਾ ਹੈ, ਸਾਡੀ ਜ਼ਿੰਦਗੀ ਨੂੰ ਸੰਵਾਰਨਾ ਹੈ। ਇਸ ਲਈ ਕਿਤਾਬਾਂ ਨੂੰ ਪੜ੍ਹੋ ਤੇ ਸੰਭਾਲ ਕਰਨ ਦੀ ਆਦਤ ਪਾਓ।

-ਕ੍ਰਿਸ਼ਨਾ ਨਗਰ, ਗਲੀ ਨੰ: 10, ਖੰਨਾ। ਮੋਬਾ: 94630-57786

ਬੁਝਾਰਤਾਂ

1. ਧਰਤੀ ਦਾ ਬਣਿਆ ਭਗਵਾਨ, ਉਹਦੇ ਪਿੱਛੇ ਪਿਆ ਜਹਾਨ।
2. ਸਿੱਖਿਆ ਬਾਂਦਰ ਨੂੰ ਦੇ ਕੇ, ਘਰ ਆਪਣਾ ਉਜਾੜਨ ਵਾਲੀ,
ਰੁੱਖਾਂ 'ਚ ਲਟਕਾ ਆਪਣਾ ਘਰ, ਫੁਰਰ ਫੁਰਰ ਉੱਡਦੀ ਰਹਿਣ ਵਾਲੀ।
3. ਕਾਰਤਿਕੇ ਦਾ ਵਾਹਨ ਅਖਵਾਏ, ਰਾਸ਼ਟਰੀ ਪੰਛੀ ਦਾ ਸਨਮਾਨ ਪਾਵੇ।
ਬੱਦਲ ਬੁਲਾਉਣ ਦਾ ਇਸ ਨੂੰ ਵਰਦਾਨ, ਨਾਂਅ ਦੱਸੋ ਉਸ ਦਾ ਪਹਿਚਾਣ।
4. ਅੱਗੇ-ਅੱਗੇ ਭੱਜਿਆ ਜਾਵੇ, ਹਿੰਮਤੀਆਂ ਨੂੰ ਨਾਲ ਰਲਾਵੇ।
5. ਸ਼ਾਹੂਕਾਰਾਂ ਲਈ ਵਰਦਾਨ, ਜ਼ਿਮੀਂਦਾਰਾਂ ਲਈ ਨੁਕਸਾਨ।
6. ਬੁੱਝੋ ਲੋਕੋ ਇਕ ਪਹੇਲੀ, ਜਦੋਂ ਮੈਂ ਕੱਟਦੀ ਤਾਂ ਬਣ ਜਾਵਾਂ ਨਵੀਂ ਨਵੇਲੀ।
7. ਦਾਨ ਦੇਈਏ ਅੱਗੇ ਆਵੇ, ਮੰਗੀਏ ਤਾਂ ਪਿੱਛੇ ਹਟ ਜਾਵੇ।
8. ਬਾਰਾਂ ਮਹੀਨੇ ਵਿਕਦਾ ਰਹਿੰਦਾ, ਹਰ ਇਕ ਸਬਜ਼ੀ ਦੇ ਵਿਚ ਪੈਂਦਾ।
9. ਸਿਦਕੀ ਨਾ ਉਸ ਬਾਰੇ ਸੋਚਣ, ਕਾਇਰ ਹਮੇਸ਼ਾ ਉਸ ਨੂੰ ਕੋਸਣ।
10. ਵਫਾਦਾਰੀ ਵਿਚ ਉਸ ਤੋਂ ਪਿੱਛੇ ਸਾਰੇ,
ਫਿਰ ਵੀ ਦੁਨੀਆ ਉਸ ਨੂੰ ਦੁਰਕਾਰੇ।

ਉੱਤਰ : (1) ਪੈਸਾ, (2) ਬਿਜੜਾ, (3) ਮੋਰ, (4) ਸਮਾਂ, (5) ਵਿਆਜ, (6) ਪੈਨਸਿਲ, (7) ਕੜਾ, (8) ਆਲੂ, (9) ਕਿਸਮਤ, (10) ਕੁੱਤਾ।
-ਤਸਵਿੰਦਰ ਸਿੰਘ ਬੜੈਚ
ਪਿੰਡ ਦੀਵਾਲਾ, ਤਹਿ: ਸਮਰਾਲਾ, ਜ਼ਿਲ੍ਹਾ ਲੁਧਿਆਣਾ।
ਮੋਬਾ: 98763-22677

ਸ਼ੁੱਭ ਵਿਚਾਰ

* ਸਾਡੇ ਕੋਲ ਜਿੰਨਾ ਮਰਜ਼ੀ ਧਨ, ਦੌਲਤ ਤੇ ਜਾਇਦਾਦ ਆ ਜਾਵੇ ਪਰ ਅਸੀਂ ਉਹ ਖੁਸ਼ੀ, ਉਹ ਸੁੱਖ-ਚੈਨ ਕਦੇ ਨਹੀਂ ਪਾ ਸਕਦੇ, ਜੋ ਸਾਨੂੰ ਆਪਣੇ ਮਾਪਿਆਂ ਨਾਲ ਰਹਿ ਕੇ, ਉਸ ਦੀ ਸੇਵਾ ਕਰਕੇ ਮਿਲ ਸਕਦਾ। ਕਿਉਂਕਿ ਮਾਪਿਆਂ ਦਾ ਦਰਜਾ ਸਭ ਤੋਂ ਉੱਚਾ ਹੈ ਤੇ ਉਨ੍ਹਾਂ ਦੀ ਸੇਵਾ ਸਭ ਤੀਰਥਾਂ ਤੋਂ ਉੱਤਮ ਮੰਨੀ ਜਾਂਦੀ ਹੈ। ਇਸ ਲਈ ਸਾਨੂੰ ਆਪਣੇ ਮਾਪਿਆਂ ਨੂੰ ਬਿਰਧ ਆਸ਼ਰਮਾਂ ਵਿਚ ਨਹੀਂ, ਬਲਕਿ ਆਪਣੇ ਕੋਲ ਰੱਖਣਾ ਚਾਹੀਦਾ।
* ਸਾਨੂੰ ਆਪਣੀ ਕਿਰਤ-ਕਮਾਈ ਵਿਚੋਂ ਜਿੰਨਾ ਅਸਾਨੀ ਨਾਲ ਸੰਭਵ ਹੋਵੇ, ਥੋੜ੍ਹਾ-ਬਹੁਤ ਦਾਨ-ਪੁੰਨ ਜ਼ਰੂਰ ਕਰਨਾ ਚਾਹੀਦਾ, ਜੋ ਕਿਤੇ ਨਾ ਕਿਤੇ ਜ਼ਰੂਰ ਸਹਾਈ ਹੁੰਦਾ ਤੇ ਆਪਣੇ ਰੁਝੇਵਿਆਂ 'ਚੋਂ ਕੁਝ ਸਮਾਂ ਕੱਢ ਕੇ ਉਸ ਪਰਮਾਤਮਾ ਦੇ ਘਰ ਜ਼ਰੂਰ ਗੁਜ਼ਾਰਨਾ ਚਾਹੀਦਾ। ਇਸ ਤਰ੍ਹਾਂ ਕਰਨ ਨਾਲ ਸਾਡੇ ਘਰ ਦੇ ਦੁੱਖ-ਦਲਿੱਦਰ ਤੇ ਕਲ਼ਾ-ਕਲੇਸ਼ ਦੂਰ ਹੋਣਗੇ ਤੇ ਘਰ ਵਿਚ ਸੁੱਖਾਂ ਦਾ ਵਾਸਾ ਹੋਵੇਗਾ।
* ਕਿਤਾਬਾਂ ਪੜ੍ਹਨ ਦੀ ਆਦਤ ਆਪਣੀਆਂ ਆਦਤਾਂ ਵਿਚ ਜ਼ਰੂਰ ਸ਼ਾਮਿਲ ਕਰੋ, ਕਿਉਂਕਿ ਕਿਤਾਬਾਂ ਗਿਆਨਵਾਨ ਹੁੰਦੀਆਂ ਹਨ ਤੇ ਇਨਸਾਨ ਗਿਆਨ ਨਾਲ ਹੀ ਮਹਾਨ ਬਣਦਾ ਹੈ। ਇਹ ਇਨਸਾਨ ਦਾ ਅਜਿਹਾ ਅਨਮੋਲ ਖਜ਼ਾਨਾ ਹੈ, ਜਿਸ ਨੂੰ ਕੋਈ ਚੋਰੀ ਵੀ ਨਹੀਂ ਕਰ ਸਕਦਾ। ਇਸ ਨੂੰ ਜਿੰਨਾ ਵੰਡਿਆ ਜਾਵੇ, ਇਹ ਓਨਾ ਹੀ ਵਧਦਾ ਹੈ।

-ਹਰਮੇਸ਼ ਬਸਰਾ ਮੁਫ਼ਲਿਸ,
ਪਿੰਡ ਗਿੱਲਾਂ, ਡਾਕ: ਚਮਿਆਰਾ, ਜਲੰਧਰ। ਮੋਬਾ: 97790-43348

ਬਾਲ ਸਾਹਿਤ

ਸੁਪਨਿਆਂ ਦਾ ਮਹੱਲ
(ਬਾਲ ਨਾਵਲ)
ਲੇਖਕ : ਡਾ: ਬਲਦੇਵ ਸਿੰਘ ਬੱਦਨ
ਪੰਨੇ : 56, ਮੁੱਲ : 100 ਰੁਪਏ
ਪ੍ਰਕਾਸ਼ਕ : ਲਕਸ਼ਯ ਪਬਲੀਕੇਸ਼ਨਜ਼, ਦਿੱਲੀ-53
ਸੰਪਰਕ : 99558-31357

ਇਹ ਨਾਵਲ ਤਿੰਨ ਮਿੱਤਰਾਂ ਦੀ ਕਹਾਣੀ ਹੈ, ਜੋ ਜਾਤੀ ਅਤੇ ਧਰਮ ਤੋਂ ਉਤਾਂਹ ਉੱਠ ਕੇ ਆਪਣਾ ਦੋਸਤੀ ਕਰਮ ਤੇ ਧਰਮ ਨਿਭਾਉਂਦੇ ਹਨ। ਰਜਤ, ਰਮਨ ਅਤੇ ਰਹਿਮਾਨ। ਇਸ ਨਾਵਲ ਵਿਚੋਂ ਬਹੁਤ ਸਾਰੇ ਸੁਨੇਹੇ ਅਤੇ ਆਵਾਜ਼ਾਂ ਸੁਣਾਈ ਦਿੰਦੀਆਂ ਹਨ। ਪਹਿਲਾ ਸੁਨੇਹਾ ਮਿਹਨਤ ਦਾ ਹੈ। ਮਿਹਨਤ ਨਾਲ ਕੀ ਕੁਝ ਨਹੀਂ ਕੀਤਾ ਜਾ ਸਕਦਾ? ਰਜਤ, ਰਮਨ ਮਿਹਨਤ ਦੇ ਬਲਬੂਤੇ ਵੱਡੇ ਇਮਤਿਹਾਨ ਪਾਸ ਕਰਕੇ ਚੰਗੀਆਂ ਨੌਕਰੀਆਂ 'ਤੇ ਤਾਇਨਾਤ ਹੁੰਦੇ ਹਨ। ਰਹਿਮਾਨ ਆਰਥਿਕ ਤੌਰ 'ਤੇ ਕਮਜ਼ੋਰ ਹੁੰਦਿਆਂ ਵੀ ਆਪਣੀ ਮਿਹਨਤ ਰਾਹੀਂ ਪਿੰਡ ਵਿਚ ਚੰਗਾ ਨਾਂਅ ਪੈਦਾ ਕਰਦਾ ਹੈ ਤੇ ਆਰਥਿਕ ਤੌਰ 'ਤੇ ਮਜ਼ਬੂਤ ਹੁੰਦਾ ਹੈ। ਚੰਗੀ ਅਤੇ ਸਾਫ਼-ਸੁਥਰੀ ਸੋਚ ਮਾੜੀ ਸੋਚ ਨੂੰ ਬਦਲ ਦਿੰਦੀ ਹੈ। ਰਹਿਮਾਨ ਦੇ ਮਨ 'ਚ ਖੋਟ ਹੈ ਤੇ ਉਹ ਰਜਤ, ਰਮਨ ਹੁਰਾਂ ਦੀ ਜਾਇਦਾਦ 'ਤੇ ਕਬਜ਼ਾ ਕਰਕੇ ਆਪਣੇ ਸੁਪਨਿਆਂ ਦਾ ਮਹੱਲ ਉਸਾਰਨਾ ਚਾਹੁੰਦਾ ਹੈ। ਪਰ ਰਜਤ, ਰਮਨ ਦੇ ਮਾਪਿਆਂ ਦੇ ਚੰਗੇ ਵਰਤਾਓ ਤੇ ਪਿਆਰ-ਮੁਹੱਬਤ ਸਾਹਵੇਂ ਉਸ ਦਾ ਨਜ਼ਰੀਆ ਬਦਲ ਕੇ ਹਾਂ-ਪੱਖੀ ਹੋ ਜਾਂਦਾ ਹੈ। ਪਿਆਰ ਦਾ ਬਦਲਾ ਪਿਆਰ ਵਿਚ ਵਟ ਜਾਂਦਾ ਹੈ। ਕੁੜੀਆਂ ਦੀ ਪੜ੍ਹਾਈ ਜ਼ਰੂਰੀ ਹੈ ਤੇ ਉਨ੍ਹਾਂ ਨੂੰ ਪਿਛਲਖੋਰੀ ਰਹੁ-ਰੀਤਾਂ ਤੋਂ ਮੁਕਤ ਹੋ ਜਾਣਾ ਚਾਹੀਦਾ ਹੈ। ਰਹਿਮਾਨ ਦੀ ਭੈਣ ਜਿਆ ਪਰਦੇ ਦਾ ਤਿਆਗ ਕਰਕੇ ਪੜ੍ਹਾਈ 'ਚ ਖੂਬ ਮਿਹਨਤ ਕਰਦੀ ਹੈ ਤੇ ਆਈ.ਏ.ਐਸ. ਜਿਹੇ ਇਮਤਿਹਾਨ ਵਿਚੋਂ ਪਾਸ ਹੁੰਦੀ ਹੈ। ਲੇਖਕ ਕੁੜੀਆਂ ਦੀ ਪੜ੍ਹਾਈ ਦੇ ਹੱਕ ਵਿਚ ਹੈ। ਲੇਖਕ ਦਾ ਇਹ ਸੁਨੇਹਾ ਵੀ ਨਾਵਲ ਵਿਚ ਗੂੰਜ ਵਾਂਗ ਸੁਣਾਈ ਦਿੰਦਾ ਹੈ ਕਿ ਸਾਨੂੰ ਜਾਤ-ਪਾਤ ਦਾ ਤਿਆਗ ਕਰਕੇ ਬਰਾਬਰੀ ਦਾ ਸਮਾਜ ਤਿਆਰ ਕਰਨਾ ਚਾਹੀਦਾ ਹੈ। ਰਹਿਮਾਨ ਦਾ ਵਿਆਹ ਜਿਆ ਦੀ ਸਹੇਲੀ ਕਵਿਤਾ ਨਾਲ ਕਰਵਾ ਕੇ ਲੇਖਕ ਆਪਣੇ ਆਸ਼ੇ ਦੀ ਪੂਰਤੀ ਕਰਦਾ ਦਿਖਾਈ ਦਿੰਦਾ ਹੈ। ਤਿਆਗ ਅਤੇ ਪਿਆਰ ਦਾ ਵੀ ਇਸ ਨਾਵਲ ਵਿਚ ਵੱਡਾ ਰੋਲ ਹੈ। ਰਜਤ ਦੇ ਮਾਪੇ ਆਪਣੀ ਜਾਇਦਾਦ ਰਹਿਮਾਨ ਦੇ ਨਾਂਅ ਲਗਵਾ ਕੇ ਵੱਡੇ ਤਿਆਗ ਅਤੇ ਆਪਣੀ ਮੁਹੱਬਤ ਦਾ ਪ੍ਰਮਾਣ ਪੇਸ਼ ਕਰਦੇ ਹਨ। ਇੰਜ ਇਹ ਨਾਵਲ ਕਈ ਸੁਨੇਹੇ ਦਿੰਦਾ ਹੋਇਆ ਸੁਖੈਨ ਭਾਵੀ ਹੋ ਨਿਬੜਦਾ ਹੈ।

-ਕੇ. ਐਲ. ਗਰਗ

ਚੁਟਕਲੇ

* ਜੱਜ-ਤੁਹਾਡੀ ਪਤਨੀ ਭੱਜ ਗਈ ਤਾਂ ਤੁਸੀਂ ਪੁਲਿਸ ਥਾਣੇ ਜਾਓ, ਕੋਰਟ ਵਿਚ ਕਿਉਂ ਆਏ ਹੋ?
ਰੋਹਿਤ-ਪਿਛਲੀ ਵਾਰ ਮੈਂ ਥਾਣੇ ਹੀ ਗਿਆ ਸੀ, ਤਾਂ ਪੁਲਿਸ ਵਾਲੇ ਉਸ ਨੂੰ ਲੱਭ ਕੇ ਮੇਰੇ ਕੋਲ ਛੱਡ ਗਏ ਸਨ।
* ਇਕ ਬਜ਼ੁਰਗ ਆਦਮੀ ਨੇ ਇਕ ਕੰਪਨੀ ਦੇ ਦਫ਼ਤਰ ਜਾ ਕੇ ਮੈਨੇਜਰ ਨੂੰ ਕਿਹਾ-'ਤੁਹਾਡੇ ਦਫ਼ਤਰ ਵਿਚ ਮੇਰਾ ਲੜਕਾ ਕੰਮ ਕਰਦਾ ਹੈ। ਕੀ ਮੈਂ ਉਸ ਨੂੰ ਮਿਲ ਸਕਦਾ ਹਾਂ?'
ਮੈਨੇਜਰ ਨੇ ਉਸ ਬਜ਼ੁਰਗ ਨੂੰ ਗੌਰ ਨਾਲ ਵੇਖਿਆ ਤੇ ਕਿਹਾ-'ਅਫ਼ਸੋਸ ਹੈ ਕਿ ਤੁਸੀਂ ਦੇਰ ਨਾਲ ਪਹੁੰਚੇ। ਤੁਹਾਡਾ ਲੜਕਾ ਤੁਹਾਡਾ ਅੰਤਿਮ ਸੰਸਕਾਰ ਕਰਨ ਲਈ ਛੁੱਟੀ ਲੈ ਕੇ ਹੁਣੇ ਹੀ ਗਿਆ ਹੈ।'
* ਇਕ ਵਾਰ ਦੋ ਮੂਰਖ ਵਿਅਕਤੀ ਗੱਡੀ ਵਿਚ ਯਾਤਰਾ ਕਰ ਰਹੇ ਸਨ ਤਾਂ ਰਾਤ ਹੋਣ ਵਾਲੀ ਸੀ।
ਪਹਿਲਾ ਮੂਰਖ-ਕਿਉਂ ਭਾਈ, ਇਹ ਦਰਖ਼ਤ ਇੰਨੀ ਤੇਜ਼ੀ ਨਾਲ ਪਿੱਛੇ ਕਿਉਂ ਭੱਜਦੇ ਜਾ ਰਹੇ ਹਨ।
ਦੂਜਾ ਮੂਰਖ-ਭਾਈ, ਰਾਤ ਹੋਣ ਵਾਲੀ ਹੈ, ਆਪਣੇ ਘਰ ਜਾ ਰਹੇ ਹਨ।

-ਗੋਬਿੰਦ ਸੁਖੀਜਾ
ਢਿੱਲਵਾਂ (ਕਪੂਰਥਲਾ)। ਮੋਬਾ: 98786-05929

ਬਾਲ ਨਾਵਲ-44 ਖੱਟੀਆਂ-ਮਿੱਠੀਆਂ ਗੋਲੀਆਂ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
'ਵੀਰ ਜੀ, ਮੇਰੇ ਉੱਪਰ ਤੁਹਾਡੇ ਪਹਿਲਾਂ ਹੀ ਬੜੇ ਅਹਿਸਾਨ ਹਨ। ਤੁਸੀਂ ਜਿੰਨੇ ਮੇਰੀ ਮਦਦ ਕੀਤੀ ਹੈ ਜਾਂ ਕਰ ਰਹੇ ਹੋ, ਇਸ ਦੀਆਂ ਮੈਂ ਸਾਰੀ ਉਮਰ ਦੇਣੀਆਂ ਨਹੀਂ ਦੇ ਸਕਦਾ। ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ। ਮੈਨੂੰ ਸਭ ਕੁਝ ਭੁਲਾ ਕੇ ਪੜ੍ਹਾਈ ਕਰਨੀ ਹੀ ਪੈਣੀ ਏ। ਮੈਂ ਅੱਜ ਰਾਤੀਂ ਹੀ ਆਪਣੀ ਪੜ੍ਹਾਈ ਦਾ ਟਾਈਮ ਟੇਬਲ ਬਣਾਵਾਂਗਾ ਅਤੇ ਸਵੇਰ ਤੋਂ ਹੀ ਉਸ ਉੱਪਰ ਅਮਲ ਕਰਨਾ ਸ਼ੁਰੂ ਕਰ ਦਿਆਂਗਾ। ਮੈਂ ਤੁਹਾਡੇ ਨਾਲ ਵਾਅਦਾ ਕਰਦਾਂ ਕਿ ਤੁਹਾਨੂੰ ਕਦੇ ਵੀ ਸ਼ਿਕਾਇਤ ਦਾ ਮੌਕਾ ਨਹੀਂ ਮਿਲੇਗਾ।'
'ਸ਼ਾਬਾਸ਼ ਹਰੀਸ਼', ਸਿਧਾਰਥ ਨੇ ਹਰੀਸ਼ ਦੀ ਪਿੱਠ 'ਤੇ ਥਾਪੀ ਦੇ ਕੇ ਕਿਹਾ, 'ਮੈਨੂੰ ਤੇਰੇ ਤੋਂ ਬਹੁਤ ਉਮੀਦਾਂ ਹਨ। ਮੇਰੀ ਤਾਂ ਬਸ ਇਕੋ ਖਾਹਿਸ਼ ਹੈ ਕਿ ਤੂੰ ਮੇਰੀਆਂ ਉਮੀਦਾਂ 'ਤੇ ਖਰਾ ਉਤਰੇਂ। ਆਉਣ ਵਾਲੇ ਸਮੇਂ ਵਿਚ ਤੂੰ 'ਵੱਡਾ ਬੰਦਾ' ਤਾਂ ਬਣੇਂ ਹੀ ਪਰ ਵੱਡੇ ਬੰਦੇ ਦੇ ਨਾਲ-ਨਾਲ 'ਵਧੀਆ ਇਨਸਾਨ' ਵੀ ਬਣੇਂ।'
'ਠੀਕ ਹੈ ਵੀਰ ਜੀ, ਮੈਂ ਵੱਡਾ ਬੰਦਾ ਤਾਂ ਭਾਵੇਂ ਨਾ ਬਣਾਂ ਪਰ ਚੰਗਾ ਇਨਸਾਨ ਜ਼ਰੂਰ ਬਣਾਂਗਾ।'
'ਸ਼ਾਬਾਸ਼! ਚੱਲ ਹੁਣ ਉੱਠ, ਮੇਘਾ ਖਾਣਾ ਬਣਾ ਕੇ ਉਡੀਕ ਰਹੀ ਹੋਣੀ ਐ।'
ਉਹ ਦੋਵੇਂ ਉੱਠੇ ਅਤੇ ਰਸੋਈ ਵੱਲ ਤੁਰ ਪਏ।
ਹਰੀਸ਼ ਖਾਣਾ ਖਾ ਕੇ ਆਪਣੇ ਕਮਰੇ ਵਿਚ ਆ ਗਿਆ। ਕੁਝ ਦੇਰ ਉਹ ਮੇਜ਼ ਕੋਲ ਪਈ ਕੁਰਸੀ 'ਤੇ ਬੈਠ ਕੇ ਸੋਚਦਾ ਰਿਹਾ ਅਤੇ ਫਿਰ ਪੈੱਨ ਅਤੇ ਰਫ਼ ਕਾਗਜ਼ ਲੈ ਕੇ ਆਪਣੀ ਪੜ੍ਹਾਈ ਦਾ ਟਾਈਮ ਟੇਬਲ ਬਣਾਉਣ ਲੱਗਾ। ਦੋ-ਤਿੰਨ ਵਾਰੀ ਉਸ ਉੱਪਰ ਕੱਟ-ਵੱਢ ਕਰਨ ਤੋਂ ਬਾਅਦ ਉਸ ਨੂੰ ਤਸੱਲੀ ਹੋ ਗਈ ਲਗਦੀ ਸੀ। ਉਸ ਤੋਂ ਬਾਅਦ ਉਸ ਨੇ ਆਪਣਾ ਟਾਈਮ ਟੇਬਲ ਇਕ ਡਾਇਰੀ 'ਤੇ ਲਿਖਿਆ, ਜਿਹੜੀ ਉਸ ਨੂੰ ਸਿਧਾਰਥ ਨੇ ਦਿੱਤੀ ਸੀ।
ਸਟੱਡੀ ਰੂਮ ਵਿਚ ਅਲਾਰਮ ਵਾਲੀ ਘੜੀ ਸਿਧਾਰਥ ਨੇ ਸ਼ੁਰੂ ਵਿਚ ਹੀ ਰੱਖ ਦਿੱਤੀ ਸੀ ਪਰ ਅਜੇ ਤੱਕ ਹਰੀਸ਼ ਨੂੰ ਉਸ ਦੀ ਲੋੜ ਨਹੀਂ ਸੀ ਪਈ। ਅੱਜ ਉਸ ਨੇ ਉਹ ਘੜੀ ਚੁੱਕੀ ਅਤੇ ਆਪਣੇ ਹੁਣੇ ਬਣਾਏ ਟਾਈਮ ਟੇਬਲ ਮੁਤਾਬਿਕ ਸਵੇਰੇ ਪੰਜ ਵਜੇ ਦਾ ਅਲਾਰਮ ਲਗਾ ਲਿਆ।
ਸੌਣ ਤੋਂ ਪਹਿਲਾਂ ਉਹ ਆਪਣੀ ਕਿਤਾਬ ਫੜ ਕੇ ਪੜ੍ਹਨ ਲੱਗਾ ਪਰ ਉਸ ਨੇ ਮਸਾਂ ਦੋ ਕੁ ਸਫੇ ਹੀ ਪੜ੍ਹੇ ਸਨ ਕਿ ਦਿਨ ਦੀ ਥਕਾਵਟ ਕਰਕੇ ਨੀਂਦ ਨੇ ਪੂਰਾ ਜ਼ੋਰ ਪਾ ਲਿਆ। ਕਿਤਾਬ ਉਸ ਦੇ ਹੱਥ 'ਚੋਂ ਛੁੱਟ ਗਈ। ਉਸ ਨੇ ਫਟਾਫਟ ਉੱਠ ਕੇ ਕਿਤਾਬ ਮੇਜ਼ ਉੱਪਰ ਰੱਖੀ ਅਤੇ ਬੱਤੀ ਬੰਦ ਕਰ ਕੇ ਸੌਂ ਗਿਆ।
ਟਰਨ... ਟਰਨ... ਟਰਨ... ਹਰੀਸ਼ ਨੀਂਦ 'ਚੋਂ ਅੱਭੜਵਾਹੇ ਉੱਠਿਆ ਅਤੇ ਅਲਾਰਮ ਬੰਦ ਕੀਤਾ। ਉਸ ਨੂੰ ਅੱਜ ਐਨੀ ਗੂੜ੍ਹੀ ਨੀਂਦ ਆਈ ਕਿ ਪਤਾ ਹੀ ਨਾ ਲੱਗਾ ਕਿ ਕਿਸ ਵੇਲੇ ਸਵੇਰ ਦੇ ਪੰਜ ਵੱਜ ਗਏ।
ਦੋ ਕੁ ਮਿੰਟ ਹੋਰ ਲੇਟਣ ਤੋਂ ਬਾਅਦ ਉਹ ਉੱਠਿਆ। ਬਾਥਰੂਮ ਜਾ ਕੇ ਉਸ ਨੇ ਚੰਗੀ ਤਰ੍ਹਾਂ ਮੂੰਹ ਧੋਤਾ ਅਤੇ ਅੱਖਾਂ 'ਤੇ ਛਿੱਟੇ ਮਾਰੇ। ਮੂੰਹ ਧੋ ਕੇ, ਇਕ ਗਿਲਾਸ ਪਾਣੀ ਪੀ ਕੇ ਉਹ ਕੁਰਸੀ 'ਤੇ ਬੈਠ ਕੇ ਪੜ੍ਹਨ ਲੱਗਾ। ਸੱਤ ਵਜੇ ਤੱਕ ਦੋ ਘੰਟੇ ਪੜ੍ਹ ਕੇ ਉਹ ਉੱਠਿਆ ਅਤੇ ਬਾਥਰੂਮ ਨਹਾਉਣ ਚਲਾ ਗਿਆ।
ਅੱਠ ਵਜੇ ਤੱਕ ਉਹ ਨਾਸ਼ਤਾ ਕਰ ਕੇ ਆਪਣੇ ਵੀਰ ਜੀ ਤੋਂ ਪੰਜ ਮਿੰਟ ਪਹਿਲਾਂ ਹੀ ਸਾਈਕਲ 'ਤੇ ਸਕੂਲ ਵੱਲ ਤੁਰ ਪਿਆ।

(ਬਾਕੀ ਅਗਲੇ ਐਤਵਾਰ ਦੇ ਅੰਕ 'ਚ)
-404, ਗ੍ਰੀਨ ਐਵੇਨਿਊ, ਅੰਮ੍ਰਿਤਸਰ-143001. ਮੋਬਾ: 98889-24664

ਦੇਸ਼ ਗਾਨ

ਮੇਰਾ ਵਤਨ ਕਈ ਰੰਗ ਤਰੰਗਾਂ ਦਾ,
ਉਠਦੇ ਜਜ਼ਬੇ ਆਸ ਉਮੰਗਾਂ ਦਾ।
ਮਿਲਣਸਾਰਤਾ ਸਾਡੀ ਨੂੰ ਤਾਂ ਜਾਣੇ ਕੁੱਲ ਜਹਾਨ,
ਏਸੇ ਗੱਲ ਦੀ ਖੁਸ਼ੀ ਹੈ ਸਾਨੂੰ ਏਸੇ ਗੱਲ 'ਤੇ ਮਾਣ।
ਜ਼ਖ਼ੀਰਾ ਸੋਨ ਸੁਨਹਿਰੀ ਢੰਗਾਂ ਦਾ,
ਉਠਦੇ ਜਜ਼ਬੇ.........।
ਭਾਰਤ ਜ਼ਿੰਦਗੀ ਦੀ ਹੈ ਝਾਕੀ ਸਿਰਜੇ ਨਵਾਂ ਮਾਹੌਲ,
ਮਧੁਰ ਰਸੀਲੇ ਵਿਚ ਕੰਨਾਂ ਦੇ ਰਹਿਣ ਗੂੰਜਦੇ ਬੋਲ।
ਝਲਕਾਰਾ ਹੈ ਮੋਰੀ ਫੰਗਾਂ ਦਾ।
ਉਠਦੇ ਜਜ਼ਬੇ........।
ਆਫ਼ਤਾਬ ਦੀ ਲੋਅ ਦੇ ਵਿਚੋਂ ਝਾਕੇ ਖੁਸ਼ੀ ਹਜ਼ਾਰ।
ਨਫ਼ਰਤ ਵਾਸ ਨਹੀਂ ਹੈ ਇਥੇ 'ਭੱਟੀ' ਵਸੇ ਪਿਆਰ।
ਚਾਂਦੀ ਵਰਗਾ ਪਾਣੀ ਗੰਗਾ ਦਾ,
ਉਠਦੇ ਜਜ਼ਬੇ.........।

-ਕੁੰਦਨ ਲਾਲ ਭੱਟੀ,
ਬੰਤਾ ਸਿੰਘ ਕਾਲੋਨੀ, ਵਾ: ਨੰ: 7, ਗਲੀ ਨੰ: 3, ਦਸੂਹਾ (ਹੁਸ਼ਿਆਰਪੁਰ)। ਮੋਬਾ: 94643-17983






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX