ਤਾਜਾ ਖ਼ਬਰਾਂ


ਪਾਕਿਸਤਾਨ ਦੇ ਵਿੱਤ ਮੰਤਰੀ ਨੇ ਅਹੁਦੇ ਤੋਂ ਦਿੱਤਾ ਅਸਤੀਫ਼ਾ
. . .  2 minutes ago
ਇਸਲਾਮਾਬਾਦ, 18 ਅਪ੍ਰੈਲ- ਵਿੱਤੀ ਸੰਕਟ ਤੋਂ ਜੂਝ ਰਹੇ ਪਾਕਿਸਤਾਨ ਦੇ ਕੇਂਦਰੀ ਵਿੱਤ ਮੰਤਰੀ ਅਸਦ ਉਮਰ ਨੇ ਅਸਤੀਫ਼ੇ ਦੀ ਪੇਸ਼ਕਸ਼ ਕੀਤੀ ਹੈ। ਇਸ 'ਤੇ ਅੰਤਿਮ ਫ਼ੈਸਲਾ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਵੱਲੋਂ ਲਿਆ ਜਾਵੇਗਾ। ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ....
ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ ਨੇ ਮਿਸ਼ੇਲ ਦੀ ਜ਼ਮਾਨਤ ਪਟੀਸ਼ਨ ਕੀਤੀ ਖ਼ਾਰਜ
. . .  13 minutes ago
ਨਵੀਂ ਦਿੱਲੀ, 18 ਅਪ੍ਰੈਲ- ਈ.ਡੀ ਅਤੇ ਸੀ.ਬੀ.ਆਈ. ਦੀ ਮੰਗ ਨੂੰ ਧਿਆਨ 'ਚ ਰੱਖਦੇ ਹੋਏ ਵਿਸ਼ੇਸ਼ ਅਦਾਲਤ ਨੇ ਅਗਸਤਾ ਵੈਸਟਲੈਂਡ ਮਾਮਲੇ ਦੇ ਕਥਿਤ ਵਿਚੌਲੀਏ ਕ੍ਰਿਸਚੀਅਨ ਮਿਸ਼ੇਲ ਦੀ ਜ਼ਮਾਨਤ ਪਟੀਸ਼ਨ ਨੂੰ ਖ਼ਾਰਜ ਕਰ ਦਿੱਤਾ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ....
ਅਖਿਲੇਸ਼ ਯਾਦਵ ਨੇ ਆਜ਼ਮਗੜ੍ਹ ਤੋਂ ਭਰਿਆ ਨਾਮਜ਼ਦਗੀ ਪੱਤਰ
. . .  27 minutes ago
ਲਖਨਊ, 18 ਅਪ੍ਰੈਲ- ਲੋਕ ਸਭਾ ਚੋਣਾਂ 2019 'ਚ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਅੱਜ ਆਜ਼ਮਗੜ੍ਹ ਲੋਕ ਸਭਾ ਸੀਟ ਤੋਂ ਆਪਣਾ ਨਾਮਜ਼ਦਗੀ ਪੱਤਰ ਭਰਿਆ....
ਜੰਮੂ ਕਸ਼ਮੀਰ 'ਚ 3 ਵਜੇ ਤੱਕ 38.5 ਫ਼ੀਸਦੀ ਹੋਈ ਵੋਟਿੰਗ
. . .  47 minutes ago
ਦੁਬਈ ਤੋਂ ਅੰਮ੍ਰਿਤਸਰ ਹਵਾਈ ਅੱਡੇ ਪੁੱਜੇ ਯਾਤਰੀ ਕੋਲੋਂ ਲੱਖਾਂ ਦਾ ਸੋਨਾ ਹੋਇਆ ਬਰਾਮਦ
. . .  48 minutes ago
ਰਾਜਾਸਾਂਸੀ, 18 ਅਪ੍ਰੈਲ (ਹਰਦੀਪ ਸਿੰਘ ਖੀਵਾ)- ਦੁਬਈ ਤੋਂ ਏਅਰ ਇੰਡੀਆ ਐਕਸਪ੍ਰੈੱਸ ਦੀ ਉਡਾਣ ਰਾਹੀਂ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਪੁੱਜੇ ਇਕ ਯਾਤਰੀ ਕੋਲੋਂ ਕਸਟਮ ਅਧਿਕਾਰੀਆਂ ਵੱਲੋਂ ਕੀਤੀ ਗਈ ਜਾਂਚ-ਪੜਤਾਲ ਦੌਰਾਨ ....
ਅੰਮ੍ਰਿਤਸਰ ਦੇ ਹਵਾਈ ਅੱਡੇ ਤੋਂ ਜੈੱਟ ਏਅਰਵੇਜ਼ ਦੀਆਂ ਸਾਰੀਆਂ ਉਡਾਣਾਂ ਬੰਦ
. . .  58 minutes ago
ਰਾਜਾਸਾਂਸੀ, 18 ਅਪ੍ਰੈਲ (ਹਰਦੀਪ ਸਿੰਘ ਖੀਵਾ) - ਜੈੱਟ ਏਅਰਵੇਜ਼ ਦੀ ਹਵਾਈ ਕੰਪਨੀ ਵੱਲੋਂ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਤੋਂ ਰਵਾਨਾ 'ਤੇ ਪੁੱਜਣ ਵਾਲੀਆਂ ਸਾਰੀਆਂ ਉਡਾਣਾਂ ਬੰਦ ਕਰ ਦਿੱਤੀਆਂ ਗਈਆਂ, ਜਦ ਕਿ ਜੈੱਟ ਏਅਰਵੇਜ਼...
ਗੰਨੇ ਦੀ ਬਕਾਇਆ ਅਦਾਇਗੀ ਲਈ ਡੀ.ਸੀ ਦਫ਼ਤਰ ਸੰਗਰੂਰ ਪਹੁੰਚਿਆ ਕਿਸਾਨਾਂ ਦਾ ਧਰਨਾ
. . .  about 1 hour ago
ਸੰਗਰੂਰ, 18 ਅਪ੍ਰੈਲ (ਧੀਰਜ ਪਸ਼ੋਰੀਆ)- ਸੰਗਰੂਰ ਕਿਸਾਨ ਗੰਨਾ ਸੰਘਰਸ਼ ਕਮੇਟੀ ਵੱਲੋਂ ਡਿਪਟੀ ਕਮਿਸ਼ਨਰ ਸੰਗਰੂਰ ਦੇ ਦਫ਼ਤਰ ਦੇ ਅੰਦਰ ਅਣਮਿਥੇ ਸਮੇਂ ਲਈ ਧਰਨਾ ਦਿੱਤਾ ਜਾ ਰਿਹਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕਿਸਾਨ ਆਗੂ ਹਰਦੀਪ ਸਿੰਘ ਸੰਧੂ ਨੇ ....
ਮੰਗਾ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਵੱਲੋਂ ਮੋਗਾ- ਜਲੰਧਰ ਹਾਈਵੇ 'ਤੇ ਧਰਨਾ
. . .  about 1 hour ago
ਧਰਮਕੋਟ, 18 ਅਪ੍ਰੈਲ (ਹਰਮਨਦੀਪ ਸਿੰਘ)- ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਵੱਲੋਂ ਅੱਜ ਮੋਗਾ ਜਲੰਧਰ ਨੈਸ਼ਨਲ ਹਾਈਵੇ 'ਤੇ ਧਰਨਾ ਲਗਾਇਆ ਗਿਆ ਹੈ। ਪਿੰਡ ਫ਼ਤਿਹਗੜ੍ਹ ਕੋਰੋਟਾਣਾ ਵਿਖੇ ਸਥਿਤ ਐੱਸ.ਐੱਫ.ਸੀ. ਸਕੂਲ ਦੇ ਅੱਗੇ ਲਗਾਏ ਇਸ ਧਰਨੇ ਦੀ ....
ਸਾਬਕਾ ਚੇਅਰਮੈਨ ਸੁਖਚਰਨ ਸਿੰਘ ਛਿੰਦਾ ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਨਿਯੁਕਤ
. . .  about 1 hour ago
ਠੱਠੀ ਭਾਈ, 18 ਅਪ੍ਰੈਲ (ਜਗਰੂਪ ਸਿੰਘ ਮਠਾੜੂ)- ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਨਜ਼ਦੀਕੀ ਰਹੇ ਸੀਨੀਅਰ ਟਕਸਾਲੀ ਅਕਾਲੀ ਆਗੂ ਸਵਰਗੀ ਬਾਈ ਅਜਮੇਰ ਸਿੰਘ ਕਿੰਗਰਾ ਦੇ ਪਰਿਵਾਰ ਨੂੰ ਮੁੜ ਮਾਣ ਬਖ਼ਸ਼ਦਿਆਂ ਪਿਛਲੇ ਲੰਮੇ ਸਮੇਂ ਤੋਂ ਸ਼੍ਰੋਮਣੀ .....
ਛੱਤੀਸਗੜ੍ਹ 'ਚ ਦੁਪਹਿਰ 1 ਵਜੇ ਤੱਕ 47.02 ਫ਼ੀਸਦੀ ਹੋਈ ਵੋਟਿੰਗ
. . .  about 2 hours ago
ਹੋਰ ਖ਼ਬਰਾਂ..

ਲੋਕ ਮੰਚ

ਆਤਮਘਾਤੀ ਹਥਿਆਰ ਹੈ ਸ਼ਰਾਬ

ਸ਼ਰਾਬ ਨੂੰ ਸਮਾਜਿਕ, ਸਿਹਤ ਅਤੇ ਆਰਥਿਕ ਪੱਖੋਂ ਅਸੀਂ ਮਾਨਤਾ ਦਿੱਤੀ ਹੋਈ ਹੈ। ਹਰੇਕ ਬੁਰਾਈ ਨੂੰ ਆਪਣੇ ਅਨੁਕੂਲ ਬਣਾਉਣਾ ਸਾਡਾ ਸੁਭਾਅ ਹੈ। ਸਮਾਜਿਕ ਪੱਖ ਤੋਂ ਸ਼ਰਾਬ ਦੇ ਔਗੁਣ ਵੱਧ ਹਨ। ਸਮਾਜਿਕ ਪ੍ਰੋਗਰਾਮਾਂ ਵਿਚ ਸ਼ਰਾਬ ਵਾਲੇ ਦੇ ਨੇੜੇ ਕੋਈ ਬੈਠਣ ਲਈ ਤਿਆਰ ਨਹੀਂ ਹੁੰਦਾ। ਡਰ ਵੀ ਹੁੰਦਾ ਹੈ ਕਿ ਸ਼ਰਾਬੀ ਕਦੇ ਵੀ ਡਰਾਮਾ ਕਰ ਸਕਦਾ ਹੈ। ਪਤੀਆਂ ਵਲੋਂ ਘਰੇਲੂ ਹਿੰਸਾ ਦਾ ਵੱਡਾ ਕਾਰਨ ਵੀ ਸ਼ਰਾਬ ਹੈ, ਸਿਹਤ ਦੇ ਪੱਖ ਤੋਂ ਸ਼ਰਾਬ ਅੰਦਰੂਨੀ ਅੰਗਾਂ ਨੂੰ ਅਕਿਰਿਆਸ਼ੀਲ ਕਰਦੀ ਹੈ, ਜਿਸ ਤੋਂ ਬਿਮਾਰੀਆਂ ਆਰੰਭ ਹੁੰਦੀਆਂ ਹਨ। ਸਰਕਾਰ ਵਲੋਂ ਬੋਤਲ ਦੇ ਬਾਹਰ 'ਪੀਣੀ ਹਾਨੀਕਾਰਕ' ਲਿਖਵਾਇਆ ਜਾਂਦਾ ਹੈ। ਹੁਣ ਤਾਂ ਮਿਲਾਵਟੀ ਸ਼ਰਾਬ ਦੀ ਵੀ ਭਰਮਾਰ ਹੈ। ਘਰੇਲੂ ਆਰਥਿਕਤਾ ਨੂੰ ਸਭ ਤੋਂ ਵੱਧ ਸ਼ਰਾਬ ਸੱਟ ਮਾਰਦੀ ਹੈ। ਇਕ ਫਜ਼ੂਲ ਖਰਚੀ, ਦੂਜਾ ਸਿਹਤ ਖਰਾਬ।
ਸਰਕਾਰ ਵਲੋਂ ਹਰ ਸਾਲ ਆਬਕਾਰੀ ਨੀਤੀ ਤਹਿਤ ਮਾਲੀਏ ਅਤੇ ਸ਼ਰਾਬ ਦੀ ਮਾਤਰਾ ਦੇ ਟੀਚੇ ਨਿਰਧਾਰਤ ਕੀਤੇ ਜਾਂਦੇ ਹਨ। ਪੰਜਾਬ ਵਿਚ ਸਾਲ 2008-09 ਵਿਚ 943 ਲੱਖ ਪਰੂਫ਼ ਲੀਟਰ, 2009-10 ਵਿਚ 1085 ਲੱਖ ਪਰੂਫ਼ ਲੀਟਰ, 2010-11 ਵਿਚ 1173 ਲੱਖ ਪਰੂਫ਼ ਲੀਟਰ ਅਤੇ 2012-13 ਵਿਚ 1334 ਲੱਖ ਪਰੂਫ਼ ਲੀਟਰ ਕੋਟਾ ਮਿਥਿਆ ਗਿਆ ਸੀ। ਹੁਣ ਮਾਣਯੋਗ ਸਰਬਉੱਚ ਅਦਾਲਤ ਨੇ ਮੁੱਖ ਸੜਕਾਂ ਤੋਂ 500 ਮੀਟਰ ਦੂਰ ਤੱਕ ਠੇਕੇ ਚਕਾਉਣ ਦੀ ਹਦਾਇਤ ਦਿੱਤੀ ਹੈ। ਇਸ ਵਾਰ ਸਰਕਾਰ ਵਲੋਂ ਕੋਟਾ ਘਟਾਇਆ ਗਿਆ ਹੈ। ਸ਼ਰਾਬ ਵਿਕਰੇਤਾਵਾਂ ਦੀ ਗਿਣਤੀ ਵੀ 6384 ਤੋਂ ਘਟਾ ਕੇ 5900 ਕੀਤੀ ਗਈ ਹੈ। ਪੰਜਾਬ ਦੇ ਪੰਚਾਇਤ ਐਕਟ ਵਿਚ ਪਿੰਡਾਂ ਵਿਚੋਂ ਸ਼ਰਾਬ ਦੇ ਠੇਕੇ ਚੁੱਕਣ ਦੀ ਵਿਵਸਥਾ ਵੀ ਕੀਤੀ ਗਈ ਹੈ। ਕੁਝ ਵਰਗ ਸ਼ਰਾਬ ਦੀ ਵਕਾਲਤ ਵੀ ਕਰਦੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਸ਼ਰਾਬ ਨਹੀਂ, ਸ਼ਰਾਬੀ ਮਾੜਾ ਹੈ। ਪਰ ਸ਼ਰਾਬ ਪੀਣ ਪਿੱਛੇ ਕਮਜ਼ੋਰ ਮਾਨਸਿਕਤਾ ਕੰਮ ਕਰਦੀ ਹੈ। ਸ਼ਰਾਬ ਬਾਰੇ ਪਰਖ-ਪੜਚੋਲ ਕਰਨ ਤੋਂ ਮਨੁੱਖੀ ਜੀਵਨ ਦੇ ਸਾਰੇ ਪੱਖਾਂ ਤੋਂ ਸਪਸ਼ੱਟ ਹੈ ਕਿ ਸ਼ਰਾਬ ਸਹੀ ਅਰਥਾਂ ਵਿਚ ਮਨੁੱਖ ਲਈ ਆਤਮਘਾਤੀ ਹਥਿਆਰ ਹੈ। ਹਥਿਆਰ ਵਾਂਗ ਕਦੇ ਵੀ ਸ਼ਰਾਬ ਚੱਲ ਕੇ ਬੰਦੇ ਕੋਲ ਨਹੀਂ ਆਉਂਦੀ, ਬਲਕਿ ਬੰਦਾ ਖੁਦ ਸ਼ਰਾਬ ਕੋਲ ਚੱਲ ਕੇ ਆਤਮਘਾਤ ਨੂੰ ਸੁਨੇਹਾ ਦਿੰਦਾ ਹੈ।

-ਅਬਿਆਣਾ ਕਲਾਂ।
ਮੋਬਾ: 98781-11445


ਖ਼ਬਰ ਸ਼ੇਅਰ ਕਰੋ

ਬਜ਼ੁਰਗ ਹੁੰਦੇ ਹਨ ਘਰ ਦਾ ਜਿੰਦਾ

ਕਿਸੇ ਸਿਆਣੇ ਬੰਦੇ ਨੇ ਇਹ ਅਖਾਣ ਬਿਲਕੁਲ ਸਹੀ ਬਣਾਈ ਹੈ ਕਿ ਬਜ਼ੁਰਗ ਘਰ ਦਾ ਜਿੰਦਾ ਹੁੰਦੇ ਹਨ। ਇਨ੍ਹਾਂ ਬਜ਼ੁਰਗਾਂ ਦੇ ਸਹਾਰੇ ਅਸੀਂ ਆਪਣੇ ਘਰ-ਬਾਰ ਨੂੰ ਖੁੱਲ੍ਹਾ ਛੱਡ ਕਿਤੇ ਵੀ ਆ-ਜਾ ਸਕਦੇ ਹਾਂ, ਕਿਉਂਕਿ ਸਾਨੂੰ ਪਤਾ ਹੁੰਦਾ ਹੈ ਕਿ ਜਦੋਂ ਤੱਕ ਘਰ ਵਿਚ ਬਜ਼ੁਰਗ ਬੈਠੇ ਹਨ, ਉਦੋਂ ਤੱਕ ਘਰ ਦੀ ਕੋਈ ਵੀ ਚੀਜ਼ ਇਧਰ-ਉਧਰ ਨਹੀਂ ਹੋ ਸਕਦੀ। ਬਜ਼ੁਰਗ ਉਸ ਬੁੱਢੇ ਹੋਏ ਦਰਖੱਤਾਂ ਦੀ ਤਰ੍ਹਾਂ ਹੁੰਦੇ ਹਨ ਜੋ ਕਿ ਸਾਥੋਂ ਕੁਝ ਵੀ ਨਹੀਂ ਲੈਂਦੇ, ਉਲਟਾ ਸਾਨੂੰ ਠੰਢੀਆਂ ਹਵਾਵਾਂ ਅਤੇ ਫਲ ਆਦਿ ਦਿੰਦੇ ਰਹਿੰਦੇ ਹਨ।
ਪਰ ਸਮੇਂ ਨੇ ਐਸੀ ਚਾਲ ਚੱਲੀ ਕਿ ਵੱਡੇ-ਵੱਡੇ ਧਨਾਢ ਬੰਦਿਆਂ ਦੇ ਮਾਂ-ਬਾਪ ਵੀ ਧੜਾਧੜ ਖੁੱਲ੍ਹ ਰਹੇ ਬਿਰਧ ਆਸ਼ਰਮਾਂ ਵਿਚ ਆਪਣੀ ਜ਼ਿੰਦਗੀ ਦੇ ਆਖਰੀ ਪਲ ਆਪਣੇ ਧੀਆਂ-ਪੁੱਤਰਾਂ ਦੀ ਯਾਦ ਵਿਚ ਕੱਟ ਰਹੇ ਹਨ। ਕਿੰਨੇ ਅਫਸੋਸ ਦੀ ਗੱਲ ਹੈ ਕਿ ਜਿਨ੍ਹਾਂ ਮਾਪਿਆਂ ਨੇ ਪੰਜ-ਪੰਜ ਧੀਆਂ-ਪੁੱਤਰਾਂ ਨੂੰ ਜੇਠ-ਹਾੜ੍ਹ ਦੀਆਂ ਤਪਦੀਆਂ ਦੁਪਹਿਰਾਂ ਅਤੇ ਪੋਹ-ਮਾਘ ਦੀਆਂ ਸਰਦੀਆਂ ਵਿਚ ਦਿਨ-ਰਾਤ ਕੰਮ ਕਰ ਕੇ ਪਾਲਿਆ, ਅੱਜ ਉਨ੍ਹਾਂ ਧੀਆਂ-ਪੁੱਤਰਾਂ ਦੇ ਵੱਡੇ-ਵੱਡੇ ਆਲੀਸ਼ਾਨ ਮਹਿਲਨੁਮਾ ਮਕਾਨਾਂ ਵਿਚ ਇਨ੍ਹਾਂ ਬਜ਼ੁਰਗਾਂ ਲਈ ਇਕ ਵਾਣ ਦਾ ਮੰਜਾ ਡਾਹੁਣ ਜੋਗੀ ਵੀ ਜਗ੍ਹਾ ਨਹੀਂ ਹੁੰਦੀ। ਕੀ ਕਰਨਾ ਇਨ੍ਹਾਂ ਮਹਿਲਨੁਮਾ ਮਕਾਨਾਂ ਨੂੰ, ਜਿਨ੍ਹਾਂ ਵਿਚ ਆਪਣੇ ਬਜ਼ੁਰਗਾਂ ਲਈ ਥਾਂ ਨਾ ਹੋਵੇ।
ਇਨ੍ਹਾਂ ਬਜ਼ੁਰਗਾਂ ਕਾਰਨ ਹੀ ਅਸੀਂ ਜ਼ਿੰਦਗੀ ਦੇ ਕਈ ਮੁਕਾਮ ਸਰ ਕਰ ਜਾਂਦੇ ਹਾਂ, ਕਿਉਂਕਿ ਇਹ ਬਜ਼ੁਰਗ ਹੀ ਹਨ ਜੋ ਆਪਣੀ ਜ਼ਿੰਦਗੀ ਦੇ ਤਜਰਬੇ ਸਾਡੇ ਨਾਲ ਸਾਂਝੇ ਕਰ ਕੇ ਸਾਨੂੰ ਤਰੱਕੀਆਂ ਦੀਆਂ ਪੌੜੀਆਂ ਚੜ੍ਹਨਾ ਸਿਖਾਉਂਦੇ ਹਨ। ਪਹਿਲੇ ਸਮੇਂ ਵਿਚ ਜਦੋਂ ਬਜ਼ੁਰਗ ਘਰ ਵਿਚ ਹੁੰਦੇ ਸਨ ਤਾਂ ਬੱਚੇ ਆਪਣੇ ਬਜ਼ੁਰਗਾਂ ਤੋਂ ਸੂਰਬੀਰ, ਯੋਧਿਆਂ ਦੀਆਂ ਬਾਤਾਂ ਸੁਣ ਕੇ ਮਜ਼ਬੂਤ ਇਰਾਦੇ ਵਾਲੇ ਇਨਸਾਨ ਬਣਦੇ ਸਨ ਅਤੇ ਅੱਜ ਦੇ ਬੱਚੇ ਮੋਬਾਈਲਾਂ, ਲੈਪਟਾਪ, ਟੀ. ਵੀ. ਅਤੇ ਵੀਡੀਓ ਗੇਮਾਂ ਵਿਚ ਕੈਦ ਹੋ ਕੇ ਰਹਿ ਗਏ ਹਨ। ਇਸ ਲਈ ਜੇਕਰ ਅਸੀਂ ਚਾਹੁੰਦੇ ਹਾਂ ਕਿ ਸਾਡੇ ਬੱਚੇ ਸਾਡੇ ਬੁਢਾਪੇ ਦਾ ਸਹਾਰਾ ਬਣਨ ਤਾਂ ਸਾਨੂੰ ਵੀ ਆਪਣੇ ਬਜ਼ੁਰਗਾਂ ਦਾ ਸਹਾਰਾ ਬਣਨਾ ਪਵੇਗਾ। ਸਾਨੂੰ ਆਪਣੇ ਬਜ਼ੁਰਗਾਂ ਦੀ ਸੇਵਾ ਘਰ ਪਰਿਵਾਰ ਵਿਚ ਰਲ ਮਿਲ ਕੇ ਕਰਨੀ ਪਵੇਗੀ, ਤਾਂ ਜੋ ਸਾਡੇ ਬੱਚੇ ਬਜ਼ੁਰਗਾਂ ਤੋਂ ਚੰਗੀਆਂ ਗੱਲਾਂ ਸਿੱਖ ਕੇ ਸੂਰਬੀਰ, ਯੋਧਿਆਂ ਵਾਲੇ ਮਾਨਵਤਾ ਭਲਾਈ ਕਾਰਜ ਕਰਨ ਨੂੰ ਪਹਿਲ ਦੇਣ ਤੇ ਇਕ ਚੰਗਾ ਇਨਸਾਨ ਬਣ ਸਕਣ ਅਤੇ ਅਸੀਂ ਵੀ ਬਜ਼ੁਰਗਾਂ ਦੇ ਘਰ ਵਿਚ ਹੋਣ 'ਤੇ ਬੇਫਿਕਰ ਹੋ ਕੇ ਆਪਣੇ ਕੰਮ-ਕਾਰ ਨੂੰ ਜਾਈਏ ਕਿ ਸਾਡੇ ਘਰ ਦਾ ਜਿੰਦਾ ਸਾਥੋਂ ਬਾਅਦ ਸਾਡੇ ਘਰ ਦੀ ਅਤੇ ਬੱਚਿਆਂ ਦੀ ਸੰਭਾਲ ਪੂਰੀ ਤਸੱਲੀ ਨਾਲ ਕਰ ਰਿਹਾ ਹੈ। ਇੱਧਰ ਸਰਕਾਰ ਦਾ ਵੀ ਫਰਜ਼ ਬਣਦਾ ਹੈ ਕਿ ਉਹ ਕੋਈ ਅਜਿਹਾ ਨਿਯਮ ਬਣਾਏ ਕਿ ਜਦੋਂ ਤੱਕ ਘਰ ਦਾ ਬਜ਼ੁਰਗ ਜਿਊਂਦਾ ਹੈ, ਉਦੋਂ ਤੱਕ ਉਸ ਦਾ ਘਰ ਦੀ ਜਾਇਦਾਦ ਉੱਤੇ ਬਰਾਬਰ ਦਾ ਹੱਕ ਹੈ ਅਤੇ ਉਨ੍ਹਾਂ ਦੇ ਬੱਚੇ ਉਨ੍ਹਾਂ ਨੂੰ ਕਿਸੇ ਵੀ ਕੀਮਤ 'ਤੇ ਘਰ ਤੋਂ ਬਾਹਰ ਨਾ ਕੱਢ ਸਕਣ ਅਤੇ ਜੇਕਰ ਫਿਰ ਵੀ ਕੋਈ ਆਪਣੇ ਬਜ਼ੁਰਗਾਂ ਨੂੰ ਬਾਹਰ ਬਿਰਧ ਆਸ਼ਰਮਾਂ ਆਦਿ 'ਚ ਭੇਜਦਾ ਹੈ ਤਾਂ ਉਸ 'ਤੇ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ।

-ਪਿੰਡ ਬਠੋਈ ਕਲਾਂ, ਡਾਕ: ਡਕਾਲਾ, ਜ਼ਿਲ੍ਹਾ ਪਟਿਆਲਾ।
ਮੋਬਾ: 99152-98157

ਮੁਸ਼ਕਿਲ 'ਚ ਸਕੂਲੀ ਵਿਦਿਆਰਥੀ

ਹਰਿਆਣਾ ਦੇ ਗੁਰੂਗ੍ਰਾਮ (ਗੁੜਗਾਓਂ) 'ਚ ਸਤੰਬਰ ਮਹੀਨੇ ਦੇ ਸ਼ੁਰੂ 'ਚ ਹੋਏ ਇਕ ਬੱਚੇ ਦੇ ਕਤਲ ਦੇ ਮਾਮਲੇ 'ਚ ਸੀ.ਬੀ.ਆਈ. ਦੇ ਨਵੇਂ ਖੁਲਾਸੇ ਤੋਂ ਬਾਅਦ ਮਾਮਲਾ ਹੋਰ ਜ਼ਿਆਦਾ ਉਲਝ ਗਿਆ, ਹੁਣ ਤੱਕ ਤਾਂ ਅਸੀਂ ਸਮਝ ਰਹੇ ਸੀ ਕਿ ਡਰਾਈਵਰ ਹੀ ਕਾਤਲ ਹੈ, ਪਰ ਹੁਣ ਸੀ.ਬੀ.ਆਈ. ਇਹ ਸਮਝ ਰਹੀ ਹੈ ਕਿ ਕਾਤਲ ਉਸੇ ਹੀ ਸਕੂਲ ਦੀ ਕਲਾਸ ਦੀ 11ਵੀਂ ਦਾ ਵਿਦਿਆਰਥੀ ਹੀ ਹੈ। ਸਮਝ 'ਚ ਨਹੀਂ ਆ ਰਿਹਾ ਹੈ ਕਿ ਕਿਸ ਦੀ ਗੱਲ ਦਾ ਯਕੀਨ ਕੀਤਾ ਜਾਵੇ, ਇਸ ਲਈ ਕਿਹਾ ਜਾਂਦਾ ਹੈ ਕਿ ਜਦੋਂ ਤੱਕ ਕੋਈ ਮੁਜਰਿਮ ਅਦਾਲਤ ਤੋਂ ਸਜ਼ਾ ਨਾ ਪਾ ਜਾਵੇ, ਉਦੋਂ ਤੱਕ ਉਸ ਨੂੰ ਦੋਸ਼ੀ ਨਹੀਂ ਸਮਝਣਾ ਚਾਹੀਦਾ ਹੈ। ਇਸ ਤਰ੍ਹਾਂ ਦੇ ਜਜ਼ਬਾਤੀ ਮਾਮਲੇ 'ਚ ਸਮਾਜ ਨੂੰ ਹੋਰ ਖਾਸ ਤੌਰ 'ਤੇ ਉਨ੍ਹਾਂ ਲੋਕਾਂ ਨੂੰ, ਜਿਨ੍ਹਾਂ 'ਤੇ ਸਮਾਜ ਦੀਆਂ ਜ਼ਿੰਮੇਵਾਰੀਆਂ ਹਨ, ਜਜ਼ਬਾਤਾਂ ਨੂੰ ਕਿਨਾਰੇ ਰੱਖਣਾ ਚਾਹੀਦਾ ਹੈ, ਤਾਂ ਕਿ ਉਹ ਆਪਣਾ ਕੰਮ ਕਰ ਸਕਣ। ਜੇਕਰ ਸੀ.ਬੀ.ਆਈ. ਦੀ ਗੱਲ ਸੱਚ ਹੈ, ਤਾਂ ਸੋਚਣਾ ਹੋਵੇਗਾ ਕਿ ਸਾਡੇ ਬੱਚੇ ਕਿੱਥੇ ਜਾ ਰਹੇ ਹਨ?
ਅਖ਼ਬਾਰ 'ਚ ਆਇਆ ਹੈ ਕਿ ਉਸੇ ਸਕੂਲ ਵਿਚ ਇਕ ਬੱਚੇ ਨੇ ਦੱਸਿਆ ਹੈ ਕਿ ਉਥੇ ਇਕ ਦਿਨ ਬੱਚਾ ਜ਼ਹਿਰ ਲੈ ਕੇ ਆਇਆ ਸੀ ਅਤੇ ਉਹ ਕਿਸੇ ਨੂੰ ਪਿਲਾਉਣ ਦੀ ਕੋਸ਼ਿਸ਼ ਕਰ ਰਿਹਾ ਸੀ, ਜਿਸ ਨਾਲ ਸਕੂਲ 'ਚ ਹੰਗਾਮਾ ਹੋ ਜਾਵੇ। ਜੇਕਰ ਇਹ ਗੱਲ ਵੀ ਸੱਚ ਹੈ ਤਾਂ ਫਿਰ ਸਾਨੂੰ ਸੰਜੀਦਗੀ ਨਾਲ ਸੋਚਣਾ ਹੋਵੇਗਾ ਕਿ ਅਸੀਂ ਕਿਧਰ ਜਾ ਰਹੇ ਹਾਂ? ਬੱਚੇ ਸਾਡਾ ਆਉਣ ਵਾਲਾ ਕੱਲ੍ਹ ਹੈ, ਜੇਕਰ ਅੱਜ ਇਹੀ ਕੱਲ੍ਹ ਐਨਾ ਚਿੰਤਾਜਨਕ ਹੈ ਤਾਂ ਕੱਲ੍ਹ ਉਹ ਇਸ ਤੋਂ ਜ਼ਿਆਦਾ ਖਤਰਨਾਕ ਹੋ ਸਕਦਾ ਹੈ, ਜੇਕਰ ਅੱਜ ਦਾ ਬਚਪਨ ਇਸ ਅੰਦਾਜ਼ ਨਾਲ ਵੱਡਾ ਹੋ ਰਿਹਾ ਹੈ। ਕਿੱਥੇ ਗਲਤੀ ਹੋਈ ਹੈ? ਸਿੱਖਿਆ ਤਾਂ ਸਾਨੂੰ ਇਨਸਾਨ ਬਣਾਉਂਦੀ ਹੈ, ਪਰ ਇਹ ਕਿਹੋ ਜਿਹੀ ਸਿੱਖਿਆ ਹੈ ਜੋ 11ਵੀਂ ਦੇ ਇਕ ਬੱਚੇ ਨੂੰ ਹਿੰਸਕ ਬਣਾ ਦਿੰਦੀ ਹੈ?
ਫਿਕਰ ਹੋਣੀ ਚਾਹੀਦੀ ਹੈ ਕਿ ਆਖਰ ਗਲਤੀ ਕਿੱਥੇ ਹੋਈ ਹੈ? ਇਸ ਦੇ ਲਈ ਕੌਣ ਜ਼ਿੰਮੇਵਾਰ ਹੈ? ਕੀ ਸਕੂਲ ਜ਼ਿੰਮੇਵਾਰ ਹੈ, ਜਿਸ ਨੇ ਬੱਚਿਆਂ 'ਤੇ ਐਨਾ ਜ਼ਿਆਦਾ ਦਬਾਅ ਬਣਾ ਕੇ ਰੱਖਿਆ ਹੋਇਆ ਹੈ ਕਿ ਬੱਚੇ ਆਪਣੇ ਬਚਾਅ ਦੇ ਲਈ ਐਨੇ ਖਤਰਨਾਕ ਇਰਾਦਿਆਂ ਦੇ ਨਾਲ ਅੱਗੇ ਆ ਜਾਂਦੇ ਹਨ? ਜਾਂ ਉਹ ਮਾਪੇ, ਜੋ ਬੱਚਿਆਂ ਨੂੰ ਸਭ ਕੁਝ ਦੇ ਰਹੇ ਹਨ, ਬਜਾਏ ਵਕਤ ਦੇ? ਜਾਂ ਫਿਰ ਉਹ ਸਮਾਜ ਜ਼ਿੰਮੇਵਾਰ ਹੈ? ਕੀ ਅਸੀਂ ਐਨਾ ਭਟਕ ਗਏ ਹਾਂ ਕਿ ਆਪਣੇ ਬੱਚਿਆਂ ਦੇ ਭਵਿੱਖ ਪ੍ਰਤੀ ਬੇਫਿਕਰੇ ਹੋ ਗਏ ਹਾਂ? ਕੀ ਹੱਥ 'ਚ ਆ ਗਏ ਮੋਬਾਈਲ ਅਤੇ ਸੋਸ਼ਲ ਮੀਡੀਆ 'ਤੇ ਬੈਠੇ ਰਹਿਣ ਦੀ ਵਜ੍ਹਾ ਨਾਲ ਅਸੀਂ ਲੋਕ ਹੁਣ ਇਕ-ਦੂਜੇ ਤੋਂ ਅਲੱਗ ਹੁੰਦੇ ਜਾ ਰਹੇ ਹਾਂ? ਸਵਾਲ ਬਹੁਤ ਹਨ, ਪਰ ਉਨ੍ਹਾਂ ਦੀ ਜੜ੍ਹ 'ਚ ਸਿਰਫ ਇਕ ਹੀ ਵੱਡਾ ਸਵਾਲ ਹੈ ਕਿ ਕਿਉਂ ਅਸੀਂ ਆਪਣੇ ਬੱਚਿਆਂ ਦੀ ਚੰਗੀ ਪਾਲਣ-ਪੋਸ਼ਣ 'ਚ ਨਾਕਾਮਯਾਬ ਹੋ ਰਹੇ ਹਾਂ? ਆਖਰ ਇਕ ਸਿੱਖਿਆ ਅਦਾਰੇ 'ਚ ਕਿਵੇਂ ਇਕ ਮਾਸੂਮ ਬੱਚਾ ਮੌਤ ਦਾ ਸ਼ਿਕਾਰ ਹੋ ਜਾਂਦਾ ਹੈ?
ਅੱਜਕਲ੍ਹ ਕੁਝ ਨਿੱਜੀ ਸਕੂਲਾਂ ਨੂੰ ਛੱਡ ਕੇ ਜ਼ਿਆਦਾਤਰ ਸਿੱਖਿਅਕ ਘੱਟ ਅਤੇ ਕਾਰੋਬਾਰੀ ਜ਼ਿਆਦਾ ਹੋ ਚੁੱਕੇ ਹਨ, ਕੋਈ ਵੀ ਸਕੂਲ ਉਸ ਦੇ ਅਧਿਆਪਕ ਅਤੇ ਪ੍ਰਬੰਧਾਂ ਦੇ ਕਰਕੇ ਹੀ ਚੰਗਾ ਬਣਦਾ ਹੈ। ਜ਼ਰੂਰੀ ਨਹੀਂ ਹੈ ਕਿ ਇਕ ਨਾਂਅ ਨਾਲ ਦੇਸ਼ ਭਰ 'ਚ ਚੱਲਣ ਵਾਲੇ ਸਾਰੇ ਸਕੂਲ ਚੰਗੇ ਹੀ ਹੋਣ, ਪਰ ਇਹ ਸਕੂਲ ਬ੍ਰੈਂਡ ਦੇ ਤੌਰ 'ਤੇ ਕੰਮ ਕਰਦੇ ਹਨ, ਹੌਲੀ-ਹੌਲੀ ਇਹ ਐਨੇ ਵੱਡੇ ਹੋ ਜਾਂਦੇ ਹਨ ਕਿ ਇਨ੍ਹਾਂ ਦੇ ਖਿਲਾਫ ਕੋਈ ਕੁਝ ਨਹੀਂ ਕਰ ਪਾਉਂਦਾ। ਅਜਿਹਾ ਕਈ ਵਾਰ ਹੁੰਦਾ ਹੈ ਕਿ ਅਧਿਆਪਕਾਂ ਦੀ ਗਲਤੀ ਦੇ ਬਾਵਜੂਦ ਤੁਹਾਨੂੰ ਆਪਣੇ ਬੱਚੇ ਨੂੰ ਹੀ ਝਿੜਕਣਾ ਪੈਂਦਾ ਹੈ, ਕਿਉਂਕਿ ਇਹ ਸਕੂਲ ਕਾਰੋਬਾਰੀ ਬਣ ਚੁੱਕੇ ਹਨ, ਤਾਂ ਕੁਝ ਅਜਿਹੇ ਅਧਿਆਪਕ ਵੀ ਰੱਖਣੇ ਪੈਂਦੇ ਹਨ, ਜੋ ਰਸੂਖਦਾਰ ਲੋਕਾਂ ਦੇ ਕਰੀਬੀ ਹੋਣ। ਇਸ ਲਈ ਅਜਿਹੇ ਅਧਿਆਪਕ ਦੀਆਂ ਖਾਮੀਆਂ ਨੂੰ ਨਜ਼ਰਅੰਦਾਜ਼ ਕਰਨਾ ਪੈਂਦਾ ਹੋਵੇਗਾ। ਮਾਪੇ ਬੱਚਿਆਂ ਦੀ ਭਾਰੀ ਫੀਸ ਨਾਲ ਪਹਿਲਾਂ ਹੀ ਦੱਬੇ ਹੁੰਦੇ ਹਨ, ਇਸ ਲਈ ਉਹ ਬੱਚਿਆਂ ਦੀ ਪੜ੍ਹਾਈ ਨੂੰ ਲੈ ਕੇ ਕੁਝ ਹੋਰ ਸੁਣਨ ਨੂੰ ਤਿਆਰ ਨਹੀਂ ਹੁੰਦੇ। ਅਜਿਹਾ ਵੀ ਹੁੰਦਾ ਹੈ ਕਿ ਨਾ ਚਾਹੁੰਦੇ ਹੋਏ ਵੀ ਬੱਚਿਆਂ ਨੂੰ ਉਹ ਪੜ੍ਹਾਈ ਪੜ੍ਹਨ ਲਈ ਮਜਬੂਰ ਕੀਤਾ ਜਾਂਦਾ ਹੈ, ਜਿਸ ਵਿਚ ਉਨ੍ਹਾਂ ਦੀ ਕੋਈ ਰੁਚੀ ਹੀ ਨਹੀਂ ਹੁੰਦੀ। ਇਹ ਸਾਰੀਆਂ ਚੀਜ਼ਾਂ ਕਿਤੇ ਨਾ ਕਿਤੇ ਉਸ ਉਮਰ ਨੂੰ ਪ੍ਰਭਾਵਿਤ ਕਰਦੀਆਂ ਹਨ, ਜਿਸ ਉਮਰ 'ਚ ਉਨ੍ਹਾਂ ਨੂੰ ਸੁਣੇ ਜਾਣ ਦੀ ਜ਼ਰੂਰਤ ਹੁੰਦੀ ਹੈ।

-ਸਾਬਕਾ ਡੀ.ਓ., 174, ਮਿਲਟਰੀ ਹਸਪਤਾਲ, ਮੇਨ ਏਅਰ ਫੋਰਸ ਰੋਡ, ਬਠਿੰਡਾ।

ਸੱਭਿਆਚਾਰ ਦਾ ਅੰਗ ਹਨ ਵਿਰਾਸਤੀ ਰੁੱਖ

 

ਪੰਜ ਦਰਿਆਵਾਂ ਦੀ ਧਰਤੀ 'ਤੇ ਹੁਣ ਢਾਈ ਦਰਿਆਵਾਂ ਵਾਲਾ ਪੰਜਾਬ ਕਦੇ ਜੰਗਲ ਬੇਲਿਆਂ ਤੇ ਹਰੀ-ਭਰੀ ਬਨਸਪਤੀ ਨਾਲ ਮਾਲਾਮਾਲ ਸੀ। ਵਿਗਿਆਨਕ ਤਰੱਕੀ ਅਤੇ ਦਿਨੋ-ਦਿਨ ਵਧ ਰਹੀ ਆਬਾਦੀ ਨੇ 21ਵੀਂ ਸਦੀ ਦੇ ਪੰਜਾਬ ਦਾ ਨਕਸ਼ਾ ਵਿਗਾੜ ਕੇ ਰੱਖ ਦਿੱਤਾ ਹੈ। ਵਿਗਿਆਨਕ ਸੁੱਖਾਂ ਦਾ ਸਹਾਰਾ ਲੈ ਕੇ ਪੰਜਾਬੀ ਗੱਭਰੂ ਨਿਕੰਮਾ ਹੋ ਗਿਆ ਹੈ। ਉਹ ਵਿਗਿਆਨ ਨੂੰ ਸਹੀ ਅਰਥਾਂ ਵਿਚ ਆਪਣੀ ਜ਼ਿੰਦਗੀ ਵਿਚ ਲਾਗੂ ਹੀ ਨਹੀਂ ਕਰ ਸਕਿਆ। ਮੋਟਰਸਾਈਕਲ, ਮੋਬਾਈਲ ਤੇ ਮਟਰਗਸ਼ਤੀ ਨੇ ਉਸ ਨੂੰ ਫਿਲਮਾਂ ਦਾ ਕਾਰਟੂਨ ਬਣਾ ਕੇ ਰੱਖ ਦਿੱਤਾ ਹੈ। ਉਹ ਭਰ ਜਵਾਨੀ ਵਿਚ ਹੀ ਸ਼ੂਗਰ, ਟੀ.ਬੀ., ਉੱਚ ਖੂਨ ਦਬਾਅ ਵਰਗੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਕੇ ਰਹਿ ਗਿਆ ਹੈ। ਉਸ ਦਾ ਆਲਾ-ਦੁਆਲਾ ਭਾਵ ਚੌਗਿਰਦਾ ਵਿਗੜ ਗਿਆ ਹੈ। ਹੁਣ ਸਾਂਝੇ ਖੂਹਾਂ ਤੋਂ ਪਾਣੀ ਭਰਦੀਆਂ ਮੁਟਿਆਰਾਂ ਨਹੀਂ ਦੇਖੀਆਂ ਜਾ ਸਕਦੀਆਂ ਤੇ ਨਾ ਹੀ ਸੱਥਾਂ ਵਿਚ ਬੈਠ ਕੇ ਸਿਆਣੇ ਬੰਦੇ ਬਾਤਾਂ ਸੁਣਾਉਂਦੇ ਦਿਖਾਈ ਦਿੰਦੇ ਹਨ। ਹੁਣ ਪਿੰਡਾਂ ਵਿਚ ਪਿੱਪਲ ਤੇ ਬੋਹੜ ਦੇ ਰੁੱਖ ਨਹੀਂ ਰਹੇ, ਜਿਥੇ ਪੰਜਾਬੀ ਮੁਟਿਆਰਾਂ ਪੀਂਘਾਂ ਝੂਟਦੀਆਂ ਸਨ। ਹੁਣ ਤੂਤਾਂ ਦੀ ਠੰਢੀ ਛਾਂ ਤੇ ਬਲਦਾਂ ਨਾਲ ਗਿੜਦਾ ਹਲਟ ਵੀ ਦਿਖਾਈ ਨਹੀਂ ਦਿੰਦਾ ਤੇ ਉਹ ਜੰਗਲ ਬੇਲੇ ਵੀ ਨਹੀਂ ਰਹੇ, ਜੋ ਆਕਸੀਜਨ ਦਾ ਭੰਡਾਰ ਸਨ। ਵਿਗਿਆਨਕ ਯੁੱਗ ਦੀ ਦੌੜ ਵਿਚ ਨਵੀਂ ਪੀੜ੍ਹੀ ਸਾਹਾਂ ਦਾ ਵੀ ਮੁੱਲ ਕਰੀ ਬੈਠੀ ਹੈ। ਕਿੱਥੇ ਗਿਆ ਮੇਰੇ ਰੰਗਲੇ ਪੰਜਾਬ ਦਾ ਚੌਗਿਰਦਾ? ਕੀ ਇਸ ਨੂੰ ਟੈਲੀਵਿਜ਼ਨ ਉੱਪਰ ਹੀ ਦੇਖਦੇ ਰਹਾਂਗੇ? ਹੁਣ ਸਮਾਂ ਹੈ ਕਿ ਜਦੋਂ ਵੀ ਕਿਸੇ ਘਰ ਵਿਚ ਬੱਚਾ ਜਨਮ ਲਵੇ, ਉਸ ਦਾ ਨਾਮਕਰਨ ਕਰਨ ਉਪਰੰਤ ਉਸ ਦੇ ਨਾਂਅ ਦਾ ਇਕ ਬੂਟਾ ਉਸ ਦੇ ਜਨਮ ਦਿਨ ਨੂੰ ਸਮਰਪਿਤ ਕਰ ਕੇ ਲਗਾਇਆ ਜਾਵੇ ਅਤੇ ਬੱਚੇ ਦੇ ਪਾਲਣ-ਪੋਸ਼ਣ ਵਾਂਗ ਉਸ ਦੇ ਵੀ ਪਾਲਣ-ਪੋਸ਼ਣ ਕੀਤੀ ਜਾਵੇ। ਹਰ ਘਰ ਵਿਚ ਬੂਟੇ ਲਗਾਉਣੇ ਚਾਹੀਦੇ ਹਨ।

-ਪਿੰਡ ਤੇ ਡਾਕ: ਕੋਟਲੀ ਖਾਸ, ਤਹਿ: ਮੁਕੇਰੀਆਂ (ਹੁਸ਼ਿਆਰਪੁਰ)। ਮੋਬਾ: 94653-69343

ਔਰਤਾਂ ਦਾ ਜੀਵਨ

ਭਾਵੇਂ ਔਰਤ ਤੋਂ ਬਿਨਾਂ ਮਨੁੱਖੀ ਸਮਾਜ ਦੀ ਹੋਂਦ ਨਹੀਂ ਹੋ ਸਕਦੀ ਪਰ ਸਦੀਆਂ ਤੋਂ ਹੀ ਇਹ ਮਨੁੱਖੀ ਸਮਾਜ ਸਦਾ ਮਰਦ ਪ੍ਰਧਾਨ ਰਿਹਾ ਹੈ ਅਤੇ ਔਰਤਾਂ 'ਤੇ ਸਦਾ ਜ਼ੁਲਮ ਹੁੰਦੇ ਆਏ ਹਨ। ਔਰਤਾਂ 'ਤੇ ਇਨ੍ਹਾਂ ਜ਼ੁਲਮਾਂ ਦੀ ਕਹਾਣੀ ਅੱਜ ਦੇ ਜ਼ਮਾਨੇ ਵਿਚ ਕੋਈ ਨਵੀਂ ਨਹੀਂ ਹੈ, ਸਗੋਂ ਇਹ ਤਾਂ ਮਹਾਂਭਾਰਤ ਅਤੇ ਰਮਾਇਣ ਦੇ ਸਮਿਆਂ ਤੋਂ ਹੀ ਚਲੀ ਆ ਰਹੀ ਹੈ।
ਅੱਜ ਸਾਡੇ ਦੇਸ਼ ਅੰਦਰ ਮਾਦਾ ਭਰੂਣਹੱਤਿਆਵਾਂ ਕਾਰਨ ਲੜਕੀਆਂ ਦੀ ਘਟ ਰਹੀ ਗਿਣਤੀ ਨੂੰ ਠੱਲ੍ਹ ਪਾਉਣ ਲਈ ਵੱਡੇ-ਵੱਡੇ ਯਤਨ ਹੋ ਰਹੇ ਹਨ। ਸਾਡੇ ਮਰਦ ਪ੍ਰਧਾਨ ਦੇਸ਼ ਵਿਚ ਲੜਕੀਆਂ ਨੂੰ ਮਾਰਨ ਦੀ ਇਹ ਬਿਮਾਰੀ ਕੋਈ ਨਵੀਂ ਪੈਦਾ ਨਹੀਂ ਹੋਈ, ਇਹ ਤਾਂ ਮੁੱਢ ਤੋਂ ਹੀ ਚੱਲੀ ਆ ਰਹੀ ਹੈ। ਅਜੋਕੇ ਸਮੇਂ ਵਿਚ ਇਸ ਦਾ ਸਿਰਫ ਰੰਗ ਹੀ ਬਦਲਿਆ ਹੈ। ਮਾਦਾ ਭਰੂਣਹੱਤਿਆ ਦਾ ਮੁੱਖ ਕਾਰਨ ਇਸਤਰੀ ਦੀ ਨਾਬਰਾਬਰੀ ਹੀ ਹੈ। ਕਹਿਣ ਨੂੰ ਤਾਂ ਭਾਵੇਂ ਇਸਤਰੀ ਨੂੰ ਬਰਾਬਰਤਾ ਦਾ ਹੱਕ ਪ੍ਰਾਪਤ ਹੈ ਪਰ ਅਸਲੀਅਤ ਇਸ ਦੇ ਉਲਟ ਹੈ। ਇਸਤਰੀ ਨਾਲ ਤਾਂ ਇਥੋਂ ਦੇ ਕਹੇ ਜਾਂਦੇ ਧਾਰਮਿਕ ਰਹਿਬਰਾਂ ਨੇ ਵੀ ਘੱਟ ਨਹੀਂ ਗੁਜ਼ਾਰੀ।
ਜੇ ਸਵਾਲ ਹੋਵੇ ਕੀ ਸੱਚੀਂ ਔਰਤ ਕਮਜ਼ੋਰ ਹੈ? ਤਾਂ ਮੇਰਾ ਜਵਾਬ ਹੋਵੇਗਾ ਨਹੀਂ, ਔਰਤ ਕਮਜ਼ੋਰ ਨਹੀਂ ਹੈ। ਕਿਉਂਕਿ ਇਸ ਦੇ ਪ੍ਰਮਾਣ ਵਜੋਂ ਅਜੋਕੇ ਸਮੇਂ ਵਿਚ ਕੁੜੀਆਂ ਮੁੰਡਿਆਂ ਤੋਂ ਕਿਸੇ ਪੱਖੋਂ ਵੀ ਪਿੱਛੇ ਨਹੀਂ ਹਨ। ਉਨ੍ਹਾਂ ਜਿਥੇ ਆਪਣੀ ਅਹਿਮੀਅਤ ਦੀ ਪਹਿਚਾਣ ਕੀਤੀ, ਉਥੇ ਆਪਣੇ ਵਜੂਦ ਨੂੰ ਵੀ ਪਰਿਵਾਰਕ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਮੋਢੇ ਨਾਲ ਮੋਢਾ ਲਾ ਇਕੋ ਹੀ ਰਾਹ ਤੁਰ ਕੇ ਮੰਜ਼ਿਲ ਕਾਇਮ ਕੀਤਾ ਹੈ।
ਆਪਣੇ ਜੀਵਨ ਦਾ ਅੱਧ ਪੜਾਅ ਲੰਘਾਉਣ ਲਈ ਚਾਈਂ-ਚਾਈਂ ਜਾਂਦੀ ਹੈ ਤਾਂ ਕਿੰਨੇ ਹੀ ਨਵੇਂ ਅਰਮਾਨਾਂ ਨੇ ਉਦੋਂ ਫਿਰ ਜਨਮ ਲਿਆ ਹੋਣਾ ਪਰ ਅਫਸੋਸ, ਫਿਰ ਦਹੇਜ ਦੀ ਮਾਰ ਥੱਲੇ ਪਿੱਸ-ਪਿੱਸ ਕੇ ਆਪਣੇ ਗਰੀਬੜੇ ਮਾਪਿਆਂ ਦਾ ਮਾਣ ਵਧਾਉਣ ਲਈ ਆਪਣਾ-ਆਪ ਕੁਰਬਾਨ ਕਰ ਕੇ ਵੀ ਝੂਠਾ ਜਿਹਾ ਹੱਸ ਕੇ ਦਿਲਾਸਾ ਦੇ ਜਾਂਦੀ ਹੈ ਕਿ ਸਭ ਠੀਕ ਹੈ ਤੇ ਮਾਪੇ ਸਭ ਜਾਣਦੇ ਹੋਏ ਵੀ ਚੁੱਪ ਧਾਰ ਲੈਂਦੇ ਹਨ। ਅੰਤ ਮਨ 'ਤੇ ਪੱਥਰ ਧਰ ਜਦੋਂ ਕੁੱਖੋਂ ਜੰਮੇ 9 ਮਹੀਨਿਆਂ ਦੀ ਘੋਰ ਤਪੱਸਿਆ ਤੋਂ ਬਾਅਦ ਪੁੱਤਰ ਨੂੰ ਦੇਖਦੀ ਹੈ ਤਾਂ ਸੋਚਦੀ ਹੈ ਕਿ ਹੁਣ ਜ਼ਿੰਦਗੀ ਇਸੇ ਦੇ ਸਹਾਰੇ ਰਹਿਣਾ ਹੈ ਪਰ ਜਦੋਂ ਉਹ ਪੁੱਤ ਆਪਣੀ ਮਾਂ ਨੂੰ ਗ਼ਲਤ ਬੋਲਦਾ ਹੈ, ਫਿਰ ਉਸ ਦੇ ਸਾਰੇ ਅਰਮਾਨ ਮਿੱਟੀ 'ਚ ਮਿਲ ਜਾਂਦੇ ਹਨ।
ਅਜੋਕੇ ਘਟੀਆ ਕਲਾਕਾਰਾਂ ਨੇ ਤਾਂ ਔਰਤਾਂ ਨੂੰ ਗਲੀ-ਗਲੀ ਫਿਰਦੀਆਂ ਵੇਸਵਾਵਾਂ ਦੇ ਰੂਪ ਵਿਚ ਪੇਸ਼ ਕਰ ਕੇ ਆਪਣੀ ਨੀਚ ਸੋਚ ਦਾ ਪ੍ਰਗਟਾਵਾ ਕੀਤਾ ਹੈ। ਇਨ੍ਹਾਂ ਗੀਤਾਂ ਕਾਰਨ ਅੱਜ ਘਰਾਂ ਤੋਂ ਲੈ ਕੇ ਸਕੂਲਾਂ, ਕਾਲਜਾਂ, ਬੱਸਾਂ, ਰਸਤਿਆਂ ਆਦਿ ਵਿਚ ਔਰਤਾਂ ਕਿਤੇ ਵੀ ਸੁਰੱਖਿਅਤ ਨਹੀਂ ਹਨ। ਆਖ਼ਰ ਕਦੋਂ ਹੋਵੇਗਾ ਬੰਦ ਔਰਤਾਂ 'ਤੇ ਜੁਰਮ, ਜਿਸ ਦਾ ਮੁੱਢ ਭਰੂਣ ਹੱਤਿਆ ਵਰਗੇ ਘਿਨੌਣੇ ਅਪਰਾਧ ਤੋਂ ਸ਼ੁਰੂ ਹੁੰਦਾ ਹੈ? ਕੀ ਸਮਾਜ ਇਸ ਅਪਰਾਧ ਨੂੰ ਬੰਦ ਨਹੀਂ ਹੋਣ ਦੇਣਾ ਚਾਹੁੰਦਾ? ਕੀ ਸਰਕਾਰਾਂ ਦੁਆਰਾ ਵੀ ਇਨ੍ਹਾਂ ਗੰਭੀਰ ਅਪਰਾਧਾਂ ਨੂੰ ਸਹਿਯੋਗ ਦਿੱਤਾ ਜਾ ਰਿਹਾ ਹੈ? ਕੀ ਔਰਤ ਸਿਰਫ਼ ਤੇ ਸਿਰਫ਼ ਧਾਰਮਿਕ ਅਸਥਾਨਾਂ 'ਤੇ ਜਿਥੇ ਦੇਵੀ ਦੇ ਰੂਪ ਵਿਚ ਮੰਨ ਕੇ ਪੂਜਾ ਕੀਤੀ ਹੈ, ਉਥੇ ਪੁਤਲਾ ਬਣ ਕੇ ਖੜ੍ਹੀ ਹੀ ਰਹੇਗੀ?

-ਪਿੰਡ ਰਹੀਮਪੁਰ, ਜਲੰਧਰ।

ਚੁਬਾਰਿਆਂ ਦੀ ਵਿਰਾਸਤੀ ਹੋਂਦ ਨੂੰ ਲੱਗੀ ਢਾਹ

ਸਮੇਂ ਦੇ ਬਦਲਣ ਨਾਲ ਅੱਜ ਪਿੰਡਾਂ ਵਿਚ ਲੋਕਾਂ ਵਲੋਂ ਨਵੇਂ ਰਿਵਾਜ ਦੀਆਂ ਕੋਠੀਆਂ ਪਾਉਣ ਦੇ ਵਧਦੇ ਰੁਝਾਨ ਨੇ ਪਿੰਡਾਂ ਦੇ ਘਰਾਂ ਦੀ ਸ਼ਾਨ ਸਮਝੇ ਜਾਣ ਵਾਲੇ ਪੁਰਾਤਨ ਚੁਬਾਰੇ ਦੀ ਵਿਰਾਸਤੀ ਹੋਂਦ ਨੂੰ ਧੁੰਦਲਾ ਕਰ ਦਿੱਤਾ ਹੈ। ਕੋਈ ਸਮਾਂ ਸੀ ਜਦੋਂ ਚੁਬਾਰੇ ਨੂੰ ਸਾਡੇ ਪੰਜਾਬੀ ਵਿਰਸੇ ਦਾ ਇਕ ਅਨਿੱਖੜਵਾਂ ਅੰਗ ਸਮਝਿਆ ਜਾਂਦਾ ਸੀ। ਉਦੋਂ ਘਰ ਭਾਵੇਂ ਕੱਚੇ ਸਨ ਪਰ ਲੋਕਾਂ ਵਿਚ ਆਪਸੀ ਪਿਆਰ ਬਹੁਤ ਜ਼ਿਆਦਾ ਸੀ। ਉਸ ਸਮੇਂ ਬਿਜਲੀ ਦੇ ਸਾਧਨ ਘੱਟ ਹੋਣ ਕਰਕੇ ਲੋਕ ਚੁਬਾਰੇ 18 ਇੰਚ ਮੋਟੀ ਕੰਧ ਦੇ ਦਰਵਾਜ਼ਿਆਂ ਵਾਂਗ ਚਾਰ-ਚੁਫੇਰੇ ਬਾਰੀਆਂ ਰੱਖ ਕੇ ਬਣਾਉਂਦੇ ਸਨ। 18 ਇੰਚੀ ਕੰਧ ਗਰਮੀ 'ਚ ਤਪਦੀ ਨਹੀਂ ਸੀ ਤੇ ਅੰਦਰ ਠੰਢਾ ਰੱਖਦੀ ਸੀ। ਚੁਬਾਰੇ ਵਿਚ ਚਾਰ-ਚੁਫੇਰੇ ਬਾਰੀਆਂ ਲੱਗੀਆਂ ਹੋਣ ਕਰਕੇ ਥੱਲੇ ਵਾਲੇ ਕਮਰਿਆਂ ਨਾਲੋਂ ਹਵਾ ਵੱਧ ਲੱਗਦੀ ਸੀ।
ਪੁਰਾਤਨ ਪਿੰਡਾਂ ਦੇ ਚੰਗੇ ਘਰ ਜਿਵੇਂ ਜ਼ੈਲਦਾਰਾਂ, ਨੰਬਰਦਾਰਾਂ, ਸਰਪੰਚਾਂ ਅਤੇ ਆਰਥਿਕ ਪੱਖੋਂ ਮਜ਼ਬੂਤ ਘਰਾਂ ਵਿਚ ਇਹ ਚੁਬਾਰੇ ਵੇਖਣ ਨੂੰ ਮਿਲਦੇ ਸਨ। ਕਈ ਪਿੰਡਾਂ ਵਿਚ ਚੁਬਾਰੇ ਲਾਹੌਰੀ ਇੱਟਾਂ ਦੇ ਬਣੇ ਹੁੰਦੇ ਸਨ। ਜੋ ਵਿਅਕਤੀ ਚੁਬਾਰੇ ਵਿਚ ਰਹਿੰਦਾ ਸੀ, ਉਸ ਦੀ ਖ਼ਾਸ ਟੌਹਰ ਹੁੰਦੀ ਸੀ। ਰਾਤੀਂ ਚੁਬਾਰੇ ਵਿਚ ਸੁੱਤੇ ਬੰਦੇ ਨੂੰ ਆਪਣੇ ਘਰ ਦੇ ਆਲੇ-ਦੁਆਲੇ ਦੀ ਪੂਰੀ ਬਿੜਕ ਵੀ ਰਹਿੰਦੀ ਸੀ। ਚੁਬਾਰੇ ਦੀ ਮਹਾਨਤਾ ਨੂੰ ਬਿਆਨ ਕਰਨ ਲਈ ਪੰਜਾਬ ਦੇ ਕਈ ਗੀਤਕਾਰਾਂ ਨੇ ਆਪਣੇ ਲਿਖੇ ਗੀਤਾਂ ਵਿਚ ਇਸ ਦਾ ਖ਼ਾਸ ਜ਼ਿਕਰ ਕੀਤਾ ਹੈ, ਜਿਨ੍ਹਾਂ ਨੂੰ ਕਈ ਪ੍ਰਸਿੱਧ ਪੰਜਾਬੀ ਗਾਇਕਾਂ ਨੇ ਆਪਣੀ ਆਵਾਜ਼ ਦਿੱਤੀ ਹੈ। ਅੱਜ ਸਮੇਂ ਦੇ ਬਦਲਦੇ ਹਾਲਾਤ ਕਰਕੇ ਲੋਕਾਂ ਵਲੋਂ ਪਿੰਡਾਂ ਵਿਚ ਦੋ-ਦੋ, ਤਿੰਨ-ਤਿੰਨ ਮੰਜ਼ਲੀਆਂ ਕੋਠੀਆਂ ਪਾਉਣ ਦੇ ਰੁਝਾਨ ਨੇ ਚੁਬਾਰੇ ਦੀ ਵਿਰਾਸਤੀ ਹੋਂਦ ਨੂੰ ਢਾਹ ਲਾਈ ਹੈ। ਪਰ ਫਿਰ ਵੀ ਚੁਬਾਰੇ ਦੀ ਹੋਂਦ ਖਤਮ ਨਹੀਂ ਹੋਈ, ਸਗੋਂ ਇਸ ਦਾ ਚਿਹਰਾ ਬਦਲ ਚੁੱਕਾ ਹੈ। ਕਈ ਲੋਕਾਂ ਨੇ ਆਪਣੇ ਘਰ ਦੇ ਦਰਵਾਜ਼ੇ ਵਾਲੀ ਬੈਠਕ 'ਤੇ ਪਏ ਚੁਬਾਰੇ ਨੂੰ ਸਮੇਂ ਦੇ ਹਾਣ ਦਾ ਬਣਾ ਕੇ ਰੱਖਿਆ ਹੋਇਆ ਹੈ। ਅੱਜ ਦੇ ਸਮੇਂ ਨਵੀਂ ਪੀੜ੍ਹੀ ਦਾ ਧਿਆਨ ਚੁਬਾਰੇ ਵੱਲ ਖਿੱਚਣ ਲਈ ਵਿਰਾਸਤੀ ਮੇਲੇ ਵਿਚ ਪੁਰਾਤਨ ਪਿੰਡ ਦਾ ਚੁਬਾਰਾ ਬਣਾਇਆ ਜਾਂਦਾ ਹੈ।

-ਪਿੰਡ ਸੋਹੀਆਂ, ਡਾਕ: ਚੀਮਾ ਖੁੱਡੀ, ਤਹਿ: ਬਟਾਲਾ, ਜ਼ਿਲ੍ਹਾ ਗੁਰਦਾਸਪੁਰ
sohianshamsher@ gmail.com

ਸਿਰਫ਼ ਲਾਲ ਬੱਤੀ ਹਟਾਉਣ ਨਾਲ ਗੱਲ ਨਹੀਂ ਬਣਨੀ

ਲਾਲ ਬੱਤੀ ਸ਼ਬਦ ਸੁਣ ਕੇ ਹੀ ਪੁਲਿਸ, ਅੰਬੂਲੈਂਸ, ਮੰਤਰੀ ਦੀ ਗੱਡੀ ਅਦਿ ਦੀ ਤਸਵੀਰ ਸਾਡੇ ਮਨ ਵਿਚ ਬਣ ਜਾਂਦੀ ਹੈ, ਜਿਸ ਨੂੰ ਵੀ.ਆਈ.ਪੀ. ਕਲਚਰ ਕਹਿ ਲਿਆ ਜਾਵੇ ਤਾਂ ਕੋਈ ਅਤਿਕਥਨੀ ਨਹੀਂ। ਕਿਤੇ ਨਾ ਕਿਤੇ ਪੰਜਾਬ ਜਾਂ ਪੰਜਾਬ ਤੋਂ ਬਾਹਰ ਕੇਂਦਰ ਸਰਕਾਰ ਵਲੋਂ ਵੀ ਹੁੰਗਾਰਾ ਭਰਿਆ ਗਿਆ ਕਿ ਲਾਲ ਬੱਤੀ ਦੀ ਵਰਤੋਂ ਬੰਦ ਕਰ ਦਿੱਤੀ ਜਾਵੇਗੀ, ਤਾਂ ਜੋ ਵੀ.ਆਈ.ਪੀ. ਕਲਚਰ ਜੋ ਦਿਨ-ਪਰ-ਦਿਨ ਵਧਦਾ ਜਾ ਰਿਹਾ ਹੈ, ਉਸ 'ਤੇ ਠੱਲ੍ਹ ਪਾਈ ਜਾ ਸਕੇ, ਇਸ ਲਾਲ ਬੱਤੀ ਨੂੰ ਖਤਮ ਕਰਨ ਦਾ ਸਰਕਾਰਾਂ ਦਾ ਮੁੱਖ ਮੰਤਵ ਸ਼ਾਇਦ ਇਹ ਸੀ ਕਿ ਉਹ ਇਸ ਵੀ.ਆਈ.ਪੀ. ਸੱਭਿਆਚਾਰ ਨੂੰ ਖਤਮ ਕਰਕੇ ਹਰ ਇਕ ਨੂੰ ਬਰਾਬਰ ਦਾ ਬਣਾਉਣ ਦਾ ਸੋਚ ਰਹੀ ਹੈ ਪਰ ਸ਼ਾਇਦ ਇਸ ਗੱਲ ਉੱਤੇ ਧਿਆਨ ਨਹੀਂ ਦਿੱਤਾ ਕਿ ਇਸ ਸੱਭਿਆਚਾਰ ਨੂੰ ਕਾਗਜ਼ਾਂ ਵਿਚੋਂ ਤਾਂ ਕੱਢਿਆ ਜਾ ਸਕਦਾ ਹੈ ਪਰ ਜੋ ਲੋਕਾਂ ਦੇ ਦਿਲ ਤੇ ਦਿਮਾਗ ਵਿਚ ਇਹ ਸੱਭਿਆਚਾਰ ਘਰ ਕਰ ਚੁੱਕਾ, ਉਸ ਨੂੰ ਕਿਸ ਤਰ੍ਹਾਂ ਖਤਮ ਕੀਤਾ ਜਾ ਸਕੇ, ਕਿਉਂਕਿ ਲੋਕ ਅੱਜ ਵੀ ਇਸ ਵੀ.ਆਈ.ਪੀ. ਸੱਭਿਆਚਾਰ ਵਿਚ ਹੀ ਕਿਤੇ ਨਾ ਕਿਤੇ ਜ਼ਿੰਦਗੀ ਜਿਊਣ ਦੇ ਆਦੀ ਬਣੇ ਹੋਏ ਹਨ।
ਗੱਲ ਕੁਝ ਦਿਨ ਪਹਿਲਾਂ ਦੀ ਹੈ, ਜਦੋਂ ਮੈਂ ਆਪਣੇ ਪਿੰਡ ਤੋਂ ਸ਼ਹਿਰ ਨੂੰ ਕਿਸੇ ਕੰਮ ਲਈ ਜਾ ਰਿਹਾ ਸੀ। ਮੈਂ ਦੇਖਿਆ ਕਿ ਕਿਸੇ ਮੰਤਰੀ ਸਾਹਿਬ ਦੀ ਗੱਡੀ ਜਦੋਂ ਮੇਰੇ ਕੋਲੋਂ ਲੰਘੀ ਤੇ ਉਸ ਗੱਡੀ ਦੇ ਅੱਗੇ ਪੁਲਿਸ ਦੀ ਪਾਇਲਟ ਗੱਡੀ ਜਿਸ 'ਤੇ ਲਾਲ ਬੱਤੀ ਘੁੰਮ ਰਹੀ ਸੀ ਤੇ ਇਸ ਤੋਂ ਇਲਾਵਾ ਹੋਰ ਵੀ ਤਿੰਨ ਚਾਰ ਗੱਡੀਆਂ ਮੰਤਰੀ ਜੀ ਦੀ ਗੱਡੀ ਦੇ ਅੱਗੇ-ਪਿੱਛੇ ਦੌੜ ਰਹੀਆਂ ਸਨ। ਕਿੳਂੁਕਿ ਅੱਜ ਵੀ ਕਿਸੇ ਵੱਡੇ ਲੀਡਰ ਜਾਂ ਮੁੱਖ ਮੰਤਰੀ ਦੇ ਆਉਣ 'ਤੇ ਸੜਕ ਨੂੰ ਜਾਮ ਕਰ ਦਿੱਤਾ ਜਾਂਦਾ ਹੈ ਜਾਂ ਫਿਰ ਜੇਕਰ ਮੰਤਰੀ ਸਾਹਿਬ ਸੜਕ ਪਾਰ ਕਰ ਰਹੇ ਹੋਣ ਤਾਂ ਰਾਹਗੀਰਾਂ ਦੀਆਂ ਗੱਡੀਆਂ ਦੀ ਲੰਬੀ ਲਾਈਨ ਬਣਾ ਕੇ ਰੋਕ ਦਿੱਤਾ ਜਾਂਦਾ ਹੈ ਜਾਂ ਫਿਰ ਜੇਕਰ ਕਿਸੇ ਰੈਲੀ ਜਾਂ ਧਾਰਮਿਕ ਸਥਾਨ 'ਤੇ ਮੰਤਰੀ ਸਾਹਿਬ ਨੇ ਜਾਣਾ ਹੋਵੇ ਤਾਂ ਉਨ੍ਹਾਂ ਦੀ ਫੋਰਸ ਪਹਿਲਾਂ ਉਸ ਜਗ੍ਹਾ ਪਹੁੰਚ ਜਾਂਦੀ ਹੈ, ਜੋ ਕਿਤੇ ਨਾ ਕਿਤੇ ਵੀ. ਆਈ. ਪੀ. ਸੱਭਿਆਚਾਰ ਦੀ ਛਾਪ ਛੱਡਦੀ ਨਜ਼ਰ ਆਉਂਦੀ ਹੈ। ਕਾਗਜ਼ਾਂ ਵਿਚੋਂ ਹੀ ਲਾਲ ਬੱਤੀ ਨੂੰ ਕੱਢ ਕੇ ਇਸ ਦਾ ਕੋਈ ਹੱਲ ਨਹੀਂ ਬਣੇਗਾ, ਕਿਉਂਕਿ ਲਾਲ ਬੱਤੀ ਹਟਾ ਕੇ ਵੀ ਕਈ ਲੋਕ ਜਾਂ ਲੀਡਰ ਆਪਣੀ ਜ਼ਿੰਦਗੀ ਨੂੰ ਅੱਜ ਵੀ ਵੀ.ਆਈ.ਪੀ. ਢੰਗ ਨਾਲ ਜਿਊ ਰਹੇ ਹਨ। ਅੱਜ ਵੀ ਆਮ ਆਦਮੀ ਨੇ ਜੇਕਰ ਉਨ੍ਹਾਂ ਨੂੰ ਮਿਲਣਾ ਹੋਵੇ ਤਾਂ ਘੰਟਿਆਂਬੱਧੀ ਉਡੀਕ ਕਰਨੀ ਪੈਂਦੀ ਹੈ ਜਾਂ ਕਈ ਵਾਰ ਬਿਨਾਂ ਮਿਲੇ ਹੀ ਨਿਰਾਸ਼ ਮੁੜਨਾ ਪੈਂਦਾ ਹੈ।
ਸੋ, ਸਰਕਾਰ ਨੂੰ ਚਾਹੀਦਾ ਹੈ ਕਿ ਜੇਕਰ ਸੱਚ ਵਿਚ ਹੀ ਵੀ.ਆਈ.ਪੀ. ਕਲਚਰ ਖ਼ਤਮ ਕਰਨਾ ਹੈ ਤਾਂ ਇਕੱਲੇ ਲਾਲ ਬੱਤੀ ਹਟਾਉਣ ਨਾਲ ਇਸ ਦਾ ਹੱਲ ਨਹੀਂ ਹੋਵੇਗਾ। ਇਸ ਦੇ ਲਈ ਸਰਕਾਰ ਕੁਝ ਠੋਸ ਕਦਮ ਚੁੱਕੇ ਤੇ ਸਖਤ ਰਵੱਈਆ ਅਪਣਾਏ, ਤਾਂ ਜੋ ਲੋਕਾਂ ਦੇ ਦਿਲ ਤੇ ਦਿਮਾਗ ਵਿਚ ਜੋ ਵੀ.ਆਈ.ਪੀ. ਸੱਭਿਆਚਾਰ ਘਰ ਕਰਕੇ ਬੈਠਾ ਹੈ, ਉਸ ਨੂੰ ਬਾਹਰ ਕੱਢਿਆ ਜਾ ਸਕੇ, ਕਿਉਂਕਿ ਇਸ ਨਾਲ ਹੀ ਆਮ ਆਦਮੀ ਨੂੰ ਹੁੰਦੀਆਂ ਮੁਸ਼ਕਿਲਾਂ ਤੋਂ ਛੁਟਕਾਰਾ ਮਿਲ ਸਕਦਾ ਹੈ।

-ਅਨੰਦਪੁਰ ਸਾਹਿਬ। ਮੋਬਾ: 90412-96518

ਸਰਹੱਦੀ ਕਿਸਾਨਾਂ ਦੀਆਂ ਮੁਸ਼ਕਿਲਾਂ ਜਿਉਂ ਦੀਆਂ ਤਿਉਂ

ਭਾਰਤ ਦੇਸ਼ 15 ਅਗਸਤ, 1947 ਨੂੰ ਆਜ਼ਾਦ ਹੋਇਆ। ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਆਜ਼ਾਦੀ ਦੇ ਜਸ਼ਨ ਮਨਾਏ ਜਾਂਦੇ ਹਨ, ਜੋ ਚੰਗੀ ਗੱਲ ਹੈ, ਪਰ ਉਨ੍ਹਾਂ ਲੋਕਾਂ ਨੂੰ ਵੀ ਯਾਦ ਰੱਖਿਓ ਜੋ ਆਜ਼ਾਦੀ ਤੋਂ ਲੈ ਕੇ ਹੁਣ ਤੱਕ ਵੀ ਵੰਡ ਦੇ ਸੰਤਾਪ ਨੂੰ ਹੰਢਾਅ ਰਹੇ ਹਨ। ਉਸ ਸਮੇਂ ਨੂੰ ਯਾਦ ਕਰਕੇ ਅੱਖਾਂ ਭਰ ਆਉਂਦੀਆਂ ਹਨ। ਵੰਡ ਹੋਣ ਕਾਰਨ ਪੰਜਾਬ ਨਾਲ ਲੱਗਦੀ 553 ਕਿਲੋਮੀਟਰ ਲੰਬੀ ਸਰਹੱਦ ਪੰਜਾਬ ਦੇ 220 ਪਿੰਡਾਂ ਦੇ ਉਜਾੜੇ ਦਾ ਕਾਰਨ ਬਣੀ ਅਤੇ 1990 ਵਿਚ ਬਾਰਡਰ 'ਤੇ ਕੰਡਿਆਲੀ ਤਾਰ ਲੱਗਣ ਕਾਰਨ 21,600 ਏਕੜ ਤਾਰ ਤੋਂ ਅੱਗੇ ਜਾਣ ਕਾਰਨ ਖੇਤੀ ਕਰਨ ਦੇ ਲਿਹਾਜ਼ੇ ਨਾਲ ਬਰਬਾਦ ਹੋ ਗਈ।
ਇਹ 220 ਪਿੰਡ ਸਰਹੱਦ 'ਤੇ ਕਈ ਵਾਰ ਪਾਕਿਸਤਾਨ ਨਾਲ ਹੋਈ ਲੜਾਈ ਅਤੇ ਟਕਰਾਅ ਕਾਰਨ ਉਜੜੇ ਹਨ। ਆਪਣੇ ਘਰ ਦਾ ਸਾਮਾਨ ਮਕਾਨ ਤੱਕ ਬਰਬਾਦ ਕਰਾ ਚੁੱਕੇ ਹਨ, ਵਸਣਾ ਅਤੇ ਉਜੜਨਾ ਇਨ੍ਹਾਂ ਦੀ ਜ਼ਿੰਦਗੀ ਦਾ ਹਿੱਸਾ ਬਣ ਚੁੱਕਾ ਹੈ। ਬਾਰਡਰ ਕਿਸਾਨ ਵੈਲਫੇਅਰ ਸੁਸਾਇਟੀ ਪਿਛਲੇ ਕਈ ਸਾਲਾਂ ਤੋਂ ਆਪਣੇ ਹੀ ਦੇਸ਼ ਦੀਆਂ ਸਰਕਾਰਾਂ ਨਾਲ ਜਾਇਜ਼ ਮੰਗਾਂ ਲਈ ਅਦਾਲਤਾਂ ਵਿਚ ਧੱਕੇ ਖਾ ਰਹੀ ਹੈ। ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਅਧੀਨ ਚੱਲ ਰਹੇ ਕੇਸ ਐਲ. ਪੀ. ਏ. 35/2012 ਦੇ ਅਨੁਸਾਰ ਸਰਹੱਦੀ ਕਿਸਾਨਾਂ ਦੀ ਇਹ ਜ਼ਮੀਨ ਅਦਾਲਤ ਵਲੋਂ ਪ੍ਰਤੀਬੰਧਤ ਖੇਤੀ ਵਾਲੀ ਜ਼ਮੀਨ ਘੋਸ਼ਿਤ ਕੀਤੀ ਗਈ ਹੈ, ਜੋ ਕਿ ਬੀ. ਐਸ. ਐਫ. ਦੇ ਕੰਟਰੋਲ ਹੇਠ ਅੱਜ ਵੀ ਚੱਲ ਰਹੀ ਹੈ। ਕੰਡਿਆਲੀ ਤਾਰ ਤੋਂ ਅੱਗੇ ਵਾਲੀ ਜ਼ਮੀਨ ਅਦਾਲਤੀ ਹੁਕਮਾਂ ਮੁਤਾਬਕ ਇਸ ਜ਼ਮੀਨ ਦੇ ਬਦਲੇ ਕਿਸਾਨਾਂ ਨੂੰ ਹੋਰ ਜ਼ਮੀਨ ਅਲਾਟ ਕਰਨ ਜਾਂ ਐਕਵਾਇਰ ਕਰਨ ਬਾਰੇ ਅਦਾਲਤਾਂ ਵਿਚ ਸਰਕਾਰ ਕੋਲੋਂ ਪੁੱਛਿਆ ਤਾਂ ਸਰਕਾਰ ਅਤੇ ਬੀ. ਐਸ. ਐਫ. ਨੇ ਆਪਣੇ ਹਲਫੀਆ ਬਿਆਨ ਦਾਇਰ ਕਰਵਾਏ. ਜਿਸ ਵਿਚ ਖੇਤੀ ਕਰਵਾਉਣ ਲਈ ਕਿਹਾ, ਪਰ ਕਿਸਾਨ ਨਾ ਖੇਤੀ ਕਰਨਾ ਚਾਹੁੰਦਾ ਹੋਇਆ ਵੀ ਢੁੱਕਵੀਂ ਖੇਤੀ ਕਰ ਰਿਹਾ ਹੈ। 14 ਮਾਰਚ, 2014 ਦਾ ਸਾਲਾਨਾ ਮੁਆਵਜ਼ਾ ਅਜੇ ਤੱਕ ਨਹੀਂ ਮਿਲਿਆ। 1 ਜਨਵਰੀ, 2015 ਤੋਂ 31 ਦਸੰਬਰ, 2015 ਦਾ ਮੁਆਵਜ਼ਾ 10,800 ਰੁਪਏ ਬਣਿਆ ਸੀ, ਉਹ ਸਤੰਬਰ, 2016 ਵਿਚ ਵੰਡਣ ਲਈ ਕਿਹਾ ਸੀ, ਜਿਸ ਵਿਚੋਂ ਸਿਰਫ 10000 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਕੁਝ ਹੀ ਕਿਸਾਨਾਂ ਨੂੰ ਦਿੱਤਾ। ਦੱਸੋ ਸਰਹੱਦੀ ਕਿਸਾਨ ਵਿਚਾਰਾ ਕੀ ਕਰੇ? 1 ਜਨਵਰੀ, 2016 ਤੋਂ 31 ਦਸੰਬਰ, 2016 ਦਾ ਸਾਲਾਨਾ ਮੁਆਵਜ਼ਾ ਤਕਰੀਬਨ 11 ਹਜ਼ਾਰ ਰੁਪਏ ਪ੍ਰਤੀ ਏਕੜ ਬਣਿਆ ਹੈ, ਇਸ ਬਾਰੇ ਸਰਕਾਰ ਅਜੇ ਤੱਕ ਸੋਚ ਨਹੀਂ ਰਹੀ, ਇਹ ਵੀ ਅਦਾਲਤੀ ਹੁਕਮਾਂ ਦੀ ਉਲੰਘਣਾ ਹੈ। ਕੀ ਕਿਸਾਨਾਂ ਨੂੰ ਸਾਲਾਨਾ ਮੁਆਵਜ਼ੇ ਲਈ ਵੀ ਹਰ ਵਾਰ ਅਦਾਲਤਾਂ ਵਿਚ ਜਾਣਾ ਪਵੇਗਾ। ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਲੋਂ ਸਰਹੱਦੀ ਕਿਸਾਨਾਂ ਦੀ ਪੂਰੀ ਬਰਬਾਦੀ ਨੂੰ ਵਾਚਣ ਲਈ ਮਾਣਯੋਗ ਐਡੀਸ਼ਨਲ ਸੈਸ਼ਨ ਜੱਜ ਤਰਨਤਾਰਨ ਦੇ ਅੰਡਰ ਵਿਸ਼ੇਸ਼ ਟ੍ਰਿਬਿਊਨਲ 20 ਮਈ, 2015 ਨੂੰ ਗਠਿਤ ਕੀਤਾ ਗਿਆ, ਜਿਸ ਦਾ ਨੋਟੀਫਿਕੇਸ਼ਨ ਮਿਤੀ 8 ਮਾਰਚ, 2016 ਨੂੰ ਹੋ ਗਿਆ, ਜਿਸ ਵਿਚ ਕਿਸਾਨਾਂ ਵੱਲ ਪਾਏ ਗਏ ਕਲੇਮਾਂ ਦੀ ਕਾਰਵਾਈ ਚੱਲ ਰਹੀ ਹੈ।
ਇਸ ਫੈਸਲੇ ਨੂੰ ਵੀ ਕੇਂਦਰੀ ਅਤੇ ਪੰਜਾਬ ਸਰਕਾਰਾਂ ਨੇ ਮਾਣਯੋਗ ਸੁਪਰੀਮ ਕੋਰਟ ਵਿਚ ਚੁਣੌਤੀ ਦਿੱਤੀ ਸੀ, ਜਿਸ ਦਾ ਫੈਸਲਾ 10 ਅਕਤੂਬਰ, 2016 ਨੂੰ ਮਾਣਯੋਗ ਸੁਪਰੀਮ ਕੋਰਟ ਨੇ ਸਰਹੱਦੀ ਕਿਸਾਨਾਂ ਦੇ ਹੱਕ ਵਿਚ ਫੈਸਲਾ ਦਿੱਤਾ ਸੀ ਅਤੇ ਹਦਾਇਤ ਕੀਤੀ ਕਿ ਉਕਤ ਕਿਸਾਨਾਂ ਦੇ ਫੈਸਲੇ ਚਾਰ ਹਫਤਿਆਂ ਅੰਦਰ ਨਿਪਟਾਏ ਜਾਣ ਪਰ ਸਰਕਾਰਾਂ ਅਦਾਲਤ ਦੇ ਹੁਕਮ ਦੀ ਪ੍ਰਵਾਹ ਨਾ ਕਰਦੇ ਹੋਏ ਸਰਹੱਦੀ ਕਿਸਾਨਾਂ ਨਾਲ ਹਮਦਰਦੀ ਦੀ ਬਜਾਏ ਉਨ੍ਹਾਂ ਨੂੰ ਬਰਬਾਦ ਕਰ ਰਹੀਆਂ ਹਨ। ਪਰ ਫਿਰ ਵੀ ਸਾਡਾ ਸਰਹੱਦੀ ਕਿਸਾਨ ਦੇਸ਼ ਪਿਆਰ ਪ੍ਰਤੀ ਅਡੋਲ ਖੜ੍ਹਾ ਹੈ। ਜਿਸ ਦੇ ਸਿਰ 'ਤੇ ਉਜੜਨ ਦੀ ਤਲਵਾਰ ਹਮੇਸ਼ਾ ਲਟਕਦੀ ਰਹਿੰਦੀ ਹੈ। ਸਰਹੱਦੀ ਕਿਸਾਨਾਂ ਦਾ ਕਹਿਣਾ ਹੈ ਕਿ ਆਜ਼ਾਦੀ ਦਿਵਸ ਦੇ ਮੌਕੇ ਸਾਨੂੰ ਸ਼ਬਦਾਂ ਦੇ ਖਾਲੀ ਭੰਡਾਰ ਹੀ ਮਿਲਦੇ ਹਨ। ਸਰਹੱਦੀ ਕਿਸਾਨਾਂ ਦੀ ਮੰਗ ਹੈ ਕਿ 1990 ਤੋਂ ਲੈ ਕੇ ਹੁਣ ਤੱਕ ਲੱਗੀ ਕੰਡਿਆਲੀ ਤਾਰ ਲਈ ਐਕਵਾਇਰ ਕੀਤੀ ਜ਼ਮੀਨ ਦਾ ਉਚਿਤ ਮੁਅਵਜ਼ਾ ਅਤੇ ਸਾਲਾਨਾ ਮੁਆਵਜ਼ਾ, ਨੌਕਰੀਆਂ ਵਿਚ ਰਾਖਵਾਂਕਰਨ, ਸਿਹਤ ਸਹੂਲਤਾਂ, ਮੁਢਲੀ ਸਿੱਖਿਆ, ਉੱਚ ਪੱਧਰੀ ਸਿੱਖਿਆ ਆਦਿ ਮੁਹੱਈਆ ਕਰਵਾਈ ਜਾਵੇ ਅਤੇ ਸਰਹੱਦੀ ਕਿਸਾਨਾਂ ਦੇ ਕਰਜ਼ੇ ਪਹਿਲ ਦੇ ਅਧਾਰ 'ਤੇ ਮੁਆਫ ਕੀਤੇ ਜਾਣ ਅਤੇ ਜੋ ਵਿਸ਼ੇਸ਼ ਸਰਹੱਦੀ ਟ੍ਰਿਬਿਊਨਲ ਕਾਰਵਾਈ ਕਰ ਰਿਹਾ ਹੈ, ਸਰਕਾਰਾਂ ਉਸ ਦਾ ਸਹਿਯੋਗ ਕਰਕੇ ਜਲਦੀ ਤੋਂ ਜਲਦੀ ਕਿਸਾਨਾਂ ਦੇ ਬਣਦੇ ਹੱਕ ਦਿੱਤੇ ਜਾਣ, ਜਿਸ ਨਾਲ ਇਹ ਕਿਸਾਨ ਵੀ ਆਮ ਲੋਕਾਂ ਦੀ ਜ਼ਿੰਦਗੀ ਦੀ ਤਰ੍ਹਾਂ ਆਨੰਦਮਈ ਮਾਹੌਲ ਵਿਚ ਜੀਵਨ ਬਸੇਰਾ ਕਰ ਸਕਣ।

-ਪਿੰਡ ਚੱਕ ਬਜ਼ੀਦਾ (ਗਹਿਲੇ ਵਾਲਾ), ਜ਼ਿਲ੍ਹਾ ਫਾਜ਼ਿਲਕਾ। ਮੋਬਾ: 99887-66013


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX