ਤਾਜਾ ਖ਼ਬਰਾਂ


ਛੱਤੀਸਗੜ੍ਹ 'ਚ ਡੇਂਗੂ ਦੀ ਬਿਮਾਰੀ ਮਹਾਂਮਾਰੀ ਘੋਸ਼ਿਤ ,ਸਰਕਾਰ ਕਰੇਗੀ ਮੁਫ਼ਤ ਇਲਾਜ
. . .  36 minutes ago
ਨਸ਼ੇ'ਚ ਗੁੱਟ ਕਾਰ ਚਾਲਕ ਨੇ 2 ਬੱਚਿਆਂ ਸਮੇਤ 8 ਬੁਰੀ ਤਰਾਂ ਦਰੜੇ
. . .  about 2 hours ago
ਜਲਾਲਾਬਾਦ,14ਅਗਸਤ(ਜਤਿੰਦਰ ਪਾਲ ਸਿੰਘ ,ਕਰਨ ਚੁਚਰਾ)-ਜਲਾਲਾਬਾਦ ਦੇ ਬਾਹਮਣੀ ਵਾਲਾ ਸੜਕ ਤੇ ਨਸ਼ੇ'ਚ ਗੁੱਟ ਕਾਰ ਡਰਾਈਵਰ ਨੇ ਲਗਭਗ ਅੱਠ ਵਿਅਕਤੀ ਜਿਨ•ਾਂ ਵਿੱਚ ਦੋ ਬੱਚੇ ਵੀ ਸ਼ਾਮਿਲ ਹਨ, ਆਪਣੀ ਕਾਰ ਨਾਲ ਦਰੜ ...
15 ਅਗਸਤ ਦਾ ਦਿਨ ਹਰ ਭਾਰਤੀ ਲਈ ਪਵਿੱਤਰ ਦਿਨ - ਰਾਸ਼ਟਰਪਤੀ
. . .  about 2 hours ago
ਨਵੀਂ ਦਿੱਲੀ, 14 ਅਗਸਤ - 15 ਅਗਸਤ ਆਜ਼ਾਦੀ ਦਿਹਾੜੇ ਤੋਂ ਇੱਕ ਦਿਨ ਪਹਿਲਾ ਕੌਮ ਦੇ ਨਾਂਅ ਸੰਦੇਸ਼ ਦਿੰਦਿਆਂ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਕਿਹਾ ਕਿ 15 ਅਗਸਤ ਦਾ ਦਿਨ...
7 ਗੈਂਗਸਟਰਾਂ ਨੂੰ ਮਾਰ ਮੁਕਾਇਆ ਕੈਪਟਨ ਸਰਕਾਰ ਨੇ - ਕੇਵਲ ਢਿੱਲੋਂ
. . .  about 4 hours ago
ਤਪਾ ਮੰਡੀ ,14 ਅਗਸਤ(ਵਿਜੇ ਸ਼ਰਮਾ) - ਸੂਬੇ ਦੀ ਪਿਛਲੀ ਅਕਾਲੀ-ਭਾਜਪਾ ਸਰਕਾਰ ਨੇ ਆਪਣੇ 10 ਸਾਲ ਦੇ ਕਾਰਜਕਾਲ 'ਚ ਪੰਜਾਬ ਦੀ ਜਨਤਾ ਨੂੰ ਦਬਕੇ ਕੁੱਟਿਆ ਅਤੇ ਲੁਟਿਆ ਹੈ। ਹੁਣ ਅਕਾਲੀ ਟੈਂਟ ਲਗਾ ਕੇ ਪੰਜਾਬ ਦੇ ਵਿਕਾਸ ਦੀਆਂ ਗੱਲਾਂ ਕਰ ਰਹੇ ਹਨ। ਇਹ ਸ਼ਬਦ ...
ਕੈਪਟਨ ਵੱਲੋਂ ਲੁਧਿਆਣੇ ਦੇ ਸਨਅਤਕਾਰਾਂ ਤੇ ਆਗੂਆਂ ਨਾਲ ਵਿਚਾਰ ਚਰਚਾ
. . .  about 4 hours ago
ਲੁਧਿਆਣਾ, 14 ਅਗਸਤ (ਪਰਮੇਸ਼ਰ ਸਿੰਘ)- ਆਜ਼ਾਦੀ ਦਿਹਾੜੇ ਤੋਂ ਪਹਿਲੀ ਸ਼ਾਮ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲੁਧਿਆਣੇ ਦੇ ਸਨਅਤਕਾਰਾਂ ਤੇ ਆਗੂਆਂ ਨਾਲ ਵਿਚਾਰ ਚਰਚਾ ਕੀਤੀ। ਸਨਅਤਕਾਰਾਂ ਨੇ ਸਨਅਤਾਂ ਲਈ ਦਰਪੇਸ਼ ਮੁਸ਼ਕਲਾਂ ਅਤੇ ਇਨ੍ਹਾਂ ਨੂੰ ਹੋਰ ....
ਬਲੋਚਿਸਤਾਨ 'ਚ ਹੋਏ ਗ੍ਰਨੇਡ ਹਮਲੇ 'ਚ 11 ਲੋਕ ਜ਼ਖਮੀ
. . .  about 4 hours ago
ਪੇਸ਼ਾਵਰ, 14 ਅਗਸਤ- ਪਾਕਿਸਤਾਨ ਦੇ ਬਲੋਚਿਸਤਾਨ ਸੂਬੇ 'ਚ ਗ੍ਰਨੇਡ ਹਮਲਾ ਹੋਣ ਦੀ ਖਬਰ ਮਿਲੀ ਹੈ। ਇਸ ਹਮਲੇ 'ਚ ਘੱਟੋ ਘੱਟ 11 ਲੋਕ ਜ਼ਖਮੀ ਹੋਏ ਹਨ। ਜ਼ਖਮੀ ਹੋਏ ਲੋਕਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਜਾਣਕਾਰੀ ਅਨੁਸਾਰ ....
ਨਾਬਾਲਗ ਲੜਕੀ ਨਾਲ ਜਬਰ ਜਨਾਹ
. . .  about 5 hours ago
ਰਾਮ ਤੀਰਥ, 14 ਅਗਸਤ(ਧਰਵਿੰਦਰ ਸਿੰਘ ਔਲਖ) - ਕਰੀਬ 1 ਮਹੀਨਾ ਪਹਿਲਾਂ ਪਿੰਡ ਕੋਹਾਲੀ ਦੀ ਇੱਕ 12 ਵਰ੍ਹਿਆਂ ਦੀ ਮਾਸੂਮ ਬੱਚੀ ਨਾਲ ਇਕ 24 ਵਰ੍ਹਿਆਂ ਦੇ ਨੌਜਵਾਨ ਵੱਲੋਂ ਕੀਤੇ ਗਏ ਜਬਰ ਜਨਾਹ ਦੀਆਂ ਖਬਰਾਂ ਦੀ ਅਜੇ ਸਿਆਹੀ ਵੀ ਨਹੀਂ ਸੁੱਕੀ ਕਿ ਅੱਜ ਫੇਰ....
ਕੈਪਟਨ ਵੱਲੋਂ ਪੰਜਾਬ ਦੇ ਪਹਿਲੇ ਸਰਕਾਰੀ ਸਮਾਰਟ ਸਕੂਲ ਦੀ ਸ਼ੁਰੂਆਤ
. . .  about 5 hours ago
ਲੁਧਿਆਣਾ , 14 ਅਗਸਤ(ਪਰਮੇਸ਼ਰ ਸਿੰਘ) - ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਪੰਜਾਬ ਦੇ ਪਹਿਲੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦਾ ਉਦਘਾਟਨ ਪੀ. ਏ. ਯੂ. ਵਿਖੇ ਕੀਤਾ। ਇਨ੍ਹਾਂ ਸਕੂਲਾਂ ਨੂੰ ਪ੍ਰਾਈਵੇਟ ਸਕੂਲਾਂ ਦੇ ਮੁਕਾਬਲੇ ਲਈ ਤਿਆਰ...
ਅਫ਼ਗਾਨਿਸਤਾਨ 'ਚ ਹੋਏ ਅੱਤਵਾਦੀ ਹਮਲੇ 'ਚ 7 ਪੁਲਿਸ ਕਰਮਚਾਰੀਆਂ ਦੀ ਮੌਤ
. . .  about 5 hours ago
ਕਾਬੁਲ, 14 ਅਗਸਤ- ਅਫ਼ਗਾਨਿਸਤਾਨ ਦੇ ਜ਼ਾਬੁਲ ਸੂਬੇ 'ਚ ਕਾਬੁਲ-ਕੰਧਾਰ ਹਾਈਵੇਅ 'ਤੇ ਸੁਰੱਖਿਆ ਬਲਾਂ ਨਾਕੇ 'ਤੇ ਤਾਲਿਬਾਨ ਵਲੋਂ ਕੀਤੇ ਹਮਲੇ 'ਚ 7 ਪੁਲਿਸ ਕਰਮਚਾਰੀਆਂ ਦੀ ਮੌਤ ਹੋ ਗਈ, ਜਦਕਿ ਦੋ ਹੋਰ ਜ਼ਖ਼ਮੀ ਹੋ ਗਏ। ਅਫ਼ਗਾਨਿਸਤਾਨ ਦੀਆਂ ਮੀਡੀਆ ਰਿਪੋਰਟਾਂ...
ਯਮਨ 'ਚ ਹੋਏ ਬੱਸ ਹਮਲੇ 'ਚ 40 ਬੱਚਿਆਂ ਸਮੇਤ 51 ਲੋਕਾਂ ਦੀ ਮੌਤ
. . .  about 5 hours ago
ਸਨਾ, 14 ਅਗਸਤ -ਵਿਦਰੋਹੀਆਂ ਦੇ ਕਬਜ਼ੇ ਵਾਲੇ ਉੱਤਰੀ ਯਮਨ 'ਚ ਇਕ ਬੱਸ 'ਤੇ ਸਾਉਦੀ ਅਰਬ ਦੀ ਅਗਵਾਈ ਵਾਲੀ ਗੱਠਜੋੜ ਦੇ ਹਵਾਈ ਹਮਲੇ 'ਚ ਮਾਰੇ ਗਏ 51 ਲੋਕ ਮਾਰੇ ਗਏ ਜਿਨ੍ਹਾਂ 'ਚੋਂ 40 ਬੱਚੇ ਸਨ। ਰੈੱਡ ਕਰਾਸ ਨੇ ਅੱਜ ਮ੍ਰਿਤਕਾਂ ਦੀ ਨਵੀਂ ਗਿਣਤੀ ਬਾਰੇ...
ਹੋਰ ਖ਼ਬਰਾਂ..
  •     Confirm Target Language  

ਸਾਹਿਤ ਫੁਲਵਾੜੀ

ਦੋ ਕਿਸ਼ਤਾਂ ਵਿਚ ਛਪਣ ਵਾਲੀ ਰਚਨਾ ਕਿਰਦਾਰ

ਉਪਮਾ ਡਾਗਾ ਪਾਰਥ
ਵਕਤ ਦਾ ਮਿਜ਼ਾਜ ਪਛਾਨਣਾ ਬਹੁਤ ਮੁਸ਼ਕਿਲ ਹੁੰਦਾ ਹੈ। ਕਦੇ ਤਾਂ ਘੜੀਆਂ ਵੀ ਇੰਜ ਲੰਘਦੀਆਂ ਹਨ ਜਿਵੇਂ ਸਦੀਆਂ ਬਿਤਾ ਕੇ ਹੀ ਜਾਣਗੀਆਂ ਅਤੇ ਕਦੇ ਸਾਲ ਵੀ ਅਜਿਹੀ ਤੋਰ ਤੁਰਦਾ ਹੈ ਕਿ ਦਿਨਾਂ 'ਚ ਖ਼ਤਮ ਹੋ ਗਿਆ ਲਗਦਾ ਹੈ।
ਮੈਟਰੋ 'ਚ ਆਪਣੀ ਸੀਟ 'ਤੇ ਅੱਖਾਂ ਮੀਚੀ ਬੈਠੀ ਨੇਹਾ ਵਕਤ ਦਾ ਵਹੀਖਾਤਾ ਖੋਲ੍ਹੀ ਬੈਠੀ ਸੀ। ਉਸ ਵਹੀਖਾਤੇ 'ਚ ਪਲਾਂ ਅਤੇ ਘੰਟਿਆਂ ਦੇ ਸਫ਼ੇ ਹੀ ਗਾਇਬ ਸੀ। ਸਿਰਫ਼ ਦਿਨ ਲੰਘਦੇ ਸਨ ਅਤੇ ਉਸ ਤੋਂ ਵੀ ਤੇਜ਼ ਰਫ਼ਤਾਰ ਨਾਲ ਮਹੀਨੇ। ਪਰ ਨੇਹਾ ਨੂੰ ਪਲਾਂ ਦੀ ਘਾਟ ਦੀ ਚੋਭ ਮਹਿਸੂਸ ਹੁੰਦੀ ਰਹਿੰਦੀ ਸੀ। ਸ਼ਾਇਦ ਉਹ ਪਲ ਹੀ ਹਨ, ਜਿਸ ਵੇਲੇ ਉਹ ਆਪਣੇ ਹੱਥੋਂ ਲੰਘ ਰਹੀ ਜ਼ਿੰਦਗੀ ਬਾਰੇ ਜਾਂ ਅਗਲੇ ਮੋੜ 'ਤੇ ਆਉਣ ਵਾਲੇ ਅਣਪਛਾਤੇ ਅਤੇ ਨਾ ਦਿਸਦੇ ਰਾਹਾਂ ਬਾਰੇ ਕੁਝ ਸੋਚ ਸਕਦੀ ਸੀ।
ਪਰ ਉਹ ਤਾਂ ਦਿਨ ਅਤੇ ਮਹੀਨੇ ਲੰਘਾ ਰਹੀ ਸੀ, ਜਿਸ 'ਚ ਸਿਰਫ ਚੱਲਣ ਅਤੇ ਦੌੜਨ ਦਾ ਦਸਤੂਰ ਸੀ, ਰੁਕਣ ਦਾ ਨਹੀਂ।
'ਇਕ ਹੋਰ ਸਾਲ ਲੰਘ ਗਿਆ' ਦੇ ਠੰਢੇ ਹਉਕੇ ਨਾਲ ਹੀ ਉਸ ਨੇ ਅੱਖ ਖੋਲ੍ਹ ਲਈ। ਮੈਟਰੋ ਮੰਡੀ ਹਾਊਸ ਸਟੇਸ਼ਨ 'ਤੇ ਰੁਕੀ। ਅਗਲਾ ਸਟੇਸ਼ਨ ਉਸ ਦਾ ਸੀ। ਦਿਮਾਗ 'ਚ ਤਬਦੀਲ ਹੁੰਦੇ ਉਸ ਦੇ ਦਿਲ ਨੇ ਉਸ ਨੂੰ ਅਵਚੇਤਨ 'ਚੋਂ ਚੇਤਨ ਵਿਚ ਆਉਣ ਦੀ ਤਾਗੀਦ ਕੀਤੀ।
ਨੇਹਾ ਨੇ ਇਕ ਨਜ਼ਰ ਡੱਬੇ 'ਚ ਘੁਮਾਈ ਤਾਂ ਉਸ ਨੂੰ ਮੈਟਰੋ ਦਾ ਕਦੇ ਨਾ ਬਦਲਣ ਵਾਲਾ ਦ੍ਰਿਸ਼ ਹੀ ਨਜ਼ਰ ਆਇਆ-ਆਪੋ ਆਪਣੇ 'ਚ ਮਸਰੂਫ ਲੋਕ। ਸਟੇਸ਼ਨ ਤੋਂ ਚੜ੍ਹੀਆਂ ਸਵਾਰੀਆਂ 'ਚ ਇਕ ਬਾਂਹ ਨੂੰ ਫੜੀ ਇਕ ਹੱਥ ਨਜ਼ਰ ਆਇਆ। ਉਸ ਹੱਥ ਨੇ ਬਿਨਾਂ ਡੱਬੇ 'ਚ ਦਾਖਲ ਹੋਏ ਕਿਹਾ ਕਿ ਇਨ੍ਹਾਂ ਦੀ ਤਬੀਅਤ ਖਰਾਬ ਹੈ। ਇਨ੍ਹਾਂ ਨੂੰ ਆਈ.ਟੀ.ਓ. ਸਟਾਪ 'ਤੇ ਉਤਾਰ ਦੇਣਾ।
ਉਹ ਆਵਾਜ਼ ਕਿਸੇ ਇਕ ਨੂੰ ਮੁਖਾਤਿਬ ਨਹੀਂ ਸੀ। ਡੱਬੇ 'ਚ ਮੌਜੂਦ ਕੋਈ ਵੀ ਫਰਦ ਇਹ ਪੁੰਨ ਕਮਾ ਸਕਦਾ ਸੀ। ਬਾਂਹ ਫੜੀ ਉਹ ਔਰਤ ਇਕ ਖਾਲੀ ਸੀਟ 'ਤੇ ਬੈਠ ਗਈ। ਮੈਟਰੋ 'ਚ ਬਿਮਾਰ ਜਾਂ ਮਦਦ ਦੇ ਕੇ ਲੋੜਵੰਦਾਂ ਨਾਲ ਸਫਰ ਕਰਨ ਦੀ ਆਦਤ ਤਕਰੀਬਨ ਸਾਰੇ ਹੀ ਲੋਕਾਂ ਨੂੰ ਸੀ। ਨੇਹਾ ਨੇ ਵੀ ਇਕ ਵਾਰ ਉਸ ਔਰਤ ਨੂੰ ਦੇਖਿਆ। ਭਾਰੇ ਸਰੀਰ ਦੀ ਮਾਲਕ ਉਸ ਔਰਤ ਨੇ ਸਰਦੀ ਤੋਂ ਬਚਣ ਲਈ ਪਾਏ ਬਹੁਤ ਸਾਰੇ ਗਰਮ ਕੱਪੜਿਆਂ ਤੋਂ ਇਲਾਵਾ ਇਕ ਛੋਟਾ ਪਰਸ ਆਪਣੇ ਸਰੀਰ 'ਤੇ ਪਾਇਆ ਹੋਇਆ ਸੀ। ਅੱਖਾਂ ਖੋਲ੍ਹਦੀ ਤੇ ਬੰਦ ਕਰਦੀ, ਉਸ ਨੇ ਅਗਲੇ ਹੀ ਸਟੇਸ਼ਨ 'ਤੇ ਉਤਰਨਾ ਸੀ।
ਨੇਹਾ ਉਸ ਔਰਤ ਤੋਂ ਥੋੜ੍ਹੀ ਦੂਰ ਬੈਠੀ ਸੀ ਪਰ ਉਤਰਨਾ ਉਸ ਨੇ ਵੀ ਆਈ.ਟੀ.ਓ. ਸਟੇਸ਼ਨ 'ਤੇ ਹੀ ਸੀ। ਥੋੜ੍ਹੀ ਦੂਰ ਬੈਠੀ ਹੋਣ ਕਾਰਨ ਉਸ ਨੂੰ ਲੱਗਾ ਕਿ ਇਸ ਔਰਤ ਨੂੰ ਅਗਲੇ ਸਟੇਸ਼ਨ 'ਤੇ ਉਤਰਨ ਦੀ ਅਪੀਲ ਸ਼ਾਇਦ ਉਸ ਲਈ ਨਹੀਂ ਸੀ।
ਸਟੇਸ਼ਨ ਆਉਣ 'ਤੇ ਉਸ ਔਰਤ ਕੋਲ ਬੈਠੇ 25-30 ਸਾਲ ਦੇ ਨੌਜਵਾਨ ਨੇ ਸਹਾਰਾ ਦੇ ਕੇ ਉੱਠਣ 'ਚ ਮਦਦ ਕੀਤੀ। ਦੋਵੇਂ ਸਟੇਸ਼ਨ 'ਤੇ ਉੱਤਰ ਗਏ ਅਤੇ ਉਨ੍ਹਾਂ ਤੋਂ ਪਿਛਲੇ ਦਰਵਾਜ਼ੇ ਤੋਂ ਨੇਹਾ ਵੀ। ਉਹ ਔਰਤ ਬਹੁਤ ਹੌਲੀ-ਹੌਲੀ ਚੱਲ ਰਹੀ ਸੀ। ਨੇਹਾ ਨੂੰ ਦਫਤਰ ਪਹੁੰਚਣ ਦੀ ਕਾਹਲੀ ਸੀ। ਸ਼ਾਇਦ ਦਿਮਾਗਨੁਮਾ ਦਿਲ 'ਚ ਬੈਠੇ ਇਸੇ ਖਿਆਲ ਕਾਰਨ ਹੀ ਉਸ ਨੇ ਪਹਿਲਾਂ ਮਦਦ ਲਈ ਪਹਿਲ ਨਹੀਂ ਕੀਤੀ ਸੀ।
ਕਈ ਵਾਰ ਧੜਕਣਾਂ ਇਹ ਅਹਿਸਾਸ ਦਿਵਾਉਣ ਲਈ ਕਾਫੀ ਹੁੰਦੀਆਂ ਹਨ ਕਿ ਸਰੀਰ ਦੇ ਇਕ ਕੋਨੇ 'ਚ ਪਏ ਇਸ ਦਿਲ 'ਚ ਜਜ਼ਬਾਤ ਹਾਲੇ ਵੀ ਰਹਿੰਦੇ ਹਨ। ਨੇਹਾ ਨੇ ਥੋੜ੍ਹੀ ਤੇਜ਼ੀ ਨਾਲ ਅੱਗੇ ਵਧ ਕੇ ਉਸ ਔਰਤ ਦੇ ਕੋਲ ਪਹੁੰਚ ਕੇ ਉਸ ਦੀ ਬਾਂਹ ਫੜ ਲਈ ਅਤੇ ਹੌਲੀ ਜਿਹੀ ਪੁੱਛਿਆ, 'ਕੀ ਹੋਇਆ ਤੁਹਾਨੂੰ?'
ਨੇਹਾ ਦੀ ਆਵਾਜ਼ ਸੁਣ ਕੇ ਉਸ ਨੌਜਵਾਨ ਨੇ ਆਪਣੀ ਜ਼ਿੰਮੇਵਾਰੀ ਨੂੰ ਉਸ ਦੇ ਸਪੁਰਦ ਕਰਦਿਆਂ ਕਿਹਾ ਕਿ ਜੇਕਰ ਤੁਸੀਂ ਇਨ੍ਹਾਂ ਨੂੰ ਲੈ ਜਾਓਗੇ ਤਾਂ ਮੈਂ ਜਾਵਾਂ?
ਨੇਹਾ ਨੇ ਉਸ ਨੂੰ ਜਾਣ ਦਿੱਤਾ ਅਤੇ ਅੱਧ-ਬੇਹੋਸ਼ੀ 'ਚ ਚਲਦੀ ਉਸ ਔਰਤ ਨੂੰ ਮੁੜ ਸਵਾਲ ਪੁੱਛਿਆ, ਉਸ ਦੀ ਬਿਮਾਰੀ ਬਾਰੇ। ਉਸ ਨੇ ਕਿਹਾ, 'ਕੈਂਸਰ ਹੈ।'
ਨੇਹਾ ਇਕਦਮ ਸੁੰਨ ਹੋ ਗਈ। ਇਹ ਬਿਮਾਰੀ ਉਸ ਲਈ ਨਵੀਂ ਨਹੀਂ ਸੀ। ਆਪਣੇ ਹੀ ਤਿੰਨ-ਚਾਰ ਮਰੀਜ਼ ਉਹ ਇਸ ਬਿਮਾਰੀ ਨਾਲ ਜੰਗ ਕਰਦਿਆਂ ਦੇਖ ਚੁੱਕੀ ਸੀ। ਨੇਹਾ ਬਿਮਾਰੀ ਦੇ ਕਮਜ਼ੋਰ ਅਤੇ ਹੌਸਲਾ ਪਸਤ ਕਰਨ ਵਾਲੇ ਪਲਾਂ ਤੋਂ ਬਾਖੂਬੀ ਵਾਕਿਫ਼ ਸੀ।
ਨੇਹਾ ਖੁਦ ਨੂੰ ਸੰਭਾਲਦਿਆਂ ਅਤੇ ਉਸ ਦਾ ਹੱਥ ਹੋਰ ਜ਼ੋਰ ਨਾਲ ਫੜਦਿਆਂ ਚੱਲਣ ਲੱਗੀ, ਜਿਵੇਂ ਹੌਸਲਾ ਦੇ ਰਹੀ ਹੋਵੇ ਕਿ ਉਹ ਉਸ ਦੇ ਨਾਲ ਹੈ। ਨੇਹਾ ਨੇ ਫਿਰ ਉਸ ਤੋਂ ਪੁੱਛਿਆ ਕਿ ਕੀ ਉਹ ਕੀਮੋ ਕਰਵਾ ਕੇ ਆ ਰਹੀ ਹੈ? ਜਵਾਬ 'ਚ ਉਸ ਨੇ ਹਾਂ 'ਚ ਸਿਰ ਹਿਲਾ ਦਿੱਤਾ। ਦੋਵੇਂ ਹੌਲੀ-ਹੌਲੀ ਅੱਗੇ ਵਧ ਰਹੀਆਂ ਸਨ।
ਨੇਹਾ ਨੇ ਪੁੱਛਿਆ, 'ਤੁਸੀਂ ਕਿੱਥੇ ਜਾਣਾ ਹੈ?' ਉਸ ਨੇ ਸੰਖੇਪ ਜਿਹਾ ਜਵਾਬ ਦਿੱਤਾ, 'ਗੇਟ ਨੰਬਰ 5।' ਸਟੇਸ਼ਨ ਬੇਸਮੈਂਟ 'ਚ ਹੋਣ ਕਾਰਨ ਬਾਹਰ ਜਾਣ ਤੋਂ ਪਹਿਲਾਂ ਉੱਪਰ ਜਾਣਾ ਪੈਂਦਾ ਸੀ। ਨੇਹਾ ਆਦਤਨ ਐਕਸੀਲੇਟਰ ਵੱਲ ਵਧੀ ਪਰ ਉਸ ਨੇ ਨੇਹਾ ਦਾ ਹੱਥ ਦੱਬ ਕੇ ਚੜ੍ਹਨ ਤੋਂ ਇਨਕਾਰ ਕਰ ਦਿੱਤਾ। ਨੇਹਾ ਨੇ ਲਿਫਟ 'ਚ ਜਾਣ ਨੂੰ ਪੁੱਛਿਆ ਤਾਂ ਉਸ ਨੇ ਫਿਰ ਨਾਂਹ 'ਚ ਸਿਰ ਹਿਲਾ ਦਿੱਤਾ।
ਨੇਹਾ ਉਸ ਦਾ ਹੱਥ ਫੜੀ ਪੌੜੀਆਂ ਚੜ੍ਹਨ ਲੱਗੀ। ਪਰ ਹਾਲੇ ਅੱਧੀਆਂ ਪੌੜੀਆਂ ਵੀ ਨਹੀਂ ਸੀ ਚੜ੍ਹੀਆਂ ਕਿ ਉਸ ਦੀ ਹਾਲਤ ਵਿਗੜਨ ਲੱਗ ਪਈ। ਘਬਰਾਈ ਹੋਈ ਨੇਹਾ ਨੇ ਉਸ ਨੂੰ ਪੌੜੀਆਂ 'ਚ ਹੀ ਬਿਠਾ ਦਿੱਤਾ ਅਤੇ ਮੈਟਰੋ 'ਚ ਤਾਇਨਾਤ ਸਕਿਉਰਿਟੀ ਨੂੰ ਆਵਾਜ਼ ਦੇਣ ਲੱਗੀ। ਥੋੜ੍ਹੀ ਦੇਰ 'ਚ ਦੋ ਸਕਿਉਰਿਟੀ ਗਾਰਡ ਉਸ ਕੋਲ ਆ ਗਏ। ਸਾਰੇ ਉਸ ਨੂੰ ਸਹਾਰਾ ਦੇ ਕੇ ਪਹਿਲੇ ਲੈਵਲ 'ਤੇ ਆਏ (ਬਾਹਰ ਜਾਣ ਲਈ ਹਾਲੇ ਇਕ ਵਾਰ ਹੋਰ ਪੌੜੀਆਂ ਚੜ੍ਹਨੀਆਂ ਪੈਣੀਆਂ ਸਨ)।
ਨੇਹਾ ਅਤੇ ਸਕਿਉਰਿਟੀ ਵਾਲਿਆਂ ਨੇ ਮਿਲ ਕੇ ਉਸ ਨੂੰ ਵ੍ਹੀਲਚੇਅਰ ਉੱਤੇ ਬਿਠਾ ਦਿੱਤਾ, ਜੋ ਆਮ ਤੌਰ 'ਤੇ ਮੈਟਰੋ ਸਟੇਸ਼ਨਾਂ 'ਤੇ ਬਿਮਾਰ ਮੁਸਾਫਰਾਂ ਨੂੰ ਚੜ੍ਹਾਉਣ-ਉਤਾਰਨ ਲਈ ਵਰਤੀਆਂ ਜਾਂਦੀਆਂ ਹਨ।
ਹੁਣ ਉਸ ਦੀ ਹਾਲਤ ਨੂੰ ਦੇਖਦਿਆਂ ਨੇਹਾ ਉਸ ਤੋਂ ਉਸ ਦਾ ਨਾਂਅ, ਘਰ ਦਾ ਪਤਾ, ਕੋਈ ਫੋਨ ਨੰਬਰ ਜਿਹੀ ਮੁਢਲੀ ਜਾਣਕਾਰੀ ਵਾਲੇ ਸਵਾਲ ਪੁੱਛਣ ਲੱਗੀ। ਪਰ ਉਹ ਔਖੇ-ਔਖੇ ਸਾਹਾਂ ਨਾਲ ਸਿਰਫ ਇਕ ਹੀ ਵਾਕ ਦੁਹਰਾ ਰਹੀ ਸੀ-ਗੇਟ ਨੰਬਰ 5।
ਉਸ ਦੇ ਤਰਲੇ-ਮਿੰਨਤਾਂ ਕਰਦੀ ਨੇਹਾ ਨੇ ਉਸ ਨੂੰ ਸਮਝਾਉਂਦਿਆਂ ਕਿਹਾ ਕਿ ਉਹ (ਨੇਹਾ) ਉਸ ਨੂੰ ਅਜਿਹੀ ਹਾਲਤ 'ਚ ਸਿਰਫ ਮੈਟਰੋ ਦੇ ਗੇਟ ਤੱਕ ਨਹੀਂ ਛੱਡ ਸਕਦੀ ਪਰ ਉਸ ਔਰਤ ਕੋਲ ਸਾਰੇ ਸਵਾਲਾਂ ਅਤੇ ਸਾਰੀਆਂ ਮਿੰਨਤਾਂ ਦਾ ਇਕ ਹੀ ਜਵਾਬ ਸੀ-ਗੇਟ ਨੰਬਰ 5।
ਨੇਹਾ ਨੇ ਮਨ 'ਚ ਫੈਸਲਾ ਕਰਦਿਆਂ ਕਿਹਾ ਕਿ ਗੇਟ ਨੰਬਰ 5 'ਤੇ ਪਹੁੰਚਣ ਤੱਕ ਉਹ ਉਸ ਨੂੰ ਮਨਾ ਲਵੇਗੀ। ਸਕਿਉਰਿਟੀ ਗਾਰਡਾਂ ਨੇ ਇਕ ਹੋਰ ਮੈਟਰੋ ਮੁਲਾਜ਼ਮ ਨੂੰ ਵ੍ਹੀਲਚੇਅਰ ਖਿੱਚਣ ਲਈ ਬੁਲਾ ਲਿਆ। ਅੱਧ-ਬੇਹੋਸ਼ੀ 'ਚ ਬੈਠੀ ਉਸ ਬੇਨਾਮ ਔਰਤ ਨੂੰ ਅੱਗੇ ਲੈ ਜਾਂਦਿਆਂ ਉਸ ਮੁਲਾਜ਼ਮ ਨੇ ਦੱਸਿਆ ਕਿ ਇਹ ਔਰਤ ਅਜਿਹੀ ਹਾਲਤ 'ਚ ਪਹਿਲਾਂ ਵੀ ਇਥੇ ਆ ਚੁੱਕੀ ਹੈ। ਨਾਲ ਚੱਲ ਰਹੇ ਸਕਿਉਰਿਟੀ ਗਾਰਡ ਨੇ ਵੀ ਉਸ ਦੀ ਹਾਂ 'ਚ ਹਾਂ ਮਿਲਾਈ।
ਨੇਹਾ ਹੈਰਾਨ ਸੀ ਪਰ ਚੁੱਪ ਰਹੀ। ਤਿੰਨੋ ਜਣੇ ਹੌਲੀ-ਹੌਲੀ ਵ੍ਹੀਲਚੇਅਰ ਦੇ ਨਾਲ ਚਲਦੇ ਰਹੇ। ਮੈਟਰੋ ਮੁਲਾਜ਼ਮ ਨੇ ਗੱਲਾਂ ਦੀ ਟੁੱਟੀ ਲੜੀ ਮੁੜ ਜੋੜਦਿਆਂ ਕਿਹਾ, 'ਪਤਾ ਨਹੀਂ ਕਿਹੋ ਜਿਹੇ ਹਨ ਇਸ ਦੇ ਪਰਿਵਾਰ ਵਾਲੇ। ਅਜਿਹੀ ਹਾਲਤ 'ਚ ਇਸ ਨੂੰ ਇਕੱਲੇ ਭੇਜ ਦਿੰਦੇ ਹਨ।'
ਨੇਹਾ ਨੇ ਪਤਾ ਨਹੀਂ ਕਿਹੜੀ ਰੌਂਅ 'ਚ ਕਿਹਾ ਕਿ ਕਿਸੇ ਦੀਆਂ ਮਜਬੂਰੀਆਂ ਦਾ ਪਤਾ ਉਸ ਦੇ ਮੱਥੇ 'ਤੇ ਨਹੀਂ ਲਿਖਿਆ ਹੁੰਦਾ। ਫਿਰ ਥੋੜ੍ਹਾ ਨਰਮ ਲਹਿਜ਼ਾ ਕਰਦਿਆਂ ਕਿਹਾ ਕਿ ਬਿਨਾਂ ਜਾਣੇ ਕਿਸੇ ਦੇ ਹਾਲਾਤ 'ਤੇ ਟਿੱਪਣੀ ਨਹੀਂ ਕਰਨੀ ਚਾਹੀਦੀ। ਕੁਝ ਤਾਂ ਹੋਵੇਗੀ ਹੀ ਮਜਬੂਰੀ। ਨੇਹਾ ਦੀ ਇਸ ਗੱਲ 'ਤੇ ਦੋਵਾਂ ਨੇ ਸਿਰ ਹਿਲਾ ਦਿੱਤਾ। ਏਨੇ ਨੂੰ ਫਿਰ ਲਿਫਟ ਦਿਸਣ 'ਤੇ ਉਸ ਮੁਲਾਜ਼ਮ ਨੇ ਵ੍ਹੀਲਚੇਅਰ ਲਿਫਟ ਅੱਗੇ ਰੋਕ ਦਿੱਤੀ। ਅੱਧ-ਬੇਹੋਸ਼ੀ 'ਚ ਵੀ ਉਸ ਔਰਤ ਨੇ ਲਿਫਟ 'ਚ ਚੜ੍ਹਨ ਤੋਂ ਇਨਕਾਰ ਕਰ ਦਿੱਤਾ। ਨੇਹਾ ਨੂੰ ਉਸ ਦੇ ਇਸ਼ਾਰਿਆਂ ਤੋਂ ਲੱਗਾ ਕਿ ਉਸ ਨੂੰ ਬੰਦ ਦੀਵਾਰਾਂ ਤੋਂ ਸ਼ਾਇਦ ਘੁਟਨ ਮਹਿਸੂਸ ਹੁੰਦੀ ਹੈ।
ਉਸ ਮੁਲਾਜ਼ਮ ਨੇ ਫਿਰ ਕਿਹਾ ਕਿ ਇਹ ਨਾ ਤਾਂ ਕਿਸੇ ਨੂੰ ਹੱਥ ਲਾਉਣ ਦਿੰਦੀ ਹੈ ਅਤੇ ਨਾ ਹੀ ਕਿਸੇ ਨੂੰ ਆਪਣਾ ਨਾਂਅ-ਪਤਾ ਦੱਸਦੀ ਹੈ। ਪਿਛਲੀ ਵਾਰ ਵੀ ਪੁਲਿਸ ਹੀ ਉਸ ਨੂੰ ਘਰ ਪਹੁੰਚਾ ਕੇ ਆਈ ਸੀ।
ਆਉਂਦੇ-ਜਾਂਦੇ ਲੋਕੀਂ ਆਪਣੀ ਤੱਕਣੀ 'ਚ ਹੀ ਸਾਰੀ ਹਮਦਰਦੀ ਭਰ ਲੈਂਦੇ। ਕਦੇ ਆਪਣੀ ਜ਼ਿੰਮੇਵਾਰੀ ਥੋੜ੍ਹੀ ਹੋਰ ਵਧਾਉਂਦਿਆਂ ਇਹ ਵੀ ਪੁੱਛ ਲੈਂਦੇ ਕਿ ਉਸ ਨੂੰ ਕੀ ਹੋਇਆ ਹੈ? ਨੇਹਾ ਠਰ੍ਹੰਮੇ ਨਾਲ ਜਵਾਬ ਦਿੰਦੀ ਕਹਿੰਦੀ ਕਿ ਥੋੜ੍ਹੀ ਤਬੀਅਤ ਖਰਾਬ ਹੈ।

(ਬਾਕੀ ਅਗਲੇ ਐਤਵਾਰ ਦੇ ਅੰਕ 'ਚ)
ਈਮੇਲ : upma.dagga@gmail.com


ਖ਼ਬਰ ਸ਼ੇਅਰ ਕਰੋ

ਮਿੰਨੀ ਕਹਾਣੀ: ਸਾੜ੍ਹਸਤੀ

ਮਾਂ-ਬਾਪ ਨੂੰ ਆਪਣੇ ਬੱਚਿਆਂ ਦੇ ਭਵਿੱਖ ਦੀ ਚਿੰਤਾ ਰਹਿੰਦੀ ਹੈ। ਹਰ ਕੋਈ ਚਾਹੁੰਦਾ ਹੈ ਕਿ ਉਸ ਦਾ ਬੱਚਾ ਕੋਈ ਚੋਖੀ ਕਮਾਈ ਵਾਲਾ ਕਰੀਅਰ ਚੁਣੇ। ਅਜੋਕੇ ਸਮੇਂ ਵਿਚ ਨੌਜਵਾਨਾਂ ਨੂੰ ਸਭ ਤੋਂ ਵੱਧ ਚਿੰਤਾ ਆਪਣੇ ਭਵਿੱਖ ਦੀ ਹੀ ਹੁੰਦੀ ਹੈ। ਟੈਕਨੀਕਲ ਲਾਈਨਾਂ, ਆਮ ਆਦਮੀ ਦੀ ਪਹੁੰਚ ਤੋਂ ਪਰ੍ਹੇ ਹਨ।
ਭੋਲਾ, ਮਾਂ-ਬਾਪ ਦਾ ਇਕਲੌਤਾ ਬੇਟਾ ਸੀ ਅਤੇ ਪੜ੍ਹਾਈ ਵਿਚ ਕਾਫ਼ੀ ਢਿੱਲਾ ਸੀ। ਮਾਂ ਚਿੰਤਤ ਸੀ। ਸਮੇਂ ਦਾ ਰੁਝਾਨ ਦੇਖ ਕੇ, ਦੋਸਤਾਂ ਰਾਇ ਦਿੱਤੀ ਕਿ ਉਹ ਕਿਸੇ ਡੇਰੇ ਜਾਇਆ ਕਰੇ ਅਤੇ ਛੇਤੀ ਹੀ ਬਾਬਾ ਬਣਨ ਦਾ ਕੋਰਸ ਕਰ ਲਵੇ। ਕਮਾਈ ਵਾਲਾ ਧੰਦਾ ਹੈ। ਭੋਲੇ ਨੇ ਮਾਂ ਨਾਲ ਗੱਲ ਕੀਤੀ ਅਤੇ ਮਾਂ ਪੰਡਿਤ ਪਾਸੋਂ ਪੁੱਛਣ ਚਲੀ ਗਈ। ਉਸ ਨੇ ਗੱਲ ਸੁਣੀ ਪਰ ਸਿਰ ਫੇਰ ਦਿੱਤਾ। ਮਾਤਾ ਦੇ ਮੱਥੇ ਉਤੇ ਚਿੰਤਾ ਦੀਆਂ ਲਕੀਰਾਂ ਉੱਭਰ ਆਈਆਂ। ਪੁੱਛਣ 'ਤੇ ਪੰਡਿਤ ਜੀ ਬੋਲੇ, 'ਬੀਬੀ ਤੁਹਾਡੀ ਚੋਣ ਤਾਂ ਮਾੜੀ ਨੀਂ, ਮੌਜ ਮੇਲਾ ਹੈ, ਪਰ...।' ਬੀਬੀ ਬੋਲੀ, 'ਪੰਡਿਤ ਜੀ ਪਰ ਕੀ?'
ਪੰਡਿਤ ਜੀ, 'ਭਾਈ ਅੱਜਕਲ੍ਹ ਬਾਬਿਆਂ 'ਤੇ ਸਾੜ੍ਹਸਤੀ ਚੱਲ ਰਹੀ ਹੈ।'

-ਮਨਜਿੰਦਰ ਸਿੰਘ ਸੋਢੀ
ਮੁਹਾਲੀ-160071. ਮੋਬਾਈਲ : 97814-00400

ਕਿਸਮਤ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
* ਕਿਸਮਤ ਨੂੰ ਮੰਨਣ ਵਾਲਿਆਂ ਦਾ ਇਹ ਕਹਿਣਾ ਹੈ ਕਿ ਕਿਸਮਤ ਦੀ ਇਕ ਆਦਤ ਹੈ ਕਿ ਉਹ ਪਲਟਦੀ ਹੈ ਅਤੇ ਜਦੋਂ ਪਲਟਦੀ ਹੈ , ਉਦੋਂ ਪਲਟਾ ਕੇ ਰੱਖ ਦਿੰਦੀ ਹੈ। ਇਸ ਲਈ ਚੰਗੇ ਦਿਨਾਂ ਵਿਚ
  ਹੰਕਾਰ ਨਹੀਂ ਕਰਨਾ ਚਾਹੀਦਾ ਅਤੇ ਖਰਾਬ ਸਮੇਂ ਵਿਚ ਥੋੜ੍ਹਾ ਸਬਰ ਕਰਨਾ ਚਾਹੀਦਾ ਹੈ।
* ਸਿਰਫ਼ ਕਿਸਮਤ ਦੇ ਸਹਾਰੇ ਹੀ ਰਹਿਣ ਵਾਲੇ ਲੋਕਾਂ ਨੇ ਰੱਬ ਅਤੇ ਕਿਸਮਤ ਨੂੰ ਬਦਨਾਮ ਕੀਤਾ ਹੋਇਆ ਹੈ, ਜਦੋਂ ਕਿ ਮਿਹਨਤ ਕਰਨ ਵਾਲਿਆਂ ਨੇ ਕਿਸਮਤ 'ਤੇ ਜਿੱਤ ਪ੍ਰਾਪਤ ਕਰ ਲਈ ਹੈ।
* ਕਿਸੇ ਨੇ ਠੀਕ ਹੀ ਕਿਹਾ ਹੈ : 'ਜਿਨ੍ਹਾਂ ਪੈਰਾਂ ਵਿਚ ਹਰਕਤ ਹੈ, ਉਹ ਆਪਣੇ-ਆਪ ਬਣਾਉਂਦੇ ਰਸਤੇ।'
* ਸਾਨੂੰ ਜੋ ਮਿਲਿਆ ਹੈ ਸਾਡੀ ਕਿਸਮਤ ਤੋਂ ਜ਼ਿਆਦਾ ਮਿਲਿਆ ਹੈ। ਜੇ ਤੁਹਾਡੇ ਪੈਰਾਂ ਵਿਚ ਜੁੱਤੀ ਨਹੀਂ ਤਾਂ ਅਫ਼ਸੋਸ ਨਾ ਕਰੋ, ਕਿਉਂਕਿ ਦੁਨੀਆ ਵਿਚ ਕਈ ਲੋਕਾਂ ਕੋਲ ਤਾਂ ਪੈਰ ਹੀ ਨਹੀਂ।
* ਦਲਿਦਰੀ ਲੋਕ ਹੀ ਕਿਸਮਤ ਦੇ ਭਰੋਸੇ ਰਹਿੰਦੇ ਹਨ। ਆਲਸੀ ਤੇ ਸੁਸਤ ਲੋਕ ਅਕਸਰ ਮਿਹਨਤ ਕਰਨ ਵਾਲੇ ਦੀਆਂ ਪ੍ਰਾਪਤੀਆਂ ਨੂੰ ਕਿਸਮਤ ਨਾਲ ਜੋੜ ਦਿੰਦੇ ਹਨ।
* ਕਈ ਵਾਰੀ ਕਿਸੇ ਬੇਹਿੰਮਤੇ ਸੁਸਤ ਬੰਦੇ ਨੂੰ ਜੇ ਪੁੱਛੀਏ ਕਿ, 'ਕੀ ਗੱਲ ਕੋਈ ਕੰਮ-ਧੰਦਾ ਨਹੀਂ ਕਰਦਾ' ਤਾਂ ਅੱਗੋਂ ਜੁਆਬ ਦਿੰਦਾ ਹੈ 'ਮੇਰੇ ਨਸੀਬ ਅਜੇ ਸੁੱਤੇ ਪਏ ਨੇ।'
* ਜੋ ਆਪਣੀ ਜ਼ਿੰਦਗੀ ਦਾ ਚੱਪੂ ਆਪ ਸੰਭਾਲਦੇ ਹਨ, ਉਹ ਕਦੇ ਨਹੀਂ ਡੁੱਬਦੇ।
* ਕੁਝ ਕਰਨ ਦੀ ਕਲਾ ਕੁਝ ਕੀਤਿਆਂ ਹੀ ਆਉਂਦੀ ਹੈ।
* ਇਨਸਾਨ ਆਪਣੀ ਕਿਸਮਤ ਦਾ ਨਿਰਮਾਤਾ ਆਪ ਹੈ। ਇਹ ਮਿਹਨਤ ਕਰਨ ਵਾਲਿਆਂ ਦਾ ਨਾਅਰਾ ਹੈ, ਕਿਉਂਕਿ ਉਹ ਇਹ ਸੋਚਦੇ ਹਨ ਕਿ ਇਹ ਜੀਵਨ ਨਾ ਤਾਂ ਪਿਛਲੇ ਕਰਮਾਂ ਦੀ ਸਜ਼ਾ ਹੈ ਤੇ ਨਾ
  ਹੀ ਉਨ੍ਹਾਂ ਦਾ ਇਨਾਮ।
* ਪੰਜਾਬੀ ਦਾ ਪ੍ਰਸਿੱਧ ਸ਼ਾਇਰ ਲਖਵਿੰਦਰ ਸਿੰਘ ਕਿਸਮਤ ਬਾਰੇ ਇੰਜ ਲਿਖਦਾ ਹੈ:
  ਉਦਮ ਅੱਗੇ ਲੱਛਮੀ ਜਿਵੇਂ ਪੱਖੇ ਅੱਗੇ ਪੌਣ,
  ਹਿੰਮਤੀ ਬੰਦੇ ਕਦੇ ਨਾ ਕਿਸਮਤ ਦਾ ਰੋਣਾ ਰੋਣ।
  ਚਾਦਰ ਵੇਖ ਕੇ ਜੋ ਪੈਰ ਨੇ ਪਸਾਰਦੇ,
  ਜ਼ਰੂਰੀ ਲੋੜਾਂ ਤੋਂ, ਨਾ ਉਹ ਕਦੇ ਹਾਰਦੇ।
  ਨਾ ਲੋੜ ਪਵੇ ਕਿਸੇ ਅੱਗੇ ਹੱਥ ਅੱਡਣ ਦੀ,
  ਤੇ ਨਾ ਹੀ ਲੋੜ ਪਵੇ ਕਦੇ,
  ਪਰਾਇਆ ਮਾਲ ਹੜੱਪਣ ਦੀ।
* ਮਿਹਨਤ ਉਹ ਚਾਬੀ ਹੈ, ਜਿਹੜੀ ਕਿਸਮਤ ਦਾ ਦਰਵਾਜ਼ਾ ਖੋਲ੍ਹ ਦਿੰਦੀ ਹੈ। ਮਿਹਨਤ ਕਰਨ ਵਾਲੇ ਕਿਸਮਤ ਵਾਲੇ ਹੁੰਦੇ ਹਨ।
* ਕਿਸਮਤ ਜਾਂ ਹਾਲਾਤ ਨੂੰ ਕਦੇ ਦੋਸ਼ ਨਾ ਦਿਓ। ਸਗੋਂ ਆਪਣੀ ਸੂਝ-ਬੂਝ ਨਾਲ ਹਾਲਾਤ ਨੂੰ ਆਪਣੇ ਅਨੁਕੂਲ ਬਣਾ ਲਓ।
* ਕਾਗਜ਼ ਆਪਣੀ ਕਿਸਮਤ ਨਾਲ ਉੱਡਦਾ ਹੈ ਅਤੇ ਪਤੰਗ ਆਪਣੀ ਕਾਬਲੀਅਤ ਨਾਲ। ਇਸ ਲਈ ਕਿਸਮਤ ਸਾਥ ਦੇਵੇ ਜਾਂ ਨਾ ਦੇਵੇ, ਕਾਬਲੀਅਤ ਜ਼ਰੂਰ ਸਾਥ ਦਿੰਦੀ ਹੈ।
* ਜ਼ਿੰਦਗੀ ਇਕ ਵਗਦਾ ਦਰਿਆ ਹੈ ਜੋ ਬੇਰੋਕ ਤੇ ਬੇਟੋਕ ਚਲਦਾ ਰਹਿੰਦਾ ਹੈ। ਕਿਸੇ ਸ਼ਾਇਰ ਨੇ ਜ਼ਿੰਦਗੀ ਦਾ ਨਕਸ਼ਾ ਖਿੱਚਦਿਆਂ ਬੜਾ ਖੂਬਸੂਰਤ ਆਖਿਆ ਹੈ ਕਿ, 'ਜਦ ਕਿਸਮਤ ਹੀ ਬੀਮਾਰ ਪਈ
  ਤਾਂ ਕੀ ਜ਼ੋਰ ਤਬੀਬਾਂ ਦਾ।'
* ਜਦੋਂ ਇਰਾਦਾ ਪੱਕਾ ਹੋਵੇ ਤਾਂ ਕਿਸਮਤ ਨੂੰ ਜਿੱਤਿਆ ਜਾ ਸਕਦਾ ਹੈ, ਸਿਆਣਿਆਂ ਦਾ ਅਜਿਹਾ ਕਹਿਣਾ ਹੈ।
* ਮੇਰੇ ਹੱਥਾਂ ਦੀਆਂ ਲਕੀਰਾਂ ਵੀ ਮੈਨੂੰ ਕਹਿੰਦੀਆਂ ਹਨ ਕਿ ਲਕੀਰਾਂ ਤੇ ਨਹੀਂ ਆਪਣੇ ਹੱਥਾਂ 'ਤੇ ਇਤਬਾਰ ਰੱਖ।
* ਪੰਜਾਬੀ ਦੇ ਕਿਸੇ ਸ਼ਾਇਰ ਨੇ ਠੀਕ ਹੀ ਕਿਹਾ ਹੈ ਕਿ:
  ਬੇਹਿੰਮਤੇ ਨੇ ਜਿਹੜੇ ਬਹਿ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ,
  ਉੱਗਣ ਵਾਲੇ ਉੱਗ ਪੈਂਦੇ ਨੇ, ਸੀਨਾ ਚੀਰ ਕੇ ਪੱਥਰਾਂ ਦਾ।

(ਬਾਕੀ ਅਗਲੇ ਐਤਵਾਰ ਦੇ ਅੰਕ 'ਚ)
ਮੋਬਾਈਲ : 99155-63406.

ਬਸ ਹੁਣ ਐਦਾਂ ਈ ਸ਼ੁਕਰ ਮਨਾ

ਬੰਦਿਆਂ ਤੇ ਜਾਨਵਰਾਂ 'ਚ ਫ਼ਰਕ ਕੀ ਹੈ? ਬੰਦੇ ਖਾਂਦੇ ਨੇ, ਤੇਂਜਾਨਵਰ ਚਰਦੇ ਨੇ।
ਚਰ ਚਰ ਕੇ ਜਾਨਵਰਾਂ ਦਾ ਜਦ ਪੇਟ ਭਰ ਜਾਂਦਾ ਹੈ ਤਾਂ ਉਹ ਨਿਸ਼ੰਗ ਹੋ ਕੇ ਬਹਿ ਜਾਂਦੇ ਨੇ, ਜੁਗਾਲੀ ਕਰਨ। ਸ਼ੁਰੂ ਕਰ ਦਿੰਦੇ ਨੇ ਕਿ ਜੋ ਚਰਿਐ ਉਹ ਹਜ਼ਮ ਹੋ ਜਾਏ... ਪਰ ਬੰਦਾ, ਇਹਦਾ ਪੇਟ ਸ਼ਾਇਦ ਖਾ-ਖਾ ਕੇ ਕਦੇ ਨਹੀਂ ਭਰਦਾ, ਕਿਉਂਕਿ ਜਾਨਵਰ ਜੋ ਵੀ ਚਰਦਾ ਹੈ, ਜਾਂ ਜੋ ਵੀ ਉਹਨੂੰ ਚਰਨ ਲਈ ਦਿੱਤਾ ਜਾਂਦਾ ਹੈ, ਉਹਨੂੰ 'ਚਾਰਾ' ਕਹਿੰਦੇ ਹਨ। ਪਰ ਬੰਦਾ ਰੋਟੀ ਖਾਣ ਤੋਂ ਬਿਨਾਂ ਸਹੁੰਆਂ (ਕਸਮਾਂ), ਰਿਸ਼ਵਤ ਵੀ ਖਾਂਦਾ ਹੈ, ਜਾਨਵਰਾਂ ਦਾ ਮਾਸ ਵੀ ਖਾਂਦਾ ਹੈ, ਮੱਛੀਆਂ ਝੀਂਗੇ ਵੀ ਖਾਂਦਾ ਹੈ ਤੇ ਕਈ ਵਾਰ ਜਾਨਵਰਾਂ ਦਾ ਚਾਰਾ ਵੀ ਖਾ ਜਾਂਦੈ।
ਖਾਂਦੈ, ਖਾ ਜਾਂਦੈ, ਇਕੱਲਿਆਂ ਨਹੀਂ, ਕਈ ਹੋਰਾਂ ਨਾਲ ਮਿਲ ਕੇ ਖਾਂਦੈ... ਜੈ ਬਿਹਾਰ ਦੇ ਲਾਲ ਕੀ...।
ਗਾਵਾਂ, ਮੱਝਾਂ, ਭੇਡਾਂ, ਬੱਕਰੀਆਂ ਦਾ ਚਾਰਾ ਖਾ ਗਏ... ਖਾਈ ਗਏ, ਖਾਈ ਗਏ। ਭਲਾ, ਜਿੱਥੇ ਚਾਰਾ ਪੈਸੇ ਦਾ ਰੂਪ ਲੈ ਲਏ, ਪੈਸੇ ਖਾਣ ਨਾਲ ਕਿਸੇ ਦੀ ਨੀਅਤ ਭਰੀ ਹੈ, ਅੱਜ ਤਾਈਂ? 'ਹੋਰ ਲਿਆ, ਹੋਰ ਚਾਹੀਦੈ, ਲਿਆਈ ਜਾ, ਲੁੱਟੀ ਜਾ, ਖਾਈ ਜਾ... ਨੀਅਤ ਨਹੀਂ ਭਰਦੀ...।
ਹੋਰ ਕੋਈ 'ਚਾਰਾ' ਵੀ ਨਹੀਂ ਹੈ ਨਾ... ਬੰਦੇ ਤੇ ਬੰਦਿਆਂ ਕੋਲ, ਮੁਫ਼ਤੋ-ਮੁਫ਼ਤ ਪੈਸਾ ਲੁੱਟਣ ਦੀ ਤਰਤੀਬ ਦਾ...।
ਬਿਗੜੀ ਹੂਈ ਤਕਦੀਰ ਕੋ,
ਤਦਬੀਰ ਬਨਾ ਲੇ।
ਅਪਨੇ ਪੇ ਭਰੋਸਾ ਹੈ ਤੋ,
ਯੇ ਦਾਉ ਲਗਾ ਲੇ।
ਦਾਅ ਲਾ ਲਿਆ, ਦਾਅ ਲਗ ਗਿਆ, ਬਿਹਾਰ ਦੇ ਛੇ ਸਰਕਾਰੀ ਖਜ਼ਾਨਿਆਂ 'ਚੋਂ, ਡੰਗਰਾਂ-ਮਵੇਸ਼ੀਆਂ ਨੂੰ 'ਚਾਰਾ' ਦੇਣ ਦਾ ਬਹਾਨਾ ਕਰਕੇ, ਕਰੋੜਾਂ ਰੁਪਏ ਲੁੱਟ ਲਏ... ਲਾਲੂ ਪ੍ਰਸਾਦ ਯਾਦਵ ਨੇ... ਉਦੋਂ ਉਹ ਬਿਹਾਰ ਦੇ ਮੁੱਖ ਮੰਤਰੀ ਸਨ। ਪਰ, ਇਕੱਲਿਆਂ ਨਹੀਂ ਖਾਧੇ.. ਜਿਹੜੇ ਸਰਕਾਰੀ ਅਫ਼ਸਰ ਤੇ ਐਮ. ਐਲ. ਏ. ਆਦਿ ਆਪਣੇ ਵਿਸ਼ਵਾਸ-ਪਾਤਰ ਸਨ। ਇਸੇ ਤਰ੍ਹਾਂ ਲਾਲੂ ਜੀ ਨੇ ਆਪ ਖਾਧਾ, ਨਾਲ ਦਿਆਂ ਨੂੰ ਵੀ ਨਿਹਾਲ ਕੀਤਾ।
ਵੈਸੇ ਨਾਂਅ ਵੀ ਕਿੰਨਾ ਫਿੱਟ ਬੈਠਦਾ ਹੈ :-
'ਲਾਲੂ ਪ੍ਰਸਾਦ'
* ਲਾ-ਲੂ, (ਲਾ ਲੂਟ ਕੇ ਲਾ)
(ਲਿਆ-ਲੁੱਟ ਕੇ ਲਿਆ।)
ਵੰਡ ਖਾ, ਖੰਡ ਖਾ। ਇਕੱਲਾ ਖਾ... (ਲਿਖਣ ਦੀ ਲੋੜ ਨਹੀਂ.. ਕੀ ਖਾ)।
ਚਰਵਾਹਾ... ਉਹ ਜਿਹੜਾ ਜਾਨਵਰਾਂ ਨੂੰ ਚਾਰਦਾ ਹੈਂਉਨ੍ਹਾਂ ਦੇ ਇੱਜੜ ਦੀ ਨਿਗਰਾਨੀ ਕਰਦਾ ਹੈ। ਲਾਲੂ ਯਾਦਵ ਵੀ ਚਰਵਾਹਾ ਸੀ ਕਦੇ... ਉਹ ਜਦ ਬਿਹਾਰ ਦਾ ਮੁੱਖ ਮੰਤਰੀ ਸੀ ਤਾਂ ਉਸ ਨੇ ਚਰਵਾਹਾ-ਸਕੂਲ ਵੀ ਖੋਲ੍ਹੇ ਸਨ। ਛੋਟੀ ਜਾਤ ਦੇ ਲੋਕਾਂ ਦੇ ਬੱਚਿਆਂ ਲਈ ਕਿ ਉਹ ਗਊਆਂ -ਮੱਝਾਂ ਵੀ ਚਾਰਦੇ ਰਹਿਣ ਤੇ ਨਾਲ ਹੀ ਚਰਵਾਹਾ-ਸਕੂਲਾਂ 'ਚ ਪੜ੍ਹਾਈ ਵੀ ਕਰਦੇ ਰਹਿਣ। ਪਰ, ਇਹ ਸਕੂਲ ਚੱਲ ਨਾ ਸਕੇ। ਉਹ ਜਾਨਵਰ ਹੀ ਚਰਾਉਣ ਜੋਗੇ ਰਹਿ ਗਏ... ਲਾਲੂ ਵਾਲਾ ਸਬਕ ਨਾ ਸਿੱਖ ਸਕੇ।...
ਚਰ... ਵਾਹਾ... ਚਰ ਜਾ... ਵਾਹ-ਵਾਹ... ਕਰੀ ਜਾ।
ਕਹਿਣ ਨੂੰ ਗ਼ਰੀਬਾਂ ਦਾ ਮਸੀਹਾ-ਕਹਾਉਣ ਨੂੰ ਪਛੜਿਆਂ ਦਾ ਮਸੀਹਾ... ਖਾ ਗਿਆ ਚਾਰਾ ਜਨੌਰਾਂ ਦਾ ਪੀਆ, ਕਿੰਨਾ ਜਿਗਰ ਤੇ ਕਿੰਨਾ ਹੀਆ। ਗ਼ਰੀਬਾਂ ਦੇ ਬੱਚੇ ਰਹਿ ਗਏ ਚਰਵਾਹੇ ਦੇ ਚਰਵਾਹੇ... ਕਰੋੜਾਂ-ਪਤੀ ਹੋ ਗਿਆ ਮਸੀਹਾ ਬਿਨਾਂ ਹਲ ਵਾਹੇ।
ਲਾਲੂ ਨੇ ਕਿੰਨੇ ਮਾਣ ਨਾਲ ਆਖਿਆ ਸੀ...
ਜਬ ਤਕ ਹੈ ਸਮੋਸੇ ਮੇਂ ਆਲੂ,
ਤਬ ਤਕ ਰਹੇਗਾ ਬਿਹਾਰ ਮੇਂ ਲਾਲੂ।
ਉਹ ਕਹਾਵਤ ਹੈ ਨਾ:-
ਸਦਾ ਨਾ ਰਹੀਆਂ ਰੁਖ਼ ਦੀਆਂ ਛਾਵਾਂ,
ਸਦਾ ਨਾ ਮੌਜ-ਬਹਾਰਾਂ।
ਲਾਲੂ ਨੂੰ ਲੱਗੀਆਂ ਹਾਵਾਂ, ਬੇਜ਼ੁਬਾਨ ਮੱਝਾਂ-ਗਾਵਾਂ ਦੀਆਂ। ਲਾਲੂ ਅੰਦਰ ਜੇਲ੍ਹ 'ਚ, ਦੋਹਾਂ ਪੁੱਤਾਂ 'ਤੇ ਮੁਕਦੱਮੇ, ਧੀਆਂ ਦਾ ਵੀ ਹਾਲ ਬੁਰਾ। ਧੀਆਂ-ਪੁੱਤਾਂ ਦੀ ਮਾਂ ਨੂੰ ਵੀ ਨੋਟਿਸ 'ਕਿੱਥੋਂ ਆਈ ਐਨੀ ਅਮੀਰੀ? ਮੁੱਕ ਗਈਆਂ ਠੰਢੀਆਂ ਛਾਵਾਂ।'
ਜਿਹੀ ਕੋਕੋ ਤੇਹੇ ਬੱਚੇਂਲਾਲੂ ਜੇਲ੍ਹ 'ਚ, ਬੀਵੀ, ਧੀਆਂ-ਪੁੱਤ, ਸਭੇ ਮਨੀ-ਲਾਂਡਰਿੰਗ (ਪੈਸਿਆਂ ਦਾ ਘਾਲਾ-ਮਾਲਾ) ਕਰਨ ਦੇ ਦੋਸ਼ 'ਚ, ਮੁੱਕਦਮਿਆਂ 'ਚ ਫਸੇ ਹਨ, ਮੁਫ਼ਤ ਦਾ ਪੈਸਾ, ਮਹਿੰਗੇ ਵਕੀਲ, ਕਰਨ 'ਚ ਕੋਈ ਦਿੱਕਤ ਨਹੀਂ, ਆਪੇ ਬਚਾ ਲੈਣਗੇ।
ਪੱਲੇ ਹੋਵੇ ਪੈਸਾ, ਵਕੀਲ ਹੋਵੇ ਵੱਡੇ ਤੋਂ ਵੱਡਾ... ਫਿਰ ਮੁਕੱਦਮਿਆਂ ਤੋਂ ਡਰ ਕੈਸਾ? ਇਸ ਸਮੇਂ ਨਾਮੀ ਵਕੀਲ ਰਾਮ ਜੇਠ ਮਲਾਨੀ ਰਾਜ ਸਭਾ ਦੇ ਮੈਂਬਰ ਹਨ, ਉਹ ਲਾਲੂ ਦੀ ਪਾਰਟੀ ਆਰ. ਜੇ. ਡੀ. ਵਲੋਂ ਚੁਣ ਕੇ, ਰਾਜ ਸਭਾ 'ਚ ਆਏ ਹਨ।
ਡੰਗਰਾਂ ਦੇ, ਇਸੇ ਹੀ ਚਾਰਾ 'ਖਾਣ' ਦੇ ਕੇਸ 'ਚ, ਪਹਿਲਾਂ ਹੀ ਲਾਲੂ ਯਾਦਵ ਨੂੰ ਪੰਜ ਸਾਲ ਦੀ ਸਜ਼ਾ ਹੋ ਚੁੱਕੀ ਹੈ। ਇਸ ਸਮੇਂ ਉਹ, ਉਸ ਕੇਸ 'ਚ ਜ਼ਮਾਨਤ 'ਤੇ ਹਨ, ਕਿਉਂਕਿ ਤਿੰਨ ਸਾਲ ਤੋਂ ਵਧ ਜੇਕਰ ਕਿਸੇ ਨੂੰ ਸਜ਼ਾ ਹੁੰਦੀ ਹੈ ਤਾਂ ਉਹ ਚੋਣ ਨਹੀਂ ਲੜ ਸਕਦਾ... ਲਾਲੂ ਪਹਿਲਾਂ ਹੀ ਚੋਣ ਲੜਨ ਤੋਂ ਅਯੋਗ ਕਰਾਰ ਦਿੱਤਾ ਜਾ ਚੁੱਕਾ ਹੈ। ਹੁਣ ਇਸ ਦੂਜੇ ਕੇਸ 'ਚ ਵੀ ਸਾਢੇ ਤਿੰਨ ਸਾਲ ਦੀ ਬਾਮੁਸ਼ੱਕਤ ਸਜ਼ਾ, ਨਾਲ ਦਸ ਲੱਖ ਜੁਰਮਾਨਾ ਵੀ ਠੋਕਿਆ ਹੈ ਅਦਾਲਤ ਨੇ। ਹੁਣ ਤਾਂ ਇਸ ਸਜ਼ਾ 'ਚ, ਜ਼ਮਾਨਤ ਮਿਲਣੀ ਵੀ ਮੁਸ਼ਕਿਲ ਹੈ। ਜੇ, ਵੱਡੇ ਵਕੀਲਾਂ ਦੀਆਂ ਦਲੀਲਾਂ ਨਾਲ ਕਿਸੇ ਤਰ੍ਹਾਂ ਮਿਲ ਵੀ ਗਈ ਤਾਂ...?
ਤਾਂਂਇਸੇ ਚਾਰਾ ਘੁਟਾਲਾ 'ਚ, ਹਜ਼ੂਰ ਤੇ ਚਾਰ ਕੇਸ ਹੋਰ ਚੱਲ ਰਹੇ ਹਨ। ਜਿਨ੍ਹਾਂ 'ਚੋਂ ਦੋ ਮੁਕੱਦਮਿਆਂ ਦਾ ਫ਼ੈਸਲਾ ਇਕ ਮਹੀਨੇ ਦੇ ਅੰਦਰ-ਅੰਦਰ ਆਉਣ ਦਾ ਅੰਦੇਸ਼ਾ ਹੈ। ਉਨ੍ਹਾਂ 'ਚ ਵੀ ਸਜ਼ਾ ਹੋ ਗਈ... ਤਾਂ...?
ਮੂਸਾ ਭੱਜਿਆ 'ਮੌਤ ਤੋਂ', ਅੱਗੇ ਮੌਤ ਖੜ੍ਹੀ।
ਫਿਰ ਦੋ ਹੋਰ ਚਾਰਾ-ਘੁਟਾਲਾ ਕੇਸਾਂ 'ਚ ਫ਼ੈਸਲਾ ਆਉਣਾ ਬਾਕੀ ਹੈ।
ਕਿੰਨੇ ਮਾਣ ਨਾਲ ਲਾਲੂ, ਕਹਿੰਦਾ ਸੀ...
ਜਬ ਤਕ ਹੈ ਸਮੋਸੇ ਮੇਂ ਆਲੂ,
ਤਬ ਤਕ ਬਿਹਾਰ ਮੇਂ ਰਹੇਗਾ ਲਾਲੂ।
ਪਰ, ਸਮੋਸਾ ਤਾਂ ਆਲੂ ਭਰਨ ਮਗਰੋਂ ਤੇਲ ਦੇ ਕੜਾਹੇ 'ਚ ਤਲਿਆ ਜਾਂਦਾ ਹੈ। ਇਸੇ ਲਈ ਹੁਣ ਇਸ ਦਾ ਬਖਾਨ ਇਉਂ ਹੋ ਗਿਆ ਹੈ :-
ਸਮੋਸੇ ਮੇਂ ਭਰ ਗਿਆ ਆਲੂ,
ਸਮੋਸਾ ਤਲਾ ਹੈ ਤੇਲ ਮੇਂ....
ਲਾਲੂ ਗਿਆ ਜੇਲ੍ਹ ਮੇਂ।
ਸਜ਼ਾ ਆਪਣੇ ਕੀਤੇ ਦੀ ਹੈ...
ਦੋਸ਼ ਮੜ੍ਹ ਦਿੱਤਾ 'ਮੋਦੀ' 'ਤੇ... ਅਖੇ ਇਹ ਸਭ ਨਿਤੀਸ਼ ਤੇ ਮੋਦੀ ਦੀ ਸਾਜਿਸ਼ ਹੈ। ਜਦ ਇਹ ਚਾਰਾ ਘੁਟਾਲਾ ਹੋਇਆ ਤਾਂ ਮੋਦੀ ਨਾ ਪ੍ਰਧਾਨ ਮੰਤਰੀ ਸੀ, ਨਾ ਕੁਝ ਹੋਰ... ਬਿਹਾਰ ਦਾ ਮੁੱਖ ਮੰਤਰੀ ਤਾਂ ਲਾਲੂ ਖ਼ੁਦ ਸੀ।
ਤਲਿਆ ਸਮੋਸਾ ਤੇਲ ਵਿਚ,
ਲਾਲੂ ਬੈਠਾ ਜੇਲ੍ਹ ਵਿਚ।
ਹੁਣ ਜੇਲ੍ਹ ਦੀਆਂ ਪੱਕੀਆਂ ਖਾ,
ਬਸ, ਐਦਾਂ-ਈ ਸ਼ੁਕਰ ਮਨਾ।
ਲਾਲੂ ਜੀ, ਐਦਾਂ ਹੀ ਸ਼ੁਕਰ ਮਨਾ।

ਪੰਜਾਬ ਦਾ ਲੋਕ ਨਾਇਕ ਦੁੱਲਾ ਭੱਟੀ

(ਲੜੀ ਜੋੜਨ ਲਈ ਪਿਛਲੇ ਐਤਵਾਰ ਦੇ ਅੰਕ ਦੇਖੋ)
ਦੁੱਲੇ ਭੱਟੀ ਦਾ ਖਾਨਦਾਨੇ
ਦੁੱਲੇ ਦਾ ਪਿਤਾ ਬਿਜਲੀ ਖਾਂ ਸਾਂਦਲ ਚਾਰ ਭਰਾ ਸਨ। ਸਭ ਤੋਂ ਵੱਡਾ ਬਿਜਲੀ ਖਾਂ, ਫਿਰ ਫਤਹਿ ਖਾਂ, ਰਾਉ ਅਸਮਾਨ ਤੇ ਸਭ ਤੋਂ ਛੋਟਾ ਨਿੱਕਾ ਪੀਰੋਜ ਸੀ। ਅੱਜ ਵੀ ਇਨ੍ਹਾਂ ਚਾਰਾਂ ਦੀਆਂ ਔਲਾਦਾਂ ਪਿੰਡੀ ਭੱਟੀਆਂ ਦੇ ਆਲੇ-ਦੁਆਲੇ ਵੱਖ-ਵੱਖ ਪਿੰਡਾਂ 'ਚ ਵਸਦੀਆਂ ਹਨ। ਬਿਜਲੀ ਖਾਂ ਸਾਂਦਲ ਦੇ ਤਿੰਨ ਪੁੱਤਰ ਸਨ, ਵੱਡਾ ਫਰੀਦ ਖਾਂ ਵਿਚਲਾ ਪਰਾਣੇ ਖਾਂ ਤੇ ਛੋਟਾ ਸ਼ੇਖੂ ਖਾਂ ਸੀ। ਫਰੀਦ ਖਾਂ, ਦੇ ਅੱਗੋਂ ਛੇ ਪੁੱਤਰ ਸਨ, ਜੋ ਕ੍ਰਮਵਾਰ ਮਹਿਮੂਦ, ਬੁੱਢਾ ਖਾਂ, ਬਹਿਲੋਲ ਖਾਂ ਸਲਾਰ, ਉਦਮ ਤੇ ਦੁੱਲਾ ਭੱਟੀ ਸਨ। ਤਾਰੀਖ ਦੱਸਦੀ ਹੈ ਕਿ ਦੁੱਲੇ ਦੇ ਦੋ ਵਿਆਹ ਹੋਏ ਤੇ ਉਸ ਦੀਆਂ ਬੀਵੀਆਂ ਦੇ ਨਾਂਅ ਨੂਰਾਂ ਤੇ ਫਲਰਾਂ ਸੀ। ਇਨ੍ਹਾਂ ਦੋਵਾਂ ਤੋਂ ਦੁੱਲੇ ਦੇ ਤਿੰਨ ਪੁੱਤਰਾਂ ਤੇ ਦੋ ਧੀਆਂ ਦਾ ਜ਼ਿਕਰ ਮਿਲਦਾ ਹੈ, ਜਿਨ੍ਹਾਂ ਦੇ ਨਾਂਅ ਜਹਾਨ ਖਾਂ, ਕਮਾਲ ਖਾਂ ਤੇ ਨੂਰ ਖਾਂ ਤੇ ਧੀਆਂ ਸਲੀਮੋਂ ਤੇ ਬਖਤ ਨਿਸ਼ਾਂ ਸਨ।
ਬਿਜਲੀ ਖਾਂ ਦੀ ਮੁਗ਼ਲਾਂ ਨਾਲ ਲੜਾਈ
ਪਹਿਲੇ-ਪਹਿਲ ਮੁਗ਼ਲਾਂ ਦਾ ਵੇਲਾ ਬਹੁਤ ਚੰਗਾ ਗੁਜ਼ਰ ਰਿਹਾ ਸੀ ਪਰ 16ਵੀਂ ਸਦੀ 'ਚ ਮੁਗ਼ਲਾਂ ਦੀ ਹਕੂਮਤ ਕਮਜ਼ੋਰ ਹੋਣ ਲੱਗੀ। ਹਰ ਪਾਸੇ ਅਫਰਾ-ਤਫਰੀ ਮਚ ਗਈ। ਕਈ ਛੋਟੀਆਂ-ਛੋਟੀਆਂ ਰਿਆਸਤਾਂ ਵਜੂਦ 'ਚ ਆ ਗਈਆਂ। ਮੁਗ਼ਲ ਸ਼ਹਿਜ਼ਾਦੇ-ਸ਼ਹਿਜ਼ਾਦੀਆਂ ਦੇ ਅੱਖਰਜਾਤ ਬਹੁਤ ਵਧ ਗਏ। ਉਹ ਅਯਾਸ਼ੀ ਦੀ ਜ਼ਿੰਦਗੀ ਜੀਅ ਰਹੇ ਸਨ। ਇਸ ਦੇ ਨਾਲ-ਨਾਲ ਮੁਗ਼ਲ ਫੌਜ ਦਾ ਖਰਚ ਵੀ ਬਹੁਤ ਜ਼ਿਆਦਾ ਸੀ। ਅਯਾਸ਼ੀਆਂ ਤੇ ਫ਼ੌਜ ਦਾ ਖਰਚ ਪੂਰਾ ਕਰਨ ਲਈ ਮੁਗ਼ਲਾਂ ਨੇ ਰਾਜ ਦੀ ਜਨਤਾ 'ਤੇ ਲਗਾਨ ਬਹੁਤ ਵਧਾ ਦਿੱਤਾ। ਜੇ ਕੋਈ ਲਗਾਨ ਨਾ ਦਿੰਦਾ ਤਾਂ ਉਸ ਦੇ ਮਾਲ-ਡੰਗਰ ਤੇ ਘਰ-ਬਾਰ ਨੂੰ ਜ਼ਬਰਦਸਤੀ ਲੁੱਟ ਕੇ ਹਕੂਮਤ ਅੱਗੇ ਪੇਸ਼ ਕਰ ਦਿੱਤਾ ਜਾਂਦਾ। ਜੇਕਰ ਘਰਾਂ 'ਚ ਕੋਈ ਅਨਾਜ ਮਿਲ ਜਾਂਦਾ ਤਾਂ ਉਸ ਨੂੰ ਘੋੜਿਆਂ 'ਤੇ ਲੱਦ ਕੇ ਦਿੱਲੀ ਵੱਲ ਨੂੰ ਤੋਰ ਦਿੱਤਾ ਜਾਂਦਾ। ਜੇਕਰ ਕੋਈ ਗ਼ੈਰਤਮੰਦ ਪੰਜਾਬੀ ਅੱਗੇ ਵਧ ਕੇ ਇਸ ਹਕੂਮਤੀ ਜਬਰ ਵਿਰੁੱਧ ਆਵਾਜ਼ ਉਠਾਉਂਦਾ ਤਾਂ ਉਸ ਦਾ ਕਤਲ ਕਰ ਦਿੱਤਾ ਜਾਂਦਾ।
ਦੂਸਰੀ ਗੱਲ ਇਹ ਸੀ ਕਿ ਮੁਗ਼ਲ ਜਦ ਵੀ ਕੋਈ ਨਵਾਂ ਸ਼ਹਿਰ ਵਸਾਉਂਦੇ ਜਾਂ ਕਿਲ੍ਹੇ ਦੀ ਤਾਮੀਰ ਕਰਵਾਉਂਦੇ ਤਾਂ ਉਹ ਉਸ ਇਲਾਕੇ ਦੇ ਪਿੰਡਾਂ 'ਚੋਂ ਨੌਜਵਾਨਾਂ ਨੂੰ ਫੜ ਕੇ ਜ਼ਬਰਦਸਤੀ ਕੰਮ ਕਰਾਉਂਦੇ, ਜਿਸ ਦੀ ਉਨ੍ਹਾਂ ਨੂੰ ਕੋਈ ਮਜ਼ਦੂਰੀ ਵੀ ਨਹੀਂ ਦਿੰਦੇ ਸਨ, ਜਿਸ ਨੂੰ ਉਨ੍ਹਾਂ ਵਗਾਰ ਦਾ ਨਾਂਅ ਦਿੱਤਾ। ਮੁਗ਼ਲਾਂ ਦੀਆਂ ਇਨ੍ਹਾਂ ਬਦਮਾਸ਼ੀਆਂ ਤੋਂ ਲੋਕ ਬੜੇ ਤੰਗ ਸਨ। ਇਸ ਵਜ੍ਹਾ ਕਾਰਨ ਮੁਗ਼ਲਾਂ 'ਤੇ ਬਿਜਲੀ ਖਾਂ ਸਾਂਦਲ ਵਿਚਕਾਰ ਇਕ ਐਸੀ ਕੰਧ ਖੜ੍ਹੀ ਹੋ ਗਈ ਜੋ ਸਮੇਂ ਦੇ ਨਾਲ-ਨਾਲ ਹੋਰ ਵਧਦੀ ਗਈ ਤੇ ਇਸ ਦਾ ਅੰਜਾਮ ਦੁੱਲੇ ਭੱਟੀ 'ਤੇ ਜਾ ਕੇ ਪੂਰਾ ਹੋਇਆ।
ਦੁੱਲੇ ਦਾ ਉਭਾਰ
ਜਿਸ ਵੇਲੇ ਮੁਗ਼ਲਾਂ ਤੇ ਭੱਟੀਆਂ ਦਰਮਿਆਨ ਨਫਰਤ ਦੀਆਂ ਦੀਵਾਰਾਂ ਬਹੁਤ ਉੱਚੀਆਂ ਹੋ ਗਈਆਂ ਤਾਂ ਬਿਜਲੀ ਖਾਂ ਨੇ ਆਪਣੇ ਇਲਾਕੇ ਤੇ ਆਪਣੀ ਗ਼ੈਰਤ ਨੂੰ ਬਚਾਉਣ ਲਈ ਆਲੇ-ਦੁਆਲੇ ਦੇ ਸਰਦਾਰਾਂ ਨਾਲ ਮਿਲ ਕੇ ਇਕ ਨਿੱਕੀ ਜਿਹੀ ਫੌਜ ਤਿਆਰ ਕੀਤੀ ਤੇ ਗੁਰੀਲਾ ਜੰਗ ਸ਼ੁਰੂ ਕਰ ਦਿੱਤੀ। ਇਸ ਤਰ੍ਹਾਂ ਬਿਜਲੀ ਖਾਂ ਤੇ ਦੁੱਲੇ ਦੇ ਪਿਉ ਫਰੀਦ ਖਾਂ ਦੀ ਬਹਾਦਰੀ ਤੇ ਚੌਧਰ ਦੇ ਕਿੱਸੇ ਚਾਰੇ ਪਾਸੇ ਫੈਲ ਗਏ। ਇਨ੍ਹਾਂ ਦੀ ਦਲੇਰੀ ਤੇ ਗ਼ੈਰਤ ਨੂੰ ਵੇਖ ਕੇ ਆਲੇ-ਦੁਆਲੇ ਦੇ ਹੋਰ ਸਰਦਾਰ ਵੀ ਇਨ੍ਹਾਂ ਨਾਲ ਮਿਲ ਗਏ।
ਪਾਣੀਪਤ ਦੀ ਦੂਸਰੀ ਲੜਾਈ ਤੋਂ ਪਹਿਲਾਂ ਮੁਗ਼ਲ ਬੜੇ ਕਮਜ਼ੋਰ ਤੇ ਮਾਯੂਸ ਸਨ। ਬਾਬਰ ਨੂੰ ਸਿਰਫ ਚਾਰ ਸਾਲ ਤਖਤ ਨਸੀਬ ਹੋਇਆ। ਹਮਾਯੂੰ ਨੂੰ ਪੰਦਰਾਂ ਸਾਲ ਜਲਾਵਤਨੀ ਦੀ ਜ਼ਿੰਦਗੀ ਗੁਜ਼ਾਰਨ ਤੋਂ ਬਾਅਦ ਸਿਰਫ ਛੇ ਮਹੀਨੇ ਦਿੱਲੀ ਦੇ ਤਖਤ 'ਤੇ ਬੈਠਣ ਦਾ ਮੌਕਾ ਮਿਲਿਆ। ਹਮਾਯੂੰ ਦੀ ਛੇ ਮਹੀਨੇ ਦੀ ਬਾਦਸ਼ਾਹਤ ਵੇਲੇ ਅਕਬਰ 23 ਜੁਲਾਈ 1555 ਤੋਂ ਲੈ ਕੇ 13 ਫਰਵਰੀ1556 ਤੱਕ ਬੈਰਮ ਖਾਂ ਦੀ ਨਿਗਰਾਨੀ ਹੇਠ ਪੰਜਾਬ ਦਾ ਗਵਰਨਰ ਰਿਹਾ। ਇਸ ਸਮੇਂ ਦੌਰਾਨ ਅਕਬਰ ਨੇ ਬਹਾਦਰ ਤੇ ਚੰਗੇ ਤਜਰਬੇਕਾਰ ਜਰਨੈਲਾਂ ਨਾਲ ਆਪਣੀਆਂ ਫੌਜੀ ਮੁਹਿਮਾਂ ਸਾਂਦਲ ਬਾਰ ਦੇ ਇਲਾਕੇ ਵੱਲ ਰਵਾਨਾ ਕੀਤੀਆਂ। ਮੁਗ਼ਲਾਂ ਤੇ ਭੱਟੀਆਂ ਵਿਚਕਾਰ ਬੜੇ ਜ਼ੋਰ-ਸ਼ੋਰ ਨਾਲ ਲੜਾਈ ਹੁੰਦੀ ਰਹੀ, ਜਿਸ 'ਚ ਮੁਗ਼ਲਾਂ ਦੀ ਫਤਹਿ ਹੋ ਗਈ। ਮੁਗ਼ਲਾਂ ਨੇ ਕਿਲ੍ਹਾ ਫਰੀਦ, ਜਿਹੜਾ ਪਿੰਡੀ ਭੱਟੀਆਂ ਦੇ ਕੋਲ ਸੀ, ਨੂੰ ਤਬਾਹ ਕਰ ਦਿੱਤਾ। ਬਿਜਲੀ ਖਾਂ ਤੇ ਉਸ ਦੇ ਬੇਟੇ ਫਰੀਦ ਖਾਂ ਨੂੰ ਬੰਦੀ ਬਣਾ ਕੇ ਸ਼ਾਹੀ ਕਿਲ੍ਹੇ ਲਾਹੌਰ 'ਚ ਲਿਆਂਦਾ ਗਿਆ ਤੇ ਮੁਗ਼ਲ ਦਰਬਾਰ 'ਚ ਪੇਸ਼ ਕੀਤਾ ਗਿਆ। ਮੁਗ਼ਲਾਂ ਨੇ ਉਨ੍ਹਾਂ ਨੂੰ ਇਸ ਸ਼ਰਤ 'ਤੇ ਛੱਡਣ ਦਾ ਵਾਅਦਾ ਕੀਤਾ ਕਿ ਜੇਕਰ ਉਹ ਹਕੂਮਤੀ ਫ਼ੌਜਾਂ ਨੂੰ ਅਨਾਜ ਦੇਣਗੇ ਤੇ ਮੁਗ਼ਲ ਹਕੂਮਤ ਨੂੰ ਤਸਲੀਮ ਕਰਨਗੇ। ਪਰ ਇਨ੍ਹਾਂ ਗ਼ੈਰਤਮੰਦ ਪਿਉ-ਪੁੱਤਰਾਂ ਨੇ ਅਧੀਨਗੀ ਮੰਨਣ ਤੋਂ ਨਾਂਹ ਕਰ ਦਿੱਤੀ ਤੇ ਮੁਗ਼ਲਾਂ ਨੇ ਇਨ੍ਹਾਂ ਨੂੰ ਬਾਗ਼ੀ ਕਰਾਰ ਦਿੰਦੇ ਹੋਏ ਫਾਂਸੀ ਦੀ ਸਜ਼ਾ ਦੇ ਦਿੱਤੀ। ਮੁਗ਼ਲਾਂ ਦਾ ਇਹ ਜ਼ਾਲਮ ਰਵੱਈਆ ਇੱਥੇ ਹੀ ਨਹੀਂ ਮੁੱਕਿਆ ਬਲਕਿ ਉਨ੍ਹਾਂ ਨੇ ਇਨ੍ਹਾਂ ਦੀਆਂ ਲਾਸ਼ਾਂ 'ਚ ਤੂੜੀ ਭਰਵਾ ਕੇ ਨੁਮਾਇਸ਼ ਲਈ ਰੱਖ ਦਿੱਤੀਆਂ। ਇਹ ਉਨ੍ਹਾਂ ਨੇ ਲੋਕਾਂ 'ਚ ਹਕੂਮਤ ਦਾ ਡਰ ਪਾਉਣ ਲਈ ਕੀਤਾ ਸੀ ਕਿ ਜੋ ਮੁਗ਼ਲ ਹਕੂਮਤ ਨਾਲ ਟਕਰਾਏਗਾ, ਉਸ ਦਾ ਹਸ਼ਰ ਵੀ ਇਨ੍ਹਾਂ ਪਿਉ-ਪੁੱਤਰਾਂ ਵਰਗਾ ਹੀ ਹੋਵੇਗਾ। ਦੁੱਲੇ ਦੀ ਮਾਂ ਲੱਧੀ ਨੇ ਦੁੱਲੇ ਨੂੰ ਨਸੀਹਤ ਦਿੰਦੇ ਹੋਏ ਆਪਣਾ ਖਾਬ ਦੱਸਿਆ ਤੇ ਆਉਣ ਵਾਲੇ ਖਤਰੇ ਦੀ ਨਿਸ਼ਾਨਦੇਹੀ ਕਰਦੇ ਹੋਏ ਆਖਿਆ :-
ਤੇਰਾ ਸਾਂਦਲ ਦਾਦਾ ਮਾਰਿਆ,
ਦਿੱਤਾ ਭੋਰੇ ਦੇ ਵਿੱਚ ਪਾ।
ਮੁਗ਼ਲਾਂ ਪੁੱਠੀਆਂ ਖੱਲਾਂ ਲਾਹ ਕੇ,
ਭਰਿਆ ਨਾਲ ਹਵਾ।

ਪੰਜਾਬ ਦੇ ਇਹ ਰਾਜਪੂਤ ਆਪਣੀ ਗ਼ੈਰਤ ਤੇ ਆਪਣੀ ਧਰਤੀ ਲਈ ਮੁਗ਼ਲਾਂ ਸਾਹਮਣੇ ਡਟ ਗਏ। ਇਨ੍ਹਾਂ ਨੇ ਆਪਣੇ ਘਰ-ਬਾਰ ਤੇ ਸੁੱਖ-ਚੈਨ ਦੀ ਪਰਵਾਹ ਨਾ ਕਰਦੇ ਹੋਏ ਇਸ ਗੱਲ ਨੂੰ ਹੀ ਆਪਣਾ ਮਕਸਦ ਬਣਾਇਆ ਕਿ ਸਾਨੂੰ ਹਕੂਮਤ ਦੁਆਰਾ ਕੀਤਾ ਜਾ ਰਿਹਾ ਜ਼ੁਲਮ ਕਬੂਲ ਨਹੀਂ। ਅਸੀਂ ਮੁਗ਼ਲਾਂ ਦੀ ਹੁਕਮਰਾਨੀ ਕਦੇ ਵੀ ਨਹੀਂ ਮੰਨਦੇ, ਚਾਹੇ ਸਾਨੂੰ ਆਪਣੀਆਂ ਜਾਨਾਂ ਤੋਂ ਵੀ ਹੱਥ ਕਿਉਂ ਨਾ ਧੋਣੇ ਪੈਣ। ਉਹ ਏਨਾ ਵੱਡਾ ਕੰਮ ਕਰ ਗਏ ਕਿ ਸਦਾ ਅਮਰ ਰਹਿਣਗੇ। ਪੰਜਾਬ ਦੀ ਧਰਤੀ ਦੀ ਇਹ ਬੜੀ ਵੱਡੀ ਖੂਬੀ ਹੈ ਕਿ ਜਦੋਂ ਹੀ ਕੋਈ ਜ਼ਾਲਮ ਇੱਥੇ ਆਇਆ, ਉਦੋਂ ਹੀ ਜ਼ਾਲਮ ਦੇ ਜ਼ੁਲਮ ਨੂੰ ਖਤਮ ਕਰਨ ਲਈ ਕੁਦਰਤ ਨੇ ਕੋਈ ਨਾ ਕੋਈ ਬਹਾਨਾ ਬਣਾਈ ਰੱਖਿਆ। ਪੰਜਾਬ ਦੇ ਇਹ ਮੁਸਲਮਾਨ ਰਾਜਪੂਤ ਬੜੀ ਦਲੇਰੀ ਤੇ ਹਿੰਮਤ ਨਾਲ ਮੁਗ਼ਲਾਂ ਦਾ ਮੁਕਾਬਲਾ ਕਰਦੇ ਰਹੇ। ਆਪਣੀ ਗ਼ੈਰਤ 'ਤੇ ਆਪਣੇ ਹੱਕਾਂ ਲਈ ਇਨ੍ਹਾਂ ਨੇ ਆਪਣੀਆਂ ਜਾਨਾਂ ਦੇ ਨਜ਼ਰਾਨੇ ਦੇ ਦਿੱਤੇ ਪਰ ਜ਼ਾਲਮ ਹੁਕਮਰਾਨ ਅੱਗੇ ਸਿਰ ਨਹੀਂ ਝੁਕਾਇਆ।
ਪੰਜਾਬ ਦੇ ਕਿਸਾਨਾਂ ਨੇ ਮੁਗ਼ਲਾਂ ਨੂੰ ਹਰ ਕਿਸਮ ਦੇ ਟੈਕਸ ਦੇਣ ਤੋਂ ਇਨਕਾਰ ਕਰ ਦਿੱਤਾ। ਮੁਗ਼ਲਾਂ ਨੇ ਇਸ ਬਗ਼ਾਵਤ ਨੂੰ ਹਕੂਮਤ ਤੇ ਰਿਆਸਤ ਵਿਰੁੱਧ ਗੱਦਾਰੀ ਸਮਝਿਆ। ਮੁਗ਼ਲਾਂ ਨੇ ਇਨ੍ਹਾਂ ਕਿਸਾਨਾਂ ਨੂੰ ਸਬਕ ਸਿਖਾਉਣ ਲਈ ਫ਼ੌਜੀ ਕਾਫਲੇ ਭੇਜੇ। ਪਰ ਦੁੱਲਾ ਭੱਟੀ ਇਨ੍ਹਾਂ ਕਿਸਾਨਾਂ ਦਾ ਸਰਦਾਰ ਸੀ। ਉਸ ਨੇ ਮੁਗ਼ਲਾਂ ਦੀ ਕੋਈ ਵਾਹ ਪੇਸ਼ ਨਾ ਜਾਣ ਦਿੱਤੀ ਤੇ ਮੁਗ਼ਲਾਂ ਨੂੰ ਬੜੀ ਵੱਡੀ ਨਾਕਾਮੀ ਦਾ ਸਾਹਮਣਾ ਕਰਨਾ ਪਿਆ। ਇਸੇ ਵਜ੍ਹਾ ਕਾਰਨ ਹੀ ਮੁਗ਼ਲ ਬਾਦਸਾਹ ਅਕਬਰ ਨੇ ਪੰਦਰਾਂ ਸਾਲ ਤੱਕ ਆਪਣਾ ਦਰਬਾਰ ਲਾਹੌਰ 'ਚ ਲਾਈ ਰੱਖਿਆ ਤੇ ਹਰ ਕਿਸਮ ਦੀ ਕੋਸ਼ਿਸ਼ ਕੀਤੀ ਕਿ ਕਿਸੇ ਤਰੀਕੇ ਦੁੱਲੇ ਤੇ ਉਸ ਦੇ ਸਾਥੀਆਂ ਨੂੰ ਕਾਬੂ ਕੀਤਾ ਜਾ ਸਕੇ ਪਰ ਦੁੱਲਾ ਤੇ ਉਸ ਦੇ ਸਾਥੀ ਮੁਗ਼ਲਾਂ ਦੀ ਪਕੜ 'ਚ ਨਾ ਆਏ ਬਲਕਿ ਉਨ੍ਹਾਂ ਨੇ ਲੁਕ-ਛਿਪ ਕੇ ਮੁਗ਼ਲਾਂ ਦੇ ਕਾਫ਼ਲਿਆਂ 'ਤੇ ਹਮਲੇ ਕਰਕੇ ਉਨ੍ਹਾਂ ਨੂੰ ਲੁੱਟਣਾ ਤੇ ਫ਼ੌਜਾਂ ਨੂੰ ਮਾਰਨ ਦਾ ਕੰਮ ਜਾਰੀ ਰੱਖਿਆ। ਇਹ ਉਨ੍ਹਾਂ ਦਾ ਕੰਮ ਸੀ ਕਿਉਂਕਿ ਇਨ੍ਹਾਂ ਹੁਕਮਰਾਨਾਂ ਨੇ ਪੰਜਾਬ ਦੇ ਕਿਸਾਨਾਂ ਦਾ ਬੇੜਾ ਗਰਕ ਕਰ ਦਿੱਤਾ ਸੀ ਅਤੇ ਲੋਕ ਬੜੇ ਤੰਗ ਸਨ।

(ਬਾਕੀ ਅਗਲੇ ਐਤਵਾਰ ਦੇ ਅੰਕ 'ਚ)
ਲਿੱਪੀ-ਅੰਤਰ :-
1. ਰਾਜਵਿੰਦਰ ਸਿੰਘ ਸਿੱਧੂ
ਮੋਬਾਈਲ: +919855503224
2. ਸਰਬਜੀਤ ਸਿੰਘ ਸੰਧੂ,
ਮੋਬਾਈਲ: 9501011799

ਦੋ ਹਿੰਦੀ ਲਘੂ ਕਥਾਵਾਂ

ਉਪਕਾਰ ਦਾ ਬਦਲਾ
ਜਗਦੇ ਦੀਵੇ ਨੂੰ ਦੇਖ ਕੇ ਭੱਜਦੇ ਹੋਏ ਹਨੇਰੇ ਨੇ ਕਿਹਾ, 'ਤੂੰ ਜੀਹਦੇ ਲਈ ਸਾਰੀ ਰਾਤ ਆਪਣਾ ਜਿਸਮ ਬਾਲ ਕੇ ਮੈਨੂੰ ਭਜਾਉਂਦਾ ਏਂ, ਉਹ ਬੇਕਦਰੇ ਦਿਨ ਚੜ੍ਹਦੇ ਸਾਰ ਹੀ ਚੁੱਕ ਕੇ ਤੈਨੂੰ ਸੜਕ 'ਤੇ ਸੁੱਟ ਦਿੰਦੇ ਨੇ, ਫਿਰ ਕਿਉਂ ਤੂੰ ਉਨ੍ਹਾਂ ਦੇ ਲਈ ਆਪਣੇ-ਆਪ ਨੂੰ ਤਿਲ-ਤਿਲ ਸਾੜਦਾ ਏਂ?'
ਦੀਵਾ ਬੋਲਿਆ, 'ਗੱਲ ਤਾਂ ਤੇਰੀ ਠੀਕ ਹੈ, ਪਰ ਤੂੰ ਤਸਵੀਰ ਦਾ ਦੂਜਾ ਪਾਸਾ ਦੇਖਦਾ ਏਂ। ਮੈਨੂੰ ਜਗਾਉਣ ਤੋਂ ਪਹਿਲਾਂ ਉਹ ਮੇਰੀ ਪਿਆਸ ਘਿਓ ਜਾਂ ਤੇਲ ਨਾਲ ਸ਼ਾਂਤ ਕਰਦੇ ਹਨ ਅਤੇ ਫਿਰ ਬੱਤੀ ਨਾਲ ਮੇਰਾ ਮਿਲਾਪ ਕਰਾਉਂਦੇ ਹਨ। ਇਸ ਪ੍ਰਕਾਰ ਪਹਿਲਾਂ ਉਹ ਮੇਰੇ 'ਤੇ ਉਪਕਾਰ ਕਰਦੇ ਹਨ ਅਤੇ ਸਾਡੇ ਕੁੱਲ ਦੀ ਮਰਿਆਦਾ ਹੈ ਕਿ ਅਸੀਂ ਉਪਕਾਰ ਦੇ ਬਦਲੇ ਆਪਣਾ ਸਾਰਾ ਕੁਝ ਕੁਰਬਾਨ ਕਰ ਦਿੰਦੇ ਹਾਂ।'

-ਮੂਲ : ਰਘੂਵਿੰਦਰ ਯਾਦਵ

ਆਸ਼ੀਆਨਾ
ਸ਼ਹਿਰ ਵਿਚ ਅਚਾਨਕ ਆਏ ਇਕ ਨਵੇਂ ਕੁੱਤੇ ਨੂੰ ਸ਼ਹਿਰ ਕਹਿਣ ਲੱਗਾ, 'ਤੂੰ ਇਥੇ ਕਿਉਂ ਆਇਆ ਹੈਂ?'
ਕੁੱਤਾ, 'ਕਿਉਂਕਿ ਉਥੋਂ ਦੇ ਲੋਕਾਂ ਨੇ ਮੀਟ ਖਾਣਾ ਬੰਦ ਕਰ ਦਿੱਤਾ ਸੀ, ਇਸ ਲਈ ਇਥੇ ਆਇਆ ਹਾਂ।'
ਸ਼ਹਿਰ, 'ਤੂੰ ਆਪਣੇ ਪੁਰਾਣੇ ਸ਼ਹਿਰ ਵਾਪਸ ਮੁੜ ਜਾ।'
ਕੁੱਤਾ, 'ਕਿਉਂ?'
ਸ਼ਹਿਰ, 'ਕਿਉਂਕਿ ਇਥੇ ਲੋਕ ਮਾਸ ਨਹੀਂ ਖਾਂਦੇ ਪਰ ਇਕ-ਦੂਜੇ ਦਾ ਖ਼ੂਨ ਪੀਂਦੇ ਹਨ, ਗੋਲੀਆਂ ਖਾਂਦੇ ਹਨ, ਬੰਬ ਖਾਂਦੇ ਹਨ... ਨੇਤਾ ਇਥੇ ਰੋਜ਼ ਦੰਗੇ ਭੜਕਾਉਂਦੇ ਹਨ।'
ਕੁੱਤਾ, 'ਠੀਕ ਹੈ ਮੈਂ ਜਾ ਰਿਹਾ ਹਾਂ, ਜਿਥੇ ਜਾਨ ਨੂੰ ਹੀ ਖਤਰਾ ਹੋਵੇ ਉਥੇ ਮੈਂ ਇਕ ਪਲ ਵੀ ਨਹੀਂ ਠਹਿਰ ਸਕਦਾ। ਉਥੇ ਲੋਕ ਮੀਟ ਖਾਣਾ ਤਾਂ ਬੰਦ ਕਰ ਚੁੱਕੇ ਹਨ, ਪਰ ਬੇਜ਼ੁਬਾਨਾਂ ਨੂੰ ਰੋਟੀ ਦੇਣਾ ਨਹੀਂ ਭੁੱਲਦੇ।'

-ਮੂਲ : ਸੁਰੇਸ਼ ਸੋਰਭ
ਅਨੁ: ਨਿਰਮਲ ਪ੍ਰੇਮੀ
ਪਿੰਡ ਰਾਮਗੜ੍ਹ, ਡਾਕ: ਫਿਲੌਰ, ਜ਼ਿਲ੍ਹਾ ਜਲੰਧਰ।
ਮੋਬਾਈਲ : 94631-61691.


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX