ਤਾਜਾ ਖ਼ਬਰਾਂ


ਮਾਝਾ ਕਿਸਾਨ ਸੰਘਰਸ਼ ਕਮੇਟੀ ਵੱਲੋਂ ਜੇਲ੍ਹ ਭਰੋ ਅੰਦੋਲਨ ਵਾਸਤੇ ਸੈਂਕੜੇ ਗੱਡੀਆਂ ਦਾ ਕਾਫ਼ਲਾ ਰਵਾਨਾ
. . .  1 minute ago
ਕਾਦੀਆਂ, (ਗੁਰਦਾਸਪੁਰ) 10 ਅਗਸਤ (ਪ੍ਰਦੀਪ ਸਿੰਘ ਬੇਦੀ, ਰਣਜੋਧ ਸਿੰਘ ਭਾਮ) - ਕੇਂਦਰ ਸਰਕਾਰ ਵੱਲੋਂ ਕਿਸਾਨਾਂ ਦੇ ਖਿਲਾਫ ਜਾਰੀ ਕੀਤੇ 3 ਆਰਡੀਨੈਂਸ ਨੂੰ ਲੈ ਕੇ ਮਾਝਾ ਕਿਸਾਨ ਸੰਘਰਸ਼ ਕਮੇਟੀ ਵੱਲੋਂ ਜੇਲ੍ਹ ਭਰੋ ਅੰਦੋਲਨ ਦੀ ਸੈਂਕੜੇ ਗੱਡੀਆਂ ਸਮੇਤ...
ਜਲੰਧਰ ਵਿਚ 80 ਹੋਰ ਆਏ ਕੋਰੋਨਾ ਪਾਜੀਟਿਵ, 4 ਦੀ ਮੌਤ
. . .  16 minutes ago
ਜਲੰਧਰ, 10 ਅਗਸਤ (ਐਮ. ਐੱਸ. ਲੋਹੀਆ) - ਜਲੰਧਰ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ 'ਚ ਲਗਾਤਾਰ ਵਾਧਾ ਹੋ ਰਿਹਾ ਹੈ। ਅੱਜ ਆਈਆਂ ਰਿਪੋਰਟਾਂ ਅਨੁਸਾਰ ਜਲੰਧਰ ਵਿਚ 80 ਕੋਰੋਨਾ ਪਾਜ਼ੀਟਿਵ ਮਰੀਜ਼ ਹੋਰ ਮਿਲੇ ਹਨ। ਇਸ ਦੇ ਨਾਲ ਹੀ 4 ਮਰੀਜਾਂ...
ਪ੍ਰਸ਼ਾਤ ਭੂਸ਼ਨ ਦੇ ਖੇਦ ਨੂੰ ਸੁਪਰੀਮ ਕੋਰਟ ਨੇ ਠੁਕਰਾਇਆ, ਜਾਰੀ ਰਹੇਗੀ ਜਾਂਚ
. . .  20 minutes ago
ਨਵੀਂ ਦਿੱਲੀ, 10 ਅਗਸਤ - ਸੁਪਰੀਮ ਕੋਰਟ ਨੇ ਸਾਲ 2009 ਦੇ ਇਕ ਮਾਮਲੇ ਵਿਚ ਵਕੀਲ ਪ੍ਰਸ਼ਾਂਤ ਭੂਸ਼ਨ ਖਿਲਾਫ ਅਦਾਲਤ ਦੀ ਮਾਣਹਾਨੀ ਦੀ ਕਾਰਵਾਈ ਨੂੰ ਜਾਰੀ ਰੱਖਣ ਦਾ ਫੈਸਲਾ ਕੀਤਾ ਹੈ। ਪ੍ਰਸ਼ਾਂਤ ਭੂਸ਼ਨ ਨੇ ਸੁਪਰੀਮ ਕੋਰਟ ਨੂੰ ਇਕ ਲਿਖਤ ਬਿਆਨ 'ਚ ਖੇਦ ਜਤਾਉਣ ਦੀ ਗੱਲ ਕਹੀ ਸੀ ਪਰ ਅਦਾਲਤ ਨੇ ਇਸ ਨੂੰ...
ਕਿਸਾਨ ਜਥੇਬੰਦੀਆਂ ਨੇ ਕੀਤਾ ਵਿਧਾਇਕ ਸਿੱਕੀ ਦੀ ਕੋਠੀ ਦਾ ਘਿਰਾਓ
. . .  37 minutes ago
ਤਰਨ ਤਾਰਨ 10 ਅਗਸਤ (ਵਿਕਾਸ ਮਰਵਾਹਾ) - ਕਿਸਾਨ ਜਥੇਬੰਦੀਆਂ ਵੱਲੋਂ ਪਰਗਟ ਸਿੰਘ ਜਾਮਾਰਾਏ, ਹਰਜਿੰਦਰ ਸਿੰਘ ਟਾਂਡਾਂ ਦੀ ਅਗਵਾਈ ਹੇਠ ਆਪਣੇ ਹੱਕੀ ਮੰਗਾਂ ਨੂੰ ਲੈ ਕੇ ਖਡੂਰ ਸਾਹਿਬ ਹਲਕੇ ਤੋਂ ਵਿਧਾਇਕ ਰਮਨਜੀਤ ਸਿੰਘ ਦੀ ਕੋਠੀ...
28 ਹਜ਼ਾਰ ਨਸ਼ੇ ਦੀਆਂ ਗੋਲੀਆਂ ਸਮੇਤ 2 ਕਾਬੂ
. . .  39 minutes ago
ਲੱਖੋ ਕੇ ਬਹਿਰਾਮ, 10 ਅਗਸਤ (ਰਾਜਿੰਦਰ ਸਿੰਘ ਹਾਂਡਾ) - ਨਾਰਕੋਟਿਕ ਕੰਟਰੋਲ ਸੈੱਲ ਫਿਰੋਜ਼ਪੁਰ ਦੀ ਟੀਮ ਵਲੋਂ ਜ਼ਿਲ੍ਹਾ ਫਿਰੋਜ਼ਪੁਰ ਸਥਿਤ ਥਾਣਾ ਲੱਖੋ ਕੇ ਬਹਿਰਾਮ ਅਧੀਨ ਆਉਂਦੇ ਪਿੰਡ ਗੁੱਦੜਢੰਡੀ ਤੋਂ ਕਾਰ ਸਵਾਰ 2 ਵਿਅਕਤੀਆਂ ਨੂੰ 28 ਹਜ਼ਾਰ ਨਸ਼ੇ ਦੀਆਂ...
ਪਟਿਆਲਾ ਵਿਖੇ ਸ਼੍ਰੋਮਣੀ ਅਕਾਲੀ ਦਲ ਵਲੋਂ ਧਰਨਾ ਤੇ ਸੰਗਤਾਂ ਨਾਲ ਮਿਲ ਕੇ ਜਾਪ
. . .  46 minutes ago
ਪਟਿਆਲਾ, 10 ਅਗਸਤ (ਗੁਰਪ੍ਰੀਤ ਸਿੰਘ ਚੱਠਾ) - ਪਿੰਡ ਕਲਿਆਣ ਵਿਖੇ ਗੁਰੂ ਸਾਹਿਬ ਦੇ ਚੋਰੀ ਹੋਏ ਸਰੂਪ ਨਾ ਲੱਭਣ ਦੇ ਵਿਰੋਧ 'ਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਪਟਿਆਲਾ ਵਿਖੇ ਦਿੱਤੇ ਜਾ ਰਹੇ ਧਰਨੇ ਵਿਚ ਅੱਜ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ ਨੇ ਸ਼ਿਰਕਤ ਕੀਤੀ...
ਜ਼ਹਿਰੀਲੀ ਸ਼ਰਾਬ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਨੇ ਮੋਗਾ ਵਿਚ ਲਗਾਇਆ ਰੋਸ ਧਰਨਾ
. . .  53 minutes ago
ਮੋਗਾ, 10 ਅਗਸਤ (ਗੁਰਤੇਜ ਸਿੰਘ ਬੱਬੀ) - ਬੀਤੇ ਦਿਨੀਂ ਜ਼ਹਿਰੀਲੀ ਸ਼ਰਾਬ ਪੀਣ ਨਾਲ 100 ਤੋਂ ਵਧੇਰੇ ਮੌਤਾਂ ਹੋਈਆਂ। ਜਿਸ ਸਬੰਧੀ ਅੱਜ ਮੋਗਾ ਵਿਖੇ ਸ਼੍ਰੋਮਣੀ ਅਕਾਲੀ ਦਲ ਵਲੋਂ ਕੈਪਟਨ ਸਰਕਾਰ ਖਿਲਾਫ ਹਲਕਾ ਇੰਚਾਰਜ ਤੇ ਸਾਬਕਾ ਚੇਅਰਮੈਨ ਬਰਜਿੰਦਰ ਸਿੰਘ...
ਸ਼ਹਿਰ ਦੇ ਬਾਜ਼ਾਰਾਂ 'ਚ ਸੈਂਕੜੇ ਕਿਸਾਨਾਂ ਨੇ ਕੀਤਾ ਮੋਦੀ ਸਰਕਾਰ ਵਿਰੁੱਧ ਮੋਟਰਸਾਈਕਲ ਰੋਸ ਮਾਰਚ ਤੇ ਮੁਜ਼ਾਹਰਾ
. . .  59 minutes ago
ਅਜਨਾਲਾ, 10 ਅਗਸਤ (ਐਸ. ਪ੍ਰਸ਼ੋਤਮ)- ਅੱਜ ਸਥਾਨਕ ਸ਼ਹਿਰ ਦੇ ਬਾਜ਼ਾਰਾਂ 'ਚ ਖ਼ਰਾਬ ਮੌਸਮ ਤੇ ਮੀਂਹ ਦੀ ਕਿਣ-ਮਿਣ ਦੇ ਬਾਵਜੂਦ ਕੁੱਲ ਹਿੰਦ ਕਿਸਾਨ ਸੰਘਰਸ਼ ਤਾਲਮੇਲ ਕਮੇਟੀ 'ਚ ਸ਼ਾਮਲ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾ ਪ੍ਰਧਾਨ ਡਾ: ਸਤਨਾਮ ਸਿੰਘ ਅਜਨਾਲਾ ਦੀ ਅਗਵਾਈ 'ਚ ਹਲਕੇ ਦੇ ਵੱਖ ਵੱਖ...
ਬੀਬਾ ਹਰਸਿਮਰਤ ਕੌਰ ਬਾਦਲ ਨੇ ਰੇਲਵੇ ਮੰਤਰੀ ਨੂੰ ਲਿਖਿਆ ਪੱਤਰ
. . .  about 1 hour ago
ਅਜਨਾਲਾ, 10 ਅਗਸਤ (ਗੁਰਪ੍ਰੀਤ ਸਿੰਘ ਢਿੱਲੋਂ) - ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਰੇਲਵੇ ਮੰਤਰੀ ਪੀਊਸ਼ ਗੋਇਲ ਨੂੰ ਪੱਤਰ ਲਿਖ ਕੇ ਅਪੀਲ ਕੀਤੀ ਹੈ ਕਿ ਕਿੰਨੂੰ ਦੀ ਸੀਜ਼ਨ ਦੌਰਾਨ ਅਬੋਹਰ ਤੋਂ ਬੰਗਲੌਰ ਤੇ ਕੋਲਕਾਤਾ ਲਈ ਫਰਿੱਜ...
ਜ਼ਿਲ੍ਹਾ ਮਾਨਸਾ 'ਚ ਅੱਜ 1 ਸਿਹਤ ਮੁਲਾਜ਼ਮ ਸਮੇਤ 12 ਨਵੇਂ ਕੋਰੋਨਾ ਮਾਮਲੇ ਆਏ
. . .  about 1 hour ago
ਮਾਨਸਾ/ ਬੁਢਲਾਡਾ, 10 ਅਗਸਤ (ਬਲਵਿੰਦਰ ਸਿੰਘ ਧਾਲੀਵਾਲ/ ਸਵਰਨ ਸਿੰਘ ਰਾਹੀ) - ਜ਼ਿਲ੍ਹਾ ਮਾਨਸਾ ਅੱਜ ਫਿਰ ਇੱਕ ਸਿਹਤ ਮੁਲਾਜ਼ਮ ਸਮੇਤ 12 ਜਣਿਆਂ ਦੀਆਂ ਰਿਪੋਰਟ ਪਾਜ਼ੀਟਿਵ ਆਈ ਹੈ।ਦੇਰ ਰਾਤ ਆਈਆਂ ਇਨ੍ਹਾਂ ਰਿਪੋਰਟਾਂ 'ਚ ਮੁੱਢਲਾ ਸਿਹਤ...
ਜ਼ਹਿਰੀਲੀ ਸ਼ਰਾਬ ਕਾਂਡ ਖਿਲਾਫ ਅੰਮ੍ਰਿਤਸਰ 'ਚ ਪੰਜਾਬ ਸਰਕਾਰ ਦਾ ਸਾੜਿਆ ਗਿਆ ਪੁਤਲਾ
. . .  32 minutes ago
ਅੰਮ੍ਰਿਤਸਰ, 10 ਅਗਸਤ (ਰਾਜੇਸ਼ ਕੁਮਾਰ ਸੰਧੂ) - ਜ਼ਹਿਰੀਲੀ ਸ਼ਰਾਬ ਨਾਲ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨੂੰ ਇਨਸਾਫ ਦਿਵਾਉਣ ਸਬੰਧੀ ਪੰਜਾਬ ਸਰਕਾਰ ਦੇ ਖਿਲਾਫ਼ ਰੋਸ ਪ੍ਰਦਰਸ਼ਨ ਕਰਦਿਆਂ ਭਾਜਪਾ ਨੇ...
ਤਰਨ ਤਾਰਨ ਦੇ ਇਕ ਨਿੱਜੀ ਹੋਟਲ ਦੇ ਅਕਾਊਂਟੈਂਟ ਨੇ ਕੀਤੀ ਆਤਮ ਹੱਤਿਆ
. . .  about 1 hour ago
ਤਰਨਤਾਰਨ, 10 ਅਗਸਤ (ਹਰਿੰਦਰ ਸਿੰਘ, ਵਿਕਾਸ ਮਰਵਾਹਾ) - ਤਰਨਤਾਰਨ ਸਥਿਤ ਇਕ ਨਿੱਜੀ ਹੋਟਲ ਦੇ ਅਕਾਊਂਟੈਂਟ ਵੱਲੋਂ ਆਤਮ ਹੱਤਿਆ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਹੋਟਲ ਦੇ ਮਾਲਕ ਹਰਜਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਸਾਡੇ ਹੋਟਲ ਵਿਚ ਕੰਮ ਕਰਨ...
ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਮੁਕੰਦਪੁਰ ਇਲਾਕੇ 'ਚ ਮਿਲੇ 6 ਹੋਰ ਕੋਰੋਨਾ ਪਾਜ਼ੀਟਿਵ
. . .  about 1 hour ago
ਬੰਗਾ/ਮੁਕੰਦਪੁਰ, 10 ਅਗਸਤ (ਸੁਖਜਿੰਦਰ ਸਿੰਘ ਬਖਲੌਰ) - ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਕਸਬਾ ਮੁਕੰਦਪੁਰ ਦੇ ਸਰਕਾਰੀ ਹਸਪਤਾਲ ਅਧੀਨ ਪੈਂਦੇ ਪਿੰਡ ਹਕੀਮਪੁਰ ਅਤੇ ਚਾਹਲ ਕਲਾਂ ਦੇ 6 ਵਿਅਕਤੀ ਕੋਰੋਨਾ ਪਾਜ਼ੀਟਿਵ ਪਾਏ ਗਏ। ਐਸ.ਐਮ.ਓ.ਮੁਕੰਦਪੁਰ ਡਾਕਟਰ ਰਵਿੰਦਰ ਸਿੰਘ ਨੇ ਦੱਸਿਆ ਕਿ ਪਿੰਡ...
ਅਕਾਲੀ ਸਰਪੰਚ 'ਤੇ ਰੰਜਸ਼ ਤਹਿਤ ਚਲਾਈਆਂ ਗੋਲੀਆਂ
. . .  about 2 hours ago
ਸਰਾਏ ਅਮਾਨਤ ਖਾਂ (ਅੰਮ੍ਰਿਤਸਰ), 10 ਅਗਸਤ (ਨਰਿੰਦਰ ਸਿੰਘ ਦੋਦੇ) - ਸਰਹੱਦੀ ਪਿੰਡ ਨੌਸ਼ਹਿਰਾ ਢਾਲਾ ਦੇ ਅਕਾਲੀ ਸਰਪੰਚ ਕੇਹਰ ਸਿੰਘ ਪੁੱਤਰ ਪ੍ਰਕਾਸ਼ ਸਿੰਘ ਘਰ ਬੀਤੀ ਦੇਰ ਰਾਤ ਕੁੱਝ ਅਣਪਛਾਤੇ ਵਿਅਕਤੀਆਂ ਵਲੋਂ ਅੰਨ੍ਹੇਵਾਹ ਗੋਲੀਆਂ ਚਲਾਈਆਂ ਗਈਆਂ। ਘਰ ਅੰਦਰ ਸੁੱਤੇ ਸਰਪੰਚ ਦੇ ਪਰਿਵਾਰਕ ਮੈਂਬ....
ਪਾਤੜਾਂ (ਪਟਿਆਲਾ) ਅੰਦਰ 8 ਹੋਰ ਨਵੇਂ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਹੋਈ ਪੁਸ਼ਟੀ
. . .  about 2 hours ago
ਪਾਤੜਾਂ, 10 ਅਗਸਤ (ਗੁਰਇਕਬਾਲ ਸਿੰਘ ਖਾਲਸਾ/ਜਗਦੀਸ਼ ਸਿੰਘ ਕੰਬੋਜ)- ਸਬ ਡਿਵੀਜ਼ਨ ਪਾਤੜ ਅੰਦਰ ਅੱਜ ਹੋਰ 8 ਨਵੇਂ ਕੋਰੋਨਾ....
ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਨਤਮਸਤਕ ਹੋਣ ਪਹੁੰਚੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ
. . .  about 2 hours ago
ਅਮ੍ਰਿਤਸਰ, 10 ਅਗਸਤ (ਰਾਜੇਸ਼ ਕੁਮਾਰ ਸੰਧੂ)- ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀਵਾਨ ਹਾਲ ਮੰਜੀ ਸਾਹਿਬ ਵਿਖੇ ਕਥਾ ਕਰਨ ਤੋਂ....
ਆਸਾਮ : ਦੁਕਾਨ 'ਚ ਅੱਗ ਲੱਗਣ ਕਾਰਨ ਦੋ ਵਿਅਕਤੀਆਂ ਦੀ ਮੌਤ, 3 ਜ਼ਖਮੀ
. . .  about 3 hours ago
ਦਿਸਪੁਰ, 10 ਅਗਸਤ- ਆਸਾਮ ਦੇ ਜੋਰਹਾਟ 'ਚ ਵਾਹਨ ਮੁੰਰਮਤ ਦੀ ਦੁਕਾਨ ਨੂੰ ਅੱਗ ਲੱਗਣ ਦੀ ਖਬਰ...
ਮਨੀਪੁਰ ਵਿਧਾਨ ਸਭਾ 'ਚ ਅੱਜ ਹੋਵੇਗਾ ਫਲੋਰ ਟੈਸਟ
. . .  about 3 hours ago
ਭਾਰਤ 'ਚ ਪਿੱਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 62,064 ਨਵੇਂ ਮਾਮਲੇ ਆਏ ਸਾਹਮਣੇ
. . .  about 3 hours ago
ਨਵੀਂ ਦਿੱਲੀ, 10 ਅਗਸਤ- ਭਾਰਤ ਦਾ ਕੋਰੋਨਾ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਦੇ ...
ਐਕਸਾਈਜ਼ ਵਿਭਾਗ ਤਰਨਤਾਰਨ ਅਤੇ ਫਿਰੋਜ਼ਪੁਰ ਨੇ ਸਾਂਝੇ ਤੌਰ 'ਤੇ ਸ਼ਰਾਬ ਤਸਕਰਾਂ ਖਿਲਾਫ ਕੀਤੀ ਕਾਰਵਾਈ
. . .  about 3 hours ago
ਹਰੀਕੇ ਪੱਤਣ, 10 ਅਗਸਤ (ਸੰਜੀਵ ਕੁੰਦਰਾ) - ਪੰਜਾਬ 'ਚ ਜ਼ਹਿਰੀਲੀ ਸ਼ਰਾਬ ਕਾਰਨ ਹੋਈਆਂ ਮੌਤਾਂ ਤੋਂ ਬਾਅਦ ਆਬਕਾਰੀ....
ਸਰਦੂਲਗੜ੍ਹ ਤੇ ਮਾਨਖੇੜਾ (ਮਾਨਸਾ) 'ਚ ਦੋ ਵਿਅਕਤੀਆਂ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ
. . .  about 3 hours ago
ਸਰਦੂਲਗੜ੍ਹ, 10 ਅਗਸਤ (ਜੀ.ਐੱਮ.ਅਰੋੜਾ) - ਜ਼ਿਲ੍ਹਾ ਮਾਨਸਾ ਦੇ ਸਰਦੂਲਗੜ੍ਹ ਦੇ ਵਾਰਡ ਨੰਬਰ 3 'ਚ ਇਕ 42 ਸਾਲਾ ....
ਉੱਤਰ ਪ੍ਰਦੇਸ਼ ਦੇ ਕਈ ਜ਼ਿਲ੍ਹਿਆਂ 'ਚ ਅਗਲੇ 3 ਘੰਟਿਆਂ ਦੌਰਾਨ ਮੀਂਹ ਪੈਣ ਦੀ ਸੰਭਾਵਨਾ - ਮੌਸਮ ਵਿਭਾਗ
. . .  about 4 hours ago
ਲਖਨਊ, 10 ਅਗਸਤ- ਉੱਤਰ ਪ੍ਰਦੇਸ਼ ਦੇ ਲਖਨਊ ਦੇ ਮੌਸਮ ਵਿਭਾਗ ਦੇ ਅਨੁਸਾਰ, ਲਖੀਮਪੁਰ ਖੇੜੀ, ਪੀਲੀਭੀਤ, ਬਰੇਲੀ, ਸਹਾਰਨਪੁਰ ....
ਹਾਂਗ ਕਾਂਗ ਦੇ ਮੀਡੀਆ ਟਾਈਕੂਨ ਨੂੰ ਰਾਸ਼ਟਰੀ ਸੁਰਖਿਆ ਕਾਨੂੰਨ ਤਹਿਤ ਕੀਤਾ ਗਿਆ ਗ੍ਰਿਫਤਾਰ
. . .  about 4 hours ago
ਨਵੀਂ ਦਿੱਲੀ, 10 ਅਗਸਤ- ਹਾਂਗਕਾਂਗ ਦੇ ਮੀਡੀਆ ਟਾਈਕੂਨ ਜਿੰਮੀ ਲਾਈ ਦੇ ਸਹਿਯੋਗੀ ਨੇ ਕਿਹਾ ਕਿ.....
ਜੰਮੂ ਕਸ਼ਮੀਰ: ਬਡਗਾਮ ਜ਼ਿਲ੍ਹਾ ਭਾਜਪਾ ਪ੍ਰਧਾਨ ਅਬਦੁੱਲ ਹਮੀਦ ਦੀ ਇਲਾਜ ਦੌਰਾਨ ਹੋਈ ਮੌਤ
. . .  about 5 hours ago
ਸ੍ਰੀਨਗਰ, 10 ਅਗਸਤ- ਜੰਮੂ-ਕਸ਼ਮੀਰ ਦੇ ਬਡਗਾਮ ਜ਼ਿਲ੍ਹਾ ਭਾਜਪਾ ਪ੍ਰਧਾਨ ਅਬਦੁੱਲ ਹਮੀਦ ਦੀ ਇਲਾਜ ਦੌਰਾਨ ਹਸਪਤਾਲ....
ਉੱਤਰ ਪ੍ਰਦੇਸ਼ 'ਚ ਬਦਮਾਸ਼ਾਂ ਵੱਲੋਂ ਵਕੀਲ 'ਤੇ ਹਮਲਾ ਕੀਤਾ
. . .  about 5 hours ago
ਲਖਨਊ, 10 ਅਗਸਤ- ਉੱਤਰ ਪ੍ਰਦੇਸ਼ 'ਚ ਇਕ ਵਾਰ ਫਿਰ ਨਿਡਰ ਬਦਮਾਸ਼ਾਂ ਦੀ ਦਹਿਸ਼ਤ ਦੇਖਣ ਨੂੰ....
ਹੋਰ ਖ਼ਬਰਾਂ..

ਧਰਮ ਤੇ ਵਿਰਸਾ

ਤਕਨੀਕੀ ਯੁੱਗ 'ਚ ਧਰਮ ਪ੍ਰਚਾਰ ਦੀਆਂ ਨਵੀਆਂ ਸੰਭਾਵਨਾਵਾਂ

ਧਰਮ ਭਾਵੇਂ ਕੋਈ ਕਿੰਨਾ ਵੀ ਮਹਾਨ ਅਤੇ ਵਿਲੱਖਣ ਹੋਵੇ, ਪਰ ਉਸ ਦੇ ਫ਼ਲਸਫ਼ੇ, ਇਤਿਹਾਸ ਅਤੇ ਵਿਰਾਸਤ ਦੇ ਪ੍ਰਚਾਰ ਤੋਂ ਬਿਨਾਂ ਧਰਮ ਦਾ ਪ੍ਰਸਾਰ ਨਹੀਂ ਹੋ ਸਕਦਾ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਚਾਰ ਉਦਾਸੀਆਂ ਦੇ ਰੂਪ ਵਿਚ 30 ਮੁਲਕਾਂ ਵਿਚ 48 ਹਜ਼ਾਰ ਮੀਲ ਪੈਦਲ ਸਫ਼ਰ ਕਰਕੇ ਮਰ ਚੁੱਕੀ ਮਨੁੱਖਤਾ ਨੂੰ ਧਰਮ ਦੇ ਪ੍ਰਚਾਰ ਰਾਹੀਂ ਹੀ ਜਗਾਇਆ ਸੀ। ਸ੍ਰੀ ਗੁਰੂ ਅੰਗਦ ਦੇਵ ਜੀ ਨੇ ਖਡੂਰ ਸਾਹਿਬ ਵਿਖੇ ਬੈਠ ਕੇ ਸਿੱਖੀ ਦੀਆਂ ਜੜ੍ਹਾਂ ਮਜ਼ਬੂਤ ਕੀਤੀਆਂ। ਗੁਰਮੁਖੀ ਬੋਲੀ ਦਾ ਪ੍ਰਸਾਰ ਅਤੇ ਮੱਲ ਅਖਾੜੇ ਲਗਾ ਕੇ ਸਿੱਖਾਂ ਵਿਚ ਸਰੀਰਕ ਅਰੋਗਤਾ ਦੀ ਮਹਾਨਤਾ ਉਜਾਗਰ ਕੀਤੀ। ਸ੍ਰੀ ਗੁਰੂ ਅਮਰਦਾਸ ਜੀ ਨੇ 22 ਮੰਜੀਆਂ ਅਤੇ 52 ਪੀੜ੍ਹੇ ਥਾਪ ਕੇ ਸੁਚਾਰੂ ਅਤੇ ਸਮਕਾਲੀ ਸਮਾਜਿਕ ਸੁਧਾਰਾਂ ਨਾਲ ਧਰਮ ਪ੍ਰਚਾਰ ਨੂੰ ਸੰਸਥਾਗਤ ਰੂਪ ਦਿੱਤਾ ਸੀ। ਸ੍ਰੀ ਗੁਰੂ ਰਾਮਦਾਸ ਜੀ ਨੇ ਸਿੱਖੀ ਦੇ ਪ੍ਰਚਾਰ ਲਈ ਮਸੰਦ ਪ੍ਰਥਾ ਆਰੰਭ ਕੀਤੀ ਅਤੇ ਗ਼ਰੀਬਾਂ/ ਲੋੜਵੰਦਾਂ ਦੀ ਸਹਾਇਤਾ ਲਈ ਦਸਵੰਧ ਪਰੰਪਰਾ ਨੂੰ ਮਜ਼ਬੂਤ ਕੀਤਾ। ਇਸੇ ਤਰ੍ਹਾਂ ਸ੍ਰੀ ਗੁਰੂ ਅਰਜਨ ਦੇਵ ਜੀ, ਸ੍ਰੀ ਗੁਰੂ ਹਰਿਗੋਬਿੰਦ ਜੀ, ਸ੍ਰੀ ਗੁਰੂ ਹਰਿਰਾਇ ਜੀ ਅਤੇ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਨੇ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਵਲੋਂ ਆਰੰਭ ਕੀਤੇ ਸੱਚ-ਧਰਮ ਦੇ ਪ੍ਰਚਾਰ ਦੀ ਲਹਿਰ ਨੂੰ ਨਿਰੰਤਰ ਜਾਰੀ ਰੱਖਿਆ। ਸ੍ਰੀ ਗੁਰੂ ਤੇਗ਼ ਬਹਾਦਰ ਜੀ ਧਰਮ ਪ੍ਰਚਾਰ ਫੇਰੀਆਂ ਲਈ ਮਾਲਵਾ, ਹਰਿਆਣਾ, ਉੱਤਰ ਪ੍ਰਦੇਸ਼, ਬਿਹਾਰ, ਆਸਾਮ, ਬੰਗਾਲ ਅਤੇ ਢਾਕਾ (ਬੰਗਲਾਦੇਸ਼) ਆਦਿ ਤੱਕ ਗਏ।
ਦਸਮ ਪਾਤਿਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜ਼ਿਆਦਾਤਰ ਜੀਵਨ ਭਾਵੇਂ ਜਬਰ-ਜ਼ੁਲਮ ਦੇ ਖ਼ਿਲਾਫ਼ ਜੰਗਾਂ-ਯੁੱਧਾਂ ਵਿਚ ਰਿਹਾ ਪਰ ਗੁਰੂ ਸਾਹਿਬ ਨੇ ਧਰਮ ਪ੍ਰਚਾਰ ਵੱਲ ਕਿਸੇ ਤਰ੍ਹਾਂ ਦੀ ਖੜੋਤ ਨਹੀਂ ਆਉਣ ਦਿੱਤੀ ਬਲਕਿ ਧਰਮ ਪ੍ਰਚਾਰ ਨੂੰ ਸੰਸਥਾਗਤ ਮਜ਼ਬੂਤੀ ਪ੍ਰਦਾਨ ਕਰਦਿਆਂ ਸਿੱਖੀ ਦੇ ਕੇਂਦਰਾਂ ਦੀ ਸਥਾਪਨਾ ਕੀਤੀ। ਨਿਰਮਲਿਆਂ ਨੂੰ ਧਰਮ ਵਿੱਦਿਆ ਦੇ ਪ੍ਰਚਾਰ ਦਾ ਜ਼ਿੰਮਾ ਸੌਂਪਿਆ, ਹਜ਼ੂਰ ਦੇ ਦਰਬਾਰ ਵਿਚ 52 ਕਵੀਆਂ ਦਾ ਹੋਣਾ, ਭਾਰਤ ਦੇ ਵੱਖ-ਵੱਖ ਖਿੱਤਿਆਂ ਅਤੇ ਵੱਖ-ਵੱਖ ਜਾਤਾਂ ਵਿਚੋਂ ਪੰਜ ਪਿਆਰਿਆਂ ਦੀ ਚੋਣ ਕਰਨੀ, ਬਾਬਾ ਬੰਦਾ ਸਿੰਘ ਬਹਾਦਰ ਨੂੰ ਨਾਂਦੇੜ ਦੀ ਧਰਤੀ ਤੋਂ ਥਾਪੜਾ ਦੇ ਕੇ ਜ਼ੁਲਮ ਦੇ ਰਾਜ ਦਾ ਅੰਤ ਕਰਕੇ ਖ਼ਾਲਸਾ ਰਾਜ ਦੀ ਸਥਾਪਨਾ ਲਈ ਪੰਜਾਬ ਭੇਜਣਾ ਆਦਿ ਧਰਮ ਪ੍ਰਚਾਰ ਦਾ ਹੀ ਹਿੱਸਾ ਸਨ। ਗੁਰੂ ਸਾਹਿਬਾਨ ਤੋਂ ਮਗਰੋਂ ਵੀ ਸਿੱਖਾਂ ਨੇ ਧਰਮ ਦੀ ਧੁਜਾ ਨੂੰ ਉੱਚਾ ਰੱਖਣ ਲਈ ਹੁਣ ਤੱਕ 9 ਲੱਖ ਤੋਂ ਵੱਧ ਲਾਸਾਨੀ ਅਤੇ ਅਦੁੱਤੀ ਸ਼ਹਾਦਤਾਂ ਦਾ ਇਤਿਹਾਸ ਰਚਿਆ ਹੈ।
ਖ਼ਾਲਸਾ ਰਾਜ ਦੇ ਪਤਨ ਤੋਂ ਬਾਅਦ ਦਾ ਸਮਾਂ
ਮਹਾਰਾਜਾ ਰਣਜੀਤ ਸਿੰਘ ਦੇ ਖ਼ਾਲਸਾ ਰਾਜ ਦੇ ਪਤਨ ਤੋਂ ਬਾਅਦ ਇਕ ਸਮਾਂ ਇਹੋ ਜਿਹਾ ਵੀ ਆਇਆ ਜਦੋਂ ਸਿੱਖਾਂ ਦੀ ਗਿਣਤੀ ਲੱਖਾਂ ਤੋਂ ਘਟ ਕੇ ਹਜ਼ਾਰਾਂ ਵਿਚ ਰਹਿ ਗਈ। ਸਿੱਖ ਨੌਜਵਾਨਾਂ 'ਤੇ ਇਸਾਈ ਮਿਸ਼ਨਰੀਆਂ ਦਾ ਪ੍ਰਭਾਵ ਤੇਜ਼ੀ ਨਾਲ ਵਧਣ ਲੱਗਾ ਸੀ। ਆਰੀਆ ਸਮਾਜੀ ਲਹਿਰ ਨੇ ਵੀ ਜ਼ੋਰ ਫੜ ਲਿਆ। ਅੰਗਰੇਜ਼ਾਂ ਨੇ ਇਹ ਸੋਚ ਕੇ ਸਿੱਖਾਂ ਦੀਆਂ ਤਸਵੀਰਾਂ ਤੱਕ ਬਣਾ ਦਿੱਤੀਆਂ ਕਿ ਸਿੱਖ ਤਾਂ ਹੁਣ ਸਿਰਫ਼ ਇਤਿਹਾਸ ਦਾ ਹਿੱਸਾ ਬਣ ਜਾਣਗੇ। ਉਸ ਵੇਲੇ ਗੰਭੀਰ ਸਥਿਤੀ ਨੂੰ ਵੇਖਦਿਆਂ ਪੰਥ ਦਰਦੀ ਸਿੱਖਾਂ ਨੇ ਸਿੰਘ ਸਭਾ ਲਹਿਰ ਦਾ ਆਗਾਜ਼ ਕੀਤਾ ਅਤੇ ਧਰਮ ਦੇ ਨਾਲ-ਨਾਲ ਸਿੱਖ ਸਮਾਜ ਅੰਦਰ ਸਿੱਖਿਆ ਦੇ ਪ੍ਰਸਾਰ ਤੇ ਸਮਾਜਿਕ ਬੁਰਾਈਆਂ ਨੂੰ ਦੂਰ ਕਰਨ 'ਤੇ ਵਿਸ਼ੇਸ਼ ਜ਼ੋਰ ਦਿੱਤਾ। ਮੁੜ ਹਜ਼ਾਰਾਂ ਤੋਂ ਸਿੱਖਾਂ ਦੀ ਗਿਣਤੀ ਲੱਖਾਂ ਵਿਚ ਹੋ ਗਈ। ਗੁਰਦੁਆਰਾ ਸੁਧਾਰ ਲਹਿਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਵੀ ਸਿੰਘ ਸਭਾ ਲਹਿਰ ਦੀ ਹੀ ਦੇਣ ਸਨ।
ਤਕਨੀਕੀ ਸਾਧਨਾਂ ਦੀ ਸਾਰਥਕ ਵਰਤੋਂ
ਆਧੁਨਿਕ ਯੁੱਗ 'ਚ ਮਨੁੱਖੀ ਜੀਵਨ ਦੇ ਹਰ ਖੇਤਰ 'ਚ ਡਿਜੀਟਲ ਮੀਡੀਆ, ਸੋਸ਼ਲ ਮੀਡੀਆ, ਇੰਟਰਨੈੱਟ ਅਤੇ ਸਕਰੀਨ ਮੀਡੀਆ ਨੇ ਅਹਿਮ ਥਾਂ ਬਣਾ ਲਈ ਹੈ। ਧਰਮ ਪ੍ਰਚਾਰ ਦੇ ਖੇਤਰ 'ਚ ਵੀ ਇਸ ਦੀ ਅਹਿਮੀਅਤ ਨੂੰ ਜਿਸ ਪੱਧਰ ਤੱਕ ਸਮਝਣ ਅਤੇ ਵਰਤਣ ਦੀ ਲੋੜ ਸੀ, ਉਸ ਪੱਧਰ ਤੱਕ ਅਜੇ ਤੱਕ ਧਰਮ ਪ੍ਰਚਾਰ ਲਈ ਨਵੀਨ ਤਕਨੀਕਾਂ ਨੂੰ ਵਰਤੋਂ ਵਿਚ ਲਿਆਂਦਾ ਨਹੀਂ ਜਾ ਸਕਿਆ। ਪਿਛਲੇ ਮਾਰਚ ਮਹੀਨੇ ਦੌਰਾਨ ਵਿਸ਼ਵ-ਵਿਆਪੀ ਕਰੋਨਾ ਵਾਇਰਸ ਦੀ ਮਹਾਂਮਾਰੀ ਕਾਰਨ ਤਾਲਾਬੰਦੀ ਦੇ ਹਾਲਾਤ 'ਚ ਪੈਦਾ ਹੋਈ ਗੰਭੀਰ ਸਥਿਤੀ ਵਿਚ ਧਰਮ ਪ੍ਰਚਾਰ ਦੇ ਖੇਤਰ 'ਚ ਡਿਜੀਟਲ ਮੀਡੀਆ ਅਤੇ ਬਿਜਲਈ ਸਾਧਨਾਂ ਦੀ ਸਾਰਥਿਕਤਾ ਉੱਭਰ ਕੇ ਸਾਹਮਣੇ ਆਈ ਹੈ। ਸ਼੍ਰੋਮਣੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵਲੋਂ ਤਾਲਾਬੰਦੀ ਦੌਰਾਨ ਉਲੀਕੀ ਧਰਮ ਪ੍ਰਚਾਰ ਦੀ ਯੋਜਨਾਬੰਦੀ ਤਹਿਤ 'ਜ਼ੂਮ ਐਪ' ਦੀ ਵਰਤੋਂ ਕਰਦਿਆਂ ਆਨਲਾਈਨ ਵਿਧੀ ਰਾਹੀਂ ਧਰਮ ਪ੍ਰਚਾਰ ਦੀ ਪਹਿਲ ਸਾਰਥਕ ਸਾਬਤ ਹੋਈ ਹੈ। ਇਸ ਤਹਿਤ ਪੰਜਾਬ ਦੇ ਤਿੰਨ ਜ਼ੋਨਾਂ; ਮਾਝਾ, ਦੁਆਬਾ ਅਤੇ ਮਾਲਵਾ ਤੋਂ ਇਲਾਵਾ ਸਿੱਖ ਮਿਸ਼ਨ ਹਾਪੁੜ (ਉੱਤਰ ਪ੍ਰਦੇਸ਼), ਸਿੱਖ ਮਿਸ਼ਨ ਹਿਮਾਚਲ ਪ੍ਰਦੇਸ਼, ਸਿੱਖ ਮਿਸ਼ਨ ਦਿੱਲੀ, ਸਿੱਖ ਮਿਸ਼ਨ ਛੱਤੀਸਗੜ੍ਹ, ਸਿੱਖ ਮਿਸ਼ਨ ਰਾਜਸਥਾਨ, ਸਿੱਖ ਮਿਸ਼ਨ ਕਲਕੱਤਾ,ਸਿੱਖ ਮਿਸ਼ਨ ਆਂਧਰਾ ਪ੍ਰਦੇਸ਼, ਸਿੱਖ ਮਿਸ਼ਨ ਗੁਜਰਾਤ ਅਤੇ ਸਿੱਖ ਮਿਸ਼ਨ ਮੱਧ ਪ੍ਰਦੇਸ਼ ਦੇ ਸਿੱਖ ਵਿਦਿਆਰਥੀਆਂ ਨਾਲ ਰਾਬਤਾ ਬਣਾਉਣ ਲਈ 'ਜ਼ੂਮ ਐਪ' ਰਾਹੀਂ ਜਿੱਥੇ ਗੁਰਮਤਿ ਕਲਾਸਾਂ ਲਗਾਈਆਂ, ਉੱਥੇ ਵੈਬੀਨਾਰ, ਕਵੀ ਦਰਬਾਰ, ਢਾਡੀ ਦਰਬਾਰ, ਇੰਟਰਨੈਸ਼ਨਲ ਸੁੰਦਰ ਦਸਤਾਰ ਮੁਕਾਬਲੇ, ਭਾਸ਼ਨ ਮੁਕਾਬਲੇ, ਗਤਕਾ ਮੁਕਾਬਲੇ, ਸਿਫ਼ਤਿ ਸਾਲਾਹ ਮੁਕਾਬਲੇ, ਸਿੱਖ ਸ਼ਖ਼ਸੀਅਤ ਵਿਕਾਸ ਕੈਂਪ ਆਦਿ 'ਜ਼ੂਮ ਐਪ' ਰਾਹੀਂ ਲਗਾ ਕੇ ਆਨਲਾਈਨ ਵਿਧੀ ਦੁਆਰਾ ਸਿੱਖ ਵਿਦਿਆਰਥੀਆਂ ਨਾਲ ਰਾਬਤਾ ਬਣਾਉਣ 'ਚ ਸਫਲਤਾ ਹਾਸਲ ਕੀਤੀ ਗਈ। ਦੇਸ਼-ਵਿਦੇਸ਼ 'ਚ 'ਜ਼ੂਮ ਐਪ' ਰਾਹੀਂ ਤਾਲਾਬੰਦੀ ਦੌਰਾਨ 20 ਹਜ਼ਾਰ ਤੋਂ ਵੱਧ ਵਿਦਿਆਰਥੀਆਂ ਤੋਂ ਇਲਾਵਾ ਵੱਡੀ ਗਿਣਤੀ 'ਚ ਮਾਪਿਆਂ ਨੇ ਵੀ ਧਰਮ ਪ੍ਰਚਾਰ ਕਲਾਸਾਂ 'ਚ ਹਾਜ਼ਰੀ ਭਰੀ। ਆਨਲਾਈਨ ਕਲਾਸਾਂ ਰਾਹੀਂ ਸ਼੍ਰੋਮਣੀ ਕਮੇਟੀ ਦੇ ਪੌਣੇ ਤਿੰਨ ਸੌ ਤੋਂ ਵੱਧ ਪ੍ਰਚਾਰਕਾਂ ਨੇ ਵਿਦਿਆਰਥੀਆਂ ਨੂੰ ਨਿੱਤਨੇਮ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਥਿਆ ਦਿੱਤੀ, ਜਿਸ 'ਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਅਤੇ ਗੁਰਬਾਣੀ ਦੇ ਮਹਾਨ ਵਿਦਵਾਨ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਅਤੇ ਗਿਆਨੀ ਪਰਮਿੰਦਰ ਸਿੰਘ ਪ੍ਰਚਾਰਕ ਧਰਮ ਪ੍ਰਚਾਰ ਕਮੇਟੀ ਨੇ ਸੰਥਿਆ ਕਰਵਾਈ। 'ਜ਼ੂਮ ਐਪ' ਰਾਹੀਂ ਪੰਜਾਬ ਤੇ ਪੰਜਾਬ ਤੋਂ ਬਾਹਰ ਦੂਰ-ਦੁਰਾਡੇ ਦੇ ਇਲਾਕਿਆਂ 'ਚ ਬੈਠੇ ਵਿਦਿਆਰਥੀਆਂ ਨਾਲ ਰਾਬਤੇ ਦੌਰਾਨ ਪ੍ਰਚਾਰਕਾਂ ਨੇ ਗੁਰਬਾਣੀ, ਗੁਰ-ਇਤਿਹਾਸ ਅਤੇ ਸਿੱਖ ਰਹਿਤ ਮਰਯਾਦਾ ਦੀ ਸਿੱਖਿਆ ਦਿੱਤੀ ਅਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੁੰਦਿਆਂ ਚਾਰ ਸੌ ਸਹਿਜ ਪਾਠ ਆਰੰਭ ਕਰਨ ਲਈ ਪ੍ਰੇਰਿਤ ਕੀਤਾ। ਇਸ ਦੇ ਨਾਲ-ਨਾਲ ਹੀ ਪ੍ਰਚਾਰਕਾਂ ਵਲੋਂ ਪੰਜਾਬ ਦੇ ਸਮੂਹ ਪਿੰਡਾਂ, ਸ਼ਹਿਰਾਂ, ਕਸਬਿਆਂ, ਮੁਹੱਲਿਆਂ ਅਤੇ ਘਰਾਂ ਦੇ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ-ਸੰਭਾਲ ਸਬੰਧੀ ਵਿਸਥਾਰ ਵਿਚ ਸਮਝਾਇਆ ਜਾ ਰਿਹਾ ਹੈ।
ਇਸ ਤਰ੍ਹਾਂ ਜਿੱਥੇ ਕਰੋਨਾ ਵਾਇਰਸ ਦੀ ਵਿਸ਼ਵ ਵਿਆਪੀ ਮਹਾਂਮਾਰੀ ਕਾਰਨ ਤਾਲਾਬੰਦੀ ਵਰਗੀ ਸਥਿਤੀ 'ਚ ਵਿਸ਼ਵ ਭਰ 'ਚ ਵਿੱਦਿਅਕ, ਸਰੀਰਕ, ਸਮਾਜਿਕ, ਧਾਰਮਿਕ ਅਤੇ ਖੇਡ ਸਰਗਰਮੀਆਂ ਲਗਪਗ ਠੱਪ ਪਈਆਂ ਹਨ, ਉਥੇ ਸ਼੍ਰੋਮਣੀ ਕਮੇਟੀ ਨੇ 'ਜ਼ੂਮ ਐਪ' ਰਾਹੀਂ ਆਨਲਾਈਨ ਵਿਧੀ ਦੀ ਸਦਵਰਤੋਂ ਕਰਦਿਆਂ ਆਪਣੀਆਂ ਧਰਮ ਪ੍ਰਚਾਰ ਦੀਆਂ ਸਰਗਰਮੀਆਂ ਨਿਰੰਤਰ ਜਾਰੀ ਰੱਖਣ 'ਚ ਸਫਲਤਾ ਹਾਸਲ ਕੀਤੀ ਹੈ। ਪਰ ਗੱਲ ਇੱਥੇ ਹੀ ਨਹੀਂ ਰੁਕਣੀ ਚਾਹੀਦੀ ਸਗੋਂ ਬਿਜਲਈ ਤੇ ਤਕਨੀਕੀ ਸਾਧਨਾਂ ਅਤੇ ਆਨਲਾਈਨ ਵਿਧੀ ਨੂੰ ਹੋਰ ਵਿਆਪਕ ਪੱਧਰ 'ਤੇ ਪ੍ਰਸੰਗਿਕ ਬਣਾਉਂਦਿਆਂ ਧਰਮ ਪ੍ਰਚਾਰ ਨੂੰ ਸਮਾਜਿਕ ਸਰੋਕਾਰਾਂ ਨਾਲ ਜੋੜ ਕੇ ਵਾਤਾਵਰਨ ਪ੍ਰਤੀ ਚੇਤਨਾ, ਸਮਾਜਿਕ ਬੁਰਾਈਆਂ ਨੂੰ ਦੂਰ ਕਰਨ ਅਤੇ ਸਿੱਖੀ ਦੀ ਲਹਿਰ ਨੂੰ ਹੋਰ ਸਰਗਰਮ ਰੂਪ ਵਿਚ ਬੁਲੰਦ ਕਰਨ ਲਈ ਵੱਡੀਆਂ ਸੰਭਾਵਨਾਵਾਂ ਨੂੰ ਤਲਾਸ਼ਣ ਦੀ ਲੋੜ ਹੈ। ਅਜੋਕੇ ਸਮੇਂ ਸੰਸਾਰ ਭਾਈਚਾਰਾ ਵਿਸ਼ਵ ਅਰਥਚਾਰੇ, ਰਾਜਨੀਤੀ, ਸਮਾਜਿਕ ਬਰਾਬਰਤਾ ਅਤੇ ਸਦੀਵੀ ਅਮਨ-ਸ਼ਾਂਤੀ ਦੇ ਪੁੰਜ ਕਿਸੇ 'ਤੀਜੇ ਬਦਲ' ਦੀ ਭਾਲ ਵਿਚ ਹੈ ਅਤੇ ਜੀਵਨ ਦੇ ਹਰ ਖੇਤਰ ਵਿਚ ਅਗਵਾਈ ਕਰਨ ਵਾਲਾ ਇਹ ਬਦਲ ਦੁਨੀਆ ਦਾ ਇਕੋ ਇਕ ਕੁਦਰਤਵਾਦੀ ਬ੍ਰਹਿਮੰਡੀ ਫ਼ਲਸਫ਼ਾ 'ਸ੍ਰੀ ਗੁਰੂ ਗ੍ਰੰਥ ਸਾਹਿਬ ਜੀ' ਬਣ ਸਕਦਾ ਹੈ। ਜੇਕਰ ਸਿੱਖ ਧਰਮ ਦੇ ਪ੍ਰਚਾਰ ਨੂੰ ਅਜੋਕੇ ਸਮੇਂ ਦੇ ਹਰ ਪ੍ਰਕਾਰ ਦੇ ਸਾਧਨਾਂ ਰਾਹੀਂ ਵਿਸ਼ਵ ਦੇ ਕੋਨੇ-ਕੋਨੇ ਤੱਕ ਇਕ ਆਦਰਸ਼ਕ ਜੀਵਨ-ਜਾਚ ਅਤੇ ਸਮਾਜਿਕ ਸੁਧਾਰਾਂ ਦੇ ਏਜੰਡੇ ਵਜੋਂ ਉਭਾਰਿਆ ਜਾਵੇ ਤਾਂ ਯਕੀਨੀ ਤੌਰ 'ਤੇ ਧਰਮ ਪ੍ਰਚਾਰ ਦੀ ਬਹੁਤ ਵੱਡੀ ਪ੍ਰਾਪਤੀ ਹੋਵੇਗੀ ਅਤੇ ਸ਼੍ਰੋਮਣੀ ਕਮੇਟੀ ਨੂੰ ਭਵਿੱਖਮੁਖੀ ਵਿਚਾਰ ਪ੍ਰਬੰਧ ਨੂੰ ਵਿਉਂਤਣ ਲਈ ਠੋਸ ਜ਼ਮੀਨ ਮੁਹੱਈਆ ਕਰੇਗੀ।

# ਸ਼ਹੀਦ ਬਾਬਾ ਦੀਪ ਸਿੰਘ ਜੀ ਕਾਲੋਨੀ, ਸ੍ਰੀ ਦਸਮੇਸ਼ ਅਕੈਡਮੀ ਰੋਡ, ਸ੍ਰੀ ਅਨੰਦਪੁਰ ਸਾਹਿਬ।
ਮੋਬਾਈਲ : 98780-70008
e-mail : ts1984buttar@yahoo.com


ਖ਼ਬਰ ਸ਼ੇਅਰ ਕਰੋ

ਸਿਰਦਾਰ ਕਪੂਰ ਸਿੰਘ ਆਈ. ਸੀ. ਐਸ. ਨੂੰ ਨੌਕਰੀ ਤੋਂ ਬਾਹਰ ਕੱਢਣ ਦਾ ਅਸਲ ਸੱਚ

ਬਰਸੀ 'ਤੇ ਵਿਸ਼ੇਸ਼

ਸਿਰਦਾਰ ਕਪੂਰ ਸਿੰਘ ਇਕ ਅਹਿਮ ਸ਼ਖ਼ਸੀਅਤ ਵੀ ਹੈ ਅਤੇ ਇਕ ਮੁੱਦਾ ਵੀ ਹੈ। ਸ਼ਖ਼ਸੀਅਤ ਇਸ ਕਰਕੇ ਕਿ ਉਨ੍ਹਾਂ ਨੇ 1947 ਤੋਂ ਬਾਅਦ ਸਿੱਖਾਂ ਦੇ ਹੱਕਾਂ ਬਾਰੇ ਜਾਣਕਾਰੀ ਦਿੱਤੀ ਅਤੇ ਜੱਦੋਜਹਿਦ ਕੀਤੀ ਅਤੇ ਸਿੱਖਾਂ ਨੂੰ ਉਸ ਪਾਸੇ ਪ੍ਰੇਰਿਆ। ਉਨ੍ਹਾਂ ਦੇ ਪੁਰਖੇ ਮਾਲਵੇ ਦੇ ਸਨ, ਜ਼ਮੀਨ ਖਾਤਰ ਬਾਰ ਦੇ ਇਲਾਕੇ (ਲਾਇਲਪੁਰ) ਚਲੇ ਗਏ। ਕਪੂਰ ਸਿੰਘ ਨੂੰ ਦਿਮਾਗ਼ੀ ਤਾਕਤ ਰੱਬੀ ਬਖ਼ਸ਼ਿਸ਼ ਸੀ। ਪੜ੍ਹਾਈ ਵਿਚ ਅੱਗੇ ਤੋਂ ਅੱਗੇ ਚਲਦੇ ਕੈਂਬਰਿਜ ਯੂਨੀਵਰਸਿਟੀ ਪਹੁੰਚ ਗਏ, ਜਿਨ੍ਹਾਂ ਤੋਂ ਵਿੱਦਿਆ ਪ੍ਰਾਪਤ ਕੀਤੀ ਉਨ੍ਹਾਂ ਵਿਚ ਪ੍ਰੋ: ਅਰਨੋਲਡ ਟੋਇਨਬੀ, ਪ੍ਰੋ: ਹਰੋਲਡ ਲਾਸਕੀ, ਪ੍ਰੋ: ਬਰਟਰੈਂਡ ਰੂਸੈੱਲ। 1934 'ਚ ਉਨ੍ਹਾਂ ਨੇ ਆਈ. ਸੀ. ਐਸ. ਦੀ ਨੌਕਰੀ ਹਾਸਲ ਕੀਤੀ ਅਤੇ ਉਨ੍ਹਾਂ ਨੂੰ ਪੰਜਾਬ ਵਿਚ ਲਗਾਇਆ ਗਿਆ। ਵਿਦਿਆਰਥੀ ਜੀਵਨ ਅਤੇ ਨੌਕਰੀ ਦੌਰਾਨ ਉਨ੍ਹਾਂ ਦੀ ਜਾਣ-ਪਛਾਣ ਮੁਹੰਮਦ ਅਲੀ ਜਿਨਾਹ, ਅਲਾਮਾ ਇਕਬਾਲ, ਮਹਾਤਮਾ ਗਾਂਧੀ ਅਤੇ ਮਾਸਟਰ ਤਾਰਾ ਸਿੰਘ ਨਾਲ ਵੀ ਸੀ। 1857 ਦੇ ਗ਼ਦਰ ਤੋਂ ਬਾਅਦ ਸੱਤਾ ਈਸਟ ਇੰਡੀਆ ਕੰਪਨੀ ਤੋਂ ਸਿੱਧੀ ਬਰਤਾਨੀਆ ਦੇ ਰਾਜੇ ਦੇ ਕੋਲ ਬਦਲ ਦਿੱਤੀ ਗਈ ਸੀ ਪਰ ਅਮੀਰ ਮੁਲਕਾਂ ਵਿਚ ਇਕ ਨਵੀਂ ਸੋਚ ਵਾਲੀ ਸਰਕਾਰ ਬਣ ਰਹੀ ਸੀ, ਜਿਸ ਨੂੰ ਜਮਹੂਰੀਅਤ ਕਹਿੰਦੇ ਸਨ। ਉਸ ਤੋਂ ਪਹਿਲਾਂ ਰਾਜੇ-ਮਹਾਰਾਜੇ ਦਾ ਰਾਜ ਚਲਦਾ ਸੀ। ਦੂਜੇ ਪਾਸੇ ਕਿ ਹੋਰ ਸੋਚ ਵਾਲੀ ਸਰਕਾਰ ਵੀ ਬਣ ਰਹੀ ਸੀ, ਜਿਸ ਨੂੰ ਕਮਿਊਨਿਜ਼ਮ ਕਹਿੰਦੇ ਸੀ ਜਿਸ ਦੇ ਵਿਚ ਕਾਮਿਆਂ ਦਾ ਰਾਜ ਹੁੰਦਾ ਸੀ ਜਿਵੇਂ ਰੂਸ, ਚੀਨ ਆਦਿ।
ਅੰਗਰੇਜ਼ ਹਾਕਮ ਨੇ ਤਿੰਨ ਇਨਕਲਾਬੀਆਂ ਨੂੰ ਮਾਰਚ, 1931 ਵਿਚ ਲਾਹੌਰ ਵਿਖੇ ਫ਼ਾਂਸੀ ਲਗਾ ਦਿੱਤਾ ਸੀ। ਉਨ੍ਹਾਂ ਨੇ ਸੋਚਿਆ ਕਿ ਸੱਤਾ ਹੌਲੀ-ਹੌਲੀ ਲੋਕਲ ਬੰਦਿਆਂ ਨੂੰ ਦਿੱਤੀ ਜਾਵੇ। 1931 ਵਿਚ ਮਰਦਮ ਸ਼ੁਮਾਰੀ ਕਰਾਈ, ਉਸ ਦੇ ਆਧਾਰ 'ਤੇ ਕਮਿਊਨਲ ਐਵਾਰਡ 1932 ਵਿਚ ਜਾਰੀ ਕੀਤਾ। ਇਸ ਮਰਦਮ ਸ਼ੁਮਾਰੀ ਅਤੇ ਕਮਿਊਨਲ ਐਵਾਰਡ ਦੇ ਆਧਾਰ 'ਤੇ 1935 ਦਾ ਐਕਟ ਪਾਸ ਕੀਤਾ ਅਤੇ ਇਸੇ ਐਕਟ ਤਹਿਤ ਅਪ੍ਰੈਲ, 1937 ਵਿਚ ਚੋਣਾਂ ਕਰਾਈਆਂ। ਇਨ੍ਹਾਂ ਚੋਣਾਂ ਵਿਚ ਪੰਜਾਬ ਵਿਚ ਇਕ ਯੂਨੀਅਨਿਸਟ ਪਾਰਟੀ ਤਾਕਤ ਹਾਸਲ ਕਰ ਗਈ। ਇਹ ਪਾਰਟੀ ਕਿਸਾਨਾਂ ਦੀ ਪਾਰਟੀ ਸੀ ਜਿਸ ਵਿਚ ਮੁਸਲਮਾਨ, ਹਿੰਦੂ ਅਤੇ ਸਿੱਖ ਸ਼ਾਮਲ ਸਨ। ਪੰਜਾਬ ਇਕ ਖੇਤੀ ਪ੍ਰਧਾਨ ਸੂਬਾ ਸੀ ਅਤੇ ਹੈ। ਇਸ ਦੇ ਹਿੰਦੂ ਮੰਤਰੀ ਸਰ ਛੋਟੂ ਰਾਮ ਅਤੇ ਸਿੱਕ ਮੰਤਰੀ ਸਰ ਸੁੰਦਰ ਸਿੰਘ ਮਜੀਠੀਆ ਅਤੇ ਇਨ੍ਹਾਂ ਦੇ 1941 'ਚ ਪ੍ਰਲੋਕ ਸਿਧਾਰਨ ਤੋਂ ਬਾਅਦ ਬਲਦੇਵ ਸਿੰਘ ਬਣੇ। ਇਹੋ ਪਾਰਟੀ 1946 ਦੀਆਂ ਇਲੈਕਸ਼ਨਾਂ ਵੀ ਜਿੱਤ ਗਈ ਅਤੇ ਮੁਸਲਮਾਨ ਲੀਗ ਅਤੇ ਕਾਂਗਰਸ ਨਾ ਜਿੱਤ ਸਕੀ। ਇਹ ਵਰਤਾਰਾ ਵੇਖ ਕੇ ਅੰਗਰੇਜ਼ ਹਾਕਮ ਨੇ ਸੋਚਿਆ ਕਿ ਪੰਜਾਬ ਦਾ ਬਟਵਾਰਾ ਨਾ ਕੀਤਾ ਜਾਵੇ। ਪਰ ਕੁਝ ਕੁ ਸਿਆਸੀ ਲੀਡਰਾਂ ਨੇ ਇਹ ਰੌਲਾ ਪਾ ਦਿੱਤਾ ਕਿ ਹਿੰਦੂ ਅਤੇ ਸਿੱਖ, ਮੁਸਲਮਾਨ ਬਹੁ-ਗਿਣਤੀ ਰਾਜ ਵਿਚ ਨਹੀਂ ਰਹਿਣਾ ਚਾਹੁੰਦੇ। ਇਸ ਦਾ ਪਿਛੋਕੜ ਸੀ ਕਾਂਗਰਸ ਅਤੇ ਅਕਾਲੀ ਐਮ. ਐਲ. ਏ. ਪੰਜਾਬ ਅਸੈਂਬਲੀ ਵਿਚ ਇਕੱਠੇ ਵਿਚਰਦੇ ਸਨ। ਸੰਨ 1946-47 ਵਿਚ ਮਾਸਟਰ ਤਾਰਾ ਸਿੰਘ ਨੂੰ ਇਸੇ ਗੱਠਜੋੜ ਦਾ ਪੰਜਾਬ ਦਾ ਸੰਯੁਕਤ ਲੀਡਰ ਵੀ ਨਿਯੁਕਤ ਕਰ ਦਿੱਤਾ। ਤਾਰਾ ਸਿੰਘ ਹਿੰਦੂ ਪਰਿਵਾਰ ਵਿਚੋਂ ਸੀ। ਇਸੇ ਦੌਰਾਨ ਹਾਕਮ ਅੰਗਰੇਜ਼ਾਂ ਵਲੋਂ ਅਤੇ ਮੁਸਲਿਮ ਲੀਡਰਾਂ ਵਲੋਂ ਕੋਸ਼ਿਸ਼ ਕੀਤੀ ਗਈ ਕਿ ਅਕਾਲੀ ਸਿੱਖ ਪੰਜਾਬ ਵਿਚ ਇਕੱਠੇ ਰਹਿਣ। ਮੁਸਲਮਾਨ ਦੇ ਨਾਲ ਕੁਝ ਆਪਣੇ ਹੱਕ ਵੀ ਲੈ ਲੈਣ ਜੋ ਉਨ੍ਹਾਂ ਕੋਲ 1935 ਦੇ ਕਾਨੂੰਨ ਮੁਤਾਬਕ ਹਨ। ਪਰ ਇਹ ਗੱਲ ਉਸ ਗੱਠਜੋੜ ਨੂੰ ਮਨਜ਼ੂਰ ਨਹੀਂ ਸੀ। ਪਰ ਕਪੂਰ ਸਿੰਘ ਇਕ ਉੱਚ ਪਦਵੀ 'ਤੇ ਸਿੱਖ ਅਫ਼ਸਰ ਸੀ ਜੋ ਚਾਹੁੰਦਾ ਸੀ ਕਿ ਸਿੱਖ ਇਹ ਗੱਲ ਮੰਨ ਲੈਣ ਅਤੇ ਪੰਜਾਬ ਦੀ ਵੰਡ ਨਾ ਹੋਵੇ, ਕਿਉਂਕਿ ਸਿੱਖਾਂ ਦੀ ਸਭ ਤੋਂ ਜ਼ਿਆਦਾ ਸਿਆਸੀ/ਮਾਲੀ ਨੁਕਸਾਨ ਹੋਣਾ ਹੈ। ਇਸ ਗੱਲ ਬਾਰੇ ਦਿੱਲੀ ਵਿਚ ਬੈਠੇ ਉਨ੍ਹਾਂ ਕਾਂਗਰਸੀ ਲੀਡਰਾਂ ਨੂੰ ਪਤਾ ਲਗ ਗਿਆ ਸੀ। ਜਦ ਬਟਵਾਰਾ ਹੋ ਗਿਆ, ਬੜੀ ਵੱਡੀ ਵੱਢ-ਟੁੱਕ ਹੋਈ। ਅਦਲਾ-ਬਦਲੀ ਹੋਈ ਤਾਂ ਭਾਰਤ ਵਾਲੇ ਪੰਜਾਬ ਵਿਚ ਇਕ ਗੁਪਤ ਸਰਕੂਲਰ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਮਿਤੀ 10 ਅਕਤੂਬਰ 1947 ਨੂੰ ਜਾਰੀ ਹੋਇਆ, ਜਿਸ ਵਿਚ ਸਿੱਖਾਂ ਨੂੰ ਜਰਾਇਮ ਕੌਮ ਗਰਦਾਨਿਆ ਸੀ। ਉਸ ਸਮੇਂ ਦੋ ਸਿੱਖ ਅਫ਼ਸਰ ਡੀ. ਸੀ. ਲੱਗੇ ਸਨ, ਇਨ੍ਹਾਂ ਵਿਚੋਂ ਇਕ ਕਪੂਰ ਸਿੰਘ ਸੀ ਅਤੇ ਦੂਜਾ ਹਰਦਿਤ ਸਿੰਘ ਮਲਿਕ ਸੀ। ਕਪੂਰ ਸਿੰਘ ਨੇ ਇਸ ਸਰਕੂਲਰ ਦੀ ਭਾਸ਼ਾ 'ਤੇ ਵੱਡਾ ਰੋਸ ਲਿਖਤੀ ਰੂਪ ਵਿਚ ਕੀਤਾ। ਸਰਕਾਰ ਨੂੰ ਅਤੇ ਨਾਲ ਹੀ ਅਕਾਲੀ ਨੇਤਾ ਤਾਰਾ ਸਿੰਘ ਨੂੰ ਦੱਸ ਦਿੱਤਾ ਜੋ ਉਨ੍ਹਾਂ ਕੋਲ ਆ ਕੇ ਠਹਿਰੇ ਹੋਏ ਸੀ। ਆਫੀਸ਼ਲ ਸੀਕਰੇਟ ਐਕਟ 1923 ਤਹਿਤ ਕਿਸੇ ਨੂੰ ਦੱਸਿਆ ਨਹੀਂ ਜਾ ਸਕਦਾ ਸੀ। ਤਾਰਾ ਸਿੰਘ ਨੇ ਇਸ ਬਾਰੇ ਨਹਿਰੂ ਨਾਲ ਮੁਲਾਕਾਤ ਕਰ ਕੇ ਇਹ ਰੋਸ ਪ੍ਰਗਟ ਕੀਤਾ। ਬੱਸ ਇਹ ਹੀ 1947 ਤੋਂ ਪਹਿਲਾਂ ਬਣੇ ਆਈ. ਸੀ. ਐਸ. ਸਿਰਦਾਰ ਕਪੂਰ ਸਿੰਘ ਨੂੰ ਨੌਕਰੀ ਤੋਂ ਬਾਹਰ ਕੱਢਣ ਦਾ ਕਾਰਨ ਬਣਿਆ। ਬਾਕੀ ਸਾਰੇ ਸਰਕਾਰ ਦੇ ਬਹਾਨੇ ਸਨ। ਭਾਰਤ ਨਿਆਂਇਕ ਪ੍ਰਣਾਲੀ ਨੂੰ ਸਿੱਕੇ ਟੰਗ ਕੇ ਇਹੋ ਗੱਲ ਨਹਿਰੂ ਨੇ ਚੀਫ਼ ਜਸਟਿਸ ਨੂੰ ਦੱਸੀ ਅਤੇ ਕਿਸੇ ਵੀ ਜੱਜ ਨੇ ਉਨ੍ਹਾਂ ਦੇ ਹੱਕ ਵਿਚ ਫ਼ੈਸਲਾ ਨਾ ਦਿੱਤਾ। ਜਵਾਹਰ ਲਾਲ ਨਹਿਰੂ ਸਿੱਖਾਂ 'ਤੇ ਕੁਝ ਹੱਦ ਤੋਂ ਜ਼ਿਆਦਾ ਵਿਸ਼ਵਾਸ ਨਹੀਂ ਕਰਦਾ ਸੀ। ਕਸ਼ਮੀਰ ਵਿਚ 1947 ਵਿਚ ਸਿੱਖ ਫ਼ੌਜ ਤਾਂ ਲਾਈ ਪਰ ਸਿੱਖ ਜਰਨੈਲ ਨੂੰ ਖੁੱਲ੍ਹ ਨਹੀਂ ਦਿੱਤੀ। ਉਸ ਨੇ ਬਲਦੇਵ ਸਿੰਘ ਨੂੰ 1952 ਵਿਚ ਡਿਫ਼ੈਂਸ ਮਨਿਸਟਰੀ ਤੋਂ ਹਟਾ ਦਿੱਤਾ ਸੀ ਅਤੇ ਸਿੱਖਾਂ ਦਾ ਫ਼ੌਜੀ ਸੈਂਟਰ ਮੇਰਠ ਤੋਂ ਬਿਹਾਰ ਬਦਲ ਦਿੱਤਾ ਸੀ। ਨਹਿਰੂ ਨੂੰ ਲਗਦਾ ਸੀ ਇਹ ਸਿਆਸੀ ਅਤੇ ਧਾਰਮਿਕ ਹੱਕਾਂ ਵਾਸਤੇ ਉੱਠ ਖੜਨਗੇ, ਉਹੀ ਗੱਲ ਹੋਈ। ਬੇ-ਵਿਸ਼ਵਾਸੀ ਸਾਰੀ ਨਹਿਰੂ-ਇੰਦਰਾ-ਰਾਜੀਵ ਰਾਜ ਦੌਰਾਨ ਕਾਇਮ ਰਹੀ। ਤਿੰਨਾਂ ਨੇ ਸਿੱਖਾਂ ਨੂੰ ਸਬਕ ਸਿਖਾਏ। ਸਿਰਫ਼ ਸੋਨੀਆ ਗਾਂਧੀ ਹੀ ਇਸ ਨੂੰ ਬਦਲ ਸਕੀ ਅਤੇ ਡਾ: ਮਨਮੋਹਨ ਸਿੰਘ ਨੂੰ ਅਹਿਮ ਅਹੁਦੇ 'ਤੇ ਪੂਰਾ ਵਿਸ਼ਵਾਸ ਕਰਕੇ ਬਹਾਲ ਕੀਤਾ। ਇਸ 10 ਸਾਲ ਵਿਚ ਦੋ ਸਿੱਖ ਫ਼ੌਜੀ ਮੁਖੀ ਬਣੇ ਅਤੇ ਇਕ ਏਅਰ ਫੋਰਸ ਦਾ ਮੁਖੀ।

-235-ਅਰਬਨ ਅਸਟੇਟ, ਕਪੂਰਥਲਾ-144601.
ਮੋਬਾਈਲ : 98151-20919.
E-mail : baldevsingh300@gmail.com

ਗਾਥਾ ਸ਼ਹੀਦੀ ਸਾਕਾ ਸ੍ਰੀ ਨਨਕਾਣਾ ਸਾਹਿਬ

ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ -19

ਸੰਨ 1918 ਈ: ਵਿਚ ਸਿੰਧੀ ਈ.ਏ.ਸੀ. (ਰਿਟਾਇਰਡ) ਪੰਜਾਬ ਦੇ ਗੁਰਦੁਆਰਿਆਂ ਦੇ ਦਰਸ਼ਨ ਕਰਨ ਉਪਰੰਤ ਸ੍ਰੀ ਨਨਕਾਣਾ ਸਾਹਿਬ ਦਰਸ਼ਨ ਕਰਨ ਲਈ ਪਹੁੰਚਿਆ। ਰਹਿਰਾਸ ਸਾਹਿਬ ਦਾ ਸਮਾਂ ਸੀ, ਇਕ ਸਾਧ ਉਨ੍ਹਾਂ ਦੀ ਲੜਕੀ ਨੂੰ, ਜਿਸ ਦੀ ਉਮਰ 13 ਸਾਲ ਸੀ, ਦੀਵੇ ਲਈ ਤੇਲ ਦੇਣ ਦੇ ਬਹਾਨੇ ਕੋਠੜੀ ਵਿਚ ਲੈ ਗਿਆ ਅਤੇ ਉਸ ਦੁਸ਼ਟ ਨੇ ਲੜਕੀ ਦਾ ਜ਼ਬਰਦਸਤੀ ਸਤ ਭੰਗ ਕੀਤਾ। ਉਹ ਲੜਕੀ ਰੋਂਦੀ ਕੁਰਲਾਉਂਦੀ ਬਾਹਰ ਆਈ। ਉਸ ਸਮੇਂ ਲੜਕੀ ਦੀ ਹਾਲਤ ਦੇਖ ਕੇ ਤ੍ਰਾਹ-ਤ੍ਰਾਹ ਕਰ ਉਠੇ। ਪਰ ਨਾਰਾਇਣੂ ਮਹੰਤ ਨੇ ਉਸ ਦੁਰਾਚਾਰੀ ਸਾਧੂ ਨੂੰ ਕੁਝ ਨਾ ਕਿਹਾ। ਇਥੇ ਹੀ ਬੱਸ ਨਹੀਂ ਸੰਨ 1918 ਈ: ਵਿਚ ਇਕ ਹੋਰ ਦਿਲ ਚੀਰਵੀਂ ਘਟਨਾ ਵਾਪਰੀ। ਇਸੇ ਤਰ੍ਹਾਂ ਜ਼ਿਲ੍ਹਾ ਲਾਇਲਪੁਰ ਦੇ ਪਿੰਡ ਜੜ੍ਹਾਂ ਵਾਲੇ ਦੀਆਂ ਰਹਿਣ ਵਾਲੀਆਂ ਛੇ ਬੀਬੀਆਂ ਪੂਰਨਮਾਸ਼ੀ ਦੇ ਦਿਨ ਦੁੱਧ ਤੇ ਖੀਰ ਚੜ੍ਹਾਉਣ ਲਈ ਜਨਮ ਅਸਥਾਨ ਆਈਆਂ। ਦਰਸ਼ਨ ਦੀਦਾਰੇ ਕਰਨ ਉਪਰੰਤ ਜਦ ਸਟੇਸ਼ਨ 'ਤੇ ਗਈਆਂ ਤਾਂ ਗੱਡੀ ਨਿਕਲ ਗਈ ਅਤੇ ਉਹ ਮੁੜ ਜਨਮ ਅਸਥਾਨ 'ਤੇ ਆ ਗਈਆਂ। ਦੁਸ਼ਟ ਸਾਧਾਂ ਨੇ ਰਾਤ ਨੂੰ ਇਨ੍ਹਾਂ ਦਾ ਵੀ ਜ਼ਬਰਦਸਤੀ ਸਤ ਭੰਗ ਕੀਤਾ। ਪੋਠੋਹਾਰ ਦਾ ਭਾਈ ਬੂਟਾ ਸਿੰਘ ਜੋ ਸ੍ਰੀ ਨਨਕਾਣਾ ਸਾਹਿਬ ਦਰਸ਼ਨ ਕਰਨ ਗਿਆ ਅਤੇ ਰਾਤ ਨੂੰ ਗੁਰਦੁਆਰਾ ਸਾਹਿਬ ਵਿਖੇ ਵਿਸ਼ਰਾਮ ਕੀਤਾ ਅਤੇ ਜਦੋਂ ਅੰਮ੍ਰਿਤ ਵੇਲੇ ਉੱਠ ਕੇ ਇਨਸ਼ਾਨ ਕਰਨ ਉਪਰੰਤ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਜਾ ਰਿਹਾ ਸੀ ਤਾਂ ਪਠਾਣਾਂ ਨੇ ਉਸ ਨੂੰ ਫੜ ਲਿਆ। ਉਸ ਦੀ ਤਲਾਸ਼ੀ ਲਈ ਤੇ ਉਸ ਦੇ ਪੈਸੇ ਅਤੇ ਗਾਤਰੇ ਵਾਲੀ ਕ੍ਰਿਪਾਨ ਵੀ ਖੋਹ ਲਈ। ਮਹੰਤ ਨਾਰਾਇਣ ਦਾਸ ਦੌਲਤ ਦੇ ਨਸ਼ੇ ਵਿਚ ਅਤੇ ਵੱਡੇ-ਵੱਡੇ ਅਫ਼ਸਰਾਂ ਨਾਲ ਦੋਸਤੀਾਂ ਪਾ ਕੇ ਆਪਣੇ-ਆਪ ਨੂੰ ਏਨਾ ਜ਼ਿਆਦਾ ਦਲੇਰ ਸਮਝਣ ਲੱਗ ਪਿਆ ਕਿ ਗੁਰਦੁਆਰਾ ਸਾਹਿਬ ਦਰਸ਼ਨ ਕਰਨ ਆਉਣ ਵਾਲੇ ਕ੍ਰਿਪਾਨਧਾਰੀ ਸਿੰਘਾਂ ਨੂੰ ਵੀ ਰੋਕਣਾ ਸ਼ੁਰੂ ਕਰ ਦਿੱਤਾ। ਸੰਨ 1920 ਈ: ਦੀ ਕੱਤਕ ਪੁੰਨਿਆ ਦੇ ਜੋੜ ਮੇਲੇ ਸਮੇਂ ਖਰਾ ਸੌਦਾ ਦੀਵਾਨ ਦੇ ਅੰਮ੍ਰਿਤਧਾਰੀ ਸਿੰਘ ਜਿਨ੍ਹਾਂ ਨੇ ਕ੍ਰਿਪਾਨਾਂ ਸਜਾਈਆਂ ਹੋਈਆਂ ਸਨ, ਦੀਵਾਨ ਦੀ ਸਮਾਪਤੀ 'ਤੇ ਕੜਾਹ ਪ੍ਰਸ਼ਾਦਿ ਲੈ ਕੇ ਜਦ ਗੁਰਦੁਆਰਾ ਜਨਮ ਅਸਥਾਨ ਦਰਸ਼ਨ ਕਰਨ ਗਏ ਤਾਂ ਮਹੰਤ ਦੇ ਸੱਦੇ ਹੋਏ ਸਭ ਸਾਧ ਉਨ੍ਹਾਂ 'ਤੇ ਆ ਪਏ। ਇਸ ਮੌਕੇ ਪੁਲਿਸ ਨੇ ਸਮੇਂ ਨੂੰ ਸੰਭਾਲ ਲਿਆ ਨਹੀਂ ਤਾਂ ਇਸ ਦਿਨ ਹੀ ਕੋਈ ਭਿਆਨਕ ਸਾਕਾ ਵਾਪਰ ਜਾਣਾ ਸੀ।
ਇਸੇ ਸਮੇਂ ਚੀਫ਼ ਖ਼ਾਲਸਾ ਦੀਵਾਨ ਦੀ ਵਿੱਦਿਅਕ ਕਾਨਫ਼ਰੰਸ ਕਸਬਾ 'ਡਿੰਗਾ' ਜ਼ਿਲ੍ਹਾ ਗੁਜਰਾਤ (ਪਾਕਿਸਤਾਨ) ਵਿਖੇ ਹੋਈ ਤਾਂ ਇਸ ਕਾਨਫ਼ਰੰਸ ਵਿਚ ਦੁਖੀ ਸਿੰਧੀ ਪਰਿਵਾਰ ਵੀ ਸ਼ਾਮਿਲ ਹੋਇਆ। ਸਿੰਧੀ ਪਰਿਵਾਰਕ ਮੈਂਬਰਾਂ ਨੇ ਰੋਂਦੇ ਹੋਏ ਪੁਕਾਰ-ਪੁਕਾਰ ਕੇ ਕਿਹਾ ਕਿ ਸਾਨੂੰ ਦੱਸੋ ਸਿੱਖ ਜਿਊਂਦੇ ਹਨ ਕਿ ਮਰ ਗਏ? ਉਸ ਸਮੇਂ ਇਸ ਕਾਨਫ਼ਰੰਸ ਵਿਚ ਗਿਆਨੀ ਸ਼ੇਰ ਸਿੰਘ, ਮਾਸਟਰ ਸੁੰਦਰ ਸਿੰਘ ਲਾਇਲਪੁਰੀ, ਗਿਆਨੀ ਹੀਰਾ ਸਿੰਘ ਦਰਦ ਅਤੇ ਅਮਰ ਸਿੰਘ ਆਦਿ ਪੰਥਕ ਨੇਤਾ ਵੀ ਹਾਜ਼ਰ ਸਨ। ਜਦੋਂ ਇਨ੍ਹਾਂ ਨੇ ਸਿੰਧੀ ਪਰਿਵਾਰ ਦੀ ਵਿੱਥਿਆ ਸੁਣੀ ਤਾਂ ਸਾਰੇ ਮੈਂਬਰ ਗੁੱਸੇ ਨਾਲ ਭਰ ਗਏ ਅਤੇ ਸੰਗਤ ਵਿਚ ਵੀ ਗੁੱਸੇ ਦੀ ਲਹਿਰ ਦੌੜ ਗਈ। ਸਿੱਖ ਨੇਤਾਵਾਂ ਨੇ ਸਿੱਖ ਸੰਗਤਾਂ ਨੂੰ ਸ਼ਾਂਤ ਕੀਤਾ ਅਤੇ ਛੇਤੀ ਹੀ ਕਾਰਵਾਈ ਕਰਨ ਦਾ ਯਕੀਨ ਦਿਵਾਇਆ। ਇਸ ਘਟਨਾ ਦੇ ਨਾਲ ਨਰਾਇਣ ਮਹੰਤ ਦੀਆਂ ਕਾਲੀਆਂ ਕਰਤੂਤਾਂ ਦੀ ਚਰਚਾ ਸਾਰੇ ਪਾਸੇ ਹੋ ਗਈ। ਸਮੁੱਚੇ ਪੰਥ ਅੰਦਰ ਨਰਾਇਣ ਮਹੰਤ ਵਿਰੁੱਧ ਗੁੱਸਾ ਫੈਲਣ ਲੱਗਾ। ਸਿੱਖ ਸੰਗਤਾਂ ਦੀ ਇੱਛਾ ਬੜੀ ਤੀਬਰ ਸੀ ਕਿ ਜਨਮ ਅਸਥਾਨ ਦਾ ਪ੍ਰਬੰਧ ਪੰਥਕ ਹੱਥਾਂ ਵਿਚ ਆਵੇ। ਉਸ ਸਮੇਂ ਮਹੰਤ ਨਾਲ ਸਮਝੌਤੇ ਦੀ ਗੱਲਬਾਤ ਵੀ ਚੱਲ ਰਹੀ ਸੀ ਕਿ ਇਸ ਗੱਲਬਾਤ ਵਿਚ ਜਥੇਦਾਰ ਕਰਤਾਰ ਸਿੰਘ ਝੱਬਰ ਤੇ ਸ: ਬੂਟਾ ਸਿੰਘ ਵਕੀਲ ਸ਼ੇਖੂਪੁਰਾ ਸ਼ਾਮਿਲ ਹੁੰਦੇ ਰਹੇ ਪਰ ਗੱਲਬਾਤ ਕਿਸੇ ਨਤੀਜੇ 'ਤੇ ਨਾ ਪਹੁੰਚੀ। ਸ਼੍ਰੋਮਣੀ ਕਮੇਟੀ ਨੇ ਇਸ ਗੱਲਬਾਤ ਨੂੰ ਸਿਰੇ ਚੜ੍ਹਾਉਣ ਲਈ ਸ੍ਰੀ ਨਨਕਾਣਾ ਸਾਹਿਬ ਵਿਖੇ 5-6 ਮਾਰਚ, 1921 ਨੂੰ ਪੰਥਕ ਮੁਖੀਆਂ ਤੇ ਕੁਝ ਕੌਮੀ ਨੇਤਾਵਾਂ ਦੀ ਇਕੱਤਰਤਾ ਬੁਲਾਈ। ਭਾਵੇਂ ਇਹ ਇਕੱਤਰਤਾ ਮਹੰਤ ਨਾਰਾਇਣ ਦਾਸ ਦੀ ਸਲਾਹ ਨਾਲ ਰੱਖੀ ਗਈ ਸੀ ਪਰ ਮਹੰਤ ਦਿਲੋਂ ਸਾਫ਼ ਨਹੀਂ ਸੀ ਅਤੇ ਹੋਰ ਵੀ ਯੋਜਨਾਵਾਂ ਬਣਾ ਰਿਹਾ ਸੀ। ਮਹੰਤ ਨੂੰ ਸਰਕਾਰੀ ਅਫ਼ਸਰਾਂ ਅਤੇ ਵਿਸ਼ੇਸ਼ ਤੌਰ 'ਤੇ ਲਾਹੌਰ ਦੇ ਕਮਿਸ਼ਨਰ ਮਿ: ਕਿੰਗ ਦੀ ਵੱਡੀ ਸ਼ਹਿ ਸੀ। ਮਿ: ਕਿੰਗ ਨੇ ਇਕ ਗੁਪਤ ਚਿੱਠੀ ਮਹੰਤਾਂ ਨੂੰ ਭੇਜੀ ਕਿ ਸਰਕਾਰ ਮਹੰਤਾਂ ਦਾ ਹਰ ਤਰ੍ਹਾਂ ਦਾ ਸਹਿਯੋਗ ਅਤੇ ਸੁਰੱਖਿਆ ਕਰੇਗੀ। ਸ਼੍ਰੋਮਣੀ ਕਮੇਟੀ ਵਲੋਂ ਸ੍ਰੀ ਨਨਕਾਣਾ ਸਾਹਿਬ ਦੀ ਇਕੱਤਰਤਾ ਲਈ ਇਕ ਐਲਾਨ ਪ੍ਰਕਾਸ਼ਤ ਕਰਵਾ ਕੇ ਵੰਡਿਆ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਮਹੰਤ ਵਲੋਂ ਕੀਤੀਆਂ ਜਾ ਰਹੀਆਂ ਸਾਰੀਆਂ ਕਾਰਵਾਈਆਂ ਦਾ ਗਿਆਨ ਸੀ। ਸ੍ਰੀ ਨਨਕਾਣਾ ਸਾਹਿਬ ਦੀ ਸਥਿਤੀ ਬਾਰੇ ਸ਼੍ਰੋਮਣੀ ਅਕਾਲੀ ਦਲ ਦੀ 23, 24 ਜਨਵਰੀ 1921 ਈ: ਨੂੰ ਹੋਈ ਇਕੱਤਰਤਾ ਵਿਚ ਵਿਚਾਰਿਆ ਗਿਆ ਇਸੇ ਤਰ੍ਹਾਂ 24 ਜਨਵਰੀ, 1921 ਈ: ਨੂੰ ਸ਼੍ਰੋਮਣੀ ਕਮੇਟੀ ਦੀ ਮੀਟਿੰਗ ਵਿਚ ਗੁਰਦੁਆਰਾ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਦੀ ਵਿਗੜ ਰਹੀ ਸਥਿਤੀ 'ਤੇ ਵਿਚਾਰ ਕੀਤੀ ਗਈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਫਿਰ 6 ਫਰਵਰੀ, 1921 ਈ: ਨੂੰ ਮੀਟਿੰਗ ਹੋਈ, ਜਿਸ ਵਿਚ ਸ੍ਰੀ ਨਨਕਾਣਾ ਸਾਹਿਬ ਸਮਾਗਮ ਦੇ ਪ੍ਰਬੰਧ ਲਈ ਭਾਈ ਲਛਮਣ ਸਿੰਘ ਧਾਰੋਵਾਲ, ਭਾਈ ਦਲੀਪ ਸਿੰਘ ਸਾਂਗਲਾ, ਸ: ਤੇਜਾ ਸਿੰਘ ਸਮੁੰਦਰੀ, ਜਥੇਦਾਰ ਕਰਤਾਰ ਸਿੰਘ ਝੱਬਰ ਅਤੇ ਸ: ਬਖ਼ਸ਼ੀਸ਼ ਸਿੰਘ ਕੇਸਗੜ੍ਹ ਸਾਹਿਬ ਦੀ ਕਮੇਟੀ ਕਾਇਮ ਕੀਤੀ ਗਈ।
(ਬਾਕੀ ਅਗਲੇ ਸੋਮਵਾਰ ਦੇ ਅੰਕ 'ਚ)

-ਬਠਿੰਡਾ।
ਮੋਬਾਈਲ : 98155-33725.

ਸ਼ਬਦ ਵਿਚਾਰ

ਗਿਆਨ ਖੰਡ ਮਹਿ ਗਿਆਨੁ ਪਰਚੰਡੁ॥
'ਜਪੁ' ਪਉੜੀ ਛੱਤਵੀਂ
ਗਿਆਨ ਖੰਡ ਮਹਿ ਗਿਆਨੁ ਪਰਚੰਡੁ॥
ਤਿਥੈ ਨਾਦ ਬਿਨੋਦ ਕੋਡ ਅਨੰਦੁ॥
ਸਰਮ ਖੰਡ ਕੀ ਬਾਣੀ ਰੂਪੁ॥
ਤਿਥੈ ਘਾੜਤਿ ਘੜੀਐ ਬਹੁਤੁ ਅਨੂਪੁ॥
ਤਾ ਕੀਆ ਗਲਾ ਕਥੀਆ ਨਾ ਜਾਹਿ॥
ਜੇ ਕੋ ਕਹੈ ਪਿਛੈ ਪਛੁਤਾਇ॥
ਤਿਥੈ ਘੜੀਐ ਸੁਰਤਿ ਮਤਿ ਮਨਿ ਬੁਧਿ॥
ਤਿਥੈ ਘੜੀਐ ਸੁਰਾ ਸਿਧਾ ਕੀ ਸੁਧਿ॥੩੬॥ (ਅੰਗ : 7-8)
ਪਦ ਅਰਥ : ਮਹਿ-ਵਿਚ। ਪਰਚੰਡੁ-ਪਰਬਲ, ਬਲਵਾਨ। ਤਿਥੈ-ਉਸ ਵਿਚ, ਗਿਆਨ ਖੰਡ ਵਿਚ। ਨਾਦ-ਰਾਗੁ, ਸੰਗੀਤ, ਸ਼ਬਦ ਦੀ ਧੁਨ। ਬਿਨੋਦ-ਖੇਲ ਤਮਾਸ਼ੇ, ਚਾਉ, ਉਮੰਗ॥ ਕੋਡ-ਕਰੋੜਾਂ, ਬੇਅੰਤ। ਸਰਮ-ਮਿਹਨਤ, ਮੁਸ਼ੱਕਤ, ਉੱਦਮ। ਬਾਣੀ-ਬੋਲ ਬਾਣੀ। ਰੂਪੁ-ਸੁੰਦਰਤਾ। ਘਾੜਤਿ ਘੜੀਐ-ਘਾੜਤ ਘੜੀ ਜਾਂਦੀ ਹੈ। ਅਨੂਪੁ-ਸੁੰਦਰ। ਤਾ ਕੀਆ-ਉਸ ਅਵਸਥਾ ਦੀਆਂ। ਜੇ ਕੋ-ਜੇਕਰ ਕੋਈ। ਤਿਥੈ-ਉਸ ਸਰਮ ਖੰਡ ਵਿਚ। ਘੜੀਐ-ਘੜੀ ਜਾਂਦੀ ਹੈ। ਸੁਰਾ ਸਿਧਾ ਕੀ-ਦੇਵਤਿਆਂ ਤੇ ਸਿੱਧਾਂ ਵਾਲੀ। ਸੁਧਿ-ਅਕਲ, ਗਿਆਨ, ਕਰਨੀ।
35ਵੀਂ ਪਉੜੀ ਵਿਚ ਗੁਰੂ ਬਾਬੇ ਨੇ ਗਿਆਨ ਖੰਡ ਦੇ ਵਰਤਾਰੇ ਬਾਰੇ ਸੋਝੀ ਬਖਸ਼ਿਸ਼ ਕੀਤੀ ਹੈ ਅਤੇ ਇਸ 36ਵੀਂ ਪਉੜੀ ਦੇ ਆਰੰਭ ਵਿਚ ਆਪ ਜੀ ਦ੍ਰਿੜ੍ਹ ਕਰਵਾ ਰਹੇ ਹਨ ਕੀ ਗਿਆਨ ਖੰਡ ਵਿਚ ਮਨ ਅੰਦਰ ਗਿਆਨ ਦਾ ਪ੍ਰਕਾਸ਼ ਬਣਿਆ ਰਹਿੰਦਾ ਹੈ।
ਇਸ ਪ੍ਰਕਾਰ ਜਿਸ ਦੇ ਹਿਰਦੇ ਵਿਚ ਆਤਮਿਕ ਗਿਆਨ ਦਾ ਤੇਜ਼ ਚਾਨਣ ਜਗ ਪੈਂਦਾ ਹੈ, ਉਸ ਦੇ ਗਿਆਨ ਇੰਦਰੇ ਸੋਹਣੇ ਆਤਮਿਕ ਜੀਵਨ ਵਾਲੇ ਬਣ ਜਾਂਦੇ ਹਨ, ਭਾਵ ਉਸ ਦਾ ਆਤਮਿਕ ਜੀਵਨ ਸੋਹਣਾ, ਅਰਥਾਤ ਸੁਹਾਵਣਾ ਬਣ ਜਾਂਦਾ ਹੈ। ਰਾਗੁ ਸੂਹੀ ਵਿਚ ਗੁਰੂ ਰਾਮਦਾਸ ਜੀ ਦੇ ਪਾਵਨ ਬਚਨ ਹਨ:
ਗਿਆਨੁ ਪ੍ਰਚੰਡੁ ਬਲਿਆ ਘਟਿ ਚਾਨਣੁ
ਘਰ ਮੰਦਰ ਸੋਹਾਇਆ॥ (ਅੰਗ : 775)
ਬਲਿਆ-ਜਗ ਪੈਂਦਾ ਹੈ। ਘਟਿ-ਹਿਰਦੇ ਵਿਚ। ਸੋਹਾਇਆ-ਸੋਹਾਵਣਾ ਬਣ ਜਾਂਦਾ ਹੈ।
ਆਪ ਜੀ ਦੇ ਹੋਰ ਬਚਨ ਹਨ ਕਿ ਗੁਰੂ ਦੀ ਕਿਰਪਾ ਸਦਕਾ ਜਿਨ੍ਹਾਂ ਦੇ ਜੀਵਨ ਵਿਚੋਂ ਨਾਸਮਝੀ ਦਾ ਹਨੇਰਾ ਦੂਰ ਹੋ ਜਾਂਦਾ ਹੈ, ਉਨ੍ਹਾਂ ਦੇ ਹਿਰਦੇ ਵਿਚ ਗੁਰੂ ਦੀ ਬਖ਼ਸ਼ੀ ਹੋਈ ਆਤਮਿਕ ਜੀਵਨ ਦੀ ਸੂਝ ਦਾ ਪ੍ਰਕਾਸ਼ ਹੋ ਜਾਂਦਾ ਹੈ:
ਅਗਿਆਨੁ ਅੰਧੇਰਾ ਕਟਿਆ
ਗੁਰ ਗਿਆਨੁ ਘਟਿ ਬਲਿਆ॥
(ਰਾਗੁ ਆਸਾ ਮਹਲਾ ੪, ਅੰਗ : 450)
ਅਗਿਆਨੁ-ਨਾ ਸਮਝੀ। ਘਟਿ-ਹਿਰਦੇ ਵਿਚ। ਬਲਿਆ-ਬਲ ਬੈਂਦਾ ਹੈ, ਪ੍ਰਕਾਸ਼ ਹੋ ਜਾਂਦਾ ਹੈ।
ਅਥਵਾ
ਗੁਰ ਗਿਆਨੁ ਪ੍ਰਚੰਡੁ ਬਲਾਇਆ
ਅਗਿਆਨੁ ਅੰਧੇਰਾ ਜਾਇ॥
(ਸਿਰੀਰਾਗੁ ਮਹਲਾ ੩, ਅੰਗ : 29)
ਭਾਵ ਜਿਸ ਮਨੁੱਖ ਨੇ ਆਪਣੇ ਅੰਦਰ ਗੁਰੂ ਦਾ ਗਿਆਨ ਪੂਰੀ ਤਰ੍ਹਾਂ ਨਾਲ ਰੌਸ਼ਨ ਕਰ ਲਿਆ ਹੈ, ਅਜਿਹੇ ਪ੍ਰਾਣੀ ਦੇ ਅੰਦਰੋਂ ਅਗਿਆਨਤਾ ਦਾ ਹਨੇਰਾ ਜਾਂਦਾ ਰਹਿੰਦਾ ਹੈ।
ਸਰਮ ਖੰਡ : ਡਾ: ਰਤਨ ਸਿੰਘ ਜੱਗੀ ਅਨੁਸਾਰ ਵਿਸਮਾਦ ਦੇ ਮਨੋਭਾਵ ਦੇ ਦੋ ਧੁਰੇ ਹਨ। ਇਕ ਪਾਸੇ ਇਸ ਮਨੋਭਾਵ ਨੂੰ ਅਨੁਭਵ ਕਰ ਰਿਹਾ ਸਾਧਕ ਪ੍ਰਭੂ ਦੀ ਰਚਨਾ ਦੀ ਬੇਅੰਤਤਾ ਮਹਿਸੂਸ (ਅਨੁਭਵ) ਕਰਦਾ ਹੈ, ਦੂਜੇ ਪਾਸੇ ਉਸ ਦੇ ਸਾਹਮਣੇ ਆਪਣੇ-ਆਪ ਨੂੰ ਛੋਟਾ ਪ੍ਰਤੀਤ ਕਰਦਾ ਹੈ। ਉਸ ਦੀ ਬੁੱਧੀ ਬੇਅੰਤ ਰਚਨਾ ਨੂੰ ਆਪਣੀ ਪਕੜ ਵਿਚ ਨਹੀਂ ਲੈ ਸਕਦੀ, ਬਸ ਇਹੋ ਹੀ ਉਸ ਦੀ ਹੈਰਾਨੀ ਅਤੇ ਅਸਚਰਜਤਾ ਦਾ ਕਾਰਨ ਹੈ। ਇਸ ਤਰ੍ਹਾਂ ਵਿਸਮਾਦ ਦੇ ਮਨੋਭਾਵ ਉਸ ਅੰਦਰ ਨਿਮਰਤਾ ਪੈਦਾ ਕਰਦੇ ਹਨ ਅਤੇ ਉਸ ਦੀ ਹਉਮੈ ਨੂੰ ਘਟਾਉਂਦੇ ਹਨ।
ਗਿਆਨ ਖੰਡ ਦੇ ਅੰਤ ਤੱਕ ਪਹੁੰਚ ਕੇ ਸਾਧਕ ਦੀ ਹਉਮੈ ਕਾਫ਼ੀ ਮਰ ਚੁੱਕੀ ਹੁੰਦੀ ਹੈ ਪਰ ਪੂਰਨ ਤੌਰ 'ਤੇ ਖਤਮ ਨਹੀਂ ਹੋਈ ਹੁੰਦੀ। ਹਉਮੈ ਦੀ ਅੰਤਲੀ ਲੇਸ ਬੜੀ ਮੁਸ਼ਕਿਲ ਨਾਲ ਨਿਕਲਦੀ ਹੈ। ਹਉਮੈ ਸਾਧਕ ਅਤੇ ਪਰਮਾਤਮਾ ਦੇ ਵਿਚਕਾਰ ਇਕ ਕੰਧ ਜਾਂ ਪਰਦਾ ਕਹੀ ਜਾਂਦੀ ਹੈ। ਅੰਤ ਵਿਚ ਇਸ ਦਾ ਤੇ ਨਿਰੰਕਾਰ ਤੇ ਸਾਧਕ ਦੇ ਵਿਚਕਾਰ ਬਹੁਤ ਹੀ ਪਤਲਾ ਜਿਹਾ ਪਰਦਾ ਹੈ। ਸਾਧਕ ਨੂੰ ਇੰਜ ਅਹਿਸਾਸ ਹੁੰਦਾ ਹੈ ਕਿ ਉਸ ਦਾ ਪ੍ਰੀਤਮ ਨਿਰੰਕਾਰ ਉਸ ਦੇ ਬਹੁਤ ਨੇੜੇ ਹੈ ਪਰ ਉਹ ਫਿਰ ਵੀ ਉਸ ਨੂੰ ਮਿਲ ਨਹੀਂ ਸਕਦਾ। ਇਸ ਤਰ੍ਹਾਂ ਦੀ ਹਾਲਤ ਉਸ ਨੂੰ ਬਹੁਤ ਤੜਫਾਉਂਦੀ ਹੈ। ਉਹ ਆਪਣੇ ਪ੍ਰੀਤਮ ਦੇ ਪੂਰੀ ਤਰ੍ਹਾਂ ਨਾਲ ਮਿਲਾਪ ਲਈ ਤਰਲੇ ਕਰਦਾ ਹੈ ਪਰ ਉਸ ਦੀ ਕੋਈ ਸੁਣਦਾ ਨਹੀਂ। ਰਾਗੁ ਆਸਾ ਵਿਚ ਗੁਰੂ ਰਾਮਦਾਸ ਜੀ ਬਿਰਹਨੀ ਦੇ ਮਨ ਦੇ ਵਿਛੋੜੇ ਦੀ ਵੇਦਨਾ ਨੂੰ ਇਸ ਪ੍ਰਕਾਰ ਪ੍ਰਗਟਾ ਰਹੇ ਹਨ:
ਚੜਿ ਚੇਤੁ ਬਸੰਤੁ ਮੇਰੇ ਪਿਆਰੇ ਭਲੀਅ ਰੁਤੇ॥
ਪਿਰ ਬਾਝੜਿਅਹੁ ਮੇਰੇ ਪਿਆਰੇ
ਆਂਗਣਿ ਧੂੜਿ ਲੁਤੇ॥
ਮਨਿ ਆਸ ਉਡੀਣੀ ਮੇਰੇ ਪਿਆਰੇ
ਦੁਇ ਨੈਨ ਜੁਤੇ॥ (ਅੰਗ : 452)
ਚੜਿ ਚੇਤੁ-ਚੇਤ ਮਹੀਨਾ ਚੜ੍ਹਦਾ ਹੈ। ਭਲੀਆ ਰੁਤੇ-ਸੋਹਣੀ ਰੁੱਤ। ਬਾਝੜਿਆਹੁ-ਬਾਝੋਂ, ਬਿਨਾਂ। ਆਂਗਣਿ-ਵੇਹੜੇ ਵਿਚ, ਹਿਰਦੇ ਰੂਪੀ ਵੇਹੜੇ ਵਿਚ। ਧੂੜਿ-ਮਿੱਟੀ ਘੱਟਾ। ਲੁਤੇ-ਉੱਡ ਰਿਹਾ ਹੈ। ਉਡੀਣੀ-ਉਦਾਸ। ਨੈਨ-ਅੱਖਾਂ। ਜੁਤੇ-ਜੁੜੇ ਹੋਏ।
(ਬਾਕੀ ਅਗਲੇ ਸੋਮਵਾਰ ਦੇ ਅੰਕ 'ਚ)

-217, ਆਰ. ਮਾਡਲ ਟਾਊਨ, ਜਲੰਧਰ।

ਭਾਈ ਚੈਂਚਲ ਸਿੰਘ ਪਿੰਡ ਜੰਡਿਆਲਾ (ਜਲੰਧਰ)

ਅਕਾਲੀ ਲਹਿਰ-14

(ਲੜੀ ਜੋੜਨ ਲਈ ਪਿਛਲੇ ਸੋਮਵਾਰ ਦਾ ਅੰਕ ਦੇਖੋ)
ਉਹ ਬੱਬਰ ਅਕਾਲੀ ਕੈਦੀਆਂ ਦੇ ਪਰਿਵਾਰਾਂ ਦੀ ਸਹਾਇਤਾ ਲਈ ਬਣੀ 'ਦੋਆਬਾ ਰਖਸ਼ਕ ਕਮੇਟੀ' ਦਾ ਮੈਂਬਰ ਵੀ ਸੀ। ਪੁਲਿਸ ਨੇ ਉਸ ਨੂੰ ਇਸ ਪੱਖ ਵਿਚ ਕੰਮ ਕਰਨ ਤੋਂ ਰੋਕਣ ਵਾਸਤੇ 1923 ਦੇ ਅੰਤ ਵਿਚ ਉਸ ਖਿਲਾਫ਼ ਜ਼ਾਬਤਾ ਫ਼ੌਜਦਾਰੀ ਦੀ ਧਾਰਾ 107 ਅਧੀਨ ਵਾਰੰਟ ਜਾਰੀ ਕੀਤੇ ਪਰ ਪੁਲਿਸ ਉਸ ਨੂੰ ਗ੍ਰਿਫ਼ਤਾਰ ਕਰਨ ਵਿਚ ਅਸਫਲ ਰਹੀ। ਅਕਾਲੀ ਦਲ ਵਲੋਂ ਮਹਾਰਾਜਾ ਨਾਭਾ ਨੂੰ ਅੰਗਰੇਜ਼ ਸਰਕਾਰ ਵਲੋਂ ਜ਼ਬਰਦਸਤੀ ਗੱਦੀ ਤੋਂ ਉਤਾਰੇ ਜਾਣ ਖਿਲਾਫ਼ ਸ਼ੁਰੂ ਕੀਤੇ ਮੋਰਚੇ ਵਿਚ ਉਸ ਨੇ ਵਲੰਟੀਅਰ ਭੇਜਣ ਦਾ ਕੰਮ ਕੀਤਾ। ਇਨ੍ਹਾਂ ਜਥੇਬੰਦਕ ਕਾਰਜਾਂ ਵਿਚ ਸਰਗਰਮੀ ਕਾਰਨ ਉਸ ਦੇ ਵਾਰੰਟ ਗ੍ਰਿਫ਼ਤਾਰੀ ਜਾਰੀ ਹੋਏ।
ਉਸ ਨੇ ਅਮਰੀਕਾ ਅਤੇ ਕੈਨੇਡਾ ਦੇ ਦੇਸ਼ਭਗਤਾਂ ਦੀ ਮਾਇਕ ਮਦਦ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਚਲਾਏ ਜਾ ਰਹੇ ਅੰਗਰੇਜ਼ੀ ਅਖ਼ਬਾਰ 'ਹਿੰਦੁਸਤਾਨ ਟਾਈਮਜ਼' ਵਿਚ ਵੀ ਕੁਝ ਸਮਾਂ ਕੰਮ ਕੀਤਾ। ਉਸ ਨੇ 'ਦੇਸ਼ਭਗਤ ਪਰਿਵਾਰ ਸਹਾਇਕ ਕਮੇਟੀ' ਨਾਲ ਵੀ ਕੰਮ ਕੀਤਾ। ਉਸ ਨੂੰ 1929 ਵਿਚ ਭਾਈ ਬਲਵੰਤ ਸਿੰਘ ਦੀ ਥਾਂ 'ਕਿਰਤੀ' ਦਾ ਮੈਨੇਜਰ ਵੀ ਲਾਇਆ ਗਿਆ। 1930 ਵਿਚ ਉਸ ਨੇ ਮਹਾਤਮਾ ਗਾਂਧੀ ਵਲੋਂ ਚਲਾਈ ਸਿਵਲ ਨਾ-ਫਰਮਾਨੀ ਲਹਿਰ ਵਿਚ ਵੀ ਭਾਗ ਲਿਆ। 1942 ਵਿਚ 'ਭਾਰਤ ਛੱਡੋ' ਅੰਦੋਲਨ ਵਿਚ ਭਾਗ ਲੈਣ ਕਾਰਨ ਉਸ ਨੂੰ ਜੇਲ੍ਹ ਵੀ ਜਾਣਾ ਪਿਆ। ਇਸ ਪਿੱਛੋਂ ਉਹ ਮੁੜ ਅਕਾਲੀ ਦਲ ਵਿਚ ਸਰਗਰਮ ਹੋ ਗਿਆ। ਉਹ ਅਕਾਲੀਆਂ ਦੇ ਨਾਗੋਕੇ ਧੜੇ ਵਿਚ ਸੀ। ਉਸ ਨੇ 1944 ਵਿਚ ਆਪਣੇ ਪਿੰਡ ਵਿਚ ਤਿੰਨ ਰੋਜ਼ਾ ਅਕਾਲੀ ਕਾਨਫ਼ਰੰਸ ਕਰਵਾਉਣ ਵਿਚ ਵੱਡਾ ਯੋਗਦਾਨ ਪਾਇਆ।
ਉਸ ਦਾ ਦਿਹਾਂਤ 13 ਅਕਤੂਬਰ 1962 ਨੂੰ ਆਪਣੇ ਪਿੰਡ ਜੰਡਿਆਲੇ ਵਿਚ ਹੋਇਆ।
ਪੁਲਿਸ ਮਹਿਕਮੇ ਨੇ ਭਾਈ ਚੈਂਚਲ ਸਿੰਘ ਦੀਆਂ ਗਤੀਵਿਧੀਆਂ ਦਾ ਰਿਕਾਰਡ ਰੱਖਣ ਵਾਸਤੇ 3 ਫਾਈਲਾਂ ਲਾਈਆਂ ਸਨ; 1914 ਵਿਚ ਸ਼ੁਰੂ ਕੀਤੀ ਫਾਈਲ ਨੰ: 670 ਅਤੇ ਪਿੱਛੋਂ 8340 ਅਤੇ 5985-ਐੱਸ. ਬੀ.।

3154, ਸੈਕਟਰ 71, ਮੁਹਾਲੀ-160071.
ਮੋਬਾਈਲ : 094170-49417.

ਕੁਟੀਆ ਭੂਰੀ ਵਾਲੇ ਤਲਵੰਡੀ ਖੁਰਦ (ਲੁਧਿ:) ਵਿਖੇ ਸਾਲਾਨਾ ਸਮਾਗਮ ਸ਼ੁਰੂ

ਗ਼ਰੀਬ ਦਾਸੀ ਮਾਨਸਰੋਵਰ ਭੇਖ ਦੇ ਪਰਮ ਹੰਸ ਸਵਾਮੀ ਬ੍ਰਹਮ ਸਾਗਰ ਭੂਰੀ ਵਾਲੇ ਅਤੇ ਸਵਾਮੀ ਗੰਗਾ ਨੰਦ ਭੂਰੀ ਵਾਲੇ ਮਹਾਂਪੁਰਸ਼ ਹੋਏ। ਸਵਾਮੀ ਬ੍ਰਹਮ ਸਾਗਰ ਦੇ ਜਨਮ ਦਿਨ ਅਤੇ ਸਵਾਮੀ ਗੰਗਾ ਨੰਦ ਦੀ ਸਾਲਾਨਾ ਬਰਸੀ ਮੌਕੇ ਧਾਰਮਿਕ ਸਮਾਗਮ ਉਨ੍ਹਾਂ ਦੇ ਪਰਮ ਸ਼ਿਸ਼ ਗੱਦੀਨਸ਼ੀਨ ਸਵਾਮੀ ਸ਼ੰਕਰਾ ਨੰਦ ਦੀ ਸਰਪ੍ਰਸਤੀ ਹੇਠ ਗ਼ਰੀਬਦਾਸੀ ਆਸ਼ਰਮ ਭੂਰੀ ਵਾਲੇ ਧਾਮ ਤਲਵੰਡੀ ਖੁਰਦ (ਲੁਧਿ:) ਵਿਖੇ 10 ਤੋਂ 14 ਅਗਸਤ ਤੱਕ ਹੋ ਰਿਹਾ।
ਬ੍ਰਹਮਲੀਨ ਸਵਾਮੀ ਬ੍ਰਹਮ ਸਾਗਰ ਭੂਰੀ ਵਾਲੇ-ਗ਼ਰੀਬ ਦਾਸੀ ਭੇਖ ਦੇ ਸ੍ਰੀ ਸ੍ਰੀ 1008 ਸਤਿਗੁਰੂ ਸਵਾਮੀ ਬ੍ਰਹਮ ਸਾਗਰ ਦਾ ਜਨਮ 1862 ਈਸਵੀ ਵਿਚ ਜ਼ਿਲ੍ਹਾ ਰੋਪੜ ਦੇ ਪਿੰਡ ਰਾਮਪੁਰ ਵਿਖੇ ਪਿਤਾ ਬੀਰੂ ਰਾਮ ਅਤੇ ਮਾਤਾ ਭੋਲੀ ਦੇਵੀ ਦੇ ਗ੍ਰਹਿ ਹੋਇਆ। ਸਵਾਮੀ ਬ੍ਰਹਮ ਸਾਗਰ ਭੂਰੀ ਵਾਲੇ ਜਿਥੇ ਮਹਾਨ ਤਪੱਸਵੀ ਹੋਏ, ਉਥੇ ਤਿਆਗੀ ਵੀ ਸਨ। ਹਮੇਸ਼ਾ ਭੂਰੀ ਪਹਿਨਦੇ ਹੋਣ ਕਰਕੇ ਆਪ ਜੀ ਨੂੰ ਭੂਰੀ ਵਾਲੇ ਸੰਤ ਵੀ ਕਿਹਾ ਜਾਣ ਲੱਗਾ। ਸਵਾਮੀ ਬ੍ਰਹਮ ਸਾਗਰ ਭੂਰੀ ਵਾਲਿਆਂ ਬਹੁਤਾ ਸਮਾਂ ਲੁਧਿਆਣਾ ਜ਼ਿਲ੍ਹੇ ਵਿਚ ਸੱਚ ਦਾ ਪ੍ਰਚਾਰ ਕੀਤਾ। ਪਿੰਡ ਤਲਵੰਡੀ ਖੁਰਦ, ਈਸੇਵਾਲ, ਬਰਮੀ, ਪੱਖੋਵਾਲ ਸਮੇਤ ਦੋ ਦਰਜਨ ਦੇ ਕਰੀਬ ਕੁਟੀਆਵਾਂ ਦਾ ਨਿਰਮਾਣ ਕਰਵਾਇਆ। ਆਪ ਦੇਸ਼ ਦੀ ਵੰਡ ਵਾਲੇ ਸਾਲ 1947 ਜ਼ਿਲ੍ਹਾ ਸੰਗਰੂਰ ਦੀ ਝਲੂਰ ਸਾਹਿਬ ਕੁਟੀਆ ਵਿਖੇ ਅਕਾਲ ਚਲਾਣਾ ਕਰ ਗਏ। ਸਵਾਮੀ ਬ੍ਰਹਮ ਸਾਗਰ ਦੇ ਜਨਮ ਦਿਨ ਨੂੰ ਸਮਰਪਿਤ ਸਾਲਾਨਾ ਸਮਾਗਮ ਹਰ ਸਾਲ ਭੂਰੀ ਵਾਲੇ ਆਸ਼ਰਮ ਧਾਮ ਤਲਵੰਡੀ ਖੁਰਦ ਵਿਖੇ ਮਨਾਇਆ ਜਾਂਦਾ ਹੈ।
ਬ੍ਰਹਮਲੀਨ ਸਵਾਮੀ ਗੰਗਾ ਨੰਦ ਭੂਰੀ ਵਾਲੇ- ਸਵਾਮੀ ਗੰਗਾ ਨੰਦ ਦਾ ਜਨਮ 17 ਅਪ੍ਰੈਲ 1916 ਈਸਵੀ ਨੂੰ ਪਿਤਾ ਸ੍ਰੀ ਈਸ਼ਵਰ ਦਾਸ ਅਤੇ ਮਾਤਾ ਗੰਗਾ ਦੇਵੀ ਦੇ ਗ੍ਰਹਿ ਵਿਖੇ ਪਿੰਡ ਰੱਤੇਵਾਲ, ਜ਼ਿਲ੍ਹਾ ਹੁਸ਼ਿਆਰਪੁਰ ਵਿਚ ਹੋਇਆ। ਆਪ ਨੂੰ ਪ੍ਰਭੂ ਪ੍ਰੇਮ ਦੀ ਰੰਗਤ ਬਚਪਨ ਤੋਂ ਹੀ ਆਪਣੇ ਪਿਤਾ ਪਾਸੋਂ ਚੜ੍ਹੀ ਅਤੇ ਆਪ ਨੇ ਬਾਲ ਅਵਸਥਾ ਵਿਚ ਹੀ ਭੂਰੀ ਵਾਲਿਆਂ ਪਾਸੋਂ ਨਾਮ ਸ਼ਬਦ ਦੀ ਪ੍ਰਾਪਤੀ ਕਰ ਲਈ। 1951 ਦੀ ਵਿਸਾਖੀ ਦੇ ਪਵਿੱਤਰ ਦਿਹਾੜੇ ਮਹਾਰਾਜ ਲਾਲ ਦਾਸ ਨੇ ਆਪ ਨੂੰ ਪ੍ਰਭੂ ਹੁਕਮ ਅਨੁਸਾਰ ਸੰਨਿਆਸ ਦੀ ਦਾਤ ਬਖ਼ਸ਼ਦੇ ਹੋਏ ਗੰਗਾ ਦੇ ਨੀਰ ਵਾਂਗ ਪਵਿੱਤਰ ਕਰਕੇ ਆਪ ਦਾ ਨਾਂਅ ਵੀ ਗੰਗਾ ਨੰਦ ਰੱਖ ਦਿੱਤਾ। ਆਪ ਨੇ ਸੰਤ ਬਾਬਾ ਮਿਹਰ ਸਿੰਘ ਰਾਜਗੜ੍ਹ ਵਾਲਿਆਂ ਤੋਂ ਵਿੱਦਿਆ ਪ੍ਰਾਪਤ ਕੀਤੀ, ਗੁਰੂ ਦੀ ਆਗਿਆ ਅਨੁਸਾਰ 12 ਸਾਲ ਇਕ ਟਾਟ ਲਾ ਕੇ ਅਵਧੂਤੀ ਜੀਵਨ ਬਿਤਾਇਆ ਤੇ ਕਠੋਰ ਤਪੱਸਿਆ ਕੀਤੀ। 1975 ਈਸਵੀ ਵਿਚ ਸਵਾਮੀ ਲਾਲ ਦਾਸ ਦੇ ਪੰਜ ਭੌਤਿਕ ਸਰੀਰ ਤਿਆਗਣ ਉਪਰੰਤ ਸੰਗਤਾਂ ਨੇ ਤਲਵੰਡੀ ਖੁਰਦ ਦੀ ਕੁਟੀਆ ਵਿਖੇ ਆਪ ਨੂੰ ਭੂਰੀ ਵਾਲੀ ਸੰਪਰਦਾਇ ਦੀ ਗੱਦੀ 'ਤੇ ਬਿਰਾਜਮਾਨ ਕੀਤਾ ਅਤੇ ਆਪ ਨੇ ਗੁਰਬਾਣੀ ਪ੍ਰਚਾਰ ਨੂੰ ਪ੍ਰਾਥਮਿਕਤਾ ਦਿੱਤੀ, ਅਧਿਆਤਮਿਕ ਮੰਡਲ ਵਿਚ ਖੁੱਲ੍ਹੀਆਂ ਤਾਰੀਆਂ ਲਾਈਆਂ ਤੇ ਭਜਨ ਬੰਦਗੀ ਤੇ ਯੋਗ ਸਾਧਨਾ ਦਾ ਉਪਦੇਸ਼ ਸੰਗਤਾਂ ਨੂੰ ਦਿੱਤਾ। 19 ਅਗਸਤ 1984 ਦੀ ਕ੍ਰਿਸ਼ਨ ਅਸ਼ਟਮੀ ਨੂੰ ਸ਼ਾਮ ਦੇ ਸਮੇਂ ਆਪ ਆਪਣਾ ਪੰਜ ਭੌਤਿਕ ਸਰੀਰ ਤਿਆਗ ਕੇ ਬ੍ਰਹਮ ਵਿਚ ਲੀਨ ਹੋ ਗਏ।
ਮੌਜੂਦਾ ਗੱਦੀਨਸ਼ੀਨ ਸਵਾਮੀ ਸ਼ੰਕਰਾ ਨੰਦ-ਸਵਾਮੀ ਗੰਗਾ ਨੰਦ ਦੇ ਸਰੀਰ ਤਿਆਗਣ ਉਪਰੰਤ ਸਵਾਮੀ ਸ਼ੰਕਰਾ ਨੰਦ ਉਨ੍ਹਾਂ ਦੀ ਗੱਦੀ 'ਤੇ ਬਿਰਾਜਮਾਨ ਹੋਏ ਅਤੇ ਸੰਗਤਾਂ ਦੀ ਹਰ ਪੱਖੋਂ ਸੇਵਾ ਕਰ ਰਹੇ ਹਨ। ਉਨ੍ਹਾਂ ਦੀ ਸੇਵਾ ਅਤੇ ਜਪ-ਤਪ ਮਹਾਨ ਹੈ। ਸਵਾਮੀ ਹਰ ਧਰਮ, ਹਰ ਸੰਪਰਦਾਇ ਅਤੇ ਸਾਰੇ ਮਹਾਂਪੁਰਸ਼ਾਂ ਦਾ ਪੂਰਾ-ਪੂਰਾ ਸਤਿਕਾਰ ਕਰਦੇ ਹਨ। ਆਪ ਆਯੁਰਵੈਦਿਕ ਦੇ ਮਾਹਿਰ ਹੋਣ ਕਰਕੇ ਧਾਮ ਤਲਵੰਡੀ ਖੁਰਦ ਵਿਖੇ ਹਰ ਰੋਗੀ ਨੂੰ ਮੁਫ਼ਤ ਦਵਾ ਮਿਲਦੀ ਹੈ। ਆਪ ਦੇ ਉੱਦਮ ਸਦਕਾ ਅਚਾਰੀਆ ਗ਼ਰੀਬ ਦਾਸ ਰਚਿਤ ਬਾਣੀ ਨੂੰ ਕੰਪਿਊਟਰ ਰਾਹੀਂ ਛਪਵਾਉਣ ਦਾ ਮਹਾਨ ਕਾਰਜ ਨੇਪਰੇ ਚੜ੍ਹਿਆ। ਸਵਾਮੀ ਸ਼ੰਕਰਾ ਨੰਦ ਦੀ ਧੀਆਂ ਪ੍ਰਤੀ ਡੂੰਘੀ ਸੋਚ ਕਰਕੇ ਨਵਜਨਮੇ ਲਾਵਾਰਿਸ, ਬੇਸਹਾਰਾ ਬੱਚਿਆਂ ਨੂੰ ਇਕ ਘਰ ਵਿਚ ਲਿਆ ਕੇ ਨਵੀਂ ਜ਼ਿੰਦਗੀ ਦੀ ਤੀਬਰਤਾ ਨਾਲ ਘਰ ਨੂੰ ਸਵਾਮੀ ਗੰਗਾ ਨੰਦ ਦੇ ਨਾਂਅ 'ਤੇ ਐੱਸ.ਜੀ.ਬੀ. ਬਾਲ ਘਰ ਦਾ ਨਾਂਅ ਦਿੱਤਾ ਗਿਆ। ਧਾਮ ਤਲਵੰਡੀ ਖੁਰਦ ਦੇ ਬਾਲ ਘਰ 'ਚ ਸੈਂਕੜੇ ਲਾਵਾਰਿਸ ਬੱਚੇ ਇਕ ਪਿੰਡ ਇਕ ਪਰਿਵਾਰ ਵਾਂਗ ਰਹਿ ਰਹੇ ਹਨ। ਆਪ ਜੀ ਸਰਪ੍ਰਸਤੀ ਹੇਠ ਆਸ਼ਰਮ ਭੂਰੀ ਵਾਲੇ ਤਲਵੰਡੀ ਖੁਰਦ ਵਿਖੇ ਸਵਾਮੀ ਬ੍ਰਹਮ ਸਾਗਰ ਦੇ ਜਨਮ ਦਿਨ ਅਤੇ ਸਵਾਮੀ ਗੰਗਾ ਨੰਦ ਦੀ ਸਾਲਾਨਾ ਬਰਸੀ ਮੌਕੇ ਧਾਰਮਿਕ ਸਮਾਗਮ ਹਰ ਸਾਲ ਸ਼ਰਧਾ ਅਤੇ ਸਤਿਕਾਰ ਨਾਲ ਕਰਵਾਇਆ ਜਾਂਦਾ ਹੈ।
ਸੰਸਾਰ ਵਿਆਪੀ ਕੋਵਿਡ-19 ਕੋਰੋਨਾ ਵਾਇਰਸ ਦੇ ਫੈਲਾਅ ਨੂੰ ਅੱਗੇ ਵਧਣ ਤੋਂ ਰੋਕਣ ਲਈ ਸਵਾਮੀ ਸ਼ੰਕਰਾ ਨੰਦ ਭੂਰੀ ਵਾਲਿਆਂ ਵਲੋਂ ਗ਼ਰੀਬਦਾਸੀ ਸੰਪਰਦਾਇ ਦੇ ਵੱਡੇ ਮਹਾਤਮਾ ਦੀ ਯਾਦ ਵਿਚ ਚੱਲ ਰਿਹਾ ਧਾਰਮਿਕ ਸਮਾਗਮ ਸਰਕਾਰ ਦੇ ਨਿਯਮਾਂ ਵਿਚ ਰਹਿ ਕੇ ਨਿਰੰਤਰ ਜਾਰੀ ਰੱਖਿਆ ਗਿਆ ਹੈ।

-'ਅਜੀਤ' ਪ੍ਰਤੀਨਿਧ ਮੁੱਲਾਂਪੁਰ-ਦਾਖਾ।Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX