ਤਾਜਾ ਖ਼ਬਰਾਂ


ਸਿੱਖਿਆ ਸਕੱਤਰ ਦਾ ਮਾਝੇ 'ਚ ਵੀ ਹੋਇਆ ਵਿਰੋਧ, ਫੂਕਿਆ ਗਿਆ ਪੁਤਲਾ
. . .  2 minutes ago
ਕਲਾਨੌਰ,23 ਫਰਵਰੀ (ਪੁਰੇਵਾਲ/ਕਾਹਲੋਂ) - ਅੱਜ ਜ਼ਿਲ੍ਹਾ ਗੁਰਦਾਸਪੁਰ ਦੇ ਬਲਾਕ ਕਲਾਨੌਰ ਅਧੀਨ ਪੈਂਦੇ ਪਿੰਡ ਨੜਾਂਵਾਲੀ ਵਿਖੇ ਪ੍ਰਵਾਸੀ ਭਾਰਤੀ ਵੱਲੋਂ ਤਿਆਰ ਕਰਵਾਏ ਗਏ ਸਰਕਾਰੀ ਸਕੂਲ ਦੀ ਇਮਾਰਤ ਦੇ ਉਦਘਾਟਨੀ ਸਮਾਗਮ 'ਚ ....
ਆਈ. ਐੱਸ. ਐੱਸ. ਐੱਫ. ਵਿਸ਼ਵ ਕੱਪ 2019 : ਭਾਰਤੀ ਨਿਸ਼ਾਨੇਬਾਜ਼ ਅਪੂਰਵੀ ਚੰਦੇਲਾ ਨੇ ਜਿੱਤਿਆ ਸੋਨ ਤਮਗਾ
. . .  8 minutes ago
ਨਵੀਂ ਦਿੱਲੀ, 23 ਫਰਵਰੀ- ਆਈ. ਐੱਸ. ਐੱਸ. ਐੱਫ. (ਅੰਤਰਰਾਸ਼ਟਰੀ ਨਿਸ਼ਾਨੇਬਾਜ਼ੀ ਸਪੋਰਟ ਫੈਡਰੇਸ਼ਨ) ਵਿਸ਼ਵ ਕੱਪ 2019 'ਚ ਭਾਰਤੀ ਨਿਸ਼ਾਨੇਬਾਜ਼ ਅਪੂਰਵੀ ਚੰਦੇਲਾ ਨੇ ਔਰਤਾਂ ਦੀ 10 ਮੀਟਰ ਏਅਰ ਰਾਈਫ਼ਲ ਮੁਕਾਬਲੇ...
ਪ੍ਰਧਾਨ ਮੰਤਰੀ ਮੋਦੀ ਨੇ 185 ਦੇਸ਼ਾਂ ਤੋਂ ਆਏ ਵਫ਼ਦ ਨਾਲ ਕੀਤੀ ਗੱਲਬਾਤ
. . .  31 minutes ago
ਨਵੀਂ ਦਿੱਲੀ, 23 ਫਰਵਰੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਪ੍ਰਵਾਸੀ ਭਾਰਤੀ ਕੇਂਦਰ ਵਿਖੇ 185 ਦੇਸ਼ਾਂ ਤੋਂ ਆਏ ਵਫ਼ਦ ਨਾਲ ਗੱਲਬਾਤ....
ਅਸਮ : ਜ਼ਹਿਰੀਲੀ ਸ਼ਰਾਬ ਪੀਣ ਕਾਰਨ ਮਰਨ ਵਾਲਿਆਂ ਦੀ ਗਿਣਤੀ 'ਚ ਹੋਇਆ ਵਾਧਾ
. . .  42 minutes ago
ਗੁਹਾਟੀ, 23 ਫਰਵਰੀ- ਅਸਮ ਦੇ ਗੋਲ ਘਾਟ ਜ਼ਿਲ੍ਹੇ 'ਚ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 80 ਹੋ ਗਈ ਹੈ। ਇਹ ਜਾਣਕਾਰੀ ਅਸਮ ਸਿਹਤ ਵਿਭਾਗ.....
ਦਿੱਲੀ 'ਚ ਫੌਜ ਦੇ ਕੈਪਟਨ ਨੇ ਛੱਤ ਵਾਲੇ ਪੱਖੇ ਨਾਲ ਲਟਕ ਕੇ ਕੀਤੀ ਖ਼ੁਦਕੁਸ਼ੀ
. . .  51 minutes ago
ਨਵੀਂ ਦਿੱਲੀ, 23 ਫਰਵਰੀ- ਫੌਜ ਦੇ ਇੱਕ ਕੈਪਟਨ ਨੇ ਬੀਤੇ ਦਿਨ ਦਿੱਲੀ ਦੇ ਬਸੰਤ ਵਿਹਾਰ 'ਚ ਆਪਣੀ ਅਧਿਕਾਰਕ ਰਿਹਾਇਸ਼ 'ਤੇ ਛੱਤ ਵਾਲੇ ਪੱਖੇ ਨਾਲ ਲਟਕ ਕੇ ਖ਼ੁਦਕੁਸ਼ੀ ਕਰ ਲਈ। ਮੀਡੀਆ ਰਿਪੋਰਟਾਂ ਮੁਤਾਬਕ ਮ੍ਰਿਤਕ ਕੈਪਟਨ ਦੀ ਪਹਿਚਾਣ ਜਯੰਤ ਕੁਮਾਰ ਐੱਮ...
ਦਿੱਲੀ ਦੇ ਹੋਟਲ ਮਾਲਕ ਵਲੋਂ ਸ਼ਹੀਦ ਜੈਮਲ ਦੇ ਮਾਤਾ-ਪਿਤਾ ਨੂੰ 10 ਹਜ਼ਾਰ ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦੇਣ ਦਾ ਵਾਅਦਾ
. . .  48 minutes ago
ਮੋਗਾ, 23 ਫਰਵਰੀ- ਮੋਗਾ ਦੇ ਕੋਟ ਈਸੇ ਖਾਂ ਦੇ ਪਿੰਡ ਗਲੋਟੀ ਖ਼ੁਰਦ ਦੇ ਗੁਰਦੁਆਰਾ ਸਾਹਿਬ 'ਚ ਅੱਜ ਪੁਲਵਾਮਾ ਹਮਲੇ 'ਚ ਸ਼ਹੀਦ ਹੋਏ ਸੀ. ਆਰ. ਪੀ. ਐੱਫ. ਦੇ ਜਵਾਨ ਜੈਮਲ ਸਿੰਘ ਦੀ ਅੰਤਿਮ ਅਰਦਾਸ ਕੀਤੀ ਗਈ। ਇਸ ਮੌਕੇ ਦਿੱਲੀ ਦੇ ਹੋਟਲ ਮਾਲਕ ਨੇ ਸ਼ਹੀਦ...
ਕਾਂਗਰਸ ਦੇ ਸੱਤਾ 'ਚ ਆਉਣ 'ਤੇ ਆਂਧਰਾ ਪ੍ਰਦੇਸ਼ ਨੂੰ ਮਿਲੇਗਾ ਵਿਸ਼ੇਸ਼ ਸੂਬੇ ਦਾ ਦਰਜਾ- ਰਾਹੁਲ
. . .  54 minutes ago
ਹੈਦਰਾਬਾਦ, 23 ਫਰਵਰੀ- ਆਂਧਰਾ ਪ੍ਰਦੇਸ਼ ਦੇ ਤਿਰੂਪਤੀ 'ਚ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦਿੱਲੀ 'ਚ ਸਤਾ ਹਾਸਿਲ ਕਰਨ ਦੇ ਨਾਲ ਹੀ ਦੁਨੀਆ ਦੀ ਕੋਈ ਵੀ ਤਾਕਤ ਆਂਧਰਾ ਪ੍ਰਦੇਸ਼ ਨੂੰ ਕਾਂਗਰਸ ਪਾਰਟੀ ਵੱਲੋਂ ਵਿਸ਼ੇਸ਼ ....
ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਪ੍ਰੋਜੈਕਟ ਨੂੰ ਵੱਡਾ ਝਟਕਾ: ਜ਼ਿਲ੍ਹਾ ਸੰਗਰੂਰ ਵਿਚ ਤਿੰਨ ਬਲਾਕ ਟੀਮਾਂ ਨੇ ਦਿੱਤਾ ਟੈਸਟਿੰਗ ਤੋਂ ਜਵਾਬ
. . .  about 1 hour ago
ਸੰਗਰੂਰ (ਧੀਰਜ ਪਸੌਰੀਆਂ ) ਸਿੱਖਿਆ ਵਿਭਾਗ ਦੇ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਪ੍ਰੋਜੈਕਟ ਜ਼ਿਲ੍ਹਾ ਸੰਗਰੂਰ ਵਿਚ ਉਸ ਸਮੇਂ ਵੱਡਾ ਝਟਕਾ ਲੱਗਿਆ ਜਦੋਂ ਜ਼ਿਲ੍ਹੇ ਦੇ ਤਿੰਨ ਬਲਾਕਾਂ ਦੀਆਂ ਟੀਮਾਂ ਨੇ ਪੋਸਟ ਟੈੱਸਟ ਕਰਨ ਤੋਂ ਜਵਾਬ ਦੇ ਦਿੱਤਾ ਹੈ। ਅਧਿਆਪਕ ਸੰਘਰਸ਼ ਕਮੇਟੀ ਦੇ ...
ਜੰਮੂ-ਕਸ਼ਮੀਰ 'ਚ ਬਰਫ਼ ਦੇ ਤੋਦੇ ਡਿੱਗਣ ਕਾਰਨ ਤਿੰਨ ਲੋਕ ਲਾਪਤਾ
. . .  about 1 hour ago
ਸ੍ਰੀਨਗਰ, 23 ਫਰਵਰੀ- ਜੰਮੂ-ਕਸ਼ਮੀਰ ਦੇ ਬਾਂਦੀਪੋਰਾ ਜ਼ਿਲ੍ਹੇ 'ਚ ਬਰਫ਼ ਦੇ ਤੋਦੇ ਡਿੱਗਣ ਕਾਰਨ ਤਿੰਨ ਲੋਕ ਲਾਪਤਾ ਹੋ ਗਏ। ਅਧਿਕਾਰਕ ਸੂਤਰਾਂ ਨੇ ਅੱਜ ਦੱਸਿਆ ਕਿ ਬਾਂਦੀਪੋਰਾ ਦੇ ਅਜਸ ਇਲਾਕੇ 'ਚ ਇਹ ਹਾਦਸਾ ਵਾਪਰਿਆ ਹੈ। ਲਾਪਤਾ ਲੋਕਾਂ ਦੀ ਤਲਾਸ਼ 'ਚ ਵਿਆਪਕ...
ਏਅਰ ਇੰਡੀਆ ਸ਼ੋਅ ਦੌਰਾਨ ਪਾਰਕਿੰਗ 'ਚ ਖੜ੍ਹੀਆਂ 100 ਕਾਰਾਂ ਨੂੰ ਲੱਗੀ ਅੱਗ
. . .  about 1 hour ago
ਬੈਂਗਲੁਰੂ, 23 ਫਰਵਰੀ- ਕਰਨਾਟਕ ਦੀ ਰਾਜਧਾਨੀ ਬੈਂਗਲੁਰੂ 'ਚ ਚਲ ਰਹੇ ਏਅਰ ਇੰਡੀਆ ਸ਼ੋਅ 'ਚ ਵੱਡਾ ਹਾਦਸਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਸ਼ੋਅ ਦੌਰਾਨ ਪਾਰਕਿੰਗ 'ਚ ਅੱਗ ਲੱਗ ਗਈ ਜਿਸ 'ਚ ਲਗਭਗ 100 ਕਾਰਾਂ ਨੂੰ ਅੱਗ ਲੱਗ ਗਈ। ਅੱਗ ਦੀਆਂ ....
ਹੋਰ ਖ਼ਬਰਾਂ..

ਖੇਡ ਜਗਤ

ਸਕੂਲਾਂ ਦੀ ਖੇਡ ਗੱਡੀ ਨੂੰ ਲੀਹ 'ਤੇ ਲਿਆਉਣ ਲਈ ਠੋਸ ਨੀਤੀ ਦੀ ਲੋੜ

ਪੰਜਾਬ ਦੇ ਸਕੂਲੀ ਵਿਦਿਆਰਥੀਆਂ ਨੂੰ ਖੇਡਾਂ ਦੇ ਨਾਲ ਜੋੜ ਕੇ ਚੰਗੇ ਨਾਗਰਿਕ ਬਣਾਉਣ, ਦੇਸ਼-ਵਿਦੇਸ਼ ਵਿਚ ਖੇਡਾਂ ਰਾਹੀਂ ਪੰਜਾਬ ਦਾ ਨਾਂਅ ਰੌਸ਼ਨ ਕਰਨ ਅਤੇ ਨਰੋਆ ਸਮਾਜਿਕ ਸੱਭਿਆਚਾਰ ਪੈਦਾ ਕਰਨ ਵਿਚ ਖੇਡਾਂ ਦਾ ਅਹਿਮ ਯੋਗਦਾਨ ਹੈ। ਤੰਦਰੁਸਤ ਸਮਾਜ ਨੂੰ ਉਚੇਰੀ ਮੰਜ਼ਿਲ ਪ੍ਰਾਪਤ ਕਰਨ ਲਈ ਰੇਲ ਗੱਡੀ ਦੇ ਵੱਖ-ਵੱਖ ਪੁਰਜ਼ੇ, ਖਿਡਾਰੀ, ਮਾਪੇ, ਅਧਿਆਪਕ, ਕੋਚ, ਸਰਕਾਰੀ ਸਿੱਖਿਆ ਅਧਿਕਾਰੀ ਹਨ। ਪਰ ਪਿਛਲੇ ਕਈ ਦਹਾਕਿਆਂ ਤੋਂ ਪੰਜਾਬ ਦੇ ਸਕੂਲਾਂ ਦੀ ਖੇਡ ਗੱਡੀ ਲੀਹੋਂ ਲੱਥ ਚੁੱਕੀ ਹੈ ਤੇ ਹੁਣ ਮੁੜ ਤੋਂ ਖੇਡ ਗੱਡੀ ਨੂੰ ਲੀਹ 'ਤੇ ਲਿਆਉਣ ਲਈ ਸਮੁੱਚੇ ਪੰਜਾਬੀਆਂ ਲਈ ਠੋਸ ਖੇਡ ਨੀਤੀ ਸਮੇਂ ਦੀ ਮੁੱਖ ਲੋੜ ਹੈ। ਜੇ ਅੱਜ ਹਰਿਆਣਾ ਖੇਡਾਂ ਦੇ ਖੇਤਰ ਵਿਚ ਪੂਰੇ ਦੇਸ਼ 'ਤੇ ਰਾਜ ਕਰ ਰਿਹਾ ਹੈ ਤਾਂ ਇਸ ਵਿਚ ਉਸ ਰਾਜ ਦੀ ਬਣੀ ਖੇਡ ਨੀਤੀ ਦਾ ਯੋਗਦਾਨ ਅਹਿਮ ਹੈ।
ਅੰਡਰ-17 ਤੇ 19 ਸਾਲ ਦੇ ਸਕੂਲੀ ਖਿਡਾਰੀਆਂ ਦੀਆਂ ਖੇਡਾਂ ਚਲਾਉਣ ਲਈ ਵਿਦਿਆਰਥੀਆਂ ਤੋਂ ਇਕੱਠੇ ਕੀਤੇ ਜਾ ਰਹੇ ਸਪੋਰਟਸ ਫੰਡ ਹੀ ਇਸ ਵੇਲੇ ਵਿੱਤੀ ਸਰੋਤ ਹਨ। ਇਹ ਫੰਡ ਵਿਦਿਆਰਥੀਆਂ 'ਤੇ ਖਰਚਣ ਦੀ ਬਜਾਏ ਬੇਲੋੜੇ ਕੰਮਾਂ 'ਤੇ ਵੀ ਖਰਚ ਕੀਤੇ ਜਾ ਰਹੇ ਹਨ ਤੇ ਬਾਕੀ ਦੀ ਕਸਰ ਸਕੂਲ ਗੇਮਜ਼ ਫੈਡਰੇਸ਼ਨ ਵਲੋਂ ਧੜਾਧੜ ਅਪਣਾਈਆਂ ਜਾ ਰਹੀਆਂ ਗ਼ੈਰ-ਉਲੰਪਿਕ ਖੇਡਾਂ ਤੇ ਗ਼ੈਰ-ਤਰਜੀਹੀ ਖੇਡਾਂ 'ਤੇ ਖਰਚ ਕਰਕੇ ਅਸਲੀ ਖੇਡਾਂ ਦੇ ਵਾਰਸਾਂ ਦਾ ਗਲਾ ਘੁੱਟ ਕੇ ਕੱਢੀ ਜਾ ਰਹੀ ਹੈ। ਸਕੂਲਾਂ ਵਿਚ ਖੇਡ ਅਧਿਆਪਕ ਵਿਹਲੇ ਬੈਠੇ ਹਨ ਤੇ ਵਿਦਿਆਰਥੀਆਂ ਨੂੰ ਸਹੀ ਮਾਰਗ ਦਰਸ਼ਕ ਨਾ ਹੋਣ ਕਰਕੇ ਜੁਗਾੜੂ ਕੋਚਾਂ ਦੇ ਵੱਸ ਪੈ ਕੇ ਸਮਾਂ-ਪੈਸਾ ਬਰਬਾਦ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ। ਖੇਡਾਂ ਨੂੰ ਚਲਾਉਣ ਲਈ ਬਣਾਈਆਂ ਜ਼ਿਲ੍ਹਾ ਪੱਧਰ ਦੀਆਂ ਖੇਡ ਕਮੇਟੀਆਂ ਸਿਰਫ ਡੰਗ-ਟਪਾਊ ਬਣ ਕੇ ਰਹਿ ਗਈਆਂ ਹਨ। ਰਾਸ਼ਟਰੀ ਸਕੂਲ ਖੇਡਾਂ ਵਿਚ ਹਿੱਸਾ ਲੈਣ ਜਾ ਰਹੇ ਖਿਡਾਰੀ ਨੂੰ ਕਈ ਵਾਰ ਲੋੜੀਂਦੀ ਖੇਡ ਕਿੱਟ ਵੀ ਨਹੀਂ ਮਿਲਦੀ ਤੇ ਇਸ ਵਾਰ ਤਾਂ ਪ੍ਰਬੰਧਕਾਂ ਨੇ ਖਿਡਾਰੀਆਂ ਦੇ ਬੂਟ, ਬੈਗ, ਨਿੱਕਰ ਤੇ ਟੀ-ਸ਼ਰਟ 'ਤੇ ਵੀ ਕੈਂਚੀ ਫੇਰ ਦਿੱਤੀ ਹੈ। ਫਿਰ ਵੀ ਜੇ ਜਨੂੰਨੀ ਖੇਡ ਅਧਿਆਪਕ, ਕੋਚ ਤੇ ਖਿਡਾਰੀਆਂ ਦੀ ਮਿਹਨਤ ਸਦਕਾ ਪੰਜਾਬ ਦੇ ਕੁਝ ਖਿਡਾਰੀ ਤੇ ਟੀਮਾਂ 'ਖੇਲੋ ਇੰਡੀਆ' ਵਿਚ ਦਾਖਲਾ ਲੈਣ ਲਈ ਸਫਲ ਹੋਈਆਂ ਹਨ ਤਾਂ ਉਨ੍ਹਾਂ ਦੀ ਮਿਹਨਤ ਨੂੰ ਵੀ ਸਲਾਮ ਹੈ...।
ਪੰਜਾਬ ਦੇ ਸਕੂਲੀ ਖੇਡ ਹਲਕਿਆਂ 'ਚ ਇਹ ਚਰਚਾ ਹੈ ਕਿ 30 ਜਨਵਰੀ ਤੱਕ 'ਪੜ੍ਹੋ ਪੰਜਾਬ ਤੇ ਪੜ੍ਹਾਓ ਪੰਜਾਬ' ਦੀ ਤਰਜ਼ 'ਤੇ 'ਖੇਡੋ ਪੰਜਾਬ' ਕਰਵਾਉਣ ਲਈ ਨਵੀਂ ਖੇਡ ਨੀਤੀ ਤਿਆਰ ਕੀਤੀ ਜਾ ਰਹੀ ਹੈ? ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਦੀ 'ਦੇਰ ਆਏ ਦਰੁਸਤ ਆਏ' ਦੀ ਕਹਾਵਤ ਅਨੁਸਾਰ ਇਸ ਦਾ ਸਵਾਗਤ ਕਰਨਾ ਬਣਦਾ ਹੈ।
ਸਭ ਤੋਂ ਪਹਿਲਾਂ ਸਿੱਖਿਆ ਅਧਿਕਾਰੀਆਂ ਨੂੰ ਕਾਰਪੋਰੇਟ ਸੈਕਟਰ ਵਾਂਗ ਖੇਡਾਂ ਨੂੰ ਚਲਾਉਣ ਲਈ ਨੀਤੀ ਨੂੰ ਵੀ ਬਦਲਣਾ ਪਵੇਗਾ। ਪ੍ਰਾਇਮਰੀ ਖੇਡਾਂ ਲਈ ਸੈਂਟਰ ਪੱਧਰ ਤੋਂ ਲੈ ਕੇ ਜ਼ਿਲ੍ਹਾ ਪੱਧਰ ਤੱਕ ਆਪਣਾ ਖੇਡ ਢਾਂਚਾ ਉਸਾਰਨਾ ਪਵੇਗਾ। ਮੰਗਵੀਆਂ ਧਾੜਾਂ ਕਦੇ ਵੀ ਕੋਚਾਂ, ਤਾਰੂਆਂ ਦਾ ਸਾਹਮਣਾ ਨਹੀਂ ਕਰਦੀਆਂ। ਖੇਡ ਹਲਕਿਆਂ ਵਿਚ ਵੀ ਇਹ ਚਰਚਾ ਹੈ ਕਿ ਮਿਡਲ, ਹਾਈ ਸਕੂਲਾਂ ਦੇ ਖੇਡ ਅਧਿਆਪਕਾਂ ਨੂੰ ਪ੍ਰਾਇਮਰੀ ਖੇਡ ਸੈਂਟਰਾਂ ਦਾ ਸਹਿਯੋਗੀ ਬਣਾਇਆ ਜਾ ਰਿਹਾ ਹੈ। ਦੂਜੇ ਪਾਸੇ ਮਿਡਲ, ਹਾਈ ਸਕੂਲਾਂ ਦੇ ਪੀ.ਟੀ.ਆਈਜ਼ ਤੇ ਡਰਾਇੰਗ ਮਾਸਟਰ ਦਾ ਆਪਸੀ ਰਲੇਵਾਂ ਕਰਕੇ ਇਕ ਅਸਾਮੀ ਚੁੱਕੀ ਜਾ ਰਹੀ ਹੈ। ਚੰਗਾ ਹੋਵੇ ਤਾਂ ਸਰੀਰਕ ਸਿੱਖਿਆ ਅਧਿਆਪਕ ਦਾ ਲਾਂਗਰੀ ਸੇਵਾ (ਮਿੱਡ-ਡੇ-ਮੀਲ) ਤੇ ਕਿਤਾਬੀ ਪੀਰੀਅਡਾਂ ਤੋਂ ਖਹਿੜਾ ਛੁਡਾ ਕੇ ਸਿਰਫ ਖੇਡਾਂ ਦਾ ਨਤੀਜਾ ਮੁੱਖ ਕੰਮ ਦਿੱਤਾ ਜਾਵੇ। ਇਸ ਲਈ 'ਖੇਲੋ ਇੰਡੀਆ' ਦੀ ਤਰਜ਼ 'ਤੇ ਕੁਝ ਖੇਡਾਂ ਦੀ ਨਿਸ਼ਾਨਦੇਹੀ ਹੀ ਕੀਤੀ ਜਾਵੇ। ਗ਼ੈਰ-ਉਲੰਪਿਕ ਤੇ ਜੁਗਾੜੂ ਖੇਡਾਂ ਨੂੰ ਦੂਰ ਰੱਖਿਆ ਜਾਵੇ। ਸਵੇਰੇ-ਸ਼ਾਮ ਖੇਡ ਸੈਂਟਰ ਚਲਾਉਣ ਵਾਲੇ ਅਧਿਆਪਕ ਨੂੰ 2 ਘੰਟੇ ਦੀ ਛੋਟ ਦਿੱਤੀ ਜਾਵੇ। ਪੌੜੀਆਂ ਦੀ ਸਫਾਈ ਕਰਨ ਸਮੇਂ ਸਭ ਤੋਂ ਉਪਰਲੀ ਪੌੜੀ ਦੀ ਸਫਾਈ ਕਰਨ ਦੇ ਸਿਧਾਂਤ ਅਨੁਸਾਰ ਪਹਿਲਾਂ ਨੈਸ਼ਨਲ ਸਕੂਲ ਗੇਮਜ਼ ਵਿਚ ਪੰਜਾਬ ਦੀ ਠੋਸ ਪ੍ਰਤੀਨਿਧਤਾ ਹੋਵੇ। ਸਿੱਖਿਆ ਵਿਕਾਸ ਕਮੇਟੀ ਪੰਜਾਬ ਵਿਚ ਅਧਿਆਪਕਾਂ ਦੀ ਪ੍ਰਤੀਨਿਧਤਾ ਹੋਵੇ। ਨੈਸ਼ਨਲ ਸਕੂਲ ਖੇਡਾਂ ਦਾ ਪ੍ਰਬੰਧ ਸਿਰੇ ਚਾੜ੍ਹਨ ਲਈ ਰੇਲਵੇ ਟਿਕਟਾਂ, ਮੈਨੇਜਰ, ਕੋਚਿੰਗ, ਰੈਫਰੀ ਤੇ ਹੋਰ ਖੇਡ ਪ੍ਰਬੰਧਾਂ ਲਈ ਸਮੇਂ ਸਿਰ ਕਾਰਜ ਕਰਨ ਲਈ ਪੰਜਾਬ ਪੱਧਰ 'ਤੇ ਟੀਮ ਬਣਾਈ ਜਾਵੇ, ਜੋ ਖਿਡਾਰੀਆਂ ਦੀ ਚੋਣ ਤੋਂ ਲੈ ਕੇ ਇਹ ਸਾਰੇ ਕੰਮ ਕਰੇ। ਪੰਜਾਬ ਪੱਧਰੀ ਖੇਡਾਂ ਲਈ ਰੈਫਰੀਆਂ, ਅਬਜ਼ਰਬਰਾਂ, ਮੈਨੇਜਰਾਂ, ਕੋਚਾਂ ਤੇ ਖੇਡ ਅਧਿਆਪਕਾਂ ਨੂੰ ਉਚਿਤ ਮਿਹਨਤਾਨਾ ਦਿੱਤਾ ਜਾਵੇ। ਖਿਡਾਰੀਆਂ ਦੀ ਰਿਫਰੈਸ਼ਮੈਂਟ, ਰੋਜ਼ਾਨਾ ਭੱਤਾ, ਖੇਡ ਕਿੱਟ ਸਮੇਂ ਸਿਰ ਦਿੱਤੀ ਜਾਵੇ। ਚੋਣਵੀਆਂ ਖੇਡਾਂ ਦੇ ਕੋਚਿੰਗ ਕੈਂਪ ਲਗਾਏ ਜਾਣ, ਸਮਰ ਕੋਚਿੰਗ ਕੈਂਪ ਹਰ ਸਾਲ ਲੱਗੇ। ਖੇਡ ਵਿੰਗਾਂ ਦੇ ਟਰਾਇਲ ਸਮੇਂ ਸਿਰ ਕਰਵਾਏ ਜਾਣ ਤੇ ਡਾਈਟ ਦਾ ਪੈਸਾ ਸਮੇਂ ਸਿਰ ਜਾਰੀ ਕੀਤਾ ਜਾਵੇ।
ਸਿੱਖਿਆ ਵਿਭਾਗ ਪੰਜਾਬ ਵਲੋਂ ਬਣਾਈ ਜਾਣ ਵਾਲੀ ਖੇਡ ਨੀਤੀ ਸਫਲ ਜ਼ਰੂਰ ਹੋ ਸਕਦੀ ਹੈ, ਜੇ ਜਨੂੰਨੀ ਅਧਿਆਪਕ ਅੱਗੇ ਆਉਣ। ਪਰ ਫਿਰ ਵੀ ਜੇ ਹਨ੍ਹੇਰੀ ਗਲੀ ਵਿਚ ਕੋਈ ਜੁਗਨੂੰ ਟਿਮਟਿਮਾ ਕੇ ਰੌਸ਼ਨੀ ਕਰ ਰਿਹਾ ਹੈ ਤਾਂ ਉਸ ਦਾ ਸਵਾਗਤ ਕਰਨਾ ਜ਼ਰੂਰ ਬਣਦਾ ਹੈ।


-ਮੋਬਾ: 98729-78781


ਖ਼ਬਰ ਸ਼ੇਅਰ ਕਰੋ

ਚੈਂਪੀਅਨਾਂ ਦੀ ਦਰਦ ਭਰੀ ਗਾਥਾ

ਖਿਡਾਰੀ ਕਿਸੇ ਦੇਸ਼ ਜਾਂ ਕੌਮ ਦਾ ਸਰਮਾਇਆ ਹੋਇਆ ਕਰਦੇ ਹਨ। ਇਹ ਸਰਮਾਇਆ ਹੀਰਿਆਂ ਤੁਲ ਸੰਭਾਲਣਾ ਹੈ ਜਾਂ ਭੰਗ ਦੇ ਭਾੜੇ ਰੋਲਣਾ ਹੈ, ਇਹ ਸਮੇਂ ਦੀਆਂ ਸਰਕਾਰਾਂ ਅਤੇ ਖੇਡ ਤੰਤਰ ਦੇ ਭਾਣੇ-ਬਾਣੇ 'ਤੇ ਨਿਰਭਰ ਕਰਦਾ ਹੈ। ਇਸੇ ਸੰਦਰਭ 'ਚ ਗਾਹੇ-ਬਗਾਹੇ ਖਿਡਾਰੀਆਂ ਦੇ ਕਈ ਦਰਦ ਭਰੇ ਕਿੱਸੇ ਸਾਹਮਣੇ ਆਉਂਦੇ ਰਹਿੰਦੇ ਹਨ, ਜਿਸ ਕਰਕੇ ਸਿਰ ਸ਼ਰਮ ਨਾਲ ਝੁਕ ਜਾਂਦਾ ਹੈ, ਜੋ ਕਦੇ ਵਕਤ ਦੇ ਬਾਦਸ਼ਾਹ ਵਜੋਂ ਜਾਣੇ ਜਾਂਦੇ ਹਨ ਤੇ ਉਨ੍ਹਾਂ ਦੇ ਨਾਂਅ ਵੱਡੀਆਂ ਸੁਰਖੀਆਂ ਲਿਖੀਆਂ ਜਾਂਦੀਆਂ ਹਨ। ਪਿਛਲੇ ਦਿਨੀਂ ਅਜਿਹਾ ਹੀ ਇਕ ਕਿੱਸਾ ਮੁੱਕੇਬਾਜ਼ ਕੌਰ ਸਿੰਘ ਦੀ ਦਰਦ ਕਹਾਣੀ ਬਣ ਕੇ ਸਾਹਮਣੇ ਆਇਆ। 1982 ਦੀਆਂ ਏਸ਼ੀਆਈ ਖੇਡਾਂ ਸਮੇਤ ਕੌਮਾਂਤਰੀ ਮੁਕਾਬਲਿਆਂ 'ਚ 6 ਸੋਨ ਤਗਮੇ ਜੇਤੂ, ਮਹਾਨ ਮੁੱਕੇਬਾਜ਼ ਮੁਹੰਮਦ ਅਲੀ ਨਾਲ ਰਿੰਗ 'ਚ ਦੋ-ਦੋ ਹੱਥ ਕਰਨ ਵਾਲਾ, ਅਰਜਨ ਐਵਾਰਡ, ਪਦਮਸ੍ਰੀ ਅਤੇ ਵਿਸ਼ਿਸ਼ਟ ਸੇਵਾ ਮੈਡਲ ਨਾਲ ਸਨਮਾਨਤ, ਸਰਕਾਰੀ ਬੇਰੁਖ਼ੀ ਦਾ ਸ਼ਿਕਾਰ, ਕਿਸੇ ਨਾਮੁਰਾਦ ਬਿਮਾਰੀ ਨਾਲ ਹਸਪਤਾਲ 'ਚ ਜ਼ੇਰੇ ਇਲਾਜ, ਫੌਜ ਵਿਚੋਂ ਸੇਵਾਮੁਕਤ, ਪੰਜਾਬ ਦਾ ਇਹ ਅਣਮੁੱਲਾ ਹੀਰਾ ਆਪਣਾ ਇਲਾਜ ਕਰਵਾਉਣ ਤੋਂ ਅਸਮਰੱਥ ਹੈ ਤੇ ਹੁਣ ਉਹ ਵਕਤ ਦੇ ਘਸੁੰਨ ਸਹਿੰਦਿਆਂ ਪੱਛਿਆ ਹੋਇਆ ਹੈ।
ਇਹ ਤ੍ਰਾਸਦੀ ਸਿਰਫ ਕੌਰ ਸਿੰਘ ਦੀ ਹੀ ਨਹੀਂ, ਸਗੋਂ ਅਜਿਹੇ ਹੋਰ ਵੀ ਕਈ ਮਹਾਨ ਖਿਡਾਰੀ ਹਨ, ਜੋ ਸਰਕਾਰੀ ਬੇਰੁਖ਼ੀ ਦਾ ਸੰਤਾਪ ਭੋਗ ਚੁੱਕੇ ਹਨ। ਕਿੰਨੀ ਨਮੋਸ਼ੀ ਵਾਲੀ ਗੱਲ ਹੈ ਜਿਸ ਦੇਸ਼ ਦੇ ਏਸ਼ੀਅਨ ਚੈਂਪੀਅਨ ਖਿਡਾਰੀ ਨੂੰ ਸਬਜ਼ੀ ਦੀ ਰੇੜ੍ਹੀ ਲਾ ਕੇ ਗੁਜ਼ਾਰਾ ਕਰਨਾ ਪਿਆ ਹੋਵੇ, ਖੇਡ ਜਗਤ ਦਾ ਕੋਈ ਬੇਤਾਜ ਬਾਦਸ਼ਾਹ ਜਦੋਂ ਝੁੱਗੀਆਂ ਵਿਚ ਦਿਨਕਟੀ ਕਰੇ, ਕਿਸੇ ਰਾਸ਼ਟਰੀ ਖਿਡਾਰੀ ਨੂੰ ਰੋਜ਼ੀ-ਰੋਟੀ ਖਾਤਰ ਟਰੱਕ ਡਰਾਈਵਰੀ ਕਰਨੀ ਪਵੇ, ਕਿਸੇ ਸਮੇਂ ਰਹੇ ਸੁਰਖੀਆਂ ਦੇ ਸਰਤਾਜ ਨੂੰ ਚਪੜਾਸੀ ਤੱਕ ਬਣਨਾ ਪਿਆ ਹੋਵੇ, ਤਾਂ ਉਸ ਦੇਸ਼ ਅਤੇ ਸਮਾਜ ਦਾ ਸਿਰ ਸ਼ਰਮ ਨਾਲ ਝੁਕ ਜਾਣਾ ਚਾਹੀਦਾ ਹੈ। ਸੰਨ 1962 ਦੀਆਂ ਏਸ਼ੀਆਈ ਖੇਡਾਂ 'ਚ ਹੀ ਮੱਖਣ ਸਿੰਘ ਨੇ ਰਿਲੇਅ ਦੌੜ ਵਿਚ ਸੋਨ ਤਗਮਾ ਜਿੱਤਿਆ ਪਰ ਜ਼ਿੰਦਗੀ ਦੇ ਲੰਬੇ ਸੰਘਰਸ਼ 'ਚ ਉਸ ਨੂੰ ਟਰੱਕ ਡਰਾਈਵਰੀ ਵੀ ਕਰਨੀ ਪਈ। ਹਾਦਸੇ 'ਚ ਲੱਤ ਕੱਟੇ ਜਾਣ ਤੋਂ ਬਾਅਦ ਉਹ ਚੱਬੇਵਾਲ (ਹੁਸ਼ਿਆਰਪੁਰ) 'ਚ ਕਿਤਾਬਾਂ-ਕਾਪੀਆਂ ਵੇਚਣ ਲਈ ਮਜਬੂਰ ਹੋਇਆ।
ਸੰਨ 1973 ਦੀ ਵਿਸ਼ਵ ਬਿਲਿਆਰਡ ਦਾ ਉਪ-ਵਿਜੇਤਾ ਸਤੀਸ਼ ਮੋਹਣ ਖੇਡਣ ਤੋਂ ਬਾਅਦ ਫਾਕੇ ਦੀ ਜ਼ਿੰਦਗੀ ਬਤੀਤ ਕਰਦਾ ਰਿਹਾ। ਇਕ ਬੱਸ ਦੇ ਫੁੱਟਬੋਰਡ ਤੋਂ ਡਿਗ ਕੇ ਉਹ ਜ਼ਿੰਦਗੀ ਦੀ ਆਖਰੀ ਬਾਜ਼ੀ ਹਾਰ ਗਿਆ। ਪਰ ਪੋਸਟਮਾਰਟਮ ਤੋਂ ਪਤਾ ਲੱਗਾ ਕਿ ਪਿਛਲੇ ਤਿੰਨ ਦਿਨਾਂ ਤੋਂ ਉਸ ਨੂੰ ਰੋਟੀ ਨਹੀਂ ਸੀ ਮਿਲੀ। ਟੀ. ਸੀ. ਜੋਹਾਨਨ 1974 ਏਸ਼ੀਆਡ ਦਾ ਲੰਬੀ ਛਾਲ ਦਾ ਸੋਨ ਤਗਮਾ ਜੇਤੂ ਅਤੇ ਰਿਕਾਰਡ ਹੋਲਡਰ (8.07 ਮੀ:) ਸੀ। 1976 ਦੀ ਉਲੰਪਿਕ ਤਿਆਰੀ ਕਰਦਿਆਂ ਸੱਟ ਲੱਗੀ। ਆਰਥਿਕ ਮਦਦ ਲਈ ਨਿੱਜੀ ਅਦਾਰਿਆਂ ਸਮੇਤ ਸਰਕਾਰੇ-ਦਰਬਾਰੇ ਵੀ ਤਰਲੇ ਕੀਤੇ, ਕੋਈ ਨਾ ਬਹੁੜਿਆ ਤੇ ਖੇਡ ਕੈਰੀਅਰ ਦੀ ਉਸ ਦੀ ਸਿਖਰ ਦੁਪਹਿਰ ਆਖਰ ਸੰਝ ਦੇ ਪ੍ਰਛਾਵੇਂ ਬਣ ਗਈ। ਹੁਸ਼ਿਆਰਪੁਰ ਜ਼ਿਲ੍ਹੇ ਦਾ ਫੁੱਟਬਾਲਰ ਗੁਰਕ੍ਰਿਪਾਲ ਸਿੰਘ ਜੋ ਮੋਹਣ ਬਾਗਾਨ ਅਤੇ ਈਸਟ ਬੰਗਾਲ ਲਈ ਵੀ ਖੇਡਿਆ, ਢਲਦੀ ਉਮਰੇ ਬਿਜਲੀ ਬੋਰਡ ਦੇ ਦਰਜਾ ਚਾਰ ਦੀ ਨੌਕਰੀ ਲਈ ਵੀ ਹੱਥ-ਪੈਰ ਮਾਰੇ ਪਰ ਹਾਕਮਾਂ ਵਲੋਂ ਕੋਰੀ ਨਾਂਹ ਤੇ ਅੱਜ ਇਹ ਖਿਡਾਰੀ ਪਿੰਡ ਖੇਤੀ ਕਰਦਾ ਗੁੰਮਨਾਮੀ ਦੀ ਜ਼ਿੰਦਗੀ ਬਿਤਾ ਰਿਹਾ ਹੈ।
ਪੰਜਾਬ ਦੇ ਭਗਤਾ ਭਾਈ ਕਸਬੇ ਦੇ ਪ੍ਰਦੁਮਣ ਸਿੰਘ ਨੇ ਏਸ਼ੀਆਈ ਖੇਡਾਂ 'ਚ ਸੋਨ ਤਗਮੇ ਜਿੱਤੇ ਪਰ ਜਦੋਂ ਲਕਵਾਗ੍ਰਸਤ ਹੋ ਕੇ ਚਾਰਪਾਈ 'ਤੇ ਪਏ, ਸਰਕਾਰੀ ਫਰਿਆਦ ਅੱਗੇ ਫ਼ਰਮਾਨ ਆਇਆ ਕਿ ਆਪ ਤਾਂ ਫੌਜ ਲਈ ਖੇਡਦੇ ਸੀ। 1960 ਰੋਮ ਉਲੰਪਿਕ 'ਚ ਪੰਜਵੇਂ ਨੰਬਰ 'ਤੇ ਰਹੇ ਮਾਧੋ ਸਿੰਘ ਨੇ ਸਕੂਲ 'ਚ ਮਾੜੀ ਪਤਲੀ ਨੌਕਰੀ ਮੰਗੀ ਤਾਂ ਆਖ ਦਿੱਤਾ ਗਿਆ ਤੁਸੀਂ ਅਨਪੜ੍ਹ ਹੋ। ਏਸ਼ੀਆਈ ਅਤੇ ਉਲੰਪਿਕ ਮੁਕਾਬਲਿਆਂ 'ਚ ਫੁੱਟਬਾਲ ਖੇਡਣ ਵਾਲੇ ਨੂਰ ਮੁਹੰਮਦ ਨੇ ਜ਼ਿੰਦਗੀ ਦੇ ਆਖਰੀ ਦਿਨ ਸ਼ੂਗਰ ਦੀ ਬਿਮਾਰੀ ਨਾਲ ਜੂਝਦੇ ਗੁਜ਼ਾਰੇ। 1962 ਦੀਆਂ ਏਸ਼ੀਆਈ ਖੇਡਾਂ 'ਚ ਫੁੱਟਬਾਲ 'ਚ ਸੋਨ ਤਗਮਾ ਜਿੱਤਣ ਵਾਲੇ ਹੈਦਰਾਬਾਦ ਦੇ ਮੁਹੰਮਦ ਯੂਨਸ ਖਾਨ ਦੇ ਵਕਤ ਦੀਆਂ ਸਾਰੀਆਂ ਅਲਮਾਰੀਆਂ 'ਚ ਜੰਗ ਖਾਧੇ ਕੱਪ ਅਤੇ ਧੂੜ ਧੱਪੇ 'ਚ ਗੁਆਚੇ ਤਗਮੇ ਉਸ ਦੀ ਜ਼ਿੰਦਗੀ ਦੀ ਆਪ ਬਿਆਨੀ ਦਾ ਇਸ ਗੱਲ ਤੋਂ ਸਹਿਜੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ, ਜਦੋਂ ਉਹ ਕਹਿੰਦੇ ਹਨ, 'ਮੈਂ ਆਪਣੇ ਖਰਚੇ ਕਿਵੇਂ ਪੂਰੇ ਕਰਦਾ ਹਾਂ, ਇਹ ਦੱਸਦਿਆਂ ਮੈਨੂੰ ਸ਼ਰਮ ਆਉਂਦੀ ਹੈ।'
ਸੰਨ 1978 'ਚ ਅਰਜਨਟੀਨਾ ਵਾਲੇ ਵਿਸ਼ਵ ਕੱਪ 'ਚ ਖੇਡਣ ਵਾਲੇ ਬਿਹਾਰ ਦੇ ਖਿਡਾਰੀ ਗੋਪਾਲ ਭੇਗੜਾ ਨੂੰ ਆਪਣੀ ਪਤਨੀ ਸਮੇਤ ਪੱਥਰ ਤੋੜਨ ਦੀ ਮਜ਼ਦੂਰੀ ਕਰਦਿਆਂ ਦੇਖ ਕੋਈ ਵੀ ਤਹਿ ਕਰ ਸਕਦਾ ਹੈ ਕਿ ਭਾਰਤ ਲਈ ਹਾਕੀ ਨਹੀਂ ਖੇਡਣੀ ਚਾਹੀਦੀ। ਸੈਨਾ ਤੋਂ ਸੇਵਾਮੁਕਤ ਹੋਣ ਤੋਂ ਬਾਅਦ ਛੋਟੀ-ਮੋਟੀ ਨੌਕਰੀ ਲਈ ਮੰਤਰੀਆਂ, ਨੌਕਰਸ਼ਾਹਾਂ, ਵਪਾਰੀਆਂ ਤੱਕ ਦੇ ਦਰਵਾਜ਼ੇ ਖੜਕਾਉਣ ਤੋਂ ਮਾਯੂਸ ਹੋਣ ਵਾਲੇ ਇਸ ਸ਼ਖ਼ਸ ਨੇ ਦਰਦ ਭਰੀ ਆਵਾਜ਼ 'ਚ ਆਖਿਆ, 'ਇਹ ਹੱਥ ਹਾਕੀ ਗੇਂਦ ਲੜਕਾਉਣ ਲਈ ਬਣੇ ਸਨ, ਨਾ ਕਿ 50 ਰੁਪਏ ਦੇ 100 ਪੱਥਰ ਤੋੜਨ ਲਈ।'
ਖੈਰ, ਇਹ ਤਾਂ ਕੁਝ ਗਿਣੇ-ਚੁਣੇ ਨਾਂਅ ਹਨ ਜੋ ਸਾਹਮਣੇ ਆ ਗਏ, ਖਬਰੇ ਹੋਰ ਕਿੰਨੇ ਖਿਡਾਰੀ ਗੁੰਮਨਾਮ ਹੋ ਕੇ ਮੰਦਹਾਲੀ ਦਾ ਜੀਵਨ ਬਿਤਾ ਰਹੇ ਹਨ।


-ਚੀਫ ਫੁੱਟਬਾਲ ਕੋਚ (ਸਾਈ), ਪਿੰਡ ਤੇ ਡਾਕ: ਪਲਾਹੀ, ਫਗਵਾੜਾ। ਮੋਬਾ: 94636-12204

ਮਹਾਰਾਣਾ ਪ੍ਰਤਾਪ ਪੁਰਸਕਾਰ ਜੇਤੂ ਹੈ ਅਪਾਹਜ ਖਿਡਾਰਨ ਕਿਰਨ ਟਾਕ ਰਾਜਸਥਾਨ

ਕਿਰਨ ਟਾਕ ਭਾਵੇਂ ਰਾਜਸਥਾਨ ਪ੍ਰਾਂਤ ਦੀ ਧੀ ਹੈ ਪਰ ਉਹ ਸਮੁੱਚੇ ਭਾਰਤ ਦੀ ਬੇਹਤਰੀਨ ਖਿਡਾਰਨ ਹੈ। ਭਾਵੇਂ ਕਿ ਉਹ ਖੱਬੀ ਲੱਤ ਤੋਂ ਅਪਾਹਜ ਹੈ ਪਰ ਅਪਾਹਜ ਹੁੰਦੇ ਹੋਏ ਵੀ ਉਸ ਦੇ ਬੁਲੰਦ ਹੌਸਲੇ ਦੀ ਦਾਦ ਦੇਣੀ ਬਣਦੀ ਹੈ ਕਿ ਜਿੱਥੇ ਉਹ ਖੇਡਾਂ ਦੇ ਖੇਤਰ ਵਿਚ ਹਮੇਸ਼ਾ ਹੀ ਨੈਸ਼ਨਲ ਚੈਂਪੀਅਨਸ਼ਿਪ ਹੀ ਰਹੀ ਹੈ ਅਤੇ ਇਹ ਵੀ ਖਿਡਾਰਨ ਕਿਰਨ ਟਾਕ ਨੂੰ ਵੱਡਾ ਮਾਣ ਜਾਂਦਾ ਹੈ ਕਿ ਉਸ ਨੇ ਤੈਰਾਕੀ ਕਰਦਿਆਂ ਹਮੇਸ਼ਾ ਸੋਨ ਤਗਮੇ ਹੀ ਜਿੱਤੇ ਹਨ। ਕਿਰਨ ਟਾਕ ਦਾ ਜਨਮ 10 ਨਵੰਬਰ, 1985 ਨੂੰ ਪਿਤਾ ਦਲਪਤ ਸਿੰਘ ਦੇ ਘਰ ਮਾਤਾ ਪਪੀਆ ਦੇਵੀ ਦੀ ਕੁੱਖੋਂ, ਜ਼ਿਲ੍ਹਾ ਜੋਧਪੁਰ ਦੇ ਪਿੰਡ ਮਾਗਰਾ ਪੂੰਜਲਾ ਵਿਚ ਹੋਇਆ। ਕਿਰਨ ਅਜੇ ਸਾਢੇ ਕੁ ਤਿੰਨ ਸਾਲ ਦੀ ਸੀ ਕਿ ਉਸ ਨੂੰ ਬੁਖਾਰ ਹੋ ਗਿਆ। ਮਾਂ-ਬਾਪ ਡਾਕਟਰ ਕੋਲ ਲੈ ਕੇ ਗਏ ਤਾਂ ਡਾਕਟਰ ਨੇ ਬੁਖਾਰ ਵਿਚ ਹੀ ਅਜਿਹਾ ਟੀਕਾ ਲਗਾਇਆ ਕਿ 3 ਸਾਲਾਂ ਦੀ ਬਾਲੜੀ ਕਿਰਨ ਡਾਕਟਰ ਦੀ ਲਾਪ੍ਰਵਾਹੀ ਨਾਲ ਹਮੇਸ਼ਾ ਲਈ ਅਪਾਹਜ ਹੋ ਗਈ ਅਤੇ ਉਸ ਦੀ ਖੱਬੀ ਲੱਤ ਪੋਲੀਓ ਨਾਲ ਗ੍ਰਸਤ ਹੋ ਗਈ। ਜਦ ਇਸ ਗੱਲ ਦਾ ਪਤਾ ਮਾਂ-ਬਾਪ ਨੂੰ ਲੱਗਾ ਤਾਂ ਇਕ ਵਾਰ ਸਾਰੇ ਪਰਿਵਾਰ ਵਿਚ ਸੋਗ ਦੀ ਲਹਿਰ ਦੌੜ ਗਈ। ਮਾਂ-ਬਾਪ ਸੋਚਣ ਲੱਗੇ ਕਿ ਇਕ ਹੈ ਬਾਲੜੀ ਅਤੇ ਦੂਜਾ ਪੋਲੀਓ ਦਾ ਸ਼ਿਕਾਰ। ਬਥੇਰਾ ਇਲਾਜ ਕਰਵਾਇਆ ਪਰ ਕਿਰਨ ਟਾਕ ਹੁਣ ਸਾਰੀ ਉਮਰ ਲਈ ਇਹ ਦੁੱਖ ਹੰਢਾਉਣ ਲਈ ਮਜਬੂਰ ਸੀ। ਪਰ ਕੀ ਪਤਾ ਸੀ ਮਾਂ-ਬਾਪ ਨੂੰ ਕਿ ਆਖਰ ਇਕ ਦਿਨ ਉਨ੍ਹਾਂ ਦੀ ਲਾਡਲੀ ਖੇਡਾਂ ਦੇ ਖੇਤਰ ਵਿਚ ਦੇਸ਼ ਦਾ ਨਾਂਅ ਚਮਕਾਏਗੀ।
ਕਿਰਨ ਟਾਕ ਖੇਡਾਂ ਦੇ ਖੇਤਰ ਵਿਚ ਇਕ ਸਫਲ ਤੈਰਾਕ ਹੈ ਅਤੇ ਉਸ ਦੀਆਂ ਪ੍ਰਾਪਤੀਆਂ ਦੀ ਲਿਸਟ ਐਨੀ ਕੁ ਲੰਬੀ ਹੈ ਕਿ ਸ਼ਾਇਦ ਇਸ ਕਾਲਮ ਵਿਚ ਸਮਾ ਸਕਣੀ ਅਸੰਭਵ ਹੈ। ਕਿਰਨ ਟਾਕ ਨੇ ਇਕ ਤੈਰਾਕ ਵਜੋਂ ਆਪਣਾ ਕੈਰੀਅਰ ਸੰਨ 2003 ਵਿਚ ਸ਼ੁਰੂ ਕੀਤਾ, ਜਦੋਂ ਉਸ ਨੇ ਚੌਥੀ ਨੈਸ਼ਨਲ ਸਵਿਮਿੰਗ ਦਿੱਲੀ ਵਿਖੇ ਭਾਗ ਲਿਆ ਅਤੇ ਉਸ ਵਿਚੋਂ ਉਸ ਨੇ ਚਾਰ ਸੋਨ ਤਗਮੇ ਜਿੱਤ ਕੇ ਸਾਰੀ ਦੀ ਸਾਰੀ ਚੈਂਪੀਅਨਸ਼ਿਪ ਆਪਣੇ ਨਾਂਅ ਹੀ ਨਹੀਂ ਕੀਤੀ, ਸਗੋਂ ਉਹ ਬੈਸਟ ਸਵਿੰਮਰ ਦੇ ਪੁਰਸਕਾਰ ਨਾਲ ਸਨਮਾਨੀ ਗਈ ਅਤੇ ਫਿਰ ਕਿਰਨ ਟਾਕ ਨੇ ਪਿੱਛੇ ਮੁੜ ਕੇ ਨਹੀਂ ਵੇਖਿਆ ਅਤੇ ਉਹ ਅੱਗੇ ਹੀ ਵਧਦੀ ਗਈ। ਸਾਲ 2004 ਵਿਚ ਮੁੰਬਈ ਵਿਖੇ ਹੋਈ ਸਵਿਮਿੰਗ ਚੈਂਪੀਅਨਸ਼ਿਪ ਵਿਚ ਭਾਗ ਲਿਆ ਅਤੇ ਤੈਰਾਕੀ 'ਚੋਂ 4 ਸੋਨ ਤਗਮੇ ਜਿੱਤ ਕੇ ਆਪਣੀ ਜਿੱਤ ਦੇ ਦਾਅਵੇ ਨੂੰ ਬਰਕਰਾਰ ਰੱਖਿਆ। ਸਾਲ 2006 ਵਿਚ 8ਵੀਂ ਸੀਨੀਅਰ ਸਵਿਮਿੰਗ ਚੈਂਪੀਅਨਸ਼ਿਪ ਜੋ ਬੈਂਗਲੌਰ ਅਤੇ ਕਰਨਾਟਕਾ ਵਿਚ ਹੋਈ, ਵਿਚੋਂ ਵੀ 3 ਸੋਨ ਤਗਮਾ ਵਿਜੇਤਾ ਬਣੀ। ਸਾਲ 2008 ਵਿਚ ਹਰਿਆਣਾ ਪ੍ਰਾਂਤ ਦੇ ਸ਼ਹਿਰ ਕਰਨਾਲ ਵਿਚ ਹੋਈ 9ਵੀਂ ਨੈਸ਼ਨਲ ਸਵਿਮਿੰਗ ਚੈਂਪੀਅਨਸ਼ਿਪ ਵਿਚ ਭਾਗ ਲਿਆ, ਜਿਥੇ 5 ਸੋਨ ਤਗਮੇ ਜਿੱਤ ਕੇ ਪੂਰੀ ਚੈਂਪੀਅਨਸ਼ਿਪ ਹੀ ਆਪਣੇ ਨਾਂਅ ਕੀਤੀ ਅਤੇ ਉਥੇ ਕਿਰਨ ਨੂੰ ਬੈਸਟ ਸਵਿੰਮਰ ਪੁਰਸਕਾਰ ਨਾਲ ਸਨਮਾਨਿਆ ਗਿਆ। ਸਾਲ 2012 ਤਾਮਿਲਨਾਡੂ ਚੇਨਈ ਵਿਖੇ ਹੋਈ 12ਵੀਂ ਨੈਸ਼ਨਲ ਚੈਂਪੀਅਨਸ਼ਿਪ ਵਿਚ 5 ਸੋਨ ਤਗਮੇ ਜਿੱਤ ਕੇ ਬੈਸਟ ਚੈਂਪੀਅਨਸ਼ਿਪ ਦੇ ਖਿਤਾਬ ਨਾਲ ਨਿਵਾਜੀ ਗਈ। ਨਵੰਬਰ, 2013 ਵਿਚ 13ਵੀਂ ਸਵਿਮਿੰਗ ਨੈਸ਼ਨਲ ਚੈਂਪੀਅਨਸ਼ਿਪ ਜੋ ਬੈਂਗਲੌਰ ਕਰਨਾਟਕਾ ਵਿਚ ਹੋਈ, ਵਿਚੋਂ ਵੀ ਕਿਰਨ ਟਾਕ ਨੇ 5 ਸੋਨ ਤਗਮਿਆਂ 'ਤੇ ਕਬਜ਼ਾ ਕਰਨ ਵਿਚ ਸਫਲਤਾ ਹਾਸਲ ਕੀਤੀ।
ਨਵੰਬਰ, 2014 ਵਿਚ 14ਵੇਂ ਨੈਸ਼ਨਲ ਸਵਿਮਿੰਗ ਮੁਕਾਬਲੇ ਵਿਚ ਮੱਧ ਪ੍ਰਦੇਸ਼ ਦੇ ਸ਼ਹਿਰ ਇੰਦੌਰ ਵਿਚ ਭਾਗ ਲਿਆ ਅਤੇ 4 ਸੋਨ ਤਗਮੇ ਜਿੱਤ ਕੇ ਇਸ ਸੋਨ ਪਰੀ ਨੇ ਬੈਸਟ ਸਵਿੰਮਰ ਦਾ ਖਿਤਾਬ ਫਿਰ ਜਿੱਤ ਲਿਆ। ਨਵੰਬਰ, 2015 ਵਿਚ 15ਵੀਂ ਨੈਸ਼ਨਲ ਚੈਂਪੀਅਨਸ਼ਿਪ ਬੈਲਗਾਮ ਕਰਨਾਟਕ ਵਿਚ ਹੋਈ, ਜਿੱਥੇ ਕਿਰਨ ਟਾਕ ਨੇ 3 ਸੋਨ ਤਗਮੇ ਫਿਰ ਆਪਣੇ ਨਾਂਅ ਕਰਕੇ ਆਪਣੀ ਸੋਨੇ ਦੀ ਲੜੀ ਨੂੰ ਟੁੱਟਣ ਨਹੀਂ ਦਿੱਤਾ। ਅਪ੍ਰੈਲ, 2017 ਵਿਚ ਰਾਜਸਥਾਨ ਦੇ ਜੈਪੁਰ ਵਿਚ ਹੋਈ 16ਵੀਂ ਨੈਸ਼ਨਲ ਪੈਰਾ ਸਵਿਮਿੰਗ ਚੈਂਪੀਅਨਸ਼ਿਪ ਵਿਚ ਤੈਰਾਕ ਵਜੋਂ ਖੇਡਦਿਆਂ ਆਪਣੀ ਹੀ ਜਨਮ ਭੂਮੀ 'ਤੇ 6 ਸੋਨ ਤਗਮੇ ਜਿੱਤ ਕੇ ਰਾਜਸਥਾਨ ਦੀ ਇਸ ਬੇਟੀ ਨੇ ਆਪਣੇ ਪ੍ਰਾਂਤ ਦਾ ਨਾਂਅ ਪੂਰੇ ਭਾਰਤ ਵਿਚ ਹੋਰ ਉੱਚਾ ਕਰ ਦਿੱਤਾ। ਜੇਕਰ ਕਿਰਨ ਟਾਕ ਦੇ ਅੰਤਰਰਾਸ਼ਟਰੀ ਮੁਕਾਬਲਿਆਂ ਦੀ ਗੱਲ ਕੀਤੀ ਜਾਵੇ ਤਾਂ ਸਾਲ 2005 ਵਿਚ ਇੰਗਲੈਂਡ ਵਿਚ ਹੋਈ ਓਪਨ ਚੈਂਪੀਅਨਸ਼ਿਪ ਵਿਚ ਵੀ ਭਾਰਤ ਦੀ ਝੋਲੀ ਸੋਨ ਤਗਮਾ ਪਾ ਕੇ ਤਿਰੰਗਾ ਲਹਿਰਾਇਆ। ਸਾਲ 2006 ਵਿਚ 9ਵੀਆਂ ਪੈਸਾਫਿਕ ਖੇਡਾਂ ਜੋ ਮਲੇਸ਼ੀਆ ਵਿਚ ਹੋਈਆਂ, ਵਿਚ ਵੀ ਭਾਗ ਲੈ ਕੇ ਪੂਰੇ ਵਿਸ਼ਵ ਵਿਚ ਆਪਣੀ ਚੌਥੀ ਪੁਜ਼ੀਸ਼ਨ 'ਤੇ ਦਬਦਬਾ ਕਾਇਮ ਰੱਖਿਆ। ਸਾਲ 2007 ਵਿਚ ਚੀਨ ਦੇ ਤਾਈਵਾਨ ਵਿਚ ਵਰਲਡ ਗੇਮਜ਼ ਵਿਚ ਖੇਡਦਿਆਂ ਚੌਥੇ ਰੈਂਕ ਨੂੰ ਸਲਾਮਤ ਰੱਖਿਆ। ਸਾਲ 2009 ਵਿਚ ਬੈਂਗਲੌਰ ਵਿਖੇ ਹੋਈਆਂ ਵਿਸ਼ਵ ਖੇਡਾਂ ਵਿਚ 3 ਕਾਂਸੀ ਦੇ ਤਗਮੇ ਭਾਰਤ ਦੇ ਨਾਂਅ ਕੀਤੇ।
ਸਾਲ 2010 ਵਿਚ ਜਰਮਨੀ ਵਿਚ ਹੋਈ ਓਪਨ ਚੈਂਪੀਅਨਸ਼ਿਪ ਵਿਚ ਵੀ ਕਿਰਨ ਨੇ ਆਪਣਾ ਬਿਹਤਰੀਨ ਪ੍ਰਦਰਸ਼ਨ ਕੀਤਾ। ਸਾਲ 2010 ਵਿਚ ਦਿੱਲੀ ਵਿਚ ਹੋਈਆਂ ਰਾਸ਼ਟਰ ਮੰਡਲ ਖੇਡਾਂ ਵਿਚ ਖੇਡਦਿਆਂ ਚੰਗਾ ਪ੍ਰਦਰਸ਼ਨ ਕੀਤਾ। ਸਾਲ 2015 ਵਿਚ ਰੂਸ ਵਿਚ ਹੋਈਆਂ ਵਿਸ਼ਵ ਖੇਡਾਂ ਵਿਚ ਦੋ ਕਾਂਸੀ ਦੇ ਤਗਮੇ ਆਪਣੇ ਨਾਂਅ ਕੀਤੇ। ਸਾਲ 2017 ਵਿਚ ਜਰਮਨੀ ਵਿਚ ਹੋਈ ਓਪਨ ਸਵਿਮਿੰਗ ਚੈਂਪੀਅਨਸ਼ਿਪ ਵਿਚ ਪੂਰੇ ਵਿਸ਼ਵ 'ਚੋਂ ਚੌਥਾ ਸਥਾਨ ਹਾਸਲ ਕੀਤਾ। ਕਿਰਨ ਟਾਕ ਦੇਸ਼ ਭਰ ਦੇ ਓਪਨ ਸਵਿਮਿੰਗ ਮੁਕਾਬਲੇ ਵੀ ਜਿੱਤ ਚੁੱਕੀ ਹੈ ਅਤੇ ਬਹੁਤ ਸਾਰੇ ਜਨਰਲ ਮੁਕਾਬਲੇ ਵੀ ਉਹ ਆਪਣੇ ਨਾਂਅ ਕਰ ਚੁੱਕੀ ਹੈ। ਇਸ ਮਾਣਮੱਤੀ ਰਾਜਸਥਾਨ ਦੀ ਬੇਟੀ ਦੀਆਂ ਪ੍ਰਾਪਤੀਆਂ 'ਤੇ ਖੁਸ਼ ਹੋ ਕੇ ਰਾਜਸਥਾਨ ਸਰਕਾਰ ਉਸ ਨੂੰ 2017 ਵਿਚ ਪ੍ਰਾਂਤ ਦੇ ਵੱਕਾਰੀ ਪੁਰਸਕਾਰ ਮਹਾਰਾਣਾ ਪ੍ਰਤਾਪ ਸਿੰਘ ਦੇ ਪੁਰਸਕਾਰ ਨਾਲ ਸਨਮਾਨ ਚੁੱਕੀ ਹੈ ਅਤੇ ਨਾਲ ਹੀ ਰਾਜਸਥਾਨ ਸਰਕਾਰ ਉਸ ਨੂੰ ਸਟੇਟ ਐਵਾਰਡ ਦੇ ਨਾਲ-ਨਾਲ ਹੋਰ ਵੀ ਵੱਡੇ ਸਨਮਾਨਾਂ ਨਾਲ ਸਨਮਾਨਿਤ ਕਰ ਰਹੀ ਹੈ। ਅੱਜਕਲ੍ਹ ਕਿਰਨ ਟਾਕ ਗੁਜਰਾਤ ਸਪੋਰਟਸ ਅਥਾਰਟੀ ਵਲੋਂ ਇਕ ਸਵਿਮਿੰਗ ਦੇ ਕੋਚ ਵਜੋਂ ਆਪਣੀਆਂ ਸੇਵਾਵਾਂ ਨਿਭਾ ਰਹੀ ਹੈ। ਉਥੇ ਉਹ ਆਉਣ ਵਾਲੀਆਂ ਪੈਰਾ ਉਲੰਪਿਕ ਅਤੇ ਏਸ਼ੀਅਨ ਖੇਡਾਂ ਵਿਚ ਭਾਗ ਲੈਣ ਲਈ ਤਿਆਰੀ ਵਿਚ ਜੁਟੀ ਹੋਈ ਹੈ। ਅੰਤ ਵਿਚ ਦੇਸ਼ ਦੀ ਇਸ ਸੋਨ ਪਰੀ ਬਾਰੇ ਇਹੀ ਆਖਿਆ ਜਾ ਸਕਦਾ ਹੈ ਕਿ, 'ਮੇਰਾ ਵਜੂਦ ਨਹੀਂ ਕਿਸੀ ਤਲਵਾਰ ਔਰ ਤਖਤੋਤਾਜ ਕਾ ਮੋਹਤਾਜ, ਮੈਂ ਮੋਹਤਾਜ ਹੂੰ ਆਪਣੇ ਹੁਨਰ ਔਰ ਹੰਸੀ ਕੀ।' ਕਿਰਨ ਟਾਕ ਦੇ ਇਸ ਜਜ਼ਬੇ ਨੂੰ ਮੇਰਾ ਦਿਲੀ ਸਲਾਮ।


-ਮੋਗਾ। ਮੋਬਾ: 98551-14484

ਹਾਕੀ ਟੂਰਨਾਮੈਂਟਾਂ 'ਚ ਦਰਸ਼ਕ ਵੱਡੀ ਗਿਣਤੀ 'ਚ ਹਾਜ਼ਰੀ ਯਕੀਨੀ ਬਣਾਉਣ

ਰਾਸ਼ਟਰੀ ਪੱਧਰ 'ਤੇ ਜੇ ਦੇਸ਼ ਵਿਚ ਆਯੋਜਿਤ ਕੀਤੇ ਜਾਣ ਵਾਲੇ ਹਾਕੀ ਦੇ ਟੂਰਨਾਮੈਂਟਾਂ ਦੀ ਗੱਲ ਕਰੀਏ ਤਾਂ ਗਿਣਤੀ ਦੇ ਲਿਹਾਜ਼ ਨਾਲ ਬਹੁਤੀ ਕਮੀ ਨਜ਼ਰ ਨਹੀਂ ਆਉਂਦੀ। ਸੱਚ ਤਾਂ ਇਹ ਹੈ ਕਿ ਇਸ ਪੱਖ ਤੋਂ ਸਭ ਕੁਝ ਠੀਕ-ਠਾਕ ਚੱਲ ਰਿਹਾ ਹੈ, ਭਾਵੇਂ ਟੂਰਨਾਮੈਂਟ ਪ੍ਰਬੰਧਕ ਹਮੇਸ਼ਾ ਇਸ ਪੱਖੋਂ ਅਸਫਲ ਰਹਿੰਦੇ ਹਨ ਕਿ ਮੈਦਾਨ ਵੱਲ ਲੋੜ ਅਨੁਸਾਰ ਵੱਧ ਤੋਂ ਵੱਧ ਦਰਸ਼ਕ ਆਕਰਸ਼ਤ ਕਰ ਸਕਣ। ਇਹੋ ਹੀ ਹਾਲ ਰਾਜ ਪੱਧਰ ਦੇ ਜਾਂ ਹੋਰ ਛੋਟੇ-ਮੋਟੇ ਟੂਰਨਾਮੈਂਟਾਂ ਦਾ ਹੈ। ਕਾਗਜ਼ਾਂ 'ਚ ਟੂਰਨਾਮੈਂਟ ਕਰਵਾਏ, ਮੀਡੀਏ 'ਚ ਆਪਣੇ ਨਾਵਾਂ ਦੀ ਚਰਚਾ ਚਲਾਈ ਤੇ ਆਪਣੀ ਆਪੇ ਬੱਲੇ-ਬੱਲੇ ਕਰ ਲਈ। ਇਹੋ ਜਿਹੇ ਟੂਰਨਾਮੈਂਟਾਂ ਦੇ ਆਯੋਜਨ ਨਾਲ ਹਾਕੀ ਦਾ ਰੁਮਾਂਚ ਕਿੰਨਾ ਕੁ ਵਧਦਾ, ਖਿਡਾਰੀਆਂ-ਖਿਡਾਰਨਾਂ ਨੂੰ ਕਿੰਨਾ ਕੁ ਉਤਸ਼ਾਹ, ਕਿੰਨੀ ਕੁ ਹੱਲਾਸ਼ੇਰੀ ਮਿਲਦੀ ਹੈ, ਹਾਕੀ ਕਿੰਨੀ ਕੁ ਜ਼ਿਆਦਾ ਲੋਕਪ੍ਰਿਆ ਹੁੰਦੀ ਹੈ, ਭਲਾ ਇਹ ਪ੍ਰਵਾਹ ਕਿਸ ਨੂੰ? ਖਿਡਾਰੀਆਂ-ਖਿਡਾਰਨਾਂ ਨੂੰ ਭਾਵੇਂ ਕੋਈ ਜਾਣੇ ਜਾਂ ਨਾ ਜਾਣੇ, ਪਰ ਟੂਰਨਾਮੈਂਟ ਪ੍ਰਬੰਧਕਾਂ ਦੇ ਨਾਂਅ ਸਵੇਰੇ ਤੜਕਸਾਰ ਸਾਰੀਆਂ ਅਖ਼ਬਾਰਾਂ 'ਚ ਪੜ੍ਹਨ ਨੂੰ ਮਿਲਣੇ ਚਾਹੀਦੇ ਹਨ। ਇਹਦੇ ਨਾਲ ਹੀ ਉਨ੍ਹਾਂ ਦੇ ਕਾਲਜੇ ਨੂੰ ਜ਼ਰਾ ਠੰਢ ਪੈ ਜਾਂਦੀ ਹੈ। ਭਲਿਓ ਮਾਣਸੋ, ਜੇ ਹਾਕੀ ਦੇ ਏਨੇ ਹੀ ਜ਼ਿਆਦਾ ਹਿਤੈਸ਼ੀ ਹੋ ਤਾਂ ਇਹ ਯਕੀਨੀ ਵੀ ਬਣਾਓ ਕਿ ਖੇਡ ਮੈਦਾਨ 'ਚ ਖੇਡੀ ਜਾ ਰਹੀ ਹਾਕੀ ਦਾ ਨਿਰਾਦਰ ਨਾ ਹੋਵੇ। ਇਹ ਰੁਲੇ ਨਾ, ਕੁਝ ਅੱਖਾਂ ਇਸ ਨੂੰ ਦੇਖਣ ਲਈ ਵੀ ਆਉਣ, ਕੁਝ ਸੀਨੇ ਵਾਕਿਆ ਹੀ ਇਸ ਲਈ ਵੀ ਧੜਕਣ। ਜਨਾਬ! ਹਾਕੀ ਦੇ ਜਾਦੂਗਰਾਂ ਦਾ ਦੇਸ਼ ਹੈ ਆਪਣਾ। ਇਹਦੇ ਤਾਂ ਜ਼ਰੇ-ਜ਼ਰੇ ਵਿਚੋਂ ਹਾਕੀ ਦੀ ਮੁਹੱਬਤ ਫੁੱਟਣੀ ਚਾਹੀਦੀ ਹੈ।
ਪਰ ਮੈਂ ਦੇਖਿਐ ਕਿ ਮੇਰਾ ਦਿਲ ਦੁਖੀ ਵੀ ਹੁੰਦੈ ਇਹੋ ਜਿਹੇ ਟੂਰਨਾਮੈਂਟਾਂ ਵਿਚ ਜਾ ਕੇ। ਹਾਕੀ ਦਾ ਮੈਚ ਚੱਲ ਰਿਹਾ ਹੁੰਦੈ। ਮੈਦਾਨ ਦੇ ਬਾਹਰ ਤੋਂ ਲੈ ਕੇ ਅੰਦਰ ਤੱਕ, ਆਸ-ਪਾਸ, ਸੱਜੇ-ਖੱਬੇ, ਇਧਰ-ਉਧਰ ਬਸ ਕੁਝ ਕੁ ਹੀ ਲੋਕ ਹੁੰਦੇ ਨੇ। ਸ਼ਾਇਦ ਇਹ ਪ੍ਰਬੰਧਕ ਹੁੰਦੇ ਹਨ ਜਾਂ ਆਪਣੇ ਕੰਮਾਂ ਲਈ ਉਨ੍ਹਾਂ ਨੂੰ ਮਿਲਣ ਆਏ ਲੋਕ ਤੇ ਉਹ ਵੀ ਆਪਣੀਆਂ ਹੀ ਗੱਲਾਂ ਵਿਚ ਮਸਤ ਹੁੰਦੇ ਨੇ। ਸਕੋਰ ਕੀ ਚੱਲ ਰਿਹੈ, ਕੋਈ ਪਤਾ ਨਹੀਂ, ਕਿਹੜੀ ਟੀਮ, ਕਿਸ ਨਾਲ ਖੇਡ ਰਹੀ ਹੈ, ਕੋਈ ਇਲਮ ਨਹੀਂ। ਹਾਂ, ਕੁਝ ਨੀਲੇ, ਲਾਲ, ਖੱਟੇ ਰੰਗ ਦੀਆਂ ਵਰਦੀਆਂ ਪਾਈ ਹਾਕੀ ਖਿਡਾਰੀ ਉਨ੍ਹਾਂ ਦੇ ਸਾਹਮਣੇ ਸੱਜੇ-ਖੱਬੇ ਜਾ ਰਹੇ ਹੁੰਦੇ ਨੇ, ਹਾਕੀ ਸਟਿੱਕ ਦਿਸ ਰਹੀ ਹੈ ਜਾਂ ਗੇਂਦ ਦਿਸ ਰਹੀ ਹੈ। ਕੋਈ ਅੱਖ ਖੇਡ ਦਾ ਅਨੰਦ ਲੈ ਰਹੀ ਹੋਵੇ, ਇਹਦੀ ਸੰਭਾਵਨਾ ਘੱਟ ਹੀ ਹੁੰਦੀ ਹੈ।
ਇਹਦੇ ਵਿਚ ਕੋਈ ਸ਼ੱਕ ਨਹੀਂ ਕਿ ਇਹੋ ਜਿਹੇ ਟੂਰਨਾਮੈਂਟ ਕਰਵਾਉਣ ਵਾਲੇ ਅਕਸਰ ਸਾਡੇ ਪੁਰਾਣੇ ਹਾਕੀ ਖਿਡਾਰੀ ਜਾਂ ਹਾਕੀ ਨਾਲ ਸਿੱਧੇ ਜਾਂ ਅਸਿੱਧੇ ਤੌਰ 'ਤੇ ਜੁੜੇ ਹੋਏ ਲੋਕ ਹੁੰਦੇ ਹਨ। ਇਹ ਸਵਾਲ ਵੱਖਰਾ ਹੈ ਕਿ ਉਹ ਇਹੋ ਜਿਹੇ ਟੂਰਨਾਮੈਂਟਾਂ ਦਾ ਆਯੋਜਨ ਆਪਣੇ ਕਿਸੇ ਫਾਇਦੇ ਲਈ ਕਰ ਰਹੇ ਹਨ ਜਾਂ ਫੋਕੀ ਆਪਣੀ ਸ਼ੁਹਰਤ ਲਈ। ਪਰ ਜੇ ਉਨ੍ਹਾਂ ਦੇ ਧੁਰ ਅੰਦਰੋਂ ਇਹ ਆਵਾਜ਼ ਆਉਂਦੀ ਕਿ ਉਹ ਹਾਕੀ ਪ੍ਰਤੀ ਲਗਨ ਰੱਖਦੇ ਹੋਏ, ਪਿਆਰ ਰੱਖਦੇ ਹੋਏ ਇਹ ਟੂਰਨਾਮੈਂਟ ਕਰਵਾਉਂਦੇ ਨੇ ਤਾਂ ਫਿਰ ਉਹ ਇਹ ਯਾਦ ਰੱਖਣ ਕਿ ਉਨ੍ਹਾਂ ਦੀਆਂ ਇਹੋ ਜਿਹੀਆਂ ਕੋਸ਼ਿਸ਼ਾਂ 'ਚ ਕਿਤੇ ਕੋਈ ਕਮੀ ਜ਼ਰੂਰ ਹੈ, ਕੋਈ ਤਰੁੱਟੀ ਜ਼ਰੂਰ ਹੈ।
ਆਖਰ ਹਾਕੀ ਦੇ ਇਹੋ ਜਿਹੇ ਟੂਰਨਾਮੈਂਟ ਅਸੀਂ ਕਿਉਂ ਕਰਵਾਉਂਦੇ ਹਾਂ? ਇਹ ਸਵਾਲ ਸਾਨੂੰ ਆਪਣੇ-ਆਪ ਤੋਂ ਪੁੱਛਣ ਦੀ ਲੋੜ ਹੈ। ਕਿਸੇ ਦੇ ਕੋਲ ਇਸ ਦਾ ਜਵਾਬ ਹੋਵੇਗਾ ਕਿ ਹਾਕੀ ਨੂੰ ਲੋਕਪ੍ਰਿਆ ਕਰਨ ਲਈ। ਕੋਈ ਕਹੇਗਾ ਇਸ ਲਈ ਕਿ ਹਾਕੀ ਸੱਭਿਆਚਾਰ ਜਿਉਂਦਾ ਰਹਿ ਸਕੇ। ਕਿਸੇ ਦੇ ਕੋਲ ਇਹ ਉੱਤਰ ਹੋਵੇਗਾ ਕਿ ਹਾਕੀ ਪ੍ਰਤਿਭਾ ਖਤਮ ਨਾ ਹੋ ਜਾਵੇ। ਕੋਈ ਕੁਝ ਕਹੇਗਾ, ਕੋਈ ਕੁਝ ਹੋਰ ਪਰ ਜਿਹੜੀ ਗੱਲ ਵਿਚਾਰਨ ਵਾਲੀ ਹੈ ਤੇ ਚਿੰਤਾ ਦਾ ਵਿਸ਼ਾ ਹੈ, ਉਹ ਇਹ ਹੈ ਕਿ ਸਾਡੇ ਅੰਦਰੋਂ ਇਹੋ ਜਿਹੇ ਸਾਕਾਰਾਤਮਕ ਜਵਾਬ ਤਾਂ ਉੱਠਦੇ ਰਹੇ ਹਨ ਪਰ ਦੂਜੇ ਪਾਸੇ ਸਾਡੇ ਖੇਡ ਸੱਭਿਆਚਾਰ 'ਚੋਂ ਹਾਕੀ ਅਲੋਪ ਹੀ ਹੁੰਦੀ ਗਈ। ਕਿਉਂ? ਜੇ ਜ਼ਰੂਰਤ ਹੈ ਤਾਂ ਇਸ ਪੱਖ ਵੱਲ ਧਿਆਨ ਦੇਣ ਦੀ। ਜੇ ਲੋੜ ਹੈ ਤਾਂ ਇਸ ਪੱਖੋਂ ਕੋਈ ਜ਼ੋਰਦਾਰ ਹੰਭਲਾ ਮਾਰਨ ਦੀ। ਸੱਚ ਕਹਾਂ, ਜੇ ਸਾਡੇ ਹੰਭਲਿਆਂ 'ਚ ਦਮ ਹੁੰਦਾ ਤਾਂ ਹਾਕੀ ਦਾ ਹਾਲ ਇਹ ਨਾ ਹੁੰਦਾ ਕਦੇ।
ਪਰ ਇਸ ਸਭ ਕਾਸੇ ਲਈ ਜ਼ਰੂਰਤ ਹੈ ਹਾਕੀ ਪ੍ਰਤੀ ਸਾਡੀ ਦਿਲੀ ਸ਼ਰਧਾ, ਵਫਾਦਾਰੀ ਤੇ ਲਗਨ ਦੀ, ਆਪਣੇ ਦੇਸ਼ ਦੀ ਇਸ ਰਾਸ਼ਟਰੀ ਖੇਡ ਨੂੰ ਹਰ ਹੀਲੇ ਬਚਾਉਣ ਦੀ। ਹਿੰਦੁਸਤਾਨ ਦੇ ਖੇਡ ਜਗਤ ਨੂੰ ਜਿਸ ਤਰ੍ਹਾਂ ਹਾਕੀ ਨੇ ਰੁਸ਼ਨਾਇਆ, ਪੂਰੇ ਰਾਸ਼ਟਰ ਦਾ ਧਰਮ ਸਿਰਫ ਹਾਕੀ ਹੋਣਾ ਚਾਹੀਦੈ। ਹਰ ਕੋਈ ਹਾਕੀ ਦੇ ਨਾਂਅ 'ਤੇ ਸਾਹ ਲਵੇ। ਫਿਰ ਇਸ ਦੇ ਦਮਾਂ ਨੂੰ ਕੋਈ ਖ਼ਤਰਾ ਨਹੀਂ ਹੋਵੇਗਾ। (ਚਲਦਾ)


-ਡੀ. ਏ. ਵੀ. ਕਾਲਜ, ਅੰਮ੍ਰਿਤਸਰ।
ਮੋਬਾ: 98155-35410

ਕਬੱਡੀ ਦੀਆਂ ਦੋਵਾਂ ਵੰਨਗੀਆਂ ਦੀ ਮਾਹਿਰ-ਮਨਪ੍ਰੀਤ ਕੌਰ ਛੀਨਾ

ਪੰਜਾਬੀਆਂ ਦੇ ਖੂਨ 'ਚ ਰਚੀ ਖੇਡ ਦਾਇਰੇ ਵਾਲੀ ਕਬੱਡੀ ਅਤੇ ਉਲੰਪਿਕ ਲਹਿਰ ਦਾ ਹਿੱਸਾ ਬਣ ਚੁੱਕੀ ਨੈਸ਼ਨਲ ਸਟਾਈਲ ਕਬੱਡੀ 'ਚ ਦੇਸ਼ ਦਾ ਨਾਂਅ ਕਰਨ ਦਾ ਮਾਣ ਕੁਝ ਕੁ ਖਿਡਾਰਨਾਂ ਨੂੰ ਹੀ ਪ੍ਰਾਪਤ ਹੈ। ਅਜਿਹੀਆਂ ਹਰਫਨਮੌਲਾ ਖਿਡਾਰਨਾਂ 'ਚ ਸ਼ਾਮਿਲ ਹੈ ਮਨਪ੍ਰੀਤ ਕੌਰ ਬੁਲਾਡਾ। ਮਾਨਸਾ ਜ਼ਿਲ੍ਹੇ ਦੇ ਨਿੱਕੇ ਜਿਹੇ ਪਿੰਡ ਕਾਸਿਮਪੁਰ ਛੀਨਾ ਵਿਖੇ ਸ: ਹਰਦੀਪ ਸਿੰਘ ਤੇ ਸ੍ਰੀਮਤੀ ਪਰਮਿੰਦਰ ਕੌਰ ਦੇ ਘਰ ਜਨਮੀ ਮਨਪ੍ਰੀਤ ਕੌਰ ਨੇ ਆਪਣੇ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਪੜ੍ਹਦਿਆਂ ਮਾ: ਜਸਵਿੰਦਰ ਸਿੰਘ ਲਾਲੀ ਦੀ ਪ੍ਰੇਰਨਾ ਨਾਲ ਕਬੱਡੀ ਖੇਡਣੀ ਆਰੰਭ ਕੀਤੀ, ਜਿਸ ਦੌਰਾਨ ਉਸ ਨੇ ਪੰਜਾਬ ਪ੍ਰਾਇਮਰੀ ਸਕੂਲ ਖੇਡਾਂ 'ਚੋਂ ਸੋਨ ਤਗਮਾ ਜਿੱਤਣ ਦਾ ਮਾਣ ਪ੍ਰਾਪਤ ਕੀਤਾ। ਦਸਵੀਂ ਜਮਾਤ ਤੱਕ ਪੜ੍ਹਦਿਆਂ ਮਨਪ੍ਰੀਤ ਨੇ ਨੈਸ਼ਨਲ ਅਤੇ ਸਰਕਲ ਸਟਾਈਲ ਕਬੱਡੀ ਦੇ ਪੇਂਡੂ ਅਤੇ ਜ਼ਿਲ੍ਹਾ ਪੱਧਰ ਤੱਕ ਦੇ ਟੂਰਨਾਮੈਂਟ 'ਚ ਖੇਡਣ ਦਾ ਮਾਣ ਪ੍ਰਾਪਤ ਕੀਤਾ। ਫਿਰ 11ਵੀਂ ਜਮਾਤ 'ਚ ਉਸ ਨੇ ਸੁਲਤਾਨਪੁਰ ਲੋਧੀ ਵਿਖੇ ਨੈਸ਼ਨਲ ਸਟਾਈਲ ਕਬੱਡੀ ਦੇ ਵਿੰਗ 'ਚ ਦਾਖਲਾ ਲਿਆ, ਜਿੱਥੇ ਉਸ ਦੀ ਖੇਡ ਕਲਾ ਨੂੰ ਕੋਚ ਸੁਖਦੇਵ ਸਿੰਘ ਤੇ ਰਣਜੀਤ ਸਿੰਘ ਨੇ ਨਿਖਾਰਿਆ। ਇੱਥੇ ਪੜ੍ਹਦਿਆਂ ਉਸ ਨੇ ਕੌਮੀ ਸਕੂਲ ਖੇਡਾਂ 'ਚ ਪੰਜਾਬ ਦੀ ਨੁਮਾਇੰਦਗੀ ਕਰਦਿਆਂ ਚਾਂਦੀ ਦਾ ਤਗਮਾ ਜਿੱਤਿਆ। 12ਵੀਂ ਜਮਾਤ 'ਚ ਮਨਪ੍ਰੀਤ ਨੇ ਤਖਤਗੜ੍ਹ (ਰੋਪੜ) ਵਿਖੇ ਦਾਖਲਾ ਲਿਆ, ਜਿਸ ਦੌਰਾਨ ਉਹ ਪੰਜਾਬ ਦੀ ਪ੍ਰਤੀਨਿਧਤਾ ਕਰਦਿਆਂ ਵਾਰਾਨਸੀ ਵਿਖੇ ਹੋਈਆਂ ਕੌਮੀ ਸਕੂਲ ਖੇਡਾਂ 'ਚ ਸੋਨ ਤਗਮਾ ਜਿੱਤਣ ਵਾਲੀ ਪੰਜਾਬ ਦੀ ਟੀਮ ਦੀ ਸਿਰਕੱਢ ਖਿਡਾਰਨ ਸਾਬਤ ਹੋਈ।
ਫਿਰ ਮਨਪ੍ਰੀਤ ਕੌਰ ਨੇ ਗ੍ਰੈਜੂਏਸ਼ਨ ਕਰਦਿਆਂ ਪਹਿਲੇ ਵਰ੍ਹੇ (2011-12) ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਲੋਂ ਕੁੱਲ ਹਿੰਦ ਅੰਤਰ'ਵਰਸਿਟੀ ਮੁਕਾਬਲਿਆਂ 'ਚ ਖੇਡਣ ਦਾ ਮਾਣ ਹਾਸਲ ਕੀਤਾ। ਅਗਲੇ ਵਰ੍ਹੇ ਚੌਧਰੀ ਚਰਨ ਸਿੰਘ ਯੂਨੀਵਰਸਿਟੀ ਮੇਰਠ ਵਲੋਂ ਕੁੱਲ ਹਿੰਦ ਅੰਤਰ'ਵਰਸਿਟੀ ਮੁਕਾਬਲਿਆਂ 'ਚ ਚਾਂਦੀ ਦਾ ਤਗਮਾ ਜਿੱਤਣ ਦਾ ਮਾਣ ਪ੍ਰਾਪਤ ਕੀਤਾ। ਅਗਲੇ ਵਰ੍ਹੇ ਉਸ ਨੇ ਪੰਜਾਬੀ ਯੂਨੀਵਰਸਿਟੀ 'ਚ ਦਾਖ਼ਲਾ ਲਿਆ, ਜਿੱਥੇ ਉਸ ਨੇ ਲਗਾਤਾਰ ਤਿੰਨ ਸਾਲ ਕੁੱਲ ਹਿੰਦ ਅੰਤਰ+ਵਰਸਿਟੀ ਮੁਕਾਬਲਿਆਂ 'ਚ ਕਾਂਸੀ ਦੇ ਤਗਮੇ ਜਿੱਤੇ। ਇਸੇ ਦੌਰਾਨ ਉਸ ਨੇ ਕੌਮੀ ਟੀਮ ਦੇ ਕੈਂਪ ਵੀ ਲਗਾਏ। ਬੀ.ਪੀ.ਐੱਡ. ਅਤੇ ਐਮ.ਪੀ.ਐੱਡ. ਤੱਕ ਦੀ ਪੜ੍ਹਾਈ ਕਰਦਿਆਂ ਮਨਪ੍ਰੀਤ ਕੌਰ ਨੇ ਨੈਸ਼ਨਲ ਸਟਾਈਲ ਕਬੱਡੀ 'ਚ ਉਪਰੋਕਤ ਪ੍ਰਾਪਤੀਆਂ ਕੀਤੀਆਂ ਅਤੇ ਨਾਲੋ-ਨਾਲ ਸਰਕਲ ਸਟਾਈਲ ਕਬੱਡੀ 'ਚ ਵੀ ਪੰਜਾਬ ਦੇ ਵੱਡੇ ਖੇਡ ਮੇਲਿਆਂ 'ਤੇ ਖੇਡਣਾ ਜਾਰੀ ਰੱਖਿਆ। ਸੰਨ 2016 'ਚ ਪਟਿਆਲਾ ਵਿਖੇ ਹੋਈਆਂ ਕੌਮੀ ਮਹਿਲਾ ਖੇਡਾਂ 'ਚ ਮਨਪ੍ਰੀਤ ਦੀ ਕਪਤਾਨੀ 'ਚ ਪੰਜਾਬ ਦੀ ਟੀਮ ਨੇ ਨੈਸ਼ਨਲ ਸਟਾਈਲ ਕਬੱਡੀ 'ਚ ਸੋਨ ਤਗਮਾ ਜਿੱਤਿਆ। ਕਈ ਵਾਰ ਸੀਨੀਅਰ ਨੈਸ਼ਨਲ ਚੈਂਪੀਅਨਸ਼ਿਪ 'ਚ ਹਿੱਸਾ ਲੈ ਚੁੱਕੀ ਮਨਪ੍ਰੀਤ ਕਬੱਡੀ ਹਲਕਿਆਂ 'ਚ ਆਪਣੇ ਪਿੰਡ ਨੇੜਲੇ ਸ਼ਹਿਰ ਬੁਢਲਾਡਾ ਕਰਕੇ 'ਬੁਲਾਡਾ' ਦੇ ਨਾਂਅ ਨਾਲ ਜਾਣੀ ਜਾਂਦੀ ਹੈ। ਪੰਜਾਬ ਸਰਕਾਰ ਵਲੋਂ ਕਰਵਾਏ ਗਏ ਸਰਕਲ ਸਟਾਈਲ ਕਬੱਡੀ ਦੇ ਤੀਸਰੇ ਆਲਮੀ ਕੱਪ (2013) ਦੀ ਚੈਂਪੀਅਨ ਬਣੀ ਭਾਰਤੀ ਟੀਮ 'ਚ ਵੀ ਬਿਹਤਰੀਨ ਸਟਾਪਰ ਵਜੋਂ ਮਨਪ੍ਰੀਤ ਨੇ ਵਧੀਆ ਕਾਰਗੁਜ਼ਾਰੀ ਦਿਖਾਈ। ਇਸ ਦੇ ਨਾਲ ਹੀ ਕੁੱਲ ਹਿੰਦ ਅੰਤਰ'ਵਰਸਿਟੀ ਸਰਕਲ ਸਟਾਈਲ ਚੈਂਪੀਅਨਸ਼ਿਪਾਂ 'ਚ ਪੰਜਾਬੀ ਯੂਨੀਵਰਸਿਟੀ ਦੀ ਪ੍ਰਤੀਨਿਧਤਾ ਕਰਦਿਆਂ ਮਨਪ੍ਰੀਤ ਨੇ 2015 ਤੇ 16 'ਚ ਕ੍ਰਮਵਾਰ ਕਾਂਸੀ ਅਤੇ ਚਾਂਦੀ ਦੇ ਤਗਮੇ ਜਿੱਤੇ। ਮਨਪ੍ਰੀਤ ਨੂੰ ਖੇਡ ਅਤੇ ਵਿੱਦਿਅਕ ਪ੍ਰਾਪਤੀਆਂ ਦੀ ਬਦੌਲਤ ਰਾਜਸਥਾਨ ਸਰਕਾਰ ਨੇ ਪੁਲਿਸ 'ਚ ਸਬ ਇੰਸਪੈਕਟਰ ਦੇ ਅਹੁਦੇ ਨਾਲ ਇਸੇ ਵਰ੍ਹੇ ਨਿਵਾਜਿਆ ਹੈ। ਇਸ ਦੇ ਨਾਲ ਹੀ ਮਨਪ੍ਰੀਤ ਕੌਰ ਨੂੰ ਇਰਾਨ 'ਚ ਹੋਈ ਪੰਜਵੀਂ ਏਸ਼ੀਅਨ ਕਬੱਡੀ ਚੈਂਪੀਅਨਸ਼ਿਪ 2017 'ਚ ਜੇਤੂ ਰਹੀ ਭਾਰਤੀ ਟੀਮ ਦੀ ਮੈਂਬਰ ਬਣਨ ਦਾ ਮਾਣ ਵੀ ਪ੍ਰਾਪਤ ਹੋਇਆ। ਕਬੱਡੀ ਦੀ ਹਰ ਵਿਧਾ 'ਚ ਸ਼ਾਨਦਾਰ ਖੇਡ ਦਿਖਾ ਰਹੀ ਮਨਪ੍ਰੀਤ ਕੌਰ 'ਤੇ ਉਸ ਦੇ ਮਾਪਿਆਂ, ਕੋਚਾਂ ਅਤੇ ਪਿੰਡ ਵਾਸੀਆਂ ਨੂੰ ਮਾਣ ਰਹੇਗਾ।


-ਪਟਿਆਲਾ।

ਕੌਮਾਂਤਰੀ ਗੋਲਡ ਮੈਡਲਿਸਟ ਵੇਟਲਿਫਟਰ ਜਸਲੀਨ ਕੌਰ

ਝਾਰਖੰਡ ਰਾਜ ਦੇ ਜਮਸ਼ੇਦਪੁਰ ਵਿਖੇ 30 ਦਸੰਬਰ, 2017 ਨੂੰ ਸਮਾਪਤ ਹੋਈ ਸੁਬਰਾਤਾ ਕਲਾਸਿਕ ਇੰਟਰਨੈਸ਼ਨਲ ਪਾਵਰਲਿਫਟਿੰਗ, ਬੈਂਚਪ੍ਰੈੱਸ ਐਂਡ ਡੈੱਡਲਿਫਟਿੰਗ ਚੈਂਪੀਅਨਸ਼ਿਪ ਵਿਚ 52 ਕਿਲੋ ਭਾਰ ਵਰਗ ਵਿਚ ਜਸਲੀਨ ਕੌਰ (21) ਨੇ ਸਭ ਤੋਂ ਜ਼ਿਆਦਾ ਭਾਰ ਚੁੱਕ ਕੇ ਸੋਨ ਤਗਮਾ ਹਾਸਲ ਕਰਕੇ ਪੰਜਾਬ ਤੇ ਭਾਰਤ ਦਾ ਮਾਣ ਵਧਾਇਆ ਹੈ। ਫਤਹਿਗੜ੍ਹ ਸਾਹਿਬ ਜ਼ਿਲ੍ਹੇ ਦੇ ਪਿੰਡ ਕਾਨਪੁਰਾ ਦੀ ਜੰਮਪਲ ਇਸ ਹੋਣਹਾਰ ਵੇਟਲਿਫਟਰ ਜਸਲੀਨ ਕੌਰ ਨੇ ਇਸ ਚੈਂਪੀਅਨਸ਼ਿਪ ਵਿਚ ਪਾਵਰਲਿਫਟਿੰਗ ਦੇ ਇਨ੍ਹਾਂ ਵੱਖ-ਵੱਖ ਵਰਗਾਂ ਦੇ ਮੁਕਾਬਲਿਆਂ ਵਿਚ ਕੁੱਲ ਮਿਲਾ ਕੇ ਸਭ ਤੋਂ ਵੱਧ 235 ਕਿਲੋ ਭਾਰ ਚੁੱਕਿਆ। ਇੱਥੇ ਹੀ ਬੱਸ ਨਹੀਂ, ਜਸਲੀਨ ਨੇ ਇਸੇ ਦਿਨ ਇੰਡੀਅਨ ਪਾਵਰਲਿਫਟਿੰਗ ਫੈਡਰੇਸ਼ਨ ਦੁਆਰਾ ਕਰਵਾਏ ਗਏ ਰਾਸ਼ਟਰੀ ਪੱਧਰ ਦੇ ਮੁਕਾਬਲਿਆਂ ਵਿਚ ਵੀ ਦੂਜਾ ਸਥਾਨ ਹਾਸਲ ਕੀਤਾ ਅਤੇ ਚਾਂਦੀ ਦਾ ਤਗਮਾ ਜਿੱਤ ਕੇ ਪੰਜਾਬ ਦਾ ਨਾਂਅ ਚਮਕਾਇਆ। ਇਸੇ ਪ੍ਰਕਾਰ ਨਵੰਬਰ, 2017 ਵਿਚ ਕਪੂਰਥਲਾ ਵਿਖੇ ਹੋਈ ਨਾਰਥ ਇੰਡੀਅਨ ਪਾਵਰਲਿਫਟਿੰਗ ਚੈਂਪੀਅਨਸ਼ਿਪ ਵਿਚ ਵੀ ਜੂਨੀਅਰ ਵਰਗ ਵਿਚ ਜਸਲੀਨ ਕੌਰ ਨੇ ਪਹਿਲਾ ਸਥਾਨ ਹਾਸਲ ਕੀਤਾ ਸੀ।
ਏ.ਐੱਸ. ਕਾਲਜ ਫਾਰ ਵੂਮੈਨ ਖੰਨਾ ਵਿਖੇ ਗ੍ਰੈਜੂਏਸ਼ਨ ਕਰ ਰਹੀ ਜਸਲੀਨ ਕੌਰ ਨੇ ਬੀ.ਏ. ਦੀ ਪੜ੍ਹਾਈ ਦੇ ਪਹਿਲੇ ਸਾਲ ਦੌਰਾਨ ਹੋਰਨਾਂ ਵੇਟਲਿਫਟਰ ਕੁੜੀਆਂ ਨੂੰ ਭਾਰ ਚੁੱਕਦੇ ਦੇਖ ਕੇ ਭਾਰ ਚੁੱਕਣ ਦੇ ਖੇਤਰ ਵਿਚ ਜਾਣ ਦਾ ਮਨ ਬਣਾ ਲਿਆ ਅਤੇ ਉਸ ਨੇ ਕੋਚ ਅਰਸ਼ਦੀਪ ਸਿੰਘ ਦੀ ਦੇਖ-ਰੇਖ ਹੇਠ ਲਗਾਤਾਰ ਮਿਹਨਤ ਲਗਾਉਣੀ ਸ਼ੁਰੂ ਕਰ ਦਿੱਤੀ। ਰੋਜ਼ਾਨਾ ਜਿਮ ਜਾਣ ਕਰਕੇ ਲਗਾਤਾਰ ਅਭਿਆਸ ਕਾਰਨ ਜਸਲੀਨ ਦੀ ਖੇਡ ਵਿਚ ਨਿਖਾਰ ਆ ਗਿਆ ਅਤੇ ਜਲਦੀ ਹੀ ਉਸ ਨੇ ਕਾਲਜ ਪੱਧਰ ਤੇ ਯੂਨੀਵਰਸਿਟੀ ਪੱਧਰ ਦੇ ਮੁਕਾਬਲਿਆਂ ਵਿਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ। ਸਾਲ 2017 ਵਿਚ ਉਸ ਨੇ ਗੋਬਿੰਦਗੜ੍ਹ ਵਿਖੇ ਇੰਟਰ ਕਾਲਜ ਮੁਕਾਬਲਿਆਂ ਵਿਚ ਜੂਨੀਅਰ ਵਰਗ ਵਿਚ 47 ਕਿਲੋ ਭਾਰ ਵਰਗ ਵਿਚ ਪਹਿਲੀ ਵਾਰੀ ਦੂਜਾ ਸਥਾਨ ਹਾਸਲ ਕੀਤਾ ਸੀ। ਉਪਰੰਤ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੁਆਰਾ ਕਰਵਾਈ ਗਈ ਪ੍ਰਤੀਯੋਗਤਾ (ਸਾਲ 2017) ਵਿਚ ਵੀ ਇਹ ਹੋਣਹਾਰ ਭਾਰ ਤੋਲਕ ਪਹਿਲੇ ਸਥਾਨ 'ਤੇ ਰਹੀ।
ਫਤਹਿਗੜ੍ਹ ਸਾਹਿਬ ਦੇ ਕਾਨਪੁਰਾ ਦੇ ਵਸਨੀਕ ਪਿਤਾ ਸ: ਸਤਨਾਮ ਸਿੰਘ ਅਤੇ ਮਾਤਾ ਕਮਲਜੀਤ ਕੌਰ ਦੀ ਇਸ ਹੋਣਹਾਰ ਸਪੁੱਤਰੀ ਜਸਲੀਨ ਕੌਰ ਨੇ ਦੱਸਿਆ ਕਿ ਪਾਵਰਲਿਫਟਿੰਗ ਦੇ ਖੇਤਰ ਵਿਚ ਉਹ ਹਾਲੇ ਹੋਰ ਅੱਗੇ ਵਧਣਾ ਚਾਹੁੰਦੀ ਹੈ ਅਤੇ ਮੁਕਾਬਲੇ ਜਿੱਤ ਕੇ ਦੇਸ਼ ਲਈ ਤਗਮਿਆਂ ਦੀ ਸੂਚੀ ਵਧਾਉਣਾ ਚਾਹੁੰਦੀ ਹੈ। ਇਸ ਪ੍ਰਾਪਤੀ ਲਈ ਉਹ ਨਿਰੰਤਰ ਕੋਚਿੰਗ ਲੈ ਕੇ ਅਭਿਆਸ ਵਿਚ ਜੁਟੀ ਹੋਈ ਹੈ। ਛੋਟੀ ਉਮਰੇ ਵੱਡੀਆਂ ਪ੍ਰਾਪਤੀਆਂ ਕਰਕੇ ਅਜੋਕੀ ਨੌਜਵਾਨ ਪੀੜ੍ਹੀ ਲਈ ਰੋਲ ਮਾਡਲ ਸਾਬਤ ਹੋਣ ਵਾਲੀ ਜਸਲੀਨ ਕੌਰ ਜਲਦ ਹੀ ਅਮਰੀਕਾ ਵਿਖੇ ਹੋਣ ਵਾਲੇ ਅੰਤਰਰਾਸ਼ਾਟਰੀ ਪਾਵਰਲਿਫਟਿੰਗ ਮੁਕਾਬਲਿਆਂ ਵਿਚ ਵੀ ਭਾਗ ਲੈਣ ਜਾਵੇਗੀ। ਆਪਣੀ ਮਿਹਨਤ, ਲਗਨ ਤੇ ਹੌਸਲੇ ਦੇ ਬਲਬੂਤੇ ਜਿੱਥੇ ਜਸਲੀਨ ਇਕ ਵਧੀਆ ਵੇਟਲਿਫਟਰ ਸਾਬਤ ਹੋਈ ਹੈ, ਉੱਥੇ ਨਾਲੋ-ਨਾਲ ਉਹ ਆਰਮੀ ਜਾਂ ਪੁਲਿਸ ਵਿਭਾਗ ਵਿਚ ਨੌਕਰੀ ਕਰਕੇ ਦੇਸ਼ ਲਈ ਆਪਣੀਆਂ ਸੇਵਾਵਾਂ ਪ੍ਰਦਾਨ ਕਰਨਾ ਚਾਹੁੰਦੀ ਹੈ।


-ਵੀਨਸ ਇਟਲੀ। ਫੋਨ :0039-3292558439
ਈ ਮੇਲ : kangitaly@gmail.com

ਆਸਟ੍ਰੇਲੀਅਨ ਓਪਨ ਰਾਹੀਂ ਟੈਨਿਸ ਦਾ ਆਗਾਜ਼

ਹਰ ਸਾਲ ਦੇ ਪਹਿਲੇ ਮਹੀਨੇ ਜਨਵਰੀ ਦੇ ਅੱਧ ਵਿਚ ਟੈਨਿਸ ਦਾ ਸੀਜ਼ਨ ਆਸਟਰੇਲੀਆ ਤੋਂ ਸ਼ੁਰੂ ਹੁੰਦਾ ਹੈ ਅਤੇ ਐਤਕੀਂ ਵੀ ਇਹ ਰਵਾਇਤ ਬਾਦਸਤੂਰ ਕਾਇਮ ਹੈ। ਟੈਨਿਸ ਦੇ ਸਾਲ ਦੇ ਪਹਿਲੇ ਗਰੈਂਡ ਸਲੈਮ ਟੂਰਨਾਮੈਂਟ 'ਆਸਟ੍ਰੇਲੀਅਨ ਓਪਨ' ਦੀ ਸ਼ੁਰੂਆਤ ਟੈਨਿਸ ਦੇ ਅੰਤਰਰਾਸ਼ਟਰੀ ਅਤੇ ਮੁੱਖ ਸੀਜ਼ਨ ਦੀ ਬਾਕਾਇਦਾ ਸ਼ੁਰੂਆਤ ਹੈ। 15 ਜਨਵਰੀ ਤੋਂ ਸ਼ੁਰੂ ਹੋ ਕੇ ਦੁਨੀਆ ਦੇ ਸਾਰੇ ਪ੍ਰਮੁੱਖ ਟੈਨਿਸ ਖਿਡਾਰੀਆਂ ਦੇ ਜਲਵੇ ਵਿਖਾਉਣ ਵਾਲਾ ਆਸਟ੍ਰੇਲੀਅਨ ਓਪਨ 28 ਜਨਵਰੀ ਤੱਕ ਚੱਲੇਗਾ। ਪਿਛਲੀ ਵਾਰ ਦੇ ਆਸਟ੍ਰੇਲੀਅਨ ਓਪਨ ਵਿਚ ਮਹਾਨ ਖਿਡਾਰੀ ਰੌਜ਼ਰ ਫੈਡਰਰ ਨੇ ਪੁਰਖਾਂ ਦੇ ਅਤੇ ਅਮਰੀਕਾ ਦੀ ਸੇਰੇਨਾ ਵਿਲੀਅਮਜ਼ ਨੇ ਔਰਤਾਂ ਦੇ ਵਰਗ ਦਾ ਖ਼ਿਤਾਬ ਜਿੱਤਿਆ ਸੀ।
ਇਸ ਵਾਰ ਪੁਰਖਾਂ ਦੇ ਮੁਕਾਬਲਿਆਂ ਵਿਚ ਮੁੱਖ ਮੁਕਾਬਲਾ ਮੌਜੂਦਾ ਚੈਂਪੀਅਨ ਸਵਿਟਜ਼ਰਲੈਂਡ ਦੇਸ਼ ਦੇ ਰੌਜ਼ਰ ਫੈਡਰਰ, ਸਪੇਨ ਦੇ ਰਾਫੇਲ ਨਡਾਲ, ਸਰਬੀਆ ਦੇ ਨੋਵਾਕ ਜੋਕੋਵਿਚ ਅਤੇ ਸਾਬਕਾ ਜੇਤੂ ਸਟਾਨਿਸਲਾਸ ਵਾਵਰਿੰਕਾ ਦਰਮਿਆਨ ਰਹਿਣ ਦੀ ਸੰਭਾਵਨਾ ਹੈ। ਰਾਫੇਲ ਨਡਾਲ ਹਾਲਾਂਕਿ ਇਸ ਵੇਲੇ ਸੌ ਫੀਸਦੀ ਫਿੱਟ ਨਹੀਂ ਲੱਗਦੇ ਪਰ ਇਹ ਇਕ ਚੈਂਪੀਅਨ ਖਿਡਾਰੀ ਹਨ, ਜੋ ਕਿਸੇ ਵੇਲੇ ਵੀ ਆਪਣੀ ਕਾਬਲੀਅਤ ਵਿਖਾ ਸਕਦੇ ਹਨ। ਕੱਝ ਇਹੋ ਜਿਹੀ ਹੀ ਹਾਲਤ ਵਾਵਰਿੰਕਾ ਦੀ ਵੀ ਹੈ, ਜਿਸ ਨੇ ਇਸ ਟੂਰਨਾਮੈਂਟ ਦੇ ਬਾਅਦ ਆਰਾਮ ਕਰਨ ਦਾ ਐਲਾਨ ਕੀਤਾ ਹੈ ਭਾਵ ਉਹ ਆਪਣਾ ਸਾਰਾ ਧਿਆਨ ਇਸ ਆਸਟ੍ਰੇਲੀਅਨ ਓਪਨ ਉੱਪਰ ਕੇਂਦ੍ਰਿਤ ਕਰੇਗਾ। ਦੁਨੀਆ ਦੇ ਸਾਬਕਾ ਨੰਬਰ ਇਕ ਖਿਡਾਰੀ ਐਂਡੀ ਮਰੇ ਲੱਕ ਦੀ ਸੱਟ ਕਾਰਨ ਇਸ ਵਾਰ ਆਸਟਰੇਲੀਆ ਓਪਨ ਤੋਂ ਬਾਹਰ ਹਨ। ਮਰੇ ਨੂੰ ਪਿਛਲੇ ਸਾਲ ਇਹ ਸੱਟ ਲੱਗੀ ਸੀ ਅਤੇ ਵਿੰਬਲਡਨ ਕੁਆਰਟਰ ਫਾਈਨਲ ਵਿਚ ਹਾਰ ਦੇ ਬਾਅਦ ਤੋਂ ਉਹ ਏ.ਟੀ.ਪੀ. ਟੂਰ ਉੱਤੇ ਨਹੀਂ ਖੇਡ ਰਹੇ।
ਔਰਤਾਂ ਦੇ ਵਰਗ ਵਿਚ ਮੁੱਖ ਮੁਕਾਬਲਾ ਪਹਿਲਾ ਦਰਜਾ ਪ੍ਰਾਪਤ ਰੋਮੇਨਿਆ ਦੇਸ਼ ਦੀ ਸਿਮੋਨਾ ਹੈਲੇਪ, ਐਂਜਲੀਕੇ ਕਰਬਰ, ਡੈਨਮਾਰਕ ਦੀ ਖਿਡਾਰਨ ਕੈਰੋਲਿਨ ਵੋਜ਼ਨਿਆਕੀ ਅਤੇ ਰੂਸ ਦੀ ਮਾਰੀਆ ਸ਼ੋਰਾਪੋਵਾ ਵਿਚਾਲੇ ਰਹਿਣ ਦੀ ਉਮੀਦ ਹੈ, ਕਿਉਂਕਿ ਮੌਜੂਦਾ ਜੇਤੂ ਅਤੇ ਸਾਬਕਾ ਨੰਬਰ ਇਕ ਟੈਨਿਸ ਖਿਡਾਰਨ ਸੇਰੇਨਾ ਵਿਲੀਅਮਸ ਨੇ ਨਿੱਜੀ ਕਾਰਨਾਂ ਕਰਕੇ ਆਸਟਰੇਲੀਅਨ ਓਪਨ ਤੋਂ ਨਾਂਅ ਵਾਪਸ ਲੈ ਲਿਆ ਸੀ। ਆਪਣੇ ਪੁੱਤਰ ਦੀ ਕਸਟਡੀ ਲਈ ਕਾਨੂੰਨੀ ਲੜਾਈ ਲੜ ਰਹੀ ਦੋ ਵਾਰ ਦੀ ਚੈਂਪੀਅਨ ਵਿਕਟੋਰੀਆ ਅਜ਼ਾਰੈਂਕਾ ਨੂੰ ਟੂਰਨਾਮੈਂਟ ਲਈ ਵਾਈਲਡ ਕਾਰਡ ਮਿਲਿਆ ਹੈ। ਭਾਰਤ ਦੇਸ਼ ਲਈ ਮਹਿਲਾ ਵਰਗ ਦੀ ਇਕੋ-ਇਕ ਚੁਣੌਤੀ ਟੈਨਿਸ ਸਟਾਰ ਸਾਨੀਆ ਮਿਰਜ਼ਾ ਵੀ ਇਸ ਵਾਰ ਆਸਟਰੇਲੀਅਨ ਓਪਨ ਟੂਰਨਮੈਂਟ ਵਿਚ ਹਿੱਸਾ ਨਹੀਂ ਲਵੇਗੀ। ਗੋਡੇ ਦੀ ਸੱਟ ਕਰਕੇ ਇਸ ਵਾਰ ਨਹੀਂ ਖੇਡ ਰਹੀ ਸਾਨੀਆ ਨੇ ਆਸਟਰੇਲੀਅਨ ਓਪਨ ਦਾ ਡਬਲਜ਼ ਖਿਤਾਬ 2016 ਵਿਚ ਜਿੱਤਿਆ ਸੀ, ਜਦਕਿ 2009 ਵਿਚ ਉਹ ਮਿਕਸਡ ਡਬਲਜ਼ ਵਿਚ ਚੈਂਪੀਅਨ ਰਹੀ ਸੀ। ਭਾਰਤ ਵਲੋਂ ਇਸ ਵਾਰ ਸਿਰਫ ਰੋਹਨ ਬੋਪੰਨਾ ਅਤੇ ਦਿਵਿਜ ਸ਼ਰਨ ਹੀ ਡਬਲਜ਼ ਮੁਕਾਬਲਿਆਂ ਵਿਚ ਆਪੋ-ਆਪਣੇ ਜੋੜੀਦਾਰਾਂ ਨਾਲ ਇਸ ਟੂਰਨਾਮੈਂਟ ਵਿਚ ਖੇਡ ਰਹੇ ਹਨ। ਆਸਟੇਰਲੀਅਨ ਓਪਨ ਇਨਾਮੀ ਰਾਸ਼ੀ ਦੇ ਮਾਮਲੇ ਵਿਚ ਟੈਨਿਸ ਦੇ ਗਰੈਂਡ ਸਲੈਮ ਇਤਿਹਾਸ ਦਾ ਹੁਣ ਤੱਕ ਦਾ ਸਭ ਤੋਂ ਧਨੀ ਟੂਰਨਾਮੈਂਟ ਬਣ ਗਿਆ ਹੈ। ਇਸ ਵਾਰ ਇਸ ਟੂਰਨਾਮੈਂਟ ਦੀ ਇਨਾਮ ਰਾਸ਼ੀ ਕੁੱਲ ਮਿਲਾ ਕੇ 4 ਕਰੋੜ ਆਸਟ੍ਰੇਲੀਆਈ ਡਾਲਰ ਹੋਵੇਗੀ।


-ਪਿੰਡ ਢਿੱਲਵਾਂ, ਡਾਕ: ਦਕੋਹਾ, ਜ਼ਿਲ੍ਹਾ ਜਲੰਧਰ-144023

ਕੌਮਾਂਤਰੀ ਖੇਡਾਂ :

ਤਹਿਲਕਿਆਂ 'ਚ ਬੀਤੇਗਾ ਸਾਲ 2018

ਜਿਥੇ ਲੰਘੇ ਸਾਲ ਨੇ ਖੇਡਾਂ ਦੀ ਦੁਨੀਆ 'ਚ ਵੱਡੇ ਉਤਰਾਅ-ਚੜ੍ਹਾਅ ਨਾਲ ਕੌੜੀਆਂ ਅਤੇ ਮਿੱਠੀਆਂ ਯਾਦਾਂ ਦਾ ਸਫਰ ਤਹਿ ਕੀਤਾ, ਉਥੇ ਸਾਲ 2018 ਕੌਮਾਂਤਰੀ ਖੇਡਾਂ 'ਚ ਨਵੇਂ ਮੁਕਾਮ ਸਿਰਜਣ ਲਈ ਤਿਆਰ ਹੈ। ਇਸ ਸਾਲ ਖੇਡ ਪ੍ਰੇਮੀ ਫੀਫਾ ਵਿਸ਼ਵ ਕੱਪ ਏਸ਼ੀਆਈ ਖੇਡਾਂ, ਰਾਸ਼ਟਰ ਮੰਡਲ ਖੇਡਾਂ, ਵਿੰਟਰ ਉਲੰਪਿਕ, ਹਾਕੀ ਵਿਸ਼ਵ ਕੱਪ ਦੇ ਵਕਾਰੀ ਮੁਕਾਬਲਿਆਂ ਸਮੇਤ ਕ੍ਰਿਕਟ, ਟੈਨਿਸ, ਬੈਡਮਿੰਟਨ ਆਦਿ ਖੇਡਾਂ 'ਚ ਖਿਡਾਰੀਆਂ ਦੇ ਕ੍ਰਿਸ਼ਮਈ ਪ੍ਰਦਰਸ਼ਨ ਦਾ ਰੱਜ ਕੇ ਲੁਤਫ਼ ਲੈਣਗੇ। ਆਓ ਰੂਬਰੂ ਹੋਈਏ ਇਸ ਸਾਲ ਹੋਣ ਵਾਲੇ ਕੁਝ ਪ੍ਰਮੁੱਖ ਟੂਰਨਾਮੈਂਟਾਂ ਦੇ-
ਫੀਫਾ ਵਿਸ਼ਵ ਕੱਪ : ਵਿਸ਼ਵ 'ਚ ਸਭ ਤੋਂ ਵੱਧ ਖੇਡੀ ਜਾਣ ਵਾਲੀ ਖੇਡ ਫੁੱਟਬਾਲ ਨਾਲ ਜੁੜੀ ਸਭ ਤੋਂ ਵੱਡੀ ਪ੍ਰਤੀਯੋਗਤਾ ਫੀਫਾ ਵਿਸ਼ਵ ਕੱਪ 14 ਜੂਨ ਤੋਂ 15 ਜੁਲਾਈ ਤੱਕ ਪਹਿਲੀ ਵਾਰ ਰੂਸ 'ਚ ਖੇਡਿਆ ਜਾਵੇਗਾ। ਵਿਸ਼ਵ ਕੱਪ ਦਾ ਇਹ 21ਵਾਂ ਸੰਸਕਰਣ ਹੈ। ਇਸ ਵਕਾਰੀ ਖਿਤਾਬ ਲਈ ਕੁਆਲੀਫਾਈ ਕਰ ਚੁੱਕੀਆਂ 32 ਟੀਮਾਂ ਜ਼ੋਰਅਜ਼ਮਾਈ ਕਰਨਗੀਆਂ। ਅਰਜਨਟੀਨਾ 'ਚ ਆਯੋਜਿਤ ਹੋਏ 2006 ਵਿਸ਼ਵ ਕੱਪ ਤੋਂ ਬਾਅਦ ਯੂਰਪ 'ਚ ਹੋਣ ਵਾਲਾ ਇਹ ਪਹਿਲਾ ਵਿਸ਼ਵ ਕੱਪ ਹੈ। ਇਸ ਤੋਂ ਪਹਿਲਾਂ 2014 'ਚ ਬ੍ਰਾਜ਼ੀਲ 'ਚ ਵਿਸ਼ਵ ਕੱਪ 'ਚ ਜਰਮਨੀ ਜੇਤੂ ਰਿਹਾ ਸੀ।
ਏਸ਼ੀਆਈ ਖੇਡਾਂ : ਉਲੰਪਿਕ ਖੇਡਾਂ ਤੋਂ ਬਾਅਦ ਏਸ਼ੀਆਈ ਖੇਡਾਂ ਹੀ ਵਿਸ਼ਵ ਪੱਧਰੀ ਮੁਕਾਬਲਿਆਂ 'ਚ ਵੱਡਾ ਟੂਰਨਾਮੈਂਟ ਹੈ। ਇਸ ਸਾਲ ਇਸ ਦਾ ਆਯੋਜਨ 8 ਅਗਸਤ ਤੋਂ 2 ਸਤੰਬਰ ਤੱਕ ਇੰਡੋਨੇਸ਼ੀਆ ਦੇ ਸ਼ਹਿਰ ਜਕਾਰਤਾ (ਪਾਲੇਮਬਾਗ) 'ਚ ਹੋਵੇਗਾ। ਇਸ ਵਿਚ 40 ਖੇਡਾਂ ਨਾਲ ਜੁੜੇ 462 ਈਵੈਂਟਸ ਹੋਣਗੇ। ਇਹ ਏਸ਼ੀਆਈ ਖੇਡਾਂ ਦਾ 18ਵਾਂ ਅਖਾੜਾ ਹੈ। 1962 ਤੋਂ ਬਾਅਦ ਇਹ ਪਹਿਲਾ ਮੌਕਾ ਹੈ, ਜਦੋਂ ਇਹ ਖੇਡਾਂ ਜਕਾਰਤਾ 'ਚ ਹੋਣ ਜਾ ਰਹੀਆਂ ਹਨ। ਦਰਅਸਲ ਪਹਿਲਾਂ ਇਹ ਖੇਡਾਂ ਦੀ ਮੇਜ਼ਬਾਨੀ ਹਨੋਈ (ਵੀਅਤਨਾਮ) ਨੇ ਕਰਨੀ ਸੀ ਪਰ ਵਿੱਤੀ ਕਾਰਨਾਂ ਕਰਕੇ ਉਸ ਨੇ ਆਪਣਾ ਨਾਂਅ ਵਾਪਸ ਲੈ ਲਿਆ।
ਰਾਸ਼ਟਰ ਮੰਡਲ ਖੇਡਾਂ : 21ਵੀਆਂ ਰਾਸ਼ਟਰ ਮੰਡਲ ਖੇਡਾਂ ਜਿਨ੍ਹਾਂ ਨੂੰ ਗੋਲਡ ਕੋਸਟ 2018 (ਆਸਟ੍ਰੇਲੀਆ) ਕਰਕੇ ਜਾਣਿਆ ਜਾਵੇਗਾ, 4 ਅਪ੍ਰੈਲ ਤੋਂ 15 ਅਪ੍ਰੈਲ ਤੱਕ ਹੋਣਗੀਆਂ। ਇਨ੍ਹਾਂ ਖੇਡਾਂ 'ਚ 70 ਰਾਸ਼ਟਰ ਮੰਡਲ ਸਮੂਹ 'ਚ ਸ਼ਾਮਿਲ ਦੇਸ਼ ਹਿੱਸਾ ਲੈਣਗੇ। ਇਥੇ 18 ਖੇਡਾਂ 'ਚ 275 ਈਵੈਂਟਸ 'ਚ ਖਿਡਾਰੀ ਜ਼ੋਰ ਅਜ਼ਮਾਈ ਕਰਨਗੇ। ਆਸਟ੍ਰੇਲੀਆ ਇਨ੍ਹਾਂ ਖੇਡਾਂ ਦੀ ਪੰਜਵੀਂ ਵਾਰ ਮੇਜ਼ਬਾਨੀ ਕਰੇਗਾ। ਰਾਸ਼ਟਰ ਮੰਡਲ ਖੇਡ ਮੇਲੇ 'ਚ ਅਕਸਰ ਜ਼ਿਆਦਾਤਰ ਸਰਦਾਰੀ ਆਸਟ੍ਰੇਲੀਆ ਦੀ ਹੀ ਰਹੀ ਹੈ।
ਵਿੰਟਰ ਉਲੰਪਿਕਸ : ਹਰੇਕ ਚਾਰ ਸਾਲ ਬਾਅਦ ਹੋਣ ਵਾਲੀਆਂ ਵਿੰਟਰ ਉਲੰਪਿਕਸ ਇਸ ਸਾਲ ਦੱਖਣੀ ਕੋਰੀਆ ਦੇ ਪਿਉਗਚੈਗ ਸ਼ਹਿਰ 'ਚ 9 ਤੋਂ 25 ਫਰਵਰੀ ਤੱਕ ਹੋਣਗੀਆਂ। ਇਨ੍ਹਾਂ ਵਿਚ ਲਗਪਗ 90 ਦੇਸ਼ ਹਿੱਸਾ ਲੈਣਗੇ, ਜਿਥੇ 15 ਖੇਡ ਵੰਨਗੀਆਂ 'ਚ 102 ਈਵੈਂਟਸ ਲਈ ਖਿਡਾਰੀ ਕਰੋ ਜਾਂ ਮਰੋ ਤੱਕ ਦੇ ਦਾਅ ਖੇਡਦੇ ਨਜ਼ਰ ਆਉਣਗੇ। ਵਿੰਟਰ ਉਲੰਪਿਕ ਖੇਡਾਂ ਦੀ ਮੇਜ਼ਬਾਨੀ ਕਰਨ ਵਾਲਾ ਪਿਉਗਚੈਗ ਤੀਜਾ ਏਸ਼ੀਆਈ ਸ਼ਹਿਰ ਹੈ। ਇਸ ਤੋਂ ਪਹਿਲਾਂ ਜਪਾਨ ਦੇ ਸਪੋਰੋ (1972) ਅਤੇ ਨਗੋਨ (1998) ਇਹ ਪਹਿਚਾਣ ਹਾਸਲ ਕਰ ਚੁੱਕੇ ਹਨ।
ਕ੍ਰਿਕਟ ਮੁਕਾਬਲੇ : ਹਾਲਾਂਕਿ ਕ੍ਰਿਕਟ ਮੁਕਾਬਲੇ ਸਾਰਾ ਸਾਲ ਚਲਦੇ ਰਹਿਣਗੇ ਤੇ ਭਾਰਤੀ ਟੀਮ ਦੀ ਸ਼ੁਰੂਆਤ ਦੱਖਣੀ ਅਫਰੀਕੀ ਦੌਰੇ ਨਾਲ ਹੋ ਚੁੱਕੀ ਹੈ ਪਰ ਇਸ ਵਾਰ ਜ਼ਿਆਦਾਤਰ ਖੇਡ ਪ੍ਰੇਮੀਆਂ ਦੀਆਂ ਨਜ਼ਰਾਂ ਵਿਰਾਟ ਕੋਹਲੀ ਦੀ ਅਗਵਾਈ 'ਚ ਟੀਮ ਇੰਡੀਆ ਜਦੋਂ ਇੰਗਲੈਂਡ ਦੌਰੇ 'ਤੇ ਜਾਵੇਗੀ, ਟਿਕੀਆਂ ਰਹਿਣਗੀਆਂ। ਭਾਰਤੀ ਟੀਮ 3 ਤੋਂ 8 ਜੁਲਾਈ ਤੱਕ ਤਿੰਨ ਟੀ-20 ਮੈਚ ਅਤੇ 12 ਜੁਲਾਈ ਤੋਂ 17 ਜੁਲਾਈ ਤੱਕ ਤਿੰਨ ਇਕ-ਦਿਨਾ ਮੈਚ ਅਤੇ 11 ਅਗਸਤ ਤੋਂ 11 ਸਤੰਬਰ ਤੱਕ 5 ਟੈਸਟ ਮੈਚ ਖੇਡੇਗੀ। ਭਾਰਤੀ ਟੀਮ ਇਸ ਸਾਲ ਦਸੰਬਰ 'ਚ ਆਪਣਾ ਸਫਰ ਆਸਟ੍ਰੇਲੀਆ ਟੂਰ ਨਾਲ ਸਮਾਪਤ ਕਰੇਗੀ। ਇਸ ਦੇ ਨਾਲ ਹੀ ਸੰਨ 2018 'ਚ ਹੋਣ ਵਾਲੇ ਆਈ.ਪੀ.ਐਲ. ਮੁਕਾਬਲੇ ਵੀ ਖਿੱਚ ਦਾ ਕੇਂਦਰ ਹੋਣਗੇ, ਜਿਥੇ ਦੇਖਣਾ ਹੋਵੇਗਾ ਕਿ ਦੋ ਸਾਲ ਬਾਅਦ ਵਾਪਸੀ ਕਰਨ ਵਾਲੀਆਂ ਟੀਮਾਂ ਚੇਨਈ ਸੁਪਰ ਕਿੰਗਜ਼ ਅਤੇ ਰਾਜਸਥਾਨ ਰਾਇਟਲਜ਼ ਦਰਸ਼ਕਾਂ ਦੀਆਂ ਉਮੀਦਾਂ 'ਤੇ ਕਿੰਨਾ ਖਰਾ ਉਤਰਦੀਆਂ ਹਨ।
ਹਾਕੀ ਵਿਸ਼ਵ ਕੱਪ : ਹਾਕੀ ਦੀ 14ਵੀਂ ਖਿਤਾਬੀ ਕਸ਼ਮਕਸ਼ 28 ਨਵੰਬਰ ਤੋਂ 16 ਦਸੰਬਰ ਤੱਕ ਭੁਵਨੇਸ਼ਵਰ (ਓਡੀਸ਼ਾ) 'ਚ ਦੇਖੀ ਜਾ ਸਕੇਗੀ। ਇਸ ਵਿਸ਼ਵ ਕੱਪ 'ਚ 16 ਟੀਮਾਂ ਸ਼ਿਰਕਤ ਕਰਨਗੀਆਂ। ਭਾਰਤ 1975 'ਚ ਪਹਿਲੀ ਵਾਰ ਚੈਂਪੀਅਨ ਬਣਿਆ ਸੀ। ਵਿਸ਼ਵ ਕੱਪ ਜਿੱਤਣ 'ਚ ਪਾਕਿਸਤਾਨ ਮੋਹਰੀ ਹੈ। ਭਾਰਤ ਦੀ ਮੇਜ਼ਬਾਨੀ 'ਚ ਖੇਡੇ ਜਾ ਰਹੇ ਇਸ ਵਿਸ਼ਵ ਕੱਪ 'ਚ ਖੇਡ ਪ੍ਰੇਮੀਆਂ ਨੂੰ ਭਾਰਤੀ ਟੀਮ ਤੋਂ ਵੱਡੀਆਂ ਉਮੀਦਾਂ ਹਨ। ਇਸ ਸਾਲ ਮਹਿਲਾ ਵਿਸ਼ਵ ਕੱਪ ਵੀ 25 ਜੁਲਾਈ ਤੋਂ 5 ਅਗਸਤ ਤੱਕ ਖੇਡਿਆ ਜਾਵੇਗਾ।
ਇਸ ਤੋਂ ਇਲਾਵਾ ਟੈਨਿਸ ਦੇ ਆਸਟ੍ਰੇਲੀਆ ਓਪਨ ਟੂਰਨਾਮੈਂਟ ਦੀ ਸ਼ੁਰੂਆਤ 15 ਜਨਵਰੀ ਨੂੰ ਹੋਵੇਗੀ। ਬੈਡਮਿੰਟਨ ਦੇ ਵਕਾਰੀ ਮੁਕਾਬਲੇ ਆਲ ਇੰਗਲੈਂਡ 14 ਤੋਂ 18 ਮਾਰਚ ਅਤੇ ਥਾਮਸ ਅਤੇ ਉਬੇਰ ਕੱਪ ਮਈ 'ਚ ਬੈਂਕਾਕ 'ਚ ਅਤੇ ਯੂਥ ਉਲੰਪਿਕਸ 6 ਤੋਂ 18 ਅਕਤੂਬਰ ਤੱਕ ਬੋਨਸ ਆਇਰਸ 'ਚ ਖੇਡੇ ਜਾਣਗੇ।


-ਪਿੰਡ ਤੇ ਡਾਕ: ਪਲਾਹੀ, ਫਗਵਾੜਾ।
ਮੋਬਾ: 94636-12204

'ਖੇਲੋ ਇੰਡੀਆ' ਦੇਵੇ ਹੋਕਾ, ਜਾਗ ਵੇ ਸੁੱਤਿਆ ਪੰਜਾਬੀ ਲੋਕਾ...

ਦੇਸ਼ ਦੇ ਉੱਭਰਦੇ ਨੌਜਵਾਨਾਂ ਦੀਆਂ ਖੇਡ ਕਾਰਗੁਜ਼ਾਰੀਆਂ ਮਾਪਣ ਲਈ ਦਿੱਲੀ ਵਿਖੇ 'ਖੇਲੋ ਇੰਡੀਆ' ਖੇਡ ਮਹਾਂਕੁੰਭ ਹੋਣ ਜਾ ਰਿਹਾ ਹੈ। 31 ਜਨਵਰੀ ਤੋਂ 8 ਫਰਵਰੀ ਤੱਕ 16 ਖੇਡਾਂ ਦੇ, ਦੇਸ਼ ਦੇ ਲੜਕੇ ਤੇ ਲੜਕੀਆਂ ਵੱਖ-ਵੱਖ ਖੇਡ ਸਟੇਡੀਅਮਾਂ ਵਿਚ ਆਪਣੀ ਖੇਡ ਪ੍ਰਤਿਭਾ ਦੇ ਜੌਹਰ ਵਿਖਾਉਣਗੇ। ਅਥਲੈਟਿਕਸ 'ਚ 576, ਆਰਚਰੀ 'ਚ 256, ਬੈਡਮਿੰਟਨ 'ਚ 192, ਬਾਸਕਟਬਾਲ 'ਚ 192, ਬਾਕਸਿੰਗ 'ਚ 416, ਫੁੱਟਬਾਲ 'ਚ 288, ਜੂਡੋ 'ਚ 256, ਜਿਮਨਾਸਟਕ 'ਚ 392, ਹਾਕੀ 'ਚ 288, ਕਬੱਡੀ 'ਚ 192, ਖੋ ਖੋ 'ਚ 192 ਤੇ ਸ਼ੂਟਿੰਗ 'ਚ 128 ਖਿਡਾਰੀ 63ਵੀਆਂ ਨੈਸ਼ਨਲ ਸਕੂਲ ਖੇਡਾਂ 2018 ਅੰਡਰ-17 ਸਾਲ ਵਰਗ 'ਚ ਪਹਿਲੀਆਂ 8 ਟੀਮਾਂ ਦੇ ਖਿਡਾਰੀ, ਨੈਸ਼ਨਲ ਫੈਡਰੇਸ਼ਨਾਂ ਵਲੋਂ 4, ਖੇਡ ਆਯੋਜਕਾਂ ਵਲੋਂ 2, ਸੀ.ਬੀ.ਐਸ.ਈ. ਵਲੋਂ 2 ਤੇ ਮੇਜ਼ਬਾਨ ਰਾਜ ਵਲੋਂ 2 ਖਿਡਾਰੀ ਵੱਖ-ਵੱਖ ਖੇਡਾਂ ਵਿਚ ਹਿੱਸਾ ਲੈਣਗੇ। ਇਸ ਖੇਡ ਮਹਾਂਕੁੰਭ ਵਿਚੋਂ ਚੁਣੇ ਗਏ 1000 ਖਿਡਾਰੀਆਂ ਨੂੰ 5 ਲੱਖ ਰੁਪਏ ਦੀ ਇਨਾਮੀ ਰਾਸ਼ੀ ਆਉਣ ਵਾਲੇ 5 ਸਾਲ ਲਈ ਵਜ਼ੀਫੇ ਦੇ ਰੂਪ ਵਿਚ ਕੇਂਦਰ ਸਰਕਾਰ ਵਲੋਂ ਦਿੱਤੀ ਜਾਵੇਗੀ। ਇਨ੍ਹਾਂ ਚੁਣੇ ਗਏ ਖਿਡਾਰੀਆਂ ਨੂੰ 2024 ਦੀਆਂ ਉਲੰਪਿਕ ਖੇਡਾਂ ਦਾ ਨਿਸ਼ਾਨਾ ਦੇ ਕੇ ਤਿਆਰੀ ਕਰਵਾਈ ਜਾਵੇਗੀ ਤੇ 209 ਸੋਨ ਤਗਮੇ ਇਨ੍ਹਾਂ ਖੇਡਾਂ 'ਚ ਦਾਅ 'ਤੇ ਲੱਗਣਗੇ।
ਆਜ਼ਾਦੀ ਦੇ 70 ਸਾਲ ਬੀਤ ਜਾਣ ਦੇ ਬਾਅਦ ਵੀ ਕੇਂਦਰੀ ਖੇਡ ਮੰਤਰਾਲੇ ਵਲੋਂ ਦੇਸ਼ ਵਿਚ ਵੱਖ-ਵੱਖ ਖੇਡ ਸਕੀਮਾਂ ਤਹਿਤ ਕਰੋੜਾਂ ਰੁਪਏ ਖਰਚ ਕੀਤੇ ਜਾਣ ਤੋਂ ਬਾਅਦ ਅੰਤਰਰਾਸ਼ਟਰੀ ਪੱਧਰ 'ਤੇ ਮਾੜੀ ਕਾਰਗੁਜ਼ਾਰੀ ਤੋਂ ਬਾਅਦ ਪਹਿਲੀ ਵਾਰ ਇਹੋ ਜਿਹੀ ਖੇਡ ਸਕੀਮ ਦੇਸ਼ ਦੇ ਖਿਡਾਰੀਆਂ ਲਈ ਬਣੀ ਹੈ, ਜੋ ਸਿੱਧੇ ਤੌਰ 'ਤੇ ਖਿਡਾਰੀਆਂ ਲਈ ਵਰਦਾਨ ਸਿੱਧ ਹੋਵੇਗੀ। ਇਸ ਦੇ ਆਉਣ ਵਾਲੇ ਨਤੀਜਿਆਂ ਦੀ ਭਵਿੱਖਬਾਣੀ ਪਹਿਲਾਂ ਹੀ ਕਰਨਾ ਅਤਿਕਥਨੀ ਹੋਵੇਗੀ। ਪਰ ਜਿਸ ਤਰ੍ਹਾਂ 'ਖੇਲੋ ਇੰਡੀਆ' ਦਾ ਹੋਕਾ ਉੱਚਾ ਹੁੰਦਾ ਜਾ ਰਿਹਾ ਹੈ, ਇਸ ਵਿਚ ਕਿਸੇ ਵੀ ਜਾਗਰੂਕ ਖਿਡਾਰੀ, ਸੰਸਥਾ ਦਾ ਸੁੱਤੇ ਰਹਿਣਾ ਉਸ ਦੀ ਕਾਰਗੁਜ਼ਾਰੀ 'ਤੇ ਸਵਾਲੀਆ ਨਿਸ਼ਾਨ ਜ਼ਰੂਰ ਖੜ੍ਹਾ ਕਰੇਗਾ।
ਜਿਥੋਂ ਤੱਕ ਪੰਜਾਬ ਦੀਆਂ ਖੇਡ ਸੰਸਥਾਵਾਂ, ਸਰਕਾਰੀ ਖੇਡ ਅਦਾਰਿਆਂ ਦੀ 'ਖੇਲੋ ਇੰਡੀਆ' ਬਾਰੇ ਪਹੁੰਚ ਦਾ ਸਵਾਲ ਹੈ, ਇਹ ਅਜੇ ਤੱਕ ਨਕਾਰਾਤਮਕ ਹੀ ਹੈ। ਮਈ, 2016 ਤੋਂ ਭਾਰਤ ਸਰਕਾਰ ਦੇ ਖੇਡ ਮੰਤਾਰਲੇ ਵਲੋਂ ਲਗਾਤਾਰ 'ਖੇਲੋ ਇੰਡੀਆ' ਦੇ ਮਹਾਨ ਖੇਡ ਮਹਾਂਕੁੰਭ ਬਾਰੇ ਲੋਕਾਂ ਨੂੰ ਦੇਸ਼ ਭਰ ਵਿਚ ਜਾਗਰੂਕ ਕੀਤਾ ਗਿਆ ਸੀ। ਪਰ ਖੇਡ ਵਿਭਾਗ ਪੰਜਾਬ, ਸਿੱਖਿਆ ਵਿਭਾਗ ਪੰਜਾਬ, ਪੰਜਾਬ ਉਲੰਪਿਕ ਐਸੋਸੀਏਸ਼ਨ ਦੀ ਤਿੱਕੜੀ ਦਾ ਆਪਸੀ ਤਾਲਮੇਲ ਨਾ ਹੋਣ ਕਰਕੇ ਪੰਜਾਬ ਦੇ ਉੱਭਰਦੇ ਖਿਡਾਰੀ ਇਸ ਮਹਾਂਕੁੰਭ ਵਿਚ ਆਟੇ 'ਚ ਲੂਣ ਦੇ ਬਰਾਬਰ ਹੀ ਹਨ, ਕਿਉਂਕਿ ਇਸ ਦੀ ਚੋਣ 63ਵੀਆਂ ਨੈਸ਼ਨਲ ਸਕੂਲ ਖੇਡਾਂ ਅੰਡਰ-17, ਨੈਸ਼ਨਲ ਓਪਨ ਚੈਂਪੀਅਨਸ਼ਿਪ 2017-18 ਦੀਆਂ ਪਹਿਲੀਆਂ ਚਾਰ ਟੀਮਾਂ ਵਿਚ ਹੋਈ ਸੀ। ਜਿਥੋਂ ਤੱਕ 63ਵੀਆਂ ਨੈਸ਼ਨਲ ਸਕੂਲ ਖੇਡਾਂ ਵਿਚ ਪ੍ਰਾਪਤੀਆਂ ਦਾ ਸਵਾਲ ਹੈ, ਪੰਜਾਬ ਦੀਆਂ 'ਖੇਲੋ ਇੰਡੀਆ' ਵਾਲੀਆਂ 16 ਖੇਡਾਂ ਗੈਰ-ਉਲੰਪਿਕ ਖੇਡਾਂ ਦੇ ਭਾਰ ਹੇਠ ਨੱਪੀਆਂ ਗਈਆਂ ਹਨ। ਜਿਹੜੇ ਖਿਡਾਰੀ ਆਪਣੇ ਦਮ-ਖਮ 'ਤੇ ਵਿਅਕਤੀਗਤ ਖੇਡਾਂ ਵਿਚੋਂ ਪਹਿਲੀਆਂ 8 ਪੁਜ਼ੀਸ਼ਨਾਂ 'ਤੇ ਆ ਕੇ ਖੇਡਾਂ ਵਿਚ ਭਾਗ ਲੈਣ ਦੇ ਯੋਗ ਬਣੇ ਹਨ, ਉਸ ਵਿਚ ਸਿੱਖਿਆ ਵਿਭਾਗ ਪੰਜਾਬ ਵਲੋਂ ਸਿਰਫ ਇਕ ਡਾਕੀਆ ਬਣ ਕੇ ਚਿੱਠੀ ਪਹੁੰਚਾਉਣ ਤੋਂ ਸਿਵਾ ਹੋਰ ਕੋਈ ਕੰਮ ਨਹੀਂ ਕੀਤਾ ਗਿਆ। ਖਿਡਾਰੀਆਂ ਦੀ 'ਖੇਲੋ ਇੰਡੀਆ' ਦੀ ਤਿਆਰੀ ਦਾ ਕੋਈ ਕੋਚਿੰਗ ਕੈਂਪ ਨਹੀਂ ਲੱਗਾ, ਖਿਡਾਰੀਆਂ ਬਾਰੇ ਮੀਡੀਆ ਨੂੰ ਕੋਈ ਸਾਰਥਕ ਜਾਣਕਾਰੀ ਨਹੀਂ ਦਿੱਤੀ ਗਈ।
ਪੰਜਾਬ ਦਾ ਖੇਡ ਵਿਭਾਗ ਤਾਂ ਵਿੱਤੀ ਐਮਰਜੈਂਸੀ ਦੀ ਮਾਰ ਹੇਠ ਹੋਣ ਕਰਕੇ ਅਸਲੀ ਨਿਸ਼ਾਨੇ ਤੋਂ ਖੁੰਝਦਾ ਨਜ਼ਰ ਆ ਰਿਹਾ ਹੈ। ਸਾਲ 2017-18 ਸੈਸ਼ਨ ਬੀਤ ਜਾਣ ਦੇ ਬਾਅਦ ਵੀ ਖਿਡਾਰੀਆਂ ਨੂੰ ਕੋਈ ਖੇਡ ਸਮੱਗਰੀ ਨਸੀਬ ਨਹੀਂ ਹੋਈ ਤੇ ਖਿਡਾਰੀਆਂ ਲਈ ਐਲਾਨੀਆਂ ਸਹੂਲਤਾਂ ਦੀ ਦਿੱਲੀ ਵੀ ਅਜੇ ਵੀ ਦੂਰ ਵਿਖਾਈ ਦੇ ਰਹੀ ਹੈ। 'ਖੇਲੋ ਇੰਡੀਆ' ਤਹਿਤ ਪੰਜਾਬ ਨੂੰ ਕੇਂਦਰੀ ਸਕੀਮਾਂ ਦਾ ਕੋਈ ਪਟਾਰਾ ਨਹੀਂ ਖੁੱਲ੍ਹਿਆ। ਇਸ ਲਈ ਵਿਭਾਗ ਆਪਣੇ ਵਿੱਤੀ ਸਰੋਤਾਂ ਦੇ ਸਿਰ 'ਤੇ ਹੀ ਡੰਗ ਟਪਾਈ ਕਰ ਕੇ ਬੁੱਤਾ ਸਾਰ ਰਿਹਾ ਹੈ। ਖਿਡਾਰੀਆਂ ਨੂੰ ਹੱਲਾਸ਼ੇਰੀ ਦੇਣ ਵਾਲੀ ਪੰਜਾਬ ਉਲੰਪਿਕ ਐਸੋਸੀਏਸ਼ਨ ਦੇ ਜਾਗਣ ਦਾ ਵੇਲਾ ਅਜੇ ਵੀ ਨਹੀਂ ਆਇਆ ਹੈ। ਇਹ ਐਸੋਸੀਏਸ਼ਨ ਨੈਸ਼ਨਲ ਖੇਡਾਂ ਦੇ ਮੌਕੇ 4 ਸਾਲ ਬਾਅਦ ਕੁੰਭਕਰਨੀ ਨੀਂਦ ਤੋਂ ਜਾਗ ਕੇ ਆਪਣਾ ਕੰਮ ਸਾਰ ਕੇ ਫਿਰ ਉਸੇ ਅਵਸਥਾ ਵਿਚ ਚਲੀ ਜਾਂਦੀ ਹੈ।
ਖੇਡਾਂ ਦੀ ਜਾਗਦੀ ਕੜੀ ਦੀਆਂ ਪਹਿਰੇਦਾਰ ਖੇਡ ਐਸੋਸੀਏਸ਼ਨਾਂ ਹਨ, ਜੋ ਕਿ ਕੁਝ ਵਿਅਕਤੀਆਂ ਤੱਕ ਸੀਮਤ ਹੋ ਕੇ ਰਹਿ ਗਈਆਂ ਹਨ, ਕਿਉਂਕਿ ਰਾਜਨੀਤਕ ਲੋਕਾਂ ਤੇ ਨੌਕਰਸ਼ਾਹਾਂ ਦੇ ਕਬਜ਼ੇ ਹੇਠ ਆਈਆਂ ਖੇਡ ਐਸੋਸੀਏਸ਼ਨਾਂ ਦੇ ਖਿਡਾਰੀ ਆਪਣਾ ਭਵਿੱਖ ਸਵਾਰਨ ਲਈ ਆਪਣੀ ਜ਼ਮੀਨ ਖੁਦ ਤਿਆਰ ਕਰ ਰਹੇ ਹਨ। ਖੇਡ ਐਸੋਸੀਏਸ਼ਨਾਂ ਨੂੰ ਸਰਕਾਰੀ ਤੰਤਰ 'ਤੇ ਗਿਲ੍ਹਾ ਹੈ ਕਿ 'ਖੇਲੋ ਇੰਡੀਆ' ਵਿਚ ਪੰਜਾਬ ਦੀ ਹਿੱਸੇਦਾਰੀ ਕਿੰਨੀ ਕੁ ਹੋਵੇ? ਪੰਜਾਬੀ ਖਿਡਾਰੀ ਆਪਣੇ ਮਾਣ-ਸਨਮਾਨ ਨੂੰ ਕਾਇਮ ਕਿਵੇਂ ਰੱਖਣ? ਇਸ ਵਾਸਤੇ ਕਿਸੇ ਵੀ ਸਰਕਾਰੀ ਸੰਸਥਾ ਨੇ ਕੋਈ ਮੁੱਢਲੀ ਚਾਰਾਜੋਈ ਨਹੀਂ ਕੀਤੀ। ਇੱਥੋਂ ਤੱਕ ਕਿ ਪੰਜਾਬੀ ਖਿਡਾਰੀਆਂ ਨੂੰ ਇਕ ਮੰਚ 'ਤੇ ਇਕੱਠੇ ਕਰਨ ਲਈ ਪੰਜਾਬ ਸਰਕਾਰ ਦੇ ਖੇਡ ਵਿਭਾਗ ਵਲੋਂ ਕੋਈ ਤਾਲਮੇਲ ਕੇਂਦਰ ਨਾਲ ਤੇ ਆਪਸ ਵਿਚ ਨਹੀਂ ਕੀਤਾ ਗਿਆ ਤੇ ਕੋਈ ਵੀ ਨੋਡਲ ਅਫਸਰ ਇਨ੍ਹਾਂ ਖੇਡਾਂ ਲਈ ਨਹੀਂ ਨਿਯੁਕਤ ਕੀਤਾ ਗਿਆ। ਖਿਡਾਰੀ ਆਪਣੇ ਝੰਡੇ ਤੇ ਡੰਡੇ ਲੈ ਕੇ ਪੰਜਾਬ ਦੇ ਵਾਸੀ ਹੁੰਦੇ ਹੋਏ ਇਨ੍ਹਾਂ ਖੇਡਾਂ ਵਿਚ ਹਿੱਸਾ ਲੈਣ ਲਈ ਜ਼ੋਰ-ਅਜ਼ਮਾਈ ਕਰ ਰਹੇ ਹਨ।
ਜਿੱਥੋਂ ਤੱਕ ਕੇਂਦਰ ਸਰਕਾਰ ਵਲੋਂ ਉੱਭਰਦੇ ਖਿਡਾਰੀਆਂ ਲਈ 5 ਲੱਖ ਰੁਪਏ ਦੀ ਇਨਾਮੀ ਰਾਸ਼ੀ ਦਾ ਸਵਾਲ ਹੈ, ਖੇਡਾਂ ਦੇ ਜਾਣਕਾਰ ਸੂਤਰਾਂ ਨੇ ਇਹ ਖਦਸ਼ਾ ਪ੍ਰਗਟ ਕੀਤਾ ਹੈ ਕਿ 'ਖੇਲੋ ਇੰਡੀਆ' ਦੇ ਪ੍ਰਤਿਭਾਵਾਨ ਖਿਡਾਰੀਆਂ ਨੂੰ ਆਪਣੀ ਬੁੱਕਲ ਵਿਚ ਸਮੇਟਣ ਲਈ ਦੇਸ਼ ਭਰ ਦੀਆਂ ਜੁਗਾੜੂ ਖੇਡ ਅਕੈਡਮੀਆਂ ਜੋ ਕਾਰਪੋਰੇਟ ਸੈਕਟਰ ਵਲੋਂ ਕਾਲੇ ਧਨ ਨੂੰ ਚਿੱਟਾ ਕਰਨ ਲਈ ਜਨਤਕ ਜ਼ਿੰਮੇਵਾਰੀ ਸਕੀਮ ਅਧੀਨ ਖੋਲ੍ਹੀਆਂ ਜਾ ਰਹੀਆਂ ਹਨ, ਉਨ੍ਹਾਂ ਦੀਆਂ ਬਾਜ਼ ਅੱਖਾਂ ਕਿਤੇ ਪੰਜਾਬ ਦੇ ਗੱਭਰੂਆਂ ਨੂੰ ਪੰਜਾਬ ਤੋਂ ਪ੍ਰਵਾਸ ਨਾ ਕਰਵਾ ਦੇਣ। ਕਿਉਂਕਿ ਭਾਰਤ ਭਰ ਦੇ ਜੁਗਾੜੂ ਕੋਚਾਂ ਦੀਆਂ ਅੱਖਾਂ ਇਨ੍ਹਾਂ ਖੇਡਾਂ ਵਿਚੋਂ ਚੰਗੇ ਖਿਡਾਰੀਆਂ ਨੂੰ ਖਿੱਚਣ ਵੱਲ ਲੱਗੀਆਂ ਹੋਈਆਂ ਹਨ। ਇਸ ਲਈ ਪੰਜਾਬ ਸਰਕਾਰ ਨੂੰ ਜਾਗਣ ਦੀ ਲੋੜ ਹੈ, ਕਿਉਂਕਿ ਅਜੇ ਸਰਬ ਭਾਰਤੀ ਯੂਨੀਵਰਸਿਟੀ 'ਖੇਲੋ ਇੰਡੀਆ' ਦੇ ਮੁਕਾਬਲੇ ਮਾਰਚ ਮਹੀਨੇ ਹੋਣ ਵਾਲੇ ਹਨ। ਇਸ ਲਈ 'ਖੇਲੋ ਇੰਡੀਆ ਦੇਵੇ ਹੋਕਾ ਜਾਗ ਵੇ ਸੁੱਤਿਆ ਪੰਜਾਬੀ ਲੋਕਾ' ਦੇ ਨਾਅਰੇ 'ਤੇ ਪੰਜਾਬੀ ਭਾਈਚਾਰਾ ਕਿੰਨਾ ਕੁ ਅਮਲ ਕਰਦਾ ਹੈ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।


ਮੋਬਾ: 98729-78781

ਪਿੰਡ ਦੀ ਗਰਾਊਂਡ 'ਤੇ ਖੇਡ ਕੇ ਭਾਰਤ ਦੀ ਅੰਗਹੀਣ ਟੀਮ ਦਾ ਕਪਤਾਨ ਬਣਿਆ-ਦਿਨੇਸ਼ ਕੁਮਾਰ ਸੈਨ

ਦਿਨੇਸ਼ ਕੁਮਾਰ ਸੈਨ ਭਾਵੇਂ ਅਪਾਹਜ ਹੈ ਪਰ ਉਸ ਅੰਦਰ ਹੌਸਲਾ ਐਨਾ ਵਿਸ਼ਾਲ ਹੈ ਕਿ ਇਕ ਛੋਟੇ ਜਿਹੇ ਪਿੰਡ ਦੀ ਗਰਾਊਂਡ ਤੋਂ ਆਪਣਾ ਸਫ਼ਰ ਸ਼ੁਰੂ ਕਰਕੇ ਆਪਣੀ ਮਿਹਨਤ ਅਤੇ ਲਗਨ ਸਦਕਾ ਅੱਜ ਉਹ ਭਾਰਤ ਦੀ ਅੰਗਹੀਣ ਕ੍ਰਿਕਟ ਟੀਮ ਦਾ ਕਪਤਾਨ ਹੈ, ਇਹ ਹੈ ਦਿਨੇਸ਼ ਦੇ ਹੌਸਲੇ ਦੀ ਵੱਡੀ ਉਡਾਨ। ਹਰਿਆਣਾ ਪ੍ਰਾਂਤ ਦੇ ਜ਼ਿਲ੍ਹਾ ਸੋਨੀਪਤ ਦੇ ਪਿੰਡ ਵਲੀ ਕੁਤਬਪੁਰ ਨਿਵਾਸੀ ਦਿਨੇਸ਼ ਕੁਮਾਰ ਸੈਨ ਦਾ ਜਨਮ 31 ਜੁਲਾਈ, 1985 ਨੂੰ ਪਿਤਾ ਇੰਦਰ ਸੈਨ ਪੰਵਾਰ ਦੇ ਘਰ ਮਾਤਾ ਵਿੱਦਿਆ ਦੇਵੀ ਦੀ ਕੁੱਖੋਂ ਹੋਇਆ। ਦਿਨੇਸ਼ ਬਚਪਨ ਤੋਂ ਹੀ ਇਕ ਲੱਤ ਤੋਂ ਪੋਲੀਓਗ੍ਰਸਤ ਹੋਣ ਕਰਕੇ ਇਕ ਪੈਰ ਤੋਂ ਅਪਾਹਜ ਹੈ ਅਤੇ ਲੰਗੜਾਅ ਕੇ ਤੁਰਦਾ ਹੈ ਪਰ ਬਚਪਨ ਤੋਂ ਹੀ ਕ੍ਰਿਕਟ ਦੇ ਬੇਹੱਦ ਜਨੂਨ ਅੱਗੇ ਦਿਨੇਸ਼ ਦੀ ਅਪਾਹਜਤਾ ਵੀ ਅੜਿੱਕਾ ਨਾ ਬਣੀ। ਬਾਪ ਇੰਦਰ ਸੈਨ ਨੇ ਬੇਟੇ ਅੰਦਰ ਕ੍ਰਿਕਟ ਖੇਡਣ ਦੀ ਅਥਾਹ ਭਾਵਨਾ ਵੇਖੀ ਤਾਂ ਬਾਪ ਦੀ ਵਡਿਆਈ ਨੇ ਵੀ ਦਿਨੇਸ਼ ਅੰਦਰ ਹੌਸਲੇ ਦੀ ਇਕ ਹੋਰ ਚਿਣਗ ਜਗਾ ਦਿੱਤੀ।
ਇਥੇ ਹੀ ਬਸ ਨਹੀਂ, ਤਾਏ ਈਸ਼ਵਰ ਸੈਨ ਨੇ ਵੀ ਦਿਨੇਸ਼ ਨੂੰ ਹੋਰ ਥਾਪੜਾ ਦੇ ਦਿੱਤਾ ਅਤੇ ਅੱਜ ਕ੍ਰਿਕਟ ਦੀ ਖੇਡ ਵਿਚ ਦਿਨੇਸ਼ ਜਿਸ ਮੁਕਾਮ 'ਤੇ ਪਹੁੰਚਿਆ ਹੈ, ਉਹ ਪਰਿਵਾਰ ਵਲੋਂ ਮਿਲੇ ਸਹਿਯੋਗ ਸਦਕਾ ਹੀ ਸੰਭਵ ਹੋ ਸਕਿਆ ਹੈ। ਇਹ ਗੱਲ ਖੁਦ ਦਿਨੇਸ਼ ਵੀ ਮੰਨਦਾ ਹੈ। ਚਾਹੇ ਅੱਤ ਦੀ ਗਰਮੀ ਹੋਵੇ ਜਾਂ ਠੰਢ ਪਰ ਦਿਨੇਸ਼ ਖੇਡ ਦੇ ਮੈਦਾਨ ਵਿਚ ਜੀਅ ਤੋੜ ਮਿਹਨਤ ਕਰਦਾ ਗਿਆ। ਦਿਨੇਸ਼ ਨੇ ਸਾਲ 2003 ਵਿਚ ਇਕ ਕ੍ਰਿਕਟ ਖਿਡਾਰੀ ਵਜੋਂ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ ਤੇ ਫਿਰ ਪਿੱਛੇ ਮੁੜ ਕੇ ਨਹੀਂ ਵੇਖਿਆ। ਸ਼ੁਰੂਆਤੀ ਦੌਰ ਵਿਚ ਉਹ ਹਰਿਆਣਾ ਦੀ ਅੰਗਹੀਣ ਕ੍ਰਿਕਟ ਟੀਮ ਵਿਚ ਖੇਡਣ ਲੱਗਿਆ ਅਤੇ ਬਿਹਾਰ ਵਿਚ ਹੋਏ ਇੰਟਰ ਸਟੇਟ ਕ੍ਰਿਕਟ ਮੁਕਾਬਲਿਆਂ ਵਿਚ ਦਿਨੇਸ਼ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਲਗਾਤਾਰ ਹੀ ਦਿਨੇਸ਼ ਵਲੋਂ ਕੀਤੇ ਜਾਂਦੇ ਸ਼ਾਨਦਾਰ ਪ੍ਰਦਰਸ਼ਨ ਸਦਕਾ ਆਖਰ ਹਰਿਆਣਾ ਦੀ ਕ੍ਰਿਕਟ ਟੀਮ ਦੀ ਕਪਤਾਨੀ ਦਾ ਤਾਜ ਵੀ ਦਿਨੇਸ਼ ਦੇ ਸਿਰ ਆ ਸਜਿਆ। ਦਿਨੇਸ਼ ਲਈ ਖੁਸ਼ੀ ਉਸ ਸਮੇਂ ਹੋਰ ਦੁੱਗਣੀ ਹੋ ਗਈ, ਜਦੋਂ ਉਸ ਦੀ ਚੋਣ ਭਾਰਤ ਦੀ ਅੰਗਹੀਣ ਕ੍ਰਿਕਟ ਟੀਮ ਵਿਚ ਹੋ ਗਈ ਅਤੇ ਦਿਨੇਸ਼ ਅੱਜ ਭਾਰਤ ਦੀ ਕ੍ਰਿਕਟ ਟੀਮ ਦਾ ਕਪਤਾਨ ਹੈ। ਦਿਨੇਸ਼ ਨੇ ਫ਼ਾਸਟ ਬੌਲਰ ਵਜੋਂ ਖੇਡਦਿਆਂ ਬਤੌਰ ਕਪਤਾਨ ਆਪਣੀ ਟੀਮ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮੈਚਾਂ ਵਿਚ ਅਨੇਕ ਜਿੱਤਾਂ ਹਾਸਲ ਕਰਵਾਈਆਂ।
ਦਿਨੇਸ਼ ਕੁਮਾਰ ਸੈਨ ਆਪਣੀ ਟੀਮ ਸਮੇਤ ਬੰਗਲਾਦੇਸ਼, ਅਫਗਾਨਿਸਤਾਨ, ਪਾਕਿਸਤਾਨ ਅਤੇ ਇੰਗਲੈਂਡ ਦੀਆਂ ਟੀਮਾਂ ਨਾਲ ਅਨੇਕ ਮੈਚ ਖੇਡ ਚੁੱਕਾ ਹੈ ਅਤੇ ਹੁਣ ਉਸ ਦੀਆਂ ਨਜ਼ਰਾਂ 2019 ਵਿਚ ਇੰਗਲੈਂਡ ਵਿਚ ਹੋਣ ਵਾਲੇ ਵਿਸ਼ਵ ਕੱਪ 'ਤੇ ਟਿਕੀਆਂ ਹੋਈਆਂ ਹਨ ਅਤੇ ਉਹ ਵਰਲਡ ਕੱਪ ਉੱਪਰ ਆਪਣਾ ਕਬਜ਼ਾ ਜਮਾਉਣ ਲਈ ਜਾਹੋ ਜਲਾਲ ਨਾਲ ਤਿਆਰੀ ਵਿਚ ਲੱਗਾ ਹੋਇਆ। ਐਨਾ ਖੇਡਣ ਦੇ ਬਾਵਜੂਦ ਵੀ ਦਿਨੇਸ਼ ਅਫ਼ਸੋਸ ਨਾਲ ਆਖਦਾ ਹੈ ਕਿ ਕੇਂਦਰ ਸਰਕਾਰ ਖਿਡਾਰੀਆਂ ਨੂੰ ਚੰਗੀਆਂ ਸਹੂਲਤਾਂ ਦੇਣ ਦੇ ਜੋ ਦਾਅਵੇ ਕਰਦੀ ਹੈ, ਉਸ ਦੀ ਹਕੀਕਤ ਇਹ ਹੈ ਕਿ ਅੰਤਰਰਾਸ਼ਟਰੀ ਪੱਧਰ 'ਤੇ ਸਰਕਾਰ ਅਪਾਹਜ ਖਿਡਾਰੀਆਂ ਲਈ ਕੁਝ ਨਹੀਂ ਕਰ ਰਹੀ ਅਤੇ ਜੇਕਰ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਕੋਲ ਜਾ ਕੇ ਆਪਣਾ ਹੱਕ ਮੰਗਦੇ ਹਾਂ ਤਾਂ ਉਹ ਕੇਂਦਰ ਸਰਕਾਰ ਕੋਲ ਭੇਜ ਦਿੰਦੇ ਹਨ ਅਤੇ ਅਸੀਂ ਅਪਾਹਜ ਖਿਡਾਰੀ ਉਨ੍ਹਾਂ ਦੋਵਾਂ ਵਿਚਕਾਰ ਪਿਸਦੇ ਆ ਰਹੇ ਹਾਂ, ਜਦਕਿ ਅਸੀਂ ਵੀ ਦੇਸ਼ ਦੇ ਦੂਸਰੇ ਖਿਡਾਰੀਆਂ ਵਾਂਗ ਦੇਸ਼ ਲਈ ਖੇਡ ਕੇ ਦੇਸ਼ ਦਾ ਨਾਂਅ ਚਮਕਾ ਰਹੇ ਹਾਂ। ਦਿਨੇਸ਼ ਕੁਮਾਰ ਹਮੇਸ਼ਾ ਰਿਣੀ ਰਹਿੰਦਾ ਹੈ ਆਪਣੇ ਗੁਰੂ ਸੰਜੇ ਭਾਰਦਵਾਜ, ਕੋਚ ਲਾਲ ਬਹਾਦਰ ਸ਼ਾਸਤਰੀ ਕਲੱਬ ਦਿੱਲੀ ਦਾ ਜਿਨ੍ਹਾਂ ਦੀ ਯੋਗ ਰਹਿਨੁਮਾਈ ਸਦਕਾ ਹੀ ਉਹ ਕ੍ਰਿਕਟ ਜਗਤ ਵਿਚ ਮੰਜ਼ਿਲਾਂ ਸਰ ਕਰ ਰਿਹਾ ਹੈ।


ਮੋਗਾ। ਮੋਬਾ: 98551-14484

2017 ਦੀ ਕਬੱਡੀ ਦੇ ਅੰਗ-ਸੰਗ

ਹਿੰਦੁਸਤਾਨ ਵਿਚ ਕਬੱਡੀ ਦੀ ਖੇਡ 'ਤੇ ਛਾਇਆ ਰਿਹਾ ਕਾਲਾ ਪ੍ਰਛਾਵਾਂ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਕਬੱਡੀ ਨੂੰ ਸਦਮੇ
ਸਾਲ 2017 ਵਿਚ ਕਬੱਡੀ ਖੇਡ ਜਗਤ ਦਾ ਧਾਵੀ ਤੇਜੀ ਨਿਜਾਮਪੁਰ, ਸੀਰਾ ਹਠੂਰ, ਟਾਈਗਰ ਸਾਂਦਰਾ, ਜੈੱਟ ਬਾਸੀ, ਰੱਤੂ ਟਿੱਬਾ, ਖੇਡ ਪ੍ਰਮੋਟਰ ਮੇਜਰ ਸਮਰਾ, ਅਮਰਜੀਤ ਸਿੰਘ ਬਾਊ ਵਿਰਕ, ਖੇਡ ਸੰਚਾਲਕ ਗੁਰਦੀਪ ਸਿੰਘ ਮੱਲ੍ਹੀ ਤੇ ਮੰਚ ਸੰਚਾਲਕ ਪ੍ਰੇਮ ਸਿੰਘ ਪ੍ਰੇਮੀ ਬਡਬਰ ਸਦੀਵੀ ਵਿਛੋੜਾ ਦੇ ਗਏ।
ਇੰਗਲੈਂਡ ਵਿਚ ਕਬੱਡੀ
ਪਿਛਲੇ ਕਈ ਸਾਲਾਂ ਤੋਂ ਆਪਸੀ ਖਹਿਬਾਜ਼ੀ ਦਾ ਸ਼ਿਕਾਰ ਹੋਈ ਯੂ.ਕੇ. ਦੀ ਕਬੱਡੀ ਨੂੰ ਇਸ ਸਾਲ ਦੁਬਾਰਾ ਬੂਰ ਪਿਆ, ਜਿਸ ਵਿਚ ਚੜ੍ਹਦੇ-ਲਹਿੰਦੇ ਪੰਜਾਬ ਦੇ ਖਿਡਾਰੀ ਖੇਡਦੇ ਨਜ਼ਰ ਆਏ।
ਯੂਰਪ ਤੇ ਅਮਰੀਕਾ ਦੀ ਕਬੱਡੀ
ਹੋਰਨਾਂ ਦੇਸ਼ਾਂ ਵਾਂਗ ਯੂਰਪ ਤੇ ਯੂ.ਐਸ.ਏ. ਵਿਚ ਵੀ ਕਬੱਡੀ ਦੀ ਧਮਾਲ ਦੇਖਣ ਨੂੰ ਮਿਲੀ। ਯੂਰਪ ਦੀ ਕਬੱਡੀ ਵਿਚ ਦੀਪਾ ਖਾਈ ਬੈਸਟ ਰੇਡਰ ਤੇ ਕੁਲਦੀਪ ਸ਼ਿਕਾਰ ਮਾਛੀਆਂ ਬੈਸਟ ਜਾਫੀ ਬਣੇ। ਅਮਰੀਕਾ ਵਿਚ ਨਵੀਂ ਬਣੀ ਟਰੰਪ ਸਰਕਾਰ ਨੇ ਕਬੱਡੀ ਵਾਲਿਆਂ ਨੂੰ ਕੁਝ ਨਿਰਾਸ਼ ਕਰ ਦਿੱਤਾ। ਇਸ ਸਾਲ ਜਿੱਥੇ ਅਮਰੀਕਾ ਜਾਣ ਦੇ ਚਾਹਵਾਨ ਨਵੇਂ ਖਿਡਾਰੀਆਂ ਨੂੰ ਵੀਜ਼ੇ ਨਹੀਂ ਮਿਲੇ, ਉੱਥੇ ਪਹਿਲਾਂ ਤੋਂ ਸਫ਼ਰ ਕਰ ਰਹੇ ਕੁਝ ਖਿਡਾਰੀਆਂ ਦੇ ਵੀਜ਼ੇ ਵੀ ਰੱਦ ਕਰ ਦਿੱਤੇ।
ਕੈਨੇਡਾ ਵਿਚ ਕਬੱਡੀ
ਪੰਜਾਬੀਆਂ ਦੀ ਖੇਡ ਕਬੱਡੀ ਨੂੰ ਸਭ ਤੋਂ ਵੱਧ ਅਮੀਰੀ ਬਖਸ਼ਣ ਵਾਲਾ ਮੁਲਕ ਕੈਨੇਡਾ ਤੇ ਇਸ ਦੇ ਖੇਡ ਪ੍ਰਬੰਧਕ ਧੜੇਬੰਦੀ ਦਾ ਸ਼ਿਕਾਰ ਹਨ। ਇਸ ਸਾਲ ਓਂਟਾਰੀਓ ਦੀ ਖੇਡ ਫੈਡਰੇਸ਼ਨ ਜਿੱਥੇ ਇਕੱਠੀ ਹੋਈ ਦਿਖਾਈ ਦਿੱਤੀ, ਉੱਥੇ ਬੀ.ਸੀ. ਵਿਚ ਇਕੋ ਸਮੇਂ ਤਿੰਨ ਫੈਡਰੇਸ਼ਨਾਂ ਦੇ ਮੈਚ ਵੀ ਹੋਏ, ਜਿਸ ਨੇ ਜਿੱਥੇ ਦਰਸ਼ਕਾਂ ਦੀ ਦਿਲਚਸਪੀ ਘਟਾ ਦਿੱਤੀ, ਉੱਥੇ ਕਬੱਡੀ ਖਿਡਾਰੀਆਂ ਦੇ ਮੁਕਾਬਲਿਆਂ ਨੂੰ ਵੀ ਪ੍ਰਭਾਵਿਤ ਕੀਤਾ।
ਲੜਕੀਆਂ ਦੀ ਕਬੱਡੀ
ਵਰਲਡ ਕੱਪ ਤੋਂ ਬਾਅਦ ਨਵੰਬਰ ਮਹੀਨੇ ਵਿਚ ਇਸ ਸਾਲ ਮਨੀਲਾ (ਫਿਲਪਾਈਨਜ਼) ਵਿਚ ਲੜਕੀਆਂ ਦਾ ਅੰਤਰਰਾਸ਼ਟਰੀ ਕਬੱਡੀ ਕੱਪ ਖੇਡਿਆ ਗਿਆ, ਜਿਸ ਵਿਚ ਭਾਰਤ ਜੇਤੂ ਰਿਹਾ। ਇਸ ਟੂਰਨਾਮੈਂਟ ਵਿਚ ਵਿਸ਼ਵ ਕੱਪ ਦੀਆਂ ਚੈਂਪੀਅਨ ਖਿਡਾਰਨਾਂ ਨੇ ਭਾਗ ਲਿਆ। ਯੂ.ਐਸ.ਏ. ਟੀਮ ਦੀ ਕਪਤਾਨ ਗੁਰਅੰਮ੍ਰਿਤ ਹਰੀ ਖ਼ਾਲਸਾ ਨੂੰ ਲਖਬੀਰ ਸਹੋਤਾ ਨੇ ਸੋਨ ਤਗਮਾ ਪਾ ਕੇ ਸਨਮਾਨਿਤ ਕੀਤਾ। ਉੱਥੇ ਭਾਰਤ ਦੀ ਵਿਸ਼ਵ ਕੱਪ ਜੇਤੂ ਖਿਡਾਰਨ ਰਣਦੀਪ ਕੌਰ ਯੂ.ਐਸ.ਏ. ਵਿਖੇ ਹੋਈਆਂ ਪੁਲਿਸ ਖੇਡਾਂ 'ਚ ਕੁਸ਼ਤੀ 'ਚ ਸੋਨ ਤਗਮਾ ਜਿੱਤਣ ਵਿਚ ਕਾਮਯਾਬ ਹੋਈ।
ਨਵੀਆਂ ਅਕੈਡਮੀਆਂ ਦਾ ਆਗਮਨ
ਇਸ ਸਾਲ ਕਈ ਨਵੀਆਂ ਟੀਮਾਂ ਦਾ ਕਬੱਡੀ ਦਾ ਆਗਮਨ ਹੋਇਆ, ਜਿਨ੍ਹਾਂ ਵਿਚ ਆਜ਼ਾਦ ਐਡਮਿੰਟਨ ਕਲੱਬ ਘੱਲ ਕਲਾਂ, ਸ਼ਹੀਦ ਭਗਤ ਸਿੰਘ ਕਲੱਬ ਸਰਹਾਲਾ ਰਾਣੂੰਆਂ, ਬਾਬਾ ਨੰਦ ਸਿੰਘ ਕਲੱਬ ਨਾਨਕਸਰ ਕਲੇਰਾਂ, ਬਾਬਾ ਫੱਲੂ ਪੀਰ ਕਲੱਬ ਰੌਣੀ, ਬਾਬਾ ਸੁਖਚੈਨ ਸਾਹਿਬ ਕਲੱਬ ਫਗਵਾੜਾ, ਸ਼ਹੀਦ ਜਸਵੰਤ ਸਿੰਘ ਖਾਲੜਾ ਅਕੈਡਮੀ, ਕੈਲੇਫੋਰਨੀਆ ਈਗਲ ਕਲੱਬ ਮਾਣੂੰਕੇ, ਚੰਦਰ ਸ਼ੇਖਰ ਆਜ਼ਾਦ ਕਲੱਬ ਹਰਿਆਣਾ ਆਦਿ ਨਵੀਆਂ ਟੀਮਾਂ ਦਾ ਆਗਮਨ ਹੋਇਆ ਹੈ। ਇਨ੍ਹਾਂ ਟੀਮਾਂ ਨੇ ਬਹੁਤ ਸਾਰੇ ਕਬੱਡੀ ਸਟਾਰ ਖਿਡਾਰੀਆਂ ਨੂੰ ਵੱਖ-ਵੱਖ ਟੀਮਾਂ 'ਚੋਂ ਲਿਆ ਕੇ ਇਨ੍ਹਾਂ ਟੀਮਾਂ ਵਿਚ ਖੜ੍ਹੇ ਕਰ ਦਿੱਤਾ ਹੈ, ਜਿਸ ਨਾਲ ਦੋਵੇਂ ਫੈਡਰੇਸ਼ਨਾਂ ਕੋਲ ਕਬੱਡੀ ਕੱਪਾਂ ਦੀ ਗਿਣਤੀ ਵਧੀ ਹੈ।
ਪਿੰਡਾਂ ਵਿਚਲੀ ਕਬੱਡੀ ਤੋਂ
ਲੋਕ ਹੋਏ ਨਿਰਾਸ਼
ਪੰਜਾਬ ਦੇ ਪਿੰਡਾਂ ਵਿਚ ਸਰਕਲ ਸਟਾਈਲ ਕਬੱਡੀ ਦਾ ਬਜਟ ਭਾਵੇਂ ਲੱਖਾਂ 'ਚ ਪੁੱਜ ਗਿਆ ਹੈ ਪਰ ਅਨੁਸ਼ਾਸਨ ਤੇ ਮਿਆਰੀ ਪ੍ਰਬੰਧ ਨਾ ਹੋਣ ਕਾਰਨ ਜਿੱਥੇ ਕਬੱਡੀ ਕਰਾਉਣ ਵਾਲੇ ਔਖੇ ਨਜ਼ਰ ਆਏ, ਉੱਥੇ ਦਰਸ਼ਕਾਂ ਵਿਚ ਨਿਰਾਸ਼ਾ ਦਾ ਆਲਮ ਦੇਖਣ ਨੂੰ ਮਿਲਿਆ, ਜਿਸ ਕਾਰਨ ਪਿੰਡਾਂ ਵਿਚਲੇ ਟੂਰਨਾਮੈਂਟਾ 'ਤੇ ਇਸ ਸਾਲ ਦਰਸ਼ਕਾਂ ਦੀ ਗਿਣਤੀ ਘਟਦੀ ਨਜ਼ਰ ਆਈ। ਕਬੱਡੀ ਦੇ ਕੋਈ ਠੋਸ ਨਿਯਮ ਨਾ ਹੋਣ ਕਾਰਨ ਹਰ ਕੋਈ ਕਬੱਡੀ ਨੂੰ ਆਪੋ-ਧਾਪੀ ਖਿੱਚੀ ਫਿਰਦਾ ਹੈ, ਜਿਸ ਕਰਕੇ ਕਬੱਡੀ ਦਾ ਅੰਦਰੂਨੀ ਪ੍ਰਬੰਧ ਵਿਗੜਦਾ ਜਾ ਰਿਹਾ ਹੈ। ਲੋੜ ਹੈ ਇਸ ਖੇਡ ਦੇ ਸੰਚਾਲਕਾਂ ਨੂੰ ਇਕ ਚੰਗਾ ਖਰੜਾ ਤਿਆਰ ਕਰਨ ਦੀ।
(ਸਮਾਪਤ)


-ਕਬੱਡੀ ਕੁਮੈਂਟੇਟਰ। ਮੋਬਾ: 98724-59691


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX