ਤਾਜਾ ਖ਼ਬਰਾਂ


25 ਤੱਕ ਕਲਮ ਛੋੜ ਹੜਤਾਲ ਤੇ ਤਹਿਸੀਲ ਕਰਮਚਾਰੀ
. . .  2 minutes ago
ਖਮਾਣੋਂ, 20 ਫ਼ਰਵਰੀ (ਪਰਮਵੀਰ ਸਿੰਘ) - ਪੀ. ਐਮ. ਐਸ. ਯੂ ਪੰਜਾਬ ਦੇ ਸੱਦੇ ਤੇ ਤਹਿਸੀਲ ਕਰਮਚਾਰੀ 25 ਫ਼ਰਵਰੀ ਤੱਕ ਕਲਮ ਛੋੜ ਹਡ਼ਤਾਲ ਤੇ ਚਲੇ ਗਏ ਹਨ। ਮੰਗਾ ਨੂੰ ਲੈਕੇ...
ਪੰਜਾਬ ਦੇ ਨੌਜਵਾਨ ਵਿਰੋਧੀ ਬਜਟ ਦੀ ਪੋਲ ਖੋਲ੍ਹੇਗਾ 'ਆਪ' ਦਾ ਯੂਥ ਵਿੰਗ
. . .  14 minutes ago
ਸੰਗਰੂਰ, 20 ਫਰਵਰੀ (ਧੀਰਜ ਪਸ਼ੋਰੀਆ)- ਆਮ ਆਦਮੀ ਪਾਰਟੀ ਦੇ ਯੂਥ ਵਿੰਗ ਦੀ ਬੁਲਾਰੀ ਨਰਿੰਦਰ ਕੌਰ ਭਰਾਜ ਨੇ ਕਿਹਾ ਕਿ ਯੂਥ ਵਿੰਗ, ਪੰਜਾਬ ਦੇ ਪਿੰਡ-ਪਿੰਡ ਜਾ ਕੇ ਪੰਜਾਬ ਸਰਕਾਰ ਦੇ 2019-20 ਦੇ ਨੌਜਵਾਨ ਵਿਰੋਧੀ ਬਜਟ ਦੀ ਪੋਲ .....
7 ਮਾਰਚ ਨੂੰ ਮੁੱਖ ਮੰਤਰੀ ਪੰਜਾਬ ਨੂੰ ਪੰਜ ਸੌ ਆਵਾਰਾ ਡੰਗਰ ਅਤੇ ਦੋ ਸੌ ਕੁੱਤੇ ਪੇਸ਼ ਕੀਤੇ ਜਾਣਗੇ- ਲੱਖੋਵਾਲ
. . .  30 minutes ago
ਚੰਡੀਗੜ੍ਹ, 20 ਫਰਵਰੀ (ਅਜਾਇਬ ਸਿੰਘ ਔਜਲਾ)- ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੀ ਕਿਸਾਨਾਂ ਲਈ ਮਾਰੂ ਨੀਤੀ ਵਿਰੁੱਧ ਅੱਜ ਕਿਸਾਨ ਭਵਨ ਵਿਖੇ ਭਾਰਤੀ ਕਿਸਾਨ ਯੂਨੀਅਨ ਪੰਜਾਬ ਲੱਖੋਵਾਲ ਦੇ ਪ੍ਰਧਾਨ ਸਰਦਾਰ ਅਜਮੇਰ ਸਿੰਘ ਲੱਖੋਵਾਲ ਦੀ ਅਗਵਾਈ ਹੇਠ
ਪੌਂਟੀ ਚੱਢਾ ਦੇ ਭਤੀਜੇ ਦੀ ਜ਼ਮਾਨਤ ਅਰਜ਼ੀ ਖ਼ਾਰਜ
. . .  35 minutes ago
ਨਵੀਂ ਦਿੱਲੀ, 20 ਫਰਵਰੀ - ਪਟਿਆਲਾ ਹਾਊਸ ਕੋਰਟ ਨੇ ਪੌਂਟੀ ਚੱਢਾ ਦੇ ਭਤੀਜੇ ਆਸ਼ੀਸ਼ ਚੱਡਾ ਦੀ ਜ਼ਮਾਨਤ ਅਰਜ਼ੀ ਖ਼ਾਰਜ ਕਰ ਦਿੱਤੀ ਹੈ, ਜਿਸ ਨੂੰ ਕਿ 18 ਫਰਵਰੀ ਨੂੰ ਸੜਕ ਹਾਦਸਾ ਕਰਨ...
ਸੰਗਰੂਰ ਦੇ ਵਕੀਲਾਂ ਨੇ ਚੋਣ ਮੈਨੀਫੈਸਟੋ ਲਈ ਮੋਦੀ ਨੂੰ ਭੇਜੇ ਸੁਝਾਅ
. . .  43 minutes ago
ਸੰਗਰੂਰ, 20 ਫਰਵਰੀ (ਧੀਰਜ ਪਸ਼ੋਰੀਆ)- ਜ਼ਿਲ੍ਹਾ ਬਾਰ ਐਸੋਸੀਏਸ਼ਨ ਸੰਗਰੂਰ ਦੇ ਕਈ ਵਕੀਲਾਂ ਨੇ ਅੱਜ ਸਾਬਕਾ ਪ੍ਰਧਾਨ ਗੁਰਬਿੰਦਰ ਸਿੰਘ ਚੀਮਾ ਦੀ ਅਗਵਾਈ 'ਚ 2019 ਦੀਆਂ ਲੋਕ ਸਭਾ ਚੋਣਾਂ ਲਈ ਮੈਨੀਫੈਸਟੋ ਬਣਾਉਣ ਲਈ ਸੁਝਾਅ ਭੇਜੇ ਹਨ। ਵਕੀਲਾਂ ਦੇ ਦੇਸ਼ ....
ਰਾਫੇਲ 'ਚ ਕੋਈ ਘੋਟਾਲਾ ਨਹੀ ਹੋਇਆ - ਡਸਾਲਟ ਸੀ.ਈ.ਓ
. . .  49 minutes ago
ਨਵੀਂ ਦਿੱਲੀ, 20 ਫਰਵਰੀ - ਡਸਾਲਟ ਏਵੀਅਸ਼ਨ ਦੇ ਸੀ.ਈ.ਓ ਐਰਿਕ ਟ੍ਰੈਪਿਅਰ ਦਾ ਕਹਿਣਾ ਹੈ ਕਿ ਰਾਫੇਲ 'ਚ ਕੋਈ ਘੋਟਾਲਾ ਨਹੀ ਹੋਇਆ। ਭਾਰਤ ਨੇ 36 ਜਹਾਜਾਂ ਦੀ ਬੇਨਤੀ ਕੀਤੀ...
ਜੈਪੁਰ ਜੇਲ੍ਹ 'ਚ ਕੈਦੀਆਂ ਵੱਲੋਂ ਪਾਕਿਸਤਾਨੀ ਕੈਦੀ ਦਾ ਕਤਲ
. . .  about 1 hour ago
ਜੈਪੁਰ, 20 ਫਰਵਰੀ - ਜੈਪੁਰ ਦੀ ਕੇਂਦਰੀ ਜੇਲ੍ਹ 'ਚ ਸ਼ਕਰ ਉੱਪe ਨਾਂਅ ਦੇ ਇੱਕ ਪਾਕਿਸਤਾਨੀ ਕੈਦੀ ਦੀ ਮੌਤ ਹੋ ਗਈ। ਇਸ ਸਬੰਧੀ ਆਈ.ਜੀ ਜੇਲ੍ਹ ਰੁਪਿੰਦਰ ਸਿੰਘ ਨੇ ਦੱਸਿਆ ਕਿ...
ਵਿੱਤੀ ਤੌਰ 'ਤੇ ਮਜ਼ਬੂਤ ਹੋਣ 'ਤੇ ਮੁਲਾਜ਼ਮਾਂ ਸਮੇਤ ਹਰ ਵਰਗ ਦੀਆਂ ਮੰਗਾ ਕੀਤੀਆਂ ਜਾਣਗੀਆਂ ਪੂਰੀਆਂ - ਕੈਪਟਨ
. . .  about 1 hour ago
ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦੇ ਲਈ ਪਾਸਪੋਰਟ ਦੀ ਜ਼ਰੂਰਤ ਨਹੀਂ - ਕੈਪਟਨ
. . .  56 minutes ago
ਚੰਡੀਗੜ੍ਹ, 20 ਫਰਵਰੀ (ਵਿਕਰਮਜੀਤ ਸਿੰਘ ਮਾਨ)- ਪੰਜਾਬ ਵਿਧਾਨ ਸਭਾ 'ਚ ਬਜਟ ਇਜਲਾਸ ਦੌਰਾਨ ਬੋਲਦਿਆਂ ਮੁੱਕ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦੇ ਲਈ ਜਿੱਥੇ ਪਾਸਪੋਰਟ ਦੀ ਜ਼ਰੂਰਤ ਨਹੀਂ ਹੈ ਉੱਥੇ ਹੀ ਵੀਜ਼ਾ ਦੀ ....
ਪਾਕਿਸਤਾਨੀ ਨਿਸ਼ਾਨੇਬਾਜ਼ ਲੈਣਗੇ ਵਿਸ਼ਵ ਸ਼ੂਟਿੰਗ ਕੱਪ 'ਚ ਹਿੱਸਾ
. . .  about 1 hour ago
ਨਵੀਂ ਦਿੱਲੀ, 20 ਫਰਵਰੀ - ਨੈਸ਼ਨਲ ਰਾਈਫ਼ਲ ਐਸੋਸੀਏਸ਼ਨ ਦੇ ਜਨਰਲ ਸਕੱਤਰ ਨੇ ਪਾਕਿਸਤਾਨ ਦੇ ਭਾਰਤ 'ਚ ਹੋਣ ਵਾਲੇ ਸ਼ੂਟਿੰਗ ਵਿਸ਼ਵ ਕੱਪ 'ਚ ਹਿੱਸਾ ਲੈਣ ਸਬੰਧੀ ਬੋਲਦਿਆਂ...
ਹੋਰ ਖ਼ਬਰਾਂ..

ਬਾਲ ਸੰਸਾਰ

ਬੱਚਿਆਂ ਦੇ ਪ੍ਰਸਿੱਧ ਕਾਰਟੂਨ ਚਰਿੱਤਰ-14: ਚਾਚਾ ਚੌਧਰੀ

ਚਾਚਾ ਚੌਧਰੀ ਪ੍ਰਸਿੱਧ ਕਾਰਟੂਨ ਪਾਤਰਾਂ ਵਿਚੋਂ ਇਕ ਹੈ, ਜਿਸ ਨੂੰ ਕਾਰਟੂਨਿਸਟ ਪਦਮਸ੍ਰੀ ਪ੍ਰਾਣ ਨੇ 1970 ਵਿਚ ਬਾਲ ਰਸਾਲੇ 'ਲੋਟਪੋਟ' ਲਈ ਘੜਿਆ ਸੀ। 'ਚਾਚਾ ਚੌਧਰੀ' ਦੀ ਰਚਨਾ ਬਾਰੇ ਪ੍ਰਾਣ ਦਾ ਕਹਿਣਾ ਹੈ ਕਿ ਕਸੂਰ (ਪਾਕਿਸਤਾਨ) ਵਿਚ ਰਹਿੰਦਿਆਂ ਉਹ ਬਚਪਨ ਵਿਚ ਇਕ ਅਜਿਹਾ ਪੜ੍ਹਿਆ-ਲਿਖਿਆ ਪਰ ਦੇਖਣ ਵਿਚ ਸਾਧਾਰਨ ਆਦਮੀ ਵੇਖਦੇ ਸਨ, ਜਿਹੜਾ ਆਪਣੀ ਸੂਝ-ਬੂਝ ਨਾਲ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਦਾ ਸੀ। ਉਸੇ ਵਿਅਕਤੀ ਦੇ ਰੂਪ ਵਿਚ ਹੀ ਉਸ ਨੇ 'ਚਾਚਾ ਚੌਧਰੀ' ਨੂੰ ਆਪਣੀ ਕਲਪਨਾ ਸ਼ਕਤੀ ਨਾਲ ਪੇਸ਼ ਕੀਤਾ। ਚਾਚਾ ਚੌਧਰੀ ਬੜੀ ਸੂਝ-ਬੂਝ ਨਾਲ ਠੱਗਾਂ, ਚੋਰਾਂ ਅਤੇ ਬਦਮਾਸ਼ਾਂ ਨੂੰ ਸਬਕ ਸਿਖਾਉਂਦਾ ਹੈ। ਉਹ ਭੈੜੇ ਪਾਤਰਾਂ ਨੂੰ ਆਪਣੀ ਖ਼ਾਸ ਨੀਤੀ ਅਤੇ ਪੰਚਿਗ ਸਕਿੱਲ ਨਾਲ ਜੀਵਨ ਜਾਚ ਦੀ ਪ੍ਰੇਰਨਾ ਦਿੰਦਾ ਹੈ। ਪਹਿਲਾਂ ਇਹ ਪਾਤਰ ਧੋਤੀ-ਕੁੜਤਾ ਪਹਿਨਦਾ ਸੀ ਪਰ ਅੱਜਕਲ੍ਹ ਪੱਛਮੀ ਪ੍ਰਭਾਵ ਕਾਰਨ ਪੈਂਟ-ਕਮੀਜ਼ ਪਹਿਨਣ ਲੱਗ ਪਿਆ ਹੈ। ਛੋਟੇ ਕੱਦ ਵਾਲਾ ਇਹ ਕਾਰਟੂਨ ਪਾਤਰ ਪੂਰਾ ਰੋਅਬ ਜਮਾਉਂਦਾ ਹੈ। ਹੱਥ ਵਿਚ ਫੜੀ ਖੂੰਡੀ, ਟੌਰੇ ਵਾਲੀ ਲਾਲ ਰੰਗ ਦੀ ਪੱਗ, ਦੋ ਜੇਬਾਂ ਵਾਲੇ ਵੇਸਟਕੋਟ (ਜਾਕਟ), ਟਾਈ ਨਾਲ ਉਹ ਖ਼ੂਬ ਜਚਦਾ ਹੈ। ਉਸ ਦੇ ਖੜ੍ਹਨ ਅਤੇ ਗੱਲ ਕਰਨ ਦਾ ਅੰਦਾਜ਼ ਵੀ ਵੱਖਰਾ ਹੈ। ਉਸ ਦੀ ਪਤਨੀ ਬਿੰਨੀ ਚਾਚੀ ਅਤੇ ਉਸ ਦਾ ਵਫ਼ਾਦਾਰ ਕੁੱਤਾ ਰੌਕੇਟ ਉਸ ਨਾਲ ਅਕਸਰ ਵਿਖਾਈ ਦਿੰਦੇ ਹਨ। ਇਕ ਸਾਧਾਰਨ ਪਰ ਤੇਜ਼ ਦਿਮਾਗ਼ ਵਾਲੇ ਵਿਅਕਤੀ ਦੇ ਰੂਪ ਵਿਚ ਉਹ ਆਮ ਲੋਕਾਂ ਦੀਆਂ ਸਮੱਸਿਆਵਾਂ ਸੁਲਝਾਉਂਦਾ ਹੈ। ਜਿੱਥੇ ਕਈ ਵਾਰੀ ਅਕਲ ਨਾਲ ਮਸਲਾ ਹੱਲ ਨਹੀਂ ਹੁੰਦਾ, ਉਥੇ ਚਾਚਾ ਚੌਧਰੀ ਜੁਪੀਟਰ ਤੋਂ ਭਾਰੇ ਭਰਕਮ ਸਰੀਰ ਵਾਲੇ ਆਏ ਆਪਣੇ ਇਕ ਸਾਥੀ ਏਲੀਅਨ ਸਾਬੂ ਨੂੰ ਇਸ਼ਾਰਾ ਕਰਦਾ ਹੈ। ਸਮੱਸਿਆ ਪਲਾਂ ਵਿਚ ਹੱਲ ਹੋ ਜਾਂਦੀ ਹੈ। ਚਾਚਾ ਚੌਧਰੀ ਬਾਰੇ 260 ਕਿਸ਼ਤਾਂ ਸਬੰਧੀ ਨਿਰਦੇਸ਼ਕ ਮੋਹਿਤ ਝਾਅ ਦੁਆਰਾ ਇਕ ਸੀਰੀਅਲ ਦਾ ਵੀ ਨਿਰਮਾਣ ਕੀਤਾ ਗਿਆ ਸੀ, ਜਿਸ ਨੂੰ ਸਹਾਰਾ ਟੀ.ਵੀ. ਚੈਨਲ ਨੇ ਪੇਸ਼ ਕੀਤਾ ਸੀ। ਡਾਇਮੰਡ ਕਾਮਿਕਸ ਰਾਹੀਂ ਪ੍ਰਸਿੱਧੀ ਖੱਟਣ ਵਾਲੇ ਇਸ ਪਾਤਰ ਬਾਰੇ ਹੁਣ ਤੱਕ 10 ਮਿਲੀਅਨ ਤੋਂ ਵੱਧ ਕਾਮਿਕਸ ਵਿਕ ਚੁੱਕੇ ਹਨ।

-ਪੰਜਾਬੀ ਯੂਨੀਵਰਸਿਟੀ ਕੈਂਪਸ, ਪਟਿਆਲਾ।
ਮੋਬਾ: 98144-23703.


ਖ਼ਬਰ ਸ਼ੇਅਰ ਕਰੋ

ਬਾਲ ਕਹਾਣੀ: ਦੋਸਤੀ

ਇਕ ਪਿੰਡ ਵਿਚ ਦੋ ਪੱਕੇ ਮਿੱਤਰ ਰਹਿੰਦੇ ਸਨ, ਜਿਨ੍ਹਾਂ ਦਾ ਨਾਂਅ ਰਾਜੂ ਅਤੇ ਰਾਜਾ ਸੀ। ਦੋਵੇਂ ਘਰ ਤੋਂ ਬੜੇ ਗਰੀਬ ਸੀ। ਦੋਵੇਂ ਹੀ ਅਨਪੜ੍ਹ ਸਨ। ਰਾਜੂ ਕੋਲ ਤਾਂ ਥੋੜ੍ਹੀ-ਬਹੁਤ ਜ਼ਮੀਨ ਸੀ, ਜਿਸ ਤੋਂ ਉਸ ਦਾ ਗੁਜ਼ਾਰਾ ਹੋ ਜਾਂਦਾ ਸੀ ਪਰ ਰਾਜਾ ਦੇ ਘਰ ਦੇ ਹਾਲਾਤ ਬੜੇ ਮਾੜੇ ਸਨ। ਉਹ ਦਾਣੇ-ਦਾਣੇ ਤੋਂ ਮੁਥਾਜ ਸਨ। ਅਖੀਰ ਰਾਜਾ ਨੇ ਸ਼ਹਿਰ ਜਾਣ ਦਾ ਫੈਸਲਾ ਕਰ ਲਿਆ। ਉਹ ਸ਼ਹਿਰ ਪਹੁੰਚਿਆ ਤੇ ਉਥੇ ਪਹੁੰਚ ਕੇ ਕੰਮਕਾਜ ਦੀ ਤਲਾਸ਼ ਕਰਨ ਲੱਗ ਪਿਆ। ਪਰ ਅਨਪੜ੍ਹ ਹੋਣ ਕਰਕੇ ਉਹ ਕਿਤੇ ਨੌਕਰੀ ਨਹੀਂ ਕਰ ਸਕਦਾ ਸੀ, ਨਾ ਹੀ ਉਸ ਨੂੰ ਕਾਰੋਬਾਰ ਕਰਨ ਦਾ ਕੋਈ ਅਨੁਭਵ ਸੀ ਤੇ ਨਾ ਹੀ ਉਸ ਕੋਲ ਕੋਈ ਪੈਸਾ ਸੀ। ਉਹ ਨਸ਼ੇ ਵੇਚਣ ਵਾਲਿਆਂ ਦੇ ਨਾਲ ਰਲ ਗਿਆ, ਜਿਥੇ ਉਹ ਦਿਨਾਂ ਵਿਚ ਹੀ ਅਮੀਰ ਬਣ ਗਿਆ। ਇਕ ਦਿਨ ਉਸ ਦੀ ਮੁਲਾਕਾਤ ਆਪਣੇ ਮਾਲਕ ਦੀ ਬੇਟੀ ਨਾਲ ਹੋਈ, ਜਿਸ ਨਾਲ ਉਸ ਨੇ ਵਿਆਹ ਕਰਵਾ ਲਿਆ।
ਅਮੀਰ ਬਣਨ ਤੋਂ ਬਾਅਦ ਉਹ ਆਪਣੇ ਪਿੰਡ ਵਾਪਸ ਆ ਗਿਆ। ਉਥੇ ਸਾਰੇ ਬੜੇ ਖੁਸ਼ ਹੋਏ ਉਸ ਨੂੰ ਮਿਲ ਕੇ, ਕਿਉਂਕਿ ਉਸ ਨੇ ਆਪਣੇ ਪਿੰਡ ਕਿਸੇ ਨੂੰ ਵੀ ਨਹੀਂ ਸੀ ਦੱਸਿਆ ਕਿ ਉਹ ਗ਼ਲਤ ਕੰਮ ਕਰਕੇ ਅਮੀਰ ਬਣਿਆ ਹੈ। ਹੁਣ ਉਹ ਬੇਈਮਾਨ ਅਤੇ ਲਾਲਚੀ ਕਿਸਮ ਦਾ ਆਦਮੀ ਬਣ ਚੁੱਕਾ ਸੀ। ਉਸ ਨੇ ਆਪਣੇ ਪੁਰਾਣੇ ਮਿੱਤਰ ਰਾਜੂ ਦੀ ਜ਼ਮੀਨ ਆਪਣੇ ਨਾਂਅ ਕਰਵਾਉਣ ਦਾ ਸੋਚਿਆ। ਉਸ ਨੇ ਇਕ ਰਾਤ ਚਾਲ ਨਾਲ ਆਪਣੇ ਮਿੱਤਰ ਰਾਜੂ ਨੂੰ ਆਪਣੇ ਘਰ ਪਾਰਟੀ ਕਰਨ ਦੇ ਬਹਾਨੇ ਬੁਲਾਇਆ ਤੇ ਨਸ਼ੇ ਦੀ ਹਾਲਤ ਵਿਚ ਉਸ ਤੋਂ ਜ਼ਬਰਦਸਤੀ ਜ਼ਮੀਨ ਆਪਣੇ ਨਾਂਅ ਕਰਵਾ ਲਈ। ਅਗਲੇ ਦਿਨ ਜਦੋਂ ਰਾਜੂ ਖੇਤਾਂ ਵਿਚ ਗਿਆ ਤਾਂ ਰਾਜਾ ਉਥੇ ਆ ਕੇ ਉਸ ਨੂੰ ਖੇਤਾਂ ਵਿਚੋਂ ਕੱਢਣ ਲੱਗ ਪਿਆ। ਘਰ ਜਾ ਕੇ ਉਹ ਰੋਣ ਲੱਗ ਪਿਆ ਕਿ ਉਸ ਦੇ ਬਚਪਨ ਦੇ ਸਾਥੀ ਨੇ ਅੱਜ ਉਸ ਨਾਲ ਏਨਾ ਵੱਡਾ ਧੋਖਾ ਕੀਤਾ ਹੈ।
ਉਸੇ ਰਾਤ ਨੂੰ ਰਾਜਾ ਜਦ ਸ਼ਰਾਬ ਪੀਤੀ ਵਿਚ ਆਪਣੀ ਪਤਨੀ ਨਾਲ ਗੱਲ ਕਰ ਰਿਹਾ ਸੀ ਤਾਂ ਪਿੰਡ ਦੇ ਇਕ ਆਦਮੀ ਨੇ ਸੁਣ ਲਿਆ ਸੀ। ਰਾਜੇ ਨੇ ਰਾਜੂ ਨਾਲ ਧੋਖਾ ਕੀਤਾ ਸੀ। ਇਹ ਮਾਮਲਾ ਹੁਣ ਅਦਾਲਤ ਵਿਚ ਪਹੁੰਚਿਆ। ਉਥੇ ਸਾਰੇ ਪਿੰਡ ਵਾਲਿਆਂ ਨੇ ਰਾਜੂ ਦਾ ਸਾਥ ਦਿੱਤਾ ਤੇ ਜਿਸ ਆਦਮੀ ਨੇ ਰਾਜਾ ਦੀ ਸਾਰੀ ਗੱਲਬਾਤ ਸੁਣੀ, ਉਸ ਨੇ ਸਾਰੀ ਕਹਾਣੀ ਜੱਜ ਸਾਹਿਬ ਨੂੰ ਉਸੇ ਤਰ੍ਹਾਂ ਹੀ ਸੁਣਾ ਦਿੱਤੀ। ਅੰਤ ਵਿਚ ਅਦਾਲਤ ਨੇ ਫੈਸਲਾ ਦਿੱਤਾ ਤੇ ਰਾਜੂ ਨੂੰ ਉਸ ਦੀ ਜ਼ਮੀਨ ਵਾਪਸ ਮਿਲ ਗਈ। ਰਾਜੇ ਨੂੰ ਧੋਖਾਧੜੀ ਦੇ ਕੇਸ ਵਿਚ ਸਜ਼ਾ ਸੁਣਾਈ ਗਈ। ਪੁਲਿਸ ਪੁੱਛਗਿੱਛ ਤੋਂ ਬਾਅਦ ਪਤਾ ਲੱਗਾ ਕਿ ਰਾਜਾ ਨਸ਼ੇ ਵੇਚਦਾ ਸੀ। ਉਸ ਨੂੰ ਹੁਣ ਸਖ਼ਤ ਸਜ਼ਾ ਸੁਣਾਈ ਗਈ। ਉਸ ਕੋਲ ਹੁਣ ਕੁਝ ਵੀ ਬਾਕੀ ਨਹੀਂ ਸੀ ਬਚਿਆ, ਸਿਵਾਏ ਪਛਤਾਵੇ ਤੋਂ। ਉਹ ਸਭ ਦਾ ਵਿਸ਼ਵਾਸ ਗਵਾ ਬੈਠਾ ਸੀ।
ਸੋ ਬੱਚਿਓ, ਹਮੇਸ਼ਾ ਗ਼ਲਤ ਕੰਮਾਂ ਤੋਂ ਦੂਰ ਰਹੋ ਅਤੇ ਸੱਚੇ ਦੋਸਤ ਬਣੋ।

-ਮ: ਨੰ: ਬੀ-36/123, ਮੁਹੱਲਾ ਸ਼ਿਵਕੋਟ ਭੰਡਾਰੀ, ਬਟਾਲਾ (ਗੁਰਦਾਸਪੁਰ)।

ਪੰਛੀਆਂ ਦੀ ਦੁਨੀਆ: ਸੁਰਖਾਬ ਪੰਛੀ

'ਤੈਨੂੰ ਕੀ ਸੁਰਖਾਬ ਦੇ ਖੰਭ ਲੱਗੇ ਹੋਏ ਹਨ' ਆਮ ਕਹਾਵਤ ਤੁਸੀਂ ਸੁਣੀ ਹੀ ਹੋਵੇਗੀ ਬੱਚਿਓ। ਪੰਛੀਆਂ ਦੀ ਦੁਨੀਆ ਦੇ ਇਕ ਹੋਰ ਪੰਛੀ ਬਾਰੇ ਗਿਆਨ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰੀਏ। ਆਪਣੀ ਸੁੰਦਰ ਦਿੱਖ ਤੇ ਕਈ ਕਥਾਵਾਂ ਕਰਕੇ ਇਹ ਪੰਛੀ ਅੱਜਕਲ੍ਹ ਸੋਸ਼ਲ ਮੀਡੀਆ 'ਤੇ ਕਾਫੀ ਪ੍ਰਚੱਲਤ ਹੈ। ਮੰਨਿਆ ਜਾਂਦਾ ਹੈ ਕਿ ਇਸ ਸੁੰਦਰ ਪੰਛੀ ਨੂੰ ਦੇਖਣ ਵਾਲੇ ਦੀ ਕਿਸਮਤ ਵੀ ਚਮਕ ਉੱਠਦੀ ਹੈ। ਘਰ ਵਿਚ ਧਨ, ਦੌਲਤ ਅਤੇ ਪਰਿਵਾਰ ਵਿਚ ਆਪਸੀ ਪਿਆਰ ਵੀ ਵਧਦਾ ਹੈ, ਦੁਸ਼ਮਣਾਂ ਦਾ ਨਾਸ਼ ਹੁੰਦਾ ਹੈ ਆਦਿ। ਇਸ ਦੀ ਵਸੂਲਣ ਕੀਮਤ 25 ਲੱਖ ਰੁਪਏ ਤੱਕ ਵੀ ਪੁੱਜ ਜਾਂਦੀ ਹੈ। ਸੁੰਦਰਤਾ ਵਿਚ ਮੋਰ ਨੂੰ ਵੀ ਮਾਤ ਦੇਣ ਵਾਲੇ ਇਸ ਪੰਛੀ ਨੂੰ 'ਹਿਮਾਲੀਅਨ ਮੋਨਲ' ਵੀ ਕਿਹਾ ਜਾਂਦਾ ਹੈ। ਇਸ ਨੂੰ ਬ੍ਰਾਹਮਣੀ ਡੱਕ, ਰੈੱਡ ਸ਼ੈੱਲ ਡੱਕ ਅਤੇ ਚਕਵਾ-ਚਕਵੀ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ। ਮੁਰਗਾ ਪ੍ਰਜਾਤੀ ਦੇ ਇਸ ਪੰਛੀ ਦਾ ਰੰਗ ਸੁਨਹਿਰੀ ਹੁੰਦਾ ਹੈ ਅਤੇ ਖੰਭ ਅੰਦਰਲੇ ਪਾਸਿਓਂ ਹਰੇ ਅਤੇ ਚਮਕਦਾਰ ਹੁੰਦੇ ਹਨ। ਇਹ ਵੀ ਇਕ ਪ੍ਰਵਾਸੀ ਪੰਛੀ ਹੈ। ਇਹ ਲੱਦਾਖ ਅਤੇ ਤਿੱਬਤ ਤੋਂ ਆਉਂਦੇ ਹਨ ਅਤੇ ਭਾਰਤ ਵਿਚ ਅਕਤੂਬਰ ਮਹੀਨੇ ਤੋਂ ਮਾਰਚ ਮਹੀਨੇ ਤੱਕ ਪ੍ਰਵਾਸ ਕਰਦੇ ਹਨ। ਆਮ ਕਰਕੇ ਇਹ ਪੰਛੀ ਏਸ਼ੀਆ (ਖਾਸ ਕਰਕੇ ਚੀਨ, ਯੂਰਪ) ਅਤੇ ਉੱਤਰੀ ਅਮਰੀਕਾ ਦੇ ਭਾਗਾਂ ਵਿਚ ਪਾਇਆ ਜਾਂਦਾ ਹੈ। ਕੁਝ ਪ੍ਰਜਾਤੀਆਂ ਮੈਕਸੀਕੋ, ਕੋਲੰਬੀਆ, ਕੈਨੇਡਾ, ਪੀਰੂ, ਬੋਲਵੀਆ, ਅਰਜਨਟੀਨਾ, ਨੀਦਰਲੈਂਡ, ਆਇਰਲੈਂਡ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਆਦਿ ਮੁਲਖਾਂ ਵਿਚ ਵੀ ਦੇਖਣ ਨੂੰ ਮਿਲਦੀਆਂ ਹਨ। ਇਸ ਰੰਗ-ਬਿਰੰਗੇ ਲਾਲ ਗੂੜ੍ਹੇ ਰੰਗ ਦੇ ਪੰਛੀ ਦੇ ਸਰੀਰ ਦਾ 2/3 ਭਾਗ ਪੂਛ ਨੇ ਢਕਿਆ ਹੋਇਆ ਹੈ। ਕਲਗੀ ਅਤੇ ਪਿੱਠ ਸੁਨਹਿਰੀ ਰੰਗ ਦੀ ਹੈ। ਇਸ ਸੁੰਦਰ ਪੰਛੀ ਦੀ ਦਿੱਖ ਇਸ ਤਰ੍ਹਾਂ ਪ੍ਰਤੀਤ ਹੁੰਦੀ ਹੈ ਜਿਵੇਂ ਪੀਲੀਆਂ ਅੱਖਾਂ ਨੂੰ ਛੱਡ ਕੇ ਸਾਰਾ ਸਰੀਰ ਕਾਲੇ, ਸੰਤਰੀ ਰੰਗ ਦੇ ਖੰਭਾਂ ਨਾਲ ਢਕਿਆ ਹੋਵੇ। ਨਰ ਪੰਛੀ 90-105 ਸੈਂ: ਮੀ: (35-41 ਇੰਚ) ਅਤੇ ਮਦੀਨ 60-80 ਸੈਂ: ਮੀ: (24-31 ਇੰਚ) ਲੰਬਾ ਹੁੰਦਾ ਹੈ। ਮਾਦਾ ਪੰਛੀ ਨਰ ਦੇ ਮੁਕਾਬਲੇ ਘੱਟ ਸੁੰਦਰ ਪ੍ਰਤੀਤ ਹੁੰਦੇ ਹਨ ਅਤੇ ਭੂਰੇ ਰੰਗ ਦੇ ਖੰਭਾਂ ਨਾਲ ਸਰੀਰ ਘੱਟ ਪ੍ਰਭਾਵਸ਼ਾਲੀ ਦਿਖਾਈ ਦਿੰਦਾ ਹੈ, ਜਦਕਿ ਨਰ ਪੰਛੀ ਦਾ ਚਿਹਰਾ, ਠੋਡੀ ਪੀਲੇ ਰੰਗ ਅਤੇ ਗਰਦਨ ਹਲਕੀ ਸੰਤਰੀ ਰੰਗ ਦੀ ਹੁੰਦੀ ਹੈ।
ਦੋਵੇਂ ਨਰ ਅਤੇ ਮਾਦਾ ਦੀਆਂ ਲੱਤਾਂ ਅਤੇ ਚੁੰਝਾਂ ਪੀਲੇ ਰੰਗ ਦੀਆਂ ਹੁੰਦੀਆਂ ਹਨ। ਭੋਜਨ ਵਿਚ ਦਾਣੇ, ਪੱਤੇ ਅਤੇ ਅਰੀੜਧਾਰੀ ਕੀੜੇ-ਮਕੌੜੇ ਸ਼ਾਮਿਲ ਹਨ। ਸੁਨਹਿਰੀ ਮਦੀਨ 8-12 ਆਂਡੇ ਇਕੋ ਸਮੇਂ ਦਿੰਦੀ ਹੈ ਅਤੇ ਬਾਅਦ ਵਿਚ 22-23 ਦਿਨਾਂ ਦੇ ਵਿਚ ਆਂਡੇ ਦੇਣ ਦੀ ਪ੍ਰਕਿਰਿਆ ਹੁੰਦੀ ਹੈ। ਨਰ ਦਿਲਖਿੱਚਵੀਂ (ਚੁੰਬਕੀ) ਆਵਾਜ਼ ਨਾਲ ਮਾਦਾ ਨੂੰ ਆਕਰਸ਼ਤ ਕਰਦਾ ਹੈ। ਭਾਰਤ ਵਿਚ ਪਾਈ ਜਾਣ ਵਾਲੀ ਪ੍ਰਜਾਤੀ ਰੈੱਡ-ਸ਼ੈੱਲ ਡੱਕ (ਟੈਡੋਰਨਾ ਫੈਰੂਗਿਨੀ), ਬ੍ਰਾਹਮਣੀ ਡੈੱਕ ਨਾਂਅ ਨਾਲ ਵੀ ਜਾਣੀ ਜਾਣ ਵਾਲੀ ਐਨਾਟਿਡੀ ਪਰਿਵਾਰ ਨਾਲ ਸਬੰਧਤ ਹੈ, ਜੋ 58-70 ਸੈਂ: ਮੀ: (23-28 ਇੰਚ) ਲੰਬੀ ਹੈ। ਮੱਧ ਅਤੇ ਪੂਰਬੀ ਏਸ਼ੀਆ ਵਿਚ ਇਸ ਪੰਛੀ ਦੀ ਪ੍ਰਜਾਤੀ ਆਮ ਦੇਖੀ ਜਾਂਦੀ ਹੈ ਪਰ ਯੂਰਪ ਦੇ ਕੁਝ ਭਾਗਾਂ ਵਿਚ ਇਸ ਦੀ ਗਿਣਤੀ ਘਟਦੀ ਜਾ ਰਹੀ ਹੈ।

-ਸ: ਸੀ: ਸੈ: ਸਕੂਲ, ਡਿਹਰੀਵਾਲਾ, ਅੰਮ੍ਰਿਤਸਰ।

ਬੁਝਾਰਤਾਂ

1. ਕਾਲੀ ਹਾਂ, ਕਲੂਟੀ ਹਾਂ,
ਅਣਮੋਲ ਗਿਆਨ ਦੀ ਬੂਟੀ ਹਾਂ।
2. ਗੋਰੀ ਚਿੱਟੀ ਛਣਕਾਂ-ਮਣਕਾਂ,
ਰੋਗਾਂ ਨੂੰ ਮੈਂ ਕੁਝ ਨਾ ਸਮਝਾਂ।
3. ਸੜਦੀ ਰਹਿੰਦੀ... ਬਲਦੀ ਰਹਿੰਦੀ,
ਜ਼ਹਿਰ ਪਿਆਲਾ ਬਣਦੀ ਰਹਿੰਦੀ।
4. ਮੇਰਾ ਸੇਵਨ ਕਰਦਾ ਜਿਹੜਾ,
ਦੁੱਖ ਰੋਗਾਂ ਦਾ ਬਣਦਾ ਵੇਹੜਾ।
5. ਗੰਡ-ਗੰਡੋਲੇ ਤੇ ਫਨੀਅਰ ਸੱਪ,
ਚੁੱਕਣ ਅਤਿ, ਖਾਂਦੇ ਲੱਤ।
6. ਮਾਰੂ ਰੋਗਾਂ ਦੀ ਇਕੋ ਦਵਾ,
ਪੜ੍ਹ ਕੇ ਚੜ੍ਹਦਾ ਮਨ ਨੂੰ ਚਾਅ।
ਢੱਠੇ ਮਨ ਵਾਲਾ ਵੀ ਕਹਿੰਦਾ,
ਵਾਹ ਬਈ ਵਾਹ! ਵਾਹ ਬਈ ਵਾਹ!
7. ਅਸੀਂ ਨਿੱਕੇ-ਨਿੱਕੇ ਜੀਅ,
ਦੇਈਏ ਵੱਡੀ ਨਸੀਹਤ ਜੀ।
ਵਕਤ ਐਵੇਂ ਨਹੀਂ ਗਵਾਉਣਾ,
ਵਿਚ ਅਨੁਸ਼ਾਸਨ ਰਹੀਏ ਜੀ।
8. ਮੇਰਾ ਜ਼ਿੰਦਗੀ ਦੇਣਾ ਧਰਮ ਹੈ,
ਮੈਂ ਮੁੱਕ ਚੱਲਿਆ, ਮੈਂ ਸੁੱਕ ਚੱਲਿਆ,
ਬਿਨਾਂ ਮੇਰੇ ਸਭ ਦਾ ਮਰਨ ਹੈ।
9. ਇਕ ਗਰਾਂ, ਇਕ ਸਰਾਂ,
ਸਾਂਝੀ ਧੁੱਪ, ਸਾਂਝੀ ਛਾਂ,
ਪੰਗੇ ਲੈਂਦੇ ਐਵੇਂ ਕਾਂ।
ਉੱਤਰ : (1) ਕਿਤਾਬ, (2) ਲੱਸੀ, (3) ਚਾਹ, (4) ਦਾਰੂ, (5) ਨੇਤਾ, (6) ਹਾਸਰਸ, (7) ਚੀਟੀਆਂ-ਕੀੜੀਆਂ, (8) ਪਾਣੀ, (9) ਵਿਦੇਸ਼ੀ ਤਾਕਤਾਂ।

-ਗੁਰਨਾਮ ਸਿੰਘ ਸੀਤਲ,
ਗੁਰੂ ਹਰਕ੍ਰਿਸ਼ਨ ਨਗਰ,
ਖੰਨਾ-141401.
ਮੋਬਾ: 98761-05647

ਬਾਲ ਨਾਵਲ-45: ਖੱਟੀਆਂ-ਮਿੱਠੀਆਂ ਗੋਲੀਆਂ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਹਰੀਸ਼ ਨੇ ਹੁਣ ਪੂਰੀ ਮਿਹਨਤ ਸ਼ੁਰੂ ਕਰ ਦਿੱਤੀ ਸੀ। ਉਸ ਨੇ ਟਾਈਮ-ਟੇਬਲ ਆਪਣੇ ਵੀਰ ਜੀ ਨੂੰ ਵਿਖਾਇਆ। ਸਿਧਾਰਥ ਵੀ ਟਾਈਮ-ਟੇਬਲ ਦੇਖ ਕੇ ਖੁਸ਼ ਹੋ ਗਿਆ।
ਸਿਧਾਰਥ, ਹਰੀਸ਼ ਦੇ ਖਾਣ-ਪੀਣ ਦਾ ਆਪ ਪੂਰਾ ਖਿਆਲ ਰੱਖਦਾ ਸੀ। ਉਹ ਉਸ ਨੂੰ ਮਿਹਨਤ ਕਰਦਿਆਂ ਦੇਖ ਕੇ ਖੁਸ਼ ਹੁੰਦਾ। ਉਸ ਨੂੰ ਫ਼ਿਕਰ ਸੀ ਕਿ ਐਨੀ ਮਿਹਨਤ ਕਰਨ ਨਾਲ ਉਸ ਦੀ ਸਿਹਤ ਖਰਾਬ ਨਾ ਹੋ ਜਾਵੇ। ਇਸ ਕਰਕੇ ਉਹ ਰੋਜ਼ਾਨਾ ਦੁੱਧ ਅਤੇ ਫਲ-ਫਰੂਟ ਉਸ ਨੂੰ ਕੋਲ ਬਿਠਾ ਕੇ ਦਿੰਦਾ।
ਹਰੀਸ਼ ਆਪਣੇ ਵੀਰ ਜੀ ਕੋਲੋਂ ਰੋਟੀ ਤੋਂ ਇਲਾਵਾ ਹੋਰ ਕੁਝ ਖਾਣ-ਪੀਣ ਤੋਂ ਬਹੁਤ ਨਾਂਹ-ਨੁੱਕਰ ਕਰਦਾ। ਉਹ ਪਹਿਲਾਂ ਹੀ ਅਹਿਸਾਨਾਂ ਥੱਲੇ ਦੱਬਿਆ ਮਹਿਸੂਸ ਕਰਦਾ ਸੀ ਪਰ ਸਿਧਾਰਥ ਜਿਸ ਪਿਆਰ ਅਤੇ ਹੱਕ ਨਾਲ ਉਸ ਨੂੰ ਦੁੱਧ ਪਿਆਉਂਦਾ ਜਾਂ ਕੋਈ ਫਲ ਖਵਾਉਂਦਾ, ਉਸ ਅੱਗੇ ਹਰੀਸ਼ ਦੀ ਕੋਈ ਪੇਸ਼ ਨਾ ਜਾਂਦੀ। ਉਹ ਸੋਚਦਾ ਕਿ 'ਐਨੇ ਪਿਆਰ ਨਾਲ ਤਾਂ ਸਕੇ ਮਾਂ-ਪਿਓ ਵੀ ਆਪਣੇ ਬੱਚਿਆਂ ਨੂੰ ਨਹੀਂ ਖਵਾਉਂਦੇ-ਪਿਆਉਂਦੇ।'
ਸਮਾਂ ਬੀਤਦਾ ਗਿਆ। ਹਰੀਸ਼ ਨੇ ਸਭ ਕੁਝ ਭੁਲਾ ਕੇ ਪੜ੍ਹਾਈ ਵੱਲ ਪੂਰਾ ਧਿਆਨ ਦਿੱਤਾ। ਜਿਵੇਂ-ਜਿਵੇਂ ਇਮਤਿਹਾਨ ਨੇੜੇ ਆਉਂਦੇ ਗਏ, ਤਿਵੇਂ-ਤਿਵੇਂ ਹਰੀਸ਼ ਦਾ ਟਾਈਮ-ਟੇਬਲ ਵੀ ਬਦਲਦਾ ਗਿਆ। ਉਸ ਨੇ ਆਪਣੀ ਨੀਂਦ ਹੋਰ ਘਟਾ ਦਿੱਤੀ ਅਤੇ ਪੜ੍ਹਨ ਦੇ ਘੰਟੇ ਵਧਾ ਦਿੱਤੇ। ਹੁਣ ਤਾਂ ਸਿਧਾਰਥ ਨੂੰ ਕਈ ਵਾਰ ਕਹਿਣਾ ਪੈਂਦਾ ਸੀ, 'ਬੇਟਾ, ਥੋੜ੍ਹਾ ਆਰਾਮ ਵੀ ਕਰਿਆ ਕਰ। ਇਹ ਨਾ ਹੋਵੇ ਕਿ ਤੇਰੀ ਸਿਹਤ ਖਰਾਬ ਹੋ ਜਾਵੇ...।'
ਹਰੀਸ਼ ਨੇ ਮਿਹਨਤ ਵਿਚ ਕੋਈ ਕਸਰ ਨਾ ਛੱਡੀ। ਜੇ ਉਸ ਨੂੰ ਕਿਸੇ ਵੀ ਸਬਜੈਕਟ ਵਿਚ ਕੋਈ ਸਮੱਸਿਆ ਆਈ ਤਾਂ ਉਹ ਝੱਟ ਆਪਣੇ ਵੀਰ ਜੀ ਕੋਲ ਚਲਾ ਗਿਆ ਅਤੇ ਸਿਧਾਰਥ ਨੇ ਆਪ ਜਾਂ ਕਿਸੇ ਹੋਰ ਅਧਿਆਪਕ ਨੂੰ ਕਹਿ ਕੇ ਉਸ ਦੀ ਸਮੱਸਿਆ ਨੂੰ ਹੱਲ ਕਰ ਦਿੱਤਾ।
ਪੇਪਰ ਸ਼ੁਰੂ ਹੋ ਗਏ। ਅੰਗਰੇਜ਼ੀ ਦਾ ਪਹਿਲਾ ਪੇਪਰ ਹਰੀਸ਼ ਦਾ ਬਹੁਤ ਵਧੀਆ ਹੋਇਆ। ਸਿਧਾਰਥ ਨੇ ਪੇਪਰਾਂ ਦੇ ਦਿਨਾਂ ਵਿਚ ਹਰੀਸ਼ ਦੀ ਖੁਰਾਕ ਵੱਲ ਬਹੁਤ ਧਿਆਨ ਰੱਖਿਆ। ਉਸ ਨੂੰ ਹਰ ਚੀਜ਼ ਵੇਲੇ ਨਾਲ ਉਹ ਆਪ ਖਵਾਉਂਦਾ।
ਇਕ-ਇਕ ਕਰਕੇ ਹਰੀਸ਼ ਦੇ ਸਾਰੇ ਪੇਪਰ ਹੋ ਗਏ। ਹਰੀਸ਼ ਦੀ ਆਪਣੀ ਅਤੇ ਉਸ ਦੇ ਵੀਰ ਜੀ ਦੀ ਪੂਰੀ ਤਸੱਲੀ ਸੀ ਕਿ ਪੇਪਰ ਸਾਰੇ ਵਧੀਆ ਹੋ ਗਏ ਹਨ।
ਪ੍ਰਿੰਸੀਪਲ ਰਣਬੀਰ ਸਿੰਘ, ਜਿਨ੍ਹਾਂ ਨੂੰ ਅਜੇ ਤੱਕ ਵੀ ਲੋਕ ਵੀਰ ਜੀ ਕਹਿ ਕੇ ਯਾਦ ਕਰਦੇ ਸਨ, ਦੇ ਸਵਰਗਵਾਸ ਹੋਣ ਤੋਂ ਬਾਅਦ ਉਨ੍ਹਾਂ ਦੀਆਂ ਬੇਟੀਆਂ ਆਪਣੇ ਮੰਮੀ ਨੂੰ, ਜਿਨ੍ਹਾਂ ਨੂੰ ਸਾਰੇ ਮਾਤਾ ਜੀ ਕਹਿ ਕੇ ਬੁਲਾਉਂਦੇ ਸਨ, ਆਪਣੇ ਨਾਲ ਹੀ ਕੈਨੇਡਾ ਲੈ ਗਈਆਂ। ਕੁਝ ਸਾਲਾਂ ਬਾਅਦ ਉਨ੍ਹਾਂ ਨੂੰ ਭਾਵੇਂ ਉਥੋਂ ਦੀ ਇਮੀਗ੍ਰੇਸ਼ਨ ਮਿਲ ਗਈ ਸੀ ਪਰ ਉਨ੍ਹਾਂ ਦਾ ਦਿਲ ਉਥੇ ਬਹੁਤਾ ਨਹੀਂ ਸੀ ਲਗਦਾ। ਇਸ ਕਰਕੇ ਉਹ ਹਰ ਸਾਲ ਸਰਦੀਆਂ ਵਿਚ ਛੇ ਮਹੀਨੇ ਭਾਰਤ ਆ ਜਾਂਦੇ। ਉਹ ਦੱਸਦੇ ਕਿ 'ਸਰਦੀਆਂ ਵਿਚ ਤਾਂ ਬਰਫਾਂ ਹੀ ਮੱਤ ਮਾਰ ਦਿੰਦੀਆਂ ਹਨ। ਬਸ, ਅੰਦਰ ਹੀ ਡੱਕੇ ਰਹੋ। ਬੱਚੇ ਤਾਂ ਆਪੋ-ਆਪਣੇ ਕੰਮਾਂ 'ਤੇ ਚਲੇ ਜਾਂਦੇ ਹਨ ਅਤੇ ਤੁਹਾਡੀ ਇਕੱਲਿਆਂ ਦੀ ਪਾਗਲਾਂ ਵਾਲੀ ਹਾਲਤ ਹੋ ਜਾਂਦੀ ਹੈ। ਤੁਸੀਂ ਸਾਰਾ ਦਿਨ ਦੋਹਤੇ-ਦੋਹਤਰੀਆਂ ਦੀ ਸਕੂਲੋਂ ਆਉਣ ਦੀ ਉਡੀਕ ਕਰਦੇ ਰਹਿੰਦੇ ਹੋ ਪਰ ਉਹ ਵੀ ਸਕੂਲੋਂ ਆਉਂਦੇ ਆਪੋ-ਆਪਣੇ ਕਮਰਿਆਂ ਵਿਚ ਵੜ ਜਾਂਦੇ ਹਨ। ਤੁਸੀਂ ਗੱਲ ਕਰੋ ਤਾਂ ਕਿਸ ਨਾਲ ਕਰੋ? ਹਾਂ, ਗਰਮੀਆਂ ਵਿਚ ਫਿਰ ਬੰਦਾ ਬਾਹਰ ਤਾਂ ਨਿਕਲ ਸਕਦੈ। ਤੁਸੀਂ ਘਰ ਦੇ ਬਾਹਰ ਖਲੋ ਜਾਵੋ ਤਾਂ ਕੋਈ-ਕੋਈ ਕਾਰ ਲੰਘਦੀ ਦਿਸਦੀ ਹੈ। ਕਿਸੇ-ਕਿਸੇ ਵੇਲੇ ਕੋਈ ਮੁੰਡਾ ਜਾਂ ਕੁੜੀ ਕੰਨਾਂ ਨੂੰ ਈਅਰ ਫੋਨ ਲਗਾਈ ਦੌੜਦੇ ਹੋਏ ਦਿਸਦੇ ਹਨ। ਉਹ ਦੌੜਦੇ ਹੋਏ ਤੁਹਾਡੇ ਵੱਲ ਇਕ ਪਿਆਰੀ ਜਿਹੀ ਮੁਸਕਰਾਹਟ ਜ਼ਰੂਰ ਦੇ ਕੇ ਜਾਂਦੇ ਹਨ।

(ਬਾਕੀ ਅਗਲੇ ਐਤਵਾਰ ਦੇ ਅੰਕ 'ਚ)
-ਮੋਬਾ: 98889-24664

ਬੁੱਝੋ ਸਾਰੇ! ਲਾ ਕੇ ਜ਼ੋਰ

ਬੱਚਿਓ! ਤੁਹਾਨੂੰ ਪੂਰਾ ਯਾਦ,
ਉੱਗੇ ਖੇਤਾਂ ਵਿਚ ਕਮਾਦ।
ਮੌਸਮ ਹੋਵੇ ਖੁਸ਼ਗਵਾਰ,
ਗੰਨੇ ਲੈਂਦੇ ਛਿੱਲ-ਸਵਾਰ।
ਗੰਨੇ ਵੇਲਣੇ ਕੋਲ ਟਿਕਾਉਂਦੇ,
ਪੀੜ ਇਨ੍ਹਾਂ ਤੋਂ ਰਸ ਬਣਾਉਂਦੇ।
ਹੇਠ ਕੜਾਹੇ ਡਾਹ ਕੇ ਬਾਲਣ,
ਰਸ ਨੂੰ ਚੰਗੀ ਤਰ੍ਹਾਂ ਉਬਾਲਣ।
ਗਾੜ੍ਹੀ ਹੋਣ 'ਤੇ ਗੰਡ 'ਚ ਪਾਉਣ,
ਪੇਸੀਆਂ ਚੰਡਨੀ ਨਾਲ ਬਣਾਉਣ।
ਭਾਵੇਂ ਇਸ ਦੀ ਚਾਹ ਬਣਾਓ,
ਤੋੜ-ਤੋੜ ਕੇ ਡਲੀਆਂ ਖਾਓ।
ਸ਼ਹਿਰੀਆਂ ਲਈ ਇਹ ਬੜੀ ਸੁਗ਼ਾਤ,
ਹਰ ਮਿੱਠੇ ਨੂੰ ਪਾਉਂਦੀ ਮਾਤ।
ਜੱਟ ਬਣਾਉਂਦੇ ਮਿੱਠਾ ਘਰ ਦਾ,
ਪਸੰਦ ਇਸ ਨੂੰ ਹਰ ਕੋਈ ਕਰਦਾ।
ਖੁਸ਼ੀ-ਖੁਸ਼ੀ ਸਭ ਖਾਂਦੇ ਇਸ ਨੂੰ,
ਖ਼ਰੀਦ ਕੇ ਘਰੀਂ ਲਿਜਾਂਦੇ ਇਸ ਨੂੰ।
ਬੁੱਝੋ ਸਾਰੇ! ਲਾ ਕੇ ਜ਼ੋਰ,
ਇਸ ਵਰਗਾ ਮਿੱਠਾ ਨਹੀਂ ਹੋਰ।

-ਆਤਮਾ ਸਿੰਘ ਚਿੱਟੀ,
ਪਿੰਡ ਚਿੱਟੀ (ਜਲੰਧਰ)।
ਮੋਬਾ: 99884-69564

ਬਾਲ ਸਾਹਿਤ

ਸਾਂਝਾ ਵਿਹੜਾ
(ਬਾਲ ਨਾਟਕ)
ਲੇਖਕ : ਮਾ: ਤਰਲੋਚਨ ਸਿੰਘ ਸਮਰਾਲਾ
ਪ੍ਰਕਾਸ਼ਕ : 5ਆਬ ਪ੍ਰਕਾਸ਼ਨ, ਜਲੰਧਰ।
ਪੰਨੇ : 40, ਮੁੱਲ : 50 ਰੁਪਏ
ਸੰਪਰਕ : 94632-03360

ਮਾਸਟਰ ਤਰਲੋਚਨ ਸਿੰਘ ਸਮਰਾਲਾ ਰਚਿਤ ਬਾਲ ਨਾਟਕ ਪੁਸਤਕ 'ਸਾਂਝਾ ਵਿਹੜਾ' ਹੁਣੇ ਛਪ ਕੇ ਆਈ ਹੈ। ਇਸ ਨਾਟਕ ਦੀ ਕਹਾਣੀ ਸੁਖਵੰਤ ਕੌਰ ਮਾਨ ਦੀ ਬਾਲ ਕਹਾਣੀ 'ਚਿੜੀ, ਬਿੱਲੀ, ਰੁੱਖ ਤੇ ਸੱਪ' 'ਤੇ ਆਧਾਰਿਤ ਹੈ, ਜਿਸ ਨੂੰ ਨਾਟਕਕਾਰ ਨੇ 'ਸਾਂਝਾ ਵਿਹੜਾ' ਦਾ ਨਾਂਅ ਦਿੱਤਾ ਹੈ। ਇਸ ਬਾਲ ਨਾਟਕ ਵਿਚ ਸੁਰਜੀਤ ਸਿੰਘ ਅਤੇ ਬੀਬੋ ਮਨੁੱਖੀ ਪਾਤਰ ਹਨ, ਜਿਨ੍ਹਾਂ ਨਾਲ ਪਿੱਪਲ ਸਿਹੁੰ, ਮਾਣੋ ਬਿੱਲੀ ਅਤੇ ਚਿੜੀ ਪਰਿਵਾਰਕ ਮੈਂਬਰਾਂ ਵਾਂਗ ਵਿਚਰਦੇ ਹਨ। ਘਰ ਦਾ ਮਾਹੌਲ ਬੜਾ ਰਮਣੀਕ ਅਤੇ ਖੁਸ਼ੀਆਂ-ਖੇੜਿਆਂ ਭਰਿਆ ਹੈ। ਕੁਝ ਦਿਨਾਂ ਬਾਅਦ ਕੁਝ ਘਟਨਾਵਾਂ ਕਾਰਨ ਜਦੋਂ ਮਨੁੱਖੀ ਪਾਤਰਾਂ ਅਤੇ ਜਨੌਰਾਂ ਵਿਚਕਾਰ ਤਣਾਅ ਵਧਣ ਲੱਗਦਾ ਹੈ ਅਤੇ ਜਨੌਰਾਂ ਨੂੰ ਘਰੋਂ ਕੱਢਣ ਦੀਆਂ ਤਿਆਰੀਆਂ ਹੋਣ ਲੱਗਦੀਆਂ ਹਨ ਤਾਂ ਚਾਣਚੱਕ ਨਾਟਕੀ ਸਥਿਤੀ ਵਿਚ ਅਨੋਖਾ ਮੋੜ ਆਉਂਦਾ ਹੈ। ਘਰ ਵਿਚ ਆਏ ਇਕ ਸੱਪ ਨੂੰ ਵੇਖਦਿਆਂ ਸਾਰ ਹੀ ਪਿੱਪਲ ਸਮੇਤ ਬਾਕੀ ਜਨੌਰ ਏਕੇ ਦੀ ਮਿਸਾਲ ਦਿੰਦੇ ਹਨ। ਕਿਧਰੇ ਸੱਪ ਉਨ੍ਹਾਂ ਦੇ ਸੁੱਤੇ ਪਏ ਮਾਲਕਾਂ ਨੂੰ ਹੀ ਨਾ ਡੱਸ ਲਵੇ, ਇਸ ਕਰਕੇ ਉਹ ਦਲੇਰੀ ਦਾ ਪ੍ਰਮਾਣ ਦਿੰਦੇ ਹਨ। ਉਹ ਸੱਪ ਉਪਰ ਟੁੱਟ ਕੇ ਪੈ ਜਾਂਦੇ ਹਨ ਅਤੇ ਉਸ ਨੂੰ ਸਬਕ ਸਿਖਾ ਕੇ ਸਾਂਝੇ ਵਿਹੜੇ ਦੀ ਲਾਜ ਪਾਲਦੇ ਹਨ। ਇਸ ਨਾਟਕ ਦੇ ਪਾਤਰਾਂ ਦੀ ਵਾਰਤਾਲਾਪ ਸਮੇਂ ਅਤੇ ਸਥਿਤੀ ਦੇ ਐਨ ਅਨੁਕੂਲ ਹੈ। ਆਰੰਭ ਤੋਂ ਲੈ ਕੇ ਅੰਤ ਤੱਕ ਉਤਸੁਕਤਾ ਬਰਕਰਾਰ ਰਹਿੰਦੀ ਹੈ। ਨਾਟਕ ਦੇ ਅੰਤ ਵਿਚ ਪਿੱਠ ਭੂਮੀ ਤੋਂ ਗੂੰਜਣ ਵਾਲਾ ਇਹ ਗੀਤ ਨਾਟਕ ਦੇ ਸਾਰਥਿਕ ਮਨੋਰਥ ਬਾਰੇ ਸਭ ਕੁਝ ਬਿਆਨ ਕਰ ਦਿੰਦਾ ਹੈ :
ਜਿੱਥੇ ਹਰ ਕੰਮ ਸਾਂਝਾ ਹੋਵੇ
ਕੋਈ ਨਾ ਕਾਸਿਓਂ ਵਾਂਝਾ ਹੋਵੇ
ਸਭੇ ਸਾਂਝੀਵਾਲ ਸਦਾਇਨ
ਸਭ ਦਾ ਤਰਜੇ ਬੇੜਾ
ਸਾਂਝਾ ਵਿਹੜਾ ਇਹ ਖੁਸ਼ੀਆਂ ਦਾ ਖੇੜਾ।
ਇਸ ਬਾਲ ਨਾਟਕ ਨਾਲ ਪੰਜਾਬੀ ਬਾਲ ਰੰਗਮੰਚ ਅਤੇ ਬਾਲ ਨਾਟਕ ਪਰੰਪਰਾ ਵਿਚ ਇਕ ਨਵਾਂ ਵਾਧਾ ਹੋਇਆ ਹੈ।

-ਦਰਸ਼ਨ ਸਿੰਘ 'ਆਸ਼ਟ' (ਡਾ:)
ਮੋਬਾ: 98144-23703

ਬਾਲ ਕਵਿਤਾ: ਪੱਕੇ ਪੇਪਰ ਨੇੜੇ ਆਏ

ਪੱਕੇ ਪੇਪਰ ਨੇੜੇ ਨੇ ਆਏ,
ਸਾਡੇ ਉਨ੍ਹਾਂ ਸਾਹ ਸੁਕਾਏ।
ਸਕੂਲੋਂ ਮਿਲੇ ਕੰਮ ਦੀ ਪੰਡ,
ਉੱਪਰੋਂ ਪੈਂਦੀ ਜ਼ੋਰ ਦੀ ਠੰਢ।
ਸਾਰੇ ਟੀਚਰਾਂ ਰੱਟ ਹੈ ਲਾਈ,
ਛੇਤੀ ਕਰੋ ਤੁਸੀਂ ਦੁਹਰਾਈ।
ਨਕਲ ਉੱਤੇ ਨਾ ਰੱਖੋ ਆਸ,
ਨਕਲ ਵਾਲਾ ਨ੍ਹੀਂ ਹੋਣਾ ਪਾਸ।
ਔਖਾ ਕਰਤਾ ਸਾਡਾ ਜੀਣਾ,
ਸਾਨੂੰ ਸਮਝਣ ਇਹ ਮਸ਼ੀਨਾਂ।
ਹਰੇਕ ਟੀਚਰ ਡਰਾਈ ਜਾਵੇ,
ਸਾਡੇ ਸਾਹ ਸੁਕਾਈ ਜਾਵੇ।
ਕਾਹਦਾ ਅਸਾਂ ਵਧਣਾ-ਫੁਲਣਾ,
ਕਾਪੀਆਂ-ਕਿਤਾਬਾਂ ਵਿਚ ਰੁਲਣਾ।
ਤਲਵੰਡੀ ਸਰ ਯਾਦ ਨੇ ਆਉਂਦੇ,
ਪਿਆਰ ਨਾਲ ਜੋ ਸੀ ਪੜ੍ਹਾਉਂਦੇ।

-ਅਮਰੀਕ ਸਿੰਘ ਤਲਵੰਡੀ ਕਲਾਂ,
ਗਿੱਲ ਨਗਰ, ਗਲੀ ਨੰ: 13, ਮੁੱਲਾਂਪੁਰ ਦਾਖਾ (ਲੁਧਿਆਣਾ)। ਮੋਬਾ: 94635-42896

ਬਾਲ ਕਵਿਤਾ: ਬਚਪਨ ਦੀਆਂ ਮੌਜਾਂ

ਬੱਚਿਓ ਬਚਪਨ ਦਾ ਲਵੋ ਨਜ਼ਾਰਾ,
ਇਹ ਨਾ ਮਿਲਣਾ ਫੇਰ ਦੁਬਾਰਾ।
ਮੋਬਾਈਲਾਂ ਵਿਚ ਨਾ ਗਵਾਇਓ ਬਚਪਨ,
ਐਵੇਂ ਨਾ ਰੋਗੀ ਬਣਾਇਓ ਬਚਪਨ।
ਪੜ੍ਹਨਾ-ਲਿਖਣਾ ਬਹੁਤ ਜ਼ਰੂਰੀ,
ਪੜ੍ਹਾਈ ਦਾ ਟਾਈਮ ਟੇਬਲ ਬਣਾਓ।
ਤੰਦਰੁਸਤੀ ਲਈ ਖੇਡਣਾ ਚੰਗਾ,
ਖੇਡਾਂ ਲਈ ਵੀ ਸਮਾਂ ਬਚਾਓ।
ਗੁੱਲੀ-ਡੰਡਾ ਤੇ ਬਾਂਟੇ ਖੇਡੋ,
ਜਾਂ ਗਲੀ ਵਿਚ ਟਾਇਰ ਭਜਾਓ।
ਪਿੱਠੂ ਗਰਮ ਤੇ ਬਾਂਦਰ ਕੀਲਾ,
ਖੇਡ-ਖੇਡ ਕੇ ਜਿਸਮ ਤਪਾਓ।
ਫੁੱਟਬਾਲ ਤੇ ਕਬੱਡੀ ਖੇਡਣ,
ਸ਼ਾਮ ਨੂੰ ਵਿਚ ਗਰਾਊਂਡ ਦੇ ਜਾਓ।
ਮੋਬਾਈਲ ਤੇ ਟੀ. ਵੀ. ਦਾ ਛੱਡ ਕੇ ਖਹਿੜਾ,
ਬਚਪਨ 'ਬਸਰੇ' ਇੰਜ ਬਿਤਾਓ।

-ਮਨਪ੍ਰੀਤ ਕੌਰ ਬਸਰਾ,
ਪਿੰਡ ਗਿੱਲਾਂ, ਡਾਕ: ਚਮਿਆਰਾ, ਜਲੰਧਰ। ਮੋਬਾ: 81461-87521

ਅਣਮੁੱਲੇ ਵਿਚਾਰ

* ਮਾਂ ਦਾ ਰਿਸ਼ਤਾ ਸਭ ਰਿਸ਼ਤਿਆਂ ਨਾਲੋਂ ਪਵਿੱਤਰ, ਉੱਤਮ ਤੇ ਈਸ਼ਵਰ ਦੀ ਨੇੜਤਾ ਦਾ ਸਬੂਤ ਹੁੰਦਾ ਹੈ।
* ਮਹਾਨ ਲੋਕ ਆਲਸ ਵਰਗੀ ਭੈੜੀ ਆਦਤ ਨੂੰ ਵੀ ਉਲਟਾ ਕੇ ਆਪਣੀ ਸ਼ਕਤੀ ਬਣਾ ਲੈਂਦੇ ਹਨ।
* ਸਨਮਾਨ ਲੈਣ ਵਾਸਤੇ ਸਨਮਾਨ ਦੇਣਾ ਅਤੀ ਜ਼ਰੂਰੀ ਹੁੰਦਾ ਹੈ।
* ਸਮਾਂ ਵਿਅਰਥ ਗਵਾਉਣ ਦਾ ਮਤਲਬ ਹੈ ਕਿ ਜ਼ਿੰਦਗੀ ਹੀ ਵਿਅਰਥ ਗਵਾਉਂਦੇ ਰਹਿਣਾ।
* ਸੁੱਖ ਤਾਂ ਸਾਰੇ ਹੀ ਪਛਾਣਦੇ ਹਨ ਪਰ ਦੁੱਖ, ਕਸ਼ਟ ਤੇ ਤਕਲੀਫ ਬਹੁਤ ਘੱਟ ਲੋਕ।
* ਫਰਜ਼ ਨਿਭਾਅ ਕੇ ਮਿਲੀ ਖੁਸ਼ੀ ਹੀ ਅਸਲੀ ਖੁਸ਼ੀ ਹੁੰਦੀ ਹੈ।

-ਮਾਸਟਰ ਗੁਰਦੇਵ ਸਿੰਘ ਨਾਰਲੀ,
ਕਾਰਜਕਾਰੀ ਮੁੱਖ ਅਧਿਆਪਕ, ਸ: ਐ: ਸਕੂਲ, ਪਿੰਡ ਧੁੰਨ (ਤਰਨ ਤਾਰਨ)। ਮੋਬਾ: 98146-58915

ਬੱਚਿਆਂ ਦੇ ਪ੍ਰਸਿੱਧ ਕਾਰਟੂਨ ਚਰਿੱਤਰ-12: ਘਟੋਤਕਚ

ਬੱਚਿਓ, ਮਹਾਭਾਰਤ ਵਿਚ 'ਇੰਦਰਪ੍ਰਸਥ' ਦਾ ਜ਼ਿਕਰ ਆਉਂਦਾ ਹੈ। ਅਜੋਕੀ ਦਿੱਲੀ ਇਸੇ ਇੰਦਰਪ੍ਰਸਥ ਦਾ ਨਵਾਂ ਨਾਂਅ ਹੈ। ਮਹਾਭਾਰਤ ਨਾਲ ਸਬੰਧਿਤ ਬਹਾਦਰ ਵਿਅਕਤੀ ਭੀਮ ਦਾ ਵਿਆਹ ਇਕ ਰਾਖ਼ਸ਼ਣੀ ਨਾਲ ਹੋਇਆ ਮੰਨਿਆ ਜਾਂਦਾ ਹੈ, ਜਿਸ ਨੇ ਘਟੋਤਕਚ ਨੂੰ ਜਨਮ ਦਿੱਤਾ ਸੀ। ਇਸੇ ਘਟੋਤਕਚ ਨੂੰ ਇਕ ਕਾਰਟੂਨ ਪਾਤਰ ਵਜੋਂ ਅੱਜਕਲ੍ਹ ਬੜੀ ਪ੍ਰਸਿੱਧੀ ਮਿਲੀ ਹੋਈ ਹੈ। ਘਟੋਤਕਚ ਬੱਚਿਆਂ ਨੂੰ ਬੇਹੱਦ ਲੁਭਾਉਣ ਵਾਲਾ ਪਾਤਰ ਹੈ। ਇਸ ਨਾਲ ਸਬੰਧਿਤ ਕਾਰਟੂਨ ਮੂਵੀ ਦੋ ਭਾਗਾਂ ਵਿਚ ਫੁੱਲ ਐਚ.ਡੀ. ਦੇ ਰੂਪ ਵਿਚ ਤਿਆਰ ਕੀਤੀ ਗਈ ਹੈ। ਹੱਥ ਵਿਚ ਗਦਾ ਲਈ ਘਟੋਤਕਚ ਹਾਥੀ ਵਰਗੇ ਜੰਗਲੀ ਜੀਵਾਂ ਨਾਲ ਵਿਚਰਦਾ ਹੈ। ਜਦੋਂ ਉਹ 'ਮੈਂ ਹੂੰ ਘਟੋਤਕਚ, ਮੈਂ ਦੁਨੀਆ ਮੇਂ ਸਬ ਸੇ ਨਿਰਾਲਾ' ਗਾਉਂਦਾ ਹੈ ਤਾਂ ਬੱਚੇ ਵੀ ਉਸ ਦੇ ਨਾਲ ਗੁਣਗੁਣਾਉਣ ਅਤੇ ਨੱਚਣ ਲੱਗਦੇ ਹਨ। ਕਦੇ-ਕਦੇ ਇਹ ਆਪਣੇ ਦੋਸਤ ਹਾਥੀ ਦੇ ਬੱਚੇ ਨਾਲ ਨਾਰਾਜ਼ ਵੀ ਹੋ ਜਾਂਦਾ ਹੈ ਤੇ ਕਦੇ ਉਸ ਨੂੰ ਝਿੜਕਦਾ ਵੀ ਹੈ। ਇਹ ਅਥਾਹ ਜਾਦੂਈ ਸ਼ਕਤੀਆਂ ਦਾ ਮਾਲਕ ਹੈ। ਬੱਚਿਆਂ ਨੂੰ ਇਸ ਦੇ ਕਾਰਨਾਮੇ ਬਹੁਤ ਚੰਗੇ ਲੱਗਦੇ ਹਨ। ਇਸ ਪਾਤਰ ਨਾਲ ਸਬੰਧਿਤ ਇਹ ਕਾਰਟੂਨ ਫ਼ਿਲਮ ਸਿੰਗੀਤਮ ਸ੍ਰੀਨਿਵਾਸਾ ਰਾਓ ਦੀ ਨਿਰਦੇਸ਼ਨਾ ਅਧੀਨ ਤਿਆਰ ਹੋਈ ਅਤੇ ਇਸ ਦੀ ਕਹਾਣੀ ਅਪਰਾਜਿਤ ਸ਼ੁਕਲਾ ਨੇ ਲਿਖੀ। ਇਹ ਫ਼ਿਲਮ 23 ਮਈ, 2008 ਨੂੰ ਰਿਲੀਜ਼ ਹੋਈ ਸੀ।

-ਪੰਜਾਬੀ ਯੂਨੀਵਰਸਿਟੀ ਕੈਂਪਸ, ਪਟਿਆਲਾ। ਮੋਬਾ: 98144-23703

ਬਾਲ ਕਹਾਣੀ: ਚਲਾਕੋ ਦੀ ਚਲਾਕੀ

ਵਣ ਜੀਵਾਂ ਵਿਚੋਂ ਸਭ ਤੋਂ ਚਲਾਕ ਸਮਝੀ ਜਾਂਦੀ ਮੌਮ ਲੂੰਬੜੀ ਨੇ ਕਾਨਵੈਂਟ ਸਕੂਲ ਦੀ ਪਹਿਲੀ 'ਚ ਪੜ੍ਹ ਰਹੀ ਬੇਟੀ ਲਿਲੀਅਨ ਉਰਫ ਚਲਾਕੋ ਨੂੰ ਪਹਿਲਾ ਪਾਠ ਇਹੋ ਪੜ੍ਹਾ ਕੇ ਭੇਜਿਆ ਸੀ ਕਿ 'ਬੇਟਾ ਲਾਲਚ ਕਦੇ ਨਾ ਕਰਨਾ ਅਤੇ ਨਾ ਹੀ ਕਿਸੇ ਦੀ ਵਸਤ ਨੂੰ ਚਲਾਕੀ ਨਾਲ ਪ੍ਰਾਪਤ ਕਰਨਾ, ਨਹੀਂ ਤਾਂ ਤੁਹਾਡਾ ਲਾਲਚ ਬੁਰੀ ਬਿਪਤਾ ਬਣ ਤੁਹਾਨੂੰ ਕਦੇ ਨਾ ਕਦੇ ਸ਼ਰਮਿੰਦਾ ਕਰੇਗਾ।'
ਪਰ ਇੰਗਲਿਸ਼ ਮੀਡੀਅਮ ਵਾਲੇ ਕਥਿਤ ਪਬਲਿਕ ਸਕੂਲ ਦੀ ਨਰਸਰੀ, ਯੂ.ਕੇ.ਜੀ. ਤੇ ਐਲ.ਕੇ.ਜੀ. ਪਾਸ ਕਰ ਫਸਟ 'ਚ ਪੁੱਜੀ ਚਲਾਕੋ ਤਾਂ ਮਾਤ ਭਾਸ਼ਾ ਵਿਚ ਘਰੋਂ ਗ੍ਰਹਿਣ ਕੀਤੇ ਸੱਚੇ-ਸੁੱਚੇ ਸੰਸਕਾਰ ਤਾਂ ਕਦੋਂ ਦੇ ਭੁੱਲ ਚੁੱਕੀ ਸੀ। ਸੋ, ਉਸ ਨੇ ਕਾਂ ਦੇ ਮੂੰਹ (ਚੁੰਝ) ਵਿਚ ਪਨੀਰ ਦਾ ਟੁਕੜਾ ਦੇਖ ਉਸ ਨੂੰ ਹਥਿਆਉਣ ਲਈ ਹਾਈ-ਫਾਈ ਸਕੀਮ ਬਣਾਈ। ਚਲਾਕੋ ਨੇ ਕਾਂ ਦੇ ਮੋਬਾਈਲ ਫੋਨ ਦੀ ਐਲ.ਈ.ਡੀ. ਸਕਰੀਨ ਉੱਤੇ ਉਸੇ ਵਰਗੇ ਕਾਂ ਦੀ ਚੁੰਝ (ਮੂੰਹ) ਵਿਚ ਉਸ ਤੋਂ ਵੀ ਵੱਡਾ ਚੀਜ਼ ਦਾ ਟੁਕੜਾ ਫੜੀ ਵਾਲੀ ਫੋਟੋ ਭੇਜ ਦਿੱਤੀ। ਉਸ ਨੇ ਸੋਚਿਆ ਜਦੋਂ ਕਾਂ ਆਪਣੇ ਮੋਬਾਈਲ ਦੀ ਸਕਰੀਨ 'ਤੇ ਡਿਸਪਲੇ ਹੋਈ ਫੋਟੋ ਦੇਖੇਗਾ ਤਾਂ ਝੱਟ ਫੋਟੋ ਵਾਲੇ ਕਾਂ ਤੋਂ ਵੱਡਾ ਟੁਕੜਾ ਖੋਹਣ ਲਈ ਆਪਣਾ ਮੂੰਹ ਖੋਲ੍ਹੇਗਾ। ਸੋ, ਇਸ ਤਰ੍ਹਾਂ ਉਸ ਦੇ ਆਪਣੇ ਮੂੰਹ ਵਾਲਾ ਪਨੀਰ ਦਾ ਟੁਕੜਾ ਹੇਠਾਂ ਉਸ ਕੋਲ ਆ ਡਿਗੇਗਾ। ਜਦੋਂ ਚਲਾਕੋ ਆਪਣੀ ਚਾਲ 'ਚ ਨਾਕਾਮ ਹੋ ਗਈ ਤਾਂ ਕਾਂ ਨੇ ਕਿਹਾ, 'ਚਲਾਕੋ! ਹੁਣ ਸੋਸ਼ਲ ਮੀਡੀਆ 'ਤੇ ਸਭ ਚੰਗਾ-ਮੰਦਾ ਵਾਇਰਲ ਹੋ ਜਾਂਦਾ। ਤੇਰੀ ਬਣਾਈ ਸਕੀਮ ਦੀ ਵੀਡੀਓ ਵੀ ਮੇਰੇ ਸਮਾਰਟ ਫੋਨ 'ਤੇ ਆ ਗਈ ਸੀ। ਸੋ, ਮੈਂ ਆਪਣੇ ਪਨੀਰ ਦੇ ਟੁਕੜੇ ਨਾਲ ਹਲਕਾ ਜਿਹਾ ਵਿਸਫੋਟ ਲਗਾ ਰਿਮੋਟ ਨਾਲ ਧਮਾਕਾ ਕਰ ਦਿੱਤਾ, ਜਿਸ ਦੇ ਧੂੰਏਂ ਤੇ ਧੱਕੇ ਨਾਲ ਤੂੰ ਮੂੰਹ ਭਨਾ ਬੈਠੀ। ਇਸ ਤਰ੍ਹਾਂ ਚਲਾਕੋ ਦੀ ਚਲਾਕੀ ਠੁੱਸ ਹੋ ਗਈ।

-ਮੁਖ਼ਤਾਰ ਗਿੱਲ,
ਪਿੰਡ ਪ੍ਰੀਤ ਨਗਰ, ਡਾਕ: ਚੋਗਾਵਾਂ (ਅੰਮ੍ਰਿਤਸਰ)-143109

ਕਿਤਾਬਾਂ ਦੀ ਸੰਭਾਲ

ਪਿਆਰੇ ਬੱਚਿਓ! ਵਿਦਿਆਰਥੀ ਜੀਵਨ ਵਿਚ ਸਾਡੀਆਂ ਸੱਚੀਆਂ ਦੋਸਤ ਸਾਡੀਆਂ ਕਿਤਾਬਾਂ ਹਨ, ਜਿਨ੍ਹਾਂ ਤੋਂ ਅਸੀਂ ਆਪਣੇ ਜੀਵਨ ਲਈ ਸੇਧ ਲੈਂਦੇ ਹਾਂ। ਇਨ੍ਹਾਂ ਕਿਤਾਬਾਂ ਨੂੰ ਪੜ੍ਹ ਕੇ ਅਸੀਂ ਸਫਲਤਾ ਦੀ ਪੌੜੀ ਭਾਵ ਇਕ ਜਮਾਤ ਤੋਂ ਦੂਸਰੀ ਜਮਾਤ ਵਿਚ ਜਾਂਦੇ ਹਾਂ। ਕਿਤਾਬਾਂ ਪੜ੍ਹਨ ਦੇ ਨਾਲ-ਨਾਲ ਇਨ੍ਹਾਂ ਦੀ ਸਾਂਭ-ਸੰਭਾਲ ਦੀ ਬਹੁਤ ਜ਼ਰੂਰਤ ਹੁੰਦੀ ਹੈ, ਕਿਉਂਕਿ ਅਸੀਂ ਸਾਰਾ ਸਾਲ ਇਨ੍ਹਾਂ ਨੂੰ ਪੜ੍ਹਨਾ ਤੇ ਵਿਚਾਰਨਾ ਹੁੰਦਾ ਹੈ।
ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਸਰਕਾਰ ਵਲੋਂ ਮੁਫਤ ਕਿਤਾਬਾਂ ਦਿੱਤੀਆਂ ਜਾਂਦੀਆਂ ਹਨ, ਜਿਨ੍ਹਾਂ ਦੀਆਂ ਜਿਲਦਾਂ ਨਹੀਂ ਹੁੰਦੀਆਂ। ਅਧਿਆਪਕ ਬੱਚਿਆਂ ਨੂੰ ਕਿਤਾਬਾਂ ਵੰਡਣ ਸਮੇਂ ਬੱਚਿਆਂ ਨੂੰ ਤਾਕੀਦ ਕਰਦੇ ਹਨ ਕਿ ਬੱਚਿਓ, ਆਪਣੀਆਂ ਕਿਤਾਬਾਂ 'ਤੇ ਜਿਲਦਾਂ ਜ਼ਰੂਰ ਚੜ੍ਹਵਾ ਲਈਆਂ ਜਾਣ। ਕੁਝ ਬੱਚੇ ਤੇ ਉਨ੍ਹਾਂ ਦੇ ਮਾਪੇ ਬੱਚਿਆਂ ਦੀਆਂ ਕਿਤਾਬਾਂ 'ਤੇ ਜਿਲਦਾਂ ਚੜ੍ਹਵਾ ਲੈਂਦੇ ਹਨ ਤੇ ਕਈ ਇਨ੍ਹਾਂ ਕਿਤਾਬਾਂ 'ਤੇ ਜਿਲਦਾਂ ਨਹੀਂ ਚੜ੍ਹਾਉਂਦੇ, ਜਿਸ ਕਾਰਨ ਇਹ ਕਿਤਾਬਾਂ ਸਾਲ ਦੇ ਵਿਚਕਾਰ ਹੀ ਫਟ ਜਾਂਦੀਆਂ ਹਨ। ਕਿਤਾਬਾਂ ਫਟਣ ਕਾਰਨ ਜਾਂ ਪੜ੍ਹਨ ਸਮੇਂ ਬੱਚਿਆਂ ਕੋਲ ਨਾ ਹੋਣ ਕਾਰਨ ਉਨ੍ਹਾਂ ਨੂੰ ਪੜ੍ਹਨ ਸਮੇਂ ਤੇ ਉਨ੍ਹਾਂ ਦੇ ਅਧਿਆਪਕਾਂ ਨੂੰ ਪੜ੍ਹਾਉਣ ਸਮੇਂ ਬਹੁਤ ਜ਼ਿਆਦਾ ਦਿੱਕਤ ਆਉਂਦੀ ਹੈ।
ਇਸ ਤਰ੍ਹਾਂ ਉਹ ਬੱਚੇ ਪੜ੍ਹਾਈ ਵਿਚ ਅੱਗੇ ਲੰਘ ਜਾਂਦੇ ਹਨ, ਜੋ ਕਿਤਾਬਾਂ ਨੂੰ ਪੂਰਨ ਰੂਪ ਵਿਚ ਸਤਿਕਾਰ ਦਿੰਦੇ ਹਨ। ਕਿਤਾਬ ਨੂੰ ਕਦੇ ਵਿਚਕਾਰੋਂ ਮੋੜ ਕੇ ਨਾ ਪੜ੍ਹੋ, ਇਸ ਨਾਲ ਕਿਤਾਬ ਦੀ ਜਿਲਦ, ਵਿਚਕਾਰਲਾ ਧਾਗਾ ਟੁੱਟ ਜਾਵੇਗਾ। ਕਿਤਾਬ ਪੜ੍ਹਨ ਤੋਂ ਬਾਅਦ ਉਸ ਦੇ ਪੰਨਿਆਂ ਨੂੰ ਵੇਖੋ ਕਿ ਕੋਈ ਪੰਨਾ ਮੁੜ ਤਾਂ ਨਹੀਂ ਗਿਆ। ਕਿਤਾਬ ਬੰਦ ਕਰਨ ਸਮੇਂ ਉਸ ਵਿਚ ਕੋਈ ਮੋਟਾ ਪੈੱਨ ਆਦਿ ਨਾ ਪਾਇਆ ਜਾਵੇ। ਇਸ ਤਰ੍ਹਾਂ ਵੀ ਕਿਤਾਬ ਖਰਾਬ ਹੋ ਜਾਂਦੀ ਹੈ। ਪੜ੍ਹਨ ਤੋਂ ਬਾਅਦ ਕਿਤਾਬਾਂ ਨੂੰ ਸਹੀ ਸਥਾਨ 'ਤੇ ਜ਼ਰੂਰ ਰੱਖਿਆ ਜਾਵੇ। ਸਕੂਲ ਤੋਂ ਘਰ ਜਾਣ ਸਮੇਂ ਕਿਤਾਬਾਂ ਨੂੰ ਸਹੀ ਥਾਂ ਜਾਂ ਘਰ ਵਿਚ ਕਿਤਾਬਾਂ ਰੱਖਣ ਲਈ ਬੁੱਕ ਰੈਕ ਵੀ ਬਣਾਇਆ ਜਾ ਸਕਦਾ ਹੈ। ਘਰ ਵਿਚ ਕਿਸੇ ਚੋਣਵੇਂ ਜਾਂ ਉੱਚੀ ਥਾਂ 'ਤੇ ਕਿਤਾਬਾਂ ਨੂੰ ਰੱਖਿਆ ਜਾਵੇ। ਜੇ ਘਰ ਵਿਚ ਕੋਈ ਛੋਟਾ ਬੱਚਾ ਹੈ ਤਾਂ ਉਸ ਦੀ ਪਹੁੰਚ ਤੋਂ ਵੀ ਕਿਤਾਬਾਂ ਨੂੰ ਦੂਰ ਰੱਖੋ। ਅੱਜਕਲ੍ਹ ਕਿਤਾਬਾਂ 'ਤੇ ਪਲਾਸਟਿਕ ਪੇਪਰ ਦੀਆਂ ਜਿਲਦਾਂ ਵੀ ਬਾਜ਼ਾਰ ਵਿਚ ਉਪਲਬਧ ਹਨ, ਜਿਸ ਨਾਲ ਕਿਤਾਬਾਂ ਸਾਰਾ ਸਾਲ ਵਧੀਆ ਹਾਲਤ ਵਿਚ ਰਹਿੰਦੀਆਂ ਹਨ। ਸੋ ਆਓ ਕਿਤਾਬਾਂ ਦੀ ਸੰਭਾਲ ਪ੍ਰਤੀ ਅਸੀਂ ਸੰਜੀਦਾ ਹੋਈਏ, ਜਿਨ੍ਹਾਂ ਸਾਨੂੰ ਗਿਆਨ ਦੇਣਾ ਹੈ, ਸਾਡੀ ਜ਼ਿੰਦਗੀ ਨੂੰ ਸੰਵਾਰਨਾ ਹੈ। ਇਸ ਲਈ ਕਿਤਾਬਾਂ ਨੂੰ ਪੜ੍ਹੋ ਤੇ ਸੰਭਾਲ ਕਰਨ ਦੀ ਆਦਤ ਪਾਓ।

-ਕ੍ਰਿਸ਼ਨਾ ਨਗਰ, ਗਲੀ ਨੰ: 10, ਖੰਨਾ। ਮੋਬਾ: 94630-57786

ਬੁਝਾਰਤਾਂ

1. ਧਰਤੀ ਦਾ ਬਣਿਆ ਭਗਵਾਨ, ਉਹਦੇ ਪਿੱਛੇ ਪਿਆ ਜਹਾਨ।
2. ਸਿੱਖਿਆ ਬਾਂਦਰ ਨੂੰ ਦੇ ਕੇ, ਘਰ ਆਪਣਾ ਉਜਾੜਨ ਵਾਲੀ,
ਰੁੱਖਾਂ 'ਚ ਲਟਕਾ ਆਪਣਾ ਘਰ, ਫੁਰਰ ਫੁਰਰ ਉੱਡਦੀ ਰਹਿਣ ਵਾਲੀ।
3. ਕਾਰਤਿਕੇ ਦਾ ਵਾਹਨ ਅਖਵਾਏ, ਰਾਸ਼ਟਰੀ ਪੰਛੀ ਦਾ ਸਨਮਾਨ ਪਾਵੇ।
ਬੱਦਲ ਬੁਲਾਉਣ ਦਾ ਇਸ ਨੂੰ ਵਰਦਾਨ, ਨਾਂਅ ਦੱਸੋ ਉਸ ਦਾ ਪਹਿਚਾਣ।
4. ਅੱਗੇ-ਅੱਗੇ ਭੱਜਿਆ ਜਾਵੇ, ਹਿੰਮਤੀਆਂ ਨੂੰ ਨਾਲ ਰਲਾਵੇ।
5. ਸ਼ਾਹੂਕਾਰਾਂ ਲਈ ਵਰਦਾਨ, ਜ਼ਿਮੀਂਦਾਰਾਂ ਲਈ ਨੁਕਸਾਨ।
6. ਬੁੱਝੋ ਲੋਕੋ ਇਕ ਪਹੇਲੀ, ਜਦੋਂ ਮੈਂ ਕੱਟਦੀ ਤਾਂ ਬਣ ਜਾਵਾਂ ਨਵੀਂ ਨਵੇਲੀ।
7. ਦਾਨ ਦੇਈਏ ਅੱਗੇ ਆਵੇ, ਮੰਗੀਏ ਤਾਂ ਪਿੱਛੇ ਹਟ ਜਾਵੇ।
8. ਬਾਰਾਂ ਮਹੀਨੇ ਵਿਕਦਾ ਰਹਿੰਦਾ, ਹਰ ਇਕ ਸਬਜ਼ੀ ਦੇ ਵਿਚ ਪੈਂਦਾ।
9. ਸਿਦਕੀ ਨਾ ਉਸ ਬਾਰੇ ਸੋਚਣ, ਕਾਇਰ ਹਮੇਸ਼ਾ ਉਸ ਨੂੰ ਕੋਸਣ।
10. ਵਫਾਦਾਰੀ ਵਿਚ ਉਸ ਤੋਂ ਪਿੱਛੇ ਸਾਰੇ,
ਫਿਰ ਵੀ ਦੁਨੀਆ ਉਸ ਨੂੰ ਦੁਰਕਾਰੇ।

ਉੱਤਰ : (1) ਪੈਸਾ, (2) ਬਿਜੜਾ, (3) ਮੋਰ, (4) ਸਮਾਂ, (5) ਵਿਆਜ, (6) ਪੈਨਸਿਲ, (7) ਕੜਾ, (8) ਆਲੂ, (9) ਕਿਸਮਤ, (10) ਕੁੱਤਾ।
-ਤਸਵਿੰਦਰ ਸਿੰਘ ਬੜੈਚ
ਪਿੰਡ ਦੀਵਾਲਾ, ਤਹਿ: ਸਮਰਾਲਾ, ਜ਼ਿਲ੍ਹਾ ਲੁਧਿਆਣਾ।
ਮੋਬਾ: 98763-22677

ਸ਼ੁੱਭ ਵਿਚਾਰ

* ਸਾਡੇ ਕੋਲ ਜਿੰਨਾ ਮਰਜ਼ੀ ਧਨ, ਦੌਲਤ ਤੇ ਜਾਇਦਾਦ ਆ ਜਾਵੇ ਪਰ ਅਸੀਂ ਉਹ ਖੁਸ਼ੀ, ਉਹ ਸੁੱਖ-ਚੈਨ ਕਦੇ ਨਹੀਂ ਪਾ ਸਕਦੇ, ਜੋ ਸਾਨੂੰ ਆਪਣੇ ਮਾਪਿਆਂ ਨਾਲ ਰਹਿ ਕੇ, ਉਸ ਦੀ ਸੇਵਾ ਕਰਕੇ ਮਿਲ ਸਕਦਾ। ਕਿਉਂਕਿ ਮਾਪਿਆਂ ਦਾ ਦਰਜਾ ਸਭ ਤੋਂ ਉੱਚਾ ਹੈ ਤੇ ਉਨ੍ਹਾਂ ਦੀ ਸੇਵਾ ਸਭ ਤੀਰਥਾਂ ਤੋਂ ਉੱਤਮ ਮੰਨੀ ਜਾਂਦੀ ਹੈ। ਇਸ ਲਈ ਸਾਨੂੰ ਆਪਣੇ ਮਾਪਿਆਂ ਨੂੰ ਬਿਰਧ ਆਸ਼ਰਮਾਂ ਵਿਚ ਨਹੀਂ, ਬਲਕਿ ਆਪਣੇ ਕੋਲ ਰੱਖਣਾ ਚਾਹੀਦਾ।
* ਸਾਨੂੰ ਆਪਣੀ ਕਿਰਤ-ਕਮਾਈ ਵਿਚੋਂ ਜਿੰਨਾ ਅਸਾਨੀ ਨਾਲ ਸੰਭਵ ਹੋਵੇ, ਥੋੜ੍ਹਾ-ਬਹੁਤ ਦਾਨ-ਪੁੰਨ ਜ਼ਰੂਰ ਕਰਨਾ ਚਾਹੀਦਾ, ਜੋ ਕਿਤੇ ਨਾ ਕਿਤੇ ਜ਼ਰੂਰ ਸਹਾਈ ਹੁੰਦਾ ਤੇ ਆਪਣੇ ਰੁਝੇਵਿਆਂ 'ਚੋਂ ਕੁਝ ਸਮਾਂ ਕੱਢ ਕੇ ਉਸ ਪਰਮਾਤਮਾ ਦੇ ਘਰ ਜ਼ਰੂਰ ਗੁਜ਼ਾਰਨਾ ਚਾਹੀਦਾ। ਇਸ ਤਰ੍ਹਾਂ ਕਰਨ ਨਾਲ ਸਾਡੇ ਘਰ ਦੇ ਦੁੱਖ-ਦਲਿੱਦਰ ਤੇ ਕਲ਼ਾ-ਕਲੇਸ਼ ਦੂਰ ਹੋਣਗੇ ਤੇ ਘਰ ਵਿਚ ਸੁੱਖਾਂ ਦਾ ਵਾਸਾ ਹੋਵੇਗਾ।
* ਕਿਤਾਬਾਂ ਪੜ੍ਹਨ ਦੀ ਆਦਤ ਆਪਣੀਆਂ ਆਦਤਾਂ ਵਿਚ ਜ਼ਰੂਰ ਸ਼ਾਮਿਲ ਕਰੋ, ਕਿਉਂਕਿ ਕਿਤਾਬਾਂ ਗਿਆਨਵਾਨ ਹੁੰਦੀਆਂ ਹਨ ਤੇ ਇਨਸਾਨ ਗਿਆਨ ਨਾਲ ਹੀ ਮਹਾਨ ਬਣਦਾ ਹੈ। ਇਹ ਇਨਸਾਨ ਦਾ ਅਜਿਹਾ ਅਨਮੋਲ ਖਜ਼ਾਨਾ ਹੈ, ਜਿਸ ਨੂੰ ਕੋਈ ਚੋਰੀ ਵੀ ਨਹੀਂ ਕਰ ਸਕਦਾ। ਇਸ ਨੂੰ ਜਿੰਨਾ ਵੰਡਿਆ ਜਾਵੇ, ਇਹ ਓਨਾ ਹੀ ਵਧਦਾ ਹੈ।

-ਹਰਮੇਸ਼ ਬਸਰਾ ਮੁਫ਼ਲਿਸ,
ਪਿੰਡ ਗਿੱਲਾਂ, ਡਾਕ: ਚਮਿਆਰਾ, ਜਲੰਧਰ। ਮੋਬਾ: 97790-43348

ਬਾਲ ਸਾਹਿਤ

ਸੁਪਨਿਆਂ ਦਾ ਮਹੱਲ
(ਬਾਲ ਨਾਵਲ)
ਲੇਖਕ : ਡਾ: ਬਲਦੇਵ ਸਿੰਘ ਬੱਦਨ
ਪੰਨੇ : 56, ਮੁੱਲ : 100 ਰੁਪਏ
ਪ੍ਰਕਾਸ਼ਕ : ਲਕਸ਼ਯ ਪਬਲੀਕੇਸ਼ਨਜ਼, ਦਿੱਲੀ-53
ਸੰਪਰਕ : 99558-31357

ਇਹ ਨਾਵਲ ਤਿੰਨ ਮਿੱਤਰਾਂ ਦੀ ਕਹਾਣੀ ਹੈ, ਜੋ ਜਾਤੀ ਅਤੇ ਧਰਮ ਤੋਂ ਉਤਾਂਹ ਉੱਠ ਕੇ ਆਪਣਾ ਦੋਸਤੀ ਕਰਮ ਤੇ ਧਰਮ ਨਿਭਾਉਂਦੇ ਹਨ। ਰਜਤ, ਰਮਨ ਅਤੇ ਰਹਿਮਾਨ। ਇਸ ਨਾਵਲ ਵਿਚੋਂ ਬਹੁਤ ਸਾਰੇ ਸੁਨੇਹੇ ਅਤੇ ਆਵਾਜ਼ਾਂ ਸੁਣਾਈ ਦਿੰਦੀਆਂ ਹਨ। ਪਹਿਲਾ ਸੁਨੇਹਾ ਮਿਹਨਤ ਦਾ ਹੈ। ਮਿਹਨਤ ਨਾਲ ਕੀ ਕੁਝ ਨਹੀਂ ਕੀਤਾ ਜਾ ਸਕਦਾ? ਰਜਤ, ਰਮਨ ਮਿਹਨਤ ਦੇ ਬਲਬੂਤੇ ਵੱਡੇ ਇਮਤਿਹਾਨ ਪਾਸ ਕਰਕੇ ਚੰਗੀਆਂ ਨੌਕਰੀਆਂ 'ਤੇ ਤਾਇਨਾਤ ਹੁੰਦੇ ਹਨ। ਰਹਿਮਾਨ ਆਰਥਿਕ ਤੌਰ 'ਤੇ ਕਮਜ਼ੋਰ ਹੁੰਦਿਆਂ ਵੀ ਆਪਣੀ ਮਿਹਨਤ ਰਾਹੀਂ ਪਿੰਡ ਵਿਚ ਚੰਗਾ ਨਾਂਅ ਪੈਦਾ ਕਰਦਾ ਹੈ ਤੇ ਆਰਥਿਕ ਤੌਰ 'ਤੇ ਮਜ਼ਬੂਤ ਹੁੰਦਾ ਹੈ। ਚੰਗੀ ਅਤੇ ਸਾਫ਼-ਸੁਥਰੀ ਸੋਚ ਮਾੜੀ ਸੋਚ ਨੂੰ ਬਦਲ ਦਿੰਦੀ ਹੈ। ਰਹਿਮਾਨ ਦੇ ਮਨ 'ਚ ਖੋਟ ਹੈ ਤੇ ਉਹ ਰਜਤ, ਰਮਨ ਹੁਰਾਂ ਦੀ ਜਾਇਦਾਦ 'ਤੇ ਕਬਜ਼ਾ ਕਰਕੇ ਆਪਣੇ ਸੁਪਨਿਆਂ ਦਾ ਮਹੱਲ ਉਸਾਰਨਾ ਚਾਹੁੰਦਾ ਹੈ। ਪਰ ਰਜਤ, ਰਮਨ ਦੇ ਮਾਪਿਆਂ ਦੇ ਚੰਗੇ ਵਰਤਾਓ ਤੇ ਪਿਆਰ-ਮੁਹੱਬਤ ਸਾਹਵੇਂ ਉਸ ਦਾ ਨਜ਼ਰੀਆ ਬਦਲ ਕੇ ਹਾਂ-ਪੱਖੀ ਹੋ ਜਾਂਦਾ ਹੈ। ਪਿਆਰ ਦਾ ਬਦਲਾ ਪਿਆਰ ਵਿਚ ਵਟ ਜਾਂਦਾ ਹੈ। ਕੁੜੀਆਂ ਦੀ ਪੜ੍ਹਾਈ ਜ਼ਰੂਰੀ ਹੈ ਤੇ ਉਨ੍ਹਾਂ ਨੂੰ ਪਿਛਲਖੋਰੀ ਰਹੁ-ਰੀਤਾਂ ਤੋਂ ਮੁਕਤ ਹੋ ਜਾਣਾ ਚਾਹੀਦਾ ਹੈ। ਰਹਿਮਾਨ ਦੀ ਭੈਣ ਜਿਆ ਪਰਦੇ ਦਾ ਤਿਆਗ ਕਰਕੇ ਪੜ੍ਹਾਈ 'ਚ ਖੂਬ ਮਿਹਨਤ ਕਰਦੀ ਹੈ ਤੇ ਆਈ.ਏ.ਐਸ. ਜਿਹੇ ਇਮਤਿਹਾਨ ਵਿਚੋਂ ਪਾਸ ਹੁੰਦੀ ਹੈ। ਲੇਖਕ ਕੁੜੀਆਂ ਦੀ ਪੜ੍ਹਾਈ ਦੇ ਹੱਕ ਵਿਚ ਹੈ। ਲੇਖਕ ਦਾ ਇਹ ਸੁਨੇਹਾ ਵੀ ਨਾਵਲ ਵਿਚ ਗੂੰਜ ਵਾਂਗ ਸੁਣਾਈ ਦਿੰਦਾ ਹੈ ਕਿ ਸਾਨੂੰ ਜਾਤ-ਪਾਤ ਦਾ ਤਿਆਗ ਕਰਕੇ ਬਰਾਬਰੀ ਦਾ ਸਮਾਜ ਤਿਆਰ ਕਰਨਾ ਚਾਹੀਦਾ ਹੈ। ਰਹਿਮਾਨ ਦਾ ਵਿਆਹ ਜਿਆ ਦੀ ਸਹੇਲੀ ਕਵਿਤਾ ਨਾਲ ਕਰਵਾ ਕੇ ਲੇਖਕ ਆਪਣੇ ਆਸ਼ੇ ਦੀ ਪੂਰਤੀ ਕਰਦਾ ਦਿਖਾਈ ਦਿੰਦਾ ਹੈ। ਤਿਆਗ ਅਤੇ ਪਿਆਰ ਦਾ ਵੀ ਇਸ ਨਾਵਲ ਵਿਚ ਵੱਡਾ ਰੋਲ ਹੈ। ਰਜਤ ਦੇ ਮਾਪੇ ਆਪਣੀ ਜਾਇਦਾਦ ਰਹਿਮਾਨ ਦੇ ਨਾਂਅ ਲਗਵਾ ਕੇ ਵੱਡੇ ਤਿਆਗ ਅਤੇ ਆਪਣੀ ਮੁਹੱਬਤ ਦਾ ਪ੍ਰਮਾਣ ਪੇਸ਼ ਕਰਦੇ ਹਨ। ਇੰਜ ਇਹ ਨਾਵਲ ਕਈ ਸੁਨੇਹੇ ਦਿੰਦਾ ਹੋਇਆ ਸੁਖੈਨ ਭਾਵੀ ਹੋ ਨਿਬੜਦਾ ਹੈ।

-ਕੇ. ਐਲ. ਗਰਗ

ਚੁਟਕਲੇ

* ਜੱਜ-ਤੁਹਾਡੀ ਪਤਨੀ ਭੱਜ ਗਈ ਤਾਂ ਤੁਸੀਂ ਪੁਲਿਸ ਥਾਣੇ ਜਾਓ, ਕੋਰਟ ਵਿਚ ਕਿਉਂ ਆਏ ਹੋ?
ਰੋਹਿਤ-ਪਿਛਲੀ ਵਾਰ ਮੈਂ ਥਾਣੇ ਹੀ ਗਿਆ ਸੀ, ਤਾਂ ਪੁਲਿਸ ਵਾਲੇ ਉਸ ਨੂੰ ਲੱਭ ਕੇ ਮੇਰੇ ਕੋਲ ਛੱਡ ਗਏ ਸਨ।
* ਇਕ ਬਜ਼ੁਰਗ ਆਦਮੀ ਨੇ ਇਕ ਕੰਪਨੀ ਦੇ ਦਫ਼ਤਰ ਜਾ ਕੇ ਮੈਨੇਜਰ ਨੂੰ ਕਿਹਾ-'ਤੁਹਾਡੇ ਦਫ਼ਤਰ ਵਿਚ ਮੇਰਾ ਲੜਕਾ ਕੰਮ ਕਰਦਾ ਹੈ। ਕੀ ਮੈਂ ਉਸ ਨੂੰ ਮਿਲ ਸਕਦਾ ਹਾਂ?'
ਮੈਨੇਜਰ ਨੇ ਉਸ ਬਜ਼ੁਰਗ ਨੂੰ ਗੌਰ ਨਾਲ ਵੇਖਿਆ ਤੇ ਕਿਹਾ-'ਅਫ਼ਸੋਸ ਹੈ ਕਿ ਤੁਸੀਂ ਦੇਰ ਨਾਲ ਪਹੁੰਚੇ। ਤੁਹਾਡਾ ਲੜਕਾ ਤੁਹਾਡਾ ਅੰਤਿਮ ਸੰਸਕਾਰ ਕਰਨ ਲਈ ਛੁੱਟੀ ਲੈ ਕੇ ਹੁਣੇ ਹੀ ਗਿਆ ਹੈ।'
* ਇਕ ਵਾਰ ਦੋ ਮੂਰਖ ਵਿਅਕਤੀ ਗੱਡੀ ਵਿਚ ਯਾਤਰਾ ਕਰ ਰਹੇ ਸਨ ਤਾਂ ਰਾਤ ਹੋਣ ਵਾਲੀ ਸੀ।
ਪਹਿਲਾ ਮੂਰਖ-ਕਿਉਂ ਭਾਈ, ਇਹ ਦਰਖ਼ਤ ਇੰਨੀ ਤੇਜ਼ੀ ਨਾਲ ਪਿੱਛੇ ਕਿਉਂ ਭੱਜਦੇ ਜਾ ਰਹੇ ਹਨ।
ਦੂਜਾ ਮੂਰਖ-ਭਾਈ, ਰਾਤ ਹੋਣ ਵਾਲੀ ਹੈ, ਆਪਣੇ ਘਰ ਜਾ ਰਹੇ ਹਨ।

-ਗੋਬਿੰਦ ਸੁਖੀਜਾ
ਢਿੱਲਵਾਂ (ਕਪੂਰਥਲਾ)। ਮੋਬਾ: 98786-05929

ਬਾਲ ਨਾਵਲ-44 ਖੱਟੀਆਂ-ਮਿੱਠੀਆਂ ਗੋਲੀਆਂ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
'ਵੀਰ ਜੀ, ਮੇਰੇ ਉੱਪਰ ਤੁਹਾਡੇ ਪਹਿਲਾਂ ਹੀ ਬੜੇ ਅਹਿਸਾਨ ਹਨ। ਤੁਸੀਂ ਜਿੰਨੇ ਮੇਰੀ ਮਦਦ ਕੀਤੀ ਹੈ ਜਾਂ ਕਰ ਰਹੇ ਹੋ, ਇਸ ਦੀਆਂ ਮੈਂ ਸਾਰੀ ਉਮਰ ਦੇਣੀਆਂ ਨਹੀਂ ਦੇ ਸਕਦਾ। ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ। ਮੈਨੂੰ ਸਭ ਕੁਝ ਭੁਲਾ ਕੇ ਪੜ੍ਹਾਈ ਕਰਨੀ ਹੀ ਪੈਣੀ ਏ। ਮੈਂ ਅੱਜ ਰਾਤੀਂ ਹੀ ਆਪਣੀ ਪੜ੍ਹਾਈ ਦਾ ਟਾਈਮ ਟੇਬਲ ਬਣਾਵਾਂਗਾ ਅਤੇ ਸਵੇਰ ਤੋਂ ਹੀ ਉਸ ਉੱਪਰ ਅਮਲ ਕਰਨਾ ਸ਼ੁਰੂ ਕਰ ਦਿਆਂਗਾ। ਮੈਂ ਤੁਹਾਡੇ ਨਾਲ ਵਾਅਦਾ ਕਰਦਾਂ ਕਿ ਤੁਹਾਨੂੰ ਕਦੇ ਵੀ ਸ਼ਿਕਾਇਤ ਦਾ ਮੌਕਾ ਨਹੀਂ ਮਿਲੇਗਾ।'
'ਸ਼ਾਬਾਸ਼ ਹਰੀਸ਼', ਸਿਧਾਰਥ ਨੇ ਹਰੀਸ਼ ਦੀ ਪਿੱਠ 'ਤੇ ਥਾਪੀ ਦੇ ਕੇ ਕਿਹਾ, 'ਮੈਨੂੰ ਤੇਰੇ ਤੋਂ ਬਹੁਤ ਉਮੀਦਾਂ ਹਨ। ਮੇਰੀ ਤਾਂ ਬਸ ਇਕੋ ਖਾਹਿਸ਼ ਹੈ ਕਿ ਤੂੰ ਮੇਰੀਆਂ ਉਮੀਦਾਂ 'ਤੇ ਖਰਾ ਉਤਰੇਂ। ਆਉਣ ਵਾਲੇ ਸਮੇਂ ਵਿਚ ਤੂੰ 'ਵੱਡਾ ਬੰਦਾ' ਤਾਂ ਬਣੇਂ ਹੀ ਪਰ ਵੱਡੇ ਬੰਦੇ ਦੇ ਨਾਲ-ਨਾਲ 'ਵਧੀਆ ਇਨਸਾਨ' ਵੀ ਬਣੇਂ।'
'ਠੀਕ ਹੈ ਵੀਰ ਜੀ, ਮੈਂ ਵੱਡਾ ਬੰਦਾ ਤਾਂ ਭਾਵੇਂ ਨਾ ਬਣਾਂ ਪਰ ਚੰਗਾ ਇਨਸਾਨ ਜ਼ਰੂਰ ਬਣਾਂਗਾ।'
'ਸ਼ਾਬਾਸ਼! ਚੱਲ ਹੁਣ ਉੱਠ, ਮੇਘਾ ਖਾਣਾ ਬਣਾ ਕੇ ਉਡੀਕ ਰਹੀ ਹੋਣੀ ਐ।'
ਉਹ ਦੋਵੇਂ ਉੱਠੇ ਅਤੇ ਰਸੋਈ ਵੱਲ ਤੁਰ ਪਏ।
ਹਰੀਸ਼ ਖਾਣਾ ਖਾ ਕੇ ਆਪਣੇ ਕਮਰੇ ਵਿਚ ਆ ਗਿਆ। ਕੁਝ ਦੇਰ ਉਹ ਮੇਜ਼ ਕੋਲ ਪਈ ਕੁਰਸੀ 'ਤੇ ਬੈਠ ਕੇ ਸੋਚਦਾ ਰਿਹਾ ਅਤੇ ਫਿਰ ਪੈੱਨ ਅਤੇ ਰਫ਼ ਕਾਗਜ਼ ਲੈ ਕੇ ਆਪਣੀ ਪੜ੍ਹਾਈ ਦਾ ਟਾਈਮ ਟੇਬਲ ਬਣਾਉਣ ਲੱਗਾ। ਦੋ-ਤਿੰਨ ਵਾਰੀ ਉਸ ਉੱਪਰ ਕੱਟ-ਵੱਢ ਕਰਨ ਤੋਂ ਬਾਅਦ ਉਸ ਨੂੰ ਤਸੱਲੀ ਹੋ ਗਈ ਲਗਦੀ ਸੀ। ਉਸ ਤੋਂ ਬਾਅਦ ਉਸ ਨੇ ਆਪਣਾ ਟਾਈਮ ਟੇਬਲ ਇਕ ਡਾਇਰੀ 'ਤੇ ਲਿਖਿਆ, ਜਿਹੜੀ ਉਸ ਨੂੰ ਸਿਧਾਰਥ ਨੇ ਦਿੱਤੀ ਸੀ।
ਸਟੱਡੀ ਰੂਮ ਵਿਚ ਅਲਾਰਮ ਵਾਲੀ ਘੜੀ ਸਿਧਾਰਥ ਨੇ ਸ਼ੁਰੂ ਵਿਚ ਹੀ ਰੱਖ ਦਿੱਤੀ ਸੀ ਪਰ ਅਜੇ ਤੱਕ ਹਰੀਸ਼ ਨੂੰ ਉਸ ਦੀ ਲੋੜ ਨਹੀਂ ਸੀ ਪਈ। ਅੱਜ ਉਸ ਨੇ ਉਹ ਘੜੀ ਚੁੱਕੀ ਅਤੇ ਆਪਣੇ ਹੁਣੇ ਬਣਾਏ ਟਾਈਮ ਟੇਬਲ ਮੁਤਾਬਿਕ ਸਵੇਰੇ ਪੰਜ ਵਜੇ ਦਾ ਅਲਾਰਮ ਲਗਾ ਲਿਆ।
ਸੌਣ ਤੋਂ ਪਹਿਲਾਂ ਉਹ ਆਪਣੀ ਕਿਤਾਬ ਫੜ ਕੇ ਪੜ੍ਹਨ ਲੱਗਾ ਪਰ ਉਸ ਨੇ ਮਸਾਂ ਦੋ ਕੁ ਸਫੇ ਹੀ ਪੜ੍ਹੇ ਸਨ ਕਿ ਦਿਨ ਦੀ ਥਕਾਵਟ ਕਰਕੇ ਨੀਂਦ ਨੇ ਪੂਰਾ ਜ਼ੋਰ ਪਾ ਲਿਆ। ਕਿਤਾਬ ਉਸ ਦੇ ਹੱਥ 'ਚੋਂ ਛੁੱਟ ਗਈ। ਉਸ ਨੇ ਫਟਾਫਟ ਉੱਠ ਕੇ ਕਿਤਾਬ ਮੇਜ਼ ਉੱਪਰ ਰੱਖੀ ਅਤੇ ਬੱਤੀ ਬੰਦ ਕਰ ਕੇ ਸੌਂ ਗਿਆ।
ਟਰਨ... ਟਰਨ... ਟਰਨ... ਹਰੀਸ਼ ਨੀਂਦ 'ਚੋਂ ਅੱਭੜਵਾਹੇ ਉੱਠਿਆ ਅਤੇ ਅਲਾਰਮ ਬੰਦ ਕੀਤਾ। ਉਸ ਨੂੰ ਅੱਜ ਐਨੀ ਗੂੜ੍ਹੀ ਨੀਂਦ ਆਈ ਕਿ ਪਤਾ ਹੀ ਨਾ ਲੱਗਾ ਕਿ ਕਿਸ ਵੇਲੇ ਸਵੇਰ ਦੇ ਪੰਜ ਵੱਜ ਗਏ।
ਦੋ ਕੁ ਮਿੰਟ ਹੋਰ ਲੇਟਣ ਤੋਂ ਬਾਅਦ ਉਹ ਉੱਠਿਆ। ਬਾਥਰੂਮ ਜਾ ਕੇ ਉਸ ਨੇ ਚੰਗੀ ਤਰ੍ਹਾਂ ਮੂੰਹ ਧੋਤਾ ਅਤੇ ਅੱਖਾਂ 'ਤੇ ਛਿੱਟੇ ਮਾਰੇ। ਮੂੰਹ ਧੋ ਕੇ, ਇਕ ਗਿਲਾਸ ਪਾਣੀ ਪੀ ਕੇ ਉਹ ਕੁਰਸੀ 'ਤੇ ਬੈਠ ਕੇ ਪੜ੍ਹਨ ਲੱਗਾ। ਸੱਤ ਵਜੇ ਤੱਕ ਦੋ ਘੰਟੇ ਪੜ੍ਹ ਕੇ ਉਹ ਉੱਠਿਆ ਅਤੇ ਬਾਥਰੂਮ ਨਹਾਉਣ ਚਲਾ ਗਿਆ।
ਅੱਠ ਵਜੇ ਤੱਕ ਉਹ ਨਾਸ਼ਤਾ ਕਰ ਕੇ ਆਪਣੇ ਵੀਰ ਜੀ ਤੋਂ ਪੰਜ ਮਿੰਟ ਪਹਿਲਾਂ ਹੀ ਸਾਈਕਲ 'ਤੇ ਸਕੂਲ ਵੱਲ ਤੁਰ ਪਿਆ।

(ਬਾਕੀ ਅਗਲੇ ਐਤਵਾਰ ਦੇ ਅੰਕ 'ਚ)
-404, ਗ੍ਰੀਨ ਐਵੇਨਿਊ, ਅੰਮ੍ਰਿਤਸਰ-143001. ਮੋਬਾ: 98889-24664

ਦੇਸ਼ ਗਾਨ

ਮੇਰਾ ਵਤਨ ਕਈ ਰੰਗ ਤਰੰਗਾਂ ਦਾ,
ਉਠਦੇ ਜਜ਼ਬੇ ਆਸ ਉਮੰਗਾਂ ਦਾ।
ਮਿਲਣਸਾਰਤਾ ਸਾਡੀ ਨੂੰ ਤਾਂ ਜਾਣੇ ਕੁੱਲ ਜਹਾਨ,
ਏਸੇ ਗੱਲ ਦੀ ਖੁਸ਼ੀ ਹੈ ਸਾਨੂੰ ਏਸੇ ਗੱਲ 'ਤੇ ਮਾਣ।
ਜ਼ਖ਼ੀਰਾ ਸੋਨ ਸੁਨਹਿਰੀ ਢੰਗਾਂ ਦਾ,
ਉਠਦੇ ਜਜ਼ਬੇ.........।
ਭਾਰਤ ਜ਼ਿੰਦਗੀ ਦੀ ਹੈ ਝਾਕੀ ਸਿਰਜੇ ਨਵਾਂ ਮਾਹੌਲ,
ਮਧੁਰ ਰਸੀਲੇ ਵਿਚ ਕੰਨਾਂ ਦੇ ਰਹਿਣ ਗੂੰਜਦੇ ਬੋਲ।
ਝਲਕਾਰਾ ਹੈ ਮੋਰੀ ਫੰਗਾਂ ਦਾ।
ਉਠਦੇ ਜਜ਼ਬੇ........।
ਆਫ਼ਤਾਬ ਦੀ ਲੋਅ ਦੇ ਵਿਚੋਂ ਝਾਕੇ ਖੁਸ਼ੀ ਹਜ਼ਾਰ।
ਨਫ਼ਰਤ ਵਾਸ ਨਹੀਂ ਹੈ ਇਥੇ 'ਭੱਟੀ' ਵਸੇ ਪਿਆਰ।
ਚਾਂਦੀ ਵਰਗਾ ਪਾਣੀ ਗੰਗਾ ਦਾ,
ਉਠਦੇ ਜਜ਼ਬੇ.........।

-ਕੁੰਦਨ ਲਾਲ ਭੱਟੀ,
ਬੰਤਾ ਸਿੰਘ ਕਾਲੋਨੀ, ਵਾ: ਨੰ: 7, ਗਲੀ ਨੰ: 3, ਦਸੂਹਾ (ਹੁਸ਼ਿਆਰਪੁਰ)। ਮੋਬਾ: 94643-17983


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX