ਤਾਜਾ ਖ਼ਬਰਾਂ


ਵਿਧਾਇਕ ਸੋਮ ਪ੍ਰਕਾਸ਼ ਦੇ ਗੰਨ ਮੈਨ ਨੇ ਖ਼ੁਦ ਨੂੰ ਮਾਰੀ ਗੋਲੀ
. . .  1 day ago
ਫਗਵਾੜਾ ,16 ਅਗਸਤ [ ਹਰੀਪਾਲ ਸਿੰਘ ]- ਵਿਧਾਇਕ ਸੋਮ ਪ੍ਰਕਾਸ਼ ਦੇ ਗੰਨ ਮੈਨ ਨੇ ਖ਼ੁਦ ਨੂੰ ਗੋਲੀ ਮਾਰ ਲਈ । ਜ਼ਖ਼ਮੀ ਮੁਲਾਜ਼ਮ ਦੀ ਪਛਾਣ ਨਿਰਮਲ ਸਿੰਘ ਵਾਸੀ ਗੋਬਿੰਦਪੁਰਾ ਵਜੋਂ ਹੋਈ ਹੈ | ਗੋਲੀ ਪੇਟ 'ਚ ਲੱਗੀ ਹੈ ...
ਕੋਲਾਂ ਵਾਲਾ ਟੋਭਾ ਕੋਲ ਗੋਲੀ ਲੱਗਣ ਨਾਲ ਇਕ ਵਿਅਕਤੀ ਦੀ ਮੌਤ
. . .  1 day ago
ਸ੍ਰੀ ਅਨੰਦਪੁਰ ਸਾਹਿਬ ,16 ਅਗਸਤ [ਜੇ ਐਸ ਨਿੱਕੂਵਾਲ ਕਰਨੈਲ ਸਿੰਘ ]-ਸਾਉਣ ਅਸ਼ਟਮੀ ਦੇ ਚੱਲ ਰਹੇ ਮੇਲੇ ਦੌਰਾਨ ਕੋਲਾਂ ਵਾਲਾ ਟੋਭਾ ਦੇ ਨਾਲ ਇੱਕ ਧਰਮਸ਼ਾਲਾ ਵਿੱਚ ਇੱਕ ਵਿਅਕਤੀ ਦੀ ਗੋਲੀ ਲੱਗਣ ਨਾਲ ਮੌਤ ਹੋ ਜਾਣ ਦੀ ਸੂਚਨਾ ਮਿਲੀ ਹੈ...
ਕੱਲ੍ਹ 4 ਵਜੇ ਸਮ੍ਰਿਤੀ ਸਥਲ ਹੋਵੇਗਾ ਵਾਜਪਾਈ ਦਾ ਅੰਤਿਮ ਸਸਕਾਰ
. . .  1 day ago
ਨਵੀਂ ਦਿੱਲੀ, 16 ਅਗਸਤ - ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਨੇ ਦੱਸਿਆ ਕਿ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਮ੍ਰਿਤਕ ਦੀ 17 ਅਗਸਤ ਨੂੰ ਸਵੇਰੇ 9 ਵਜੇ ਭਾਜਪਾ...
ਪੰਜਾਬ ਸਰਕਾਰ ਵੱਲੋਂ ਵਾਜਪਾਈ ਦੇ ਦੇਹਾਂਤ 'ਤੇ ਤਿੰਨ ਦਿਨ ਦੇ ਸਰਕਾਰੀ ਸੋਗ ਦਾ ਐਲਾਨ
. . .  1 day ago
ਚੰਡੀਗੜ੍ਹ, 16 ਅਗਸਤ - ਪੰਜਾਬ ਸਰਕਾਰ ਨੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੇ ਦੇਹਾਂਤ 'ਤੇ ਕੇਂਦਰ ਸਰਕਾਰ ਦੀ ਤਰਜ਼ 'ਤੇ ਤਿੰਨ ਦਿਨ ਦੇ ਸਰਕਾਰੀ ਸੋਗ ਦਾ ਐਲਾਨ...
ਸਿਲੰਡਰ ਫਟਣ ਕਾਰਨ ਝੁਲਸੀ ਲੜਕੀ ਦੀ ਮੌਤ
. . .  1 day ago
ਫਗਵਾੜਾ, 16 ਅਗਸਤ (ਹਰੀਪਾਲ ਸਿੰਘ) - ਫਗਵਾੜਾ ਨੇੜਲੇ ਪਿੰਡ ਮਹੇੜੂ ਵਿਖੇ ਸਿਲੰਡਰ ਫਟਣ ਕਾਰਨ ਝੁਲਸੀ ਲੜਕੀ ਦੀ ਮੌਤ ਹੋ ਗਈ ਹੈ। ਇਸ ਧਮਾਕੇ ਵਿਚ ਤਿੰਨ ਔਰਤਾਂ ਵੀ ਝੁਲਸ...
ਕੈਪਟਨ ਵੱਲੋਂ ਵਾਜਪਾਈ ਦੇ ਦੇਹਾਂਤ 'ਤੇ ਦੁੱਖ ਦਾ ਪ੍ਰਗਟਾਵਾ
. . .  1 day ago
ਚੰਡੀਗੜ੍ਹ, 16 ਅਗਸਤ - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਾਬਕਾ ਪ੍ਰਧਾਨ ਅਟਲ ਬਿਹਾਰੀ ਵਾਜਪਾਈ ਦੇ ਦੇਹਾਂਤ 'ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆ ਕਿਹਾ ਕਿ ਉਹ...
ਪੰਜਾਬ ਸਰਕਾਰ ਨੇ ਕੱਲ੍ਹ ਦੀ ਛੁੱਟੀ ਦਾ ਕੀਤਾ ਐਲਾਨ
. . .  1 day ago
ਜਲਾਲਾਬਾਦ ,16 ਅਗਸਤ (ਕਰਨ ਚੁਚਰਾ) - ਪੰਜਾਬ ਸਰਕਾਰ ਨੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੇ ਦਿਹਾਂਤ ਹੋਣ ਤੇ ਕੱਲ੍ਹ ਮਿਤੀ 17 ਅਗਸਤ ਨੂੰ ਪੂਰੇ ਸੂਬੇ ਵਿਚ ਛੁੱਟੀ ਦਾ ਐਲਾਨ ਕੀਤਾ ਹੈ।
ਵਾਜਪਾਈ ਦੇ ਦੇਹਾਂਤ 'ਤੇ ਸਰਕਾਰ ਵੱਲੋਂ 7 ਦਿਨ ਦੇ ਰਾਸ਼ਟਰੀ ਸੋਗ ਦਾ ਐਲਾਨ
. . .  1 day ago
ਨਵੀਂ ਦਿੱਲੀ, 16 ਅਗਸਤ - ਸਾਬਕਾ ਪ੍ਰਧਾਨ ਮੰਤਰੀ ਅਤੇ ਭਾਰਤ ਰਤਨ ਅਟਲ ਬਿਹਾਰੀ ਵਾਜਪਾਈ ਦੇ ਦੇਹਾਂਤ 'ਤੇ ਕੇਂਦਰ ਸਰਕਾਰ ਨੇ 7 ਦਿਨ ਦੇ ਰਾਸ਼ਟਰੀ ਸੋਗ ਦਾ ਐਲਾਨ ਕੀਤਾ ਹੈ। ਇਸ ਦੌਰਾਨ...
ਭਾਜਪਾ ਰਾਸ਼ਟਰੀ ਕਾਰਜਕਾਰਨੀ ਦੀ 18 ਅਤੇ 19 ਨੂੰ ਹੋਣ ਵਾਲੀ ਮੀਟਿੰਗ ਮੁਲਤਵੀ
. . .  1 day ago
ਨਵੀਂ ਦਿੱਲੀ, 16 ਅਗਸਤ - ਭਾਰਤੀ ਜਨਤਾ ਪਾਰਟੀ ਰਾਸ਼ਟਰੀ ਕਾਰਜਕਾਰਨੀ ਦੀ 18 ਅਤੇ 19 ਅਗਸਤ ਨੂੰ ਹੋਣ ਵਾਲੀ ਮੀਟਿੰਗ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੇ ਦੇਹਾਂਤ...
ਕੱਲ੍ਹ ਭਾਜਪਾ ਹੈੱਡਕੁਆਟਰ ਲਿਜਾਈ ਜਾਵੇਗੀ ਵਾਜਪਾਈ ਦੀ ਮ੍ਰਿਤਕ ਦੇਹ
. . .  1 day ago
ਨਵੀਂ ਦਿੱਲੀ, 16 ਅਗਸਤ - ਸਾਬਕਾ ਪ੍ਰਧਾਨ ਮੰਤਰੀ ਅਤੇ ਭਾਰਤ ਰਤਨ ਅਟਲ ਬਿਹਾਰੀ ਵਾਜਪਾਈ ਦੀ ਮ੍ਰਿਤਕ ਦੇਹ 17 ਅਗਸਤ ਨੂੰ ਸਵੇਰੇ 9 ਵਜੇ ਭਾਜਪਾ ਹੈੱਡਕੁਆਟਰ ਲਿਜਾਈ...
ਹੋਰ ਖ਼ਬਰਾਂ..
  •     Confirm Target Language  

ਅਜੀਤ ਮੈਗਜ਼ੀਨ

ਮੁਗ਼ਲ ਬਾਦਸ਼ਾਹ ਦੀ ਪੁੱਤਰੀ ਕੁਲਸੁਮ ਦੀ ਦੁੱਖਭਰੀ ਦਾਸਤਾਨ

ਅਤਿ ਨਰਮ ਮਖ਼ਮਲੀ ਗੱਦਿਆਂ 'ਤੇ ਵਿਛੀਆਂ ਸੋਨੇ ਚਾਂਦੀ ਦੀਆਂ ਤਾਰਾਂ ਵਾਲੀਆਂ ਚਾਦਰਾਂ 'ਤੇ ਅਰਾਮ ਫੁਰਮਾਉਣ ਵਾਲਾ ਭਾਰਤੀ ਸਮਰਾਟ ਦਾ ਪਰਿਵਾਰ ਕਦੇ ਝੁੱਗੀ ਝੌਂਪੜੀ 'ਚ ਘਾਹ ਪਰਾਲੀ 'ਤੇ ਲੇਟ ਕੇ ਵੀ ਦਿਨ-ਕਟੀ ਕਰੇਗਾ, ਗਰੀਬਾਂ ਨੂੰ ਖੁਸ਼ੀ ਨਾਲ ਮੋਹਰਾਂ ਵੰਡਣ ਵਾਲੇ ਪਰਿਵਾਰਕ ਮੈਂਬਰ ਬਾਜਰੇ ਦੀ ਰੋਟੀ ਨੂੰ ਵੀ ਤਰਸਣਗੇ, ਇਹ ਗੱਲ ਸੁਪਨੇ ਵਿਚ ਉਪਜੀ ਇਕ ਫ਼ਰਜ਼ੀ ਕਹਾਣੀ ਜਾਪਦੀ ਹੈ, ਪਰ ਇਸ ਨੂੰ ਸਮੇਂ ਦਾ ਉਤਾਰ ਚੜ੍ਹਾਅ ਕਿਹਾ ਜਾਵੇ ਜਾਂ ਤਕਦੀਰ ਦਾ ਬਦਲਾਅ ਕਿ ਇਹ ਸਭ ਕੁੱਝ ਵਾਪਰ ਚੁੱਕਾ ਹੈ ਭਾਰਤ ਦੇ ਆਖਰੀ ਮੁਗ਼ਲ ਸਮਰਾਟ ਅੱਬੂ ਜਾਫ਼ਰ ਸਿਰਾਜੂਦੀਨ ਸਦੀਕੀ ਮੁਹੰਮਦ ਬਹਾਦਰ ਸ਼ਾਹ ਜ਼ਫ਼ਰ ਦੇ ਪਰਿਵਾਰਕ ਮੈਂਬਰਾਂ ਨਾਲ।
ਆਪਣੇ ਰਾਜ ਕਾਲ ਸਮੇਂ ਬਹਾਦਰ ਸ਼ਾਹ ਜ਼ਫ਼ਰ ਆਪਣੇ ਪਰਿਵਾਰ ਸਮੇਤ ਦਿੱਲੀ ਦੇ ਲਾਲ ਕਿਲ੍ਹੇ ਵਿਚ ਰਹਿ ਕੇ ਹਕੂਮਤ ਚਲਾਉਂਦਾ ਸੀ, ਪਰ ਜਦ ਅੰਗਰੇਜਾਂ ਨੇ ਦੇਸ਼ 'ਤੇ ਕਬਜ਼ਾ ਕਰਦਿਆਂ ਆਖ਼ਰੀ ਹੱਲਾ ਲਾਲ ਕਿਲ੍ਹੇ 'ਤੇ ਬੋਲਿਆ, ਤਾਂ ਕਿਲ੍ਹੇ ਅੰਦਰ ਤਰਥੱਲੀ ਮਚ ਗਈ। ਬਾਦਸ਼ਾਹ ਪਰਿਵਾਰ ਨੂੰ ਆਪਣੀ ਤਬਾਹੀ ਦਿਸਣ ਲੱਗੀ ਤਾਂ ਸਮਰਾਟ ਬਹਾਦਰ ਸ਼ਾਹ ਨੇ ਆਪਣੇ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ ਤੇ ਅਹੁਦੇਦਾਰਾਂ ਨੂੰ ਕਿਲ੍ਹੇ 'ਚੋਂ ਸੁਰੱਖਿਅਤ ਬਾਹਰ ਕੱਢਣ ਦਾ ਫੈਸਲਾ ਕਰ ਲਿਆ। ਸਮਾਂ ਏਨਾ ਭਿਆਨਕ ਸੀ ਕਿ ਬਾਦਸ਼ਾਹ ਸਾਰੀ ਰਾਤ ਫ਼ਰਸ਼ 'ਤੇ ਵਿਛੀ ਇਕ ਨਮਾਜ਼ ਪੜ੍ਹਨ ਵਾਲੀ ਸਫ਼ 'ਤੇ ਬੈਠਾ ਸੋਚਾਂ ਵਿਚ ਪਿਆ ਰਿਹਾ। ਆਖਰ ਪਿਛਲੀ ਰਾਤ ਉਸ ਨੇ ਆਪਣੇ ਇਕ ਅਹਿਲਕਾਰ ਰਾਹੀਂ ਆਪਣੀ ਸਭ ਤੋਂ ਪਿਆਰੀ ਬੇਟੀ ਕੁਲਸੁਮ ਜ਼ਮਾਨੀ ਬੇਗ਼ਮ ਨੂੰ ਆਪਣੇ ਕੋਲ ਬੁਲਾ ਕੇ ਸਫ਼ 'ਤੇ ਬਿਠਾ ਲਿਆ ਅਤੇ ਉਸ ਦੇ ਸਿਰ 'ਤੇ ਹੱਥ ਰੱਖਦਿਆਂ ਕਿਹਾ ਕਿ ਬੇਟੀ ਮੈਂ ਤੈਨੂੰ ਹੁਣ ਅੱਲ੍ਹਾ ਦੇ ਸਪੁਰਦ ਕਰਨ ਦਾ ਫੈਸਲਾ ਕੀਤਾ ਹੈ, ਮੈਨੂੰ ਡਰ ਲੱਗ ਰਿਹੈ ਕਿ ਮੈਨੂੰ ਤੇਰੀ ਰਾਖੀ ਕਰਨੀ ਅਸੰਭਵ ਹੈ। ਸੋ ਤੂੰ ਆਪਣੀ ਗੋਦ ਵਾਲੀ ਬੱਚੀ ਜ਼ੀਨਤ ਅਤੇ ਆਪਣੇ ਪਤੀ ਸਮੇਤ ਕਿਲ੍ਹੇ 'ਚੋਂ ਬਾਹਰ ਚਲੀ ਜਾਹ ਤੇ ਲੁਕ ਛਿਪ ਕੇ ਦਿਨ ਕਟੀ ਕਰ, ਜਦ ਸਮਾਂ ਠੀਕ ਹੋਇਆ ਫਿਰ ਮਿਲਾਂਗੇ।
ਅਜੇ ਕੋਈ ਕੋਈ ਤਾਰਾ ਦਿਖਾਈ ਦਿੰਦਾ ਸੀ, ਜਦੋਂ ਪਰਦਿਆਂ 'ਚ ਰਹਿਣ ਵਾਲੀ ਕੁਲਸੁਮ ਰਥ ਵਿਚ ਸਵਾਰ ਹੋ ਕੇ ਕਾਫ਼ਲੇ ਸਮੇਤ ਲਾਲ ਕਿਲ੍ਹੇ 'ਚੋਂ ਬਾਹਰ ਨਿਕਲੀ, ਉਸ ਨਾਲ ਉਸ ਦਾ ਪਤੀ ਜਿਆਊਦੀਨ, ਫੁੱਫੜ ਮਿਰਜ਼ਾ ਉਮਰ ਸੁਲਤਾਨ, ਦੋ ਔਰਤਾਂ ਨੂਰ ਮਹਿਲ 'ਤੇ ਆਫ਼ਿਜ਼ ਸੁਲਤਾਨ ਅਤੇ ਗੋਦੀ ਵਿਚ ਬੱਚੀ ਜ਼ੀਨਤ ਸੀ। ਕਿਲ੍ਹੇ 'ਚੋਂ ਬਾਹਰ ਨਿਕਲ ਕੇ ਉਨ੍ਹਾਂ ਮੁੜ ਕੇ ਲਾਲ ਕਿਲ੍ਹੇ ਦੇ ਦਰਵਾਜ਼ੇ ਨੂੰ ਆਖ਼ਰੀ ਸਲਾਮ ਕੀਤੀ ਤਾਂ ਉਨ੍ਹਾਂ ਦੇ ਹੰਝੂ ਆਪ-ਮੁਹਾਰੇ ਵਗ ਤੁਰੇ। ਹੁਣ ਰੁਕਣ ਦਾ ਸਮਾਂ ਨਹੀਂ ਸੀ, ਖਤਰਾ ਸਿਰ 'ਤੇ ਮੰਡਰਾ ਰਿਹਾ ਸੀ ਇਸ ਲਈ ਕਾਫ਼ਲਾ ਅੱਗੇ ਵਧਣ ਲੱਗਾ ਅਤੇ ਉਹ ਕੁਝ ਸਮੇਂ 'ਚ ਬਚ ਬਚਾਅ ਕੇ ਨੇੜੇ ਦੇ ਇਕ ਪਿੰਡ 'ਕੁਰਾਲੀ' ਪਹੁੰਚ ਗਏ, ਜੋ ਰਥਵਾਨ ਦਾ ਪਿੰਡ ਸੀ। ਇੱਥੇ ਉਨ੍ਹਾਂ ਉਸ ਦੇ ਘਰ ਜਾ ਠਹਿਰ ਕੀਤੀ। ਅਜਿਹੇ ਬੁਰੇ ਵਕਤ ਉਹ ਖਾਣ ਵਾਲੀਆਂ ਵਸਤਾਂ ਵੀ ਨਹੀਂ ਸਨ ਚੁੱਕ ਸਕੇ ਅਤੇ ਰਥਵਾਨ ਦਾ ਪਰਿਵਾਰ ਵੀ ਅਤੀ ਗਰੀਬ ਸੀ। ਤਰ੍ਹਾਂ-ਤਰ੍ਹਾਂ ਦੇ ਸੁਆਦਲੇ ਭੋਜਨ ਛਕਣ ਵਾਲੀ ਕੁਲਸੁਮ ਤੇ ਦੂਜਿਆਂ ਨੇ ਲੱਸੀ ਨਾਲ ਬਾਜਰੇ ਦੀ ਰੋਟੀ ਖਾ ਕੇ ਪੇਟ ਭਰਿਆ 'ਤੇ ਰਾਤ ਬਤੀਤ ਕੀਤੀ।
ਜਦੋਂ ਕਿਸੇ ਦੇਸ਼ ਵਿਚ ਰਾਜਨੀਤਕ ਉਥਲ ਪੁਥਲ ਹੁੰਦੀ ਹੈ ਤਾਂ ਲੁਟੇਰਿਆਂ ਨੂੰ ਲੁੱਟ ਮਾਰ ਕਰਨ ਦੀ ਖੁੱਲ੍ਹ ਮਿਲ ਜਾਂਦੀ ਹੈ, ਦਿਲ ਵਾਲਿਆਂ ਦੀ ਦਿੱਲੀ ਅਤੇ ਉਸ ਦੇ ਨਜ਼ਦੀਕੀ ਇਲਾਕੇ ਵਿਚ ਤਾਂ ਸਦੀਆਂ ਤੋਂ ਅਜਿਹੀ ਲੁੱਟ ਮਾਰ ਦੇ ਸਬੱਬ ਬਣਦੇ ਆ ਰਹੇ ਹਨ। ਅਜਿਹੀ ਹੀ ਘਟਨਾ ਉਸ ਸਮੇਂ ਵਾਪਰੀ। ਸਵੇਰ ਹੁੰਦਿਆਂ ਹੀ ਇਲਾਕੇ ਦੇ ਲੋਕਾਂ ਨੇ ਕੁਰਾਲੀ ਪਿੰਡ ਨੂੰ ਲੁੱਟਣ ਲਈ ਹੱਲਾ ਬੋਲ ਦਿੱਤਾ, ਲੁੱਟਣ ਵਾਲਿਆਂ ਵਿਚ ਔਰਤਾਂ ਵੀ ਸ਼ਾਮਿਲ ਸਨ। ਜਦ ਉਨ੍ਹਾਂ ਲੁਟੇਰੀਆਂ ਲਿੱਬੜੀਆਂ ਤਿੱਬੜੀਆਂ ਔਰਤਾਂ ਦੀ ਨਿਗਾਹ ਕੁਲਸੁਮ 'ਤੇ ਪਈ ਤਾਂ ਉਹ ਝੱਟ ਉਸ ਨੂੰ ਚਿੰਬੜ ਗਈਆਂ ਅਤੇ ਜੋ ਉਸ ਨੇ ਗਹਿਣੇ ਪਹਿਨੇ ਹੋਏ ਸਨ ਖੋਹ ਲਏ, ਚੰਗੇ ਕੀਮਤੀ ਕੱਪੜੇ ਲਾਹ ਲਏ, ਕੁਲਸੁਮ ਕੋਲ ਸਿਰਫ਼ ਤਨ ਢਕਣ ਜੋਗੇ ਕੱਪੜੇ ਹੀ ਰਹਿ ਗਏ। ਜਦ ਉਹ ਲੁੱਟ ਮਾਰ ਕਰਕੇ ਚਲੇ ਗਏ ਤਾਂ ਰੋਂਦੀ ਕੁਰਲਾਉਂਦੀ ਕੁਲਸੁਮ ਦੀ ਨਜ਼ਰ ਆਪਣੀ ਬੱਚੀ ਜ਼ੀਨਤ 'ਤੇ ਪਈ ਜੋ ਪਾਣੀ ਤੋਂ ਤਿਹਾਈ ਵਿਲਕ ਰਹੀ ਸੀ, ਉਸ ਨੇ ਮਨ ਕਰੜਾ ਕਰਕੇ ਪਾਸੇ ਖੜ੍ਹੇ ਇਕ ਕਿਸਾਨ ਨੂੰ ਆਵਾਜ਼ ਮਾਰੀ ਕਿ ਭਰਾਵਾ ਇਸ ਬੱਚੀ ਲਈ ਥੋੜ੍ਹਾ ਪਾਣੀ ਹੀ ਦੇ ਦੇਹ। ਕਿਸਾਨ ਦੁਖੀ ਪਰਿਵਾਰ ਦੇ ਦਰਦ ਨੂੰ ਸਮਝ ਰਿਹਾ ਸੀ। ਉਹ ਝੱਟ ਮਿੱਟੀ ਦੇ ਭਾਂਡੇ ਵਿਚ ਪਾਣੀ ਲੈ ਕੇ ਆਇਆ ਤੇ ਕੁਲਸੁਮ ਨੂੰ ਕਹਿਣ ਲੱਗਾ, 'ਮੇਰਾ ਨਾਂਅ ਬਸਤੀ ਹੈ, ਅੱਜ ਤੋਂ ਤੂੰ ਮੇਰੀ ਧਰਮ ਦੀ ਭੈਣ ਤੇ ਮੈਂ ਤੇਰਾ ਭਰਾ, ਹੁਣ ਦੱਸ ਮੈਂ ਤੇਰੀ ਹੋਰ ਕੀ ਮੱਦਦ ਕਰ ਸਕਦਾ ਹਾਂ।
ਇਹ ਸੁਣ ਕੇ ਕੁਲਸੁਮ ਨੂੰ ਕੁਝ ਹੌਸਲਾ ਮਿਲਿਆ ਤੇ ਉਸ ਨੇ ਕਿਹਾ ਭਰਾਵਾ ਜ਼ਿਲ੍ਹਾ ਮੇਰਠ ਦੇ ਪਿੰਡ ਅਜਾਰਾ ਵਿਖੇ ਸਾਡਾ ਇਕ ਬਹੁਤ ਨਜ਼ਦੀਕੀ ਸੱਜਣ 'ਮੀਰ ਫ਼ੈਜ਼ ਅਲੀ' ਸ਼ਾਹੀ ਵੈਦ ਰਹਿੰਦਾ ਹੈ, ਜੇ ਸਾਨੂੰ ਉਸ ਕੋਲ ਪਹੁੰਚਾ ਦੇਵੇ ਤਾਂ ਸਾਡੀ ਜਾਨ ਬਚ ਸਕਦੀ ਹੈ ਅਤੇ ਕੁਝ ਸੌਖ ਨਾਲ ਦਿਨਕਟੀ ਕਰ ਸਕਦੇ ਹਾਂ। ਇਹ ਸੁਣਦਿਆਂ ਕਿਸਾਨ ਬਸਤੀ ਨੇ ਆਪਣੀ ਬਲਦ ਗੱਡੀ ਤਿਆਰ ਕੀਤੀ, ਵਿਚ ਇਸ ਪਰਿਵਾਰ ਨੂੰ ਬਿਠਾਇਆ ਤੇ ਤੁਰ ਪਿਆ। ਕਈ ਦਿਨਾਂ ਵਿਚ ਜਦ ਉਹ ਸਹੀ ਥਾਂ ਪਹੁੰਚ ਗਏ ਤਾਂ ਕੁਲਸੁਮ ਨੂੰ ਦੇਖਦਿਆਂ ਮੀਰ ਫ਼ੈਜ਼ ਅਲੀ ਕੁਰਖਤ ਭਾਸ਼ਾ ਵਿਚ ਬੋਲਿਆ ਕਿ ਉਹ ਇੱਥੋਂ ਚਲੇ ਜਾਣ, ਉਨ੍ਹਾਂ ਨੂੰ ਪਨਾਹ ਦੇ ਕੇ ਉਸ ਨੇ ਆਪਣਾ ਘਰ ਤਬਾਹ ਨਹੀਂ ਕਰਵਾਉਣਾ, ਅੰਗਰੇਜ਼ ਫ਼ੌਜ ਪਿੱਛਾ ਕਰਦੀ ਹੋਵੇਗੀ। ਇਹ ਸੁਣਦਿਆਂ ਕੁਲਸੁਮ 'ਤੇ ਦੁੱਖ ਦਾ ਇਕ ਹੋਰ ਪਹਾੜ ਡਿੱਗ ਪਿਆ ਕਿ ਉਹ ਹੁਣ ਕਿੱਥੇ ਜਾਵੇ। ਕੁਝ ਸੋਚ ਕੇ ਉਸ ਨੇ ਬਸਤੀ ਨੂੰ ਕਿਹਾ ਕਿ ਭਰਾਵਾ ਹੁਣ ਤਾਂ ਆਪਣੇ ਵੀ ਮੂੰਹ ਮੋੜ ਗਏ ਹਨ ਤੂੰ ਔਖਾ ਸੌਖਾ ਸਾਨੂੰ ਹੈਦਰਾਬਾਦ ਪਹੁੰਚਾ ਦੇਵੇਂ ਤਾਂ ਭਲਾ ਹੋਵੇਗਾ।
ਬਸਤੀ ਨੇ ਪਰਿਵਾਰ ਨੂੰ ਬਿਠਾ ਕੇ ਗੱਡੀ ਅੱਗੇ ਤੋਰ ਲਈ। ਤੀਜੇ ਕੁ ਦਿਨ ਉਹ ਇਕ ਨਦੀ ਦੇ ਨਜ਼ਦੀਕ ਪਹੁੰਚ ਗਏ ਜਿੱਥੇ ਨਵਾਬ ਦੀ ਇਕ ਫ਼ੌਜੀ ਟੁਕੜੀ ਬੈਠੀ ਸੀ, ਜਦ ਉਨ੍ਹਾਂ ਨੂੰ ਪਤਾ ਲੱਗਾ ਕਿ ਇਹ ਬਾਦਸ਼ਾਹ ਦਾ ਪਰਿਵਾਰ ਹੈ ਤਾਂ ਉਨ੍ਹਾਂ ਹਾਥੀ 'ਤੇ ਬਿਠਾ ਕੇ ਦੁਖੀ ਪਰਿਵਾਰ ਨੂੰ ਨਦੀ ਤੋਂ ਪਾਰ ਕਰਵਾਇਆ। ਅਜੇ ਉਨ੍ਹਾਂ ਨਦੀ ਪਾਰ ਹੀ ਕੀਤੀ ਸੀ ਕਿ ਅੰਗਰੇਜ ਫ਼ੌਜ਼ ਦੀ ਨਵਾਬ ਦੇ ਫ਼ੌਜੀ ਜਵਾਨਾਂ ਨਾਲ ਲੜਾਈ ਸ਼ੁਰੂ ਹੋ ਗਈ। ਕੁਲਸੁਮ ਆਪਣੇ ਸਾਥੀਆਂ ਸਮੇਤ ਇਕ ਖੇਤ ਵਿਚ ਲੁਕ ਗਈ। ਲੜਾਈ ਦੌਰਾਨ ਚਲਦੀਆਂ ਅੱਗ ਵਰ੍ਹਾਊ ਗੋਲੀਆਂ ਸਦਕਾ ਉਸ ਖੇਤ ਦੀ ਫ਼ਸਲ ਨੂੰ ਅੱਗ ਲੱਗ ਗਈ, ਕੁਲਸੁਮ ਤੇ ਸਾਥੀ ਜਾਨ ਬਚਾਉਣ ਲਈ ਭੱਜੇ, ਉਨ੍ਹਾਂ ਦੀਆਂ ਚੁੰਨੀਆਂ ਤੇ ਜੁੱਤੀਆਂ ਲਹਿ ਗਈਆਂ, ਪੈਰ ਜ਼ਖ਼ਮੀ ਹੋ ਗਏ, ਪਰ ਸਿਰੋਂ ਪੈਰੋਂ ਨੰਗੀ ਕੁਲਸੁਮ ਤੇ ਸਾਥੀ ਅੱਗ ਤੋਂ ਬਚ ਕੇ ਬਾਹਰ ਨਿਕਲ ਗਏ। ਇਨੇ ਨੂੰ ਲੜਦੇ ਫ਼ੌਜੀ ਅੱਗੇ ਚਲੇ ਗਏ ਅਤੇ ਕਿਸਾਨ ਬਸਤੀ ਕਿਸ਼ਤੀ ਰਾਹੀਂ ਗੱਡੀ ਲੈ ਕੇ ਨਦੀ ਪਾਰ ਕਰਕੇ ਉਨ੍ਹਾਂ ਕੋਲ ਪਹੁੰਚ ਗਿਆ।
ਹੁਣ ਸਿਰੋਂ ਪੈਰੋਂ ਨੰਗੀ ਪਾਟੇ ਕੱਪੜਿਆਂ ਵਿਚ ਕੁਲਸੁਮ ਤੇ ਉਸ ਦੇ ਦੂਜੇ ਸਾਥੀ ਮੈਂਬਰ ਗੱਡੀ ਵਿਚ ਬੈਠ ਕੇ ਅੱਗੇ ਲਈ ਤੁਰ ਪਏ ਅਤੇ ਇਕ ਪਿੰਡ ਵਿਚ ਜਾ ਰੁਕੇ ਜੋ ਰਾਜਪੂਤ ਮੁਸਲਮਾਨਾਂ ਦਾ ਸੀ, ਪਰੰਤੂ ਲੋਕ ਅਤੀ ਗਰੀਬ ਸਨ ਝੁੱਗੀਆਂ ਵਿਚ ਰਹਿੰਦੇ ਸਨ। ਪਿੰਡ ਦੇ ਨੰਬਰਦਾਰ ਨੇ ਆਪਣਾ ਫ਼ਰਜ਼ ਸਮਝਦਿਆਂ ਉਨ੍ਹਾਂ ਲਈ ਇਕ ਝੁੱਗੀ ਖਾਲੀ ਕਰਵਾ ਦਿੱਤੀ, ਜਿਸ ਵਿਚ ਘਾਹ ਤੇ ਪਰਾਲੀ ਵਿਛਾਈ ਹੋਈ ਸੀ। ਥੱਕੇ ਟੁੱਟੇ ਹਾਲੋਂ ਬੇਹਾਲ ਹੋਏ ਉਹ ਘਾਹ 'ਤੇ ਲੇਟ ਗਏ ਅਤੇ ਨੀਂਦ ਆ ਗਈ, ਪਰ ਮਖਮਲੀ ਗੱਦਿਆਂ 'ਤੇ ਸੌਣ ਵਾਲਿਆਂ ਨੂੰ ਘਾਹ ਦੇ ਚੁਭਣ ਅਤੇ ਖਟਮਲਾਂ ਦੇ ਲੜਣ ਕਾਰਨ ਅੱਧੀ ਰਾਤ ਨੂੰ ਹੀ ਜਾਗ ਆ ਗਈ। ਉੱਥੋਂ ਉਹ ਅੱਗੇ ਚੱਲ ਪਏ ਅਤੇ ਤਿੰਨ ਕੁ ਦਿਨਾਂ ਵਿਚ ਹੈਦਰਾਬਾਦ ਪਹੁੰਚ ਕੇ ਇਕ ਮਕਾਨ ਕਿਰਾਏ 'ਤੇ ਲੈ ਕੇ ਰਹਿਣ ਲੱਗੇ। ਹੁਣ ਗੁਜ਼ਾਰੇ ਦਾ ਕੋਈ ਸਾਧਨ ਨਹੀਂ ਸੀ, ਕੁਲਸੁਮ ਦੇ ਪਤੀ ਜਿਆਊਦੀਨ ਜੋ ਚੰਗੇ ਚਿੱਤਰ ਬਣਾ ਲੈਂਦਾ ਸੀ ਆਪਣੇ ਬਣਾਏ ਚਿੱਤਰ ਵੇਚਦਾ ਅਤੇ ਫਿਰ ਉਸ ਨੇ ਨਵਾਬ ਦੇ ਬੱਚੇ ਨੂੰ ਪੜ੍ਹਾਉਣ ਲਈ ਬਾਰਾਂ ਰੁਪਏ ਮਹੀਨੇ 'ਤੇ ਨੌਕਰੀ ਕਰ ਲਈ ਅਤੇ ਉਨ੍ਹਾਂ ਦਾ ਗੁਜ਼ਾਰਾ ਹੋਣ ਲੱਗਾ।
ਇਸ ਦੌਰਾਨ ਹੈਦਰਾਬਾਦ ਦੇ ਮੀਆਂ ਨਿਜ਼ਾਮੁਦੀਨ ਸਾਹਿਬ ਨੂੰ ਪਤਾ ਲੱਗਾ ਕਿ ਬਾਦਸ਼ਾਹ ਦਾ ਪਰਿਵਾਰ ਇੱਥੇ ਰਹਿ ਕੇ ਦਿਨ ਕਟੀ ਕਰ ਰਿਹਾ ਹੈ ਤਾਂ ਉਹ ਖ਼ੁਦ ਚੱਲ ਕੇ ਉਨ੍ਹਾਂ ਕੋਲ ਆਇਆ ਅਤੇ ਪਰਿਵਾਰ ਦੀ ਹਾਲਤ ਦੇਖ ਕੇ ਬਹੁਤ ਰੋਇਆ ਅਤੇ ਦੁਖ-ਸੁਖ ਸਾਂਝਾ ਕੀਤਾ। ਦੂਜੇ ਦਿਨ ਹੀ ਉਸ ਨੇ ਕੁਲਸੁਮ ਸਮੇਤ ਉਸ ਦੇ ਸਾਥੀਆਂ ਦਾ ਮੱਕੇ ਜਾਣ ਦਾ ਪ੍ਰਬੰਧ ਕਰ ਦਿੱਤਾ। ਇੱਥੋਂ ਕਿਸਾਨ ਬਸਤੀ ਵਾਪਸ ਆਪਣੇ ਪਿੰਡ ਆ ਗਿਆ ਅਤੇ ਕੁਲਸੁਮ ਪਰਿਵਾਰ ਮੱਕੇ ਚਲਾ ਗਿਆ। ਮੱਕੇ ਇਕ ਅਮੀਰ ਵਿਅਕਤੀ ਅਬਦੁਲ ਕਾਦਰ ਰਹਿੰਦਾ ਸੀ, ਜੋ ਕਿਸੇ ਸਮੇਂ ਬਹਾਦਰ ਸ਼ਾਹ ਦਾ ਗੁਲਾਮ ਸੀ ਅਤੇ ਕੁਲਸੁਮ ਨੇ ਹੀ ਅਜ਼ਾਦ ਕਰਕੇ ਉਸ ਨੂੰ ਮੱਕੇ ਭੇਜਿਆ ਸੀ, ਜਦ ਉਸ ਨੂੰ ਕੁਲਸੁਮ ਦੇ ਪਹੁੰਚਣ ਦਾ ਪਤਾ ਲੱਗਾ ਤਾਂ ਉਹ ਉਸ ਪਾਸ ਆਇਆ ਤੇ ਸਤਿਕਾਰ ਸਹਿਤ ਆਪਣੇ ਘਰ ਲੈ ਗਿਆ। ਮੱਕੇ ਵਿਚ ਗੱਲ ਫੈਲ ਗਈ ਕਿ ਦਿੱਲੀ ਦੇ ਬਾਦਸ਼ਾਹ ਦੀ ਧੀ ਆਈ ਹੈ ਅਤੇ ਲੋਕਾਂ ਨਾਲ ਬਗੈਰ ਕਿਸੇ ਪਰਦੇ ਦੇ ਨੰਗੇ ਮੂੰਹ ਗੱਲਾਂ ਕਰਦੀ ਹੈ, ਉਹ ਬਹੁਤ ਹੈਰਾਨ ਹੁੰਦੇ। ਇਹ ਗੱਲ ਉੱਥੋਂ ਦੇ ਇਕ ਨਵਾਬ ਸੁਲਤਾਨ ਕੋਲ ਵੀ ਪਹੁੰਚ ਗਈ ਤਾਂ ਉਹ ਖੁਦ ਚੱਲ ਕੇ ਆਇਆ ਅਤੇ ਪਰਿਵਾਰ ਨੂੰ ਸ਼ਾਹੀ ਦਰਬਾਰ ਵਿਚ ਲੈ ਗਿਆ ਅਤੇ ਗੁਜ਼ਾਰੇ ਲਈ ਕੁਝ ਰਕਮ ਵੀ ਮਨਜ਼ੂਰ ਕਰ ਦਿੱਤੀ। ਮੁਗ਼ਲ ਬਾਦਸ਼ਾਹ ਦੀ ਧੀ ਹੁਣ ਨਵਾਬ ਦੇ ਰਹਿਮ ਨਾਲ ਦਿਹਾੜੇ ਗੁਜ਼ਾਰਨ ਲੱਗੀ। ਕੁਲਸੁਮ ਪਰਿਵਾਰ ਸਮੇਤ 9 ਸਾਲ ਉੱਥੇ ਰਹੀ, ਫਿਰ ਇਕ ਸਾਲ ਬਗ਼ਦਾਦ, ਇਕ ਸਾਲ ਨਜ਼ਫ ਅਸ਼ਰਫ ਤੇ ਇਕ ਸਾਲ ਕਰਬਲਾ ਰਹਿਣ ਉਪਰੰਤ ਆਪਣੀ ਦੁਖਾਂ ਦੀ ਸਾਥੀ ਪੁੱਤਰੀ ਜ਼ੀਨਤ ਸਮੇਤ ਆਪਣੇ ਵਤਨ ਦੇ ਉਸ ਸ਼ਹਿਰ ਦਿੱਲੀ ਆ ਗਈ ਜਿੱਥੋਂ ਉਸ ਦਾ ਦੁੱਖਾਂ ਭਰਿਆ ਜੀਵਨ ਸ਼ੁਰੂ ਹੋਇਆ ਸੀ। ਇੱਥੇ ਪਹੁੰਚਣ 'ਤੇ ਅੰਗਰੇਜ਼ ਸਰਕਾਰ ਨੇ ਉਸ ਦੀ ਦਸ ਰੁਪਏ ਮਹੀਨਾ ਪੈਨਸ਼ਨ ਲਗਾ ਦਿੱਤੀ।
ਇਸ ਤਰ੍ਹਾਂ ਪਿਤਾ ਦੀ ਬਾਦਸ਼ਾਹਤ ਸਮੇਂ ਮਖਮਲੀ ਗੱਦਿਆਂ ਦਾ ਅਰਾਮ ਮਾਣਨ ਵਾਲੀ, ਲੋਕਾਂ ਨੂੰ ਮੋਹਰਾਂ ਤੇ ਰੁਪਏ ਵੰਡਣ ਵਾਲੀ, ਪਰਦਿਆਂ ਵਿਚ ਰਹਿਣ ਵਾਲੀ ਬਾਦਸ਼ਾਹ ਦੀ ਪੁੱਤਰੀ ਕੁਲਸੁਮ ਰਾਜ ਭਾਗ 'ਚੋਂ ਨਿਕਲ ਕੇ ਦੁੱਖਾਂ ਭਰੀ ਜ਼ਿੰਦਗੀ ਬਤੀਤ ਕਰਦਿਆਂ, ਘਾਹ ਫੂਸ 'ਤੇ ਰਾਤਾਂ ਕਟਦਿਆਂ ਮੁੜ ਦਿੱਲੀ ਆਈ ਅਤੇ ਅੱਲ੍ਹਾ ਦਾ ਸ਼ੁਕਰ ਕਰਦਿਆਂ ਫ਼ਕੀਰੀ ਵਾਲਾ ਜੀਵਨ ਬਤੀਤ ਕਰਦੀ ਕੁਲਸੁਮ ਨੇ ਬਾਦਸ਼ਾਹ ਪਿਤਾ ਦੇ ਸ਼ਹਿਰ ਵਿਚ ਆਖਰੀ ਸਾਹ ਲੈ ਕੇ ਦੁਨੀਆ ਤੋਂ ਵਿਦਾਇਗੀ ਲਈ।

-ਭੁੱਲਰ ਹਾਊਸ, ਗਲੀ ਨੰ: 12, ਭਾਈ ਮਤੀ ਦਾਸ ਨਗਰ, ਬਠਿੰਡਾ।
ਮੋਬਾਈਲ : 09888275913


ਖ਼ਬਰ ਸ਼ੇਅਰ ਕਰੋ

ਪੰਜਾਬੀ ਨਾਟਕ ਦੀ ਨਕੜਦਾਦੀ ਨੋਰਾ ਰਿਚਰਡਜ਼ ਦੀ ਯਾਦਗਾਰ ਦੀ ਦੁਰਦਸ਼ਾ ਕਿਉਂ?

ਕੋਈ ਤਕਰੀਬਨ 16 ਸਾਲ ਪਹਿਲਾਂ ਦੀ ਗੱਲ ਹੋਵੇਗੀ ਜਦ ਮੈਂ ਇੰਡੀਆ ਵਿਚ ਨੋਰਾ ਰਿਚਰਡ ਦਾ ਘਰ ਦੇਖਣ, ਅੰਧਰੇਟਾ (ਹਿਮਾਚਲ ਪ੍ਰਦੇਸ਼) ਨੂੰ ਚੱਲ ਪਈ ਸਾਂ। ਪੰਜਾਬੀ ਨਾਟਕਾਂ ਦੀ ਸ਼ੈਕਸਪੀਅਰ, ਇਕ ਮਹਾਨ ਦਲੇਰ, ਆਪਣੇ ਵਿਚਾਰਾਂ ਦੀ ਖ਼ੁਦ ਮਾਲਕ, ਖਿੜਦਾ ਹੱਸਦਾ ਚਿਹਰਾ। ਪੰਜਾਬੀ ਸਾਹਿਤ ਵਿਚ ਉਸ ਨੂੰ ਪੰਜਾਬੀ ਨਾਟਕ ਦੀ ਨਕੜਦਾਦੀ ਕਰਕੇ ਜਾਣਿਆ ਜਾਂਦਾ ਹੈ। ਪਹਿਲੀ ਵਾਰ ਉਸ ਦੇ ਸਥਾਨਕ ਮਿੱਟੀ ਦੇ ਬਣੇ ਘਰ ਨੂੰ ਦੇਖ ਕੇ ਮੈਨੂੰ ਅਜਿਹੀ ਖ਼ੁਸ਼ੀ ਹੋਈ ਕਿ ਮੈਂ ਤਿੱਤਲੀ ਵਾਂਗ ਉਸ ਦੇ ਘਰ ਦੇ ਆਲੇ-ਦੁਆਲੇ ਘੁੰਮਣ ਲੱਗ ਪਈ ਸਾਂ। ਉਸ ਦੇ ਮਿੱਟੀ ਦੇ ਬਣੇ ਘਰ, ਉਥੇ ਲੱਗੇ ਦਰੱਖਤਾਂ, ਘਾਹ, ਫੁੱਲ, ਹਰ ਚੀਜ਼ ਨੇ ਮੇਰੇ ਸਰੀਰ ਨੂੰ ਖ਼ੁਸ਼ੀ ਨਾਲ ਕੰਬਣ ਲਾ ਦਿੱਤਾ ਸੀ। ਮੈਨੂੰ ਇੰਝ ਲੱਗ ਰਿਹਾ ਸੀ ਕਿ ਨੋਰਾ ਦੀ ਆਤਮਾ ਹੀ ਨਹੀਂ, ਉਸ ਦਾ ਸਮੁੱਚਾ ਕੀਰਤੀ ਮੰਡਲ ਮੇਰਾ ਸਵਾਗਤ ਕਰਨ ਲਈ ਪੱਬਾਂ ਭਾਰ ਹੋਇਆ ਪਿਆ ਸੀ। ਮੈਨੂੰ ਆਪਣੇ ਅੰਦਰ ਇਕ ਅਜੀਬ ਸ਼ਕਤੀ ਉੱਭਰਦੀ ਮਹਿਸੂਸ ਹੋਣ ਲੱਗੀ। ਮੈਂ ਖ਼ੁਸ਼ੀ ਵਿਚ ਚੀਕਾਂ ਮਾਰਨ ਨੂੰ ਫਿਰਦੀ ਪਈ ਸੀ। ਨੋਰਾ ਰਿਚਰਡਜ਼ ਰਾਹੀਂ ਮੈਨੂੰ ਆਪਣਾ ਆਦਰਸ਼ ਮਿਲ ਗਿਆ ਸੀ। ਮੈਨੂੰ ਆਪਣੀ ਮੰਜ਼ਿਲ ਦਾ ਰਸਤਾ ਨੋਰਾ ਨੇ ਦਿਖਾ ਦਿੱਤਾ ਸੀ। ਮੈਂ ਉਸ ਦੀ ਸਮਾਧ 'ਤੇ ਸਿਜਦਾ ਕਰਨ ਗਈ। ਉਸ ਦੇ ਆਖਰੀ ਸ਼ਬਦ ਉਸ ਦੀ ਸਮਾਧ 'ਤੇ ਲਿਖੇ ਹੋਏ ਸਨ। ਪੜ੍ਹ ਕੇ ਮੇਰੀ ਆਤਮਾ ਸਰਸ਼ਾਰ ਹੋ ਗਈ। ਉਹ ਸ਼ਬਦ ਮੈਂ ਆਪਣੀ ਡਾਇਰੀ ਵਿਚ ਨੋਟ ਕਰ ਲਏਂ
'ਹੇ ਮੇਰੀ ਆਤਮਾ, ਤੂੰ ਆਪਣਾ ਕੰਮ ਕਰ ਦਿੱਤਾ ਹੈ,
ਹੁਣ ਤੂੰ ਸ਼ਾਂਤੀ ਨਾਲ ਆਰਾਮ ਕਰ।'
ਨੋਰਾ ਰਿਚਰਡਜ਼ ਨੇ ਸੱਚਮੁੱਚ ਹੀ ਪੰਜਾਬੀ ਰੰਗਮੰਚ ਨੂੰ ਉਤਸ਼ਾਹਤ ਕਰਕੇ ਮਹਾਨ ਕਾਰਜ ਕੀਤਾ ਸੀ।
ਮੈਂ ਉਥੇ ਪਏ ਗੈਸਟ ਰਿਮਾਰਕ ਵਾਲੇ ਰਜਿਸਟਰ ਵਿਚ, ਖ਼ੁਸ਼ੀ ਨਾਲ ਉਸ ਮਹਾਨ ਆਤਮਾ ਨੂੰ ਸ਼ਰਧਾਂਜਲੀ ਭੇਟ ਕੀਤੀ ਤੇ ਵਿਦਾਇਗੀ ਲਈ। ਮੇਰੀਆਂ ਅੱਖਾਂ ਵਿਚ ਖੁਸ਼ੀ ਸੀ। ਮੇਰੀ ਰੂਹ ਵਿਚ ਮੋਹ ਗੜੁੱਚੀ ਮਹਿਕ ਸੀ। ਮੇਰੇ ਮਨ ਵਿਚ ਬੜੀ ਦੇਰ ਤੋਂ ਚਲ ਰਹੇ ਦਵੰਧ ਨੂੰ ਨੋਰਾ ਨੇ ਦੂਰ ਕਰ ਦਿੱਤਾ ਸੀ। ਨੋਰਾ ਮੇਰਾ ਮਾਰਗ ਦਸੇਰਾ ਬਣ ਗਈ ਸੀ।
ਬਾਬੇ ਨਾਨਕ ਜਿਹੇ ਮਹਾਨ ਪੈਗੰਬਰ ਦੀ ਕੁਦਰਤ ਨਾਲ ਸਾਂਝ, ਕੁਦਰਤ ਨਾਲ ਪਿਆਰ, ਕੁਦਰਤ ਵਿਚੋਂ ਕਾਦਰ ਦੇ ਦਰਸ਼ਨ ਵਾਲੀ ਬਾਣੀ ਨੇ ਮੈਨੂੰ, ਪਿਆਰ ਦੀ ਸ਼ੁਦਾਇਣ ਨੂੰ, ਐਸਾ ਕਾਇਲ ਕੀਤਾ ਸੀ ਕਿ ਮੈਂ ਤਕਰੀਬਨ 22, 23 ਸਾਲ ਪਹਿਲਾਂ ਉਸ ਦਾ ਦੇਸ਼ ਦੇਖਣ ਚਲੀ ਆਈ ਸੀ, ਉਸ ਕੁਦਰਤ ਦੇ ਦਰਸ਼ਨ ਕਰਨ, ਜਿਸ ਵਿਚੋਂ ਗੁਰੂ ਨਾਨਕ ਪ੍ਰਮਾਤਮਾ ਨੂੰ ਦੇਖਦੇ ਸਨ। ਸੋਚਦੀ ਸਾਂ, ਉਥੋਂ ਦੀਆਂ ਨਦੀਆਂ ਦਾ ਪਾਣੀ ਕਿੰਨਾ ਨਿਰਮਲ ਹੋਵੇਗਾ। ਉਥੇ ਪਹੁ ਫੁੱਟੀ 'ਤੇ ਚਿੜੀਆਂ ਗੀਤ ਗਾਉਂਦੀਆਂ ਹੋਣਗੀਆਂ। ਅੰਮ੍ਰਿਤ ਵੇਲੇ ਪਪੀਹੇ ਬੋਲਦੇ ਹੋਣਗੇ, ਪਰ ਜਦ ਪੰਜਾਬ ਪਹੁੰਚੀ ਤਾਂ ਚਿੜੀਆਂ ਦੇ ਗੀਤ ਤਾਂ ਸੁਣਨ ਨੂੰ ਨਾ ਮਿਲੇ, ਲਾਊਡ ਸਪੀਕਰਾਂ ਦਾ ਰੌਲਾ-ਰੱਪਾ ਜ਼ਰੂਰ ਸੁਣਨ ਨੂੰ ਮਿਲਿਆ। ਸੁਹਾਵੀ ਕੁਦਰਤ ਦੀ ਥਾਂ ਉਜਾੜ ਜਿਹੀ ਨਜ਼ਰ ਆਈ। ਸੋਚਿਆ, ਬਾਬੇ ਨੂੰ ਜਿਥੇ ਕਾਦਰ ਦੇ ਦਰਸ਼ਨ ਹੋਏ ਸਨ, ਉਥੇ ਸੁਲਤਾਨ ਪੁਰ ਜਾ ਕੇ ਦੇਖਾਂ। ਉਥੇ ਗਈ ਤਾਂ ਬਾਬੇ ਦੇ ਨਾਂਅ 'ਤੇ ਵੱਡੇ-ਵੱਡੇ ਗੁਰਦੁਆਰੇ ਤਾਂ ਦਿਸੇ, ਜਿਥੇ ਲੱਗੇ ਸੰਗਮਰਮਰ ਨੇ ਮੇਰੇ ਪੈਰ ਲੂਸ ਦਿੱਤੇ, ਪਰ ਕੁਦਰਤ ਦਾ ਨਜ਼ਾਰਾ ਉਥੇ ਵੀ ਨਹੀਂ ਸੀ।
ਇਹ ਦੇਖ ਕੇ ਜੋ ਮਾਯੂਸੀ ਹੋਈ। ਮੇਰੀ ਉਸ ਮਾਯੂਸੀ 'ਚੋਂ ਇਕ ਸੁਪਨੇ ਨੇ ਜਨਮ ਲਿਆ। ਸੋਚਿਆ, ਬਾਬੇ ਦੇ ਦੇਸ਼ ਪੰਜਾਬ ਵਿਚ ਹੀ ਮੈਂ ਕਿਸੇ ਇਲਾਕੇ ਵਿਚ ਬਾਬੇ ਦੀ ਕੁਦਰਤ ਵਾਲੇ ਨਜ਼ਾਰੇ ਨੂੰ ਵਾਪਸ ਲਿਆਵਾਂਗੀ। ਇਸ ਲਈ ਮੈਂ ਕੰਮ ਸ਼ੁਰੂ ਕਰ ਦਿੱਤਾ। ਹੁਣ ਜਦ ਇਸ ਕੰਮ ਨੂੰ ਕਰਦਿਆਂ 20 ਸਾਲ ਦਾ ਸਮਾਂ ਹੋ ਚੁੱਕਾ ਹੈ। ਹੁਸ਼ਿਆਰਪੁਰ ਵਿਚ ਲਗਪਗ ਸੌ ਏਕੜ ਵਿਚ ਦਰੱਖਤ ਫੁੱਲ-ਬੂਟੇ ਰੁੱਖ ਸਭ ਰਲ-ਮਿਲ ਗੀਤ ਗਾ ਰਹੇ ਹਨ। ਪੰਛੀ ਅਨੰਦ ਵਿਚ ਝੂਮ ਰਹੇ ਹਨ। ਤਦ ਇਕ ਹੋਰ ਚਿੰਤਾ ਮੇਰਾ ਪਿੱਛਾ ਕਰਦੀ ਰਹਿੰਦੀ ਹੈ। ਮੈਂ ਜਰਮਨੀ ਵਿਚ ਰਹਿੰਦੀ ਹਾਂ। ਸੋਚਦੀ ਹਾਂ, ਪੰਜਾਬ ਦੇ ਇਸ ਪ੍ਰੋਜੈਕਟ ਨੂੰ ਕਿਸ ਦੇ ਹਵਾਲੇ ਕਰਾਂ? ਕੌਣ ਇਸ ਪ੍ਰਾਜੈਕਟ ਦੀ ਦੇਖਭਾਲ ਕਰੇਗਾ? ਕੌਣ ਮੇਰੇ ਇਸ ਸੁਪਨੇ ਨੂੰ ਅੱਗੇ ਤੋਰੇਗਾ? ਕੌਣ ਇਸ ਨੂੰ ਜਿਊਂਦਾ ਰੱਖੇਗਾ?
ਮੇਰੇ ਇਨ੍ਹਾਂ ਸੰਸਿਆਂ ਦਾ ਜਵਾਬ ਨੋਰਾ ਰਿਚਰਡਜ਼ ਸੀ। ਮੈਂ ਵੀ ਸੋਚਦੀ ਸਾਂ ਨੋਰਾ ਰਿਚਰਡਜ਼ ਦੇ ਘਰ ਵਾਂਗ ਇਹ ਸਭ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਹਵਾਲੇ ਕਰ ਦੇਵਾਂਗੀ। ਮੈਂ ਆਪਣੇ ਸਾਥੀਆਂ ਨਾਲ ਵੀ ਗੱਲਬਾਤ ਕਰਦੀ ਰਹਿੰਦੀ ਸੀ। ਮੇਰੇ ਇਸ ਵਿਚਾਰ ਨਾਲ ਸਭ ਸਹਿਮਤ ਸਨ।
ਇਸ ਵਾਰ ਜਦ ਮੈਂ ਪੰਜਾਬ ਗਈ ਤਾਂ ਮੈਂ ਆਪਣੇ ਸਾਥੀ ਗਿਆਨ ਸਿੰਘ ਤੇ ਆਪਣੀ ਭਾਬੀ ਕੈਸੀ ਨਾਲ ਆਪਣੇ ਪ੍ਰਾਜੈਕਟ ਵਿਚ ਦੋ ਮਹੀਨੇ, ਅਕਤੂਬਰ-ਨਵੰਬਰ, 2017 ਬਿਤਾਏ। ਗਿਆਨ ਸਿੰਘ ਇਸ ਪ੍ਰਾਜੈਕਟ ਵਿਚ ਮੇਰਾ ਸਾਥੀ ਵੀ ਹੈ ਤੇ ਲੋੜ ਪੈਣ ਤੇ ਮੇਰੇ ਦੁਭਾਸ਼ੀਏ ਦਾ ਕੰਮ ਵੀ ਕਰਦਾ ਹੈ। ਮੇਰੀ ਭਾਬੀ ਕੈਸੀ ਗਰੀਸ ਤੋਂ ਖ਼ਾਸ ਤੌਰ 'ਤੇ ਮੇਰਾ ਇਹ ਬਾਬੇ ਨਾਨਕ ਨੂੰ ਸਮਰਪਿਤ ਪ੍ਰਾਜੈਕਟ ਦੇਖਣ ਆਈ ਸੀ। ਕੈਸੀ ਦਾ ਪਿਤਾ ਬੁਡਾਪੈਸਟ, ਹੰਗਰੀ ਵਿਚ ਰੰਗਮੰਚ ਦਾ ਪ੍ਰੋਫੈਸਰ ਸੀ। ਇਸ ਵਾਰ ਮੈਂ ਨੋਰਾ ਰਿਚਰਡਜ਼ ਦਾ ਘਰ ਦੁਬਾਰਾ ਦੇਖਣ ਦੀ ਖ਼ਾਹਿਸ਼ ਜ਼ਾਹਿਰ ਕੀਤੀ। ਕੈਸੀ ਵੀ ਰੰਗਮੰਚ ਦੀ ਇਸ ਮਹਾਨ ਅਦਾਕਾਰਾ ਦਾ ਘਰ ਦੇਖਣ ਲਈ ਉਤਾਵਲੀ ਹੋ ਗਈ। ਕੈਸੀ ਇਹ ਜਾਣ ਕੇ ਰੁਮਾਂਚਕ ਹੋ ਗਈ ਸੀ ਕਿ ਕਿਵੇਂ ਇਕ ਯੂਰਪੀਅਨ ਔਰਤ, ਇਸ ਪਹਾੜੀ ਇਲਾਕੇ ਵਿਚ ਰਹਿ ਕੇ, ਰੰਗਮੰਚ ਦੀ ਵਿੱਦਿਆ ਲੋਕਾਂ ਨੂੰ ਦਿੰਦੀ ਰਹੀ ਸੀ। ਅਸੀਂ ਦੋਵੇਂ ਔਰਤਾਂ ਹੱਸਦੀਆਂ ਖੇਡਦੀਆਂ, ਅੰਧਰੇਟਾ (ਹਿਮਾਚਲ) ਨੂੰ ਚੱਲ ਪਈਆਂ। ਮੈਂ ਧੁਰ ਅੰਦਰੋਂ ਖ਼ੁਸ਼ੀ ਨਾਲ ਲਵਰੇਜ਼ ਹੋਈ ਪਈ ਸੀ ਕਿ ਮੈਂ ਅੱਜ ਫਿਰ ਉਸ ਆਪਣੀ ਆਦਰਸ਼ ਨੋਰਾ ਰਿਚਰਡਜ਼ ਨੂੰ ਸਿਜਦਾ ਕਰਨ ਜਾ ਰਹੀ ਹਾਂ। ਮੈਂ ਫਿਰ ਉਥੇ ਜਾ ਕੇ ਨੱਚਾਂਗੀ, ਤਿੱਤਲੀ ਵਾਂਗ ਘੁੰਮਾਂਗੀ, ਮੋਰਾਂ ਵਾਂਗ ਪੈਲਾਂ ਪਾਵਾਂਗੀ। ਉਸ ਦੀ ਸਮਾਧ ਉੱਤੇ ਜਾ ਕੇ ਉਸ ਦੇ ਆਖਰੀ ਸ਼ਬਦ ਜੋ ਉਸ ਦੀ ਸਮਾਧ ਉੱਪਰ ਉਕਰੇ ਹੋਏ ਹਨ, ਇਕ ਵਾਰ ਫਿਰ ਧੁਰ-ਆਤਮਾ ਤੱਕ ਮਹਿਸੂਸ ਕਰਾਂਗੀ। ਇਕ ਵਾਰ ਫਿਰ ਨੋਰਾ ਰਿਚਰਡਜ਼ ਦੇ ਕੀਰਤੀ ਮੰਡਲ ਨੂੰ ਆਪਣੇ ਅੰਦਰ ਸੰਚਾਰਿਤ ਕਰਾਂਗੀ। ਉਸ ਦਾ ਧੰਨਵਾਦ ਕਰਾਂਗੀ। ਉਸ ਨੇ ਹੀ ਮੈਨੂੰ ਇਹ ਰਸਤਾ ਦਿਖਾਇਆ ਸੀ। ਉਸ ਨੂੰ ਮੈਂ ਆਪਣੀ ਅਕੀਦਤ ਦੇ ਫੁੱਲ ਭੇਟ ਕਰਾਂਗੀ।
ਅੰਧਰੇਟਾ ਪਹੁੰਚੇ। ਇਸ ਵਾਰ ਬਹੁਤ ਕੁਝ ਬਦਲ ਗਿਆ ਲੱਗ ਰਿਹਾ ਸੀ। ਰਸਤਾ ਹੋਰ ਖਰਾਬ ਹੋ ਗਿਆ ਸੀ। ਘਰ ਪੱਥਰਾਂ ਦੇ ਜ਼ਿਆਦਾ ਹੋ ਗਏ ਸਨ। ਅਜੀਬ ਜਿਹਾ ਮਹਿਸੂਸ ਹੋਇਆ। ਅਸੀਂ ਨੋਰਾ ਰਿਚਰਡਜ਼ ਦੇ ਘਰ ਅੰਦਰ ਦਾਖਲ ਹੁੰਦੇ ਹਾਂ। ਹੈਂ, ਇਹ ਕਿਹੋ ਜਿਹਾ ਸਵਾਗਤ ਹੋ ਰਿਹਾ ਹੈ? ਨੋਰਾ ਦੇ ਮਿਟੀ ਦੇ ਘਰ (ਮਡਹਾਊਸ) ਦਾ ਕੀ ਬਣਿਆ ਹੋਇਆ ਹੈ! ਕੋਈ ਆਦਮੀ ਵੀ ਦਿਖਾਈ ਨਹੀਂ ਦੇ ਰਿਹਾ। ਕੋਈ ਸੇਵਾਦਾਰ ਨਹੀਂ। ਮੈਂ ਹੱਕੀ-ਬੱਕੀ ਦੇਖੀ ਜਾ ਰਹੀ ਹਾਂ। ਜੁੱਤੀਆਂ ਉਤਾਰ ਕੇ ਅੰਦਰ ਆਓ ਦਾ ਇਕ ਸਾਈਨ ਲਗਾ ਹੋਇਆ। ਪਰ ਘਰ ਵਿਚ ਸਾਰੇ ਪਾਸੇ ਗੰਦ ਪਿਆ ਹੋਇਆ ਸੀ।
ਅਚਾਨਕ ਮੈਨੂੰ ਲਗਦਾ ਹੈ, ਨੋਰਾ ਰਿਚਰਡਜ਼ ਸਾਡੇ ਵੱਲ ਆ ਰਹੀ ਹੈ। ਜਿਵੇਂ ਕੋਈ ਤਰਲਾ ਕਰ ਰਹੀ ਹੋਵੇ।
ਮੇਰੀਆਂ ਚੀਕਾਂ ਨਿਕਲ ਆਉਂਦੀਆਂ ਹਨ। ਮੇਰਾ ਰੋਣਾ ਬੰਦ ਨਹੀਂ ਹੋ ਰਿਹਾ। ਗਿਆਨ ਸਿੰਘ ਤੇ ਕੈਸੀ ਮੈਨੂੰ ਸੰਭਾਲਦੇ ਹਨ। ਇਹ ਕੀ ਹੋ ਗਿਆ ਹੈ ਨੋਰਾ ਦੇ ਤੀਰਥ ਵਰਗੇ ਘਰ ਨੂੰ?
ਮੈਂ ਗਿਆਨ ਸਿੰਘ ਨੂੰ ਆਖਦੀ ਹਾਂਂਦੇਖੋ, ਇਥੇ ਕੌਣ ਯੂਨੀਵਰਸਿਟੀ ਦਾ ਇੰਚਾਰਜ ਹੈ?
ਮੈਂ ਡੌਰ ਭੌਰ ਨੋਰਾ ਦੀ ਸਮਾਧ 'ਤੇ ਜਾ ਕੇ ਬੈਠਦੀ ਹਾਂ। ਮੇਰੇ ਧੁਰ ਅੰਦਰੋਂ ਚੀਕ ਨਿਕਲਦੀ ਹੈਂਗਿਆਨ ਜੀ, ਆਹ ਦੇਖੋ, ਆਹ ਦੇਖੋ!
ਸਭ ਹੈਰਾਨ ਹਨ ਕਿ ਮੈਂ ਕੀ ਕਹਿ ਰਹੀ ਹਾਂ। ਗਿਆਨ ਸਿੰਘ ਭੱਜਾ ਭੱਜਾ ਮੇਰੇ ਕੋਲ ਆਉਂਦਾ ਹੈ। ਮੈਂ ਆਖਦੀ ਹਾਂਂਆਹ ਦੇਖੋ ਗਿਆਨ ਸਿੰਘ, ਆਹ ਦੇਖੋ। ਅਖੌਤੀ ਪ੍ਰਬੰਧਕਾਂ ਨੇ ਸਫ਼ਾਈ ਨਹੀਂ ਰੱਖੀ, ਨਾ ਸਹੀ, ਘਰ ਦੀ ਲਿਪਾ-ਪੋਚੀ ਨਹੀਂ ਕੀਤੀ, ਨਾ ਸਹੀ। ਇਹ ਅਕ੍ਰਿਤਘਣ, ਵਿਸ਼ਵਾਸਗਾਤੀ ਲੋਕ ਉਸ ਦੀ ਸਮਾਧ ਤਾਂ ਉਸੇ ਤਰ੍ਹਾਂ ਰਹਿਣ ਦਿੰਦੇ। ਗਿਆਨ ਜੀ, ਇਨ੍ਹਾਂ ਨੇ ਉਸ ਦੇ ਆਖਰੀ ਸ਼ਬਦ ਵੀ ਕਬਰ ਤੋਂ ਮਿਟਾ ਦਿੱਤੇ ਹਨ।
ਗਿਆਨ ਸਿੰਘ ਵੀ ਦੇਖਦਾ ਹੈ। ਹੁਣ ਸਿਰਫ਼ ਸ਼ਬਦ ਹੀ ਉਸ ਦੀ ਸਮਾਧ ਤੋਂ ਨਹੀਂ ਮਿਟਾਏ, ਮੇਰੇ ਸੁਪਨੇ ਦਾ ਵੀ ਕਤਲ ਕਰ ਦਿੱਤਾ ਹੈ। ਮੈਂ ਨੋਰਾ ਨੂੰ ਮੁਖਾਤਵ ਹੁੰਦੀ ਹਾਂਂਮੇਰੀ ਪਿਆਰੀ ਨੋਰਾ, ਮੇਰੀ ਆਤਮਾ ਵੀ ਤੇਰੇ ਨਾਲ ਮਿਲ ਕੇ ਰੋ ਰਹੀ ਹੈ।
ਉਸ ਘੜੀ ਮੈਂ ਇੰਝ ਮਹਿਸੂਸ ਕਰ ਰਹੀ ਸਾਂ ਕਿ ਨੋਰਾ ਵੀ ਮੇਰੇ ਨਾਲ ਸਿਸਕ ਰਹੀ ਹੈ।
ਯੂਨੀਵਰਸਿਟੀ ਵਾਲਿਆਂ ਨੇ ਖਾਣ-ਪੀਣ ਤੇ ਪਿਕਨਿਕ ਮਨਾਉਣ ਲਈ ਉਥੇ ਗੈਸਟ ਹਾਊਸ ਬਣਾਇਆ ਹੋਇਆ ਹੈ। ਉਸ ਅੰਦਰੋਂ ਦੋ ਆਦਮੀ ਬਾਹਰ ਆਉਂਦੇ ਹਨ। ਮੈਂ ਉਨ੍ਹਾਂ ਨੂੰ ਪੁੱਛਦੀ ਹਾਂ ਕਿ ਇਸ ਕਬਰ 'ਤੇ ਨੋਰਾ ਦੇ ਆਖਰੀ ਸ਼ਬਦ ਸਨ, ਉਹ ਕਿੱਥੇ ਗਏ? ਜਵਾਬ ਮਿਲਦਾ ਹੈ ਕਿ ਸ਼ਾਇਦ ਉਹ ਭੁੱਲ ਗਏ ਹਨ।
ਇਕ ਬਜ਼ੁਰਗ ਔਰਤ ਮੇਰੇ ਕੋਲ ਆ ਜਾਂਦੀ ਹੈ। ਉਹ ਉਦਾਸ ਭਰੀ ਆਵਾਜ਼ ਵਿਚ ਕਹਿੰਦੀ ਹੈਂਹੁਣ ਕੁਝ ਨਹੀਂ, ਬਸ, ਹੁਣ ਕੁਝ ਨਹੀਂ।
ਅਸੀਂ ਨਵੇਂ ਬਣੇ ਆਧੁਨਿਕ ਕਿਸਮ ਦੇ ਗੈਸਟ ਹਾਊਸ ਵਿਚ ਜਾਂਦੇ ਹਾਂ। ਸੋਚਿਆ, ਇਥੇ ਰਿਸੈਪਸ਼ਨ ਰੂਮ ਹੋਵੇਗਾ, ਜਿਥੇ ਨੋਰਾ ਦੀਆਂ ਫੋਟੋਆਂ ਹੋਣਗੀਆਂ। ਕੁਝ ਉਸ ਦੀਆਂ ਯਾਦਾਂ ਸੰਭਾਲ ਕੇ ਰੱਖੀਆਂ ਹੋਣਗੀਆਂ। ਉਥੇ ਅਜਿਹਾ ਕੁਝ ਵੀ ਨਹੀਂ ਸੀ, ਜਿਸ ਤੋਂ ਇਹ ਪਤਾ ਲੱਗ ਸਕੇ ਕਿ ਇਹ ਪੰਜਾਬੀ ਨਾਟਕ ਦੀ ਨੱਕੜਦਾਦੀ ਦਾ ਸਮਾਰਕ ਹੈ। ਕਰਮਚਾਰੀਆਂ ਪਾਸੋਂ ਕੋਈ ਤਸੱਲੀਬਖ਼ਸ਼ ਜਵਾਬ ਨਹੀਂ ਮਿਲਦਾ। ਇਕ ਫੋਟੋ ਹੈ ਨੋਰਾ ਦੀ ਜੋ ਦੇਖਣ ਨੂੰ ਮਿਲਦੀ ਹੈ। ਮੈਂ ਆਪਣੇ ਵਿਚਾਰ ਲਿਖਣਾ ਚਾਹੁੰਦੀ ਹਾਂ। ਕਰਮਚਾਰੀਆਂ ਪਾਸੋਂ ਮਹਿਮਾਨਾਂ ਲਈ ਟਿੱਪਣੀਆਂ ਲਿਖਣ ਲਈ ਰੱਖੇ ਰਜਿਸਟਰ ਦੀ ਮੰਗ ਕਰਦੀ ਹਾਂ। ਚਾਹੁੰਦੀ ਹਾਂ ਕਿ ਯੂਨੀਵਰਸਿਟੀ ਵਾਲੇ ਆ ਕੇ ਮੇਰੀ ਟਿੱਪਣੀ ਪੜ੍ਹਨ।
ਜਵਾਬ ਮਿਲਦਾ ਹੈਂਨਹੀਂ ਜੀ, ਇਥੇ ਕੋਈ ਰਜਿਸਟਰ ਨਹੀਂ ਹੈ।
ਮੈਂ ਕਹਿੰਦੀ ਹਾਂਂਇਸ ਹੋਟਲ ਨੁਮਾ ਇਮਾਰਤ ਦੀ ਤਾਂ ਬਹੁਤ ਸਫ਼ਾਈ ਹੈ, ਕਮਰੇ ਵੀ ਕਾਫੀ ਹਨ।
ਉਹ ਆਖਦੇ ਹਨਂਹਾਂ ਜੀ, ਜੋ ਯੂਨੀਵਰਸਿਟੀ ਤੋਂ ਪਰਮਿਟ ਲੈ ਕੇ ਆਉਂਦੇ ਹਨ। ਉਹ ਇਥੇ ਠਹਿਰ ਸਕਦੇ ਹਨ। ਸਭ ਖਾਣ-ਪੀਣ ਨੂੰ ਵੀ ਇਥੋਂ ਮਿਲਦਾ ਹੈ। ਬਸ ਬੁਕਿੰਗ ਸਭ ਪਟਿਆਲੇ ਤੋਂ ਹੀ ਹੁੰਦੀ ਹੈ। ਤੁਸੀਂ ਵੀ ਉਥੋਂ ਬੁਕਿੰਗ ਕਰਵਾ ਕੇ ਆਉ, ਪਰਮਿਟ ਲੈ ਕੇ ਆਓ।
ਮੈਂ ਪੁਰਾਣਾ ਰਜਿਸਟਰ ਮੰਗਦੀ ਹਾਂ ਤਾਂ ਕਿ ਮੈਂ ਆਪਣੀ ਪਹਿਲੀ ਟਿੱਪਣੀ ਪੜ੍ਹ ਸਕਾਂ।
ਜਵਾਬ ਫਿਰ ਨਾਂਹ ਵਿਚ ਮਿਲਦਾ ਹੈਂਨਹੀਂ ਜੀ, ਉਹ ਤਾਂ ਸਭ ਪਟਿਆਲੇ ਹੀ ਪਿਆ ਹੋਣਾ।
ਮਨ ਵਿਚ ਆਉਂਦਾ ਹੈ, ਸਭ ਕੁਝ ਨੋਰਾ ਦਾ ਖ਼ਤਮ ਕਰ ਦਿੱਤਾ ਇਨ੍ਹਾਂ ਅਕ੍ਰਿਤਘਣਾਂ ਨੇ।
ਫਿਰ ਸੋਚਦੀ ਹਾਂ ਕਿ ਕਿੰਨੇ ਲੋਕਾਂ ਨੂੰ ਨੋਰਾ ਨੇ ਬਾਲੀਵੁੱਡ ਦੇ ਮਹਾਨ ਕਲਾਕਾਰ ਬਣਾਉਣ ਵਿਚ ਹਿੱਸਾ ਪਾਇਆ ਸੀ। ਕੀ ਉਨ੍ਹਾਂ ਦੀ ਸੰਤਾਨ ਵਿਚੋਂ ਕੋਈ ਵੀ ਨਹੀਂ ਆਉਂਦਾ ਇਥੇ?
ਮੇਰੀ ਪਿਆਰੀ ਨੋਰਾ ਦਾ ਵਿਹੜਾ, ਜੋ ਕਦੇ ਹਾਂ-ਪੱਖੀ ਊਰਜਾ ਨਾਲ ਮਹਿਕਿਆ ਕਰਦਾ ਸੀ, ਉਜਾੜ ਬੀਆਬਾਨ ਜਾਪਦਾ ਹੈ। ਮੈਂ ਰੋਣ ਤੋਂ ਬਗੈਰ ਕੁਝ ਵੀ ਨਹੀਂ ਕਰ ਸਕਦੀ।
ਮੈਨੂੰ ਬਸ ਯਾਦ ਆ ਰਹੀ ਹੈ। ਮਹਾਨ ਕਵਿਤਰੀ ਅੰਮ੍ਰਿਤਾ ਪ੍ਰੀਤਮ ਦੀ। ਉਸ ਨੇ ਤਾਂ ਵਾਰਿਸ ਸ਼ਾਹ ਨੂੰ ਆਵਾਜ਼ਾਂ ਮਾਰ ਕੇ ਆਪਣਾ ਦਰਦ ਬਿਆਨ ਕਰ ਲਿਆ ਸੀ। ਅੱਜ ਮੈਂ ਕਿਸ ਨੂੰ ਕਹਾਂ? ਕਿਸ ਵਾਰਿਸ ਸ਼ਾਹ ਨੂੰ ਕਹਾਂ ਕਿ ਇਨ੍ਹਾਂ ਨੇ ਨੋਰਾ ਰਿਚਰਡਜ਼ ਦੀ ਵਿਰਾਸਤ ਦਾ ਕੀ ਹਾਲ ਕਰ ਛੱਡਿਆ ਹੈ।
ਅਸੀਂ ਬਾਹਰ ਆ ਜਾਂਦੇ ਹਾਂ। ਮੈਂ ਸੇਜਲ ਅੱਖਾਂ ਨਾਲ ਨੋਰਾ ਤੋਂ ਵਿਦਾਇਗੀ ਲੈ ਰਹੀ ਹਾਂ। ਦੇਹਰਾਦੂਨ ਤੋਂ ਕੁਝ ਵਿਦਿਆਰਥੀ ਆਪਣੀ ਪ੍ਰੋਫੈਸਰ ਨਾਲ ਆ ਜਾਂਦੇ ਹਨ। ਲੇਡੀ ਪ੍ਰੋਫੈਸਰ ਮੈਨੂੰ ਮਿਲ ਕੇ ਖ਼ੁਸ਼ ਹੁੰਦੀ ਹੈ। ਮੁੱਢਲੀ ਗੱਲਬਾਤ ਬਾਅਦ ਮੈਂ ਆਪਣੀ ਨਿਰਾਸ਼ਤਾ ਬਾਰੇ ਦੱਸਦੀ ਹਾਂ। ਉਹ ਦੱਸਦੀ ਹੈ ਕਿ ਦੇਹਰਾਦੂਨ ਵਿਚ ਵੀ ਕਿਸੇ ਨੇ ਆਪਣੀ ਜਾਇਦਾਦ ਯੂਨੀਵਰਸਿਟੀ ਨੂੰ ਦਾਨ ਕੀਤੀ ਸੀ, ਉਸ ਦਾ ਹਾਲ ਵੀ ਇਨ੍ਹਾਂ ਇਹੋ ਕਰ ਰੱਖਿਆ ਹੈ।
ਅੰਦਰੇਟਾ ਤੋਂ ਵਾਪਸ ਆਉਂਦੀ ਮੈਂ ਸੋਚ ਰਹੀ ਹਾਂਂਨੋਰਾ ਅੱਜ ਫਿਰ ਮੇਰਾ ਮਾਰਗ ਦਰਸ਼ਨ ਕਰ ਗਈ ਹੈ।
ਮੈਂ ਫ਼ੈਸਲਾ ਕਰਦੀ ਹਾਂ ਕਿ ਹੁਣ ਮੈਂ ਆਪਣਾ ਪ੍ਰਾਜੈਕਟ ਪੰਜਾਬੀ ਯੂਨੀਵਰਸਿਟੀ ਨੂੰ ਦਾਨ ਨਹੀਂ ਕਰਾਂਗੀ।
ਇਸ ਦਰਦ ਭਰੀ ਕਹਾਣੀ ਨੂੰ ਮੈਂ ਰੰਗਮੰਚ 'ਤੇ ਖੇਡਾਂਗੀ। ਇਹੋ ਹੀ ਮੇਰੀ ਉਸ ਮਹਾਨ ਆਤਮਾ ਨੂੰ ਸ਼ਰਧਾਂਜਲੀ ਹੋਵੇਗੀ।

-ਨੋਟ : ਲੇਖਿਕਾ ਗੁਰੂ ਨਾਨਕ ਦੇਵ ਜੀ ਦੀ ਸ਼ਰਧਾਲੂ ਹੈ ਤੇ ਆਪਣਾ ਪੰਜਾਬ ਵਿਚ ਸੌ ਏਕੜ ਵਿਚ 'ਬਲਿਹਾਰੀ ਕੁਦਰਤ ਵਸਿਆ' ਪ੍ਰਾਜੈਕਟ ਸਥਾਪਿਤ ਕਰ ਚੁੱਕੀ ਹੈ।

ਏਲੀਅਨਾਂ ਨੂੰ 'ਵਾਜਾਂ ਮਾਰਦੇ ਵੋਏਜਰ...

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਗੋਲਡਨ ਰਿਕਾਰਡ ਵਿਚ ਦੁਨੀਆ ਦੀਆਂ 55 ਮੁੱਖ ਭਾਸ਼ਾਵਾਂ ਵਿਚ ਬੋਲ ਕੇ ਏਲੀਅਨਾਂ ਨੂੰ ਗਰੀਟਿੰਗਜ਼/ਸ਼ੁੱਭ ਇਛਾਵਾਂ ਦਿੱਤੀਆਂ ਗਈਆਂ ਹਨ। ਗੁੱਡ ਮਾਰਨਿੰਗ, ਫ਼ਤਹਿ/ਸਤਿ ਸ੍ਰੀ ਅਕਾਲ ਬੁਲਾਈ ਗਈ ਹੈ। ਸਾਡੇ ਲਈ ਮਾਣ ਦੀ ਗੱਲ ਹੈ ਕਿ ਪੰਜਾਬੀ ਭਾਸ਼ਾ ਵੀ ਇਨ੍ਹਾਂ ਚੁਣਵੀਆਂ ਭਾਸ਼ਾਵਾਂ ਵਿਚ ਸ਼ਾਮਲ ਹੈ। ਸਾਡੇ ਦੇਸ਼ ਵਿਚੋਂ ਪੰਜਾਬੀ ਦੇ ਨਾਲ ਉਰਦੂ, ਹਿੰਦੀ, ਬੰਗਲਾ, ਮਰਾਠੀ, ਗੁਜਰਾਤੀ, ਉੜੀਆ, ਰਾਜਸਥਾਨੀ, ਕੰਨੜ ਤੇ ਤੇਲਗੂ ਚੁਣੀਆਂ ਗਈਆਂ ਹਨ। ਇਸ ਦੇ ਨਾਲ ਹੈ ਅਮਰੀਕੀ ਰਾਸ਼ਟਰਪਤੀ (ਉਸ ਵੇਲੇ ਦੇ) ਜਿੰਮੀ ਕਾਰਟਰ ਅਤੇ ਯੂ. ਐਨ. ਓ. ਦੇ ਸੈਕਟਰੀ ਜਨਰਲ (ਉਸ ਵੇਲੇ ਦੇ) ਕੁਰਤ ਵਾਲਡਈਮ ਦੇ ਸੰਦੇਸ਼ ਹਨ। ਰਿਕਾਰਡ ਨੂੰ ਸੁਰੱਖਿਅਤ ਰੱਖਣ ਵਾਲੇ ਡੱਬੇ ਉੱਤੇ ਅਤਿ ਸ਼ੁੱਧ ਯੂਰੇਨੀਅਮ 238 ਦਾ ਇਕ ਟੋਟਾ ਲਾਇਆ ਗਿਆ ਹੈ। ਇਸ ਦੀ ਹਾਫ਼ ਲਾਈਫ਼ 4 ਦਸ਼ਮਲਵ 468 ਅਰਬ ਸਾਲ ਹੁੰਦੀ ਹੈ। ਭਾਵ ਏਨੇ ਕਾਲ ਖੰਡ ਪਿੱਛੋਂ ਇਹ ਖੁਰ ਕੇ ਅੱਧਾ ਰਹਿ ਜਾਂਦਾ ਹੈ। ਖੁਰੇ ਹੋਏ ਯੂਰੇਨੀਅਮ ਤੋਂ ਬਣੇ ਤੱਤਾਂ/ਬਚੇ ਯੂਰੇਨੀਅਮ ਤੇ ਮੂਲ ਸੈਂਪਲ ਦੇ ਭਾਰ ਦਾ ਹਿਸਾਬ ਕਿਤਾਬ ਕਰ ਕੇ ਇਸ ਰਿਕਾਰਡ ਦੇ ਧਰਤੀ ਤੋਂ ਤੁਰਨ ਤੋਂ ਇਸ ਦੇ ਕਦੇ ਏਲੀਅਨਾਂ ਦੇ ਕਾਬੂ ਆਉਣ ਤੱਕ ਦੇ ਸਮੇਂ ਦਾ ਹਿਸਾਬ ਲਗ ਸਕਦਾ ਹੈ। ਕੁੱਲ ਮਿਲਾ ਕੇ ਏਲੀਅਨਾਂ ਨੂੰ ਲੱਭਣ, ਆਪਣਾ ਢੰਡੋਰਾ ਪੁਲਾੜ ਵਿਚ ਫੇਰਨ ਅਤੇ ਏਲੀਅਨਾਂ ਨੂੰ ਆਵਾਜਾਂ ਮਾਰਨ ਵਿਚ ਅਸੀਂ ਕੋਈ ਕਸਰ ਨਹੀਂ ਰੱਖੀ ਅਤੇ ਆਵਾਜ਼ਾਂ ਮਾਰਨ ਵਾਲਿਆਂ ਵਿਚ ਅਸੀਂ ਪੰਜਾਬੀ ਤੇ ਪੰਜਾਬੀ ਜ਼ੁਬਾਨ ਦੋਵੇਂ ਸ਼ਾਮਲ ਹਾਂ।
ਵੋਏਜਰ ਜਹਾਜ਼ਾਂ ਦੇ ਵਿਗਿਆਨਕ ਉਪਕਰਨਾਂ ਦੀ ਬਿਜਲੀ ਤੇ ਹੋਰ ਸਿਸਟਮਾਂ ਦੇ ਆਧਾਰ ਉੱਤੇ ਸਾਡੇ ਨਾਲ ਸੰਵਾਦ ਅਤੇ ਡੈਟਾ ਦੇ ਆਦਾਨ ਪ੍ਰਦਾਨ ਦਾ ਸਿਲਸਿਲਾ 2025 ਤੱਕ ਕਿੱਸੇ ਹੱਦ ਤੱਕ ਚਲਦਾ ਰਹੇਗਾ। ਇਸ ਪਿੱਛੋਂ ਇਹ ਭਾਵੇਂ ਬੰਦ ਹੋ ਜਾਵੇਗਾ, ਪਰ ਦੋਵੇਂ ਜਹਾਜ਼ ਡੂੰਘੇ ਪੁਲਾੜ ਵਿਚ ਉੱਚੀ ਰਫ਼ਤਾਰ ਨਾਲ ਅਗਾਂਹ ਹੀ ਅਗਾਂਹ ਵਰ੍ਹਿਆਂ-ਬਧੀ ਤੁਰੇ ਜਾਣਗੇ, ਉਦੋਂ ਤੱਕ ਜਦ ਤੱਕ ਇਹ ਕਿਸੇ ਪੁਲਾੜੀ ਕਚਰੇ ਜਾਂ ਕੁਦਰਤੀ ਪਿੰਡ ਨਾਲ ਟਕਰਾਅ ਕੇ ਨਸ਼ਟ ਨਹੀਂ ਹੋ ਜਾਂਦੇ। ਇਸ ਸਮੇਂ ਵੋਏਜਰ-1 ਜਹਾਜ਼ 61,000 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਉੱਤੇ ਚੱਲ ਰਿਹਾ ਹੈ ਅਤੇ ਇਹ ਸਾਡੇ ਤੋਂ 18 ਅਰਬ 80 ਕਰੋੜ ਕਿਲੋਮੀਰ ਦੂਰ ਹੈ। ਵੋਏਜਰ-2 ਸਾਡੇ ਤੋਂ 15 ਅਰਬ ਤੀਹ ਕਰੋੜ ਕਿਲੋਮੀਟਰ ਦੂਰ ਤੁਰਿਆ ਫਿਰਦਾ ਹੈ। ਦੋਵਾਂ ਜਹਾਜ਼ਾਂ ਦਾ ਰੂਟ ਇਕ ਨਹੀਂ, ਵੱਖੋ-ਵੱਖਰਾ ਰੱਖਿਆ ਗਿਆ ਹੈ ਤਾਂ ਕਿ ਦੋਵਾਂ ਦਾ ਵੱਧ ਤੋਂ ਵੱਧ ਲਾਭ ਉਠਾਇਆ ਜਾ ਸਕੇ। ਵੋਏਜਰ-1 ਤਾਂ ਇੰਟਰ-ਸਟੈਲਰ ਸਪੇਸ ਵਿਚ ਹੈ ਪਰ ਵੋਏਜਰ-2 ਹੀਲੀਓ ਸ਼ੀਥ ਵਿਚ ਹੈ। ਇਹ ਹੀਲੀਓ ਸਫੀਅਰ ਦੀ ਸਭ ਤੋਂ ਬਾਹਰੀ ਪਰਤ ਹੈ, ਜਿਸ ਵਿਚ ਸੋਲਰ ਵਿੰਡ ਦੀ ਰਫ਼ਤਾਰ ਬਹੁਤ ਨੀਵੀਂ ਹੋ ਜਾਂਦੀ ਹੈ। ਨਾਸਾ ਵਾਲੇ ਹਰ ਪੰਜ ਮਿੰਟ ਪਿੱਛੋਂ ਉਨ੍ਹਾਂ ਦੀ ਦੂਰੀ ਅਤੇ ਰਫ਼ਤਾਰ ਦੇ ਅੰਕੜੇ ਸੋਧੀ ਜਾਂਦੇ ਹਨ। ਇਸ ਵੇਲੇ ਦੋਵਾਂ ਜਹਾਜ਼ਾਂ ਦੇ ਜਿਹੜੇ ਸਿਸਟਮ ਚੱਲ ਰਹੇ ਹਨ ਉਹ ਹਨ : ਕਾਸਮਿਕ ਰੇਅ ਸਬ ਸਿਸਟਮ, ਲੋ ਐਨਰਜੀ, ਚਾਰਜਡ ਪਾਰਟੀਕਲ ਸਿਸਟਮ, ਮੈਗਨੀਟੋਮੀਟਰ ਤੇ ਪਲਾਜ਼ਮਾ ਵੇਵ ਸਬ ਸਿਸਟਮ। ਵੋਏਜਰ-2 ਦਾ ਪਲਾਜ਼ਮਾ ਸਾਇੰਸ ਸਿਸਟਮ ਚੱਲ ਰਿਹਾ ਹੈ। ਵੋਏਜਰ-1 ਦਾ ਇਕ ਸਿਸਟਮ ਬੰਦ ਹੋ ਗਿਆ ਹੈ। ਬਾਕੀ ਦੇ ਪੰਜ ਵਿਗਿਆਨਕ ਸਿਸਟਮ ਦੋਹਾਂ ਜਹਾਜ਼ਾਂ ਵਿਚ ਹੀ ਹੁਣ ਕੰਮ ਕਰਨਾ ਬੰਦ ਕਰ ਚੁੱਕੇ ਹਨ। ਫਿਰ ਵੀ ਦੋਵੇਂ ਜਹਾਜ਼ ਆਪਣੇ ਜ਼ਿੰਮੇ ਲੱਗੀ ਜ਼ਿੰਮੇਵਾਰੀ ਨਿਭਾਉਂਦੇ ਏਲੀਅਨਾਂ ਨੂੰ ਆਵਾਜਾਂ ਮਾਰਦੇ ਅੱਗੇ ਹੀ ਅੱਗੇ ਵਧੀ ਜਾ ਰਹੇ ਹਨ। (ਸਮਾਪਤ)

-ਹਾਊਸ ਨੰ: 2, ਸਟਰੀਟ ਨੰ: 9, ਗੁਰੂ ਨਾਨਕ ਨਗਰ, ਪਟਿਆਲਾ।

ਧਰਤੀ ਅੱਗ ਦਾ ਗੋਲਾ ਨਾ ਬਣ ਜਾਵੇ!

ਲੋੜ ਹੈ ਸਾਵਧਾਨ ਹੋਣ ਦੀ

ਮਨੁੱਖ ਕੁਦਰਤ ਨਾਲ ਆਹਢਾ ਲੈਣ ਲੱਗਾ ਹੋਇਆ ਹੈ। ਇਸ ਦਾ ਮੁੱਲ ਚੁਕਾਉਣਾ ਪਵੇਗਾ, ਕਿਉਂਕਿ ਕੁਦਰਤ ਨਾਲ ਟੱਕਰ ਲਵੋਗੇ ਤਾਂ ਬਚਾਉਣ ਵਾਲਾ ਕੋਈ ਨਹੀਂ ਹੋਵੇਗਾ। ਅੱਗ ਲਾ ਕੇ ਸੇਕ ਨਾ ਲੱਗੇ, ਏਦਾਂ ਵੀ ਨਹੀਂ ਹੋ ਸਕਦਾ। ਦੁਨੀਆ ਪ੍ਰਮਾਣੂ ਹਥਿਆਰਾਂ ਦੀ ਚਿੰਤਾ ਨਾਲ 'ਕੱਠੀ ਹੋਈ ਪਈ ਹੈ ਪਰ ਜੋ ਵਰਤਾਰਾ ਧਰਤੀ ਨਾਲ, ਕੁਦਰਤ ਨਾਲ ਤੇ ਮੌਸਮ ਨਾਲ ਹੋ ਰਿਹਾ ਹੈ, ਉਸ ਦਾ ਨਾ ਸਰਕਾਰਾਂ ਨੂੰ ਫਿਕਰ ਹੈ ਨਾ ਲੋਕਾਂ ਨੂੰ। ਜੇ ਹੁਣ ਵੀ ਸੁਚੇਤ ਨਾ ਹੋਏ ਤਾਂ ਇਹ ਪੱਕੀ ਗੱਲ ਹੈ ਕਿ ਤੁਹਾਨੂੰ ਬਚਾਉਣ ਵਾਲਾ ਕੋਈ ਨਹੀਂ ਹੋਵੇਗਾ। ਉੱਤਰੀ ਭਾਰਤ ਦੇ ਕੁਝ ਸੂਬਿਆਂ ਅਤੇ ਦੇਸ਼ ਦੀ ਰਾਜਧਾਨੀ ਦਿੱਲੀ ਦੀ ਆਬੋ-ਹਵਾ, ਜਿਸ ਕਦਰ ਖ਼ਤਰਨਾਕ ਰੁਖ ਅਖਤਿਆਰ ਕਰ ਚੁੱਕੀ ਹੈ, ਉਹਦੇ 'ਤੇ ਅਮਰੀਕਾ ਦੀ ਇਕ ਅਖ਼ਬਾਰ 'ਨਿਊਯਾਰਕ ਟਾਈਮਜ਼' ਨੇ ਟਿੱਪਣੀ ਕੀਤੀ ਸੀ ਕਿ ਜਿਹੜਾ ਫਿਕਰ ਢਾਈ ਦਹਾਕੇ ਪਹਿਲਾਂ ਸਰਕਾਰਾਂ ਨੂੰ ਕਰਨਾ ਚਾਹੀਦਾ ਸੀ, ਉਸ 'ਤੇ ਅੱਜ ਹਉਕਾ ਭਰਿਆ ਜਾ ਰਿਹਾ ਹੈ। ਬਰਤਾਨੀਆ ਦੇ ਭੌਤਿਕ ਵਿਗਿਆਨੀ ਸਟੀਫਨ ਹਾਕਿੰਗ ਨੇ ਮਨੁੱਖ ਨੂੰ ਚਿਤਾਵਨੀ ਦਿੱਤੀ ਹੈ ਕਿ ਜਿਸ ਕਦਰ ਮਨੁੱਖ ਜਾਤੀ ਦੀ ਆਬਾਦੀ ਵਧ ਰਹੀ ਹੈ ਤੇ ਊਰਜਾ ਦੀ ਖਪਤ ਦਿਨੋਂ ਦਿਨ ਦੁੱਗਣੀ-ਚੌਗੁਣੀ ਹੁੰਦੀ ਜਾ ਰਹੀ ਹੈ ਤਾਂ ਸਿਰਫ ਛੇ ਸੌ ਸਾਲ ਉਡੀਕ ਕਰਨ ਦੀ ਲੋੜ ਹੈ ਜਦੋਂ ਧਰਤੀ ਅੱਗ ਦਾ ਗੋਲਾ ਬਣ ਜਾਵੇਗੀ ਤੇ ਮਨੁੱਖੀ ਨਸਲਾਂ ਲਈ ਖ਼ਤਰੇ ਦਾ ਘੁੱਗੂ ਵੱਜੇਗਾ ਤਾਂ ਬੇਹਿਸਾਬ ਊਰਜਾ ਦਾ ਇਸਤੇਮਾਲ ਤਾਂ ਅੱਖਾਂ ਮੀਚ ਕੇ ਕਰੀ ਜਾ ਰਹੇ ਹਾਂ, ਪਰ ਇਸ ਦੇ ਜਾਣੇ ਜਾਂਦੇ ਨਤੀਜਿਆਂ ਤੋਂ ਜਾਣ-ਬੁਝ ਕੇ ਪਾਸਾ ਘੁਮਾ ਲੈਣਾ ਸ਼ਾਇਦ ਬਰਬਾਦੀ ਨੂੰ ਆਪ 'ਵਾਜ਼ਾਂ ਮਾਰਨ ਵਾਲੀ ਗੱਲ ਹੈ। ਏਸੇ ਕਰਕੇ ਹਾਕਿੰਗ ਨੇ ਕਿਹਾ ਹੈ ਕਿ ਹੁਣ ਹੋਰ ਕੋਈ ਗ੍ਰਹਿ ਲੱਭੋ, ਜਿੱਥੇ ਮਨੁੱਖੀ ਜੀਵਨ ਵਿਕਸਤ ਹੋ ਸਕੇ। ਸ਼ਾਇਦ ਸਰਕਾਰਾਂ ਦੇ ਕੰਨ 'ਤੇ ਹੁਣ ਜੂੰ ਸਰਕੇਗੀ ਤੇ ਲੋਕਾਂ ਨੂੰ ਜਾਗਰੂਕ ਤੇ ਚੇਤੰਨ ਕਰਨ ਦੀ ਮੁਹਿੰਮ ਚਲਾਉਣ ਦਾ ਵਕਤ ਹੱਥੋਂ ਨਹੀਂ ਨਿਕਲਣ ਦੇਵੇਗੀ।
ਗਲੋਬਲ ਵਾਰਮਿੰਗ, ਧਰਤੀ, ਵਾਯੂ ਮੰਡਲ ਅਤੇ ਮਨੁੱਖ ਤਿੰਨਾਂ ਲਈ ਬਹੁਤ ਘਾਤਕ ਅਤੇ ਖ਼ਤਰਨਾਕ ਹੈ। ਇਨ੍ਹਾਂ ਤਿੰਨਾਂ ਦਾ ਸੁਭਾਅ ਬਦਲਣ ਦਾ ਪ੍ਰਮੁੱਖ ਕਾਰਨ ਮਨੁੱਖੀ ਗਤੀਵਿਧੀਆਂ ਹਨ ਜਾਂ ਕਹਿ ਸਕਦੇ ਹਾਂ, ਸਿੱਧੇ ਤੌਰ 'ਤੇ ਮਨੁੱਖ ਜ਼ਿੰਮੇਵਾਰ ਹੈ। ਇਸ ਨੂੰ ਕਹਿ ਤਾਂ ਅਸੀਂ ਵਿਕਾਸ ਰਹੇ ਹਾਂ, ਪਰ ਇਹ ਹੈ ਤਾਂ ਨਿਰਾ ਪੁਰਾ ਵਿਨਾਸ਼। ਮਨੁੱਖ ਇਕ ਮਸ਼ੀਨ ਬਣ ਗਿਆ ਹੈ, ਬਸ ਇਸ ਮਸ਼ੀਨ 'ਚ ਜਿਹੜੇ ਨੁਕਸ ਪੈ ਰਹੇ ਹਨ, ਉਹ ਸੱਚੀਂ ਮੁੱਚੀਂ ਲਾਇਲਾਜ ਹਨ। ਕਹਿ ਤਾਂ ਰਹੇ ਹਾਂ ਕਿ ਅੱਜ ਦੇ ਯੁੱਗ ਵਿਚ ਬੜੇ ਸਾਧਨ ਹਨ, ਪਰ ਤੇਲ ਦੇ ਬਲਣ ਨਾਲ ਜੋ ਕਾਰਬਨ ਡਾਈਆਕਸਾਈਡ, ਮੀਥੇਨ ਪੈਦਾ ਹੋ ਰਹੀ ਹੈ, ਉਹ ਵਾਯੂ ਮੰਡਲ ਵਿਚ ਇਕ ਤਰ੍ਹਾਂ ਨਾਲ ਜ਼ਹਿਰ ਘੋਲਣ ਵਾਂਗ ਹੈ। ਅੰਤਰ ਸਰਕਾਰੀ ਪੈਨਲ ਆਫ ਪਲਾਈਮੇਡ (ਆਈ. ਪੀ. ਸੀ. ਸੀ.) ਨੇ 27 ਸਤੰਬਰ 2013 ਦੀ ਰਿਪੋਰਟ ਵਿਚ ਸਪੱਸ਼ਟ ਕਿਹਾ ਹੈ ਕਿ ਵਿਗਿਆਨੀਆਂ ਨੂੰ ਮਨੁੱਖੀ ਗਤੀਵਿਧੀਆਂ ਤੇ ਗਲੋਬਲ ਵਾਰਮਿੰਗ ਦਰਮਿਆਨ ਮਹੱਤਵਪੂਰਨ ਭੂਮਿਕਾ ਨਿਭਾਉਣੀ ਚਾਹੀਦੀ ਹੈ ਤੇ 197 ਵਿਗਿਆਨੀਆਂ ਨੇ ਇਕ ਮਤ ਰਾਇ ਦਿੱਤੀ ਸੀ ਕਿ ਗਲੋਬਲ ਵਾਰਮਿੰਗ ਮਨੁੱਖੀ ਜੀਵਨ ਸ਼ੈਲੀ ਵਿਚ ਗ਼ੈਰ-ਜ਼ਿੰਮੇਵਾਰ ਗਤੀਵਿਧੀਆਂ ਨੇ ਪੈਦਾ ਕੀਤੀ ਹੈ, ਜਿਸ ਦੇ ਵਾਯੂ ਮੰਡਲ ਵਿਚ ਪ੍ਰਭਾਵ ਪ੍ਰਤੱਖ ਰੂਪ ਵਿਚ ਨਜ਼ਰ ਆਉਣ ਲੱਗੇ ਹਨ। ਪੰਛੀ ਇਕ ਥਾਂ ਤੋਂ ਦੂਜੀ ਥਾਂ 'ਤੇ ਪ੍ਰਵਾਸ ਕਰਨ ਦੀ ਕੋਸ਼ਿਸ਼ ਵਿਚ ਹਨ ਤੇ ਬਨਸਪਤੀ ਦਾ ਇਹ ਹਾਲ ਹੋ ਰਿਹਾ ਹੈ ਕਿ ਦਰੱਖਤਾਂ ਨੂੰ ਪੱਤੇ ਨਿਕਲਦੇ ਵੀ ਛੇਤੀ ਹਨ ਤੇ ਝੜ ਵੀ ਛੇਤੀ ਰਹੇ ਹਨ। ਰਾਸ਼ਟਰੀ ਸਮੁੰਦਰੀ ਤੇ ਵਾਤਾਵਰਨ ਪ੍ਰਸ਼ਾਸਨ (ਐੱਨ. ਓ. ਏ. ਏ.) ਦੀ ਚਿਤਾਵਨੀ ਨਹੀਂ ਭੁੱਲਣੀ ਚਾਹੀਦੀ ਕਿ ਪਿਛਲੇ ਸੌ ਸਾਲਾਂ ਵਿਚ ਦੁਨੀਆ ਦਾ ਤਾਪਮਾਨ 1.4 ਡਿਗਰੀ ਫਾਰਨਹੀਟ (0.8 ਡਿਗਰੀ ਸੈਲਸੀਅਸ) ਵਧ ਗਿਆ ਹੈ, ਜੋ ਚੇਤੰਨ ਮਨੁੱਖ ਲਈ ਸਹਿਮ ਪੈਦਾ ਕਰ ਰਿਹਾ ਹੈ। ਨਾਸਾ ਦੇ ਤਾਜ਼ਾ ਅੰਕੜਿਆਂ ਮੁਤਾਬਕ 1895 ਤੋਂ ਬਾਅਦ ਸਾਲ 2016 ਸਭ ਤੋਂ ਵੱਧ ਗਰਮ ਸੀ ਤੇ 20ਵੀਂ ਸਦੀ ਦੇ ਮੁਕਾਬਲੇ 1.7, 8 ਡਿਗਰੀ ਫਾਰਨਹੀਟ (0.99 ਡਿਗਰੀ ਸੈਲਸੀਅਸ) ਮਾਪਿਆ ਗਿਆ ਸੀ। ਹਾਲਾਂਕਿ 2014 ਤੇ 2015 ਵੀ ਘੱਟ ਗਰਮ ਨਹੀਂ ਸਨ, ਪਰ ਨਾਸਾ ਨੇ ਕਿਹਾ ਹੈ ਕਿ ਪਿਛਲੇ 20 ਸਾਲਾਂ ਵਿਚ 2016 ਨੂੰ 122 ਸਾਲਾਂ ਵਿਚ ਧਰਤੀ 'ਤੇ ਵੱਧ ਤਾਪਮਾਨ ਪੈਦਾ ਕਰਨ ਦਾ ਰਿਕਾਰਡ ਕਿਹਾ ਜਾ ਸਕਦਾ ਹੈ। ਅਮਰੀਕਾ ਤੇ ਜਪਾਨ 'ਚ ਆਏ ਤਬਾਹੀਕੁਨ ਤੂਫਾਨਾਂ ਨੇ ਮਨੁੱਖ ਨੂੰ ਵੰਗਾਰਿਆ ਹੈ ਕਿ ਜੇ ਹਾਲ ਇਹੋ ਰਿਹਾ ਤਾਂ ਤੁਹਾਡੇ ਤੋਂ ਦੁਖੀ ਹੋਈ ਕੁਦਰਤ ਸਭ ਕੁਝ ਖੋਹ ਲਵੇਗੀ ਤੇ ਤਬਾਹ ਕਰ ਦੇਵੇਗੀ। 2013 ਦਾ ਫਿਲਪਾਈਨ ਵਿਚਲਾ ਤੂਫਾਨ ਭੁੱਲਣਾ ਨਹੀਂ ਚਾਹੀਦਾ।
ਵਰਲਡ ਮੈਟਰੋਲੌਜੀਕਲ ਆਰਗੇਨਾਈਜੇਸ਼ਨ ਦੇ 2014 ਦੇ ਚਿੰਤਾਤੁਰ ਅੰਕੜੇ ਸੋਚਣ ਲਈ ਮਜਬੂਰ ਕਰਦੇ ਹਨ ਕਿ ਸਮੁੰਦਰੀ ਪਾਣੀ ਦਾ ਪੱਧਰ ਆਏ ਸਾਲ 0.1,2 ਇੰਚ (3 ਮਿਲੀਮੀਟਰ) ਵਧ ਰਿਹਾ ਹੈ ਤੇ ਇਸ ਦੇ ਲਗਾਤਾਰ ਵਧਦੇ ਰਹਿਣ ਦੀ ਚਿੰਤਾ ਬਣੀ ਹੋਈ ਹੈ। ਇਹ ਜਲ ਦੇਵਤਾ ਜਦੋਂ ਨਰਾਜ਼ ਹੋ ਕੇ ਉਛਲਿਆ ਤਾਂ ਕੋਈ ਵੀ ਸਰਕਾਰੀ ਹਿਫਾਜ਼ਤੀ ਤੰਤਰ ਕੁਝ ਵੀ ਨਹੀਂ ਕਰ ਸਕੇਗਾ। ਪਿਛਲੇ ਇਕ ਦਹਾਕੇ ਵਿਚ ਸਮੁੰਦਰੀ ਤੂਫਾਨਾਂ ਦੀ ਤਬਾਹੀ ਜਿਨ੍ਹਾਂ ਮੁਲਕਾਂ ਨੇ ਵੇਖੀ ਹੈ, ਉਨ੍ਹਾਂ ਨੂੰ ਪੁੱਛ ਕੇ ਵੇਖੋ ਕਿ ਹਰਜਾਨਾ ਕਿੰਨਾ ਭੁਗਤਣਾ ਪਿਆ ਹੈ।
ਵਿਗਿਆਨਕ ਨਜ਼ਰੀਏ ਤੋਂ ਗਲੋਬਲ ਵਾਰਮਿੰਗ ਵਧਣ ਦਾ ਕਾਰਨ ਕਾਰਬਨ ਡਾਈਆਕਸਾਈਡ (3+੨) ਹੈ ਤੇ ਜਦੋਂ ਇਹ ਸਮੁੰਦਰ 'ਚ ਮਿਲੇਗੀ ਤਾਂ ਪਾਣੀ 'ਚ ਤੇਜ਼ਾਬੀ ਗੈਸ ਪੈਦਾ ਹੋਵੇਗੀ। ਵਿਗਿਆਨ ਅਨੁਸਾਰ ਕਾਰਬਨ ਡਾਈਅਕਸਾਈਡ ਨਾਲ ਪਾਣੀ ਵਿਚ ਰਲਣ ਵੇਲੇ ਕਾਰਬਾਨਿਕ ਐਸਿਡ ਬਣੇਗਾ। 17ਵੀਂ ਸਦੀ ਤੋਂ ਬਾਅਦ ਉਦਯੋਗਿਕ ਵਿਕਾਸ ਦਾ ਲਗਾਤਾਰ ਅਸਮਾਨ ਛੂਹਣ ਦਾ ਅੰਕੜਾ ਪੇਸ਼ ਕਰਕੇ ਸਰਕਾਰਾਂ ਤਰੱਕੀ ਦੀਆਂ ਟਾਹਰਾਂ ਮਾਰਦੀਆਂ ਹਨ। ਪਰ ਇਹ ਕਾਰਬਨ ਡਾਈਆਕਸਾਈਡ ਪੈਦਾ ਕਰਕੇ ਜੋ ਧਰਤੀ ਤੇ ਆਸਮਾਨ ਤੱਕ ਕੀਤਾ ਜਾ ਰਿਹਾ ਹੈ, ਉਸ ਦਾ ਖਮਿਆਜ਼ਾ ਭੁਗਤਣ ਲਈ ਹੁਣ ਤਿਆਰ ਹੋ ਜਾਣਾ ਚਾਹੀਦਾ ਹੈ।
ਨੈਸ਼ਨਲ ਅਕੈਡਮੀ ਆਫ ਸਾਇੰਸ ਅਨੁਸਾਰ ਗਲੋਬਲ ਵਾਰਮਿੰਗ ਉੱਤਰੀ ਧਰੁਵ ਵੱਲ ਹੀ ਨਹੀਂ, ਸਗੋਂ ਸਾਰੇ ਧਰੁਵਾਂ ਵੱਲ ਵਧ ਰਹੀ ਹੈ ਤੇ ਮੌਸਮ ਦਾ ਮਜਾਜ਼ ਬਦਲਣਾ ਫਿਰ ਸੁਭਾਵਿਕ ਹੈ। ਹੈਰਾਨ ਹੋਵੋਗੇ ਕਿ ਅਜਿਹਾ ਹੋਣ ਨਾਲ ਕਈ ਖੂਬਸੂਰਤ ਤੇ ਮਨੁੱਖੀ ਜੀਵਨ ਲਈ ਮਹੱਤਵਪੂਰਨ ਪੌਦਿਆਂ ਦੀ ਹੋਂਦ ਨੂੰ ਖਤਰਾ ਪੈਦਾ ਹੋ ਗਿਆ ਹੈ। ਬਹੁਤ ਸਾਰੀ ਬਨਸਪਤੀ ਲਗਾਤਾਰ ਤਬਾਹ ਹੁੰਦੀ ਜਾ ਰਹੀ ਹੈ।
ਪਿਘਲਦੇ ਗਲੇਸ਼ੀਅਰ ਤੋਂ ਲੈ ਕੇ ਉੱਠਦੇ ਮਹਾਂਸਾਗਰ ਤੱਕ ਦੇ ਸੰਕੇਤ ਸਾਰੇ ਪਾਸਿਆਂ ਤੋਂ ਮਿਲ ਰਹੇ ਹਨ ਕਿ ਸਭ ਕੁਝ ਖ਼ਤਰੇ ਵਾਲਾ ਹੈ। ਦਿਲ 'ਤੇ ਹੱਥ ਰੱਖ ਕੇ ਸੁਣੋ ਕਿ ਅਫਰੀਕਾ ਦੀ ਸਭ ਤੋਂ ਉੱਚੀ ਚੋਟੀ ਤੋਂ ਅਗਲੇ ਪੰਦਰਾਂ ਸਾਲਾਂ ਵਿਚ ਬਰਫ਼ ਖਤਮ ਹੋ ਜਾਵੇਗੀ। 1988 ਵਿਚ ਸਭ ਤੋਂ ਤੇਜ਼ ਲੂਅ ਕਾਰਨ ਮਈ ਮਹੀਨੇ ਵਿਚ ਭਾਰਤ ਵਿਚ ਢਾਈ ਹਜ਼ਾਰ ਲੋਕ ਮਾਰੇ ਗਏ ਸਨ। ਗੰਗਾ ਬ੍ਰਹਮਪੁੱਤਰਾ ਡੈਲਟਾ ਸੰਘਣੀ ਆਬਾਦੀ ਵਾਲਾ ਪ੍ਰਦੇਸ਼ ਹੈ ਤੇ ਗਰਮੀ ਕਾਰਨ ਬੰਗਲਾਦੇਸ਼ ਨੂੰ ਆਪਣੀ ਧਰਤੀ ਦੇ ਵੱਡੇ ਭਾਗ ਨੂੰ ਖ਼ਤਰਾ ਪੈਦਾ ਹੁੰਦਾ ਨਜ਼ਰ ਆਉਣ ਲੱਗਾ ਹੈ। ਸਮੁੰਦਰ ਦਾ ਪੱਧਰ ਇਕ ਮੀਟਰ ਵੀ ਉੱਚਾ ਹੋ ਗਿਆ ਤਾਂ ਇਹਦੀ 18 ਫੀਸਦੀ ਧਰਤੀ ਡੁੱਬ ਜਾਵੇਗੀ। ਅਸੀਂ ਨਿੱਜੀ ਹਿੱਤਾਂ ਲਈ ਲਗਾਤਾਰ ਦਰੱਖਤਾਂ ਦੀ ਕਟਾਈ ਕਰ ਰਹੇ ਹਾਂ ਤੇ ਪਰ ਵਿਸ਼ਵ ਦੇ ਬਦਲਦੇ ਗਰਮ ਮੌਸਮ ਦੀ ਕਿਸੇ ਨੂੰ ਕੋਈ ਚਿੰਤਾ ਨਹੀਂ ਹੋ ਰਹੀ। ਇਹ ਗੱਲ ਤਾਂ ਅਸੀਂ ਜਾਣਦੇ ਹਾਂ ਕਿ ਜੰਗਲ ਘਟ ਰਹੇ ਹਨ, ਪਰ ਇਹ ਕਿਉਂ ਨਹੀਂ ਜਾਨਣ ਦੀ ਕੋਸ਼ਿਸ਼ ਕਰਦੇ ਕਿ ਇਨ੍ਹਾਂ ਦੇ ਘਟਣ ਨਾਲ ਧਰਤੀ 'ਤੇ ਕੀ ਹੋਣ ਵਾਲਾ ਹੈ! ਸੱਚ ਇਹ ਹੈ ਕਿ ਧਰਤੀ ਪਿਛਲੇ 600 ਸਾਲਾਂ ਵਿਚ ਜਿੰਨੀ ਗਰਮ ਸੀ ਉਸ ਤੋਂ ਕਿਤੇ ਵੱਧ ਹੁਣ ਗਰਮ ਹੈ ਤੇ ਅਗਲੇ 600 ਸਾਲਾਂ ਵਿਚ ਇਸ ਦੇ ਅੱਗ ਦਾ ਗੋਲਾ ਬਣਨ ਦੀ ਫਿਕਰਮੰਦੀ ਕੀਤੀ ਜਾ ਰਹੀ ਹੈ। ਤਾਂ ਫਿਰ ਅਸੀਂ ਸੰਭਲਾਂਗੇ ਕਦੋਂ!
ਗਲੇਸ਼ੀਅਰ ਦਾ ਪਿਘਲਣਾ ਤੇ ਮਹਾਂਸਾਗਰ ਦਾ ਪੱਧਰ ਉੱਚਾ ਹੋਣ ਦੇ ਸੰਕੇਤ ਹੁਣ ਹਰ ਥਾਂ ਮਿਲ ਰਹੇ ਹਨ। ਫਿਰ ਇਹ ਅਨੁਮਾਨ ਲਗਾਉਣਾ ਕਿੱਥੇ ਔਖਾ ਹੈ ਕਿ ਤਾਪਮਾਨ ਵਧਣ ਨਾਲ ਧਰੁਵੀ ਬਰਫ ਪਿਘਲਦੀ ਹੀ ਜਾਵੇਗੀ, ਤਟੀ ਖੇਤਰ ਡੁੱਬ ਜਾਣਗੇ, ਫਸਲ ਉਤਪਾਦਨ ਵਿਚ ਗਰਾਫ ਉੱਪਰ ਹੇਠਾਂ ਜਾਵੇਗਾ ਹੀ। ਅੰਦਾਜ਼ਾ ਇਹ ਹੈ ਕਿ ਅੱਜ ਤੋਂ ਪੰਜਾਹ ਸਾਲ ਬਾਅਦ ਜੇ ਸਮੁੰਦਰ ਦਾ ਪੱਧਰ ਤਿੰਨ ਫੁੱਟ ਵਧ ਜਾਵੇ ਤਾਂ ਮਾਲਦੀਵ, ਬੰਗਲਾਦੇਸ਼, ਫਲੋਰੀਡਾ, ਡੈਲ਼ਟਾ ਦੇ ਸੰਘਣੀ ਅਬਾਦੀ ਵਾਲੇ ਖੇਤਰ ਰਹਿਣ ਯੋਗ ਨਹੀਂ ਰਹਿਣਗੇ। ਸਿਹਤ ਸਹੂਲਤਾਂ ਪ੍ਰਭਾਵਿਤ ਹੋਣਗੀਆਂ ਤੇ ਪਾਣੀ ਖਾਰਾ ਹੋ ਜਾਵੇਗਾ। ਬਹੁਤ ਜ਼ਿਆਦਾ ਤਾਪਮਾਨ ਨਾਲ ਬਿਮਾਰੀਆਂ ਫੈਲਾਉਣ ਵਾਲੇ ਚੂਹੇ ਤੇ ਕੀਟਾਣੂਆਂ ਦੀ ਗਿਣਤੀ ਵਧ ਜਾਵੇਗੀ ਤੇ ਅਨੇਕਾਂ ਤਰ੍ਹਾਂ ਦੀਆਂ ਬਿਮਾਰੀਆਂ ਦਾ ਰਾਹ ਖੁੱਲ੍ਹ ਜਾਵੇਗਾ। ਅੰਤਰ-ਸਰਕਾਰੀ ਪੈਨਲ ਆਫ ਕਲਾਈਮੇਟ ਦਾ ਕਹਿਣਾ ਹੈ ਕਿ 13.5 ਡਿਗਰੀ ਸੈਂਟੀਗਰੇਟ ਤਾਪਮਾਨ ਸਾਲ 2100 ਤੱਕ ਵਧ ਜਾਵੇਗਾ। ਇਹ ਪਰਿਵਰਤਨ 'ਤੇ ਵਾਧਾ ਹੁਣ ਤੱਕ ਦੀ ਕਿਸੇ ਵੀ ਵਾਯੂ ਮੰਡਲ ਤਬਦੀਲੀ ਤੋਂ ਬਹੁਤ ਜ਼ਿਆਦਾ ਹੈ ਤੇ ਪਿਛਲੇ 10 ਹਜ਼ਾਰ ਸਾਲ ਪਹਿਲਾਂ ਆਏ ਹਿਮਯੁਗ ਤੋਂ ਬਾਅਦ ਇਹ ਤਬਦੀਲੀ ਪਹਿਲੀ ਵਾਰ ਵੇਖਣ ਨੂੰ ਮਿਲੇਗੀ।
ਜੇ ਧਰਤੀ ਅੱਗ ਦਾ ਗੋਲਾ ਬਣ ਗਈ ਤਾਂ ਸੋਕਾ ਤੇ ਹੜ੍ਹ ਆਉਣ ਨਾਲ ਖਾਦ ਪਦਾਰਥਾਂ ਦੀ ਕਮੀ ਹੋਵੇਗੀ ਤੇ ਮਨੁੱਖ ਪੂਰੇ ਦਾ ਪੂਰਾ ਤਬਾਹੀ 'ਚ ਉੱਤਰ ਜਾਵੇਗਾ। ਇਕ ਅਮਰੀਕੀ ਅਧਿਐਨ ਨੇ ਇੰਕਸ਼ਾਫ ਕੀਤਾ ਹੈ ਕਿ ਜਲਵਾਯੂ ਪਰਿਵਰਤਨ ਨਾਲ ਕਣਕ, ਚਾਵਲ ਤੇ ਕਈ ਹੋਰ ਅਨਾਜੀ ਉਤਪਾਦਨਾਂ ਵਿਚ ਸਾਲ 2060 ਤੱਕ 1.2 ਤੋਂ ਲੈ ਕੇ 7.6 ਪ੍ਰਤੀਸ਼ਤ ਤੱਕ ਕਮੀ ਆਵੇਗੀ ਤੇ ਇਸ ਦੀ ਮਾਰ ਸਭ ਤੋਂ ਵੱਧ ਗਰੀਬ ਤੇ ਵਿਕਸਤ ਦੇਸ਼ ਝੱਲਣਗੇ। ਵਿਗਿਆਨੀ ਹੁਣ ਚਿੰਤਾਤੁਰ ਸੁਰ ਵਿਚ ਇਹ ਵੀ ਆਖਣ ਲੱਗੇ ਹਨ ਕਿ ਵਕਤ ਆ ਗਿਆ ਹੈ, ਮਨੁੱਖ ਨੂੰ ਮਨੁੱਖਤਾ ਬਚਾਉਣ ਦੀ ਜ਼ਿੰਮੇਵਾਰੀ ਸੰਭਾਲਣ ਦਾ। ਉਦਯੋਗਿਕ ਕਾਰਖਾਨਿਆਂ ਦੀਆਂ ਚਿਮਨੀਆਂ 'ਚੋਂ ਨਿਕਲਦਾ ਧੂੰਆਂ ਤੇ ਮੋਟਰ ਗੱਡੀਆਂ ਵਲੋਂ ਵਾਯੂ ਮੰਡਲ ਨੂੰ ਦਿੱਤੀ ਜਾਂਦੀ ਕਾਰਬਨ ਡਾਈਆਕਸਾਈਡ ਤੋਂ ਹਰ ਹੀਲੇ ਬਚਣ ਦੇ ਉਪਰਾਲੇ ਕਰਨੇ ਪੈਣਗੇ। ਧਰਤੀ ਮਾਂ ਦੀ ਹਿੱਕ ਨੂੰ ਦਰੱਖਤ ਲਗਾ ਕੇ ਬਚਾਉਣਾ ਪਵੇਗਾ ਤੇ ਦਰੱਖਤ ਕੱਟਣ ਵਾਲਿਆਂ ਨੂੰ ਮਨੁੱਖੀ ਕਤਲ ਵਰਗੀ ਸਜ਼ਾ ਦੇਣੀ ਪਵੇਗੀ। ਫਿਰ ਹੀ ਇਹ ਧਰਤੀ ਅੱਗ ਦਾ ਗੋਲਾ ਬਣਨ ਤੋਂ ਬਚੇਗੀ।

-ਈਮੇਲ: ashokbhaura@gmail.com

ਔਖਿਆਈ ਰੂਹ-ਸਾਥੀ ਮਿਲਣ ਦੀ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਸਾਡੀ ਇਕ ਕੋਰਸਮੇਟਾਂ/ ਬੈਚਸਾਥੀਆਂ ਦੀ ਛਮਾਹੀ ਇਕੱਤਰਤਾ ਦੌਰਾਨ ਮੈਂ ਇਕ ਸੁਆਣੀ ਨਾਲ ਦਿਲ ਖੋਲ੍ਹ ਕੇ ਗੱਲਾਂ ਕਰ ਰਿਹਾ ਸੀ ਤਾਂ ਉਹਨੇ ਕਿਹਾ, 'ਮੇਰਾ ਸ਼ੌਹਰ ਬਹੁਤ ਸੁਚੱਜਾ ਇਨਸਾਨ ਹੈ।' ਨੇੜੇ ਹੀ ਖਲੋਤੇ ਆਪਣੇ ਸ਼ੌਹਰ 'ਤੇ ਉਹਨੇ ਕੁਝ ਅਜਿਹੀ ਪਿਆਰ, ਸਤਿਕਾਰ ਭਰਪੂਰ ਨਜ਼ਰ ਸੁੱਟੀ ਕਿ ਮੈਂ ਆਪਣੇ-ਆਪ ਨੂੰ ਕਬਾਬ ਵਿਚ ਹੱਡੀ ਸਮਝਣ ਲੱਗ ਪਿਆ। ਖ਼ੈਰ, ਸੁਆਣੀ ਨੇ ਮੁੜ ਤੋਂ ਗੱਲਾਂ ਤੋਰਦਿਆਂ ਕਿਹਾ, 'ਵਿਆਹ ਤੋਂ ਛੇਤੀ ਹੀ ਬਾਅਦ ਸਾਡਾ ਆਪਸ ਵਿਚ ਅਕਸਰ ਤਕਰਾਰ ਰਿਹਾ ਕਰਦਾ ਸੀ। ਫਿਰ ਆਹਿਸਤਾ-ਆਹਿਸਤਾ ਅਸੀਂ ਇਕ-ਦੂਜੇ ਦੀ ਮੌਜੂਦਗੀ ਨੂੰ ਬਰਦਾਸ਼ਤ ਕਰਨ ਲੱਗ ਪਏ। ਹੁਣ ਸਾਡੀ ਸਮਝ ਇਹ ਹੈ ਕਿ ਤੜਕੇ ਦੀ ਚਾਹ ਮੈਂ ਸ਼ਾਂਤ ਮਾਹੌਲ ਵਿਚ ਪੀਂਦੀ ਹਾਂ ਤੇ ਉਹ ਉੱਕਾ ਹੀ ਕੋਈ ਦਖਲ ਨਹੀਂ ਦਿੰਦਾ। ਜਦ ਉਹ ਆਪਣੀ ਧੁਨ ਵਿਚ ਏਧਰ-ਉਧਰ ਘਰ ਵਿਚ ਕੰਮ ਕਰਦਾ ਫਿਰਦਾ ਰਹਿੰਦਾ ਹੈ ਤਾਂ ਮੈਂ ਚੁੱਪ ਰਹਿੰਦੀ ਹਾਂ। ਤੇ ਜਦ ਕਦੇ ਅਸੀਂ ਸੈਰ-ਸਪਾਟੇ 'ਤੇ ਨਿਕਲ ਜਾਂਦੇ ਹਾਂ ਤਾਂ ਇਕ ਦਿਨ ਉਸ ਦੀ ਮਰਜ਼ੀ ਮੁਤਾਬਿਕ ਚਲਦਾ ਹੈ ਤੇ ਅਗਲਾ ਦਿਨ ਮੇਰੇ ਇਸ਼ਾਰਿਆਂ 'ਤੇ ਚੱਲਦਾ ਹੈ। ਹੁਣ ਸਾਨੂੰ ਇਕ-ਦੂਜੇ ਦੀ ਪ੍ਰਵਾਹ ਆਉਣ ਲੱਗ ਪਈ ਹੈ। ਸਾਡੇ ਦੋਵਾਂ ਲਈ ਬਹੁਤ ਕੁਝ ਪਹਿਲੇ ਨੂੰ ਭੁਲਾਉਣਾ ਤੇ ਹੁਣ ਦੀ ਜ਼ਿੰਦਗੀ ਨੂੰ ਰੇੜ੍ਹਨ ਵਾਸਤੇ ਨਵਾਂ ਸਿੱਖਣਾ, ਕੋਈ ਸੌਖੀ ਕੋਸ਼ਿਸ਼ ਨਹੀਂ ਸੀ। ਪਰ ਇਕ-ਦੂਜੇ ਨਾਲ ਤਾਲਮੇਲ ਬਣਾਈ ਰੱਖਣਾ ਤੇ ਆਪਣੀ ਸੁਤਾ ਨੂੰ ਦੂਜੇ ਨਾਲ ਮੇਚਣਾ, ਸਾਡੇ ਵਾਸਤੇ ਇਹ ਕੋਸ਼ਿਸ਼ਾਂ ਵਰਦਾਨ ਰਹੀਆਂ ਹਨ।'
ਮੇਰਾ ਇਕ ਹੋਰ ਕੋਰਸਮੇਟ 'ਸੁਕਾਡਰਨ ਲੀਡਰ ਮੰਨਛਰਜੀ', ਮੁੰਬਈ ਦਾ ਪਾਰਸੀ, ਮੈਨੂੰ ਗੋਲਡਨ ਜੁਬਲੀ ਤੋਂ ਬਾਅਦ, ਸਮੁੰਦਰ ਕਿਨਾਰੇ ਆਪਣੇ ਫਲੈਟ ਵਿਚ ਦੁਪਹਿਰ ਦੇ ਖਾਣੇ ਵਾਸਤੇ ਲੈ ਗਿਆ। ਜਦ ਮੈਂ ਉਸ ਦੀ ਘਰ ਵਾਲੀ ਨੂੰ ਮਿਲਿਆ ਤਾਂ ਉਹਨੇ ਮੈਨੂੰ ਝੱਟ ਪਹਿਚਾਣ ਲਿਆ। ਮੈਂ ਤੇ ਉਹਦਾ ਸ਼ੌਹਰ ਐਨ.ਡੀ.ਏ. ਪੂਨਾ ਵਿਚ ਇਕੱਠੇ ਇੰਸਟਰੱਕਟਰ ਸਾਂ, ਮੰਨਛਰਜੀ ਏਅਰ ਫੋਰਸ ਟ੍ਰੇਨਿੰਗ ਟੀਮ ਵਿਚ ਸੀ ਤੇ ਮੈਂ ਆਰਮੀ ਟ੍ਰੇਨਿੰਗ ਟੀਮ ਦਾ ਅਫਸਰ ਇੰਚਾਰਜ ਸੀ। ਗੋਲਡਨ ਜੁਬਲੀ ਵਿਚ ਅਸੀਂ ਕੋਈ 150 ਤੋਂ ਉੱਪਰ ਪੂਨਾ ਵਿਚ ਇਕੱਠੇ ਹੋਏ ਸਾਂ। ਉਥੇ ਮੰਨਛਰਜੀ ਨੂੰ ਮਿਲ ਕੇ ਮੈਨੂੰ ਉਸ ਦਾ ਚਿਹਰਾ ਕੁਝ ਜਾਣਿਆ ਜਿਹਾ ਲੱਗਾ, ਪਰ ਅਸੀਂ ਗੱਲ ਨੂੰ ਬਹੁਤਾ ਅੱਗੇ ਨੂੰ ਤੋਰਿਆ ਨਾ। ਪੂਨਾ ਤੋਂ ਮੁੰਬਈ ਲਈ ਉਹ ਸਾਡੀ ਗੱਡੀ ਵਿਚ ਸਾਡੇ ਨਾਲ ਹੀ ਹੋ ਗਿਆ ਤੇ ਇਉਂ ਉਹ ਮੈਨੂੰ ਆਪਣੇ ਫਲੈਟ ਵਿਚ ਲੈ ਗਿਆ ਸੀ। ਬੱਸ ਫਿਰ ਕੀ ਸੀ, ਇਕ ਤਾਂ ਉਹ ਮੇਰਾ ਕੋਰਸਮੇਟ, ਦੂਜਾ ਐਨ.ਡੀ.ਏ. ਵਿਚ ਇਕੱਠੇ ਇੰਸਟਰੱਕਟਰ, ਤੀਸਰਾ ਉਹਨੇ 'ਹਲਵਾਰੇ' ਏਅਰ ਫੋਰਸ ਸਟੇਸ਼ਨ 'ਤੇ ਨੌਕਰੀ ਕਰ ਰੱਖੀ ਸੀ, ਗੱਲਾਂ ਕਿਥੋਂ ਮੁਕਣੀਆਂ ਸਨ, ਪੀਣ ਦਾ ਦੌਰ ਆਪਣੇ ਆਲਮ 'ਤੇ ਰਿਹਾ। ਮੰਨਛਰਜੀ ਨੇ ਆਪਣੀ ਸ਼ਾਦੀ ਦੀ ਕਹਾਣੀ ਛੇੜ ਲਈ, 'ਗੁਰਦੀਪ, ਜਦ ਮੇਰੀ ਐਨ.ਡੀ.ਏ. ਦੀ ਪੋਸਟਿੰਗ ਆਈ ਤਾਂ ਸਾਡੀ ਨਵੀਂ-ਨਵੀਂ ਸ਼ਾਦੀ ਹੋ ਰੱਖੀ ਸੀ। ਭਾਵੇਂ ਦੇਖਣ ਨੂੰ ਅਸੀਂ ਇਕੱਠੇ ਸਾਂ ਪਰ ਸਾਡੇ ਪਰਿਵਾਰਾਂ ਦੇ ਆਪਸੀ ਫਰਕਾਂ ਕਰਕੇ ਅਸੀਂ ਅੰਦਰੋਂ ਅਲੱਗ ਸਾਂ। ਖ਼ੈਰ, ਜੁਆਕ ਜਲਾ ਹੋਣ ਬਾਅਦ ਅਸੀਂ ਆਪਸ ਵਿਚ ਵਾਅਦਾ ਕਰ ਲਿਆ ਕਿ ਬੱਚਿਆਂ ਦੇ ਆਲ੍ਹਣੇ ਵਿਚੋਂ ਉੱਡ ਜਾਣ ਮਗਰੋਂ ਅਸੀਂ ਵੀ ਆਪਣਾ-ਆਪਣਾ ਰਸਤਾ ਨਾਪਾਂਗੇ। ਫਿਰ ਕੁਝ ਅਜੀਬ ਜਿਹਾ ਵਾਪਰਿਆ ਕਿ ਬੱਚੇ ਸੈੱਟ ਹੋਣ ਮਗਰੋਂ ਜਦ ਸਾਡੇ ਕੀਤੇ ਵਾਅਦੇ ਨੂੰ ਨਿਭਾਉਣ ਦੀ ਵਾਰੀ ਆਈ ਤਾਂ ਸਾਡਾ ਨਿਖੜਨ ਨੂੰ ਜੀਅ ਹੀ ਨਾ ਕੀਤਾ... ਤੇਰੇ ਸਾਹਮਣੇ ਇਕੱਠੇ ਬੈਠੇ ਹੋਏ ਹਾਂ।'
ਇਸ ਕਿਸਮ ਦੀਆਂ ਹੋਰ ਬਹੁਤ ਕਹਾਣੀਆਂ ਸੁਣਨ ਤੇ ਦੇਖਣ ਨੂੰ ਮਿਲਦੀਆਂ ਹਨ। ਆਪਣੇ ਦਿਲਾਂ ਦੀਆਂ ਗੱਲਾਂ ਸਿਰਫ਼ ਗੂੜ੍ਹੇ ਯਾਰਾਂ ਨਾਲ ਸਾਂਝੀਆਂ ਕੀਤੀਆਂ ਜਾ ਸਕਦੀਆਂ ਹਨ। ਬਾਹਰੋਂ ਕੁਝ ਹੋਰ ਤੇ ਅੰਦਰੋਂ ਕਈ ਵਾਰ ਕਈ ਲੋਕ ਦਰਅਸਲ ਕੁਝ ਹੋਰ ਹੀ ਹੁੰਦੇ ਹਨ। ਨਿਰਭਰ ਕਰਦਾ ਹੈ ਕਿ ਆਪਣੇ ਰਾਜ਼ ਸਾਂਝੇ ਕਰਨ ਵਾਸਤੇ ਦੂਸਰੇ 'ਤੇ ਕਿੰਨਾ ਕੁ ਭਰੋਸਾ ਹੈ ਕਿ ਸੁਣਨ ਬਾਅਦ ਉਹ ਵੀ ਉਨ੍ਹਾਂ ਰਾਜ਼ਾਂ ਨੂੰ ਹਮੇਸ਼ਾ ਵਾਸਤੇ ਹਮਰਾਜ਼ ਵਜੋਂ ਸੰਭਾਲੀ ਰੱਖੇਗਾ। ਹਮਰਾਜ਼ ਹੋਣ ਨਾਤੇ ਮੈਂ ਨਾਂਅ ਨਹੀਂ ਲਿਖ ਸਕਦਾ ਪਰ ਰਾਜ਼ ਸੱਚੇ ਨੇ। ਇਕ ਸੀਨੀਅਰ ਸਿਟੀਜ਼ਨ, ਜੋੜਾ ਪੂਰਾ ਕਬੀਲਦਾਰ ਆਪਣੇ-ਆਪਣੇ ਕਮਰੇ ਵਿਚ ਸੌਂਦੇ, ਅਲੱਗ-ਅਲੱਗ, ਖਾਂਦੇ-ਪੀਂਦੇ ਹਨ, ਸਾਂਝ ਹੈ ਤਾਂ ਨਾਂਅ ਦੀ, ਜਿੰਨੀ ਕੁ ਵੀ ਹੈ। ਜਗ-ਦਿਖਾਵੇ ਵਿਚ ਦੋਵੇਂ ਸੰਪੂਰਨ ਹਨ। ਕੋਈ ਕਹਿ ਹੀ ਨਹੀਂ ਸਕਦਾ ਕਿ ਇਹ ਏਨਾ ਘਿਓ-ਖਿਚੜੀ ਬਜ਼ੁਰਗ ਜੋੜਾ ਅੰਦਰੋਂ ਏਨਾ ਅਲੱਗ ਹੋ ਸਕਦਾ ਹੈ... ਪਰ ਹੈ। ਇਕ ਹੋਰ ਜੋੜਾ ਫਿਰ ਸੀਨੀਅਰ ਸਿਟੀਜ਼ਨ, ਇਸ ਵਿਚ ਸ਼ੌਹਰ ਕੁਝ ਕੁਧਿਤੀ ਮਤੇ ਦਾ ਹੈ। ਉਹਨੇ ਆਪਣੀ ਸੁਆਣੀ ਨੂੰ ਧਾਰਮਿਕ ਕਿਤਾਬਾਂ ਫੜਾ ਰੱਖੀਆਂ ਹਨ ਕਿ ਰੱਬ ਦਾ ਨਾਂਅ ਜੱਪੀ ਚਲ। ਤੇ ਆਪ ਕਦੇ ਥਾਈਲੈਂਡ, ਕਦੇ ਫਰਾਂਸ, ਜਦ ਜਗ-ਦਿਖਾਵੇ ਦੀ ਵਾਰੀ ਹੁੰਦੀ ਹੈ ਤਾਂ ਮੁਕੰਮਲ ਬਜ਼ੁਰਗ ਵਿਆਹੁਤਾ ਜੋੜਾ, ਇਕ ਤਰ੍ਹਾਂ ਦਾ ਰੋਲ ਮਾਡਲ।
ਇਨਸਾਨ ਦਾ ਪੁਰਾਣਾ ਰੂਹਸਾਥੀ ਦਾ ਸੰਕਲਪ ਅੱਜ ਦੇ ਸੰਸਾਰ ਵਿਚ ਕੁਝ ਦਮਦਾਰ ਜਿਹਾ ਰਿਹਾ ਨਹੀਂ। ਹਕੀਕਤ ਇਹੋ ਹੈ ਕਿ ਜਿਸ ਨਾਲ ਵਿਆਹ ਹੋਇਆ ਹੈ, ਉਹ ਹੀ ਰੂਹਸਾਥੀ ਹੈ। ਪੇਂਟਿੰਗ ਕਰਦੇ ਵਕਤ ਜੇਕਰ ਰੰਗ ਦਾ ਧੱਬਾ ਗ਼ਲਤ ਥਾਂ ਡਿੱਗ ਪੈਂਦਾ ਹੈ ਤਾਂ ਅਸਲੀ ਪੇਂਟਰ ਉਸ ਧੱਬੇ ਨੂੰ ਮਿਟਾਉਣ ਵਿਚ ਸਮਾਂ ਜ਼ਾਇਆ ਨਹੀਂ ਕਰੇਗਾ। ਸਗੋਂ, ਉਸੇ ਧੱਬੇ ਨੂੰ ਮੁੱਖ ਰੱਖ ਕੇ ਉਸੇ ਪੇਂਟਿੰਗ ਨੂੰ ਕੁਝ ਇਸ ਤਰ੍ਹਾਂ ਸਿਰਜਣਾਏਗਾ ਕਿ ਕੋਈ ਕਹਿ ਹੀ ਨਹੀਂ ਸਕੇਗਾ ਕਿ ਉਸ ਪੇਂਟਿੰਗ ਵਿਚ ਕੋਈ ਅਣਚਾਹਿਆ ਧੱਬਾ ਵੀ ਸੀ। ਕਲਾਕਾਰ ਜੋੜੇ ਆਪਣੇ ਸਾਥੀ ਨੂੰ, ਇਸੇ ਤਰਜ਼ 'ਤੇ ਆਪਣੀ ਰੂਹ ਮੁਤਾਬਿਕ ਬਣਾ ਸਕਦੇ ਨੇ, ਫਿਰ ਹਰੇਕ ਇਸ ਚੋਟੀ ਦਾ ਕਲਾਕਾਰ ਹੁੰਦਾ ਨਹੀਂ। ਉਹ ਪ੍ਰਸਥਿਤੀਆਂ ਮੁਤਾਬਿਕ ਜੋ ਮੁਨਾਸਬ ਸਮਝਣ ਉਵੇਂ ਹੀ ਕਰਨ ਜਾਂ ਇਕ-ਦੂਜੇ ਨੂੰ ਬਰਦਾਸ਼ਤ ਕਰਦੇ ਰਹਿਣ। ਪਰ ਜਿਸ ਗਦੈਲੇ 'ਤੇ ਨਿੱਤ ਸੌਣਾ ਹੈ ਤੇ ਇਹ ਹਰ ਵਕਤ ਚੁਭਦਾ ਰਹਿੰਦਾ ਹੈ ਤਾਂ ਇਕ ਵਾਰ ਮਿਲੀ ਸੰਖੇਪ ਜ਼ਿੰਦੜੀ ਵਿਚ ਗਦੈਲੇ ਨੂੰ ਬਦਲਣ ਵਿਚ ਹੀ ਸ਼ਾਇਦ ਸੁਖ ਹੈ... ਫ਼ੈਸਲਾ ਨਿੱਜੀ ਹੈ, ਨਫ਼ੇ-ਨੁਕਸਾਨ ਬਾਰੇ ਪਹਿਲ ਕਰਨ ਵਾਲੇ ਨੇ ਸੋਚਣਾ ਹੈ।
ਅੱਜ ਦੇ ਜ਼ਮਾਨੇ ਸਾਡੇ ਸੋਕੇ ਦੇ ਜ਼ਮਾਨਿਆਂ ਨਾਲੋਂ ਵੱਖਰੇ ਨੇ। ਅਜੋਕੀਆਂ ਨੌਜਵਾਨ ਪੀੜ੍ਹੀਆਂ ਭਾਵੇਂ ਪਛੜੇ ਤੋਂ ਪਛੜੇ ਪਿੰਡ ਦੀਆਂ ਹੋਣ ਉਨ੍ਹਾਂ ਦਾ ਕੋਈ ਨਾ ਕੋਈ ਦੋਸਤ ਹੈ। ਇਸ ਕਰਕੇ ਅੱਜਕਲ੍ਹ ਦੇ ਵਿਆਹ ਜ਼ਿਆਦਾਤਰ ਇਸ ਮਕਸਦ ਨਾਲ ਹੁੰਦੇ ਨੇ ਕਿ ਦੋਵੇਂ ਜਣੇ ਆਪਸੀ ਪਿਆਰ ਵਿਚ ਹੁੰਦੇ ਹਨ। ਬਾਕੀ ਦੇ ਵਿਆਹ ਰੂਹ/ਜੀਵਨ ਸਾਥੀ ਲਈ ਹੁੰਦੇ ਨੇ। (ਸਮਾਪਤ)

-ਮੋਬਾਈਲ : 97806-66268.

ਭੁੱਲੀਆਂ ਵਿਸਰੀਆਂ ਯਾਦਾਂ

ਜਥੇਦਾਰ ਸ: ਜੀਵਨ ਸਿੰਘ ਉਮਰਾਨੰਗਲ ਉਸ ਵਕਤ ਪੰਜਾਬ ਦੇ ਮਾਲ ਮੰਤਰੀ ਸਨ। ਸ: ਉਮਰਾ ਨੰਗਲ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਲਾ-ਮਹੱਲਾ ਸਮੇਂ ਗੁਰੂ ਤੇਗ ਬਹਾਦਰ ਖ਼ਾਲਸਾ ਕਾਲਜ ਵਿਖੇ ਖੇਡਾਂ ਵੇਖਣ ਲਈ ਜਾ ਰਹੇ ਸੀ। ਉਨ੍ਹਾਂ ਨਾਲ ਕੋਈ ਗੰਨਮੈਨ ਨਹੀਂ ਸੀ। ਉਸ ਸਮੇਂ ਰੋਪੜ ਦੇ ਐਸ.ਐਸ.ਪੀ. ਸ: ਜੀ.ਐਸ. ਔਜਲਾ ਸਨ। ਉਨ੍ਹਾਂ ਨੇ ਉਨ੍ਹਾਂ ਦਾ ਸਾਥ ਦਿੱਤਾ।
ਸ: ਔਜਲਾ ਵੀ ਉੱਚੇ-ਲੰਮੇ ਜਵਾਨ ਤੇ ਸੋਹਣਾ ਅਫ਼ਸਰ ਸੀ। ਉਹ ਸ: ਉਮਰਾ ਨੰਗਲ ਨਾਲ ਜਾ ਰਹੇ ਸੀ। ਨਾਲ ਸ: ਬਲਦੇਵ ਸਿੰਘ ਮਾਹਿਲਪੁਰੀ ਸ਼੍ਰੋਮਣੀ ਕਮੇਟੀ ਮੈਂਬਰ ਸਨ। ਦੇਖਣ ਵਾਲੀ ਗੱਲ ਹੈ ਕਿ ਉਸ ਵਕਤ ਦੇ ਮੰਤਰੀ ਕਿੰਨੇ ਸਾਦੇ ਤੇ ਲੋਕਾਂ ਨੂੰ ਮਿਲਣਸਾਰ ਹੁੰਦੇ ਸਨ। ਉਨ੍ਹਾਂ ਨੂੰ ਹਰ ਕੋਈ ਮਿਲ ਸਕਦਾ ਸੀ। ਅੱਜਕਲ੍ਹ ਮੰਤਰੀਆਂ ਨੂੰ ਮਿਲਣਾ ਬਹੁਤ ਔਖਾ ਹੋ ਗਿਆ ਹੈ। ਉਨ੍ਹਾਂ ਦੇ ਗੰਨਮੈਨ ਆਮ ਆਦਮੀ ਨੂੰ ਨਹੀਂ ਮਿਲਣ ਦਿੰਦੇ, ਭਾਵੇਂ ਉਸ ਦਾ ਕਿੰਨਾ ਜ਼ਰੂਰੀ ਕੰਮ ਕਿਉਂ ਨਾ ਹੋਵੇ।

ਮੋਬਾਈਲ : 98767-41231

ਨਹਿਲੇ 'ਤੇ ਦਹਿਲਾ: ਬਾਬੇ ਦਾ ਕਿਹਾ

ਬਾਬੇ ਨੇ ਭਗਵਾਂ ਬਾਣਾ ਪਾਇਆ ਹੋਇਆ ਸੀ। ਪੈਰੀਂ ਸਾਧਾਰਨ ਜਿਹੀ ਜੁੱਤੀ ਤੋਂ ਜਾਪਦਾ ਸੀ ਕਿ ਬਾਬੇ ਦਾ ਕਾਰੋਬਾਰ ਨਵਾਂ ਹੈ। ਆਪਣੇ ਕੰਮ ਦੇ ਵਿਸਥਾਰ ਲਈ ਪ੍ਰਚਾਰ ਦੀ ਲੋੜ ਸੀ, ਜਿਸ ਲਈ ਉਸ ਨੂੰ ਤੇਜ਼-ਤਰਾਰ, ਬੜਬੋਲੀਆਂ ਅਤੇ ਪ੍ਰਭਾਵਿਤ ਕਰਨ ਵਾਲੀਆਂ ਔਰਤਾਂ ਦੀ ਲੋੜ ਸੀ। ਔਰਤਾਂ ਆਪਣੇ-ਆਪਣੇ ਨਿਵੇਕਲੇ ਢੰਗ ਨਾਲ ਬਾਬੇ ਦੀਆਂ ਕਰਾਮਾਤਾਂ ਦੇ ਮਨਘੜਤ ਕਿੱਸੇ ਸੁਣਾ-ਸੁਣਾ ਕੇ ਬਾਬੇ ਦੇ ਦਰਸ਼ਨ ਕਰਨ ਅਤੇ ਆਪਣੀਆਂ ਸਮੱਸਿਆਵਾਂ ਦੇ ਹੱਲ ਲਈ ਸਾਧਾਰਨ ਲੋਕਾਂ ਨੂੰ ਉਤਸ਼ਾਹਿਤ ਕਰ ਦਿੰਦੀਆਂ ਹਨ। ਇਸ ਤਰ੍ਹਾਂ ਬਾਬੇ ਦੇ ਕਾਰੋਬਾਰ ਵਿਚ ਵਾਧਾ ਹੋ ਜਾਂਦਾ ਹੈ। ਵਧੇ ਹੋਏ ਕਾਰੋਬਾਰ ਨਾਲ ਪ੍ਰਚਾਰ ਕਰਨ ਵਾਲਿਆਂ ਦੀ ਮੁੱਠੀ ਵੀ ਗਰਮ ਹੋ ਜਾਂਦੀ ਹੈ।
ਇਕ ਵਾਰੀ ਇਕ ਬਾਬਾ ਇਕ ਪਿੰਡ ਗਿਆ। ਉਸ ਦੀ ਚੇਲੀ ਨੇ ਉਸ ਨੂੰ ਇਕ ਬੀਬੀ ਦੇ ਘਰ ਲਿਜਾ ਕੇ ਮੰਜੇ 'ਤੇ ਬਿਠਾ ਦਿੱਤਾ ਅਤੇ ਇਸ ਬੀਬੀ ਬਾਰੇ ਬਾਬੇ ਨੂੰ ਦੱਸਿਆ ਕਿ ਇਸ ਬੀਬੀ ਦੇ ਵਿਆਹ ਹੋਏ ਨੂੰ ਚਾਰ ਸਾਲ ਹੋ ਗਏ ਨੇ। ਇਸ ਦੇ ਘਰ ਹੁਣ ਤੱਕ ਤਿੰਨ ਕੁੜੀਆਂ ਹੀ ਹੋਈਆਂ ਨੇ। ਇਸ ਦਾ ਘਰ ਵਾਲਾ ਏਸੇ ਗੱਲੋਂ ਇਸ ਨਾਲ ਲੜਦਾ ਰਹਿੰਦਾ ਹੈ। ਤੁਸੀਂ ਬਾਬਾ ਜੀ ਇਸ ਬੀਬੀ ਨੂੰ ਵਰਦਾਨ ਦਿਓ। ਬਾਬੇ ਨੇ ਪਾਣੀ ਦਾ ਲੋਟਾ ਮੰਗ ਲਿਆ ਅਤੇ ਉਸ 'ਤੇ ਮੰਤਰ ਪੜ੍ਹ ਕੇ ਬੀਬੀ ਨੂੰ ਪੀਣ ਲਈ ਦਿੱਤਾ ਅਤੇ ਆਖਿਆ, 'ਹੁਣ ਤੇਰੇ ਘਰ ਮੁੰਡਾ ਹੋਵੇਗਾ। ਇਹ ਸਾਡਾ ਆਸ਼ੀਰਵਾਦ ਹੈ।' ਉਸ ਬੀਬੀ ਨੇ ਖੁਸ਼ ਹੋ ਕੇ ਬਾਬਾ ਜੀ ਨੂੰ ਕੁਝ ਮਾਇਆ ਭੇਟ ਕੀਤੀ। ਬਾਬਾ ਆਸ਼ੀਰਵਾਦ ਦੇ ਕੇ ਲਫ਼ਜ਼ ਬੋਲਦਾ ਹੋਇਆ ਅਗਲੇ ਘਰ ਚਲਾ ਗਿਆ। ਉਸ ਘਰ ਦੇ ਮੂਹਰੇ ਇਕ ਵੱਡੀ ਉਮਰ ਦੀ ਔਰਤ ਬੈਠੀ ਸੀ। ਬਾਬੇ ਨੇ ਉਸ ਔਰਤ ਨੂੰ ਕਿਹਾ, 'ਬੀਬੀ ਤੁਹਾਡੇ ਨਾਲ ਦੇ ਘਰ ਦੀ ਇਕ ਬੀਬੀ ਨੇ ਮੁੰਡਾ ਹੋਣ ਦਾ ਵਰਦਾਨ ਮੰਗਿਆ ਸੀ, ਅਸਾਂ ਉੱਤੋਂ-ਉੱਤੋਂ ਹਾਮੀ ਭਰ ਲਈ ਸੀ ਪਰ ਉਸ ਬੀਬੀ ਦੇ ਘਰ ਹੋਣੀ ਕੁੜੀ ਹੀ ਏ।'
ਛੇ ਮਹੀਨੇ ਬਾਅਦ ਬਾਬੇ ਨੇ ਉਸ ਮੁਹੱਲੇ ਦਾ ਗੇੜਾ ਮਾਰਿਆ ਤਾਂ ਉਹ ਬੀਬੀ ਬਾਬੇ ਨਾਲ ਲੜਨ ਲੱਗ ਪਈ ਕਿ ਉਸ ਦੇ ਘਰ ਫਿਰ ਕੁੜੀ ਹੋ ਗਈ ਹੈ। ਇਹ ਸੁਣ ਕੇ ਬਾਬੇ ਨੇ 'ਵਾਜ਼ ਮਾਰ ਕੇ ਉਸ ਗੁਆਂਢਣ ਔਰਤ ਨੂੰ ਬੁਲਾ ਲਿਆ ਅਤੇ ਪੁੱਛਿਆ, 'ਬੀਬੀ ਤੈਨੂੰ ਰੱਬ ਦੀ ਸਹੁੰ ਲੱਗੇ, ਸੱਚ ਦੱਸੀਂ ਮੈਂ ਇਸ ਬੀਬੀ ਦੇ ਘਰ ਕੀ ਹੋਣ ਦੀ ਭਵਿੱਖਬਾਣੀ ਕੀਤੀ ਸੀ?'
ਉਸ ਬੀਬੀ ਨੇ ਕਿਹਾ, 'ਬਾਬਾ ਜੀ ਨੇ ਕਿਹਾ ਸੀ ਕਿ ਮੈਂ ਤਿੰਨ ਕੁੜੀਆਂ ਦੀ ਮਾਂ ਦਾ ਦਿਲ ਰੱਖਣ ਲਈ ਹੀ ਹਾਮੀ ਭਰਿਆ ਵਾਕ ਆਖਿਆ ਹੈ। ਉਂਜ ਹੋਣੀ ਕੁੜੀ ਹੀ ਹੈ।' ਫਿਰ ਬਾਬੇ ਨੇ ਆਪਣੇ ਅੰਦਾਜ਼ ਵਿਚ ਗੱਲ ਮੁਕਾ ਦਿੱਤੀ ਅਤੇ ਆਖਿਆ, 'ਬੀਬੀ ਬਾਬੇ ਦਾ ਕਿਹਾ ਕਦੇ ਗ਼ਲਤ ਨਹੀਂ ਹੁੰਦਾ।'

-ਜੇਠੀ ਨਗਰ, ਮਲੇਰਕੋਟਲਾ ਰੋਡ, ਖੰਨਾ-141401 (ਪੰਜਾਬ)।
ਮੋਬਾਈਲ : 94170-91668.

ਭਾਰਤੀ ਸਿਨੇਮਾ ਦੇ ਅਮਿੱਟ ਹਸਤਾਖ਼ਰ-136

ਅੰਤਰਰਾਸ਼ਟਰੀ ਪਛਾਣ ਦਿਵਾਉਣ ਵਾਲਾ ਮਹਿਬੂਬ ਖ਼ਾਨ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
'ਹੁਮਾਯੂੰ' ਤੋਂ ਨਿਰਾਸ਼ ਹੋ ਕੇ ਮਹਿਬੂਬ ਖ਼ਾਨ ਇਕ ਵਾਰ ਫਿਰ ਸਮਾਜਿਕ ਮੁੱਦਿਆਂ ਵੱਲ ਆਕਰਸ਼ਤ ਹੋਇਆ ਸੀ। ਇਸ ਦ੍ਰਿਸ਼ਟੀਕੋਣ ਤੋਂ ਤਿਕੋਣੇ ਪ੍ਰੇਮ 'ਤੇ ਆਧਾਰਿਤ ਉਸ ਨੇ 'ਅਨਮੋਲ ਘੜੀ' ਦਾ ਨਿਰਮਾਣ ਕੀਤਾ। 'ਅਨਮੋਲ ਘੜੀ' ਦੀ ਸਫ਼ਲਤਾ 'ਚ ਇਸ ਦੇ ਸੰਗੀਤ ਦਾ ਵਿਸ਼ੇਸ਼ ਹੱਥ ਸੀ। ਇਸ ਵਿਚ ਸੁਰਿੰਦਰ, ਸੁਰੱਈਆ ਅਤੇ ਨੂਰਜਹਾਂ ਵਰਗੇ ਅਜਿਹੇ ਸਿਨੇ-ਕਲਾਕਾਰ ਸਨ, ਜੋ ਕਿ ਅਦਾਕਾਰ ਹੋਣ ਤੋਂ ਇਲਾਵਾ ਵਧੀਆ ਗਾਇਕ/ਗਾਇਕਾ ਵੀ ਸਨ। ਫ਼ਿਲਮ ਦਾ ਸੰਗੀਤ ਨੌਸ਼ਾਦ ਨੇ ਤਿਆਰ ਕੀਤਾ ਸੀ। 'ਅਨਮੋਲ ਘੜੀ' ਦੀ ਸਫ਼ਲਤਾ ਤੋਂ ਬਾਅਦ ਨੌਸ਼ਾਦ ਵੀ ਮਹਿਬੂਬ ਦੀ ਟੀਮ ਦਾ ਪੱਕਾ ਮੈਂਬਰ ਬਣ ਗਿਆ ਸੀ ਅਤੇ ਮਹਿਬੂਬ ਦੇ ਅੰਤ ਤੱਕ ਉਸ ਦੇ ਨਾਲ ਵੀ ਰਿਹਾ ਸੀ।
ਤਿਕੋਣੇ ਪ੍ਰੇਮ ਨੂੰ ਹੀ ਲੈ ਕੇ ਉਸ ਨੇ 'ਅੰਦਾਜ਼' ਦਾ ਵੀ ਨਿਰਮਾਣ ਕੀਤਾ ਸੀ। ਇਸ ਵਿਚ ਦਲੀਪ ਕੁਮਾਰ, ਨਰਗਿਸ ਅਤੇ ਰਾਜ ਕਪੂਰ ਦੀਆਂ ਪ੍ਰਮੁੱਖ ਭੂਮਿਕਾਵਾਂ ਸਨ। ਮਹਿਬੂਬ ਦਾ ਝੁਕਾਅ ਇਸ ਸ਼੍ਰੇਣੀ ਦੀਆਂ ਫ਼ਿਲਮਾਂ ਵੱਲ ਏਨਾ ਜ਼ਿਆਦਾ ਹੋ ਗਿਆ ਸੀ ਕਿ 'ਆਨ' ਵਰਗੀ ਸਟੰਟ ਫ਼ਿਲਮ 'ਚ ਵੀ ਉਹ ਤਿਕੋਣ ਨੂੰ ਨਹੀਂ ਭੁੱਲਿਆ ਸੀ। ਇਸ ਮੂਵੀ 'ਚ ਦਲੀਪ ਕੁਮਾਰ, ਨਾਦਿਰਾ, ਨਿੰਮੀ ਅਤੇ ਪ੍ਰੇਮ ਨਾਥ ਦੀਆਂ ਪ੍ਰਮੁੱਖ ਭੂਮਿਕਾਵਾਂ ਸਨ। ਇਸ 'ਚ ਇਕ ਰਾਜੇ ਨੂੰ ਲੋਕ-ਹਿਤਾਂ ਵੱਲ ਝੁਕਾਅ ਰੱਖਦੇ ਹੋਏ ਦਿਖਾਇਆ ਗਿਆ ਸੀ। ਇਸ ਸਮਾਜਵਾਦੀ ਦ੍ਰਿਸ਼ਟੀਕੋਣ ਦਾ ਵਿਆਪਕ ਸਵਾਗਤ ਕੀਤਾ ਗਿਆ ਸੀ।
ਵੈਸੇ ਤਾਂ ਮਹਿਬੂਬ ਖ਼ਾਨ ਦੇ ਬੈਨਰ ਦੇ ਨਿਸ਼ਾਨ (ਹਥੌੜਾ) ਨੂੰ ਲੈ ਕੇ ਵੀ ਕਈ ਅਦਾਰਿਆਂ ਨੇ ਇਹ ਅੰਦਾਜ਼ਾ ਲਗਾਇਆ ਸੀ ਕਿ ਮਹਿਬੂਬ ਖ਼ਾਨ ਕਮਿਊਨਿਸਟ ਵਿਚਾਰਧਾਰਾ ਦਾ ਪ੍ਰਚਾਰ ਕਰ ਰਿਹਾ ਹੈ ਪਰ ਮਹਿਬੂਬ ਨੇ ਇਸ ਦ੍ਰਿਸ਼ਟੀਕੋਣ ਨੂੰ ਕਈ ਵਾਰ ਨਕਾਰਿਆ ਸੀ। ਉਸ ਦਾ ਜਵਾਬ ਸੀ, 'ਮੈਂ ਕਿਸੇ ਰਾਜਨੀਤਕ ਫ਼ਲਸਫ਼ੇ ਨੂੰ ਨਹੀਂ ਜਾਣਦਾ। ਮੈਂ ਤਾਂ ਸਿਰਫ਼ ਇਹ ਹੀ ਜਾਣਦਾ ਹਾਂ ਕਿ ਗ਼ਰੀਬੀ ਬੜੀ ਵੱਡੀ ਲਾਹਨਤ ਹੈ। ਮੈਂ ਇਸ ਗ਼ਰੀਬੀ ਨੂੰ ਖ਼ੁਦ ਹੰਢਾਇਆ ਹੈ। ਇਸ ਲਈ ਮੈਂ ਸਿਨੇਮਾ ਨੂੰ ਭਾਰਤ ਦੇ ਗ਼ਰੀਬ ਵਰਗ ਦਾ ਸ਼ੀਸ਼ਾ ਬਣਾਉਣਾ ਚਾਹੁੰਦਾ ਹਾਂ।'
ਇਸੇ ਹੀ ਉਦੇਸ਼ ਨਾਲ ਉਸ ਨੇ 'ਔਰਤ' ਦਾ ਰੀਮੇਕ 'ਮਦਰ ਇੰਡੀਆ' ਦੇ ਰੂਪ ਵਿਚ ਨਵੇਂ ਸੰਦਰਭਾਂ ਦੇ ਅਨੁਸਾਰ ਪੇਸ਼ ਕੀਤਾ ਸੀ। ਦਰਅਸਲ ਇਸ ਦੇ ਨਿਰਮਾਣ ਪਿੱਛੇ ਉਸ ਦੀ ਕੰਪਨੀ ਦੇ ਲੇਖਕ ਬਾਬੂ ਲਾਲ ਮਹਿਤਾ ਦਾ ਹੱਥ ਸੀ। ਬਾਬੂ ਲਾਲ ਉਸ ਨੂੰ ਪਰਲ ਐਸ. ਬੱਕ ਦੇ ਨਾਵਲ 'ਤੇ ਆਧਾਰਿਤ ਇਕ ਅੰਗਰੇਜ਼ੀ ਫ਼ਿਲਮ 'ਗੁੱਡ ਅਰਥ' ਦਿਖਾਉਣ ਲਈ ਲੈ ਗਏ। ਇਸ 'ਚ ਗ਼ਰੀਬ ਕਿਸਾਨੀ ਵਰਗ ਦਾ ਚਿਤਰਣ ਦੇਖ ਕੇ ਮਹਿਬੂਬ ਖ਼ਾਨ ਦਾ ਮਨ ਪਿਘਲ ਗਿਆ। ਉਸ ਨੇ ਬਾਬੂ ਲਾਲ ਨੂੰ ਇਸ ਫ਼ਿਲਮ ਨੂੰ ਅਤੇ ਪਰਲ ਐਸ. ਬੱਕ ਦੇ ਇਕ ਹੋਰ ਨਾਵਲ 'ਮਦਰ' ਨੂੰ ਲੈ ਕੇ ਇਕ ਵਧੀਆ ਪਟਕਥਾ ਤਿਆਰ ਕਰਨ ਲਈ ਕਿਹਾ। ਇਸ ਤੋਂ ਬਾਅਦ ਜੋ ਕੁਝ ਹੋਇਆ, ਉਹ ਭਾਰਤੀ ਸਿਨੇਮਾ 'ਚ ਇਕ ਇਤਿਹਾਸਕ ਪਲ ਹੈ। 'ਮਦਰ ਇੰਡੀਆ' ਪਹਿਲੀ ਭਾਰਤੀ ਫ਼ਿਲਮ ਸੀ, ਜਿਸ ਨੂੰ ਆਸਕਰ ਦੀ ਦੌੜ 'ਚ ਸ਼ਾਮਿਲ ਕੀਤਾ ਗਿਆ।
ਮਹਿਬੂਬ ਖ਼ਾਨ ਨੇ ਉਸ ਵੇਲੇ ਦੇ ਭਾਰਤ ਨੂੰ ਲੈ ਕੇ 'ਸਨ ਆਫ਼ ਇੰਡੀਆ' ਦਾ ਵੀ ਨਿਰਮਾਣ ਕੀਤਾ। ਜਿਵੇਂ ਕਿ ਟਾਈਟਲ ਤੋਂ ਸਪੱਸ਼ਟ ਹੈ, ਇਸ ਦੀ ਪ੍ਰਮੁੱਖ ਭੂਮਿਕਾ ਇਕ ਲੜਕੇ (ਸਾਜਿਦ) ਨੇ ਨਿਭਾਈ ਸੀ, ਜਿਹੜਾ ਕਿ ਵਿਪਰੀਤ ਹਾਲਾਤਾਂ 'ਚ ਵੀ ਭਾਰਤੀ ਸੰਸਕ੍ਰਿਤੀ ਨਾਲ ਜੁੜਿਆ ਰਹਿੰਦਾ ਹੈ।
ਦੇਸ਼ ਦੀਆਂ ਸਮੱਸਿਆਵਾਂ ਦਾ ਫ਼ਿਲਮਾਂਕਣ ਕਰਨ ਵਾਲੇ ਇਸ ਫ਼ਿਲਮਸਾਜ਼ ਦੀ ਮੌਤ ਵੀ ਬੜੇ ਹੀ ਨਾਟਕੀ ਢੰਗ ਨਾਲ ਹੋਈ। ਪੰਡਿਤ ਨਹਿਰੂ ਨਾਲ ਮਹਿਬੂਬ ਖ਼ਾਨ ਦਾ ਵਿਸ਼ੇਸ਼ ਸਨੇਹ ਸੀ। ਉਹ ਉਨ੍ਹਾਂ ਤੋਂ ਪ੍ਰੇਰਨਾ ਲਿਆ ਕਰਦਾ ਸੀ। ਇਸ ਲਈ ਜਦੋਂ ਉਸ ਨੇ ਪੰਡਿਤ ਜੀ ਦੀ ਮੌਤ ਦੀ ਖ਼ਬਰ ਸੁਣੀ ਤਾਂ ਆਪਣੇ ਦਫ਼ਤਰ ਦਾ ਦਰਵਾਜ਼ਾ ਬੰਦ ਕਰ ਲਿਆ। ਜਦੋਂ ਕੁਝ ਚਿਰ ਬਾਅਦ ਇਹ ਦਰਵਾਜ਼ਾ ਜ਼ਬਰਦਸਤੀ ਖੋਲ੍ਹਿਆ ਗਿਆ ਤਾਂ ਮਹਿਬੂਬ ਮੂੰਹ ਦੇ ਭਾਰ ਮੇਜ਼ 'ਤੇ ਡਿੱਗਿਆ ਪਿਆ ਸੀ।
ਅੱਜ ਮਹਿਬੂਬ ਸਾਡੇ ਦਰਮਿਆਨ ਨਹੀਂ ਹੈ ਪਰ ਉਸ ਦਾ ਬਣਾਇਆ ਹੋਇਆ ਮਹਿਬੂਬ ਸਟੂਡੀਓ (ਅੰਧੇਰੀ) ਅੱਜ ਵੀ ਉਸ ਦੀ ਭਾਰਤੀ ਸਿਨੇਮਾ ਨੂੰ ਉਸ ਦੇਣ ਦਾ ਨਾਅਰਾ ਬੁਲੰਦ ਕਰ ਰਿਹਾ ਹੈ, ਜਿਸ ਨੇ ਹਿੰਦੀ ਫ਼ਿਲਮ ਜਗਤ ਨੂੰ ਅੰਤਰਰਾਸ਼ਟਰੀ ਪਛਾਣ ਬਣਾਉਣ 'ਚ ਮਦਦ ਕੀਤੀ ਸੀ। ਧੰਨਵਾਦ

Hindi Cinema ke 100 year : Dilchasp
Making of Mehboob Khan :Mohan Deep
-103, ਸਨੀ ਕਾਟੇਜ, ਕ੍ਰਿਸ਼ਨਾ ਨਗਰ, ਬਟਾਲਾ-143505 (ਪੰਜਾਬ)।
ਮੋਬਾਈਲ : 099154-93043.

ਕੱਲ੍ਹ ਬਸੰਤ ਪੰਚਮੀ 'ਤੇ ਵਿਸ਼ੇਸ਼

ਬਸੰਤ ਦਾ ਮੌਸਮ ਤੇ ਬਸੰਤ ਪੰਚਮੀ ਦਾ ਤਿਉਹਾਰ

ਜਦੋਂ ਕੁਦਰਤ ਦੀ ਅਨੁਪਮ ਲੀਲ੍ਹਾ ਆਪਣੇ ਮਨਮੋਹਕ ਰੂਪ ਵਿਚ ਦ੍ਰਿਸ਼ਟੀਗੋਚਰ ਹੁੰਦੀ ਹੈ ਅਤੇ ਬਿਰਛ ਬੂਟੇ ਤੇ ਫ਼ਸਲਾਂ ਨਵੀਂ ਵਿਆਹੀ ਦੁਲਹਨ ਵਾਂਗ ਰੰਗਾਂ ਤੇ ਮਹਿਕਾਂ ਨਾਲ ਸਜੀਆਂ ਹੁੰਦੀਆਂ ਹਨ ਤਾਂ ਪੰਜਾਬ ਵਿਚ ਬਸੰਤ ਪੰਚਮੀ ਦਾ ਤਿਉਹਾਰ ਆਉਂਦਾ ਹੈ।
ਮਾਘ ਮਹੀਨੇ ਦੇ ਚਾਨਣੇ ਪੱਖ ਦੇ ਪੰਜਵੇਂ ਦਿਨ ਬਸੰਤ ਪੰਚਮੀ ਦਾ ਤਿਉਹਾਰ ਮਨਾਇਆ ਜਾਂਦਾ ਹੈ। ਸਾਡੀਆਂ ਪ੍ਰਾਚੀਨ ਰਵਾਇਤਾਂ ਵਿਚ ਬਸੰਤ ਪੰਚਮੀ ਨੂੰ ਪੀਲੇ ਰੰਗ ਦੀ ਖ਼ੂਬਸੂਰਤੀ ਨਾਲ ਜੋੜਿਆ ਗਿਆ ਹੈ।
ਬਸੰਤ ਰੁੱਤ ਅੰਦਰ ਅਲੂਚੇ, ਆੜੂ ਤੇ ਬੱਗੂਗੋਸ਼ਿਆਂ ਦੀਆਂ ਪੱਤਹੀਣ ਸ਼ਾਖਾਵਾਂ 'ਤੇ ਅਣਗਿਣਤ ਹਰੀਆਂ ਡੋਡੀਆਂ 'ਚੋਂ ਲਾਲ, ਦੂਧੀਆ ਤੇ ਕਿਰਮਚੀ ਰੰਗਾਂ ਦੇ ਫੁੱਲ ਆਪਣੇ ਖ਼ੂਬਸੂਰਤ ਨੈਣ ਖੋਲ੍ਹ ਕੇ ਨਵੀਂ ਦੁਨੀਆ ਦਾ ਸ਼ਾਨਾਂਮੱਤਾ ਸਵਾਗਤ ਕਰਦੇ ਹਨ ਅਤੇ ਬਹੁਤ ਸਾਰੇ ਹੋਰ ਬਿਰਛਾਂ ਦੀਆਂ ਰੁੰਡ-ਮੁੰਡ ਸ਼ਾਖਾਵਾਂ 'ਤੇ ਨਵੀਆਂ ਤੇ ਨਰਮ ਨਾਜ਼ੁਕ ਪੱਤੀਆਂ ਦੇ ਨਵੇਂ ਸੁੰਦਰ ਸੰਸਾਰ ਦਾ ਭਾਗਾਂ ਭਰਿਆ ਆਗਮਨ ਹੁੰਦਾ ਹੈ।
ਕਦੇ ਕਦੇ ਜਦੋਂ ਸਰਦੀ ਅਗੇਤੀ ਵਿਦਿਆ ਹੋ ਜਾਂਦੀ ਹੈ ਤਾਂ ਨਿੰਬੂ, ਮਾਲਟੇ, ਸੰਗਤਰੇ, ਮੁਸੱਮੀ, ਮਿੱਠੇ ਅਤੇ ਗਲਗਲਾਂ ਦੇ ਸਦਾ ਬਹਾਰ ਬੂਟਿਆਂ ਦੀਆਂ ਸ਼ਾਖਾਵਾਂ 'ਤੇ ਚਿੱਟੀਆਂ, ਬਦਾਮੀ ਤੇ ਸੁਰਮਈ ਡੋਡੀਆਂ ਆਪਣੀਆਂ ਮਹਿਕਾਂ ਨਾਲ ਭਰੀਆਂ ਪੋਟਲੀਆਂ ਨਵੀਆਂ ਨਾਜ਼ੁਕ ਪੱਤੀਆਂ ਦੀਆਂ ਨਰਮ ਤਲੀਆਂ 'ਤੇ ਮਲਕੜੇ ਜਿਹੇ ਉਦਾਰਤਾ ਨਾਲ ਖੋਲ੍ਹਣ ਲੱਗ ਜਾਂਦੀਆਂ ਹਨ, ਅੰਬਾਂ ਦੀਆਂ ਨਵੀਆਂ ਕਰੂੰਬਲਾਂ ਵਿਚ ਨਵੇਂ ਕੋਹਰ ਦੀਆਂ ਨਾਜ਼ੁਕ ਤੂਈਆਂ 'ਚੋਂ ਇਕ ਵਿਲੱਖਣ ਹੁਸਨ ਨਜ਼ਰ ਆਉਣ ਲੱਗ ਪੈਂਦਾ ਹੈ ।
ਪਤਝੜ ਦੇ ਕਹਿਰ ਨਾਲ ਬਿਰਛ ਬੂਟਿਆਂ ਦੀਆਂ ਝੰਬੀਆਂ ਪੱਤਰ ਮੁਕਤ ਸ਼ਾਖਾਵਾਂ ਅਨੇਕਾਂ ਨਵੀਆਂ ਨਾਜ਼ੁਕ ਪੱਤੀਆਂ 'ਤੇ ਆਪਣੇ ਮਸਤੀ ਭਰੇ ਨੈਣ ਖੋਲ੍ਹਦੀਆਂ ਹਨ ਤੇ ਸੁੰਦਰ ਡੋਡੀਆਂ ਨੂੰ ਪਹੁ ਦੀ ਸੰਦਲੀ ਧੁੱਪ ਜਦੋਂ ਆਪਣੀਆਂ ਸੁਖਾਵੀਆਂ ਜੱਫੀਆਂ ਪਾ ਕੇ ਮਿਲਦੀ ਹੈ ਤਾਂ ਧਰਤੀ 'ਤੇ ਕੁਦਰਤ ਵਲੋਂ ਸਿਰਜੇ ਗਏ ਇਕ ਅਦੁੱਤੀ ਸਵਰਗ ਦੇ ਦਰਸ਼ਨ ਹੁੰਦੇ ਹਨ।
ਵੰਨ-ਸੁਵੰਨੇ ਰੰਗਾਂ ਨਾਲ ਸਜੇ ਫੁੱਲਾਂ ਨੂੰ ਪੋਲੇ-ਪੋਲੇ ਚੁੰਮਣ ਦਿੰਦੀ ਬਸੰਤ ਦੀ ਸੁਖਾਵੀਂ ਹਵਾ ਮਹਿਕਾਂ ਨਾਲ ਲਿਬੜੇ ਆਪਣੇ ਬੁੱਲ੍ਹਾਂ ਨਾਲ ਸਾਰੇ ਆਲੇ-ਦੁਆਲੇ ਨੂੰ ਸੁਗੰਧਤ ਕਰ ਦਿੰਦੀ ਹੈ।
ਪਹੁ ਦੇ ਸੱਜਰੇ ਖਿੜੇ ਫੁੱਲਾਂ 'ਤੇ ਆਪਣੇ ਨਾਜ਼ੁਕ ਬੁੱਲ੍ਹ ਰੱਖ ਕੇ ਕੋਸੇ ਤੇ ਮਿੱਠੇ ਚੁੰਮਣ ਦਿੰਦੇ ਕੁਦਰਤ ਦੇ ਖ਼ੂਬਸੂਰਤ ਕਲਾਕਾਰ ਅਨੇਕਾਂ ਭੌਰੇ, ਤਿਤਲੀਆਂ ਤੇ ਮਧੂ ਮੱਖੀਆਂ ਆਪਣੀਆਂ ਮਿੱਠੀਆਂ ਅਵਾਜ਼ਾਂ ਦੇ ਮਧੁਰ ਸੰਗੀਤ ਨਾਲ ਜੋਬਨਮੱਤੇ ਮਾਹੌਲ ਨੂੰ ਇਕ ਹੋਰ ਅਨੂਠੀ ਸੁੰਦਰਤਾ ਪ੍ਰਦਾਨ ਕਰ ਦਿੰਦੀਆਂ ਹਨ ।
ਬਸੰਤ ਦੀ ਸੂਹੀ ਸੱਜਰੀ ਧੁੱਪ, ਹਰੇ ਸਾਵੇ ਘਾਹ 'ਚ ਛੂਣ੍ਹ ਛੁਲ੍ਹਾਈਆਂ ਖੇਡਦੀ, ਘਾਹ ਦੀਆਂ ਪੱਤੀਆਂ ਨਾਲ ਲਟਕਦੀਆਂ ਤ੍ਰੇਲ ਦੀਆਂ ਚਾਂਦੀ ਰੰਗੀਆਂ ਬੂੰਦਾਂ ਵਿਚ ਆਪਣੇ ਸੂਹੇ ਸੁਨਹਿਰੀ ਰੰਗ ਰਲਾ ਕੇ ਕੁਦਰਤ ਦੇ ਅਨੁਪਮ ਹੀਰੇ ਜਵਾਹਰਾਂ ਦੀ ਸਿਰਜਣਾ ਕਰਨ ਦੇ ਕਾਰਜ ਵਿਚ ਜੁਟ ਜਾਂਦੀ ਹੈ ਤੇ ਫੇਰ ਪਹੁ ਦੀ ਸੱਜਰੀ ਹਵਾ ਇਨ੍ਹਾਂ ਸੁੰਦਰ ਹੀਰਿਆਂ ਨੂੰ ਗਹਿਣਿਆਂ ਤੋਂ ਬੁੱਚੀਆਂ ਘਾਹ ਦੀਆਂ ਪੱਤੀਆਂ ਨਾਲ ਟੁੰਗਣ ਲੱਗ ਜਾਂਦੀ ਹੈ।
ਮਧੂ ਮੱਖੀਆਂ ਦੇ ਛੱਤੇ ਇਨ੍ਹਾਂ ਦਿਨਾਂ ਵਿਚ ਸ਼ਹਿਦ ਨਾਲ ਭਰਨੇ ਸ਼ੁਰੂ ਹੋ ਜਾਂਦੇ ਹਨ ਤੇ ਆਲੇ-ਦੁਆਲਿਓਂ ਹਵਾ 'ਚ ਰਲੀ ਕੜਾਹੇ ਵਿਚ ਕੜ੍ਹਦੇ ਮਿੱਠੇ ਦੀ ਸੁਖਾਵੀਂ ਜਿਹੀ ਮਹਿਕ ਮਨਾਂ ਨੂੰ ਜਿਵੇਂ ਨਸ਼ਿਆ ਜਾਂਦੀ ਹੈ ।
ਬਸੰਤ ਦੇ ਦਿਨਾਂ 'ਚ ਦੂਰ-ਦੁਮੇਲ ਤੱਕ ਸਰ੍ਹੋਂ ਦੇ ਪੀਲੇ ਫੁੱਲਾਂ ਦਾ ਸੋਨਾ ਖਿਲਰਿਆ ਨਜ਼ਰ ਆਉਂਦਾ ਹੈ। ਕਈ ਵਾਰ ਕਿਤੇ ਕਿਤੇ ਸਰ੍ਹੋਂ ਦੇ ਫੁੱਲਾਂ ਦੇ ਪੀਲੇ ਰੰਗ ਦੇ ਸਾਗਰ ਵਿਚ ਕੁਦਰਤ ਅਲਸੀ ਦੇ ਫੁੱਲਾਂ ਦਾ ਨੀਲਾ ਰੰਗ ਰਲਾ ਕੇ ਬਸੰਤ ਦੀ ਸਜ ਧਜ ਵਿਚ ਵਾਧਾ ਕਰ ਦਿੰਦੀ ਹੈ ।
ਪੰਜਾਬੀ ਦੇ ਨਾਮਵਰ ਸ਼ਾਇਰ ਪ੍ਰੋ: ਮੋਹਨ ਸਿੰਘ ਬਸੰਤ ਦੀ ਖ਼ੂਬਸੂਰਤੀ 'ਚੋਂ ਆਪਣੀ ਹਮੇਸ਼ਾ ਲਈ ਵਿਛੜੀ ਪਤਨੀ 'ਬਸੰਤ' ਦੇ ਰੂਪ ਤੇ ਉਹਦੀਆਂ ਅਭੁੱਲ ਸਿਮਰਤੀਆਂ ਨੂੰ ਸੁਰਜੀਤ ਹੁੰਦਿਆਂ ਵੇਖਦਾ ਹੈ ਤੇ ਲਿਖਦਾ ਹੈ-
ਹੁਸਨ ਭਰੀ ਬਸੰਤ ਦੀ ਸ਼ੈਲ ਨੱਢੀ,
ਸੀਗੀ ਸਿਖਰ ਜਵਾਨੀ 'ਤੇ ਆਈ ਹੋਈ।
ਕਿਤੇ ਹਿੱਕ ਸੀ ਧੜਕਦੀ ਬੁਲਬੁਲਾਂ ਦੀ,
ਕਿਤੇ ਭੌਰ ਦੀ ਅੱਖ ਸਧਰਾਈ ਹੋਈ।
ਕਿਤੇ ਸਰ੍ਹੋਂ ਨੇ ਸੋਨਾ ਖਿਲਾਰਿਆ ਸੀ,
ਕਿਤੇ ਤਰੇਲ ਨੇ ਚਾਂਦੀ ਲੁਟਾਈ ਹੋਈ।
ਸੀ ਬਸੰਤ ਰਾਣੀ ਜਾਂ ਇਹ ਹੀਰ ਜੱਟੀ,
ਨਵੀਂ ਝੰਗ ਸਿਆਲਾਂ ਤੋਂ ਆਈ ਹੋਈ।
ਬਸੰਤ ਦੇ ਦਿਨਾਂ ਵਿਚ ਸਿਆਲ ਦੀ ਧੁੰਦ ਤੇ ਕੋਰੇ ਲੱਦੀ ਸਰਦੀ ਨੂੰ ਆਪਣੇ ਸਿਰ ਤੋਂ ਛੰਡਕ ਕੇ ਮੌਸਮ ਅਨੇਕਾਂ ਖ਼ੂਬਸੂਰਤ ਰੰਗਾਂ ਤੇ ਮਹਿਕਾਂ ਦਾ ਸ਼ਾਨਦਾਰ ਉਪਹਾਰ ਲੈ ਕੇ ਪੂਰੀ ਸਜਧਜ ਨਾਲ ਹਾਜ਼ਰ ਹੁੰਦਾ ਹੈ, ਇਸੇ ਲਈ ਪੰਜਾਬ 'ਚ ਸ਼ਾਇਦ ਸਦੀਆਂ ਤੋਂ ਇਹ ਕਹਾਵਤ ਪ੍ਰਚੱਲਤ ਹੈ ਕਿ-'ਆਈ ਬਸੰਤ ਪਾਲਾ ਉਡੰਤ!'
ਬਸੰਤ ਦੇ ਇਸ ਦਿਲਕਸ਼ ਮੌਸਮ ਵਿਚ ਜਦ ਵਣ ਤ੍ਰਿਣ ਸਰਸਬਜ਼ ਰੂਪ ਧਾਰ ਲੈਂਦੇ ਹਨ ਤਾਂ ਠੰਢੇ ਸਵੇਰਿਆਂ ਵਿਚ ਸੂਰਜ ਦੇ ਨਿੱਘੇ ਸੰਦਲੀ ਹਾਸੇ ਖਿਲਰ ਜਾਂਦੇ ਹਨ, ਸਮੁੱਚੇ ਵਾਤਾਵਰਨ ਵਿਚ ਗੋਰੀਆਂ ਧੁੱਪਾਂ ਦਾ ਹੁਸਨ ਅਤੇ ਰੰਗਾਂ ਤੇ ਮਹਿਕਾਂ ਦੀ ਅਮੁੱਲ ਦੌਲਤ ਖਿਲਰ ਜਾਂਦੀ ਹੈ । ਕੁਦਰਤ ਦੀ ਸਾਜੀ ਅਨੁਪਮ ਲੀਲ੍ਹਾ ਨਾਲ ਕਠੋਰ ਤੋਂ ਕਠੋਰ ਮਨ ਵੀ ਪਸੀਜ ਜਾਂਦੇ ਹਨ ਤੇ ਸੱਜਰੇ ਰੂਪ ਨਾਲ ਇਕਮਿਕ ਹੋ ਜਾਂਦੇ ਹਨ ।
ਅਜਿਹੇ ਸਮੇਂ ਆਤਮਾ ਤੇ ਪ੍ਰਮਾਤਮਾ ਵਿਚਾਲੇ ਵਿਛੋੜੇ ਦੀ ਵੇਦਨਾ ਤੋਂ ਮਨ ਮੁਕਤ ਹੋ ਜਾਂਦਾ ਹੈ, ਮਨ ਨਵੇਂ ਖੇੜੇ ਤੇ ਹੁਲਾਸ ਨਾਲ ਭਰ ਜਾਂਦਾ ਹੈ, ਚਿਰਾਂ ਵਿਛੁੰਨੇ ਸੱਜਣਾਂ ਲਈ ਪਿਆਰ ਦਾ ਸੋਮਾ ਮਨ ਵਿਚੋਂ ਉਮੜ ਪੈਂਦਾ ਹੈ, ਮਨ ਪਿਆਰ ਦੇ ਅੱਥਰੇ ਵੇਗ ਤੇ ਹੜ੍ਹ ਨਾਲ ਛਲਕ ਛਲਕ ਜਾਂਦਾ ਹੈ, ਤੇ ਨਵੀਆਂ ਰੀਝਾਂ ਤੇ ਸੰਭਾਵਨਾਵਾਂ ਨਾਲ ਜੁੜ ਜਾਂਦਾ ਹੈ । ਲੰਮੀਆਂ ਜੁਦਾਈਆਂ ਉਪਰੰਤ ਆਪਣੇ ਹਿਰਦੇ ਦੇ ਸਵਾਮੀ ਨਾਲ ਜੁੜਨ ਵਰਗਾ ਅਹਿਸਾਸ ਮਨ ਵਿਚ ਉਤਪੰਨ ਹੋ ਜਾਂਦਾ ਹੈ।
ਪਿਆਰ, ਖੁਸ਼ੀ ਤੇ ਮਿਲਾਪ ਨਾਲ ਜੁੜੀ ਮਨ ਦੀ ਖ਼ੂਬਸੂਰਤ ਅਵੱਸਥਾ ਦਾ ਬਹੁਤ ਹੀ ਮਾਰਮਿਕ ਤੇ ਵਾਸਤਵਿਕ ਚਿਤਰਨ ਸ੍ਰੀ ਗੁਰੂ ਅਰਜਨ ਦੇਵ ਜੀ ਨੇ 'ਬਾਰਾਮਾਹ ਮਾਝ' ਵਿਚ ਮਿੱਠੀ ਤੇ ਰਹੱਸਮਈ ਭਾਸ਼ਾ ਦੁਆਰ ਕੀਤਾ ਹੈ-
ਫਲਗੁਣਿ ਅਨੰਦ ਉਪਾਰਜਨਾ
ਹਰਿ ਸਜਣ ਪ੍ਰਗਟੇ ਆਇ।
ਸੰਤ ਸਹਾਈ ਰਾਮ ਕੇ
ਕਰਿ ਕਿਰਪਾ ਦੀਆ ਮਿਲਾਇ।
ਸੇਜ ਸੁਹਾਵੀ ਸਰਬ ਸੁਖ, ਹੁਣਿ ਦੁਖਾ ਨਾਹੀ ਜਾਇ।
ਇੱਛ ਪੁਨੀ ਵਡਭਾਗਣੀ ਵਰੁ ਪਾਇਆ ਹਰਿ ਰਾਇ।
ਅਤੇ ਫਿਰ ਫੁਰਮਾਇਆ-
ਫਲਗੁਣਿ ਨਿੱਤ ਸਲਾਹੀਐ,
ਜਿਸ ਨੋ ਤਿਲੁ ਨਾ ਤਮਾਇ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 'ਬ੍ਰਿਹ ਨਾਟਕ' ਵਿਚ ਬਸੰਤ ਰੁੱਤ ਦਾ ਬਹੁਤ ਹੀ ਦਿਲ ਮੋਹਕ ਤੇ ਰੁਮਾਂਚਮਈ ਚਿਤਰਨ ਪੇਸ਼ ਕੀਤਾ ਹੈ -
ਫੂਲ ਰਹੇ ਸਿਗਰੇ ਬ੍ਰਿਜ ਕੇ ਤਰ,
ਫੂਲਿ ਲਤਾ ਤਿਨ ਸੋ ਲਪਟਾਈ।
ਫੂਲਿ ਰਹੇ ਸਰ ਸਾਰਸ ਸੁੰਦਰ,
ਸੋਭ ਸਮੂਹ ਬਢੀ ਅਧਿਕਾਈ।
ਅਰਥਾਤ- ਇਸ ਮੌਸਮ ਅੰਦਰ ਵਾਤਾਵਰਨ ਵਿਚ ਖੇੜਾ ਤੇ ਹੁਲਾਸ ਉਤਪੰਨ ਹੋ ਜਾਂਦਾ ਹੈ, ਬਿਰਛਾਂ ਦੇ ਗਲਾਂ ਨਾਲ ਲਿਪਟ ਕੇ ਵੇਲਾਂ ਸਨੇਹ ਦਾ ਪ੍ਰਗਟਾਵਾ ਕਰਦੀਆਂ ਹਨ ।
'ਬਸੰਤ ਪੰਚਮੀ' ਦਾ ਦਿਨ ਸਮੂਹ ਪੰਜਾਬੀਆਂ, ਵਿਸ਼ੇਸ਼ ਕਰਕੇ ਇਥੋਂ ਦੇ ਪੇਂਡੂ ਲੋਕਾਂ ਲਈ ਰੁੱਤਾਂ ਦੀ ਖ਼ੂਬਸੂਰਤ ਦੁਨੀਆ ਨਾਲ ਜੁੜਿਆ ਇਕ ਬਹੁਤ ਹੀ ਮਹੱਤਵਪੂਰਨ ਦਿਹਾੜਾ ਹੈ ਤੇ ਬਸੰਤ ਰੁੱਤ ਪੰਜਾਬ ਦੀਆਂ ਰੁੱਤਾਂ ਦੀ ਸੁਨੱਖੀ ਰਾਣੀ ਹੈ। ਬਸੰਤ ਦਾ ਦਿਹਾੜਾ ਇਸ ਕਰਕੇ ਵੀ ਮਹੱਤਵਪੂਰਨ ਤੇ ਵਿੱਲਖਣ ਹੈ ਕਿਉਂਕਿ ਇਸ ਦੀਆਂ ਜੜ੍ਹਾਂ ਕਿਸੇ ਵਿਸ਼ੇਸ਼ ਮਜ਼ਹਬ ਜਾਂ ਫਿਰਕੇ ਨਾਲ ਨਹੀਂ ਜੁੜੀਆਂ ਹੋਈਆਂ, ਸਗੋਂ ਇਹ ਤਾਂ ਕਈ ਹੋਰ ਰੁੱਤਾਂ 'ਚੋਂ ਇਕ ਅਤੀ ਸ਼ਾਨਾਂਮੱਤੀ ਰੁੱਤ ਦੀ ਵਿਲੱਖਣ ਸੁੰਦਰਤਾ ਨਾਲ ਜੁੜਿਆ ਪੰਜਾਬੀਆਂ ਤੇ ਇਸ ਦੇ ਗੁਆਂਢੀ ਰਾਜਾਂ ਦੇ ਲੋਕਾਂ ਦਾ ਮਨ ਪਸੰਦ ਦਿਹਾੜਾ ਹੈ, ਜਿਸ ਨੂੰ ਸਾਰੇ ਧਰਮਾਂ ਤੇ ਫਿਰਕਿਆਂ ਨਾਲ ਜੁੜੇ ਲੋਕ ਪੂਰੇ ਉਤਸ਼ਾਹ ਤੇ ਭਾਈਚਾਰਕ ਭਾਵਨਾ ਨਾਲ ਰਲ ਕੇ ਮਨਾਉਂਦੇ ਹਨ । ਇਉਂ ਇਸ ਦਿਹਾੜੇ ਨੂੰ ਵੱਖ-ਵੱਖ ਧਰਮਾਂ ਤੇ ਸੰਪਰਦਾਵਾਂ ਨਾਲ ਜੁੜੇ ਵੰਨ-ਸੁਵੰਨੇ ਮਣਕਿਆਂ ਨੂੰ ਗੁੰਦ ਕੇ ਰੱਖਣ ਵਾਲੀ ਕੌਮੀ ਏਕਤਾ ਦੀ ਇਕ ਮਜ਼ਬੂਤ ਡੋਰ ਦੇ ਰੂਪ ਵਿਚ ਵੇਖਣਾ ਚਾਹੀਦਾ ਹੈ।
ਪੰਜਾਬ 'ਚ ਬਸੰਤ ਪੰਚਮੀ ਵਾਲੇ ਦਿਨ ਬੱਚਿਆਂ ਤੇ ਇਸਤਰੀਆਂ ਵਿਚ ਪੀਲੇ ਰੰਗ ਦੇ ਕੱਪੜੇ ਪਹਿਨਣ ਦੀ ਰਸਮ ਸਦੀਆਂ ਤੋਂ ਪ੍ਰਚੱਲਤ ਰਹੀ ਹੈ। ਇਸ ਦਿਨ ਇਥੋਂ ਦੇ ਪਿੰਡਾਂ ਵਿਚ ਸਰ੍ਹੋਂ ਦੇ ਪੀਲੇ ਫੁੱਲਾਂ ਨਾਲ ਕਈ ਰਸਮਾਂ ਕਰਨ ਦਾ ਰਿਵਾਜ ਚਲਦਾ ਰਿਹਾ ਹੈ। ਬਸੰਤ ਪੰਚਮੀ ਵਾਲੇ ਦਿਨ ਸਰ੍ਹੋਂ ਦੇ ਤੋੜੇ ਤਾਜ਼ੇ ਫੁੱਲਾਂ ਨੂੰ ਬੱਚਿਆਂ ਦੇ ਵਾਲਾਂ ਤੇ ਕੰਨਾਂ ਤੇ ਟੁੰਗਣ ਦੀ ਰਸਮ ਨੂੰ ਮਹੱਤਵਪੂਰਨ ਸ਼ਗਨ ਸਮਝਿਆ ਜਾਂਦਾ ਰਿਹਾ ਹੈ। ਦੇਸ਼ ਦੀ ਵੰਡ ਤੋਂ ਪਹਿਲਾਂ ਪੰਜਾਬ ਦੇ ਆਮ ਘਰਾਂ ਵਿਚ ਮਾਲਣਾਂ ਬੱਚਿਆਂ ਲਈ ਸਰ੍ਹੋਂ ਦੇ ਫੁੱਲ ਲਿਆ ਕੇ ਬਸੰਤ ਪੰਚਮੀ ਵਾਲੇ ਦਿਨ ਲਾਗ ਪ੍ਰਾਪਤ ਕਰਿਆ ਕਰਦੀਆਂ ਸਨ ।
ਬਸੰਤ ਪੰਚਮੀ ਵਾਲੇ ਦਿਨ ਖਾਣ ਪੀਣ ਲਈ ਅਨੇਕਾਂ ਵੰਨ-ਸੁਵੰਨੇ ਪਦਾਰਥ ਤਿਆਰ ਕਰਕੇ ਤੇ ਰਲ ਮਿਲ ਕੇ ਵਰਤਣ ਦਾ ਰਿਵਾਜ ਵੀ ਸਾਡੇ ਸਮਾਜ ਵਿਚ ਪ੍ਰਚੱਲਤ ਰਿਹਾ ਹੈ। ਬਸੰਤ ਪੰਚਮੀ ਵਾਲੇ ਦਿਨ ਚਾਵਲਾਂ 'ਚ ਕੇਸਰ ਤੇ ਲੂਣ ਪਾ ਕੇ ਤੇ ਹਲਦੀ ਦੇ ਪਾਊਡਰ ਨਾਲ ਇਨ੍ਹਾਂ ਦਾ ਰੰਗ ਪੀਲਾ ਕਰਕੇ ਖਾਣ ਨੂੰ ਸ਼ੁੱਭ ਸ਼ਗਨ ਸਮਝਿਆ ਜਾਂਦਾ ਸੀ।
ਬਸੰਤ ਪੰਚਮੀ ਦਾ ਦਿਹਾੜਾ ਦੂਰ ਪਿੱਛੇ ਤੱਕ ਸਾਡੇ ਇਤਿਹਾਸ ਤੇ ਮਿਥਿਹਾਸ ਨਾਲ ਵੀ ਜੁੜਿਆ ਹੋਇਆ ਹੈ। ਰਿਗਵੇਦ ਵਿਚ ਗਰਮੀ, ਸਰਦੀ ਤੇ ਬਸੰਤ ਤਿੰਨ ਰੁੱਤਾਂ ਦਾ ਵਰਨਣ ਪ੍ਰਾਪਤ ਹੈ।
ਇਤਿਹਾਸ ਤੋਂ ਪਤਾ ਲਗਦਾ ਹੈ ਕਿ ਬਸੰਤ ਪੰਚਮੀ ਵਾਲੇ ਦਿਨ ਮਹਾਰਾਜਾ ਰਣਜੀਤ ਸਿੰਘ ਵਿਸ਼ੇਸ਼ ਦਰਬਾਰ ਲਗਾਇਆ ਕਰਦੇ ਸਨ। ਇਸ ਦਿਨ ਉਨ੍ਹਾਂ ਦੇ ਸਾਰੇ ਫੌਜੀ ਪੀਲੀਆਂ ਵਰਦੀਆਂ ਪਹਿਨ ਕੇ ਪਰੇਡ ਕਰਿਆ ਕਰਦੇ ਸਨ ।
ਧਰਮ ਤੇ ਦੀਨ ਹੇਤੂ ਬਲੀਦਾਨ ਤੇ ਅਸੂਲਾਂ ਲਈ ਕੁਰਬਾਨੀ ਦੀ ਭਾਵਨ ਵੀ ਬਸੰਤ ਪੰਚਮੀ ਦੇ ਦਿਹਾੜੇ ਨਾਲ ਜੁੜੀ ਹੋਈ ਹੈ। ਬਾਦਸ਼ਾਹ ਸ਼ਾਹਜਹਾਨ ਦੇ ਰਾਜ ਕਾਲ ਦੌਰਾਨ ਲਾਹੌਰ ਦੇ ਸੂਬੇਦਾਰ ਨੇ ਬਸੰਤ ਪੰਚਮੀ ਵਾਲੇ ਦਿਨ ਆਪਣਾ ਧਰਮ ਤਿਆਗ ਕੇ ਮੁਸਲਮਾਨ ਬਣਨ ਤੋਂ ਇਨਕਾਰ ਕਰਨ 'ਤੇ ਬਾਲ ਹਕੀਕਤ ਰਾਏ ਨੂੰ ਬੇਰਹਿਮੀ ਨਾਲ ਸ਼ਹੀਦ ਕਰ ਦਿੱਤਾ ਸੀ। ਇਸੇ ਦਿਨ ਸ਼ਹੀਦ ਭਾਈ ਮਨੀ ਸਿੰਘ ਦੇ ਬੰਦ-ਬੰਦ ਕੱਟ ਦੇਣ ਦੀ ਦੁਖਦਾਈ ਘਟਨਾ ਵਾਪਰੀ ਸੀ ਤੇ ਇਸੇ ਹੀ ਦਿਨ ਸੰਨ 1873 ਵਿਚ ਅੰਗਰੇਜ਼ਾਂ ਨੇ ਨਾਮਧਾਰੀ ਸੰਪਰਦਾਏ ਦੇ ਸੰਸਥਾਪਕ ਸਤਿਗੁਰੂ ਰਾਮ ਸਿੰਘ ਨੂੰ ਬਰਮਾ ਵਿਚ ਦੇਸ਼ ਨਿਕਾਲਾ ਦੇ ਦਿੱਤਾ ਸੀ। ਇਉਂ ਬਸੰਤ ਪੰਚਮੀ ਦਾ ਦਿਹਾੜਾ ਸਾਡੇ ਲਈ ਆਪਣੇ ਦੀਨ ਧਰਮ ਤੇ ਅਸੂਲਾਂ ਦੀ ਰਾਖੀ ਲਈ ਹਰ ਤਰ੍ਹਾਂ ਦੀ ਕੁਰਬਾਨੀ ਵਾਸਤੇ ਵਚਨਬੱਧਤਾ ਪ੍ਰਗਟਾਉਣ ਦਾ ਦਿਹਾੜਾ ਵੀ ਹੈ। ਸ਼ਾਇਦ ਇਸੇ ਕਰਕੇ ਸਾਡੇ ਅਮਰ ਸ਼ਹੀਦ ਬਿਸਮਿਲ ਨੇ ਲਿਖਿਆ ਤੇ ਸ਼ਹੀਦ ਭਗਤ ਸਿੰਘ ਨੇ ਗਾਇਆ ਸੀ-'ਮੇਰਾ ਰੰਗ ਦੇ ਬਸੰਤੀ ਚੋਲਾ, ਮਾਏ ਨੀ ਮੇਰਾ ਰੰਗ ਦੇ ਬਸੰਤੀ ਚੋਲਾ । '
ਲਾਹੌਰ, ਜਿੱਥੇ ਦੇਸ਼ ਦੀ ਵੰਡ ਤੋਂ ਪਹਿਲਾਂ ਬਸੰਤ ਪੰਚਮੀ ਵਾਲੇ ਦਿਨ ਮਾਸੂਮ ਬਾਲਕ ਹਕੀਕਤ ਰਾਏ ਨੂੰ ਸ਼ਹੀਦ ਕੀਤਾ ਗਿਆ ਸੀ, ਵਿਖੇ ਬਸੰਤ ਪੰਚਮੀ ਦੇ ਦਿਹਾੜੇ ਨੂੰ ਇਕ ਰਾਸ਼ਟਰੀ ਤਿਉਹਾਰ ਵਜੋਂ ਮਨਾਉਣ ਦੀ ਰੀਤ ਪ੍ਰਚੱਲਤ ਸੀ। ਇਸ ਦਿਨ ਉਥੋਂ ਦੇ ਪਤੰਗਬਾਜ਼, ਮਾਧੋਲਾਲ ਹੁਸੈਨ ਦੇ ਮਜ਼ਾਰ 'ਤੇ, ਜੋ ਮਹਾਨ ਸੂਫ਼ੀ ਕਵੀ ਸ਼ਾਹ ਹੁਸੈਨ ਦਾ ਚੇਲਾ ਸੀ, ਲੋਕ ਪਤੰਗ ਉਡਾਉਣ ਨੂੰ ਚੰਗਾ ਸ਼ਗਨ ਸਮਝਦੇ ਸਨ। ਮਕਾਨਾਂ ਦੀਆਂ ਉੱਚੀਆਂ ਛੱਤਾਂ 'ਤੇ ਪਤੰਗ ਉਡਾਉਣ ਵਾਲੇ ਬੱਚਿਆਂ ਦੀ ਸੁਰੱਖਿਆ ਦੇ ਬਹਾਨੇ, ਬਲੀਦਾਨ ਦੀ ਭਾਵਨਾ ਨਾਲ ਜੁੜੇ ਬਸੰਤ ਪੰਚਮੀ ਦੇ ਤਿਉਹਾਰ ਨੂੰ ਮਨਾਉਣ 'ਤੇ ਭਾਵੇਂ ਪਾਕਿਸਤਾਨੀ ਹੁਕਮਰਾਨਾਂ ਨੇ ਪਾਬੰਦੀ ਲਾ ਦਿੱਤੀ ਸੀ, ਪਰ ਪਤੰਗਬਾਜ਼ਾਂ ਦੇ ਅੰਬਰਾਂ 'ਤੇ ਉਡਦੇ ਉਤਸ਼ਾਹ, ਇਰਾਦਿਆਂ 'ਤੇ ਜ਼ਜ਼ਬਾਤ ਦੇ ਨਰੋਏ ਖੰਭ ਉਹ ਨਾ ਕੱਟ ਸਕੇ ਤੇ ਕੁਝ ਚਿਰ ਪਿੱਛੋਂ ਉਨ੍ਹਾਂ ਨੇ ਪਤੰਗ ਉਡਾਉਣ 'ਤੇ ਲਾਈਆਂ ਪਾਬੰਦੀਆਂ ਮੁੜ ਢਿੱਲੀਆਂ ਕਰ ਦਿੱਤੀਆਂ। ਇਉਂ ਪਾਕਿਸਤਾਨੀ ਪੰਜਾਬ ਦੇ ਲੋਕ ਰੰਗ ਬਰੰਗੇ ਪਤੰਗ ਤੇ ਗੁੱਡੀਆਂ ਨਿਰੰਤਰ ਅਸਮਾਨਾਂ 'ਤੇ ਚਾੜ੍ਹਦੇ ਰਹੇ ਹਨ ਤੇ ਪੂਰੇ ਚਾਅ ਤੇ ਉਤਸ਼ਾਹ ਨਾਲ ਪੀਲੇ ਬਸਤਰ ਪਹਿਨ ਕੇ ਬਸੰਤ ਪੰਚਮੀ ਦਾ ਤਿਉਹਾਰ ਮਨਾਉਂਦੇ ਆਏ ਹਨ।

-ਪਿੰਡ ਤੇ ਡਾਕ: ਜਗਤਪੁਰ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ।
ਮੋਬਾਈਲ : 94632-33991.

'ਏਲੀਅਨਾਂ' ਨੂੰ 'ਵਾਜਾਂ ਮਾਰਦੇ 'ਵੋਏਜਰ'... ਕਿੱਥੇ ਹੋ ਬਈ?

ਜਦੋਂ ਦਾ ਮਨੁੱਖ ਨੇ ਪੁਲਾੜ ਵਿਚ ਰਾਕਟ ਤੇ ਪੁਲਾੜੀ ਜਹਾਜ਼ ਭੇਜਣੇ ਸ਼ੁਰੂ ਕੀਤੇ ਹਨ ਉਦੋਂ ਤੋਂ ਹੀ ਮਨੁੱਖ ਦੀ ਇਹ ਜਾਣਨ ਦੀ ਇੱਛਾ ਦਿਨੋ-ਦਿਨ ਤੀਬਰ ਹੋਈ ਹੈ ਕਿ ਕੀ ਧਰਤੀ ਤੋਂ ਇਲਾਵਾ ਕਿਤੇ ਹੋਰ ਸਾਡੇ ਵਰਗੇ ਜੀਵ ਹਨ ਜਾਂ ਨਹੀਂ। ਚੰਨ ਉੱਤੇ ਤਾਂ ਚਰਖਾ ਕੱਤਦੀ ਕੋਈ ਮਾਈ ਨਹੀਂ ਮਿਲੀ। ਮੰਗਲ ਉੱਤੇ ਵੀ ਕੋਈ ਯੋਧੇ ਨਹੀਂ ਲੱਭੇ। ਦੋਹੀਂ ਥਾਈਂ ਉਜਾੜ ਮਿਲੀ ਹੈ, ਪਰ ਫਿਰ ਵੀ ਮਨੁੱਖ ਵਲੋਂ ਪੁਲਾੜ ਵਿਚ ਏਲੀਅਨਾਂ ਦੀ ਤਲਾਸ਼ ਜਾਰੀ ਹੈ। ਭਾਂਤ-ਭਾਂਤ ਦੇ ਟਰਾਂਸਮੀਟਰ, ਰੇਡੀਓ ਟੈਲੀਸਕੋਪ/ਰਿਸੀਵਰ ਪ੍ਰਾਜੈਕਟ ਅਤੇ ਪੁਲਾੜੀ ਜਹਾਜ਼ ਇਸ ਕੰਮ ਵਿਚ ਲੱਗੇ ਹੋਏ ਹਨ। 1977 ਵਿਚ ਇਸ ਸਿਲਸਿਲੇ ਵਿਚ ਦੋ ਵੱਡੀਆਂ ਘਟਨਾਵਾਂ ਵਾਪਰੀਆਂ। ਪਹਿਲੀ ਸੀ ਓਹਾਇਓ ਦੇ ਰੇਡੀਓ ਟੈਲੀਸਕੋਪ ਦੇ ਰਿਸੀਵਿੰਗ ਸੈੱਟ ਉੱਤੇ ਬਹੱਤਰ ਸਕਿੰਟ ਦਾ ਇਕ ਸ਼ਕਤੀਸਾਲੀ ਸਿਗਨਲ ਸੈਗੇਟੇਰੀਅਸ ਤਾਰਾ ਸਮੂਹ ਦੀ ਦਿਸ਼ਾ ਵਿਚੋਂ ਆਇਆ। ਇਹ ਧਰਤੀ ਦੇ ਕਿਸੇ ਵੀ ਸਿਗਨਲ ਨਾਲੋਂ ਏਨਾ ਵੱਖਰਾ ਅਤੇ ਏਨਾ ਸ਼ਕਤੀਸ਼ਾਲੀ ਸੀ ਕਿ ਡਿਊਟੀ ਉੱਤੇ ਬੈਠੇ ਵਿਗਿਆਨੀ ਉੱਛਲ ਪਏ। ਉਨ੍ਹਾਂ ਇਸ ਦੀ ਸਕਰੀਨ ਸ਼ੀਟ ਉੱਤੇ ਝਟ ਇਕ ਦਾਇਰਾ ਲਾ ਕੇ ਹੈਰਾਨੀ ਵਿਚ ਵਾਓ ਲਿਖਿਆ। ਦੁੱਖ ਦੀ ਗੱਲ ਇਹ ਹੋਈ ਕਿ ਉਸ ਪਿੱਛੋਂ ਕਦੇ ਵੀ ਇਹੋ ਜਿਹਾ ਕੋਈ ਸਿਗਨਲ ਨਹੀਂ ਡੀਟੈਕਟ ਹੋਇਆ। ਦੂਜੀ ਗੱਲ ਇਹ ਕਿ ਇਸੇ ਵਰ੍ਹੇ ਪੁਲਾੜ ਵਿਚ ਏਲੀਅਨਾਂ ਦੀ ਤਲਾਸ਼ ਲਈ ਦੋ ਵੱਡੇ ਜਹਾਜ਼ ਵੋਏਜਰ-1 ਅਤੇ ਵੋਏਜਰ-2 ਲਾਂਚ ਕੀਤੇ ਗਏ ਜੋ ਅੱਜ ਚਾਲੀ ਸਾਲ ਬਾਅਦ ਵੀ ਏਲੀਅਨਾਂ ਨੂੰ ਲੱਭਦੇ ਫਿਰ ਰਹੇ ਹਨ। ਢੰਡੋਰਾ ਫੇਰ ਰਹੇ ਹਨ। ਆਵਾਜਾਂ ਮਾਰ ਰਹੇ ਹਨ, ਓ, ਬਈ ਕਿਤੇ ਕੋਈ ਹੈ?... ਜਿਥੇ ਵੀ ਹੋ ਗੱਲ ਕਰੋ ਸਾਡੇ ਨਾਲ। ਅੰਗਰੇਜ਼ੀ ਵਿਚ, ਪੰਜਾਬੀ ਵਿਚ, ਰੇਡੀਓ/ਟੀ.ਵੀ. ਦੇ ਕਿਸੇ ਭਾਸ਼ਾ ਵਿਚ। ਸਾਡੀ ਦੁਨੀਆ ਦੀ ਕਿਸੇ ਵੱਡੀ ਭਾਸ਼ਾ ਵਿਚ। ਆਓ, ਇਨ੍ਹਾਂ ਪੁਲਾੜੀ ਜਹਾਜ਼ਾਂ ਬਾਰੇ ਜ਼ਰਾ ਵਿਸਥਾਰ ਨਾਲ ਗੱਲ ਕਰੀਏ।
ਗੱਲ 1970 ਤੋਂ ਸ਼ੁਰੂ ਹੁੰਦੀ ਹੈ ਜਦੋਂ ਨਾਸਾ ਨੇ ਸਾਡੇ ਸੂਰਜ ਪਰਿਵਾਰ ਦੇ ਬਾਹਰੀ ਦੋ ਗ੍ਰਹਿਆਂ ਜੁਪੀਟਰ ਅਤੇ ਸ਼ਨੀ ਦੀ ਮਹਾਂਯਾਤਰਾ ਦਾ ਮਿਸ਼ਨ ਵਿਉਂਤਿਆ। ਇਨ੍ਹਾਂ ਦੋਹਾਂ ਗ੍ਰਹਿਆਂ ਨੂੰ ਧਰਤੀ ਦੇ ਟੈਲੀਸਕੋਪਾਂ ਨਾਲ ਬਥੇਰਾ ਫਰੋਲਿਆ ਜਾ ਚੁੱਕਾ ਸੀ, ਪਰ ਪੁਲਾੜੀ ਪਰੋਬ ਉਧਰ ਕੋਈ ਨਹੀਂ ਸੀ ਗਈ। ਹੁਣ ਇਨ੍ਹਾਂ ਗ੍ਰਹਿਆਂ 'ਤੇ ਇਨ੍ਹਾਂ ਦੇ ਚੰਨਾਂ (ਉਪਗ੍ਰਹਿਆਂ) ਦੀ ਛਾਣ-ਬੀਣ ਲਈ ਵੋਏਜਰਾਂ ਜਹਾਜ਼ਾਂ ਨੂੰ ਟੀ.ਵੀ. ਕੈਮਰੇ, ਇਨਫਰਾ ਰੈੱਡ/ਅਲਟਰਾ ਵਾਇਲੈਟ ਸਕੈਨਰ, ਪਲਾਜ਼ਮਾ ਡੀਟੈਕਟਰ/ਕਾਸਮਿਕ ਰੇਅ ਚਾਰਜਡ ਪਾਰਟੀਕਲ ਡੀਟੈਕਟਰਾਂ ਨਾਲ ਲੈੱਸ ਕਰ ਕੇ ਭੇਜਣ ਦਾ ਪ੍ਰੋਗਰਾਮ ਬਣਾਇਆ ਗਿਆ। ਪੁਲਾੜੀ ਜਹਾਜ਼ਾਂ ਨੇ ਸੂਰਜ ਤੋਂ ਏਨੀ ਦੂਰ ਜਾਣਾ ਸੀ ਕਿ ਇਨ੍ਹਾਂ ਲਈ ਬਿਜਲੀ ਦੇਣ ਲਈ ਸੋਲਰ ਪੈਨਲ ਕੰਮ ਨਹੀਂ ਆ ਸਕਦੇ ਸਨ। ਇਸ ਲਈ ਬਿਜਲੀ ਦੇਣ ਵਾਸਤੇ ਰੇਡੀਓ-ਐਕਟਿਵ ਪਲੂਟੋਨੀਅਮ-238 ਦਾ ਸਹਾਰਾ ਲਿਆ ਗਿਆ। ਇਸ ਦੇ ਹੌਲੀ-ਹੌਲੀ ਖੁਰਨ ਨਾਲ ਸੇਕ ਨੂੰ ਵਰਤ ਕੇ 249 ਵਾਟ ਬਿਜਲੀ ਦਾ ਪ੍ਰਬੰਧ ਕੀਤਾ ਗਿਆ। ਵੋਏਜਰ ਜੋੜੀ ਦਾ ਵੋਏਜਰ-2 ਵੀਹ ਅਗਸਤ 1977 ਨੂੰ ਅਤੇ ਵੋਏਜਰ-1 ਪੰਜ ਸਤੰਬਰ 1977 ਨੂੰ ਲਾਂਚ ਕੀਤਾ ਗਿਆ। ਵੋਏਜਰ-2 ਦੀ ਸਪੀਡ ਰਤਾ ਘੱਟ ਸੀ ਅਤੇ ਵੋਏਜਰ-1 ਦੀ ਵੱਧ। ਇਸ ਲਈ ਵੋਏਜਰ-1 ਪਿੱਛੋਂ ਚਲ ਕੇ ਵੀ ਉਸ ਨਾਲੋਂ ਅਗਾਂਹ ਨਿਕਲ ਗਿਆ।
ਯੋਜਨਾਕਾਰਾਂ ਨੇ ਪਹਿਲਾਂ ਇਹ ਜਹਾਜ਼ ਜੁਪੀਟਰ ਤੇ ਸ਼ਨੀ ਤਕ ਸੋਚੇ ਸਨ। ਫਿਰ ਇਨ੍ਹਾਂ ਦੀ ਮਾਰ ਯੂਰੇਨਸ ਤੇ ਨੈਪਚੂਨ ਤਕ ਵਧਾਈ ਗਈ ਅਤੇ ਫਿਰ ਇਸ ਤੋਂ ਵੀ ਅਗਾਂਹ ਡੀਪ ਸਪੇਸ, ਡੂੰਘੇ ਪੁਲਾੜ ਵਿਚ ਇਨ੍ਹਾਂ ਨੂੰ ਏਲੀਅਨਾਂ ਨੂੰ ਆਵਾਜਾਂ ਮਾਰਨ ਦਾ ਕੰਮ ਸੌਂਪਣ ਦਾ ਨਿਰਣਾ ਕੀਤਾ ਗਿਆ। ਇਸ ਵਾਸਤੇ ਚੌਵੀ ਘੰਟੇ ਸੰਚਾਰ ਨੈੱਟਵਰਕ ਵਾਸਤੇ ਧਰਤੀ ਉੱਤੇ ਤਿੰਨ ਦੈਂਤ-ਆਕਾਰੀ ਰੇਡੀਓ ਐਨਟੀਨਾ ਮੈਡਰਿਡ (ਸਪੇਨ), ਕੈਨਬਰਾ (ਆਸਟਰੇਲੀਆ) ਤੇ ਗੋਲਡਸਟੋਨ (ਕੈਲੀਫੋਰਨੀਆ) ਵਿਚ ਲਾਏ ਗਏ। 1990 ਤਕ ਇਨ੍ਹਾਂ ਦੋਹਾਂ ਜਹਾਜ਼ਾਂ ਨੇ ਚਾਰੇ ਬਾਹਰੀ ਗ੍ਰਹਿ, ਉਨ੍ਹਾਂ ਦੇ ਉਪਗ੍ਰਹਿ ਅਤੇ ਰਿੰਗਾਂ (ਛੱਲੇ) ਪੂਰੀ ਤਰ੍ਹਾਂ ਫਰੋਲ ਲਏ। ਇਨ੍ਹਾਂ ਨੇ ਦੱਸਿਆ ਕਿ ਜੁਪੀਟਰ ਦੇ ਚੰਨ ਆਇਓ ਉੱਤੇ ਨੌਂ ਵੱਡੇ ਜਵਾਲਾਮੁਖੀ ਹਨ। ਜੁਪੀਟਰ ਉੱਤੇ ਬਿਜਲੀ ਲਿਸ਼ਕਣ ਦੀ ਖ਼ਬਰ ਵੀ ਇਨ੍ਹਾਂ ਨੇ ਹੀ ਦਿੱਤੀ। ਜੁਪੀਟਰ ਦੁਆਲੇ ਛੱਲਿਆਂ ਦੀ ਹੋਂਦ ਅਤੇ ਜੁਪੀਟਰ-2 ਚੰਨ ਯੂਰੋਪਾ ਉੱਤੇ ਧਰਤੀ ਵਾਂਗ ਲਹਿਰਾਂ ਦੇ ਮਹਾਂਸਾਗਰ ਦਾ ਪਤਾ ਵੀ ਪਹਿਲੀ ਵਾਰ ਇਨ੍ਹਾਂ ਨੇ ਦਿੱਤਾ। ਯੂਰੇਨਸ ਤੇ ਨੈਪਚੂਨ ਦੇ ਛੱਲੇ, ਸ਼ਨੀ ਦੇ ਚੰਨ ਟਾਈਟਨ ਨਾਈਟਰੋਜਨ ਦੀ ਬਹੁਤਾਤ ਵਾਲਾ ਵਾਯੂਮੰਡਲ ਅਤੇ ਚਾਰੇ ਗ੍ਰਹਿਆਂ ਦੇ ਵੱਡੀ ਗਿਣਤੀ ਵਿਚ ਉੱਪਗ੍ਰਹਿਆਂ ਦੀ ਖ਼ਬਰ ਵੀ ਇਨ੍ਹਾਂ ਜਹਾਜ਼ਾਂ ਨੇ ਹੀ ਦਿੱਤੀ। ਯੂਰੇਨਸ ਉੱਤੇ ਚੁੰਬਕੀ ਫੀਲਡ ਅਤੇ ਇਸ ਦੀ ਦਿਸ਼ਾ ਘੁੰਮਣ ਦੀ ਧੁਰੀ ਦੀ ਥਾਂ ਮੱਧ ਰੇਖਾ ਨੇੜੇ ਹੋਣ ਦਾ ਸੱਚ ਵੀ ਇਸੇ ਜੋੜੀ ਨੇ ਖੋਜਿਆ।
ਸਾਡੇ ਇਨ੍ਹਾਂ ਚਾਰ ਬਾਹਰੀ ਗ੍ਰਹਿਆਂ ਦੀ ਛਾਣਬੀਣ ਆਪਣੇ ਆਪ ਵਿਚ ਵੱਡਾ ਕੰਮ ਸੀ, ਪਰ ਵੋਏਜਰ ਜੋੜੀ ਨੂੰ ਇਸ ਤੋਂ ਵਡੇਰੇ ਪ੍ਰਾਜੈਕਟ ਲਈ ਤਿਆਰ ਕੀਤਾ ਗਿਆ। ਸਾਡੇ ਸੂਰਜ ਪਰਿਵਾਰ ਦੇ ਗ੍ਰਹਿਆਂ, ਐਸਟਰਾਇਡਾਂ, ਪੂਛਲ ਤਾਰਿਆਂ ਤੇ ਕਿਊਪਰ ਬੈਲਟ ਆਬਜੈਕਟਾਂ ਦੇ ਸਮੂਹ ਨੂੰ ਵਿਗਿਆਨੀ ਹੀ ਲੀਓਸਫੀਅਰ ਆਖਦੇ ਹਨ। ਇਸ ਵਿਚ ਸੋਲਰ ਹਵਾ ਵਗਦੀ ਹੈ, ਜਿਸ ਵਿਚ ਸੂਰਜ ਤੋਂ ਨਿਕਲੇ ਇਲੈਕਟਰਾਨ ਤੇ ਪਰੋਟਾਨ ਭਾਰੀ ਗਿਣਤੀ ਵਿਚ ਹੁੰਦੇ ਹਨ। ਸੂਰਜ ਤੋਂ ਅਠਾਰਾਂ ਅਰਬ ਕਿਲੋ ਮੀਟਰ ਦੂਰੀ ਉੱਤੇ ਸੋਲਰ ਵਿੰਡ ਦੀ ਬਾਹਰੀ ਹੱਦ ਮੁੱਕ ਜਾਂਦੀ ਹੈ ਅਤੇ ਇੰਟਰਸਟੈਲਰ ਪੁਲਾੜ ਸ਼ੁਰੂ ਹੋ ਜਾਂਦਾ ਹੈ। ਵੋਏਜਰਾਂ ਨੂੰ ਇਸ ਦੀ ਛਾਣਬੀਣ ਲਈ ਤਿਆਰ ਕੀਤਾ ਗਿਆ ਹੈ। ਇਸ ਦਾ ਚੁੰਬਕੀ ਫੀਲਡ, ਇਸ ਦੇ ਚਾਰਜਡ ਕਣ, ਪਲਾਜ਼ਮਾ ਤੇ ਕਾਸਮਿਕ ਰੇਂਜ ਦੀ ਪ੍ਰਕਿਰਤੀ ਨੂੰ ਸਮਝਣ ਦਾ ਕਾਰਜ ਸੌਂਪਿਆ ਗਿਆ ਇਨ੍ਹਾਂ ਨੂੰ। ਪੁਲਾੜ ਵਿਚ ਘੁੰਮ ਰਹੀ ਅਲਟਰਾ-ਵਾਇਲੈਟ ਅਬਜ਼ਰਵੇਟਰੀ ਵਾਂਗ ਇਨ੍ਹਾਂ ਨੂੰ ਪੁਲਾੜ ਵਿਚ ਅਲਟਰਾਵਾਇਲਟ ਰੇਡੀਏਸ਼ਨ ਛੱਡਣ ਵਾਲੇ ਖਗੋਲੀ ਪਿੰਡਾਂ ਉੱਤੇ ਨਜ਼ਰ ਰੱਖਣ ਦਾ ਕਾਰਜ ਵੀ ਸੌਂਪਿਆ ਗਿਆ।
ਵੋਏਜਰ-1 ਵੋਏਜਰ-2 ਨੂੰ ਹੀ ਨਹੀਂ ਪਾਇਨੀਅਰ-੧੦, ਪਾਇਨੀਅਰ-੧੧ ਤੇ ਨਿਊ ਹੋਰਾਈਜ਼ਨ ਪੁਲਾੜੀ ਜਹਾਜ਼ਾਂ ਨੂੰ ਵੀ ਸਪੀਡ ਅਤੇ ਫਾਸਲੇ ਪੱਖੋਂ ਪਿੱਛੇ ਛੱਡ ਕੇ ਅੱਗੇ ਜਾਣ ਵਾਲਾ ਪੁਲਾੜੀ ਜਹਾਜ਼ ਹੈ। ਇਹ ਮਾਅਰਕੇ ਇਸ ਨੇ 1990 ਵਿਚ ਹੀ ਮਾਰ ਲਏ ਸਨ। ਦਸੰਬਰ 2004 ਵਿਚ ਵੋਏਜਰ-1 ਅਤੇ ਦਸੰਬਰ 2007 ਵਿਚ ਵੋਏਜਰ-2 ਨੇ ਟਰਮੀਨੇਸ਼ਨ ਸ਼ਾਕ ਨੂੰ ਕਰਾਸ ਕੀਤਾ। ਇਹ ਕਿਹੜੀ ਥਾਂ ਹੈ ਭਲਾ, ਤੁਸੀਂ ਪੁੱਛੋਗੇ। ਉਤਰ ਹੈ, ਇਹ ਉਹ ਥਾਂ ਹੈ ਜਿਥੇ ਸੋਲਰ ਵਿੰਡ ਦੀ ਸਪੀਡ ਆਵਾਜ਼ ਤੋਂ ਘੱਟ ਹੋ ਜਾਂਦੀ ਹੈ। 25 ਅਗਸਤ 2012 ਨੂੰ ਵਾਏਜਰ-ਇੰਟਰਾ-ਸਟੈਲਰ ਸਪੇਸ ਵਿਚ ਦਾਖਲ ਹੋਣ ਵਾਲਾ ਪਹਿਲਾ ਪੁਲਾੜੀ ਜਹਾਜ਼ ਬਣ ਗਿਆ। ਜਹਾਜ਼ 3.6 ਆਸਟਰੋਨਾਮੀਕਲ ਯੂਨਿਟ ਪ੍ਰਤੀ ਵਰ੍ਹਾ ਅਤੇ ਵੋਏਜਰ-2 ਜਹਾਜ਼ 3.3 ਆਸਟਰੋਨਾਮੀਕਲ ਯੂਨਿਟ ਪ੍ਰਤੀ ਵਰ੍ਹਾ ਦੀ ਸਪੀਡ ਉੱਤੇ ਡੂੰਘੇ ਪੁਲਾੜ ਵਿਚ ਅਗਾਂਹ ਤੁਰੇ ਜਾ ਰਹੇ ਹਨ। ਚਾਲੀ ਹਜ਼ਾਰ ਸਾਲ ਬਾਅਦ ਇਹ ਜੋੜੀ ਤਾਰਿਆਂ ਦੇ ਦੇਸ਼ ਵਿਚ ਪਹੁੰਚ ਜਾਵੇਗੀ। ਐਸਟਰੋਨਾਮੀਕਲ ਯੂਨਿਟ ਦਾ ਅਰਥ ਦੱਸਣਾ ਇਥੇ ਉਚਿਤ ਲਗਦਾ ਹੈ। ਇਹ ਹੈ ਸਾਡੀ ਧਰਤੀ ਤੋਂ ਸਾਡੇ ਸੂਰਜ ਦੀ ਦੂਰੀ ਜਿਸ ਨੂੰ ਇਕ ਇਕਾਈ ਭਾਵ ਏ. ਯੂ. ਕਹਿੰਦੇ ਹਨ। ਉਦੋਂ ਵੋਏਜਰ-1 ਜਹਾਜ਼ ਏ. ਸੀ. ਪਲੱਸ 7,93,888 ਤਾਰੇ 1.6 ਪ੍ਰਕਾਸ਼ ਵਰ੍ਹੇ ਦੂਰ ਅਤੇ ਵੋਏਜਰ-2 ਜਹਾਜ਼ ਰਾਸ-248 ਤਾਰੇ ਤੋਂ 1.7 ਪ੍ਰਕਾਸ਼ ਵਰ੍ਹੇ ਦੂਰ ਹੋਵੇਗਾ। ਵੋਏਜਰ-2 ਜੇ ਉਸੇ ਦਿਸ਼ਾ ਵਿਚ ਇੰਜ ਤੁਰੀ ਗਿਆ ਤਾਂ 2,96,000 ਸਾਲ ਵਿਚ ਆਕਾਸ਼ ਦੇ ਸਭ ਤੋਂ ਚਮਕੀਲੇ ਤਾਰੇ ਸਿਰੀਅਸ ਤੋਂ 4.6 ਪ੍ਰਕਾਸ਼ ਵਰ੍ਹੇ ਦੂਰ ਹੋਵੇਗਾ। ਸਪੱਸ਼ਟ ਹੈ ਕਿ ਵੋਏਜਰ ਜਹਾਜ਼ ਦੂਰ ਪੁਲਾੜ ਵਿਚ ਏਲੀਅਨਾਂ ਨੂੰ ਖੋਜਣ ਅਤੇ ਧਰਤੀ ਦਾ ਢੰਡੋਰਾ ਫੇਰਨ ਲਈ ਵਿਉਂਤੇ ਗਏ ਮਿਸ਼ਨ ਹਨ।
ਵੋਏਜਰ ਜਹਾਜ਼ਾਂ ਦੀ ਸਭ ਤੋਂ ਵੱਧ ਮਹੱਤਵ ਵਾਲੀ ਸ਼ੈਅ ਹੈ ਗੋਲਡਨ ਰਿਕਾਰਡ। ਇਸ ਵਿਚ ਸਾਡੀ ਧਰਤੀ ਤੇ ਇਸ ਦੇ ਮਨੁੱਖ ਦੀ ਕਹਾਣੀ ਹੈ ਜੋ ਏਲੀਅਨਾਂ ਲਈ ਅੰਕਿਤ ਕੀਤੀ ਗਈ ਹੈ। ਜੇ ਕਿਤੇ ਇਹ ਜਹਾਜ਼ ਏਲੀਅਨਾਂ ਦੇ ਸੰਪਰਕ ਵਿਚ ਆਉਣ ਤਾਂ ਉਹ ਇਸ ਕਹਾਣੀ ਨੂੰ ਪੜ੍ਹ/ਸੁਣ ਕੇ/ਡੀ. ਕੋਡ ਕਰ ਕੇ ਸਾਡੀ ਧਰਤੀ ਨਾਲ ਸੰਪਰਕ ਕਰ ਲੈਣ। ਅਸੀਂ ਤਾਂ ਉਦੋਂ ਤੱਕ ਨਹੀਂ ਹੋਣਾ, ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨਾਲ ਰਾਬਤਾ ਸਥਾਪਤ ਕਰਨ। ਦੋਹਾਂ ਜਹਾਜ਼ਾਂ ਵਿਚ ਇਕ ਟਾਈਮ ਕੈਪਸੂਲ ਹੈ। ਇਹ 12 ਇੰਚ ਦੀ ਗੋਲਡ ਪਲੇਟਡ ਤਾਂਬੇ ਦੀ ਫੋਨੋਗਰਾਫ਼ ਡਿਸਕ ਦੇ ਰੂਪ ਵਿਚ ਹੈ। ਇਹ ਇਕ ਸੁਰੱਖਿਅਤ ਅਲਮੀਨੀਅਮ ਜੈਕਟ ਵਿਚ ਕਾਰਟਰਿਜ ਤੇ ਨੀਡਲ ਸਮੇਤ ਬੰਦ ਹੈ। ਡਿਸਕ ਦੀ ਇਕ ਸਾਈਡ ਉੱਤੇ ਦੱਸਿਆ ਗਿਆ ਹੈ ਕਿ ਇਹ ਧਰਤੀ ਤੋਂ ਆ ਰਿਹਾ ਹੈ। ਧਰਤੀ ਦੀ ਸਥਿਤੀ ਚੌਦਾਂ ਪਲਸਾਰ ਤਾਰਿਆਂ ਜਿਨ੍ਹਾਂ ਦੇ ਪਲਸੋਸ਼ਨ ਪੀਰੀਅਡ ਐਨ ਸ਼ੁੱਧਤਾ ਨਾਲ ਦੱਸੇ ਜਾ ਸਕਦੇ ਹਨ, ਦੇ ਆਧਾਰ ਉੱਤੇ ਸਪੱਸ਼ਟ ਕੀਤੀ ਗਈ ਹੈ। ਪਲਸਾਰ ਤਾਰੇ ਐਨ ਨਿਸਚਿਤ ਕਾਲ ਅੰਤਰ ਨਾਲ ਨਿਰੰਤਰ ਸਿਗਨਲ ਛੱਡਦੇ ਹਨ। ਡਿਸਕ ਦੇ ਇਸੇ ਪਾਸੇ ਰਿਕਾਰਡ ਨਾਲ ਚਲਾਉਣ ਦੀ ਵਿਧੀ ਸੰਕੇਤਾਂ ਨਾਲ ਸਮਝਾਈ ਗਈ ਹੈ। ਸਾਰਾ ਕੁਝ ਵੱਧ ਤੋਂ ਵੱਧ ਸੌਖੀ ਤਰ੍ਹਾਂ ਸਮਝ ਆਉਣ ਵਾਲੇ ਚਿੱਤਰਾਂ ਨਾਲ ਸਮਝਾਇਆ ਗਿਆ ਹੈ।
ਡਿਸਕ ਦੇ ਦੂਜੇ ਪਾਸੇ ਦੁਨੀਆ ਭਰ ਦੀਆਂ 115 ਤਸਵੀਰਾਂ ਐਨਾਲਾਗ ਰੂਪ ਵਿਚ ਹਨ ਜਿਨ੍ਹਾਂ ਵਿਚ ਮਨੁੱਖੀ ਜੀਵਨ ਤੇ ਇਸ ਦੀ ਸੱਭਿਅਤਾ ਦੀ ਕਹਾਣੀ ਪੇਸ਼ ਹੈ। ਬੱਚੇ ਦਾ ਜਨਮ, ਪਾਲਣ ਪੋਸ਼ਣ, ਸਕੂਲੀ ਸਿੱਖਿਆ, ਖੇਡਾਂ, ਖਾਣ-ਪੀਣ, ਘਰ, ਭਵਨ, ਤਾਜ ਮਹਿਲ ਵਰਗੀਆਂ ਮਹੱਤਵਪੂਰਨ ਬਿਲਡਿੰਗਾਂ, ਪਾਲਤੂ/ਜੰਗਲੀ ਜੀਵ/ਪੰਛੀ/ਜਾਨਵਰ, ਆਵਾਜਾਈ ਦੇ ਸਾਧਨ, ਵਿਗਿਆਨ/ਤਕਨਾਲੋਜੀ ਦੀਆਂ ਪ੍ਰਾਪਤੀਆਂ ਦੇ ਵੇਰਵੇ ਹਨ। ਰਿਕਾਰਡ ਦਾ ਬਾਕੀ ਹਿੱਸਾ ਆਡੀਓ ਰੂਪ ਵਿਚ ਹੈ ਜਿਸ ਨੂੰ 16 ਸਹੀ ਦੋ ਬਟਾ ਤਿੰਨ ਚੱਕਰ ਪ੍ਰਤੀ ਮਿੰਟ ਉੱਤੇ ਚਲਾ ਕੇ ਸੁਣਿਆ ਜਾ ਸਕਦਾ ਹੈ। ਇਸ ਵਿਚ ਲਹਿਰਾਂ, ਹਵਾਵਾਂ, ਬਿਜਲੀ ਦੀ ਕੜਕ ਆਦਿ ਕੁਦਰਤੀ ਆਵਾਜ਼ਾਂ, ਪੰਛੀਆਂ/ਜਾਨਵਰਾਂ ਦੀਆਂ ਭਾਂਤ-ਭਾਂਤ ਦੀਆਂ ਆਵਾਜ਼ਾਂ ਅਤੇ ਪੂਰਬ/ਪੱਛਮ ਦੇ ਕਲਾਸਕੀ ਸੰਗੀਤ ਦੇ ਚੁਣਵੇਂ ਨਮੂਨੇ ਹਨ। ਸਾਡੇ ਦੇਸ਼ ਦੀ ਨੁਮਾਇੰਦਗੀ ਕਾਰਲ ਸਾਗਾਨ ਦੀ ਸਿਫ਼ਾਰਿਸ਼ ਉੱਤੇ ਜੈਪੁਰ ਘਰਾਣੇ ਦੀ ਕੇਸਰ ਬਾਈ ਦੇ ਗਾਇਨ ਨਾਲ ਕੀਤੀ ਗਈ ਹੈ। 1969 ਵਿਚ ਪਦਮਸ਼੍ਰੀ ਨਾਲ ਸਨਮਾਨਿਤ ਕੇਸਰ ਬਾਈ ਨੇ ਇਸ ਵਾਸਤੇ 'ਜਾਤ ਕਹਾਂ ਹੋ ਅਕੇਲੀ ਗੋਰੀ' ਗਾਇਆ ਸੀ। ਕੇਸਰਬਾਈ 1977 ਵਿਚ ਹੀ ਸੁਰਗਵਾਸ ਹੋ ਗਈ ਸੀ।
(ਬਾਕੀ ਅਗਲੇ ਐਤਵਾਰ ਦੇ ਅੰਕ 'ਚ)

-ਹਾਊਸ ਨੰ: 2, ਸਟਰੀਟ ਨੰ: 9, ਗੁਰੂ ਨਾਨਕ ਨਗਰ, ਪਟਿਆਲਾ।

ਘੁੰਮਣ ਦੇ ਸ਼ੌਕੀਨ ਹੋ ਤਾਂ ਜ਼ਰੂਰ ਜਾਣਾ ਭਾਰਤ ਦੇ ਫ਼ਰਾਂਸ ਪੁਡੂਚੇਰੀ

ਕੁਝ ਲੋਕ ਵਿਦੇਸ਼ਾਂ ਵਿਚ ਘੁੰਮਣ ਦਾ ਸ਼ੌਕ ਰੱਖਦੇ ਹਨ ਪਰ ਪੈਸੇ ਦੀ ਕਮੀ ਕਾਰਨ ਆਪਣਾ ਸ਼ੌਕ ਪੂਰਾ ਨਹੀਂ ਕਰ ਪਾਉਂਦੇ। ਜੇਕਰ ਤੁਸੀਂ ਫ਼ਰਾਂਸ ਘੁੰਮਣ ਦਾ ਸ਼ੌਕ ਰੱਖਦੇ ਹੋ ਪਰ ਪੈਸੇ ਦੀ ਕਮੀ ਕਾਰਨ ਫਰਾਂਸ ਨਹੀਂ ਜਾ ਸਕਦੇ ਤਾਂ ਤੁਸੀਂ ਭਾਰਤ ਵਿਚ ਹੀ ਮੌਜੂਦ 'ਫ਼ਰਾਂਸੀਸੀ ਭਾਰਤ' ਦੇ ਨਾਂਅ ਨਾਲ ਜਾਣੇ ਜਾਂਦੇ ਪੁਡੂਚੇਰੀ ਘੁੰਮ ਕੇ ਆਪਣਾ ਸ਼ੌਕ ਵੀ ਪੂਰਾ ਕਰ ਸਕਦੇ ਹੋ ਅਤੇ ਫ਼ਰਾਂਸ ਦੀ ਵੀ ਇਕ ਝਲਕ ਪਾ ਸਕਦੇ ਹੋ।
ਬੰਗਾਲ ਦੀ ਖਾੜੀ ਦੇ ਪੂਰਬ ਵਿਚ ਸਥਿਤ ਪੁਡੂਚੇਰੀ ( ਜੋ ਕਿ 2006 ਤੱਕ ਪਾਂਡੀਚੇਰੀ ਦੇ ਨਾਂਅ ਨਾਲ ਜਾਣਿਆ ਜਾਂਦਾ ਸੀ , ਭਾਰਤ ਦਾ ਇਕ ਵਿਲੱਖਣ ਕੇਂਦਰ ਸ਼ਾਸਤ ਪ੍ਰਦੇਸ਼ ਹੈ ਜੋ ਚਾਰ ਅਲੱਗ-ਅਲੱਗ ਟੁੱਕੜਿਆਂ ਨੂੰ ਮਿਲਾ ਕੇ ਬਣਿਆ ਹੈ ਅਤੇ ਇਹ ਟੁੱਕੜੇ ਤਿੰਨ ਅਲੱਗ-ਅਲੱਗ ਪ੍ਰਦੇਸ਼ਾਂ ਵਿਚ ਹਨ । ਦੋ ਟੁੱਕੜੇ ਪੁਡੂਚੇਰੀ ਅਤੇ ਕਰਾਇਕਲ ਤਾਮਿਲਨਾਡੂ ਵਿਚ, ਤੀਜਾ ਟੁੱਕੜਾ ਮਹੇ ਕੇਰਲ ਵਿਚ ਅਤੇ ਚੌਥਾ ਟੁੱਕੜਾ ਯਮਨ ਆਂਧਰਾ ਪ੍ਰਦੇਸ਼ ਵਿਚ ਹੈ। ਪੁਡੂਚੇਰੀ ਸਭ ਤੋਂ ਵੱਡਾ ਜ਼ਿਲਾ ਹੋਣ ਕਾਰਨ ਪ੍ਰਦੇਸ਼ ਦੀ ਰਾਜਧਾਨੀ ਹੈ। ਹਵਾਈ ਜਹਾਜ਼ ਰਾਹੀਂ ਜਾਣ ਲਈ ਸਭ ਤੋਂ ਨੇੜੇ ਦਾ ਹਵਾਈ ਅੱਡਾ ਚੇਨਈ ਹੈ ਜੋ ਇੱਥੋਂ ਲੱਗਪਗ 150 ਕਿਲੋਮੀਟਰ ਦੂਰ ਹੈ ਅਤੇ ਰੇਲ ਮਾਰਗ ਰਾਹੀਂ ਜਾਣ ਲਈ ਸਭ ਤੋਂ ਨੇੜੇ ਦਾ ਮੁੱਖ ਰੇਲਵੇ ਜੰਕਸ਼ਨ ਬਿਲੂਪੁਰਮ ਹੈ ਜੋ ਇੱਥੋਂ ਲੱਗਪਗ 40 ਕਿਲੋਮੀਟਰ ਦੂਰ ਹੈ । ਵੈਸੇ ਪੁਡੂਚੇਰੀ ਵੀ ਰੇਲਵੇ ਲਾਈਨ ਨਾਲ ਜੁੜਿਆ ਹੋਇਆ ਹੈ ਪ੍ਰੰਤੂ ਦਿੱਲੀ ਤੋਂ ਹਫ਼ਤੇ ਵਿਚ ਇਕ ਗੱਡੀ ਹੀ ਸਿੱਧੀ ਪੁਡੂਚੇਰੀ ਜਾਂਦੀ ਹੈ। ਆਜ਼ਾਦੀ ਤੋਂ ਪਹਿਲਾਂ ਇਹ ਖੇਤਰ ਫ਼ਰਾਂਸੀਸੀਆਂ ਅਤੇ ਅੰਗਰੇਜ਼ਾਂ ਦੇ ਰਾਜ ਅਧੀਨ ਰਿਹਾ ਹੈ ਪਰੰਤੂ ਜ਼ਿਆਦਾ ਸਮਾਂ ਇੱਥੇ ਫਰਾਂਸੀਸੀਆਂ ਦਾ ਹੀ ਰਾਜ ਰਿਹਾ ਹੈ। ਜਦੋਂ ਅੰਗਰੇਜ਼ਾ ਦਾ ਲਗਪਗ ਸਾਰੇ ਭਾਰਤ 'ਤੇ ਰਾਜ ਹੋ ਗਿਆ ਸੀ, ਉਸ ਸਮੇਂ ਵੀ ਪੁਡੂਚੇਰੀ 'ਤੇ ਫ਼ਰਾਂਸੀਸੀਆਂ ਦਾ ਰਾਜ ਰਿਹਾ ਅਤੇ ਉਸ ਸਮੇਂ ਇਹ ਖੇਤਰ ਪੰਜ ਹਿੱਸਿਆਂ ਵਿਚ ਫੈਲਿਆ ਹੋਇਆ ਸੀ। ਇਕ ਹਿੱਸਾ ਚੰਦਨਗੋਰ ਜੋ ਹੁਣ ਪੱਛਮੀ ਬੰਗਾਲ ਦਾ ਹਿੱਸਾ ਹੈ, ਫਰਵਰੀ 1951 ਵਿਚ ਭਾਰਤ ਵਿਚ ਮਿਲ ਗਿਆ ਸੀ ਅਤੇ ਕਾਨੂੰਨੀ ਰੂਪ ਵਿਚ ਜੂਨ 1952 ਵਿਚ ਭਾਰਤ ਦਾ ਹਿੱਸਾ ਬਣ ਗਿਆ। ਬਾਕੀ ਦੇ ਚਾਰ ਹਿੱਸੇ 1954 ਤੱਕ ਫ਼ਰਾਂਸੀਸੀ ਭਾਰਤ ਦਾ ਹਿੱਸਾ ਰਹੇ ਅਤੇ 16 ਅਗਸਤ 1962 ਨੂੰ ਇਹ ਕਾਨੂੰਨੀ ਰੂਪ ਵਿਚ ਭਾਰਤ ਵਿਚ ਮਿਲ ਗਏ ਅਤੇ ਇਨ੍ਹਾਂ ਚਾਰ ਭਾਗਾਂ ਨੂੰ ਮਿਲਾ ਕੇ ਪਾਂਡੀਚੇਰੀ ਦਾ ਗਠਨ ਹੋਇਆ। ਇੱਥੇ ਇਹ ਗੱਲ ਵੀ ਜ਼ਿਕਰਯੋਗ ਹੈ ਕਿ ਆਜ਼ਾਦੀ ਤੋਂ ਬਾਅਦ ਪੂਰੇ ਭਾਰਤ ਵਿਚ ਆਜ਼ਾਦੀ ਦਿਵਸ 15 ਅਗਸਤ ਨੂੰ ਮਨਾਇਆ ਜਾਂਦਾ ਹੈ ਪਰੰਤੂ ਪੁਡੂਚੇਰੀ ਵਿਚ ਆਜ਼ਾਦੀ ਦਿਵਸ 16 ਅਗਸਤ ਨੂੰ ਮਨਾਇਆ ਜਾਂਦਾ ਰਿਹਾ ਕਿਉਂਕਿ ਪੁਡੂਚੇਰੀ ਪੂਰੀ ਤਰਾਂ 16 ਅਗਸਤ 1962 ਨੂੰ ਹੀ ਆਜ਼ਾਦ ਹੋਇਆ ਸੀ। ਅੱਜਕਲ੍ਹ ਇੱਥੋਂ ਦੇ ਜ਼ਿਆਦਾਤਰ ਲੋਕ 15 ਅਗਸਤ ਨੂੰ ਹੀ ਆਜ਼ਾਦੀ ਦਿਵਸ ਮਨਾਉਂਦੇ ਹਨ ਪਰ ਕੁਝ ਲੋਕ ਅਜੇ ਵੀ 16 ਅਗਸਤ ਨੂੰ ਹੀ ਆਜ਼ਾਦੀ ਦਿਵਸ ਮਨਾਉਂਦੇ ਹਨ। ਅਲੱਗ- ਅਲੱਗ ਪ੍ਰਦੇਸ਼ਾਂ ਵਿਚ ਫੈਲਿਆ ਹੋਣ ਕਾਰਨ ਅਲੱਗ-ਅਲੱਗ ਖੇਤਰ ਵਿਚ ਅਲੱਗ-ਅਲੱਗ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਇਸ ਲਈ ਅੰਗਰੇਜ਼ੀ ਤੋਂ ਇਲਾਵਾ ਤਾਮਿਲ, ਤੇਲਗੂ, ਮਲਿਆਲਮ ਅਤੇ ਫ਼ਰੈਂਚ ਇੱਥੋਂ ਦੀਆਂ ਸਰਕਾਰੀ ਭਾਸ਼ਾਵਾਂ ਹਨ। ਭਾਰਤ ਵਿਚ ਕੁਝ ਵਸਨੀਕ ਜੋ ਫ਼ਰਾਂਸੋ- ਪਾਂਡੀਚੇਰੀਅਨ ਵਜੋਂ ਜਾਣੇ ਜਾਂਦੇ ਹਨ, ਅਜੇ ਵੀ ਫ਼ਰਾਂਸ ਦੇ ਰਾਸ਼ਟਰਪਤੀ ਦੀਆਂ ਚੋਣਾਂ ਵਿਚ ਹਿੱਸਾ ਲੈਂਦੇ ਹਨ। 2002 ਤੋਂ ਬਾਅਦ ਤਾਂ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਬਾਕਾਇਦਾ ਆਪਣੇ ਚੋਣ ਪ੍ਰਚਾਰ ਲਈ ਇੱਥੇ ਆਏ ਹਨ।
ਕਿਉਂਕਿ ਪੁਡੂਚੇਰੀ 'ਤੇ ਲੱਗਪਗ 300 ਸਾਲ ਫ਼ਰਾਂਸੀਸੀਆਂ ਦਾ ਰਾਜ ਰਿਹਾ ਹੈ। ਇਸ ਲਈ ਇਸ ਸ਼ਹਿਰ ਵਿਚ ਅੱਜ ਵੀ ਫ਼ਰਾਂਸੀਸੀ ਕਲਾ ਅਤੇ ਸੰਸਕ੍ਰਿਤੀ ਦੇਖਣ ਨੂੰ ਮਿਲ ਜਾਂਦੀ ਹੈ। ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਨੇ ਤਾਂ ਪੁਡੂਚੇਰੀ ਨੂੰ ਫ਼ਰਾਂਸੀਸੀ ਸੰਸਕ੍ਰਿਤੀ ਦੀ ਖਿੜਕੀ ਦਾ ਦਰਜਾ ਦਿੱਤਾ ਸੀ। ਅੱਜ ਵੀ ਭਾਰਤੀ ਅਤੇ ਫਰਾਂਸੀਸੀ ਸੰਸਕ੍ਰਿਤੀ ਦੇ ਇਕਠੇ ਦਰਸ਼ਨ ਕਰ ਕੇ ਮਨ ਖੁਸ਼ ਹੋ ਜਾਂਦਾ ਹੈ। ਇਸ ਤੋਂ ਇਲਾਵਾ ਪੁਡੂਚੇਰੀ ਸਦੀਆਂ ਤੋਂ ਅਧਿਆਤਮਿਕ ਕੇਂਦਰ ਵੀ ਰਿਹਾ ਹੈ ਅਤੇ ਸਦੀਆਂ ਤੋਂ ਲੋਕ ਜੀਵਨ ਦੀ ਦੌੜ-ਭੱਜ ਤੋਂ ਥੱਕ ਕੇ ਸ਼ਾਂਤੀ ਦੀ ਤਲਾਸ਼ ਵਿਚ ਪੁਡੂਚੇਰੀ ਆਉਂਦੇ ਹਨ। ਵੈਸੇ ਤਾਂ ਪੂਰਾ ਪੁਡੂਚੇਰੀ ਹੀ ਬਹੁਤ ਸੁੰਦਰ ਹੈ ਪਰੰਤੂ ਅਰਵਿੰਦੋ ਆਸ਼ਰਮ, ਪੈਰਾਡਾਈਜ਼ ਬੀਚ, ਆਰੋਬਿੱਲੇ ਬੀਚ, ਡੁਪਲਿਕਸ ਮੂਰਤੀ, ਫ਼ਰੈਂਚ ਵਾਰ ਮੈਮੋਰੀਅਲ, 19 ਵੀਂ ਸਦੀ ਦਾ ਲਾਈਟ ਹਾਊਸ, ਦ ਬਾਸਿਲਿਕਾ ਆਫ਼ ਸੇਕ੍ਰੇਡ ਹਾਰਟ ਆਫ਼ ਜੀਸਸ ਵੇਖਣ ਯੋਗ ਸਥਾਨ ਹਨ।
ਅਰਵਿੰਦੋ ਆਸ਼ਰਮ-ਪੱਛਮੀ ਬੰਗਾਲ ਵਿਚ ਪੈਦਾ ਹੋਏ ਮਹਾਨ ਦੇਸ਼ਭਗਤ, ਦਾਰਸ਼ਨਿਕ, ਰਾਸ਼ਟਰਵਾਦੀ ਅਤੇ ਅਧਿਆਤਮਿਕ ਗੁਰੂ ਸ੍ਰੀ ਅਰਵਿੰਦੋ ਘੋਸ਼ ਨੇ ਗਿਆਨ ਪ੍ਰਾਪਤ ਕਰਨ ਲਈ ਕਈ ਸਾਲ ਪੁਡੂਚੇਰੀ ਵਿਚ ਬਿਤਾਏ। ਉਹ ਇਸ ਖੇਤਰ ਵਿਚ ਇੰਨੇ ਮਸ਼ਹੂਰ ਹੋਏ ਕਿ ਅੱਜ ਵੀ ਲੋਕ ਉਨ੍ਹਾਂ ਨੂੰ ਉਸੇ ਅੰਦਾਜ਼ ਅਤੇ ਆਦਰ ਸਤਿਕਾਰ ਨਾਲ ਪੂਜਦੇ ਹਨ। ਅਰਵਿੰਦੋ ਆਸ਼ਰਮ ਦਾ ਨਿਰਮਾਣ ਅਰਵਿੰਦੋ ਨੇ ਹੀ ਕਰਵਾਇਆ ਸੀ। ਹਰ ਸਾਲ ਲੱਖਾਂ ਦੀ ਗਿਣਤੀ ਵਿਚ ਲੋਕ ਅੱਜ ਵੀ ਇਸ ਆਸ਼ਰਮ ਵਿਚ ਆਉਂਦੇ ਹਨ ਅਤੇ ਅੱਜ ਇਹ ਆਸ਼ਰਮ ਇਕ ਤੀਰਥ ਸਥਾਨ ਦਾ ਦਰਜਾ ਹਾਸਲ ਕਰ ਚੁੱਕਾ ਹੈ। ਦੁਨੀਆ ਭਰ ਤੋਂ ਲੋਕ ਅਰਵਿੰਦੋ ਸੁਸਾਇਟੀ ਦੇ ਮੈਂਬਰ ਹਨ ਅਤੇ ਲਗਭਗ 1500 ਮੈਂਬਰ ਇਸ ਆਸ਼ਰਮ ਵਿਚ ਰਹਿੰਦੇ ਹਨ। ਇਹ ਇਮਾਰਤ ਖ਼ੂਬਸੂਰਤ ਪੌਦਿਆਂ ਦੇ ਨਾਲ ਘਿਰੀ ਹੋਈ ਹੈ ਅਤੇ ਖ਼ੂਬਸੂਰਤ ਬਗੀਚੇ ਦੇ ਵਿਹੜੇ ਵਿਚ ਗੁਰੂ ਅਰਵਿੰਦੋ ਦੀ ਸਮਾਧੀ ਹੈ। ਇਸ ਆਸ਼ਰਮ ਵਿਚ ਆਮ ਤੌਰ 'ਤੇ ਸ਼ਾਂਤੀ ਹੀ ਰਹਿੰਦੀ ਹੈ।
ਲਾਈਟ ਹਾਊਸਂਸਮੁੰਦਰੀ ਤੱਟ ਤੇ ਗੋਰੀਮੇਡੁ ਪਹਾੜੀ 'ਤੇ ਬਣਿਆ ਲਾਈਟ ਹਾਊਸ ਅੱਜ ਵੀ ਖ਼ੂਬਸੂਰਤੀ ਨਾਲ ਖੜ੍ਹਾ ਹੈ। ਪੁਰਾਣੇ ਸਮੇਂ ਵਿਚ ਇਸ ਦਾ ਪ੍ਰਯੋਗ ਰਾਤ ਦੇ ਸਮੇਂ ਸਮੁੰਦਰੀ ਜਹਾਜ਼ਾਂ ਨੂੰ ਦਿਸ਼ਾ ਵਿਖਾਉਣ ਵਾਸਤੇ ਹੁੰਦਾ ਸੀ। ਸ਼ਹਿਰ ਦੀ ਪੱਛਮੀ ਸੀਮਾ ਤੋਂ ਲਗਭਗ 5 ਕਿਲੋਮੀਟਰ ਦੂਰ ਬਣਿਆ ਇਹ ਲਾਈਟ ਹਾਊਸ ਅੱਜ ਵੀ ਸੈਲਾਨੀਆਂ ਲਈ ਖਿੱਚ ਦਾ ਮੁੱਖ-ਕੇਂਦਰ ਹੈ।
ਪੈਰਾਡਾਈਜ਼ ਬੀਚਂਇਹ ਸ਼ਹਿਰ ਤੋਂ ਲਗਭਗ 8 ਕਿਲੋਮੀਟਰ ਦੂਰ ਕੁਡੁਲੋਰ ਰੋਡ 'ਤੇ ਸਥਿਤ ਹੈ। ਇੱਥੇ ਸਮੁੰਦਰ ਵਿਚਕਾਰ ਇਕ ਖਾੜੀ ਹੈ ਜਿੱਥੇ ਕਿਸ਼ਤੀ ਰਾਹੀਂ ਹੀ ਜਾਇਆ ਜਾ ਸਕਦਾ ਹੈ। ਕਿਸ਼ਤੀ ਰਾਹੀਂ ਜਾਂਦੇ ਸਮੇਂ ਪਾਣੀ ਵਿਚ ਡੋਲਫਿਨ ਨੂੰ ਮਸਤੀ ਕਰਦਿਆਂ ਵੇਖ ਕੇ ਮਨ ਖ਼ੁਸ਼ ਹੋ ਜਾਂਦਾ ਹੈ। ਇੱਥੋਂ ਦਾ ਨਜ਼ਾਰਾ ਸੱਚਮੁਚ ਇੰਨਾ ਮਨਮੋਹਕ ਹੈ ਜਿਸ ਨੂੰ ਵੇਖ ਕੇ ਇੰਝ ਪ੍ਰਤੀਤ ਹੁੰਦਾ ਹੈ ਕਿ ਸ਼ਾਇਦ ਕਿਸੇ ਨੇ ਇੱਥੋ ਦਾ ਨਜ਼ਾਰਾ ਵੇਖ ਕੇ ਸਵਰਗ ਦੀ ਕਲਪਨਾ ਕੀਤੀ ਹੋਵੇ ਅਤੇ ਇਸ ਬੀਚ ਦਾ ਨਾਮ ਪੈਰਾਡਾਈਜ਼ ਬੀਚ ਰੱਖ ਦਿੱਤਾ ਹੋਵੇ।
ਫ਼ਰੈਂਚ ਵਾਰ ਮੈਮੋਰੀਅਲਂਪੁਡੂਚੇਰੀ 'ਤੇ ਜ਼ਿਆਦਾ ਸਮਾਂ ਫ਼ਰਾਂਸ ਦਾ ਰਾਜ ਰਿਹਾ ਹੈ ਇਸ ਕਰਕੇ ਇਥੋਂ ਦੇ ਲੋਕ ਫ਼ਰਾਂਸੀਸੀ ਫ਼ੌਜ ਵਿਚ ਵੀ ਨੌਕਰੀਆਂ ਕਰਦੇ ਰਹੇ ਹਨ ਅਤੇ ਸਮੇਂ-ਸਮੇਂ 'ਤੇ ਫ਼ਰਾਂਸ ਲਈ ਯੁੱਧ ਵੀ ਲੜਦੇ ਰਹੇ ਹਨ। ਪਹਿਲੇ ਵਿਸ਼ਵ ਯੁੱਧ ਸਮੇਂ ਫ਼ਰਾਂਸ ਲਈ ਲੜਦੇ ਹੋਏ ਸ਼ਹੀਦ ਹੋਏ ਬਹਾਦੁਰ ਸੈਨਿਕਾਂ ਦੀ ਯਾਦ ਵਿਚ ਦੱਖਣੀ ਤੱਟ ਤੇ ਗੋਬਰਟ ਐਵਨਿਊ ਵਿਚ ਇਕ ਫ਼ਰੈਂਚ ਵਾਰ ਮੈਮੋਰੀਅਲ ਬਣਾਇਆ ਗਿਆ ਹੈ। ਹਰ ਸਾਲ 14 ਜੁਲਾਈ ਨੂੰ ਇੱਥੇ ਬੈਸਟਾਇਲ ਡੇ ਧੂਮਧਾਮ ਨਾਲ ਮਨਾਇਆ ਜਾਂਦਾ ਹੈ । ਇਸ ਦਿਨ ਸਮਾਰਕ ਨੂੰ ਖ਼ੂਬਸੂਰਤੀ ਨਾਲ ਸਜਾਇਆ ਜਾਂਦਾ ਹੈ ਅਤੇ ਸ਼ਹੀਦ ਬਹਾਦੁਰ ਸੈਨਿਕਾਂ ਨੂੰ ਯਾਦ ਕਰ ਕੇ ਉਨ੍ਹਾਂ ਨੂੰ ਸਰਾਧਾਂਜਲੀ ਦਿੱਤੀ ਜਾਂਦੀ ਹੈ। ਵਾਰ ਮੈਮੋਰੀਅਲ ਦੇ ਸਾਹਮਣੇ ਹੀ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੀ ਮੂਰਤੀ ਵੀ ਲੱਗੀ ਹੈ ਜਿਸ ਕਾਰਨ ਇਸ ਸਥਾਨ ਨੂੰ ਗਾਂਧੀ ਬੀਚ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ।
ਆਰੋਬਿੱਲੇ ਬੀਚ-ਸ਼ਹਿਰ ਤੋਂ ਲੱਗਪਗ 12 ਕਿਲੋਮੀਟਰ ਦੂਰ ਇਹ ਬੀਚ ਆਰੋਬਿੱਲੇ ਦੇ ਨੇੜੇ ਸਥਿਤ ਹੈ। ਇਸ ਬੀਚ 'ਤੇ ਪਾਣੀ ਦੀ ਗਹਿਰਾਈ ਜ਼ਿਆਦਾ ਨਹੀਂ ਹੈ। ਇਸ ਲਈ ਤੈਰਾਕੀ ਦੇ ਸ਼ੌਕੀਨਾਂ ਲਈ ਇਹ ਸਭ ਤੋਂ ਵਧੀਆ ਸਥਾਨ ਹੈ। ਛੁੱਟੀ ਵਾਲੇ ਦਿਨ ਤੈਰਾਕੀ ਦੇ ਸ਼ੌਕੀਨਾਂ ਦੀ ਇੱਥੇ ਭੀੜ ਲੱਗੀ ਰਹਿੰਦੀ ਹੈ।
ਡੁਪਲਿਕਸ ਮੂਰਤੀ-ਫਰੈਂਕਾਇਸ ਡੁਪਲਿਕਸ ਪੁਡੂਚੇਰੀ ਦੇ ਸਫ਼ਲ ਗਵਰਨਰਾਂ ਵਿਚੋਂ ਇਕ ਸਨ ਅਤੇ ਉਹ 1780 ਤੱਕ ਪੁਡੂਚੇਰੀ ਦੇ ਗਵਰਨਰ ਰਹੇ। ਉਨ੍ਹਾਂ ਦੇ ਕੰਮਾਂ ਨੂੰ ਵੇਖਦੇ ਹੋਏ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਲਈ ਉਨ੍ਹਾਂ ਦੀਆਂ ਦੋ ਮੂਰਤੀਆਂ ਲਗਵਾਉਣ ਦਾ ਫ਼ੈਸਲਾ ਹੋਇਆ। ਇਕ ਫ਼ਰਾਂਸ ਵਿਚ ਅਤੇ ਦੂਸਰੀ ਪੁਡੂਚੇਰੀ ਵਿਚ। ਗ੍ਰੇਨਾਈਟ ਦੀ ਇਹ ਮੂਰਤੀ 2.88 ਮੀਟਰ ਉੱਚੀ ਹੈ ਅਤੇ ਦੱਖਣੀ ਤੱਟ 'ਤੇ ਗੋਬਰਟ ਐਵੇਨਿਊ ਵਿਚ ਲਗਾਈ ਗਈ ਹੈ। ਮੂਰਤੀ ਦੇ ਆਲੇ-ਦੁਆਲੇ ਖ਼ੂਬਸੂਰਤ ਅਤੇ ਰੰਗ-ਬਿਰੰਗੇ ਫੁੱਲਾਂ ਦਾ ਬਗ਼ੀਚਾ ਹੈ ਜਿੱਥੇ ਬੱਚਿਆਂ ਨੂੰ ਖੇਡਦੇ ਵੇਖਿਆ ਜਾ ਸਕਦਾ ਹੈ।

-ਮਾਡਲ ਟਾਊਨ ਮੁਕੇਰੀਆਂ, ਜ਼ਿਲ੍ਹਾ ਹੁਸ਼ਿਆਰਪੁਰ।
ਮੋਬਾਈਲ : 94647-30770.

ਔਖਿਆਈ ਰੂਹ-ਸਾਥੀ ਮਿਲਣ ਦੀ

ਵਿਆਹ ਤੋਂ ਪਹਿਲਾਂ ਤਕਰੀਬਨ ਹਰੇਕ ਪ੍ਰਾਣੀ ਦੀ ਤਮੰਨਾ ਹੁੰਦੀ ਹੈ ਕਿ ਉਸ ਦਾ ਆਪਣੇ ਰੂਹਸਾਥੀ ਨਾਲ ਮੇਲ ਹੋ ਜਾਵੇ ਤੇ ਬਾਅਦ ਵਿਚ ਵਿਆਹ ਵੀ ਹੋ ਜਾਵੇ। ਸਾਇੰਸ ਇਹ ਆਖਦੀ ਹੈ ਕਿ ਇਸ ਗ੍ਰਹਿ 'ਤੇ ਹਰੇਕ ਦੇ ਕੋਈ 5,00,000,000 ਰੂਹਸਾਥੀ ਹੈਣ ਪਰ ਸਾਰੇ ਦੇ ਸਾਰੇ ਸਬੱਬ, ਚਾਂਸ ਦੀ ਓਟ ਪਿੱਛੇ ਨੇ। ਇਨ੍ਹਾਂ ਸਿਰ ਚਕਰਾਅ ਦੇਣ ਵਾਲੇ ਅੰਕਾਂ ਦੀ ਨਿਬਤ ਨੂੰ ਜੇਕਰ ਘਟਾ ਲਈਏ ਤਾਂ 10,000 ਵਿਚ ਤੁਹਾਡਾ ਇਕ ਰੂਹਸਾਥੀ ਤੁਹਾਡੇ ਇਕ ਜੀਵਨ ਕਾਲ ਲਈ ਹੈ। ਔਖਿਆਈ ਉਵੇਂ ਫਿਰ ਬਰਕਰਾਰ ਰਹਿੰਦੀ ਹੈ ਕਿ ਇਨ੍ਹਾਂ 10,000 ਵਿਚੋਂ ਉਹ ਕਿਹੜਾ ਹੈ, ਜਿਸ ਉੱਤੇ ਪਹਿਲੀ ਹੀ ਨਜ਼ਰ ਮੋਹਰ ਲਗਾ ਦੇਵੇਗੀ ਕਿ ਇਹੋ ਹੈ ਮੇਰੇ ਸੁਪਨਿਆਂ ਦਾ ਰੂਹਸਾਥੀ।
ਮੇਰੇ ਇਕ ਦੋਸਤ ਕਰਨਲ ਸਾਹਿਬ ਨੇ ਆਪਣੇ ਬੇਟੇ ਦੇ ਵਿਆਹ ਦੌਰਾਨ ਜੋੜੇ ਨੂੰ ਢੁਕਵੀਆਂ ਅਸੀਸੜੀਆਂ ਦੇਣ ਤੋਂ ਪਹਿਲਾਂ ਬਹੁਤ ਕੁਝ ਡੂੰਘਾ ਸੋਚਿਆ ਤਾਂ ਜੋ ਮੂੰਹੋਂ ਨਿਕਲਣ ਵਾਲੇ ਸ਼ਬਦ ਉਨ੍ਹਾਂ ਦੇ ਜੀਵਨ ਸਫ਼ਰ ਨਾਲ ਸਹੀ ਮੇਲ ਖਾਣ। ਉਹਨੇ ਪੂਰੀਆਂ ਸੰਭਵ ਤਿਲ੍ਹਕਣਬਾਜ਼ੀਆਂ ਨੂੰ ਮੁੱਖ ਰੱਖਦਿਆਂ ਹੋਇਆਂ ਅੰਦਾਜ਼ਾ ਕੀਤਾ ਕਿ ਮੰਨਿਆ ਕਿ ਉਸ ਦੇ ਬੇਟੇ ਦੇ ਕਰੋੜਾਂ ਰੂਹਸਾਥੀ ਹੈਣ ਪਰ ਉਹ ਪੂਰੇ ਗ੍ਰਹਿ 'ਤੇ ਖਿੰਡੇ ਹੋਏ ਹਨ। ਜਿਸ ਉਮਰ ਤੋਂ ਉਸ ਦੇ ਬੇਟੇ ਨੇ ਰੂਹਸਾਥੀ ਲੱਭਣ ਦੇ ਇਰਾਦੇ ਨਾਲ ਆਪਣੀ ਨਜ਼ਰ ਘੁਮਾਉਣੀ ਸ਼ੁਰੂ ਕੀਤੀ ਹੋਵੇਗੀ ਤੇ ਅੱਜ ਦੇ ਵਿਆਹ ਦੇ ਮੌਕੇ ਵਿਚਕਾਰ ਦਾ ਅਰਸਾ ਬਾਹਲਾ ਨਾ ਹੋਣ ਕਰਕੇ, ਸ਼ਾਇਦ ਹੀ ਉਸ ਦਾ ਬੇਟਾ ਏਨੇ ਲੰਮੇ ਚੌੜੇ ਗ੍ਰਹਿ ਨੂੰ ਗਾਹ ਸਕਿਆ ਹੋਵੇ। ਇਸ ਪੂਰੀ ਸ਼ਸ਼ੋਪੰਜ ਵਿਚ ਉਹਨੇ ਆਹ ਅਸੀਸੜੀ ਦਿੱਤੀ, 'ਮੈਂ ਯਕੀਨਨ ਤਾਂ ਕਹਿ ਨਹੀਂ ਸਕਦਾ ਕਿ ਤੁਸੀਂ ਵਾਕਿਆ ਹੀ ਇਕ-ਦੂਜੇ ਲਈ ਬਣੇ ਹੋਏ ਹੋ। ਪਰ ਇਹ ਵੀ ਕਿਸੇ ਕਰਾਮਾਤ ਤੋਂ ਘੱਟ ਨਹੀਂ ਕਿ ਤੁਸਾਂ ਇਕ-ਦੂਜੇ ਨੂੰ ਪਸੰਦ ਕੀਤਾ ਤੇ ਚੁਣਿਆ ਹੈ। ਖ਼ੁਸ਼ ਰਹੋ, ਰੱਬ ਰਾਖਾ।'
ਰੂਹਸਾਥੀ ਦੀ ਭਾਲ... ਤੀਰ ਤੁੱਕੇ ਵਾਲਾ ਸਬੱਬ ਹੈ। ਪਰ ਇਨਸਾਨ ਲੱਗਾ ਰਹਿੰਦਾ ਹੈ ਆਪਣੇ ਆਦਰਸ਼ਕ ਸਾਥੀ ਨੂੰ ਖੋਜਣ ਵਿਚ। ਖਿਆਲ ਬਹੁਤ ਪੁਰਾਣਾ ਹੈ। ਪਲੈਟੋ/ਅਫ਼ਲਾਤੂਨ ਦੇ 'ਸਿੰਪੋਜ਼ੀਅਮ' ਵਿਚ ਯੂਨਾਨੀ ਦੇਵਤਿਆਂ ਵਿਚੋਂ ਸਿਰਕੱਢ ਦੇਵਤਾ 'ਜ਼ੂਅਸ' ਨੇ ਇਨਸਾਨ ਦੇ ਘੁਮੰਡ ਨੂੰ ਤੋੜਨ ਲਈ, ਉਸ ਵਿਚ ਹਲੀਮੀ ਲਿਆਉਣ ਵਾਸਤੇ ਉਸ ਨੂੰ ਦੋ ਭਾਗਾਂ ਵਿਚ ਕਰ ਦਿੱਤਾ। ਉਦੋਂ ਤੋਂ ਹੀ ਇਕ ਭਾਗ ਦੂਜੇ ਵਿਛੜੇ ਬਿਹਤਰ ਭਾਗ ਨੂੰ ਭਾਲਣ ਲਈ ਭਟਕਦਾ ਰਹਿੰਦਾ ਹੈ। ਦੂਸਰੇ ਸ਼ਬਦਾਂ ਵਿਚ, ਸ਼ੁਰੂ ਤੋਂ ਹੀ ਇਨਸਾਨੀ ਫ਼ਿਤਰਤ ਵਿਚ ਇਕ ਵਜੋਂ ਦਾ ਉਕਰਿਆ ਹੋਇਆ ਹੈ ਕਿ ਉਹ ਆਪਣੇ ਰੂਹਸਾਥੀ ਲਈ ਲੋਚਦਾ ਹੈ ਤੇ ਭਾਲਦਾ ਰਹਿੰਦਾ ਹੈ। ਇਸ ਵਾਸਤੇ ਇਨਸਾਨੀ ਅਧੂਰਾਪਣ ਤਾਂ ਹੀ ਸੰਪੂਰਨ ਹੋ ਸਕਦਾ ਹੈ ਜਦ ਇਸ ਦਾ ਬਿਹਤਰ ਅੱਧ ਪਿਘਲ ਕੇ ਇਸ ਨਾਲ ਇਕ ਹੋ ਜਾਵੇ ਤੇ ਇਸ ਮਿੱਠੇ ਸਰਾਪ ਤੋਂ ਨਿਜ਼ਾਤ ਮਿਲ ਸਕੇ।
ਦੋ ਵਿਛੜੇ ਅੱਧਾਂ ਦਾ ਆਪਸੀ ਮੇਲ ਜਿੰਨਾ ਰਮਣੀਕ ਹੈ, ਓਨਾ ਹੀ ਨੁਕਸਾਨਦੇਹ ਵੀ ਸਾਬਤ ਹੋ ਸਕਦਾ ਹੈ। ਲੋਕਾਂ ਦੇ ਦਿਲਾਂ ਵਿਚ ਕੁਝ ਅਜਿਹੀਆਂ ਨਾਮੁਮਕਿਨ ਆਸ਼ਾਵਾਂ ਘਰ ਕਰੀ ਰੱਖਦੀਆਂ ਹਨ ਕਿ ਚੰਗੇ ਭਲੇ ਰਿੜ੍ਹ ਰਹੇ ਜੀਵਨ ਵਿਚ ਖਾਹਮਖਾਹ ਦਾ ਖ਼ਦਸ਼ਾ ਜਿਹਾ ਰਹਿੰਦਾ ਹੈ ਕਿ ਸ਼ਾਇਦ ਮੱਠੀ ਰਫ਼ਤਾਰ ਨਾਲ ਚਲ ਰਹੀ ਜ਼ਿੰਦਗੀ ਆਦਰਸ਼ਕ ਨਹੀਂ ਜਾਂ ਓਨੀ ਰੁਮਾਂਟਿਕ ਨਹੀਂ, ਜਿਸ ਦੌਰਾਨ ਦੋਵੇਂ ਸਾਥੀ ਇਕ-ਦੂਜੇ ਦੇ ਪ੍ਰੇਮ ਵਿਚ ਲਟੂ ਰਹਿਣ। ਇਸ ਕਿਸਮ ਦਾ ਭਰਮ ਸ਼ਾਦੀਸ਼ੁਦਾ ਜੀਵਨ ਵਿਚ ਖਲਬਲੀ ਲਿਆਈ ਰੱਖਦਾ ਹੈ। ਦੋਵੇਂ ਜਾਂ ਇਕ ਸਾਥੀ ਉਸ ਰੁਮਾਂਟਿਕ ਵਾਪਰਨਾ ਦੀ ਉਡੀਕ ਵਿਚ ਰਹਿੰਦਾ ਹੈ ਜਿਹੜੀ ਸਾਰੀ ਉਮਰ ਸ਼ਾਇਦ ਨਾ-ਮੁਮਕਿਨ ਹੀ ਰਹੇ।
ਮੇਰੇ ਇਕ ਡਾਕਟਰ ਯਾਰ ਨੇ ਆਪਣੀ ਹੱਡ-ਬੀਤੀ ਦੱਸਦਿਆਂ ਕਿਹਾ, 'ਇਕ ਦਿਨ ਪਹਿਲੀ ਨਜ਼ਰੇ ਹੀ ਉਸ ਨੂੰ ਇਉਂ ਲੱਗਾ ਕਿ ਜਿਸ ਉਤੇ ਉਸ ਦੀ ਟਿਕਟਿਕੀ ਲੱਗ ਗਈ ਸੀ ਸ਼ਾਇਦ ਉਹ ਹੀ ਉਸ ਦਾ ਰੂਹਸਾਥੀ ਸੀ। ਫਿਰ ਕਿੱਤੇ ਦੇ ਰੁਝੇਵਿਆਂ ਨੇ, ਜ਼ਿੰਦਗੀ ਦੀਆਂ ਹੋਰ ਅਣਮੁੱਕ ਮੰਗਾਂ ਨੇ ਇਸ ਵਾਪਰਨਾ ਨੂੰ ਫਿੱਕਾ ਪਾ ਦਿੱਤਾ। ਮੈਨੂੰ ਇਉਂ ਮਹਿਸੂਸ ਹੋਇਆ ਕਿ ਜੇਕਰ ਉਹ ਭਾਵ ਹਕੀਕਤ ਵਿਚ ਉਹੀ ਸੀ, ਯਾਨੀ ਰੂਹਸਾਥੀ ਮਿਲਣ ਦਾ ਤਾਂ ਏਨੀ ਛੇਤੀ ਭਾਫ਼ ਵਾਂਗ ਉੱਡ ਵੀ ਕਿਉਂ ਗਿਆ।' ਉਸ ਦੇ ਕਹਿਣ ਦਾ ਮਤਲਬ ਇਹ ਸੀ ਕਿ ਇਨਸਾਨ ਪਹਿਲੀ ਨਜ਼ਰੇ ਉਠੇ ਪਿਆਰ ਨੂੰ ਬੇਲੋੜੀ ਮਹੱਤਤਾ ਦੇ ਰਿਹਾ ਹੈ।
ਸਾਡੇ ਇਕ ਬਹੁਤ ਸੀਨੀਅਰ ਐਂਗਲੋ ਇੰਡੀਅਨ ਅਫ਼ਸਰ ਨੇ ਦੋ ਕੁ ਪੈੱਗ ਮਾਰ ਕੇ (ਮੈੱਸ ਵਿਚ) ਅਕਸਰ ਆਪਣੀ ਸੁਪਤਨੀ ਬਾਰੇ ਦੱਸਣਾ ਕਿ ਸਕੂਲ ਦੇ ਦਿਨਾਂ ਤੋਂ ਹੀ ਉਹ ਇਕ-ਦੂਜੇ ਨੂੰ ਜਾਣਦੇ ਸਨ। ਅਫ਼ਸਰ ਬਣਨ ਉਪਰੰਤ ਉਹਨੇ ਉਸੇ ਸੁਪਨਿਆਂ ਦੀ ਸ਼ਹਿਜ਼ਾਦੀ ਨਾਲ ਵਿਆਹ ਕਰਵਾਇਆ। ਅਸੀਂ ਉਨ੍ਹੀਂ ਦਿਨੀਂ ਅਜੇ ਛੜੇ ਛਟਾਂਕ ਹੁੰਦੇ ਸੀ। ਉਹਨੇ ਸਾਨੂੰ ਨਸੀਹਤਾਂ ਕਰਨੀਆਂ ਕਿ ਥਿਊਰੀ ਵਿਚ ਹਾਂ, ਰੂਹਸਾਥੀ ਠੀਕ ਹੈ। ਏਨੀ ਲੰਮੀ ਚੌੜੀ ਦੁਨੀਆ ਵਿਚ ਕਿਸੇ ਵੀ ਲੜਕੀ 'ਤੇ ਦਿਲ ਆ ਜਾਣਾ ਇਕ ਸੁਭਾਵਿਕ ਜਿਹੀ ਘਟਨਾ ਹੁੰਦੀ ਹੈ ਤੇ ਪਹਿਲਾ ਖਿਆਲ ਜਿਹੜਾ ਆਮ ਸਿਰ ਚੁੱਕਦਾ ਹੈ ਉਹ ਉਸ ਲੜਕੀ ਨਾਲ ਵਿਆਹ ਕਰਵਾਉਣ ਦਾ ਹੀ ਹੁੰਦਾ ਹੈ। ਵਿਆਹ ਪਿੱਛੋਂ ਵੀ ਤੁਹਾਨੂੰ ਥਿਊਰੀ ਵਾਲਾ ਰੂਹਸਾਥੀ ਸ਼ਾਇਦ ਦੂਰ ਦੀ ਗੱਲ ਲੱਗੇ। ਪਰ ਫਿਰ ਕੀ! ਉਸ ਦੀ ਨਸੀਹਤ ਦਾ ਨਿਚੋੜ ਇਹੋ ਸੀ ਕਿ ਇਕ ਨੂੰ ਜਾਂ ਦੋਵਾਂ ਸਾਥੀਆਂ ਨੂੰ ਕਿਤੇ ਤਾਂ ਰੁਕਣਾ ਹੀ ਹੁੰਦਾ ਹੈ। ਕਈ ਵਾਰ ਉਹਨੇ ਬਹੁਤ ਹੀ ਬੇਬਾਕ ਲਹਿਜ਼ੇ ਵਿਚ ਗ੍ਰਹਿਸਥੀ 'ਤੇ ਵਰ੍ਹਨਾ, 'ਬਹੁਤ ਹੀ ਕੋਈ ਪਹੁੰਚਿਆ ਹੋਇਆ ਪ੍ਰਾਣੀ ਆਪਣੀ ਜ਼ਿੰਦਗੀ ਦੇ ਆਖਰ ਵਿਚ ਸ਼ਾਇਦ ਹੀ ਕਿਸੇ ਸਾਰਥਿਕ ਦਾਅਵੇ ਨਾਲ ਕਹਿ ਸਕੇ ਕਿ ਏਨੀ ਭਰੀ ਦੁਨੀਆ ਵਿਚ ਉਸ ਨੂੰ ਫ਼ਲਾਂ (ਫਲਾਣੇ) ਨਾਲ ਵਿਆਹ ਕਰਵਾਉਣਾ ਸਹੀ ਰਹਿਣਾ ਸੀ। ਨਹੀਂ ਤਾਂ ਆਦਰਸ਼ਕ ਵਿਆਹ ਵੀ ਆਮ ਤੌਰ 'ਤੇ ਗ਼ਲਤੀਆਂ ਹੀ ਹੁੰਦੀਆਂ ਨੇ।' ਉਸ ਦੇ ਕਹਿਣ ਦਾ ਤੱਤ ਇਹ ਸੀ ਕਿ ਇਸ ਮੁਕੰਮਲ ਜੱਗ ਵਿਚ ਜਾਂ ਏਨੀ ਨਾ-ਸੰਪੂਰਨ ਦੁਨੀਆ ਅੰਦਰ ਥੋੜ੍ਹੀ ਜਿਹੀ ਸਾਵਧਾਨੀ ਵਰਤਣ ਨਾਲ ਹੋ ਸਕਦਾ ਹੈ ਕਿ ਰੂਹਸਾਥੀ ਮਿਲ ਸਕਦਾ ਸੀ। ਯਾਨੀ ਪੂਰੇ ਯਕੀਨ ਨਾਲ ਕੋਈ ਵੀ ਨਹੀਂ ਕਹਿ ਸਕਦਾ ਕਿ ਉਸ ਦਾ ਫ਼ਲਾਂ ਰੂਹਸਾਥੀ ਇਸ ਗ੍ਰਹਿ ਦੇ ਫ਼ਲਾਂ ਖੱਲ-ਖੂੰਜੇ ਵਿਚ ਹੈ। ਵਾਹ ਪੈਣ ਤੋਂ ਬਾਅਦ ਹੀ...।
ਅਸਲ ਵਿਚ ਰੂਹਸਾਥੀ ਲੱਭਣ ਦਾ ਭੂਤ ਇਨਸਾਨ 'ਤੇ ਇਸ ਕਰਕੇ ਸਵਾਰ ਰਹਿੰਦਾ ਹੈ ਕਿ ਰੁਮਾਂਟਿਕ ਪੱਧਰ 'ਤੇ ਉਹ ਇਸ ਦੀ ਲੱਜ਼ਤ ਮਾਣਨਾ ਚਾਹੁੰਦਾ ਹੈ, ਜਦ ਕਿ ਰੁਮਾਂਟਿਕ ਪਿਆਰ ਦੀ ਪ੍ਰੰਪਰਾ ਮੁਕਾਬਲਤਨ ਕਾਫ਼ੀ ਨਵੀਂ ਹੈ। ਇਸ ਤੋਂ ਪਹਿਲਾਂ ਇਕ ਸਾਥੀ ਅਮੂਮਨ ਦੂਸਰੇ ਸਾਥੀ ਤੋਂ ਆਸ ਰੱਖਦਾ ਸੀ ਕਿ ਚੰਗੇ ਮਾੜੇ ਵਕਤਾਂ ਵਿਚ ਉਹ ਇਕ-ਦੂਜੇ ਦੀ ਬਾਂਹ ਫੜਨਗੇ। ਯਾਨੀ ਉਹ ਮਿਲ ਕੇ ਜੀਵਨ ਸੰਘਰਸ਼ ਕਰਨਗੇ। ਪਹਿਲੇ ਜ਼ਮਾਨਿਆਂ ਵਿਚ ਤੇ ਹੁਣ ਵੀ ਆਮ ਅਨੁਭਵ ਇਹੋ ਹੀ ਹੈ ਕਿ ਦੂਸਰੇ ਸਾਥੀ ਨੂੰ ਆਪਣੀ ਰੂਹ ਮੂਜਬ ਢਾਲ੍ਹਿਆ ਜਾ ਸਕਦਾ ਹੈ। ਚੰਗੇ ਤੋਂ ਚੰਗੇ ਸਾਥੀ ਦੀ ਚੋਣ ਤੇ ਕੁੰਡਲੀਆਂ ਦੇ ਮੁਕੰਮਲ ਸੁਮੇਲ ਦੇ ਬਾਵਜੂਦ ਵੀ ਇਹ ਜ਼ਰੂਰੀ ਨਹੀਂ ਕਿ ਦੋਵੇਂ ਸਾਥੀ ਛੇਤੀ ਹੀ ਇਕ-ਦੂਜੇ ਦੇ ਸਕੇ ਮਹਿਸੂਸਣ ਲੱਗ ਪੈਣ। ਵਕਤ ਬੜੀ ਡਾਢੀ ਦਵਾਈ ਹੈ। ਸਮਾਂ ਪੈ ਕੇ ਇਕ-ਦੂਜੇ ਦੀ ਹਾਜ਼ਰ ਹਜ਼ੂਰੀ ਵਿਚ ਜ਼ਿੰਦਗੀ ਬਸਰ ਕਰਨ ਨਾਲ ਹੌਲੀ-ਹੌਲੀ ਦੋਵੇਂ ਰੂਹਾਂ ਇਕ-ਦੂਜੇ ਵਿਚ ਕੁਝ ਸੱਕਾਪਨ ਮਹਿਸੂਸਣ ਲੱਗ ਪੈਂਦੀਆਂ ਹਨ। ਇਹ ਚਮਤਕਾਰ ਇਕ ਦਿਨ ਵਿਚ ਨਾ ਵੀ ਵਾਪਰੇ, ਸ਼ਾਇਦ ਸਾਲਾਂ ਲੱਗ ਜਾਣ ਜਾਂ ਉਮਰ ਦੀ ਸੁਰਮਈ ਸ਼ਾਮ ਵਿਚ, ਸ਼ੁਕਰਾਨੇ ਵਜੋਂ ਜਾਂ ਅਹਿਸਾਨਾਂ ਕਰਕੇ, ਕਾਰਨ ਬੜੇ ਨੇ, ਇਹ ਵਲਵਲਾ ਉੱਠੇ ਕੇ ਉਨ੍ਹਾਂ ਨੇ ਆਪਸੀ ਸੱਚੇ ਸਹਿਯੋਗ ਨਾਲ ਪੂਰੀ ਕਬੀਲਦਾਰੀ ਨੂੰ ਸਿਰੇ ਚੜ੍ਹਾਇਆ ਹੈ। ਲੋੜ ਹੈ ਤਾਂ ਧੀਰਜ ਦੀ, ਵਕਤ ਦੀ, ਤੋੜ ਨਿਭਾਉਣ ਦੀ।

(ਬਾਕੀ ਅਗਲੇ ਐਤਵਾਰ ਦੇ ਅੰਕ 'ਚ)
-ਮੋਬਾਈਲ : 97806-66268.

ਚਲੋ, ਵਾਤਾਵਰਨ ਬਚਾਈਏ

ਵਰ੍ਹਾ 2017 ਵੀ ਬਾਕੀ ਵਰ੍ਹਿਆਂ ਦੀ ਤਰ੍ਹਾਂ ਸਮੇਂ ਦੀ ਤੋਰ ਤੁਰਦਾ ਬੀਤ ਗਿਆ ਹੈ। ਸਾਡੀ ਸਭ ਦੀ ਉਮਰ ਵੀ ਇਕ ਸਾਲ ਅੱਗੇ ਨੂੰ ਵਧ ਗਈ ਹੈ। ਸਭ ਦੇ ਮਨਸੂਬੇ ਹੋਰ ਧਨ ਪਦਾਰਥ ਤੇ ਲੋੜਾਂ ਦੀ ਯੋਜਨਾਬੰਦੀ ਹੋਏਗੀ। ਪਰ ਕੀ ਨਵਾਂ ਸਾਲ ਸਾਡੇ ਮੱਥੇ ਨੂੰ ਠਕੋਰੇਗਾ, ਇਹ ਤੁਰਿਆ ਜਾਂਦਾ ਸਮਾਂ, ਕੀ ਸਾਡੇ ਮਨ ਦੇ ਬੂਹੇ 'ਤੇ ਠੱਕ-ਠੱਕ ਕਰੇਗਾ?
ਜਿਸ ਟਾਹਣ 'ਤੇ ਬੈਠੇ ਹੋਈਏ ਉਸ ਨੂੰ ਵੀ ਕਦੇ ਕੋਈ ਕੱਟਦਾ ਹੈ। ਜਿਥੇ ਸਭ ਵਸਦੇ ਹੋਣ ਉਹ ਧਰਤੀ, ਸਥਾਨ ਤਾਂ ਆਪਣਾ ਹੁੰਦਾ ਹੈ। ਅਸੀਂ ਸਭ ਇਸ ਧਰਤੀ ਦੀ ਧਰਮਸ਼ਾਲਾ ਵਿਚ ਵਸਦੇ, ਹੱਸਦੇ, ਰੋਂਦੇ, ਸਭ ਨੂੰ ਪਿੱਛੇ ਛੱਡ ਕੇ ਸਭਨਾਂ ਤੋਂ ਉੱਚਾ ਰੁਤਬਾ ਪਾਉਂਦੇ ਤੇ ਸਭ ਤੋਂ ਬੁੱਚਾ ਕਿਰਦਾਰ ਲੁਕਾਉਂਦੇ ਹੀ ਰਹਾਂਗੇ...?
ਅਕਾਰਣ ਤਾਂ ਨਹੀਂ ਹੈ ਇਹ ਮਨੁੱਖੀ ਕਾਰਖਾਨਾ, ਕਿੰਨੇ ਸਮਿਆਂ ਦੀ ਘਾਲਣਾ ਨਾਲ ਅੱਗੇ ਵਧੀ ਇਹ ਜੀਵਨ ਪ੍ਰਣਾਲੀ, ਕੁਦਰਤ ਦੀ ਅਨੋਖੀ ਪ੍ਰਕਿਰਿਆ ਤੇ ਮਨੁੱਖੀ ਸਿਆਣਪ ਤੇ ਸੂਝ-ਬੂਝ ਦਾ ਤਜਰਬਾ ਤੇ ਮਿਹਨਤ ਦੋਵਾਂ ਦਾ ਫਲ ਹੈ। ਲੈਣ-ਦੇਣ, ਵਪਾਰ, ਵਾਧਾ-ਘਾਟਾ, ਸਿੱਖਣਾ ਫੇਰ ਅੱਗੇ ਵਧਣਾ, ਵਸਤਾਂ ਤੇ ਅਹਿਸਾਸ ਸਭੋ ਵਿਕਾਸ ਤੇ ਮਿਹਨਤ ਦਾ ਸਿੱਟਾ ਹੈ।
ਇਨਸਾਨ ਕਹਾਉਣ ਤੇ ਬਣਨ ਵਿਚ ਢੇਰ ਅੰਤਰ ਹੈ। ਅਸੂਲ ਬਣਾਉਂਦੇ ਨੇ ਇਨਸਾਨ ਤੇ ਉਸ ਦਾ ਸੁਚੱਜਾ ਵਰਤਾਰਾ ਤੇ ਤਾਲ-ਮੇਲ ਕੁਦਰਤ ਦੀ ਬਖਸ਼ਿਸ਼ ਨੂੰ ਕਦਰ ਨਾਲ ਵਰਤਦਾ ਲੈਅ ਵਿਚ ਤੁਰਦਾ ਜਾਂਦਾ ਹੈ, ਜੀਵਨ ਪ੍ਰਣਾਲੀ ਨੂੰ ਅੱਗੇ ਤੋਰਦਾ, ਵਰ੍ਹਿਆਂ ਦੇ ਨਾਲ ਤੁਰਦਾ, ਸਦੀਆਂ ਦੇ ਪੰਨੇ ਲਿਖਦਾ, ਹਰ ਇਕ ਦੇ ਆਚਰਣ ਵਿਚ ਉਸ ਦਾ ਮਾਤਾ-ਪਿਤਾ, ਪੂਰਵਜ਼, ਜਿਊਣ ਦੀ ਖੇਡ ਨਾਲ ਉਸ ਵਿਚ ਮੌਜੂਦ ਹਨ, ਉਨ੍ਹਾਂ ਨੂੰ ਹੋਰ ਲਿਸ਼ਕਾਉਂਦਾ, ਆਪਣਾ ਯੋਗਦਾਨ ਪਾਉਂਦਾ ਹੈ ਹਰੇਕ, ਤੇ ਹਰੇਕ ਨੂੰ ਬਣਾਉਂਦੇ ਹਨ ਉਸ ਦੇ ਅਸੂਲ। ਅਸੂਲ ਜੋ ਮਿਲਦੇ ਹੋਣ, ਅਧਿਆਪਕਾਂ ਕੋਲੋਂ, ਸਿਖਣਾ ਜੋ ਮਿਲਦਾ ਹੈ ਸਿੱਖਣ ਵਾਲੇ ਨੂੰ ਲਿਖਾਰੀ, ਡਾਕਟਰ, ਦੋਸਤ, ਮਿੱਤਰ, ਸਹਿਪਾਠੀ, ਸਹਿਯੋਗੀ ਕੋਲੋਂ। ਆਪਣੇ ਮਨਪਸੰਦ ਅਸੂਲਾਂ ਦਾ ਗੁਲਦਸਤਾ ਤਿਆਰ ਕਰੇ, ਹਰ ਕੋਈ ਆਜ਼ਾਦ ਹੋ, ਇਸ ਲਈ..., ਪਰ ਕਿਸ ਪੜਾਅ 'ਤੇ ਖੜ੍ਹੇ ਹਾਂ ਅਸੀਂ ਕਿ ਅਸੂਲਾਂ ਵਾਲਾ ਬੰਦਾ ਅੱਜ ਖ਼ਾਮੋਸ਼ ਹੁੰਦਾ ਜਾ ਰਿਹਾ ਹੈ। ਪਦਾਰਥਵਾਦ ਤੇ ਬਾਜ਼ਾਰ, ਵਪਾਰ ਦੇ ਇਸ ਯੁੱਗ ਨੇ ਵਿਦਵਾਨਾਂ ਨੂੰ ਵਿਚਾਰਸ਼ੀਲਾਂ ਨੂੰ ਵਾਧੂ ਨਕਾਰਨ ਵਿਚ ਕੋਈ ਕਸਰ ਨਹੀਂ ਰੱਖੀ, ਭੀੜ ਵਿਚ ਚੱਕੀਰਾਹੇ ਦੀ ਸੁਣਦਾ ਹੀ ਕੌਣ ਹੈ।
ਮੈਂ ਪਿਛਲੇ ਡੇਢ ਕੁ ਦਹਾਕੇ ਤੋਂ ਸਮੇਂ-ਸਮੇਂ ਸਿਰ ਅਖ਼ਬਾਰ ਲਈ ਲਿਖਦੀ ਰਹੀ ਆਪਣੀ ਸੂਝ-ਬੂਝ ਮੁਤਾਬਿਕ। ਪਰ ਤਕਰੀਬਨ ਤਿੰਨ ਕੁ ਸਾਲਾਂ ਤੋਂ ਕਲਮ ਬਿਲਕੁਲ ਚੁੱਪ ਸੀ। ਇੰਜ ਲੱਗੇ ਕਿ ਕਲਾ ਦਾ ਕੋਈ ਅਗਲਾ ਪੜਾਅ ਇਵੇਂ ਹੁੰਦਾ ਹੋਵੇਗਾ, ਪਰ ਗਹਿਰੀ ਸੁੰਨ... ਹਿੰਮਤ ਜਿਹੀ ਕਰ ਕੇ ਡੂੰਘਾ ਟਟੋਲਿਆ ਤੇ ਵੇਦਨਾ ਜਿਹੀ ਭਰ ਕੇ ਇਕ ਛੋਟੀ ਜਿਹੀ ਘਟਨਾ ਸਾਹਮਣੇ ਆ ਖੜ੍ਹੀ... ਘਰ ਤੱਕ ਅਖ਼ਬਾਰ ਨੂੰ ਪਹੁੰਚਾਉਣ ਵਾਲਾ ਲੜਕਾ ਕੁਝ ਕੋਤਾਹੀ ਵਰਤਦਾ, ਕਦੇ ਅਖ਼ਬਾਰ ਨਾਲੀ ਵਿਚ, ਕਦੇ ਬਾਰਿਸ਼ ਵਿਚ, ਕਦੇ ਦੋ ਦਿਨ ਦਾ ਅਖ਼ਬਾਰ ਇਕੱਠਾ ਤੇ ਕਦੇ ਮੈਗਜ਼ੀਨ ਵਾਲਾ ਸਫ਼ਾ ਗ਼ਾਇਬ, ਬਿੱਲ ਲੈਣ ਲਈ ਪੁੱਜੇ ਏਜੰਸੀ ਮਾਲਕ ਨੂੰ ਸ਼ਿਕਾਇਤ ਕਰ ਦੇਣ 'ਤੇ ਸਾਡਾ ਅਖ਼ਬਾਰ ਬੰਦ। ਰੋਜ਼ ਦਾ ਚਾਹ ਦਾ ਸਾਥੀ ਅਖ਼ਬਾਰ ਗ਼ਾਇਬ ਹੋ ਗਿਆ। ਹਰ ਰੋਜ਼ ਸਾਡਾ ਸਹਾਇਕ ਚਾਰ-ਪੰਜ ਕਿਲੋਮੀਟਰ ਤੋਂ ਅਖ਼ਬਾਰ ਲੱਭ ਕੇ ਲਿਆਵੇ, ਮਨ ਤੇ ਬਿਰਤੀ ਵੀ ਦੋਵੇਂ ਅੱਕ-ਥੱਕ ਗਏ।
ਮੇਰੇ ਨਾਲੋਂ ਕਿਤੇ ਪ੍ਰੇਸ਼ਾਨ ਮੇਰਾ ਸਾਥੀ ਪਰਮਜੀਤ ਮਾਂਗਟ, ਕਦੇ ਅਖ਼ਬਾਰ ਕਿਸੇ ਦੂਸਰੇ ਦੇ ਘਰ ਸੁਟਵਾ ਕੇ ਬਿੱਲ ਦਿਓ, ਫਿਰ ਪਿੰਡ ਵਿਚ ਬੈਠੇ ਹੋਣ ਕਾਰਨ ਪੰਜਾਬੀਅਤ ਦੀ ਸਹੀ ਸ਼ਬਦਾਂ ਵਿਚ ਤਰਜ਼ਮਾਨੀ ਕਰਨ ਦੀ ਸਜ਼ਾ, ਤੇ ਫੇਰ...ਫੇਰ... ਕਈ ਵਾਰ ਕਰਕੇ ਅਖ਼ਬਾਰ ਬੰਦ, ਪਰ ਕੁਦਰਤ ਵੀ ਬਲਵਾਨ ਤੇ ਮਿੱਤਰ ਹੀ ਰਹਿੰਦੀ ਹੈ। ਮੇਰੇ ਸਾਥੀ ਪਰਮਜੀਤ ਮਾਂਗਟ ਇਸ ਸਦਮੇ ਕਾਰਨ ਡਾਇਰੀ ਲਿਖਣ ਲੱਗੇ ਤੇ ਚੰਗੀ ਲੇਖਣੀ ਅੱਗੇ ਆਉਣ ਲੱਗੀ ਤੇ ਕੁਦਰਤ ਨੇ ਤਾਂ ਫਿਰ ਦੋਹਰੀ ਬਖ਼ਸ਼ਿਸ਼ ਕਰ ਦਿੱਤੀ ਤੇ ਅੱਜ ਫਿਰ ਮਨ ਨੇ ਅੰਗੜਾਈ ਭਰੀ ਕਿ ਚੱਲ ਫਿਰ ਤੋਂ ਵਿਚਾਰਾਂ ਦੀ ਸਾਂਝ ਪਾਈਏ...।
ਅੱਜ ਇਕ ਰੁੱਖ ਜੋ ਮੇਰੇ ਕਮਰੇ ਦੀ ਬਾਰੀ ਦੇ ਸਾਹਮਣੇ ਖੜ੍ਹਾ ਹੈ, ਉਸ ਦੇ ਪਿੱਛੇ ਖੜ੍ਹੇ ਝਾੜੀਨੁਮਾ ਛੋਟੇ-ਛੋਟੇ ਪੌਦੇ, ਸਭ ਇਕ ਵਿਸਮਾਦੀ ਚੁੱਪਧਾਰੀ ਖੜ੍ਹੇ ਹਨ, ਇਨ੍ਹਾਂ ਸਭਨਾਂ ਨੇ ਝੁਲਸਦੀ ਗਰਮੀ... ਲੂ... ਘੱਟਾ ਮਿੱਟੀ, ਧੂੰਆਂ... ਜ਼ਹਿਰ ਤੇ ਸਾਡਾ ਸਭ ਦਾ ਪੈਦਾ ਕੀਤਾ ਖ਼ਤਰਨਾਕ ਪ੍ਰਦੂਸ਼ਣ ਸਭੋ ਕੁਝ ਆਪਣੇ ਅੰਦਰ ਸੋਖ਼ ਲਿਆ ਸੀ। ਫਿਰ ਇਹ ਤੇਜ਼ ਹਨੇਰੀਆਂ ਵਿਚ ਲਿਫ਼-ਲਿਫ਼ ਕੇ ਨੀਵੇਂ ਹੋ ਕੇ ਇਸ ਧਰਤੀ ਨੂੰ ਸਿਜਦਾ ਹੀ ਕਰਦੇ ਰਹੇ, ਕਈ ਟਾਹਣ ਵੀ ਟੁੱਟੇ, ਕਈ ਪੰਛੀਆਂ ਦੇ ਆਲ੍ਹਣੇ ਵੀ ਡਿੱਗੇ, ਪਰ ਕਿਣਮਿਣ ਕਣੀਆਂ ਦੀ ਫੁਹਾਰ ਨੇ ਇਨ੍ਹਾਂ ਨੂੰ ਸਭ ਕੁਝ ਭੁਲਾ ਦਿੱਤਾ। ਪੱਤਿਆਂ ਦੀ ਸਾਰੀ ਮਿੱਟੀ ਲਾਹ ਸੁੱਟੀ ਤੇ ਤਿਪ-ਤਿਪ ਫੁਹਾਰਾਂ ਨੇ ਇਨ੍ਹਾਂ ਵਿਚ ਨਵੀਂ ਰੂਹ ਭਰ ਦਿੱਤੀ, ਇਨ੍ਹਾਂ ਸਾਵੇ-ਸਾਵੇ ਪੱਤਰਾਂ ਵਿਚ ਫੁੱਲ ਵੀ ਖਿੜੇ ਤੇ ਫਲ ਵੀ ਟਪਕੇ, ਰਸ ਵੀ ਡੁੱਲ੍ਹਿਆ। ਚੰਬਾ ਕਲੀਆਂ, ਗੁਲਾਬ ਕਿਆਰੀਆਂ ਸਭੇ ਮਹਿਕੇ, ਛੋਟੀ-ਛੋਟੀ ਪ੍ਰਕਿਰਿਆ, ਗਤੀ ਤੇ ਨਤੀਜਾ, ਟਿਕਿਆ ਹੋਇਆ ਇਕ ਸਾਰ... ਪਰ ਤੂੰ ਨਾ ਟਿਕਿਆ...ਵੇ ਮਨਾ... ਕੁਦਰਤ ਦੀ ਲੈਅ ਗਤੀ ਤੋਂ ਬਾਹਰਾ ਹੋ ਕੇ ਭੱਜਦਾ ਹੀ ਰਿਹਾ, ਤੇਰੀਆਂ ਲੋੜਾਂ ਤੇਰੀਆਂ ਭੁੱਖਾਂ ਤੇਰੇ ਸੁਪਨੇ ਕੁਦਰਤ ਤੋਂ ਬਾਹਰ ਹੀ ਹਨ... ਫਿਰ ਇਨ੍ਹਾਂ ਨੂੰ ਪੂਰਨ ਲਈ ਸ਼ੈਤਾਨੀ ਨੀਤੀਆਂ, ਜਦੋਂ ਤੇਰੇ ਸਭੋ ਕਾਰੇ ਤੇਰੇ ਆੜੇ ਆਉਂਦੇ ਹਨ ਤੇ ਕਿੰਨਾ ਰੋਂਦਾ, ਪਿੱਟਦਾ ਹੈਂ ਤੇ ਦੋਸ਼ ਕੁਦਰਤ ਨੂੰ ਦਿੰਦਾ ਹੈਂ... ਤੇਰਾ ਕੁਝ ਨਹੀਂ ਬਣਨਾ, ਤੇਰੀ ਭਟਕਣਾ ਤੇਰੀ ਹੀ ਸਿਰਜਣਾ ਹੈ... ਸਿਰਜਕ ਦੀ ਸਿਰਜਣਾ ਤੇ ਇਕ ਤਾਲ, ਇਕ ਸਾਰ ਮਲਕੜੇ ਜਿਹੇ ਤੁਰਦੀ ਕੰਨੋ-ਕੰਨੀ ਖ਼ਬਰ ਨਹੀਂ ਹੋਣ ਦਿੰਦੀ, ਤੇਰੇ ਲਾਏ ਲਾਂਬੂ ਨੂੰ ਜਗ ਦੇਖਦਾ ਹੈ, ਉਸ ਦੀ ਲੱਗੀ ਤੇ ਅੰਦਰੋਂ ਅੰਦਰੀ ਧੁਖਦੀ ਮਘਦੀ ਜਿਹੀ ਸੇਕ ਦਿੰਦੀ, ਰਾੜ੍ਹ ਕੇ ਰੱਖ ਦਿੰਦੀ ਹੈ, ਕੱਚਾ ਰਤਾ ਨਹੀਂ ਛੱਡਦੀ, ਜਿਸ ਨੂੰ ਪਕਾਉਣ 'ਤੇ ਰੱਖ ਦੇਵੇ, ਤੇਰੀ ਹਰ ਫ਼ਸਲ ਭਰ ਜਾਂਦੀ ਹੈ, ਪੱਕ ਜਾਂਦੀ ਹੈ... ਹਰ ਪੇਟ ਦੀ ਭੁੱਖ ਨੂੰ ਸ਼ਾਂਤ ਕਰਨ ਲਈ ਇਸ ਨੂੰ ਵੀ ਹਰ ਮੌਸਮ ਦਾ ਵਾਰ ਝੱਲਣਾ ਪੈਂਦਾ ਹੈ, ਪਰ ਤੇਰੇ ਪੱਲੇ ਨਹੀਂ ਪੈਂਦੀ। ਤੇਰੀਆਂ ਕਿੰਨੀਆਂ ਫ਼ਸਲਾਂ ਪੱਕੀਆਂ, ਨੋਟ ਬਣੀਆਂ, ਤੇਰੀਆਂ ਲੋੜਾਂ ਪੂਰੀਆਂ ਪਰ ਤੇਰੀਆਂ ਲੋੜਾਂ, ਯੋਜਨਾਵਾਂ ਫਿਰ ਕਰਜ਼ੇ ਤੇ ਖੁਦਕੁਸ਼ੀਆਂ ਬਣਦੀਆਂ ਹੀ ਰਹੀਆਂ। ਕਿਉਂਕਿ ਇਹ ਤੇਰੀ ਯੋਜਨਾ ਹੈ, ਇਹ ਤੇਰੇ ਜੀਵਨ ਦੇ ਵੱਡੇ ਸਮਾਗਮ, ਵੱਡੇ ਵਿਆਹ, ਵੱਡਾ ਦਿਖਾਵਾ ਤੇਰਾ ਨੱਕ, ਤੇਰਾ ਵਿਹਾਰ, ਤੇਰੀ ਯੋਜਨਾਬੰਦੀ ਦਾ ਸਿੱਟਾ ਹੈ। ਏਨੀ ਕੁਹਜੀ-ਕੁਚੱਜੀ ਜੀਵਨਸ਼ੈਲੀ, ਜਾਪੇ ਜਿਵੇਂ ਅਸਮਾਨ ਛੂਹ ਲਿਆ...। ਵਾਹ!...ਕਾਸ਼! ਇਹ ਸਾਲ ਤੈਨੂੰ ਬਦਲੇ, ਮਨਾ ਕਿਤੇ ਮੰਨ ਜਾਵੇਂ ਤੂੰ ਇਸ ਵਾਰੀ, ਚੱਲ ਇਸ ਧੁੰਦ ਦੀ ਚਾਦਰ ਥੱਲੇ ਦੁਆ ਕਰੀਏ! ਇਸ ਵਾਰ ਬਸੰਤ ਆਵੇ ਜ਼ਰੂਰ, ਤੂੰ ਤੇ ਮੈਂ ਬਸੰਤੀ ਹੋ ਜਾਈਏ... ਚੱਲ ਫਿਰ ਦੁਆਵਾਂ ਕਰੀਏ... ਇਹ ਵਾਤਾਵਰਨ ਬਚੇ... ਚੰਗੇ ਸਾਹ ਲੈਣ ਜੋਗਾ... ਚੱਲ ਵਾਤਾਵਰਨ ਬਚਾਈਏ ਤਨ ਤੇ ਮਨ ਦੋਵਾਂ ਦਾ...।

-ਪਿੰਡ ਤੇ ਡਾਕ: ਛੰਦੜਾਂ, ਜ਼ਿਲ੍ਹਾ ਲੁਧਿਆਣਾ-141113.
ਮੋਬਾਈਲ : 98141-25722.

ਭੁੱਲੀਆਂ ਵਿਸਰੀਆਂ ਯਾਦਾਂ

ਪੰਜਾਬੀ ਫ਼ਿਲਮਾਂ ਵਿਚ, ਨਾਟਕਾਂ ਵਿਚ ਤੇ ਟੀ.ਵੀ. ਦੇ ਲੜੀਵਾਰ ਪ੍ਰੋਗਰਾਮਾਂ ਵਿਚ ਹਰਭਜਨ ਜੱਬਲ ਜਿਹੜੀ ਕਲਾ ਵਿਖਾ ਗਏ ਤੇ ਦਰਸ਼ਕਾਂ ਨੂੰ ਹਸਾ ਗਏ ਹਨ, ਉਹ ਕਲਾ ਕਿਸੇ ਹੋਰ ਕਲਾਕਾਰ ਦੇ ਹਿੱਸੇ ਨਹੀਂ ਆਈ। ਹਰਭਜਨ ਜੱਬਲ ਨੂੰ ਹਿੰਦੀ ਫ਼ਿਲਮਾਂ ਵਾਲਿਆਂ ਨੇ ਆਖਿਆ ਸੀ, 'ਅਸੀਂ ਤੈਨੂੰ ਆਪਣੀ ਫ਼ਿਲਮ ਦਾ ਹੀਰੋ ਲੈਂਦੇ ਹਾਂ, ਤੂੰ ਆਪਣੇ ਕੇਸ, ਦਾੜ੍ਹੀ ਮੁਨਾ ਦੇ।' ਜੱਬਲ ਨੇ ਆਖਿਆ, 'ਕੇਸ-ਦਾੜ੍ਹੀ ਮੇਰੇ ਗੁਰੂ ਦੀ ਦਿੱਤੀ ਹੋਈ ਦਾਤ ਹੈ ਮੈਨੂੰ, ਮੈਂ ਹੀਰੋ ਬਣਨ ਲਈ ਕੇਸ-ਦਾੜ੍ਹੀ ਨਹੀਂ ਮੁਨਾ ਸਕਦਾ ਤੇ ਨਾ ਹੀ ਤੁਹਾਡੀ ਫ਼ਿਲਮ ਦਾ ਹੀਰੋ ਬਣ ਸਕਦਾ ਹਾਂ।' ਅਖੀਰ ਤੱਕ ਜੱਬਲ ਕੇਸਾਂ ਤੇ ਦਾੜ੍ਹੀ ਨਾਲ ਹੀ ਫ਼ਿਲਮਾਂ ਤੇ ਨਾਟਕਾਂ ਵਿਚ ਕੰਮ ਕਰਦਾ ਰਿਹਾ ਸੀ। ਪਰ ਅੱਜ ਦੇ ਕਲਾਕਾਰ ਹੀਰੋ ਬਣਨ ਲਈ ਹਰ ਸਮਝੌਤਾ ਕਰ ਲੈਂਦੇ ਹਨ। ਬਹੁਤ ਘੱਟ ਕਲਾਕਾਰ ਹਨ ਜਿਹੜੇ ਕੇਸਾਂ ਤੇ ਦਾੜ੍ਹੀ ਨਾਲ ਫ਼ਿਲਮਾਂ ਤੇ ਨਾਟਕਾਂ ਵਿਚ ਕੰਮ ਕਰਦੇ ਹਨ। ਜੱਬਲ ਯਾਰਾਂ ਦਾ ਯਾਰ ਸੀ। ਉਹ ਤੇ ਉਸ ਦੀ ਘਰਵਾਲੀ ਇਸ ਸੰਸਾਰ ਵਿਚ ਨਹੀਂ ਪਰ ਕਲੋਲਾਂ ਕਰਦੇ ਆਪਣੀ ਇਕ ਯਾਦ ਛੱਡ ਗਏ ਹਨ।

-ਮੋਬਾਈਲ : 98767-41231

ਭਾਰਤੀ ਸਿਨੇਮਾ ਦੇ ਅਮਿੱਟ ਹਸਤਾਖ਼ਰ-136

ਅੰਤਰਰਾਸ਼ਟਰੀ ਪਛਾਣ ਦਿਵਾਉਣ ਵਾਲਾ ਮਹਿਬੂਬ ਖ਼ਾਨ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਇਸ ਤਰ੍ਹਾਂ 1935 ਵਿਚ ਮਹਿਬੂਬ ਖ਼ਾਨ ਨੇ 'ਅਲ ਹਿਲਾਲ' ਫ਼ਿਲਮ ਦਾ ਨਿਰਦੇਸ਼ਨ ਕੀਤਾ। ਇਹ ਫ਼ਿਲਮ ਹਾਲੀਵੁੱਡ ਦੇ ਪ੍ਰਸਿੱਧ ਨਿਰਮਾਤਾ-ਨਿਰਦੇਸ਼ਕ ਸੀਸਿਲ ਬੀ ਡੀਮੈਲੀ ਦੀ ਫ਼ਿਲਮ 'ਦਿ ਸਾਈਨ ਆਫ਼ ਕ੍ਰਾਸ' (1932) ਤੋਂ ਪ੍ਰੇਰਿਤ ਸੀ। ਫ਼ਿਲਮ ਵਿਚ ਉਸ ਵੇਲੇ ਦੇ ਚਰਚਿਤ ਸਿਤਾਰੇ ਕੁਨਾਰ, ਇੰਦਰਾ, ਸਿਤਾਰਾ ਦੇਵੀ, ਯਾਕੂਬ ਸ਼ਾਮਿਲ ਸਨ। ਅਰਬ ਅਤੇ ਰੋਮ ਦੇ ਦਰਮਿਆਨ ਯੁੱਧ ਦੇ ਪਿਛੋਕੜ 'ਤੇ ਆਧਾਰਿਤ ਇਹ ਫ਼ਿਲਮ ਦਰਸ਼ਕਾਂ ਦਾ ਮਨ ਜਿੱਤਣ 'ਚ ਸਫ਼ਲ ਰਹੀ ਸੀ।
'ਅਲ ਹਿਲਾਲ' ਦੀ ਕਾਮਯਾਬੀ ਤੋਂ ਫੌਰਨ ਬਾਅਦ ਸਾਗਰ ਮੂਵੀਟੋਨ ਵਾਲਿਆਂ ਨੇ ਉਸਨੂੰ ਆਪਣੀ ਅਗਲੀ ਫ਼ਿਲਮ 'ਚੈਲੇਂਜ' ਦਾ ਨਿਰਦੇਸ਼ਨ ਦੇਣ ਦੀ ਵੀ ਘੋਸ਼ਣਾ ਕਰ ਦਿੱਤੀ, ਜਿਸ ਦਾ ਨਾਇਕ ਮੋਤੀ ਲਾਲ ਸੀ। ਮੋਤੀ ਲਾਲ ਤੋਂ ਮਹਿਬੂਬ ਖ਼ਾਨ ਖ਼ੁਸ਼ ਨਹੀਂ ਸੀ, ਕਿਉਂਕਿ ਉਸ ਦੇ ਕਾਰਨ ਹੀ ਉਹ ਇਕ ਫ਼ਿਲਮ 'ਚ ਹੀਰੋ ਬਣਨ ਤੋਂ ਵਾਂਝਿਆ ਰਹਿ ਗਿਆ ਸੀ। ਇਸ ਲਈ ਉਸ ਨੇ ਸਾਗਰ ਮੂਵੀਟੋਨ ਨੂੰ ਛੱਡਣ ਦਾ ਫ਼ੈਸਲਾ ਕਰ ਲਿਆ। ਇਕ ਵਾਰ ਫਿਰ ਫਰਦੂਨ ਇਰਾਨੀ ਹੀ ਉਸ ਦੀ ਮਦਦ ਲਈ ਅੱਗੇ ਆਇਆ ਅਤੇ ਉਸ ਨੇ ਸਮਝੌਤਾ ਕਰਵਾ ਦਿੱਤਾ।
ਇਸ ਸਮਝੌਤੇ ਦੇ ਅਨੁਸਾਰ ਹੁਣ ਸਟਾਰ ਕਾਸਟ ਸਾਰੀ ਬਦਲ ਦਿੱਤੀ ਗਈ ਸੀ। ਫ਼ਿਲਮ ਦਾ ਟਾਈਟਲ ਵੀ 'ਚੈਲੇਂਜ' ਤੋਂ ਬਦਲ ਕੇ 'ਡੈਕਨ ਕਵੀਨ' ਰੱਖ ਦਿੱਤਾ ਗਿਆ ਸੀ। ਮੋਤੀ ਲਾਲ ਦੀ ਥਾਂ 'ਤੇ ਸੁਰਿੰਦਰ ਨਾਥ ਨੂੰ ਪ੍ਰਮੁੱਖ ਭੂਮਿਕਾ ਦਿੱਤੀ ਗਈ।
ਸਾਗਰ ਮੂਵੀਟੋਨ ਨੇ ਹੀ ਫਿਰ ਉਸ ਨੂੰ 'ਮਨਮੋਹਨ' (1936) ਫ਼ਿਲਮ ਦਾ ਨਿਰਦੇਸ਼ਨ ਸੌਂਪਿਆ। ਇਹ ਫ਼ਿਲਮ ਨਿਊ ਥੀਏਟਰ (ਕਲਕੱਤਾ) ਦੀ ਫ਼ਿਲਮ 'ਦੇਵਦਾਸ' ਤੋਂ ਪ੍ਰੇਰਿਤ ਸੀ। ਇਹ ਮੂਵੀ ਵੀ ਹਿੱਟ ਹੋਈ ਅਤੇ ਇਸ ਤੋਂ ਬਾਅਦ 1937 ਤੋਂ 1940 ਤੱਕ ਮਹਿਬੂਬ ਖ਼ਾਨ ਨੇ ਸਾਗਰ ਮੂਵੀਟੋਨ ਲਈ 'ਜਾਗੀਰਦਾਰ', 'ਹਮ ਤੁਮ ਔਰ ਵੋਹ', 'ਵਤਨ', 'ਏਕ ਹੀ ਰਾਸਤਾ' ਅਤੇ 'ਅਲੀ ਬਾਬਾ ਔਰ ਚਾਲੀਸ ਚੋਰ' ਆਦਿ ਫ਼ਿਲਮਾਂ ਦਾ ਨਿਰਦੇਸ਼ਨ ਕੀਤਾ। ਜਦੋਂ 'ਅਲੀ ਬਾਬਾ ਔਰ ਚਾਲੀਸ ਚੋਰ' ਆਰੰਭ ਕੀਤੀ ਗਈ ਤਾਂ ਮਹਿਬੂਬ ਨੇ ਇਸ ਦਾ ਮਹੂਰਤ ਇੰਪੀਰੀਅਲ ਸਟੂਡੀਓ 'ਚ ਕਰਨ ਦਾ ਫ਼ੈਸਲਾ ਕੀਤਾ। ਇਹ ਉਹੀ ਸਟੂਡੀਓ ਸੀ, ਜਿਸ ਦੀ ਇਸੇ ਹੀ ਟਾਈਟਲ ਅਧੀਨ ਨਿਰਮਿਤ ਫ਼ਿਲਮ 'ਚ ਮਹਿਬੂਬ ਖ਼ਾਨ ਨੂੰ ਚਾਲੀ ਚੋਰਾਂ 'ਚ ਸ਼ਾਮਿਲ ਕਰ ਕੇ ਇਕ ਡਰੰਮ 'ਚ ਪਾ ਦਿੱਤਾ ਗਿਆ ਸੀ। ਮਹਿਬੂਬ ਦੀ 'ਅਲੀ ਬਾਬਾ' ਵਿਚ ਸੁਰਿੰਦਰ ਨੇ ਡਬਲ ਰੋਲ ਕੀਤਾ ਸੀ ਅਤੇ ਸਰਦਾਰ ਅਖ਼ਤਰ ਉਸ ਦੀ ਨਾਇਕਾ ਸੀ। ਸਰਦਾਰ ਅਖ਼ਤਰ ਨਾਲ ਇਸੇ ਫ਼ਿਲਮ ਦੀ ਸ਼ੂਟਿੰਗ ਦੇ ਦੌਰਾਨ ਮਹਿਬੂਬ ਦਾ ਪਿਆਰ ਸਿਰੇ ਚੜ੍ਹਿਆ ਅਤੇ ਦੋਵਾਂ ਨੇ ਸ਼ਾਦੀ ਕਰ ਲਈ। ਇਹ ਮਹਿਬੂਬ ਦੀ ਦੂਸਰੀ ਸ਼ਾਦੀ ਸੀ।
ਪਰ ਸਾਗਰ ਮੂਵੀਟੋਨ ਦੀ ਅਚਾਨਕ ਹੀ ਮਾਲੀ ਹਾਲਤ ਕਾਫ਼ੀ ਵਿਗੜ ਗਈ ਸੀ। ਇਸ ਲਈ ਇਸ ਕੰਪਨੀ ਨੂੰ ਬੰਦ ਕਰ ਕੇ ਇਸ ਨੂੰ ਨਵਾਂ ਨਾਂਅ ਨੈਸ਼ਨਲ ਸਟੂਡੀਓ ਦੇ ਕੇ ਦੁਬਾਰਾ ਫ਼ਿਲਮ ਨਿਰਮਾਣ ਸ਼ੁਰੂ ਕੀਤਾ ਗਿਆ। ਇਸ ਨਵੇਂ ਬੈਨਰ ਅਧੀਨ ਹੀ ਮਹਿਬੂਬ ਨੇ 'ਔਰਤ' (1940), 'ਬਹਿਨ' (1941) ਅਤੇ 'ਰੋਟੀ' (1942) ਵਰਗੀਆਂ ਸਫ਼ਲ ਫ਼ਿਲਮਾਂ ਦਾ ਨਿਰਦੇਸ਼ਨ ਕੀਤਾ। 'ਰੋਟੀ' ਕਿਸੇ ਬਾਹਰਲੇ ਬੈਨਰ ਲਈ ਬਣਾਈ ਗਈ ਅੰਤਿਮ ਫ਼ਿਲਮ ਸੀ ਕਿਉਂਕਿ ਉਸ ਤੋਂ ਬਾਅਦ ਉਸ ਨੇ ਆਪਣਾ ਬੈਨਰ ਸਥਾਪਤ ਕਰ ਲਿਆ ਸੀ।
ਆਪਣੇ ਬੈਨਰ (ਮਹਿਬੂਬ ਖ਼ਾਨ ਪ੍ਰੋਡਕਸ਼ਨਜ਼) ਦੇ ਅਧੀਨ ਉਸ ਨੇ ਸਭ ਤੋਂ ਪਹਿਲਾਂ 'ਨਜ਼ਮਾ' ਦਾ ਨਿਰਮਾਣ ਕੀਤਾ। ਇਸ ਫ਼ਿਲਮ ਦਾ ਪਿਛੋਕੜ ਲਖਨਊ ਨਾਲ ਜੁੜਦਾ ਸੀ। ਭਾਰਤੀ ਸਿਨੇਮਾ 'ਚ ਪਹਿਲੀ ਵਾਰ ਮੁਸਲਿਮ ਸੱਭਿਆਚਾਰ ਨੂੰ ਰਜਤਪਟ 'ਤੇ ਦਿਖਾਉਣ ਦਾ ਸਿਲਸਿਲਾ ਇਥੋਂ ਹੀ ਸ਼ੁਰੂ ਹੋਇਆ ਸੀ। ਇਸ 'ਚ ਅਸ਼ੋਕ ਕੁਮਾਰ ਨਾਇਕ ਸੀ, ਜਦੋਂ ਕਿ ਨਾਇਕਾ ਦੀ ਭੂਮਿਕਾ ਵੀਨਾ ਨੇ ਪੇਸ਼ ਕੀਤੀ ਸੀ। ਅਸ਼ੋਕ ਕੁਮਾਰ ਨੇ ਡਾਕਟਰ ਯੂਸਫ ਦਾ ਰੋਲ ਨਿਭਾਇਆ ਸੀ, ਜੋ ਕਿ ਆਪਣੇ ਅਮੀਰ ਮਕਾਨ ਮਾਲਕ ਦੀ ਲੜਕੀ (ਵੀਨਾ) ਨਾਲ ਪਿਆਰ ਕਰਦਾ ਹੈ ਪਰ ਸਮਾਜਿਕ ਰੁਕਾਵਟਾਂ ਕਰ ਕੇ ਉਸ ਨਾਲ ਸ਼ਾਦੀ ਨਹੀਂ ਕਰ ਸਕਦਾ। ਅਪ੍ਰਤੱਖ ਤੌਰ 'ਤੇ ਮਹਿਬੂਬ ਖ਼ਾਨ ਨੇ ਇਕ ਵਾਰ ਫਿਰ ਸਮਾਜਿਕ ਕੁਰੀਤੀਆਂ 'ਤੇ ਚੋਟ ਕੀਤੀ ਸੀ।
'ਨਜ਼ਮਾ' ਦੇ ਹਿੱਟ ਹੋਣ ਤੋਂ ਬਾਅਦ ਮਹਿਬੂਬ ਨੇ 'ਤਕਦੀਰ' ਮੂਵੀ ਬਣਾਈ। 'ਤਕਦੀਰ' ਨੂੰ ਮਿਲਿਆ-ਜੁਲਿਆ ਹੁੰਗਾਰਾ ਮਿਲਿਆ। ਇਸ 'ਚ ਉਸ ਨੇ 14 ਸਾਲ ਦੀ ਨਰਗਿਸ ਨੂੰ ਲਾਂਚ ਕੀਤਾ ਸੀ। ਮਹਿਬੂਬ ਹਾਲੀਵੁੱਡ ਦੀ ਸ਼ੈਲੀ 'ਚ ਵੱਡੇ ਕੈਨਵਸ ਵਾਲੀ ਕੋਈ ਫ਼ਿਲਮ ਬਣਾਉਣਾ ਚਾਹੁੰਦਾ ਸੀ, ਇਸ ਲਈ ਉਸ ਨੇ 'ਹੁਮਾਯੂੰ' (1945) ਦਾ ਨਿਰਮਾਣ ਕੀਤਾ। ਵੱਡੇ ਬਜਟ ਦੀ ਇਸ ਫ਼ਿਲਮ 'ਚ ਅਸ਼ੋਕ ਕੁਮਾਰ, ਵੀਨਾ ਅਤੇ ਨਰਗਿਸ ਵਰਗੇ ਸਿਤਾਰੇ ਸਨ। ਸੰਵਾਦ ਆਗਾ ਜਾਨੀ ਕਸ਼ਮੀਰੀ ਨੇ ਲਿਖੇ ਸਨ। ਫ਼ਿਲਮ ਨੂੰ ਆਲੋਚਕਾਂ ਨੇ ਤਾਂ ਪਸੰਦ ਕੀਤਾ ਸੀ ਪਰ ਅਗਲੀ ਕਤਾਰ ਦਿਆਂ ਦਰਸ਼ਕਾਂ ਨੇ ਇਸ ਪ੍ਰਤੀ ਵਿਸ਼ੇਸ਼ ਰੁਚੀ ਨਹੀਂ ਦਿਖਾਈ ਸੀ। (ਬਾਕੀ ਅਗਲੇ ਅੰਕ 'ਚ)

-ਮੋਬਾਈਲ : 099154-93043.






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX