ਤਾਜਾ ਖ਼ਬਰਾਂ


ਆਈ.ਪੀ.ਐੱਲ 2019 : ਕੋਲਕਾਤਾ ਨੇ ਰਾਜਸਥਾਨ ਨੂੰ 176 ਦੌੜਾਂ ਦਾ ਦਿੱਤਾ ਟੀਚਾ
. . .  18 minutes ago
ਟਰੱਕ ਡਰਾਈਵਰ ਵੱਲੋਂ ਖ਼ੁਦਕੁਸ਼ੀ
. . .  about 1 hour ago
ਅਜੀਤਵਾਲ, 25 ਅਪ੍ਰੈਲ (ਸ਼ਮਸ਼ੇਰ ਸਿੰਘ ਗਾਲ਼ਿਬ) - ਮੋਗਾ ਬਲਾਕ ਦੇ ਪਿੰਡ ਮਟਵਾਣੀ ਵਿਖੇ ਇੱਕ ਟਰੱਕ ਡਰਾਈਵਰ ਨੇ ਸੜਕ 'ਤੇ ਪੈਂਦੇ ਰਜਵਾਹੇ 'ਤੇ ਦਰਖਤ ਨਾਲ ਫਾਹਾ ਲੈ ਕੇ ਆਪਣੀ ਜੀਵਨ...
ਆਈ.ਪੀ.ਐੱਲ 2019 : ਟਾਸ ਜਿੱਤ ਕੇ ਰਾਜਸਥਾਨ ਵੱਲੋਂ ਕੋਲਕਾਤਾ ਨੂੰ ਪਹਿਲਾ ਬੱਲੇਬਾਜ਼ੀ ਦਾ ਸੱਦਾ
. . .  about 2 hours ago
ਕਰਜ਼ੇ ਕਾਰਨ ਕਿਸਾਨ ਨੇ ਕੀਤੀ ਖ਼ੁਦਕੁਸ਼ੀ
. . .  about 3 hours ago
ਫ਼ਤਿਹਗੜ੍ਹ ਸਾਹਿਬ, 25 ਅਪ੍ਰੈਲ (ਅਰੁਣ ਅਹੂਜਾ) - ਨਜ਼ਦੀਕੀ ਪਿੰਡ ਪੱਤੋ ਵਿਖੇ ਇਕ ਬਜ਼ੁਰਗ ਕਿਸਾਨ ਵੱਲੋਂ ਕਰਜ਼ੇ ਕਾਰਨ ਜ਼ਹਿਰੀਲੀ ਚੀਜ਼ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰਨ...
ਪਟਿਆਲਾ ਜੇਲ੍ਹ ਦੇ 4 ਅਧਿਕਾਰੀ ਮੁਅੱਤਲ
. . .  about 3 hours ago
ਚੰਡੀਗੜ੍ਹ, 25 ਅਪ੍ਰੈਲ - ਜੇਲ੍ਹ ਮੰਤਰੀ ਪੰਜਾਬ ਸੁਖਜਿੰਦਰ ਸਿੰਘ ਰੰਧਾਵਾ ਦੇ ਹੁਕਮਾਂ 'ਤੇ ਜੇਲ੍ਹ ਨਿਯਮਾਂ ਦੀ ਉਲੰਘਣਾ ਕਰਨ 'ਤੇ ਪਟਿਆਲਾ ਜੇਲ੍ਹ ਦੇ 4 ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ...
27 ਅਤੇ 28 ਨੂੰ ਨਹੀ ਲਏ ਜਾਣਗੇ ਨਾਮਜ਼ਦਗੀ ਪੱਤਰ - ਸੀ.ਈ.ਓ ਡਾ. ਰਾਜੂ
. . .  38 minutes ago
ਚੰਡੀਗੜ੍ਹ, 25 ਅਪ੍ਰੈਲ - ਮੁੱਖ ਚੋਣ ਅਧਿਕਾਰੀ ਪੰਜਾਬ ਡਾ. ਐੱਸ ਕਰੁਣਾ ਰਾਜੂ ਨੇ ਦੱਸਿਆ ਕਿ 27 ਅਤੇ 28 ਅਪ੍ਰੈਲ ਨੂੰ ਲੋਕ ਸਭਾ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖਲ ਨਹੀ ਕਰਵਾਏ ਜਾ ਸਕਣਗੇ। ਉਨ੍ਹਾਂ ਦੱਸਿਆ ਕਿ 27 ਅਪ੍ਰੈਲ ਜੋ ਕਿ ਮਹੀਨੇ ਦਾ ਚੌਥਾ ਸ਼ਨੀਵਾਰ...
ਸਾਬਕਾ ਫੌਜ ਮੁਖੀ ਜਨਰਲ ਦਲਬੀਰ ਸਿੰਘ ਸੁਹਾਗ ਸੈਸ਼ੇਲਸ ਗਣਰਾਜ 'ਚ ਭਾਰਤ ਦੇ ਹਾਈ ਕਮਿਸ਼ਨਰ ਨਿਯੁਕਤ
. . .  about 3 hours ago
ਨਵੀਂ ਦਿੱਲੀ, 25 ਅਪ੍ਰੈਲ - ਸਾਬਕਾ ਫੌਜ ਮੁਖੀ ਜਨਰਲ ਦਲਬੀਰ ਸਿੰਘ ਸੁਹਾਗ ਨੂੰ ਸੈਸ਼ੇਲਸ ਗਣਰਾਜ 'ਚ ਭਾਰਤ ਦਾ ਹਾਈ ਕਮਿਸ਼ਨਰ ਨਿਯੁਕਤ ਕੀਤਾ ਗਿਆ...
ਪ੍ਰਧਾਨ ਮੰਤਰੀ ਵੱਲੋਂ ਵਾਰਾਨਸੀ 'ਚ ਕੱਢਿਆ ਗਿਆ ਰੋਡ ਸ਼ੋਅ
. . .  about 3 hours ago
ਵਾਰਾਨਸੀ, 25 ਅਪ੍ਰੈਲ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਅੱਜ ਉੱਤਰ ਪ੍ਰਦੇਸ਼ ਦੇ ਵਾਰਾਨਸੀ 'ਚ ਰੋਡ ਸ਼ੋਅ ਕੱਢਿਆ ਗਿਆ। ਉਨ੍ਹਾਂ ਨਾਲ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ...
1993 ਮੁੰਬਈ ਬੰਬ ਧਮਾਕਿਆਂ ਦੇ ਦੋਸ਼ੀ ਅਬਦੁਲ ਗਨੀ ਤੁਰਕ ਦੀ ਮੌਤ
. . .  about 3 hours ago
ਨਾਗਪੁਰ, 25 ਅਪ੍ਰੈਲ - 1993 ਦੇ ਮੁੰਬਈ ਬੰਬ ਧਮਾਕਿਆਂ ਦੇ ਦੋਸ਼ੀ ਅਬਦੁਲ ਗਨੀ ਤੁਰਕ ਦੀ ਨਾਗਪੁਰ ਦੇ ਹਸਪਤਾਲ 'ਚ ਮੌਤ ਹੋ ਗਈ। ਉਹ ਨਾਗਪੁਰ ਸੈਂਟਰਲ ਜੇਲ੍ਹ 'ਚ ਬੰਦ...
ਬਿਜਲੀ ਦੀਆਂ ਤਾਰਾਂ 'ਚੋਂ ਨਿਕਲੀਆਂ ਚੰਗਿਆੜੀਆਂ ਕਾਰਨ ਕਣਕ ਨੂੰ ਲੱਗੀ ਅੱਗ
. . .  about 4 hours ago
ਮਮਦੋਟ, 25 ਅਪ੍ਰੈਲ (ਸੁਖਦੇਵ ਸਿੰਘ ਸੰਗਮ) - ਮਮਦੋਟ ਬਲਾਕ ਦੇ ਪਿੰਡ ਸਦਰਦੀਨ ਵਾਲਾ ਵਿਖੇ ਬਿਜਲੀ ਦੀਆਂ ਤਾਰਾਂ ਚੋਂ ਨਿਕਲੀਆਂ ਚੰਗਿਆੜੀਆਂ ਕਾਰਨ ਇਕ ਕਿਸਾਨ ਦੀ ਤਿੰਨ ਏਕੜ ਕਣਕ ਸੜ ਜਾਣ ਦੀ ਮੰਦਭਾਗੀ ਖ਼ਬਰ ਮਿਲੀ ਹੈ। ਇਕੱਤਰ ਜਾਣਕਾਰੀ ਅਨੁਸਾਰ ....
ਹੋਰ ਖ਼ਬਰਾਂ..

ਸਾਡੇ ਪਿੰਡ ਸਾਡੇ ਖੇਤ

ਲੈਟਸ

ਦੀ ਕਾਸ਼ਤ ਕਿਵੇਂ ਕਰੀਏ?

ਲੈਟਸ ਇਕ ਪ੍ਰਮੁੱਖ ਸਲਾਦ ਫ਼ਸਲ ਹੈ। ਭਾਰਤ ਵਿਚ, ਇਹ ਰਸੋਈ ਦੇ ਬਾਗਾਂ ਵਿਚ ਤਿਆਰ ਕੀਤਾ ਜਾਂਦਾ ਹੈ ਅਤੇ ਹੋਟਲਾਂ ਦੀਆਂ ਮੰਗਾਂ ਨੂੰ ਪੂਰਾ ਕਰਦਾ ਹੈ। ਲੈਟਸ ਪ੍ਰਮੁੱਖ ਸਬਜ਼ੀਆਂ ਵਿਚ ਇਕ ਤਾਜ਼ਾ, ਕੱਚਾ ਉਤਪਾਦ ਦੇ ਰੂਪ ਵਿਚ ਵਰਤਿਆ ਜਾਂਦਾ ਹੈ। ਇਹ ਸਲਾਦ ਜਾਂ ਸੈਂਡਵਿਚ ਰਾਹੀਂ ਵਰਤਿਆ ਜਾਂਦਾ ਹੈ। ਲੈਟਸ ਵਿਚ ਚਾਰ ਸਲਾਦ ਕਿਸਮਾਂ ਸ਼ਾਮਿਲ ਹਨ : ਕਰਿਸਪ ਹੈੱਡ, ਬਟਰ ਹੈੱਡ, ਰੋਮਨ ਜਾਂ ਕੋਸ ਅਤੇ ਪੱਤਾ ਲੈਟਸ। ਇਨ੍ਹਾਂ ਕਿਸਮਾਂ ਨੂੰ ਉਪ-ਪ੍ਰਜਾਤੀਆ ਜਾਂ ਬੋਟੈਨੀਕਲ ਕਿਸਮਾਂ ਦੇ ਤੌਰ 'ਤੇ ਵੀ ਜਾਣਿਆ ਜਾਂਦਾ ਹੈ।
ਮੌਸਮ ਅਤੇ ਜ਼ਮੀਨ ਲੈਟਸ ਦੀ ਕਾਸ਼ਤ
ਲੈਟਸ ਠੰਢੇ ਵਾਤਾਵਰਨ ਵਿਚ ਸਭ ਤੋਂ ਵਧੀਆ ਹੁੰਦਾ ਹੈ ਅਤੇ ਬਹੁਤ ਗਰਮ ਜਾਂ ਠੰਢੇ ਵਿਚ ਚੰਗਾ ਪ੍ਰਦਰਸ਼ਨ ਨਹੀਂ ਕਰਦਾ। 13-16 ਡਿਗਰੀ ਸੈਂਟੀਗ੍ਰੇਡ ਤਾਪਮਾਨ ਫ਼ਸਲ ਦੇ ਵਾਧੇ ਲਈ ਚੰਗਾ ਹੁੰਦਾ ਹੈ। ਜ਼ਿਆਦਾ ਤਾਪਮਾਨ ਵਿਚ ਪੱਤਿਆਂ ਦਾ ਸੁਆਦ ਕੈੜਾ ਹੁੰਦਾ ਹੈ ਅਤੇ ਟਿਪ ਨੂੰ ਸੱਟ ਲਾ ਦਿੰਦਾ ਹੈ ਪਰ ਬੀਜ ਬਣਾਉਣ ਵਿਚ ਸਹਾਈ ਹੁੰਦਾ ਹੈ। ਮਿੱਟੀ ਦਾ ਤਾਪਮਾਨ 22 ਡਿਗਰੀ ਸੈਂਟੀਗ੍ਰੇਡ ਤੋਂ ਉੱਪਰ ਹੋਣ 'ਤੇ ਬੀਜ ਸਹੀ ਢੰਗ ਨਾਲ ਨਹੀਂ ਉਗਦਾ। ਇਹ ਰੇਤਲੀ ਮੈਰਾ ਜਾਂ ਭਾਰੀ ਜ਼ਮੀਨ ਵਿਚ ਵਧੀਆ ਹੁੰਦਾ ਹੈ। ਸਰਬੋਤਮ ਮਿੱਟੀ ਦੀ ਪੀ. ਐਚ. 5.8-6.6 ਹੈ। ਇਹ ਬਹੁਤ ਤੇਜ਼ਾਬੀ ਭੂਮੀ ਪ੍ਰਤੀ ਸੰਵੇਦਨਸ਼ੀਲ ਹੈ ।
ਉੱਨਤ ਕਿਸਮਾਂ
ਪੰਜਾਬ ਲੈਟਸ-1 (1991) : ਪੀ.ਐ.ਯੂ. ਲੁਧਿਆਣਾ ਨੇ ਇਹ ਕਿਸਮ ਵਿਕਸਿਤ ਕੀਤੀ ਹੈ। ਇਸ ਦੇ ਪੱਤੇ ਹਲਕੇ ਹਰੇ, ਚਮਕਦਾਰ ਅਤੇ ਭੁਰਭੁਰੇ ਹੁੰਦੇ ਹਨ। ਇਹ ਕਿਸਮ ਗੁੱਟ ਨਹੀਂ ਬਣਾਉਂਦੀ। ਖੁੱਲ੍ਹੇ ਪੱਤੇ ਹੁੰਦੇ ਹਨ। ਪੁਰੀ ਤਰ੍ਹਾਂ ਪ੍ਰਫੁੱਲਤ ਪੱਤੇ ਕਟਾਈ ਲਈ ਬਿਜਾਈ ਤੋਂ 45 ਦਿਨਾਂ ਵਿਚ ਤਿਆਰ ਹੋ ਜਾਂਦੇ ਹਨ। ਹਰੇ ਪੱਤਿਆਂ ਦਾ ਝਾੜ 35 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ। ਹਰੇ ਪੱਤਿਆਂ ਦੀ ਕਟਾਈ ਨਵੰਬਰ ਤੋਂ ਮਾਰਚ ਤੱਕ ਹੋ ਸਕਦੀ ਹੈ ।
ਗ੍ਰੇਟ ਲੇਕਸ : ਭਾਰਤੀ ਖੇਤੀਬਾੜੀ ਖੋਜ ਸੰਸਥਾਨ, ਨਵੀਂ ਦਿੱਲੀ ਦੁਆਰਾ ਖੇਤੀਬਾੜੀ ਲਈ ਇਹ ਸਿਫਾਰਸ਼ ਕੀਤੀ ਜਾਂਦੀ ਹੈ। ਇਹ ਕਰਿਸਪ ਹੈੱਡ ਕਿਸਮ ਹੈ ਇਸ ਦਾ ਹੈੱਡ ਵੱਡਾ ਹੁੰਦਾ ਹੈ। ਹਰੇ ਪੱਤੇ ਅਤੇ ਬਾਹਰਲੇ ਪੱਤਿਆਂ ਦੇ ਨਾਲ ਫੈਲੇ ਹੋਏ ਹੁੰਦੇ ਹਨ। ਇਹ ਟਿਪ ਜਲਣ ਲਈ ਪੂਰੀ ਤਰ੍ਹਾਂ ਰੋਧਕ ਹੁੰਦਾ ਹੈ। ਖੇਤੀਬਾੜੀ ਖੋਜ ਸੰਸਥਾਨ, ਨਵੀਂ ਦਿੱਲੀ ਦੁਆਰਾ ਭਾਰਤ ਲਈ ਸਿਫਾਰਸ਼ ਕੀਤੀਆਂ ਗਈਆਂ ਹੋਰ ਕਿਸਮਾਂ ਹਨ: ਸਲੋ ਬੋਲਟ (ਪੱਤੀਆਂ ਦੀ ਕਿਸਮ), ਚੀਨੀ ਯੈਲੋ (ਪੱਤਾ ਦਾ ਪ੍ਰਕਾਰ), ਇਂਪੀਯਰਲ 859 (ਕਰਿਸਪ ਹੈੱਡ ਕਿਸਮ), ਵ੍ਹਾਈਟ ਬੌਟਨ (ਬਟਰ ਹੈੱਡ ਟਾਈਪ) ਅਤੇ ਡਾਰਕ ਗ੍ਰੀਨ (ਕੌਸ ਕਿਸਮ) ਹੈ।
ਕਾਸ਼ਤ ਦੇ ਢੰਗ
ਕਿਉਂਕਿ ਸਲਾਦ ਇਕ ਠੰਢੇ ਸੀਜ਼ਨ ਦੀ ਫ਼ਸਲ ਹੈ, ਇਸ ਨੂੰ ਸਤੰਬਰ-ਨਵੰਬਰ ਦੌਰਾਨ ਮੈਦਾਨੀ ਇਲਾਕਿਆਂ ਵਿਚ ਬੀਜਿਆ ਜਾਂਦਾ ਹੈ। ਇਹ ਆਮ ਤੌਰ 'ਤੇ ਨਰਸਰੀ ਵਿਚ ਬੀਜਿਆ ਜਾਂਦਾ ਹੈ ਅਤੇ ਪੌਦੇ ਲਗਪਗ 4-6 ਹਫ਼ਤਿਆਂ ਵਿਚ ਤਬਦੀਲ ਕਰਨ ਲਈ ਤਿਆਰ ਹੁੰਦੇ ਹਨ। ਇਕ ਹੈਕਟੇਅਰ ਲਈ, 400-500 ਗ੍ਰਾਮ ਬੀਜ ਬੀਜਿਆ ਜਾਂਦਾ ਹੈ। ਕਤਾਰ ਤੋਂ ਕਤਾਰ 45 ਸੈਂਟੀਮੀਟਰ ਅਤੇ ਪੌਦੇ ਤੋਂ ਪੌਦਾ 30 ਸੈਂਟੀਮੀਟਰ ਦਾ ਫ਼ਾਸਲਾ ਰੱਖੋ। ਸਿੱਧੀ ਸਿੱਧੀਆਂ ਫਸਲਾਂ ਨੂੰ ਬੀਜਾਂ ਦੇ ਉਭਰਨ ਤੋਂ 4-6 ਹਫ਼ਤਿਆਂ ਬਾਅਦ ਖਾਦਾਂ ਦੀ ਲੋੜ ਹੁੰਦੀ ਹੈ। ਟ੍ਰਾਂਸਪਲਾਂਟ ਕਰਨ ਤੋਂ ਪਹਿਲਾਂ ਬੂਟੀਆਂ ਨੂੰ ਕਠੋਰ ਬਣਾਉਣਾ ਚਾਹੀਦਾ ਹੈ। ਟ੍ਰਾਂਸਪਲਾਂਟ ਕਰਨ ਤੋਂ ਪਹਿਲਾਂ 6 ਤੋਂ 8 ਦਿਨ ਪਾਣੀ ਰੋਕਣਾ ਇਸ ਵਿਚ ਮਦਦ ਕਰਦਾ ਹੈ। ਟ੍ਰਾਂਸਪਲਾਂਟ ਕਰਨ ਤੋਂ ਤੁਰੰਤ ਬਾਅਦ, ਫੀਲਡ ਦੀ ਸਿੰਜਾਈ ਕਰ ਦੇਣੀ ਚਾਹੀਦੀ ਹੈ।
ਖਾਦਾਂ
ਲੈਟਸ ਪਲਾਂਟ ਇਕ ਛੋਟੀ ਅਤੇ ਖੋਖਲੀ ਜੜ੍ਹ ਪ੍ਰਣਾਲੀ ਹੈ। ਇਸ ਲਈ, ਸਤਹ ਦੀ ਮਿੱਟੀ ਪੌਸ਼ਟਿਕਾਂ ਵਿਚ ਅਮੀਰ ਹੋਣੀ ਚਾਹੀਦੀ ਹੈ। 15 ਟਨ ਗਲੀ ਸੜੀ ਰੂੜੀ, 25 ਕਿਲੋ ਨਾਈਟ੍ਰੋਜਨ, (55 ਕਿਲੋ ਯੂਰੀਆ) ਅਤੇ 12 ਕਿਲੋ ਫਾਸਫੋਰਸ (75 ਕਿਲੋ ਸੁਪਰਫੋਸਫੇਟ) ਪ੍ਰਤੀ ਏਕੜ ਪਾਓ। ਸਾਰੀ ਰੂੜੀ, ਫਾਸਫੋਰਸ ਅਤੋ 1/3 ਹਿੱਸਾ ਨਾਈਟ੍ਰੋਜਨ ਪੌਦੇ ਲਗਾਉਣ ਤੋਂ ਪਹਿਲਾਂ ਅਤੇ ਬਾਕੀ ਦੀ ਨਾਈਟ੍ਰੋਜਨ ਛੇ ਹਫ਼ਤਿਆਂ ਬਾਆਦ ਪਾਓ। (ਚਲਦਾ)


-ਪੰਜਾਬ ਖੇਤੀਬਾੜੀ ਯੂਨੀਵਰਸਟੀ ਲੁਧਿਆਣਾ।


ਖ਼ਬਰ ਸ਼ੇਅਰ ਕਰੋ

ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਸਬੰਧੀ ਦੋ ਦਿਨਾ ਰਾਸ਼ਟਰੀ ਵਰਕਸ਼ਾਪ

ਭਾਰਤ ਸਰਕਾਰ ਅਤੇ ਭਾਰਤੀ ਖੋਜ ਕੌਂਸਲ ਵਲੋਂ ਪੰਜ ਸਾਲਾਂ ਵਿਚ ਦੇਸ਼ ਦੇ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਬਾਰੇ ਰਾਸ਼ਟਰੀ ਖੇਤੀਬਾੜੀ ਖੋਜ ਤੇ ਮੈਨੇਜਮੈਂਟ ਅਕਾਦਮੀ ਹੈਦਰਾਬਾਦ (ਤੇਲੰਗਾਨਾ) ਵਿਖੇ (22-23 ਦਸੰਬਰ) ਹੋਈ ਦੋ ਦਿਨਾ ਵਰਕਸ਼ਾਪ ਵਿਚ ਦੇਸ਼ ਦੇ 26 ਰਾਜਾਂ ਤੋਂ ਪੰਜ ਕਿਸਾਨਾਂ ਵਲੋਂ ਸੁਝਾਅ ਪੇਸ਼ ਕਰਨ ਹਿੱਤ ਭਾਗ ਲਿਆ ਗਿਆ। ਪੰਜਾਬੀ ਕਿਸਾਨਾਂ ਦੀ ਅਗਵਾਈ ਉੱਘੇ ਕਿਸਾਨ, ਯ.ੂ ਐਨ.ਓ. ਅਵਾਰਡੀ ਤੇ ਪੀ. ਏ. ਯੂ. ਦੇ ਤਤਕਾਲੀ ਸਾਬਕਾ ਪ੍ਰੋਫੈਸਰ ਮਹਿੰਦਰ ਸਿੰਘ ਦੋਸਾਂਝ ਸਮੇਤ ਟੀਮ ਵਲੋਂ ਸ਼ਿਰਕਤ ਕੀਤੀ ਗਈ। ਇਸ ਦੌਰਾਨ ਕਿਸਾਨਾਂ ਵਲੋਂ ਆਪਣੇ ਤੌਰ 'ਤੇ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਬਾਰੇ ਜੋ ਰਾਵਾਂ ਦਿੱਤੀਆਂ ਗਈਆਂ ਜਿਸ ਨੂੰ ਕੇਂਦਰੀ ਰਾਜ ਖੇਤੀਬਾੜੀ ਮੰਤਰੀ ਸ੍ਰੀ ਗਜਿੰਦਰ ਸ਼ੇਖਾਵਤ ਵਲੋਂ ਬਹੁਤ ਗੰਭੀਰਤਾ ਨਾਲ ਸੁਣਿਆ। ਵਰਕਸ਼ਾਪ ਦੌਰਾਨ ਕਿਸਾਨਾਂ ਵਲੋਂ ਜਿੱਥੇ ਰਵਾਇਤੀ ਖੇਤੀਬਾੜੀ ਵਿਚ ਵਿਸ਼ੇਸ਼ ਬਦਲਾਅ ਲਿਆ ਕੇ ਨਵੀਆਂ ਵਿਧੀਆਂ ਅਪਣਾ ਕੇ ਆਮਦਨ ਵਧਾਉਣ ਸਬੰਧੀ ਵਿਚਾਰ ਪੇਸ਼ ਕੀਤੇ ਗਏ, ਉੱਥੇ ਪੰਜਾਬੀ ਕਿਸਾਨਾਂ ਵਲੋਂ ਮਹਿੰਦਰ ਸਿੰਘ ਦੋਸਾਂਝ, ਰਮਨ ਸਿੰਘ, ਗੁਰਪ੍ਰੀਤ ਸਿੰਘ ਵਲੋਂ ਬੜੇ ਹੀ ਮਹੱਤਵਪੂਰਨ ਵਿਚਾਰਾਂ ਦੁਆਰਾ ਆਪਣਾ ਪ੍ਰਭਾਵ ਛੱਡਿਆ ਗਿਆ। ਦੋਸਾਂਝ ਨੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਕਿਸਾਨਾਂ ਦੀ ਆਮਦਨ ਦੁੱਗਣੀ ਕਿਸੇ ਜਾਦੂ ਦੀ ਛੜੀ ਦਾ ਇਸਤੇਮਾਲ ਕਰਨ ਨਾਲ ਨਹੀਂ ਕੀਤੀ ਜਾ ਸਕਦੀ, ਖੇਤੀ ਖੋਜ ਦੁਆਰਾ ਸਿਰਫ 20 ਪ੍ਰਤੀਸ਼ਤ ਹੀ ਖੇਤੀ ਪੈਦਾਵਾਰ ਵਧਾਈ ਜਾ ਸਕਦੀ ਹੈ ਕਿਉਂਕਿ ਵਿਗਿਆਨੀਆਂ ਵਲੋਂ ਇਸ ਸਬੰਧੀ ਪਹਿਲਾਂ ਹੀ ਸ਼ਾਨਦਾਰ ਪ੍ਰਾਪਤੀਆਂ ਕੀਤੀਆਂ ਜਾ ਚੁੱਕੀਆਂ ਹਨ। ਹੋਰ ਪੈਦਾਵਾਰ ਵਧਾਉਣ ਲਈ ਜ਼ਿਆਦਾ ਰਸਾਇਣਕ ਦਵਾਈਆਂ ਦਾ ਇਸਤੇਮਾਲ ਮਨੁੱਖੀ ਜਾਨਾਂ ਤੇ ਧਰਤੀ ਲਈ ਹੋਰ ਵਿਨਾਸ਼ਕਾਰੀ ਸਿੱਧ ਹੋਵੇਗਾ। ਜੇਕਰ ਇਹ ਕੁਝ ਹੱਦ ਤੱਕ 10 ਪ੍ਰਤੀਸ਼ਤ ਸੰਭਵ ਹੋ ਵੀ ਸਕਿਆ ਤਾਂ ਵਪਾਰੀ ਵਰਗ ਮੰਡੀਆਂ ਵਿਚ ਆਪਣੀ ਮਰਜ਼ੀ ਨਾਲ ਜਿਣਸਾਂ ਦੇ ਭਾਅ ਘਟਾ ਦੇਣਗੇ। ਉਨ੍ਹਾਂ ਦੁਆਰਾ ਪੇਸ਼ ਕੀਤੇ ਵੇਰਵਿਆਂ ਮੁਤਾਬਿਕ ਖੇਤੀ ਦੀਆਂ ਲਾਗਤਾਂ ਘਟਾ ਕੇ, ਕਰਜ਼ੇ ਦਾ ਸਦਉਪਯੋਗ ਕਰ ਕੇ, ਖੇਤਾਂ ਲਈ ਖੁਦ ਜ਼ਿਆਦਾ ਸਮਾਂ ਦੇ ਕੇ, ਘੱਟ ਜ਼ਮੀਨਾਂ ਵਾਲੇ ਛੋਟੀ ਮਸ਼ੀਨਰੀ ਦਾ ਇਸਤੇਮਾਲ ਕਰਨ ਦੇ ਨਾਲ ਖੇਤੀ ਦੀ ਠੀਕ ਵਿਉਂਤਵੰਦੀ ਕਰ ਕੇ ਖੇਤੀ ਮਾਹਿਰਾਂ ਰਾਹੀਂ ਲੋੜੀਂਦੀ ਤਕਨੀਕੀ ਸਿਖਲਾਈ ਲੈ ਕੇ ਸੰਜਮ ਅਤੇ ਸਾਦਗੀ ਨਾਲ ਜੁੜ ਖੁਦ ਕਿਸਾਨ ਵੀ ਆਪਣੀ ਆਮਦਨ ਵਿਚ 20 ਪ੍ਰਤੀਸ਼ਤ ਇਜ਼ਾਫਾ ਕਰ ਸਕਦੇ ਹਨ। ਉਨ੍ਹਾਂ ਦਲੀਲ ਦਿੰਦਿਆਂ ਦੱਸਿਆ ਕਿ ਬਾਕੀ 60 ਪ੍ਰਤੀਸ਼ਤ ਕਿਸਾਨਾਂ ਦੀ ਆਮਦਨ ਸਰਕਾਰਾਂ ਦੀਆਂ ਨੀਤੀਆਂ ਵਿਚ ਨਵੀਆਂ ਪ੍ਰਵਿਰਤੀਆਂ ਲਿਆ ਕੇ ਵਧਾਈ ਜਾ ਸਕਦੀ ਹੈ ਹਾਲਾਂਕਿ ਇਨ੍ਹਾਂ ਨਵੀਆਂ ਨੀਤੀਆਂ ਲਈ ਬਹੁਤੇ ਸਰਕਾਰੀ ਫੰਡਾਂ ਦੀ ਵੀ ਜ਼ਰੂਰਤ ਨਹੀਂ ਹੈ ਜਿਸ ਦੀ ਉਨ੍ਹਾਂ ਦਲੀਲਾਂ ਨਾਲ ਠੋਸ ਵਿਆਖਿਆ ਵੀ ਕੀਤੀ। ਵਰਕਸ਼ਾਪ ਦੌਰਾਨ ਪੰਜਾਬ ਦੇ ਨੌਜਵਾਨ ਕਿਸਾਨ ਰਮਨਪ੍ਰੀਤ ਸਿੰਘ ਤੇ ਗੁਰਪ੍ਰੀਤ ਸਿੰਘ ਨੇ ਨਵੀਆਂ ਵਿਧੀਆਂ ਨਾਲ ਖੇਤੀ ਜਿਣਸਾਂ ਦੀ ਪ੍ਰੋਸੈਸਿੰਗ ਰਾਹੀਂ ਕਿਸਾਨਾਂ ਦੀ ਆਮਦਨ ਤੇਜ਼ੀ ਨਾਲ ਵਧਾਉਣ ਦੇ ਗੁਰ ਦੱਸਦਿਆਂ ਡੇਅਰੀ ਦੇ ਕਿੱਤੇ ਰਾਹੀਂ ਪਹਾੜੀ ਰਾਜਾਂ ਦੇ ਕਿਸਾਨਾਂ ਦੀ ਆਮਦਨ ਵਧਾਉਣ ਬਾਰੇ ਵੀ ਵਿਚਾਰ ਪੇਸ਼ ਕੀਤੇ ਅਤੇ ਹੋਰ ਕਿਸਾਨਾਂ ਵਲੋਂ ਵੀ ਆਪਣੇ ਤਜਰਬੇ ਤੇ ਸੋਚ ਦਾ ਪ੍ਰਗਟਾਵਾ ਕਰਦਿਆਂ ਸੁਝਾਅ ਪੇਸ਼ ਕੀਤੇ। ਵਿਚਾਰਾਂ ਦੀ ਅਗਲੀ ਲੜੀ ਦੁਆਰਾ ਦੋਸਾਂਝ ਵਲੋਂ ਜ਼ੋਰ ਦੇ ਕੇ ਕਿਹਾ ਗਿਆ ਕਿ ਸਭ ਤੋਂ ਅਹਿਮ ਲੋੜ ਕਿਸਾਨਾਂ ਦੇ ਬੱਚਿਆਂ ਨੂੰ ਉੱਚ ਸਿੱਖਿਆ ਮੁਹੱਈਆ ਕਰਵਾਉਣਾ ਹੈ ਕਿਉਂਕਿ ਅੱਜ ਦੇਸ਼ ਵਿਚ ਪੇਂਡੂ ਵਸਨੀਕਾਂ ਭਾਵ ਕਿਸਾਨ ਕੁੱਲ ਆਬਾਦੀ ਦਾ 60 ਪ੍ਰਤੀਸ਼ਤ ਹਨ ਪ੍ਰੰਤੂ ਉੱਚ ਸਿੱਖਿਆ ਪ੍ਰਾਪਤ ਕਰਨ ਵਿਚ ਇਨ੍ਹਾਂ ਦੀ ਗਿਣਤੀ ਸਿਰਫ 4 ਪ੍ਰਤੀਸ਼ਤ ਰਹਿ ਗਈ ਹੈ ਜੋ ਵੱਡੀ ਚਿੰਤਾ ਦਾ ਵਿਸ਼ਾ ਹੈ। ਇਕ ਪ੍ਰਸਿੱਧ ਅਰਥਸ਼ਾਸ਼ਤਰੀ ਦੇ ਅਧਿਐਨ ਅਨੁਸਾਰ ਦੇਸ਼ ਦੀ ਪੇਂਡੂ ਵਸੋਂ ਵਿਚ 60 ਪ੍ਰਤੀਸ਼ਤ ਕਿਸਾਨ ਹਨ ਤੇ ਘਰੇਲੂ ਉਤਪਾਦ ਜਿਨ੍ਹਾਂ ਦੀ ਕੁੱਲ ਔਸਤ ਆਮਦਨ (ਜੀ. ਡੀ. ਪੀ.) ਕੇਵਲ 14 ਪ੍ਰਤੀਸ਼ਤ ਹੈ, ਹੋਰ ਵਸੀਲਿਆਂ ਵਾਲੇ ਲੋਕਾਂ ਵਿਚ 40 ਪ੍ਰਤੀਸ਼ਤ ਲੋਕਾਂ ਦੀ ਆਮਦਨ 86 ਪ੍ਰਤੀਸ਼ਤ ਹੈ, ਇਸ ਲਈ ਉੱਚ ਸਿਖਿਆ-ਸੰਸਥਾਵਾਂ ਵਿਚ ਦਾਖਲੇ ਲਈ ਕਿਸਾਨਾਂ ਦੇ ਬੱਚਿਆਂ ਲਈ ਰਾਖਵਾਂਕਰਨ ਅਤੇ ਮੁਫਤ ਸਿਖਿਆ ਦੇ ਕੇ ਕਿਸਾਨਾਂ ਦੀ ਆਮਦਨ ਵਧਾਉਣ ਦਾ ਚੰਗਾ ਯਤਨ ਸਫਲ ਹੋ ਸਕਦਾ ਹੈ। ਇਸ ਤੋਂ ਇਲਾਵਾ ਅਵਾਰਾ ਪਸ਼ੂਆਂ ਵਲੋਂ ਕਿਸਾਨਾਂ ਦੀਆਂ ਫਸਲਾਂ ਦਾ ਉਜਾੜਾ ਵੀ ਉਨ੍ਹਾਂ ਦੀ ਆਰਥਿਕਤਾ ਨੂੰ ਪੂਰੀ ਢਾਹ ਲਾ ਰਿਹਾ ਹੈ, ਉਨ੍ਹਾਂ ਕਿਹਾ ਕਿ ਜੇਕਰ ਜੰਗਲ ਦੇ ਬਾਦਸ਼ਾਹ ਸ਼ੇਰ ਵਲੋਂ ਗਾਵਾਂ-ਮੱਝਾਂ ਤੇ ਹੋਰ ਜਾਨਵਰਾਂ ਦਾ ਸ਼ਿਕਾਰ ਕਰਦਿਆਂ ਉਸ ਦੀ ਬਾਦਸ਼ਾਹੀ 'ਤੇ ਕੋਈ ਪ੍ਰਭਾਵ ਨਹੀਂ ਪਾਉਂਦਾ ਤਾਂ ਕਿਸਾਨਾਂ ਦੀਆਂ ਫਸਲਾਂ ਉਜਾੜਦੀਆਂ ਅਵਾਰਾ ਗਾਵਾਂ ਤੇ ਸਾਨ੍ਹਾਂ ਦਾ ਬਾਕੀ ਪਸ਼ੂਆਂ ਵਾਂਗ ਚਮੜੇ ਅਤੇ ਮੀਟ ਐਕਸਪੋਰਟ ਕਰਨ ਵਿਚ ਕੀ ਬੁੁਰਾਈ ਹੈ ਇਸ ਲਈ ਬਾਕੀ ਰਾਜਾਂ ਵਾਂਗ ਪੰਜਾਬ ਦੇ ਕਿਸਾਨਾਂ ਤੇ ਪੰਜਾਬ ਰਾਜ ਦੀ ਆਰਥਿਕਤਾ ਨੂੰ ਮਜ਼ਬੂਤ ਕਰਨ ਲਈ ਹਰ ਅਵਾਰਾ ਪਸ਼ੂ ਤੋਂ ਜਿਵੇਂ ਵੀ ਆਮਦਨ ਲਈ ਜਾ ਸਕਦੀ ਹੋਵੇ, ਕਰਨ ਦੀ ਖੁੱਲ੍ਹ ਹੋਣੀ ਚਾਹੀਦੀ ਹੈ। ਇਸ ਤੋਂ ਇਲਾਵਾ ਇਕ ਕਿਸਾਨ ਉਤਪਾਦਨ ਐਕਸਚੇਂਜ ਯੋਜਨਾ ਦਾ ਨਿਰਮਾਣ ਕਰਨਾ ਲਾਜ਼ਮੀ ਹੈ ਜਿਸ ਵਿਚ ਸਿਰਫ ਕਿਸਾਨਾਂ ਦੀ ਹੀ ਭਾਈਵਾਲੀ ਹੋਵੇ ਭਾਵ ਇਸਦੇ ਮਾਲਕ ਤੇ ਸੰਚਾਲਕ ਸਿਰਫ ਕਿਸਾਨ ਹੀ ਹੋਣ, ਮੁੱਖ ਸੜਕਾਂ ਉੱਤੇ ਖੇਤੀ ਆਧਾਰਿਤ ਪ੍ਰੋਸੈਸਿੰਗ ਉਦਯੋਗ ਲਗਾਏ ਜਾਣ, ਮੱਕੀ ਅਤੇ ਗੰਨੇ ਦੀ ਫਸਲ ਤੋਂ ਇਲਾਵਾ ਪਰਾਲੀ ਤੋਂ ਈਥਾਨੋਲ ਪੈਦਾ ਕਰਕੇ ਕਿਸਾਨਾਂ ਨੂੰ ਇਨ੍ਹਾਂ ਫਸਲਾਂ ਅਤੇ ਹੋਰ ਖੇਤੀ ਉਤਪਾਦਾਂ ਦਾ ਸਵਾਮੀਨਾਥਨ ਕਮਿਸ਼ਨ ਵਲੋਂ ਕੀਤੀਆਂ ਸਿਫਾਰਿਸ਼ਾਂ ਮੁਤਾਬਿਕ ਪੂਰੀ ਲਾਗਤ ਕੀਮਤ ਤੋਂ ਇਲਾਵਾ 50 ਪ੍ਰਤੀਸ਼ਤ ਮੁਨਾਫਾ ਦਰਜ ਕਰਨ ਨਾਲ ਕਿਸਾਨ ਦੀ ਆਮਦਨ ਵਧ ਸਕਦੀ ਹੈ। ਪੰਜਾਬ ਤੇ ਹਰਿਆਣਾ ਵਿਚੋਂ ਝੋਨੇ ਦੀ ਕਾਸ਼ਤ ਘਟਾ ਕੇ ਦਾਲਾਂ, ਤੇਲ ਬੀਜਾਂ ਤੇ ਹੋਰ ਵਸਤਾਂ ਦੇ ਭਾਅ ਨਿਰਧਾਰਿਤ ਕੀਤੇ ਜਾਣ ਕਿਉਂਕਿ 2015 ਵਿਚ ਹੀ ਭਾਰਤ ਸਰਕਾਰ ਵਲੋਂ ਆਸਟਰੇਲੀਆ , ਕੈਨੇਡਾ, ਮੀਆਂਮਾਰ ਅਤੇ ਰੂਸ ਸਮੇਤ 40 ਦੇਸ਼ਾਂ ਤੋਂ 1 ਕਰੋੜ 2 ਲੱਖ, 75 ਹਜ਼ਾਰ, 868 ਮੀਟਰਿਕ ਟਨ ਦਾਲਾਂ ਮੰਗਵਾਈਆਂ ਗਈਆਂ ਜਿਨ੍ਹਾਂ ਦੀ ਕੁੱਲ ਕੀਮਤ 4 ਖ਼ਰਬ, 29 ਅਰਬ, 70 ਕਰੋੜ ਬਣਦੀ ਹੈ। ਅਗਰ ਇਹ ਦਾਲਾਂ ਪੰਜਾਬ ਤੇ ਹਰਿਆਣੇ ਦੇ ਕਿਸਾਨਾਂ ਨੂੰ ਉਪਜਾਉਣ ਲਈ ਉਤਸ਼ਾਹਿਤ ਕੀਤਾ ਜਾਵੇ ਤਾਂ ਨਿਸਚੇ ਹੀ ਕਿਸਾਨਾਂ ਦੀ ਆਮਦਨ ਵਿਚ ਵਾਧਾ ਦਰਜ ਹੋਵੇਗਾ। (ਚਲਦਾ)


-ਮੋ: 94635-39590.

ਤੂੰ ਚੱਲ, ਮੈਂ ਆਇਆ

ਸਮੇਂ ਦੀ ਮਾਰ ਤਾਂ ਹਰ ਇਕ ਨੂੰ ਝੱਲਣੀ ਹੀ ਪੈਣੀ ਹੈ। ਵਸਤੂ ਹੋਵੇ ਜਾਂ ਜੀਵ। ਜਿਵੇਂ-ਜਿਵੇਂ ਤਕਨਾਲੋਜੀ ਦਾ ਪਸਾਰ ਹੁੰਦਾ ਜਾਵੇਗਾ, ਵਸਤੂਆਂ ਦਾ ਰੂਪ ਬਦਲਦਾ ਜਾਵੇਗਾ ਜਾਂ ਉਨ੍ਹਾਂ ਦੀ ਲੋੜ ਹੀ ਮੁੱਕਦੀ ਜਾਵੇਗੀ। ਹੁਣ ਇਹ ਵੀ ਸੱਚ ਹੈ ਕਿ ਇਕ ਵਾਰੀ ਤਾਂ ਸਿੱਖਰ 'ਤੇ ਹਰ ਚੀਜ਼ ਪਹੁੰਚਦੀ ਹੈ। ਭਾਵ ਪਾਵੇ ਹੀ ਲੈ ਲੋ, ਸਾਦੇ ਤੋਂ ਲੈ ਕੇ ਰੰਗਲੇ ਪਾਵੇ ਕਦੇ ਘਰਾਂ ਵਿਚ ਮੰਜਿਆਂ ਦਾ ਮਾਣ ਹੁੰਦੇ ਸਨ। ਚਾਦਰ ਵਿਛਾ ਕੇ ਪਾਵੇ ਨੰਗੇ ਰੱਖੇ ਜਾਂਦੇ ਸਨ ਤਾਂ ਕਿ ਮਹਿਮਾਨ ਨੂੰ ਵੱਡੇ, ਗੋਲ ਤੇ ਰੰਗੀਨ ਪਾਵੇ ਦਿਖਾਏ ਜਾ ਸਕਣ। ਪਰ ਬਾਕਸ ਬੈਡਾਂ ਜਾਂ ਡੂਡ ਫੁੱਟੇ ਗੱਦਿਆਂ ਵਾਲੇ ਮੰਜਿਆਂ ਨੇ, ਪਾਵੇ ਸਿਉਂਕ ਦੇ ਹਵਾਲੇ ਕਰ ਦਿੱਤੇ ਹਨ। ਕਦੇ-ਕਦੇ ਮੈਨੂੰ ਲੱਗਦਾ ਹੈ ਕਿ ਤਕਨਾਲੋਜੀ ਦੀ ਸਿਉਂਕ ਨੇ ਮਨੁੱਖ ਨੂੰ ਵੀ ਖਾ ਜਾਣਾ ਹੈ। ਭਾਵੇਂ ਕਿ ਬਦਲਾਵ ਨੂੰ ਰੋਕਿਆ ਨਹੀਂ ਜਾ ਸਕਦਾ, ਪਰ ਵਿਰਾਸਤ ਦੀ ਖੂਬਸੂਰਤੀ ਨੂੰ ਸਾਂਭ ਕੇ ਤਾਂ ਰੱਖਿਆ ਹੀ ਜਾ ਸਕਦਾ ਹੈ। ਜੇ ਹਰ ਮਨੁੱਖ ਆਪਣੇ ਆਲੇ-ਦੁਆਲੇ ਝਾਤੀ ਹੀ ਮਾਰ ਲਵੇ ਤਾਂ ਹਾਲੇ ਵੀ ਬਹੁਤ ਸਾਰੀਆਂ, ਵਸਤੂਆਂ, ਰੀਤਾਂ ਤੇ ਸੋਚਾਂ, ਸਾਂਭ ਕੇ ਰੱਖੀਆਂ ਜਾ ਸਕਦੀਆਂ ਹਨ। ਹੋਰ ਦੱਸ-ਬਾਰਾਂ ਸਾਲ ਨੂੰ ਨਮੂਨੇ ਮਾਤਰ ਵੀ ਕੁਝ ਨਹੀਂ ਲੱਭਣਾ। ਹਾਲੇ ਸਮਾਂ ਹੈ, ਮੌਕਾ ਸਾਂਭ ਲਵੋ।


-ਮੋਬਾ: 98159-45018

ਪ੍ਰਦੂਸ਼ਣ ਕੰਟਰੋਲ ਬੋਰਡ ਨੇ ਝੋਨਾ ਲਾਉਣ ਦੀ ਮਿਤੀ 15 ਤੋਂ 25 ਜੂਨ ਕੀਤੇ ਜਾਣ ਦੀ ਮੰਗ

ਪੰਜਾਬ ਸਰਕਾਰ ਲਈ ਇਕ ਹੋਰ ਸਮੱਸਿਆ ਖੜ੍ਹੀ ਹੋਈ

ਜ਼ਮੀਨ ਥੱਲੇ ਪਾਣੀ ਦੀ ਸਤ੍ਹਾ ਨੂੰ ਹੇਠਾਂ ਜਾਣ ਤੋਂ ਠੱਲ੍ਹ ਪਾਉਣ ਲਈ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਝੋਨੇ ਦੀ ਲੁਵਾਈ 25 ਜੂਨ ਤੋਂ ਬਾਅਦ ਕੀਤੇ ਜਾਣ ਦਾ ਸੁਝਾਅ ਦਿੱਤਾ ਹੈ ਅਤੇ ਇਸ ਸਬੰਧੀ ਪੰਜਾਬ ਸਰਕਾਰ ਨੂੰ ਪੰਜਾਬ ਪ੍ਰੀਜ਼ਰਵੇਸ਼ਨ ਆਫ਼ ਸਬ-ਸੁਆਇਲ ਵਾਟਰ ਐਕਟ-2009 ਵਿਚ ਯੋਗ ਸੋਧ ਕਰਨ ਲਈ ਕਿਹਾ ਹੈ। ਇਸ ਅਧਿਨਿਯਮ ਥੱਲੇ ਕਿਸਾਨਾਂ ਨੂੰ ਸ਼ੁਰੂ-ਸ਼ੁਰੂ ਵਿਚ 10 ਜੂਨ ਤੋਂ ਪਹਿਲਾਂ ਝੋਨਾ ਲਾਉਣ ਤੋਂ ਵਰਜਿਤ ਕਰ ਦਿੱਤਾ ਗਿਆ ਸੀ। ਬਾਅਦ ਵਿਚ ਫਿਰ ਇਕ ਸਲਾਹਕਾਰੀ ਰਾਹੀਂ ਇਸ ਮਿਤੀ ਨੂੰ 15 ਜੂਨ ਕਰ ਦਿੱਤਾ ਗਿਆ। ਬੋਰਡ ਦੇ ਸੁਝਾਅ ਨੂੰ ਸਹੀ ਦਰਸਾਉਣ ਵਜੋਂ ਬੋਰਡ ਦੇ ਚੇਅਰਮੈਨ ਕਾਹਨ ਸਿੰਘ ਪੰਨੂੰ ਨੇ ਕਿਹਾ ਹੈ ਕਿ ਰਾਜ ਦੇ 108 ਬਲਾਕ 'ਸਿਆਹ ਜ਼ੋਨ' ਵਿਚ ਆ ਚੁੱਕੇ ਹਨ, ਜਿੱਥੇ ਪਾਣੀ ਦਾ ਪੱਧਰ ਝੋਨੇ ਦੀ ਕਾਸ਼ਤ ਕਾਰਨ ਘਟ ਕੇ ਗੰਭੀਰ ਰੂਪ ਅਖ਼ਤਿਆਰ ਕਰ ਚੁੱਕਾ ਹੈ।
ਪਰ ਇਸ ਸਬੰਧੀ ਇਕੱਲੀ ਝੋਨੇ ਦੀ ਕਾਸ਼ਤ ਹੀ ਤਾਂ ਜ਼ਿੰਮੇਵਾਰ ਨਹੀਂ। ਜੋ ਇਹ ਕਿਹਾ ਜਾਂਦਾ ਹੈ ਕਿ ਇਕ ਕਿਲੋ ਚੌਲ ਪੈਦਾ ਕਰਨ ਲਈ 5000 ਲਿਟਰ ਪਾਣੀ ਦੀ ਖਪਤ ਹੁੰਦੀ ਹੈ, ਜਿਸ ਅਨੁਸਾਰ 48.217 ਐਮ.ਏ.ਐਫ਼. (ਮਿਲੀਅਨ ਕਰੋੜ ਫੁੱਟ) ਪਾਣੀ ਲੋੜੀਂਦਾ ਹੈ, ਉਹ ਕਲਪਤ ਹੈ। ਮਾਹਰਾਂ ਵਲੋਂ ਲਾਏ ਗਏ ਇਕ ਅਨੁਮਾਨ ਅਨੁਸਾਰ ਝੋਨੇ ਦੀ ਫ਼ਸਲ ਨੂੰ ਇਸ ਨਾਲੋਂ ਕੇਵਲ ਇਕ-ਤਿਹਾਈ ਪਾਣੀ ਦੀ ਲੋੜ ਹੈ, ਜੋ 17.50 ਐਮ.ਏ.ਐਫ਼. ਬਣਦਾ ਹੈ। ਟਿਊਬਵੈੱਲਾਂ ਲਈ ਮੁਫ਼ਤ ਬਿਜਲੀ ਦਿੱਤੇ ਜਾਣ ਕਾਰਨ ਜ਼ਮੀਨ ਥੱਲਿਓਂ ਪਾਣੀ ਲੋੜ ਨਾਲੋਂ ਵੱਧ ਕੱਢ ਲਿਆ ਜਾਂਦਾ ਹੈ ਅਤੇ ਟਿਊਬਵੈੱਲ ਮਤਵਾਤਰ ਚਲਦੇ ਰਹਿੰਦੇ ਹਨ, ਭਾਵੇਂ ਪਾਣੀ ਦੀ ਲੋੜ ਨਾ ਹੋਵੇ। ਇਨ੍ਹਾਂ ਮਾਹਰਾਂ ਅਨੁਸਾਰ ਟਿਊਬਵੈੱਲਾਂ ਨੂੰ ਮੁਫ਼ਤ ਬਿਜਲੀ ਦੀ ਉਪਲਬਧਤਾ ਮਿੱਠੀ ਗੋਲੀ ਹੈ, ਜੋ ਪਾਣੀ ਦਾ ਪੱਧਰ ਘਟਣ ਅਤੇ ਕਿਸਾਨਾਂ ਜ਼ਿੰਮੇ ਕਰਜ਼ੇ ਦਾ ਬੋਝ ਵਧਣ ਲਈ ਜ਼ਿੰਮੇਵਾਰ ਹੈ। ਝੋਨੇ ਵਿਚ ਪਾਣੀ ਦੀ ਖਪਤ ਘਟਾਉਣ ਲਈ ਜ਼ਮੀਨ ਨੂੰ ਪੱਧਰ ਕਰਨ ਲਈ ਕੰਪਿਊਟਰ ਕਰਾਹੇ ਦੀ ਵਰਤੋਂ, ਜ਼ੀਰੋ ਟਿਲੇਜ ਤੇ ਝੋਨੇ ਦੀ ਸਿੱਧੀ ਬਿਜਾਈ ਜਿਹੀਆਂ ਵਿਧੀਆਂ ਵੀ ਵਰਤੀਆਂ ਜਾ ਸਕਦੀਆਂ ਹਨ। ਝੋਨੇ ਦੀ ਲੁਵਾਈ 10 ਦਿਨ ਹੋਰ ਪਿੱਛੇ ਕਰ ਕੇ 15 ਜੂਨ ਦੀ ਬਜਾਏ 25 ਜੂਨ ਮੁਕੱਰਰ ਕਰਨਾ ਕਿਸਾਨ ਹਿੱਤ 'ਚ ਨਹੀਂ। ਇਸ ਨਾਲ ਪ੍ਰਤੀ ਹੈਕਟੇਅਰ ਝਾੜ ਝੋਨਾ ਅਤੇ ਕਣਕ ਦੋਵੇਂ ਫ਼ਸਲਾਂ ਦੇ ਘਟਣ ਦੀ ਸੰਭਾਵਨਾ ਹੈ, ਜਿਸ ਉਪਰੰਤ ਕਿਸਾਨਾਂ ਦੀ ਆਮਦਨ 'ਚ ਕਮੀ ਆਵੇਗੀ।
ਪ੍ਰਦੂਸ਼ਣ ਬੋਰਡ ਦੇ ਚੇਅਰਮੈਨ ਵਲੋਂ ਜੋ ਇਹ ਦਲੀਲ ਦਿੱਤੀ ਗਈ ਹੈ ਕਿ ਹੁਣ ਪੰਜਾਬ ਖੇਤੀ ਯੂਨੀਵਰਸਿਟੀ ਵਲੋਂ ਝੋਨੇ ਦੀਆਂ ਅਜਿਹੀਆਂ ਕਿਸਮਾਂ ਵਿਕਸਿਤ ਕਰ ਦਿੱਤੀਆਂ ਗਈਆਂ ਹਨ, ਜੋ ਅਗੇਤੀਆਂ ਪੱਕ ਜਾਂਦੀਆਂ ਹਨ, ਇਸ ਲਈ ਬਿਜਾਈ ਦੀ ਰੋਕ 10 ਦਿਨ ਵਧਾ ਕੇ 25 ਜੂਨ ਕਰਨਾ ਕਿਸਾਨਾਂ ਦੇ ਹਿੱਤਾਂ ਨੂੰ ਪ੍ਰਭਾਵਿਤ ਨਹੀਂ ਕਰੇਗਾ। ਇਸ ਸਬੰਧੀ ਪੀ.ਏ.ਯੂ. ਵਲੋਂ ਇਕੋ ਕਿਸਮ ਪੀ.ਆਰ.-126 ਪਿਛਲੇ ਸਾਲ ਵਿਕਸਿਤ ਕੀਤੀ ਗਈ ਹੈ, ਜੋ ਪੱਕਣ ਨੂੰ 123 ਦਿਨ ਲੈਂਦੀ ਹੈ। ਬਾਕੀ ਦੂਜੀਆਂ ਕਿਸਮਾਂ ਪੀ.ਆਰ.-123, ਪੀ.ਆਰ.-122, ਪੀ.ਆਰ.-121, ਪੀ.ਆਰ.-114 ਆਦਿ 145 ਦਿਨ ਦੇ ਕਰੀਬ ਲੈਂਦੀਆਂ ਹਨ। ਕਿਸਾਨ ਆਮ ਤੌਰ 'ਤੇ ਪੂਸਾ-44, ਪੀ.ਆਰ.-121 ਤੇ ਪੀ.ਆਰ.-114 ਕਿਸਮਾਂ ਬੀਜਦੇ ਹਨ। ਪੂਸਾ-44 ਕਿਸਮ ਦੀ ਉਤਪਾਦਕਤਾ ਦੂਜੀਆਂ ਸਭ ਕਿਸਮਾਂ ਨਾਲੋਂ ਵੱਧ ਹੈ। ਭਾਵੇਂ ਇਹ ਪੱਕਣ ਨੂੰ 145-148 ਦਿਨ ਲੈਂਦੀ ਹੈ। ਪੀ.ਆਰ.-126 ਨਵੀਂ ਕਿਸਮ ਹੈ, ਜੋ ਕਿਸਾਨਾਂ ਨੇ ਪੂਰੀ ਤਰ੍ਹਾਂ ਅਜੇ ਅਜਮਾਉਣੀ ਹੈ। ਇਸ ਕਿਸਮ ਥੱਲੇ ਬਹੁਤਾ ਰਕਬਾ ਆਉਣਾ ਸੰਭਵ ਨਹੀਂ। ਪੂਸਾ-44 ਕਿਸਮ ਤੋਂ ਕਿਸਾਨ 35-40 ਕੁਇੰਟਲ ਝਾੜ ਪ੍ਰਤੀ ਏਕੜ ਦੀ ਪ੍ਰਾਪਤੀ ਕਰ ਰਹੇ ਹਨ, ਜਦੋਂ ਕਿ ਦੂਜੀਆਂ ਹੋਰ ਕਿਸਮਾਂ ਦਾ ਝਾੜ 20 ਤੋਂ 28 ਕੁਇੰਟਲ ਪ੍ਰਤੀ ਏਕੜ ਹੈ। ਉਹ ਕੋਈ ਘੱਟ ਉਤਪਾਦਕਤਾ ਦੇਣ ਵਾਲੀ ਕਿਸਮ ਅਪਣਾਉਣ ਲਈ ਛੇਤੀ-ਛੇਤੀ ਤਿਆਰ ਨਹੀਂ ਹੋਣਗੇ।
ਕੁਝ ਅਗਾਂਹਵਧੂ ਕਿਸਾਨ, ਜਿਨ੍ਹਾਂ ਵਿਚ ਸਟੇਟ ਐਵਾਰਡੀ ਰਾਜਮੋਹਨ ਸਿੰਘ ਕਾਲੇਕਾ, ਬਿਸ਼ਨਪੁਰ ਛੰਨਾ, ਪ੍ਰਕਾਸ਼ ਸਿੰਘ ਬੱਚਕੀ, ਚਰਨਜੀਤ ਸਿੰਘ ਰੱਖੜਾ, ਸਨਦੀਪ ਸਿੰਘ ਭੱਦਲਵੱਢ, ਗੁਰਮੇਲ ਸਿੰਘ ਗਹਿਲਾਂ ਆਦਿ ਸ਼ਾਮਿਲ ਹਨ, ਨੇ ਤਜਰਬਿਆਂ ਤੋਂ ਬਾਅਦ ਦੱਸਿਆ ਕਿ ਜੇ ਇਨ੍ਹਾਂ ਵਧੇਰੇ ਝਾੜ ਦੇਣ ਵਾਲੀਆਂ ਕਿਸਮਾਂ ਨੂੰ 15 ਜੂਨ ਤੋਂ ਬਾਅਦ ਬੀਜਿਆ ਗਿਆ ਤਾਂ ਇਹ ਪੱਕ ਕੇ ਅਖੀਰ ਅਕਤੂਬਰ ਜਾਂ ਸ਼ੁਰੂ ਨਵੰਬਰ ਵਿਚ ਤਿਆਰ ਹੋਣਗੀਆਂ ਅਤੇ ਜ਼ਿਆਦਾ ਸਮਾਂ ਲੈਣ ਦੇ ਬਾਵਜੂਦ ਉਨ੍ਹਾਂ ਵਿਚ ਅਖੀਰ ਅਕਤੂਬਰ ਜਾਂ ਨਵੰਬਰ ਵੇਲੇ ਨਮੀ ਦੀ ਮਾਤਰਾ ਵੀ ਵਧੇਰੇ ਹੋਵੇਗੀ ਅਤੇ ਫ਼ਸਲ ਦਾ ਮੰਡੀਕਰਨ ਮੁਸ਼ਕਿਲ ਹੋ ਜਾਵੇਗਾ। ਇਸ ਤੋਂ ਇਲਾਵਾ ਜੋ ਸਰਕਾਰ ਵਲੋਂ ਝੋਨੇ ਦੀ ਰਹਿੰਦ-ਖੂੰਹਦ ਤੇ ਪਰਾਲੀ ਨੂੰ ਅੱਗ ਨਾ ਲਾਉਣ ਦੀ ਮੁੰਹਿਮ ਸ਼ੁਰੂ ਕੀਤੀ ਗਈ ਹੈ, ਉਹ ਵੀ ਪਛੜ ਜਾਵੇਗੀ, ਕਿਉਂਕਿ ਕਣਕ ਦੀ ਬਿਜਾਈ ਲਈ ਸਮਾਂ ਨਾ ਰਹਿਣ ਲਈ ਕਿਸਾਨ ਅੱਗ ਲਾ ਕੇ ਰਹਿੰਦ-ਖੂੰਹਦ ਨੂੰ ਖ਼ਤਮ ਕਰ ਕੇ ਜ਼ਮੀਨ ਨੂੰ ਤਿਆਰ ਕਰਨ ਲਈ ਮਜਬੂਰ ਹੋ ਜਾਣਗੇ। ਇਹੋ ਨਹੀਂ, ਕਣਕ ਦੀ ਬਿਜਾਈ ਪਛੜਨ ਨਾਲ ਕਣਕ ਦਾ ਝਾੜ ਵੀ ਪ੍ਰਭਾਵਿਤ ਹੋਵੇਗਾ, ਜਿਸ ਕਾਰਨ ਉਨ੍ਹਾਂ ਦੀ ਆਮਦਨ ਘਟੇਗੀ।
ਪ੍ਰਦੂਸ਼ਣ ਬੋਰਡ ਦੀ ਇਹ ਸੋਚਧਾਰਾ ਕਿ ਕਿਸਾਨ ਇਕਦਮ ਥੋੜ੍ਹੇ ਸਮੇਂ 'ਚ ਪੱਕਣ ਵਾਲੀ ਇਸ ਇਕੋ-ਇਕ ਕਿਸਮ ਨੂੰ ਅਪਣਾ ਲੈਣਗੇ, ਸਹੀ ਨਹੀਂ ਜਾਪਦੀ। ਪੰਜਾਬ ਨੂੰ ਕ੍ਰਿਸ਼ੀ ਕਰਮਨ ਕੇਂਦਰ ਵਲੋਂ ਚੌਲਾਂ ਦੀ ਉਤਪਾਦਕਤਾ ਤੇ ਉਤਪਾਦਨ ਲਈ ਜੋ ਕ੍ਰਿਸ਼ੀ ਕਰਮਨ ਐਵਾਰਡ, 2017 ਲਈ ਚੁਣਿਆ ਗਿਆ ਹੈ, ਉਸ ਦਾ ਆਧਾਰ ਵੀ ਵਧੇਰੇ ਝਾੜ ਦੇਣ ਵਾਲੀਆਂ ਪੂਸਾ-44 ਜਿਹੀਆਂ ਕਿਸਮਾਂ ਹੀ ਹਨ। ਰਾਜ 'ਚ ਸਭ ਤੋਂ ਵੱਧ ਝੋਨੇ ਦੀ ਉਤਪਾਦਕਤਾ ਲੈਣ ਵਾਲਾ ਕਿਸਾਨ ਵੀ ਪੂਸਾ-44 ਕਿਸਮ ਦਾ ਕਾਸ਼ਤਕਾਰ ਹੈ, ਜਿਸ ਨੂੰ ਰਾਜ ਸਰਕਾਰ ਨੇ ਇਹ ਰਾਜ ਪੱਧਰੀ ਐਵਾਰਡ ਨਾਲ ਦੋ ਲੱਖ ਰੁਪਏ ਦਾ ਇਹੋ ਐਵਾਰਡ ਦੇਣ ਲਈ ਕੇਂਦਰ ਸਰਕਾਰ ਨੂੰ ਸਿਫ਼ਾਰਸ਼ ਕੀਤੀ ਹੈ। ਇਹ ਕਿਸਾਨ ਜੋ ਪੂਸਾ-44 ਕਿਸਮ ਬੀਜਦਾ ਹੈ, ਦੀ ਉਤਪਾਦਕਤਾ ਨੂੰ ਰਾਜ ਵਿਚ ਖੇਤੀਬਾੜੀ ਵਿਭਾਗ ਨੇ ਸਭ ਕਿਸਾਨਾਂ ਨਾਲੋਂ ਵੱਧ ਕਰਾਰ ਦਿੱਤਾ ਹੈ।
ਫਿਰ ਜੇ ਝੋਨੇ ਦੀ ਕਾਸ਼ਤ ਦੀ ਮਿਤੀ 25 ਜੂਨ ਕਰ ਦਿੱਤੀ ਜਾਂਦੀ ਹੈ ਤਾਂ ਕਣਕ ਵੱਢਣ ਤੋਂ ਬਾਅਦ ਜ਼ਮੀਨ ਖਾਲੀ ਜ਼ਿਆਦਾ ਸਮਾਂ ਰਹੇਗੀ-ਅਪ੍ਰੈਲ ਤੋਂ ਜੂਨ ਦੇ ਅੰਤ ਤੱਕ। ਜਿਸ ਦੌਰਾਨ ਕਿਸਾਨ ਮੱਕੀ ਅਤੇ ਜੰਤਰ ਜਿਹੀਆਂ ਫ਼ਸਲਾਂ ਦੀ ਕਾਸ਼ਤ ਕਰਨਗੇ। ਜਿਨ੍ਹਾਂ ਫ਼ਸਲਾਂ ਦੀ ਪਾਣੀ ਦੀ ਲੋੜ ਵੱਧ ਹੋਣ ਕਾਰਨ ਟਿਊਬਵੈੱਲ ਚੱਲਣਗੇ ਅਤੇ ਪਾਣੀ ਦੀ ਖਪਤ ਸਗੋਂ ਜ਼ਿਆਦਾ ਹੋਵੇਗੀ।
ਜੇ ਝੋਨੇ ਦੀ ਕਾਸ਼ਤ ਘਟਾ ਕੇ ਹੀ ਜ਼ਮੀਨ ਥੱਲੇ ਪਾਣੀ ਦੀ ਸਤ੍ਹਾ ਦਾ ਹੇਠਾਂ ਜਾਣਾ ਘਟਾਉਣਾ ਹੈ ਤਾਂ ਸਰਕਾਰ ਨੂੰ ਚਾਹੀਦਾ ਹੈ ਕਿ ਅਜਿਹੀਆਂ ਜ਼ਮੀਨਾਂ ਜਿੱਥੇ ਝੋਨੇ ਤੋਂ ਇਲਾਵਾ ਕੋਈ ਹੋਰ ਫ਼ਸਲ ਨਹੀਂ ਹੋ ਸਕਦੀ, ਨੂੰ 'ਪੈਡੀ ਲੈਂਡਜ਼' ਐਲਾਨੇ, ਜਿਨ੍ਹਾਂ 'ਤੇ ਕਿਸਾਨਾਂ ਨੂੰ ਝੋਨਾ ਲਾਉਣ ਦੀ ਆਗਿਆ ਹੋਵੇ। ਬਾਕੀ ਜ਼ਮੀਨਾਂ 'ਤੇ ਉਹ ਹੋਰ ਫ਼ਸਲਾਂ ਲਾਉਣ ਅਤੇ ਸਰਕਾਰ ਉਨ੍ਹਾਂ ਕਿਸਾਨਾਂ ਨੂੰ ਇਸ ਕਾਰਨ ਪੈਣ ਵਾਲੇ ਘਾਟੇ ਦਾ ਮੁਆਵਜ਼ਾ ਦੇਵੇ। ਫ਼ਸਲੀ ਵਿਭਿੰਨਤਾ ਪੱਖੋਂ ਅਤੇ ਪਾਣੀ ਦੀ ਖਪਤ ਘਟਾਉਣ ਲਈ ਬਾਸਮਤੀ ਦੀ ਕਾਸ਼ਤ ਨੂੰ ਉਤਸ਼ਾਹਿਤ ਕੀਤਾ ਜਾ ਸਕਦਾ ਹੈ। ਪੂਸਾ ਬਾਸਮਤੀ-1509 ਜਿਹੀ ਕਿਸਮ 115 ਦਿਨ 'ਚ ਪੱਕ ਕੇ ਤਿਆਰ ਹੋ ਜਾਂਦੀ ਹੈ ਅਤੇ 25-28 ਕੁਇੰਟਲ ਪ੍ਰਤੀ ਏਕੜ ਤੱਕ ਝਾੜ ਦੇ ਕੇ ਝੋਨੇ ਨਾਲੋਂ ਵੱਧ ਮੁਨਾਫ਼ਾ ਦਿੰਦੀ ਹੈ। ਇਸ ਦੀ ਬਿਜਾਈ ਵੀ 15 ਜੁਲਾਈ ਤੋਂ ਬਾਅਦ ਕੀਤੀ ਜਾਂਦੀ ਹੈ, ਜਦੋਂ ਮਾਨਸੂਨ ਸ਼ੁਰੂ ਹੋ ਜਾਂਦੀ ਹੈ। ਇਸ ਦੀ ਮਸਨੂਈ ਸਿੰਜਾਈ ਦੀ ਲੋੜ ਨਾ ਬਰਾਬਰ ਹੈ। ਪਰ ਇਸ ਲਈ ਸਰਕਾਰ ਨੂੰ ਐਮ.ਐਸ.ਪੀ. ਮੁਕੱਰਰ ਕਰ ਕੇ ਉਤਪਾਦਕਾਂ ਦੀ ਫ਼ਸਲ ਝੋਨੇ ਵਾਂਗ ਖਰੀਦਣ ਦੇ ਪ੍ਰਬੰਧ ਕਰਨੇ ਪੈਣਗੇ। ਜੇ ਅਜਿਹਾ ਨਹੀਂ ਹੋ ਸਕਦਾ ਤਾਂ ਪੰਜਾਬ ਸਰਕਾਰ ਫ਼ਸਲ ਨੂੰ ਯੋਗ ਭਾਅ 'ਤੇ ਖਰੀਦ ਕੇ ਮਾਰਕਫੈੱਡ ਜਾਂ ਪੰਜਾਬ ਐਗਰੋ ਰਾਹੀਂ ਨਿਰਯਾਤ ਕਰਨ ਦੇ ਪ੍ਰਬੰਧ ਕਰੇ।
ਜੇ ਵਰਤਮਾਨ ਸਥਿਤੀ ਵਿਚ ਸਰਕਾਰ ਪ੍ਰਦੂਸ਼ਣ ਬੋਰਡ ਦਾ ਸੁਝਾਅ ਮੰਨ ਕੇ ਝੋਨਾ ਲਾਉਣ ਦੀ ਮਿਤੀ 15 ਜੂਨ ਤੋਂ ਬਦਲ ਕੇ 25 ਜੂਨ ਕਰ ਦਿੰਦੀ ਹੈ ਤਾਂ ਇਸ ਨਾਲ ਕਿਸਾਨਾਂ ਦਾ ਹਿੱਤ ਪ੍ਰਭਾਵਤ ਹੋਵੇਗਾ, ਉਨ੍ਹਾਂ ਦਾ ਮੁਨਾਫ਼ਾ ਘਟੇਗਾ ਅਤੇ ਪਾਣੀ ਦੀ ਕੋਈ ਬੱਚਤ ਹੋਣ ਦੀ ਸੰਭਾਵਨਾ ਨਹੀਂ।


-ਮੋਬਾ: 98152-36307

ਖਜੂਰਾਂ ਦੇ ਪੱਤਿਆਂ ਤੋਂ ਝਾੜੂ ਤੇ ਟੋਕਰੀਆਂ ਬਣਾ ਕੇ ਕਮਾ ਰਹੇ ਨੇ ਰੋਜ਼ੀ-ਰੋਟੀ

ਆਖਦੇ ਹਨ ਕਿ ਹਿੰਮਤ ਅਤੇ ਹੌਸਲੇ ਨਾਲ ਜ਼ਿੰਦਗੀ 'ਚ ਮਨੁੱਖ ਅਸੰਭਵ ਕੰਮ ਨੂੰ ਸੰਭਵ ਕਰ ਸਕਦਾ ਹੈ। ਕੁਝ ਇਸੇ ਤਰ੍ਹਾਂ ਦੀ ਕਰਨ ਦੀ ਸਮੱਰਥਾ ਰੱਖਦੇ ਹਨ ਜਗਰਾਉਂ ਨਜ਼ਦੀਕ ਅਖਾੜਾ ਨਹਿਰ ਪੁਲ 'ਤੇ ਬੈਠੇ ਪ੍ਰਵਾਸੀ ਮਜ਼ਦੂਰ, ਜਿਨ੍ਹਾਂ ਨੇ ਉੱਤਰ ਪ੍ਰਦੇਸ਼ ਅਤੇ ਬਿਹਾਰ ਤੋਂ ਆ ਕੇ ਸਖ਼ਤ ਮਿਹਨਤ ਅਤੇ ਲਗਨ ਨਾਲ ਖਜੂਰਾਂ ਦੇ ਪੱਤਿਆਂ ਨੂੰ ਕਮਾਈ ਦੇ ਸਾਧਨ ਵਜੋਂ ਵਰਤਿਆ। ਜ਼ਿਕਰਯੋਗ ਹੈ ਕਿ ਅੱਜ ਤੋਂ ਕਰੀਬ ਪੰਜ ਸਾਲ ਪਹਿਲਾਂ ਜਦੋਂ ਕਦੇ ਇਸ ਨਹਿਰ 'ਤੇ ਸੁੰਨਸਾਨ ਹੋਇਆ ਕਰਦੀ ਸੀ, ਉਸ ਸਮੇਂ ਇਨ੍ਹਾਂ ਪ੍ਰਵਾਸੀ ਮਜ਼ਦੂਰ ਪਰਿਵਾਰਾਂ ਨੇ ਆਪਣੇ ਰੁਜ਼ਗਾਰ ਲਈ ਇਸ ਨਹਿਰ 'ਤੇ ਪੱਕੇ ਤੌਰ 'ਤੇ ਡੇਰੇ ਲਾਏ। ਇਹ ਮਜ਼ਦੂਰ ਨਹਿਰ 'ਤੇ ਲੱਗੇ ਖਜੂਰਾਂ ਦੇ ਦਰੱਖਤਾਂ ਦੇ ਪੱਤਿਆਂ ਅਤੇ ਟਹਿਣੀਆਂ ਨੂੰ ਆਪਣੀ ਹੱਥਾਂ ਦੀ ਕਾਰੀਗਰੀ ਨਾਲ ਝਾੜੂ, ਟੋਕਰੀਆਂ ਅਤੇ ਹੋਰ ਸਮਾਨ ਬਣਾ ਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਰਹੇ ਹਨ। ਇਸ ਸਬੰਧੀ ਜਦੋਂ ਪ੍ਰਵਾਸੀ ਮਜ਼ਦੂਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਇਕ ਝਾੜੂ ਦੀ ਕੀਮਤ 20 ਰੁਪਏ ਲਈ ਜਾਂਦੀ ਹੈ ਅਤੇ ਰੋਜ਼ਾਨਾ 50 ਦੇ ਕਰੀਬ ਝਾੜੂ ਵੇਚੇ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਝਾੜੂਆਂ ਤੋਂ ਬਿਨ੍ਹਾਂ ਟੋਕਰੀਆਂ ਵੀ ਤਿਆਰ ਕਰਦੇ ਹਨ। ਉਨ੍ਹਾਂ ਦੱਸਿਆ ਕਿ ਖਜੂਰਾਂ ਦੇ ਪੱਤਿਆਂ ਨੂੰ ਸੁਕਾ ਕੇ ਅਤੇ ਆਪਣੀ ਮਿਹਨਤ ਨਾਲ ਇਸ ਤਰੀਕੇ ਨਾਲ ਬਣਾਇਆ ਜਾਂਦਾ ਹੈ ਕਿ ਅੱਜ ਦੇ ਸਮੇਂ ਆਸ-ਪਾਸ ਦੇ ਪਿੰਡਾਂ ਦੇ ਅਤੇ ਇਸ ਸੜਕ ਤੋਂ ਲੰਘਦੇ ਲੋਕਾਂ ਦੀ ਇਹ ਪਹਿਲੀ ਪਸੰਦ ਬਣ ਚੁੱਕਾ ਹੈ। ਬਗ਼ੈਰ ਕਿਸੇ ਮਸ਼ੀਨਰੀ ਤੋਂ ਹੱਥਾਂ ਦੀ ਕਾਰੀਗਰੀ ਨਾਲ ਮਿਹਨਤ ਨਾਲ ਬਾਹਰਲੇ ਸੂਬਿਆਂ ਤੋਂ ਆਏ ਪ੍ਰਵਾਸੀ ਲੋਕ ਆਰਥਿਕ ਪੱਖੋਂ ਸਫ਼ਲ ਹੋ ਕੇ ਪਰਿਵਾਰ ਪਾਲ ਰਹੇ ਹਨ ਅਤੇ ਸਾਨੂੰ ਅਜਿਹੇ ਮਿਹਨਤਕਸ਼ ਲੋਕਾਂ ਤੋਂ ਸੇਧ ਲੈਣ ਦੀ ਲੋੜ ਹੈ।


(ਜਗਰਾਉਂ)
ਮੋਬਾਈਲ : 95925-51348.

ਜਾਪਾਨੀ ਪੁਦੀਨਾ (ਮੈਂਥਾ) ਤਕਨੀਕੀ ਢੰਗ ਨਾਲ ਉਗਾਓ ਤੇ ਝਾੜ ਨੂੰ ਵਧਾਓ

ਰਲਵੀਆਂ ਫ਼ਸਲਾਂ ਬੀਜੋ : ਮੈਂਥੇ ਦੀ ਫ਼ਸਲ ਨੂੰ ਹੋਰ ਫ਼ਸਲਾਂ ਵਿਚ ਬੀਜ ਕੇ ਆਮਦਨ ਵਿਚ ਚੋਖਾ ਵਾਧਾ ਕੀਤਾ ਜਾ ਸਕਦਾ ਹੈ। ਕਮਾਦ ਦੀਆਂ ਦੋ ਕਤਾਰਾਂ ਵਿਚਕਾਰ ਮੈਂਥੇ ਦੀ ਇਕ ਕਤਾਰ ਬੀਜਣੀ ਚਾਹੀਦੀ ਹੈ। ਮੈਂਥਾ ਅਤੇ ਕਮਾਦ ਫਰਵਰੀ ਦੇ ਪਹਿਲੇ ਪੰਦਰਵਾੜੇ ਵਿਚ ਇਕੋ ਸਮੇਂ ਬੀਜੇ ਜਾ ਸਕਦੇ ਹਨ। ਇਸ ਲਈ ਮੈਂਥੇ ਦੀਆਂ ਇਕ ਕੁਇੰਟਲ ਜੜ੍ਹਾਂ ਪ੍ਰਤੀ ਏਕੜ ਵਰਤੋ। ਕਮਾਦ ਦੀ ਫ਼ਸਲ ਨੂੰ ਸਿਫਾਰਸ਼ ਕੀਤੀਆਂ ਖਾਦਾਂ ਤੋਂ ਇਲਾਵਾ 18 ਕਿਲੋ ਨਾਈਟ੍ਰੋਜਨ (39 ਕਿਲੋ ਯੂਰੀਆ), 10 ਕਿਲੋ ਫਾਸਫੋਰਸ (62 ਕਿਲੋ ਸੁਪਰ ਫਾਸਫੇਟ) ਪ੍ਰਤੀ ਏਕੜ ਪਾਉ। ਅੱਧੀ ਨਾਈਟ੍ਰਜਨ ਅਤੇ ਪੂਰੀ ਫਾਸਫੋਰਸ ਖਾਦ ਬਿਜਾਈ ਵੇਲੇ ਅਤੇ ਬਾਕੀ ਦੀ ਅੱਧੀ ਨਾਈਟ੍ਰਜਨ ਬਿਜਾਈ ਤੋਂ 40 ਦਿਨਾਂ ਪਿੱਛੋਂ ਪਾਉ। ਮੈਂਥੇ ਦਾ ਸਿਰਫ ਇਕ ਹੀ ਲੌਅ ਲਵੋ। ਮੈਂਥੇ ਅਤੇ ਸੂਰਜਮੁਖੀ ਦੀ ਰਲਵੀਂ ਫ਼ਸਲ ਨੂੰ ਬੜੀ ਕਾਮਯਾਬੀ ਨਾਲ ਉਗਾਇਆ ਜਾ ਸਕਦਾ ਹੈ। ਅਜਿਹਾ ਕਰਨ ਲਈ ਸੂਰਜਮੁਖੀ ਨੂੰ 120 ਸੈਂ. ਮੀ. ] 15 ਸੈਂ ਮੀ. ਦੇ ਫ਼ਾਸਲੇ 'ਤੇ ਉੱਤਰ ਦੱਖਣ ਦਿਸ਼ਾ ਵਿਚ ਬੀਜਣਾ ਚਾਹੀਦਾ ਹੈ। ਇਸ ਦੀਆਂ ਦੋ ਲਾਈਨਾਂ ਵਿਚਕਾਰ ਮੈਂਥੇ ਦੀਆਂ ਦੋ ਲਾਈਨਾਂ ਅਖੀਰ ਜਨਵਰੀ ਵਿਚ ਬੀਜੋ। ਇਸ ਰਲਵੀਂ ਫ਼ਸਲ ਲਈ ਮੈਂਥੇ ਦੀਆਂ 150 ਕਿਲੋ ਪ੍ਰਤੀ ਏਕੜ ਜੜ੍ਹਾਂ ਵਰਤੋ। ਸੂਰਜਮੁਖੀ ਨੂੰ ਸਿਫਾਰਸ਼ ਕੀਤੀਆਂ ਖਾਦਾਂ ਤੋਂ ਇਲਾਵਾ 23 ਕਿਲੋ ਨਾਈਟ੍ਰਜਨ (50 ਕਿਲੋ ਯੂਰੀਆ) ਅਤੇ 12 ਕਿਲੋ ਫਾਸਫੋਰਸ (75 ਕਿਲੋ ਸੁਪਰਫਾਸਫੇਟ) ਪ੍ਰਤੀ ਏਕੜ ਦੇ ਹਿਸਾਬ ਨਾਲ ਪਾਉ। ਪੂਰੀ ਫਾਸਫੋਰਸ ਅਤੇ ਅੱਧੀ ਨਾਈਟ੍ਰੋਜਨ ਖਾਦ ਬਿਜਾਈ ਵੇਲੇ ਅਤੇ ਬਾਕੀ ਦੀ ਅੱਧੀ ਨਾਈਟ੍ਰੋਜਨ ਬਿਜਾਈ ਤੋਂ 40 ਦਿਨਾਂ ਪਿੱਛੋਂ ਪਾਓ। ਮੈਂਥੇ ਵਿਚ ਪਿਆਜ਼ ਨੂੰ ਵੀ ਰਲਵੀਂ ਫ਼ਸਲ ਵਜੋਂ ਉਗਾਇਆ ਜਾ ਸਕਦਾ ਹੈ। ਮੈਂਥਾ ਅਤੇ ਪਿਆਜ਼ ਅੱਧ ਜਨਵਰੀ ਤੋਂ ਅਖੀਰ ਜਨਵਰੀ ਤੱਕ ਇਕੋ ਸਮੇਂ ਹੀ ਬੀਜੋ। ਅਜਿਹਾ ਕਰਨ ਲਈ 45 ਸੈਂਟੀਮੀਟਰ ਕਤਾਰ ਤੋਂ ਕਤਾਰ ਦੇ ਫਾਸਲੇ 'ਤੇ ਬੀਜੀ ਮੈਂਥੇ ਦੀ ਫ਼ਸਲ ਵਿਚ ਇਕ ਲਾਈਨ ਪਿਆਜ਼ ਦੀ ਬੀਜੋ ਅਤੇ ਪਿਆਜ਼ਾਂ ਵਿਚ ਬੂਟੇ ਤੋਂ ਬੂਟੇ ਦਾ ਫਾਸਲਾ 7.5 ਸੈ. ਮੀ. ਰੱਖੋ। ਮੈਂਥੇ ਦੀ ਫ਼ਸਲ ਨੂੰ ਸਿਫਾਰਸ਼ ਕੀਤੀਆਂ ਖਾਦਾਂ ਤੋਂ ਇਲਾਵਾ 13 ਕਿਲੋ ਨਾਈਟ੍ਰੋਜਨ (29 ਕਿਲੋ ਯੂਰੀਆ), 7 ਕਿਲੋ ਫਾਸਫੋਰਸ (44 ਕਿਲੋ ਸੁਪਰਫਾਸਫੇਟ) ਅਤੇ 7 ਕਿਲੋ ਪੋਟਾਸ਼ (12 ਕਿਲੋ ਮਿਊਰੇਟ ਆਫ ਪੋਟਾਸ਼) ਪ੍ਰਤੀ ਏਕੜ ਪਾਉ। ਪੂਰੀ ਫਾਸਫੋਰਸ ਅਤੇ ਪੋਟਾਸ਼ ਅਤੇ ਅੱਧੀ ਨਾਈਟ੍ਰੋਜਨ ਖਾਦ ਬਿਜਾਈ ਵੇਲੇ ਪਾਓ ਅਤੇ ਅੱਧੀ ਨਾਈਟ੍ਰੋਜਨ ਖਾਦ ਤਕਰੀਬਨ ਬਿਜਾਈ ਤੋਂ 40 ਦਿਨਾਂ ਬਾਅਦ ਪਾਉ।
ਖਾਦਾਂ ਦੀ ਸਹੀ ਮਾਤਰਾ ਸਹੀ ਸਮੇਂ 'ਤੇ ਪਾਉ : ਮੈਂਥਾ ਦੇਸੀ ਖਾਦਾਂ ਨੂੰ ਬਹੁਤ ਮੰਨਦਾ ਹੈ। ਚੰਗੀ ਗਲੀ ਸੜੀ ਰੂੜੀ 10-15 ਟਨ ਦੇ ਹਿਸਾਬ ਇਕ ਏਕੜ ਵਿਚ ਪਾਉਣੀ ਚਾਹੀਦੀ ਹੈ। ਇਸ ਫ਼ਸਲ ਨੂੰ ਦਰਮਿਆਨੀਆਂ ਜ਼ਮੀਨਾਂ ਵਿਚ 60 ਕਿਲੋ ਨਾਈਟ੍ਰੋਜਨ ਅਤੇ 16 ਕਿਲੋ ਫਾਸਫੋਰਸ ਪ੍ਰਤੀ ਏਕੜ ਪਾਓ। ਇਹ ਤੱਤ 130 ਕਿਲੋ ਯੂਰੀਆ, 35 ਕਿਲੋ ਡੀ. ਏ. ਪੀ. ਜਾਂ 100 ਕਿਲੋ ਸੁਪਰ ਫਾਸਫੇਟ ਤੋਂ ਮਿਲਦੇ ਹਨ। ਜੇਕਰ 35 ਕਿਲੋ ਡੀ. ਏ. ਪੀ. ਦੀ ਵਰਤੋਂ ਕੀਤੀ ਹੋਵੇ ਤਾਂ ਯੂਰੀਏ ਦੀ ਮਾਤਰਾ 15 ਕਿਲੋ ਘਟਾ ਦਿਓ। ਸਾਰੀ ਸੁਪਰ ਫਾਸਫੇਟ ਖਾਦ ਅਤੇ ਨਾਈਟ੍ਰੋਜਨ ਵਾਲੀ ਖਾਦ ਦਾ ਚੌਥਾ ਹਿੱਸਾ ਬਿਜਾਈ ਸਮੇਂ ਡਰਿਲ ਕਰ ਦਿਓ ਅਤੇ ਚੌਥਾ ਹਿੱਸਾ ਨਾਈਟ੍ਰੋਜਨ ਬਿਜਾਈ ਤੋਂ 40 ਦਿਨਾਂ ਬਾਅਦ ਪਾਉ। ਬਾਕੀ ਰਹਿੰਦੀ ਅੱਧੀ ਨਾਈਟ੍ਰੋਜਨ ਵਾਲੀ ਖਾਦ ਨੂੰ ਦੋ ਬਰਾਬਰ ਹਿੱਸਿਆਂ ਵਿਚ ਕਰਕੇ ਪਹਿਲੀ ਕਿਸ਼ਤ ਪਹਿਲੀ ਕਟਾਈ ਤੋਂ ਤੁਰੰਤ ਬਾਅਦ ਤੇ ਦੂਜੀ 40 ਦਿਨਾਂ ਬਾਅਦ ਪਾਉ।
ਸਿੰਚਾਈ ਹਿਸਾਬ ਕਿਤਾਬ ਨਾਲ ਕਰੋ : ਇਸ ਫ਼ਸਲ ਨੂੰ ਛੇਤੀ ਅਤੇ ਹਲਕੇ ਪਾਣੀ ਦੀ ਲੋੜ ਹੈ। ਮਾਰਚ ਅੰਤ ਤੱਕ ਇਸ ਫ਼ਸਲ ਨੂੰ 10 ਦਿਨਾਂ ਦੇ ਵਕਫ਼ੇ 'ਤੇ ਪਾਣੀ ਦਿੰਦੇ ਰਹੋ। ਫਿਰ ਬਾਰਸ਼ਾਂ ਸ਼ੁਰੂ ਹੋਣ ਤੱਕ ਪੰਜ-ਛੇ ਦਿਨਾਂ ਦਾ ਵਕਫ਼ਾ ਰੱਖ ਕੇ ਪਾਣੀ ਦੇਣਾ ਚਾਹੀਦਾ ਹੈ।
ਨਦੀਨਾਂ ਦੀ ਰੋਕਥਾਮ ਜ਼ਰੂਰ ਕਰੋ : ਫ਼ਸਲ ਦੀ ਵਧੇਰੇ ਉਪਜ ਲਈ ਅਤੇ ਚੰਗੀ ਕਿਸਮ ਦਾ ਤੇਲ ਪੈਦਾ ਕਰਨ ਲਈ ਫ਼ਸਲ ਨੂੰ ਸਾਰੇ ਨਦੀਨਾਂ ਤੋਂ ਰਹਿਤ ਰੱਖਣਾ ਚਾਹੀਦਾ ਹੈ। ਫ਼ਸਲ ਦੇ ਮੁੱਢਲੇ ਵਾਧੇ ਦੌਰਾਨ, ਪਹੀਏ ਵਾਲੀ ਤ੍ਰਿਫ਼ਾਲੀ ਨਾਲ ਗੋਡੀ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਨਦੀਨ ਨਾਸ਼ਕ ਦਵਾਈਆਂ ਦੀ ਵਰਤੋਂ ਕਰਕੇ ਵੀ ਨਦੀਨਾਂ ਦੀ ਚੰਗੀ ਤਰ੍ਹਾਂ ਰੋਕਥਾਮ ਕੀਤੀ ਜਾ ਸਕਦੀ ਹੈ। ਅਜਿਹਾ ਕਰਨ ਲਈ ਫ਼ਸਲ ਉੱਗਣ ਤੋਂ ਪਹਿਲਾਂ 350 ਮਿ. ਲਿ. ਗੋਲ 23.5 ਈ. ਸੀ. (ਔਕਸੀਫਲੋਰਫੈਨ) ਜਾਂ 300 ਗ੍ਰਾਮ ਕਾਰਮੈਕਸ 80 ਫ਼ੀਸਦੀ ਡਬਲਯੂ ਪੀ (ਡਾਈਯੂਰੋਨ) ਜਾਂ ਇਕ ਲਿਟਰ ਸਟੌਂਪ 30 ਤਾਕਤ (ਪੈਂਡੀਮੈਥਾਲੀਨ) ਜਾਂ 400 ਗ੍ਰਾਮ ਆਈਸੋਪ੍ਰੋਟਯੂਰਾਨ 75 ਡਬਲਯੂ ਪੀ ਨੂੰ 200 ਲਿਟਰ ਪਾਣੀ ਵਿਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ। ਇੱਥੇ ਇਕ ਦਾ ਗੱਲ ਧਿਆਨ ਰੱਖੋ ਕਿ ਨਦੀਨ ਨਾਸ਼ਕ ਦਵਾਈਆਂ ਦਾ ਛਿੜਕਾਅ ਨੈਪਸੈਕ ਪੰਪ ਜਿਸ ਨੂੰ ਫਲੈਟ ਫੈਨ ਜਾਂ ਕੱਟ ਵਾਲੀ ਨੋਜਲ ਲੱਗੀ ਹੋਵੇ, ਨਾਲ ਹੀ ਕਰੋ। ਇਸ ਤੋਂ ਇਲਾਵਾ ਹਲਕੀਆਂ ਜ਼ਮੀਨਾਂ ਵਿਚ ਆਈਸੋਪ੍ਰੋਟਯੂਰਾਨ ਦੀ ਵਰਤੋਂ ਤੋਂ ਗੁਰੇਜ਼ ਕਰੋ।
ਮੈਂਥੇ ਵਿਚੋਂ ਤੇਲ ਕਢਾਉ : ਫ਼ਸਲ ਨੂੰ ਕੱਟਣ ਉਪਰੰਤ ਖੇਤ ਵਿਚ ਇਕ ਰਾਤ ਲਈ ਕੁਮਲਾਉਣ ਦਿਉ ਅਤੇ ਬਾਅਦ ਵਿਚ ਭਾਫ ਵਾਲੇ ਸਾਦੇ ਢੰਗ ਨਾਲ ਕਸ਼ੀਦ ਲਉ। ਕਈ ਪ੍ਰਾਈਵੇਟ ਕਸ਼ੀਦੀਕਰਨ ਵਾਲੇ ਪਲਾਂਟ ਵੀ ਲੱਗੇ ਹੋਏ ਹਨ। ਇਨ੍ਹਾਂ ਰਾਹੀਂ ਕਿਸਾਨ ਆਪਣੀ ਫ਼ਸਲ ਦਾ ਤੇਲ ਕਢਾ ਸਕਦੇ ਹਨ।
ਸਮੇਂ ਸਿਰ ਕੀੜੇ-ਮਕੌੜਿਆਂ ਦੀ ਰੋਕਥਾਮ ਕਰੋ : ਸਿਉਂਕ- ਇਹ ਕੀੜਾ ਫ਼ਸਲ ਦੀਆਂ ਜੜ੍ਹਾਂ ਅਤੇ ਤਣੇ ਦੇ ਹੇਠਲੇ ਭਾਗਾਂ ਦਾ ਬਹੁਤ ਨੁਕਸਾਨ ਕਰਦਾ ਹੈ। ਇਸ ਦੀ ਰੋਕਥਾਮ ਲਈ 2 ਲਿਟਰ ਡਰਸਬਾਨ/ਰਾਡਾਰ 20 ਈ. ਸੀ. (ਕਲੋਰਪਾਈਰੀਫਾਸ) ਨੂੰ 10 ਕਿਲੋ ਮਿੱਟੀ ਵਿਚ ਚੰਗੀ ਤਰ੍ਹਾਂ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੋ। ਦਵਾਈ ਮਿਲੀ ਮਿੱਟੀ ਦਾ ਖੇਤ ਵਿਚ ਇਕਸਾਰ ਛੱਟਾ ਦੇ ਕੇ ਪਿਛੋਂ ਹਲਕਾ ਪਾਣੀ ਲਾ ਦਵੋ। ਕੁਤਰਾ ਸੁੰਡੀ- ਇਹ ਕੀੜੇ ਉੱਗ ਰਹੇ ਬੂਟਿਆਂ ਨੂੰ ਜ਼ਮੀਨ ਦੀ ਪੱਧਰ ਤੋਂ ਕੱਟ ਦਿੰਦੇ ਹਨ। ਦਿਨ ਵੇਲੇ ਇਹ ਕੀੜੇ ਬੂਟੇ ਦੇ ਮੁੱਢ ਨੇੜੇ ਲੁਕੇ ਰਹਿੰਦੇ ਹਨ। ਇਸ ਕੀੜੇ ਦੀ ਰੋਕਥਾਮ ਵਾਸਤੇ ਉਪਰ ਸਿਉਂਕ ਲਈ ਦਿੱਤੇ ਢੰਗ ਅਪਣਾਓ। ਤੇਲਾ ਅਤੇ ਚਿੱਟੀ ਮੱਖੀ- ਇਹ ਰਸ ਚੂਸਣ ਵਾਲੇ ਕੀੜੇ ਹਨ। ਇਨ੍ਹਾਂ ਦੇ ਹਮਲੇ ਕਾਰਨ ਬੂਟੇ ਦਾ ਵਾਧਾ ਠੀਕ ਨਹੀਂ ਹੁੰਦਾ ਅਤੇ ਤੇਲ ਘੱਟ ਨਿਕਲਦਾ ਹੈ। ਇਸ ਦੀ ਰੋਕਥਾਮ 250 ਮਿ. ਲਿ. ਰੋਗਰ 30 ਈ. ਸੀ. (ਡਾਈਮੈਥੋਏਟ) ਜਾਂ ਮੈਟਾਸਿਸਟਾਕਸ 25 ਈ. ਸੀ. (ਆਕਸੀਡੈਮੇਟੋਨ ਮੀਥਾਈਲ) ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰਕੇ ਕੀਤੀ ਜਾ ਸਕਦੀ ਹੈ। ਪੱਤੇ ਖਾਣ ਵਾਲੇ ਕੀੜੇ- ਇਹ ਕੀੜੇ ਪੱਤਿਆਂ ਨੂੰ ਖਾ ਕੇ ਬਹੁਤ ਨੁਕਸਾਨ ਕਰਦੇ ਹਨ। ਇਨ੍ਹਾਂ ਦੀ ਰੋਕਥਾਮ ਇਕ ਕਿੱਲੋ ਸੇਵਿਨ 50 ਘੁਲਣਸ਼ੀਲ (ਕਾਰਬਰਿਲ) ਜਾਂ 800 ਮਿ. ਲਿ. ਏਕਾਲਕਸ 25 ਈ. ਸੀ. (ਕੁਇਨਲਫਾਸ) ਪ੍ਰਤੀ ਏਕੜ ਵਰਤ ਕੇ ਕੀਤੀ ਜਾ ਸਕਦੀ ਹੈ। ਆਸ ਕਰਦੇ ਹਾਂ ਕਿ ਕਿਸਾਨ ਵੀਰ ਉਪਰ ਦਰਸਾਈ ਤਕਨੀਕੀ ਜਾਣਕਾਰੀ ਅਪਣਾ ਕੇ ਜਾਪਾਨੀ ਪੁਦੀਨੇ (ਮੈਂਥੇ) ਦੀ ਫ਼ਸਲ ਤੋਂ ਵਧੇਰੇ ਲਾਭ ਪ੍ਰਾਪਤ ਕਰਨਗੇ। (ਸਮਾਪਤ)


-ਪੰਜਾਬ ਖੇਤੀਬਾੜੀ ਯੂਨੀਵਰਸਿਟੀ ਰਿਜਨਲ ਸਟੇਸ਼ਨ, ਗੁਰਦਾਸਪੁਰ।

ਜਾਪਾਨੀ ਪੁਦੀਨਾ (ਮੈਂਥਾ) ਤਕਨੀਕੀ ਢੰਗ ਨਾਲ ਉਗਾਉ ਤੇ ਝਾੜ ਨੂੰ ਵਧਾਉ

ਪੰਜਾਬ ਵਿਚ ਜਾਪਾਨੀ ਪੁਦੀਨਾ (ਮੈਂਥਾ) ਦੀ ਕਾਸ਼ਤ ਤਕਰੀਬਨ 15 ਹਜ਼ਾਰ ਹੈਕਟਰ ਰਕਬੇ 'ਤੇ ਕੀਤੀ ਜਾਂਦੀ ਹੈ। ਇਹ ਫ਼ਸਲ ਅਨੇਕਾਂ ਫਾਇਦੇ ਵਾਲੀ ਅਤੇ ਬਹੁਤ ਖੁਸ਼ਬੂਦਾਰ ਹੁੰਦੀ ਹੈ। ਇਸ ਦੀ ਵਰਤੋਂ ਸਿਰ ਦਰਦ, ਜੁਕਾਮ, ਗਲਾ ਖਰਾਬ, ਉਲਟੀਆਂ, ਮੂੰਹ ਦੇ ਛਾਲਿਆਂ ਲਈ, ਦੰਦਾਂ ਦੇ ਦਰਦਾਂ ਲਈ, ਬੁਖਾਰ, ਪੇਟ ਦਰਦ ਆਦਿ ਲਈ ਕੀਤੀ ਜਾਂਦੀ ਹੈ। ਇਸ ਨੂੰ ਖੂਨ ਸਾਫ ਕਰਨ ਦਾ ਵੀ ਵਧੀਆ ਜ਼ਰੀਆ ਮੰਨਿਆ ਜਾਂਦਾ ਹੈ। ਕੀੜੇ ਦੀ ਕੱਟੀ ਜਗ੍ਹਾ ਉੱਤੇ ਵੀ ਪੁਦੀਨੇ ਨੂੰ ਮਸਲ ਕੇ ਲਗਾਏ ਜਾਣ ਨਾਲ ਕਾਫ਼ੀ ਰਾਹਤ ਮਿਲਦੀ ਹੈ। ਇਸ ਦਾ ਤੇਲ ਦਵਾਈਆਂ, ਖੁਸ਼ਬੂਦਾਰ ਤੇਲ, ਹਾਰ ਸ਼ਿੰਗਾਰ ਦਾ ਸਮਾਨ ਆਦਿ ਬਣਾਉਣ ਦੇ ਕੰਮ ਆਉਂਦਾ ਹੈ। ਇਸ ਦੀ ਕਾਸ਼ਤ ਲਈ ਚੰਗੇ ਨਿਕਾਸ ਵਾਲੀਆਂ ਰੇਤਲੀ ਮੈਰਾ ਤੋਂ ਮੈਰਾ ਜ਼ਮੀਨਾਂ, ਜੋ ਕਲਰਾਠੇਪਣ ਅਤੇ ਸੇਮ ਤੋਂ ਮੁਕਤ ਹੋਣ, ਬਹੁਤ ਢੁਕਵੀਆਂ ਹਨ। ਇਹ ਫ਼ਸਲ ਮੈਂਥਾ-ਆਲੂ, ਮੈਂਥਾ-ਤੋਰੀਆ, ਮੈਂਥਾ-ਜਵੀ (ਚਾਰਾ), ਮੈਂਥਾ-ਬਾਸਮਤੀ, ਮੈਂਥਾ-ਕਣਕ-ਮੱਕੀ-ਆਲੂ, ਮੈਂਥਾ-ਮੱਕੀ (ਅਗਸਤ), ਮੈਂਥਾ-ਮੱਕੀ-ਆਲੂ ਦੇ ਫ਼ਸਲ ਚੱਕਰ ਲਈ ਬਹੁਤ ਢੁਕਵੀਂ ਹੈ। ਇਸ ਲਈ ਕਿਸਾਨ ਭਰਾਵਾਂ ਨੂੰ ਚਾਹੀਦਾ ਹੈ ਕਿ ਉਹ ਜਾਪਾਨੀ ਪੁਦੀਨੇ (ਮੈਂਥੇ) ਦੀ ਕਾਸ਼ਤ ਤਕਨੀਕੀ ਢੰਗਾਂ ਨਾਲ ਕਰਕੇ ਪੈਦਾਵਾਰ ਅਤੇ ਆਮਦਨ ਵਿਚ ਹੋਰ ਵਾਧਾ ਕਰਨ।
ਸਿਫਾਰਸ਼ ਕੀਤੀਆਂ ਕਿਸਮਾਂ ਬੀਜੋ
ਪੰਜਾਬ ਵਿਚ ਮੈਂਥੇ ਦੀਆਂ ਉੱਨਤ ਕਿਸਮਾਂ ਦਾ ਵੇਰਵਾ ਹੇਠਾਂ ਦਸਿਆ ਗਿਆ ਹੈ। ਕੋਸੀ - ਇਹ ਇਕ ਵਧੇਰੇ ਝਾੜ ਦੇਣ ਵਾਲੀ ਕਿਸਮ ਹੈ। ਇਸ ਦੇ ਹਰੇ ਮਾਦੇ (ਤਣਾ ਅਤੇ ਪੱਤੇ) ਦਾ ਔਸਤ ਝਾੜ 100-125 ਕੁਇੰਟਲ ਪ੍ਰਤੀ ਏਕੜ ਹੈ ਅਤੇ ਤੇਲ ਦੀ ਮਾਤਰਾ 0.6-0.7 ਫ਼ੀਸਦੀ ਹੁੰਦੀ ਹੈ। ਇਸ ਕਿਸਮ ਦੀ ਕਟਾਈ ਬਿਜਾਈ ਤੋਂ 150 ਦਿਨਾਂ ਬਾਅਦ ਕਰਨ 'ਤੇ ਹਰੇ ਮਾਦੇ ਅਤੇ ਤੇਲ ਦਾ ਵੱਧ ਝਾੜ ਮਿਲਦਾ ਹੈ।
ਪੰਜਾਬ ਸਪੀਅਰਮਿੰਟ 1- ਇਸ ਕਿਸਮ ਦਾ ਤਣਾ ਟਾਹਣੀਦਾਰ ਵਾਲਾਂ ਵਾਲਾ ਅਤੇ ਜਾਮਣੀ ਹਰੇ ਰੰਗ ਦਾ ਹੁੰਦਾ ਹੈ। ਇਸ ਦੇ ਪੱਤੇ ਲੰਬੂਤਰੇ ਅਤੇ ਕੱਟੇ-ਵੱਢੇ ਹੁੰਦੇ ਹਨ। ਇਸ ਦੇ ਫੁੱਲ ਜਾਮਣੀ ਤੋਂ ਚਿੱਟੇ ਹੁੰਦੇ ਹਨ। ਇਸ ਦੇ ਬੂਟੇ ਸਿਹਤਮੰਦ ਅਤੇ ਫੁੱਲ ਆਉਣ ਤੱਕ ਔਸਤਨ 75 ਸੈਂਟੀਮਿਟਰ ਉੱਚੇ ਹੋ ਜਾਂਦੇ ਹਨ। ਹਰੇ ਮਾਦੇ (ਤਣਾ ਅਤੇ ਪੱਤੇ) ਦੇ ਆਧਾਰ 'ਤੇ ਇਸ ਵਿਚ 0.57 ਪ੍ਰਤੀਸ਼ਤ ਉਡਣਸ਼ੀਲ ਤੇਲ ਦੀ ਮਾਤਰਾ ਹੁੰਦੀ ਹੈ। ਇਸ ਦੇ ਤੇਲ ਵਿਚ ਕਾਰਵੋਨ ਮੁੱਖ ਤੱਤ ਹੈ।
ਰਸ਼ੀਅਨ ਮਿੰਟ- ਇਸ ਦਾ ਤਣਾ ਹਰਾ, ਵਾਲਾਂ ਵਾਲਾ, ਟਾਹਣੀਦਾਰ ਅਤੇ ਸਿੱਧਾ ਉੱਗਣ ਵਾਲਾ ਹੁੰਦਾ ਹੈ। ਇਸ ਦੇ ਪੱਤੇ ਵੀ ਵਾਲਾਂ ਵਾਲੇ ਅਤੇ ਕਿੰਗਰੇਦਾਰ ਹੁੰਦੇ ਹਨ। ਇਸ ਦੇ ਫੁੱਲ ਜਾਮਣੀ ਰੰਗ ਦੇ ਅਤੇ ਆਕਾਰ ਵਿਚ ਛੋਟੇ ਹੁੰਦੇ ਹਨ। ਫੁੱਲ ਆਉਣ ਤੱਕ ਬੂਟੇ ਦੀ ਔਸਤਨ ਉਚਾਈ ਲਗਪਗ 55 ਸੈਂਟੀਮੀਟਰ ਹੋ ਜਾਂਦੀ ਹੈ। ਹਰੇ ਮਾਦੇ (ਤਣਾ ਅਤੇ ਪੱਤੇ) ਦੇ ਆਧਾਰ 'ਤੇ ਇਸ ਵਿਚ 0.57 ਪ੍ਰਤੀਸ਼ਤ ਉਡਣਸ਼ੀਲ ਤੇਲ ਦੀ ਮਾਤਰਾ ਹੁੰਦੀ ਹੈ। ਇਸ ਦੇ ਤੇਲ ਵਿਚ ਇਕ ਖਾਸ ਤਰ੍ਹਾਂ ਦੀ ਸੁਗੰਧੀ ਹੋਣ ਕਾਰਨ, ਇਸ ਕਿਸਮ ਦੀ ਵਧੇਰੇ ਮੰਗ ਸੁਗੰਧੀ ਉਦਯੋਗ ਵਿਚ ਹੈ।
ਬੀਜ ਨੂੰ ਸੋਧ ਕੇ ਬੀਜੋ
ਇਸ ਫ਼ਸਲ ਦਾ ਵਾਧਾ ਜੜ੍ਹਾਂ ਰਾਹੀਂ ਹੁੰਦਾ ਹੈ। ਇਕ ਏਕੜ ਲਈ 2 ਕੁਇੰਟਲ ਜੜ੍ਹਾਂ ਜੋ ਕਿ 5-8 ਸੈਂਟੀਮੀਟਰ ਲੰਮੀਆਂ ਹੋਣ ਵਰਤਣੀਆਂ ਚਾਹੀਦੀਆਂ ਹਨ। ਇੰਨੀਆਂ ਜੜ੍ਹਾਂ ਅੱਧੇ ਕਨਾਲ ਥਾਂ ਵਿਚੋਂ ਮਿਲ ਜਾਂਦੀਆਂ ਹਨ। ਬਿਜਾਈ ਤੋਂ ਪਹਿਲਾਂ ਜੜ੍ਹਾਂ ਨੂੰ ਸਾਫ ਪਾਣੀ ਨਾਲ ਧੋ ਲੈਣਾ ਚਾਹੀਦਾ ਹੈ ਅਤੇ ਫਿਰ ਸਾਫ ਜੜ੍ਹਾਂ ਨੂੰ 0.1 ਪ੍ਰਤੀਸ਼ਤ ਬਾਵਿਸਟਨ 50 ਡਬਲਯੂ ਪੀ (ਕਾਰਬੈਂਡਾਜ਼ਿਮ) 50 ਘੁਲਣਸ਼ੀਲ ਦੇ ਘੋਲ ਵਿਚ 5-10 ਮਿੰਟਾਂ ਲਈ ਡੋਬ ਕੇ ਰੱਖੋ। ਇਹ ਘੋਲ ਬਣਾਉਣ ਲਈ ਇਕ ਗ੍ਰਾਮ ਦਵਾਈ ਇਕ ਲਿਟਰ ਪਾਣੀ ਵਿਚ ਪਾਉਣੀ ਚਾਹੀਦੀ ਹੈ। ਅਜਿਹਾ 50 ਲਿਟਰ ਦਵਾਈ ਵਾਲਾ ਘੋਲ 40 ਕਿਲੋ ਜੜ੍ਹਾਂ ਨੂੰ ਇਕ ਵਾਰ ਡੋਬਣ ਲਈ ਕਾਫ਼ੀ ਹੁੰਦਾ ਹੈ। ਪੰਜ-ਦਸ ਮਿੰਟਾਂ ਬਾਅਦ ਇਹ ਜੜ੍ਹਾਂ ਘੋਲ ਵਿਚੋਂ ਕੱਢ ਕੇ ਤੇ ਇੰਨੀਆਂ ਹੋਰ ਜੜ੍ਹਾਂ ਇਸ ਘੋਲ ਵਿਚ ਡੋਬ ਕੇ ਸੋਧ ਲਉ। ਇਸ ਤਰ੍ਹਾਂ ਬਾਕੀ ਜੜ੍ਹਾਂ ਨੂੰ ਬਾਰੀ-ਬਾਰੀ ਇਸ ਘੋਲ ਵਿਚ ਡੋਬ ਕੇ ਸੋਧ ਲਓ। ਬਿਜਾਈ ਸਮੇਂ ਸਿਰ ਅਤੇ ਸਹੀ ਢੰਗ ਨਾਲ ਕਰੋ
ਮੈਂਥੇ ਦੀ ਬਿਜਾਈ ਲਈ ਅੱਧ ਜਨਵਰੀ ਤੋਂ ਅਖੀਰ ਜਨਵਰੀ ਤੱਕ ਦਾ ਸਮਾਂ ਬਹੁਤ ਢੁਕਵਾਂ ਹੁੰਦਾ ਹੈ। ਜਿਸ ਜਗ੍ਹਾ 'ਤੇ ਪਾਣੀ ਦੀ ਸਹੂਲਤ ਵਧੀਆ ਹੋਵੇ ਉਥੇ ਅਪ੍ਰੈਲ ਵਿਚ ਵੀ ਪਨੀਰੀ ਰਾਹੀਂ ਇਹ ਫ਼ਸਲ ਬੀਜੀ ਜਾ ਸਕਦੀ ਹੈ। ਫ਼ਸਲ ਦੀਆਂ ਜੜ੍ਹਾਂ ਨੂੰ 45 ਸੈਂਟੀਮੀਟਰ ਵਿੱਥ ਵਾਲੀਆਂ ਕਤਾਰਾਂ ਵਿਚ ਇਕ-ਦੂਜੇ ਨਾਲ ਜੋੜ ਕੇ 4-5 ਸੈਂਟੀਮੀਟਰ ਡੂੰਘੀਆਂ ਬੀਜ ਦਿਉ ਅਤੇ ਬਾਅਦ ਵਿਚ ਹਲਕਾ ਸੁਹਾਗਾ ਫੇਰ ਕੇ ਹਲਕਾ ਪਾਣੀ ਲਾ ਦਿਉ। ਪੁੰਗਰੀਆਂ ਹੋਈਆਂ ਜੜ੍ਹਾਂ ਨਹੀਂ ਬੀਜਣੀਆਂ ਚਾਹੀਦੀਆਂ ਕਿਉਂ ਕਿ ਉਹਨਾਂ ਵਿਚੋਂ ਬਹੁਤੀਆਂ ਮਰ ਜਾਂਦੀਆਂ ਹਨ। ਵੱਧ ਹਰਾ ਮਾਦਾ ਅਤੇ ਪਾਣੀ ਦੀ ਬੱਚਤ ਲਈ ਜੜ੍ਹਾਂ ਨੂੰ 67.5 ਸੈਂਟੀਮੀਟਰ ਚੌੜੇ ਬੈੱਡਾਂ (ਦੋ ਲਾਈਨਾਂ) 'ਤੇ ਬੀਜੋ ਜਾਂ ਜੜ੍ਹਾਂ ਨੂੰ ਖਿਲਾਰ ਕੇ 60 ਸੈਂਟੀਮੀਟਰ ਚੌੜੀਆਂ ਵੱਟਾਂ ਬਣਾਉ । ਬਿਜਾਈ ਤੋਂ ਬਾਅਦ ਝੋਨੇ ਦੀ ਪਰਾਲੀ 2.4 ਟਨ ਪ੍ਰਤੀ ਏਕੜ ਦੇ ਹਿਸਾਬ ਨਾਲ ਖੇਤ ਵਿਚ ਖਿਲਾਰ ਦਿਉ ਅਤੇ ਬਿਜਾਈ ਪਿੱਛੋਂ ਹਲਕਾ ਜਿਹਾ ਪਾਣੀ ਵੀ ਦਿਉ । (ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)


-ਪੰਜਾਬ ਖੇਤੀਬਾੜੀ ਯੂਨੀਵਰਸਿਟੀ ਰਿਜਨਲ ਸਟੇਸ਼ਨ, ਗੁਰਦਾਸਪੁਰ।

ਇਸ ਮੌਸਮ ਵਿਚ ਪਤਝੜੀ ਫ਼ਲਦਾਰ ਬੂਟਿਆਂ ਦੀ ਕਾਸ਼ਤ ਲਈ ਸਿਫਾਰਸ਼ਾਂ

(ਲੜੀ ਜੋੜਨ ਲਈ ਮੰਗਲਵਾਰ ਦਾ ਅੰਕ ਦੇਖੋ)
ਫ਼ਲਦਾਰ ਬੂਟਿਆਂ ਵਿਚਕਾਰ ਫ਼ਾਸਲਾ : ਫ਼ਲਦਾਰ ਬੂਟਿਆਂ ਵਿਚਕਾਰ ਸਹੀ ਫ਼ਾਸਲਾ ਜਿੱਥੇ ਧੁੱਪ ਅਤੇ ਹਵਾ ਦਾ ਵਧੀਆ ਨਿਕਾਸ ਕਰਦਾ ਹੈ ਉੱਥੇ ਹੀ ਬੂਟਿਆਂ ਦੀ ਵਧੇਰੇ ਝਾੜ ਅਤੇ ਵਧੀਆ ਗੁਣਵੱਤਾ ਵਾਲੇ ਫਲ ਦੇਣ ਦੀ ਸਮਰੱਥਾ ਨੂੰ ਵਧਾਉਂਦਾ ਹੈ। ਸਖ਼ਤ ਨਾਸ਼ਪਾਤੀ 7.5×7.5 ਮੀਟਰ (72 ਬੂਟੇ ਪ੍ਰਤੀ ਏਕੜ), ਅਰਧ-ਨਰਮ ਅਤੇ ਨਰਮ ਨਾਸ਼ਪਾਤੀ 6.0×6.0 ਮੀਟਰ (110 ਬੂਟੇ ਪ੍ਰਤੀ ਏਕੜ), ਆੜੂ 6.5×6.5 ਮੀਟਰ (90 ਬੂਟੇ ਪ੍ਰਤੀ ਏਕੜ), ਅਲੂਚਾ 6.0×6.0 ਮੀਟਰ (110 ਬੂਟੇ ਪ੍ਰਤੀ ਏਕੜ), ਆੜੂ ਅਤੇ ਅਲੂਚਾ ਸੰਘਣੀ ਪ੍ਰਣਾਲੀ ਰਾਹੀਂ 6.0×1.5 ਮੀਟਰ (440 ਬੂਟੇ ਪ੍ਰਤੀ ਏਕੜ), ਅੰਗੂਰ (ਬਾਵਰ ਸਿਸਟਮ ਤੇ) 10×10 ਮੀਟਰ (440 ਬੂਟੇ ਪ੍ਰਤੀ ਏਕੜ), ਅੰਗੂਰ (ਵਾਈ ਸਿਸਟਮ 'ਤੇ) 4×1.5 ਮੀਟਰ (660 ਬੂਟੇ ਪ੍ਰਤੀ ਏਕੜ), ਅਨਾਰ (ਕੰਧਾਰੀ ਕਿਸਮ) 4×4 ਮੀਟਰ (240 ਬੂਟੇ ਪ੍ਰਤੀ ਏਕੜ), ਅਨਾਰ (ਗਣੇਸ਼ ਕਿਸਮ) 3×3 ਮੀਟਰ (440 ਬੂਟੇ ਪ੍ਰਤੀ ਏਕੜ), ਅੰਜੀਰ 6×6 ਮੀਟਰ (110 ਬੂਟੇ ਪ੍ਰਤੀ ਏਕੜ), ਫਾਲਸਾ 1.5×1.5 ਮੀਟਰ (1760 ਬੂਟੇ ਪ੍ਰਤੀ ਏਕੜ) ਦਾ ਫਾਸਲਾ ਰੱਖ ਕੇ ਲਗਾਉਣੇ ਚਾਹੀਦੇ ਹਨ।
ਫ਼ਲਦਾਰ ਬੂਟੇ ਲਗਾਉਣ ਦਾ ਸਹੀ ਢੰਗ: ਬੂਟੇ ਲਗਾਉਣ ਤੋਂ ਪਹਿਲਾਂ ਬਾਗ਼ ਲਈ ਸੜਕ, ਪਾਣੀ ਵਾਸਤੇ ਖਾਲੀਆਂ ਅਤੇ ਬਾਗ ਵਿਚਕਾਰ ਰਸਤੇ ਆਦਿ ਦੀ ਵਿਉਂਤਬੰਦੀ ਕਰ ਲਉ। ਬੂਟੇ ਲਗਾਉਣ ਤੋਂ ਪਹਿਲਾਂ ਜਗ੍ਹਾ ਨੂੰ ਚੰਗੀ ਤਰ੍ਹਾਂ ਨਾਲ ਪੱਧਰੀ ਕਰ ਲਵੋ। ਬੂਟਿਆਂ ਨੂੰ ਸਹੀ ਫਾਸਲੇ 'ਤੇ ਲਗਾਉਣ ਲਈ ਪਲਾਟਿੰਗ ਬੋਰਡ ਦੀ ਸਹਾਇਤਾ ਲਵੋ। ਬੂਟੇ ਲਗਾਉਣ ਵਾਸਤੇ ਟੋਏ ਪੁੱਟਣ ਲਈ ਕਹੀ ਜਾਂ ਟੋਏ ਪੁੱਟਣ ਵਾਲੀ ਮਸ਼ੀਨ ਦੀ ਮਦਦ ਲਵੋ। ਹਰ ਇੱਕ ਬੂਟੇ ਲਈ ਇੱਕ ਮੀਟਰ ਡੂੰਘੇ ਅਤੇ ਮੀਟਰ ਘੇਰੇ ਵਾਲੇ ਟੋਏ ਪੁੱਟ ਲਉ। ਟੋਏ ਨੂੰ ਦੁਬਾਰਾ ਭਰਨ ਲਈ ਉੱਪਰਲੀ 30 ਸੈਂਟੀਮੀਟਰ ਤੱਕ ਦੀ ਮਿੱਟੀ ਇੱਕ ਪਾਸੇ ਰੱਖ ਲਵੋ। ਇਨ੍ਹਾਂ ਵਿਚ ਬੂਟੇ ਲਗਾਉਣ ਤੋਂ ਪਹਿਲਾਂ ਇਨ੍ਹਾਂ ਨੂੰ ਚੰਗੀ ਤਰ੍ਹਾਂ ਨਾਲ ਧੁੱਪ ਲਗਾਉ। ਇਨ੍ਹਾਂ ਟੋਇਆਂ ਨੂੰ ਭਰਨ ਲਈ ਉਪਰਲੀ ਅੱਧੀ ਮਿੱਟੀ ਅਤੇ ਉਸੇ ਮਾਤਰਾ ਵਿਚ ਗਲੀ-ਸੜੀ ਦੇਸੀ ਰੂੜੀ ਦੀ ਖਾਦ ਮਿਲਾ ਕੇ ਜ਼ਮੀਨ ਦੇ ਉੱਪਰ ਤੱਕ ਭਰ ਲਵੋ। ਬੂਟੇ ਲਗਾਉਣ ਤੋਂ ਪਹਿਲਾਂ ਇਨ੍ਹਾਂ ਟੋਇਆਂ ਵਿਚ ਹਲਕਾ ਜਿਹਾ ਪਾਣੀ ਲਗਾ ਦਿਉ। ਪਾਣੀ ਲਗਾਉਣ ਤੋਂ ਬਾਅਦ ਜੇ ਟੋਏ ਵਿਚਲੀ ਮਿੱਟੀ ਬੈਠ ਗਈ ਹੋਵੇ ਤਾਂ ਉੱਪਰਲੀ ਸਤਿਹ 'ਤੇ ਮਿੱਟੀ ਪਾ ਕੇ ਜ਼ਮੀਨ ਦੇ ਬਰਾਬਰ ਪੱਧਰੀ ਕਰ ਦਿਉ। ਬੂਟਿਆਂ ਨੂੰ ਸਿਉਂਕ ਤੋਂ ਬਚਾਉਣ ਲਈ 15 ਮਿਲੀਲਿਟਰ ਕਲੋਰੋਪਾਈਰੀਫ਼ਾਸ 20 ਈ. ਸੀ. 2 ਕਿਲੋ ਮਿੱਟੀ ਵਿਚ ਰਲਾ ਕੇ ਪ੍ਰਤੀ ਟੋਏ ਦੇ ਹਿਸਾਬ ਨਾਲ ਪਾ ਦਿਉ। ਬੂਟੇ ਲਗਾਉਣ ਵੇਲੇ ਇਹ ਧਿਆਨ ਵਿਚ ਰੱਖੋ ਕਿ ਪਿਉਂਦ ਵਾਲਾ ਹਿੱਸਾ ਜ਼ਮੀਨ ਤੋਂ 6 ਤੋਂ 9 ਇੰਚ ਤੱਕ ਉੱਚਾ ਜ਼ਰੂਰ ਹੋਵੇ। ਨਵੇਂ ਲਗਾਏ ਬੂਟਿਆਂ ਦੇ ਆਲੇ-ਦੁਆਲੇ ਮਿੱਟੀ ਨੂੰ ਚੰਗੀ ਤਰ੍ਹਾਂ ਨਾਲ ਦਬਾਉਣ ਤੋਂ ਬਾਅਦ ਹਲਕੀ ਮਾਤਰਾ ਵਿਚ ਪਾਣੀ ਲਗਾਉ।
ਨਵੇਂ ਲਗਾਏ ਫ਼ਲਦਾਰ ਬੂਟਿਆਂ ਦੀ ਸਾਂਭ-ਸੰਭਾਲ: ਨਵੇਂ ਲਗਾਏ ਬੂਟਿਆਂ ਨੂੰ ਸਿੱਧੇ ਰੱਖਣ ਲਈ ਸੋਟੀ ਦਾ ਸਹਾਰਾ ਦਿਉ। ਬੂਟਿਆਂ ਨੂੰ ਲੋੜ ਅਨੁਸਾਰ ਥੋੜੇ-ਥੋੜੇ ਵਕਫ਼ੇ 'ਤੇ ਪਾਣੀ ਲਗਾਉ। ਪਰ ਇਨ੍ਹਾਂ ਨੂੰ ਜ਼ਿਆਦਾ ਮਾਤਰਾ ਵਿਚ ਪਾਣੀ ਨਾ ਲਗਾਉ। ਬੂਟਿਆਂ ਦੀ ਜੜ੍ਹ ਤੋਂ ਫੁੱਟਣ ਵਾਲੀਆਂ ਟਹਿਣੀਆਂ ਅਤੇ ਸੁੱਕੀਆਂ ਅਤੇ ਰੋਗੀ ਟਹਿਣੀਆਂ ਨੂੰ ਸਮੇਂ-ਸਮੇਂ ਸਿਰ ਕੱਟਦੇ ਰਹੋ। ਜੇਕਰ ਬੂਟਿਆਂ ਨੂੰ ਸਿਉਂਕ ਦਾ ਹਮਲਾ ਹੋਣ ਲੱਗੇ ਤਾਂ ਇਨ੍ਹਾਂ ਨੂੰ ਅੱਧਾ ਲਿਟਰ ਕਲੋਰੋਪਾਈਰੀਫ਼ਾਸ 20 ਈ. ਸੀ. ਪ੍ਰਤੀ ਏਕੜ ਦੇ ਹਿਸਾਬ ਨਾਲ ਪਾ ਦਿਉ ਅਤੇ ਬਾਅਦ ਵਿਚ ਹਲਕਾ ਜਿਹਾ ਪਾਣੀ ਲਾ ਦਿਉ। ਇਨ੍ਹਾਂ ਬੂਟਿਆਂ ਦੇ ਵਧੀਆ ਵਾਧੇ ਅਤੇ ਵਿਕਾਸ ਲਈ ਦੋ ਸਾਲ ਦੀ ਉਮਰ ਤੋਂ ਬਾਅਦ ਸਿਫਾਰਿਸ਼ ਕੀਤੀਆਂ ਖਾਦਾਂ ਪਾਉ ਤਾਂ ਜੋ ਇਨ੍ਹਾਂ ਤੋਂ ਚੰਗਾ ਝਾੜ ਅਤੇ ਵਧੀਆ ਗੁਣਵੱਤਾ ਵਾਲੇ ਫ਼ਲ ਪੈਦਾ ਕੀਤੇ ਜਾ ਸਕਣ।
ਹਵਾ ਰੋਕੂ ਵਾੜ ਲਗਾਉਣਾ: ਬਾਗ਼ ਨੂੰ ਤੇਜ਼ ਹਵਾਵਾਂ ਤੋਂ ਬਚਾਅ ਲਈ ਹਵਾ ਵਾਲੇ ਪਾਸੇ ਸਫ਼ੈਦਾ, ਅਰਜਨਾ, ਜਾਮਨ, ਅੰਬ, ਸ਼ਹਿਤੂਤ ਆਦਿ ਬੂਟਿਆਂ ਦੀ ਵਾੜ ਲਗਾਉ। ਇਨ੍ਹਾਂ ਹਵਾ ਰੋਕੂ ਵਾੜ ਦੇ ਤੌਰ 'ਤੇ ਲਗਾਏ ਗਏ ਦਰੱਖਤਾਂ ਦੇ ਵਿਚਕਾਰ ਬੋਗਨਵਿਲੀਆ, ਜੱਟੀ-ਖੱਟੀ, ਗਲਗਲ, ਕਰੌਂਦਾ ਆਦਿ ਬੂਟਿਆਂ ਦੀ ਵਾੜ ਵੀ ਲਗਾ ਦੇਣੀ ਚਾਹੀਦੀ ਹੈ। ਪਰ ਇਹ ਧਿਆਨ ਵਿਚ ਰੱਖੋ ਕਿ ਨਿੰਬੂ ਜਾਤੀ ਦੇ ਬਾਗਾਂ ਦੁਆਲੇ ਨਿੰਬੂ ਜਾਤੀ ਦੇ ਬੂਟਿਆਂ ਦੀ ਵਾੜ ਨਹੀਂ ਲਗਾਉਣੀ ਚਾਹੀਦੀ। (ਸਮਾਪਤ)


-ਅਸਿਸਟੈਂਟ ਹਾਰਟੀਕਲਚਰਿਸਟ, ਪੰਜਾਬ ਖੇਤੀਬਾੜੀ ਯੂਨੀਵਰਸਿਟੀ,
ਖੇਤਰੀ ਖੋਜ ਕੇਂਦਰ, ਗੁਰਦਾਸਪੁਰ

ਸੂਈ ਅੜ ਗਈ ਰਕਾਟ ਦੇ ਉੱਤੇ

ਮਨੁੱਖੀ ਜੀਵਨ ਦੇ ਰਹਾਓ ਦਾ ਮੂਲ ਸਰੋਤ ਸੰਗੀਤ ਹੈ। ਸੰਗੀਤ ਪੈਦਾ ਹੁੰਦਾ ਹੈ ਤਾਂ ਸਰੀਰ ਨੂੰ ਰਵਾਨਗੀ ਮਿਲਦੀ ਹੈ, ਸੰਗੀਤ ਹੀ ਮਨ ਨੂੰ ਸੰਸਾਰ ਨਾਲ ਜੋੜਦਾ ਹੈ। ਸੰਗੀਤ ਹੀ ਬੌਧਿਕਤਾ ਦਾ ਮੂਲ ਹੈ। ਸੰਗੀਤ ਦਾ ਮੁੱਢਲਾ ਰੂਪ ਭੌਤਿਕਤਾ ਨਹੀਂ ਹੁੰਦਾ। ਇਹ ਅਨੰਦਮਈ ਅਵਸਥਾ ਦਾ ਅਦਿੱਖ ਅੰਗ ਹੈ। ਇਸੇ ਵਿਚ ਜੀਵਨ ਦੀਆਂ ਖੁਸ਼ੀਆਂ, ਗਮੀਆਂ ਦੇ ਰਾਜ਼ ਛੁਪੇ ਪਏ ਹਨ। ਪਰ ਮਨੁੱਖ ਜਦੋਂ ਆਵਾਜ਼ ਨਾਲ ਇਸ ਨੂੰ ਜੋੜ ਲੈਂਦਾ ਹੈ ਤਾਂ ਸਾਰੀ ਗੜਬੜ ਹੋ ਜਾਂਦੀ ਹੈ। ਰੂਹ ਤੋਂ ਨਿਕਲ ਕੇ ਇਹ ਸਰੀਰ ਦੀ ਕੈਦ ਵਿਚ ਆ ਜਾਂਦਾ ਹੈ। ਸੁਰ ਤੇ ਗਲੇ ਦਾ ਰਸ ਕੁਦਰਤ ਦੀ ਦੇਣ ਹੈ, ਪਰ ਸ਼ਬਦਾਂ ਦੀ ਚੋਣ ਸਾਡੀ ਸਮਝ ਦੀ ਸੀਮਾ ਹੋ ਸਕਦੀ ਹੈ। ਕੋਈ ਸਮਾਂ ਸੀ ਕਿ ਗੀਤ, ਸੰਗੀਤ ਵੀ ਹੁੰਦਾ ਸੀ। ਪਰ ਅੱਜ ਨਾ ਗੀਤ ਹੈ, ਨਾ ਸੰਗੀਤ। ਜੇ ਕੋਈ ਤਾਰਾ ਕਿਤੇ ਚਮਕਦਾ ਵੀ ਹੈ ਤਾਂ ਉਹ ਡੀ.ਜੇ. ਦੇ ਸ਼ੋਰ ਵਿਚ ਦੱਬ ਕੇ ਰਹਿ ਜਾਂਦਾ ਹੈ। ਸਮੇਂ-ਸਮੇਂ 'ਤੇ ਕਈ ਸੰਸਥਾਵਾਂ ਜਾਂ ਲੋਕਾਂ ਨੇ ਮੋੜਾ ਪਾਉਣ ਦੀ ਕੋਸ਼ਿਸ਼ ਕੀਤੀ ਹੈ ਪਰ ਸਭ ਵਿਅਰਥ। ਰਾਤੋ-ਰਾਤ ਸਟਾਰ ਬਣਨ ਦੀ ਹੋੜ ਨੇ ਰਕਾਟਾਂ ਦੀ ਅੜੀ ਸੂਈ ਵਾਂਗ, ਸੰਗੀਤ ਨੂੰ ਐਸਾ ਸਰੀਰਾਂ ਵਿਚ ਵਾੜ ਦਿੱਤਾ ਹੈ ਕਿ ਰੂਹ ਦਾ ਨਾਮੋ-ਨਿਸ਼ਾਨ ਨਹੀਂ ਰਿਹਾ। ਉਂਜ ਉਮੀਦ ਕਦੇ ਛੱਡਣੀ ਨਹੀਂ ਚਾਹੀਦੀ।


ਮੋਬਾ: 98159-45018

ਕਰਜ਼ਾ ਮੁਆਫ਼ੀ ਇਕ ਗੰਭੀਰ ਸਮੱਸਿਆ ਬਣੀ

ਕੈਪਟਨ ਅਮਰਿੰਦਰ ਸਿੰਘ ਵਲੋਂ ਪਿਛਲੇ ਸਾਲ ਚੋਣ ਮੁਹਿੰਮ ਦੇ ਦੌਰਾਨ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰਨ ਸਬੰਧੀ ਕੀਤੇ ਗਏ ਵਾਅਦੇ ਸਰਕਾਰ ਲਈ ਗੰਭੀਰ ਸਮੱਸਿਆ ਬਣ ਗਈ ਹੈ। ਦਿਨੋਂ-ਦਿਨ ਇਹ ਹੋਰ ਗੁੰਝਲਦਾਰ ਬਣਦੀ ਜਾ ਰਹੀ ਹੈ। ਮਾਨਸਾ ਤੋਂ ਮਾਲਵੇ ਦੇ 5 ਜ਼ਿਲ੍ਹਿਆਂ ਦੇ 47,000 ਛੋਟੇ ਕਿਸਾਨਾਂ ਦੇ 170 ਕਰੋੜ ਰੁਪਏ ਦੇ ਸਹਿਕਾਰੀ ਸਭਾਵਾਂ ਤੋਂ ਲਏ ਕਰਜ਼ਿਆਂ ਦੀ ਮੁਆਫ਼ੀ ਨਾਲ ਆਪਣੇ ਵਾਅਦੇ ਨੂੰ ਪੂਰਾ ਕਰਨ ਦੀ ਸ਼ੁਰੂਆਤ ਕਰਨ ਉਪਰੰਤ ਮੁੱਖ ਮੰਤਰੀ ਨੇ 1.15 ਲੱਖ ਹੋਰ ਕਿਸਾਨਾਂ ਦੇ 580 ਕਰੋੜ ਰੁਪਏ ਦੇ ਕਰਜ਼ੇ ਮੁਆਫ਼ ਕਰਨ ਦੀ ਪ੍ਰਵਾਨਗੀ ਦੇ ਦਿੱਤੀ, ਜਿਸ ਨੂੰ 31 ਜਨਵਰੀ ਤੋਂ ਪਹਿਲਾਂ-ਪਹਿਲਾਂ ਅਮਲੀ ਰੂਪ ਦਿੱਤਾ ਜਾਣਾ ਹੈ। ਇਸ ਤਰ੍ਹਾਂ ਤਕਰੀਬਨ ਇਕ ਲੱਖ ਸੱਠ ਹਜ਼ਾਰ ਛੋਟੇ ਤੇ ਸੀਮਿਤ ਕਿਸਾਨਾਂ ਦੇ 748 ਕਰੋੜ ਰੁਪਏ ਦੇ ਕਰਜ਼ੇ ਮੁਆਫ਼ ਹੋਣਗੇ। ਇਨ੍ਹਾਂ ਕਿਸਾਨਾਂ ਦੇ ਕੇਵਲ ਉਹ ਕਰਜ਼ੇ ਹੀ ਜਿਹੜੇ ਉਨ੍ਹਾਂ ਨੇ ਸਹਿਕਾਰੀ ਸਭਾਵਾਂ ਤੋਂ ਲਏ ਹੋਏ ਹਨ, ਮੁਆਫ਼ ਹੋਣਗੇ। ਇਨ੍ਹਾਂ ਕਿਸਾਨਾਂ ਨੇ ਜੋ ਆੜ੍ਹਤੀਆਂ ਜਾਂ ਕਿਸੇ ਨਿੱਜੀ ਖੇਤਰ ਦੇ ਹੋਰ ਵਿਅਕਤੀਆਂ ਜਾਂ ਤਜਾਰਤੀ ਬੈਂਕਾਂ ਤੋਂ ਕਰਜ਼ਾ ਲਿਆ ਹੋਇਆ ਹੈ, ਉਹ ਇਸ ਮੁਆਫ਼ੀ ਦੇ ਘੇਰੇ ਵਿਚ ਨਹੀਂ ਆਉਂਦੇ। ਫ਼ੇਰ 5500 ਦੇ ਕਰੀਬ ਖੁਦਕਸ਼ੀ ਕਰਨ ਵਾਲੇ ਕਿਸਾਨਾਂ ਦੇ ਕਰਜ਼ੇ ਹਨ ਜਿਨ੍ਹਾਂ ਸਬੰਧੀ ਕਰਜ਼ਾ ਮੁਆਫ਼ੀ ਦਾ ਐਲਾਨ ਸਰਕਾਰ ਵਲੋਂ ਕੀਤਾ ਜਾ ਚੁੱਕਿਆ ਹੈ। ਇਨ੍ਹਾਂ ਕਿਸਾਨਾਂ ਦੇ ਪਰਿਵਾਰਾਂ ਨੂੰ 165 ਕਰੋੜ ਰੁਪਏ ਦੀ ਰਾਹਤ ਪਹਿਲਾਂ ਹੀ ਦਿੱਤੀ ਜਾ ਚੁੱਕੀ ਹੈ। ਖੁਦਕੁਸ਼ੀ ਕਰਨ ਵਾਲੇ ਕਿਸਾਨਾਂ ਦੇ ਪਰਿਵਾਰਾਂ ਨੂੰ ਹੁਣ 5,5 ਲੱਖ ਰੁਪਏ ਦੀ ਰਾਹਤ ਸਰਕਾਰ ਵਲੋਂ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ 10 ਲੱਖ ਦੇ ਕਰੀਬ ਖੇਤ ਮਜ਼ਦੂਰ ਵੀ ਆਪਣਿਆਂ ਕਰਜ਼ਿਆਂ ਦੀ ਮੁਆਫ਼ੀ ਦੀ ਮੰਗ ਕਰ ਰਹੇ ਹਨ। ਸਰਕਾਰ ਵਲੋਂ ਇਨ੍ਹਾਂ ਦੇ ਕਰਜ਼ਿਆਂ ਦੀ ਮੁਆਫ਼ੀ ਖਜ਼ਾਨੇ ਦੀ ਹਾਲਤ 'ਚ ਸੁਧਾਰ ਆਉਣ 'ਤੇ ਕੀਤੇ ਜਾਣ ਦਾ ਐਲਾਨ ਕੀਤਾ ਗਿਆ ਹੈ, ਪ੍ਰੰਤੂ ਖੇਤ ਮਜ਼ਦੂਰਾਂ ਨੇ ਨਿੱਜੀ ਖੇਤਰ ਦੇ ਵਿਅਕਤੀਆਂ ਤੋਂ ਕਰਜ਼ੇ ਲਏ ਹੋਏ ਹਨ, ਕਿਉਂਕਿ ਖੇਤੀ ਕਰਜ਼ੇ ਬੈਂਕਾਂ ਤੇ ਖੇਤੀ ਸਹਿਕਾਰੀ ਸਭਾਵਾਂ ਤੋਂ ਲੈਣ ਲਈ ਇਹ ਯੋਗ ਨਹੀਂ। ਜੇ ਸਰਕਾਰ ਨਿੱਜੀ ਖੇਤਰ ਤੋਂ ਲਏ ਕਰਜ਼ੇ ਖੇਤ ਮਜ਼ਦੂਰਾਂ ਦੇ ਮੁਆਫ਼ ਕਰਦੀ ਹੈ ਤਾਂ ਕਿਸਾਨਾਂ ਵਲੋਂ ਵੀ ਇਹ ਮੰਗ ਉੱਠੇਗੀ। ਕਿਸਾਨਾਂ ਜ਼ੁੰਮੇ 73000 ਕਰੋੜ ਰੁਪਏ ਦਾ ਕਰਜ਼ਾ ਹੈ। ਫ਼ੇਰ ਸਵਾਲ ਪੈਦਾ ਹੁੰਦਾ ਹੈ ਕਿ ਖੁਦਕੁਸ਼ੀ ਕਰਨ ਵਾਲੇ ਕਿਸਾਨਾਂ ਅਤੇ ਬੇਜ਼ਮੀਨੇ ਕਾਮਿਆਂ ਦੇ ਕਿਸ ਮਿਤੀ ਤੋਂ ਬਾਅਦ ਲਏ ਕਰਜ਼ੇ ਮੁਆਫ਼ ਕੀਤੇ ਜਾਣ। ਇਹ ਸਮੱਸਿਆ ਵੀ ਸਰਕਾਰ ਅੱਗੇ ਆਵੇਗੀ। ਸਰਕਾਰ ਵਲੋਂ ਬਣਾਈਆਂ ਗਈਆਂ ਸੂਚੀਆਂ ਵਿਚ ਵੀ ਕਈ ਊਣਤਾਈਆਂ ਸਾਹਮਣੇ ਆਈਆਂ ਹਨ, ਜੋ ਨੁਕਤਾਚੀਨੀ ਦਾ ਕਾਰਨ ਬਣ ਰਿਹਾ ਹੈ।
ਸਰਕਾਰ ਦਾ ਸਾਰਾ ਅਮਲਾ ਤੇ ਅਧਿਕਾਰੀ ਕਰਜ਼ਾ ਮੁਆਫ਼ੀ ਲਈ ਸੂਚੀਆਂ ਅਤੇ ਹੋਰ ਕਾਰਵਾਈ ਕਰਨ 'ਚ ਰੁਝ ਗਏ ਹਨ। ਵਿਕਾਸ ਦਾ ਸਾਰਾ ਕੰਮ ਠੱਪ ਹੋ ਕੇ ਰਹਿ ਗਿਆ ਹੈ। ਸਹਿਕਾਰੀ ਸਭਾਵਾਂ ਨੂੰ ਮੁਆਫ਼ ਕੀਤੇ ਕਰਜ਼ਿਆਂ ਦਾ ਪੈਸਾ ਪੇਂਡੂ ਵਿਕਾਸ ਫੰਡ ਵਿਚੋਂ ਦਿੱਤੇ ਜਾਣ ਦੀ ਤਜਵੀਜ਼ ਹੈ। ਇਸ ਨਾਲ ਲਿੰਕ ਸੜਕਾਂ ਦੀ ਮੁਰੰਮਤ, ਨਵੀਂ ਉਸਾਰੀ ਅਤੇ ਵਿਕਾਸ ਦੇ ਹੋਰ ਕੰਮ ਖੜ੍ਹ ਜਾਣਗੇ। ਸਰਕਾਰੀ ਖਜ਼ਾਨੇ ਵਿਚ ਕੋਈ ਇਸ ਕਰਜ਼ਾ ਮੁਆਫ਼ੀ ਲਈ ਪੈਸਾ ਨਹੀਂ, ਕਿਉਂਕਿ ਪਿਛਲੀ ਅਕਾਲੀ-ਭਾਜਪਾ ਸਰਕਾਰ ਤੋਂ ਹੁਕਮਰਾਨ ਕਾਂਗਰਸ ਸਰਕਾਰ ਨੇ ਖਾਲੀ ਖਜ਼ਾਨਾ ਹੀ ਵਿਰਾਸਤ 'ਚ ਲਿਆ ਸੀ। ਕਰਜ਼ਾ ਮੁਆਫ਼ੀ ਨਾਲ ਮੁਲਹਿੱਕ ਇਨ੍ਹਾਂ ਸਾਰੀਆਂ ਸਮੱਸਿਆਵਾਂ ਨਾਲ ਸਹਿਕਾਰੀ ਸੁਸਾਇਟੀਆਂ ਦਾ ਕਾਰੋਬਾਰ ਤੇ ਸਹਿਕਾਰੀ ਢਾਂਚਾ ਵੀ ਤਿੱਤਰ-ਬਿੱਤਰ ਹੋ ਜਾਵੇਗਾ। ਆਜ਼ਾਦੀ ਮਿਲਣ ਤੋਂ ਬਾਅਦ ਪਿਛਲੀ ਸ਼ਤਾਬਦੀ ਦੇ 50ਵੇਂ 'ਚ ਪਿੰਡਾਂ ਵਿਚ ਖੇਤੀ ਸਹਿਕਾਰੀ ਸਭਾਵਾਂ ਪਿੰਡ ਦੇ ਕਿਸਾਨਾਂ ਨੂੰ ਖੇਤੀ ਲਈ ਮਾਲੀ ਸਹਾਇਤਾ ਦੇਣ ਵਜੋਂ ਅਤੇ ਪਿੰਡ ਦੇ ਲੋਕਾਂ ਦੀਆਂ ਅਮਾਨਤਾਂ ਰੱਖ ਕੇ ਇਹ ਕੰਮ ਸਿਰੇ ਚਾੜ੍ਹਨ ਦੇ ਉਦੇਸ਼ ਨਾਲ ਸਥਾਪਿਤ ਕੀਤੀਆਂ ਗਈਆਂ ਸਨ। ਇਨ੍ਹਾਂ ਸੁਸਾਇਟੀਆਂ ਦੇ ਕਾਰੋਬਾਰ ਤੋ ਹੋਏ ਨੁਕਸਾਨ ਤੇ ਫਾਇਦੇ ਲਈ ਸੁਸਾਇਟੀਆਂ ਦੇ ਮੈਂਬਰ ਹੀ ਜ਼ੁੰਮੇਵਾਰ ਸਨ, ਜਿਸ ਕਾਰਨ ਉਹ ਕਿਸੇ ਨੂੰ ਖੇਤੀ ਦੇ ਕੰਮਾਂ ਲਈ ਲੋੜ ਤੋਂ ਵੱਧ ਕਰਜ਼ੇ ਨਹੀਂ ਦਿੰਦੇ ਸਨ। ਉਸ ਤੋਂ ਬਾਅਦ ਕੋਆਪਰੇਟਿਵ ਵਿਭਾਗ (ਜੋ ਸਰਕਾਰੀ ਮਹਿਕਮਾ ਸੀ) ਨੇ ਇਨ੍ਹਾਂ ਸੁਸਾਇਟੀਆਂ ਦਾ ਆਕਾਰ ਵੱਡਾ ਕਰਕੇ ਇਨ੍ਹਾਂ ਨੂੰ ਬੈਂਕਾਂ ਦਾ ਰੂਪ ਦੇ ਦਿੱਤਾ। ਜਿਸ ਨਾਲ ਸਹਿਕਾਰਤਾ ਲਹਿਰ ਦੇ ਸਾਰੇ ਉਦੇਸ਼ ਖ਼ਤਮ ਹੋ ਗਏ ਅਤੇ ਇਨ੍ਹਾਂ ਸਭਾਵਾਂ 'ਤੇ ਸਰਕਾਰ ਦਾ ਕੰਟਰੋਲ ਹੋ ਗਿਆ। ਕਰਜ਼ਾ ਮੁਆਫ਼ੀ ਦੇ ਚੱਕਰਵਿਊ 'ਚ ਫਸੀਆਂ ਇਹ ਸਹਿਕਾਰੀ ਸਭਾਵਾਂ ਹੁਣ ਕੀ ਰੂਪ ਧਾਰਨ ਕਰਦੀਆਂ ਹਨ ਇਹ ਭਵਿੱਖ ਵਿਚ ਹੀ ਪਤਾ ਲੱਗੇਗਾ।
ਕਰਜ਼ਾ ਮੁਆਫ਼ੀ ਦੀਆਂ ਸੂਚੀਆਂ 'ਚ ਸ਼ਾਮਿਲ ਡਿਫਾਲਟਰ ਕਿਸਾਨਾਂ ਨੂੰ ਇਨ੍ਹਾਂ ਸੁਸਾਇਟੀਆਂ ਨੇ ਫ਼ਸਲੀ ਕਰਜ਼ਾ ਦੇਣਾ ਹਾਲ ਦੀ ਘੜੀ ਤਾਂ ਬੰਦ ਹੀ ਕਰ ਦਿੱਤਾ ਹੈ। ਬੈਂਕ ਵੀ ਇਨ੍ਹਾਂ ਨਾਦਹਿੰਦ ਕਿਸਾਨਾਂ ਨੂੰ ਕਰਜ਼ਾ ਦੇਣ ਤੋਂ ਲਾਂਭੇ ਹੀ ਰਹਿਣਗੇ। ਨਿੱਜੀ ਖੇਤਰ ਦੇ ਆੜ੍ਹਤੀ ਤਾਂ ਇਨ੍ਹਾਂ ਕਿਸਾਨਾਂ ਨੂੰ ਕੋਈ ਕਰਜ਼ਾ ਜਾਂ ਮਾਲੀ ਇਮਦਾਦ ਦੇਣ ਲਈ ਤਿਆਰ ਹੀ ਨਹੀਂ। ਇਸ ਤਰ੍ਹਾਂ ਇਨ੍ਹਾਂ ਛੋਟੇ ਤੇ ਸੀਮਿਤ ਕਿਸਾਨਾਂ ਨੂੰ ਖੇਤੀ ਕਰਨਾ ਹੀ ਅਸੰਭਵ ਹੋ ਜਾਵੇਗਾ। ਘਰੇਲੂ ਤੇ ਬਿਮਾਰੀ ਆਦਿ ਸਬੰਧੀ ਅਚਨਚੇਤ ਖਰਚੇ ਚਲਾਉਣੇ ਵੀ ਮੁਸ਼ਕਿਲ ਹੋ ਜਾਣਗੇ, ਜਿਸ ਉਪਰੰਤ ਇਹ ਆਪਣੀਆਂ ਜ਼ਮੀਨਾਂ ਵੇਚਣ ਜਾਂ ਠੇਕੇ 'ਤੇ ਦੇਣ ਲਈ ਮਜਬੂਰ ਹੋ ਜਾਣਗੇ। ਬੇਜ਼ਮੀਨੇ ਖੇਤ ਮਜ਼ਦੂਰਾਂ ਦੀ ਗਿਣਤੀ ਵਧਣ ਦੀ ਸੰਭਾਵਨਾ ਹੈ। ਇਹੋ ਨਹੀਂ ਕਈ ਕਿਸਾਨ ਦੁਖੀ ਹਨ ਕਿ ਜੋ ਪਿੰਡਾਂ 'ਚ ਸੂਚੀਆਂ ਬਣਾ ਕੇ ਉਨ੍ਹਾਂ ਦਾ ਨਾਂਅ ਡਿਫਾਲਟਰਾਂ 'ਚ ਦਰਜ ਕਰਕੇ ਡਿਸਪਲੇਅ ਕੀਤਾ ਗਿਆ ਹੈ ਉਹ ਭਾਵੇਂ ਸੋਸ਼ਲ ਆਡਿਟ ਦੇ ਦ੍ਰਿਸ਼ਟੀਕੋਣ ਨਾਲ ਕੀਤਾ ਗਿਆ ਹੈ। ਪਰ ਉਨ੍ਹਾਂ ਦੀ ਸਾਖ਼ ਨੂੰ ਸਖ਼ਤ ਸੱਟ ਲੱਗੀ ਹੈ। ਉਨ੍ਹਾਂ ਨੂੰ ਆਪਣੇ ਮੁੰਡੇ-ਕੁੜੀਆਂ ਦੇ ਰਿਸ਼ਤੇ ਕਰਨ 'ਚ ਵੀ ਔਖ ਆਵੇਗੀ।
ਖੇਤੀ ਖੇਤਰ 'ਚ ਜੋ ਕਰਜ਼ੇ ਵਸੂਲਣਯੋਗ ਨਹੀਂ ਉਹ ਬੈਂਕਾਂ ਦੇ ਕੁੱਲ ਐਨ. ਪੀ. ਏਜ਼ ਦੇ 8.3 ਫ਼ੀਸਦੀ ਹੀ ਹਨ। ਕਿਸਾਨਾਂ ਜ਼ੁੰਮੇ ਕਰਜ਼ਿਆਂ ਦਾ 6 ਫ਼ੀਸਦੀ ਹੀ ਡਿਫਾਲਟ ਵਿਚ ਹੈ, ਜਦੋਂਕਿ ਨਾਨ-ਪ੍ਰਾਇਰਟੀ ਖੇਤਰ 'ਚ ਡਿਫਾਲਟ ਦੀ ਦਰ 20.83 ਫ਼ੀਸਦੀ ਹੈ। ਕਿਸਾਨ ਤਾਂ ਨਾਦਹਿੰਦੇ ਇਸ ਲਈ ਹੋਏ ਕਿ ਉਨ੍ਹਾਂ ਨੂੰ ਮਹਿੰਗਾਈ ਹੋਣ ਉਪਰੰਤ ਫ਼ਸਲ ਦਾ ਯੋਗ ਮੁੱਲ ਨਹੀਂ ਮਿਲਿਆ, ਕਿਉਂਕਿ ਸਰਕਾਰ ਵੱਲੋਂ ਐਮ. ਐਸ. ਪੀ. ਸੂਚਕ ਅੰਕ ਆਧਾਰ 'ਤੇ ਨਹੀਂ ਵਧਾਈ ਗਈ। ਇਸ ਲਈ ਬਿਨਾਂ ਸ਼ੱਕ ਹੀ ਕਿਸਾਨ ਕਰਜ਼ਿਆਂ ਦੀ ਮੁਆਫ਼ੀ ਦੇ ਹੱਕਦਾਰ ਹਨ। ਪਰ ਕਈ ਅਰਥ ਸ਼ਾਸਤਰ ਵਿਗਿਆਨੀਆਂ ਦਾ ਇਹ ਕਹਿਣਾ ਹੈ ਕਿ ਜਦੋਂ ਤਕ ਸਰਕਾਰੀ ਖਜ਼ਾਨੇ ਦੀ ਹਾਲਤ ਵਿਚ ਸੁਧਾਰ ਨਾ ਆਉਂਦਾ ਜਾਂ ਕੇਂਦਰ ਸਹਾਇਤਾ ਦੇਣ ਲਈ ਅੱਗੇ ਨਾ ਆਉਂਦਾ ਕਰਜ਼ਾ ਮੁਆਫ਼ੀ ਦਾ ਇਹ ਕੰਮ ਸ਼ੁਰੂ ਕਰਨਾ ਉੱਚਿਤ ਹੀ ਨਹੀਂ ਸੀ। ਭਾਵੇਂ ਸੱਤਾਧਾਰੀ ਕਾਂਗਰਸ ਸਰਕਾਰ ਵਲੋਂ ਚੋਣਾਂ ਵੇਲੇ ਕਰਜ਼ਾ ਮੁਆਫ਼ੀ ਸਬੰਧੀ ਐਲਾਨ ਕੀਤੇ ਗਏ ਸਨ, ਪ੍ਰੰਤੂ ਜਦੋਂ ਤਕ ਮੁਆਫ਼ੀ ਲਈ ਖਜ਼ਾਨੇ ਵਿਚ ਪੂਰਾ ਪ੍ਰਬੰਧ ਨਾ ਹੁੰਦਾ ਮੁਆਫ਼ੀ ਦੀ ਸ਼ੁਰੂਆਤ ਹੀ ਨਹੀਂ ਕਰਨੀ ਲੋੜੀਂਦੀ ਸੀ। ਕਿਸਾਨਾਂ ਨੂੰ ਉਨ੍ਹਾਂ ਦੇ ਆਗੂਆਂ ਦੀਆਂ ਬੈਠਕਾਂ ਕਰਕੇ ਇਸ ਸਬੰਧੀ ਸਹੀ ਜਾਣਕਾਰੀ ਦੇ ਕੇ ਸਮਝਾਇਆ ਜਾ ਸਕਦਾ ਸੀ। ਕਰਜ਼ਾ ਮੁਆਫ਼ੀ ਨਾਲੋਂ ਛੋਟੇ ਤੇ ਸੀਮਿਤ ਕਿਸਾਨਾਂ ਦੀ ਉਪਜ ਐਮ. ਐਸ. ਪੀ. ਤੋਂ ਵੱਧ ਕੀਮਤ (ਭਾਵੇਂ ਬੋਨਸ ਦੀ ਸ਼ਕਲ 'ਚ ਹੁੰਦੀ) ਦੇ ਕੇ ਉਨ੍ਹਾਂ ਦੀ ਮਦਦ ਕੀਤੀ ਜਾ ਸਕਦੀ ਸੀ। ਉਨ੍ਹਾਂ ਦੀ ਫ਼ਸਲ ਦੀ ਖਰੀਦ ਲਈ ਇਹ ਪ੍ਰਣਾਲੀ ਭਵਿੱਖ 'ਚ ਵੀ ਜਾਰੀ ਰੱਖ ਕੇ ਉਨ੍ਹਾਂ ਨੂੰ ਸੰਤੁਸ਼ਟ ਕੀਤਾ ਜਾ ਸਕਦਾ ਸੀ। ਸਾਰੀਆਂ ਰਾਜਨੀਤਕ ਪਾਰਟੀਆਂ ਹੀ ਚੋਣਾਂ ਵੇਲੇ ਅਜਿਹੇ ਵਾਅਦੇ ਤੇ ਐਲਾਨ ਕਰਦੀਆਂ ਹਨ, ਪ੍ਰੰਤੂ ਉਨ੍ਹਾਂ ਨੂੰ ਤਾਂ ਹੀ ਪੂਰਾ ਕਰਦੀਆਂ ਹਨ ਜੇ ਸਰਕਾਰ ਕੋਲ ਸਾਧਨ ਤੇ ਸਮੱਰਥਾ ਹੋਵੇ। ਕੁਝ ਅਰਥ ਸ਼ਾਸਤਰ ਵਗਿਆਨੀਆਂ ਅਨੁਸਾਰ ਕਰਜ਼ਾ ਮੁਆਫ਼ੀ ਨਾਲ ਬੈਂਕਾਂ ਤੇ ਵਿੱਤੀ ਸੰਸਥਾਵਾਂ ਦਾ ਆਰਥਿਕ ਢਾਂਚਾ ਪ੍ਰਭਾਵਿਤ ਹੁੰਦਾ ਹੈ, ਆਮਦਨ-ਖਰਚ ਦੇ ਚਿੱਠੇ ਖਰਾਬ ਹੁੰਦੇ ਹਨ ਅਤੇ ਕਰਜ਼ ਲੈਣ ਵਾਲਿਆਂ ਨੂੰ ਭਵਿੱਖ ਵਿਚ ਕਰਜ਼ਿਆਂ ਦੀ ਵਾਪਸੀ ਨਾ ਕਰਨ ਲਈ ਉਤਸ਼ਾਹ ਮਿਲਦਾ ਹੈ।


-ਮੋਬਾ: 98152-36307

ਅਲੋਪ ਹੁੰਦਾ ਪੰਜਾਬੀ ਸੱਭਿਆਚਾਰ

ਭੱਠੀ

ਅੱਜ ਤੋਂ ਕੋਈ ਚਾਰ ਕੁ ਦਹਾਕੇ ਪਹਿਲਾਂ ਪਿੰਡਾਂ ਵਿਚ ਮੇਰੀ ਸਰਦਾਰੀ ਹੁੰਦੀ ਸੀ। ਨਿਆਣੇ-ਸਿਆਣੇ ਕੀ ਗੱਭਰੂ ਤੇ ਮੁਟਿਆਰਾਂ ਦੁਪਹਿਰ ਢਲਦਿਆਂ ਹੀ ਬੋਝਿਆਂ ਵਿਚ ਵੱਖ-ਵੱਖ ਤਰ੍ਹਾਂ ਦਾ ਅਨਾਜ ਲੈ ਕੇ ਮੇਰੀ ਹਾਜ਼ਰੀ ਭਰਨ ਆਉਂਦੇ। ਉਹ ਦਿਨ ਮੇਰੇ ਲਈ ਭਾਗਾਂ ਵਾਲੇ ਦਿਨ ਸੀ, ਮੇਰੇ ਕੋਲ ਵਿਆਹ ਵਾਲੇ ਘਰ ਵਾਂਗ ਭੀੜ ਲੱਗੀ ਰਹਿੰਦੀ ਸੀ। ਕਿਉਂਕਿ ਉਨ੍ਹਾਂ ਸਮਿਆਂ 'ਚ ਭੁੰਨ ਕੇ ਖਾਣ ਵਾਲਾ ਅਨਾਜ ਮੱਕੀ, ਬਾਜਰਾ, ਛੋਲੇ, ਜੌਂ, ਕਣਕ ਆਦਿ ਹੀ ਲੋਕਾਂ ਲਈ ਖਾਣ ਦੇ ਮੁੱਖ ਪਦਾਰਥ ਹੋਇਆ ਕਰਦੇ ਸਨ ਅਤੇ ਲੋਕਾਂ ਨੂੰ ਦਾਣੇ ਭੁੰਨਾ ਕੇ ਖਾਣ ਦਾ ਸ਼ੌਕ ਵੀ ਸੀ। ਲੋਕ ਜਦੋਂ ਕਦੇ ਤੁਰ ਕੇ ਦੂਰ ਨੇੜੇ ਜਾਂਦੇ ਤਾਂ ਸਫਰ 'ਚ ਆਪਣੀ ਭੁੱਖ ਮਿਟਾਉਣ ਲਈ ਦਾਣੇ ਭੁੰਨਾ ਕੇ ਆਪਣੇ ਨਾਲ ਲੈ ਜਾਂਦੇ ਸਨ। ਉਸ ਸਮੇਂ ਦਾਣੇ ਭੁੰਨਣ ਦਾ ਕੰਮ ਤਾਈ ਮੁਖਤਿਆਰੋ ਕਰਿਆ ਕਰਦੀ ਸੀ। ਉਹ ਬੜੇ ਨਿੱਘੇ ਤੇ ਮਿੱਠੇ ਸੁਭਾਅ ਦੀ ਮਾਲਕਣ ਸੀ। ਉਹ ਦਾਣੇ ਭੁੰਨਣ ਲਈ ਛੋਲਿਆਂ ਦਾ ਗੂਣਾ, ਛਟੀਆਂ ਦੀ ਰਹਿੰਦ-ਖੂੰਹਦ, ਸਰ੍ਹੋਂ ਦੀ ਪਲ੍ਹੋ ਆਦਿ ਬਾਲਣ ਦਾ ਪ੍ਰਬੰਧ ਪਹਿਲਾਂ ਹੀ ਕਰਕੇ ਰੱਖਦੀ। ਉਹ ਮੈਨੂੰ ਬਹੁਤ ਪਿਆਰ ਕਰਦੀ ਸੀ। ਭਾਵੇਂ ਉਹ ਆਪਣੇ ਹੋਰ ਕੰਮਾਂ-ਕਾਰਾਂ ਵਿਚ ਰੁੱਝੀ ਰਹਿੰਦੀ ਸੀ, ਪਰ ਉਹ ਮੈਨੂੰ ਨਵੀਂ ਵਹੁਟੀ ਵਾਂਗ ਮਿੱਟੀ-ਪੋਚਾ ਲਗਾ ਕੇ ਸ਼ਿੰਗਾਰੀ ਰੱਖਦੀ ਸੀ। ਉਸ ਸਮੇਂ ਦਾਣੇ ਭੁੰਨਾਉਣ ਵਾਲਿਆਂ ਦੀ ਮੇਰੇ ਆਲੇ-ਦੁਆਲੇ ਬੜੀ ਭੀੜ ਹੁੰਦੀ ਅਤੇ ਦਾਣੇ ਭਨਾਉਣ ਵਾਲਿਆਂ ਨੂੰ ਆਪਣੀ ਵਾਰੀ ਦੀ ਉਡੀਕ ਕਰਨੀ ਪੈਂਦੀ। ਤਾਈ ਮੁਖਤਿਆਰੋ ਆਪਣੀ ਮਿੱਠ-ਬੋਲੀ ਕਰਕੇ ਦਾਣੇ ਭੁੰਨਾਉਣ ਆਏ ਛੋਟੇ ਜੁਆਕਾਂ ਤੋਂ ਝੋਕਾ ਵੀ ਲਵਾ ਲੈਂਦੀ। ਉਨ੍ਹਾਂ ਸਮਿਆਂ 'ਚ ਦਾਣੇ ਭੁੰਨਾਉਣ ਦਾ ਕੰਮ ਏਨਾ ਕੁ ਹੁੰਦਾ ਸੀ ਕਿ ਤਾਈ ਮੁਖਤਿਆਰੋ ਦਾ ਗੁਜ਼ਾਰਾ ਦਾਣੇ ਭੁੰਨਾਉਣ ਵਾਲਿਆਂ ਦੀਆਂ ਚੁੰਗਾਂ ਨਾਲ ਹੀ ਹੋ ਜਾਂਦਾ ਸੀ। ਦਾਣੇ ਭੁੰਨਾਉਣ ਲਈ ਜੇਕਰ ਕਿਸੇ ਦੀ ਵਾਰੀ ਅੱਗੇ ਪਿੱਛੇ ਹੋ ਜਾਂਦੀ ਤਾਂ ਉਹ ਤਾਈ ਮੁਖਤਿਆਰੋ ਤੇ ਗਿਲਾ ਸ਼ਿਕਵਾ ਕਰਦਾ, ਤਾਈ ਉਸ ਨੂੰ ਆਪਣੇ ਕੋਲ ਬਿਠਾ ਕੇ ਦਾਣੇ ਭੁੰਨਦੀ ਨਾਲੇ ਗੱਲੀਬਾਂਤੀ ਲੱਪ ਦਾਣਿਆਂ ਦੀ ਦੇ ਕੇ ਉਸ ਵੱਲੋਂ ਕੀਤਾ ਹੋਇਆ ਗਿਲਾ-ਸ਼ਿਕਵਾ ਦੂਰ ਕਰ ਦਿੰਦੀ। ਆਥਣ ਵੇਲੇ ਵੱਖ-ਵੱਖ ਅਗਵਾੜਾਂ 'ਚੋਂ ਇੱਕਠੀਆਂ ਹੋ ਦਾਣੇ ਭੁੰਨਾਉਣ ਆਈਆਂ, ਮੁਟਿਆਰਾਂ ਮੇਰੇ ਆਲੇ-ਦੁਆਲੇ ਇੰਝ ਝੁੰਡ ਬਣਾ ਲੈਂਦੀਆਂ, ਜਿਵੇਂ ਸ਼ਾਮ ਸਮੇਂ ਸੰਘਣੇ ਦਰੱਖਤਾਂ ਵਿਚ ਚਿੜੀਆਂ ਦੀ ਚੁਰ-ਚੁਰ ਹੁੰਦੀ ਹੋਵੇ। ਬਸ ਫਿਰ ਕੀ ਉਹ ਆਪਣੀਆਂ ਸਹੇਲੀਆਂ ਨਾਲ ਗੱਲਾਂ ਕਰਦੀਆਂ ਥੱਕਦੀਆਂ ਨਹੀਂ ਸਨ ਤੇ ਤਾਈ ਮੁਖਤਿਆਰੋ ਆਵਾਜ਼ਾਂ ਦਿੰਦੀ, 'ਨਿੱਕੀਏ ਲਿਆ ਦਾਣੇ ਫੜਾ ਤੇਰੀ ਵਾਰੀ ਏ', ਅੱਗੋਂ ਅਵਾਜ਼ ਆਉਂਦੀ 'ਤਾਈ ਹੋਰ ਕਿਸੇ ਦੇ ਦਾਣੇ ਭੁੰਨਦੇ ਮਸਾਂ ਮਿਲੀ ਏ 'ਰੱਜੋ' ਅੱਜ ਦੋ ਚਾਰ ਗੱਲਾਂ ਹੋਰ ਕਰ ਲੈਣ ਦੇ ਇਹ ਤਾਂ ਘਰੋਂ ਹੀ ਨਹੀਂ ਨਿਕਲਦੀ ਵੱਡੀ ਕਾਮੀ ਬਣੀ ਰਹਿੰਦੀ ਏ।' ਤਾਈ ਮੁਖਤਿਆਰੋ ਇਨ੍ਹਾਂ ਮੁਟਿਆਰਾਂ ਨੂੰ ਝੋਕਾ ਲਾਉਣ ਲਈ ਵਾਰ-ਵਾਰ ਕਹਿੰਦੀ ਪਰ ਇਹ ਤਾਂ ਆਪਣੀਆਂ ਗੱਲਾਂ ਵਿਚ ਇੰਨੀਆਂ ਮਸਰੂਫ ਹੁੰਦੀਆਂ ਕਿ ਇਨ੍ਹਾਂ ਨੂੰ ਕੁਝ ਪਤਾ ਹੀ ਨਾ ਲਗਦਾ ਫਿਰ ਤਾਈ ਉੱਚੀ ਆਵਾਜ਼ ਵਿਚ ਬੋਲਦੀ ਤਾਂ ਇਕਦਮ ਸੰਨਾਟਾ ਛਾ ਜਾਂਦਾ ਤੇ ਕੋਈ ਨਾ ਕੋਈ ਮੁਟਿਆਰ ਭੱਜ ਕੇ ਝੋਕਾ ਲਾਉਣਾ ਸ਼ੁਰੂ ਕਰ ਦਿੰਦੀ। ਕੁਝ ਪਲਾਂ 'ਚ ਹੀ ਫਿਰ ਉਹੀ ਮੁਟਿਆਰਾਂ ਦੀ ਚਿੜੀਆਂ ਵਾਂਗ ਚੁਰ-ਚੁਰ ਸ਼ੁਰੂ ਹੋ ਜਾਂਦੀ। ਕਿੰਨੇ ਨਸੀਬਾਂ ਵਾਲੇ ਦਿਨ ਸਨ ਉਹ ਨਾ ਕਿਸੇ ਦਾ ਡਰ ਭੈਅ ਤੇ ਨਾ ਕਿਸੇ ਦੇ ਮਨਾਂ ਵਿਚ ਖੋਟ ਸੀ। ਆਥਣ ਵੇਲੇ ਮੂੰਹ ਸੋਜਲੇ ਹੀ ਮੁਟਿਆਰਾਂ ਆਪੋ-ਆਪਣੇ ਦਾਣੇ ਭੁੰਨਾ ਕੇ ਘਰਾਂ ਨੂੰ ਚਲੀਆਂ ਜਾਂਦੀਆਂ ਤੇ ਫਿਰ ਤਾਈ ਮੁਖਤਿਆਰੋ ਫੁਰਤੀ ਨਾਲ ਮੇਰੇ ਤੇ ਪੌਲਾ-ਪੌਲਾ ਲੀੜਾ ਫੇਰਦੀ ਤੇ ਆਸੇ-ਪਾਸੇ ਖਿਲਰੇ ਦਾਣਿਆਂ ਨੂੰ ਇੱਕਠਿਆਂ ਕਰਕੇ ਆਪਣੇ ਕੋਲ ਪਏ ਬੱਠਲ ਵਿਚ ਪਾ ਕੇ ਘਰ ਚਲੀ ਜਾਂਦੀ ਤੇ ਆਥਣ ਦੀ ਦਾਲ-ਰੋਟੀ ਬਣਾਉਣ ਦੇ ਆਹਰ-ਪਾਹਰ ਵਿਚ ਰੁੱਝ ਜਾਂਦੀ। ਇਥੇ ਹੀ ਬੱਸ ਨਹੀਂ ਇਸ ਪਿੱਛੋਂ ਪਿੰਡ ਦੇ ਗੱਭਰੂ ਰਾਤ ਦਾ ਰੋਟੀ-ਟੁੱਕ ਖਾ ਕੇ ਸਿਆਲ ਦੀਆਂ ਠੰਡੀਆਂ ਰਾਤਾਂ ਨੂੰ ਸੇਕ ਦਾ ਨਿੱਘ ਮਾਣਨ ਲਈ ਮੇਰੇ ਦੁਆਲੇ ਆ ਜੁੜਦੇ। ਭਾਵੇਂ ਪਿੰਡ ਦੇ ਗੱਭਰੂ ਖੇਤਾਂ ਵਿਚੋਂ ਕੰਮ ਦੇ ਥੱਕੇ ਭੰਨੇ ਹੁੰਦੇ ਪਰ ਫਿਰ ਵੀ ਉਹ ਮੇਰੇ ਕੋਲ ਬੈਠੇ ਕੇ ਹੱਸਦੇ-ਖੇਡਦੇ ਵੱਡੀ ਰਾਤ ਤੱਕ ਸਮਾਂ ਬਿਤਾ ਦਿੰਦੇ। ਕਈ ਗੱਭਰੂਆਂ ਦੀਆਂ ਮਾਵਾਂ ਉਨ੍ਹਾਂ ਨੂੂੰ ਘਰ ਆਉਣ ਲਈ ਆਵਾਜ਼ਾਂ ਮਾਰਦੀਆਂ। ਫਿਰ ਵੀ ਉਹ ਸਮਾਂ ਬਹੁਤ ਚੰਗਾ ਸੀ। ਸਾਰੇ ਪਿੰਡ ਵਾਸੀ ਇਕ-ਦੂਜੇ ਦੇ ਦੁੱਖ-ਸੁੱਖ ਦੇ ਭਾਈਵਾਲ ਸਨ। ਮੇਰੀ ਤਪੀ ਹੋਈ ਹਿੱਕ ਉਨ੍ਹਾਂ ਦੇ ਹਰ ਰੋਜ਼, ਰਾਤ ਨੂੰ ਇਕ-ਦੂਜੇ ਨਾਲ ਖੁਸ਼ੀ ਦੇ ਪਲ ਸਾਂਝੇ ਕਰਨ ਦਾ ਮੁੱਖ ਟਿਕਾਣਾ ਸੀ। ਕੁਝ ਪਿੰਡਾਂ ਵਿਚ ਪੁਰਾਤਨ ਵਿਰਸੇ ਨਾਲ ਮੋਹ ਰੱਖਣ ਵਾਲੇ ਲੋਕਾਂ ਨੇ ਮੇਰੀ ਹੋਂਦ ਨੂੰ ਅਜੇ ਵੀ ਬਚਾ ਕੇ ਰੱਖਿਆ ਹੋਇਆ ਹੈ। ਭਾਵੇਂ ਬਾਕੀਆਂ ਨੇ ਨਿਰਮੋਹੇ ਹੁੰਦਿਆਂ ਮੈਨੂੰ ਇਕ ਤਰ੍ਹਾਂ ਨਾਲ ਦੇਸ਼ ਨਿਕਾਲਾ ਦੇ ਦਿੱਤਾ ਹੈ।


-ਪਿੰਡ ਨਥਾਣਾ, ਜ਼ਿਲ੍ਹਾ ਬਠਿੰਡਾ (ਪੰਜਾਬ) 151102
ਮੋਬਾਈਲ: 9417079435
ਮੇਲ : jivansidhus@gmail.com

ਵਿਰਸੇ ਦੀਆਂ ਬਾਤਾਂ

ਧੂਣੀ ਦੁਆਲੇ ਚਲਦਾ ਸੈਸ਼ਨ

ਠੰਢ ਨੇ ਕਮਾਲ ਕੀਤੀ ਪਈ ਆ। ਧੁੱਪ ਨਾ ਨਿਕਲੇ ਤਾਂ ਰਜਾਈ ਛੱਡਣ ਨੂੰ ਜੀਅ ਨਹੀਂ ਕਰਦਾ ਤੇ ਜੇ ਸੂਰਜ ਦਿਸ ਪਵੇ ਤਾਂ ਧੁੱਪ 'ਚੋਂ ਉੱਠਣ ਨੂੰ ਮਨ ਨਹੀਂ ਕਰਦਾ। ਇਕਦਮ ਪਈ ਠੰਢ ਨੇ ਜਨ-ਜੀਵਨ ਬੇਹੱਦ ਪ੍ਰਭਾਵਿਤ ਕੀਤਾ ਹੈ। ਵੈਸੇ 'ਆਈ ਬਸੰਤ, ਪਾਲਾ ਉਡੰਤ' ਮਸ਼ਹੂਰ ਹੈ, ਪਰ ਵਕਤ ਦੱਸੇਗਾ ਕਿ ਬਸੰਤ ਮਗਰੋਂ ਪਾਲਾ ਇਵੇਂ ਰਹਿੰਦੈ ਜਾਂ ਉਡੰਤਰ ਹੁੰਦਾ।
ਪਰ ਪਿਛਲੇ ਕਈ ਦਿਨਾਂ ਤੋਂ ਜਿਹੜੀ ਠੰਢ ਪੈ ਰਹੀ ਹੈ, ਇਹ ਬਰਦਾਸ਼ਤ ਤੋਂ ਬਾਹਰ ਹੈ। ਧੁੰਦ, ਕੋਰ੍ਹਾ। ਨਿਆਣੇ ਮਜਬੂਰੀ 'ਚ ਸਕੂਲ ਜਾਂਦੇ ਨੇ ਤੇ ਕੰਮਾਂ 'ਤੇ ਜਾਣ ਵਾਲੇ ਨਾ ਸਰਦਾ ਹੋਣ ਕਰਕੇ ਘਰੋਂ ਨਿਕਲਦੇ ਹਨ। ਵੈਸੇ ਹਰ ਮੌਸਮ ਦਾ ਆਨੰਦ ਮਾਨਣਾ ਚਾਹੀਦਾ। ਪਰ ਕਈ ਵਾਰ ਚਾਹੁੰਦਿਆਂ ਹੋਇਆਂ ਵੀ ਆਨੰਦ ਨਹੀਂ ਮਾਣਿਆ ਜਾਂਦਾ। ਬੇਵੱਸੀ ਹੁੰਦੀ ਹੈ।
ਪਹੁ ਫੁਟਾਲੇ ਤੋਂ ਪਹਿਲਾਂ ਪਿੰਡਾਂ ਵਿਚੋਂ ਨਿਕਲੋ ਤਾਂ ਕਈ ਥਾਵਾਂ 'ਤੇ ਧੂਣੀਆਂ ਬਲਦੀਆਂ ਦਿਸਣਗੀਆਂ। ਮੂੰਗਫਲੀਆਂ ਦੇ ਛਿੱਲੜ ਖਿੱਲਰੇ ਮਿਲਣਗੇ। ਧੁੰਦ, ਧੂਣੀ ਤੇ ਮੂੰਗਫ਼ਲੀ-ਗੱਚਕ ਦਾ ਗਠਜੋੜ ਬਹੁਤ ਪਿਆਰ ਹੈ। ਛਿਟੀਆਂ ਦੀ ਅੱਗ ਸੇਕਦਿਆਂ ਖਾਧੀ ਮੂੰਗਫ਼ਲੀ ਬਦਾਮਾਂ ਤੋਂ ਵੱਧ ਸੁਆਦ ਦਿੰਦੀ ਹੈ। ਲੋਈਆਂ, ਖੇਸਾਂ ਦੀ ਬੁੱਕਲ ਮਾਰ ਧੂਣੀ ਮੂਹਰੇ ਬੈਠੇ ਲੋਕ ਜਦੋਂ ਸਿਆਸਤੀ ਟੋਟਕੇ ਸਾਂਝੇ ਕਰਦੇ ਹਨ ਤਾਂ ਇਉਂ ਜਾਪਦੈ ਜਿਵੇਂ ਇਥੇ ਗੂਗਲ ਦਾ ਦਫ਼ਤਰ ਖੁੱਲ੍ਹ ਗਿਆ ਹੋਵੇ। ਉਹ ਦੁਨੀਆ ਭਰ ਦੇ ਵਿਸ਼ਿਆਂ 'ਤੇ ਚਰਚਾ ਹੁੰਦੀ ਹੈ। ਬਹਿਸ ਕੀਤੀ ਜਾਂਦੀ ਹੈ। ਸਹਿਮਤੀ-ਅਸਹਿਮਤੀ ਦਾ ਮਾਹੌਲ ਬਣਦੈ। ਕਈ ਵਾਰ ਗੱਲ ਕਿਸੇ ਸਿੱਟੇ ਪਹੁੰਚ ਜਾਂਦੀ ਹੈ, ਕਈ ਵਾਰ ਨਹੀਂ ਵੀ। ਕਈ ਵਾਰ ਗੁੱਸਾ ਗਿਲਾ ਵੀ ਹੋ ਜਾਂਦਾ। ਪਰ ਇਸ ਵਿਚਾਰ ਚਰਚਾ ਵਿੱਚੋਂ ਬੜਾ ਕੁੱਝ ਨਿਕਲ ਕੇ ਸਾਹਮਣੇ ਆਉਂਦਾ।
ਇਸ ਤਸਵੀਰ ਨੂੰ ਦੇਖ ਕੇ ਇਹ ਸਾਰੇ ਖਿਆਲ ਮਨ ਵਿਚ ਉੱਮੜ ਆਏ। ਪਾਲੇ ਨੂੰ ਭਜਾਉਣ ਲਈ ਤਿੰਨ ਜਣੇ ਧੂਣੀ ਮੂਹਰੇ ਬੈਠ ਹਨ, ਬੁੱਕਲਾਂ ਮਾਰ ਕੇ। ਤਿੰਨਾਂ ਨੇ ਪਤਾ ਨਹੀਂ ਕਿਹੜੇ-ਕਿਹੜੇ ਵਿਸ਼ਿਆਂ 'ਤੇ ਵਿਚਾਰਾਂ ਦੀ ਸਾਂਝ ਪਾਈ ਹੋਵੇਗੀ। ਧੂਣੀ ਦੀਆਂ ਇਹ ਤਸਵੀਰਾਂ ਦੇਖ ਇਉਂ ਲਗਦੈ, ਜਿਵੇਂ ਅੱਗ ਮੂਹਰੇ ਅਸੀਂ ਆਪ ਹੀ ਬੈਠੇ ਹੋਈਏ। ਇਨ੍ਹਾਂ ਦੀ ਸੰਗਤ ਮਾਣਦੇ ਹੋਈਏ। ਕੁੱਝ ਪੁੱਛਦੇ, ਕੁੱਝ ਦੱਸਦੇ ਹੋਈਏ।
ਜਿਵੇਂ ਸੱਥਾਂ ਨੂੰ ਪਿੰਡਾਂ ਦੀ ਸੰਸਦ ਕਿਹਾ ਜਾਂਦਾ, ਬਿਲਕੁਲ ਉਵੇਂ ਸਿਆਲ਼ਾਂ 'ਚ ਧੂਣੀ ਦੁਆਲੇ ਬੈਠ ਵਿਚਾਰਾਂ ਦੀ ਸਾਂਝ ਪਾਉਂਦੇ ਲੋਕ ਵੀ ਸੰਸਦ ਦੇ ਸੈਸ਼ਨ ਵਿਚ ਹਿੱਸਾ ਲੈਣ ਵਾਲੇ ਹੀ ਜਾਪਦੇ ਹਨ। ਕੋਈ ਉੱਚੀ ਬੋਲਦਾ, ਕੋਈ ਹੌਲੀ। ਕੋਈ ਵਿਰੋਧ ਪ੍ਰਗਟਾਉਂਦਾ, ਕੋਈ ਖੁਸ਼ ਹੁੰਦਾ। ਇਸ ਸੰਸਦ ਦਾ ਆਪਣਾ ਮਹੱਤਵ ਹੈ। ਖਾਸ ਗੱਲ ਇਹ ਹੈ ਕਿ ਇੱਥੇ ਕੋਈ ਖਰਚ ਨਹੀਂ ਆਉਂਦਾ। ਇੱਥੇ ਕੋਈ ਸਵਾਰਥ ਨਹੀਂ ਹੁੰਦਾ।
ਸਾਡੀ ਸੰਸਦ ਦੇ ਇਹ ਸੈਸ਼ਨ ਚੱਲਦੇ ਰਹਿਣਗੇ। ਨਵੇਂ ਵਿਚਾਰ ਨਿਕਲਦੇ ਰਹਿਣ। ਭਾਈਚਾਰਕ ਸਾਂਝ ਬਰਕਰਾਰ ਰਹੇ। ਇਹੀ ਕਾਮਨਾ ਹੈ।


-37, ਪ੍ਰੀਤ ਇਨਕਲੇਵ, ਲੱਧੇਵਾਲੀ, ਜਲੰਧਰ।
ਮੋਬਾਈਲ : 98141-78883


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX