ਤਾਜਾ ਖ਼ਬਰਾਂ


ਆਈ.ਪੀ.ਐੱਲ 2019 : ਕੋਲਕਾਤਾ ਨੇ ਰਾਜਸਥਾਨ ਨੂੰ 176 ਦੌੜਾਂ ਦਾ ਦਿੱਤਾ ਟੀਚਾ
. . .  20 minutes ago
ਟਰੱਕ ਡਰਾਈਵਰ ਵੱਲੋਂ ਖ਼ੁਦਕੁਸ਼ੀ
. . .  about 1 hour ago
ਅਜੀਤਵਾਲ, 25 ਅਪ੍ਰੈਲ (ਸ਼ਮਸ਼ੇਰ ਸਿੰਘ ਗਾਲ਼ਿਬ) - ਮੋਗਾ ਬਲਾਕ ਦੇ ਪਿੰਡ ਮਟਵਾਣੀ ਵਿਖੇ ਇੱਕ ਟਰੱਕ ਡਰਾਈਵਰ ਨੇ ਸੜਕ 'ਤੇ ਪੈਂਦੇ ਰਜਵਾਹੇ 'ਤੇ ਦਰਖਤ ਨਾਲ ਫਾਹਾ ਲੈ ਕੇ ਆਪਣੀ ਜੀਵਨ...
ਆਈ.ਪੀ.ਐੱਲ 2019 : ਟਾਸ ਜਿੱਤ ਕੇ ਰਾਜਸਥਾਨ ਵੱਲੋਂ ਕੋਲਕਾਤਾ ਨੂੰ ਪਹਿਲਾ ਬੱਲੇਬਾਜ਼ੀ ਦਾ ਸੱਦਾ
. . .  about 2 hours ago
ਕਰਜ਼ੇ ਕਾਰਨ ਕਿਸਾਨ ਨੇ ਕੀਤੀ ਖ਼ੁਦਕੁਸ਼ੀ
. . .  about 3 hours ago
ਫ਼ਤਿਹਗੜ੍ਹ ਸਾਹਿਬ, 25 ਅਪ੍ਰੈਲ (ਅਰੁਣ ਅਹੂਜਾ) - ਨਜ਼ਦੀਕੀ ਪਿੰਡ ਪੱਤੋ ਵਿਖੇ ਇਕ ਬਜ਼ੁਰਗ ਕਿਸਾਨ ਵੱਲੋਂ ਕਰਜ਼ੇ ਕਾਰਨ ਜ਼ਹਿਰੀਲੀ ਚੀਜ਼ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰਨ...
ਪਟਿਆਲਾ ਜੇਲ੍ਹ ਦੇ 4 ਅਧਿਕਾਰੀ ਮੁਅੱਤਲ
. . .  about 3 hours ago
ਚੰਡੀਗੜ੍ਹ, 25 ਅਪ੍ਰੈਲ - ਜੇਲ੍ਹ ਮੰਤਰੀ ਪੰਜਾਬ ਸੁਖਜਿੰਦਰ ਸਿੰਘ ਰੰਧਾਵਾ ਦੇ ਹੁਕਮਾਂ 'ਤੇ ਜੇਲ੍ਹ ਨਿਯਮਾਂ ਦੀ ਉਲੰਘਣਾ ਕਰਨ 'ਤੇ ਪਟਿਆਲਾ ਜੇਲ੍ਹ ਦੇ 4 ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ...
27 ਅਤੇ 28 ਨੂੰ ਨਹੀ ਲਏ ਜਾਣਗੇ ਨਾਮਜ਼ਦਗੀ ਪੱਤਰ - ਸੀ.ਈ.ਓ ਡਾ. ਰਾਜੂ
. . .  40 minutes ago
ਚੰਡੀਗੜ੍ਹ, 25 ਅਪ੍ਰੈਲ - ਮੁੱਖ ਚੋਣ ਅਧਿਕਾਰੀ ਪੰਜਾਬ ਡਾ. ਐੱਸ ਕਰੁਣਾ ਰਾਜੂ ਨੇ ਦੱਸਿਆ ਕਿ 27 ਅਤੇ 28 ਅਪ੍ਰੈਲ ਨੂੰ ਲੋਕ ਸਭਾ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖਲ ਨਹੀ ਕਰਵਾਏ ਜਾ ਸਕਣਗੇ। ਉਨ੍ਹਾਂ ਦੱਸਿਆ ਕਿ 27 ਅਪ੍ਰੈਲ ਜੋ ਕਿ ਮਹੀਨੇ ਦਾ ਚੌਥਾ ਸ਼ਨੀਵਾਰ...
ਸਾਬਕਾ ਫੌਜ ਮੁਖੀ ਜਨਰਲ ਦਲਬੀਰ ਸਿੰਘ ਸੁਹਾਗ ਸੈਸ਼ੇਲਸ ਗਣਰਾਜ 'ਚ ਭਾਰਤ ਦੇ ਹਾਈ ਕਮਿਸ਼ਨਰ ਨਿਯੁਕਤ
. . .  about 3 hours ago
ਨਵੀਂ ਦਿੱਲੀ, 25 ਅਪ੍ਰੈਲ - ਸਾਬਕਾ ਫੌਜ ਮੁਖੀ ਜਨਰਲ ਦਲਬੀਰ ਸਿੰਘ ਸੁਹਾਗ ਨੂੰ ਸੈਸ਼ੇਲਸ ਗਣਰਾਜ 'ਚ ਭਾਰਤ ਦਾ ਹਾਈ ਕਮਿਸ਼ਨਰ ਨਿਯੁਕਤ ਕੀਤਾ ਗਿਆ...
ਪ੍ਰਧਾਨ ਮੰਤਰੀ ਵੱਲੋਂ ਵਾਰਾਨਸੀ 'ਚ ਕੱਢਿਆ ਗਿਆ ਰੋਡ ਸ਼ੋਅ
. . .  about 3 hours ago
ਵਾਰਾਨਸੀ, 25 ਅਪ੍ਰੈਲ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਅੱਜ ਉੱਤਰ ਪ੍ਰਦੇਸ਼ ਦੇ ਵਾਰਾਨਸੀ 'ਚ ਰੋਡ ਸ਼ੋਅ ਕੱਢਿਆ ਗਿਆ। ਉਨ੍ਹਾਂ ਨਾਲ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ...
1993 ਮੁੰਬਈ ਬੰਬ ਧਮਾਕਿਆਂ ਦੇ ਦੋਸ਼ੀ ਅਬਦੁਲ ਗਨੀ ਤੁਰਕ ਦੀ ਮੌਤ
. . .  about 3 hours ago
ਨਾਗਪੁਰ, 25 ਅਪ੍ਰੈਲ - 1993 ਦੇ ਮੁੰਬਈ ਬੰਬ ਧਮਾਕਿਆਂ ਦੇ ਦੋਸ਼ੀ ਅਬਦੁਲ ਗਨੀ ਤੁਰਕ ਦੀ ਨਾਗਪੁਰ ਦੇ ਹਸਪਤਾਲ 'ਚ ਮੌਤ ਹੋ ਗਈ। ਉਹ ਨਾਗਪੁਰ ਸੈਂਟਰਲ ਜੇਲ੍ਹ 'ਚ ਬੰਦ...
ਬਿਜਲੀ ਦੀਆਂ ਤਾਰਾਂ 'ਚੋਂ ਨਿਕਲੀਆਂ ਚੰਗਿਆੜੀਆਂ ਕਾਰਨ ਕਣਕ ਨੂੰ ਲੱਗੀ ਅੱਗ
. . .  about 4 hours ago
ਮਮਦੋਟ, 25 ਅਪ੍ਰੈਲ (ਸੁਖਦੇਵ ਸਿੰਘ ਸੰਗਮ) - ਮਮਦੋਟ ਬਲਾਕ ਦੇ ਪਿੰਡ ਸਦਰਦੀਨ ਵਾਲਾ ਵਿਖੇ ਬਿਜਲੀ ਦੀਆਂ ਤਾਰਾਂ ਚੋਂ ਨਿਕਲੀਆਂ ਚੰਗਿਆੜੀਆਂ ਕਾਰਨ ਇਕ ਕਿਸਾਨ ਦੀ ਤਿੰਨ ਏਕੜ ਕਣਕ ਸੜ ਜਾਣ ਦੀ ਮੰਦਭਾਗੀ ਖ਼ਬਰ ਮਿਲੀ ਹੈ। ਇਕੱਤਰ ਜਾਣਕਾਰੀ ਅਨੁਸਾਰ ....
ਹੋਰ ਖ਼ਬਰਾਂ..

ਸਾਹਿਤ ਫੁਲਵਾੜੀ

ਦੂਜੀ ਤੇ ਆਖ਼ਰੀ ਕਿਸ਼ਤ ਕਿਰਦਾਰ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਇਕ ਵਾਰ ਫਿਰ ਪੌੜੀਆਂ ਚੜ੍ਹਨ ਦੀ ਚੁਣੌਤੀ ਸਾਹਮਣੇ ਸੀ। ਪੌੜੀਆਂ ਕਾਫੀ ਸੀ ਪਰ ਨੇਹਾ ਨੇ ਸੋਚਿਆ ਕਿ ਪਿਛਲੀ ਵਾਰ ਵਾਂਗ ਰਸਤੇ 'ਚ ਨਹੀਂ ਰੋਕਾਂਗੀ, ਤਾਂ ਜੋ ਇਕੋ ਵਾਰ 'ਚ ਗੇਟ ਨੰਬਰ 5 ਤੱਕ ਪਹੁੰਚ ਸਕੀਏ। ਨਾਲ ਲੱਗੇ ਐਕਸੀਲੇਟਰ ਤੋਂ ਵੀ ਲੋਕੀਂ ਉਨ੍ਹਾਂ ਤਿੰਨਾਂ ਨੂੰ ਸਲਾਹਾਂ ਨਾਲ ਨਵਾਜ ਰਹੇ ਸੀ। ਉਸ ਮੁਲਾਜ਼ਮ ਨੇ ਇਕ ਜਣੇ ਨੂੰ ਰਤਾ ਗੁੱਸੇ ਨਾਲ ਜਵਾਬ ਦਿੰਦਿਆਂ ਕਿਹਾ ਕਿ ਏਨੀ ਹੀ ਚਿੰਤਾ ਹੈ ਤਾਂ ਉਹ ਆ ਜਾਵੇ ਮਦਦ ਕਰਨ।
ਆਲੇ-ਦੁਆਲੇ ਤੋਂ ਬੇਖਬਰ ਹੋਈ ਨੇਹਾ ਨੇ ਉਸ ਮੁਲਾਜ਼ਮ ਨੂੰ ਸ਼ਾਂਤ ਕਰਦਿਆਂ ਕਿਹਾ ਕਿ ਜ਼ਰੂਰੀ ਨਹੀਂ ਹੈ ਕਿ ਹਰ ਸੁਣੀ ਗੱਲ ਦਾ ਜਵਾਬ ਦਿੱਤਾ ਜਾਵੇ। ਫਿਰ ਬੋਲੀ ਕਿ ਜਿਸ ਤਰ੍ਹਾਂ ਉਹ ਤਿੰਨੋਂ ਉਸ ਨੂੰ ਲੈ ਕੇ ਪ੍ਰੇਸ਼ਾਨ ਹਨ, ਬਾਕੀ ਲੋਕ ਵੀ ਹਨ। ਬਸ ਉਨ੍ਹਾਂ ਦੇ ਚਿੰਤਾ ਪ੍ਰਗਟਾਉਣ ਦਾ ਢੰਗ ਵੱਖਰਾ ਹੈ।
ਫਿਰ ਸਾਰੇ ਪੌੜੀਆਂ ਚੜ੍ਹਨ ਜਾਂ ਕਹੋ ਉਸ ਨੂੰ ਪੌੜੀਆਂ ਚੜ੍ਹਾਉਣ ਲੱਗ ਪਏ। ਉਸ ਨੇ ਆਪਣੇ-ਆਪ ਨੂੰ ਪੂਰੀ ਤਰ੍ਹਾਂ ਨੇਹਾ ਦੇ ਹਵਾਲੇ ਕਰ ਦਿੱਤਾ। ਉਸ ਦੇ ਭਾਰੇ ਸਰੀਰ ਨੂੰ ਇਕੱਲੇ ਸੰਭਾਲਣਾ ਨੇਹਾ ਦੇ ਵੱਸ ਦੀ ਗੱਲ ਨਹੀਂ ਸੀ। ਜਦ ਨੇਹਾ ਉਸ ਦੇ ਭਾਰ ਨਾਲ ਡਗਮਗਾਉਣ ਲੱਗੀ ਤਾਂ ਉਸ ਨੇ ਬੜੀ ਮੁਸ਼ਕਿਲ ਨਾਲ ਮੁਲਾਜ਼ਮ ਦਾ ਸਹਾਰਾ ਲੈਣਾ ਕਬੂਲ ਕਰ ਲਿਆ। ਫਿਰ ਅੱਧੀਆਂ ਪੌੜੀਆਂ ਚੜ੍ਹਦੇ-ਚੜ੍ਹਦੇ ਉਸ ਦੀ ਹਾਲਤ ਖਰਾਬ ਹੋਣੀ ਸ਼ੁਰੂ ਹੋ ਗਈ। ਨੇਹਾ ਨੇ ਉਸ ਨੂੰ ਹੱਲਾਸ਼ੇਰੀ ਦਿੰਦਿਆਂ ਤੁਰਦੇ ਰੱਖਣ ਦੀ ਕੋਸ਼ਿਸ਼ ਕੀਤੀ ਪਰ ਉਸ ਹੌਸਲੇ ਨਾਲ ਉਹ ਸਿਰਫ ਇਕ ਹੀ ਉਲਾਂਘ ਹੋਰ ਪੁੱਟ ਸਕੀ ਤੇ ਫਿਰ ਉਹ ਬੇਹੋਸ਼ੀ 'ਚ ਹੀ ਪੌੜੀਆਂ 'ਚ ਬੈਠ ਗਈ। ਥੋੜ੍ਹੀ ਦੇਰ ਬਾਅਦ ਉਸ ਅਣਪਛਾਤੇ ਅਤੇ ਬੇਨਾਮ ਜਿਹੇ ਹਮਕਦਮ ਨੇ ਨੇਹਾ ਦੇ ਗੋਡਿਆਂ 'ਤੇ ਆਪਣਾ ਸਿਰ ਰੱਖ ਦਿੱਤਾ।
ਬੇਵਸ ਜਿਹੀ ਨੇਹਾ ਉਸ ਨੂੰ ਹੌਲੀ-ਹੌਲੀ ਘੁੱਟਣ ਲੱਗ ਪਈ। ਨੇਹਾ ਨੇ ਅਚਾਨਕ ਦੇਖਿਆ ਕਿ ਉਸ ਦਾ ਸਰੀਰ ਕਾਫੀ ਸੁੱਜਿਆ ਵੀ ਹੋਇਆ ਹੈ। ਉਸ ਦੇ ਸਰੀਰ ਦੇ ਭਾਰੀਪਣ ਦਾ ਇਕ ਹਿੱਸਾ ਉਸ ਸੋਜ਼ਿਸ਼ ਦਾ ਸੀ।
ਦੁਚਿੱਤੀ 'ਚ ਘਿਰੀ ਨੇਹਾ ਅਜੇ ਸੋਚ ਹੀ ਰਹੀ ਸੀ ਕਿ ਉਹ ਹੁਣ ਕੀ ਕਰੇ ਕਿ ਉਸ ਮੈਟਰੋ ਮੁਲਾਜ਼ਮ ਨੇ ਫਿਰ ਆਪਣਾ ਮਸ਼ਵਰਾ ਦੁਹਰਾਉਂਦਿਆਂ ਪੁਲਿਸ ਬੁਲਾਉਣ ਨੂੰ ਕਿਹਾ, ਜਿਸ ਨੂੰ ਨੇਹਾ ਨੇ ਮੰਨ ਵੀ ਲਿਆ। ਕਈ ਵਾਰ ਜ਼ਿੰਦਗੀ ਦੀਆਂ ਘੁੰਮਣਘੇਰੀਆਂ ਏਨੀਆਂ ਕੁ ਤੇਜ਼ ਹੋ ਜਾਂਦੀਆਂ ਹਨ ਕਿ ਇਨਸਾਨ ਕੋਲ ਖੁਦ ਨੂੰ ਹਾਲਾਤ ਅੱਗੇ ਛੱਡਣ ਤੋਂ ਇਲਾਵਾ ਕੋਈ ਚਾਰਾ ਨਹੀਂ ਰਹਿ ਜਾਂਦਾ।
ਨੇਹਾ ਅਤੇ ਬਾਕੀ ਦੋਵੇਂ ਪੁਲਿਸ ਦੀ ਉਡੀਕ ਕਰਨ ਲੱਗੇ। ਤਕਰੀਬਨ 10 ਕੁ ਮਿੰਟ ਬਾਅਦ ਦੋ ਪੁਲਿਸ ਵਾਲੇ ਆਏ ਅਤੇ ਤਫਤੀਸ਼ ਦੇ ਰਸਮੀ ਸਵਾਲ ਪੁੱਛਣ ਲੱਗੇ। ਪੁਲਿਸ ਨੇ ਤਿੱਖੀ ਆਵਾਜ਼, ਜੋ ਸ਼ਾਇਦ ਡਿਊਟੀ ਕਰਦਿਆਂ ਉਨ੍ਹਾਂ ਦੀ ਵਰਦੀ ਵਾਂਗ ਹੀ ਉਨ੍ਹਾਂ ਦਾ ਹਿੱਸਾ ਹੋ ਜਾਂਦੀ ਹੈ, 'ਚ ਉਸ ਦਾ ਨਾਂਅ ਪੁੱਛਿਆ ਤਾਂ ਉਸ ਨੇ ਕੁਸੁਮ ਦੱਸਿਆ ਅਤੇ ਘਰ ਦੇ ਪਤੇ ਦੇ ਤੌਰ 'ਤੇ ਗੀਤਾ ਕਾਲੋਨੀ ਦਾ ਨਾਂਅ ਲਿਆ।
ਪੁਲਿਸ ਨੇ ਨੇਹਾ ਅਤੇ ਕੁਸੁਮ ਦੇ ਰਿਸ਼ਤੇ ਬਾਰੇ ਸਵਾਲ ਪੁੱਛਣ 'ਤੇ ਨੇਹਾ ਨੇ ਸੋਚਿਆ ਕਿ ਜ਼ਾਹਿਰੀ ਤੌਰ 'ਤੇ ਤਾਂ ਨਹੀਂ ਪਰ ਇਕ ਦਰਦ ਦਾ ਰਿਸ਼ਤਾ ਜ਼ਰੂਰ ਹੈ, ਜਿਸ 'ਚੋਂ ਇਕ ਲੰਘ ਰਹੀ ਹੈ ਅਤੇ ਦੂਜੀ ਮਹਿਸੂਸ ਕਰ ਰਹੀ ਹੈ। ਪਰ ਜਵਾਬ ਵਜੋਂ ਉਸ ਨੇ ਆਪਣੀ ਮੁਲਾਕਾਤ ਦਾ ਬਿਉਰਾ ਦੱਸ ਦਿੱਤਾ। ਫਿਰ ਪੁਲਿਸ ਅਤੇ ਨੇਹਾ, ਜਿਸ ਦਾ ਹੱਥ ਕੁਸੁਮ ਛੱਡ ਨਹੀਂ ਰਹੀ ਸੀ, ਦੀ ਮਦਦ ਨਾਲ ਬਾਕੀ ਰਹਿੰਦੀਆਂ ਪੌੜੀਆਂ ਪਾਰ ਕੀਤੀਆਂ। ਮੈਟਰੋ ਦੀ ਹੱਦ ਪਾਰ ਹੁੰਦਿਆਂ ਹੀ ਮੈਟਰੋ ਮੁਲਾਜ਼ਮ ਅਤੇ ਸਕਿਉਰਿਟੀ ਗਾਰਡ ਨੇ ਵਿਦਾ ਲੈ ਲਈ।
ਸੜਕ 'ਤੇ ਆ ਕੇ ਪੁਲਿਸ ਨੇ ਕਿਹਾ ਕਿ ਗੀਤਾ ਕਾਲੋਨੀ ਉਨ੍ਹਾਂ ਦੇ ਇਲਾਕੇ 'ਚ ਨਾ ਹੋਣ ਕਾਰਨ ਉਹ ਕੁਸੁਮ ਨੂੰ ਉਥੇ ਨਹੀਂ ਛੱਡ ਸਕਦੇ। ਨੇਹਾ ਨੂੰ ਮਦਦ ਦੇ ਰਸਤੇ 'ਚ ਆ ਰਹੀਆਂ ਇਨ੍ਹਾਂ 'ਵਿਹਾਰਕ ਦਿੱਕਤਾਂ' 'ਤੇ ਥੋੜ੍ਹੀ ਤਕਲੀਫ ਤਾਂ ਹੋਈ ਪਰ ਉਸ ਨੇ ਕਿਹਾ ਕਿ ਉਹ ਉਸ ਨੂੰ ਘਰ ਛੱਡ ਕੇ ਆਵੇਗੀ।
ਕੁਸੁਮ ਨੇ ਫਿਰ ਜ਼ਿਦ ਕਰਦਿਆਂ ਕਿਹਾ ਕਿ ਉਹ ਬੱਸ 'ਤੇ ਜਾਵੇਗੀ। ਆਟੋ ਰੁਕਣ 'ਤੇ ਵੀ ਉਸ 'ਚ ਬੈਠਣ ਤੋਂ ਇਨਕਾਰੀ ਕੁਸੁਮ ਨੇ ਚੱਲਣਾ ਸ਼ੁਰੂ ਕਰ ਦਿੱਤਾ। ਪਰ ਫਿਲਹਾਲ ਉਸ ਨੂੰ ਸਹਾਰੇ ਦੀ ਲੋੜ ਸੀ। ਇਸ ਲਈ ਇਕ ਪੁਲਿਸ ਵਾਲਾ ਨਾਲ ਚੱਲਣ ਲੱਗਾ। ਨੇਹਾ ਸੀਨੀਅਰ ਪੁਲਿਸ ਵਾਲੇ ਦੇ ਨਾਲ 'ਹੋਰ ਕੀ ਕੀਤਾ ਜਾ ਸਕਦਾ ਹੈ' ਬਾਰੇ ਗੱਲ ਕਰਨ ਲੱਗੀ। ਸ਼ਾਇਦ 20-25 ਕਦਮ ਚੱਲੇ ਹੋਣਗੇ ਕਿ ਕੁਸੁਮ ਨੂੰ ਫਿਰ ਚੱਕਰ ਆਏ ਅਤੇ ਉਹ ਉਥੇ ਹੀ ਫੁੱਟਪਾਥ 'ਤੇ ਬੈਠ ਗਈ। ਨੇਹਾ ਅਤੇ ਸੀਨੀਅਰ ਪੁਲਿਸ ਵਾਲਾ ਵੀ ਦੌੜ ਕੇ ਉਥੇ ਪਹੁੰਚ ਗਏ।
ਸਭ ਆਪੋ-ਆਪਣੇ ਢੰਗ ਨਾਲ ਕੁਸੁਮ ਨੂੰ ਆਟੋ 'ਤੇ ਜਾਣ ਲਈ ਮਨਾਉਣ ਦੀ ਕੋਸ਼ਿਸ਼ ਕਰਨ ਲੱਗੇ। ਏਨੇ ਨੂੰ ਇਕ ਔਰਤ ਪੁਲਿਸ ਵਾਲੀ ਜਿਸ ਦੀ ਡਿਊਟੀ ਆਈ.ਟੀ.ਓ. ਮੈਟਰੋ ਸਟੇਸ਼ਨ 'ਤੇ ਸੀ, ਵੀ ਆ ਗਈ। ਉਸ ਨੇ ਵੀ ਕਿਹਾ ਕਿ ਉਹ ਕੁਸੁਮ ਨੂੰ ਛੱਡਣ ਨੂੰ ਤਿਆਰ ਹੈ ਪਰ ਕੁਸੁਮ ਘਰ ਦਾ ਪੂਰਾ ਪਤਾ ਦੱਸਣ ਤੋਂ ਇਨਕਾਰੀ ਸੀ। ਤਿੰਨੋਂ ਪੁਲਿਸ ਵਾਲਿਆਂ ਨੇ ਨੇਹਾ ਨੂੰ ਕੁਸੁਮ ਦਾ ਪਰਸ ਲੈਣ ਨੂੰ ਕਿਹਾ ਤਾਂ ਜੋ ਘਰ ਦਾ ਪਤਾ ਜਾਂ ਕੋਈ ਫੋਨ ਨੰਬਰ ਪਤਾ ਕੀਤਾ ਜਾ ਸਕੇ। ਉਨ੍ਹਾਂ ਆਪਣੀਆਂ ਡਿਊਟੀ ਦੀਆਂ ਮਜਬੂਰੀਆਂ ਦੱਸਦਿਆਂ ਨੇਹਾ ਨੂੰ ਇੰਜ ਕਰਨ ਨੂੰ ਕਿਹਾ ਪਰ ਕੁਸੁਮ ਨੇ ਕਿਸੇ ਨੂੰ ਵੀ ਪਰਸ ਨੂੰ ਹੱਥ ਨਹੀਂ ਲਾਉਣ ਦਿੱਤਾ।
ਔਰਤ ਪੁਲਿਸ ਵਾਲੀ ਨੇ ਕਿਹਾ ਕਿ ਕਿੰਨੇ ਹੀ ਕੇਸਾਂ 'ਚ ਔਰਤਾਂ ਕੋਈ ਪਤਾ ਦੱਸ ਕੇ ਲੈ ਜਾਂਦੀਆਂ ਹਨ। ਡਿਊਟੀ ਕਰਕੇ ਜਦੋਂ ਉਹ ਉਨ੍ਹਾਂ ਨੂੰ ਛੱਡਣ ਜਾਂਦੀ ਹੈ ਤਾਂ ਘੁੰਮ-ਘੁੰਮਾ ਕੇ ਉਨ੍ਹਾਂ ਨੂੰ ਵਾਪਸ ਆਉਣਾ ਪੈਂਦਾ ਹੈ।
ਸ਼ਾਇਦ ਨੇਹਾ ਅਤੇ ਪੁਲਿਸ ਵਾਲੀ ਦੇ ਵਿਹਾਰ ਵਿਚ ਅੰਤਰ ਦਾ ਕਾਰਨ ਵੀ ਇਹ ਹੀ ਸੀ। ਨੇਹਾ ਲਈ ਕੁਸੁਮ ਇਕ ਔਰਤ ਸੀ, ਜੋ ਪਤਾ ਨਹੀਂ ਕਿਹੜੇ ਹਾਲਾਤ 'ਚ ਆਪਣੀ ਬਿਮਾਰੀ ਨਾਲ ਇਕੱਲੇ ਹੀ ਲੜ ਰਹੀ ਸੀ ਪਰ ਪੁਲਿਸ ਵਾਲੀ ਲਈ ਉਹ ਇਕ 'ਕੇਸ' ਸੀ। ਦੋਵਾਂ 'ਚੋਂ ਗ਼ਲਤ ਕੋਈ ਵੀ ਨਹੀਂ ਸੀ।
ਜਦ ਕੁਸੁਮ 'ਤੇ ਪਤਾ ਦੱਸਣ ਦਾ ਜ਼ਿਆਦਾ ਦਬਾਅ ਪਾਇਆ ਜਾਣ ਲੱਗਾ ਤਾਂ ਗੁੱਸੇ 'ਚ ਉਹ ਇਕ ਹੱਥ ਨਾਲ ਪਰਸ ਨੂੰ ਘੁੱਟ ਕੇ ਫੜਦਿਆਂ ਦੂਜੇ ਹੱਥ ਨਾਲ ਸਭ ਨੂੰ ਜਾਣ ਦਾ ਇਸ਼ਾਰਾ ਕਰਨ ਲੱਗੀ। ਕੁਸੁਮ ਬਾਜ਼ਿਦ ਸੀ ਬੱਸ 'ਤੇ ਜਾਣ ਲਈ, ਪਰ ਉਸ ਤੋਂ ਅੱਖਾਂ ਵੀ ਨਹੀਂ ਖੋਲ੍ਹੀਆਂ ਜਾ ਰਹੀਆਂ ਸਨ। ਫਿਰ ਜੂਨੀਅਰ ਪੁਲਿਸ ਵਾਲੇ ਨੇ ਸਲਾਹ ਦਿੰਦਿਆਂ ਕਿਹਾ ਕਿ ਇਸ ਨੂੰ ਹਸਪਤਾਲ ਲੈ ਜਾਓ। ਕੁਝ ਘੰਟਿਆਂ ਬਾਅਦ ਜਦ ਕੀਮੋ ਕਾਰਨ ਦਿੱਤੀਆਂ ਦਵਾਈਆਂ ਦਾ ਅਸਰ ਘੱਟ ਹੋ ਜਾਵੇਗਾ ਤਾਂ ਇਹ ਆਪੇ ਜਾਣ ਲਾਇਕ ਹੋ ਜਾਵੇਗੀ। ਸਭ ਨੂੰ ਇਹ ਸੁਝਾਅ ਸਹੀ ਲੱਗਾ। ਸੀਨੀਅਰ ਪੁਲਿਸ ਵਾਲੇ ਨੇ ਫੋਨ 'ਤੇ ਇਕ ਔਰਤ ਪੁਲਿਸ ਮੁਲਾਜ਼ਮ ਨੂੰ ਭੇਜਣ ਨੂੰ ਕਿਹਾ। ਨਾਲ ਬੈਠੀ ਪੁਲਿਸ ਵਾਲੀ ਮੈਟਰੋ ਪੁਲਿਸ ਵਾਲੀ ਸੀ। ਮਦਦ ਲਈ ਆਏ ਉਨ੍ਹਾਂ ਦੋਵਾਂ ਪੁਲਿਸ ਵਾਲਿਆਂ ਦੀ ਡਿਊਟੀ ਪੀ.ਸੀ.ਆਰ. ਵੈਨ 'ਤੇ ਸੀ ਅਤੇ ਫੋਨ ਕਰਕੇ ਉਹ ਉਸ ਇਲਾਕੇ ਦੀ ਔਰਤ ਪੁਲਿਸ ਨੂੰ ਬੁਲਾ ਰਹੇ ਸੀ ਪਰ ਨੇਹਾ ਲਈ ਇਹ ਸਭ ਪੁਲਿਸ ਵਾਲੇ ਸੀ।
ਅਚਾਨਕ ਨੇਹਾ ਦੀ ਨਜ਼ਰ ਘੜੀ 'ਤੇ ਪਈ ਤਾਂ ਦੇਖਿਆ ਦੁਪਹਿਰ ਦੇ 4 ਵੱਜ ਗਏ ਸੀ। ਨੇਹਾ ਨੂੰ ਦਫ਼ਤਰ ਅਤੇ ਕੰਮ ਦੀ ਯਾਦ ਆਈ। ਉਸ ਨੇ ਸੀਨੀਅਰ ਪੁਲਿਸ ਵਾਲੇ ਨੂੰ ਪੁੱਛਿਆ ਕਿ ਕੀ ਉਹ ਜਾ ਸਕਦੀ ਹੈ?
ਫੈਸਲਾ ਹੋ ਚੁੱਕਾ ਸੀ-ਕੁਸੁਮ ਹਸਪਤਾਲ ਅਤੇ ਨੇਹਾ ਦਫ਼ਤਰ ਜਾ ਰਹੀ ਸੀ। ਪੁਲਿਸ ਵਾਲੇ ਨੇ ਉਸ ਦਾ ਫੋਨ ਨੰਬਰ ਅਤੇ ਪਤਾ ਲੈ ਲਿਆ। ਨੇਹਾ ਤੁਰ ਪਈ ਮੁੜ ਮੈਟਰੋ ਸਟੇਸ਼ਨ ਵੱਲ, ਕਿਉਂਕਿ ਉਸ ਨੇ ਗੇਟ ਨੰਬਰ 5 'ਤੇ ਨਹੀਂ, ਸਗੋਂ ਗੇਟ ਨੰਬਰ 4 'ਤੇ ਜਾਣਾ ਸੀ। ਕੁਝ ਕਦਮਾਂ ਦੀ ਦੂਰੀ 'ਚ ਉਸ ਨੇ ਕਿੰਨੀ ਵਾਰ ਪਲਟ ਕੇ ਦੇਖਿਆ ਪਰ ਸਭ ਕੁਝ ਉਂਜ ਹੀ ਸੀ-ਉਡੀਕ 'ਚ।
ਨੇਹਾ ਵਾਪਸ ਮੈਟਰੋ ਸਟੇਸ਼ਨ ਦੇ ਅੰਦਰ ਸੀ। ਉਸ ਦੇ ਪਹਿਲੇ ਮਦਦਗਾਰ ਮੁੜ ਮਿਲ ਗਏ। ਪਹਿਲਾਂ ਤਾਂ ਉਨ੍ਹਾਂ ਨੇਹਾ ਵਲੋਂ ਕੀਤੀ ਮਦਦ ਲਈ ਉਸ ਦੀ ਤਾਰੀਫ ਕੀਤੀ। ਫਿਰ ਵ੍ਹੀਲਚੇਅਰ ਖਿੱਚਣ ਵਾਲੇ ਮੈਟਰੋ ਮੁਲਾਜ਼ਮ ਨੇ ਕਿਹਾ ਕਿ ਇਹ (ਕੁਸੁਮ) ਹਰ ਵਾਰ ਇੰਜ ਹੀ ਕਰਦੀ ਹੈ। ਤੁਸੀਂ ਉਸ ਨੂੰ 200 ਰੁਪਏ ਦੇ ਦਿੰਦੇ ਤਾਂ ਦੇਖਣਾ ਸੀ ਕਿਵੇਂ ਫਟਾਫਟ ਚਲੀ ਜਾਂਦੀ।
ਨੇਹਾ ਨੂੰ ਇਹ ਸ਼ਬਦ ਹਥੌੜੇ ਵਾਂਗ ਲੱਗੇ। ਉਹ ਬਿਨਾਂ ਜਵਾਬ ਦਿੱਤੇ ਅੱਗੇ ਵਧ ਗਈ। ਦਫ਼ਤਰ ਵੱਲ ਜਾਂਦਿਆਂ ਉਸ ਨੇ ਸੋਚਿਆ ਕਿ ਜ਼ਿੰਦਗੀ ਦੇ ਮੰਚ 'ਤੇ ਕੋਈ ਸਿਰਫ ਨਾਇਕ ਜਾਂ ਖਲਨਾਇਕ ਨਹੀਂ ਰਹਿ ਸਕਦਾ। ਹਰ ਕੋਈ ਸਮੇਂ-ਸਮੇਂ ਸਿਰ ਇਹ ਦੋਵੇਂ ਕਿਰਦਾਰ ਨਿਭਾਉਂਦਾ ਹੋਵੇਗਾ। ਕੁਸੁਮ ਉਸ ਵੇਲੇ ਕਿਸ ਕਿਰਦਾਰ 'ਚ ਸੀ, ਇਸ ਦਾ ਫ਼ੈਸਲਾ ਨੇਹਾ ਨਹੀਂ ਕਰ ਪਾ ਰਹੀ ਸੀ। ਇਹ ਸੋਚਦਿਆਂ ਸ਼ਾਇਦ ਨੇਹਾ ਦੇ ਦਿਮਾਗ 'ਤੇ ਉਸ ਮੁਲਾਜ਼ਮ ਦੀਆਂ ਕਹੀਆਂ ਗੱਲਾਂ ਭਾਰੀ ਹੋ ਰਹੀਆਂ ਸਨ।
ਪਰ ਐਕਸੀਲੇਟਰ ਤੋਂ ਉੱਪਰ ਚੜ੍ਹਦਿਆਂ ਨੇਹਾ ਨੇ ਮੁੜ ਸੋਚਿਆ ਕਿ ਉਸ ਨੂੰ ਅਸਲ ਦਰਦ ਦੀ ਪਹਿਚਾਣ ਕਰਨੀ ਆਉਂਦੀ ਹੈ। ਜੇ ਨਹੀਂ ਵੀ ਤਾਂ ਉਹ ਕਿਰਦਾਰ ਬਦਲਣ ਦੀ ਮਜਬੂਰੀ ਤਾਂ ਸਮਝ ਹੀ ਸਕਦੀ ਹੈ।
ਬਾਹਰ ਧੁੱਪ ਕਾਫੀ ਤਿੱਖੀ ਸੀ। ਨੇਹਾ ਧੁੱਪ ਦਾ ਚਸ਼ਮਾ ਲਾ ਕੇ ਤੇਜ਼ ਕਦਮਾਂ ਨਾਲ ਦਫ਼ਤਰ ਵੱਲ ਤੁਰ ਪਈ।
(ਸਮਾਪਤ)

ਈਮੇਲ : upma.dagga@gmail.com


ਖ਼ਬਰ ਸ਼ੇਅਰ ਕਰੋ

ਲਘੂ ਕਹਾਣੀ: ਮਹਿੰਦੀ

'ਵੇਖੋ ਬੇਬੇ ਜੀ, ਮੇਰੇ ਹੱਥਾਂ 'ਤੇ ਮਹਿੰਦੀ ਕਿੰਨੀ ਖਿੜੀ ਐ', ਸਰੂਪੋ ਦੀ ਵੱਡੀ ਨੂੰਹ ਨੇ ਸਵੇਰੇ-ਸਵੇਰੇ ਮੰਜੇ 'ਤੇ ਬੈਠੀ ਸੱਸ ਦੇ ਮੂਹਰੇ ਦੋਵੇਂ ਹੱਥ ਕਰ ਦਿੱਤੇ।
'ਹਾਂ ਕੁੜੇ ਬੜੀ ਉੱਘੜੀ ਐ, ਮਹਿੰਦੀ ਨਰਮ ਹੱਥਾਂ 'ਤੇ ਤਾਂ ਉਘੜਦੀ ਈ ਐ।' ਸਰੂਪੋ ਨੇ ਉਤਲੇ ਮਨੋ ਕਿਹਾ। ਕੁਝ ਚਿਰ ਸਰੂਪੋ ਦੀ ਨੂੰ ਆਪਣੀ ਵਡਿਆਈ ਆਪ ਕਰਦੀ ਰਹੀ ਫਿਰ ਉਠ ਕੇ ਅੰਦਰ ਚਲੀ ਗਈ।
ਥੋੜ੍ਹੇ ਚਿਰ ਪਿਛੋਂ ਸਰੂਪੋ ਦੀ ਛੋਟੀ ਨੂੰਹ ਚਾਹ ਨਾਸ਼ਤਾ ਲੈ ਕੇ ਆ ਗਈ। 'ਕੁੜੇ ਪਿਆਰੋ ਤੂੰ ਨੀਂ ਮਹਿੰਦੀ ਲਾਈ ਰਾਤ। ਅੱਜ ਸੌਣ ਚੜ੍ਹਿਐ।'
'ਵੇਹਲ ਈ ਨੀਂ ਲੱਗੀ ਬੇਬੇ ਜੀ, ਨ੍ਹੇਰੇ ਤੱਕ ਭਾਂਡਾ ਟੀਂਡਾ ਸਾਂਭਦੀ ਰਹੀ, ਨਾਲੇ ਮੇਰੇ ਹੱਥ 'ਚ ਤਾਂ ਬਿਆਈਆਂ ਪਾਟੀਆਂ ਪਈਆਂ ਨੇ, ਕੀ ਮਹਿੰਦੀ ਲਾਵਾਂ।'
'ਨਾ ਧੀਏ ਨਿਰਾਸ਼ ਨਾ ਹੋ ਤੇਰੇ ਹੱਥਾਂ 'ਤੇ ਪਰਮਾਤਮਾ ਨੇ ਕੰਮਕਾਰ ਦੀ ਐਸੀ ਮਹਿੰਦੀ ਲਾਈ ਐ ਜਿਸ ਦਾ ਕੋਈ ਮੁੱਲ ਈ ਨੀਂ, ਉਹ ਤਾਂ ਸਾਰੇ ਟੱਬਰ ਦੇ ਦਿਲਾਂ 'ਤੇ ਉਘੜੀ ਪਈ ਐ, ਮੈਨੂੰ ਪਤੈ ਤੇਰਾ ਤੇ ਵੱਡੀ ਦਾ। ਕੌਣ ਮੇਰੀ ਕਿੰਨੀ ਸੇਵਾ ਕਰਦੈ, ਅਜਿਹੀ ਮਹਿੰਦੀ ਤਾਂ ਧੀਏ ਪਰਮਾਤਮਾ ਹਰੇਕ ਨੂੰਹ-ਧੀ ਦੇ ਹੱਥਾਂ 'ਤੇ ਲਾਵੇ, ਸਰੂਪੋ ਨੇ ਨੂੰਹ ਦੇ ਦੋਵੇਂ ਹੱਥ ਫੜ ਕੇ ਚੁੰਮ ਲਏ।

-ਗੁਰਮੀਤ ਸਿੰਘ ਰਾਮਪੁਰੀ
138, ਵਾਰਡ ਨੰ: 7, ਰਾਮਪੁਰਾ ਮੰਡੀ, (ਬਠਿੰਡਾ)।
ਮੋਬਾਈਲ : 98783-25301.

ਕਿਸਮਤ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
* ਬਚਪਨ ਵਿਚ ਵੇਖਿਆ ਕਰਦੇ ਸੀ ਕਿ ਖੇਤ ਵਾਂਹਦਾ ਤਾਂ ਬਲਦ ਸੀ ਪਰ ਚਾਰਾ ਘੋੜੀ ਜਾਂ ਮੱਝ ਨੂੰ ਪਹਿਲਾਂ ਮਿਲਦਾ ਸੀ।
* ਇਕ ਆਦਮੀ ਕਿੱਲੀਆਂ ਠੋਕਦਾ ਹੈ ਅਤੇ ਦੂਜਾ ਇਸ 'ਤੇ ਆਪਣੀ ਟੋਪੀ, ਕਮੀਜ਼, ਪੈਂਟ, ਕੋਟ ਟੰਗਦਾ ਹੈ। ਇਕ ਆਦਮੀ ਫਲਦਾਰ ਦਰੱਖਤ ਲਗਾਉਂਦਾ ਹੈ, ਜਦੋਂ ਕਿ ਦੂਸਰਾ ਉਸ ਦੇ ਫਲ ਖਾਂਦਾ ਹੈ।
* ਸਭ ਤੋਂ ਵੱਡੀ ਖੁਸ਼ਕਿਸਮਤੀ ਇਹ ਹੁੰਦੀ ਹੈ ਕਿ ਤੁਸੀਂ ਅਜਿਹੀ ਕੋਸ਼ਿਸ਼ ਕਰੋ ਜਾਂ ਅਜਿਹੇ ਬਣੋ ਕਿ ਕਿਸੇ ਦੀ ਅੱਖ ਵਿਚ ਤੁਹਾਡੇ ਲਈ ਅੱਥਰੂ ਪੈਦਾ ਹੋਵੇ।
* ਸਭ ਤੋਂ ਜ਼ਿਆਦਾ ਖੁਸ਼ਕਿਸਮਤ ਕੌਣ ਹੈ? ਇਸ ਬਾਰੇ ਹਰੇਕ ਵਿਅਕਤੀ ਦੀ ਵੱਖਰੀ-ਵੱਖਰੀ ਸੋਚ ਹੋ ਸਕਦੀ ਹੈ। ਪਰ ਮੌਜੂਦਾ ਸਮੇਂ ਵਿਚ ਜ਼ਿਆਦਾਤਰ ਉਸ ਵਿਅਕਤੀ ਨੂੰ ਹੀ ਬਹੁਤ ਖੁਸ਼ਕਿਸਮਤ ਕਿਹਾ ਜਾਂਦਾ ਹੈ, ਜਿਸ ਦੇ ਬੱਚੇ ਚੰਗੀਆਂ ਨੌਕਰੀਆਂ ਕਰਦੇ ਹਨ। ਉਨ੍ਹਾਂ ਦੀਆਂ ਆਦਤਾਂ ਚੰਗੀਆਂ ਹਨ। ਉਹ ਚੰਗੇ ਨਾਗਰਿਕ ਹਨ। ਨਸ਼ਾਮੁਕਤ ਤੇ ਆਗਿਆਕਾਰੀ ਹਨ।
* ਆਮ ਕਿਹਾ ਜਾਂਦਾ ਹੈ ਕਿ ਕਿਸਮਤ ਦਾ ਲਿਖਿਆ ਕੋਈ ਨਹੀਂ ਖੋਹ ਸਕਦਾ ਅਤੇ ਸਮੇਂ ਤੋਂ ਪਹਿਲਾਂ ਕੁਝ ਨਹੀਂ ਹੋ ਸਕਦਾ। ਜ਼ਿੰਦਗੀ ਵਿਚ ਇਹ ਵੀ ਵੇਖਣ ਵਿਚ ਆਇਆ ਹੈ ਕਿ ਕਦੇ-ਕਦੇ ਕਿਸੇ ਦੀ ਮੁਸੀਬਤ ਕਿਸੇ ਲਈ ਕਿਸਮਤ ਬਣ ਜਾਂਦੀ ਹੈ। ਇਹ ਵੀ ਕਹਾਵਤ ਹੈ ਕਿ ਜੋ ਕਿਸਮਤ ਵਿਚ ਹੈ, ਉਹ ਭੱਜ ਕੇ ਆਏਗਾ। ਜੋ ਕਿਸਮਤ ਵਿਚ ਨਹੀਂ ਹੈ, ਉਹ ਆ ਕੇ ਵੀ ਭੱਜ ਜਾਏਗਾ।
* ਕਈ ਨੌਜਵਾਨਾਂ ਨੂੰ ਕਿਸਮਤ 'ਤੇ ਇਸ ਤਰ੍ਹਾਂ ਟਿੱਪਣੀ ਕਰਦੇ ਸੁਣਿਆ ਹੈ:
ਗੁੱਡੀ ਚੜ੍ਹਦੀ ਨਹੀਂ ਵੀਰੋ, ਚੜ੍ਹਾਈ ਜਾਂਦੀ ਹੈ,
ਰੱਬ ਅੱਧੀ ਕਿਸਮਤ ਲਿਖਦਾ, ਅੱਧੀ ਬਣਾਈ ਜਾਂਦੀ ਹੈ।
* ਸ਼ਿਅਰ :
ਗ਼ਮ ਨਾ ਕਰ ਐ ਬੰਦੇ, ਇਹ ਤਕਦੀਰ ਬਦਲਦੀ ਰਹਿੰਦੀ ਹੈ,
ਸ਼ੀਸ਼ਾ ਸ਼ੀਸ਼ਾ ਹੀ ਰਹਿੰਦਾ ਹੈ, ਤਸਵੀਰ ਬਦਲਦੀ ਰਹਿੰਦੀ ਹੈ।
* ਸਿਆਣੇ ਕਹਿੰਦੇ ਹਨ ਕਿ ਜਦੋਂ ਕਿਸਮਤ ਚੰਗੀ ਹੋਵੇ ਤਾਂ ਭੁੱਜੇ ਦਾਣੇ/ਛੋਲੇ/ਮੋਠ ਵੀ ਉੱਗ ਪੈਂਦੇ ਹਨ। ਪਰ ਮੈਂ ਆਪਣੀ ਉਮਰ ਵਿਚ ਇਹ ਭੁੱਜੇ ਦਾਣੇ ਉੱਗਦੇ ਨਹੀਂ ਦੇਖੇ।
* ਜਦੋਂ ਕਿਸਮਤ ਬੰਦੇ ਦੇ ਉਲਟ ਹੋਵੇ ਤਾਂ ਖੀਰ ਖਾਣ ਨਾਲ ਵੀ ਬੰਦੇ ਦਾ ਦੰਦ ਟੁੱਟ ਜਾਂਦਾ ਹੈ।
* ਜਦੋਂ ਬੰਦੇ ਦੀ ਕਿਸਮਤ ਮਾੜੀ ਹੋਵੇ ਤਾਂ ਭਾਵੇਂ ਉਹ ਪਿੱਠ ਪਰਨੇ ਡਿੱਗੇ ਪਰ ਸੱਟ ਉਸ ਦੇ ਨੱਕ 'ਤੇ ਲੱਗ ਜਾਂਦੀ ਹੈ।
* ਜਦੋਂ ਕਿਸਮਤ ਮਾੜੀ ਹੋਵੇ ਤਾਂ ਉਸ ਵੇਲੇ ਜਿਸ ਬੰਦੇ ਦੇ ਦੰਦ ਨਾ ਹੋਣ, ਉਸ ਨੂੰ ਰੱਬ ਵੀ ਸੁੱਕੇ ਦਾਣੇ ਖਾਣ ਨੂੰ ਦਿੰਦਾ ਹੈ।
* ਜਦੋਂ ਮਾੜੀ ਕਿਸਮਤ ਹੋਵੇ ਤਾਂ ਉਸ ਵੇਲੇ ਜਦੋਂ ਬੰਦਾ ਪੌੜੀ ਤੋਂ ਡਿਗਦਾ ਹੈ ਤਾਂ ਪੌੜੀ ਵੀ ਉਸ 'ਤੇ ਹੀ ਡਿੱਗ ਪੈਂਦੀ ਹੈ।
* ਕਈ ਵਾਰੀ ਵੇਖਿਆ ਜਾਂਦਾ ਹੈ ਕਿ ਸ਼ਹਿਦ ਦੀ ਮੱਖੀ ਵੀ ਉਸ ਨੂੰ ਡੰਗ ਮਾਰਦੀ ਹੈ, ਜਿਹੜਾ ਮਾੜੀ ਕਿਸਮਤ ਕਰਕੇ ਪਹਿਲਾਂ ਹੀ ਰੋ ਰਿਹਾ ਹੋਵੇ।
* ਬਚਪਨ ਵਿਚ ਮੁਢਲੀਆਂ ਸਹੂਲਤਾਂ ਨਾ ਮਿਲਣਾ, ਪਰਿਵਾਰ ਦੇ ਕਿਸੇ ਮੈਂਬਰ ਦਾ ਐਕਸੀਡੈਂਟ ਹੋ ਜਾਣਾ, ਕਿਸੇ ਪਰਿਵਾਰਕ ਮੈਂਬਰ ਦਾ ਨਸ਼ੇੜੀ ਬਣ ਜਾਣਾ ਜਾਂ ਕਿਸੇ ਮੈਂਬਰ ਨੂੰ ਕੋਈ ਭੈੜੀ ਬਿਮਾਰੀ ਲੱਗ ਜਾਣਾ ਜਾਂ ਮੁਕੱਦਮੇਬਾਜ਼ੀ ਵਿਚ ਉਲਝ ਜਾਣਾ ਆਦਿ ਵੀ ਬਦਕਿਸਮਤੀ ਦੀਆਂ ਨਿਸ਼ਾਨੀਆਂ ਹਨ।
* ਕਿਸਮਤ ਦੇ ਭਰੋਸੇ ਬੈਠੇ ਰਹਿਣ ਵਾਲਿਆਂ ਦੇ ਕੰਮ ਸਿਰੇ ਨਹੀਂ ਲਗਦੇ। ਜ਼ਿਆਦਾਤਰ ਅਮੀਰ ਵਿਸ਼ਵਾਸ ਕਰਦੇ ਹਨ ਕਿ ਚੰਗੀਆਂ ਆਦਤਾਂ ਹੋਣ 'ਤੇ ਕਿਸਮਤ ਵਾਰ-ਵਾਰ ਮੌਕੇ ਦਿੰਦੀ ਹੈ।
* ਜਿੱਥੇ ਕਿਸਮਤ ਵਿਅਕਤੀ ਨੂੰ ਤਾਜ ਤੋਂ ਵਾਂਝਾ ਰੱਖਦੀ ਹੈ, ਉਥੇ ਸੰਤੁਸ਼ਟੀ ਉਸ ਨੂੰ ਮੁਕਟ ਪਾਉਂਦੀ ਹੈ।

(ਬਾਕੀ ਅਗਲੇ ਐਤਵਾਰ ਦੇ ਅੰਕ 'ਚ)
-ਮੋਬਾਈਲ : 99155-63406.

ਰੱਬ ਇਕ ਗੋਰਖ ਧੰਦਾ

ਇਕ ਅੰਕੜਾ ਅੱਜਕਲ੍ਹ ਗਰਮਾ-ਗਰਮ ਹੈ-ਮੇਵਾੜ ਦੀ ਰਾਣੀ ਪਦਮਾਵਤੀ ਬਾਰੇ, ਕਿ ਜਦ ਦਿੱਲੀ ਦੇ ਸੁਲਤਾਨ ਖਿਲਜੀ ਨੇ ਉਸ 'ਤੇ ਬੁਰੀ ਨਜ਼ਰ ਰੱਖੀ... ਤਾਂ ਰਾਣੀ ਪਦਮਾਵਤੀ ਨੇ 18 ਹਜ਼ਾਰ ਰਾਣੀਆਂ ਸਮੇਤ ਬਲਦੀ ਅੱਗ 'ਚ ਕੁੱਦ ਕੇ, ਜੌਹਰ ਕਰ ਲਿਆ। ਬਈ ਐਨੀਆਂ ਰਾਣੀਆਂ ਤਾਂ ਉਹਦੇ ਪਤੀ ਦੀਆਂ ਹੀ ਹੋਣਗੀਆਂ ਇਸ ਧਰਤੀ 'ਤੇ ਵਾਧਾ ਕਰਨ ਵਾਲਿਆਂ 'ਚੋਂ ਸਭ ਤੋਂ ਪ੍ਰਸਿੱਧ ਕੌਣ ਹਨ?
* ਇਕ ਰੱਬ ਦੇ ਬੰਦੇ
* ਦੂਜਾ... ਰੱਬ ਆਪ।
ਰੱਬ ਤਾਂ ਰੱਬ ਹੈ, ਨਾ ਰੂਪ ਹੈ, ਨਾ ਰੰਗ ਹੈ, ਨਾ ਰੇਖ ਹੈ, ਨਾ ਭੇਖ ਹੈ।
ਪਰ, ਰੱਬ ਦੇ ਬੰਦੇ, ਜਿਹੜੇ ਆਪ ਰੱਬ ਦਾ ਸਰੂਪ ਧਾਰਨ ਕਰੀ ਬੈਠੇ ਹਨਂਉਨ੍ਹਾਂ ਦਾ ਰੰਗ-ਰੂਪ, ਰੇਖ, ਭੇਖ ਸਭੇ ਹਨ... ਪਰ ਪੱਕੀ ਤਰ੍ਹਾਂ ਹੈਨ ਭੇਖੀ...।
ਇਕ ਭੁੱਖ ਮਾਇਆ ਦੀ, ਇਕ ਭੁੱਖ ਰੋਟੀ ਦੀ ਤੇ ਇਕ ਭੁੱਖ... 'ਬੋਟੀ' ਦੀ।
ਵਾਸ਼ਨਾ ਦੀ ਪੂਰਤੀ-ਭੇਖੀ, ਭੁੱਖੇ ਆਪੇ ਐਲਾਨੇ ਰੱਬ ਦੇ ਇਹ 'ਬਾਬੇ' ਅਧਰਮ 'ਚ ਗ੍ਰਸੇ ਮਾੜੇ ਕਾਰੇ ਕਰ-ਕਰ ਕੇ ਵੀ ਆਪਣੇ ਆਪ ਨੂੰ ਮਹਾਂ-ਧਾਰਮਿਕ, ਪੂਜਣਯੋਗ, ਭਗਵਾਨ ਦਾ ਸਰੂਪ ਸਾਬਤ ਕਰਨ 'ਚ ਖ਼ੂਬ ਕਮਾਲ ਦੀ ਮੁਹਾਰਤ ਰੱਖਣ ਲਈ ਪ੍ਰਸਿੱਧ ਹਨ। ਕਿੰਨੀ ਉੱਤਮ ਦੁਆ ਹੈ, ਭਗਵਾਨ ਸਭ ਦੇ ਪਰਦੇ ਕੱਜੀ ਰੱਖੇ।
ਪਰ, ਪਿਛਲੇ ਕੁਝ ਸਾਲਾਂ ਤੋਂ ਇਹ 'ਭਗਵਾਨ' ਆਪਣੇ ਪਰਦੇ ਵੀ ਕੱਜ ਕੇ ਨਹੀਂ ਰੱਖ ਸਕੇ-ਪਿਆਜ਼ ਦੇ ਛਿਲਕਿਆਂ ਵਾਂਗ ਇਨ੍ਹਾਂ ਦੇ ਪਰਦੇ, ਇਕ-ਇਕ ਕਰ ਕੇ ਖੁੱਲ੍ਹ ਰਹੇ ਹਨ - ਤੇ ਜਦ ਪਰਦੇ ਖੁੱਲ੍ਹ ਹੀ ਗਏ ਤਾਂ ਪਿਆਰ 'ਚ ਧੋਖਾ ਖਾ ਚੁੱਕੇ ਕਿ ਆਸ਼ਿਕ ਨੇ ਜਿਵੇਂ ਕਿਹਾ :
ਐਸੀ ਮੁਹੱਬਤ ਸੇ ਹਮ ਬਾਜ਼ ਆਏ, ਉਸੇ ਤਰ੍ਹਾਂ ਹੁਣ 'ਰੱਬ' ਤੇ 'ਭਗਵਾਨ' ਦਾ ਨੰਗਾ-ਸੱਚ ਵੇਖ ਕੇ ਤਾਂ ਹਰੇਕ ਪ੍ਰਾਣੀ ਕੰਨਾਂ ਨੂੰ ਹੱਥ ਲਾ ਕੇ ਆਖ ਰਿਹਾ ਹੈ :-
'ਐਸੇ ਭਗਵਾਨਾਂ ਤੋਂ ਅਸੀਂ ਬਾਜ਼ ਆਏ।'
ਡੇਢ-ਦੋ ਸਾਲ ਹੋਏ, ਮੈਂ ਪੰਜਾਬ ਗਿਆ ਸਾਂ-ਜਲੰਧਰ 'ਚ ਸੜਕ 'ਤੇ ਜਾਂਦਿਆਂ ਇਕ ਪੁਰਾਣੇ ਮਿੱਤਰ ਨੇ ਮੈਨੂੰ ਪਛਾਣ ਲਿਆ... ਬੜੇ ਸਨੇਹ ਨਾਲ ਆਖਿਆ, ਬਾਬਿਓ... ਕੀ ਹਾਲ ਨੇ?'
ਮੇਰੇ ਹਾਲ-ਬੇਹਾਲ ਹੋ ਗਏ...
ਹੀਰ ਨੇ ਆਖਿਆ ਸੀ... 'ਸਦੋ ਨੀ ਮੈਨੂੰ ਧੀਦੋ ਰਾਂਝਾ, ਹੀਰ ਨਾ ਆਖੋ ਕੋਈ।' ਉਹਦੇ ਬੋਲਾਂ 'ਚ ਤਾਂ ਮਾਣ ਸੀ - ਮੈਂ, ਅਪਮਾਣ ਮਹਿਸੂਸ ਕੀਤਾ, ਝਟ ਟੋਕਿਆ, 'ਓ ਬ੍ਰਦਰ... ਸੱਦ ਵੇ ਮੈਨੂੰ ਆਤਿਸ਼ ਯਾਰੋ, 'ਬਾਬਾ' ਨਾ ਸੱਦੋ ਕੋਈ', ਬਾਬਿਆਂ ਨੇ ਜਿਹੜੀਆਂ ਧੁੰਮਾਂ ਪਾਈਆਂ ਨੇ... ਓਸ ਹਿਸਾਬ ਨਾਲ....
ਬਦਕਾਰ, ਬਲਾਤਕਾਰੀ...
ਬੇਸ਼ਰਮ, ਬੇਗ਼ੈਰਤ, ਬੇਰਿਹਮ...
ਬੇਕਾਰ, ਬੇਮੁਰਅਵਤ+ ਆਦਿ=
ਜਿੰਨੇ ਵੀ 'ਬਾਬੇ' ਨੇ, ਸਭਨਾਂ ਦਾ ਵੇਸ-ਭੇਸ, ਕਰਮ... ਇਕੋ ਜਿਹੇ ਨੇ... ਤੁਸੀਂ ਕਿਸੇ ਕੰਪਨੀ ਦੇ ਬਿਸਕੁਟਾਂ ਦਾ ਪੈਕਟ ਖੋਲ੍ਹੋ, ਸਭ ਬਿਸਕੁਟ ਇਕੋ ਜਿਹੇ ਮਿਲਣਗੇ। ਸਭਨਾਂ ਬਾਬਿਆਂ ਦੇ ਆਸ਼ਰਮ, ਇਕ ਨਹੀਂ ਕਈ ਕਈ, ਕਿੰਨੇ ਕਿੰਨੇ ਸ਼ਹਿਰਾਂ, ਪ੍ਰਾਂਤਾਂ ਵਿਚ, ਭਾਰਤ ਤੋਂ ਬਾਹਰ ਵੀ... ਆਸ਼ਰਮਾਂ ਵਿਚ ਭਰਮਾਰ ਨੌਜਵਾਨ ਬੀਬੀਆਂ, ਸੇਵਾਦਾਰਨੀਆਂ, ਚੇਲੀਆਂ ਦੀ।
ਬੰਦੇ 'ਤੇ ਸਭ ਤੋਂ ਵੱਡਾ ਇਲਜ਼ਾਮ ਕੀ ਲਗਦਾ ਹੈ?
ਕੌਰਵਾਂ ਨੇ ਜੋ ਦਰੋਪਦੀ ਨਾਲ ਕੀਤੀ ਸੀ - ਉਸ ਤੋਂ ਵੀ ਬੁਰੇ ਕਸਬ ਦਾ।
> ਆਸਾ ਰਾਮ ਜੇਲ੍ਹ 'ਚ
> ਰਾਮ ਪਾਲ ਜੇਲ੍ਹ 'ਚ
> ਫਲਹਾਰੀ ਬਾਬਾ... ਫਲ ਭੁਗਤ ਰਿਹਾ ਹੈ
> ਪੰਜਾਬ ਦਾ ਵੀ ਇਕ ਬਾਬਾ ਜੇਲ੍ਹ 'ਚ
> ਹੁਣ, ਇਕ ਹੋਰ ਬਾਬਾ, ਆਪਣੇ ਆਪ ਨੂੰ 'ਰੱਬ' ਅਖਵਾਉਣ ਵਾਲਾ, ਵਿਰੇਂਦਰ ਦੇਵ ਦੀਕਸ਼ਤ ਭੱਜਿਆ ਫਿਰਦੈ, ਪੁਲਿਸ ਤੋਂ ਬਚਣ ਲਈ ਪਤਾ ਨਹੀਂ ਕਿਥੇ ਲੁਕਿਐ... ਇਹਦੇ ਭਾਰਤ ਤੇ ਨਿਪਾਲ 'ਚ 160 ਆਸ਼ਰਮ ਹਨ।
ਵਿਰੇਂਦਰ ਦੇਵ ਦੀਕਸ਼ਤ ਦੇ ਚੁੰਗਲ 'ਚੋਂ ਭੱਜੀ ਇਕ ਬੀਬੀ ਨੇ ਇਸ ਦਾ ਭੇਦ ਖੋਲ੍ਹਿਆ ਹੈ - ਪੜ੍ਹੋ, ਕੀ ਬੋਲੀ ਹੈ ਬੀਬੀ, 'ਅਸੀਂ ਭਗਵਾਨ ਢੂੰਡ ਰਹੀਆਂ ਸੀ... ਉਹ ਸ਼ੈਤਾਨ ਨਿਕਲਿਆ।'
ਯਾਦ ਰੱਖਣਾ, ਪਵਿੱਤਰ ਕੁਰਾਨ 'ਚ ਫਰਿਸ਼ਤੇ ਤੇ ਸ਼ੈਤਾਨ ਦਾ ਜ਼ਿਕਰ ਹੈ - ਪਵਿੱਤਰ ਬਾਈਬਲ 'ਚ ਵੀ ਛ1''1ਟ ਦਾ ਜ਼ਿਕਰ ਹੈ। ਭਗਵਾਨ ਕਦੇ ਵੀ ਸ਼ੈਤਾਨ ਨਹੀਂ ਬਣ ਸਕਦਾ ਪਰ ਸ਼ੈਤਾਨ ਹਮੇਸ਼ਾ ਭਗਵਾਨ ਬਣਨ ਦਾ ਢੌਂਗ ਕਰ ਸਕਦਾ ਹੈ।
ਰੱਬ, ਸਾਡਾ ਸਭ ਦਾ, ਸ਼ੈਤਾਨ ਰੱਬ ਐਹੋ ਜਿਹੇ ਬਾਬਿਆਂ ਦਾ।
ਰਤਾ ਇਤਿਹਾਸ ਦੇ ਪੰਨੇ ਪਿਛਾਂਹ ਵੱਲ ਫੋਲੀਏ ਅਹਿਮਦ ਸ਼ਾਹ ਅਬਦਾਲੀ ਤੇ ਗਜ਼ਨਵੀ ਧਾੜਵੀ ਹਿੰਦੁਸਤਾਨ 'ਤੇ ਧਾਵਾ ਬੋਲ ਕੇ ਆਇਆ ਕਰਦੇ ਸਨ, ਉਹ ਸੋਮਨਾਥ ਜਿਹੇ ਮੰਦਰਾਂ 'ਚੋਂ ਹੀਰੇ-ਮੋਤੀ, ਸੋਨਾ-ਚਾਂਦੀ ਤਾਂ ਲੁੱਟ ਕੇ ਲਿਜਾਂਦੇ ਹੀ ਸਨ, ਨਾਲ ਹੀ ਸੈਂਕੜੇ ਜਵਾਨ ਕੁੜੀਆਂ ਵੀ ਬੰਨ੍ਹ ਕੇ ਲੈ ਜਾਂਦੇ ਸਨ।
ਉਥੇ ਉਨ੍ਹਾਂ ਦੀ ਨਿਲਾਮੀ ਰੱਖ ਦਿੰਦੇ-ਜਿਹੜਾ ਕੋਈ ਜਿਸ ਦੀ ਵੱਧ ਤੋਂ ਵੱਧ ਬੋਲੀ ਬੋਲਦਾ, ਉਹ ਉਹਦੇ ਹਵਾਲੇ ਕਰ ਦਿੰਦੇ।
'ਇਤਿਹਾਸ ਗਵਾਹ ਹੈ ਕਿ ਓਸ ਵੇਲੇ ਸਿੱਖਾਂ ਨੇ ਇਨ੍ਹਾਂ ਹੱਥੋਂ ਕਿੰਨੀਆਂ ਅਬਲਾਵਾਂ ਬਚਾਈਆਂ ਸਨ।'
ਜੇਕਰ ਅੱਜ ਕੋਈ ਧਾੜਪਾਈ ਇਸੇ ਨੀਅਤ ਨਾਲ ਆਏ ਤਾਂ ਉਹਨੂੰ ਸੋਮਨਾਥ ਤਕ ਐਨੀ ਦੂਰ ਜਾਣ ਦੀ ਫਜੀਅਤ ਕਰਨੀ ਹੀ ਨਾ ਪਏ, ਐਥੇ ਹੀ ਪੰਜਾਬ, ਹਰਿਆਣਾ, ਯੂ. ਪੀ., ਰਾਜਸਥਾਨ 'ਚ ਐਨੇ ਬਾਬਿਆਂ ਦੇ ਆਸ਼ਰਮ ਹਨ, ਜਿਨ੍ਹਾਂ 'ਚ ਪੈਸਾ ਹੀ ਪੈਸਾ ਹੈ। 16 ਸਾਲ ਤੇ ਉਸ ਤੋਂ ਉੱਤੇ ਉਮਰ ਦੀਆਂ ਕੁੜੀਆਂ ਹਨ। ਅਬਦਾਲੀ ਵਰਗੇ ਤਾਂ ਪਿੰਡਾਂ-ਸ਼ਹਿਰਾਂ 'ਚੋਂ ਜ਼ਬਰਦਸਤੀ ਕੁੜੀਆਂ ਚੁੱਕ ਕੇ ਲੈ ਜਾਂਦੇ ਸਨ, ਇਨ੍ਹਾਂ ਡੇਰਿਆਂ ਤੇ ਆਸ਼ਰਮਾਂ ਵਿਚ ਮਾਪੇ ਆਪ ਆਪਣੀਆਂ ਜਵਾਨ ਧੀਆਂ 'ਆਤਮਿਕ ਗਿਆਨ' ਪ੍ਰਾਪਤ ਕਰਨ ਹਿਤ ਛੱਡ ਜਾਂਦੇ ਹਨ। ਇਹ ਇਨ੍ਹਾਂ ਦੇ ਮੋਹ ਜਾਲ 'ਚ ਫਸ ਕੇ ਆਪਣੀਆਂ ਜਾਇਦਾਦਾਂ ਵੀ ਇਨ੍ਹਾਂ ਢੌਂਗੀਆਂ ਦੇ ਨਾਂਅ ਕਰ ਦਿੰਦੇ ਹਨ। 'ਅਬਦਾਲੀ' ਇਨ੍ਹਾਂ 'ਤੇ ਹੱਲਾ ਬੋਲ ਕੇ, ਧਨ ਤੇ ਦੌਲਤ ਤੇ ਹੂਰਾਂ-ਪਰੀਆਂ ਲੁੱਟ ਸਕਦੇ ਹਨ। ਪਰ ਸਾਵਧਾਨ ਰਹਿਣਾ ਪਏਗਾ... ਇਨ੍ਹਾਂ ਨੇ ਆਪਣੇ ਭਗਤਾਂ ਦੀ ਫੌਜ ਵੀ ਤਿਆਰ ਰੱਖੀ ਹੁੰਦੀ ਹੈ। ਅਸਲ੍ਹਾ-ਬਾਰੂਦ ਵੀ ਖ਼ੂਬ ਜਮ੍ਹਾਂ ਕਰ ਰੱਖਿਆ ਹੁੰਦਾ ਹੈ। ਲੜ ਮਰਨ ਲਈ ਤਿਆਰ ਜੋ ਰਹਿੰਦੇ ਹਨ। ਭਗਤਾਂ ਨੇ ਪੰਚਕੂਲਾ 'ਚ ਤਾਂਡਵ ਮਚਾਇਆ, ਉਹਦਾ ਸਾਹਮਣਾ ਪੁਲਿਸ ਵੀ ਨਾ ਕਰ ਸਕੀ, ਅਬਦਾਲੀ-ਸ਼ਬਦਾਲੀ ਕੀ ਕਰਨਗੇ...।
ਇਹ ਜਿਹੜਾ ਬਾਬੈ... ਵਿਰੇਂਦਰ ਦੀਕਸ਼ਿਤ ਇਹ ਭੱਜਾ ਫਿਰਦੈ, ਅਜੇ ਤਾਈਂ ਪੁਲਿਸ ਦੇ ਹੱਥ ਨਹੀਂ ਆਇਆ। ਪਤਾ ਨਹੀਂ ਅਹਿ ਬਾਬੇ ਜਦ ਇਨ੍ਹਾਂ ਦਾ ਭੇਦ ਖੁੱਲ੍ਹਦਾ ਹੈ ਤਾਂ ਕਾਨੂੰਨ ਤੋਂ ਡਰ ਕੇ ਭੱਜਦੇ ਕਿਉਂ ਹਨ? ਜੇ ਰੱਬ ਹਨ, ਰੱਬ ਦੇ ਨੇੜੇ ਹਨ ਤਾਂ ਰੱਬ ਤਾਂ ਨਿਰਭੈ ਹੈ, ਉਹ ਤਾਂ ਭੱਜਦਾ ਨਹੀਂ।
ਮਦਨ... ਇਹ ਨਾਂਅ ਤਾਂ ਤੁਸਾਂ ਆਮ ਸੁਣਿਆ ਹੋਣਾ ਹੈ। ਕਈ 'ਪੁੱਤਾਂ' ਦਾ ਨਾਂਅ ਹੈ। ਮਦਨ ਵੀ ਪਿਆਰ ਦੇ, ਇਸ਼ਕ-ਮੁਹੱਬਤ ਦੇ ਦੇਵਤੇ ਦਾ ਨਾਂਅ ਹੈ।
ਪ੍ਰੋਫੈਸਰ ਮੋਹਨ ਸਿੰਘ ਜੀ ਦੀ 'ਰੱਬ' ਬਾਰੇ ਇਕ ਕਵਿਤਾ ਯਾਦ ਆ ਗਈ ਹੈ...:
ਰੱਬ ਇਕ ਗੁੰਝਲਦਾਰ ਬੁਝਾਰਤ,
ਰੱਬ ਇਕ ਗੋਰਖ ਧੰਦਾ।
ਖੋਲ੍ਹਣ ਲੱਗਿਆਂ ਪੇਚ ਏਸ ਦੇ,
ਕਾਫ਼ਿਰ ਹੋ ਜਾਏ ਬੰਦਾ।
ਕਾਫ਼ਿਰ ਹੋਣੋਂ ਡਰਦੇ ਜੀਵੇ,
ਖੋਜੋ ਮੂਲ ਨਾ ਖੁੰਝੀਂ
ਲਾਈਲਗ ਮੋਮਨ ਦੇ ਕੋਲੋਂ
ਖੋਜੀ ਕਾਫ਼ਿਰ ਚੰਗਾ।
ਖ਼ੁਦਾ ਦੇ ਬੰਦੇ, ਖ਼ੁਦਾ ਨਹੀਂ ਹੋ ਸਕਦੇ, ਖ਼ੁਦਾ ਦੇ ਬੰਦੇ, ਖ਼ੁਦ ਨੂੰ ਖ਼ੁਦਾ ਦੱਸ ਕੇ, ਖ਼ੁਦਾ ਦੇ ਬੰਦਿਆਂ ਦੀ ਮਤ ਖ਼ਰਾਬ ਕਰ ਸਕਦੇ ਹਨ। ਇਨ੍ਹਾਂ ਨੂੰ, ਖ਼ੁਦਾ ਦੇ ਬੰਦਿਆਂ ਦੀ ਅਗਾਧ ਸ਼ਰਧਾ ਕਾਰਨ... ਇਥੇ ਹੀ ਇਸ ਧਰਤੀ 'ਤੇ ਹੀ ਸਵਰਗ ਨਸੀਬ ਹੋ ਜਾਂਦਾ ਹੈ। ਮਰਨ ਮਗਰੋਂ ਤਾਂ ਸਭੇ 'ਸਵਰਗ ਸਿਧਾਰ' ਜਾਂਦੇ ਹਨ। ਸਵਰਗਾਂ ਨੂੰ ਜਿਉਂਦਿਆਂ ਇਨ੍ਹਾਂ ਬਾਬਿਆਂ ਨੇ ਮਾਣਿਆ ਹੈ।
-0-

ਪੰਜਾਬ ਦਾ ਲੋਕ ਨਾਇਕ ਦੁੱਲਾ ਭੱਟੀ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਦੁੱਲਾ ਭੱਟੀ ਪੰਜਾਬ ਦੇ ਸਾਰੇ ਕਿਸਾਨਾਂ ਦਾ ਨਾਇਕ ਬਣ ਗਿਆ। ਉਸ ਦੀ ਤਾਕਤ 'ਚ ਆਏ ਦਿਨ ਵਾਧਾ ਹੁੰਦਾ ਜਾ ਰਿਹਾ ਸੀ। ਇਹ ਗੱਲ ਮੁਗ਼ਲਾਂ ਨੂੰ ਕਬੂਲ ਨਹੀਂ ਸੀ। ਮੁਗ਼ਲਾਂ ਨੇ ਆਪਣੀ ਤਾਕਤ ਨੂੰ ਹਰ ਮੈਦਾਨ 'ਚ ਪੂਰੀ ਤਰ੍ਹਾਂ ਅਜ਼ਮਾ ਕੇ ਵੇਖ ਲਿਆ ਪਰ ਉਹ ਨਾਕਾਮ ਰਹੇ ਤੇ ਦੁੱਲੇ ਦੀ ਜਿੱਤ ਹੁੰਦੀ ਰਹੀ। ਦੁੱਲੇ ਨੇ ਆਪਣੀ ਜਵਾਨੀ ਦੇ ਬੜੇ ਕੀਮਤੀ ਸਾਲ ਪੰਜਾਬ ਦੇ ਕਿਸਾਨਾਂ ਦੇ ਹੱਕਾਂ ਤੇ ਬਿਹਤਰੀ ਵਾਸਤੇ ਕੁਰਬਾਨ ਕਰ ਦਿੱਤੇ। ਇਸੇ ਵਜ੍ਹਾ ਕਾਰਨ ਹੀ ਪੰਜਾਬ ਦੇ ਕਿਸਾਨ, ਭਾਵੇਂ ਉਹ ਚੜ੍ਹਦੇ ਪੰਜਾਬ ਦੇ ਹੋਣ ਜਾਂ ਲਹਿੰਦੇ ਪੰਜਾਬ ਦੇ, ਦੁੱਲੇ ਨੂੰ ਆਪਣਾ ਨਾਇਕ ਮੰਨਦੇ ਹਨ। ਦੋਵਾਂ ਪੰਜਾਬਾਂ 'ਚ ਦੁੱਲੇ ਭੱਟੀ ਦਾ ਦਿਨ ਵੀ ਮਨਾਇਆ ਜਾਂਦਾ ਹੈ। ਇਸ ਦੀ ਸਿਰਫ ਇਕ ਹੀ ਵਜ੍ਹਾ ਸੀ ਕਿ ਪੰਜਾਬ ਦਾ ਇਹ ਰਾਜਪੂਤ ਬੜੇ ਵੱਡੇ ਮੁਗ਼ਲ ਸਾਮਰਾਜ ਦੇ ਸਾਹਮਣੇ ਛਾਤੀ ਚੌੜੀ ਕਰਕੇ ਡਟ ਗਿਆ ਤੇ ਪੰਜਾਬ ਦੇ ਅਣਖੀ ਤੇ ਗ਼ੈਰਤਮੰਦ ਜੱਟਾਂ ਨੇ ਉਸ ਦਾ ਪੂਰਾ ਸਾਥ ਦਿੱਤਾ ਤੇ ਪਿਛਾਂਹ ਨਹੀਂ ਹਟੇ ਤੇ ਨਾ ਹੀ ਦੁੱਲੇ ਦੀ ਪਿੱਠ ਲੱਗਣ ਦਿੱਤੀ। ਇਸ ਤਰ੍ਹਾਂ ਦੁੱਲੇ ਨੇ ਵੀ ਆਪਣੀ ਸਾਰੀ ਹਯਾਤੀ ਇਨ੍ਹਾਂ ਦੇ ਸੁੱਖ-ਚੈਨ ਲਈ ਵਾਰ ਦਿੱਤੀ।
ਜਦੋਂ ਮੁਗ਼ਲਾਂ ਨੇ ਦੁੱਲੇ ਦੇ ਦਾਦੇ ਤੇ ਪਿਉ ਨੂੰ ਫਾਹੇ ਲਾ ਦਿੱਤਾ ਤਾਂ ਸਾਂਦਲ ਬਾਰ ਦੇ ਹਰ ਗੱਭਰੂ ਦਾ ਖ਼ੂਨ ਖੌਲਣ ਲੱਗ ਪਿਆ, ਬਾਬੇ ਤੇ ਮਾਈਆਂ ਵੱਖ ਪਰੇਸ਼ਾਨ ਸਨ। ਸਾਂਦਲ ਬਾਰ ਦਾ ਹਰ ਵਸਨੀਕ ਮੁਗ਼ਲਾਂ ਨਾਲ ਦਿਲੋਂ ਨਫ਼ਰਤ ਕਰਨ ਲੱਗ ਪਿਆ, ਚਾਹੇ ਉਹ ਕਿਸੇ ਵੀ ਮਜ਼੍ਹਬ ਨਾਲ ਸੰਬੰਧਿਤ ਸੀ। ਦੂਜੇ ਪਾਸੇ ਵਕਤ ਦੇ ਨਾਲ ਦੁੱਲਾ ਜਵਾਨ ਹੋ ਗਿਆ। ਦੁੱਲੇ ਨੂੰ ਸ਼ਿਕਾਰ ਦਾ ਬੜਾ ਸ਼ੌਕ ਸੀ। ਉਹ ਹਰ ਵੇਲੇ ਸ਼ਿਕਾਰ 'ਤੇ ਚੜ੍ਹਿਆ ਰਹਿੰਦਾ। ਸ਼ਿਕਾਰ ਤੋਂ ਬਾਅਦ ਆਪਣੇ ਯਾਰਾਂ-ਬੇਲੀਆਂ ਨਾਲ ਮਹਿਫ਼ਲ ਸਜਾਉਂਦਾ ਸੀ। ਉਹ ਦੋਸਤਾਂ ਨਾਲ ਮੁਗ਼ਲਾਂ ਦੁਆਰਾ ਕੀਤੇ ਜਾ ਰਹੇ ਜ਼ੁਲਮਾਂ ਦੀ ਚਰਚਾ ਕਰਦਾ ਰਹਿੰਦਾ। ਦੁੱਲੇ ਨੂੰ ਆਪਣੇ ਪਿਉ-ਦਾਦੇ ਅਤੇ ਪੰਜਾਬ ਦੇ ਕਿਸਾਨਾਂ ਉਪਰ ਹੋਏ ਜੁਲਮਾਂ ਨੇ ਬਹੁਤ ਕੁਝ ਸੋਚਣ ਲਈ ਮਜਬੂਰ ਕਰ ਦਿੱਤਾ। ਦੁੱਲੇ ਦੀ ਮਾਂ ਨੇ ਵੀ ਹੌਲੀ-ਹੌਲੀ ਦੁੱਲੇ ਨੂੰ ਮੁਗ਼ਲਾਂ ਦੇ ਕੀਤੇ ਜ਼ੁਲਮਾਂ ਦੀਆਂ ਗੱਲਾਂ ਦੱਸਣੀਆਂ ਸ਼ੁਰੂ ਕਰ ਦਿੱਤੀਆਂ। ਇਕ ਦਿਨ ਦੁੱਲਾ ਆਪਣੇ ਯਾਰਾਂ ਨਾਲ ਮਹਿਫ਼ਲ ਸਜ਼ਾ ਕੇ ਬੈਠਾ ਸੀ, ਉਥੇ ਦੁੱਲੇ ਦੀ ਮਾਂ ਆ ਗਈ। ਦੁੱਲਾ ਬੜਾ ਹੈਰਾਨ ਹੋਇਆ ਤੇ ਕਹਿਣ ਲੱਗਾ, 'ਮਾਂ ਇਹ ਜਵਾਨਾਂ ਦੀ ਮਹਿਫ਼ਲ ਹੈ, ਤੂੰ ਇੱਥੇ ਕਿਉਂ ਆਈ ਹੈਂ।' ਤਾਂ ਮਾਂ ਨੇ ਜਵਾਬ ਦਿੱਤਾ, 'ਤੂੰ ਮੇਰਾ ਬਹਾਦਰ ਪੁੱਤਰ ਏਂ। ਤੇਰੇ ਖਾਨਦਾਨ ਦੇ ਚਾਰ ਵੱਡੇ ਸਨ, ਜਿਨ੍ਹਾਂ ਨੂੰ ਮੁਗ਼ਲਾਂ ਨੇ ਫਾਹੇ ਲਾ ਦਿੱਤਾ। ਫਿਰ ਉਨ੍ਹਾਂ ਦੀ ਖੱਲ ਲਾਹ ਕੇ ਤੂੜੀ ਭਰ ਦਿੱਤੀ ਤੇ ਲਾਸ਼ਾਂ ਨੂੰ ਕਿੱਲਾਂ ਨਾਲ ਠੋਕ ਕੇ ਮੁਗ਼ਲ ਨਿਸ਼ਾਨੇਬਾਜ਼ੀ ਕਰਦੇ ਰਹੇ। ਸਾਡੀ ਏਨੀ ਬੇਇਜ਼ਤੀ ਹੋਈ ਤੇ ਤੂੰ ਇਥੇ ਯਾਰਾਂ-ਬੇਲੀਆਂ ਨਾਲ ਪੁੱਠੀਆਂ ਛਾਲਾਂ ਮਾਰ ਰਿਹਾ ਏਂ।'
ਲੱਧੀ ਨੇ ਦੁੱਲੇ ਨੂੰ ਆਪਣੇ ਡਰਾਉਣੇ ਸੁਪਨੇ ਵੀ ਦੱਸੇ ਤੇ ਆਖਰ ਕਹਿਣ ਲੱਗੀ, 'ਜੇ ਤੂੰ ਰਾਜਪੂਤ ਦਾ ਪੁੱਤਰ ਏਂ ਤਾਂ ਆਪਣਾ ਵਕਤ ਸੰਭਾਲ ਕੇ ਗੁਜ਼ਾਰ। ਇਸ ਦੁਨੀਆ 'ਤੇ ਜਿਹੜੇ ਜੰਮੇ ਹਨ, ਉਨ੍ਹਾਂ ਨੇ ਮਰਨਾ ਵੀ ਹੈ। ਮਰਨ ਤੋਂ ਬਾਅਦ ਮਰਦਾਂ ਦੇ ਸਿਰਫ ਬੋਲ ਹੀ ਜ਼ਿੰਦਾ ਰਹਿੰਦੇ ਹਨ। ਤੇਰੇ ਸਿਰ 'ਤੇ ਬੜੀਆਂ ਜ਼ਿੰਮੇਵਾਰੀਆਂ ਹਨ।'
ਇਹ ਸੁਣ ਕੇ ਦੁੱਲੇ ਨੇ ਜਵਾਬ ਦਿੱਤਾ, 'ਮੈਂ ਮੁਗ਼ਲਾਂ ਦੀ ਇੱਟ ਨਾਲ ਇੱਟ ਖੜਕਾ ਦਿਆਂਗਾ। ਇਸ ਕਮੀਨੇ ਮੁਗ਼ਲ ਬਾਦਸ਼ਾਹ ਦੀ ਐਨੀ ਹਿੰਮਤ ਕਿ ਉਹ ਮੇਰੇ ਸਾਹਮਣੇ ਆਏ।' ਦੁੱਲਾ ਗੁੱਸੇ ਨਾਲ ਲਾਲ-ਪੀਲਾ ਹੋ ਗਿਆ। ਦੁੱਲਾ ਪਹਿਲਾਂ ਹੀ ਮੁਗ਼ਲਾਂ ਖਿਲਾਫ਼ ਨਫ਼ਰਤ ਨਾਲ ਭਰਿਆ ਪਿਆ ਸੀ। ਇਹ ਉਹ ਵੇਲਾ ਸੀ, ਜਦ ਅਕਬਰ ਬਾਦਸ਼ਾਹ ਨੇ ਇਕ ਨਵੇਂ ਧਰਮ ਦੀਨ-ਏ-ਇਲਾਹੀ ਦਾ ਐਲਾਨ ਕੀਤਾ ਹੋਇਆ ਸੀ। ਸ਼ੇਖ ਅਹਿਮਦ ਸਰਹੱਦੀ ਤੇ ਉਨ੍ਹਾਂ ਦੇ ਦੂਜੇ ਉਲਮਾ ਸਾਥੀ ਅਕਬਰ ਦੇ ਖਿਲਾਫ਼ ਹੋ ਗਏ। ਸ਼ੇਖ ਅਹਿਮਦ ਸਰਹੱਦੀ ਦਾ ਰੋਜ਼ਾ ਚੜ੍ਹਦੇ ਪੰਜਾਬ ਦੇ ਜ਼ਿਲ੍ਹਾ ਫਤਹਿਗੜ੍ਹ ਸਾਹਿਬ 'ਚ ਹੈ। ਸਵਾਤ ਵਾਦੀ 'ਚ ਯੂਸਫ਼ ਜ਼ਈ ਅਕਬਰ ਦੇ ਇਸ ਨਵੇਂ ਧਰਮ ਦੇ ਖਿਲਾਫ ਸਨ। ਕਸ਼ਮੀਰ 'ਚ ਯੂਸਫ਼ ਸ਼ਾਹ ਤੇ ਉਸ ਦੇ ਪੁੱਤਰ ਯਾਕੂਬ ਨੇ ਮੁਗ਼ਲ ਜ਼ਾਲਮ ਹਾਕਮ ਅਕਬਰ ਦੇ ਖਿਲਾਫ਼ ਜੇਹਾਦ ਦਾ ਐਲਾਨ ਕੀਤਾ। ਅਕਬਰ ਨੇ ਇਨ੍ਹਾਂ ਨੂੰ ਫੜਨ ਲਈ ਫ਼ੌਜਾਂ ਟੋਰੀਆਂ। ਇਨ੍ਹਾਂ 'ਚੋਂ ਕੁਝ ਆਲਮ (ਵਿਦਵਾਨ) ਬਚ-ਬਚਾ ਕੇ ਸਾਂਦਲ ਬਾਰ ਦੇ ਇਲਾਕੇ 'ਚ ਦੁੱਲੇ ਦੇ ਕੋਲ ਆ ਗਏ। ਦੁੱਲੇ ਨੇ ਇਨ੍ਹਾਂ ਨੂੰ ਆਪਣੀ ਪਨਾਹ 'ਚ ਲੈ ਲਿਆ। ਇਸ ਤਰ੍ਹਾਂ ਦੁੱਲੇ ਦੀ ਫ਼ੌਜ 'ਚ ਵਾਧਾ ਹੁੰਦਾ ਗਿਆ। ਆਲੇ-ਦੁਆਲੇ ਮੁਗ਼ਲ ਹਕੂਮਤ ਦੁਆਰਾ ਲਤਾੜੇ ਸਰਦਾਰਾਂ ਨੇ ਦੁੱਲੇ ਨਾਲ ਖੜ੍ਹਨ ਦਾ ਐਲਾਨ ਕਰ ਦਿੱਤਾ। ਮੁਗ਼ਲ ਹਕੂਮਤ ਦਾ ਕੋਈ ਵੀ ਕਾਫਲਾ ਇਸ ਇਲਾਕੇ 'ਚ ਨਾ ਆ ਸਕਦਾ ਸੀ ਤੇ ਜੇ ਆ ਵੀ ਜਾਂਦਾ ਤਾਂ ਸੁੱਕਾ ਵਾਪਸ ਨਾ ਮੁੜਦਾ। ਮੁਗ਼ਲਾਂ ਦੁਆਰਾ ਕਿਸਾਨਾਂ ਨਾਲ ਜ਼ੁਲਮ, ਦੀਨ-ਏ-ਇਲਾਹੀ ਦਾ ਐਲਾਨ, ਦੁੱਲੇ ਦੇ ਬਾਪ-ਦਾਦੇ ਕਤਲ ਆਦਿ ਕਾਰਨਾਂ ਨੇ ਦੁੱਲੇ ਨੂੰ ਵਕਤ ਤੋਂ ਪਹਿਲਾਂ ਜਵਾਨ ਕਰ ਦਿੱਤਾ ਤੇ ਦੁੱਲਾ ਮੁਗ਼ਲਾਂ ਦੇ ਜ਼ੁਲਮਾਂ ਨਾਲ ਲੜਨ ਲਈ ਤਿਆਰ ਹੋ ਗਿਆ।
ਇਕ ਦਿਨ ਦੁੱਲਾ ਆਪਣੇ ਬੇਲੀਆਂ ਨਾਲ ਬੈਠਾ ਸੀ ਤਾਂ ਉਸ ਨੂੰ ਮੁਖਬਰੀ ਹੋਈ ਕਿ ਮੁਗ਼ਲਾਂ ਦਾ ਇਕ ਕਾਫਲਾ ਇਸ ਇਲਾਕੇ 'ਚੋਂ ਗੁਜ਼ਰ ਰਿਹਾ ਹੈ ਤੇ ਉਸ ਕਾਫਲੇ ਕੋਲ ਢੇਰ ਸਾਰਾ ਕੀਮਤੀ ਸਮਾਨ ਹੈ ਤਾਂ ਦੁੱਲਾ ਆਪਣੇ ਸਾਥੀਆਂ ਨੂੰ ਲੈ ਕੇ ਉਸ ਪਾਸੇ ਵੱਲ ਤੁਰ ਪਿਆ। ਜਦੋਂ ਕਾਫਲਾ ਇਕ ਖਾਸ ਜਗ੍ਹਾ 'ਤੇ ਪੁੱਜ ਗਿਆ ਤਾਂ ਦੁੱਲੇ ਨੇ ਏਡਾ ਜ਼ੋਰਦਾਰ ਹਮਲਾ ਕੀਤਾ ਕਿ ਮੁਗ਼ਲਾਂ ਦੇ ਹੋਸ਼ ਉੱਡ ਗਏ। ਇਸ ਕਾਫਲੇ ਦੀ ਅਗਵਾਈ ਦਰਬਾਰੀ ਸਰਦਾਰ ਅਮੀਰ ਬੱਗਾ ਮਲਕੇਰਾ ਕਰ ਰਿਹਾ ਸੀ, ਜਿਹੜਾ ਆਪਣੀ ਜਾਨ ਬਚਾ ਕੇ ਉਥੋਂ ਭੱਜਣ 'ਚ ਕਾਮਯਾਬ ਹੋ ਗਿਆ। ਜਦੋਂ ਦੁੱਲੇ ਨੂੰ ਇਸ ਦੀ ਖਬਰ ਹੋਈ ਤਾਂ ਉਹ ਇਕੱਲਾ ਹੀ ਉਸ ਮਗਰ ਚੜ੍ਹ ਗਿਆ। ਆਖਰ ਦੁੱਲੇ ਨੇ ਉਸ ਨੂੰ ਜੰਗਲ 'ਚ ਘੇਰ ਕੇ ਤਲਵਾਰ ਦੇ ਪਹਿਲੇ ਹੀ ਵਾਰ ਨਾਲ ਉਸ ਦਾ ਸਿਰ ਧੜ ਨਾਲੋਂ ਅਲਹਿਦਾ ਕਰ ਦਿੱਤਾ। ਦੁੱਲੇ ਨੇ ਉਸ ਦਾ ਸਿਰ ਮੈਦੇ ਖੱਤਰੀ ਨੂੰ ਦੇ ਦਿੱਤਾ। ਮੈਦਾ ਖੱਤਰੀ ਮੁਗ਼ਲ ਦਰਬਾਰ ਦਾ ਮੁਖਬਰ ਸੀ ਤੇ ਉਸ ਦਾ ਮੁਗ਼ਲ ਦਰਬਾਰ 'ਚ ਕਾਫੀ ਆਉਣ-ਜਾਣ ਸੀ। ਉਹ ਅਮੀਰ ਬੱਗੇ ਦਾ ਸਿਰ ਲੈ ਕੇ ਅਕਬਰ ਦੇ ਸਾਹਮਣੇ ਪੇਸ਼ ਹੋਇਆ ਤੇ ਕਹਿਣ ਲੱਗਾ, 'ਇਹ ਸਿਰ ਤਹਾਨੂੰ ਦੁੱਲੇ ਭੱਟੀ ਵੱਲੋਂ ਤੋਹਫਾ ਹੈ, ਜਿਹੜਾ ਬਿਜਲੀ ਖਾਂ ਸਾਂਦਲ ਦਾ ਪੋਤਰਾ ਤੇ ਫਰੀਦ ਖਾਂ ਦਾ ਪੁੱਤਰ ਹੈ।' ਇਸ ਕਾਫਲੇ ਦੀ ਲੁੱਟ-ਮਾਰ ਤੋਂ ਦੁੱਲੇ ਦੇ ਹੱਥ ਚੋਖਾ ਕੀਮਤੀ ਮਾਲ ਆਇਆ, ਜਿਸਦੀ ਕੀਮਤ ਉਸ ਵੇਲੇ 12 ਹਜ਼ਾਰ ਰੁਪਏ ਸੀ।
ਜਦੋਂ ਅਕਬਰ ਦੇ ਸਾਹਮਣੇ ਅਮੀਰ ਬੱਗੇ ਦਾ ਸਿਰ ਪੇਸ਼ ਕੀਤਾ ਗਿਆ, ਉਸ ਵਕਤ ਮਿਰਜ਼ਾ ਨਿਜਾਮ ਦੀਨ ਗੜ੍ਹ ਗੰਧਾਲੇ ਦਾ ਕਿਲ੍ਹਾ ਫਤਹਿ ਕਰਕੇ ਸ਼ਾਹੀ ਇਨਾਮ ਲੈਣ ਲਈ ਦਰਬਾਰ 'ਚ ਪੇਸ਼ ਹੋਇਆ ਤੇ ਸਾਰੇ ਹਾਲਾਤ ਵੇਖ ਕੇ ਬਾਦਸ਼ਾਹ ਅਕਬਰ ਨੂੰ ਕਹਿਣ ਲੱਗਾ, 'ਜੇ ਹੁਕਮ ਹੋਵੇ ਤਾਂ ਮੈ ਦੁੱਲੇ ਨੂੰ ਫੜ ਕੇ ਤੁਹਾਡੇ ਦਰਬਾਰ 'ਚ ਪੇਸ਼ ਕਰਾਂ। ਅਕਬਰ ਬੜਾ ਖੁਸ਼ ਹੋਇਆ ਤੇ ਮਿਰਜ਼ੇ ਨਿਜ਼ਾਮ ਨੂੰ ਇਜਾਜ਼ਤ ਦੇ ਦਿੱਤੀ। ਮਿਰਜ਼ਾ ਨਿਜ਼ਾਮ ਦੀਨ 12 ਹਜ਼ਾਰ ਸਿਪਾਹੀ ਤੇ ਢੇਰ ਸਾਰਾ ਜੰਗੀ ਸਮਾਨ ਲੈ ਕੇ ਦਰਬਾਰ 'ਚੋਂ ਦੁੱਲੇ ਨੂੰ ਫੜਨ ਲਈ ਤੁਰ ਪਿਆ ਤੇ ਦੁੱਲੇ ਦੀ ਜੂਹ 'ਚ ਅੱਪੜ ਗਿਆ। ਉਧਰ ਦੁੱਲਾ ਪਹਿਲਾਂ ਹੀ ਆਪਣੇ ਬੇਲੀਆਂ ਨਾਲ ਨਾਨਕੇ ਪਿੰਡ ਦੇ ਬੇਲੇ 'ਚ ਸ਼ਿਕਾਰ ਲਈ ਗਿਆ ਹੋਇਆ ਸੀ। ਮਿਰਜ਼ੇ ਨਿਜ਼ਾਮ ਦਾ ਰਸਤਾ ਬਿਲਕੁਲ ਸਾਫ ਸੀ। ਉਸ ਨੇ ਪਿੰਡੀ ਭੱਟੀਆਂ ਨੂੰ ਘੇਰ ਕੇ ਆਲੇ-ਦੁਆਲੇ ਆਪਣੀਆਂ ਫ਼ੌਜਾਂ ਦੇ ਖੇਮੇ ਲਾ ਦਿੱਤੇ। ਦੁੱਲੇ ਦੀ ਮਾਂ ਲੱਧੀ ਨੇ ਜਦੋਂ ਇਹ ਸਾਰਾ ਨਜ਼ਾਰਾ ਵੇਖਿਆ ਤਾਂ ਨੂੰਹ ਫੁਲਰਾਂ ਨੂੰ ਕਹਿਣ ਲੱਗੀ, 'ਇਨ੍ਹਾਂ ਖੇਮਿਆਂ 'ਚ ਬੜਾ ਸਮਾਨ ਖਿਲਰਿਆ ਹੋਇਆ ਏ, ਜੇ ਅੱਜ ਦੁੱਲਾ ਇਥੇ ਹੁੰਦਾ ਤਾਂ ਇਹ ਡਾਲੀ ਵੀ ਲੁੱਟ ਲੈਂਦਾ।' ਫੁਲਰਾਂ ਨੇ ਕਿਹਾ, 'ਬੇਬੇ ਇਹ ਡਾਲੀ ਨਹੀਂ, ਅਕਬਰ ਬਾਦਸ਼ਾਹ ਦੀ ਫ਼ੌਜ ਏ।' ਮਾਂ ਲੱਧੀ ਇਹ ਗੱਲ ਸੁਣ ਕੇ ਉਥੋਂ ਤੁਰ ਪਈ ਤੇ ਆਪਣੇ ਪੋਤਰੇ ਨੂਰ ਖਾਂ ਨੂੰ ਜਾ ਕੇ ਦੱਸਿਆ।
(ਬਾਕੀ ਅਗਲੇ ਐਤਵਾਰ ਦੇ ਅੰਕ 'ਚ)

ਲਿੱਪੀ-ਅੰਤਰ :-
1. ਰਾਜਵਿੰਦਰ ਸਿੰਘ ਸਿੱਧੂ
ਮੋਬਾਈਲ: +919855503224
2. ਸਰਬਜੀਤ ਸਿੰਘ ਸੰਧੂ,
ਮੋਬਾਈਲ: 9501011799

ਦੋ ਕਿਸ਼ਤਾਂ ਵਿਚ ਛਪਣ ਵਾਲੀ ਰਚਨਾ ਕਿਰਦਾਰ

ਉਪਮਾ ਡਾਗਾ ਪਾਰਥ
ਵਕਤ ਦਾ ਮਿਜ਼ਾਜ ਪਛਾਨਣਾ ਬਹੁਤ ਮੁਸ਼ਕਿਲ ਹੁੰਦਾ ਹੈ। ਕਦੇ ਤਾਂ ਘੜੀਆਂ ਵੀ ਇੰਜ ਲੰਘਦੀਆਂ ਹਨ ਜਿਵੇਂ ਸਦੀਆਂ ਬਿਤਾ ਕੇ ਹੀ ਜਾਣਗੀਆਂ ਅਤੇ ਕਦੇ ਸਾਲ ਵੀ ਅਜਿਹੀ ਤੋਰ ਤੁਰਦਾ ਹੈ ਕਿ ਦਿਨਾਂ 'ਚ ਖ਼ਤਮ ਹੋ ਗਿਆ ਲਗਦਾ ਹੈ।
ਮੈਟਰੋ 'ਚ ਆਪਣੀ ਸੀਟ 'ਤੇ ਅੱਖਾਂ ਮੀਚੀ ਬੈਠੀ ਨੇਹਾ ਵਕਤ ਦਾ ਵਹੀਖਾਤਾ ਖੋਲ੍ਹੀ ਬੈਠੀ ਸੀ। ਉਸ ਵਹੀਖਾਤੇ 'ਚ ਪਲਾਂ ਅਤੇ ਘੰਟਿਆਂ ਦੇ ਸਫ਼ੇ ਹੀ ਗਾਇਬ ਸੀ। ਸਿਰਫ਼ ਦਿਨ ਲੰਘਦੇ ਸਨ ਅਤੇ ਉਸ ਤੋਂ ਵੀ ਤੇਜ਼ ਰਫ਼ਤਾਰ ਨਾਲ ਮਹੀਨੇ। ਪਰ ਨੇਹਾ ਨੂੰ ਪਲਾਂ ਦੀ ਘਾਟ ਦੀ ਚੋਭ ਮਹਿਸੂਸ ਹੁੰਦੀ ਰਹਿੰਦੀ ਸੀ। ਸ਼ਾਇਦ ਉਹ ਪਲ ਹੀ ਹਨ, ਜਿਸ ਵੇਲੇ ਉਹ ਆਪਣੇ ਹੱਥੋਂ ਲੰਘ ਰਹੀ ਜ਼ਿੰਦਗੀ ਬਾਰੇ ਜਾਂ ਅਗਲੇ ਮੋੜ 'ਤੇ ਆਉਣ ਵਾਲੇ ਅਣਪਛਾਤੇ ਅਤੇ ਨਾ ਦਿਸਦੇ ਰਾਹਾਂ ਬਾਰੇ ਕੁਝ ਸੋਚ ਸਕਦੀ ਸੀ।
ਪਰ ਉਹ ਤਾਂ ਦਿਨ ਅਤੇ ਮਹੀਨੇ ਲੰਘਾ ਰਹੀ ਸੀ, ਜਿਸ 'ਚ ਸਿਰਫ ਚੱਲਣ ਅਤੇ ਦੌੜਨ ਦਾ ਦਸਤੂਰ ਸੀ, ਰੁਕਣ ਦਾ ਨਹੀਂ।
'ਇਕ ਹੋਰ ਸਾਲ ਲੰਘ ਗਿਆ' ਦੇ ਠੰਢੇ ਹਉਕੇ ਨਾਲ ਹੀ ਉਸ ਨੇ ਅੱਖ ਖੋਲ੍ਹ ਲਈ। ਮੈਟਰੋ ਮੰਡੀ ਹਾਊਸ ਸਟੇਸ਼ਨ 'ਤੇ ਰੁਕੀ। ਅਗਲਾ ਸਟੇਸ਼ਨ ਉਸ ਦਾ ਸੀ। ਦਿਮਾਗ 'ਚ ਤਬਦੀਲ ਹੁੰਦੇ ਉਸ ਦੇ ਦਿਲ ਨੇ ਉਸ ਨੂੰ ਅਵਚੇਤਨ 'ਚੋਂ ਚੇਤਨ ਵਿਚ ਆਉਣ ਦੀ ਤਾਗੀਦ ਕੀਤੀ।
ਨੇਹਾ ਨੇ ਇਕ ਨਜ਼ਰ ਡੱਬੇ 'ਚ ਘੁਮਾਈ ਤਾਂ ਉਸ ਨੂੰ ਮੈਟਰੋ ਦਾ ਕਦੇ ਨਾ ਬਦਲਣ ਵਾਲਾ ਦ੍ਰਿਸ਼ ਹੀ ਨਜ਼ਰ ਆਇਆ-ਆਪੋ ਆਪਣੇ 'ਚ ਮਸਰੂਫ ਲੋਕ। ਸਟੇਸ਼ਨ ਤੋਂ ਚੜ੍ਹੀਆਂ ਸਵਾਰੀਆਂ 'ਚ ਇਕ ਬਾਂਹ ਨੂੰ ਫੜੀ ਇਕ ਹੱਥ ਨਜ਼ਰ ਆਇਆ। ਉਸ ਹੱਥ ਨੇ ਬਿਨਾਂ ਡੱਬੇ 'ਚ ਦਾਖਲ ਹੋਏ ਕਿਹਾ ਕਿ ਇਨ੍ਹਾਂ ਦੀ ਤਬੀਅਤ ਖਰਾਬ ਹੈ। ਇਨ੍ਹਾਂ ਨੂੰ ਆਈ.ਟੀ.ਓ. ਸਟਾਪ 'ਤੇ ਉਤਾਰ ਦੇਣਾ।
ਉਹ ਆਵਾਜ਼ ਕਿਸੇ ਇਕ ਨੂੰ ਮੁਖਾਤਿਬ ਨਹੀਂ ਸੀ। ਡੱਬੇ 'ਚ ਮੌਜੂਦ ਕੋਈ ਵੀ ਫਰਦ ਇਹ ਪੁੰਨ ਕਮਾ ਸਕਦਾ ਸੀ। ਬਾਂਹ ਫੜੀ ਉਹ ਔਰਤ ਇਕ ਖਾਲੀ ਸੀਟ 'ਤੇ ਬੈਠ ਗਈ। ਮੈਟਰੋ 'ਚ ਬਿਮਾਰ ਜਾਂ ਮਦਦ ਦੇ ਕੇ ਲੋੜਵੰਦਾਂ ਨਾਲ ਸਫਰ ਕਰਨ ਦੀ ਆਦਤ ਤਕਰੀਬਨ ਸਾਰੇ ਹੀ ਲੋਕਾਂ ਨੂੰ ਸੀ। ਨੇਹਾ ਨੇ ਵੀ ਇਕ ਵਾਰ ਉਸ ਔਰਤ ਨੂੰ ਦੇਖਿਆ। ਭਾਰੇ ਸਰੀਰ ਦੀ ਮਾਲਕ ਉਸ ਔਰਤ ਨੇ ਸਰਦੀ ਤੋਂ ਬਚਣ ਲਈ ਪਾਏ ਬਹੁਤ ਸਾਰੇ ਗਰਮ ਕੱਪੜਿਆਂ ਤੋਂ ਇਲਾਵਾ ਇਕ ਛੋਟਾ ਪਰਸ ਆਪਣੇ ਸਰੀਰ 'ਤੇ ਪਾਇਆ ਹੋਇਆ ਸੀ। ਅੱਖਾਂ ਖੋਲ੍ਹਦੀ ਤੇ ਬੰਦ ਕਰਦੀ, ਉਸ ਨੇ ਅਗਲੇ ਹੀ ਸਟੇਸ਼ਨ 'ਤੇ ਉਤਰਨਾ ਸੀ।
ਨੇਹਾ ਉਸ ਔਰਤ ਤੋਂ ਥੋੜ੍ਹੀ ਦੂਰ ਬੈਠੀ ਸੀ ਪਰ ਉਤਰਨਾ ਉਸ ਨੇ ਵੀ ਆਈ.ਟੀ.ਓ. ਸਟੇਸ਼ਨ 'ਤੇ ਹੀ ਸੀ। ਥੋੜ੍ਹੀ ਦੂਰ ਬੈਠੀ ਹੋਣ ਕਾਰਨ ਉਸ ਨੂੰ ਲੱਗਾ ਕਿ ਇਸ ਔਰਤ ਨੂੰ ਅਗਲੇ ਸਟੇਸ਼ਨ 'ਤੇ ਉਤਰਨ ਦੀ ਅਪੀਲ ਸ਼ਾਇਦ ਉਸ ਲਈ ਨਹੀਂ ਸੀ।
ਸਟੇਸ਼ਨ ਆਉਣ 'ਤੇ ਉਸ ਔਰਤ ਕੋਲ ਬੈਠੇ 25-30 ਸਾਲ ਦੇ ਨੌਜਵਾਨ ਨੇ ਸਹਾਰਾ ਦੇ ਕੇ ਉੱਠਣ 'ਚ ਮਦਦ ਕੀਤੀ। ਦੋਵੇਂ ਸਟੇਸ਼ਨ 'ਤੇ ਉੱਤਰ ਗਏ ਅਤੇ ਉਨ੍ਹਾਂ ਤੋਂ ਪਿਛਲੇ ਦਰਵਾਜ਼ੇ ਤੋਂ ਨੇਹਾ ਵੀ। ਉਹ ਔਰਤ ਬਹੁਤ ਹੌਲੀ-ਹੌਲੀ ਚੱਲ ਰਹੀ ਸੀ। ਨੇਹਾ ਨੂੰ ਦਫਤਰ ਪਹੁੰਚਣ ਦੀ ਕਾਹਲੀ ਸੀ। ਸ਼ਾਇਦ ਦਿਮਾਗਨੁਮਾ ਦਿਲ 'ਚ ਬੈਠੇ ਇਸੇ ਖਿਆਲ ਕਾਰਨ ਹੀ ਉਸ ਨੇ ਪਹਿਲਾਂ ਮਦਦ ਲਈ ਪਹਿਲ ਨਹੀਂ ਕੀਤੀ ਸੀ।
ਕਈ ਵਾਰ ਧੜਕਣਾਂ ਇਹ ਅਹਿਸਾਸ ਦਿਵਾਉਣ ਲਈ ਕਾਫੀ ਹੁੰਦੀਆਂ ਹਨ ਕਿ ਸਰੀਰ ਦੇ ਇਕ ਕੋਨੇ 'ਚ ਪਏ ਇਸ ਦਿਲ 'ਚ ਜਜ਼ਬਾਤ ਹਾਲੇ ਵੀ ਰਹਿੰਦੇ ਹਨ। ਨੇਹਾ ਨੇ ਥੋੜ੍ਹੀ ਤੇਜ਼ੀ ਨਾਲ ਅੱਗੇ ਵਧ ਕੇ ਉਸ ਔਰਤ ਦੇ ਕੋਲ ਪਹੁੰਚ ਕੇ ਉਸ ਦੀ ਬਾਂਹ ਫੜ ਲਈ ਅਤੇ ਹੌਲੀ ਜਿਹੀ ਪੁੱਛਿਆ, 'ਕੀ ਹੋਇਆ ਤੁਹਾਨੂੰ?'
ਨੇਹਾ ਦੀ ਆਵਾਜ਼ ਸੁਣ ਕੇ ਉਸ ਨੌਜਵਾਨ ਨੇ ਆਪਣੀ ਜ਼ਿੰਮੇਵਾਰੀ ਨੂੰ ਉਸ ਦੇ ਸਪੁਰਦ ਕਰਦਿਆਂ ਕਿਹਾ ਕਿ ਜੇਕਰ ਤੁਸੀਂ ਇਨ੍ਹਾਂ ਨੂੰ ਲੈ ਜਾਓਗੇ ਤਾਂ ਮੈਂ ਜਾਵਾਂ?
ਨੇਹਾ ਨੇ ਉਸ ਨੂੰ ਜਾਣ ਦਿੱਤਾ ਅਤੇ ਅੱਧ-ਬੇਹੋਸ਼ੀ 'ਚ ਚਲਦੀ ਉਸ ਔਰਤ ਨੂੰ ਮੁੜ ਸਵਾਲ ਪੁੱਛਿਆ, ਉਸ ਦੀ ਬਿਮਾਰੀ ਬਾਰੇ। ਉਸ ਨੇ ਕਿਹਾ, 'ਕੈਂਸਰ ਹੈ।'
ਨੇਹਾ ਇਕਦਮ ਸੁੰਨ ਹੋ ਗਈ। ਇਹ ਬਿਮਾਰੀ ਉਸ ਲਈ ਨਵੀਂ ਨਹੀਂ ਸੀ। ਆਪਣੇ ਹੀ ਤਿੰਨ-ਚਾਰ ਮਰੀਜ਼ ਉਹ ਇਸ ਬਿਮਾਰੀ ਨਾਲ ਜੰਗ ਕਰਦਿਆਂ ਦੇਖ ਚੁੱਕੀ ਸੀ। ਨੇਹਾ ਬਿਮਾਰੀ ਦੇ ਕਮਜ਼ੋਰ ਅਤੇ ਹੌਸਲਾ ਪਸਤ ਕਰਨ ਵਾਲੇ ਪਲਾਂ ਤੋਂ ਬਾਖੂਬੀ ਵਾਕਿਫ਼ ਸੀ।
ਨੇਹਾ ਖੁਦ ਨੂੰ ਸੰਭਾਲਦਿਆਂ ਅਤੇ ਉਸ ਦਾ ਹੱਥ ਹੋਰ ਜ਼ੋਰ ਨਾਲ ਫੜਦਿਆਂ ਚੱਲਣ ਲੱਗੀ, ਜਿਵੇਂ ਹੌਸਲਾ ਦੇ ਰਹੀ ਹੋਵੇ ਕਿ ਉਹ ਉਸ ਦੇ ਨਾਲ ਹੈ। ਨੇਹਾ ਨੇ ਫਿਰ ਉਸ ਤੋਂ ਪੁੱਛਿਆ ਕਿ ਕੀ ਉਹ ਕੀਮੋ ਕਰਵਾ ਕੇ ਆ ਰਹੀ ਹੈ? ਜਵਾਬ 'ਚ ਉਸ ਨੇ ਹਾਂ 'ਚ ਸਿਰ ਹਿਲਾ ਦਿੱਤਾ। ਦੋਵੇਂ ਹੌਲੀ-ਹੌਲੀ ਅੱਗੇ ਵਧ ਰਹੀਆਂ ਸਨ।
ਨੇਹਾ ਨੇ ਪੁੱਛਿਆ, 'ਤੁਸੀਂ ਕਿੱਥੇ ਜਾਣਾ ਹੈ?' ਉਸ ਨੇ ਸੰਖੇਪ ਜਿਹਾ ਜਵਾਬ ਦਿੱਤਾ, 'ਗੇਟ ਨੰਬਰ 5।' ਸਟੇਸ਼ਨ ਬੇਸਮੈਂਟ 'ਚ ਹੋਣ ਕਾਰਨ ਬਾਹਰ ਜਾਣ ਤੋਂ ਪਹਿਲਾਂ ਉੱਪਰ ਜਾਣਾ ਪੈਂਦਾ ਸੀ। ਨੇਹਾ ਆਦਤਨ ਐਕਸੀਲੇਟਰ ਵੱਲ ਵਧੀ ਪਰ ਉਸ ਨੇ ਨੇਹਾ ਦਾ ਹੱਥ ਦੱਬ ਕੇ ਚੜ੍ਹਨ ਤੋਂ ਇਨਕਾਰ ਕਰ ਦਿੱਤਾ। ਨੇਹਾ ਨੇ ਲਿਫਟ 'ਚ ਜਾਣ ਨੂੰ ਪੁੱਛਿਆ ਤਾਂ ਉਸ ਨੇ ਫਿਰ ਨਾਂਹ 'ਚ ਸਿਰ ਹਿਲਾ ਦਿੱਤਾ।
ਨੇਹਾ ਉਸ ਦਾ ਹੱਥ ਫੜੀ ਪੌੜੀਆਂ ਚੜ੍ਹਨ ਲੱਗੀ। ਪਰ ਹਾਲੇ ਅੱਧੀਆਂ ਪੌੜੀਆਂ ਵੀ ਨਹੀਂ ਸੀ ਚੜ੍ਹੀਆਂ ਕਿ ਉਸ ਦੀ ਹਾਲਤ ਵਿਗੜਨ ਲੱਗ ਪਈ। ਘਬਰਾਈ ਹੋਈ ਨੇਹਾ ਨੇ ਉਸ ਨੂੰ ਪੌੜੀਆਂ 'ਚ ਹੀ ਬਿਠਾ ਦਿੱਤਾ ਅਤੇ ਮੈਟਰੋ 'ਚ ਤਾਇਨਾਤ ਸਕਿਉਰਿਟੀ ਨੂੰ ਆਵਾਜ਼ ਦੇਣ ਲੱਗੀ। ਥੋੜ੍ਹੀ ਦੇਰ 'ਚ ਦੋ ਸਕਿਉਰਿਟੀ ਗਾਰਡ ਉਸ ਕੋਲ ਆ ਗਏ। ਸਾਰੇ ਉਸ ਨੂੰ ਸਹਾਰਾ ਦੇ ਕੇ ਪਹਿਲੇ ਲੈਵਲ 'ਤੇ ਆਏ (ਬਾਹਰ ਜਾਣ ਲਈ ਹਾਲੇ ਇਕ ਵਾਰ ਹੋਰ ਪੌੜੀਆਂ ਚੜ੍ਹਨੀਆਂ ਪੈਣੀਆਂ ਸਨ)।
ਨੇਹਾ ਅਤੇ ਸਕਿਉਰਿਟੀ ਵਾਲਿਆਂ ਨੇ ਮਿਲ ਕੇ ਉਸ ਨੂੰ ਵ੍ਹੀਲਚੇਅਰ ਉੱਤੇ ਬਿਠਾ ਦਿੱਤਾ, ਜੋ ਆਮ ਤੌਰ 'ਤੇ ਮੈਟਰੋ ਸਟੇਸ਼ਨਾਂ 'ਤੇ ਬਿਮਾਰ ਮੁਸਾਫਰਾਂ ਨੂੰ ਚੜ੍ਹਾਉਣ-ਉਤਾਰਨ ਲਈ ਵਰਤੀਆਂ ਜਾਂਦੀਆਂ ਹਨ।
ਹੁਣ ਉਸ ਦੀ ਹਾਲਤ ਨੂੰ ਦੇਖਦਿਆਂ ਨੇਹਾ ਉਸ ਤੋਂ ਉਸ ਦਾ ਨਾਂਅ, ਘਰ ਦਾ ਪਤਾ, ਕੋਈ ਫੋਨ ਨੰਬਰ ਜਿਹੀ ਮੁਢਲੀ ਜਾਣਕਾਰੀ ਵਾਲੇ ਸਵਾਲ ਪੁੱਛਣ ਲੱਗੀ। ਪਰ ਉਹ ਔਖੇ-ਔਖੇ ਸਾਹਾਂ ਨਾਲ ਸਿਰਫ ਇਕ ਹੀ ਵਾਕ ਦੁਹਰਾ ਰਹੀ ਸੀ-ਗੇਟ ਨੰਬਰ 5।
ਉਸ ਦੇ ਤਰਲੇ-ਮਿੰਨਤਾਂ ਕਰਦੀ ਨੇਹਾ ਨੇ ਉਸ ਨੂੰ ਸਮਝਾਉਂਦਿਆਂ ਕਿਹਾ ਕਿ ਉਹ (ਨੇਹਾ) ਉਸ ਨੂੰ ਅਜਿਹੀ ਹਾਲਤ 'ਚ ਸਿਰਫ ਮੈਟਰੋ ਦੇ ਗੇਟ ਤੱਕ ਨਹੀਂ ਛੱਡ ਸਕਦੀ ਪਰ ਉਸ ਔਰਤ ਕੋਲ ਸਾਰੇ ਸਵਾਲਾਂ ਅਤੇ ਸਾਰੀਆਂ ਮਿੰਨਤਾਂ ਦਾ ਇਕ ਹੀ ਜਵਾਬ ਸੀ-ਗੇਟ ਨੰਬਰ 5।
ਨੇਹਾ ਨੇ ਮਨ 'ਚ ਫੈਸਲਾ ਕਰਦਿਆਂ ਕਿਹਾ ਕਿ ਗੇਟ ਨੰਬਰ 5 'ਤੇ ਪਹੁੰਚਣ ਤੱਕ ਉਹ ਉਸ ਨੂੰ ਮਨਾ ਲਵੇਗੀ। ਸਕਿਉਰਿਟੀ ਗਾਰਡਾਂ ਨੇ ਇਕ ਹੋਰ ਮੈਟਰੋ ਮੁਲਾਜ਼ਮ ਨੂੰ ਵ੍ਹੀਲਚੇਅਰ ਖਿੱਚਣ ਲਈ ਬੁਲਾ ਲਿਆ। ਅੱਧ-ਬੇਹੋਸ਼ੀ 'ਚ ਬੈਠੀ ਉਸ ਬੇਨਾਮ ਔਰਤ ਨੂੰ ਅੱਗੇ ਲੈ ਜਾਂਦਿਆਂ ਉਸ ਮੁਲਾਜ਼ਮ ਨੇ ਦੱਸਿਆ ਕਿ ਇਹ ਔਰਤ ਅਜਿਹੀ ਹਾਲਤ 'ਚ ਪਹਿਲਾਂ ਵੀ ਇਥੇ ਆ ਚੁੱਕੀ ਹੈ। ਨਾਲ ਚੱਲ ਰਹੇ ਸਕਿਉਰਿਟੀ ਗਾਰਡ ਨੇ ਵੀ ਉਸ ਦੀ ਹਾਂ 'ਚ ਹਾਂ ਮਿਲਾਈ।
ਨੇਹਾ ਹੈਰਾਨ ਸੀ ਪਰ ਚੁੱਪ ਰਹੀ। ਤਿੰਨੋ ਜਣੇ ਹੌਲੀ-ਹੌਲੀ ਵ੍ਹੀਲਚੇਅਰ ਦੇ ਨਾਲ ਚਲਦੇ ਰਹੇ। ਮੈਟਰੋ ਮੁਲਾਜ਼ਮ ਨੇ ਗੱਲਾਂ ਦੀ ਟੁੱਟੀ ਲੜੀ ਮੁੜ ਜੋੜਦਿਆਂ ਕਿਹਾ, 'ਪਤਾ ਨਹੀਂ ਕਿਹੋ ਜਿਹੇ ਹਨ ਇਸ ਦੇ ਪਰਿਵਾਰ ਵਾਲੇ। ਅਜਿਹੀ ਹਾਲਤ 'ਚ ਇਸ ਨੂੰ ਇਕੱਲੇ ਭੇਜ ਦਿੰਦੇ ਹਨ।'
ਨੇਹਾ ਨੇ ਪਤਾ ਨਹੀਂ ਕਿਹੜੀ ਰੌਂਅ 'ਚ ਕਿਹਾ ਕਿ ਕਿਸੇ ਦੀਆਂ ਮਜਬੂਰੀਆਂ ਦਾ ਪਤਾ ਉਸ ਦੇ ਮੱਥੇ 'ਤੇ ਨਹੀਂ ਲਿਖਿਆ ਹੁੰਦਾ। ਫਿਰ ਥੋੜ੍ਹਾ ਨਰਮ ਲਹਿਜ਼ਾ ਕਰਦਿਆਂ ਕਿਹਾ ਕਿ ਬਿਨਾਂ ਜਾਣੇ ਕਿਸੇ ਦੇ ਹਾਲਾਤ 'ਤੇ ਟਿੱਪਣੀ ਨਹੀਂ ਕਰਨੀ ਚਾਹੀਦੀ। ਕੁਝ ਤਾਂ ਹੋਵੇਗੀ ਹੀ ਮਜਬੂਰੀ। ਨੇਹਾ ਦੀ ਇਸ ਗੱਲ 'ਤੇ ਦੋਵਾਂ ਨੇ ਸਿਰ ਹਿਲਾ ਦਿੱਤਾ। ਏਨੇ ਨੂੰ ਫਿਰ ਲਿਫਟ ਦਿਸਣ 'ਤੇ ਉਸ ਮੁਲਾਜ਼ਮ ਨੇ ਵ੍ਹੀਲਚੇਅਰ ਲਿਫਟ ਅੱਗੇ ਰੋਕ ਦਿੱਤੀ। ਅੱਧ-ਬੇਹੋਸ਼ੀ 'ਚ ਵੀ ਉਸ ਔਰਤ ਨੇ ਲਿਫਟ 'ਚ ਚੜ੍ਹਨ ਤੋਂ ਇਨਕਾਰ ਕਰ ਦਿੱਤਾ। ਨੇਹਾ ਨੂੰ ਉਸ ਦੇ ਇਸ਼ਾਰਿਆਂ ਤੋਂ ਲੱਗਾ ਕਿ ਉਸ ਨੂੰ ਬੰਦ ਦੀਵਾਰਾਂ ਤੋਂ ਸ਼ਾਇਦ ਘੁਟਨ ਮਹਿਸੂਸ ਹੁੰਦੀ ਹੈ।
ਉਸ ਮੁਲਾਜ਼ਮ ਨੇ ਫਿਰ ਕਿਹਾ ਕਿ ਇਹ ਨਾ ਤਾਂ ਕਿਸੇ ਨੂੰ ਹੱਥ ਲਾਉਣ ਦਿੰਦੀ ਹੈ ਅਤੇ ਨਾ ਹੀ ਕਿਸੇ ਨੂੰ ਆਪਣਾ ਨਾਂਅ-ਪਤਾ ਦੱਸਦੀ ਹੈ। ਪਿਛਲੀ ਵਾਰ ਵੀ ਪੁਲਿਸ ਹੀ ਉਸ ਨੂੰ ਘਰ ਪਹੁੰਚਾ ਕੇ ਆਈ ਸੀ।
ਆਉਂਦੇ-ਜਾਂਦੇ ਲੋਕੀਂ ਆਪਣੀ ਤੱਕਣੀ 'ਚ ਹੀ ਸਾਰੀ ਹਮਦਰਦੀ ਭਰ ਲੈਂਦੇ। ਕਦੇ ਆਪਣੀ ਜ਼ਿੰਮੇਵਾਰੀ ਥੋੜ੍ਹੀ ਹੋਰ ਵਧਾਉਂਦਿਆਂ ਇਹ ਵੀ ਪੁੱਛ ਲੈਂਦੇ ਕਿ ਉਸ ਨੂੰ ਕੀ ਹੋਇਆ ਹੈ? ਨੇਹਾ ਠਰ੍ਹੰਮੇ ਨਾਲ ਜਵਾਬ ਦਿੰਦੀ ਕਹਿੰਦੀ ਕਿ ਥੋੜ੍ਹੀ ਤਬੀਅਤ ਖਰਾਬ ਹੈ।

(ਬਾਕੀ ਅਗਲੇ ਐਤਵਾਰ ਦੇ ਅੰਕ 'ਚ)
ਈਮੇਲ : upma.dagga@gmail.com

ਮਿੰਨੀ ਕਹਾਣੀ: ਸਾੜ੍ਹਸਤੀ

ਮਾਂ-ਬਾਪ ਨੂੰ ਆਪਣੇ ਬੱਚਿਆਂ ਦੇ ਭਵਿੱਖ ਦੀ ਚਿੰਤਾ ਰਹਿੰਦੀ ਹੈ। ਹਰ ਕੋਈ ਚਾਹੁੰਦਾ ਹੈ ਕਿ ਉਸ ਦਾ ਬੱਚਾ ਕੋਈ ਚੋਖੀ ਕਮਾਈ ਵਾਲਾ ਕਰੀਅਰ ਚੁਣੇ। ਅਜੋਕੇ ਸਮੇਂ ਵਿਚ ਨੌਜਵਾਨਾਂ ਨੂੰ ਸਭ ਤੋਂ ਵੱਧ ਚਿੰਤਾ ਆਪਣੇ ਭਵਿੱਖ ਦੀ ਹੀ ਹੁੰਦੀ ਹੈ। ਟੈਕਨੀਕਲ ਲਾਈਨਾਂ, ਆਮ ਆਦਮੀ ਦੀ ਪਹੁੰਚ ਤੋਂ ਪਰ੍ਹੇ ਹਨ।
ਭੋਲਾ, ਮਾਂ-ਬਾਪ ਦਾ ਇਕਲੌਤਾ ਬੇਟਾ ਸੀ ਅਤੇ ਪੜ੍ਹਾਈ ਵਿਚ ਕਾਫ਼ੀ ਢਿੱਲਾ ਸੀ। ਮਾਂ ਚਿੰਤਤ ਸੀ। ਸਮੇਂ ਦਾ ਰੁਝਾਨ ਦੇਖ ਕੇ, ਦੋਸਤਾਂ ਰਾਇ ਦਿੱਤੀ ਕਿ ਉਹ ਕਿਸੇ ਡੇਰੇ ਜਾਇਆ ਕਰੇ ਅਤੇ ਛੇਤੀ ਹੀ ਬਾਬਾ ਬਣਨ ਦਾ ਕੋਰਸ ਕਰ ਲਵੇ। ਕਮਾਈ ਵਾਲਾ ਧੰਦਾ ਹੈ। ਭੋਲੇ ਨੇ ਮਾਂ ਨਾਲ ਗੱਲ ਕੀਤੀ ਅਤੇ ਮਾਂ ਪੰਡਿਤ ਪਾਸੋਂ ਪੁੱਛਣ ਚਲੀ ਗਈ। ਉਸ ਨੇ ਗੱਲ ਸੁਣੀ ਪਰ ਸਿਰ ਫੇਰ ਦਿੱਤਾ। ਮਾਤਾ ਦੇ ਮੱਥੇ ਉਤੇ ਚਿੰਤਾ ਦੀਆਂ ਲਕੀਰਾਂ ਉੱਭਰ ਆਈਆਂ। ਪੁੱਛਣ 'ਤੇ ਪੰਡਿਤ ਜੀ ਬੋਲੇ, 'ਬੀਬੀ ਤੁਹਾਡੀ ਚੋਣ ਤਾਂ ਮਾੜੀ ਨੀਂ, ਮੌਜ ਮੇਲਾ ਹੈ, ਪਰ...।' ਬੀਬੀ ਬੋਲੀ, 'ਪੰਡਿਤ ਜੀ ਪਰ ਕੀ?'
ਪੰਡਿਤ ਜੀ, 'ਭਾਈ ਅੱਜਕਲ੍ਹ ਬਾਬਿਆਂ 'ਤੇ ਸਾੜ੍ਹਸਤੀ ਚੱਲ ਰਹੀ ਹੈ।'

-ਮਨਜਿੰਦਰ ਸਿੰਘ ਸੋਢੀ
ਮੁਹਾਲੀ-160071. ਮੋਬਾਈਲ : 97814-00400

ਕਿਸਮਤ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
* ਕਿਸਮਤ ਨੂੰ ਮੰਨਣ ਵਾਲਿਆਂ ਦਾ ਇਹ ਕਹਿਣਾ ਹੈ ਕਿ ਕਿਸਮਤ ਦੀ ਇਕ ਆਦਤ ਹੈ ਕਿ ਉਹ ਪਲਟਦੀ ਹੈ ਅਤੇ ਜਦੋਂ ਪਲਟਦੀ ਹੈ , ਉਦੋਂ ਪਲਟਾ ਕੇ ਰੱਖ ਦਿੰਦੀ ਹੈ। ਇਸ ਲਈ ਚੰਗੇ ਦਿਨਾਂ ਵਿਚ
  ਹੰਕਾਰ ਨਹੀਂ ਕਰਨਾ ਚਾਹੀਦਾ ਅਤੇ ਖਰਾਬ ਸਮੇਂ ਵਿਚ ਥੋੜ੍ਹਾ ਸਬਰ ਕਰਨਾ ਚਾਹੀਦਾ ਹੈ।
* ਸਿਰਫ਼ ਕਿਸਮਤ ਦੇ ਸਹਾਰੇ ਹੀ ਰਹਿਣ ਵਾਲੇ ਲੋਕਾਂ ਨੇ ਰੱਬ ਅਤੇ ਕਿਸਮਤ ਨੂੰ ਬਦਨਾਮ ਕੀਤਾ ਹੋਇਆ ਹੈ, ਜਦੋਂ ਕਿ ਮਿਹਨਤ ਕਰਨ ਵਾਲਿਆਂ ਨੇ ਕਿਸਮਤ 'ਤੇ ਜਿੱਤ ਪ੍ਰਾਪਤ ਕਰ ਲਈ ਹੈ।
* ਕਿਸੇ ਨੇ ਠੀਕ ਹੀ ਕਿਹਾ ਹੈ : 'ਜਿਨ੍ਹਾਂ ਪੈਰਾਂ ਵਿਚ ਹਰਕਤ ਹੈ, ਉਹ ਆਪਣੇ-ਆਪ ਬਣਾਉਂਦੇ ਰਸਤੇ।'
* ਸਾਨੂੰ ਜੋ ਮਿਲਿਆ ਹੈ ਸਾਡੀ ਕਿਸਮਤ ਤੋਂ ਜ਼ਿਆਦਾ ਮਿਲਿਆ ਹੈ। ਜੇ ਤੁਹਾਡੇ ਪੈਰਾਂ ਵਿਚ ਜੁੱਤੀ ਨਹੀਂ ਤਾਂ ਅਫ਼ਸੋਸ ਨਾ ਕਰੋ, ਕਿਉਂਕਿ ਦੁਨੀਆ ਵਿਚ ਕਈ ਲੋਕਾਂ ਕੋਲ ਤਾਂ ਪੈਰ ਹੀ ਨਹੀਂ।
* ਦਲਿਦਰੀ ਲੋਕ ਹੀ ਕਿਸਮਤ ਦੇ ਭਰੋਸੇ ਰਹਿੰਦੇ ਹਨ। ਆਲਸੀ ਤੇ ਸੁਸਤ ਲੋਕ ਅਕਸਰ ਮਿਹਨਤ ਕਰਨ ਵਾਲੇ ਦੀਆਂ ਪ੍ਰਾਪਤੀਆਂ ਨੂੰ ਕਿਸਮਤ ਨਾਲ ਜੋੜ ਦਿੰਦੇ ਹਨ।
* ਕਈ ਵਾਰੀ ਕਿਸੇ ਬੇਹਿੰਮਤੇ ਸੁਸਤ ਬੰਦੇ ਨੂੰ ਜੇ ਪੁੱਛੀਏ ਕਿ, 'ਕੀ ਗੱਲ ਕੋਈ ਕੰਮ-ਧੰਦਾ ਨਹੀਂ ਕਰਦਾ' ਤਾਂ ਅੱਗੋਂ ਜੁਆਬ ਦਿੰਦਾ ਹੈ 'ਮੇਰੇ ਨਸੀਬ ਅਜੇ ਸੁੱਤੇ ਪਏ ਨੇ।'
* ਜੋ ਆਪਣੀ ਜ਼ਿੰਦਗੀ ਦਾ ਚੱਪੂ ਆਪ ਸੰਭਾਲਦੇ ਹਨ, ਉਹ ਕਦੇ ਨਹੀਂ ਡੁੱਬਦੇ।
* ਕੁਝ ਕਰਨ ਦੀ ਕਲਾ ਕੁਝ ਕੀਤਿਆਂ ਹੀ ਆਉਂਦੀ ਹੈ।
* ਇਨਸਾਨ ਆਪਣੀ ਕਿਸਮਤ ਦਾ ਨਿਰਮਾਤਾ ਆਪ ਹੈ। ਇਹ ਮਿਹਨਤ ਕਰਨ ਵਾਲਿਆਂ ਦਾ ਨਾਅਰਾ ਹੈ, ਕਿਉਂਕਿ ਉਹ ਇਹ ਸੋਚਦੇ ਹਨ ਕਿ ਇਹ ਜੀਵਨ ਨਾ ਤਾਂ ਪਿਛਲੇ ਕਰਮਾਂ ਦੀ ਸਜ਼ਾ ਹੈ ਤੇ ਨਾ
  ਹੀ ਉਨ੍ਹਾਂ ਦਾ ਇਨਾਮ।
* ਪੰਜਾਬੀ ਦਾ ਪ੍ਰਸਿੱਧ ਸ਼ਾਇਰ ਲਖਵਿੰਦਰ ਸਿੰਘ ਕਿਸਮਤ ਬਾਰੇ ਇੰਜ ਲਿਖਦਾ ਹੈ:
  ਉਦਮ ਅੱਗੇ ਲੱਛਮੀ ਜਿਵੇਂ ਪੱਖੇ ਅੱਗੇ ਪੌਣ,
  ਹਿੰਮਤੀ ਬੰਦੇ ਕਦੇ ਨਾ ਕਿਸਮਤ ਦਾ ਰੋਣਾ ਰੋਣ।
  ਚਾਦਰ ਵੇਖ ਕੇ ਜੋ ਪੈਰ ਨੇ ਪਸਾਰਦੇ,
  ਜ਼ਰੂਰੀ ਲੋੜਾਂ ਤੋਂ, ਨਾ ਉਹ ਕਦੇ ਹਾਰਦੇ।
  ਨਾ ਲੋੜ ਪਵੇ ਕਿਸੇ ਅੱਗੇ ਹੱਥ ਅੱਡਣ ਦੀ,
  ਤੇ ਨਾ ਹੀ ਲੋੜ ਪਵੇ ਕਦੇ,
  ਪਰਾਇਆ ਮਾਲ ਹੜੱਪਣ ਦੀ।
* ਮਿਹਨਤ ਉਹ ਚਾਬੀ ਹੈ, ਜਿਹੜੀ ਕਿਸਮਤ ਦਾ ਦਰਵਾਜ਼ਾ ਖੋਲ੍ਹ ਦਿੰਦੀ ਹੈ। ਮਿਹਨਤ ਕਰਨ ਵਾਲੇ ਕਿਸਮਤ ਵਾਲੇ ਹੁੰਦੇ ਹਨ।
* ਕਿਸਮਤ ਜਾਂ ਹਾਲਾਤ ਨੂੰ ਕਦੇ ਦੋਸ਼ ਨਾ ਦਿਓ। ਸਗੋਂ ਆਪਣੀ ਸੂਝ-ਬੂਝ ਨਾਲ ਹਾਲਾਤ ਨੂੰ ਆਪਣੇ ਅਨੁਕੂਲ ਬਣਾ ਲਓ।
* ਕਾਗਜ਼ ਆਪਣੀ ਕਿਸਮਤ ਨਾਲ ਉੱਡਦਾ ਹੈ ਅਤੇ ਪਤੰਗ ਆਪਣੀ ਕਾਬਲੀਅਤ ਨਾਲ। ਇਸ ਲਈ ਕਿਸਮਤ ਸਾਥ ਦੇਵੇ ਜਾਂ ਨਾ ਦੇਵੇ, ਕਾਬਲੀਅਤ ਜ਼ਰੂਰ ਸਾਥ ਦਿੰਦੀ ਹੈ।
* ਜ਼ਿੰਦਗੀ ਇਕ ਵਗਦਾ ਦਰਿਆ ਹੈ ਜੋ ਬੇਰੋਕ ਤੇ ਬੇਟੋਕ ਚਲਦਾ ਰਹਿੰਦਾ ਹੈ। ਕਿਸੇ ਸ਼ਾਇਰ ਨੇ ਜ਼ਿੰਦਗੀ ਦਾ ਨਕਸ਼ਾ ਖਿੱਚਦਿਆਂ ਬੜਾ ਖੂਬਸੂਰਤ ਆਖਿਆ ਹੈ ਕਿ, 'ਜਦ ਕਿਸਮਤ ਹੀ ਬੀਮਾਰ ਪਈ
  ਤਾਂ ਕੀ ਜ਼ੋਰ ਤਬੀਬਾਂ ਦਾ।'
* ਜਦੋਂ ਇਰਾਦਾ ਪੱਕਾ ਹੋਵੇ ਤਾਂ ਕਿਸਮਤ ਨੂੰ ਜਿੱਤਿਆ ਜਾ ਸਕਦਾ ਹੈ, ਸਿਆਣਿਆਂ ਦਾ ਅਜਿਹਾ ਕਹਿਣਾ ਹੈ।
* ਮੇਰੇ ਹੱਥਾਂ ਦੀਆਂ ਲਕੀਰਾਂ ਵੀ ਮੈਨੂੰ ਕਹਿੰਦੀਆਂ ਹਨ ਕਿ ਲਕੀਰਾਂ ਤੇ ਨਹੀਂ ਆਪਣੇ ਹੱਥਾਂ 'ਤੇ ਇਤਬਾਰ ਰੱਖ।
* ਪੰਜਾਬੀ ਦੇ ਕਿਸੇ ਸ਼ਾਇਰ ਨੇ ਠੀਕ ਹੀ ਕਿਹਾ ਹੈ ਕਿ:
  ਬੇਹਿੰਮਤੇ ਨੇ ਜਿਹੜੇ ਬਹਿ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ,
  ਉੱਗਣ ਵਾਲੇ ਉੱਗ ਪੈਂਦੇ ਨੇ, ਸੀਨਾ ਚੀਰ ਕੇ ਪੱਥਰਾਂ ਦਾ।

(ਬਾਕੀ ਅਗਲੇ ਐਤਵਾਰ ਦੇ ਅੰਕ 'ਚ)
ਮੋਬਾਈਲ : 99155-63406.

ਬਸ ਹੁਣ ਐਦਾਂ ਈ ਸ਼ੁਕਰ ਮਨਾ

ਬੰਦਿਆਂ ਤੇ ਜਾਨਵਰਾਂ 'ਚ ਫ਼ਰਕ ਕੀ ਹੈ? ਬੰਦੇ ਖਾਂਦੇ ਨੇ, ਤੇਂਜਾਨਵਰ ਚਰਦੇ ਨੇ।
ਚਰ ਚਰ ਕੇ ਜਾਨਵਰਾਂ ਦਾ ਜਦ ਪੇਟ ਭਰ ਜਾਂਦਾ ਹੈ ਤਾਂ ਉਹ ਨਿਸ਼ੰਗ ਹੋ ਕੇ ਬਹਿ ਜਾਂਦੇ ਨੇ, ਜੁਗਾਲੀ ਕਰਨ। ਸ਼ੁਰੂ ਕਰ ਦਿੰਦੇ ਨੇ ਕਿ ਜੋ ਚਰਿਐ ਉਹ ਹਜ਼ਮ ਹੋ ਜਾਏ... ਪਰ ਬੰਦਾ, ਇਹਦਾ ਪੇਟ ਸ਼ਾਇਦ ਖਾ-ਖਾ ਕੇ ਕਦੇ ਨਹੀਂ ਭਰਦਾ, ਕਿਉਂਕਿ ਜਾਨਵਰ ਜੋ ਵੀ ਚਰਦਾ ਹੈ, ਜਾਂ ਜੋ ਵੀ ਉਹਨੂੰ ਚਰਨ ਲਈ ਦਿੱਤਾ ਜਾਂਦਾ ਹੈ, ਉਹਨੂੰ 'ਚਾਰਾ' ਕਹਿੰਦੇ ਹਨ। ਪਰ ਬੰਦਾ ਰੋਟੀ ਖਾਣ ਤੋਂ ਬਿਨਾਂ ਸਹੁੰਆਂ (ਕਸਮਾਂ), ਰਿਸ਼ਵਤ ਵੀ ਖਾਂਦਾ ਹੈ, ਜਾਨਵਰਾਂ ਦਾ ਮਾਸ ਵੀ ਖਾਂਦਾ ਹੈ, ਮੱਛੀਆਂ ਝੀਂਗੇ ਵੀ ਖਾਂਦਾ ਹੈ ਤੇ ਕਈ ਵਾਰ ਜਾਨਵਰਾਂ ਦਾ ਚਾਰਾ ਵੀ ਖਾ ਜਾਂਦੈ।
ਖਾਂਦੈ, ਖਾ ਜਾਂਦੈ, ਇਕੱਲਿਆਂ ਨਹੀਂ, ਕਈ ਹੋਰਾਂ ਨਾਲ ਮਿਲ ਕੇ ਖਾਂਦੈ... ਜੈ ਬਿਹਾਰ ਦੇ ਲਾਲ ਕੀ...।
ਗਾਵਾਂ, ਮੱਝਾਂ, ਭੇਡਾਂ, ਬੱਕਰੀਆਂ ਦਾ ਚਾਰਾ ਖਾ ਗਏ... ਖਾਈ ਗਏ, ਖਾਈ ਗਏ। ਭਲਾ, ਜਿੱਥੇ ਚਾਰਾ ਪੈਸੇ ਦਾ ਰੂਪ ਲੈ ਲਏ, ਪੈਸੇ ਖਾਣ ਨਾਲ ਕਿਸੇ ਦੀ ਨੀਅਤ ਭਰੀ ਹੈ, ਅੱਜ ਤਾਈਂ? 'ਹੋਰ ਲਿਆ, ਹੋਰ ਚਾਹੀਦੈ, ਲਿਆਈ ਜਾ, ਲੁੱਟੀ ਜਾ, ਖਾਈ ਜਾ... ਨੀਅਤ ਨਹੀਂ ਭਰਦੀ...।
ਹੋਰ ਕੋਈ 'ਚਾਰਾ' ਵੀ ਨਹੀਂ ਹੈ ਨਾ... ਬੰਦੇ ਤੇ ਬੰਦਿਆਂ ਕੋਲ, ਮੁਫ਼ਤੋ-ਮੁਫ਼ਤ ਪੈਸਾ ਲੁੱਟਣ ਦੀ ਤਰਤੀਬ ਦਾ...।
ਬਿਗੜੀ ਹੂਈ ਤਕਦੀਰ ਕੋ,
ਤਦਬੀਰ ਬਨਾ ਲੇ।
ਅਪਨੇ ਪੇ ਭਰੋਸਾ ਹੈ ਤੋ,
ਯੇ ਦਾਉ ਲਗਾ ਲੇ।
ਦਾਅ ਲਾ ਲਿਆ, ਦਾਅ ਲਗ ਗਿਆ, ਬਿਹਾਰ ਦੇ ਛੇ ਸਰਕਾਰੀ ਖਜ਼ਾਨਿਆਂ 'ਚੋਂ, ਡੰਗਰਾਂ-ਮਵੇਸ਼ੀਆਂ ਨੂੰ 'ਚਾਰਾ' ਦੇਣ ਦਾ ਬਹਾਨਾ ਕਰਕੇ, ਕਰੋੜਾਂ ਰੁਪਏ ਲੁੱਟ ਲਏ... ਲਾਲੂ ਪ੍ਰਸਾਦ ਯਾਦਵ ਨੇ... ਉਦੋਂ ਉਹ ਬਿਹਾਰ ਦੇ ਮੁੱਖ ਮੰਤਰੀ ਸਨ। ਪਰ, ਇਕੱਲਿਆਂ ਨਹੀਂ ਖਾਧੇ.. ਜਿਹੜੇ ਸਰਕਾਰੀ ਅਫ਼ਸਰ ਤੇ ਐਮ. ਐਲ. ਏ. ਆਦਿ ਆਪਣੇ ਵਿਸ਼ਵਾਸ-ਪਾਤਰ ਸਨ। ਇਸੇ ਤਰ੍ਹਾਂ ਲਾਲੂ ਜੀ ਨੇ ਆਪ ਖਾਧਾ, ਨਾਲ ਦਿਆਂ ਨੂੰ ਵੀ ਨਿਹਾਲ ਕੀਤਾ।
ਵੈਸੇ ਨਾਂਅ ਵੀ ਕਿੰਨਾ ਫਿੱਟ ਬੈਠਦਾ ਹੈ :-
'ਲਾਲੂ ਪ੍ਰਸਾਦ'
* ਲਾ-ਲੂ, (ਲਾ ਲੂਟ ਕੇ ਲਾ)
(ਲਿਆ-ਲੁੱਟ ਕੇ ਲਿਆ।)
ਵੰਡ ਖਾ, ਖੰਡ ਖਾ। ਇਕੱਲਾ ਖਾ... (ਲਿਖਣ ਦੀ ਲੋੜ ਨਹੀਂ.. ਕੀ ਖਾ)।
ਚਰਵਾਹਾ... ਉਹ ਜਿਹੜਾ ਜਾਨਵਰਾਂ ਨੂੰ ਚਾਰਦਾ ਹੈਂਉਨ੍ਹਾਂ ਦੇ ਇੱਜੜ ਦੀ ਨਿਗਰਾਨੀ ਕਰਦਾ ਹੈ। ਲਾਲੂ ਯਾਦਵ ਵੀ ਚਰਵਾਹਾ ਸੀ ਕਦੇ... ਉਹ ਜਦ ਬਿਹਾਰ ਦਾ ਮੁੱਖ ਮੰਤਰੀ ਸੀ ਤਾਂ ਉਸ ਨੇ ਚਰਵਾਹਾ-ਸਕੂਲ ਵੀ ਖੋਲ੍ਹੇ ਸਨ। ਛੋਟੀ ਜਾਤ ਦੇ ਲੋਕਾਂ ਦੇ ਬੱਚਿਆਂ ਲਈ ਕਿ ਉਹ ਗਊਆਂ -ਮੱਝਾਂ ਵੀ ਚਾਰਦੇ ਰਹਿਣ ਤੇ ਨਾਲ ਹੀ ਚਰਵਾਹਾ-ਸਕੂਲਾਂ 'ਚ ਪੜ੍ਹਾਈ ਵੀ ਕਰਦੇ ਰਹਿਣ। ਪਰ, ਇਹ ਸਕੂਲ ਚੱਲ ਨਾ ਸਕੇ। ਉਹ ਜਾਨਵਰ ਹੀ ਚਰਾਉਣ ਜੋਗੇ ਰਹਿ ਗਏ... ਲਾਲੂ ਵਾਲਾ ਸਬਕ ਨਾ ਸਿੱਖ ਸਕੇ।...
ਚਰ... ਵਾਹਾ... ਚਰ ਜਾ... ਵਾਹ-ਵਾਹ... ਕਰੀ ਜਾ।
ਕਹਿਣ ਨੂੰ ਗ਼ਰੀਬਾਂ ਦਾ ਮਸੀਹਾ-ਕਹਾਉਣ ਨੂੰ ਪਛੜਿਆਂ ਦਾ ਮਸੀਹਾ... ਖਾ ਗਿਆ ਚਾਰਾ ਜਨੌਰਾਂ ਦਾ ਪੀਆ, ਕਿੰਨਾ ਜਿਗਰ ਤੇ ਕਿੰਨਾ ਹੀਆ। ਗ਼ਰੀਬਾਂ ਦੇ ਬੱਚੇ ਰਹਿ ਗਏ ਚਰਵਾਹੇ ਦੇ ਚਰਵਾਹੇ... ਕਰੋੜਾਂ-ਪਤੀ ਹੋ ਗਿਆ ਮਸੀਹਾ ਬਿਨਾਂ ਹਲ ਵਾਹੇ।
ਲਾਲੂ ਨੇ ਕਿੰਨੇ ਮਾਣ ਨਾਲ ਆਖਿਆ ਸੀ...
ਜਬ ਤਕ ਹੈ ਸਮੋਸੇ ਮੇਂ ਆਲੂ,
ਤਬ ਤਕ ਰਹੇਗਾ ਬਿਹਾਰ ਮੇਂ ਲਾਲੂ।
ਉਹ ਕਹਾਵਤ ਹੈ ਨਾ:-
ਸਦਾ ਨਾ ਰਹੀਆਂ ਰੁਖ਼ ਦੀਆਂ ਛਾਵਾਂ,
ਸਦਾ ਨਾ ਮੌਜ-ਬਹਾਰਾਂ।
ਲਾਲੂ ਨੂੰ ਲੱਗੀਆਂ ਹਾਵਾਂ, ਬੇਜ਼ੁਬਾਨ ਮੱਝਾਂ-ਗਾਵਾਂ ਦੀਆਂ। ਲਾਲੂ ਅੰਦਰ ਜੇਲ੍ਹ 'ਚ, ਦੋਹਾਂ ਪੁੱਤਾਂ 'ਤੇ ਮੁਕਦੱਮੇ, ਧੀਆਂ ਦਾ ਵੀ ਹਾਲ ਬੁਰਾ। ਧੀਆਂ-ਪੁੱਤਾਂ ਦੀ ਮਾਂ ਨੂੰ ਵੀ ਨੋਟਿਸ 'ਕਿੱਥੋਂ ਆਈ ਐਨੀ ਅਮੀਰੀ? ਮੁੱਕ ਗਈਆਂ ਠੰਢੀਆਂ ਛਾਵਾਂ।'
ਜਿਹੀ ਕੋਕੋ ਤੇਹੇ ਬੱਚੇਂਲਾਲੂ ਜੇਲ੍ਹ 'ਚ, ਬੀਵੀ, ਧੀਆਂ-ਪੁੱਤ, ਸਭੇ ਮਨੀ-ਲਾਂਡਰਿੰਗ (ਪੈਸਿਆਂ ਦਾ ਘਾਲਾ-ਮਾਲਾ) ਕਰਨ ਦੇ ਦੋਸ਼ 'ਚ, ਮੁੱਕਦਮਿਆਂ 'ਚ ਫਸੇ ਹਨ, ਮੁਫ਼ਤ ਦਾ ਪੈਸਾ, ਮਹਿੰਗੇ ਵਕੀਲ, ਕਰਨ 'ਚ ਕੋਈ ਦਿੱਕਤ ਨਹੀਂ, ਆਪੇ ਬਚਾ ਲੈਣਗੇ।
ਪੱਲੇ ਹੋਵੇ ਪੈਸਾ, ਵਕੀਲ ਹੋਵੇ ਵੱਡੇ ਤੋਂ ਵੱਡਾ... ਫਿਰ ਮੁਕੱਦਮਿਆਂ ਤੋਂ ਡਰ ਕੈਸਾ? ਇਸ ਸਮੇਂ ਨਾਮੀ ਵਕੀਲ ਰਾਮ ਜੇਠ ਮਲਾਨੀ ਰਾਜ ਸਭਾ ਦੇ ਮੈਂਬਰ ਹਨ, ਉਹ ਲਾਲੂ ਦੀ ਪਾਰਟੀ ਆਰ. ਜੇ. ਡੀ. ਵਲੋਂ ਚੁਣ ਕੇ, ਰਾਜ ਸਭਾ 'ਚ ਆਏ ਹਨ।
ਡੰਗਰਾਂ ਦੇ, ਇਸੇ ਹੀ ਚਾਰਾ 'ਖਾਣ' ਦੇ ਕੇਸ 'ਚ, ਪਹਿਲਾਂ ਹੀ ਲਾਲੂ ਯਾਦਵ ਨੂੰ ਪੰਜ ਸਾਲ ਦੀ ਸਜ਼ਾ ਹੋ ਚੁੱਕੀ ਹੈ। ਇਸ ਸਮੇਂ ਉਹ, ਉਸ ਕੇਸ 'ਚ ਜ਼ਮਾਨਤ 'ਤੇ ਹਨ, ਕਿਉਂਕਿ ਤਿੰਨ ਸਾਲ ਤੋਂ ਵਧ ਜੇਕਰ ਕਿਸੇ ਨੂੰ ਸਜ਼ਾ ਹੁੰਦੀ ਹੈ ਤਾਂ ਉਹ ਚੋਣ ਨਹੀਂ ਲੜ ਸਕਦਾ... ਲਾਲੂ ਪਹਿਲਾਂ ਹੀ ਚੋਣ ਲੜਨ ਤੋਂ ਅਯੋਗ ਕਰਾਰ ਦਿੱਤਾ ਜਾ ਚੁੱਕਾ ਹੈ। ਹੁਣ ਇਸ ਦੂਜੇ ਕੇਸ 'ਚ ਵੀ ਸਾਢੇ ਤਿੰਨ ਸਾਲ ਦੀ ਬਾਮੁਸ਼ੱਕਤ ਸਜ਼ਾ, ਨਾਲ ਦਸ ਲੱਖ ਜੁਰਮਾਨਾ ਵੀ ਠੋਕਿਆ ਹੈ ਅਦਾਲਤ ਨੇ। ਹੁਣ ਤਾਂ ਇਸ ਸਜ਼ਾ 'ਚ, ਜ਼ਮਾਨਤ ਮਿਲਣੀ ਵੀ ਮੁਸ਼ਕਿਲ ਹੈ। ਜੇ, ਵੱਡੇ ਵਕੀਲਾਂ ਦੀਆਂ ਦਲੀਲਾਂ ਨਾਲ ਕਿਸੇ ਤਰ੍ਹਾਂ ਮਿਲ ਵੀ ਗਈ ਤਾਂ...?
ਤਾਂਂਇਸੇ ਚਾਰਾ ਘੁਟਾਲਾ 'ਚ, ਹਜ਼ੂਰ ਤੇ ਚਾਰ ਕੇਸ ਹੋਰ ਚੱਲ ਰਹੇ ਹਨ। ਜਿਨ੍ਹਾਂ 'ਚੋਂ ਦੋ ਮੁਕੱਦਮਿਆਂ ਦਾ ਫ਼ੈਸਲਾ ਇਕ ਮਹੀਨੇ ਦੇ ਅੰਦਰ-ਅੰਦਰ ਆਉਣ ਦਾ ਅੰਦੇਸ਼ਾ ਹੈ। ਉਨ੍ਹਾਂ 'ਚ ਵੀ ਸਜ਼ਾ ਹੋ ਗਈ... ਤਾਂ...?
ਮੂਸਾ ਭੱਜਿਆ 'ਮੌਤ ਤੋਂ', ਅੱਗੇ ਮੌਤ ਖੜ੍ਹੀ।
ਫਿਰ ਦੋ ਹੋਰ ਚਾਰਾ-ਘੁਟਾਲਾ ਕੇਸਾਂ 'ਚ ਫ਼ੈਸਲਾ ਆਉਣਾ ਬਾਕੀ ਹੈ।
ਕਿੰਨੇ ਮਾਣ ਨਾਲ ਲਾਲੂ, ਕਹਿੰਦਾ ਸੀ...
ਜਬ ਤਕ ਹੈ ਸਮੋਸੇ ਮੇਂ ਆਲੂ,
ਤਬ ਤਕ ਬਿਹਾਰ ਮੇਂ ਰਹੇਗਾ ਲਾਲੂ।
ਪਰ, ਸਮੋਸਾ ਤਾਂ ਆਲੂ ਭਰਨ ਮਗਰੋਂ ਤੇਲ ਦੇ ਕੜਾਹੇ 'ਚ ਤਲਿਆ ਜਾਂਦਾ ਹੈ। ਇਸੇ ਲਈ ਹੁਣ ਇਸ ਦਾ ਬਖਾਨ ਇਉਂ ਹੋ ਗਿਆ ਹੈ :-
ਸਮੋਸੇ ਮੇਂ ਭਰ ਗਿਆ ਆਲੂ,
ਸਮੋਸਾ ਤਲਾ ਹੈ ਤੇਲ ਮੇਂ....
ਲਾਲੂ ਗਿਆ ਜੇਲ੍ਹ ਮੇਂ।
ਸਜ਼ਾ ਆਪਣੇ ਕੀਤੇ ਦੀ ਹੈ...
ਦੋਸ਼ ਮੜ੍ਹ ਦਿੱਤਾ 'ਮੋਦੀ' 'ਤੇ... ਅਖੇ ਇਹ ਸਭ ਨਿਤੀਸ਼ ਤੇ ਮੋਦੀ ਦੀ ਸਾਜਿਸ਼ ਹੈ। ਜਦ ਇਹ ਚਾਰਾ ਘੁਟਾਲਾ ਹੋਇਆ ਤਾਂ ਮੋਦੀ ਨਾ ਪ੍ਰਧਾਨ ਮੰਤਰੀ ਸੀ, ਨਾ ਕੁਝ ਹੋਰ... ਬਿਹਾਰ ਦਾ ਮੁੱਖ ਮੰਤਰੀ ਤਾਂ ਲਾਲੂ ਖ਼ੁਦ ਸੀ।
ਤਲਿਆ ਸਮੋਸਾ ਤੇਲ ਵਿਚ,
ਲਾਲੂ ਬੈਠਾ ਜੇਲ੍ਹ ਵਿਚ।
ਹੁਣ ਜੇਲ੍ਹ ਦੀਆਂ ਪੱਕੀਆਂ ਖਾ,
ਬਸ, ਐਦਾਂ-ਈ ਸ਼ੁਕਰ ਮਨਾ।
ਲਾਲੂ ਜੀ, ਐਦਾਂ ਹੀ ਸ਼ੁਕਰ ਮਨਾ।

ਪੰਜਾਬ ਦਾ ਲੋਕ ਨਾਇਕ ਦੁੱਲਾ ਭੱਟੀ

(ਲੜੀ ਜੋੜਨ ਲਈ ਪਿਛਲੇ ਐਤਵਾਰ ਦੇ ਅੰਕ ਦੇਖੋ)
ਦੁੱਲੇ ਭੱਟੀ ਦਾ ਖਾਨਦਾਨੇ
ਦੁੱਲੇ ਦਾ ਪਿਤਾ ਬਿਜਲੀ ਖਾਂ ਸਾਂਦਲ ਚਾਰ ਭਰਾ ਸਨ। ਸਭ ਤੋਂ ਵੱਡਾ ਬਿਜਲੀ ਖਾਂ, ਫਿਰ ਫਤਹਿ ਖਾਂ, ਰਾਉ ਅਸਮਾਨ ਤੇ ਸਭ ਤੋਂ ਛੋਟਾ ਨਿੱਕਾ ਪੀਰੋਜ ਸੀ। ਅੱਜ ਵੀ ਇਨ੍ਹਾਂ ਚਾਰਾਂ ਦੀਆਂ ਔਲਾਦਾਂ ਪਿੰਡੀ ਭੱਟੀਆਂ ਦੇ ਆਲੇ-ਦੁਆਲੇ ਵੱਖ-ਵੱਖ ਪਿੰਡਾਂ 'ਚ ਵਸਦੀਆਂ ਹਨ। ਬਿਜਲੀ ਖਾਂ ਸਾਂਦਲ ਦੇ ਤਿੰਨ ਪੁੱਤਰ ਸਨ, ਵੱਡਾ ਫਰੀਦ ਖਾਂ ਵਿਚਲਾ ਪਰਾਣੇ ਖਾਂ ਤੇ ਛੋਟਾ ਸ਼ੇਖੂ ਖਾਂ ਸੀ। ਫਰੀਦ ਖਾਂ, ਦੇ ਅੱਗੋਂ ਛੇ ਪੁੱਤਰ ਸਨ, ਜੋ ਕ੍ਰਮਵਾਰ ਮਹਿਮੂਦ, ਬੁੱਢਾ ਖਾਂ, ਬਹਿਲੋਲ ਖਾਂ ਸਲਾਰ, ਉਦਮ ਤੇ ਦੁੱਲਾ ਭੱਟੀ ਸਨ। ਤਾਰੀਖ ਦੱਸਦੀ ਹੈ ਕਿ ਦੁੱਲੇ ਦੇ ਦੋ ਵਿਆਹ ਹੋਏ ਤੇ ਉਸ ਦੀਆਂ ਬੀਵੀਆਂ ਦੇ ਨਾਂਅ ਨੂਰਾਂ ਤੇ ਫਲਰਾਂ ਸੀ। ਇਨ੍ਹਾਂ ਦੋਵਾਂ ਤੋਂ ਦੁੱਲੇ ਦੇ ਤਿੰਨ ਪੁੱਤਰਾਂ ਤੇ ਦੋ ਧੀਆਂ ਦਾ ਜ਼ਿਕਰ ਮਿਲਦਾ ਹੈ, ਜਿਨ੍ਹਾਂ ਦੇ ਨਾਂਅ ਜਹਾਨ ਖਾਂ, ਕਮਾਲ ਖਾਂ ਤੇ ਨੂਰ ਖਾਂ ਤੇ ਧੀਆਂ ਸਲੀਮੋਂ ਤੇ ਬਖਤ ਨਿਸ਼ਾਂ ਸਨ।
ਬਿਜਲੀ ਖਾਂ ਦੀ ਮੁਗ਼ਲਾਂ ਨਾਲ ਲੜਾਈ
ਪਹਿਲੇ-ਪਹਿਲ ਮੁਗ਼ਲਾਂ ਦਾ ਵੇਲਾ ਬਹੁਤ ਚੰਗਾ ਗੁਜ਼ਰ ਰਿਹਾ ਸੀ ਪਰ 16ਵੀਂ ਸਦੀ 'ਚ ਮੁਗ਼ਲਾਂ ਦੀ ਹਕੂਮਤ ਕਮਜ਼ੋਰ ਹੋਣ ਲੱਗੀ। ਹਰ ਪਾਸੇ ਅਫਰਾ-ਤਫਰੀ ਮਚ ਗਈ। ਕਈ ਛੋਟੀਆਂ-ਛੋਟੀਆਂ ਰਿਆਸਤਾਂ ਵਜੂਦ 'ਚ ਆ ਗਈਆਂ। ਮੁਗ਼ਲ ਸ਼ਹਿਜ਼ਾਦੇ-ਸ਼ਹਿਜ਼ਾਦੀਆਂ ਦੇ ਅੱਖਰਜਾਤ ਬਹੁਤ ਵਧ ਗਏ। ਉਹ ਅਯਾਸ਼ੀ ਦੀ ਜ਼ਿੰਦਗੀ ਜੀਅ ਰਹੇ ਸਨ। ਇਸ ਦੇ ਨਾਲ-ਨਾਲ ਮੁਗ਼ਲ ਫੌਜ ਦਾ ਖਰਚ ਵੀ ਬਹੁਤ ਜ਼ਿਆਦਾ ਸੀ। ਅਯਾਸ਼ੀਆਂ ਤੇ ਫ਼ੌਜ ਦਾ ਖਰਚ ਪੂਰਾ ਕਰਨ ਲਈ ਮੁਗ਼ਲਾਂ ਨੇ ਰਾਜ ਦੀ ਜਨਤਾ 'ਤੇ ਲਗਾਨ ਬਹੁਤ ਵਧਾ ਦਿੱਤਾ। ਜੇ ਕੋਈ ਲਗਾਨ ਨਾ ਦਿੰਦਾ ਤਾਂ ਉਸ ਦੇ ਮਾਲ-ਡੰਗਰ ਤੇ ਘਰ-ਬਾਰ ਨੂੰ ਜ਼ਬਰਦਸਤੀ ਲੁੱਟ ਕੇ ਹਕੂਮਤ ਅੱਗੇ ਪੇਸ਼ ਕਰ ਦਿੱਤਾ ਜਾਂਦਾ। ਜੇਕਰ ਘਰਾਂ 'ਚ ਕੋਈ ਅਨਾਜ ਮਿਲ ਜਾਂਦਾ ਤਾਂ ਉਸ ਨੂੰ ਘੋੜਿਆਂ 'ਤੇ ਲੱਦ ਕੇ ਦਿੱਲੀ ਵੱਲ ਨੂੰ ਤੋਰ ਦਿੱਤਾ ਜਾਂਦਾ। ਜੇਕਰ ਕੋਈ ਗ਼ੈਰਤਮੰਦ ਪੰਜਾਬੀ ਅੱਗੇ ਵਧ ਕੇ ਇਸ ਹਕੂਮਤੀ ਜਬਰ ਵਿਰੁੱਧ ਆਵਾਜ਼ ਉਠਾਉਂਦਾ ਤਾਂ ਉਸ ਦਾ ਕਤਲ ਕਰ ਦਿੱਤਾ ਜਾਂਦਾ।
ਦੂਸਰੀ ਗੱਲ ਇਹ ਸੀ ਕਿ ਮੁਗ਼ਲ ਜਦ ਵੀ ਕੋਈ ਨਵਾਂ ਸ਼ਹਿਰ ਵਸਾਉਂਦੇ ਜਾਂ ਕਿਲ੍ਹੇ ਦੀ ਤਾਮੀਰ ਕਰਵਾਉਂਦੇ ਤਾਂ ਉਹ ਉਸ ਇਲਾਕੇ ਦੇ ਪਿੰਡਾਂ 'ਚੋਂ ਨੌਜਵਾਨਾਂ ਨੂੰ ਫੜ ਕੇ ਜ਼ਬਰਦਸਤੀ ਕੰਮ ਕਰਾਉਂਦੇ, ਜਿਸ ਦੀ ਉਨ੍ਹਾਂ ਨੂੰ ਕੋਈ ਮਜ਼ਦੂਰੀ ਵੀ ਨਹੀਂ ਦਿੰਦੇ ਸਨ, ਜਿਸ ਨੂੰ ਉਨ੍ਹਾਂ ਵਗਾਰ ਦਾ ਨਾਂਅ ਦਿੱਤਾ। ਮੁਗ਼ਲਾਂ ਦੀਆਂ ਇਨ੍ਹਾਂ ਬਦਮਾਸ਼ੀਆਂ ਤੋਂ ਲੋਕ ਬੜੇ ਤੰਗ ਸਨ। ਇਸ ਵਜ੍ਹਾ ਕਾਰਨ ਮੁਗ਼ਲਾਂ 'ਤੇ ਬਿਜਲੀ ਖਾਂ ਸਾਂਦਲ ਵਿਚਕਾਰ ਇਕ ਐਸੀ ਕੰਧ ਖੜ੍ਹੀ ਹੋ ਗਈ ਜੋ ਸਮੇਂ ਦੇ ਨਾਲ-ਨਾਲ ਹੋਰ ਵਧਦੀ ਗਈ ਤੇ ਇਸ ਦਾ ਅੰਜਾਮ ਦੁੱਲੇ ਭੱਟੀ 'ਤੇ ਜਾ ਕੇ ਪੂਰਾ ਹੋਇਆ।
ਦੁੱਲੇ ਦਾ ਉਭਾਰ
ਜਿਸ ਵੇਲੇ ਮੁਗ਼ਲਾਂ ਤੇ ਭੱਟੀਆਂ ਦਰਮਿਆਨ ਨਫਰਤ ਦੀਆਂ ਦੀਵਾਰਾਂ ਬਹੁਤ ਉੱਚੀਆਂ ਹੋ ਗਈਆਂ ਤਾਂ ਬਿਜਲੀ ਖਾਂ ਨੇ ਆਪਣੇ ਇਲਾਕੇ ਤੇ ਆਪਣੀ ਗ਼ੈਰਤ ਨੂੰ ਬਚਾਉਣ ਲਈ ਆਲੇ-ਦੁਆਲੇ ਦੇ ਸਰਦਾਰਾਂ ਨਾਲ ਮਿਲ ਕੇ ਇਕ ਨਿੱਕੀ ਜਿਹੀ ਫੌਜ ਤਿਆਰ ਕੀਤੀ ਤੇ ਗੁਰੀਲਾ ਜੰਗ ਸ਼ੁਰੂ ਕਰ ਦਿੱਤੀ। ਇਸ ਤਰ੍ਹਾਂ ਬਿਜਲੀ ਖਾਂ ਤੇ ਦੁੱਲੇ ਦੇ ਪਿਉ ਫਰੀਦ ਖਾਂ ਦੀ ਬਹਾਦਰੀ ਤੇ ਚੌਧਰ ਦੇ ਕਿੱਸੇ ਚਾਰੇ ਪਾਸੇ ਫੈਲ ਗਏ। ਇਨ੍ਹਾਂ ਦੀ ਦਲੇਰੀ ਤੇ ਗ਼ੈਰਤ ਨੂੰ ਵੇਖ ਕੇ ਆਲੇ-ਦੁਆਲੇ ਦੇ ਹੋਰ ਸਰਦਾਰ ਵੀ ਇਨ੍ਹਾਂ ਨਾਲ ਮਿਲ ਗਏ।
ਪਾਣੀਪਤ ਦੀ ਦੂਸਰੀ ਲੜਾਈ ਤੋਂ ਪਹਿਲਾਂ ਮੁਗ਼ਲ ਬੜੇ ਕਮਜ਼ੋਰ ਤੇ ਮਾਯੂਸ ਸਨ। ਬਾਬਰ ਨੂੰ ਸਿਰਫ ਚਾਰ ਸਾਲ ਤਖਤ ਨਸੀਬ ਹੋਇਆ। ਹਮਾਯੂੰ ਨੂੰ ਪੰਦਰਾਂ ਸਾਲ ਜਲਾਵਤਨੀ ਦੀ ਜ਼ਿੰਦਗੀ ਗੁਜ਼ਾਰਨ ਤੋਂ ਬਾਅਦ ਸਿਰਫ ਛੇ ਮਹੀਨੇ ਦਿੱਲੀ ਦੇ ਤਖਤ 'ਤੇ ਬੈਠਣ ਦਾ ਮੌਕਾ ਮਿਲਿਆ। ਹਮਾਯੂੰ ਦੀ ਛੇ ਮਹੀਨੇ ਦੀ ਬਾਦਸ਼ਾਹਤ ਵੇਲੇ ਅਕਬਰ 23 ਜੁਲਾਈ 1555 ਤੋਂ ਲੈ ਕੇ 13 ਫਰਵਰੀ1556 ਤੱਕ ਬੈਰਮ ਖਾਂ ਦੀ ਨਿਗਰਾਨੀ ਹੇਠ ਪੰਜਾਬ ਦਾ ਗਵਰਨਰ ਰਿਹਾ। ਇਸ ਸਮੇਂ ਦੌਰਾਨ ਅਕਬਰ ਨੇ ਬਹਾਦਰ ਤੇ ਚੰਗੇ ਤਜਰਬੇਕਾਰ ਜਰਨੈਲਾਂ ਨਾਲ ਆਪਣੀਆਂ ਫੌਜੀ ਮੁਹਿਮਾਂ ਸਾਂਦਲ ਬਾਰ ਦੇ ਇਲਾਕੇ ਵੱਲ ਰਵਾਨਾ ਕੀਤੀਆਂ। ਮੁਗ਼ਲਾਂ ਤੇ ਭੱਟੀਆਂ ਵਿਚਕਾਰ ਬੜੇ ਜ਼ੋਰ-ਸ਼ੋਰ ਨਾਲ ਲੜਾਈ ਹੁੰਦੀ ਰਹੀ, ਜਿਸ 'ਚ ਮੁਗ਼ਲਾਂ ਦੀ ਫਤਹਿ ਹੋ ਗਈ। ਮੁਗ਼ਲਾਂ ਨੇ ਕਿਲ੍ਹਾ ਫਰੀਦ, ਜਿਹੜਾ ਪਿੰਡੀ ਭੱਟੀਆਂ ਦੇ ਕੋਲ ਸੀ, ਨੂੰ ਤਬਾਹ ਕਰ ਦਿੱਤਾ। ਬਿਜਲੀ ਖਾਂ ਤੇ ਉਸ ਦੇ ਬੇਟੇ ਫਰੀਦ ਖਾਂ ਨੂੰ ਬੰਦੀ ਬਣਾ ਕੇ ਸ਼ਾਹੀ ਕਿਲ੍ਹੇ ਲਾਹੌਰ 'ਚ ਲਿਆਂਦਾ ਗਿਆ ਤੇ ਮੁਗ਼ਲ ਦਰਬਾਰ 'ਚ ਪੇਸ਼ ਕੀਤਾ ਗਿਆ। ਮੁਗ਼ਲਾਂ ਨੇ ਉਨ੍ਹਾਂ ਨੂੰ ਇਸ ਸ਼ਰਤ 'ਤੇ ਛੱਡਣ ਦਾ ਵਾਅਦਾ ਕੀਤਾ ਕਿ ਜੇਕਰ ਉਹ ਹਕੂਮਤੀ ਫ਼ੌਜਾਂ ਨੂੰ ਅਨਾਜ ਦੇਣਗੇ ਤੇ ਮੁਗ਼ਲ ਹਕੂਮਤ ਨੂੰ ਤਸਲੀਮ ਕਰਨਗੇ। ਪਰ ਇਨ੍ਹਾਂ ਗ਼ੈਰਤਮੰਦ ਪਿਉ-ਪੁੱਤਰਾਂ ਨੇ ਅਧੀਨਗੀ ਮੰਨਣ ਤੋਂ ਨਾਂਹ ਕਰ ਦਿੱਤੀ ਤੇ ਮੁਗ਼ਲਾਂ ਨੇ ਇਨ੍ਹਾਂ ਨੂੰ ਬਾਗ਼ੀ ਕਰਾਰ ਦਿੰਦੇ ਹੋਏ ਫਾਂਸੀ ਦੀ ਸਜ਼ਾ ਦੇ ਦਿੱਤੀ। ਮੁਗ਼ਲਾਂ ਦਾ ਇਹ ਜ਼ਾਲਮ ਰਵੱਈਆ ਇੱਥੇ ਹੀ ਨਹੀਂ ਮੁੱਕਿਆ ਬਲਕਿ ਉਨ੍ਹਾਂ ਨੇ ਇਨ੍ਹਾਂ ਦੀਆਂ ਲਾਸ਼ਾਂ 'ਚ ਤੂੜੀ ਭਰਵਾ ਕੇ ਨੁਮਾਇਸ਼ ਲਈ ਰੱਖ ਦਿੱਤੀਆਂ। ਇਹ ਉਨ੍ਹਾਂ ਨੇ ਲੋਕਾਂ 'ਚ ਹਕੂਮਤ ਦਾ ਡਰ ਪਾਉਣ ਲਈ ਕੀਤਾ ਸੀ ਕਿ ਜੋ ਮੁਗ਼ਲ ਹਕੂਮਤ ਨਾਲ ਟਕਰਾਏਗਾ, ਉਸ ਦਾ ਹਸ਼ਰ ਵੀ ਇਨ੍ਹਾਂ ਪਿਉ-ਪੁੱਤਰਾਂ ਵਰਗਾ ਹੀ ਹੋਵੇਗਾ। ਦੁੱਲੇ ਦੀ ਮਾਂ ਲੱਧੀ ਨੇ ਦੁੱਲੇ ਨੂੰ ਨਸੀਹਤ ਦਿੰਦੇ ਹੋਏ ਆਪਣਾ ਖਾਬ ਦੱਸਿਆ ਤੇ ਆਉਣ ਵਾਲੇ ਖਤਰੇ ਦੀ ਨਿਸ਼ਾਨਦੇਹੀ ਕਰਦੇ ਹੋਏ ਆਖਿਆ :-
ਤੇਰਾ ਸਾਂਦਲ ਦਾਦਾ ਮਾਰਿਆ,
ਦਿੱਤਾ ਭੋਰੇ ਦੇ ਵਿੱਚ ਪਾ।
ਮੁਗ਼ਲਾਂ ਪੁੱਠੀਆਂ ਖੱਲਾਂ ਲਾਹ ਕੇ,
ਭਰਿਆ ਨਾਲ ਹਵਾ।

ਪੰਜਾਬ ਦੇ ਇਹ ਰਾਜਪੂਤ ਆਪਣੀ ਗ਼ੈਰਤ ਤੇ ਆਪਣੀ ਧਰਤੀ ਲਈ ਮੁਗ਼ਲਾਂ ਸਾਹਮਣੇ ਡਟ ਗਏ। ਇਨ੍ਹਾਂ ਨੇ ਆਪਣੇ ਘਰ-ਬਾਰ ਤੇ ਸੁੱਖ-ਚੈਨ ਦੀ ਪਰਵਾਹ ਨਾ ਕਰਦੇ ਹੋਏ ਇਸ ਗੱਲ ਨੂੰ ਹੀ ਆਪਣਾ ਮਕਸਦ ਬਣਾਇਆ ਕਿ ਸਾਨੂੰ ਹਕੂਮਤ ਦੁਆਰਾ ਕੀਤਾ ਜਾ ਰਿਹਾ ਜ਼ੁਲਮ ਕਬੂਲ ਨਹੀਂ। ਅਸੀਂ ਮੁਗ਼ਲਾਂ ਦੀ ਹੁਕਮਰਾਨੀ ਕਦੇ ਵੀ ਨਹੀਂ ਮੰਨਦੇ, ਚਾਹੇ ਸਾਨੂੰ ਆਪਣੀਆਂ ਜਾਨਾਂ ਤੋਂ ਵੀ ਹੱਥ ਕਿਉਂ ਨਾ ਧੋਣੇ ਪੈਣ। ਉਹ ਏਨਾ ਵੱਡਾ ਕੰਮ ਕਰ ਗਏ ਕਿ ਸਦਾ ਅਮਰ ਰਹਿਣਗੇ। ਪੰਜਾਬ ਦੀ ਧਰਤੀ ਦੀ ਇਹ ਬੜੀ ਵੱਡੀ ਖੂਬੀ ਹੈ ਕਿ ਜਦੋਂ ਹੀ ਕੋਈ ਜ਼ਾਲਮ ਇੱਥੇ ਆਇਆ, ਉਦੋਂ ਹੀ ਜ਼ਾਲਮ ਦੇ ਜ਼ੁਲਮ ਨੂੰ ਖਤਮ ਕਰਨ ਲਈ ਕੁਦਰਤ ਨੇ ਕੋਈ ਨਾ ਕੋਈ ਬਹਾਨਾ ਬਣਾਈ ਰੱਖਿਆ। ਪੰਜਾਬ ਦੇ ਇਹ ਮੁਸਲਮਾਨ ਰਾਜਪੂਤ ਬੜੀ ਦਲੇਰੀ ਤੇ ਹਿੰਮਤ ਨਾਲ ਮੁਗ਼ਲਾਂ ਦਾ ਮੁਕਾਬਲਾ ਕਰਦੇ ਰਹੇ। ਆਪਣੀ ਗ਼ੈਰਤ 'ਤੇ ਆਪਣੇ ਹੱਕਾਂ ਲਈ ਇਨ੍ਹਾਂ ਨੇ ਆਪਣੀਆਂ ਜਾਨਾਂ ਦੇ ਨਜ਼ਰਾਨੇ ਦੇ ਦਿੱਤੇ ਪਰ ਜ਼ਾਲਮ ਹੁਕਮਰਾਨ ਅੱਗੇ ਸਿਰ ਨਹੀਂ ਝੁਕਾਇਆ।
ਪੰਜਾਬ ਦੇ ਕਿਸਾਨਾਂ ਨੇ ਮੁਗ਼ਲਾਂ ਨੂੰ ਹਰ ਕਿਸਮ ਦੇ ਟੈਕਸ ਦੇਣ ਤੋਂ ਇਨਕਾਰ ਕਰ ਦਿੱਤਾ। ਮੁਗ਼ਲਾਂ ਨੇ ਇਸ ਬਗ਼ਾਵਤ ਨੂੰ ਹਕੂਮਤ ਤੇ ਰਿਆਸਤ ਵਿਰੁੱਧ ਗੱਦਾਰੀ ਸਮਝਿਆ। ਮੁਗ਼ਲਾਂ ਨੇ ਇਨ੍ਹਾਂ ਕਿਸਾਨਾਂ ਨੂੰ ਸਬਕ ਸਿਖਾਉਣ ਲਈ ਫ਼ੌਜੀ ਕਾਫਲੇ ਭੇਜੇ। ਪਰ ਦੁੱਲਾ ਭੱਟੀ ਇਨ੍ਹਾਂ ਕਿਸਾਨਾਂ ਦਾ ਸਰਦਾਰ ਸੀ। ਉਸ ਨੇ ਮੁਗ਼ਲਾਂ ਦੀ ਕੋਈ ਵਾਹ ਪੇਸ਼ ਨਾ ਜਾਣ ਦਿੱਤੀ ਤੇ ਮੁਗ਼ਲਾਂ ਨੂੰ ਬੜੀ ਵੱਡੀ ਨਾਕਾਮੀ ਦਾ ਸਾਹਮਣਾ ਕਰਨਾ ਪਿਆ। ਇਸੇ ਵਜ੍ਹਾ ਕਾਰਨ ਹੀ ਮੁਗ਼ਲ ਬਾਦਸਾਹ ਅਕਬਰ ਨੇ ਪੰਦਰਾਂ ਸਾਲ ਤੱਕ ਆਪਣਾ ਦਰਬਾਰ ਲਾਹੌਰ 'ਚ ਲਾਈ ਰੱਖਿਆ ਤੇ ਹਰ ਕਿਸਮ ਦੀ ਕੋਸ਼ਿਸ਼ ਕੀਤੀ ਕਿ ਕਿਸੇ ਤਰੀਕੇ ਦੁੱਲੇ ਤੇ ਉਸ ਦੇ ਸਾਥੀਆਂ ਨੂੰ ਕਾਬੂ ਕੀਤਾ ਜਾ ਸਕੇ ਪਰ ਦੁੱਲਾ ਤੇ ਉਸ ਦੇ ਸਾਥੀ ਮੁਗ਼ਲਾਂ ਦੀ ਪਕੜ 'ਚ ਨਾ ਆਏ ਬਲਕਿ ਉਨ੍ਹਾਂ ਨੇ ਲੁਕ-ਛਿਪ ਕੇ ਮੁਗ਼ਲਾਂ ਦੇ ਕਾਫ਼ਲਿਆਂ 'ਤੇ ਹਮਲੇ ਕਰਕੇ ਉਨ੍ਹਾਂ ਨੂੰ ਲੁੱਟਣਾ ਤੇ ਫ਼ੌਜਾਂ ਨੂੰ ਮਾਰਨ ਦਾ ਕੰਮ ਜਾਰੀ ਰੱਖਿਆ। ਇਹ ਉਨ੍ਹਾਂ ਦਾ ਕੰਮ ਸੀ ਕਿਉਂਕਿ ਇਨ੍ਹਾਂ ਹੁਕਮਰਾਨਾਂ ਨੇ ਪੰਜਾਬ ਦੇ ਕਿਸਾਨਾਂ ਦਾ ਬੇੜਾ ਗਰਕ ਕਰ ਦਿੱਤਾ ਸੀ ਅਤੇ ਲੋਕ ਬੜੇ ਤੰਗ ਸਨ।

(ਬਾਕੀ ਅਗਲੇ ਐਤਵਾਰ ਦੇ ਅੰਕ 'ਚ)
ਲਿੱਪੀ-ਅੰਤਰ :-
1. ਰਾਜਵਿੰਦਰ ਸਿੰਘ ਸਿੱਧੂ
ਮੋਬਾਈਲ: +919855503224
2. ਸਰਬਜੀਤ ਸਿੰਘ ਸੰਧੂ,
ਮੋਬਾਈਲ: 9501011799

ਦੋ ਹਿੰਦੀ ਲਘੂ ਕਥਾਵਾਂ

ਉਪਕਾਰ ਦਾ ਬਦਲਾ
ਜਗਦੇ ਦੀਵੇ ਨੂੰ ਦੇਖ ਕੇ ਭੱਜਦੇ ਹੋਏ ਹਨੇਰੇ ਨੇ ਕਿਹਾ, 'ਤੂੰ ਜੀਹਦੇ ਲਈ ਸਾਰੀ ਰਾਤ ਆਪਣਾ ਜਿਸਮ ਬਾਲ ਕੇ ਮੈਨੂੰ ਭਜਾਉਂਦਾ ਏਂ, ਉਹ ਬੇਕਦਰੇ ਦਿਨ ਚੜ੍ਹਦੇ ਸਾਰ ਹੀ ਚੁੱਕ ਕੇ ਤੈਨੂੰ ਸੜਕ 'ਤੇ ਸੁੱਟ ਦਿੰਦੇ ਨੇ, ਫਿਰ ਕਿਉਂ ਤੂੰ ਉਨ੍ਹਾਂ ਦੇ ਲਈ ਆਪਣੇ-ਆਪ ਨੂੰ ਤਿਲ-ਤਿਲ ਸਾੜਦਾ ਏਂ?'
ਦੀਵਾ ਬੋਲਿਆ, 'ਗੱਲ ਤਾਂ ਤੇਰੀ ਠੀਕ ਹੈ, ਪਰ ਤੂੰ ਤਸਵੀਰ ਦਾ ਦੂਜਾ ਪਾਸਾ ਦੇਖਦਾ ਏਂ। ਮੈਨੂੰ ਜਗਾਉਣ ਤੋਂ ਪਹਿਲਾਂ ਉਹ ਮੇਰੀ ਪਿਆਸ ਘਿਓ ਜਾਂ ਤੇਲ ਨਾਲ ਸ਼ਾਂਤ ਕਰਦੇ ਹਨ ਅਤੇ ਫਿਰ ਬੱਤੀ ਨਾਲ ਮੇਰਾ ਮਿਲਾਪ ਕਰਾਉਂਦੇ ਹਨ। ਇਸ ਪ੍ਰਕਾਰ ਪਹਿਲਾਂ ਉਹ ਮੇਰੇ 'ਤੇ ਉਪਕਾਰ ਕਰਦੇ ਹਨ ਅਤੇ ਸਾਡੇ ਕੁੱਲ ਦੀ ਮਰਿਆਦਾ ਹੈ ਕਿ ਅਸੀਂ ਉਪਕਾਰ ਦੇ ਬਦਲੇ ਆਪਣਾ ਸਾਰਾ ਕੁਝ ਕੁਰਬਾਨ ਕਰ ਦਿੰਦੇ ਹਾਂ।'

-ਮੂਲ : ਰਘੂਵਿੰਦਰ ਯਾਦਵ

ਆਸ਼ੀਆਨਾ
ਸ਼ਹਿਰ ਵਿਚ ਅਚਾਨਕ ਆਏ ਇਕ ਨਵੇਂ ਕੁੱਤੇ ਨੂੰ ਸ਼ਹਿਰ ਕਹਿਣ ਲੱਗਾ, 'ਤੂੰ ਇਥੇ ਕਿਉਂ ਆਇਆ ਹੈਂ?'
ਕੁੱਤਾ, 'ਕਿਉਂਕਿ ਉਥੋਂ ਦੇ ਲੋਕਾਂ ਨੇ ਮੀਟ ਖਾਣਾ ਬੰਦ ਕਰ ਦਿੱਤਾ ਸੀ, ਇਸ ਲਈ ਇਥੇ ਆਇਆ ਹਾਂ।'
ਸ਼ਹਿਰ, 'ਤੂੰ ਆਪਣੇ ਪੁਰਾਣੇ ਸ਼ਹਿਰ ਵਾਪਸ ਮੁੜ ਜਾ।'
ਕੁੱਤਾ, 'ਕਿਉਂ?'
ਸ਼ਹਿਰ, 'ਕਿਉਂਕਿ ਇਥੇ ਲੋਕ ਮਾਸ ਨਹੀਂ ਖਾਂਦੇ ਪਰ ਇਕ-ਦੂਜੇ ਦਾ ਖ਼ੂਨ ਪੀਂਦੇ ਹਨ, ਗੋਲੀਆਂ ਖਾਂਦੇ ਹਨ, ਬੰਬ ਖਾਂਦੇ ਹਨ... ਨੇਤਾ ਇਥੇ ਰੋਜ਼ ਦੰਗੇ ਭੜਕਾਉਂਦੇ ਹਨ।'
ਕੁੱਤਾ, 'ਠੀਕ ਹੈ ਮੈਂ ਜਾ ਰਿਹਾ ਹਾਂ, ਜਿਥੇ ਜਾਨ ਨੂੰ ਹੀ ਖਤਰਾ ਹੋਵੇ ਉਥੇ ਮੈਂ ਇਕ ਪਲ ਵੀ ਨਹੀਂ ਠਹਿਰ ਸਕਦਾ। ਉਥੇ ਲੋਕ ਮੀਟ ਖਾਣਾ ਤਾਂ ਬੰਦ ਕਰ ਚੁੱਕੇ ਹਨ, ਪਰ ਬੇਜ਼ੁਬਾਨਾਂ ਨੂੰ ਰੋਟੀ ਦੇਣਾ ਨਹੀਂ ਭੁੱਲਦੇ।'

-ਮੂਲ : ਸੁਰੇਸ਼ ਸੋਰਭ
ਅਨੁ: ਨਿਰਮਲ ਪ੍ਰੇਮੀ
ਪਿੰਡ ਰਾਮਗੜ੍ਹ, ਡਾਕ: ਫਿਲੌਰ, ਜ਼ਿਲ੍ਹਾ ਜਲੰਧਰ।
ਮੋਬਾਈਲ : 94631-61691.


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX