ਤਾਜਾ ਖ਼ਬਰਾਂ


ਆਈ.ਪੀ.ਐਲ 2019 : ਬੰਗਲੌਰ ਨੇ ਪੰਜਾਬ ਨੂੰ 17 ਦੌੜਾਂ ਨਾਲ ਹਰਾਇਆ
. . .  1 day ago
ਲੜਕੀ ਨੂੰ ਅਗਵਾ ਕਰ ਸਾੜ ਕੇ ਮਾਰਿਆ, ਪੁਲਿਸ ਵੱਲੋਂ 2 ਲੜਕੇ ਕਾਬੂ
. . .  1 day ago
ਸ਼ੁਤਰਾਣਾ, 24 ਅਪ੍ਰੈਲ (ਬਲਦੇਵ ਸਿੰਘ ਮਹਿਰੋਕ)-ਪਟਿਆਲਾ ਜ਼ਿਲ੍ਹੇ ਦੇ ਪਿੰਡ ਗੁਲਾਹੜ ਵਿਖੇ ਇਕ ਨਾਬਾਲਗ ਲੜਕੀ ਨੂੰ ਪਿੰਡ ਦੇ ਹੀ ਕੁੱਝ ਲੜਕਿਆਂ ਵੱਲੋਂ ਅਗਵਾ ਕਰਕੇ ਉਸ ਨੂੰ ਅੱਗ ਲਗਾ ਕੇ ਸਾੜ ਕੇ ਮਾਰ ਦਿੱਤਾ ਗਿਆ ਹੈ। ਪੁਲਿਸ ...
ਆਈ.ਪੀ.ਐਲ 2019 : ਬੰਗਲੌਰ ਨੇ ਪੰਜਾਬ ਨੂੰ 203 ਦੌੜਾਂ ਦਾ ਦਿੱਤਾ ਟੀਚਾ
. . .  1 day ago
29 ਨੂੰ ਕਰਵਾਉਣਗੇ ਕੈਪਟਨ ਸ਼ੇਰ ਸਿੰਘ ਘੁਬਾਇਆ ਦੇ ਕਾਗ਼ਜ਼ ਦਾਖਲ
. . .  1 day ago
ਜਲਾਲਾਬਾਦ ,24 ਅਪ੍ਰੈਲ (ਹਰਪ੍ਰੀਤ ਸਿੰਘ ਪਰੂਥੀ ) - ਲੋਕ ਸਭਾ ਹਲਕਾ ਫ਼ਿਰੋਜ਼ਪੁਰ ਤੋਂ ਕਾਂਗਰਸ ਦੇ ਉਮੀਦਵਾਰ ਸ਼ੇਰ ਸਿੰਘ ਘੁਬਾਇਆ ਦੇ ਨਾਮਜ਼ਦਗੀ ਪੱਤਰ ਭਰਵਾਉਣ ਲਈ ਮੁੱਖ ਮੰਤਰੀ ਕੈਪਟਨ ...
ਆਈ.ਪੀ.ਐਲ 2019 : ਟਾਸ ਜਿੱਤ ਕੇ ਪੰਜਾਬ ਵੱਲੋਂ ਬੈਂਗਲੌਰ ਨੂੰ ਪਹਿਲਾ ਬੱਲੇਬਾਜ਼ੀ ਦਾ ਸੱਦਾ
. . .  1 day ago
ਕਾਰ ਵੱਲੋਂ ਟੱਕਰ ਮਾਰੇ ਜਾਣ ਕਾਰਨ ਐਕਟਿਵਾ ਸਵਾਰ ਲੜਕੀ ਦੀ ਮੌਤ
. . .  1 day ago
ਗੜ੍ਹਸ਼ੰਕਰ, 24 ਅਪ੍ਰੈਲ (ਧਾਲੀਵਾਲ) - ਗੜੰਸ਼ਕਰ-ਹੁਸ਼ਿਆਰਪੁਰ ਰੋਡ 'ਤੇ ਪਿੰਡ ਖਾਬੜਾ ਮੋੜ 'ਤੇ ਇੱਕ ਕਾਰ ਵੱਲੋਂ ਐਕਟਿਵਾ ਤੇ ਬੁਲਟ ਨੂੰ ਟੱਕਰ ਮਾਰੇ ਜਾਣ 'ਤੇ ਐਕਟਿਵਾ ਸਵਾਰ...
ਮਦਰਾਸ ਹਾਈਕੋਰਟ ਦੀ ਮਦੁਰਈ ਬੈਂਚ ਨੇ ਟਿਕਟਾਕ 'ਤੇ ਰੋਕ ਹਟਾਈ
. . .  1 day ago
ਚੇਨਈ, 24 ਅਪ੍ਰੈਲ - ਮਦਰਾਸ ਹਾਈਕੋਰਟ ਦੀ ਮਦੁਰਈ ਬੈਂਚ ਨੇ ਟਿਕਟਾਕ ਵੀਡੀਓ ਐਪ 'ਤੇ ਲੱਗੀ ਰੋਕ ਹਟਾ ਦਿੱਤੀ...
ਅੱਗ ਨਾਲ 100 ਤੋਂ 150 ਏਕੜ ਕਣਕ ਸੜ ਕੇ ਸੁਆਹ
. . .  1 day ago
ਗੁਰੂਹਰਸਹਾਏ, ੨੪ ਅਪ੍ਰੈਲ - ਨੇੜਲੇ ਪਿੰਡ ਸਰੂਪੇ ਵਾਲਾ ਵਿਖੇ ਤੇਜ ਹਵਾਵਾਂ ਦੇ ਚੱਲਦਿਆਂ ਬਿਜਲੀ ਦੀਆਂ ਤਾਰਾਂ ਸਪਾਰਕ ਹੋਣ ਕਾਰਨ ਲੱਗੀ ਅੱਗ ਵਿਚ 100 ਤੋਂ 150 ਏਕੜ ਕਣਕ...
ਜ਼ਬਰਦਸਤ ਹਨੇਰੀ ਤੂਫ਼ਾਨ ਨੇ ਕਿਸਾਨਾਂ ਨੂੰ ਪਾਇਆ ਚਿੰਤਾ 'ਚ
. . .  1 day ago
ਬੰਗਾ, 24 ਅਪ੍ਰੈਲ (ਜਸਬੀਰ ਸਿੰਘ ਨੂਰਪੁਰ) - ਵੱਖ ਵੱਖ ਇਲਾਕਿਆਂ 'ਚ ਚੱਲ ਰਹੀ ਤੇਜ ਹਨੇਰੀ ਅਤੇ ਝਖੜ ਨੇ ਕਿਸਾਨਾਂ ਨੂੰ ਚਿੰਤਾ 'ਚ ਪਾ ਦਿੱਤਾ ਹੈ। ਹਨੇਰੀ ਕਾਰਨ ਆਵਾਜ਼ਾਈ...
ਸੁਖਬੀਰ ਬਾਦਲ 26 ਨੂੰ ਦਾਖਲ ਕਰਨਗੇ ਨਾਮਜ਼ਦਗੀ
. . .  1 day ago
ਮਮਦੋਟ 24 ਅਪ੍ਰੈਲ (ਸੁਖਦੇਵ ਸਿੰਘ ਸੰਗਮ) - ਲੋਕ ਸਭਾ ਹਲਕਾ ਫ਼ਿਰੋਜ਼ਪੁਰ ਤੋਂ ਅਕਾਲੀ-ਭਾਜਪਾ ਗਠਜੋੜ ਦੇ ਉਮੀਦਵਾਰ ਸੁਖਬੀਰ ਸਿੰਘ ਬਾਦਲ 26 ਅਪ੍ਰੈਲ ਨੂੰ ਆਪਣੇ ਨਾਮਜ਼ਦਗੀ...
ਹੋਰ ਖ਼ਬਰਾਂ..

ਖੇਡ ਜਗਤ

ਸਾਈਨਾ ਨੇਹਵਾਲ ਤੇ ਪੀ. ਵੀ. ਸਿੰਧੂ ਤੋਂ ਬਾਅਦ ਕੌਣ?

ਵਰਣਨਯੋਗ ਹੈ ਕਿ ਸਾਈਨਾ (ਕਾਂਸੀ ਤਗਮਾ, ਲੰਡਨ 2012) ਤੇ ਸਿੰਧੂ (ਚਾਂਦੀ ਤਗਮਾ, ਰੀਓ 2016) ਦੋ ਇਸ ਤਰ੍ਹਾਂ ਦੀਆਂ ਖਿਡਾਰਨਾਂ ਹਨ ਜਿਨ੍ਹਾਂ ਨੇ ਬੈਡਮਿੰਟਨ ਵਿਚ ਦੇਸ਼ ਲਈ ਉਲੰਪਿਕ ਤਗਮੇ ਜਿੱਤੇ ਹਨ। ਆਪਣੇ 20ਵੇਂ ਜਨਮ ਦਿਨ ਤੋਂ ਪਹਿਲਾਂ ਸਾਈਨਾ ਜੂਨੀਅਰ ਵਰਲਡ ਚੈਂਪੀਅਨ ਬਣ ਚੁੱਕੀ ਸੀ, ਦੋ ਗ੍ਰੌਂ-ਪ੍ਰੀ ਗੋਲਡ, ਇਕ ਗ੍ਰੌਂ-ਪ੍ਰੀ, ਇਕ ਸੁਪਰ ਸੀਰੀਜ਼ ਜਿੱਤ ਚੁੱਕੀ ਸੀ ਅਤੇ 2008 ਦੇ ਬੀਜਿੰਗ ਉਲੰਪਿਕ ਵਿਚ ਵੀ ਹਿੱਸਾ ਲੈ ਚੁੱਕੀ ਸੀ। ਇਸੇ ਤਰ੍ਹਾਂ ਸਿੰਧੂ ਦੋ ਸੀਨੀਅਰ ਵਰਲਡ ਚੈਂਪੀਅਨਸ਼ਿਪ ਤਗਮੇ, ਰਾਸ਼ਟਰਮੰਡਲ ਖੇਡਾਂ ਤੇ ਏਸ਼ੀਆ ਖੇਡਾਂ ਵਿਚ ਪੋਡੀਅਮ ਫਿਨਿਸ਼, ਇਕ ਕੌਮਾਂਤਰੀ ਸੀਰੀਜ਼ ਜਿੱਤੀ ਅਤੇ ਤਿੰਨ ਗ੍ਰੌਂ-ਪ੍ਰੀ ਗੋਲਡ ਹਾਸਲ ਕਰ ਚੁੱਕੀ ਸੀ। ਪਰ ਨਾਗਪੁਰ ਵਿਚ ਨੈਸ਼ਨਲ ਚੈਂਪੀਅਨਸ਼ਿਪ ਦੇ ਦੌਰਾਨ ਇਸ ਬੇਚੈਨ ਕਰ ਦੇਣ ਵਾਲੇ ਪ੍ਰਸ਼ਨ ਦਾ ਉੱਤਰ ਨਹੀਂ ਮਿਲਿਆ ਕਿ ਮਹਿਲਾ ਬੈਡਮਿੰਟਨ ਵਿਚ ਸਾਈਨਾ ਤੇ ਸਿੰਧੂ ਦੇ ਬਾਅਦ ਕੌਣ? ਇਸ ਤਰ੍ਹਾਂ ਹੈ ਕਿ ਦੇਸ਼ ਵਿਚ ਕੁੜੀਆਂ ਬੈਡਮਿੰਟਨ ਨਹੀਂ ਖੇਡ ਰਹੀਆਂ ਹਨ। ਪਰ ਸਾਈਨਾ ਤੇ ਸਿੰਧੂ ਦੇ ਬਾਅਦ ਜੋ ਦੂਜੀ ਪੰਕਤੀ ਦੀ ਖੇਪ ਹੈ, ਉਹ ਇਨ੍ਹਾਂ ਦੋਵਾਂ ਤੋਂ ਪ੍ਰਤਿਭਾ ਤੇ ਕੋਸ਼ਿਸ਼ ਵਿਚ ਬਹੁਤ ਪਿੱਛੇ ਹਨ।
ਸਾਈਨਾ ਤੇ ਸਿੰਧੂ ਵਿਸ਼ਵ ਦੀਆਂ 'ਟੌਪ ਟੈੱਨ' ਖਿਡਾਰੀਆਂ ਵਿਚੋਂ ਹਨ, ਜਦੋਂ ਕਿ ਉਨ੍ਹਾਂ ਤੋਂ ਬਾਅਦ ਜੋ ਖਿਡਾਰਨਾਂ ਹਨ ਉਨ੍ਹਾਂ ਵਿਚ ਰਿਤੂਪਰਣੋ ਦਾਸ 51ਵੀਂ ਰੈਂਕਿੰਗ 'ਤੇ ਹੈ ਅਤੇ ਫਿਰ ਜੀ. ਰੁਥਵਿਕਾ ਸ਼ਿਵਾਨੀ (101), ਸ਼੍ਰੇਯਾਂਸ਼ੀ ਪਰਦੇਸ਼ੀ (141) ਤੇ ਅਨੁਰਾ ਪ੍ਰਭੂਦੇਸਾਈ (144) ਹੈ। ਇਨ੍ਹਾਂ ਤੋਂ ਇਲਾਵਾ ਦੋ ਕੁੜੀਆਂ ਨੂੰ ਵਿਸ਼ਵ ਜੂਨੀਅਰ ਵਿਚ ਰੈਂਕਿੰਗ ਹਾਸਲ ਹੈ-ਗਾਇਤਰੀ ਗੋਪੀਚੰਦ (196) ਤੇ ਆਕਰਸ਼ੀ ਕਸ਼ਿਅਪ (216)। ਨਾਗਪੁਰ ਵਿਚ ਆਕਰਸੀ ਕਸ਼ਿਅਪ ਵਿਚ ਹੀ ਫਿਲਹਾਲ ਕੁਝ ਦਮਖਮ ਨਜ਼ਰ ਆਇਆ, ਜਦੋਂ ਉਹ ਕਵਾਟਰ ਫਾਈਨਲ ਵਿਚ ਪਹੁੰਚੀ।
ਦੋਵਾਂ ਵਿਚ ਕਲਾਸ ਦਾ ਅੰਤਰ ਸਿਰਫ਼ ਅਨੁਭਵ ਤੇ ਉਮਰ ਨੂੰ ਲੈ ਕੇ ਹੀ ਨਹੀਂ ਹੈ। ਕਸ਼ਿਅਪ 16 ਸਾਲ ਦੀ ਹੈ ਅਤੇ ਇਸ ਉਮਰ ਵਿਚ ਸਾਈਨਾ ਨੇ ਫਿਲੀਪੀਨਸ ਓਪਨ ਵਿਚ ਆਪਣਾ ਪਹਿਲਾ ਜੀ. ਪੀ. ਗੋਲਡ (2006) ਜਿੱਤ ਲਿਆ ਸੀ। ਕਸ਼ਿਅਪ ਦੀ ਖੇਡ ਸਾਧਾਰਨ ਹੈ। ਸਟ੍ਰੋਕਸ ਸਾਫ ਸੁਥਰੇ, ਪਰ ਸਾਧਾਰਨ ਹਨ। ਵਿਵਿਧਤਾ ਦੀ ਘਾਟ ਹੈ। ਜਦੋਂ ਮੌਕਾ ਵੀ ਹੋਵੇ ਉਦੋਂ ਵੀ ਅੰਕ ਨੂੰ ਖ਼ਤਮ ਕਰਨ ਲਈ ਐਕਸ-ਫੈਕਟਰ ਨਹੀਂ ਹੈ। ਭਿਲਾਈ ਵਿਚ ਜਨਮੀ ਕਸ਼ਿਅਪ ਨੇ ਪਿਛਲੇ ਸਾਲ ਨੈਸ਼ਨਲਜ਼ ਵਿਚ ਕਾਂਸੀ ਤਗਮਾ ਜਿੱਤਿਆ ਸੀ, ਜਦੋਂ ਸਾਈਨਾ ਤੇ ਸਿੰਧੂ ਮੈਦਾਨ ਵਿਚ ਨਹੀਂ ਸਨ। ਉਨ੍ਹਾਂ ਵਿਚੋਂ ਜੋ ਸ਼ਟਲ ਨੂੰ ਕੋਰਟ 'ਤੇ ਹਰ ਕੋਨੇ ਤੋਂ ਚੁੱਕਣ ਦੀ ਤਾਕਤ ਹੈ, ਉਹ ਹੀ ਉਸ ਦੀ ਖੇਡ ਨੂੰ ਪ੍ਰਭਾਵਿਤ ਕਰਦੀ ਹੈ। ਉਨ੍ਹਾਂ ਨੂੰ ਆਪਣੀ ਖੇਡ ਵਿਚ ਜ਼ਿਆਦਾ ਸਾਕਾਰਾਤਮਕ ਹੋਣ ਅਤੇ ਅੰਕਾਂ ਨੂੰ ਜਲਦੀ ਖ਼ਤਮ ਕਰਨ ਦੀ ਤਾਕਤ ਲਿਆਉਣ ਦੀ ਜ਼ਰੂਰਤ ਹੈ। ਉਨ੍ਹਾਂ ਨੂੰ ਆਪਣਾ ਵਜ਼ਨ ਵੀ ਘੱਟ ਕਰਨ ਦੀ ਜ਼ਰੂਰਤ ਹੈ।
21 ਸਾਲਾ ਰਿਤੂਪਰਣੇ ਦਾਸ ਨੂੰ ਨਜ਼ਰਅੰਦਾਜ਼ ਕਰਨਾ ਮੁਸ਼ਕਿਲ ਹੈ, ਸਿੰਧੂ ਦੇ ਆਉਣ ਤੋਂ ਪਹਿਲਾਂ ਉਹ ਹੀ ਸਾਈਨਾ ਦੀ ਉੱਤਰਾਧਿਕਾਰੀ ਸਮਝੀ ਜਾਂਦੀ ਸੀ। ਉਸ ਦੇ ਕੋਲ ਸਾਰੇ ਸਟ੍ਰੋਕਸ ਹਨ ਅਤੇ ਆਪਣੀ ਵਿਰੋਧੀ ਦੇ ਸ਼ਾਟ ਦਾ ਅਨੁਮਾਨ ਲਗਾਉਣ ਵਿਚ ਜ਼ਬਰਦਸਤ ਤਾਕਤ ਵੀ। ਉਸ ਦੇ ਪਤਨ ਦਾ ਕਾਰਨ ਉਸ ਦਾ ਖਰਾਬ ਰਵੱਈਆ ਤੇ ਫਿਟਨੈੱਸ ਹੈ। ਉਸ ਦੀ ਰਫ਼ਤਾਰ ਵੀ ਕੌਮਾਂਤਰੀ ਪੱਧਰ ਦੀ ਨਹੀਂ ਹੈ। ਪਿਛਲੀ ਵਾਰ ਉਹ ਅਗਸਤ ਵਿਚ ਕੋਰਟ ਵਿਚ ਉਤਰੀ ਸੀ, ਉਦੋਂ ਤੋਂ ਜ਼ਖਮੀ ਹੈ। ਅਨੁਰਾ ਪ੍ਰਭੂਦੇਸਾਈ ਨੂੰ ਲੰਬੇ ਕਦ ਦੇ ਕਾਰਨ ਪਹਿਲੀ ਵਾਰ ਦੇਖਣ 'ਤੇ ਸਿੰਧੂ ਨਾਲ ਤੁਲਨਾ ਕਰਨ ਦਾ ਮਨ ਕਰਦਾ ਹੈ। ਗੋਆ ਦੀ ਇਹ ਕੁੜੀ 5 ਫੁੱਟ 9 ਇੰਚ ਦੀ ਹੈ, ਸਿੰਧੂ ਤੋਂ ਸਿਰਫ 2 ਇੰਚ ਛੋਟੀ। ਉਸ ਦੀ ਖੇਡ ਵੀ ਲੰਬੇ ਖਿਡਾਰੀ ਦੀ ਸ਼ੈਲੀ ਦੇ ਅਨੁਸਾਰ ਹੈ। ਉਹ ਹਮਲਾਵਰ ਖਿਡਾਰੀ ਹੈ, ਸਮੈਸ਼ ਮਾਰਨਾ ਤੇ ਨੈੱਟ ਖੇਡ ਨੂੰ ਪਸੰਦ ਕਰਦੀ ਹੈ। ਕਦ ਦੇ ਲਾਭ ਦੇ ਬਾਵਜੂਦ 19 ਸਾਲ ਦੀ ਅਨੁਰਾ ਹਾਲੇ ਆਪਣੇ-ਆਪ ਨੂੰ ਸਥਾਪਿਤ ਕਰਨ ਦੀ ਹੀ ਕੋਸ਼ਿਸ਼ ਕਰ ਰਹੀ ਹੈ ਜਦੋਂ ਕਿ ਇਸ ਉਮਰ ਵਿਚ ਸਿੰਧੂ ਨੇ ਤਿੰਨ ਜੀ. ਪੀ. ਗੋਲਡ ਤੇ ਦੋ ਸੀਨੀਅਰ ਵਰਲਡ ਚੈਂਪੀਅਨਸ਼ਿਪ ਤਗਮੇ ਜਿੱਤ ਲਏ ਸਨ।
ਗਾਇਤਰੀ ਗੋਪੀਚੰਦ ਦਾ ਸਰਲ ਤੇ ਸੰਤੁਲਿਤ ਖੇਡ ਹੈ ਅਤੇ ਉਹ ਪ੍ਰਤਿਭਾ ਨਾਲ ਭਰੀ ਹੋਈ ਹੈ। ਸਰਨੇਮ 'ਗੋਪੀਚੰਦ' ਦਾ ਦਬਾਅ ਜ਼ਰੂਰ ਹੈ, ਪਰ 14 ਸਾਲ ਦੀ ਇਹ ਕੁੜੀ ਇਕਦਮ ਸਹੀ ਦਿਸ਼ਾ ਵਿਚ ਅੱਗੇ ਵਧ ਰਹੀ ਹੈ। ਇਸ ਸਮੇਂ ਉਹ ਆਪਣੇ ਸਟ੍ਰੋਕਸ ਤੇ ਕੋਰਟ ਕਲਾ 'ਤੇ ਕੰਮ ਕਰ ਰਹੀ ਹੈ। ਸਮੇਂ ਦੇ ਨਾਲ ਸਟੈਮਿਨਾ ਤੇ ਤਾਕਤ ਵੀ ਆ ਜਾਵੇਗੀ। ਗਾਇਤਰੀ ਵਿਚ ਬਹੁਤ ਅੱਗੇ ਜਾਣ ਦੀ ਤਾਕਤ ਹੈ। 19 ਸਾਲ ਦੀ ਸ਼੍ਰੇਯਾਂਸ਼ੀ ਪਰਦੇਸੀ 5 ਫੁੱਟ ਤੋਂ ਸਿਰਫ਼ 1 ਇੰਚ ਉੱਪਰ ਹੈ। ਉਸ ਦੀ ਖੇਡ ਸ਼ਟਲ ਚੁੱਕਣ ਦਾ ਜ਼ਿਆਦਾ ਹਮਲਾਵਰ ਕੰਮ ਹੈ। ਇੰਦੌਰ ਦੀ ਇਹ ਕੁੜੀ 2011 ਤੋਂ ਹੈਦਰਾਬਾਦ ਵਿਚ ਗੋਪੀਚੰਦ ਅਕਾਦਮੀ ਵਿਚ ਸਿੱਖਿਆ ਲੈ ਰਹੀ ਹੈ ਅਤੇ ਉਸ ਦਾ ਫੋਕਸ ਫਿਟਨੈੱਸ ਤੇ ਰਫ਼ਤਾਰ 'ਤੇ ਹੈ ਤਾਂ ਕਿ ਕਦ ਦੀ ਘਾਟ ਦੀ ਭਰਪਾਈ ਕੀਤੀ ਜਾ ਸਕੇ। ਵਜ਼ਨ ਵੀ ਘੱਟ ਕਰਨਾ ਹੈ ਤਾਂ ਕਿ ਰਫ਼ਤਾਰ ਵਧ ਸਕੇ।


-ਇਮੇਜ ਰਿਫਲੈਕਸ਼ਨ ਸੈਂਟਰ


ਖ਼ਬਰ ਸ਼ੇਅਰ ਕਰੋ

'ਖੇਲੋ ਇੰਡੀਆ' ਦਾ ਮੁੱਖ ਨਿਸ਼ਾਨਾ ਦੇਸ਼ ਦੇ ਪਿੰਡਾਂ ਨੂੰ ਉਲੰਪਿਕ ਮੰਚ ਨਾਲ ਜੋੜਨਾ-ਰਾਠੌੜ

ਦੇਸ਼ ਦੇ ਇਤਿਹਾਸ ਵਿਚ ਪਹਿਲੀ ਵਾਰ 'ਖੇਲੋ ਇੰਡੀਆ' ਸਕੂਲ ਖੇਡਾਂ ਦੇ ਅੰਡਰ 17 ਸਾਲ ਵਰਗ ਦੇ 16 ਖੇਡਾਂ ਦੇ ਮੁਕਾਬਲੇ ਦੇਸ਼ ਦੀ ਰਾਜਧਾਨੀ ਨਵੀਂ ਦਿੱਲੀ ਵਿਖੇ ਕਰਵਾਏ ਗਏ। ਭਾਰਤ ਦੇ ਖੇਡ ਮੰਤਰੀ ਉਲੰਪਿਕ ਤਗਮਾ ਜੇਤੂ ਰਾਜਵਰਧਨ ਸਿੰਘ ਰਾਠੌੜ ਨੇ ਦੱਸਿਆ ਕਿ ਇਨ੍ਹਾਂ ਖੇਡਾਂ ਦਾ ਮੁੱਖ ਨਿਸ਼ਾਨਾ ਦੇਸ਼ ਦੇ ਪਿੰਡਾਂ ਨੂੰ ਉਲੰਪਿਕ ਮੰਚ ਦੇ ਨਾਲ ਜੋੜਨ ਦਾ ਸੀ, ਜੋ ਕਾਫੀ ਹੱਦ ਤੱਕ ਸਫਲ ਰਿਹਾ। ਇਨ੍ਹਾਂ ਖੇਡਾਂ ਦੀ ਸਫਲਤਾ 'ਤੇ ਉਨ੍ਹਾਂ ਆਪਣੇ ਵਿਚਾਰ ਖੁੱਲ੍ਹ ਕੇ ਪ੍ਰਗਟ ਕੀਤੇ।
* 'ਖੇਲੋ ਇੰਡੀਆ' ਸਕੂਲ ਖੇਡਾਂ ਕਿਵੇਂ ਦੂਜੀਆਂ ਸਕੂਲ ਖੇਡਾਂ ਤੋਂ ਵੱਖ ਸਨ?
-ਅਸੀਂ ਚਾਹੁੰਦੇ ਸੀ ਕਿ ਦੇਸ਼ ਦੇ ਸਕੂਲੀ ਖਿਡਾਰੀਆਂ ਲਈ ਐਸਾ ਟੂਰਨਾਮੈਂਟ ਹੋਵੇ, ਜਿਸ ਵਿਚ ਉਹ ਆਪਣੇ ਵੇਖਣ ਵਾਲੇ ਸੁਪਨੇ ਸੱਚ ਕਰ ਸਕਣ, ਟੀ.ਵੀ. 'ਤੇ ਆ ਸਕਣ, ਸਾਰੀਆਂ ਸਹੂਲਤਾਂ ਦੇ ਨਾਲ ਖੇਡ ਕੇ ਦੇਸ਼ ਦੇ ਹੀਰੋ ਬਣ ਸਕਣ ਤੇ ਅੰਤਰਰਾਸ਼ਟਰੀ ਅਥਲੀਟ ਬਣਨ ਲਈ ਅਗਲਾ ਕਦਮ ਵਧਾ ਸਕਣ। ਪਹਿਲਾਂ ਸਕੂਲੀ ਖੇਡਾਂ 'ਚ ਐਨੇ ਦਰਸ਼ਕ ਕਦੇ ਵੀ ਨਹੀਂ ਜੁੜੇ ਸਨ। ਹਰ ਖਿਡਾਰੀ ਦਾ ਇਕ ਸੁਪਨਾ ਹੁੰਦਾ ਹੈ ਕਿ ਉਹ ਉਲੰਪਿਕ ਵਿਚ ਤਿਰੰਗੇ ਲਈ ਖੇਡੇ ਤੇ ਇਸ ਸੁਪਨੇ ਨੂੰ ਸੱਚ ਕਰਨ ਦੀ ਦਿਸ਼ਾ ਵਿਚ ਅਸੀਂ ਇਹ ਪਹਿਲ ਕੀਤੀ ਹੈ।
* ਇਹ ਪਲੇਟਫਾਰਮ ਕਿਹੜੇ ਖਿਡਾਰੀਆਂ ਲਈ ਸੀ?
-ਸਪੋਰਟਸ ਰਾਜ ਦਾ ਵਿਸ਼ਾ ਹੈ ਤੇ ਹੇਠਲੇ ਪੱਧਰ ਤੋਂ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਰਾਜ ਜ਼ਿੰਮੇਵਾਰ ਹਨ ਤੇ ਇਸ ਤੋਂ ਬਾਅਦ ਫੈਡਰੇਸ਼ਨਾਂ ਹਨ, ਜੋ ਖੇਡਾਂ ਦਾ ਵਿਕਾਸ ਕਰਕੇ ਖਿਡਾਰੀਆਂ ਨੂੰ ਉਪਰਲੇ ਪੱਧਰ 'ਤੇ ਲੈ ਕੇ ਜਾਣ ਲਈ ਜ਼ਿੰਮੇਵਾਰ ਹਨ ਤੇ ਕੇਂਦਰ ਸਰਕਾਰ ਇਨ੍ਹਾਂ ਦੋਵਾਂ ਦੀ ਮਦਦ ਕਰ ਰਹੀ ਹੈ ਤੇ ਇਹ ਨੌਜਵਾਨ ਖਿਡਾਰੀਆਂ ਲਈ ਮੰਚ ਹੈ ਤੇ ਯੰਗ ਟੇਲੈਂਟ ਦੀ ਚੋਣ ਕਰਕੇ ਉਨ੍ਹਾਂ ਨੂੰ ਏਸ਼ੀਅਨ ਖੇਡਾਂ ਤੇ ਰਾਸ਼ਟਰ ਮੰਡਲ ਖੇਡਾਂ ਦੀ ਤਰਜ਼ 'ਤੇ ਟੂਰਨਾਮੈਂਟ ਦੇ ਕੇ ਤਿਆਰ ਕਰਨਾ ਹੈ।
* 'ਖੇਲੋ ਇੰਡੀਆ' ਸਕੂਲ ਖੇਡਾਂ ਵਿਚ ਕਿਸ ਤਰ੍ਹਾਂ ਦੀ ਪ੍ਰਤਿਭਾ ਵਿਖਾਈ ਦਿੱਤੀ...?
-ਸਾਡੇ ਕੋਲ ਦਰੋਣਾਚਾਰੀਆ ਤੇ ਅਰਜਨ ਐਵਾਰਡੀ ਖਿਡਾਰੀਆਂ ਦੀ ਚੋਣ ਕਮੇਟੀ ਹੈ ਤੇ ਉਹ ਇਨ੍ਹਾਂ ਖੇਡਾਂ ਵਿਚੋਂ ਚੰਗੇ ਟੇਲੈਂਟ ਦੀ ਚੋਣ ਕਰ ਰਹੀ ਹੈ ਤੇ ਜੋ ਵੀ ਕਮੇਟੀ ਖਿਡਾਰੀਆਂ ਦੀ ਸਿਫਾਰਸ਼ ਕਰੇਗੀ, ਫਿਰ ਉਸ 'ਤੇ ਗੌਰ ਕੀਤਾ ਜਾਵੇਗਾ।
* ਹੇਠਲੇ ਪੱਧਰ 'ਤੇ ਖਿਡਾਰੀਆਂ ਨੂੰ ਸਹੂਲਤਾਂ ਦੀ ਘਾਟ ਹੈ ਤੇ ਇਸ ਨੂੰ ਦੂਰ ਕਰਨ ਲਈ ਕੀ ਯੋਜਨਾ ਹੈ?
-ਅਸੀਂ ਇਨ੍ਹਾਂ ਖਿਡਾਰੀਆਂ ਲਈ ਸੈਂਟਰ ਆਫ ਐਕਸੀਲੈਂਸ ਦੀ ਪਛਾਣ ਕਰ ਰਹੇ ਹਾਂ, ਤਾਂ ਜੋ ਸਾਈ ਦੇ ਖੇਡ ਸੈਂਟਰ ਹੋਣਗੇ ਤੇ ਕਈ ਸਾਡੇ ਉਲੰਪੀਅਨ ਅਕੈਡਮੀਆਂ ਚਲਾ ਰਹੇ ਹਨ ਤੇ ਪ੍ਰਾਈਵੇਟ ਖੇਡ ਸੈਂਟਰ ਵੀ ਹਨ ਤੇ ਅਸੀਂ ਇਨ੍ਹਾਂ ਨੂੰ ਸਰਕਾਰ ਵਲੋਂ ਫੰਡ ਅਲਾਟ ਕਰਾਂਗੇ ਤੇ ਪਹਿਲੇ ਗੇੜ ਵਿਚ ਅਸੀਂ ਅਕੈਡਮੀਆਂ ਦੀ ਪਛਾਣ ਕਰ ਰਹੇ ਹਾਂ ਤੇ ਇਸ ਤੋਂ ਬਾਅਦ ਫੰਡ ਤੇ ਖੇਡ ਸਹੂਲਤਾਂ ਨਾਲ ਲੈਸ ਕਰਾਂਗੇ।
* 'ਖੇਲੋ ਇੰਡੀਆ' ਦਾ ਅਗਲਾ ਕਦਮ ਕੀ ਹੋਵੇਗਾ?
-ਸਾਡਾ ਪਹਿਲਾ ਮਿਸ਼ਨ ਸੀ ਪਿੰਡਾਂ ਨੂੰ ਉਲੰਪਿਕ ਮੰਚ ਨਾਲ ਜੋੜਨਾ ਤੇ ਇਸ ਵਿਚ ਅਸੀਂ ਕਾਮਯਾਬ ਵੀ ਹੋਏ ਹਾਂ ਤੇ ਸਾਡਾ ਅਗਲਾ ਮਿਸ਼ਨ 'ਖੇਲੋ ਇੰਡੀਆ' ਕਾਲਜ ਗੇਮਜ਼ ਦਾ ਹੈ।
* ਉਲੰਪਿਕ ਟਾਸਕ ਫੋਰਸ ਦੀਆਂ ਸਿਫਾਰਸ਼ਾਂ ਨੂੰ ਕਿੱਥੋਂ ਤੱਕ ਲਾਗੂ ਕੀਤਾ ਹੈ?
-ਇਸ ਲਈ ਕੰਮ ਜ਼ੋਰਾਂ 'ਤੇ ਚੱਲ ਰਿਹਾ ਹੈ ਤੇ ਦੇਸ਼ ਵਿਚ ਇਕ ਸਹੀ ਤੇ ਠੋਸ ਢਾਂਚਾ ਖੇਡਾਂ ਦਾ ਬਣੇ ਤੇ ਸਾਨੂੰ 2020 ਦੀਆਂ ਉਲੰਪਿਕ ਖੇਡਾਂ ਲਈ ਚੰਗੇ ਨਤੀਜੇ ਮਿਲ ਸਕਣ।
* ਬਤੌਰ ਖੇਡ ਮੰਤਰੀ ਤੁਹਾਨੂੰ ਕਿਸ ਤਰ੍ਹਾਂ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ?
-ਪਹਿਲਾਂ ਸਾਡੇ ਕੋਲ ਪੈਸੇ ਦੀ ਘਾਟ ਸੀ ਤੇ ਫਾਈਲਾਂ ਦੇ ਨਾਲ ਘੁੰਮਣਾ ਪੈਂਦਾ ਸੀ ਤੇ ਸਾਈ ਦੇ ਚੰਗੇ ਅਧਿਕਾਰੀਆਂ ਦੇ ਤਾਲਮੇਲ ਨਾਲ ਇਹ ਸੰਭਵ ਹੋ ਸਕਿਆ ਹੈ ਤੇ ਹੁਣ ਅਸੀਂ ਦੇਸ਼ ਵਿਚ ਇਕ ਚੰਗਾ ਖੇਡ ਸੱਭਿਆਚਾਰ ਤੇ ਵਾਤਾਵਰਨ ਪੈਦਾ ਕਰਨ ਵਿਚ ਸਫਲ ਹੋਏ ਹਾਂ ਤੇ ਅੱਜ ਅਸੀਂ ਦੇਸ਼ ਦੀਆਂ ਖੇਡਾਂ ਨੂੰ ਨਵੀ ਦਿਸ਼ਾ ਦੇਣ ਲਈ ਸਮਰੱਥ ਹੋ ਗਏ ਹਾਂ ਤੇ ਇਸ ਦੇ ਨਤੀਜੇ ਆਉਣ ਵਾਲੇ ਸਮੇਂ ਵਿਚ ਦੇਸ਼ ਵਾਸੀ ਵੇਖਣਗੇ।


-ਮੋਬਾ: 98729-78781

ਕਦੇ ਦੁਨੀਆ 'ਚ ਵੱਜਦਾ ਸੀ ਭਾਰਤੀ ਫੁੱਟਬਾਲ ਦਾ ਡੰਕਾ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਫੁੱਟਬਾਲ 'ਚ ਮਹਾਂਸ਼ਕਤੀ ਤੋਂ ਫਾਡੀ ਹੁੰਦੇ ਗਏ। ਕਿਹਾ ਜਾਂਦਾ ਹੈ ਕਿ ਭਾਰਤੀ ਖਿਡਾਰੀ ਸਰੀਰਕ ਤੌਰ 'ਤੇ ਕਮਜ਼ੋਰ ਹਨ। ਖੈਰ, ਕੁਝ ਹੱਦ ਤੱਕ ਇਹ ਤਰਕ ਠੀਕ ਵੀ ਹੈ ਪਰ ਭਾਰਤੀ ਸੁਪਰ ਲੀਗ (ਆਈ.ਐਸ.ਐਲ.) ਤੋਂ ਬਾਅਦ ਅਜਿਹਾ ਨਹੀਂ ਕਿਹਾ ਜਾ ਸਕਦਾ। ਭਾਰਤੀ ਫੁੱਟਬਾਲਰ ਵਿਦੇਸ਼ੀ ਖਿਡਾਰੀਆਂ ਨਾਲ ਖੇਡ ਰਹੇ ਹਨ, ਇਥੋਂ ਤੱਕ ਕਿ ਉਨ੍ਹਾਂ ਖਿਡਾਰੀਆਂ ਨਾਲ ਜੋ ਵਿਸ਼ਵ ਦੀਆਂ ਵੱਡੀਆਂ ਲੀਗਾਂ ਸਮੇਤ ਵਿਸ਼ਵ ਕੱਪ 'ਚ ਵੀ ਖੇਡੇ ਹਨ। ਇਥੇ ਇਹ ਤਰਕ ਕੁਝ ਹੱਦ ਤੱਕ ਬੇਮਾਇਨਾ ਲਗਦਾ ਹੈ।
ਦਰਅਸਲ ਫੁੱਟਬਾਲ 'ਚ ਕਿਸੇ ਦੇਸ਼ ਦੀ ਪਛਾਣ ਉਸ ਦੀ ਖੇਡਣ ਵਾਲੀ ਸ਼ੈਲੀ ਕਰਕੇ ਹੁੰਦੀ ਹੈ। ਹਾਲੈਂਡ ਟੋਟਲ ਫੁੱਟਬਾਲ ਲਈ ਜਾਣਿਆ ਜਾਂਦਾ ਹੈ, ਇਟਲੀ ਟੀਮ ਦਾ ਡਿਫੈਂਸ 'ਤੇ ਜ਼ੋਰ ਹੁੰਦਾ ਹੈ। ਸਪੇਨ ਟਿਕੀ ਟਾਕਾ ਸ਼ੈਲੀ ਅਪਣਾਉਂਦਾ ਹੈ, ਜੋ ਸ਼ਾਰਟ ਪਾਸ ਅਤੇ ਬਹੁਤ ਸਾਰੇ ਮੂਵਮੈਂਟ 'ਤੇ ਕੇਂਦਰਿਤ ਹੁੰਦੀ ਹੈ। ਬ੍ਰਾਜ਼ੀਲ ਸਾਬਾ ਸਟਾਈਲ ਦਾ ਬਾਦਸ਼ਾਹ ਹੈ। ਭਾਰਤ ਦੀ ਫੁੱਟਬਾਲ ਵਿਚ ਇਕ ਖਾਸ ਪਹਿਚਾਣ ਸੀ। 1951 ਤੋਂ 1962 ਤੱਕ ਭਾਰਤ ਏਸ਼ੀਆ 'ਚ ਸਰਵਸ੍ਰੇਸ਼ਟ ਸੀ ਤੇ ਭਾਰਤੀ ਟੀਮ ਨੂੰ 'ਬ੍ਰਾਜ਼ੀਲ ਆਫ ਏਸ਼ੀਆ' ਕਹਿ ਕੇ ਜਾਣਿਆ ਜਾਂਦਾ ਸੀ। ਕਿਉਂਕਿ ਟੀਮ ਦੇ ਖਿਡਾਰੀ ਸ਼ਾਰਟ ਪਾਸ 'ਚ ਨਿਪੁੰਨ ਸਨ ਤੇ ਉਨ੍ਹਾਂ ਨੂੰ ਡਰਿਬਿਲਿੰਗ 'ਚ ਮੁਹਾਰਤ ਹਾਸਲ ਸੀ। ਬਾਅਦ 'ਚ ਖੇਡ ਦੀ ਪੱਧਰ 'ਚ ਗਿਰਾਵਟ ਦੇ ਨਾਲ ਹੀ ਭਾਰਤੀ ਫੁੱਟਬਾਲ ਵਿਦੇਸ਼ੀ ਕੋਚਾਂ ਦੇ ਹੱਥੇ ਚੜ੍ਹਦਾ ਗਿਆ। ਪਿਛਲੇ ਕਈ ਦਹਾਕਿਆਂ ਤੋਂ ਭਾਰਤੀ ਫੁੱਟਬਾਲ ਨੇ ਵਿਦੇਸ਼ੀ ਕੋਚਾਂ ਦੇ ਸਾਹਮਣੇ ਸਮਰਪਣ ਕਰ ਦਿੱਤਾ ਹੈ। ਵਿਦੇਸ਼ੀ ਕੋਚਾਂ ਦੀਆਂ ਨਿੱਜੀ ਖਾਹਿਸ਼ਾਂ ਦੇ ਚਲਦਿਆਂ ਭਾਰਤੀ ਫੁੱਟਬਾਲ ਸ਼ੈਲੀ ਪਹਿਚਾਣ ਖੋਂਹਦੀ ਗਈ। ਜਿਸ ਖੇਡ 'ਚ ਅਸੀਂ ਸਿਖਰ 'ਤੇ ਸੀ ਤੇ ਹੁਣ ਟਾਪ 100 ਦੇਸ਼ਾਂ ਦੀ ਸੂਚੀ 'ਚ ਭਾਰਤ ਆਖਰੀ ਅੰਕੜਿਆਂ 'ਤੇ ਹੈ। ਦੋ ਕੁ ਸਾਲ ਪਹਿਲਾਂ ਤਾਂ ਭਾਰਤ ਵਿਸ਼ਵ ਦਰਜਾਬੰਦੀ 'ਚ ਲਗਪਗ 150ਵੇਂ ਨੰਬਰ ਤੋਂ ਵੀ ਪਿੱਛੇ ਸੀ।
ਦਰਅਸਲ ਭਾਰਤ ਫੁੱਟਬਾਲ ਲਈ ਉਹ ਮਾਹੌਲ ਵੀ ਤਿਆਰ ਨਹੀਂ ਕਰ ਸਕਿਆ, ਜਿਸ ਨਾਲ ਅਸੀਂ ਫਿਰ ਮਜ਼ਬੂਤੀ ਨਾਲ ਪੈਰ ਜਮਾ ਸਕੀਏ। 1983 ਦੇ ਕ੍ਰਿਕਟ ਕੱਪ ਤੋਂ ਬਾਅਦ ਤਾਂ ਤਸਵੀਰ ਹੀ ਬਦਲ ਗਈ। ਭਾਰਤ 'ਚ ਇਹ ਖੇਡ ਧਰਮ ਬਣ ਗਿਆ ਤੇ ਕ੍ਰਿਕਟਰ ਭਗਵਾਨ ਦੀ ਤਰ੍ਹਾਂ ਪੂਜੇ ਜਾਣ ਲੱਗੇ। ਕ੍ਰਿਕਟ ਹੁਣ ਪੂਰੀ ਤਰ੍ਹਾਂ ਜਨ-ਮਾਨਸ 'ਤੇ ਛਾ ਗਿਆ ਹੈ, ਵਿਸ਼ਵਨਾਥਨ ਅਨੰਦ, ਅਭਿਨਵ ਬਿੰਦਰਾ, ਪੰਕਜ ਅਡਵਾਨੀ, ਸਾਇਨਾ ਨੇਹਵਾਲ, ਪੀ. ਬੀ. ਸਿੰਧੂ ਆਦਿ ਵਰਗੇ ਖਿਡਾਰੀ ਅੱਗੇ ਆਏ ਤੇ ਆਪਣੀ ਖੇਡ ਦੇ ਸੈਲਫ ਅੰਬੈਸਡਰ ਬਣ ਗਏ। ਫੁੱਟਬਾਲ 'ਚ ਬਾਈਚੁੰਗ ਭੁਟੀਆ ਤੋਂ ਸ਼ੁਰੂ ਹੋ ਕੇ ਸੁਨੀਲ ਛੇਤਰੀ ਤੱਕ ਦੋ ਹੀ ਨਾਂਅ ਸਾਡੇ ਜ਼ਿਹਨ 'ਚ ਆਉਂਦੇ ਹਨ। ਇਸ ਦੇ ਨਾਲ ਹੀ ਫੁੱਟਬਾਲ ਆਪਣੀ ਪ੍ਰਾਥਮਿਕਤਾ ਤੋਂ ਬਾਹਰ ਹੋ ਗਿਆ। ਜਾਣਕਾਰਾਂ ਦਾ ਮੰਨਣਾ ਹੈ ਕਿ ਭਾਰਤੀ ਫੁੱਟਬਾਲ ਨੂੰ ਆਪਣਾ ਖੋਹਿਆ ਹੋਇਆ ਰੁਤਬਾ ਹਾਸਲ ਕਰਨ ਲਈ ਚੀਨ ਵਾਲਾ ਮਾਡਲ ਅਪਣਾਉਣਾ ਚਾਹੀਦਾ ਹੈ। ਗੁਆਂਢੀ ਦੇਸ਼ ਨੇ ਜਿਸ ਤਰ੍ਹਾਂ ਫੁੱਟਬਾਲ ਦਾ ਯੋਜਨਾਬੱਧ ਢਾਂਚਾ ਖੜ੍ਹਾ ਕੀਤਾ ਤੇ ਖੇਡ 'ਚ ਨਿਵੇਸ਼ ਵੀ ਕੀਤਾ, ਨਤੀਜਾ ਹੌਲੀ-ਹੌਲੀ ਸਾਹਮਣੇ ਆ ਰਿਹਾ ਹੈ। ਅੱਜ ਭਾਰਤੀ ਟੀਮ ਵਿਸ਼ਵ ਰੈਂਕਿੰਗ 'ਚ ਲਗਪਗ 100ਵੇਂ ਨੰਬਰ 'ਤੇ ਹੈ, ਕੁਝ ਸਮਾਂ ਪਹਿਲਾਂ ਤਾਂ ਬਹੁਤ ਪਛੜ ਗਏ ਸੀ।
ਫੀਫਾ ਦੇ ਸਾਬਕਾ ਮੁਖੀ ਸੈਪ ਬਲਾਟਰ ਨੇ ਭਾਰਤ ਨੂੰ 'ਫੁੱਟਬਾਲ ਦੀ ਸੁੱਤੀ ਹੋਈ ਸ਼ਕਤੀ' ਦੱਸਿਆ ਸੀ। ਵਿਦੇਸ਼ੀ ਕੋਚ ਬਾਬ ਹਾਟਨ ਜਦੋਂ ਭਾਰਤੀ ਟੀਮ ਦੇ ਕੋਚ ਸਨ ਤਾਂ ਉਹ ਕਿਹਾ ਕਰਦੇ ਸਨ ਇਸ ਖੇਡ ਪ੍ਰਤੀ ਭਾਰਤ 'ਚ ਕਿਸੇ ਨੂੰ ਵੀ ਚਿੰਤਾ ਨਹੀਂ ਹੈ, ਉਸ ਦੇ ਮੁਤਾਬਕ ਕੀ ਮਹਾਂਸ਼ਕਤੀ ਨੂੰ ਉਠਾਉਣ 'ਚ ਕਾਫੀ ਸਮਾਂ ਲੱਗੇਗਾ? ਆਖਰ ਕਦੋਂ ਟੁੱਟੇਗੀ ਇਹ ਗਹਿਰੀ ਨੀਂਦ? (ਸਮਾਪਤ)


-ਚੀਫ ਕੋਚ ਫੁੱਟਬਾਲ ਸਾਈ, ਪਿੰਡ ਤੇ ਡਾਕ: ਪਲਾਹੀ, ਫਗਵਾੜਾ।
ਮੋਬਾ: 94636-12204

ਲੱਤ ਅਤੇ ਬਾਂਹ ਤੋਂ ਅਪਾਹਜ ਬਣਿਆ ਕੌਮਾਂਤਰੀ ਤੈਰਾਕ

ਧਰਮਿੰਦਰ ਅਹੀਰਵਾਰ

ਧਰਮਿੰਦਰ ਅਜੇ ਦੋ ਕੁ ਸਾਲ ਦਾ ਹੀ ਸੀ ਕਿ ਤੇਜ਼ ਬੁਖਾਰ ਹੋਇਆ, ਚਾਹੇ ਡਾਕਟਰ ਦੀ ਲਾਪ੍ਰਵਾਹੀ ਆਖ ਲਈਏ ਜਾਂ ਫਿਰ ਧਰਮਿੰਦਰ ਦੀ ਮਾੜੀ ਕਿਸਮਤ, ਬੁਖਾਰ ਦਾ ਟੀਕਾ ਕੀ ਲਗਾਇਆ, ਧਰਮਿੰਦਰ ਦਾ ਸਾਰਾ ਸਰੀਰ ਹੀ ਸੁੰਨ ਹੋ ਗਿਆ। ਨਤੀਜਾ ਇਹ ਹੋਇਆ ਕਿ ਉਸ ਦਾ ਸਾਰਾ ਸਰੀਰ ਹੀ ਠੰਢਾ ਪੈ ਗਿਆ ਅਤੇ ਠੰਢੇ ਪਏ ਸਰੀਰ ਤੋਂ ਬਾਅਦ ਧਰਮਿੰਦਰ ਹਮੇਸ਼ਾ ਲਈ ਦੋਵੇਂ ਪੈਰਾਂ ਅਤੇ ਇਕ ਹੱਥ ਤੋਂ ਅਪਾਹਜ ਹੋ ਗਿਆ। ਸਾਰੇ ਘਰ ਵਿਚ ਸੋਗ ਦੀ ਲਹਿਰ ਦੌੜ ਗਈ ਪਰ ਹਾਲਾਤ ਅਜਿਹੇ ਸਨ ਕਿ ਕੀਤਾ ਵੀ ਕੁਝ ਨਹੀਂ ਸੀ ਜਾ ਸਕਦਾ। ਧਰਮਿੰਦਰ ਮਾਂ-ਬਾਪ ਦਾ ਬਹੁਤ ਹੀ ਲਾਡਲਾ ਸੀ। ਬੱਚੇ ਦੇ ਠੀਕ ਹੋ ਜਾਣ ਦੀਆਂ ਬਹੁਤ ਕੋਸ਼ਿਸ਼ਾਂ ਕੀਤੀਆਂ ਪਰ ਸਾਰੀਆਂ ਕੋਸ਼ਿਸ਼ਾਂ ਨਾਕਾਮ ਸਾਬਤ ਹੋਈਆਂ ਅਤੇ ਹੁਣ ਧਰਮਿੰਦਰ ਸਦਾ ਲਈ ਅਪਾਹਜ ਜ਼ਿੰਦਗੀ ਜਿਉਣ ਲਈ ਮਜਬੂਰ ਸੀ। ਬਚਪਨ ਵਿਚ ਪੈਰ ਪਾਇਆ ਤਾਂ ਸਕੂਲ ਪੜ੍ਹਨ ਲਈ ਪਾਇਆ। ਕਦੇ ਮਾਂ, ਕਦੇ ਪਿਓ ਗੋਦੀ ਲੈ ਕੇ ਧਰਮਿੰਦਰ ਨੂੰ ਸਕੂਲ ਛੱਡ ਆਉਂਦੇ। ਉਥੇ ਧਰਮਿੰਦਰ ਨੂੰ ਉਸ ਵਕਤ ਅਹਿਸਾਸ ਹੋਇਆ ਕਿ ਉਹ ਅਪਾਹਜ ਹੈ, ਜਦੋਂ ਉਸ ਦੇ ਨਾਲ ਦੇ ਵਿਦਿਆਰਥੀ ਉਸ ਨੂੰ ਅਪਾਹਜ ਹੋਣ ਦੇ ਤਾਅਨੇ-ਮਿਹਣੇ ਮਾਰਦੇ ਅਤੇ ਧਰਮਿੰਦਰ ਲਈ ਹਾਲਾਤ ਇਹੋ ਜਿਹੇ ਬਣ ਜਾਂਦੇ ਕਿ ਉਸ ਦਾ ਸਕੂਲ ਛੱਡ ਜਾਣ ਨੂੰ ਮਨ ਕਰ ਆਉਂਦਾ ਅਤੇ ਘਰ ਆ ਕੇ ਰੋਂਦਾ ਰਹਿੰਦਾ ਤਾਂ ਮਾਂ-ਬਾਪ ਤੋਂ ਅਪਾਹਜ ਬੇਟੇ ਦਾ ਇਹ ਦਰਦ ਵੇਖਿਆ ਨਹੀਂ ਸੀ ਜਾਂਦਾ।
ਆਖਰ ਮਾਂ-ਬਾਪ ਨੇ ਉਸ ਨੂੰ ਅਪਾਹਜ ਸਕੂਲ ਵਿਚ ਦਾਖਲ ਕਰਵਾ ਦਿਤਾ, ਜਿੱਥੇ ਧਰਮਿੰਦਰ ਨੇ ਵੇਖਿਆ ਕਿ ਉਹ ਇਕੱਲਾ ਅਪਾਹਜ ਨਹੀਂ ਹੈ, ਉਸ ਵਰਗੇ ਹੋਰ ਬੱਚੇ ਵੀ ਅਪਾਹਜ ਨੇ ਅਤੇ ਧਰਮਿੰਦਰ ਨੇ ਆਪਣੀ ਇਸ ਅਪਾਹਜਤਾ ਨੂੰ ਸਿਰ-ਮੱਥੇ ਕਬੂਲ ਹੀ ਨਹੀਂ ਕੀਤਾ, ਸਗੋਂ ਉਸ ਨੇ ਇਸ ਨੂੰ ਇਕ ਵੱਡੀ ਚੁਣੌਤੀ ਵਜੋਂ ਲਿਆ, ਕਿਉਂਕਿ ਜਿਸ ਸਕੂਲ ਵਿਚ ਉਸ ਨੂੰ ਨਾਲ ਦੇ ਵਿਦਿਆਰਥੀਆਂ ਦੇ ਤਾਅਨੇ-ਮਿਹਣਿਆਂ ਦਾ ਸ਼ਿਕਾਰ ਹੋਣਾ ਪਿਆ ਸੀ, ਹੁਣ ਧਰਮਿੰਦਰ ਨੇ ਇਹ ਪੱਕਾ ਇਰਾਦਾ ਬਣਾ ਲਿਆ ਕਿ ਉਹ ਅਪਾਹਜ ਹੋ ਕੇ ਵੀ ਉਹ ਕਰੇਗਾ, ਜਿਹੜਾ ਉਹ ਵਿਦਿਆਰਥੀ ਵੀ ਨਹੀਂ ਕਰ ਸਕਣਗੇ, ਜਿਹੜੇ ਉਸ ਨੂੰ ਤਾਅਨੇ-ਮਿਹਣੇ ਅਤੇ ਮਜ਼ਾਕ ਕਰਦੇ ਸੀ। ਸਕੂਲ ਵਿਚ ਹੀ ਅਪਾਹਜਾਂ ਲਈ ਫਿਜ਼ੀਓਥਰੈਪੀ ਦੇ ਮਾਹਿਰ ਡਾ: ਬੀ.ਕੇ. ਡਬਾਸ ਜਿਹੜੇ ਸਕੂਲ ਵਿਚ ਧਰਮਿੰਦਰ ਵਰਗੇ ਵਿਦਿਆਰਥੀਆਂ ਨੂੰ ਫਿਜ਼ੀਓਥਰੈਪੀ ਕਰਵਾਉਣ ਦੇ ਨਾਲ-ਨਾਲ ਉਨ੍ਹਾਂ ਅੰਦਰ ਕੁਝ ਨਵਾਂ ਕਰ ਸਕਣ ਦਾ ਜਜ਼ਬਾ ਵੀ ਭਰਦੇ ਅਤੇ ਪ੍ਰੋ: ਬੀ. ਕੇ. ਡਬਾਸ ਵਲੋਂ ਮਿਲੇ ਹੌਸਲੇ ਅਤੇ ਤਾਅਨੇ-ਮਿਹਣਿਆਂ ਦੀ ਸੱਟ ਨੇ ਧਰਮਿੰਦਰ ਦੇ ਅੰਦਰ ਅਜਿਹਾ ਹੌਸਲਾ ਭਰਿਆ ਕਿ ਉਸ ਦਾ ਮਨ ਉਡਾਰੀਆਂ ਮਾਰਨ ਲੱਗ ਪਿਆ।
ਡਾ: ਬੀ.ਕੇ. ਡਬਾਸ ਨੇ ਧਰਮਿੰਦਰ ਅੰਦਰ ਅਜਿਹੀ ਲਗਨ ਵੇਖੀ ਤਾਂ ਉਸ ਨੇ ਧਰਮਿੰਦਰ ਨੂੰ ਤੈਰਾਕੀ ਕਰਨ ਦੀ ਸਲਾਹ ਦਿੱਤੀ ਪਰ ਧਰਮਿੰਦਰ ਸੋਚਦਾ ਸੀ ਕਿ ਉਹ ਤਾਂ ਅਪਾਹਜ ਹੈ, ਤੈਰਾਕੀ ਕਿਵੇਂ ਕਰ ਸਕਦਾ ਹੈ? ਪਰ ਡਾ: ਬੀ. ਕੇ. ਡਬਾਸ ਦੀ ਚਾਹੇ ਪਾਰਖੂ ਅੱਖ ਕਹਿ ਲਈਏ ਜਾਂ ਫਿਰ ਧਰਮਿੰਦਰ ਦੀ ਕੁਝ ਕਰ ਸਕਣ ਦੀ ਚਾਹਤ ਅਤੇ ਉਸ ਨੇ ਅਪਾਹਜ ਹੋ ਕੇ ਅਜਿਹਾ ਗੋਤਾ ਲਗਾਇਆ ਕਿ ਅੱਜ ਉਹ ਅੰਤਰਰਾਸ਼ਟਰੀ ਗੋਤਾ ਤੈਰਾਕ ਹੈ। ਸਾਲ 2009 ਵਿਚ ਪਹਿਲੀ ਸਟੇਟ ਚੈਂਪੀਅਨਸ਼ਿਪ ਵਿਚ ਹਿੱਸਾ ਲਿਆ ਤਾਂ 50 ਮੀਟਰ ਫਰੀ ਸਟਾਈਲ ਤੈਰਾਕੀ ਵਿਚ ਕਾਂਸੀ ਦਾ ਤਗਮਾ ਆਪਣੇ ਨਾਂਅ ਕਰਕੇ ਆਪਣੇ ਸੂਬੇ ਦਾ ਨਾਂਅ ਹੀ ਨਹੀਂ ਚਮਕਾਇਆ, ਸਗੋਂ ਬਚਪਨ ਵਿਚ ਤਾਅਨੇ-ਮਿਹਣੇ ਮਾਰਨ ਵਾਲਿਆਂ ਲਈ ਉਸ ਨੇ ਇਹ ਸਾਬਤ ਕਰ ਵਿਖਾਇਆ ਕਿ ਉਸ ਨੇ ਉਹ ਕਰ ਲਿਆ ਹੈ, ਜੋ ਉਹ ਸੰਪੂਰਨ ਹੋ ਕੇ ਵੀ ਜ਼ਿੰਦਗੀ ਵਿਚ ਅਜਿਹਾ ਨਹੀਂ ਕਰ ਸਕਣਗੇ ਅਤੇ ਧਰਮਿੰਦਰ ਅਹੀਰਵਾਰ ਨੇ ਫਿਰ ਪਿੱਛੇ ਮੁੜ ਕੇ ਨਹੀਂ ਵੇਖਿਆ ਅਤੇ ਉਹ ਅੱਗੇ ਹੀ ਵਧਦਾ ਗਿਆ। ਧਰਮਿੰਦਰ ਅਹੀਰਵਾਰ ਹੁਣ ਤੱਕ ਨੈਸ਼ਨਲ ਪੱਧਰ 'ਤੇ ਪੈਰਾ ਉਲੰਪਿਕ ਵਿਚ ਆਪਣੀ ਚੌਥੀ ਕੈਟਾਗਰੀ ਵਿਚ 50 ਮੀਟਰ, 100 ਮੀਟਰ ਫਰੀ ਸਟਾਈਲ ਅਤੇ ਬਰੇਕ ਸਟਰੌਕ ਵਿਚ 12 ਸੋਨ ਤਗਮੇ, 5 ਚਾਂਦੀ, ਇਕ ਕਾਂਸੀ ਦਾ ਤਗਮਾ ਆਪਣੇ ਨਾਂਅ ਕਰ ਚੁੱਕਾ ਹੈ।
ਮੱਧ ਪ੍ਰਦੇਸ਼ ਦੇ ਇਤਿਹਾਸਕ ਸ਼ਹਿਰ ਗਵਾਲੀਅਰ ਵਿਖੇ 22 ਅਪ੍ਰੈਲ, 1992 ਨੂੰ ਪਿਤਾ ਬਲਰਾਮ ਅਹੀਰਵਾਰ ਦੇ ਘਰ ਮਾਤਾ ਰੇਖਾ ਅਹੀਰਵਾਰ ਦੀ ਕੁੱਖੋਂ ਜਨਮਿਆ ਧਰਮਿੰਦਰ ਅਹੀਰਵਾਰ ਦੀਆਂ ਇਸ ਵਡਮੁੱਲੀਆਂ ਪ੍ਰਾਪਤੀਆਂ ਕਰਕੇ ਪ੍ਰਦੇਸ਼ ਸਰਕਾਰ ਉਸ ਨੂੰ ਦਸੰਬਰ, 2017 ਵਿਚ ਬਹੁਤ ਹੀ ਵਕਾਰੀ ਐਵਾਰਡ ਵਿਕਰਮ ਸਟੇਟ ਐਵਾਰਡ ਮੁੱਖ ਮੰਤਰੀ ਸ਼ਿਵਰਾਜ ਚੌਹਾਨ ਵਲੋਂ ਨਿਵਾਜਣ ਦੇ ਨਾਲ-ਨਾਲ ਇਕ ਲੱਖ ਦੀ ਨਕਦ ਰਾਸ਼ੀ ਅਤੇ ਇਕ ਨੌਕਰੀ ਲਈ ਵੀ ਚੁਣਿਆ ਗਿਆ ਹੈ। ਧਰਮਿੰਦਰ ਅਹੀਰਵਾਰ ਨੇ ਸਾਲ 2009 ਵਿਚ ਬੰਗਲੌਰ ਵਿਖੇ ਹੋਈਆਂ ਆਈ ਵਾਸ ਵਰਲਡ ਖੇਡਾਂ ਵਿਚ 50 ਮੀਟਰ ਬੈਕ ਸਟਰੋਕ ਵਿਚ ਆਪਣੀ ਕੈਟਾਗਰੀ ਵਿਚ ਸੋਨ ਤਗਮਾ ਜਿੱਤ ਕੇ ਪੂਰੇ ਭਾਰਤ ਦਾ ਨਾਂਅ ਉੱਚਾ ਕੀਤਾ ਹੈ ਅਤੇ ਧਰਮਿੰਦਰ ਹੁਣ ਆਉਣ ਵਾਲੀਆਂ ਏਸ਼ੀਆ ਖੇਡਾਂ ਅਤੇ ਪੈਰਾ ਉਲੰਪਿਕ ਵਿਚ ਭਾਰਤ ਦਾ ਤਿਰੰਗਾ ਲਹਿਰਾਉਣ ਦੀ ਤਿਆਰੀ ਵਿਚ ਜੂਝ ਰਿਹਾ ਹੈ। ਧਰਮਿੰਦਰ ਆਖਦਾ ਹੈ ਕਿ ਇਕ ਉਹ ਅਪਾਹਜ ਸੀ ਅਤੇ ਇਕ ਉਹ ਘਰੋਂ ਬੇਹੱਦ ਗਰੀਬ ਪਰ ਉਸ ਦੇ ਹੌਸਲੇ ਅਤੇ ਦਲੇਰੀ ਨੇ ਕਦੇ ਉਸ ਨੂੰ ਡੋਲਣ ਨਹੀਂ ਦਿੱਤਾ ਅਤੇ ਉਸ ਦੀ ਇੱਛਾ ਹੈ ਕਿ ਉਹ ਆਪਣੇੇ ਖੇਤਰ ਵਿਚ ਪੂਰੇ ਭਾਰਤ ਦਾ ਨਾਂਅ ਚਮਕਾਏਗਾ। ਧਰਮਿੰਦਰ ਦੇ ਜਜ਼ਬੇ ਨੂੰ ਸਲਾਮ ਹੈ।


-ਮੋਗਾ। ਮੋਬਾ: 98551-14484

ਹਾਸੋਹੀਣਾ ਨਾ ਬਣਾਈਏ ਸਾਲਾਨਾ ਅਥਲੈਟਿਕਸ ਖੇਡ ਦਿਵਸ ਨੂੰ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਸਾਲਾਨਾ ਖੇਡ ਦਿਵਸ 'ਤੇ ਸਭ ਤੋਂ ਪਹਿਲਾਂ ਮੁੱਖ ਮਹਿਮਾਨ ਦੇ ਸਤਿਕਾਰ ਦਾ ਖਿਆਲ ਰੱਖਿਆ ਜਾਂਦਾ ਹੈ। ਸਲਾਮੀ ਲਈ ਮਾਰਚ ਪਾਸਟ ਹੁੰਦਾ ਹੈ। ਸੰਸਥਾ ਦੇ ਐਨ. ਸੀ. ਸੀ. ਅਤੇ ਐਨ. ਐਸ. ਐਸ. ਦੇ ਵਿਦਿਆਰਥੀ ਇਸ ਵਿਚ ਜ਼ਿਆਦਾ ਹਿੱਸਾ ਲੈਂਦੇ ਹਨ ਅਤੇ ਐਥਲੀਟ ਘੱਟ। ਰਾਜਨੀਤਕ ਨੇਤਾ ਨੂੰ ਹਰ ਹੀਲੇ ਸਲਾਮੀ ਨਾਲ ਖੁਸ਼ ਕਰਨ ਦਾ ਯਤਨ ਕੀਤਾ ਜਾਂਦਾ ਹੈ। ਅੱਧਾ ਵਕਤ ਤਾਂ ਫਾਲਤੂ ਦੀਆਂ ਚਾਪਲੂਸੀ ਕਰਨ ਵਾਲੀਆਂ ਗਤੀਵਿਧੀਆਂ 'ਤੇ ਹੀ ਨਸ਼ਟ ਹੋ ਜਾਂਦਾ ਹੈ। ਫਿਰ ਖੇਡ ਵਿਭਾਗ ਦੇ ਅਧਿਆਪਕ ਇਕੱਠੇ ਕੀਤੇ ਸਾਰੇ ਸੰਸਥਾ ਦੇ ਵਿਦਿਆਰਥੀਆਂ ਨੂੰ 100 ਮੀਟਰ, 200 ਮੀਟਰ, 1500 ਮੀਟਰ ਦੌੜਾਂ ਲਈ (ਪਹਿਲੀ, ਦੂਜੀ, ਤੀਜੀ ਹੀਟ) ਲਈ ਸੀਟੀ ਵਜਾਉਂਦੇ ਹਨ। ਕੋਈ ਕਿੱਟ ਨਹੀਂ, ਕਿਸੇ ਨੇ ਪਹਿਨੀ ਹੁੰਦੀ। ਉੱਚੀ ਅੱਡੀ ਵਾਲੇ ਬੂਟਾਂ 'ਚ ਹੀ ਅਤੇ ਕੁਝ ਨੰਗੇ ਪੈਰੀਂ ਹੀ ਦੌੜਦੇ ਨਜ਼ਰ ਆਉਂਦੇ ਹਨ। ਕਈ ਪੈਂਟਾਂ ਸਣੇ ਹੀ ਇਕ-ਦੂਜੇ ਤੋਂ ਅੱਗੇ ਨਿਕਲਦੇ ਦੇਖੇ ਗਏ ਹਨ। ਸ਼ਾਟਪੁੱਟ, ਲੰਮੀ ਛਾਲ, ਉੱਚੀ ਛਾਲ, ਨੇਜਾ ਸੁੱਟਣ 'ਚ ਸਕੂਲਾਂ-ਕਾਲਜਾਂ ਦੇ ਅਹੁਦੇਦਾਰ ਇਕੋ ਦਿਨ ਵਿਚ ਹੀ ਸ਼ਾਮ ਨੂੰ ਇਨਾਮ ਦੇਣ ਲਈ ਖਿਡਾਰੀ ਪੈਦਾ ਕਰਨ ਦੀ ਕੋਸ਼ਿਸ਼ 'ਚ ਲੱਗੇ ਦੇਖੇ ਗਏ ਹਨ। ਟਰੈਕ ਅਤੇ ਫੀਲਡ ਈਵੈਂਟਸ 'ਚ ਚਾਰੇ ਪਾਸੇ ਇਹੋ ਹੀ ਹਾਲ। ਜਿਨ੍ਹਾਂ ਵਿਦਿਆਰਥੀਆਂ ਨੇ ਸਾਰਾ ਸਾਲ ਕੁਝ ਨਹੀਂ ਕੀਤਾ ਹੁੰਦਾ ਖੇਡਾਂ ਦੇ ਖੇਤਰ 'ਚ, ਹੁਣ ਕੋਈ ਉਲਟੀਆਂ ਕਰ ਰਿਹਾ ਹੁੰਦਾ, ਕੋਈ ਵੱਖੀ 'ਤੇ ਹੱਥ ਧਰ ਕੇ ਔਖੇ ਸਾਹ ਲੈ ਰਿਹਾ ਹੁੰਦਾ।
ਚਾਹੀਦਾ ਤਾਂ ਇਹ ਹੈ ਕਿ ਸੈਸ਼ਨ ਦੇ ਸ਼ੁਰੂ ਵਿਚ ਹੀ ਆਰਟਸ ਹਾਊਸ, ਕਾਮਰਸ ਹਾਊਸ, ਸਾਇੰਸ ਹਾਊਸ, ਕੰਪਿਊਟਰ ਹਾਊਸ ਬਣ ਜਾਣ। ਵੱਖ-ਵੱਖ ਅਧਿਆਪਕਾਂ ਦੀਆਂ ਇਨ੍ਹਾਂ ਨਾਲ ਡਿਊਟੀਆਂ ਲਗਾਈਆਂ ਜਾਣ। ਸਾਰਾ ਸਾਲ ਖੇਡ ਦਿਵਸ 'ਤੇ ਭਾਗ ਲੈਣ ਲਈ ਵਿਦਿਆਰਥੀਆਂ ਨੂੰ ਤਿਆਰ ਕੀਤਾ ਜਾਵੇ। ਦੋ ਕੁ ਮਹੀਨੇ ਪਹਿਲਾਂ ਵੀ ਤਿਆਰੀ ਸ਼ੁਰੂ ਕਰਵਾਈ ਜਾ ਸਕਦੀ ਹੈ। ਮੁਕਾਬਲੇ ਦੀ ਭਾਵਨਾ ਵੀ ਪੈਦਾ ਹੋਵੇਗੀ ਅਤੇ ਫਿਟਨੈੱਸ ਵੀ। ਫੀਲਡ ਅਤੇ ਟਰੈਕ ਈਵੈਂਟਸ ਦੇ ਤਕਨੀਕੀ ਨਿਯਮ ਵੀ ਸਮਝਾਏ ਜਾਣ। ਪਰ ਅਸੀਂ ਦੇਖਦੇ ਹਾਂ ਕਿ ਸਕੂਲਾਂ-ਕਾਲਜਾਂ ਦੇ ਖੇਡ ਦਿਵਸ 'ਤੇ ਵਿਦਿਆਰਥੀਆਂ ਨੂੰ 500 ਰੁਪਏ ਜੁਰਮਾਨੇ ਦੇ ਡਰ ਨਾਲ ਬੁਲਾਇਆ ਜਾਂਦਾ ਹੈ। ਫਿਰ ਵੱਖਰੇ-ਵੱਖਰੇ ਟਰੈਕ ਅਤੇ ਫੀਲਡ ਈਵੈਂਟਸ 'ਚ ਹਿੱਸਾ ਲੈਣ ਲਈ ਮਜਬੂਰ ਕੀਤਾ ਜਾਂਦਾ ਹੈ। ਖਾਨਾਪੂਰਤੀ ਜੁ ਕਰਨੀ ਹੋਈ। ਸੰਸਥਾ ਨੂੰ ਜੁਰਮਾਨੇ ਦਾ ਲਾਭ ਵੀ ਹੋ ਸਕਦੈ।
ਸਕੂਲਾਂ-ਕਾਲਜਾਂ ਦੇ ਮੁਖੀਆਂ ਦੀ ਕੋਸ਼ਿਸ਼ ਹੁੰਦੀ ਕਿ ਮੁੱਖ ਮਹਿਮਾਨ ਖੇਡ ਦਿਵਸ ਉੱਤੇ ਕੋਈ ਰਾਜਨੀਤਕ ਲੀਡਰ ਹੀ ਹੋਵੇ, ਕੋਈ ਉਲੰਪੀਅਨ ਜਾਂ ਕੋਈ ਅੰਤਰਰਾਸ਼ਟਰੀ ਖਿਡਾਰੀ ਨਾ ਹੋਵੇ, ਕਿਉਂਕਿ ਇਕ ਤਾਂ ਰਾਜਨੇਤਾ ਦੇ ਆਉਣ ਨਾਲ ਹੋਇਆ ਖਰਚਾ ਵੀ ਨਿਕਲ ਜਾਵੇਗਾ, ਕਿਸੇ ਨਾ ਕਿਸੇ ਬਹਾਨੇ 'ਗੱਫਾ' ਮਿਲ ਹੀ ਜਾਵੇਗਾ। ਵਿੱਦਿਅਕ ਸੰਸਥਾਵਾਂ ਨੇ ਅਖ਼ਬਾਰਾਂ 'ਚ, ਮੀਡੀਆ 'ਚ ਚਰਚਾ ਵੀ ਕਰਵਾਉਣੀ ਹੁੰਦੀ, ਉਹ ਇੰਜ ਕਰਨ ਨਾਲ ਅਸਾਨੀ ਨਾਲ ਹੋ ਜਾਵੇਗੀ। ਕਿਸੇ ਉਲੰਪੀਅਨ ਜਾਂ ਅੰਤਰਰਾਸ਼ਟਰੀ ਖਿਡਾਰੀ ਤੋਂ ਖੇਡ ਪ੍ਰੇਰਨਾ ਲੈ ਕੇ ਆਪਾਂ ਕੀ ਕਰਨੀ ਹੈ?
ਸਾਡੀਆਂ ਵਿੱਦਿਅਕ ਸੰਸਥਾਵਾਂ ਨੂੰ ਖੇਡਾਂ ਪ੍ਰਤੀ ਇੰਜ ਅਵੇਸਲੇ ਨਹੀਂ ਹੋਣਾ ਚਾਹੀਦਾ। ਕੁੰਭਕਰਨੀ ਨੀਂਦ ਤੋਂ ਜਾਗਣ ਦਾ ਵੇਲਾ ਹੈ। ਸਾਰਾ ਸਾਲ ਕੰਪਿਊਟਰ ਖੇਡਾਂ ਦਾ ਆਨੰਦ ਮਾਨਣ ਵਾਲੇ ਵਿਦਿਆਰਥੀ ਖੇਡ ਦਿਵਸ 'ਤੇ ਕੀ ਕਰਕੇ ਦਿਖਾ ਸਕਦੇ ਹਨ? ਜੇ ਖੇਡ ਦਿਵਸ ਨੂੰ ਵੀ ਅਸੀਂ ਪੇਸ਼ਾਵਰ ਖਿਡਾਰੀਆਂ ਦੀ ਸ਼ਮੂਲੀਅਤ ਨਾਲ ਹੀ ਖਾਨਾਪੂਰਤੀ ਕਰਨੀ ਹੈ ਤਾਂ ਆਮ ਵਿਦਿਆਰਥੀ ਦਾ ਫਿਰ ਖੇਡਾਂ ਨਾਲ ਕਾਹਦਾ ਸਬੰਧ ਹੋਇਆ ਜਨਾਬ! ਘੱਟੋ-ਘੱਟ ਸਾਲਾਨਾ ਸਪੋਰਟਸ ਅਤੇ ਅਥਲੈਟਿਕਸ ਮੀਟ ਦੇ ਆਯੋਜਨ ਦੀ ਤਿਆਰੀ ਦਾ ਵਿਧੀਪੂਰਵਕ ਢੰਗ ਨਾਲ ਉਪਰਾਲਾ ਕਰਦਿਆਂ ਹੀ ਅਸੀਂ ਕੁਝ ਹੱਦ ਤੱਕ ਤਾਂ ਸਕੂਲਾਂ-ਕਾਲਜਾਂ 'ਚ ਖੇਡ ਸੱਭਿਆਚਾਰ ਪੈਦਾ ਕਰੀਏ। (ਸਮਾਪਤ)


-ਡੀ. ਏ. ਵੀ. ਕਾਲਜ, ਅੰਮ੍ਰਿਤਸਰ।
ਮੋਬਾ: 98155-35410

ਰਾਸ਼ਟਰ ਮੰਡਲ ਕੁਸ਼ਤੀ ਚੈਂਪੀਅਨ

ਹਰਪ੍ਰੀਤ ਸਿੰਘ ਸੰਧੂ

ਪਹਿਲਵਾਨੀ ਵਿਚ ਭਾਰਤੀ ਪਹਿਲਵਾਨਾਂ ਦੇ ਜ਼ੋਰ ਦਾ ਲੋਹਾ ਪੂਰੀ ਦੁਨੀਆ ਮੰਨਦੀ ਹੈ ਅਤੇ ਭਾਰਤੀ ਪਹਿਲਵਾਨਾਂ ਦੀ ਇਸ ਕੜੀ ਵਿਚ ਨਵਾਂ ਨਾਂਅ ਜੁੜਦਾ ਹੈ ਪਹਿਲਵਾਨ ਹਰਪ੍ਰੀਤ ਸਿੰਘ ਸੰਧੂ ਦਾ। ਜ਼ਿਲ੍ਹਾ ਸੰਗਰੂਰ ਦੇ ਪਿੰਡ ਕੜੈਲ (ਮੂਨਕ) ਵਿਖੇ 7 ਫਰਵਰੀ, 1993 ਨੂੰ ਪਿਤਾ ਸ: ਲਛਮਣ ਸਿੰਘ ਸੰਧੂ ਅਤੇ ਮਾਤਾ ਬਲਵੀਰ ਕੌਰ ਦੀ ਗੋਦ ਦਾ ਸ਼ਿੰਗਾਰ ਬਣੇ ਹਰਪ੍ਰੀਤ ਸਿੰਘ ਸੰਧੂ ਨੂੰ ਪਹਿਲਵਾਨੀ ਆਪਣੇ ਬਜ਼ੁਰਗਾਂ ਤੋਂ ਵਿਰਾਸਤ ਵਿਚ ਮਿਲੀ, ਕਿਉਂਕਿ ਇਨ੍ਹਾਂ ਦੇ ਦਾਦਾ ਜੀ ਵੀ ਪਹਿਲਾਂ ਪਹਿਲਵਾਨੀ ਕਰਦੇ ਰਹੇ ਅਤੇ ਪਿਤਾ ਜੀ ਵੀ ਕਬੱਡੀ ਦੇ ਵਧੀਆ ਖਿਡਾਰੀ ਰਹੇ ਹਨ। ਘੋੜੀਆਂ ਰੱਖਣ ਦੇ ਖ਼ਾਨਦਾਨੀ ਸ਼ੌਕੀਨ ਹਰਪ੍ਰੀਤ ਸਿੰਘ ਸੰਧੂ ਦੇ ਪਰਿਵਾਰ ਨੂੰ ਇਲਾਕੇ ਵਿਚ ਪਹਿਲਵਾਨਾਂ ਦੇ ਪਰਿਵਾਰ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ।
ਹਰਪ੍ਰੀਤ ਸਿੰਘ ਸੰਧੂ ਨੇ 2015 ਵਿਚ ਖੇਡ ਕੋਟੇ ਵਿਚ ਭਾਰਤੀ ਰੇਲਵੇ ਜੁਆਇਨ ਕੀਤੀ ਅਤੇ 2017 'ਚ ਰੇਲਵੇ ਦੀ ਨੌਕਰੀ ਛੱਡਦੇ ਹੋਏ ਪੰਜਾਬ ਪੁਲਿਸ ਦੇ ਖੇਡ ਕੋਟੇ ਵਿਚ ਬਤੌਰ ਸਬ-ਇੰਸਪੈਕਟਰ ਜੁਆਇਨ ਕੀਤਾ।
ਹਰਪ੍ਰੀਤ ਸਿੰਘ ਸੰਧੂ 2008 ਤੋਂ 2017 ਤੱਕ ਕੁਸ਼ਤੀ ਦੇ ਰਾਸ਼ਟਰੀ ਮੁਕਾਬਲਿਆਂ ਵਿਚ ਵੱਖੋ-ਵੱਖਰੇ ਵਜ਼ਨਾਂ ਵਿਚ ਖੇਡਦੇ ਹੋਏ ਸੋਨ ਤਗਮੇ ਜਿੱਤਦੇ ਆ ਰਹੇ ਹਨ। 2014 ਵਿਚ ਸਾਊਥ ਕੋਰੀਆ ਵਿਚ ਹੋਈਆਂ ਏਸ਼ੀਅਨ ਖੇਡਾਂ ਵਿਚ ਭਾਗ ਲਿਆ। 2016 ਵਿਚ ਸੀਨੀਅਰ ਏਸ਼ੀਅਨ ਕੁਸ਼ਤੀ ਚੈਂਪੀਅਨਸ਼ਿਪ (ਥਾਈਲੈਂਡ) ਅਤੇ ਕਾਮਨਵੈਲਥ ਚੈਂਪੀਅਨਸ਼ਿਪ (ਸਿੰਗਾਪੁਰ) ਵਿਚ ਕ੍ਰਮਵਾਰ ਕਾਂਸੀ ਅਤੇ ਸੋਨ ਤਗਮਾ ਜਿੱਤਿਆ। 2017 ਵਿਚ ਫਿਰ ਸੀਨੀਅਰ ਏਸ਼ੀਅਨ ਕੁਸ਼ਤੀ ਚੈਂਪੀਅਨਸ਼ਿਪ (ਦਿੱਲੀ) ਅਤੇ ਕਾਮਨਵੈਲਥ ਕੁਸ਼ਤੀ ਚੈਂਪੀਅਨਸ਼ਿਪ (ਦੱਖਣੀ ਅਫ਼ਰੀਕਾ) ਵਿਚ ਕ੍ਰਮਵਾਰ ਕਾਂਸੀ ਅਤੇ ਸੋਨ ਤਗਮਾ ਜਿੱਤਿਆ।
ਉਲੰਪਿਕ ਖੇਡਾਂ ਵਿਚ ਭਾਰਤੀ ਤਿਰੰਗੇ ਲਈ ਤਗਮਾ ਜਿੱਤਣ ਦਾ ਸੁਪਨਾ ਸੰਜੋਈ ਹਰਪ੍ਰੀਤ ਸਿੰਘ ਸੰਧੂ ਆਗਾਮੀ ਫਰਵਰੀ, 2018 ਵਿਚ ਕਿਰਗਿਸਤਾਨ ਵਿਖੇ ਹੋਣ ਵਾਲੀ ਸੀਨੀਅਰ ਏਸ਼ੀਅਨ ਕੁਸ਼ਤੀ ਚੈਂਪੀਅਨਸ਼ਿਪ ਲਈ ਦੰਗਲ ਵਿਚ ਪਸੀਨਾ ਵਹਾ ਰਿਹਾ ਹੈ।


-ਗੋਬਿੰਦਰ ਸਿੰਘ ਢੀਂਡਸਾ,
ਪਿੰਡ ਤੇ ਡਾਕ: ਬਰੜ੍ਹਵਾਲ (ਧੂਰੀ), ਜ਼ਿਲ੍ਹਾ ਸੰਗਰੂਰ।
ਮੋਬਾ: 92560-66000

ਖੇਡਾਂ ਦੇ ਖੇਤਰ 'ਚ ਪੰਜਾਬ ਦਾ ਮਾਣ ਬਣੇ-ਪ੍ਰਿੰ: ਗੋਬਿੰਦ ਸਿੰਘ

ਖੇਡਾਂ ਰਾਹੀਂ ਕਿਸ ਤਰ੍ਹਾਂ ਮਨਚਾਹੇ ਖੇਤਰ 'ਚ ਬੁਲੰਦੀਆਂ 'ਤੇ ਪੁੱਜਿਆ ਜਾ ਸਕਦਾ ਹੈ, ਪ੍ਰਿੰ: ਗੋਬਿੰਦ ਸਿੰਘ ਇਸ ਦੀ ਮਿਸਾਲ ਬਣ ਚੁੱਕੇ ਹਨ। ਉਨ੍ਹਾਂ ਬਤੌਰ ਖਿਡਾਰੀ ਜਿੱਥੇ ਚੰਗੇ ਅਹੁਦਿਆਂ ਦਾ ਅਨੰਦ ਮਾਣਿਆ ਹੈ, ਉਥੇ ਉਹ ਨਵੀਂ ਪੀੜ੍ਹੀ ਨੂੰ ਖੇਡਾਂ ਰਾਹੀ ਚੰਗੇ ਇਨਸਾਨ ਬਣਨ ਅਤੇ ਆਪਣੀ ਜੀਵਨ ਸ਼ੈਲੀ ਦਾ ਹਿੱਸਾ ਬਣਾਉਣ ਲਈ ਪ੍ਰੇਰਿਤ ਕਰਨ ਲਈ ਵੀ ਸਰਗਰਮ ਹਨ। ਸ: ਜਸਵੰਤ ਸਿੰਘ ਤੇ ਸ੍ਰੀਮਤੀ ਬਲਦੇਵ ਕੌਰ ਦੇ ਘਰ 11 ਮਾਰਚ, 1964 ਨੂੰ ਮੋਗਾ ਜ਼ਿਲ੍ਹੇ ਦੇ ਪਿੰਡ ਕੋਕਰੀ ਕਲਾਂ ਵਿਖੇ ਜਨਮੇ ਡਾ: ਗੋਬਿੰਦ ਸਿੰਘ ਨੇ ਮੁੱਢਲੀ ਸਿੱਖਿਆ ਪਿੰਡ ਦੇ ਸਰਕਾਰੀ ਹਾਈ ਸਕੂਲ 'ਚੋਂ ਅਤੇ ਹਾਇਰ ਸੈਕੰਡਰੀ ਪਿੰਡ ਢੁੱਡੀਕੇ ਤੋਂ ਪ੍ਰਾਪਤ ਕੀਤੀ, ਜਿਸ ਦੌਰਾਨ ਉਨ੍ਹਾਂ ਭਾਰ ਤੋਲਣ 'ਚ ਜ਼ੋਰ-ਅਜ਼ਮਾਇਸ਼ ਆਰੰਭ ਕੀਤੀ।
ਆਪਣੇ ਇਕ ਅਧਿਆਪਕ ਦੀ ਪ੍ਰੇਰਨਾ ਸਦਕਾ ਉਹ 1981 ਵਿਚ ਭਾਰਤੀ ਹਵਾਈ ਸੈਨਾ ਵਿਚ ਭਰਤੀ ਹੋਏ। ਇਸ ਦੌਰਾਨ ਉਨ੍ਹਾਂ ਨੇ ਭਾਰ ਤੋਲਣ ਅਤੇ ਪਾਵਰ ਲਿਫ਼ਟਿੰਗ 'ਚ ਜ਼ੋਰ ਅਜ਼ਮਾਈ ਜਾਰੀ ਰੱਖੀ, ਜਿਸ ਸਦਕਾ ਜਿੱਥੇ ਉਨ੍ਹਾਂ ਏਅਰਫ਼ੋਰਸ ਭਾਰ ਤੋਲਣ ਚੈਂਪੀਅਨਸ਼ਿਪ ਵੀ ਜਿੱਤੀ, ਉਥੇ ਕੌਮੀ ਚੈਂਪੀਅਨਸ਼ਿਪਾਂ ਵਿਚ ਹਿੱਸਾ ਲਿਆ। ਡਾ: ਗੋਬਿੰਦ ਸਿੰਘ ਨੇ ਨੌਕਰੀ ਤੇ ਖੇਡਾਂ ਦੇ ਸਮਾਂਤਰ ਪੜ੍ਹਾਈ ਵੀ ਜਾਰੀ ਰੱਖੀ। ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਉਨ੍ਹਾਂ ਨੂੰ ਭਾਰਤੀ ਭਾਰ ਤੋਲਕਾਂ ਦੀ ਸਰੀਰਕ ਬਣਤਰ ਅਤੇ ਖੇਡ ਕਾਰਗੁਜ਼ਾਰੀ ਉੱਪਰ ਖੋਜ ਕਰਨ ਉਪਰੰਤ ਪੀ.ਐਚ.ਡੀ. ਦੀ ਡਿਗਰੀ ਪ੍ਰਦਾਨ ਕੀਤੀ। ਹਵਾਈ ਸੈਨਾ 'ਚੋਂ ਸੇਵਾਮੁਕਤੀ ਉਪਰੰਤ ਡਾ: ਗੋਬਿੰਦ ਸਿੰਘ ਨੇ ਅਧਿਆਪਨ ਕਿੱਤੇ ਦੀ ਸ਼ੁਰੂਆਤ ਗੁਰੂ ਨਾਨਕ ਕਾਲਜ, ਮੋਗਾ ਤੋਂ ਬਤੌਰ ਪ੍ਰੋਫ਼ੈਸਰ ਕੀਤੀ।
ਪੰਜਾਬ ਸਰਕਾਰ ਨੇ ਉਨ੍ਹਾਂ ਦੇ ਸਿੱਖਿਆ ਦੇ ਖੇਤਰ ਵਿਚ ਪਾਏ ਯੋਗਦਾਨ ਨੂੰ ਧਿਆਨ ਵਿਚ ਰੱਖਦਿਆਂ ਹੋਇਆਂ ਸਾਲ 2000 ਵਿਚ ਉਨ੍ਹਾਂ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਮੈਂਬਰ ਨਿਯੁਕਤ ਕੀਤਾ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਅਕਾਦਮਿਕ ਕੌਸਲ ਦੇ ਮੈਂਬਰ ਨਿਯੁਕਤ ਕੀਤਾ ਗਿਆ। ਦਰਜਨ ਦੇ ਕਰੀਬ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਕਾਨਫ਼ਰੰਸਾਂ ਦੇ ਆਯੋਜਕ ਡਾ: ਗੋਬਿੰਦ ਸਿੰਘ ਅੱਜਕਲ੍ਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਚੱਲ ਰਹੇ ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ, ਭਗਤਾ ਭਾਈ ਕਾ (ਬਠਿੰਡਾ) ਵਿਖੇ ਬਤੌਰ ਪ੍ਰਿੰਸੀਪਲ ਸੇਵਾ ਨਿਭਾ ਰਹੇ ਹਨ, ਜਿੱਥੇ ਉਹ ਆਪਣੀ ਦੂਰਅੰਦੇਸ਼ੀ ਸੋਚ, ਅਨੁਸ਼ਾਸਤ ਜੀਵਨ ਅਤੇ ਖੇਡਾਂ ਨਾਲ ਲਗਾਓ ਸਦਕਾ ਨਵੀਂ ਪੀੜ੍ਹੀ ਨੂੰ ਹਰ ਖੇਤਰ 'ਚ ਵਧੀਆ ਸੇਧ ਦੇ ਕੇ, ਤੰਦਰੁਸਤ ਅਤੇ ਮਿਹਨਤੀ ਸਮਾਜ ਦੀ ਸਿਰਜਣਾ ਕਰਨ 'ਚ ਅਹਿਮ ਯੋਗਦਾਨ ਪਾ ਰਹੇ ਹਨ।


-ਪਟਿਆਲਾ। ਮੋਬਾ: 97795-90575


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX