ਤਾਜਾ ਖ਼ਬਰਾਂ


ਬਿਜਲੀ ਠੀਕ ਕਰ ਰਹੇ ਮੁਲਾਜ਼ਮ ਦੀ ਕਰੰਟ ਲੱਗਣ ਨਾਲ ਮੌਤ
. . .  about 2 hours ago
ਰਾਏਕੋਟ ,22 ਜਨਵਰੀ (ਸੁਸ਼ੀਲ)- ਅੱਜ ਦੇਰ ਸ਼ਾਮ ਸਥਾਨਕ ਮੁਹੱਲਾ ਵਾਲਮੀਕਿ ਨੇੜੇ ਬਿਜਲੀ ਠੀਕ ਕਰ ਰਹੇ ਇੱਕ ਬਿਜਲੀ ਮੁਲਾਜ਼ਮ ਦੀ ਕਰੰਟ ਲੱਗਣ ਨਾਲ ਮੌਤ ਹੋਣ ਦੀ ਖਬਰ ਹੈ .ਖ਼ਬਰ ਲਿਖੇ ਜਾਣ ਤੱਕ ...
ਕਾਂਗਰਸ ਲੋਕ ਸਭਾ ਚੋਣਾ ਵਿਚ ਪੰਜਾਬ ਅੰਦਰ ਕਿਸੇ ਵੀ ਪਾਰਟੀ ਨਾਲ ਗੱਠਜੋੜ ਨਹੀ ਕਰੇਗੀ - ਭੱਠਲ
. . .  about 3 hours ago
ਖਨੌਰੀ, 22 ਜਨਵਰੀ ( ਬਲਵਿੰਦਰ ਸਿੰਘ ਥਿੰਦ )- ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਰਾਜ ਯੋਜਨਾ ਬੋਰਡ ਦੀ ਵਾਈਸ ਚੇਅਰਪਰਸਨ ਬੀਬੀ ਰਜਿੰਦਰ ਕੌਰ ਭੱਠਲ ਨੇ ਕਿਹਾ ਕਿ ਕਾਂਗਰਸ ਪਾਰਟੀ...
ਕਸਬਾ ਸੰਦੌੜ ਵਿਚ ਭਾਰੀ ਗੜੇਮਾਰੀ, ਸੜਕਾਂ 'ਤੇ ਵਿਛੀ ਚਿੱਟੀ ਚਾਦਰ
. . .  about 3 hours ago
ਸੰਦੌੜ , 22 ਜਨਵਰੀ (ਗੁਰਪ੍ਰੀਤ ਸਿੰਘ ਚੀਮਾ) - ਕਸਬਾ ਸੰਦੌੜ ਵਿਖੇ ਅੱਜ ਸ਼ਾਮ ਹੁੰਦੇ ਸਾਰ ਹੀ ਲਗਾਤਾਰ ਇਕ ਘੰਟੇ ਭਾਰੀ ਗੜੇਮਾਰੀ ਹੋਈ ਹੈ ਭਾਰੀ ਗੜੇਮਾਰੀ ਦੇ ਕਾਰਨ ਸੜਕਾਂ 'ਤੇ ਚਿੱਟੀ ਚਾਦਰ ਵਿਛ ਗਈ ਭਾਰੀ ਗੜੇਮਾਰੀ ਦੇ ਨਾਲ ਭਾਰੀ ਤੇ ਮੁਹਲੇਧਾਰ ਬਾਰਸ਼ ਨੇ ਜਨਜੀਵਨ...
ਰਾਜਨਾਥ ਸਿੰਘ ਨੂੰ ਕਾਂਗਰਸੀਆਂ ਨੇ ਦਿਖਾਈਆਂ ਕਾਲੀਆਂ ਝੰਡੀਆਂ
. . .  about 3 hours ago
ਅੰਮ੍ਰਿਤਸਰ, 22 ਜਨਵਰੀ (ਰਾਜੇਸ਼ ਕੁਮਾਰ) - ਭਾਰਤ ਦੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਅੱਜ ਕਾਂਗਰਸੀਆ ਵੱਲੋਂ ਕਾਲੀਆ ਝੰਡੀਆਂ ਦਿਖਾ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਰੋਸ ਪ੍ਰਦਰਸ਼ਨ ਦੀ ਅਗਵਾਈ ਜ਼ਿਲ੍ਹਾ ਕਾਂਗਰਸ ਦੀ ਨਵ ਨਿਯੁਕਤ ਪ੍ਰਧਾਨ ਜਤਿੰਦਰ...
ਨਿੱਜੀ ਤੌਰ 'ਤੇ ਪ੍ਰੈੱਸ ਵਾਰਤਾ 'ਚ ਸੀ ਸ਼ਾਮਲ - ਕਪਿਲ ਸਿੱਬਲ ਨੇ ਭਾਜਪਾ ਦੇ ਦੋਸ਼ਾਂ ਦਾ ਦਿੱਤਾ ਜਵਾਬ
. . .  about 3 hours ago
ਨਵੀਂ ਦਿੱਲੀ, 22 ਜਨਵਰੀ - ਲੰਡਨ ਵਿਖੇ ਭਾਰਤੀ ਸਾਈਬਰ ਮਾਹਿਰ ਸਈਦ ਸੂਜਾ ਵੱਲੋਂ 2014 ਦੀਆਂ ਲੋਕ ਸਭਾ ਚੋਣਾਂ ਦੌਰਾਨ ਈ.ਵੀ.ਐਮ ਹੈਕ ਹੋਣ ਸਬੰਧੀ ਕੀਤੀ ਗਈ ਪ੍ਰੈੱਸ ਵਾਰਤਾ...
ਨਵਾਂ ਸ਼ਹਿਰ ਨੇੜੇ ਸੜਕ ਹਾਦਸੇ ਵਿਚ ਦੋ ਨੌਜਵਾਨਾਂ ਦੀ ਮੌਤ
. . .  about 4 hours ago
ਨਵਾਂ ਸ਼ਹਿਰ, 22 ਜਨਵਰੀ - ਪਿੰਡ ਉਸਮਾਨਪੁਰ ਨਜ਼ਦੀਕ ਬੁਲਟ ਮੋਟਰਸਾਈਕਲ ਤੇ ਟਰੈਕਟਰ ਟਰਾਲੀ ਵਿਚਕਾਰ ਭਿਆਨਕ ਟੱਕਰ 'ਚ ਬੁਲਟ ਮੋਟਰਸਾਈਕਲ ਨੌਜਵਾਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮ੍ਰਿਤਕ ਨੌਜਵਾਨਾਂ ਦੀ ਪਹਿਚਾਣ ਪਿੰਡ ਜਲਵਾਹਾ ਦੇ ਰਹਿਣ ਵਾਲੇ ਸੁਖਵਿੰਦਰ...
ਸਿੱਧਗੰਗਾ ਮਠ ਦੇ ਮੁਖੀ ਸ਼ਿਵਕੁਮਾਰ ਸਵਾਮੀ ਦਾ ਹੋਇਆ ਅੰਤਿਮ ਸਸਕਾਰ
. . .  about 4 hours ago
ਬੈਂਗਲੁਰੂ, 22 ਜਨਵਰੀ - ਸਿੱਧਗੰਗਾ ਮਠ ਦੇ ਮੁਖੀ ਸ਼ਿਵਕੁਮਾਰ ਸਵਾਮੀ ਜੋ ਕਿ ਬੀਤੇ ਦਿਨ ਸਵਰਗ ਸਿਧਾਰ ਗਏ ਸਨ, ਉਨ੍ਹਾਂ ਦਾ ਅੰਤਿਮ ਸਸਕਾਰ ਅੱਜ ਟੁਮਕਰ ਵਿਖੇ ਕੀਤਾ...
ਬਾਹੂਬਲੀ ਵਿਧਾਇਕ ਮੁਖਤਾਰ ਅੰਸਾਰੀ ਨੂੰ 2 ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜਿਆ
. . .  about 4 hours ago
ਐੱਸ. ਏ. ਐੱਸ. ਨਗਰ, 22 ਜਨਵਰੀ (ਜਸਬੀਰ ਸਿੰਘ ਜੱਸੀ) - ਮੁਹਾਲੀ ਦੇ ਬਿਲਡਰ ਤੋਂ 10 ਕਰੋੜ ਦੀ ਫਿਰੌਤੀ ਮੰਗਣ ਦੇ ਮਾਮਲੇ 'ਚ ਮੁਹਾਲੀ ਪੁਲਿਸ ਨੇ ਉਤਰ ਪ੍ਰਦੇਸ਼ ਤੋਂ ਬਾਹੂਬਲੀ ਵਿਧਾਇਕ ਮੁਖਤਾਰ ਅੰਸਾਰੀ ਜੋ ਕਿ ਇਸ ਸਮੇਂ ਯੂ.ਪੀ ਦੀ ਜੇਲ 'ਚ ਬੰਦ ਹੈ ਨੂੰ ਪ੍ਰੋਡਕਸ਼ਨ ਵਾਰੰਟ...
ਕਰਤਾਰਪੁਰ ਲਾਂਘੇ 'ਤੇ ਰਾਜਨਾਥ ਨੇ ਦਿੱਤਾ ਅਹਿਮ ਬਿਆਨ
. . .  about 5 hours ago
ਨਵੀਂ ਦਿੱਲੀ, 22 ਜਨਵਰੀ - ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਹੈ ਕਿ ਕਰਤਾਰਪੁਰ ਲਾਂਘੇ ਦਾ ਜੋ ਹਿੱਸਾ ਭਾਰਤ ਵਿਚ ਪੈਂਦਾ ਹੈ, ਉਹ ਜਲਦ ਮੁਕੰਮਲ ਹੋਵੇਗਾ। ਉਨ੍ਹਾਂ ਕਿਹਾ ਕਿ ਪ੍ਰਾਜੈਕਟ ਸਬੰਧੀ ਉਨ੍ਹਾਂ ਵੱਲੋਂ ਅੱਜ ਸਮੀਖਿਆ ਕੀਤੀ ਗਈ ਹੈ। ਕਰਤਾਰਪੁਰ ਲਾਂਘੇ ਨੂੰ ਲੈ ਕੇ ਉਨ੍ਹਾਂ...
ਵਰੁਨ ਧਵਨ ਅਤੇ ਰੈਮੋ ਡਿਸੂਜਾ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ
. . .  about 5 hours ago
ਅੰਮ੍ਰਿਤਸਰ, 22 ਜਨਵਰੀ (ਹਰਮਿੰਦਰ ਸਿੰਘ) - ਬਾਲੀਵੁੱਡ ਅਦਾਕਾਰ ਵਰੁਨ ਧਵਨ ਅਤੇ ਡਾਂਸ ਡਾਇਰੈਕਟਰ ਰੈਮੋ ਡਿਸੂਜਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ .....
ਹੋਰ ਖ਼ਬਰਾਂ..

ਸਾਡੀ ਸਿਹਤ

ਬੁਢਾਪੇ ਵਿਚ ਚੁਸਤੀ-ਫੁਰਤੀ

ਆਪਣੇ ਇਥੇ ਰਿਟਾਇਰ ਹੋਣ ਤੋਂ ਬਾਅਦ ਜਾਂ 60 ਸਾਲ ਦੀ ਉਮਰ ਪੂਰੀ ਕਰ ਲੈਣ ਤੋਂ ਬਾਅਦ ਲੋਕ ਆਪਣੇ-ਆਪ ਨੂੰ ਗਤੀਹੀਣ ਜਾਂ ਸੁਸਤ ਬਣਾ ਲੈਂਦੇ ਹਨ। ਜੀਵਨ ਨੂੰ ਸਫਲ ਮੰਨਦੇ ਹਨ ਅਤੇ ਓਨੀ ਉਮਰ ਜੀਅ ਲੈਣ 'ਤੇ ਸੰਤੁਸ਼ਟੀ ਪ੍ਰਗਟ ਕਰਦੇ ਹਨ। ਛੋਟੀ-ਮੋਟੀ ਬਿਮਾਰੀ ਨੂੰ ਬੁਢਾਪੇ ਦੀ ਬਿਮਾਰੀ ਕਹਿ ਕੇ ਟਾਲਦੇ ਰਹਿੰਦੇ ਹਨ ਅਤੇ ਜਿਵੇਂ-ਕਿਵੇਂ ਬਚੀ ਜ਼ਿੰਦਗੀ ਕੱਟ ਲੈਣਾ ਚਾਹੁੰਦੇ ਹਨ, ਜਦੋਂ ਕਿ ਅਸਲੀਅਤ ਵਿਚ ਅਜਿਹਾ ਹੁੰਦਾ ਨਹੀਂ ਹੈ।
ਭਾਵੇਂ ਸਾਂਝੇ ਪਰਿਵਾਰ ਟੁੱਟ ਰਹੇ ਹਨ, ਹਰ ਜਗ੍ਹਾ ਬਿਰਧ ਆਸ਼ਰਮ ਖੁੱਲ੍ਹ ਕੇ ਆਬਾਦ ਹੁੰਦੇ ਜਾ ਰਹੇ ਹਨ, ਫਿਰ ਵੀ ਬਜ਼ੁਰਗਾਂ ਦੀ ਔਸਤ ਜੀਵਨ ਉਮਰ ਪਹਿਲਾਂ ਦੇ ਮੁਕਾਬਲੇ ਬਹੁਤ ਵਧ ਚੁੱਕੀ ਹੈ। ਮੈਡੀਕਲ ਸਾਇੰਸ ਵੀ ਬੁਢਾਪੇ ਦੀ ਸਰਗਰਮੀ ਅਤੇ ਬਜ਼ੁਰਗਾਂ ਦੀ ਫਿਟਨੈੱਸ ਨੂੰ ਬੜਾ ਮਹੱਤਵ ਦਿੰਦੀ ਹੈ। ਬੁਢਾਪੇ ਵਿਚ ਕਸਰਤ ਕਰਕੇ, ਸਰਗਰਮ ਰਹਿ ਕੇ ਤੰਦਰੁਸਤੀ ਅਤੇ ਸੁਖੀ ਜੀਵਨ ਦਾ ਪੂਰਾ ਲਾਭ ਲਿਆ ਜਾ ਸਕਦਾ ਹੈ। ਇਹ ਬੁਢਾਪੇ ਦੀ ਸਰਗਰਮੀ ਅਤੇ ਹਲਕੀ-ਫੁਲਕੀ ਕਸਰਤ ਇਨ੍ਹਾਂ ਨੂੰ ਕਈ ਰੋਗਾਂ ਤੋਂ ਰਾਹਤ ਦੇਣ ਵਿਚ ਸਹਾਇਤਾ ਵੀ ਕਰਦੀ ਹੈ।
ਬੁਢਾਪੇ ਵਿਚ ਜੋ ਹੁੰਦਾ ਹੈ
ਵਧਦੀ ਉਮਰ ਸਮੱਸਿਆਵਾਂ ਨੂੰ ਜਨਮ ਦਿੰਦੀ ਹੈ। ਉਸ ਦਾ ਪ੍ਰਭਾਵ ਸਾਰੇ ਅੰਗਾਂ 'ਤੇ ਪੈਂਦਾ ਹੈ। ਬੁਢਾਪੇ ਦੀਆਂ ਲਗਪਗ ਅੱਧੀਆਂ ਸਮੱਸਿਆਵਾਂ ਸਰੀਰਕ ਗਤੀਹੀਣਤਾ ਦੇ ਕਾਰਨ ਪੈਦਾ ਹੁੰਦੀਆਂ ਹਨ। ਵਧਦੀ ਉਮਰ ਦੇ ਨਾਲ ਮਨੁੱਖ ਆਪਣੇ ਸਰੀਰ ਨੂੰ ਜ਼ਿਆਦਾ ਆਰਾਮ ਦੇਣ ਲਗਦਾ ਹੈ, ਜਿਸ ਦੇ ਕਈ ਮਾੜੇ ਨਤੀਜੇ ਸਾਹਮਣੇ ਆਉਂਦੇ ਹਨ। ਜੋ ਬਜ਼ੁਰਗ ਗਤੀਹੀਣ ਹੋ ਕੇ ਘਰ ਵਿਚ ਪਏ ਰਹਿੰਦੇ ਹਨ ਅਤੇ ਨਿਯਮਤ ਸਰੀਰਕ ਗਤੀਵਿਧੀਆਂ ਨਹੀਂ ਕਰਦੇ, ਉਨ੍ਹਾਂ ਨੂੰ ਇਹ ਸਮੱਸਿਆਵਾਂ ਹੁੰਦੀਆਂ ਹਨ। ਮਾਸਪੇਸ਼ੀਆਂ ਦੀ ਸਰਗਰਮੀ ਅਤੇ ਸਮਰੱਥਾ ਘਟ ਜਾਂਦੀ ਹੈ, ਸਰੀਰ ਵਿਚ ਚਰਬੀ ਦੀ ਮਾਤਰਾ ਵਧ ਜਾਂਦੀ ਹੈ, ਦਿਲ ਦੀਆਂ ਧਮਨੀਆਂ ਅਤੇ ਸਾਹ ਪ੍ਰਣਾਲੀ ਦੀ ਕਾਰਜ ਸਮਰੱਥਾ ਵਿਚ ਕਮੀ ਆਉਂਦੀ ਹੈ, ਖੂਨ ਦੇ ਦਬਾਅ ਵਿਚ ਵਾਧਾ ਹੋ ਜਾਂਦਾ ਹੈ, ਚਿੰਤਾਵਾਂ ਘੇਰਨ ਲਗਦੀਆਂ ਹਨ, ਨਾਲ ਹੀ ਕਈ ਹੋਰ ਬਿਮਾਰੀਆਂ ਦੀ ਸੰਭਾਵਨਾ ਵਧ ਜਾਂਦੀ ਹੈ। ਕਬਜ਼, ਦਿਲ ਦੇ ਰੋਗ, ਸਾਹ ਰੋਗ, ਜੋੜਾਂ ਵਿਚ ਦਰਦ, ਲਕਵਾ ਆਦਿ ਹੋ ਸਕਦਾ ਹੈ।
ਬੁਢਾਪੇ ਵਿਚ ਕਸਰਤ
ਬੁਢਾਪੇ ਵਿਚ ਮਿਹਨਤ, ਕਸਰਤ ਕਰਨ ਨੂੰ ਲੈ ਕੇ ਗ਼ਲਤ ਧਾਰਨਾਵਾਂ ਅਤੇ ਗ਼ਲਤ-ਫਹਿਮਈਆਂ ਜ਼ਿਆਦਾ ਹਨ, ਜਦੋਂ ਕਿ ਅਸਲ ਵਿਚ ਮਿਹਨਤ, ਕਸਰਤ, ਸਰੀਰਕ ਯੋਗਤਾ, ਅਧਿਐਨ ਅਤੇ ਸਮਾਜ ਸੇਵਾ ਸਭ ਨਾਲ-ਨਾਲ ਕੀਤੇ ਜਾ ਸਕਦੇ ਹਨ। ਸਭ ਦਾ ਆਪਣਾ-ਆਪਣਾ ਮਹੱਤਵ ਹੁੰਦਾ ਹੈ। ਕਸਰਤ ਨਾਲ ਹੱਡੀਆਂ ਅਤੇ ਮਾਸਪੇਸ਼ੀਆਂ ਮਜ਼ਬੂਤ ਹੁੰਦੀਆਂ ਹਨ, ਇਸ ਲਈ ਸੱਟ, ਦੁਰਘਟਨਾ ਦਾ ਡਰ ਨਹੀਂ ਰੱਖਣਾ ਚਾਹੀਦਾ। ਭਾਰੇ ਕੰਮ, ਭਾਰ ਚੁੱਕਣਾ ਜਾਂ ਪਸੀਨਾ ਵਹਾਉਣਾ ਬੁਢਾਪੇ ਵਿਚ ਓਨਾ ਜ਼ਰੂਰੀ ਨਹੀਂ ਹੁੰਦਾ। ਇਸ ਉਮਰ ਵਿਚ ਹਲਕੀ-ਫੁਲਕੀ ਮਿਹਨਤ, ਕਸਰਤ ਅਤੇ ਸਰੀਰਕ ਸਰਗਰਮੀ ਬਣਾਈ ਰੱਖਣ ਨਾਲ ਬੁੱਢੇ ਸਰੀਰ ਨੂੰ ਲਾਭ ਮਿਲਦਾ ਹੈ, ਬਸ਼ਰਤੇ ਇਹ ਸਭ ਸਹੀ ਢੰਗ ਨਾਲ ਹੋਵੇ। ਇਸ ਨਾਲ ਸਰੀਰ ਦੇ ਸਾਰੇ ਅੰਗਾਂ 'ਤੇ ਚੰਗਾ ਅਸਰ ਪੈਂਦਾ ਹੈ। ਡਾਕਟਰ ਦੀ ਸਲਾਹ ਲੈ ਕੇ ਉਸ ਦੇ ਦੱਸੇ ਅਨੁਸਾਰ ਇਹ ਹਲਕੀ-ਫੁਲਕੀ ਕਸਰਤ, ਖੇਡ, ਕੰਮ ਛੇਤੀ ਸ਼ੁਰੂ ਕਰ ਦਿਓ। ਇਸ ਨਾਲ ਪੂਰਾ ਸਰੀਰ ਚੁਸਤ-ਦਰੁਸਤ ਰਹੇਗਾ।
ਕਸਰਤ ਦੇ ਲਾਭ
ਇਹ ਚਰਬੀ ਦੇ ਪੱਧਰ ਨੂੰ ਕਾਬੂ ਵਿਚ ਰੱਖਦੀ ਹੈ। ਇਹ ਭਾਰ ਅਤੇ ਮੋਟਾਪਾ ਵਧਣ ਨਹੀਂ ਦਿੰਦੀ। ਚਰਬੀ ਘਟਣ ਨਾਲ ਦਿਲ ਦੇ ਦੌਰੇ ਦਾ ਖ਼ਤਰਾ ਟਲਦਾ ਹੈ। ਇਹ ਪਾਚਣ ਸ਼ਕਤੀ ਨੂੰ ਵਧਾਉਂਦੀ ਹੈ। ਇਹ ਮਾਸਪੇਸ਼ੀਆਂ ਨੂੰ ਮਜ਼ਬੂਤ ਬਣਾਉਂਦੀ ਹੈ। ਹੱਡੀਆਂ ਵੀ ਇਸ ਨਾਲ ਮਜ਼ਬੂਤ ਹੁੰਦੀਆਂ ਹਨ। ਝੁਰੜੀਆਂ ਨਹੀਂ ਵਧਦੀਆਂ। ਚਿਹਰੇ ਵਿਚ ਚਮਕ ਰਹਿੰਦੀ ਹੈ। ਜੋੜਾਂ ਵਿਚ ਦਰਦ ਨਹੀਂ ਹੁੰਦੀ। ਦਿਲ, ਅਧਰੰਗ, ਫੇਫੜੇ, ਸਾਹ, ਖੂਨ ਦੇ ਦਬਾਅ, ਸ਼ੂਗਰ ਆਦਿ ਬਿਮਾਰੀਆਂ ਦੀ ਸਥਿਤੀ ਵਿਚ ਲਾਭ ਮਿਲਦਾ ਹੈ। ਇਸ ਉਮਰ ਦੇ ਕੰਮ, ਕਸਰਤ ਅਤੇ ਸਰਗਰਮੀ ਨਾਲ ਬੁਢਾਪੇ ਦੀਆਂ ਬਹੁਤੀਆਂ ਪ੍ਰੇਸ਼ਾਨੀਆਂ ਦੂਰ ਹੋ ਜਾਂਦੀਆਂ ਹਨ। ਸਰੀਰ ਤੰਦਰੁਸਤ ਰਹਿੰਦਾ ਹੈ ਅਤੇ ਊਰਜਾ ਅਤੇ ਸ਼ਕਤੀ ਨਾਲ ਭਰਪੂਰ ਰਹਿੰਦਾ ਹੈ। ਜਦੋਂ ਏਨੇ ਲਾਭ ਮਿਲਦੇ ਹਨ ਤਾਂ ਡਾਕਟਰ ਦੀ ਸਲਾਹ ਮੁਤਾਬਿਕ ਮਿਹਨਤ, ਕਸਰਤ, ਖੇਡ, ਕੰਮ ਕਰਨ ਵਿਚ ਕੀ ਮੁਸ਼ਕਿਲ? ਬੁਢਾਪੇ ਨੂੰ ਚੁਸਤ-ਦਰੁਸਤ ਰੱਖਣ ਲਈ ਇਸ ਨੂੰ ਜ਼ਰੂਰ ਅਪਣਾਓ।


-ਸੀਤੇਸ਼ ਕੁਮਾਰ ਦਿਵੇਦੀ


ਖ਼ਬਰ ਸ਼ੇਅਰ ਕਰੋ

ਚੰਗੀ ਨੀਂਦ ਲੈਣ ਲਈ ਨੁਸਖੇ

ਤੰਦਰੁਸਤੀ ਅਤੇ ਸੁੰਦਰਤਾ ਲਈ ਗੂੜ੍ਹੀ ਨੀਂਦ ਬਹੁਤ ਜ਼ਰੂਰੀ ਹੈ। ਮਿੱਠੀ ਅਤੇ ਗੂੜ੍ਹੀ ਨੀਂਦ ਕਿਵੇਂ ਲਈਏ, ਇਸ ਲਈ ਕੁਝ ਲਾਭਦਾਇਕ ਸੁਝਾਅ ਇਹ ਹਨ-
* ਹਰ ਰੋਜ਼ ਨਿਸਚਿਤ ਸਮੇਂ 'ਤੇ ਸੌਵੋਂ, ਚਾਹੇ ਸਰਦੀ ਹੋਵੇ ਜਾਂ ਗਰਮੀ। ਰਾਤ ਨੂੰ 10 ਵਜੇ ਤੱਕ ਜ਼ਰੂਰ ਸੌਂ ਜਾਓ। ਸਵੇਰੇ 5 ਜਾਂ 6 ਵਜੇ ਤੱਕ ਉੱਠਣਾ ਵੀ ਓਨਾ ਹੀ ਜ਼ਰੂਰੀ ਹੈ, ਜਿੰਨਾ ਸਮੇਂ ਸਿਰ ਸੌਣਾ।
* ਸੌਣ ਤੋਂ ਭਾਵ ਬਿਸਤਰੇ 'ਤੇ ਲੰਮੇ ਪਏ ਰਹਿਣ ਤੋਂ ਨਹੀਂ ਹੈ, ਸਗੋਂ ਨੀਂਦ ਲੈਣ ਤੋਂ ਹੈ। ਜੇ ਨੀਂਦ ਜ਼ਿਆਦਾ ਉਡੀਕ ਕਰਵਾਉਂਦੀ ਹੈ ਤਾਂ ਉਨੀਂਦਰੇ ਦੀ ਸਥਿਤੀ ਲਈ ਡਾਕਟਰ ਤੋਂ ਸਲਾਹ ਲਓ।
* ਸੌਣ ਸਮੇਂ ਢਿੱਲੇ, ਆਰਾਮਦਾਇਕ ਅਤੇ ਘੱਟ ਤੋਂ ਘੱਟ ਕੱਪੜੇ ਪਹਿਨੇ ਹੋਣੇ ਚਾਹੀਦੇ ਹਨ ਤਾਂ ਕਿ ਨੀਂਦ ਵਿਚ ਰੁਕਾਵਟ ਨਾ ਪਵੇ।
* ਸੁਖਦ ਨੀਂਦ ਲਈ ਕਮਰੇ ਦਾ ਤਾਪਮਾਨ ਅਨੁਕੂਲ ਹੋਣਾ ਚਾਹੀਦਾ ਹੈ। ਸਰਦੀਆਂ ਵਿਚ ਸਾਰੀ ਰਾਤ ਹੀਟਰ ਅਤੇ ਗਰਮੀਆਂ ਵਿਚ ਏ. ਸੀ. ਚਲਾ ਕੇ ਨਹੀਂ ਸੌਣਾ ਚਾਹੀਦਾ।
* ਸੌਣ ਤੋਂ ਇਕ ਘੰਟਾ ਪਹਿਲਾਂ ਮਿੱਠਾ, ਕੋਸਾ ਦੁੱਧ ਪੀਣਾ ਲਾਭਦਾਇਕ ਹੁੰਦਾ ਹੈ। ਇਸ ਨਾਲ ਸਰੀਰ ਅਤੇ ਦਿਮਾਗ ਨੂੰ ਸ਼ਾਂਤੀ ਮਿਲਦੀ ਹੈ ਅਤੇ ਗੂੜ੍ਹੀ ਨੀਂਦ ਵੀ ਆਉਂਦੀ ਹੈ।
* ਦਵਾਈ ਦੇ ਜ਼ੋਰ ਨਾਲ ਨੀਂਦ ਲਿਆਉਣ ਦੀ ਬਜਾਏ ਸੁਭਾਵਿਕ ਰੂਪ ਨਾਲ ਨੀਂਦ ਆਉਣ ਦਿਓ। ਇਸ ਦੇ ਲਈ ਜ਼ਰੂਰੀ ਹੈ ਕਿ ਪੂਰੀ ਸਰੀਰਕ ਅਤੇ ਦਿਮਾਗੀ ਮਿਹਨਤ ਕੀਤੀ ਜਾਵੇ। ਨਿਸਚਿਤ ਹੀ ਦਿਨ ਭਰ ਦੀ ਥਕਾਨ ਤੋਂ ਬਾਅਦ ਚੰਗੀ ਨੀਂਦ ਆਉਂਦੀ ਹੈ।
* ਤੁਹਾਡਾ ਸੌਣ ਵਾਲਾ ਕਮਰਾ ਸਾਫ਼-ਸੁਥਰਾ ਅਤੇ ਵਿਵਸਥਿਤ ਹੋਣਾ ਚਾਹੀਦਾ ਹੈ। ਜਿਸ ਤਰ੍ਹਾਂ ਬਚੇ ਹੋਏ ਕੰਮ ਅਤੇ ਜ਼ਿੰਮੇਵਾਰੀਆਂ ਨੀਂਦ ਉਡਾ ਦਿੰਦੀਆਂ ਹਨ, ਉਵੇਂ ਹੀ ਅਵਿਵਸਥਿਤ ਸੌਣ ਵਾਲਾ ਕਮਰਾ ਵੀ ਨੀਂਦ ਵਿਚ ਰੁਕਾਵਟ ਦਾ ਕਾਰਨ ਬਣ ਜਾਂਦਾ ਹੈ।
* ਰਾਤ ਦਾ ਭੋਜਨ ਸੌਣ ਤੋਂ 2-3 ਘੰਟੇ ਪਹਿਲਾਂ ਜ਼ਰੂਰ ਕਰ ਲਓ। ਰਾਤ ਦਾ ਭੋਜਨ ਹਲਕਾ ਲਓ, ਭਾਰੀ ਭੋਜਨ, ਤੁੰਨ-ਤੁੰਨ ਕੇ ਖਾਣਾ ਖਾਣ ਨਾਲ ਪਾਚਣ ਸਬੰਧੀ ਸਮੱਸਿਆਵਾਂ ਅਤੇ ਉਨੀਂਦਰੇ ਦਾ ਹੋਣਾ ਸੁਭਾਵਿਕ ਹੈ।
* ਸੌਣ ਵਾਲੇ ਕਮਰੇ ਅਤੇ ਆਸ-ਪਾਸ ਦਾ ਵਾਤਾਵਰਨ ਸ਼ਾਂਤ ਹੋਣਾ ਚਾਹੀਦਾ ਹੈ। ਤੇਜ਼ ਰੌਸ਼ਨੀ, ਸ਼ੋਰ, ਚੁਭਣ ਆਦਿ ਨੀਂਦ ਵਿਚ ਰੁਕਾਵਟ ਪਾਉਂਦੇ ਹਨ। ਕਮਰਾ ਸ਼ੁੱਧ ਅਤੇ ਹਵਾਦਾਰ ਹੋਣਾ ਚਾਹੀਦਾ ਹੈ।
* ਸੌਣ ਲਈ ਬਿਸਤਰਾ ਸਾਫ਼, ਮੁਲਾਇਮ ਅਤੇ ਆਰਾਮਦਾਇਕ ਹੋਣਾ ਬਹੁਤ ਜ਼ਰੂਰੀ ਹੈ।
* ਸੌਣ ਤੋਂ ਪਹਿਲਾਂ ਚਾਹ, ਕੌਫੀ ਵਰਗੇ ਉਤੇਜਿਕ ਪਦਾਰਥਾਂ ਦਾ ਸੇਵਨ ਨਾ ਕਰੋ, ਕਿਉਂਕਿ ਇਨ੍ਹਾਂ ਦੇ ਸੇਵਨ ਨਾਲ ਨੀਂਦ ਵਿਚ ਰੁਕਾਵਟ ਪੈਦਾ ਹੁੰਦੀ ਹੈ। ਇਸੇ ਤਰ੍ਹਾਂ ਠੰਢੇ ਪੀਣ ਵਾਲੇ ਪਦਾਰਥਾਂ ਦਾ ਸੇਵਨ ਵੀ ਸੌਣ ਤੋਂ ਪਹਿਲਾਂ ਨਹੀਂ ਕਰਨਾ ਚਾਹੀਦਾ।
* ਸਰੀਰ ਨੂੰ ਢਿੱਲਾ ਰੱਖ ਕੇ ਸੌਵੋਂ। ਇਸੇ ਤਰ੍ਹਾਂ ਮੂੰਹ ਢਕ ਕੇ ਸੌਣਾ ਵੀ ਸਿਹਤ ਲਈ ਹਾਨੀਕਾਰਕ ਹੁੰਦਾ ਹੈ। ਇਸ ਨਾਲ ਵਿਅਕਤੀ ਨੂੰ ਪੂਰੀ ਆਕਸੀਜਨ ਨਹੀਂ ਮਿਲਦੀ ਅਤੇ ਪੂਰੀ ਨੀਂਦ ਲੈਣ ਤੋਂ ਬਾਅਦ ਵੀ ਵਿਅਕਤੀ ਸੁਸਤ ਰਹਿੰਦਾ ਹੈ।
* ਰੋਜ਼ਾਨਾ ਸਵੇਰੇ-ਸ਼ਾਮ ਟਹਿਲਣ ਜਾਓ। ਰਾਤ ਦੇ ਭੋਜਨ ਤੋਂ ਬਾਅਦ ਜ਼ਰੂਰ ਟਹਿਲਣਾ ਚਾਹੀਦਾ ਹੈ।
* ਜੇ ਸੌਣ ਵਾਲੇ ਕਮਰੇ ਵਿਚ ਥੋੜ੍ਹੀ-ਥੋੜ੍ਹੀ ਸੁਗੰਧ ਵਾਲਾ ਵਾਤਾਵਰਨ ਹੋਵੇ ਤਾਂ ਨੀਂਦ ਚੰਗੀ ਆਉਂਦੀ ਹੈ। ਜੇ ਸੰਭਵ ਹੋਵੇ ਤਾਂ ਅਜਿਹਾ ਕੁਦਰਤੀ ਰੂਪ ਨਾਲ ਕਰਨ ਦੀ ਕੋਸ਼ਿਸ਼ ਕਰੋ।

ਬਚੋ ਭੋਜਨ ਦੇ ਜ਼ਹਿਰੀਲੇਪਣ ਤੋਂ

ਜ਼ਹਿਰੀਲਾ ਭੋਜਨ ਜਾਂ ਭੋਜਨ ਦੇ ਜ਼ਹਿਰੀਲੇਪਣ ਨੂੰ 'ਫੂਡ ਪਾਇਜ਼ਨਿੰਗ' ਕਿਹਾ ਜਾਂਦਾ ਹੈ। ਭੋਜਨ ਅਤੇ ਪਕਵਾਨ ਬਣਾਉਣ ਵਿਚ ਲਾਪ੍ਰਵਾਹੀ, ਇਸ ਦੇ ਬੇਹਾ ਜਾਂ ਪੁਰਾਣਾ ਹੋ ਜਾਣ ਅਤੇ ਇਸ ਨੂੰ ਅਸੁਰੱਖਿਅਤ ਢੰਗ ਨਾਲ ਰੱਖਣ ਅਤੇ ਖਾਣ 'ਤੇ ਵਿਅਕਤੀ ਇਸ ਤੋਂ ਪੀੜਤ ਹੁੰਦਾ ਹੈ। ਲੱਛਣ ਦਿਸਦੇ ਹੀ ਇਸ ਦਾ ਇਲਾਜ ਜ਼ਰੂਰੀ ਹੋ ਜਾਂਦਾ ਹੈ, ਨਹੀਂ ਤਾਂ ਭੋਜਨ ਦੇ ਜ਼ਹਿਰ ਦਾ ਪ੍ਰਭਾਵ ਸਰੀਰ ਵਿਚ ਵਧ ਜਾਣ 'ਤੇ ਪੀੜਤ ਵਿਅਕਤੀ ਦੀ ਮੌਤ ਵੀ ਹੋ ਜਾਂਦੀ ਹੈ।
ਲੱਛਣ : ਅਜਿਹੇ ਭੋਜਨ, ਪਕਵਾਨ ਦੇ ਸੇਵਨ ਤੋਂ ਕੁਝ ਦੇਰ ਬਾਅਦ ਪੇਟ ਫੁੱਲਣ ਵਰਗਾ ਲਗਦਾ ਹੈ। ਪੇਟ ਵਿਚ ਦਰਦ ਅਤੇ ਮਰੋੜ ਹੁੰਦਾ ਹੈ। ਨਾਭੀ ਦੇ ਆਸ-ਪਾਸ ਤੇਜ਼ ਦਰਦ ਹੋਣ ਲਗਦੀ ਹੈ। ਸਿਰ ਚਕਰਾਉਣ ਲਗਦਾ ਹੈ, ਬੇਹੋਸ਼ੀ ਛਾ ਜਾਂਦੀ ਹੈ। ਉਲਟੀਆਂ ਆਉਣ ਲਗਦੀਆਂ ਹਨ। ਦਸਤ ਵੀ ਆਉਣ ਲਗਦੇ ਹਨ। ਪੀੜਤ ਵਿਅਕਤੀ ਵਿਚ ਇਨ੍ਹਾਂ ਵਿਚੋਂ ਇਕ ਜਾਂ ਜ਼ਿਆਦਾ ਲੱਛਣ ਵੀ ਨਾਲ-ਨਾਲ ਦਿਖਾਈ ਦੇ ਸਕਦੇ ਹਨ।
ਕਾਰਨ : ਭੋਜਨ, ਪਕਵਾਨ ਬਣਾਉਣ ਵਿਚ ਲਾਪ੍ਰਵਾਹੀ ਕਰਨ, ਬੇਹਾ ਹੋਣ ਜਾਂ ਉਸ ਨੂੰ ਠੀਕ ਢੰਗ ਨਾਲ ਸੁਰੱਖਿਅਤ ਨਾ ਰੱਖਣ 'ਤੇ ਇਸ ਭੋਜਨ ਅਤੇ ਪਕਵਾਨ ਵਿਚ ਤਰ੍ਹਾਂ-ਤਰ੍ਹਾਂ ਦੇ ਘਾਤਕ ਬੈਕਟੀਰੀਆ ਪੈਦਾ ਹੋ ਜਾਂਦੇ ਹਨ, ਜੋ ਭੋਜਨ, ਪਕਵਾਨ ਨੂੰ ਜ਼ਹਿਰੀਲਾ ਬਣਾ ਦਿੰਦੇ ਹਨ। ਇਹ ਸਲਾਦ, ਖੋਆ, ਖੀਰ, ਮਾਸ, ਪੇਸਟ੍ਰੀਜ਼, ਬ੍ਰੈੱਡ, ਦਹੀਂ, ਮਠਿਆਈਆਂ ਅਤੇ ਦੁੱਧ ਤੋਂ ਬਣੀਆਂ ਹੋਰ ਚੀਜ਼ਾਂ ਦੇ ਬੇਹਾ ਹੋਣ ਨਾਲ ਪੈਦਾ ਹੁੰਦੇ ਘਾਤਕ ਬੈਕਟੀਰੀਆ ਦੇ ਕਾਰਨ ਹੁੰਦਾ ਹੈ।
ਕੀ ਕਰੀਏ : ਵਿਸ਼ਾਕਤ ਭੋਜਨ ਦਾ ਪ੍ਰਭਾਵ ਇਕ ਤੋਂ ਛੇ ਘੰਟੇ ਅੰਦਰ ਦਿਸਣ ਲਗਦਾ ਹੈ। ਲੱਛਣ ਦਿਸਣ 'ਤੇ ਜੀਵਨ ਰੱਖਿਆ ਘੋਲ, ਫਲਾਂ ਦਾ ਰਸ, ਸੂਪ ਘੱਟ ਮਾਤਰਾ ਵਿਚ ਹੌਲੀ-ਹੌਲੀ ਪੀਓ। ਬਿਨਾਂ ਬੁਲਬੁਲੇ ਵਾਲਾ ਸੋਡਾ ਵੀ ਪੀ ਸਕਦੇ ਹੋ। ਗੋਲੀਆਂ ਨਾ ਲਓ। ਜੇ ਸੀਨੇ ਦੀ ਜਲਣ ਰੋਕਣ ਵਾਲੀਆਂ ਗੋਲੀਆਂ ਐਂਟਾਸਿਡਸ ਜਾਂ ਐਸੀਡਿਟੀ ਦੂਰ ਕਰਨ ਵਾਲੀ ਗੋਲੀ, ਕੈਪਸੂਲ ਆਦਿ ਫੂਡ ਜ਼ਹਿਰੀਲੇਪਣ ਜਾਂ ਡਾਇਰੀਆ ਦੀ ਸਥਿਤੀ ਵਿਚ ਲੈਂਦੇ ਹੋ ਤਾਂ ਮਾਮਲਾ ਹੋਰ ਵਿਗੜ ਸਕਦਾ ਹੈ।
ਸਰੀਰ ਵਿਚ ਘਾਤਕ ਬੈਕਟੀਰੀਆ ਨਾਲ ਲੜਨ ਦੀ ਸਮਰੱਥਾ ਹੁੰਦੀ ਹੈ, ਜੋ ਉਕਤ ਦਵਾਈਆਂ ਜਾਂ ਕੈਪਸੂਲਾਂ ਨੂੰ ਲੈਣ ਨਾਲ ਪੀੜਤ ਦੀ ਤਾਕਤ ਨੂੰ ਨੁਕਸਾਨ ਕਰ ਦਿੰਦੇ ਹਨ। ਵੈਸੇ ਖੁਦ ਇਲਾਜ ਜਾਂ ਰਾਹਤ ਪਾਉਣ ਦੇ ਉਪਾਅ ਕਰਨ ਦੀ ਬਜਾਏ ਯੋਗ ਡਾਕਟਰ ਕੋਲੋਂ ਤੁਰੰਤ ਜਾਂਚ-ਇਲਾਜ ਕਰਵਾਉਣਾ ਚਾਹੀਦਾ ਹੈ, ਨਹੀਂ ਤਾਂ ਇਹ ਮਹਾਂਮਾਰੀ ਵੀ ਬਣ ਸਕਦਾ ਹੈ।
ਸਾਵਧਾਨੀਆਂ : * ਸਲਾਦ ਅਤੇ ਪੁੰਗਰੀਆਂ ਚੀਜ਼ਾਂ ਸਾਫ਼-ਸੁਥਰੀਆਂ ਹੋਣ।
* ਭੋਜਨ ਤੋਂ ਪਹਿਲਾਂ ਹੱਥਾਂ ਨੂੰ ਚੰਗੀ ਤਰ੍ਹਾਂ ਧੋ ਲਓ।
* ਜ਼ਿਆਦਾ ਪੁਰਾਣਾ ਖੱਟਾ ਦਹੀਂ ਨਾ ਖਾਓ।
* ਬੇਹਾ ਭੋਜਨ ਕਰਨ ਤੋਂ ਬਚੋ।
* ਗੰਦੀਆਂ ਥਾਵਾਂ 'ਤੇ ਬਣੀਆਂ ਬਾਜ਼ਾਰੀ ਚੀਜ਼ਾਂ ਦਾ ਸੇਵਨ ਨਾ ਕਰੋ।
* ਸੜੇ-ਗਲੇ ਫਲਾਂ-ਸਬਜ਼ੀਆਂ ਦੀ ਕਿਸੇ ਵੀ ਰੂਪ ਵਿਚ ਵਰਤੋਂ ਨਾ ਕਰੋ।
* ਮੀਟ ਖਾਣ ਵਾਲੇ ਸਾਵਧਾਨੀ ਵਰਤਣ।
* ਅਪ੍ਰਚਲਿਤ ਫਲ-ਸਬਜ਼ੀ ਅਤੇ ਮਸ਼ਰੂਮ ਨੂੰ ਚੰਗੀ ਤਰ੍ਹਾਂ ਪਰਖ ਕੇ ਲਓ।
* ਡੱਬਾਬੰਦ, ਬੋਤਲਬੰਦ ਚੀਜ਼ਾਂ ਬਣਨ ਅਤੇ ਮਿਆਦ ਖ਼ਤਮ ਹੋਣ ਦੀ ਮਿਤੀ ਦੇਖ ਕੇ ਹੀ ਵਰਤੋਂ ਕਰੋ।
* ਕਿਸੇ ਵੀ ਖਾਧ ਪਦਾਰਥ ਵਿਚੋਂ ਵੱਖਰੀ ਤਰ੍ਹਾਂ ਦੀ ਮਹਿਕ ਜਾਂ ਬਦਬੂ ਆ ਰਹੀ ਹੋਵੇ ਤਾਂ ਵਰਤੋਂ ਨਾ ਕਰੋ।
* ਬੇਹੀਆਂ ਅਤੇ ਪੁਰਾਣੀਆਂ ਖੋਇਆ ਮਠਿਆਈਆਂ ਨਾ ਖਾਓ।
* ਮਸਾਲੇਦਾਰ ਚੀਜ਼ਾਂ ਬੇਹੀਆਂ ਹੋਣ 'ਤੇ ਨਾ ਲਓ।
* ਘਰ ਹੋਵੋ ਜਾਂ ਬਾਹਰ, ਹਮੇਸ਼ਾ ਗਰਮ ਅਤੇ ਤਾਜ਼ਾ ਭੋਜਨ ਸੀਮਤ ਮਾਤਰਾ ਵਿਚ ਸੇਵਨ ਕਰੋ।
* ਕਿਸੇ ਵੀ ਮਨਪਸੰਦ ਜਾਂ ਸਵਾਦੀ ਚੀਜ਼ ਨੂੰ ਸੀਮਤ ਮਾਤਰਾ ਵਿਚ ਹੀ ਖਾਓ।
* ਕਿਸੇ ਵੀ ਬਿਪਤਾ ਦੇ ਆਉਣ ਤੋਂ ਪਹਿਲਾਂ ਹੀ ਆਪਣੇ ਢੰਗ ਨਾਲ ਬਚਾਅ, ਉਪਾਅ ਜ਼ਰੂਰੀ ਹੈ।

ਬੱਚੇਦਾਨੀ, ਅੰਡਕੋਸ਼ ਅਤੇ ਛਾਤੀ ਦੀਆਂ ਰਸੌਲੀਆਂ

ਅਜੋਕੇ ਸਮੇਂ ਵਿਚ ਔਰਤਾਂ 'ਚ ਰਸੌਲੀਆਂ ਦੀ ਸਮੱਸਿਆ ਬਹੁਤ ਵਧ ਚੁੱਕੀ ਹੈ। ਉਹ ਰਸੌਲੀਆਂ ਭਾਵੇਂ ਬੱਚੇਦਾਨੀ ਜਾਂ ਅੰਡਕੋਸ਼ ਦੀਆਂ ਹੋਣ ਜਾਂ ਛਾਤੀ ਦੀਆਂ।
ਅੰਡਕੋਸ਼ ਦੀਆਂ ਪਾਣੀ ਵਾਲੀਆਂ ਰਸੌਲੀਆਂ ਜ਼ਿਆਦਾ 15 ਤੋਂ 30 ਸਾਲ ਦੀ ਉਮਰ ਵਿਚ ਪਾਈਆਂ ਜਾਂਦੀਆਂ ਹਨ। ਇਨ੍ਹਾਂ ਰਸੌਲੀਆਂ ਨਾਲ ਓਵਰੀ (ਅੰਡਕੋਸ਼) ਦਾ ਆਕਾਰ ਵੱਡਾ ਹੋ ਜਾਂਦਾ ਹੈ। ਇਨ੍ਹਾਂ ਰਸੌਲੀਆਂ ਦਾ ਮੁੱਖ ਕਾਰਨ ਹਾਰਮੋਨ ਅਸੰਤੁਲਨ ਹੁੰਦਾ ਹੈ, ਜਿਸ ਦੇ ਸਿੱਟੇ ਵਜੋਂ ਮਾਂਹਵਾਰੀ ਸਬੰਧੀ ਪ੍ਰੇਸ਼ਾਨੀਆਂ ਦਾ ਸਾਹਮਣਾ ਮਰੀਜ਼ ਨੂੰ ਕਰਨਾ ਪੈਂਦਾ ਹੈ ਅਤੇ ਬਾਂਝਪਨ ਦੇ ਕਾਰਨਾਂ ਵਿਚੋਂ ਇਕ ਮੁੱਖ ਕਾਰਨ ਬਣਦਾ ਹੈ।
ਬੱਚੇਦਾਨੀ ਦੀਆਂ ਰਸੌਲੀਆਂ 20 ਤੋਂ 45 ਸਾਲ ਦੀ ਉਮਰ ਵਿਚ ਹੁੰਦੀਆਂ ਹਨ। ਇਹ ਰਸੌਲੀਆਂ ਕਈ ਵਾਰ ਕਾਫੀ ਸਮੇਂ ਤੱਕ ਬਿਨਾਂ ਕਿਸੇ ਲੱਛਣਾਂ ਦੇ ਬੱਚੇਦਾਨੀ ਵਿਚ ਪਈਆਂ ਰਹਿੰਦੀਆਂ ਹਨ ਅਤੇ ਅਚਾਨਕ ਕਿਸੇ ਹੋਰ ਬਿਮਾਰੀ ਕਰਕੇ ਮੁਆਇਨਾ ਕਰਾਉਂਦਿਆਂ ਪਤਾ ਲਗਦੀਆਂ ਹਨ ਪਰ ਇਨ੍ਹਾਂ ਵਿਚੋਂ ਕੁਝ ਰਸੌੌਲੀਆਂ ਸ਼ੁਰੂ ਤੋਂ ਹੀ ਆਪਣੇ ਲੱਛਣ ਦਿੰਦੀਆਂ ਹਨ, ਜਿਵੇਂ-ਪੇਟ ਦੇ ਹੇਠਲੇ ਹਿੱਸੇ ਵਿਚ ਦਰਦ, ਸੋਜ਼, ਮਾਂਹਵਾਰੀ ਸਬੰਧੀ ਸਮੱਸਿਆਵਾਂ, ਮੋਟਾਪਾ ਆਦਿ। ਇਨ੍ਹਾਂ ਰਸੌਲੀਆਂ ਦਾ ਮੁੱਖ ਕਾਰਨ ਵੀ ਹਾਰਮੋਨ ਦਾ ਅਸੰਤੁਲਨ ਹੋਣਾ ਹੀ ਹੁੰਦਾ ਹੈ, ਪਰ ਇਨ੍ਹਾਂ ਹਾਰਮੋਨਾਂ ਦੇ ਅਸੰਤੁਲਨ ਦਾ ਵੀ ਇਕ ਕਾਰਨ ਹੁੰਦਾ ਹੈ, ਜੋ ਕਿ ਔਰਤਾਂ ਦੀਆਂ ਘਰੇਲੂ ਅਤੇ ਮਾਨਸਿਕ ਪ੍ਰੇਸ਼ਾਨੀਆਂ ਹੁੰਦੀਆਂ ਹਨ, ਜੋ ਕਿ ਇਨਸਾਨ ਦੇ ਸਰੀਰ ਨੂੰ ਅੰਦਰ ਤੱਕ ਵਿਗਾੜ ਦਿੰਦੀਆਂ ਹਨ।
ਤੀਜੀਆਂ ਰਸੌਲੀਆਂ, ਜਿਨ੍ਹਾਂ ਦਾ ਅੱਜਕਲ੍ਹ ਬਹੁਤ ਵਾਧਾ ਹੋ ਰਿਹਾ ਹੈ, ਉਹ ਛਾਤੀ ਦੀਆਂ ਰਸੌਲੀਆਂ ਹਨ। ਇਹ ਰਸੌਲੀਆਂ ਕਿਸੇ ਵੀ ਉਮਰ ਦੀ ਔਰਤ ਵਿਚ ਹੋ ਸਕਦੀਆਂ ਹਨ। ਇਨ੍ਹਾਂ ਰਸੌਲੀਆਂ ਵਿਚ ਕੁਝ ਰਸੌਲੀਆਂ ਦਰਦ ਵਾਲੀਆਂ ਹੁੰਦੀਆਂ ਹਨ ਅਤੇ ਕੁਝ ਦਰਦ-ਰਹਿਤ।
ਹਰ ਰਸੌਲੀ ਕੈਂਸਰ ਵਾਲੀ ਨਹੀਂ ਹੁੰਦੀ। ਰਸੌਲੀਆਂ ਦੋ ਤਰ੍ਹਾਂ ਦੀਆਂ ਹੁੰਦੀਆਂ ਹਨ। ਜੜ੍ਹਾਂ ਵਾਲੀਆਂ ਅਤੇ ਬਗੈਰ ਜੜ੍ਹਾਂ ਤੋਂ। ਔਰਤਾਂ ਵਿਚ ਪਾਈਆਂ ਜਾਣ ਵਾਲੀਆਂ 98 ਫੀਸਦੀ ਰਸੌਲੀਆਂ ਕੈਂਸਰ ਵਾਲੀਆਂ ਨਹੀਂ ਹੁੰਦੀਆਂ ਅਤੇ ਉਹ ਜਾਨਲੇਵਾ ਨਹੀਂ ਹੁੰਦੀਆਂ।
ਆਪ੍ਰੇਸ਼ਨ ਕਿਉਂ ਅਤੇ ਕਿਥੇ? : ਹਰ ਮਰੀਜ਼ ਨੂੰ ਆਪ੍ਰੇਸ਼ਨ ਕਰਵਾਉਣ ਦੀ ਲੋੜ ਨਹੀਂ ਹੁੰਦੀ। 95 ਫੀਸਦੀ ਕੇਸ ਤਾਂ ਬਿਨਾਂ ਆਪ੍ਰੇਸ਼ਨ ਦੇ ਦਵਾਈਆਂ ਨਾਲ ਠੀਕ ਹੋ ਜਾਂਦੇ ਹਨ ਅਤੇ ਆਪ੍ਰੇਸ਼ਨ ਦੀ ਲੋੜ ਨਹੀਂ ਪੈਂਦੀ। ਸਿਰਫ 5 ਫੀਸਦੀ ਕੇਸ, ਜਿਨ੍ਹਾਂ ਵਿਚ ਕੋਈ ਬਹੁਤ ਵੱਡੀ ਲੋੜ ਪੈ ਜਾਵੇ, ਜਿਵੇਂ ਮਾਹਵਾਰੀ ਦਾ ਬਹੁਤ ਜ਼ਿਆਦਾ ਖੂਨ ਪੈ ਜਾਣ ਦੀ ਹਾਲਤ ਵਿਚ, ਜੋ ਕਿ ਲਗਾਤਾਰ ਕਈ ਮਹੀਨੇ ਤੱਕ ਚਲਦਾ ਰਹੇ, ਐਚ. ਬੀ. (ਸਰੀਰ ਵਿਚ ਖੂਨ ਦੀ ਮਾਤਰਾ) ਘਟ ਜਾਣ 'ਤੇ, ਇਸੇ ਤਰ੍ਹਾਂ ਜਦੋਂ ਮਰੀਜ਼ ਦੀ ਜ਼ਿੰਦਗੀ ਨੂੰ ਕੋਈ ਖ਼ਤਰਾ ਹੋਵੇ, ਤਾਂ ਹੀ ਆਪ੍ਰੇਸ਼ਨ ਲੋੜੀਂਦਾ ਹੁੰਦਾ ਹੈ ਪਰ ਅੱਜਕਲ੍ਹ ਡਾਕਟਰ ਬਿਨਾਂ ਭੇਦ-ਭਾਵ ਕੀਤੇ ਹਰ ਇਕ ਮਰੀਜ਼ ਨੂੰ ਆਪ੍ਰੇਸ਼ਨ ਦੀ ਸਲਾਹ ਦਿੰਦੇ ਹਨ, ਜੋ ਕਿ ਬਿਲਕੁਲ ਗ਼ਲਤ ਹੈ। ਇਸ ਲਈ ਸਭ ਤੋਂ ਪਹਿਲਾਂ ਮਰੀਜ਼ ਦੇ ਸਾਰੇ ਅੰਗਾਂ ਨੂੰ ਬਚਾਉਣ ਵਾਸਤੇ ਯਤਨ ਕੀਤਾ ਜਾਣਾ ਚਾਹੀਦਾ ਹੈ। ਬਿਨਾਂ ਆਪ੍ਰੇਸ਼ਨ ਦਵਾਈਆਂ ਨਾਲ ਮਰੀਜ਼ ਦੀਆਂ ਰਸੌਲੀਆਂ ਠੀਕ ਹੋ ਸਕਦੀਆਂ ਹਨ ਅਤੇ ਆਪ੍ਰੇਸ਼ਨ ਤੋਂ ਬਾਅਦ ਆਉਣ ਵਾਲੇ ਦੁਰਪ੍ਰਭਾਵਾਂ ਤੋਂ ਵੀ ਬਚਿਆ ਜਾ ਸਕਦਾ ਹੈ, ਜਿਵੇਂ ਹੱਡੀਆਂ ਦੀਆਂ ਬਿਮਾਰੀਆਂ, ਹੱਡੀਆਂ ਦਾ ਖੁਰਨਾ, ਜੋੜਾਂ ਦੀਆਂ ਦਰਦਾਂ, ਰੀੜ੍ਹ ਦੀ ਹੱਡੀ ਦੀਆਂ ਬਿਮਾਰੀਆਂ, ਹਿਰਦੇ ਸਬੰਧੀ ਰੋਗ, ਮੋਟਾਪਾ, ਠੰਢੀਆਂ ਤਰੇਲੀਆਂ ਤੇ ਪਸੀਨੇ ਆਦਿ।
ਹੋਮਿਓਪੈਥਿਕ ਇਲਾਜ : ਹੋਮਿਓਪੈਥੀ ਉਨ੍ਹਾਂ ਲੋਕਾਂ ਲਈ ਵਰਦਾਨ ਸਿੱਧ ਹੋ ਰਹੀ ਹੈ, ਜੋ ਕਿ ਬਿਨਾਂ ਆਪ੍ਰੇਸ਼ਨ ਅਤੇ ਬਿਨਾਂ ਆਪਣੇ ਸਰੀਰ ਦੀ ਚੀਰ-ਫਾੜ ਕਰਵਾਏ ਆਪਣੀ ਬਿਮਾਰੀ ਨੂੰ ਜੜ੍ਹ ਤੋਂ ਖ਼ਤਮ ਕਰਨਾ ਚਾਹੁੰਦੇ ਹਨ। ਹੋਮਿਓਪੈਥੀ ਇਕ ਕੁਦਰਤੀ ਇਲਾਜ ਪ੍ਰਣਾਲੀ ਹੈ, ਜੋ ਕਿ ਮਨੁੱਖੀ ਸਰੀਰ ਅਤੇ ਮਨ ਦਾ ਇਲਾਜ ਕੁਦਰਤੀ ਢੰਗ ਨਾਲ ਕਰਦੀ ਹੈ। ਹੋਮਿਓਪੈਥੀ ਰਾਹੀਂ ਰਸੌਲੀਆਂ ਦਾ ਇਲਾਜ ਕਰਦੇ ਹੋਏ ਮਰੀਜ਼ ਦੇ ਸਾਰੇ ਸਰੀਰਕ ਲੱਛਣ ਅਤੇ ਮਾਨਸਿਕ ਲੱਛਣ, ਮਰੀਜ਼ ਦਾ ਸੁਭਾਅ ਅਤੇ ਹੋਰ ਸਾਰਾ ਜ਼ਰੂਰੀ ਵੇਰਵਾ ਲਿਆ ਜਾਂਦਾ ਹੈ। ਉਸੇ ਦੇ ਆਧਾਰ 'ਤੇ ਚੁਣੀ ਗਈ ਦਵਾਈ ਮਰੀਜ਼ ਨੂੰ ਦਿੱਤੀ ਜਾਂਦੀ ਹੈ। ਹੋਮਿਓਪੈਥਿਕ ਇਲਾਜ ਪ੍ਰਣਾਲੀ ਦੁਆਰਾ ਇਲਾਜ ਕਰਦੇ ਹੋਏ ਰਸੌਲੀਆਂ ਦੇ ਮਰੀਜ਼ ਦੀਆਂ ਸਰੀਰਕ ਅਤੇ ਮਾਹਵਾਰੀ ਸਬੰਧੀ ਸਮੱਸਿਆਵਾਂ ਦਾ ਹੱਲ ਤਾਂ ਹੁੰਦਾ ਹੀ ਹੈ, ਨਾਲ ਹੀ ਰਸੌਲੀਆਂ ਦਾ ਅਕਾਰ ਵੀ ਹੌਲੀ-ਹੌਲੀ ਘਟਦਾ ਜਾਂਦਾ ਹੈ ਅਤੇ ਸਹੀ ਹੋਮਿਓਪੈਥਿਕ ਇਲਾਜ ਤੋਂ ਬਾਅਦ ਮਰੀਜ਼ ਰੋਗ-ਰਹਿਤ ਅਤੇ ਤੰਦਰੁਸਤ ਹੋ ਜਾਂਦਾ ਹੈ।


-ਰਵਿੰਦਰ ਹੋਮਿਓਪੈਥਿਕ ਕਲੀਨਿਕ, ਮੋਤੀ ਨਗਰ, ਮਕਸੂਦਾਂ, ਜਲੰਧਰ।
www.ravinderhomeopathy.com

ਪੌਸ਼ਟਿਕਤਾ ਨਾਲ ਭਰਪੂਰ ਗਾਜਰ

ਇਸ ਮੌਸਮ ਵਿਚ ਗਾਜਰ ਤੋਂ ਬਿਨਾਂ ਸਲਾਦ ਅਧੂਰਾ ਲਗਦਾ ਹੈ। ਸਬਜ਼ੀਆਂ ਦੇ ਰਸ ਵਿਚ ਜੇ ਗਾਜਰ ਨਾ ਹੋਵੇ ਤਾਂ ਰਸ ਫਿੱਕਾ-ਫਿੱਕਾ ਲਗਦਾ ਹੈ। ਸਰਦੀਆਂ ਵਿਚ ਗਾਜਰ ਦਾ ਹਲਵਾ ਨਾ ਖਾਈਏ ਤਾਂ ਸਰਦੀਆਂ ਬੇਕਾਰ ਲਗਦੀਆਂ ਹਨ।
* ਨਿਯਮਤ ਗਾਜਰ ਦੇ ਸੇਵਨ ਨਾਲ ਇਮਿਊਨਟੀ ਸਿਸਟਮ ਮਜ਼ਬੂਤ ਹੁੰਦਾ ਹੈ। * ਖੂਨ ਦਾ ਦਬਾਅ ਠੀਕ ਰਹਿੰਦਾ ਹੈ। * ਚਮੜੀ ਲਈ ਗਾਜਰ ਬਹੁਤ ਚੰਗੀ ਹੁੰਦੀ ਹੈ। * ਸਰੀਰ ਵਿਚ ਲੋਹ ਤੱਤ ਦੀ ਕਮੀ ਨੂੰ ਦੂਰ ਕਰਦੀ ਹੈ। * ਧੁੱਪ ਨਾਲ ਹੋਣ ਵਾਲੇ ਨੁਕਸਾਨ ਤੋਂ ਚਮੜੀ ਦਾ ਬਚਾਅ ਹੁੰਦਾ ਹੈ। * ਗਾਜਰ ਦੇ ਨਿਯਮਤ ਸੇਵਨ ਨਾਲ ਅੱਖਾਂ ਦੀ ਰੌਸ਼ਨੀ ਵਧਦੀ ਹੈ। * ਜਿਨ੍ਹਾਂ ਲੋਕਾਂ ਦੀਆਂ ਹੱਡੀਆਂ ਕਮਜ਼ੋਰ ਹੁੰਦੀਆਂ ਹਨ, ਉਨ੍ਹਾਂ ਨੂੰ ਨਿਯਮਤ ਗਾਜਰ ਖਾਣੀ ਚਾਹੀਦੀ ਹੈ। ਇਸ ਨਾਲ ਕੈਲਸ਼ੀਅਮ ਦੀ ਮਾਤਰਾ ਸਰੀਰ ਵਿਚ ਵਧੇਗੀ ਅਤੇ ਇਸ ਵਿਚੋਂ ਮਿਲਣ ਵਾਲਾ ਕੈਲਸ਼ੀਅਮ ਸਰੀਰ ਅਸਾਨੀ ਨਾਲ ਹਜ਼ਮ ਕਰ ਲੈਂਦਾ ਹੈ। * ਗਾਜਰ ਦਾ ਰਸ ਚਮੜੀ ਨੂੰ ਸਾਫ਼ ਕਰਦਾ ਹੈ ਅਤੇ ਚਿਹਰੇ 'ਤੇ ਚਮਕ ਆਉਂਦੀ ਹੈ। * ਅੱਲ੍ਹੜ ਉਮਰ ਵਿਚ ਹਰ ਰੋਜ਼ ਗਾਜਰ ਦਾ ਤਾਜ਼ਾ ਰਸ ਪੀਓ। ਇਸ ਨਾਲ ਇਕਨੇ ਦੀ ਸਮੱਸਿਆ ਤੋਂ ਛੁਟਕਾਰਾ ਮਿਲੇਗਾ। * ਨਵਪ੍ਰਸੂਤਾ ਔਰਤ ਨੂੰ ਗਾਜਰ ਨਿਯਮਤ ਲੈਣੀ ਚਾਹੀਦੀ ਹੈ। ਇਸ ਨਾਲ ਮਾਂ ਦੇ ਦੁੱਧ ਦੀ ਮਾਤਰਾ ਵਧਦੀ ਹੈ।
ਗਾਜਰ ਦੇ ਬਹੁਤ ਜ਼ਿਆਦਾ ਸੇਵਨ ਨਾਲ ਚਮੜੀ ਪੀਲੀ ਹੋ ਜਾਂਦੀ ਹੈ, ਇਸ ਲਈ ਜ਼ਿਆਦਾ ਸੇਵਨ ਨਾ ਕਰੋ।


-ਸੁਦਰਸ਼ਨ ਚੌਧਰੀ

ਮੌਸਮੀ ਫਲ-ਸਬਜ਼ੀਆਂ ਹੀ ਖਾਓ

ਮਨੁੱਖ ਦੇ ਭੋਜਨ ਵਿਚ ਹਰ ਰੋਜ਼ ਹਰੀਆਂ ਸਬਜ਼ੀਆਂ ਅਤੇ ਫਲਾਂ ਦਾ ਹੋਣਾ ਜ਼ਰੂਰੀ ਦੱਸਿਆ ਗਿਆ ਹੈ। ਇਸ ਨਾਲ ਨਾ ਸਿਰਫ ਅਨੇਕਾਂ ਤਰ੍ਹਾਂ ਦੇ ਭੋਜਨ ਸਵਾਦੀ ਹੁੰਦੇ ਹਨ, ਸਗੋਂ ਸਰੀਰ ਨੂੰ ਜ਼ਰੂਰੀ ਤੱਤ, ਚਰਬੀ, ਪ੍ਰੋਟੀਨ, ਕਾਰਬੋਹਾਈਡ੍ਰੇਟ, ਵਿਟਾਮਿਨ ਆਦਿ ਵੀ ਮਿਲਦੇ ਹਨ। ਇਨ੍ਹਾਂ ਸਬਜ਼ੀਆਂ ਅਤੇ ਫਲਾਂ ਵਿਚ ਬੰਦਗੋਭੀ, ਪਾਲਕ, ਆਲੂ, ਫੁੱਲਗੋਭੀ, ਸ਼ਲਗਮ, ਬੈਂਗਣ, ਕਰੇਲਾ, ਭਿੰਡੀ, ਟਮਾਟਰ, ਗਾਜਰ, ਮੂਲੀ, ਸੇਬ, ਨਾਸ਼ਪਾਤੀ, ਨਾਰੰਗੀ, ਕੇਲਾ, ਅੰਗੂਰ ਤੇ ਮੌਸੰਮੀ ਆਦਿ ਪ੍ਰਮੁੱਖ ਹਨ।
ਇਨ੍ਹਾਂ ਫਲਾਂ ਅਤੇ ਸਬਜ਼ੀਆਂ ਵਿਚ ਕਾਰਬੋਹਾਈਡ੍ਰੇਟ, ਪ੍ਰੋਟੀਨ, ਚਰਬੀ ਖਣਿਜ ਭਰਪੂਰ ਮਾਤਰਾ ਵਿਚ ਪਾਏ ਜਾਂਦੇ ਹਨ। ਜਿਥੇ ਕਾਰਬੋਹਾਈਡ੍ਰੇਟ ਅਤੇ ਚਰਬੀ ਸਰੀਰ ਨੂੰ ਊਰਜਾ ਪ੍ਰਦਾਨ ਕਰਦੇ ਹਨ, ਉਥੇ ਪ੍ਰੋਟੀਨ ਸਰੀਰ ਦੇ ਨਿਰਮਾਣ ਅਤੇ ਰੱਖ-ਰਖਾਅ ਲਈ ਜ਼ਿੰਮੇਵਾਰ ਹੈ। ਆਲੂ ਵਿਚ ਕਾਰਬੋਹਾਈਡ੍ਰੇਟ 20 ਫੀਸਦੀ, ਪ੍ਰੋਟੀਨ 1.9 ਫੀਸਦੀ, ਚਰਬੀ 0.1 ਫੀਸਦੀ ਪਾਏ ਜਾਂਦੇ ਹਨ। ਬੰਦਗੋਭੀ ਵਿਚ ਕਾਰਬੋਹਾਈਡ੍ਰੇਟ 5.5 ਫੀਸਦੀ, ਪ੍ਰੋਟੀਨ 1.2 ਫੀਸਦੀ ਅਤੇ ਚਰਬੀ 0.3 ਫੀਸਦੀ ਪਾਈ ਜਾਂਦੀ ਹੈ, ਜਦੋਂ ਕਿ ਮਟਰ ਅਤੇ ਕੇਲੇ ਵਿਚ ਕਾਰਬੋਹਾਈਡ੍ਰੇਟ ਕ੍ਰਮਵਾਰ 16.7 ਅਤੇ 20 ਫੀਸਦੀ, ਪ੍ਰੋਟੀਨ 5.2 ਅਤੇ 1.0 ਫੀਸਦੀ ਅਤੇ ਚਰਬੀ ਦੋਵਾਂ ਵਿਚ 0.5 ਫੀਸਦੀ ਪਾਈ ਜਾਂਦੀ ਹੈ। ਇਸੇ ਤਰ੍ਹਾਂ ਸੇਬ ਅਤੇ ਪਾਲਕ ਵਿਚ ਕਾਰਬੋਹਾਈਡ੍ਰੇਟ ਕ੍ਰਮਵਾਰ 12.8 ਅਤੇ 3.2 ਫੀਸਦੀ ਅਤੇ ਪ੍ਰੋਟੀਨ 0.3 ਫੀਸਦੀ ਪਾਇਆ ਜਾਂਦਾ ਹੈ। ਮੋਟੇ ਤੌਰ 'ਤੇ ਇਹ ਵੀ ਜਾਣ ਲਓ ਕਿ ਪੀਲੇ ਅਤੇ ਲਾਲ ਫਲਾਂ ਵਿਚ ਵਿਟਾਮਿਨ 'ਏ' ਦੀ ਭਰਪੂਰ ਮਾਤਰਾ ਹੁੰਦੀ ਹੈ ਅਤੇ ਖੱਟੇ ਫਲਾਂ ਵਿਚ ਵਿਟਾਮਿਨ 'ਸੀ' ਦਾ ਭੰਡਾਰ ਹੁੰਦਾ ਹੈ। ਵਿਟਾਮਿਨ 'ਏ' ਸਰੀਰਕ ਊਰਜਾ ਅਤੇ ਅੱਖਾਂ ਨੂੰ ਰੌਸ਼ਨੀ ਪ੍ਰਦਾਨ ਕਰਦਾ ਹੈ। ਇਸ ਦੀ ਕਮੀ ਨਾਲ ਰਤੌਂਧੀ ਨਾਮਕ ਬਿਮਾਰੀ ਹੋਣ ਦਾ ਖ਼ਤਰਾ ਰਹਿੰਦਾ ਹੈ। ਵਿਟਾਮਿਨ 'ਸੀ' ਮਾਨਸਿਕ ਅਤੇ ਬੌਧਿਕ ਵਿਕਾਸ ਵਿਚ ਸਹਾਇਕ ਹੁੰਦਾ ਹੈ, ਜਿਸ ਦਾ ਪ੍ਰਮੁੱਖ ਸਰੋਤ ਔਲਾ ਵੀ ਹੈ।
ਕਿਹਾ ਵੀ ਗਿਆ ਹੈ, 'ਖਾਣ-ਪੀਣ ਅਤੇ ਬੋਲ-ਵਰਤਾਓ ਵਿਚ ਆਦਮੀ ਲੱਚਾ ਨੂੰ ਤਿਆਗ ਕੇ ਸੁਖੀ ਹੁੰਦਾ ਹੈ।' ਜੇ ਪੂਰੇ ਭਾਰਤ 'ਤੇ ਇਕ ਨਜ਼ਰ ਮਾਰੀ ਜਾਵੇ ਤਾਂ ਕਰੋੜਾਂ ਲੋਕ ਗਰੀਬੀ ਰੇਖਾ ਤੋਂ ਹੇਠਾਂ ਜੀਵਨ ਬਿਤਾਅ ਰਹੇ ਹਨ। ਅਜਿਹੇ ਵਿਚ ਖਾਸ ਕਰਕੇ ਮਹਿੰਗੇ ਖਾਧ ਪਦਾਰਥਾਂ ਨੂੰ ਖਰੀਦ ਕੇ ਖਾਣਾ ਆਮ ਲੋਕਾਂ ਦੇ ਵੱਸ ਦੀ ਗੱਲ ਨਹੀਂ ਹੈ।
ਅਜਿਹੀ ਸਮੱਸਿਆ ਗਰੀਬੀ ਦੇ ਕਾਰਨ ਤਾਂ ਹੁੰਦੀ ਹੀ ਹੈ, ਉਨ੍ਹਾਂ ਪਰਿਵਾਰਾਂ ਵਿਚ ਵੀ ਇਹ ਸਮੱਸਿਆ ਹੁੰਦੀ ਹੈ, ਜਿਥੇ ਜਾਂ ਤਾਂ ਮੈਂਬਰ ਜ਼ਿਆਦਾ ਹੋਣ ਜਾਂ ਪਰਿਵਾਰ ਨਿਯੋਜਨ ਦੇ ਸਾਧਨ ਨਾ ਅਪਣਾਏ ਜਾਂਦੇ ਹੋਣ। ਕਈ ਵੱਡੇ ਪਰਿਵਾਰ ਅਜਿਹੇ ਵੀ ਹੁੰਦੇ ਹਨ, ਜਿਨ੍ਹਾਂ ਵਿਚ ਕਮਾਉਣ ਵਾਲਾ ਇਕ ਅਤੇ ਖਾਣ ਵਾਲੇ ਕਈ ਹੁੰਦੇ ਹਨ ਪਰ ਸਾਨੂੰ ਹਤਾਸ਼ ਹੋਣ ਦੀ ਲੋੜ ਨਹੀਂ ਹੈ। ਸਾਡੇ ਕੋਲ ਮਹਿੰਗੇ ਪੋਸ਼ਕ ਖਾਧ ਪਦਾਰਥਾਂ ਦਾ ਬਦਲ ਵੀ ਹੈ। ਚੰਗੀ ਕਿਸਮਤ ਨਾਲ ਸਾਡੇ ਦੇਸ਼ ਵਿਚ ਅਜਿਹੇ ਕਈ ਖਾਧ ਪਦਾਰਥ ਉਪਲਬਧ ਹਨ, ਜੋ ਸਸਤੇ ਹਨ ਅਤੇ ਪੋਸ਼ਕ ਤੱਤ ਵੀ ਉਨ੍ਹਾਂ ਵਿਚ ਕਾਫੀ ਹੁੰਦੇ ਹਨ। ਉਦਾਹਰਨ ਦੇ ਤੌਰ 'ਤੇ ਦੁੱਧ ਕੈਲਸ਼ੀਅਮ ਦਾ ਵਧੀਆ ਸਰੋਤ ਹੈ। ਕੈਲਸ਼ੀਅਮ ਨਾਲ ਹੱਡੀਆਂ ਦਾ ਵਿਕਾਸ ਹੁੰਦਾ ਹੈ ਪਰ ਦੁੱਧ ਮਹਿੰਗਾ ਆਉਂਦਾ ਹੈ, ਇਸ ਲਈ ਅਸੀਂ ਕੈਲਸ਼ੀਅਮ ਦੀ ਪੂਰਤੀ ਹਰੀਆਂ ਪੱਤੇਦਾਰ ਸਬਜ਼ੀਆਂ ਜਿਵੇਂ ਸ਼ਲਗਮ, ਚੁਕੰਦਰ, ਮੂਲੀ ਆਦਿ ਦਾ ਸੇਵਨ ਕਰਕੇ ਕਰ ਸਕਦੇ ਹਾਂ, ਜੋ ਕੈਲਸ਼ੀਅਮ ਦਾ ਵਧੀਆ ਸਰੋਤ ਹਨ ਅਤੇ ਦੁੱਧ ਨਾਲੋਂ ਸਸਤੇ ਹਨ। ਗਾਜਰ, ਟਮਾਟਰ, ਪੱਕੇ ਅੰਬ, ਹਰੀਆਂ ਪੱਤੇਦਾਰ ਸਬਜ਼ੀਆਂ ਦਾ ਸੇਵਨ ਕਰਕੇ ਵਿਟਾਮਿਨ 'ਏ' ਦੀ ਲੋੜ ਦੀ ਪੂਰਤੀ ਕਰ ਸਕਦੇ ਹਾਂ। ਚਰਬੀ ਊਰਜਾ ਦਾ ਤੁਲਨਾਤਮਕ ਮਹਿੰਗਾ ਸਰੋਤ ਹੈ ਪਰ ਅਸੀਂ ਇਸ ਦੀ ਅੰਸ਼ਕ ਰੂਪ ਨਾਲ ਪੂਰਤੀ ਸਸਤੇ ਸਰੋਤਾਂ ਜਿਵੇਂ ਆਲੂ, ਕੇਲਾ ਆਦਿ ਦਾ ਸੇਵਨ ਕਰਕੇ ਕਰ ਸਕਦੇ ਹਾਂ।
ਖੀਰਾ-ਤਰ ਵੀ ਸਲਾਦ ਅਤੇ ਸਬਜ਼ੀਆਂ ਵਿਚ ਵਰਤੋਂ ਕੀਤੀ ਜਾਂਦੀ ਹੈ। ਖੀਰੇ ਵਿਚ 95 ਫੀਸਦੀ ਪਾਣੀ ਹੁੰਦਾ ਹੈ। ਤਰ ਵਿਚ ਵੀ ਲਗਪਗ 70 ਫੀਸਦੀ ਪਾਣੀ ਦੀ ਮਾਤਰਾ ਹੁੰਦੀ ਹੈ, ਜੋ ਖਾਣ 'ਤੇ ਠੋਸ ਰੂਪ ਨਾਲ ਸਰੀਰ ਨੂੰ ਪ੍ਰਾਪਤ ਹੋ ਜਾਂਦਾ ਹੈ। ਖੀਰਾ-ਤਰ, ਹਦਵਾਣਾ, ਖਰਬੂਜ਼ਾ ਆਦਿ ਅਨੇਕਾਂ ਫਲ ਕਾਫੀ ਸਸਤੇ ਮਿਲਦੇ ਹਨ। ਅਸੀਂ ਜਾਣਦੇ ਹਾਂ ਕਿ ਪਾਣੀ ਸਰੀਰ ਲਈ ਕਿੰਨਾ ਜ਼ਰੂਰੀ ਹੈ। ਸਰੀਰ ਵਿਚ ਕੁੱਲ ਭਾਰ ਦਾ 70 ਫੀਸਦੀ ਪਾਣੀ, 9 ਫੀਸਦੀ ਖੂਨ ਅਤੇ ਬਾਕੀ 21 ਫੀਸਦੀ ਵਿਚ ਹੱਡੀਆਂ ਅਤੇ ਸਥੂਲ ਸਰੀਰ ਦਾ ਅੰਸ਼ ਹੁੰਦਾ ਹੈ।
ਅਜਿਹਾ ਨਹੀਂ ਹੈ ਕਿ ਮਹਿੰਗੇ ਖਾਧ ਪਦਾਰਥ ਹੀ ਜ਼ਿਆਦਾ ਫਾਇਦਾ ਕਰਦੇ ਹਨ, ਸਗੋਂ ਵਿਅਕਤੀ ਨੂੰ ਚਾਹੀਦਾ ਹੈ ਕਿ ਜਦੋਂ ਮੌਸਮੀ ਫਲ ਅਤੇ ਸਬਜ਼ੀ ਉਸ ਦੇ ਕੋਲ ਮੌਸਮ ਵਿਚ ਸਸਤੀ ਅਤੇ ਭਰਪੂਰ ਮਾਤਰਾ ਵਿਚ ਹੋਵੇ ਤਾਂ ਉਸ ਦਾ ਭਰਪੂਰ ਫਾਇਦਾ ਉਠਾਇਆ ਜਾਵੇ। ਸਿਰਫ ਮਹਿੰਗੀਆਂ ਰੋਜ਼ਮਰਾ ਦੀਆਂ ਚੀਜ਼ਾਂ ਪ੍ਰਤੀ ਆਕਰਸ਼ਤ ਨਾ ਹੋਵੋ। ਝੂਠਾ ਦਿਖਾਵਾ ਅਤੇ ਦਿਖਾਵਟੀ ਸਮਾਜਿਕ ਮਾਣ-ਮਰਿਆਦਾ ਦਾ ਵਧੀਆ ਅਤੇ ਸਿਹਤਮੰਦ ਖਾਣ-ਪੀਣ ਵਿਚ ਕੋਈ ਸਥਾਨ ਨਹੀਂ ਹੋਣਾ ਚਾਹੀਦਾ।
**

ਸਿਹਤ ਖ਼ਬਰਨਾਮਾ

ਸਹੀ ਭੋਜਨ ਅਤੇ ਕਸਰਤ ਨਾਲ ਕੈਂਸਰ ਦੀ ਸੰਭਾਵਨਾ ਨੂੰ ਘੱਟ ਕੀਤਾ ਜਾ ਸਕਦਾ ਹੈ

ਪ੍ਰਡਿਊ ਯੂਨੀਵਰਸਿਟੀ ਸਕੂਲ ਆਫ ਕਨਜ਼ਿਊਮਰ ਅਤੇ ਦ ਫੂਡ ਐਂਡ ਨਿਊਟ੍ਰੀਸ਼ੀਅਨ ਸਾਇੰਸ ਅਲਾਇੰਸ ਦੇ ਮਾਹਿਰਾਂ ਅਨੁਸਾਰ ਕੈਂਸਰ ਦਾ ਇਕ ਕਾਰਨ ਸਹੀ ਭੋਜਨ ਦਾ ਸੇਵਨ ਨਾ ਕਰਨਾ ਅਤੇ ਕਸਰਤ ਦੀ ਕਮੀ ਹੈ। ਇਨ੍ਹਾਂ ਮਾਹਿਰਾਂ ਅਨੁਸਾਰ ਕਸਰਤ ਅਤੇ ਸਹੀ ਭੋਜਨ ਕੈਂਸਰ ਦੀ ਸੰਭਾਵਨਾ ਨੂੰ ਘੱਟ ਕਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਇਸ ਤੋਂ ਇਲਾਵਾ ਸਿਗਰਟਨੋਸ਼ੀ ਅਤੇ ਖਾਨਦਾਨੀ ਕਾਰਨ ਵੀ ਕੈਂਸਰ ਦੀ ਸੰਭਾਵਨਾ ਨੂੰ ਵਧਾਉਂਦੇ ਹਨ। ਕੋਲੋਨ ਕੈਂਸਰ ਦਾ ਸਭ ਤੋਂ ਜ਼ਿਆਦਾ ਅਤੇ ਪ੍ਰਮੁੱਖ ਕਾਰਨ ਹੀ ਸਾਡਾ ਭੋਜਨ ਹੈ।
ਮਾਹਿਰਾਂ ਅਨੁਸਾਰ ਕੈਂਸਰ ਤੋਂ ਬਚਣ ਲਈ ਜ਼ਰੂਰੀ ਹੈ ਫਲ਼ਾਂ, ਸਬਜ਼ੀਆਂ, ਅਨਾਜ, ਦਾਲਾਂ ਦਾ ਜ਼ਿਆਦਾ ਸੇਵਨ। ਡੱਬਾਬੰਦ ਭੋਜਨ, ਜਿਨ੍ਹਾਂ ਵਿਚ ਚਰਬੀ ਅਤੇ ਚੀਨੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਉਸ ਦਾ ਸੇਵਨ ਘੱਟ ਤੋਂ ਘੱਟ ਕਰਨਾ ਚਾਹੀਦਾ ਹੈ। ਅਲਕੋਹਲ ਦਾ ਸੇਵਨ ਵੀ ਨਾ ਕਰੋ ਅਤੇ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਨਿਯਮਤ ਕਸਰਤ।
ਤਣਾਅਰਹਿਤ ਰਹਿਣਾ ਹੈ ਤਾਂ ਨਾਸ਼ਤਾ ਕਰੋ

ਹਾਲ ਹੀ ਵਿਚ ਹੋਈ ਨਵੀਂ ਖੋਜ ਅਨੁਸਾਰ ਜੋ ਲੋਕ ਹਰ ਰੋਜ਼ ਨਾਸ਼ਤਾ ਕਰਦੇ ਹਨ, ਉਹ ਹਰ ਰੋਜ਼ ਨਾਸ਼ਤਾ ਨਾ ਕਰਨ ਵਾਲੇ ਵਿਅਕਤੀਆਂ ਦੀ ਤੁਲਨਾ ਵਿਚ ਘੱਟ ਤਣਾਅਪੂਰਨ ਰਹਿੰਦੇ ਹਨ। ਇਹੀ ਨਹੀਂ, ਜੋ ਵਿਅਕਤੀ ਨਾਸ਼ਤਾ ਲੈਂਦੇ ਹਨ, ਉਹ ਸਿਗਰਟਨੋਸ਼ੀ ਦਾ ਸੇਵਨ ਵੀ ਘੱਟ ਕਰਦੇ ਹਨ। ਇਸ ਤੋਂ ਪਹਿਲਾਂ ਵੀ ਇਕ ਹੋਰ ਖੋਜ ਵਿਚ ਇਹ ਪਤਾ ਲੱਗਾ ਹੈ ਕਿ ਨਾਸ਼ਤਾ ਲੈਣ ਵਾਲੇ ਬੱਚਿਆਂ ਦੀ ਸਰੀਰਕ ਅਤੇ ਮਾਨਸਿਕ ਤੰਦਰੁਸਤੀ ਬਣੀ ਰਹਿੰਦੀ ਹੈ ਅਤੇ ਜੋ ਬੱਚੇ ਨਾਸ਼ਤਾ ਨਹੀਂ ਕਰਦੇ, ਉਹ ਨਾ ਤਾਂ ਪੜ੍ਹਾਈ ਵਿਚ ਮਨ ਲਗਾਉਂਦੇ ਹਨ ਅਤੇ ਨਾ ਹੀ ਉਨ੍ਹਾਂ ਦੀ ਮਾਨਸਿਕ ਤੰਦਰੁਸਤੀ ਚੰਗੀ ਪਾਈ ਗਈ। ਇਸ ਲਈ ਜੇ ਤੁਸੀਂ ਵੀ ਸਰੀਰਕ ਅਤੇ ਮਾਨਸਿਕ ਤੌਰ 'ਤੇ ਤੰਦਰੁਸਤ ਰਹਿਣਾ ਚਾਹੁੰਦੇ ਹੋ ਤਾਂ ਹਰ ਦਿਨ ਨਾਸ਼ਤਾ ਲੈਣਾ ਨਾ ਭੁੱਲੋ।


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX