ਤਾਜਾ ਖ਼ਬਰਾਂ


ਸਾਬਕਾ ਵਿਧਾਇਕ ਸੁਖਦਰਸ਼ਨ ਸਿੰਘ ਮਰਾੜ ਕਾਂਗਰਸ ਵਿਚ ਸ਼ਾਮਿਲ
. . .  39 minutes ago
ਸ੍ਰੀ ਮੁਕਤਸਰ ਸਾਹਿਬ, 18 ਅਪ੍ਰੈਲ (ਰਣਜੀਤ ਸਿੰਘ ਢਿੱਲੋਂ)-ਸ੍ਰੀ ਮੁਕਤਸਰ ਸਾਹਿਬ ਦੀ ਰਾਜਨੀਤੀ ਵਿਚ ਉਸ ਸਮੇਂ ਹਿਲਜੁੱਲ ਹੋਈ, ਜਦੋਂ ਸਾਬਕਾ ਵਿਧਾਇਕ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਸੁਖਦਰਸ਼ਨ ਸਿੰਘ ਮਰਾੜ ਕਾਂਗਰਸ ਪਾਰਟੀ ਵਿਚ...
ਸੁਆਂ ਨਦੀ ਵਿਚ ਨਹਾਉਣ ਗਏ ਦੋ ਨੌਜਵਾਨ ਡੁੱਬੇ
. . .  about 1 hour ago
ਨੂਰਪੁਰ ਬੇਦੀ, 18 ਅਪ੍ਰੈਲ (ਹਰਦੀਪ ਸਿੰਘ ਢੀਂਡਸਾ) - ਸ੍ਰੀ ਅਨੰਦਪੁਰ ਸਾਹਿਬ ਤਹਿਸੀਲ ਅਧੀਨ ਪੈਂਦੇ ਕਸਬਾ ਨੂਰਪੁਰ ਬੇਦੀ ਨੇੜਿਓ ਗੁਜ਼ਰਦੀ ਸੁਆਂ ਨਦੀ ਵਿਚ ਦੋ ਨੌਜਵਾਨਾਂ ਦੇ ਡੁੱਬਣ ਦਾ...
ਆਈ.ਪੀ.ਐੱਲ 2019 : ਦਿੱਲੀ ਖ਼ਿਲਾਫ਼ ਟਾਸ ਜਿੱਤ ਕੇ ਮੁੰਬਈ ਵੱਲੋਂ ਪਹਿਲਾ ਬੱਲੇਬਾਜ਼ੀ ਦਾ ਫ਼ੈਸਲਾ
. . .  about 1 hour ago
ਸ਼ਮਸ਼ੇਰ ਸਿੰਘ ਦੂਲੋ ਨੂੰ ਆਪਣੇ ਪ੍ਰਚਾਰ ਦੀ ਕਰਾਂਗੀ ਅਪੀਲ - ਬੀਬੀ ਦੂਲੋ
. . .  about 1 hour ago
ਫ਼ਤਹਿਗੜ੍ਹ ਸਾਹਿਬ, 18 ਅਪ੍ਰੈਲ (ਅਰੁਣ ਅਹੂਜਾ)- ਕਾਂਗਰਸ ਦੇ ਰਾਜ ਸਭਾ ਮੈਂਬਰ ਸ਼ਮਸ਼ੇਰ ਸਿੰਘ ਦੂਲੋ ਦੀ ਪਤਨੀ ਬੀਬੀ ਹਰਬੰਸ ਕੋਰ ਦੂਲੋ ਜੋ ਕਿ ਬੀਤੇ ਦਿਨੀਂ ਆਮ ਆਦਮੀ ਪਾਰਟੀ ਵਿਚ...
ਗੁਰੂ ਹਰਸਹਾਏ : ਪਿੰਡ ਝੋਕ ਮੋਹੜੇ 'ਚ ਚੱਲੀ ਗੋਲੀ
. . .  about 1 hour ago
ਗੁਰੂ ਹਰਸਹਾਏ, 18 ਅਪ੍ਰੈਲ (ਹਰਚਰਨ ਸਿੰਘ ਸੰਧੂ) - ਪਿੰਡ ਝੋਕ ਮੋਹੜੇ ਵਿਖੇ ਪੁਰਾਣੀ ਰੰਜਸ਼ ਦੇ ਚੱਲਦਿਆਂ ਇੱਕ ਪਿੰਡ ਦੇ ਸਰਪੰਚ ਵੱਲੋਂ ਕੁੱਝ ਨੌਜਵਾਨਾਂ ਨੂੰ ਨਾਲ ਲੈ ਕੇ ਇੱਕ ਨੌਜਵਾਨ 'ਤੇ ਗੋਲੀ...
ਕੰਟਰੋਲ ਰੇਖਾ ਤੋਂ ਪਾਰ ਵਪਾਰ ਦੋ ਦਿਨਾਂ ਲਈ ਬੰਦ
. . .  about 1 hour ago
ਨਵੀਂ ਦਿੱਲੀ, 18 ਅਪ੍ਰੈਲ - ਗ੍ਰਹਿ ਮੰਤਰਾਲੇ ਨੇ ਐਨ.ਆਈ.ਏ ਦੀ ਜਾਂਚ ਦੌਰਾਨ ਕੁੱਝ ਅੱਤਵਾਦੀ ਸੰਗਠਨਾਂ ਵੱਲੋਂ ਵਪਾਰ ਚਲਾਏ ਜਾਣ ਦਾ ਪਾਏ ਜਾਣ 'ਤੇ ਜੰਮੂ ਕਸ਼ਮੀਰ ਵਿਖੇ ਕੱਲ੍ਹ...
ਆਮਦਨ ਕਰ ਵਿਭਾਗ ਵੱਲੋਂ ਵਪਾਰੀ ਤੋਂ 42 ਲੱਖ ਦੀ ਬੇਹਿਸਾਬੀ ਨਕਦੀ ਜ਼ਬਤ
. . .  about 2 hours ago
ਨਵੀਂ ਦਿੱਲੀ, 18 ਅਪ੍ਰੈਲ - ਆਮਦਨ ਕਰ ਵਿਭਾਗ ਨੇ ਗੁਜਰਾਤ ਦੇ ਗਾਂਧੀ ਨਗਰ ਵਿਖੇ ਇੱਕ ਵਪਾਰੀ ਤੋਂ 42 ਲੱਖ ਰੁਪਏ ਦੀ ਬੇਹਿਸਾਬੀ ਨਕਦੀ ਜ਼ਬਤ ਕੀਤੀ...
ਲੋਕ ਸਭਾ ਚੋਣਾਂ ਦੇ ਦੂਸਰੇ ਪੜਾਅ ਤਹਿਤ ਹੋਈ 61.12 ਫ਼ੀਸਦੀ ਵੋਟਿੰਗ
. . .  about 1 hour ago
ਨਵੀਂ ਦਿੱਲੀ, 18 ਅਪ੍ਰੈਲ - ਲੋਕ ਸਭਾ ਚੋਣਾਂ ਦੇ ਦੂਸਰੇ ਪੜਾਅ ਤਹਿਤ ਕੁੱਲ 61.12 ਫ਼ੀਸਦੀ ਵੋਟਿੰਗ ਹੋਈ...
ਸੜਕ ਹਾਦਸੇ 'ਚ ਦੋ ਸਕੇ ਭਰਾਵਾਂ ਦੀ ਮੌਤ
. . .  about 2 hours ago
ਗੁਰਦਾਸਪੁਰ, 18 ਅਪ੍ਰੈਲ (ਆਲਮਬੀਰ ਸਿੰਘ) - ਨੇੜਲੇ ਪਿੰਡ ਕੋਠੇ ਘੁਰਾਲਾ ਬਾਈਪਾਸ ਨੇੜੇ ਵਾਪਰੇ ਇਕ ਦਰਦਨਾਕ ਸੜਕ ਹਾਦਸੇ ਵਿਚ ਦੋ ਸਕੇ ਭਰਾਵਾਂ ਦੀ ਮੌਤ ਹੋ ਗਈ। ਜਾਣਕਾਰੀ...
ਉੜੀਸਾ : ਈ.ਵੀ.ਐਮ 'ਚ ਖ਼ਰਾਬੀ ਹੋਣ ਕਾਰਨ 4 ਬੂਥਾਂ 'ਤੇ ਦੁਬਾਰਾ ਹੋਵੇਗੀ ਵੋਟਿੰਗ- ਚੋਣ ਅਧਿਕਾਰੀ
. . .  about 3 hours ago
ਭੁਵਨੇਸ਼ਵਰ, 18 ਅਪ੍ਰੈਲ- ਉੜੀਸਾ ਦੇ ਮੁੱਖ ਚੋਣ ਅਧਿਕਾਰੀ ਸੁਰੇਂਦਰ ਕੁਮਾਰ ਨੇ ਕਿਹਾ ਹੈ ਕਿ ਸੁਰੇਂਦਰਗੜ੍ਹ ਦੇ ਬੂਥ ਨੰਬਰ 213, ਬੁਨਾਈ ਦੇ ਬੂਥ ਨੰਬਰ 129 ਅਤੇ ਦਾਸਪੱਲਾ ਵਿਧਾਨ ਸਭਾ ਖੇਤਰ 'ਚ ਬੂਥ ਨੰਬਰ 210 ਅਤੇ 222 'ਚ ਈ.ਵੀ.ਐਮ 'ਚ ਖ਼ਰਾਬੀ ਦੇ ਚੱਲਦਿਆਂ ...
ਹੋਰ ਖ਼ਬਰਾਂ..

ਨਾਰੀ ਸੰਸਾਰ

ਜਦੋਂ ਬਣੋ ਪਹਿਲੀ ਵਾਰ ਮਾਪੇ...

ਜਦੋਂ ਵੀ ਕਿਸੇ ਵਿਆਹੁਤਾ ਜੋੜੇ ਦੇ ਘਰ ਪਹਿਲਾ ਬੱਚਾ ਜਨਮ ਲੈਂਦਾ ਹੈ ਤਾਂ ਉਸ ਬੱਚੇ ਦੇ ਜਨਮ ਦੀ ਵੀ ਉਨ੍ਹਾਂ ਨੂੰ ਆਪਣੇ ਵਿਆਹ ਜਿੰਨੀ ਹੀ ਖੁਸ਼ੀ ਹੁੰਦੀ ਹੈ। ਪਹਿਲਾ ਬੱਚਾ ਚਾਹੇ ਮੁੰਡਾ ਹੋਵੇ ਜਾਂ ਕੁੜੀ, ਹਰ ਮਾਪਿਆਂ ਨੂੰ ਉਹ ਬਹੁਤ ਹੀ ਪਿਆਰਾ ਹੁੰਦਾ ਹੈ। ਹਰ ਵਿਆਹੁਤਾ ਜੋੜੀ ਦੇ ਘਰ ਪਹਿਲਾ ਬੱਚਾ ਹੋਣ 'ਤੇ ਦੋਵਾਂ ਮੀਆਂ-ਬੀਵੀ ਦੇ ਪੈਰ ਧਰਤੀ ਉੱਪਰ ਨਹੀਂ ਲੱਗਦੇ। ਉਨ੍ਹਾਂ ਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਪੂਰਾ ਆਲਮ ਹੀ ਖੁਸ਼ੀਆਂ-ਖੇੜਿਆਂ ਨਾਲ ਭਰ ਗਿਆ ਹੋਵੇ।
ਪਰ ਇਹ ਵੀ ਇਕ ਕਠੋਰ ਸਚਾਈ ਹੈ ਕਿ ਪਹਿਲੀ ਵਾਰ ਬਣੇ ਮਾਪਿਆਂ ਦੇ ਅੱਗੇ ਖੁਸ਼ੀਆਂ ਦੇ ਨਾਲ-ਨਾਲ ਕਈ ਉਲਝਣਾਂ ਵੀ ਦਰਪੇਸ਼ ਹੁੰਦੀਆਂ ਹਨ। ਆਮ ਤੌਰ 'ਤੇ ਵਿਆਹੁਤਾ ਔਰਤਾਂ ਨੂੰ ਆਪਣਾ ਪਹਿਲਾ ਬੱਚਾ ਸੰਭਾਲਣ ਦੀ ਪੂਰੀ ਤਰ੍ਹਾਂ ਜਾਚ ਨਹੀਂ ਹੁੰਦੀ, ਕਿਉਂਕਿ ਉਨ੍ਹਾਂ ਨੂੰ ਇਸ ਕੰਮ ਦਾ ਕੋਈ ਤਜਰਬਾ ਨਹੀਂ ਹੁੰਦਾ। ਪਹਿਲੀ ਵਾਰ ਮਾਂ ਬਣੀ ਮੁਟਿਆਰ ਅਕਸਰ ਹੀ ਆਪਣੇ ਬੱਚੇ ਕਾਰਨ ਅਤੇ ਪਰਿਵਾਰਕ ਜ਼ਿੰਦਗੀ ਦੇ ਰੁਝੇਵਿਆਂ ਕਾਰਨ ਕਈ ਤਰ੍ਹਾਂ ਦੀਆਂ ਉਲਝਣਾਂ ਵਿਚ ਘਿਰ ਜਾਂਦੀ ਹੈ।
ਇਨ੍ਹਾਂ ਉਲਝਣਾਂ ਵਿਚੋਂ ਨਿਕਲਣ ਦਾ ਸਭ ਤੋਂ ਆਸਾਨ ਤਰੀਕਾ ਹੈ ਕਿ ਇਸ ਮੌਕੇ ਆਪਣੀ ਮਾਂ ਜਾਂ ਸੱਸ ਜਾਂ ਭੈਣ ਜਾਂ ਮਾਸੀ ਆਦਿ ਨੂੰ ਆਪਣੇ ਕੋਲ ਬੁਲਾ ਲਿਆ ਜਾਵੇ, ਜੋ ਕਿ ਇਸ ਤਰ੍ਹਾਂ ਦੇ ਮੌਕੇ 'ਤੇ ਆਪਣੇ ਜ਼ਿੰਦਗੀ ਭਰ ਦੇ ਤਜਰਬੇ ਨਾਲ ਨਵੀਂ ਬਣੀ ਮਾਂ ਦੀ ਅਤੇ ਉਸ ਦੇ ਬੱਚੇ ਦੀ ਚੰਗੀ ਤਰ੍ਹਾਂ ਸੰਭਾਲ ਕਰ ਸਕੇ। ਪਹਿਲੀ ਵਾਰ ਮਾਪੇ ਬਣੇ ਮੀਆਂ-ਬੀਵੀ ਕੋਲ ਉਨ੍ਹਾਂ ਦੇ ਰਿਸ਼ਤੇਦਾਰ, ਗੁਆਂਢੀ ਅਤੇ ਦੋਸਤ-ਮਿੱਤਰ ਕਈ ਤਰ੍ਹਾਂ ਦੀਆਂ ਮੁਫਤ ਸਲਾਹਾਂ ਦੇਣ ਲੱਗਦੇ ਹਨ ਅਤੇ ਕਈ ਤਰ੍ਹਾਂ ਦੇ ਘਰੇਲੂ ਉਪਚਾਰ ਵੀ ਦੱਸਦੇ ਰਹਿੰਦੇ ਹਨ, ਪਰ ਨਵੇਂ ਬਣੇ ਮਾਪਿਆਂ ਨੂੰ ਅਜਿਹਾ ਕੁਝ ਕਰਨ ਤੋਂ ਪਹਿਲਾਂ ਆਪਣੇ ਫੈਮਿਲੀ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।
ਪਹਿਲੇ ਬੱਚੇ ਦੇ ਜਨਮ ਤੋਂ ਬਾਅਦ ਜ਼ਿੰਦਗੀ ਨੂੰ ਸਹੀ ਤਰੀਕੇ ਨਾਲ ਜਿਊਣ ਲਈ ਨਵੇਂ ਬਣੇ ਮਾਪਿਆਂ ਨੂੰ ਆਪਣਾ ਨਵਾਂ ਟਾਈਮ ਟੇਬਲ ਬਣਾਉਣਾ ਚਾਹੀਦਾ ਹੈ। ਇਸ ਮੌਕੇ ਪਤੀ ਅਤੇ ਪਤਨੀ ਨੂੰ ਆਪਣੇ ਕਰਨ ਵਾਲੇ ਕੰਮਾਂ ਦੀ ਵੀ ਵੰਡ ਕਰ ਲੈਣੀ ਚਾਹੀਦੀ ਹੈ। ਬੱਚੇ ਨੂੰ ਖਾਣਾ ਖਵਾਉਣਾ, ਨਹਾਉਣਾ, ਉਸ ਦੇ ਕੱਪੜੇ ਬਦਲਣ ਆਦਿ ਲਈ ਵੀ ਡਿਊਟੀ ਨਿਸਚਿਤ ਕਰ ਲੈਣੀ ਚਾਹੀਦੀ ਹੈ, ਤਾਂ ਕਿ ਇਕ ਹੀ ਵਿਅਕਤੀ ਉੱਪਰ ਬੋਝ ਨਾ ਪੈ ਸਕੇ। ਇਸ ਦੇ ਨਾਲ ਹੀ ਆਪਣੇ ਦਫ਼ਤਰ ਨੂੰ ਵੀ ਇਸ ਤਰੀਕੇ ਨਾਲ ਮੈਨੇਜ ਕੀਤਾ ਜਾਵੇ ਕਿ ਪਤੀ ਸਹੀ ਸਮੇਂ ਸਿਰ ਆਪਣੇ ਦਫ਼ਤਰ ਜਾ ਸਕੇ ਅਤੇ ਜਦੋਂ ਤੁਸੀਂ ਕਿਸੇ ਕੰਮ ਲਈ ਬਾਜ਼ਾਰ ਜਾਂ ਦਫ਼ਤਰ ਜਾਓ ਤਾਂ ਪਤੀ ਘਰ ਵਿਚ ਰਹੇ।
ਇਹ ਵੀ ਇਕ ਹਕੀਕਤ ਹੈ ਕਿ ਪਹਿਲੀ ਵਾਰ ਬਣੇ ਮਾਪੇ ਅਕਸਰ ਹੀ ਕਈ ਗ਼ਲਤੀਆਂ ਕਰ ਬੈਠਦੇ ਹਨ। ਨਵੇਂ ਬਣੇ ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਪਹਿਲੇ ਬੱਚੇੇ ਦੇ ਜਨਮ ਤੋਂ ਪਹਿਲਾਂ ਹੀ ਉਸ ਦੇ ਲਈ ਵਿੱਤੀ ਬਜਟ ਵੀ ਬਣਾ ਲੈਣ, ਤਾਂ ਕਿ ਬੱਚੇ ਦੇ ਜਨਮ ਸਮੇਂ ਅਤੇ ਬਾਅਦ ਵਿਚ ਬੱਚੇ ਦੀ ਪਰਵਰਿਸ਼ ਉੱਪਰ ਹੋਣ ਵਾਲੇ ਖ਼ਰਚ ਨੂੰ ਸਹੀ ਤਰੀਕੇ ਨਾਲ ਮੈਨੇਜ ਕੀਤਾ ਜਾ ਸਕੇ। ਬੱਚੇ ਦੀ ਦਵਾਈ ਅਤੇ ਹੋਰ ਸਾਮਾਨ ਲਈ ਵੀ ਉਸ ਦੇ ਬਜਟ ਵਿਚ ਵਿਸ਼ੇਸ਼ ਧਿਆਨ ਰੱਖਿਆ ਜਾਵੇ। ਇਸ ਦੇ ਨਾਲ ਹੀ ਬੱਚੇ ਦੇ ਜਨਮ ਸਮੇਂ ਹੀ ਉਸ ਦੇ ਭਵਿੱਖ ਲਈ ਵੀ ਬਜਟ ਰੱਖਿਆ ਜਾਵੇ ਤਾਂ ਜੋ ਉਸ ਦੀ ਪਰਵਰਿਸ਼ ਆਉਣ ਵਾਲੇ ਸਾਲਾਂ ਵਿਚ ਵੀ ਚੰਗੇ ਤਰੀਕੇ ਨਾਲ ਹੋ ਸਕੇ। ਇਸ ਲਈ ਬੈਂਕ ਜਾਂ ਡਾਕਖਾਨੇ ਵਿਚ ਬੱਚੇ ਦੇ ਨਾਂਅ ਉੱਪਰ ਪਤੀ-ਪਤਨੀ ਦਾ ਸਾਂਝਾ ਖਾਤਾ ਖੁਲ੍ਹਵਾਇਆ ਜਾ ਸਕਦਾ ਹੈ, ਜਿਸ ਵਿਚ ਹਰ ਮਹੀਨੇ ਹੀ ਮਾਪੇ ਆਪਣੀ ਮਿਲਦੀ ਤਨਖਾਹ ਵਿਚੋਂ ਆਪਣੇ ਬੱਚੇ ਦੇ ਬਜਟ ਲਈ ਪੈਸੇ ਜਮ੍ਹਾਂ ਕਰਵਾ ਸਕਦੇ ਹਨ, ਤਾਂ ਜੋ ਉਨ੍ਹਾਂ ਦੇ ਲਾਲ ਦਾ ਭਵਿੱਖ ਸੁਨਹਿਰੀ ਬਣ ਸਕੇ। ਇਸ ਤਰ੍ਹਾਂ ਪਹਿਲੀ ਵਾਰ ਬਣੇ ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਬੱਚੇ ਦੇ ਜਨਮ ਤੋਂ ਬਾਅਦ ਆਪਣੀ ਜ਼ਿੰਦਗੀ ਨੂੰ ਇਸ ਤਰੀਕੇ ਨਾਲ ਮੈਨੇਜ ਕਰਨ ਕਿ ਬੱਚੇ ਦੀ ਪਰਵਰਿਸ਼ ਵੀ ਸਹੀ ਤਰੀਕੇ ਨਾਲ ਹੋ ਸਕੇ ਅਤੇ ਮਾਪਿਆਂ ਨੂੰ ਪ੍ਰੇਸ਼ਾਨੀ ਵੀ ਨਾ ਹੋਵੇ।


-ਲੱਕੀ ਨਿਵਾਸ, 61-ਏ, ਵਿੱਦਿਆ ਨਗਰ, ਪਟਿਆਲਾ।
ਮੋਬਾ: 94638-19174


ਖ਼ਬਰ ਸ਼ੇਅਰ ਕਰੋ

ਸੁੰਦਰਤਾ ਸਾਧਨਾਂ ਦੇ ਮਾੜੇ ਪ੍ਰਭਾਵਾਂ ਤੋਂ ਬਚੋ

ਖੂਬਸੂਰਤ ਦਿਸਣ ਲਈ ਅਸੀਂ ਕਈ ਤਰ੍ਹਾਂ ਦੇ ਸੁੰਦਰਤਾ ਸਾਧਨਾਂ ਦੀ ਵਰਤੋਂ ਕਰਦੇ ਹਾਂ, ਕਈ ਵਾਰ ਇਨ੍ਹਾਂ ਨੂੰ ਲੈਣ ਤੋਂ ਬਾਅਦ ਚਮੜੀ ਵਿਚ ਕਈ ਹੋਰ ਤਰ੍ਹਾਂ ਦੀ ਸਮੱਸਿਆ ਪੈਦਾ ਹੋ ਜਾਂਦੀਆਂ ਹਨ। ਕਿਸ ਤਰ੍ਹਾਂ ਦੇ ਸੁੰਦਰਤਾ ਸਾਧਨਾਂ ਦੇ ਕੀ ਮਾੜੇ ਪ੍ਰਭਾਵ ਪੈ ਸਕਦੇ ਹਨ, ਉਨ੍ਹਾਂ ਤੋਂ ਕਿਵੇਂ ਬਚਿਆ ਜਾ ਸਕਦਾ ਹੈ, ਆਓ ਜਾਣੀਏ-
ਵਾਲਾਂ ਨੂੰ ਸਿੱਧੇ ਕਰਨਾ : ਵਾਲਾਂ ਨੂੰ ਸਿੱਧਾ ਕਰਨ ਲਈ ਉਨ੍ਹਾਂ 'ਤੇ ਡ੍ਰਾਇਰ ਜਾਂ ਆਇਰਨ ਕਰਨਾ ਜਾਂ ਸੈਲੂਨ ਵਿਚ ਜਾ ਕੇ ਉੱਚ ਤਾਪਮਾਨ ਇਲਾਜ ਨਾਲ ਵਾਲਾਂ 'ਤੇ ਮਾੜਾ ਅਸਰ ਹੁੰਦਾ ਹੈ। ਵਾਲਾਂ 'ਤੇ ਰੋਜ਼ ਡ੍ਰਾਇਰ ਜਾਂ ਆਇਰਨ ਕਰਨਾ ਉਨ੍ਹਾਂ ਨੂੰ ਖਰਾਬ ਕਰ ਸਕਦਾ ਹੈ। ਇਸ ਲਈ ਇਨ੍ਹਾਂ ਨੂੰ ਸਿੱਧੇ ਕਰਨ ਲਈ ਚੰਗੇ ਸੈਲੂਨ ਵਿਚ ਕਿਸੇ ਅਨੁਭਵੀ ਦੀ ਮਦਦ ਲਓ। ਜੋ ਵਾਲਾਂ ਨੂੰ ਸਿੱਧਾ ਕਰਨ ਲਈ ਸਹੀ ਤਰੀਕਾ ਅਪਣਾਵੇ।
ਮੈਨੀਕਿਉਰ, ਪੈਡੀਕਿਉਰ : ਹੱਥਾਂ ਅਤੇ ਪੈਰਾਂ ਨੂੰ ਖੂਬਸੂਰਤ ਬਣਾਉਣ ਲਈ ਇਸ ਨੂੰ ਕਰਾਇਆ ਜਾਂਦਾ ਹੈ। ਇਸ ਵਿਚ ਨਹੁੰਆਂ ਨੂੰ ਇਕਸਾਰ ਦਿਖਾਉਣ ਲਈ ਇਨ੍ਹਾਂ ਦੀ ਉਪਰਲੀ ਪਰਤ ਨੂੰ ਰਗੜਿਆ ਜਾਂਦਾ ਹੈ, ਜਿਸ ਨਾਲ ਉਨ੍ਹਾਂ ਦੀ ਪਰਤ ਦੀ ਨਮੀ ਖ਼ਤਮ ਹੋ ਜਾਂਦੀ ਹੈ ਅਤੇ ਨਹੁੰ ਕਮਜ਼ੋਰ ਹੋ ਜਾਂਦੇ ਹਨ। ਜੇ ਮੈਨੀਕਿਉਰ ਅਤੇ ਪੈਡੀਕਿਉਰ ਕਰਨ ਵਾਲੇ ਟੱਬ ਦੀ ਸ਼ੁੱਧਤਾ ਸੁਨਿਸਚਿਤ ਨਾ ਹੋਵੇ ਤਾਂ ਬੈਕਟੀਰੀਅਲ ਇਨਫੈਕਸ਼ਨ ਹੋ ਸਕਦਾ ਹੈ। ਇਸ ਤੋਂ ਬਚਣ ਲਈ ਜ਼ਰੂਰੀ ਹੈ ਕਿ ਸੈਲੂਨ ਵਿਚ ਇਸਤੇਮਾਲ ਹੋਣ ਵਾਲੇ ਔਜ਼ਾਰ ਕੀਟਾਣੂ ਮੁਕਤ ਹੋਣੇ ਚਾਹੀਦੇ ਹਨ। ਟੱਬ ਚੰਗੀ ਤਰ੍ਹਾਂ ਸਾਫ਼ ਹੋਣਾ ਚਾਹੀਦਾ ਹੈ। ਬਿਹਤਰ ਹੋਵੇਗਾ ਜੇ ਸਵੇਰ ਦੇ ਸਮੇਂ ਇਸ ਨੂੰ ਕਰਾਇਆ ਜਾਵੇ, ਕਿਉਂਕਿ ਉਸ ਸਮੇਂ ਇਹ ਸਾਫ਼-ਸੁਥਰਾ ਅਤੇ ਧੋਤਾ ਹੁੰਦਾ ਹੈ।
ਨਹੁੰ-ਪਾਲਿਸ਼ ਉਤਾਰਨ ਵਾਲੇ ਤਰਲ ਨਾਲ ਨਹੁੰ ਖ਼ੁਸ਼ਕ ਹੋ ਜਾਂਦੇ ਹਨ ਅਤੇ ਇਕ ਵਾਰ ਨਹੁੰਆਂ ਉੱਤੋਂ ਨਹੁੰ-ਪਾਲਿਸ਼ ਲਾਹ ਦੇਣ ਤੋਂ ਬਾਅਦ ਕੁਝ ਦਿਨ ਉਨ੍ਹਾਂ ਨੂੰ ਇੰਜ ਹੀ ਛੱਡ ਦੇਣਾ ਚਾਹੀਦਾ ਹੈ।
ਹੇਅਰ ਬਲੀਚਿੰਗ : ਵਾਲਾਂ ਨੂੰ ਰੰਗ ਕਰਨ ਲਈ ਅਮੋਨੀਆ ਦੀ ਵਰਤੋਂ ਵਾਲਾਂ ਨੂੰ ਨੁਕਸਾਨ ਕਰ ਸਕਦੀ ਹੈ। ਰੰਗ ਕਰਨ ਵਾਲੇ ਉਤਪਾਦਾਂ ਵਿਚ ਮੌਜੂਦ ਰਸਾਇਣ ਵਾਲਾਂ ਦੇ ਕਿਊਟੀਕਲਸ ਨੂੰ ਖੋਲ੍ਹ ਕੇ ਇਸ ਦੇ ਅੰਦਰ ਰੰਗ ਨੂੰ ਪਹੁੰਚਾਉਂਦਾ ਹੈ, ਜਿਸ ਲਈ ਉਨ੍ਹਾਂ ਨੂੰ ਬਲੀਚ ਕੀਤਾ ਜਾਂਦਾ ਹੈ। ਵਾਲਾਂ ਦੇ ਕਿਊਟੀਕਲਸ ਖੁੱਲ੍ਹਣ ਤੋਂ ਬਾਅਦ ਵਾਲਾਂ ਦੀ ਨਮੀ ਖ਼ਤਮ ਹੋ ਜਾਂਦੀ ਹੈ। ਇਹ ਰੁੱਖੇ, ਬੇਜਾਨ ਅਤੇ ਦੋ-ਮੂੰਹੇਂ ਹੋ ਕੇ ਟੁੱਟਣ ਲਗਦੇ ਹਨ। ਜੇ ਸੈਲੂਨ ਵਿਚ ਜਾ ਕੇ ਵਾਲਾਂ ਨੂੰ ਬਲੀਚ ਕਰਾਉਣਾ ਹੋਵੇ ਤਾਂ ਅਮੋਨੀਆ ਮੁਕਤ ਵਿਧੀ ਅਪਣਾਓ ਅਤੇ ਆਪਣੇ ਵਾਲਾਂ ਵਿਚ ਵਾਰ-ਵਾਰ ਰੰਗ ਨਾ ਬਦਲੋ, ਕਿਉਂਕਿ ਵਾਰ-ਵਾਰ ਅਮੋਨੀਆ ਦੀ ਵਰਤੋਂ ਨਾਲ ਵਾਲ ਖਰਾਬ ਹੋ ਸਕਦੇ ਹਨ।
ਫੇਸ਼ੀਅਲ ਬਲੀਚਿੰਗ : ਚਮੜੀ ਮਾਹਿਰਾਂ ਦੀ ਮੰਨੀਏ ਤਾਂ ਮਹੀਨੇ ਵਿਚ ਇਕ ਹੀ ਵਾਰ ਫੇਸ਼ੀਅਲ ਕਰਾਉਣਾ ਚਾਹੀਦਾ ਹੈ। ਇਸ ਦੀ ਪ੍ਰਕਿਰਿਆ ਬੇਹੱਦ ਆਸਾਨ ਹੁੰਦੀ ਹੈ ਅਤੇ ਬਾਜ਼ਾਰ ਵਿਚ ਇਸ ਦੀ ਕਿੱਟ ਵੀ ਮਿਲਦੀ ਹੈ। ਪਰ ਜੇ ਇਸ ਨੂੰ ਘਰ ਵਿਚ ਹੀ ਕਰਨਾ ਹੋਵੇ ਤਾਂ ਇਸ ਨੂੰ ਘੋਲਣ ਲਈ ਕਿਸੇ ਧਾਤ ਦੇ ਭਾਂਡੇ ਦੀ ਵਰਤੋਂ ਨਾ ਕਰੋ ਅਤੇ ਚਿਹਰੇ 'ਤੇ ਇਸ ਦੀ ਵਰਤੋਂ ਕਰਨ ਤੋਂ ਪਹਿਲਾਂ ਸਰੀਰ ਦੇ ਛੋਟੇ ਜਿਹੇ ਹਿੱਸੇ ਵਿਚ ਲਗਾ ਕੇ ਦੇਖੋ ਕਿ ਇਸ ਨਾਲ ਚਮੜੀ ਵਿਚ ਖਾਰਸ਼ ਤਾਂ ਨਹੀਂ ਹੁੰਦੀ? 20 ਸਾਲ ਦੀ ਉਮਰ ਤੋਂ ਪਹਿਲਾਂ ਬਲੀਚਿੰਗ ਨਹੀਂ ਕਰਾਉਣੀ ਚਾਹੀਦੀ। ਇਸ ਦੀ ਵਜ੍ਹਾ ਨਾਲ ਚਿਹਰੇ 'ਤੇ ਖਾਰਸ਼ ਦਾ ਹੋਣਾ, ਚਮੜੀ ਦਾ ਲਾਲ ਹੋਣਾ, ਚਮੜੀ ਦਾ ਰੰਗ ਕਾਲਾ ਪੈਣਾ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਜੇ ਇਕ ਨਿਸਚਿਤ ਸਮੇਂ ਦੇ ਅੰਦਰ ਇਸ ਨੂੰ ਚਿਹਰੇ ਤੋਂ ਨਾ ਹਟਾਇਆ ਜਾਵੇ ਤਾਂ ਚਮੜੀ ਨੁਕਸਾਨਗ੍ਰਸਤ ਹੋ ਸਕਦੀ ਹੈ। ਇਸ ਨਾਲ ਚਮੜੀ ਦੀ ਬਾਹਰੀ ਹੀ ਨਹੀਂ, ਅੰਦਰੂਨੀ ਪਰਤ ਨੂੰ ਵੀ ਨੁਕਸਾਨ ਹੋ ਸਕਦਾ ਹੈ।


-ਨੀਲੋਫਰ,
ਇਮੇਜ ਰਿਫਲੈਕਸ਼ਨ ਸੈਂਟਰ

5 ਮਿੰਟ ਦੀ ਕਲਾਕਾਰੀ

ਮੈਟ ਲਿਪਸਟਿਕ : ਪਹਿਲਾਂ ਆਪਣੇ ਮਨਪਸੰਦ ਦੀ ਕੋਈ ਵੀ ਲਿਪਸਟਿਕ ਲਗਾ ਲਵੋ। ਫਿਰ ਟਿਸ਼ੂ ਪੇਪਰ ਦੀ ਮਦਦ ਨਾਲ ਹਲਕੇ-ਹਲਕੇ ਹੱਥਾਂ ਨਾਲ ਵਾਧੂ ਲਿਪਸਟਿਕ ਨੂੰ ਹਟਾ ਦਿਓ। ਹੁਣ ਹਲਕਾ-ਹਲਕਾ ਪਾਊਡਰ ਬੁੱਲ੍ਹਾਂ 'ਤੇ ਲੱਗੀ ਹੋਈ ਲਿਪਸਟਿਕ 'ਤੇ ਲਗਾਓ। ਪਾਊਡਰ ਦੇ ਲਿਪਸਟਿਕ ਵਿਚ ਮਿਲਣ ਤੱਕ ਉਂਗਲਾਂ ਨਾਲ ਪ੍ਰੈੱਸ ਕਰਦੇ ਰਹੋ। ਬਿਨਾਂ ਚਮਕ ਦੀ ਮੈਟ ਲਿਪਸਟਿਕ ਤਿਆਰ ਹੈ।
ਲੌਂਗ ਲਾਸਟਿੰਗ ਬਲੱਸ਼ : ਇਸ ਲਈ ਤੁਹਾਨੂੰ ਚਾਹੀਦੀ ਹੈ ਆਪਣੀ ਮਨਪਸੰਦ ਦੀ ਲਾਲ ਜਾਂ ਹਲਕੀ ਗੁਲਾਬੀ ਲਿਪਸਟਿਕ ਤੇ ਐਸ. ਪੀ. ਐਫ. 30 ਜਾਂ 50 ਸਨਸਕ੍ਰੀਨ। ਹੁਣ ਆਪਣੀਆਂ ਗੱਲ੍ਹਾਂ 'ਤੇ ਹਲਕੀ ਜਿਹੀ ਲਿਪਸਟਿਕ ਲਗਾ ਕੇ ਸਨਸਕ੍ਰੀਨ ਲਗਾਵੋ। ਸਨਸਕ੍ਰੀਨ ਤੇ ਲਿਪਸਟਿਕ ਨੂੰ ਚੰਗੀ ਤਰ੍ਹਾਂ ਮਿਲਾਉਂਦੇ ਹੋਏ ਹੇਠਾਂ ਵੱਲ ਨੂੰ ਹੌਲੀ-ਹੌਲੀ ਬਲੈਂਡ ਕਰੋ।
ਕਾਲੇ ਘੇਰਿਆਂ ਤੋਂ ਛੁਟਕਾਰਾ : ਇਸ ਵਾਸਤੇ ਤੁਹਾਨੂੰ ਚਾਹੀਦੀ ਹੈ ਬਚੀ ਹੋਈ ਕੌਫ਼ੀ। ਬਚੀ ਹੋਈ ਕੌਫ਼ੀ ਨੂੰ ਆਈਸ ਟ੍ਰੇਅ ਵਿਚ ਪਾ ਕੇ ਕੁਝ ਘੰਟਿਆਂ ਲਈ ਫਰਿੱਜ ਦੇ ਉਪਰਲੇ ਖਾਨੇ ਵਿਚ ਰੱਖੋ। ਜਦ ਆਈਸ ਕਿਊਬ ਬਣ ਕੇ ਤਿਆਰ ਹੋ ਜਾਵੇ ਤਾਂ ਉਸ ਨੂੰ ਆਪਣੀਆਂ ਅੱਖਾਂ ਦੇ ਹੇਠਾਂ ਘਸਾਓ।
ਕਾਲੇ ਬੁੱਲ੍ਹਾਂ ਤੋਂ ਛੁਟਕਾਰਾ : ਇਸ ਲਈ ਤੁਹਾਨੂੰ ਚਾਹੀਦਾ ਹੈ ਇਕ ਚਮਚਾ ਬੇਬੀ ਆਇਲ, ਅੱਧਾ ਚਮਚਾ ਚੀਨੀ ਤੇ ਕੁਝ ਕੁ ਨਿੰਬੂ ਰਸ ਦੀਆਂ ਬੂੰਦਾਂ। ਸਾਰਿਆਂ ਨੂੰ ਇਕੱਠੇ ਮਿਲਾ ਕੇ ਬੁੱਲ੍ਹਾਂ 'ਤੇ ਕੁਝ ਮਿੰਟਾਂ ਲਈ ਰਗੜੋ। ਚੰਗੇ ਨਤੀਜਿਆਂ ਵਾਸਤੇ ਹਰ ਰਾਤ ਇਸ ਦਾ ਇਸਤੇਮਾਲ ਕਰੋ, ਜਦ ਤੱਕ ਕਾਲਾਪਨ ਦੂਰ ਨਾ ਹੋ ਜਾਵੇ। ਇਸ ਵਿਧੀ ਵਿਚ ਬੇਬੀ ਆਇਲ ਨੂੰ ਮਿਨਰਲ ਆਇਲ ਦੀ ਤਰ੍ਹਾਂ ਵਰਤਿਆ ਗਿਆ ਹੈ।
ਲਿਪ ਗਲਾਸ : ਬੇਬੀ ਆਇਲ ਦੀ ਵਰਤੋਂ ਵੀ ਲਿਪ ਗਲਾਸ ਲਈ ਕੀਤੀ ਜਾ ਸਕਦੀ ਹੈ।


-ਸਿਮਰਨਜੀਤ ਕੌਰ
simranjeet.dhiman16@gmail.com

ਕੌਣ ਕਹਿੰਦਾ ਹੈ ਨਹੀਂ ਹੁੰਦਾ ਸੁਰਾਖ ਆਸਮਾਨ ਵਿਚ

ਟੀਚਾ ਨਿਰਧਾਰਤ ਕਰੋ : ਹਰ ਵਿਅਕਤੀ ਸਫਲਤਾ ਦਾ ਇਛੁਕ ਹੁੰਦਾ ਹੈ। ਆਸਮਾਨ ਛੂਹਣ ਦੀ ਤਮੰਨਾ ਸਾਰਿਆਂ ਵਿਚ ਹੁੰਦੀ ਹੈ। ਇਸ ਲਈ ਵਿਸ਼ਵਾਸ ਕਰਕੇ ਟੀਚੇ 'ਤੇ ਧਿਆਨ ਕੇਂਦਰਿਤ ਕਰੋ। ਆਪਣੀ ਸਮਰੱਥਾ ਨੂੰ ਪਹਿਚਾਣੋ ਅਤੇ ਉਸੇ ਦੇ ਅਨੁਸਾਰ ਕੰਮ ਕਰੋ। ਹਰ ਦਮ ਚੌਕੰਨੇ ਰਹਿਣ ਨਾਲ ਤੁਹਾਨੂੰ ਪਤਾ ਲਗਦਾ ਰਹੇਗਾ ਕਿ ਤੁਸੀਂ ਕਿਥੇ ਗ਼ਲਤ ਸਾਬਤ ਹੋ ਰਹੇ ਹੋ। ਇਸ ਵਾਸਤੇ ਤੁਹਾਨੂੰ ਸਮਰਪਣ ਅਤੇ ਸੰਕਲਪ ਲੈਣਾ ਜ਼ਰੂਰੀ ਹੈ।
ਚੁਣੌਤੀਆਂ ਨੂੰ ਸਵੀਕਾਰ ਕਰੋ : ਹਰ ਗੱਲ ਵਿਚ 'ਮੈਥੋਂ ਨਹੀਂ ਹੋ ਸਕਦਾ', ਅਜਿਹਾ ਕਦੇ ਵੀ ਆਪਣੇ ਦਿਮਾਗ ਵਿਚ ਨਾ ਲਿਆਓ। ਮਨ ਵਿਚ ਪ੍ਰਣ ਕਰ ਲਓ ਕਿ ਮੈਂ ਇਹ ਕੰਮ ਕਰਕੇ ਹੀ ਸਾਹ ਲਵਾਂਗਾ/ਲਵਾਂਗੀ। ਜ਼ੋਖਮ ਦੇ ਕੰਮ ਸ਼ੁਰੂ ਵਿਚ ਤੁਹਾਡਾ ਹੌਸਲਾ ਪਸਤ ਕਰ ਸਕਦੇ ਹਨ ਪਰ ਚੁਣੌਤੀਆਂ ਨੂੰ ਮੰਜ਼ਿਲ ਮੰਨ ਕੇ ਕੰਮ ਕਰਨ ਨਾਲ ਆਤਮਵਿਸ਼ਵਾਸ ਪੈਦਾ ਹੋਵੇਗਾ। ਅਜਿਹਾ ਕਰਨ ਨਾਲ ਤੁਸੀਂ ਆਪਣੇ-ਆਪ ਵਿਚ ਬਦਲਾਅ ਮਹਿਸੂਸ ਕਰੋਗੇ।
ਅਨੁਸ਼ਾਸਤ ਰਹੋ : ਕੋਈ ਵੀ ਕੰਮ ਹੋਵੇ, ਚਾਹੇ ਘਰ ਦਾ ਹੋਵੇ, ਚਾਹੇ ਦਫਤਰ ਦਾ, ਨਵੇਂ ਕੰਮ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਉਸ ਦੀ ਪੂਰੀ ਜਾਣਕਾਰੀ ਲਓ। ਆਪਣੇ ਕੰਮ ਦੇ ਪ੍ਰਤੀ ਪੂਰੀ ਇਮਾਨਦਾਰੀ ਰੱਖੋ। ਦੂਜਿਆਂ 'ਤੇ ਆਪਣਾ ਕੰਮ ਨਾ ਪਾਓ। ਪ੍ਰਜੀਵੀ ਵਿਅਕਤੀ ਆਪਣੇ ਕੰਮ ਵਿਚ ਕਦੇ ਸਫਲ ਨਹੀਂ ਹੁੰਦਾ, ਕਿਉਂਕਿ ਉਸ ਦੇ ਕੋਲ ਕਿਸੇ ਵੀ ਕੰਮ ਦਾ ਤਜਰਬਾ ਨਹੀਂ ਹੁੰਦਾ। ਜੇ ਕਿਸੇ ਕੰਮ ਵਿਚ ਅਸਫਲਤਾ ਹੱਥ ਲਗਦੀ ਹੈ ਤਾਂ ਆਪਣੇ ਕਿਸੇ ਦੂਜੇ ਫਨ ਦਾ ਇਸਤੇਮਾਲ ਕਰਨਾ ਸਿੱਖੋ। ਕਹਿੰਦੇ ਵੀ ਹਨ ਇਕ ਰਾਹ ਬੰਦ ਹੁੰਦਾ ਹੈ ਤਾਂ ਦਸ ਦੂਜੇ ਖੁੱਲ੍ਹਦੇ ਹਨ। ਵੈਸੇ ਵੀ ਜਿੱਤਦਾ ਉਹੀ ਹੈ, ਜਿਸ ਨੂੰ ਜਿੱਤਣ ਦਾ ਵਿਸ਼ਵਾਸ ਹੁੰਦਾ ਹੈ।
ਖੁਦ ਨਾਲ ਪਿਆਰ ਕਰੋ : ਇਕ ਸਮਾਂ ਸੀ ਜਦੋਂ ਗੋਰਾ ਰੰਗ-ਰੂਪ ਹੀ ਸਭ ਕੁਝ ਹੋਇਆ ਕਰਦਾ ਸੀ। ਪਰ ਅੱਜ ਸੁੰਦਰਤਾ ਦੇ ਅਰਥ ਬਦਲ ਗਏ ਹਨ। ਹੁਣ ਸੁੰਦਰਤਾ ਨਾਲੋਂ ਜ਼ਿਆਦਾ ਤੰਦਰੁਸਤੀ ਅਤੇ ਚੁਸਤੀ ਦਾ ਜ਼ਮਾਨਾ ਹੈ। ਹੁਣ ਇਹ ਤੁਹਾਡੇ ਹੱਥ ਵਿਚ ਹੈ ਕਿ ਤੁਸੀਂ ਕਿਵੇਂ ਲੱਗਣਾ ਚਾਹੁੰਦੇ ਹੋ। ਇਸ ਲਈ ਆਪਣੇ ਰੱਖ-ਰਖਾਅ ਦਾ ਪੂਰਾ ਧਿਆਨ ਰੱਖੋ। ਫੈਸ਼ਨ ਦੇ ਹਿਸਾਬ ਨਾਲ ਰਹੋ ਪਰ ਇਸ ਦਾ ਮਤਲਬ ਇਹ ਵੀ ਨਹੀਂ ਹੈ ਕਿ ਜੋ ਤੁਹਾਡੇ 'ਤੇ ਫਬੇ, ਉਹ ਨਾ ਪਹਿਨੋ। ਪਹਿਰਾਵਾ ਉਹੀ ਹੋਵੇ ਜੋ ਇਕ ਨਵੀਂ ਪਹਿਚਾਣ ਦੇਵੇ।
ਤੰਦਰੁਸਤ ਰਹੋ : ਕਹਿੰਦੇ ਹਨ ਕਿ ਜਾਨ ਹੈ ਤਾਂ ਜਹਾਨ ਹੈ। ਇਸ ਸੰਸਾਰ ਵਿਚ ਜਾਨ ਤੋਂ ਵਧ ਕੇ ਵੀ ਕੀ ਕੋਈ ਚੀਜ਼ ਹੋ ਸਕਦੀ ਹੈ? ਜੇ ਤੁਹਾਡਾ ਸਰੀਰ ਤੰਦਰੁਸਤ ਅਤੇ ਅਰੋਗੀ ਹੈ ਤਾਂ ਤੁਸੀਂ ਸੰਸਾਰ ਦੇ ਸਭ ਤੋਂ ਸੁਖੀ ਪ੍ਰਾਣੀ ਹੋ। ਬਾਕੀ ਜੀਵਨ ਵਿਚ ਸੁੱਖ-ਦੁੱਖ ਆਉਂਦੇ-ਜਾਂਦੇ ਰਹਿੰਦੇ ਹਨ ਪਰ ਸਚਾਈ ਜਾਣਦੇ ਹੋਏ ਵੀ ਬਹੁਤ ਘੱਟ ਲੋਕ ਹੀ ਆਪਣੀ ਸਿਹਤ ਦਾ ਖਿਆਲ ਰੱਖਦੇ ਹਨ, ਸਵਾਦ ਨੂੰ ਸਿਹਤ ਨਾਲੋਂ ਜ਼ਿਆਦਾ ਮਹੱਤਵ ਦਿੰਦੇ ਹਨ। ਇਸ ਲਈ ਪਹਿਲੀ ਸ਼ਰਤ ਇਹੀ ਹੋਣੀ ਚਾਹੀਦੀ ਹੈ ਕਿ ਅਸੀਂ ਤੰਦਰੁਸਤ ਰਹੀਏ। ਤੰਦਰੁਸਤ ਰਹਿਣ ਨਾਲ ਅਸੀਂ ਆਤਮਵਿਸ਼ਵਾਸ ਨਾਲ ਲਬਰੇਜ਼ ਰਹਿੰਦੇ ਹਾਂ। ਆਪਣੇ ਰੁਝੇਵਿਆਂ ਵਿਚੋਂ ਕੁਝ ਸਮਾਂ ਕੱਢ ਕੇ ਕਸਰਤ, ਧਿਆਨ, ਯੋਗ, ਪੈਦਲ ਘੁੰਮਣਾ ਆਦਿ ਕਿਰਿਆਵਾਂ ਨੂੰ ਵੀ ਦੇਣਾ ਚਾਹੀਦਾ ਹੈ।
ਸਕਾਰਾਤਮਕ ਸੋਚੋ : ਕੋਈ ਵੀ ਵਿਅਕਤੀ ਸਰਬ ਗੁਣ ਸੰਪੰਨ ਨਹੀਂ ਹੁੰਦਾ। ਇਸ ਲਈ ਆਪਣੀਆਂ ਕਮੀਆਂ ਨੂੰ ਲੱਭੋ। ਉਲਟਾ-ਪੁਲਟਾ ਸੋਚਣ ਜਾਂ 'ਮੈਥੋਂ ਨਹੀਂ ਹੋਵੇਗਾ' ਵਰਗੀ ਧਾਰਨਾ ਮਨ ਵਿਚ ਨਾ ਆਉਣ ਦਿਓ। ਬਸ ਹੌਸਲਾ ਰੱਖ ਕੇ ਪੂਰੇ ਮਨ ਨਾਲ ਆਪਣਾ ਕੰਮ ਕਰੋ। ਨਤੀਜਾ ਬਿਹਤਰ ਹੀ ਆਵੇਗਾ।
ਮੰਜ਼ਿਲ 'ਤੇ ਪਹੁੰਚ ਕੇ ਟਿਕਣਾ ਵੀ ਸਿੱਖੋ : ਇਹ ਹੈ ਸਭ ਤੋਂ ਅਹਿਮ ਗੱਲ। ਮੰਜ਼ਿਲ ਸਾਹਮਣੇ ਪਾਉਂਦੇ ਹੀ ਖੁਸ਼ੀ ਦੇ ਮਾਰੇ ਇਹ ਨਾ ਭੁੱਲੋ ਕਿ ਹਾਲੇ ਵੀ ਓਨੀ ਹੀ ਮਿਹਨਤ ਅਤੇ ਲਗਨ ਦੀ ਲੋੜ ਹੈ। ਟੀਚਾ ਭ੍ਰਮਿਤ ਨਾ ਹੋਵੋ। ਹਰ ਦਮ ਜ਼ਿਆਦਾ ਤੋਂ ਜ਼ਿਆਦਾ ਸਿੱਖਣ ਦੀ ਉਮੀਦ ਰੱਖੋ। ਇਕ ਨਿਸਚਿਤ ਪਦ 'ਤੇ ਆਉਣ ਤੋਂ ਬਾਅਦ ਗੰਭੀਰਤਾ ਨਾਲ ਫੈਸਲਾ ਲੈਣਾ ਵੀ ਇਕ ਕਲਾ ਹੈ। ਤੁਹਾਡੇ ਨਾਲ, ਤੁਹਾਡੇ ਉੱਪਰ ਅਤੇ ਹੇਠਾਂ ਕਈ ਲੋਕ ਰਹਿੰਦੇ ਹਨ, ਸਾਰਿਆਂ ਨਾਲ ਆਪਣਾ ਤਾਲਮੇਲ ਬਣਾਉਣਾ ਵੀ ਤੁਹਾਡੇ ਲਈ ਜ਼ਰੂਰੀ ਹੈ। ਇਸ ਲਈ ਇਸ ਨੂੰ ਵੀ ਧਿਆਨ ਵਿਚ ਰੱਖਣਾ ਚਾਹੀਦਾ ਹੈ।


-ਮੋਬਾ: 78982-74643
jainrenu2011@gmail.com

ਗਹਿਣਿਆਂ ਦੀ ਗੁਆਚੀ ਹੋਈ ਚਮਕ ਵਾਪਸ ਲਿਆਓ

* ਇਕ ਬਾਊਲ ਵਿਚ ਗਰਮ ਪਾਣੀ ਲੈ ਕੇ ਉਸ ਵਿਚ ਇਕ ਚਮਚ ਬਲੀਚ ਫ੍ਰੀ ਡਿਟਰਜੈਂਟ ਪਾਊਡਰ ਪਾਓ। ਇਸ ਵਿਚ ਥੋੜ੍ਹੀ ਦੇਰ ਗਹਿਣਿਆਂ ਨੂੰ ਭਿਉਂ ਕੇ ਰੱਖੋ, ਬੁਰਸ਼ ਨਾਲ ਹੌਲੀ-ਹੌਲੀ ਸਾਫ਼ ਕਰੋ। ਗਹਿਣੇ ਚਮਕ ਉਠਣਗੇ। * ਰੀਠਿਆਂ ਨੂੰ ਰਾਤ ਭਰ ਭਿਉਂ ਕੇ ਰੱਖੋ ਅਤੇ ਉਸ ਪਾਣੀ ਨੂੰ ਚੰਗੀ ਤਰ੍ਹਾਂ ਉਬਾਲ ਲਓ, ਉਸ ਵਿਚ ਸੋਨੇ ਦੇ ਗਹਿਣੇ ਥੋੜ੍ਹੀ ਦੇਰ ਲਈ ਪਾ ਕੇ ਰੱਖੋ ਅਤੇ ਬੁਰਸ਼ ਨਾਲ ਸਾਫ਼ ਕਰੋ।
* ਹਲਕੇ ਗਰਮ ਪਾਣੀ ਵਿਚ ਨਿੰਬੂ ਨਿਚੋੜ ਕੇ ਗਹਿਣੇ ਉਸ ਵਿਚ ਪਾਓ, ਥੋੜ੍ਹੀ ਦੇਰ ਬਾਅਦ ਹਲਕੇ ਹੱਥਾਂ ਨਾਲ ਨਰਮ ਬੁਰਸ਼ ਨਾਲ ਰਗੜੋ, ਗਹਿਣੇ ਚਮਕ ਉਠਣਗੇ।
ਚਾਂਦੀ ਦੇ ਗਹਿਣੇ : * ਚਾਂਦੀ ਸਫੈਦ ਹੁੰਦੀ ਹੈ ਅਤੇ ਇਹ ਧੂੜ-ਮਿੱਟੀ ਦੇ ਕਾਰਨ ਛੇਤੀ ਕਾਲੀ ਹੋ ਜਾਂਦੀ ਹੈ। ਇਸ ਨੂੰ ਸਾਫ਼ ਕਰਨ ਲਈ ਚਾਂਦੀ ਦੇ ਗਹਿਣਿਆਂ ਅਤੇ ਭਾਂਡਿਆਂ ਨੂੰ ਥੋੜ੍ਹੇ ਸਮੇਂ ਲਈ ਖੱਟੇ ਦਹੀਂ ਵਿਚ ਭਿਉਂ ਦਿਓ। ਇਨ੍ਹਾਂ 'ਤੇ ਜੰਮੀ ਹੋਈ ਸਾਰੀ ਮੈਲ ਲੱਥ ਜਾਵੇਗੀ। ਇਸ ਤੋਂ ਬਾਅਦ ਇਨ੍ਹਾਂ ਨੂੰ ਕਿਸੇ ਸੁੱਕੇ ਕੱਪੜੇ ਨਾਲ ਰਗੜ ਲਓ।
* ਅੱਧਾ ਕੱਪ ਸਫੈਦ ਸਿਰਕੇ ਵਿਚ ਦੋ ਚਮਚੇ ਬੇਕਿੰਗ ਸੋਢਾ ਮਿਲਾ ਕੇ ਇਸ ਮਿਸ਼ਰਣ ਵਿਚ ਗਹਿਣਿਆਂ ਨੂੰ 2-3 ਘੰਟਿਆਂ ਤੱਕ ਡੁਬੋ ਕੇ ਰੱਖੋ। ਇਸ ਤੋਂ ਬਾਅਦ ਇਨ੍ਹਾਂ ਨੂੰ ਸਾਫ਼ ਪਾਣੀ ਨਾਲ ਧੋ ਦਿਓ ਅਤੇ ਸਿਰਫ ਸੁੱਕੇ ਕੱਪੜੇ ਨਾਲ ਰਗੜ ਕੇ ਸਾਫ਼ ਕਰੋ।
* ਕਾਲੇ ਪੈ ਚੁੱਕੇ ਚਾਂਦੀ ਦੇ ਗਹਿਣਿਆਂ ਨੂੰ ਸਾਫ਼ ਕਰਨ ਲਈ ਟਮੈਟੋ ਕੈਚਅਪ ਦੀ ਵਰਤੋਂ ਕੀਤੀ ਜਾ ਸਕਦੀ ਹੈ। ਇਨ੍ਹਾਂ ਗਹਿਣਿਆਂ ਨੂੰ ਜ਼ਮੀਨ 'ਤੇ ਰੱਖ ਕੇ ਇਨ੍ਹਾਂ 'ਤੇ ਸਾਸ ਪਾ ਦਿਓ ਅਤੇ ਦੰਦ ਸਾਫ ਕਰਨ ਵਾਲੇ ਬੁਰਸ਼ ਨਾਲ ਇਨ੍ਹਾਂ ਦੇ ਕੋਨਿਆਂ ਨੂੰ ਰਗੜ ਕੇ ਸਾਫ਼ ਕਰੋ। ਪਰ ਇਸ ਨੂੰ ਕੈਚਅਪ ਦੇ ਵਿਚ ਜ਼ਿਆਦਾ ਦੇਰ ਤੱਕ ਨਾ ਰੱਖੋ। ਪਾਣੀ ਦੇ ਹੇਠਾਂ ਧੋ ਕੇ ਕਿਸੇ ਸੁੱਕੇ ਕੱਪੜੇ ਨਾਲ ਪੂੰਝ ਲਓ।
* ਦੰਦ ਸਾਫ ਕਰਨ ਵਾਲਾ ਸਫੈਦ ਪਾਊਡਰ ਲੈ ਕੇ ਉਸ ਦਾ ਪੇਸਟ ਬਣਾ ਲਓ। ਚਾਂਦੀ ਦੇ ਗਹਿਣਿਆਂ 'ਤੇ ਇਸ ਪੇਸਟ ਨੂੰ ਰਗੜ ਕੇ ਹੌਲੀ-ਹੌਲੀ ਬੁਰਸ਼ ਨਾਲ ਸਾਫ ਕਰੋ। ਚਾਂਦੀ ਦੀ ਗੁਆਚੀ ਹੋਈ ਚਮਕ ਵਾਪਸ ਆ ਜਾਂਦੀ ਹੈ।
* ਆਲੂ ਉਬਾਲਣ ਤੋਂ ਬਾਅਦ ਬਚੇ ਪਾਣੀ ਵਿਚ ਚਾਂਦੀ ਦੇ ਗਹਿਣਿਆਂ ਨੂੰ ਥੋੜ੍ਹੀ ਦੇਰ ਡੁਬੋ ਕੇ ਰੱਖੋ। ਬਾਅਦ ਵਿਚ ਇਨ੍ਹਾਂ ਨੂੰ ਕੱਢਣ ਤੋਂ ਬਾਅਦ ਹਲਕੇ ਬੁਰਸ਼ ਨਾਲ ਸਾਫ ਕਰ ਲਓ, ਗਹਿਣੇ ਇਕਦਮ ਚਮਕ ਜਾਂਦੇ ਹਨ।
ਹੀਰਿਆਂ ਅਤੇ ਮੋਤੀਆਂ ਦੇ ਗਹਿਣੇ : * ਮੋਤੀਆਂ ਦੇ ਗਹਿਣਿਆਂ ਦੀ ਸਹੀ ਸਾਂਭ-ਸੰਭਾਲ ਲਈ ਇਨ੍ਹਾਂ ਨੂੰ ਸਾਫ਼ ਰੂੰ ਵਿਚ ਰੱਖੋ। ਹੀਰੇ ਜੜੇ ਗਹਿਣਿਆਂ ਨੂੰ ਵੱਖ-ਵੱਖ ਸਾਫ਼ ਰੂੰ ਵਿਚ ਰੱਖੋ। * ਡਾਇਮੰਡ, ਰੂਬੀ ਅਤੇ ਮੋਤੀ ਜੜੇ ਗਹਿਣਿਆਂ ਨੂੰ ਸਾਫ਼ ਕਰਨ ਲਈ ਘਰ ਵਿਚ ਵਰਤੋਂ ਹੋਣ ਵਾਲੇ ਵਿੰਡੋ ਕਲੀਨਰ ਨੂੰ ਗਹਿਣਿਆਂ 'ਤੇ ਸਪਰੇਅ ਕਰੋ। ਉਸ ਤੋਂ ਬਾਅਦ ਉਸ ਹਿੱਸੇ ਨੂੰ ਦੰਦ ਸਾਫ ਕਰਨ ਵਾਲੇ ਬੁਰਸ਼ ਦੀ ਸਹਾਇਤਾ ਨਾਲ ਸਾਫ਼ ਕਰੋ। ਮੂੰਗੋ ਅਤੇ ਪਰਲ ਜੜੇ ਗਹਿਣਿਆਂ 'ਤੇ ਇਸ ਦੀ ਵਰਤੋਂ ਨਾ ਕਰੋ। ਅਮੋਨੀਆ ਅਤੇ ਡਿਟਰਜੈਂਟ ਇਨ੍ਹਾਂ ਰਤਨ ਜੜੇ ਗਹਿਣਿਆਂ ਦੇ ਰੰਗਾਂ ਨੂੰ ਖਰਾਬ ਕਰ ਸਕਦੇ ਹਨ।
* ਦੰਦ ਸਾਫ ਕਰਨ ਵਾਲੇ ਸਫੈਦ ਪਾਊਡਰ ਨਾਲ ਹੀਰੇ ਦੇ ਗਹਿਣਿਆਂ ਨੂੰ ਵੀ ਨਰਮ ਹੱਥਾਂ ਨਾਲ ਰਗੜ ਕੇ ਸਾਫ਼ ਕੀਤਾ ਜਾ ਸਕਦਾ ਹੈ। * ਡਾਇਮੰਡ ਦੇ ਗਹਿਣਿਆਂ ਨੂੰ ਨਵੀਂ ਚਮਕ ਦੇਣ ਲਈ ਉਨ੍ਹਾਂ ਨੂੰ ਕਲੱਬ ਸੋਢਾ ਨਾਲ ਸਾਫ਼ ਕੀਤਾ ਜਾ ਸਕਦਾ ਹੈ। ਇਕ ਗਲਾਸ ਵਿਚ ਕਲੱਬ ਸੋਢਾ ਲੈ ਕੇ ਉਸ ਵਿਚ ਗਹਿਣਿਆਂ ਨੂੰ ਪੂਰੀ ਰਾਤ ਡੁਬੋ ਕੇ ਰੱਖੋ, ਸਵੇਰੇ ਨਰਮ ਬੁਰਸ਼ ਨਾਲ ਚੰਗੀ ਤਰ੍ਹਾਂ ਸਾਫ਼ ਕਰ ਲਓ।


-ਫਿਊਚਰ ਮੀਡੀਆ ਨੈਟਵਰਕ

ਲਓ ਚਿੱਲਿਆਂ ਦਾ ਸਵਾਦ

ਕਣਕ ਦੇ ਆਟੇ ਦੇ ਮਿੱਠੇ ਚਿੱਲੇ
ਸਮੱਗਰੀ : 250 ਗ੍ਰਾਮ ਕਣਕ ਦਾ ਆਟਾ, 200 ਗ੍ਰਾਮ ਖੰਡ, ਥੋੜ੍ਹੀ ਜਿਹੀ ਸੌਂਫ, ਤੇਲ ਲੋੜ ਅਨੁਸਾਰ।
ਵਿਧੀ : ਚਿੱਲੇ ਬਣਾਉਣ ਤੋਂ 5-6 ਘੰਟੇ ਪਹਿਲਾਂ ਖੰਡ ਨੂੰ ਸਾਫ਼ ਪਾਣੀ ਵਿਚ ਭਿਉਂ ਦਿਓ। ਫਿਰ ਇਸ ਨੂੰ ਪਾਣੀ ਵਿਚ ਚੰਗੀ ਤਰ੍ਹਾਂ ਮਿਲਾ ਕੇ ਛਾਣ ਲਓ। ਆਟੇ ਨੂੰ ਛਾਣ ਕੇ ਉਸ ਵਿਚ ਖੰਡ ਦਾ ਪਾਣੀ ਥੋੜ੍ਹਾ-ਥੋੜ੍ਹਾ ਪਾਉਂਦੇ ਜਾਓ। ਇਸ ਤਰ੍ਹਾਂ ਇਸ ਦਾ ਪਤਲਾ ਘੋਲ ਤਿਆਰ ਕਰ ਲਓ। ਧਿਆਨ ਰੱਖੋ ਕਿ ਘੋਲ ਵਿਚ ਗੰਢਾਂ ਨਹੀਂ ਪੈਣੀਆਂ ਚਾਹੀਦੀਆਂ।
ਹੁਣ ਤਵੇ ਨੂੰ ਅੱਗ 'ਤੇ ਰੱਖੋ। ਗਰਮ ਹੋਣ ਤੋਂ ਬਾਅਦ ਇਕ ਚਮਚ ਘਿਓ ਪੂਰੇ ਤਵੇ 'ਤੇ ਲਗਾਓ। ਘੋਲ ਨੂੰ ਤਵੇ 'ਤੇ ਫੈਲਾਅ ਦਿਓ। ਹਲਕੀ ਅੱਗ ਕਰਕੇ ਇਕ ਚਮਚ ਘਿਓ ਇਸ ਦੇ ਕਿਨਾਰਿਆਂ 'ਤੇ ਲਗਾਓ ਅਤੇ ਪਲਟ ਦਿਓ। ਚੰਗੀ ਤਰ੍ਹਾਂ ਸੇਕ ਕੇ ਉਤਾਰ ਲਓ। ਗਰਮਾ-ਗਰਮ ਪਰੋਸੋ। ਇਸ ਤਰ੍ਹਾਂ ਦੇ ਚਿੱਲੇ ਕੜਾਹੀ ਵਿਚ ਵੀ ਬਣਾਏ ਜਾ ਸਕਦੇ ਹਨ। ਇਨ੍ਹਾਂ ਨੂੰ ਜੇ ਚੌਲਾਂ ਦੀ ਖੀਰ ਦੇ ਨਾਲ ਖਾਧਾ ਜਾਵੇ ਤਾਂ ਇਹ ਹੋਰ ਸਵਾਦ ਲਗਦੇ ਹਨ।
ਮੂੰਗੀ ਦੀ ਦਾਲ ਦੇ ਨਮਕੀਨ ਚਿੱਲੇ
ਸਮੱਗਰੀ : 250 ਗ੍ਰਾਮ ਮੂੰਗੀ ਦੀ (ਛਿਲਕੇ ਸਮੇਤ) ਦਾਲ, ਦੋ ਚਮਚ ਵੇਸਣ, 2 ਵੱਡੇ ਚਮਚ ਤੇਲ, ਥੋੜ੍ਹੀ ਜਿਹੀ ਹਿੰਗ ਅਤੇ ਅਜਵਾਇਣ, 3-4 ਹਰੀਆਂ ਮਿਰਚਾਂ (ਬਰੀਕ ਕੱਟੀਆਂ ਹੋਈਆਂ), ਨਮਕ ਸਵਾਦ ਅਨੁਸਾਰ।
ਵਿਧੀ : ਦਾਲ ਨੂੰ ਚਿੱਲੇ ਬਣਾਉਣ ਤੋਂ 4-5 ਘੰਟੇ ਪਹਿਲਾਂ ਭਿਉਂ ਦਿਓ। ਇਸ ਤੋਂ ਬਾਅਦ ਬਰੀਕ ਪੀਸ ਲਓ। ਫਿਰ ਵੇਸਣ, ਅਜਵਾਇਣ, ਹਿੰਗ, ਹਰੀ ਮਿਰਚ ਆਦਿ ਨੂੰ ਮਿਲਾ ਕੇ ਸੰਘਣਾ ਘੋਲ ਬਣਾ ਲਓ। ਇਸ ਨੂੰ ਵੀ ਚਿੱਲੇ ਦੀ ਤਰ੍ਹਾਂ ਬਣਾਓ। ਧਨੀਏ ਦੀ ਚਟਣੀ ਦੇ ਨਾਲ ਗਰਮਾ-ਗਰਮ ਪਰੋਸੋ। ਇਹ ਸਵਾਦੀ ਹੋਣ ਦੇ ਨਾਲ-ਨਾਲ ਪੌਸ਼ਟਿਕਤਾ ਨਾਲ ਭਰਪੂਰ ਹੁੰਦੇ ਹਨ।


-ਭਾਸ਼ਣਾ ਬਾਂਸਲ ਗੁਪਤਾ


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX