ਤਾਜਾ ਖ਼ਬਰਾਂ


ਸਰਕਾਰੀ ਲਾਟਰੀ ਦੀ ਆੜ ਹੇਠ ਸੱਟਾ ਲਾਉਂਦੇ 3 ਵਿਅਕਤੀ ਨਗਦੀ ਸਮੇਤ ਪੁਲਿਸ ਅੜਿੱਕੇ
. . .  1 day ago
ਜ਼ੀਰਕਪੁਰ, 18 ਅਕਤੂਬਰ, {ਹੈਪੀ ਪੰਡਵਾਲਾ}- ਅੱਜ ਦੇਰ ਰਾਤ ਇਥੋਂ ਦੇ ਲਾਟਰੀ ਬਾਜ਼ਾਰ 'ਚ ਜ਼ਿਲਾ ਮੁਹਾਲੀ ਦੇ ਸਪੈਸ਼ਲ ਸੈਲ ਵੱਲੋਂ ਜ਼ੀਰਕਪੁਰ ਪੁਲਿਸ ਦੀ ਮਦਦ ਨਾਲ ਛਾਪਾ ਮਾਰ ਕੇ 3 ਨੌਜਵਾਨਾਂ ਨੂੰ ਕਾਬੂ ਕੀਤਾ ਹੈ। ਇਨ੍ਹਾਂ ...
ਪੁਲਵਾਮਾ ਆਈ ਡੀ ਧਮਾਕੇ 'ਚ 7 ਜਵਾਨ ਜ਼ਖ਼ਮੀ
. . .  1 day ago
ਜੰਡਿਆਲਾ ਗੁਰੂ ਵਿਖੇ ਚੱਲੀ ਗੋਲੀ , ਇਕ ਜ਼ਖਮੀ
. . .  1 day ago
ਜੰਡਿਆਲਾ ਗੁਰੂ, 18 ਅਕਤੂਬਰ ( ਰਣਜੀਤ ਸਿੰਘ ਜੋਸਨ) - ਜੰਡਿਆਲਾ ਗੁਰੂ ਸਰਾਂ ਰੋਡ 'ਤੇ ਰਾਤ 10 ਵਜੇ ਦੇ ਕਰੀਬ ਗੋਲੀ ਚੱਲਣ ਕਾਰਣ ਇਕ ਵਿਅਕਤੀ ਦੇ ਜ਼ਖਮੀ ਹੋਣ ਦਾ ਕਥਿਤ ਸਮਾਚਾਰ ਪ੍ਰਾਪਤ ਹੋਇਆ ਹੈ। ਘਟਨਾ ਦਾ ...
ਵਿਜਿਲੈਂਸ ਵੱਲੋਂ ਐੱਸ.ਡੀ.ਓ. ਪ੍ਰਦੂਸ਼ਨ ਬੋਰਡ ਤੇ ਇੱਕ ਹੋਰ ਵਿਅਕਤੀ ਨੂੰ ਰਿਸ਼ਵਤ ਦੇ ਦੋਸ਼ਾਂ ਤਹਿਤ ਕੀਤਾ ਕਾਬੂ
. . .  1 day ago
ਫ਼ਰੀਦਕੋਟ, 18 ਅਕਤੂਬਰ (ਜਸਵੰਤ ਪੁਰਬਾ, ਸਰਬਜੀਤ ਸਿੰਘ)- ਅੱਜ ਵਿਜਿਲੈਂਸ ਵਿਭਾਗ ਵੱਲੋਂ ਐੱਸ.ਡੀ.ਓ. ਪੰਜਾਬ ਪ੍ਰਦੂਸ਼ਨ ਬੋਰਡ, ਫ਼ਰੀਦਕੋਟ ਅਤੁੱਲ ਕੌਸ਼ਲ ਅਤੇ ਇਕ ਹੋਰ ਵਿਅਕਤੀ ਜਰਨੈਲ ਸਿੰਘ ਨੂੰ ਰਿਸ਼ਵਤ ਦੇ ਦੋਸ਼ਾਂ ਤਹਿਤ ਕਾਬੂ ਕੀਤਾ ਗਿਆ ...
ਜਥੇਦਾਰ ਸ੍ਰੀ ਅਕਾਲ ਤਖ਼ਤ ਨੇ ਆਪਣੇ ਅਹੁਦੇ ਤੋਂ ਸੇਵਾ ਮੁਕਤ ਹੋਣ ਦੀ ਇੱਛਾ ਕੀਤੀ ਜ਼ਾਹਿਰ
. . .  1 day ago
ਅੰਮ੍ਰਿਤਸਰ,18 ਅਕਤੂਬਰ [ਜਸ]-ਜਥੇਦਾਰ ਸ੍ਰੀ ਅਕਾਲ ਤਖ਼ਤ ਗਿਆਨੀ ਗੁਰਬਚਨ ਸਿੰਘ ਨੇ ਆਪਣੇ ਅਹੁਦੇ ਤੋਂ ਸੇਵਾ ਮੁਕਤ ਹੋਣ ਦੀ ਇੱਛਾ ਜ਼ਾਹਿਰ ਕੀਤੀ ਹ।ੈ ਇਸ ਸਬੰਧ 'ਚ ਉਨ੍ਹਾਂ ਨੇ ਇਕ ਪੱਤਰ ਐੱਸ ਜੀ ਪੀ ਸੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੂੰ ਦਿੱਤਾ ਹੈ ।
ਦੇਸ਼ ਭਰ 'ਚ ਫੂਕੇ ਗਏ ਰਾਵਣ, ਕੁੰਭਕਰਨ ਅਤੇ ਮੇਘਨਾਥ ਦੇ ਪੁਤਲੇ
. . .  1 day ago
ਨਵੀਂ ਦਿੱਲੀ, 18 ਅਕਤੂਬਰ - ਜੰਮੂ, ਗੁਜਰਾਤ ਦੇ ਅਹਿਮਦਾਬਾਦ, ਜਲੰਧਰ ਅਤੇ ਦੇਸ਼ ਭਰ 'ਚ ਹੋਰ ਵੱਖ ਵੱਖ ਥਾਵਾਂ 'ਤੇ ਦੁਸਹਿਰਾ ਉਤਸਵ ਦੇ ਸਬੰਧ 'ਚ ਰਾਵਣ, ਕੁੰਭਕਰਨ ਅਤੇ ਮੇਘਨਾਥ...
ਅਫ਼ਗ਼ਾਨਿਸਤਾਨ : ਕੰਧਾਰ ਪੁਲਿਸ ਦੇ ਮੁਖੀ, ਗਵਰਨਰ, ਤੇ ਖ਼ੁਫ਼ੀਆ ਪ੍ਰਮੁੱਖ ਦੀ ਹੱਤਿਆ
. . .  1 day ago
ਕਾਬੁਲ, 18 ਅਕਤੂਬਰ - ਅਫ਼ਗ਼ਾਨਿਸਤਾਨ ਦੇ ਕੰਧਾਰ ਪੁਲਿਸ ਪ੍ਰਮੁੱਖ, ਗਵਰਨਰ ਅਤੇ ਖ਼ੁਫ਼ੀਆ ਵਿਭਾਗ ਪ੍ਰਮੁੱਖ ਦੀ ਹੱਤਿਆ ਹੋਣ ਦੀ ਖ਼ਬਰ...
ਉੱਤਰਾਖੰਡ ਸਰਕਾਰ ਵੱਲੋਂ ਐਨ.ਡੀ ਤਿਵਾੜੀ ਦੇ ਦੇਹਾਂਤ 'ਤੇ ਤਿੰਨ ਦਿਨ ਦੇ ਰਾਸ਼ਟਰੀ ਸੋਗ ਦਾ ਐਲਾਨ
. . .  1 day ago
ਦੇਹਰਾਦੂਨ, 18 ਅਕਤੂਬਰ - ਉੱਤਰਾਖੰਡ ਸਰਕਾਰ ਨੇ ਸਾਬਕਾ ਮੁੱਖ ਮੰਤਰੀ ਐਨ.ਡੀ ਤਿਵਾੜੀ ਦੇ ਦੇਹਾਂਤ 'ਤੇ ਸੂਬੇ 'ਚ ਤਿੰਨ ਦਿਨ ਦੇ ਰਾਸ਼ਟਰੀ ਸੋਗ ਦਾ ਐਲਾਨ ਕੀਤਾ...
ਛੱਤੀਸਗੜ੍ਹ ਚੋਣਾਂ ਲਈ ਕਾਂਗਰਸ ਵੱਲੋਂ 12 ਉਮੀਦਵਾਰਾਂ ਦੀ ਸੂਚੀ ਜਾਰੀ
. . .  1 day ago
ਨਵੀਂ ਦਿੱਲੀ, 18 ਅਕਤੂਬਰ - ਕਾਂਗਰਸ ਨੇ ਛੱਤੀਸਗੜ੍ਹ ਵਿਧਾਨ ਸਭਾ ਚੋਣਾਂ ਲਈ 12 ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ...
ਸ੍ਰੀਲੰਕਾ ਦੇ ਪ੍ਰਧਾਨ ਮੰਤਰੀ ਪਹੁੰਚੇ ਦਿੱਲੀ
. . .  1 day ago
ਨਵੀਂ ਦਿੱਲੀ, 18 ਅਕਤੂਬਰ - ਸ੍ਰੀਲੰਕਾ ਦੇ ਪ੍ਰਧਾਨ ਮੰਤਰੀ ਰਾਨਿਲ ਵਿਕਰਮਾਸਿੰਘੇ ਦਿੱਲੀ ਪਹੁੰਚ ਗਏ ਹਨ। ਉਹ 3 ਦਿਨਾਂ ਭਾਰਤ ਦੌਰੇ ਲਈ ਆਏ...
ਹੋਰ ਖ਼ਬਰਾਂ..

ਬਾਲ ਸੰਸਾਰ

ਬੱਚਿਆਂ ਦੇ ਪ੍ਰਸਿੱਧ ਕਾਰਟੂਨ ਚਰਿੱਤਰ-17: ਚੈਲੰਜਰ ਜੂਨੀਪਰ ਲੀ

ਚੈਲੰਜਰ ਜੂਨੀਪਰ ਲੀ ਕਾਰਟੂਨ ਸੰਸਾਰ ਦੀ ਜਾਣੀ-ਪਛਾਣੀ ਪਾਤਰ ਲੜਕੀ ਹੈ, ਜਿਸ ਦੀ ਉਮਰ 11 ਸਾਲ ਹੈ। ਇਸ ਦਾ ਜਨਮ ਦਾਤਾ ਵਿੰਕੀ ਹੈ, ਜਿਸ ਨੇ ਇਸ ਪਾਤਰ ਨੂੰ ਰਹੱਸਮਈ ਹਾਲਤ ਵਿਚ ਇਸ ਲਈ ਘੜਿਆ ਸੀ, ਤਾਂ ਜੋ ਸਮਾਜ ਵਿਚ ਮੁਸ਼ਕਿਲਾਂ ਖੜ੍ਹੀਆਂ ਕਰਨ ਵਾਲੇ ਦੁਸ਼ਮਣਾਂ ਦੀਆਂ ਚੁਣੌਤੀਆਂ ਦਾ ਡਟ ਕੇ ਮੁਕਾਬਲਾ ਕਰ ਸਕੇ। ਐਨੀਮੇਸ਼ਨ ਦੇ ਰੂਪ ਵਿਚ ਆਉਣ ਤੋਂ ਪਹਿਲਾਂ ਚੈਲੰਜਰ ਜੂਨੀਪਰ ਲੀ ਇਕ ਸਾਧਾਰਨ ਕਿਸਮ ਦੇ ਕਾਮਿਕਸਾਂ ਦੀ ਨਾਇਕਾ ਸੀ। ਇਹ ਪਾਤਰ ਪਹਿਲੀ ਵਾਰੀ 'ਦਿ ਰੀਅਲ ਵਰਲਡ ਜੂਨੀਪਰ' ਕਾਮਿਕਸ ਵਿਚ ਸਾਹਮਣੇ ਆਈ ਸੀ। ਉਸ ਨੇ ਭਾਵੇਂ ਅਨੇਕ ਕਾਮਿਕਸ ਅਤੇ ਐਨੀਮੇਸ਼ਨਜ਼ ਵਿਚ ਆਪਣੀ ਬਹਾਦਰੀ ਦੇ ਜੌਹਰ ਵਿਖਾਏ ਹਨ ਪਰ ਬੱਚਿਆਂ ਨੇ ਸਭ ਤੋਂ ਉਸ ਨੂੰ 'ਰੀਅਲ ਵਰਲਡ ਰੋਡ ਰੂਲਜ਼ ਚੈਲੰਜ ਐਨੀਮੇਸ਼ਨ' ਵਿਚ ਪਸੰਦ ਕੀਤਾ। ਆਟੋਮੈਟਿਕ ਬੈਟਰੀ ਨਾਲ ਚੱਲਣ ਵਾਲੀ ਇਹ ਕਾਰਟੂਨ ਪਾਤਰ ਰੋਬਟ ਵਾਂਗ ਚੱਲਦੀ ਹੋਈ ਬੜੀ ਫੁਰਤੀ ਨਾਲ ਐਕਸ਼ਨ ਕਰਦੀ ਹੈ।

-ਪੰਜਾਬੀ ਯੂਨੀਵਰਸਿਟੀ ਕੈਂਪਸ, ਪਟਿਆਲਾ। ਮੋਬਾ: 98144-23703
email : dsaasht@yahoo.co.in


ਖ਼ਬਰ ਸ਼ੇਅਰ ਕਰੋ

ਬਾਲ ਕਹਾਣੀ ਕੁਰਬਾਨੀ

ਪਿਆਰੇ ਬੱਚਿਓ, ਇਕ ਵਾਰ ਪੈਨਸਿਲ, ਰਬੜ ਤੇ ਕਾਗਜ਼ ਇਕ ਮੇਜ਼ ਉੱਪਰ ਰਹਿੰਦੇ ਸਨ। ਤਿੰਨੋਂ ਵਧੀਆ ਦੋਸਤ ਸਨ। ਪੈਨਸਿਲ ਜਦੋਂ ਵੀ ਕਾਗਜ਼ ਉੱਪਰ ਕੁਝ ਲਿਖਦੀ ਤਾਂ ਕੋਰਾ ਕਾਗਜ਼ ਖਿਝ ਜਾਂਦਾ ਤੇ ਕਹਿੰਦਾ ਕਿ 'ਮੈਂ ਏਨਾ ਸੋਹਣਾ ਸਾਫ਼-ਸਾਫ਼ ਹਾਂ, ਤੂੰ ਮੇਰੇ ਉੱਤੇ ਕਾਲੇ ਅੱਖਰ ਪਾ ਕੇ ਕਾਲਾ ਕਰ ਦਿੰਦੀ ਏਂ।' ਪੈਨਸਿਲ ਨਿਮਰਤਾ ਨਾਲ ਆਖਦੀ, 'ਕਾਗਜ਼ ਲਿਖਣ ਲਈ ਹੀ ਬਣਿਆ ਹੈ, ਜੇਕਰ ਮੈਂ ਨਾ ਲਿਖਾਂ ਤਾਂ ਤੂੰ ਕੋਰਾ ਹੀ ਰਹਿ ਜਾਵੇਂਗਾ ਤੇ ਕੋਰੇ ਕਾਗਜ਼ ਦਾ ਕੋਈ ਵਜੂਦ ਨਹੀਂ ਹੁੰਦਾ।'
ਇਸੇ ਤਰ੍ਹਾਂ ਜਦੋਂ ਰਬੜ ਕੋਈ ਗ਼ਲਤ ਅੱਖਰ ਮਿਟਾਉਂਦੀ ਤਾਂ ਕੋਰਾ ਕਾਗਜ਼ ਫਿਰ ਖਿਝ ਜਾਂਦਾ, ਸ਼ਿਕਾਇਤ ਕਰਦਾ, 'ਤੂੰ ਮੈਨੂੰ ਰਗੜ-ਰਗੜ ਕੇ ਮੇਰੀ ਹਾਲਤ ਵਿਗਾੜ ਦਿੰਦੀ ਏਂ।' ਅੱਗੋਂ ਰਬੜ ਜਵਾਬ ਦਿੰਦੀ ਕਿ 'ਮੇਰਾ ਕੰਮ ਗ਼ਲਤੀ ਮਿਟਾਉਣਾ ਹੈ, ਜੇਕਰ ਮੈਂ ਨਾ ਮਿਟਾਵਾਂ ਤਾਂ ਤੈਨੂੰ ਲੋਕ ਗ਼ਲਤ ਹੀ ਪੜ੍ਹਨਗੇ।'
ਇਕ ਦਿਨ ਉਹ ਕੋਰਾ ਕਾਗਜ਼ ਨਾਵਲ ਦਾ ਰੂਪ ਬਣ ਗਿਆ, ਜਿਸ ਨੂੰ ਸਾਰੀ ਦੁਨੀਆ ਵਿਚ ਪੜ੍ਹਿਆ ਜਾਣ ਲੱਗਾ ਪਰ ਹੁਣ ਪੈਨਸਿਲ ਲਿਖ-ਲਿਖ ਕੇ ਅਤੇ ਰਬੜ ਮਿਟਾ-ਮਿਟਾ ਕੇ ਮੁੱਕ ਚੁੱਕੀ ਸੀ। ਪੈਨਸਿਲ ਅਤੇ ਰਬੜ ਦੀ ਬਦੌਲਤ ਕੋਰਾ ਕਾਗਜ਼ ਅੱਜ ਨਾਵਲ ਬਣ ਗਿਆ ਪਰ ਹੁਣ ਉਹ ਪੈਨਸਿਲ ਤੇ ਰਬੜ ਦਾ ਧੰਨਵਾਦ ਵੀ ਨਹੀਂ ਸੀ ਕਰ ਸਕਦਾ, ਕਿਉਂਕਿ ਉਹ ਦੋਵੇਂ ਆਪਣਾ ਫਰਜ਼ ਨਿਭਾਅ ਕੇ ਮੁੱਕ ਚੁੱਕੀਆਂ ਸਨ। ਹੁਣ ਕੋਰੇ ਕਾਗਜ਼ ਨੂੰ ਪੈਨਸਿਲ ਤੇ ਰਬੜ ਦੀ ਕੁਰਬਾਨੀ ਸਮਝ ਆਈ ਪਰ ਹੁਣ ਬਹੁਤ ਦੇਰ ਹੋ ਚੁੱਕੀ ਸੀ।
ਸੋ, ਪਿਆਰੇ ਬੱਚਿਓ, ਸਾਡੇ ਮਾਤਾ-ਪਿਤਾ ਵੀ ਪੈਨਸਿਲ ਤੇ ਰਬੜ ਹੀ ਹਨ ਤੇ ਅਸੀਂ ਕੋਰੇ ਕਾਗਜ਼ ਹਾਂ। ਜੇਕਰ ਸਾਡੇ ਮਾਤਾ-ਪਿਤਾ ਸਾਡੀਆਂ ਗ਼ਲਤੀਆਂ ਨਾ ਸੁਧਾਰਨ, ਸਾਨੂੰ ਨਾ ਸਮਝਾਉਣ ਤਾਂ ਅਸੀਂ ਕੋਰੇ ਹੀ ਰਹਿ ਜਾਵਾਂਗੇ ਤੇ ਕੋਰੀਆਂ ਚੀਜ਼ਾਂ ਦਾ ਕਦੇ ਕੋਈ ਵਜੂਦ ਨਹੀਂ ਹੁੰਦਾ। ਸਾਡੇ ਮਾਤਾ-ਪਿਤਾ ਪੈਨਸਿਲ ਤੇ ਰਬੜ ਬਣ ਕੇ ਸਾਨੂੰ ਕੋਰੇ ਕਾਗਜ਼ਾਂ ਤੋਂ ਬਹੁਤ ਕੁਝ ਬਣਾਉਂਦੇ ਹਨ, ਉਨ੍ਹਾਂ ਦੀ ਕੁਰਬਾਨੀ ਕਦੇ ਨਾ ਭੁੱਲੋ।

-ਰਮਨਪ੍ਰੀਤ ਕੌਰ ਢੁੱਡੀਕੇ,
ਪਿੰਡ ਤੇ ਡਾਕ: ਢੁੱਡੀਕੇ (ਮੋਗਾ)-142053. ਮੋਬਾ: 99146-89690

ਚਾਰਲਸ ਰੌਬਰਟ ਡਾਰਵਿਨ ਦੇ ਪੰਜ ਸਾਲ ਜਹਾਜ਼ 'ਤੇ...

ਬੱਚਿਓ, ਚਾਰਲਸ ਰੌਬਰਟ ਡਾਰਵਿਨ ਇਕ ਮਹਾਨ ਕੁਦਰਤ ਪ੍ਰੇਮੀ ਵਿਗਿਆਨਿਕ ਸਨ, ਜਿਨ੍ਹਾਂ ਨੇ 'ਕ੍ਰਮ ਵਿਕਾਸ ਦੇ ਸਿਧਾਂਤ' (ਥਿਓਰੀ ਆਫ ਐਵੋਲੂਸ਼ਨ) ਨੂੰ ਦੁਨੀਆ ਦੇ ਸਾਹਮਣੇ ਰੱਖਿਆ। ਇੰਗਲੈਂਡ 'ਚ ਅਮੀਰ ਪਰਿਵਾਰ ਦੇ ਘਰ ਜਨਮੇ ਡਾਰਵਿਨ ਦੇ ਪਿਤਾ ਰੌਬਰਟ ਡਾਰਵਿਨ ਡਾਕਟਰ ਸਨ, ਇਸ ਲਈ ਉਹ ਚਾਹੁੰਦੇ ਸਨ ਕਿ ਉਨ੍ਹਾਂ ਦਾ ਬੇਟਾ ਵੀ ਡਾਕਟਰ ਹੀ ਬਣੇ। ਪਰ ਚਾਰਲਸ ਨੂੰ ਬਚਪਨ ਤੋਂ ਹੀ ਘੋੜਸਵਾਰੀ, ਸ਼ਿਕਾਰ ਕਰਨ ਅਤੇ ਕੁਦਰਤੀ ਨਜ਼ਾਰਿਆਂ ਨੂੰ ਵੇਖਣ-ਸਮਝਣ ਦਾ ਸ਼ੌਕ ਸੀ। ਚਾਰਲਸ ਡਾਰਵਿਨ ਦੀ ਪ੍ਰਾਇਮਰੀ ਸਿੱਖਿਆ ਇਕ ਇਸਾਈ ਮਿਸ਼ਨਰੀ ਸਕੂਲ ਤੋਂ ਸ਼ੁਰੂ ਹੋਈ ਸੀ। ਪੜ੍ਹਾਈ ਪੂਰੀ ਕਰਨ ਤੋਂ ਬਾਅਦ ਚਾਰਲਸ ਨੇ ਮੈਡੀਕਲ ਯੂਨੀਵਰਸਿਟੀ, ਏਡਨਬਰਗ ਵਿਖੇ ਦਾਖ਼ਲਾ ਲਿਆ ਅਤੇ ਹਰ ਸਮੇਂ ਕੁਦਰਤ ਦਾ ਇਤਿਹਾਸ ਜਾਣਨ ਦੀ ਕੋਸ਼ਿਸ਼ 'ਚ ਰੁੱਝੇ ਰਹਿੰਦੇ। ਇਸ ਤੋਂ ਬਾਅਦ ਉਨ੍ਹਾਂ ਨੇ ਕ੍ਰਾਈਸਟ ਕਾਲਜ ਵਿਚ ਪ੍ਰਕ੍ਰਿਤੀ ਵਿਗਿਆਨ ਦੇ ਕੋਰਸ ਵਿਚ ਦਾਖ਼ਲਾ ਲਿਆ। ਸਾਲ 1831 ਵਿਚ ਚਾਰਲਸ ਨੂੰ ਜਹਾਜ਼, ਜੋ ਕਿ ਪ੍ਰਕ੍ਰਿਤੀ ਵਿਗਿਆਨ 'ਤੇ ਖੋਜ ਕਰਨ ਚੱਲਿਆ ਸੀ, ਵਿਚ ਸਮੁੰਦਰੀ ਸਫ਼ਰ ਕਰਨ ਦਾ ਮੌਕਾ ਮਿਲਿਆ। ਇਸ ਦੌਰਾਨ ਉਨ੍ਹਾਂ ਪਾਇਆ ਕਿ ਅਨੇਕਾਂ ਹੀ ਪੌਦਿਆਂ ਦੀਆਂ ਪ੍ਰਜਾਤੀਆਂ ਇਕੋ ਜਿਹੀਆਂ ਹਨ।
ਇਸ ਉਪਰੰਤ ਉਨ੍ਹਾਂ ਨੇ 20 ਸਾਲ ਲਗਾਤਾਰ ਕਈ ਪੌਦਿਆਂ ਅਤੇ ਜੀਵ-ਜੰਤੂਆਂ ਦੀਆਂ ਪ੍ਰਜਾਤੀਆਂ ਦਾ ਅਧਿਐਨ ਕੀਤਾ ਅਤੇ ਸਾਲ 1858 ਵਿਚ ਦੁਨੀਆ ਨੂੰ 'ਕ੍ਰਮ ਵਿਕਾਸ ਦਾ ਸਿਧਾਂਤ' ਦਿੱਤਾ, ਜਿਸ ਅਨੁਸਾਰ ਸਾਰੀਆਂ ਪ੍ਰਜਾਤੀਆਂ ਮੂਲ ਰੂਪ ਨਾਲ ਇਕੋ ਹੀ ਜਾਤੀ ਦੀ ਉਤਪਤੀ ਹਨ। ਪ੍ਰਸਥਿਤੀਆਂ ਦੇ ਅਨੁਰੂਪ ਆਪਣੇ-ਆਪ ਨੂੰ ਢਾਲਣ ਦੀ ਮਜਬੂਰੀ ਪ੍ਰਜਾਤੀ ਵਿਭਿੰਨਤਾ ਨੂੰ ਜਨਮ ਦਿੰਦੀ ਹੈ। ਸਾਰੀਆਂ ਕਸੌਟੀਆਂ 'ਤੇ ਖਰਾ ਉੱਤਰਦਾ ਗਿਆ, ਇਹ ਨਵਾਂ ਅਤੇ ਕ੍ਰਾਂਤੀਕਾਰੀ ਸਿਧਾਂਤ, ਅੱਜ ਵਿਗਿਆਨ ਦਾ ਇਕ ਮੰਨਿਆ-ਪ੍ਰਮੰਨਿਆ ਸਿਧਾਂਤ ਬਣ ਗਿਆ ਹੈ। ਡੀ.ਐਨ.ਏ. ਦੇ ਸਹਿ-ਖੋਜੀ ਜੇਮਜ਼ ਵਾਟਸਨ ਨੇ ਵੀ ਕਿਹਾ ਸੀ ਕਿ 'ਜਿਨੇਟਿਕਸ' ਵੀ ਹਰ ਕਦਮ 'ਤੇ ਡਾਰਵਿਨ ਦੇ ਸਿਧਾਂਤ ਦੀ ਪੁਸ਼ਟੀ ਕਰਦੀ ਹੈ। ਡਾਰਵਿਨ ਦਾ ਮੰਨਣਾ ਸੀ ਕਿ ਹਾਲਾਤ ਕ੍ਰਮਵਾਰ ਪਰਿਵਰਤਨ ਦੁਆਰਾ ਆਪਣਾ ਵਿਕਾਸ ਕਰਦੀ ਹੈ।

-ਮਨਿੰਦਰ ਕੌਰ,
ਫ਼ਰੀਦਕੋਟ।

ਕੌਮਾਂਤਰੀ ਮਾਂ-ਬੋਲੀ ਦਿਵਸ 'ਤੇ ਵਿਸ਼ੇਸ਼ ਬਾਲ ਗੀਤ

ਮਾਂ-ਬੋਲੀ

ਮਾਂ-ਬੋਲੀ ਨੂੰ ਕਰੋ ਪਿਆਰ,
ਸਾਰੇ ਇਸ ਨੂੰ ਦਿਓ ਸਤਿਕਾਰ।
ਬੱਚਿਓ! ਇਹ ਪੰਜਾਬ ਦੀ ਰਾਣੀ,
ਪੱਲੇ ਬੰਨ੍ਹ ਲਓ ਗੱਲ ਸਿਆਣੀ।
ਵੇਖਿਓ ਇਹ ਨਾ ਦਿਓ ਵਿਸਾਰ,
ਮਾਂ-ਬੋਲੀ ਨੂੰ ਕਰੋ ਪਿਆਰ।
ਗੁਰੂਆਂ ਦਿੱਤਾ ਰੁਤਬਾ ਭਾਰਾ,
ਇਸੇ ਵਿਚ ਗਿਆਨ-ਭੰਡਾਰਾ।
ਕਰਕੇ ਵੇਖੋ ਸੋਚ-ਵਿਚਾਰ,
ਮਾਂ-ਬੋਲੀ ਨੂੰ ਕਰੋ ਪਿਆਰ।
ਸਿੱਖੋ ਭਾਵੇਂ ਹੋਰ ਭਾਸ਼ਾਵਾਂ,
ਮਾਂ-ਬੋਲੀ ਲਈ ਕਰੋ ਦੁਆਵਾਂ।
ਕਰੇ ਕੋਈ ਨਾ ਇਸ 'ਤੇ ਵਾਰ,
ਮਾਂ-ਬੋਲੀ ਨੂੰ ਕਰੋ ਪਿਆਰ।
'ਡਾਲਵੀ' ਸ਼ਹਿਦ ਗੁੜੇ ਤੋਂ ਮਿੱਠੀ,
ਵਿਚ ਦੁਨੀਆ ਦੇ ਹੋਰ ਨਾ ਡਿੱਠੀ।
ਮੋਤੀਆਂ ਵਰਗਾ ਸ਼ਬਦ-ਭੰਡਾਰ,
ਮਾਂ-ਬੋਲੀ ਨੂੰ ਕਰੋ ਪਿਆਰ।

-ਬਹਾਦਰ ਡਾਲਵੀ,
ਮ: ਨੰ: 6/120, ਰਾਜਗੁਰੂ ਨਗਰ, ਮੋਗਾ-142001.
ਮੋਬਾ: 94172-35502

ਬਾਲ ਨਾਵਲ-49: ਖੱਟੀਆਂ-ਮਿੱਠੀਆਂ ਗੋਲੀਆਂ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਹਰੀਸ਼ ਦੇ ਸ਼ਾਨਦਾਰ ਨਤੀਜੇ ਨਾਲ ਉਸ ਦੇ ਸਕੂਲ ਦਾ, ਸਿਧਾਰਥ ਦਾ ਅਤੇ ਸਾਰੇ ਅਧਿਆਪਕਾਂ ਦਾ ਮਾਣ ਨਾਲ ਸਿਰ ਉੱਚਾ ਹੋ ਗਿਆ। ਸਕੂਲ ਦਾ ਸਾਰਾ ਨਤੀਜਾ ਹੀ ਭਾਵੇਂ ਬਹੁਤ ਵਧੀਆ ਆਇਆ ਸੀ ਪਰ ਜ਼ਿਲ੍ਹੇ ਵਿਚੋਂ ਹਰੀਸ਼ ਦੇ 'ਨੰਬਰ ਇਕ' ਆਉਣ ਦੀ ਖੁਸ਼ੀ ਵਿਚ ਪੂਰੇ ਸਕੂਲ ਵਿਚ ਛੁੱਟੀ ਕਰ ਦਿੱਤੀ ਗਈ।
ਅੱਜ ਸਿਧਾਰਥ ਦੀ ਜ਼ਿੰਦਗੀ ਦਾ ਵੀ ਬੜਾ ਮਹੱਤਵਪੂਰਨ ਦਿਨ ਸੀ। ਉਹ ਸੋਚ ਰਿਹਾ ਸੀ ਕਿ 'ਮੇਰੀ ਅੱਖ ਨੇ ਹਰੀਸ਼ ਵਰਗੇ ਹੀਰੇ ਨੂੰ ਪਛਾਨਣ ਵਿਚ ਗ਼ਲਤੀ ਨਹੀਂ ਕੀਤੀ।' ਉਸ ਨੂੰ ਆਪਣੇ ਸਕੂਲ ਦੀ ਦਸਵੀਂ ਦੇ ਨਤੀਜੇ ਦੀ ਸ਼ਾਇਦ ਐਨੀ ਖੁਸ਼ੀ ਹੋਈ ਹੋਵੇ ਜਾਂ ਨਾ ਪਰ ਹਰੀਸ਼ ਦੇ ਨਤੀਜੇ ਦੀ ਬੇਹੱਦ ਖੁਸ਼ੀ ਹੋਈ।
ਉਸ ਨੇ ਹਰੀਸ਼ ਅਤੇ ਮੇਘਾ ਨਾਲ ਅੱਜ ਰਾਤ ਦਾ ਖਾਣਾ ਬਾਹਰ ਕਿਸੇ ਚੰਗੇ ਰੈਸਤੋਰਾਂ ਵਿਚ ਖਾਣ ਦਾ ਪ੍ਰੋਗਰਾਮ ਬਣਾਇਆ। ਮੇਘਾ ਵੀ ਹਰੀਸ਼ ਦੇ ਨਤੀਜੇ ਤੋਂ ਬਹੁਤ ਖੁਸ਼ ਸੀ। ਉਸ ਦੇ ਦਿਲ ਵਿਚ ਵੀ ਹਰੀਸ਼ ਪ੍ਰਤੀ ਕਾਫੀ ਪਿਆਰ ਸੀ। ਪਰ ਹੁਣ ਉਸ ਦੀ ਕਦਰ ਹੋਰ ਵਧ ਗਈ। ਅੱਜ ਫਿਰ ਹਰੀਸ਼ ਨੂੰ ਮਾਂ ਬਹੁਤ ਯਾਦ ਆ ਰਹੀ ਸੀ। ਅੱਜ ਜੇ ਉਹ ਹੁੰਦੀ ਤਾਂ ਕਿੰਨਾ ਖੁਸ਼ ਹੋਣਾ ਸੀ ਉਸ ਨੇ, ਘੜੀ-ਮੁੜੀ ਹਰੀਸ਼ ਨੂੰ ਇਹੋ ਖਿਆਲ ਆਈ ਜਾ ਰਿਹਾ ਸੀ।
ਸਿਧਾਰਥ ਨੇ ਘਰ ਜਾ ਕੇ ਮੇਘਾ ਨੂੰ ਰਾਤ ਦੇ ਖਾਣੇ ਦਾ ਪ੍ਰੋਗਰਾਮ ਦੱਸਿਆ ਤਾਂ ਉਹ ਕਹਿਣ ਲੱਗੀ, 'ਮੈਂ ਤਾਂ ਪਹਿਲਾਂ ਹੀ ਸੋਚ ਰਹੀ ਸਾਂ ਕਿ ਸਿਧਾਰਥ ਆਵੇ ਤਾਂ ਮੈਂ ਉਸ ਨੂੰ ਕਹਾਂ ਕਿ ਅੱਜ ਰਾਤ ਦਾ ਖਾਣਾ ਕਿਤੇ ਬਾਹਰ ਖਾ ਲਈਏ ਜਾਂ ਕਿਤੇ ਆਰਡਰ ਦੇ ਕੇ ਘਰ ਮੰਗਵਾ ਲਈਏ।'
'ਘਰ ਨਹੀਂ ਮੰਗਵਾਉਣਾ, ਸਗੋਂ ਬਾਹਰ ਜਾ ਕੇ ਹੀ ਖਾਵਾਂਗੇ। ਹਰੀਸ਼ ਨੇ ਕਦੇ ਵੀ ਬਾਹਰ ਕਿਸੇ ਰੈਸਤੋਰਾਂ ਵਿਚ ਖਾਣਾ ਨਹੀਂ ਖਾਧਾ ਹੋਣਾ। ਉਸ ਲਈ ਅੱਜ ਬੜਾ ਅਹਿਮ ਦਿਨ ਹੈ, ਸੋ ਸਾਨੂੰ ਉਸ ਦੀ ਅਤੇ ਆਪਣੀ ਖੁਸ਼ੀ ਸੈਲੀਬ੍ਰੇਟ ਕਰਨੀ ਚਾਹੀਦੀ ਹੈ। ਉਸ ਨੇ ਅੱਗੋਂ ਹੋਰ ਤਰੱਕੀ ਕਰਨੀ ਐ, ਇਸ ਲਈ ਉਸ ਨੂੰ ਥੋੜ੍ਹਾ ਬਾਹਰ-ਅੰਦਰ ਵੀ ਖੜ੍ਹਨਾ ਚਾਹੀਦੈ', ਸਿਧਾਰਥ ਨੇ ਆਪਣੇ ਮਨ ਦੀ ਗੱਲ ਆਖੀ।
ਥੋੜ੍ਹੀ ਦੇਰ ਬਾਅਦ ਹਰੀਸ਼ ਵੀ ਆਪਣੇ ਦੋਸਤਾਂ-ਮਿੱਤਰਾਂ ਨਾਲ ਖੁਸ਼ੀ ਸਾਂਝੀ ਕਰਕੇ ਘਰ ਆ ਗਿਆ। ਉਸ ਦੇ ਆਉਂਦਿਆਂ ਹੀ ਸਿਧਾਰਥ ਉਸ ਨੂੰ ਆਪਣੇ ਕਮਰੇ ਵਿਚ ਲੈ ਗਿਆ, ਉਥੇ ਮੇਘਾ ਵੀ ਬੈਠੀ ਸੀ।
ਹਰੀਸ਼ ਦੇ ਆਉਂਦਿਆਂ ਹੀ ਮੇਘਾ ਖੜ੍ਹੀ ਹੋ ਗਈ ਅਤੇ ਉਸ ਨੂੰ ਬੜੇ ਪਿਆਰ ਨਾਲ ਆਪਣੀ ਗਲਵਕੜੀ ਵਿਚ ਲੈ ਕੇ ਮੁਬਾਰਕ ਦਿੱਤੀ। ਉਸ ਨੂੰ ਸੋਫੇ 'ਤੇ ਬਿਠਾਇਆ ਅਤੇ ਆਪ ਰਸੋਈ ਵਿਚ ਜਾ ਕੇ ਫਰਿੱਜ ਵਿਚੋਂ ਠੰਢੇ ਰਸਗੁੱਲੇ ਪਲੇਟ ਵਿਚ ਪਾ ਕੇ ਲੈ ਆਈ, ਜਿਹੜੇ ਉਹ ਸਪੈਸ਼ਲ ਹਰੀਸ਼ ਦਾ ਅਤੇ ਸਿਧਾਰਥ ਦਾ ਮੂੰਹ ਮਿੱਠਾ ਕਰਵਾਉਣ ਵਾਸਤੇ ਬਾਜ਼ਾਰੋਂ ਆਪ ਲੈ ਕੇ ਆਈ ਸੀ। ਮੇਘਾ ਨੇ ਪਹਿਲਾਂ ਆਪ ਹਰੀਸ਼ ਦੇ ਮੂੰਹ ਵਿਚ ਪੂਰਾ ਰਸਗੁੱਲਾ ਪਾਇਆ ਅਤੇ ਫਿਰ ਸਿਧਾਰਥ ਦੇ ਮੂੰਹ ਵਿਚ। ਉਸ ਤੋਂ ਬਾਅਦ ਸਿਧਾਰਥ ਨੇ ਮੇਘਾ ਦੇ ਹੱਥੋਂ ਰਸਗੁੱਲਿਆਂ ਵਾਲੀ ਪਲੇਟ ਫੜ ਕੇ ਪੂਰਾ ਰਸਗੁੱਲਾ ਮੇਘਾ ਦੇ 'ਨਾ-ਨਾ' ਕਰਦਿਆਂ ਵੀ ਬਦੋਬਦੀ ਉਸ ਦੇ ਮੂੰਹ ਵਿਚ ਪਾ ਦਿੱਤਾ।
ਉਸ ਤੋਂ ਬਾਅਦ ਮੇਘਾ ਰਸੋਈ ਵਿਚ ਜਾ ਕੇ ਸ਼ਿਕੰਜਵੀ ਦਾ ਜੱਗ ਭਰ ਕੇ ਅਤੇ ਨਾਲ ਤਿੰਨ ਗਲਾਸ ਲੈ ਆਈ। ਉਸ ਨੇ ਤਿੰਨੇ ਗਲਾਸ ਸ਼ਿਕੰਜਵੀ ਨਾਲ ਭਰ ਦਿੱਤੇ। ਪਹਿਲਾ ਗਲਾਸ ਉਸ ਨੇ ਹਰੀਸ਼ ਨੂੰ ਦਿੱਤਾ ਅਤੇ ਦੂਜਾ ਸਿਧਾਰਥ ਨੂੰ। ਤੀਜਾ ਉਸ ਨੇ ਆਪ ਫੜ ਲਿਆ।
(ਬਾਕੀ ਅਗਲੇ ਐਤਵਾਰ ਦੇ ਅੰਕ 'ਚ)

-404, ਗ੍ਰੀਨ ਐਵੇਨਿਊ, ਅੰਮ੍ਰਿਤਸਰ-143001. ਮੋਬਾ: 98889-24664

ਬਾਲ ਕਵਿਤਾ ਬੁਰਿਆਂ ਕੰਮਾਂ ਵਿਚ ਨਾ ਪੈਣਾ

ਬੱਚਿਓ ਦੂਰ ਨਸ਼ਿਆਂ ਤੋਂ ਰਹਿਣਾ,
ਬੁਰਿਆਂ ਕੰਮਾਂ ਵਿਚ ਨਾ ਪੈਣਾ।
ਨਸ਼ਿਆਂ ਵਿਚੋਂ ਕੁਝ ਨਾ ਮਿਲਣਾ,
ਉਲਟਾ ਤੁਹਾਡਾ ਜੀਵਨ ਰੁਲਣਾ।
ਜਿਸ ਦੇ ਹੱਡਾਂ ਵਿਚ ਇਹ ਜਾ ਬਹਿੰਦਾ,
ਉਹ ਨਾ ਕਿਸੇ ਵੀ ਜੋਗਾ ਰਹਿੰਦਾ।
ਨਸ਼ਾ ਮਾਰਦਾ ਐਸੀ ਮੱਤ,
ਨਸ਼ੇੜੀ ਕਰ ਗੁਜ਼ਰਦੇ ਅੱਤ।
ਨਸ਼ਾ ਬੰਦੇ ਨੂੰ ਚੋਰ ਬਣਾਉਂਦਾ,
ਥਾਂ-ਥਾਂ ਭੰਡੀਆਂ ਖੂਬ ਕਰਵਾਉਂਦਾ।
ਨਾਲੇ ਘਰਾਂ ਵਿਚ ਕਲੇਸ਼ ਵਧਾਉਂਦਾ,
ਆਪਣਿਆਂ ਦਾ ਕਤਲ ਕਰਵਾਉਂਦਾ।
ਇਸ ਤੋਂ ਦੂਰ ਹਮੇਸ਼ਾ ਰਹਿਣਾ,
ਜ਼ਿੰਦਗੀ ਦਾ ਅਗਰ ਨਜ਼ਾਰਾ ਲੈਣਾ।
ਬੱਚਿਓ ਜੀਵਨ ਹੈ ਬੜਾ ਅਨਮੋਲ,
'ਬਸਰੇ' ਐਵੇਂ ਨਾ ਲਿਓ ਰੋਲ।

-ਮਨਪ੍ਰੀਤ ਕੌਰ ਬਸਰਾ,
ਪਿੰਡ ਗਿੱਲਾਂ, ਡਾਕ: ਚਮਿਆਰਾ (ਜਲੰਧਰ)। ਮੋਬਾ: 81461-87521

ਬਾਲ ਸਾਹਿਤ

ਰੂਹੀ ਸਿੰਘ ਅਤੇ ਦਵਿੰਦਰਪਾਲ ਦੀਆਂ ਬਾਲ ਪੁਸਤਕਾਂ
ਸੰਪਰਕ : 99157-03490

ਰੂਹੀ ਸਿੰਘ ਅਤੇ ਦਵਿੰਦਰਪਾਲ ਬੋਹੜ ਵਡਾਲਾ ਕਿਸ਼ੋਰ ਅਵਸਥਾ ਦੇ ਵਿਦਿਆਰਥੀ ਹਨ, ਜਿਨ੍ਹਾਂ ਦੀਆਂ ਦੋ ਨਵੀਆਂ ਬਾਲ-ਪੁਸਤਕਾਂ ਮੇਰੇ ਸਾਹਮਣੇ ਹਨ। ਪਹਿਲੀ ਪੁਸਤਕ ਰੂਹੀ ਸਿੰਘ ਦੁਆਰਾ ਲਿਖੀ ਗਈ ਹੈ। 'ਗੁਲਦਾਊਦੀਆਂ' ਨਾਮਕ ਇਸ ਪੁਸਤਕ ਵਿਚ ਲੇਖਿਕਾ ਨੇ 8 ਮੌਲਿਕ ਬਾਲ ਕਹਾਣੀਆਂ 'ਆਤਮ ਵਿਸ਼ਵਾਸ ਦੀ ਜਿੱਤ', 'ਸਫਾਈ ਦੀ ਜਾਚ', 'ਬੁੱਧੂ ਦੀ ਸਿਆਣਪ', 'ਸੱਚਾ ਮਿੱਤਰ ਕੌਣ?', 'ਪਾਪਾ ਦੀ ਝਿੜਕ', 'ਮਿਹਨਤ ਦਾ ਫ਼ਲ', 'ਬਾਰਿਸ਼ ਦਾ ਉਹ ਦਿਨ' ਅਤੇ 'ਇਕ ਦਿਨ ਅਚਾਨਕ' ਦੀ ਸਿਰਜਣਾ ਕੀਤੀ ਹੈ। ਇਨ੍ਹਾਂ ਕਹਾਣੀਆਂ ਦੇ ਵਿਸ਼ੇ-ਵਸਤੂ ਸਾਡੇ ਸਮਾਜ ਨਾਲ ਸਬੰਧਤ ਹਨ ਅਤੇ ਪਾਤਰ ਵੀ ਸਾਡੇ ਆਲੇ-ਦੁਆਲੇ ਵਿਚਰਦੇ ਮਹਿਸੂਸ ਹੁੰਦੇ ਹਨ। ਰੂਹੀ ਸਿੰਘ ਨੇ ਆਪਣੇ ਜੀਵਨ ਨਾਲ ਸਬੰਧਤ ਕੁਝ ਯਾਦਾਂ ਅਤੇ ਘਟਨਾਵਾਂ ਨੂੰ ਸੁੰਦਰ ਬਿਰਤਾਂਤ ਵਿਚ ਸਿਰਜਿਆ ਹੈ। ਇਹ ਕਹਾਣੀਆਂ ਬੱਚਿਆਂ ਅੰਦਰ ਉਸਾਰੂ ਕਾਰਜ ਕਰਨ ਦੀ ਪ੍ਰੇਰਨਾ ਜਗਾਉਂਦੀਆਂ ਹਨ। ਕਹਾਣੀਆਂ ਦੀ ਭਾਸ਼ਾ ਬੜੀ ਸਰਲ ਅਤੇ ਦਿਲਚਸਪ ਹੈ।
ਦੂਜੀ ਪੁਸਤਕ 'ਖੁਸ਼ੀ ਦੇ ਹੰਝੂ' ਦਵਿੰਦਰਪਾਲ ਬੋਹੜ ਵਡਾਲਾ ਦੀ ਲਿਖੀ ਹੋਈ ਹੈ। ਛੇਵੀਂ ਜਮਾਤ ਦੀ ਵਿਦਿਆਰਥਣ ਸੁਖਚੰਚਲ ਕੌਰ ਵਲੋਂ ਬਣਾਏ ਚਿੱਤਰਾਂ ਅਤੇ ਰੰਗਦਾਰ ਟਾਈਟਲ ਨਾਲ ਸਜਾਈ ਇਸ ਪੁਸਤਕ ਵਿਚ ਕੁੱਲ 11 ਬਾਲ ਕਹਾਣੀਆਂ ਸ਼ਾਮਿਲ ਹਨ। ਇਨ੍ਹਾਂ ਵਿਚੋਂ 'ਵਿੱਦਿਆ ਦਾ ਗਹਿਣਾ', 'ਸੰਕਲਪ', 'ਸੱਚੀ ਲਗਨ' ਅਤੇ 'ਖੁਸ਼ੀ ਦੇ ਹੰਝੂ' ਸਿੱਖਿਆ ਦੇ ਮਹੱਤਵ ਨੂੰ ਦਰਸਾਉਂਦੀਆਂ ਹਨ, ਜਦੋਂ ਕਿ 'ਜੀਤੀ ਦੀ ਦਲੇਰੀ', 'ਚਾਰ ਦੋਸਤ' ਅਤੇ 'ਪਿਆਰ' ਕਹਾਣੀਆਂ ਵਿਚ ਦੂਜਿਆਂ ਦੀ ਮਦਦ, ਭਾਈਚਾਰਕ ਸਾਂਝ ਅਤੇ ਬਹਾਦਰੀ ਭਰਪੂਰ ਜਜ਼ਬਾ ਰੱਖਣ ਦੇ ਸੁਨੇਹੇ ਮਿਲਦੇ ਹਨ। ਬਾਲ ਪਾਤਰਾਂ ਦੀ ਵਾਰਤਾਲਾਪ ਕਹਾਣੀ ਦੀ ਤੋਰ ਨੂੰ ਉਤਸੁਕਤਾ ਨਾਲ ਅੱਗੇ ਤੋਰਦੀ ਹੈ। ਕੁੱਲ ਮਿਲਾ ਕੇ ਇਹ ਕਹਾਣੀ ਸੰਗ੍ਰਹਿ ਲੇਖਕ ਦੀ ਕਹਾਣੀ ਲਿਖਣ ਉੱਪਰ ਪਕੜ ਨੂੰ ਦਰਸਾਉਂਦਾ ਹੈ।
ਇਨ੍ਹਾਂ ਪੁਸਤਕਾਂ ਦੇ ਵਿਦਿਆਰਥੀ ਲੇਖਕ ਭਵਿੱਖ ਵਿਚ ਚੰਗੇ ਲੇਖਕ ਬਣਨ ਦੀ ਸਮਰੱਥਾ ਰੱਖਦੇ ਹਨ। ਦੋਵਾਂ ਕਲਮਕਾਰਾਂ ਨੂੰ ਵਧਾਈ!
ਇਹ ਪੁਸਤਕਾਂ 'ਤਾਰੇ ਭਲਕ ਦੇ ਬਾਲ ਪ੍ਰਤਿਭਾ ਮੰਚ' ਦੀ ਪੇਸ਼ਕਸ਼ ਹਨ, ਜੋ ਸੰਗਮ ਪਬਲੀਕੇਸ਼ਨਜ਼, ਸਮਾਣਾ ਵਲੋਂ ਛਾਪੀਆਂ ਗਈਆਂ ਹਨ। ਹਰ ਪੁਸਤਕ ਦੀ ਕੀਮਤ 60 ਰੁਪਏ ਅਤੇ ਪੰਨੇ 32 ਹਨ।

-ਦਰਸ਼ਨ ਸਿੰਘ 'ਆਸ਼ਟ'

ਬੁੱਧੀ ਪ੍ਰੀਖਣ

1. ਸੰਸਾਰ ਦੇ ਕਿਸ ਮਹਾਂਦੀਪ 'ਚ ਕੋਈ ਮਾਰੂਥਲ ਨਹੀਂ ਹੈ?
2. ਕਿਹੜੇ ਪ੍ਰਸਿੱਧ ਸ਼ਹਿਰ ਨੂੰ 'ਟਾਟਾ ਨਗਰ' ਵੀ ਕਿਹਾ ਜਾਂਦਾ ਹੈ?
3. ਮੁਗ਼ਲ ਬਾਦਸ਼ਾਹ ਸ਼ਾਹਜਹਾਂ ਦੇ ਸਭ ਤੋਂ ਵੱਡੇ ਪੁੱਤਰ ਦਾ ਨਾਂਅ ਕੀ ਸੀ?
4. ਕਿਹੜੇ ਸ਼ਹਿਰ ਨੂੰ 'ਸਿਲਕ ਸਿਟੀ' ਅਤੇ 'ਡਾਇਮੰਡ ਸਿਟੀ' ਕਿਹਾ ਜਾਂਦਾ ਹੈ?
5. ਭਾਰਤੀ ਪੁਲਾੜ ਪ੍ਰੋਗਰਾਮ ਦਾ ਜਨਮਦਾਤਾ ਕਿਸ ਨੂੰ ਮੰਨਿਆ ਜਾਂਦਾ ਹੈ?
6. ਲੋਨਾਰ ਝੀਲ ਭਾਰਤ ਦੇ ਕਿਸ ਰਾਜ 'ਚ ਸਥਿਤ ਹੈ?
7. ਦਿੱਲੀ ਸਥਿਤ ਜਾਮਾ ਮਸਜਿਦ ਦਾ ਨਿਰਮਾਣ ਕਿਸ ਸ਼ਾਸਕ ਨੇ ਕਰਵਾਇਆ ਸੀ?
8. ਭਾਰਤ 'ਚ ਡਾਕ ਟਿਕਟ ਦਾ ਰੁਝਾਨ ਕਦੋਂ ਸ਼ੁਰੂ ਹੋਇਆ ਸੀ?
9. ਕਿਹੜੇ ਭਾਰਤੀ ਪ੍ਰਧਾਨ ਮੰਤਰੀ ਨੂੰ ਪਾਕਿਸਤਾਨ ਦੇ ਸਰਬਉੱਚ ਐਵਾਰਡ 'ਨਿਸ਼ਾਨ-ਏ-ਪਾਕਿਸਤਾਨ' ਨਾਲ ਨਿਵਾਜਿਆ ਗਿਆ ਸੀ?
10. ਗ੍ਰਾਮੀ ਐਵਾਰਡ ਜਿੱਤਣ ਵਾਲੇ ਪਹਿਲੇ ਭਾਰਤੀ ਦਾ ਨਾਂਅ ਦੱਸੋ?
ਉੱਤਰ : (1) ਯੂਰਪ, (2) ਜਮਸ਼ੇਦਪੁਰ ਨੂੰ, (3) ਦਾਰਾ ਸ਼ਿਕੋਹ, (4) ਸੂਰਤ (ਗੁਜਰਾਤ) ਨੂੰ, (5) ਵਿਕਰਮ ਸਾਰਾਭਾਈ, (6) ਮਹਾਰਾਸ਼ਟਰ 'ਚ, (7) ਸ਼ਾਹਜਹਾਂ ਨੇ, (8) ਸਾਲ 1852 'ਚ, (9) ਮੋਰਾਰਜੀ ਦੇਸਾਈ ਨੂੰ, (10) ਰਵੀ ਸ਼ੰਕਰ।

-ਪ੍ਰਿੰ: ਗੁਰਬਚਨ ਸਿੰਘ ਲਾਲੀ,
ਲੇਖਕ ਮੰਚ, ਪੱਟੀ (ਤਰਨ ਤਾਰਨ)। ਮੋਬਾ: 98147-64344

ਕੀ ਤੁਸੀਂ ਜਾਣਦੇ ਹੋ?

* ਮਨੁੱਖ ਦੀ ਖੋਪੜੀ ਵਿਚ 29 ਹੱਡੀਆਂ ਹੁੰਦੀਆਂ ਹਨ।
* ਮਨੁੱਖੀ ਦਿਲ ਔਸਤਨ ਜੀਵਨ ਵਿਚ 182 ਮਿਲੀਅਨ ਲਿਟਰ ਖੂਨ ਦਾ ਸੰਚਾਲਨ ਕਰਦਾ ਹੈ।
* ਮਨੁੱਖ ਦੇ ਪੇਟ ਵਿਚ ਬਣਦਾ ਤੇਜ਼ਾਬ ਏਨਾ ਤੇਜ਼ ਹੁੰਦਾ ਹੈ ਕਿ ਇਸ ਵਿਚ ਰੇਜ਼ਰ ਬਲੈਡ ਵੀ ਘੁਲ ਸਕਦਾ ਹੈ।
* ਮਨੁੱਖੀ ਦਿਮਾਗ ਪੂਰੇ ਸਰੀਰ ਦੀ 20 ਫੀਸਦੀ ਆਕਸੀਜਨ ਤੇ ਊਰਜਾ ਵਰਤਦਾ ਹੈ।
* ਮਨੁੱਖੀ ਦਿਮਾਗ ਦਾ 80 ਫੀਸਦੀ ਪਾਣੀ ਹੁੰਦਾ ਹੈ।
* ਮਨੁੱਖ ਦੇ ਕੰਨ ਅਤੇ ਨੱਕ ਹਮੇਸ਼ਾ ਵਧਦੇ ਰਹਿੰਦੇ ਹਨ।
* ਜਿਵੇਂ ਹਰੇਕ ਵਿਅਕਤੀ ਦੇ ਉਂਗਲਾਂ ਦੇ ਵਿਲੱਖਣ ਨਿਸ਼ਾਨ ਹੁੰਦੇ ਹਨ, ਉਸੇ ਤਰ੍ਹਾਂ ਹਰ ਵਿਅਕਤੀ ਦੇ ਜੀਭ ਦੇ ਨਿਸ਼ਾਨ ਵੀ ਵਿਲੱਖਣ ਹੁੰਦੇ ਹਨ।
* ਮਨੁੱਖੀ ਅੱਖ 10 ਮਿਲੀਅਨ ਵੱਖ-ਵੱਖ ਰੰਗਾਂ ਵਿਚ ਫਰਕ ਕਰ ਸਕਦੀ ਹੈ।
* ਅੱਖ ਦਾ ਕੋਰਨੀਆ ਸਰੀਰ ਦਾ ਅਜਿਹਾ ਹਿੱਸਾ ਹੈ, ਜਿਸ ਵਿਚ ਖੂਨ ਦਾ ਦੌਰਾ ਨਹੀਂ ਹੁੰਦਾ। ਕੋਰਨੀਆ ਨੂੰ ਆਕਸੀਜਨ ਸਿੱਧੀ ਹਵਾ ਵਿਚੋਂ ਮਿਲਦੀ ਹੈ।

-ਡਾ: ਮਨਦੀਪ ਕੌਰ,
mandeepjudge36@gmail.com





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX