ਤਾਜਾ ਖ਼ਬਰਾਂ


ਸਾਬਕਾ ਵਿਧਾਇਕ ਸੁਖਦਰਸ਼ਨ ਸਿੰਘ ਮਰਾੜ ਕਾਂਗਰਸ ਵਿਚ ਸ਼ਾਮਿਲ
. . .  39 minutes ago
ਸ੍ਰੀ ਮੁਕਤਸਰ ਸਾਹਿਬ, 18 ਅਪ੍ਰੈਲ (ਰਣਜੀਤ ਸਿੰਘ ਢਿੱਲੋਂ)-ਸ੍ਰੀ ਮੁਕਤਸਰ ਸਾਹਿਬ ਦੀ ਰਾਜਨੀਤੀ ਵਿਚ ਉਸ ਸਮੇਂ ਹਿਲਜੁੱਲ ਹੋਈ, ਜਦੋਂ ਸਾਬਕਾ ਵਿਧਾਇਕ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਸੁਖਦਰਸ਼ਨ ਸਿੰਘ ਮਰਾੜ ਕਾਂਗਰਸ ਪਾਰਟੀ ਵਿਚ...
ਸੁਆਂ ਨਦੀ ਵਿਚ ਨਹਾਉਣ ਗਏ ਦੋ ਨੌਜਵਾਨ ਡੁੱਬੇ
. . .  about 1 hour ago
ਨੂਰਪੁਰ ਬੇਦੀ, 18 ਅਪ੍ਰੈਲ (ਹਰਦੀਪ ਸਿੰਘ ਢੀਂਡਸਾ) - ਸ੍ਰੀ ਅਨੰਦਪੁਰ ਸਾਹਿਬ ਤਹਿਸੀਲ ਅਧੀਨ ਪੈਂਦੇ ਕਸਬਾ ਨੂਰਪੁਰ ਬੇਦੀ ਨੇੜਿਓ ਗੁਜ਼ਰਦੀ ਸੁਆਂ ਨਦੀ ਵਿਚ ਦੋ ਨੌਜਵਾਨਾਂ ਦੇ ਡੁੱਬਣ ਦਾ...
ਆਈ.ਪੀ.ਐੱਲ 2019 : ਦਿੱਲੀ ਖ਼ਿਲਾਫ਼ ਟਾਸ ਜਿੱਤ ਕੇ ਮੁੰਬਈ ਵੱਲੋਂ ਪਹਿਲਾ ਬੱਲੇਬਾਜ਼ੀ ਦਾ ਫ਼ੈਸਲਾ
. . .  about 1 hour ago
ਸ਼ਮਸ਼ੇਰ ਸਿੰਘ ਦੂਲੋ ਨੂੰ ਆਪਣੇ ਪ੍ਰਚਾਰ ਦੀ ਕਰਾਂਗੀ ਅਪੀਲ - ਬੀਬੀ ਦੂਲੋ
. . .  about 1 hour ago
ਫ਼ਤਹਿਗੜ੍ਹ ਸਾਹਿਬ, 18 ਅਪ੍ਰੈਲ (ਅਰੁਣ ਅਹੂਜਾ)- ਕਾਂਗਰਸ ਦੇ ਰਾਜ ਸਭਾ ਮੈਂਬਰ ਸ਼ਮਸ਼ੇਰ ਸਿੰਘ ਦੂਲੋ ਦੀ ਪਤਨੀ ਬੀਬੀ ਹਰਬੰਸ ਕੋਰ ਦੂਲੋ ਜੋ ਕਿ ਬੀਤੇ ਦਿਨੀਂ ਆਮ ਆਦਮੀ ਪਾਰਟੀ ਵਿਚ...
ਗੁਰੂ ਹਰਸਹਾਏ : ਪਿੰਡ ਝੋਕ ਮੋਹੜੇ 'ਚ ਚੱਲੀ ਗੋਲੀ
. . .  about 1 hour ago
ਗੁਰੂ ਹਰਸਹਾਏ, 18 ਅਪ੍ਰੈਲ (ਹਰਚਰਨ ਸਿੰਘ ਸੰਧੂ) - ਪਿੰਡ ਝੋਕ ਮੋਹੜੇ ਵਿਖੇ ਪੁਰਾਣੀ ਰੰਜਸ਼ ਦੇ ਚੱਲਦਿਆਂ ਇੱਕ ਪਿੰਡ ਦੇ ਸਰਪੰਚ ਵੱਲੋਂ ਕੁੱਝ ਨੌਜਵਾਨਾਂ ਨੂੰ ਨਾਲ ਲੈ ਕੇ ਇੱਕ ਨੌਜਵਾਨ 'ਤੇ ਗੋਲੀ...
ਕੰਟਰੋਲ ਰੇਖਾ ਤੋਂ ਪਾਰ ਵਪਾਰ ਦੋ ਦਿਨਾਂ ਲਈ ਬੰਦ
. . .  about 1 hour ago
ਨਵੀਂ ਦਿੱਲੀ, 18 ਅਪ੍ਰੈਲ - ਗ੍ਰਹਿ ਮੰਤਰਾਲੇ ਨੇ ਐਨ.ਆਈ.ਏ ਦੀ ਜਾਂਚ ਦੌਰਾਨ ਕੁੱਝ ਅੱਤਵਾਦੀ ਸੰਗਠਨਾਂ ਵੱਲੋਂ ਵਪਾਰ ਚਲਾਏ ਜਾਣ ਦਾ ਪਾਏ ਜਾਣ 'ਤੇ ਜੰਮੂ ਕਸ਼ਮੀਰ ਵਿਖੇ ਕੱਲ੍ਹ...
ਆਮਦਨ ਕਰ ਵਿਭਾਗ ਵੱਲੋਂ ਵਪਾਰੀ ਤੋਂ 42 ਲੱਖ ਦੀ ਬੇਹਿਸਾਬੀ ਨਕਦੀ ਜ਼ਬਤ
. . .  about 2 hours ago
ਨਵੀਂ ਦਿੱਲੀ, 18 ਅਪ੍ਰੈਲ - ਆਮਦਨ ਕਰ ਵਿਭਾਗ ਨੇ ਗੁਜਰਾਤ ਦੇ ਗਾਂਧੀ ਨਗਰ ਵਿਖੇ ਇੱਕ ਵਪਾਰੀ ਤੋਂ 42 ਲੱਖ ਰੁਪਏ ਦੀ ਬੇਹਿਸਾਬੀ ਨਕਦੀ ਜ਼ਬਤ ਕੀਤੀ...
ਲੋਕ ਸਭਾ ਚੋਣਾਂ ਦੇ ਦੂਸਰੇ ਪੜਾਅ ਤਹਿਤ ਹੋਈ 61.12 ਫ਼ੀਸਦੀ ਵੋਟਿੰਗ
. . .  about 1 hour ago
ਨਵੀਂ ਦਿੱਲੀ, 18 ਅਪ੍ਰੈਲ - ਲੋਕ ਸਭਾ ਚੋਣਾਂ ਦੇ ਦੂਸਰੇ ਪੜਾਅ ਤਹਿਤ ਕੁੱਲ 61.12 ਫ਼ੀਸਦੀ ਵੋਟਿੰਗ ਹੋਈ...
ਸੜਕ ਹਾਦਸੇ 'ਚ ਦੋ ਸਕੇ ਭਰਾਵਾਂ ਦੀ ਮੌਤ
. . .  about 2 hours ago
ਗੁਰਦਾਸਪੁਰ, 18 ਅਪ੍ਰੈਲ (ਆਲਮਬੀਰ ਸਿੰਘ) - ਨੇੜਲੇ ਪਿੰਡ ਕੋਠੇ ਘੁਰਾਲਾ ਬਾਈਪਾਸ ਨੇੜੇ ਵਾਪਰੇ ਇਕ ਦਰਦਨਾਕ ਸੜਕ ਹਾਦਸੇ ਵਿਚ ਦੋ ਸਕੇ ਭਰਾਵਾਂ ਦੀ ਮੌਤ ਹੋ ਗਈ। ਜਾਣਕਾਰੀ...
ਉੜੀਸਾ : ਈ.ਵੀ.ਐਮ 'ਚ ਖ਼ਰਾਬੀ ਹੋਣ ਕਾਰਨ 4 ਬੂਥਾਂ 'ਤੇ ਦੁਬਾਰਾ ਹੋਵੇਗੀ ਵੋਟਿੰਗ- ਚੋਣ ਅਧਿਕਾਰੀ
. . .  about 3 hours ago
ਭੁਵਨੇਸ਼ਵਰ, 18 ਅਪ੍ਰੈਲ- ਉੜੀਸਾ ਦੇ ਮੁੱਖ ਚੋਣ ਅਧਿਕਾਰੀ ਸੁਰੇਂਦਰ ਕੁਮਾਰ ਨੇ ਕਿਹਾ ਹੈ ਕਿ ਸੁਰੇਂਦਰਗੜ੍ਹ ਦੇ ਬੂਥ ਨੰਬਰ 213, ਬੁਨਾਈ ਦੇ ਬੂਥ ਨੰਬਰ 129 ਅਤੇ ਦਾਸਪੱਲਾ ਵਿਧਾਨ ਸਭਾ ਖੇਤਰ 'ਚ ਬੂਥ ਨੰਬਰ 210 ਅਤੇ 222 'ਚ ਈ.ਵੀ.ਐਮ 'ਚ ਖ਼ਰਾਬੀ ਦੇ ਚੱਲਦਿਆਂ ...
ਹੋਰ ਖ਼ਬਰਾਂ..

ਦਿਲਚਸਪੀਆਂ

ਮਿੰਨੀ ਕਹਾਣੀ ਕਰੁਣਾ

ਉਹਦੀ ਉਮਰ ਦਾ ਅੰਦਾਜ਼ਾ ਭਿੰਮਣਾਂ ਦੇ ਵਾਲਾਂ ਤੋਂ ਲੱਗ ਰਿਹਾ ਸੀ, ਜੋ ਅੱਖਾਂ ਨੂੰ ਢਕ ਰਹੇ ਸਨ ਤੇ ਲਗਪਗ ਸਾਰੇ ਹੀ ਚਿੱਟੇ ਸਨ। ਮੈਂ ਉਮਰ ਦਾ ਲਿਹਾਜ਼ ਕਰਕੇ ਬਾਬੇ ਨੂੰ ਸੀਟ ਛੱਡ ਦਿੱਤੀ... ਪਿਆਰ ਦੀ ਤੱਕਣੀ ਨਾਲ ਮੇਰਾ ਸਿਰ ਪਲੋਸ ਕੇ ਬਾਬਾ ਸੀਟ 'ਤੇ ਬੈਠ ਗਿਆ। ਮੈਂ ਮਨ ਹੀ ਮਨ ਆਪਣੇ ਆਪ ਨੂੰ ਧੰਨਭਾਗਾ ਮਹਿਸੂਸ ਕਰ ਰਿਹਾ ਸੀ ਤੇ ਪ੍ਰਾਪਤ ਆਸ਼ੀਰਵਾਦ ਕਰਕੇ ਦਿਲ ਵਿਚ ਕਰੁਣਾ ਨੂੰ ਸਾਂਭ ਹੀ ਰਿਹਾ ਸੀ ਕਿ ਥੋੜ੍ਹੀ ਜਿਹੀ ਦੂਰ ਜਾ ਕੇ ਬੱਸ ਫਿਰ ਰੁਕੀ... ਹੁਣ ਇਕ 22-24 ਸਾਲਾਂ ਦੀ ਕੁੜੀ ਬੱਸ ਵਿਚ ਚੜ੍ਹੀ ਜਿਹਦੇ ਕੁੱਛੜ ਨਿੱਕਾ ਨਿਆਣਾ ਸੀ। ਸਾਰੀ ਬੱਸ ਭਰੀ ਸੀ। 10-12 ਜਣੇ ਖੜ੍ਹੇ ਸਨ। ਉਹ ਮੇਰੇ ਨਾਲ ਆ ਕੇ ਖੜ੍ਹ ਗਈ। ਉਸੇ ਬਾਬੇ ਨੇ ਉਹ ਕੁੜੀ ਨੂੰ ਸੀਟ ਛੱਡ ਕੇ ਕਿਹਾ ਪੁੱਤ ਇਥੇ ਬੈਠ ਜਾ। ਕੁੜੀ ਨੇ ਅੱਖਾਂ ਨਾਲ ਹੀ ਬਾਬੇ ਦਾ ਸ਼ੁਕਰਾਨਾ ਕੀਤਾ ਤੇ ਬੈਠ ਗਈ। ਹੁਣ ਬਾਬਾ ਉਹੀ ਕਰੁਣਾ ਨਾਲ ਓਤਪੋਤ ਹੋਇਆ ਮੇਰੇ ਨਾਲ ਖੜ੍ਹਾ ਸੀ, ਜੋ ਕੁਝ ਸਮਾਂ ਪਹਿਲਾਂ ਮੇਰੇ ਅੰਦਰ ਨੱਚ ਰਹੀ ਸੀ।

-ਮੋਬਾਈਲ : 99881-87887.


ਖ਼ਬਰ ਸ਼ੇਅਰ ਕਰੋ

ਕਹਾਣੀ ਫ਼ਰਜ਼

ਪੜ੍ਹਾਈ ਪੂਰੀ ਕਰਨ ਤੋਂ ਬਾਅਦ ਰੋਸ਼ਨ ਪੂਰੀ ਤਰ੍ਹਾਂ ਸਮਾਜ ਸੇਵੀ ਕਾਰਜਾਂ ਨੂੰ ਸਮਰਪਿਤ ਹੋ ਗਿਆ। ਪਿੰਡ ਦੇ ਲੋਕਾਂ ਨੇ ਰੋਸ਼ਨ ਨੂੰ ਦੋ ਸਾਲਾਂ ਬਾਅਦ ਸਮਾਜ ਸੇਵੀ ਸੰਸਥਾ ਦਾ ਪ੍ਰਧਾਨ ਬਣਾਉਣਾ ਚਾਹਿਆ। ਪਰ ਰੋਸ਼ਨ ਨੇ ਹੱਥ ਜੋੜ ਕੇ ਬੇਨਤੀ ਕੀਤੀ ਮੈਨੂੰ ਪ੍ਰਧਾਨਗੀ ਨਹੀਂ ਚਾਹੀਦੀ ਮੈਂ ਤਾਂ ਛੋਟੇ-ਵੱਡੇ ਸਭ ਦਾ ਸੇਵਾਦਾਰ ਹਾਂ। ਇਸੇ ਵਿਚ ਹੀ ਮੈਨੂੰ ਸਕੂਨ ਮਿਲਦਾ ਹੈ।
'ਮੈਂ ਹੈਰਾਨ ਹਾਂ ਕਿ ਪੁੱਤ ਅੱਜ ਦੇ ਜ਼ਮਾਨੇ ਵਿਚ ਪ੍ਰਧਾਨਗੀ ਨਹੀਂ ਚਾਹੀਦੀ। ਅੱਜਕਲ੍ਹ ਤਾਂ ਲੋਕੀਂ ਪ੍ਰਧਾਨਗੀ ਪਿੱਛੇ ਤਰਲੋਮੱਛੀ ਹੋਏ ਪਏ ਨੇ।' ਇਕ ਬਜ਼ੁਰਗ ਨੇ ਕਿਹਾ।
ਇਕ ਦਿਨ ਲਾਗਲੇ ਪਿੰਡੋਂ ਰੋਸ਼ਨ ਆਪਣੀ ਕਾਰ 'ਤੇ ਵਾਪਸ ਆ ਰਿਹਾ ਸੀ। ਸੜਕ ਕਿਨਾਰੇ ਇਕ ਸੱਤਰ ਕੁ ਸਾਲ ਦਾ ਬਜ਼ੁਰਗ ਖ਼ੂਨ ਨਾਲ ਲੱਥ-ਪੱਥ ਪਿਆ ਸੀ। ਉਸ ਨੇ ਆਪਣੀ ਕਾਰ ਰੋਕੀ। ਬਜ਼ੁਰਗ ਦੀ ਨਬਜ਼ ਟੋਹੀ, ਅਜੇ ਤੱਕ ਬਜ਼ੁਰਗ ਠੀਕ-ਠਾਕ ਸੀ। ਉਸ ਨੇ ਇਕ ਆਦਮੀ ਦੀ ਮਦਦ ਨਾਲ ਉਸ ਬਜ਼ੁਰਗ ਨੂੰ ਆਪਣੀ ਕਾਰ ਵਿਚ ਪਾਇਆ। ਪੰਦਰਾਂ ਕੁ ਮਿੰਟਾਂ ਬਾਅਦ ਰੋਸ਼ਨ ਹਸਪਤਾਲ ਪਹੁੰਚ ਗਿਆ।
ਡਾਕਟਰਾਂ ਨੇ ਰੋਸ਼ਨ ਨੂੰ ਕਿਹਾ, 'ਬਜ਼ੁਰਗ ਦਾ ਖ਼ੂਨ ਬਹੁਤ ਵਹਿ ਚੁੱਕਾ ਹੈ, ਖ਼ੂਨ ਦੀ ਬਹੁਤ ਜ਼ਰੂਰਤ ਹੈ।' 'ਕੋਈ ਨਹੀਂ ਤੁਸੀਂ ਬਜ਼ੁਰਗ ਦਾ ਬਲੱਡ ਗਰੁੱਪ ਦੱਸੋ', ਰੋਸ਼ਨ ਨੇ ਕਿਹਾ। ਬਜ਼ੁਰਗ ਦਾ ਬਲੱਡ ਗਰੁੱਪ ਪਤਾ ਲਗਾਇਆ ਓ ਪਾਜ਼ੇਟਿਵ ਨਿਕਲਿਆ। ਰੋਸ਼ਨ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ ਕਿਉਂਕਿ ਰੋਸ਼ਨ ਦਾ ਬਲੱਡ ਗਰੁੱਪ ਵੀ ਓ ਪੋਜ਼ੇਟਿਵ ਸੀ। ਉਸ ਨੇ ਡਾਕਟਰ ਨੂੰ ਕਿਹਾ ਤੁਸੀਂ ਮੇਰਾ ਬਲੱਡ ਲੈ ਸਕਦੇ ਹੋ। ਫਿਰ ਵੀ ਜ਼ਰੂਰਤ ਪਈ ਤਾਂ ਮੈਂ ਬਲੱਡ ਬੈਂਕ ਵਿਚੋਂ ਲੈ ਆਵਾਂਗਾ। ਇਸ ਸਮੇਂ ਇਕ ਇਨਸਾਨ ਦੀ ਜਾਨ ਬਚਾਉਣੀ ਇਨਸਾਨੀਅਤ ਦਾ ਪਹਿਲਾ ਫਰਜ਼ ਹੈ। ਬਜ਼ੁਰਗ ਨੂੰ ਖ਼ੂਨ ਚੜ੍ਹਾਇਆ ਗਿਆ। ਰਾਤ 12 ਵਜੇ ਦੇ ਕਰੀਬ ਬਜ਼ੁਰਗ ਨੂੰ ਹੋਸ਼ ਆਈ। ਹਫਤੇ ਬਾਅਦ ਉਸ ਨੂੰ ਹਸਪਤਾਲ 'ਚੋਂ ਛੁੱਟੀ ਮਿਲ ਗਈ। ਓਨੇ ਦਿਨ ਰੋਸ਼ਨ ਹਰ ਰੋਜ਼ ਬਜ਼ੁਰਗ ਦਾ ਪਤਾ ਲੈਣ ਹਸਪਤਾਲ ਆਉਂਦਾ ਜਾਂਦਾ ਰਿਹਾ।
ਹਸਪਤਾਲ 'ਚੋਂ ਛੁੱਟੀ ਵਾਲੇ ਦਿਨ ਪਿੰਡ ਨੂੰ ਵਾਪਸ ਆਉਂਦੇ ਸਮੇਂ ਰੋਸ਼ਨ ਦੀ ਕਾਰ ਬੇਕਾਬੂ ਹੋ ਕੇ ਇਕ ਰੁੱਖ ਨਾਲ ਜਾ ਟਕਰਾਈ। ਪਰ ਬਚਾਅ ਹੋ ਗਿਆ। ਕਿਸੇ ਰਾਹਗੀਰ ਨੇ ਰੋਸ਼ਨ ਨੂੰ ਹਸਪਤਾਲ ਪਹੁੰਚਾ ਦਿੱਤਾ। ਦੋ ਘੰਟੇ ਬਾਅਦ ਰੋਸ਼ਨ ਨੂੰ ਛੁੱਟੀ ਮਿਲ ਗਈ। ਉਸੇ ਰਾਹਗੀਰ ਨੇ ਕਿਹਾ, 'ਚਲੋ ਮੈਂ ਤੁਹਾਨੂੰ ਪਿੰਡ ਛੱਡ ਆਉਂਦਾ ਹਾਂ।'
ਰਸਤੇ 'ਚ ਰਾਹਗੀਰ ਨੇ ਰੋਸ਼ਨ ਨੂੰ ਪੁੱਛਿਆ, 'ਕਿਥੋਂ ਆ ਰਹੇ ਹੋ' ਤਾਂ ਰੋਸ਼ਨ ਨੇ ਉਸ ਬਜ਼ੁਰਗ ਵਾਲੀ ਕਹਾਣੀ ਉਸ ਨੂੰ ਦੱਸੀ। ਰਾਹਗੀਰ ਬਹੁਤ ਖੁਸ਼ ਹੋਇਆ ਕਿ ਅੱਜ ਦੇ ਠੱਗੀ ਠੋਰੀ ਤੇ ਬੇਈਮਾਨੀ ਦੇ ਯੁੱਗ ਵਿਚ ਵੀ ਚੰਗੇ ਤੇ ਨੇਕ ਦਿਲ ਇਨਸਾਨ ਵੀ ਹਨ।
'ਹਾਂ ਜੀ-ਹਾਂ ਜੀ! ਵੀਰ ਜੀ ਤੁਹਾਡੇ ਵਰਗੇ', ਰੋਸ਼ਨ ਨੇ ਕਿਹਾ। ਰਾਹਗੀਰ ਨੇ ਕਿਹਾ ਸਿਆਣਿਆਂ ਸੱਚ ਹੀ ਕਿਹਾ, 'ਕਰ ਭਲਾ ਹੋ ਭਲਾ ਅੰਤ ਭਲੇ ਦਾ ਭਲਾ।' ਰੋਸ਼ਨ ਨੂੰ ਪਿੰਡ ਛੱਡ ਰਾਹਗੀਰ ਆਪਣੀ ਮੰਜ਼ਿਲ ਵਲ ਤੁਰ ਪਿਆ। ਰੋਸ਼ਨ ਮਨ ਹੀ ਮਨ ਵਿਚ ਸੋਚਣ ਲੱਗਾ ਕਿ ਜੇ ਹਰ ਇਨਸਾਨ ਇਨਸਾਨੀਅਤ ਨਾਤੇ ਜੇ ਇਹੋ ਜਿਹੇ ਫ਼ਰਜ਼ ਨਿਭਾਏ ਤਾਂ ਹਰ ਰੋਜ਼ ਕਈ ਕੀਮਤੀ ਜਾਨਾਂ ਬਚ ਸਕਦੀਆਂ ਹਨ।

-ਪਿੰਡ : ਵੜੈਚ, ਡਾਕ : ਘੁੰਮਣ ਕਲਾਂ,
ਜ਼ਿਲ੍ਹਾ : ਗੁਰਦਾਸਪੁਰ। ਫੋਨ : 81466-35586.

ਕਹਾਣੀ ਮਾਸੀ ਦਾ ਬੁਖ਼ਾਰ

ਮੇਰੀ ਮਾਸੀ ਲਗਭਗ ਦੋ ਦਹਾਕੇ ਤਰ੍ਹਾਂ-ਤਰ੍ਹਾਂ ਦੀਆਂ ਬਿਮਾਰੀਆਂ ਨਾਲ ਜੂਝਦੀ ਰਹੀ, ਤੇ ਅੰਤ ਲਗਪਗ ਦੋ ਕੁ ਸਾਲ ਪਹਿਲਾਂ ਸਾਨੂੰ ਸਦੀਵੀ ਵਿਛੋੜਾ ਦੇ ਗਈ। ਸਰੀਰਕ ਤੌਰ 'ਤੇ ਭਾਵੇਂ ਉਹ ਸਾਡੇ ਵਿਚ ਮੌਜੂਦ ਨਹੀਂ ਹੈ, ਪਰ ਉਸ ਨਾਲ ਜੁੜੀਆਂ ਯਾਦਾਂ, ਖਿਆਲ ਜ਼ਰੂਰ ਸਾਡੇ ਕੋਲ ਬਚੇ ਹਨ। ਮੈਂ ਅਕਸਰ ਸੋਚਦਾ ਹਾਂ ਕਿ ਉਸ ਦੀ ਬਿਮਾਰੀ ਦਾ ਵੱਡੇ-ਵੱਡੇ ਡਾਕਟਰਾਂ ਨੂੰ ਭੇਦ ਨਹੀਂ ਆਇਆ। ਉਹ ਦਵਾਈ ਲੈ ਲੈਂਦੀ ਤਾਂ ਚੰਗੀ-ਭਲੀ, ਦਵਾਈ ਖ਼ਤਮ ਤਾਂ ਉਸ ਦੇ ਹੱਡ-ਪੈਰ ਮੁੜ ਟੁੱਟਣ ਲੱਗ ਜਾਂਦੇ। ਤੁਰਦੀ ਤਾਂ ਬੱਸ ਸੋਟੀ ਦੇ ਸਹਾਰੇ। ਸਾਰਾ ਦਿਨ ਮੰਜੀ ਨਾਲ ਜੁੜੀ ਰਹਿੰਦੀ। ਇਕ ਥਾਂ ਬੈਠ ਕੇ ਅੰਗ-ਸਕੀਰੀਆਂ ਦੀਆਂ ਗੱਲਾਂ-ਬਾਤਾਂ ਸੁਣੀ ਜਾਂਦੀ। ਹਰ ਖ਼ੁਸ਼ੀ-ਗਮੀ 'ਚ ਜਦ ਮਾਸੀ ਨੂੰ ਲਿਜਾਣਾ ਹੁੰਦਾ ਤਾਂ ਗੱਡੀ ਦਾ ਉਚੇਚਾ ਪ੍ਰਬੰਧ ਕਰਨਾ ਪੈਂਦਾ। ਮੇਰਾ ਮਾਸੜ ਧੰਨ ਬੰਦਾ ਸੀ, ਜਿਸਨੇ ਆਪਣੀ ਦਸਾਂ-ਨਹੁੰਆਂ ਨਾਲ ਸੱਚੀ-ਸੁੱਚੀ ਕਿਰਤ ਕਰਕੇ ਕੀਤੀ ਕਮਾਈ ਉਸ ਦੀ ਬਿਮਾਰੀ 'ਤੇ ਖ਼ਰਚ ਕਰਦਿਆਂ ਕਦੇ 'ਸੀ' ਨਹੀਂ ਕੀਤੀ ਅਤੇ ਉਸ ਦੇ ਆਖ਼ਰੀ ਸਾਹਾਂ ਤੱਕ ਨਾਲ ਸਾਥ ਨਿਭਾਉਂਦਾ ਰਿਹਾ। ਹੱਡੀਆਂ ਦੀ ਮੁੱਠ ਬਣੀ ਮੇਰੀ ਮਾਸੀ ਹਮੇਸ਼ਾ ਸਾਨੂੰ ਅਤੇ ਆਪਣੇ ਬੱਚਿਆਂ ਨੂੰ ਪੜ੍ਹਾਈ ਕਰਨ ਜਾਂ ਚੰਗੇ ਕੰਮ ਕਿੱਤਿਆਂ ਨਾਲ ਜੁੜਨ ਦੀ ਪ੍ਰੇਰਨਾ ਦਿੰਦੀ ਰਹਿੰਦੀ। ਉਸਨੇ ਆਪ ਜੁ ਕਿਰਤ ਦੇ ਜ਼ਰੀਏ ਆਪਣੇ ਘਰ-ਪਰਿਵਾਰ ਨੂੰ ਆਰਥਿਕ ਪੱਖੋਂ ਲੀਹਾਂ 'ਤੇ ਲਿਆਂਦਾ ਸੀ। ਜਿਨ੍ਹਾਂ ਬੰਦਿਆਂ ਨੇ ਆਪਣੀ ਜ਼ਿੰਦਗੀ 'ਚ ਆਪ ਕਿਰਤ ਦਾ ਲੜ ਨਾ ਛੱਡਿਆ ਹੋਵੇ, ਉਹ ਸਦਾ ਹੀ ਦੂਜਿਆਂ ਨੂੰ ਉਪਦੇਸ਼ ਦੇਣ ਵੇਲ਼ੇ ਵੀ ਕਿਰਤ ਕਰਨ ਦੀ ਨੇਕ ਸਲਾਹ ਦਿੰਦੇ ਰਹਿੰਦੇ ਹਨ। ਸੁਣਨ ਵਾਲਾ ਭਾਵੇਂ ਮੰਨੇ ਜਾਂ ਨਾਂ। ਬੁੱਕਾਂ ਦੇ ਬੁੱਕ ਤਰ੍ਹਾਂ-ਤਰ੍ਹਾਂ ਦੀਆਂ ਦਵਾਈਆਂ ਖਾ ਕੇ ਉਸਦਾ ਸਰੀਰ ਪਹਿਲਾਂ ਵਾਲਾ ਨਹੀਂ ਰਹਿ ਗਿਆ ਸੀ। ਮੈਂ ਕਈ ਵਾਰ ਸੋਚਦਾ ਹਾਂ ਕਿ ਮਾਸੀ ਦੀ ਬਿਮਾਰੀ 'ਤੇ ਡਾਕਟਰਾਂ ਨੇ ਤਰ੍ਹਾਂ-ਤਰ੍ਹਾਂ ਦੇ ਤਜਰਬੇ ਕਰਕੇ ਆਪਣੇ ਗਿਆਨ 'ਚ ਮਣਾਂ ਮੂੰਹੀਂ ਵਾਧਾ ਜ਼ਰੂਰ ਕਰ ਲਿਆ ਹੋਵੇਗਾ, ਪਰ ਮਾਸੀ ਦੀ ਹਾਲਤ 'ਚ ਡਾਕਟਰੀ ਪੱਖੋਂ ਬਹੁਤਾ ਸੁਧਾਰ ਕਦੇ ਵੀ ਨਹੀਂ ਹੋਇਆ ਸੀ। ਹਮੇਸ਼ਾ ਟੀਕੇ-ਗੋਲੀਆਂ 'ਤੇ ਗਿੱਝੇ ਬੰਦੇ ਨੂੰ ਡਾਕਟਰੀ ਤੌਰ 'ਤੇ ਤੰਦਰੁਸਤ ਕਹਿਣਾ ਗ਼ਲਤ ਹੈ। ਉਸ ਦੀ ਬਿਮਾਰੀ ਆਖ਼ਰੀ ਸਾਹਾਂ ਤੱਕ ਉਸ ਦੇ ਨਾਲ ਹੀ ਰਹੀ। ਕਈ ਵਾਰ ਜਦ ਡਾਕਟਰੀ ਇਲਾਜ ਕੁਝ ਨਾਂ ਕਰੇ ਤਾਂ ਸ਼ਰੀਕੇ-ਕਬੀਲੇ 'ਚ ਵਸਦੇ ਲੋਕ ਧਾਗੇ-ਤਵੀਤ ਕਰਾਉਣ ਦੀਆਂ ਵੀ ਮੁਫ਼ਤ 'ਚ ਸਲਾਹਾਂ ਦੇਣ ਲੱਗ ਪੈਂਦੇ ਹਨ। ਬਹੁਤੇ ਲੋਕਾਂ ਦੇ ਵਾਰ-ਵਾਰ ਕਹਿਣ ਨਾਲ ਕਈ ਵਾਰ ਬੰਦਾ ਡਾਕਟਰੀ ਇਲਾਜ ਦੀ ਬਜਾਏ ਧਾਗੇ-ਤਵੀਤਾਂ, ਸਿਆਣਿਆਂ ਵੱਲ, ਨਾ ਚਾਹੁੰਦੇ ਹੋਏ ਵੀ ਖਿੱਚਿਆ ਜਾਂਦਾ ਹੈ। ਇਵੇਂ ਹੀ ਮਾਸੀ ਨੂੰ ਕਿਸੇ ਭਲੇ ਬੰਦੇ ਨੇ ਕਿਸੇ ਦੂਰ ਧਾਰਮਿਕ ਸਥਾਨ 'ਤੇ ਪੰਜ ਵਾਰ ਜਾਣ ਲਈ ਕਹਿ ਦਿੱਤਾ। ਇਕ ਵਾਰ ਮਾਸੀ ਉਸ ਸਥਾਨ 'ਤੇ ਜਾ ਕੇ ਆਉਣ ਉਪੰਰਤ ਬਿਮਾਰ ਹੋ ਗਈ। ਸਬੱਬ ਨਾਲ ਹੀ ਮੈਂ ਆਪਣੀ ਮਾਸੀ ਨੂੰ ਮਿਲਣ ਗਿਆ ਸਾਂ। ਮੈਨੂੰ ਪਤਾ ਸੀ ਕਿ ਐਨੇ ਲੰਬੇ ਬੱਸ ਦੇ ਸਫ਼ਰ ਕਰਨ ਨਾਲ ਤਾਂ ਚੰਗਾ ਭਲਾ ਬੰਦਾ ਬਿਮਾਰ ਹੋ ਸਕਦਾ ਹੈ, ਪਰ ਮਾਸੀ ਤਾਂ ਸਦਾ ਦੀ ਰੋਗਣ ਸੀ। ਮੇਰੇ ਪੁੱਛਣ 'ਤੇ ਉਸ ਨੇ ਦੱਸਿਆ ਕਿ ਧਾਰਮਿਕ ਸਥਾਨ ਦੇ ਕਹਿਣ ਅਨੁਸਾਰ ਕੋਈ ਵੀ ਦਵਾਈ ਨਹੀਂ ਲੈਣੀ ਹੈ ਅਤੇ ਕੇਵਲ ਓਥੋਂ ਮਿਲੀ ਰਾਖ਼ (ਸੁਆਹ) ਹੀ ਪਿੰਡੇ 'ਤੇ ਲਾਉਣੀ ਹੈ। ਮੈਂ ਕਿਹਾ, 'ਮਾਸੀ ਜੀ! ਤੁਸੀਂ ਇਉਂ ਠੀਕ ਨਹੀਂ ਹੋ ਸਕਦੇ'... 'ਕੋਈ ਟੀਕਾ ਲਵਾ ਲਉ, ਜਾਂ ਕੋਈ ਗੋਲੀ ਲੈ ਲਉ...'। ਪਰ ਉਹ ਨਾਂ ਮੰਨੀ ਅਤੇ ਆਪਣੀ ਜ਼ਿਦ 'ਤੇ ਅੜੀ ਰਹੀ। ਅਸੀਂ ਸਾਰੇ ਰਾਤ ਦੀ ਰੋਟੀ ਖਾ ਕੇ ਦੇਰ ਰਾਤ ਨੂੰ ਸੌਣ ਲੱਗੇ ਸਾਂ, ਪਰ ਮਾਸੀ ਅਜੇ ਵੀ ਕੋਲ ਬਿਮਾਰ ਪਈ ਸੀ, ਸੌਂ ਕਿਵੇਂ ਸਕਦੇ ਸਾਂ। ਆਖ਼ਰ ਮੇਰੇ ਜ਼ਿਆਦਾ ਜ਼ੋਰ ਦੇਣ 'ਤੇ ਮਾਸੀ ਟੀਕਾ ਲਵਾਉਣ ਲਈ ਸਹਿਮਤ ਹੋ ਗਈ। ਪਿੰਡ ਦਾ ਡਾਕਟਰ ਟੀਕਾ ਲਾ ਕੇ ਪੈਦਲ ਸ਼ਾਇਦ ਆਪਣੇ ਘਰ ਹੀ ਪਹੁੰਚਿਆ ਹੋਵੇਗਾ, ਪਰ ਮਾਸੀ ਥੋੜ੍ਹਾ-ਥੋੜ੍ਹਾ ਠੀਕ ਹੋਣ ਲੱਗ ਪਈ ਅਤੇ ਥੋੜ੍ਹੇ ਸਮੇਂ ਬਾਅਦ ਸਾਡੇ ਨਾਲ ਹਲਕੀਆਂ-ਫੁਲਕੀਆਂ ਗੱਲਾਂ ਕਰਦੀ-ਕਰਦੀ ਸੌਂ ਗਈ।

-ਪਿੰਡ : ਸਿਰਸੜੀ, ਨੇੜੇ : ਕੋਟਕਪੂਰਾ, ਫ਼ਰੀਦਕੋਟ ।
ਮੋਬਾਈਲ : 98156-59110

ਮਿੰਨੀ ਕਹਾਣੀਆਂ

ਇੰਜ ਵੀ ਹੁੰਦੈ...
ਸਾਡੇ ਪਿੰਡ ਦੇ ਕਿਸਾਨ ਬੰਤਾ ਸਿੰਘ ਦੇ ਦੋ ਬੇਟੇ ਸਨ, ਬੰਟੀ ਤੇ ਬੁੱਧੂ। ਜਿਨ੍ਹਾਂ ਦੀ 20 ਏਕੜ ਜ਼ਮੀਨ ਸੀ। ਜਿਥੇ ਬੰਟੀ ਬੇਹੱਦ ਸ਼ੈਤਾਨ ਤੇ ਚਲਦਾ ਪੁਰਜਾ ਸੀ, ਉਥੇ ਬੁੱਧੂ ਬੜਾ ਹੀ ਨੇਕ, ਸਿੱਧੇ ਸਾਦੇ ਸੁਭਾਅ ਵਾਲਾ ਭਲਾਮਾਣਸ ਤੇ ਰੱਬ ਦੀ ਰਜ਼ਾ 'ਚ ਰਹਿਣ ਵਾਲਾ ਇਨਸਾਨ ਸੀ। ਬੰਟੀ ਦਾ ਵਿਆਹ ਤਾਂ ਹੋ ਗਿਆ ਤੇ ਉਸ ਸੋਚਿਆ ਬੁੱਧੂ ਦਾ ਕਿਹੜਾ ਵਿਆਹ ਹੋਣਾ ਏ। ਇਹਦੀ 10 ਏਕੜ ਜ਼ਮੀਨ ਵੀ ਆਪਾਂ ਹੀ ਸਾਂਭਣੀ ਏ। ਬੰਟੀ ਆਪ ਟੌਹਰ ਨਾਲ ਰਹਿੰਦਾ ਤੇ ਬੁੱਧੂ ਤੋਂ ਅਕਸਰ ਸੀਰੀਆਂ ਵਾਲਾ ਕੰਮ ਕਰਵਾਉਂਦਾ ਰਹਿੰਦਾ। ਕਦੇ ਡੰਗਰਾਂ ਲਈ ਪੱਠੇ ਵੱਢ ਤੇ ਕਦੇ ਗੋਹਾ-ਕੂੜਾ ਸੁੱਟ ਆਦਿ। ਸਬੱਬੀਂ ਬੰਟੀ ਨੇ ਇਸ ਸਾਲ ਪੱਠੇ (ਚਾਰਾ) ਬੀਜ ਲਏ ਤੇ ਬੁੱਧੂ ਨੂੰ ਕਿਹਾ, 'ਪੱਠੇ ਘੜੁੱਕੇ 'ਤੇ ਲੱਦ ਕੇ ਸ਼ਹਿਰ ਮੰਡੀ ਵੇਚ ਆਇਆ ਕਰ। ਪੈਸੇ ਮੈਂ ਆਪੇ ਆੜ੍ਹਤੀਏ ਤੋਂ ਲੈ ਆਇਆ ਕਰਾਂਗਾ।' ਬੁੱਧੂ ਸਤਿ ਬਚਨ ਕਹਿ ਕੇ ਸ਼ਹਿਰ ਪੱਠੇ ਵੇਚਣ ਜਾਂਦਾ ਰਿਹਾ।
ਸਵੇਰੇ ਤੜਕਸਾਰ ਜਦ ਬੁੱਧੂ ਪੱਠੇ ਲੈ ਕੇ ਜਾਂਦਾ ਤਾਂ ਉਸ ਆੜ੍ਹਤੀਏ ਦੀ ਲੜਕੀ ਸੰਨੀ ਜੋ ਆਈਲਟਸ 7 ਬੈਂਡ ਪਾਸ ਸੀ, ਉਸ ਨੂੰ ਬੁੱਧੂ ਦਾ ਸਿੱਧਾ-ਸਾਦਾ ਸੁਭਾਅ ਬੜਾ ਚੰਗਾ ਲੱਗਾ ਤੇ ਉਹ ਤਰਸ ਦੇ ਆਧਾਰ 'ਤੇ ਬੁੱਧੂ ਨੂੰ ਚਾਹ ਪਿਆ ਦਿੰਦੀ ਤੇ ਫਿਰ ਉਸ ਦਾ ਬੁੱਧੂ ਨਾਲ ਦਿਲ ਮਿਲ ਗਿਆ। ਉਸ ਨੇ ਆਪਣੇ ਬਾਪ ਨੂੰ ਕਿਹਾ ਕਿ ਪਿਤਾ ਜੀ ਮੈਂ ਇਸ ਮੁੰਡੇ ਨਾਲ ਵਿਆਹ ਕਰਵਾਉਣਾ ਹੈ। ਪੁੱਤਰੀ ਦੇ ਮੋਹ ਤੇ ਪਿਆਰ 'ਚ ਬਾਪ ਨਾਂਹ ਨਾ ਕਰ ਸਕਿਆ ਤੇ ਦੋਵਾਂ ਦਾ ਵਿਆਹ ਹੋ ਗਿਆ ਤੇ ਦੂਸਰੇ ਸਾਲ ਹੀ ਉਹ ਬਾਹਰਲੇ ਦੇਸ਼ ਜਾ ਕੇ ਬੁੱਧੂ ਨੂੰ ਵੀ ਲੈ ਗਈ। ਉਥੇ ਦੋਵਾਂ ਨੇ ਸਖ਼ਤ ਮਿਹਨਤ ਕਰਕੇ ਖੂਬ ਪੈਸਾ ਕਮਾਇਆ।
ਰੱਬ ਦੀ ਕਰਨੀ ਏਥੇ ਬੰਟੀ ਨੇ ਗੁੱਸੇ ਤੇ ਸਾੜੇ 'ਚ ਨਸ਼ੇ ਕਰਨੇ ਸ਼ੁਰੂ ਕਰ ਦਿੱਤੇ ਤੇ ਨਸ਼ਿਆਂ ਦਾ ਆਦੀ ਹੋ ਗਿਆ। ਉਸ ਨੇ ਆਪਣੀ ਜ਼ਮੀਨ ਵੇਚਣੀ ਸ਼ੁਰੂ ਕਰ ਦਿੱਤੀ। ਇਸ ਬਾਰੇ ਜਦ ਉਸ ਦੇ ਭਰਾ ਬੁੱਧੂ ਨੂੰ ਪਤਾ ਲੱਗਾ ਤੇ ਉਹਨੇ ਏਥੇ ਆ ਕੇ ਆਪਣੇ ਭਰਾ ਤੋਂ ਸਾਰੀ 10 ਏਕੜ ਜ਼ਮੀਨ ਮੁੱਲ ਲੈ ਲਈ ਤੇ ਅੱਜ ਬੁੱਧੂ 20 ਏਕੜ ਜ਼ਮੀਨ ਦਾ ਮਾਲਕ ਹੈ।

-ਅਤਰ ਸਿੰਘ ਤਰਸਿੱਕਾ
ਪਿੰਡ ਤੇ ਡਾਕ: ਤਰਸਿੱਕਾ, ਜ਼ਿਲ੍ਹਾ ਅੰਮ੍ਰਿਤਸਰ। ਮੋਬਾਈਲ : 99141-60554.

ਨਸੀਹਤ
ਅਰਸ਼ਦੀਪ ਸੱਤਵੀਂ ਜਮਾਤ ਵਿਚ ਪੜ੍ਹਦਾ ਸੀ। ਪੜ੍ਹਨ ਵਿਚ ਹੁਸ਼ਿਆਰ ਹੋਣ ਕਰਕੇ ਉਹ ਹਰ ਸਾਲ ਜਮਾਤ ਵਿਚੋਂ ਅੱਵਲ ਦਰਜ਼ੇ 'ਤੇ ਆਉਂਦਾ ਸੀ।
ਇਕ ਦਿਨ ਜਦੋਂ ਉਸ ਦੀ ਮਾਂ ਕਾਪੀਆਂ ਚੈੱਕ ਕਰ ਰਹੀ ਸੀ ਤਾਂ ਉਹ ਪੰਜਾਬੀ ਦਾ ਟੈਸਟ ਦੇਖ ਕੇ ਕਹਿਣ ਲੱਗੀ, 'ਸ਼ਾਬਾਸ਼! ਬੇਟੇ, ਨੰਬਰ ਤਾਂ ਤੇਰੇ ਪੂਰੇ 'ਚੋਂ ਪੂਰੇ ਐ, ਪਰ ਆਹ ਲਾਲ ਪੈੱਨ ਨਾਲ ਕੀ ਲਿਖ ਦਿੱਤਾ ਤੇਰੇ ਟੀਚਰ ਨੇ? ਮੈਨੂੰ ਤਾਂ ਭੌਰਾ ਵੀ ਸਮਝ ਨੀਂ ਆਇਐ, ਜਵਾਂ ਕੀੜੀਆਂ ਹੀ ਮਾਰੀਆਂ ਪਈਆਂ ਨੇ।'
'ਪਤੈ ਤਾਂ ਮੈਨੂੰ ਵੀ ਨਹੀਂ ਲੱਗਿਐ, ਮੈਂ ਪੰਜਾਬੀ ਆਲੇ ਸਰਾਂ ਤੋਂ ਹੀ ਪੁੱਛ ਕੇ ਆਊਂ ਕੱਲ੍ਹ ਨੂੰ।'
ਅਰਸ਼ ਨੇ ਇਹ ਕਹਿ ਕੇ ਕਾਪੀ ਬਸਤੇ ਵਿਚ ਪਾ ਲਈ।
ਦੂਸਰੇ ਦਿਨ ਉਹ ਸਕੂਲੋਂ ਆਉਣ ਸਾਰ ਆਪਣੀ ਮਾਂ ਨੂੰ ਕਹਿਣ ਲੱਗਾ, 'ਮੰਮੀ ਜੀ, ਉਹ ਤਾਂ ਸਾਡੇ ਸਰਾਂ ਨੇ ਲਿਖਿਆ ਸੀ ਕਿ ਲਿਖਾਈ ਸਾਫ਼ ਅਤੇ ਸੁੰਦਰ ਕਰੋ।'

-ਮਾਸਟਰ ਸੁਖਵਿੰਦਰ ਦਾਨਗੜ੍ਹ
ਮੋਬਾਈਲ : 94171-80205.

ਸਾਹਬ ਲੋਗ
ਇਕ ਦਿਨ ਮੈਂ, ਮੇਰੇ ਜਾਣਕਾਰ ਇਕ ਜੂਸ ਦੀ ਰੇਹੜੀ ਵਾਲੇ ਨੂੰ ਇਹ ਸੁਆਲ ਪੁੱਛ ਬੈਠਾ, 'ਕਿਵੇਂ ਬਣ ਜਾਂਦੀ ਐ ਕੋਈ ਮਾੜੀ-ਮੋਟੀ ਦਿਹਾੜੀ...? ਤਾਂ ਉਹਦਾ ਜਵਾਬ ਸੀਂ'ਕਿਆ ਬਤਾਏਂ ਅੰਕਲ ਜੀ... ਸਾਹਬ ਲੋਗ ਬਹੁਤ ਤੰਗ ਕਰਤਾ ਹੈ... ਉੱਪਰ ਸੇ ਮੁਫ਼ਤ ਮੇਂ ਜੂਸ ਪਿਲਾਨੇ ਕੋ ਔਰ ਬੋਲਤਾ ਹੈ?'

-ਪਿੰਡ ਚੁੱਘੇ ਖ਼ੁਰਦ, ਡਾਕ: ਬਹਿਮਣ ਦਿਵਾਨਾ, ਜ਼ਿਲ੍ਹਾ ਬਠਿੰਡਾ। ਮੋਬਾ : 75894-27462.
ਈਮੇਲ : masihalalchandsinghbathinda@gmail.com

ਉਲਟ-ਫੇਰ

ਸ੍ਰੀਮਾਨ ਅਮਰਨਾਥ, ਆਪਣੇ ਪਿੰਡ ਦੀ ਪੰਚਾਇਤ ਦੇ ਬਜ਼ੁਰਗ ਪੰਚ ਸਨ ਅਤੇ ਕਈ ਸਾਲਾਂ ਤੋਂ ਪਿੰਡ ਦੀ ਬਿਹਤਰੀ ਲਈ, ਤਨਦੇਹੀ ਨਾਲ ਕੰਮ ਕਰਦੇ ਆ ਰਹੇ ਸਨ। ਉਹ ਖ਼ੁਸ਼-ਮਿਜਾਜ਼, ਕਾਲੀ ਘਟਾ ਵਿਚ ਚਾਨਣ ਦੀ ਲਕੀਰ ਦੇਖਣ ਵਾਲੇ ਅਤੇ ਜ਼ਿੰਦਾ ਦਿਲ ਹੋਣ ਕਾਰਨ, ਉਹ ਲੋਕਾਂ ਦੇ ਹਰ ਦਿਲ ਅਜ਼ੀਜ਼ ਸਨ। ਸਾਹਿਤ ਵਿਚ ਉਨ੍ਹਾਂ ਨੂੰ ਕਾਫੀ ਰੁਚੀ ਸੀ ਅਤੇ ਉਹ ਬਹੁਤ ਚੰਗੇ ਕਹਾਣੀਕਾਰ ਸਨ। ਉਨ੍ਹਾਂ ਦਾ ਤਖੱਲਸ 'ਗੱਪ' ਸੀ ਅਤੇ ਉਹ ਅਮਰਨਾਥ 'ਗੱਪ' ਦੇ ਅਧੀਨ ਆਪਣੀਆਂ ਰਚਨਾਵਾਂ ਲਿਖਦੇ ਸਨ। ਪਿੰਡ ਵਾਲੇ ਉਨ੍ਹਾਂ ਨੂੰ ਬੜੇ ਅਦਬ, ਮਾਣ ਅਤੇ ਸਤਿਕਾਰ ਵਜੋਂ 'ਗੱਪ ਸਾਹਿਬ' ਆਖਦੇ ਸਨ। ਉਨ੍ਹਾਂ ਦੀ ਇਸ ਕਥਨੀ ਵਿਚ ਭੋਰਾ ਵੀ ਮਜ਼ਾਕ ਦਾ ਅੰਸ਼ ਨਹੀਂ ਸੀ ਹੁੰਦਾ। ਉਹ ਪਿੰਡ ਦੇ ਝਗੜਿਆਂ ਨੂੰ ਨਜਿੱਠਣ ਵਿਚ ਬੜੇ ਮਾਹਿਰ ਸਨ ਅਤੇ ਏਨੀ ਬਾਖੂਬੀ ਨਾਲ ਫ਼ੈਸਲੇ ਕਰਦੇ ਕਿ ਦੋਵੇਂ ਧਿਰਾਂ ਪੂਰੀ ਤਰ੍ਹਾਂ ਸੰਤੁਸ਼ਟ ਹੋ ਜਾਂਦੀਆਂ। ਉਹ ਸਥਿਤੀ ਨੂੰ ਦੇਖਦਿਆਂ ਸਾਰ ਹੀ, ਮੌਕੇ 'ਤੇ ਕਹਾਣੀ ਘੜ ਲੈਂਦੇ ਸੀ ਅਤੇ ਇਹ ਕਹਾਣੀ ਹੀ ਉਨ੍ਹਾਂ ਦੀਆਂ ਦਲੀਲਾਂ ਦਾ ਆਧਾਰ ਬਣ ਜਾਂਦੀ। ਉਨ੍ਹਾਂ ਦੀਆਂ ਦਲੀਲਾਂ ਜਾਦੂਨੁਮਾ ਸਾਬਤ ਹੁੰਦੀਆਂ।
ਇਕ ਵਾਰ ਉਨ੍ਹਾਂ ਦੀ ਸਿਹਤ ਖਰਾਬ ਹੋ ਗਈ। ਪਿੰਡ ਦੀ ਡਿਸਪੈਂਸਰੀ ਵਿਚ ਕਾਫ਼ੀ ਦਿਨ ਇਲਾਜ ਕਰਵਾਉਣ 'ਤੇ ਵੀ, ਉਨ੍ਹਾਂ ਦੀ ਸਿਹਤ ਦੀ ਖਰਾਬੀ ਢੀਠ ਬਣ ਕੇ ਅੜੀ ਰਹੀ। ਪਿੰਡ ਦੇ ਸਰਪੰਚ, ਨੇੜੇ ਦੇ ਇਕ ਸ਼ਹਿਰ ਦੇ ਨਾਮੀ ਹਸਪਤਾਲ ਦੇ ਵਿਚ ਡਾਕਟਰ ਪਾਸ ਕਈ ਸਾਲਾਂ ਤੋਂ ਜਾਂਦੇ ਸੀ ਅਤੇ ਉਨ੍ਹਾਂ ਨਾਲ ਜਾਣ-ਪਹਿਚਾਣ ਵੀ ਚੰਗੀ ਸੀ। ਉਨ੍ਹਾਂ ਨੇ 'ਗੱਪ ਸਾਹਿਬ' ਨੂੰ ਇਹ ਮਸ਼ਵਰਾ ਦਿੱਤਾ ਕਿ ਉਹ ਉਸ ਡਾਕਟਰ ਨੂੰ ਦਿਖਾ ਲੈਣ ਅਤੇ ਨਾਲ ਇਹ ਵੀ ਆਖਿਆ ਕਿ ਉਹ ਵੀ ਨਾਲ ਚੱਲਣਗੇ। ਦਿਨ ਨਿਰਧਾਰਤ ਕਰ ਲਿਆ ਗਿਆ ਪਰ ਉਸ ਦਿਨ ਸਰਪੰਚ ਸਾਹਿਬ ਨੂੰ ਥੋੜ੍ਹੇ ਸਮੇਂ ਲਈ ਅਚਾਨਕ ਕੰਮ ਪੈ ਗਿਆ। ਉਨ੍ਹਾਂ ਨੇ 'ਗੱਪ ਸਾਹਿਬ' ਨੂੰ ਆਖਿਆ ਕਿ ਤੁਸੀਂ ਪਹਿਲਾਂ ਜਾ ਕੇ ਪਰਚੀ ਵਗੈਰਾ ਬਣਵਾਓ, ਓਨੇ ਚਿਰ ਨੂੰ ਮੈਂ ਵੀ ਆ ਜਾਵਾਂਗਾ। 'ਗੱਪ ਸਾਹਿਬ' ਠੀਕ ਟਿਕਾਣੇ 'ਤੇ ਪਹੁੰਚ ਗਏ। ਪਰ ਸਰਪੰਚ ਸਾਹਿਬ ਦੇ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਉਨ੍ਹਾਂ ਦੀ ਵਾਰੀ ਆ ਗਈ। ਜਦ ਉਹ ਨੂੰ ਆਵਾਜ਼ ਪਈ ਤਾਂ ਉਹ ਕਮਰੇ ਅੰਦਰ ਚਲੇ ਗਏ। ਸਟੂਲ 'ਤੇ ਬੈਠਦਿਆਂ ਸਾਰ ਹੀ, ਗੱਪ ਸਾਹਿਬ ਆਖਣ ਲੱਗੇ, 'ਵਧਾਈਆਂ! ਅੱਜ ਤਾਂ ਦੋਵੇਂ ਭਰਾ ਇਕੱਠੇ ਹੋ ਗਏ ਹਨ।' ਕੁਝ ਕਾਰਨਾਂ ਕਰਕੇ ਡਾਕਟਰ ਸਾਹਿਬ ਦਾ ਮਿਜਾਜ਼ ਪਹਿਲਾਂ ਹੀ ਵਿਗੜਿਆ ਹੋਇਆ ਸੀ, ਉਹ ਖਿੱਝ ਕੇ 'ਗੱਪ ਸਾਹਿਬ' ਨੂੰ ਆਖਣ ਲੱਗੇ ਕਿ ਮੈਂ ਤੁਹਾਡੀ ਗੱਲ ਸਮਝਿਆ ਨਹੀਂ।' ਗੱਪ ਸਾਹਿਬ ਨੇ ਤੁਰੰਤ ਜਵਾਬ ਦਿੱਤਾ, 'ਤੁਸੀਂ ਵੀ ਗੱਪ ਤੇ ਮੈਂ ਵੀ ਗੱਪ। ਮੇਰਾ ਤਾਂ ਤਖੱਲਸ ਗੱਪ ਹੈ ਅਤੇ ਮੈਂ ਆਪਣੀਆਂ ਸਾਹਿਤ ਦੀਆਂ ਰਚਨਾਵਾਂ ਇਸੇ ਤਖੱਲਸ ਅਧੀਨ ਲਿਖਦਾ ਹਾਂ ਪਰ ਤੁਸੀਂ ਆਪਣੇ ਨਾਂਅ ਨਾਲ ਗੱਪ ਕਿਉਂ ਲਿਖਦੇ ਹੋ?' ਡਾਕਟਰ ਨੇ ਘੰਟੀ ਵਜਾਈ। ਅਟੈਂਡੈਂਟ ਅੰਦਰ ਆ ਗਿਆ। ਡਾਕਟਰ ਸਾਹਿਬ ਨੇ ਗੱਪ ਸਾਹਿਬ ਨੂੰ ਬਾਹਰ ਦਾ ਰਸਤਾ ਦਿਖਾਉਣ ਦਾ ਆਦੇਸ਼, ਅਟੈਂਡੈਂਟ ਨੂੰ ਦਿੱਤਾ। ਪਰ 'ਗੱਪ ਸਾਹਿਬ' ਇਸ ਗੱਲ 'ਤੇ ਹੈਰਾਨ ਸਨ ਕਿ ਉਨ੍ਹਾਂ ਨੇ ਕੋਈ ਗੁਸਤਾਖੀ ਨਹੀਂ ਕੀਤੀ ਤੇ ਫਿਰ ਡਾਕਟਰ ਨੇ ਇਹ ਵਧੀਕੀ ਕਿਉਂ ਕੀਤੀ? ਪਰ ਅਜਿਹੀ ਸਥਿਤੀ ਵਿਚ ਗਰਮੋ-ਗਰਮੀ ਸੁਭਾਵਿਕ ਸੀ ਅਤੇ ਉਹ ਹੋਈ। ਥੋੜ੍ਹੀ ਬਹੁਤ ਝੜਪ ਕਰਦਿਆਂ 'ਗੱਪ ਸਾਹਿਬ' ਤੇ ਅਟੈਂਡੈਂਟ ਕਮਰੇ 'ਚੋਂ ਬਾਹਰ ਆ ਗਏ। ਏਨੇ ਨੂੰ ਸਰਪੰਚ ਸਾਹਿਬ ਵੀ ਚੁੱਕੇ ਸਨ। ਉਨ੍ਹਾਂ ਨੇ ਕਮਰੇ ਤੋਂ ਬਾਹਰ ਆਉਂਦਿਆਂ ਦੋਵਾਂ ਨੂੰ ਆਪਸ ਵਿਚ ਗਰਮੀ 'ਚ ਗੱਲਬਾਤ ਕਰਦਿਆਂ ਦੇਖ ਲਿਆ ਅਤੇ ਸੁਣ ਲਿਆ ਸੀ। ਉਹ ਇਸ ਮਾਮਲੇ ਤੋਂ ਹੈਰਾਨ ਅਤੇ ਚਿੰਤਤ ਸਨ। ਝਟਪਟ ਉਹ ਡਾਕਟਰ ਦੇ ਕਮਰੇ ਵਿਚ ਪਤਾ ਲਾਉਣ ਲਈ ਗਏ ਕਿ ਕੀ ਗੜਬੜ ਹੋਈ ਹੈ। ਸਰਪੰਚ ਸਾਹਿਬ ਨੇ ਹਾਲੇ ਗੱਲ ਸ਼ੁਰੂ ਕੀਤੀ ਹੀ ਸੀ ਕਿ ਡਾਕਟਰ ਸਾਹਿਬ ਬੜੇ ਗੁੱਸੇ ਵਿਚ ਆਖਣ ਲੱਗੇ, 'ਉਹ ਤਾਂ ਬਦਦਿਮਾਗ਼ ਹੈ, ਉਸ ਦਾ ਇਲਾਜ ਕਿਸੇ ਪਾਗਲਖਾਨੇ ਵਿਚ ਹੋਣਾ ਚਾਹੀਦਾ ਹੈ।' ਸਰਪੰਚ ਸਾਹਿਬ ਨੇ ਆਖਿਆ ਕਿ ਉਹ ਤਾਂ ਸਾਡੇ ਪਿੰਡ ਦੇ ਪੰਚ, ਮੁਅੱਜਜ ਅਤੇ ਆਹਲਾ ਇਨਸਾਨ ਹਨ। ਉਹ ਕਦੇ ਵੀ ਕੋਈ ਕੁਤਾਹੀ ਨਹੀਂ ਵਰਤ ਸਕਦੇ। ਜ਼ਰੂਰ ਕਿਤੇ ਗ਼ਲਤਫਹਿਮੀ ਹੋ ਗਈ ਲਗਦੀ ਹੈ। ਜੇ ਤੁਸੀਂ ਇਜਾਜ਼ਤ ਦਿਓ ਤਾਂ ਉਨ੍ਹਾਂ ਨੂੰ ਬੁਲਾ ਕੇ ਇਕ-ਦੂਜੇ ਦੇ ਸਾਹਮਣੇ ਗੱਲਬਾਤ ਹੋ ਸਕਦੀ ਹੈ। ਅਟੈਂਡੈਂਟ, ਪੰਚ ਸਾਹਿਬ ਨੂੰ ਅੰਦਰ ਲੈ ਆਇਆ। ਸਰਪੰਚ ਸਾਹਿਬ ਨੇ, ਪੰਚ ਸਾਹਿਬ ਤੋਂ ਇਸ ਮੰਦੀ ਘਟਨਾ ਬਾਰੇ ਪੁੱਛਿਆ। ਪੰਚ ਸਾਹਿਬ ਨੇ ਆਖਿਆ, 'ਮੈਂ ਤਾਂ ਕੋਈ ਇਤਰਾਜ਼ਯੋਗ ਗੱਲ ਕੀਤੀ ਹੀ ਨਹੀਂ। ਮੈਂ ਤਾਂ ਇਨ੍ਹਾਂ ਨੂੰ ਵਧਾਈਆਂ ਦਿੰਦਿਆਂ ਆਖਿਆ ਕਿ ਆਪਾਂ ਦੋ ਭਰਾ ਅੱਜ ਇਕੱਠੇ ਹੋ ਗਏ ਹਾਂ। ਮੈਂ ਵੀ ਗੱਪ ਤੇ ਤੁਸੀਂ ਵੀ ਗੱਪ।' ਸਰਪੰਚ ਸਾਹਿਬ ਨੇ ਅਮਰਨਾਥ ਨੂੰ ਆਖਿਆ ਕਿ ਤੁਸੀਂ ਤਾਂ 'ਗੱਪ' ਠੀਕ ਹੋ। ਤੁਹਾਡਾ ਇਹ ਤਖੱਲਸ ਹੈ। ਤੁਸੀਂ ਸਾਹਿਤਕਾਰ ਹੋ। ਪਰ ਡਾਕਟਰ ਸਾਹਿਬ ਨੂੰ ਤੁਸੀਂ 'ਗੱਪ' ਕਿਵੇਂ ਆਖ ਦਿੱਤਾ।' ਅਮਰਨਾਥ, ਪੰਚ ਜੀ ਨੇ ਆਖਿਆ, 'ਮੈਂ ਤਾਂ ਇਨ੍ਹਾਂ ਦੀ 'ਨੇਮ ਪਲੇਟ' ਤੋਂ ਪੜ੍ਹ ਕੇ ਹੀ ਗੱਲ ਕੀਤੀ ਹੈ।' ਡਾਕਟਰ ਸਾਹਿਬ ਨੂੰ ਗੁੱਸੇ ਦਾ ਇਕ ਹੋਰ ਉਬਾਲਾ ਆਇਆ। ਇਕਦਮ ਬਾਹਰ ਗਏ ਅਤੇ ਆਪਣੀ ਨੇਮ ਪਲੇਟ ਪੜ੍ਹੀ। ਉਨ੍ਹਾਂ ਦੀਆਂ ਅੱਖਾਂ ਅੱਗੇ ਹਨੇਰਾ ਆ ਗਿਆ। ਉਨ੍ਹਾਂ ਨੇ ਆਪਣਾ ਨਾਂਅ 'ਡਾ: ਐਮ. ਕੇ. ਗੱਪ' ਹੀ ਪੜ੍ਹਿਆ। ਉਹ ਸੋਚ ਰਹੇ ਸੀ ਕਿ ਇਹ ਕੀ ਬਣਿਆ। ਮੇਰਾ ਨਾਂਅ ਤਾਂ ਡਾ: ਐਮ. ਕੇ. ਗੁਪਤਾ ਹੈ। ਉਨ੍ਹਾਂ ਦੇ ਨਾਂਅ ਦੇ ਪਿਛਲੇ ਦੋ ਅੱਖਰ 'ਟੀ ਏ' ਨਹੀਂ ਸਨ ਅਤੇ ਉਹ ਨਾ ਹੋਣ ਕਾਰਨ ਪੰਚ ਸਾਹਿਬ ਨੇ 'ਐਮ. ਕੇ. ਗੱਪ' ਪੜ੍ਹ ਲਿਆ।
ਡਾਕਟਰ ਸਾਹਿਬ ਸੋਚ ਰਹੇ ਸੀ ਕਿ ਉਲਟ-ਫੇਰ ਕਿਵੇਂ ਹੋ ਗਿਆ। ਸ਼ਰਮਿੰਦਗੀ ਨੇ ਉਨ੍ਹਾਂ ਦੇ ਗੁੱਸੇ ਦਾ ਉਬਾਲਾ ਝੱਗ ਵਾਂਗੂੰ ਬਿਠਾ ਦਿੱਤਾ ਸੀ। ਉਹ ਅੰਦਰ ਗਏ ਅਤੇ ਬੁੜਬੁੜਾਏ, 'ਗੜਬੜ ਘੁਟਾਲਾ ਹੋ ਗਿਆ', ਉਹ ਅਮਰਨਾਥ 'ਗੱਪ' ਜੀ ਨੂੰ ਸੰਬੋਧਨ ਕਰਦਿਆਂ ਪੁੱਛਣ ਲੱਗੇ, 'ਗੱਪ ਸਾਹਿਬ ਤੁਹਾਨੂੰ ਕੀ ਤਕਲੀਫ਼ ਹੈ?' ਗੱਪ ਸਾਹਿਬ ਨੇ ਆਖਿਆ, 'ਡਾਕਟਰ ਸਾਹਿਬ ਤਕਲੀਫ਼ ਤਾਂ ਮੇਰੀ ਉਦੋਂ ਹੀ ਖਤਮ ਹੋ ਗਈ ਸੀ, ਜਦੋਂ ਤੁਸੀਂ ਮੈਨੂੰ ਬਾਹਰ ਕੱਢ ਰਹੇ ਸੀ। ਇੰਜ ਜਾਪਦਾ ਸੀ ਕਿ ਮੇਰੀ ਤਕਲੀਫ਼ ਮੇਰੇ ਤੋਂ ਛੁਟਕਾਰਾ ਪਾਉਣ ਵਿਚ ਜ਼ਿਆਦਾ ਕਾਹਲ ਵਿਚ ਸੀ ਅਤੇ ਮੇਰੇ ਕਮਰੇ ਤੋਂ ਬਾਹਰ ਜਾਣ ਤੋਂ ਪਹਿਲਾਂ ਉਹ ਮੇਰੇ ਤੋਂ ਬਾਹਰ ਜਾ ਚੁੱਕੀ ਸੀ। 'ਤੁਹਾਡਾ ਬਹੁਤ ਧੰਨਵਾਦ, ਜਦ ਦੋਵੇਂ ਗੱਪ ਭਰਾ ਇਕੱਠੇ ਹੋ ਗਏ ਤਾਂ ਫੇਰ ਤਕਲੀਫ਼ ਕਿਵੇਂ ਰਹਿ ਸਕਦੀ ਹੈ?' ਅਲਵਿਦਾ।

-ਰਿਟਾਇਰਡ ਲੈਕਚਰਾਰ, ਕਰਤਾਰਪੁਰ (ਜਲੰਧਰ)।
ਮੋਬਾਈਲ : 98726-10035.

ਆਪਣੇ

ਸਕੂਲ ਵਿਚ ਛੁੱਟੀ ਸਮੇਂ ਇਕ ਛੋਟਾ ਜਿਹਾ ਬੱਚਾ ਸਕੂਲ ਦੇ ਮੇਨ ਗੇਟ ਤੋਂ ਬਾਹਰ ਆਉਂਦਾ ਹੋਇਆ ਅਚਾਨਕ ਠੇਢਾ ਲੱਗਣ ਨਾਲ ਡਿੱਗ ਪਿਆ ਪਰ ਉਹ ਰੋਇਆ ਨਹੀਂ। ਅਚਾਨਕ ਜਦੋਂ ਉਸ ਦੀ ਭੈਣ ਵੀ ਸਕੂਲ ਤੋਂ ਬਾਹਰ ਆਈ ਤਾਂ ਉਹ ਵੀ ਉਸ ਨੂੰ ਦੱਸਦਾ ਹੋਇਆ ਉਸ ਦੇ ਗਲੇ ਲੱਗ ਕੇ ਰੋ ਪਿਆ। ਨਿੱਕੀ ਭੈਣ ਨੇ ਉਸ ਨੂੰ ਬੜੇ ਪਿਆਰ ਨਾਲ ਚੁੱਪ ਕਰਵਾਇਆ ਤੇ ਉਹ ਚੁੱਪ ਕਰ ਗਿਆ। ਸਮਾਂ ਬੀਤਦਾ ਗਿਆ ਤੇ ਸਮੇਂ ਦੇ ਨਾਲ ਭੈਣ ਦਾ ਵਿਆਹ ਹੋ ਗਿਆ। ਭੈਣ ਆਪਣੇ ਸਹੁਰੇ ਘਰ ਵਿਚ ਬਹੁਤ ਖੁਸ਼ ਸੀ। ਇਧਰ ਪੇਕੇ ਘਰ ਉਸ ਦਾ ਭਰਾ ਵੀ ਪੜ੍ਹ-ਲਿਖ ਕੇ ਚੰਗੀ ਨੌਕਰੀ 'ਤੇ ਲੱਗ ਗਿਆ। ਇਕ ਦਿਨ ਉਸ ਦਾ ਮਾਮੂਲੀ ਜਿਹਾ ਐਕਸੀਡੈਂਟ ਹੋ ਗਿਆ ਅਤੇ ਉਸ ਨੇ ਦਫ਼ਤਰ ਤੋਂ ਛੁੱਟੀਆਂ ਲੈ ਲਈਆਂ। ਉਸ ਨੇ ਆਪਣੇ ਐਕਸੀਡੈਂਟ ਬਾਰੇ ਆਪਣੀ ਭੈਣ ਨੂੰ ਦੱਸਣਾ ਜ਼ਰੂਰੀ ਨਾ ਸਮਝਿਆ ਕਿਉਂਕਿ ਭਰਾ ਦਾ ਸੋਚਣਾ ਸੀ ਕਿ ਉਸ ਦੀ ਭੈਣ ਬਿਨਾਂ ਕਿਸੇ ਗੱਲ ਤੋਂ ਫਿਕਰ ਕਰੇਗੀ। ਜਦੋਂ ਭੈਣ ਨੂੰ ਭਰਾ ਦੇ ਦੋਸਤ ਤੋਂ ਪਤਾ ਲੱਗਾ ਤਾਂ ਉਹ ਫੌਰਨ ਹੀ ਆਪਣੇ ਭਰਾ ਦਾ ਪਤਾ ਲੈਣ ਪੁੱਜ ਗਈ ਤੇ ਜਾ ਕੇ ਆਪਣੇ ਭਰਾ ਦਾ ਹਾਲ-ਚਾਲ ਪੁੱਛ ਕੇ ਉਸ ਨਾਲ ਗ਼ਿਲਾ ਕਰਨ ਲੱਗ ਪਈ ਕਿ ਛੋਟੇ ਹੁੰਦਿਆਂ ਸਕੂਲ ਸਮੇਂ ਤਾਂ ਮਾਮੂਲੀ ਸੱਟ ਲੱਗਣ 'ਤੇ ਵੀ ਆਪਣੀ ਭੈਣ ਦੇ ਗਲ ਲੱਗ ਕੇ ਰੋ ਪੈਂਦਾ ਸੀ ਤੇ ਹੁਣ ਤੈਨੂੰ ਅਚਾਨਕ ਕੀ ਹੋ ਗਿਆ। ਸ਼ਾਇਦ ਵਿਆਹ ਤੋਂ ਬਾਅਦ ਤੂੰ ਮੈਨੂੰ ਬਿਗਾਨਾ ਸਮਝਣ ਲੱਗ ਪਿਐਂ। ਇਹ ਸੁਣ ਕੇ ਭੈਣ ਭਰਾ ਇਕ-ਦੂਜੇ ਗੱਲ ਲਗ ਕੇ ਰੋਣ ਲੱਗ ਪਏ। ਇਹ ਵੇਖ ਕੇ ਕੋਲ ਖੜ੍ਹੇ ਡਾਕਟਰ ਦੀਆਂ ਅੱਖਾਂ ਵਿਚ ਹੰਝੂ ਆ ਗਏ।

-ਪਿੰਡ ਬੂਆ ਨੰਗਲੀ। ਫੋਨ : 98150-61014.

21 ਫਰਵਰੀ ਨੂੰ 'ਕੌਮਾਂਤਰੀ ਮਾਂ-ਬੋਲੀ ਦਿਵਸ' 'ਤੇ ਵਿਸ਼ੇਸ਼

ਪੰਜਾਬੀਓ, ਪੰਜਾਬੀ ਨੂੰ ਨਾ ਭੁੱਲਿਓ!

ਜਦੋਂ ਬੋਲਦੇ ਪੰਜਾਬੀ, ਤੁਸੀਂ ਲੱਗਦੇ ਨਵਾਬੀ।
ਵਾਂਗ ਬਣ ਮਹਿਤਾਬੀ, ਬੁੱਲ੍ਹ ਹਿਲਦੇ ਗੁਲਾਬੀ,
ਉੱਚਾ ਦੁਨੀਆ 'ਚ ਮਾਂ ਦਾ ਏ ਨਾਂਅ ਬਈ,
ਪੰਜਾਬੀਓ, ਪੰਜਾਬੀ ਨੂੰ ਨਾ ਭੁੱਲਿਓ!
ਸਾਡੇ ਸਿਰਾਂ ਉੱਤੇ ਗੂੜ੍ਹੀ ਇਹਦੀ ਛਾਂ ਬਈ।

ਯਾਦ ਰੱਖੋ ਊੜਾ-ਐੜਾ, ਦੂਏ-ਤੀਏ ਦਾ ਪਹਾੜਾ।
ਏਸੇ ਵਿਚ ਆਨ-ਸ਼ਾਨ, ਇਹਤੋਂ ਜਾਈਏ ਕੁਰਬਾਨ।
ਬੋਲੀ ਮਾਂ ਨੂੰ ਨਾ ਕਰਿਓ ਪਿਛਾਂਹ ਬਈ,
ਪੰਜਾਬੀਓ, ਪੰਜਾਬੀ ਨੂੰ ਨਾ ਭੁੱਲਿਓ! ...

ਤੁਸੀਂ ਪੁੱਤ ਹੋ ਮਹਾਨ, ਉੱਚਾ-ਸੁੱਚਾ ਖਾਨਦਾਨ
ਮਾਂ ਨੂੰ ਪੁੱਤਾਂ ਉੱਤੇ ਮਾਣ, ਰਹੇ ਬਣ ਕੇ ਰਕਾਨ।
ਗੋਦ ਆਪਣੀ ਦੀ ਵਲੱਖਣੀ ਹੈ ਥਾਂ ਬਈ,
ਪੰਜਾਬੀਓ, ਪੰਜਾਬੀ ਨੂੰ ਨਾ ਭੁੱਲਿਓ! ...

ਗਏ ਮਾਂ ਨੂੰ ਜੇ ਭੁੱਲ, ਗ਼ੈਰਾਂ ਉੱਤੇ ਗਏ ਡੁੱਲ੍ਹ,
ਮਾਫ਼ ਹੋਣੀਂ ਨਾ ਭੁੱਲ, ਦੀਵਾ ਹੋ ਜਾਊ ਗੁੱਲ।
ਨਹੀਉਂ ਫੜਨੀਂ ਕਿਸੇ ਨੇ 'ਸਾਧੂ' ਬਾਂਹ ਬਈ।
ਪੰਜਾਬੀਓ, ਪੰਜਾਬੀ ਨੂੰ ਨਾ ਭੁੱਲਿਓ! ...

ਪੰਜਾਬੀ ਗੁਰੂਆਂ ਦੀ ਬਾਣੀ, ਸਭ ਬੋਲੀਆਂ ਦੀ ਰਾਣੀ।
ਲੰਗੇਆਣੇ ਦਾ ਕਹਿਣਾ, ਸਦਾ ਨਾਲ ਇਹਦੇ ਰਹਿਣਾ।
ਖੋਹ ਲੈਣਗੇ ਹੱਥਾਂ 'ਚੋਂ ਟੁੱਕ ਕਾਂ ਬਈ,
ਪੰਜਾਬੀਓ, ਪੰਜਾਬੀ ਨੂੰ ਨਾ ਭੁੱਲਿਓ!
ਸਾਡੇ ਸਿਰਾਂ ਉੱਤੇ ਗੂੜ੍ਹੀ ਇਹਦੀ ਛਾਂ ਬਈ।

-ਡਾ: ਸਾਧੂ ਰਾਮ ਲੰਗੇਆਣਾ
ਪਿੰਡ ਲੰਗੇਆਣਾ ਕਲਾਂ (ਮੋਗਾ)। ਮੋਬਾਈਲ : 98781-17285.

ਅੱਧਮੁੱਲ

ਦੇਹਲੀ ਵੜਦਿਆਂ ਹੀ ਨਿਆਣਿਆਂ ਦੇ ਹੱਥਾਂ 'ਚ ਫੜੇ ਕੇਲੇ ਦੇਖ ਤੜਕੇ ਦੀ ਲੋਕਾਂ ਦੇ ਘਰਾਂ 'ਚ ਕੰਮ ਕਰਨ ਨਿਕਲੀ ਦੇਬੋ ਮੋਹ ਭਰੇ ਲਹਿਜ਼ੇ ਵਿਚ ਬੋਲੀ, 'ਵੇ ਪੁੱਤ ਅੱਜ ਕੌਣ ਆਇਆ ਸੀ?'
'ਆਇਆ ਊਇਆ ਤਾਂ ਕੋਈ ਨੀਂ ਬੀਬੀਏ ਇਹ ਤਾਂ ਭਾਪਾ ਭੋਲੇ ਤਾਏ ਦੀ ਹੱਟੀ ਤੋਂ ਦਵਾ ਕੇ ਲਿਆਇਆ। ਨਾਲੇ ਤੇਰੇ ਸੰਦੂਕ 'ਚੋਂ ਪੈਸੇ ਲੈ ਕੇ...।'
ਉਨ੍ਹਾਂ ਦੇ ਮੂੰਹੋਂ ਨਿਕਲੀ ਅਗਲੀ ਗੱਲ ਸੁਣ ਦੇਬੋ ਅੱਗ ਬਬੂਲਾ ਹੋ ਉਠੀ ਇਹ ਸੋਚ ਕੇ ਕਿ ਕੱਲ੍ਹ ਪਿਛਲੇ ਅੱਠ ਮਹੀਨਿਆਂ ਤੋਂ ਚਲਦੀ ਕਮੇਟੀ ਨਾ ਚਾਹੁੰਦਿਆਂ ਵੀ ਘਾਟੇ 'ਚ ਚੁੱਕ ਲਿਆਈ ਸੀ ਕਿ ਬੱਚਿਆਂ ਦੇ ਦਾਖਲੇ, ਕਿਤਾਬਾਂ, ਕਾਪੀਆਂ, ਵਰਦੀਆਂ ਨਾਲੇ ਥੋੜ੍ਹੇ ਘਣੇ ਹੋਰ ਪਾ ਸਾਲ ਭਰ ਜੋਗੀ ਕਣਕ ਲੈ ਕੇ ਅੰਦਰ ਸੁੱਟ ਲੂੰਗੀ ਨਿੱਤ ਕਿਸੇ ਅੱਗੇ ਹੱਥ ਅੱਡਣ ਨਾਲੋਂ। ਪਰ ਉਸ ਨੂੰ ਕੀ ਪਤਾ ਸੀ ਕਿ ਕੱਲ੍ਹ ਠੇਕਿਆਂ ਨੂੰ ਅੱਗ ਲੱਗਣੀ ਆ।'
'ਵੇ ਤੂੰ ਕੁਝ ਤਾਂ ਸ਼ਰਮ ਕਰਦਾ ਥੇਹ ਹੋਣਿਆ। ਇਨ੍ਹਾਂ ਜੁਆਕਾਂ 'ਤੇ ਵੀ ਰਹਿਮ ਨਾ ਆਇਆ ਤੈਨੂੰ। ਆਪਣੇ ਡੱਫਣ ਦੀ ਪੈ 'ਗੀ। ਕਾਲੇ ਮੂੰਹ ਆਲਿਆ ਦੱਸ, ਸਾਲ ਭਰ ਤੇਰੇ ਜਣਦਿਆਂ ਦਾ ਸਿਰ ਖਾਣਗੇ ਇਹ, ਚੰਦਰਿਆ। ਜੇ ਮੈਨੂੰ ਪਤਾ ਹੁੰਦਾ ਤਾਂ ਘਰੋਂ ਨਾ ਉਜੜਦੀ ਕਿਸੇ ਪਾਸੇ।'
ਦੇਬੋ ਦਾ ਰੌਲਾ-ਗੌਲਾ ਸੁਣ ਬਿਨਾਂ ਪਲੱਸਤਰ ਤੋਂ ਖੜ੍ਹੀਆਂ ਕੰਧਾਂ ਵਾਲੇ ਛੋਟੇ ਜਿਹੇ ਕਮਰੇ 'ਚ ਟੁੱਟੀ ਦੌਣ ਵਾਲੇ ਬਾਣ ਦੇ ਢਿੱਲੇ ਜਿਹੇ ਮੰਜੇ 'ਤੇ ਸਣੇ ਜੁੱਤੀ ਡਿੱਗਿਆ ਪਿਆ ਜੈਲਾ ਅੱਧੀਆਂ ਕੁ ਅੱਖਾਂ ਖੋਲ੍ਹ ਬੋਲਿਆ, 'ਭੌਂਕ ਨਾ ਕੁੱਤੀਏ, ਤੂੰ ਪੈਸੇ ਆਪਣੇ ਪਿਓ ਕੰਜਰ ਤੋਂ ਲੈ ਕੇ ਆਈ ਸੀ।' ਕਮਰੇ ਦੇ ਇਕ ਖੂੰਜੇ ਕਣਕ ਵਾਲੇ ਖਾਲੀ ਡਰੰਮ ਉੱਪਰ ਲਿਆ ਕੇ ਰੱਖੀ ਸ਼ਰਾਬ ਦੀ ਪੇਟੀ ਵੱਲ ਇਸ਼ਾਰਾ ਕਰਦਾ ਆਪਣੀ ਲੜਖੜਾਉਂਦੀ ਜ਼ਬਾਨ ਨਾਲ ਕਹਿਣ ਲੱਗਾ, 'ਐਵੇਂ ਕਿਉਂ ਭਕਾਈ ਮਾਰੀ ਜਾਨੀ ਏਂ, ਅੱਧ ਮੁੱਲ 'ਚ ਲੈ ਕੇ ਆਇਆਂ ਅੱਧ ਮੁੱਲ 'ਚ...।' ਬੁੜ-ਬੁੜ ਕਰਦਾ ਪਾਸਾ ਵੱਟ ਫੇਰ ਮੂੰਹ ਘੁਮਾ ਲਿਆ।
ਬੇਵਸ ਹੋਈ ਦੇਬੋ ਕਹਿਣਾ ਚਾਹੁੰਦੀ ਸੀ ਨਖੱਟੂਆ ਜਿਹੜਾ ਨਵਾਂ ਸਾਈਕਲ ਵੀ ਗਵਾ ਕੇ ਆਇਆਂ ਉਹ ਕਿਹੜੇ ਖਾਤੇ ਪਾਏਂਗਾ। ਪਰ ਬੋਲ ਉਸ ਦੇ ਸੰਘ 'ਚ ਅੜ ਗਏ। ਬੁੱਲ੍ਹ ਫਰਕੇ, ਗੁੱਸੇ ਨਾਲ ਕੰਬਦੇ ਹੱਥ ਆਪ-ਮੁਹਾਰੇ ਅੱਖਾਂ ਉੱਪਰ ਚਲੇ ਗਏ ਤੇ ਉਸ ਦੀ ਭੁੱਬ ਨਿਕਲ ਗਈ।

-ਪਿੰਡ ਤੇ ਡਾਕ: ਕੁਹਾੜਾ, ਜ਼ਿਲ੍ਹਾ ਲੁਧਿਆਣਾ।
ਮੋਬਾਈਲ : 84370-48523.

ਚਾਹ ਦਾ ਕੱਪ ਤੇ ਗੱਪ-ਸ਼ੱਪ

(ਲੜੀ ਜੋੜਨ ਲਈ 4 ਫਰਵਰੀ ਦਾ ਅੰਕ ਦੇਖੋ)
'ਮੇਰੇ ਜੱਟ ਸਰਦਾਰ ਘਰਵਾਲੇ ਦੀਆਂ ਪ੍ਰਥਮਤਾਵਾਂ ਵਿਚ ਉਸ ਦੀ ਵਹੁਟੀ ਦਾ ਨੰਬਰ ਇਨ੍ਹਾਂ ਸਭ ਚੀਜ਼ਾਂ ਤੇ ਉਸ ਦੇ ਰੁਝੇਵਿਆਂ ਤੋਂ ਪਿੱਛੇ ਹੀ ਰਹਿੰਦਾ ਹੈ। ਜੇ ਕਹੋ ਤਾਂ ਇਸ ਬਾਰੇ ਮੇਰੀ ਆਪਣੀ ਲਿਖੀ ਇਕ ਕਵਿਤਾ ਸੁਣਾ ਸਕਦੀ ਹਾਂ।'
'ਹਾਂ-ਹਾਂ ਕਿਉਂ ਨਹੀਂ? ਸੁਣਾ।'
ਉਹ ਸ਼ੁਰੂ ਹੋ ਗਈ :
ਜੇ ਮੈਂ ਜੱਟ ਦੀ ਪਗੜੀ ਹੁੰਦੀ
ਸਿਰ ਮੱਥੇ ਸੁਹਾਂਦਾ
ਬੰਨ੍ਹੇ ਸਲੀਕੇ ਪੇਚ ਤੇ ਪੇਚ
ਤੇ ਲੜ ਨੂੰ ਠੀਕ ਟਿਕਾਂਦਾ
ਖਿੜਿਆ ਰਹੇ ਰੰਗ ਤੇ ਰਹੇ ਨਵੀਂ ਨਕੋਰ
ਇਹੀ ਸੋਚ ਕੇ ਹਢਾਉਂਦਾ।
ਜੇ ਮੈਂ ਜੱਟ ਦੀ ਜ਼ਮੀਨ ਹੁੰਦੀ
ਭਾਗਾਂ ਭਰੀ ਕਹਾਉਂਦੀ
ਮੇਰੇ ਜ਼ਿਕਰ 'ਤੇ ਜੱਟ ਦੀ ਛਾਤੀ
ਦੂਣੀ-ਚੌਣੀ ਹੋ ਜਾਂਦੀ
ਉਹ ਸ਼ਾਮ-ਸਵੇਰੇ
ਖੇਤਾਂ ਵਿਚ ਹੀ ਰਹਿੰਦਾ
ਹਰੀ ਭਰੀ ਫ਼ਸਲ ਵੇਖ ਕੇ
ਚਾਅ ਜਿਹਾ ਚੜ੍ਹਿਆ ਰਹਿੰਦਾ।
ਜੇ ਮੈਂ ਜੱਟ ਦੀ ਕੋਠੀ ਹੁੰਦੀ
ਜੱਟ ਦਾ ਫਖਰ ਕਹਾਉਂਦੀ
ਸੰਗਮਰਮਰ ਵਾਕਣ ਗੋਰੀ
ਵੇਖਣ ਲਾਇਕ ਹੋ ਜਾਂਦੀ
ਕਰਾ ਪੁਤਾਈ, ਲੜੀਆਂ ਲਾ ਕੇ
ਖੂਬ ਉਸ ਨੂੰ ਸਜਾਉਂਦਾ
ਮੇਰਾ ਮੁੱਲ ਵੀ ਵਧਦਾ-ਵਧਦਾ
ਕਈ ਗੁਣਾ ਹੋ ਜਾਂਦਾ।
ਜੇ ਮੈਂ ਜੱਟ ਦੀ ਸਰਦਾਰੀ ਹੁੰਦੀ
ਸਰਬ ਉੱਤਮ ਹੋ ਜਾਂਦੀ
ਅਸਮਾਨੀਂ ਉਡ ਰੌਕਟ 'ਤੇ ਚੜ੍ਹ
ਚੰਨ 'ਤੇ ਮੈਂ ਪੁੱਜ ਜਾਂਦੀ
ਸੋਹਣਾ ਜੱਟ ਜਦ ਸ਼ਾਮ ਦੇ ਵੇਲੇ ਘਰ ਆਂਦਾ
ਵੇਹੜੇ ਵਿਚ ਵੇਖ ਮਜਮਾ ਲੋਕਾਂ ਦਾ ਉਥੇ ਹੀ ਬਹਿ ਜਾਂਦਾ
ਸਭ ਦੀਆਂ ਮੁਸ਼ਕਿਲਾਂ ਸੁਣਦਾ ਤੇ ਹੱਲ ਲਭਾਉਂਦਾ
ਪਰ ਮੇਰੀ ਮੁਸ਼ਕਿਲ ਵੱਲ ਉਹ ਬੇਧਿਆਨ ਕਿਉਂ ਹੋ ਜਾਂਦਾ।
ਰੱਬਾ, ਮੇਰੇ 'ਤੇ
ਤੈਨੂੰ ਤਰਸ ਨਾ ਆਇਆ
ਕਿਉਂ ਤੂੰ ਜੱਟ ਦੀ ਵਹੁਟੀ ਦਾ
ਜ਼ਰਾ ਵੀ ਮੁੱਲ ਨਾ ਪਵਾਇਆ
ਸੋਹਣੀ ਜੱਟੀ ਘਰ ਦੇ ਅੰਦਰ ਅੱਖਾਂ ਤੋਂ ਮੋਤੀ ਕੇਰੇ
ਇਕ ਇਕ ਅੱਥਰੂ ਇਹੋ ਬੋਲੇ
ਜੱਟ ਦੀ ਵਹੁਟੀ ਕਿਉਂ ਹੋ ਗਈ ਖੋਟੀ
ਰੱਬਾ, ਉਸ ਨੂੰ ਤੂੰ ਕਿਉਂ ਰੁਆਇਆ।
ਸਤਿੰਦਰ ਬਈ ਵਾਹ, ਕਵਿਤਾ ਤਾਂ ਕਮਾਲ ਦੀ ਹੈ। ਸਾਨੂੰ ਤਾਂ ਪਤਾ ਹੀ ਨਹੀਂ ਸੀ ਤੂੰ ਏਨਾ ਵਧੀਆ ਲਿਖ ਸਕਦੀ ਹੈਂ। ਪਰ ਸੁਣ, ਐਨਾ ਦੁਖੀ ਹੋਣ ਦੀ ਕੋਈ ਗੱਲ ਨਹੀਂ। ਜੇ ਤੇਰਾ ਪਤੀ ਇਕ ਛੋਟਾ ਜਿਹਾ ਕਿਸਾਨ ਹੁੰਦਾ ਜਾਂ ਇਨ੍ਹਾਂ ਦੇ ਪਤੀ ਕਲਰਕ ਜਾਂ ਬਾਰਡਰ 'ਤੇ ਸਿਪਾਹੀ ਹੁੰਦੇ ਤਾਂ ਤੁਹਾਡੀਆਂ ਮੁਸ਼ਕਿਲਾਂ ਦਾ ਅੰਤ ਹੀ ਨਹੀਂ ਸੀ ਹੋਣਾ। ਤੁਸੀਂ ਸਾਰੀਆਂ ਸ਼ੁਕਰ ਕਰੋ ਕਿ ਤੁਸੀਂ ਖੁਸ਼ਹਾਲ ਹੋ ਤੇ ਤੁਹਾਡੇ ਪਤੀ ਜ਼ਿੰਦਗੀ ਵਿਚ ਕਾਮਯਾਬ ਹਨ ਤੇ ਨਾ ਉਹ ਬੇਵਫਾ ਹਨ ਤੇ ਨਾ ਹੀ ਕਿਸੇ ਨਸ਼ੇ ਦੇ ਸ਼ਿਕਾਰ। ਸਭ ਪਤੀ ਤੇ ਪਤਨੀਆਂ ਆਪਣੇ-ਆਪਣੇ ਰੁਝੇਵਿਆਂ ਵਿਚ ਉਲਝੇ ਹੋਏ ਹਨ ਤੇ ਸਭ ਦੀਆਂ ਆਪਣੀਆਂ-ਆਪਣੀਆ ਖੁਸ਼ੀਆਂ ਤੇ ਸਮੱਸਿਆਵਾਂ ਹਨ।
ਮੇਰੀ ਗੱਲ 'ਤੇ ਸਭ ਨੇ ਹਾਮੀ ਭਰੀ, ਕਿਉਂਕਿ ਮੈਂ ਉਨ੍ਹਾਂ ਨੂੰ ਤਸਵੀਰ ਦਾ ਦੂਸਰਾ ਪੱਖ ਦਿਖਾ ਦਿੱਤਾ ਸੀ। ਅਸੀਂ ਗੱਲਬਾਤ ਦਾ ਸਿਲਸਿਲਾ ਖ਼ਤਮ ਕੀਤਾ ਤੇ ਉਹ ਚਲੀਆਂ ਗਈਆਂ। ਪਰ ਮੈਨੂੰ ਇਹ ਮਹਿਸੂਸ ਹੋਇਆ ਕਿ ਇਹ ਸਾਰੀਆਂ ਆਪਣੀ-ਆਪਣੀ ਖੁਸ਼ਹਾਲੀ ਤੇ ਪਤੀਆਂ ਦੀ ਕਾਮਯਾਬੀ ਦੀ ਟੌਹਰ ਇਕ-ਦੂਜੇ ਨੂੰ ਦੱਸ ਰਹੀਆਂ ਸਨ ਤੇ ਸਮੱਸਿਆ ਕੋਈ ਖਾਸ ਨਹੀਂ ਸੀ। ਚਲੋ ਗੱਪ-ਸ਼ੱਪ ਤਾਂ ਹੋ ਗਈ। ਮੈਨੂੰ ਚਾਹ ਦੇ ਇਕ ਹੋਰ ਕੱਪ ਦੀ ਲੋੜ ਪੈ ਗਈ। (ਸਮਾਪਤ)

-46 ਕਰਤਾਰਪੁਰ, ਰਵਾਸ ਬ੍ਰਾਹਮਣਾ, ਡਾਕ: ਸੂਲਰ, ਪਟਿਆਲਾ।
ਮੋਬਾ: 95015-31277

ਕਾਵਿ-ਵਿਅੰਗ

* ਨਵਰਾਹੀ ਘੁਗਿਆਣਵੀ
ਰੀਝ
ਰਾਜਨੀਤੀ ਦੇ ਮੇਚ ਭਲਮਾਣਸੀ ਨਹੀਂ,
ਏਥੇ ਲੋੜ ਹੈ ਕੁਟਿਲ ਬਦਨੀਤੀਆਂ ਦੀ।
ਜਿੱਥੇ ਨਹੀਂ ਵਿਸ਼ਵਾਸ ਦੀ ਦਾਲ ਗ਼ਲਦੀ,
ਓਥੇ ਹੁੰਦੀ ਹੈ ਪੁੱਛ ਤਵੀਤੀਆਂ ਦੀ।
ਲੱਗਦੀ ਵਾਹ, ਰਿਵਾਜਾਂ ਦੀ ਕਦਰ ਹੋਵੇ,
ਚੰਗੀ ਗੱਲ, ਸਥਾਪਨਾ ਰੀਤੀਆਂ ਦੀ।
ਮੇਰੀ ਰੀਝ ਕਠੋਰਤਾ ਖ਼ਤਮ ਹੋਵੇ,
ਆਵੇ ਰੁੱਤ ਜਾਂ ਸਾਂਝ-ਪ੍ਰੀਤੀਆਂ ਦੀ।
ਠੇਕਾ
ਠੇਕਾ ਝੂਠ ਦਾ ਲੈ ਲਿਆ ਬੁਜ਼ਦਿਲਾਂ ਨੇ,
ਨੇਕ ਆਦਮੀ ਬੜਾ ਨਿਰਾਸ਼ ਹੋਇਆ।
ਹਰ ਇਕ ਤਰਫ਼ ਹੈਰਾਨੀ ਦੇ ਨਾਲ ਵੇਖੇ,
ਜਦੋਂ ਆਖਦੇ, 'ਬੜਾ ਵਿਕਾਸ' ਹੋਇਆ।
ਸੁਫ਼ਨੇ ਵਿਚ ਸਵਰਗਾਂ ਦੇ ਲਏ ਝੂਟੇ,
ਦਿਲ ਝੂਮਿਆ, ਬੜਾ ਧਰਵਾਸ ਹੋਇਆ।
ਖੁੱਲ੍ਹੀ ਅੱਖ ਤਾਂ ਜ਼ਿੰਦਗੀ ਨਰਕ ਜਾਪੀ,
ਮਨੀ ਰਾਮ ਦਾ ਚਿੱਤ ਉਦਾਸ ਹੋਇਆ।

-ਨਹਿਰ ਨਜ਼ਾਰਾ, ਨਵਾਂ ਹਰਿੰਦਰ ਨਗਰ, ਫ਼ਰੀਦਕੋਟ। ਮੋਬਾ: 98150-02302.


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX