•     Confirm Target Language  

ਲੋਕ ਮੰਚ

ਪਿੰਡਾਂ ਦਾ ਬਦਲਦਾ ਜੀਵਨ ਢੰਗ

ਕਿਸੇ ਸਮੇਂ ਪੰਜਾਬ ਵਿਚ ਇਹ ਕਹਾਵਤ ਪ੍ਰਚਲਤ ਸੀ ਕਿ ਪਿੰਡਾਂ ਵਿਚ ਰੱਬ ਵਸਦਾ ਹੈ। ਲੋਕ ਪਿੰਡਾਂ 'ਚ ਰਹਿਣ ਨੂੰ ਵਧੇਰੇ ਤਰਜੀਹ ਦਿੰਦੇ ਸਨ। ਪਿੰਡਾਂ ਦੇ ਲੋਕਾਂ ਦਾ ਰਹਿਣ-ਸਹਿਣ ਬੇਸ਼ੱਕ ਸਾਦੇ ਢੰਗ ਦਾ ਸੀ ਪਰ ਉਹ ਦਿਲਾਂ ਦੇ ਅਮੀਰ ਹੁੰਦੇ ਸਨ। ਪੁਰਾਣੇ ਸਮਿਆਂ ਵਿਚ ਪਿੰਡਾਂ ਵਿਚ ਅਨੋਖੀ ਰੌਣਕ ਹੁੰਦੀ ਸੀ। ਵੱਡੇ-ਵੱਡੇ ਵਿਹੜੇ ਹੁੰਦੇ ਸਨ। ਪਰਿਵਾਰ ਸਾਂਝੇ ਹੁੰਦੇ ਸਨ। ਘਰ ਵਿਚ ਸਾਰਾ ਦਿਨ ਰੌਣਕ ਲੱਗੀ ਰਹਿੰਦੀ ਸੀ। ਜੇਕਰ ਕਿਸੇ ਦੇ ਘਰ ਵਿਆਹ ਹੋਣਾ ਤਾਂ ਕਈ ਦਿਨ ਪਹਿਲਾਂ ਹੀ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਸਨ। ਉਸ ਸਮੇਂ ਵਿਆਹ ਕਈ ਦਿਨਾਂ ਤੱਕ ਚੱਲਣ ਕਰਕੇ ਰਿਸ਼ਤੇਦਾਰਾਂ ਲਈ ਬੜੇ ਉਤਸ਼ਾਹ ਨਾਲ ਮੰਜੇ-ਬਿਸਤਰੇ ਇਕੱਠੇ ਕੀਤੇ ਜਾਂਦੇ ਸਨ। ਕਈ ਦਿਨ ਪਹਿਲਾਂ ਹੀ ਵਿਆਹ ਵਾਲੇ ਘਰ ਸੁਆਣੀਆਂ ਦੁਆਰਾ ਗੀਤ ਗਾਏ ਜਾਂਦੇ ਤੇ ਕਾਰ-ਵਿਹਾਰ ਕੀਤੇ ਜਾਂਦੇ।
ਪਿੰਡਾਂ ਵਿਚ ਤਿਉਹਾਰਾਂ ਨੂੰ ਵੀ ਪੂਰੀ ਖੁਸ਼ੀ ਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਸੀ। ਲੋਹੜੀ ਵਾਲੇ ਦਿਨ ਸਾਰੇ ਪਿੰਡ 'ਚੋਂ ਪਾਥੀਆਂ ਇਕੱਠੀਆਂ ਕਰਕੇ ਕਿਸੇ ਸਾਂਝੀ ਜਗ੍ਹਾ 'ਤੇ ਲੋਹੜੀ ਬਾਲੀ ਜਾਂਦੀ ਸੀ। ਵਿਸਾਖੀ ਵਾਲੇ ਦਿਨ ਪਿੰਡਾਂ ਵਿਚ ਮੇਲੇ ਲਗਦੇ। ਲੋਕ ਟੋਲੀਆਂ ਬਣਾ ਕੇ ਮੇਲਿਆਂ ਵਿਚ ਪਹੁੰਚਦੇ ਸਨ। ਵਿਸਾਖੀ ਵਾਲੇ ਦਿਨ ਕਣਕ ਦੀ ਵਾਢੀ ਨੂੰ ਸ਼ੁੱਭ ਸ਼ਗਨ ਮੰਨਿਆ ਜਾਂਦਾ ਸੀ, ਜਿਸ ਕਰਕੇ ਜ਼ਿਆਦਾਤਰ ਲੋਕ ਕਣਕ ਦੀ ਹੱਥੀਂ ਵਾਢੀ ਸ਼ੁਰੂ ਕਰ ਦਿੰਦੇ ਸਨ। ਸਾਉਣ ਦੇ ਮਹੀਨੇ ਦੀ ਆਪਣੀ ਵੱਖਰੀ ਮਹੱਤਤਾ ਸੀ। ਇਸ ਮਹੀਨੇ ਖੀਰ-ਪੂੜੇ ਬਣਾਏ ਜਾਂਦੇ। ਨਵਵਿਆਹੀਆਂ ਨੂੰ ਪੇਕੇ ਜਾ ਕੇ ਤੀਆਂ ਦਾ ਤਿਉਹਾਰ ਮਨਾਉਣ ਦਾ ਬੜਾ ਚਾਅ ਹੁੰਦਾ ਸੀ। ਤੀਆਂ ਪਿੰਡ ਦੀ ਕਿਸੇ ਸਾਂਝੀ ਜਗ੍ਹਾ 'ਤੇ ਲਗਦੀਆਂ ਸਨ, ਜਿਥੇ ਕੁੜੀਆਂ ਸਾਰਾ ਦਿਨ ਪੀਂਘਾਂ ਝੂਟਦੀਆਂ, ਗੀਤ ਗਾਉਂਦੀਆਂ ਸਨ। ਪਿੰਡਾਂ ਵਿਚ ਲੋਕਾਂ ਦਾ ਖਾਣ-ਪੀਣ ਵੀ ਖੁੱਲ੍ਹਾ ਸੀ। ਉਸ ਸਮੇਂ ਹਰੇਕ ਘਰ ਦੁੱਧ ਦੀਆਂ ਦਾਤਾਂ ਹੁੰਦੀਆਂ ਸਨ। ਘਰਾਂ ਵਿਚ ਹੀ ਖੋਆ, ਪੰਜੀਰੀ, ਪਿੰਨੀਆਂ ਬਣਾਈਆਂ ਜਾਂਦੀਆਂ ਸਨ। ਉਸ ਸਮੇਂ ਲੋਕ ਝਗੜਿਆਂ ਤੋਂ ਬਹੁਤ ਦੂਰ ਸਨ। ਉਸ ਸਮੇਂ ਜੇਕਰ ਕੋਈ ਝਗੜਾ ਹੁੰਦਾ ਵੀ ਸੀ ਤਾਂ ਪਿੰਡ ਦੀ ਪੰਚਾਇਤ ਦੁਆਰਾ ਹੀ ਨਿਬੇੜ ਲਿਆ ਜਾਂਦਾ ਸੀ, ਕਿਉਂਕਿ ਉਸ ਸਮੇਂ ਲੋਕ ਪੰਚਾਇਤ ਦੇ ਫੈਸਲਿਆਂ ਦਾ ਸਤਿਕਾਰ ਕਰਦੇ ਸਨ।
ਅਜੋਕੇ ਸਮੇਂ ਵਿਚ ਪਿੰਡਾਂ ਦੀ ਜੀਵਨ ਸ਼ੈਲੀ ਪੂਰੀ ਤਰ੍ਹਾਂ ਬਦਲ ਗਈ ਹੈ। ਪਿੰਡਾਂ ਵਿਚ ਹੁਣ ਪਹਿਲਾਂ ਜਿਹੀ ਰੌਣਕ ਨਹੀਂ ਰਹੀ। ਲੋਕਾਂ ਦੇ ਵਿਦੇਸ਼ਾਂ ਵਿਚ ਜਾਣ ਦੇ ਰੁਝਾਨ ਤੇ ਸ਼ਹਿਰੀ ਜੀਵਨ ਨੂੰ ਵਧੇਰੇ ਤਰਜੀਹ ਦੇਣ ਕਰਕੇ ਪਿੰਡਾਂ ਦੇ ਪਿੰਡ ਖਾਲੀ ਹੋ ਗਏ ਹਨ। ਪਿੰਡਾਂ ਵਿਚ ਸਾਂਝੇ ਪਰਿਵਾਰ ਨਾ ਹੋਣ ਕਰਕੇ ਪਰਿਵਾਰ ਛੋਟੇ ਹੋ ਗਏ ਹਨ। ਤਿਉਹਾਰ ਘਰਾਂ ਤੱਕ ਹੀ ਸੀਮਤ ਹੋ ਕੇ ਰਹਿ ਗਏ ਹਨ। ਹੁਣ ਨਾ ਤਾਂ ਤੀਆਂ ਲਗਦੀਆਂ ਹਨ, ਨਾ ਹੀ ਕੁੜੀਆਂ ਪੀਂਘਾਂ ਝੂਟਦੀਆਂ ਹਨ। ਪਿੰਡਾਂ ਵਿਚ ਨਿਬੇੜੇ ਜਾਣ ਵਾਲੇ ਝਗੜੇ ਥਾਣਿਆਂ, ਕਚਹਿਰੀਆਂ ਵਿਚ ਚਲੇ ਗਏ ਹਨ। ਪਿੰਡਾਂ ਵਿਚ ਸਾਰੀਆਂ ਜਾਤਾਂ, ਧਰਮਾਂ ਨੇ ਆਪਣੇ ਵੱਖਰੇ ਧਾਰਮਿਕ ਸਥਾਨ ਬਣਾ ਲਏ ਹਨ, ਜਿਸ ਨੇ ਪਿੰਡਾਂ ਦੀ ਭਾਈਚਾਰਕ ਏਕਤਾ ਨੂੰ ਡੂੰਘੀ ਸੱਟ ਮਾਰੀ ਹੈ।

-ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ। ਮੋਬਾ: 73077-36899


ਖ਼ਬਰ ਸ਼ੇਅਰ ਕਰੋ

ਔਕੜਾਂ ਅਤੇ ਅਸਫ਼ਲਤਾਵਾਂ ਦਾ ਡਟ ਕੇ ਸਾਹਮਣਾ ਕਰੋ

ਵਿੰਗੇ-ਟੇਢੇ ਤੇ ਉੱਚੇ-ਨੀਵੇਂ ਰਸਤਿਆਂ ਨੂੰ ਪਾਰ ਕਰਕੇ ਪਹਾੜ ਦੀ ਚੋਟੀ 'ਤੇ ਝੰਡਾ ਲਹਿਰਾਉਣ ਵਾਲਿਆਂ ਨੂੰ ਹੀ ਨਾਇਕ ਕਿਹਾ ਜਾਂਦਾ ਹੈ। ਅਧਿਆਤਮ ਤੋਂ ਲੈ ਕੇ ਵਿਗਿਆਨ ਤੱਕ ਦਾ ਸਮੁੱਚਾ ਇਤਿਹਾਸ ਮਨੁੱਖ ਨੂੰ ਆਤਮ ਪ੍ਰੇਰਨਾ ਤੇ ਆਤਮਵਿਸ਼ਵਾਸ ਨਾਲ ਔਕੜਾਂ ਅਤੇ ਅਸਫ਼ਲਤਾਵਾਂ ਦਾ ਸਾਹਮਣਾ ਕਰਨ ਲਈ ਪ੍ਰੇਰਦਾ ਹੈ। ਸੰਸਾਰ ਵਿਚ ਆਪਣਾ ਨਾਂਅ ਰੌਸ਼ਨ ਕਰਨ ਵਾਲੇ ਲੋਕਾਂ ਨੂੰ ਜੀਵਨ ਦੇ ਔਖੇ ਤੋਂ ਔਖੇ ਹਾਲਾਤ ਵਿਚੋਂ ਗੁਜ਼ਰਨਾ ਪਿਆ ਪਰ ਉਹ ਹਾਰੇ ਨਹੀਂ, ਇਕ ਦਿਨ ਉਹ ਆਪਣੀ ਮੰਜ਼ਿਲ 'ਤੇ ਪਹੁੰਚ ਹੀ ਗਏ। ਜ਼ਿੰਦਗੀ ਇਕ ਸੰਘਰਸ਼ ਦਾ ਨਾਂਅ ਹੈ, ਜਿਹੜਾ ਸਾਰੀ ਉਮਰ ਹੀ ਜਾਰੀ ਰਹਿੰਦਾ ਹੈ। ਜਿੱਤ-ਹਾਰ, ਸੁੱਖ-ਦੁੱਖ, ਖ਼ੁਸ਼ੀ-ਗ਼ਮੀ ਜ਼ਿੰਦਗੀ ਭਰ ਚਲਦੇ ਹਨ। ਦੁੱਖ, ਪੀੜਾ, ਕਸ਼ਟ, ਨਾਕਾਮਯਾਬੀ ਅਤੇ ਹਾਰ ਸਾਡੀਆਂ ਸੋਚਾਂ ਅਤੇ ਬਿਰਤੀ ਨੂੰ ਹਲੂਣਦੀਆਂ ਹਨ ਤੇ ਸਾਨੂੰ ਆਪਣੇ-ਆਪ ਨੂੰ ਹੋਰ ਤਕੜਾ ਕਰਨ ਲਈ ਪ੍ਰੇਰਦੀਆਂ ਹਨ। ਜ਼ਿੰਦਗੀ ਸੁੱਖ ਅਤੇ ਦੁੱਖ ਦਾ ਮਿਸ਼ਰਣ ਹੈ। ਜੇਕਰ ਸੁੱਖ ਹੀ ਹੋਣ ਤਾਂ ਜ਼ਿੰਦਗੀ ਨੀਰਸ ਹੋ ਜਾਵੇਗੀ। ਮੁਸੀਬਤਾਂ ਤੇ ਦੁੱਖ ਸਾਨੂੰ ਜ਼ਿੰਦਗੀ ਜਿਉਣ ਦੀ ਜਾਚ ਸਿਖਾਉਂਦੇ ਹਨ। ਜ਼ਿੰਦਗੀ ਵਿਚ ਉਹ ਵਿਅਕਤੀ ਕਮਜ਼ੋਰ ਰਹਿ ਜਾਂਦਾ ਹੈ, ਜਿਸ ਨੇ ਔਕੜਾਂ ਅਤੇ ਅਸਫ਼ਲਤਾਵਾਂ ਦਾ ਸਾਹਮਣਾ ਨਾ ਕੀਤਾ ਹੋਵੇ।
ਇਸ ਦੇ ਉਲਟ ਜ਼ਿੰਦਗੀ ਵਿਚ ਬਿਨਾਂ ਸੰਘਰਸ਼ ਕੀਤਿਆਂ ਸਫ਼ਲਤਾ ਦੀ ਆਸ ਰੱਖਣ ਵਾਲਾ ਇਨਸਾਨ ਕਦੇ ਵੀ ਆਪਣੀ ਮੰਜ਼ਿਲ ਪ੍ਰਾਪਤ ਨਹੀਂ ਕਰਦਾ। ਅਜਿਹਾ ਇਨਸਾਨ ਜਲਦੀ ਸਫ਼ਲਤਾ ਪ੍ਰਾਪਤ ਕਰਨ ਦੇ ਚੱਕਰ ਵਿਚ ਕਈ ਵਾਰ ਗ਼ਲਤ ਹੱਥਕੰਡੇ ਵਰਤਦਾ ਹੈ। ਗ਼ਲਤੀਆਂ ਕਰਦਿਆਂ ਏਨਾ ਅੱਗੇ ਚਲਿਆ ਜਾਂਦਾ ਹੈ ਕਿ ਸਫ਼ਲਤਾ ਦੇ ਦਰਵਾਜ਼ੇ ਬੰਦ ਹੋ ਜਾਂਦੇ ਹਨ ਤੇ ਆਖ਼ਿਰ ਉਸ ਕੋਲ ਪਛਤਾਵੇ ਤੋਂ ਬਿਨਾਂ ਹੋਰ ਕੁਝ ਵੀ ਨਹੀਂ ਰਹਿੰਦਾ।
ਮੁਸੀਬਤਾਂ ਦਾ ਟਾਕਰਾ ਕਰੇ ਬਗੈਰ ਮਹਾਨ ਨਹੀਂ ਬਣਿਆ ਜਾ ਸਕਦਾ। 1897 ਵਿਚ ਲੜੀ ਗਈ ਸਾਰਾਗੜ੍ਹੀ ਦੀ ਲੜਾਈ ਦਾ ਇਤਿਹਾਸ ਸਾਡੇ ਸਾਹਮਣੇ ਹੈ। ਜੇਕਰ ਹੌਲਦਾਰ ਈਸ਼ਰ ਸਿੰਘ ਦੀ ਅਗਵਾਈ ਵਿਚ 21 ਸੂਰਮਿਆਂ ਨੇ ਅਬਦਾਲੀ ਦੀ 10000 ਸੈਨਿਕਾਂ ਦੀ ਫ਼ੌਜ ਅੱਗੇ ਹਥਿਆਰ ਸੁੱਟ ਕੇ ਆਪਣੀ ਜਾਨ ਬਚਾ ਲਈ ਹੁੰਦੀ ਤਾਂ ਅੱਜ ਉਨ੍ਹਾਂ 21 ਯੋਧਿਆਂ ਨੂੰ ਕੋਈ ਨਾ ਜਾਣਦਾ ਹੁੰਦਾ।
ਜੇਕਰ ਤੁਸੀਂ ਕਦੇ ਮੁਸੀਬਤਾਂ ਵਿਚ ਘਿਰ ਜਾਓ ਤਾਂ ਹੌਸਲੇ ਦੇ ਸੂਰਜ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ-ਕਾਲ ਨੂੰ ਯਾਦ ਕਰੋ, ਜਿਨ੍ਹਾਂ ਨੇ ਆਪਣਾ ਸਾਰਾ ਵੰਸ਼ ਹੀ ਕੌਮ ਲਈ ਕੁਰਬਾਨ ਕਰ ਦਿੱਤਾ ਪਰ ਉਨ੍ਹਾਂ ਨੇ ਕਦੇ ਹੌਸਲਾ ਨਹੀਂ ਸੀ ਹਾਰਿਆ। ਸੰਘਰਸ਼ਸ਼ੀਲ ਲੋਕ ਹੀ ਇਤਿਹਾਸ ਰਚਦੇ ਹਨ।
ਜੇਕਰ ਤੁਸੀਂ ਫੁੱਲਾਂ ਦੀ ਚਾਹਨਾ ਕਰਦੇ ਹੋ ਤਾਂ ਤੁਹਾਨੂੰ ਕੰਡਿਆਂ ਨੂੰ ਵੀ ਸਹਾਰਨਾ ਪਵੇਗਾ। ਹਾਂ-ਪੱਖੀ ਸੋਚ ਵਾਲਾ ਵਿਅਕਤੀ ਹਮੇਸ਼ਾ ਚੜ੍ਹਦੀ ਕਲਾ ਵਿਚ ਰਹਿੰਦਾ ਹੈ। ਉਸ ਨੂੰ ਚੜ੍ਹਦੇ ਸੂਰਜ ਦੀ ਸੰਧੂਰੀ ਲਾਲੀ ਵਾਲਾ ਨਜ਼ਾਰਾ ਖੂਬਸੂਰਤ ਲਗਦਾ ਹੈ। ਅਸਫ਼ਲ ਹੋਣ 'ਤੇ ਖੂੰਜੇ 'ਚ ਲੱਗ ਕੇ ਬਾਣ ਦੇ ਮੰਜੇ 'ਤੇ ਢੇਰੀ ਢਾਹ ਕੇ ਬੈਠਣ ਨਾਲ ਕੁਝ ਨਹੀਂ ਬਣਨ ਲੱਗਾ, ਹੌਸਲਾ ਰੱਖੋ। ਹੌਸਲਾ ਇਕ ਅਜਿਹਾ ਸੂਰਜ ਹੈ, ਜਿਸ ਦੀਆਂ ਕਿਰਨਾਂ ਪੈਣ ਨਾਲ ਔਕੜਾਂ ਦਾ ਹਨੇਰਾ ਅਲੋਪ ਹੋ ਜਾਂਦਾ ਹੈ। ਜੇਕਰ ਤੁਸੀਂ ਵਾਰ-ਵਾਰ ਯਤਨ ਕਰਨ 'ਤੇ ਵੀ ਅਸਫ਼ਲ ਹੋ ਰਹੇ ਹੋ ਤਾਂ ਨਵੇਂ ਨਜ਼ਰੀਏ ਨਾਲ ਸਮੱਸਿਆ ਦਾ ਹੱਲ ਤਲਾਸ਼ ਕਰੋ। ਸੋਚਣ ਦੇ ਢੰਗ ਵਿਚ ਤਬਦੀਲੀ ਲਿਆਉਣ 'ਤੇ ਤੂਹਾਨੂੰ ਸਮੱਸਿਆ ਦੇ ਕਈ ਨਵੇਂ ਪਹਿਲੂਆਂ ਬਾਰੇ ਜਾਣਕਾਰੀ ਪ੍ਰਾਪਤ ਹੋਵੇਗੀ। ਇਹ ਜਾਣਕਾਰੀ ਤੁਹਾਡੀ ਮੁਸ਼ਕਿਲ ਆਸਾਨ ਕਰਨ ਵਿਚ ਸਹਾਇਕ ਸਿੱਧ ਹੁੰਦੀ ਹੈ।

-ਸਟੇਟ ਐਵਾਰਡੀ, ਇੰਗਲਿਸ਼ ਕਾਲਜ, ਮਾਲੇਰਕੋਟਲਾ।
ਮੋਬਾ: 98140-96108

ਅਧਿਆਪਕ ਦੀ ਸਮਾਜ ਪ੍ਰਤੀ ਦੇਣ

ਪੁਰਾਤਨ ਸਮੇਂ ਤੋਂ ਹੀ ਇਹ ਮੰਨਿਆ ਜਾਂਦਾ ਹੈ ਕਿ ਗੁਰੂ ਬਿਨਾਂ ਗਿਆਨ ਨਹੀਂ ਹੁੰਦਾ ਤੇ ਜੇ ਹੋ ਵੀ ਜਾਵੇ ਤਾਂ ਉਹ ਫਲ ਨਹੀਂ ਦਿੰਦਾ। ਇਹ ਗੱਲ ਕੁਝ ਹੱਦ ਤੱਕ ਸਹੀ ਵੀ ਸੀ, ਕਿਉਂਕਿ ਸਿੱਖਣ ਦੇ ਨਾਲ ਉਸ ਦੇ ਅਰਥ ਬਾਰੇ ਜਾਣਕਾਰੀ ਲਈ ਇਕ ਅਧਿਆਪਕ ਦੀ ਹੀ ਲੋੜ ਹੁੰਦੀ ਹੈ। ਗਿਆਨ ਤੋਂ ਬਿਨਾਂ ਵਿਅਕਤੀ ਇਕ ਗਧੇ ਬਰਾਬਰ ਹੈ, ਜੋ ਆਪਣੀ ਪਿੱਠ 'ਤੇ ਲੱਦੇ ਚੰਦਨ ਦੀ ਲੱਕੜੀ ਦੇ ਭਾਰ ਨੂੰ ਤਾਂ ਜਾਣਦਾ ਹੈ ਪਰ ਚੰਦਨ ਨੂੰ ਨਹੀਂ।
ਆਪਣਾ ਦੇਸ਼ ਭਾਰਤ ਸਿੱਖਿਆ ਦੇ ਖੇਤਰ ਤੋਂ ਪੁਰਾਣੇ ਸਮੇਂ ਤੋਂ ਹੀ ਵਿਸ਼ਵ ਪ੍ਰਸਿੱਧ ਰਿਹਾ ਹੈ। ਅਧਿਆਪਕ, ਨੇਤਾ, ਵਿਚਾਰਕ ਦੇ ਰੂਪ ਵਿਚ ਸਫਲਤਾ ਪ੍ਰਦਾਨ ਕਰਨ ਵਾਲੇ ਭਾਰਤ ਦੇ ਦੂਜੇ ਰਾਸ਼ਟਰਪਤੀ ਡਾ: ਸਰਵਪੱਲੀ ਰਾਧਾ ਕਿਸ਼ਨਨ ਸਨ, ਜਿਨ੍ਹਾਂ ਨੇ ਆਪਣੇ ਜੀਵਨ ਦੇ 40 ਸਾਲ ਅਧਿਆਪਕ ਦੇ ਤੌਰ 'ਤੇ ਬਤੀਤ ਕੀਤੇ। ਅਧਿਆਪਕ ਦਿਵਸ ਦੀ ਸ਼ੁਰੂਆਤ ਵੀ ਇਨ੍ਹਾਂ ਦੇ ਜਨਮ ਦਿਨ ਤੋਂ ਹੀ ਹੋਈ।
ਪਹਿਲੇ ਸਮੇਂ ਵਿਚ ਸਿੱਖਿਆ ਗੁਰੂਕੁਲਾਂ ਵਿਚ ਦਿੱਤੀ ਜਾਂਦੀ ਸੀ। ਵਿਦਿਆਰਥੀ ਉਥੇ ਹੀ ਰਹਿ ਕੇ ਪੂਰੀ ਸਿੱਖਿਆ ਗ੍ਰਹਿਣ ਕਰਨ ਤੋਂ ਬਾਅਦ ਹੀ ਘਰ ਜਾਂਦੇ ਸਨ। ਅਧਿਆਪਕ ਹੀ ਉਸ ਦੀਆਂ ਸਾਰੀਆਂ ਸਮੱਸਿਆਵਾਂ ਤੇ ਉਲਝਣਾਂ ਦਾ ਨਿਬੇੜਾ ਕਰਦਾ ਸੀ। ਅਧਿਆਪਕ ਦਾ ਦਰਜਾ ਬਹੁਤ ਉੱਚਾ ਸੀ। ਰਾਜਾ ਵੀ ਆਪਣੇ ਵਿਚਾਰ ਗੁਰੂ/ਅਧਿਆਪਕ ਨਾਲ ਸਾਂਝੇ ਕਰਦਾ ਸੀ।
ਸੰਸਾਰ ਪਰਿਵਰਤਨਸ਼ੀਲ ਹੈ। ਹਰ ਚੀਜ਼ ਬਦਲਦੀ ਹੈ ਪਰ ਸਿੱਖਿਆ ਦੀ ਲੋੜ ਜ਼ਿੰਦਗੀ ਭਰ ਰਹਿੰਦੀ ਹੈ। ਲੋੜ ਹੈ ਅੱਜ ਦੇ ਸਮੇਂ ਵਿਚ ਅਧਿਆਪਕ ਨੂੰ ਇੱਜ਼ਤ ਦੇਣ ਦੀ, ਅਧਿਆਪਕ ਨੂੰ ਉਸ ਦੇ ਕਿੱਤੇ ਤੱਕ ਹੀ ਸੀਮਤ ਰੱਖਣ ਦੀ। ਅਧਿਆਪਕ ਹੀ ਹੈ, ਜੋ ਇਕ ਵਿਦਿਆਰਥੀ ਨੂੰ ਸਿੱਖਿਆ ਦੇ ਕੇ ਦੇਸ਼ ਦੀ ਸੁਰੱਖਿਆ ਲਈ ਸੈਨਾ ਤਿਆਰ ਕਰਾਉਂਦਾ ਹੈ। ਅਧਿਆਪਕ ਕਰਕੇ ਹੀ ਡਾਕਟਰ, ਇੰਜੀਨੀਅਰ, ਵਿਗਿਆਨੀ ਆਦਿ ਉੱਭਰਦੇ ਹਨ। ਇਸ ਲਈ ਸਾਡੇ ਸਮਾਜ ਵਿਚ ਇਕ ਅਧਿਆਪਕ ਦਾ ਦਰਜਾ ਸਤਿਕਾਰਯੋਗ ਹੈ। ਅਧਿਆਪਕ ਨੂੰ ਨਿੰਦਣਾ ਗ਼ਲਤ ਹੈ, ਜਿਸ ਤਰ੍ਹਾਂ ਸੋਸ਼ਲ ਮੀਡੀਆ ਦੇ ਨਾਲ ਅਧਿਆਪਕਾਂ 'ਤੇ ਸ਼ਿਕੰਜੇ ਕੱਸੇ ਜਾ ਰਹੇ ਹਨ। ਅਧਿਆਪਕ ਨੂੰ ਉਹ ਪਹਿਲਾਂ ਵਾਲਾ ਦਰਜਾ ਦਿੱਤਾ ਜਾਣਾ ਚਾਹੀਦਾ ਹੈ ਅਤੇ ਅਧਿਆਪਕ ਨੂੰ ਸਿਰਫ ਇਕ ਉਸ ਦੇ ਕਿੱਤੇ ਤੱਕ ਹੀ ਸੀਮਤ ਰੱਖਣਾ ਚਾਹੀਦਾ ਹੈ, ਤਾਂ ਜੋ ਉਹ ਦੇਸ਼ ਨੂੰ ਹਰ ਖੇਤਰ ਵਿਚ ਅੱਗੇ ਵਧਾ ਸਕੇ।
ਲੋੜ ਹੈ ਸਿੱਖਿਆ ਦੇ ਡਿਗਦੇ ਮਿਆਰ ਵੱਲ ਧਿਆਨ ਦੇਣ ਦੀ। ਅਧਿਆਪਕ ਨੂੰ ਉਸ ਦੇ ਕਿੱਤੇ ਤੱਕ ਹੀ ਸੀਮਤ ਰੱਖਣ ਨਾਲ ਕੁਝ ਸੁਧਾਰ ਹੋ ਸਕਦਾ ਹੈ।

-ਸ: ਪ੍ਰਾ: ਸਕੂਲ, ਲਲਹੇੜੀ, ਬਲਾਕ ਖੰਨਾ-2 (ਲੁਧਿਆਣਾ)।
ਮੋਬਾ: 81465-58019

ਵਿਰਸੇ ਤੋਂ ਦੂਰ ਹੁੰਦੀ ਨਵੀਂ ਪੀੜ੍ਹੀ

ਸਮਾਂ ਗਤੀਸ਼ੀਲ ਹੈ। ਸਾਡੀ ਸੱਭਿਅਤਾ ਵੀ ਇਸੇ ਤਰ੍ਹਾਂ ਵਿਕਾਸ-ਦਰ-ਵਿਕਾਸ ਇਸ ਮੁਕਾਮ 'ਤੇ ਪਹੁੰਚੀ ਹੈ। ਵਿਗਿਆਨ ਨੇ ਨਵੇਂ ਦਿਸਹੱਦਿਆਂ ਨੂੰ ਛੂਹਿਆ ਹੈ ਅਤੇ ਨਿੱਤ ਨਵੇਂ ਰਹੱਸ ਤੋਂ ਪਰਦਾ ਉਠਦਾ ਹੈ। ਅੱਜ ਸਾਰਾ ਸੰਸਾਰ ਇਕ ਪਿੰਡ ਬਣ ਗਿਆ ਹੈ ਅਤੇ ਇਹ ਪਿੰਡ ਸਾਡੀ ਮੁੱਠੀ ਵਿਚ ਹੈ। ਸੋਚਣ ਵਾਲੀ ਗੱਲ ਇਹ ਕਿ ਅਸੀਂ ਵਿਕਾਸ ਦੇ ਇਸ ਦੌਰ ਵਿਚ ਬਹੁਤ ਕੁਝ ਗਵਾ ਵੀ ਰਹੇ ਹਾਂ। ਕੁਝ ਸਮਾਂ ਪਹਿਲਾਂ ਜੋ ਸਾਡੀ ਜ਼ਿੰਦਗੀ ਦਾ ਅਹਿਮ ਹਿੱਸਾ ਹੁੰਦਾ ਸੀ, ਉਸ ਨੂੰ ਅਸੀਂ ਛੇਤੀ ਭੁੱਲ ਚੁੱਕੇ ਹਾਂ। ਮੋਬਾਈਲ ਅਤੇ ਇੰਟਰਨੈੱਟ ਨੂੰ ਸਦਉਪਯੋਗ ਲਈ ਵਰਤਿਆ ਜਾਵੇ ਤਾਂ ਬੜਾ ਲਾਭਕਾਰੀ ਹੈ ਪਰ ਇਸ ਦੀ ਦੁਰਵਰਤੋਂ ਨੇ ਬੱਚਿਆਂ ਨੂੰ ਆਪਣੇ ਪਰਿਵਾਰਾਂ ਤੋਂ ਦੂਰ ਕਰ ਦਿੱਤਾ ਹੈ। ਆਪਸੀ ਸੰਵਾਦ ਦੀ ਘਾਟ ਕਾਰਨ ਨੌਜਵਾਨ ਇਨਸਾਨੀ ਕਦਰਾਂ-ਕੀਮਤਾਂ ਨੂੰ ਭੁੱਲਦੇ ਜਾ ਰਹੇ ਹਨ ਅਤੇ ਲਗਾਤਾਰ ਆਪਣੇ ਮੂਲ ਵਿਰਸੇ ਤੋਂ ਦੂਰ ਹੋ ਰਹੇ ਹਨ। ਅਸੀਂ ਆਪਣੇ ਫਰਜ਼ ਅਨੁਸਾਰ ਛੋਟੀ ਉਮਰ ਦੇ ਬੱਚਿਆਂ ਨਾਲ ਸਮਾਂ ਗੁਜ਼ਾਰੀਏ। ਉਨ੍ਹਾਂ ਨੂੰ ਸਿਲੇਬਸ ਤੋਂ ਬਾਹਰ ਦੀਆਂ ਚੰਗੀਆਂ ਕਿਤਾਬਾਂ ਪੜ੍ਹਨ ਲਈ ਪ੍ਰੇਰਿਤ ਕਰੀਏ। ਇਨ੍ਹਾਂ ਛੋਟੀਆਂ-ਛੋਟੀਆਂ ਗੱਲਾਂ ਵੱਲ ਪਹਿਲਾਂ ਹੀ ਧਿਆਨ ਦਿੱਤਾ ਜਾਵੇ ਅਤੇ ਚੰਗੇ ਮਾਪਿਆਂ ਦੇ ਫਰਜ਼ ਨਿਭਾਏ ਜਾਣ ਤਾਂ ਅੱਗੇ ਜਾ ਕੇ ਨੌਜਵਾਨ ਬੱਚੇ ਵੀ ਆਪਣਾ ਫਰਜ਼ ਪਹਿਚਾਣਦੇ ਹਨ।
ਅੱਜ ਦੀ ਨਵੀਂ ਪੀੜ੍ਹੀ ਅਨੁਸ਼ਾਸਨ ਵਿਚ ਰਹਿਣਾ ਪਸੰਦ ਨਹੀਂ ਕਰਦੀ, ਨੈਤਿਕਤਾ ਦਾ ਪਾਠ ਪੜ੍ਹਨਾ ਨਹੀਂ ਚਾਹੁੰਦੀ, ਸਹਿਣਸ਼ੀਲਤਾ ਖੰਭ ਲਾ ਕੇ ਉਡ ਗਈ ਹੈ। ਫੋਕੇ ਫੈਸ਼ਨ, ਦਿਖਾਵੇ ਵਿਚ ਇਸ ਕਦਰ ਗ੍ਰਸੀ ਗਈ ਹੈ ਕਿ ਉਨ੍ਹਾਂ ਨੂੰ ਸਾਦਗੀ ਵੀ ਘਟੀਆਪਨ ਲਗਦੀ ਹੈ। ਬੇਸ਼ੱਕ ਤਰੱਕੀ ਪਸੰਦ ਇਨਸਾਨ ਹਰ ਸੁਖ ਸਹੂਲਤ ਚਾਹੁੰਦਾ ਹੈ ਪਰ ਉਹ ਸੁਖ ਸਹੂਲਤਾਂ ਸਾਡੇ ਸਰੀਰ ਅਤੇ ਰੂਹ ਨੂੰ ਵੀ ਸਕੂਨ ਪਹੁੰਚਾਉਣ ਵਾਲੀਆਂ ਹੋਣੀਆਂ ਚਾਹੀਦੀਆਂ ਹਨ, ਨਾ ਕਿ ਸਾਨੂੰ ਮਹਿੰਗੀਆਂ ਗੱਡੀਆਂ ਤੇ ਹਸਪਤਾਲਾਂ ਦੇ ਚੱਕਰ ਲਾਉਣੇ ਪੈਣ। ਸਾਨੂੰ ਮਾਣ ਹੁੰਦਾ ਹੈ ਕਿ ਸਾਡੇ ਬੱਚੇ ਵਧੀਆ ਸਿੱਖਿਆ ਲੈ ਕੇ ਸਮੇਂ ਦੇ ਹਾਣ ਦੇ ਬਣ ਰਹੇ ਹਨ ਪਰ ਕਈ ਬੱਚੇ ਆਪਣੇ ਅਮੀਰ ਵਿਰਸੇ ਤੇ ਸੱਭਿਆਚਾਰ ਨੂੰ ਭੁੱਲ ਕੇ ਗ਼ਲਤ ਰਸਤੇ ਪੈ ਕੇ ਐਨਾ ਦੂਰ ਨਿਕਲ ਚੁੱਕੇ ਹੁੰਦੇ ਹਨ ਕਿ ਆਪਣੇ ਲਈ ਜ਼ਿੰਦਗੀ ਦੇ ਸਾਰੇ ਦਰਵਾਜ਼ੇ ਬੰਦ ਕਰ ਲੈਂਦੇ ਹਨ। ਜਿਨ੍ਹਾਂ ਬੱਚਿਆਂ ਨੂੰ ਪਰਿਵਾਰ ਤੇ ਸਕੂਲਾਂ ਵਿਚੋਂ ਚੰਗੀ ਸਿੱਖਿਆ ਮਿਲਦੀ ਹੈ, ਉਹ ਜ਼ਿੰਦਗੀ ਦੇ ਬਿਖੜੇ ਰਾਹਾਂ 'ਤੇ ਵੀ ਅਡੋਲ ਤੁਰਦੇ ਹਨ।
ਐ ਨੌਜਵਾਨੋਂ! ਆਪਣੇ ਵਿਰਸੇ ਤੇ ਫਰਜ਼ਾਂ ਨੂੰ ਪਹਿਚਾਣੋ, ਮੰਜ਼ਿਲ ਤੁਹਾਡੀ ਉਡੀਕ ਕਰਦੀ ਹੈ।
ਆਓ, ਤਰੱਕੀ ਦੇ ਇਸ ਦੌਰ ਵਿਚ ਆਪਣੇ ਵਿਰਸੇ ਤੇ ਸੱਭਿਆਚਾਰ ਨੂੰ ਨਾਲ-ਨਾਲ ਰੱਖੀਏ।

-ਪਿੰਡ ਤੇ ਡਾਕ: ਲੋਪੋਂ, ਜ਼ਿਲ੍ਹਾ ਮੋਗਾ।
ਮੋਬਾ: 98780-02774

ਕਿਰਤ ਸੱਭਿਆਚਾਰ ਪੈਦਾ ਕਰਨ ਦੀ ਲੋੜ

ਜੇਕਰ ਅਜੋਕੇ ਪੰਜਾਬ ਦੀ ਗੱਲ ਕਰੀਏ ਤਾਂ ਇਕ ਗੱਲ ਸਾਹਮਣੇ ਇਹ ਆਉਂਦੀ ਹੈ ਕਿ ਹੁਣ ਪੰਜਾਬੀਆਂ ਵਿਚ ਉਹ ਕਿਰਤ ਸੱਭਿਆਚਾਰ ਨਹੀਂ ਰਿਹਾ, ਜਿਸ ਦੇ ਲਈ ਉਹ ਪੂਰੀ ਦੁਨੀਆ ਵਿਚ ਜਾਣੇ ਜਾਂਦੇ ਸਨ। ਅੱਜ ਅਸੀਂ ਹੱਥੀਂ ਮਿਹਨਤ ਕਰਨ ਤੋਂ ਕੰਨੀ ਕਤਰਾਉਂਦੇ ਹਾਂ। ਅੱਜ ਦਾ ਪੜ੍ਹਿਆ-ਲਿਖਿਆ ਪੰਜਾਬੀ ਗੱਭਰੂ ਆਪਣੇ ਕਿਸਾਨ ਪਿਤਾ ਨਾਲ ਖੇਤ ਵਿਚ ਮਿੱਟੀ ਨਾਲ ਮਿੱਟੀ ਹੋਣ ਤੋਂ ਡਰਦਾ ਹੈ। ਅੱਜ ਅਸੀਂ ਵਿਦੇਸ਼ਾਂ ਵਿਚ ਜਾ ਕੇ ਲੇਬਰ ਦਾ ਕੰਮ ਬੜੇ ਚਾਅ ਨਾਲ ਕਰਦੇ ਹਾਂ ਪਰ ਉਹੀ ਕੰਮ ਅਸੀਂ ਆਪਣੇ ਦੇਸ਼ ਵਿਚ ਕਰਨ ਤੋਂ ਬੇਇੱਜ਼ਤੀ ਮਹਿਸੂਸ ਕਰਦੇ ਹਾਂ। ਇਸ ਲਈ ਅਸੀਂ ਸਾਰੇ ਜ਼ਿੰਮੇਵਾਰ ਹਾਂ, ਕਿਉਂਕਿ ਅਸੀਂ ਆਪਣੇ ਦੇਸ਼ ਅੰਦਰ ਕਿਰਤ ਸੱਭਿਆਚਾਰ ਪੈਦਾ ਕਰਨ ਵਿਚ ਬਹੁਤ ਪਛੜ ਗਏ ਹਾਂ। ਸਾਡੇ ਸਾਰਿਆਂ ਦੇ ਸਾਹਮਣੇ ਜਾਪਾਨ ਦੇਸ਼ ਨੇ ਕਿਰਤ ਸੱਭਿਆਚਾਰ ਦੀ ਬਹੁਤ ਵਧੀਆ ਉਦਾਹਰਨ ਪੇਸ਼ ਕੀਤੀ ਹੈ। ਜਾਪਾਨ ਵੱਖ-ਵੱਖ ਟਾਪੂਆਂ 'ਤੇ ਵਸਿਆ ਹੋਇਆ ਚੜ੍ਹਦੇ ਸੂਰਜ ਦਾ ਇਕ ਅਜਿਹਾ ਦੇਸ਼ ਹੈ, ਜਿਸ ਕੋਲ ਕੋਈ ਖਣਿਜ ਪਦਾਰਥ ਨਹੀਂ ਅਤੇ ਇਸ ਧਰਤੀ 'ਤੇ ਸਭ ਤੋਂ ਵੱਧ ਭੁਚਾਲ ਅਤੇ ਜਵਾਲਾਮੁਖੀ ਸਰਗਰਮ ਰਹਿੰਦੇ ਹਨ। ਪਰ ਉਨ੍ਹਾਂ ਲੋਕਾਂ ਨੇ ਆਪਣੇ ਮਨੁੱਖੀ ਸਾਧਨਾਂ ਨੂੰ ਬੜੇ ਸੁਚੱਜੇ ਢੰਗ ਨਾਲ ਵਰਤਿਆ ਹੈ ਅਤੇ ਇਲੈਕਟ੍ਰੋਨਿਕਸ ਅਤੇ ਆਟੋ ਮੋਬਾਈਲ ਦੇ ਖੇਤਰ ਵਿਚ ਸਾਰੀ ਦੁਨੀਆ 'ਤੇ ਰਾਜ ਕਰ ਰਿਹਾ ਹੈ। ਸਾਨੂੰ ਕਿਰਤ ਸੱਭਿਆਚਾਰ ਸਿਰਜਣ ਲਈ ਸੰਜੀਦਾ ਹੋਣ ਦੀ ਲੋੜ ਹੈ। ਬੇਸ਼ੱਕ ਮਸ਼ੀਨੀਕਰਨ ਅਤੇ ਆਧੁਨਿਕੀਕਰਨ ਕਰਕੇ ਅੱਜ ਸਾਡਾ ਜ਼ਿਆਦਾ ਹੱਥੀਂ ਕੰਮ ਮਸ਼ੀਨਾਂ ਨੇ ਸਾਂਭ ਲਿਆ ਹੈ ਪਰ ਇਸ ਦਾ ਇਹ ਮਤਲਬ ਨਹੀਂ ਕਿ ਅਸੀਂ ਕਿਰਤ ਸੱਭਿਆਚਾਰ ਨੂੰ ਛੱਡ ਦਈਏ। ਸਾਨੂੰ ਆਪਣੀ ਸਿਹਤ ਨੂੰ ਸਿਹਤਮੰਦ ਰੱਖਣ ਅਤੇ ਬਿਮਾਰੀਆਂ ਤੋਂ ਬਚਣ ਲਈ ਆਪਣੇ ਹੱਥੀਂ ਕਿਰਤ ਕਰਨੀ ਚਾਹੀਦੀ ਹੈ ਪਰ ਅੱਜ ਸਾਡੇ ਬੱਚੇ ਮੋਬਾਈਲ ਜਾਂ ਕੰਪਿਊਟਰ 'ਤੇ ਜ਼ਿਆਦਾ ਸਮਾਂ ਗੁਜ਼ਾਰਨ ਕਰਕੇ ਉਨ੍ਹਾਂ ਨੂੰ ਕਿਰਤ ਦੇ ਮਹੱਤਵ ਦਾ ਪਤਾ ਹੀ ਨਹੀਂ ਹੈ। ਆਓ, ਅਸੀਂ ਸਾਰੇ ਰਲ-ਮਿਲ ਕੇ ਹੰਭਲਾ ਮਾਰੀਏ ਅਤੇ ਪੰਜਾਬ ਵਿਚ ਇਕ ਨਰੋਏ ਕਿਰਤ ਸੱਭਿਆਚਾਰ ਨੂੰ ਪੈਦਾ ਕਰੀਏ ਅਤੇ ਕਿਰਤ ਦੇ ਸਨਮਾਨ ਨੂੰ ਮਜ਼ਬੂਤ ਬਣਾਈਏ ਅਤੇ ਪੰਜਾਬ ਅਤੇ ਦੇਸ਼ ਦੀ ਤਰੱਕੀ ਵਿਚ ਆਪਣਾ ਯੋਗਦਾਨ ਪਾਈਏ ਅਤੇ ਇਸ ਨੂੰ ਖੁਸ਼ਹਾਲ ਅਤੇ ਵਿਕਸਤ ਦੇਸ਼ਾਂ ਵਿਚ ਸ਼ੁਮਾਰ ਕਰੀਏ।

-ਪਿੰਡ ਬਰੌਂਗਾ ਜ਼ੇਰ, ਤਹਿ: ਅਮਲੋਹ (ਫਤਹਿਗੜ੍ਹ ਸਾਹਿਬ)। ਮੋਬਾ: 99141-42300

ਕੀ ਸੱਚਮੁੱਚ ਪੰਜਾਬ ਬਣ ਜਾਏਗਾ ਗੈਂਗਲੈਂਡ?

ਗੁਰੂਆਂ-ਪੀਰਾਂ ਦੀ ਧਰਤੀ ਪੰਜਾਬ ਅੰਦਰ ਅੱਜਕਲ੍ਹ ਹਰ ਰੋਜ਼ ਵੱਧਦੀਆਂ ਕਤਲਾਂ ਅਤੇ ਕੁੱਟ-ਮਾਰ ਦੀਆਂ ਵਾਰਦਾਤਾਂ ਨੇ ਪੰਜਾਬ ਦੇ ਮਾਹੌਲ ਨੂੰ ਬੁਰੀ ਤਰ੍ਹਾਂ ਖਰਾਬ ਕਰ ਦਿੱਤਾ ਹੈ। ਪੰਜਾਬ ਵਿਚ ਨੌਜਵਾਨ ਅੱਜਕਲ੍ਹ ਕਈ ਗਰੁੱਪਾਂ ਦੇ ਨਾਂਅ ਹੇਠ ਗੈਂਗਸਟਰ ਬਣ ਕੇ ਸਾਹਮਣੇ ਆ ਰਹੇ ਹਨ, ਜਿਨ੍ਹਾਂ ਨੂੰ ਪੁਲਿਸ, ਪ੍ਰਸ਼ਾਸਨ ਜਾਂ ਸਰਕਾਰਾਂ ਦਾ ਕਿਸੇ ਕਿਸਮ ਦਾ ਕੋਈ ਖੌਫ਼ ਨਹੀਂ ਹੈ। ਇਥੇ ਸਭ ਤੋਂ ਵੱਡੀ ਸੋਚਣ ਵਾਲੀ ਗੱਲ ਤਾਂ ਇਹ ਹੈ ਕਿ ਪੰਜਾਬ ਅੰਦਰ ਇਨ੍ਹਾਂ ਗੈਂਗਸਟਰਾਂ ਦੇ ਜਨਮ ਅਤੇ ਫੈਲਣ ਦਾ ਕਾਰਨ ਕੀ ਹੈ? ਕਿਉਂ ਆਏ ਦਿਨ ਦਹਿਸ਼ਤਗਰਦੀ ਦੁਆਰਾ ਇਹ ਲੋਕ ਪੰਜਾਬ ਦੇ ਮਾਹੌਲ ਨੂੰ ਖਰਾਬ ਕਰੀ ਜਾ ਰਹੇ ਹਨ? ਦੇਸ਼ ਵਿਚ ਪੁਲਿਸ ਕੋਲ ਪੈਸੇ ਅਤੇ ਸਿਫਾਰਸ਼ਾਂ ਵਾਲਿਆਂ ਦੀ ਸੁਣਵਾਈ ਹੁੰਦੀ ਹੈ ਅਤੇ ਇਹ ਮੰਗਾਂ ਨਾ ਪੂਰੀਆਂ ਕਰਨ ਵਾਲੇ ਧੜੇ ਨਾਲ ਧੱਕੇਸ਼ਾਹੀ ਹੁੰਦੀ ਹੈ, ਜਿਸ ਕਾਰਨ ਇਸ ਧੱਕੇਸ਼ਾਹੀ ਦੇ ਸ਼ਿਕਾਰ ਹੁੰਦੇ ਨੌਜਵਾਨ ਗ਼ਲਤ ਰਸਤੇ ਅਖ਼ਤਿਆਰ ਕਰਦੇ ਹੋਏ ਗੈਂਗਸਟਰ ਬਣ ਕੇ ਸਾਹਮਣੇ ਆ ਰਹੇ ਹਨ। ਗੈਂਗਸਟਰਾਂ ਦੇ ਜਨਮ ਦਾ ਦੂਜਾ ਕਾਰਨ ਬਹੁਤ ਸਾਰੇ ਵੱਡੇ ਘਰਾਂ ਦੇ ਕਾਕੇ ਆਪਣੇ ਨਾਂਅ ਦੀ ਦਹਿਸ਼ਤ ਫੈਲਾਉਣ ਲਈ ਘਟੀਆ ਕਾਰਵਾਈਆਂ ਕਰਦੇ ਹਨ।
ਅੱਜ ਪੰਜਾਬ ਦੇ ਵਸਨੀਕਾਂ ਦਾ ਵਿਸਵਾਸ ਪੰਜਾਬ ਦੀ ਪੁਲਿਸ ਅਤੇ ਪ੍ਰਸ਼ਾਸਨਿਕ ਢਾਂਚੇ ਤੋਂ ਉੱਠ ਚੁੱਕਾ ਹੈ ਜਿਸ ਕਾਰਨ ਬਹੁਤ ਸਾਰੇ ਲੋਕ ਚੰਗੇ-ਮਾੜੇ ਕੰਮਾਂ ਲਈ ਇਨ੍ਹਾਂ ਗੈਂਗਸਟਰਾਂ ਦਾ ਸਹਾਰਾ ਲੈਂਦੇ ਹਨ। ਇਨ੍ਹਾਂ ਗੈਂਗਸਟਰਾਂ ਦੀ ਪਹੁੰਚ ਅਤੇ ਦਹਿਸ਼ਤ ਦਾ ਇਕ ਸਬੂਤ ਇਹ ਹੈ ਕਿ ਜੇਲ੍ਹਾਂ ਵਿਚ ਬੈਠੇ ਹੋਣ ਦੇ ਬਾਵਜੂਦ ਵੀ ਇਹ ਸ਼ੋਸ਼ਲ ਮੀਡੀਆ ਉੱਤੇ ਸਰਗਰਮ ਰਹਿੰਦੇ ਹਨ ਅਤੇ ਆਪਣੇ ਚੰਗੇ-ਮਾੜੇ ਕੰਮਾਂ ਦੇ ਵੇਰਵੇ ਦਿੰਦੇ ਹਨ। ਹੁਣ ਇਸ ਦੇ ਲਈ ਕੌਣ ਜ਼ਿੰਮੇਵਾਰ ਹੈ? ਬਿਨਾਂ ਸ਼ੱਕ ਪੰਜਾਬ ਵਿਚ ਇਨ੍ਹਾਂ ਗੈਂਗਸਟਰਾਂ ਨੂੰ ਸਰਕਾਰਾਂ ਦੀ ਸ਼ਹਿ ਪ੍ਰਾਪਤ ਹੈ ਕਿਉਂਕਿ ਲੋੜ ਪੈਣ 'ਤੇ ਇਹ ਸਰਕਾਰਾਂ ਆਪਣੇ ਚੰਗੇ-ਮਾੜੇ ਕੰਮਾਂ ਲਈ ਇਨ੍ਹਾਂ ਗੈਂਗਸਟਰਾਂ ਨੂੰ ਵਰਤਦੀਆਂ ਹਨ। ਅੱਜ ਪੰਜਾਬ ਵਿਚ ਇਨ੍ਹਾਂ ਗੈਂਗਸਟਰਾਂ ਦੇ ਨਾਂਅ 'ਤੇ ਗਾਣੇ ਗਾਏ ਜਾ ਰਹੇ ਹਨ, ਇਨ੍ਹਾਂ ਦੀਆਂ ਕਾਰਵਾਈਆਂ ਦੀ ਪ੍ਰਸੰਸਾ ਕੀਤੀ ਜਾ ਰਹੀ ਹੈ ਅਤੇ ਲੋਕਾਂ ਦੁਆਰਾ ਇਹ ਗਾਣੇ ਬਹੁਤ ਪਸੰਦ ਵੀ ਕੀਤੇ ਜਾ ਰਹੇ ਹਨ।
ਪਰ ਹੁਣ ਇਥੇ ਸੋਚਣ ਵਾਲੀ ਗੱਲ ਇਹ ਹੈ ਕਿ ਜੇਕਰ ਪੰਜਾਬ ਦਾ ਇਹੋ ਮਾਹੌਲ ਰਿਹਾ ਤਾਂ ਕੀ ਸੱਚਮੁੱਚ ਪੰਜਾਬ ਗੈਂਗਲੈਂਡ ਬਣ ਜਾਵੇਗਾ? ਆਉਣ ਵਾਲੇ ਸਮੇਂ ਵਿਚ ਹੁਣ ਅਸੀਂ ਜੇਕਰ ਪੰਜਾਬ ਨੂੰ ਗੈਂਗਲੈਂਡ ਦੇ ਸਰਾਪ ਤੋਂ ਮੁਕਤ ਕਰਵਾਉਣਾ ਹੈ ਤਾਂ ਪੰਜਾਬ ਦੀ ਪੁਲਿਸ ਨੂੰ ਪਹਿਲ ਦੇ ਆਧਾਰ 'ਤੇ ਨਿਰਪੱਖ ਹੋ ਕੇ ਆਪਣੀ ਡਿਊਟੀ ਕਰਨੀ ਪਵੇਗੀ, ਲੋਕਾਂ ਦੇ ਮਨਾਂ ਵਿਚ ਪੁਲਿਸ ਪ੍ਰਤੀ ਵਿਸ਼ਵਾਸ ਪੈਦਾ ਕਰਨਾ ਪਵੇਗਾ, ਰਿਸ਼ਵਤਖੋਰੀ ਨੂੰ ਲਾਂਭੇ ਰੱਖਣਾ ਪਵੇਗਾ ਅਤੇ ਸਭ ਤੋਂ ਵੱਡੀ ਗੱਲ ਪੁਲਿਸ ਅਤੇ ਪ੍ਰਸ਼ਾਸਨ ਦੇ ਕੰਮਾਂ ਵਿਚ ਸਰਕਾਰੀ ਦਖਲਅੰਦਾਜ਼ੀ ਖ਼ਤਮ ਹੋਵੇ ਤਾਂ ਕਿ ਪੁਲਿਸ ਸਹੀ ਤਰੀਕੇ ਨਾਲ ਇਨਸਾਫ਼ ਕਰਨ ਦੇ ਕਾਬਿਲ ਹੋ ਸਕੇ। ਗੈਂਗਸਟਰ ਬਣਨ ਵਾਲੇ ਨੌਜਵਾਨ ਵੀ ਇਸ ਦਲਦਲ ਵਿਚੋਂ ਨਿਕਲਣ ਦੀ ਕੋਸ਼ਿਸ਼ ਕਰਨ, ਕਿਉਂਕਿ ਇਹ ਮੰਜ਼ਿਲ ਸਿਰਫ਼ ਮੌਤ ਵੱਲ ਜਾਂਦੀ ਹੈ। ਜੇਕਰ ਅਸੀਂ ਹਾਲੇ ਵੀ ਨਾ ਸਮਝੇ ਤਾਂ ਕੱਲ੍ਹ :
'ਰੱਖੜੀ ਵੀ ਰੋਵੇਗੀ ਤੇ ਅੰਮੜੀ ਵੀ ਰੋਵੇਗੀ,
ਸਿਵਿਆਂ ਨੂੰ ਜਾਂਦੀ ਬੁੱਢੀ ਚਮੜੀ ਵੀ ਰੋਵੇਗੀ।'

-ਮੋਬਾਈਲ : 98144-94984

ਵਿੱਦਿਆ ਦਾ ਵਪਾਰੀਕਰਨ

ਅੱਜਕਲ੍ਹ ਵਿੱਦਿਆ ਮੰਡੀਕਰਨ ਦੀ ਚੀਜ਼ ਬਣਦੀ ਜਾ ਰਹੀ ਹੈ। ਵਿੱਦਿਆ ਨੂੰ ਵਪਾਰ ਅਤੇ ਮੁਨਾਫ਼ਾ ਕਮਾਉਣ ਦਾ ਇਕ ਸਾਧਨ ਸਮਝਿਆ ਜਾਣ ਲੱਗਾ ਹੈ। ਅਜੋਕੇ ਸਮੇਂ ਦੇ ਸਕੂਲ, ਕਾਲਜ ਤੇ ਯੂਨੀਵਰਸਿਟੀਆਂ ਵਿੱਦਿਆ ਨੂੰ ਵਸਤੂ ਬਣਾ ਕੇ ਵੇਚ ਰਹੇ ਹਨ। ਖਰੀਦਦਾਰ ਲੋਕ ਇਸ ਨੂੰ ਆਪਣੇ ਭਵਿੱਖ ਦੀ ਆਰਥਿਕ ਸੁਰੱਖਿਆ ਦੀ ਛਤਰੀ ਸਮਝਦੇ ਹੋਏ ਇਸ ਨੂੰ ਖਰੀਦ ਰਹੇ ਹਨ, ਜਦਕਿ ਵਿੱਦਿਆ ਵੇਚੀ ਜਾਣ ਵਾਲੀ ਵਸਤੂ ਨਹੀਂ ਤੇ ਨਾ ਹੀ ਕੇਵਲ ਇਸ ਨੂੰ ਨੌਕਰੀ ਅਤੇ ਆਰਥਿਕ ਸੁਰੱਖਿਆ ਦਾ ਆਧਾਰ ਸਮਝਣਾ ਚਾਹੀਦਾ ਹੈ। ਵਿੱਦਿਆ ਮਨੁੱਖ ਦਾ ਮਾਨਸਿਕ, ਆਤਮਿਕ, ਨੈਤਿਕ ਤੇ ਸਮਾਜਿਕ ਵਿਕਾਸ ਕਰਨ ਵਾਲੀ ਚੀਜ਼ ਹੈ। ਇਹੋ ਕਾਰਨ ਹੈ ਕਿ ਵਿੱਦਿਆ ਨੂੰ ਮਨੁੱਖ ਦਾ ਤੀਜਾ ਨੇਤਰ ਕਿਹਾ ਜਾਂਦਾ ਹੈ। ਵਿੱਦਿਆ ਮਨੁੱਖ ਦੇ ਅੰਗ-ਸੰਗ ਰਹਿ ਕੇ ਉਸ ਦਾ ਉਪਕਾਰ ਕਰਦੀ ਹੈ। ਜਿਸ ਬਾਰੇ ਗੁਰਬਾਣੀ ਵਿਚ ਕਿਹਾ ਗਿਆ ਹੈ, 'ਵਿਦਿਆ ਵੀਚਾਰੀ ਤਾ ਪਰਉਪਕਾਰੀ।' ਸਮੁੱਚੇ ਰੂਪ ਵਿਚ ਵਿੱਦਿਆ ਦਾ ਉਪਦੇਸ਼ ਮਨੁੱਖ ਨੂੰ ਪਸ਼ੂ ਤੋਂ ਇਨਸਾਨ ਬਣਾ ਕੇ ਪਰਉਪਕਾਰ ਕਰਨਾ ਹੈ ਪਰ ਅਜਿਹਾ ਤਾਂ ਹੀ ਸੰਭਵ ਹੈ ਜੇਕਰ ਸਹੀ ਗਿਆਨ ਦੀ ਪ੍ਰਾਪਤੀ ਕੀਤੀ ਜਾਵੇ ਤੇ ਮਨੁੱਖ ਦਾ ਬਹੁਪੱਖੀ ਵਿਕਾਸ ਹੋ ਸਕੇ। ਕੋਈ ਸਮਾਂ ਸੀ ਵਿੱਦਿਆ ਦੇਣ ਨੂੰ ਪਰਉਪਕਾਰ ਸਮਝਿਆ ਜਾਂਦਾ ਸੀ ਤੇ ਵਿੱਦਿਆਦਾਤਾ ਨੂੰ 'ਗੁਰੂ' ਵਰਗੇ ਪਵਿੱਤਰ ਸ਼ਬਦ ਨਾਲ ਨਿਵਾਜਿਆ ਤੇ ਪੂਜਣਯੋਗ ਮੰਨਿਆ ਜਾਂਦਾ ਸੀ ਪਰ ਅੱਜ ਮਨੁੱਖੀ ਲਾਲਚੀ ਸੁਭਾਅ ਦੇ ਕਾਰਨ ਵਿੱਦਿਆ ਪਰਉਪਕਾਰ ਨਹੀਂ ਰਹੀ, ਸਗੋਂ ਮੰਡੀ ਤੇ ਮੁਨਾਫ਼ਾ ਕਮਾਉਣ ਦੀ ਵਸਤੂ ਬਣ ਚੁੱਕੀ ਹੈ। ਪਰ ਵਿੱਦਿਆ ਦੇ ਵਪਾਰੀਕਰਨ ਨਾਲ ਅਧਿਆਪਕਾਂ ਦਾ ਸ਼ਰ੍ਹੇਆਮ ਸ਼ੋਸ਼ਣ ਹੋ ਰਿਹਾ ਹੈ। ਵਿੱਦਿਆ ਦਾ ਮਿਆਰ ਦਿਨ-ਬਦਿਨ ਡਿਗ ਰਿਹਾ ਹੈ। ਇਸ ਕਰਕੇ ਵਿੱਦਿਆ ਦਾ ਵਪਾਰੀਕਰਨ ਰੋਕਣਾ ਚਾਹੀਦਾ ਹੈ ਅਤੇ ਇਸ ਨੂੰ ਨਿੱਜੀ ਮੁਨਾਫੇ ਲਈ ਵਰਤਣ ਦੀ ਥਾਂ ਸਮੁੱਚੀ ਮਨੁੱਖਤਾ ਦੇ ਲਾਭ ਤੇ ਵਿਕਾਸ ਲਈ ਵਰਤਣਾ ਚਾਹੀਦਾ ਹੈ।

-ਰਾਮਗੜ੍ਹ ਸਰਦਾਰਾਂ, ਤਹਿ: ਪਾਇਲ (ਲੁਧਿਆਣਾ)। ਮੋਬਾ: 95929-63950

ਮਿਲਾਵਟਖ਼ੋਰਾਂ ਨੂੰ ਨੱਥ ਪਾਉਣ ਲਈ ਸਖ਼ਤ ਕਾਨੂੰਨ ਦੀ ਲੋੜ

ਅੱਜ ਦੇ ਸਮੇਂ ਵਿਚ ਬਹੁਤ ਸਾਰੇ ਲੋਕ ਖਾਣ-ਪੀਣ ਅਤੇ ਹੋਰ ਸਵਾਦੀ ਚੀਜ਼ਾਂ ਦੇ ਸ਼ੌਕੀਨ ਹਨ। ਪਰ ਉਨ੍ਹਾਂ ਨੂੰ ਇਹ ਨਹੀਂ ਪਤਾ ਕਿ ਇਨ੍ਹਾਂ ਚੀਜ਼ਾਂ 'ਚ ਕਿੰਨੀ ਮਿਲਾਵਟ ਹੋਈ ਹੈ ਤੇ ਮਿਲਾਵਟ ਵਾਲੀਆਂ ਚੀਜ਼ਾਂ ਖਾਣ ਨਾਲ ਉਨ੍ਹਾਂ ਦੀ ਸਿਹਤ 'ਤੇ ਕੀ ਪ੍ਰਭਾਵ ਪੈ ਰਿਹਾ ਹੈ, ਉਹ ਇਸ ਗੱਲ ਤੋਂ ਅਣਜਾਣ ਹਨ। ਭਾਰਤ ਦੇਸ਼ 'ਚ ਖਾਣ-ਪੀਣ ਦੀਆਂ ਚੀਜ਼ਾਂ 'ਚ ਮਿਲਾਵਟ ਕਰਨ ਦਾ ਬਹੁਤ ਸਿਲਸਿਲਾ ਹੈ ਤੇ ਇਹ ਬੜੇ ਲੰਮੇ ਸਮੇਂ ਤੋਂ ਚਲਦਾ ਆ ਰਿਹਾ ਹੈ। ਜਿਵੇਂ ਕਿ ਆਪਾਂ ਦੇਖਦੇ ਹੀ ਹਾਂ ਕਿ ਕਿਸੇ ਵੀ ਚੀਜ਼ ਨੂੰ ਵੱਧ ਮਾਤਰਾ 'ਚ ਕਰਨ ਲਈ ਲੋਕ ਕਿਸੇ ਵੀ ਹੱਦ ਤੱਕ ਜਾ ਸਕਦੇ ਹਨ। ਉਨ੍ਹਾਂ ਨੂੰ ਸਿਰਫ ਜਲਦੀ ਅਮੀਰ ਹੋਣ ਦੀ ਲਾਲਸਾ ਹੈ ਤੇ ਉਹ ਅਮੀਰ ਹੋਣ ਦੀ ਜਲਦਬਾਜ਼ੀ 'ਚ ਕਿਸੇ ਦੀ ਸਿਹਤ ਨਾਲ ਕਿਸੇ ਵੀ ਤਰ੍ਹਾਂ ਦਾ ਖਿਲਵਾੜ ਕਰਨ ਲਈ ਤਿਆਰ ਹੋ ਸਕਦੇ ਹਨ। ਅੱਜ ਸਥਿਤੀ ਇਹ ਆ ਗਈ ਹੈ ਕਿ ਲੋਕ ਕਿਸੇ ਦੀ ਸਿਹਤ ਬਾਰੇ ਥੋੜ੍ਹਾ ਵੀ ਨਹੀਂ ਸੋਚਦੇ। ਭਾਰਤ ਦੇਸ਼ ਨੂੰ ਆਜ਼ਾਦ ਹੋਏ 70 ਸਾਲ ਹੋ ਗਏ ਹਨ ਪਰ ਅਜੇ ਵੀ ਭਾਰਤ ਵਾਸੀ ਬਹੁਤ ਸਾਰੀਆਂ ਸਹੂਲਤਾਂ ਨਾ ਮਿਲਣ ਕਰ ਕੇ ਪ੍ਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਹਨ। ਜੇਕਰ ਮਿਲਾਵਟੀ ਚੀਜ਼ਾਂ ਖਾ ਕੇ ਉਨ੍ਹਾਂ ਦੀ ਸਿਹਤ ਖਰਾਬ ਹੁੰਦੀ ਹੈ ਤਾਂ ਉਹ ਸਰਕਾਰੀ ਹਸਪਤਾਲਾਂ 'ਚ ਸਹੂਸਤਾਂ ਦੀ ਘਾਟ ਤੋਂ ਦੁਖੀ ਹੋ ਕੇ ਨਿੱਜੀ ਹਸਪਤਾਲਾਂ 'ਚ ਵੱਧ ਪੈਸੇ ਖਰਚ ਕੇ ਆਪਣਾ ਇਲਾਜ ਕਰਵਾਉਂਦੇ ਹਨ। ਇਸ ਲਈ ਸਰਕਾਰੀ ਹਸਪਤਾਲਾਂ ਵਿਚ ਵੀ ਨਿੱਜੀ ਹਸਪਤਾਲਾਂ ਦੀ ਤਰ੍ਹਾਂ ਪੂਰੀਆਂ ਤੇ ਵਧੀਆ ਸਹੂਲਤਾਂ ਹੋਣੀਆਂ ਚਾਹੀਦੀਆਂ ਹਨ ਅਤੇ ਸਰਕਾਰ ਨੂੰ ਕਿਸੇ ਵੀ ਚੀਜ਼ ਨੂੰ ਮਾਰਕੀਟ 'ਚ ਆਉਣ ਤੋਂ ਪਹਿਲਾਂ ਉਸ ਦਾ ਲੈਬੋਰਟਰੀ ਵਿਚ ਟੈਸਟ ਕਰਵਾਉਣਾ ਯਕੀਨੀ ਬਣਾਉਣਾ ਚਾਹੀਦਾ ਹੈ, ਤਾਂ ਜੋ ਪਤਾ ਲੱਗ ਸਕੇ ਕਿ ਕਿਸੇ ਚੀਜ਼ 'ਚ ਕਿੰਨੀ ਮਿਲਾਵਟ ਹੈ।
ਹੁਣ ਗੱਲ ਕਰੀਏ ਤਿਉਹਾਰਾਂ ਤੇ ਹੋਰ ਕਿਸੇ ਖਾਸ ਮੌਕੇ 'ਤੇ ਬਣਨ ਵਾਲੀ ਮਠਿਆਈ ਦੀ। ਜ਼ਿਆਦਾ ਮਾਤਰਾ 'ਚ ਜਲਦੀ ਬਣਨ ਵਾਲੀ ਮਠਿਆਈ 'ਚ ਇੰਨੀ ਕੁ ਜ਼ਿਆਦਾ ਮਿਲਾਵਟ ਕੀਤੀ ਹੁੰਦੀ ਹੈ ਕਿ ਉਹ ਜ਼ਹਿਰ ਖਾਣ ਦੇ ਬਰਾਬਰ ਹੁੰਦੀ ਹੈ। ਇਸ ਲਈ ਸਰਕਾਰ ਨੂੰ ਸਮੇਂ-ਸਮੇਂ 'ਤੇ ਤਿਉਹਾਰਾਂ ਦੇ ਮੌਕੇ 'ਤੇ ਵਿਸ਼ੇਸ਼ ਟੀਮਾਂ ਬਣਾ ਕੇ ਮਿਲਾਵਟੀ ਚੀਜ਼ਾਂ ਬਣਾਉਣ ਵਾਲੇ ਮਿਲਾਵਟਖੋਰਾਂ ਨੂੰ ਨੱਥ ਪਾਉਣੀ ਚਾਹੀਦੀ ਹੈ। ਇਸ ਤੋਂ ਬਾਅਦ ਘਰ ਵਿਚ ਵਰਤਣ ਵਾਲੀਆਂ ਸਬਜ਼ੀਆਂ ਤੇ ਹੋਰ ਫਲਾਂ ਵਿਚ ਸਪਰੇਆਂ ਤੇ ਟੀਕਿਆਂ ਨਾਲ ਬਹੁਤ ਸਾਰੀ ਮਿਲਾਵਟ ਕੀਤੀ ਹੁੰਦੀ ਹੈ। ਨੂੰ ਨਾ ਖਾਣ ਲਈ ਲੋਕਾਂ ਨੂੰ ਘਰਾਂ 'ਚ ਬੀਜੀਆਂ ਹੋਈਆਂ ਸਬਜ਼ੀਆਂ ਤੇ ਫਲ ਖਾਣ ਨੂੰ ਤਰਜੀਹ ਦੇਣੀ ਚਾਹੀਦੀ ਹੈ।
ਸਰਕਾਰ ਨੂੰ ਮਿਲਾਵਟੀ ਚੀਜ਼ਾਂ ਵੇਚਣ 'ਤੇ ਰੋਕ ਲਾਉਣ ਲਈ ਵਿਸ਼ੇਸ਼ ਕਦਮ ਉਠਾਉਣੇ ਚਾਹੀਦੇ ਹਨ ਪਰ ਸਰਕਾਰ ਦੇ ਵਿਸ਼ੇਸ ਕਦਮ ਉਦੋਂ ਹੀ ਵਧੀਆ ਸਾਬਤ ਹੋਣਗੇ ਤੇ ਕੰਮ ਕਰਨਗੇ, ਜਦੋਂ ਲੋਕ ਖੁਦ ਵੀ ਇਸ ਚੀਜ਼ ਨੂੰ ਆਪਣੇ-ਆਪ 'ਤੇ ਲਾਗੂ ਕਰਨਗੇ ਤੇ ਮਿਲਾਵਟਖੋਰ, ਚੀਜ਼ਾਂ 'ਚ ਮਿਲਾਵਟ ਕਰਨਾ ਬੰਦ ਕਰਨਗੇ ਤੇ ਕੀਮਤੀ ਮਨੁੱਖੀ ਜ਼ਿੰਦਗੀਆਂ ਬਾਰੇ ਸੋਚਣਗੇ।

-ਜ਼ਿਲ੍ਹਾ ਤਰਨ ਤਾਰਨ।

ਕੂੜੇ-ਕਰਕਟ ਦਾ ਢੇਰ ਬਣਦੇ ਜਾ ਰਹੇ ਸਾਡੇ ਪਿੰਡ ਤੇ ਸ਼ਹਿਰ

ਮਨੁੱਖੀ ਜ਼ਿੰਦਗੀ ਦੇ ਇਤਿਹਾਸ ਦੀ ਕਹਾਣੀ ਬਹੁਤ ਪੁਰਾਣੀ ਹੈ। 'ਮਨੁੱਖ ਦੀ ਜ਼ਿੰਦਗੀ ਦੀ ਉਤਪਤੀ ਤੇ ਵਿਕਾਸ' ਨਾਂਅ ਦੀ ਪੁਸਤਕ ਵਿਚ ਚਾਰਲਸ ਡਾਰਵਿਨ ਨੇ ਇਹ ਸਿੱਧ ਕੀਤਾ ਹੈ ਕਿ ਵਿਕਾਸ ਦੀਆਂ ਮੰਜ਼ਿਲਾਂ ਨੂੰ ਪਾਰ ਕਰਦਾ ਹੋਇਆ ਹੀ ਮਨੁੱਖ ਆਧੁਨਿਕਤਾ ਦੇ ਦੌਰ ਵਿਚ ਪਹੁੰਚਿਆ ਹੈ। ਮਨੁੱਖੀ ਦਾਸਤਾਨ ਦੇ ਸਫ਼ਰ ਦੌਰਾਨ ਹੀ ਜੰਗਲੀ ਮਨੁੱਖ ਵਣਮਾਨਸ ਤੋਂ ਅੱਜ 21ਵੀਂ ਸਦੀ ਦੇ ਵਿਗਿਆਨਕ ਯੁੱਗ ਵਿਚ ਪਹੁੰਚਿਆ ਹੈ। ਇਹ ਵੀ ਸਿੱਧ ਹੋ ਚੁੱਕਾ ਹੈ ਕਿ ਅੱਜ ਤੋਂ ਪੰਜ ਹਜ਼ਾਰ ਸਾਲ ਪੁਰਾਣੀ 'ਸਿੰਧ ਘਾਟੀ ਦੀ ਸੱਭਿਅਤਾ' ਦਾ ਮਨੁੱਖ ਸਫ਼ਾਈ ਦਾ ਬਹੁਤ ਖਿਆਲ ਰੱਖਦਾ ਸੀ। ਉਨ੍ਹਾਂ ਦੇ ਗੁਸਲਖਾਨੇ ਸਾਫ਼-ਸੁਥਰੇ ਸਨ ਅਤੇ ਭਵਨ ਨਿਰਮਾਣ ਕਲਾ ਉੱਚਕੋਟੀ ਦੀ ਸੀ। ਸਿੰਧ ਘਾਟੀ ਦਾ ਮਨੁੱਖ ਉਦੋਂ ਇਹ ਵੀ ਜਾਣਦਾ ਸੀ ਕਿ ਮੱਝਾਂ, ਗਾਵਾਂ ਅਤੇ ਬੱਕਰੀਆਂ ਦਾ ਦੁੱਧ ਗੁਣਕਾਰੀ ਹੁੰਦਾ ਹੈ, ਇਸ ਲਈ ਉਸ ਨੇ ਇਹ ਪਾਲਤੂ ਪਸ਼ੂ ਪਾਲ ਰੱਖੇ ਸਨ। ਇਹ ਸੱਭਿਅਤਾ ਵੀ ਮਨੁੱਖੀ ਵਿਕਾਸ ਅਤੇ ਵਿਰਾਸਤ ਦੀ ਕਹਾਣੀ ਬਿਆਨ ਕਰਦੀ ਹੈ।
ਅੱਜ 21ਵੀਂ ਸਦੀ ਦੇ ਵਿਗਿਆਨਕ ਯੁੱਗ ਦਾ ਇਨਸਾਨ ਪ੍ਰਦੂਸ਼ਿਤ ਵਾਤਾਵਰਨ ਵਿਚ ਜ਼ਿੰਦਗੀ ਦੇ ਦਿਨ ਕੱਟ ਰਿਹਾ ਹੈ। ਕੋਠੀਆਂ ਅਤੇ ਕਾਰਾਂ ਦੀ ਦੁਨੀਆ ਵਿਚ ਰਹਿਣ ਵਾਲਾ ਮਨੁੱਖ ਆਪਣਾ ਆਲਾ-ਦੁਆਲਾ ਭੁੱਲ ਗਿਆ ਹੈ। ਕੋਠੀਆਂ ਦੇ ਮਾਰਬਲ ਦੀ ਚਮਕ ਨੇ ਉਸ ਨੂੰ ਸਵਾਰਥੀ ਬਣਾ ਦਿੱਤਾ ਹੈ। ਇਸ ਲਈ ਉਹ ਕੇਵਲ ਆਪਣੇ ਬਾਰੇ ਹੀ ਸੋਚਦਾ ਹੈ। ਕੁਦਰਤ ਨਾਲ ਛੇੜਛਾੜ ਉਸ ਨੂੰ ਮਹਿੰਗੀ ਪੈ ਰਹੀ ਹੈ। ਉਸ ਦਾ ਦਮ ਘੁੱਟਣ ਲੱਗਿਆ ਹੈ। ਸ਼ੋਹਰਤ ਤੇ ਬੇਸ਼ੁਮਾਰ ਧਨ ਵੀ ਉਸ ਨੂੰ ਬਚਾ ਨਹੀਂ ਰਿਹਾ ਹੈ। ਵਾਤਾਵਰਨ ਵਿਚ ਪੈਦਾ ਹੋ ਰਹੀਆਂ ਅਨੇਕ ਭਿਆਨਕ ਬਿਮਾਰੀਆਂ ਉਸ ਦੀ ਖੁਦ ਦੀ ਹੀ ਪੈਦਾਵਾਰ ਹਨ। ਅੱਜ ਮੇਰੇ ਰੰਗਲੇ ਪੰਜਾਬ ਦੇ ਪਿੰਡ, ਕਸਬੇ ਅਤੇ ਸ਼ਹਿਰਾਂ ਦੇ ਚੁਰਸਤੇ ਗੰਦਗੀ ਦਾ ਢੇਰ ਬਣੇ ਹੋਏ ਹਨ। ਥਾਂ-ਥਾਂ 'ਤੇ ਕੂੜੇ-ਕਰਕਟ ਦੇ ਅੰਬਰ ਦੇਖੇ ਜਾ ਸਕਦੇ ਹਨ, ਜੋ ਮਨੁੱਖੀ ਸੱਭਿਅਤਾ ਦੇ ਵਿਕਾਸ ਦੀ ਕਹਾਣੀ ਦਾ ਮਜ਼ਾਕ ਉਡਾ ਰਹੇ ਹਨ। ਇਹ ਕੂੜੇ-ਕਰਕਟ ਦੇ ਗੰਦੇ ਢੇਰ ਅਨੇਕ ਭਿਆਨਕ ਬਿਮਾਰੀਆਂ ਨੂੰ ਸੱਦਾ ਦੇ ਰਹੇ ਹਨ ਅਤੇ ਅਸੀਂ ਸੱਭਿਅਕ ਲੋਕ ਮੂਕ ਦਰਸ਼ਕ ਬਣ ਕੇ ਤਮਾਸ਼ਾ ਦੇਖ ਰਹੇ ਹਾਂ।
ਅਸੀਂ ਹਮੇਸ਼ਾ ਇਨ੍ਹਾਂ ਗੰਦਗੀ ਦੇ ਢੇਰਾਂ ਤੋਂ ਨੱਕ ਢਕ ਕੇ ਬੰਦਬੂ ਤੋਂ ਬਚਣ ਲਈ ਲੰਘ ਜਾਂਦੇ ਹਾਂ ਪਰ ਇਹ ਕਦੇ ਨਹੀਂ ਸੋਚਦੇ ਕਿ ਇਹ ਕੂੜਾ-ਕਰਕਟ ਅਤੇ ਗੰਦਗੀ ਸਾਡੀ ਜ਼ਿੰਦਗੀ ਨੂੰ ਨਰਕ ਬਣਾ ਰਿਹਾ ਹੈ। ਸਾਡੀ ਸਰਕਾਰ, ਸਾਡਾ ਪ੍ਰਸ਼ਾਸਨ, ਨਗਰ ਨਿਗਮਾਂ ਅਤੇ ਪਿੰਡਾਂ ਦੀਆਂ ਪੰਚਾਇਤਾਂ ਵਲੋਂ ਇਸ ਗੰਦਗੀ ਨੂੰ ਖ਼ਤਮ ਕਰਨ ਦਾ ਕੋਈ ਵੀ ਉਪਰਾਲਾ ਨਹੀਂ ਕੀਤਾ ਜਾ ਰਿਹਾ। ਪਰ ਇਸ ਦੇ ਉਲਟ ਅਸੀਂ ਇਨ੍ਹਾਂ ਸੰਸਥਾਵਾਂ ਦੀਆਂ ਅਹੁਦੇਦਾਰੀਆਂ ਸਾਂਭਣ ਲਈ ਹਮੇਸ਼ਾ ਹੀ ਵੋਟਾਂ ਦੇ ਜੋੜ-ਤੋੜ ਕਰਦੇ ਰਹਿੰਦੇ ਹਾਂ। ਇਨ੍ਹਾਂ ਅਹੁਦੇਦਾਰਾਂ ਲਈ ਪੈਸਾ ਹੀ ਰੱਬ ਬਣ ਚੁੱਕਾ ਹੈ। ਸਾਡੇ ਸਿਆਸੀ ਨੇਤਾ ਜਦੋਂ ਵਿਦੇਸ਼ੀ ਦੌਰਿਆਂ 'ਤੇ ਜਾਂਦੇ ਹਨ ਤਾਂ ਵਾਪਸ ਆ ਕੇ ਇਨ੍ਹਾਂ ਗੰਦਗੀ ਦੇ ਢੇਰਾਂ ਤੋਂ ਬਿਜਲੀ ਪੈਦਾ ਕਰਨ ਦੇ ਪ੍ਰਾਜੈਕਟ ਲਗਾਉਣ ਦੀਆਂ ਗੱਲਾਂ ਕਰਦੇ ਹਨ ਪਰ ਮੇਰੀ ਨਜ਼ਰ ਵਿਚ ਸਾਰੇ ਪੰਜਾਬ ਵਿਚ ਅਜੇ ਤੱਕ ਇਸ ਤਰ੍ਹਾਂ ਦਾ ਕੋਈ ਵੀ ਪ੍ਰਾਜੈਕਟ ਨਹੀਂ, ਜੋ ਕੂੜੇ ਦੇ ਢੇਰਾਂ ਤੋਂ ਬਿਜਲੀ ਬਣਾ ਸਕੇ। ਨੇਤਾਵਾਂ, ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਨਗਰ ਨਿਗਮਾਂ ਤੇ ਪੰਚਾਇਤਾਂ ਦੇ ਪ੍ਰਬੰਧਕਾਂ ਨੂੰ ਨਿਮਰਤਾ ਸਹਿਤ ਬੇਨਤੀ ਕਰਦਾ ਹਾਂ ਕਿ ਚੋਣਾਂ ਤੋਂ ਵਿਹਲੇ ਹੋ ਕੇ ਇਸ ਮਸਲੇ ਵੱਲ ਵੀ ਥੋੜ੍ਹਾ ਧਿਆਨ ਦਿੱਤਾ ਜਾਵੇ, ਤਾਂ ਜੋ ਮਨੁੱਖੀ ਸੱਭਿਅਤਾ ਦੇ ਇਤਿਹਾਸ ਦੀ ਇਕ ਮੰਜ਼ਿਲ ਹੋਰ ਸਰ ਕੀਤੀ ਜਾ ਸਕੇ।

-ਪਿੰਡ ਤੇ ਡਾਕ: ਕੋਟਲੀ ਖਾਸ, ਤਹਿ: ਮੁਕੇਰੀਆਂ (ਹੁਸ਼ਿਆਰਪੁਰ)। ਮੋਬਾ: 94653-69343


Fatal error: in /home/ajitjala/public_html/beta/Connections/ajitepaper.php on line 9