ਤਾਜਾ ਖ਼ਬਰਾਂ


ਆਈ.ਪੀ.ਐਲ 2019 : ਬੰਗਲੌਰ ਨੇ ਪੰਜਾਬ ਨੂੰ 17 ਦੌੜਾਂ ਨਾਲ ਹਰਾਇਆ
. . .  1 day ago
ਲੜਕੀ ਨੂੰ ਅਗਵਾ ਕਰ ਸਾੜ ਕੇ ਮਾਰਿਆ, ਪੁਲਿਸ ਵੱਲੋਂ 2 ਲੜਕੇ ਕਾਬੂ
. . .  1 day ago
ਸ਼ੁਤਰਾਣਾ, 24 ਅਪ੍ਰੈਲ (ਬਲਦੇਵ ਸਿੰਘ ਮਹਿਰੋਕ)-ਪਟਿਆਲਾ ਜ਼ਿਲ੍ਹੇ ਦੇ ਪਿੰਡ ਗੁਲਾਹੜ ਵਿਖੇ ਇਕ ਨਾਬਾਲਗ ਲੜਕੀ ਨੂੰ ਪਿੰਡ ਦੇ ਹੀ ਕੁੱਝ ਲੜਕਿਆਂ ਵੱਲੋਂ ਅਗਵਾ ਕਰਕੇ ਉਸ ਨੂੰ ਅੱਗ ਲਗਾ ਕੇ ਸਾੜ ਕੇ ਮਾਰ ਦਿੱਤਾ ਗਿਆ ਹੈ। ਪੁਲਿਸ ...
ਆਈ.ਪੀ.ਐਲ 2019 : ਬੰਗਲੌਰ ਨੇ ਪੰਜਾਬ ਨੂੰ 203 ਦੌੜਾਂ ਦਾ ਦਿੱਤਾ ਟੀਚਾ
. . .  1 day ago
29 ਨੂੰ ਕਰਵਾਉਣਗੇ ਕੈਪਟਨ ਸ਼ੇਰ ਸਿੰਘ ਘੁਬਾਇਆ ਦੇ ਕਾਗ਼ਜ਼ ਦਾਖਲ
. . .  1 day ago
ਜਲਾਲਾਬਾਦ ,24 ਅਪ੍ਰੈਲ (ਹਰਪ੍ਰੀਤ ਸਿੰਘ ਪਰੂਥੀ ) - ਲੋਕ ਸਭਾ ਹਲਕਾ ਫ਼ਿਰੋਜ਼ਪੁਰ ਤੋਂ ਕਾਂਗਰਸ ਦੇ ਉਮੀਦਵਾਰ ਸ਼ੇਰ ਸਿੰਘ ਘੁਬਾਇਆ ਦੇ ਨਾਮਜ਼ਦਗੀ ਪੱਤਰ ਭਰਵਾਉਣ ਲਈ ਮੁੱਖ ਮੰਤਰੀ ਕੈਪਟਨ ...
ਆਈ.ਪੀ.ਐਲ 2019 : ਟਾਸ ਜਿੱਤ ਕੇ ਪੰਜਾਬ ਵੱਲੋਂ ਬੈਂਗਲੌਰ ਨੂੰ ਪਹਿਲਾ ਬੱਲੇਬਾਜ਼ੀ ਦਾ ਸੱਦਾ
. . .  1 day ago
ਕਾਰ ਵੱਲੋਂ ਟੱਕਰ ਮਾਰੇ ਜਾਣ ਕਾਰਨ ਐਕਟਿਵਾ ਸਵਾਰ ਲੜਕੀ ਦੀ ਮੌਤ
. . .  1 day ago
ਗੜ੍ਹਸ਼ੰਕਰ, 24 ਅਪ੍ਰੈਲ (ਧਾਲੀਵਾਲ) - ਗੜੰਸ਼ਕਰ-ਹੁਸ਼ਿਆਰਪੁਰ ਰੋਡ 'ਤੇ ਪਿੰਡ ਖਾਬੜਾ ਮੋੜ 'ਤੇ ਇੱਕ ਕਾਰ ਵੱਲੋਂ ਐਕਟਿਵਾ ਤੇ ਬੁਲਟ ਨੂੰ ਟੱਕਰ ਮਾਰੇ ਜਾਣ 'ਤੇ ਐਕਟਿਵਾ ਸਵਾਰ...
ਮਦਰਾਸ ਹਾਈਕੋਰਟ ਦੀ ਮਦੁਰਈ ਬੈਂਚ ਨੇ ਟਿਕਟਾਕ 'ਤੇ ਰੋਕ ਹਟਾਈ
. . .  1 day ago
ਚੇਨਈ, 24 ਅਪ੍ਰੈਲ - ਮਦਰਾਸ ਹਾਈਕੋਰਟ ਦੀ ਮਦੁਰਈ ਬੈਂਚ ਨੇ ਟਿਕਟਾਕ ਵੀਡੀਓ ਐਪ 'ਤੇ ਲੱਗੀ ਰੋਕ ਹਟਾ ਦਿੱਤੀ...
ਅੱਗ ਨਾਲ 100 ਤੋਂ 150 ਏਕੜ ਕਣਕ ਸੜ ਕੇ ਸੁਆਹ
. . .  1 day ago
ਗੁਰੂਹਰਸਹਾਏ, ੨੪ ਅਪ੍ਰੈਲ - ਨੇੜਲੇ ਪਿੰਡ ਸਰੂਪੇ ਵਾਲਾ ਵਿਖੇ ਤੇਜ ਹਵਾਵਾਂ ਦੇ ਚੱਲਦਿਆਂ ਬਿਜਲੀ ਦੀਆਂ ਤਾਰਾਂ ਸਪਾਰਕ ਹੋਣ ਕਾਰਨ ਲੱਗੀ ਅੱਗ ਵਿਚ 100 ਤੋਂ 150 ਏਕੜ ਕਣਕ...
ਜ਼ਬਰਦਸਤ ਹਨੇਰੀ ਤੂਫ਼ਾਨ ਨੇ ਕਿਸਾਨਾਂ ਨੂੰ ਪਾਇਆ ਚਿੰਤਾ 'ਚ
. . .  1 day ago
ਬੰਗਾ, 24 ਅਪ੍ਰੈਲ (ਜਸਬੀਰ ਸਿੰਘ ਨੂਰਪੁਰ) - ਵੱਖ ਵੱਖ ਇਲਾਕਿਆਂ 'ਚ ਚੱਲ ਰਹੀ ਤੇਜ ਹਨੇਰੀ ਅਤੇ ਝਖੜ ਨੇ ਕਿਸਾਨਾਂ ਨੂੰ ਚਿੰਤਾ 'ਚ ਪਾ ਦਿੱਤਾ ਹੈ। ਹਨੇਰੀ ਕਾਰਨ ਆਵਾਜ਼ਾਈ...
ਸੁਖਬੀਰ ਬਾਦਲ 26 ਨੂੰ ਦਾਖਲ ਕਰਨਗੇ ਨਾਮਜ਼ਦਗੀ
. . .  1 day ago
ਮਮਦੋਟ 24 ਅਪ੍ਰੈਲ (ਸੁਖਦੇਵ ਸਿੰਘ ਸੰਗਮ) - ਲੋਕ ਸਭਾ ਹਲਕਾ ਫ਼ਿਰੋਜ਼ਪੁਰ ਤੋਂ ਅਕਾਲੀ-ਭਾਜਪਾ ਗਠਜੋੜ ਦੇ ਉਮੀਦਵਾਰ ਸੁਖਬੀਰ ਸਿੰਘ ਬਾਦਲ 26 ਅਪ੍ਰੈਲ ਨੂੰ ਆਪਣੇ ਨਾਮਜ਼ਦਗੀ...
ਹੋਰ ਖ਼ਬਰਾਂ..

ਧਰਮ ਤੇ ਵਿਰਸਾ

ਸਿੱਖ ਰਾਜ ਦਾ ਅੰਤ

ਚੰਗੇ ਸਮਿਆਂ ਵਿਚ ਇਕ ਡਰਾਉਣਾ ਸੁਪਨਾ
'ਇਸ ਲਾਲ ਰੰਗ ਦਾ ਕੀ ਮਤਲਬ ਹੈ?' ਮਹਾਰਾਜਾ ਰਣਜੀਤ ਸਿੰਘ ਨੇ ਇਕ ਅੰਗਰੇਜ਼ ਨਕਸ਼ਾ ਨਵੀਸ ਤੋਂ ਪੁੱਛਿਆ, ਜੋ ਉਸ ਨੂੰ ਹਿੰਦੁਸਤਾਨ ਦਾ ਨਕਸ਼ਾ ਦਿਖਾ ਰਿਹਾ ਸੀ।
'ਜਹਾਂ ਪਨਾਂਹ, ਲਾਲ ਰੰਗ ਉਸ ਇਲਾਕੇ ਨੂੰ ਦਰਸਾਉਂਦਾ ਹੈ, ਜਿਥੇ ਅੰਗਰੇਜ਼ਾਂ ਦਾ ਰਾਜ ਹੈ।'
ਮਹਾਰਾਜਾ ਨੇ ਸਾਰੇ ਨਕਸ਼ੇ ਨੂੰ ਆਪਣੀ ਇਕੋ ਅੱਖ ਵਰਤ ਕੇ ਧਿਆਨ ਨਾਲ ਦੇਖਿਆ ਤੇ ਜਾਣਿਆ ਕਿ ਸਿਰਫ ਪੰਜਾਬ ਨੂੰ ਛੱਡ ਕੇ ਬਾਕੀ ਸਾਰਾ ਹਿੰਦੁਸਤਾਨ ਲਾਲ ਹੋਇਆ ਪਿਆ ਹੈ। ਉਹ ਕੁਝ ਦੇਰ ਰੁਕ ਕੇ ਸੋਚਦਾ ਰਿਹਾ ਤੇ ਫਿਰ ਦਰਬਾਰੀਆਂ ਵੱਲ ਮੂੰਹ ਕਰਕੇ ਕਿਹਾ ਕਿ 'ਇਕ ਦਿਨ ਇਹ ਸਭ ਲਾਲ ਹੋ ਜਾਣਾ ਹੈ।'
ਨਕਸ਼ੇ ਦੀ ਕਹਾਣੀ, ਮਹਾਰਾਜਾ ਰਣਜੀਤ ਸਿੰਘ ਨਾਲ ਜੁੜਦੀਆਂ ਸਾਰੀਆਂ ਕਹਾਣੀਆਂ ਦੀ ਤਰ੍ਹਾਂ, ਉਸ ਦੀ ਦੂਰ-ਦ੍ਰਿਸ਼ਟੀ ਦਰਸਾਉਂਦੀ ਸੀ। ਪਰ ਜਿਥੋਂ ਤੱਕ ਅੰਗਰੇਜ਼ਾਂ ਦਾ ਸਵਾਲ ਹੈ, ਇਨ੍ਹਾਂ ਦੀ ਮਨਸ਼ਾ ਦਾ ਅੰਦਾਜ਼ਾ ਲਗਾਉਣ ਵਾਸਤੇ ਕਿਸੇ ਮਾਹਿਰ ਜੋਤਸ਼ੀ ਦੀ ਲੋੜ ਨਹੀਂ ਸੀ। ਹਰ ਕੋਈ ਜਾਣਦਾ ਸੀ ਕਿ ਇਕ ਨਾ ਇਕ ਦਿਨ ਅੰਗਰੇਜ਼ ਸਾਰੇ ਹਿੰਦੁਸਤਾਨ 'ਤੇ ਆਪਣਾ ਕਬਜ਼ਾ ਕਰ ਹੀ ਲੈਣਗੇ, ਜੇ ਹੋ ਸਕਿਆ ਤਾਂ ਇਸ ਤੋਂ ਵੀ ਅੱਗੇ ਤੱਕ ਜਾ ਕੇ। 40 ਸਾਲ ਤੱਕ ਮਹਾਰਾਜਾ ਰਣਜੀਤ ਸਿੰਘ ਪੰਜਾਬ ਦਾ ਹਾਕਮ ਸੀ, ਉਸ ਨੇ ਦੇਖਿਆ ਕਿ ਅੰਗਰੇਜ਼ਾਂ ਨੇ ਹਿੰਦੁਸਤਾਨ ਦੀਆਂ ਸਾਰੀਆਂ ਰਿਆਸਤਾਂ ਉੱਪਰ ਕਬਜ਼ਾ ਕਰ ਲਿਆ ਹੈ। ਬੰਗਾਲ ਤੇ ਅਵਧ ਦੇ ਨਵਾਬ, ਰਾਜਪੂਤ, ਰੋਹਿਲਾ, ਜਾਟ ਤੇ ਗੋਰਖਾ ਵਰਗੀਆਂ ਮਜ਼ਬੂਤ ਹਿੰਦੁਸਤਾਨੀ ਤਾਕਤਾਂ ਖ਼ਤਮ ਹੋ ਚੁੱਕੀਆਂ ਸਨ। ਸਭ ਤੋਂ ਵੱਡੀ ਤਾਕਤ ਮਰਹੱਟਾ ਵੀ ਖ਼ਤਮ ਹੋ ਚੁੱਕੀ ਸੀ, ਜਿਸ ਤੋਂ ਮੁਗ਼ਲ ਬਾਦਸ਼ਾਹਾਂ ਦੇ ਨਾਲ ਹੀ ਅੰਗਰੇਜ਼ਾਂ ਨੇ ਦਿੱਲੀ ਹਾਸਲ ਕੀਤੀ ਸੀ। ਹਿੰਦੁਸਤਾਨ ਵਿਚ ਇਕੋ-ਇਕ ਆਜ਼ਾਦ ਬਾਦਸ਼ਾਹੀ ਪੰਜਾਬ ਦੀ ਬਾਦਸ਼ਾਹੀ ਸੀ, ਲਾਹੌਰ ਦਰਬਾਰ।
ਅੰਗਰੇਜ਼ਾਂ ਨੇ ਆਪਣਾ ਇਹ ਇਰਾਦਾ ਕਦੇ ਪਰਦੇ ਵਿਚ ਨਹੀਂ ਰੱਖਿਆ। ਉਹ 1809 ਵਿਚ ਹੀ ਆਪਣੀ ਸਰਹੱਦ ਨੂੰ ਜਮਨਾ ਤੋਂ ਸਤਲੁਜ ਦਰਿਆ ਤੱਕ ਲੈ ਗਏ ਸਨ ਤੇ ਮਾਲਵੇ ਦੇ ਸਭ ਸਿੱਖ ਰਾਜਿਆਂ ਨੂੰ ਆਪਣੀ ਸੁਰੱਖਿਆ ਹੇਠ ਲੈ ਆਂਦਾ ਸੀ। ਜਮਨਾ ਨੂੰ ਅੰਗਰੇਜ਼ੀ ਰਾਜ ਦੀ ਪੱਛਮੀ ਹੱਦ ਮੰਨਣ ਦੇ ਪਹਿਲੇ ਫੈਸਲੇ ਦੇ ਮੁਕਾਬਲੇ ਇਹ ਉਨ੍ਹਾਂ ਦਾ ਅਗਲੇ ਹਮਲਿਆਂ ਦੀ ਯੋਜਨਾ ਦਾ ਹਿੱਸਾ ਸੀ। ਇਸ ਵਿਚ ਇਸ ਗੱਲ ਦੀ ਪ੍ਰਵਾਹ ਨਹੀਂ ਕੀਤੀ ਗਈ ਕਿ ਮਹਾਰਾਜਾ ਰਣਜੀਤ ਸਿੰਘ ਮਾਲਵੇ ਦੇ ਬਹੁਤ ਇਲਾਕਿਆਂ ਉੱਪਰ ਆਪਣਾ ਅਸਰ ਰੱਖਦਾ ਹੈ ਤੇ ਇਨ੍ਹਾਂ ਸਿੱਖ ਰਿਆਸਤਾਂ ਉੱਪਰ ਆਪਣਾ ਕਾਬੂ ਜਮਾ ਰਿਹਾ ਹੈ। ਮਹਾਰਾਜਾ ਰਣਜੀਤ ਸਿੰਘ ਅੰਗਰੇਜ਼ਾਂ ਦੇ ਇਸ ਦਖਲ ਨੂੰ ਰੋਕਣ ਦੀ ਕੋਸ਼ਿਸ਼ ਕਰਦਾ ਰਿਹਾ ਪਰ ਛੇਤੀ ਅਹਿਸਾਸ ਕਰ ਲਿਆ ਕਿ ਅੰਗਰੇਜ਼ਾਂ ਤੇ ਉਨ੍ਹਾਂ ਦੇ ਹਿੰਦੁਸਤਾਨੀ ਸਾਥੀਆਂ ਦੀ ਤਾਕਤ ਉਸ ਨਾਲੋਂ ਕਾਫੀ ਜ਼ਿਆਦਾ ਹੈ। ਉਸ ਨੇ ਸਬਰ ਦਾ ਘੁੱਟ ਭਰ ਲਿਆ ਤੇ ਮਾਲਵਾ ਛੱਡ ਦੇਣ ਦੇ ਦਸਤਖਤ ਕਰ ਦਿੱਤੇ।
ਵਾਰ-ਵਾਰ ਅੰਗਰੇਜ਼ ਉਸ ਨੂੰ ਲੜਾਈ ਵਾਸਤੇ ਉਕਸਾਉਂਦੇ ਰਹੇ ਤੇ ਵਾਰ-ਵਾਰ ਉਹ ਵੀ ਲੜਾਈ ਦੀਆਂ ਗੱਲਾਂ ਕਰਦਾ ਰਿਹਾ ਪਰ ਅਖੀਰ ਅੰਗਰੇਜ਼ਾਂ ਦੀਆਂ ਸ਼ਰਤਾਂ ਮੰਨ ਲੈਂਦਾ ਰਿਹਾ। ਉਨ੍ਹਾਂ ਨੇ ਰਣਜੀਤ ਸਿੰਘ ਦਾ ਦੱਖਣ ਵਾਲੇ ਪਾਸੇ ਸਿੰਧ ਅਤੇ ਅਰਬ ਸਾਗਰ ਤੱਕ ਪਹੁੰਚਣ ਦਾ ਰਸਤਾ ਬੰਦ ਕਰ ਦਿੱਤਾ। ਅੰਗਰੇਜ਼ ਅਫ਼ਗਾਨਿਸਤਾਨ ਦੇ ਮਾਮਲਿਆਂ ਵਿਚ ਲਗਾਤਾਰ ਦਖਲ ਦਿੰਦੇ ਰਹੇ ਤੇ ਉਸ ਵਿਚ ਮਹਾਰਾਜਾ ਰਣਜੀਤ ਸਿੰਘ ਨੂੰ ਵੀ ਸ਼ਾਮਿਲ ਕਰਦੇ ਰਹੇ। ਇਸ ਤਰ੍ਹਾਂ ਅੰਗਰੇਜ਼ਾਂ ਨੇ ਕਾਬਲ ਉੱਪਰ ਆਪਣਾ ਕਠਪੁਤਲੀ ਬਾਦਸ਼ਾਹ ਸ਼ਾਹ ਸ਼ੁਜ਼ਾ ਨੂੰ ਤਖ਼ਤ ਉੱਪਰ ਬਿਠਾ ਦਿੱਤਾ। ਇਸ ਤੋਂ ਬਾਅਦ ਅੰਗਰੇਜ਼ਾਂ ਨੇ ਮਹਾਰਾਜਾ ਰਣਜੀਤ ਸਿੰਘ ਉੱਪਰ ਲਾਹੌਰ ਅੰਦਰ ਬ੍ਰਿਟਿਸ਼ ਰੈਜ਼ੀਡੈਂਸੀ ਰੱਖਣ ਦੀ ਮੰਗ ਰੱਖੀ, ਜਿਸ ਨੂੰ ਮਹਾਰਾਜਾ ਸਿਰੇ ਤੋਂ ਇਨਕਾਰ ਕਰ ਦਿੰਦਾ ਰਿਹਾ ਪਰ ਉਸ ਨੂੰ ਪਤਾ ਸੀ ਕਿ ਇਹ ਸਿਰਫ ਵਕਤ ਦੀ ਹੀ ਗੱਲ ਹੈ।
ਅੰਗਰੇਜ਼ਾਂ ਨੂੰ ਦੂਰ ਰੱਖਣ ਦੀ ਖਾਤਰ ਮਹਾਰਾਜਾ ਨੇ ਆਪਣੀ ਫੌਜ ਨੂੰ ਵੱਡੀ ਬਣਾਉਣ ਤੇ ਆਧੁਨਿਕ ਬਣਾਉਣ ਦਾ ਫੈਸਲਾ ਕੀਤਾ। ਸੰਨ 1822 ਤੋਂ ਬਾਅਦ ਉਸ ਦੀ ਫੌਜ ਵਿਚ ਯੂਰਪੀਨ ਅਫਸਰ ਜਿਵੇਂ ਕਿ ਫਰਾਂਸੀਸੀ, ਇਟਾਲੀਅਨ, ਗਰੀਕ, ਸਪੇਨਿਸ਼ ਇਥੋਂ ਤੱਕ ਕਿ ਕੁਝ ਅੰਗਰੇਜ਼ ਤੇ ਪੂਰਬੀ ਯੂਰਪ ਦੇ ਲੋਕ ਵੀ ਭਰਤੀ ਕੀਤੇ ਗਏ। ਸਿੱਖ ਫੌਜ ਨੇ ਵੱਡੀਆਂ ਜਿੱਤਾਂ ਪ੍ਰਾਪਤ ਕਰ ਲਈਆਂ ਪਰ ਇਨ੍ਹਾਂ ਯੂਰਪੀਨ ਅਫਸਰਾਂ ਨੂੰ ਤਨਖਾਹਾਂ ਦੇਣ ਤੇ ਫੌਜ ਵਾਸਤੇ ਆਧੁਨਿਕ ਹਥਿਆਰ ਖਰੀਦਣ ਵਾਸਤੇ ਆਮਦਨ ਦੀ ਕਮੀ ਆ ਗਈ। ਨਵੇਂ ਜਿੱਤਣ ਵਾਲੇ ਇਲਾਕੇ ਵੀ ਨਹੀਂ ਬਚੇ ਸਨ। ਮਹਾਰਾਜਾ ਰਣਜੀਤ ਸਿੰਘ ਨੇ ਇਹ ਅਸੂਲ ਹੀ ਬਣਾ ਲਿਆ ਕਿ ਆਪਣੀਆਂ ਫੌਜਾਂ ਦੀਆਂ ਤਨਖਾਹਾਂ ਕੁਝ ਦੇਰ ਦੀਆਂ ਬਕਾਇਆ ਹੀ ਰੱਖਣੀਆਂ ਹਨ, ਤਾਂ ਜੋ ਉਹ ਐਨ ਮੌਕੇ 'ਤੇ ਸਾਥ ਨਾ ਛੱਡ ਜਾਣ। ਪੈਸੇ ਦੀ ਭਾਰੀ ਕਮੀ ਆ ਜਾਣ ਤੋਂ ਬਾਅਦ 1822 ਤੋਂ ਬਾਅਦ ਉਹ ਫੌਲਾਦੀ ਅਨੁਸ਼ਾਸਨ ਹੀ ਸੀ, ਜਿਸ ਦੀ ਵਜ੍ਹਾ ਮਹਾਰਾਜਾ ਦੀ ਫੌਜ ਵਿਚ ਕੋਈ ਵੱਡੀ ਬਗਾਵਤ ਨਹੀਂ ਹੋਈ। ਪਰ ਅਨੁਸ਼ਾਸਨਹੀਣਤਾ ਦੇ ਬੀਜ ਜ਼ਰੂਰ ਪੈਦਾ ਹੋ ਗਏ ਸਨ, ਜਿਸ ਕਰਕੇ ਉਸ ਦੇ ਵਾਰਸਾਂ ਨੂੰ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਣਾ ਸੀ। ਸਿਪਾਹੀਆਂ ਨੇ ਬਕਾਇਆ ਤਨਖਾਹਾਂ ਮੰਗਣੀਆਂ ਸ਼ੁਰੂ ਕਰ ਦਿੱਤੀਆਂ ਸਨ ਤੇ ਲੜਾਈ 'ਤੇ ਜਾਣ ਤੋਂ ਪਹਿਲਾਂ ਤਰੱਕੀਆਂ ਤੇ ਇਨਾਮਾਂ ਦੀ ਮੰਗ ਰੱਖਣ ਲੱਗ ਪਏ ਸਨ। ਉਨ੍ਹਾਂ ਆਪਣੇ ਅਫਸਰਾਂ ਦੇ ਹੁਕਮ ਮੰਨਣ ਤੋਂ ਇਨਕਾਰ ਕਰਨਾ ਸ਼ੁਰੂ ਕਰ ਦਿੱਤਾ ਤੇ ਕਈਆਂ ਦੇ ਖਿਲਾਫ ਹਿੰਸਾ ਦਾ ਪ੍ਰਯੋਗ ਵੀ ਕਰਨ ਲੱਗੇ। ਯੂਰਪੀਨ ਅਫਸਰ ਜੋ 40 ਦੀ ਗਿਣਤੀ ਵਿਚ ਲਾਹੌਰ ਦਰਬਾਰ ਦੇ ਮੁਲਾਜ਼ਮ ਸਨ, ਛੱਡ ਕੇ ਜਾਣ ਵਾਲਿਆਂ ਵਿਚੋਂ ਪਹਿਲੇ ਸਨ। ਜਿਹੜੇ ਰੁਕੇ ਰਹੇ, ਉਹ ਵੱਡੀਆਂ ਤਨਖਾਹਾਂ ਲੈਂਦੇ ਰਹੇ, ਜਿਵੇਂ ਵੈਨਤੁਰਾ 2500 ਰੁਪਏ ਮਹੀਨਾ ਤਨਖਾਹ ਤੇ ਜਗੀਰ ਦਾ ਮਾਲਕ ਸੀ ਤੇ ਅਵੀਤੇਬਾਈਲ ਦੀ ਵੀ 1600 ਰੁਪਏ ਤਨਖਾਹ ਤੇ ਜਗੀਰ ਸੀ। ਇਸ ਦੇ ਬਾਵਜੂਦ ਉਨ੍ਹਾਂ ਦੀਆਂ ਵਫਾਦਾਰੀਆਂ ਪੰਜਾਬ ਹਕੂਮਤ ਨਾਲ ਨਹੀਂ ਰਹਿੰਦੀਆਂ ਸਨ, ਉਹ ਪੈਸੇ ਦੀ ਖਾਤਰ ਅੰਗਰੇਜ਼ਾਂ ਨੂੰ ਜਾਣਕਾਰੀਆਂ ਵੇਚ ਸਕਦੇ ਸਨ। ਰਣਜੀਤ ਸਿੰਘ ਨੇ ਇਨ੍ਹਾਂ ਅਫਸਰਾਂ ਨੂੰ ਉੱਚੇ ਰੁਤਬੇ ਵਾਲੇ 'ਡਰਿੱਲ ਸਾਰਜੈਂਟ' ਦੇ ਤੌਰ 'ਤੇ ਹੀ ਰੱਖਿਆ ਸੀ ਤੇ ਕਦੇ ਵੀ ਵਫਾਦਾਰੀ ਦੀ ਪਰਖ ਵਾਲੀ ਜ਼ਿੰਮੇਵਾਰੀ ਦਾ ਕੰਮ ਨਹੀਂ ਦਿੰਦਾ ਸੀ। ਇਕ ਵਾਰ ਉਨ੍ਹਾਂ ਨੇ ਮਹਾਰਾਜਾ ਦੀ ਲਗਾਈ ਲੇਵੀ ਦੇਣ ਤੋਂ ਇਨਕਾਰ ਕਰ ਦਿੱਤਾ ਤੇ ਮਹਾਰਾਜਾ ਨੇ ਇਹ ਸਾਰੇ ਯੂਰਪੀਨ 'ਹਰਾਮਜ਼ਾਦਿਆਂ', ਜਰਮਨਾਂ, ਅੰਗਰੇਜ਼ਾਂ ਤੇ ਸਾਰਿਆਂ ਨੂੰ ਕੱਢ ਦਿੱਤਾ ਸੀ।
ਰਣਜੀਤ ਸਿੰਘ ਦੀ ਫੌਜ ਵਿਚ ਯੂਰਪੀਨਾਂ ਵਲੋਂ ਸਿਖਲਾਈ ਪ੍ਰਾਪਤ ਪਿਆਦਾ ਫੌਜ ਤੋਂ ਇਲਾਵਾ 50 ਹਜ਼ਾਰ ਘੋੜਸਵਾਰ ਸਿਪਾਹੀ ਤੇ 300 ਦੇ ਕਰੀਬ ਤੋਪਾਂ ਸਨ। ਇਸ ਤੋਂ ਇਲਾਵਾ ਜਗੀਰਦਾਰਾਂ ਦੇ ਤਹਿਤ ਵੱਖਰੇ ਸਿਪਾਹੀ ਸਨ। ਫੌਜ ਦਾ ਇਕ ਸਾਲ ਦਾ ਖਰਚਾ ਕਰੀਬ ਇਕ ਕਰੋੜ ਰੁਪਏ ਸੀ ਤੇ ਇਸ ਤਰ੍ਹਾਂ ਏਸ਼ੀਆ ਦੀ ਇਹ ਬਹੁਤ ਤਾਕਤਵਰ ਸਲਤਨਤ ਆਪਣੀ ਆਮਦਨ ਦਾ ਇਕ ਤਿਹਾਈ ਫੌਜ ਉੱਪਰ ਖਰਚਾ ਕਰਦੀ ਸੀ। ਆਪਣੀਆਂ ਨੌਕਰੀਆਂ ਕਾਇਮ ਰੱਖਣ ਦੀ ਖਾਤਰ ਯੂਰਪੀਨ ਅਫਸਰ ਫੌਜ ਵਿਚ ਅੰਗਰੇਜ਼ਾਂ ਪ੍ਰਤੀ ਨਫਰਤ ਦੀਆਂ ਗੱਲਾਂ ਕਰਦੇ ਰਹੇ, ਜਦੋਂ ਕਿ ਉਨ੍ਹਾਂ ਦੇ ਦਿਲਾਂ ਵਿਚ ਅਜਿਹੀ ਕੋਈ ਨਫਰਤ ਨਹੀਂ ਸੀ। ਇਸ ਵਾਸਤੇ ਇਹ ਕੋਈ ਹੈਰਾਨੀ ਵਾਲੀ ਗੱਲ ਨਹੀਂ ਸੀ ਕਿ ਜਦੋਂ ਅਹਿਸਾਸ ਹੋਇਆ ਕਿ ਇਹ ਚਿੱਟੀ ਚਮੜੀ ਵਾਲੇ ਪੰਜਾਬ ਦੇ ਖੈਰ-ਖਵਾਹ ਨਹੀਂ ਤਾਂ ਆਮ ਸਿਪਾਹੀਆਂ ਵਿਚ ਵਖਰੇਵਾਂ ਪੈ ਗਿਆ।
ਮਹਾਰਾਜਾ ਰਣਜੀਤ ਸਿੰਘ ਦੀ ਸਭ ਤੋਂ ਵੱਡੀ ਭੁੱਲ ਇਹ ਸੀ ਕਿ ਉਸ ਨੇ ਆਪਣੇ ਕਿਸੇ ਵੀ ਪੁੱਤਰ ਨੂੰ ਉਸ ਦੀ ਜਗ੍ਹਾ ਲੈਣ ਦੀ ਸਿਖਲਾਈ ਨਹੀਂ ਦਿੱਤੀ। ਜਦੋਂ 27 ਜੂਨ, 1839 ਦੀ ਸ਼ਾਮ ਨੂੰ ਉਹ ਮਰਿਆ ਤਾਂ ਉਸ ਦੀਆਂ ਲੀਹਾਂ 'ਤੇ ਚੱਲਣ ਵਾਲਾ ਕੋਈ ਵੀ ਨਹੀਂ ਸੀ। ਕੋਈ ਵੀ ਹਕੂਮਤ ਦੀਆਂ ਜ਼ਿੰਮੇਵਾਰੀਆਂ ਸੰਭਾਲਣ ਦੇ ਕਾਬਲ ਨਹੀਂ ਸੀ। ਇਹ ਗੱਲ ਸਿਰਫ ਉਸ ਦੇ ਪੁੱਤਰਾਂ 'ਤੇ ਹੀ ਨਹੀਂ, ਉਸ ਦੇ ਚੋਟੀ ਦੇ ਦਰਬਾਰੀਆਂ ਤੇ ਵਜ਼ੀਰਾਂ 'ਤੇ ਵੀ ਢੁਕਦੀ ਸੀ।
ਰਣਜੀਤ ਸਿੰਘ ਆਪਣੇ ਪਿੱਛੇ 7 ਪੁੱਤਰ ਛੱਡ ਕੇ ਗਿਆ, ਕਿਉਂਕਿ ਉਹ ਵੱਖ-ਵੱਖ ਔਰਤਾਂ ਦੇ ਪੇਟ ਵਿਚੋਂ ਪੈਦਾ ਹੋਏ ਸਨ, ਉਨ੍ਹਾਂ ਵਿਚ ਆਪਸੀ ਮੋਹ-ਪਿਆਰ ਨਹੀਂ ਸੀ। ਉਨ੍ਹਾਂ ਵਿਚੋਂ ਖੜਕ ਸਿੰਘ, ਜਿਸ ਦੀ ਉਮਰ ਉਸ ਵੇਲੇ 37 ਸਾਲ ਸੀ, ਆਪਣੇ ਪਿਤਾ ਵਲੋਂ ਵਾਰਸ ਦੀ ਚੋਣ ਸੀ। ਵੈਸੇ ਉਹ ਆਪਣੇ ਸਾਰੇ ਭਰਾਵਾਂ ਦੇ ਮੁਕਾਬਲੇ ਸਭ ਤੋਂ ਘੱਟ ਕਾਬਲ ਸੀ। ਉਸ ਨੇ ਆਪਣੇ ਪਿਤਾ ਤੋਂ ਹੋਰ ਕੋਈ ਖੂਬੀਆਂ ਨਹੀਂ ਹਾਸਲ ਕੀਤੀਆਂ ਸਨ, ਸਿਵਾਏ ਅਫੀਮ ਖਾਣ ਤੇ ਸ਼ਰਾਬ ਪੀਣ ਦੇ। ਸ਼ਾਹੀ ਹਕੀਮ ਮਾਰਟਿਨ ਹੌਨੀਗਬਰਗਰ ਦੇ ਮੁਤਾਬਿਕ ਉਹ ਆਪਣੇ ਪਿਤਾ ਨਾਲੋਂ ਵੱਡਾ ਅਫੀਮੀ ਸੀ। ਖੜਕ ਸਿੰਘ ਨੂੰ ਨੌਕਰਾਂ ਨੇ ਪਾਲਿਆ ਹੋਇਆ ਸੀ, ਜੋ ਉਸ ਵਿਚ ਕੋਈ ਚੰਗੀ ਅਕਲਮੰਦੀ ਨਹੀਂ ਪੈਦਾ ਕਰ ਸਕੇ। ਉਹ ਆਰਾਮਤਲਬ ਸੀ ਤੇ ਆਪਣੇ ਪਿਤਾ ਜਿੰਨੀ ਵੀ ਮਿਹਨਤ ਨਹੀਂ ਸੀ ਕਰ ਸਕਦਾ। ਉਸ ਦੇ ਆਲਸੀਪੁਣੇ ਦਾ ਇਕੋ ਹਾਂ-ਪੱਖੀ ਪਹਿਲੂ ਸੀ ਕਿ ਉਹ ਪ੍ਰਸ਼ਾਸਨ ਦੇ ਕੰਮ ਵਾਸਤੇ ਕਿਸੇ ਕਾਬਲ ਬੰਦੇ ਦੀ ਤਲਾਸ਼ ਕਰਕੇ, ਸਭ ਕੁਝ ਉਸ ਦੇ ਸਪੁਰਦ ਕਰਨ ਵਾਲਾ ਨਹੀਂ ਸੀ।
(ਬਾਕੀ ਅਗਲੇ ਮੰਗਲਵਾਰ ਦੇ ਧਰਮ ਤੇ ਵਿਰਸਾ ਅੰਕ 'ਚ)


ਖ਼ਬਰ ਸ਼ੇਅਰ ਕਰੋ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 1920 ਤੋਂ 2020 ਤੱਕ

ਸਿੱਖ ਆਪਣੇ ਗੁਰਦੁਆਰਿਆਂ ਦੇ ਪ੍ਰਬੰਧ ਬਾਰੇ ਅਤੇ ਇਨ੍ਹਾਂ ਦੇ ਉਦੇਸ਼ਾਂ ਨੂੰ ਪੂਰਾ ਕਰਨ ਲਈ ਸਿੰਘ ਸਭਾ ਲਹਿਰ ਦੇ ਜਾਗਰਤੀ ਕਾਲ ਵਿਚ ਆਪਣੇ ਫ਼ਰਜ਼ਾਂ ਪ੍ਰਤੀ ਵਧੇਰੇ ਸੁਚੇਤ ਹੋ ਗਏ ਸਨ। ਉਨ੍ਹਾਂ ਨੇ ਸਿੱਖ ਰਾਜ ਦਾ ਪਤਨ ਹੋਣ ਤੋਂ ਬਾਅਦ ਜਦੋਂ ਆਪਣੀ ਅਧੋਗਤੀ ਦੇ ਕਾਰਨਾਂ ਦਾ ਵਿਸ਼ਲੇਸ਼ਣ ਕੀਤਾ ਹੋਵੇਗਾ ਤਾਂ ਉਨ੍ਹਾਂ ਨੇ ਮਹਿਸੂਸ ਕੀਤਾ ਹੋਵੇਗਾ ਕਿ ਉਨ੍ਹਾਂ ਲਈ ਆਪਣੇ ਪੰਥ ਦੀ ਸ਼ਕਤੀ ਦੇ ਮੁੱਖ ਸਰੋਤਾਂ ਭਾਵ ਸੰਸਥਾਵਾਂ ਦੀ ਸ਼ਕਤੀ ਨੂੰ ਨਵੇਂ ਸਿਰਿਉਂ ਸੰਗਠਿਤ ਤੇ ਸ਼ਕਤੀਸ਼ਾਲੀ ਕਰਨਾ ਕਿੰਨਾ ਮਹੱਤਵਪੂਰਨ ਹੈ। ਇਸ ਵਿਚ ਗੁਰਦੁਆਰਾ ਸੰਸਥਾ ਨੂੰ ਖਾਲਸਾਈ ਸਿਧਾਂਤਕ ਜੁਗਤਿ ਅਨੁਸਾਰ ਚਲਾਉਣਾ, ਪੰਥ ਦੇ ਬਿਹਤਰ ਭਵਿੱਖ ਲਈ ਜ਼ਰੂਰੀ ਸੀ। ਸੰਸਥਾਵਾਂ ਦੀ ਸਫ਼ਲਤਾ ਨਾਲ ਪੰਥ ਸ਼ਕਤੀਸ਼ਾਲੀ ਬਣਿਆ ਰਿਹਾ ਹੈ। ਲਗਪਗ 40-45 ਸਾਲਾਂ ਦੇ ਯਤਨਾਂ ਨਾਲ ਇਹ ਸਥਿਤੀ ਸਿੱਖ ਚੇਤਨਾ ਤੇ ਸਿੱਖ ਸੰਘਰਸ਼ ਦਾ ਹਿੱਸਾ ਬਣ ਗਈ।
12 ਅਕਤੂਬਰ, 1920 ਦੇ ਨੇੜੇ ਪਹੁੰਚਦੇ ਉਨ੍ਹਾਂ ਨੇ ਦਰਬਾਰ ਸਾਹਿਬ ਦਾ ਪ੍ਰਬੰਧ ਸਿੱਧਾ ਆਪਣੇ ਹੱਥਾਂ ਵਿਚ ਲੈ ਲਿਆ ਸੀ। ਇਤਿਹਾਸ ਦਾ ਇਹ ਸੱਚ ਕੇਵਲ ਪੁਜਾਰੀਆਂ ਦੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਛੱਡ ਕੇ ਭੱਜ ਜਾਣ ਦੀ ਘਟਨਾ ਦੇ ਬਾਹਰੀ ਪ੍ਰਭਾਵ ਤੋਂ ਨਹੀਂ ਵੇਖਿਆ ਜਾਣਾ ਚਾਹੀਦਾ, ਸਗੋਂ ਇਸ ਪਿੱਛੇ ਗੁਰਦੁਆਰਾ ਪ੍ਰਬੰਧ ਨੂੰ ਪੰਥਕ ਹੱਥਾਂ ਅਤੇ ਪੰਥਕ ਪ੍ਰਸੰਗ ਅਨੁਸਾਰ ਚਲਾਏ ਜਾਣ ਵਿਚੋਂ ਨਿਕਲਿਆ ਸੰਘਰਸ਼ ਖੜ੍ਹਾ ਸੀ। ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸੇਵਾ ਸੰਭਾਲ ਲਈ 25 ਸਿੰਘਾਂ ਦਾ ਜਥਾ ਸੰਗਤ ਵਲੋਂ ਨਿਯੁਕਤ ਕੀਤਾ ਗਿਆ, ਜਿਸ ਦੇ ਆਗੂ ਜਥੇਦਾਰ ਤੇਜਾ ਸਿੰਘ ਭੁੱਚਰ ਨਿਯੁਕਤ ਕੀਤੇ ਗਏ ਸਨ। ਇਸ ਕਮੇਟੀ ਨੇ ਸਿੱਖ ਸੰਗਤਾਂ ਤੇ ਆਗੂਆਂ ਨੂੰ 15 ਨਵੰਬਰ, 1920 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪਹੁੰਚਣ ਲਈ ਆਦੇਸ਼ ਜਾਰੀ ਕੀਤਾ। 15 ਤੇ 16 ਨਵੰਬਰ ਨੂੰ ਪੰਥ ਦੀ ਸਾਂਝੀ ਇਕੱਤਰਤਾ ਨੇ ਆਜ਼ਾਦ ਕਰਵਾਏ ਗਏ ਗੁਰਦੁਆਰਿਆਂ ਦੀ ਸੰਭਾਲ ਤੇ ਹੋਰ ਪੰਥਕ ਕਾਰਜਾਂ ਲਈ 175 ਸਿੰਘਾਂ ਦੀ ਕਮੇਟੀ ਦੀ ਚੋਣ ਕੀਤੀ। ਇਹ ਮੂਲ ਪਹਿਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੀ। ਇਹ ਕਮੇਟੀ ਬਣਨ ਨਾਲ ਸਿੱਖ ਪੰਥ ਅੰਦਰ ਧਰਮ ਤੇ ਰਾਜਨੀਤਕ ਸਰੋਕਾਰਾਂ ਲਈ ਸੰਗਠਿਤ ਹੋਣ ਦਾ ਜੋ ਅਮਲ ਆਰੰਭ ਹੋਇਆ, ਉਸ ਨਾਲ ਉਨ੍ਹਾਂ ਨੂੰ ਸ਼ਕਤੀ ਮਿਲਣੀ ਸੁਭਾਵਿਕ ਸੀ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸੰਗਤੀ ਸਥਾਪਨਾ ਭਾਵੇਂ 1920 ਵਿਚ ਹੋ ਗਈ ਸੀ, ਪਰ ਇਸ ਨੂੰ ਕਾਨੂੰਨੀ ਰੂਪ 1925 ਦੇ ਐਕਟ ਅਨੁਸਾਰ ਹੀ ਮਿਲਿਆ। ਸਿੱਖ ਧਰਮ ਅਤੇ ਪੰਥ ਦੇ ਗੁਰਦੁਆਰਾ ਕੇਂਦਰਾਂ ਦੇ ਪ੍ਰਬੰਧ ਨੂੰ ਚਲਾਉਣ ਲਈ ਇਨ੍ਹਾਂ ਨੂੰ ਇਸ ਐਕਟ ਦੇ ਅਧੀਨ ਲਿਆਉਣਾ ਅਤੇ ਇਸ ਤਰ੍ਹਾਂ ਭਾਰਤ ਅਤੇ ਸੂਬਾਈ ਸਰਕਾਰਾਂ ਦੇ ਸਿੱਧੇ-ਅਸਿੱਧੇ ਦਖ਼ਲ ਲਈ ਦਰਵਾਜ਼ੇ ਖੋਲ੍ਹਣੇ ਠੀਕ ਸਨ ਜਾਂ ਗ਼ਲਤ ਸਨ, ਇਹ ਬਹਿਸ ਦਾ ਵਿਸ਼ਾ ਹੈ। ਸਾਕਾਰਾਤਮਕ ਦ੍ਰਿਸ਼ਟੀਕੋਣ ਤੋਂ ਵੇਖਿਆਂ ਪਿਛਲੇ ਲਗਭਗ 100 ਸਾਲ ਤੋਂ ਜਿਵੇਂ ਇਸ ਕਮੇਟੀ ਨੇ ਗੁਰਦੁਆਰਿਆਂ ਦਾ ਪ੍ਰਬੰਧ ਚਲਾਉਂਦਿਆਂ ਇਕ ਮਹੱਤਵਪੂਰਨ ਸ਼ਕਤੀ ਕੇਂਦਰ ਵਜੋਂ ਸਿੱਖ ਪੰਥ ਅਤੇ ਪੰਥਕ ਮਾਨਸਿਕਤਾ ਵਿਚ ਆਪਣਾ ਜੋ ਸਥਾਨ ਬਣਾ ਲਿਆ ਹੈ, ਇਹ ਪੰਥ ਦੀ ਇਕ ਵੱਡੀ ਪ੍ਰਾਪਤੀ ਹੈ।
ਪਰ ਹੁਣ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਕ ਆਜ਼ਾਦ ਅਤੇ ਖੁੱਲ੍ਹੇ ਵਾਤਾਵਰਨ ਵਿਚ ਕੰਮ ਕਰਨ ਅਤੇ ਗੁਰਦੁਆਰਾ ਸੰਸਥਾ ਦੇ ਮੂਲ ਮਕਸਦਾਂ ਦੀ ਪ੍ਰਾਪਤੀ ਲਈ ਜੋ ਵੱਡੇ ਕਾਰਜ ਕਰਨ ਲਈ ਉਸ ਸਮੇਂ ਦੇ ਮਹਾਨ ਗੁਰਸਿੱਖ ਆਗੂਆਂ ਅਤੇ ਸੰਗਤ ਨੇ ਜੋ ਸੁਪਨੇ ਸੰਜੋਏ ਹੋਏ ਸਨ, ਉਨ੍ਹਾਂ ਨੂੰ ਅੱਗੇ ਵਧਾਉਣ ਲਈ ਵਰਤਮਾਨ ਹਾਲਾਤ ਵਿਚ ਵੱਡੀਆਂ ਰੁਕਾਵਟਾਂ ਆ ਗਈਆਂ ਹਨ। ਜਿਵੇਂ ਇਕ ਦੀਵੇ ਦੀ ਰੌਸ਼ਨੀ ਦੀ ਲਾਟ ਦੀਵਾ, ਤੇਲ ਅਤੇ ਬੱਤੀ ਦੇ ਹੁੰਦਿਆਂ ਵੀ ਮੱਧਮ ਪੈ ਜਾਂਦੀ ਹੈ ਅਤੇ ਰੌਸ਼ਨੀ ਦੀ ਠੀਕ ਤਰ੍ਹਾਂ ਪ੍ਰਜਵੱਲਿਤਤਾ ਲਈ ਬੱਤੀ ਦੇ ਸਿਰੇ ਦੁਆਲੇ ਇਕੱਠੇ ਹੋਏ ਮਿੱਟੀਨੁਮਾ ਗੁਲ੍ਹ ਨੂੰ ਝਾੜਨਾ ਪੈਂਦਾ ਹੈ, ਉਸੇ ਤਰ੍ਹਾਂ ਵਰਤਮਾਨ ਵਿਚ ਇਸ ਕਮੇਟੀ ਦੀ ਭਵਿੱਖ ਦੀ ਸਫ਼ਲ ਕਾਰਗੁਜ਼ਾਰੀ ਲਈ ਇਸ ਦੇ ਸਮੁੱਚੇ ਕਾਰਜਾਂ ਅਤੇ ਆਦਰਸ਼ਾਂ ਦੀ ਪ੍ਰਾਪਤੀ ਹਿਤ ਸੁਧਾਰ ਲਿਆਉਣ, ਇਸ ਦੀ ਸਦਤਾਜ਼ਗੀ ਕਾਇਮ ਰੱਖਣ ਅਤੇ ਸਿੱਖ ਪੰਥ ਅਤੇ ਵਿਸ਼ਵ ਦੀਆਂ ਨਵੀਆਂ ਉਤਪੰਨ ਹੋਈਆਂ ਲੋੜਾਂ ਅਨੁਸਾਰ 21ਵੀਂ ਸਦੀ ਵਿਚ ਨਵੀਂ ਭੂਮਿਕਾ ਮਿੱਥਣ ਲਈ ਇਸ ਦੀ ਸਮੁੱਚੀ ਕਾਰਜਸ਼ੈਲੀ ਵਿਚ ਸੁਧਾਰ ਲਿਆਉਣੇ ਮਹੱਤਵਪੂਰਨ ਹੋ ਗਏ ਹਨ।
ਜ਼ਾਹਿਰ ਹੈ ਕਿ ਇਹ ਇਕ ਵੱਡਾ ਕਾਰਜ ਹੈ, ਜਿਸ ਲਈ ਬਹੁਪਰਤੀ ਯਤਨ ਕਰਨੇ ਜ਼ਰੂਰੀ ਹੋਣਗੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਗੁਰਦੁਆਰਾ ਸੰਸਥਾ) ਵਿਚ ਲਿਆਂਦੇ ਜਾਣ ਵਾਲੇ ਇਹ ਸੁਧਾਰ ਸਮੇਂ ਦੀ ਇਕ ਅਜਿਹੀ ਨਵੀਂ ਦਸਤਕ ਹੈ ਜਿਸ ਨੂੰ ਸੁਣਨਾ, ਇਸ ਦੀ ਗੰਭੀਰਤਾ ਨੂੰ ਸਮਝਣਾ ਅਤੇ ਉਸੇ ਅਨੁਸਾਰ ਯਤਨ ਕਰਨੇ ਇਸ ਕਮੇਟੀ ਦੇ ਵਰਤਮਾਨ ਅਤੇ ਭਵਿੱਖ ਦੇ ਆਗੂਆਂ ਅਤੇ ਸਿੱਖ ਪੰਥ ਦੀ ਸਾਂਝੀ ਜ਼ਿੰਮੇਵਾਰੀ ਹੈ। ਇਨ੍ਹਾਂ ਆਗੂਆਂ ਅਤੇ ਭਵਿੱਖ ਦੀਆਂ ਨਸਲਾਂ ਨੂੰ ਉਨ੍ਹਾਂ ਮਹਾਨ ਉਦੇਸ਼ਾਂ ਨੂੰ ਪ੍ਰਾਪਤ ਕਰਨ ਲਈ ਸਮੇਂ ਦੀਆਂ ਨਵੀਆਂ ਲੋੜਾਂ ਅਨੁਸਾਰ ਨਵੇਂ ਯਤਨ ਕਰਨੇ ਹੋਣਗੇ, ਜਿਨ੍ਹਾਂ ਲਈ ਇਸ ਕਮੇਟੀ ਦੀ ਸਥਾਪਨਾ ਹੋਈ ਸੀ। ਸਮੇਂ ਦੀ ਇਸ ਦਸਤਕ ਪ੍ਰਤੀ ਪੰਥ ਦੇ ਸਬੰਧਿਤ ਆਗੂਆਂ ਅਤੇ ਸੰਗਤ ਵੱਲੋਂ ਉਸਾਰੂ ਰੂਪ ਵਿਚ ਪ੍ਰਤੀਕਰਮ ਦਿਖਾਉਣਾ, ਪੰਥ ਦੇ ਉੱਜਵਲ ਭਵਿੱਖ ਨੂੰ ਯਕੀਨੀ ਬਣਾਏਗਾ।
ਆਖ਼ਰ ਇਹ ਸਥਿਤੀ ਕਿਉਂ ਆ ਜਾਂਦੀ ਹੈ? ਉਹੋ ਹੀ ਮਨੁੱਖੀ ਵਸੀਲੇ, ਆਦਰਸ਼ ਅਤੇ ਸਾਧਨ ਮੌਜੂਦ ਹੁੰਦੇ ਹਨ, ਪਰ ਉਸਾਰੂ ਨਤੀਜੇ ਸਾਹਮਣੇ ਨਹੀਂ ਆ ਰਹੇ ਹੁੰਦੇ। ਸਪੱਸ਼ਟ ਹੈ ਕਿ ਜਿਨ੍ਹਾਂ ਸਮਿਆਂ ਅਤੇ ਹਾਲਾਤ ਵਿਚ ਪਹਿਲੀਆਂ ਨੀਤੀਆਂ ਅਤੇ ਯਤਨਾਂ ਦੀਆਂ ਤਰਜੀਹਾਂ ਉਲੀਕੀਆਂ ਗਈਆਂ ਹੁੰਦੀਆਂ ਹਨ, ਹੋਰ ਅਗਲੇਰੇ ਸਮੇਂ, ਹਾਲਾਤ ਅਤੇ ਪ੍ਰਸਥਿਤੀਆਂ ਨਵੀਆਂ ਨੀਤੀਆਂ, ਰਣਨੀਤੀ ਅਤੇ ਨਵੀਂ ਯੋਜਨਾਬੰਦੀ ਦੀ ਮੰਗ ਕਰਦੇ ਹਨ। ਜਿਨ੍ਹਾਂ ਸੰਸਥਾਵਾਂ ਦੇ ਆਗੂ ਅਤੇ ਕੌਮ ਦੇ 'ਦਿਮਾਗ'' ਇਨ੍ਹਾਂ ਬਦਲਦੀਆਂ ਪ੍ਰਸਥਿਤੀਆਂ ਵਿਚ ਸੁਧਾਰਵਾਦੀ ਏਜੰਡੇ ਅਨੁਸਾਰ ਯਤਨ ਕਰਨੇ ਸ਼ੁਰੂ ਕਰ ਦਿੰਦੇ ਹਨ, ਉਹ ਕੌਮਾਂ ਵਿਸ਼ਵ ਦੇ ਨਕਸ਼ੇ ਉੱਤੇ ਨਾ ਕੇਵਲ ਆਪਣੀ ਪ੍ਰਸੰਗਿਕਤਾ ਬਣਾਈ ਰੱਖਦੀਆਂ ਹਨ, ਸਗੋਂ ਦੂਸਰਿਆਂ ਵਲੋਂ ਅਪਣਾਏ ਜਾਣ ਵਾਲੇ ਨਵੇਂ ਮਾਰਗ ਵੀ ਤਿਆਰ ਕਰ ਦਿੰਦੀਆਂ ਹਨ। ਉਹ ਦੂਸਰਿਆਂ ਲਈ ਰੋਲ ਮਾਡਲ ਵੀ ਬਣ ਜਾਂਦੀਆਂ ਹਨ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਗੁਰਦੁਆਰਾ ਸੰਸਥਾ ਦੇ ਇਕ ਪ੍ਰਤੀਨਿਧ ਮੰਚ ਵਜੋਂ ਸਵੀਕਾਰ ਕਰਦਿਆਂ ਇਸ ਦੀ ਕਾਰਜਸ਼ੈਲੀ ਵਿਚ ਕਿਹੜੇ ਨਵੇਂ ਸੁਧਾਰ ਲਿਆਂਦੇ ਜਾਣ ਕਿ 100 ਸਾਲ ਦਾ ਸਫ਼ਰ ਤਹਿ ਕਰਨ ਉਪਰੰਤ ਇਸ ਦੀ ਸਦਤਾਜ਼ਗੀ ਅਤੇ ਸਥਾਪਨਾ ਦੀਆਂ ਸੁੱਚੀਆਂ ਭਾਵਨਾਵਾਂ ਨੂੰ ਉਸੇ ਅਨੁਕੂਲ ਕਾਇਮ ਰੱਖਿਆ ਜਾ ਸਕੇ।
(ਬਾਕੀ ਅਗਲੇ ਮੰਗਲਵਾਰ ਦੇ ਧਰਮ ਤੇ ਵਿਰਸਾ ਅੰਕ 'ਚ)


-ਮੁਖੀ ਭਾਈ ਗੁਰਦਾਸ ਇੰਸਟੀਚਿਊਟ ਆਫ਼ ਐਡਵਾਂਸ ਸਿੱਖ ਸਟੱਡੀਜ਼, ਸ੍ਰੀ ਅਨੰਦਪੁਰ ਸਾਹਿਬ। ਮੋਬਾ: 98725-91713

16 ਫਰਵਰੀ ਨੂੰ ਬਰਸੀ 'ਤੇ ਵਿਸ਼ੇਸ਼

ਸੰਤ ਬਾਬਾ ਜੋਗਿੰਦਰ ਸਿੰਘ ਹਰਿਆਣਾ ਵਾਲੇ

ਗੁਰਬਾਣੀ ਅਨੁਸਾਰ ਗੁਰੂ ਦੀ ਬਖ਼ਸ਼ਿਸ਼ ਤੋਂ ਬਿਨਾਂ ਇਨਸਾਨ ਨਾ ਲੋਕ ਵਿਚ ਅਤੇ ਨਾ ਹੀ ਪ੍ਰਲੋਕ ਵਿਚ ਸੁੱਖ ਪਾ ਸਕਦਾ ਹੈ। ਜੋ ਪ੍ਰਾਣੀ ਦੇ ਲੇਖਾਂ ਵਿਚ ਲਿਖਿਆ ਹੁੰਦਾ ਹੈ, ਉਸ ਨੂੰ ਹਰ ਹਾਲਤ ਵਿਚ ਭੁਗਤਣਾ ਪੈਂਦਾ ਹੈ। ਅਜਿਹੀ ਹੀ ਅਧਿਆਤਮਕਵਾਦੀ, ਕ੍ਰਿਤੀ, ਭਗਤੀ ਦੇ ਮੁਜੱਸਮੇ, ਦਿਆਲਤਾ ਅਤੇ ਨਿਮਰਤਾ ਦੇ ਪੁੰਜ ਅਤੇ ਸਿੱਖ ਪੰਥ ਦੀ ਮਹਾਨ ਸ਼ਖ਼ਸੀਅਤ ਵਜੋਂ ਜਾਣੇ ਜਾਂਦੇ ਬਾਬਾ ਬੁੱਢਾ ਸਾਹਿਬ ਦੇ ਵਰੋਸਾਏ ਸਿੱਖ ਸੰਤ ਬਾਬਾ ਜੋਗਿੰਦਰ ਸਿੰਘ ਸਨ, ਜੋ ਇਸ ਦੁਨੀਆ ਦੇ ਕਲਯੁਗੀ ਜੀਵਾਂ ਨੂੰ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਜਿਹੇ ਵਕਾਰਾਂ ਤੋਂ ਮੁਕਤੀ ਦਿਵਾ ਕੇ, ਸੇਵਾ ਸਿਮਰਨ ਨਾਲ ਜੋੜ ਕੇ, ਆਪਣਾ ਪੰਜ ਭੂਤਕ ਸਰੀਰ ਤਿਆਗ ਕੇ ਗੁਰੂ ਚਰਨਾਂ 'ਚ ਵਿਲੀਨ ਹੋ ਗਏ ਸਨ। ਉਨ੍ਹਾਂ ਆਪਣੀ ਜ਼ਿੰਦਗੀ ਵਿਚ ਸਾਦਗੀ ਭਰੇ ਲਹਿਜੇ ਨਾਲ ਸੰਗਤਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਸਿਮਰਨ ਅਤੇ ਹੱਥੀਂ ਸੇਵਾ ਕਰਨ ਲਈ ਪ੍ਰੇਰਿਤ ਕੀਤਾ। ਇਸੇ ਕਿਰਤ ਨੂੰ ਆਪਣੇ ਜੀਵਨ ਵਿਚ ਵੀ ਨਿਭਾਇਆ। ਆਪ ਦਾ ਜਨਮ ਜ਼ਿਲ੍ਹਾ ਹੁਸ਼ਿਆਰਪੁਰ ਦੇ ਛੋਟੇ ਜਿਹੇ ਪਿੰਡ ਭਾਗੋਵਾਲ (ਲੁੱਦਾ) ਵਿਖੇ ਪਿਤਾ ਭਾਈ ਮਹਾਂ ਸਿੰਘ ਅਤੇ ਮਾਤਾ ਸਰਵਣ ਕੌਰ ਦੇ ਗ੍ਰਹਿ ਵਿਖੇ ਹੋਇਆ।
ਉਨ੍ਹਾਂ ਦੁਨਿਆਵੀ ਤੌਰ 'ਤੇ ਭਾਵੇਂ ਸਿੱਖਿਆ ਦੇ ਖੇਤਰ ਵਿਚ ਅਧਿਆਪਕ ਵਜੋਂ ਸੇਵਾ ਨਿਭਾਈ ਪਰ ਲਿਵ ਸਦਾ ਪਰਮਾਤਮਾ ਦੀ ਬੰਦਗੀ ਨਾਲ ਹੀ ਜੁੜੀ ਰਹੀ। ਆਪ ਦੇ ਪਰਿਵਾਰ ਦੀ ਅਥਾਹ ਸ਼ਰਧਾ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੀ ਸੱਚਖੰਡ ਸਮਾਧ ਰਮਦਾਸ (ਅੰਮ੍ਰਿਤਸਰ) ਨਾਲ ਰਹੀ ਤੇ ਜਿਨ੍ਹਾਂ ਦੇ ਅਸ਼ੀਰਵਾਦ ਸਦਕਾ ਹਰਿਆਣਾ ਵਿਖੇ ਆ ਕੇ ਗੁਰਦੁਆਰਾ ਕ੍ਰਿਪਾ ਨਿਧਾਨ ਬਾਬਾ ਬੁੱਢਾ ਸਾਹਿਬ ਦਾ ਨਿਰਮਾਣ ਕਰਵਾਇਆ, ਜਿਥੇ ਆਪ ਸੰਗਤਾਂ ਨੂੰ ਕਰਮਕਾਂਡਾਂ ਤੋਂ ਬਾਹਰ ਕੱਢਦੇ ਹੋਏ ਦੀਨ-ਦੁਖੀਆਂ ਅਤੇ ਲੋੜਵੰਦਾਂ ਦੀ ਸਹਾਇਤਾ ਲਈ ਆਸਰਾ ਬਣੇ। ਆਪ ਦੀ ਧਰਮ ਸੁਪਤਨੀ ਬੀਬੀ ਸੁਰਜੀਤ ਕੌਰ ਤੇ ਬੱਚਿਆਂ ਨੇ ਹਮੇਸ਼ਾ ਹੀ ਸੰਗਤ ਨੂੰ ਗੁਰੂ ਦਾ ਦਰਜਾ ਦੇ ਕੇਸਤਿਕਾਰ ਅਤੇ ਸੇਵਾ ਕੀਤੀ। ਆਪ 16 ਫਰਵਰੀ 2014 ਨੂੰ ਸਰੀਰਕ ਚੋਲਾ ਤਿਆਗਦੇ ਹੋਏ ਇਸ ਫਾਨੀ ਦੁਨੀਆਨੂੰ ਸਰੀਰਕ ਤੌਰ 'ਤੇ ਅਲਵਿਦਾ ਕਹਿ ਗਏ। ਉਨ੍ਹਾਂ ਦੀ ਯਾਦ ਵਿਚ 16 ਫਰਵਰੀ ਨੂੰ ਗੁਰਦੁਆਰਾ ਕ੍ਰਿਪਾ ਨਿਧਾਨ ਬਾਬਾ ਬੁੱਢਾ ਸਾਹਿਬ ਹਰਿਆਣਾ (ਹੁਸ਼ਿਆਰਪੁਰ ) ਵਿਖੇ ਕਰਵਾਏ ਜਾ ਰਹੇ ਸ਼ਰਧਾਂਜਲੀ ਸਮਾਰੋਹ ਅਤੇ ਗੁਰਮਤਿ ਸਮਾਗਮ ਵਿਚ ਹੁੰਮ-ਹੁਮਾ ਕੇ ਪੁੱਜੋ।


-ਮੋਬਾ: 98154-48043

ਗੁਰੂ ਨਾਨਕ ਦੇਵ ਸ਼ੀਤਲ ਕੁੰਡ ਗੁਰਦੁਆਰਾ ਅਤੇ ਰਾਜਗੀਰ ਦੇ ਗਰਮ ਪਾਣੀ ਦੇ ਚਸ਼ਮੇ

ਰਾਜਗੀਰ ਗਰਮ ਪਾਣੀ ਦੇ ਚਸ਼ਮਿਆਂ ਲਈ ਬਹੁਤ ਮਸ਼ਹੂਰ ਹੈ। ਇਨ੍ਹਾਂ ਨੂੰ 'ਕੁੰਡ' ਕਿਹਾ ਜਾਂਦੈ। ਮਹਾਨਕੋਸ਼ ਅਨੁਸਾਰ 'ਕੁੰਡ' ਸੰਸਕ੍ਰਿਤ ਦਾ ਸ਼ਬਦ ਹੈ, ਜਿਸ ਦੀ ਧਾਤੂ ਰੱਖਿਆ ਕਰਨਾ, ਸੰਭਾਲਣਾ ਹੈ। ਸੰਗਯਾ ਵਜੋਂ ਇਸ ਦਾ ਅਰਥ ਹੈ ਜੋ ਜਲ ਦੀ ਰੱਖਿਆ ਕਰੇ, ਟੋਆ, ਗਢਾ, ਹੌਜ, ਚਬੱਚਾ-'ਜੈਸੇ ਅੰਭ ਕੁੰਡ ਕਰਿ ਰਾਖਿਓ ਪਰਤ ਸਿੰਧੁ ਗਲਿਜਾਹਾ।'
ਮਹਾਂਭਾਰਤ ਵਿਚ ਇਨ੍ਹਾਂ ਨੂੰ ਰਾਜਗਰਿਹਾ (ਰਾਜਗੀਰ) ਦੇ 'ਤੌਪੋਡਾ' ਕਿਹਾ ਗਿਆ ਹੈ। ਮਨੌਤ ਅਨੁਸਾਰ ਇਹ ਨਾਂਅ ਬ੍ਰਹਮਾ ਦੇ ਤਪ ਕਾਰਨ ਪਿਆ ਹੈ। ਬੋਧੀ ਲਿਖਤਾਂ ਵਿਚ ਰਾਜਗਰਿਹਾ ਦੇ ਮੁੱਖ ਦਰਿਆ ਨੂੰ 'ਤਪੋਡਾ' ਕਿਹਾ ਗਿਆ ਹੈ। ਇਹ ਵੀ ਦਾਅਵਾ ਕੀਤਾ ਜਾਂਦੈ ਕਿ ਇਨ੍ਹਾਂ ਗਰਮ ਪਾਣੀ ਦੇ ਚਸ਼ਮਿਆਂ ਵਿਚ ਭਗਵਾਨ ਬੁੱਧ, ਭਗਵਾਨ ਮਹਾਂਵੀਰ ਅਤੇ ਗੁਰੂੁ ਨਾਨਕ ਦੇਵ ਜੀ ਨੇ ਵੀ ਇਸ਼ਨਾਨ ਕੀਤਾ ਸੀ।
ਇਥੇ ਲਕਸ਼ਮੀ ਨਰਾਇਣ ਮੰਦਰ ਤੋਂ ਇਲਾਵਾ ਹੋਰ ਅਨੇਕਾਂ ਮੰਦਰ ਹਨ। ਗੁਰੂੁ ਨਾਨਕ ਦੇਵ ਜੀ ਦੀ ਯਾਦ ਵਿਚ ਗੁਰਦੁਆਰਾ ਸ਼ੀਤਲ ਕੁੰਡ ਵੀ ਬਣਿਆ ਹੈ। ਇਸੇ ਕਾਰਨ ਇਹ ਕੁੰਡ ਹਿੰਦੂਆਂ, ਜੈਨੀਆਂ, ਬੋਧੀਆਂ, ਸਿੱਖਾਂ ਅਤੇ ਹੋਰ ਸ਼ਰਧਾਲੂਆਂ/ਸੈਲਾਨੀਆਂ ਲਈ ਆਕਰਸ਼ਣ ਦਾ ਕੇਂਦਰ ਹਨ। ਵਿਪੂਲਾ ਪਹਾੜੀ ਉਪਰ 13ਵੀਂ ਸਦੀ ਦੇ ਮੁਸਲਮਾਨ ਸੰਤ ਮਖ਼ਦੂਮ ਸਾਹਿਬ ਦੀ ਯਾਦ ਵਿਚ ਮਖ਼ਦੂਮ ਕੁੰਡ ਵੀ ਹੈ।
ਦਰਅਸਲ ਰਾਜਗੀਰ ਪਹਾੜਾਂ ਨਾਲ ਘਿਰਿਆ ਸ਼ਹਿਰ ਹੈ। ਇਸ ਦੇ 100 ਮੀਟਰ ਦੇ ਕੁੰਡਾਂ ਵਾਲੇ ਇਲਾਕੇ ਵਿਚ ਸਲਫਰ (ਗੰਧਕ), ਸੋਡੀਅਮ ਅਤੇ ਹੋਰ ਖਣਿਜ ਪਦਾਰਥਾਂ ਵਾਲੇ ਤੱਤ ਮੌਜੂਦ ਹਨ। ਇਨ੍ਹਾਂ ਥਾਵਾਂ 'ਚੋਂ ਇਹ ਗਰਮ ਪਾਣੀ ਦੇ ਚਸ਼ਮੇ ਫੁੱਟਦੇ ਹਨ। ਇਹ ਵੈਵਾਗਿਰੀ ਪਹਾੜ ਦੇ ਪੈਰਾਂ 'ਚੋਂ ਨਿਕਲਦੇ ਹਨ। ਇਨ੍ਹਾਂ ਦਾ ਸਰੋਤ ਸਪਤਾਪਰਨੀ ਗੁਫਾਵਾਂ ਹਨ। ਇਨ੍ਹਾਂ ਦਾ ਪਾਣੀ ਸਪਤਧਾਰਾ, ਜਿਸ ਨੂੰ ਸਪਤਰਿਸ਼ੀ ਵੀ ਕਹਿੰਦੇ ਹਨ, ਥਾਣੀ ਆਉਂਦੈ।
ਇਹ ਕੁੰਡ ਇਲਾਕੇ ਵਿਚ ਵੱਖਰੇ-ਵੱਖਰੇ ਸਥਾਨਾਂ 'ਤੇ ਹਨ। ਬ੍ਰਹਮ ਕੁੰਡ ਵਿਚ 7 ਜਲਧਾਰਾਵਾਂ ਵਗਦੀਆਂ ਹਨ। ਇਸ ਦਾ ਪਾਣੀ 45 ਡਿਗਰੀ ਸੈਂਟੀਗਰੇਡ ਗਰਮ ਹੈ। ਇਥੇ ਮੰਦਰ ਵੀ ਹਨ। ਗਰਮ ਪਾਣੀ ਨੂੰ ਚੈਨੇਲਾਈਜ਼ ਕਰ ਕੇ ਸ਼ਰਧਾਲੂਆਂ/ਸੈਲਾਨੀਆਂ ਦੇ ਇਸ਼ਨਾਨ ਦੀ ਵਿਵਸਥਾ ਹੈ। ਔਰਤਾਂ ਲਈ ਵੱਖਰਾ ਪ੍ਰਬੰਧ ਹੈ। ਤਪੋਵਨ ਵਿਚ ਵੀ ਕੁੰਡ ਹਨ।
ਇਹ ਗਰਮ ਪਾਣੀ ਦੇ ਚਸ਼ਮੇ ਸੈਲਾਨੀਆਂ ਦੀ ਖਿੱਚ ਦਾ ਮੁੱਖ ਕੇਂਦਰ ਹਨ। ਇਹ ਧਾਰਮਿਕ ਅਤੇ ਔਸ਼ਧਿਕ ਮਹੱਤਤਾ ਰੱਖਦੇ ਹਨ। ਇਨ੍ਹਾਂ ਵਿਚ ਇਸ਼ਨਾਨ ਕਰਨਾ ਹਿੰਦੂ ਧਰਮ 'ਚ ਪਵਿੱਤਰ ਮੰਨਿਆ ਜਾਂਦੈ। ਇਨ੍ਹਾਂ ਨੂੰ ਸਿਹਤ-ਵਰਧਕ ਅਤੇ ਰੋਗ-ਨਾਸ਼ਕ ਵੀ ਮੰਨਿਆ ਜਾਂਦੈ। ਕਈ ਬਿਮਾਰੀਆਂ ਲਈ ਲਾਹੇਵੰਦ ਸਮਝਿਆ ਜਾਂਦੈ। ਚਮੜੀ ਰੋਗ, ਪੇਟ ਦੇ ਰੋਗ, ਜੋੜਾਂ ਦੇ ਦਰਦ ਆਦਿ ਲਈ ਇਹ ਦਵਾਈ ਦਾ ਕੰਮ ਕਰਦੇ ਦੱਸੇ ਜਾਂਦੇ ਹਨ। ਅਸਲ ਵਿਚ ਇਨ੍ਹਾਂ ਵਿਚ ਗੰਧਕ ਅਤੇ ਹੋਰ ਖਣਿਜ ਪਦਾਰਥਾਂ ਦੇ ਮੌਜੂਦ ਹੋਣ ਕਾਰਨ ਇਹ ਔਸ਼ਧਿਕ ਤੌਰ 'ਤੇ ਗੁਣਕਾਰੀ ਕਹੇ ਜਾਂਦੇ ਹਨ। ਇਸ ਇਲਾਕੇ ਵਿਚ ਕੁਲ 52 ਜਲਧਾਰਾਵਾਂ ਹਨ। ਇਨ੍ਹਾਂ ਵਿਚੋਂ ਇਕ ਦਾ ਪਾਣੀ ਠੰਢਾ ਹੈ ਤੇ ਬਾਕੀਆਂ ਦਾ ਗਰਮ।
ਇਸ ਬਾਰੇ ਗੁਰਦੁਆਰਾ ਗੁਰੂੁ ਨਾਨਕ ਦੇਵ ਸ਼ੀਤਲ ਕੁੰਡ ਦੇ ਸੇਵਾਦਾਰ ਨੇ ਦੱਸਿਆ ਕਿ ਸਿੱਖ ਧਰਮ ਦੇ ਬਾਨੀ ਗੁਰੂੁ ਨਾਨਕ ਦੇਵ ਜੀ ਆਪਣੀ ਪੂਰਬ ਵੱਲ ਦੀ ਉਦਾਸੀ ਦੌਰਾਨ ਇਥੇ 1563 ਬਿਕਰਮੀ ਸੰਮਤ ਨੂੰ ਆਏ ਸਨ। ਉਸ ਅਨੁਸਾਰ ਉਸ ਸਮੇਂ ਇਥੇ 2 ਮੀਲ ਦੇ ਇਲਾਕੇ ਵਿਚ ਪੀਣ ਵਾਲਾ ਪਾਣੀ ਨਹੀਂ ਸੀ। ਪੱਥਰ ਹੀ ਪੱਥਰ ਸਨ। ਕੁੰਡਾਂ ਦਾ ਪਾਣੀ ਵੀ ਗਰਮ ਸੀ। ਆਪਣੇ ਇਸ ਥਾਂ ਪੜਾਅ ਦੌਰਾਨ ਗੁਰੂ ਨਾਨਕ ਦੇਵ ਜੀ ਨੇ ਲੋਕਾਂ ਦੀ ਪੀਣ ਵਾਲੇ ਪਾਣੀ ਸਬੰਧੀ ਫਰਿਆਦ ਸੁਣ ਕੇ ਇਕ ਥਾਂ ਵੱਲ ਇਸ਼ਾਰਾ ਕੀਤਾ ਅਤੇ ਲੋਕਾਂ ਨੂੰ ਪੱਥਰ ਹਟਾਉਣ ਅਤੇ ਪੁਟਾਈ ਕਰਨ ਲਈ ਕਿਹਾ। ਲੋਕਾਂ ਦੁਆਰਾ ਅਜਿਹਾ ਕਰਨ ਉਪਰੰਤ ਸ਼ੀਤਲ ਜਲ ਦਾ ਚਸ਼ਮਾ ਫੁੱਟ ਪਿਆ। ਇਸ ਨੂੰ ਗੁਰੂੁ ਨਾਨਕ ਸ਼ੀਤਲ ਕੁੰਡ ਪੁਕਾਰਿਆ ਜਾਣ ਲੱਗਾ। ਇਕ ਮਨੌਤ ਅਨੁਸਾਰ ਗੁਰੂੁ ਨਾਨਕ ਦੇਵ ਜੀ ਨੇ ਬਖਸ਼ਿਸ਼ ਕਰ ਕੇ ਗਰਮ ਚਸ਼ਮਾ ਹੀ ਠੰਢਾ ਕਰ ਦਿੱਤਾ ਸੀ।
ਇਸ ਜਗ੍ਹਾ ਗੁਰਦੁਆਰਾ ਉਸਰਿਆ ਹੈ ਪਰ ਸਿੱਖ ਸੰਗਤਾਂ ਦੀ ਆਮਦ ਅਜੇ ਜ਼ਰਾ ਘੱਟ ਹੈ, ਕਿਉਂਕਿ ਇਹ ਪਟਨਾ ਸਾਹਿਬ ਤੋਂ ਕਾਫੀ ਦੂਰ (85 ਕਿ: ਮੀ:) ਹੈ। ਉਂਜ ਗੁਰਦੁਆਰੇ ਕੋਲ ਸਵਾ ਏਕੜ ਜਗ੍ਹਾ ਹੈ। ਇਸ ਅਸਥਾਨ ਉਪਰ ਗੁਰਦੁਆਰੇ ਦੀ ਉਸਾਰੀ ਬਾਬਾ ਅਜਾਇਬ ਸਿੰਘ, ਜੋ 1956 ਵਿਚ ਫੌਜ ਵਿਚੋਂ ਸੇਵਾ ਮੁਕਤ ਹੋਣ ਉਪਰੰਤ ਪਟਨਾ ਸਹਿਬ ਆ ਗਏ ਸਨ ਅਤੇ 1965 ਵਿਚ ਇਸ ਅਸਥਾਨ ਉਪਰ ਆ ਗਏ, ਨੇ ਕਰਵਾਈ। ਉਸ ਵਕਤ ਇਥੇ ਉਜਾੜ ਬੀਆਬਾਨ ਸੀ ਅਤੇ ਮਾਰ-ਧਾੜ ਵੀ ਬੜੀ ਸੀ। ਸਥਾਨਕ ਲੋਕਾਂ, ਖਾਸ ਕਰਕੇ ਪਾਂਡਿਆਂ ਦੇ ਵਿਰੋਧ ਦੇ ਬਾਵਜੂਦ ਫੌਜੀ ਬਾਬੇ ਨੇ ਇਸ ਅਸਥਾਨ ਦੀ ਸੇਵਾ ਅਰੰਭ ਦਿੱਤੀ।
ਬਾਬਾ ਅਜਾਇਬ ਸਿੰਘ ਲਗਪਗ 100 ਸਾਲ ਦੀ ਉਮਰ ਭੋਗ ਕੇ ਨਵੰਬਰ, 2016 ਵਿਚ ਅਕਾਲ ਚਲਾਣਾ ਕਰ ਗਏ। ਸਿੱਖ ਵਿਦਵਾਨਾਂ ਵਿਚ ਗੁਰੂ ਨਾਨਕ ਦੇਵ ਜੀ ਦੀ ਪਹਿਲੀ ਉਦਾਸੀ ਵੇਲੇ ਬਿਹਾਰ ਵਿਚ ਪ੍ਰਵੇਸ਼ ਕਰਨ ਦੇ ਰੂਟ ਨੂੰ ਲੈ ਕੇ ਮਤਭੇਦ ਹਨ। ਕੁਝ ਅਨੁਸਾਰ ਆਪ ਜੀ ਬਨਾਰਸ ਤੋਂ ਪਟਨਾ ਅਤੇ ਬੋਧ ਗਯਾ ਗਏ। ਕੁਝ ਅਨੁਸਾਰ ਆਪ ਰਜੌਲੀ ਤੋਂ ਭਗਲਪੁਰ ਜਾਂਦਿਆਂ ਰਾਜਗੀਰ ਰੁਕੇ। ਨਾਨਕ ਕੁੰਡ ਦਾ ਬਹੁਤਿਆਂ ਨੇ ਜ਼ਿਕਰ ਨਹੀਂ ਕੀਤਾ। ਪਰ 'ਪਟਨਾ ਗੈਜ਼ਟੀਅਰ' (1991, ਸਫਾ 101) ਵਿਚ ਕੁੰਡ ਵਿਖੇ ਸਿੱਖ ਗੁਰਦੁਆਰੇ ਦਾ ਜ਼ਿਕਰ ਹੈ।
ਸ਼ੀਤਲ ਕੁੰਡ ਤੋਂ ਇਲਾਵਾ ਬਾਕੀ ਸਾਰੇ ਕੁੰਡਾਂ ਉਪਰ ਬ੍ਰਾਹਮਣੀ ਸੱਭਿਆਚਾਰ ਦਾ ਗਲਬਾ ਹੈ। ਪਾਂਡੇ ਸੈਲਾਨੀਆਂ ਨੂੰ ਬੜਾ ਪ੍ਰੇਸ਼ਾਨ ਕਰਦੇ ਹਨ। ਮੋਕਸ਼ ਦੇ ਨਾਂਅ ਉਪਰ ਸੰਕਲਪ ਲੈਣ ਲਈ ਅੰਨ੍ਹੀ ਲੁੱਟ ਮਚਾਉਂਦੇ ਹਨ, ਸਮਝੋ ਕੱਪੜੇ ਲਾਹੁਣ ਵਾਲੀ ਗੱਲ ਹੀ ਹੈ। ਇਸ ਵਿਵਹਾਰ ਕਾਰਨ ਸੈਲਾਨੀਆਂ ਦਾ ਸੈਰ-ਸਪਾਟੇ ਵਾਲਾ ਸੁਆਦ ਖਰਾਬ ਹੋ ਜਾਂਦੈ, ਜਾਣੋ ਖੀਰ ਵਿਚ ਖੇਹ ਪੈ ਜਾਂਦੀ ਹੈ!


-ਫਗਵਾੜਾ। ਮੋਬਾ: 98766-55055
gandamjs@gmail.com

ਦੂਸਰੀ ਸਾਲਾਨਾ ਬਰਸੀ 'ਤੇ ਵਿਸ਼ੇਸ਼

ਉੱਘੇ ਸਿੱਖ ਪ੍ਰਚਾਰਕ ਸੰਤ ਬਾਬਾ ਹਰਦੇਵ ਸਿੰਘ ਲੂਲੋਂ ਵਾਲੇ

ਸਿੱਖ ਪੰਥ ਦੇ ਮਹਾਨ ਪ੍ਰਚਾਰਕ ਤੇ ਤਰਕਸ਼ੀਲ ਵਿਦਵਾਨ ਸੰਤ ਬਾਬਾ ਹਰਦੇਵ ਸਿੰਘ ਦਾ ਜਨਮ ਜਨਵਰੀ, 1941 ਵਿਚ ਨਿਰਮਲ ਪੰਥ ਦੇ ਧਾਰਨੀ ਦਾਦਾ ਨਰਾਇਣ ਸਿੰਘ ਦੇ ਸਪੁੱਤਰ ਸੰਤ ਸਰਜਾ ਸਿੰਘ ਦੇ ਗ੍ਰਹਿ ਵਿਖੇ ਪਿੰਡ ਲੂਲੋਂ ਤਹਿਸੀਲ ਬੱਸੀ ਪਠਾਣਾਂ, ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਵਿਖੇ ਹੋਇਆ। ਬਾਬਾ ਹਰਦਿਆਲ ਸਿੰਘ ਤੇ ਕਰਮਜੀਤ ਸਿੰਘ ਆਪ ਦੇ ਭਰਾਤਾ ਸਨ। ਗੁਰਸਿੱਖੀ ਮਾਹੌਲ ਤੇ ਗੁਰਮਤਿ ਦੀ ਗੁੜ੍ਹਤੀ ਆਪ ਨੇ ਪਰਿਵਾਰ ਵਿਚੋਂ ਲੈਣ ਉਪਰੰਤ ਦੁਨਿਆਵੀ ਸਿੱਖਿਆ 'ਐਫ.ਏ.' ਅੰਬਾਲਾ ਦੇ ਕਾਲਜ ਤੋਂ ਪ੍ਰਾਪਤ ਕੀਤੀ। ਆਪ ਨੇ ਸੰਤ ਬਾਬਾ ਈਸ਼ਰ ਸਿੰਘ ਰਾੜਾ ਸਾਹਿਬ ਵਾਲਿਆਂ ਦੀ ਸੰਗਤ ਕਰਨ ਉਪਰੰਤ ਦਮਦਮੀ ਟਕਸਾਲ ਤੋਂ ਧਾਰਮਿਕ ਵਿੱਦਿਆ ਵੀ ਪ੍ਰਾਪਤ ਕੀਤੀ। ਆਪ ਦਾ ਅਨੰਦ ਕਾਰਜ ਬੀਬੀ ਅਮਰਜੀਤ ਕੌਰ ਨਾਲ ਹੋਇਆ, ਜਿਨ੍ਹਾਂ ਦੀ ਕੁੱਖੋਂ ਦੋ ਸਪੁੱਤਰਾਂ ਜਗਦੀਸ਼ ਸਿੰਘ, ਸਤਵੰਤ ਸਿੰਘ ਤੇ ਤਿੰਨ ਧੀਆਂ ਰਾਜਿੰਦਰ ਕੌਰ, ਭੁਪਿੰਦਰ ਕੌਰ ਅਤੇ ਸਤਵੰਤ ਕੌਰ ਨੇ ਜਨਮ ਲਿਆ। ਬੇਟਾ ਸਤਵੰਤ ਸਿੰਘ ਤੇ ਬੇਟੀ ਭੁਪਿੰਦਰ ਕੌਰ ਕੈਨੇਡਾ ਅਤੇ ਬੇਟੀ ਸਤਵੰਤ ਕੌਰ ਜਰਮਨ ਵਿਚ ਪਰਿਵਾਰ ਸਮੇਤ ਸੈਟਲ ਹਨ। ਆਪ ਦੇ ਸਪੁੱਤਰ ਜਗਦੀਸ਼ ਸਿੰਘ ਤੇ ਨੂੰਹ ਬਲਜੀਤ ਕੌਰ ਪਿੰਡ ਲੂਲੋਂ ਦੇ ਲਗਾਤਾਰ 10 ਸਾਲ ਸਰਪੰਚ ਰਹਿ ਚੁੱਕੇ ਹਨ, ਜੋ ਸਮਾਜ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਸਰਗਰਮ ਆਗੂ ਤੇ ਨਿਰਮਲ ਡੇਰਾ ਲੂਲੋਂ ਦੇ ਮੁੱਖ ਸੇਵਾਦਾਰ ਵਜੋਂ ਸਤਿਕਾਰੇ ਜਾਂਦੇ ਹਨ। ਸੰਤ ਜਗਦੀਸ਼ ਸਿੰਘ ਪਿਤਾ ਦੇ ਪਦਚਿੰਨ੍ਹਾਂ 'ਤੇ ਚੱਲਦੇ ਹੋਏ ਹਰੇਕ ਦਸਵੀਂ ਨੂੰ ਪੀ.ਜੀ.ਆਈ. ਚੰਡੀਗੜ੍ਹ ਵਿਖੇ ਲੰਗਰ ਵਰਤਾ ਕੇ ਸਮਾਜਿਕ ਸੇਵਾ ਵਿਚ ਯੋਗਦਾਨ ਪਾ ਰਹੇ ਹਨ। ਆਪ ਦਾ ਸਹੁਰਾ ਪਰਿਵਾਰ ਉਦਾਸੀਨ ਸੰਪਰਦਾ ਦੇ ਧਾਰਨੀ ਸਨ ਅਤੇ ਆਪ ਦੀ ਭੈਣ ਕਿਰਪਾਲ ਕੌਰ ਦੇ ਸਪੁੱਤਰ ਸੰਤ ਬੇਅੰਤ ਸਿੰਘ ਲੰਗਰਾਂ ਵਾਲੇ, ਸੰਤ ਸੁਖਦੇਵ ਸਿੰਘ ਅਤੇ ਸੰਤ ਤ੍ਰਿਲੋਚਨ ਸਿੰਘ ਵਜੋਂ ਪ੍ਰਸਿੱਧ ਹਨ। ਆਪ ਨੇ ਨਿਰਮਲ ਸੰਪਰਦਾਇ ਦੇ ਨਾਲ-ਨਾਲ ਸ਼੍ਰੋਮਣੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਵਜੋਂ ਵੀ ਦੇਸ਼-ਵਿਦੇਸ਼ਾਂ ਵਿਚ ਤਰਕ ਨਾਲ ਗੁਰਮਤਿ ਦਾ ਪ੍ਰਚਾਰ ਕੀਤਾ ਅਤੇ ਸਮੁੱਚੇ ਪੰਥ ਵਿਚ ਆਪ ਦਾ ਪੂਰਨ ਸਤਿਕਾਰ ਹੈ। ਪੁਰਾਣੀ ਬਿਮਾਰੀ ਦੇ ਚੱਲਦਿਆਂ ਆਪ 14 ਫਰਵਰੀ, 2016 ਨੂੰ ਵਾਹਿਗੁਰੂ ਦੇ ਭਾਣੇ ਅੰਦਰ ਸਮੁੱਚੇ ਪੰਥ ਨੂੰ ਸਰੀਰਕ ਤੌਰ 'ਤੇ ਵਿਛੋੜਾ ਦੇ ਕੇ ਬ੍ਰਹਮਲੀਨ ਹੋ ਗਏ। ਆਪ ਦੀ ਨਿੱਘੀ ਤੇ ਮਿੱਠੀ ਯਾਦ ਨੂੰ ਸਮਰਪਿਤ ਦੂਸਰੀ ਸਾਲਾਨਾ ਬਰਸੀ ਦੇ ਮੌਕੇ 'ਤੇ ਸ਼ਰਧਾ ਤੇ ਸਤਿਕਾਰ ਸਹਿਤ ਮਹਾਨ ਸੰਤ ਸਮਾਗਮ 14 ਫਰਵਰੀ ਨੂੰ ਨਿਰਮਲ ਡੇਰਾ ਪਿੰਡ ਲੂਲੋਂ, ਨਜ਼ਦੀਕ ਨੰਦਪੁਰ ਕਲੌੜ, ਤਹਿਸੀਲ ਬੱਸੀ ਪਠਾਣਾਂ, ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਵਿਖੇ ਕਰਵਾਇਆ ਜਾ ਰਿਹਾ ਹੈ।


-ਮੋਬਾ: 97800-07848

ਪਰਤਣ ਲੱਗੇ ਹਨ ਲਾਹੌਰ ਦੇ ਮੰਦਰਾਂ ਦੇ ਚੰਗੇ ਦਿਨ

ਸਾਲ 1992 ਵਿਚ ਭਾਰਤ ਵਿਚ ਉੱਠਿਆ ਬਾਬਰੀ ਮਸਜਿਦ ਵਿਵਾਦ ਸਰਹੱਦ ਪਾਰ ਪਾਕਿਸਤਾਨ ਵਿਚ ਕਰੀਬ 1000 ਮੰਦਰਾਂ ਦੀ ਬਲੀ ਲੈ ਕੇ ਸ਼ਾਂਤ ਹੋਇਆ। ਅਯੁੱਧਿਆ ਵਿਚ ਰਾਮ ਮੰਦਰ ਬਨਾਮ ਬਾਬਰੀ ਮਸਜਿਦ ਵਿਵਾਦ ਦੇ ਚਲਦਿਆਂ ਪਾਕਿਸਤਾਨ ਦੇ ਅਲੱਗ-ਅਲੱਗ ਸ਼ਹਿਰਾਂ ਵਿਚ ਪਾਕਿਸਤਾਨੀ ਸੱਤਾਧਾਰੀਆਂ ਦੀ ਸਰਪ੍ਰਸਤੀ ਹੇਠ ਦੰਗਾਕਾਰੀਆਂ ਨੇ ਸ਼ਾਇਦ ਹੀ ਕੋਈ ਅਜਿਹਾ ਮੰਦਰ ਬਾਕੀ ਨਹੀਂ ਰਹਿਣ ਦਿੱਤਾ ਹੋਵੇਗਾ, ਜਿਸ ਨੂੰ ਨੁਕਸਾਨ ਨਾ ਪਹੁੰਚਾਇਆ ਗਿਆ ਹੋਵੇ ਜਾਂ ਜੋ ਜ਼ਮੀਨਦੋਜ਼ ਨਾ ਕੀਤਾ ਗਿਆ ਹੋਵੇ।
ਬਾਬਰੀ ਮਸਜਿਦ ਵਿਵਾਦ ਦੇ 27 ਵਰ੍ਹਿਆਂ ਬਾਅਦ ਪਾਕਿਸਤਾਨ ਵਿਚ ਬਾਕੀ ਸ਼ਹਿਰਾਂ ਦੇ ਤਾਂ ਨਹੀਂ ਪਰ ਲਾਹੌਰ ਦੇ ਕੁਝ ਗਿਣੇ-ਚੁਣੇ ਮੰਦਰਾਂ ਦੇ ਚੰਗੇੇ ਦਿਨ ਜ਼ਰੂਰ ਪਰਤ ਰਹੇ ਹਨ। ਪਾਕਿਸਤਾਨ ਸਰਕਾਰ ਦੇ ਪੁਰਾਤੱਤਵ ਅਤੇ ਟੂਰਿਜ਼ਮ ਵਿਭਾਗ ਨੇ ਕਰੋੜਾਂ ਰੁਪਏ ਖਰਚ ਕਰਕੇ ਸਾਲ 1992 ਵਿਚ ਢਾਹੇ ਗਏ ਮੰਦਰਾਂ ਦੇ ਖੰਡਰ ਬਣੇ ਢਾਂਚਿਆਂ ਦੇ ਨਵ-ਨਿਰਮਾਣ ਦੀ ਕਾਰਵਾਈ ਸ਼ੁਰੂ ਕੀਤੀ ਹੈ। ਇਹ ਆਪਣੇ-ਆਪ ਵਿਚ ਚੰਗੀ ਅਤੇ ਸ਼ੁਭ ਸ਼ੁਰੂਆਤ ਹੈ। ਪਰ ਭਾਰਤੀ ਫ਼ਿਜ਼ਾਵਾਂ ਵਿਚ ਜਦੋਂ ਇਕ ਵਾਰ ਫਿਰ ਬਾਬਰੀ ਮਸਜਿਦ ਦੇ ਵਿਵਾਦਿਤ ਢਾਂਚੇ 'ਤੇ ਰਾਮ ਮੰਦਰ ਨਿਰਮਾਣ ਦੀਆਂ ਘੋਸ਼ਣਾਵਾਂ ਗੂੰਜਣ ਲੱਗੀਆਂ ਹਨ ਤਾਂ ਇਹ ਸੋਚਣਾ ਲਾਜ਼ਮੀ ਬਣ ਜਾਂਦਾ ਹੈ ਕਿ ਇਸ ਵਾਰ ਰਾਮ ਮੰਦਰ ਦਾ ਨਿਰਮਾਣ ਸਰਹੱਦ ਪਾਰ ਹੋਰ ਕਿੰਨੇ ਮੰਦਰਾਂ ਦੀ ਬਲੀ ਲੈ ਕੇ ਅਤੇ ਉਥੇ ਰਹਿ ਰਹੇ ਕਿੰਨੇ ਹਿੰਦੂਆਂ ਨੂੰ ਘਰੋਂ ਬੇਘਰ ਕਰਕੇ ਸ਼ਾਂਤ ਹੋਵੇਗਾ। ਯਾਦ ਰੱਖਣ ਯੋਗ ਹੈ ਕਿ ਸਾਲ 1992 ਤੋਂ ਬਾਅਦ ਪਾਕਿਸਤਾਨੀ ਕਬਾਇਲੀ ਇਲਾਕਿਆਂ ਵਿਚੋਂ ਪ੍ਰੇਸ਼ਾਨ ਕਰਕੇ ਜਬਰੀ ਕੱਢੇ ਗਏ ਹਜ਼ਾਰਾਂ ਹਿੰਦੂ-ਸਿੱਖ ਪਰਿਵਾਰ ਅੱਜ ਵੀ ਪਾਕਿਸਤਾਨ ਦੇ ਅਲੱਗ-ਅਲੱਗ ਸ਼ਹਿਰਾਂ ਵਿਚ ਸ਼ਰਨਾਰਥੀਆਂ ਵਰਗਾ ਜੀਵਨ ਬਤੀਤ ਕਰ ਰਹੇ ਹਨ।
ਬਾਬਰੀ ਮਸਜਿਦ ਨੂੰ ਗਿਰਾਏ ਜਾਣ ਬਦਲੇ ਪਾਕਿਸਤਾਨ ਵਿਚ ਹਿੰਦੂ ਮੰਦਰਾਂ ਨੂੰ ਤਹਿਸ-ਨਹਿਸ ਕਰਨ ਦੀ ਕਾਰਵਾਈ 6 ਦਸੰਬਰ, 1992 ਨੂੰ ਸ਼ੁਰੂ ਹੋਈ ਅਤੇ ਲਾਹੌਰ ਵਿਚ ਇਸ ਦੀ ਸ਼ੁਰੂਆਤ 8 ਦਸੰਬਰ ਨੂੰ ਲਾਹੌਰ ਦੀ ਪੁਰਾਣੀ ਅਨਾਰਕਲੀ ਦੀ ਫੂਡ ਸਟਰੀਟ ਤੋਂ ਥੋੜ੍ਹੀ ਦੂਰੀ 'ਤੇ ਸਥਿਤ ਦਿਗੰਬਰ ਜੈਨ ਮੰਦਰ ਨੂੰ ਗਿਰ੍ਹਾ ਕੇ ਕੀਤੀ ਗਈ। ਭਾਵੇਂ ਕਿ ਇਹ ਮੰਦਰ ਵੀ ਲਾਹੌਰ ਅਤੇ ਪਾਕਿਸਤਾਨ ਦੇ ਹੋਰਨਾਂ ਮੰਦਰਾਂ ਵਾਂਗ ਹੀ ਸੀ, ਜਿਨ੍ਹਾਂ ਨੂੰ ਸੰਪਰਦਾਇਕ ਦੰਗਿਆਂ ਦੇ ਚਲਦਿਆਂ ਗਿਰਾਇਆ ਗਿਆ, ਪਰ ਇਹ ਮੰਦਰ ਸਿਰਫ਼ ਇਕ ਇੱਟਾਂ ਦਾ ਢਾਂਚਾ ਨਾ ਹੋ ਕੇ ਇਸ ਪੂਰੇ ਇਲਾਕੇ ਦੀ ਪਹਿਚਾਣ ਸੀ ਅਤੇ ਉਪਰੋਕਤ ਮੰਦਰ ਨੂੰ ਗਿਰਾਏ ਜਾਣ ਦੇ 27 ਵਰ੍ਹੇ ਬਾਅਦ ਵੀ ਉਸ ਦੀ ਇਹ ਪਹਿਚਾਣ ਕਾਇਮ ਹੈ। ਅੱਜ ਵੀ ਇਸ ਇਲਾਕੇ ਨੂੰ ਜੈਨ ਮੰਦਰ ਚੌਕ ਨਾਂਅ ਨਾਲ ਹੀ ਸੰਬੋਧਿਤ ਕੀਤਾ ਜਾਂਦਾ ਹੈ। ਸਾਲ 1992 ਵਿਚ ਮੰਦਰ ਨੂੰ ਗਿਰਾਏ ਜਾਣ ਦੇ ਬਾਅਦ ਇਸ ਆਬਾਦੀ ਅਤੇ ਚੌਰਾਹੇ ਨੂੰ ਸਰਕਾਰੀ ਪੱਧਰ 'ਤੇ 'ਬਾਬਰੀ ਮਸਜਿਦ ਚੌਕ' ਦਾ ਨਾਂਅ ਦਿੱਤਾ ਗਿਆ। ਹਾਲਾਂਕਿ ਇਹ ਵੱਖਰੀ ਗੱਲ ਹੈ ਕਿ ਇਥੋਂ ਨਿਕਲਣ ਵਾਲੇ ਰਾਹਗੀਰ ਤਾਂ ਦੂਰ, ਇਸ ਇਲਾਕੇ ਵਿਚ ਰਹਿਣ ਵਾਲੇ ਲੋਕ ਵੀ ਇਸ ਇਲਾਕੇ ਦੇ ਬਦਲੇ ਨਾਂਅ 'ਬਾਬਰੀ ਮਸਜਿਦ ਚੌਕ' ਤੋਂ ਜਾਣੂ ਨਹੀਂ ਹਨ ਅਤੇ ਜੋ ਜਾਣੂ ਹਨ, ਉਹ ਇਸ ਬਦਲੇ ਨਾਂਅ ਨੂੰ ਸਵੀਕਾਰ ਕਰਨ ਲਈ ਤਿਆਰ ਨਹੀਂ ਹਨ।
(ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)


-ਅੰਮ੍ਰਿਤਸਰ।
ਮੋਬਾ: 9356127771, 7837849764

ਜੰਗਨਾਮਾ ਕਾਜ਼ੀ ਨੂਰ ਮੁਹੰਮਦ

ਅਠਾਰ੍ਹਵੀਂ ਸਦੀ ਦੇ ਲਹੂ ਭਿੱਜੇ ਸਿੱਖ ਇਤਿਹਾਸ ਦਾ ਇਕ ਅਹਿਮ ਦਸਤਾਵੇਜ਼ ਹੈ ਕਾਜ਼ੀ ਨੂਰ ਮੁਹੰਮਦ ਦਾ ਜੰਗਨਾਮਾ। 1765 ਵਿਚ ਕਲਾਤ ਵਿਚ ਮੁਕੰਮਲ ਹੋਏ ਇਸ ਜੰਗਨਾਮੇ ਵਿਚ ਅਹਿਮਦ ਸ਼ਾਹ ਅਬਦਾਲੀ ਦੇ ਹਿੰਦੁਸਤਾਨ ਉੱਤੇ ਸੱਤਵੇਂ ਹੱਲੇ ਦਾ ਆਦਿ ਤੋਂ ਅੰਤ ਤੱਕ ਦਾ ਅੱਖੀਂ ਡਿੱਠਾ ਹਾਲ ਹੈ। ਇਸ ਸੱਤਵੇਂ ਹੱਲੇ ਨੇ ਅਬਦਾਲੀ ਦੇ ਭਾਰਤ ਉੱਤੇ ਅਫ਼ਗਾਨ ਹਕੂਮਤ ਸਥਾਪਤ ਕਰਨ ਦੇ ਮਨਸੂਬੇ ਮਿੱਟੀ ਵਿਚ ਮਿਲਾ ਦਿੱਤੇ। ਸਿੱਖਾਂ ਨੇ ਕਦਮ-ਕਦਮ 'ਤੇ ਉਸ ਨਾਲ ਲੋਹਾ ਲਿਆ। ਉਸ ਨੇ ਸਿੱਖ ਸਰਦਾਰਾਂ ਨੂੰ ਪੰਜਾਬ ਵਿਚੋਂ ਦਿੱਲੀ ਤੱਕ ਸੁਰੱਖਿਅਤ ਲਾਂਘਾ ਦੇਣ ਅਤੇ ਟਕਰਾਅ ਵਿਚ ਨਾ ਆਉਣ ਲਈ ਵਾਰ-ਵਾਰ ਤਰਲੇ ਕੀਤੇ। ਸਿੱਖਾਂ ਨੂੰ ਪੰਜਾਬ ਤੇ ਭਾਰਤ ਵਿਚ ਜਿੰਨਾ ਇਲਾਕਾ ਉਹ ਚਾਹੁਣ, ਦੇਣ ਦੀ ਪੇਸ਼ਕਸ਼ ਤੱਕ ਕੀਤੀ ਪਰ ਸਿੱਖਾਂ ਨੇ ਹਰ ਪੇਸ਼ਕਸ਼ ਠੁਕਰਾਉਂਦੇ ਹੋਏ ਕਿਹਾ ਕਿ ਬਾਦਸ਼ਾਹੀ ਤੂੰ ਕੀ ਦੇਣੀ ਹੈ, ਇਹ ਤਾਂ ਦਸਮੇਸ਼ ਨੇ ਸਾਨੂੰ ਪਹਿਲਾਂ ਹੀ ਬਖਸ਼ ਰੱਖੀ ਹੈ। ਅਸੀਂ ਲੈ ਹੀ ਲੈਣੀ ਹੈ। ਅੱਠਵੇਂ ਹੱਲੇ ਵੇਲੇ ਵੀ ਅਬਦਾਲੀ ਨੇ ਇਹ ਦੋਹਰੀ ਨੀਤੀ ਵਾਲੇ ਯਤਨ ਜਾਰੀ ਰੱਖੇ। ਸਿੱਖਾਂ ਨੂੰ ਤਾਕਤ ਨਾਲ ਦਬਾਉਣ-ਕੁਚਲਣ ਤੇ ਖਤਮ ਕਰਨ ਦਾ ਯਤਨ ਅਤੇ ਉਨ੍ਹਾਂ ਨੂੰ ਕੁਝ ਇਲਾਕੇ ਤੇ ਸਹੂਲਤਾਂ ਦੇ ਕੇ ਸਮਝੌਤਾ ਕਰਨ ਦੀਆਂ ਕੋਸ਼ਿਸ਼ਾਂ। ਉਸ ਦੇ ਦੋਵੇਂ ਯਤਨ ਬੇਕਾਰ ਗਏ। ਉਸ ਦੇ ਸਾਹਮਣੇ ਹੀ ਸਿੱਖ ਨਿਡਰ ਹੋ ਕੇ ਉਸ ਦੇ ਲਾਏ ਸੂਬੇਦਾਰਾਂ, ਕਿਲੇਦਾਰਾਂ, ਵਜ਼ੀਰਾਂ, ਫੌਜਦਾਰਾਂ ਨੂੰ ਲੁੱਟਦੇ-ਕੁੱਟਦੇ। ਉਨ੍ਹਾਂ ਉਸ ਦੇ ਦੇਖਦੇ-ਦੇਖਦੇ ਹੀ ਸਾਰਾ ਪੰਜਾਬ ਆਪਣੇ ਕਬਜ਼ੇ ਹੇਠ ਕਰ ਲਿਆ। ਉਹ ਝਈਆਂ ਲੈ-ਲੈ ਆਉਂਦਾ, ਫੌਜਾਂ ਚਾੜ੍ਹਦਾ। ਕੁਝ ਸਮੇਂ ਲਈ ਸਿੱਖ ਛਾਈਂ-ਮਾਈਂ ਹੋ ਜਾਂਦੇ। ਫੌਜਾਂ ਤੇ ਸੂਬੇਦਾਰ ਕਿਲ੍ਹੇ ਵਿਚ ਜਾਂ ਕਿਸੇ ਸੂਬੇ ਦੀ ਰਾਜਧਾਨੀ ਵਿਚ ਪਹੁੰਚਦੇ ਅਤੇ ਸਿੱਖ ਮੁੜ ਮੁਲਕ ਦੇ ਮਾਲਕ ਬਣ ਬਹਿੰਦੇ।
ਅਬਦਾਲੀ ਦਾ ਸੱਤਵਾਂ ਹੱਲਾ ਉਸ ਦੇ ਜੀਵਨ ਦਾ ਤਬਾਹੀ ਵੱਲ ਮੋੜ ਸੀ, ਜਿਸ ਉੱਤੇ ਅੱਠਵੇਂ ਹੱਲੇ ਨੇ ਮੋਹਰ ਲਾ ਦਿੱਤੀ। ਯਤਨ ਤਾਂ ਉਸ ਨੇ 1772 ਵਿਚ ਮਰਨ ਤੱਕ ਜਾਰੀ ਰੱਖੇ ਪਰ ਉਨ੍ਹਾਂ ਵਿਚੋਂ ਅੱਗ ਸੇਕ ਤੇ ਤੁੰਦੀ ਘਟਦਾ-ਘਟਦਾ ਖ਼ਤਮ ਹੀ ਹੋ ਗਿਆ। ਪ੍ਰੇਸ਼ਾਨੀ ਉਸ ਨੂੰ ਇਹ ਸੀ ਕਿ ਛੇਵੇਂ ਹੱਲੇ ਸਮੇਂ 5 ਫਰਵਰੀ, 1762 ਨੂੰ ਇਕੋ ਦਿਨ ਜਿਸ ਨੂੰ ਸਿੱਖ ਵੱਡਾ ਘੱਲੂਘਾਰਾ ਕਹਿੰਦੇ ਹਨ, ਉਸ ਨੇ ਕੁੱਪ ਰੋਹੀੜੇ ਦੇ ਖੇਤਰ ਵਿਚ ਘੇਰਾ ਪਾ ਕੇ ਅੱਧੀ ਸਿੱਖ ਜਨ ਸੰਖਿਆ (ਲਗਪਗ 25 ਹਜ਼ਾਰ ਸਿੱਖ) ਖਤਮ ਕਰ ਦਿੱਤੇ ਸਨ। ਦੋ ਕੁ ਮਹੀਨੇ ਬਾਅਦ 10 ਅਪ੍ਰੈਲ, 1762 ਨੂੰ ਹਰਿਮੰਦਰ ਸਾਹਿਬ ਨੂੰ ਤੋਪਾਂ ਤੇ ਬਾਰੂਦ ਦੇ ਕੁੱਪਿਆਂ ਨਾਲ ਉਡਾਇਆ ਸੀ ਪਰ ਘੱਲੂਘਾਰੇ ਨੂੰ ਤਿੰਨ ਮਹੀਨੇ ਵੀ ਨਹੀਂ ਸਨ ਲੰਘੇ ਕਿ ਸਿੱਖਾਂ ਨੇ ਮਲੇਰਕੋਟਲੇ ਦੇ ਨਵਾਬ ਭੀਖਣ ਖਾਂ ਤੋਂ ਘੱਲੂਘਾਰੇ ਸਮੇਂ ਕੀਤੀ ਜ਼ਿਆਦਤੀ ਲਈ ਨੱਕ ਨਾਲ ਲਕੀਰਾਂ ਕਢਵਾਈਆਂ ਤੇ ਨਜ਼ਰਾਨੇ ਲਏ।
ਮਈ, 1762 ਵਿਚ ਉਨ੍ਹਾਂ ਸਰਹਿੰਦ ਦੇ ਗਵਰਨਰ ਜੈਨ ਖਾਨ ਨਾਲ ਇਹੀ ਕੁਝ ਕੀਤਾ। ਉਸ ਨੇ ਪੰਜਾਹ ਹਜ਼ਾਰ ਰੁਪਏ ਦੇ ਕੇ ਜਾਨ ਛੁਡਾਈ। ਸਿੱਖ ਬੇਖੌਫ ਹਰਿਮੰਦਰ ਸਾਹਿਬ ਮੱਥਾ ਟੇਕਣ ਜਾਣ ਲੱਗੇ। ਅਬਦਾਲੀ ਕਦੇ ਲਾਹੌਰ ਤੇ ਕਦੇ ਕਲਾਨੌਰ ਬੈਠਾ ਦੰਦੀਆਂ ਪੀਂਹਦਾ ਰਿਹਾ। 1762 ਦੀ ਦੀਵਾਲੀ ਅੰਮ੍ਰਿਤਸਰ ਮਨਾਉਣ ਲਈ ਸਿੱਖ ਵੱਡੀ ਗਿਣਤੀ ਵਿਚ ਅੰਮ੍ਰਿਤਸਰ ਪਹੁੰਚਣ ਲੱਗੇ। ਲਾਹੌਰ ਬੈਠੇ ਅਬਦਾਲੀ ਨੇ ਏਲਚੀ ਭੇਜੇ ਕਿ ਮੇਰੇ ਨਾਲ ਸੁਲਾਹ ਕਰ ਲਓ। ਸਿੱਖਾਂ ਨੇ ਉਨ੍ਹਾਂ ਨੂੰ ਕੁੱਟ ਕੇ ਭਜਾ ਦਿੱਤਾ। ਗੁੱਸੇ ਵਿਚ 16 ਅਕਤੂਬਰ, 1762 ਨੂੰ ਅਬਦਾਲੀ ਫੌਜ ਲੈ ਕੇ ਅੰਮ੍ਰਿਤਸਰ ਉੱਤੇ ਆ ਚੜ੍ਹਿਆ। ਅਗਲੇ ਦਿਨ ਦੀਵਾਲੀ ਸੀ। ਸਾਰਾ ਦਿਨ ਸਿੱਖ ਉਸ ਨਾਲ ਲੜਦੇ ਰਹੇ। ਦੇਰ ਰਾਤ ਤੱਕ ਉਹ ਉਸ ਦੀਆਂ ਫੌਜਾਂ ਨੂੰ ਸ਼ਹਿਰੋਂ ਬਾਹਰ ਧੱਕਦੇ ਹੋਏ ਲੈ ਗਏ। ਰਾਤ ਹਨੇਰੇ ਵਿਚ ਬੇਵੱਸ ਅਬਦਾਲੀ ਵਾਪਸ ਲਾਹੌਰ ਮੁੜ ਗਿਆ। ਲਗਪਗ ਦੋ ਮਹੀਨੇ ਉਹ ਲਾਹੌਰ ਰਿਹਾ। ਸਿੱਖ ਉਸ ਦੀਆਂ ਬਰੂਹਾਂ ਤੱਕ ਲੁੱਟਮਾਰ ਕਰਦੇ, ਉਹ ਵਿਸ ਘੋਲਦਾ ਰਹਿ ਜਾਂਦਾ। 12 ਦਸੰਬਰ, 1762 ਨੂੰ ਉਹ ਆਪਣੀਆਂ ਫੌਜਾਂ ਸਮੇਤ ਆਪਣੇ ਵਤਨ ਨੂੰ ਦੌੜ ਗਿਆ।
(ਬਾਕੀ ਅਗਲੇ ਮੰਗਲਵਾਰ ਦੇ ਧਰਮ ਤੇ ਵਿਰਸਾ ਅੰਕ 'ਚ)


-ਹਾਊਸ ਨੰ: 2, ਸਟਰੀਟ ਨੰ: 9,
ਗੁਰੂ ਨਾਨਕ ਨਗਰ, ਪਟਿਆਲਾ।

ਦਾਤਾ ਗੰਜਬਖ਼ਸ਼ ਦੇ ਲਕਬ ਨਾਲ ਮਸ਼ਹੂਰ

ਕਸ਼ਫ਼ੁਲ ਮਹਿਜੂਬ

ਦਾਤਾ ਗੰਜਬਖ਼ਸ਼ ਦੇ ਲਕਬ ਨਾਲ ਮਸ਼ਹੂਰ ਅਤੇ ਕਸ਼ਫ਼ੁਲ ਮਹਿਜੂਬ (ਛੁਪੇ ਰਾਜ਼ ਨੂੰ ਖੋਲ੍ਹਣਾ) ਦੇ ਰਚਨਾਕਾਰ ਦਾ ਪੂਰਾ ਨਾਂਅ ਅਲੀ ਬਿਨ ਉਸਮਾਨ ਅਲਜਲਾਬੀ ਹੁਜਵੀਰੀ ਸੀ। ਇਨ੍ਹਾਂ ਦੇ ਵੱਡੇ-ਵਡੇਰੇ ਗ਼ਜ਼ਨੀ ਸ਼ਹਿਰ ਦੇ ਨੇੜੇ ਪਿੰਡ ਹੁਜਵੀਰ ਦੇ ਵਸਨੀਕ ਸਨ, ਇਸ ਲਈ ਹੁਜਵੀਰੀ ਕਹਾਏ ਜਾਣ ਲੱਗੇ ਅਤੇ ਪੂਰੇ ਨਾਂਅ ਵਿਚੋਂ ਛੋਟਾ 'ਅਲੀ' ਲੈ ਕੇ ਅਲੀ ਹੁਜਵੀਰੀ ਕਰਕੇ ਪ੍ਰਸਿੱਧ ਹੋਏ। ਇਹ ਹਸਨੀ ਸੱਯਦ ਸੀ ਅਤੇ ਹਜ਼ਰਤ ਅਲੀ ਦੀ ਨੌਵੀਂ ਪੀੜ੍ਹੀ ਵਿਚੋਂ ਸਨ। ਇਨ੍ਹਾਂ ਦਾ ਜਨਮ ਕਦੋਂ ਅਤੇ ਕਿਥੇ ਹੋਇਆ? ਇਸ ਬਾਰੇ ਕੁਝ ਪਤਾ ਨਹੀਂ ਲਗਦਾ ਪਰ ਏਨਾ ਜ਼ਰੂਰ ਹੈ ਕਿ ਆਪ ਆਪਣੇ ਮੁਰਸ਼ਦ ਹਜ਼ਰਤ ਅਬੁਲ ਫ਼ਜ਼ਲ ਗ਼ਜ਼ਨਵੀ ਦੇ ਹੁਕਮ ਦੀ ਪਾਲਣਾ ਕਰਦੇ ਹੋਏ, ਸੁਲਤਾਨ ਮਹਿਮੂਦ ਗ਼ਜ਼ਨਵੀ ਦੇ ਲਸ਼ਕਰ ਨਾਲ, ਇਸਲਾਮ ਦੇ ਪ੍ਰਚਾਰ ਲਈ ਸੰਨ 1036 ਈ: ਵਿਚ ਭਾਰਤ ਆਏ ਅਤੇ ਲਾਹੌਰ ਨੂੰ ਆਪਣਾ ਪੱਕਾ ਟਿਕਾਣਾ ਬਣਾ ਲਿਆ। ਇਨ੍ਹਾਂ ਦਾ ਦਿਹਾਂਤ 1072 ਈ: ਦੇ ਨੇੜੇ ਹੋਇਆ ਮੰਨਿਆ ਜਾਂਦਾ ਹੈ। ਮਜ਼ਾਰ ਵੀ ਲਾਹੌਰ ਵਿਚ ਹੀ ਬਣਿਆ, ਜਿਥੇ ਹਰ ਸਾਲ ਉਰਸ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ।
ਅਲੀ ਹੁਜਵੀਰੀ ਨੇ ਕਈ ਫ਼ਾਰਸੀ ਪੁਸਤਕਾਂ ਦੀ ਰਚਨਾ ਕੀਤੀ, ਜਿਨ੍ਹਾਂ ਵਿਚੋਂ ਕਸ਼ਫ਼ੁਲ ਇਸਰਾਰ, ਕਸ਼ਫ਼ੁਲ ਮਹਿਜੂਬ ਅਤੇ ਦੀਵਾਨ ਅਲੀ ਆਦਿ ਵਧੇਰੇ ਪ੍ਰਸਿੱਧ ਹੋਈਆਂ। ਇਨ੍ਹਾਂ ਵਿਚੋਂ ਸਾਡੀ ਅੱਜ ਦੀ ਚਰਚਾ ਕਸ਼ਫ਼ੁਲ ਮਹਿਜੂਬ ਦੇ ਬਾਰੇ ਹੈ, ਜਿਸ ਦਾ ਅਰਥ ਹੈ ਛੁਪੇ ਰਾਜ਼ ਨੂੰ ਖੋਲ੍ਹਣਾ। ਪੁਸਤਕ ਦੇ ਰਚਨਾ ਪ੍ਰਯੋਜਨ ਅਤੇ ਨਾਂਅ ਬਾਰੇ ਲੇਖਕ ਦਾ ਕਹਿਣਾ ਹੈ, 'ਇਸ ਦਾ ਮੰਤਵ ਇਹ ਸੀ ਕਿ ਪੁਸਤਕ ਦਾ ਨਾਂਅ ਕਿਤਾਬ ਦੇ ਵਿਸ਼ੇ ਉੱਪਰ ਦਲਾਲਤ ਕਰੇ ਅਤੇ ਵਿਸ਼ੇਸ਼ ਰੂਪ ਵਿਚ ਜਦ ਗਿਆਨਵਾਨ ਲੋਕ ਇਸ ਪੁਸਤਕ ਦਾ ਨਾਂਅ ਸੁਣਨ, ਤਦ ਉਨ੍ਹਾਂ ਨੂੰ ਪਤਾ ਲੱਗ ਜਾਵੇ ਕਿ ਇਹ ਕਿਤਾਬ ਖਾਸ ਮੰਤਵ ਲਈ ਹੈ... ਚੂੰਕਿ ਇਹ ਪੁਸਤਕ ਪਰਮਾਤਮਾ ਦੇ ਰਾਹ ਨੂੰ ਬਿਆਨ ਕਰਨ ਲਈ ਹੈ ਅਤੇ ਗੁੱਝੇ ਇਲਾਹੀ ਭੇਤਾਂ ਨੂੰ ਪ੍ਰਗਟ ਕਰਨ ਲਈ ਹੈ, ਤਦ ਇਸ ਨਾਂਅ ਤੋਂ ਸਿਵਾਏ ਹੋਰ ਕੋਈ ਨਾਂਅ ਦਰੁਸਤ ਨਹੀਂ ਸੀ।' ਕਸ਼ਫ਼ੁਲ ਮਹਿਜੂਬ ਸੂਫ਼ੀ ਸਿਧਾਂਤਾਂ, ਸੰਕਲਪਾਂ ਅਤੇ ਵਿਚਾਰਧਾਰਾ ਨਾਲ ਸਬੰਧਿਤ ਭਾਰਤ ਦੀ ਧਰਤੀ 'ਤੇ ਰਚੀ ਗਈ ਸਭ ਤੋਂ ਪਹਿਲੀ ਪੁਸਤਕ ਮੰਨੀ ਗਈ ਹੈ। ਇਸ ਬਾਰੇ ਇਹ ਵੀ ਦੱਸਿਆ ਜਾਂਦਾ ਹੈ ਕਿ ਏਨੇ ਵਿਸਥਾਰ ਅਤੇ ਸਪੱਸ਼ਟਤਾ ਨਾਲ ਤਸਵੁੱਫ਼ ਬਾਰੇ ਲਿਖੀ ਗਈ ਇਸ ਤੋਂ ਪਹਿਲਾਂ ਦੀ ਕੋਈ ਰਚਨਾ ਨਹੀਂ ਮਿਲਦੀ। ਪੁਸਤਕ ਵਿਚ ਅਲੀ ਹੁਜਵੀਰੀ ਤੋਂ ਪਹਿਲਾਂ ਦੇ ਸੂਫ਼ੀ ਸਾਧਕਾਂ ਅਤੇ ਉਸ ਦੇ ਸਮਕਾਲੀ ਸੂਫ਼ੀਆਂ ਦੇ ਜੀਵਨ ਅਤੇ ਸਾਧਨਾ ਉਪਰ, ਚਲਦੇ-ਚਲਦੇ, ਪ੍ਰਕਾਸ਼ ਪਾਇਆ ਗਿਆ ਹੈ, ਨਬੀਆਂ ਅਤੇ ਫਰਿਸ਼ਤਿਆਂ ਆਦਿ ਦੀ ਵਡਿਆਈ ਵੀ ਕੀਤੀ ਗਈ ਹੈ। ਇੰਜ ਇਹ ਪੁਸਤਕ ਸੂਫ਼ੀ ਅਧਿਆਤਮਵਾਦ ਅਤੇ ਸੂਫ਼ੀ ਮਤ ਦੇ ਇਤਿਹਾਸ ਬਾਰੇ ਇਕ ਮਿਆਰੀ ਅਤੇ ਪ੍ਰਮਾਣਿਤ ਪੁਸਤਕ ਮੰਨੀ ਗਈ ਹੈ। ਆਪਣੀ ਅਹਿਮੀਅਤ ਕਰਕੇ ਹੀ ਇਹ ਪੁਸਤਕ ਤਕਰੀਬਨ ਇਕ ਹਜ਼ਾਰ ਸਾਲ ਤੋਂ ਸੂਫ਼ੀਆਂ ਦੀਆਂ ਖਾਨਗਾਹਾਂ ਅਤੇ ਤਕੀਆਂ ਵਿਚ ਸਿਧਾਂਤ ਪ੍ਰਧਾਨ ਪੁਸਤਕ ਵਜੋਂ ਪੜ੍ਹੀ ਅਤੇ ਵਿਚਾਰੀ ਜਾਂਦੀ ਰਹੀ ਹੈ।
ਕਸ਼ਫ਼ੁਲ ਮਹਿਜੂਬ ਪੁਸਤਕ ਦੇ ਅੱਠ ਵੱਡੇ ਅਧਿਆਇ (ਫ਼ਸਲਾਂ) ਹਨ, ਜਿਨ੍ਹਾਂ ਦੇ ਵਿਸਥਾਰ ਨੂੰ ਅੱਗੋਂ 32 ਉਪ-ਕਾਂਡਾਂ ਅਤੇ 3 ਅੰਤਿਕਾਵਾਂ ਵਿਚ ਵੰਡਿਆ ਗਿਆ ਹੈ। ਅਧਿਆਇ ਪਹਿਲਾ ਵਿੱਦਿਆ (ਇਲਮ) ਅਤੇ ਆਲਮ (ਵਿਦਵਾਨ) ਬਾਰੇ ਹੈ। ਵਿੱਦਿਆ ਹਰ ਮਨੁੱਖ ਲਈ ਜ਼ਰੂਰੀ ਹੈ ਪਰ ਹਜ਼ਰਤ ਮੁਹੰਮਦ ਸਾਹਿਬ ਦੇ ਹਵਾਲੇ ਨਾਲ ਇਹ ਪ੍ਰਮਾਣਿਤ ਕੀਤਾ ਗਿਆ ਹੈ ਕਿ, 'ਵਿੱਦਿਆ ਦੀ ਚਾਹਤ ਕਰਨਾ ਹਰੇਕ ਮੁਸਲਮਾਨ ਦਾ ਫ਼ਰਜ਼ ਹੈ ਅਤੇ ਇਸ ਲਈ ਜੇ ਉਸ ਨੂੰ ਚੀਨ ਦੇ ਮੁਲਕ ਵਿਚ ਵੀ ਜਾਣਾ ਪਵੇ ਤਾਂ ਉਸ ਨੂੰ ਜਾਣਾ ਚਾਹੀਦਾ ਹੈ।' ਵਿੱਦਿਆ ਨੂੰ ਮੋਟੇ ਤੌਰ 'ਤੇ ਦੋ ਤਰ੍ਹਾਂ ਦੀ ਮੰਨਿਆ ਗਿਆ ਹੈ, ਇਕ ਪਰਮਾਤਮਾ ਸਬੰਧੀ ਅਤੇ ਦੂਜੀ ਖਲਕਤ ਜਾਂ ਸੰਸਾਰ ਸਬੰਧੀ! ਆਲਮ ਅਤੇ ਜਾਹਲ ਦਾ ਫਰਕ ਬਿਆਨ ਕਰਦਿਆਂ ਲੇਖਕ ਲਿਖਦਾ ਹੈ, 'ਵਿਦਵਾਨਾਂ ਦਾ ਕੰਮ ਸੋਚਣਾ ਤੇ ਵਿਚਾਰਨਾ ਹੈ ਅਤੇ ਜਾਹਲਾਂ ਦਾ ਕੰਮ ਕੇਵਲ ਸੁਣੀ-ਸੁਣਾਈ ਗੱਲ ਨੂੰ ਅੱਗੇ ਤੋਰ ਦੇਣਾ ਹੈ। ਇਸ ਲਈ ਮੂਰਖ, ਅਨਪੜ੍ਹ ਲੋਕ ਵਿਦਵਾਨਾਂ ਦੇ ਟੋਲੇ ਤੋਂ ਵੱਖ ਗਿਣੇ ਜਾਂਦੇ ਹਨ।' (ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)


-ਮੋਬਾ: 98889-39808

ਸ਼ਬਦ ਵਿਚਾਰ

ਰਸਨਾ ਸਚਾ ਸਿਮਰੀਐ ਮਨੁ ਤਨੁ ਨਿਰਮਲੁ ਹੋਇ॥

ਸਿਰੀਰਾਗੁ ਮਹਲਾ ੫
ਰਸਨਾ ਸਚਾ ਸਿਮਰੀਐ
ਮਨੁ ਤਨੁ ਨਿਰਮਲੁ ਹੋਇ॥
ਮਾਤ ਪਿਤਾ ਸਾਕ ਅਗਲੇ
ਤਿਸੁ ਬਿਨੁ ਅਵਰੁ ਨ ਕੋਇ॥
ਮਿਹਰ ਕਰੇ ਜੇ ਆਪਣੀ
ਚਸਾ ਨ ਵਿਸਰੈ ਸੋਇ॥ ੧॥
ਮਨ ਮੇਰੇ ਸਾਚਾ ਸੇਵਿ ਜਿਚਰੁ ਸਾਸੁ॥
ਬਿਨੁ ਸਚੇ ਸਭ ਕੂੜੁ ਹੈ
ਅੰਤੇ ਹੋਇ ਬਿਨਾਸੁ॥ ੧॥ ਰਹਾਉ॥
ਸਾਹਿਬੁ ਮੇਰਾ ਨਿਰਮਲਾ
ਤਿਸੁ ਬਿਨੁ ਰਹਿਣੁ ਨ ਜਾਇ॥
ਮੇਰੇ ਮਨਿ ਤਨਿ ਭੁਖ ਅਤਿ ਅਗਲੀ
ਕੋਈ ਆਣਿ ਮਿਲਾਵੈ ਮਾਇ॥
ਚਾਰੇ ਕੁੰਡਾ ਭਾਲੀਆ
ਸਹ ਬਿਨੁ ਅਵਰੁ ਨ ਜਾਇ॥ ੨॥
ਤਿਸੁ ਆਗੈ ਅਰਦਾਸਿ ਕਰਿ
ਜੋ ਮੇਲੈ ਕਰਤਾਰੁ॥
ਸਤਿਗੁਰੁ ਦਾਤਾ ਨਾਮ ਕਾ
ਪੂਰਾ ਜਿਸੁ ਭੰਡਾਰੁ॥
ਸਦਾ ਸਦਾ ਸਾਲਾਹੀਐ
ਅੰਤੁ ਨ ਪਾਰਾਵਾਰੁ॥ ੩॥
ਪਰਵਦਗਾਰੁ ਸਾਲਾਹੀਐ
ਜਿਸ ਦੇ ਚਲਤ ਅਨੇਕ॥
ਸਦਾ ਸਦਾ ਆਰਾਧੀਐ
ਏਹਾ ਮਤਿ ਵਿਸੇਖ॥
ਮਨਿ ਤਨਿ ਮਿਠਾ ਤਿਸੁ ਲਗੈ
ਜਿਸੁ ਮਸਤਕਿ ਨਾਨਕ ਲੇਖ॥ ੪॥ ੧੯॥ ੮੯॥ (ਅੰਗ 49)
ਪਦ ਅਰਥ : ਰਸਨਾ-ਜੀਭ। ਸਚਾ-ਸਦਾ ਥਿਰ ਰਹਿਣ ਵਾਲਾ ਪਰਮਾਤਮਾ। ਨਿਰਮਲੁ-ਪਵਿੱਤਰ ਹੋ ਜਾਂਦਾ ਹੈ। ਅਗਲੇ-ਬਹੁਤ, ਬਥੇਰੇ। ਸਾਕ-ਸਾਕ ਸੰਬੰਧੀ। ਤਿਸੁ ਬਿਨੁ-ਉਸ ਪਰਮਾਤਮਾ ਤੋਂ ਬਿਨਾਂ। ਅਵਰੁ-ਹੋਰ। ਚਸਾ-ਪਲ ਦਾ 30ਵਾਂ ਹਿੱਸਾ, ਰਤਾ ਭਰ ਸਮਾਂ। ਜਿਚਰੁ ਸਾਸੁ-ਜਿੰਨਾ ਚਿਰ ਸੁਆਸ ਚਲਦੇ ਹਨ। ਕੂੜੁ-ਝੂਠ ਹੈ, ਪਰਪੰਚ ਹੈ। ਬਿਨਾਸੁ-ਨਾਸ ਹੋ ਜਾਂਦਾ ਹੈ। ਅੰਤੇ-ਅੰਤ ਨੂੰ। ਸਾਹਿਬੁ-ਮਾਲਕ ਪ੍ਰਭੂ। ਤਿਸੁ ਬਿਨੁ-ਉਸ ਤੋਂ ਬਿਨਾਂ। ਭੁਖ ਅਤਿ ਅਗਲੀ-ਬਹੁਤ ਜ਼ਿਆਦਾ ਭੁੱਖ ਹੈ। ਚਾਰੇ ਕੁੰਡਾ-ਚਾਰੇ ਕੂੰਟਾਂ, ਚਾਰੇ ਦਿਸ਼ਾਵਾਂ। ਭਾਲੀਆਂ-ਢੂੰਡੀਆਂ ਹਨ, ਭਾਲ ਚੁੱਕਾ ਹਾਂ। ਸਹ-ਸ਼ਾਹ, ਪ੍ਰਭੂ। ਅਵਰੁ-ਹੋਰ। ਨ ਜਾਇ-ਆਸਰਾ ਦੇਣ ਵਾਲਾ ਨਹੀਂ।
ਤਿਸੁ ਆਗੈ-ਉਸ (ਗੁਰੂ) ਦੇ ਅੱਗੇ। ਜੋ ਮੇਲੈ ਕਰਤਾਰੁ-ਜੋ ਕਰਤਾਰ ਨੂੰ ਮਿਲਾਉਣ ਵਾਲਾ ਹੈ। ਦਾਤਾ ਨਾਮ ਕਾ-ਨਾਮ ਦਾ ਦਾਤਾ ਹੈ। ਪੂਰਾ-ਸੰਪੂਰਨ, ਕਦੇ ਨਾ ਮੁੱਕਣ ਵਾਲਾ। ਭੰਡਾਰੁ-(ਨਾਮ ਦਾ) ਖਜ਼ਾਨਾ। ਸਾਲਾਹੀਐ-ਸਿਫਤ ਸਾਲਾਹ ਕਰਨੀ ਚਾਹੀਦੀ ਹੈ। ਅੰਤ ਨ ਪਾਰਾਵਾਰੁ-ਆਰਲੇ ਪਾਰਲੇ ਬੰਨੇ ਦਾ ਅੰਤ ਨਹੀਂ ਪਾਇਆ ਜਾ ਸਕਦਾ ਭਾਵ ਬੇਅੰਤ ਹੈ। ਪਰਵਦਗਾਰੁ-ਪਾਲਣਹਾਰ ਪ੍ਰਭੂ। ਚਲਤ-ਕੌਤਕ। ਮਤਿ ਵਿਸੇਖ-ਸ੍ਰੇਸ਼ਟ ਬੁੱਧੀ ਹੈ। ਮਸਤਕਿ ਲੇਖ-ਮੱਥੇ 'ਤੇ ਲੇਖ ਲਿਖੇ ਹੁੰਦੇ ਹਨ।
ਸ਼ਬਦ ਦੀਆਂ ਰਹਾਉ ਵਾਲੀਆਂ ਤੁਕਾਂ ਵਿਚ ਪੰਚਮ ਗੁਰਦੇਵ ਦ੍ਰਿੜ੍ਹ ਕਰਵਾ ਰਹੇ ਹਨ ਕਿ ਹੇ ਮੇਰੇ ਮਨ, ਜਿੰਨੀ ਦੇਰ ਇਸ ਦੇਹੀ ਅੰਦਰ ਸੁਆਸ ਚੱਲ ਰਹੇ ਹਨ, ਪਰਮਾਤਮਾ ਦੇ ਨਾਮ ਦਾ ਸਿਮਰਨ ਕਰਦਾ ਰਹਿ, ਕਿਉਂਕਿ ਇਕ ਪਰਮਾਤਮਾ ਤੋਂ ਬਿਨਾਂ ਹੋਰ ਸਭ ਝੂਠ ਹੈ, ਨਾਸਵੰਤ ਹੈ।
ਸਤਿਗੁਰੂ ਜੀ ਮਾਤਾ-ਪਿਤਾ, ਮਿੱਤਰ, ਭਰਾਵਾਂ ਆਦਿ ਦੀਆਂ ਉਦਾਹਰਨਾਂ ਦੇ ਕੇ ਜਗਿਆਸੂ ਨੂੰ ਸਮਝਾ ਰਹੇ ਹਨ ਕਿ ਹੇ ਭਾਈ, ਜਿਥੇ ਇਹ ਸਭ ਸਾਕ ਸੰਬੰਧੀ ਤੇਰਾ ਸਾਥ ਨਹੀਂ ਦਿੰਦੇ, ਉਥੇ ਪ੍ਰਭੂ ਦਾ ਨਾਮ ਤੇਰਾ ਸਹਾਈ ਹੋਵੇਗਾ। ਰਾਗੁ ਗਉੜੀ ਸੁਖਮਨੀ ਦੀ ਦੂਜੀ ਅਸ਼ਟਪਦੀ ਵਿਚ ਆਪ ਜੀ ਦੇ ਪਾਵਨ ਬਚਨ ਹਨ-
ਜਹ ਮਾਤ ਪਿਤਾ ਸੁਤ ਮੀਤ ਨ ਭਾਈ॥
ਮਨ ਊਹਾ ਨਾਮੁ ਤੇਰੈ ਸੰਗਿ ਸਹਾਈ॥ (ਅੰਗ 264)
ਜਹ-ਜਿਥੇ। ਸੁਤ-ਪੁੱਤਰ। ਮੀਤ-ਮਿੱਤਰ। ਊਹਾ-ਉਥੇ।
ਜਿਥੇ ਬੜੇ ਭਿਆਨਕ ਅਰਥਾਤ ਡਰਾਉਣੇ ਜਮਦੂਤ ਹਨ, ਉਥੇ ਕੇਵਲ ਤੇਰੇ ਨਾਲ ਪ੍ਰਭੂ ਦਾ ਨਾਮ ਹੀ ਜਾਂਦਾ ਹੈ-
ਜਹ ਮਹਾ ਭਇਆਨ ਦੂਤ ਜਮ ਦਲੈ॥
ਤਹ ਕੇਵਲ ਨਾਮੁ ਸੰਗਿ ਤੇਰੈ ਚਲੈ॥ (ਅੰਗ 264)
ਜਹ-ਜਿਥੇ। ਮਹਾ ਭਇਆਨ-ਬੜੇ ਭਿਆਨਕ ਅਰਥਾਤ ਡਰਾਉਣੇ। ਦੂਤ ਜਮ ਦਲੈ-ਜਮਦੂਤਾਂ ਦੇ ਦਲ। ਤਹ-ਉਥੇ। ਸੰਗਿ ਤੇਰੈ-ਤੇਰੇ ਨਾਲ।
ਜਿਥੇ ਕਦੀ (ਪ੍ਰਾਣੀ 'ਤੇ) ਬੜੀ ਭਾਰੀ ਮੁਸ਼ਕਿਲ ਆ ਪੈਂਦੀ ਹੈ ਤਾਂ ਪ੍ਰਭੂ ਦਾ ਨਾਮ ਉਸ ਤੋਂ ਇਕ ਪਲ ਵਿਚ (ਅੱਖ ਝਮਕਣ ਜਿੰਨੇ ਸਮੇਂ ਵਿਚ) ਬਚਾ ਲੈਂਦਾ ਹੈ-
ਜਹ ਮੁਸਕਲ ਹੋਵੈ ਅਤਿ ਭਾਰੀ॥
ਹਰਿ ਕੋ ਨਾਮੁ ਖਿਨ ਮਾਹਿ ਉਧਾਰੀ॥ (ਅੰਗ 264)
ਅਤਿ ਭਾਰੀ-ਬੜੀ ਭਾਰੀ। ਖਿਨੁ-ਅੱਖ ਝਮਕਣ ਜਿੰਨਾ ਸਮਾਂ। ਮਾਹਿ-ਵਿਚ। ਉਧਾਰੀ-ਬਚਾ ਲੈਂਦਾ ਹੈ।
ਇਸ ਲਈ ਹੇ ਮੇਰੇ ਮਨ, ਗੁਰੂ ਦੇ ਸਨਮੁਖ ਹੋ ਕੇ ਪਰਮਾਤਮਾ ਦੇ ਨਾਮ ਨੂੰ ਜਪੋ, ਜਿਸ ਨਾਲ ਸਦਾ ਬੜੇ ਸੁਖਾਂ ਨੂੰ ਪਾਓਗੇ-
ਗੁਰਮੁਖਿ ਨਾਮੁ ਜਪਹੁ ਮਨ ਮੇਰੇ॥
ਨਾਨਕ ਪਾਵਹੁ ਸੂਖ ਘਨੇਰੇ॥ (ਅੰਗ 264)
ਸੂਖ ਘਨੇਰੇ-ਬੜੇ ਸੁਖ।
ਵਾਸਤਵ ਵਿਚ ਪ੍ਰਭੂ ਦੇ ਨਾਮ ਦੀ ਦਾਤ ਦੇਣ ਵਾਲਾ ਗੁਰੂ ਹੈ, ਹੋਰ ਕੋਈ ਇਹ ਦਾਤ ਦੇਣ ਵਾਲਾ ਨਹੀਂ। ਰਾਗੁ ਮਲਾਰ ਵਿਚ ਗੁਰੂ ਅਮਰਦਾਸ ਜੀ ਦੇ ਅਨਮੋਲ ਬਚਨ ਹਨ-
ਸਤਿਗੁਰੁ ਦਾਤਾ ਰਾਮ ਨਾਮ ਕਾ
ਹੋਰੁ ਦਾਤਾ ਕੋਈ ਨਾਹੀ॥ (ਅੰਗ 1258)
ਜਿਨ੍ਹਾਂ ਜਗਿਆਸੂਆਂ ਨੂੰ ਗੁਰੂ ਆਤਮਿਕ ਜੀਵਨ ਦੀ ਦਾਤ ਦਿੰਦਾ ਹੈ, ਉਹ ਮਾਇਕ ਪਦਾਰਥਾਂ ਦੀ ਤ੍ਰਿਸ਼ਨਾ ਵਲੋਂ ਸੰਤੁਸ਼ਟ ਹੋ ਜਾਂਦੇ ਹਨ। ਉਨ੍ਹਾਂ ਨੂੰ ਫਿਰ ਮਾਇਕ ਪਦਾਰਥਾਂ ਦੀ ਭੁੱਖ ਨਹੀਂ ਰਹਿੰਦੀ ਅਤੇ ਸਦਾ ਪ੍ਰਭੂ ਦੇ ਨਾਮ ਵਿਚ ਲੀਨ ਰਹਿੰਦੇ ਹਨ-
ਜੀਅ ਦਾਨੁ ਦੇਇ ਤ੍ਰਿਪਤਾਸੇ ਸਚੈ ਨਾਮਿ ਸਮਾਹੀ॥ (ਅੰਗ 1258)
ਜੀਅ ਦਾਨੁ-ਆਤਮਿਕ ਜੀਵਨ ਦੀ ਦਾਤ। ਤ੍ਰਿਪਤਾਸੇ-ਮਾਇਅਕ ਤ੍ਰਿਸ਼ਨਾ ਵਲੋਂ ਸੰਤੁਸ਼ਟ ਹੋ ਜਾਂਦੇ ਹਨ, ਰੱਜ ਜਾਂਦੇ ਹਨ। ਸਚੈ-ਸਦਾ ਥਿਰ ਰਹਿਣ ਵਾਲਾ ਪ੍ਰਭੂ। ਸਮਾਹੀ-ਲੀਨ ਰਹਿੰਦੇ ਹਨ।
ਇਸ ਪ੍ਰਕਾਰ ਉਨ੍ਹਾਂ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਸਦਾ ਟਿਕਿਆ ਰਹਿੰਦਾ ਹੈ ਅਤੇ ਪ੍ਰਾਣੀ ਸਹਜ ਅਵਸਥਾ ਵਿਚ ਟਿਕ ਕੇ ਲਿਵ ਨੂੰ ਪ੍ਰਭੂ ਦੇ ਚਰਨਾਂ ਵਿਚ ਜੋੜੀ ਰੱਖਦਾ ਹੈ-
ਅਨਦਿਨ ਹਰਿ ਰਵਿਆ ਰਿਦ ਅੰਤਰਿ ਸਹਜਿ ਸਮਾਧਿ ਲਗਾਹੀ॥ (ਅੰਗ 1258)
ਸ਼ਬਦ ਦੇ ਅੱਖਰੀਂ ਅਰਥ : ਸਦਾ ਥਿਰ ਰਹਿਣ ਵਾਲੇ ਪਰਮਾਤਮਾ ਦਾ ਜੀਭ ਨਾਲ ਸਿਮਰਨ ਕਰਨ ਨਾਲ ਮਨ ਅਤੇ ਤਨ (ਸਰੀਰ) ਪਵਿੱਤਰ ਹੋ ਜਾਂਦੇ ਹਨ। ਮਾਤਾ-ਪਿਤਾ ਅਤੇ ਹੋਰ ਸਾਕ-ਸੰਬੰਧੀ ਮਨੁੱਖ ਦੇ ਬਹੁਤੇਰੇ ਹਨ ਪਰ (ਅੰਤ ਵੇਲੇ) ਪਰਮਾਤਮਾ ਤੋਂ ਬਿਨਾਂ ਹੋਰ ਕੋਈ ਸਹਾਈ ਨਹੀਂ ਹੁੰਦਾ। ਪਰਮਾਤਮਾ ਜੇਕਰ ਆਪਣੀ ਕਿਰਪਾ ਦ੍ਰਿਸ਼ਟੀ ਕਰ ਦੇਵੇ ਤਾਂ ਉਹ ਰਤਾ ਭਰ ਲਈ ਵੀ ਜੀਵ ਨੂੰ ਨਹੀਂ ਵਿਸਰਦਾ।
ਹੇ ਮੇਰੇ ਮਨ, ਜਿੰਨਾ ਚਿਰ ਸਰੀਰ ਵਿਚ ਸੁਆਸ ਚਲਦੇ ਹਨ, ਸਦਾ ਥਿਰ ਰਹਿਣ ਵਾਲੇ ਪ੍ਰਭੂ ਨੂੰ ਸਿਮਰਦਾ ਰਹਿ। ਉਸ ਸਦਾ ਥਿਰ ਰਹਿਣ ਵਾਲੇ ਪ੍ਰਭੂ ਤੋਂ ਬਿਨਾਂ ਸਭ ਕੁਝ ਝੂਠ ਹੈ, ਜੋ ਅੰਤ ਵੇਲੇ ਸਭ ਨਾਸ ਹੋ ਜਾਵੇਗਾ।
ਹੇ ਭਾਈ, ਮੇਰਾ ਮਾਲਕ ਪ੍ਰਭੂ ਪਵਿੱਤਰ ਸਰੂਪ ਵਾਲਾ ਹੈ। ਉਸ ਤੋਂ ਬਿਨਾਂ ਮੈਂ ਰਹਿ ਨਹੀਂ ਸਕਦਾ। ਮੇਰੇ ਮਨ ਅਤੇ ਤਨ ਵਿਚ (ਉਸ ਨੂੰ ਮਿਲਣ ਦੀ) ਬੜੀ ਜ਼ਿਆਦਾ ਭੁੱਖ ਹੈ। ਹੇ ਮੇਰੀ ਮਾਂ, ਕੋਈ ਆ ਕੇ ਮੈਨੂੰ ਉਸ ਨਾਲ ਮਿਲਾਪ ਕਰਵਾ ਦੇਵੇ। ਮੈਂ ਚਾਰੇ ਦਿਸ਼ਾਵਾਂ (ਫਿਰ ਕੇ) ਭਾਲ ਚੁੱਕਾ ਹਾਂ, ਪਰਮਾਤਮਾ ਤੋਂ ਬਿਨਾਂ ਹੋਰ ਕੋਈ ਆਸਰਾ ਦੇਣ ਵਾਲਾ ਨਹੀਂ।
ਹੇ ਭਾਈ, ਉਸ ਗੁਰੂ ਅੱਗੇ ਅਰਜੋਈ ਕਰ ਜੋ ਤੇਰਾ ਪ੍ਰਭੂ ਨਾਲ ਮਿਲਾਪ ਕਰਵਾਉਣ ਵਾਲਾ ਹੈ। ਸਤਿਗੁਰੂ ਹੀ ਪ੍ਰਭੂ ਦੇ ਨਾਮ ਦਾ ਦਾਤਾ ਹੈ, ਜਿਸ ਪਾਸ ਪੂਰੇ ਨਾਮ ਦਾ ਅਖੁੱਟ ਭੰਡਾਰ ਹੈ। ਜਿਸ ਪ੍ਰਭੂ ਦੇ ਆਰਲੇ-ਪਾਰਲੇ ਬੰਨੇ ਦਾ ਕੋਈ ਅੰਤ ਨਹੀਂ, ਉਸ ਦੀ ਸਦਾ ਸਿਫਤ ਸਾਲਾਹ ਕਰਨੀ ਚਾਹੀਦੀ ਹੈ।
ਪ੍ਰਭੂ ਅਨੇਕਾਂ ਕੌਤਕਾਂ ਦਾ ਮਾਲਕ ਹੈ। ਅਜਿਹੇ ਪਾਲਣਹਾਰ ਪ੍ਰਭੂ ਦੀ ਸਦਾ ਸਿਫਤ ਸਾਲਾਹ ਕਰਨੀ ਚਾਹੀਦੀ ਹੈ। ਇਸ ਵਿਚ ਹੀ ਸ੍ਰੇਸ਼ਟ ਬੁੱਧੀ (ਵਾਲੀ ਗੱਲ) ਹੈ ਕਿ ਉਸ ਦੀ ਸਦਾ ਸਿਫਤ ਸਾਲਾਹ ਕਰਦੇ ਰਹੀਏ। ਮਨ ਤੇ ਤਨ ਵਿਚ ਪ੍ਰਭੂ ਉਸ ਨੂੰ ਹੀ ਮਿੱਠਾ (ਪਿਆਰਾ) ਲਗਦਾ ਹੈ, ਜਿਸ ਦੇ ਮੱਥੇ 'ਤੇ (ਧੁਰ ਦਰਗਾਹ ਤੋਂ) ਲੇਖ ਲਿਖੇ ਹੋਏ ਹੁੰਦੇ ਹਨ।


-217-ਆਰ, ਮਾਡਲ ਟਾਊਨ, ਜਲੰਧਰ।

ਪ੍ਰੇਰਨਾ-ਸਰੋਤ

ਧਰਮ ਸਮਾਜ ਵਿਚ ਸਰਬਉੱਤਮ ਹੈ

ਜੇ ਤੁਸੀਂ ਕਿਸੇ ਉੱਚ ਸਥਲ 'ਤੇ ਪੁੱਜਣਾ ਹੈ ਤਾਂ ਤੁਹਾਨੂੰ ਖੁਸ਼ ਅਤੇ ਸੁਖੀ ਹੋਣਾ ਚਾਹੀਦਾ ਹੈ। ਨਿਰਾਸ਼ ਹੋਣ ਨਾਲ ਜਾਂ ਮੂੰਹ ਲਟਕਾਉਣ ਨਾਲ ਧਰਮ ਨਹੀਂ ਬਣਦਾ। ਸਵਾਮੀ ਵਿਵੇਕਾਨੰਦ ਗਿਆਨਯੋਗ ਵਿਚ ਲਿਖਦੇ ਹਨ ਕਿ ਧਰਮ ਤਾਂ ਸੰਸਾਰ ਵਿਚ ਸਭ ਤੋਂ ਅਨੰਦ ਵਾਲੀ ਵਸਤੂ ਹੋਣੀ ਚਾਹੀਦੀ ਹੈ, ਕਿਉਂਕਿ ਇਹ (ਧਰਮ) ਹੀ ਸਰਬਉੱਤਮ ਹੈ। ਤਪੱਸਿਆ ਸਾਨੂੰ ਪਵਿੱਤਰ ਨਹੀਂ ਬਣਾ ਸਕਦੀ। ਜਿਹੜਾ ਵਿਅਕਤੀ ਪਰਮਾਤਮਾ-ਪ੍ਰੇਮੀ ਅਤੇ ਪਵਿੱਤਰ ਹੈ, ਉਹ ਭਲਾ ਦੁਖੀ ਕਿਉਂ ਹੋਵੇਗਾ? ਉਹ ਤਾਂ ਅਜਿਹੇ ਬੱਚੇ ਸਮਾਨ ਹੈ, ਜੋ ਖੁਸ਼ ਰਹਿੰਦਾ ਹੈ। ਧਰਮ ਵਿਚ ਸਭ ਤੋਂ ਉੱਤਮ ਗੱਲ ਹੈ ਮਨ ਨੂੰ ਨਿਰਮਲ ਕਰਨਾ। ਸਵਰਗ ਦਾ ਰਾਜ ਤਾਂ ਸਾਡੇ ਅੰਦਰ ਮੌਜੂਦ ਹੈ ਪਰ ਕੇਵਲ ਇਕ ਨਿਰਮਲ-ਚਿੱਤ ਵਿਅਕਤੀ ਹੀ ਇਸ ਰਾਜ ਦਾ ਸੁਖ ਭੋਗਦਾ ਹੈ ਅਤੇ ਸਵਰਗ ਦੇ ਰਾਜਾ ਦੇ ਦਰਸ਼ਨ ਕਰਦਾ ਹੈ। ਜਦੋਂ ਅਸੀਂ ਸੰਸਾਰ ਦਾ ਚਿੰਤਨ ਕਰਦੇ ਹਾਂ ਤਾਂ ਸਾਡੇ ਸਾਹਮਣੇ ਕੇਵਲ ਸੰਸਾਰ ਹੀ ਹੁੰਦਾ ਹੈ। ਪਰ ਜੇ ਅਸੀਂ ਇਹ ਸੋਚਦੇ ਹਾਂ ਕਿ ਪਰਮਾਤਮਾ ਹੈ ਤਾਂ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ। ਸਾਡੀ ਇਹੀ ਸੋਚ ਜਾਂ ਚਿੰਤਨ ਸਾਰਿਆਂ ਪ੍ਰਤੀ ਹੋਣੀ ਚਾਹੀਦੀ ਹੈ। ਜ਼ਰਾ ਸੋਚੋ ਕਿ ਜੇ ਅਸੀਂ ਸਾਰਿਆਂ ਬਾਰੇ ਅਜਿਹੀ ਹੀ ਵਿਚਾਰਧਾਰਾ ਜਾਂ ਸੋਚ ਰੱਖੀਏ ਤਾਂ ਸਾਰੀ ਦੁਨੀਆ ਕਿੰਨੀ ਬਦਲ ਜਾਵੇਗੀ? ਅਸੀਂ ਸਾਰੀ ਦੁਨੀਆ ਵਿਚ ਈਸ਼ਵਰ ਦੀ ਹੋਂਦ ਬਾਰੇ ਹੀ ਸੋਚੀਏ। ਜੇ ਅਜਿਹੀ ਸੋਚ ਹਰ ਕੋਈ ਅਪਣਾਵੇ ਤਾਂ ਸਾਰੀ ਦੁਨੀਆ ਪਰਮਾਤਮਾ ਨਾਲ ਭਰ ਜਾਵੇਗੀ। ਤਦ ਸਾਡੇ ਸਾਰੇ ਦੁੱਖ, ਸੰਘਰਸ਼ ਸਮਾਪਤ ਹੋ ਜਾਣਗੇ।


-ਸਵਾਮੀ ਵਿਵੇਕਾਨੰਦ ਸਟੱਡੀ ਸਰਕਲ, ਜਲੰਧਰ। ਮੋਬਾ: 94175-50741

ਕਲਾਸੀਕਲ ਰਾਗ ਗਾਉਣ ਵਿਚ ਮਾਹਿਰ

ਡਾ: ਹਰਭਜਨ ਸਿੰਘ ਭੋਗਲ

ਸ: ਹਰਭਜਨ ਸਿੰਘ ਭੋਗਲ ਨਾਮਧਾਰੀ ਸੰਪਰਦਾਇ ਨਾਲ ਜੁੜੇ ਵਿਅਕਤੀ ਹਨ। ਉਹ ਕਲਾਸੀਕਲ ਰਾਗਾਂ ਵਿਚ ਮੁਹਾਰਤ ਰੱਖਦੇ ਹਨ, ਜਿਸ ਲਈ ਉਹ ਟੀ. ਵੀ. ਤੋਂ ਇਲਾਵਾ ਹਰਵੱਲਭ ਸੰਗੀਤ ਸੰਮੇਲਨ ਅਤੇ ਦੇਸ਼ ਦੇ ਵੱਖ-ਵੱਖ ਕੋਨਿਆਂ ਵਿਚ ਹੁੰਦੇ ਸੰਗੀਤਕ ਪ੍ਰੋਗਰਾਮਾਂ ਵਿਚ ਹਿੱਸਾ ਲੈਂਦੇ ਹਨ। ਪਿਛਲੇ ਦਿਨੀਂ ਉਹ ਉਚੇਚੇ ਤੌਰ 'ਤੇ 'ਅਜੀਤ ਭਵਨ' ਆਏ ਤਾਂ ਉਨ੍ਹਾਂ ਨਾਲ ਸੰਖੇਪ ਵਿਚ ਤਜਰਬੇ ਸਾਂਝੇ ਕੀਤੇ।
ਡਾ: ਹਰਭਜਨ ਸਿੰਘ ਭੋਗਲ ਨਾਮਧਾਰੀ ਸੰਪਰਦਾਇ ਨਾਲ ਜੁੜੇ ਹੋਏ ਇਕ ਵਧੀਆ ਰਾਗੀ ਅਤੇ ਗਾਇਕ ਹਨ। ਉਨ੍ਹਾਂ ਨੂੰ ਦੁਬਈ ਏਅਰਪੋਰਟ ਵਾਲਿਆਂ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ। ਉਹ ਦੁਬਈ ਵਿਚ 18 ਸਾਲ ਤੱਕ ਕੰਮ ਕਰਦੇ ਰਹੇ। ਉਥੇ ਰਹਿੰਦਿਆਂ ਉਨ੍ਹਾਂ ਪਿਤਾਪੁਰਖੀ ਹਰ ਤਰ੍ਹਾਂ ਦਾ ਲੱਕੜੀ ਦਾ ਕੰਮ ਕੀਤਾ। ਇਸੇ ਕਰਕੇ ਉਨ੍ਹਾਂ ਨੂੰ ਦੁਬਈ ਏਅਰਪੋਰਟ 'ਤੇ ਟੈਕਨੀਕਲ ਕੰਮ ਮਿਲ ਗਿਆ, ਜੋ ਉਨ੍ਹਾਂ ਤਨਦੇਹੀ ਨਾਲ ਕੀਤਾ।
ਡਾ: ਹਰਭਜਨ ਸਿੰਘ ਨੂੰ ਬਚਪਨ ਵਿਚ ਧਾਰਮਿਕ ਮਾਹੌਲ ਘਰ 'ਚੋਂ ਹੀ ਮਿਲਿਆ। ਉਹ ਆਪਣੇ ਪਿਤਾ ਨਾਲ ਲੱਕੜੀ ਦਾ ਕੰਮ ਕਰਦੇ ਸਨ। ਉਨ੍ਹਾਂ ਦਾ ਜਨਮ 1937 ਵਿਚ ਪਿੰਡ ਰਾਏਪੁਰ ਡੱਬਾ, ਜ਼ਿਲ੍ਹਾ ਜਲੰਧਰ 'ਚ ਹੋਇਆ। ਹੁਣ ਇਹ ਪਿੰਡ ਨਵਾਂਸ਼ਹਿਰ ਵਿਚ ਪੈਂਦਾ ਹੈ। ਪਿੰਡ ਦੇ ਸਕੂਲ ਵਿਚ ਉਨ੍ਹਾਂ ਨੇ 10 ਜਮਾਤਾਂ ਪਾਸ ਕੀਤੀਆਂ ਅਤੇ ਹਰ ਤਰ੍ਹਾਂ ਦੇ ਲੱਕੜੀ ਦੇ ਕੰਮ ਵਿਚ ਮੁਹਾਰਤ ਹਾਸਲ ਕੀਤੀ। ਇਸ ਤੋਂ ਇਲਾਵਾ ਉਹ ਇੰਜਣਾਂ ਦੀ ਮੁਰੰਮਤ ਵੀ ਕਰ ਲੈਂਦੇ ਹਨ। ਫਿਰ ਉਹ ਦੁਬਈ ਚਲੇ ਗਏ, ਜਿਥੇ ਉਨ੍ਹਾਂ ਨੂੰ ਲੱਕੜੀ ਦਾ ਕੰਮ ਕਰਨ ਵਿਚ ਕੋਈ ਮੁਸ਼ਕਿਲ ਨਾ ਹੋਈ। ਕੰਮ ਤੋਂ ਬਾਅਦ ਵਿਹਲੇ ਸਮੇਂ ਉਨ੍ਹਾਂ ਆਪਣਾ ਸਮਾਂ ਧਾਰਮਿਕ ਕੀਰਤਨ ਵੱਲ ਲਾਇਆ।
ਜਦੋਂ ਸਤਿਗੁਰੂ ਜਗਜੀਤ ਸਿੰਘ ਦੁਬਈ ਗਏ ਤਾਂ ਉਨ੍ਹਾਂ ਨੂੰ ਹੈਲੀਕਾਪਟਰ 'ਚ ਸ਼ਹਿਰ ਦੀ ਸੈਰ ਕਰਵਾਈ। ਉਹ ਹਰ ਸਾਲ ਹਰਵੱਲਭ ਦੇ ਸੰਗੀਤਕ ਮੇਲੇ 'ਚ ਹਾਜ਼ਰੀ ਭਰਦੇ ਹਨ। ਦੁਬਈ 'ਚ ਕੰਮ ਦੇ ਦੌਰਾਨ ਉਨ੍ਹਾਂ ਨੇ ਕਈ ਵਾਰ ਵਿਸ਼ੇਸ਼ ਕੰਮਾਂ ਨੂੰ ਕਰਕੇ ਵਾਹ-ਵਾਹ ਖੱਟੀ। ਇਕ ਵਾਰ ਉਨ੍ਹਾਂ ਵਲੋਂ ਏਅਰ ਸ਼ੋਅ ਦੌਰਾਨ ਇੰਗਲੈਂਡ ਤੋਂ ਲਿਆਂਦਾ ਇਕ ਹਵਾਈ ਜਹਾਜ਼ ਬੜੀ ਸੂਝ-ਬੂਝ ਨਾਲ ਬਿਨਾਂ ਕਿਸੇ ਨੁਕਸਾਨ ਦੇ ਉਤਾਰਿਆ ਗਿਆ, ਜਿਸ ਕਰਕੇ ਕੰਪਨੀ ਦੇ ਮਾਲਕਾਂ ਨੇ ਉਨ੍ਹਾਂ ਨੂੰ ਇੱਜ਼ਤ ਵੀ ਦਿੱਤੀ।
ਉਨ੍ਹਾਂ ਦੁਬਈ ਦੇ ਗੁਰਦੁਆਰਾ ਸਾਹਿਬ ਵਿਚ ਲਗਾਤਾਰ ਹਫਤਾਵਾਰੀ ਕੀਰਤਨ ਕਰਕੇ ਹਾਜ਼ਰੀਆਂ ਭਰੀਆਂ, ਜਿਸ ਲਈ ਸਿੱਖ ਸੰਗਤਾਂ ਵਿਚ ਉਨ੍ਹਾਂ ਦਾ ਕਾਫੀ ਸਤਿਕਾਰ ਹੈ। ਉਹ ਕਾਸਟਨ ਟੇਲਰ ਵੁਤਰੋ ਦੇ ਗੁਰਦੁਆਰਾ ਸਾਹਿਬ 'ਚ ਹਰ ਸ਼ੁੱਕਰਵਾਰ ਕੀਰਤਨ ਕਰਦੇ ਰਹੇ ਹਨ, ਜਿਥੇ ਕਈ ਵਾਰ ਆਪ ਨੂੰ ਸਨਮਾਨਿਆ ਵੀ ਗਿਆ। ਇਸ ਤੋਂ ਇਲਾਵਾ ਜਬਲ ਅਲੀ ਗੁਰਦੁਆਰਾ ਸਾਹਿਬ ਅਤੇ ਗੁਰਦੁਆਰਾ ਸਿੰਧੀ ਦਰਬਾਰ ਬਰਦਬਈ ਵਿਖੇ ਵੀ ਕੀਰਤਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ।
ਹਰਭਜਨ ਸਿੰਘ ਭੋਗਲ ਵਧੇਰੇ ਕੀਰਤਨ ਕਲਾਸੀਕਲ ਰਾਗਾਂ 'ਚ ਕਰਦੇ ਹਨ। ਉਨ੍ਹਾਂ ਦਾ ਸ਼ਬਦ 'ਮਨ ਚਾਉ ਭਇਆ...' ਰਾਗ ਬਹਾਰ 'ਚ ਬੇਹੱਦ ਵਧੀਆ ਢੰਗ ਨਾਲ ਗਾਇਆ ਹੈ। ਉਹ ਟੀ. ਵੀ. ਅਤੇ ਹਰਵੱਲਭ 'ਤੇ ਲਗਾਤਾਰ ਆਪਣੀਆਂ ਪੇਸ਼ਕਾਰੀਆਂ ਕਰਦੇ ਰਹਿੰਦੇ ਹਨ। ਉਹ ਦੋ ਵਾਰ ਇੰਗਲੈਂਡ ਅਤੇ ਜਰਮਨ ਵਿਚ ਆਪਣਾ ਕੀਰਤਨ ਪ੍ਰੋਗਰਾਮ ਕਰ ਚੁੱਕੇ ਹਨ। ਇਸ ਤੋਂ ਇਲਾਵਾ ਛੁੱਟੀਆਂ ਦੌਰਾਨ ਸਿੰਗਾਪੁਰ, ਥਾਈਲੈਂਡ, ਹਾਂਗਕਾਂਗ ਆਦਿ ਦੇਸ਼ਾਂ ਵਿਚ ਵੀ ਸਿੱਖ ਸੰਗਤਾਂ ਦੇ ਰੂਬਰੂ ਵੱਖ-ਵੱਖ ਗੁਰੂ-ਘਰਾਂ ਵਿਚ ਕੀਰਤਨ ਰਾਹੀਂ ਹੋ ਚੁੱਕੇ ਹਨ। ਪਾਕਿਸਤਾਨ ਐਸੋਸੀਏਸ਼ਨ ਵਲੋਂ ਵੀ ਦੁਬਈ 'ਚ ਆਪਣੇ ਪ੍ਰੋਗਰਾਮਾਂ ਵਿਚ ਉਨ੍ਹਾਂ ਨੂੰ ਬੁਲਾਇਆ ਜਾਂਦਾ ਰਿਹਾ ਹੈ।
ਪੰਜਾਬੀ ਸਭਾ ਦੁਬਈ ਵਲੋਂ ਕਰਵਾਏ ਜਾਂਦੇ ਪ੍ਰੋਗਰਾਮਾਂ ਵਿਚ ਦੇਸ਼ ਪਿਆਰ ਦੇ ਗੀਤ, ਸ਼ਬਦ ਅਤੇ ਹੋਰ ਗਾਣਿਆਂ ਰਾਹੀਂ ਚੰਗੀ ਹਾਜ਼ਰੀ ਲਗਵਾਈ। ਉਹ ਲਾਲ ਚੰਦ ਯਮਲਾ ਜੱਟ ਦੇ ਗਾਏ ਗਾਣਿਆਂ ਨੂੰ ਵੀ ਲੋਕਾਂ ਵਿਚ ਸੁਣਾ ਕੇ ਵਾਹ-ਵਾਹ ਖੱਟਦੇ ਰਹੇ ਹਨ। ਉਹ ਹਾਰਮੋਨੀਅਮ, ਦਿਲਰੁਬਾ, ਢੋਲਕ ਆਦਿ ਵਜਾਉਣ ਵਿਚ ਮਾਹਿਰ ਹਨ।
ਅਖੀਰ ਵਿਚ ਨੌਜਵਾਨਾਂ ਨੂੰ ਸੁਨੇਹੇ ਵਿਚ ਉਨ੍ਹਾਂ ਕਿਹਾ ਕਿ ਮਾਪਿਆਂ ਨੂੰ ਆਪਣੇ ਬੱਚਿਆਂ ਵਿਚ ਸਿੱਖੀ ਵਿਚ ਪ੍ਰਪੱਕ ਹੋਣ ਦੇ ਗੁਣ ਭਰਨੇ ਚਾਹੀਦੇ ਹਨ, ਨਸ਼ਿਆਂ ਤੋਂ ਵਰਜਣਾ ਚਾਹੀਦਾ ਹੈ, ਬੇਟੀਆਂ ਦੀ ਇੱਜ਼ਤ ਕਰਨੀ ਚਾਹੀਦੀ ਹੈ ਅਤੇ ਭਰੂਣ ਹੱਤਿਆ ਜਿਹੀ ਸਮਾਜਿਕ ਬੁਰਾਈ ਤੋਂ ਬਚਣਾ ਚਾਹੀਦਾ ਹੈ। ਨੌਜਵਾਨਾਂ ਨੂੰ ਨਸ਼ੇ ਛੱਡ ਕੇ ਸਮਾਜਿਕ ਅਤੇ ਧਾਰਮਿਕ ਕੰਮਾਂ 'ਚ ਲੱਗਣਾ ਚਾਹੀਦਾ ਹੈ। ਮਾਤਾ-ਪਿਤਾ ਦੀ ਸੇਵਾ ਕਰਨੀ ਉਨ੍ਹਾਂ ਦਾ ਆਮ ਫਰਜ਼ ਹੋਣਾ ਚਾਹੀਦਾ ਹੈ। ਘਰ ਵਿਚ ਬੀਬੀਆਂ ਲੰਗਰ ਬਣਾਉਣ ਸਮੇਂ ਪਾਠ ਕਰਨ ਤਾਂ ਘਰ ਵਿਚ ਸੁਖ-ਸ਼ਾਂਤੀ ਪੈਦਾ ਹੋਵੇ। ਸਮੇਂ-ਸਮੇਂ ਉਨ੍ਹਾਂ ਨੂੰ ਵੱਖ-ਵੱਖ ਸੰਸਥਾਵਾਂ ਨੇ ਸਨਮਾਨਿਤ ਕੀਤਾ ਹੈ। ਸ਼੍ਰੋਮਣੀ ਕਮੇਟੀ ਤੋਂ ਇਲਾਵਾ ਦੁਬਈ ਵਿਚ ਪੰਜਾਬੀ ਸਭਾ ਵਲੋਂ ਸੋਨ ਤਗ਼ਮੇ ਅਤੇ ਗੋਲਡ ਘੜੀਆਂ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ। ਇਸ ਤੋਂ ਇਲਾਵਾ ਨਾਮਧਾਰੀ ਦਰਬਾਰ ਭੈਣੀ ਸਾਹਿਬ ਵੀ ਉਹ ਲਗਾਤਾਰ ਹਾਜ਼ਰੀਆਂ ਭਰਦੇ ਹਨ, ਜਿਥੇ ਉਨ੍ਹਾਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ।


-ਮੋਬਾਈਲ : 98726-60161

ਸਿੱਖ ਸਮਾਜ ਜਾਤ-ਪਾਤ ਦੇ ਪ੍ਰਭਾਵ ਤੋਂ ਕਿਵੇਂ ਮੁਕਤ ਹੋਵੇ?

ਸ਼੍ਰੋਮਣੀ ਕਮੇਟੀ ਦੀ ਸਥਾਪਨਾ ਦੇ ਨਾਲ ਹੀ ਸਿੱਖ ਪੰਥ ਨੇ ਜਾਤ-ਪਾਤ ਦੀ ਕੁਰੀਤੀ ਖ਼ਤਮ ਕਰਨ ਲਈ ਅਖੌਤੀ ਨੀਵੀਆਂ ਜਾਤਾਂ ਸਮਝੇ ਜਾਣ ਵਾਲੇ ਲੋਕਾਂ ਨੂੰ ਅੰਮ੍ਰਿਤ ਛਕਾ ਕੇ ਖ਼ਾਲਸਾ ਪੰਥ ਵਿਚ ਸ਼ਾਮਲ ਕਰਨ ਦੀ ਜ਼ੋਰਦਾਰ ਮੁਹਿੰਮ ਆਰੰਭੀ। ਇਨ੍ਹਾਂ ਨਵੇਂ ਸਜੇ ਸਿੰਘਾਂ ਨਾਲ ਵੀ ਕੁਝ ਕੁ ਥਾਵਾਂ 'ਤੇ ਵਿਤਕਰਾ ਕਰਨ ਦੀਆਂ ਪੰਥ ਨੂੰ ਖ਼ਬਰਾਂ ਮਿਲੀਆਂ ਤਾਂ ਸ਼੍ਰੋਮਣੀ ਕਮੇਟੀ ਨੇ 14 ਮਾਰਚ, 1927 ਨੂੰ ਸਰਬਸੰਮਤੀ ਨਾਲ ਗੁਰਮਤਾ ਪਾਸ ਕੀਤਾ ਕਿ, 'ਸਿੱਖਾਂ ਵਿਚ ਜਾਤ-ਪਾਤ ਦੇ ਖ਼ਿਆਲ ਨਾਲ ਕਿਸੇ ਵਿਅਕਤੀ ਨੂੰ ਉੱਚਾ ਜਾਂ ਨੀਵਾਂ ਨਹੀਂ ਮੰਨਿਆ ਜਾਂਦਾ। ਇਸ ਲਈ ਹਰ ਇਕ ਜਾਤ ਵਿਚੋਂ ਸਜ ਕੇ ਆਏ ਸਿੱਖ ਨਾਲ ਸੰਗਤ ਪੰਗਤ ਦੁਆਰਾ ਅਭੇਦ ਵਰਤਿਆ ਜਾਵੇ।' ਇਸੇ ਤਰ੍ਹਾਂ ਜਾਤ-ਪਾਤ ਦੇ ਫ਼ਰਕ ਨੂੰ ਮਿਟਾਉਣ ਲਈ ਇਕ ਹੋਰ ਮਤਾ 15 ਮਾਰਚ, 1927 ਨੂੰ ਪਾਸ ਕੀਤਾ ਗਿਆ, ਜਿਸ ਵਿਚ ਪੰਜਾਬ ਸਰਕਾਰ ਨੂੰ ਕਿਹਾ ਗਿਆ ਕਿ ਉਹ ਸਿੱਖਾਂ ਲਈ ਸਰਕਾਰੀ ਕਾਗਜ਼ਾਂ ਵਿਚ ਜਾਤ-ਪਾਤ ਨਾ ਲਿਖੇ। ਸ਼੍ਰੋਮਣੀ ਕਮੇਟੀ ਵਲੋਂ ਇਨ੍ਹਾਂ ਕਥਿਤ ਦਲਿਤ ਜਾਂ ਪਛੜੀਆਂ ਆਖੀਆਂ ਜਾਣ ਵਾਲੀਆਂ ਜਾਤਾਂ ਤੋਂ ਸਿੰਘ ਸਜੇ ਲੋਕਾਂ ਦੇ ਜੀਵਨ ਨੂੰ ਹਰ ਪੱਖ ਤੋਂ ਉੱਚਾ ਅਤੇ ਬਰਾਬਰ ਕਰਨ ਲਈ ਕਮੇਟੀ ਦੇ ਮੈਂਬਰਾਂ ਵਿਚ ਵੀ ਇਨ੍ਹਾਂ ਦਾ ਰਾਖ਼ਵਾਂਕਰਨ ਆਰੰਭ ਕੀਤਾ ਗਿਆ, ਪਰ ਦੁੱਖ ਦੀ ਗੱਲ ਹੈ ਕਿ ਅੱਜ ਸ਼੍ਰੋਮਣੀ ਕਮੇਟੀ ਵਰਗੀ ਸੰਸਥਾ 'ਚ ਵੀ ਜਾਤ-ਪਾਤ ਦਾ ਵਿਤਕਰਾ ਦਿਖਾਈ ਦੇ ਰਿਹਾ ਹੈ।
ਸ੍ਰੀ ਅਕਾਲ ਤਖ਼ਤ ਸਾਹਿਬ ਤੋਂ 28 ਅਪ੍ਰੈਲ, 1985 ਨੂੰ ਪੰਜ ਸਿੰਘ ਸਾਹਿਬਾਨ ਵਲੋਂ ਇਕ ਆਦੇਸ਼ ਜਾਰੀ ਕੀਤਾ ਗਿਆ ਸੀ ਕਿ, 'ਕੋਈ ਸਿੰਘ ਜਾਂ ਸਿੰਘਣੀ ਆਪਣੇ ਨਾਂਅ ਨਾਲ ਜਾਤ, ਗੋਤ ਦੀ ਵਰਤੋਂ ਨਾ ਕਰੇ। ਜਾਤ, ਗੋਤ ਦੀ ਵਰਤੋਂ ਕਰਨੀ ਮਨਮਤ ਹੈ ਅਤੇ ਗੁਰੂ ਸਾਹਿਬ ਦੇ ਸਿਧਾਂਤਾਂ ਦੇ ਉਲਟ ਹੈ।' ਪਰ ਇਸ ਦੇ ਉਲਟ ਅੱਜ ਸ਼੍ਰੋਮਣੀ ਕਮੇਟੀ ਵਰਗੀ ਸਿਰਮੌਰ ਸਿੱਖ ਸੰਸਥਾ ਦੇ ਵੱਡੀ ਗਿਣਤੀ ਅਹੁਦੇਦਾਰ, ਅਧਿਕਾਰੀ ਅਤੇ ਮੁਲਾਜ਼ਮ ਆਪਣੇ ਨਾਵਾਂ ਨਾਲ ਆਪਣੀਆਂ ਜਾਤਾਂ ਅਤੇ ਗੋਤਾਂ ਲਿਖਦੇ ਹਨ। ਇਸ ਦਾ ਸਿੱਖ ਸਮਾਜ 'ਤੇ ਕੀ ਅਸਰ ਪੈਂਦਾ ਹੈ? ਸ਼ਾਇਦ ਇਸ ਪਾਸੇ ਅੱਜ ਤੱਕ ਸਿੱਖ ਧਾਰਮਿਕ ਲੀਡਰਸ਼ਿਪ ਦਾ ਕੋਈ ਧਿਆਨ ਨਹੀਂ ਗਿਆ। ਇਹ ਵੀ ਇਕ ਸੱਚਾਈ ਹੈ ਕਿ ਅਨੇਕਾਂ ਰਵਾਇਤੀ ਯਤਨਾਂ ਦੇ ਬਾਵਜੂਦ, ਆਜ਼ਾਦੀ ਤੋਂ ਲੈ ਕੇ ਸਿੱਖ ਸਿਆਸੀ ਲੀਡਰਸ਼ਿਪ 'ਤੇ ਜਾਤੀਵਾਦ ਦਾ ਗ਼ਲਬਾ ਹੋਣ ਕਾਰਨ ਹੀ ਸਿੱਖ ਸਮਾਜ ਦੀ ਬੇੜੀ ਜਾਤ-ਪਾਤ ਦੇ ਮੰਝਧਾਰ ਵਿਚੋਂ ਬਾਹਰ ਨਹੀਂ ਨਿਕਲ ਸਕੀ। ਸੰਨ 1936 'ਚ ਜਦੋਂ ਦਲਿਤ ਸਮਾਜ ਦੇ ਮਸੀਹਾ ਡਾ: ਭੀਮ ਰਾਓ ਅੰਬੇਡਕਰ ਨੇ ਆਪਣੇ ਪੈਰੋਕਾਰਾਂ ਸਮੇਤ ਸਿੱਖ ਧਰਮ ਗ੍ਰਹਿਣ ਕਰਨ ਦਾ ਫ਼ੈਸਲਾ ਕੀਤਾ ਸੀ ਤਾਂ ਮਨੂੰਵਾਦੀ ਸੋਚ ਵਾਲੀ ਦੇਸ਼ ਦੀ ਸਿਆਸੀ ਲੀਡਰਸ਼ਿਪ ਦੇ ਪ੍ਰਭਾਵ ਕਾਰਨ ਵੇਲੇ ਦੀ ਸਿੱਖ ਲੀਡਰਸ਼ਿਪ ਆਪਣੀ ਬਣਦੀ ਜ਼ਿੰਮੇਵਾਰੀ ਤੋਂ ਭੱਜ ਗਈ, ਜਿਸ ਕਾਰਨ ਡਾ: ਅੰਬੇਡਕਰ ਅਤੇ ਉਨ੍ਹਾਂ ਦੇ ਕਰੋੜਾਂ ਸਮਰਥਕ ਸਿੱਖ ਧਰਮ ਦਾ ਅੰਗ ਨਾ ਬਣ ਸਕੇ।
ਸਿੱਖ ਸੰਸਥਾਵਾਂ, ਸੰਪਰਦਾਵਾਂ ਅਤੇ ਜਥੇਬੰਦੀਆਂ 'ਤੇ 19ਵੀਂ ਸਦੀ 'ਚ ਕਾਬਜ਼ ਰਹੇ 'ਮਹੰਤਾਂ' ਵਲੋਂ ਚਲਾਈਆਂ ਗਈਆਂ, ਗੁਰਮਤਿ ਵਿਰੋਧੀ ਕੁਰੀਤੀਆਂ ਅੱਜ ਵੀ, ਕਈ ਸਿੱਖ ਜਥੇਬੰਦੀਆਂ ਅਤੇ ਸੰਪਰਦਾਵਾਂ ਵਿਚ 'ਪਰੰਪਰਾ' ਬਣ ਕੇ ਬੇਰੋਕ ਜਾਰੀ ਹਨ ਅਤੇ ਇਨ੍ਹਾਂ ਵਿਚੋਂ ਹੀ ਇਕ ਵੱਡੀ ਕੁਰੀਤੀ ਜਾਤ-ਪਾਤ ਦਾ ਵਰਤਾਰਾ ਹੈ। ਇਸ ਤਹਿਤ ਕਥਿਤ ਦਲਿਤ ਆਖੇ ਜਾਣ ਵਾਲੇ ਲੋਕਾਂ ਨਾਲ ਮਨੂੰਵਾਦੀ ਸਲੂਕ ਕੀਤਾ ਜਾਂਦਾ ਹੈ। ਉਨ੍ਹਾਂ ਨੂੰ ਅੰਮ੍ਰਿਤ ਛਕਾਉਣ ਵੇਲੇ ਵੱਖਰੇ ਬਾਟੇ ਦੀ ਵਰਤੋਂ ਕੀਤੀ ਜਾਂਦੀ ਹੈ। (ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)


-ਮੋਬਾ: 98780-70008
e-mail : ts1984buttar@yahoo.com

ਧਾਰਮਿਕ ਸਾਹਿਤ

ਭਾਈ ਲੱਖੀ ਸ਼ਾਹ ਜੀ ਲੁਬਾਣਾ (ਵਣਜਾਰਾ)
ਲੇਖਕ : ਮਨਜੀਤ ਸਿੰਘ ਟਾਂਡਾ
ਪ੍ਰਕਾਸ਼ਕ : ਲੇਖਕ ਖੁਦ
ਮੁੱਲ : 200 ਰੁਪਏ, ਸਫੇ : 100
ਸੰਪਰਕ : 98156-26658


ਹਥਲੀ ਪੁਸਤਕ ਦੇ ਲੇਖਕ ਨੇ ਇਸ ਤੋਂ ਪਹਿਲਾਂ ਅੱਧੀ ਦਰਜਨ ਤੋਂ ਵੱਧ ਪੁਸਤਕਾਂ ਪਾਠਕਾਂ ਨੂੰ ਭੇਟ ਕਰਦਿਆਂ ਸਿੱਖ ਇਤਿਹਾਸ ਦੀ ਖੋਜ ਵਿਚ ਵੱਡਾ ਯੋਗਦਾਨ ਪਾਇਆ ਹੈ। ਭਾਈ ਲੱਖੀ ਸ਼ਾਹ ਲੁਬਾਣਾ (ਵਣਜਾਰਾ) ਆਪਣੇ ਸਮੇਂ ਦਾ ਉੱਘਾ ਵਪਾਰੀ, ਧਨਾਢ, ਗੁਰੂ-ਘਰ ਦਾ ਅਨਿਨ ਸ਼ਰਧਾਲੂ ਆਪਣਾ ਵਪਾਰ ਦਿੱਲੀ ਦੇ ਪਿੰਡ ਰਾਇ-ਸੀਨਾ ਦੇ ਅਸਥਾਨ ਤੋਂ ਚਲਾਉਂਦਾ ਸੀ। ਉਸ ਸਮੇਂ ਨੌਵੇਂ ਸਤਿਗੁਰੂ ਜੀ ਦਾ ਸੀਸ ਅਤੇ ਧੜ ਨੂੰ ਸੁਰੱਖਿਅਤ ਚੁੱਕ ਕੇ ਲਿਆਉਣਾ ਕੋਈ ਅਸਾਨ ਗੱਲ ਨਹੀਂ ਸੀ। ਆਪਣੇ-ਆਪ ਨੂੰ ਮੌਤ ਦੇ ਮੂੰਹ ਵਿਚ ਪਾ ਕੇ ਸਿੱਖੀ ਸਿਦਕ ਨਿਭਾਉਣ ਵਾਲੇ ਇਤਿਹਾਸ ਦੇ ਪਾਤਰ ਭਾਈ ਲੱਖੀ ਸ਼ਾਹ ਲੁਬਾਣਾ (ਵਣਜਾਰਾ) ਦੇ ਜੀਵਨ ਨੂੰ ਪਾਠਕਾਂ ਦੇ ਸਨਮੁਖ ਪੇਸ਼ ਕਰਨ ਤੋਂ ਪਹਿਲਾਂ ਲੇਖਕ ਨੇ ਲੁਬਾਣਾ, ਵਣਜਾਰਾ ਸ਼ਬਦਾਂ ਦੀ ਉਤਪਤੀ ਤੇ ਜਾਤਾਂ-ਗੋਤਾਂ ਦਾ ਵੇਰਵਾ ਵਿਸਥਾਰ ਸਹਿਤ ਦੇਣ ਦੀ ਸਫ਼ਲ ਕੋਸ਼ਿਸ਼ ਕੀਤੀ ਹੈ। ਪੁਸਤਕ ਨੂੰ ਵੱਖ-ਵੱਖ ਸਿਰਲੇਖਾਂ ਹੇਠ ਵੰਡ ਕੇ ਪਾਠਕਾਂ ਨੂੰ ਭਾਈ ਲੱਖੀ ਸ਼ਾਹ ਦੇ ਜਨਮ ਅਤੇ ਜੀਵਨ ਦੇ ਵੇਰਵੇ ਤੋਂ ਇਲਾਵਾ ਉਨ੍ਹਾਂ ਦੇ ਜੋਤੀ ਜੋਤ ਸਮਾਉਣ, ਉਸ ਦੇ ਪਰਿਵਾਰਕ ਮੈਂਬਰਾਂ ਦੀਆਂ ਸ਼ਹੀਦੀਆਂ, ਸ: ਅਘੜ ਸਿੰਘ ਦੀ ਬਹਾਦਰੀ, ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਅਤੇ ਗੁਰੂ ਸਾਹਿਬ ਦੇ ਪਿਆਰੇ ਗੁਰਸਿੱਖਾਂ ਦੀ ਅਦੁੱਤੀ ਕੁਰਬਾਨੀ, ਭਾਈ ਲੱਖੀ ਸ਼ਾਹ ਵਣਜਾਰਾ ਵਲੋਂ ਬਣਾਈ ਵਿਉਂਤ ਮੁਤਾਬਿਕ ਗੁਰੂ ਸਾਹਿਬ ਦੇ ਸੀਸ ਤੇ ਧੜ ਨੂੰ ਸਤਿਕਾਰ ਨਾਲ ਸੰਭਾਲਣਾ, ਔਰੰਗਜ਼ੇਬ ਵਲੋਂ ਭਾਈ ਸਾਹਿਬ ਤੋਂ ਪੁੱਛ-ਪੜਤਾਲ, ਬੀਬੀ ਸੀਤੋ ਜੋ ਇਤਿਹਾਸ ਦੇ ਸੈਂਕੜੇ ਸ਼ਹੀਦਾਂ ਦੀ ਵਾਰਸ ਕਰਕੇ ਜਾਣੀ ਜਾਂਦੀ ਹੈ, ਲੁਬਾਣੇ ਸਿਕਲੀਗਰਾਂ ਬਾਰੇ ਇਤਿਹਾਸਕ ਜਾਣਕਾਰੀ ਅਤੇ ਪੁਸਤਕ ਦੇ ਅੰਤਿਮ ਭਾਗ ਵਿਚ ਭਾਈ ਸਾਹਿਬ ਦੇ ਜੀਵਨ ਨੂੰ ਕੁਝ ਕਵਿਤਾਵਾਂ ਰਾਹੀਂ ਪੇਸ਼ ਕਰਨ ਦਾ ਯਤਨ ਕੀਤਾ ਗਿਆ ਹੈ। ਲੇਖਕ ਨੇ ਆਪਣੀ ਕਲਮ ਨਾਲ 'ਗਾਥਾ ਸ਼ਹੀਦਾਂ ਦੀ' ਕਵਿਤਾ ਵਿਚ ਭਾਈ ਲੱਖੀ ਸ਼ਾਹ ਦੀ ਕੁਰਬਾਨੀ ਨੂੰ ਸਿਜਦਾ ਕੀਤਾ ਹੈ।
ਚਾਂਦਨੀ ਚੌਕ ਵਿਚ ਪਿਤਾ ਭਰਾਵਾਂ ਅਣਖ ਰੱਖੀ,
ਗੁਰਾਂ ਦਾ ਧੜ ਚੁੱਕ, ਮੁਗਲਾਂ ਨੂੰ ਲਲਕਾਰਨਾ ਏ।
ਗਾਥਾ ਸ਼ਹੀਦਾਂ ਦੀ ਬਹੁਤ ਹੀ ਕਠਿਨ ਲੋਕੋ,
ਪੈਂਦਾ ਜਾਨ ਨੂੰ ਵੀ ਕੌਮ ਤੋਂ ਵਾਰਨਾ ਏ।
ਲੇਖਕ ਨੇ ਪੁਸਤਕ ਨੂੰ ਭੇਟ ਕਰਨ ਲਈ ਅਨੇਕਾਂ ਇਤਿਹਾਸਕ ਪੁਸਤਕਾਂ ਵਿਚੋਂ ਹਵਾਲੇ ਦੇ ਕੇ ਭਾਈ ਲੱਖੀ ਸ਼ਾਹ ਵਣਜਾਰਾ ਦੇ ਜੀਵਨ ਸਬੰਧੀ ਭਰਮ-ਭੁਲੇਖਿਆਂ ਨੂੰ ਦੂਰ ਕਰਕੇ ਸਿੱਖ ਇਤਿਹਾਸ ਵਿਚ ਨਿੱਗਰ ਯੋਗਦਾਨ ਪਾਇਆ ਹੈ।


-ਭਗਵਾਨ ਸਿੰਘ ਜੌਹਲ
ਮੋਬਾ: 98143-24040


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX