ਤਾਜਾ ਖ਼ਬਰਾਂ


ਆਈ.ਪੀ.ਐਲ 2019 : ਬੰਗਲੌਰ ਨੇ ਪੰਜਾਬ ਨੂੰ 17 ਦੌੜਾਂ ਨਾਲ ਹਰਾਇਆ
. . .  1 day ago
ਲੜਕੀ ਨੂੰ ਅਗਵਾ ਕਰ ਸਾੜ ਕੇ ਮਾਰਿਆ, ਪੁਲਿਸ ਵੱਲੋਂ 2 ਲੜਕੇ ਕਾਬੂ
. . .  1 day ago
ਸ਼ੁਤਰਾਣਾ, 24 ਅਪ੍ਰੈਲ (ਬਲਦੇਵ ਸਿੰਘ ਮਹਿਰੋਕ)-ਪਟਿਆਲਾ ਜ਼ਿਲ੍ਹੇ ਦੇ ਪਿੰਡ ਗੁਲਾਹੜ ਵਿਖੇ ਇਕ ਨਾਬਾਲਗ ਲੜਕੀ ਨੂੰ ਪਿੰਡ ਦੇ ਹੀ ਕੁੱਝ ਲੜਕਿਆਂ ਵੱਲੋਂ ਅਗਵਾ ਕਰਕੇ ਉਸ ਨੂੰ ਅੱਗ ਲਗਾ ਕੇ ਸਾੜ ਕੇ ਮਾਰ ਦਿੱਤਾ ਗਿਆ ਹੈ। ਪੁਲਿਸ ...
ਆਈ.ਪੀ.ਐਲ 2019 : ਬੰਗਲੌਰ ਨੇ ਪੰਜਾਬ ਨੂੰ 203 ਦੌੜਾਂ ਦਾ ਦਿੱਤਾ ਟੀਚਾ
. . .  1 day ago
29 ਨੂੰ ਕਰਵਾਉਣਗੇ ਕੈਪਟਨ ਸ਼ੇਰ ਸਿੰਘ ਘੁਬਾਇਆ ਦੇ ਕਾਗ਼ਜ਼ ਦਾਖਲ
. . .  1 day ago
ਜਲਾਲਾਬਾਦ ,24 ਅਪ੍ਰੈਲ (ਹਰਪ੍ਰੀਤ ਸਿੰਘ ਪਰੂਥੀ ) - ਲੋਕ ਸਭਾ ਹਲਕਾ ਫ਼ਿਰੋਜ਼ਪੁਰ ਤੋਂ ਕਾਂਗਰਸ ਦੇ ਉਮੀਦਵਾਰ ਸ਼ੇਰ ਸਿੰਘ ਘੁਬਾਇਆ ਦੇ ਨਾਮਜ਼ਦਗੀ ਪੱਤਰ ਭਰਵਾਉਣ ਲਈ ਮੁੱਖ ਮੰਤਰੀ ਕੈਪਟਨ ...
ਆਈ.ਪੀ.ਐਲ 2019 : ਟਾਸ ਜਿੱਤ ਕੇ ਪੰਜਾਬ ਵੱਲੋਂ ਬੈਂਗਲੌਰ ਨੂੰ ਪਹਿਲਾ ਬੱਲੇਬਾਜ਼ੀ ਦਾ ਸੱਦਾ
. . .  1 day ago
ਕਾਰ ਵੱਲੋਂ ਟੱਕਰ ਮਾਰੇ ਜਾਣ ਕਾਰਨ ਐਕਟਿਵਾ ਸਵਾਰ ਲੜਕੀ ਦੀ ਮੌਤ
. . .  1 day ago
ਗੜ੍ਹਸ਼ੰਕਰ, 24 ਅਪ੍ਰੈਲ (ਧਾਲੀਵਾਲ) - ਗੜੰਸ਼ਕਰ-ਹੁਸ਼ਿਆਰਪੁਰ ਰੋਡ 'ਤੇ ਪਿੰਡ ਖਾਬੜਾ ਮੋੜ 'ਤੇ ਇੱਕ ਕਾਰ ਵੱਲੋਂ ਐਕਟਿਵਾ ਤੇ ਬੁਲਟ ਨੂੰ ਟੱਕਰ ਮਾਰੇ ਜਾਣ 'ਤੇ ਐਕਟਿਵਾ ਸਵਾਰ...
ਮਦਰਾਸ ਹਾਈਕੋਰਟ ਦੀ ਮਦੁਰਈ ਬੈਂਚ ਨੇ ਟਿਕਟਾਕ 'ਤੇ ਰੋਕ ਹਟਾਈ
. . .  1 day ago
ਚੇਨਈ, 24 ਅਪ੍ਰੈਲ - ਮਦਰਾਸ ਹਾਈਕੋਰਟ ਦੀ ਮਦੁਰਈ ਬੈਂਚ ਨੇ ਟਿਕਟਾਕ ਵੀਡੀਓ ਐਪ 'ਤੇ ਲੱਗੀ ਰੋਕ ਹਟਾ ਦਿੱਤੀ...
ਅੱਗ ਨਾਲ 100 ਤੋਂ 150 ਏਕੜ ਕਣਕ ਸੜ ਕੇ ਸੁਆਹ
. . .  1 day ago
ਗੁਰੂਹਰਸਹਾਏ, ੨੪ ਅਪ੍ਰੈਲ - ਨੇੜਲੇ ਪਿੰਡ ਸਰੂਪੇ ਵਾਲਾ ਵਿਖੇ ਤੇਜ ਹਵਾਵਾਂ ਦੇ ਚੱਲਦਿਆਂ ਬਿਜਲੀ ਦੀਆਂ ਤਾਰਾਂ ਸਪਾਰਕ ਹੋਣ ਕਾਰਨ ਲੱਗੀ ਅੱਗ ਵਿਚ 100 ਤੋਂ 150 ਏਕੜ ਕਣਕ...
ਜ਼ਬਰਦਸਤ ਹਨੇਰੀ ਤੂਫ਼ਾਨ ਨੇ ਕਿਸਾਨਾਂ ਨੂੰ ਪਾਇਆ ਚਿੰਤਾ 'ਚ
. . .  1 day ago
ਬੰਗਾ, 24 ਅਪ੍ਰੈਲ (ਜਸਬੀਰ ਸਿੰਘ ਨੂਰਪੁਰ) - ਵੱਖ ਵੱਖ ਇਲਾਕਿਆਂ 'ਚ ਚੱਲ ਰਹੀ ਤੇਜ ਹਨੇਰੀ ਅਤੇ ਝਖੜ ਨੇ ਕਿਸਾਨਾਂ ਨੂੰ ਚਿੰਤਾ 'ਚ ਪਾ ਦਿੱਤਾ ਹੈ। ਹਨੇਰੀ ਕਾਰਨ ਆਵਾਜ਼ਾਈ...
ਸੁਖਬੀਰ ਬਾਦਲ 26 ਨੂੰ ਦਾਖਲ ਕਰਨਗੇ ਨਾਮਜ਼ਦਗੀ
. . .  1 day ago
ਮਮਦੋਟ 24 ਅਪ੍ਰੈਲ (ਸੁਖਦੇਵ ਸਿੰਘ ਸੰਗਮ) - ਲੋਕ ਸਭਾ ਹਲਕਾ ਫ਼ਿਰੋਜ਼ਪੁਰ ਤੋਂ ਅਕਾਲੀ-ਭਾਜਪਾ ਗਠਜੋੜ ਦੇ ਉਮੀਦਵਾਰ ਸੁਖਬੀਰ ਸਿੰਘ ਬਾਦਲ 26 ਅਪ੍ਰੈਲ ਨੂੰ ਆਪਣੇ ਨਾਮਜ਼ਦਗੀ...
ਹੋਰ ਖ਼ਬਰਾਂ..

ਅਜੀਤ ਮੈਗਜ਼ੀਨ

ਸਰਬੱਤ ਦਾ ਭਲਾ ਚਾਹੁੰਣ ਵਾਲਾ ਕੈਨੇਡੀਅਨ ਆਗੂ ਜਸਟਿਨ ਟਰੂਡੋ

ਜਸਟਿਨ ਟਰੂਡੋ ਕੈਨੇਡਾ ਦੇ ਪ੍ਰਧਾਨ ਮੰਤਰੀ ਹਨ। ਉਨ੍ਹਾਂ ਦੀ ਉਮਰ ਮਹਿਜ਼ 46 ਸਾਲ ਹੈ। 44 ਸਾਲਾਂ ਦੀ ਉਮਰ ਵਿਚ ਪ੍ਰਧਾਨ ਮੰਤਰੀ ਬਣ ਗਏ ਸੀ। ਉਹ ਪਾਪੀਨੋ (ਮਾਂਟਰੀਅਲ) ਹਲਕੇ ਤੋਂ ਲਗਾਤਾਰ ਤੀਸਰੀ ਵਾਰ ਸੰਸਦ ਮੈਂਬਰ ਬਣੇ ਹਨ। ਇਤਿਹਾਸਕ ਪੱਖ ਤੋਂ ਦੇਸ਼ ਵਿਚ ਸਭ ਤੋਂ ਲੰਬਾ ਸਮਾਂ ਰਾਜ ਕਰ ਚੁੱਕੀ ਲਿਬਰਲ ਪਾਟੀ ਦੇ ਆਗੂ ਹਨ। ਕੈਨੇਡਾ ਦੇ (1968 ਤੋਂ 1979 ਅਤੇ 1980 ਤੋਂ 1984 ਤੱਕ) ਪ੍ਰਧਾਨ ਮੰਤਰੀ ਰਹਿ ਚੁੱਕੇ ਸਵਰਗੀ ਏਲੀਅਟ ਟਰੂਡੋ ਦੇ ਚਾਰ ਬੱਚਿਆਂ ਵਿਚੋਂ ਸਭ ਤੋਂ ਵੱਡੇ ਹਨ। ਜਸਟਿਨ ਦਾ ਇਕ ਸਾਬਕਾ ਪ੍ਰਧਾਨ ਮੰਤਰੀ ਦਾ ਬੇਟਾ ਹੋਣਾ, ਇਕ ਇਤਫ਼ਾਕ ਤੋਂ ਵੱਧ ਕੁਝ ਨਹੀਂ ਹੈ ਕਿਉਂਕਿ ਉਸ ਨੂੰ ਰਾਜਨੀਤੀ ਵਿਚ ਲਿਆਉਣ ਲਈ ਉਸ ਦੇ ਪਿਤਾ ਦਾ ਹੱਥ ਨਹੀਂ ਰਿਹਾ। ਏਲੀਅਟ ਟਰੂਡੋ ਸੰਨ 2000 ਵਿਚ ਸਵਰਗਵਾਸ ਹੋ ਗਏ ਸਨ। ਜਸਟਿਨ ਉਦੋਂ 28 ਕੁ ਸਾਲਾਂ ਦੇ ਸਨ ਅਤੇ ਉਸ ਸਮੇਂ ਉਨ੍ਹਾਂ ਅਜੇ ਰਾਜਨੀਤੀ ਵਿਚ ਪੈਰ ਨਹੀਂ ਰੱਖਿਆ ਸੀ। ਉਹ ਪਹਿਲੀ ਵਾਰ 2008 ਵਿਚ ਸੰਸਦ ਮੈਂਬਰ ਬਣੇ।
ਫੈਡਰਲ ਲਿਬਰਲ ਪਾਰਟੀ 2002-2006 ਦੇ ਸਮੇਂ ਦੌਰਾਨ ਵੱਡੀ ਪੱਧਰ 'ਤੇ ਧੜੇਬੰਦੀ ਦਾ ਸ਼ਿਕਾਰ ਹੋ ਚੁੱਕੀ ਸੀ। 13 ਸਾਲਾਂ ਦੇ ਲਗਾਤਾਰ ਸ਼ਾਸਨ ਮਗਰੋਂ ਉਸ ਪਾਰਟੀ ਨੂੰ 2006 ਦੀਆਂ ਚੋਣਾਂ ਵਿਚ ਨਮੋਸ਼ੀਜਨਕ ਹਾਰ ਹੋਈ। ਕੁੱਲ 308 ਵਿਚੋਂ ਮਸਾਂ 34 ਸੀਟਾਂ ਮਿਲੀਆਂ ਭਾਵ ਪਾਰਟੀ ਮੁੱਖ ਵਿਰੋਧੀ ਧਿਰ ਵਿਚ ਬੈਠਣ ਜੋਗੀ ਵੀ ਨਾ ਰਹੀ। ਲਿਬਰਲ ਪਾਰਟੀ ਦੀ ਏਨੀ ਬੁਰੀ ਹਾਰ ਪਹਿਲਾਂ ਕਦੇ ਵੀ ਨਹੀਂ ਸੀ ਹੋਈ। ਅਜਿਹੇ ਵਿਚ ਜਸਟਿਨ ਦਾ ਕੈਨੇਡਾ ਦੀ ਰਾਜਨੀਤੀ ਵਿਚ ਉਭਾਰ ਹੋਣਾ ਸ਼ੁਰੂ ਹੋਇਆ। ਸੰਸਦ ਮੈਂਬਰ ਬਣ ਕੇ ਉਨ੍ਹਾਂ ਨੇ ਪਾਰਟੀ 'ਚ ਧੜਿਆਂ ਨੂੰ ਇਕੱਠਾ ਕਰਨ ਵੱਲ ਕਦਮ ਵਧਾਏ। ਉਨ੍ਹਾਂ ਦੇ ਸੁਘੜ, ਸਿਆਣਪ ਭਰੇ ਅਤੇ ਠਰ੍ਹੰਮੇ ਵਾਲੇ ਸੁਭਾਅ ਤੋਂ ਪ੍ਰਭਾਵਿਤ ਹੋ ਕੇ ਪਾਰਟੀ ਦੇ ਮੁੱਖ ਆਗੂਆਂ ਨੇ ਉਨ੍ਹਾਂ ਨੂੰ ਉਸ ਸਮੇਂ ਸਹਿਮਤੀ ਨਾਲ ਪਾਰਟੀ ਦੇ ਆਗੂ ਵਜੋਂ ਅੱਗੇ ਲਿਆਉਣ ਦਾ ਫੈਸਲਾ ਕਰ ਲਿਆ ਜਿਸ ਦਾ ਸਾਰੇ ਧੜਿਆਂ ਨੇ ਸਵਾਗਤ ਕੀਤਾ। ਪਾਰਟੀ ਅੰਦਰ ਇਕ ਨਵਾਂ ਜੋਸ਼ ਪੈਦਾ ਹੋਣਾ ਸ਼ੁਰੂ ਹੋਇਆ ਅਤੇ ਲੋਕਾਂ ਦਾ ਧਿਆਨ ਇਕ ਵਾਰ ਫਿਰ ਆਸ ਦੀ ਕਿਰਨ ਵਾਂਗ ਲਿਬਰਲ ਪਾਰਟੀ ਵੱਲ ਜਾਣ ਲੱਗ ਪਿਆ। 14 ਅਪ੍ਰੈਲ 2013 ਨੂੰ ਪਾਰਟੀ ਦੇ ਪ੍ਰਤੀਨਿਧਾਂ ਨੇ ਵੱਡੇ ਬਹੁਮਤ ਨਾਲ ਜਸਟਿਨ ਨੂੰ ਪਾਰਟੀ ਦਾ ਆਗੂ ਚੁਣ ਲਿਆ।
ਲੋਕਾਂ ਵਿਚ ਜਸਟਿਨ ਨੇ ਆਪਣੀ ਯੋਗਤਾ ਦਾ ਲੋਹਾ ਮੰਨਵਾ ਕੇ 2015 ਦੀਆਂ ਆਮ ਚੋਣਾਂ ਵਿਚ ਪਾਰਟੀ ਨੂੰ ਭਾਰੀ ਜਿੱਤ (338 ਵਿਚੋਂ 184 ਸੀਟਾਂ ਨਾਲ) ਦਿਵਾਈ ਸੀ। ਜਸਟਿਨ ਦੇ ਐਲਾਨਾਂ ਅਤੇ ਸੰਬੋਧਨਾਂ ਨੂੰ ਸੁਣ ਕੇ ਲੋਕਾਂ ਨੇ ਉਨ੍ਹਾਂ ਦੀ ਸੰਸਦ ਵਿਚ ਤੀਸਰੇ ਨੰਬਰ ਉੱਪਰ ਡਿੱਗੀ ਹੋਈ ਪਾਰਟੀ ਨੂੰ ਚੁੱਕ ਕੇ ਸਿੱਧਾ ਪਹਿਲੇ ਨੰਬਰ ਉੱਪਰ ਲਿਆ ਕੇ ਰਾਜਭਾਗ ਸੌਂਪ ਦਿੱਤਾ। ਚੋਣ ਮੁਹਿੰਮ ਵਿਚ ਕੰਜ਼ਰਵੇਟਿਵ ਪਾਰਟੀ ਦੇ ਸਟੀਫਨ ਹਾਰਪਰ ਅਤੇ ਨਿਊ ਡੈਮੋਕਰੇਟਿਕ ਪਾਰਟੀ (ਐਨ.ਡੀ.ਪੀ.) ਦੇ ਥਾਮਸ ਮੁਲਕੇਅਰ ਜਿਹੇ ਘਾਗ ਸਿਆਸਤਦਾਨਾਂ ਨਾਲ ਜਸਟਿਨ ਦਾ ਸਿੱਧਾ ਮੁਕਾਬਲਾ ਸੀ। ਜਸਟਿਨ ਉਨ੍ਹਾਂ ਵਿਚ ਸਭ ਤੋਂ ਛੋਟੀ ਉਮਰ ਦੇ ਸੀ। ਵਿਰੋਧੀ ਆਗੂ ਉਸ ਨੂੰ ਰਾਜਨੀਤੀ ਵਿਚ ਤਜਰਬਾਹੀਣ ਅਤੇ ਦੇਸ਼ ਦਾ ਪ੍ਰਧਾਨ ਮੰਤਰੀ ਬਣਨ ਦੇ ਕਾਬਲ ਨਾ ਹੋਣ ਵਾਲਾ ਵਿਅਕਤੀ ਦੱਸਦੇ ਹੁੰਦੇ ਸਨ। ਪਰ ਜਸਟਿਨ ਨੇ ਆਪਣੀ ਸੋਚ ਨੂੰ ਹਾਂ-ਪੱਖੀ ਰੱਖਿਆ। ਵਿਰੋਧੀਆਂ ਦੀਆਂ ਗੱਲਾਂ ਦੀ ਕਾਟ ਕਰਨ ਵੱਲ ਧਿਆਨ ਦੇਣ ਦੀ ਬਜਾਏ ਉਨ੍ਹਾਂ ਨੇ ਲੋਕਾਂ ਵਿਚ ਵਿਚਰ ਕੇ ਆਪਣੀ ਗੱਲ ਕੀਤੀ। ਲੋਕਾਂ ਨੂੰ ਸਮਝਾ ਦਿੱਤਾ ਕਿ ਉਹ ਦੇਸ਼ ਨੂੰ ਯੋਗ ਅਗਵਾਈ ਦੇ ਸਕਦੇ ਹਨ ਜਿਸ ਦਾ ਸਿੱਟਾ 19 ਅਕਤੂਬਰ 2015 ਨੂੰ ਆਏ ਚੋਣ ਨਤੀਜੇ ਦੇ ਰੂਪ ਵਿਚ ਸਾਰਿਆਂ ਦੇ ਸਾਹਮਣੇ ਸੀ। ਜਸਟਿਨ ਸਦਕਾ ਉਸ ਦੀ ਪਾਰਟੀ ਨੂੰ ਮਿਲੇ ਮਿਸਾਲੀ ਫ਼ਤਵੇ ਤੋਂ ਬਾਅਦ ਕੰਜ਼ਰਵੇਟਿਵ ਪਾਰਟੀ ਨੂੰ ਹਾਰਪਰ ਅਤੇ ਐਨ. ਡੀ. ਪੀ. ਨੂੰ ਮੁਲਕੇਅਰ ਅਲਵਿਦਾ ਆਖ ਕੇ ਸਰਗਰਮ ਰਾਜਨੀਤੀ ਛੱਡ ਚੁੱਕੇ ਹਨ।
2015 ਦੀ ਚੋਣ ਵਿਚ ਪਹਿਲੀ ਵਾਰੀ ਦੇਸ਼ ਵਿਚ ਡੇਢ ਦਰਜਨ ਦੇ ਕਰੀਬ ਪੰਜਾਬੀ ਮੂਲ ਦੇ ਸੰਸਦ ਮੈਂਬਰ ਵੀ ਚੁਣੇ ਗਏ। ਸ਼ਹਿਰੀ ਵੋਟਰਾਂ ਅਤੇ ਵਿਸ਼ੇਸ਼ ਕਰਕੇ ਇਮੀਗ੍ਰਾਂਟ ਭਾਈਚਾਰਿਆਂ ਦੇ ਵੋਟਰ ਡਟ ਕੇ ਲਿਬਰਲ ਪਾਰਟੀ ਦੇ ਹੱਕ ਵਿਚ ਭੁਗਤੇ ਸਨ। ਜਸਟਿਨ ਨੇ ਪੰਜਾਬੀ ਭਾਈਚਾਰੇ ਅਤੇ ਸਿੱਖ ਕੌਮ ਪ੍ਰਤੀ ਆਪਣੇ ਸਤਿਕਾਰ ਅਤੇ ਸੁਹਿਰਦਤਾ ਦਾ ਸਬੂਤ ਇਹ ਦਿੱਤਾ ਕਿ ਆਪਣੀ 35 ਮੈਂਬਰੀ ਕੈਬਨਿਟ ਵਿਚ ਚਾਰ ਮੰਤਰੀ (ਨਵਦੀਪ ਸਿੰਘ ਬੈਂਸ, ਹਰਜੀਤ ਸਿੰਘ ਸੱਜਣ, ਅਮਰਜੀਤ ਸੋਹੀ, ਜਗਦੀਸ਼ ਚੱਗਰ) ਬਣਾਏ। ਕੈਨੇਡਾ ਦੀ ਪਾਰਲੀਮੈਂਟ ਅਤੇ ਸਰਕਾਰ ਵਿਚ ਪੰਜਾਬੀਆਂ ਦੀ ਸਰਦਾਰੀ ਕਾਇਮ ਹੋਈ ਜਿਸ ਨਾਲ ਦੇਸ਼-ਵਿਦੇਸ਼ਾਂ ਵਿਚ ਪੰਜਾਬ, ਪੰਜਾਬੀ ਤੇ ਪੰਜਾਬੀਅਤ ਅਤੇ ਸਿੱਖੀ ਬਾਰੇ ਸਲਾਹੁਣਯੋਗ ਸੰਦੇਸ਼ ਗਿਆ।
ਚੇਤੇ ਰਹੇ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਸਰਕਾਰ ਬਣਨ ਤੋਂ ਬਾਅਦ 'ਫੈਮਿਲੀ ਕਲਾਸ' ਵਿਚ ਮਾਪਿਆਂ ਤੇ ਦਾਦੇ-ਦਾਦੀ ਤੇ ਨਾਨੇ-ਨਾਨੀ ਦਾ ਕੋਟਾ 5000 ਤੋਂ ਵਧਾ ਕੇ 10000 ਕਰ ਦਿੱਤਾ ਗਿਆ ਸੀ। ਅਰਜ਼ੀਆਂ ਦੇ ਨਿਪਟਾਰੇ ਵਿਚ ਤੇਜ਼ੀ ਲਿਆਂਦੀ ਗਈ ਤਾਂ ਕਿ ਪਰਿਵਾਰ ਜਲਦੀ ਇਕੱਠੇ ਹੋ ਸਕਣ। ਮਾਪਿਆਂ ਦੇ ਨਿਰਭਰ ਬੱਚਿਆਂ ਦੀ ਉਮਰ ਹੱਦ ਵੀ ਵਧਾਈ ਗਈ ਜਿਸ ਨਾਲ ਵੱਧ ਆਸ਼ਰਤ ਬੱਚੇ ਕੈਨੇਡਾ ਵਿਚ ਜਾ ਸਕਦੇ ਹਨ। ਕੈਨੇਡਾ ਦੀ ਨਾਗਰਿਕਤਾ ਲੈਣਾ ਆਸਾਨ ਕਰ ਦਿੱਤਾ ਗਿਆ ਹੈ। ਇੰਮੀਗ੍ਰੇਸ਼ਨ ਦੇ ਅਸੂਲ ਅਜਿਹੇ ਬਣਾ ਦਿੱਤੇ ਗਏ ਹਨ ਕਿ ਅਗਲੇ ਤਿੰਨ ਸਾਲਾਂ ਦੌਰਾਨ ਵਿਦੇਸ਼ਾਂ ਤੋਂ ਲਗਪਗ 10 ਲੱਖ ਵਿਦੇਸ਼ੀ ਕੈਨੇਡਾ ਵਿਚ ਜਾ ਸਕਣਗੇ।
ਪ੍ਰਧਾਨ ਮੰਤਰੀ ਵਜੋਂ ਜਸਟਿਨ ਟਰੂਡੋ ਦੀ ਪਹਿਲ ਦੇਸ਼ ਵਿਚ ਭਾਈਚਾਰਕ ਸਾਂਝ ਬਣਾ ਕੇ ਰੱਖਣ ਦੀ ਰਹੀ ਹੈ। ਉਹ ਸਰਬੱਤ ਦੇ ਭਲੇ ਵਾਸਤੇ ਸਰਗਰਮੀ ਕਰਨ ਲਈ ਯਤਨਸ਼ੀਲ ਹਨ। ਬੀਤੇ ਸਮਿਆਂ ਦੇ ਵਿਤਕਰੇ ਭਰਪੂਰ ਕਾਲੇ ਕਾਨੂੰਨਾਂ ਦੀ ਆੜ ਵਿਚ ਘੱਟ-ਗਿਣਤੀਆਂ ਅਤੇ ਆਦੀਵਾਸੀ ਭਾਈਚਾਰਿਆਂ ਨਾਲ ਹੁੰਦੀਆਂ ਰਹੀਆਂ ਬੇਇਨਸਾਫ਼ੀਆਂ ਦੂਰ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਸਿੱਖ ਕੌਮ ਦੀ ਸੰਤੁਸ਼ਟੀ ਲਈ 100 ਕੁ ਸਾਲ ਪਹਿਲਾਂ ਵਾਪਰੇ ਕਾਮਾਗਾਟਾਮਾਰੂ ਕਾਂਡ ਦੀ ਮੁਆਫ਼ੀ ਕੈਨੇਡਾ ਦੀ ਪਾਰਲੀਮੈਂਟ ਵਿਚ ਮੰਗੀ। ਮੁਸਲਿਮ ਭਾਈਚਾਰੇ ਦੇ ਲੋਕਾਂ ਨੂੰ ਗਲ ਨਾਲ ਲਗਾਉਣ ਲਈ ਸੀਰੀਆ ਵਿਚ ਜ਼ੁਲਮ ਦਾ ਸ਼ਿਕਾਰ ਹੋਏ ਸ਼ਰਨਾਰਥੀਆਂ ਨੂੰ ਦੇਸ਼ ਵਿਚ ਆਉਣ ਦਾ ਮੌਕਾ ਦਿੱਤਾ। ਕੈਨੇਡਾ ਵਿਚ ਪੁੱਜ ਕੇ ਸ਼ਰਨ ਮੰਗਣ ਵਾਲ਼ੇ ਵਿਅਕਤੀ ਨੂੰ ਉਸ ਦੀ ਗੱਲ ਸੁਣੇ ਬਿਨਾਂ ਮੋੜੇ ਜਾਣ ਦੇ ਰੁਝਾਨ ਨੂੰ ਨੱਕਾ ਲਗਾਇਆ। ਹੁਣ ਸ਼ਰਨ ਲਈ ਦਰਖ਼ਾਸਤ ਦੇਣ ਵਾਲੇ ਹਰੇਕ ਵਿਅਕਤੀ ਦੀ ਇਮੀਗ੍ਰੇਸ਼ਨ ਐਂਡ ਰਫਿਊਜੀ ਬੋਰਡ (ਆਈ.ਆਰ.ਬੀ.) ਦੇ ਅਧਿਕਾਰੀਆਂ ਨੂੰ ਸੁਣਵਾਈ ਕਰਨੀ ਪੈਂਦੀ ਹੈ। ਕੈਨੇਡਾ ਸਰਕਾਰ ਵਿਚ ਸਿੱਖ ਆਗੂਆਂ ਦੀ ਕਾਮਯਾਬੀ ਅਤੇ ਸਿੱਖਾਂ ਦੇ ਕਕਾਰਾਂ ਪ੍ਰਤੀ ਸਤਿਕਾਰ ਦੀ 27 ਨਵੰਬਰ 2017 ਨੂੰ ਇਕ ਵਿਲੱਖਣ ਉਦਾਹਰਣ ਮਿਲੀ ਸੀ ਜਦੋਂ ਸਿੱਖਾਂ ਨੂੰ ਸ੍ਰੀ ਸਾਹਿਬ ਪਹਿਨ ਕੇ ਹਵਾਈ ਜਹਾਜ਼ਾਂ ਦੀਆਂ ਘਰੇਲੂ ਉਡਾਣਾਂ ਵਿਚ ਸਫਰ ਕਰਨ ਦੀ ਖੁਲ੍ਹ ਦੇ ਦਿੱਤੀ ਗਈ। ਇਸ ਬਾਰੇ ਸ: ਬੈਂਸ ਨੇ ਦੱਸਿਆ ਸੀ ਕਿ ਸ੍ਰੀ ਸਾਹਿਬ ਦਾ ਅਕਾਰ ਛੇ ਇੰਚ ਤੋਂ ਛੋਟਾ ਹੋਣਾ ਚਾਹੀਦਾ ਹੈ ਅਤੇ ਵਸਤਰਾਂ ਦੇ ਹੇਠਾਂ ਪਹਿਨਣਾ ਜ਼ਰੂਰੀ ਹੈ। ਜਸਟਿਨ ਟਰੂਡੋ ਅੱਜ ਆਪਣੇ ਡੈਲੀਗੇਸ਼ਨ ਨਾਲ ਭਾਰਤ ਵਿਚ ਹਨ। ਉਨ੍ਹਾਂ ਨਾਲ ਪ੍ਰਭਾਵਸ਼ਾਲੀ ਵਪਾਰਕ ਅਤੇ ਕਾਰੋਬਾਰੀ ਆਗੂਆਂ ਦਾ ਡੈਲੀਗੇਸ਼ਨ ਪੁੱਜਾ ਹੋਇਆ ਹੈ। ਸਾਰੇ ਸਿੱਖ ਮੰਤਰੀ ਅਤੇ ਸੰਸਦ ਮੈਂਬਰ ਨਾਲ ਆਏ ਹਨ। ਕੁਝ ਚੋਣਵੇਂ ਪੱਤਰਕਾਰ ਵੀ ਉਨ੍ਹਾਂ ਦੇ ਨਾਲ ਆਏ ਹਨ। ਇਨ੍ਹਾਂ ਸਤਰਾਂ ਦੇ ਲੇਖਕ ਨੂੰ ਵੀ ਉਨ੍ਹਾਂ ਨਾਲ ਕਦਮ ਨਾਲ ਕਦਮ ਮਿਲਾ ਕੇ ਚੱਲਣ ਦਾ ਮੌਕਾ ਮਿਲਿਆ ਹੈ। ਆਪਣੀ ਇਸ 8 ਦਿਨਾ ਸਰਕਾਰੀ ਫੇਰੀ ਦੌਰਾਨ ਸ੍ਰੀ ਟਰੂਡੋ ਵਲੋਂ ਜਿੱਥੇ ਭਾਰਤ ਸਰਕਾਰ ਦੇ ਸਹਿਯੋਗ ਨਾਲ ਦੋਵਾਂ ਦੇਸ਼ਾਂ ਦੇ ਕਾਰੋਬਾਰੀ ਰਿਸ਼ਤਿਆਂ ਬਾਰੇ ਪਹਿਲ ਕਦਮੀਆਂ ਕੀਤੀਆਂ ਜਾ ਰਹੀਆਂ ਹਨ ਉਥੇ ਕੈਨੇਡਾ ਅਤੇ ਭਾਰਤ ਦੇ ਲੋਕਾਂ (ਖ਼ਾਸ ਕਰਕੇ ਨੌਜਵਾਨਾਂ) ਵਿਚਕਾਰ ਸਾਂਝ ਵਧਾਉਣ ਵਲ ਵੀ ਧਿਆਨ ਦਿੱਤਾ ਜਾ ਰਿਹਾ ਹੈ। 24 ਫਰਵਰੀ ਨੂੰ ਕੈਨੇਡਾ ਵਾਪਸੀ ਤੋਂ ਪਹਿਲਾਂ ਉਨ੍ਹਾਂ ਨੇ ਦਿੱਲੀ ਵਿਚ ਵੱਖ-ਵੱਖ ਖੇਤਰਾਂ ਤੋਂ ਕਿੱਤਾਮੁੱਖੀ ਅਤੇ ਸਿੱਖਿਅਤ ਨੌਜਵਾਨ ਲੜਕੇ ਅਤੇ ਲੜਕੀਆਂ ਨਾਲ ਇਕ ਖਾਸ ਮਿਲਣੀ ਕਰਨੀ ਹੈ। ਇਸ ਫੇਰੀ ਦੌਰਾਨ ਉਹ ਸਾਰੇ ਧਰਮਾਂ ਦੇ ਧਾਰਮਿਕ ਅਸਥਾਨਾਂ (ਮੰਦਿਰ, ਮਸਜਿਦ, ਗੁਰਦੁਆਰੇ ਅਤੇ ਚਰਚ) ਵਿਚ ਨਤਮਸਤਕ ਹੋਣਗੇ ਜਿਸ ਵਿਚ 21 ਫਰਵਰੀ ਨੂੰ ਅੰਮ੍ਰਿਤਸਰ ਵਿਖੇ ਪਵਿੱਤਰ ਸ੍ਰੀ ਹਰਿਮੰਦਰ ਸਾਹਿਬ ਦੀ ਫੇਰੀ ਵੀ ਸ਼ਾਮਿਲ ਹੈ।
ਸਾਨੂੰ ਲੱਗਦਾ ਹੈ ਅਜੋਕੇ ਸਮੇਂ ਦੇ ਰਾਜਸੀ ਆਗੂਆਂ ਲਈ ਜਸਟਿਨ ਟਰੂਡੋ ਇਕ ਚਾਨਣ ਮੁਨਾਰਾ ਆਗੂ ਹੋ ਸਕਦੇ ਹਨ ਜੋ ਹਿੱਕ ਠੋਕ ਕੇ ਆਪਣੀ ਗੱਲ ਠੋਸੀ ਜਾਣ ਨਾਲੋਂ ਹਰੇਕ ਦੀ ਗੱਲ ਸੁਣਨ ਅਤੇ ਮੰਨਣ ਨੂੰ ਪਹਿਲ ਦਿੰਦੇ ਹਨ। ਕੈਨੇਡਾ ਵਿਚ ਅਜਿਹੇ ਸਹਿਣਸ਼ੀਲ ਪ੍ਰਧਾਨ ਮੰਤਰੀ ਅਤੇ ਪ੍ਰਭਾਵਸ਼ਾਲੀ ਸਿੱਖ ਮੰਤਰੀ ਹੋਣ ਦੇ ਬਾਵਜੂਦ ਕੈਨੇਡਾ ਅਤੇ ਪੰਜਾਬ ਵਿਚਕਾਰ ਦੂਰੀਆਂ ਵਧਣ ਦਾ ਸੰਸਾਰ ਭਰ ਵਿਚ ਵੱਸਦੇ ਪੰਜਾਬੀਆਂ ਦੇ ਮਨਾਂ ਵਿਚ ਰੋਸ ਜ਼ਰੂਰ ਹੈ। ਸਾਡੀ ਜਾਣਕਾਰੀ ਮੁਤਾਬਿਕ ਕੈਨੇਡਾ ਅਤੇ ਪੰਜਾਬ ਵਿਚਕਾਰ ਨੇੜਤਾ ਅਤੇ ਦੁਵੱਲੇ ਸਹਿਯੋਗ ਦੀਆਂ ਸੰਭਾਵਨਾਵਾਂ ਤਾਂ ਬਹੁਤ ਹਨ ਪਰ ਇਸ ਮਾਮਲੇ ਵਿਚ ਪੰਜਾਬ ਸਰਕਾਰ ਤੇ ਵਿਸ਼ੇਸ਼ ਕਰਕੇ ਮੁੱਖ ਮੰਤਰੀ ਕੈਪ: ਅਮਰਿੰਦਰ ਸਿੰਘ ਵਲੋਂ ਸਰਕਾਰੀ ਪੱਧਰ 'ਤੇ ਸਹਿਯੋਗ ਨਾ ਮਿਲਣਾ ਮੰਦਭਾਗਾ ਹੈ। ਅਜੋਕੇ ਦੌਰ ਵਿਚ ਕੈਨੇਡਾ ਦੀ ਪੰਜਾਬ ਨੂੰ ਓਨੀ ਜ਼ਰੂਰਤ ਨਹੀਂ ਪਰ ਕੈਨੇਡਾ ਨਾਲ ਦੋਸਤੀ ਦਾ ਪੰਜਾਬ ਨੂੰ ਹਰੇਕ ਪੱਖ ਤੋਂ ਲਾਭ ਹੀ ਹੋ ਸਕਦਾ ਹੈ। ਅੱਜ ਬੀਤੇ ਨੂੰ ਭੁਲਾ ਕੇ ਲੋੜ ਇਸ ਤੋਂ ਅੱਗੇ ਚੱਲਣ ਦੀ ਸੀ। ਕਾਫ਼ੀ ਸਮਾਂ ਵਿਅਰਥ ਗਵਾ ਲਿਆ ਗਿਆ ਹੈ ਪਰ ਅਜੇ ਵੀ ਲੱਗਦਾ ਤਾਂ ਇਹ ਹੈ ਕਿ ਜੇਕਰ ਕੈਨੇਡਾ ਸਰਕਾਰ ਦੇ ਨਾਲ-ਨਾਲ ਪੰਜਾਬ ਸਰਕਾਰ ਵੀ ਖੁਲ੍ਹਦਿਲੀ ਨਾਲ ਆਪਣੀਆਂ ਬਾਹਾਂ ਖੋਲ੍ਹੇ ਤਾਂ ਅਜੇ ਵੀ ਡੁੱਲ੍ਹੇ ਬੇਰ ਚੁਗੇ ਜਾ ਸਕਦੇ ਹਨ ਤਾਂ ਕਿ ਕੈਨੇਡਾ ਅਤੇ ਪੰਜਾਬ ਦੇ ਰਿਸ਼ਤੇ ਨੇੜਤਾ ਦੇ ਇਕ ਨਵੇਂ ਦੌਰ ਵਿਚ ਦਾਖਲ ਹੋ ਸਕਣ।


-ਫੋਨ: +14168953784
nadala.nadala@gmail.com


ਖ਼ਬਰ ਸ਼ੇਅਰ ਕਰੋ

ਇਕ ਬਲਦੀ ਮਸ਼ਾਲ ਦੀ ਤਰ੍ਹਾਂ ਸੀ ਅਸਮਾ

ਐਤਵਾਰ 11 ਫਰਵਰੀ ਨੂੰ ਅੰਮ੍ਰਿਤਸਰ ਤੋਂ ਭਾਰਤ-ਪਾਕਿਸਤਾਨ ਅਮਨ ਲਹਿਰ ਦੇ ਮੇਰੇ ਇਕ ਸਾਥੀ ਰਮੇਸ਼ ਯਾਦਵ ਨੇ ਫੋਨ 'ਤੇ ਮੈਨੂੰ ਦੱਸਿਆ ਕਿ ਅਸਮਾ ਜਹਾਂਗੀਰ ਨਹੀਂ ਰਹੀ। ਉਸ ਦੇ ਇਨ੍ਹਾਂ ਸ਼ਬਦਾਂ ਨਾਲ ਮੈਂ ਇਕਦਮ ਹੈਰਾਨ ਜਿਹਾ ਹੋ ਗਿਆ। ਕੁਝ ਇਸ ਤਰ੍ਹਾਂ ਦਾ ਅਹਿਸਾਸ ਹੋਇਆ ਜਿਵੇਂ ਕੋਈ ਆਪਣੇ ਹੀ ਪਰਿਵਾਰ ਦਾ ਜੀਅ ਵਿਛੜ ਗਿਆ ਹੋਵੇ। ਮੈਂ ਲਾਹੌਰ ਵਿਚ ਸਾਫਮਾ ਦੇ ਸਕੱਤਰ ਜਨਰਲ ਇਮਤਿਆਜ਼ ਆਲਮ ਨਾਲ ਗੱਲ ਕਰਕੇ ਇਸ ਖ਼ਬਰ ਦੀ ਪੜਤਾਲ ਕਰਨ ਦੀ ਕੋਸ਼ਿਸ਼ ਕੀਤੀ। ਉਸ ਦੇ ਬੋਲ ਸਨ, 'ਹਾਂ, ਅਸਮਾ ਨਹੀਂ ਰਹੀ, ਸਾਡਾ ਤਾਂ ਲੱਕ ਹੀ ਟੁੱਟ ਗਿਆ। ਉਹ ਮਨੁੱਖੀ ਅਧਿਕਾਰਾਂ ਲਈ ਲੜਦੀ ਸੀ, ਘੱਟ-ਗਿਣਤੀਆਂ ਲਈ ਲੜਦੀ ਸੀ, ਤਾਨਾਸ਼ਾਹੀ ਵਿਰੁੱਧ ਲੜਦੀ ਸੀ, ਜਮਹੂਰੀਅਤ ਲਈ ਲੜਦੀ ਸੀ, ਜੰਗ ਦਾ ਵਿਰੋਧ ਕਰਦੀ ਸੀ, ਹਿੰਦ-ਪਾਕਿ ਦੋਸਤੀ ਲਈ ਖੜ੍ਹੀ ਹੁੰਦੀ ਸੀ, ਉਹ ਕੀ ਨਹੀਂ ਕਰਦੀ ਸੀ?' ਇਕੋ ਸਾਹੇ ਇਮਤਿਆਜ਼ ਆਲਮ ਨੇ ਅਸਮਾ ਜਹਾਂਗੀਰ ਦੀ ਸ਼ਖ਼ਸੀਅਤ ਦੇ ਸਾਰੇ ਪਹਿਲੂਆਂ 'ਤੇ ਰੌਸ਼ਨੀ ਪਾ ਦਿੱਤੀ। ਉਹ ਬਹੁਤ ਭਾਵੁਕ ਸੀ। ਇਸ ਲਈ ਮੈਂ ਜ਼ਿਆਦਾ ਗੱਲ ਕਰਨੀ ਠੀਕ ਨਹੀਂ ਸਮਝੀ।
ਇਸ ਖ਼ਬਰ ਨਾਲ ਅਸਮਾ ਜਹਾਂਗੀਰ ਨਾਲ ਸਬੰਧਿਤ ਯਾਦਾਂ ਮੇਰੇ ਮਨ-ਮਸਤਕ ਵਿਚ ਫ਼ਿਲਮ ਦੀ ਤਰ੍ਹਾਂ ਘੁੰਮਣ ਲੱਗ ਪਈਆਂ। 1996 ਵਿਚ ਪ੍ਰਸਿੱਧ ਪੱਤਰਕਾਰ ਕੁਲਦੀਪ ਨਈਅਰ ਦੇ ਮਨ ਵਿਚ ਇਹ ਵਿਚਾਰ ਆਇਆ ਕਿ ਹਰ ਸਾਲ 14-15 ਅਗਸਤ ਦੀ ਰਾਤ ਨੂੰ ਵਾਹਗੇ ਦੀ ਸਰਹੱਦ 'ਤੇ ਜਾ ਕੇ ਆਪਾਂ ਮੋਮਬੱਤੀਆਂ ਬਾਲ ਕੇ ਦੋਵਾਂ ਦੇਸ਼ਾਂ ਨੂੰ ਅਮਨ ਤੇ ਦੋਸਤੀ ਦਾ ਪੈਗਾਮ ਦੇਣ ਦੀ ਕੋਸ਼ਿਸ਼ ਕਰੀਏ। ਇਸ ਮਕਸਦ ਲਈ ਉਹ 14 ਅਗਸਤ, 1996 ਨੂੰ ਨਵੀਂ ਦਿੱਲੀ ਤੋਂ ਆਪਣੇ ਨਾਲ 'ਮੇਨਸਟ੍ਰੀਮ' ਦੇ ਸੰਪਾਦਕ ਨਿਖਿਲ ਚੱਕਰਵਰਤੀ, ਉੱਘੇ ਪੱਤਰਕਾਰ ਵਿਨੋਦ ਮਹਿਤਾ, ਰਾਜਿੰਦਰ ਸੱਚਰ, ਸਹਿਮਤ ਗਰੁੱਪ ਦੇ ਕਲਾਕਾਰਾਂ ਸਮੇਤ ਕੁਝ ਅਹਿਮ ਸ਼ਖ਼ਸੀਅਤਾਂ ਨੂੰ ਨਾਲ ਲੈ ਕੇ ਅੰਮ੍ਰਿਤਸਰ ਪੁੱਜੇ ਅਤੇ ਪਹਿਲੀ ਵਾਰ ਰਾਤ 12 ਵਜੇ ਸਰਹੱਦ 'ਤੇ ਮੋਮਬੱਤੀਆਂ ਜਗਾ ਕੇ ਅਮਨ ਦਾ ਸੰਦੇਸ਼ ਦਿੱਤਾ ਗਿਆ। ਕੁਝ ਸਾਲਾਂ ਤੱਕ ਇਹ ਸਿਲਸਿਲਾ ਇਸੇ ਤਰ੍ਹਾਂ ਚੱਲਿਆ। ਪਾਕਿਸਤਾਨ ਵਾਲੇ ਪਾਸੇ ਤੋਂ ਰਾਤ 12 ਵਜੇ ਸਰਹੱਦ 'ਤੇ ਮੋਮਬੱਤੀਆਂ ਜਗਾਉਣ ਲਈ ਕੋਈ ਵੀ ਨਹੀਂ ਸੀ ਪੁੱਜਦਾ। ਭਾਰਤ ਵਿਚ ਅਤੇ ਖ਼ਾਸ ਕਰਕੇ ਪੰਜਾਬ ਵਿਚ ਕੁਝ ਲੋਕਾਂ ਨੇ ਸਾਨੂੰ ਮਿਹਣੇ ਮਾਰਨੇ ਸ਼ੁਰੂ ਕਰ ਦਿੱਤੇ ਕਿ ਪਾਕਿਸਤਾਨ ਵਾਲੇ ਪਾਸੇ ਤੋਂ ਤਾਂ ਤੁਹਾਡੇ ਨਾਲ ਕੋਈ ਵੀ ਨਹੀਂ ਹੈ, ਤੁਸੀਂ ਇਕਪਾਸੜ ਤੌਰ 'ਤੇ ਸਰਹੱਦ 'ਤੇ ਮੋਮਬੱਤੀਆਂ ਜਗਾ ਕੇ ਦੇਸ਼ ਦਾ ਅਪਮਾਨ ਕਰਵਾ ਰਹੇ ਹੋ। ਇਹ ਗੱਲ ਮੈਂ ਤੇ ਮੇਰੇ ਸਾਥੀਆਂ ਨੇ ਕੁਲਦੀਪ ਨਈਅਰ ਕੋਲ ਉਠਾਈ। ਉਨ੍ਹਾਂ ਨੇ ਸਾਨੂੰ ਆਖਿਆ ਕਿ ਤੁਸੀਂ ਫ਼ਿਕਰ ਨਾ ਕਰੋ। ਪਾਕਿਸਤਾਨ ਵਿਚ ਵੀ ਬਹੁਤ ਸਾਰੇ ਬੁੱਧੀਜੀਵੀ ਅਤੇ ਹੋਰ ਲੋਕ ਸਾਡੇ ਖਿਆਲਾਂ ਦੇ ਹਨ। ਅਸੀਂ ਉਨ੍ਹਾਂ ਤੱਕ ਪਹੁੰਚ ਕਰਾਂਗੇ। ਉਹ ਜ਼ਰੂਰ ਪਾਕਿਸਤਾਨ ਵਾਲੇ ਪਾਸੇ ਤੋਂ ਮੋਮਬੱਤੀਆਂ ਜਗਾਉਣ ਲਈ ਕੋਈ ਨਾ ਕੋਈ ਪ੍ਰੋਗਰਾਮ ਬਣਾਉਣਗੇ। ਕੁਲਦੀਪ ਨਈਅਰ ਨੇ ਇਸ ਸਬੰਧ ਵਿਚ ਅਸਮਾ ਜਹਾਂਗੀਰ, ਡਾ: ਮੁਬੱਸਰ ਹੁਸੈਨ ਅਤੇ ਫ਼ੈਜ਼ ਅਹਿਮਦ ਫ਼ੈਜ਼ ਦੀ ਲੜਕੀ ਸਲੀਮਾ ਹਾਸ਼ਮੀ ਨਾਲ ਗੱਲ ਕੀਤੀ। ਉਨ੍ਹਾਂ ਨੇ ਕਿਹਾ ਕਿ ਅਜੇ ਸਾਡੇ ਲਈ ਰਾਤ 12 ਵਜੇ ਮੋਮਬੱਤੀਆਂ ਜਗਾਉਣ ਲਈ ਲੋਕਾਂ ਨੂੰ ਲਾਮਬੰਦ ਕਰਕੇ ਲਿਆਉਣਾ ਤਾਂ ਸ਼ਾਇਦ ਸੰਭਵ ਨਾ ਹੋ ਸਕੇ ਕਿਉਂਕਿ ਪਾਕਿਸਤਾਨ ਵਿਚ ਇਹ ਬਿਲਕੁਲ ਨਵਾਂ ਵਿਚਾਰ ਹੈ ਤੇ ਜਿਸ ਤਰ੍ਹਾਂ ਦੇ ਦੋਵਾਂ ਦੇਸ਼ਾਂ ਦਰਮਿਆਨ ਟਕਰਾਅ ਤੇ ਤਣਾਅ ਭਰੇ ਸਬੰਧ ਹਨ, ਉਸ ਵਿਚ ਇਸ ਵਿਚਾਰ ਦੀ ਇਧਰ ਤਿੱਖੀ ਵਿਰੋਧਤਾ ਵੀ ਹੋਵੇਗੀ ਤੇ ਇਸ ਮਕਸਦ ਲਈ ਬਾਕਾਇਦਾ ਸਾਨੂੰ ਹਰ ਵਾਰ ਸਰਕਾਰ ਤੋਂ ਮਨਜ਼ੂਰੀ ਵੀ ਲੈਣੀ ਪਿਆ ਕਰੇਗੀ। ਹਾਂ, ਅਸੀਂ ਅਜਿਹਾ ਕਰ ਸਕਦੇ ਹਾਂ ਕਿ ਰੀਟ੍ਰੀਟ ਸੇਰੇਮਨੀ (ਝੰਡਾ ਉਤਾਰਨ ਦੀ ਰਸਮ) ਵੇਲੇ ਆਪਣੇ ਕੁਝ ਸਾਥੀਆਂ ਨੂੰ ਲਿਆ ਸਕਦੇ ਹਾਂ ਤੇ ਜੇ ਸੰਭਵ ਹੋਵੇ ਇਕ-ਦੂਜੇ ਨੂੰ ਮਿਲ ਸਕਦੇ ਹਾਂ, ਇਕ-ਦੂਜੇ ਵੱਲ ਦੋਸਤੀ ਲਈ ਹੱਥ ਵੀ ਹਿਲਾਏ ਜਾ ਸਕਦੇ ਹਨ। ਅਸੀਂ ਉਨ੍ਹਾਂ ਨੂੰ ਕਿਹਾ ਕਿ ਫਿਲਹਾਲ ਤੁਸੀਂ ਏਨਾ ਹੀ ਕਰੋ ਕਿ ਰੀਟ੍ਰੀਟ ਵੇਲੇ ਆਪਣੇ ਵੱਧ ਤੋਂ ਵੱਧ ਸਾਥੀਆਂ ਨੂੰ ਨਾਲ ਲਿਆਉ ਤੇ ਘੱਟੋ-ਘੱਟ ਅਸੀਂ ਇਕ-ਦੂਜੇ ਨੂੰ ਮਿਲ ਸਕੀਏ ਤੇ ਇਕ-ਦੂਜੇ ਪ੍ਰਤੀ ਦੋਸਤੀ ਅਤੇ ਸਦਭਾਵਨਾ ਦਾ ਪ੍ਰਗਟਾਵਾ ਕਰ ਸਕੀਏ। ਫਿਰ ਕੁਝ ਸਾਲਾਂ ਤੱਕ ਅਜਿਹਾ ਹੀ ਸਿਲਸਿਲਾ ਚਲਦਾ ਰਿਹਾ। ਰੀਟ੍ਰੀਟ ਸੇਰੇਮਨੀ ਸਮੇਂ ਡਾ: ਮੁਬੱਸਰ ਹੁਸੈਨ, ਅਸਮਾ ਜਹਾਂਗੀਰ ਅਤੇ ਸਲੀਮਾ ਹਾਸ਼ਮੀ ਨੇ ਆਪਣੇ ਸਾਥੀਆਂ ਨਾਲ ਆਉਣਾ ਸ਼ੁਰੂ ਕਰ ਦਿੱਤਾ। ਇਕ ਵਾਰ ਰੀਟ੍ਰੀਟ ਦੀ ਰਸਮ ਸਮੇਂ ਭਾਰਤ-ਪਾਕਿ ਸਰਹੱਦ 'ਤੇ ਬਣੀ ਇਕ ਬੁਰਜੀ ਨੇੜੇ ਕੁਲਦੀਪ ਨਈਅਰ, ਗੁਲਜ਼ਾਰ ਸਾਹਿਬ, ਰਾਜ ਬੱਬਰ ਅਤੇ ਮੇਰੇ ਸਮੇਤ ਕੁਝ ਸਾਡੇ ਸਾਥੀ ਖੜ੍ਹੇ ਸਨ। ਦੂਜੇ ਪਾਸੇ ਤੋਂ ਡਾ: ਮੁਬੱਸਰ ਹੁਸੈਨ, ਸਲੀਮਾ ਹਾਸ਼ਮੀ ਅਤੇ ਪਾਕਿਸਤਾਨ ਦੀ ਪ੍ਰਸਿੱਧ ਨਾਟਕਕਾਰਾ ਮਦੀਹਾ ਗੌਹਰ ਅਤੇ ਉਨ੍ਹਾਂ ਦਾ ਛੋਟਾ ਜਿਹਾ ਲੜਕਾ ਨਿਰਵਾਣ ਨਦੀਮ ਸਾਡੇ ਵੱਲ ਆ ਗਏ ਅਤੇ ਮਦੀਹਾ ਗੌਹਰ ਦੇ ਲੜਕੇ ਨੇ ਗੁਲਜ਼ਾਰ ਸਾਹਿਬ ਨੂੰ ਆਟੋਗ੍ਰਾਫ਼ ਦੇਣ ਲਈ ਕਿਹਾ ਤੇ ਗੁਲਜ਼ਾਰ ਸਾਹਿਬ ਨੇ ਬੁਰਜੀ ਦੇ ਉੱਪਰ ਕਾਗਜ਼ ਰੱਖ ਕੇ ਆਪਣੇ ਦਸਤਖ਼ਤ ਕਰਨੇ ਸ਼ੁਰੂ ਕਰ ਦਿੱਤੇ। ਏਨੇ ਨੂੰ ਹੋਰ ਵੀ ਪਾਕਿਸਤਾਨੀ ਨਾਗਰਿਕ ਗੁਲਜ਼ਾਰ ਸਾਹਿਬ ਅਤੇ ਰਾਜ ਬੱਬਰ ਨੂੰ ਦੇਖ ਕੇ ਇਕੱਠੇ ਹੋ ਗਏ। ਦੇਖਦਿਆਂ ਹੀ ਦੇਖਦਿਆਂ ਹਿੰਦ-ਪਾਕਿਸਤਾਨ ਦੋਸਤੀ ਦੇ ਨਾਅਰੇ ਗੂੰਜਣ ਲੱਗ ਪਏ। ਦੋ-ਤਿੰਨ ਪਾਕਿਸਤਾਨੀ ਰੇਂਜਰ ਆਪਣੇ ਘੋੜੇ ਭਜਾਉਂਦੇ ਉਸ ਪਾਸੇ ਆ ਗਏ ਤੇ ਉਨ੍ਹਾਂ ਨੇ ਧੱਕੇ ਮਾਰ ਕੇ ਅਤੇ ਲਾਠੀਆਂ ਚਲਾ ਕੇ ਪਾਕਿਸਤਾਨੀ ਨਾਗਰਿਕਾਂ ਨੂੰ ਪਿੱਛੇ ਹਟਾਉਣਾ ਸ਼ੁਰੂ ਕਰ ਦਿੱਤਾ। ਸਾਨੂੰ ਵੀ ਬੀ.ਐਸ.ਐਫ. ਦੇ ਜਵਾਨਾਂ ਨੇ ਪਿੱਛੇ ਹਟਣ ਦਾ ਆਦੇਸ਼ ਦਿੱਤਾ। ਇਸੇ ਧੱਕਾ-ਮੁੱਕੀ ਵਿਚ ਮਦੀਹਾ ਗੌਹਰ ਜ਼ਮੀਨ 'ਤੇ ਡਿੱਗ ਪਈ ਅਤੇ ਉੱਪਰੋਂ ਰੇਂਜਰਾਂ ਨੇ ਫਿਰ ਵੀ ਉਨ੍ਹਾਂ ਦੇ ਲਾਠੀਆਂ ਮਾਰਨੀਆਂ ਜਾਰੀ ਰੱਖੀਆਂ। ਸਾਨੂੰ ਇਹ ਘਟਨਾ ਬੇਹੱਦ ਬੁਰੀ ਲੱਗੀ। ਫਿਰ ਅਸੀਂ ਸੋਚਿਆ ਕਿ ਸਰਕਾਰਾਂ ਤੱਕ ਪਹੁੰਚ ਕਰਕੇ ਹਿੰਦ-ਪਾਕਿ ਦੋਸਤੀ ਮੇਲੇ ਲਈ ਵੀਜ਼ੇ ਹਾਸਲ ਕੀਤੇ ਜਾਣ। 14-15 ਅਗਸਤ ਨੂੰ ਕੁਝ ਲੋਕਾਂ ਦਾ ਵਫ਼ਦ ਭਾਰਤ ਤੋਂ ਲਾਹੌਰ ਜਾਵੇ ਅਤੇ ਪਾਕਿਸਤਾਨ ਤੋਂ ਕੁਝ ਲੋਕਾਂ ਦਾ ਵਫ਼ਦ ਵੀਜ਼ੇ ਲੈ ਕੇ ਅੰਮ੍ਰਿਤਸਰ ਆਵੇ ਤੇ ਇਸ ਤਰ੍ਹਾਂ ਅਮਨ ਅਤੇ ਦੋਸਤੀ ਦਾ ਪੈਗਾਮ ਦੇਣ ਲਈ ਬਿਹਤਰ ਢੰਗ ਨਾਲ ਕੰਮ ਕੀਤਾ ਜਾ ਸਕਦਾ ਹੈ। ਹਿੰਦ-ਪਾਕਿ ਦੋਸਤੀ ਮੇਲੇ ਤੋਂ ਪਾਕਿਸਤਾਨ ਤੋਂ ਜਿਨ੍ਹਾਂ ਲੋਕਾਂ ਨੂੰ ਬੁਲਾਉਣ ਲਈ ਅਸੀਂ ਸਭ ਤੋਂ ਪਹਿਲਾਂ ਸੱਦਾ ਦਿੱਤਾ, ਉਨ੍ਹਾਂ ਵਿਚ ਸੁਭਾਵਿਕ ਤੌਰ 'ਤੇ ਅਸਮਾ ਜਹਾਂਗੀਰ ਵੀ ਸ਼ਾਮਿਲ ਸੀ। ਕਈ ਸਾਲਾਂ ਤੱਕ ਉਹ ਲਗਾਤਾਰ ਅੰਮ੍ਰਿਤਸਰ ਆ ਕੇ ਸਾਡੇ ਸੈਮੀਨਾਰਾਂ ਅਤੇ ਸਰਹੱਦ 'ਤੇ ਮੋਮਬੱਤੀਆਂ ਜਗਾਉਣ ਦੀ ਸਰਗਰਮੀ ਵਿਚ ਸ਼ਿਰਕਤ ਕਰਦੀ ਰਹੀ। ਉਹ ਸਰਬਉੱਚ ਅਦਾਲਤ ਦੀ ਬਹੁਤ ਹੀ ਰੁੱਝੀ ਹੋਈ ਵਕੀਲ ਸੀ। ਮਨੁੱਖੀ ਅਧਿਕਾਰ ਕਮਿਸ਼ਨ ਪਾਕਿਸਤਾਨ ਦੇ ਬਾਨੀਆਂ ਵਿਚੋਂ ਸੀ। ਔਰਤਾਂ ਤੇ ਘੱਟ-ਗਿਣਤੀਆਂ ਦੇ ਹੱਕਾਂ-ਹਿਤਾਂ ਲਈ ਹਮੇਸ਼ਾ ਯਤਨਸ਼ੀਲ ਰਹਿੰਦੀ ਸੀ। ਉਸ ਦੀ ਜ਼ਿੰਦਗੀ ਬੇਹੱਦ ਰੁਝੇਵਿਆਂ ਭਰੀ ਸੀ। ਪਰ ਇਸ ਦੇ ਬਾਵਜੂਦ ਜਦੋਂ ਵੀ ਸਾਡੇ ਵਲੋਂ ਉਸ ਨੂੰ ਅੰਮ੍ਰਿਤਸਰ ਆਉਣ ਲਈ ਆਖਿਆ ਜਾਂਦਾ ਸੀ ਤਾਂ ਉਸ ਦੀ ਪੂਰੀ ਕੋਸ਼ਿਸ਼ ਹੁੰਦੀ ਸੀ ਕਿ ਉਹ ਅੰਮ੍ਰਿਤਸਰ ਜ਼ਰੂਰ ਆਵੇ। ਭਾਰਤ ਤੇ ਪਾਕਿਸਤਾਨ ਦਰਮਿਆਨ ਕਿੰਨਾ ਵੀ ਤਣਾਅ ਕਿਉਂ ਨਾ ਹੋਵੇ, ਉਸ ਨੇ ਕਦੇ ਇਸ ਗੱਲ ਦੀ ਪਰਵਾਹ ਨਹੀਂ ਸੀ ਕੀਤੀ ਕਿ ਜੇ ਮੈਂ ਅੰਮ੍ਰਿਤਸਰ ਗਈ ਜਾਂ ਮੈਂ ਭਾਰਤ ਤੇ ਪਾਕਿਸਤਾਨ ਦੀ ਦੋਸਤੀ ਦੀ ਗੱਲ ਕੀਤੀ ਤਾਂ ਮੇਰੇ ਦੇਸ਼ ਦੀ ਸਰਕਾਰ ਜਾਂ ਮੇਰੇ ਦੇਸ਼ ਦੀ ਪ੍ਰੈੱਸ ਮੇਰੇ ਬਾਰੇ ਕੀ ਕਹੇਗੀ ਜਾਂ ਕੀ ਲਿਖੇਗੀ। ਇਕ ਵਾਰ ਉਸ ਦੀ ਇਸ ਸਰਗਰਮੀ 'ਤੇ ਟਿੱਪਣੀ ਕਰਦਿਆਂ 'ਨਵਾਏ ਵਕਤ' ਦੇ ਸੰਪਾਦਕ ਨੇ ਸੰਪਾਦਕੀ ਲੇਖ ਲਿਖਿਆ ਕਿ ਜੇਕਰ ਅਸਮਾ ਨੂੰ ਕੁਲਦੀਪ ਨਈਅਰ ਨਾਲ ਜ਼ਿਆਦਾ ਪਿਆਰ ਹੈ ਤਾਂ ਉਹ ਉਧਰ ਹੀ ਕਿਉਂ ਨਹੀਂ ਚਲੀ ਜਾਂਦੀ। ਪਰ ਉਸ ਉੱਪਰ ਇਸ ਤਰ੍ਹਾਂ ਦੀਆਂ ਟਿੱਪਣੀਆਂ ਦਾ ਕਦੇ ਵੀ ਅਸਰ ਨਹੀਂ ਸੀ ਹੋਇਆ। ਉਹ ਇਸ ਗੱਲ ਦੀ ਦ੍ਰਿੜ੍ਹ ਸਮਰਥਕ ਸੀ ਕਿ ਦੋਵਾਂ ਦੇਸ਼ਾਂ ਦੇ ਰਿਸ਼ਤੇ ਬਿਹਤਰ ਹੋਣੇ ਚਾਹੀਦੇ ਹਨ ਅਤੇ ਲੋਕਾਂ ਨੂੰ ਆਜ਼ਾਦੀ ਨਾਲ ਸਰਹੱਦ ਦੇ ਆਰ-ਪਾਰ ਆਉਣ-ਜਾਣ ਦੀ ਆਗਿਆ ਮਿਲਣੀ ਚਾਹੀਦੀ ਹੈ। ਉਹ ਇਸ ਗੱਲ ਦੀ ਵੀ ਲਗਾਤਾਰ ਵਕਾਲਤ ਕਰਦੀ ਸੀ ਕਿ ਕਸ਼ਮੀਰ ਸਮੇਤ ਸਾਰੇ ਦੁਵੱਲੇ ਮਸਲੇ ਗੱਲਬਾਤ ਰਾਹੀਂ ਹੀ ਸੁਲਝਾਏ ਜਾਣੇ ਚਾਹੀਦੇ ਹਨ ਤੇ ਇਸ ਮਕਸਦ ਲਈ ਜੰਗ ਕੋਈ ਵੀ ਬਦਲ ਨਹੀਂ ਹੋ ਸਕਦੀ। ਦੋਵੇਂ ਦੇਸ਼ਾਂ ਵਿਚ ਵਧ ਰਹੀ ਧਾਰਮਿਕ ਕੱਟੜਤਾ ਤੋਂ ਵੀ ਉਹ ਬੇਹੱਦ ਚਿੰਤਤ ਰਹਿੰਦੀ ਸੀ।
ਆਮ ਵਿਅਕਤੀ ਲਈ ਮੁਹੱਬਤ ਅਤੇ ਦਰਦ ਉਸ ਦੇ ਮਨ ਵਿਚ ਗਹਿਰਾ ਵਸਿਆ ਹੋਇਆ ਸੀ। ਇਕ ਵਾਰ ਅਟਾਰੀ ਦਾਣਾ ਮੰਡੀ ਵਿਚ ਹਿੰਦ-ਪਾਕਿ ਦੋਸਤੀ ਮੰਚ ਅਤੇ ਫੋਕਲੋਰ ਰਿਸਰਚ ਅਕਾਦਮੀ ਅਤੇ ਸਾਫ਼ਮਾ ਵਲੋਂ ਸੱਭਿਆਚਾਰਕ ਪ੍ਰੋਗਰਾਮ ਰੱਖਿਆ ਹੋਇਆ ਸੀ। ਅਸਮਾ ਜਹਾਂਗੀਰ, ਪਾਕਿਸਤਾਨ ਪੀਪਲਜ਼ ਪਾਰਟੀ ਦੇ ਉੱਘੇ ਆਗੂ ਇਤਜਾਜ ਅਹਿਸਨ, ਰਾਜਿੰਦਰ ਸੱਚਰ, ਵਿਨੋਦ ਮਹਿਤਾ, ਕੁਲਦੀਪ ਨਈਅਰ, ਫ਼ਿਲਮ ਐਕਟ੍ਰੈਸ ਨੰਦਿਤਾ ਦਾਸ ਅਤੇ ਭਾਰਤ ਅਤੇ ਪਾਕਿਸਤਾਨ ਦੀਆਂ ਕੁਝ ਹੋਰ ਉੱਘੀਆਂ ਸ਼ਖ਼ਸੀਅਤਾਂ ਨਾਲ ਸਟੇਜ 'ਤੇ ਬੈਠੀ ਸੀ। ਰਾਤ ਦਾ ਸਮਾਂ ਸੀ। ਕੁਝ ਸ਼ਰਾਰਤੀ ਅਨਸਰਾਂ ਨੇ ਸਟੇਜ ਵੱਲ ਪਾਣੀ ਦੀਆਂ ਖਾਲੀ ਬੋਤਲਾਂ ਸੁੱਟਣੀਆਂ ਸ਼ੁਰੂ ਕਰ ਦਿੱਤੀਆਂ ਤੇ ਇਸ 'ਤੇ ਪੁਲਿਸ ਦੇ ਕੁਝ ਸਿਪਾਹੀਆਂ ਨੇ ਉਨ੍ਹਾਂ ਲੋਕਾਂ 'ਤੇ ਲਾਠੀਆਂ ਚਲਾਉਣੀਆਂ ਆਰੰਭ ਦਿੱਤੀਆਂ। ਮੈਂ ਸੱਭਿਆਚਾਰਕ ਸਮਾਗਮ ਦੀ ਸਟੇਜ ਦਾ ਸੰਚਾਲਨ ਕਰ ਰਿਹਾ ਸਾਂ। ਅਸਮਾ ਜਹਾਂਗੀਰ ਨੇ ਇਸ਼ਾਰੇ ਨਾਲ ਤੁਰੰਤ ਮੈਨੂੰ ਆਪਣੇ ਕੋਲ ਬੁਲਾਇਆ ਅਤੇ ਕਿਹਾ ਕਿ ਮੈਂ ਸਿਪਾਹੀਆਂ ਨੂੰ ਆਖਾਂ ਕਿ ਉਹ ਲੋਕਾਂ 'ਤੇ ਲਾਠੀਆਂ ਨਾ ਚਲਾਉਣ, ਸਗੋਂ ਉਨ੍ਹਾਂ ਨੂੰ ਉਂਜ ਹੀ ਪ੍ਰੇਰ ਕੇ ਸ਼ਾਂਤ ਕਰਨ ਜਾਂ ਪਿੱਛੇ ਹਟਾਉਣ। ਅਸਮਾ ਜਹਾਂਗੀਰ ਦੇ ਆਖਣ 'ਤੇ ਮੈਂ ਤੁਰੰਤ ਪੁਲਿਸ ਨੂੰ ਅਜਿਹਾ ਹੀ ਕਰਨ ਦੀ ਅਪੀਲ ਕੀਤੀ। ਇਸ ਨਿੱਕੀ ਜਿਹੀ ਘਟਨਾ ਤੋਂ ਇਸ ਗੱਲ ਦਾ ਪ੍ਰਗਟਾਵਾ ਹੁੰਦਾ ਹੈ ਕਿ ਆਮ ਲੋਕਾਂ ਬਾਰੇ ਅਸਮਾ ਜਹਾਂਗੀਰ ਦੀ ਸੰਵੇਦਨਸ਼ੀਲਤਾ ਕਿਸ ਪ੍ਰਕਾਰ ਦੀ ਸੀ।
ਹਿੰਦ-ਪਾਕਿ ਦੋਸਤੀ ਮੰਚ, ਫੋਕਲੋਰ ਰਿਸਰਚ ਅਕਾਦਮੀ ਤੇ ਸਾਫ਼ਮਾ ਦੇ ਸੈਮੀਨਾਰਾਂ ਵਿਚ ਉਹ ਹਮੇਸ਼ਾ ਖੁੱਲ੍ਹ ਕੇ ਬੋਲਦੀ ਸੀ। ਦੋਵਾਂ ਦੇਸ਼ਾਂ ਦੀ ਰਾਜਨੀਤੀ ਤੋਂ ਲੈ ਕੇ ਪਾਕਿਸਤਾਨ ਵਿਚ ਵਧ ਰਹੇ ਅੱਤਵਾਦ ਅਤੇ ਫ਼ੌਜੀ ਹੁਕਮਰਾਨਾਂ ਦੀਆਂ ਜ਼ਿਆਦਤੀਆਂ ਤੱਕ ਕਿਸੇ ਵੀ ਵਿਸ਼ੇ 'ਤੇ ਬੋਲਣ ਤੋਂ ਉਸ ਨੂੰ ਗੁਰੇਜ਼ ਨਹੀਂ ਸੀ। ਜੇ ਉਸ ਨੂੰ ਭਾਰਤ ਵਿਚ ਵਾਪਰਦਾ ਕੋਈ ਘਟਨਾਕ੍ਰਮ ਨਾ ਪਸੰਦ ਹੋਵੇ ਤਾਂ ਉਸ ਬਾਰੇ ਵੀ ਸਾਡੇ ਸਾਹਮਣੇ ਹੀ ਉਹ ਬੜੀ ਦਲੇਰੀ ਨਾਲ ਆਪਣੀ ਗੱਲ ਰੱਖਦੀ ਸੀ ਅਤੇ ਇਸ ਗੱਲ ਲਈ ਵੀ ਹਮੇਸ਼ਾ ਉਤਸ਼ਾਹਿਤ ਕਰਦੀ ਰਹਿੰਦੀ ਸੀ ਕਿ ਅਸੀਂ ਦੋਵਾਂ ਦੇਸ਼ਾਂ ਦਰਮਿਆਨ ਅਮਨ ਅਤੇ ਦੋਸਤੀ ਲਈ ਯਤਨ ਜਾਰੀ ਰੱਖੀਏ।
ਪਿਛਲੇ ਸਾਲ ਫਰਵਰੀ ਵਿਚ ਉਸ ਨਾਲ ਫੋਨ 'ਤੇ ਗੱਲ ਹੋਈ ਸੀ ਤੇ ਉਸ ਨੂੰ ਮੈਂ ਆਪਣੀ ਲੜਕੀ ਦੇ ਵਿਆਹ ਵਿਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ ਤਾਂ ਉਸ ਨੇ ਆਖਿਆ ਸੀ ਕਿ ਮੈਂ ਤਾਂ ਹੁਣੇ-ਹੁਣੇ ਭਾਰਤ ਤੋਂ ਆਪਣੀ ਲੜਕੀ ਦੇ ਵਿਆਹ ਲਈ ਦਾਜ-ਦਹੇਜ ਦਾ ਸਾਮਾਨ ਖਰੀਦ ਕੇ ਵਾਪਸ ਪਰਤੀ ਹਾਂ। ਏਨੀ ਛੇਤੀ ਮੇਰਾ ਦੁਬਾਰਾ ਆਉਣਾ ਸੰਭਵ ਨਹੀਂ ਹੋਵੇਗਾ ਤੇ ਫਿਰ ਉਸ ਨੇ ਆਖਿਆ ਕਿ ਜੇਕਰ ਮੈਨੂੰ ਬੁਲਾਉਣਾ ਸੀ ਤਾਂ ਭਾਈ ਜਾਨ ਤੁਸੀਂ ਆਪਣੀ ਲੜਕੀ ਦਾ ਵਿਆਹ ਮੈਨੂੰ ਪੁੱਛ ਕੇ ਰੱਖਦੇ ... ਤੇ ਫਿਰ ਉਹ ਉੱਚੀ-ਉੱਚੀ ਹੱਸਣ ਲੱਗ ਪਈ। ਉਸ ਦਾ ਉਹ ਹਾਸਾ ਅੱਜ ਵੀ ਮੇਰੇ ਕੰਨਾਂ ਵਿਚ ਗੂੰਜਦਾ ਹੈ। ਜਦੋਂ ਕੁਝ ਮਹੀਨੇ ਪਹਿਲਾਂ ਨਵਾਜ਼ ਸ਼ਰੀਫ਼ ਨੂੰ ਪਾਕਿਸਤਾਨ ਦੀ ਸਰਬਉੱਚ ਅਦਾਲਤ ਵਲੋਂ ਬਰਖ਼ਾਸਤ ਕਰ ਦਿੱਤਾ ਗਿਆ ਤਾਂ ਉਹ ਬੇਹੱਦ ਗੁੱਸੇ ਵਿਚ ਸੀ। ਉਸ ਦੀ ਦਲੀਲ ਸੀ ਕਿ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਕੋਈ ਫ਼ੌਜੀ ਜਰਨੈਲ ਬਰਖ਼ਾਸਤ ਨਹੀਂ ਹੁੰਦਾ, ਕੋਈ ਜੱਜ ਬਰਖ਼ਾਸਤ ਨਹੀਂ ਹੁੰਦਾ, ਸਿਰਫ ਪ੍ਰਧਾਨ ਮੰਤਰੀ ਹੀ ਕਿਉਂ ਬਰਖ਼ਾਸਤ ਕੀਤੇ ਜਾਂਦੇ ਹਨ? ਉਸ ਨੂੰ ਜਾਪਦਾ ਸੀ ਕਿ ਸਿਆਸਤਦਾਨਾਂ ਨੂੰ ਸਥਾਪਤੀ ਵਲੋਂ ਜਮਹੂਰੀਅਤ ਨੂੰ ਕਮਜ਼ੋਰ ਰੱਖਣ ਲਈ ਹੀ ਵਾਰ-ਵਾਰ ਨਿਸ਼ਾਨਾ ਬਣਾਇਆ ਜਾਂਦਾ ਹੈ। ਇਨ੍ਹਾਂ ਦਿਨਾਂ ਵਿਚ ਹੀ ਮੈਂ ਕਿਸੇ ਸਮਾਗਮ ਲਈ ਉਸ ਨੂੰ ਆਉਣ ਲਈ ਆਖਿਆ ਸੀ ਤਾਂ ਉਸ ਨੇ ਕਿਹਾ, ਭਾਈ ਜਾਨ ਇਨ੍ਹਾਂ ਦਿਨਾਂ ਵਿਚ ਮੈਂ ਨਹੀਂ ਆ ਸਕਦੀ। ਸਾਡੇ ਦੇਸ਼ ਦੇ ਹਾਲਾਤ ਬੜੇ ਖ਼ਰਾਬ ਹਨ ਤੇ ਮੇਰੇ ਲਈ ਇਥੇ ਰਹਿਣਾ ਜ਼ਰੂਰੀ ਹੈ। ਕੁਝ ਹੀ ਦਿਨਾਂ ਬਾਅਦ ਮੈਂ ਦੇਖਿਆ ਕਿ ਉਸ ਨੇ ਇਸਲਾਮਾਬਾਦ ਵਿਚ ਠੋਕ ਕੇ ਇਕ ਪ੍ਰੈੱਸ ਕਾਨਫ਼ਰੰਸ ਕੀਤੀ ਅਤੇ ਜਮਹੂਰੀਅਤ ਨੂੰ ਕਮਜ਼ੋਰ ਕਰਨ ਲਈ ਫ਼ੌਜੀ ਸਥਾਪਤੀ ਨੂੰ ਰੱਜ ਕੇ ਭੰਡਿਆ।
ਉਸ ਦੀ ਸਰਗਰਮੀ ਅਤੇ ਉਸ ਦੀ ਸ਼ਖ਼ਸੀਅਤ ਨੂੰ ਦੇਖ ਕੇ ਹਮੇਸ਼ਾ ਇਹ ਹੈਰਾਨੀ ਹੁੰਦੀ ਸੀ ਕਿ ਇਕ ਦਰਮਿਆਨੇ ਜਿਹੇ ਕੱਦ ਵਾਲੀ ਔਰਤ ਵਿਚ ਏਨਾ ਹੌਸਲਾ, ਏਨੀ ਦ੍ਰਿੜ੍ਹਤਾ ਤੇ ਏਨੀ ਊਰਜਾ ਕਿੱਥੋਂ ਆਉਂਦੀ ਹੈ? ਹਰ ਮਸਲੇ 'ਤੇ ਉਹ ਬਹੁਤ ਹੀ ਸਪੱਸ਼ਟਤਾ ਅਤੇ ਦਲੇਰੀ ਨਾਲ ਗੱਲ ਕਰਦੀ ਸੀ ਅਤੇ ਘੱਟ ਹੀ ਇਹ ਸੋਚਦੀ ਸੀ ਕਿ ਮੇਰੀ ਇਸ ਗੱਲ ਦਾ ਕੀ ਅਸਰ ਹੋਵੇਗਾ ਤੇ ਮੈਨੂੰ ਅਤੇ ਮੇਰੇ ਪਰਿਵਾਰ ਨੂੰ ਇਸ ਦੀ ਕੀ ਕੀਮਤ ਚੁਕਾਉਣੀ ਪਵੇਗੀ? ਮੈਨੂੰ ਕਈ ਵਾਰ ਉਹ ਮਨੁੱਖੀ ਹੱਕਾਂ ਦੇ ਸੰਘਰਸ਼ ਅਤੇ ਅਮਨ ਦੀਆਂ ਕੋਸ਼ਿਸ਼ਾਂ ਵਿਚ ਇਕ ਬਲਦੀ ਮਸ਼ਾਲ ਦੀ ਤਰ੍ਹਾਂ ਹੀ ਜਾਪਦੀ ਸੀ।
ਬਿਨਾਂ ਸ਼ੱਕ 66 ਸਾਲ ਦੀ ਉਮਰ ਵਿਚ ਉਸ ਦਾ ਵਿਛੋੜਾ ਅਸਾਧਾਰਨ ਮਹਿਸੂਸ ਹੁੰਦਾ ਹੈ ਅਤੇ ਇਸ ਤਰ੍ਹਾਂ ਲਗਦਾ ਹੈ ਕਿ ਅਸੀਂ ਹਿੰਦ-ਪਾਕਿ ਦੋਸਤੀ ਦੀ ਲਹਿਰ ਦਾ ਇਕ ਅਹਿਮ ਆਗੂ ਗੁਆ ਲਿਆ ਹੈ। ਉਸ ਦੀ ਘਾਟ ਸਾਨੂੰ ਲੰਮੇ ਸਮੇਂ ਤੱਕ ਮਹਿਸੂਸ ਹੁੰਦੀ ਰਹੇਗੀ। ਪਰ ਉਸ ਦੇ ਵਿਛੋੜੇ ਤੋਂ ਬਾਅਦ ਜਿਸ ਤਰ੍ਹਾਂ ਪਾਕਿਸਤਾਨ ਅਤੇ ਭਾਰਤ ਵਿਚ ਵੱਡੀ ਗਿਣਤੀ ਵਿਚ ਲੋਕਾਂ ਨੇ ਉਸ ਨੂੰ ਭਾਵਭਿੰਨੀਆਂ ਸ਼ਰਧਾਂਜਲੀਆਂ ਦਿੱਤੀਆਂ ਹਨ ਅਤੇ ਜਿੰਨੀ ਵੱਡੀ ਗਿਣਤੀ ਵਿਚ ਲਾਹੌਰ ਵਿਚ ਉਸ ਦੇ ਜਨਾਜ਼ੇ ਵਿਚ ਲੋਕ ਸ਼ਾਮਿਲ ਹੋਏ ਹਨ, ਉਸ ਤੋਂ ਸਾਨੂੰ ਇਹ ਪ੍ਰੇਰਨਾ ਵੀ ਮਿਲੀ ਹੈ ਕਿ ਤੁਹਾਡਾ ਕਾਰਜ ਭਾਵੇਂ ਕਿੰਨਾ ਵੀ ਔਖਾ ਕਿਉਂ ਨਾ ਹੋਵੇ, ਸਥਿਤੀਆਂ ਭਾਵੇਂ ਕਿਹੋ ਜਿਹੀਆਂ ਵੀ ਕਿਉਂ ਨਾ ਹੋਣ, ਜੇਕਰ ਤੁਸੀਂ ਮਾਨਵਤਾ ਦੇ ਭਲੇ ਲਈ ਕੋਈ ਨਿਸ਼ਾਨਾ ਉਲੀਕਦੇ ਹੋ, ਉਸ ਲਈ ਕੰਮ ਕਰਦੇ ਹੋ ਤਾਂ ਉਹ ਕੰਮ ਤੁਹਾਨੂੰ ਪੂਰੀ ਸਮਰੱਥਾ ਅਤੇ ਪੂਰੀ ਊਰਜਾ ਨਾਲ ਕਰਨਾ ਚਾਹੀਦਾ ਹੈ। ਸਾਡੇ ਲਈ ਅਸਮਾ ਜਹਾਂਗੀਰ ਦਾ ਇਹ ਵੱਡਾ ਸੁਨੇਹਾ ਹੈ। ਇਸ ਸੁਨੇਹੇ ਨੂੰ ਲੈ ਕੇ ਸਾਨੂੰ ਦੱਖਣੀ ਏਸ਼ੀਆ ਵਿਚ ਅਤੇ ਖ਼ਾਸ ਕਰਕੇ ਭਾਰਤ ਅਤੇ ਪਾਕਿਸਤਾਨ ਦਰਮਿਆਨ ਅਮਨ ਤੇ ਦੋਸਤੀ ਦਾ ਪੈਗ਼ਾਮ ਦੇਣ ਲਈ ਮੋਮਬੱਤੀਆਂ ਬਾਲਣ ਦਾ ਅਮਲ ਜਾਰੀ ਰੱਖਣਾ ਹੋਵੇਗਾ। ਇਹ ਹੀ ਸਾਡੀ ਉਸ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।
-0-

ਪਹਿਲੀ ਵਾਰ ਭਾਰਤ ਵਿਚ ਹੋ ਰਹੀ ਹੈ ਥੀਏਟਰ ਉਲੰਪਿਕਸ-2018

ਯੂਨਾਨ ਦੇ ਨਾਟ (ਥੀਏਟਰ) ਨਿਰਦੇਸ਼ਕ ਥਿਓਡੋਰੋਸ ਤਜ਼ਰੋਪੌਲੋਸ ਨੇ 'ਥੀਏਟਰ ਉਲੰਪਿਕਸ' ਦਾ ਵਿਚਾਰ ਵਿਕਸਤ ਕੀਤਾ ਸੀ, ਜਿਸ ਦਾ ਪਹਿਲੀ ਵਾਰ ਡੈਲਫੀ, ਯੂਨਾਨ ਵਿਚ ਮੰਚਨ ਕੀਤਾ ਗਿਆ ਸੀ। ਵਿਚਾਰ ਇਹ ਸੀ ਕਿ ਦੁਨੀਆ ਭਰ ਦੇ ਚੰਗੇ ਨਾਟਕਾਂ ਨੂੰ ਇਕੋ ਮੰਚ 'ਤੇ ਲਿਆਂਦਾ ਜਾਵੇ ਅਤੇ ਇਕ ਇਸ ਤਰ੍ਹਾਂ ਦਾ ਮੰਚ ਤਿਆਰ ਕੀਤਾ ਜਾਵੇ ਜਿਥੇ ਵਿਚਾਰਾਂ, ਸੱਭਿਆਚਾਰਾਂ, ਨਾਟ ਰੂਪਾਂ ਅਤੇ ਤਰੀਕਿਆਂ ਦਾ ਆਪਸ ਵਿਚ ਵਟਾਂਦਰਾ ਹੋ ਸਕੇ। ਨਾਲ ਹੀ ਇਹ ਇਕ ਤਰ੍ਹਾਂ ਨਾਲ ਵੱਖ-ਵੱਖ ਯੁਗਾਂ (ਸਮਿਆਂ) ਵਿਚਾਲੇ ਆਪਸੀ ਵਟਾਂਦਰਾ ਵੀ ਹੋਵੇ ਤਾਂ ਕਿ ਨਾਟਕਾਂ ਦੇ ਭੂਤ, ਵਰਤਮਾਨ ਤੇ ਭਵਿੱਖ ਵਿਚਾਲੇ ਲਗਾਤਾਰਤਾ ਨੂੰ ਲੱਭਿਆ ਜਾ ਸਕੇ।
ਇਸੇ ਤੋਂ ਪ੍ਰੇਰਿਤ ਹੋ ਕੇ 'ਥੀਏਟਰ ਉਲੰਪਿਕਸ' 1995 ਤੋਂ ਕੁਝ-ਕੁਝ ਸਾਲਾਂ ਦੇ ਫਰਕ ਨਾਲ ਦੁਨੀਆ ਭਰ ਵਿਚ ਹੁੰਦਾ ਆ ਰਿਹਾ ਹੈ। ਇਸ ਵਾਰ 'ਥੀਏਟਰ ਉਲੰਪਿਕਸ-2018' ਭਾਰਤ ਵਿਚ 17 ਫਰਵਰੀ ਤੋਂ ਸ਼ੁਰੂ ਹੋ ਗਿਆ ਹੈ। ਇਹ ਪਹਿਲਾ ਮੌਕਾ ਹੈ ਜਦੋਂ ਇਹ ਨਾਟਕ ਮੇਲਾ ਭਾਰਤ ਵਿਚ ਹੋ ਰਿਹਾ ਹੈ। 51 ਦਿਨ ਤੱਕ ਚੱਲਣ ਵਾਲੇ ਇਸ ਪ੍ਰੋਗਰਾਮ ਵਿਚ 35 ਦੇਸ਼ਾਂ ਦੇ 465 ਨਾਟਕਾਂ ਵਾਲੇ ਹਿੱਸਾ ਲੈਣਗੇ ਜੋ ਦੇਸ਼ ਦੇ 17 ਸ਼ਹਿਰਾਂ ਵਿਚ ਪੇਸ਼ਕਾਰੀ ਕਰਨਗੇ। ਇਸ ਦਾ ਬਜਟ 51.82 ਕਰੋੜ ਰੁਪਏ ਹੈ, ਜੋ ਸੁਣਨ ਵਿਚ ਤਾਂ ਬਹੁਤ ਲਗਦਾ ਹੈ, ਪਰ ਅਸਲ ਵਿਚ ਇਹ ਬੱਸ ਕੰਮ ਚਲਾਊ ਹੀ ਹੈ ਕਿਉਂਕਿ ਹਰ ਨਾਟਕ ਵਾਲੇ ਨੂੰ ਆਵਾਜਾਈ, ਰਹਿਣ ਤੇ ਮੰਚਨ ਖਰਚ ਤੋਂ ਇਲਾਵਾ ਹਰ ਸ਼ੋਅ ਦੇ 1.5 ਲੱਖ ਰੁਪਏ ਦਿੱਤੇ ਜਾਣਗੇ। ਫਿਰ ਤਕਨੀਕੀ ਮਦਦ ਵਾਲੇ ਸੈੱਟ, ਰੌਸ਼ਨੀ, ਆਵਾਜ਼, ਫੋਟੋਗ੍ਰਾਫ਼ੀ ਆਦਿ ਦਾ ਵੀ ਖਰਚ ਹੁੰਦਾ ਹੈ। ਇਸ ਲਈ ਨੈਸ਼ਨਲ ਸਕੂਲ ਆਫ਼ ਡਰਾਮਾ (ਐਨ. ਐਸ. ਡੀ.) ਦੇ ਨਿਰਦੇਸ਼ਕ ਵਾਮਨ ਕੇਂਦਰੇ ਬਜਟ ਨੂੰ ਬਸ ਕਾਫੀ ਦੱਸਦੇ ਹਨ।
ਇਹ ਇਕ ਵੱਡਾ ਸਮਾਗਮ ਹੈ, ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਮੁੱਖ ਨਾਟਕਾਂ ਤੋਂ ਇਲਾਵਾ, ਹਰ ਮੰਚਨ (ਸ਼ੋਅ) ਤੋਂ ਪਹਿਲਾਂ ਅਨੇਕਾਂ ਪੇਸ਼ਕਾਰੀਆਂ ਹੋਣਗੀਆਂ ਜਿਵੇਂ ਆਦਿਵਾਸੀ, ਲੋਕ, ਸਟ੍ਰੀਟ, ਕਠਪੁਤਲੀ, ਜਾਦੂ ਸ਼ੋਅ ਆਦਿ। ਐਨ. ਐਸ. ਡੀ. ਵਿਦਿਆਰਥੀਆਂ ਵਲੋਂ ਲਗਪਗ 500 ਨੌਜਵਾਨ ਵਲੋਂ ਪੇਸ਼ਕਾਰੀਆਂ ਵੀ ਹੋਣਗੀਆਂ ਜੋ ਹਰ ਦਿਨ ਅੱਧੇ ਘੰਟੇ ਦੀਆਂ ਹੋਣਗੀਆਂ। ਇਸ ਲਈ ਜੇਕਰ ਸਭ ਕੁਝ ਠੀਕ ਰਿਹਾ ਤਾਂ 'ਥੀਏਟਰ ਉਲੰਪਿਕਸ' ਵਿਚ ਤਕਰੀਬਨ 35,000 ਕਲਾਕਾਰ ਆਪਣਾ ਹੁਨਰ ਦਿਖਾਉਣਗੇ। ਕੇਂਦਰੇ ਅਨੁਸਾਰ ਰੰਗਮੰਚ ਨਾਲ ਜੁੜੀਆਂ ਕੁਝ ਹੋਰ ਸਰਗਰਮੀਆਂ ਵੀ ਕਰਵਾਈਆਂ ਜਾਣਗੀਆਂ ਜਿਵੇਂ ਵਿਚਾਰ ਗੋਸ਼ਟੀਆਂ, ਜਿਊਂਦੀਆਂ ਹਸਤੀਆਂ ਨਾਲ ਮਿਲਾਪ ਦੀ ਲੜੀ, ਮਾਹਿਰ ਸ਼੍ਰੇਣੀਆਂ, ਨਿਰਦੇਸ਼ਕ ਮਿਲਣੀਆਂ ਤੇ ਕਾਰਜਸ਼ਾਲਾ। ਕੇਂਦਰੇ ਦਾ ਕਹਿਣਾ ਹੈ, 'ਪਰੰਪਰਾਗਤ, ਸ਼ਾਸਤਰੀ (ਕਲਾਸੀਕਲ), ਲੋਕ ਸੰਗੀਤ, ਨਾਚ, ਆਧੁਨਿਕ, ਉਤਰ ਆਧੁਨਿਕ (ਪੋਸਟ-ਮਾਡਰਨ), ਜਿਹੜੇ ਵੀ ਨਾਟਕਾਂ ਦੀ ਸ਼੍ਰੇਣੀ ਅਸੀਂ ਸ਼ਾਮਿਲ ਕਰ ਸਕਦੇ ਸੀ, ਉਸ ਨੂੰ ਅਸੀਂ ਲਿਆ ਹੈ।' ਸਵਾਲ ਇਹ ਹੈ ਕਿ ਇਹ 'ਥੀਏਟਰ ਉਲੰਪਿਕ' ਦਾ ਭਾਰਤ ਲਈ ਕੀ ਮਹੱਤਵ ਹੈ? ਭਾਰਤ ਵਿਚ ਨਾਟਕਾਂ ਦਾ ਇਤਿਹਾਸ 200 ਈਸਾ ਪੂਰਵ ਤੋਂ ਸ਼ੁਰੂ ਹੁੰਦਾ ਹੈ। 11ਵੀਂ ਈਸਵੀ ਤੱਕ ਕਾਲੀਦਾਸ, ਭਵਭੂਤੀ, ਸੁਦਰਕਾ ਤੇ ਭਾਸਾ ਨੇ ਆਪਣੇ ਅਮਰ ਨਾਟਕਾਂ ਨਾਲ ਇਸ ਦੀ ਮਜਬੂਤ ਨੀਂਹ ਰੱਖ ਦਿੱਤੀ ਸੀ। ਨਾਲ ਹੀ ਭਾਰਤ ਦੀ ਜਰਖੇਜ਼ ਭੂਮੀ ਨੇ ਆਦਿਵਾਸੀ, ਲੋਕ ਆਦਿ ਨਾਟਕਾਂ ਨੂੰ ਵੀ ਵਿਕਸਤ ਹੋਣ ਦਾ ਭਰਪੂਰ ਮੌਕਾ ਦਿੱਤਾ ਜੋ ਕਾਫੀ ਹੱਦ ਤੱਕ ਅੱਜ ਤਕ ਵੀ ਚੱਲਿਆ ਆ ਰਿਹਾ ਹੈ।
19ਵੀਂ ਸ਼ਤਾਬਦੀ ਦੇ ਮੱਧ ਵਿਚ ਬਰਤਾਨਵੀ ਸੱਤਾ ਦਾ ਵਿਰੋਧ ਕਰਨ ਵਾਲੇ ਨਾਟਕਾਂ ਨੇ ਬਹੁਤ ਜ਼ੋਰ ਫੜਿਆ ਸੀ ਜਿਸ ਦੇ ਪ੍ਰਤੀਕਰਮ ਵਜੋਂ 1876 ਦਾ ਨਾਟਕਾਂ ਨੂੰ ਰੋਕਣ ਵਾਲਾ ਕਾਲਾ ਕਾਨੂੰਨ ਲਿਆਂਦਾ ਗਿਆ। ਬਾਅਦ ਵਿਚ ਆਜ਼ਾਦੀ ਤੋਂ ਪਹਿਲਾਂ ਖੱਬੇ ਪੱਖੀ ਅੰਦੋਲਨ ਨੇ 'ਇੰਡੀਅਨ ਪੀਪਲਜ਼ ਥੀਏਟਰ ਐਸੋਸੀਏਸ਼ਨ' (ਇਪਟਾ) ਜ਼ਰੀਏ ਜ਼ਬਰਦਸਤ ਊਰਜਾ ਵਿਕਸਤ ਕੀਤੀ ਅਤੇ ਇਸ ਨਾਲ ਵੱਡੀ ਗਿਣਤੀ ਵਿਚ ਹੋਣਹਾਰ ਕਲਾਕਾਰ ਚਿਹਰੇ ਸਾਹਮਣੇ ਆਏਂਜਿਵੇਂ ਬਲਰਾਜ ਸਾਹਨੀ, ਸ਼ੌਕਤ ਕੈਫ਼ੀ ਆਦਿ। 20ਵੀਂ ਸਦੀ ਦੇ ਅੱਧ ਤੱਕ ਇਬ੍ਰਾਹੀਮ ਅਲਕਾਜ਼ੀ, ਮੋਹਨ ਰਾਕੇਸ਼, ਬਾਦਲ ਸਰਕਾਰ, ਗਿਰੀਸ਼ ਕਰਨਾਡ, ਬੀ. ਵੀ. ਕਾਰੰਥ, ਕਵਲਮ ਪਨਿੱਕਰ, ਸੱਤਿਆਦੇਵ ਦੂਬੇ, ਵਿਜੇ ਤੇਂਦੁਲਕਰ, ਹਬੀਬ ਤਨਵੀਰ, ਸਫ਼ਦਰ ਹਾਸ਼ਮੀ, ਸ਼ੰਕਰ ਨਾਗ ਅਤੇ ਹੋਰ ਅਨੇਕਾਂ ਸ਼ਖ਼ਸੀਅਤਾਂ ਨੇ ਰੰਗਮੰਚ ਨੂੰ ਮਜ਼ਬੂਤ ਕਰਨ ਵਿਚ ਹਿੱਸਾ ਪਾਇਆ।
ਇਸ ਪਿੱਠਭੂਮੀ ਵਿਚ ਦੇਖੀਏ ਤਾਂ ਜੋ 'ਥੀਏਟਰ ਉਲੰਪਿਕ' ਕਰਵਾਇਆ ਜਾ ਰਿਹਾ ਹੈ, ਉਹ ਸਿਰਫ ਇਹ ਨਹੀਂ ਹੈ ਕਿ ਕੌਮਾਂਤਰੀ ਨਾਟਕਾਂ ਨੂੰ ਭਾਰਤ ਲਿਆਂਦਾ ਜਾ ਰਿਹਾ ਹੈ, ਬਲਕਿ ਇਹ ਭਾਰਤੀ ਨਾਟਕਾਂ ਨੂੰ ਭਾਰਤੀਆਂ ਤੱਕ ਪਹੁੰਚਾਉਣ ਦੀ ਵੀ ਕੋਸ਼ਿਸ਼ ਹੈ। ਕੇਂਦਰੇ ਕਹਿੰਦੇ ਹਨ, 'ਅਸੀਂ ਇਹ ਢੋਲ ਵਜਾਉਂਦੇ ਰਹਿੰਦੇ ਹਾਂ ਕਿ ਸਾਡੇ ਕੋਲ ਸਾਲ 2000 ਪੁਰਾਣਾ ਨਾਟਕ ਇਤਿਹਾਸ ਹੈ, ਪਰ ਗੱਲ ਤਾਂ ਤਦੇ ਬਣੇਗੀ ਜਦੋਂ ਅਸੀਂ ਇਸ ਨੂੰ ਦਿਖਾਵਾਂਗੇ, ਉਤਸ਼ਾਹਤ ਕਰਾਂਗੇ। ਭਾਰਤੀ ਨਾਟਕ ਨੂੰ ਹੋਂਦ ਵਿਚ ਲਿਆਉਣ ਲਈ ਇਕ 'ਧੱਕੇ' ਦੀ ਜ਼ਰੂਰਤ ਹੈ ਅਤੇ ਮੈਂ ਸਮਝਦਾ ਹਾਂ ਕਿ ਇਸ 'ਥੀਏਟਰ ਉਲੰਪਿਕਸ' ਨਾਲ ਇਸ ਤਰ੍ਹਾਂ ਹੋ ਜਾਵੇਗਾ।'
ਭਾਰਤੀ ਨਾਟਕਾਂ ਦੀ ਵੱਡੀ ਹਸਤੀ ਅਰੁੰਧਤੀ ਨਾਗ, ਜਿਨ੍ਹਾਂ ਨੂੰ 'ਥੀਏਟਰ ਉਲੰਪਿਕਸ' ਲਈ ਸੱਦਾ ਵੀ ਦਿੱਤਾ ਗਿਆ ਹੈ, ਨੂੰ ਵੀ ਤਰੀਕਾਂ ਆਦਿ ਦਾ ਪਤਾ ਨਹੀਂ ਹੈ। ਉਤੋਂ ਇਹ ਦੇਸ਼ ਦੇ ਕਿਹੜੇ-ਕਿਹੜੇ 17 ਸ਼ਹਿਰਾਂ ਵਿਚ ਕਿਹੜਾ-ਕਿਹੜਾ ਨਾਟਕ ਹੋ ਰਿਹਾ ਹੈ, ਬਾਰੇ ਵੀ ਤਿੰਨ ਦਿਨ ਤਕ ਪਤਾ ਨਹੀਂ ਸੀ। ਜਦੋਂ ਜਾਣਕਾਰੀ ਦਾ ਏਨਾ ਸੰਕਟ ਹੈ ਤਾਂ ਫਿਰ ਦਰਸ਼ਕ ਨਾਟਕ ਦੇਖਣ ਕਿਵੇਂ ਆਉਣਗੇ, ਜਿਨ੍ਹਾਂ ਦੀ ਮੌਜੂਦਗੀ ਤੇ ਪ੍ਰਸੰਸਾ ਹੀ ਸਫਲਤਾ ਦਾ ਆਧਾਰ ਹੁੰਦੀ ਹੈ। ਪਰ ਕੇਂਦਰੇ ਨੂੰ ਵਿਸ਼ਵਾਸ ਹੈ ਕਿ ਸਭ ਕੁਝ ਠੀਕ ਹੋ ਜਾਵੇਗਾ, ਸ਼ਾਇਦ ਜੁਗਾੜ ਲਗ ਜਾਏਗਾ। ਮਾਹਿਰਾਂ ਦਾ ਕਹਿਣਾ ਹੈ ਕਿ ਏਨਾ ਵੱਡਾ ਬੰਦੋਬਸਤ ਐਨ. ਐਸ. ਡੀ. ਨੂੰ ਨਹੀਂ ਦਿੱਤਾ ਜਾਣਾ ਚਾਹੀਦਾ ਸੀ, ਜਿਸ ਦਾ ਕੰਮ ਸਿਰਫ ਸਿੱਖਿਆ ਪ੍ਰਦਾਨ ਕਰਨਾ ਹੀ ਹੈ। ਪਰ ਐਨ. ਐਸ. ਡੀ. ਦੇ ਪੱਖ ਵਿਚ ਇਹ ਗੱਲ ਜ਼ਰੂਰ ਜਾ ਸਕਦੀ ਹੈ ਕਿ ਉਹ ਹਰ ਸਾਲ 'ਭਾਰਤ ਰੰਗ ਉਤਸਵ' ਦਾ ਚੰਗਾ ਬੰਦੋਬਸਤ ਕਰਦਾ ਹੈ। ਫਿਰ ਜ਼ਿੰਮੇਵਾਰੀ ਕੇਂਦਰੇ ਅਤੇ ਰਤਨ ਥਿਯਾਮ, ਕਲਾ ਨਿਰਦੇਸ਼ਕ, ਦੀ ਹੈ ਜੋ ਰੰਗਮੰਚ ਨਾਲ ਹੀ ਜੁੜੇ ਹੋਏ ਲੋਕ ਹਨ। ਉਹ ਨੌਕਰਸ਼ਾਹ ਨਹੀਂ ਹਨ, ਉਨ੍ਹਾਂ ਨੂੰ ਤਾਂ ਨਾਟਕਾਂ ਦਾ ਜਨੂੰਨ ਹੈ। ਭਾਰਤ ਅਨੇਕ ਭਾਸ਼ਾਵਾਂ ਤੇ ਸੱਭਿਆਚਾਰਾਂ ਦਾ ਦੇਸ਼ ਹੈ। ਸਾਰਿਆਂ ਨੂੰ ਸ਼ਾਮਿਲ ਕਰਨਾ ਤੇ ਖੁਸ਼ ਰੱਖਣਾ ਮੁਸ਼ਕਿਲ ਕੰਮ ਹੈ। ਇਹ ਵੀ ਪ੍ਰਬੰਧਕਾਂ ਲਈ ਸਿਰਦਰਦੀ ਹੈ। ਫਿਰ ਅੱਜ ਦੀ ਅਖੌਤੀ ਸੰਸਕਾਰੀ ਸਰਕਾਰੀ ਵਿਚ ਸੈਂਸਰਸ਼ਿਪ ਦਾ ਵੀ ਮਸਲਾ ਹੈ ਜੋ ਅਸੀਂ ਵੱਖ-ਵੱਖ ਫਿਲਮ ਮੇਲਿਆਂ ਵਿਚ ਦੇਖ ਚੁੱਕੇ ਹਾਂ।
ਵਾਮਨ ਕੇਂਦਰੇ ਕਹਿ ਤਾਂ ਰਹੇ ਹਨ ਕਿ ਕੋਈ ਸੈਂਸਰਸ਼ਿਪ ਨਹੀਂ ਹੈ ਸਿਰਫ ਆਮ ਦਿਸ਼ਾ ਨਿਰਦੇਸ਼ ਹਨ ਕਿ ਨੰਗੇਜ਼ ਤੇ ਰਾਸ਼ਟਰ ਵਿਰੋਧੀ ਕੁਝ ਨਹੀਂ ਹੋਵੇਗਾ, ਪਰ ਜੋ ਸਰਕਾਰ ਤੇ ਪਾਰਟੀ ਆਪਣੇ-ਆਪ ਨੂੰ ਰਾਸ਼ਟਰ ਦਾ ਬਦਲ ਮੰਨਦੀ ਹੈ ਉਸ ਲਈ ਕੁਝ ਵੀ 'ਰਾਸ਼ਟਰ ਵਿਰੋਧੀ' ਹੋ ਸਕਦਾ ਹੈ ਅਤੇ ਫਿਰ ਜੇਕਰ ਨੌਜਵਾਨਾਂ ਵਿਚ ਖਰਾਬ ਪ੍ਰਬੰਧ ਦੇ ਪ੍ਰਤੀ ਅਸਹਿਮਤੀ ਨਹੀਂ ਹੋਵੇਗੀ ਤਾਂ ਉਹ ਆਪਣੀ ਕਲਾ ਦਾ ਇਮਾਨਦਾਰੀ ਨਾਲ ਪ੍ਰਦਰਸ਼ਨ ਕਿਵੇਂ ਕਰਨਗੇ। ਫਿਲਹਾਲ, ਬਿਹਤਰ ਤਾਂ ਇਹ ਹੁੰਦਾ ਹੈ ਕਿ ਐਨ. ਐਸ. ਡੀ. ਇਕ ਗਰੁੱਪ ਨੂੰ ਨਿਯੁਕਤ ਕਰਦੀ ਜੋ ਦੇਸ਼ ਦਾ ਦੌਰਾ ਕਰਕੇ ਇਸ 'ਥੀਏਟਰ ਉਲੰਪਿਕਸ' ਲਈ ਚੰਗੇ ਤੇ ਮਿਆਰੀ ਨਾਟਕਾਂ ਦੀ ਚੋਣ ਕਰਦਾ। ਪਰ ਹੁਣ ਲਗਦਾ ਹੈ ਕਿ 20 ਭਾਰਤੀ ਭਾਸ਼ਾਵਾਂ ਦੇ ਨਾਟਕ ਜੋ 'ਥੀਏਟਰ ਉਲੰਪਿਕਸ' ਦਾ ਹਿੱਸਾ ਬਣਨਗੇ, ਉਹ ਬਿਨਾਂ ਸੰਦਰਭ ਦੇ ਸਿਰਫ ਪ੍ਰਭਾਵਸ਼ਾਲੀ ਹੀ ਰਹਿ ਜਾਣਗੇ। ਉਂਝ ਸਮਾਗਮ ਸ਼ੁਰੂ ਹੋਣ ਤੋਂ ਪਹਿਲਾਂ ਹੀ ਨਿਰਾਸ਼ਾ ਪ੍ਰਗਟ ਕਰਨਾ ਚੰਗਾ ਨਹੀਂ ਹੈ ਭਾਵੇਂ ਕਿ ਸਾਰੇ ਸੰਕੇਤ ਨਾਂਹ-ਪੱਖੀ ਹੋਣ।

-ਇਮੇਜ ਰਿਫਲੈਕਸ਼ਨ ਸੈਂਟਰ

ਅਬੂ ਧਾਬੀ ਵਿਸ਼ਵ ਦੇ ਸਭ ਤੋਂ ਵਧ ਡਾਲਫਿਨ ਵਸੋਂ ਵਾਲੇ ਤੱਟੀ ਪਾਣੀ

ਅਬੂ ਧਾਬੀ ਦੇ ਤੱਟੀ ਪਾਣੀਆਂ ਵਿਚ ਡਾਲਫਿਨ ਦੀ ਵਿਸ਼ਵ ਦੀ ਸਭ ਤੋਂ ਵਧ ਵਸੋਂ ਹੈ। ਡਾਲਫਿਨ ਇਕ ਥੁਥਨੀਦਾਰ ਜਲਜੀਵ ਹੈ ਜੋ ਘਟ ਡੂੰਘੇ ਪਾਣੀਆਂ ਵਿਚ ਰਹਿਣਾ ਪਸੰਦ ਕਰਦਾ ਹੈ। ਆਮ ਆਦਮੀ ਇਸ ਨੂੰ ਮੱਛਲੀ ਹੀ ਆਖਦਾ ਹੈ।
ਪਿਛਲੇ ਸਾਲ ਛਪੀਆਂ ਰਿਪੋਰਟਾਂ ਅਨੁਸਾਰ ਅਬੂ ਧਾਬੀ ਦੀ ਵਾਤਾਵਰਨ ਨਾਲ ਸਬੰਧਤ ਸੰਸਥਾ 'ਐਨਵਾਇਰਨਮੈਂਟ ਏਜੈਂਸੀ-ਅਬੂ ਧਾਬੀ, ਈ.ਏ.ਡੀ.' ਨੇ ਆਪਣੇ 'ਡਾਲਫਿਨ ਸਰਵੇ' ਰਾਹੀਂ ਇਹ ਜਾਣਿਆਂ ਹੈ ਕਿ ਮੁਲਕ ਦੇ ਤੱਟੀ ਪਾਣੀਆਂ 'ਚ 701 ਹਿੰਦ ਮਹਾਂਸਾਗਰੀ ਕੁਬਚੀ ਡਾਲਫਿਨਾਂ ਅਤੇ 1,834 ਹਿੰਦ-ਪ੍ਰਸ਼ਾਂਤ ਮਹਾਂਸਾਗਰੀ ਬੋਤਲਨੱਕੀ ਡਾਲਫਿਨਾਂ ਪਾਈਆਂ ਜਾਂਦੀਆਂ ਹਨ।
ਇਸ ਰਿਪੋਰਟ ਅਨੁਸਾਰ ਇਹ ਗਿਣਤੀ ਵਿਸ਼ਵ ਦੀ ਸਭ ਤੋਂ ਵੱਧ ਹੈ। ਅਬੂ ਧਾਬੀ ਤੋਂ ਬਾਅਦ ਦੂਸਰਾ ਨੰਬਰ ਦੱਖਣੀ ਅਫ਼ਰੀਕਾ ਦਾ ਹੈ ਜਿਥੇ ਇਹ ਗਿਣਤੀ ਸਿਰਫ 466 ਹੈ। ਮੋਜ਼ਮਬੀਕ, ਕੀਨੀਆ ਅਤੇ ਤਨਜ਼ਾਨੀਆ ਵਿਚ ਇਹ ਸੰਖਿਆ ਕ੍ਰਮਵਾਰ 105,104 ਅਤੇ 63 ਹੈ।
ਇਹ ਸਰਵੇ 2014 ਵਿਚ ਆਰੰਭ ਕੀਤਾ ਗਿਆ ਸੀ ਅਤੇ ਪਿਛਲੇ ਸਾਲ ਸੰਪੂਰਨ ਹੋਇਆ। ਮੁਲਕ ਦੀ ਸ਼ੇਖਸ਼ਾਹੀ ਸਰਕਾਰ ਇਸ ਗਿਣਤੀ 'ਤੇ ਬਹੁਤ ਪ੍ਰਸੰਨ ਹੈ ਕਿਉਂਕਿ ਇਹ ਦੇਸ਼ ਦੇ ਸਾਗਰੀ ਵਾਤਾਵਰਨ ਦੀ ਗੁਣਵਤਾ ਦਾ ਇਕ ਚੰਗਾ ਸੰਕੇਤ ਮੰਨਿਆ ਜਾਂਦਾ ਹੈ। ਡਾਲਫਿਨ ਇਕ ਸ੍ਰੇਸ਼ਟ ਸ਼ਿਕਾਰਖੋਰ ਜੀਵ ਹੈ ਅਤੇ ਇਹ ਪਾਣੀ ਵਿਚਲੇ ਜ਼ਹਿਰੀਲੇ ਪਦਾਰਥਾਂ ਨੂੰ ਸਮੇਟਦਾ ਹੈ।
ਅਬੂ ਧਾਬੀ ਦੀ ਅਮੀਰਾਤ ਇਸ ਨੂੰ ਇਕ ਪ੍ਰਾਪਤੀ ਸਮਝਦੀ ਹੈ ਕਿਉਂਕਿ ਇਹ ਮੁਲਕ ਦੇ ਸਾਗਰੀ ਜੀਵ-ਵਿਭਿੰਨਤਾ ਦੀ ਲਖਾਇਕ ਹੈ ਅਤੇ ਦੇਸ਼ ਦਾ ਕੌਮਾਂਤਰੀ ਮਹੱਤਵ ਵਧਾਉਂਦੀ ਹੈ। ਇਸ ਨਾਲ ਅਮੀਰਾਤ ਬਾਰੇ ਵਿਸ਼ਵ-ਵਿਆਪੀ ਵਿਗਿਆਨਕ ਦਿਲਚਸਪੀ ਵੀ ਜਾਗ੍ਰਿਤ ਹੋਈ ਹੈ। ਇਸ ਨੇ ਦੇਸ਼ ਨੂੰ ਤੱਟੀ ਡਾਲਫਿਨਾਂ ਦੇ ਬਚਾਅ ਸਬੰਧੀ ਇਕ ਗਲੋਬਲ ਹਵਾਲਾ ਬਣਾ ਦਿੱਤਾ ਹੈ।
ਇਸ ਨਾਲ ਟੂਰਿਜ਼ਮ ਨੂੰ ਵੀ ਹੋਰ ਹੁਲਾਰਾ ਮਿਲੇਗਾ। ਸੰਯੁਕਤ ਅਰਬ ਅਮੀਰਾਤ ਦੇ ਸਾਰੇ ਮੁੱਖ ਅਮੀਰਾਤ, ਸਮੇਤ ਦੁਬਈ ਅਤੇ ਅਬੂ ਧਾਬੀ, ਸੈਰ ਸਪਾਟੇ ਨੂੰ ਬਹੁਤ ਮਹੱਤਵ ਦੇ ਰਹੇ ਹਨ ਅਤੇ ਵੱਖ-ਵੱਖ ਢੰਗਾਂ ਰਾਹੀਂ ਸੈਲਾਨੀਆਂ ਨੂੰ ਆਕਰਸ਼ਤ ਕਰਨ ਲਈ ਯਤਨਸ਼ੀਲ ਹਨ। ਜਿਥੇ ਫ਼ਰਾਂਸ ਦੀ ਖਾੜੀ ਦੇ ਪਾਣੀ ਸੀ-ਕਰੂਸਿੰਗ, ਬੋਟ-ਰੇਸਿੰਗ, ਸੀ-ਸਰਫਿੰਗ, ਫੈਰੀ-ਸੈਰ ਆਦਿ ਰਾਹੀਂ ਸੈਲਾਨੀਆਂ ਦਾ ਮਨੋਰੰਜਨ ਕਰਨ ਦੇ ਸਾਧਨ ਰਚਦੇ ਹਨ, ਉਥੇ ਘੱਟ ਡੂੰਘੇ ਪਾਣੀਆਂ ਵਿਚ ਰਹਿਣ ਵਾਲੀ ਡਾਲਫਿਨ ਨਸਲ ਦਾ ਸਭ ਤੋਂ ਵਧ ਗਿਣਤੀ ਵਿਚ ਅਬੂ ਧਾਬੀ ਦੇ ਤੱਟੀ ਪਾਣੀਆਂ ਵਿਚ ਪਾਇਆ ਜਾਣਾ, ਸੋਨੇ 'ਤੇ ਸੁਹਾਗੇ ਵਾਲੀ ਗੱਲ ਹੈ।
ਇਸ ਨਾਲ ਅਬੂ ਧਾਬੀ ਨੂੰ ਵੀ ਇਸ ਪ੍ਰਜਾਤੀ ਸਬੰਧੀ ਹੋਰ ਖੋਜ ਕਰਨ, ਇਸ ਦੀ ਸੰਭਾਲ ਸਬੰਧੀ ਪਾਲਿਸੀ ਬਣਾਉਣ, ਇਸ ਨੂੰ ਦਰਪੇਸ਼ ਖ਼ਤਰਿਆਂ ਨਾਲ ਨਜਿੱਠਣ ਦੇ ਢੰਗ-ਤਰੀਕੇ ਅਪਨਾਉਣ ਵਿਚ ਸਹਾਇਤਾ ਮਿਲੇਗੀ। ਸਰਵੇ ਦੀ ਰਿਪੋਰਟ ਵਿਚ ਇਹ ਵੀ ਮੰਨਿਆ ਗਿਆ ਹੈ ਕਿ ਡਾਲਫਿਨਾਂ ਨੂੰ ਸਭ ਤੋਂ ਵਧ ਖ਼ਤਰਾ ਮਾਨਵ ਤੋਂ ਹੀ ਹੈ। ਇਹ ਖ਼ਤਰਾ ਸਭ ਤੋਂ ਵਧੇਰੇ ਹਿੰਦ ਮਹਾਂਸਾਗਰੀ ਕੁਬਚੀ ਡਾਲਫਿਨ ਨੂੰ ਹੈ ਕਿਉਂਕਿ ਇਹ ਪੇਤਲੇ ਪਾਣੀਆਂ ਵਿਚ ਅਤੇ ਕਿਨਾਰੇ ਲਾਗੇ ਰਹਿਣਾ ਪਸੰਦ ਕਰਦੀ ਹੈ ਅਤੇ ਇਸ ਕਾਰਨ ਬੰਦੇ ਦੀ ਬੇਰਹਿਮੀ ਦਾ ਸ਼ਿਕਾਰ ਬਣ ਜਾਂਦੀ ਹੈ। ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਸਰਵੇ ਸਮੇਂ ਕਈ ਡਾਲਫਿਨਾਂ ਜ਼ਖ਼ਮੀ ਪਾਈਆਂ ਗਈਆਂ ਅਤੇ ਇਹ ਜ਼ਖ਼ਮ ਆਦਮੀ ਵਲੋਂ ਦਿੱਤੇ ਗਏ ਲਗਦੇ ਸਨ। ਦੂਸਰੀ ਨਸਲ ਡੂੰਘੇ ਪਾਣੀਆਂ ਵਿਚ ਵੀ ਚਲੇ ਜਾਂਦੀ ਹੈ।
ਸਾਨੂੰ ਡਾਲਫਿਨ ਦੋ ਵਾਰ ਦੇਖਣ ਦਾ ਮੌਕਾ ਮਿਲਿਆ ਹੈ। ਪਹਿਲੀ ਵਾਰ ਪਟਨਾ, ਬਿਹਾਰ ਵਿਚ ਗੰਗਾ ਕਿਨਾਰੇ ਬੈਠਿਆਂ ਅਤੇ ਦੂਸਰੀ ਵਾਰ ਅਬੂ ਧਾਬੀ ਦੇ ਤੱਟ ਉਪਰ। ਦੋਨੋਂ ਵਾਰ ਚਾਣਚੱਕ ਹੀ ਦਿਉ-ਕੱਦ ਡਾਲਫਿਨ ਪਾਣੀਆਂ ਨੂੰ ਛੰਡਦੀ ਆਪਣੀ ਥੂਥਨੀ ਅਤੇ ਕੁਹਾਂਡੀ ਛਿਨ-ਭੰਗਰ ਲਈ ਬਾਹਰ ਕੱਢ ਔਹ ਗਈ ਔਹ ਗਈ ਅਤੇ ਅਸੀਂ ਚਕ੍ਰਿਤ ਹੋ ਦੇਖਦੇ ਹੀ ਰਹਿ ਗਏ।

-ਫਗਵਾੜਾ।

ਸਾਹ ਹੈ ਤਾਂ ਜਹਾਨ ਹੈ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਸ਼ੁਕਰਗੁਜ਼ਾਰ ਤਾਂ ਪੂਰੀ ਲੋਕਾਈ ਨੂੰ ਰਹਿਣਾ ਚਾਹੀਦਾ ਹੈ, ਸਾਇੰਸ ਦਾ ਜਿਹੜੀ ਦਿਨ ਰਾਤ ਮਸਰੂਫ਼ ਹੈ ਸਾਡੇ ਇਲਾਜਾਂ ਲਈ, ਸਾਡੀ ਸਿਹਤ ਨੂੰ ਬਿਹਤਰਾਉਣ ਲਈ। ਕੋਈ ਤਿੰਨ, ਚਾਰ ਮਹੀਨੇ ਪਿੱਛੇ ਜਿਹੇ 'ਟਾਈਮ ਮੈਗਜ਼ੀਨ' ਨੇ 'ਅਨੂਲੋਮਾ, ਵਲੋਮਾ ਯਾਨਿ ਪ੍ਰਾਣਯਾਮਾ ਦੇ ਗੁਣਾਂ 'ਤੇ ਇਕ ਸਫ਼ੇ ਦਾ ਲੇਖ ਪੇਸ਼ ਕੀਤਾ ਸੀ, ਜਿਸ ਨੂੰ ਪੜ੍ਹਨ ਨਾਲ ਮੈਨੂੰ ਯਾਦ ਆਇਆ ਕਿ ਮੈਂ ਇਸ ਨੂੰ 1978-80 ਤੱਕ ਕਰਿਆ ਕਰਦਾ ਸੀ। ਪਰ ਫਿਰ ਮੈਂ ਦੁਬਾਰਾ ਹਠਯੋਗਾ, ਸਮਾਧੀ ਵਿਚ ਵੜ ਗਿਆ। ਵੈਸੇ, ਹੱਠਯੋਗਾ ਵਿਚ ਪ੍ਰਾਣਯਾਮਾ ਸ਼ਾਮਿਲ ਹੁੰਦਾ ਹੈ ਪਰ ਓਨਾ ਨਹੀਂ ਜਿੰਨੀ ਇਸ ਦੀ ਅਹਿਮੀਅਤ ਹੁਣ ਫੋਕਸ ਵਿਚ ਆ ਰਹੀ ਹੈ। ਰਿਸ਼ੀ ਪਤੰਜਲੀ ਨੇ ਯੋਗਾ ਸੂਤਰ ਵਿਚ ਯੋਗਾ ਨੂੰ ਅੱਠ ਹਿੱਸਿਆਂ ਵਿਚ ਵੰਡਿਆ ਤੇ ਤਰਤੀਬ ਵਿਚ ਪ੍ਰਾਣਯਾਮਾ ਨੂੰ ਚੌਥੇ ਨੰਬਰ 'ਤੇ ਰੱਖ ਦਿੱਤਾ, ਯਾਨੀ ਯਾਮਾ, ਨਿਆਮਾ, ਆਸਣ ਤੇ ਫਿਰ ਪ੍ਰਾਣਯਾਮਾ। ਯੋਗਾ ਕਰਨ ਦਾ ਅੰਤਿਮ ਨਿਸ਼ਾਨਾ ਹੈ, ਸਮਾਧੀ ਵਿਚ ਪ੍ਰਵੇਸ਼ ਕਰਨਾ। ਯੋਗਾ ਦੇ ਪ੍ਰੇਮੀ (ਮੈਂ ਵੀ ਸ਼ਾਮਿਲ) ਹੱਠਯੋਗਾ ਵਿਚ ਮੁਕੰਮਲ ਹੋਣ ਬਾਅਦ ਸਿੱਧੇ ਸਮਾਧੀ/ਧਿਆਨ ਵਿਚ ਵੜ ਜਾਇਆ ਕਰਦੇ ਹਨ, ਜਿਸ ਕਰਕੇ ਯੋਗਾ ਦੀ ਚੌਥੀ ਪਰਤ, ਪ੍ਰਾਣਯਾਮਾ ਨੂੰ ਇਸ ਦੀ ਬਣਦੀ ਅਹਿਮੀਅਤ ਮਿਲਦੀ ਨਹੀਂ। ਹੱਠਯੋਗਾ ਵਿਚ ਪ੍ਰਾਣਯਾਮਾ ਦਾ ਮੋਕਲਾ ਮਿਸ਼ਰਣ ਹੋਣ ਕਰਕੇ ਅਸੀਂ ਸਾਰੇ ਇਹੋ ਲੈਂਦੇ ਹਾਂ ਕਿ ਇਹੋ ਪ੍ਰਾਣਯਾਮਾ ਹੈ ਜਦ ਕਿ ਇਹ ਵੱਖ ਤੇ ਅਲੱਗ ਵਿਸ਼ਾ ਹੈ।
ਹਿੰਦੂ ਧਰਮ ਵਿਚ ਮੰਨਿਆ ਜਾਂਦਾ ਹੈ ਕਿ ਹਰੇਕ ਪ੍ਰਾਣੀ ਗਿਣਵੇਂ ਸਾਹ ਲੈਂਦਾ ਹੈ, ਜਿਹੜੀ ਕਿ ਪ੍ਰਮਾਤਮਾ ਦੀ ਬਖਸ਼ਿਸ ਹੁੰਦੀ ਹੈ। ਯੋਗੀਆਂ ਨੇ ਸੋਚਿਆ ਕਿ ਕਿਉਂ ਨਾ ਮਿਲੇ ਸਾਹਾਂ ਨੂੰ ਲੰਬਾ ਤੇ ਹੌਲੀ ਕੀਤਾ ਜਾਵੇ ਤਾਂ ਜੋ ਉਮਰ ਲੰਮੇਰੀ ਹੋ ਸਕੇ। ਤਜਰਬੇ ਵਜੋਂ ਕੁਝ ਯੋਗੀਆਂ ਨੇ ਸਾਹ ਨੂੰ ਲਮਕਾ ਕੇ ਤੇ ਹੌਲੀ-ਹੌਲੀ ਲੈਣ ਦਾ ਅਭਿਆਸ ਆਰੰਭ ਦਿੱਤਾ ਤਾਂ ਜੋ ਸਾਹ 'ਤੇ ਕੰਟਰੋਲ ਰਹਿ ਸਕੇ ਤੇ ਅਨੁਕੂਲਤਾ ਨਾਲ ਉਮਰ ਵਧ ਸਕੇ। ਉਮਰ ਦਾ ਵਧਣਾ ਤਾਂ ਦੂਰ ਦੀ ਗੱਲ ਸੀ, ਪਰ ਛੇਤੀ ਦੇ ਫਾਇਦੇ ਜਿਵੇਂ ਚਮੜੀ ਦਾ ਮੁਲਾਇਮ ਹੋਣਾ, ਸਰੀਰ ਨੂੰ ਸ਼ਕਤੀ ਮਿਲਣੀ, ਦਿਮਾਗ ਦੀ ਤਰੋਤਾਜ਼ਗੀ, ਆਪਣੇ ਸਵੈ ਨਾਲ ਨੇੜਤਾ ਆਦਿ, ਝੱਟ ਪ੍ਰਤੱਖ ਹੋਣ ਲੱਗ ਪਏ। ਬਸ, ਇਹੋ ਸੀ ਸ਼ੁਰੂਆਤ ਪ੍ਰਾਣਯਾਮਾ ਦੀ।
ਸਾਹ ਆਉਂਦਾ ਹੈ ਤਾਂ ਅਸੀਂ ਜਿਊਂਦੇ ਹਾਂ। ਸਾਹ ਬੰਦ ਹੋ ਜਾਣ ਤਾਂ ਜ਼ਿੰਦਗੀ ਮੁੱਕ ਜਾਂਦੀ ਹੈ। ਮਤਲਬ ਕਿ ਪ੍ਰਾਣ ਹੈਣ ਤਾਂ ਜਹਾਨ ਹੈ। ਮਤਲਬ, ਪ੍ਰਾਣਾਂ 'ਤੇ ਜ਼ਿੰਦਗੀ ਦਾ ਨਿਚੋੜ ਯਾਨੀ ਰੂਹ ਇਕਮਿਕ ਹਨ ਜਾਂ ਇਉਂ ਕਹੀਏ ਕਿ ਇਕ-ਦੂਜੇ 'ਤੇ ਨਿਰਭਰ ਹਨ। ਰੂਹ ਅਰਚਿਤ ਫਿਰ ਅਨਿੱਖੜਵੇਂ ਹਨ। ਇਸ ਹਿਸਾਬ ਨਾਲ ਪ੍ਰਾਣਾਂ 'ਤੇ ਚਿੱਤ ਦਾ ਆਪਸ ਵਿਚ ਸਬੰਧ ਹੈ। ਬਾਂਦਰ ਚਿੱਤ ਦਾ ਕੰਟਰੋਲ ਬੇਹੱਦ ਜ਼ਰੂਰੀ ਹੈ, ਜੇਕਰ ਇਸ ਨੂੰ ਸ਼ਾਂਤ ਰੱਖਣਾ ਹੈ, ਇਸ ਨੂੰ ਸਹੀ ਵਰਤੋਂ ਵਿਚ ਲਿਆਉਣਾ ਹੈ, ਆਪਣੇ ਇਰਦ-ਗਿਰਦ 'ਤੇ ਕੰਟਰੋਲ ਰੱਖਣਾ ਹੈ, ਆਪਣੇ ਦੁਨਿਆਵੀ ਫ਼ਰਜ਼ਾਂ ਨੂੰ ਸਹੀ ਸਿਰੇ ਚੜ੍ਹਾਉਣਾ ਹੈ। ਚਿੱਤ ਦਾ ਕੰਟਰੋਲ ਹਾਸਲ ਕੀਤਾ ਜਾ ਸਕਦਾ ਹੈ, ਸਾਹ ਦੇ ਕੰਟਰੋਲ ਥਾਣੀਂ। ਉਪਰੋਕਤ ਸਮੀਕਰਨ/ਊਟ-ਪਟਾਂਗ ਸਾਡੇ ਸਾਹਮਣੇ ਲਿਆ ਖੜ੍ਹਾ ਕਰਦਾ ਹੈ, ਇਕ ਜ਼ਬਰਦਸਤ ਤੱਥ...ਪ੍ਰਾਣਯਾਮਾ ਦੀ ਮਹੱਤਤਾ ਨੂੰ।
ਰਿਸ਼ੀ ਪਤੰਜਲੀ ਨੇ ਪ੍ਰਾਣਯਾਮਾ ਦੀ ਵਿਆਖਿਆ ਵਿਚ ਕਿਹਾ ਹੈ ਕਿ ਇਸ ਪ੍ਰਕਿਰਿਆ ਵਿਚ, ਸਾਹ ਜੋ ਜੀਵਨ ਸ਼ਕਤੀ ਹੈ, ਵਿਚ ਖ਼ਲਲ ਪਾਉਣਾ ਹੈ ਯਾਨੀ ਇਸ ਨੂੰ ਪਾਬੰਦੀ ਵਿਚ ਲਿਆਉਣਾ ਹੈ, ਇਸ 'ਤੇ ਕੰਟਰੋਲ ਰੱਖਣਾ ਹੈ। ਪ੍ਰਾਣ... ਹਵਾ+ਹੋਰ ਬਹੁਤ ਕੁਝ ਯੂਨੀਵਰਸਲ ਹਨ, ਜਿਹੜੇ ਇਸ ਗ੍ਰਹਿ 'ਤੇ ਸਮੂਹ ਬਨਸਪਤੀ 'ਤੇ ਜੀਵ-ਜੰਤੂਆਂ ਨੂੰ ਜ਼ਿੰਦਗੀ ਬਖ਼ਸ਼ਦੇ ਹਨ। ਕੁਝ ਜੋਗੀ ਪ੍ਰਾਣਾਂ ਨੂੰ ਦਿਮਾਗੀ ਤਾਕਤ ਨਾਲ, ਦਿਮਾਗੀ ਤਾਕਤ ਨੂੰ ਬੁੱਧੀ ਨਾਲ, ਬੁੱਧੀ ਨੂੰ ਰੂਹ ਨਾਲ ਤੇ ਰੂਹ ਨੂੰ ਪ੍ਰਮਾਤਮਾ ਨਾਲ ਜੋੜਦੇ ਹਨ। ਕੁਝ ਜੋਗੀ ਪ੍ਰਾਣਯਾਮਾ ਨੂੰ ਤਪ ਦੱਸਦੇ ਹਨ ਹਨ ਕਿ ਜਦ ਦਿਮਾਗ ਤੇ ਸਰੀਰ ਇਸ ਵਿਚੋਂ ਦੀ ਲੰਘਦੇ ਹਨ ਤਾਂ ਜਿਵੇਂ ਸੋਨਾ ਅੱਗ ਵਿਚੋਂ ਦੀ ਲੰਘ ਕੇ ਚਮਕਦਾ ਹੈ, ਤਿਵੇਂ ਦਿਮਾਗ ਤੇ ਸਰੀਰ ਨਿਖਰਦੇ ਹਨ। ਹੱਠਯੋਗਾ ਕਰਨ ਵਾਲੇ ਜੇਕਰ ਨਾਲ-ਨਾਲ ਪ੍ਰਾਣਯਾਮਾ ਨਹੀਂ ਕਰਦੇ ਭਾਵ ਅਭਿਆਸਦੇ ਤਾਂ ਯੋਗਾ ਹੈ ਪਰ ਬਿਨਾਂ ਰੂਹ ਦੇ।
ਜਿਹੜੇ ਪ੍ਰਾਣੀ ਪ੍ਰਾਣਯਾਮਾ ਕਰਨ ਦੇ ਇੱਛੁਕ ਹਨ, ਜ਼ਰੂਰ ਕਰਨ ਪਰ ਕਿਸੇ ਕੋਚ/ਗੁਰੂ ਦੀ ਨਿਗਰਾਨੀ ਹੇਠ ਕਿਉਂਕਿ ਕਿਤਾਬ ਵਿਚੋਂ ਥਿਊਰੀ ਨੂੰ ਸਮਝ ਲੈਣਾ ਕਿ ਤੈਰਨਾ ਕਿਵੇਂ ਹੈ ਤੇ ਅਸਲ ਵਿਚ ਤੈਰਨ ਵਿਚ, ਡੁਬਣ ਤੇ ਤੈਰਨ ਦਾ ਫ਼ਰਕ ਹੁੰਦਾ ਹੈ। ਇਸ ਲੇਖ ਵਿਚ ਮੈਂ ਸਾਹ ਦੇ ਸਿਸਟਮ ਨੂੰ ਇਸ ਕਰਕੇ ਵਿਸਥਾਰ ਨਾਲ ਪੇਸ਼ ਕੀਤਾ ਹੈ ਕਿਉਂਕਿ ਅਸੀਂ ਪ੍ਰਾਣੀਆਂ ਨੂੰ ਜੇ ਮਸ਼ੀਨਰੀ ਦਾ ਗਿਆਨ ਹੈ ਤਾਂ ਹੀ ਇਸ ਦਾ ਸਹੀ ਇਸਤੇਮਾਲ ਕੀਤਾ ਜਾ ਸਕਦਾ ਹੈ ਤੇ ਇਸ ਦੀ ਦੇਖ-ਭਾਲ ਕੀਤੀ ਜਾ ਸਕਦੀ ਹੈ। ਝੁਕ ਕੇ ਨਾ ਤਾਂ ਚਲਣਾ ਹੈ ਤੇ ਨਾ ਹੀ ਖੜ੍ਹਨਾ ਤੇ ਬੈਠਣਾ ਹੈ ਕਿਉਂਕਿ ਇਉਂ ਕਰਨ ਨਾਲ ਡਾਇਆ ਫਰਾਮ ਥੱਲੇ ਨੂੰ ਪੂਰਾ ਜਾਏਗਾ ਨਹੀਂ ਜਿਸ ਕਰਕੇ ਪੂਰਾ ਸਾਹ ਫੇਫੜਿਆਂ ਅੰਦਰ ਜਾ ਨਹੀਂ ਸਕੇਗਾ। ਇਸੇ ਤਰਜ਼ 'ਤੇ ਯੋਗਾ, ਸਮਾਧੀ, ਪ੍ਰਾਣਯਾਮਾ ਕਰਦੇ ਵਕਤ ਰੀੜ੍ਹ ਦੀ ਹੱਡੀ ਤੇ ਸਿਰ ਨੂੰ ਸਿੱਧਾ ਇਕ ਲਾਈਨ ਵਿਚ ਰੱਖਣਾ ਜ਼ਰੂਰੀ ਹੈ ਤਾਂ ਜੋ ਫੇਫੜੇ ਪੂਰੀ ਇਕ ਆਜ਼ਾਦੀ ਨਾਲ ਭਰ ਤੇ ਖਾਲੀ ਹੋ ਸਕਣ।
ਪ੍ਰਾਣਯਾਮਾ ਵਿਚ ਸਾਹ ਦੀ ਰਫ਼ਤਾਰ ਨੂੰ ਮੱਠਾ ਕੀਤਾ ਜਾਂਦਾ ਹੈ। ਸਾਹ ਨੂੰ ਪੂਰੀ ਤਰ੍ਹਾਂ ਯਾਨੀ ਫੇਫੜਿਆਂ ਦੇ ਥੱਲੇ ਠੀਕ ਨੂੰ ਘਰੋੜ ਕੇ ਬਾਹਰ ਕੱਢਿਆ ਜਾਂਦਾ ਹੈ ਤੇ ਫਿਰ ਸਾਹ ਨੂੰ ਫੇਫੜਿਆਂ ਦੀ ਗਹਿਰਾਈ ਤੀਕ ਭਰਨ ਦਿੱਤਾ ਜਾਂਦਾ ਹੈ। ਬਾਕੀ ਕੋਚ ਤੁਹਾਨੂੰ ਸਮਝਾਏਗਾ ਕਿ ਸਾਹ ਲੈਣ ਵਿਚ ਪਾਬੰਦੀ ਕਿਵੇਂ ਲਿਆਉਣੀ ਹੈ। ਮੈਂ ਤਾਂ ਏਨਾ ਹੀ ਦੱਸਣਾ ਹੈ ਕਿ ਪ੍ਰਾਣਯਾਮਾ ਵਿਚ ਸਾਹ ਜ਼ਰੀਏ ਫੇਫੜਿਆਂ ਵਿਚੋਂ ਬਾਸੀ ਹਵਾ, ਜਿਹੜੀ ਹੋਛਾ ਸਾਹ ਲੈਣ ਕਰਕੇ ਫੇਫੜਿਆਂ ਦੀਆਂ ਮਹੀਨ ਗੁਥਲੀਆਂ ਅੰਦਰ ਫਸੀ ਅਟਕੀ ਰਹਿੰਦੀ ਹੈ, ਨੂੰ ਘਰੋੜ ਕੇ ਬਾਹਰ ਕੱਢਣਾ ਹੁੰਦਾ ਹੈ। ਇਸ ਤਰ੍ਹਾਂ ਪੈਦਾ ਹੋਏ ਖਲਾਅ ਕਰਕੇ ਸਾਹ ਖੁਦ-ਬਖੁਦ ਫੇਫੜਿਆਂ ਦੀ ਗਹਿਰਾਈ ਤੱਕ ਨੂੰ ਭਰ ਦੇਵੇਗਾ। ਇਉਂ ਕਰਨ ਨਾਲ ਦਿਮਾਗੀ ਟੈਨਸ਼ਨ ਉੱਡ ਜਾਵੇਗੀ ਤੇ ਸਰੀਰ ਨਿਸਲਣ ਲੱਗ ਪਵੇਗਾ। ਬਹੁਤ ਪ੍ਰਾਣੀਆਂ ਨੂੰ ਹਓਕਾ ਇਸ ਕਰਕੇ ਆਉਂਦਾ ਹੈ ਕਿ ਉਹ ਹੋਛੇ ਸਾਹਾਂ ਨਾਲ ਕੰਮ ਸਾਰੀ ਜਾਂਦੇ ਹਨ। ਇਹ ਕੁਦਰਤ ਦੀ ਜੁਗਤ ਹੈ ਕਿ ਅਜਿਹੇ ਪ੍ਰਾਣੀਆਂ ਅੰਦਰ ਡੂੰਘਾ ਸਾਹ ਲੈ ਜਾਣ ਵਾਸਤੇ ਹਓਕਾ ਆਉਂਦਾ ਹੈ।
ਪ੍ਰਾਣਯਾਮਾ ਵਿਚ ਪੂਰਾ, ਡੂੰਘਾ ਸਾਹ ਲੈਣਾ, ਸਾਹ ਨੂੰ ਪਾਬੰਦ ਕਰਨਾ, ਸਾਹ ਨੂੰ ਮੱਠੀ ਰਫ਼ਤਾਰ ਦੀ ਤਾਲ ਵਿਚ ਬੰਨ੍ਹਣਾ... ਪ੍ਰਾਣੀ ਆਪਣੀ ਪੂਰੀ ਸੁਰਤ ਵਿਚ ਰਹਿੰਦਿਆਂ ਹੋਇਆਂ ਇਸ ਪ੍ਰਕਿਰਿਆ ਥਾਣੀਂ ਲੰਘਦਾ ਹੈ, ਜਿਸ ਨਾਲ ਉਸ ਦੀ ਸੁਚੇਤਤਾ ਵਧਦੀ ਹੈ, ਦਿਮਾਗ ਤਿੱਖਾ ਰਹਿੰਦਾ ਹੈ। ਬਲੱਡ ਪ੍ਰੈਸ਼ਰ 'ਤੇ ਕੰਟਰੋਲ ਰਹਿੰਦਾ ਹੈ। ਝੋਰਾ, ਉਦਾਸੀਨਤਾ ਘਟਦੀ ਹੈ। ਨੀਂਦ ਚੰਗੀ ਤਰ੍ਹਾਂ ਆਉਂਦੀ ਹੈ ਤੇ ਘੱਟ ਵਾਰ ਟੁਟਦੀ ਹੈ। ਖ਼ੂਨ ਵਿਚ ਆਕਸੀਜਨ ਦੀ ਮਾਤਰਾ ਉੱਪਰ ਰਹਿੰਦੀ ਹੈ। ਪ੍ਰਾਣਯਾਮਾ ਵਿਚ ਜਦ ਪ੍ਰਾਣੀ ਪੂਰਾ ਸਾਹ ਲੈਂਦਾ ਹੈ ਤਾਂ ਉਸ ਦੀ ਨੰਗੀ ਪਿੱਠ 'ਤੇ ਇਕ ਝਾਤ ਨਾਲ ਤੁਹਾਨੂੰ ਦਿਖੇਗਾ ਕਿ ਉਸ ਦਾ ਪਿੰਜਰ ਥੱਲੇ ਲੱਕ ਤੱਕ ਫੁਲੇਗਾ। ਗਵੱਈਏ ਦੀ ਹੇਕ ਤਾਂ ਹੀ ਲੰਮੀ ਨਿਕਲ ਸਕਦੀ ਹੈ ਜੇ ਇਸ ਪਿੱਛੇ ਪੂਰਾ ਸਾਹ ਹੈ।
ਪ੍ਰਾਣਯਾਮਾ ਵਿਚ ਬੈਠਣ ਤੋਂ ਪਹਿਲਾਂ ਆਪਣੇ ਚਿਹਰੇ 'ਤੇ ਹੱਥ ਫੇਰੋ ਤੇ ਕਰਨ ਤੋਂ ਬਾਅਦ ਫਿਰ ਫੇਰੋ, ਤੁਹਾਡੀ ਚਮੜੀ ਕਿੰਨੀ ਮਖ਼ਮਲੀ ਹੋ ਜਾਏਗੀ। ਅਨੂਲੋਮਾ, ਵਲੋਮਾ ਕਰਨ ਨਾਲ ਦਿਲ ਦੀ ਚਿਰਕਾਲੀ ਨਾਕਾਮੀ ਨੂੰ ਤਾਕਤ ਮਿਲਦੀ ਹੈ... ਕਿਉਂਕਿ ਤੇ ਕਿਵੇਂ... ਸਾਇੰਸ ਅਜੇ ਤੱਕ ਸਮਝ ਨਹੀਂ ਸਕੀ ਪਰ ਮੰਨਦੀ ਹੈ ਕਿ ਇਵੇਂ ਹੁੰਦਾ ਹੈ। ਰਿਸ਼ੀਆਂ ਨੇ ਮੌਤ 'ਤੇ ਫਤਹਿ ਪਾਉਣ ਵਾਸਤੇ ਹੀ ਸਾਹ ਨੂੰ ਲੰਮਾ, ਡੂੰਘਾ ਤੇ ਹੌਲੀ ਕੀਤਾ। ਕਹਿੰਦੇ ਨੇ ਕਿ ਮੌਤ ਦੇ ਡਰ ਕਰ ਕੇ, ਇਸ ਨੂੰ ਲਿੱਚੀ ਲਾਉਣ ਲਈ ਬ੍ਰਹਮਾ... ਸ੍ਰਿਸ਼ਟੀ ਦਾ ਸਿਰਜਣਹਾਰ... ਵੀ ਪ੍ਰਾਮਯਾਮਾ ਕਰਦਾ ਰਹਿੰਦਾ ਹੈ। ਅਜੋਕੇ ਪ੍ਰਸੰਗ ਵਿਚ ਜਿਵੇਂ ਪੈਨਸ਼ਨਰਜ਼ ਕਹਿੰਦੇ ਨੇ ਕਿ ਸਾਹ ਆਉਣਾ ਚਾਹੀਦਾ ਹੈ, ਪੈਨਸ਼ਨ ਨੇ ਤਾਂ ਆਪਣੇ ਆਪ ਬੈਂਕ ਖਾਤੇ ਵਿਚ ਆਣ ਡਿੱਗਣਾ ਹੈ। ਸਾਹ ਹੈ ਤਾਂ ਸਭ ਕੁਝ ਹੈ...। (ਸਮਾਪਤ)

-ਮੋਬਾਈਲ : 97806-66268.

ਭੁੱਲੀਆਂ ਵਿਸਰੀਆਂ ਯਾਦਾਂ

ਜਦੋਂ ਗਿਆਨੀ ਜ਼ੈਲ ਸਿੰਘ ਪੰਜਾਬ ਦੇ ਮੁੱਖ ਮੰਤਰੀ ਹੁੰਦੇ ਸਨ, ਉਸ ਵਕਤ ਉਨ੍ਹਾਂ ਦੇ ਨਾਲ ਅੱਜ ਦੇ ਰਾਜਸੀ ਨੇਤਾਵਾਂ ਵਾਂਗ ਗੰਨਮੈਨਾਂ ਦੀ ਫ਼ੌਜ ਨਹੀਂ ਸੀ ਹੁੰਦੀ। ਇਕ ਵਾਰ ਉਹ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਲਾ-ਮਹੱਲਾ ਵੇਖਣ ਆਏ ਸੀ। ਸ਼ਾਇਦ ਹੀ ਗਿਆਨੀ ਜੀ ਵਾਂਗ ਪੰਜਾਬ ਦੇ ਕਿਸੇ ਹੋਰ ਮੁੱਖ ਮੰਤਰੀ ਨੇ ਸ੍ਰੀ ਅਨੰਦਪੁਰ ਸਾਹਿਬ ਦਾ ਹੋਲਾ-ਮਹੱਲਾ ਦੇਖਿਆ ਹੋਵੇ। ਗਿਆਨੀ ਜੀ ਨਿਹੰਗ ਸਿੰਘਾਂ ਦੇ ਘੋੜਿਆਂ ਦੀਆਂ ਦੌੜਾਂ ਤੇ ਨੇਜ਼ਾਬਾਜ਼ੀ ਚਰਨ ਕੰਵਲ ਗੰਗਾ ਦੇ ਮੈਦਾਨ ਵਿਚ ਵੇਖਣ ਗਏ ਸੀ। ਇਹ ਸ਼ੌਕ ਗਿਆਨੀ ਜ਼ੈਲ ਸਿੰਘ ਮੁੱਖ ਮੰਤਰੀ ਹੁੰਦਿਆਂ ਹੋਇਆਂ ਵੀ ਪੂਰੇ ਕਰਦੇ ਸਨ ਤੇ ਲੋਕਾਂ ਨੂੰ ਮਿਲਦੇ ਰਹਿੰਦੇ ਸਨ। ਇਸ ਕਰਕੇ ਉਨ੍ਹਾਂ ਨੂੰ ਗੰਨਮੈਨਾਂ ਦੀ ਲੋੜ ਨਹੀਂ ਸੀ ਪੈਂਦੀ। ਉਹ ਘੋੜ ਦੌੜਾਂ ਵੇਖਣ ਲਈ ਚਰਨ ਕੰਵਲ ਗੰਗਾ ਦੇ ਮੈਦਾਨ ਵਿਚ ਚਲ ਕੇ ਜਥੇਦਾਰ ਸੰਤਾ ਸਿੰਘ ਕੋਲ ਗਏ ਤੇ ਉਨ੍ਹਾਂ ਸਾਰਿਆਂ ਗਿਆਨੀ ਜੀ ਨੂੰ ਜੀ ਆਇਆਂ ਆਖਿਆ। ਉਥੇ ਗਿਆਨੀ ਜੀ ਇਕ ਨਿਹੰਗ ਸਿੰਘ ਦੀ ਦੋਨਾਲੀ ਬੰਦੂਕ ਵੇਖਣ ਲੱਗ ਪਏ ਤੇ ਨਾਲ ਹੀ ਘੋੜਿਆਂ ਦੀਆਂ ਦੌੜਾਂ ਤੇ ਨੇਜ਼ਾਬਾਜ਼ੀ ਦੇ ਕਰਤਬਾਂ ਦਾ ਵੀ ਅਨੰਦ ਮਾਣਿਆ।

ਮੋਬਾਈਲ : 98767-41231

ਆਮ ਲੋਕਾਂ ਨੂੰ ਪੁਸਤਕਾਂ ਨਾਲ ਜੋੜਦੇ ਹਨ ਪੁਸਤਕ ਬਾਜ਼ਾਰ

ਪੁਸਤਕਾਂ ਵਧੇਰੇ ਜਾਣਨ ਦੀ ਸਾਡੀ ਜਿਗਿਆਸਾ ਨੂੰ ਜਾਗ੍ਰਿਤ ਕਰਦੀਆਂ ਹਨ ਅਤੇ ਸਾਨੂੰ ਅਜਿਹੇ ਮੁਕਾਮ ਉੱਤੇ ਪਹੁੰਚਾ ਦਿੰਦੀਆਂ ਹਨ, ਜਿਥੇ ਸਾਡੀ ਉਦਾਸੀ ਭਰੀ ਜ਼ਿੰਦਗੀ ਵਿਚ ਤਾਜ਼ਗੀ ਅਤੇ ਖੇੜਾ ਭਰ ਜਾਂਦਾ ਹੈ। ਪ੍ਰਸਿੱਧ ਲੇਖਕ ਫਰਾਂਸਿਸ ਬੇਕਨ ਦਾ ਕਥਨ ਹੈ ਕਿ ਪੂਰਾ ਮਨੁੱਖ ਬਣਨ ਲਈ ਪੁਸਤਕਾਂ ਪੜ੍ਹਨਾ ਜ਼ਰੂਰੀ ਹੈ। ਪੁਸਤਕਾਂ ਮਨੁੱਖ ਦੀਆਂ ਸਭ ਤੋਂ ਵਧੀਆ ਦੋਸਤ ਹਨ। ਪੁਸਤਕਾਂ ਜਿਥੇ ਮਨੁੱਖ ਦੇ ਗਿਆਨ ਵਿਚ ਵਾਧਾ ਕਰਦੀਆਂ ਹਨ, ਉਥੇ ਜ਼ਿੰਦਗੀ ਦੇ ਹਰ ਮੋੜ 'ਤੇ ਮਨੁੱਖ ਦਾ ਮਾਰਗ-ਦਰਸ਼ਨ ਵੀ ਕਰਦੀਆਂ ਹਨ।
ਆਮ ਲੋਕਾਂ ਵਿਚ ਪੁਸਤਕਾਂ ਦਾ ਪ੍ਰਚਾਰ-ਪਾਸਾਰ ਕਰਨ ਅਤੇ ਪੜ੍ਹਨ ਦੀ ਰੁਚੀ ਵਧਾਉਣ ਲਈ ਪੁਸਤਕ ਮੇਲੇ ਅਤੇ ਪੁਸਤਕ ਬਾਜ਼ਾਰ ਲਗਾਏ ਜਾਂਦੇ ਹਨ। ਜਿਥੇ ਇਹ ਪੁਸਤਕ ਮੇਲੇ ਅਤੇ ਪੁਸਤਕ ਬਾਜ਼ਾਰ ਪੁਸਤਕਾਂ ਨੂੰ ਲੋਕਾਂ ਤੱਕ ਪਹੁੰਚਾਉਂਦੇ ਹਨ, ਉਥੇ ਇਹ ਲੇਖਕਾਂ, ਪਾਠਕਾਂ, ਪ੍ਰਕਾਸ਼ਕਾਂ ਅਤੇ ਪੁਸਤਕ ਵਿਕਰੇਤਾਵਾਂ ਸਭ ਲਈ ਨਫੇ ਦਾ ਸੌਦਾ ਵੀ ਹੁੰਦੇ ਹਨ। ਛਪੀਆਂ ਹੋਈਆਂ ਪੁਸਤਕਾਂ ਲੋਕਪ੍ਰਿਅਤਾ ਦੇ ਲਿਹਾਜ਼ ਨਾਲ ਅੱਜ ਵੀ ਈ-ਪੁਸਤਕਾਂ ਨਾਲੋਂ ਅੱਗੇ ਹਨ।
ਪਿਛਲੇ ਦਿਨੀਂ ਨਵੀਂ ਦਿੱਲੀ ਦੇ ਪ੍ਰਗਤੀ ਮੈਦਾਨ ਵਿਚ ਸੰਪੰਨ ਹੋਏ 'ਨਵੀਂ ਦਿੱਲੀ ਵਿਸ਼ਵ ਪੁਸਤਕ ਮੇਲੇ' ਵਿਚ 12 ਲੱਖ ਤੋਂ ਵੱਧ ਲੋਕਾਂ ਦਾ ਪਹੁੰਚਣਾ ਇਹ ਦਰਸਾਉਂਦਾ ਹੈ ਕਿ ਪੁਸਤਕ ਪ੍ਰੇਮੀਆਂ ਦੀ ਕੋਈ ਕਮੀ ਨਹੀਂ ਹੈ। ਸਮਾਰਟ ਫੋਨ ਜਨਰੇਸ਼ਨ ਦਾ ਵੀ ਕਹਿਣਾ ਹੈ ਕਿ ਜਿਸ ਤਰ੍ਹਾਂ ਪੁਸਤਕ ਮੇਲਿਆਂ ਵਿਚ ਪੁਸਤਕਾਂ ਦਾ ਫੀਲ ਆਉਂਦਾ ਹੈ, ਉਹ ਆਨਲਾਈਨ ਕਦੇ ਨਹੀਂ ਆਉਂਦਾ।
ਜੇ ਅਸੀਂ ਚਾਹੁੰਦੇ ਹਾਂ ਕਿ ਸਟੋਰਾਂ ਵਿਚ ਬੰਦ ਪੁਸਤਕਾਂ ਬਾਹਰ ਨਿਕਲ ਕੇ ਲੋਕਾਂ ਨੂੰ ਮਿਲਣ ਅਤੇ ਉਨ੍ਹਾਂ ਦੇ ਘਰਾਂ ਤੱਕ ਜਾਣ ਤਾਂ ਪੁਸਤਕ ਮੇਲਿਆਂ, ਪੁਸਤਕ ਬਾਜ਼ਾਰਾਂ ਅਤੇ ਚਲਦੀਆਂ-ਫਿਰਦੀਆਂ ਪੁਸਤਕ ਪ੍ਰਦਰਸ਼ਨੀਆਂ ਦਾ ਪ੍ਰਬੰਧ ਕਰਨਾ ਜ਼ਰੂਰੀ ਹੋ ਜਾਂਦਾ ਹੈ।
ਇਸ ਸੰਦਰਭ ਵਿਚ ਨੈਸ਼ਨਲ ਬੁੱਕ ਟਰੱਸਟ ਇੰਡੀਆ 'ਨਵੀਂ ਦਿੱਲੀ ਵਿਸ਼ਵ ਪੁਸਤਕ ਮੇਲਾ' ਅਤੇ ਭਾਰਤੀ ਪ੍ਰਕਾਸ਼ਨ ਸੰਘ ਵਲੋਂ 'ਦਿੱਲੀ ਪੁਸਤਕ ਮੇਲਾ' ਹਰ ਸਾਲ ਨਵੀਂ ਦਿੱਲੀ ਦੇ ਪ੍ਰਗਤੀ ਮੈਦਾਨ ਵਿਚ ਲਗਾਇਆ ਜਾਂਦਾ ਹੈ। ਇਸ ਤੋਂ ਇਲਾਵਾ ਹੁਣ ਹੋਰ ਵੀ ਕਈ ਸੰਸਥਾਵਾਂ ਸਾਹਮਣੇ ਆ ਰਹੀਆਂ ਹਨ, ਜੋ ਪੁਸਤਕ ਮੇਲਿਆਂ ਦਾ ਲਗਾਤਾਰ ਪ੍ਰਬੰਧ ਕਰ ਰਹੀਆਂ ਹਨ। ਇਨ੍ਹਾਂ ਵਿਚੋਂ ਇਕ ਪ੍ਰਮੁੱਖ ਆਯੋਜਨ ਹਰ ਸਾਲ ਫਰਵਰੀ ਦੇ ਸ਼ੁਰੂ ਵਿਚ ਲੱਗਣ ਵਾਲਾ 'ਕੋਲਕਾਤਾ ਪੁਸਤਕ ਮੇਲਾ' ਹੈ। ਜੇਕਰ ਪੁਸਤਕ ਮੇਲੇ ਦੇਸ਼ ਦੇ ਕੋਨੇ-ਕੋਨੇ ਵਿਚ ਲਗਾਏ ਜਾਣ ਤਾਂ ਇਨ੍ਹਾਂ ਨੂੰ ਦੇਖਣ ਅਤੇ ਪੁਸਤਕਾਂ ਖਰੀਦਣ ਵਾਲਿਆਂ ਦੀ ਗਿਣਤੀ ਵਿਚ ਵੱਡਾ ਵਾਧਾ ਹੋ ਸਕਦਾ ਹੈ।
ਇਸ ਹੀ ਲੜੀ ਵਿਚ ਹਰ ਐਤਵਾਰ ਨੂੰ ਰਾਜਧਾਨੀ ਦਿੱਲੀ ਦੇ ਦਰਿਆਗੰਜ ਵਿਖੇ ਸੜਕ ਦੀਆਂ ਪਟੜੀਆਂ 'ਤੇ ਲੱਗਣ ਵਾਲਾ ਪੁਸਤਕ ਬਾਜ਼ਾਰ ਪੁਸਤਕ ਪ੍ਰੇਮੀਆਂ ਲਈ ਹਮੇਸ਼ਾ ਹੀ ਖਿੱਚ ਦਾ ਕੇਂਦਰ ਰਿਹਾ ਹੈ। ਇਹ ਪੁਸਤਕ ਬਾਜ਼ਾਰ ਦੁਰਲੱਭ ਪੁਰਾਣੀਆਂ ਪੁਸਤਕਾਂ ਲਈ ਜਾਣਿਆ ਜਾਂਦਾ ਹੈ।
ਕੋਲਕਾਤਾ ਵਿਚ ਵੀ ਇਸ ਤਰ੍ਹਾਂ ਦਾ ਹੀ ਪੁਸਤਕ ਬਾਜ਼ਾਰ ਕਾਲਜ ਸਟਰੀਟ ਵਿਖੇ ਲਗਦਾ ਹੈ। ਉਥੇ ਵੀ ਪੁਰਾਣੀਆਂ ਪੁਸਤਕਾਂ ਵੇਚੀਆਂ ਅਤੇ ਖਰੀਦੀਆਂ ਜਾਂਦੀਆਂ ਹਨ। ਮੁੰਬਈ ਦੇ ਫਲੋਰਾ ਫਾਊਂਨਟੇਨ ਵਿਖੇ ਵੀ ਪੁਸਤਕ ਬਾਜ਼ਾਰ ਲਗਦਾ ਹੈ। ਪਰ ਦਰਿਆਗੰਜ ਵਿਚ ਲੱਗਣ ਵਾਲਾ ਪੁਸਤਕ ਬਾਜ਼ਾਰ ਆਪਣੇ-ਆਪ ਵਿਚ ਵਿਲੱਖਣ ਹੈ।
'ਐਤਵਾਰ ਪੁਸਤਕ ਬਾਜ਼ਾਰ' ਵਿਚੋਂ ਹਰ ਵਿਸ਼ੇ ਦੀਆਂ ਅੰਗਰੇਜ਼ੀ ਅਤੇ ਹਿੰਦੀ ਦੀਆਂ ਪੁਸਤਕਾਂ ਦੇ ਨਾਲ-ਨਾਲ ਹੋਰ ਭਾਰਤੀ ਭਾਸ਼ਾਵਾਂ ਦੀਆਂ ਪੁਸਤਕਾਂ ਵੀ ਇਥੋਂ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ। ਇਥੋਂ ਮਹਾਨ ਵਿਅਕਤੀਆਂ ਦੀਆਂ ਜੀਵਨੀਆਂ, ਕੈਲੰਡਰ, ਜੰਤਰੀਆਂ, ਪੋਸਟਰ, ਬੁਝਾਰਤਾਂ ਦੀਆਂ ਪੁਸਤਕਾਂ, ਦਾਖਲਾ ਪ੍ਰੀਖਿਆ ਪੁਸਤਕਾਂ, ਕੌਫੀ ਟੇਬਲ ਪੁਸਤਕਾਂ, ਇਨਸਾਈਕਲੋਪੀਡੀਆ ਅਤੇ ਮੈਗਜ਼ੀਨ ਇਕ ਹੀ ਥਾਂ ਆਪਣੀਆਂ ਨਿਰਧਾਰਤ ਕੀਮਤਾਂ ਨਾਲੋਂ ਅੱਧੇ ਮੁੱਲ 'ਤੇ ਮਿਲ ਸਕਦੇ ਹਨ।
ਪਰ ਪਿਛਲੇ ਕੁਝ ਹਫਤਿਆਂ ਤੋਂ ਉੱਤਰੀ ਦਿੱਲੀ ਮਿਊਂਸਪਲ ਕਾਰਪੋਰੇਸ਼ਨ ਨੇ 'ਐਤਵਾਰ ਪੁਸਤਕ ਬਾਜ਼ਾਰ' ਲੱਗਣ ਨਹੀਂ ਦਿੱਤਾ ਹੈ। ਅਧਿਕਾਰੀਆਂ ਨੇ ਕਿਹਾ ਸੀ ਕਿ ਸ਼ਹਿਰ ਨੂੰ ਸੁੰਦਰ ਬਣਾਉਣ ਲਈ ਅਜਿਹਾ ਕੀਤਾ ਜਾ ਰਿਹਾ ਹੈ।
ਇਹ ਮੰਦਭਾਗੀ ਖ਼ਬਰ ਸਭ ਪੁਸਤਕ ਪ੍ਰੇਮੀਆਂ ਲਈ ਉਦਾਸੀ ਅਤੇ ਗੁੱਸੇ ਦਾ ਕਾਰਨ ਬਣੀ ਹੋਈ ਹੈ। ਯਾਦ ਰਹੇ ਕਿ 1990 ਵਿਚ ਵੀ ਇਹ ਪੁਸਤਕ ਬਾਜ਼ਾਰ ਬੰਦ ਕਰ ਦਿੱਤਾ ਗਿਆ ਸੀ। ਉਸ ਸਮੇਂ ਵੀ ਕੁਝ ਪ੍ਰਸਿੱਧ ਸਾਹਿਤਕਾਰ ਅਤੇ ਵਿਦਵਾਨ ਅੱਗੇ ਆਏ ਸਨ, ਜਿਨ੍ਹਾਂ ਨੇ ਇਸ ਪੁਸਤਕ ਬਾਜ਼ਾਰ ਨੂੰ ਦੁਬਾਰਾ ਸ਼ੁਰੂ ਕਰਨ ਲਈ ਉਦੋਂ ਦੇ ਪ੍ਰਧਾਨ ਮੰਤਰੀ ਸ੍ਰੀ ਨਰਸਿਮ੍ਹਾ ਰਾਓ, ਜੋ ਖੁਦ ਇਕ ਚੰਗੇ ਪਾਠਕ ਅਤੇ ਕਈ ਪੁਸਤਕਾਂ ਦੇ ਲੇਖਕ ਸਨ, ਨੂੰ ਪੱਤਰ ਲਿਖ ਕੇ ਆਮ ਲੋਕਾਂ ਦੀ ਪੀੜਾ ਨੂੰ ਪਹੁੰਚਾਇਆ ਸੀ। ਪ੍ਰਧਾਨ ਮੰਤਰੀ ਨੇ ਉਨ੍ਹਾਂ ਦੀ ਜਾਇਜ਼ ਮੰਗ ਨੂੰ ਸਵੀਕਾਰ ਕਰਦੇ ਹੋਏ ਪੁਸਤਕ ਬਾਜ਼ਾਰ ਫਿਰ ਸ਼ੁਰੂ ਕਰਨ ਦੇ ਹੁਕਮ ਜਾਰੀ ਕੀਤੇ ਸਨ।
ਅੱਜ ਲੋੜ ਇਸ ਗੱਲ ਦੀ ਹੈ ਕਿ ਪੁਸਤਕ ਨੂੰ ਆਮ ਜ਼ਰੂਰਤ ਦੀ ਵਸਤੂ ਬਣਾਇਆ ਜਾਵੇ ਅਤੇ ਹਰ ਹੱਥ ਵਿਚ ਕਿਤਾਬ ਦਿੱਤੀ ਜਾਵੇ। ਇਕ ਬਿਹਤਰ ਸਮਾਜ ਦੀ ਸਿਰਜਣਾ ਅਤੇ ਦੇਸ਼ ਦਾ ਤੇਜ਼ ਗਤੀ ਨਾਲ ਵਿਕਾਸ ਕਰਨ ਲਈ ਆਮ ਲੋਕਾਂ ਅਤੇ ਖਾਸ ਕਰਕੇ ਨੌਜਵਾਨ ਪੀੜ੍ਹੀ ਨੂੰ ਪੁਸਤਕਾਂ ਨਾਲ ਜੋੜਿਆ ਜਾਣਾ ਬਹੁਤ ਜ਼ਰੂਰੀ ਹੈ, ਤਾਂ ਹੀ ਸਮਾਜ ਵਿਚ ਸੰਵੇਦਨਾ ਅਤੇ ਇਕ-ਦੂਜੇ ਨੂੰ ਸਮਝਣ ਦੀ ਭਾਵਨਾ ਬਣੀ ਰਹਿ ਸਕਦੀ ਹੈ।

-ਸਾਬਕਾ ਸੰਪਾਦਕ (ਪੰਜਾਬੀ) ਨੈਸ਼ਨਲ ਬੁੱਕ ਟਰੱਸਟ ਇੰਡੀਆ। ਮੋਬਾ: 072919-45654
misardeep@gmail.com


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX