ਤਾਜਾ ਖ਼ਬਰਾਂ


ਹਾਲੈਂਡ ਨੇ ਆਸਟ੍ਰੇਲੀਆ ਨੂੰ ਹਰਾ ਕੇ, ਫਾਈਨਲ 'ਚ ਬਣਾਈ ਥਾਂ
. . .  1 day ago
ਭੁਵਨੇਸ਼ਵਰ 15 ਦਸੰਬਰ (ਚਹਿਲ)- ਪਿਛਲੀ ਚੈਂਪੀਅਨ ਆਸਟ੍ਰੇਲੀਆ ਦੀ ਟੀਮ ਨੂੰ ਸਡਨ ਡੈੱਥ ਰਾਹੀਂ ਹਰਾ ਕੇ, ਹਾਲੈਂਡ ਦੀ ਟੀਮ ਨੇ ਵਿਸ਼ਵ ਕੱਪ ਹਾਕੀ ਦੇ ਫਾਈਨਲ 'ਚ ਥਾਂ ਬਣਾ ਲਈ ...
ਸਾਡੀ ਦਲੀਲ ਨੂੰ ਗਲਤ ਸਮਝਿਆ ਗਿਆ - ਸਰਕਾਰ ਨੇ ਸੁਪਰੀਮ ਕੋਰਟ 'ਚ ਦਾਖਲ ਕੀਤੀ ਅਰਜ਼ੀ
. . .  1 day ago
ਨਵੀਂ ਦਿੱਲੀ, 15 ਦਸੰਬਰ - ਰਾਫੇਲ ਸੌਦੇ ਨੂੰ ਲੈ ਕੇ ਮਚੇ ਘਮਸਾਣ ਵਿਚਕਾਰ ਮੋਦੀ ਸਰਕਾਰ ਨੇ ਆਪਣੇ ਬਚਾਅ 'ਚ ਸਫ਼ਾਈ ਪੇਸ਼ ਕੀਤੀ ਹੈ। ਕੇਂਦਰ ਵੱਲੋਂ ਸੁਪਰੀਮ ਕੋਰਟ 'ਚ ਅਰਜ਼ੀ ਦਾਖਲ ਕੀਤੀ ਗਈ ਹੈ। ਜਿਸ ਵਿਚ ਸਰਕਾਰ ਨੇ ਕਿਹਾ ਹੈ ਕਿ ਉਸ ਨੇ ਕੋਰਟ ਨੂੰ ਗੁਮਰਾਹ ਨਹੀਂ...
ਨਾਮਜ਼ਦਗੀਆਂ ਭਰਨ ਦੇ ਪਹਿਲੇ ਦਿਨ ਚਾਹਵਾਨ ਉਮੀਦਵਾਰਾਂ ਨੇ ਭਰੀਆਂ ਫਾਈਲਾਂ
. . .  1 day ago
ਬੈਲਜੀਅਮ ਵਿਸ਼ਵ ਕੱਪ ਹਾਕੀ ਦੇ ਫਾਈਨਲ 'ਚ ਪੁੱਜਿਆ
. . .  1 day ago
ਭੁਵਨੇਸ਼ਵਰ 15 ਦਸੰਬਰ (ਚਹਿਲ)- ਇੱਥੇ ਕਾਲਿੰਗਾ ਸਟੇਡੀਅਮ 'ਚ ਚੱਲ ਰਹੇ ਉਡੀਸ਼ਾ ਵਿਸ਼ਵ ਕੱਪ ਹਾਕੀ ਦੇ ਟੂਰਨਾਮੈਂਟ ਦੇ ਪਹਿਲੇ ਸੈਮੀਫਾਈਨਲ 'ਚ ਬੈਲਜ਼ੀਅਮ ਦੀ ਟੀਮ ਨੇ ਇੰਗਲੈਂਡ ਨੂੰ 6-੦ ਦੇ ਵੱਡੇ ਅੰਤਰ ਨਾਲ ਹਰਾਕੇ, ਪਹਿਲੀ ਵਾਰ ਆਲਮੀ ਕੱਪ ਦੇ ਫਾਈਨਲ 'ਚ ਖੇਡਣ ਦਾ...
ਦਿੱਲੀ ਹਾਈਕੋਰਟ ਸਜਣ ਕੁਮਾਰ 'ਤੇ ਸੋਮਵਾਰ ਸੁਣਾਏਗਾ ਅਹਿਮ ਫ਼ੈਸਲਾ
. . .  1 day ago
ਨਵੀਂ ਦਿੱਲੀ, 15 ਦਸੰਬਰ - ਦਿੱਲੀ ਹਾਈਕੋਰਟ 17 ਦਸੰਬਰ ਸੋਮਵਾਰ ਨੂੰ 1984 ਸਿੱਖ ਕਤਲੇਆਮ ਮਾਮਲੇ 'ਚ ਸੱਜਣ ਕੁਮਾਰ ਨੂੰ ਬਰੀ ਕੀਤੇ ਜਾਣ ਖਿਲਾਫ ਅਰਜ਼ੀ 'ਤੇ ਫ਼ੈਸਲਾ...
ਚੋਰਾਂ ਦੇ ਹੌਸਲੇ ਬੁਲੰਦ, ਖੇਤਾਂ 'ਚੋਂ ਨਿਰੰਤਰ ਟਰਾਂਸਫਾਰਮ ਚੋਰੀ ਕਰਨ ਦਾ ਸਿਲਸਿਲਾ ਜਾਰੀ
. . .  1 day ago
ਜੈਤੋ, 15 ਦਸੰਬਰ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਚੋਰਾਂ ਦੇ ਹੋਏ ਹੌਸਲੇ ਬੁਲੰਦ 'ਤੇ ਕਿਸਾਨਾਂ ਦੇ ਖੇਤਾਂ ਵਿਚੋਂ ਨਿਰੰਤਰ ਟਰਾਂਸਫਾਰਮ ਚੋਰੀ ਕਰਨ ਦਾ ਸਿਲਸਿਲਾ ਜਾਰੀ ਪ੍ਰੰਤੂ ਪੁਲਿਸ ਪ੍ਰਸ਼ਾਸਨ ਚੋਰਾਂ ਨੂੰ ਕਾਬੂ ਕਰਨ 'ਚ ਪੂਰੀ ਅਸਫਲ ਸਾਬਤ ਹੋਇਆ। ਪ੍ਰਾਪਤ...
ਸੁਲਤਾਨਪੁਰ ਲੋਧੀ ਵਿਖੇ ਨੌਜਵਾਨ ਦੀ ਸ਼ੱਕੀ ਹਾਲਤ 'ਚ ਮੌਤ
. . .  1 day ago
ਸੁਲਤਾਨਪੁਰ ਲੋਧੀ, 15 ਦਸੰਬਰ (ਜਗਮੋਹਨ ਸਿੰਗ ਥਿੰਦ, ਨਰੇਸ਼ ਹੈਪੀ)- ਜ਼ਮੀਨੀ ਝਗੜੇ ਦੇ ਚਲਦਿਆ ਸੁਲਤਾਨ ਲੋਧੀ ਵਿਖੇ ਦਰਸ਼ਨ ਸਿੰਘ ਨਾਂਅ ਦੇ ਨੌਜਵਾਨ ਦੀ ਸ਼ੱਕੀ ਹਾਲਤ 'ਚ ਮੌਤ ਹੋਣ ਦੀ ਖ਼ਬਰ ਮਿਲੀ ਹੈ। ਪਰਿਵਾਰਕ ਮੈਂਬਰਾਂ ਅਤੇ ਜਥੇਬੰਦੀਆਂ ਵੱਲੋਂ ਸਿਵਲ .....
ਗ੍ਰਾਮ ਪੰਚਾਇਤਾਂ ਦੀਆਂ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦੀ ਪ੍ਰਕਿਰਿਆ ਹੋਈ ਸ਼ੁਰੂ
. . .  1 day ago
ਨਰੋਟ ਜੈਮਲ ਸਿੰਘ, 15 ਦਸੰਬਰ (ਗੁਰਮੀਤ ਸਿੰਘ)- ਸੂਬੇ 'ਚ 30 ਦਸੰਬਰ ਨੂੰ ਹੋਣ ਜਾ ਰਹੀਆਂ ਗ੍ਰਾਮ ਪੰਚਾਇਤਾਂ ਦੀਆਂ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦੀ ਪ੍ਰਕਿਰਿਆ ਅੱਜ ਸ਼ੁਰੂ ਹੋ ਗਈ ਹੈ। ਹਾਲਾਂਕਿ ਨਾਮਜ਼ਦਗੀ ਪੱਤਰ ਭਰਨ ਦੇ ਪਹਿਲੇ ਦਿਨ ਸਰਪੰਚ ਅਤੇ......
ਅਗਸਤਾ ਵੈਸਟਲੈਂਡ ਮਾਮਲਾ : 19 ਦਸੰਬਰ ਨੂੰ ਹੋਵੇਗੀ ਮਿਸ਼ੇਲ ਦੀ ਜ਼ਮਾਨਤ ਪਟੀਸ਼ਨ 'ਤੇ ਸੁਣਵਾਈ
. . .  1 day ago
ਨਵੀਂ ਦਿੱਲੀ, 15 ਦਸੰਬਰ- ਅਗਸਤਾ ਵੈਸਟਲੈਂਡ ਮਾਮਲੇ 'ਚ ਸੀ.ਬੀ.ਆਈ. ਵਕੀਲ ਨੇ ਕੋਰਟ ਨੂੰ ਦੱਸਿਆ ਕਿ ਹੈਲੀਕਾਪਟਰ ਸੌਦੇ ਦੇ ਕਥਿਤ ਵਿਚੋਲੀਏ ਕ੍ਰਿਸਟੀਅਨ ਮਿਸ਼ੇਲ ਦੇ ਵਕੀਲ ਦਾ ਮਾਮਲਾ ਵਿਦੇਸ਼ ਮੰਤਰਾਲੇ 'ਚ ਵਿਚਾਰ ਅਧੀਨ ਹੈ। ਮਿਸ਼ੇਲ ਦੀ ਜ਼ਮਾਨਤ ਪਟੀਸ਼ਨ ....
ਛੱਤੀਸਗੜ੍ਹ : ਕੱਲ੍ਹ ਹੋਵੇਗਾ ਮੁੱਖ ਮੰਤਰੀ ਦੇ ਨਾਂਅ ਦਾ ਐਲਾਨ- ਪੀ.ਐਲ. ਪੁਨੀਆ
. . .  1 day ago
ਰਾਏਪੁਰ, 15 ਦਸੰਬਰ- ਛੱਤੀਸਗੜ੍ਹ ਕਾਂਗਰਸ ਦੇ ਸੀਨੀਅਰ ਆਗੂ ਪੀ.ਐਲ. ਪੁਨੀਆ ਨੇ ਕਿਹਾ ਕਿ ਰਾਏਪੁਰ 'ਚ ਐਤਵਾਰ ਨੂੰ ਇਕ ਬੈਠਕ ਹੋਵੇਗੀ। ਇਸ ਤੋਂ ਬਾਅਦ ਹੀ ਮੁੱਖ ਮੰਤਰੀ ਦੇ ਨਾਂਅ ਦਾ ਐਲਾਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਰਾਜਪਾਲ ਨੇ ਉਨ੍ਹਾਂ ਨੂੰ ਸਹੁੰ ਚੁੱਕ ਸਮਾਗਮ ਲਈ ....
ਹੋਰ ਖ਼ਬਰਾਂ..

ਸਾਡੇ ਪਿੰਡ ਸਾਡੇ ਖੇਤ

ਬਹਾਰ ਰੁੱਤੀ ਮੱਕੀ ਵਿਚ ਪਾਣੀ ਦੀ ਸੁਯੋਗ ਵਰਤੋਂ ਲਈ ਕੁਝ ਨੁਕਤੇ

ਪੰਜਾਬ ਵਿਚ ਖ਼ਾਸ ਕਰਕੇ ਦੁਆਬੇ ਦੇ ਇਲਾਕੇ ਵਿਚ ਬਹਾਰ ਰੁੱਤ ਵਿਚ ਮੱਕੀ ਦੀ ਕਾਸ਼ਤ ਬਹੁਤ ਪ੍ਰਚੱਲਿਤ ਹੋ ਗਈ ਹੈ। ਆਲੂ, ਮਟਰ ਅਤੇ ਗੰਨੇ ਦੀ ਫ਼ਸਲ ਤੋਂ ਬਾਅਦ ਇਹ ਫ਼ਸਲ ਬਹੁਤ ਢੁੱਕਵੀਂ ਅਤੇ ਮੁਨਾਫ਼ੇ ਵਾਲੀ ਸਾਬਿਤ ਹੋ ਰਹੀ ਹੈ। ਬਹਾਰ ਰੁੱਤ ਦਾ ਇਹ ਮੌਸਮ ਇਸ ਫ਼ਸਲ ਲਈ ਬਹੁਤ ਅਨੁਕੂਲ ਹੋਣ ਕਾਰਨ ਅਤੇ ਇਸ ਸਮੇਂ ਦੌਰਾਨ ਕੀੜੇ-ਬਿਮਾਰੀਆਂ ਦਾ ਹਮਲਾ ਘੱਟ ਹੋਣ ਕਾਰਨ ਇਸ ਫ਼ਸਲ ਤੋਂ ਚੰਗਾ ਝਾੜ ਪ੍ਰਾਪਤ ਕੀਤਾ ਜਾ ਸਕਦਾ ਹੈ। ਕੀਤੇ ਗਏ ਸਰਵੇਖਣਾਂ ਤੋਂ ਪਤਾ ਲਗਦਾ ਹੈ ਕਿ ਜਿਥੇ ਕਿਸਾਨ ਇਸ ਫ਼ਸਲ ਦਾ ਚੌਖਾ (ਦਾਣਿਆਂ ਵਿਚ 14 ਫ਼ੀਸਦੀ ਨਮੀ 'ਤੇ ਪ੍ਰਤੀ ਏਕੜ 30-35 ਕੁਇੰਟਲ) ਝਾੜ ਪ੍ਰਾਪਤ ਕਰ ਰਹੇ ਹਨ, ਉਥੇ ਨਾਲ ਹੀ ਇਸ ਫ਼ਸਲ ਦੀ ਕਾਸ਼ਤ ਲਈ ਸਿੰਚਾਈ ਪਾਣੀ ਦੀ ਵੀ ਚੋਖੀ ਵਰਤੋਂ ਕਰ ਰਹੇ ਹਨ। ਸਿੰਚਾਈ ਪਾਣੀ ਦੀ ਇਸ ਮਾਤਰਾ ਵਿਚ ਵਰਤੋਂ ਇਸ ਇਲਾਕੇ ਵਿਚ ਤੇਜ਼ੀ ਨਾਲ ਘੱਟ ਰਹੇ ਭੂਮੀ ਹੇਠਲੇ ਜਲ-ਸਰੋਤਾਂ ਲਈ ਚਿੰਤਾ ਦਾ ਗੰਭੀਰ ਵਿਸ਼ਾ ਹੈ। ਸਿੰਚਾਈ ਪਾਣੀ ਦੀ ਸੰਜਮ ਨਾਲ ਵਰਤੋਂ ਸਮੇਂ ਦੀ ਲੋੜ ਹੈ ਅਤੇ ਬਹਾਰ ਰੁੱਤ ਦੀ ਮੱਕੀ ਵਿਚ ਹੇਠ ਲਿਖੇ ਨੁਕਤੇ ਅਪਣਾ ਕੇ ਸਿੰਚਾਈ ਪਾਣੀ ਦੀ ਯੋਗ ਵਰਤੋਂ ਕੀਤੀ ਜਾ ਸਕਦੀ ਹੈ :-
1. ਕਿਸਮਾਂ : ਪਾਣੀ ਅਤੇ ਹੋਰ ਸਾਧਨਾਂ ਦੀ ਯੋਗ ਵਰਤੋਂ ਕਰਨ ਲਈ ਛੋਟੀ ਉਮਰ ਦੀਆਂ ਕਿਸਮਾਂ ਦੀ ਕਾਸ਼ਤ ਨੂੰ ਤਰਜੀਹ ਦੇਣੀ ਚਾਹੀਦੀ ਹੈ ਤਾਂ ਜੋ ਇਹ ਫ਼ਸਲ ਪੱਕਣ ਸਮੇਂ (ਮਈ-ਜੂਨ) ਅਤਿ ਦੀ ਗਰਮੀ ਅਤੇ ਪਾਣੀ ਦੀ ਬਹੁਤੇਰੀ ਲੋੜ ਤੋਂ ਬੱਚ ਸਕੇ। ਪੀ. ਐਮ. ਐਚ.-10, ਪੀ. ਐਮ. ਐਚ.-8, ਪੀ. ਐਮ. ਐਚ.-7, ਪੀ. ਐਮ. ਐਚ.-1 ਅਤੇ ਡੀ. ਕੇ. ਸੀ. 9108 ਕਿਸਮਾਂ ਨੂੰ ਇਸ ਸਮੇਂ ਵਿਚ ਬਿਮਾਰੀਆਂ ਅਤੇ ਕੀੜਿਆਂ ਨਾਲ ਟਾਕਰਾ ਕਰਨ ਅਤੇ ਚੰਗਾ ਝਾੜ ਦੇਣ ਦੀ ਸਮਰੱਥਾ ਦੇ ਆਧਾਰ 'ਤੇ ਕਾਸ਼ਤ ਕਰਨ ਲਈ ਸਿਫ਼ਾਰਿਸ਼ ਕੀਤਾ ਗਿਆ ਹੈ।
2. ਬਿਜਾਈ ਸਮਾਂ : ਇਸ ਦੀ ਬਿਜਾਈ ਲਈ ਢੁੱਕਵਾਂ ਸਮਾਂ 20 ਜਨਵਰੀ ਤੋਂ 15 ਫ਼ਰਵਰੀ ਤੱਕ ਨਿਸਚਿਤ ਕੀਤਾ ਗਿਆ ਹੈ। ਦੇਰੀ ਨਾਲ ਬਿਜਾਈ ਕਰਨ ਨਾਲ ਇਸ ਦਾ ਪੱਕਣ ਵਾਲਾ ਸਮਾਂ ਬਹੁਤ ਗਰਮ ਅਤੇ ਖੁਸ਼ਕ ਮੌਸਮ ਵਿਚ ਆ ਜਾਂਦਾ ਹੈ ਜਿਸ ਨਾਲ ਇਸ ਦੇ ਪਰਾਗ ਕਣ ਸੁੱਕ ਜਾਂਦੇ ਹਨ ਅਤੇ ਪਰਾਗਣ ਕਿਰਿਆ ਠੀਕ ਢੰਗ ਨਾਲ ਨਹੀਂ ਹੋ ਸਕਦੀ। ਸਰਵੇਖਣਾਂ ਵਿਚ ਇਹ ਤੱਥ ਉੱਭਰ ਕੇ ਸਾਹਮਣੇ ਆਇਆ ਕਿ ਦੇਰੀ ਨਾਲ ਬੀਜੀ ਫ਼ਸਲ ਦੀਆਂ ਛਲੀਆਂ ਵਿਚ ਅਕਸਰ ਉੱਪਰਲੇ ਹਿੱਸਿਆਂ ਵਿਚ ਦਾਣੇ ਨਹੀਂ ਬਣਦੇ ਅਤੇ ਛਲੀਆਂ ਉਪਰੋਂ ਖਾਲੀ ਰਹਿ ਜਾਂਦੀਆਂ ਹਨ ਜਿਸ ਨਾਲ ਝਾੜ ਘੱਟ ਜਾਂਦਾ ਹੈ। ਇਸ ਗਰਮ ਅਤੇ ਖੁਸ਼ਕ ਮੌਸਮ ਵਿਚ ਫ਼ਸਲ ਨੂੰ ਕੁਮਲਾਉਣ ਤੋਂ ਬਚਾਉਣ ਲਈ ਪਾਣੀ ਵੀ ਜਿਆਦਾ ਲਾਉਣੇ ਪੈਂਦੇ ਹਨ, ਜਿਸ ਕਾਰਨ ਪਾਣੀ ਅਤੇ ਖਾਦਾਂ ਦੀ ਯੋਗ ਵਰਤੋਂ ਨਹੀਂ ਹੁੰਦੀ ਅਤੇ ਖ਼ਰਚਾ ਵੀ ਵੱਧਦਾ ਹੈ।
3. ਬਿਜਾਈ ਢੰਗ: ਬਿਜਾਈ ਪੂਰਬ-ਪੱਛਮ ਦਿਸ਼ਾ ਵਿਚ 60 ਸੈਂਟੀਮੀਟਰ ਦੀ ਵਿੱਥ 'ਤੇ ਬਣਾਈਆਂ ਵੱਟਾਂ ਜਾਂ 67.5 ਸੈਂਟੀਮੀਟਰ ਦੀ ਵਿੱਥ 'ਤੇ ਬਣਾਏ ਬੈਡਾਂ ਦੀ ਦੱਖਣੀ ਢਲਾਨ ਉੱਤੇ ਹੇਠੋਂ 6-7 ਸੈਂਟੀਮੀਟਰ ਦੀ ਉੱਚਾਈ 'ਤੇ ਚੋਕੇ ਲਾ ਕੇ ਕਰਨ ਨੂੰ ਤਰਜੀਹ ਦੇਣੀ ਚਾਹੀਦੀ ਹੈ। ਦੱਖਣੀ ਢਲਾਨਾਂ ਸੂਰਜੀ ਊਰਜਾ ਨੂੰ ਜਜ਼ਬ ਕਰ ਲੈਂਦੀਆਂ ਹਨ ਅਤੇ ਇਨ੍ਹਾਂ ਢਲਾਨਾਂ ਦਾ ਤਾਪਮਾਨ ਪੱਧਰੀ ਧਰਤੀ ਜਾਂ ਵੱਟਾਂ ਦੇ ਸਿਰਿਆਂ ਨਾਲੋਂ 2-3 ਸੈਂਟੀਗਰੇਡ ਜ਼ਿਆਦਾ ਹੁੰਦਾ ਹੈ। ਫ਼ਸਲ ਦੀ ਬਿਜਾਈ ਸਮੇਂ ਦੇ ਠੰਢੇ ਮੌਸਮ ਵਿਚ ਇਹ ਕੁਝ ਵੱਧ ਤਾਪਮਾਨ ਫ਼ਸਲ ਦੇ ਉੱਗਣ ਅਤੇ ਸ਼ੁਰੂ ਵਿਚ ਹੋਣ ਵਾਲੇ ਵਾਧੇ ਵਿਚ ਬਹੁਤ ਜ਼ਿਆਦਾ ਸਹਾਈ ਹੁੰਦਾ ਹੈ। ਵੱਟਾਂ ਜਾਂ ਬੈੱਡਾਂ ਵਿਚ ਬਿਜਾਈ ਕਰਨ ਨਾਲ ਸਿੰਚਾਈ ਪਾਣੀ ਸਿਰਫ਼ ਖਾਲੀਆਂ ਵਿਚ ਪੈਣ ਕਾਰਨ ਪਾਣੀ ਦੀ ਵੀ ਕਾਫ਼ੀ ਬੱਚਤ ਹੋ ਜਾਂਦੀ ਹੈ।
ਸੋ, ਉੱਪਰ ਦੱਸੇ ਕੁਝ ਨੁਕਤੇ ਅਪਣਾ ਕੇ ਕਿਸਾਨ ਵੀਰ ਮੱਕੀ ਦੀ ਇਸ ਫ਼ਸਲ ਤੋਂ ਜਿਥੇ ਚੰਗਾ ਝਾੜ ਅਤੇ ਜ਼ਿਆਦਾ ਮੁਨਾਫ਼ਾ ਪ੍ਰਾਪਤ ਕਰ ਸਕਦੇ ਹਨ ਉੱਥੇ ਪਾਣੀ ਦੀ ਸੁਯੋਗ ਵਰਤੋਂ ਕਰਕੇ ਇਸ ਅਨਮੋਲ ਕੁਦਰਤੀ ਸਾਧਨ ਨੂੰ ਵੀ ਅਗਲੀਆਂ ਪੀੜ੍ਹੀਆਂ ਲਈ ਬਚਾ ਸਕਦੇ ਹਨ।


-ਪਸਾਰ ਮਾਹਿਰ (ਫ਼ਸਲ ਵਿਗਿਆਨ)
ਫ਼ਾਰਮ ਸਲਾਹਕਾਰ ਸੇਵਾ ਕੇਂਦਰ, ਜਲੰਧਰ
ਪੰਜਾਬ ਖੇਤੀਬਾੜੀ ਯੂਨੀਵਰਸਿਟੀ।


ਖ਼ਬਰ ਸ਼ੇਅਰ ਕਰੋ

ਪੰਜਾਬ ਵਿਚ ਸ਼ਹਿਦ ਇਨਕਲਾਬ ਦਾ ਰਚੇਤਾ

ਅਵਤਾਰ ਸਿੰਘ ਅਟਵਾਲ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਪੰਜਾਬ ਵਿਚ ਖੇਤੀ ਦੀ ਪੜ੍ਹਾਈ ਨੂੰ ਨਵੀਂ ਦਿਸ਼ਾ ਦੇਣ ਵਿਚ ਉਨ੍ਹਾਂ ਦੀ ਦੇਣ ਹਮੇਸ਼ਾ ਯਾਦ ਰਹੇਗੀ। ਉਨ੍ਹਾਂ ਨੇ ਪੜ੍ਹਾਈ ਦਾ ਨਵਾਂ ਤਿਮਾਹੀ ਢੰਗ ਸ਼ੁਰੂ ਕੀਤਾ ਜਿਸ ਵਿਚ ਪੜ੍ਹਾਉਣ ਵਾਲਾ ਅਧਿਆਪਕ ਹੀ ਇਮਤਿਹਾਨ ਲੈਂਦਾ ਸੀ ਤੇ ਨੰਬਰ ਦਿੰਦਾ ਸੀ। ਨੰਬਰਾਂ ਦੀ ਥਾਂ ਗਰੇਡਿੰਗ ਢੰਗ ਲਾਗੂ ਕੀਤਾ। ਉਨ੍ਹਾਂ ਇਹ ਵੀ ਪ੍ਰਪੱਕ ਕੀਤਾ ਕਿ ਅਧਿਆਪਕ ਇਸ ਸ਼ਕਤੀ ਦਾ ਗ਼ਲਤ ਪ੍ਰਯੋਗ ਕਰਕੇ ਕਿਸੇ ਵਿਦਿਆਰਥੀ ਨਾਲ ਬੇਇਨਸਾਫ਼ੀ ਨਾ ਕਰ ਸਕੇ। ਪਿਛੋਂ ਇਸੇ ਪ੍ਰਣਾਲੀ ਨੂੰ ਦੇਸ਼ ਦੀਆਂ ਦੂਜੀਆਂ ਯੂਨੀਵਰਸਿਟੀਆਂ ਨੇ ਵੀ ਅਪਣਾਇਆ। ਦੇਸ਼ ਵਿਚ ਹੋ ਰਹੇ ਖੇਤੀ ਵਿਕਾਸ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਉਨ੍ਹਾਂ ਕਈ ਨਵੇਂ ਵਿਭਾਗ ਸਥਾਪਿਤ ਕੀਤੇ। ਜਿਨ੍ਹਾਂ ਵਿਚ ਵਣ ਖੇਤੀ, ਮੌਸਮ ਵਿਭਾਗ, ਭੋਜਨ ਵਿਗਿਆਨ, ਫ਼ੁੱਲਾਂ ਦੀ ਕਾਸ਼ਤ ਅਤੇ ਭੂ ਦ੍ਰਿਸ਼ ਪ੍ਰਮੁੱਖ ਹਨ। ਯੂਨੀਵਰਸਿਟੀ ਦੇ ਖੇਤੀ ਕਾਲਜ ਨੂੰ ਉਨ੍ਹਾਂ ਦੇਸ਼ ਦਾ ਪ੍ਰਮੁੱਖ ਕਾਲਜ ਬਣਾਇਆ, ਜਿਸ ਦੀ ਹਰੇ ਇਨਕਲਾਬ ਵਿਚ ਅਹਿਮ ਭੂਮਿਕਾ ਰਹੀ। ਵਾਤਾਵਰਨ ਦੀ ਸ਼ੁੱਧਤਾ ਬਣਾਈ ਰੱਖਣ ਲਈ ਉਹ ਬਹੁਤ ਚਿੰਤਤ ਸਨ। ਇਸ ਪਾਸੇ ਖੋਜ ਅਤੇ ਚੇਤਨਾ ਲਈ ਉਨ੍ਹਾਂ ਨੇ ਭਾਰਤੀ ਇਕੌਜੀਨਲ ਸੁਸਾਇਟੀ ਦਾ ਗਠਨ 1974 ਵਿਚ ਕੀਤਾ। ਇਸ ਸੁਸਾਇਟੀ ਨੇ ਉਨ੍ਹਾਂ ਦੀ ਦੇਖ ਰੇਖ ਹੇਠ ਵਾਤਾਵਰਨ ਦੀ ਸਾਂਭ ਸੰਭਾਲ, ਪਾਣੀ ਅਤੇ ਧਰਤੀ ਦੀ ਸੁਚੱਜੀ ਵਰਤੋਂ, ਜੀਵ-ਸੰਭਾਲ ਆਦਿ ਉਤੇ ਬਹੁਤ ਹੀ ਵਧੀਆ ਕੰਮ ਕੀਤਾ। ਉਨ੍ਹਾਂ ਅੱਜ ਤੋਂ ਤਿੰਨ ਦਹਾਕੇ ਪਹਿਲਾਂ ਹੀ ਪੰਜਾਬ ਦੇ ਚੰਗੇ ਭਵਿੱਖ ਲਈ ਫ਼ਸਲ ਵਿਭਿੰਨਤਾ ਉਤੇ ਜ਼ੋਰ ਦਿੱਤਾ ਸੀ। ਉਨ੍ਹਾਂ ਦਾ ਮੰਨਣਾ ਸੀ ਕਿ ਕਿਸਾਨਾਂ ਨੂੂੰ ਕੇਵਲ ਕਣਕ-ਝੋਨੇ ਦੇ ਫ਼ਸਲੀ ਚੱਕਰ ਵਿਚ ਹੀ ਸੀਮਤ ਨਹੀਂ ਰਹਿਣਾ ਚਾਹੀਦਾ ਸਗੋਂ ਪਸ਼ੂ ਪਾਲਣ, ਖੁੰਬਾਂ, ਮਧੂ ਮੱਖੀ ਪਾਲਣ, ਫ਼ਲ ਅਤੇ ਸਬਜ਼ੀਆਂ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ।
ਡਾ: ਅਟਵਾਲ ਅੰਤਰਰਾਸ਼ਟਰੀ ਪ੍ਰਸਿੱਧੀ ਦੇ ਵਿਗਿਆਨੀ ਹੋਣ ਦੇ ਨਾਲੋ ਨਾਲ ਇਕ ਪ੍ਰਸਿੱਧ ਲੇਖਕ ਵੀ ਸਨ। ਉਨ੍ਹਾਂ ਨੇ 16 ਕਿਤਾਬਾਂ ਅਤੇ 150 ਖੋਜ ਪੱਤਰ ਲਿਖੇ। ਇਸ ਤੋਂ ਬਿਨਾਂ ਸੰਬੰਧਿਤ ਅਧਿਕਾਰੀਆਂ ਅਤੇ ਕਿਸਾਨਾਂ ਨੂੰ ਸੇਧ ਦੇਣ ਲਈ 100 ਤੋਂ ਵੱਧ ਲੇਖ ਵੀ ਲਿਖੇ। ਉਨ੍ਹਾਂ ਦੀਆਂ ਕੀਟ ਪਤੰਗਿਆਂ ਅਤੇ ਮਧੂਮੱਖੀ ਪਾਲਣ ਸਬੰਧੀ ਪੁਸਤਕਾਂ ਦੇਸ਼ ਵਿਚ ਹੀ ਨਹੀਂ ਸਗੋਂ ਏਸ਼ੀਆ ਦੇ ਦੂਜੇ ਦੇਸ਼ਾਂ ਵਿਚ ਵੀ ਪ੍ਰਸਿੱਧ ਹੋਈਆਂ। ਡਾ: ਅਟਵਾਲ ਦੇ ਕੰਮ ਦੀ ਪ੍ਰਸਿੱਧੀ ਕੇਵਲ ਭਾਰਤ ਤੱਕ ਹੀ ਸੀਮਤ ਨਹੀਂ ਰਹੀ ਸਗੋਂ ਵਿਦੇਸ਼ਾਂ ਵਿਚ ਵੀ ਉਨ੍ਹਾਂ ਦੀ ਕੀਰਤੀ ਪਹੁੰਚੀ। ਇਸ ਕਰਕੇ ਉਨ੍ਹਾਂ ਘੱਟੋ-ਘੱਟ 35 ਦੇਸ਼ਾਂ ਦਾ ਦੌਰਾ ਕੀਤਾ ਤੇ ਕੋਈ 50 ਅੰਤਰਰਾਸ਼ਟਰੀ ਕਾਨਫਰੰਸਾਂ ਵਿਚ ਸ਼ਿਰਕਤ ਕੀਤੀ।
ਉਨ੍ਹਾਂ ਨੇ ਹਮੇਸ਼ਾ ਚੰਗਾ ਕੰਮ ਕਰਨ ਵਾਲਿਆਂ ਨੂੰ ਉਤਸ਼ਾਹਿਤ ਕੀਤਾ ਤੇ ਉਹ ਮਾੜਿਆਂ ਦੀ ਡਾਂਟ ਡਪਟ ਵੀ ਬਹੁਤ ਕਰਦੇ ਸਨ। ਮੈਨੂੰ ਉਨ੍ਹਾਂ ਨੂੰ ਬਹੁਤ ਨੇੜਿਉਂ ਵੇਖਣ ਦਾ ਮੌਕਾ ਮਿਲਿਆ ਸੀ। ਉਨ੍ਹਾਂ ਨੇ 1969 ਵਿਚ ਪੁਰਾਣੇ ਵਿਦਿਆਰਥੀਆਂ ਦੀ ਸੰਸਥਾ ਵਲੋਂ ਇਕ ਮੈਗਜ਼ੀਨ ਐਗਲੁੰਮਨਸ ਪ੍ਰਕਾਸ਼ਿਤ ਕਰਨਾ ਸ਼ੁਰੂ ਕੀਤਾ ਜਿਹੜਾ ਹੁਣ ਵੀ ਸ਼ਾਨੋ-ਸ਼ੌਕਤ ਨਾਲ ਛਪ ਰਿਹਾ ਹੈ ਅਤੇ ਉਨ੍ਹਾਂ ਨੇ ਇਸ ਦਾ ਵਿਦਿਆਰਥੀ ਸੰਪਾਦਕ ਮੈਨੂੰ ਬਣਾਇਆ। ਮੇਰੀਆ ਚਾਰ ਕਿਤਾਬਾਂ ਨੂੰ ਭਾਰਤ ਸਰਕਾਰ ਨੇ ਪੁਰਸਕਾਰ ਦਿੱਤੇ ਸਨ ਤੇ ਉਨ੍ਹਾਂ ਨੂੰ ਛਾਪਿਆ ਸੀ। ਇਸ ਤੋਂ ਪ੍ਰਭਾਵਿਤ ਹੋ ਕੇ ਮੈਗਜ਼ੀਨ ਦੇ ਪਹਿਲੇ ਹੀ ਅੰਕ ਵਿਚ ਮੇਰੇ ਬਾਰੇ ਲੇਖ ਛਪਵਾਇਆ। ਜਦੋਂ ਉਹ ਡੀਨ ਉਚੇਰੀ ਪੜ੍ਹਾਈ ਵਿਚ ਸਨ ਤਾਂ ਮੈ ਸੰਚਾਰ ਕੇਂਦਰ ਦਾ ਮੁਖੀ ਸਾਂ ਪਰ ਉਨ੍ਹਾਂ ਨੇ ਮੈਨੂੰ ਯੂਨੀਵਰਸਿਟੀ ਦੇ ਤਿੰਨ ਵਿਭਾਗਾਂ ਦੇ ਵਿਦਿਆਰਥੀਆਂ ਨੂੰ ਪੜ੍ਹਾਉਣ ਦੀ ਹੀ ਨਹੀਂ ਸਗੋਂ ਉਨ੍ਹਾਂ ਦੀ ਖੋਜ ਦੀ ਅਗਵਾਈ ਕਰਨ ਦੀ ਵੀ ਆਗਿਆ ਦਿੱਤੀ। ਉਨ੍ਹਾਂ ਨੂੰ ਸਾਹਿਤ ਨਾਲ ਵੀ ਲਗਾਓ ਸੀ ਤੇ ਉਹ ਪੰਜਾਬੀ ਸਾਹਿਤ ਅਕਾਡਮੀ ਦੇ ਜੀਵਨ ਮੈਂਬਰ ਸਨ। ਡਾ: ਅਟਵਾਲ ਨੇ ਪ੍ਰਸਿੱਧ ਲੇਖਕ ਸੰਤ ਸਿੰਘ ਸੇਖੋਂ ਹੋਰਾਂ ਕੋਲੋਂ ਹੀਰ ਵਾਰਸ ਸ਼ਾਹ ਦਾ ਅੰਗਰੇਜ਼ੀ ਅਨੁਵਾਦ ਕਰਵਾਇਆ। ਉਹ 26 ਦਸੰਬਰ 2014 ਨੂੰ ਇਸ ਸੰਸਾਰ ਨੂੰ ਅਲਵਿਦਾ ਆਖ ਗਏ ਪਰ ਪੰਜਾਬ ਦੇ ਖੇਤੀ ਵਿਕਾਸ ਅਤੇ ਖੇਤੀਬਾੜੀ ਦੀ ਪੜ੍ਹਾਈ ਵਿਚ ਪਾਏ ਯੋਗਦਾਨ ਲਈ ਉਹ ਹਮੇਸ਼ਾ ਯਾਦ ਕੀਤੇ ਜਾਣਗੇ। ਉਨ੍ਹਾਂ ਦਾ ਜੀਵਨ ਸਾਡੀ ਨਵੀਂ ਪੀੜ੍ਹੀ ਵਿਸ਼ੇਸ਼ ਕਰਕੇ ਪੇਂਡੂ ਯੁਵਕਾਂ ਲਈ ਪ੍ਰੇਰਨਾ ਸਰੋਤ ਹੈ। ਪਿੰਡਾਂ ਦੇ ਸਕੂਲਾਂ ਵਿਚ ਪੜ੍ਹਾਈ ਕਰਕੇ ਉੱਚੀਆਂ ਪ੍ਰਾਪਤੀਆਂ ਕੀਤੀਆਂ ਜਾ ਸਕਦੀਆਂ ਹਨ। (ਸਮਾਪਤ)

ਸਫਲ ਦੁੱਧ ਉਤਪਾਦਕ-ਰਣਜੀਤ ਸਿੰਘ ਮਾਨ

ਪਟਿਆਲਾ-ਨਾਭਾ ਮੁੱਖ ਮਾਰਗ 'ਤੇ ਰੱਖੜਾ ਪਿੰਡ ਤੋਂ ਡੇਢ ਕਿਲੋਮੀਟਰ ਦੀ ਦੂਰੀ 'ਤੇ ਰਣਜੀਤ ਸਿੰਘ ਮਾਨ ਦਾ 'ਮਾਨ ਡੇਅਰੀ ਫਾਰਮ' ਦੇ ਨਾਂਅ ਨਾਲ ਜਾਣਿਆ ਜਾਂਦਾ 110 ਗਾਵਾਂ 'ਤੇ ਆਧਾਰਿਤ ਡੇਅਰੀ ਫਾਰਮ ਖੇਤੀ ਸਹਾਇਕ ਧੰਦਿਆਂ ਦੇ ਖੇਤਰ ਵਿਚ ਆਪਣੇ-ਆਪ ਵਿਚ ਹੀ ਇਕ ਮਾਡਲ ਹੈ। ਗਾਵਾਂ ਦੇ ਇਸ ਵੱਗ 'ਚ ਹੋਲਸੀਟੀਅਨ ਫਰੀਜ਼ਨ (ਐਚ ਐਫ਼), ਜਰਸੀ ਤੇ ਸਾਹੀਵਾਲ ਬਰੀਡ ਦੀਆਂ ਗਾਵਾਂ ਸ਼ਾਮਿਲ ਹਨ। ਇਨ੍ਹਾਂ ਗਾਵਾਂ ਤੋਂ ਮਾਨ 10 ਕੁਇੰਟਲ ਦੁੱਧ ਹਰ ਰੋਜ਼ ਪ੍ਰਾਪਤ ਕਰਦਾ ਹੈ। ਇਹ ਦੁੱਧ ਜ਼ਿਆਦਾ ਮਾਤਰਾ 'ਚ ਨੈਸਲੇ ਤੇ ਵੇਰਕਾ ਮਿਲਕ ਪਲਾਂਟ ਖ਼ਰੀਦ ਕੇ ਲੈ ਜਾਂਦੇ ਹਨ। ਕੁਝ ਖਪਤਕਾਰ ਵੀ ਇੱਥੋਂ ਦੁੱਧ ਖ਼ਰੀਦ ਕੇ ਲੈ ਜਾਂਦੇ ਹਨ। ਨੈਸਲੇ ਵਲੋਂ 28-29 ਰੁਪਏ ਪ੍ਰਤੀ ਲਿਟਰ ਅਤੇ ਵੇਰਕਾ ਵਲੋਂ 24 ਰੁਪਏ ਪ੍ਰਤੀ ਲਿਟਰ ਦੁੱਧ ਖਰੀਦਿਆ ਜਾਂਦਾ ਹੈ। ਮਾਨ ਸਾਰਾ ਦੁੱਧ ਨੈਸਲੇ ਨੂੰ ਇਸ ਲਈ ਨਹੀਂ ਪਾਉਂਦਾ ਮਤੇ ਨਿੱਜੀ ਖੇਤਰ ਦਾ ਇਹ ਪਲਾਂਟ ਕਿਸੇ ਵੇਲੇ ਵੀ ਇਹ ਦੁੱਧ ਲੈਣਾ ਬੰਦ ਕਰ ਦੇਵੇ ਜਾਂ ਮਾਤਰਾ ਘਟਾ ਦੇਵੇ। ਵੇਰਕਾ ਨੂੰ 4-5 ਰੁਪਏ ਸਸਤਾ ਦੇ ਕੇ ਵੀ ਉਹ ਆਪਣੇ-ਆਪ ਨੂੰ ਸੁਰੱਖਿਅਤ ਮਹਿਸੂਸ ਕਰਦਾ ਹੈ। ਭਾਵੇਂ ਨਿੱਜੀ ਖਪਤਕਾਰ ਇਸ ਡੇਅਰੀ ਫਾਰਮ ਤੋਂ 35 ਰੁਪਏ ਲਿਟਰ ਦੁੱਧ ਖ਼ਰੀਦ ਕੇ ਲੈ ਜਾਂਦੇ ਹਨ ਪਰ ਉਹ ਬੜੇ ਸੰਤੁਸ਼ਟ ਹਨ, ਕਿਉਂਕਿ ਦੁੁੱਧ ਵਿਚ ਸ਼ੁੱਧਤਾ ਅਤੇ ਪੌਸ਼ਟਿਕਤਾ ਪੂਰੀ ਹੁੰਦੀ ਹੈ।
ਮਾਨ ਗਾਵਾਂ ਨੂੰ ਫੀਡ ਤੇ ਚਾਰਾ ਸੰਤੁਲਤ ਪੂਰੇ ਵਿਟਾਮਿਨਾਂ ਨਾਲ ਭਰਪੂਰ ਸਮੇਂ ਸਿਰ ਖਿਲਾਉਂਦਾ ਹੈ। ਉਸ ਦਾ 12 ਏਕੜ ਦਾ ਫਾਰਮ ਹੈ, ਜਿਸ 'ਤੇ ਡੇਅਰੀ ਫਾਰਮ ਸਥਾਪਿਤ ਹੈ। ਇੱਥੇ ਉਹ ਬਰਸੀਮ ਤੇ ਹੋਰ ਕਿਸਮ ਦੇ ਨੇਪੀਅਰ ਬਾਜਰਾ, ਚਰ੍ਹੀ, ਮੱਕੀ ਆਦਿ ਜਿਹੇ ਚਾਰੇ ਪੈਦਾ ਕਰਦਾ ਹੈ। ਉਹ ਕਹਿੰਦਾ ਹੈ ਕਿ ਗਾਵਾਂ ਨੂੰ ਪੌਸ਼ਟਿਕਤਾ ਭਰਪੂਰ ਫੀਡ ਦੇਣ ਲਈ ਡਰਾਈ ਮੈਟਰ ਵੀ ਬਹੁਤ ਜ਼ਰੂਰੀ ਹੈ। ਉਸ ਨੇ ਆਧੁਨਿਕ ਸਾਇਲੋ ਪਿੱਟ ਬਣਾ ਰੱਖਿਆ ਹੈ, ਜਿੱਥੇ ਉਹ ਆਚਾਰ ਵੀ ਬਣਾਉਂਦਾ ਹੈ। ਇਸ ਸਾਇਲੋ ਪਿੱਟ ਲਈ ਉਸ ਨੂੰ ਕੇਂਦਰ ਸਰਕਾਰ ਤੋਂ 1.05 ਲੱਖ ਰੁਪਏ ਦੀ ਗਰਾਂਟ ਮਿਲੀ ਸੀ। ਕੇਂਦਰ ਸਰਕਾਰ ਤੋਂ ਇਕ ਮੁਖੀ ਅਧਿਕਾਰੀਆਂ ਦੀ ਟੀਮ ਉਸ ਦਾ ਡੇਅਰੀ ਫਾਰਮ ਵੇਖਣ ਆਈ ਸੀ ਅਤੇ ਉਨ੍ਹਾਂ ਨੇ ਡੇਅਰੀ ਫਾਰਮਾਂ ਦੀ ਸਾਇਲੋ ਪਿੱਟਾਂ ਦੀ ਲੋੜ ਨੂੰ ਮਹਿਸੂਸ ਕਰਦਿਆਂ ਦੇਸ਼ ਦੇ ਸਾਰੇ ਡੇਅਰੀ ਫਾਰਮਾਂ ਨੂੰ ਇਹ ਸਹਾਇਤਾ ਪ੍ਰਦਾਨ ਕਰ ਦਿੱਤੀ। ਇਸ ਡੇਅਰੀ ਫਾਰਮ ਤੇ ਸਾਰੀ ਲੋੜੀਂਦੀ ਮਸ਼ੀਨਰੀ ਉਪਲਬਧ ਹੈ ਅਤੇ ਹਰ ਆਪ੍ਰੇਸ਼ਨ ਚਾਰੇ ਤੋਂ ਲੈ ਕੇ ਖ਼ਰੀਦਦਾਰਾਂ ਨੂੰ ਦੁੱਧ ਪਾਉਣ ਤੱਕ ਮੈਕੇਨਾਈਜ਼ਡ ਹੈ। ਦੁੱਧ ਨੂੰ ਕਿਤੇ ਵੀ ਕਿਸੇ ਕਾਮੇ ਦੇ ਹੱਥ ਦੀ ਛੂਹ ਨਹੀਂ ਲਗਦੀ।
ਪੁਰਾਣੇ ਸਮੇਂ ਦੇ ਗ੍ਰੈਜੂਏਟ 73 ਵਰ੍ਹੇ ਦੇ ਸ: ਮਾਨ ਨੇ ਇਹ ਡੇਅਰੀ ਫਾਰਮ ਬੜੇ ਛੋਟੇ ਪੱਧਰ 'ਤੇ 1972 'ਚ ਥੋੜ੍ਹੀਆਂ ਜਿਹੀਆਂ ਦੇਸੀ ਗਾਵਾਂ ਰੱਖ ਕੇ ਸ਼ੁਰੂ ਕੀਤਾ ਸੀ। ਉਸ ਨੇ ਆਪਣਾ ਬਰੀਡਿੰਗ ਪ੍ਰੋਗਰਾਮ ਚਾਲੂ ਕਰਕੇ ਇਸ ਚੌਣੇ ਨੂੰ ਵਧਾਇਆ। ਕੋਈ ਗਾਂ ਬਾਹਰੋਂ ਨਹੀਂ ਖ਼ਰੀਦੀ। ਬਰੀਡਿੰਗ ਵਿਚ ਮਾਨ ਨੇ ਐਨੀ ਮੁਹਾਰਤ ਹਾਸਲ ਕੀਤੀ ਕਿ ਇਕ ਸਮੇਂ ਸਾਹੀਵਾਲ ਬੁੱਲ ਨਾਲ ਕਰਾਸ ਕੀਤੀ ਗਾਂ ਤੋਂ 40 ਲਿਟਰ ਪ੍ਰਤੀ ਦਿਨ ਦੁੱਧ ਦੀ ਪ੍ਰਾਪਤੀ ਕੀਤੀ। ਇਸ ਡੇਅਰੀ ਫਾਰਮ ਦੀ ਸਭ ਤੋਂ ਉੱਤਮ ਗਾਂ ਨੇ 70 ਲਿਟਰ ਪ੍ਰਤੀ ਦਿਨ ਤੱਕ ਵੀ ਦੁੱਧ ਦਿੱਤਾ ਹੈ। ਮਾਨ ਕਹਿੰਦਾ ਹੈ ਕਿ ਕਿਸੇ ਨੂੰ ਵਿਸ਼ਵਾਸ ਨਹੀਂ ਆਵੇਗਾ ਕਿ ਉਸ ਦੀ ਇਕ ਗਾਂ 40 ਸਾਲ ਦੀ ਉਮਰ ਪਾ ਕੇ ਮਰੀ ਹੈ। ਇਸ ਤੋਂ ਅਨੁਮਾਨ ਲਾਇਆ ਜਾ ਸਕਦਾ ਹੈ ਕਿ ਉਹ ਇਨ੍ਹਾਂ ਗਾਵਾਂ ਦੀ ਕਿੰਨੀ ਦੇਖਭਾਲ ਤੇ ਸੇਵਾ ਕਰਦਾ ਹੈ। ਉਹ ਕਹਿੰਦਾ ਹੈ ਕਿ ਜੇ ਤੁਸੀਂ ਦੁੱਧ 40-50 ਲਿਟਰ ਲੈਂਦੇ ਹੋ ਤਾਂ ਉਸ ਗਾਂ ਨੂੰ ਵਿਟਾਮਿਨ ਭਰਪੂਰ 70 ਕਿਲੋ ਖੁਰਾਕ ਵੀ ਦੇਣੀ ਬਣਦੀ ਹੈ, ਜੋ ਆਮ ਪਾਲਕ ਨਹੀਂ ਦਿੰਦੇ।
ਮਾਨ ਆਮ ਪਾਲਕਾਂ ਵਾਂਗ ਜਦੋਂ ਗਾਂ ਦੁੱਧ ਦੇਣਾ ਬੰਦ ਕਰ ਦੇਵੇ, ਆਪਣੇ ਡੇਅਰੀ ਫਾਰਮ ਦੀ ਕਿਸੇ ਗਾਂ ਨੂੰ ਬਾਹਰ ਕੱਢ ਕੇ ਅਵਾਰਾ ਵੀ ਨਹੀਂ ਛੱਡਦਾ। ਉਸ ਦਾ ਦਾਅਵਾ ਹੈ ਕਿ ਉਸ ਦਾ ਡੇਅਰੀ ਫਾਰਮ ਰਾਜ ਦਾ ਇਕ 'ਮਾਡਲ' ਹੈ ਪਰ ਉਸ ਨੂੰ ਪਸ਼ੂ ਪਾਲਣ ਦੀ ਸਰਕਾਰੀ ਡਿਸਪੈਂਸਰੀ ਤੋਂ ਲੋੜੀਂਦੀ ਸਹਾਇਤਾ ਉਪਲਬਧ ਨਹੀਂ ਹੁੰਦੀ, ਭਾਵੇਂ ਇੱਥੋਂ ਦੇ ਵੈਟਰਨਰੀ ਅਸਿਸਟੈਂਟ ਸਰਜਨ ਨਾਲ ਉਸ ਦਾ ਰਾਬਤਾ ਹੋਣ ਕਾਰਨ ਉਹ ਇਸ ਡੇਅਰੀ ਫਾਰਮ ਨੂੰ ਵੱਧ ਤੋਂ ਵੱਧ ਸਹੂਲਤਾਂ ਦੇਣ ਦਾ ਉਪਰਾਲਾ ਕਰਦਾ ਹੈ। ਪੁਰਾਣੀਆਂ ਵਿਧੀਆਂ ਅਨੁਸਾਰ ਹੁਣ ਪਸ਼ੂਆਂ ਨੂੰ ਬੁੱਲਜ਼ ਤੋਂ ਨਵਾਂ ਕਰਾਉਣ ਦੀ ਤਾਂ ਪ੍ਰਥਾ ਨਹੀਂ, ਕਿਉਂਕਿ ਇਹ ਵਿਧੀ ਨੁਕਸਦਾਰ ਹੈ ਅਤੇ ਕਈ ਬਿਮਾਰੀਆਂ ਦਾ ਕਾਰਨ ਬਣਦੀ ਹੈ। ਆਰਟੀਫਿਸ਼ਅਲ ਇਨਸੈਮੀਨੇਸ਼ਨ ਹੀ ਵਰਤਮਾਨ ਵਿਧੀ ਹੈ, ਜੋ ਮਾਨ ਦੇ ਡੇਅਰੀ ਫਾਰਮ 'ਤੇ ਵਰਤੀ ਜਾਂਦੀ ਹੈ। ਮਾਨ ਕਹਿੰਦਾ ਹੈ ਕਿ ਉਹ ਹਰ ਗਾਂ ਦਾ ਅਤੇ ਸੀਮਨ ਦੀ ਉਪਲਬੱਧਤਾ ਕਰਨ ਵਾਲੇ ਬੁੱਲ ਦਾ ਰਿਕਾਰਡ ਰੱਖਦਾ ਹੈ। ਉਸ ਦੇ ਡੇਅਰੀ ਫਾਰਮ 'ਤੇ ਜੇ ਕੋਈ ਗਾਂ ਬਿਮਾਰ ਹੋ ਜਾਂਦੀ ਹੈ ਤਾਂ ਉਸ ਦਾ ਦੁੱਧ ਵੱਖਰਾ ਰੱਖਿਆ ਜਾਂਦਾ ਹੈ। ਉਸ ਲਈ ਵੱਖਰੇ ਕਮਰਾ ਅਤੇ ਸਾਜ਼ੋ-ਸਾਮਾਨ ਹੈ ਤੇ ਉਸ ਨੂੰ ਇਲਾਜ ਕਰਕੇ ਹੀ ਬਾਹਰ ਲਿਆਂਦਾ ਜਾਂਦਾ ਹੈ। ਹਰ ਗਾਂ ਦਾ ਮਤਵਾਤਰ ਡਾਕਟਰੀ ਮੁਆਇਨਾ ਕੀਤਾ ਜਾਂਦਾ ਹੈ, ਜਿਸ ਲਈ ਨਿੱਜੀ ਖੇਤਰ ਦੇ ਡਾਕਟਰ ਵੀ ਮਾਨ ਨੇ ਨਿਯਤ ਕੀਤੇ ਹੋਏ ਹਨ। ਉਹ ਕਹਿੰਦਾ ਹੈ ਕਿ ਇਹ ਵੀ ਇਕ ਮਿੱਥ ਹੈ ਕਿ ਦੇਸੀ ਗਾਂ ਦਾ ਦੁੱਧ ਵਧੇਰੇ ਲਾਭਦਾਇਕ ਹੈ। ਜੇ ਐਚ. ਐਫ. ਜਾਂ ਜਰਸੀ ਗਾਂ ਨੂੰ ਪੂਰੀ ਪੌਸ਼ਟਿਕ ਖੁਰਾਕ ਦਿੱਤੀ ਜਾਵੇ ਤਾਂ ਉਸ ਦਾ ਦੁੱਧ ਸਗੋਂ ਵਧੇਰੇ ਸਿਹਤਮੰਦ ਤੇ ਲਾਹੇਵੰਦ ਹੁੰਦਾ ਹੈ। ਉਹ ਕਹਿੰਦਾ ਹੈ ਕਿ ਇਕ ਖਪਤਕਾਰ ਉਸ ਦੇ ਡੇਅਰੀ ਫਾਰਮ ਦੇ 5 ਕਿਲੋ ਦੁੱਧ ਨਾਲ ਪੂਰਾ ਪੌਸ਼ਟਿਕ ਇਤਨੀ ਹੀ ਮਾਤਰਾ 'ਚ ਦੁੱਧ ਵਰਤ ਕੇ ਵੀ 200 ਗ੍ਰਾਮ ਦੇਸੀ ਘਿਓ ਅਤੇ ਘਰ ਦੀ ਲੋੜ ਲਈ ਪਨੀਰ ਦੀ ਪ੍ਰਾਪਤੀ ਕਰ ਸਕਦਾ ਹੈ, ਜੋ ਦੇਸੀ ਗਾਂ ਦੇ ਦੁੱਧ ਤੋਂ ਉਪਲਬੱਧ ਨਹੀਂ।
ਸ: ਮਾਨ ਸਾਲਾਨਾ 85 ਲੱਖ ਰੁਪਏ ਦਾ ਦੁੱਧ ਵੇਚਦਾ ਹੈ, ਜਿਸ ਵਿਚੋਂ ਸਾਰੇ ਖ਼ਰਚੇ ਕੱਢ ਕੇ ਅਤੇ ਬਰੀਡਿੰਗ ਰਾਹੀਂ ਚੌਣਾ ਵਧਾ ਕੇ ਅਸਾਸਾ ਵਧਾਉਣ ਤੋਂ ਇਲਾਵਾ 15 ਲੱਖ ਰੁਪਇਆ ਸਾਲਾਨਾ ਉਸ ਨੂੰ ਸ਼ੁੱਧ ਬੱਚਤ ਹੋ ਜਾਂਦੀ ਹੈ। ਉਹ ਕਹਿੰਦਾ ਹੈ ਕਿ ਉਸ ਦੀ ਸਫ਼ਲਤਾ ਦਾ ਰਾਜ਼ ਉਸ ਵਲੋਂ ਕੀਤੀ ਸਖ਼ਤ ਮਿਹਨਤ ਦਾ ਨਤੀਜਾ ਹੈ। ਉਹ ਤੇ ਉਸ ਦਾ ਲੜਕਾ ਦੋਵੇਂ ਦਿਨ-ਰਾਤ ਇਸ ਕੰਮ ਵਿਚ ਰੁੱਝੇ ਰਹਿੰਦੇ ਹਨ। ਮਾਨ ਕਹਿੰਦਾ ਹੈ ਕਿ ਮਨਰੇਗਾ ਸਕੀਮ ਚਾਲੂ ਹੋਣ ਤੋਂ ਬਾਅਦ ਦਿਹਾੜੀ 'ਤੇ ਕਾਮਾ ਮਿਲਣ 'ਚ ਥੋੜ੍ਹੀ-ਬਹੁਤ ਮੁਸ਼ਕਿਲ ਪੇਸ਼ ਆਉਂਦੀ ਹੈ।
ਮਾਨ ਆਪਣੇ 12 ਏਕੜ ਫਾਰਮ ਤੇ ਚਾਰਿਆਂ ਤੋਂ ਇਲਾਵਾ ਕੁਝ ਰਕਬੇ 'ਤੇ ਤਿੰਨ ਫ਼ਸਲਾਂ ਮੱਕੀ ਦੀਆਂ ਤੇ ਇਕ ਕਣਕ ਦੀ ਲੈ ਕੇ 110 ਕੁਇੰਟਲ ਪ੍ਰਤੀ ਏਕੜ ਉਤਪਾਦਨ ਦੀ ਪ੍ਰਾਪਤੀ ਕਰ ਲੈਂਦਾ ਹੈ, ਜੋ ਇਕ ਰਿਕਾਰਡ ਹੈ। ਉਹ ਕਹਿੰਦਾ ਹੈ ਕਿ ਜੋ ਡੇਅਰੀ ਫਾਰਮ ਸਫ਼ਲ ਨਹੀਂ ਹੋਏ, ਉਨ੍ਹਾਂ ਦੀ ਅਸਫ਼ਲਤਾ ਦਾ ਕਾਰਨ ਯੋਗ ਯੋਜਨਾਬੰਦੀ ਨਾ ਹੋਣਾ, ਮਾਲਕਾਂ ਵਲੋਂ ਆਪ ਮਿਹਨਤ ਨਾ ਕਰਨਾ ਅਤੇ ਲਾਗਤ ਦੀ ਘਾਟ ਹਨ। ਇਸੇ ਲਈ ਆਮ ਕਿਸਾਨ ਖੇਤੀ ਦੇ ਨਾਲ ਦੋ-ਤਿੰਨ ਪਸ਼ੂ ਰੱਖ ਕੇ ਦੁੱਧ ਵੇਚ ਰਿਹਾ ਹੈ ਅਤੇ ਆਪਣੀ ਰੋਜ਼ਾਨਾ ਦੀ ਵੱਟਤ ਨਾਲ ਘਰ ਦਾ ਖ਼ਰਚ ਚਲਾ ਲੈਂਦਾ ਹੈ। ਮਾਨ ਆਪਣੇ ਸਫ਼ਲ ਡੇਅਰੀ ਫਾਰਮ ਨੂੰ ਵੇਖਣ ਲਈ ਡੇਅਰੀ ਦਾ ਧੰਦਾ ਕਰਨ ਵਾਲਿਆਂ ਨੂੰ ਸੱਦਾ ਦਿੰਦਾ ਹੈ ਅਤੇ ਉਹ ਚਾਹੁੰਦਾ ਹੈ ਕਿ ਉਸ ਦੇ ਡੇਅਰੀ ਫਾਰਮ ਵਰਗੇ ਹੋਰ ਡੇਅਰੀ ਫਾਰਮ ਪੰਜਾਬ ਵਿਚ ਸਥਾਪਿਤ ਹੋਣ।


-ਮੋਬਾ: 98152-36307

ਫੂਕਾਂ ਮਾਰ ਅੱਗ ਵਧਾਵੇ

ਕਹਿੰਦੇ ਜੇ ਬਾਲਣ ਅੱਗ ਨਾ ਫੜੇ ਤਾਂ, ਭੂਕਣੇ ਨਾਲ ਫੂਕ ਮਾਰ ਕੇ ਭਾਂਬੜ ਮਚਾਇਆ ਜਾ ਸਕਦਾ ਹੈ। ਪਰ ਇਸ ਲਈ ਚੁੱਲ੍ਹੇ ਵਿਚ ਅੱਗ ਹੋਣੀ ਜ਼ਰੂਰੀ ਹੈ। ਸਾਡੀ ਜ਼ਿੰਦਗੀ ਵਿਚ ਵੀ ਅਸੀਂ ਕੁਝ ਨਾ ਕੁਝ ਤਾਂ ਧੁਖਦੇ ਹੀ ਰਹਿਨੇ ਹਾਂ। ਇਹ ਕਿਸੇ ਵਸਤੂ ਦੀ ਪ੍ਰਾਪਤੀ ਨਾ ਹੋਣਾ ਜਾਂ ਕਿਸੇ ਦਾ ਤੁਹਾਡੀ ਇੱਛਾ ਅਨੁਸਾਰ ਕੰਮ ਨਾ ਕਰਨਾ, ਜਾਂ ਫੇਰ ਸਾਡੇ ਅੰਦਰਲੇ ਫਤੂਰ ਨੂੰ ਸਾਂਭ ਨਾ ਸਕਣ ਕਰਕੇ ਵੀ ਹੋ ਸਕਦਾ ਹੈ। ਬਹੁਤ ਵਾਰੀ ਸਾਡੀ ਅਗਿਆਨਤਾ ਤੇ ਆਪਣੇ-ਆਪ ਨੂੰ ਬਾਹਲਾ ਸਿਆਣਾ ਸਮਝਣ ਨਾਲ ਵੀ ਇਹ ਮਨ ਧੁਖਣ ਲੱਗ ਪੈਂਦਾ ਹੈ। ਅਸੀਂ ਦੂਸਰਿਆਂ ਨੂੰ ਬੇਲੋੜੀ ਨਫ਼ਰਤ ਕਰਨ ਲੱਗ ਪੈਂਦੇ ਹਾਂ। ਦੂਸਰੇ ਨੂੰ ਤਹਿਸ-ਨਹਿਸ ਕਰਨਾ ਲੋਚਦੇ ਹਾਂ। ਪਰ ਕੋਈ ਵੀ ਪੈਰ ਪੁੱਟਣ ਤੋਂ ਪਿੱਛੇ ਹਟਦੇ ਰਹਿੰਦੇ ਹਾਂ, ਹੌਸਲਾ ਕਰਨ ਦਾ ਹੀਆ ਨਹੀਂ ਪੈਂਦਾ। ਸਾਡਾ ਚੇਤਨ ਮਨ ਸਾਨੂੰ ਮਾੜਾ ਕਾਰਜ ਕਰਨ ਤੋਂ ਰੋਕਦਾ ਰਹਿੰਦਾ ਹੈ। ਇਹੋ ਜਿਹੇ ਧੁਖਦੇ ਹੋਏ ਬੰਦੇ ਨੂੰ ਜੇ ਕੋਈ ਭੂਕਣਾ ਰੂਪੀ ਇਨਸਾਨ ਟੱਕਰ ਜਾਵੇ ਤਾਂ, ਫੇਰ ਖ਼ੈਰ ਨਹੀਂ। ਬਹੁਤੇ ਜੁਰਮ ਦੂਜਿਆਂ ਵਲੋਂ ਦਿੱਤੀ ਜਾਂ ਮਾਰੀ ਫੂਕ ਕਰਕੇ ਹੀ ਹੁੰਦੇ ਹਨ। ਫੂਕ ਵਾਲਾ ਅਕਸਰ ਕਹੇਗਾ, 'ਤੂੰ ਫ਼ਿਕਰ ਨਾ ਕਰ, ਮੈਂ ਹੈਗਾਂ, ਮੈਂ ਆਪੇ ਸਾਂਭ ਲੂੰ' ਤੇ ਬਾਅਦ ਵਿਚ ਜਦ ਭਾਂਬੜ ਮਚ ਜਾਂਦਾ ਹੈ ਤਾਂ ਇਹ ਮਨੁੱਖੀ ਭੂਕਣੇ ਪਾਥੀਆਂ ਦੇ ਟੋਕਰੇ ਥੱਲੇ ਜਾ ਲੁੱਕਦੇ ਹਨ ਤੇ ਧੁਖਦਾ-ਧੁਖਦਾ ਇਨਸਾਨ ਆਪ ਵੀ ਮਚ ਜਾਂਦਾ ਹੈ।


-ਮੋਬਾ: 98159-45018

ਵਿਰਸੇ ਦੀਆਂ ਬਾਤਾਂ

ਸਦਕੇ ਜਾਵਾਂ ਤੇਰੀ ਕਲਾ ਦੇ

ਕਿਲ੍ਹਾ ਰਾਏਪੁਰ ਦੀਆਂ ਖੇਡਾਂ ਨੂੰ ਮਿੰਨੀ ਉਲੰਪਿਕ ਦਾ ਦਰਜਾ ਹਾਸਲ ਹੈ। ਇਨ੍ਹਾਂ ਖੇਡਾਂ ਨੁੂੰ ਦੇਖਣ ਵਾਲਿਆਂ ਦਾ ਵੱਖਰਾ ਜਨੂੰਨ ਹੁੰਦਾ ਤੇ ਇਥੇ ਜਿਹੜੀਆਂ ਖੇਡਾਂ ਦੀ ਪੇਸ਼ਕਾਰੀ ਹੁੰਦੀ ਹੈ, ਉਨ੍ਹਾਂ ਵਿਚੋਂ ਬਹੁਤੀਆਂ ਵਿਰਾਸਤੀ ਹੁੰਦੀਆਂ ਹਨ। ਜ਼ੋਰ ਦਾ ਜਨੂੰਨ ਕੀ ਹੁੰਦਾ, ਇਥੇ ਦੇਖ ਕੇ ਪਤਾ ਲੱਗਦੈ। ਬੇਸ਼ੱਕ ਪਿਛਲੇ ਕੁਝ ਸਮੇਂ ਤੋਂ ਬਲਦਾਂ ਦੀਆਂ ਦੌੜਾਂ ਦਾ ਮਾਮਲਾ ਵਿਵਾਦਾਂ ਵਿਚ ਚੱਲਦਾ ਆ ਰਿਹੈ, ਪਰ ਪਸ਼ੂਆਂ ਦੇ ਮੁਕਾਬਲਿਆਂ ਅਤੇ ਕਲਾਬਾਜ਼ੀਆਂ ਦਾ ਵੱਖਰਾ ਸੰਸਾਰ ਹੈ।
ਇਸ ਤਸਵੀਰ ਨੂੰ ਦੇਖ ਪਤਾ ਲੱਗ ਜਾਂਦਾ ਹੈ ਕਿ ਜਾਨਵਰ ਬੰਦਿਆਂ ਨਾਲੋਂ ਘੱਟ ਕਲਾਬਾਜ਼ ਨਹੀਂ। ਜਾਨਵਰ ਨੂੰ ਸਿਖਾਉਣਾ ਬੰਦੇ ਨਾਲ ਕਿਤੇ ਜ਼ਿਆਦਾ ਔਖਾ ਹੈ। ਬੰਦਾ ਤਾਂ ਇਸ ਕਰਕੇ ਵੀ ਕਿਸੇ ਕਰਤਬ ਨੂੰ ਸਿੱਖ ਜਾਂਦਾ ਹੈ ਕਿਉਂਕਿ ਉਸ ਨਾਲ ਉਸ ਦੀ ਰੋਜ਼ੀ ਰੋਟੀ ਜੁੜੀ ਹੁੰਦੀ ਹੈ, ਪਰ ਜਾਨਵਰ ਨੂੰ ਤਾਂ ਪਤਾ ਹੀ ਨਹੀਂ ਹੁੰਦਾ ਕਿ ਉਸ ਨੂੰ ਕਿਉਂ ਸਿਖਾਇਆ ਜਾ ਰਿਹਾ। ਉਹ ਫਿਰ ਵੀ ਸਿੱਖਦਾ ਹੈ। ਇਸ ਲਈ ਸਿਖਾਉਣ ਤੇ ਸਿੱਖਣ ਵਾਲੇ ਦੋਹਾਂ ਦੀ ਇੱਛਾ ਸ਼ਕਤੀ ਕੰਮ ਕਰਦੀ ਹੈ।
ਊਠਾਂ ਬਾਰੇ ਲੋਕ-ਗੀਤਾਂ ਵਿਚ ਬੜਾ ਕੁਝ ਸੁਣਿਆ ਹੈ। ਲੋਕ ਬੋਲੀਆਂ ਵੀ ਇਨ੍ਹਾਂ ਬਾਰੇ ਬੜਾ ਕੁਝ ਬਿਆਨ ਕਰਦੀਆਂ ਹਨ। ਊਠਾਂ ਦੇ ਸਰੀਰ 'ਤੇ ਪਾਏ ਡਿਜ਼ਾਈਨਾਂ ਦੀ ਚਰਚਾ ਵੱਖੋ-ਵੱਖਰੀਆਂ ਥਾਵਾਂ 'ਤੇ ਹੁੰਦੀ ਰਹੀ ਹੈ। ਪਰ ਇਸ ਤਸਵੀਰ ਵਿਚ ਜਿਹੜਾ ਊਠ ਦਿਸ ਰਿਹਾ ਹੈ, ਉਸ ਦੀ ਸਲਾਹੁਤਾ ਕਰਨ ਲੱਗਿਆਂ ਸ਼ਬਦ ਛੋਟੇ ਪੈ ਜਾਂਦੇ ਹਨ। ਮਿਜ਼ਾਈਲ ਵਾਂਗ ਖੜ੍ਹੇ ਇਸ ਊਠ ਨੂੰ ਜਾਨਵਰ ਕੌਣ ਕਹੇਗਾ? ਕਿੰਨੀ ਲਚਕ ਹੈ ਇਸ ਦੇ ਸਰੀਰ ਵਿੱਚ? ਏਨਾ ਵੱਡਾ ਪਸ਼ੂ, ਕਿਵੇਂ ਆਪਣਾ ਸੰਤੁਲਨ ਬਰਕਰਾਰ ਰੱਖ ਸਕਦਾ ਹੈ? ਕਿੰਨਾ ਲੰਮਾ ਸਮਾਂ ਲੱਗਾ ਹੋਵੇਗਾ ਇਸ ਨੂੰ ਸਿਖਾਉਣ ਵਿਚ! ਕਿੰਨੀ ਜ਼ਬਰਦਸਤ ਪੇਸ਼ਕਾਰੀ ਹੈ ਇਸ ਦੀ? ਮਾਲਕ ਨੂੰ ਕਿੰਨਾ ਰਸ਼ਕ ਹੋਵੇਗਾ ਇਸ 'ਤੇ!
ਇਹ ਤਾਂ ਨਹੀਂ ਪਤਾ ਕਿ ਮੇਲਿਆਂ ਵਿਚ ਇਹੋ ਜਿਹੀ ਪੇਸ਼ਕਾਰੀ ਦਿਖਾਉਣ ਬਦਲੇ ਇਸ ਊਠ ਦੇ ਮਾਲਕ ਨੂੰ ਕਿੰਨਾ ਕੁ ਇਨਾਮ ਸਨਮਾਨ ਮਿਲਦਾ ਹੋਵੇਗਾ, ਪਰ ਇਹ ਸੱਚ ਹੈ ਕਿ ਜਾਨਵਰਾਂ ਕੋਲੋਂ ਇਹੋ ਜਿਹੀਆਂ ਕਲਾਬਾਜ਼ੀਆਂ ਕਰਾਉਣਾ ਹਾਰੀ ਸਾਰੀ ਦੇ ਵੱਸ ਦੀ ਗੱਲ ਨਹੀਂ। ਆਮ ਤੌਰ 'ਤੇ ਮੇਲਿਆਂ ਵਿੱਚ ਸ਼ਿਰਕਤ ਕਰਨ ਵਾਲੇ ਇਹੋ ਜਿਹੇ ਲੋਕ ਲੋੜਵੰਦ ਹੀ ਹੁੰਦੇ ਹਨ। ਉਨ੍ਹਾਂ ਦੀ ਮਿਹਨਤ ਦਾ ਬਹੁਤਾ ਮੁੱਲ ਨਹੀਂ ਪੈਂਦਾ, ਪਰ ਪੈਣਾ ਜ਼ਰੂਰ ਚਾਹੀਦਾ ਹੈ।
ਕੇਂਦਰ ਸਰਕਾਰ ਪਸ਼ੂਆਂ 'ਤੇ ਅੱਤਿਆਚਾਰ ਦੇ ਨਾਂਅ 'ਤੇ ਬਹੁਤ ਸਾਰੀਆਂ ਵਿਰਾਸਤੀ ਖੇਡਾਂ ਸਾਡੇ ਕੋਲੋਂ ਖੋਹ ਰਹੀ ਹੈ। ਇਹ ਸੱਚ ਹੈ ਕਿ ਇਨਾਮਾਂ ਸਨਮਾਨਾਂ ਦੀ ਚਾਹਤ ਵਿਚ ਪਸ਼ੂਆਂ ਨੂੰ ਨਸ਼ੀਲੀਆਂ ਦਵਾਈਆਂ ਦੇਣ ਦਾ ਸਿਲਸਿਲਾ ਸ਼ੁਰੂ ਹੋਇਆ ਹੈ, ਪਰ ਸਾਰੇ ਇੱਕੋ ਜਹੇ ਨਹੀਂ। ਪਸ਼ੂਆਂ ਦੀ ਆਜ਼ਾਦੀ ਦਾ ਖ਼ਿਆਲ ਰੱਖਣ ਦੇ ਨਾਲ ਖੇਡ ਪ੍ਰੇਮੀਆਂ ਦੀਆਂ ਭਾਵਨਾਵਾਂ ਦਾ ਵੀ ਤਾਂ ਖਿਆਲ ਰੱਖਣਾ ਚਾਹੀਦਾ ਹੈ। ਪਸ਼ੂਆਂ ਦੇ ਕਰਤਬ ਦਿਖਾਉਣ ਵਾਲੇ ਵੀ ਜ਼ਾਬਤੇ ਵਿਚ ਰਹਿਣ ਤੇ ਸਰਕਾਰੀ ਨਿਯਮ ਵੀ।


-37, ਪ੍ਰੀਤ ਇਨਕਲੇਵ, ਲੱਧੇਵਾਲੀ, ਜਲੰਧਰ।
ਮੋਬਾਈਲ : 98141-78883.

ਕੰਢੀ ਦੇ ਕਿਸਾਨ ਦੀ ਤਪੱਸਿਆ ਦਾ ਪ੍ਰਤੀਕ ਹੈ 'ਮਣ੍ਹਾ'

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਇਸ ਕੰਮ ਲਈ ਸਭ ਤੋਂ ਪਹਿਲੋਂ ਖੇਤਾਂ ਵਿਚ ਢੁੱਕਵੀਂ ਥਾਂ ਦੀ ਚੋਣ ਕੀਤੀ ਜਾਂਦੀ ਹੈ। ਭੂਤਰ (ਜੰਗਲੀ ਜਾਨਵਰ) ਕਿਹੜੇ ਪਾਸਿਉਂ ਹਮਲਾ ਕਰਦੇ ਹਨ। ਉਨ੍ਹਾਂ ਨੂੰ ਕਿਧਰੋਂ ਡੱਕਣਾ ਹੈ, ਕਿੱਧਰ ਭਜਾਉਣਾ ਹੈ। ਇਸ ਗੱਲ ਨੂੰ ਧਿਆਨ ਵਿਚ ਰੱਖਦਿਆਂ ਚਾਰ ਥੰਮ੍ਹੀਆਂ ਗੱਡ ਕੇ, ਉਚਾਈ 'ਤੇ ਚਾਰ ਬੱਲੀਆਂ ਰੱਖ ਦਿੱਤੀਆਂ ਜਾਂਦੀਆਂ ਹਨ। ਫਿਰ ਉਨ੍ਹਾਂ 'ਤੇ ਮੰਜਾ ਟਿਕਾਇਆ ਜਾਂਦਾ ਹੈ। ਮੰਜੇ ਤੀਕ ਚੜ੍ਹਨ ਲਈ ਥੰਮ੍ਹੀਆਂ ਨਾਲ ਕੁਝ ਡੰਡੇ ਬੰਨ੍ਹ ਕੇ ਪੌੜੀਨੁਮਾ ਸ਼ਕਲ ਦਿੱਤੀ ਜਾਂਦੀ ਹੈ। ਫਿਰ ਮੰਜੇ 'ਤੇ ਬੈਠਣ ਜੋਗੀ ਉਚਾਈ ਛੱਡ ਕੇ ਸਰੈੜ, ਸਰਕੰਡਿਆਂ ਜਾਂ ਪੂਲਿਆਂ ਦੀ ਗੋਲ ਜਾਂ ਚੌਰਸ ਛੱਤ ਬਣਾਈ ਜਾਂਦੀ ਹੈ। ਇਸ ਛੱਤ ਉੱਤੇ ਪੌਲੀਥੀਨ ਦੀ ਚਾਦਰ ਮਜ਼ਬੂਤੀ ਨਾਲ ਲਪੇਟ ਦਿੱਤੀ ਜਾਂਦੀ ਹੈ ਤਾਂ ਜੋ ਮੀਂਹ-ਝੜੀ, ਹਨੇਰੀ-ਝੱਖੜ ਵਿਚ ਬਚਾਅ ਹੋ ਸਕੇ। ਹਨੇਰੀਆਂ ਘੁੱਪ ਕਾਲੀਆਂ ਰਾਤਾਂ ਨੂੰ ਭੂਤਰਾਂ ਤੋਂ ਆਪਣੀ ਫ਼ਸਲ ਦੀ ਰਾਖੀ ਲਈ ਕਿਸਾਨ ਜਾਨ ਤਲੀ 'ਤੇ ਧਰ ਕੇ ਆਪਣੇ ਅੰਗ ਸੰਗ ਰਹਿਣ ਵਾਲੇ ਕੁੱਤੇ ਨਾਲ ਮਣ੍ਹੇ 'ਤੇ ਆ ਜਾਂਦਾ ਹੈ। ਉਨ੍ਹਾਂ ਕਾਲੀ ਬੋਲੀਆਂ, ਡਰਾਉਣੀਆਂ ਰਾਤਾਂ ਵਿਚ ਰੋਂਦੇ ਜੰਗਲੀ ਸਿਆਰ, ਭੌਂਕਦੇ ਕੁੱਤੇ, ਬਰਸਾਤੀ ਡੱਡੂਆਂ ਦੀ ਟਰ-ਟਰ ਜਾਂ ਬੀਂਡਿਆਂ ਦੀ ਤਿੱਖੀ ਕੰਨ ਚੀਰਵੀਂ ਆਵਾਜ਼ ਸਨਾਟੇ ਨੂੰ ਤੋੜਦੀ ਹੈ। ਇਨ੍ਹਾਂ ਬਰਸਾਤਾਂ ਵਿਚ ਕਈ ਵਾਰੀ ਖੇਤਾਂ ਵਿਚ ਫਿਰਦੇ ਜ਼ਹਿਰੀਲੇ ਸੱਪ, ਠੂੰਹੇ ਜਾਂ ਹੋਰ ਖ਼ਤਰਨਾਕ ਕੀੜੇ ਵੀ ਮਣ੍ਹੇ ਦੀਆਂ ਥੰਮੀਆਂ 'ਤੇ ਚੜ੍ਹ ਜਾਂਦੇ ਹਨ ਅਤੇ ਕਿਸਾਨ ਦੀ ਜਾਨ ਲਈ ਖ਼ਤਰਾ ਬਣ ਜਾਂਦੇ ਹਨ। ਉਸ ਸਮੇਂ ਕੁੱਤਾ ਹੀ ਉਸ ਦਾ ਇੱਕ ਵਫ਼ਾਦਾਰ ਸਾਥੀ ਹੁੰਦਾ ਹੈ। ਜਿਹੜਾ ਮਣ੍ਹੇ ਦੇ ਹੇਠਾਂ ਬੈਠਦਾ ਹੈ ਅਤੇ ਮਾੜਾ ਜਿਹਾ ਖੜਾਕ ਹੋਣ 'ਤੇ ਪੂਰੇ ਜ਼ੋਰ ਨਾਲ ਭੌਂਕ ਕੇ ਖੇਤ ਵਿਚ ਜੰਗਲੀ ਜਾਨਵਰਾਂ ਦੀ ਘੁਸਪੈਠ ਦੀ ਸੂਚਨਾ ਦਿੰਦਾ ਹੈ। ਉਹ ਮਣ੍ਹੇ 'ਤੇ ਬੈਠੇ ਕਿਸਾਨ ਵਲੋਂ ਹੱਲਾਸ਼ੇਰੀ ਦੇਣ 'ਤੇ ਪਹਿਲੋਂ ਆਪ ਹੀ ਭੌਂਕ-ਭੌਂਕ ਕੇ ਭੂਤਰਾਂ ਨੂੰ ਭਜਾਉਣ ਦੀ ਕੋਸ਼ਿਸ਼ ਕਰਦਾ ਹੈ। ਕਿਸਾਨ ਹੜਾਤ-ਹੜਾਤ, ਹਲਾ ਲਾ ਹਲਾ ਲਾ ਕਰਦਾ ਹੈ। ਖੜਾਕ ਵਾਲੀ ਥਾਂ 'ਤੇ ਟਾਰਚ ਨਾਲ ਤੇਜ਼ ਲਾਈਟ ਮਾਰਦਾ ਹੈ। ਕਈ ਵਾਰੀ ਜੰਗਲੀ ਜਾਨਵਰ ਤੇ ਟਾਰਚ ਦੀ ਲਾਈਟ ਪੈਣ ਨਾਲ, ਉਨ੍ਹਾਂ ਦੀਆਂ ਅੱਖਾਂ ਚੁੰਧਿਆ ਜਾਂਦੀਆਂ ਹਨ ਅਤੇ ਉਹ ਡਰ ਕੇ ਭੱਜ ਜਾਂਦੇ ਹਨ ਜਾਂ ਫਿਰ ਆਪਣਾ ਰਸਤਾ ਬਦਲ ਲੈਂਦੇ ਹਨ। ਇਸ 'ਤੇ ਵੀ ਠੱਲ੍ਹ ਨਾ ਪੈਣ 'ਤੇ ਕਿਸਾਨ ਮਣ੍ਹੇ ਦੀ ਛੱਤ ਨਾਲ ਟੰਗੇ ਖਾਲੀ ਪੀਪੇ ਖੜਕਾਉਣ ਲਗਦਾ ਹੈ। ਇਨ੍ਹਾਂ ਭੂਤਰੇ ਜੰਗਲੀ ਜਾਨਵਰਾਂ ਨੂੰ ਡਰਾਉਣ ਅਤੇ ਭਜਾਉਣ ਲਈ ਗੰਧਕ ਉਤੇ ਪੋਟਾਸ਼ ਮਿਲਾ ਕੇ ਦੇਸੀ ਪਟਾਕੇ ਚਲਾਉਂਦਾ ਹੈ। ਪਰ ਕਈ ਵਾਰੀ ਇਹ ਜੰਗਲੀ ਜਾਨਵਰ ਇਸ ਸਭ ਕਾਸੇ ਦੀ ਪਰਵਾਹ ਨਹੀਂ ਕਰਦੇ। ਉਹ ਰੱਜ ਕੇ ਫ਼ਸਲ ਤਬਾਹ ਕਰਦੇ ਹਨ। ਕੁੱਤਾ ਜਾਂ ਕਿਸਾਨ ਦੇ ਸਾਹਮਣੇ ਆਉਣ 'ਤੇ ਉਸ 'ਤੇ ਜਾਨਲੇਵਾ ਹਮਲਾ ਵੀ ਕਰ ਦਿੰਦੇ ਹਨ। ਕਈ ਵਾਰ ਅਜਿਹੇ ਦਰਦਨਾਕ ਹਾਦਸੇ ਵਾਪਰਦੇ ਹਨ ਜਿਸ ਨਾਲ ਕਿਸਾਨ ਗੰਭੀਰ ਜ਼ਖਮੀ ਹੋ ਜਾਂਦੇ ਹਨ ਜਾਂ ਅਨਿਆਂਈਂ ਮੌਤੇ ਮਾਰੇ ਵੀ ਜਾਂਦੇ ਹਨ। ਰਾਤ ਨੂੰ ਜੰਗਲੀ ਜਾਨਵਰ ਕਦੋਂ, ਕਿਹੜੇ ਪਾਸਿਉਂ ਖੇਤ ਵਿਚ ਪ੍ਰਵੇਸ਼ ਕਰਦੇ ਹਨ, ਇਸ ਦਾ ਪਹਿਲੋਂ ਅੰਦਾਜ਼ਾ ਨਹੀਂ ਹੁੰਦਾ। ਇੰਜ ਕੰਢੀ ਦਾ ਕਿਸਾਨ ਆਪਣੀ ਜਾਨ ਜ਼ੋਖ਼ਿਮ ਵਿਚ ਪਾ ਕੇ, ਫ਼ਸਲ ਦੀ ਰਾਖੀ ਕਰਦਾ ਹੈ। ਖਰਾਬ ਮੌਸਮ ਜਾਂ ਆਪਣੀ ਢਿੱਲੀ ਸਿਹਤ ਦੀ ਪਰਵਾਹ ਨਾ ਕਰਦਿਆਂ ਫ਼ਸਲ ਦੇ ਪੱਕਣ, ਵੱਢਣ ਅਤੇ ਮੱਕੀ ਦੇ ਦਾਣੇ ਘਰ ਆਉਣ ਤੱਕ, ਉਸ ਨੂੰ ਲੱਗਪਗ ਤਿੰਨ ਮਹੀਨੇ ਜਾਗ-ਜਾਗ ਕੇ ਕੱਟਣੇ ਪੈਂਦੇ ਹਨ। ਮਣ੍ਹੇ 'ਤੇ ਬੈਠਿਆਂ ਪਲ-ਪਲ ਜੰਗਲੀ ਜਾਨਵਰਾਂ ਦੀ ਆਮਦ ਦੀ ਫਿਕਰ ਉਸ ਦੀ ਅੱਖ ਨਹੀਂ ਲੱਗਣ ਦਿੰਦੀ। ਉਤੋਂ ਸਿਤਮ ਇਹ ਕਿ ਸਰਕਾਰ ਜੰਗਲੀ ਜਾਨਵਰਾਂ ਹੱਥੋਂ ਤਬਾਹ ਹੋਈ ਫ਼ਸਲ ਨੂੰ ਕੁਦਰਤੀ ਆਫਤ ਵਜੋਂ ਵਿਚਾਰਦੀ ਹੀ ਨਹੀਂ।
ਬੀਤ ਇਲਾਕੇ ਦੇ ਕੁਝ ਰੱਜੇ-ਪੁੱਜੇ ਕਿਸਾਨਾਂ ਨੇ ਆਪਣੇ ਖੇਤਾਂ ਦੇ ਦੁਆਲੇ ਲੋਹੇ ਦੀ ਜਾਲੀ ਵਾਲੀ ਵਾੜ ਲਾਈ ਹੁੰਦੀ ਹੈ ਤਾਂ ਜੋ ਇਹ ਜੰਗਲੀ ਜਾਨਵਰ ੳਨ੍ਹਾਂ ਖੇਤਾਂ ਵਿਚ ਵੜ ਹੀ ਨਾ ਸਕਣ। ਨੀਲ ਗਾਵਾਂ, ਜੰਗਲੀ ਸੂਰਾਂ ਆਦਿ ਨੂੰ ਛੱਡ ਕੇ ਬਾਂਦਰ ਇਸ ਵਾੜ ਨੂੰ ਅਸਾਨੀ ਨਾਲ ਟੱਪ ਕੇ ਖੇਤਾਂ ਵਿਚ ਵੜ ਜਾਂਦੇ ਹਨ। ਤਲਵਾੜਾ, ਕਮਾਹੀ ਦੇਵੀ, ਚਮੂਹੀ-ਬੇੜਿੰਗ, ਢੋਲਬਾਹਾ ਜਨੌੜੀ, ਮਹਿੰਗਰੋਵਾਲ ਆਦਿ ਕੰਢੀ ਦੇ ਪਿੰਡਾਂ ਦੇ ਲੋਕ ਆਰਥਕ ਤੌਰ 'ਤੇ ਏਨੇ ਸੰਪੰਨ ਨਹੀਂ ਹਨ ਕਿ ਉਹ ਵੀ ਆਪਣੇ ਖੇਤਾਂ ਨੂੰ ਲੋਹੇ ਦੀਆਂ ਤਾਰਾਂ ਨਾਲ ਘੇਰ ਕੇ ਜੰਗਲੀ ਜਾਨਵਰਾਂ ਤੋਂ ਆਪਣੀ ਫ਼ਸਲ ਦੀ ਰਾਖੀ ਕਰ ਸਕਣ। ਇਹ ਵਿਚਾਰੇ ਤਾਂ ਮੁੱਦਤਾਂ ਤੋਂ ਕੰਡਿਆਲੀ ਝਾੜੀਆਂ ਦੀ ਵਾੜ ਬਣਾ ਕੇ ਆਪਣੀ ਫ਼ਸਲ ਦੀ ਰਾਖੀ ਕਰਦੇ ਆ ਰਹੇ ਹਨ। ਇਹ ਜੰਗਲੀ ਜਾਨਵਰ ਇਸ ਕੰਡਿਆਲੀ ਵਾੜ ਨੂੰ ਵੀ ਕੁਝ ਨਹੀਂ ਸਮਝਦੇ। ਇਨ੍ਹਾਂ ਨੂੰ ਤਾਂ ਸਾਰੀ ਸਾਰੀ ਰਾਤ ਮਣ੍ਹਿਆਂ 'ਤੇ ਬੈਠ ਕੇ ਹੀ ਰਾਖੀ ਕਰਨੀ ਪੈਂਦੀ ਹੈ। (ਸਮਾਪਤ)


-ਪੰਚਵਟੀ, ਏਕਤਾ ਇਨਕਲੇਵ, ਲੇਨ ਨੰ: 2, ਬੂਲਾਂਬਾੜੀ, ਹੁਸ਼ਿਆਰਪੁਰ। ਮੋਬਾਈਲ : 9876156964





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX