ਤਾਜਾ ਖ਼ਬਰਾਂ


ਅਖਿਲੇਸ਼ ਨੇ ਹਾਦਸੇ 'ਚ ਜ਼ਖਮੀਆਂ ਦੀ ਕੀਤੀ ਮਦਦ
. . .  25 minutes ago
ਨਵੀਂ ਦਿੱਲੀ, 18 ਜੁਲਾਈ - ਲਖਨਊ ਆਗਰਾ ਐਕਸਪ੍ਰੈਸ ਵੇ 'ਤੇ ਇਕ ਹਾਦਸੇ ਨੂੰ ਦੇਖ ਕੇ ਸਮਾਜਵਾਦੀ ਪਾਰਟੀ ਦੇ ਮੁਖੀ ਤੇ ਉਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਆਪਣਾ ਕਾਫਲਾ ਰੋਕ ਕੇ ਉਤਰ ਗਏ। ਹਾਦਸੇ ਵਿਚ ਇਸਕਾਨ ਦੇ ਤਿੰਨ ਭਗਤ ਬੁਰੀ ਤਰ੍ਹਾਂ ਨਾਲ ਜ਼ਖਮੀ...
ਰਾਹੁਲ ਦਾ ਭਾਜਪਾ 'ਤੇ ਇਸ਼ਾਰਿਆਂ 'ਚ ਹਮਲਾ
. . .  50 minutes ago
ਨਵੀਂ ਦਿੱਲੀ, 18 ਜੁਲਾਈ - ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਸਵਾਮੀ ਅਗਨੀਵੇਸ਼ ਦੇ ਨਾਲ ਝਾਰਖੰਡ 'ਚ ਹੋਈ ਕੁੱਟਮਾਰ ਨੂੰ ਲੈ ਕੇ ਇਸ਼ਾਰਿਆਂ ਇਸ਼ਾਰਿਆਂ 'ਚ ਭਾਜਪਾ 'ਤੇ ਨਿਸ਼ਾਨਾ ਸਾਧਿਆ ਹੈ। ਰਾਹੁਲ ਗਾਂਧੀ ਨੇ ਸਵਾਮੀ ਅਗਨੀਵੇਸ਼ ਦੇ ਨਾਲ ਹੋਈ ਕੁੱਟਮਾਰ ਦੇ ਵੀਡੀਓ ਸਣੇ...
ਸੰਸਦ ਦਾ ਮਾਨਸੂਨ ਇਜਲਾਸ ਅੱਜ ਤੋਂ ਹੋਵੇਗਾ ਸ਼ੁਰੂ
. . .  about 1 hour ago
ਨਵੀਂ ਦਿੱਲੀ, 18 ਜੁਲਾਈ - ਸੰਸਦ ਦਾ ਮਾਨਸੂਨ ਇਜਲਾਸ ਅੱਜ ਤੋਂ ਸ਼ੁਰੂ ਹੋ ਰਿਹਾ ਹੈ। 10 ਅਗਸਤ ਤੱਕ ਚਲਣ ਵਾਲੇ ਇਸ ਇਜਲਾਸ 'ਚ ਕਾਂਗਰਸ ਸਮੇਤ ਦੂਸਰੇ ਵਿਰੋਧੀ ਦਲ ਮੋਦੀ ਸਰਕਾਰ ਖਿਲਾਫ ਬੇਭਰੋਸਗੀ ਮਤਾ ਲਿਆਉਣ ਦਾ ਨੋਟਿਸ ਦੇਣਗੇ। ਜਦਕਿ ਪ੍ਰਧਾਨ ਮੰਤਰੀ ਨਰਿੰਦਰ...
ਨੋਇਡਾ ਇਮਾਰਤ ਹਾਦਸਾ - ਤਿੰਨ ਲੋਕਾਂ ਨੂੰ ਕੀਤਾ ਗਿਆ ਗ੍ਰਿਫ਼ਤਾਰ
. . .  about 1 hour ago
ਨਵੀਂ ਦਿੱਲੀ, 18 ਜੁਲਾਈ - ਗ੍ਰੇਟਰ ਨੋਇਡਾ ਸਥਿਤ ਸ਼ਾਹਬੇਰੀ ਪਿੰਡ 'ਚ ਮੰਗਲਵਾਰ ਨੂੰ ਨਿਰਮਾਣਧੀਨ 6 ਮੰਜਲਾਂ ਇਮਾਰਤ ਚਾਰ ਮੰਜ਼ਲਾਂ ਇਮਾਰਤ 'ਤੇ ਜਾ ਡਿੱਗੀ, ਇਸ ਘਟਨਾ ਵਿਚ ਤਿੰਨ ਲੋਕਾਂ ਦੇ ਅਜੇ ਤੱਕ ਮਾਰੇ ਜਾਣ ਦੀ ਪੁਸ਼ਟੀ ਹੋਈ ਹੈ। ਜਦਕਿ 50 ਲੋਕ ਅਜੇ ਵੀ ਮਲਬੇ ਹੇਠਾਂ...
ਅੱਜ ਦਾ ਵਿਚਾਰ
. . .  about 2 hours ago
ਭਾਰਤ ਬਨਾਮ ਇੰਗਲੈਂਡ ਤੀਜਾ ਇੱਕ ਦਿਨਾ ਮੈਚ : ਇੰਗਲੈਂਡ ਨੂੰ ਜਿੱਤਣ ਲਈ 64 ਗੇਂਦਾਂ 'ਚ 23 ਦੌੜਾਂ ਦੀ ਲੋੜ
. . .  1 day ago
ਭਾਰਤ ਬਨਾਮ ਇੰਗਲੈਂਡ ਤੀਜਾ ਇੱਕ ਦਿਨਾ ਮੈਚ : ਇੰਗਲੈਂਡ ਨੂੰ ਦੂਜਾ ਝਟਕਾ
. . .  1 day ago
ਭਾਰਤ ਬਨਾਮ ਇੰਗਲੈਂਡ ਤੀਜਾ ਇੱਕ ਦਿਨਾ ਮੈਚ : ਭਾਰਤ ਨੇ ਇੰਗਲੈਂਡ ਨੂੰ ਦਿੱਤਾ ਜਿੱਤਣ ਲਈ 257 ਦੌੜਾਂ ਦਾ ਟੀਚਾ
. . .  1 day ago
ਪਿੰਡ ਲੁਹਾਰ ਦਾ ਭਗਵੰਤ ਸਿੰਘ ਨਸ਼ੇ ਦੀ ਭੇਟ ਚੜਿਆ
. . .  1 day ago
ਫ਼ਤਿਆਬਾਦ, 17 ਜੁਲਾਈ (ਧੂੰਦਾ)- ਇੱਥੋਂ ਥੋੜ੍ਹੀ ਦੂਰੀ 'ਤੇ ਸਥਿਤ ਪਿੰਡ ਡੇਹਰਾ ਸਾਹਿਬ ਲੁਹਾਰ ਵਿਖੇ 22 ਸਾਲਾ ਨੌਜਵਾਨ ਭਗਵੰਤ ਸਿੰਘ ਪੁੱਤਰ ਗੁਰਦੇਵ ਸਿੰਘ ਦੀ ਨਸ਼ੀਲਾ ਟੀਕਾ ਲਗਾਉਣ ਨਾਲ ਮੌਕੇ 'ਤੇ ਮੌਤ ਹੋ ਜਾਣ ਦੀ ...
ਅਮਰਨਾਥ ਯਾਤਰਾ 'ਤੇ ਗਏ ਨੌਜਵਾਨ ਦੀ ਰਸਤੇ ਵਿਚ ਮੌਤ
. . .  1 day ago
ਭਿੱਖੀਵਿੰਡ, 17 ਜੁਲਾਈ (ਬੌਬੀ)-ਭਿੱਖੀਵਿੰਡ ਤੋਂ ਮੋਟਰ ਸਾਈਕਲਾਂ 'ਤੇ ਅਮਰਨਾਥ (ਜੰਮੂ ਕਸ਼ਮੀਰ) ਯਾਤਰਾ ਤੇ ਗਏ ਚਾਰ ਦੋਸਤਾਂ 'ਚੋਂ ਇਕ ਦੀ ਰਸਤੇ 'ਚ ਵਾਪਸੀ ਮੌਕੇ ਮੌਤ ਹੋਣ ਦੀ ਖ਼ਬਰ ਮਿਲੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹਰਪ੍ਰੀਤ ਸਿੰਘ ਵਾਸੀ ,,,
ਹੋਰ ਖ਼ਬਰਾਂ..
  •     Confirm Target Language  

ਧਰਮ ਤੇ ਵਿਰਸਾ

ਸਾਕਾ ਨਨਕਾਣਾ ਸਾਹਿਬ

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਪਿਤਾ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਨੂੰ 'ਧਰਮ ਹੇਤ ਸਾਕਾ' ਕਿਹਾ ਹੈ, ਜਿਸ ਤੋਂ ਸਾਕਾ ਸ਼ਬਦ ਸਿੱਖ ਸ਼ਬਦਾਵਲੀ ਦਾ ਅਟੁੱਟ ਹਿੱਸਾ ਬਣ ਗਿਆ। ਸਾਕੇ ਦਾ ਅਰਥ ਹੈ, ਕੋਈ ਐਸਾ ਕਰਮ ਜੋ ਇਤਿਹਾਸ ਵਿਚ ਪ੍ਰਸਿੱਧ ਰਹਿਣ ਲਾਇਕ ਹੋਵੇ। ਵਚਿੱਤਰ, ਅਨੋਖੀ, ਅਦੁੱਤੀ, ਅਜੀਬ ਘਟਨਾ ਨੂੰ ਸਾਕਾ ਕਿਹਾ ਜਾਂਦਾ ਹੈ। ਸਪੱਸ਼ਟ ਹੈ ਕਿ ਇਹ ਸ਼ਬਦ ਭਾਰੀ ਦੁਖਾਂਤਕ ਘਟਨਾ ਵਾਸਤੇ ਵਰਤਿਆ ਜਾਂਦਾ ਹੈ।
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਤੋਂ ਬਾਅਦ ਪੰਜਾਬੀਆਂ ਤੇ ਖਾਸ ਕਰਕੇ ਸਿੱਖਾਂ ਨੂੰ ਇਸ ਅਰਥ ਭਾਵ ਵਾਲੇ ਸਾਕਿਆਂ ਸਨਮੁੱਖ ਹੋਣਾ ਪਿਆ। ਜਲ੍ਹਿਆਂ ਵਾਲੇ ਬਾਗ ਦਾ ਸਾਕਾ, ਨਨਕਾਣਾ ਸਾਹਿਬ ਦਾ ਸਾਕਾ, ਪੰਜਾ ਸਾਹਿਬ ਦਾ ਸਾਕਾ, ਸਾਕਾ ਗੁਰੂ ਕਾ ਬਾਗ ਆਦਿ। ਅੰਗਰੇਜ਼ੀ ਸ਼ਾਸਕਾਂ ਦੀ ਸ਼ਹਿ 'ਤੇ ਮਹੰਤਸ਼ਾਹੀ ਦੇ ਤਾਂਡਵ ਨਾਚ ਦੀ ਦਰਦਨਾਕ ਕਹਾਣੀ ਨੂੰ ਸਾਕਾ ਨਨਕਾਣਾ ਸਾਹਿਬ ਰੂਪਮਾਨ ਕਰਦਾ ਹੈ। ਇਨ੍ਹਾਂ ਸਾਕਿਆਂ ਨੂੰ ਢਾਡੀ ਬੀਰਰਸੀ ਵਾਰਾਂ ਰਾਹੀਂ ਪ੍ਰਗਟ ਕਰਨ ਲਈ 'ਸਾਕਾ ਕਾਵਿ' ਰੂਪ ਪ੍ਰਚਲਿਤ ਹੋਇਆ।
ਨਨਕਾਣਾ ਸਾਹਿਬ, ਨਾਨਕਿਆਣਾ ਤੋਂ ਬਣਿਆ ਹੈ, ਜਿਸ ਦਾ ਅਰਥ ਹੈ ਨਾਨਕ ਆਯਨ-ਸ੍ਰੀ ਗੁਰੂ ਨਾਨਕ ਦੇਵ ਜੀ ਦਾ ਆਯਨ ਭਾਵ ਘਰ। ਇਸ ਧਰਤ-ਸੁਹਾਵੀ ਦਾ ਪਹਿਲਾ ਨਾਂਅ ਰਾਇਪੁਰ ਫਿਰ ਤਲਵੰਡੀ ਰਾਇ ਭੋਇ ਤੇ ਸਦੀਵੀ ਨਾਂਅ ਨਨਕਾਣਾ ਸਾਹਿਬ ਪ੍ਰਚਲਿਤ ਹੋਇਆ। ਨਨਕਾਣਾ ਸਾਹਿਬ ਦੀ ਧਰਤੀ 'ਤੇ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਅਨੇਕਾਂ ਅਲੌਕਿਕ ਚੋਜ ਕੀਤੇ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਅਸਥਾਨ 'ਤੇ 1613 ਈ: ਨੂੰ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੇ ਆਗਮਨ ਨਾਲ ਯਾਦਗਾਰੀ ਅਸਥਾਨ ਸਥਾਪਿਤ ਹੋਇਆ, ਜੋ ਸਮੇਂ ਦੇ ਬੀਤਣ ਨਾਲ ਗੁਰਦੁਆਰਾ ਜਨਮ ਅਸਥਾਨ ਨਨਕਾਣਾ ਸਾਹਿਬ ਦੇ ਨਾਂਅ ਨਾਲ ਵਿਸ਼ਵ ਪ੍ਰਸਿੱਧ ਹੋਇਆ। ਉਦਾਸੀ ਸੰਪਰਦਾ ਦੇ ਮੁਖੀ ਬਾਬਾ ਅਲਮਸਤ ਜੀ ਨੂੰ ਗੁਰਦੁਆਰਾ ਜਨਮ ਅਸਥਾਨ ਦੀ ਸੇਵਾ-ਸੰਭਾਲ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਸੌਂਪੀ ਸੀ। ਇਸ ਤਰ੍ਹਾਂ ਅਰੰਭ ਤੋਂ ਹੀ ਇਸ ਪਵਿੱਤਰ ਅਸਥਾਨ ਦਾ ਪ੍ਰਬੰਧ ਉਦਾਸੀ ਸੰਪਰਦਾ ਦੇ ਮਹੰਤ-ਪੁਜਾਰੀ ਹੀ ਕਰਦੇ ਰਹੇ। ਸਿੱਖ ਰਾਜ ਕਾਲ ਸਮੇਂ ਗੁਰਦੁਆਰਿਆਂ ਦੇ ਨਾਂਅ ਲੱਗੀਆਂ ਬੇਸ਼ੁਮਾਰ ਜਗੀਰਾਂ-ਜਾਇਦਾਦਾਂ ਨੇ ਮਹੰਤਾਂ ਨੂੰ ਆਲਸੀ-ਅਯਾਸ਼ ਤੇ ਭ੍ਰਿਸ਼ਟ-ਕੁਕਰਮੀ ਕਰ ਦਿੱਤਾ। ਸਿੱਖ ਰਾਜ ਦਾ ਸੂਰਜ ਅਸਤ ਹੋਣ ਦੀ ਦੇਰ ਸੀ ਕਿ ਮਹੰਤਾਂ-ਪੁਜਾਰੀਆਂ ਨੇ ਅੰਗਰੇਜ਼ ਭਗਤ ਬਣ ਐਸ਼ਪ੍ਰਸਤੀ ਕਰਨੀ ਸ਼ੁਰੂ ਕਰ ਦਿੱਤੀ। ਮਹੰਤ-ਪੁਜਾਰੀ ਗੁਰਦੁਆਰਿਆਂ ਦੀਆਂ ਜ਼ਮੀਨਾਂ-ਜਾਇਦਾਦਾਂ ਨੂੰ ਆਪਣੀ ਨਿੱਜੀ ਪਿਤਾਪੁਰਖੀ ਮਾਲਕੀ ਮਹਿਸੂਸ ਕਰਨ ਲੱਗੇ। ਮਹੰਤਾਂ-ਪੁਜਾਰੀਆਂ ਨੇ ਗੁਰਦੁਆਰਿਆਂ ਨੂੰ ਐਸ਼ਪ੍ਰਸਤੀ ਦੇ ਡੇਰੇ (ਅੱਡੇ) ਬਣਾ ਲਿਆ।
ਜਦ ਸਿੱਖਾਂ ਦੇ ਘਰ ਘੋੜਿਆਂ ਦੀਆਂ ਕਾਠੀਆਂ 'ਤੇ ਸਨ, ਤਦ ਵੀ ਗੁਰਦੁਆਰਾ ਪ੍ਰਬੰਧ ਆਮ ਕਰਕੇ ਪਿਤਾਪੁਰਖੀ ਮਹੰਤਾਂ-ਉਦਾਸੀਆਂ ਤੇ ਨਿਰਮਲਿਆਂ ਪਾਸ ਹੀ ਸੀ। ਗੁਰੂ-ਘਰ ਦਾ ਪ੍ਰਬੰਧ ਉਸ ਸਮੇਂ ਤੱਕ ਠੀਕ ਚਲਦਾ ਰਿਹਾ, ਜਦੋਂ ਤੱਕ ਸਿੱਖ ਕਦਰਾਂ-ਕੀਮਤਾਂ ਅਨੁਸਾਰ ਜੀਵਨ ਬਸਰ ਕਰਦੇ ਰਹੇ। ਪਰ ਜਦ ਵੀ ਮਹੰਤਾਂ-ਪੁਜਾਰੀਆਂ, ਧਰਮੀ ਸਦਵਾਉਣ ਵਾਲਿਆਂ ਦਾ ਜੀਵਨ 'ਕਰਤੂਤਿ ਪਸੂ ਕੀ ਮਾਨਸ ਜਾਤਿ' ਵਾਲਾ ਹੋ ਜਾਵੇਗਾ ਤਾਂ ਗਿਰਾਵਟ ਆਉਣੀ ਨਿਸਚਿਤ ਹੈ। ਨਨਕਾਣਾ ਸਾਹਿਬ ਦੇ ਮਹੰਤ ਨਰੈਣ ਦਾਸ ਦਾ ਸ਼ਰਾਬ ਪੀ ਕੇ ਆਈ ਸੰਗਤ ਦੀ ਬੇਇੱਜ਼ਤੀ ਕਰਨਾ, ਬੀਬੀਆਂ ਦੀ ਅਜ਼ਮਤ ਨੂੰ ਹੱਥ ਪਾਉਣਾ ਨਿੱਤ ਦਾ ਕਰਮ ਬਣ ਗਿਆ ਸੀ। ਮਹੰਤਾਂ ਦੇ ਕੁਕਰਮਾਂ-ਦੁਰਾਚਾਰਾਂ ਦੇ ਦਾਗ਼ ਨੂੰ ਧੋਣ ਵਾਸਤੇ ਪਵਿੱਤਰ ਖੂਨ ਦੀ ਜ਼ਰੂਰਤ ਸੀ, ਜਿਸ ਨੂੰ ਨਨਕਾਣਾ ਸਾਹਿਬ ਦੇ ਸ਼ਹੀਦਾਂ ਨੇ ਪੂਰਾ ਕੀਤਾ। ਇਸ ਸਮੇਂ ਸਿੱਖ ਸਮਾਜ ਵਿਚ ਸਿੱਖ ਜਾਗ੍ਰਤੀ ਵਜੋਂ ਸਿੰਘ ਸਭਾ ਲਹਿਰ ਚੱਲ ਰਹੀ ਸੀ। ਚੇਤੰਨ ਗੁਰਸਿੱਖਾਂ ਨੇ ਗੁਰਦੁਆਰਾ ਪ੍ਰਬੰਧ ਨੂੰ ਪਰਿਵਾਰਕ ਪ੍ਰਬੰਧ ਤੋਂ ਪੰਥਕ ਪ੍ਰਬੰਧ 'ਚ ਲਿਆਉਣ ਲਈ ਕਮਰਕੱਸੇ ਕਰ ਲਏ। ਗੁਰਦੁਆਰਾ ਜਨਮ ਅਸਥਾਨ ਨਨਕਾਣਾ ਸਾਹਿਬ ਨੂੰ ਮਹੰਤਾਂ ਦੇ ਪ੍ਰਬੰਧ ਤੋਂ ਆਜ਼ਾਦ ਕਰਾਉਣ ਲਈ ਗੁਰਸਿੱਖ ਮਰਜ਼ੀਵੜਿਆਂ ਦਾ ਸ਼ਾਂਤਮਈ ਜਥਾ ਫਰਵਰੀ, 1920 ਨੂੰ ਦਰਸ਼ਨੀ ਡਿਉੜੀ ਰਸਤੇ ਅੰਦਰ ਦਾਖ਼ਲ ਹੋਇਆ, ਜਿੱਥੇ ਇਨ੍ਹਾਂ ਨਾਨਕ ਨਾਮ ਲੇਵਾ ਗੁਰਸਿੱਖਾਂ ਦਾ 'ਸੁਆਗਤ' ਮਹੰਤ, ਉਸ ਦੇ ਗੁੰਡਿਆਂ, ਬਦਮਾਸ਼ਾਂ ਨੇ ਗੋਲੀਆਂ, ਡਾਂਗਾਂ, ਬਰਛੀਆਂ, ਤਲਵਾਰਾਂ ਆਦਿ ਮਾਰੂ ਹਥਿਆਰਾਂ ਨਾਲ ਕੀਤਾ, ਗੁਰੂ-ਘਰ ਦੀ ਪਵਿੱਤਰਤਾ ਨੂੰ ਕਾਇਮ ਰੱਖਣ ਖ਼ਾਤਰ ਗੁਰੂ ਕੇ ਲਾਲ ਸ਼ਾਂਤਮਈ ਰਹਿ ਕੇ ਸ਼ਹਾਦਤਾਂ ਪ੍ਰਾਪਤ ਕਰ ਗਏ।
ਸਾਕਾ ਨਨਕਾਣਾ ਸਾਹਿਬ ਵਾਪਰਨ ਸਮੇਂ ਕੁਝ ਭੱਟੀ ਮੁਸਲਾਮਾਨਾਂ, ਬਾਬਾ ਕਰਤਾਰ ਸਿੰਘ (ਬੇਦੀ), ਮੰਗਲ ਸਿੰਘ ਕੂਕਾ ਆਦਿ ਨੇ ਵੀ ਕੁਕਰਮੀ ਮਹੰਤਾਂ ਦਾ ਸਾਥ ਦਿੱਤਾ। ਮਹੰਤ ਨਰੈਣ ਦਾਸ ਤੇ ਮਿਸਟਰ ਕਰੀ ਡੀ.ਸੀ. ਅਤੇ ਮਿਸਟਰ ਕਿੰਗ ਕਮਿਸ਼ਨਰ ਲਾਹੌਰ ਡਵੀਜ਼ਨ ਦੀ ਸ਼ਹਿ 'ਤੇ ਨਨਕਾਣਾ ਸਾਹਿਬ ਦੀ ਪਵਿੱਤਰ ਧਰਤੀ ਖੂਨ ਨਾਲ ਲਾਲ ਹੋ ਗਈ। ਬਾਬਾ ਕਰਤਾਰ ਸਿੰਘ (ਬੇਦੀ) ਨੂੰ ਕੁਝ ਸਮੇਂ ਬਾਅਦ ਪੰਥ ਨਾਲ ਕੀਤੀ ਗ਼ਦਾਰੀ ਦਾ ਅਹਿਸਾਸ ਹੋਇਆ ਤਾਂ ਉਹ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਪੇਸ਼ ਹੋਇਆ, ਜਿਸ 'ਤੇ ਉਸ ਨੂੰ ਹੁਣ ਤੱਕ ਦੀ ਸਭ ਤੋਂ ਸਖ਼ਤ ਤਨਖਾਹ ਲਾਈ ਗਈ।
ਇਹ ਦੁਖਾਂਤਕ ਸਾਕਾ ਗੁਰੂ ਨਾਨਕ ਦੇ ਘਰ ਨੂੰ ਕਪਟੀ ਮਹੰਤਾਂ ਤੋਂ ਆਜ਼ਾਦ ਕਰਵਾਉਣ ਗਏ ਗੁਰਸਿੱਖਾਂ ਨਾਲ ਵਾਪਰਿਆ, ਇਸ ਤੋਂ ਵੱਧ ਦਰਦਨਾਕ ਘਟਨਾ ਕੀ ਹੋ ਸਕਦੀ ਹੈ। ਹਰ ਸਿੱਖ ਵਾਸਤੇ ਨਨਕਾਣਾ ਸਾਹਿਬ ਪਵਿੱਤਰ ਧਰਤੀ ਹੈ। ਇਥੋਂ ਦਾ ਮਹੰਤ ਨਰੈਣ ਦਾਸ ਸਭ ਤੋਂ ਵੱਡਾ ਗੁਰੂ-ਘਰ ਦਾ ਦੋਖੀ ਸਾਬਤ ਹੋਇਆ। ਇਹ ਕੁਕਰਮੀ ਬਣ ਚੁੱਕਾ ਸੀ। ਧਰਮ-ਕਰਮ ਇਸ ਵਿਚੋਂ ਗਾਇਬ ਹੋ ਚੁੱਕਾ ਸੀ। ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧ ਨੂੰ ਅਜਿਹੇ ਹੀ ਕਪਟੀ ਮਹੰਤਾਂ ਤੋਂ ਆਜ਼ਾਦ ਕਰਵਾ ਕੇ ਸੰਗਤੀ ਪ੍ਰਬੰਧ 'ਚ ਲਿਆਉਣ ਲਈ ਗੁਰਸਿੱਖਾਂ ਨੇ ਗੁਰਦੁਆਰਾ ਸੁਧਾਰ ਲਹਿਰ ਅਰੰਭ ਕੀਤੀ, ਜਿਸ ਤਹਿਤ ਸਭ ਤੋਂ ਪਹਿਲਾਂ ਗੁਰਦਆਰਾ ਬਾਬੇ ਦੀ ਬੇਰ ਸਿਆਲਕੋਟ ਅਕਤੂਬਰ, 1920 ਨੂੰ ਪੰਥਕ ਪ੍ਰਬੰਧ 'ਚ ਲਿਆ ਗਿਆ। ਫਿਰ ਅਕਤੂਬਰ, 1920 ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਪ੍ਰਬੰਧ ਪੰਥਕ ਹੱਥਾਂ 'ਚ ਆਇਆ।
ਸ਼ਾਂਤਮਈ ਸਿੱਖ ਸੇਵਕਾਂ ਦੇ ਖੂਨ ਨਾਲ ਮਹੰਤ ਨਰੈਣ ਦਾਸ ਤੇ ਉਸ ਦੇ ਗੁੰਡਿਆਂ ਨੇ ਗੁਰਦੁਆਰਾ ਜਨਮ ਅਸਥਾਨ ਨੂੰ ਲਥਪਥ ਕਰ ਦਿੱਤਾ। ਇਹ ਗੁਰਦੁਆਰਾ ਸਾਹਿਬਾਨ ਦੀ ਸੁਤੰਤਰਤਾ, ਆਜ਼ਾਦੀ ਲਈ ਕੀਤਾ ਗਿਆ ਸੱਤਿਆਗ੍ਰਹਿ ਸੀ। ਜਬਰ-ਜ਼ੁਲਮ ਤੇ ਅੱਤਿਆਚਾਰ ਦੇ ਵਿਰੁੱਧ ਸਤਿ-ਸੰਤੋਖ, ਸਬਰ ਦੇ ਧਾਰਨੀ ਹੋ ਸ਼ਾਂਤਮਈ ਰਹਿ ਕੇ ਕੀਤਾ ਗਿਆ ਵਿਦਰੋਹ, ਰੋਸ ਤੇ ਰੋਹ ਸੀ।
ਮਹੰਤ ਨਰੈਣ ਦਾਸ ਦੇ ਬਦਮਾਸ਼ਾਂ ਦੇ ਜਬਰ-ਜ਼ੁਲਮ ਦੀ ਇੰਤਹਾ-ਚਰਮ ਸੀਮਾ ਦੇਖੋ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ 'ਤੇ ਬੈਠਾ ਗ੍ਰੰਥੀ ਸਿੰਘ ਵੀ ਸ਼ਹੀਦ ਹੋ ਗਿਆ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੇ ਪਾਵਨ ਸਰੂਪ 'ਚ ਵੀ ਗੋਲੀਆਂ ਲੱਗੀਆਂ, ਜਿਸ ਨੂੰ 'ਸ਼ਹੀਦੀ ਬੀੜ' ਕਿਹਾ ਜਾਂਦਾ ਹੈ। ਨਨਕਾਣਾ ਸਾਹਿਬ ਦੇ ਸਾਕੇ ਸਮੇਂ ਗੁਰਸਿੱਖਾਂ ਦੇ ਸਤਿ-ਸਿਦਕ, ਸਬਰ ਦੀ ਪਰਖ ਹੋਈ। ਗੁਰੂ ਕੇ ਲਾਲਾਂ ਨੇ 'ਇਤੁ ਮਾਰਗਿ ਪੈਰੁ ਧਰੀਜੈ॥ ਸਿਰੁ ਦੀਜੈ ਕਾਣਿ ਨ ਕੀਜੈ॥' ਦੇ ਮਹਾਂਵਾਕ ਨੂੰ ਪ੍ਰਤੱਖ ਕਰ ਦਿਖਾਇਆ। ਇਹ ਸ਼ਹੀਦਾਂ ਦੇ ਪਵਿੱਤਰ ਖੂਨ ਸਦਕਾ ਹੀ ਅੰਗਰੇਜ਼ ਰਾਜ ਕਾਲ ਸਮੇਂ ਸੁਤੰਤਰ ਸਿੱਖ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਹੋਂਦ 'ਚ ਆਈ, ਜਿਸ ਨੂੰ ਸਿੱਖ ਪਾਰਲੀਮੈਂਟ ਹੋਣ ਦਾ ਮਾਣ-ਸਤਿਕਾਰ ਹਾਸਲ ਹੈ। ਇਸ ਦੁਖਾਂਤਕ ਸਾਕੇ ਨੂੰ ਸ਼ਬਦੀ ਰੂਪ ਨਹੀਂ ਦਿੱਤਾ ਜਾ ਸਕਦਾ। ਅੰਮ੍ਰਿਤ ਵੇਲੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਅਸਥਾਨ 'ਤੇ ਦਰਸ਼ਨ-ਦੀਦਾਰ ਕਰ ਰਹੇ ਸ਼ਾਂਤਮਈ ਗੁਰਸਿੱਖਾਂ 'ਤੇ ਜਦੋਂ ਮਹੰਤ ਤੇ ਉਸ ਦੇ ਗੁੰਡਿਆਂ ਨੇ ਗੋਲੀਆਂ ਦਾ ਮੀਂਹ ਵਰਸਾਇਆ ਹੋਵੇਗਾ, ਕਿੰਨੀ ਕਰੁਣਾਮਈ-ਦੁਖਦਾਈ ਘੜੀ ਹੋਵੇਗੀ, ਕੇਵਲ ਕਲਪਨਾ ਹੀ ਕੀਤੀ ਜਾ ਸਕਦੀ ਹੈ। ਗੁਰੂ ਨਾਨਕ ਨਾਮ ਲੇਵਾ ਗੁਰਸਿੱਖਾਂ ਨੇ ਆਪਣੇ ਪਾਕ-ਪਵਿੱਤਰ ਖੂਨ ਨਾਲ ਮਹੰਤਾਂ ਦੇ ਪਾਪਾਂ ਨਾਲ ਗੰਧਲੀ ਹੋਈ ਧਰਤੀ ਨੂੰ ਧੋ ਕੇ ਪਵਿੱਤਰ ਕਰ ਦਿੱਤਾ।
ਕਿੰਨੇ ਸਬਰ, ਸਹਿਜ, ਸੀਤਲਤਾ ਦੇ ਧਾਰਨੀ ਹੋਣਗੇ ਗੁਰੂ-ਘਰ ਦੇ ਪਰਵਾਨੇ-ਗੁਰਸਿੱਖ, ਜਿਨ੍ਹਾਂ ਨੂੰ ਜ਼ਿੰਦਾ ਜੰਡ ਨਾਲ ਬੰਨ੍ਹ, ਭੱਠ ਵਿਚ ਸੁੱਟ ਸਾੜਿਆ ਗਿਆ, ਪਰ ਕਿਸੇ ਨੇ ਸੀ ਨਹੀਂ ਉਚਾਰੀ। ਗੁਰਦੁਆਰਾ ਜਨਮ ਅਸਥਾਨ ਦੇ ਨਜ਼ਦੀਕ ਸਥਿਤ ਸ਼ਹੀਦੀ ਖੂਹ ਤੇ ਜੰਡ ਦਾ ਦਰੱਖਤ ਸ਼ਹੀਦਾਂ ਦੀ ਸ਼ਹੀਦੀ ਦਾਸਤਾਨ ਬਿਆਨ ਕਰਦਾ ਹੈ। ਜੰਡ ਦੇ ਦਰੱਖਤ ਦੀ ਸਾਂਭ-ਸੰਭਾਲ ਹੋਣੀ ਜ਼ਰੂਰੀ ਹੈ। ਅਪ੍ਰੈਲ, 1921 'ਚ ਮਹੰਤ ਨਰੈਣ ਦਾਸ ਤੇ ਉਸ ਦੇ ਚਾਟੜਿਆਂ 'ਤੇ ਮੁਕੱਦਮਾ ਚੱਲਣਾ ਸ਼ੁਰੂ ਹੋਇਆ। 12 ਅਕਤੂਬਰ, 1921 ਨੂੰ ਮਹੰਤ ਨਰੈਣ ਦਾਸ ਤੇ ਉਸ ਦੇ 7 ਸਾਥੀਆਂ ਨੂੰ ਮੌਤ ਦੀ ਸਜ਼ਾ, 8 ਸਾਥੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ, ਪਰ ਹਾਈ ਕੋਰਟ ਨੇ ਮਹੰਤ ਦੀ ਮੌਤ ਦੀ ਸਜ਼ਾ ਉਮਰ ਕੈਦ 'ਚ ਤਬਦੀਲ ਕਰ ਦਿੱਤੀ। ਪਰ ਗੁਰਦੁਆਰਾ ਜਨਮ ਅਸਥਾਨ ਨਨਕਾਣਾ ਸਾਹਿਬ ਜੀ ਦੀ ਇਤਿਹਾਸਕ ਇਮਾਰਤ, ਵਿਸ਼ਾਲ ਦਰਸ਼ਨੀ ਡਿਉੜੀ ਤੇ ਖੁੱਲ੍ਹਾ ਵਿਹੜਾ ਸਮੇਂ-ਸਥਾਨ ਤੋਂ ਸੁਤੰਤਰ ਸ੍ਰੀ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਨੂੰ ਅੱਜ ਵੀ ਰੂਪਮਾਨ ਕਰਦੇ ਹਨ। ਇਹ ਸਾਕੇ ਸਿੱਖੀ-ਸਿਦਕ, ਸਬਰ, ਸਾਹਸ ਤੇ ਸ਼ਹਾਦਤ ਨੂੰ ਪ੍ਰਤੱਖ ਤੌਰ 'ਤੇ ਰੂਪਮਾਨ ਕਰਦੇ ਹਨ। ਲੋੜ ਹੈ ਇਨ੍ਹਾਂ ਤੋਂ ਪ੍ਰੇਰਨਾ ਲੈ ਸਿੱਖ ਜੀਵਨ ਜਾਚ 'ਚ ਸਤਿ-ਸੰਤੋਖ ਦੇ ਧਾਰਨੀ ਹੋ ਸਮੇਂ ਦੇ ਹਾਣੀ ਹੋਣ ਦੀ!
ਨਨਕਾਣਾ ਸਾਹਿਬ ਦੇ ਸ਼ਹੀਦਾਂ ਦੀ ਯਾਦ 'ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਸ੍ਰੀ ਅੰਮ੍ਰਿਤਸਰ 'ਚ ਸਥਾਪਿਤ ਕੀਤਾ ਅਤੇ ਸ਼ਹੀਦੀ ਜੀਵਨ ਪੁਸਤਕ ਉਚੇਚੇ ਤੌਰ 'ਤੇ ਲਿਖਵਾਈ, ਜਿਸ ਵਿਚ 86 ਸ਼ਹੀਦਾਂ ਦਾ ਜੀਵਨ ਵਰਣਨ ਕੀਤਾ ਗਿਆ।
ਦੇਸ਼ ਦੀ ਵੰਡ ਸਮੇਂ ਤੱਕ ਗੁਰਦੁਆਰਾ ਨਨਕਾਣਾ ਸਾਹਿਬ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਰਦੀ ਰਹੀ, ਪਰ ਦੇਸ਼ ਦੇ ਬਟਵਾਰੇ ਨਾਲ ਜਿੱਥੇ ਸਿੱਖਾਂ ਦਾ ਬੇਸ਼ੁਮਾਰ ਜਾਨੀ ਤੇ ਮਾਲੀ ਨੁਕਸਾਨ ਹੋਇਆ, ਉਸ ਦੇ ਨਾਲ ਜਿੰਦ-ਜਾਨ ਤੋਂ ਪਿਆਰੇ ਗੁਰਦੁਆਰੇ-ਗੁਰਧਾਮਾਂ ਤੋਂ ਵੀ ਸਿੱਖ ਵਿਛੜ ਗਏ। ਵਿਛੋੜੇ ਦੇ ਨਾਸੂਰ ਨੂੰ ਭਰਨ ਵਾਸਤੇ ਹਰ ਸਿੱਖ ਸਵੇਰੇ-ਸ਼ਾਮ ਇਨ੍ਹਾਂ ਗੁਰਦੁਆਰਿਆਂ-ਗੁਰਧਾਮਾਂ ਦੇ ਦਰਸ਼ਨ-ਦੀਦਾਰ ਲਈ ਅਰਜੋਈ-ਜੋਦੜੀ ਕਰਦਾ ਹੈ।


-ਮੋਬਾ: 98146-37979
roopsz@yahoo.com


ਖ਼ਬਰ ਸ਼ੇਅਰ ਕਰੋ

ਸਿੱਖ ਇਤਿਹਾਸ ਦਾ ਸਭ ਤੋਂ ਲੰਮਾ ਮੋਰਚਾ :

ਜੈਤੋ ਦਾ ਮੋਰਚਾ

ਜੈਤੋ ਦਾ ਮੋਰਚਾ ਪਟਿਆਲਾ ਅਤੇ ਨਾਭਾ ਰਿਆਸਤ ਦੇ ਬਾਹਰੀ ਝਗੜੇ ਵਜੋਂ ਹੋਂਦ ਵਿਚ ਆਇਆ, ਕਿਉਂਕਿ ਅੰਗਰੇਜ਼ ਹਕੂਮਤ ਪਹਿਲਾਂ ਹੀ ਇਸ ਤਾਕ ਵਿਚ ਸੀ ਕਿ ਨਾਭਾ ਰਿਆਸਤ ਦੇ ਮਹਾਰਾਜ ਰਿਪੂਦਮਨ ਸਿੰਘ ਦੇ ਵਿਰੁੱਧ ਕੋਈ ਕਾਰਵਾਈ ਕਰਕੇ ਉਸ ਨੂੰ ਅੰਗਰੇਜ਼ੀ ਹਕੂਮਤ ਦਾ ਪ੍ਰਭਾਵ ਕਬੁੂਲ ਕਰਨ ਲਈ ਮਜਬੂਰ ਕੀਤਾ ਜਾ ਸਕੇ। ਅੰਗਰੇਜ਼ੀ ਹਕੂਮਤ ਨੇ ਦੋਵਾਂ ਰਿਆਸਤਾਂ ਦੇ ਵਿਚ-ਵਿਚਾਲੇ ਪੈ ਕੇ ਹੁਸ਼ਿਆਰੀ ਨਾਲ ਦੋਵਾਂ ਮਹਾਰਾਜਿਆਂ ਪਾਸੋਂ ਫ਼ੈਸਲਾ ਕਰਨ ਦੇ ਹੱਕ ਪ੍ਰਾਪਤ ਕਰ ਲਏ। ਹਕੂਮਤ ਨੂੰ ਅਜਿਹਾ ਹੱਕ ਦੇਣਾ ਹੀ ਮਹਾਰਾਜਾ ਨੂੰ ਮਹਿੰਗਾ ਪਿਆ। ਸਰਕਾਰ ਨੇ ਝਗੜੇ ਦੀ ਆੜ ਹੇਠ 8 ਜੂਨ, 1923 ਨੂੰ ਮਹਾਰਾਜਾ ਰਿਪੂਦਮਨ ਸਿੰਘ ਨੂੰ ਨਾਭਾ ਰਿਆਸਤ ਦੀ ਰਾਜਗੱਦੀ ਤੋਂ ਲਾਹ ਕੇ ਉਸ ਨੂੰ ਰਾਜ ਵਿਚੋਂ ਕੱਢ ਦਿੱਤਾ। ਇਸ ਹਕੂਮਤ ਵਿਚ ਸਿੱਖ ਜਗਤ 'ਚ ਬੇਹੱਦ ਸਤਿਕਾਰ ਹੋਣ ਕਰਕੇ ਸਿੱਖਾਂ ਦੀ ਸ਼੍ਰੋਮਣੀ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਵੀ ਇਸ ਦਾ ਸਖ਼ਤ ਵਿਰੋਧ ਕੀਤਾ ਗਿਆ ਅਤੇ ਮਹਾਰਾਜਾ ਨਾਭਾ ਪ੍ਰਤੀ ਹਮਦਰਦੀ ਦਾ ਮਤਾ 9 ਸਤੰਬਰ, 1923 ਨੂੰ 'ਨਾਭਾ ਡੇ' ਮਨਾਉਣ ਦਾ ਐਲਾਨ ਕਰ ਦਿੱਤਾ। ਇਸ ਦਿਨ ਪੰਜਾਬ ਵਿਚ ਥਾਂ-ਥਾਂ 'ਤੇ ਜਲੂਸ ਕੱਢੇ ਗਏ ਅਤੇ ਮਹਾਰਾਜੇ ਦੀ ਬਹਾਲੀ ਲਈ ਮਤੇ ਪਾਸ ਕੀਤੇ ਗਏ। ਜੈਤੋ ਵਿਖੇ ਵੀ ਅਜਿਹਾ ਜਲੂਸ ਕੱਢਿਆ ਗਿਆ। ਜਲੂਸ ਦੀ ਸਮਾਪਤੀ 'ਤੇ ਦੀਵਾਨ ਸਜਾਇਆ ਗਿਆ ਅਤੇ ਗੁਰਦੁਆਰਾ ਗੰਗਸਰ ਸਾਹਿਬ ਵਿਖੇ ਅਖੰਡ ਪਾਠ ਦੀ ਲੜੀ ਆਰੰਭ ਕੀਤੀ ਗਈ।
ਦੂਜੇ ਪਾਸੇ ਅੰਗਰੇਜ਼ੀ ਹਕੂਮਤ ਵਲੋਂ ਮਹਾਰਾਜਾ ਰਿਪੂਦਮਨ ਸਿੰਘ ਦੇ ਹੱਕ ਵਿਚ ਕੋਈ ਵੀ ਮਤਾ ਪਾਸ ਕਰਨ ਦੀ ਸਖ਼ਤ ਮਨਾਹੀ ਸੀ ਅਤੇ ਜੈਤੋ ਵਿਖੇ ਮਹਾਰਾਜੇ ਦੇ ਹੱਕ ਵਿਚ ਅਖੰਡ ਪਾਠਾਂ ਦੀ ਲੜੀ ਹਕੂਮਤੀ ਆਦੇਸ਼ਾਂ ਦੀ ਸਿੱਧੀ ਵਿਰੋਧਤਾ ਸੀ। ਇਸ ਕਰਕੇ 14 ਸਤੰਬਰ, 1923 ਨੂੰ ਜਦੋਂ ਗੁਰਦੁਆਰਾ ਗੰਗਸਰ ਸਾਹਿਬ ਵਿਖੇ ਦੀਵਾਨ ਸਾਹਿਬ ਸਜਿਆ ਹੋਇਆ ਸੀ ਅਤੇ ਗੁਰੂ ਗ੍ਰੰਥ ਸਾਹਿਬ ਦੇ ਅਖੰਡ ਪਾਠ ਚੱਲ ਰਹੇ ਸਨ ਤਾਂ ਅੰਗਰੇਜ਼ੀ ਹਕੂਮਤ ਦੇ ਹਥਿਆਰਬੰਦ ਸਿਪਾਹੀਆਂ ਨੇ ਗੁਰਦੁਆਰਾ ਗੰਗਸਰ ਸਾਹਿਬ ਵਿਖੇ ਦਾਖਲ ਹੋ ਕੇ ਉਥੇ ਹੀ ਇਕੱਤਰ ਸ਼ਰਧਾਲੂਆਂ ਅਤੇ ਸੇਵਾਦਾਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ 'ਚ ਬੈਠੇ ਗ੍ਰੰਥੀ ਸਿੰਘਾਂ ਨੂੰ ਬਾਹਰ ਕੱਢ ਲਿਆਂਦਾ। ਇਸ ਤਰ੍ਹਾਂ ਚੱਲ ਰਹੇ ਅਖੰਡ ਪਾਠਾਂ ਨੂੰ ਖੰਡਿਤ ਕਰ ਦਿੱਤਾ। ਅਖੰਡ ਪਾਠ ਦਾ ਖੰਡਿਤ ਕੀਤਾ ਜਾਣਾ ਸਿੱਖ ਧਰਮ ਲਈ ਬਹੁਤ ਹੀ ਅਸਹਿ ਘਟਨਾ ਸੀ, ਜਿਸ ਦਾ ਵੱਡੇ ਪੱਧਰ 'ਤੇ ਵਿਰੋਧ ਹੋਣ ਲੱਗਾ। ਇਸ ਘਟਨਾ ਨੇ ਮਹਾਰਾਜਾ ਨਾਭਾ ਦੇ ਰਾਜਸੀ ਸਵਾਲ ਨੂੰ ਸਿੱਖ ਧਰਮ ਦਾ ਸਵਾਲ ਬਣਾ ਦਿੱਤਾ ਤੇ ਜੈਤੋ ਵਿਖੇ ਸਿੱਖਾਂ ਨੇ ਇਹ ਮੋਰਚਾ ਆਰੰਭ ਕਰ ਦਿੱਤਾ। ਇਸ ਮੋਰਚੇ ਦਾ ਮੁੱਖ ਨਿਸ਼ਾਨਾ ਖੰਡਿਤ ਕੀਤੇ ਗਏ ਅਖੰਡ ਪਾਠਾਂ ਨੂੰ ਅਖੰਡ ਰੂਪ 'ਚ ਮੁੜ ਚਾਲੂ ਕਰਨਾ ਸੀ।
ਇਹ ਸਿੱਖ ਮਰਯਾਦਾ ਦੀ ਘੋਰ ਉਲੰਘਣਾ ਸੀ ਅਤੇ ਇਸ ਦੁਰਘਟਨਾ ਨੇ ਮਹਾਰਾਜਾ ਦੇ ਰਾਜਸੀ ਸਵਾਲ ਨੂੰ ਧਾਰਮਿਕ ਸਵਾਲ ਬਣਾ ਦਿੱਤਾ। ਜੈਤੋ ਮੋਰਚੇ ਦਾ ਮੁੱਖ ਨਿਸ਼ਾਨਾ ਖੰਡਿਤ ਅਖੰਡ ਪਾਠ ਨੂੰ ਮੁੜ ਅਖੰਡਿਤ ਰੂਪ ਵਿਚ ਚਾਲੂ ਕਰਨਾ ਸੀ। ਸਿੱਖਾਂ ਦੀ ਧਾਰਮਿਕ ਜਥੇਬੰਦੀ ਨੇ ਇਸ ਮੋਰਚੇ ਦੀ ਕਮਾਨ ਸੰਭਾਲਦਿਆਂ ਅੰਮ੍ਰਿਤਸਰ ਤੋਂ ਰੋਜ਼ਾਨਾ 25-25 ਸਿੰਘਾਂ ਦੇ ਜਥੇ ਜੈਤੋ ਵੱਲ ਭੇਜਣੇ ਸ਼ੁਰੂ ਕੀਤੇ। ਹਰ ਰੋਜ਼ ਇਕ ਜਥਾ ਸ੍ਰੀ ਅਕਾਲ ਤਖਤ ਸਾਹਿਬ ਤੋਂ ਚੱਲ ਕੇ ਜਦੋਂ ਜੈਤੋ ਪਹੁੰਚਦਾ ਤਾਂ ਹਕੂਮਤ ਵਲੋਂ ਸਿੰਘਾਂ ਨੂੰ ਗ੍ਰਿਫ਼ਤਾਰ ਕਰਕੇ ਜੰਗਲਾਂ ਵਿਚ ਲਿਜਾ ਕੇ ਛੱਡ ਦਿੱਤਾ ਜਾਂਦਾ। ਮੋਰਚੇ ਦੀ ਚਰਚਾ ਪੰਜਾਬ ਤੋਂ ਬਾਹਰ ਵੀ ਹੋਣ ਲੱਗੀ। ਕਾਂਗਰਸ ਵਲੋਂ ਪੰਡਿਤ ਜਵਾਹਰ ਲਾਲ ਨਹਿਰੂ, ਪ੍ਰਿੰਸੀਪਲ ਗਿਡਵਾਨੀ ਅਤੇ ਮਿਸਟਰ ਕੇ. ਸਨਾਤਮ ਨੂੰ ਸਥਿਤੀ ਦਾ ਜਾਇਜ਼ਾ ਲੈਣ ਲਈ ਜੈਤੋ ਮੰਡੀ ਭੇਜਿਆ ਗਿਆ। ਤਿੰਨਾਂ ਆਗੂਆਂ ਨੂੰ ਜੈਤੋ ਪੁੱਜਣ 'ਤੇ ਹੀ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਇਕ ਰਾਤ ਜੈਤੋ ਕਿਲ੍ਹੇ ਦੀ ਇਕ ਕੋਠੜੀ ਵਿਚ ਬੰਦ ਕਰਨ ਉਪਰੰਤ ਅਗਲੇ ਦਿਨ ਨਾਭਾ ਜੇਲ੍ਹ ਵਿਚ ਭੇਜ ਦਿੱਤਾ। 29 ਸਤੰਬਰ, 1923 ਨੂੰ ਸ਼੍ਰੋਮਣੀ ਗੁਰਦੁਆਰਾ ਕਮੇਟੀ ਵਲੋਂ ਸਿੱਖਾਂ ਦੇ ਧਾਰਮਿਕ ਮਾਮਲਿਆਂ ਵਿਚ ਹਕੂਮਤ ਦੀ ਦਖਲਅੰਦਾਜ਼ੀ ਨਾ ਸਹਿਣ ਕਰਨ ਦਾ ਮਤਾ ਪਾਸ ਕੀਤਾ ਗਿਆ ਅਤੇ 25 ਸਿੰਘਾਂ ਦੇ ਜਥੇ ਭੇਜਣ ਨਾਲ ਕੋਈ ਤਸੱਲੀਬਖਸ਼ ਸਿੱਟਾ ਨਿਕਲਦਾ ਨਾ ਵੇਖ ਕੇ ਮੋਰਚੇ ਨੂੰ ਹੋਰ ਤੇਜ਼ ਕਰਨ ਲਈ 500-500 ਸਿੰਘਾਂ ਦੇ ਜਥੇ ਭੇਜਣ ਦਾ ਫੈਸਲਾ ਕੀਤਾ ਗਿਆ। ਪਹਿਲੇ ਜਥੇ ਨੂੰ 21 ਫਰਵਰੀ, 1924 ਨੂੰ ਜੈਤੋ ਪੁੱਜ ਕੇ ਗੁਰਦੁਆਰਾ ਪਾਤਸ਼ਾਹੀ ਦਸਵੀਂ ਸ੍ਰੀ ਗੰਗਸਰ ਸਾਹਿਬ ਨੂੰ ਕਬਜ਼ੇ ਵਿਚ ਲੈਣ ਅਤੇ ਅਖੰਡ ਪਾਠ ਸ਼ੁਰੂ ਕਰਨ ਦਾ ਆਦੇਸ਼ ਦਿੱਤਾ ਗਿਆ।
ਇਹ ਵਿਸ਼ਾਲ ਜਥਾ 9 ਫਰਵਰੀ, 1924 ਨੂੰ ਅਕਾਲ ਤਖ਼ਤ ਤੋਂ ਚੱਲ ਕੇ 20 ਫਰਵਰੀ ਨੂੰ ਫ਼ਰੀਦਕੋਟ ਜ਼ਿਲ੍ਹੇ ਦੇ ਪਿੰਡ ਬਰਗਾੜੀ ਵਿਖੇ ਪੁੱਜਿਆ। 21 ਫਰਵਰੀ ਨੂੰ ਸਵੇਰੇ ਕੀਰਤਨ ਕਰਨ ਉਪਰੰਤ ਇਹ ਜਥਾ ਜੈਤੋ ਵੱਲ ਕੂਚ ਕਰਨ ਲੱਗਿਆ। ਜਥੇ ਦੇ ਨਾਲ ਹਜ਼ਾਰਾਂ ਦੀ ਗਿਣਤੀ ਵਿਚ ਹੋਰ ਸੰਗਤ ਵੀ ਸ਼ਰਧਾਵੱਸ ਨਾਲ ਚੱਲ ਰਹੀ ਸੀ ਅਤੇ ਬੀਬੀਆਂ ਸਮੇਤ ਵੱਡੀ ਗਿਣਤੀ ਵਿਚ ਦਰਸ਼ਕ ਵੀ ਸਨ। ਕਾਂਗਰਸੀ ਨੇਤਾ ਡਾਕਟਰ ਕਿਚਲੂ, ਪ੍ਰਿੰਸੀਪਲ ਗਿਡਵਾਨੀ ਅਤੇ ਨਿਊਯਾਰਕ ਟਾਈਮਜ਼ ਦੇ ਪ੍ਰਤੀਨਿਧ ਮਿਸਟਰ ਜ਼ਿੰਮਦ ਕਾਰ ਵਿਚ ਸਵਾਰ ਹੋ ਕੇ ਜਥੇ ਦੇ ਨਾਲ-ਨਾਲ ਚੱਲ ਰਹੇ ਸਨ, ਪਰ ਇਨ੍ਹਾਂ ਨੇਤਾਵਾਂ ਨੂੰ ਨਾਭਾ ਰਿਆਸਤ ਦੀ ਹੱਦ ਤੋਂ ਅੱਗੇ ਨਹੀਂ ਜਾਣ ਦਿੱਤਾ ਗਿਆ। ਜਥੇ ਦੇ ਅੱਗੇ ਪੰਜ ਸਿੰਘ ਨਿਸ਼ਾਨ ਸਾਹਿਬ ਲੈ ਕੇ ਚੱਲ ਰਹੇ ਸਨ ਅਤੇ ਵਿਚਾਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਲਕੀ ਸੀ। ਅੰਗਰੇਜ਼ੀ ਹਕੂਮਤ ਵਲੋਂ ਜਥੇ ਨੂੰ ਗੁਰਦੁਆਰਾ ਟਿੱਬੀ ਸਾਹਿਬ ਤੋਂ 150 ਮੀਟਰ ਦੀ ਵਿੱਥ 'ਤੇ ਰੋਕ ਕੇ ਗੋਲੀ ਚਲਾ ਦੇਣ ਦੀ ਧਮਕੀ ਦਿੱਤੀ ਗਈ ਪਰ ਜਥਾ ਸ਼ਾਂਤਮਈ ਅੱਗੇ ਵਧਦਾ ਰਿਹਾ, ਜਿਸ 'ਤੇ ਵਿਲਸਨ ਜਾਨਸਟਨ ਨੇ ਪੁਲਿਸ ਨੂੰ ਗੋਲੀ ਚਲਾਉਣ ਦਾ ਹੁਕਮ ਦੇ ਦਿੱਤਾ ਅਤੇ ਸੈਂਕੜੇ ਸਿੰਘਾਂ ਨੂੰ ਸ਼ਹੀਦ ਕਰ ਦਿੱਤਾ ਗਿਆ (ਸ਼੍ਰੋਮਣੀ ਕਮੇਟੀ ਅਨੁਸਾਰ ਇਸ ਘਟਨਾ ਵਿਚ 300 ਸਿੰਘ ਗੋਲੀ ਦਾ ਸ਼ਿਕਾਰ ਹੋਏ, ਜਿਨ੍ਹਾਂ ਵਿਚੋਂ 100 ਸਿੰਘ ਸ਼ਹਾਦਤ ਹਾਸਲ ਕਰ ਗਏ)।
ਅੰਤ ਹਕੂਮਤ ਸਿੱਖ ਸੰਘਰਸ਼ ਅੱਗੇ ਝੁਕ ਗਈ ਅਤੇ ਇਸ ਇਤਿਹਾਸਕ ਮੋਰਚੇ ਨੂੰ ਸਫਲਤਾ ਮਿਲੀ। ਸਿੱਖ ਸੰਗਤ ਨੇ ਗੁਰਦੁਆਰਾ ਗੰਗਸਰ ਸਾਹਿਬ ਜੈਤੋ ਵਿਖੇ ਮੁੜ ਅਖੰਡ ਪਾਠ ਸ਼ੁਰੂ ਕਰਕੇ ਮੋਰਚੇ ਨੂੰ ਤੋੜ ਚੜ੍ਹਾਇਆ। ਜੈਤੋ ਦੇ ਇਤਿਹਾਸਕ ਗੁਰਦੁਆਰਾ ਸ਼ਹੀਦ ਗੰਜ ਟਿੱਬੀ ਸਾਹਿਬ ਵਿਖੇ ਹਰ ਸਾਲ 21 ਫਰਵਰੀ ਨੂੰ ਸ਼ਹੀਦੀ ਜੋੜ ਮੇਲਾ ਲਗਾਇਆ ਜਾਂਦਾ ਹੈ, ਜਿੱਥੇ ਵੱਡੀ ਗਿਣਤੀ ਵਿਚ ਸੰਗਤਾਂ ਪਹੁੰਚ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਅਰਪਨ ਕਰਦੀਆਂ ਹਨ।


-ਸ: ਸੀ: ਸੈ: ਸਕੂਲ, ਰੋੜੀਕਪੂਰਾ (ਫਰੀਦਕੋਟ)।
ਮੋਬਾ: 98550-31081

ਭਾਰਤੀ ਇਤਿਹਾਸ ਵਿਚ ਮਾਸਟਰ ਤਾਰਾ ਸਿੰਘ ਦਾ ਸਥਾਨ

ਵਿਭਿੰਨ ਭਾਸ਼ਾਵਾਂ ਵਿਚ ਅਖ਼ਬਾਰਾਂ ਦੇ ਪ੍ਰਕਾਸ਼ਨ ਦਾ ਵਿਸਤਾਰ ਅਜੋਕੇ ਯੁੱਗ ਦੀ ਵਿਸ਼ੇਸ਼ਤਾ ਹੈ। ਅਖ਼ਬਾਰਾਂ ਦੇ ਮਾਧਿਅਮ ਰਾਹੀਂ ਕੇਵਲ ਚਲੰਤ ਮਾਮਲਿਆਂ ਦੀਆਂ ਸੂਚਨਾਵਾਂ ਦਾ ਪਸਾਰ ਹੀ ਨਹੀਂ ਕੀਤਾ ਜਾਂਦਾ ਸਗੋਂ ਗਿਆਨ ਦੇ ਵਿਭਿੰਨ ਖੇਤਰਾਂ ਵਿਚ ਹੋ ਰਹੇ ਖੋਜ-ਪਸਾਰ ਬਾਰੇ ਵੀ ਭਰਪੂਰ ਜਾਣਕਾਰੀ ਦੇਣ ਦਾ ਉਪਰਾਲਾ ਕੀਤਾ ਜਾਂਦਾ ਹੈ। ਇਸੇ ਲਈ 'ਪੁਸਤਕ ਸੰਸਾਰ' ਨਾਮੀ ਫ਼ੀਚਰਾਂ ਦੀ ਅਖ਼ਬਾਰਾਂ ਦੇ ਕਾਲਮਾਂ ਵਿਚ ਮਹਤੱਤਾ ਵਧ ਗਈ ਹੈ। ਇਸੇ ਅਮਲ ਵਿਚ ਅਨੁਵਾਦ ਦੀ ਪ੍ਰਕਿਰਿਆ ਨੂੰ ਵੀ ਚੋਖੀ ਪ੍ਰਮਾਣਤਾ ਮਿਲੀ ਹੈ। ਸਿੱਖਿਅਤ ਵਰਗ ਲਈ ਹੁਣ ਆਪਣੀ ਜਾਣਕਾਰੀ ਨੂੰ ਆਧੁਨਿਕ ਸਤਰ ਤੱਕ (update) ਰੱਖਣ ਲਈ ਨਵੀਆਂ ਪ੍ਰਕਾਸ਼ਨਾਵਾਂ ਨਾਲ ਪਰਿਚਿਤ ਰਹਿਣ ਦੀ ਜ਼ਰੂਰਤ ਵੀ ਵਧ ਰਹੀ ਹੈ।
1947 ਉਪਰੰਤ ਭਾਰਤ ਦੇ ਕੌਮੀ/ਖੇਤਰੀ ਇਤਿਹਾਸ ਵਿਚ ਸੁਤੰਤਰਤਾ ਸੰਘਰਸ਼ ਦੇ ਇਤਿਹਾਸ ਦੀ ਖੋਜ ਨੂੰ ਪਹਿਲ ਦਿੱਤੀ ਗਈ। ਇਸੇ ਸੰਦਰਭ ਵਿਚ ਕਾਂਗਰਸ ਅਤੇ ਵਿਭਿੰਨ ਖੇਤਰੀ ਲਹਿਰਾਂ ਦੀ ਇਤਿਹਾਸਕ ਖੋਜ ਵੱਲ ਉਚੇਚਾ ਧਿਆਨ ਦਿੱਤਾ ਗਿਆ। ਖੇਤਰੀ ਨੇਤਾਵਾਂ ਉਪਰ ਉਚੇਚੇ ਤੌਰ 'ਤੇ ਖੋਜ ਪੁਸਤਕਾਂ ਲਿਖਵਾਉਣ ਲਈ ਪ੍ਰਾਜੈਕਟ ਤਿਆਰ ਕੀਤੇ ਗਏ। ਪਰ ਪੰਜਾਬ ਦੀਆਂ ਅਨੇਕ ਵਿਦੇਸ਼ੀ ਸ਼ਾਸਨ ਵਿਰੋਧੀ ਲਹਿਰਾਂ/ਨੇਤਾਵਾਂ ਵੱਲ ਕੋਈ ਧਿਆਨ ਨਾ ਦਿੱਤਾ ਗਿਆ। ਕੇਵਲ ਲਾਲਾ ਲਾਜਪਤ ਰਾਇ ਵੱਲ ਹੀ ਕਾਰਜਸ਼ੀਲ ਹੋਣ ਲਈ ਯੂਨੀਵਰਸਿਟੀ ਵਿਦਵਾਨ ਉਤਸ਼ਾਹਿਤ ਹੋ ਸਕੇ। ਭਾਵੇਂ ਕਿ ਸਿੱਖਾਂ ਵਿਚ ਪੱਸਰੀ ਪੁਨਰ ਸੁਰਜੀਤੀ ਲਹਿਰ ਦੀ ਸੁਤੰਤਰਤਾ ਸਬੰਧੀ ਚੇਤੰਨਤਾ ਉਤੇਜਿਤ ਕਰਨ ਦੀ ਉਚੇੇਚੀ ਭੁਮਿਕਾ ਸੀ ਅਤੇ ਗੁਰਦੁਆਰਾ ਸੁਧਾਰ ਲਹਿਰ ਦੇ ਮੁੱਢਲੇ ਮੋਰਚੇ ਨੂੰ ਮਹਾਤਮਾ ਗਾਂਧੀ ਨੇ 'ਭਾਰਤ ਦੀ ਆਜ਼ਾਦੀ ਲਈ ਜੰਗ ਦੀ ਪਹਿਲੀ ਜਿੱਤ' ਦਰਸਾਇਆ ਸੀ। ਫਿਰ ਵੀ ਇਸ ਲਹਿਰ ਨੂੰ 'ਨਿਰੋਲ ਧਾਰਮਿਕ' ਸਰੋਕਾਰਾਂ ਨੇੜੇ ਰੱਖ ਕੇ ਕੇਰਲ ਦੀ ਵਾਇਕਾਮ ਦਲਿਤ-ਉਧਾਰ ਲਹਿਰ ਨਾਲ ਹੀ ਜੋੜੀ ਰੱਖਿਆ ਗਿਆ। ਇਸ ਕਰਕੇ ਅਕਾਲੀ ਲਹਿਰ ਦੌਰਾਨ ਉੱਭਰੇ ਪ੍ਰਤਿਭਾਸ਼ੀਲ ਨੇਤਾਵਾਂ ਵੱਲ ਵੀ ਅਣਦੇਖੀ ਕੀਤੀ ਗਈ। ਡਾ: ਮਹਿੰਦਰ ਸਿੰਘ ਦੀ 'ਅਕਾਲੀ ਮੂਵਮੈਂਟ' ਪਹਿਲੀ ਅਜਿਹੀ ਪੁਸਤਕ ਸੀ ਜਿਸ ਵਿਚ ਅਕਾਲੀ ਲਹਿਰ ਦੇ ਭਾਰਤੀ ਸੁਤੰਤਰਤਾ ਲਹਿਰ ਤਾਈਂ ਪ੍ਰਾਸਗੰਕਤਾ ਦਾ ਹਵਾਲਾ ਮਿਲਦਾ ਹੈ। ਇਸ ਤੋਂ ਬਹੁਤ ਸਮਾਂ ਪਿੱਛੋਂ ਅਕਾਲੀ ਲਹਿਰ ਨੂੰ ਸੁਤੰਤਰਤਾ ਸੰਗਰਾਮ ਦੀਆਂ ਅਨੇਕ ਲਹਿਰਾਂ ਵਿਚੋਂ ਸਭ ਤੋਂ ਪ੍ਰਤਿਭਾਸ਼ੀਲ ਅਤੇ ਜਨਤਕ ਲਹਿਰ (powerfu& and mass based) ਮੰਨਿਆ ਗਿਆ। ਅਕਾਲੀ ਲਹਿਰ ਨੇ ਚੰਗੇ ਸਿਰੜੀ ਅਤੇ ਦੇਸ਼ ਭਗਤ ਨੇਤਾਵਾਂ ਦੀ ਇਕ ਲੰਬੀ ਕਤਾਰ ਪੈਦਾ ਕੀਤੀ, ਜਿਨਾ ਵਿਚ ਬਾਬਾ ਖੜਕ ਸਿੰਘ, ਮਾਸਟਰ ਤਾਰਾ ਸਿੰਘ, ਸ: ਮਹਿਤਾਬ ਸਿੰਘ ਬੈਰਿਸਟਰ, ਗਿਆਨੀ ਗੁਰਮੁਖ ਸਿੰਘ ਮੁਸਾਫ਼ਰ, ਗਿਆਨੀ ਕਰਤਾਰ ਸਿੰਘ, ਜਥੇਦਾਰ ਊਧਮ ਸਿੰਘ ਨਾਗੋਕੇ, ਬਲਦੇਵ ਸਿੰਘ, ਪ੍ਰਤਾਪ ਸਿੰਘ ਕੈਰੋਂ ਅਤੇ ਸਵਰਨ ਸਿੰਘ ਸ਼ਾਮਿਲ ਸਨ। ਇਨ੍ਹਾਂ ਵਿਚੋਂ ਚੋਖੇ ਵਿਅਕਤੀ ਕਾਂਗਰਸ ਵਿਚ ਸ਼ਾਮਿਲ ਹੋ ਕੇ ਹੀ ਪ੍ਰਵਾਨ ਚੜ੍ਹੇ। ਪਰ ਪਹਿਲੀ ਸਤਰ ਦੇ ਅਕਾਲੀ ਨੇਤਾਵਾਂ ਵਿਚੋਂ ਇਕੱਲੇ ਮਾਸਟਰ ਤਾਰਾ ਸਿੰਘ ਦਾ ਸਰੋਕਾਰ ਵਧੇਰੇ ਕਰਕੇ ਸਿੱਖੀ ਪਛਾਣ ਅਤੇ ਪੰਜਾਬ ਵਿਚ ਸਿੱਖਾਂ ਦੀ ਸਿੱਖ ਧਾਰਮਿਕ ਘੱਟ-ਗਿਣਤੀ ਵਜੋਂ ਸਲਾਮਤੀ ਨਾਲ ਜੁੜਿਆ ਰਿਹਾ।
ਅਸਲ ਵਿਚ ਕੇਵਲ ਮਾਸਟਰ ਤਾਰਾ ਸਿੰਘ ਹੀ ਭਾਰਤ ਦੀ ਅਖੰਡਤਾ ਅਤੇ ਇਸ ਦੇ ਧਾਰਮਿਕ ਅਨੇਕਵਾਦ ਜਾਂ ਵਿਸ਼ਾਲਤਾ ਤਾਈਂ ਪ੍ਰਤੀਬੱਧ ਰਿਹਾ। ਪੰਜਾਬ ਵਿਚ ਉਹ ਇਸਲਾਮੀ ਪ੍ਰਧਾਨਤਾ ਦਾ ਕੱਟੜ ਵਿਰੋਧੀ ਸੀ, ਕਿਉਂਕਿ ਉਸ ਦੀ ਰਾਜਨੀਤਕ ਤਰਜੀਹ ਸਿੱਖ ਪੰਥ ਦੀ ਸਲਾਮਤੀ ਸੁਨਿਸਚਿਤ ਕਰਨਾ ਸੀ। 1921-67 ਤੱਕ ਦੇ ਪੰਜਾਬ ਦਾ ਇਤਿਹਾਸ ਮਾਸਟਰ ਤਾਰਾ ਸਿੰਘ ਦੀਆਂ ਰਾਜਨੀਤਕ ਸਰਗਰਮੀਆਂ ਦਾ ਅਨਿੱਖੜਵਾਂ ਭਾਗ ਹੀ ਬਣਿਆ ਰਿਹਾ। ਇਸੇ ਕਰਕੇ 20ਵੀਂ ਸਦੀ ਦੇ ਲਗਪਗ ਚਾਰ ਦਹਾਕਿਆਂ ਦੀਆਂ ਘਟਨਾਵਾਂ ਉੱਪਰ ਮ: ਤਾਰਾ ਸਿੰਘ ਦੀ ਅਮਿੱਟ ਛਾਪ ਦ੍ਰਿਸ਼ਟਮਾਨ ਰਹੀ। ਇਸੇ ਲਈ, ਸਮਾਂ ਪਾ ਕੇ ਇਤਿਹਾਸਕਾਰਾਂ ਦਾ ਵਿਚਾਰ ਬਣ ਗਿਆ ਕਿ ਮਾਸਟਰ ਤਾਰਾ ਸਿੰਘ ਦੇ ਸਮੇਂ ਦੇ ਇਤਿਹਾਸ ਦੇ ਵਿਸਤ੍ਰਤ ਅਧਿਐਨ ਤੋਂ ਬਿਨਾਂ ਵਰਤਮਾਨ ਭਾਰਤ ਅਤੇ ਪੰਜਾਬ ਦੇ ਇਤਿਹਾਸ ਦਾ ਸੰਤੁਲਤ ਚਿੱਤਰ ਸਾਹਮਣੇ ਨਹੀਂ ਆ ਸਕੇਗਾ। ਏਨੇ ਵਿਚ ਪੰਜਾਬ ਦੇ ਇਤਿਹਾਸ ਦੇ ਪ੍ਰਮੁੱਖ ਕੇਦਰ ਵਜੋਂ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦਾ ਨਿਵੇਕਲਾ ਥਾਂ ਬਣ ਗਿਆ। ਇਸੇ ਲਈ ਡਾ: ਜਸਪਾਲ ਸਿੰਘ ਨੇ ਉਪ ਕੁਲਪਤੀ ਨਿਯੁਕਤ ਹੋਣ ਤੋਂ ਤੁਰੰਤ ਪਿੱਛੋਂ ਇਸ ਪਾਸੇ ਉਚੇਚਾ ਧਿਆਨ ਦਿੱਤਾ। ਉਨ੍ਹਾਂ ਨੇ ਪੰਜਾਬੀ ਯੂਨੀਵਰਸਿਟੀ ਵਿਚ ਕਾਰਜਸ਼ੀਲ ਰਹੇ ਇਤਿਹਾਸ ਦੇ ਪੋੜ੍ਹ ਵਿਦਵਾਨਾਂ ਨਾਲ ਸਲਾਹ-ਮਸ਼ਵਰੇ ਉਪਰੰਤ ਮਾ: ਤਾਰਾ ਸਿੰਘ ਸਬੰਧੀ ਇਕ ਪ੍ਰਾਜੈਕਟ ਉਲੀਕ ਕੇ ਨਾਮੀ ਇਤਿਹਾਸਕਾਰ ਡਾ: ਜੇ. ਐਸ. ਗਰੇਵਾਲ ਦੀ ਸੌਂਪਣਾ ਕੀਤਾ। ਸਿੱਟੇ ਵਜੋਂ 2017 ਈ: ਦਾ ਮਾਅਰਕੇਖੇਜ਼ ਪ੍ਰਕਾਸ਼ਨ '$aster "ara S}n{h }n 9nd}an 8}stor਼' ਸਾਡੇ ਸਾਹਮਣੇ ਹੈ। ਸਾਡੀ ਜਾਣਕਾਰੀ ਅਨੁਸਾਰ ਇਹ ਪਹਿਲੀ ਵਾਰ ਹੈ ਕਿ ਕਿਸੇ ਭਾਰਤੀ ਯੂਨੀਵਰਸਿਟੀ ਵਲੋਂ ਆਕਸਫੋਰਡ ਯੂਨੀਵਰਸਿਟੀ ਪ੍ਰੈੱਸ ਨਾਲ ਸਾਂਝੇ ਤੌਰ 'ਤੇ ਕਿਸੇ ਵੀ ਖੋਜ-ਪੁਸਤਕ ਦਾ ਪ੍ਰਕਾਸ਼ਨ ਸੰਭਵ ਹੋਇਆ ਹੈ।
ਪੁਸਤਕ ਦਾ ਆਕਾਰ ਅਸਾਧਾਰਨ/ਵੱਡਾ ਹੈ, ਪੰਨੇ 750 ਤੋਂ ਵਧੀਕ ਹਨ ਅਤੇ ਮੁੱਲ 2595 ਰੁਪਏ ਹੈ। ਜਾਪਦਾ ਹੈ ਕਿ 21ਵੀਂ ਸਦੀ ਦੀ ਇਹ ਪੁਸਤਕ, ਭਾਰਤ/ਪੰਜਾਬ ਦੀ ਬਰਤਾਨਵੀ ਬਸਤੀਵਾਦੀ ਸ਼ਾਸਨ ਦੁਆਰਾ ਵੰਡ ਅਤੇ ਸਿੱਖ ਹੋਣੀ ਬਾਰੇ ਇਤਿਹਾਸ ਦੀ ਪਹਿਲੀ ਵਿਸਥਾਰਪੂਰਬਕ ਪੁਸਤਕ ਬਣ ਕੇ ਸਾਹਮਣੇ ਆਵੇਗੀ। ਪੰਜਾਬੀ ਯੂਨੀਵਰਸਿਟੀ ਦੀ ਇਸ ਗੱਲ ਤੋਂ ਵੀ ਪ੍ਰਸੰੰਸਾ ਕਰਨੀ ਬਣਦੀ ਹੈ ਕਿ ਪੁਸਤਕ ਲਈ ਲੇਖਕ ਨੂੰ ਸਮਕਾਲੀ ਖੋਜ-ਸਰੋਤ ਉਪਲਬਧ ਕਰਵਾਉਣ ਵਿਚ ਸਾਰੇ ਸੰਭਵ ਯਤਨ ਕੀਤੇ ਗਏ। ਡਾ: ਗਰੇਵਾਲ ਦੀ ਜੀਵਨ ਕਾਲ ਦੀ ਵਡਮੁੱਲੀ ਇਤਿਹਾਸਕ ਖੋਜ ਵਿਚੋਂ ਸ਼ਾਇਦ ਇਹ ਪੁਸਤਕ ਸਿਰਮੌਰ ਗਰਦਾਨੀ ਜਾਵੇਗੀ ਅਤੇ ਨਾਲ ਹੀ ਡਾ: ਜਸਪਾਲ ਸਿੰਘ ਦੀ ਉਪ ਕੁਲਪਤੀ ਦੇ ਕਾਲ ਦੀ ਇਹ ਪੰਜਾਬ ਦੇ ਵਿਦਿਅਕ/ਖੋਜ ਖੇਤਰ ਲਈ ਵਡਮੁੱਲੀ ਦੇਣ ਵੀ ਰਹੇਗੀ। ਪੰਜਾਬ ਦੇ ਇਤਿਹਾਸ ਵਿਚ ਮਾ: ਤਾਰਾ ਸਿੰਘ ਦੇ ਮਹੱਤਵ ਵੱਲ ਉਚੇਚਾ ਧਿਆਨ ਦਿਵਾਉਣ ਵਾਲੀ ਇਸ ਪੁਸਤਕ ਦਾ ਨਿੱਘਾ ਸੁਆਗਤ... 'ਦੇਰ ਆਇਦ ਦਰੁਸਤ ਆਇਦ'।

ਮਹਾਰਾਜਾ ਦੇ ਵਾਰਿਸ ਸਬੰਧੀ ਸਹਿਮਤੀ ਨਾ ਹੋਈ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਖੜਕ ਸਿੰਘ ਦੇ ਪੁੱਤਰ ਨੌ ਨਿਹਾਲ ਸਿੰਘ ਵਿਚ ਉਹ ਸਾਰੀਆਂ ਖੂਬੀਆਂ ਸਨ, ਜਿਨ੍ਹਾਂ ਦੀ ਉਸ ਦੇ ਪਿਤਾ ਵਿਚ ਘਾਟ ਸੀ। ਆਪਣੇ ਦਾਦਾ ਦੀ ਮੌਤ ਵੇਲੇ ਉਹ ਉੱਤਰ-ਪੱਛਮੀ ਸਰਹੱਦ ਉੱਪਰ ਲਾਹੌਰ ਦਰਬਾਰ ਵਲੋਂ ਅਫ਼ਗਾਨਾਂ ਦੇ ਖਿਲਾਫ ਵਿੱਢੀ ਜੰਗ ਦੀ ਅਗਵਾਈ ਕਰ ਰਿਹਾ ਸੀ। ਉਹ ਪੂਰੀ ਤਰ੍ਹਾਂ ਜਾਣਦਾ ਸੀ ਕਿ ਉਸ ਦਾ ਪਿਤਾ ਰਾਜ ਦਾ ਕੰਮ-ਕਾਜ ਨਹੀਂ ਚਲਾ ਸਕਦਾ ਤੇ ਇਹ ਵੀ ਪਤਾ ਸੀ ਕਿ ਉਸ ਦੇ ਦੁਆਲੇ ਬੇਈਮਾਨ ਕਿਸਮ ਦੇ ਦਰਬਾਰੀਆਂ ਦਾ ਘੇਰਾ ਹੈ।
ਰਾਜ ਤਖ਼ਤ ਦਾ ਬਰਾਬਰ ਦਾ ਦਾਅਵੇਦਾਰ ਰਣਜੀਤ ਸਿੰਘ ਦਾ ਦੂਜੇ ਨੰਬਰ ਦਾ ਪੁੱਤਰ ਸ਼ੇਰ ਸਿੰਘ ਵੀ ਸੀ। ਸ਼ੇਰ ਸਿੰਘ ਨੇ ਆਪਣੀ ਖਾਹਿਸ਼ ਗੁਪਤ ਨਹੀਂ ਰੱਖੀ ਸੀ। ਮਹਾਰਾਜਾ ਰਣਜੀਤ ਸਿੰਘ ਦੀ ਪਹਿਲੇ ਵਿਆਹ ਦੀ ਬੀਵੀ ਮਹਿਤਾਬ ਕੌਰ ਦਾ ਪੁੱਤਰ ਹੋਣ ਕਰਕੇ ਉਹ ਆਪਣੇ-ਆਪ ਨੂੰ ਪਹਿਲਾ ਹੱਕਦਾਰ ਦੱਸਦਾ ਸੀ। ਉਧਰ ਖੜਕ ਸਿੰਘ ਦਾ ਕਹਿਣਾ ਸੀ ਕਿ ਸਿਰਫ ਉਹ ਹੀ ਆਪਣੇ ਪਿਤਾ ਦਾ ਅਸਲੀ ਪੁੱਤਰ ਹੈ। ਸ਼ਾਹੀ ਖਾਨਦਾਨ ਵਲੋਂ ਕੋਈ ਅਗਵਾਈ ਨਾ ਹੋਣ ਕਰਕੇ ਦਰਬਾਰੀ ਤੇ ਜਗੀਰਦਾਰੀ ਗਰੁੱਪ ਦਾ ਮਹੱਤਵ ਵਧਦਾ ਜਾਂਦਾ ਸੀ। ਉਨ੍ਹਾਂ ਦਾ ਨਿਸ਼ਾਨਾ ਆਪਣਾ ਰੁਤਬਾ ਤੇ ਆਮਦਨ ਵਗੈਰਾ ਵਧਾਉਣ ਦਾ ਸੀ। ਇਸ ਵਾਸਤੇ ਉਹ ਤਖ਼ਤ ਦੇ ਵਾਰਸਾਂ ਦੀ ਇਕ-ਦੂਜੇ ਦੇ ਵਿਰੁੱਧ ਵੀ ਮਦਦ ਕਰਦੇ ਸਨ। ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਦੋ ਮੁੱਖ ਗਰੁੱਪ ਪੈਦਾ ਹੋ ਗਏ ਸਨ।
ਤਿੰਨ ਡੋਗਰਾ ਭਰਾ : ਗੁਲਾਬ ਸਿੰਘ, ਧਿਆਨ ਸਿੰਘ ਤੇ ਸੁਚੇਤ ਸਿੰਘ ਤੋਂ ਇਲਾਵਾ ਧਿਆਨ ਸਿੰਘ ਦੇ ਪੁੱਤਰ ਹੀਰਾ ਸਿੰਘ ਦਾ ਪ੍ਰਭਾਵ ਬਹੁਤ ਵੱਡਾ ਸੀ, ਕਿਉਂਕਿ ਇਹ ਸਾਰੇ ਮਹਾਰਾਜਾ ਦੇ ਜਿਉਂਦਿਆਂ ਉਸ ਦੇ ਵੱਡੇ ਚਹੇਤੇ ਸਨ। ਇਨ੍ਹਾਂ ਭਰਾਵਾਂ ਦਾ ਆਪਸ ਵਿਚ ਪੂਰਾ ਪਿਆਰ ਨਹੀਂ ਸੀ। ਦੋ ਭਾਈ ਲਾਹੌਰ ਦਰਬਾਰ ਵਿਚ ਆਪਣੀ ਚੜ੍ਹਤ ਬਣਾਉਣ ਵਾਸਤੇ ਸਰਗਰਮ ਰਹਿੰਦੇ ਸਨ ਤੇ ਤੀਜਾ ਜੰਮੂ-ਕਸ਼ਮੀਰ ਵਿਚ ਆਪਣੀ ਆਜ਼ਾਦ ਰਿਆਸਤ ਕਾਇਮ ਕਰਨੀ ਚਾਹੁੰਦਾ ਸੀ। ਡੋਗਰਿਆਂ ਦਾ ਵਿਰੋਧ ਕਰਨ ਵਾਲੇ ਮਹਾਰਾਜਾ ਦੇ ਖਾਨਦਾਨ ਨਾਲ ਜੁੜੇ ਸਿੱਖ ਸਰਦਾਰ ਸਨ, ਜਿਵੇਂ ਕਿ ਸੰਧਾਵਾਲੀਏ, ਅਟਾਰੀਵਾਲੀਏ ਤੇ ਮਜੀਠੀਏ। ਇਨ੍ਹਾਂ ਵਿਚੋਂ ਸਭ ਤੋਂ ਵੱਧ ਪ੍ਰਭਾਵਸ਼ਾਲੀ ਸੰਧਾਵਾਲੀਆ ਸਰਦਾਰ ਲਹਿਣਾ ਸਿੰਘ, ਅਜੀਤ ਸਿੰਘ ਤੇ ਅਤਰ ਸਿੰਘ ਸਨ, ਜਿਨ੍ਹਾਂ ਦੇ ਖੜਕ ਸਿੰਘ ਦੀ ਪਤਨੀ ਚਾਂਦ ਕੌਰ ਨਾਲ ਵੀ ਸੰਪਰਕ ਸਨ। ਉਸ ਵਕਤ ਅਹਿਮ ਅਟਾਰੀਵਾਲੀਏ ਸ਼ਾਮ ਸਿੰਘ, ਚਤਰ ਸਿੰਘ ਤੇ ਉਸ ਦੇ ਪੁੱਤਰ, ਸ਼ੇਰ ਸਿੰਘ ਤੇ ਗੁਲਾਬ ਸਿੰਘ ਸਨ। ਮਜੀਠੀਆ ਪਰਿਵਾਰ ਦਾ ਮੁਖੀ ਲਹਿਣਾ ਸਿੰਘ ਸੀ, ਜੋ ਵਿਦਵਾਨ ਬੰਦਾ ਸੀ ਪਰ ਸੁਸਤ ਸੁਭਾਅ ਵਾਲਾ ਸੀ ਤੇ ਨੌਜਵਾਨ ਰਣਜੋਧ ਸਿੰਘ ਮਿਲਟਰੀ ਕਮਾਂਡਰ ਸੀ। ਕਿਉਂਕਿ ਡੋਗਰੇ ਹਿੰਦੂ ਸਨ, ਇਸ ਵਾਸਤੇ ਕੁਦਰਤੀ ਸੀ ਕਿ ਉਨ੍ਹਾਂ ਅਤੇ ਸਿੱਖ ਸਰਦਾਰਾਂ ਦੇ ਵਿਚਕਾਰ ਦੀ ਕਸ਼ਮਕਸ਼ ਕੁਝ ਫਿਰਕੂ ਰੰਗਤ ਲੈ ਲੈਂਦੀ ਸੀ। ਪਰ ਇਨ੍ਹਾਂ ਸਾਰਿਆਂ ਵਿਚ ਇਕ ਗੱਲ ਸਾਂਝੀ ਸੀ ਕਿ ਇਹ ਸਾਰੇ ਰਾਜ ਵਿਚ ਵੱਡੇ ਤੋਂ ਵੱਡਾ ਹਿੱਸਾ ਹਾਸਲ ਕਰਨਾ ਚਾਹੁੰਦੇ ਸਨ। ਇਸ ਵਾਸਤੇ ਇਕ-ਦੂਜੇ ਦਾ ਕਤਲ ਕਰਨਾ, ਜ਼ਹਿਰ ਦੇਣਾ ਤੇ ਜਾਂ ਝੂਠੀਆਂ ਫਰਦਾਂ ਬਣਾ ਕੇ ਬਦਨਾਮ ਕਰਨਾ ਤੇ ਇਸ ਤੋਂ ਵਧ ਕੇ ਅੰਗਰੇਜ਼ਾਂ ਨਾਲ ਸਾਂਠ-ਗਾਂਠ ਕਰਨੀ, ਜੋ ਉਸ ਵਕਤ ਪੰਜਾਬ ਨੂੰ ਅੰਗਰੇਜ਼ੀ ਰਾਜ ਵਿਚ ਸ਼ਾਮਿਲ ਕਰਨ ਦੀ ਸੋਚ ਰਹੇ ਸਨ। ਇਨ੍ਹਾਂ ਵੱਖ-ਵੱਖ ਲਾਲਚੀ ਗਰੁੱਪਾਂ ਦੇ ਬਾਵਜੂਦ ਕੁਝ ਐਸੇ ਲੋਕ ਵੀ ਸਨ, ਜੋ ਬਿਨਾਂ ਕਿਸੇ ਲਾਲਚ ਤੇ ਇਮਾਨਦਾਰੀ ਨਾਲ ਲਾਹੌਰ ਰਾਜ ਦੀ ਖਿਦਮਤ ਕਰਨਾ ਚਾਹੁੰਦੇ ਸਨ। ਇਨ੍ਹਾਂ ਵਿਚ ਫਕੀਰ ਭਾਈ ਸਨ, ਜਿਨ੍ਹਾਂ ਵਿਚੋਂ ਵੱਡਾ ਭਰਾ ਫਕੀਰ ਅਜ਼ੀਜ਼ੁਦੀਨ ਅਹਿਮ ਸੀ, ਜੋ ਵਿਦੇਸ਼ੀ ਮਾਮਲਿਆਂ ਦਾ ਸਲਾਹਕਾਰ ਸੀ। ਇਨ੍ਹਾਂ ਵਿਚ ਹੀ ਇਕ ਕਸ਼ਮੀਰੀ ਪੰਡਿਤ ਦੀਨਾ ਨਾਥ ਸੀ, ਜੋ ਮਾਲਗੁਜ਼ਾਰੀ ਤੇ ਖਜ਼ਾਨੇ ਦੇ ਮਹਿਕਮੇ ਦੀ ਦੇਖਭਾਲ ਕਰਦਾ ਸੀ। ਫਕੀਰ ਅਜ਼ੀਜ਼ੁਦੀਨ ਤੇ ਦੀਨਾ ਨਾਥ ਵਰਗੇ ਬੰਦੇ ਰਾਜ ਦੇ ਕੰਮਕਾਜ ਵਿਚ ਸਲਾਹਕਾਰੀ ਤਾਂ ਕਰਦੇ ਸਨ ਪਰ ਤਾਕਤ ਵਾਸਤੇ ਲੜਨ ਵਾਲੇ ਕਿਸੇ ਗਰੁੱਪ ਵਿਚ ਸ਼ਾਮਿਲ ਨਹੀਂ ਹੁੰਦੇ ਸਨ।
ਖਿੱਚੋਤਾਣ ਉਦੋਂ ਹੀ ਪੈ ਗਈ ਸੀ, ਜਦੋਂ ਅਜੇ ਮਹਾਰਾਜਾ ਰਣਜੀਤ ਸਿੰਘ ਦੀ ਦੇਹ ਸਸਕਾਰ ਵਾਸਤੇ ਤਿਆਰ ਕੀਤੀ ਜਾ ਰਹੀ ਸੀ। ਉਸ ਵਕਤ ਇਕੱਠੇ ਹੋਏ ਸਾਰੇ ਦਰਬਾਰੀਆਂ ਵਿਚ ਆਮ ਸਹਿਮਤੀ ਸੀ ਕਿ ਕੁੰਵਰ ਖੜਕ ਸਿੰਘ ਤੇ ਕੁੰਵਰ ਨੌਨਿਹਾਲ ਸਿੰਘ ਨੂੰ ਅੱਗੋਂ ਇਸ ਗੱਦੀ ਦੇ ਮਾਲਕ ਬਣਾਏ ਜਾਣ ਬਾਰੇ ਆਮ ਰਾਏ ਨਹੀਂ ਬਣਾਈ ਜਾ ਸਕੇਗੀ। ਅਗਲੇ ਦਿਨ ਸਭ ਦਰਬਾਰੀ ਮਹਿਲ ਵਿਚ ਇਕੱਠੇ ਹੋਏ ਤੇ ਕਿਹਾ ਗਿਆ ਕਿ ਤਖ਼ਤ ਦੇ ਸਾਰੇ ਦਾਅਵੇਦਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਆਪਣੀ ਆਸਥਾ ਪ੍ਰਗਟ ਕਰਨ, ਜਿਸ ਤਰ੍ਹਾਂ ਮਹਾਰਾਜਾ ਕਰਦੇ ਰਹੇ ਸਨ। ਇਸ ਦੇ ਬਾਵਜੂਦ ਹੈਰਾਨੀ ਨਹੀਂ ਹੋਣੀ ਚਾਹੀਦੀ ਕਿ ਅਗਲੇ ਕੁਝ ਦਿਨ ਸ਼ਾਹੀ ਮਹਿਲ ਵਿਚ ਤਖ਼ਤ ਦੇ ਮਾਲਕ ਦਾ ਮੁੱਦਾ ਹੀ ਅਹਿਮ ਰਿਹਾ।
ਮਹਾਰਾਜਾ ਖੜਕ ਸਿੰਘ ਨੇ ਆਪਣੇ ਬਾਰੇ ਦਰਬਾਰੀਆਂ ਨੂੰ ਵਿਸ਼ਵਾਸ ਦੁਆਇਆ ਤੇ ਇਕ ਵਕਤ ਤਾਂ ਆਪਣੇ ਤਾਨਾਸ਼ਾਹ ਹੋ ਜਾਣ ਦੇ ਡਰ ਨੂੰ ਵੀ ਕੱਢਣ ਦੀ ਕੋਸ਼ਿਸ਼ ਕੀਤੀ। ਪਰ ਉਸ ਦੇ ਆਪਣੇ ਭਰਾ ਸ਼ੇਰ ਸਿੰਘ ਨਾਲ ਸਬੰਧ ਚੰਗੇ ਨਾ ਬਣ ਸਕੇ। ਸ਼ੇਰ ਸਿੰਘ ਤਾਂ ਆਖਰੀ ਵਕਤਾਂ ਵਿਚ ਆਪਣੇ ਪਿਤਾ ਦੇ ਬਿਮਾਰੀ ਵਾਲੇ ਬਿਸਤਰ ਦੇ ਕੋਲ ਵੀ ਨਹੀਂ ਆ ਸਕਦਾ ਸੀ ਕਿ ਕਿਤੇ ਖੜਕ ਸਿੰਘ ਇਸ ਦਾ ਫਾਇਦਾ ਉਠਾ ਕੇ ਉਸ ਨੂੰ ਗ੍ਰਿਫ਼ਤਾਰ ਹੀ ਨਾ ਕਰ ਲਵੇ। ਉਸ ਦੀ ਪਹਿਲੀ ਤਰਜੀਹ ਇਹ ਸੀ ਕਿ ਉਹ ਪਹਾੜਾਂ ਵੱਲ ਨਿਕਲ ਜਾਵੇ ਤੇ ਕਾਂਗੜਾ ਦੇ ਕਿਲ੍ਹੇ ਉੱਪਰ ਆਪਣਾ ਕਬਜ਼ਾ ਜਮਾ ਕੇ ਰੱਖੇ। ਉਸ ਨੇ ਉਦੋਂ ਇਹ ਇਰਾਦਾ ਛੱਡ ਦਿੱਤਾ ਜਦੋਂ ਆਪਣੇ ਪਿਤਾ ਦੀ ਮੌਤ ਦੀ ਖ਼ਬਰ ਸੁਣੀ ਤੇ ਆਪਣੀ ਬਟਾਲਾ ਵਾਲੀ ਜਗੀਰ ਨੂੰ ਸੰਭਾਲਣ ਲੱਗ ਪਿਆ। ਉਸ ਨੇ ਦਰਬਾਰ ਨੂੰ ਇਤਲਾਹ ਵੀ ਭੇਜ ਦਿੱਤੀ ਕਿ ਉਹ ਆਪਣੇ ਪਿਤਾ ਦੀਆਂ ਅੰਤਿਮ ਰਸਮਾਂ ਵਿਚ ਸ਼ਾਮਿਲ ਨਹੀਂ ਹੋਵੇਗਾ, ਜਿੰਨੀ ਦੇਰ ਤੱਕ ਉਸ ਨੂੰ ਤਸੱਲੀ ਨਹੀਂ ਦਿਵਾ ਦਿੱਤੀ ਜਾਂਦੀ ਕਿ ਇਸ ਦੌਰਾਨ ਉਸ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾਵੇਗਾ। ਮਹਾਰਾਜਾ ਖੜਕ ਸਿੰਘ ਨੇ ਇਹ ਵਚਨ ਦੇ ਦਿੱਤਾ, ਰਾਜਾ ਸਚੇਤ ਸਿੰਘ ਤੇ ਜਮਾਦਾਰ ਖੁਸ਼ਹਾਲ ਸਿੰਘ ਨੇ ਇਸ ਵਾਅਦੇ ਦੀ ਜਾਤੀ ਜ਼ਮਾਨਤ ਦਿੱਤੀ। ਇਸ ਤਰ੍ਹਾਂ ਸ਼ਹਿਜ਼ਾਦਾ ਲਾਹੌਰ ਆਇਆ ਤੇ ਅੰਤਿਮ ਰਸਮਾਂ ਦੇ ਆਖਰੀ ਦਿਨ ਉਸ ਵੇਲੇ ਸ਼ੁਰੂ ਹੋ ਚੁੱਕੇ ਇਕ ਅਖ਼ਬਾਰ 'ਪੰਜਾਬ ਅਖ਼ਬਾਰ' ਨੇ ਖ਼ਬਰ ਛਾਪੀ ਕਿ ਸ਼ਾਹੀ ਪਰਿਵਾਰ ਅੰਦਰ ਆਮ ਸਹਿਮਤੀ ਪਾਈ ਜਾ ਰਹੀ ਹੈ। ਮਹਾਰਾਜਾ ਖੜਕ ਸਿੰਘ ਨੇ 16 ਜੁਲਾਈ, 1839 ਨੂੰ ਆਪਣੇ ਮਤਰੇਏ ਭਰਾ ਸ਼ੇਰ ਸਿੰਘ ਨੂੰ ਸ੍ਰੀ ਵਾਹਿਗੁਰੂ ਜੀ ਕੇ ਪਿਆਰੇ, ਉੱਜਲ ਦੀਦਾਰ, ਨਿਰਮਲ ਬੁੱਧ, ਆਖਰੀ ਅਰਸ਼ਦੀ ਤੇ 'ਐਤਜ਼ਾਦੀ' ਯਾਨੀ ਕਿ ਸਾਡੇ ਆਪਣੇ ਭਰਾ ਦੀਆਂ ਉਪਾਧੀਆਂ ਨਾਲ ਨਿਵਾਜਿਆ।
ਪਰ ਸ਼ਾਹੀ ਪਰਿਵਾਰ ਦੀ ਇਹ 'ਆਮ ਸਹਿਮਤੀ' ਜ਼ਿਆਦਾ ਦੇਰ ਨਹੀਂ ਚੱਲ ਸਕੀ। ਮਹਾਰਾਜਾ ਖੜਕ ਸਿੰਘ ਦੇ ਪੁੱਤਰ ਨੌਨਿਹਾਲ ਸਿੰਘ ਨੇ ਰਾਜ ਨੂੰ ਆਪਣੇ ਹੱਥ ਵਿਚ ਲੈਣ ਦਾ ਫੈਸਲਾ ਕਰ ਲਿਆ। ਮਹਾਰਾਜਾ ਰਣਜੀਤ ਸਿੰਘ ਦੀ ਮੌਤ ਦੇ 19 ਦਿਨ ਬਾਅਦ 'ਪੰਜਾਬ ਅਖ਼ਬਾਰ' ਨੇ ਖ਼ਬਰ ਦਿੱਤੀ ਕਿ ਸ਼ਹਿਜ਼ਾਦਾ ਨੌਨਿਹਾਲ ਸਿੰਘ ਨੇ ਸਾਰੇ ਸਰਦਾਰਾਂ ਨੂੰ ਇਕ ਦਸਤਾਵੇਜ਼ ਉੱਪਰ ਦਸਤਖਤ ਕਰਨ ਵਾਸਤੇ ਕਿਹਾ, ਜਿਸ ਵਿਚ ਲਿਖਿਆ ਸੀ ਕਿ ਨੌਨਿਹਾਲ ਸਿੰਘ ਨੂੰ ਮਹਾਰਾਜਾ ਖੜਕ ਸਿੰਘ ਦੀ ਗੱਦੀ ਦਾ ਹੁਣ ਤੋਂ ਵਾਰਸ ਐਲਾਨਿਆ ਜਾਵੇ ਤੇ ਹੁਣ ਉਹ ਉਸ ਦਾ ਮੁਖ਼ਤਾਰ ਹੋਵੇਗਾ। ਉਸ ਨੇ ਆਪਣੇ ਵਲੋਂ ਹੁਕਮ ਜਾਰੀ ਕੀਤਾ ਕਿ ਉਸ ਦੇ ਪਿਤਾ ਦੇ ਰਾਜ ਤਿਲਕ ਸਮਾਰੋਹ ਨੂੰ ਉਸ ਦੇ ਲਾਹੌਰ ਪਹੁੰਚਣ ਤੱਕ ਰੋਕ ਦਿੱਤਾ ਜਾਵੇ। ਇਸ ਤੋਂ ਇਲਾਵਾ ਉਸ ਨੇ ਸ਼ਾਹੀ ਖਜ਼ਾਨੇ ਦੇ ਸਾਰੇ ਪੈਸੇ, ਜ਼ੇਵਰਾਤ ਤੇ ਘੋੜਿਆਂ ਦੀ ਗਿਣਤੀ ਦਾ ਹਿਸਾਬ ਵੀ ਬਣਾਉਣ ਨੂੰ ਕਿਹਾ, ਜਿਸ ਦੀ ਜਾਂਚ ਉਹ ਆ ਕੇ ਕਰੇਗਾ। ਰਾਜਾ ਧਿਆਨ ਸਿੰਘ ਇਸ ਪਰਵਾਨੇ ਬਾਰੇ ਸੁਣ ਕੇ ਘਬਰਾ ਗਿਆ। ਤਿਲਕ ਸਮਾਰੋਹ ਅਕਤੂਬਰ ਤੱਕ ਮੁਲਤਵੀ ਕਰ ਦਿੱਤਾ ਗਿਆ ਸੀ। ਕੁਝ ਵਜ਼ੀਰ ਅਤੇ ਕੁਝ ਹੋਰ ਸ਼ਹਿਜ਼ਾਦੇ ਦੀ ਹਮਾਇਤ ਵਿਚ ਖੜ੍ਹੇ ਹੋਏ, ਸੰਧਾਵਾਲੀਏ ਸਮੇਤ, ਧਿਆਨ ਸਿੰਘ ਡੋਗਰਾ ਦੇ ਸਮਰਥਕ ਹੋ ਗਏ। ਕੁਝ ਹੋਰ ਫਕੀਰ ਭਰਾਵਾਂ ਤੇ ਰਾਜਾ ਦੀਨਾ ਨਾਥ ਵਰਗੇ ਨਿਰਪੱਖ ਰਹੇ।
(ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)

ਪਰਤਣ ਲੱਗੇ ਹਨ ਲਾਹੌਰ ਦੇ ਮੰਦਰਾਂ ਦੇ ਚੰਗੇ ਦਿਨ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਧਰਮ ਤੇ ਵਿਰਸਾ ਅੰਕ ਦੇਖੋ)
ਜੈਨ ਮੰਦਰ ਨੂੰ ਗਿਰਾਏ ਜਾਣ ਦੇ ਜਲਦੀ ਬਾਅਦ ਪਾਕਿਸਤਾਨ ਸਰਕਾਰ ਨੇ ਭਰੋਸਾ ਦਿੱਤਾ ਸੀ ਕਿ ਮੰਦਰ ਦਾ ਨਵ-ਨਿਰਮਾਣ ਕਰਵਾਇਆ ਜਾਵੇਗਾ। ਸਰਕਾਰ ਤਾਂ ਭਾਵੇਂ ਅੱਜ ਵੀ ਅਖ਼ਬਾਰੀ ਬਿਆਨਾਂ ਦੀ ਮਾਰਫ਼ਤ ਮੰਦਰ ਦੇ ਨਿਰਮਾਣ ਵਿਚ ਰੁਚੀ ਵਿਖਾਉਂਦੀ ਪ੍ਰਤੀਤ ਹੋ ਰਹੀ ਹੈ, ਪਰ ਮੰਦਰ ਦੀ ਹੇਠਲੀ ਮੰਜ਼ਲ ਵਿਚ ਧਾਰਮਿਕ ਇਸਲਾਮਿਕ ਸਕੂਲ ਅਤੇ ਸਕੂਲ ਦੇ ਪ੍ਰਬੰਧਕ ਕਾਰੀ ਦੀ ਰਿਹਾਇਸ਼ ਰਸਤੇ ਵਿਚ ਰੁਕਾਵਟ ਬਣ ਰਹੀ ਹੈ। ਇਸ ਦੇ ਬਾਵਜੂਦ ਲਾਹੌਰ ਦੇ ਪੀਰ ਅਲੀ ਇਮਰਾਨ ਸ਼ਾਹਿਰ ਇਸ਼ਰਫ਼ੇ, ਸੱਯਦ ਸ਼ਮਹੁਰਸ਼ ਰਿਜ਼ਵਨੁਲ ਮਰਤਜ਼ਾ ਅਤੇ ਵਕੀਲ ਮੁਹੰਮਦ ਜਾਵੇਦ ਇਕਬਾਲ ਜਾਫਰੀ ਨੇ ਸੁਪਰੀਮ ਕੋਰਟ ਵਿਚ ਜੈਨ ਮੰਦਰ ਨੂੰ ਕਬਜ਼ਾ ਮੁਕਤ ਕਰਵਾ ਕੇ ਮੰਦਰ ਦਾ ਨਵ-ਨਿਰਮਾਣ ਕਰਵਾਉਣ ਲਈ ਸਾਲ 2012 ਤੋਂ ਅਪੀਲ ਦਾਇਰ ਕਰ ਰੱਖੀ ਹੈ। ਇਨ੍ਹਾਂ ਦਾ ਇਹ ਵੀ ਦੋਸ਼ ਹੈ ਕਿ ਪ੍ਰਦੇਸ਼ ਸਰਕਾਰ 'ਮੁਲਾਵਾਦ' ਦੇ ਡਰ ਤੋਂ ਮੰਦਰ ਦੀ ਉਸਾਰੀ ਨਹੀਂ ਕਰਵਾ ਰਹੀ।
ਬਾਬਰੀ ਮਸਜਿਦ ਵਿਵਾਦ ਦੇ ਦੌਰਾਨ ਹੀ ਲਾਹੌਰ ਦੀ ਸਰਕੂਲਰ ਰੋਡ 'ਤੇ ਸ਼ਾਹ ਆਲਮੀ ਅਤੇ ਲਾਹੌਰੀ ਗੇਟ ਦੇ ਵਿਚਕਾਰ ਸਥਾਪਤ ਸੀਤਲਾ ਮੰਦਰ ਨੂੰ ਵੀ ਉਸੇ ਦਿਨ ਗਿਰਾਇਆ ਗਿਆ, ਜਿਸ ਦਿਨ ਜੈਨ ਮੰਦਰ ਨੂੰ ਜ਼ਮੀਨਦੋਜ਼ ਕੀਤਾ ਗਿਆ। ਸਥਾਨਕ ਮੁਸਲਿਮ ਦੰਗਾਕਾਰੀਆਂ ਨੇ ਜਦੋਂ ਇਸ ਮੰਦਰ ਦੇ ਗੁੰਬਦ ਨੂੰ ਹਥੌੜਿਆਂ ਨਾਲ ਗਿਰਾਉਣ ਦੀ ਕਾਰਵਾਈ ਸ਼ੁਰੂ ਕੀਤੀ ਤਾਂ ਮੰਦਰ ਦੇ ਗੁੰਬਦ ਦੇ ਧਰਾਸ਼ਾਹੀ ਹੁੰਦਿਆਂ ਹੀ ਗੁੰਬਦ 'ਤੇ ਬੈਠ ਕੇ ਉਸ ਨੂੰ ਤੋੜ ਰਿਹਾ ਨੌਜਵਾਨ ਵੀ ਹੇਠਾਂ ਡਿਗ ਗਿਆ ਅਤੇ ਮੌਕੇ 'ਤੇ ਹੀ ਉਸ ਦੀ ਮੌਤ ਹੋ ਗਈ। ਉਸ ਨੂੰ 'ਸ਼ਹੀਦ' ਦਾ ਦਰਜਾ ਦੇ ਕੇ ਉਸ ਦੀ ਯਾਦ ਵਿਚ ਇਕ ਸਿਲ ਇਸ ਮੰਦਰ ਵਿਚ ਲਗਾ ਦਿੱਤੀ ਗਈ, ਜੋ ਅੱਜ ਵੀ ਮੌਜੂਦ ਹੈ। ਮੰਦਰ ਦੀ ਹੇਠਲੀ ਮੰਜ਼ਲ 'ਤੇ ਮਦਰੱਸਾ ਨੂਰ-ਉਲ-ਕੁਰਾਨ ਸੇਵਾਵਾਂ ਦੇ ਰਿਹਾ ਹੈ ਅਤੇ ਉਪਰਲੀਆਂ ਮੰਜ਼ਿਲਾਂ 'ਤੇ ਸਾਧੂ-ਸੰਨਿਆਸੀਆਂ ਦੇ ਨਿਵਾਸ ਲਈ ਬਣਾਏ ਕਮਰਿਆਂ ਵਿਚ ਦੇਸ਼ ਦੀ ਵੰਡ ਵੇਲੇ ਮੇਵਾੜ ਤੋਂ ਗਏ 80-90 ਮੁਸਲਿਮ ਸ਼ਰਨਾਰਥੀ ਪਰਿਵਾਰ ਰਹਿ ਰਹੇ ਹਨ। ਮਦਰੱਸਾ ਨੂਰ-ਉਲ-ਕੁਰਾਨ ਦੁਆਰਾ ਮੰਦਰ ਦੇ ਅੱਧੇ ਬਚੇ ਗੁੰਬਦ 'ਤੇ 'ਯਾ ਅੱਲ੍ਹਾ' ਲਿਖ ਕੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਹੁਣ ਇਹ ਮੰਦਰ ਹਿੰਦੂਆਂ ਦਾ ਨਹੀਂ ਰਿਹਾ, ਸਗੋਂ ਹੁਣ ਇਹ ਇਸਲਾਮ ਦੀ ਸਰਪ੍ਰਸਤੀ ਹੇਠ ਹੈ। ਸਾਲ 1992 ਦੇ ਸੰਪਰਦਾਇਕ ਦੰਗਿਆਂ ਦੇ ਦੌਰਾਨ ਉਪਰੋਕਤ ਮੰਦਰ ਦੇ ਨਾਲ ਲਗਦੇ ਤਲਾਬ ਨੂੰ ਮਿੱਟੀ ਨਾਲ ਪੂਰ ਕੇ ਉਸ 'ਤੇ ਜਿਨਾਹ ਪਾਰਕ ਬਣਾ ਦਿੱਤਾ ਗਿਆ ਹੈ ਅਤੇ ਮੰਦਰ ਦੇ ਹੀ ਕੁਝ ਹਿੱਸੇ 'ਤੇ ਪਿਛਲੇ ਪਾਸੇ ਇਕ ਮਸਜਿਦ ਬਣਾ ਦਿੱਤੀ ਗਈ। ਦੇਸ਼ ਦੀ ਵੰਡ ਤੋਂ ਪਹਿਲਾਂ ਚੇਚਕ (ਮਾਤਾ ਨਿਕਲਣਾ) ਹੋਣ ਵਾਲੇ ਬੱਚਿਆਂ ਨੂੰ ਮੱਥਾ ਟਿਕਾਉਣ ਲਈ ਲੋਕ ਵੱਡੀ ਗਿਣਤੀ ਵਿਚ ਉਪਰੋਕਤ ਮੰਦਰ ਵਿਚ ਇਕੱਠੇ ਹੁੰਦੇ ਸਨ।
(ਬਾਕੀ ਅਗਲੇ ਮੰਗਲਵਾਰ ਦੇ ਧਰਮ ਤੇ ਵਿਰਸਾ 'ਚ)


ਅੰਮ੍ਰਿਤਸਰ। ਮੋਬਾ: 9356127771, 7837849764

ਜੰਗਨਾਮਾ ਕਾਜ਼ੀ ਨੂਰ ਮੁਹੰਮਦ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਇਸੇ ਨਮੋਸ਼ੀ ਨੂੰ ਧੋਣ ਲਈ ਉਸ ਨੇ 1764 ਵਿਚ ਭਾਰਤ ਉੱਤੇ ਸੱਤਵਾਂ ਹੱਲਾ ਕੀਤਾ। ਇਸੇ ਹੱਲੇ ਵੇਲੇ ਕਾਜ਼ੀ ਨੂਰ ਮੁਹੰਮਦ ਉਸ ਨਾਲ ਪੰਜਾਬ ਆਇਆ। ਗੁੰਜਾਬਾ ਦੇ ਖੈਰ ਮੁਹੰਮਦ ਦੁਆਰਾ ਹੱਥ ਲਿਖਤ ਨੂਰ ਮੁਹੰਮਦ ਦੇ ਜੰਗਨਾਮੇ ਦੀ ਇਕ ਕਾਪੀ ਕੋਟਾ (ਬਲੋਚਿਸਤਾਨ) ਦੇ ਡਿਸਟ੍ਰਿਕਟ ਗਜ਼ਟੀਅਰ ਆਫਿਸ ਵਿਚੋਂ ਪਟਿਆਲਾ ਰਿਆਸਤ ਦੇ ਸਟੇਟ ਰਿਸਟੋਰੀਅਨ ਕਰਮ ਸਿੰਘ ਨੇ ਦੇਖੀ। ਉਸ ਨੇ ਉਸ ਦਾ ਉਤਾਰਾ ਕੀਤਾ। ਪਰਸ਼ੀਅਨ ਵਿਚ ਲਿਖੀ ਉਸ ਲਿਖਤ ਨੂੰ ਪ੍ਰਸਿੱਧ ਸਿੱਖ ਇਤਿਹਾਸਕਾਰ ਡਾ: ਗੰਡਾ ਸਿੰਘ ਨੇ ਸੰਪਾਦਿਤ ਕਰਾ ਕੇ ਅੰਗਰੇਜ਼ੀ ਵਿਚ ਆਪਣੀ ਭੂਮਿਕਾ, ਸਾਰ ਤੇ ਟਿੱਪਣੀਆਂ ਸਮੇਤ 1939 ਵਿਚ ਖਾਲਸਾ ਕਾਲਜ ਅੰਮ੍ਰਿਤਸਰ ਦੇ ਸਿੱਖ ਹਿਸਟਰੀਕਲ ਰਿਸਰਚ ਡਿਪਾਰਟਮੈਂਟ ਵਲੋਂ ਪ੍ਰਕਾਸ਼ਿਤ ਕੀਤਾ। ਸੱਤਵੇਂ ਹੱਲੇ ਸਮੇਂ ਅਬਦਾਲੀ ਨੇ ਕਲਾਤ ਦੇ ਸ਼ਾਸਕ ਮੁਹੰਮਦ ਨਸੀਰ ਖਾਨ ਨੂੰ ਸਿੱਖਾਂ ਵਿਰੁੱਧ ਜਹਾਦ ਵਿਚ ਸ਼ਾਮਿਲ ਹੋਣ ਲਈ ਪ੍ਰੇਰਿਤ ਕੀਤਾ। ਉਹ 12000 ਬਲੋਚ ਸੈਨਿਕ ਲੈ ਕੇ ਲਾਹੌਰ ਤੋਂ 50 ਕਿਲੋਮੀਟਰ ਦੂਰ ਏਮਨਾਬਾਦ ਦੇ ਸਥਾਨ ਉੱਤੇ ਅਬਦਾਲੀ ਦੇ ਲਸ਼ਕਰ ਨਾਲ ਰਲਿਆ। ਕਾਜ਼ੀ ਨੂਰ ਮੁਹੰਮਦ ਸਪੁੱਤਰ ਕਾਜ਼ੀ ਅਬਦੁਲਾ ਕਿਲਾਵਾਰ (ਗੁੰਜਾਬਾ) ਨਾਸਿਰ ਖਾਨ ਨਾਲ ਤੁਰਿਆ। 55 ਬਿਆਨਾਤ ਵਾਲਾ ਇਕ ਜੰਗਨਾਮਾ 1764 ਵਿਚ ਅਬਦਾਲੀ ਤੇ ਨਸੀਰ ਖਾਨ ਦੇ ਲਸ਼ਕਰ ਦੇ ਤੁਰਨ ਤੋਂ ਲੈ ਕੇ ਅਬਦਾਲੀ ਦੀ ਵਾਪਸੀ ਤੱਕ ਦਾ ਅੱਖੀਂ ਡਿੱਠਾ ਹਾਲ ਬਿਆਨ ਕਰਦਾ ਹੈ। ਗੁੰਜਾਬਾ (ਬਲੋਚਿਸਤਾਨ) ਦਾ ਵਾਸੀ ਇਹ ਕਾਜ਼ੀ ਜਹਾਦੀ ਵਜੋਂ ਅਬਦਾਲੀ ਤੇ ਨਾਸੀਰ ਖਾਨ ਦਾ ਸਾਥੀ ਬਣਿਆ। ਨਸੀਰ ਖਾਨ ਨੇ ਕਾਜ਼ੀ ਨੂੰ ਕਿਹਾ ਕਿ ਤੂੰ ਸਾਡੀ ਬਹਾਦਰੀ ਬਾਰੇ ਇਕ ਜੰਗਨਾਮਾ ਲਿਖ ਦੇਵੀਂ। ਦਸ ਮਹੀਨੇ ਬਾਅਦ ਬਚੇ-ਖੁਚੇ ਲਸ਼ਕਰ ਨਾਲ ਕਲਾਤ ਪਰਤੇ ਨਸੀਰ ਖਾਨ ਨੂੰ ਛੇਤੀ ਪਿੱਛੋਂ ਕਾਜ਼ੀ ਨੇ ਇਹ ਜੰਗਨਾਮਾ ਪੇਸ਼ ਕਰ ਦਿੱਤਾ।
ਸਵਾਲ ਹੈ ਕਿ ਅਬਦਾਲੀ ਨੂੰ ਸਿੱਖਾਂ ਨਾਲ ਕੀ ਵੈਰ ਸੀ? 25 ਹਜ਼ਾਰ ਸਿੱਖ ਮਾਰ ਕੇ ਵੀ ਉਸ ਨੂੰ ਸਬਰ ਨਾ ਆਇਆ। ਇਸ ਦਾ ਉੱਤਰ ਇਹ ਹੈ ਕਿ ਅਬਦਾਲੀ ਦੇ ਦਿੱਲੀ ਦੇ ਤਖ਼ਤ ਉੱਤੇ ਬੈਠਣ ਅਤੇ ਹਿੰਦੁਸਤਾਨ ਨੂੰ ਆਪਣੀ ਹਕੂਮਤ ਦਾ ਹਿੱਸਾ ਬਣਾਉਣ ਦੇ ਰਾਹ ਵਿਚ ਸਿੱਖ ਹੀ ਇਕੋ-ਇਕ ਰੁਕਾਵਟ ਸਨ।
(ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)


-ਹਾਊਸ ਨੰ: 2, ਸਟਰੀਟ ਨੰ: 9,
ਗੁਰੂ ਨਾਨਕ ਨਗਰ, ਪਟਿਆਲਾ।

ਦਾਤਾ ਗੰਜਬਖ਼ਸ਼ ਦੇ ਲਕਬ ਨਾਲ ਮਸ਼ਹੂਰ

ਕਸ਼ਫ਼ੁਲ ਮਹਿਜੂਬ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਅਧਿਆਇ ਦੂਜਾ ਫੱਕਰ, ਫਕੀਰੀ ਅਤੇ ਦਰਵੇਸ਼ੀ ਨੂੰ ਸਪੱਸ਼ਟ ਕਰਦਾ ਹੈ। ਫਕੀਰ ਦੀ ਪਰਿਭਾਸ਼ਾ ਅਲੀ ਹੁਜਵੀਰੀ ਨੇ ਇਸ ਤਰ੍ਹਾਂ ਕੀਤੀ ਹੈ, 'ਦਰਵੇਸ਼ ਉਸ ਉੱਚ ਹਸਤੀ ਦਾ ਮਾਲਕ ਹੈ ਕਿ ਪਰਮਾਤਮਾ ਵੀ ਉਸ ਦਾ ਨੇੜ ਚਾਹੁੰਦਾ ਹੈ। ਸੰਸਾਰ ਵਿਚ ਕੇਵਲ ਦਰਵੇਸ਼ ਹੀ ਨਿਮਰਤਾ ਦੇ ਦਰਜੇ ਨੂੰ ਪ੍ਰਾਪਤ ਕਰਦਾ ਹੈ, ਮਤਲਬ ਜਦ ਕਿ ਸਾਰੀ ਦੁਨੀਆ ਹੰਕਾਰ ਵਿਚ ਫਸੀ ਹੋਈ ਹੈ, ਕੇਵਲ ਫਕੀਰ ਹੀ ਹਉੂਮੈ ਤੋਂ ਖਾਲੀ ਹੈ। ਅਧਿਆਇ ਤੀਜਾ ਤਸਵੁੱਫ਼ ਦੀ ਸਿਫ਼ਤ ਬਿਆਨ ਕਰਦਾ ਹੈ। ਕਸ਼ਫ਼ੁਲ ਮਹਿਜੂਬ ਪੁਸਤਕ ਦੀ ਇਕ ਅੰਤਿਕਾ ਵੀ ਤਸਵੁੱਫ਼ ਬਾਰੇ ਹੈ। ਇਨ੍ਹਾਂ ਦੋਵਾਂ ਵਿਚ ਸੂਫ਼ੀ ਦੀ ਪਰਿਭਾਸ਼ਾ ਉਸ ਦੇ ਗੁਣ/ਲੱਛਣ ਅਤੇ ਵਿਸ਼ੇਸ਼ਤਾਈਆਂ ਬਿਆਨ ਕੀਤੀਆਂ ਗਈਆਂ ਹਨ। ਤਸਵੁੱਫ਼ ਦੀ ਪਰਿਭਾਸ਼ਾ ਇਹ ਹੈ, ਤਸਵੁੱਫ਼ ਉਸ ਸਿਫਤ ਦਾ ਨਾਂਅ ਹੈ, ਜਿਸ ਵਿਚ ਇਨਸਾਨ ਸਰੀਰਕ ਸੁੱਖਾਂ ਦਾ ਤਿਆਗ ਕਰ ਕੇ ਅੱਲਾ ਦੀ ਜਾਤ ਵਿਚ ਫਨਾਹ ਹੋ ਜਾਂਦਾ ਹੈ... ਤਸਵੁੱਫ਼ ਇਕ ਐਸਾ ਦੈਵੀ ਗੁਣ ਹੈ ਜੋ ਇਨਸਾਨ ਨੂੰ ਦੁਨੀਆ ਦੇ ਜੰਜਾਲਾਂ ਅਤੇ ਇਸ ਦੀਆਂ ਸੁੱਖ ਦੀਆਂ ਕੈਦਾਂ ਤੋਂ ਮੁਕਤ ਕਰਵਾ ਦਿੰਦਾ ਹੈ। ਤਸਵੁੱਫ਼ ਪਿਆਰ ਦਾ ਸੋਮਾ ਹੈ, ਜੋ ਰੱਬੀ ਮੰਜ਼ਿਲ ਦੀ ਪ੍ਰਾਪਤੀ ਲਈ ਇਕ ਚਾਨਣ ਮੁਨਾਰਾ ਸਾਬਤ ਹੁੰਦਾ ਹੈ। ਤਸਵੁੱਫ਼ ਪਿਆਰ ਹੀ ਪਿਆਰ ਹੈ, ਜਿਸ ਦੀ ਬੁੱਕਲ ਜਾਂ ਲਪੇਟ ਵਿਚ ਸਾਰਾ ਸੰਸਾਰ ਆ ਜਾਂਦਾ ਹੈ। ਜਾਤ-ਪਾਤ, ਊਚ-ਨੀਚ, ਛੂਤ-ਛਾਤ ਅਤੇ ਅਮੀਰ-ਗਰੀਬ ਦੇ ਵਿਤਕਰੇ ਮਿਟ ਜਾਂਦੇ ਹਨ ਤੇ ਕੇਵਲ ਇਕ ਹੀ ਮਜ਼੍ਹਬ ਬਾਕੀ ਰਹਿ ਜਾਂਦਾ ਹੈ ਤੇ ਉਹ ਹੈ ਇਨਸਾਨੀਅਤ, ਸੂਫ਼ੀ ਇਨਸਾਨੀਅਤ ਦਾ ਪੁਜਾਰੀ ਹੈ।'
ਜਿਸ ਚੋਗੇ ਨੂੰ ਸੂਫ਼ੀ ਪਹਿਨਦੇ ਹਨ, ਉਸ ਨੂੰ ਗੋਦੜੀ ਕਿਹਾ ਜਾਂਦਾ ਹੈ। ਅਧਿਆਇ ਚੌਥਾ ਗੋਦੜੀ ਦੀਆਂ ਸਿਫਤਾਂ ਜਾਂ ਵਿਸ਼ੇਸ਼ਤਾਈਆਂ ਬਿਆਨ ਕਰਦਾ ਹੈ। ਅਸੀਂ ਆਮ ਕਰਕੇ ਵੇਖਦੇ ਹਾਂ ਕਿ ਇਨ੍ਹਾਂ ਚੋਗਿਆਂ ਨੂੰ ਟਾਕੀਆਂ ਲੱਗੀਆਂ ਹੁੰਦੀਆਂ ਹਨ। ਟਾਕੀਆਂ ਲੱਗਾ ਚੋਗਾ ਸੰਜਮੀ, ਸਾਦਾ ਅਤੇ ਸੰਤੋਖੀ ਹੋਣ ਦੀ ਨਿਸ਼ਾਨੀ ਹੈ। ਹਜ਼ਰਤ ਮੁਹੰਮਦ ਸਾਹਿਬ ਆਪ ਸਾਦਾ ਕੱਪੜੇ ਪਹਿਨਦੇ ਸਨ। ਉਨ੍ਹਾਂ ਦੇ ਹਵਾਲੇ ਨਾਲ ਬੀਬੀ ਆਇਸ਼ਾ ਨੂੰ ਇਹ ਨਸੀਹਤ ਕੀਤੀ ਗਈ ਹੈ ਕਿ 'ਹੇ ਆਇਸ਼ਾ ਕਪੜੇ ਨੂੰ ਜ਼ਾਇਆ ਨ ਕਰੋ। ਪੈਵੰਦ (ਟਾਕੀਆਂ) ਲਾ ਕੇ ਪਹਿਨੋ। ਹਜ਼ਰਤ ਉਮਰ ਦੇ ਚੋਗੇ ਨੂੰ ਤੀਹ ਟਾਕੀਆਂ ਲੱਗੀਆਂ ਹੁੰਦੀਆਂ ਸਨ। ਅਧਿਆਇ ਛੇਵੇਂ ਤੋਂ ਲੈ ਕੇ ਯਾਰਵੇਂ ਤੱਕ ਸੂਫ਼ੀ ਮੱਤ ਦੇ ਇਤਿਹਾਸ ਅਤੇ ਵਿਕਾਸ ਬਾਰੇ, ਖਾਸ ਕਰਕੇ ਅਰਬ ਮੁਲਕਾਂ ਵਿਚ, ਵੇਰਵਾ ਹੈ। ਇਤਿਹਾਸ ਦੀ ਦ੍ਰਿਸ਼ਟੀ ਤੋਂ ਇਹ ਬਹੁਤ ਮੁੱਲਵਾਨ ਹੈ, ਕਿਉਂਕਿ ਇਸ ਵਿਚ ਨਾਵਾਂ-ਥਾਵਾਂ ਉਪਰ ਵਿਸ਼ੇਸ਼ ਤਵੱਜੋ ਦਿੱਤੀ ਗਈ ਹੈ। ਬਾਰ੍ਹਵਾਂ ਅਧਿਆਇ ਸੂਫ਼ੀ ਫਿਰਕਿਆਂ ਜਾਂ ਸਿਲਸਿਲਿਆਂ ਨੂੰ ਸਮਰਪਿਤ ਹੈ, ਜਿਸ ਵਿਚ ਤੈਫੂਰੀਆ, ਜੁਨੈਦੀ, ਨੂਰੀ, ਹਕੀਮੀਆ, ਸਯਾਰੀਆ, ਹਲੂਲੀਆ ਆਦਿ ਬਾਰੇ ਚਾਨਣਾ ਪਾਇਆ ਗਿਆ ਹੈ। ਸੂਫ਼ੀਆਂ ਬਾਰੇ ਲਿਖੇ ਗਏ ਇਸ ਗ੍ਰੰਥ ਵਿਚ ਇਨ੍ਹਾਂ ਦੀਆਂ ਮਾਨਤਾਵਾਂ ਬਾਰੇ ਵੀ ਚਰਚਾ ਹੈ, ਬੇਸ਼ੱਕ ਜ਼ਕਾਤ ਅਤੇ ਸਖਾਵਤ, ਰੋਜ਼ੇ, ਹੱਜ, ਤੌਬਾ ਆਦਿ ਮਰਯਾਦਿਤ ਇਸਲਾਮ ਬਾਰੇ ਵੀ ਕਾਫੀ ਕੁਝ ਹੈ। ਅਖੀਰਲੇ ਦਸ ਕਾਂਡਾਂ ਵਿਚ ਸਮਾਅ (ਸੰਗੀਤ), ਇਸ ਦੇ ਫਲਸਰੂਪ ਪੈਦਾ ਹੋਏ ਵਜਦ ਦੀ ਕੈਫੀਅਤ, ਰਕਸ (ਨਾਚ) ਆਦਿ ਦਾ ਉਚੇਚਾ ਬਿਆਨ ਹੈ। ਇਸਲਾਮ ਵਿਚ ਵੀ ਦੀਨ ਅਤੇ ਦੁਨੀਆ ਦਾ ਸੁਮੇਲ ਹੈ, ਇਸ ਲਈ ਇਸ ਦੀਆਂ ਧਾਰਮਿਕ ਸਿਧਾਂਤਕ ਗੱਲਾਂ ਤੋਂ ਇਲਾਵਾ ਸੰਸਾਰੀ ਗੱਲਾਂ ਉੱਪਰ ਵੀ ਧਿਆਨ ਕੇਂਦਰਿਤ ਕੀਤਾ ਗਿਆ ਹੈ, ਜਿਵੇਂ ਮੁਸ਼ਾਹਦਾ (ਸੂਫ਼ੀਆਂ ਦੀ ਪਰਿਭਾਸ਼ਾ ਵਿਚ ਨੂਰਿ ਇਲਾਹੀ ਵੇਖਣਾ), ਸੁਹਬਤ (ਸੰਗ ਸਾਥ, ਸੰਗਤ), ਗੱਲਬਾਤ ਕਰਨ ਦਾ ਸਲੀਕਾ, ਨਿਕਾਹ (ਵਿਆਹ) ਤੇ ਤਨਹਾ (ਇਕੱਲਿਆਂ) ਰਹਿਣ ਦੇ ਅਦਬ ਆਦਾਬ, ਪ੍ਰਾਹੁਣਾਚਾਰੀ ਅਤੇ ਆਮ ਸ਼੍ਰਿਸ਼ਟਾਚਾਰ ਦੇ ਤੌਰ-ਤਰੀਕਿਆਂ ਬਾਰੇ ਵੀ ਰੌਸ਼ਨੀ ਪਾਈ ਗਈ ਹੈ।
ਆਪਣੀ ਗੱਲ ਨੂੰ ਵਧੇਰੇ ਪ੍ਰਮਾਣਿਕ ਅਤੇ ਭਰੋਸੇਯੋਗ ਬਣਾਉਣ ਲਈ ਅਲੀ ਹੁਜਵੀਰੀ ਆਪਣੇ ਤੋਂ ਪਹਿਲਾਂ ਦੇ ਦੀਨੀ ਬਜ਼ੁਰਗਾਂ ਅਤੇ ਆਲਮਾਂ ਦੇ ਹਵਾਲੇ ਵੀ ਦਿੰਦਾ ਹੈ। ਪ੍ਰਤੀਤ ਹੁੰਦਾ ਹੈ ਕਿ ਲੇਖਕ ਕੋਲ ਇਨ੍ਹਾਂ ਵਿਸ਼ਿਆਂ ਉੱਪਰ ਕਹਿਣ ਨੂੰ ਹੋਰ ਕਾਫੀ ਕੁਝ ਹੈ, ਪਰ ਵਿਸਥਾਰ ਦੇ ਡਰ ਤੋਂ ਸੰਕੋਚਵੀਂ ਗੱਲ ਹੀ ਕਰਦਾ ਹੈ। ਅਜਿਹੀ ਸੂਚਨਾ ਤਕਰੀਬਨ ਹਰ ਅਧਿਆਇ ਦੇ ਆਖਰ ਵਿਚ ਹੈ। ਕਸ਼ਫੁਲ ਮਹਿਜੂਬ ਦਾ ਡਾ: ਕਾਲਾ ਸਿੰਘ ਬੇਦੀ ਨੇ ਮਾਰਚ, 1983 ਵਿਚ ਅਨੁਵਾਦ ਪੂਰਾ ਕੀਤਾ ਅਤੇ ਇਹ ਪੁਸਤਕ ਪਹਿਲੀ ਵਾਰ 1989 ਵਿਚ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਲੋਂ ਪ੍ਰਕਾਸ਼ਿਤ ਕੀਤੀ ਗਈ ਸੀ। ਸੂਫ਼ੀ ਵਿਚਾਰਧਾਰਾ, ਇਨ੍ਹਾਂ ਦਾ ਤਰਜ਼ਿ ਜ਼ਿੰਦਗੀ ਅਤੇ ਸੂਫ਼ੀ ਦੇ ਫਿਰਕਿਆਂ ਆਦਿ ਬਾਰੇ ਇਹ ਸਿਧਾਂਤ ਪ੍ਰਧਾਨ ਸਰੋਤ ਗ੍ਰੰਥ ਹੈ। ਤਕਰੀਬਨ 30 ਸਾਲ ਹੋ ਚੱਲੇ ਹਨ ਇਸ ਅਨੁਵਾਦ ਨੂੰ ਪ੍ਰਕਾਸ਼ਿਤ ਹੋਇਆਂ, ਪਰ ਪੰਜਾਬੀ ਸੂਫ਼ੀ ਕਾਵਿ ਸਬੰਧੀ ਹੋਈ ਖੋਜ ਜਾਂ ਆਲੋਚਨਾ ਵਿਚ ਇਸ ਦੀ ਵਰਤੋਂ ਬੜੀ ਘੱਟ ਹੋਈ ਹੈ। ਲੋੜ ਹੈ ਅਜਿਹੇ ਗ੍ਰੰਥਾਂ ਦੀ ਰੌਸ਼ਨੀ ਵਿਚ ਇਹ ਕੰਮ ਕੀਤਾ ਜਾਵੇ, ਨਵੇਂ ਖੋਜਕਾਰਾਂ ਕੋਲੋਂ ਇਹੋ ਹੀ ਆਸ ਕੀਤੀ ਜਾਂਦੀ ਹੈ।


-ਮੋਬਾ: 98889-39808

ਸ਼ਬਦ ਵਿਚਾਰ

ਸੰਤ ਜਨਹੁ ਮਿਲਿ ਭਾਈਹੋ ਸਚਾ ਨਾਮੁ ਸਮਾਲਿ॥

ਸਿਰੀਰਾਗੁ ਮਹਲਾ ੫
ਸੰਤ ਜਨਹੁ ਮਿਲਿ ਭਾਈਹੋ
ਸਚਾ ਨਾਮੁ ਸਮਾਲਿ॥
ਤੋਸਾ ਬੰਧਹੁ ਜੀਅ ਕਾ
ਐਥੈ ਓਥੈ ਨਾਲਿ॥
ਗੁਰ ਪੂਰੇ ਤੇ ਪਾਈਐ
ਅਪਣੀ ਨਦਰਿ ਨਿਹਾਲਿ॥
ਕਰਮਿ ਪਰਾਪਤਿ ਤਿਸੁ ਹੋਵੈ
ਜਿਸ ਨੋ ਹੋਇ ਦਇਆਲੁ॥ ੧॥
ਮੇਰੇ ਮਨ ਗੁਰ ਜੇਵਡੁ
ਅਵਰੁ ਨ ਕੋਇ॥
ਦੂਜਾ ਥਾਉ ਨ ਕੋ ਸੁਝੈ
ਗੁਰ ਮੇਲੇ ਸਚੁ ਸੋਇ॥ ੧॥ ਰਹਾਉ॥
ਸਗਲ ਪਦਾਰਥ ਤਿਸੁ ਮਿਲੇ
ਜਿਨਿ ਗੁਰੁ ਡਿਠਾ ਜਾਇ॥
ਗੁਰ ਚਰਣੀ ਜਿਨ ਮਨੁ ਲਗਾ
ਸੇ ਵਡਭਾਗੀ ਮਾਇ॥
ਗੁਰੁ ਦਾਤਾ ਸਮਰਥੁ ਗੁਰੁ
ਗੁਰੁ ਸਭ ਮਹਿ ਰਹਿਆ ਸਮਾਇ॥
ਗੁਰੁ ਪਰਮੇਸਰੁ ਪਾਰਬ੍ਰਹਮੁ
ਗੁਰੁ ਡੁਬਦਾ ਲਏ ਤਰਾਇ॥ ੨॥
ਕਿਤੁ ਮੁਖਿ ਗੁਰੁ ਸਾਲਾਹੀਐ
ਕਰਣ ਕਾਰਣ ਸਮਰਥੁ॥
ਸੇ ਮਥੇ ਨਿਹਚਲ ਰਹੇ
ਜਿਨ ਗੁਰਿ ਧਾਰਿਆ ਹਥੁ॥
ਗੁਰਿ ਅੰਮ੍ਰਿਤ ਨਾਮੁ ਪੀਆਲਿਆ
ਜਨਮ ਮਰਨ ਕਾ ਪਥੁ॥
ਗੁਰੁ ਪਰਮੇਸਰੁ ਸੇਵਿਆ
ਭੈ ਭੰਜਨੁ ਦੁਖ ਲਥੁ॥ ੩॥
ਸਤਿਗੁਰੁ ਗਹਿਰ ਗਭੀਰੁ ਹੈ
ਸੁਖ ਸਾਗਰੁ ਅਘਖੰਡੁ॥
ਜਿਨਿ ਗੁਰੁ ਸੇਵਿਆ ਆਪਣਾ
ਜਮਦੂਤ ਨ ਲਾਗੈ ਡੰਡੁ॥
ਗੁਰ ਨਾਲਿ ਤੁਲਿ ਨ ਲਗਈ
ਖੋਜਿ ਡਿਠਾ ਬ੍ਰਹਮੰਡੁ॥
ਨਾਮੁ ਨਿਧਾਨੁ ਸਤਿਗੁਰਿ ਦੀਆ
ਸੁਖੁ ਨਾਨਕ ਮਨ ਮਹਿ ਮੰਡੁ॥ ੪॥ ੨੦॥ ੧੦॥
(ਅੰਗ 49-50)
ਪਦ ਅਰਥ : ਸਮਾਲਿ-ਸੰਭਾਲ ਕੇ, ਟਿਕਾਅ ਕੇ। ਤੋਸਾ-ਤੋਸ਼ਾ, ਜੀਵਨ ਪੰਧ ਵਿਚ ਕੰਮ ਆਉਣ ਵਾਲਾ ਧਨ ਪਦਾਰਥ। ਬੰਧਹੁ-ਇਕੱਠਾ ਕਰੋ। ਐਥੈ ਓਥੈ-ਲੋਕ ਪਰਲੋਕ ਵਿਚ। ਨਦਰਿ ਨਿਹਾਲਿ-ਮਿਹਰ ਦੀ ਨਜ਼ਰ ਨਾਲ ਦੇਖਦਾ ਹੈ। ਕਰਮਿ-ਬਖਸ਼ਿਸ਼, ਮਿਹਰ। ਜਿਸ ਨੋ ਹੋਇ ਦਇਆਲੁ-ਜਿਸ 'ਤੇ ਪ੍ਰਭੂ ਦਿਆਲ ਹੁੰਦਾ ਹੈ।
ਅਵਰੁ-ਹੋਰ ਕੋਈ। ਸਚੁ ਸੋਇ-ਉਹ ਸਦਾ ਥਿਰ ਰਹਿਣ ਵਾਲਾ ਪਰਮਾਤਮਾ। ਸਗਲ-ਸਾਰੇ। ਡਿਠਾ ਜਾਇ-ਜਾ ਕੇ ਦਰਸ਼ਨ ਕੀਤੇ ਹਨ। ਗੁਰੁ ਦਾਤਾ-ਗੁਰੂ ਨਾਮ ਦਾ ਦਾਤਾ। ਸਮਰਥੁ ਗੁਰੁ-ਗੁਰੂ ਸਭਨੀਂ ਗੱਲੀਂ ਸਮਰੱਥ ਹੈ, ਸਭ ਤਾਕਤਾਂ ਦਾ ਮਾਲਕ ਹੈ। ਗੁਰੁ ਪਰਮੇਸਰੁ ਪਾਰਬ੍ਰਹਮੁ-ਗੁਰੂ ਪਰਮੇਸਰ ਹੈ, ਗੁਰੂ ਪਾਰਬ੍ਰਹਮ ਹੈ। ਡੁਬਦਾ ਲਏ ਤਰਾਇ-ਡੁੱਬਦਿਆਂ ਨੂੰ ਤਾਰਨ ਵਾਲਾ ਹੈ।
ਕਿਤੁ ਮੁਖਿ-ਕਿਸ ਮੂੰਹ ਨਾਲ। ਗੁਰੁ ਸਾਲਾਹੀਐ-ਗੁਰੂ ਦੀ ਸਿਫ਼ਤ ਸਾਲਾਹ ਕਰੀਏ। ਕਰਣ ਕਾਰਣ ਸਮਰਥੁ-ਸਭ ਕੁਝ ਕਰਨ ਦੇ ਸਮਰੱਥ ਹੈ। ਨਿਹਚਲ-ਟਿਕੇ ਰਹਿੰਦੇ ਹਨ। ਧਾਰਿਆ ਹਥੁ-(ਮਿਹਰ ਦਾ) ਹੱਥ ਧਰ ਦਿੱਤਾ। ਪੀਆਲਿਆ-ਪਿਲਾ ਦਿੱਤਾ। ਪਥੁ-ਜੋ ਰੋਗੀ ਲਈ ਗੁਣਕਾਰੀ ਹੋਵੇ, ਜੋ ਰੋਗ ਖੰਡਣ ਵਿਚ ਲਾਭਦਾਇਕ ਹੋਵੇ। ਭੈ ਭੰਜਨੁ-ਭੈ (ਡਰ) ਨੂੰ ਦੂਰ ਕਰਨ ਵਾਲਾ। ਦੁਖ ਲਥੁ-ਦੁੱਖ ਦੂਰ ਹੋ ਗਏ।
ਗਹਿਰ-ਗਹਿਰਾ, ਡੂੰਘਾ। ਗਭੀਰੁ-ਬਹੁਤ ਡੂੰਘਾ, ਅਥਾਹ। ਸੁਖ ਸਾਗਰੁ-ਸੁੱਖਾਂ ਦਾ ਸਾਗਰ (ਸਮੁੰਦਰ)। ਅਘਖੰਡੁ-ਪਾਪਾਂ ਦੇ ਨਾਸ ਕਰਨ ਵਾਲਾ। ਡੰਡੁ-ਡੰਡਾ। ਗੁਰ ਨਾਲਿ ਤੁਲਿ ਨ ਲਗਈ-ਗੁਰੂ ਦੀ ਬਰਾਬਰੀ ਕਰਨ ਵਾਲਾ ਕੋਈ ਨਹੀਂ ਦਿਸਦਾ। ਖੋਜਿ ਡਿਠਾ ਬ੍ਰਹਮੰਡੁ-ਸਾਰਾ ਸੰਸਾਰ ਫਿਰ ਕੇ ਦੇਖ ਲਿਆ ਹੈ। ਨਿਧਾਨੁ-ਖਜ਼ਾਨਾ। ਮਨ ਮਹਿ-ਮਨ ਵਿਚ। ਮੰਡੁ-ਮਾਣ ਲਿਆ ਹੈ।
ਰਾਗੁ ਆਸਾ ਵਿਚ ਤੀਜੇ ਗੁਰਦੇਵ ਦੇ ਪਾਵਨ ਬਚਨ ਹਨ ਕਿ ਜਿਹੜਾ ਜਗਿਆਸੂ ਗੁਰੂ ਦੀ ਸੇਵਾ ਕਰਦਾ ਹੈ, ਉਹ ਸਦਾ ਆਤਮਿਕ ਸੁੱਖ ਪਾਉਂਦਾ ਹੈ। ਅਜਿਹੇ ਪ੍ਰਾਣੀ ਫਿਰ ਸੰਤ ਸੰਗਤਿ ਵਿਚ ਮਿਲ ਬੈਠ ਕੇ ਪਰਮਾਤਮਾ ਦੇ ਗੁਣਾਂ ਨੂੰ ਗਾਉਂਦਾ ਰਹਿੰਦਾ ਹੈ-
ਗੁਰ ਕੀ ਸੇਵਾ ਸਦਾ ਸੁਖੁ ਪਾਏ॥
ਸੰਤਸੰਗਤਿ ਮਿਲਿ ਹਰਿ ਗੁਣ ਗਾਏ॥ (ਅੰਗ 362)
ਗੁਰੂ ਦੇ ਦਰਸਾਏ ਮਾਰਗ 'ਤੇ ਚੱਲਣ ਤੋਂ ਬਿਨਾਂ ਪਰਮਾਤਮਾ ਦੇ ਗੁਣਾਂ ਦੀ ਸੋਝੀ ਨਹੀਂ ਪੈਂਦੀ ਅਰਥਾਤ ਪਰਮਾਤਮਾ ਨਾਲ ਪਿਆਰ ਜਾਂ ਸਾਂਝ ਨਹੀਂ ਬਣਦੀ। ਜਦੋਂ ਤਾਈਂ ਪਰਮਾਤਮਾ ਨਾਲ ਸਾਂਝ ਪਾਉਣੀ ਅਸੀਂ ਆਪਣਾ ਕਰਤੱਵ ਨਹੀਂ ਸਮਝਦੇ, ਉਦੋਂ ਤਾਈਂ ਉਸ ਵਿਚ ਸੁਰਤ ਨਹੀਂ ਜੁੜਦੀ ਭਾਵ ਪ੍ਰਭੂ ਦੇ ਨਾਮ ਨੂੰ ਸਿਮਰਨ ਦੀ ਲਗਨ ਨਹੀਂ ਲਗਦੀ। ਸਦਾ ਥਿਰ ਪ੍ਰਭੂ ਦੇ ਨਾਮ ਸਿਮਰਨ ਤੋਂ ਬਿਨਾਂ ਅੰਤ ਵੇਲੇ ਕਿਸੇ ਨੇ ਹਾਮੀ ਨਹੀਂ ਭਰਨੀ, ਕਿਸੇ ਹੋਰ ਨੇ ਸਹਾਈ ਨਹੀਂ ਹੋਣਾ। ਪਹਿਲਾਂ ਕੀਤੀ ਹੋਈ ਕਮਾਈ ਅਰਥਾਤ ਆਤਮਿਕ ਜੀਵਨ ਦਾ ਇਕੱਠਾ ਕੀਤਾ ਹੋਇਆ ਸਰਮਾਇਆ, ਜਿਸ ਨਾਲ ਮਨੁੱਖਾ ਜਨਮ ਦੀ ਪ੍ਰਾਪਤੀ ਹੋਈ ਸੀ, ਉਹ ਵੀ ਹੇ ਪ੍ਰਾਣੀ, ਤੇਰੇ ਪਾਸ ਨਹੀਂ ਰਹਿਣਾ। ਸਲੋਕ ਵਾਰਾਂ ਤੇ ਵਧੀਕ ਮਹਲਾ ੧ ਵਿਚ ਜਗਤ ਗੁਰੂ ਬਾਬਾ ਦੇ ਪਾਵਨ ਬਚਨ ਹਨ-
ਗੁਰ ਬਿਨੁ ਗਿਆਨੁ ਧਰਮ ਬਿਨੁ ਧਿਆਨੁ॥
ਸਚ ਬਿਨੁ ਸਾਖੀ ਮੂਲੋ ਨ ਬਾਕੀ॥ ੨੩॥
(ਅੰਗ 1412)
ਗਿਆਨੁ-ਆਤਮਿਕ ਜੀਵਨ ਦੀ ਸੋਝੀ। ਧਰਮ-ਕਰਤੱਵ, ਫਰਜ਼। ਧਿਆਨੁ-ਸੁਰਤ। ਸਾਖੀ-ਸਿੱਖਿਆ, ਗਵਾਹੀ, ਹਾਮੀ। ਮੂਲੋ-ਮੂਲ ਵੀ, ਆਤਮਿਕ ਜੀਵਨ ਦਾ ਸਰਮਾਇਆ।
'ਸਵਈਏ ਮਹਲਾ ਚਉਥੇ ਕੇ' ਵਿਚ ਭੱਟ ਨਲ੍ਹ ਜੀ ਦਾ ਕਥਨ ਹੈ ਕਿ ਜਿਸ ਦੇ ਸਿਰ 'ਤੇ ਗੁਰੂ ਦਾ ਹੱਥ ਹੋਵੇ, ਗੁਰੂ ਦੀ ਕਿਰਪਾ ਸਦਕਾ ਉਸ ਜੀਵ ਦੇ ਹਿਰਦੇ ਵਿਚ ਸ਼ਬਦ ਪ੍ਰਗਟ ਹੋ ਜਾਂਦਾ ਹੈ ਅਤੇ ਉਸ ਦੀ ਸੁਰਤ ਸਦਾ ਥਿਰ ਪ੍ਰਭੂ ਦੇ ਘਰ ਵਿਚ ਟਿਕ ਜਾਂਦੀ ਹੈ-
ਜਾਮਿ ਗੁਰੂ ਹੋਇ ਵਲਿ
ਸਬਦੁ ਸਾਖੀ ਸੁ ਸਚਹ ਘਰਿ॥ (ਅੰਗ 1399)
ਸਾਖੀ-ਪ੍ਰਗਟ ਹੋ ਜਾਂਦਾ ਹੈ। ਸਚਹ ਘਰਿ-ਸਦਾ ਥਿਰ ਰਹਿਣ ਵਾਲੇ ਪ੍ਰਭੂ ਦੇ ਘਰ ਵਿਚ।
ਸ਼ਬਦ ਦੇ ਅੱਖਰੀਂ ਅਰਥ : ਹੇ ਮੇਰੇ ਭਾਈਓ, ਸੰਤ ਜਨਾਂ ਨੂੰ ਮਿਲ ਕੇ ਭਾਵ ਸੰਤ ਸੰਗਤ ਵਿਚ ਮਿਲ ਬੈਠ ਕੇ ਸਦਾ ਥਿਰ ਰਹਿਣ ਵਾਲੇ ਪ੍ਰਭੂ ਦੇ ਨਾਮ ਨੂੰ ਸੰਭਾਲ ਕੇ ਰੱਖੋ ਭਾਵ ਉਸ ਦੇ ਨਾਮ ਦਾ ਸਿਮਰਨ ਕਰੋ। ਇਸ ਨਾਮ ਧਨ ਨੂੰ ਇਕੱਠਾ ਕਰੋ, ਜੋ ਲੋਕ ਪਰਲੋਕ ਵਿਚ ਨਾਲ ਨਿਭਦਾ ਹੈ। ਜਦੋਂ ਪਰਮਾਤਮਾ ਦੀ ਨਜ਼ਰ ਸਵੱਲੀ ਹੁੰਦੀ ਹੈ ਤਾਂ ਇਹ ਨਾਮ ਧਨ ਗੁਰ ਪਾਸੋਂ ਮਿਲਦਾ ਹੈ। ਜਿਸ 'ਤੇ ਪ੍ਰਭੂ ਦਇਆਵਾਨ ਹੁੰਦਾ ਹੈ, ਉਸ ਨੂੰ ਬਖਸ਼ਿਸ਼ ਵਜੋਂ ਇਹ (ਨਾਮ ਧਨ) ਪ੍ਰਾਪਤ ਹੁੰਦਾ ਹੈ-
ਹੇ ਮੇਰੇ ਮਨ, (ਜਗਤ ਵਿਚ) ਗੁਰੂ ਤੋਂ ਵੱਡਾ ਹੋਰ ਕੋਈ ਨਹੀਂ ਅਤੇ ਨਾ ਹੀ ਉਸ ਤੋਂ ਬਿਨਾਂ ਹੋਰ ਕੋਈ ਦੂਜਾ ਟਿਕਾਣਾ ਸੁੱਝਦਾ ਹੈ। ਸਦਾ ਥਿਰ ਰਹਿਣ ਵਾਲਾ ਪ੍ਰਭੂ ਆਪ ਹੀ ਗੁਰੂ ਨਾਲ ਮੇਲ ਕਰਵਾਉਂਦਾ ਹੈ। ਜਿਸ ਨੇ ਵੀ ਜਾ ਕੇ ਗੁਰੂ ਦੇ ਦਰਸ਼ਨ ਕੀਤੇ ਹਨ, ਉਸ ਨੂੰ ਸਾਰੇ ਪਦਾਰਥ ਪ੍ਰਾਪਤ ਹੋ ਜਾਂਦੇ ਹਨ, ਜਿਨ੍ਹਾਂ ਦਾ ਗੁਰੂ ਦੇ ਚਰਨਾਂ ਵਿਚ ਮਨ ਜੁੜਦਾ ਹੈ। ਹੇ ਮੇਰੀ ਮਾਂ, ਉਹ ਵੱਡੇ ਭਾਗਾਂ ਵਾਲੇ ਹਨ। ਗੁਰੂ ਨਾਮ ਦੀ ਦਾਤ ਦੇਣ ਵਾਲਾ ਹੈ ਅਤੇ ਸਭਨੀਂ ਗੱਲੀਂ ਸਮਰੱਥ ਹੈ ਭਾਵ ਸਰਬ ਸਮਰੱਥ ਹੈ ਜੋ ਸਭਨਾਂ ਅੰਦਰ ਸਮਾਅ ਰਿਹਾ ਹੈ। ਗੁਰੂ ਪਾਰਬ੍ਰਹਮ ਪਰਮੇਸਰ ਦਾ ਹੀ (ਰੂਪ) ਹੈ ਜੋ ਡੁੱਬਦਿਆਂ ਨੂੰ ਤਾਰਨ ਵਾਲਾ ਹੈ।
ਕਿਸ ਮੂੰਹ ਨਾਲ ਗੁਰੂ ਦੀ ਸਿਫ਼ਤ ਸਾਲਾਹ ਕਰੀਏ, ਜੋ ਸਭ ਕੁਝ ਕਰਨ ਦੇ ਸਮਰੱਥ ਹੈ। ਉਹ ਮੱਥੇ (ਸੀਸ) ਸਦਾ ਗੁਰੂ ਚਰਨਾਂ ਵਿਚ ਟਿਕੇ ਰਹਿੰਦੇ ਹਨ, ਜਿਨ੍ਹਾਂ 'ਤੇ ਗੁਰੂ ਆਪਣੀ (ਮਿਹਰ ਦਾ) ਹੱਥ ਧਰ ਦਿੰਦਾ ਹੈ। ਉਨ੍ਹਾਂ ਨੂੰ ਗੁਰੂ ਨੇ ਨਾਮ ਅੰਮ੍ਰਿਤ ਰੂਪੀ ਜਲ (ਦਾਰੂ) ਪਿਲਾਅ ਦਿੱਤਾ ਹੈ, ਜੋ ਫਿਰ ਜਨਮ-ਮਰਨ ਦੇ ਗੇੜ ਤੋਂ ਬਚੇ ਰਹਿੰਦੇ ਹਨ। ਜਿਨ੍ਹਾਂ-ਜਿਨ੍ਹਾਂ ਨੇ ਗੁਰੂ ਪਰਮੇਸਰ ਨੂੰ ਸੇਵਿਆ ਹੈ, ਉਨ੍ਹਾਂ ਦੇ ਡਰਾਂ ਦਾ ਨਾਸ ਹੋ ਗਿਆ ਹੈ ਅਤੇ ਉਨ੍ਹਾਂ ਦੇ ਦੁੱਖ ਦੂਰ ਹੋ ਗਏ ਹਨ।
ਸਤਿਗੁਰੂ ਸੁੱਖਾਂ ਦਾ ਸਾਗਰ (ਸਮੁੰਦਰ) ਹੈ ਅਤੇ ਪਾਪਾਂ ਦਾ ਨਾਸ ਕਰਨ ਵਾਲਾ ਹੈ। ਜਿਸ ਨੇ ਆਪਣੇ ਗੁਰੂ ਨੂੰ ਸੇਵਿਆ ਹੈ, ਉਸ 'ਤੇ ਜਮ ਦਾ ਡੰਡਾ ਨਹੀਂ ਵੱਜਦਾ। ਅਸੀਂ ਸਾਰਾ ਸੰਸਾਰ ਭਾਲ ਕੇ (ਖੋਜ ਕੇ) ਦੇਖ ਲਿਆ ਹੈ, ਗੁਰੂ ਸਮਾਨ ਅਰਥਾਤ ਬਰਾਬਰ ਦਾ ਕੋਈ ਵੀ ਨਹੀਂ। ਜਿਸ ਨੂੰ ਸਤਿਗੁਰ ਨੇ ਨਾਮ ਰੂਪੀ ਖਜ਼ਾਨਾ ਦਿੱਤਾ ਹੈ, ਉਸ ਨੇ ਸਦਾ ਆਤਮਿਕ ਸੁੱਖ ਨੂੰ ਮਾਣਿਆ ਹੈ।


-217-ਆਰ, ਮਾਡਲ ਟਾਊਨ, ਜਲੰਧਰ।

ਸਾਲਾਨਾ ਜੋੜ ਮੇਲੇ 'ਤੇ ਵਿਸ਼ੇਸ਼

ਗੁਰਦੁਆਰਾ ਸ੍ਰੀ ਡੰਡਾ ਸਾਹਿਬ ਸੱਤਵੀਂ ਪਾਤਸ਼ਾਹੀ, ਸੰਧਵਾਂ (ਨਵਾਂਸ਼ਹਿਰ)

ਫਗਵਾੜਾ-ਬੰਗਾ ਮੁੱਖ ਮਾਰਗ 'ਤੇ ਪੈਂਦੇ ਪਿੰਡ ਬਹਿਰਾਮ ਤੋਂ ਕਰੀਬ 3 ਕਿਲੋਮੀਟਰ ਦੀ ਦੂਰੀ 'ਤੇ ਮਾਹਿਲਪੁਰ ਰੋਡ 'ਤੇ ਸਥਿਤ ਗੁਰਦੁਆਰਾ ਸ੍ਰੀ ਡੰਡਾ ਸਾਹਿਬ ਪਿੰਡ ਸੰਧਵਾਂ ਦਾ ਸਿੱਖ ਇਤਿਹਾਸ ਵਿਚ ਅਹਿਮ ਸਥਾਨ ਹੈ। ਮਿਲੇ ਵੇਰਵਿਆਂ ਅਨੁਸਾਰ ਸੱਤਵੇਂ ਪਾਤਸ਼ਾਹ ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ ਮਾਲਵੇ ਤੋਂ ਹੁੰਦੇ ਮੇਹਰਾਜ ਤੋਂ ਸ੍ਰੀ ਕੀਰਤਪੁਰ ਸਾਹਿਬ ਨੂੰ ਜਾਣ ਸਮੇਂ ਸੰਗਤਾਂ ਨੂੰ ਕਿਰਤ ਕਰੋ, ਵੰਡ ਛਕੋ ਤੇ ਨਾਮ ਜਪੋ ਦਾ ਉਦੇਸ਼ ਦਿੰਦੇ ਫਗਵਾੜਾ ਨੇੜਲੇ ਪਿੰਡ ਪਲਾਹੀ ਤੇ ਪਿੰਡ ਫਰਾਲਾ ਤੋਂ ਹੁੰਦਿਆਂ ਆਪਣੇ 2200 ਘੋੜਸਵਾਰਾਂ ਸਮੇਤ 1713 ਬਿਕ੍ਰਮੀ (1656 ਈ:) ਨੂੰ ਪਿੰਡ ਸੰਧਵਾਂ 'ਚ ਚਰਨ ਪਾਏ। ਸੰਗਤਾਂ ਦੂਰੋਂ-ਦੂਰੋਂ ਗੁਰੂ ਜੀ ਦੇ ਦਰਸ਼ਨ ਤੇ ਉਪਦੇਸ਼ ਸੁਣਨ ਆਉਣ ਲੱਗੀਆਂ। ਇਕ ਦਿਨ ਗੁਰੂ ਸਾਹਿਬ ਨੇ ਮੌਜ ਵਿਚ ਆ ਫਲਾਹੀ ਦੀ ਦਾਤਣ ਕਰ ਕੇ ਉਸ ਜਗ੍ਹਾ ਗੱਡ ਦਿੱਤੀ, ਜਿਥੇ ਗੁਰੂ ਜੀ ਦਾ ਆਸਣ ਲੱਗਾ ਸੀ। ਗੁਰੂ ਸਾਹਿਬ ਵਲੋਂ ਅੰਤਰ-ਧਿਆਨ ਹੋ ਕੇ ਗੱਡੀ ਦਾਤਣ ਹੌਲੀ-ਹੌਲੀ ਇਕ ਫਲਾਹੀ ਦਾ ਵੱਡਾ ਦਰੱਖਤ ਬਣ ਗਿਆ, ਜੋ ਕਿ ਅੱਜ ਵੀ ਗੁਰਦੁਆਰਾ ਸਾਹਿਬ ਦੀ ਆਲੀਸ਼ਾਨ ਇਮਾਰਤ ਵਿਚ ਸੁਸ਼ੋਭਿਤ ਹੈ।
ਇਸ ਦਰੱਖਤ ਦੇ ਨਾਂਅ ਤੋਂ ਹੀ ਗੁਰੂ ਸਾਹਿਬ ਜੀ ਦੀ ਯਾਦ 'ਚ ਗੁਰਦੁਆਰਾ ਸ੍ਰੀ ਡੰਡਾ ਸਾਹਿਬ ਦਾ ਨਾਂਅ ਦੁਨੀਆ ਵਿਚ ਪ੍ਰਸਿੱਧ ਹੋਇਆ। ਗੁਰੂ-ਘਰ ਦੇ ਸੇਵਾਦਾਰ ਜਥੇ ਹਰਜੀਤ ਸਿੰਘ ਸੰਧੂ, ਸੈਕਟਰੀ ਜਥੇ ਬਲਵੀਰ ਸਿੰਘ ਸੰਧੂ, ਚਰਨ ਸਿੰਘ ਸੰਧੂ, ਵੀਰਪਾਲ ਸਿੰਘ, ਪਾਲ ਸਿੰਘ ਸੰਧੂ ਆਦਿ ਸੇਵਾਦਾਰਾਂ ਨੇ ਦੱਸਿਆ ਕਿ 20 ਫਰਵਰੀ ਨੂੰ ਗੁਰੂ ਸਾਹਿਬ ਦੀ ਯਾਦ 'ਚ ਸਮੂਹ ਨਗਰ ਨਿਵਾਸੀਆਂ ਦੇ ਪੂਰਨ ਸਹਿਯੋਗ ਨਾਲ ਧਾਰਮਿਕ ਦੀਵਾਨ ਸਜਾਏ ਜਾ ਰਹੇ ਹਨ, ਜਿਸ 'ਚ ਕੀਰਤਨੀ, ਢਾਡੀ ਜਥੇ ਅਤੇ ਸੰਤ ਜੀਤ ਸਿੰਘ ਜੌਹਲਾਂ ਵਾਲੇ ਗੁਰੂ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕਰਨਗੇ। ਸ੍ਰੀ ਗੁਰੂ ਹਰਿ ਰਾਇ ਸਾਹਿਬ ਸਪੋਰਟਸ ਕਲੱਬ (ਰਜਿ:) ਦੇ ਪ੍ਰਧਾਨ ਅਮਰੀਕ ਸਿੰਘ ਸੰਧੂ, ਖੇਡ ਪ੍ਰਮੋਟਰ ਸ: ਨਿਰਮਲ ਸਿੰਘ ਸੰਧੂ ਯੂ. ਕੇ., ਮਨਜੀਤ ਸਿੰਘ ਸੰਧੂ ਨੇ ਦੱਸਿਆ ਕਿ 21 ਤੋਂ 24 ਫਰਵਰੀ ਤੱਕ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ ਦੀ ਯਾਦ 'ਚ 50ਵਾਂ ਸ਼ਾਨਦਾਰ ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈ। ਪ੍ਰਬੰਧਕਾਂ ਨੇ ਦੱਸਿਆ ਕਿ ਖੇਡ ਮੇਲੇ ਦੇ ਅਖੀਰਲੇ ਦਿਨ 24 ਫਰਵਰੀ ਨੂੰ ਨਾਮਵਰ ਅਕੈਡਮੀਆਂ ਦੇ ਕਬੱਡੀ ਮੁਕਾਬਲੇ ਹੋਣਗੇ।


-ਪ੍ਰੇਮੀ ਸੰਧਵਾਂ, ਸੰਧਵਾਂ (ਨਵਾਂਸ਼ਹਿਰ)।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 1920 ਤੋਂ 2020 ਤੱਕ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਇਸ ਦੀ ਕਾਰਜਸ਼ੈਲੀ ਵਿਚ ਸੁਧਾਰ ਲਿਆਉਣ ਦੇ ਵੱਡੇ ਸੰਦਰਭ ਨੂੰ ਵਿਚਾਰਿਆਂ ਸਾਡੇ ਸਾਹਮਣੇ ਕੁਝ ਅਜਿਹੇ ਸਵਾਲ ਵੀ ਹਨ, ਜਿਨ੍ਹਾਂ ਨੂੰ ਸੰਬੋਧਨ ਹੁੰਦਿਆਂ ਸਾਨੂੰ ਭਵਿੱਖ ਵਿਚ ਅਜਿਹੇ ਸੁਧਾਰ ਲਿਆਉਣੇ ਹੋਣਗੇ ਕਿ ਪੰਥ ਭਵਿੱਖ ਦੀਆਂ ਆਪਣੀਆਂ ਮੰਜ਼ਿਲਾਂ ਨੂੰ ਪ੍ਰਾਪਤ ਕਰਨ ਵਿਚ ਸਫ਼ਲ ਹੋ ਸਕੇ। ਗੁਰਦੁਆਰਾ ਸੰਸਥਾ ਦਾ ਸਮੁੱਚਾ ਪ੍ਰਬੰਧਕੀਤੰਤਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਸਿੰਘ ਸਭਾਵਾਂ ਅਤੇ ਭਾਰਤ ਦੇ ਦੂਜੇ ਸੂਬਿਆਂ ਅਤੇ ਵਿਸ਼ਵ ਭਰ ਵਿਚ ਫੈਲਿਆ ਗੁਰਦੁਆਰਾ ਪ੍ਰਬੰਧਕੀ ਫੈਲਾਅ ਕਿਵੇਂ ਕੰਮ ਕਰ ਰਿਹਾ ਹੈ? ਕੀ ਇਹ ਆਪਣੇ ਰਵਾਇਤੀ ਢੰਗ ਤਰੀਕਿਆਂ ਨਾਲ ਕੰਮ ਕਰਦਾ ਪੰਥ ਨੂੰ ਇਸ ਸੰਸਥਾ ਦੀ ਸਥਾਪਨਾ ਅਨੁਸਾਰ ਭਵਿੱਖ ਦੇ ਨਵੇਂ ਦਿਸਹੱਦਿਆਂ ਤੱਕ ਪਹੁੰਚਾਉਣ ਦੇ ਸਮਰੱਥ ਹੈ? ਕੀ ਇਸ ਵਿਚ ਨੀਤੀਆਂ, ਸਾਧਨਾਂ ਅਤੇ ਪ੍ਰਾਪਤੀਆਂ ਆਦਿ ਦੇ ਖੇਤਰਾਂ ਵਿਚ ਪਰਿਪੂਰਨਤਾ ਅਤੇ ਖੜ੍ਹੋਤ ਵਾਲੀ ਸਥਿਤੀ ਤਾਂ ਨਹੀਂ ਬਣ ਗਈ? ਕੀ ਗੁਰਦੁਆਰਾ ਸੰਸਥਾ ਧਰਮ ਸੱਤਾ-ਰਾਜ ਸੱਤਾ ਦੇ ਮਹੱਤਵਪੂਰਨ ਸ਼ਕਤੀ ਸੋਮੇ ਵਜੋਂ ਪੰਥ ਅਤੇ ਇਸ ਦੇ ਮੂਲ ਪੰਥਕ ਉਦੇਸ਼ਾਂ ਦੀ ਪ੍ਰਾਪਤੀ ਵਿਚ ਸਿੱਖਾਂ ਵੱਲੋਂ ਲਗਾਈ ਜਾ ਰਹੀ ਸ਼ਕਤੀ ਦੇ ਅਨੁਕੂਲ ਨਤੀਜੇ ਦੇ ਰਹੀ ਹੈ? ਗੁਰਦੁਆਰਾ ਸੰਸਥਾ ਵਿਚ ਪੰਥ ਅਤੇ ਮਾਨਵ ਜਾਤੀ ਦੇ ਸਰੋਕਾਰਾਂ ਦੀ ਪ੍ਰਾਪਤੀ ਹਿੱਤ ਭਵਿੱਖ ਵਿਚ ਕਿਹੜੇ ਨਵੇਂ ਸੁਧਾਰ ਲਿਆਂਦੇ ਜਾਣ ਕਿ ਇਹ ਸੰਸਥਾ ਗੁਰੂ ਆਦੇਸ਼ਾਂ ਅਨੁਸਾਰ ਭਵਿੱਖ ਵਿਚ ਆਪਣੀ ਇਤਿਹਾਸਿਕ ਭੂਮਿਕਾ ਨੂੰ ਨਿਸ਼ਚਿਤ ਕਰ ਸਕੇ?
ਸਮੇਂ ਨਾਲ ਜਿਉਂ-ਜਿਉਂ ਇਕ ਮਨੁੱਖ, ਸੰਸਥਾਵਾਂ ਅਤੇ ਸਮਾਜ ਵਿਚ ਵਿਕਾਸ ਅਤੇ ਉਤਪਤੀ ਸਾਕਾਰ ਹੁੰਦੇ ਜਾਂਦੇ ਹਨ, ਉਸੇ ਤਰ੍ਹਾਂ ਅਗਲੇਰੀਆਂ ਮੰਜ਼ਿਲਾਂ ਪ੍ਰਾਪਤ ਕਰਨ ਲਈ ਸੰਸਥਾਵਾਂ ਦੀ ਨਵੀਂ ਭਵਿੱਖ-ਦ੍ਰਿਸ਼ਟੀ ਸਿਰਜਣੀ ਪੈਂਦੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਤਿਹਾਸ ਦੇ ਜਿਸ ਮੁਕਾਮ 'ਤੇ ਪਹੁੰਚ ਚੁੱਕੀ ਹੈ, ਉਸ ਵਿਚ ਖੜ੍ਹੋਤ ਅਥਵਾ ਪਰਿਪੂਰਨਤਾ ਵਾਲੀ ਸਥਿਤੀ ਪੈਦਾ ਨਾ ਹੋਵੇ, ਇਸ ਲਈ ਇਸ ਦੇ ਕੰਮਕਾਜ ਵਿਚ ਬਹੁਪਰਤੀ ਸੁਧਾਰ ਲਿਆਉਣੇ ਜ਼ਰੂਰੀ ਹੋ ਗਏ ਹਨ। ਇਸ ਲਈ ਹੁਣ ਜਦੋਂ 2020 ਵਿਚ ਇਸ ਨੂੰ ਸਥਾਪਤ ਹੋਇਆਂ ਸੌ ਸਾਲ ਪੂਰੇ ਹੋ ਰਹੇ ਹਨ, ਤਾਂ ਇਸ ਦੇ ਅਗਲੇਰੇ ਦਹਾਕਿਆਂ ਲਈ ਨਵੇਂ ਸੁਧਾਰ ਨਾ ਕੇਵਲ ਇਸ ਸੰਸਥਾ, ਸਗੋਂ ਪੰਥ ਨੂੰ ਵੀ ਹੋਰ ਸ਼ਕਤੀਸ਼ਾਲੀ ਬਣਾਉਣਗੇ। ਹੈਰਾਨੀ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਂਝੇ ਯਤਨਾਂ ਨਾਲ 1920 ਵਿਚ ਹੀ ਹੋਂਦ ਵਿਚ ਆਇਆ ਸ਼੍ਰੋਮਣੀ ਅਕਾਲੀ ਦਲ ਤਾਂ ਆਪਣੀ ਸਥਾਪਨਾ ਦੀ ਪਹਿਲੀ ਸ਼ਤਾਬਦੀ ਮਨਾਉਣ ਦੀ ਤਿਆਰੀ ਕਰ ਰਿਹਾ ਹੈ, ਪਰ ਸ਼੍ਰੋਮਣੀ ਕਮੇਟੀ ਦੀ ਸਥਾਪਨਾ ਦੀ ਪਹਿਲੀ ਸ਼ਤਾਬਦੀ ਮਨਾਉਣ ਲਈ ਪੰਥ ਵਿਚ ਕੋਈ ਚੇਤਨਾ ਪੈਦਾ ਨਹੀਂ ਕੀਤੀ ਜਾ ਰਹੀ। ਦ੍ਰਿਸ਼ਟੀ 2020 ਵਿਚ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚ ਲਿਆਂਦੇ ਜਾਣ ਵਾਲੇ ਸੁਧਾਰਾਂ ਦੀ ਰੂਪ-ਰੇਖਾ ਦੇ ਰਹੇ ਹਾਂ, ਜਿਸਦੇ ਵਿਸਤਾਰ ਪੰਥ ਨੇ ਉਲੀਕਣੇ ਹਨ। ਸ਼੍ਰੋਮਣੀ ਕਮੇਟੀ ਵਿਚ ੳਦੇਸ਼ਾਤਮਕ ਸੁਧਾਰ, ਇਸਦਾ ਇਕ ਸਿੱਖ ਸੰਸਦ ਵਾਂਗ ਵਿਹਾਰ ਕਰਨਾ, ਤਖ਼ਤਾਂ ਦੇ ਜਥੇਦਾਰਾਂ ਦੀ ਨਿਯੁਕਤੀ, ਸੰਗਤੀ ਅਤੇ ਕਾਨੂੰਨੀ ਪ੍ਰਕਿਰਿਆ ਦੇ ਸੁਮੇਲ ਅਨੁਸਾਰ ਚੋਣ ਸੁਧਾਰ, ਧਾਰਮਿਕ ਸੁਧਾਰ, ਵਿੱਦਿਅਕ-ਗੁਰਮਤਿ ਸਿੱਖਿਆ ਸੁਧਾਰ, ਬੌਧਿਕ-ਉਤੱਮਤਾ ਸਬੰਧੀ ਸੁਧਾਰ, ਪ੍ਰਸ਼ਾਸਕੀ-ਪ੍ਰਬੰਧਕੀ ਲੀਡਰਸ਼ਿਪ ਸਬੰਧੀ ਸੁਧਾਰ, ਆਰਥਿਕ ਸੁਧਾਰ, ਸਿਹਤ ਸੇਵਾਵਾਂ ਸਬੰਧੀ ਸੁਧਾਰ, ਧਰਮ ਪ੍ਰਚਾਰਕਾਂ ਦੀ ਤਿਆਰੀ ਸਬੰਧੀ ਸੁਧਾਰ ਅਤੇ ਗੁਰਦੁਆਰਾ ਪ੍ਰਬੰਧ ਵਿਵਸਥਾ ਦੇ ਮੂਲ ਸੰਕਲਪ ਅਤੇ ਮਕਸਦਾਂ ਅਨੁਸਾਰ ਅਜਿਹੇ ਸੁਧਾਰ ਲਿਆਉਣ ਦੀ ਲੋੜ ਹੈ, ਜਿਨ੍ਹਾਂ ਨਾਲ ਸੌ ਸਾਲ ਦਾ ਪੰਧ ਤਹਿ ਕਰ ਚੁੱਕੀ ਪੰਥ ਦੀ ਇਹ ਮਹੱਤਵਪੂਰਨ ਸੰਸਥਾ ਹੋਰ ਸ਼ਕਤੀਸ਼ਾਲੀ ਹੋ ਕੇ 21ਵੀਂ ਸਦੀ ਵਿਚ ਉੱਜਵਲ ਸਿੱਖ ਭਵਿੱਖ ਸਿਰਜ ਸਕੇ। ਪਰ ਇੱਥੇ ਪ੍ਰਸ਼ਨਾਂ ਦਾ ਮੂਲ ਪ੍ਰਸ਼ਨ ਹੈ ਕਿ ਇਸ ਕਮੇਟੀ ਦੇ ਵਰਤਮਾਨ ਆਗੂਤੰਤਰ ਦੇ ਮੋਢਿਆਂ ਵਿਚ ਕੀ ਇਤਨਾ ਕੁ ਬਲ ਹੈ ਕਿ ਉਹ ਘੱਟੋ-ਘੱਟ ਅਜਿਹੇ ਸੁਧਾਰ ਲਿਆਉਣ ਲਈ ਇਕ ਵੱਡੀ ਸ਼ੁਰੂਆਤ ਹੀ ਕਰ ਸਕੇ ਜਿਸ ਨਾਲ 2020-2025 ਤੱਕ ਸਾਰਥਿਕ ਨਤੀਜੇ ਨਿਕਲ ਸਕਣ? (ਸਮਾਪਤ)


-ਮੁਖੀ ਭਾਈ ਗੁਰਦਾਸ ਇੰਸਟੀਚਿਊਟ ਆਫ਼ ਐਡਵਾਂਸ ਸਿੱਖ ਸਟੱਡੀਜ਼, ਸ੍ਰੀ ਅਨੰਦਪੁਰ ਸਾਹਿਬ।
ਮੋਬਾ: 98725-91713

ਸਿੱਖ ਸਮਾਜ ਜਾਤ-ਪਾਤ ਦੇ ਪ੍ਰਭਾਵ ਤੋਂ ਕਿਵੇਂ ਮੁਕਤ ਹੋਵੇ?

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਉਨ੍ਹਾਂ ਲਈ ਲੰਗਰ ਦੀ ਵੱਖਰੀ ਪੰਗਤ ਲਗਾਈ ਜਾਂਦੀ ਹੈ। ਉਪਰਲੇ ਪੱਧਰ ਦੀ ਧਾਰਮਿਕ ਅਤੇ ਸਿਆਸੀ ਸਿੱਖ ਲੀਡਰਸ਼ਿਪ ਵਿਚ ਇਸ ਤਰ੍ਹਾਂ ਦੀ ਸਿਧਾਂਤਕ ਗਿਰਾਵਟ ਆਉਣ ਸਦਕਾ ਪਿੰਡਾਂ ਵਿਚ ਸਿੱਖ ਸਮਾਜ ਜਾਤਾਂ ਦੇ ਆਧਾਰ 'ਤੇ ਇੰਨੀ ਬੁਰੀ ਤਰ੍ਹਾਂ ਵੰਡਿਆ ਹੋਇਆ ਹੈ ਕਿ ਜੱਟਾਂ ਅਤੇ ਗ਼ੈਰ-ਜੱਟਾਂ ਵਿਚ ਵਧ ਰਿਹਾ ਪਾੜਾ ਸ਼ੀਆ ਅਤੇ ਸੁੰਨੀ ਮੁਸਲਮਾਨਾਂ ਵਾਲੀ ਸਥਿਤੀ ਪੈਦਾ ਕਰਦਾ ਜਾ ਰਿਹਾ ਹੈ। ਇਹ ਸਿੱਖ ਕੌਮ ਦੇ ਭਵਿੱਖ ਲਈ ਬੇਹੱਦ ਖ਼ਤਰਨਾਕ ਵਰਤਾਰਾ ਹੈ। ਪਿੰਡਾਂ ਵਿਚ ਤੇਜ਼ੀ ਨਾਲ ਜਾਤਾਂ 'ਤੇ ਆਧਾਰਤ ਗੁਰਦੁਆਰੇ ਬਣ ਰਹੇ ਹਨ। ਜੱਟਾਂ ਦੇ ਗੁਰਦੁਆਰਿਆਂ 'ਚ ਗ਼ੈਰ-ਜੱਟਾਂ 'ਤੇ ਦਾਖ਼ਲ ਹੋਣ ਤੱਕ ਪਾਬੰਦੀਆਂ ਲੱਗ ਰਹੀਆਂ ਹਨ। ਜਿਨ੍ਹਾਂ ਲਿਤਾੜੇ ਤੇ ਨਿਆਸਰੇ ਲੋਕਾਂ ਨੂੰ ਗੁਰੂ ਸਾਹਿਬਾਨ ਨੇ ਜਥੇਬੰਦ ਕਰਕੇ ਖ਼ਾਲਸਾ ਪੰਥ ਤਿਆਰ ਕੀਤਾ ਸੀ, ਅੱਜ ਉਹ ਸਾਡੀ ਧਾਰਮਿਕ ਲੀਡਰਸ਼ਿਪ ਦੀ ਅਣਗਹਿਲੀ ਅਤੇ ਸਿਧਾਂਤਕ ਕਮਜ਼ੋਰੀ ਕਾਰਨ ਸਿੱਖੀ ਨਾਲੋਂ ਟੁੱਟ ਰਹੇ ਹਨ। ਸਿੱਖ ਵਿਰੋਧੀ ਡੇਰਾਵਾਦ ਵੀ ਇਸੇ ਪ੍ਰਸੰਗ ਵਿਚੋਂ ਪ੍ਰਫ਼ੁੱਲਤ ਹੋਇਆ ਹੈ। ਗੁਰੂ ਸਾਹਿਬਾਨ ਨੇ ਜਿਸ ਜਾਤ-ਪਾਤ ਨੂੰ ਖ਼ਤਮ ਕਰਨ ਲਈ ਸੰਗਤ ਅਤੇ ਪੰਗਤ, ਸਾਂਝੇ ਸਰੋਵਰ ਅਤੇ ਸ੍ਰੀ ਹਰਿਮੰਦਰ ਸਾਹਿਬ ਦੇ ਚਾਰ ਦਰਵਾਜ਼ੇ ਬਣਾ ਕੇ ਚਾਰੇ ਵਰਣਾਂ, ਚਾਰੇ ਦਿਸ਼ਾਵਾਂ ਤੋਂ ਆਉਣ ਵਾਲੇ ਲੋਕਾਂ ਨੂੰ ਗਲੇ ਨਾਲ ਲਗਾਇਆ ਸੀ, ਅੱਜ ਉਹ ਜਾਤ-ਪਾਤ ਸਿੱਖ ਸਮਾਜ ਨੂੰ ਬੁਰੀ ਤਰ੍ਹਾਂ ਜਕੜ ਚੁੱਕੀ ਹੈ।
ਸਿੱਖ ਧਰਮ ਦਾ ਭਵਿੱਖ ਇਸ ਗੱਲ ਦੀ ਮੰਗ ਕਰਦਾ ਹੈ ਕਿ ਅੱਜ ਸਿੱਖ ਸਮਾਜ ਨੂੰ ਜਾਤ-ਪਾਤ ਤੋਂ ਪੂਰੀ ਤਰ੍ਹਾਂ ਮੁਕਤ ਕਰਨ ਲਈ 'ਸਿੰਘ ਸਭਾ' ਲਹਿਰ ਵਰਗੀ ਵੱਡੇ ਉਦੇਸ਼ਾਂ 'ਤੇ ਆਧਾਰਤ ਧਰਮ ਪ੍ਰਚਾਰ ਲਹਿਰ ਆਰੰਭ ਕੀਤੀ ਜਾਵੇ, ਤਾਂ ਜੋ ਗੁਰੂ ਸਾਹਿਬਾਨ ਦੇ 'ਸਰਬ ਸਾਂਝੀਵਾਲਤਾ' ਵਾਲੇ ਮਹਾਨ ਫ਼ਲਸਫ਼ੇ ਦੀ ਵਿਸ਼ਵ ਸਮਾਜ ਅਤੇ ਮਨੁੱਖੀ ਭਾਈਚਾਰੇ ਦੇ ਪ੍ਰਸੰਗ ਵਿਚ ਦੇਣ ਨੂੰ ਸਹੀ ਰੂਪ ਵਿਚ ਸਮਝਣ ਦੀਆਂ ਅੰਤਰ-ਦ੍ਰਿਸ਼ਟੀਆਂ ਖੋਲ੍ਹੀਆਂ ਜਾ ਸਕਣ। ਸਿੱਖੀ ਤੋਂ ਟੁੱਟ ਰਹੇ ਭਾਈਚਾਰਿਆਂ ਨੂੰ ਗੁਰਮਤਿ ਸੱਭਿਆਚਾਰ ਨਾਲ ਜੋੜ ਕੇ 'ਚਾਰਿ ਵਰਨ ਇਕ ਵਰਨੁ ਕਰਾਇਆ॥' ਅਨੁਸਾਰ ਗੁਰੂ ਨਾਨਕ ਸਾਹਿਬ ਦੇ ਚਿਤਵੇ ਸਮਾਜ ਦੀ ਸਿਰਜਣਾ ਕੀਤੀ ਜਾਵੇ। ਸ਼੍ਰੋਮਣੀ ਕਮੇਟੀ ਦੀ ਧਰਮ ਪ੍ਰਚਾਰ ਲਹਿਰ 'ਜਾਤ-ਪਾਤ ਮੁਕਤ ਸਿੱਖ ਸਮਾਜ' ਦੇ ਸਿੱਟਾਮੁਖੀ ਨਾਅਰੇ ਨੂੰ ਸਮਰਪਿਤ ਹੋਣੀ ਚਾਹੀਦੀ ਹੈ ਅਤੇ ਇਹ ਲਹਿਰ ਸਿਰਫ਼ ਜ਼ੁਬਾਨੀ ਗੱਲਾਂ ਨਾਲ ਨਹੀਂ, ਬਲਕਿ ਅਮਲੀ ਯਤਨਾਂ ਵਾਲੀ ਹੋਣੀ ਚਾਹੀਦੀ ਹੈ। ਇਸ ਤਹਿਤ ਜਾਤ-ਪਾਤ ਤੋਂ ਉਪਰ ਉੱਠ ਕੇ ਸਿੱਖਾਂ ਅੰਦਰ ਵਿਆਹ-ਸ਼ਾਦੀਆਂ ਦੀ ਸ਼ੁਰੂਆਤ ਹੋਣੀ ਚਾਹੀਦੀ ਹੈ। ਪੰਥ ਦੀ ਪ੍ਰਚਲਿਤ 'ਸਿੱਖ ਰਹਿਤ ਮਰਯਾਦਾ' ਦੇ 'ਅਨੰਦ ਸੰਸਕਾਰ' ਅਧਿਆਇ ਵਿਚ ਸਪੱਸ਼ਟ ਲਿਖਿਆ ਹੈ, 'ਸਿੱਖ ਸਿੱਖਣੀ ਦਾ ਵਿਆਹ, ਬਿਨਾਂ ਜਾਤ-ਪਾਤ, ਗੋਤ ਵਿਚਾਰੇ ਦੇ ਹੋਣਾ ਚਾਹੀਦਾ ਹੈ।' ਸਿਰਫ਼ ਗੁਰਸਿੱਖੀ ਦੀ ਯੋਗਤਾ ਨੂੰ ਮੁੱਖ ਰੱਖ ਕੇ, ਜਾਤ-ਪਾਤ ਵਿਚਾਰੇ ਬਗ਼ੈਰ ਵਿਆਹਾਂ ਦੀ ਸ਼ੁਰੂਆਤ ਹੀ ਸਹੀ ਰੂਪ 'ਚ ਅੱਜ ਸਿੱਖ ਸਮਾਜ ਅੰਦਰੋਂ ਜਾਤ-ਪਾਤ ਦੇ ਫ਼ਰਕ ਨੂੰ ਮਿਟਾਉਣ ਲਈ ਫ਼ੈਸਲਾਕੁੰਨ ਸਾਬਤ ਹੋ ਸਕਦੀ ਹੈ। ਇਸ ਦੇ ਲਈ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ, ਅਹੁਦੇਦਾਰਾਂ ਅਤੇ ਮੁਲਾਜ਼ਮਾਂ ਦੇ ਘਰਾਂ ਤੋਂ ਸ਼ੁਰੂਆਤ ਹੋਣੀ ਚਾਹੀਦੀ ਹੈ, ਤਾਂ ਜੋ ਸਿੱਖ ਸਮਾਜ ਨੂੰ ਨਵੀਂ ਸੇਧ ਮਿਲ ਸਕੇ। (ਸਮਾਪਤ)


-ਸ਼ਹੀਦ ਬਾਬਾ ਦੀਪ ਸਿੰਘ ਜੀ ਕਾਲੋਨੀ, ਸ੍ਰੀ ਦਸਮੇਸ਼ ਅਕੈਡਮੀ ਰੋਡ, ਸ੍ਰੀ ਅਨੰਦਪੁਰ ਸਾਹਿਬ। ਮੋਬਾ: 98780-70008
e-mail : ts1984buttar@yahoo.com

ਜਨਮ ਦਿਨ 'ਤੇ ਵਿਸ਼ੇਸ਼

ਦੇਸ਼-ਭਗਤੀ ਤੇ ਦ੍ਰਿੜ੍ਹਤਾ ਦੇ ਮੁਜੱਸਮਾ ਸਨ ਸਰਦਾਰ ਤੇਜਾ ਸਿੰਘ ਸਮੁੰਦਰੀ

ਗੁਰਦੁਆਰਾ ਸੁਧਾਰ ਲਹਿਰ (1920-1925) ਨੂੰ ਸਿਆਣਪ, ਦੂਰਅੰਦੇਸ਼ੀ, ਦ੍ਰਿੜ੍ਹ ਤੇ ਸਫ਼ਲ ਬਣਾਉਣ ਵਾਲੇ ਉੱਘੇ ਆਗੂਆਂ 'ਚੋਂ ਸ: ਤੇਜਾ ਸਿੰਘ ਸਮੁੰਦਰੀ ਇਕ ਸਨ। ਆਪ ਸਿੰਘ ਸਭਾ ਲਹਿਰ ਦੀ ਉਪਜ, ਗੁਰਸਿੱਖੀ 'ਤੇ ਅਤੁੱਟ ਸ਼ਰਧਾ, ਦ੍ਰਿੜ੍ਹਤਾ 'ਤੇ ਵਿਸ਼ਵਾਸ ਰੱਖਣ, ਨਿਗਰ ਤੇ ਉਸਾਰੂ ਕੰਮ ਕਰਨ ਵਾਲੇ, ਕੁਰਬਾਨੀ ਦੇ ਪੁੰਜ ਤੇ ਦੇਸ਼ਭਗਤ ਆਗੂ ਸਨ। ਤੇਜਾ ਸਿੰਘ ਸਮੁੰਦਰੀ ਦਾ ਜਨਮ 20 ਫ਼ਰਵਰੀ, 1881 ਈ: ਵਿਚ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਰਾਏ ਦਾ ਬੁਰਜ ਵਿਖੇ ਮਾਤਾ ਨੰਦ ਕੌਰ ਤੇ ਰਸਾਲਦਾਰ ਦੇਵਾ ਸਿੰਘ ਦੇ ਘਰ ਹੋਇਆ। ਆਪ ਦੇ ਪਿਤਾ ਸ: ਦੇਵਾ ਸਿੰਘ 22 ਨੰਬਰ ਰਸਾਲੇ ਵਿਚ ਰਸਾਲਦਾਰ ਮੇਜਰ ਸਨ। ਉਨ੍ਹਾਂ ਨੂੰ ਤਹਿਸੀਲ ਸਮੁੰਦਰੀ ਜ਼ਿਲ੍ਹਾ ਲਾਇਲਪੁਰ ਦੇ ਚੱਕ 140 ਵਿਚ 6 ਮੁਰੱਬੇ ਜ਼ਮੀਨ ਮਿਲੀ ਹੋਈ ਸੀ। ਇਸ ਲਈ ਆਪ ਤੇਜਾ ਸਿੰਘ ਸਮੁੰਦਰੀ ਕਰਕੇ ਪ੍ਰਸਿੱਧ ਹੋਏ। ਤੇਜਾ ਸਿੰਘ 'ਤੇ ਪਿਤਾ ਦੇਵਾ ਸਿੰਘ ਦੇ ਧਾਰਮਿਕ ਸੰਸਕਾਰਾਂ ਦਾ ਪ੍ਰਭਾਵ ਵੀ ਪਿਆ, ਜਿਸ ਦੇ ਨਤੀਜੇ ਵਜੋਂ ਬਚਪਨ ਵਿਚ ਗੁਰਮੁਖੀ ਪੜ੍ਹੀ ਤੇ ਬਾਣੀ ਦਾ ਪਾਠ ਗ੍ਰਹਿਣ ਕੀਤਾ। ਉਪਰੰਤ ਸਕੂਲ ਵਿਚ ਵੀ ਕੁਝ ਤਾਲੀਮ ਹਾਸਲ ਕੀਤੀ। 18 ਵਰ੍ਹੇ ਦੀ ਉਮਰ ਵਿਚ ਫ਼ੌਜ ਵਿਚ ਭਰਤੀ ਹੋ ਕੇ 10 ਸਾਲ ਰਸਾਲੇ ਵਿਚ ਨੌਕਰੀ ਕੀਤੀ ਤੇ 1911 ਵਿਚ ਆਪਣੇ ਤੀਜੇ ਪੁੱਤਰ ਸ: ਬਿਸ਼ਨ ਸਿੰਘ (1969 ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪਹਿਲੇ ਵਾਈਸ-ਚਾਂਸਲਰ) ਦੇ ਜਨਮ ਮਗਰੋਂ ਫ਼ੌਜੀ ਰਸਾਲੇ ਦੀ ਨੌਕਰੀ ਛੱਡ ਦਿੱਤੀ।
ਸਮੁੰਦਰੀ ਜੀ ਦੂਰਅੰਦੇਸ਼, ਦ੍ਰਿੜ੍ਹ ਤੇ ਦੇਸ਼ਭਗਤ ਵਿਚਾਰਾਂ ਦੇ ਧਾਰਨੀ ਸਨ। ਜਦੋਂ 1920 ਵਿਚ ਅਕਾਲੀ ਲਹਿਰ ਆਰੰਭ ਹੋਈ ਤਾਂ ਸਮੁੰਦਰੀ ਹੁਰਾਂ ਨੇ ਅਹਿਮ ਭੂਮਿਕਾ ਨਿਭਾਈ। ਪੰਜਾਬੀ ਦਾ ਰੋਜ਼ਾਨਾ 'ਅਕਾਲੀ' ਅਖ਼ਬਾਰ ਜਿਸ ਨੇ ਅਕਾਲੀ ਅੰਦੋਲਨ ਵਿਚ ਜਾਨ ਪਾਈ ਅਤੇ ਆਪਣੇ ਲੇਖਾਂ ਨਾਲ ਅੰਗਰੇਜ਼ ਸਰਕਾਰ ਵਿਰੁੱਧ ਬਹੁਤ ਨਫ਼ਰਤ ਫ਼ੈਲਾਈ, ਦੀ ਸਹਾਇਤਾ ਲਈ ਦੋ ਮੁਰੱਬੇ ਜ਼ਮੀਨ ਗਹਿਣੇ ਦਿੱਤੀ। ਤੇਜਾ ਸਿੰਘ ਅਕਾਲੀ ਅਖ਼ਬਾਰ ਦੀ ਪ੍ਰਬੰਧਕ-ਕਮੇਟੀ ਦੇ ਮੁੱਢਲੇ 14 ਮੈਬਰਾਂ 'ਚੋਂ ਇਕ ਸਨ। ਗੁਰਦੁਆਰਾ ਨਨਕਾਣਾ ਸਾਹਿਬ ਦੇ ਸਾਕੇ (ਫ਼ਰਵਰੀ 1921), ਗੁਰੂ-ਕੇ-ਬਾਗ਼ ਦੇ ਮੋਰਚੇ (ਅਗਸਤ 1922), ਗੁਰਦੁਆਰਾ ਖਡੂਰ ਸਾਹਿਬ ਅਤੇ ਗੁਰਦੁਆਰਾ ਮੁਕਤਸਰ ਸੁਧਾਰ ਲਈ ਆਪ ਨੇ ਆਪਣੀ ਜਾਨ ਖ਼ਤਰੇ ਵਿਚ ਪਾ ਕੇ ਅਗਵਾਈ ਕੀਤੀ। ਸਮੁੰਦਰੀ ਹੁਰਾਂ ਨੂੰ 11 ਫ਼ਰਵਰੀ, 1926 ਈ: ਵਿਚ ਲਾਹੌਰ ਦੀ ਕੇਂਦਰੀ ਜੇਲ੍ਹ ਵਿਚ ਤਬਦੀਲ ਕਰ ਦਿੱਤਾ ਗਿਆ ਤੇ ਮੁਕੱਦਮੇ ਦੀ ਕਾਰਵਾਈ ਜਾਰੀ ਰੱਖੀ। ਇਸੇ ਸਮੇਂ ਮੁਕੱਦਮੇ ਦੌਰਾਨ ਸ: ਤੇਜਾ ਸਿੰਘ ਸਮੁੰਦਰੀ 17 ਜੁਲਾਈ, 1926 ਈ: ਨੂੰ 45 ਸਾਲ ਦੀ ਉਮਰ ਵਿਚ ਦਿਲ ਦੀ ਬਿਮਾਰੀ ਨਾਲ ਜੇਲ੍ਹ ਦੇ ਅੰਦਰ ਹੀ ਸ਼ਹੀਦੀ ਪ੍ਰਾਪਤ ਕਰ ਗਏ। ਮਗਰੋਂ ਉਨ੍ਹਾਂ ਦਾ ਮ੍ਰਿਤਕ ਸਰੀਰ ਲਾਹੌਰ ਜੇਲ੍ਹ ਤੋਂ ਲਿਆ ਕੇ 18 ਜੁਲਾਈ ਨੂੰ ਅੰਮ੍ਰਿਤਸਰ ਵਿਚ ਬੜੇ ਸਤਿਕਾਰ ਨਾਲ ਅੰਤਿਮ ਸੰਸਕਾਰ ਕੀਤਾ ਗਿਆ। ਸ੍ਰੀ ਅੰਮ੍ਰਿਤਸਰ ਵਿਚ 1937 ਈ: ਨੂੰ ਇਕ ਲੱਖ ਰੁਪਏ ਦੀ ਲਾਗਤ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਤੇਜਾ ਸਿੰਘ ਸਮੁੰਦਰੀ ਹਾਲ ਨੂੰ ਯਾਦਗਾਰ ਦੇ ਤੌਰ 'ਤੇ ਉਨ੍ਹਾਂ ਦੇ ਨਾਂਅ ਨਾਲ ਜੋੜਿਆ। ਗੁਰਦੁਆਰਾ ਸੁਧਾਰ ਲਹਿਰ ਦੇ ਇਤਿਹਾਸ ਵਿਚ ਸ: ਤੇਜਾ ਸਿੰਘ ਸਮੁੰਦਰੀ ਦਾ ਨਾਂਅ ਹਮੇਸ਼ਾ ਚਮਕਦਾ ਰਹੇਗਾ।


-ਹਰਦੀਪ ਸਿੰਘ ਝੱਜ
ਇਤਿਹਾਸ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ। ਮੋਬਾ: 94633-64992

ਸਿੱਖ ਰਾਜ ਦਾ ਅੰਤ

ਚੰਗੇ ਸਮਿਆਂ ਵਿਚ ਇਕ ਡਰਾਉਣਾ ਸੁਪਨਾ
'ਇਸ ਲਾਲ ਰੰਗ ਦਾ ਕੀ ਮਤਲਬ ਹੈ?' ਮਹਾਰਾਜਾ ਰਣਜੀਤ ਸਿੰਘ ਨੇ ਇਕ ਅੰਗਰੇਜ਼ ਨਕਸ਼ਾ ਨਵੀਸ ਤੋਂ ਪੁੱਛਿਆ, ਜੋ ਉਸ ਨੂੰ ਹਿੰਦੁਸਤਾਨ ਦਾ ਨਕਸ਼ਾ ਦਿਖਾ ਰਿਹਾ ਸੀ।
'ਜਹਾਂ ਪਨਾਂਹ, ਲਾਲ ਰੰਗ ਉਸ ਇਲਾਕੇ ਨੂੰ ਦਰਸਾਉਂਦਾ ਹੈ, ਜਿਥੇ ਅੰਗਰੇਜ਼ਾਂ ਦਾ ਰਾਜ ਹੈ।'
ਮਹਾਰਾਜਾ ਨੇ ਸਾਰੇ ਨਕਸ਼ੇ ਨੂੰ ਆਪਣੀ ਇਕੋ ਅੱਖ ਵਰਤ ਕੇ ਧਿਆਨ ਨਾਲ ਦੇਖਿਆ ਤੇ ਜਾਣਿਆ ਕਿ ਸਿਰਫ ਪੰਜਾਬ ਨੂੰ ਛੱਡ ਕੇ ਬਾਕੀ ਸਾਰਾ ਹਿੰਦੁਸਤਾਨ ਲਾਲ ਹੋਇਆ ਪਿਆ ਹੈ। ਉਹ ਕੁਝ ਦੇਰ ਰੁਕ ਕੇ ਸੋਚਦਾ ਰਿਹਾ ਤੇ ਫਿਰ ਦਰਬਾਰੀਆਂ ਵੱਲ ਮੂੰਹ ਕਰਕੇ ਕਿਹਾ ਕਿ 'ਇਕ ਦਿਨ ਇਹ ਸਭ ਲਾਲ ਹੋ ਜਾਣਾ ਹੈ।'
ਨਕਸ਼ੇ ਦੀ ਕਹਾਣੀ, ਮਹਾਰਾਜਾ ਰਣਜੀਤ ਸਿੰਘ ਨਾਲ ਜੁੜਦੀਆਂ ਸਾਰੀਆਂ ਕਹਾਣੀਆਂ ਦੀ ਤਰ੍ਹਾਂ, ਉਸ ਦੀ ਦੂਰ-ਦ੍ਰਿਸ਼ਟੀ ਦਰਸਾਉਂਦੀ ਸੀ। ਪਰ ਜਿਥੋਂ ਤੱਕ ਅੰਗਰੇਜ਼ਾਂ ਦਾ ਸਵਾਲ ਹੈ, ਇਨ੍ਹਾਂ ਦੀ ਮਨਸ਼ਾ ਦਾ ਅੰਦਾਜ਼ਾ ਲਗਾਉਣ ਵਾਸਤੇ ਕਿਸੇ ਮਾਹਿਰ ਜੋਤਸ਼ੀ ਦੀ ਲੋੜ ਨਹੀਂ ਸੀ। ਹਰ ਕੋਈ ਜਾਣਦਾ ਸੀ ਕਿ ਇਕ ਨਾ ਇਕ ਦਿਨ ਅੰਗਰੇਜ਼ ਸਾਰੇ ਹਿੰਦੁਸਤਾਨ 'ਤੇ ਆਪਣਾ ਕਬਜ਼ਾ ਕਰ ਹੀ ਲੈਣਗੇ, ਜੇ ਹੋ ਸਕਿਆ ਤਾਂ ਇਸ ਤੋਂ ਵੀ ਅੱਗੇ ਤੱਕ ਜਾ ਕੇ। 40 ਸਾਲ ਤੱਕ ਮਹਾਰਾਜਾ ਰਣਜੀਤ ਸਿੰਘ ਪੰਜਾਬ ਦਾ ਹਾਕਮ ਸੀ, ਉਸ ਨੇ ਦੇਖਿਆ ਕਿ ਅੰਗਰੇਜ਼ਾਂ ਨੇ ਹਿੰਦੁਸਤਾਨ ਦੀਆਂ ਸਾਰੀਆਂ ਰਿਆਸਤਾਂ ਉੱਪਰ ਕਬਜ਼ਾ ਕਰ ਲਿਆ ਹੈ। ਬੰਗਾਲ ਤੇ ਅਵਧ ਦੇ ਨਵਾਬ, ਰਾਜਪੂਤ, ਰੋਹਿਲਾ, ਜਾਟ ਤੇ ਗੋਰਖਾ ਵਰਗੀਆਂ ਮਜ਼ਬੂਤ ਹਿੰਦੁਸਤਾਨੀ ਤਾਕਤਾਂ ਖ਼ਤਮ ਹੋ ਚੁੱਕੀਆਂ ਸਨ। ਸਭ ਤੋਂ ਵੱਡੀ ਤਾਕਤ ਮਰਹੱਟਾ ਵੀ ਖ਼ਤਮ ਹੋ ਚੁੱਕੀ ਸੀ, ਜਿਸ ਤੋਂ ਮੁਗ਼ਲ ਬਾਦਸ਼ਾਹਾਂ ਦੇ ਨਾਲ ਹੀ ਅੰਗਰੇਜ਼ਾਂ ਨੇ ਦਿੱਲੀ ਹਾਸਲ ਕੀਤੀ ਸੀ। ਹਿੰਦੁਸਤਾਨ ਵਿਚ ਇਕੋ-ਇਕ ਆਜ਼ਾਦ ਬਾਦਸ਼ਾਹੀ ਪੰਜਾਬ ਦੀ ਬਾਦਸ਼ਾਹੀ ਸੀ, ਲਾਹੌਰ ਦਰਬਾਰ।
ਅੰਗਰੇਜ਼ਾਂ ਨੇ ਆਪਣਾ ਇਹ ਇਰਾਦਾ ਕਦੇ ਪਰਦੇ ਵਿਚ ਨਹੀਂ ਰੱਖਿਆ। ਉਹ 1809 ਵਿਚ ਹੀ ਆਪਣੀ ਸਰਹੱਦ ਨੂੰ ਜਮਨਾ ਤੋਂ ਸਤਲੁਜ ਦਰਿਆ ਤੱਕ ਲੈ ਗਏ ਸਨ ਤੇ ਮਾਲਵੇ ਦੇ ਸਭ ਸਿੱਖ ਰਾਜਿਆਂ ਨੂੰ ਆਪਣੀ ਸੁਰੱਖਿਆ ਹੇਠ ਲੈ ਆਂਦਾ ਸੀ। ਜਮਨਾ ਨੂੰ ਅੰਗਰੇਜ਼ੀ ਰਾਜ ਦੀ ਪੱਛਮੀ ਹੱਦ ਮੰਨਣ ਦੇ ਪਹਿਲੇ ਫੈਸਲੇ ਦੇ ਮੁਕਾਬਲੇ ਇਹ ਉਨ੍ਹਾਂ ਦਾ ਅਗਲੇ ਹਮਲਿਆਂ ਦੀ ਯੋਜਨਾ ਦਾ ਹਿੱਸਾ ਸੀ। ਇਸ ਵਿਚ ਇਸ ਗੱਲ ਦੀ ਪ੍ਰਵਾਹ ਨਹੀਂ ਕੀਤੀ ਗਈ ਕਿ ਮਹਾਰਾਜਾ ਰਣਜੀਤ ਸਿੰਘ ਮਾਲਵੇ ਦੇ ਬਹੁਤ ਇਲਾਕਿਆਂ ਉੱਪਰ ਆਪਣਾ ਅਸਰ ਰੱਖਦਾ ਹੈ ਤੇ ਇਨ੍ਹਾਂ ਸਿੱਖ ਰਿਆਸਤਾਂ ਉੱਪਰ ਆਪਣਾ ਕਾਬੂ ਜਮਾ ਰਿਹਾ ਹੈ। ਮਹਾਰਾਜਾ ਰਣਜੀਤ ਸਿੰਘ ਅੰਗਰੇਜ਼ਾਂ ਦੇ ਇਸ ਦਖਲ ਨੂੰ ਰੋਕਣ ਦੀ ਕੋਸ਼ਿਸ਼ ਕਰਦਾ ਰਿਹਾ ਪਰ ਛੇਤੀ ਅਹਿਸਾਸ ਕਰ ਲਿਆ ਕਿ ਅੰਗਰੇਜ਼ਾਂ ਤੇ ਉਨ੍ਹਾਂ ਦੇ ਹਿੰਦੁਸਤਾਨੀ ਸਾਥੀਆਂ ਦੀ ਤਾਕਤ ਉਸ ਨਾਲੋਂ ਕਾਫੀ ਜ਼ਿਆਦਾ ਹੈ। ਉਸ ਨੇ ਸਬਰ ਦਾ ਘੁੱਟ ਭਰ ਲਿਆ ਤੇ ਮਾਲਵਾ ਛੱਡ ਦੇਣ ਦੇ ਦਸਤਖਤ ਕਰ ਦਿੱਤੇ।
ਵਾਰ-ਵਾਰ ਅੰਗਰੇਜ਼ ਉਸ ਨੂੰ ਲੜਾਈ ਵਾਸਤੇ ਉਕਸਾਉਂਦੇ ਰਹੇ ਤੇ ਵਾਰ-ਵਾਰ ਉਹ ਵੀ ਲੜਾਈ ਦੀਆਂ ਗੱਲਾਂ ਕਰਦਾ ਰਿਹਾ ਪਰ ਅਖੀਰ ਅੰਗਰੇਜ਼ਾਂ ਦੀਆਂ ਸ਼ਰਤਾਂ ਮੰਨ ਲੈਂਦਾ ਰਿਹਾ। ਉਨ੍ਹਾਂ ਨੇ ਰਣਜੀਤ ਸਿੰਘ ਦਾ ਦੱਖਣ ਵਾਲੇ ਪਾਸੇ ਸਿੰਧ ਅਤੇ ਅਰਬ ਸਾਗਰ ਤੱਕ ਪਹੁੰਚਣ ਦਾ ਰਸਤਾ ਬੰਦ ਕਰ ਦਿੱਤਾ। ਅੰਗਰੇਜ਼ ਅਫ਼ਗਾਨਿਸਤਾਨ ਦੇ ਮਾਮਲਿਆਂ ਵਿਚ ਲਗਾਤਾਰ ਦਖਲ ਦਿੰਦੇ ਰਹੇ ਤੇ ਉਸ ਵਿਚ ਮਹਾਰਾਜਾ ਰਣਜੀਤ ਸਿੰਘ ਨੂੰ ਵੀ ਸ਼ਾਮਿਲ ਕਰਦੇ ਰਹੇ। ਇਸ ਤਰ੍ਹਾਂ ਅੰਗਰੇਜ਼ਾਂ ਨੇ ਕਾਬਲ ਉੱਪਰ ਆਪਣਾ ਕਠਪੁਤਲੀ ਬਾਦਸ਼ਾਹ ਸ਼ਾਹ ਸ਼ੁਜ਼ਾ ਨੂੰ ਤਖ਼ਤ ਉੱਪਰ ਬਿਠਾ ਦਿੱਤਾ। ਇਸ ਤੋਂ ਬਾਅਦ ਅੰਗਰੇਜ਼ਾਂ ਨੇ ਮਹਾਰਾਜਾ ਰਣਜੀਤ ਸਿੰਘ ਉੱਪਰ ਲਾਹੌਰ ਅੰਦਰ ਬ੍ਰਿਟਿਸ਼ ਰੈਜ਼ੀਡੈਂਸੀ ਰੱਖਣ ਦੀ ਮੰਗ ਰੱਖੀ, ਜਿਸ ਨੂੰ ਮਹਾਰਾਜਾ ਸਿਰੇ ਤੋਂ ਇਨਕਾਰ ਕਰ ਦਿੰਦਾ ਰਿਹਾ ਪਰ ਉਸ ਨੂੰ ਪਤਾ ਸੀ ਕਿ ਇਹ ਸਿਰਫ ਵਕਤ ਦੀ ਹੀ ਗੱਲ ਹੈ।
ਅੰਗਰੇਜ਼ਾਂ ਨੂੰ ਦੂਰ ਰੱਖਣ ਦੀ ਖਾਤਰ ਮਹਾਰਾਜਾ ਨੇ ਆਪਣੀ ਫੌਜ ਨੂੰ ਵੱਡੀ ਬਣਾਉਣ ਤੇ ਆਧੁਨਿਕ ਬਣਾਉਣ ਦਾ ਫੈਸਲਾ ਕੀਤਾ। ਸੰਨ 1822 ਤੋਂ ਬਾਅਦ ਉਸ ਦੀ ਫੌਜ ਵਿਚ ਯੂਰਪੀਨ ਅਫਸਰ ਜਿਵੇਂ ਕਿ ਫਰਾਂਸੀਸੀ, ਇਟਾਲੀਅਨ, ਗਰੀਕ, ਸਪੇਨਿਸ਼ ਇਥੋਂ ਤੱਕ ਕਿ ਕੁਝ ਅੰਗਰੇਜ਼ ਤੇ ਪੂਰਬੀ ਯੂਰਪ ਦੇ ਲੋਕ ਵੀ ਭਰਤੀ ਕੀਤੇ ਗਏ। ਸਿੱਖ ਫੌਜ ਨੇ ਵੱਡੀਆਂ ਜਿੱਤਾਂ ਪ੍ਰਾਪਤ ਕਰ ਲਈਆਂ ਪਰ ਇਨ੍ਹਾਂ ਯੂਰਪੀਨ ਅਫਸਰਾਂ ਨੂੰ ਤਨਖਾਹਾਂ ਦੇਣ ਤੇ ਫੌਜ ਵਾਸਤੇ ਆਧੁਨਿਕ ਹਥਿਆਰ ਖਰੀਦਣ ਵਾਸਤੇ ਆਮਦਨ ਦੀ ਕਮੀ ਆ ਗਈ। ਨਵੇਂ ਜਿੱਤਣ ਵਾਲੇ ਇਲਾਕੇ ਵੀ ਨਹੀਂ ਬਚੇ ਸਨ। ਮਹਾਰਾਜਾ ਰਣਜੀਤ ਸਿੰਘ ਨੇ ਇਹ ਅਸੂਲ ਹੀ ਬਣਾ ਲਿਆ ਕਿ ਆਪਣੀਆਂ ਫੌਜਾਂ ਦੀਆਂ ਤਨਖਾਹਾਂ ਕੁਝ ਦੇਰ ਦੀਆਂ ਬਕਾਇਆ ਹੀ ਰੱਖਣੀਆਂ ਹਨ, ਤਾਂ ਜੋ ਉਹ ਐਨ ਮੌਕੇ 'ਤੇ ਸਾਥ ਨਾ ਛੱਡ ਜਾਣ। ਪੈਸੇ ਦੀ ਭਾਰੀ ਕਮੀ ਆ ਜਾਣ ਤੋਂ ਬਾਅਦ 1822 ਤੋਂ ਬਾਅਦ ਉਹ ਫੌਲਾਦੀ ਅਨੁਸ਼ਾਸਨ ਹੀ ਸੀ, ਜਿਸ ਦੀ ਵਜ੍ਹਾ ਮਹਾਰਾਜਾ ਦੀ ਫੌਜ ਵਿਚ ਕੋਈ ਵੱਡੀ ਬਗਾਵਤ ਨਹੀਂ ਹੋਈ। ਪਰ ਅਨੁਸ਼ਾਸਨਹੀਣਤਾ ਦੇ ਬੀਜ ਜ਼ਰੂਰ ਪੈਦਾ ਹੋ ਗਏ ਸਨ, ਜਿਸ ਕਰਕੇ ਉਸ ਦੇ ਵਾਰਸਾਂ ਨੂੰ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਣਾ ਸੀ। ਸਿਪਾਹੀਆਂ ਨੇ ਬਕਾਇਆ ਤਨਖਾਹਾਂ ਮੰਗਣੀਆਂ ਸ਼ੁਰੂ ਕਰ ਦਿੱਤੀਆਂ ਸਨ ਤੇ ਲੜਾਈ 'ਤੇ ਜਾਣ ਤੋਂ ਪਹਿਲਾਂ ਤਰੱਕੀਆਂ ਤੇ ਇਨਾਮਾਂ ਦੀ ਮੰਗ ਰੱਖਣ ਲੱਗ ਪਏ ਸਨ। ਉਨ੍ਹਾਂ ਆਪਣੇ ਅਫਸਰਾਂ ਦੇ ਹੁਕਮ ਮੰਨਣ ਤੋਂ ਇਨਕਾਰ ਕਰਨਾ ਸ਼ੁਰੂ ਕਰ ਦਿੱਤਾ ਤੇ ਕਈਆਂ ਦੇ ਖਿਲਾਫ ਹਿੰਸਾ ਦਾ ਪ੍ਰਯੋਗ ਵੀ ਕਰਨ ਲੱਗੇ। ਯੂਰਪੀਨ ਅਫਸਰ ਜੋ 40 ਦੀ ਗਿਣਤੀ ਵਿਚ ਲਾਹੌਰ ਦਰਬਾਰ ਦੇ ਮੁਲਾਜ਼ਮ ਸਨ, ਛੱਡ ਕੇ ਜਾਣ ਵਾਲਿਆਂ ਵਿਚੋਂ ਪਹਿਲੇ ਸਨ। ਜਿਹੜੇ ਰੁਕੇ ਰਹੇ, ਉਹ ਵੱਡੀਆਂ ਤਨਖਾਹਾਂ ਲੈਂਦੇ ਰਹੇ, ਜਿਵੇਂ ਵੈਨਤੁਰਾ 2500 ਰੁਪਏ ਮਹੀਨਾ ਤਨਖਾਹ ਤੇ ਜਗੀਰ ਦਾ ਮਾਲਕ ਸੀ ਤੇ ਅਵੀਤੇਬਾਈਲ ਦੀ ਵੀ 1600 ਰੁਪਏ ਤਨਖਾਹ ਤੇ ਜਗੀਰ ਸੀ। ਇਸ ਦੇ ਬਾਵਜੂਦ ਉਨ੍ਹਾਂ ਦੀਆਂ ਵਫਾਦਾਰੀਆਂ ਪੰਜਾਬ ਹਕੂਮਤ ਨਾਲ ਨਹੀਂ ਰਹਿੰਦੀਆਂ ਸਨ, ਉਹ ਪੈਸੇ ਦੀ ਖਾਤਰ ਅੰਗਰੇਜ਼ਾਂ ਨੂੰ ਜਾਣਕਾਰੀਆਂ ਵੇਚ ਸਕਦੇ ਸਨ। ਰਣਜੀਤ ਸਿੰਘ ਨੇ ਇਨ੍ਹਾਂ ਅਫਸਰਾਂ ਨੂੰ ਉੱਚੇ ਰੁਤਬੇ ਵਾਲੇ 'ਡਰਿੱਲ ਸਾਰਜੈਂਟ' ਦੇ ਤੌਰ 'ਤੇ ਹੀ ਰੱਖਿਆ ਸੀ ਤੇ ਕਦੇ ਵੀ ਵਫਾਦਾਰੀ ਦੀ ਪਰਖ ਵਾਲੀ ਜ਼ਿੰਮੇਵਾਰੀ ਦਾ ਕੰਮ ਨਹੀਂ ਦਿੰਦਾ ਸੀ। ਇਕ ਵਾਰ ਉਨ੍ਹਾਂ ਨੇ ਮਹਾਰਾਜਾ ਦੀ ਲਗਾਈ ਲੇਵੀ ਦੇਣ ਤੋਂ ਇਨਕਾਰ ਕਰ ਦਿੱਤਾ ਤੇ ਮਹਾਰਾਜਾ ਨੇ ਇਹ ਸਾਰੇ ਯੂਰਪੀਨ 'ਹਰਾਮਜ਼ਾਦਿਆਂ', ਜਰਮਨਾਂ, ਅੰਗਰੇਜ਼ਾਂ ਤੇ ਸਾਰਿਆਂ ਨੂੰ ਕੱਢ ਦਿੱਤਾ ਸੀ।
ਰਣਜੀਤ ਸਿੰਘ ਦੀ ਫੌਜ ਵਿਚ ਯੂਰਪੀਨਾਂ ਵਲੋਂ ਸਿਖਲਾਈ ਪ੍ਰਾਪਤ ਪਿਆਦਾ ਫੌਜ ਤੋਂ ਇਲਾਵਾ 50 ਹਜ਼ਾਰ ਘੋੜਸਵਾਰ ਸਿਪਾਹੀ ਤੇ 300 ਦੇ ਕਰੀਬ ਤੋਪਾਂ ਸਨ। ਇਸ ਤੋਂ ਇਲਾਵਾ ਜਗੀਰਦਾਰਾਂ ਦੇ ਤਹਿਤ ਵੱਖਰੇ ਸਿਪਾਹੀ ਸਨ। ਫੌਜ ਦਾ ਇਕ ਸਾਲ ਦਾ ਖਰਚਾ ਕਰੀਬ ਇਕ ਕਰੋੜ ਰੁਪਏ ਸੀ ਤੇ ਇਸ ਤਰ੍ਹਾਂ ਏਸ਼ੀਆ ਦੀ ਇਹ ਬਹੁਤ ਤਾਕਤਵਰ ਸਲਤਨਤ ਆਪਣੀ ਆਮਦਨ ਦਾ ਇਕ ਤਿਹਾਈ ਫੌਜ ਉੱਪਰ ਖਰਚਾ ਕਰਦੀ ਸੀ। ਆਪਣੀਆਂ ਨੌਕਰੀਆਂ ਕਾਇਮ ਰੱਖਣ ਦੀ ਖਾਤਰ ਯੂਰਪੀਨ ਅਫਸਰ ਫੌਜ ਵਿਚ ਅੰਗਰੇਜ਼ਾਂ ਪ੍ਰਤੀ ਨਫਰਤ ਦੀਆਂ ਗੱਲਾਂ ਕਰਦੇ ਰਹੇ, ਜਦੋਂ ਕਿ ਉਨ੍ਹਾਂ ਦੇ ਦਿਲਾਂ ਵਿਚ ਅਜਿਹੀ ਕੋਈ ਨਫਰਤ ਨਹੀਂ ਸੀ। ਇਸ ਵਾਸਤੇ ਇਹ ਕੋਈ ਹੈਰਾਨੀ ਵਾਲੀ ਗੱਲ ਨਹੀਂ ਸੀ ਕਿ ਜਦੋਂ ਅਹਿਸਾਸ ਹੋਇਆ ਕਿ ਇਹ ਚਿੱਟੀ ਚਮੜੀ ਵਾਲੇ ਪੰਜਾਬ ਦੇ ਖੈਰ-ਖਵਾਹ ਨਹੀਂ ਤਾਂ ਆਮ ਸਿਪਾਹੀਆਂ ਵਿਚ ਵਖਰੇਵਾਂ ਪੈ ਗਿਆ।
ਮਹਾਰਾਜਾ ਰਣਜੀਤ ਸਿੰਘ ਦੀ ਸਭ ਤੋਂ ਵੱਡੀ ਭੁੱਲ ਇਹ ਸੀ ਕਿ ਉਸ ਨੇ ਆਪਣੇ ਕਿਸੇ ਵੀ ਪੁੱਤਰ ਨੂੰ ਉਸ ਦੀ ਜਗ੍ਹਾ ਲੈਣ ਦੀ ਸਿਖਲਾਈ ਨਹੀਂ ਦਿੱਤੀ। ਜਦੋਂ 27 ਜੂਨ, 1839 ਦੀ ਸ਼ਾਮ ਨੂੰ ਉਹ ਮਰਿਆ ਤਾਂ ਉਸ ਦੀਆਂ ਲੀਹਾਂ 'ਤੇ ਚੱਲਣ ਵਾਲਾ ਕੋਈ ਵੀ ਨਹੀਂ ਸੀ। ਕੋਈ ਵੀ ਹਕੂਮਤ ਦੀਆਂ ਜ਼ਿੰਮੇਵਾਰੀਆਂ ਸੰਭਾਲਣ ਦੇ ਕਾਬਲ ਨਹੀਂ ਸੀ। ਇਹ ਗੱਲ ਸਿਰਫ ਉਸ ਦੇ ਪੁੱਤਰਾਂ 'ਤੇ ਹੀ ਨਹੀਂ, ਉਸ ਦੇ ਚੋਟੀ ਦੇ ਦਰਬਾਰੀਆਂ ਤੇ ਵਜ਼ੀਰਾਂ 'ਤੇ ਵੀ ਢੁਕਦੀ ਸੀ।
ਰਣਜੀਤ ਸਿੰਘ ਆਪਣੇ ਪਿੱਛੇ 7 ਪੁੱਤਰ ਛੱਡ ਕੇ ਗਿਆ, ਕਿਉਂਕਿ ਉਹ ਵੱਖ-ਵੱਖ ਔਰਤਾਂ ਦੇ ਪੇਟ ਵਿਚੋਂ ਪੈਦਾ ਹੋਏ ਸਨ, ਉਨ੍ਹਾਂ ਵਿਚ ਆਪਸੀ ਮੋਹ-ਪਿਆਰ ਨਹੀਂ ਸੀ। ਉਨ੍ਹਾਂ ਵਿਚੋਂ ਖੜਕ ਸਿੰਘ, ਜਿਸ ਦੀ ਉਮਰ ਉਸ ਵੇਲੇ 37 ਸਾਲ ਸੀ, ਆਪਣੇ ਪਿਤਾ ਵਲੋਂ ਵਾਰਸ ਦੀ ਚੋਣ ਸੀ। ਵੈਸੇ ਉਹ ਆਪਣੇ ਸਾਰੇ ਭਰਾਵਾਂ ਦੇ ਮੁਕਾਬਲੇ ਸਭ ਤੋਂ ਘੱਟ ਕਾਬਲ ਸੀ। ਉਸ ਨੇ ਆਪਣੇ ਪਿਤਾ ਤੋਂ ਹੋਰ ਕੋਈ ਖੂਬੀਆਂ ਨਹੀਂ ਹਾਸਲ ਕੀਤੀਆਂ ਸਨ, ਸਿਵਾਏ ਅਫੀਮ ਖਾਣ ਤੇ ਸ਼ਰਾਬ ਪੀਣ ਦੇ। ਸ਼ਾਹੀ ਹਕੀਮ ਮਾਰਟਿਨ ਹੌਨੀਗਬਰਗਰ ਦੇ ਮੁਤਾਬਿਕ ਉਹ ਆਪਣੇ ਪਿਤਾ ਨਾਲੋਂ ਵੱਡਾ ਅਫੀਮੀ ਸੀ। ਖੜਕ ਸਿੰਘ ਨੂੰ ਨੌਕਰਾਂ ਨੇ ਪਾਲਿਆ ਹੋਇਆ ਸੀ, ਜੋ ਉਸ ਵਿਚ ਕੋਈ ਚੰਗੀ ਅਕਲਮੰਦੀ ਨਹੀਂ ਪੈਦਾ ਕਰ ਸਕੇ। ਉਹ ਆਰਾਮਤਲਬ ਸੀ ਤੇ ਆਪਣੇ ਪਿਤਾ ਜਿੰਨੀ ਵੀ ਮਿਹਨਤ ਨਹੀਂ ਸੀ ਕਰ ਸਕਦਾ। ਉਸ ਦੇ ਆਲਸੀਪੁਣੇ ਦਾ ਇਕੋ ਹਾਂ-ਪੱਖੀ ਪਹਿਲੂ ਸੀ ਕਿ ਉਹ ਪ੍ਰਸ਼ਾਸਨ ਦੇ ਕੰਮ ਵਾਸਤੇ ਕਿਸੇ ਕਾਬਲ ਬੰਦੇ ਦੀ ਤਲਾਸ਼ ਕਰਕੇ, ਸਭ ਕੁਝ ਉਸ ਦੇ ਸਪੁਰਦ ਕਰਨ ਵਾਲਾ ਨਹੀਂ ਸੀ।
(ਬਾਕੀ ਅਗਲੇ ਮੰਗਲਵਾਰ ਦੇ ਧਰਮ ਤੇ ਵਿਰਸਾ ਅੰਕ 'ਚ)

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 1920 ਤੋਂ 2020 ਤੱਕ

ਸਿੱਖ ਆਪਣੇ ਗੁਰਦੁਆਰਿਆਂ ਦੇ ਪ੍ਰਬੰਧ ਬਾਰੇ ਅਤੇ ਇਨ੍ਹਾਂ ਦੇ ਉਦੇਸ਼ਾਂ ਨੂੰ ਪੂਰਾ ਕਰਨ ਲਈ ਸਿੰਘ ਸਭਾ ਲਹਿਰ ਦੇ ਜਾਗਰਤੀ ਕਾਲ ਵਿਚ ਆਪਣੇ ਫ਼ਰਜ਼ਾਂ ਪ੍ਰਤੀ ਵਧੇਰੇ ਸੁਚੇਤ ਹੋ ਗਏ ਸਨ। ਉਨ੍ਹਾਂ ਨੇ ਸਿੱਖ ਰਾਜ ਦਾ ਪਤਨ ਹੋਣ ਤੋਂ ਬਾਅਦ ਜਦੋਂ ਆਪਣੀ ਅਧੋਗਤੀ ਦੇ ਕਾਰਨਾਂ ਦਾ ਵਿਸ਼ਲੇਸ਼ਣ ਕੀਤਾ ਹੋਵੇਗਾ ਤਾਂ ਉਨ੍ਹਾਂ ਨੇ ਮਹਿਸੂਸ ਕੀਤਾ ਹੋਵੇਗਾ ਕਿ ਉਨ੍ਹਾਂ ਲਈ ਆਪਣੇ ਪੰਥ ਦੀ ਸ਼ਕਤੀ ਦੇ ਮੁੱਖ ਸਰੋਤਾਂ ਭਾਵ ਸੰਸਥਾਵਾਂ ਦੀ ਸ਼ਕਤੀ ਨੂੰ ਨਵੇਂ ਸਿਰਿਉਂ ਸੰਗਠਿਤ ਤੇ ਸ਼ਕਤੀਸ਼ਾਲੀ ਕਰਨਾ ਕਿੰਨਾ ਮਹੱਤਵਪੂਰਨ ਹੈ। ਇਸ ਵਿਚ ਗੁਰਦੁਆਰਾ ਸੰਸਥਾ ਨੂੰ ਖਾਲਸਾਈ ਸਿਧਾਂਤਕ ਜੁਗਤਿ ਅਨੁਸਾਰ ਚਲਾਉਣਾ, ਪੰਥ ਦੇ ਬਿਹਤਰ ਭਵਿੱਖ ਲਈ ਜ਼ਰੂਰੀ ਸੀ। ਸੰਸਥਾਵਾਂ ਦੀ ਸਫ਼ਲਤਾ ਨਾਲ ਪੰਥ ਸ਼ਕਤੀਸ਼ਾਲੀ ਬਣਿਆ ਰਿਹਾ ਹੈ। ਲਗਪਗ 40-45 ਸਾਲਾਂ ਦੇ ਯਤਨਾਂ ਨਾਲ ਇਹ ਸਥਿਤੀ ਸਿੱਖ ਚੇਤਨਾ ਤੇ ਸਿੱਖ ਸੰਘਰਸ਼ ਦਾ ਹਿੱਸਾ ਬਣ ਗਈ।
12 ਅਕਤੂਬਰ, 1920 ਦੇ ਨੇੜੇ ਪਹੁੰਚਦੇ ਉਨ੍ਹਾਂ ਨੇ ਦਰਬਾਰ ਸਾਹਿਬ ਦਾ ਪ੍ਰਬੰਧ ਸਿੱਧਾ ਆਪਣੇ ਹੱਥਾਂ ਵਿਚ ਲੈ ਲਿਆ ਸੀ। ਇਤਿਹਾਸ ਦਾ ਇਹ ਸੱਚ ਕੇਵਲ ਪੁਜਾਰੀਆਂ ਦੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਛੱਡ ਕੇ ਭੱਜ ਜਾਣ ਦੀ ਘਟਨਾ ਦੇ ਬਾਹਰੀ ਪ੍ਰਭਾਵ ਤੋਂ ਨਹੀਂ ਵੇਖਿਆ ਜਾਣਾ ਚਾਹੀਦਾ, ਸਗੋਂ ਇਸ ਪਿੱਛੇ ਗੁਰਦੁਆਰਾ ਪ੍ਰਬੰਧ ਨੂੰ ਪੰਥਕ ਹੱਥਾਂ ਅਤੇ ਪੰਥਕ ਪ੍ਰਸੰਗ ਅਨੁਸਾਰ ਚਲਾਏ ਜਾਣ ਵਿਚੋਂ ਨਿਕਲਿਆ ਸੰਘਰਸ਼ ਖੜ੍ਹਾ ਸੀ। ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸੇਵਾ ਸੰਭਾਲ ਲਈ 25 ਸਿੰਘਾਂ ਦਾ ਜਥਾ ਸੰਗਤ ਵਲੋਂ ਨਿਯੁਕਤ ਕੀਤਾ ਗਿਆ, ਜਿਸ ਦੇ ਆਗੂ ਜਥੇਦਾਰ ਤੇਜਾ ਸਿੰਘ ਭੁੱਚਰ ਨਿਯੁਕਤ ਕੀਤੇ ਗਏ ਸਨ। ਇਸ ਕਮੇਟੀ ਨੇ ਸਿੱਖ ਸੰਗਤਾਂ ਤੇ ਆਗੂਆਂ ਨੂੰ 15 ਨਵੰਬਰ, 1920 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪਹੁੰਚਣ ਲਈ ਆਦੇਸ਼ ਜਾਰੀ ਕੀਤਾ। 15 ਤੇ 16 ਨਵੰਬਰ ਨੂੰ ਪੰਥ ਦੀ ਸਾਂਝੀ ਇਕੱਤਰਤਾ ਨੇ ਆਜ਼ਾਦ ਕਰਵਾਏ ਗਏ ਗੁਰਦੁਆਰਿਆਂ ਦੀ ਸੰਭਾਲ ਤੇ ਹੋਰ ਪੰਥਕ ਕਾਰਜਾਂ ਲਈ 175 ਸਿੰਘਾਂ ਦੀ ਕਮੇਟੀ ਦੀ ਚੋਣ ਕੀਤੀ। ਇਹ ਮੂਲ ਪਹਿਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੀ। ਇਹ ਕਮੇਟੀ ਬਣਨ ਨਾਲ ਸਿੱਖ ਪੰਥ ਅੰਦਰ ਧਰਮ ਤੇ ਰਾਜਨੀਤਕ ਸਰੋਕਾਰਾਂ ਲਈ ਸੰਗਠਿਤ ਹੋਣ ਦਾ ਜੋ ਅਮਲ ਆਰੰਭ ਹੋਇਆ, ਉਸ ਨਾਲ ਉਨ੍ਹਾਂ ਨੂੰ ਸ਼ਕਤੀ ਮਿਲਣੀ ਸੁਭਾਵਿਕ ਸੀ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸੰਗਤੀ ਸਥਾਪਨਾ ਭਾਵੇਂ 1920 ਵਿਚ ਹੋ ਗਈ ਸੀ, ਪਰ ਇਸ ਨੂੰ ਕਾਨੂੰਨੀ ਰੂਪ 1925 ਦੇ ਐਕਟ ਅਨੁਸਾਰ ਹੀ ਮਿਲਿਆ। ਸਿੱਖ ਧਰਮ ਅਤੇ ਪੰਥ ਦੇ ਗੁਰਦੁਆਰਾ ਕੇਂਦਰਾਂ ਦੇ ਪ੍ਰਬੰਧ ਨੂੰ ਚਲਾਉਣ ਲਈ ਇਨ੍ਹਾਂ ਨੂੰ ਇਸ ਐਕਟ ਦੇ ਅਧੀਨ ਲਿਆਉਣਾ ਅਤੇ ਇਸ ਤਰ੍ਹਾਂ ਭਾਰਤ ਅਤੇ ਸੂਬਾਈ ਸਰਕਾਰਾਂ ਦੇ ਸਿੱਧੇ-ਅਸਿੱਧੇ ਦਖ਼ਲ ਲਈ ਦਰਵਾਜ਼ੇ ਖੋਲ੍ਹਣੇ ਠੀਕ ਸਨ ਜਾਂ ਗ਼ਲਤ ਸਨ, ਇਹ ਬਹਿਸ ਦਾ ਵਿਸ਼ਾ ਹੈ। ਸਾਕਾਰਾਤਮਕ ਦ੍ਰਿਸ਼ਟੀਕੋਣ ਤੋਂ ਵੇਖਿਆਂ ਪਿਛਲੇ ਲਗਭਗ 100 ਸਾਲ ਤੋਂ ਜਿਵੇਂ ਇਸ ਕਮੇਟੀ ਨੇ ਗੁਰਦੁਆਰਿਆਂ ਦਾ ਪ੍ਰਬੰਧ ਚਲਾਉਂਦਿਆਂ ਇਕ ਮਹੱਤਵਪੂਰਨ ਸ਼ਕਤੀ ਕੇਂਦਰ ਵਜੋਂ ਸਿੱਖ ਪੰਥ ਅਤੇ ਪੰਥਕ ਮਾਨਸਿਕਤਾ ਵਿਚ ਆਪਣਾ ਜੋ ਸਥਾਨ ਬਣਾ ਲਿਆ ਹੈ, ਇਹ ਪੰਥ ਦੀ ਇਕ ਵੱਡੀ ਪ੍ਰਾਪਤੀ ਹੈ।
ਪਰ ਹੁਣ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਕ ਆਜ਼ਾਦ ਅਤੇ ਖੁੱਲ੍ਹੇ ਵਾਤਾਵਰਨ ਵਿਚ ਕੰਮ ਕਰਨ ਅਤੇ ਗੁਰਦੁਆਰਾ ਸੰਸਥਾ ਦੇ ਮੂਲ ਮਕਸਦਾਂ ਦੀ ਪ੍ਰਾਪਤੀ ਲਈ ਜੋ ਵੱਡੇ ਕਾਰਜ ਕਰਨ ਲਈ ਉਸ ਸਮੇਂ ਦੇ ਮਹਾਨ ਗੁਰਸਿੱਖ ਆਗੂਆਂ ਅਤੇ ਸੰਗਤ ਨੇ ਜੋ ਸੁਪਨੇ ਸੰਜੋਏ ਹੋਏ ਸਨ, ਉਨ੍ਹਾਂ ਨੂੰ ਅੱਗੇ ਵਧਾਉਣ ਲਈ ਵਰਤਮਾਨ ਹਾਲਾਤ ਵਿਚ ਵੱਡੀਆਂ ਰੁਕਾਵਟਾਂ ਆ ਗਈਆਂ ਹਨ। ਜਿਵੇਂ ਇਕ ਦੀਵੇ ਦੀ ਰੌਸ਼ਨੀ ਦੀ ਲਾਟ ਦੀਵਾ, ਤੇਲ ਅਤੇ ਬੱਤੀ ਦੇ ਹੁੰਦਿਆਂ ਵੀ ਮੱਧਮ ਪੈ ਜਾਂਦੀ ਹੈ ਅਤੇ ਰੌਸ਼ਨੀ ਦੀ ਠੀਕ ਤਰ੍ਹਾਂ ਪ੍ਰਜਵੱਲਿਤਤਾ ਲਈ ਬੱਤੀ ਦੇ ਸਿਰੇ ਦੁਆਲੇ ਇਕੱਠੇ ਹੋਏ ਮਿੱਟੀਨੁਮਾ ਗੁਲ੍ਹ ਨੂੰ ਝਾੜਨਾ ਪੈਂਦਾ ਹੈ, ਉਸੇ ਤਰ੍ਹਾਂ ਵਰਤਮਾਨ ਵਿਚ ਇਸ ਕਮੇਟੀ ਦੀ ਭਵਿੱਖ ਦੀ ਸਫ਼ਲ ਕਾਰਗੁਜ਼ਾਰੀ ਲਈ ਇਸ ਦੇ ਸਮੁੱਚੇ ਕਾਰਜਾਂ ਅਤੇ ਆਦਰਸ਼ਾਂ ਦੀ ਪ੍ਰਾਪਤੀ ਹਿਤ ਸੁਧਾਰ ਲਿਆਉਣ, ਇਸ ਦੀ ਸਦਤਾਜ਼ਗੀ ਕਾਇਮ ਰੱਖਣ ਅਤੇ ਸਿੱਖ ਪੰਥ ਅਤੇ ਵਿਸ਼ਵ ਦੀਆਂ ਨਵੀਆਂ ਉਤਪੰਨ ਹੋਈਆਂ ਲੋੜਾਂ ਅਨੁਸਾਰ 21ਵੀਂ ਸਦੀ ਵਿਚ ਨਵੀਂ ਭੂਮਿਕਾ ਮਿੱਥਣ ਲਈ ਇਸ ਦੀ ਸਮੁੱਚੀ ਕਾਰਜਸ਼ੈਲੀ ਵਿਚ ਸੁਧਾਰ ਲਿਆਉਣੇ ਮਹੱਤਵਪੂਰਨ ਹੋ ਗਏ ਹਨ।
ਜ਼ਾਹਿਰ ਹੈ ਕਿ ਇਹ ਇਕ ਵੱਡਾ ਕਾਰਜ ਹੈ, ਜਿਸ ਲਈ ਬਹੁਪਰਤੀ ਯਤਨ ਕਰਨੇ ਜ਼ਰੂਰੀ ਹੋਣਗੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਗੁਰਦੁਆਰਾ ਸੰਸਥਾ) ਵਿਚ ਲਿਆਂਦੇ ਜਾਣ ਵਾਲੇ ਇਹ ਸੁਧਾਰ ਸਮੇਂ ਦੀ ਇਕ ਅਜਿਹੀ ਨਵੀਂ ਦਸਤਕ ਹੈ ਜਿਸ ਨੂੰ ਸੁਣਨਾ, ਇਸ ਦੀ ਗੰਭੀਰਤਾ ਨੂੰ ਸਮਝਣਾ ਅਤੇ ਉਸੇ ਅਨੁਸਾਰ ਯਤਨ ਕਰਨੇ ਇਸ ਕਮੇਟੀ ਦੇ ਵਰਤਮਾਨ ਅਤੇ ਭਵਿੱਖ ਦੇ ਆਗੂਆਂ ਅਤੇ ਸਿੱਖ ਪੰਥ ਦੀ ਸਾਂਝੀ ਜ਼ਿੰਮੇਵਾਰੀ ਹੈ। ਇਨ੍ਹਾਂ ਆਗੂਆਂ ਅਤੇ ਭਵਿੱਖ ਦੀਆਂ ਨਸਲਾਂ ਨੂੰ ਉਨ੍ਹਾਂ ਮਹਾਨ ਉਦੇਸ਼ਾਂ ਨੂੰ ਪ੍ਰਾਪਤ ਕਰਨ ਲਈ ਸਮੇਂ ਦੀਆਂ ਨਵੀਆਂ ਲੋੜਾਂ ਅਨੁਸਾਰ ਨਵੇਂ ਯਤਨ ਕਰਨੇ ਹੋਣਗੇ, ਜਿਨ੍ਹਾਂ ਲਈ ਇਸ ਕਮੇਟੀ ਦੀ ਸਥਾਪਨਾ ਹੋਈ ਸੀ। ਸਮੇਂ ਦੀ ਇਸ ਦਸਤਕ ਪ੍ਰਤੀ ਪੰਥ ਦੇ ਸਬੰਧਿਤ ਆਗੂਆਂ ਅਤੇ ਸੰਗਤ ਵੱਲੋਂ ਉਸਾਰੂ ਰੂਪ ਵਿਚ ਪ੍ਰਤੀਕਰਮ ਦਿਖਾਉਣਾ, ਪੰਥ ਦੇ ਉੱਜਵਲ ਭਵਿੱਖ ਨੂੰ ਯਕੀਨੀ ਬਣਾਏਗਾ।
ਆਖ਼ਰ ਇਹ ਸਥਿਤੀ ਕਿਉਂ ਆ ਜਾਂਦੀ ਹੈ? ਉਹੋ ਹੀ ਮਨੁੱਖੀ ਵਸੀਲੇ, ਆਦਰਸ਼ ਅਤੇ ਸਾਧਨ ਮੌਜੂਦ ਹੁੰਦੇ ਹਨ, ਪਰ ਉਸਾਰੂ ਨਤੀਜੇ ਸਾਹਮਣੇ ਨਹੀਂ ਆ ਰਹੇ ਹੁੰਦੇ। ਸਪੱਸ਼ਟ ਹੈ ਕਿ ਜਿਨ੍ਹਾਂ ਸਮਿਆਂ ਅਤੇ ਹਾਲਾਤ ਵਿਚ ਪਹਿਲੀਆਂ ਨੀਤੀਆਂ ਅਤੇ ਯਤਨਾਂ ਦੀਆਂ ਤਰਜੀਹਾਂ ਉਲੀਕੀਆਂ ਗਈਆਂ ਹੁੰਦੀਆਂ ਹਨ, ਹੋਰ ਅਗਲੇਰੇ ਸਮੇਂ, ਹਾਲਾਤ ਅਤੇ ਪ੍ਰਸਥਿਤੀਆਂ ਨਵੀਆਂ ਨੀਤੀਆਂ, ਰਣਨੀਤੀ ਅਤੇ ਨਵੀਂ ਯੋਜਨਾਬੰਦੀ ਦੀ ਮੰਗ ਕਰਦੇ ਹਨ। ਜਿਨ੍ਹਾਂ ਸੰਸਥਾਵਾਂ ਦੇ ਆਗੂ ਅਤੇ ਕੌਮ ਦੇ 'ਦਿਮਾਗ'' ਇਨ੍ਹਾਂ ਬਦਲਦੀਆਂ ਪ੍ਰਸਥਿਤੀਆਂ ਵਿਚ ਸੁਧਾਰਵਾਦੀ ਏਜੰਡੇ ਅਨੁਸਾਰ ਯਤਨ ਕਰਨੇ ਸ਼ੁਰੂ ਕਰ ਦਿੰਦੇ ਹਨ, ਉਹ ਕੌਮਾਂ ਵਿਸ਼ਵ ਦੇ ਨਕਸ਼ੇ ਉੱਤੇ ਨਾ ਕੇਵਲ ਆਪਣੀ ਪ੍ਰਸੰਗਿਕਤਾ ਬਣਾਈ ਰੱਖਦੀਆਂ ਹਨ, ਸਗੋਂ ਦੂਸਰਿਆਂ ਵਲੋਂ ਅਪਣਾਏ ਜਾਣ ਵਾਲੇ ਨਵੇਂ ਮਾਰਗ ਵੀ ਤਿਆਰ ਕਰ ਦਿੰਦੀਆਂ ਹਨ। ਉਹ ਦੂਸਰਿਆਂ ਲਈ ਰੋਲ ਮਾਡਲ ਵੀ ਬਣ ਜਾਂਦੀਆਂ ਹਨ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਗੁਰਦੁਆਰਾ ਸੰਸਥਾ ਦੇ ਇਕ ਪ੍ਰਤੀਨਿਧ ਮੰਚ ਵਜੋਂ ਸਵੀਕਾਰ ਕਰਦਿਆਂ ਇਸ ਦੀ ਕਾਰਜਸ਼ੈਲੀ ਵਿਚ ਕਿਹੜੇ ਨਵੇਂ ਸੁਧਾਰ ਲਿਆਂਦੇ ਜਾਣ ਕਿ 100 ਸਾਲ ਦਾ ਸਫ਼ਰ ਤਹਿ ਕਰਨ ਉਪਰੰਤ ਇਸ ਦੀ ਸਦਤਾਜ਼ਗੀ ਅਤੇ ਸਥਾਪਨਾ ਦੀਆਂ ਸੁੱਚੀਆਂ ਭਾਵਨਾਵਾਂ ਨੂੰ ਉਸੇ ਅਨੁਕੂਲ ਕਾਇਮ ਰੱਖਿਆ ਜਾ ਸਕੇ।
(ਬਾਕੀ ਅਗਲੇ ਮੰਗਲਵਾਰ ਦੇ ਧਰਮ ਤੇ ਵਿਰਸਾ ਅੰਕ 'ਚ)


-ਮੁਖੀ ਭਾਈ ਗੁਰਦਾਸ ਇੰਸਟੀਚਿਊਟ ਆਫ਼ ਐਡਵਾਂਸ ਸਿੱਖ ਸਟੱਡੀਜ਼, ਸ੍ਰੀ ਅਨੰਦਪੁਰ ਸਾਹਿਬ। ਮੋਬਾ: 98725-91713

16 ਫਰਵਰੀ ਨੂੰ ਬਰਸੀ 'ਤੇ ਵਿਸ਼ੇਸ਼

ਸੰਤ ਬਾਬਾ ਜੋਗਿੰਦਰ ਸਿੰਘ ਹਰਿਆਣਾ ਵਾਲੇ

ਗੁਰਬਾਣੀ ਅਨੁਸਾਰ ਗੁਰੂ ਦੀ ਬਖ਼ਸ਼ਿਸ਼ ਤੋਂ ਬਿਨਾਂ ਇਨਸਾਨ ਨਾ ਲੋਕ ਵਿਚ ਅਤੇ ਨਾ ਹੀ ਪ੍ਰਲੋਕ ਵਿਚ ਸੁੱਖ ਪਾ ਸਕਦਾ ਹੈ। ਜੋ ਪ੍ਰਾਣੀ ਦੇ ਲੇਖਾਂ ਵਿਚ ਲਿਖਿਆ ਹੁੰਦਾ ਹੈ, ਉਸ ਨੂੰ ਹਰ ਹਾਲਤ ਵਿਚ ਭੁਗਤਣਾ ਪੈਂਦਾ ਹੈ। ਅਜਿਹੀ ਹੀ ਅਧਿਆਤਮਕਵਾਦੀ, ਕ੍ਰਿਤੀ, ਭਗਤੀ ਦੇ ਮੁਜੱਸਮੇ, ਦਿਆਲਤਾ ਅਤੇ ਨਿਮਰਤਾ ਦੇ ਪੁੰਜ ਅਤੇ ਸਿੱਖ ਪੰਥ ਦੀ ਮਹਾਨ ਸ਼ਖ਼ਸੀਅਤ ਵਜੋਂ ਜਾਣੇ ਜਾਂਦੇ ਬਾਬਾ ਬੁੱਢਾ ਸਾਹਿਬ ਦੇ ਵਰੋਸਾਏ ਸਿੱਖ ਸੰਤ ਬਾਬਾ ਜੋਗਿੰਦਰ ਸਿੰਘ ਸਨ, ਜੋ ਇਸ ਦੁਨੀਆ ਦੇ ਕਲਯੁਗੀ ਜੀਵਾਂ ਨੂੰ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਜਿਹੇ ਵਕਾਰਾਂ ਤੋਂ ਮੁਕਤੀ ਦਿਵਾ ਕੇ, ਸੇਵਾ ਸਿਮਰਨ ਨਾਲ ਜੋੜ ਕੇ, ਆਪਣਾ ਪੰਜ ਭੂਤਕ ਸਰੀਰ ਤਿਆਗ ਕੇ ਗੁਰੂ ਚਰਨਾਂ 'ਚ ਵਿਲੀਨ ਹੋ ਗਏ ਸਨ। ਉਨ੍ਹਾਂ ਆਪਣੀ ਜ਼ਿੰਦਗੀ ਵਿਚ ਸਾਦਗੀ ਭਰੇ ਲਹਿਜੇ ਨਾਲ ਸੰਗਤਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਸਿਮਰਨ ਅਤੇ ਹੱਥੀਂ ਸੇਵਾ ਕਰਨ ਲਈ ਪ੍ਰੇਰਿਤ ਕੀਤਾ। ਇਸੇ ਕਿਰਤ ਨੂੰ ਆਪਣੇ ਜੀਵਨ ਵਿਚ ਵੀ ਨਿਭਾਇਆ। ਆਪ ਦਾ ਜਨਮ ਜ਼ਿਲ੍ਹਾ ਹੁਸ਼ਿਆਰਪੁਰ ਦੇ ਛੋਟੇ ਜਿਹੇ ਪਿੰਡ ਭਾਗੋਵਾਲ (ਲੁੱਦਾ) ਵਿਖੇ ਪਿਤਾ ਭਾਈ ਮਹਾਂ ਸਿੰਘ ਅਤੇ ਮਾਤਾ ਸਰਵਣ ਕੌਰ ਦੇ ਗ੍ਰਹਿ ਵਿਖੇ ਹੋਇਆ।
ਉਨ੍ਹਾਂ ਦੁਨਿਆਵੀ ਤੌਰ 'ਤੇ ਭਾਵੇਂ ਸਿੱਖਿਆ ਦੇ ਖੇਤਰ ਵਿਚ ਅਧਿਆਪਕ ਵਜੋਂ ਸੇਵਾ ਨਿਭਾਈ ਪਰ ਲਿਵ ਸਦਾ ਪਰਮਾਤਮਾ ਦੀ ਬੰਦਗੀ ਨਾਲ ਹੀ ਜੁੜੀ ਰਹੀ। ਆਪ ਦੇ ਪਰਿਵਾਰ ਦੀ ਅਥਾਹ ਸ਼ਰਧਾ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੀ ਸੱਚਖੰਡ ਸਮਾਧ ਰਮਦਾਸ (ਅੰਮ੍ਰਿਤਸਰ) ਨਾਲ ਰਹੀ ਤੇ ਜਿਨ੍ਹਾਂ ਦੇ ਅਸ਼ੀਰਵਾਦ ਸਦਕਾ ਹਰਿਆਣਾ ਵਿਖੇ ਆ ਕੇ ਗੁਰਦੁਆਰਾ ਕ੍ਰਿਪਾ ਨਿਧਾਨ ਬਾਬਾ ਬੁੱਢਾ ਸਾਹਿਬ ਦਾ ਨਿਰਮਾਣ ਕਰਵਾਇਆ, ਜਿਥੇ ਆਪ ਸੰਗਤਾਂ ਨੂੰ ਕਰਮਕਾਂਡਾਂ ਤੋਂ ਬਾਹਰ ਕੱਢਦੇ ਹੋਏ ਦੀਨ-ਦੁਖੀਆਂ ਅਤੇ ਲੋੜਵੰਦਾਂ ਦੀ ਸਹਾਇਤਾ ਲਈ ਆਸਰਾ ਬਣੇ। ਆਪ ਦੀ ਧਰਮ ਸੁਪਤਨੀ ਬੀਬੀ ਸੁਰਜੀਤ ਕੌਰ ਤੇ ਬੱਚਿਆਂ ਨੇ ਹਮੇਸ਼ਾ ਹੀ ਸੰਗਤ ਨੂੰ ਗੁਰੂ ਦਾ ਦਰਜਾ ਦੇ ਕੇਸਤਿਕਾਰ ਅਤੇ ਸੇਵਾ ਕੀਤੀ। ਆਪ 16 ਫਰਵਰੀ 2014 ਨੂੰ ਸਰੀਰਕ ਚੋਲਾ ਤਿਆਗਦੇ ਹੋਏ ਇਸ ਫਾਨੀ ਦੁਨੀਆਨੂੰ ਸਰੀਰਕ ਤੌਰ 'ਤੇ ਅਲਵਿਦਾ ਕਹਿ ਗਏ। ਉਨ੍ਹਾਂ ਦੀ ਯਾਦ ਵਿਚ 16 ਫਰਵਰੀ ਨੂੰ ਗੁਰਦੁਆਰਾ ਕ੍ਰਿਪਾ ਨਿਧਾਨ ਬਾਬਾ ਬੁੱਢਾ ਸਾਹਿਬ ਹਰਿਆਣਾ (ਹੁਸ਼ਿਆਰਪੁਰ ) ਵਿਖੇ ਕਰਵਾਏ ਜਾ ਰਹੇ ਸ਼ਰਧਾਂਜਲੀ ਸਮਾਰੋਹ ਅਤੇ ਗੁਰਮਤਿ ਸਮਾਗਮ ਵਿਚ ਹੁੰਮ-ਹੁਮਾ ਕੇ ਪੁੱਜੋ।


-ਮੋਬਾ: 98154-48043

ਗੁਰੂ ਨਾਨਕ ਦੇਵ ਸ਼ੀਤਲ ਕੁੰਡ ਗੁਰਦੁਆਰਾ ਅਤੇ ਰਾਜਗੀਰ ਦੇ ਗਰਮ ਪਾਣੀ ਦੇ ਚਸ਼ਮੇ

ਰਾਜਗੀਰ ਗਰਮ ਪਾਣੀ ਦੇ ਚਸ਼ਮਿਆਂ ਲਈ ਬਹੁਤ ਮਸ਼ਹੂਰ ਹੈ। ਇਨ੍ਹਾਂ ਨੂੰ 'ਕੁੰਡ' ਕਿਹਾ ਜਾਂਦੈ। ਮਹਾਨਕੋਸ਼ ਅਨੁਸਾਰ 'ਕੁੰਡ' ਸੰਸਕ੍ਰਿਤ ਦਾ ਸ਼ਬਦ ਹੈ, ਜਿਸ ਦੀ ਧਾਤੂ ਰੱਖਿਆ ਕਰਨਾ, ਸੰਭਾਲਣਾ ਹੈ। ਸੰਗਯਾ ਵਜੋਂ ਇਸ ਦਾ ਅਰਥ ਹੈ ਜੋ ਜਲ ਦੀ ਰੱਖਿਆ ਕਰੇ, ਟੋਆ, ਗਢਾ, ਹੌਜ, ਚਬੱਚਾ-'ਜੈਸੇ ਅੰਭ ਕੁੰਡ ਕਰਿ ਰਾਖਿਓ ਪਰਤ ਸਿੰਧੁ ਗਲਿਜਾਹਾ।'
ਮਹਾਂਭਾਰਤ ਵਿਚ ਇਨ੍ਹਾਂ ਨੂੰ ਰਾਜਗਰਿਹਾ (ਰਾਜਗੀਰ) ਦੇ 'ਤੌਪੋਡਾ' ਕਿਹਾ ਗਿਆ ਹੈ। ਮਨੌਤ ਅਨੁਸਾਰ ਇਹ ਨਾਂਅ ਬ੍ਰਹਮਾ ਦੇ ਤਪ ਕਾਰਨ ਪਿਆ ਹੈ। ਬੋਧੀ ਲਿਖਤਾਂ ਵਿਚ ਰਾਜਗਰਿਹਾ ਦੇ ਮੁੱਖ ਦਰਿਆ ਨੂੰ 'ਤਪੋਡਾ' ਕਿਹਾ ਗਿਆ ਹੈ। ਇਹ ਵੀ ਦਾਅਵਾ ਕੀਤਾ ਜਾਂਦੈ ਕਿ ਇਨ੍ਹਾਂ ਗਰਮ ਪਾਣੀ ਦੇ ਚਸ਼ਮਿਆਂ ਵਿਚ ਭਗਵਾਨ ਬੁੱਧ, ਭਗਵਾਨ ਮਹਾਂਵੀਰ ਅਤੇ ਗੁਰੂੁ ਨਾਨਕ ਦੇਵ ਜੀ ਨੇ ਵੀ ਇਸ਼ਨਾਨ ਕੀਤਾ ਸੀ।
ਇਥੇ ਲਕਸ਼ਮੀ ਨਰਾਇਣ ਮੰਦਰ ਤੋਂ ਇਲਾਵਾ ਹੋਰ ਅਨੇਕਾਂ ਮੰਦਰ ਹਨ। ਗੁਰੂੁ ਨਾਨਕ ਦੇਵ ਜੀ ਦੀ ਯਾਦ ਵਿਚ ਗੁਰਦੁਆਰਾ ਸ਼ੀਤਲ ਕੁੰਡ ਵੀ ਬਣਿਆ ਹੈ। ਇਸੇ ਕਾਰਨ ਇਹ ਕੁੰਡ ਹਿੰਦੂਆਂ, ਜੈਨੀਆਂ, ਬੋਧੀਆਂ, ਸਿੱਖਾਂ ਅਤੇ ਹੋਰ ਸ਼ਰਧਾਲੂਆਂ/ਸੈਲਾਨੀਆਂ ਲਈ ਆਕਰਸ਼ਣ ਦਾ ਕੇਂਦਰ ਹਨ। ਵਿਪੂਲਾ ਪਹਾੜੀ ਉਪਰ 13ਵੀਂ ਸਦੀ ਦੇ ਮੁਸਲਮਾਨ ਸੰਤ ਮਖ਼ਦੂਮ ਸਾਹਿਬ ਦੀ ਯਾਦ ਵਿਚ ਮਖ਼ਦੂਮ ਕੁੰਡ ਵੀ ਹੈ।
ਦਰਅਸਲ ਰਾਜਗੀਰ ਪਹਾੜਾਂ ਨਾਲ ਘਿਰਿਆ ਸ਼ਹਿਰ ਹੈ। ਇਸ ਦੇ 100 ਮੀਟਰ ਦੇ ਕੁੰਡਾਂ ਵਾਲੇ ਇਲਾਕੇ ਵਿਚ ਸਲਫਰ (ਗੰਧਕ), ਸੋਡੀਅਮ ਅਤੇ ਹੋਰ ਖਣਿਜ ਪਦਾਰਥਾਂ ਵਾਲੇ ਤੱਤ ਮੌਜੂਦ ਹਨ। ਇਨ੍ਹਾਂ ਥਾਵਾਂ 'ਚੋਂ ਇਹ ਗਰਮ ਪਾਣੀ ਦੇ ਚਸ਼ਮੇ ਫੁੱਟਦੇ ਹਨ। ਇਹ ਵੈਵਾਗਿਰੀ ਪਹਾੜ ਦੇ ਪੈਰਾਂ 'ਚੋਂ ਨਿਕਲਦੇ ਹਨ। ਇਨ੍ਹਾਂ ਦਾ ਸਰੋਤ ਸਪਤਾਪਰਨੀ ਗੁਫਾਵਾਂ ਹਨ। ਇਨ੍ਹਾਂ ਦਾ ਪਾਣੀ ਸਪਤਧਾਰਾ, ਜਿਸ ਨੂੰ ਸਪਤਰਿਸ਼ੀ ਵੀ ਕਹਿੰਦੇ ਹਨ, ਥਾਣੀ ਆਉਂਦੈ।
ਇਹ ਕੁੰਡ ਇਲਾਕੇ ਵਿਚ ਵੱਖਰੇ-ਵੱਖਰੇ ਸਥਾਨਾਂ 'ਤੇ ਹਨ। ਬ੍ਰਹਮ ਕੁੰਡ ਵਿਚ 7 ਜਲਧਾਰਾਵਾਂ ਵਗਦੀਆਂ ਹਨ। ਇਸ ਦਾ ਪਾਣੀ 45 ਡਿਗਰੀ ਸੈਂਟੀਗਰੇਡ ਗਰਮ ਹੈ। ਇਥੇ ਮੰਦਰ ਵੀ ਹਨ। ਗਰਮ ਪਾਣੀ ਨੂੰ ਚੈਨੇਲਾਈਜ਼ ਕਰ ਕੇ ਸ਼ਰਧਾਲੂਆਂ/ਸੈਲਾਨੀਆਂ ਦੇ ਇਸ਼ਨਾਨ ਦੀ ਵਿਵਸਥਾ ਹੈ। ਔਰਤਾਂ ਲਈ ਵੱਖਰਾ ਪ੍ਰਬੰਧ ਹੈ। ਤਪੋਵਨ ਵਿਚ ਵੀ ਕੁੰਡ ਹਨ।
ਇਹ ਗਰਮ ਪਾਣੀ ਦੇ ਚਸ਼ਮੇ ਸੈਲਾਨੀਆਂ ਦੀ ਖਿੱਚ ਦਾ ਮੁੱਖ ਕੇਂਦਰ ਹਨ। ਇਹ ਧਾਰਮਿਕ ਅਤੇ ਔਸ਼ਧਿਕ ਮਹੱਤਤਾ ਰੱਖਦੇ ਹਨ। ਇਨ੍ਹਾਂ ਵਿਚ ਇਸ਼ਨਾਨ ਕਰਨਾ ਹਿੰਦੂ ਧਰਮ 'ਚ ਪਵਿੱਤਰ ਮੰਨਿਆ ਜਾਂਦੈ। ਇਨ੍ਹਾਂ ਨੂੰ ਸਿਹਤ-ਵਰਧਕ ਅਤੇ ਰੋਗ-ਨਾਸ਼ਕ ਵੀ ਮੰਨਿਆ ਜਾਂਦੈ। ਕਈ ਬਿਮਾਰੀਆਂ ਲਈ ਲਾਹੇਵੰਦ ਸਮਝਿਆ ਜਾਂਦੈ। ਚਮੜੀ ਰੋਗ, ਪੇਟ ਦੇ ਰੋਗ, ਜੋੜਾਂ ਦੇ ਦਰਦ ਆਦਿ ਲਈ ਇਹ ਦਵਾਈ ਦਾ ਕੰਮ ਕਰਦੇ ਦੱਸੇ ਜਾਂਦੇ ਹਨ। ਅਸਲ ਵਿਚ ਇਨ੍ਹਾਂ ਵਿਚ ਗੰਧਕ ਅਤੇ ਹੋਰ ਖਣਿਜ ਪਦਾਰਥਾਂ ਦੇ ਮੌਜੂਦ ਹੋਣ ਕਾਰਨ ਇਹ ਔਸ਼ਧਿਕ ਤੌਰ 'ਤੇ ਗੁਣਕਾਰੀ ਕਹੇ ਜਾਂਦੇ ਹਨ। ਇਸ ਇਲਾਕੇ ਵਿਚ ਕੁਲ 52 ਜਲਧਾਰਾਵਾਂ ਹਨ। ਇਨ੍ਹਾਂ ਵਿਚੋਂ ਇਕ ਦਾ ਪਾਣੀ ਠੰਢਾ ਹੈ ਤੇ ਬਾਕੀਆਂ ਦਾ ਗਰਮ।
ਇਸ ਬਾਰੇ ਗੁਰਦੁਆਰਾ ਗੁਰੂੁ ਨਾਨਕ ਦੇਵ ਸ਼ੀਤਲ ਕੁੰਡ ਦੇ ਸੇਵਾਦਾਰ ਨੇ ਦੱਸਿਆ ਕਿ ਸਿੱਖ ਧਰਮ ਦੇ ਬਾਨੀ ਗੁਰੂੁ ਨਾਨਕ ਦੇਵ ਜੀ ਆਪਣੀ ਪੂਰਬ ਵੱਲ ਦੀ ਉਦਾਸੀ ਦੌਰਾਨ ਇਥੇ 1563 ਬਿਕਰਮੀ ਸੰਮਤ ਨੂੰ ਆਏ ਸਨ। ਉਸ ਅਨੁਸਾਰ ਉਸ ਸਮੇਂ ਇਥੇ 2 ਮੀਲ ਦੇ ਇਲਾਕੇ ਵਿਚ ਪੀਣ ਵਾਲਾ ਪਾਣੀ ਨਹੀਂ ਸੀ। ਪੱਥਰ ਹੀ ਪੱਥਰ ਸਨ। ਕੁੰਡਾਂ ਦਾ ਪਾਣੀ ਵੀ ਗਰਮ ਸੀ। ਆਪਣੇ ਇਸ ਥਾਂ ਪੜਾਅ ਦੌਰਾਨ ਗੁਰੂ ਨਾਨਕ ਦੇਵ ਜੀ ਨੇ ਲੋਕਾਂ ਦੀ ਪੀਣ ਵਾਲੇ ਪਾਣੀ ਸਬੰਧੀ ਫਰਿਆਦ ਸੁਣ ਕੇ ਇਕ ਥਾਂ ਵੱਲ ਇਸ਼ਾਰਾ ਕੀਤਾ ਅਤੇ ਲੋਕਾਂ ਨੂੰ ਪੱਥਰ ਹਟਾਉਣ ਅਤੇ ਪੁਟਾਈ ਕਰਨ ਲਈ ਕਿਹਾ। ਲੋਕਾਂ ਦੁਆਰਾ ਅਜਿਹਾ ਕਰਨ ਉਪਰੰਤ ਸ਼ੀਤਲ ਜਲ ਦਾ ਚਸ਼ਮਾ ਫੁੱਟ ਪਿਆ। ਇਸ ਨੂੰ ਗੁਰੂੁ ਨਾਨਕ ਸ਼ੀਤਲ ਕੁੰਡ ਪੁਕਾਰਿਆ ਜਾਣ ਲੱਗਾ। ਇਕ ਮਨੌਤ ਅਨੁਸਾਰ ਗੁਰੂੁ ਨਾਨਕ ਦੇਵ ਜੀ ਨੇ ਬਖਸ਼ਿਸ਼ ਕਰ ਕੇ ਗਰਮ ਚਸ਼ਮਾ ਹੀ ਠੰਢਾ ਕਰ ਦਿੱਤਾ ਸੀ।
ਇਸ ਜਗ੍ਹਾ ਗੁਰਦੁਆਰਾ ਉਸਰਿਆ ਹੈ ਪਰ ਸਿੱਖ ਸੰਗਤਾਂ ਦੀ ਆਮਦ ਅਜੇ ਜ਼ਰਾ ਘੱਟ ਹੈ, ਕਿਉਂਕਿ ਇਹ ਪਟਨਾ ਸਾਹਿਬ ਤੋਂ ਕਾਫੀ ਦੂਰ (85 ਕਿ: ਮੀ:) ਹੈ। ਉਂਜ ਗੁਰਦੁਆਰੇ ਕੋਲ ਸਵਾ ਏਕੜ ਜਗ੍ਹਾ ਹੈ। ਇਸ ਅਸਥਾਨ ਉਪਰ ਗੁਰਦੁਆਰੇ ਦੀ ਉਸਾਰੀ ਬਾਬਾ ਅਜਾਇਬ ਸਿੰਘ, ਜੋ 1956 ਵਿਚ ਫੌਜ ਵਿਚੋਂ ਸੇਵਾ ਮੁਕਤ ਹੋਣ ਉਪਰੰਤ ਪਟਨਾ ਸਹਿਬ ਆ ਗਏ ਸਨ ਅਤੇ 1965 ਵਿਚ ਇਸ ਅਸਥਾਨ ਉਪਰ ਆ ਗਏ, ਨੇ ਕਰਵਾਈ। ਉਸ ਵਕਤ ਇਥੇ ਉਜਾੜ ਬੀਆਬਾਨ ਸੀ ਅਤੇ ਮਾਰ-ਧਾੜ ਵੀ ਬੜੀ ਸੀ। ਸਥਾਨਕ ਲੋਕਾਂ, ਖਾਸ ਕਰਕੇ ਪਾਂਡਿਆਂ ਦੇ ਵਿਰੋਧ ਦੇ ਬਾਵਜੂਦ ਫੌਜੀ ਬਾਬੇ ਨੇ ਇਸ ਅਸਥਾਨ ਦੀ ਸੇਵਾ ਅਰੰਭ ਦਿੱਤੀ।
ਬਾਬਾ ਅਜਾਇਬ ਸਿੰਘ ਲਗਪਗ 100 ਸਾਲ ਦੀ ਉਮਰ ਭੋਗ ਕੇ ਨਵੰਬਰ, 2016 ਵਿਚ ਅਕਾਲ ਚਲਾਣਾ ਕਰ ਗਏ। ਸਿੱਖ ਵਿਦਵਾਨਾਂ ਵਿਚ ਗੁਰੂ ਨਾਨਕ ਦੇਵ ਜੀ ਦੀ ਪਹਿਲੀ ਉਦਾਸੀ ਵੇਲੇ ਬਿਹਾਰ ਵਿਚ ਪ੍ਰਵੇਸ਼ ਕਰਨ ਦੇ ਰੂਟ ਨੂੰ ਲੈ ਕੇ ਮਤਭੇਦ ਹਨ। ਕੁਝ ਅਨੁਸਾਰ ਆਪ ਜੀ ਬਨਾਰਸ ਤੋਂ ਪਟਨਾ ਅਤੇ ਬੋਧ ਗਯਾ ਗਏ। ਕੁਝ ਅਨੁਸਾਰ ਆਪ ਰਜੌਲੀ ਤੋਂ ਭਗਲਪੁਰ ਜਾਂਦਿਆਂ ਰਾਜਗੀਰ ਰੁਕੇ। ਨਾਨਕ ਕੁੰਡ ਦਾ ਬਹੁਤਿਆਂ ਨੇ ਜ਼ਿਕਰ ਨਹੀਂ ਕੀਤਾ। ਪਰ 'ਪਟਨਾ ਗੈਜ਼ਟੀਅਰ' (1991, ਸਫਾ 101) ਵਿਚ ਕੁੰਡ ਵਿਖੇ ਸਿੱਖ ਗੁਰਦੁਆਰੇ ਦਾ ਜ਼ਿਕਰ ਹੈ।
ਸ਼ੀਤਲ ਕੁੰਡ ਤੋਂ ਇਲਾਵਾ ਬਾਕੀ ਸਾਰੇ ਕੁੰਡਾਂ ਉਪਰ ਬ੍ਰਾਹਮਣੀ ਸੱਭਿਆਚਾਰ ਦਾ ਗਲਬਾ ਹੈ। ਪਾਂਡੇ ਸੈਲਾਨੀਆਂ ਨੂੰ ਬੜਾ ਪ੍ਰੇਸ਼ਾਨ ਕਰਦੇ ਹਨ। ਮੋਕਸ਼ ਦੇ ਨਾਂਅ ਉਪਰ ਸੰਕਲਪ ਲੈਣ ਲਈ ਅੰਨ੍ਹੀ ਲੁੱਟ ਮਚਾਉਂਦੇ ਹਨ, ਸਮਝੋ ਕੱਪੜੇ ਲਾਹੁਣ ਵਾਲੀ ਗੱਲ ਹੀ ਹੈ। ਇਸ ਵਿਵਹਾਰ ਕਾਰਨ ਸੈਲਾਨੀਆਂ ਦਾ ਸੈਰ-ਸਪਾਟੇ ਵਾਲਾ ਸੁਆਦ ਖਰਾਬ ਹੋ ਜਾਂਦੈ, ਜਾਣੋ ਖੀਰ ਵਿਚ ਖੇਹ ਪੈ ਜਾਂਦੀ ਹੈ!


-ਫਗਵਾੜਾ। ਮੋਬਾ: 98766-55055
gandamjs@gmail.com

ਦੂਸਰੀ ਸਾਲਾਨਾ ਬਰਸੀ 'ਤੇ ਵਿਸ਼ੇਸ਼

ਉੱਘੇ ਸਿੱਖ ਪ੍ਰਚਾਰਕ ਸੰਤ ਬਾਬਾ ਹਰਦੇਵ ਸਿੰਘ ਲੂਲੋਂ ਵਾਲੇ

ਸਿੱਖ ਪੰਥ ਦੇ ਮਹਾਨ ਪ੍ਰਚਾਰਕ ਤੇ ਤਰਕਸ਼ੀਲ ਵਿਦਵਾਨ ਸੰਤ ਬਾਬਾ ਹਰਦੇਵ ਸਿੰਘ ਦਾ ਜਨਮ ਜਨਵਰੀ, 1941 ਵਿਚ ਨਿਰਮਲ ਪੰਥ ਦੇ ਧਾਰਨੀ ਦਾਦਾ ਨਰਾਇਣ ਸਿੰਘ ਦੇ ਸਪੁੱਤਰ ਸੰਤ ਸਰਜਾ ਸਿੰਘ ਦੇ ਗ੍ਰਹਿ ਵਿਖੇ ਪਿੰਡ ਲੂਲੋਂ ਤਹਿਸੀਲ ਬੱਸੀ ਪਠਾਣਾਂ, ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਵਿਖੇ ਹੋਇਆ। ਬਾਬਾ ਹਰਦਿਆਲ ਸਿੰਘ ਤੇ ਕਰਮਜੀਤ ਸਿੰਘ ਆਪ ਦੇ ਭਰਾਤਾ ਸਨ। ਗੁਰਸਿੱਖੀ ਮਾਹੌਲ ਤੇ ਗੁਰਮਤਿ ਦੀ ਗੁੜ੍ਹਤੀ ਆਪ ਨੇ ਪਰਿਵਾਰ ਵਿਚੋਂ ਲੈਣ ਉਪਰੰਤ ਦੁਨਿਆਵੀ ਸਿੱਖਿਆ 'ਐਫ.ਏ.' ਅੰਬਾਲਾ ਦੇ ਕਾਲਜ ਤੋਂ ਪ੍ਰਾਪਤ ਕੀਤੀ। ਆਪ ਨੇ ਸੰਤ ਬਾਬਾ ਈਸ਼ਰ ਸਿੰਘ ਰਾੜਾ ਸਾਹਿਬ ਵਾਲਿਆਂ ਦੀ ਸੰਗਤ ਕਰਨ ਉਪਰੰਤ ਦਮਦਮੀ ਟਕਸਾਲ ਤੋਂ ਧਾਰਮਿਕ ਵਿੱਦਿਆ ਵੀ ਪ੍ਰਾਪਤ ਕੀਤੀ। ਆਪ ਦਾ ਅਨੰਦ ਕਾਰਜ ਬੀਬੀ ਅਮਰਜੀਤ ਕੌਰ ਨਾਲ ਹੋਇਆ, ਜਿਨ੍ਹਾਂ ਦੀ ਕੁੱਖੋਂ ਦੋ ਸਪੁੱਤਰਾਂ ਜਗਦੀਸ਼ ਸਿੰਘ, ਸਤਵੰਤ ਸਿੰਘ ਤੇ ਤਿੰਨ ਧੀਆਂ ਰਾਜਿੰਦਰ ਕੌਰ, ਭੁਪਿੰਦਰ ਕੌਰ ਅਤੇ ਸਤਵੰਤ ਕੌਰ ਨੇ ਜਨਮ ਲਿਆ। ਬੇਟਾ ਸਤਵੰਤ ਸਿੰਘ ਤੇ ਬੇਟੀ ਭੁਪਿੰਦਰ ਕੌਰ ਕੈਨੇਡਾ ਅਤੇ ਬੇਟੀ ਸਤਵੰਤ ਕੌਰ ਜਰਮਨ ਵਿਚ ਪਰਿਵਾਰ ਸਮੇਤ ਸੈਟਲ ਹਨ। ਆਪ ਦੇ ਸਪੁੱਤਰ ਜਗਦੀਸ਼ ਸਿੰਘ ਤੇ ਨੂੰਹ ਬਲਜੀਤ ਕੌਰ ਪਿੰਡ ਲੂਲੋਂ ਦੇ ਲਗਾਤਾਰ 10 ਸਾਲ ਸਰਪੰਚ ਰਹਿ ਚੁੱਕੇ ਹਨ, ਜੋ ਸਮਾਜ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਸਰਗਰਮ ਆਗੂ ਤੇ ਨਿਰਮਲ ਡੇਰਾ ਲੂਲੋਂ ਦੇ ਮੁੱਖ ਸੇਵਾਦਾਰ ਵਜੋਂ ਸਤਿਕਾਰੇ ਜਾਂਦੇ ਹਨ। ਸੰਤ ਜਗਦੀਸ਼ ਸਿੰਘ ਪਿਤਾ ਦੇ ਪਦਚਿੰਨ੍ਹਾਂ 'ਤੇ ਚੱਲਦੇ ਹੋਏ ਹਰੇਕ ਦਸਵੀਂ ਨੂੰ ਪੀ.ਜੀ.ਆਈ. ਚੰਡੀਗੜ੍ਹ ਵਿਖੇ ਲੰਗਰ ਵਰਤਾ ਕੇ ਸਮਾਜਿਕ ਸੇਵਾ ਵਿਚ ਯੋਗਦਾਨ ਪਾ ਰਹੇ ਹਨ। ਆਪ ਦਾ ਸਹੁਰਾ ਪਰਿਵਾਰ ਉਦਾਸੀਨ ਸੰਪਰਦਾ ਦੇ ਧਾਰਨੀ ਸਨ ਅਤੇ ਆਪ ਦੀ ਭੈਣ ਕਿਰਪਾਲ ਕੌਰ ਦੇ ਸਪੁੱਤਰ ਸੰਤ ਬੇਅੰਤ ਸਿੰਘ ਲੰਗਰਾਂ ਵਾਲੇ, ਸੰਤ ਸੁਖਦੇਵ ਸਿੰਘ ਅਤੇ ਸੰਤ ਤ੍ਰਿਲੋਚਨ ਸਿੰਘ ਵਜੋਂ ਪ੍ਰਸਿੱਧ ਹਨ। ਆਪ ਨੇ ਨਿਰਮਲ ਸੰਪਰਦਾਇ ਦੇ ਨਾਲ-ਨਾਲ ਸ਼੍ਰੋਮਣੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਵਜੋਂ ਵੀ ਦੇਸ਼-ਵਿਦੇਸ਼ਾਂ ਵਿਚ ਤਰਕ ਨਾਲ ਗੁਰਮਤਿ ਦਾ ਪ੍ਰਚਾਰ ਕੀਤਾ ਅਤੇ ਸਮੁੱਚੇ ਪੰਥ ਵਿਚ ਆਪ ਦਾ ਪੂਰਨ ਸਤਿਕਾਰ ਹੈ। ਪੁਰਾਣੀ ਬਿਮਾਰੀ ਦੇ ਚੱਲਦਿਆਂ ਆਪ 14 ਫਰਵਰੀ, 2016 ਨੂੰ ਵਾਹਿਗੁਰੂ ਦੇ ਭਾਣੇ ਅੰਦਰ ਸਮੁੱਚੇ ਪੰਥ ਨੂੰ ਸਰੀਰਕ ਤੌਰ 'ਤੇ ਵਿਛੋੜਾ ਦੇ ਕੇ ਬ੍ਰਹਮਲੀਨ ਹੋ ਗਏ। ਆਪ ਦੀ ਨਿੱਘੀ ਤੇ ਮਿੱਠੀ ਯਾਦ ਨੂੰ ਸਮਰਪਿਤ ਦੂਸਰੀ ਸਾਲਾਨਾ ਬਰਸੀ ਦੇ ਮੌਕੇ 'ਤੇ ਸ਼ਰਧਾ ਤੇ ਸਤਿਕਾਰ ਸਹਿਤ ਮਹਾਨ ਸੰਤ ਸਮਾਗਮ 14 ਫਰਵਰੀ ਨੂੰ ਨਿਰਮਲ ਡੇਰਾ ਪਿੰਡ ਲੂਲੋਂ, ਨਜ਼ਦੀਕ ਨੰਦਪੁਰ ਕਲੌੜ, ਤਹਿਸੀਲ ਬੱਸੀ ਪਠਾਣਾਂ, ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਵਿਖੇ ਕਰਵਾਇਆ ਜਾ ਰਿਹਾ ਹੈ।


-ਮੋਬਾ: 97800-07848

ਪਰਤਣ ਲੱਗੇ ਹਨ ਲਾਹੌਰ ਦੇ ਮੰਦਰਾਂ ਦੇ ਚੰਗੇ ਦਿਨ

ਸਾਲ 1992 ਵਿਚ ਭਾਰਤ ਵਿਚ ਉੱਠਿਆ ਬਾਬਰੀ ਮਸਜਿਦ ਵਿਵਾਦ ਸਰਹੱਦ ਪਾਰ ਪਾਕਿਸਤਾਨ ਵਿਚ ਕਰੀਬ 1000 ਮੰਦਰਾਂ ਦੀ ਬਲੀ ਲੈ ਕੇ ਸ਼ਾਂਤ ਹੋਇਆ। ਅਯੁੱਧਿਆ ਵਿਚ ਰਾਮ ਮੰਦਰ ਬਨਾਮ ਬਾਬਰੀ ਮਸਜਿਦ ਵਿਵਾਦ ਦੇ ਚਲਦਿਆਂ ਪਾਕਿਸਤਾਨ ਦੇ ਅਲੱਗ-ਅਲੱਗ ਸ਼ਹਿਰਾਂ ਵਿਚ ਪਾਕਿਸਤਾਨੀ ਸੱਤਾਧਾਰੀਆਂ ਦੀ ਸਰਪ੍ਰਸਤੀ ਹੇਠ ਦੰਗਾਕਾਰੀਆਂ ਨੇ ਸ਼ਾਇਦ ਹੀ ਕੋਈ ਅਜਿਹਾ ਮੰਦਰ ਬਾਕੀ ਨਹੀਂ ਰਹਿਣ ਦਿੱਤਾ ਹੋਵੇਗਾ, ਜਿਸ ਨੂੰ ਨੁਕਸਾਨ ਨਾ ਪਹੁੰਚਾਇਆ ਗਿਆ ਹੋਵੇ ਜਾਂ ਜੋ ਜ਼ਮੀਨਦੋਜ਼ ਨਾ ਕੀਤਾ ਗਿਆ ਹੋਵੇ।
ਬਾਬਰੀ ਮਸਜਿਦ ਵਿਵਾਦ ਦੇ 27 ਵਰ੍ਹਿਆਂ ਬਾਅਦ ਪਾਕਿਸਤਾਨ ਵਿਚ ਬਾਕੀ ਸ਼ਹਿਰਾਂ ਦੇ ਤਾਂ ਨਹੀਂ ਪਰ ਲਾਹੌਰ ਦੇ ਕੁਝ ਗਿਣੇ-ਚੁਣੇ ਮੰਦਰਾਂ ਦੇ ਚੰਗੇੇ ਦਿਨ ਜ਼ਰੂਰ ਪਰਤ ਰਹੇ ਹਨ। ਪਾਕਿਸਤਾਨ ਸਰਕਾਰ ਦੇ ਪੁਰਾਤੱਤਵ ਅਤੇ ਟੂਰਿਜ਼ਮ ਵਿਭਾਗ ਨੇ ਕਰੋੜਾਂ ਰੁਪਏ ਖਰਚ ਕਰਕੇ ਸਾਲ 1992 ਵਿਚ ਢਾਹੇ ਗਏ ਮੰਦਰਾਂ ਦੇ ਖੰਡਰ ਬਣੇ ਢਾਂਚਿਆਂ ਦੇ ਨਵ-ਨਿਰਮਾਣ ਦੀ ਕਾਰਵਾਈ ਸ਼ੁਰੂ ਕੀਤੀ ਹੈ। ਇਹ ਆਪਣੇ-ਆਪ ਵਿਚ ਚੰਗੀ ਅਤੇ ਸ਼ੁਭ ਸ਼ੁਰੂਆਤ ਹੈ। ਪਰ ਭਾਰਤੀ ਫ਼ਿਜ਼ਾਵਾਂ ਵਿਚ ਜਦੋਂ ਇਕ ਵਾਰ ਫਿਰ ਬਾਬਰੀ ਮਸਜਿਦ ਦੇ ਵਿਵਾਦਿਤ ਢਾਂਚੇ 'ਤੇ ਰਾਮ ਮੰਦਰ ਨਿਰਮਾਣ ਦੀਆਂ ਘੋਸ਼ਣਾਵਾਂ ਗੂੰਜਣ ਲੱਗੀਆਂ ਹਨ ਤਾਂ ਇਹ ਸੋਚਣਾ ਲਾਜ਼ਮੀ ਬਣ ਜਾਂਦਾ ਹੈ ਕਿ ਇਸ ਵਾਰ ਰਾਮ ਮੰਦਰ ਦਾ ਨਿਰਮਾਣ ਸਰਹੱਦ ਪਾਰ ਹੋਰ ਕਿੰਨੇ ਮੰਦਰਾਂ ਦੀ ਬਲੀ ਲੈ ਕੇ ਅਤੇ ਉਥੇ ਰਹਿ ਰਹੇ ਕਿੰਨੇ ਹਿੰਦੂਆਂ ਨੂੰ ਘਰੋਂ ਬੇਘਰ ਕਰਕੇ ਸ਼ਾਂਤ ਹੋਵੇਗਾ। ਯਾਦ ਰੱਖਣ ਯੋਗ ਹੈ ਕਿ ਸਾਲ 1992 ਤੋਂ ਬਾਅਦ ਪਾਕਿਸਤਾਨੀ ਕਬਾਇਲੀ ਇਲਾਕਿਆਂ ਵਿਚੋਂ ਪ੍ਰੇਸ਼ਾਨ ਕਰਕੇ ਜਬਰੀ ਕੱਢੇ ਗਏ ਹਜ਼ਾਰਾਂ ਹਿੰਦੂ-ਸਿੱਖ ਪਰਿਵਾਰ ਅੱਜ ਵੀ ਪਾਕਿਸਤਾਨ ਦੇ ਅਲੱਗ-ਅਲੱਗ ਸ਼ਹਿਰਾਂ ਵਿਚ ਸ਼ਰਨਾਰਥੀਆਂ ਵਰਗਾ ਜੀਵਨ ਬਤੀਤ ਕਰ ਰਹੇ ਹਨ।
ਬਾਬਰੀ ਮਸਜਿਦ ਨੂੰ ਗਿਰਾਏ ਜਾਣ ਬਦਲੇ ਪਾਕਿਸਤਾਨ ਵਿਚ ਹਿੰਦੂ ਮੰਦਰਾਂ ਨੂੰ ਤਹਿਸ-ਨਹਿਸ ਕਰਨ ਦੀ ਕਾਰਵਾਈ 6 ਦਸੰਬਰ, 1992 ਨੂੰ ਸ਼ੁਰੂ ਹੋਈ ਅਤੇ ਲਾਹੌਰ ਵਿਚ ਇਸ ਦੀ ਸ਼ੁਰੂਆਤ 8 ਦਸੰਬਰ ਨੂੰ ਲਾਹੌਰ ਦੀ ਪੁਰਾਣੀ ਅਨਾਰਕਲੀ ਦੀ ਫੂਡ ਸਟਰੀਟ ਤੋਂ ਥੋੜ੍ਹੀ ਦੂਰੀ 'ਤੇ ਸਥਿਤ ਦਿਗੰਬਰ ਜੈਨ ਮੰਦਰ ਨੂੰ ਗਿਰ੍ਹਾ ਕੇ ਕੀਤੀ ਗਈ। ਭਾਵੇਂ ਕਿ ਇਹ ਮੰਦਰ ਵੀ ਲਾਹੌਰ ਅਤੇ ਪਾਕਿਸਤਾਨ ਦੇ ਹੋਰਨਾਂ ਮੰਦਰਾਂ ਵਾਂਗ ਹੀ ਸੀ, ਜਿਨ੍ਹਾਂ ਨੂੰ ਸੰਪਰਦਾਇਕ ਦੰਗਿਆਂ ਦੇ ਚਲਦਿਆਂ ਗਿਰਾਇਆ ਗਿਆ, ਪਰ ਇਹ ਮੰਦਰ ਸਿਰਫ਼ ਇਕ ਇੱਟਾਂ ਦਾ ਢਾਂਚਾ ਨਾ ਹੋ ਕੇ ਇਸ ਪੂਰੇ ਇਲਾਕੇ ਦੀ ਪਹਿਚਾਣ ਸੀ ਅਤੇ ਉਪਰੋਕਤ ਮੰਦਰ ਨੂੰ ਗਿਰਾਏ ਜਾਣ ਦੇ 27 ਵਰ੍ਹੇ ਬਾਅਦ ਵੀ ਉਸ ਦੀ ਇਹ ਪਹਿਚਾਣ ਕਾਇਮ ਹੈ। ਅੱਜ ਵੀ ਇਸ ਇਲਾਕੇ ਨੂੰ ਜੈਨ ਮੰਦਰ ਚੌਕ ਨਾਂਅ ਨਾਲ ਹੀ ਸੰਬੋਧਿਤ ਕੀਤਾ ਜਾਂਦਾ ਹੈ। ਸਾਲ 1992 ਵਿਚ ਮੰਦਰ ਨੂੰ ਗਿਰਾਏ ਜਾਣ ਦੇ ਬਾਅਦ ਇਸ ਆਬਾਦੀ ਅਤੇ ਚੌਰਾਹੇ ਨੂੰ ਸਰਕਾਰੀ ਪੱਧਰ 'ਤੇ 'ਬਾਬਰੀ ਮਸਜਿਦ ਚੌਕ' ਦਾ ਨਾਂਅ ਦਿੱਤਾ ਗਿਆ। ਹਾਲਾਂਕਿ ਇਹ ਵੱਖਰੀ ਗੱਲ ਹੈ ਕਿ ਇਥੋਂ ਨਿਕਲਣ ਵਾਲੇ ਰਾਹਗੀਰ ਤਾਂ ਦੂਰ, ਇਸ ਇਲਾਕੇ ਵਿਚ ਰਹਿਣ ਵਾਲੇ ਲੋਕ ਵੀ ਇਸ ਇਲਾਕੇ ਦੇ ਬਦਲੇ ਨਾਂਅ 'ਬਾਬਰੀ ਮਸਜਿਦ ਚੌਕ' ਤੋਂ ਜਾਣੂ ਨਹੀਂ ਹਨ ਅਤੇ ਜੋ ਜਾਣੂ ਹਨ, ਉਹ ਇਸ ਬਦਲੇ ਨਾਂਅ ਨੂੰ ਸਵੀਕਾਰ ਕਰਨ ਲਈ ਤਿਆਰ ਨਹੀਂ ਹਨ।
(ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)


-ਅੰਮ੍ਰਿਤਸਰ।
ਮੋਬਾ: 9356127771, 7837849764

ਜੰਗਨਾਮਾ ਕਾਜ਼ੀ ਨੂਰ ਮੁਹੰਮਦ

ਅਠਾਰ੍ਹਵੀਂ ਸਦੀ ਦੇ ਲਹੂ ਭਿੱਜੇ ਸਿੱਖ ਇਤਿਹਾਸ ਦਾ ਇਕ ਅਹਿਮ ਦਸਤਾਵੇਜ਼ ਹੈ ਕਾਜ਼ੀ ਨੂਰ ਮੁਹੰਮਦ ਦਾ ਜੰਗਨਾਮਾ। 1765 ਵਿਚ ਕਲਾਤ ਵਿਚ ਮੁਕੰਮਲ ਹੋਏ ਇਸ ਜੰਗਨਾਮੇ ਵਿਚ ਅਹਿਮਦ ਸ਼ਾਹ ਅਬਦਾਲੀ ਦੇ ਹਿੰਦੁਸਤਾਨ ਉੱਤੇ ਸੱਤਵੇਂ ਹੱਲੇ ਦਾ ਆਦਿ ਤੋਂ ਅੰਤ ਤੱਕ ਦਾ ਅੱਖੀਂ ਡਿੱਠਾ ਹਾਲ ਹੈ। ਇਸ ਸੱਤਵੇਂ ਹੱਲੇ ਨੇ ਅਬਦਾਲੀ ਦੇ ਭਾਰਤ ਉੱਤੇ ਅਫ਼ਗਾਨ ਹਕੂਮਤ ਸਥਾਪਤ ਕਰਨ ਦੇ ਮਨਸੂਬੇ ਮਿੱਟੀ ਵਿਚ ਮਿਲਾ ਦਿੱਤੇ। ਸਿੱਖਾਂ ਨੇ ਕਦਮ-ਕਦਮ 'ਤੇ ਉਸ ਨਾਲ ਲੋਹਾ ਲਿਆ। ਉਸ ਨੇ ਸਿੱਖ ਸਰਦਾਰਾਂ ਨੂੰ ਪੰਜਾਬ ਵਿਚੋਂ ਦਿੱਲੀ ਤੱਕ ਸੁਰੱਖਿਅਤ ਲਾਂਘਾ ਦੇਣ ਅਤੇ ਟਕਰਾਅ ਵਿਚ ਨਾ ਆਉਣ ਲਈ ਵਾਰ-ਵਾਰ ਤਰਲੇ ਕੀਤੇ। ਸਿੱਖਾਂ ਨੂੰ ਪੰਜਾਬ ਤੇ ਭਾਰਤ ਵਿਚ ਜਿੰਨਾ ਇਲਾਕਾ ਉਹ ਚਾਹੁਣ, ਦੇਣ ਦੀ ਪੇਸ਼ਕਸ਼ ਤੱਕ ਕੀਤੀ ਪਰ ਸਿੱਖਾਂ ਨੇ ਹਰ ਪੇਸ਼ਕਸ਼ ਠੁਕਰਾਉਂਦੇ ਹੋਏ ਕਿਹਾ ਕਿ ਬਾਦਸ਼ਾਹੀ ਤੂੰ ਕੀ ਦੇਣੀ ਹੈ, ਇਹ ਤਾਂ ਦਸਮੇਸ਼ ਨੇ ਸਾਨੂੰ ਪਹਿਲਾਂ ਹੀ ਬਖਸ਼ ਰੱਖੀ ਹੈ। ਅਸੀਂ ਲੈ ਹੀ ਲੈਣੀ ਹੈ। ਅੱਠਵੇਂ ਹੱਲੇ ਵੇਲੇ ਵੀ ਅਬਦਾਲੀ ਨੇ ਇਹ ਦੋਹਰੀ ਨੀਤੀ ਵਾਲੇ ਯਤਨ ਜਾਰੀ ਰੱਖੇ। ਸਿੱਖਾਂ ਨੂੰ ਤਾਕਤ ਨਾਲ ਦਬਾਉਣ-ਕੁਚਲਣ ਤੇ ਖਤਮ ਕਰਨ ਦਾ ਯਤਨ ਅਤੇ ਉਨ੍ਹਾਂ ਨੂੰ ਕੁਝ ਇਲਾਕੇ ਤੇ ਸਹੂਲਤਾਂ ਦੇ ਕੇ ਸਮਝੌਤਾ ਕਰਨ ਦੀਆਂ ਕੋਸ਼ਿਸ਼ਾਂ। ਉਸ ਦੇ ਦੋਵੇਂ ਯਤਨ ਬੇਕਾਰ ਗਏ। ਉਸ ਦੇ ਸਾਹਮਣੇ ਹੀ ਸਿੱਖ ਨਿਡਰ ਹੋ ਕੇ ਉਸ ਦੇ ਲਾਏ ਸੂਬੇਦਾਰਾਂ, ਕਿਲੇਦਾਰਾਂ, ਵਜ਼ੀਰਾਂ, ਫੌਜਦਾਰਾਂ ਨੂੰ ਲੁੱਟਦੇ-ਕੁੱਟਦੇ। ਉਨ੍ਹਾਂ ਉਸ ਦੇ ਦੇਖਦੇ-ਦੇਖਦੇ ਹੀ ਸਾਰਾ ਪੰਜਾਬ ਆਪਣੇ ਕਬਜ਼ੇ ਹੇਠ ਕਰ ਲਿਆ। ਉਹ ਝਈਆਂ ਲੈ-ਲੈ ਆਉਂਦਾ, ਫੌਜਾਂ ਚਾੜ੍ਹਦਾ। ਕੁਝ ਸਮੇਂ ਲਈ ਸਿੱਖ ਛਾਈਂ-ਮਾਈਂ ਹੋ ਜਾਂਦੇ। ਫੌਜਾਂ ਤੇ ਸੂਬੇਦਾਰ ਕਿਲ੍ਹੇ ਵਿਚ ਜਾਂ ਕਿਸੇ ਸੂਬੇ ਦੀ ਰਾਜਧਾਨੀ ਵਿਚ ਪਹੁੰਚਦੇ ਅਤੇ ਸਿੱਖ ਮੁੜ ਮੁਲਕ ਦੇ ਮਾਲਕ ਬਣ ਬਹਿੰਦੇ।
ਅਬਦਾਲੀ ਦਾ ਸੱਤਵਾਂ ਹੱਲਾ ਉਸ ਦੇ ਜੀਵਨ ਦਾ ਤਬਾਹੀ ਵੱਲ ਮੋੜ ਸੀ, ਜਿਸ ਉੱਤੇ ਅੱਠਵੇਂ ਹੱਲੇ ਨੇ ਮੋਹਰ ਲਾ ਦਿੱਤੀ। ਯਤਨ ਤਾਂ ਉਸ ਨੇ 1772 ਵਿਚ ਮਰਨ ਤੱਕ ਜਾਰੀ ਰੱਖੇ ਪਰ ਉਨ੍ਹਾਂ ਵਿਚੋਂ ਅੱਗ ਸੇਕ ਤੇ ਤੁੰਦੀ ਘਟਦਾ-ਘਟਦਾ ਖ਼ਤਮ ਹੀ ਹੋ ਗਿਆ। ਪ੍ਰੇਸ਼ਾਨੀ ਉਸ ਨੂੰ ਇਹ ਸੀ ਕਿ ਛੇਵੇਂ ਹੱਲੇ ਸਮੇਂ 5 ਫਰਵਰੀ, 1762 ਨੂੰ ਇਕੋ ਦਿਨ ਜਿਸ ਨੂੰ ਸਿੱਖ ਵੱਡਾ ਘੱਲੂਘਾਰਾ ਕਹਿੰਦੇ ਹਨ, ਉਸ ਨੇ ਕੁੱਪ ਰੋਹੀੜੇ ਦੇ ਖੇਤਰ ਵਿਚ ਘੇਰਾ ਪਾ ਕੇ ਅੱਧੀ ਸਿੱਖ ਜਨ ਸੰਖਿਆ (ਲਗਪਗ 25 ਹਜ਼ਾਰ ਸਿੱਖ) ਖਤਮ ਕਰ ਦਿੱਤੇ ਸਨ। ਦੋ ਕੁ ਮਹੀਨੇ ਬਾਅਦ 10 ਅਪ੍ਰੈਲ, 1762 ਨੂੰ ਹਰਿਮੰਦਰ ਸਾਹਿਬ ਨੂੰ ਤੋਪਾਂ ਤੇ ਬਾਰੂਦ ਦੇ ਕੁੱਪਿਆਂ ਨਾਲ ਉਡਾਇਆ ਸੀ ਪਰ ਘੱਲੂਘਾਰੇ ਨੂੰ ਤਿੰਨ ਮਹੀਨੇ ਵੀ ਨਹੀਂ ਸਨ ਲੰਘੇ ਕਿ ਸਿੱਖਾਂ ਨੇ ਮਲੇਰਕੋਟਲੇ ਦੇ ਨਵਾਬ ਭੀਖਣ ਖਾਂ ਤੋਂ ਘੱਲੂਘਾਰੇ ਸਮੇਂ ਕੀਤੀ ਜ਼ਿਆਦਤੀ ਲਈ ਨੱਕ ਨਾਲ ਲਕੀਰਾਂ ਕਢਵਾਈਆਂ ਤੇ ਨਜ਼ਰਾਨੇ ਲਏ।
ਮਈ, 1762 ਵਿਚ ਉਨ੍ਹਾਂ ਸਰਹਿੰਦ ਦੇ ਗਵਰਨਰ ਜੈਨ ਖਾਨ ਨਾਲ ਇਹੀ ਕੁਝ ਕੀਤਾ। ਉਸ ਨੇ ਪੰਜਾਹ ਹਜ਼ਾਰ ਰੁਪਏ ਦੇ ਕੇ ਜਾਨ ਛੁਡਾਈ। ਸਿੱਖ ਬੇਖੌਫ ਹਰਿਮੰਦਰ ਸਾਹਿਬ ਮੱਥਾ ਟੇਕਣ ਜਾਣ ਲੱਗੇ। ਅਬਦਾਲੀ ਕਦੇ ਲਾਹੌਰ ਤੇ ਕਦੇ ਕਲਾਨੌਰ ਬੈਠਾ ਦੰਦੀਆਂ ਪੀਂਹਦਾ ਰਿਹਾ। 1762 ਦੀ ਦੀਵਾਲੀ ਅੰਮ੍ਰਿਤਸਰ ਮਨਾਉਣ ਲਈ ਸਿੱਖ ਵੱਡੀ ਗਿਣਤੀ ਵਿਚ ਅੰਮ੍ਰਿਤਸਰ ਪਹੁੰਚਣ ਲੱਗੇ। ਲਾਹੌਰ ਬੈਠੇ ਅਬਦਾਲੀ ਨੇ ਏਲਚੀ ਭੇਜੇ ਕਿ ਮੇਰੇ ਨਾਲ ਸੁਲਾਹ ਕਰ ਲਓ। ਸਿੱਖਾਂ ਨੇ ਉਨ੍ਹਾਂ ਨੂੰ ਕੁੱਟ ਕੇ ਭਜਾ ਦਿੱਤਾ। ਗੁੱਸੇ ਵਿਚ 16 ਅਕਤੂਬਰ, 1762 ਨੂੰ ਅਬਦਾਲੀ ਫੌਜ ਲੈ ਕੇ ਅੰਮ੍ਰਿਤਸਰ ਉੱਤੇ ਆ ਚੜ੍ਹਿਆ। ਅਗਲੇ ਦਿਨ ਦੀਵਾਲੀ ਸੀ। ਸਾਰਾ ਦਿਨ ਸਿੱਖ ਉਸ ਨਾਲ ਲੜਦੇ ਰਹੇ। ਦੇਰ ਰਾਤ ਤੱਕ ਉਹ ਉਸ ਦੀਆਂ ਫੌਜਾਂ ਨੂੰ ਸ਼ਹਿਰੋਂ ਬਾਹਰ ਧੱਕਦੇ ਹੋਏ ਲੈ ਗਏ। ਰਾਤ ਹਨੇਰੇ ਵਿਚ ਬੇਵੱਸ ਅਬਦਾਲੀ ਵਾਪਸ ਲਾਹੌਰ ਮੁੜ ਗਿਆ। ਲਗਪਗ ਦੋ ਮਹੀਨੇ ਉਹ ਲਾਹੌਰ ਰਿਹਾ। ਸਿੱਖ ਉਸ ਦੀਆਂ ਬਰੂਹਾਂ ਤੱਕ ਲੁੱਟਮਾਰ ਕਰਦੇ, ਉਹ ਵਿਸ ਘੋਲਦਾ ਰਹਿ ਜਾਂਦਾ। 12 ਦਸੰਬਰ, 1762 ਨੂੰ ਉਹ ਆਪਣੀਆਂ ਫੌਜਾਂ ਸਮੇਤ ਆਪਣੇ ਵਤਨ ਨੂੰ ਦੌੜ ਗਿਆ।
(ਬਾਕੀ ਅਗਲੇ ਮੰਗਲਵਾਰ ਦੇ ਧਰਮ ਤੇ ਵਿਰਸਾ ਅੰਕ 'ਚ)


-ਹਾਊਸ ਨੰ: 2, ਸਟਰੀਟ ਨੰ: 9,
ਗੁਰੂ ਨਾਨਕ ਨਗਰ, ਪਟਿਆਲਾ।

ਦਾਤਾ ਗੰਜਬਖ਼ਸ਼ ਦੇ ਲਕਬ ਨਾਲ ਮਸ਼ਹੂਰ

ਕਸ਼ਫ਼ੁਲ ਮਹਿਜੂਬ

ਦਾਤਾ ਗੰਜਬਖ਼ਸ਼ ਦੇ ਲਕਬ ਨਾਲ ਮਸ਼ਹੂਰ ਅਤੇ ਕਸ਼ਫ਼ੁਲ ਮਹਿਜੂਬ (ਛੁਪੇ ਰਾਜ਼ ਨੂੰ ਖੋਲ੍ਹਣਾ) ਦੇ ਰਚਨਾਕਾਰ ਦਾ ਪੂਰਾ ਨਾਂਅ ਅਲੀ ਬਿਨ ਉਸਮਾਨ ਅਲਜਲਾਬੀ ਹੁਜਵੀਰੀ ਸੀ। ਇਨ੍ਹਾਂ ਦੇ ਵੱਡੇ-ਵਡੇਰੇ ਗ਼ਜ਼ਨੀ ਸ਼ਹਿਰ ਦੇ ਨੇੜੇ ਪਿੰਡ ਹੁਜਵੀਰ ਦੇ ਵਸਨੀਕ ਸਨ, ਇਸ ਲਈ ਹੁਜਵੀਰੀ ਕਹਾਏ ਜਾਣ ਲੱਗੇ ਅਤੇ ਪੂਰੇ ਨਾਂਅ ਵਿਚੋਂ ਛੋਟਾ 'ਅਲੀ' ਲੈ ਕੇ ਅਲੀ ਹੁਜਵੀਰੀ ਕਰਕੇ ਪ੍ਰਸਿੱਧ ਹੋਏ। ਇਹ ਹਸਨੀ ਸੱਯਦ ਸੀ ਅਤੇ ਹਜ਼ਰਤ ਅਲੀ ਦੀ ਨੌਵੀਂ ਪੀੜ੍ਹੀ ਵਿਚੋਂ ਸਨ। ਇਨ੍ਹਾਂ ਦਾ ਜਨਮ ਕਦੋਂ ਅਤੇ ਕਿਥੇ ਹੋਇਆ? ਇਸ ਬਾਰੇ ਕੁਝ ਪਤਾ ਨਹੀਂ ਲਗਦਾ ਪਰ ਏਨਾ ਜ਼ਰੂਰ ਹੈ ਕਿ ਆਪ ਆਪਣੇ ਮੁਰਸ਼ਦ ਹਜ਼ਰਤ ਅਬੁਲ ਫ਼ਜ਼ਲ ਗ਼ਜ਼ਨਵੀ ਦੇ ਹੁਕਮ ਦੀ ਪਾਲਣਾ ਕਰਦੇ ਹੋਏ, ਸੁਲਤਾਨ ਮਹਿਮੂਦ ਗ਼ਜ਼ਨਵੀ ਦੇ ਲਸ਼ਕਰ ਨਾਲ, ਇਸਲਾਮ ਦੇ ਪ੍ਰਚਾਰ ਲਈ ਸੰਨ 1036 ਈ: ਵਿਚ ਭਾਰਤ ਆਏ ਅਤੇ ਲਾਹੌਰ ਨੂੰ ਆਪਣਾ ਪੱਕਾ ਟਿਕਾਣਾ ਬਣਾ ਲਿਆ। ਇਨ੍ਹਾਂ ਦਾ ਦਿਹਾਂਤ 1072 ਈ: ਦੇ ਨੇੜੇ ਹੋਇਆ ਮੰਨਿਆ ਜਾਂਦਾ ਹੈ। ਮਜ਼ਾਰ ਵੀ ਲਾਹੌਰ ਵਿਚ ਹੀ ਬਣਿਆ, ਜਿਥੇ ਹਰ ਸਾਲ ਉਰਸ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ।
ਅਲੀ ਹੁਜਵੀਰੀ ਨੇ ਕਈ ਫ਼ਾਰਸੀ ਪੁਸਤਕਾਂ ਦੀ ਰਚਨਾ ਕੀਤੀ, ਜਿਨ੍ਹਾਂ ਵਿਚੋਂ ਕਸ਼ਫ਼ੁਲ ਇਸਰਾਰ, ਕਸ਼ਫ਼ੁਲ ਮਹਿਜੂਬ ਅਤੇ ਦੀਵਾਨ ਅਲੀ ਆਦਿ ਵਧੇਰੇ ਪ੍ਰਸਿੱਧ ਹੋਈਆਂ। ਇਨ੍ਹਾਂ ਵਿਚੋਂ ਸਾਡੀ ਅੱਜ ਦੀ ਚਰਚਾ ਕਸ਼ਫ਼ੁਲ ਮਹਿਜੂਬ ਦੇ ਬਾਰੇ ਹੈ, ਜਿਸ ਦਾ ਅਰਥ ਹੈ ਛੁਪੇ ਰਾਜ਼ ਨੂੰ ਖੋਲ੍ਹਣਾ। ਪੁਸਤਕ ਦੇ ਰਚਨਾ ਪ੍ਰਯੋਜਨ ਅਤੇ ਨਾਂਅ ਬਾਰੇ ਲੇਖਕ ਦਾ ਕਹਿਣਾ ਹੈ, 'ਇਸ ਦਾ ਮੰਤਵ ਇਹ ਸੀ ਕਿ ਪੁਸਤਕ ਦਾ ਨਾਂਅ ਕਿਤਾਬ ਦੇ ਵਿਸ਼ੇ ਉੱਪਰ ਦਲਾਲਤ ਕਰੇ ਅਤੇ ਵਿਸ਼ੇਸ਼ ਰੂਪ ਵਿਚ ਜਦ ਗਿਆਨਵਾਨ ਲੋਕ ਇਸ ਪੁਸਤਕ ਦਾ ਨਾਂਅ ਸੁਣਨ, ਤਦ ਉਨ੍ਹਾਂ ਨੂੰ ਪਤਾ ਲੱਗ ਜਾਵੇ ਕਿ ਇਹ ਕਿਤਾਬ ਖਾਸ ਮੰਤਵ ਲਈ ਹੈ... ਚੂੰਕਿ ਇਹ ਪੁਸਤਕ ਪਰਮਾਤਮਾ ਦੇ ਰਾਹ ਨੂੰ ਬਿਆਨ ਕਰਨ ਲਈ ਹੈ ਅਤੇ ਗੁੱਝੇ ਇਲਾਹੀ ਭੇਤਾਂ ਨੂੰ ਪ੍ਰਗਟ ਕਰਨ ਲਈ ਹੈ, ਤਦ ਇਸ ਨਾਂਅ ਤੋਂ ਸਿਵਾਏ ਹੋਰ ਕੋਈ ਨਾਂਅ ਦਰੁਸਤ ਨਹੀਂ ਸੀ।' ਕਸ਼ਫ਼ੁਲ ਮਹਿਜੂਬ ਸੂਫ਼ੀ ਸਿਧਾਂਤਾਂ, ਸੰਕਲਪਾਂ ਅਤੇ ਵਿਚਾਰਧਾਰਾ ਨਾਲ ਸਬੰਧਿਤ ਭਾਰਤ ਦੀ ਧਰਤੀ 'ਤੇ ਰਚੀ ਗਈ ਸਭ ਤੋਂ ਪਹਿਲੀ ਪੁਸਤਕ ਮੰਨੀ ਗਈ ਹੈ। ਇਸ ਬਾਰੇ ਇਹ ਵੀ ਦੱਸਿਆ ਜਾਂਦਾ ਹੈ ਕਿ ਏਨੇ ਵਿਸਥਾਰ ਅਤੇ ਸਪੱਸ਼ਟਤਾ ਨਾਲ ਤਸਵੁੱਫ਼ ਬਾਰੇ ਲਿਖੀ ਗਈ ਇਸ ਤੋਂ ਪਹਿਲਾਂ ਦੀ ਕੋਈ ਰਚਨਾ ਨਹੀਂ ਮਿਲਦੀ। ਪੁਸਤਕ ਵਿਚ ਅਲੀ ਹੁਜਵੀਰੀ ਤੋਂ ਪਹਿਲਾਂ ਦੇ ਸੂਫ਼ੀ ਸਾਧਕਾਂ ਅਤੇ ਉਸ ਦੇ ਸਮਕਾਲੀ ਸੂਫ਼ੀਆਂ ਦੇ ਜੀਵਨ ਅਤੇ ਸਾਧਨਾ ਉਪਰ, ਚਲਦੇ-ਚਲਦੇ, ਪ੍ਰਕਾਸ਼ ਪਾਇਆ ਗਿਆ ਹੈ, ਨਬੀਆਂ ਅਤੇ ਫਰਿਸ਼ਤਿਆਂ ਆਦਿ ਦੀ ਵਡਿਆਈ ਵੀ ਕੀਤੀ ਗਈ ਹੈ। ਇੰਜ ਇਹ ਪੁਸਤਕ ਸੂਫ਼ੀ ਅਧਿਆਤਮਵਾਦ ਅਤੇ ਸੂਫ਼ੀ ਮਤ ਦੇ ਇਤਿਹਾਸ ਬਾਰੇ ਇਕ ਮਿਆਰੀ ਅਤੇ ਪ੍ਰਮਾਣਿਤ ਪੁਸਤਕ ਮੰਨੀ ਗਈ ਹੈ। ਆਪਣੀ ਅਹਿਮੀਅਤ ਕਰਕੇ ਹੀ ਇਹ ਪੁਸਤਕ ਤਕਰੀਬਨ ਇਕ ਹਜ਼ਾਰ ਸਾਲ ਤੋਂ ਸੂਫ਼ੀਆਂ ਦੀਆਂ ਖਾਨਗਾਹਾਂ ਅਤੇ ਤਕੀਆਂ ਵਿਚ ਸਿਧਾਂਤ ਪ੍ਰਧਾਨ ਪੁਸਤਕ ਵਜੋਂ ਪੜ੍ਹੀ ਅਤੇ ਵਿਚਾਰੀ ਜਾਂਦੀ ਰਹੀ ਹੈ।
ਕਸ਼ਫ਼ੁਲ ਮਹਿਜੂਬ ਪੁਸਤਕ ਦੇ ਅੱਠ ਵੱਡੇ ਅਧਿਆਇ (ਫ਼ਸਲਾਂ) ਹਨ, ਜਿਨ੍ਹਾਂ ਦੇ ਵਿਸਥਾਰ ਨੂੰ ਅੱਗੋਂ 32 ਉਪ-ਕਾਂਡਾਂ ਅਤੇ 3 ਅੰਤਿਕਾਵਾਂ ਵਿਚ ਵੰਡਿਆ ਗਿਆ ਹੈ। ਅਧਿਆਇ ਪਹਿਲਾ ਵਿੱਦਿਆ (ਇਲਮ) ਅਤੇ ਆਲਮ (ਵਿਦਵਾਨ) ਬਾਰੇ ਹੈ। ਵਿੱਦਿਆ ਹਰ ਮਨੁੱਖ ਲਈ ਜ਼ਰੂਰੀ ਹੈ ਪਰ ਹਜ਼ਰਤ ਮੁਹੰਮਦ ਸਾਹਿਬ ਦੇ ਹਵਾਲੇ ਨਾਲ ਇਹ ਪ੍ਰਮਾਣਿਤ ਕੀਤਾ ਗਿਆ ਹੈ ਕਿ, 'ਵਿੱਦਿਆ ਦੀ ਚਾਹਤ ਕਰਨਾ ਹਰੇਕ ਮੁਸਲਮਾਨ ਦਾ ਫ਼ਰਜ਼ ਹੈ ਅਤੇ ਇਸ ਲਈ ਜੇ ਉਸ ਨੂੰ ਚੀਨ ਦੇ ਮੁਲਕ ਵਿਚ ਵੀ ਜਾਣਾ ਪਵੇ ਤਾਂ ਉਸ ਨੂੰ ਜਾਣਾ ਚਾਹੀਦਾ ਹੈ।' ਵਿੱਦਿਆ ਨੂੰ ਮੋਟੇ ਤੌਰ 'ਤੇ ਦੋ ਤਰ੍ਹਾਂ ਦੀ ਮੰਨਿਆ ਗਿਆ ਹੈ, ਇਕ ਪਰਮਾਤਮਾ ਸਬੰਧੀ ਅਤੇ ਦੂਜੀ ਖਲਕਤ ਜਾਂ ਸੰਸਾਰ ਸਬੰਧੀ! ਆਲਮ ਅਤੇ ਜਾਹਲ ਦਾ ਫਰਕ ਬਿਆਨ ਕਰਦਿਆਂ ਲੇਖਕ ਲਿਖਦਾ ਹੈ, 'ਵਿਦਵਾਨਾਂ ਦਾ ਕੰਮ ਸੋਚਣਾ ਤੇ ਵਿਚਾਰਨਾ ਹੈ ਅਤੇ ਜਾਹਲਾਂ ਦਾ ਕੰਮ ਕੇਵਲ ਸੁਣੀ-ਸੁਣਾਈ ਗੱਲ ਨੂੰ ਅੱਗੇ ਤੋਰ ਦੇਣਾ ਹੈ। ਇਸ ਲਈ ਮੂਰਖ, ਅਨਪੜ੍ਹ ਲੋਕ ਵਿਦਵਾਨਾਂ ਦੇ ਟੋਲੇ ਤੋਂ ਵੱਖ ਗਿਣੇ ਜਾਂਦੇ ਹਨ।' (ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)


-ਮੋਬਾ: 98889-39808

ਸ਼ਬਦ ਵਿਚਾਰ

ਰਸਨਾ ਸਚਾ ਸਿਮਰੀਐ ਮਨੁ ਤਨੁ ਨਿਰਮਲੁ ਹੋਇ॥

ਸਿਰੀਰਾਗੁ ਮਹਲਾ ੫
ਰਸਨਾ ਸਚਾ ਸਿਮਰੀਐ
ਮਨੁ ਤਨੁ ਨਿਰਮਲੁ ਹੋਇ॥
ਮਾਤ ਪਿਤਾ ਸਾਕ ਅਗਲੇ
ਤਿਸੁ ਬਿਨੁ ਅਵਰੁ ਨ ਕੋਇ॥
ਮਿਹਰ ਕਰੇ ਜੇ ਆਪਣੀ
ਚਸਾ ਨ ਵਿਸਰੈ ਸੋਇ॥ ੧॥
ਮਨ ਮੇਰੇ ਸਾਚਾ ਸੇਵਿ ਜਿਚਰੁ ਸਾਸੁ॥
ਬਿਨੁ ਸਚੇ ਸਭ ਕੂੜੁ ਹੈ
ਅੰਤੇ ਹੋਇ ਬਿਨਾਸੁ॥ ੧॥ ਰਹਾਉ॥
ਸਾਹਿਬੁ ਮੇਰਾ ਨਿਰਮਲਾ
ਤਿਸੁ ਬਿਨੁ ਰਹਿਣੁ ਨ ਜਾਇ॥
ਮੇਰੇ ਮਨਿ ਤਨਿ ਭੁਖ ਅਤਿ ਅਗਲੀ
ਕੋਈ ਆਣਿ ਮਿਲਾਵੈ ਮਾਇ॥
ਚਾਰੇ ਕੁੰਡਾ ਭਾਲੀਆ
ਸਹ ਬਿਨੁ ਅਵਰੁ ਨ ਜਾਇ॥ ੨॥
ਤਿਸੁ ਆਗੈ ਅਰਦਾਸਿ ਕਰਿ
ਜੋ ਮੇਲੈ ਕਰਤਾਰੁ॥
ਸਤਿਗੁਰੁ ਦਾਤਾ ਨਾਮ ਕਾ
ਪੂਰਾ ਜਿਸੁ ਭੰਡਾਰੁ॥
ਸਦਾ ਸਦਾ ਸਾਲਾਹੀਐ
ਅੰਤੁ ਨ ਪਾਰਾਵਾਰੁ॥ ੩॥
ਪਰਵਦਗਾਰੁ ਸਾਲਾਹੀਐ
ਜਿਸ ਦੇ ਚਲਤ ਅਨੇਕ॥
ਸਦਾ ਸਦਾ ਆਰਾਧੀਐ
ਏਹਾ ਮਤਿ ਵਿਸੇਖ॥
ਮਨਿ ਤਨਿ ਮਿਠਾ ਤਿਸੁ ਲਗੈ
ਜਿਸੁ ਮਸਤਕਿ ਨਾਨਕ ਲੇਖ॥ ੪॥ ੧੯॥ ੮੯॥ (ਅੰਗ 49)
ਪਦ ਅਰਥ : ਰਸਨਾ-ਜੀਭ। ਸਚਾ-ਸਦਾ ਥਿਰ ਰਹਿਣ ਵਾਲਾ ਪਰਮਾਤਮਾ। ਨਿਰਮਲੁ-ਪਵਿੱਤਰ ਹੋ ਜਾਂਦਾ ਹੈ। ਅਗਲੇ-ਬਹੁਤ, ਬਥੇਰੇ। ਸਾਕ-ਸਾਕ ਸੰਬੰਧੀ। ਤਿਸੁ ਬਿਨੁ-ਉਸ ਪਰਮਾਤਮਾ ਤੋਂ ਬਿਨਾਂ। ਅਵਰੁ-ਹੋਰ। ਚਸਾ-ਪਲ ਦਾ 30ਵਾਂ ਹਿੱਸਾ, ਰਤਾ ਭਰ ਸਮਾਂ। ਜਿਚਰੁ ਸਾਸੁ-ਜਿੰਨਾ ਚਿਰ ਸੁਆਸ ਚਲਦੇ ਹਨ। ਕੂੜੁ-ਝੂਠ ਹੈ, ਪਰਪੰਚ ਹੈ। ਬਿਨਾਸੁ-ਨਾਸ ਹੋ ਜਾਂਦਾ ਹੈ। ਅੰਤੇ-ਅੰਤ ਨੂੰ। ਸਾਹਿਬੁ-ਮਾਲਕ ਪ੍ਰਭੂ। ਤਿਸੁ ਬਿਨੁ-ਉਸ ਤੋਂ ਬਿਨਾਂ। ਭੁਖ ਅਤਿ ਅਗਲੀ-ਬਹੁਤ ਜ਼ਿਆਦਾ ਭੁੱਖ ਹੈ। ਚਾਰੇ ਕੁੰਡਾ-ਚਾਰੇ ਕੂੰਟਾਂ, ਚਾਰੇ ਦਿਸ਼ਾਵਾਂ। ਭਾਲੀਆਂ-ਢੂੰਡੀਆਂ ਹਨ, ਭਾਲ ਚੁੱਕਾ ਹਾਂ। ਸਹ-ਸ਼ਾਹ, ਪ੍ਰਭੂ। ਅਵਰੁ-ਹੋਰ। ਨ ਜਾਇ-ਆਸਰਾ ਦੇਣ ਵਾਲਾ ਨਹੀਂ।
ਤਿਸੁ ਆਗੈ-ਉਸ (ਗੁਰੂ) ਦੇ ਅੱਗੇ। ਜੋ ਮੇਲੈ ਕਰਤਾਰੁ-ਜੋ ਕਰਤਾਰ ਨੂੰ ਮਿਲਾਉਣ ਵਾਲਾ ਹੈ। ਦਾਤਾ ਨਾਮ ਕਾ-ਨਾਮ ਦਾ ਦਾਤਾ ਹੈ। ਪੂਰਾ-ਸੰਪੂਰਨ, ਕਦੇ ਨਾ ਮੁੱਕਣ ਵਾਲਾ। ਭੰਡਾਰੁ-(ਨਾਮ ਦਾ) ਖਜ਼ਾਨਾ। ਸਾਲਾਹੀਐ-ਸਿਫਤ ਸਾਲਾਹ ਕਰਨੀ ਚਾਹੀਦੀ ਹੈ। ਅੰਤ ਨ ਪਾਰਾਵਾਰੁ-ਆਰਲੇ ਪਾਰਲੇ ਬੰਨੇ ਦਾ ਅੰਤ ਨਹੀਂ ਪਾਇਆ ਜਾ ਸਕਦਾ ਭਾਵ ਬੇਅੰਤ ਹੈ। ਪਰਵਦਗਾਰੁ-ਪਾਲਣਹਾਰ ਪ੍ਰਭੂ। ਚਲਤ-ਕੌਤਕ। ਮਤਿ ਵਿਸੇਖ-ਸ੍ਰੇਸ਼ਟ ਬੁੱਧੀ ਹੈ। ਮਸਤਕਿ ਲੇਖ-ਮੱਥੇ 'ਤੇ ਲੇਖ ਲਿਖੇ ਹੁੰਦੇ ਹਨ।
ਸ਼ਬਦ ਦੀਆਂ ਰਹਾਉ ਵਾਲੀਆਂ ਤੁਕਾਂ ਵਿਚ ਪੰਚਮ ਗੁਰਦੇਵ ਦ੍ਰਿੜ੍ਹ ਕਰਵਾ ਰਹੇ ਹਨ ਕਿ ਹੇ ਮੇਰੇ ਮਨ, ਜਿੰਨੀ ਦੇਰ ਇਸ ਦੇਹੀ ਅੰਦਰ ਸੁਆਸ ਚੱਲ ਰਹੇ ਹਨ, ਪਰਮਾਤਮਾ ਦੇ ਨਾਮ ਦਾ ਸਿਮਰਨ ਕਰਦਾ ਰਹਿ, ਕਿਉਂਕਿ ਇਕ ਪਰਮਾਤਮਾ ਤੋਂ ਬਿਨਾਂ ਹੋਰ ਸਭ ਝੂਠ ਹੈ, ਨਾਸਵੰਤ ਹੈ।
ਸਤਿਗੁਰੂ ਜੀ ਮਾਤਾ-ਪਿਤਾ, ਮਿੱਤਰ, ਭਰਾਵਾਂ ਆਦਿ ਦੀਆਂ ਉਦਾਹਰਨਾਂ ਦੇ ਕੇ ਜਗਿਆਸੂ ਨੂੰ ਸਮਝਾ ਰਹੇ ਹਨ ਕਿ ਹੇ ਭਾਈ, ਜਿਥੇ ਇਹ ਸਭ ਸਾਕ ਸੰਬੰਧੀ ਤੇਰਾ ਸਾਥ ਨਹੀਂ ਦਿੰਦੇ, ਉਥੇ ਪ੍ਰਭੂ ਦਾ ਨਾਮ ਤੇਰਾ ਸਹਾਈ ਹੋਵੇਗਾ। ਰਾਗੁ ਗਉੜੀ ਸੁਖਮਨੀ ਦੀ ਦੂਜੀ ਅਸ਼ਟਪਦੀ ਵਿਚ ਆਪ ਜੀ ਦੇ ਪਾਵਨ ਬਚਨ ਹਨ-
ਜਹ ਮਾਤ ਪਿਤਾ ਸੁਤ ਮੀਤ ਨ ਭਾਈ॥
ਮਨ ਊਹਾ ਨਾਮੁ ਤੇਰੈ ਸੰਗਿ ਸਹਾਈ॥ (ਅੰਗ 264)
ਜਹ-ਜਿਥੇ। ਸੁਤ-ਪੁੱਤਰ। ਮੀਤ-ਮਿੱਤਰ। ਊਹਾ-ਉਥੇ।
ਜਿਥੇ ਬੜੇ ਭਿਆਨਕ ਅਰਥਾਤ ਡਰਾਉਣੇ ਜਮਦੂਤ ਹਨ, ਉਥੇ ਕੇਵਲ ਤੇਰੇ ਨਾਲ ਪ੍ਰਭੂ ਦਾ ਨਾਮ ਹੀ ਜਾਂਦਾ ਹੈ-
ਜਹ ਮਹਾ ਭਇਆਨ ਦੂਤ ਜਮ ਦਲੈ॥
ਤਹ ਕੇਵਲ ਨਾਮੁ ਸੰਗਿ ਤੇਰੈ ਚਲੈ॥ (ਅੰਗ 264)
ਜਹ-ਜਿਥੇ। ਮਹਾ ਭਇਆਨ-ਬੜੇ ਭਿਆਨਕ ਅਰਥਾਤ ਡਰਾਉਣੇ। ਦੂਤ ਜਮ ਦਲੈ-ਜਮਦੂਤਾਂ ਦੇ ਦਲ। ਤਹ-ਉਥੇ। ਸੰਗਿ ਤੇਰੈ-ਤੇਰੇ ਨਾਲ।
ਜਿਥੇ ਕਦੀ (ਪ੍ਰਾਣੀ 'ਤੇ) ਬੜੀ ਭਾਰੀ ਮੁਸ਼ਕਿਲ ਆ ਪੈਂਦੀ ਹੈ ਤਾਂ ਪ੍ਰਭੂ ਦਾ ਨਾਮ ਉਸ ਤੋਂ ਇਕ ਪਲ ਵਿਚ (ਅੱਖ ਝਮਕਣ ਜਿੰਨੇ ਸਮੇਂ ਵਿਚ) ਬਚਾ ਲੈਂਦਾ ਹੈ-
ਜਹ ਮੁਸਕਲ ਹੋਵੈ ਅਤਿ ਭਾਰੀ॥
ਹਰਿ ਕੋ ਨਾਮੁ ਖਿਨ ਮਾਹਿ ਉਧਾਰੀ॥ (ਅੰਗ 264)
ਅਤਿ ਭਾਰੀ-ਬੜੀ ਭਾਰੀ। ਖਿਨੁ-ਅੱਖ ਝਮਕਣ ਜਿੰਨਾ ਸਮਾਂ। ਮਾਹਿ-ਵਿਚ। ਉਧਾਰੀ-ਬਚਾ ਲੈਂਦਾ ਹੈ।
ਇਸ ਲਈ ਹੇ ਮੇਰੇ ਮਨ, ਗੁਰੂ ਦੇ ਸਨਮੁਖ ਹੋ ਕੇ ਪਰਮਾਤਮਾ ਦੇ ਨਾਮ ਨੂੰ ਜਪੋ, ਜਿਸ ਨਾਲ ਸਦਾ ਬੜੇ ਸੁਖਾਂ ਨੂੰ ਪਾਓਗੇ-
ਗੁਰਮੁਖਿ ਨਾਮੁ ਜਪਹੁ ਮਨ ਮੇਰੇ॥
ਨਾਨਕ ਪਾਵਹੁ ਸੂਖ ਘਨੇਰੇ॥ (ਅੰਗ 264)
ਸੂਖ ਘਨੇਰੇ-ਬੜੇ ਸੁਖ।
ਵਾਸਤਵ ਵਿਚ ਪ੍ਰਭੂ ਦੇ ਨਾਮ ਦੀ ਦਾਤ ਦੇਣ ਵਾਲਾ ਗੁਰੂ ਹੈ, ਹੋਰ ਕੋਈ ਇਹ ਦਾਤ ਦੇਣ ਵਾਲਾ ਨਹੀਂ। ਰਾਗੁ ਮਲਾਰ ਵਿਚ ਗੁਰੂ ਅਮਰਦਾਸ ਜੀ ਦੇ ਅਨਮੋਲ ਬਚਨ ਹਨ-
ਸਤਿਗੁਰੁ ਦਾਤਾ ਰਾਮ ਨਾਮ ਕਾ
ਹੋਰੁ ਦਾਤਾ ਕੋਈ ਨਾਹੀ॥ (ਅੰਗ 1258)
ਜਿਨ੍ਹਾਂ ਜਗਿਆਸੂਆਂ ਨੂੰ ਗੁਰੂ ਆਤਮਿਕ ਜੀਵਨ ਦੀ ਦਾਤ ਦਿੰਦਾ ਹੈ, ਉਹ ਮਾਇਕ ਪਦਾਰਥਾਂ ਦੀ ਤ੍ਰਿਸ਼ਨਾ ਵਲੋਂ ਸੰਤੁਸ਼ਟ ਹੋ ਜਾਂਦੇ ਹਨ। ਉਨ੍ਹਾਂ ਨੂੰ ਫਿਰ ਮਾਇਕ ਪਦਾਰਥਾਂ ਦੀ ਭੁੱਖ ਨਹੀਂ ਰਹਿੰਦੀ ਅਤੇ ਸਦਾ ਪ੍ਰਭੂ ਦੇ ਨਾਮ ਵਿਚ ਲੀਨ ਰਹਿੰਦੇ ਹਨ-
ਜੀਅ ਦਾਨੁ ਦੇਇ ਤ੍ਰਿਪਤਾਸੇ ਸਚੈ ਨਾਮਿ ਸਮਾਹੀ॥ (ਅੰਗ 1258)
ਜੀਅ ਦਾਨੁ-ਆਤਮਿਕ ਜੀਵਨ ਦੀ ਦਾਤ। ਤ੍ਰਿਪਤਾਸੇ-ਮਾਇਅਕ ਤ੍ਰਿਸ਼ਨਾ ਵਲੋਂ ਸੰਤੁਸ਼ਟ ਹੋ ਜਾਂਦੇ ਹਨ, ਰੱਜ ਜਾਂਦੇ ਹਨ। ਸਚੈ-ਸਦਾ ਥਿਰ ਰਹਿਣ ਵਾਲਾ ਪ੍ਰਭੂ। ਸਮਾਹੀ-ਲੀਨ ਰਹਿੰਦੇ ਹਨ।
ਇਸ ਪ੍ਰਕਾਰ ਉਨ੍ਹਾਂ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਸਦਾ ਟਿਕਿਆ ਰਹਿੰਦਾ ਹੈ ਅਤੇ ਪ੍ਰਾਣੀ ਸਹਜ ਅਵਸਥਾ ਵਿਚ ਟਿਕ ਕੇ ਲਿਵ ਨੂੰ ਪ੍ਰਭੂ ਦੇ ਚਰਨਾਂ ਵਿਚ ਜੋੜੀ ਰੱਖਦਾ ਹੈ-
ਅਨਦਿਨ ਹਰਿ ਰਵਿਆ ਰਿਦ ਅੰਤਰਿ ਸਹਜਿ ਸਮਾਧਿ ਲਗਾਹੀ॥ (ਅੰਗ 1258)
ਸ਼ਬਦ ਦੇ ਅੱਖਰੀਂ ਅਰਥ : ਸਦਾ ਥਿਰ ਰਹਿਣ ਵਾਲੇ ਪਰਮਾਤਮਾ ਦਾ ਜੀਭ ਨਾਲ ਸਿਮਰਨ ਕਰਨ ਨਾਲ ਮਨ ਅਤੇ ਤਨ (ਸਰੀਰ) ਪਵਿੱਤਰ ਹੋ ਜਾਂਦੇ ਹਨ। ਮਾਤਾ-ਪਿਤਾ ਅਤੇ ਹੋਰ ਸਾਕ-ਸੰਬੰਧੀ ਮਨੁੱਖ ਦੇ ਬਹੁਤੇਰੇ ਹਨ ਪਰ (ਅੰਤ ਵੇਲੇ) ਪਰਮਾਤਮਾ ਤੋਂ ਬਿਨਾਂ ਹੋਰ ਕੋਈ ਸਹਾਈ ਨਹੀਂ ਹੁੰਦਾ। ਪਰਮਾਤਮਾ ਜੇਕਰ ਆਪਣੀ ਕਿਰਪਾ ਦ੍ਰਿਸ਼ਟੀ ਕਰ ਦੇਵੇ ਤਾਂ ਉਹ ਰਤਾ ਭਰ ਲਈ ਵੀ ਜੀਵ ਨੂੰ ਨਹੀਂ ਵਿਸਰਦਾ।
ਹੇ ਮੇਰੇ ਮਨ, ਜਿੰਨਾ ਚਿਰ ਸਰੀਰ ਵਿਚ ਸੁਆਸ ਚਲਦੇ ਹਨ, ਸਦਾ ਥਿਰ ਰਹਿਣ ਵਾਲੇ ਪ੍ਰਭੂ ਨੂੰ ਸਿਮਰਦਾ ਰਹਿ। ਉਸ ਸਦਾ ਥਿਰ ਰਹਿਣ ਵਾਲੇ ਪ੍ਰਭੂ ਤੋਂ ਬਿਨਾਂ ਸਭ ਕੁਝ ਝੂਠ ਹੈ, ਜੋ ਅੰਤ ਵੇਲੇ ਸਭ ਨਾਸ ਹੋ ਜਾਵੇਗਾ।
ਹੇ ਭਾਈ, ਮੇਰਾ ਮਾਲਕ ਪ੍ਰਭੂ ਪਵਿੱਤਰ ਸਰੂਪ ਵਾਲਾ ਹੈ। ਉਸ ਤੋਂ ਬਿਨਾਂ ਮੈਂ ਰਹਿ ਨਹੀਂ ਸਕਦਾ। ਮੇਰੇ ਮਨ ਅਤੇ ਤਨ ਵਿਚ (ਉਸ ਨੂੰ ਮਿਲਣ ਦੀ) ਬੜੀ ਜ਼ਿਆਦਾ ਭੁੱਖ ਹੈ। ਹੇ ਮੇਰੀ ਮਾਂ, ਕੋਈ ਆ ਕੇ ਮੈਨੂੰ ਉਸ ਨਾਲ ਮਿਲਾਪ ਕਰਵਾ ਦੇਵੇ। ਮੈਂ ਚਾਰੇ ਦਿਸ਼ਾਵਾਂ (ਫਿਰ ਕੇ) ਭਾਲ ਚੁੱਕਾ ਹਾਂ, ਪਰਮਾਤਮਾ ਤੋਂ ਬਿਨਾਂ ਹੋਰ ਕੋਈ ਆਸਰਾ ਦੇਣ ਵਾਲਾ ਨਹੀਂ।
ਹੇ ਭਾਈ, ਉਸ ਗੁਰੂ ਅੱਗੇ ਅਰਜੋਈ ਕਰ ਜੋ ਤੇਰਾ ਪ੍ਰਭੂ ਨਾਲ ਮਿਲਾਪ ਕਰਵਾਉਣ ਵਾਲਾ ਹੈ। ਸਤਿਗੁਰੂ ਹੀ ਪ੍ਰਭੂ ਦੇ ਨਾਮ ਦਾ ਦਾਤਾ ਹੈ, ਜਿਸ ਪਾਸ ਪੂਰੇ ਨਾਮ ਦਾ ਅਖੁੱਟ ਭੰਡਾਰ ਹੈ। ਜਿਸ ਪ੍ਰਭੂ ਦੇ ਆਰਲੇ-ਪਾਰਲੇ ਬੰਨੇ ਦਾ ਕੋਈ ਅੰਤ ਨਹੀਂ, ਉਸ ਦੀ ਸਦਾ ਸਿਫਤ ਸਾਲਾਹ ਕਰਨੀ ਚਾਹੀਦੀ ਹੈ।
ਪ੍ਰਭੂ ਅਨੇਕਾਂ ਕੌਤਕਾਂ ਦਾ ਮਾਲਕ ਹੈ। ਅਜਿਹੇ ਪਾਲਣਹਾਰ ਪ੍ਰਭੂ ਦੀ ਸਦਾ ਸਿਫਤ ਸਾਲਾਹ ਕਰਨੀ ਚਾਹੀਦੀ ਹੈ। ਇਸ ਵਿਚ ਹੀ ਸ੍ਰੇਸ਼ਟ ਬੁੱਧੀ (ਵਾਲੀ ਗੱਲ) ਹੈ ਕਿ ਉਸ ਦੀ ਸਦਾ ਸਿਫਤ ਸਾਲਾਹ ਕਰਦੇ ਰਹੀਏ। ਮਨ ਤੇ ਤਨ ਵਿਚ ਪ੍ਰਭੂ ਉਸ ਨੂੰ ਹੀ ਮਿੱਠਾ (ਪਿਆਰਾ) ਲਗਦਾ ਹੈ, ਜਿਸ ਦੇ ਮੱਥੇ 'ਤੇ (ਧੁਰ ਦਰਗਾਹ ਤੋਂ) ਲੇਖ ਲਿਖੇ ਹੋਏ ਹੁੰਦੇ ਹਨ।


-217-ਆਰ, ਮਾਡਲ ਟਾਊਨ, ਜਲੰਧਰ।

ਪ੍ਰੇਰਨਾ-ਸਰੋਤ

ਧਰਮ ਸਮਾਜ ਵਿਚ ਸਰਬਉੱਤਮ ਹੈ

ਜੇ ਤੁਸੀਂ ਕਿਸੇ ਉੱਚ ਸਥਲ 'ਤੇ ਪੁੱਜਣਾ ਹੈ ਤਾਂ ਤੁਹਾਨੂੰ ਖੁਸ਼ ਅਤੇ ਸੁਖੀ ਹੋਣਾ ਚਾਹੀਦਾ ਹੈ। ਨਿਰਾਸ਼ ਹੋਣ ਨਾਲ ਜਾਂ ਮੂੰਹ ਲਟਕਾਉਣ ਨਾਲ ਧਰਮ ਨਹੀਂ ਬਣਦਾ। ਸਵਾਮੀ ਵਿਵੇਕਾਨੰਦ ਗਿਆਨਯੋਗ ਵਿਚ ਲਿਖਦੇ ਹਨ ਕਿ ਧਰਮ ਤਾਂ ਸੰਸਾਰ ਵਿਚ ਸਭ ਤੋਂ ਅਨੰਦ ਵਾਲੀ ਵਸਤੂ ਹੋਣੀ ਚਾਹੀਦੀ ਹੈ, ਕਿਉਂਕਿ ਇਹ (ਧਰਮ) ਹੀ ਸਰਬਉੱਤਮ ਹੈ। ਤਪੱਸਿਆ ਸਾਨੂੰ ਪਵਿੱਤਰ ਨਹੀਂ ਬਣਾ ਸਕਦੀ। ਜਿਹੜਾ ਵਿਅਕਤੀ ਪਰਮਾਤਮਾ-ਪ੍ਰੇਮੀ ਅਤੇ ਪਵਿੱਤਰ ਹੈ, ਉਹ ਭਲਾ ਦੁਖੀ ਕਿਉਂ ਹੋਵੇਗਾ? ਉਹ ਤਾਂ ਅਜਿਹੇ ਬੱਚੇ ਸਮਾਨ ਹੈ, ਜੋ ਖੁਸ਼ ਰਹਿੰਦਾ ਹੈ। ਧਰਮ ਵਿਚ ਸਭ ਤੋਂ ਉੱਤਮ ਗੱਲ ਹੈ ਮਨ ਨੂੰ ਨਿਰਮਲ ਕਰਨਾ। ਸਵਰਗ ਦਾ ਰਾਜ ਤਾਂ ਸਾਡੇ ਅੰਦਰ ਮੌਜੂਦ ਹੈ ਪਰ ਕੇਵਲ ਇਕ ਨਿਰਮਲ-ਚਿੱਤ ਵਿਅਕਤੀ ਹੀ ਇਸ ਰਾਜ ਦਾ ਸੁਖ ਭੋਗਦਾ ਹੈ ਅਤੇ ਸਵਰਗ ਦੇ ਰਾਜਾ ਦੇ ਦਰਸ਼ਨ ਕਰਦਾ ਹੈ। ਜਦੋਂ ਅਸੀਂ ਸੰਸਾਰ ਦਾ ਚਿੰਤਨ ਕਰਦੇ ਹਾਂ ਤਾਂ ਸਾਡੇ ਸਾਹਮਣੇ ਕੇਵਲ ਸੰਸਾਰ ਹੀ ਹੁੰਦਾ ਹੈ। ਪਰ ਜੇ ਅਸੀਂ ਇਹ ਸੋਚਦੇ ਹਾਂ ਕਿ ਪਰਮਾਤਮਾ ਹੈ ਤਾਂ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ। ਸਾਡੀ ਇਹੀ ਸੋਚ ਜਾਂ ਚਿੰਤਨ ਸਾਰਿਆਂ ਪ੍ਰਤੀ ਹੋਣੀ ਚਾਹੀਦੀ ਹੈ। ਜ਼ਰਾ ਸੋਚੋ ਕਿ ਜੇ ਅਸੀਂ ਸਾਰਿਆਂ ਬਾਰੇ ਅਜਿਹੀ ਹੀ ਵਿਚਾਰਧਾਰਾ ਜਾਂ ਸੋਚ ਰੱਖੀਏ ਤਾਂ ਸਾਰੀ ਦੁਨੀਆ ਕਿੰਨੀ ਬਦਲ ਜਾਵੇਗੀ? ਅਸੀਂ ਸਾਰੀ ਦੁਨੀਆ ਵਿਚ ਈਸ਼ਵਰ ਦੀ ਹੋਂਦ ਬਾਰੇ ਹੀ ਸੋਚੀਏ। ਜੇ ਅਜਿਹੀ ਸੋਚ ਹਰ ਕੋਈ ਅਪਣਾਵੇ ਤਾਂ ਸਾਰੀ ਦੁਨੀਆ ਪਰਮਾਤਮਾ ਨਾਲ ਭਰ ਜਾਵੇਗੀ। ਤਦ ਸਾਡੇ ਸਾਰੇ ਦੁੱਖ, ਸੰਘਰਸ਼ ਸਮਾਪਤ ਹੋ ਜਾਣਗੇ।


-ਸਵਾਮੀ ਵਿਵੇਕਾਨੰਦ ਸਟੱਡੀ ਸਰਕਲ, ਜਲੰਧਰ। ਮੋਬਾ: 94175-50741

ਕਲਾਸੀਕਲ ਰਾਗ ਗਾਉਣ ਵਿਚ ਮਾਹਿਰ

ਡਾ: ਹਰਭਜਨ ਸਿੰਘ ਭੋਗਲ

ਸ: ਹਰਭਜਨ ਸਿੰਘ ਭੋਗਲ ਨਾਮਧਾਰੀ ਸੰਪਰਦਾਇ ਨਾਲ ਜੁੜੇ ਵਿਅਕਤੀ ਹਨ। ਉਹ ਕਲਾਸੀਕਲ ਰਾਗਾਂ ਵਿਚ ਮੁਹਾਰਤ ਰੱਖਦੇ ਹਨ, ਜਿਸ ਲਈ ਉਹ ਟੀ. ਵੀ. ਤੋਂ ਇਲਾਵਾ ਹਰਵੱਲਭ ਸੰਗੀਤ ਸੰਮੇਲਨ ਅਤੇ ਦੇਸ਼ ਦੇ ਵੱਖ-ਵੱਖ ਕੋਨਿਆਂ ਵਿਚ ਹੁੰਦੇ ਸੰਗੀਤਕ ਪ੍ਰੋਗਰਾਮਾਂ ਵਿਚ ਹਿੱਸਾ ਲੈਂਦੇ ਹਨ। ਪਿਛਲੇ ਦਿਨੀਂ ਉਹ ਉਚੇਚੇ ਤੌਰ 'ਤੇ 'ਅਜੀਤ ਭਵਨ' ਆਏ ਤਾਂ ਉਨ੍ਹਾਂ ਨਾਲ ਸੰਖੇਪ ਵਿਚ ਤਜਰਬੇ ਸਾਂਝੇ ਕੀਤੇ।
ਡਾ: ਹਰਭਜਨ ਸਿੰਘ ਭੋਗਲ ਨਾਮਧਾਰੀ ਸੰਪਰਦਾਇ ਨਾਲ ਜੁੜੇ ਹੋਏ ਇਕ ਵਧੀਆ ਰਾਗੀ ਅਤੇ ਗਾਇਕ ਹਨ। ਉਨ੍ਹਾਂ ਨੂੰ ਦੁਬਈ ਏਅਰਪੋਰਟ ਵਾਲਿਆਂ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ। ਉਹ ਦੁਬਈ ਵਿਚ 18 ਸਾਲ ਤੱਕ ਕੰਮ ਕਰਦੇ ਰਹੇ। ਉਥੇ ਰਹਿੰਦਿਆਂ ਉਨ੍ਹਾਂ ਪਿਤਾਪੁਰਖੀ ਹਰ ਤਰ੍ਹਾਂ ਦਾ ਲੱਕੜੀ ਦਾ ਕੰਮ ਕੀਤਾ। ਇਸੇ ਕਰਕੇ ਉਨ੍ਹਾਂ ਨੂੰ ਦੁਬਈ ਏਅਰਪੋਰਟ 'ਤੇ ਟੈਕਨੀਕਲ ਕੰਮ ਮਿਲ ਗਿਆ, ਜੋ ਉਨ੍ਹਾਂ ਤਨਦੇਹੀ ਨਾਲ ਕੀਤਾ।
ਡਾ: ਹਰਭਜਨ ਸਿੰਘ ਨੂੰ ਬਚਪਨ ਵਿਚ ਧਾਰਮਿਕ ਮਾਹੌਲ ਘਰ 'ਚੋਂ ਹੀ ਮਿਲਿਆ। ਉਹ ਆਪਣੇ ਪਿਤਾ ਨਾਲ ਲੱਕੜੀ ਦਾ ਕੰਮ ਕਰਦੇ ਸਨ। ਉਨ੍ਹਾਂ ਦਾ ਜਨਮ 1937 ਵਿਚ ਪਿੰਡ ਰਾਏਪੁਰ ਡੱਬਾ, ਜ਼ਿਲ੍ਹਾ ਜਲੰਧਰ 'ਚ ਹੋਇਆ। ਹੁਣ ਇਹ ਪਿੰਡ ਨਵਾਂਸ਼ਹਿਰ ਵਿਚ ਪੈਂਦਾ ਹੈ। ਪਿੰਡ ਦੇ ਸਕੂਲ ਵਿਚ ਉਨ੍ਹਾਂ ਨੇ 10 ਜਮਾਤਾਂ ਪਾਸ ਕੀਤੀਆਂ ਅਤੇ ਹਰ ਤਰ੍ਹਾਂ ਦੇ ਲੱਕੜੀ ਦੇ ਕੰਮ ਵਿਚ ਮੁਹਾਰਤ ਹਾਸਲ ਕੀਤੀ। ਇਸ ਤੋਂ ਇਲਾਵਾ ਉਹ ਇੰਜਣਾਂ ਦੀ ਮੁਰੰਮਤ ਵੀ ਕਰ ਲੈਂਦੇ ਹਨ। ਫਿਰ ਉਹ ਦੁਬਈ ਚਲੇ ਗਏ, ਜਿਥੇ ਉਨ੍ਹਾਂ ਨੂੰ ਲੱਕੜੀ ਦਾ ਕੰਮ ਕਰਨ ਵਿਚ ਕੋਈ ਮੁਸ਼ਕਿਲ ਨਾ ਹੋਈ। ਕੰਮ ਤੋਂ ਬਾਅਦ ਵਿਹਲੇ ਸਮੇਂ ਉਨ੍ਹਾਂ ਆਪਣਾ ਸਮਾਂ ਧਾਰਮਿਕ ਕੀਰਤਨ ਵੱਲ ਲਾਇਆ।
ਜਦੋਂ ਸਤਿਗੁਰੂ ਜਗਜੀਤ ਸਿੰਘ ਦੁਬਈ ਗਏ ਤਾਂ ਉਨ੍ਹਾਂ ਨੂੰ ਹੈਲੀਕਾਪਟਰ 'ਚ ਸ਼ਹਿਰ ਦੀ ਸੈਰ ਕਰਵਾਈ। ਉਹ ਹਰ ਸਾਲ ਹਰਵੱਲਭ ਦੇ ਸੰਗੀਤਕ ਮੇਲੇ 'ਚ ਹਾਜ਼ਰੀ ਭਰਦੇ ਹਨ। ਦੁਬਈ 'ਚ ਕੰਮ ਦੇ ਦੌਰਾਨ ਉਨ੍ਹਾਂ ਨੇ ਕਈ ਵਾਰ ਵਿਸ਼ੇਸ਼ ਕੰਮਾਂ ਨੂੰ ਕਰਕੇ ਵਾਹ-ਵਾਹ ਖੱਟੀ। ਇਕ ਵਾਰ ਉਨ੍ਹਾਂ ਵਲੋਂ ਏਅਰ ਸ਼ੋਅ ਦੌਰਾਨ ਇੰਗਲੈਂਡ ਤੋਂ ਲਿਆਂਦਾ ਇਕ ਹਵਾਈ ਜਹਾਜ਼ ਬੜੀ ਸੂਝ-ਬੂਝ ਨਾਲ ਬਿਨਾਂ ਕਿਸੇ ਨੁਕਸਾਨ ਦੇ ਉਤਾਰਿਆ ਗਿਆ, ਜਿਸ ਕਰਕੇ ਕੰਪਨੀ ਦੇ ਮਾਲਕਾਂ ਨੇ ਉਨ੍ਹਾਂ ਨੂੰ ਇੱਜ਼ਤ ਵੀ ਦਿੱਤੀ।
ਉਨ੍ਹਾਂ ਦੁਬਈ ਦੇ ਗੁਰਦੁਆਰਾ ਸਾਹਿਬ ਵਿਚ ਲਗਾਤਾਰ ਹਫਤਾਵਾਰੀ ਕੀਰਤਨ ਕਰਕੇ ਹਾਜ਼ਰੀਆਂ ਭਰੀਆਂ, ਜਿਸ ਲਈ ਸਿੱਖ ਸੰਗਤਾਂ ਵਿਚ ਉਨ੍ਹਾਂ ਦਾ ਕਾਫੀ ਸਤਿਕਾਰ ਹੈ। ਉਹ ਕਾਸਟਨ ਟੇਲਰ ਵੁਤਰੋ ਦੇ ਗੁਰਦੁਆਰਾ ਸਾਹਿਬ 'ਚ ਹਰ ਸ਼ੁੱਕਰਵਾਰ ਕੀਰਤਨ ਕਰਦੇ ਰਹੇ ਹਨ, ਜਿਥੇ ਕਈ ਵਾਰ ਆਪ ਨੂੰ ਸਨਮਾਨਿਆ ਵੀ ਗਿਆ। ਇਸ ਤੋਂ ਇਲਾਵਾ ਜਬਲ ਅਲੀ ਗੁਰਦੁਆਰਾ ਸਾਹਿਬ ਅਤੇ ਗੁਰਦੁਆਰਾ ਸਿੰਧੀ ਦਰਬਾਰ ਬਰਦਬਈ ਵਿਖੇ ਵੀ ਕੀਰਤਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ।
ਹਰਭਜਨ ਸਿੰਘ ਭੋਗਲ ਵਧੇਰੇ ਕੀਰਤਨ ਕਲਾਸੀਕਲ ਰਾਗਾਂ 'ਚ ਕਰਦੇ ਹਨ। ਉਨ੍ਹਾਂ ਦਾ ਸ਼ਬਦ 'ਮਨ ਚਾਉ ਭਇਆ...' ਰਾਗ ਬਹਾਰ 'ਚ ਬੇਹੱਦ ਵਧੀਆ ਢੰਗ ਨਾਲ ਗਾਇਆ ਹੈ। ਉਹ ਟੀ. ਵੀ. ਅਤੇ ਹਰਵੱਲਭ 'ਤੇ ਲਗਾਤਾਰ ਆਪਣੀਆਂ ਪੇਸ਼ਕਾਰੀਆਂ ਕਰਦੇ ਰਹਿੰਦੇ ਹਨ। ਉਹ ਦੋ ਵਾਰ ਇੰਗਲੈਂਡ ਅਤੇ ਜਰਮਨ ਵਿਚ ਆਪਣਾ ਕੀਰਤਨ ਪ੍ਰੋਗਰਾਮ ਕਰ ਚੁੱਕੇ ਹਨ। ਇਸ ਤੋਂ ਇਲਾਵਾ ਛੁੱਟੀਆਂ ਦੌਰਾਨ ਸਿੰਗਾਪੁਰ, ਥਾਈਲੈਂਡ, ਹਾਂਗਕਾਂਗ ਆਦਿ ਦੇਸ਼ਾਂ ਵਿਚ ਵੀ ਸਿੱਖ ਸੰਗਤਾਂ ਦੇ ਰੂਬਰੂ ਵੱਖ-ਵੱਖ ਗੁਰੂ-ਘਰਾਂ ਵਿਚ ਕੀਰਤਨ ਰਾਹੀਂ ਹੋ ਚੁੱਕੇ ਹਨ। ਪਾਕਿਸਤਾਨ ਐਸੋਸੀਏਸ਼ਨ ਵਲੋਂ ਵੀ ਦੁਬਈ 'ਚ ਆਪਣੇ ਪ੍ਰੋਗਰਾਮਾਂ ਵਿਚ ਉਨ੍ਹਾਂ ਨੂੰ ਬੁਲਾਇਆ ਜਾਂਦਾ ਰਿਹਾ ਹੈ।
ਪੰਜਾਬੀ ਸਭਾ ਦੁਬਈ ਵਲੋਂ ਕਰਵਾਏ ਜਾਂਦੇ ਪ੍ਰੋਗਰਾਮਾਂ ਵਿਚ ਦੇਸ਼ ਪਿਆਰ ਦੇ ਗੀਤ, ਸ਼ਬਦ ਅਤੇ ਹੋਰ ਗਾਣਿਆਂ ਰਾਹੀਂ ਚੰਗੀ ਹਾਜ਼ਰੀ ਲਗਵਾਈ। ਉਹ ਲਾਲ ਚੰਦ ਯਮਲਾ ਜੱਟ ਦੇ ਗਾਏ ਗਾਣਿਆਂ ਨੂੰ ਵੀ ਲੋਕਾਂ ਵਿਚ ਸੁਣਾ ਕੇ ਵਾਹ-ਵਾਹ ਖੱਟਦੇ ਰਹੇ ਹਨ। ਉਹ ਹਾਰਮੋਨੀਅਮ, ਦਿਲਰੁਬਾ, ਢੋਲਕ ਆਦਿ ਵਜਾਉਣ ਵਿਚ ਮਾਹਿਰ ਹਨ।
ਅਖੀਰ ਵਿਚ ਨੌਜਵਾਨਾਂ ਨੂੰ ਸੁਨੇਹੇ ਵਿਚ ਉਨ੍ਹਾਂ ਕਿਹਾ ਕਿ ਮਾਪਿਆਂ ਨੂੰ ਆਪਣੇ ਬੱਚਿਆਂ ਵਿਚ ਸਿੱਖੀ ਵਿਚ ਪ੍ਰਪੱਕ ਹੋਣ ਦੇ ਗੁਣ ਭਰਨੇ ਚਾਹੀਦੇ ਹਨ, ਨਸ਼ਿਆਂ ਤੋਂ ਵਰਜਣਾ ਚਾਹੀਦਾ ਹੈ, ਬੇਟੀਆਂ ਦੀ ਇੱਜ਼ਤ ਕਰਨੀ ਚਾਹੀਦੀ ਹੈ ਅਤੇ ਭਰੂਣ ਹੱਤਿਆ ਜਿਹੀ ਸਮਾਜਿਕ ਬੁਰਾਈ ਤੋਂ ਬਚਣਾ ਚਾਹੀਦਾ ਹੈ। ਨੌਜਵਾਨਾਂ ਨੂੰ ਨਸ਼ੇ ਛੱਡ ਕੇ ਸਮਾਜਿਕ ਅਤੇ ਧਾਰਮਿਕ ਕੰਮਾਂ 'ਚ ਲੱਗਣਾ ਚਾਹੀਦਾ ਹੈ। ਮਾਤਾ-ਪਿਤਾ ਦੀ ਸੇਵਾ ਕਰਨੀ ਉਨ੍ਹਾਂ ਦਾ ਆਮ ਫਰਜ਼ ਹੋਣਾ ਚਾਹੀਦਾ ਹੈ। ਘਰ ਵਿਚ ਬੀਬੀਆਂ ਲੰਗਰ ਬਣਾਉਣ ਸਮੇਂ ਪਾਠ ਕਰਨ ਤਾਂ ਘਰ ਵਿਚ ਸੁਖ-ਸ਼ਾਂਤੀ ਪੈਦਾ ਹੋਵੇ। ਸਮੇਂ-ਸਮੇਂ ਉਨ੍ਹਾਂ ਨੂੰ ਵੱਖ-ਵੱਖ ਸੰਸਥਾਵਾਂ ਨੇ ਸਨਮਾਨਿਤ ਕੀਤਾ ਹੈ। ਸ਼੍ਰੋਮਣੀ ਕਮੇਟੀ ਤੋਂ ਇਲਾਵਾ ਦੁਬਈ ਵਿਚ ਪੰਜਾਬੀ ਸਭਾ ਵਲੋਂ ਸੋਨ ਤਗ਼ਮੇ ਅਤੇ ਗੋਲਡ ਘੜੀਆਂ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ। ਇਸ ਤੋਂ ਇਲਾਵਾ ਨਾਮਧਾਰੀ ਦਰਬਾਰ ਭੈਣੀ ਸਾਹਿਬ ਵੀ ਉਹ ਲਗਾਤਾਰ ਹਾਜ਼ਰੀਆਂ ਭਰਦੇ ਹਨ, ਜਿਥੇ ਉਨ੍ਹਾਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ।


-ਮੋਬਾਈਲ : 98726-60161

ਸਿੱਖ ਸਮਾਜ ਜਾਤ-ਪਾਤ ਦੇ ਪ੍ਰਭਾਵ ਤੋਂ ਕਿਵੇਂ ਮੁਕਤ ਹੋਵੇ?

ਸ਼੍ਰੋਮਣੀ ਕਮੇਟੀ ਦੀ ਸਥਾਪਨਾ ਦੇ ਨਾਲ ਹੀ ਸਿੱਖ ਪੰਥ ਨੇ ਜਾਤ-ਪਾਤ ਦੀ ਕੁਰੀਤੀ ਖ਼ਤਮ ਕਰਨ ਲਈ ਅਖੌਤੀ ਨੀਵੀਆਂ ਜਾਤਾਂ ਸਮਝੇ ਜਾਣ ਵਾਲੇ ਲੋਕਾਂ ਨੂੰ ਅੰਮ੍ਰਿਤ ਛਕਾ ਕੇ ਖ਼ਾਲਸਾ ਪੰਥ ਵਿਚ ਸ਼ਾਮਲ ਕਰਨ ਦੀ ਜ਼ੋਰਦਾਰ ਮੁਹਿੰਮ ਆਰੰਭੀ। ਇਨ੍ਹਾਂ ਨਵੇਂ ਸਜੇ ਸਿੰਘਾਂ ਨਾਲ ਵੀ ਕੁਝ ਕੁ ਥਾਵਾਂ 'ਤੇ ਵਿਤਕਰਾ ਕਰਨ ਦੀਆਂ ਪੰਥ ਨੂੰ ਖ਼ਬਰਾਂ ਮਿਲੀਆਂ ਤਾਂ ਸ਼੍ਰੋਮਣੀ ਕਮੇਟੀ ਨੇ 14 ਮਾਰਚ, 1927 ਨੂੰ ਸਰਬਸੰਮਤੀ ਨਾਲ ਗੁਰਮਤਾ ਪਾਸ ਕੀਤਾ ਕਿ, 'ਸਿੱਖਾਂ ਵਿਚ ਜਾਤ-ਪਾਤ ਦੇ ਖ਼ਿਆਲ ਨਾਲ ਕਿਸੇ ਵਿਅਕਤੀ ਨੂੰ ਉੱਚਾ ਜਾਂ ਨੀਵਾਂ ਨਹੀਂ ਮੰਨਿਆ ਜਾਂਦਾ। ਇਸ ਲਈ ਹਰ ਇਕ ਜਾਤ ਵਿਚੋਂ ਸਜ ਕੇ ਆਏ ਸਿੱਖ ਨਾਲ ਸੰਗਤ ਪੰਗਤ ਦੁਆਰਾ ਅਭੇਦ ਵਰਤਿਆ ਜਾਵੇ।' ਇਸੇ ਤਰ੍ਹਾਂ ਜਾਤ-ਪਾਤ ਦੇ ਫ਼ਰਕ ਨੂੰ ਮਿਟਾਉਣ ਲਈ ਇਕ ਹੋਰ ਮਤਾ 15 ਮਾਰਚ, 1927 ਨੂੰ ਪਾਸ ਕੀਤਾ ਗਿਆ, ਜਿਸ ਵਿਚ ਪੰਜਾਬ ਸਰਕਾਰ ਨੂੰ ਕਿਹਾ ਗਿਆ ਕਿ ਉਹ ਸਿੱਖਾਂ ਲਈ ਸਰਕਾਰੀ ਕਾਗਜ਼ਾਂ ਵਿਚ ਜਾਤ-ਪਾਤ ਨਾ ਲਿਖੇ। ਸ਼੍ਰੋਮਣੀ ਕਮੇਟੀ ਵਲੋਂ ਇਨ੍ਹਾਂ ਕਥਿਤ ਦਲਿਤ ਜਾਂ ਪਛੜੀਆਂ ਆਖੀਆਂ ਜਾਣ ਵਾਲੀਆਂ ਜਾਤਾਂ ਤੋਂ ਸਿੰਘ ਸਜੇ ਲੋਕਾਂ ਦੇ ਜੀਵਨ ਨੂੰ ਹਰ ਪੱਖ ਤੋਂ ਉੱਚਾ ਅਤੇ ਬਰਾਬਰ ਕਰਨ ਲਈ ਕਮੇਟੀ ਦੇ ਮੈਂਬਰਾਂ ਵਿਚ ਵੀ ਇਨ੍ਹਾਂ ਦਾ ਰਾਖ਼ਵਾਂਕਰਨ ਆਰੰਭ ਕੀਤਾ ਗਿਆ, ਪਰ ਦੁੱਖ ਦੀ ਗੱਲ ਹੈ ਕਿ ਅੱਜ ਸ਼੍ਰੋਮਣੀ ਕਮੇਟੀ ਵਰਗੀ ਸੰਸਥਾ 'ਚ ਵੀ ਜਾਤ-ਪਾਤ ਦਾ ਵਿਤਕਰਾ ਦਿਖਾਈ ਦੇ ਰਿਹਾ ਹੈ।
ਸ੍ਰੀ ਅਕਾਲ ਤਖ਼ਤ ਸਾਹਿਬ ਤੋਂ 28 ਅਪ੍ਰੈਲ, 1985 ਨੂੰ ਪੰਜ ਸਿੰਘ ਸਾਹਿਬਾਨ ਵਲੋਂ ਇਕ ਆਦੇਸ਼ ਜਾਰੀ ਕੀਤਾ ਗਿਆ ਸੀ ਕਿ, 'ਕੋਈ ਸਿੰਘ ਜਾਂ ਸਿੰਘਣੀ ਆਪਣੇ ਨਾਂਅ ਨਾਲ ਜਾਤ, ਗੋਤ ਦੀ ਵਰਤੋਂ ਨਾ ਕਰੇ। ਜਾਤ, ਗੋਤ ਦੀ ਵਰਤੋਂ ਕਰਨੀ ਮਨਮਤ ਹੈ ਅਤੇ ਗੁਰੂ ਸਾਹਿਬ ਦੇ ਸਿਧਾਂਤਾਂ ਦੇ ਉਲਟ ਹੈ।' ਪਰ ਇਸ ਦੇ ਉਲਟ ਅੱਜ ਸ਼੍ਰੋਮਣੀ ਕਮੇਟੀ ਵਰਗੀ ਸਿਰਮੌਰ ਸਿੱਖ ਸੰਸਥਾ ਦੇ ਵੱਡੀ ਗਿਣਤੀ ਅਹੁਦੇਦਾਰ, ਅਧਿਕਾਰੀ ਅਤੇ ਮੁਲਾਜ਼ਮ ਆਪਣੇ ਨਾਵਾਂ ਨਾਲ ਆਪਣੀਆਂ ਜਾਤਾਂ ਅਤੇ ਗੋਤਾਂ ਲਿਖਦੇ ਹਨ। ਇਸ ਦਾ ਸਿੱਖ ਸਮਾਜ 'ਤੇ ਕੀ ਅਸਰ ਪੈਂਦਾ ਹੈ? ਸ਼ਾਇਦ ਇਸ ਪਾਸੇ ਅੱਜ ਤੱਕ ਸਿੱਖ ਧਾਰਮਿਕ ਲੀਡਰਸ਼ਿਪ ਦਾ ਕੋਈ ਧਿਆਨ ਨਹੀਂ ਗਿਆ। ਇਹ ਵੀ ਇਕ ਸੱਚਾਈ ਹੈ ਕਿ ਅਨੇਕਾਂ ਰਵਾਇਤੀ ਯਤਨਾਂ ਦੇ ਬਾਵਜੂਦ, ਆਜ਼ਾਦੀ ਤੋਂ ਲੈ ਕੇ ਸਿੱਖ ਸਿਆਸੀ ਲੀਡਰਸ਼ਿਪ 'ਤੇ ਜਾਤੀਵਾਦ ਦਾ ਗ਼ਲਬਾ ਹੋਣ ਕਾਰਨ ਹੀ ਸਿੱਖ ਸਮਾਜ ਦੀ ਬੇੜੀ ਜਾਤ-ਪਾਤ ਦੇ ਮੰਝਧਾਰ ਵਿਚੋਂ ਬਾਹਰ ਨਹੀਂ ਨਿਕਲ ਸਕੀ। ਸੰਨ 1936 'ਚ ਜਦੋਂ ਦਲਿਤ ਸਮਾਜ ਦੇ ਮਸੀਹਾ ਡਾ: ਭੀਮ ਰਾਓ ਅੰਬੇਡਕਰ ਨੇ ਆਪਣੇ ਪੈਰੋਕਾਰਾਂ ਸਮੇਤ ਸਿੱਖ ਧਰਮ ਗ੍ਰਹਿਣ ਕਰਨ ਦਾ ਫ਼ੈਸਲਾ ਕੀਤਾ ਸੀ ਤਾਂ ਮਨੂੰਵਾਦੀ ਸੋਚ ਵਾਲੀ ਦੇਸ਼ ਦੀ ਸਿਆਸੀ ਲੀਡਰਸ਼ਿਪ ਦੇ ਪ੍ਰਭਾਵ ਕਾਰਨ ਵੇਲੇ ਦੀ ਸਿੱਖ ਲੀਡਰਸ਼ਿਪ ਆਪਣੀ ਬਣਦੀ ਜ਼ਿੰਮੇਵਾਰੀ ਤੋਂ ਭੱਜ ਗਈ, ਜਿਸ ਕਾਰਨ ਡਾ: ਅੰਬੇਡਕਰ ਅਤੇ ਉਨ੍ਹਾਂ ਦੇ ਕਰੋੜਾਂ ਸਮਰਥਕ ਸਿੱਖ ਧਰਮ ਦਾ ਅੰਗ ਨਾ ਬਣ ਸਕੇ।
ਸਿੱਖ ਸੰਸਥਾਵਾਂ, ਸੰਪਰਦਾਵਾਂ ਅਤੇ ਜਥੇਬੰਦੀਆਂ 'ਤੇ 19ਵੀਂ ਸਦੀ 'ਚ ਕਾਬਜ਼ ਰਹੇ 'ਮਹੰਤਾਂ' ਵਲੋਂ ਚਲਾਈਆਂ ਗਈਆਂ, ਗੁਰਮਤਿ ਵਿਰੋਧੀ ਕੁਰੀਤੀਆਂ ਅੱਜ ਵੀ, ਕਈ ਸਿੱਖ ਜਥੇਬੰਦੀਆਂ ਅਤੇ ਸੰਪਰਦਾਵਾਂ ਵਿਚ 'ਪਰੰਪਰਾ' ਬਣ ਕੇ ਬੇਰੋਕ ਜਾਰੀ ਹਨ ਅਤੇ ਇਨ੍ਹਾਂ ਵਿਚੋਂ ਹੀ ਇਕ ਵੱਡੀ ਕੁਰੀਤੀ ਜਾਤ-ਪਾਤ ਦਾ ਵਰਤਾਰਾ ਹੈ। ਇਸ ਤਹਿਤ ਕਥਿਤ ਦਲਿਤ ਆਖੇ ਜਾਣ ਵਾਲੇ ਲੋਕਾਂ ਨਾਲ ਮਨੂੰਵਾਦੀ ਸਲੂਕ ਕੀਤਾ ਜਾਂਦਾ ਹੈ। ਉਨ੍ਹਾਂ ਨੂੰ ਅੰਮ੍ਰਿਤ ਛਕਾਉਣ ਵੇਲੇ ਵੱਖਰੇ ਬਾਟੇ ਦੀ ਵਰਤੋਂ ਕੀਤੀ ਜਾਂਦੀ ਹੈ। (ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)


-ਮੋਬਾ: 98780-70008
e-mail : ts1984buttar@yahoo.com

ਧਾਰਮਿਕ ਸਾਹਿਤ

ਭਾਈ ਲੱਖੀ ਸ਼ਾਹ ਜੀ ਲੁਬਾਣਾ (ਵਣਜਾਰਾ)
ਲੇਖਕ : ਮਨਜੀਤ ਸਿੰਘ ਟਾਂਡਾ
ਪ੍ਰਕਾਸ਼ਕ : ਲੇਖਕ ਖੁਦ
ਮੁੱਲ : 200 ਰੁਪਏ, ਸਫੇ : 100
ਸੰਪਰਕ : 98156-26658


ਹਥਲੀ ਪੁਸਤਕ ਦੇ ਲੇਖਕ ਨੇ ਇਸ ਤੋਂ ਪਹਿਲਾਂ ਅੱਧੀ ਦਰਜਨ ਤੋਂ ਵੱਧ ਪੁਸਤਕਾਂ ਪਾਠਕਾਂ ਨੂੰ ਭੇਟ ਕਰਦਿਆਂ ਸਿੱਖ ਇਤਿਹਾਸ ਦੀ ਖੋਜ ਵਿਚ ਵੱਡਾ ਯੋਗਦਾਨ ਪਾਇਆ ਹੈ। ਭਾਈ ਲੱਖੀ ਸ਼ਾਹ ਲੁਬਾਣਾ (ਵਣਜਾਰਾ) ਆਪਣੇ ਸਮੇਂ ਦਾ ਉੱਘਾ ਵਪਾਰੀ, ਧਨਾਢ, ਗੁਰੂ-ਘਰ ਦਾ ਅਨਿਨ ਸ਼ਰਧਾਲੂ ਆਪਣਾ ਵਪਾਰ ਦਿੱਲੀ ਦੇ ਪਿੰਡ ਰਾਇ-ਸੀਨਾ ਦੇ ਅਸਥਾਨ ਤੋਂ ਚਲਾਉਂਦਾ ਸੀ। ਉਸ ਸਮੇਂ ਨੌਵੇਂ ਸਤਿਗੁਰੂ ਜੀ ਦਾ ਸੀਸ ਅਤੇ ਧੜ ਨੂੰ ਸੁਰੱਖਿਅਤ ਚੁੱਕ ਕੇ ਲਿਆਉਣਾ ਕੋਈ ਅਸਾਨ ਗੱਲ ਨਹੀਂ ਸੀ। ਆਪਣੇ-ਆਪ ਨੂੰ ਮੌਤ ਦੇ ਮੂੰਹ ਵਿਚ ਪਾ ਕੇ ਸਿੱਖੀ ਸਿਦਕ ਨਿਭਾਉਣ ਵਾਲੇ ਇਤਿਹਾਸ ਦੇ ਪਾਤਰ ਭਾਈ ਲੱਖੀ ਸ਼ਾਹ ਲੁਬਾਣਾ (ਵਣਜਾਰਾ) ਦੇ ਜੀਵਨ ਨੂੰ ਪਾਠਕਾਂ ਦੇ ਸਨਮੁਖ ਪੇਸ਼ ਕਰਨ ਤੋਂ ਪਹਿਲਾਂ ਲੇਖਕ ਨੇ ਲੁਬਾਣਾ, ਵਣਜਾਰਾ ਸ਼ਬਦਾਂ ਦੀ ਉਤਪਤੀ ਤੇ ਜਾਤਾਂ-ਗੋਤਾਂ ਦਾ ਵੇਰਵਾ ਵਿਸਥਾਰ ਸਹਿਤ ਦੇਣ ਦੀ ਸਫ਼ਲ ਕੋਸ਼ਿਸ਼ ਕੀਤੀ ਹੈ। ਪੁਸਤਕ ਨੂੰ ਵੱਖ-ਵੱਖ ਸਿਰਲੇਖਾਂ ਹੇਠ ਵੰਡ ਕੇ ਪਾਠਕਾਂ ਨੂੰ ਭਾਈ ਲੱਖੀ ਸ਼ਾਹ ਦੇ ਜਨਮ ਅਤੇ ਜੀਵਨ ਦੇ ਵੇਰਵੇ ਤੋਂ ਇਲਾਵਾ ਉਨ੍ਹਾਂ ਦੇ ਜੋਤੀ ਜੋਤ ਸਮਾਉਣ, ਉਸ ਦੇ ਪਰਿਵਾਰਕ ਮੈਂਬਰਾਂ ਦੀਆਂ ਸ਼ਹੀਦੀਆਂ, ਸ: ਅਘੜ ਸਿੰਘ ਦੀ ਬਹਾਦਰੀ, ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਅਤੇ ਗੁਰੂ ਸਾਹਿਬ ਦੇ ਪਿਆਰੇ ਗੁਰਸਿੱਖਾਂ ਦੀ ਅਦੁੱਤੀ ਕੁਰਬਾਨੀ, ਭਾਈ ਲੱਖੀ ਸ਼ਾਹ ਵਣਜਾਰਾ ਵਲੋਂ ਬਣਾਈ ਵਿਉਂਤ ਮੁਤਾਬਿਕ ਗੁਰੂ ਸਾਹਿਬ ਦੇ ਸੀਸ ਤੇ ਧੜ ਨੂੰ ਸਤਿਕਾਰ ਨਾਲ ਸੰਭਾਲਣਾ, ਔਰੰਗਜ਼ੇਬ ਵਲੋਂ ਭਾਈ ਸਾਹਿਬ ਤੋਂ ਪੁੱਛ-ਪੜਤਾਲ, ਬੀਬੀ ਸੀਤੋ ਜੋ ਇਤਿਹਾਸ ਦੇ ਸੈਂਕੜੇ ਸ਼ਹੀਦਾਂ ਦੀ ਵਾਰਸ ਕਰਕੇ ਜਾਣੀ ਜਾਂਦੀ ਹੈ, ਲੁਬਾਣੇ ਸਿਕਲੀਗਰਾਂ ਬਾਰੇ ਇਤਿਹਾਸਕ ਜਾਣਕਾਰੀ ਅਤੇ ਪੁਸਤਕ ਦੇ ਅੰਤਿਮ ਭਾਗ ਵਿਚ ਭਾਈ ਸਾਹਿਬ ਦੇ ਜੀਵਨ ਨੂੰ ਕੁਝ ਕਵਿਤਾਵਾਂ ਰਾਹੀਂ ਪੇਸ਼ ਕਰਨ ਦਾ ਯਤਨ ਕੀਤਾ ਗਿਆ ਹੈ। ਲੇਖਕ ਨੇ ਆਪਣੀ ਕਲਮ ਨਾਲ 'ਗਾਥਾ ਸ਼ਹੀਦਾਂ ਦੀ' ਕਵਿਤਾ ਵਿਚ ਭਾਈ ਲੱਖੀ ਸ਼ਾਹ ਦੀ ਕੁਰਬਾਨੀ ਨੂੰ ਸਿਜਦਾ ਕੀਤਾ ਹੈ।
ਚਾਂਦਨੀ ਚੌਕ ਵਿਚ ਪਿਤਾ ਭਰਾਵਾਂ ਅਣਖ ਰੱਖੀ,
ਗੁਰਾਂ ਦਾ ਧੜ ਚੁੱਕ, ਮੁਗਲਾਂ ਨੂੰ ਲਲਕਾਰਨਾ ਏ।
ਗਾਥਾ ਸ਼ਹੀਦਾਂ ਦੀ ਬਹੁਤ ਹੀ ਕਠਿਨ ਲੋਕੋ,
ਪੈਂਦਾ ਜਾਨ ਨੂੰ ਵੀ ਕੌਮ ਤੋਂ ਵਾਰਨਾ ਏ।
ਲੇਖਕ ਨੇ ਪੁਸਤਕ ਨੂੰ ਭੇਟ ਕਰਨ ਲਈ ਅਨੇਕਾਂ ਇਤਿਹਾਸਕ ਪੁਸਤਕਾਂ ਵਿਚੋਂ ਹਵਾਲੇ ਦੇ ਕੇ ਭਾਈ ਲੱਖੀ ਸ਼ਾਹ ਵਣਜਾਰਾ ਦੇ ਜੀਵਨ ਸਬੰਧੀ ਭਰਮ-ਭੁਲੇਖਿਆਂ ਨੂੰ ਦੂਰ ਕਰਕੇ ਸਿੱਖ ਇਤਿਹਾਸ ਵਿਚ ਨਿੱਗਰ ਯੋਗਦਾਨ ਪਾਇਆ ਹੈ।


-ਭਗਵਾਨ ਸਿੰਘ ਜੌਹਲ
ਮੋਬਾ: 98143-24040






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX