ਤਾਜਾ ਖ਼ਬਰਾਂ


ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਰੱਖਿਆ ਮੰਤਰਾਲਾ ਨੂੰ ਸਪੇਸ ਕਮਾਂਡ ਬਣਾਉਣ ਦਾ ਦਿੱਤਾ ਨਿਰਦੇਸ਼
. . .  14 minutes ago
ਜੰਮੂ-ਕਸ਼ਮੀਰ ਦੇ ਪੁਣਛ 'ਚ ਪਾਕਿ ਵੱਲੋਂ ਗੋਲਾਬਾਰੀ ਜਾਰੀ , ਭਾਰਤੀ ਸੈਨਾ ਦੇ ਰਹੀ ਜਵਾਬ
. . .  14 minutes ago
ਰਾਜਸਥਾਨ 'ਚ ਨਵੀਂ ਸਰਕਾਰ ਬਣਦਿਆਂ ਹੀ 40 ਆਈ ਏ ਐੱਸ ਅਫ਼ਸਰਾਂ ਦਾ ਤਬਾਦਲਾ
. . .  15 minutes ago
ਅਸਾਮ ਸਰਕਾਰ ਨੇ ਮੁਆਫ ਕੀਤਾ ਕਿਸਾਨਾਂ ਦਾ 600 ਕਰੋੜ ਰੁਪਏ ਦਾ ਕਰਜ਼
. . .  about 1 hour ago
ਗੁਹਾਟੀ, 18 ਦਸੰਬਰ - ਪੰਜ ਰਾਜਾਂ 'ਚ ਚੋਣ ਨਤੀਜਿਆਂ ਤੋਂ ਬਾਅਦ ਕਿਸਾਨਾਂ ਦੀ ਕਰਜ਼ ਮੁਆਫੀ ਦੇ ਮੁੱਦੇ ਨੂੰ ਪੂਰੇ ਦੇਸ਼ 'ਚ ਹਵਾ ਮਿਲੀ ਹੈ। ਮੱਧ ਪ੍ਰਦੇਸ਼ ਤੇ ਛਤੀਸਗੜ੍ਹ ਤੋਂ ਬਾਅਦ ਹੁਣ ਅਸਾਮ ਦੀ ਭਾਜਪਾ ਸਰਕਾਰ ਨੇ ਕਿਸਾਨਾਂ ਨੂੰ ਰਾਹਤ ਦਿੱਤੀ ਹੈ। ਅਸਾਮ ਸਰਕਾਰ ਨੇ 600 ਕਰੋੜ...
ਜ਼ਿਲ੍ਹਾ ਸੰਗਰੂਰ 'ਚ ਤਿੰਨ ਚੋਣ ਅਬਜ਼ਰਵਰ ਨਿਯੁਕਤ
. . .  about 2 hours ago
99 ਫੀਸਦੀ ਚੀਜ਼ਾਂ ਨੂੰ 18 ਫੀਸਦੀ ਜਾਂ ਉਸ ਤੋਂ ਘੱਟ ਜੀ.ਐਸ.ਟੀ. ਦੇ ਦਾਇਰੇ 'ਚ ਲਿਆਂਦਾ ਜਾਵੇਗਾ - ਮੋਦੀ
. . .  about 2 hours ago
ਨਵੀਂ ਦਿੱਲੀ, 18 ਦਸੰਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੀ.ਐਸ.ਟੀ. ਨੂੰ ਲੈ ਕੇ ਵੱਡਾ ਐਲਾਨ ਕੀਤਾ ਹੈ। ਮੋਦੀ ਨੇ ਕਿਹਾ ਹੈ ਕਿ 99 ਫੀਸਦੀ ਚੀਜ਼ਾਂ ਨੂੰ 18 ਫੀਸਦੀ ਜਾਂ ਉਸ ਤੋਂ ਘੱਟ ਜੀ.ਐਸ.ਟੀ. ਦੇ ਦਾਇਰੇ 'ਚ ਲਿਆਂਦਾ ਜਾਵੇਗਾ। ਪ੍ਰਧਾਨ ਮੰਤਰੀ ਮੋਦੀ ਨੇ ਇਹ ਐਲਾਨ ਮੁੰਬਈ...
ਆਈ.ਪੀ.ਐਲ. ਨਿਲਾਮੀ : ਇੰਗਲੈਂਡ ਦੇ ਸੈਮ ਕੁਰੈਨ ਨੂੰ ਪੰਜਾਬ ਨੇ 7 ਕਰੋੜ 20 ਲੱਖ 'ਚ ਖਰੀਦਿਆ
. . .  about 2 hours ago
ਆਈ.ਪੀ.ਐਲ. ਨਿਲਾਮੀ : ਇੰਗਲੈਂਡ ਦੇ ਸੈਮ ਕੁਰੈਨ ਨੂੰ ਪੰਜਾਬ ਨੇ 7 ਕਰੋੜ 20 ਲੱਖ 'ਚ ਖਰੀਦਿਆ...
ਸਰਹੱਦੀ ਇਲਾਕੇ 'ਚ ਭੁਚਾਲ ਦੇ ਝਟਕੇ ਮਹਿਸੂਸ
. . .  about 3 hours ago
ਖੇਮਕਰਨ, 18 ਦਸੰਬਰ - ਪੰਜਾਬ ਦੇ ਸਰਹੱਦੀ ਇਲਾਕੇ ਅੰਦਰ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ...
ਆਈ.ਪੀ.ਐਲ. ਨਿਲਾਮੀ : ਵਰੁਣ ਚਕਰਵਤੀ ਨੂੰ ਪੰਜਾਬ ਨੇ 8 ਕਰੋੜ 40 ਲੱਖ 'ਚ ਖਰੀਦਿਆ
. . .  about 3 hours ago
ਆਈ.ਪੀ.ਐਲ. ਨਿਲਾਮੀ : ਵਰੁਣ ਚਕਰਵਤੀ ਨੂੰ ਪੰਜਾਬ ਨੇ 8 ਕਰੋੜ 40 ਲੱਖ 'ਚ ਖਰੀਦਿਆ...
ਹਾਮਿਦ ਅੰਸਾਰੀ ਭਾਰਤ ਪੁੱਜਿਆ
. . .  about 3 hours ago
ਅੰਮ੍ਰਿਤਸਰ, 18 ਦਸੰਬਰ (ਸੁਰਿੰਦਰਪਾਲ ਸਿੰਘ ਵਰਪਾਲ) - ਪਾਕਿਸਤਾਨ 'ਚ 6 ਸਾਲ ਜੇਲ੍ਹ ਕੱਟਣ ਮਗਰੋਂ ਹਾਮਿਦ ਨਿਹਾਲ ਅੰਸਾਰੀ ਵਾਹਗਾ ਬਾਰਡਰ ਰਾਹੀਂ ਭਾਰਤ ਪੁੱਜ ਗਿਆ। ਆਪਣੇ ਵਤਨ ਦੀ ਮਿੱਟੀ ਨੂੰ ਨਤਮਸਤਕ ਹੋਣ ਮਗਰੋਂ ਉਹ ਆਪਣੇ ਮਾਪਿਆ ਤੇ ਭਰਾ ਨਾਲ ਭਾਵੁਕ...
ਹੋਰ ਖ਼ਬਰਾਂ..

ਬਾਲ ਸੰਸਾਰ

ਬੱਚਿਆਂ ਦੇ ਪ੍ਰਸਿੱਧ ਕਾਰਟੂਨ ਚਰਿੱਤਰ-18; ਛੋਟਾ ਭੀਮ

ਗਰੀਨ ਗੋਲਡ ਐਨੀਮੇਸ਼ਨ ਵਲੋਂ ਪੋਗੋ ਚੈਨਲ ਉਪਰ 2008 ਵਿਚ ਇਕ ਸੀਰੀਅਲ 'ਛੋਟਾ ਭੀਮ' ਦਾ ਨਿਰਮਾਣ ਕੀਤਾ ਗਿਆ ਸੀ। ਇਸ ਸੀਰੀਅਲ ਦੇ ਨਾਇਕ ਛੋਟਾ ਭੀਮ ਨੇ ਇਕ ਕਾਰਟੂਨ ਚਰਿੱਤਰ ਵਜੋਂ ਆਪਣੀ ਖ਼ਾਸ ਥਾਂ ਬਣਾਈ ਹੋਈ ਹੈ। ਇਹ ਇਕ ਹਸਾਉਣਾ ਅਤੇ ਮਜ਼ਾਕੀਆ ਸੁਭਾਅ ਵਾਲਾ ਪਾਤਰ ਹੈ, ਜੋ ਆਪਣੇ ਦੋਸਤਾਂ ਜੱਗੂ ਬਾਂਦਰ, ਰਾਜੂ, ਚੁਟਕੀ ਆਦਿ ਨਾਲ ਅਕਸਰ ਵਿਖਾਈ ਦਿੰਦਾ ਹੈ।
ਛੋਟਾ ਭੀਮ ਢੋਲਨਪੁਰ ਪ੍ਰਾਂਤ ਦਾ ਰਹਿਣ ਵਾਲਾ ਹੈ। ਉਹ ਆਪਣੇ ਵਿਰੋਧੀਆਂ, ਜਿਨ੍ਹਾਂ ਵਿਚ ਕਾਲੀਆ, ਕੀਚਕ, ਡਾਕੂ ਮੰਗਲ ਸਿੰਘ, ਢੋਲੂ, ਪੋਲੂ ਦੀਆਂ ਚਾਲਾਂ ਤੋਂ ਢੋਲਨਪੁਰ ਅਤੇ ਆਪਣੇ ਸਾਥੀਆਂ ਦੀ ਸੁਰੱਖਿਆ ਕਰਦਾ ਹੈ। ਇਹ ਪਾਤਰ ਇੰਨਾ ਸਮਝਦਾਰ ਅਤੇ ਤਾਕਤਵਰ ਹੈ ਕਿ ਆਪਣੇ ਤੋਂ ਵੱਡੀ ਉਮਰ ਦੇ ਪਾਤਰਾਂ ਦਾ ਡਟ ਕੇ ਮੁਕਾਬਲਾ ਕਰਦਾ ਹੈ ਅਤੇ ਉਨ੍ਹਾਂ ਨੂੰ ਮੂੰਹ ਦੀ ਖੁਆ ਦਿੰਦਾ ਹੈ। ਭਾਵੇਂ ਆਮ ਤੌਰ 'ਤੇ ਇਹ ਪਾਤਰ ਕੇਸਰੀ ਰੰਗ ਦੀ ਧੋਤੀ ਵਿਚ ਦਿਖਾਈ ਦਿੰਦਾ ਹੈ ਪਰ ਖਾਸ ਮੌਕਿਆਂ 'ਤੇ ਇਸ ਨੂੰ ਕੁੜਤੇ-ਪਜ਼ਾਮੇ ਵਿਚ ਵੀ ਵੇਖਿਆ ਜਾ ਸਕਦਾ ਹੈ। ਇਹ ਪਾਤਰ ਕੁਸ਼ਤੀ ਅਤੇ ਹੋਰ ਖੇਡਾਂ ਵਿਚ ਮਾਹਿਰ ਹੈ। ਅਨੇਕ ਫ਼ਿਲਮਾਂ ਅਤੇ ਐਨੀਮੇਸ਼ਨਜ਼ ਵਿਚ ਇਕ ਨਾਇਕ ਦੇ ਤੌਰ 'ਤੇ ਛੋਟਾ ਭੀਮ ਨਾ ਕੇਵਲ ਭਾਰਤ ਵਿਚ, ਸਗੋਂ ਗੁਆਂਢੀ ਦੇਸ਼ਾਂ ਵਿਚ ਵੀ ਕਾਫੀ ਹਰਮਨ ਪਿਆਰਾ ਹੈ। ਉਹਦਾ ਇਕੋ ਸੁਨੇਹਾ ਹੈ, 'ਜੀਓ ਅਤੇ ਜਿਊਣ ਦਿਓ।'

-ਪੰਜਾਬੀ ਯੂਨੀਵਰਸਿਟੀ ਕੈਂਪਸ, ਪਟਿਆਲਾ।
ਮੋਬਾ: 98144-23703
email : dsaasht@yahoo.co.in


ਖ਼ਬਰ ਸ਼ੇਅਰ ਕਰੋ

ਬਾਲ ਕਹਾਣੀ: ਸੁੱਚਾ ਮੋਤੀ

ਬੱਚਿਓ, ਇਕ ਵਾਰ ਦੀ ਗੱਲ ਹੈ ਇਕ ਕਿਸਾਨ ਹਰ ਰੋਜ਼ ਆਪਣੀ ਖੇਤੀ ਦਾ ਕੰਮ ਵਿਚਾਲੇ ਹੀ ਛੱਡ ਕੇ ਆਪਣੇ ਖੇਤ ਦੇ ਨਾਲ ਲਗਦੀ ਇਕ ਨਦੀ ਦੇ ਕਿਨਾਰੇ ਜਾ ਬੈਠਦਾ ਸੀ। ਅੱਜ ਦਾ ਕੰਮ ਕੱਲ੍ਹ 'ਤੇ ਛੱਡਣਾ ਉਸ ਦੀ ਸਭ ਤੋਂ ਵੱਡੀ ਕਮਜ਼ੋਰੀ ਸੀ, ਜੋ ਕਿ ਉਸ ਦੀ ਗਰੀਬੀ ਦਾ ਮੁੱਖ ਕਾਰਨ ਬਣਦੀ ਜਾ ਰਹੀ ਸੀ। ਇਕ ਦਿਨ ਆਪਣੀ ਗਰੀਬੀ ਤੋਂ ਦੁਖੀ ਹੋ ਕੇ ਉਹ ਨਦੀ ਦੇ ਕਿਨਾਰੇ ਬੈਠ ਕੇ ਉੱਚੀ-ਉੱਚੀ ਰੋਣ ਲੱਗਾ। ਤੁਰੰਤ ਹੀ ਨਦੀ ਦਾ ਦੇਵਤਾ ਉਸ ਦੀ ਆਵਾਜ਼ ਸੁਣ ਕੇ ਉਥੇ ਪ੍ਰਗਟ ਹੋਇਆ ਤੇ ਬੋਲਿਆ, 'ਪੁੱਤਰ, ਆਪਣੇ ਰੋਣ ਦਾ ਕਾਰਨ ਦੱਸ, ਮੈਂ ਤੇਰੀ ਮਦਦ ਕਰਾਂਗਾ।' ਜਦੋਂ ਕਿਸਾਨ ਨੇ ਆਪਣੀ ਸਾਰੀ ਕਹਾਣੀ ਦੱਸੀ ਤਾਂ ਦੇਵਤਾ ਨੇ ਉਸ ਨੂੰ ਇਕ ਸੁੱਚਾ ਮੋਤੀ ਦਿੱਤਾ ਅਤੇ ਕਿਹਾ, 'ਪੁੱਤਰਾ, ਇਹ ਸੁੱਚਾ ਮੋਤੀ ਆਪਣੇ ਖੇਤ ਵਿਚ ਅਨਾਜ ਦੇ ਨਾਲ ਹੀ ਬੀਜ ਦੇਵੀਂ ਤੇ ਫ਼ਸਲ ਦੀ ਤਰ੍ਹਾਂ ਹੀ ਸਿੰਚਾਈ ਕਰੀਂ। ਮੈਂ ਛੇ ਮਹੀਨੇ ਬਾਅਦ ਆਪਣਾ ਸੁੱਚਾ ਮੋਤੀ ਵਾਪਸ ਲੈ ਜਾਵਾਂਗਾ। ਪਰ ਜਿਥੇ ਮੋਤੀ ਬੀਜੇਂਗਾ, ਉਥੇ ਇਕ ਨਿਸ਼ਾਨੀ ਰੱਖ ਦੇਵੀਂ, ਤਾਂ ਕਿ ਤੂੰ ਮੈਨੂੰ ਮੋਤੀ ਵਾਪਸ ਕਰ ਸਕੇਂ। ਇਸ ਯੋਜਨਾ ਅਨੁਸਾਰ ਤੇਰੇ ਕੋਲ ਇਸ ਸੁੱਚੇ ਮੋਤੀ ਜਿਹੇ ਲੱਖਾਂ ਮੋਤੀ ਹੋਣਗੇ। ਉਨ੍ਹਾਂ ਮੋਤੀਆਂ ਨੂੰ ਵੇਚ ਕੇ ਤੂੰ ਪੈਸੇ ਕਮਾ ਸਕੇਂਗਾ।'
ਕਿਸਾਨ ਨੇ ਲਾਲਚ ਵਿਚ ਆ ਕੇ ਉਵੇਂ ਹੀ ਕੀਤਾ, ਜਿਵੇਂ ਦੇਵਤਾ ਨੇ ਦੱਸਿਆ। ਉਹ ਖੇਤ ਦੀ ਦੇਖਭਾਲ ਕਰਨ ਲੱਗਾ। ਜਦੋਂ ਫ਼ਸਲ ਪੱਕ ਗਈ ਤਾਂ ਕਿਸਾਨ ਉਦਾਸ ਹੋ ਕੇ ਉਸੇ ਨਦੀ ਕਿਨਾਰੇ ਬੈਠ ਕੇ ਰੋਣ ਲੱਗਾ। ਫਿਰ ਦੇਵਤਾ ਪ੍ਰਗਟ ਹੋਏ। ਕਿਸਾਨ ਤੋਂ ਦੁਖੀ ਹੋਣ ਦਾ ਕਾਰਨ ਪੁੱਛਿਆ ਤਾਂ ਕਿਸਾਨ ਨੇ ਕਿਹਾ, 'ਮੈਂ ਤੁਹਾਡੇ ਕਹੇ ਅਨੁਸਾਰ ਉਵੇਂ ਹੀ ਕੀਤਾ ਜਿਵੇਂ ਤੁਸੀਂ ਕਿਹਾ ਸੀ। ਪਰ ਇਥੇ ਤਾਂ ਉਹ ਹੀ ਫ਼ਸਲ ਉੱਗੀ ਜੋ ਮੈਂ ਬੀਜੀ ਸੀ, ਪਰ ਸੁੱਚੇ ਮੋਤੀ ਨਹੀਂ ਉੱਗੇ।
ਦੇਵਤਾ ਜ਼ੋਰ ਨਾਲ ਹੱਸਿਆ ਤੇ ਕਿਹਾ, 'ਪੁੱਤਰਾ, ਅਸਲ ਵਿਚ ਸੁੱਚੇ ਮੋਤੀ ਤਾਂ ਉਹ ਫ਼ਸਲ ਹੀ ਹੈ, ਜੋ ਤੂੰ ਬੀਜੀ ਹੈ। ਹੁਣ ਤੂੰ ਇਸ ਅਨਾਜ ਨੂੰ ਵੇਚ ਕੇ ਆਪਣੀ ਗਰੀਬੀ ਨੂੰ ਦੂਰ ਕਰ ਸਕਦਾ ਹੈਂ। ਮਿਹਨਤ ਕਦੇ ਵਿਅਰਥ ਨਹੀਂ ਜਾਂਦੀ। ਇਸ ਦਾ ਸੁੱਚੇ ਮੋਤੀ ਜਿਹਾ ਫਲ ਜ਼ਰੂਰ ਮਿਲਦਾ ਹੈ। ਹੁਣ ਕਿਸਾਨ ਵੀ ਸਮਝ ਚੁੱਕਾ ਸੀ ਕਿ ਜੇਕਰ ਮੈਂ ਆਲਸ ਤੋਂ ਦੂਰ ਰਹਿ ਕੇ ਮਿਹਨਤ ਕਰਦਾ ਤਾਂ ਗਰੀਬੀ ਮੈਨੂੰ ਛੂਹ ਵੀ ਨਾ ਸਕਦੀ। ਮਿਹਨਤ ਵੀ ਇਕ ਸੁੱਚੇ ਮੋਤੀ ਦੀ ਤਰ੍ਹਾਂ ਹੈ, ਜਿਸ ਦੀ ਚਮਕ ਹਮੇਸ਼ਾ ਰਹਿੰਦੀ ਹੈ। ਮਿਹਨਤ ਸਭ ਤੋਂ ਵੱਡੀ ਕਮਾਈ ਹੈ।

-ਰੀਤੂ ਨਾਗੀ,
ਮਹਾਂਵੀਰ ਇੰਸਟੀਚਿਊਟ, ਈਸ਼ਵਰ ਨਗਰ, ਨੇੜੇ ਸਰਕਾਰੀ ਟਿਊਬਵੈੱਲ, ਕਾਲਾ ਸੰਘਾ ਰੋਡ, ਜਲੰਧਰ।

ਡਬਲ ਰੋਟੀ ਦੀ ਸ਼ੁਰੂਆਤ

ਬੱਚਿਓ, ਸ਼ਹਿਰੀ ਲੋਕਾਂ ਦੇ ਨਾਸ਼ਤੇ 'ਚ ਡਬਲ ਰੋਟੀ ਖਾਸ ਥਾਂ ਰੱਖਦੀ ਹੈ। ਰੂਸ ਦੇ ਲੋਕਾਂ ਦਾ ਭੋਜਨ ਹੀ ਡਬਲ ਰੋਟੀ ਹੈ। ਅੱਜ ਪੂਰੀ ਦੁਨੀਆ ਵਿਚ ਇਹ ਲੋਕਾਂ ਦਾ ਮਨਪਸੰਦ ਭੋਜਨ ਬਣ ਚੁੱਕੀ ਹੈ। ਇਸ ਦੀ ਸ਼ੁਰੂਆਤ ਕਿਵੇਂ ਹੋਈ? ਇਹ ਸ਼ਾਇਦ ਤੁਸੀਂ ਨਹੀਂ ਜਾਣਦੇ। ਜਰਮਨੀ ਦਾ ਇਕ ਰੋਟੀ ਮਿਊਜ਼ੀਅਮ ਹੈ। ਇਥੇ ਕਈ ਆਕਾਰ ਦੀਆਂ ਅਤੇ ਵੱਖ-ਵੱਖ ਸਵਾਦ ਦੀਆਂ ਡਬਲ ਰੋਟੀਆਂ ਰੱਖੀਆਂ ਗਈਆਂ ਹਨ। ਇਨ੍ਹਾਂ ਡਬਲ ਰੋਟੀਆਂ ਤੋਂ ਪਤਾ ਲਗਦਾ ਹੈ ਕਿ ਡਬਲ ਰੋਟੀ ਦਾ ਇਤਿਹਾਸ ਕੋਈ 5000 ਸਾਲ ਪੁਰਾਣਾ ਹੈ।
ਦਸਤਾਵੇਜ਼ਾਂ ਦੇ ਮੁਤਾਬਿਕ ਈਸਾ ਤੋਂ ਕਰੀਬ 3000 ਸਾਲ ਪਹਿਲਾਂ ਲੋਕਾਂ ਨੇ ਡਬਲ ਰੋਟੀ ਖਾਣੀ ਸ਼ੁਰੂ ਕੀਤੀ ਸੀ। ਦੱਸਿਆ ਜਾਂਦਾ ਹੈ ਕਿ ਮਿਸਰ ਦੇ ਰਾਜ ਘਰਾਣੇ 'ਚ ਸਭ ਤੋਂ ਪਹਿਲਾਂ ਡਬਲ ਰੋਟੀ ਦਾ ਪ੍ਰਚਲਣ ਸ਼ੁਰੂ ਹੋਇਆ। ਕਿਸ ਤਰ੍ਹਾਂ ਸ਼ੁਰੂ ਹੋਇਆ, ਇਹ ਕਿੱਸਾ ਵੀ ਬਹੁਤ ਦਿਲਚਸਪ ਹੈ। ਹੋਇਆ ਇਸ ਤਰ੍ਹਾਂ ਕਿ ਇਕ ਵਾਰੀ ਇਕ ਕੁੱਕ ਨੇ ਭੁੱਲ ਵਜੋਂ ਰਾਤੀਂ ਗੁੰਨ੍ਹੇ ਹੋਏ ਬੇਹੇ ਆਟੇ ਦੀ ਰੋਟੀ ਬਣਾ ਕੇ ਰਾਜ ਘਰਾਣੇ ਦੇ ਲੋਕਾਂ ਨੂੰ ਪੇਸ਼ ਕਰ ਦਿੱਤੀ ਅਤੇ ਰਾਜ ਘਰਾਣੇ ਦੇ ਲੋਕਾਂ ਨੂੰ ਇਹ ਫੁੱਲੀ ਹੋਈ ਰੋਟੀ ਬਹੁਤ ਸੁਆਦਲੀ ਲੱਗੀ। ਉਨ੍ਹਾਂ ਕੁੱਕ ਦੀ ਤਾਰੀਫ਼ ਕਰਦੇ ਹੋਏ ਰੋਜ਼ਾਨਾ ਅਜਿਹੀਆਂ ਰੋਟੀਆਂ ਬਣਾਉਣ ਲਈ ਕਿਹਾ। ਇਸ ਤਰ੍ਹਾਂ ਡਬਲ ਰੋਟੀ ਹੋਂਦ ਵਿਚ ਆਈ। ਥੋੜ੍ਹੇ ਦਿਨਾਂ ਵਿਚ ਇਹ ਗੱਲ ਦੂਜੇ ਲੋਕਾਂ ਤੱਕ ਵੀ ਪੁੱਜ ਗਈ ਅਤੇ ਸਾਰਿਆਂ ਨੇ ਇਹੀ ਰੋਟੀ ਖਾਣੀ ਸ਼ੁਰੂ ਕਰ ਦਿੱਤੀ। ਬਾਅਦ ਵਿਚ ਇਸ ਨੂੰ ਡਬਲ ਰੋਟੀ ਦਾ ਨਾਂਅ ਦਿੱਤਾ ਗਿਆ ਅਤੇ ਆਟੇ 'ਚੋਂ ਖਮੀਰ ਚੁੱਕ ਕੇ ਤਰ੍ਹਾਂ-ਤਰ੍ਹਾਂ ਦੀਆਂ ਨਮਕੀਨ ਅਤੇ ਮਿੱਠੀਆਂ ਡਬਲ ਰੋਟੀਆਂ ਬਣਨ ਲੱਗੀਆਂ।
ਇਕ ਸਮਾਂ ਅਜਿਹਾ ਆਇਆ ਕਿ ਡਬਲ ਰੋਟੀ ਨੂੰ ਲੋਕੀਂ ਪ੍ਰਾਹੁਣਚਾਰੀ ਦੀ ਸ਼ਾਨ ਸਮਝਣ ਲੱਗੇ। ਅੱਜ ਹਾਲਾਤ ਇਹ ਹਨ ਕਿ ਦੁਨੀਆ ਦੇ ਕੋਨੇ-ਕੋਨੇ 'ਚ ਡਬਲ ਰੋਟੀ ਇਸਤੇਮਾਲ ਹੋ ਰਹੀ ਹੈ।
ਡਬਲ ਰੋਟੀ ਬਣਾਉਣ ਸਮੇਂ ਆਟੇ ਨੂੰ ਖਮੀਰ ਕੀਤਾ ਜਾਂਦਾ ਹੈ ਅਤੇ ਇਸ ਦੀਆਂ ਲੋਈਆਂ ਬਣਾ ਕੇ ਮਨਚਾਹੇ ਆਕਾਰ ਵਿਚ ਵੇਲ ਲਿਆ ਜਾਂਦਾ ਹੈ। ਫਿਰ ਇਨ੍ਹਾਂ ਨੂੰ ਭੱਠੀ ਜਾਂ ਓਵਨ ਵਿਚ ਸੇਕਿਆ ਜਾਂਦਾ ਹੈ। ਡਬਲ ਰੋਟੀ ਸੇਕਦੇ ਸਮੇਂ ਇਸ ਵਿਚੋਂ ਬੁਲਬੁਲੇ ਉਠਦੇ ਹਨ। ਇਨ੍ਹਾਂ ਬੁਲਬੁਲਿਆਂ ਕਾਰਨ ਹੀ ਡਬਲ ਰੋਟੀ ਫੁੱਲ ਕੇ ਮੋਟੀ ਹੋ ਜਾਂਦੀ ਹੈ ਅਤੇ ਇਸ ਵਿਚ ਛੇਕ ਹੋ ਜਾਂਦੇ ਹਨ।
ਦੁਨੀਆ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਡਬਲ ਰੋਟੀ 382.9 ਮੀਟਰ ਲੰਬੀ ਹੈ। ਇਸ ਨੂੰ ਅਮਰੀਕਾ 'ਚ ਰਹਿਣ ਵਾਲੇ ਇਕ ਇਆਨ ਬੁੱਸ਼ ਨਾਂਅ ਦੇ ਕੁੱਕ ਨੇ ਤਿਆਰ ਕੀਤਾ ਸੀ। 1982 'ਚ ਬਣੀ ਇਸ ਡਬਲ ਰੋਟੀ ਨੂੰ ਕੱਚੇ ਕੋਲਿਆਂ ਦੇ ਖੁੱਲ੍ਹੇ ਭੱਠ ਵਿਚ ਪਕਾਇਆ ਗਿਆ ਸੀ। 'ਗਿੰਨੀਜ਼ ਬੁੱਕ ਆਫ਼ ਵਰਲਡ ਰਿਕਾਰਡਸ' 'ਚ ਇਸ ਡਬਲ ਰੋਟੀ ਨੂੰ ਸ਼ਾਮਿਲ ਕੀਤਾ ਗਿਆ ਹੈ।

-ਪਿੰਡ ਤੇ ਡਾਕ: ਖੋਸਾ ਪਾਂਡੋ (ਮੋਗਾ)-142048

ਤੁਰਨ ਸਮੇਂ ਬਾਹਾਂ ਕਿਉਂ ਹਿਲਾਉਂਦੇ ਹਾਂ?

ਬੱਚਿਓ, ਮਨੁੱਖ ਦੇ ਲੱਤਾਂ ਹੁੰਦੀਆਂ ਹਨ। ਲੱਤ ਦੇ ਸਿਰੇ 'ਤੇ ਇਕ ਪੈਰ ਹੁੰਦਾ ਹੈ। ਪੈਰ ਲੰਬਾ ਅਤੇ ਚਪਟਾ ਹੁੰਦਾ ਹੈ। ਪੈਰ ਤੁਰਨ ਸਮੇਂ ਮਨੁੱਖ ਦੇ ਭਾਰ ਨੂੰ ਸਹਾਰਦੇ ਹਨ। ਮਨੁੱਖ ਦੀਆਂ ਦੋ ਬਾਹਾਂ ਹੁੰਦੀਆਂ ਹਨ। ਬਾਹਾਂ ਅਸਾਨੀ ਨਾਲ ਅੱਗੇ-ਪਿੱਛੇ ਗਤੀ ਕਰ ਸਕਦੀਆਂ ਹਨ। ਮਨੁੱਖ ਇਕ ਅਜਿਹਾ ਜੀਵ ਹੈ, ਜਿਹੜਾ ਦੋ ਲੱਤਾਂ 'ਤੇ ਤੁਰ ਸਕਦਾ ਹੈ।
ਜਦੋਂ ਅਸੀਂ ਸੱਜੀ ਲੱਤ ਨੂੰ ਅੱਗੇ ਵੱਲ ਲੈ ਕੇ ਜਾਂਦੇ ਹਾਂ ਤਾਂ ਸੱਜੀ ਬਾਂਹ ਆਪਣੇ-ਆਪ ਪਿੱਛੇ ਵੱਲ ਨੂੰ ਗਤੀ ਕਰਦੀ ਹੈ। ਉਸੇ ਸਮੇਂ ਖੱਬੀ ਬਾਂਹ ਅੱਗੇ ਵੱਲ ਨੂੰ ਗਤੀ ਕਰਦੀ ਹੈ। ਜਦੋਂ ਖੱਬੀ ਲੱਤ ਅੱਗੇ ਵੱਲ ਜਾਂਦੀ ਹੈ ਤਾਂ ਖੱਬੀ ਬਾਂਹ ਪਿੱਛੇ ਵੱਲ ਗਤੀ ਕਰਦੀ ਹੈ ਅਤੇ ਸੱਜੀ ਬਾਂਹ ਅੱਗੇ ਵੱਲ ਗਤੀ ਕਰਦੀ ਹੈ। ਇਸ ਤਰ੍ਹਾਂ ਬਾਹਾਂ ਤੁਰਨ ਸਮੇਂ ਹਰ ਵਾਰ ਅੱਗੇ-ਪਿੱਛੇ ਜਾਂਦੀਆਂ ਹਨ। ਜੇ ਬਾਹਾਂ ਨੂੰ ਨਾ ਹਿਲਾਇਆ ਜਾਵੇ ਤਾਂ ਸਰੀਰ ਨੂੰ ਤੁਰਨ ਸਮੇਂ 12 ਫੀਸਦੀ ਵਾਧੂ ਊਰਜਾ ਦੀ ਵਰਤੋਂ ਕਰਨੀ ਪਵੇਗੀ। ਮਨੁੱਖ ਬਾਂਹ ਨੂੰ ਤੁਰਨ ਸਮੇਂ ਪੈਦਾ ਹੋਈ ਚੱਕਰਗਤੀ ਨੂੰ ਸੰਤੁਲਨ ਵਿਚ ਰੱਖਣ ਲਈ ਅਤੇ ਸਰੀਰ ਦੇ ਕੋਨੀ ਵੇਗ ਨੂੰ ਘੱਟ ਕਰਨ ਲਈ ਲੱਤ ਦੇ ਉਲਟ ਦਿਸ਼ਾ ਵਿਚ ਹਿਲਾਉਂਦਾ ਹੈ। ਬਾਂਹਾਂ ਮਨੁੱਖ ਦੀ ਤੁਰਨ, ਦੌੜਨ ਅਤੇ ਛਲਾਂਗ ਮਾਰਨ ਵਿਚ ਸਹਾਇਤਾ ਕਰਦੀਆਂ ਹਨ। ਮਨੁੱਖ ਬਾਂਹ ਹਿਲਾਉਣ ਤੋਂ ਬਿਨਾਂ ਅਸਾਨੀ ਨਾਲ ਤੁਰ ਨਹੀਂ ਸਕਦਾ।

-ਕਰਨੈਲ ਸਿੰਘ ਰਾਮਗੜ੍ਹ,
ਸਾਇੰਸ ਮਾਸਟਰ, ਖ਼ਾਲਸਾ ਸਕੂਲ, ਖੰਨਾ। ਮੋਬਾ: 79864-99563

ਬੁਝਾਰਤਾਂ

1. ਗਾਂ ਦਾ ਦੁੱਧ ਚੋਣ ਸਮੇਂ ਗਾਂ ਨੂੰ ਹਿੱਲਣ ਤੋਂ ਰੋਕਣ ਲਈ ਉਸ ਦੀਆਂ ਪਿਛਲੀਆਂ ਲੱਤਾਂ ਵਿਚ ਬੰਨ੍ਹੇ ਰੱਸੇ ਨੂੰ ਕੀ ਕਹਿੰਦੇ ਹਨ?
2. ਫਸਲਾਂ ਦੀ ਰਾਖੀ ਲਈ ਫਸਲਾਂ ਦੇ ਵਿਚ ਲੱਕੜ ਦੀਆਂ ਬੱਲੀਆਂ ਗੱਡ ਕੇ ਬਣਾਈ ਉੱਚੀ ਥਾਂ ਨੂੰ ਕੀ ਕਹਿੰਦੇ ਹਨ?
3. ਉਹ ਕਿਹੜਾ ਸੂਆਂ ਹੈ, ਜਿਸ ਵਿਚ ਇਕ ਵੀ ਬੂੰਦ ਪਾਣੀ ਦੀ ਨਹੀਂ ਹੁੰਦੀ?
4. ਭੁੰਨੇ ਹੋਏ ਜੌਆਂ ਨੂੰ ਕੀ ਕਹਿੰਦੇ ਹਨ?
5. ਬਾਂਸ ਦੀ ਪੰਜ-ਛੇ ਕੁ ਫੁੱਟ ਲੰਮੀ ਸੋਟੀ ਨੂੰ ਕੀ ਕਹਿੰਦੇ ਹਨ?
6. ਤੂਤ ਦੇ ਦਾਣੇਦਾਰ ਫਲ ਨੂੰ ਕੀ ਕਹਿੰਦੇ ਹਨ?
7. ਜਾਗੋ ਕੋਣ ਕੱਢਦੀਆਂ ਹੁੰਦੀਆਂ ਹਨ?
8. ਬੱਚਿਆਂ ਦੇ ਤੁਰਨਾ ਸਿੱਖਣ ਵਾਲੀ ਨਿੱਕੀ ਜਿਹੀ ਲੱਕੜ ਦੀ ਗੱਡੀ ਨੂੰ ਕੀ ਕਹਿੰਦੇ ਹਨ?
9. ਭੇਡਾਂ-ਬੱਕਰੀਆਂ ਦੇ ਇਕੱਠ ਨੂੰ ਕੀ ਕਹਿੰਦੇ ਹਨ?
10. ਹਲ ਜੋੜਨ ਸਮੇਂ ਊਠ ਦੀ ਪਿੱਠ ਉੱਪਰ ਲੱਕੜ, ਰੱਸੇ, ਰੱਸੀਆਂ ਤੇ ਨਮਾਰ ਦੇ ਬਣਾ ਕੇ ਪਾਏ ਢਾਂਚੇ ਨੂੰ ਕੀ ਕਹਿੰਦੇ ਹਨ?
ਉੱਤਰ : (1) ਨਿਆਣਾ, (2) ਮਨ੍ਹਾ, (3) ਬੋਰੀਆਂ ਸੀਣ ਵਾਲਾ ਸੂਆਂ,(4) ਘਾਟ, (5) ਡਾਂਗ, (6) ਤੂਤੀਆਂ, (7) ਨਾਨਕੀਆਂ, (8) ਗਡੀਰਾ, (9) ਇੱਜੜ, (10) ਬੀਂਡੀ।

-ਤਸਵਿੰਦਰ ਸਿੰਘ ਬੜੈਚ
ਪਿੰਡ ਦੀਵਾਲਾ, ਤਹਿ: ਸਮਰਾਲਾ, ਜ਼ਿਲ੍ਹਾ ਲੁਧਿਆਣਾ।
ਮੋਬਾ : 98763-22677.

ਬਾਲ ਕਵਿਤਾ: ਬਿਜਲੀ ਦਾ ਬਲਬ

ਨਿੱਕਾ ਜਿਹਾ ਬਿਜਲੀ ਦਾ ਬਲਬ,
ਚਾਨਣ ਖੂਬ ਬਿਖੇਰੇ।
ਆਥਣ ਵੇਲੇ ਜਦ ਜਗਾਈਏ,
ਦੂਰ ਭਜਾਉਂਦਾ ਨ੍ਹੇਰੇ।
ਬੱਲਬ ਦੇ ਚਾਨਣ ਵਿਚ ਬੈਠ,
ਬੱਚੇ ਕਰਨ ਤਿਆਰੀ।
ਦੇਰ ਰਾਤ ਤੱਕ ਪੜ੍ਹਦੇ ਰਹਿੰਦੇ,
ਪ੍ਰੀਖਿਆ ਦੀ ਆਈ ਵਾਰੀ।
ਫਜ਼ੂਲ ਬੱਲਬ ਨਾ ਜਗੇ,
ਛੱਡ ਦੇਈਏ ਲਾਪ੍ਰਵਾਹੀ।
ਬਿਜਲੀ ਦੀ ਬਰਬਾਦੀ ਹੋਵੇ,
ਧਨ ਦੀ ਹੋਵੇ ਤਬਾਹੀ।

-ਹਰਿੰਦਰ ਸਿੰਘ ਗੋਗਨਾ,
ਪ੍ਰੀਖਿਆ ਸ਼ਾਖਾ, ਪੰਜਾਬੀ ਯੂਨੀਵਰਸਿਟੀ, ਪਟਿਆਲਾ। ਮੋਬਾ: 98723-25960

ਬਾਲ ਸਾਹਿਤ

ਬਾਲਾਂ ਦੀ ਉਸਾਰੂ ਸਿਰਜਣਾ
ਸੰਪਰਕ : 99151-03490

ਪੰਜਾਬੀ ਬਾਲ ਸਾਹਿਤ ਲਈ ਇਹ ਗੌਰਵ ਵਾਲੀ ਗੱਲ ਹੈ ਕਿ ਅਜੋਕੇ ਸਮੇਂ ਵਿਚ ਵੱਖ-ਵੱਖ ਸਕੂਲਾਂ ਦੇ ਹੋਣਹਾਰ ਵਿਦਿਆਰਥੀਆਂ ਦੀਆਂ ਪੁਸਤਕਾਂ ਵੀ ਛਪਣ ਲੱਗ ਪਈਆਂ ਹਨ। ਇਸ ਹਵਾਲੇ ਨਾਲ ਕੁਝ ਨਵੀਆਂ ਛਪੀਆਂ ਪੁਸਤਕਾਂ ਵਿਸ਼ੇਸ਼ ਉਲੇਖ ਦੀ ਮੰਗ ਕਰਦੀਆਂ ਹਨ।
ਪਹਿਲੀ ਪੁਸਤਕ 'ਜਾਦੂਈ ਸਿਤਾਰ' ਹੈ, ਜੋ ਨੌਵੀਂ ਜਮਾਤ ਦੀ ਵਿਦਿਆਰਥਣ ਰਜਨੀ ਰਾਣੀ ਦੁਆਰਾ ਲਿਖੀ ਗਈ ਹੈ। ਇਸ ਪੁਸਤਕ ਵਿਚਲੀਆਂ ਕਹਾਣੀਆਂ ਵਿਚੋਂ 'ਚੂਹੀ ਦਾ ਪਰਿਵਾਰ', 'ਹਾਥੀ ਤੇ ਕੀੜੀ ਦੀ ਦੋਸਤੀ', 'ਉੱਲੂ ਬਣਿਆ ਮੰਤਰੀ' ਅਤੇ 'ਮੋਰਨੀ ਨੂੰ ਮਿਲਿਆ ਸਬਕ' ਕਹਾਣੀਆਂ ਜੀਵ-ਜੰਤੂਆਂ ਰਾਹੀਂ ਮਨੁੱਖੀ ਸੁਭਾਅ ਨੂੰ ਪ੍ਰਗਟ ਕਰਦੀਆਂ ਹਨ। 'ਕਿੱਥੇ ਗਿਆ ਪੰਜਾਬ ਪੁਰਾਣਾ' ਕਹਾਣੀ ਪੰਜਾਬ ਦੀ ਮੁੱਲਵਾਨ ਵਿਰਾਸਤ ਨੂੰ ਯਾਦ ਕਰਵਾਉਂਦੀ ਹੈ। ਬਾਕੀ ਕਹਾਣੀਆਂ ਵੀ ਆਪੋ-ਆਪਣੇ ਵਿਸ਼ਿਆਂ ਦਾ ਸਾਰਥਿਕ ਸੰਚਾਰ ਕਰਦੀਆਂ ਹਨ। ਇਸ ਪੁਸਤਕ ਦੀ ਕੀਮਤ 60 ਰੁਪਏ ਹੈ ਅਤੇ ਕੁੱਲ ਪੰਨੇ 32 ਹਨ।
'ਦੋ ਸਹੇਲੀਆਂ' ਸੱਤਵੀਂ ਜਮਾਤ ਦੀ ਵਿਦਿਆਰਥਣ ਕਿਰਨਦੀਪ ਕੌਰ ਦੀ ਪੁਸਤਕ ਹੈ। ਇਸ ਵਿਚ ਛੋਟੇ ਆਕਾਰ ਦੀਆਂ ਕਹਾਣੀਆਂ ਸ਼ਾਮਿਲ ਹਨ। ਇਹ ਜਨੌਰਾਂ ਅਤੇ ਮਨੁੱਖੀ ਪਾਤਰਾਂ ਨਾਲ ਸਬੰਧਤ ਹਨ। 'ਰੁੱਖ ਅਤੇ ਮਨੁੱਖ' ਅਤੇ 'ਧਰਤੀ ਵਾਲੀ ਬੁਝਾਰਤ' ਮਨੁੱਖ ਨੂੰ ਕੁਦਰਤੀ ਵਾਤਾਵਰਨ ਬਚਾਉਣ ਲਈ ਪ੍ਰੇਰਨਾ ਦੇਣ ਵਾਲੀਆਂ ਕਹਾਣੀਆਂ ਹਨ। ਇਨ੍ਹਾਂ ਕਹਾਣੀਆਂ ਦੁਆਰਾ ਨੈਤਿਕ ਜੀਵਨ ਮੁੱਲਾਂ ਦੀ ਉਸਾਰੀ ਦੇ ਸੁਨੇਹੇ ਮਿਲਦੇ ਹਨ। ਪਾਤਰਾਂ ਦੀ ਭਾਸ਼ਾ ਉਨ੍ਹਾਂ ਦੇ ਸੁਭਾਅ ਦੇ ਅਨੁਕੂਲ ਹੈ। 24 ਪੰਨਿਆਂ ਵਾਲੀ ਇਸ ਪੁਸਤਕ ਦੀ ਕੀਮਤ 60 ਰੁਪਏ ਜ਼ਿਆਦਾ ਹੈ। ਇਨ੍ਹਾਂ ਦੋਵਾਂ ਪੁਸਤਕਾਂ ਦੇ ਚਿੱਤਰ ਨੌਵੀਂ ਜਮਾਤ ਦੀ ਚਿੱਤਰਕਾਰ ਵਿਦਿਆਰਥਣ ਫ਼ਰੀਦਾ ਵਲੋਂ ਬਣਾਏ ਗਏ ਹਨ।
ਤੀਜੀ ਪੁਸਤਕ 'ਜੰਗਲ ਵਿਚ ਮੇਲਾ' ਸੱਤਵੀਂ ਜਮਾਤ ਦੀ ਵਿਦਿਆਰਥਣ ਕਿਰਨਦੀਪ ਕੌਰ ਦੁਆਰਾ ਲਿਖੀ ਹੋਈ ਹੈ। ਇਸ ਪੁਸਤਕ ਵਿਚ ਨਿੱਕੀਆਂ-ਨਿੱਕੀਆਂ ਹਸਾਉਣੀਆਂ ਕਵਿਤਾਵਾਂ ਸ਼ਾਮਿਲ ਹਨ। 'ਪਿਆਰੀ ਤਿਤਲੀ', 'ਜੈ ਜਵਾਨ ਜੈ ਕਿਸਾਨ', 'ਪੰਛੀ ਰੰਗ ਰੰਗੀਲੇ', 'ਰੱਬਾ ਮੈਨੂੰ ਚਿੱਠੀ ਪਾ' ਅਤੇ 'ਧੀ ਸਿਰ ਦਾ ਤਾਜ' ਆਦਿ ਕਵਿਤਾਵਾਂ ਧੀਆਂ ਅਤੇ ਆਲੇ-ਦੁਆਲੇ ਪ੍ਰਤੀ ਚੇਤਨਾ ਦਾ ਅਹਿਸਾਸ ਵੀ ਪੈਦਾ ਕਰਦੀਆਂ ਹਨ। ਪੰਜਵੀਂ ਜਮਾਤ ਦੇ ਵਿਦਿਆਰਥੀ ਮਹਿਕਪ੍ਰੀਤ ਸਿੰਘ ਨੇ ਚਿੱਤਰ ਸਿਰਜੇ ਹਨ। ਇਸ ਪੁਸਤਕ ਦੀ ਕੀਮਤ ਵੀ 60 ਰੁਪਏ ਹੈ ਅਤੇ ਕੁੱਲ ਪੰਨੇ 32 ਹਨ।

ਇਹ ਪੁਸਤਕਾਂ ਸੰਗਮ ਪਬਲੀਕੇਸ਼ਨਜ਼, ਸਮਾਣਾ ਵਲੋਂ ਛਾਪੀਆਂ ਗਈਆਂ ਹਨ।
-ਦਰਸ਼ਨ ਸਿੰਘ

ਅਨਮੋਲ ਬਚਨ

* ਕਦੇ ਵੀ ਆਪਣੇ-ਆਪ 'ਤੇ ਘੁਮੰਡ ਨਾ ਕਰੋ, ਕਿਉਂਕਿ ਅਖੀਰ ਵਿਚ ਅਸੀਂ ਮਿੱਟੀ ਵਿਚ ਮਿਲ ਜਾਣਾ ਹੈ ਤੇ ਫਿਰ ਇਹ ਪਛਾਣਨਾ ਵੀ ਮੁਸ਼ਕਿਲ ਹੋ ਜਾਣਾ ਹੈ ਕਿ ਇਹ ਮਿੱਟੀ ਕਿਸ ਦੀ ਹੈ
* ਔਰਤ ਸਾਰੀ ਦੁਨੀਆ ਨਾਲ ਲੜ ਸਕਦੀ ਹੈ ਜੇਕਰ ਉਸ ਦੇ ਪਤੀ ਦਾ ਸਾਥ ਹੋਵੇ।
* ਮਾਤਾ-ਪਿਤਾ ਦੀ ਸੇਵਾ ਤੋਂ ਵੱਡਾ ਹੋਰ ਕੋਈ ਤੀਰਥ ਨਹੀਂ।
* ਦੂਜਿਆਂ ਨਾਲ ਅਜਿਹਾ ਵਰਤਾਓ ਨਾ ਕਰੋ, ਜਿਸ ਦੀ ਆਸ ਤੁਸੀਂ ਆਪਣੇ ਲਈ ਨਹੀਂ ਰੱਖਦੇ।
* ਖੁਸ਼ੀ ਵਿਚ ਕਿਸੇ ਨੂੰ ਵਚਨ ਨਾ ਦਿਓ, ਦੁੱਖ ਵਿਚ ਕੋਈ ਫ਼ੈਸਲਾ ਨਾ ਕਰੋ ਤੇ ਗੁੱਸੇ ਵਿਚ ਬੋਲ ਨਾ ਬੋਲੋ।

-ਬਲਵਿੰਦਰ ਜੀਤ ਕੌਰ,
ਪਿੰਡ ਚੱਕਲਾਂ (ਰੂਪਨਗਰ)। ਮੋਬਾ: 94649-18164

ਬਾਲ ਨਾਵਲ-50: ਖੱਟੀਆਂ-ਮਿੱਠੀਆਂ ਗੋਲੀਆਂ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਸ਼ਿਕੰਜਵੀ ਪੀਂਦੇ-ਪੀਂਦੇ ਹੀ ਮੇਘਾ ਉੱਠੀ। ਉਸ ਨੇ ਅਲਮਾਰੀ ਖੋਲ੍ਹ ਕੇ ਇਕ ਲਿਫਾਫਾ ਕੱਢਿਆ। ਉਹ ਲਿਫਾਫਾ ਉਸ ਨੇ ਹਰੀਸ਼ ਦੀ ਝੋਲੀ ਵਿਚ ਰੱਖ ਦਿੱਤਾ। ਹਰੀਸ਼ ਅਤੇ ਸਿਧਾਰਥ ਦੋਵੇਂ ਵੱਡੇ ਸਾਰੇ ਲਿਫਾਫੇ ਨੂੰ ਦੇਖ ਕੇ ਹੈਰਾਨ ਹੋ ਗਏ। ਮੇਘਾ ਨੇ ਹਰੀਸ਼ ਨੂੰ ਸ਼ਿਕੰਜਵੀ ਖਤਮ ਕਰਨ ਤੋਂ ਬਾਅਦ ਲਿਫਾਫਾ ਖੋਲ੍ਹਣ ਲਈ ਕਿਹਾ। ਹਰੀਸ਼ ਨੇ ਜਦੋਂ ਲਿਫਾਫਾ ਖੋਲ੍ਹਿਆ ਤਾਂ ਉਸ ਵਿਚੋਂ ਬਹੁਤ ਵਧੀਆ ਕਿਸਮ ਦੀ ਰੈਡੀਮੇਡ ਕਮੀਜ਼ ਅਤੇ ਪੈਂਟ ਨਿਕਲੀ।
ਰੈਡੀਮੇਡ ਕਮੀਜ਼ ਅਤੇ ਪੈਂਟ ਦੇਖ ਕੇ ਹਰੀਸ਼ ਦੀਆਂ ਅੱਖਾਂ ਵਿਚ ਖੁਸ਼ੀ ਦੇ ਅੱਥਰੂ ਆ ਗਏ। ਉਸ ਨੇ ਆਪਣੀ ਉਮਰ ਵਿਚ ਕਦੇ ਵੀ ਐਨੇ ਵਧੀਆ ਕੱਪੜੇ ਅਤੇ ਉਹ ਵੀ ਰੈਡੀਮੇਡ ਨਹੀਂ ਸਨ ਪਾਏ। ਮੇਘਾ ਨੇ ਹਰੀਸ਼ ਨੂੰ ਕੱਪੜੇ ਪਾ ਕੇ ਦੇਖਣ ਨੂੰ ਕਿਹਾ ਤਾਂ ਜੋ ਉਸ ਨੂੰ ਪਤਾ ਲੱਗ ਜਾਵੇ ਕਿ ਕੱਪੜੇ ਉਸ ਨੂੰ ਪੂਰੇ ਆਏ ਹਨ ਜਾਂ ਨਹੀਂ।
ਹਰੀਸ਼ ਬਾਥਰੂਮ ਵਿਚ ਜਾ ਕੇ ਕੱਪੜੇ ਬਦਲ ਕੇ ਆ ਗਿਆ। ਕੱਪੜਿਆਂ ਦੀ ਫਿਟਿੰਗ ਉਸ ਨੂੰ ਐਨੀ ਵਧੀਆ ਆਈ ਸੀ ਕਿ ਜਿਵੇਂ ਮੇਚਾ ਦੇ ਕੇ ਕੱਪੜੇ ਸਿਲਵਾਏ ਹੋਣ। ਨਵੇਂ ਕੱਪੜੇ ਪਾ ਕੇ ਹਰੀਸ਼ ਦੀ ਸ਼ਕਲ-ਸੂਰਤ ਹੀ ਹੋਰ ਲੱਗ ਰਹੀ ਸੀ। ਇਕ ਤਾਂ ਉਹ ਹੈਗਾ ਹੀ ਸੋਹਣਾ-ਸੁਨੱਖਾ ਸੀ, ਦੂਜਾ ਵਧੀਆ ਕੰਪਨੀ ਦਾ ਵਧੀਆ ਕੱਪੜਾ ਅਤੇ ਤੀਜਾ ਫਿਟਿੰਗ ਕਮਾਲ ਦੀ। ਉਨ੍ਹਾਂ ਕੱਪੜਿਆਂ ਵਿਚ ਹਰੀਸ਼ ਕਿਸੇ ਬੜੇ ਉੱਚੇ ਖਾਨਦਾਨ ਦਾ ਬੱਚਾ ਲੱਗ ਰਿਹਾ ਸੀ।
ਸਿਧਾਰਥ ਨੂੰ ਇਸ ਵਕਤ ਦੁੱਗਣੀ ਖੁਸ਼ੀ ਹੋ ਰਹੀ ਸੀ। ਇਕ ਤਾਂ ਉਹ ਹਰੀਸ਼ ਨੂੰ ਨਵੇਂ ਕੱਪੜਿਆਂ ਵਿਚ ਖੁਸ਼ ਦੇਖ ਕੇ ਖੁਸ਼ ਹੋ ਰਿਹਾ ਸੀ ਅਤੇ ਦੂਜਾ ਉਸ ਨੂੰ ਇਸ ਤੋਂ ਵੀ ਜ਼ਿਆਦਾ ਖੁਸ਼ੀ ਹੋ ਰਹੀ ਸੀ, ਮੇਘਾ ਦੇ ਇਸ ਚੰਗੇ ਕੰਮ ਤੋਂ। ਉਸ ਨੂੰ ਪਤਾ ਸੀ ਕਿ ਮੇਘਾ, ਹਰੀਸ਼ ਦਾ ਹਰ ਤਰ੍ਹਾਂ ਨਾਲ ਧਿਆਨ ਰੱਖਦੀ ਹੈ ਪਰ ਕਦੇ-ਕਦੇ ਉਸ ਦੇ ਦਿਲ ਵਿਚ ਆਉਂਦਾ ਸੀ ਕਿ ਮੈਂ ਹਰੀਸ਼ ਨੂੰ ਚੁੱਪ-ਚੁਪੀਤੇ ਆਪਣੇ ਘਰ ਲੈ ਆਇਆ ਸਾਂ, ਮੇਘਾ ਇਸ ਨੂੰ ਕਿਸੇ ਵਕਤ ਬੋਝ ਨਾ ਸਮਝਣ ਲੱਗ ਪਵੇ। ਪਰ ਅੱਜ ਮੇਘਾ ਨੇ ਜੋ ਕੀਤਾ, ਉਸ ਨਾਲ ਉਸ ਦੇ ਦਿਲ ਵਿਚ ਜਿਹੜਾ ਸ਼ੱਕ ਸੀ, ਉਹ ਵੀ ਦੂਰ ਹੋ ਗਿਆ।
'ਹਰੀਸ਼, ਤੂੰ ਥੋੜ੍ਹੀ ਦੇਰ ਆਰਾਮ ਕਰਨਾ ਏਂ ਤਾਂ ਕਰ ਲੈ, ਫਿਰ ਤੂੰ ਮੂੰਹ-ਹੱਥ ਧੋ ਕੇ ਇਹੋ ਨਵੇਂ ਕੱਪੜੇ ਪਾ ਕੇ ਤਿਆਰ ਹੋ ਜਾਈਂ। ਅਸੀਂ ਰਾਤੀਂ ਅੱਠ ਕੁ ਵਜੇ ਸਾਰੇ ਬਾਹਰ ਚੱਲਾਂਗੇ। ਤੇਰੇ ਚੰਗੇ ਨੰਬਰ ਲੈ ਕੇ ਪਾਸ ਹੋਣ ਦੀ ਖੁਸ਼ੀ ਵਿਚ ਅੱਜ ਅਸੀਂ ਖਾਣਾ ਬਾਹਰ ਹੀ ਖਾਵਾਂਗੇ', ਮੇਘਾ ਨੇ ਹਰੀਸ਼ ਨੂੰ ਅੱਜ ਦਾ ਪ੍ਰੋਗਰਾਮ ਦੱਸਿਆ।
'ਦੀਦੀ, ਤੁਸੀਂ ਅੱਗੇ ਹੀ ਬਹੁਤ ਖੇਚਲ ਕੀਤੀ ਹੈ, ਖਾਣਾ ਘਰ ਹੀ ਖਾ ਲਵਾਂਗੇ', ਹਰੀਸ਼ ਅਹਿਸਾਨਾਂ ਦਾ ਬੋਝ ਮਹਿਸੂਸ ਕਰਦਾ ਹੋਇਆ ਬੋਲਿਆ।
'ਵਾਹ ਬਈ ਵਾਹ, ਨਾਲੇ ਤੂੰ ਦੀਦੀ ਕਹਿ ਰਿਹਾ ਏਂ ਤੇ ਨਾਲੇ ਤੂੰ ਨਾਂਹ-ਨੁੱਕਰ ਕਰ ਰਿਹਾ ਏਂ। ਅਸੀਂ ਤੇ ਬਈ ਅੱਜ ਤੇਰੇ ਚੰਗੇ ਨੰਬਰਾਂ ਵਿਚ ਪਾਸ ਹੋਣ ਦੀ ਖੁਸ਼ੀ ਵਿਚ ਪੂਰੀ ਪਾਰਟੀ ਕਰਨੀ ਏਂ', ਮੇਘਾ ਦੀ ਖੁਸ਼ੀ ਫੁੱਟ-ਫੁੱਟ ਪੈ ਰਹੀ ਸੀ, 'ਚੱਲ ਸ਼ਾਬਾਸ਼, ਥੋੜ੍ਹਾ ਆਰਾਮ ਕਰਕੇ ਫਰੈਸ਼ ਹੋ ਜਾ।'
ਹਰੀਸ਼ ਉੱਠ ਕੇ ਆਪਣੇ ਕਮਰੇ ਵਿਚ ਚੱਲਿਆ ਤਾਂ ਮੇਘਾ ਨੇ ਫਿਰ ਕਿਹਾ, 'ਇਹ ਨਵੇਂ ਕੱਪੜੇ ਪਾ ਕੇ ਹੀ ਤਿਆਰ ਹੋਈਂ।'
ਮੇਘਾ ਦੀ ਖੁਸ਼ੀ ਦੇਖ ਕੇ ਅਤੇ ਉਸ ਦੀਆਂ ਗੱਲਾਂ ਸੁਣ ਕੇ ਸਿਧਾਰਥ ਖੁਸ਼ ਹੋ ਰਿਹਾ ਸੀ। (ਚਲਦਾ)

-404, ਗ੍ਰੀਨ ਐਵੇਨਿਊ, ਅੰਮ੍ਰਿਤਸਰ-143001. ਮੋਬਾ: 98889-24664

ਕੀ ਤੁਸੀਂ ਜਾਣਦੇ ਹੋ?

* ਪੰਜਾਬ ਵਿਚ ਖਾਦ ਦਾ ਸਭ ਤੋਂ ਵੱਡਾ ਕਾਰਖਾਨਾ ਨੰਗਲ ਵਿਚ ਹੈ।
* ਕੰਬਾਈਨਾਂ ਭਾਦਸੋਂ ਵਿਖੇ ਬਣਦੀਆਂ ਹਨ।
* ਅਜੋਕੇ ਪੰਜਾਬ ਵਿਚ 12,428 ਪਿੰਡ ਹਨ।
* ਅੰਗਰੇਜ਼ਾਂ ਨੇ ਪੰਜਾਬ ਨੂੰ 1849 ਈ: ਵਿਚ ਆਪਣੇ ਰਾਜ ਵਿਚ ਮਿਲਾਇਆ।
* ਨੈਪੋਲੀਅਨ ਦੀ ਮੌਤ 1821 ਈ: ਵਿਚ ਹੋਈ।
* ਪੰਜਾਬ ਦਾ ਪੁਰਾਣਾ ਨਾਂਅ ਸਪਤ ਸਿੰਧੂ ਸੀ।
* ਔਰੰਗਜ਼ੇਬ ਦੀ ਮੌਤ 1708 ਈ: ਵਿਚ ਹੋਈ।
* ਭਾਰਤ ਦੀ ਸਭ ਤੋਂ ਲੰਬੀ ਨਦੀ ਗੰਗਾ ਹੈ।
* ਭਾਰਤੀ ਸੈਨਾ ਦੇ ਤਿੰਨੋਂ ਅੰਗਾਂ ਦਾ ਮੁਖੀ ਰਾਸ਼ਟਰਪਤੀ ਹੈ।
* ਦਿੱਲੀ ਨੂੰ ਭਾਰਤ ਦੀ ਰਾਜਧਾਨੀ 1911 ਵਿਚ ਬਣਾਇਆ ਗਿਆ ਸੀ।

-ਗੋਬਿੰਦ ਸੁਖੀਜਾ,
ਢਿਲਵਾਂ (ਕਪੂਰਥਲਾ)। ਮੋਬਾ: 98786-05929 

ਬੱਚਿਆਂ ਦੇ ਪ੍ਰਸਿੱਧ ਕਾਰਟੂਨ ਚਰਿੱਤਰ-17: ਚੈਲੰਜਰ ਜੂਨੀਪਰ ਲੀ

ਚੈਲੰਜਰ ਜੂਨੀਪਰ ਲੀ ਕਾਰਟੂਨ ਸੰਸਾਰ ਦੀ ਜਾਣੀ-ਪਛਾਣੀ ਪਾਤਰ ਲੜਕੀ ਹੈ, ਜਿਸ ਦੀ ਉਮਰ 11 ਸਾਲ ਹੈ। ਇਸ ਦਾ ਜਨਮ ਦਾਤਾ ਵਿੰਕੀ ਹੈ, ਜਿਸ ਨੇ ਇਸ ਪਾਤਰ ਨੂੰ ਰਹੱਸਮਈ ਹਾਲਤ ਵਿਚ ਇਸ ਲਈ ਘੜਿਆ ਸੀ, ਤਾਂ ਜੋ ਸਮਾਜ ਵਿਚ ਮੁਸ਼ਕਿਲਾਂ ਖੜ੍ਹੀਆਂ ਕਰਨ ਵਾਲੇ ਦੁਸ਼ਮਣਾਂ ਦੀਆਂ ਚੁਣੌਤੀਆਂ ਦਾ ਡਟ ਕੇ ਮੁਕਾਬਲਾ ਕਰ ਸਕੇ। ਐਨੀਮੇਸ਼ਨ ਦੇ ਰੂਪ ਵਿਚ ਆਉਣ ਤੋਂ ਪਹਿਲਾਂ ਚੈਲੰਜਰ ਜੂਨੀਪਰ ਲੀ ਇਕ ਸਾਧਾਰਨ ਕਿਸਮ ਦੇ ਕਾਮਿਕਸਾਂ ਦੀ ਨਾਇਕਾ ਸੀ। ਇਹ ਪਾਤਰ ਪਹਿਲੀ ਵਾਰੀ 'ਦਿ ਰੀਅਲ ਵਰਲਡ ਜੂਨੀਪਰ' ਕਾਮਿਕਸ ਵਿਚ ਸਾਹਮਣੇ ਆਈ ਸੀ। ਉਸ ਨੇ ਭਾਵੇਂ ਅਨੇਕ ਕਾਮਿਕਸ ਅਤੇ ਐਨੀਮੇਸ਼ਨਜ਼ ਵਿਚ ਆਪਣੀ ਬਹਾਦਰੀ ਦੇ ਜੌਹਰ ਵਿਖਾਏ ਹਨ ਪਰ ਬੱਚਿਆਂ ਨੇ ਸਭ ਤੋਂ ਉਸ ਨੂੰ 'ਰੀਅਲ ਵਰਲਡ ਰੋਡ ਰੂਲਜ਼ ਚੈਲੰਜ ਐਨੀਮੇਸ਼ਨ' ਵਿਚ ਪਸੰਦ ਕੀਤਾ। ਆਟੋਮੈਟਿਕ ਬੈਟਰੀ ਨਾਲ ਚੱਲਣ ਵਾਲੀ ਇਹ ਕਾਰਟੂਨ ਪਾਤਰ ਰੋਬਟ ਵਾਂਗ ਚੱਲਦੀ ਹੋਈ ਬੜੀ ਫੁਰਤੀ ਨਾਲ ਐਕਸ਼ਨ ਕਰਦੀ ਹੈ।

-ਪੰਜਾਬੀ ਯੂਨੀਵਰਸਿਟੀ ਕੈਂਪਸ, ਪਟਿਆਲਾ। ਮੋਬਾ: 98144-23703
email : dsaasht@yahoo.co.in

ਬਾਲ ਕਹਾਣੀ ਕੁਰਬਾਨੀ

ਪਿਆਰੇ ਬੱਚਿਓ, ਇਕ ਵਾਰ ਪੈਨਸਿਲ, ਰਬੜ ਤੇ ਕਾਗਜ਼ ਇਕ ਮੇਜ਼ ਉੱਪਰ ਰਹਿੰਦੇ ਸਨ। ਤਿੰਨੋਂ ਵਧੀਆ ਦੋਸਤ ਸਨ। ਪੈਨਸਿਲ ਜਦੋਂ ਵੀ ਕਾਗਜ਼ ਉੱਪਰ ਕੁਝ ਲਿਖਦੀ ਤਾਂ ਕੋਰਾ ਕਾਗਜ਼ ਖਿਝ ਜਾਂਦਾ ਤੇ ਕਹਿੰਦਾ ਕਿ 'ਮੈਂ ਏਨਾ ਸੋਹਣਾ ਸਾਫ਼-ਸਾਫ਼ ਹਾਂ, ਤੂੰ ਮੇਰੇ ਉੱਤੇ ਕਾਲੇ ਅੱਖਰ ਪਾ ਕੇ ਕਾਲਾ ਕਰ ਦਿੰਦੀ ਏਂ।' ਪੈਨਸਿਲ ਨਿਮਰਤਾ ਨਾਲ ਆਖਦੀ, 'ਕਾਗਜ਼ ਲਿਖਣ ਲਈ ਹੀ ਬਣਿਆ ਹੈ, ਜੇਕਰ ਮੈਂ ਨਾ ਲਿਖਾਂ ਤਾਂ ਤੂੰ ਕੋਰਾ ਹੀ ਰਹਿ ਜਾਵੇਂਗਾ ਤੇ ਕੋਰੇ ਕਾਗਜ਼ ਦਾ ਕੋਈ ਵਜੂਦ ਨਹੀਂ ਹੁੰਦਾ।'
ਇਸੇ ਤਰ੍ਹਾਂ ਜਦੋਂ ਰਬੜ ਕੋਈ ਗ਼ਲਤ ਅੱਖਰ ਮਿਟਾਉਂਦੀ ਤਾਂ ਕੋਰਾ ਕਾਗਜ਼ ਫਿਰ ਖਿਝ ਜਾਂਦਾ, ਸ਼ਿਕਾਇਤ ਕਰਦਾ, 'ਤੂੰ ਮੈਨੂੰ ਰਗੜ-ਰਗੜ ਕੇ ਮੇਰੀ ਹਾਲਤ ਵਿਗਾੜ ਦਿੰਦੀ ਏਂ।' ਅੱਗੋਂ ਰਬੜ ਜਵਾਬ ਦਿੰਦੀ ਕਿ 'ਮੇਰਾ ਕੰਮ ਗ਼ਲਤੀ ਮਿਟਾਉਣਾ ਹੈ, ਜੇਕਰ ਮੈਂ ਨਾ ਮਿਟਾਵਾਂ ਤਾਂ ਤੈਨੂੰ ਲੋਕ ਗ਼ਲਤ ਹੀ ਪੜ੍ਹਨਗੇ।'
ਇਕ ਦਿਨ ਉਹ ਕੋਰਾ ਕਾਗਜ਼ ਨਾਵਲ ਦਾ ਰੂਪ ਬਣ ਗਿਆ, ਜਿਸ ਨੂੰ ਸਾਰੀ ਦੁਨੀਆ ਵਿਚ ਪੜ੍ਹਿਆ ਜਾਣ ਲੱਗਾ ਪਰ ਹੁਣ ਪੈਨਸਿਲ ਲਿਖ-ਲਿਖ ਕੇ ਅਤੇ ਰਬੜ ਮਿਟਾ-ਮਿਟਾ ਕੇ ਮੁੱਕ ਚੁੱਕੀ ਸੀ। ਪੈਨਸਿਲ ਅਤੇ ਰਬੜ ਦੀ ਬਦੌਲਤ ਕੋਰਾ ਕਾਗਜ਼ ਅੱਜ ਨਾਵਲ ਬਣ ਗਿਆ ਪਰ ਹੁਣ ਉਹ ਪੈਨਸਿਲ ਤੇ ਰਬੜ ਦਾ ਧੰਨਵਾਦ ਵੀ ਨਹੀਂ ਸੀ ਕਰ ਸਕਦਾ, ਕਿਉਂਕਿ ਉਹ ਦੋਵੇਂ ਆਪਣਾ ਫਰਜ਼ ਨਿਭਾਅ ਕੇ ਮੁੱਕ ਚੁੱਕੀਆਂ ਸਨ। ਹੁਣ ਕੋਰੇ ਕਾਗਜ਼ ਨੂੰ ਪੈਨਸਿਲ ਤੇ ਰਬੜ ਦੀ ਕੁਰਬਾਨੀ ਸਮਝ ਆਈ ਪਰ ਹੁਣ ਬਹੁਤ ਦੇਰ ਹੋ ਚੁੱਕੀ ਸੀ।
ਸੋ, ਪਿਆਰੇ ਬੱਚਿਓ, ਸਾਡੇ ਮਾਤਾ-ਪਿਤਾ ਵੀ ਪੈਨਸਿਲ ਤੇ ਰਬੜ ਹੀ ਹਨ ਤੇ ਅਸੀਂ ਕੋਰੇ ਕਾਗਜ਼ ਹਾਂ। ਜੇਕਰ ਸਾਡੇ ਮਾਤਾ-ਪਿਤਾ ਸਾਡੀਆਂ ਗ਼ਲਤੀਆਂ ਨਾ ਸੁਧਾਰਨ, ਸਾਨੂੰ ਨਾ ਸਮਝਾਉਣ ਤਾਂ ਅਸੀਂ ਕੋਰੇ ਹੀ ਰਹਿ ਜਾਵਾਂਗੇ ਤੇ ਕੋਰੀਆਂ ਚੀਜ਼ਾਂ ਦਾ ਕਦੇ ਕੋਈ ਵਜੂਦ ਨਹੀਂ ਹੁੰਦਾ। ਸਾਡੇ ਮਾਤਾ-ਪਿਤਾ ਪੈਨਸਿਲ ਤੇ ਰਬੜ ਬਣ ਕੇ ਸਾਨੂੰ ਕੋਰੇ ਕਾਗਜ਼ਾਂ ਤੋਂ ਬਹੁਤ ਕੁਝ ਬਣਾਉਂਦੇ ਹਨ, ਉਨ੍ਹਾਂ ਦੀ ਕੁਰਬਾਨੀ ਕਦੇ ਨਾ ਭੁੱਲੋ।

-ਰਮਨਪ੍ਰੀਤ ਕੌਰ ਢੁੱਡੀਕੇ,
ਪਿੰਡ ਤੇ ਡਾਕ: ਢੁੱਡੀਕੇ (ਮੋਗਾ)-142053. ਮੋਬਾ: 99146-89690

ਚਾਰਲਸ ਰੌਬਰਟ ਡਾਰਵਿਨ ਦੇ ਪੰਜ ਸਾਲ ਜਹਾਜ਼ 'ਤੇ...

ਬੱਚਿਓ, ਚਾਰਲਸ ਰੌਬਰਟ ਡਾਰਵਿਨ ਇਕ ਮਹਾਨ ਕੁਦਰਤ ਪ੍ਰੇਮੀ ਵਿਗਿਆਨਿਕ ਸਨ, ਜਿਨ੍ਹਾਂ ਨੇ 'ਕ੍ਰਮ ਵਿਕਾਸ ਦੇ ਸਿਧਾਂਤ' (ਥਿਓਰੀ ਆਫ ਐਵੋਲੂਸ਼ਨ) ਨੂੰ ਦੁਨੀਆ ਦੇ ਸਾਹਮਣੇ ਰੱਖਿਆ। ਇੰਗਲੈਂਡ 'ਚ ਅਮੀਰ ਪਰਿਵਾਰ ਦੇ ਘਰ ਜਨਮੇ ਡਾਰਵਿਨ ਦੇ ਪਿਤਾ ਰੌਬਰਟ ਡਾਰਵਿਨ ਡਾਕਟਰ ਸਨ, ਇਸ ਲਈ ਉਹ ਚਾਹੁੰਦੇ ਸਨ ਕਿ ਉਨ੍ਹਾਂ ਦਾ ਬੇਟਾ ਵੀ ਡਾਕਟਰ ਹੀ ਬਣੇ। ਪਰ ਚਾਰਲਸ ਨੂੰ ਬਚਪਨ ਤੋਂ ਹੀ ਘੋੜਸਵਾਰੀ, ਸ਼ਿਕਾਰ ਕਰਨ ਅਤੇ ਕੁਦਰਤੀ ਨਜ਼ਾਰਿਆਂ ਨੂੰ ਵੇਖਣ-ਸਮਝਣ ਦਾ ਸ਼ੌਕ ਸੀ। ਚਾਰਲਸ ਡਾਰਵਿਨ ਦੀ ਪ੍ਰਾਇਮਰੀ ਸਿੱਖਿਆ ਇਕ ਇਸਾਈ ਮਿਸ਼ਨਰੀ ਸਕੂਲ ਤੋਂ ਸ਼ੁਰੂ ਹੋਈ ਸੀ। ਪੜ੍ਹਾਈ ਪੂਰੀ ਕਰਨ ਤੋਂ ਬਾਅਦ ਚਾਰਲਸ ਨੇ ਮੈਡੀਕਲ ਯੂਨੀਵਰਸਿਟੀ, ਏਡਨਬਰਗ ਵਿਖੇ ਦਾਖ਼ਲਾ ਲਿਆ ਅਤੇ ਹਰ ਸਮੇਂ ਕੁਦਰਤ ਦਾ ਇਤਿਹਾਸ ਜਾਣਨ ਦੀ ਕੋਸ਼ਿਸ਼ 'ਚ ਰੁੱਝੇ ਰਹਿੰਦੇ। ਇਸ ਤੋਂ ਬਾਅਦ ਉਨ੍ਹਾਂ ਨੇ ਕ੍ਰਾਈਸਟ ਕਾਲਜ ਵਿਚ ਪ੍ਰਕ੍ਰਿਤੀ ਵਿਗਿਆਨ ਦੇ ਕੋਰਸ ਵਿਚ ਦਾਖ਼ਲਾ ਲਿਆ। ਸਾਲ 1831 ਵਿਚ ਚਾਰਲਸ ਨੂੰ ਜਹਾਜ਼, ਜੋ ਕਿ ਪ੍ਰਕ੍ਰਿਤੀ ਵਿਗਿਆਨ 'ਤੇ ਖੋਜ ਕਰਨ ਚੱਲਿਆ ਸੀ, ਵਿਚ ਸਮੁੰਦਰੀ ਸਫ਼ਰ ਕਰਨ ਦਾ ਮੌਕਾ ਮਿਲਿਆ। ਇਸ ਦੌਰਾਨ ਉਨ੍ਹਾਂ ਪਾਇਆ ਕਿ ਅਨੇਕਾਂ ਹੀ ਪੌਦਿਆਂ ਦੀਆਂ ਪ੍ਰਜਾਤੀਆਂ ਇਕੋ ਜਿਹੀਆਂ ਹਨ।
ਇਸ ਉਪਰੰਤ ਉਨ੍ਹਾਂ ਨੇ 20 ਸਾਲ ਲਗਾਤਾਰ ਕਈ ਪੌਦਿਆਂ ਅਤੇ ਜੀਵ-ਜੰਤੂਆਂ ਦੀਆਂ ਪ੍ਰਜਾਤੀਆਂ ਦਾ ਅਧਿਐਨ ਕੀਤਾ ਅਤੇ ਸਾਲ 1858 ਵਿਚ ਦੁਨੀਆ ਨੂੰ 'ਕ੍ਰਮ ਵਿਕਾਸ ਦਾ ਸਿਧਾਂਤ' ਦਿੱਤਾ, ਜਿਸ ਅਨੁਸਾਰ ਸਾਰੀਆਂ ਪ੍ਰਜਾਤੀਆਂ ਮੂਲ ਰੂਪ ਨਾਲ ਇਕੋ ਹੀ ਜਾਤੀ ਦੀ ਉਤਪਤੀ ਹਨ। ਪ੍ਰਸਥਿਤੀਆਂ ਦੇ ਅਨੁਰੂਪ ਆਪਣੇ-ਆਪ ਨੂੰ ਢਾਲਣ ਦੀ ਮਜਬੂਰੀ ਪ੍ਰਜਾਤੀ ਵਿਭਿੰਨਤਾ ਨੂੰ ਜਨਮ ਦਿੰਦੀ ਹੈ। ਸਾਰੀਆਂ ਕਸੌਟੀਆਂ 'ਤੇ ਖਰਾ ਉੱਤਰਦਾ ਗਿਆ, ਇਹ ਨਵਾਂ ਅਤੇ ਕ੍ਰਾਂਤੀਕਾਰੀ ਸਿਧਾਂਤ, ਅੱਜ ਵਿਗਿਆਨ ਦਾ ਇਕ ਮੰਨਿਆ-ਪ੍ਰਮੰਨਿਆ ਸਿਧਾਂਤ ਬਣ ਗਿਆ ਹੈ। ਡੀ.ਐਨ.ਏ. ਦੇ ਸਹਿ-ਖੋਜੀ ਜੇਮਜ਼ ਵਾਟਸਨ ਨੇ ਵੀ ਕਿਹਾ ਸੀ ਕਿ 'ਜਿਨੇਟਿਕਸ' ਵੀ ਹਰ ਕਦਮ 'ਤੇ ਡਾਰਵਿਨ ਦੇ ਸਿਧਾਂਤ ਦੀ ਪੁਸ਼ਟੀ ਕਰਦੀ ਹੈ। ਡਾਰਵਿਨ ਦਾ ਮੰਨਣਾ ਸੀ ਕਿ ਹਾਲਾਤ ਕ੍ਰਮਵਾਰ ਪਰਿਵਰਤਨ ਦੁਆਰਾ ਆਪਣਾ ਵਿਕਾਸ ਕਰਦੀ ਹੈ।

-ਮਨਿੰਦਰ ਕੌਰ,
ਫ਼ਰੀਦਕੋਟ।

ਕੌਮਾਂਤਰੀ ਮਾਂ-ਬੋਲੀ ਦਿਵਸ 'ਤੇ ਵਿਸ਼ੇਸ਼ ਬਾਲ ਗੀਤ

ਮਾਂ-ਬੋਲੀ

ਮਾਂ-ਬੋਲੀ ਨੂੰ ਕਰੋ ਪਿਆਰ,
ਸਾਰੇ ਇਸ ਨੂੰ ਦਿਓ ਸਤਿਕਾਰ।
ਬੱਚਿਓ! ਇਹ ਪੰਜਾਬ ਦੀ ਰਾਣੀ,
ਪੱਲੇ ਬੰਨ੍ਹ ਲਓ ਗੱਲ ਸਿਆਣੀ।
ਵੇਖਿਓ ਇਹ ਨਾ ਦਿਓ ਵਿਸਾਰ,
ਮਾਂ-ਬੋਲੀ ਨੂੰ ਕਰੋ ਪਿਆਰ।
ਗੁਰੂਆਂ ਦਿੱਤਾ ਰੁਤਬਾ ਭਾਰਾ,
ਇਸੇ ਵਿਚ ਗਿਆਨ-ਭੰਡਾਰਾ।
ਕਰਕੇ ਵੇਖੋ ਸੋਚ-ਵਿਚਾਰ,
ਮਾਂ-ਬੋਲੀ ਨੂੰ ਕਰੋ ਪਿਆਰ।
ਸਿੱਖੋ ਭਾਵੇਂ ਹੋਰ ਭਾਸ਼ਾਵਾਂ,
ਮਾਂ-ਬੋਲੀ ਲਈ ਕਰੋ ਦੁਆਵਾਂ।
ਕਰੇ ਕੋਈ ਨਾ ਇਸ 'ਤੇ ਵਾਰ,
ਮਾਂ-ਬੋਲੀ ਨੂੰ ਕਰੋ ਪਿਆਰ।
'ਡਾਲਵੀ' ਸ਼ਹਿਦ ਗੁੜੇ ਤੋਂ ਮਿੱਠੀ,
ਵਿਚ ਦੁਨੀਆ ਦੇ ਹੋਰ ਨਾ ਡਿੱਠੀ।
ਮੋਤੀਆਂ ਵਰਗਾ ਸ਼ਬਦ-ਭੰਡਾਰ,
ਮਾਂ-ਬੋਲੀ ਨੂੰ ਕਰੋ ਪਿਆਰ।

-ਬਹਾਦਰ ਡਾਲਵੀ,
ਮ: ਨੰ: 6/120, ਰਾਜਗੁਰੂ ਨਗਰ, ਮੋਗਾ-142001.
ਮੋਬਾ: 94172-35502

ਬਾਲ ਨਾਵਲ-49: ਖੱਟੀਆਂ-ਮਿੱਠੀਆਂ ਗੋਲੀਆਂ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਹਰੀਸ਼ ਦੇ ਸ਼ਾਨਦਾਰ ਨਤੀਜੇ ਨਾਲ ਉਸ ਦੇ ਸਕੂਲ ਦਾ, ਸਿਧਾਰਥ ਦਾ ਅਤੇ ਸਾਰੇ ਅਧਿਆਪਕਾਂ ਦਾ ਮਾਣ ਨਾਲ ਸਿਰ ਉੱਚਾ ਹੋ ਗਿਆ। ਸਕੂਲ ਦਾ ਸਾਰਾ ਨਤੀਜਾ ਹੀ ਭਾਵੇਂ ਬਹੁਤ ਵਧੀਆ ਆਇਆ ਸੀ ਪਰ ਜ਼ਿਲ੍ਹੇ ਵਿਚੋਂ ਹਰੀਸ਼ ਦੇ 'ਨੰਬਰ ਇਕ' ਆਉਣ ਦੀ ਖੁਸ਼ੀ ਵਿਚ ਪੂਰੇ ਸਕੂਲ ਵਿਚ ਛੁੱਟੀ ਕਰ ਦਿੱਤੀ ਗਈ।
ਅੱਜ ਸਿਧਾਰਥ ਦੀ ਜ਼ਿੰਦਗੀ ਦਾ ਵੀ ਬੜਾ ਮਹੱਤਵਪੂਰਨ ਦਿਨ ਸੀ। ਉਹ ਸੋਚ ਰਿਹਾ ਸੀ ਕਿ 'ਮੇਰੀ ਅੱਖ ਨੇ ਹਰੀਸ਼ ਵਰਗੇ ਹੀਰੇ ਨੂੰ ਪਛਾਨਣ ਵਿਚ ਗ਼ਲਤੀ ਨਹੀਂ ਕੀਤੀ।' ਉਸ ਨੂੰ ਆਪਣੇ ਸਕੂਲ ਦੀ ਦਸਵੀਂ ਦੇ ਨਤੀਜੇ ਦੀ ਸ਼ਾਇਦ ਐਨੀ ਖੁਸ਼ੀ ਹੋਈ ਹੋਵੇ ਜਾਂ ਨਾ ਪਰ ਹਰੀਸ਼ ਦੇ ਨਤੀਜੇ ਦੀ ਬੇਹੱਦ ਖੁਸ਼ੀ ਹੋਈ।
ਉਸ ਨੇ ਹਰੀਸ਼ ਅਤੇ ਮੇਘਾ ਨਾਲ ਅੱਜ ਰਾਤ ਦਾ ਖਾਣਾ ਬਾਹਰ ਕਿਸੇ ਚੰਗੇ ਰੈਸਤੋਰਾਂ ਵਿਚ ਖਾਣ ਦਾ ਪ੍ਰੋਗਰਾਮ ਬਣਾਇਆ। ਮੇਘਾ ਵੀ ਹਰੀਸ਼ ਦੇ ਨਤੀਜੇ ਤੋਂ ਬਹੁਤ ਖੁਸ਼ ਸੀ। ਉਸ ਦੇ ਦਿਲ ਵਿਚ ਵੀ ਹਰੀਸ਼ ਪ੍ਰਤੀ ਕਾਫੀ ਪਿਆਰ ਸੀ। ਪਰ ਹੁਣ ਉਸ ਦੀ ਕਦਰ ਹੋਰ ਵਧ ਗਈ। ਅੱਜ ਫਿਰ ਹਰੀਸ਼ ਨੂੰ ਮਾਂ ਬਹੁਤ ਯਾਦ ਆ ਰਹੀ ਸੀ। ਅੱਜ ਜੇ ਉਹ ਹੁੰਦੀ ਤਾਂ ਕਿੰਨਾ ਖੁਸ਼ ਹੋਣਾ ਸੀ ਉਸ ਨੇ, ਘੜੀ-ਮੁੜੀ ਹਰੀਸ਼ ਨੂੰ ਇਹੋ ਖਿਆਲ ਆਈ ਜਾ ਰਿਹਾ ਸੀ।
ਸਿਧਾਰਥ ਨੇ ਘਰ ਜਾ ਕੇ ਮੇਘਾ ਨੂੰ ਰਾਤ ਦੇ ਖਾਣੇ ਦਾ ਪ੍ਰੋਗਰਾਮ ਦੱਸਿਆ ਤਾਂ ਉਹ ਕਹਿਣ ਲੱਗੀ, 'ਮੈਂ ਤਾਂ ਪਹਿਲਾਂ ਹੀ ਸੋਚ ਰਹੀ ਸਾਂ ਕਿ ਸਿਧਾਰਥ ਆਵੇ ਤਾਂ ਮੈਂ ਉਸ ਨੂੰ ਕਹਾਂ ਕਿ ਅੱਜ ਰਾਤ ਦਾ ਖਾਣਾ ਕਿਤੇ ਬਾਹਰ ਖਾ ਲਈਏ ਜਾਂ ਕਿਤੇ ਆਰਡਰ ਦੇ ਕੇ ਘਰ ਮੰਗਵਾ ਲਈਏ।'
'ਘਰ ਨਹੀਂ ਮੰਗਵਾਉਣਾ, ਸਗੋਂ ਬਾਹਰ ਜਾ ਕੇ ਹੀ ਖਾਵਾਂਗੇ। ਹਰੀਸ਼ ਨੇ ਕਦੇ ਵੀ ਬਾਹਰ ਕਿਸੇ ਰੈਸਤੋਰਾਂ ਵਿਚ ਖਾਣਾ ਨਹੀਂ ਖਾਧਾ ਹੋਣਾ। ਉਸ ਲਈ ਅੱਜ ਬੜਾ ਅਹਿਮ ਦਿਨ ਹੈ, ਸੋ ਸਾਨੂੰ ਉਸ ਦੀ ਅਤੇ ਆਪਣੀ ਖੁਸ਼ੀ ਸੈਲੀਬ੍ਰੇਟ ਕਰਨੀ ਚਾਹੀਦੀ ਹੈ। ਉਸ ਨੇ ਅੱਗੋਂ ਹੋਰ ਤਰੱਕੀ ਕਰਨੀ ਐ, ਇਸ ਲਈ ਉਸ ਨੂੰ ਥੋੜ੍ਹਾ ਬਾਹਰ-ਅੰਦਰ ਵੀ ਖੜ੍ਹਨਾ ਚਾਹੀਦੈ', ਸਿਧਾਰਥ ਨੇ ਆਪਣੇ ਮਨ ਦੀ ਗੱਲ ਆਖੀ।
ਥੋੜ੍ਹੀ ਦੇਰ ਬਾਅਦ ਹਰੀਸ਼ ਵੀ ਆਪਣੇ ਦੋਸਤਾਂ-ਮਿੱਤਰਾਂ ਨਾਲ ਖੁਸ਼ੀ ਸਾਂਝੀ ਕਰਕੇ ਘਰ ਆ ਗਿਆ। ਉਸ ਦੇ ਆਉਂਦਿਆਂ ਹੀ ਸਿਧਾਰਥ ਉਸ ਨੂੰ ਆਪਣੇ ਕਮਰੇ ਵਿਚ ਲੈ ਗਿਆ, ਉਥੇ ਮੇਘਾ ਵੀ ਬੈਠੀ ਸੀ।
ਹਰੀਸ਼ ਦੇ ਆਉਂਦਿਆਂ ਹੀ ਮੇਘਾ ਖੜ੍ਹੀ ਹੋ ਗਈ ਅਤੇ ਉਸ ਨੂੰ ਬੜੇ ਪਿਆਰ ਨਾਲ ਆਪਣੀ ਗਲਵਕੜੀ ਵਿਚ ਲੈ ਕੇ ਮੁਬਾਰਕ ਦਿੱਤੀ। ਉਸ ਨੂੰ ਸੋਫੇ 'ਤੇ ਬਿਠਾਇਆ ਅਤੇ ਆਪ ਰਸੋਈ ਵਿਚ ਜਾ ਕੇ ਫਰਿੱਜ ਵਿਚੋਂ ਠੰਢੇ ਰਸਗੁੱਲੇ ਪਲੇਟ ਵਿਚ ਪਾ ਕੇ ਲੈ ਆਈ, ਜਿਹੜੇ ਉਹ ਸਪੈਸ਼ਲ ਹਰੀਸ਼ ਦਾ ਅਤੇ ਸਿਧਾਰਥ ਦਾ ਮੂੰਹ ਮਿੱਠਾ ਕਰਵਾਉਣ ਵਾਸਤੇ ਬਾਜ਼ਾਰੋਂ ਆਪ ਲੈ ਕੇ ਆਈ ਸੀ। ਮੇਘਾ ਨੇ ਪਹਿਲਾਂ ਆਪ ਹਰੀਸ਼ ਦੇ ਮੂੰਹ ਵਿਚ ਪੂਰਾ ਰਸਗੁੱਲਾ ਪਾਇਆ ਅਤੇ ਫਿਰ ਸਿਧਾਰਥ ਦੇ ਮੂੰਹ ਵਿਚ। ਉਸ ਤੋਂ ਬਾਅਦ ਸਿਧਾਰਥ ਨੇ ਮੇਘਾ ਦੇ ਹੱਥੋਂ ਰਸਗੁੱਲਿਆਂ ਵਾਲੀ ਪਲੇਟ ਫੜ ਕੇ ਪੂਰਾ ਰਸਗੁੱਲਾ ਮੇਘਾ ਦੇ 'ਨਾ-ਨਾ' ਕਰਦਿਆਂ ਵੀ ਬਦੋਬਦੀ ਉਸ ਦੇ ਮੂੰਹ ਵਿਚ ਪਾ ਦਿੱਤਾ।
ਉਸ ਤੋਂ ਬਾਅਦ ਮੇਘਾ ਰਸੋਈ ਵਿਚ ਜਾ ਕੇ ਸ਼ਿਕੰਜਵੀ ਦਾ ਜੱਗ ਭਰ ਕੇ ਅਤੇ ਨਾਲ ਤਿੰਨ ਗਲਾਸ ਲੈ ਆਈ। ਉਸ ਨੇ ਤਿੰਨੇ ਗਲਾਸ ਸ਼ਿਕੰਜਵੀ ਨਾਲ ਭਰ ਦਿੱਤੇ। ਪਹਿਲਾ ਗਲਾਸ ਉਸ ਨੇ ਹਰੀਸ਼ ਨੂੰ ਦਿੱਤਾ ਅਤੇ ਦੂਜਾ ਸਿਧਾਰਥ ਨੂੰ। ਤੀਜਾ ਉਸ ਨੇ ਆਪ ਫੜ ਲਿਆ।
(ਬਾਕੀ ਅਗਲੇ ਐਤਵਾਰ ਦੇ ਅੰਕ 'ਚ)

-404, ਗ੍ਰੀਨ ਐਵੇਨਿਊ, ਅੰਮ੍ਰਿਤਸਰ-143001. ਮੋਬਾ: 98889-24664

ਬਾਲ ਕਵਿਤਾ ਬੁਰਿਆਂ ਕੰਮਾਂ ਵਿਚ ਨਾ ਪੈਣਾ

ਬੱਚਿਓ ਦੂਰ ਨਸ਼ਿਆਂ ਤੋਂ ਰਹਿਣਾ,
ਬੁਰਿਆਂ ਕੰਮਾਂ ਵਿਚ ਨਾ ਪੈਣਾ।
ਨਸ਼ਿਆਂ ਵਿਚੋਂ ਕੁਝ ਨਾ ਮਿਲਣਾ,
ਉਲਟਾ ਤੁਹਾਡਾ ਜੀਵਨ ਰੁਲਣਾ।
ਜਿਸ ਦੇ ਹੱਡਾਂ ਵਿਚ ਇਹ ਜਾ ਬਹਿੰਦਾ,
ਉਹ ਨਾ ਕਿਸੇ ਵੀ ਜੋਗਾ ਰਹਿੰਦਾ।
ਨਸ਼ਾ ਮਾਰਦਾ ਐਸੀ ਮੱਤ,
ਨਸ਼ੇੜੀ ਕਰ ਗੁਜ਼ਰਦੇ ਅੱਤ।
ਨਸ਼ਾ ਬੰਦੇ ਨੂੰ ਚੋਰ ਬਣਾਉਂਦਾ,
ਥਾਂ-ਥਾਂ ਭੰਡੀਆਂ ਖੂਬ ਕਰਵਾਉਂਦਾ।
ਨਾਲੇ ਘਰਾਂ ਵਿਚ ਕਲੇਸ਼ ਵਧਾਉਂਦਾ,
ਆਪਣਿਆਂ ਦਾ ਕਤਲ ਕਰਵਾਉਂਦਾ।
ਇਸ ਤੋਂ ਦੂਰ ਹਮੇਸ਼ਾ ਰਹਿਣਾ,
ਜ਼ਿੰਦਗੀ ਦਾ ਅਗਰ ਨਜ਼ਾਰਾ ਲੈਣਾ।
ਬੱਚਿਓ ਜੀਵਨ ਹੈ ਬੜਾ ਅਨਮੋਲ,
'ਬਸਰੇ' ਐਵੇਂ ਨਾ ਲਿਓ ਰੋਲ।

-ਮਨਪ੍ਰੀਤ ਕੌਰ ਬਸਰਾ,
ਪਿੰਡ ਗਿੱਲਾਂ, ਡਾਕ: ਚਮਿਆਰਾ (ਜਲੰਧਰ)। ਮੋਬਾ: 81461-87521

ਬਾਲ ਸਾਹਿਤ

ਰੂਹੀ ਸਿੰਘ ਅਤੇ ਦਵਿੰਦਰਪਾਲ ਦੀਆਂ ਬਾਲ ਪੁਸਤਕਾਂ
ਸੰਪਰਕ : 99157-03490

ਰੂਹੀ ਸਿੰਘ ਅਤੇ ਦਵਿੰਦਰਪਾਲ ਬੋਹੜ ਵਡਾਲਾ ਕਿਸ਼ੋਰ ਅਵਸਥਾ ਦੇ ਵਿਦਿਆਰਥੀ ਹਨ, ਜਿਨ੍ਹਾਂ ਦੀਆਂ ਦੋ ਨਵੀਆਂ ਬਾਲ-ਪੁਸਤਕਾਂ ਮੇਰੇ ਸਾਹਮਣੇ ਹਨ। ਪਹਿਲੀ ਪੁਸਤਕ ਰੂਹੀ ਸਿੰਘ ਦੁਆਰਾ ਲਿਖੀ ਗਈ ਹੈ। 'ਗੁਲਦਾਊਦੀਆਂ' ਨਾਮਕ ਇਸ ਪੁਸਤਕ ਵਿਚ ਲੇਖਿਕਾ ਨੇ 8 ਮੌਲਿਕ ਬਾਲ ਕਹਾਣੀਆਂ 'ਆਤਮ ਵਿਸ਼ਵਾਸ ਦੀ ਜਿੱਤ', 'ਸਫਾਈ ਦੀ ਜਾਚ', 'ਬੁੱਧੂ ਦੀ ਸਿਆਣਪ', 'ਸੱਚਾ ਮਿੱਤਰ ਕੌਣ?', 'ਪਾਪਾ ਦੀ ਝਿੜਕ', 'ਮਿਹਨਤ ਦਾ ਫ਼ਲ', 'ਬਾਰਿਸ਼ ਦਾ ਉਹ ਦਿਨ' ਅਤੇ 'ਇਕ ਦਿਨ ਅਚਾਨਕ' ਦੀ ਸਿਰਜਣਾ ਕੀਤੀ ਹੈ। ਇਨ੍ਹਾਂ ਕਹਾਣੀਆਂ ਦੇ ਵਿਸ਼ੇ-ਵਸਤੂ ਸਾਡੇ ਸਮਾਜ ਨਾਲ ਸਬੰਧਤ ਹਨ ਅਤੇ ਪਾਤਰ ਵੀ ਸਾਡੇ ਆਲੇ-ਦੁਆਲੇ ਵਿਚਰਦੇ ਮਹਿਸੂਸ ਹੁੰਦੇ ਹਨ। ਰੂਹੀ ਸਿੰਘ ਨੇ ਆਪਣੇ ਜੀਵਨ ਨਾਲ ਸਬੰਧਤ ਕੁਝ ਯਾਦਾਂ ਅਤੇ ਘਟਨਾਵਾਂ ਨੂੰ ਸੁੰਦਰ ਬਿਰਤਾਂਤ ਵਿਚ ਸਿਰਜਿਆ ਹੈ। ਇਹ ਕਹਾਣੀਆਂ ਬੱਚਿਆਂ ਅੰਦਰ ਉਸਾਰੂ ਕਾਰਜ ਕਰਨ ਦੀ ਪ੍ਰੇਰਨਾ ਜਗਾਉਂਦੀਆਂ ਹਨ। ਕਹਾਣੀਆਂ ਦੀ ਭਾਸ਼ਾ ਬੜੀ ਸਰਲ ਅਤੇ ਦਿਲਚਸਪ ਹੈ।
ਦੂਜੀ ਪੁਸਤਕ 'ਖੁਸ਼ੀ ਦੇ ਹੰਝੂ' ਦਵਿੰਦਰਪਾਲ ਬੋਹੜ ਵਡਾਲਾ ਦੀ ਲਿਖੀ ਹੋਈ ਹੈ। ਛੇਵੀਂ ਜਮਾਤ ਦੀ ਵਿਦਿਆਰਥਣ ਸੁਖਚੰਚਲ ਕੌਰ ਵਲੋਂ ਬਣਾਏ ਚਿੱਤਰਾਂ ਅਤੇ ਰੰਗਦਾਰ ਟਾਈਟਲ ਨਾਲ ਸਜਾਈ ਇਸ ਪੁਸਤਕ ਵਿਚ ਕੁੱਲ 11 ਬਾਲ ਕਹਾਣੀਆਂ ਸ਼ਾਮਿਲ ਹਨ। ਇਨ੍ਹਾਂ ਵਿਚੋਂ 'ਵਿੱਦਿਆ ਦਾ ਗਹਿਣਾ', 'ਸੰਕਲਪ', 'ਸੱਚੀ ਲਗਨ' ਅਤੇ 'ਖੁਸ਼ੀ ਦੇ ਹੰਝੂ' ਸਿੱਖਿਆ ਦੇ ਮਹੱਤਵ ਨੂੰ ਦਰਸਾਉਂਦੀਆਂ ਹਨ, ਜਦੋਂ ਕਿ 'ਜੀਤੀ ਦੀ ਦਲੇਰੀ', 'ਚਾਰ ਦੋਸਤ' ਅਤੇ 'ਪਿਆਰ' ਕਹਾਣੀਆਂ ਵਿਚ ਦੂਜਿਆਂ ਦੀ ਮਦਦ, ਭਾਈਚਾਰਕ ਸਾਂਝ ਅਤੇ ਬਹਾਦਰੀ ਭਰਪੂਰ ਜਜ਼ਬਾ ਰੱਖਣ ਦੇ ਸੁਨੇਹੇ ਮਿਲਦੇ ਹਨ। ਬਾਲ ਪਾਤਰਾਂ ਦੀ ਵਾਰਤਾਲਾਪ ਕਹਾਣੀ ਦੀ ਤੋਰ ਨੂੰ ਉਤਸੁਕਤਾ ਨਾਲ ਅੱਗੇ ਤੋਰਦੀ ਹੈ। ਕੁੱਲ ਮਿਲਾ ਕੇ ਇਹ ਕਹਾਣੀ ਸੰਗ੍ਰਹਿ ਲੇਖਕ ਦੀ ਕਹਾਣੀ ਲਿਖਣ ਉੱਪਰ ਪਕੜ ਨੂੰ ਦਰਸਾਉਂਦਾ ਹੈ।
ਇਨ੍ਹਾਂ ਪੁਸਤਕਾਂ ਦੇ ਵਿਦਿਆਰਥੀ ਲੇਖਕ ਭਵਿੱਖ ਵਿਚ ਚੰਗੇ ਲੇਖਕ ਬਣਨ ਦੀ ਸਮਰੱਥਾ ਰੱਖਦੇ ਹਨ। ਦੋਵਾਂ ਕਲਮਕਾਰਾਂ ਨੂੰ ਵਧਾਈ!
ਇਹ ਪੁਸਤਕਾਂ 'ਤਾਰੇ ਭਲਕ ਦੇ ਬਾਲ ਪ੍ਰਤਿਭਾ ਮੰਚ' ਦੀ ਪੇਸ਼ਕਸ਼ ਹਨ, ਜੋ ਸੰਗਮ ਪਬਲੀਕੇਸ਼ਨਜ਼, ਸਮਾਣਾ ਵਲੋਂ ਛਾਪੀਆਂ ਗਈਆਂ ਹਨ। ਹਰ ਪੁਸਤਕ ਦੀ ਕੀਮਤ 60 ਰੁਪਏ ਅਤੇ ਪੰਨੇ 32 ਹਨ।

-ਦਰਸ਼ਨ ਸਿੰਘ 'ਆਸ਼ਟ'

ਬੁੱਧੀ ਪ੍ਰੀਖਣ

1. ਸੰਸਾਰ ਦੇ ਕਿਸ ਮਹਾਂਦੀਪ 'ਚ ਕੋਈ ਮਾਰੂਥਲ ਨਹੀਂ ਹੈ?
2. ਕਿਹੜੇ ਪ੍ਰਸਿੱਧ ਸ਼ਹਿਰ ਨੂੰ 'ਟਾਟਾ ਨਗਰ' ਵੀ ਕਿਹਾ ਜਾਂਦਾ ਹੈ?
3. ਮੁਗ਼ਲ ਬਾਦਸ਼ਾਹ ਸ਼ਾਹਜਹਾਂ ਦੇ ਸਭ ਤੋਂ ਵੱਡੇ ਪੁੱਤਰ ਦਾ ਨਾਂਅ ਕੀ ਸੀ?
4. ਕਿਹੜੇ ਸ਼ਹਿਰ ਨੂੰ 'ਸਿਲਕ ਸਿਟੀ' ਅਤੇ 'ਡਾਇਮੰਡ ਸਿਟੀ' ਕਿਹਾ ਜਾਂਦਾ ਹੈ?
5. ਭਾਰਤੀ ਪੁਲਾੜ ਪ੍ਰੋਗਰਾਮ ਦਾ ਜਨਮਦਾਤਾ ਕਿਸ ਨੂੰ ਮੰਨਿਆ ਜਾਂਦਾ ਹੈ?
6. ਲੋਨਾਰ ਝੀਲ ਭਾਰਤ ਦੇ ਕਿਸ ਰਾਜ 'ਚ ਸਥਿਤ ਹੈ?
7. ਦਿੱਲੀ ਸਥਿਤ ਜਾਮਾ ਮਸਜਿਦ ਦਾ ਨਿਰਮਾਣ ਕਿਸ ਸ਼ਾਸਕ ਨੇ ਕਰਵਾਇਆ ਸੀ?
8. ਭਾਰਤ 'ਚ ਡਾਕ ਟਿਕਟ ਦਾ ਰੁਝਾਨ ਕਦੋਂ ਸ਼ੁਰੂ ਹੋਇਆ ਸੀ?
9. ਕਿਹੜੇ ਭਾਰਤੀ ਪ੍ਰਧਾਨ ਮੰਤਰੀ ਨੂੰ ਪਾਕਿਸਤਾਨ ਦੇ ਸਰਬਉੱਚ ਐਵਾਰਡ 'ਨਿਸ਼ਾਨ-ਏ-ਪਾਕਿਸਤਾਨ' ਨਾਲ ਨਿਵਾਜਿਆ ਗਿਆ ਸੀ?
10. ਗ੍ਰਾਮੀ ਐਵਾਰਡ ਜਿੱਤਣ ਵਾਲੇ ਪਹਿਲੇ ਭਾਰਤੀ ਦਾ ਨਾਂਅ ਦੱਸੋ?
ਉੱਤਰ : (1) ਯੂਰਪ, (2) ਜਮਸ਼ੇਦਪੁਰ ਨੂੰ, (3) ਦਾਰਾ ਸ਼ਿਕੋਹ, (4) ਸੂਰਤ (ਗੁਜਰਾਤ) ਨੂੰ, (5) ਵਿਕਰਮ ਸਾਰਾਭਾਈ, (6) ਮਹਾਰਾਸ਼ਟਰ 'ਚ, (7) ਸ਼ਾਹਜਹਾਂ ਨੇ, (8) ਸਾਲ 1852 'ਚ, (9) ਮੋਰਾਰਜੀ ਦੇਸਾਈ ਨੂੰ, (10) ਰਵੀ ਸ਼ੰਕਰ।

-ਪ੍ਰਿੰ: ਗੁਰਬਚਨ ਸਿੰਘ ਲਾਲੀ,
ਲੇਖਕ ਮੰਚ, ਪੱਟੀ (ਤਰਨ ਤਾਰਨ)। ਮੋਬਾ: 98147-64344

ਕੀ ਤੁਸੀਂ ਜਾਣਦੇ ਹੋ?

* ਮਨੁੱਖ ਦੀ ਖੋਪੜੀ ਵਿਚ 29 ਹੱਡੀਆਂ ਹੁੰਦੀਆਂ ਹਨ।
* ਮਨੁੱਖੀ ਦਿਲ ਔਸਤਨ ਜੀਵਨ ਵਿਚ 182 ਮਿਲੀਅਨ ਲਿਟਰ ਖੂਨ ਦਾ ਸੰਚਾਲਨ ਕਰਦਾ ਹੈ।
* ਮਨੁੱਖ ਦੇ ਪੇਟ ਵਿਚ ਬਣਦਾ ਤੇਜ਼ਾਬ ਏਨਾ ਤੇਜ਼ ਹੁੰਦਾ ਹੈ ਕਿ ਇਸ ਵਿਚ ਰੇਜ਼ਰ ਬਲੈਡ ਵੀ ਘੁਲ ਸਕਦਾ ਹੈ।
* ਮਨੁੱਖੀ ਦਿਮਾਗ ਪੂਰੇ ਸਰੀਰ ਦੀ 20 ਫੀਸਦੀ ਆਕਸੀਜਨ ਤੇ ਊਰਜਾ ਵਰਤਦਾ ਹੈ।
* ਮਨੁੱਖੀ ਦਿਮਾਗ ਦਾ 80 ਫੀਸਦੀ ਪਾਣੀ ਹੁੰਦਾ ਹੈ।
* ਮਨੁੱਖ ਦੇ ਕੰਨ ਅਤੇ ਨੱਕ ਹਮੇਸ਼ਾ ਵਧਦੇ ਰਹਿੰਦੇ ਹਨ।
* ਜਿਵੇਂ ਹਰੇਕ ਵਿਅਕਤੀ ਦੇ ਉਂਗਲਾਂ ਦੇ ਵਿਲੱਖਣ ਨਿਸ਼ਾਨ ਹੁੰਦੇ ਹਨ, ਉਸੇ ਤਰ੍ਹਾਂ ਹਰ ਵਿਅਕਤੀ ਦੇ ਜੀਭ ਦੇ ਨਿਸ਼ਾਨ ਵੀ ਵਿਲੱਖਣ ਹੁੰਦੇ ਹਨ।
* ਮਨੁੱਖੀ ਅੱਖ 10 ਮਿਲੀਅਨ ਵੱਖ-ਵੱਖ ਰੰਗਾਂ ਵਿਚ ਫਰਕ ਕਰ ਸਕਦੀ ਹੈ।
* ਅੱਖ ਦਾ ਕੋਰਨੀਆ ਸਰੀਰ ਦਾ ਅਜਿਹਾ ਹਿੱਸਾ ਹੈ, ਜਿਸ ਵਿਚ ਖੂਨ ਦਾ ਦੌਰਾ ਨਹੀਂ ਹੁੰਦਾ। ਕੋਰਨੀਆ ਨੂੰ ਆਕਸੀਜਨ ਸਿੱਧੀ ਹਵਾ ਵਿਚੋਂ ਮਿਲਦੀ ਹੈ।

-ਡਾ: ਮਨਦੀਪ ਕੌਰ,
mandeepjudge36@gmail.com

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX