ਤਾਜਾ ਖ਼ਬਰਾਂ


ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਰੱਖਿਆ ਮੰਤਰਾਲਾ ਨੂੰ ਸਪੇਸ ਕਮਾਂਡ ਬਣਾਉਣ ਦਾ ਦਿੱਤਾ ਨਿਰਦੇਸ਼
. . .  15 minutes ago
ਜੰਮੂ-ਕਸ਼ਮੀਰ ਦੇ ਪੁਣਛ 'ਚ ਪਾਕਿ ਵੱਲੋਂ ਗੋਲਾਬਾਰੀ ਜਾਰੀ , ਭਾਰਤੀ ਸੈਨਾ ਦੇ ਰਹੀ ਜਵਾਬ
. . .  15 minutes ago
ਰਾਜਸਥਾਨ 'ਚ ਨਵੀਂ ਸਰਕਾਰ ਬਣਦਿਆਂ ਹੀ 40 ਆਈ ਏ ਐੱਸ ਅਫ਼ਸਰਾਂ ਦਾ ਤਬਾਦਲਾ
. . .  16 minutes ago
ਅਸਾਮ ਸਰਕਾਰ ਨੇ ਮੁਆਫ ਕੀਤਾ ਕਿਸਾਨਾਂ ਦਾ 600 ਕਰੋੜ ਰੁਪਏ ਦਾ ਕਰਜ਼
. . .  about 1 hour ago
ਗੁਹਾਟੀ, 18 ਦਸੰਬਰ - ਪੰਜ ਰਾਜਾਂ 'ਚ ਚੋਣ ਨਤੀਜਿਆਂ ਤੋਂ ਬਾਅਦ ਕਿਸਾਨਾਂ ਦੀ ਕਰਜ਼ ਮੁਆਫੀ ਦੇ ਮੁੱਦੇ ਨੂੰ ਪੂਰੇ ਦੇਸ਼ 'ਚ ਹਵਾ ਮਿਲੀ ਹੈ। ਮੱਧ ਪ੍ਰਦੇਸ਼ ਤੇ ਛਤੀਸਗੜ੍ਹ ਤੋਂ ਬਾਅਦ ਹੁਣ ਅਸਾਮ ਦੀ ਭਾਜਪਾ ਸਰਕਾਰ ਨੇ ਕਿਸਾਨਾਂ ਨੂੰ ਰਾਹਤ ਦਿੱਤੀ ਹੈ। ਅਸਾਮ ਸਰਕਾਰ ਨੇ 600 ਕਰੋੜ...
ਜ਼ਿਲ੍ਹਾ ਸੰਗਰੂਰ 'ਚ ਤਿੰਨ ਚੋਣ ਅਬਜ਼ਰਵਰ ਨਿਯੁਕਤ
. . .  about 2 hours ago
99 ਫੀਸਦੀ ਚੀਜ਼ਾਂ ਨੂੰ 18 ਫੀਸਦੀ ਜਾਂ ਉਸ ਤੋਂ ਘੱਟ ਜੀ.ਐਸ.ਟੀ. ਦੇ ਦਾਇਰੇ 'ਚ ਲਿਆਂਦਾ ਜਾਵੇਗਾ - ਮੋਦੀ
. . .  about 2 hours ago
ਨਵੀਂ ਦਿੱਲੀ, 18 ਦਸੰਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੀ.ਐਸ.ਟੀ. ਨੂੰ ਲੈ ਕੇ ਵੱਡਾ ਐਲਾਨ ਕੀਤਾ ਹੈ। ਮੋਦੀ ਨੇ ਕਿਹਾ ਹੈ ਕਿ 99 ਫੀਸਦੀ ਚੀਜ਼ਾਂ ਨੂੰ 18 ਫੀਸਦੀ ਜਾਂ ਉਸ ਤੋਂ ਘੱਟ ਜੀ.ਐਸ.ਟੀ. ਦੇ ਦਾਇਰੇ 'ਚ ਲਿਆਂਦਾ ਜਾਵੇਗਾ। ਪ੍ਰਧਾਨ ਮੰਤਰੀ ਮੋਦੀ ਨੇ ਇਹ ਐਲਾਨ ਮੁੰਬਈ...
ਆਈ.ਪੀ.ਐਲ. ਨਿਲਾਮੀ : ਇੰਗਲੈਂਡ ਦੇ ਸੈਮ ਕੁਰੈਨ ਨੂੰ ਪੰਜਾਬ ਨੇ 7 ਕਰੋੜ 20 ਲੱਖ 'ਚ ਖਰੀਦਿਆ
. . .  about 2 hours ago
ਆਈ.ਪੀ.ਐਲ. ਨਿਲਾਮੀ : ਇੰਗਲੈਂਡ ਦੇ ਸੈਮ ਕੁਰੈਨ ਨੂੰ ਪੰਜਾਬ ਨੇ 7 ਕਰੋੜ 20 ਲੱਖ 'ਚ ਖਰੀਦਿਆ...
ਸਰਹੱਦੀ ਇਲਾਕੇ 'ਚ ਭੁਚਾਲ ਦੇ ਝਟਕੇ ਮਹਿਸੂਸ
. . .  about 3 hours ago
ਖੇਮਕਰਨ, 18 ਦਸੰਬਰ - ਪੰਜਾਬ ਦੇ ਸਰਹੱਦੀ ਇਲਾਕੇ ਅੰਦਰ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ...
ਆਈ.ਪੀ.ਐਲ. ਨਿਲਾਮੀ : ਵਰੁਣ ਚਕਰਵਤੀ ਨੂੰ ਪੰਜਾਬ ਨੇ 8 ਕਰੋੜ 40 ਲੱਖ 'ਚ ਖਰੀਦਿਆ
. . .  about 3 hours ago
ਆਈ.ਪੀ.ਐਲ. ਨਿਲਾਮੀ : ਵਰੁਣ ਚਕਰਵਤੀ ਨੂੰ ਪੰਜਾਬ ਨੇ 8 ਕਰੋੜ 40 ਲੱਖ 'ਚ ਖਰੀਦਿਆ...
ਹਾਮਿਦ ਅੰਸਾਰੀ ਭਾਰਤ ਪੁੱਜਿਆ
. . .  about 3 hours ago
ਅੰਮ੍ਰਿਤਸਰ, 18 ਦਸੰਬਰ (ਸੁਰਿੰਦਰਪਾਲ ਸਿੰਘ ਵਰਪਾਲ) - ਪਾਕਿਸਤਾਨ 'ਚ 6 ਸਾਲ ਜੇਲ੍ਹ ਕੱਟਣ ਮਗਰੋਂ ਹਾਮਿਦ ਨਿਹਾਲ ਅੰਸਾਰੀ ਵਾਹਗਾ ਬਾਰਡਰ ਰਾਹੀਂ ਭਾਰਤ ਪੁੱਜ ਗਿਆ। ਆਪਣੇ ਵਤਨ ਦੀ ਮਿੱਟੀ ਨੂੰ ਨਤਮਸਤਕ ਹੋਣ ਮਗਰੋਂ ਉਹ ਆਪਣੇ ਮਾਪਿਆ ਤੇ ਭਰਾ ਨਾਲ ਭਾਵੁਕ...
ਹੋਰ ਖ਼ਬਰਾਂ..

ਅਜੀਤ ਮੈਗਜ਼ੀਨ

ਖ਼ਰਚੀਲੇ ਹੁੰਦੇ ਪੰਜਾਬੀ ਵਿਆਹ

ਕਿਸੇ ਵੇਲੇ ਪੰਜਾਬ ਦੀਆਂ ਪੇਂਡੂ ਫ਼ਿਜ਼ਾਵਾਂ ਕੁੜੀਆਂ-ਮੁੰਡਿਆਂ ਦੇ ਵਿਆਹਾਂ ਮੌਕੇ ਸਾਦ-ਮੁਰਾਦੇ ਤਰੀਕੇ ਨਾਲ ਆਪਸ 'ਚ ਰਲ ਮਿਲ ਕੇ ਮਨਾਈਆਂ ਜਾਂਦੀਆਂ ਖੁਸ਼ੀਆਂ, ਚਾਵਾਂ ਤੇ ਮਲ੍ਹਾਰਾਂ ਨਾਲ ਆਪਮੁਹਾਰੇ ਤੋਰ ਤੁਰਦੀ ਜ਼ਿੰਦਗੀ ਦੇ ਨੀਰਸ ਪੈਂਡਿਆਂ ਨੂੰ ਖੁਸ਼ਗਵਾਰ ਬਣਾ ਦਿੰਦੀਆਂ ਸਨ। ਉਦੋਂ ਜ਼ਿੰਦਗੀ 'ਚ ਬੇਹੱਦ ਮਹੱਤਵਪੂਰਨ ਸਥਾਨ ਰੱਖਣ ਵਾਲੇ ਸਮਾਜਿਕ ਉਤਸਵ ਵਿਆਹ ਨੂੰ ਸੁੱਖੀਂ ਸਾਂਦੀ ਨੇਪਰੇ ਚਾੜ੍ਹਨ ਲਈ ਨਾ ਤਾਂ ਅੱਜ ਵਾਂਗ ਪੈਸੇ ਨੂੰ ਪਾਣੀ ਵਾਂਗ ਰੋੜ੍ਹਨ ਦੀ ਲੋੜ ਪਿਆ ਕਰਦੀ ਸੀ ਤੇ ਨਾ ਹੀ ਫ਼ਜ਼ੂਲ ਰਸਮਾਂ ਪੂਰੀਆਂ ਕਰਨ ਲਈ ਵੱਡੇ-ਵੱਡੇ ਆਡੰਬਰ ਰਚਣੇ ਪੈਂਦੇ ਸਨ। ਮੁੰਡੇ-ਕੁੜੀ ਦੀ ਕੁੜਮਾਈ ਤੋਂ ਲੈ ਕੇ ਡੋਲੀ ਤੁਰਨ ਦੀ ਰਸਮ ਤੱਕ ਨਾਨਕੇ-ਦਾਦਕੇ, ਸ਼ਰੀਕੇ ਭਾਈਚਾਰੇ ਦੇ ਲੋਕ ਆਪਸ 'ਚ ਹੀ ਰਲ ਮਿਲ ਕੇ ਮਨਪਰਚਾਵਾ ਕਰਦੇ ਤੇ ਵੱਖ-ਵੱਖ ਪੜ੍ਹਾਵਾਂ ਦੌਰਾਨ ਢੋਲੇ, ਮਾਹੀਏ, ਘੋੜੀਆਂ, ਸੁਹਾਗ ਗਾ-ਗਾ ਕੇ ਰਿਸ਼ਤਿਆਂ ਦੀ ਮਿਠਾਸ ਤੇ ਅਪਣੱਤ ਦਾ ਆਪਮੁਹਾਰਾ ਪ੍ਰਗਟਾਵਾ ਕਰਿਆ ਕਰਦੇ। ਮਾਈਆਂ, ਵਟਣਾ ਤੇ ਜਾਗੋ ਵਰਗੀਆਂ ਰਸਮਾਂ ਨਿਭਾਉਂਦੀਆਂ, ਨਾਨਕੀਆਂ-ਦਾਦਕੀਆਂ ਢੋਲਕੀਆਂ ਤੇ ਛੱਜ ਕੁੱਟ-ਕੁੱਟ ਕੇ ਖੁਸ਼ੀ ਦੇ ਮਾਹੌਲ ਨੂੰ ਹੋਰ ਲੋਰ ਚਾੜ੍ਹ ਛੱਡਦੀਆਂ ਤੇ ਸਿਠਣੀਆਂ ਸੁਣਾਉਂਦੀਆਂ ਤੇ ਜਾਗੋ ਕੱਢਦੀਆਂ ਦਿਲਾਂ 'ਚ ਲੰਮੇ ਸਮੇਂ ਤੋਂ ਦੱਬੇ ਗਰਦ ਗੁਬਾਰਾਂ ਨੂੰ ਬੜੀ ਸਹਿਜਤਾ ਨਾਲ ਬਾਹਰ ਕੱਢ ਕੇ ਮਨ ਦਾ ਸਕੂਨ ਹਾਸਿਲ ਕਰ ਲੈਂਦੀਆਂ ਸਨ। ਵਿਆਹਾਂ 'ਚ ਪ੍ਰਾਹੁਣਿਆਂ ਦੀ ਆਓ-ਭਗਤ ਤੋਂ ਲੈ ਕੇ ਹਰ ਛੋਟਾ ਵੱਡਾ ਕੰਮ ਵਿਆਹ ਵਾਲਿਆਂ ਤੇ ਗਲੀ ਗੁਆਂਢ ਦੇ ਉੱਦਮੀ ਤੇ ਹੁੰਦੜਹੇੜ ਗੱਭਰੂਆਂ ਦੀ ਮਦਦ ਨਾਲ ਨੇਪੜੇ ਚੜ੍ਹਦਾ ਸੀ।
ਅੱਜ ਪੰਜਾਬ ਦੇ ਬਹੁਤੇ ਪਿੰਡਾਂ-ਸ਼ਹਿਰਾਂ ਵਿਚ ਵਿਆਹ ਦਾ ਕਾਰਜ ਸਭ ਤੋਂ ਖਰਚੀਲਾ ਤੇ ਗੁੰਝਲਦਾਰ ਹੋ ਚੁੱਕਾ ਹੈ। ਅੱਜ ਇਸ ਕਾਰਜ ਨੂੰ ਨੇਪਰੇ ਚਾੜ੍ਹਨ ਲਈ ਫ਼ਜ਼ੂਲ ਦੇ ਖਰਚਿਆਂ ਦੀ ਹਿੰਢ ਪੁਗਾਉਣ ਲਈ ਬੇਤਹਾਸ਼ਾ ਪੈਸੇ ਦੀ ਬਰਬਾਦੀ ਤੇ ਖੁਸ਼ੀ ਦਾ ਪ੍ਰਗਟਾਵਾ ਕਰਨਾ ਲਾਜ਼ਮੀ ਸ਼ਰਤ ਬਣ ਗਈ ਹੈ। ਲਾੜੀ ਲਾੜੇ ਦੀ ਅਗਲੇਰੀ ਜ਼ਿੰਦਗੀ ਨੂੰ ਸੁਖਾਵਾਂ ਬਣਾਉਣ ਲਈ ਘਰਾਂ 'ਚ ਵਿੱਤੀ ਵਸੀਲੇ ਦਾ ਪ੍ਰਬੰਧ ਹੋਵੇ ਜਾਂ ਨਾ ਹੋਵੇ, ਪਰ ਇਸ ਕਾਰਜ ਲਈ ਰਿਸ਼ਤੇਦਾਰਾਂ ਲਈ ਲੀੜਾ-ਕੱਪੜਾ, ਗਹਿਣਾ-ਗੱਟਾ, ਮੋੜ-ਮੁੜਾਵੇ, ਦਾਰੂ ਦੀਆਂ ਦਾਅਵਤਾਂ, ਪੈਲੇਸਾਂ 'ਚ ਕੁਝ ਘੰਟਿਆਂ ਦੇ ਪੜਾਅ ਦੌਰਾਨ ਲੋੜੋਂ ਵੱਧ ਖਾਣ ਵਾਲੀਆਂ ਚੀਜ਼ਾਂ, ਕੰਨ ਪਾੜਵੇਂ ਡੀ. ਜੇ. ਸਿਸਟਮ ਅਤੇ ਭਾੜੇ 'ਤੇ ਨੱਚਣ-ਨਚਾਉਣ ਵਾਲਿਆਂ ਦਾ ਪ੍ਰਬੰਧ ਜ਼ਰੂਰੀ ਹੋ ਗਿਆ ਹੈ। ਹੈਰਾਨੀ ਦੀ ਇਕ ਹੋਰ ਗੱਲ ਇਹ ਵੀ ਹੈ ਕਿ ਵਿਆਹ ਵਾਲੇ ਦਿਨ ਬਰਾਤ ਤੇ ਹੋਰ ਰਿਸ਼ਤੇਦਾਰਾਂ ਦੀ ਆਓ ਭਗਤ ਦਾ ਸਾਰਾ ਜ਼ਿੰਮਾ ਸਿਰਫ਼ ਲੜਕੀ ਦੇ ਪਰਿਵਾਰ ਵਾਲਿਆਂ ਸਿਰ ਹੁੰਦਾ ਹੈ, ਕਿਉਂਕਿ ਉਨ੍ਹਾਂ ਪਹਿਲਾਂ ਲੜਕੀ ਨੂੰ ਜੰਮਣ, ਫਿਰ ਪਾਲਣ ਦੇ ਨਾਲ ਪੜ੍ਹਾਈ ਤੇ ਫਿਰ ਘਰੋਂ ਤੋਰਨ ਦੇ ਫ਼ਰਜ਼ ਨੂੰ ਪੂਰਾ ਕਰਨ ਦਾ ਗੁਨਾਹ ਜੁ ਕਰ ਲਿਆ ਹੁੰਦਾ ਹੈ। ਲੜਕੀ ਨੂੰ ਘਰੋਂ ਤੋਰਨ ਦੇ ਫ਼ਰਜ਼ ਵੇਲੇ ਉਸ ਦੇ ਮਾਪਿਆਂ ਕੋਲੋਂ ਹੀ ਸਾਰੇ ਖਰਚ ਕਰਾਉਣ ਦੀ ਜ਼ਿੱਦ ਪੂਰੀ ਕਰਾਉਂਦਿਆਂ ਫਿਰ ਕਿੱਦਾਂ ਕਾਮਨਾ ਕੀਤੀ ਜਾ ਸਕਦੀ ਹੈ ਕਿ ਪੰਜਾਬੀ ਸਮਾਜ ਕੰਨਿਆ ਭਰੂਣ ਹੱਤਿਆ, ਦਹੇਜ ਪ੍ਰਥਾ ਤੇ ਘਰੇਲੂ ਹਿੰਸਾ ਵਰਗੀਆਂ ਸ਼ਰਮਸਾਰ ਕਰਨ ਵਾਲੀਆਂ ਬੁਰਾਈਆਂ ਤੋਂ ਮੁਕਤ ਹੋਵੇ। ਵਿੱਤ ਨਾਲੋਂ ਵੱਧ ਖਰਚ ਕਰਨ ਲਈ ਜ਼ਮੀਨਾਂ ਗਹਿਣੇ ਪਾਉਣੀਆਂ ਤੇ ਬੈਂਕਾਂ ਤੋਂ ਕਰਜ਼ੇ ਚੁੱਕ ਕੇ ਵੱਡੇ ਹੋਣ ਦੇ ਦਿਖਾਵੇ ਕਰਨ ਦੇ ਮਾਰੂ ਰੁਝਾਨ ਕਰਕੇ ਸੂਬੇ ਦੇ ਬਹੁਤੇ ਲੋਕ ਵਿੱਤੀ ਸੰਕਟ ਦਾ ਸ਼ਿਕਾਰ ਹਨ।
ਹੈਰਾਨੀ ਦੀ ਗੱਲ ਹੈ ਕਿ ਇਕ ਪਾਸੇ ਸੂਬੇ 'ਚ ਖੇਤੀ ਦੀ ਮਾੜੀ ਮਾਲੀ ਹਾਲਤ ਹੋਣ ਕਰਕੇ ਚਾਰ ਪੰਜ ਕਿਸਾਨ ਹਰ ਰੋਜ਼ ਖੁਦਕੁਸ਼ੀਆਂ ਕਰ ਰਹੇ ਹਨ, ਦੂਜੇ ਪਾਸੇ ਬਹੁਤੇ ਕਿਸਾਨੀ ਪਿਛੋਕੜ ਵਾਲੇ ਲੋਕ ਹੀ ਦਾਰੂ ਪੀ-ਪੀ ਕੇ ਨੱਚਣ ਵਾਲਿਆਂ ਤੋਂ ਨੋਟ ਵਾਰ-ਵਾਰ ਕੇ ਏਦਾਂ ਸੁੱਟ ਰਹੇ ਹੁੰਦੇ ਹਨ, ਜਿਵੇ ਇਨ੍ਹਾਂ ਨੋਟਾਂ ਦਾ ਜ਼ੀਰੋ ਮੁੱਲ ਹੋਵੇ। ਇਕ ਪਾਸੇ ਸੂਬੇ ਦੀ ਕਿਸਾਨੀ ਖੇਤੀ ਜਿਣਸਾਂ ਦੇ ਸਹੀ ਮੁੱਲ ਨਾ ਮਿਲਣ ਕਰਕੇ ਡਾਹਢੇ ਵਿੱਤੀ ਸੰਕਟ 'ਚੋਂ ਗੁਜ਼ਰ ਰਹੀ ਹੈ, ਦੂਜੇ ਪਾਸੇ ਸੂਬੇ 'ਚ ਬਹੁਤੇ ਲੋਕ ਵਿਆਹਾਂ ਮੌਕੇ ਹਾਈਵੋਲਟੇਜ਼ 'ਤੇ ਚੱਲਣ ਵਾਲੇ ਡੀ ਜੇ ਸਿਸਟਮ ਤੇ ਦਾਰੂ ਪੀ-ਪੀ ਕੇ ਬੜਕਾਂ ਤੇ ਲਲਕਾਰੇ ਮਾਰ-ਮਾਰ ਅੱਧੇ ਪਿੰਡ ਨੂੰ ਸੌਣ ਨਹੀਂ ਦਿੰਦੇ। ਆਪਣੇ ਆਲੇ-ਦੁਆਲੇ 'ਚ ਆਪਣੀ ਧੌਂਸ ਤੇ ਦਬਦਬਾ ਕਾਇਮ ਰੱਖਣ ਦੇ ਰੁਝਾਨ ਤਹਿਤ ਵਿਆਹਾਂ ਦੀ ਜਾਗੋ ਤੇ ਬਰਾਤ 'ਚ ਨੱਚਣ ਵੇਲੇ ਬੰਦੂਕਾਂ ਪਿਸਤੌਲਾਂ ਨਾਲ ਹਵਾਈ ਫਾਇਰ ਕੱਢਣ ਲਈ ਅਸਲ੍ਹੇ ਵਾਲੇ ਮਹਿਮਾਨਾਂ ਨੂੰ ਉਚੇਚਾ ਸੱਦਿਆ ਜਾਂਦਾ ਹੈ। ਵਿਆਹ ਸ਼ਾਦੀ ਮੌਕੇ ਹੀ ਸ਼ਰਬਤ ਵਾਂਗ ਸ਼ਰਾਬਾਂ ਪਿਲਾਉਣ ਅਤੇ ਸ਼ਰੇਆਮ ਵਰਤਾਉਣ ਦਾ ਜਿਹੜਾ ਰੁਝਾਨ ਸਾਡੇ ਲੋਕਾਂ ਨੇ ਸ਼ੁਰੂ ਕਰ ਲਿਆ ਹੈ, ਉਸ ਨੂੰ ਦੇਖ ਕੇ ਲਗਦਾ ਨਹੀਂ ਕਿ ਪੰਜਾਬੀਆਂ ਦੀ ਅਗਲੀ ਪੀੜ੍ਹੀ 'ਚੋਂ ਕੋਈ ਬੱਚਾ ਨਸ਼ੇ ਤੋਂ ਮੁਕਤ ਰਹਿ ਸਕੇਗਾ, ਕਿਸੇ ਵੇਲੇ ਪੰਜਾਬ ਦੇ ਲੋਕਾਂ ਦੀ ਬਹਾਦਰੀ ਤੇ ਜ਼ਿੰਦਾਦਿਲੀ ਦੀਆਂ ਬਾਤਾਂ ਦੂਰ-ਦੂਰ ਤੱਕ ਪੈਂਦੀਆਂ ਰਹੀਆਂ ਹਨ, ਪਰ ਅੱਜ ਦਿਖਾਵੇ ਦੀ ਜ਼ਿੰਦਗੀ 'ਚ ਗਵਾਚੇ ਪੰਜਾਬੀਆਂ ਨੇ ਤਮਾਸ਼ਗਿਰੀ ਦੀਆਂ ਸਾਰੀਆਂ ਹੱਦਾਂ ਉਲੰਘਦਿਆਂ ਪੈਲੇਸਾਂ 'ਚ ਬੇਰੁਜ਼ਗਾਰੀ ਤੇ ਗ਼ਰੀਬੀ ਦੀਆਂ ਮਾਰੀਆਂ ਗ਼ਰੀਬ ਘਰਾਂ ਦੀਆਂ ਮਜਬੂਰ ਤੇ ਲਾਚਾਰ ਕੁੜੀਆਂ ਨੂੰ ਸ਼ਰਾਬੀ ਟੋਲਿਆਂ 'ਚ ਖਾਣ-ਪੀਣ ਤੇ ਹੋਰ ਸਾਜ਼ੋ ਸਾਮਾਨ ਵਰਤਾਉਣ ਲਾ ਲਿਆ ਹੈ, ਜੋ ਪੰਜਾਬੀ ਸਮਾਜ ਲਈ ਠੀਕ ਨਹੀਂ। ਵਿਆਹਾਂ 'ਚ ਇਸ ਤਰ੍ਹਾਂ ਦੇ ਆਪਹੁਦਰੇ ਟੋਲਿਆਂ ਵਲੋਂ ਸਿਰਜੇ ਗ਼ੈਰ-ਸੱਭਿਅਕ ਮਾਹੌਲ ਲਈ ਸਾਡੇ ਘਰਾਂ ਦੇ ਜ਼ਿੰਮੇਵਾਰ ਮਰਦ ਤੇ ਔਰਤਾਂ ਵੀ ਪੂਰੀ ਤਰ੍ਹਾਂ ਜ਼ਿੰਮੇਵਾਰ ਹੁੰਦੇ ਹਨ।
ਅੱਜਕਲ੍ਹ ਪੰਜਾਬੀ ਵਿਆਹਾਂ ਮੌਕੇ ਪੈਦਾ ਹੋਏ ਪ੍ਰੀ-ਵੈਡਿੰਗ ਦੀ ਰਸਮ ਦੇ ਨਾਂਅ 'ਤੇ ਵਿਆਹਾਂ ਵਾਲਿਆਂ ਤੋਂ ਮੋਟੀਆਂ ਰਕਮਾਂ ਵਸੂਲੀਆਂ ਜਾਣ ਲੱਗ ਪਈਆਂ ਹਨ। ਲਾੜੀ-ਲਾੜੇ ਨੂੰ ਵਿਆਹ ਤੋਂ ਕਈ ਦਿਨ ਪਹਿਲਾਂ ਡੈਮਾਂ, ਦਰਿਆਵਾਂ ਦੇ ਕੰਢੇ ਜਾਂ ਵੱਡੇ ਫਾਰਮ ਹਾਊਸਾਂ 'ਤੇ ਲਿਜਾਅ ਕੇ ਵੱਖੋ-ਵੱਖਰੇ ਪੋਜ਼ ਤੇ ਵੀਡੀਓ ਸ਼ੂਟ ਕਰ ਕੇ ਮੋਟੀ ਰਕਮ ਦੇ ਬਿੱਲ ਬਦਲੇ ਬਾਲੀਵੁੱਡ ਦੇ ਵੱਡੇ ਸਿਤਾਰੇ ਹੋਣ ਦਾ ਭਰਮ ਸਿਰਜਿਆ ਜਾਣ ਲੱਗਾ ਹੈ। ਮੋਟੀਆਂ ਰਕਮਾਂ ਖਰਚਾ ਕੇ ਲਾੜੀ ਤੇ ਲਾੜੇ ਕੋਲੋਂ ਕਰਵਾਈ ਜਾਂਦੀ ਕਲਾਕਾਰੀ ਦਾ ਜ਼ਿੰਦਗੀ ਦੀਆਂ ਤਲਖ਼ ਹਕੀਕਤਾਂ ਨਾਲ ਤਾਂ ਕੋਈ ਵਾਹ-ਵਾਸਤਾ ਨਹੀਂ ਹੁੰਦਾ ਤੇ ਨਾ ਹੀ ਪੈਸਿਆਂ ਦੀ ਚਮਕ ਨਾਲ ਪੈਦਾ ਕੀਤੀ ਇਸ ਮ੍ਰਿਗਤ੍ਰਿਸ਼ਨਾ 'ਚੋਂ ਗ੍ਰਹਿਸਤੀ ਜੀਵਨ ਨੂੰ ਕਾਮਯਾਬੀ ਨਾਲ ਚਲਾਉਣ ਦਾ ਕਾਰਗਾਰ ਫਾਰਮੂਲਾ ਲੱਭਦਾ ਹੈ। ਲਾਵਾਂ ਫੇਰਿਆਂ ਤੋਂ ਬਾਅਦ ਆਮ ਘਰਾਂ ਦੇ ਜੰਮਿਆਂ ਨੂੰ ਪੈਲੇਸਾਂ ਦੇ ਰੰਗਲੇ ਸਿੰਘਾਸਣਾਂ 'ਤੇ ਰਾਜੇ-ਮਹਾਰਾਜਿਆਂ ਵਾਂਗ ਬਿਠਾ ਕੇ ਸ਼ਗਨ ਵਿਹਾਰ ਦੀਆਂ ਰਸਮਾਂ ਵੀ ਅਸਲ 'ਚ ਲੋਕਾਂ ਦੀ ਹਊਮੈ ਨੂੰ ਪੱਠੇ ਪਾਉਣ ਵਾਲੀ ਗੱਲ ਤੋਂ ਵੱਧ ਨਹੀਂ ਹੁੰਦੀਆਂ, ਕਿਉਂਕਿ ਅਸਲ 'ਚ ਇਸ ਤਰ੍ਹਾਂ ਦਾ ਸ਼ਾਹੀ ਠਾਠ ਨਾ ਤਾਂ ਆਮ ਪਰਿਵਾਰਾਂ ਦੀ ਅਸਲ ਜ਼ਿੰਦਗੀ 'ਚ ਸ਼ਾਮਿਲ ਹੁੰਦਾ ਹੀ ਹੈ ਤੇ ਨਾ ਹੀ ਉਹ ਤੌਰ-ਤਰੀਕੇ ਆਮ ਜ਼ਿੰਦਗੀ 'ਚ ਨਸੀਬ ਹੁੰਦੇ ਹਨ, ਜਿਨ੍ਹਾਂ ਦਾ ਤਸੱਵਰ ਪੈਲੇਸ ਦੀਆਂ ਸੰਗਮਰਮਰੀ ਕੰਧਾਂ 'ਤੇ ਦੁਧੀਆ ਰੌਸ਼ਨੀਆਂ ਦੀ ਮੌਜੂਦਗੀ 'ਚ ਦਰਸਾਇਆ ਜਾਂਦਾ ਹੈ। ਲਾੜੇ ਦੀ ਸਜਾਵਟੀ ਗੱਡੀ ਤੇ ਪੈਲੇਸਾਂ ਦੇ ਸਜਾਵਟੀ ਗੇਟਾਂ 'ਤੇ ਗੇਂਦਾ, ਗੁਲਦਾਉਦੀ, ਜ਼ਰਬੇਰਾ ਤੇ ਗਲੈਇਡੂਲਸ ਨਾਲ ਸ਼ਾਹੀ ਸੁਆਗਤ ਕਰਾਉਣ ਵੇਲੇ ਸਾਡੇ ਲੋਕਾਂ ਨੇ ਸ਼ਾਇਦ ਹੀ ਇਹ ਕਦੇ ਸੋਚਿਆ ਹੋਵੇ ਕਿ ਕੁਦਰਤ ਦੇ ਰੰਗਾਂ ਤੇ ਮਹਿਕਾਂ ਦੀ ਬਾਤ ਪਾਉਣ ਵਾਲੀਆਂ ਂਿੲਹ ਕੁਦਰਤੀ ਸੌਗਾਤਾਂ ਸਿਰਫ ਕਿਰਾਏ 'ਤੇ ਲਏ ਪੈਲੇਸਾਂ ਦੇ ਸੁਆਗਤੀ ਗੇਟਾਂ ਤੱਕ ਹੀ ਮਹਿਦੂਦ ਨਹੀਂ ਰਹਿਣੀਆਂ ਚਾਹੀਦੀਆਂ, ਇਨ੍ਹਾਂ ਫੁੱਲ ਬੂਟਿਆਂ ਨੂੰ ਆਪਣੇ ਘਰਾਂ ਦੇ ਵਿਹੜਿਆਂ ਤੇ ਬਾਗ਼-ਬਗੀਚਿਆਂ ਤੱਕ ਲਿਜਾਅ ਕੇ ਆਪਣੇ ਹਿੱਸੇ ਦੀ ਧਰਤੀ ਨੂੰ ਵੀ ਸਵਰਗ ਬਣਾਇਆ ਜਾ ਸਕਦਾ ਹੈ। ਫੁੱਲ, ਫਲ ਤੇ ਹਰੀਆਂ ਸਬਜ਼ੀਆਂ ਦੀ ਹੱਥੀਂ ਕਾਸ਼ਤ ਕਰ ਕੇ ਸਿਹਤਮੰਦ ਤੇ ਖੁਸ਼ਹਾਲ ਜ਼ਿੰਦਗੀ ਦੇ ਢੰਗ ਤਰੀਕੇ ਸਿੱਖੇ ਜਾ ਸਕਦੇ ਹਨ। ਸ਼ਰਾਬਾਂ ਤੇ ਵਿਸਕੀਆਂ ਦੀ ਰੱਜਵੀਂ ਵਰਤੋਂ ਤੇ ਮਸਾਲੇਦਾਰ ਪਕਵਾਨਾਂ ਦੇ ਸੁਆਦਾਂ ਤੋਂ ਬਾਅਦ ਰਾਤਾਂ ਨੂੰ ਸਰੀਰ ਦੀ ਤਲਖ਼ੀ ਤੇ ਸੁੱਕ ਰਹੇ ਮੂੰਹ ਨੂੰ ਤਾਜ਼ਗੀ ਦੇਣ ਲਈ ਘਰ ਦੇ ਸਾਦੇ ਪਾਣੀ ਦੀ ਤਲਬ ਵੇਲੇ ਸਾਡੇ ਲੋਕਾਂ ਨੂੰ ਇਕ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਜਿਸ ਸ਼ੁੱਧ ਪਾਣੀ ਦੀ ਅਣਹੋਂਦ ਕਰਕੇ ਇਕ ਰਾਤ ਲੰਘਾਉਣੀ ਔਖੀ ਹੋ ਰਹੀ ਹੈ, ਕੁਦਰਤ ਦੀ ਉਸ ਅਨਮੋਲ ਬਖ਼ਸ਼ਿਸ਼ ਪ੍ਰਤੀ ਸਾਡੀ ਲਾਪ੍ਰਵਾਹੀ ਤੇ ਦੁਰਵਰਤੋਂ ਇਸ ਨੂੰ ਅਗਲੀਆਂ ਪੀੜ੍ਹੀਆਂ ਤੋਂ ਕਿੰਨੀ ਦੂਰ ਕਰ ਰਹੀ ਹੈ।
ਸੂਬੇ ਦੇ ਲੋਕਾਂ ਵਲੋਂ ਇਸ ਤਰ੍ਹਾਂ ਦੇ ਦਿਖਾਵੇ ਅਤੇ ਖਪਤੀ ਵਤੀਰੇ ਦੇ ਹੋਣ ਦਾ ਵੱਡਾ ਕਾਰਣ ਸਰਮਾਏਦਾਰੀ ਪ੍ਰਬੰਧ ਵਲੋਂ ਬੰਦੇ ਦੀ ਹਰ ਖੁਸ਼ੀ ਤੇ ਹਸਰਤ ਨੂੰ ਵਪਾਰਕ ਨੁਕਤੇ ਤੋਂ ਹਾਈਜੈਕ ਕੀਤੇ ਜਾਣ ਦੀ ਬਾਜ਼ਾਰੂ ਨੀਤੀ ਦਾ ਵੱਧਦਾ ਪ੍ਰਭਾਵ ਵੀ ਹੈ, ਜਿਸ ਤਹਿਤ ਹਰ ਬੰਦਾ ਇਸ ਤਰ੍ਹਾਂ ਦੇ ਵਿਛਾਏ ਜਾਲ 'ਚ ਨਾ ਚਾਹੁੰਦਾ ਹੋਇਆ ਵੀ ਫਸ ਰਿਹਾ ਹੈ। ਇਸ ਦਾ ਇੱਕ ਵੱਡਾ ਕਾਰਨ ਆਪਣੀਆਂ ਮਾਣਮੱਤੀਆਂ ਰਵਾਇਤਾਂ ਨਾਲੋਂ ਟੁੱਟਣਾ ਤੇ ਹਾਸਿਲ ਕੀਤੀ ਰਸਮੀ ਤੇ ਗ਼ੈਰ-ਰਸਮੀ ਸਿੱਖਿਆ ਦਾ ਵਿਹਾਰਕ ਪੱਖੋਂ ਲਾਗੂ ਨਾ ਹੋ ਸਕਣਾ ਹੈ। ਉਲਾਰ ਤੇ ਖਪਤੀ ਵਤੀਰੇ ਦਾ ਸ਼ਿਕਾਰ ਹੋਇਆ ਅੱਜ ਦਾ ਬੰਦਾ ਅਖੌਤੀ ਨਾਇਕਤਵ ਦੇ ਭਰਮ ਨੂੰ ਪੂਰਾ ਕਰਦਾ ਆਪਣੀ ਅਸਲੀਅਤ ਤੇ ਸਮਰੱਥਾ ਨੂੰ ਮੁਲਾਂਕਣ ਤੋਂ ਇਨਕਾਰੀ ਹੋਇਆ ਮਾੜਾ-ਧੀੜਾ ਨਾ ਅਖਵਾਉਣ ਦੇ ਮਿਹਣੇ ਤੋਂ ਬਚਣ ਲਈ ਚਾਦਰ ਦੇਖਣ ਤੋਂ ਬਿਨਾਂ ਪੈਰ ਪਸਾਰ ਕੇ ਝੁਗਾ-ਚੌੜ ਕਰਵਾਉਣ ਲਈ ਮਜਬੂਰ ਹੋ ਗਿਆ ਹੈੇ।
ਇਸੇ ਵਰਤਾਰੇ ਤਹਿਤ ਹੀ ਜ਼ਿੰਦਗੀ ਦੇ ਮਹੱਤਵਪੂਰਨ ਮੌਕਿਆਂ 'ਤੇ ਧਨ-ਦੌਲਤ, ਪਦਾਰਥ, ਸਮਾਜਿਕ ਤੇ ਰਾਜਨੀਤਕ ਤਾਕਤ ਦੇ ਬਲਬੂਤੇ ਜ਼ਿੰਦਗੀ ਦੇ ਚਾਵਾਂ ਤੇ ਮਲ੍ਹਾਰਾਂ ਨੂੰ ਹਥਿਆਉਣ ਦੀ ਅਸਫ਼ਲ ਕੋਸ਼ਿਸ਼ ਹੋ ਰਹੀ ਹੈ, ਜਿਨ੍ਹਾਂ ਦਾ ਨਤੀਜਾ ਮਹਿਜ਼ ਲੋਕ ਦਿਖਾਵਾ ਤੇ ਨਾਟਕਬਾਜ਼ੀ ਬਣ ਕੇ ਰਹਿ ਗਿਆ ਹੈ। ਧਿਆਨ ਨਾਲ ਦੇਖੀਏ ਤਾਂ ਪੰਜਾਬੀ ਲੋਕ ਉਹ ਲੋਕ ਹਨ, ਜਿਨ੍ਹਾਂ ਨੂੰ ਜ਼ਿੰਦਗੀ ਦੇ ਚੱਜ-ਆਚਾਰ ਤੇ ਜਿਊਣ ਦਾ ਸਲੀਕਾ ਸਿੱਖਣ ਲਈ ਕਿਸੇ ਪਿੱਛੇ ਭੱਜਣ ਦੀ ਕੋਈ ਲੋੜ ਨਹੀਂ ਹੈ, ਕਿਉਂਕਿ ਇਸ ਧਰਤੀ 'ਤੇ ਸਾਡੇ ਮਹਾਨ ਗੁਰੂਆਂ ਨੇ ਸਾਨੂੰ ਕਿਰਤ ਕਰਨ ਤੇ ਸਰਬੱਤ ਦਾ ਭਲਾ ਮੰਗਣ ਵਾਲੇ ਮਹਾਨ ਫ਼ਲਸਫ਼ੇ ਦੀ ਬਖ਼ਸ਼ਿਸ਼ ਦੇ ਕੇ ਸਾਨੂੰ ਸਾਂਵੀਂ ਤੇ ਸੁਚੱਜੀ ਜ਼ਿੰਦਗੀ ਜਿਊਣ ਦਾ ਸੁਨੇਹਾ ਦਿੱਤਾ ਹੈ। ਭੂਗੋਲਿਕ ਤੌਰ 'ਤੇ ਵੀ ਪੰਜਾਬ ਦੀ ਧਰਤੀ 'ਤੇ ਰੰਗ ਬਦਲਦੇ ਮੌਸਮਾਂ ਦੀ ਤੋਰ, ਖੁੱਲ੍ਹੇ ਖੇਤ, ਖੇਤਾਂ ਦੀ ਮਿੱਟੀ ਨਾਲ ਜੁੜੀਆਂ ਜ਼ਿੰਦਗੀ ਦੀਆਂ ਬਰਕਤਾਂ, ਇਨ੍ਹਾਂ ਬਰਕਤਾਂ ਨਾਲ ਜੁੜੀ ਪੰਜਾਬੀਆਂ ਦੀ ਤਕਦੀਰ ਜ਼ਿੰਦਗੀ ਦੀ ਤੋਰ 'ਚ ਆਪਮੁਹਾਰੇ ਰੰਗ ਭਰਦੀ ਰਹਿੰਦੀ ਹੈ। ਪੰਜਾਬ ਦੀ ਧਰਤੀ ਦੇ ਇਨ੍ਹਾਂ ਰੰਗਾਂ ਤੇ ਨਿੱਗਰ ਰਵਾਇਤਾਂ ਨੂੰ ਸਹਿਜਤਾ ਤੇ ਠਰ੍ਹੰਮੇਂ ਨਾਲ ਮਾਣ ਕੇ, ਮਹਿਸੂਸ ਕਰ ਕੇ ਪਦਾਰਥਕ ਤਸੱਲੀਆਂ ਨਾਲੋਂ ਵੱਡੀਆਂ ਤੇ ਚਿਰਸਥਾਈ ਰਹਿਣ ਵਾਲੇ ਖ਼ਜ਼ਾਨਿਆਂ ਨੂੰ ਵੀ ਹਾਸਿਲ ਕੀਤਾ ਜਾ ਸਕਦਾ ਹੈ। ਲੋੜ ਸਿਰਫ਼ ਆਪਣੇ ਨਜ਼ਰੀਏ ਨੂੰ ਅਸਲੀਅਤ ਨਾਲ ਜੋੜ ਕੇ ਆਪਣੀਆਂ ਅਮੀਰ ਤੇ ਨਿੱਗਰ ਰਵਾਇਤਾਂ 'ਤੇ ਪਹਿਰਾ ਦੇਣ ਦੀ ਹੈ। ਪੰਜਾਬੀਆਂ ਨੂੰ ਆਪਣੀ ਮਿੱਟੀ ਦੀ ਤਾਸੀਰ ਤੇ ਵਿਰਾਸਤ ਦੀ ਅਮੀਰੀ ਨੂੰ ਪਛਾਨਣਾ ਪੈਣਾ ਹੈ ਤਾਂ ਹੀ ਫੋਕੇ ਦਿਖਾਵਿਆਂ ਤੇ ਖ਼ਰਚੀਲੀਆਂ ਰਸਮਾਂ ਤੋਂ ਮੁਕਤੀ ਹਾਸਿਲ ਕੀਤੀ ਜਾ ਸਕਦੀ ਹੈ।

-ਪਿੰਡ ਤਾਜਪੁਰ ਕਲਾਂ, ਡਾਕ: ਹਰਿਆਣਾ, ਜ਼ਿਲ੍ਹਾ ਹੁਸ਼ਿਆਰਪੁਰ।
ਈਮੇਲ : nimana727@gmail.com


ਖ਼ਬਰ ਸ਼ੇਅਰ ਕਰੋ

ਵਿਆਹਾਂ 'ਚ ਵਧ ਰਿਹਾ ਬੰਦੂਕ ਸੱਭਿਆਚਾਰ

ਬਿਨਾਂ ਸ਼ੱਕ ਵੱਡੀ ਗਿਣਤੀ ਵਿਚ ਅੱਜ ਦੇ ਨੌਜਵਾਨਾਂ ਦੇ ਦਿਲ/ਦਿਮਾਗ਼ 'ਤੇ ਅਜੋਕੀ ਗੀਤ/ਗੀਤਕਾਰੀ ਅਤੇ ਉਸ ਗੀਤਾਂ ਦੇ ਵੀਡੀਓ ਫ਼ਿਲਮਾਂਕਣ ਦਾ ਅਸਰ ਡੂੰਘਾ ਅਤੇ ਸਿੱਧੇ ਰੂਪ ਵਿਚ ਹੋ ਰਿਹਾ ਹੈ, ਜਿਸ ਦੀ ਬਦੌਲਤ ਕਿਤੇ ਨਾ ਕਿਤੇ ਨੌਜਵਾਨੀ ਗੁੰਮਰਾਹ ਹੋ ਰਹੀ ਹੈ ਅਤੇ ਸਿੱਟੇ ਵਜੋਂ ਸਕੂਲਾਂ/ਕਾਲਜਾਂ ਵਿਚ ਪੜ੍ਹ ਰਹੇ ਵਿਦਿਆਰਥੀ ਵੀ ਦੇਖਾ-ਦੇਖੀ ਉਹੀ ਕੁਝ ਬਣਨਾ ਲੋਚਦੇ ਹਨ, ਜੋ ਕੁਝ ਉਹ ਟੀ.ਵੀ. ਜਾਂ ਸੋਸ਼ਲ ਮੀਡੀਏ 'ਤੇ ਕਲਾਕਾਰਾਂ ਵਲੋਂ ਕੀਤਾ ਜਾਂਦਾ ਦੇਖਦੇ ਹਨ। ਇਥੇ ਹੀ ਬਸ ਨਹੀਂ ਸਿਆਣੀ ਉਮਰ ਦੇ ਲੋਕ ਵੀ ਇਸ ਸਾਰੇ ਦੇ ਪ੍ਰਭਾਵ ਤੋਂ ਬਚ ਨਹੀਂ ਸਕੇ। ਨਸ਼ਿਆਂ ਅਤੇ ਹਥਿਆਰਾਂ ਨੂੰ ਉਤਸ਼ਾਹਿਤ ਕਰਦੇ ਗੀਤਾਂ ਦਾ ਅਜਿਹਾ ਅਸਰ ਦੇਖਿਆ ਗਿਆ ਹੈ ਕਿ ਛੋਟੀ ਉਮਰ ਦੇ ਜੁਆਕ ਵੀ ਘਰ ਪਏ ਹੋਏ ਹਥਿਆਰਾਂ ਨਾਲ ਸੈਲਫ਼ੀਆਂ ਖਿੱਚ ਕੇ ਸੋਸ਼ਲ ਸਾਈਟਾਂ ਉਤੇ ਬੜੀ ਹੀ ਬੇਫਿਕਰੀ ਨਾਲ ਪਾ ਦਿੰਦੇ ਹਨ, ਜਦਕਿ ਅਜਿਹੇ ਕੇਸਾਂ ਵਿਚ ਕਈ ਮੌਤਾਂ ਹੋ ਚੁੱਕੀਆਂ ਹਨ। ਗੁਰਦਾਸਪੁਰ ਇਲਾਕੇ ਵਿਚ ਹੀ ਦੋ ਭੈਣਾਂ ਦੇ ਭਰਾ ਰਮਨਦੀਪ ਸਿੰਘ ਨਾਂਅ ਦੇ ਇਕ 16 ਸਾਲਾ ਨੌਜਵਾਨ ਦੀ ਮੌਤ ਹੋ ਗਈ, ਜੋ ਆਪਣੇ ਪਿਤਾ ਦੇ .32-ਬੋਰ ਦੇ ਲਾਇਸੰਸੀ ਪਿਸਤੌਲ ਨਾਲ ਸੈਲਫੀ ਲੈ ਰਿਹਾ ਸੀ ਅਤੇ ਅਚਾਨਕ ਘੋੜਾ ਦੱਬ ਹੋ ਗਿਆ। ਇਹ ਕੇਵਲ ਇੱਕ ਅੱਧੀ ਘਟਨਾ ਨਹੀਂ, ਇਹੋ ਜਿਹੀਆਂ ਕਈ ਘਟਨਾਵਾਂ ਵਾਪਰ ਚੁੱਕੀਆਂ ਹਨ। ਵਿਆਹ ਸ਼ਾਦੀਆਂ ਦੌਰਾਨ ਅਸਲ੍ਹੇ ਦੀ ਨੁਮਾਇਸ਼ ਵਿਆਹ ਸ਼ਾਦੀ ਦਾ ਇੱਕ ਜ਼ਰੂਰੀ ਹਿੱਸਾ ਹੀ ਬਣਦਾ ਜਾ ਰਿਹਾ ਹੈ।
ਵਿਆਹ ਸ਼ਾਦੀ ਸਾਡੇ ਸੱਭਿਆਚਾਰਕ ਭਾਈਚਾਰੇ ਦਾ ਪ੍ਰਤੀਕ ਹੋਣ ਦੇ ਨਾਲ-ਨਾਲ ਸਾਰੇ ਰਿਸ਼ੇਤਦਾਰਾਂ/ਸੱਜਣਾਂ ਅਤੇ ਦੋ ਨਵੇਂ ਪਰਿਵਾਰਾਂ ਦਾ ਆਪਸੀ ਮਿਲਾਪ ਦਾ ਬਹੁਤ ਹੀ ਖ਼ੂਬਸੂਰਤ ਦਿਨ-ਦਿਹਾੜਾ ਹੁੰਦਾ ਹੈ, ਪਰ ਇਸ ਖ਼ੂਬਸੂਰਤ ਸਮੇਂ/ਦਿਨ ਨੂੰ ਹਮੇਸ਼ਾ ਹੀ ਨਿੱਜੀ ਸੁਆਰਥਾਂ ਲਈ (ਦਾਜ/ਦਹੇਜ, ਲੋਕ ਵਿਖਾਵਾ, ਫ਼ਜ਼ੂਲ ਖਰਚੀ, ਆਪਣੇ ਅਖੌਤੀ ਵੱਡੇਪਣ ਦੇ ਲੋਕ ਵਿਖਾਵੇ) ਆਦਿ ਦਿਖਾਉਣ ਦਾ ਕਾਰਣ ਬਣਾ ਦਿੱਤਾ ਗਿਆ, ਜਿਸ ਵਿਚ ਸਹਿਜੇ ਹੀ ਇਨ੍ਹਾਂ ਬੁਰਿਆਈਆਂ ਦੇ ਨਾਲ ਫੁਕਰੇਬਾਜ਼ੀ ਅਤੇ ਲੰਡਰਪੁਣਾ ਵੀ ਆ ਵੜਿਆ, ਜਿਸ ਨੇ ਜਨਮ ਦਿੱਤਾ ਵਿਆਹ/ਸ਼ਾਦੀਆਂ ਵਿਚ 'ਹਥਿਆਰਾਂ ਦੀ ਫੋਕੀ ਨੁਮਾਇਸ਼' ਨੂੰ.. ਅਤੇ ਇਸ ਨੂੰ ਹੱਲਾਸ਼ੇਰੀ ਦਿੱਤੀ ਸੱਭਿਆਚਾਰ ਦੇ ਨਾਂਅ ਹੇਠ ਸਾਡੇ ਅਖੌਤੀ ਕਲਾਕਾਰਾਂ ਨੇ। ਵੇਖਾ-ਵੇਖੀ ਇਨ੍ਹਾਂ ਗੀਤਾਂ ਦੀਆਂ ਵੀਡੀਓਜ਼ ਅਤੇ ਸਮਾਜ ਵਿਚ ਚੱਲ ਰਹੀਆਂ ਗ਼ਲਤ ਪ੍ਰੰਪਰਾਵਾਂ ਤੋਂ ਫੂਕ ਛਕ ਕੇ ਕੁਝ ਲੋਕਾਂ ਦਾ ਮੰਗਵੇ ਹਥਿਆਰਾਂ ਨਾਲ ਵਿਆਹਾਂ ਸ਼ਾਦੀਆਂ ਵਿਚ ਆਉਣਾ ਸ਼ੁਗਲ ਦੇ ਨਾਲ-ਨਾਲ ਆਪਣੀ ਉੱਚੀ ਹੈਸੀਅਤ ਦਿਖਾਉਣ ਲਈ ਆਰੰਭੇ ਯਤਨਾਂ ਵਿਚ ਸ਼ਾਮਲ ਹੋਇਆ ਅਤੇ ਕਈ ਅਜਾਈਂ ਜਾਨਾਂ ਗਈਆਂ, ਜਿਸ ਦੇ ਸਿੱਟੇ ਵਜੋਂ ਪੈਲੇਸਾਂ ਵਿਚ ਹਥਿਆਰਾਂ 'ਤੇ ਪਾਬੰਦੀ ਕਾਨੂੰਨੀ ਰੂਪ ਵਿਚ ਲਗਾਈ ਗਈ। ਪਰ ਬਾਵਜੂਦ ਇਸ ਦੇ ਲੁਕਵੇਂ ਰੂਪ ਵਿਚ ਨਾਜਾਇਜ਼ ਢੰਗ ਨਾਲ ਇਨ੍ਹਾਂ ਪੈਲੇਸਾਂ ਵਿਚ ਅਸਲ੍ਹਾ ਦਾਖ਼ਲ ਹੋ ਹੀ ਜਾਂਦਾ ਹੈ। ਜਿਸ ਦੇ ਕਾਰਣ ਦਸੰਬਰ 2016 ਵਿਚ ਆਰਕੈਸਟਰਾ ਗਰੁੱਪ ਦੀ ਇਕ ਲੜਕੀ ਦੀ ਮੌਤ ਹੋਈ। ਇਸੇ ਤਰ੍ਹਾਂ ਨਵੰਬਰ 2017 ਵਿਚ ਫ਼ਰੀਦਕੋਟ ਰੋਡ ਸਥਿਤ ਅਨੰਦ ਨਗਰ ਕੋਟਕਪੂਰਾ ਵਿਚ ਵਿਆਹ ਸਮਾਗਮ ਦੌਰਾਨ ਚੱਲੀਆਂ ਗੋਲੀਆਂ ਨਾਲ ਇੱਕ ਅੱਠ ਸਾਲਾ ਬੱਚੇ ਦੀ ਮੌਤ ਹੋ ਗਈ, ਜਦਕਿ ਦੂਜਾ ਗੰਭੀਰ ਜ਼ਖ਼ਮੀ ਹੋ ਗਿਆ ਹੈ, ਜੋ ਕਿ ਆਪਣੇ ਪਰਿਵਾਰ ਦੀ ਇਕਲੌਤੀ ਔਲਾਦ ਸੀ। ਇਹੋ ਜਿਹੀਆਂ ਖ਼ਬਰਾਂ ਫ਼ਿਰੋਜ਼ਪੁਰ ਅਤੇ ਰੂਪਨਗਰ ਤੋਂ ਵੀ ਆਈਆਂ, ਜਿਸ ਵਿਚ ਵਿਆਹ ਸਮਾਗਮ ਦੌਰਾਨ ਸ਼ੌਕ ਨਾਲ ਚਲਾਈਆਂ ਗੋਲੀਆਂ ਨਾਲ ਬਰਾਤੀ ਦੀ ਮੌਤ ਹੋਈ ਅਤੇ ਇੱਕ ਫੋਟੋਗ੍ਰਾਫਰ ਜ਼ਖ਼ਮੀ ਹੋਇਆ। ਇਸੇ ਤਰ੍ਹਾਂ ਨਵੰਬਰ ਵਿਚ ਮਲੇਰਕੋਟਲਾ ਰੋਡ ਦੇ ਪਿੰਡ ਈਸੜੂ ਦੇ ਇਕ ਮੈਰਿਜ ਪੈਲੇਸ ਵਿਚ ਵਿਆਹ ਮੌਕੇ ਗੋਲੀ ਚੱਲਣ ਨਾਲ ਇਕ ਬਰਾਤੀ ਦੀ ਮੌਤ ਹੋ ਗਈ।
ਤਾਜ਼ੀ ਵਾਪਰੀ ਘਟਨਾ ਅਨੁਸਾਰ ਹੁਸ਼ਿਆਰਪੁਰ ਦੇ ਮੁਹੱਲਾ ਛੱਤਾ ਬਾਜ਼ਾਰ ਵਿਚ ਵਿਆਹ ਤੋਂ ਇੱਕ ਦਿਨ ਪਹਿਲਾਂ ਜਾਗੋ ਦੌਰਾਨ ਕੁੜੀ ਦੇ ਪਿਤਾ ਅਤੇ ਉਸ ਦੇ ਦੋਸਤ ਵਲੋਂ ਜਾਗੋ ਦੌਰਾਨ ਗੋਲੀ ਚਲਾ ਕੇ ਆਪਣੀ ਖੁਸ਼ੀ ਦਾ ਇਜ਼ਹਾਰ ਕਰਦਿਆਂ ਜਦੋਂ ਡੀ. ਜੇ. ਉੱਤੇ ਨੱਚਦੇ ਹੋਏ ਗੋਲੀ ਚਲਾਈ ਤਾਂ ਨਾਲ ਦੇ ਘਰ ਵਿਚ ਰਹਿਣ ਵਾਲੀ ਕੁੜੀ ਸਾਕਸ਼ੀ ਅਰੋੜਾ ਦੇ ਸਿਰ ਵਿਚ ਜਾ ਲੱਗੀ, ਜਿਸ ਨਾਲ ਉਸ ਦੀ ਮੌਕੇ ਉੱਤੇ ਹੀ ਮੌਤ ਹੋ ਗਈ। ਮ੍ਰਿਤਕ ਲੜਕੀ ਐਮ.ਬੀ.ਏ. ਦੀ ਵਿਦਿਆਰਥਣ ਸੀ। ਇਸ ਹਿਸਾਬ ਨਾਲ ਵਿਆਹ ਸਮਾਗਮਾਂ ਲਈ ਬੰਦੂਕ ਕਲਚਰ ਕਾਲ ਬਣਦਾ ਜਾ ਰਿਹਾ ਹੈ।
ਇਕ ਖ਼ਬਰ ਅਨੁਸਾਰ ਪੰਜਾਬ ਦੀ ਆਬਾਦੀ ਭਾਰਤ ਦੀ ਕੁਲ ਆਬਾਦੀ ਦਾ 2.3 ਫ਼ੀਸਦੀ ਹਿੱਸਾ ਹੈ, ਜਿਸ ਕੋਲ ਦੇਸ਼ ਦੀਆਂ 20 ਫ਼ੀਸਦੀ ਬੰਦੂਕਾਂ ਹਨ। ਭਾਰਤ ਵਿਚ ਬੰਦੂਕਾਂ ਖ਼ਰੀਦਣੀਆਂ ਬਹੁਤ ਮੁਸ਼ਕਿਲ ਹਨ ਅਤੇ ਭਾਰਤ ਸਰਕਾਰ ਨੇ ਇਸ ਸਾਲ ਤੋਂ ਲਾਇਸੈਂਸ ਲੈਣਾ ਜ਼ਰੂਰੀ ਕਰ ਦਿਤਾ ਹੈ। ਇਸ ਸਖ਼ਤੀ ਦੇ ਬਾਵਜੂਦ ਪੰਜਾਬ ਵਿਚ ਬੰਦੂਕਾਂ ਦੀ ਵਿਕਰੀ ਤੇਜ਼ੀ ਨਾਲ ਵਧਦੀ ਜਾ ਰਹੀ ਹੈ।ઠ ਪੰਜਾਬ ਵਿਚ ਇਕ ਲਾਇਸੈਂਸ 'ਤੇ ਤਿੰਨ ਬੰਦੂਕਾਂ ਰੱਖਣ ਦੀ ਮਨਜ਼ੂਰੀ ਮਿਲੀ ਹੋਈ ਹੈ ਤੇ ਪੰਜਾਬ ਨੇ 4.5 ਲੱਖ ਲਾਇਸੈਂਸ ਦਿਤੇ ਹਨ, ਜਿਸ ਦਾ ਮਤਲਬ ਲਗਭਗ 17 ਲੱਖ ਬੰਦੂਕਾਂ ਪੰਜਾਬ ਵਿਚ ਆਮ ਇਨਸਾਨਾਂ ਕੋਲ ਹਨ, ਜਦਕਿ ਪੰਜਾਬ ਪੁਲਿਸ ਕੋਲ 77 ਹਜ਼ਾਰ ਬੰਦੂਕਾਂ ਹਨ। ਇਕ ਸੁਰੱਖਿਅਤ ਰਾਜ ਵਾਸਤੇ ਗ੍ਰਹਿ ਮੰਤਰਾਲੇ ਦੇ ਆਦੇਸ਼ ਹਨ ਕਿ ਜਨਤਾ ਕੋਲ ਪੁਲਿਸ ਦੇ ਅਸਲ੍ਹੇ ਨਾਲੋਂ 2-3 ਗੁਣਾ ਤੋਂ ਵੱਧ ਅਸਲ੍ਹਾ ਨਾ ਹੋਵੇ। ਪੰਜਾਬ ਵਿਚ ਆਮ ਜਨਤਾ ਕੋਲ 15-20 ਗੁਣਾ ਵੱਧ ਅਸਲ੍ਹਾ ਹੈ।
ਖ਼ੈਰ! ਸਮਾਂ ਰਹਿੰਦਿਆਂ ਸੰਭਲਣ ਦੀ ਲੋੜ ਹੈ, ਆਪਣੀ ਨਿੱਜੀ ਸੁਰੱਖਿਆਂ ਨੂੰ ਮੁੱਖ ਰੱਖਦੇ ਹੋਏ ਅਸਲ੍ਹੇ ਦੀ ਜਾਇਜ਼ ਵਰਤੋਂ ਅਤੇ ਅਸਲ੍ਹੇ ਦਾ ਰੱਖ/ਰਖਾਓ ਕਰਨਾ ਅਹਿਮ ਜ਼ਿੰਮੇਵਾਰੀ ਹੈ, ਨਹੀਂ ਤਾਂ ਅਸਲ੍ਹੇ ਦੀ ਨੁਮਾਇਸ਼ ਲਗਾਉਣੀ ਅਤੇ ਵਿਖਾਵੇ ਵਜੋਂ ਬੰਦੂਕ ਕਲਚਰ ਨੂੰ ਆਪਣਾ 'ਸਟੇਟਸ ਸਿੰਬਲ' ਬਣਾਉਣਾ ਪੰਜਾਬੀਆਂ ਲਈ ਬਹੁਤ ਨੁਕਸਾਨਦਾਇਕ ਸਾਬਤ ਹੋਵੇਗਾ। ਰੱਬ ਰਾਖਾ!

-ਸੁਲਤਾਨਵਿੰਡ ਰੋਡ, ਅੰਮ੍ਰਿਤਸਰ।
ਮੋ. 9815024920

ਖੇਤਰਫ਼ਲ ਵਿਚ ਸਭ ਤੋਂ ਵੱਡੀ ਅਮੀਰਾਤ ਅਬੂ ਧਾਬੀ

ਅਬੂ ਧਾਬੀ ਖੇਤਰਫਲ ਵਿਚ ਸੰਯੁਕਤ ਅਰਬ ਅਮੀਰਾਤ ਦਾ ਸਭ ਤੋਂ ਵੱਡਾ ਅਮੀਰਾਤ ਹੈ। ਇਹ 67,340 ਵਰਗ ਕਿਲੋ ਮੀਟਰ ਵਿਚ ਫੈਲਿਆ ਹੋਇਆ ਹੈ। ਇਕੱਲੇ ਸ਼ਹਿਰ ਦਾ ਇਲਾਕਾ ਹੀ 972 ਵਰਗ ਕਿਲੋ ਮੀਟਰ ਹੈ। ਵਿੱਕੀਪੀਡੀਆ ਅਨੁਸਾਰ ਖੇਤਰਫਲ ਪੱਖੋਂ ਦੁਬਈ 4,114 ਵਰਗ ਕਿਲੋ ਮੀਟਰ ਦੇ ਇਲਾਕੇ ਨਾਲ ਦੂਸਰੇ ਸਥਾਨ ਉੱਪਰ ਹੈ। ਅਬੂ ਧਾਬੀ ਯੂ.ਏ.ਈ. ਫ਼ੈੱਡਰੇਸ਼ਨ ਦਾ ਲਗਪਗ 87 ਫ਼ੀਸਦੀ ਇਲਾਕਾ ਸਾਂਭੀ ਬੈਠਾ ਹੈ। ਪਰ ਆਬਾਦੀ ਪੱਖੋਂ ਇਹ 2.784 ਮਿਲੀਅਨ (ਅਕਤੂਬਰ 2017) ਵਸੋਂ ਨਾਲ 2.885 ਮਿਲੀਅਨ ਵਸੋਂ ਵਾਲੇ ਦੁਬਈ ਤੋਂ ਦੂਸਰੇ ਸਥਾਨ ਉਪਰ ਹੈ। ਇਸ ਵਸੋਂ ਵਿਚ 80 ਫ਼ੀਸਦੀ ਪਰਵਾਸੀ ਹਨ।
ਅਬੂ ਧਾਬੀ ਯੂ.ਏ.ਈ. ਫ਼ੈੱਡਰੇਸ਼ਨ ਵਿਚ ਬਹੁਤ ਮਹੱਤਵਪੂਰਨ ਅਮੀਰਾਤ ਹੈ। ਇਹ ਐਮੀਰਾਤ ਆਫ਼ ਅਬੂ ਧਾਬੀ ਦੇ ਨਾਲ-ਨਾਲ ਸੰਯੁਕਤ ਅਰਬ ਅਮੀਰਾਤ ਦੀ ਰਾਜਧਾਨੀ ਵੀ ਹੈ। ਫੈਡਰਲ ਸਰਕਾਰ ਦੇ ਸਾਰੇ ਦਫ਼ਤਰ ਇਥੇ ਹਨ। ਸੱਤਾਂ ਅਮੀਰਾਤਾਂ ਵਿਚੋਂ ਸਿਰਫ ਇਸ ਨੂੰ ਅਤੇ ਦੁਬਈ ਨੂੰ ਹੀ ਮਹੱਤਵਪੂਰਨ ਰਾਸ਼ਟਰੀ ਮਸਲਿਆਂ ਉਪਰ ਫੈਡਰਲ ਸੁਪਰੀਮ ਕੌਂਸਲ ਵਿਚ ਵੀਟੋ ਦਾ ਅਧਿਕਾਰ ਹੈ। ਇਹ ਯੂ.ਏ.ਈ. ਦੀ ਸੱਤਾ ਦਾ ਸਿੰਘਾਸਨ ਹੈ। ਇਥੇ ਯੂ.ਏ.ਈ. ਦਾ ਪ੍ਰੈਜ਼ੀਡੈਂਟ ਅਤੇ ਐਮੀਰਾਤ ਆਫ਼ ਅਬੂ ਧਾਬੀ ਦਾ ਹਾਕਮ ਬਿਰਾਜਮਾਨ ਹੈ। ਸ਼ਾਹੀ ਐਮਿਰੀ ਪਰਿਵਾਰ ਇਸ ਜਗ੍ਹਾ ਸੁਭਾਏਮਾਨ ਹੈ। ਐਸ ਵੇਲੇ ਸ਼ੇਖ ਖ਼ਲੀਫ਼ਾ ਬਿਨ ਜ਼ਾਇਦ ਅਲ ਨਾਹਿਨ ਇਥੋਂ ਦਾ ਹਾਕਮ ਹੈ।
ਅਬੂ ਧਾਬੀ ਇਕ ਟੀ-ਆਕਾਰੀ ਟਾਪੂ ਉਪਰ ਵਸਿਆ ਹੈ ਜੋ ਕੇਂਦਰੀ ਪੱਛਮੀ ਤੱਟ ਤੋਂ ਫ਼ਾਰਸ ਦੀ ਖਾੜੀ ਅੰਦਰ ਨੂੰ ਵਧਦਾ ਹੈ। ਫਾਰਸ ਦੀ ਖਾੜੀ ਨਾਲ ਲਗਦੇ ਅਰਬ ਪ੍ਰਾਇਦੀਪ ਦੀ ਦੱਖਣ-ਪੂਰਬੀ ਵੱਖੀ ਵਿਚ ਇਸ ਦਾ ਵਾਸ ਹੈ।
ਇਥੇ ਟ੍ਰੈਫਿਕ ਨਿਯਮਾਂ ਦੀ ਸਖ਼ਤ ਪਾਲਣਾ, ਸ਼ੋਰ/ਹੌਰਨ/ਰੋਡ ਰੋਮੀਉ-ਮੁਕਤ ਵਾਤਾਵਰਨ, ਕਮਾਲ ਦੀ ਸਫ਼ਾਈ, ਪੈਦਲ ਚੱਲਣ ਵਾਲਿਆਂ ਦਾ ਸਤਿਕਾਰ, ਔਰਤ ਦੀ ਸੁਰੱਖਿਆ, ਆਪ-ਮੁਹਾਰਾ ਅਨੁਸ਼ਾਸਨ, ਰੱਖ-ਰਖਾਅ ਆਦਿ ਸਭ ਦੇਖਦਿਆਂ ਹੀ ਬਣਦਾ ਹੈ। ਕਿਸੇ ਕੱਲੀ-ਕਾਹਰੀ ਕੁੜੀ 'ਤੇ ਫ਼ਿਕਰੇ ਕੱਸਣਾ ਤਾਂ ਦੂਰ ਦੀ ਗੱਲ ਹੈ, ਕੋਈ ਅੱਖ ਚੁੱਕ ਕੇ ਵੀ ਨਹੀਂ ਦੇਖਦਾ। ਪੈਦਲ ਚੱਲਣ ਵਾਲੇ ਕਿਸੇ ਥਾਂ ਵੀ ਸੜਕ ਪਾਰ ਕਰ ਰਹੇ ਹੋਣ, ਮੋਟਰ ਗੱਡੀਆਂ ਵਾਲੇ ਆਪਣੇ-ਆਪ ਰੁਕ ਕੇ ਰਾਹ ਦਿੰਦੇ ਹਨ। ਬੀਚਾਂ ਉੱਪਰ ਕੋਈ ਹੁੱਲੜਬਾਜ਼ੀ ਨਹੀਂ, ਕੋਈ ਖਿਲਾਰਾ ਨਹੀਂ। ਖਿਲਾਰਾ ਤਾਂ ਬਹੁਤ ਵੱਡੀ ਗੱਲ ਹੈ, ਕੋਈ ਕਾਗਜ਼ ਦਾ ਟੁਕੜਾ ਤੱਕ ਨਹੀਂ। ਖਾੜੀ ਦਾ ਜਲ ਵੀ ਨਿਰਮਲ ਹੈ।
ਵਿੱਕੀਪੀਡੀਆ, ਮਾਈਕਲ ਕੁਐਂਟਿਨ ਮਾਰਟਿਨ ਦੀ ਸੰਯੁਕਤ ਅਰਬ ਅਮੀਰਾਤ ਦੇ ਇਤਿਹਾਸ ਸਬੰਧੀ ਪੁਸਤਕ ਅਤੇ ਹੋਰ ਸਰੋਤਾਂ ਤੋਂ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਅਬੂ ਧਾਬੀ ਦੇ ਨਾਮਕਰਨ ਬਾਰੇ ਕੋਈ ਬਹੁਤੇ ਨਿਸਚਿਤ ਤੱਥ ਨਹੀਂ ਮਿਲਦੇ। ਹਾਂ, ਦੰਦ ਕਥਾਵਾਂ ਅਤੇ ਗਾਥਾਵਾਂ ਬਥੇਰੀਆਂ ਉਪਲੱਬਧ ਹਨ।
'ਧਾਬੀ' ਅਰਬੀ ਦਾ ਸ਼ਬਦ ਹੈ ਜਿਸ ਦਾ ਅਰਥ ਇਕ ਸਥਾਨਕ ਸੁੰਦਰ, ਫੁਰਤੀਲਾ ਹਿਰਨ (ਗੈਜ਼ੈੱਲ) ਹੈ ਜੋ ਇਸ ਇਲਾਕੇ ਵਿਚ ਕਿਸੇ ਸਮੇਂ ਬਹੁਤ ਗਿਣਤੀ ਵਿਚ ਪਾਇਆ ਜਾਂਦਾ ਸੀ। 'ਅਬ'ੂ ਦਾ ਅਰਥ ਪਿਤਾ/ਬਾਪ ਹੈ, ਭਾਵ ਅਬੂ ਧਾਬੀ ਦਾ ਅਰਥ ਹਿਰਨ ਜਾਂ ਹਿਰਨਾਂ ਦਾ ਪਿਤਾ/ਬਾਪ। ਇਕ ਰਲਦੀ ਮਿਲਦੀ ਕਹਾਣੀ ਇਹ ਵੀ ਹੈ ਕਿ ਇਲਾਕੇ ਵਿਚ 'ਦਿਬਾ' (ਧਾਬੀ ਦਾ ਇਕਵਚਨ ਜਿਸ ਦਾ ਅਰਥ ਹੈ ਹਿਰਨ) ਬਹੁਤ ਸਨ ਇਸ ਲਈ ਇਹ ਨਾਂਅ ਪਿਆ। ਸ਼ਾਖਵਤ-ਅਲ-ਬਿਨ-ਦਿਆਬ ਅਲ ਨਾਹਿਨ ਦੀ ਇਕ ਲੋਕਗਾਥਾ ਕਾਰਨ ਵੀ ਇਹ ਨਾਂਅ ਪਿਆ ਦੱਸਿਆ ਜਾਂਦਾ ਹੈ। ਕਹਿੰਦੇ ਹਨ ਇਕ ਬੰਦਾ 'ਦਿਬਾ' (ਹਿਰਨ) ਦਾ ਪਿੱਛਾ ਕਰਿਆ ਕਰਦਾ ਸੀ। ਲੋਕ ਉਸ ਨੂੰ 'ਦਿਬਾ' ਦਾ 'ਅੱਬੂ' (ਪਿਤਾ) ਸੱਦਣ ਲੱਗ ਪਏ ਜਿਸ ਕਾਰਨ ਅਮੀਰਾਤ ਦਾ ਇਹ ਨਾਮਕਰਨ ਹੋ ਗਿਆ। ਕਿਸੇ ਵੇਲੇ ਇਸ ਭੂ-ਖੰਡ ਨੂੰ 'ਮਿਲਹ', ਭਾਵ ਲੂਣ ਵੀ ਕਿਹਾ ਜਾਂਦਾ ਸੀ, ਜੋ ਫ਼ਾਰਸ ਦੀ ਖਾੜੀ ਦੇ ਲੂਣੇ ਪਾਣੀਆਂ ਜਾਂ ਪੁਰਾਤਨ ਲੂਣ-ਦਲਦਲਾਂ ਦੇ ਹਵਾਲੇ ਨਾਲ ਕਿਹਾ ਜਾਂਦਾ ਸੀ। ਬੈਦੁਇਨ ਕਬੀਲੇ ਦੇ ਕਈ ਮੂਲ-ਨਿਵਾਸੀ ਇਸ ਨੂੰ ਅੰਮ-ਧਾਬੀ ਵੀ ਕਹਿੰਦੇ ਹਨ, ਭਾਵ ਹਿਰਨ ਦੀ ਅੰਮਾਂ (ਮਾਂ)। ਸ਼ਹਿਰ ਦੇ ਪੱਛਮੀ ਤੱਟ ਦੇ ਲੋਕ ਇਸ ਨੂੰ 'ਬੂ ਧਾਬੀ' ਅਤੇ ਪੂਰਬੀ ਤੱਟ ਦੇ ਲੋਕ ਅਬੂ ਧਾਬੀ ਪੁਕਾਰਦੇ ਹਨ। ਬਰਤਾਨਵੀ ਰਿਕਾਰਡਾਂ ਵਿਚ ਇਸ ਦਾ ਜ਼ਿਕਰ ਅਬੂ ਧਾਬੀ ਵਜੋਂ ਹੀ ਕੀਤਾ ਗਿਆ ਹੈ। ਕਈ ਇਤਿਹਾਸਕ ਬਿਰਤਾਂਤਾਂ ਅਨੁਸਾਰ ਇਹ ਨਾਂਅ ਪਹਿਲੀ ਵਾਰ 300 ਸਾਲ ਤੋਂ ਵੀ ਪਹਿਲਾਂ ਵਰਤਿਆ ਗਿਆ ਸੀ।
ਦਰਅਸਲ ਪੁਰਾਣੇ ਸਮਿਆਂ ਵੇਲੇ ਮਿਡਲ-ਈਸਟ ਦੇ ਰੇਗਿਸਤਾਨੀ ਖੇਤਰ, ਸਮੇਤ ਅਰੇਬੀਅਨ ਪ੍ਰਾਇਦੀਪ ਦੇ ਮਾਰੂਥਲ ਦੇ ਖਿੱਤੇ, ਦੇ ਮੂਲ ਵਸਨੀਕ ਬੈਦੁਇਨ ਸਨ ਜੋ ਊਠ ਅਤੇ ਬੱਕਰੀਆਂ ਪਾਲ ਕੇ ਗੁਜ਼ਰ ਬਸਰ ਕਰਦੇ ਸਨ। ਇਹ ਖਾਨਾਬਦੋਸ਼ ਕਬੀਲੇ ਸਨ। ਲੋਕ ਇਨ੍ਹਾਂ ਨੂੰ ਬੱਦੂ, ਬੇਦੂ ਜਾਂ ਬਦਾਵੀ ਪੁਕਾਰਦੇ ਸਨ। । ਮਾਰੂਥਲ ਵਿਚ ਪਾਣੀ ਦੀ ਕਿੱਲਤ ਕਾਰਨ ਇਹ ਰਮਤੇ ਰਹਿੰਦੇ ਸਨ। ਬਾਨੀ ਯਾਸ ਬੈਦੁਇਨ ਮੌਲਿਕ ਤੌਰ 'ਤੇ ਲੀਵਾ ਨਖ਼ਲਿਸਤਾਨ ਦੁਆਲੇ ਵਸੇ ਹੋਏ ਸਨ। ਇਸ ਕਬੀਲੇ ਦੇ 20 ਤੋਂ ਵੱਧ ਗਰੁੱਪ ਸਨ। 1793 ਵਿਚ ਇਸ ਕਬੀਲੇ ਦਾ ਇਕ ਗਰੁੱਪ 'ਅਲ ਬੂ ਫਲਾਹ' ਪਾਣੀ ਲੱਭਣ ਕਾਰਨ ਅਬੂ ਧਾਬੀ ਪਰਵਾਸ ਕਰ ਗਿਆ। ਇਸ ਟੋਲੇ ਵਿਚ ਇਕ ਅਲ ਨਾਹਿਨ ਪਰਿਵਾਰ ਵੀ ਸੀ ਜੋ ਅਬੂ ਧਾਬੀ ਦੇ ਅਜੋਕੇ ਹਾਕਮ ਹਨ।
ਅਬੂ ਧਾਬੀ ਮੋਤੀਆਂ ਦੇ ਕਾਰੋਬਾਰ ਅਤੇ ਵਪਾਰ ਲਈ ਮਸ਼ਹੂਰ ਰਿਹਾ। ਇਸ ਉਪਰ ਬਰਤਾਨਵੀ ਪ੍ਰਭਾਵ ਬਹੁਤ ਰਿਹਾ ਕਿਉਂਕਿ ਬਰਤਾਨੀਆ ਇਸ ਦੇ ਭਾਰਤੀ ਵਪਾਰ ਰਸਤੇ ਦੀ ਸਮੁੰਦਰੀ ਲੁਟੇਰਿਆਂ ਤੋਂ ਰਾਖੀ ਕਰਦਾ ਸੀ। ਇਸ ਕਾਰਨ ਹੀ ਇਸ ਦੇ ਤੱਟ ਦਾ ਨਾਂਅ 'ਪਾਇਰੇਟ ਤੱਟ' ਵੀ ਰਿਹਾ। 19ਵੀਂ ਸਦੀ ਵਿਚ ਸ਼ੇਖ਼ਾਂ ਅਤੇ ਬਰਤਾਨਵੀਆਂ ਵਿਚ ਸਮਝੌਤਾ ਹੋਣ ਕਾਰਨ ਇਸ ਦਾ ਨਾਂਅ 'ਟਰੂਸ਼ਲ ਤੱਟ' ਹੋ ਗਿਆ।
1930 ਵਿਚ 'ਪਰਲ ਟਰੇਡ' ਮੱਠਾ ਪੈ ਗਿਆ। 1936 ਵਿਚ ਤੇਲ ਦੀ ਭਾਲ ਸ਼ੁਰੂ ਹੋ ਗਈ। 1958 ਵਿਚ ਉਮ ਸ਼ਰੀਫ ਦੇ ਖੇਤਰ ਵਿਚ ਤੇਲ ਲੱਭ ਪਿਆ ਅਤੇ ਫਿਰ ਹੋਰ ਥਾਵਾਂ ਤੋਂ ਲੱਭਣ ਉਪਰੰਤ ਅਬੂ ਧਾਬੀ ਦੀ ਬੱਲੇ-ਬੱਲੇ ਹੋ ਗਈ।
ਇਸ ਅਮੀਰਾਤ ਨੇ ਤਰੱਕੀ ਦੇ ਖੇਤਰ ਵਿਚ ਪਿਛਲੇ 40 ਸਾਲਾਂ ਵਿਚ ਬੜੀਆਂ ਧਮਾਲਾਂ ਪਾਈਆਂ ਹਨ। ਇਹ ਰਵਾਇਤੀ ਵਿਰਾਸਤ, ਆਧੁਨਿਕਤਾ ਅਤੇ ਐਸ਼ੋ-ਇਸ਼ਰਤ ਦੇ ਸੁਮੇਲ ਵਜੋਂ ਉੱਭਰਿਆ ਹੈ। ਗਗਨ-ਚੁੰਬੀ ਇਮਾਰਤਾਂ ਵੀ ਦੇਖਣ ਨੂੰ ਮਿਲਦੀਆਂ ਹਨ, ਮਾਲਾਂ ਵੀ, ਖਾਸ ਕਰਕੇ ਮਰੀਨਾ ਮਾਲ,ਬੁਰਜ ਅਤੇ ਟਾਵਰ ਵੀ, ਕੁਦਰਤੀ ਅਤੇ ਬੰਦੇ ਦੇ ਬਣਾਏ ਟਾਪੂ ਅਤੇ ਕਮਾਲ ਦੇ ਇੰਜੀਨੀਅਰਿੰਗ ਨਾਲ ਉਸਾਰੇ ਪੁਲ ਵੀ। ਮਕਤਾ ਤੇ ਮੁਸਾਫਾ, ਸ਼ੇਖ ਜ਼ਾਇਦ, ਅਲ ਮਫਰਕ ਪੁਲ ਕਮਾਲ ਦੇ ਬਣੇ ਹਨ। ਬਹੁ-ਪਰਤੀ ਅਲ ਮਫ਼ਰਕ ਪੁਲ ਦੀਆਂ 27 ਲੇਨਾਂ ਹਨ। ਕਿਹਾ ਜਾਂਦੈ ਕਿ ਇਨ੍ਹਾਂ ਲੇਨਾਂ ਰਾਹੀਂ ਇਕ ਘੰਟੇ ਵਿਚ ਲਗਪਗ 25,000 ਮੋਟਰ-ਗੱਡੀਆਂ ਲੰਘਦੀਆਂ ਹਨ !
ਬੁਰਜ ਮੁਹੰਮਦ ਬਿਨ ਰਾਸ਼ਿਦ ਟਾਵਰ, ਪੰਜ-ਬੁਰਜੀ ਇਤਹਾਦ ਟਾਵਰ, ਐਮੀਰੇਟ ਪੈਲੇਸ, ਸਕਾਈ ਟਾਵਰ, ਦੀ ਲੈਂਡਮਾਰਕ, ਅਬੂ ਧਾਬੀ ਇਨਵੈਸਟਮੈਂਟ ਅਥਾਰਟੀ ਟਾਵਰ, ਗੇਟ ਟਾਵਰ ਆਦਿ ਗਗਨ-ਚੁੰਬੀ ਇਮਾਰਤਾਂ ਸ਼ਿਲਪਕਲਾ ਦੇ ਉੱਤਮ ਨਮੂਨੇ ਹਨ। ਜਿਵੇਂ ਦੁਬਈ ਵਿਚ ਬੁਰਜ ਖ਼ਲੀਫ਼ਾ ਸੈਲਾਨੀਆਂ ਦੀ ਖਿੱਚ ਦਾ ਕੇਂਦਰ ਹੈ, ਇਸੇ ਤਰ੍ਹਾਂ ਅਬੂ ਧਾਬੀ ਵਿਚ ਭਵਨ-ਨਿਰਮਾਣ ਕਲਾ ਦਾ ਸੀਮਾ ਚਿੰਨ੍ਹ (ਲੈਂਡਮਾਰਕ) ਸ਼ੇਖ ਜ਼ਾਇਦ ਮਸਜਿਦ ਹੈ (ਜਿਸ ਦਾ ਜ਼ਿਕਰ ਇਕ ਵੱਖਰੇ ਲੇਖ ਰਾਹੀਂ ਕਰਾਂਗੇ)।
ਅਸਚਰਜ-ਜਨਕ ਇਮਾਰਤਾਂ ਵਿਚ ਆਪਣੀ ਕਿਸਮ ਦਾ ਮਿਡਲ-ਈਸਟ ਵਿਚਲਾ ਪਹਿਲਾ ਅਲਦਾਰ ਹੈੱਡਕੁਆਰਟਰਜ਼ ਅਤੇ ਕੈਪੀਟਲ ਗੇਟ ਸ਼ਾਮਿਲ ਹਨ। ਪਹਿਲੀ ਗੋਲਾਕਾਰ ਇਮਾਰਤ ਹੈ ਅਤੇ ਦੂਸਰੀ ਇਟਲੀ ਦੇ ਲਿਫੇ ਹੋਏ ਪੀਸਾ ਟਾਵਰ ਨਾਲੋਂ ਵੀ ਚਾਰ ਗੁਣਾ ਵਧ ਝੁਕੀ ਹੋਣ ਕਾਰਨ ਗਿੱਨੀਜ਼ ਵਰਲਡ ਰਿਕਾਰਡ ਵਿਚ ਦਰਜ ਹੋ ਚੁਕੀ ਹੈ।
ਸ਼ਹਿਰ ਟਾਪੂ ਉੱਪਰ ਵਸਿਐ ਪਰ ਮਹਾਂਦੀਪ ਉੱਪਰ ਵੀ ਕਈ ਉਪ-ਨਗਰੀ ਜ਼ਿਲ੍ਹੇ ਹਨ-ਖ਼ਲੀਫ਼ਾ ਸਿਟੀ ਏ, ਬੀ.ਸੀ., ਅਲ ਬਾਹੀਆ ਸਿਟੀ ਏ.ਬੀ.ਸੀ, ਖ਼ਲੀਫ਼ਾ ਸਿਟੀ ਅਲ ਰਾਹਾ ਬੀਚ ਆਦਿ। ਜਿਸ ਅਮੀਰਾਤ ਦੀ ਰੂਪ-ਰੇਖਾ 1967 ਵਿਚ ਸ਼ੇਖ ਜ਼ਾਇਦ ਬਿਨ ਸੁਲਤਾਨ ਅਲ ਨਾਹਿਨ ਦੀ ਦੇਖ-ਰੇਖ ਹੇਠ ਜਾਪਾਨੀ ਸ਼ਿਲਪਕਾਰ ਡਾ. ਤਾਕਾਹਾਸ਼ੀ ਨੇ ਪ੍ਰਾਰੰਭਿਕ ਤੌਰ 'ਤੇ 40,000 ਦੀ ਆਬਾਦੀ ਲਈ ਤਿਆਰ ਕੀਤੀ ਸੀ ਹੁਣ ਉਹ ਵਿਸ਼ਵ ਦੇ ਤੇਲ ਅਤੇ ਗੈਸ ਦੇ ਬਹੁਤੇ ਭੰਡਾਰਾਂ ਦਾ ਮਾਲਕ ਹੈ ਅਤੇ ਤੇਜ਼ ਰਫ਼ਤਾਰ ਅਰਥ-ਵਿਵਸਥਾਵਾਂ ਅਤੇ ਵਧੇਰੇ ਪ੍ਰਤੀ ਜੀਅ ਆਮਦਨ ਵਾਲੇ ਦੇਸ਼ਾਂ ਵਿਚ ਸ਼ਾਮਿਲ ਹੈ। ਯੂ.ਏ.ਈ. ਕੋਲ ਹਾਈਡ੍ਰੋਕਾਰਬਨ ਦੀ ਦੌਲਤ ਹੋਣ ਕਾਰਨ ਇਸ ਦੀ ਪ੍ਰਤੀ ਜੀਅ ਵਿਕਾਸ ਦਰ (ਜੀ.ਡੀ.ਪੀ.-ਕੁੱਲ ਰਾਸ਼ਟਰੀ ਆਮਦਨ) ਵਿਸ਼ਵ ਵਿਚ ਸਭ ਤੋਂ ਵਧੇਰੇ ਹੈ। ਤੇ ਇਸ ਦੌਲਤ ਵਿਚਲੇ ਤੇਲ ਦੇ 95 ਫ਼ੀਸਦੀ ਅਤੇ ਗੈਸ ਦੇ 92 ਫ਼ੀਸਦੀ ਸਰੋਤਾਂ ਉਪਰ ਅਬੂ ਧਾਬੀ ਦਾ ਕਬਜ਼ਾ ਹੈ। ਇਸੇ ਕਾਰਨ ਹੀ ਇਹ ਯੂ. ਏ. ਈ. ਵਿਚੋਂ ਪ੍ਰਤੀ ਜੀਅ ਜੀ.ਡੀ.ਪੀ. ਵਿਚ ਸਭ ਤੋਂ ਅਮੀਰ ਹੈ।
ਅਬੂ ਧਾਬੀ ਦਾ ਤੱਟੀ ਇਲਾਕਾ 400 ਕਿਲੋ ਮੀਟਰ ਤੋਂ ਵੱਧ ਹੈ, ਜਿਸ 'ਚੋਂ 10 ਕਿਲੋ ਮੀਟਰ ਜਨਤਕ ਬੀਚ ਹਨ। ਇਸ ਕੋਲ ਯੂ.ਏ.ਈ. ਦੇ ਸਭ ਤੋਂ ਵਧੇਰੇ ਤੇ ਵਿਸ਼ਾਲ 'ਫਰੰਟਵਾਟਰਜ਼' (ਪਾਣੀਆਂ ਵੱਲ ਖੁੱਲ੍ਹਦੇ ਖੇਤਰ) ਹਨ ਜੋ ਸੈਲਾਨੀਆਂ ਲਈ ਖਿੱਚ ਦਾ ਕਾਰਨ ਹਨ। ਇਥੋਂ ਦੀ ਖ਼ਲੀਜ ਦੇ ਪਾਣੀਆਂ ਵਿਚ 'ਇੰਡੋ-ਪੈਸਿਫਿਕ' ਕੂਹਾਂਡੀ/ਕੁਬਚੀ ਡੌਲਫਿਨ (ਮੱਛਲੀ) ਦੀ ਵਿਸ਼ਵ ਦੀ ਸਭ ਤੋਂ ਵਧ ਗਿਣਤੀ ਪਾਈ ਜਾਂਦੀ ਹੈ। ਇਥੋਂ ਦੇ ਬਾਗ਼-ਬਗੀਚਿਆਂ ਅਤੇ ਪਾਰਕਾਂ ਦੀ ਹਰਿਆਵਲ ਅੱਖਾਂ ਨੂੰ ਠੰਢਕ ਪਾਉਂਦੀ ਹੈ।
ਨਵੰਬਰ ਤੋਂ ਮਾਰਚ ਮਹੀਨੇ ਜਾਣ ਲਈ ਚੰਗਾ ਸਮਾਂ ਹੈ। ਜਨਵਰੀ ਠੰਢੀ ਹੁੰਦੀ ਹੈ ਅਤੇ ਦਸੰਬਰ ਸੁਹਾਵਣਾ। ਮਈ-ਅਗਸਤ ਗਰਮੀ ਹੁੰਦੀ ਹੈ, ਹੁੰਮਸ ਵੀ। ਜੂਨ ਵਿਚ ਖਾਸ ਤੌਰ 'ਤੇ ਮਿੱਟੀ-ਘੱਟੇ ਵਾਲੀਆਂ ਹਨੇਰੀਆਂ ਵੀ ਆ ਜਾਂਦੀਆਂ ਹਨ। ਸਰਦੀਆਂ ਵਿਚ ਕਦੇ-ਕਦੇ ਧੁੰਦ ਵੀ ਪੈ ਜਾਂਦੀ ਹੈ।
ਅਬੂ ਧਾਬੀ ਤੋਂ ਦੁਬਈ ਸੜਕ ਰਾਹੀਂ 125 ਕਿਲੋ ਮੀਟਰ ਹੈ। ਤੱਕਲੇ ਵਰਗੀ ਸਿੱਧੀ ਸਮਤਲ ਸੜਕ 'ਅਲ ਜ਼ਾਇਦ ਰੋਡ' (ਈ11) ਉਪਰ ਕਾਰ ਮੇਲ੍ਹਦੀ ਜਾਂਦੀ ਹੈ। ਸਵਾ ਕੁ ਘੰਟਾ ਲਗਦੈ। ਬੱਸ/ਰੇਲ/ਹਵਾਈ ਸਫ਼ਰ ਦੀ ਸਹੂਲਤ ਵੀ ਹੈ।
ਅਬੂ ਧਾਬੀ ਵਿਚ ਸਾਊਦੀ ਅਰਬ ਨਾਲੋਂ ਵਧੇਰੇ ਸਹਿਨਸ਼ੀਲਤਾ ਹੈ ਪਰ ਦੁਬਈ ਨਾਲੋਂ ਵਧੇਰੇ ਸਖ਼ਤੀ ਹੈ। ਪਰ ਹੌਲੀ-ਹੌਲੀ ਦੁਬਈ ਵਾਂਗ ਇਹ ਵੀ ਹਰਮਨ ਪਿਆਰਾ ਦੇਸ਼ ਬਣਦਾ ਜਾ ਰਿਹੈ ਤਾਂ ਕਿ ਸੈਲਾਨੀਆਂ ਨੂੰ ਹੋਰ ਵਧੇਰੇ ਆਕਰਸ਼ਤ ਕਰ ਸਕੇ।

-ਫਗਵਾੜਾ

ਕਲਾਕਾਰਾਂ ਦੀ ਧਰਤੀ-ਅੰਦਰੇਟਾ

ਜ਼ਿਲ੍ਹਾ ਕਾਂਗੜਾ ਨੂੰ 'ਦੇਵਤਿਆਂ ਦੀ ਭੂਮੀ' ਦੇ ਨਾਂਅ ਨਾਲ ਯਾਦ ਕੀਤਾ ਜਾਂਦਾ ਹੈ। ਰੰਗ-ਬਰੰਗੇ ਸੁੰਦਰ ਫੁੱਲਾਂ ਦੇ ਦਰੱਖਤਾਂ ਕਾਰਨ ਇਸ ਨੂੰ 'ਫੁੱਲਾਂ ਦੀ ਘਾਟੀ' ਵੀ ਕਿਹਾ ਜਾਂਦਾ ਹੈ। ਜਿਸ ਗੱਲ ਵਿਚ ਇਸ ਜ਼ਿਲ੍ਹੇ ਨੇ ਅੰਤਰ-ਰਾਸ਼ਟਰੀ ਪ੍ਰਸਿੱਧੀ ਹਾਸਲ ਕੀਤੀ ਹੈ-ਉਹ ਹੈ ਕਲਾ। ਅਠਾਰ੍ਹਵੀਂ ਅਤੇ ਉਨ੍ਹੀਵੀਂ ਸਦੀ ਦੀਆਂ 'ਕਾਂਗੜਾ ਕਲਾ' ਸ਼ੈਲੀ ਦੀਆਂ ਤਸਵੀਰਾਂ ਦੀ ਸੰਸਾਰ ਭਰ ਦੇ ਕਲਾ ਆਲੋਚਕਾਂ ਨੇ ਰੱਜ ਕੇ ਪ੍ਰਸੰਸਾ ਕੀਤੀ ਹੈ। ਡਾ: ਐਮ. ਐਸ. ਰੰਧਾਵਾ ਨੇ ਕਾਂਗੜਾ ਕਲਾ ਬਾਰੇ ਕਈ ਪੁਸਤਕਾਂ ਲਿਖੀਆਂ ਹਨ। ਵੱਡੀਆਂ-ਵੱਡੀਆਂ ਆਰਟ ਗੈਲਰੀਆਂ ਕਾਂਗੜਾ ਕਲਾ ਦੇ ਨਮੂਨੇ ਲੱਭ ਕੇ ਗੈਲਰੀ ਸ਼ਿੰਘਾਰਨ ਦਾ ਯਤਨ ਕਰਦੀਆਂ ਰਹੀਆਂ ਹਨ। ਅਜੋਕੇ ਸਮੇਂ ਵਿਚ ਵੀ ਜ਼ਿਲ੍ਹਾ ਕਾਂਗੜਾ ਕਲਾ ਖੇਤਰ ਵਿਚ ਪਿੱਛੇ ਨਹੀਂ। ਇਸ ਜ਼ਿਲ੍ਹੇ ਦਾ ਇਕ ਨਿੱਕਾ ਜਿਹਾ ਪਿੰਡ ਅੰਦਰੇਟਾ 'ਕਲਕਾਰਾਂ ਦੀ ਧਰਤੀ' ਦੇ ਨਾਂਅ ਨਾਲ ਪ੍ਰਸਿੱਧ ਹੋ ਗਿਆ ਹੈ ਜਿਥੇ ਕਈ ਵੱਡੇ-ਵੱਡੇ ਕਲਾਕਾਰਾਂ ਨੇ ਆਪਣੀ ਜ਼ਿੰਦਗੀ ਦੌਰਾਨ ਅਪਣੇ ਨਿਵਾਸ ਅਸਥਾਨ ਬਣਾ ਕੇ ਇਸ ਦੀ ਸ਼ੋਭਾ ਵਧਾਈ ਹੈ।
ਇਹ ਪਿੰਡ ਪਠਾਨਕੋਟ-ਕਾਂਗੜਾ-ਬੈਜਨਾਥ ਸੜਕ ਉਤੇ ਸਥਿਤ ਪਾਲਮਪੁਰ ਤੋਂ 12 ਕਿਲੋਮੀਟਰ ਦੂਰ ਹੈ। ਮਾਲਵਾ ਤੇ ਦੁਆਬਾ ਖੇਤਰ 'ਚੋਂ ਜਾਣਾ ਹੋਵੇ ਤਾਂ ਹੁਸ਼ਿਆਰਪੁਰ-ਭਰਵਾਈਂ-ਡੇਹਰਾ ਤੋਂ ਹੋ ਕੇ ਕਾਂਗੜਾ ਆ ਜਾਂਦਾ ਹੈ, ਅਗੋਂ ਫਿਰ ਪਾਲਮਪੁਰ। ਪਹਿਲੀ ਨਵੰਬਰ 1966 ਨੂੰ ਭਾਸ਼ਾ ਦੇ ਆਧਾਰ 'ਤੇ ਪੁਨਰਗਠਨ ਤੋਂ ਪਹਿਲਾਂ ਇਹ ਜ਼ਿਲ੍ਹਾ ਪੰਜਾਬ ਦਾ ਹੀ ਇਕ ਹਿੱਸਾ ਸੀ।
ਆਧੁਨਿਕ ਪੰਜਾਬੀ ਰੰਗ-ਮੰਚ ਦੀ ਲਕੜਦਾਦੀ ਮਰਹੂਮ ਮਿਸਿਜ਼ ਨੋਰਾ ਰਿਚਰਡਜ਼ (1876-1971) ਨੇ ਸਭ ਤੋਂ ਪਹਿਲਾਂ 1935 ਵਿਚ ਇਸ ਪਿੰਡ ਨੂੰ ਭਾਗ ਲਾਇਆ। ਉਨ੍ਹਾਂ ਪਾਸ ਨਾਟਕਕਾਰ, ਅਦਾਕਾਰ, ਨਿਰਦੇਸ਼ਕ ਆਦਿ ਅਗਵਾਈ ਲੈਣ ਆਉਂਦੇ ਹੁੰਦੇ ਸਨ। ਪੰਜਾਬ ਵਿਚ ਬਲਾਕਾਂ ਦੇ ਸਮਾਜਿਕ ਸਿਖਿਆ ਅਫ਼ਸਰ ਰੰਗ ਮੰਚ ਦੀ ਟਰੇਨਿੰਗ ਲੈਣ ਆਇਆ ਕਰਦੇ ਸਨ। ਨੋਰਾ ਰਿਚਰਡਜ਼ ਨੇ ਆਪਣੇ ਨਿਵਾਸ ਸਥਾਨ ਤੇ ਇਕ ਓਪਨ-ਏਅਰ ਥੀਏਟਰ ਵੀ ਬਣਾਇਆ ਸੀ, ਜਿਥੇ ਉਹ ਨਾਟਕ ਖਿਡਵਾਇਆ ਕਰਦੇ ਸਨ। ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਸ੍ਰੀਮਤੀ ਰਿਚਰਡਜ਼ ਦੀਆਂ ਪੰਜਾਬੀ ਰੰਗ ਮੰਚ ਦੀਆਂ ਸੇਵਾਵਾਂ ਨੂੰ ਮੁਖ ਰੱਖ ਕੇ 'ਡਾਕਟਰ ਆਫ ਲਿਟਰੇਚਰ ਦੀ ਆਨਰੇਰੀ' ਡਿਗਰੀ ਨਾਲ ਸਨਮਾਨਿਆ ਸੀ। ਅਪਣੀ ਆਖ਼ਰੀ ਵਸੀਹਤ ਰਾਹੀਂ ਸ੍ਰੀਮਤੀ ਰਿਚਰਡਜ਼ ਨੇ ਆਪਣਾ ਨਿਵਾਸ ਸਥਾਨ ਪੰਜਾਬੀ ਯੂਨੀਵਰਸਿਟੀ ਨੂੰ ਦੇ ਦਿੱਤਾ ਸੀ, ਜਿਥੇ ਯੂਨੀਵਰਸਿਟੀ ਨੇ ਆਪਣਾ 'ਸਟੂਡੈਂਟਸ ਹੋਮ' ਬਣਾਇਆ ਹੈ, ਯੂਨੀਵਰਸਿਟੀ ਵਲੋਂ ਅਕਸਰ ਵਿਦਿਆਰਥੀ ਆ ਕੇ ਕੋਈ ਕੈਂਪ ਆਦਿ ਵਿਚ ਸ਼ਾਮਿਲ ਹੁੰਦੇ ਰਹਿੰਦੇ ਹਨ। ਨੋਰਾ ਦਾ ਨਿਵਾਸ ਅਸਥਾਨ 'ਬਦਾਮੀ ਨਿਵਾਸ' ਕੱਚੀਆਂ ਇੱਟਾਂ ਦਾ ਬਣਿਆ ਹੋਇਆ ਸੀ। ਧਰਮਸ਼ਾਲਾ-ਪਾਲਮਪੁਰ ਘਾਟੀ ਵਿਚ ਬਾਰਿਸ਼ ਬਹੁਤ ਹੁੰਦੀ ਹੈ, ਜਿਸ ਕਾਰਨ ਮਕਾਨ ਨੂੰ ਹਰ ਸਾਲ ਬਹੁਤ ਨੁਕਸਾਨ ਹੁੰਦਾ ਸੀ। ਯੂਨੀਵਰਸਿਟੀ ਨੇ ਉਸ ਦਾ ਨਕਸ਼ਾ ਤਿਆਰ ਕਰਵਾ ਕੇ ਹੁਣ ਪੱਕੀਆਂ ਇੱਟਾਂ ਦਾ ਹੂ-ਬ-ਹੂ ਪਹਿਲਾਂ ਵਰਗਾ ਮਕਾਨ ਬਣਾਇਆ ਹੈ ਤੇ ਬਾਹਰੀ ਦਿੱਖ ਕੱਚੀਆਂ ਇੱਟਾਂ ਵਾਲੇ ਮਕਾਨ ਦੀ ਹੀ ਦਿੱਤੀ ਹੈ। ਯੂਨੀਵਰਸਿਟੀ ਦੇ ਤਿੰਨ-ਚਾਰ ਮੁਲਾਜ਼ਮ ਇਸ ਦੀ ਦੇਖ ਭਾਲ ਤੇ ਸੰਭਾਲ ਕਰ ਰਹੇ ਹਨ। ਅੰਦਰੇਟਾ ਦੀ ਬਹੁਤੀ ਪ੍ਰਸਿੱਧੀ ਦਾ ਕਾਰਨ ਨਾਮਵਰ ਚਿੱਤਰਕਾਰ ਪਦਮਸ੍ਰੀ ਸ਼ੋਭਾ ਸਿੰਘ (1901-1986) ਦਾ ਇਥੇ ਆ ਕੇ ਰਹਿਣਾ ਹੈ। 1947 ਵਿਚ ਉਹ ਲਾਹੌਰ ਆਪਣਾ ਸਭ ਕੁਝ ਗੁਆ ਕੇ ਖਾਲੀ ਹੱਥ ਇਥੇ ਆਏ ਸਨ। ਹੌਲੀ-ਹੌਲੀ ਆਪਣਾ ਸਟੂਡੀਓ ਤੇ ਆਰਟ ਗੈਲਰੀ ਇਥੇ ਬਣਾਈ। ਉਨ੍ਹਾਂ ਪੰਜਾਬ ਦਾ ਇਤਿਹਾਸ ਖਾਸ ਕਰ ਗੁਰੂ ਸਾਹਿਬਾਨ ਨੂੰ ਵਧੇਰੇ ਚਿਤਰਿਆ ਹੈ। ਉਨ੍ਹਾਂ ਦਾ ਸ਼ਾਹਕਾਰ 'ਸੋਹਣੀ-ਮਹੀਂਵਾਲ' ਅਤੇ ਗੁਰੂ ਸਾਹਿਬਾਨ ਦੀਆਂ ਤਸਵੀਰਾਂ ਆਮ ਘਰਾਂ ਵਿਚ ਵੇਖੀਆਂ ਜਾ ਸਕਦੀਆਂ ਹਨ। ਅਨੇਕਾਂ ਹੀ ਦਰਸ਼ਕ ਉਨ੍ਹਾਂ ਦੀ ਆਰਟ ਗੈਲਰੀ ਵੇਖਣ ਆਉਂਦੇ ਰਹਿੰਦੇ ਹਨ। ਕਈ ਮੁੱਖ ਮੰਤਰੀ, ਰਾਜਪਾਲ, ਜਰਨੈਲ ਤੇ ਕਲਾ ਪ੍ਰੇਮੀ ਗੈਲਰੀ ਵੇਖਣ ਆ ਚੁੱਕੇ ਹਨ। ਹਿਮਾਚਲ ਸਰਕਾਰ ਦੇ ਟੂਰਿਜ਼ਮ ਵਿਭਾਗ ਨੇ ਸੂਬੇ ਅੰਦਰ ਦੇਖਣਯੋਗ ਸਥਾਨਾਂ ਵਿਚ ਇਸ ਆਰਟ ਗੈਲਰੀ ਦਾ ਵੀ ਜ਼ਿਕਰ ਕੀਤਾ ਹੈ, ਸਮੇਂ ਦੇ ਬੀਤਣ ਨਾਲ ਕੁਝ ਤਸਵੀਰਾਂ ਦੇ ਰੰਗਾਂ ਵਿਚ ਤ੍ਰੇੜਾਂ ਆਉਣ ਲੱਗੀਆਂ ਸਨ, ਪਰਿਵਾਰ ਨੇ ਦਿੱਲੀ ਤੋਂ ਪੁਰਾਤੱਤਵ ਵਿਭਾਗ ਦੇ ਮਾਹਰ ਅਧਿਕਾਰੀਆਂ ਦੇ ਮਾਹਰਾਂ ਦੇ ਸੁਝਾਅ ਉੱਤੇ ਸਲ੍ਹਾਬ ਦੇ ਬਚਾਅ ਲਈ ਪ੍ਰਬੰਧ ਕੀਤੇ ਹਨ। ਗੈਲਰੀ ਦੀ ਦੇਖਭਾਲ ਚਿੱਤਰਕਾਰ ਸ਼ੋਭਾ ਸਿੰਘ ਦੀ ਬੇਟੀ ਬੀਬੀ ਗੁਰਚਰਨ ਕੌਰ ਤੇ ਦੋਹਤਰਾ ਡਾ: ਹਿਰਦੇਪਾਲ ਸਿੰਘ ਅਪਣੇ ਪਰਿਵਾਰ ਸਮੇਤ ਕਰ ਰਹੇ ਹਨ।
ਫ਼ਿਲਮੀ ਦੁਨੀਆ ਦੇ ਪ੍ਰਸਿੱਧ ਅਭਿਨੇਤਾ ਪਦਮ ਭੂਸ਼ਨ ਪ੍ਰਿਥਵੀ ਰਾਜ ਕਪੂਰ ਵੀ ਹਰ ਸਾਲ ਇਥੇ ਆਪਣੇ ਮਿੱਤਰ ਸ: ਸ਼ੋਭਾ ਸਿੰਘ ਅਤੇ ਸ੍ਰੀਮਤੀ ਰਿਚਰਡਜ਼ ਪਾਸ ਆਇਆ ਕਰਦੇ ਸਨ। ਉਨ੍ਹਾਂ ਆਪਣੀ ਕੋਠੀ ਬਣਾਉਣ ਲਈ ਥਾਂ ਖਰੀਦ ਕੇ ਨੀਹਾਂ ਭਰਵਾਈਆਂ ਸਨ, ਪਰ ਜ਼ਿੰਦਗੀ ਨੇ ਵਫਾ ਨਾ ਕੀਤੀ। ਆਰਟ ਗੈਲਰੀ ਦੇ ਬਾਹਰ ਇਕ ਦੀਵਾਰ 'ਤੇ ਸ੍ਰੀ ਕਪੂਰ ਦਾ ਬੁੱਤ ਲੱਗਾ ਹੋਇਆ ਹੈ।
ਦਿੱਲੀ ਬਲਿਊ ਆਰਟ ਪੌਟਰੀ ਵਾਲੇ ਨਾਮਵਰ ਕੁੰਭਕਾਰ ਸ: ਗੁਰਚਰਨ ਸਿੰਘ ਨੇ ਵੀ ਇਥੇ ਆਪਣੀ ਕੋਠੀ ਅਤੇ ਭੱਠੀ ਬਣਾਈ ਸੀ। ਹਰ ਸਾਲ ਗਰਮੀਆਂ ਵਿਚ ਉਹ ਇਥੇ ਆ ਕੇ ਰਹਿੰਦੇ ਸਨ ਅਤੇ ਕੰਮ ਕਰਦੇ ਸਨ। ਉਹ ਦਿੱਲੀ, ਬੰਬਈ, ਮਦਰਾਸ, ਕਲਕੱਤਾ ਜਾਂ ਵਿਦੇਸ਼ਾਂ ਵਿਚ ਜਾ ਕੇ ਆਪਣੀ ਕੁੰਭਕਾਰੀ ਦੇ ਸ਼ਾਹਕਾਰਾਂ ਦੀ ਨੁਮਾਇਸ਼ ਕਰਦੇ। ਕਈ ਅਜਾਇਬ ਘਰਾਂ ਵਿਚ ਉਨ੍ਹਾਂ ਦੀਆਂ ਕ੍ਰਿਤਾਂ ਹਨ। ਅੱਜਕਲ੍ਹ ਉਨ੍ਹਾਂ ਦੇ ਬੇਟੇ ਮਨਸਿਮਰਨ ਸਿੰਘ ਇਸ ਦੀ ਦੇਖਭਾਲ ਰਹੇ ਹਨ।
ਪੰਜਾਬ ਦੀ ਪ੍ਰਸਿੱਧ ਚਿਤਰਕਾਰਾ ਬੀਬੀ ਫੂਲਾ ਰਾਣੀ ਨੇ ਵੀ ਇਥੇ ਆਪਣੀ ਕੋਠੀ ਬਣਾਈ ਸੀ। ਜੁਲਾਈ ਅਗਸਤ ਦੇ ਮਹੀਨੇ ਉਹ ਇਥੇ ਆ ਕੇ ਚਿੱਤਰਕਾਰੀ ਕਰਿਆ ਕਰਦੇ ਸਨ, ਪਰ ਹੁਣ ਵਡੇਰੀ ਉਮਰ 'ਤੇ ਅਪਣੀ ਕਬੀਲਦਾਰੀ ਦੇ ਰੁਝੇਵੇਂ ਕਾਰਨ ਬਹੁਤ ਸਾਲਾਂ ਤੋਂ ਇਥੇ ਨਹੀਂ ਗਏ, ਕੋਠੀ ਢਹਿ-ਢੇਰੀ ਹੋ ਗਈ ਹੈ।
ਮਾਡਰਨ ਆਰਟ ਕਰਨ ਵਾਲੇ ਨਾਮਵਰ ਬੰਗਾਲੀ ਚਿੱਤਰਕਾਰ ਮਰਹੂਮ ਬੀ. ਸੀ. ਸਾਨਿਆਲ ਨੇ ਵੀ ਆਪਣਾ ਘਰ ਇਥੇ ਬਣਾਇਆ ਹੈ, ਪਰ ਉਹ ਇਥੇ ਆ ਕੇ ਕੰਮ ਨਹੀਂ ਕਰਦੇ, ਸਿਰਫ ਆਰਾਮ ਕਰਦੇ ਸਨ। ਬੋਧੀਆਂ ਦੀ ਆਤਮਿਕ ਆਗੂ ਤੇ ਸਮਾਜ ਸੇਵਾ ਕਰਨ ਵਾਲੇ ਸ੍ਰੀਮਤੀ ਫਰੀਦਾ ਬੇਦੀ ਨੇ ਵੀ ਆਪਣਾ ਮਕਾਨ ਇਥੇ ਬਣਾਇਆ ਹੈ। ਉਹ ਸਮਾਜ ਸੁਧਾਰਕ ਆਗੂ ਬਾਬਾ ਪਿਆਰੇ ਲਾਲ ਬੇਦੀ, ਜਿਨ੍ਹਾਂ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 'ਜ਼ਫ਼ਰਨਾਮੇ' ਦਾ ਅੰਗਰੇਜ਼ੀ ਵਿਚ ਅਨੁਵਾਦ ਕੀਤਾ ਹੈ, ਦੀ ਪਤਨੀ ਅਤੇ ਫ਼ਿਲਮੀ ਅਦਾਕਾਰ ਕਬੀਰ ਬੇਦੀ ਦੀ ਮਾਤਾ ਹਨ। ਫਿਲਮ ਜਗਤ ਵਿਚ ਜਾਣ ਤੋਂ ਪਹਿਲਾਂ ਕਬੀਰ ਬੇਦੀ ਇਥੇ ਅਕਸਰ ਆਇਆ ਕਰਦੇ ਸਨ। ਪੰਜਾਬ ਦੇ ਮਰਹੂਮ ਮੁੱਖ ਮੰਤਰੀ ਪਰਤਾਪ ਸਿੰਘ ਕੈਰੋਂ ਨੇ ਇਥੇ ਆਰਟ ਸਕੂਲ ਤੇ ਟੂਰਸਿਟ ਬੰਗਲੇ ਬਣਾਉਣ ਦੀ ਯੋਜਨਾ ਬਣਾਈ ਸੀ। ਸਰਕਾਰੀ ਕਾਰਵਾਈ ਕਰਦਿਆਂ ਦੋ ਸਾਲ ਲੰਘ ਗਏ। ਕੰਮ ਸ਼ੁਰੂ ਹੋਣ ਵਾਲਾ ਸੀ ਕਿ ਪੰਜਾਬ ਦੇ ਪੁਨਰਗਠਨ ਕਾਰਨ ਜ਼ਿਲ੍ਹਾ ਕਾਂਗੜਾ ਪਹਿਲੀ ਨਵੰਬਰ 1966 ਨੂੰ ਹਿਮਾਚਲ ਪ੍ਰਦੇਸ਼ ਵਿਚ ਚਲਾ ਗਿਆ। ਹਿਮਾਚਲ ਸਰਕਾਰ ਨੇ ਇਸ ਪਿੰਡ ਨੂੰ 'ਕਲਾ ਗ੍ਰਾਮ' ਵਜੋਂ ਵਿਕਸਤ ਕਰਨ ਦਾ ਐਲਾਨ ਕੀਤਾ ਸੀ, ਪਰ ਕੁਝ ਵੀ ਕਰਨ ਵੱਲ ਕੋਈ ਧਿਆਨ ਨਹੀਂ ਦਿਤਾ।

# 194-ਸੀ, ਭਾਈ ਰਣਧੀਰ ਸਿੰਘ ਨਗਰ, ਲੁਧਿਆਣਾ।
ਮੋਬਾਈਲ : 0161-2461194

ਦਿਲ ਦੇ ਦੁਸ਼ਮਣ ਆਪ ਨਾ ਬਣੋ

ਇਨਸਾਨ, ਜਾਨਵਰ, ਪੰਛੀਆਂ ਵਿਚ ਦਿਲ ਦੀ ਸਭ ਤੋਂ ਵੱਧ ਮਹੱਤਤਾ ਹੈ, ਅਸੀਂ ਕਹਿ ਸਕਦੇ ਹਾਂ ਕਿ ਦਿਲ ਇਕ ਸਮਰਸੀਬਲ ਪੰਪ ਦੀ ਤਰ੍ਹਾਂ ਡਬਲ ਕੰਮ ਹਰ ਵੇਲੇ ਕਰਦਾ ਹੀ ਰਹਿੰਦਾ ਹੈ। ਪਰਮਾਤਮਾ ਜਦੋਂ ਮਾਤਾ ਦੇ ਗਰਭ ਵਿਚ ਇਨਸਾਨ ਦੀ ਰਚਨਾ ਕਰਦਾ ਹੈ ਤਾਂ ਸਭ ਤੋਂ ਪਹਿਲਾਂ ਦਿਲ ਬਣਾਇਆ ਜਾਂਦਾ ਹੈ ਜਿਵੇਂ ਇਮਾਰਤ ਦੀ ਉਸਾਰੀ ਤੋਂ ਪਹਿਲਾਂ ਸਮਰਸੀਬਲ ਪੰਪ ਜ਼ਮੀਨ ਵਿਚੋਂ ਪਾਣੀ ਕੱਢਣ ਲਈ ਲਗਾਇਆ ਜਾਂਦਾ ਹੈ। ਇਕ ਆਮ ਇਨਸਾਨ ਦਾ ਦਿਲ ਆਰਾਮ ਕਰਦੇ ਸਮੇਂ 60 ਤੋਂ 100 ਵਾਰ ਪ੍ਰਤੀ ਮਿੰਟ ਧੜਕਦਾ ਹੈ, ਭਾਵ 24 ਘੰਟਿਆਂ ਵਿਚ ਦਿਲ ਕਰੀਬ 140,000 ਵਾਰ ਧੜਕਦਾ ਹੈ। ਖੂਨ ਅੰਦਰ ਹਾਜ਼ਰ ਆਕਸੀਜਨ, ਸ਼ੂਗਰ ਅਤੇ ਖਾਦ ਪਦਾਰਥ ਦਿਲ ਧੱਕਾ ਲਗਾ ਕੇ ਸਰੀਰ ਦੇ ਹਰੇਕ ਅੰਗ ਤੱਕ ਭੇਜਦਾ ਹੈ ਅਤੇ ਨਾੜੀਆਂ ਹਰੇਕ ਸੈੱਲ ਤੱਕ ਆਕਸੀਜਨ, ਸ਼ੂਗਰ ਅਤੇ ਭੋਜਨ ਪਹੁੰਚਾਉਂਦੀਆਂ ਹਨ ਅਤੇ ਲਹੂ ਨਸਾਂ ਅਸ਼ੁੱਧ ਖੂਨ ਫੇਰ ਦਿਲ ਤੱਕ ਲੈ ਕੇ ਜਾਂਦੀਆਂ ਹਨ ਅਤੇ ਦਿਲ ਅਸ਼ੁੱਧ ਖੂਨ ਨੂੰ ਸਾਫ਼ ਕਰਨ ਲਈ ਫੇਫੜਿਆਂ ਅਤੇ ਕਿਡਨੀਆਂ ਤੱਕ ਪਹੁੰਚਾਉਂਦਾ ਹੈ ਅਤੇ ਗੁਰਦਿਆਂ ਵਿਚੋਂ ਗੰਦਾ ਪਾਣੀ (ਪਿਸ਼ਾਬ) ਬਾਹਰ ਕੱਢ ਕੇ ਸ਼ੁੱਧ ਖੂਨ ਵਾਪਿਸ ਦਿਲ ਕੋਲ ਤੇ ਫੇਫੜੇ ਖੂਨ ਵਿਚੋਂ ਕਾਰਬਨਡਾਈਕਸਾਈਡ ਮੂੰਹ ਨੱਕ ਰਾਹੀਂ ਬਾਹਰ ਕੱਢ ਕੇ ਉਸ ਵਿਚ ਆਕਸੀਜਨ ਮਿਲਾ ਕੇ ਉਸ ਨੂੰ ਸ਼ੁੱਧ ਕਰਕੇ ਵਾਪਿਸ ਦਿਲ ਦੇ ਖੱਬੇ ਖਾਨੇ ਵਿਖੇ ਫੇਫੜੇ ਨਾਲੀਆਂ ਰਾਹੀਂ ਭੇਜਦੇ ਹਨ। ਇਨ੍ਹਾਂ ਨਾੜੀਆਂ ਅੰਦਰ ਹੀ ਕੈਲੇਸਟਰੋਲ ਦੀ ਮਾਤਰਾ ਵਧਣ ਕਰਕੇ ਦਿਲ ਨੂੰ ਆਕਸੀਜਨ ਦੀ ਕਮੀ ਹੋਣ ਕਰਕੇ ਦਿਲ ਦਾ ਦੌਰਾ ਪੈਂਦਾ ਹੈ। ਸਾਫ਼ ਸ਼ਬਦਾਂ ਵਿਚ ਆਕਸੀਜਨ ਦੀ ਕਮੀ ਕਰਕੇ ਹੀ ਦਿਲ ਦਾ ਦੌਰਾ ਤੇ ਦਿਮਾਗ਼ ਦੀਆਂ ਸਮੱਸਿਆਵਾਂ ਪੈਦਾ ਹੁੰਦੀਆਂ ਹਨ।
ਇਸ ਸਮੇਂ ਦੁਨੀਆ ਦੇ 60 ਫ਼ੀਸਦੀ ਲੋਕ, ਬੱਚੇ, ਨੌਜਵਾਨ ਦਿਲ ਦਿਮਾਗ਼ ਦੀਆਂ ਬਿਮਾਰੀਆਂ ਨਾਲ ਪੀੜਤ ਹਨ ਅਤੇ ਉਹ ਹਮੇਸ਼ਾ ਲਈ ਦਵਾਈਆਂ ਅਤੇ ਜ਼ਿੰਦਗੀ-ਬਚਾਉ ਦਵਾਈਆਂ ਨਾਲ ਹੀ ਜਿਊਂਦੇ ਰਹਿਣ ਦੇ ਯਤਨ ਕਰਦੇ ਹਨ ਪਰ ਫਿਰ ਵੀ ਹਰ ਸਾਲ 2 ਕਰੋੜ ਵਿਅਕਤੀ ਦਿਲ ਦਾ ਦੌਰਾ ਪੈਣ ਕਰਕੇ ਮਰ ਰਹੇ ਹਨ ਜੋ ਦੁਨੀਆ ਅੰਦਰ ਅਚਾਨਕ ਹੋਣ ਵਾਲੀਆਂ ਮੌਤਾਂ ਦਾ ਸਭ ਤੋਂ ਵੱਡਾ ਕਾਰਨ ਹੈ ਅਤੇ ਆਉਣ ਵਾਲੇ ਸਮੇਂ ਵਿਚ ਇਹ ਸਮੱਸਿਆ, ਬਿਮਾਰੀ ਅਤੇ ਮੌਤਾਂ ਦੀ ਗਿਣਤੀ ਤੇਜ਼ੀ ਨਾਲ ਕਰੀਬ 20 ਫ਼ੀਸਦੀ ਦੇ ਹਿਸਾਬ ਨਾਲ ਵਧੇਗੀ।
ਜਦੋਂ ਅਸੀਂ ਦਿਲ ਦਿਮਾਗ਼ ਦੇ ਕੰਮ, ਦੌਰਾ ਪੈਣ, ਸਾਹ ਬੰਦ ਹੋਣ ਜਾਂ ਨਬਜ਼ ਬੰਦ ਹੋਣ ਬਾਰੇ ਪ੍ਰਸ਼ਨ ਪੜ੍ਹਦੇ ਹਾਂ ਤਾਂ ਦੇਖ ਕੇ ਬੇਹੱਦ ਦੁੱਖ ਹੁੰਦਾ ਹੈ ਕਿ 80-90 ਫ਼ੀਸਦੀ ਪੜ੍ਹੇ ਲਿਖੇ ਜਾਂ ਡਿਗਰੀ ਹੋਲਡਰ ਲੋਕਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੁੰਦੀ। ਉਨ੍ਹਾਂ ਨੂੰ ਦਿਲ ਦੇ ਸਥਾਨ 'ਤੇ ਕੰਮ ਬਾਰੇ ਹੀ ਜਾਣਕਾਰੀ ਨਹੀਂ ਹੁੰਦੀ ਕਿਉਂਕਿ ਸਾਡੇ ਦੇਸ਼ ਅੰਦਰ ਸਰਕਾਰਾਂ ਦੇ ਸਿਸਟਮ ਵਿਚ ਨਾਗਰਿਕਾਂ ਤੇ ਵਿਦਿਆਰਥੀਆਂ ਨੂੰ ਸਿਹਤ ਸੰਭਾਲ, ਫਸਟ ਏਡ, ਸੀ. ਪੀ. ਆਰ. ਸੇਫਟੀ, ਬਚਾਓ ਅਤੇ ਮਦਦ ਬਾਰੇ ਕੋਈ ਜਾਣਕਾਰੀ ਹੀ ਨਹੀਂ ਦਿੱਤੀ ਜਾਂਦੀ। ਅਸਲ ਵਿਚ ਸਾਡਾ ਸਿੱਖਿਆ ਸਿਸਟਮ ਬੇਕਾਰ ਦੇ ਸਿਲੇਬਸਾਂ ਨਾਲ ਭਰਿਆ ਪਿਆ ਹੈ ਅਤੇ ਜਿਥੇ ਸਿਹਤ, ਸੇਫਟੀ, ਬਚਾਓ ਫਸਟ ਏਡ ਦੀ ਗੱਲ ਬੱਚਿਆਂ ਤੱਕ ਪਹੁੰਚਾਉਣੀ ਹੁੰਦੀ ਹੈ ਤਾਂ ਅਧਿਆਪਕ ਸਮਝਾਉਣ ਅਤੇ ਪ੍ਰੈਕਟੀਕਲ ਕਰਕੇ ਦਿਖਾਉਣ ਦੀ ਥਾਂ ਬੱਚਿਆਂ ਤੋਂ ਚਾਰਟ, ਟੀ. ਪੀ. ਟੀ. ਲੇਖ ਲਿਖਣ ਆਦਿ ਹਿਤ ਕਹਿ ਕੇ ਆਪਣੀ ਜ਼ਿੰਮੇਵਾਰੀ ਪੂਰੀ ਕਰ ਦਿੰਦੇ ਹਨ ਅਤੇ ਵਿਦਿਆਰਥੀ ਇਸ ਲਈ ਸਭ ਕੁਝ ਦੁਕਾਨਾਂ ਤੋਂ ਖਰੀਦ ਲੈਂਦੇ ਹਨ, ਨੈੱਟ ਤੋਂ ਦੇਖ ਕੇ ਤਿਆਰ ਕਰਵਾ ਲੈਂਦੇ ਹਨ ਅਤੇ ਚੰਗੇ ਨੰਬਰ ਦੇ ਕੇ ਬੱਚਿਆਂ ਨੂੰ ਸਰਟੀਫਿਕੇਟ ਦੇ ਦਿੱਤਾ ਜਾਂਦਾ ਹੈ ਕਿ ਇਸ ਨੇ ਸੇਫਟੀ, ਫਸਟ ਏਡ, ਸਿਹਤ ਸੰਭਾਲ ਦੇ ਪੇਪਰਾਂ ਵਿਚ ਵਧੀਆ ਨੰਬਰ ਪ੍ਰਾਪਤ ਕੀਤੇ। ਇਸੇ ਕਰਕੇ ਪੁਲਿਸ, ਜ਼ਿਲ੍ਹਾ ਪ੍ਰਸ਼ਾਸਨ, ਅਦਾਲਤਾਂ ਵੀ ਡਿਗਰੀ, ਸਰਟੀਫਿਕੇਟ ਹੀ ਦੇਖਦੇ ਹਨ ਜਾਂ ਸਕੂਲਾਂ, ਕਾਲਜਾਂ ਦੀਆਂ ਗੱਡੀਆਂ ਵਿਚ ਪਏ ਫਸਟ ਏਡ ਬਕਸੇ ਅਤੇ ਅੱਗ ਬੁਝਾਉ ਸਿਲੰਡਰ ਦੇਖ ਕੇ ਡਰਾਈਵਰ ਨੂੰ ਬੱਚਿਆਂ ਦਾ ਰੱਖਿਅਕ ਤੇ ਮੱਦਦਗਾਰ ਸਮਝ ਕੇ ਜਾਣ ਦਿੰਦੇ ਹਨ. ਜਦ ਕਿ ਅਸੀਂ ਵਿਸ਼ਵਾਸ ਨਾਲ ਕਹਿ ਸਕਦੇ ਹਾਂ ਕਿ 90 ਫ਼ੀਸਦੀ ਪੁਲਿਸ ਅਧਿਕਾਰੀ, ਜ਼ਿਲ੍ਹਾ ਪੱਧਰ ਤੇ ਅਫ਼ਸਰਾਂ, ਬੱਚਿਆਂ ਦੀ ਜ਼ਿੰਦਗੀ ਦੇ ਰਖਵਾਲੇ, ਬਾਲ ਸੁਰੱਖਿਆ ਅਧਿਕਾਰੀ, ਪ੍ਰਿੰਸੀਪਲ, ਅਧਿਆਪਕ ਫਸਟ ਏਡ, ਰੋਡ ਸੇਫਟੀ, ਫਾਇਰ ਸੇਫਟੀ, ਅੱਗ ਬੁਝਾਉਣ ਦੇ ਸਿਸਟਮ ਬਾਰੇ ਆਪ ਹੀ ਨਹੀਂ ਜਾਣਦੇ।
ਮੈਂ ਅਕਸਰ ਪੁਲਿਸ ਅਧਿਕਾਰੀਆਂ ਨੂੰ ਪੁੱਛਦਾ ਹਾਂ ਕਿ ਕਿਸੇ ਦੇ ਸਿਰ ਦੀ ਸੱਟ ਲੱਗੀ, ਬੇਹੋਸ਼ ਹੋਏ ਨੂੰ ਕੀ ਕਰੋਗੇ, ਦਿਲ ਦਾ, ਮਿਰਗੀ ਦਾ ਦੌਰਾ, ਪੈ ਗਿਆ, ਦਿਲ ਦਿਮਾਗ਼ ਕੰਮ ਕਰਨਾ ਬੰਦ ਕਰ ਗਿਆ ਤਾਂ ਕੀ ਕਰੋਗੇ, ਪੈਟਰੋਲ, ਤੇਲ, ਬਿਜਲੀ ਦੀ ਅੱਗ 'ਤੇ ਕਾਬੂ ਪਾਉਣ ਹਿਤ ਕਿਹੜਾ ਅੱਗ ਬੁਝਾਊ ਸਿਲੰਡਰ ਵਰਤੋਂ ਵਿਚ, ਕਿਵੇਂ ਲਿਆਉਣਗੇ ਤਾਂ ਜਵਾਬ ਹੁੰਦਾ ਹੈ ਕਿ ਲੋਕ ਆਪੇ ਮਰਨਗੇ ਤਾਂ ਹੀ ਆਬਾਦੀ, ਬੇਰੁਜ਼ਗਾਰੀ, ਸਪੀਡ ਤੇ ਹਾਦਸੇ ਘੱਟ ਹੋਣਗੇ।
ਸਨਮਾਨਯੋਗ ਸੁਪਰੀਮ ਕੋਰਟ ਵਲੋਂ ਸੇਫ ਸਕੂਲ ਵਾਹਨ ਨੀਤੀ ਅਧੀਨ ਸਾਫ਼ ਹੁਕਮ ਦਿੱਤੇ ਗਏ ਹਨ ਕਿ ਹਰੇਕ ਸਕੂਲ ਸਾਲ ਵਿਚ ਦੋ ਵਾਰ ਫਸਟ ਏਡ, ਰੋਡ ਸੇਫਟੀ, ਫਾਇਰ ਸੇਫਟੀ, ਸੀ. ਪੀ. ਆਰ. ਬਾਰੇ ਟ੍ਰੇਨਿੰਗ ਜ਼ਰੂਰ ਕਰਵਾਉਣ ਅਤੇ ਸਾਲ ਵਿਚ ਇਕ ਵਾਰ ਮੋਕ ਡਰਿੱਲ। ਫਿਰ ਅੱਜ ਵੀ 80 ਫ਼ੀਸਦੀ ਸਕੂਲਾਂ ਅੰਦਰ ਕਮੇਟੀਆਂ ਹੀ ਨਹੀਂ ਬਣਾਈਆਂ ਗਈਆਂ ਤੇ ਟ੍ਰੇਨਿੰਗ ਤਾਂ ਬਹੁਤ ਦੂਰ ਦੀ ਗੱਲ ਹੈ। ਭਾਵ ਸਾਰੇ ਰਲ ਕੇ ਆਬਾਦੀ ਘਟਾਉਣ ਹਿਤ 'ਆਪਣੀ ਜਾਨ ਆਪ ਗਵਾਓ, ਸਰਕਾਰ ਤੋਂ ਬੀਮਾ ਪਾਓ', ਦੀ ਪਾਲਿਸੀ 'ਤੇ ਕੰਮ ਕਰ ਰਹੇ ਹਨ।
(ਬਾਕੀ ਅਗਲੇ ਐਤਵਾਰ ਦੇ ਅੰਕ 'ਚ)

-ਪਟਿਆਲਾ
ਮੋਬਾਈਲ : 98786-11620.

ਭਾਰਤੀ ਸਿਨੇਮਾ ਦੇ ਅਮਿੱਟ ਹਸਤਾਖ਼ਰ-138

ਰਹੀਏ ਅਬ ਐਸੀ ਜਗ੍ਹਾ... ਰਾਜਿੰਦਰ ਸਿੰਘ ਬੇਦੀ

ਮੇਰੇ ਇਕ ਨਜ਼ਦੀਕੀ ਰਿਸ਼ਤੇਦਾਰ (ਪ੍ਰੋ: ਚੀਮਾ) ਬੰਬਈ ਦੇ ਖ਼ਾਲਸਾ ਕਾਲਜ ਵਿਚ ਪੜ੍ਹਾਇਆ ਕਰਦੇ ਸਨ। ਉਨ੍ਹਾਂ ਨੇ ਉਥੇ ਇਕ ਸਾਹਿਤ ਸਭਾ ਬਣਾਈ ਹੋਈ ਸੀ, ਜਿਸ ਵਿਚ ਬੰਬਈ 'ਚ ਰਹਿ ਰਹੇ ਪੰਜਾਬੀ ਮੂਲ ਦੇ ਕਲਾਕਾਰ ਅਤੇ ਸਾਹਿਤਕਾਰ ਅਕਸਰ ਹਿੱਸਾ ਲੈਣ ਲਈ ਆਇਆ ਕਰਦੇ ਸਨ। ਗੁਲਜ਼ਾਰ, ਸੁਖਬੀਰ ਅਤੇ ਰਾਜਿੰਦਰ ਸਿੰਘ ਬੇਦੀ ਇਨ੍ਹਾਂ ਸਭਾਵਾਂ 'ਚ ਅਕਸਰ ਆ ਕੇ ਆਪੋ-ਆਪਣੀਆਂ ਰਚਨਾਵਾਂ ਪੜ੍ਹਦੇ ਅਤੇ ਬਹਿਸ ਵੀ ਕਰਦੇ ਹੁੰਦੇ ਸਨ। ਕਲਾਕਾਰਾਂ 'ਚੋਂ ਪ੍ਰਿਥਵੀ ਰਾਜ ਕਪੂਰ ਅਤੇ ਬਲਰਾਜ ਸਾਹਨੀ ਵੀ ਇਨ੍ਹਾਂ 'ਚ ਹਾਜ਼ਰੀ ਜ਼ਰੂਰ ਲੁਆਉਂਦੇ ਸਨ।
ਰਾਜਿੰਦਰ ਸਿੰਘ ਬੇਦੀ ਮੈਨੂੰ ਇਕ ਇਸੇ ਤਰ੍ਹਾਂ ਦੀ ਮੀਟਿੰਗ 'ਚ ਹੀ 1970 ਵਿਚ ਉਥੇ ਮਿਲਿਆ ਸੀ। ਉਸ ਨੇ ਆਪਣੀ ਉਰਦੂ 'ਚ ਲਿਖੀ ਹੋਈ ਕਹਾਣੀ 'ਗ੍ਰਹਿਣ' ਉਥੇ ਪੜ੍ਹੀ। ਕਹਾਣੀ 'ਚ ਏਨਾ ਤੇਜ਼ ਘਟਨਾਵਾਂ ਦਾ ਭਾਵੁਕ ਪ੍ਰਵਾਹ ਸੀ ਕਿ ਸੁਣਨ ਵਾਲਿਆਂ ਨੂੰ ਪਤਾ ਹੀ ਨਹੀਂ ਲੱਗਿਆ ਕਿ ਇਕ ਘੰਟੇ ਦਾ ਸਮਾਂ ਕਿਵੇਂ ਬੀਤ ਗਿਆ। ਜਦੋਂ ਕਹਾਣੀ ਖ਼ਤਮ ਹੋਈ ਤਾਂ ਸਾਰੇ ਪਾਸੇ ਤੋਂ ਚੁੱਪ ਦੇਖ ਕੇ ਬੇਦੀ ਨੇ ਆਪਣੇ ਮਜ਼ਾਕੀਆ ਲਹਿਜ਼ੇ 'ਚ ਕਿਹਾ 'ਕੀ ਹੋਇਆ ਏ ਤੁਹਾਨੂੰ? ਮੈਂ ਕਹਾਣੀ ਪੜ੍ਹੀ ਏ, ਕੋਈ ਮਰਸੀਆ ਤਾਂ ਨਹੀਂ ਪੜ੍ਹ ਦਿੱਤਾ?'
ਬੇਦੀ ਦਾ ਇਹੀ ਵਿਅੰਗ ਦਾ ਲਹਿਜ਼ਾ ਉਸ ਦੀਆਂ ਰਚਨਾਵਾਂ ਅਤੇ ਫ਼ਿਲਮਾਂ 'ਚ ਵੀ ਸਪੱਸ਼ਟ ਨਜ਼ਰ ਆਇਆ। ਦਰਅਸਲ ਇਹ ਉਸ ਦੀ ਸ਼ਖ਼ਸੀਅਤ ਅਤੇ ਲੇਖਣੀ ਦਾ ਇਕ ਅਟੁੱਟ ਹਿੱਸਾ ਸੀ। ਹਲਕੇ-ਫੁਲਕੇ ਅੰਦਾਜ਼ 'ਚ ਬਹੁਤ ਵੱਡੀ ਗੱਲ ਕਹਿਣਾ ਫ਼ਿਲਮਾਂ ਦੇ ਮਾਧਿਅਮ 'ਚ ਇਕ ਬਹੁਤ ਕਠਿਨ ਕੰਮ ਹੈ। ਪਰ ਬੇਦੀ ਨੂੰ ਤਾਂ ਸ਼ਬਦਾਂ ਨਾਲ ਖੇਡਣ ਦੀ ਆਦਤ ਸੀ। ਉਹ ਆਪਣੇ ਪਾਤਰਾਂ ਦੀ ਰੂਹ ਬੜੀ ਸਾਦਗੀ ਪਰ ਗਹਿਰਾਈ ਨਾਲ ਪੇਸ਼ ਕਰਦਾ ਸੀ। ਇਸੇ ਕਰਕੇ ਹੀ ਉਰਦੂ ਦੀ ਪ੍ਰਗਤੀਸ਼ੀਲ ਲਹਿਰ ਦੇ ਫ਼ਿਲਮੀ ਲੇਖਕਾਂ 'ਚੋਂ ਸਆਦਤ ਹਸਨ ਮੰਟੋ ਤੋਂ ਬਾਅਦ ਉਸ ਦਾ ਨਾਂਅ ਹੀ ਆਉਂਦਾ ਹੈ। ਮੰਟੋ ਦਾ ਵੀ ਵੱਡਾ ਹਥਿਆਰ ਵਿਅੰਗ ਹੀ ਸੀ। ਪਰ ਵਿਅੰਗ ਤੋਂ ਇਥੇ ਇਹ ਹਰਗਿਜ਼ ਮਤਲਬ ਨਾ ਲਿਆ ਜਾਵੇ ਕਿ ਇਸ ਦਾ ਇਥੇ ਸਬੰਧ ਕਿਸੇ ਹਾਸ-ਰਸ ਨਾਲ ਹੈ। ਵਿਅੰਗਾਤਮਕ ਤਾਂ ਇਨ੍ਹਾਂ ਦਾ ਦ੍ਰਿਸ਼ਟੀਕੋਣ ਸੀ, ਜਿਸ ਦੇ ਰਾਹੀਂ ਇਹ ਕਿਸੇ ਨੂੰ ਠੇਸ ਲਗਾਉਣ ਤੋਂ ਬਗ਼ੈਰ ਕਿਸੇ ਗੰਭੀਰ ਨੁਕਤੇ ਨੂੰ ਵੀ ਉਠਾ ਸਕਦੇ ਸਨ।
ਰਾਜਿੰਦਰ ਸਿੰਘ ਬੇਦੀ ਦਾ ਜਨਮ ਨੂੰ ਸਤੰਬਰ 1915 ਨੂੰ ਸਿਆਲਕੋਟ (ਪਾਕਿਸਤਾਨ) ਵਿਚ ਹੀਰਾ ਸਿੰਘ ਬੇਦੀ ਅਤੇ ਸੇਵਾ ਦੇਈ ਦੇ ਘਰ ਹੋਇਆ ਸੀ। ਆਪਣੇ ਘਰ ਦੇ ਹਾਲਾਤ ਕਰ ਕੇ ਉਹ ਬੀ. ਏ. ਦੀ ਪੜ੍ਹਾਈ ਅੱਧ 'ਚੋਂ ਹੀ ਛੱਡ ਕੇ ਨੌਕਰੀ ਦੀ ਤਲਾਸ਼ ਕਰਨ ਲੱਗ ਪਿਆ ਸੀ। ਉਸ ਨੇ ਆਪਣੀ ਇਹ ਸ਼ਉਰੂਆਤ ਪੋਸਟ ਆਫਿਸ 'ਚ ਕਲਰਕੀ ਕਰਨ ਤੋਂ ਕੀਤੀ। ਇਸ ਦੌਰਾਨ ਉਸ ਨੂੰ ਸਾਹਿਤ ਦੀ ਚੇਟਕ ਲੱਗ ਗਈ ਸੀ। ਉਸ ਦੀ ਕਹਾਣੀ 'ਮਹਾਰਾਨੀ ਕਾ ਤੋਹਫ਼ਾ' ਨੂੰ ਉਸ ਸਮੇਂ ਲਾਹੌਰ ਤੋਂ ਛਪ ਰਹੇ ਮੈਗਜ਼ੀਨ 'ਅਦਬੀ ਦੁਨੀਆ' ਨੇ ਬੜੀ ਰੀਝ ਨਾਲ ਛਾਪਿਆ। ਬੇਦੀ ਨੇ ਕਲਰਕੀ ਛੱਡ ਕੇ ਆਲ ਇੰਡੀਆ ਰੇਡੀਓ ਲਾਹੌਰ ਦੀ ਉਰਦੂ ਸਰਵਿਸ (1931-41) ਨੂੰ ਪਹਿਲ ਦਿੱਤੀ।
ਫਿਰ ਜਦ ਦੇਸ਼ ਦੀ ਵੰਡ ਹੋਈ ਤਾਂ ਉਸ ਨੇ ਇਹੀ ਨੌਕਰੀ ਰੇਡੀਓ ਜੰਮੂ-ਕਸ਼ਮੀਰ 'ਚ ਵੀ ਜਾਰੀ ਰੱਖੀ। ਇਸ ਦੌਰਾਨ ਉਸ ਦੇ ਦੋ-ਤਿੰਨ ਕਹਾਣੀ-ਸੰਗ੍ਰਹਿ ('ਗਰਮ ਕੋਟ', 'ਕੋਖ ਜਲੀ', 'ਅਪਨੇ ਦੁਖ ਮੁਝੇ ਦੇ ਦੋ', 'ਦਾਨੋ ਦਾਮ') ਮਾਰਕਿਟ 'ਚ ਆ ਚੁੱਕੇ ਸਨ। ਰੇਡੀਓ ਦੀ ਨੌਕਰੀ ਕਰਦੇ ਸਮੇਂ ਹੀ ਉਸ ਨੇ ਕੁਝ ਨਾਟਕ ਵੀ ਲਿਖੇ ਸਨ। ਇਨ੍ਹਾਂ ਨਾਟਕਾਂ ਨੂੰ ਉਸ ਨੇ 'ਸਾਤ ਖੇਲ' ਨਾਮਕ ਇਕਾਂਗੀ ਸੰਗ੍ਰਹਿ 'ਚ ਪ੍ਰਕਾਸ਼ਿਤ ਕੀਤਾ ਸੀ। ਪਰ ਇਕ ਦਿਨ ਉਸ ਨੇ ਇਹ ਨੌਕਰੀ ਛੱਡ ਦੇਣ ਦਾ ਵੀ ਫ਼ੈਸਲਾ ਕੀਤਾ ਅਤੇ ਬੰਬਈ ਆ ਗਿਆ।
ਨਿਰਮਾਤਾ-ਨਿਰਦੇਸ਼ਕ ਡੀ. ਡੀ. ਕਸ਼ਿਅਪ ਨੇ ਉਸ ਨੂੰ ਕੁਝ ਲੋਕਾਂ ਨਾਲ ਬੰਬਈ ਮਿਲਵਾਇਆ। ਸਿੱਟੇ ਵਜੋਂ 1949 ਵਿਚ ਉਸ ਨੇ 'ਬੜੀ ਬਹਿਨ' ਦੇ ਲਈ ਸੰਵਾਦ ਲਿਖੇ। ਇਸ ਤੋਂ ਬਾਅਦ ਰਾਜਿੰਦਰ ਸਿੰਘ ਬੇਦੀ ਹਿੰਦੀ ਫ਼ਿਲਮ ਜਗਤ 'ਚ ਬਤੌਰ ਲੇਖਕ ਆਪਣਾ ਸਿੱਕਾ ਚਲਾਉਣ ਲੱਗ ਪਿਆ ਸੀ। ਉਸ ਦੀ ਸਾਹਿਤਕ ਸ਼ਖ਼ਸੀਅਤ ਨੂੰ ਦੇਖਦਿਆਂ ਸਾਰੇ ਹੀ ਫ਼ਿਲਮ ਜਗਤ ਦੇ ਲੋਕ ਉਸ ਦੀ ਇੱਜ਼ਤ ਕਰਦੇ ਸਨ। ਇਸ ਦ੍ਰਿਸ਼ਟੀਕੋਣ ਨੂੰ ਸ਼ਾਇਦ ਇਥੇ ਇਕ ਛੋਟੇ ਜਿਹੇ ਪ੍ਰਸੰਗ ਰਾਹੀਂ ਵਧੇਰੇ ਸਪੱਸ਼ਟ ਕੀਤਾ ਜਾ ਸਕਦਾ ਹੈ।
ਨਿਰਮਾਤਾ-ਨਿਰਦੇਸ਼ਕ ਬਿਮਲ ਰਾਏ ਦੀ ਫ਼ਿਲਮ 'ਮਧੂਮਤੀ' ਦੀ ਸ਼ੂਟਿੰਗ (ਆਊਟ ਡੋਰ) ਨੈਨੀਤਾਲ 'ਚ ਹੋ ਰਹੀ ਸੀ। ਅਚਾਨਕ ਰਾਜਿੰਦਰ ਸਿੰਘ ਬੇਦੀ ਦੀ ਤਬੀਅਤ ਖਰਾਬ ਹੋ ਗਈ ਅਤੇ ਉਹ ਬੇਹੋਸ਼ ਹੋ ਕੇ ਡਿੱਗ ਪਿਆ। ਨਜ਼ਦੀਕ ਕੋਈ ਮੈਡੀਕਲ ਸੁਵਿਧਾ ਨਾ ਹੋਣ ਕਰ ਕੇ ਸਾਰਾ ਯੂਨਿਟ ਪ੍ਰੇਸ਼ਾਨ ਹੋ ਗਿਆ ਅਤੇ ਉਸ ਦੀ ਦੇਖਭਾਲ ਕਰਨ ਲੱਗ ਪਿਆ। ਦਲੀਪ ਕੁਮਾਰ ਅਤੇ ਪ੍ਰਾਣ ਉਸ ਦੇ ਪੈਰ ਘੁੱਟਣ ਲੱਗ ਪਏ ਜਦੋਂ ਕਿ ਬਿਮਲ ਰਾਏ ਉਸ ਦੇ ਮੂੰਹ 'ਚ ਪਾਣੀ ਪਾਉਣ ਲੱਗ ਪਿਆ। ਲਗਪਗ ਵੀਹ ਮਿੰਟ ਬਾਅਦ ਵੀ ਜਦੋਂ ਬੇਦੀ ਹੋਸ਼ 'ਚ ਨਾ ਆਇਆ ਤਾਂ ਬਿਮਲ ਰਾਏ ਨੇ ਤੁਰੰਤ ਪੈਕ-ਅਪ ਦਾ ਫ਼ਰਮਾਨ ਸੁਣਾ ਕੇ ਬੇਦੀ ਨੂੰ ਗੱਡੀ 'ਚ ਪਾਉਣ ਲਈ ਕਿਹਾ। ਪਰ ਜਦੋਂ ਉਹ ਉਸ ਨੂੰ ਚੁੱਕਣ ਲੱਗੇ ਤਾਂ ਉਹ ਅਚਾਨਕ ਬੋਲ ਪਿਆ 'ਕੋਈ ਲੋੜ ਨਹੀਂ' ਸ਼ਹਿਰ ਜਾਣ ਦੀ, ਮੈਂ ਤੇ ਕਦੇ ਦਾ ਠੀਕ ਹੋ ਗਿਆ ਹਾਂ।' ਬਿਮਲ ਰਾਏ ਨੇ ਗੁੱਸੇ 'ਚ ਪੁੱਛਿਆ, 'ਫਿਰ ਤੂੰ ਪਹਿਲਾਂ ਅੱਖਾਂ ਕਿਉਂ ਨਹੀਂ ਖੋਲ੍ਹੀਆਂ?' ਬੇਦੀ ਦਾ ਜੁਆਬ ਸੀ, 'ਜਦੋਂ ਦਲੀਪ ਵਰਗੇ ਨਾਇਕ ਅਤੇ ਪ੍ਰਾਣ ਵਰਗੇ ਖ਼ਲਨਾਇਕ ਪੈਰ ਘੁੱਟ ਰਹੇ ਹੋਣ ਤਾਂ ਕਿਹੜਾ ਬੇਵਕੂਫ਼ ਅੱਖਾਂ ਖੋਲ੍ਹੇਗਾ?'
ਬਿਮਲ ਰਾਏ ਬੇਦੀ ਦੀ ਏਨੀ ਇੱਜ਼ਤ ਕਰਦਾ ਸੀ ਕਿ ਉਸ ਨੇ 'ਦੇਵ ਦਾਸ' ਵਰਗੀ ਸਾਹਿਤਕ ਕਿਰਤ ਲਈ ਵੀ ਉਸ ਦੀਆਂ ਹੀ ਸੇਵਾਵਾਂ ਹੀ ਲਈਆਂ ਸਨ। ਜਦੋਂ 'ਦੇਵਦਾਸ' ਸਫ਼ਲ ਹੋਈ ਤਾਂ ਬਿਮਲ ਰਾਏ ਨੇ ਕਿਹਾ ਸੀ, 'ਸ਼ਰਤ ਚੰਦਰ ਦੀ ਰਚਨਾ ਨੂੰ ਮੈਂ ਨਹੀਂ ਬਲਕਿ ਬੇਦੀ ਨੇ ਸਕਰੀਨ 'ਤੇ ਜ਼ਿੰਦਾ ਕੀਤਾ ਹੈ।'
ਲਗਪਗ ਅਜਿਹਾ ਹੀ ਦ੍ਰਿਸ਼ਟੀਕੋਣ ਹੋਰ ਨਿਰਮਾਤਾਵਾਂ ਦਾ ਵੀ ਬੇਦੀ ਪ੍ਰਤੀ ਸੀ। ਨਿਰਮਾਤਾ-ਨਿਰਦੇਸ਼ਕ ਸੋਹਰਾਬ ਮੋਦੀ ਨੇ 'ਮਿਰਜ਼ਾ ਗ਼ਾਲਿਬ' ਜਦੋਂ ਬਣਾਉਣੀ ਸ਼ੁਰੂ ਕੀਤੀ ਸੀ ਤਾਂ ਉਸ ਕੋਲ ਕਹਾਣੀ ਦੇ ਨਾਂਅ 'ਤੇ ਕੁਝ ਵੀ ਨਹੀਂ ਸੀ। ਪਰ ਰਾਜਿੰਦਰ ਸਿੰਘ ਬੇਦੀ ਨੇ ਗ਼ਾਲਿਬ 'ਤੇ ਖੋਜ ਕਰ ਕੇ ਉਸ ਦੀ ਜੀਵਨੀ ਨੂੰ ਪਰਦੇ 'ਤੇ ਸਾਕਾਰ ਹੀ ਨਹੀਂ ਕੀਤਾ ਸਗੋਂ ਸਿਨੇਮਾ ਦੇ ਖੇਤਰ 'ਚ ਉਸ ਨੂੰ ਇਕ ਅਮਰ ਪਾਤਰ ਵੀ ਬਣਾ ਦਿੱਤਾ ਸੀ।
ਵੈਸੇ ਬੇਦੀ ਨੇ ਨਿਰਦੇਸ਼ਕ ਅਮਰ ਕੁਮਾਰ, ਬਲਰਾਜ ਸਾਹਨੀ ਅਤੇ ਗੀਤਾ ਬਾਲੀ ਦੇ ਨਾਲ ਰਲ ਕੇ 3ਜਅਕ ਫਰ-ਰਬਕਗ਼ਵਜਡਕ ਤਰਫਜਕਵਖ ਦੇ ਬੈਨਰ ਅਧੀਨ ਆਪਣੀ ਹੀ ਕਹਾਣੀ 'ਗਰਮ ਕੋਟ' ਨੂੰ ਪਿਕਚਰਾਈਜ਼ ਵੀ ਕੀਤਾ ਸੀ। ਇਸ ਤੋਂ ਬਾਅਦ ਵੀ ਉਹ ਸਮੇਂ-ਸਮੇਂ ਸਿਰ ਫ਼ਿਲਮ ਨਿਰਮਾਣ ਅਤੇ ਨਿਰਦੇਸ਼ਨ ਪ੍ਰਤੀ ਯੋਗਦਾਨ ਦਿੰਦਾ ਰਿਹਾ ਸੀ।
(ਬਾਕੀ ਅਗਲੇ ਐਤਵਾਰ ਦੇ ਅੰਕ 'ਚ)

ਮੋਬਾਈਲ : 099154-93043.

ਭੁੱਲੀਆਂ ਵਿਸਰੀਆਂ ਯਾਦਾਂ

ਦੋਸਤੀਆਂ ਨਿਭਾਉਣ ਵਾਲਾ ਸ: ਜਗਦੇਵ ਸਿੰਘ ਜੱਸੋਵਾਲ ਹੁਣ ਆਪ ਇਸ ਸੰਸਾਰ ਵਿਚ ਨਹੀਂ ਹੈ। ਉਸ ਨੇ ਪ੍ਰੋ: ਮੋਹਣ ਸਿੰਘ ਦੀ ਯਾਦ ਵਿਚ ਹਰ ਸਾਲ ਮੇਲਾ ਕਰਵਾ ਕੇ ਮੇਲਿਆਂ ਦੀ ਇਕ ਨਵੀਂ ਪਿਰਤ ਪਾਈ ਸੀ। ਉਸ ਦੇ ਹੁੰਦਿਆਂ ਪ੍ਰੋ: ਮੋਹਣ ਸਿੰਘ ਮੇਲੇ 'ਤੇ ਸਾਰਾ ਪੰਜਾਬ ਹੀ ਦੋ ਦਿਨ ਪੰਜਾਬੀ ਸਾਹਿਤ ਅਕਾਦਮੀ ਨੂੰ ਭਾਗ ਲਾਈ ਰੱਖਦਾ ਸੀ। ਉਨ੍ਹਾਂ ਅਨੇਕਾਂ ਨਵੇਂ ਗਾਇਕ ਪੈਦਾ ਕੀਤੇ ਸਨ।
ਗਿਆਨੀ ਸੋਹਣ ਸਿੰਘ ਸੀਤਲ ਸ਼੍ਰੋਮਣੀ ਢਾਡੀ ਸੀ। ਉਨ੍ਹਾਂ ਨੇ ਸਿੱਖ ਇਤਿਹਾਸ ਨੂੰ ਲਿਖਿਆ ਤੇ ਆਪਣੀਆਂ ਵਾਰਾਂ ਵਿਚ ਗਾਇਆ ਵੀ। ਉਸ ਦਾ ਇਕ ਨਾਵਲ 'ਤੂਤਾਂ ਵਾਲਾ ਖੂਹ' ਪਸੰਦ ਕੀਤਾ ਗਿਆ ਤੇ ਬਹੁਤ ਪੜ੍ਹਿਆ ਗਿਆ। ਉਸ ਮਹਾਨ ਸਾਹਿਤਕਾਰ ਦੀ ਅਰਥੀ ਨੂੰ ਸ: ਜਗਦੇਵ ਸਿੰਘ ਜੱਸੋਵਾਲ ਨੇ ਮੋਢਾ ਦੇ ਕੇ ਆਪਣੀ ਦੋਸਤੀ ਦਾ ਸਬੂਤ ਦਿੱਤਾ। ਇਸ ਅਰਥੀ ਦੇ ਪਿੱਛੇ ਕਵੀਸ਼ਰ ਜੋਗਾ ਸਿੰਘ ਜੋਗੀ, ਡਾ: ਪਰਮਿੰਦਰ ਸਿੰਘ ਤੇ ਹੋਰ ਸਾਥੀ ਵੀ ਨਜ਼ਰ ਆਉਂਦੇ ਹਨ, ਜਿਨ੍ਹਾਂ ਨੂੰ ਪੜ੍ਹ ਕੇ ਅਸੀਂ ਉਨ੍ਹਾਂ ਨੂੰ ਯਾਦ ਕਰਦੇ ਹਾਂ।

-ਮੋਬਾਈਲ : 98767-41231

ਉੱਥੇ ਗੋਰਾ, ਇੱਥੇ ਚਿੱਟਾ

ਫੁਕਰਾ ਜਲੰਧਰੀ ਅਤੇ ਉਸ ਦੀ ਪਤਨੀ ਮੈਡਮ ਦੁਪਹਿਰਖਿੜੀ ਅਕਸਰ ਭਾਰਤ ਨੂੰ ਲੰਗਰਾਂ ਅਤੇ ਡੰਗਰਾਂ ਦਾ ਦੇਸ਼ ਆਖ ਕੇ ਭੰਡਦੇ ਰਹੇ ਹਨ। ਤੀਵੀਂ ਆਦਮੀ ਦੇ ਸੁਪਨਿਆਂ 'ਚ ਹਮੇਸ਼ਾ ਕੈਨੇਡਾ ਹੀ ਵਸਿਆ ਰਿਹਾ, ਫਲਾਂ ਅਤੇ ਫੁੱਲਾਂ ਦਾ ਦੇਸ਼। ਇਕ ਦਿਨ ਸੁਪਨੇ ਹਕੀਕਤ ਬਣ ਗਏ। ਦੋਵੇਂ ਤੀਵੀਂ ਆਦਮੀ ਆਪਣੀ ਧੀ ਮਿਸ ਛੂਈ ਮੂਈ ਅਤੇ ਪੁੱਤ ਜਰਨੈਲ ਨੂੰ ਲੈ ਕੇ ਕੈਨੇਡਾ ਜਾ ਵਸੇ। ਕੈਨੇਡਾ ਜਾ ਕੇ ਫੁਕਰਾ ਜਲੰਧਰੀ ਫਰੈਗਰੈਂਸ ਜਲੰਧਰੀ ਬਣ ਗਿਆ ਅਤੇ ਮੈਡਮ ਦੁਪਹਿਰੀਖਿੜੀ ਬਣ ਗਈ ਮੈਡਮ ਸਮਾਈਲ। ਛੂਈ ਮੂਈ ਹੋ ਗਈ ਮਿਸ ਕਲੀਨ ਬੋਲਡ ਅਤੇ ਜਰਨੈਲ ਹੋ ਗਿਆ ਜੈਲੀ। ਪੈਸਾ ਏਧਰੋਂ ਵੀ ਲੈ ਗਏ। ਕਿਲ੍ਹੇ ਵਰਗਾ ਘਰ ਲੈ ਲਿਆ। ਹੌਲੀ-ਹੌਲੀ ਸੈੱਟ ਹੋ ਗਏ। ਜਿਵੇਂ ਸਾਹ ਆਕਸੀਜਨ ਵੀ ਅਤੇ ਅਤੇ ਕਾਰਬਨਡਾਈਆਕਸਾਈਡ ਵੀ, ਤਿਵੇਂ ਸਮੇਂ ਦਾ ਨਾਂਅ 'ਸੈੱਟ' ਵੀ ਹੈ ਅਤੇ 'ਅਪਸੈੱਟ' ਵੀ। ਸਮਾਂ ਨਿੱਤ ਨਵਾਂ ਸੱਪ ਕੱਢਦਾ ਹੈ। ਫਰੈਗਰੈਂਸ ਜਲੰਧਰੀ ਨੇ ਇਹ ਤਾਂ ਕਦੇ ਸੋਚਿਆ ਵੀ ਨਹੀਂ ਸੀ ਕਿ ਉਸ ਦੀ ਜਵਾਨ ਧੀ ਜ਼ੁਬਾਨ ਚਲਾਵੇ, ਦੇਰ ਰਾਤ ਘਰ ਆਵੇ, ਅੱਖ ਨਾ ਮਿਲਾਵੇ, ਕਮਰੇ 'ਚ ਬੰਦ ਹੋ ਜਾਵੇ। ਜਵਾਨ ਬੱਚੇ ਦੀ ਖ਼ੈਰ ਖ਼ੁਦਾ ਤੋਂ ਮੰਗਣੀ ਪੈਂਦੀ ਹੈ, ਬਾਂਹ ਮਰੋੜੀ ਨਹੀਂ ਜਾ ਸਕਦੀ, ਹੱਢੀ ਪਸਲੀ ਤੋੜੀ ਨਹੀਂ ਜਾ ਸਕਦੀ। ਫਰੈਗਰੈਂਸ ਜਲੰਧਰੀ ਨੂੰ ਇਹ ਠੀਕ ਨਾ ਲੱਗਦਾ ਕਿ ਮਿਸ ਕਲੀਨ ਬੋਲਡ 'ਪੈੱਗ' ਲਾਵੇ ਅਤੇ 'ਪੱਬ' ਜਾਵੇ। ਹੱਦ ਤਾਂ ਉਦੋਂ ਹੋ ਗਈ ਜਦੋਂ ਮਿਸ ਕਲੀਨ ਬੋਲਡ ਇਕ ਗੋਰੇ ਨਾਲ ਘੁੰਮਣ ਲੱਗ ਪਈ। ਪਹਿਲਾਂ ਪਹਿਲ ਦੇਰ ਰਾਤ ਘਰ ਆਉਣ ਲੱਗੀ ਤੇ ਫੇਰ ਰਾਤਾਂ ਬਾਹਰ ਬਿਤਾਉਣ ਲੱਗੀ। ਇਕ ਦਿਨ ਤਾਂ ਹੱਦ ਹੀ ਹੋ ਗਈ। ਗੋਰਾ ਗਿਟਾਰ ਲੈ ਕੇ ਉਨ੍ਹਾਂ ਦੇ ਘਰ ਹੀ ਆ ਗਿਆ। ਫਰੈਗਰੈਂਸ ਜਲੰਧਰੀ ਉਸ ਰਾਤ ਬਹੁਤ ਰੋਇਆ। ਘਰ 'ਚ ਹੰਗਾਮਾ ਵੀ ਹੋਇਆ। ਜਲੰਧਰੀ ਸੋਚ ਰਿਹਾ ਸੀ ਕਿ ਜ਼ਿੰਦਗੀ ਦੇ ਸਫ਼ਰ 'ਚ ਅੰਨ੍ਹਾ ਮੋੜ, ਕੈਂਚੀ ਮੋੜ, ਕੂਹਣੀ ਮੋੜ, ਤਿਰਛਾ ਮੋੜ, ਘੁੰਮਾਵਾਂ ਮੋੜ ਇਕੱਠੇ ਕਿਵੇਂ ਆ ਗਏ?
ਜਲੰਧਰੀ ਜੈਲੀ-ਦੁਪਹਿਰੀਖਿੜੀ ਨੇ ਬੜੀ ਗੁਪਤ ਯੋਜਨਾ ਉਲੀਕੀ। ਘਰ ਫਟਾਫਟ ਸੇਲ 'ਤੇ ਲਾਇਆ, ਸਭ ਸਮੇਟਿਆ, ਕੈਨੇਡਾ ਛਲੇਡਾ ਨੂੰ ਮੱਥਾ ਟੇਕਿਆ। ਸੋਹਣੇ ਦੇਸ਼ ਪੰਜਾਬ ਪਰਤ ਆਏ। ਮਿਸ ਕਲੀਨ ਬੋਲਡ ਵੀ ਨਾਲ ਆਈ। ਏਧਰ ਵੱਡੇ ਵਿੱਦਿਅਕ ਅਦਾਰੇ 'ਚ ਪੜ੍ਹਨੇ ਪਾਈ। ਪਿੰਡ ਦੀ ਕੋਠੀ 'ਚ ਦੀਵਾਲੀ ਮਨਾਈ। ਰੌਸ਼ਨੀ ਪਰਤ ਆਈ। ਉਮੀਦ ਪਰਤ ਆਈ। ਖ਼ੁਸ਼ੀ ਪਰਤ ਆਈ। ਸਭ ਕੁਝ ਹੌਲੀ-ਹੌਲੀ ਠੀਕ ਹੋ ਰਿਹਾ ਸੀ ਕਿ ਚਾਣਚੱਕ 'ਚਿੱਟੇ' ਨੇ ਘਰ ਦੀ ਘੰਟੀ ਵਜਾਈ। ਪਰਿਵਾਰ ਨੇ ਕੁੜੀ ਪੜ੍ਹਨੋ ਹਟਾ ਲਈ। ਅੱਜਕਲ੍ਹ ਇਹ ਕੁੜੀ ਇਕ ਨਸ਼ਾ ਛੁਡਾਊ ਕੇਂਦਰ 'ਚ ਭਰਤੀ ਹੈ। ਘਰ ਦੇ ਵਿਹੜੇ 'ਚ ਅਰਾਮ ਕੁਰਸੀ 'ਤੇ ਧੁੱਪੇ ਬੈਠਾ ਜਲੰਧਰੀ ਅਕਸਰ ਹੱਥਾਂ ਦੀਆਂ ਲਕੀਰਾਂ ਦੇਖਦਾ ਹੈ। ਉਹ ਉਦਾਸ ਹੈ ਅਤੇ ਬਹੁਤ ਘੱਟ ਬੋਲਦਾ ਹੈ। ਲੰਗਰਾਂ ਤੇ ਡੰਗਰਾਂ ਦਾ ਦੇਸ਼ ਜਾਂ ਫਲਾਂ ਤੇ ਫੁੱਲਾਂ ਦੇ ਦੇਸ਼ ਵਾਲੀ ਗੱਲ ਹੁਣ ਉਹ ਕਦੇ ਵੀ ਨਹੀਂ ਕਰਦਾ। ਘੱਟ ਬੋਲਦਾ ਹੈ ਪਰ ਤਰਕ ਤੋਲਦਾ ਹੈ, ਉਹ ਅਕਸਰ ਆਖਦੈ 'ਉੱਥੇ ਗੋਰਾ ਇਥੇ ਚਿੱਟਾ।'।
-0-
ਸਵਰਗੀ ਬਿਜਲੀ ਪਹਿਲਵਾਨ ਦਾ ਸਪੁੱਤਰ ਮੋਤੀ ਲਾਲ ਅੱਜਕਲ੍ਹ ਕੈਟਰਿੰਗ ਕਿੰਗ ਬਣ ਗਿਆ ਹੈ। ਮੇਰੀ ਉਸ ਨਾਲ ਮਿੱਤਰਤਾ ਹੈ। ਉਸ ਕੋਲ ਬੜੀਆਂ ਕੰਮ ਦੀਆਂ ਗੱਲਾਂ ਹੁੰਦੀਆਂ ਹਨ। ਮੋਤੀ ਨੇ ਇਕ ਬੜੇ ਹੀ ਅਮੀਰ ਮਨਿਆਰੀ ਵਪਾਰੀ ਬਾਰੇ ਕਮਾਲ ਦੀ ਗੱਲ ਸੁਣਾਈ। ਮੋਤੀ ਇਕ ਦਿਨ ਵਪਾਰੀ ਨੂੰ ਮਿਲਣ ਗਿਆ। ਵਪਾਰੀ ਨੇ ਚਾਹ ਦੀਆਂ ਚੁਸਕੀਆਂ ਲੈਂਦਿਆਂ ਕਿਹਾ, 'ਮੋਤੀ ਯਾਰ ਏਹ ਜਨਾਨੀਆਂ ਨੂੰ ਸਮਝਾ... ਮੰਦਰ 'ਚ ਸਵੇਰੇ ਈ ਕੀਰਤਨ ਸ਼ੁਰੂ ਕਰ ਦਿੰਦੀਆਂ... ਸਿਰ ਖਾ ਜਾਂਦੈ ਸਪੀਕਰ।' ਦਸ ਵਰ੍ਹੇ ਮਗਰੋਂ ਇਹ ਵਪਾਰੀ ਡੈੱਥ ਬੈੱਡ 'ਤੇ ਸੀ।
ਮੋਤੀ ਲਾਲ ਖ਼ਬਰ ਲੈਣ ਗਿਆ। ਵਪਾਰੀ ਨੇ ਮੋਤੀ ਨੂੰ ਕਿਹਾ, 'ਮੋਤੀ ਯਾਰ ਇਨ੍ਹਾਂ ਜਨਾਨੀਆਂ ਨੂੰਸਮਝਾ ਜ਼ਰਾ... 8-9 ਵਜੇ ਤੱਕ ਈ ਕਰਦੀਆਂ ਕੀਰਤਨ... ਜ਼ਰਾ ਘੰਟਾ-ਦੋ ਘੰਟੇ ਹੋਰ ਲਗਾ ਦਿਆ ਕਰਨ... ਕੀਰਤਨ ਸੁਣਦਿਆਂ ਟਾਈਮ ਪਾਸ ਹੋ ਜਾਂਦੈ।'

-ਭਾਖੜਾ ਰੋਡ, ਨੰਗਲ 140124.
ਮੋਬਾਈਲ : 98156-24927.

ਸਰਬੱਤ ਦਾ ਭਲਾ ਚਾਹੁੰਣ ਵਾਲਾ ਕੈਨੇਡੀਅਨ ਆਗੂ ਜਸਟਿਨ ਟਰੂਡੋ

ਜਸਟਿਨ ਟਰੂਡੋ ਕੈਨੇਡਾ ਦੇ ਪ੍ਰਧਾਨ ਮੰਤਰੀ ਹਨ। ਉਨ੍ਹਾਂ ਦੀ ਉਮਰ ਮਹਿਜ਼ 46 ਸਾਲ ਹੈ। 44 ਸਾਲਾਂ ਦੀ ਉਮਰ ਵਿਚ ਪ੍ਰਧਾਨ ਮੰਤਰੀ ਬਣ ਗਏ ਸੀ। ਉਹ ਪਾਪੀਨੋ (ਮਾਂਟਰੀਅਲ) ਹਲਕੇ ਤੋਂ ਲਗਾਤਾਰ ਤੀਸਰੀ ਵਾਰ ਸੰਸਦ ਮੈਂਬਰ ਬਣੇ ਹਨ। ਇਤਿਹਾਸਕ ਪੱਖ ਤੋਂ ਦੇਸ਼ ਵਿਚ ਸਭ ਤੋਂ ਲੰਬਾ ਸਮਾਂ ਰਾਜ ਕਰ ਚੁੱਕੀ ਲਿਬਰਲ ਪਾਟੀ ਦੇ ਆਗੂ ਹਨ। ਕੈਨੇਡਾ ਦੇ (1968 ਤੋਂ 1979 ਅਤੇ 1980 ਤੋਂ 1984 ਤੱਕ) ਪ੍ਰਧਾਨ ਮੰਤਰੀ ਰਹਿ ਚੁੱਕੇ ਸਵਰਗੀ ਏਲੀਅਟ ਟਰੂਡੋ ਦੇ ਚਾਰ ਬੱਚਿਆਂ ਵਿਚੋਂ ਸਭ ਤੋਂ ਵੱਡੇ ਹਨ। ਜਸਟਿਨ ਦਾ ਇਕ ਸਾਬਕਾ ਪ੍ਰਧਾਨ ਮੰਤਰੀ ਦਾ ਬੇਟਾ ਹੋਣਾ, ਇਕ ਇਤਫ਼ਾਕ ਤੋਂ ਵੱਧ ਕੁਝ ਨਹੀਂ ਹੈ ਕਿਉਂਕਿ ਉਸ ਨੂੰ ਰਾਜਨੀਤੀ ਵਿਚ ਲਿਆਉਣ ਲਈ ਉਸ ਦੇ ਪਿਤਾ ਦਾ ਹੱਥ ਨਹੀਂ ਰਿਹਾ। ਏਲੀਅਟ ਟਰੂਡੋ ਸੰਨ 2000 ਵਿਚ ਸਵਰਗਵਾਸ ਹੋ ਗਏ ਸਨ। ਜਸਟਿਨ ਉਦੋਂ 28 ਕੁ ਸਾਲਾਂ ਦੇ ਸਨ ਅਤੇ ਉਸ ਸਮੇਂ ਉਨ੍ਹਾਂ ਅਜੇ ਰਾਜਨੀਤੀ ਵਿਚ ਪੈਰ ਨਹੀਂ ਰੱਖਿਆ ਸੀ। ਉਹ ਪਹਿਲੀ ਵਾਰ 2008 ਵਿਚ ਸੰਸਦ ਮੈਂਬਰ ਬਣੇ।
ਫੈਡਰਲ ਲਿਬਰਲ ਪਾਰਟੀ 2002-2006 ਦੇ ਸਮੇਂ ਦੌਰਾਨ ਵੱਡੀ ਪੱਧਰ 'ਤੇ ਧੜੇਬੰਦੀ ਦਾ ਸ਼ਿਕਾਰ ਹੋ ਚੁੱਕੀ ਸੀ। 13 ਸਾਲਾਂ ਦੇ ਲਗਾਤਾਰ ਸ਼ਾਸਨ ਮਗਰੋਂ ਉਸ ਪਾਰਟੀ ਨੂੰ 2006 ਦੀਆਂ ਚੋਣਾਂ ਵਿਚ ਨਮੋਸ਼ੀਜਨਕ ਹਾਰ ਹੋਈ। ਕੁੱਲ 308 ਵਿਚੋਂ ਮਸਾਂ 34 ਸੀਟਾਂ ਮਿਲੀਆਂ ਭਾਵ ਪਾਰਟੀ ਮੁੱਖ ਵਿਰੋਧੀ ਧਿਰ ਵਿਚ ਬੈਠਣ ਜੋਗੀ ਵੀ ਨਾ ਰਹੀ। ਲਿਬਰਲ ਪਾਰਟੀ ਦੀ ਏਨੀ ਬੁਰੀ ਹਾਰ ਪਹਿਲਾਂ ਕਦੇ ਵੀ ਨਹੀਂ ਸੀ ਹੋਈ। ਅਜਿਹੇ ਵਿਚ ਜਸਟਿਨ ਦਾ ਕੈਨੇਡਾ ਦੀ ਰਾਜਨੀਤੀ ਵਿਚ ਉਭਾਰ ਹੋਣਾ ਸ਼ੁਰੂ ਹੋਇਆ। ਸੰਸਦ ਮੈਂਬਰ ਬਣ ਕੇ ਉਨ੍ਹਾਂ ਨੇ ਪਾਰਟੀ 'ਚ ਧੜਿਆਂ ਨੂੰ ਇਕੱਠਾ ਕਰਨ ਵੱਲ ਕਦਮ ਵਧਾਏ। ਉਨ੍ਹਾਂ ਦੇ ਸੁਘੜ, ਸਿਆਣਪ ਭਰੇ ਅਤੇ ਠਰ੍ਹੰਮੇ ਵਾਲੇ ਸੁਭਾਅ ਤੋਂ ਪ੍ਰਭਾਵਿਤ ਹੋ ਕੇ ਪਾਰਟੀ ਦੇ ਮੁੱਖ ਆਗੂਆਂ ਨੇ ਉਨ੍ਹਾਂ ਨੂੰ ਉਸ ਸਮੇਂ ਸਹਿਮਤੀ ਨਾਲ ਪਾਰਟੀ ਦੇ ਆਗੂ ਵਜੋਂ ਅੱਗੇ ਲਿਆਉਣ ਦਾ ਫੈਸਲਾ ਕਰ ਲਿਆ ਜਿਸ ਦਾ ਸਾਰੇ ਧੜਿਆਂ ਨੇ ਸਵਾਗਤ ਕੀਤਾ। ਪਾਰਟੀ ਅੰਦਰ ਇਕ ਨਵਾਂ ਜੋਸ਼ ਪੈਦਾ ਹੋਣਾ ਸ਼ੁਰੂ ਹੋਇਆ ਅਤੇ ਲੋਕਾਂ ਦਾ ਧਿਆਨ ਇਕ ਵਾਰ ਫਿਰ ਆਸ ਦੀ ਕਿਰਨ ਵਾਂਗ ਲਿਬਰਲ ਪਾਰਟੀ ਵੱਲ ਜਾਣ ਲੱਗ ਪਿਆ। 14 ਅਪ੍ਰੈਲ 2013 ਨੂੰ ਪਾਰਟੀ ਦੇ ਪ੍ਰਤੀਨਿਧਾਂ ਨੇ ਵੱਡੇ ਬਹੁਮਤ ਨਾਲ ਜਸਟਿਨ ਨੂੰ ਪਾਰਟੀ ਦਾ ਆਗੂ ਚੁਣ ਲਿਆ।
ਲੋਕਾਂ ਵਿਚ ਜਸਟਿਨ ਨੇ ਆਪਣੀ ਯੋਗਤਾ ਦਾ ਲੋਹਾ ਮੰਨਵਾ ਕੇ 2015 ਦੀਆਂ ਆਮ ਚੋਣਾਂ ਵਿਚ ਪਾਰਟੀ ਨੂੰ ਭਾਰੀ ਜਿੱਤ (338 ਵਿਚੋਂ 184 ਸੀਟਾਂ ਨਾਲ) ਦਿਵਾਈ ਸੀ। ਜਸਟਿਨ ਦੇ ਐਲਾਨਾਂ ਅਤੇ ਸੰਬੋਧਨਾਂ ਨੂੰ ਸੁਣ ਕੇ ਲੋਕਾਂ ਨੇ ਉਨ੍ਹਾਂ ਦੀ ਸੰਸਦ ਵਿਚ ਤੀਸਰੇ ਨੰਬਰ ਉੱਪਰ ਡਿੱਗੀ ਹੋਈ ਪਾਰਟੀ ਨੂੰ ਚੁੱਕ ਕੇ ਸਿੱਧਾ ਪਹਿਲੇ ਨੰਬਰ ਉੱਪਰ ਲਿਆ ਕੇ ਰਾਜਭਾਗ ਸੌਂਪ ਦਿੱਤਾ। ਚੋਣ ਮੁਹਿੰਮ ਵਿਚ ਕੰਜ਼ਰਵੇਟਿਵ ਪਾਰਟੀ ਦੇ ਸਟੀਫਨ ਹਾਰਪਰ ਅਤੇ ਨਿਊ ਡੈਮੋਕਰੇਟਿਕ ਪਾਰਟੀ (ਐਨ.ਡੀ.ਪੀ.) ਦੇ ਥਾਮਸ ਮੁਲਕੇਅਰ ਜਿਹੇ ਘਾਗ ਸਿਆਸਤਦਾਨਾਂ ਨਾਲ ਜਸਟਿਨ ਦਾ ਸਿੱਧਾ ਮੁਕਾਬਲਾ ਸੀ। ਜਸਟਿਨ ਉਨ੍ਹਾਂ ਵਿਚ ਸਭ ਤੋਂ ਛੋਟੀ ਉਮਰ ਦੇ ਸੀ। ਵਿਰੋਧੀ ਆਗੂ ਉਸ ਨੂੰ ਰਾਜਨੀਤੀ ਵਿਚ ਤਜਰਬਾਹੀਣ ਅਤੇ ਦੇਸ਼ ਦਾ ਪ੍ਰਧਾਨ ਮੰਤਰੀ ਬਣਨ ਦੇ ਕਾਬਲ ਨਾ ਹੋਣ ਵਾਲਾ ਵਿਅਕਤੀ ਦੱਸਦੇ ਹੁੰਦੇ ਸਨ। ਪਰ ਜਸਟਿਨ ਨੇ ਆਪਣੀ ਸੋਚ ਨੂੰ ਹਾਂ-ਪੱਖੀ ਰੱਖਿਆ। ਵਿਰੋਧੀਆਂ ਦੀਆਂ ਗੱਲਾਂ ਦੀ ਕਾਟ ਕਰਨ ਵੱਲ ਧਿਆਨ ਦੇਣ ਦੀ ਬਜਾਏ ਉਨ੍ਹਾਂ ਨੇ ਲੋਕਾਂ ਵਿਚ ਵਿਚਰ ਕੇ ਆਪਣੀ ਗੱਲ ਕੀਤੀ। ਲੋਕਾਂ ਨੂੰ ਸਮਝਾ ਦਿੱਤਾ ਕਿ ਉਹ ਦੇਸ਼ ਨੂੰ ਯੋਗ ਅਗਵਾਈ ਦੇ ਸਕਦੇ ਹਨ ਜਿਸ ਦਾ ਸਿੱਟਾ 19 ਅਕਤੂਬਰ 2015 ਨੂੰ ਆਏ ਚੋਣ ਨਤੀਜੇ ਦੇ ਰੂਪ ਵਿਚ ਸਾਰਿਆਂ ਦੇ ਸਾਹਮਣੇ ਸੀ। ਜਸਟਿਨ ਸਦਕਾ ਉਸ ਦੀ ਪਾਰਟੀ ਨੂੰ ਮਿਲੇ ਮਿਸਾਲੀ ਫ਼ਤਵੇ ਤੋਂ ਬਾਅਦ ਕੰਜ਼ਰਵੇਟਿਵ ਪਾਰਟੀ ਨੂੰ ਹਾਰਪਰ ਅਤੇ ਐਨ. ਡੀ. ਪੀ. ਨੂੰ ਮੁਲਕੇਅਰ ਅਲਵਿਦਾ ਆਖ ਕੇ ਸਰਗਰਮ ਰਾਜਨੀਤੀ ਛੱਡ ਚੁੱਕੇ ਹਨ।
2015 ਦੀ ਚੋਣ ਵਿਚ ਪਹਿਲੀ ਵਾਰੀ ਦੇਸ਼ ਵਿਚ ਡੇਢ ਦਰਜਨ ਦੇ ਕਰੀਬ ਪੰਜਾਬੀ ਮੂਲ ਦੇ ਸੰਸਦ ਮੈਂਬਰ ਵੀ ਚੁਣੇ ਗਏ। ਸ਼ਹਿਰੀ ਵੋਟਰਾਂ ਅਤੇ ਵਿਸ਼ੇਸ਼ ਕਰਕੇ ਇਮੀਗ੍ਰਾਂਟ ਭਾਈਚਾਰਿਆਂ ਦੇ ਵੋਟਰ ਡਟ ਕੇ ਲਿਬਰਲ ਪਾਰਟੀ ਦੇ ਹੱਕ ਵਿਚ ਭੁਗਤੇ ਸਨ। ਜਸਟਿਨ ਨੇ ਪੰਜਾਬੀ ਭਾਈਚਾਰੇ ਅਤੇ ਸਿੱਖ ਕੌਮ ਪ੍ਰਤੀ ਆਪਣੇ ਸਤਿਕਾਰ ਅਤੇ ਸੁਹਿਰਦਤਾ ਦਾ ਸਬੂਤ ਇਹ ਦਿੱਤਾ ਕਿ ਆਪਣੀ 35 ਮੈਂਬਰੀ ਕੈਬਨਿਟ ਵਿਚ ਚਾਰ ਮੰਤਰੀ (ਨਵਦੀਪ ਸਿੰਘ ਬੈਂਸ, ਹਰਜੀਤ ਸਿੰਘ ਸੱਜਣ, ਅਮਰਜੀਤ ਸੋਹੀ, ਜਗਦੀਸ਼ ਚੱਗਰ) ਬਣਾਏ। ਕੈਨੇਡਾ ਦੀ ਪਾਰਲੀਮੈਂਟ ਅਤੇ ਸਰਕਾਰ ਵਿਚ ਪੰਜਾਬੀਆਂ ਦੀ ਸਰਦਾਰੀ ਕਾਇਮ ਹੋਈ ਜਿਸ ਨਾਲ ਦੇਸ਼-ਵਿਦੇਸ਼ਾਂ ਵਿਚ ਪੰਜਾਬ, ਪੰਜਾਬੀ ਤੇ ਪੰਜਾਬੀਅਤ ਅਤੇ ਸਿੱਖੀ ਬਾਰੇ ਸਲਾਹੁਣਯੋਗ ਸੰਦੇਸ਼ ਗਿਆ।
ਚੇਤੇ ਰਹੇ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਸਰਕਾਰ ਬਣਨ ਤੋਂ ਬਾਅਦ 'ਫੈਮਿਲੀ ਕਲਾਸ' ਵਿਚ ਮਾਪਿਆਂ ਤੇ ਦਾਦੇ-ਦਾਦੀ ਤੇ ਨਾਨੇ-ਨਾਨੀ ਦਾ ਕੋਟਾ 5000 ਤੋਂ ਵਧਾ ਕੇ 10000 ਕਰ ਦਿੱਤਾ ਗਿਆ ਸੀ। ਅਰਜ਼ੀਆਂ ਦੇ ਨਿਪਟਾਰੇ ਵਿਚ ਤੇਜ਼ੀ ਲਿਆਂਦੀ ਗਈ ਤਾਂ ਕਿ ਪਰਿਵਾਰ ਜਲਦੀ ਇਕੱਠੇ ਹੋ ਸਕਣ। ਮਾਪਿਆਂ ਦੇ ਨਿਰਭਰ ਬੱਚਿਆਂ ਦੀ ਉਮਰ ਹੱਦ ਵੀ ਵਧਾਈ ਗਈ ਜਿਸ ਨਾਲ ਵੱਧ ਆਸ਼ਰਤ ਬੱਚੇ ਕੈਨੇਡਾ ਵਿਚ ਜਾ ਸਕਦੇ ਹਨ। ਕੈਨੇਡਾ ਦੀ ਨਾਗਰਿਕਤਾ ਲੈਣਾ ਆਸਾਨ ਕਰ ਦਿੱਤਾ ਗਿਆ ਹੈ। ਇੰਮੀਗ੍ਰੇਸ਼ਨ ਦੇ ਅਸੂਲ ਅਜਿਹੇ ਬਣਾ ਦਿੱਤੇ ਗਏ ਹਨ ਕਿ ਅਗਲੇ ਤਿੰਨ ਸਾਲਾਂ ਦੌਰਾਨ ਵਿਦੇਸ਼ਾਂ ਤੋਂ ਲਗਪਗ 10 ਲੱਖ ਵਿਦੇਸ਼ੀ ਕੈਨੇਡਾ ਵਿਚ ਜਾ ਸਕਣਗੇ।
ਪ੍ਰਧਾਨ ਮੰਤਰੀ ਵਜੋਂ ਜਸਟਿਨ ਟਰੂਡੋ ਦੀ ਪਹਿਲ ਦੇਸ਼ ਵਿਚ ਭਾਈਚਾਰਕ ਸਾਂਝ ਬਣਾ ਕੇ ਰੱਖਣ ਦੀ ਰਹੀ ਹੈ। ਉਹ ਸਰਬੱਤ ਦੇ ਭਲੇ ਵਾਸਤੇ ਸਰਗਰਮੀ ਕਰਨ ਲਈ ਯਤਨਸ਼ੀਲ ਹਨ। ਬੀਤੇ ਸਮਿਆਂ ਦੇ ਵਿਤਕਰੇ ਭਰਪੂਰ ਕਾਲੇ ਕਾਨੂੰਨਾਂ ਦੀ ਆੜ ਵਿਚ ਘੱਟ-ਗਿਣਤੀਆਂ ਅਤੇ ਆਦੀਵਾਸੀ ਭਾਈਚਾਰਿਆਂ ਨਾਲ ਹੁੰਦੀਆਂ ਰਹੀਆਂ ਬੇਇਨਸਾਫ਼ੀਆਂ ਦੂਰ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਸਿੱਖ ਕੌਮ ਦੀ ਸੰਤੁਸ਼ਟੀ ਲਈ 100 ਕੁ ਸਾਲ ਪਹਿਲਾਂ ਵਾਪਰੇ ਕਾਮਾਗਾਟਾਮਾਰੂ ਕਾਂਡ ਦੀ ਮੁਆਫ਼ੀ ਕੈਨੇਡਾ ਦੀ ਪਾਰਲੀਮੈਂਟ ਵਿਚ ਮੰਗੀ। ਮੁਸਲਿਮ ਭਾਈਚਾਰੇ ਦੇ ਲੋਕਾਂ ਨੂੰ ਗਲ ਨਾਲ ਲਗਾਉਣ ਲਈ ਸੀਰੀਆ ਵਿਚ ਜ਼ੁਲਮ ਦਾ ਸ਼ਿਕਾਰ ਹੋਏ ਸ਼ਰਨਾਰਥੀਆਂ ਨੂੰ ਦੇਸ਼ ਵਿਚ ਆਉਣ ਦਾ ਮੌਕਾ ਦਿੱਤਾ। ਕੈਨੇਡਾ ਵਿਚ ਪੁੱਜ ਕੇ ਸ਼ਰਨ ਮੰਗਣ ਵਾਲ਼ੇ ਵਿਅਕਤੀ ਨੂੰ ਉਸ ਦੀ ਗੱਲ ਸੁਣੇ ਬਿਨਾਂ ਮੋੜੇ ਜਾਣ ਦੇ ਰੁਝਾਨ ਨੂੰ ਨੱਕਾ ਲਗਾਇਆ। ਹੁਣ ਸ਼ਰਨ ਲਈ ਦਰਖ਼ਾਸਤ ਦੇਣ ਵਾਲੇ ਹਰੇਕ ਵਿਅਕਤੀ ਦੀ ਇਮੀਗ੍ਰੇਸ਼ਨ ਐਂਡ ਰਫਿਊਜੀ ਬੋਰਡ (ਆਈ.ਆਰ.ਬੀ.) ਦੇ ਅਧਿਕਾਰੀਆਂ ਨੂੰ ਸੁਣਵਾਈ ਕਰਨੀ ਪੈਂਦੀ ਹੈ। ਕੈਨੇਡਾ ਸਰਕਾਰ ਵਿਚ ਸਿੱਖ ਆਗੂਆਂ ਦੀ ਕਾਮਯਾਬੀ ਅਤੇ ਸਿੱਖਾਂ ਦੇ ਕਕਾਰਾਂ ਪ੍ਰਤੀ ਸਤਿਕਾਰ ਦੀ 27 ਨਵੰਬਰ 2017 ਨੂੰ ਇਕ ਵਿਲੱਖਣ ਉਦਾਹਰਣ ਮਿਲੀ ਸੀ ਜਦੋਂ ਸਿੱਖਾਂ ਨੂੰ ਸ੍ਰੀ ਸਾਹਿਬ ਪਹਿਨ ਕੇ ਹਵਾਈ ਜਹਾਜ਼ਾਂ ਦੀਆਂ ਘਰੇਲੂ ਉਡਾਣਾਂ ਵਿਚ ਸਫਰ ਕਰਨ ਦੀ ਖੁਲ੍ਹ ਦੇ ਦਿੱਤੀ ਗਈ। ਇਸ ਬਾਰੇ ਸ: ਬੈਂਸ ਨੇ ਦੱਸਿਆ ਸੀ ਕਿ ਸ੍ਰੀ ਸਾਹਿਬ ਦਾ ਅਕਾਰ ਛੇ ਇੰਚ ਤੋਂ ਛੋਟਾ ਹੋਣਾ ਚਾਹੀਦਾ ਹੈ ਅਤੇ ਵਸਤਰਾਂ ਦੇ ਹੇਠਾਂ ਪਹਿਨਣਾ ਜ਼ਰੂਰੀ ਹੈ। ਜਸਟਿਨ ਟਰੂਡੋ ਅੱਜ ਆਪਣੇ ਡੈਲੀਗੇਸ਼ਨ ਨਾਲ ਭਾਰਤ ਵਿਚ ਹਨ। ਉਨ੍ਹਾਂ ਨਾਲ ਪ੍ਰਭਾਵਸ਼ਾਲੀ ਵਪਾਰਕ ਅਤੇ ਕਾਰੋਬਾਰੀ ਆਗੂਆਂ ਦਾ ਡੈਲੀਗੇਸ਼ਨ ਪੁੱਜਾ ਹੋਇਆ ਹੈ। ਸਾਰੇ ਸਿੱਖ ਮੰਤਰੀ ਅਤੇ ਸੰਸਦ ਮੈਂਬਰ ਨਾਲ ਆਏ ਹਨ। ਕੁਝ ਚੋਣਵੇਂ ਪੱਤਰਕਾਰ ਵੀ ਉਨ੍ਹਾਂ ਦੇ ਨਾਲ ਆਏ ਹਨ। ਇਨ੍ਹਾਂ ਸਤਰਾਂ ਦੇ ਲੇਖਕ ਨੂੰ ਵੀ ਉਨ੍ਹਾਂ ਨਾਲ ਕਦਮ ਨਾਲ ਕਦਮ ਮਿਲਾ ਕੇ ਚੱਲਣ ਦਾ ਮੌਕਾ ਮਿਲਿਆ ਹੈ। ਆਪਣੀ ਇਸ 8 ਦਿਨਾ ਸਰਕਾਰੀ ਫੇਰੀ ਦੌਰਾਨ ਸ੍ਰੀ ਟਰੂਡੋ ਵਲੋਂ ਜਿੱਥੇ ਭਾਰਤ ਸਰਕਾਰ ਦੇ ਸਹਿਯੋਗ ਨਾਲ ਦੋਵਾਂ ਦੇਸ਼ਾਂ ਦੇ ਕਾਰੋਬਾਰੀ ਰਿਸ਼ਤਿਆਂ ਬਾਰੇ ਪਹਿਲ ਕਦਮੀਆਂ ਕੀਤੀਆਂ ਜਾ ਰਹੀਆਂ ਹਨ ਉਥੇ ਕੈਨੇਡਾ ਅਤੇ ਭਾਰਤ ਦੇ ਲੋਕਾਂ (ਖ਼ਾਸ ਕਰਕੇ ਨੌਜਵਾਨਾਂ) ਵਿਚਕਾਰ ਸਾਂਝ ਵਧਾਉਣ ਵਲ ਵੀ ਧਿਆਨ ਦਿੱਤਾ ਜਾ ਰਿਹਾ ਹੈ। 24 ਫਰਵਰੀ ਨੂੰ ਕੈਨੇਡਾ ਵਾਪਸੀ ਤੋਂ ਪਹਿਲਾਂ ਉਨ੍ਹਾਂ ਨੇ ਦਿੱਲੀ ਵਿਚ ਵੱਖ-ਵੱਖ ਖੇਤਰਾਂ ਤੋਂ ਕਿੱਤਾਮੁੱਖੀ ਅਤੇ ਸਿੱਖਿਅਤ ਨੌਜਵਾਨ ਲੜਕੇ ਅਤੇ ਲੜਕੀਆਂ ਨਾਲ ਇਕ ਖਾਸ ਮਿਲਣੀ ਕਰਨੀ ਹੈ। ਇਸ ਫੇਰੀ ਦੌਰਾਨ ਉਹ ਸਾਰੇ ਧਰਮਾਂ ਦੇ ਧਾਰਮਿਕ ਅਸਥਾਨਾਂ (ਮੰਦਿਰ, ਮਸਜਿਦ, ਗੁਰਦੁਆਰੇ ਅਤੇ ਚਰਚ) ਵਿਚ ਨਤਮਸਤਕ ਹੋਣਗੇ ਜਿਸ ਵਿਚ 21 ਫਰਵਰੀ ਨੂੰ ਅੰਮ੍ਰਿਤਸਰ ਵਿਖੇ ਪਵਿੱਤਰ ਸ੍ਰੀ ਹਰਿਮੰਦਰ ਸਾਹਿਬ ਦੀ ਫੇਰੀ ਵੀ ਸ਼ਾਮਿਲ ਹੈ।
ਸਾਨੂੰ ਲੱਗਦਾ ਹੈ ਅਜੋਕੇ ਸਮੇਂ ਦੇ ਰਾਜਸੀ ਆਗੂਆਂ ਲਈ ਜਸਟਿਨ ਟਰੂਡੋ ਇਕ ਚਾਨਣ ਮੁਨਾਰਾ ਆਗੂ ਹੋ ਸਕਦੇ ਹਨ ਜੋ ਹਿੱਕ ਠੋਕ ਕੇ ਆਪਣੀ ਗੱਲ ਠੋਸੀ ਜਾਣ ਨਾਲੋਂ ਹਰੇਕ ਦੀ ਗੱਲ ਸੁਣਨ ਅਤੇ ਮੰਨਣ ਨੂੰ ਪਹਿਲ ਦਿੰਦੇ ਹਨ। ਕੈਨੇਡਾ ਵਿਚ ਅਜਿਹੇ ਸਹਿਣਸ਼ੀਲ ਪ੍ਰਧਾਨ ਮੰਤਰੀ ਅਤੇ ਪ੍ਰਭਾਵਸ਼ਾਲੀ ਸਿੱਖ ਮੰਤਰੀ ਹੋਣ ਦੇ ਬਾਵਜੂਦ ਕੈਨੇਡਾ ਅਤੇ ਪੰਜਾਬ ਵਿਚਕਾਰ ਦੂਰੀਆਂ ਵਧਣ ਦਾ ਸੰਸਾਰ ਭਰ ਵਿਚ ਵੱਸਦੇ ਪੰਜਾਬੀਆਂ ਦੇ ਮਨਾਂ ਵਿਚ ਰੋਸ ਜ਼ਰੂਰ ਹੈ। ਸਾਡੀ ਜਾਣਕਾਰੀ ਮੁਤਾਬਿਕ ਕੈਨੇਡਾ ਅਤੇ ਪੰਜਾਬ ਵਿਚਕਾਰ ਨੇੜਤਾ ਅਤੇ ਦੁਵੱਲੇ ਸਹਿਯੋਗ ਦੀਆਂ ਸੰਭਾਵਨਾਵਾਂ ਤਾਂ ਬਹੁਤ ਹਨ ਪਰ ਇਸ ਮਾਮਲੇ ਵਿਚ ਪੰਜਾਬ ਸਰਕਾਰ ਤੇ ਵਿਸ਼ੇਸ਼ ਕਰਕੇ ਮੁੱਖ ਮੰਤਰੀ ਕੈਪ: ਅਮਰਿੰਦਰ ਸਿੰਘ ਵਲੋਂ ਸਰਕਾਰੀ ਪੱਧਰ 'ਤੇ ਸਹਿਯੋਗ ਨਾ ਮਿਲਣਾ ਮੰਦਭਾਗਾ ਹੈ। ਅਜੋਕੇ ਦੌਰ ਵਿਚ ਕੈਨੇਡਾ ਦੀ ਪੰਜਾਬ ਨੂੰ ਓਨੀ ਜ਼ਰੂਰਤ ਨਹੀਂ ਪਰ ਕੈਨੇਡਾ ਨਾਲ ਦੋਸਤੀ ਦਾ ਪੰਜਾਬ ਨੂੰ ਹਰੇਕ ਪੱਖ ਤੋਂ ਲਾਭ ਹੀ ਹੋ ਸਕਦਾ ਹੈ। ਅੱਜ ਬੀਤੇ ਨੂੰ ਭੁਲਾ ਕੇ ਲੋੜ ਇਸ ਤੋਂ ਅੱਗੇ ਚੱਲਣ ਦੀ ਸੀ। ਕਾਫ਼ੀ ਸਮਾਂ ਵਿਅਰਥ ਗਵਾ ਲਿਆ ਗਿਆ ਹੈ ਪਰ ਅਜੇ ਵੀ ਲੱਗਦਾ ਤਾਂ ਇਹ ਹੈ ਕਿ ਜੇਕਰ ਕੈਨੇਡਾ ਸਰਕਾਰ ਦੇ ਨਾਲ-ਨਾਲ ਪੰਜਾਬ ਸਰਕਾਰ ਵੀ ਖੁਲ੍ਹਦਿਲੀ ਨਾਲ ਆਪਣੀਆਂ ਬਾਹਾਂ ਖੋਲ੍ਹੇ ਤਾਂ ਅਜੇ ਵੀ ਡੁੱਲ੍ਹੇ ਬੇਰ ਚੁਗੇ ਜਾ ਸਕਦੇ ਹਨ ਤਾਂ ਕਿ ਕੈਨੇਡਾ ਅਤੇ ਪੰਜਾਬ ਦੇ ਰਿਸ਼ਤੇ ਨੇੜਤਾ ਦੇ ਇਕ ਨਵੇਂ ਦੌਰ ਵਿਚ ਦਾਖਲ ਹੋ ਸਕਣ।


-ਫੋਨ: +14168953784
nadala.nadala@gmail.com

ਇਕ ਬਲਦੀ ਮਸ਼ਾਲ ਦੀ ਤਰ੍ਹਾਂ ਸੀ ਅਸਮਾ

ਐਤਵਾਰ 11 ਫਰਵਰੀ ਨੂੰ ਅੰਮ੍ਰਿਤਸਰ ਤੋਂ ਭਾਰਤ-ਪਾਕਿਸਤਾਨ ਅਮਨ ਲਹਿਰ ਦੇ ਮੇਰੇ ਇਕ ਸਾਥੀ ਰਮੇਸ਼ ਯਾਦਵ ਨੇ ਫੋਨ 'ਤੇ ਮੈਨੂੰ ਦੱਸਿਆ ਕਿ ਅਸਮਾ ਜਹਾਂਗੀਰ ਨਹੀਂ ਰਹੀ। ਉਸ ਦੇ ਇਨ੍ਹਾਂ ਸ਼ਬਦਾਂ ਨਾਲ ਮੈਂ ਇਕਦਮ ਹੈਰਾਨ ਜਿਹਾ ਹੋ ਗਿਆ। ਕੁਝ ਇਸ ਤਰ੍ਹਾਂ ਦਾ ਅਹਿਸਾਸ ਹੋਇਆ ਜਿਵੇਂ ਕੋਈ ਆਪਣੇ ਹੀ ਪਰਿਵਾਰ ਦਾ ਜੀਅ ਵਿਛੜ ਗਿਆ ਹੋਵੇ। ਮੈਂ ਲਾਹੌਰ ਵਿਚ ਸਾਫਮਾ ਦੇ ਸਕੱਤਰ ਜਨਰਲ ਇਮਤਿਆਜ਼ ਆਲਮ ਨਾਲ ਗੱਲ ਕਰਕੇ ਇਸ ਖ਼ਬਰ ਦੀ ਪੜਤਾਲ ਕਰਨ ਦੀ ਕੋਸ਼ਿਸ਼ ਕੀਤੀ। ਉਸ ਦੇ ਬੋਲ ਸਨ, 'ਹਾਂ, ਅਸਮਾ ਨਹੀਂ ਰਹੀ, ਸਾਡਾ ਤਾਂ ਲੱਕ ਹੀ ਟੁੱਟ ਗਿਆ। ਉਹ ਮਨੁੱਖੀ ਅਧਿਕਾਰਾਂ ਲਈ ਲੜਦੀ ਸੀ, ਘੱਟ-ਗਿਣਤੀਆਂ ਲਈ ਲੜਦੀ ਸੀ, ਤਾਨਾਸ਼ਾਹੀ ਵਿਰੁੱਧ ਲੜਦੀ ਸੀ, ਜਮਹੂਰੀਅਤ ਲਈ ਲੜਦੀ ਸੀ, ਜੰਗ ਦਾ ਵਿਰੋਧ ਕਰਦੀ ਸੀ, ਹਿੰਦ-ਪਾਕਿ ਦੋਸਤੀ ਲਈ ਖੜ੍ਹੀ ਹੁੰਦੀ ਸੀ, ਉਹ ਕੀ ਨਹੀਂ ਕਰਦੀ ਸੀ?' ਇਕੋ ਸਾਹੇ ਇਮਤਿਆਜ਼ ਆਲਮ ਨੇ ਅਸਮਾ ਜਹਾਂਗੀਰ ਦੀ ਸ਼ਖ਼ਸੀਅਤ ਦੇ ਸਾਰੇ ਪਹਿਲੂਆਂ 'ਤੇ ਰੌਸ਼ਨੀ ਪਾ ਦਿੱਤੀ। ਉਹ ਬਹੁਤ ਭਾਵੁਕ ਸੀ। ਇਸ ਲਈ ਮੈਂ ਜ਼ਿਆਦਾ ਗੱਲ ਕਰਨੀ ਠੀਕ ਨਹੀਂ ਸਮਝੀ।
ਇਸ ਖ਼ਬਰ ਨਾਲ ਅਸਮਾ ਜਹਾਂਗੀਰ ਨਾਲ ਸਬੰਧਿਤ ਯਾਦਾਂ ਮੇਰੇ ਮਨ-ਮਸਤਕ ਵਿਚ ਫ਼ਿਲਮ ਦੀ ਤਰ੍ਹਾਂ ਘੁੰਮਣ ਲੱਗ ਪਈਆਂ। 1996 ਵਿਚ ਪ੍ਰਸਿੱਧ ਪੱਤਰਕਾਰ ਕੁਲਦੀਪ ਨਈਅਰ ਦੇ ਮਨ ਵਿਚ ਇਹ ਵਿਚਾਰ ਆਇਆ ਕਿ ਹਰ ਸਾਲ 14-15 ਅਗਸਤ ਦੀ ਰਾਤ ਨੂੰ ਵਾਹਗੇ ਦੀ ਸਰਹੱਦ 'ਤੇ ਜਾ ਕੇ ਆਪਾਂ ਮੋਮਬੱਤੀਆਂ ਬਾਲ ਕੇ ਦੋਵਾਂ ਦੇਸ਼ਾਂ ਨੂੰ ਅਮਨ ਤੇ ਦੋਸਤੀ ਦਾ ਪੈਗਾਮ ਦੇਣ ਦੀ ਕੋਸ਼ਿਸ਼ ਕਰੀਏ। ਇਸ ਮਕਸਦ ਲਈ ਉਹ 14 ਅਗਸਤ, 1996 ਨੂੰ ਨਵੀਂ ਦਿੱਲੀ ਤੋਂ ਆਪਣੇ ਨਾਲ 'ਮੇਨਸਟ੍ਰੀਮ' ਦੇ ਸੰਪਾਦਕ ਨਿਖਿਲ ਚੱਕਰਵਰਤੀ, ਉੱਘੇ ਪੱਤਰਕਾਰ ਵਿਨੋਦ ਮਹਿਤਾ, ਰਾਜਿੰਦਰ ਸੱਚਰ, ਸਹਿਮਤ ਗਰੁੱਪ ਦੇ ਕਲਾਕਾਰਾਂ ਸਮੇਤ ਕੁਝ ਅਹਿਮ ਸ਼ਖ਼ਸੀਅਤਾਂ ਨੂੰ ਨਾਲ ਲੈ ਕੇ ਅੰਮ੍ਰਿਤਸਰ ਪੁੱਜੇ ਅਤੇ ਪਹਿਲੀ ਵਾਰ ਰਾਤ 12 ਵਜੇ ਸਰਹੱਦ 'ਤੇ ਮੋਮਬੱਤੀਆਂ ਜਗਾ ਕੇ ਅਮਨ ਦਾ ਸੰਦੇਸ਼ ਦਿੱਤਾ ਗਿਆ। ਕੁਝ ਸਾਲਾਂ ਤੱਕ ਇਹ ਸਿਲਸਿਲਾ ਇਸੇ ਤਰ੍ਹਾਂ ਚੱਲਿਆ। ਪਾਕਿਸਤਾਨ ਵਾਲੇ ਪਾਸੇ ਤੋਂ ਰਾਤ 12 ਵਜੇ ਸਰਹੱਦ 'ਤੇ ਮੋਮਬੱਤੀਆਂ ਜਗਾਉਣ ਲਈ ਕੋਈ ਵੀ ਨਹੀਂ ਸੀ ਪੁੱਜਦਾ। ਭਾਰਤ ਵਿਚ ਅਤੇ ਖ਼ਾਸ ਕਰਕੇ ਪੰਜਾਬ ਵਿਚ ਕੁਝ ਲੋਕਾਂ ਨੇ ਸਾਨੂੰ ਮਿਹਣੇ ਮਾਰਨੇ ਸ਼ੁਰੂ ਕਰ ਦਿੱਤੇ ਕਿ ਪਾਕਿਸਤਾਨ ਵਾਲੇ ਪਾਸੇ ਤੋਂ ਤਾਂ ਤੁਹਾਡੇ ਨਾਲ ਕੋਈ ਵੀ ਨਹੀਂ ਹੈ, ਤੁਸੀਂ ਇਕਪਾਸੜ ਤੌਰ 'ਤੇ ਸਰਹੱਦ 'ਤੇ ਮੋਮਬੱਤੀਆਂ ਜਗਾ ਕੇ ਦੇਸ਼ ਦਾ ਅਪਮਾਨ ਕਰਵਾ ਰਹੇ ਹੋ। ਇਹ ਗੱਲ ਮੈਂ ਤੇ ਮੇਰੇ ਸਾਥੀਆਂ ਨੇ ਕੁਲਦੀਪ ਨਈਅਰ ਕੋਲ ਉਠਾਈ। ਉਨ੍ਹਾਂ ਨੇ ਸਾਨੂੰ ਆਖਿਆ ਕਿ ਤੁਸੀਂ ਫ਼ਿਕਰ ਨਾ ਕਰੋ। ਪਾਕਿਸਤਾਨ ਵਿਚ ਵੀ ਬਹੁਤ ਸਾਰੇ ਬੁੱਧੀਜੀਵੀ ਅਤੇ ਹੋਰ ਲੋਕ ਸਾਡੇ ਖਿਆਲਾਂ ਦੇ ਹਨ। ਅਸੀਂ ਉਨ੍ਹਾਂ ਤੱਕ ਪਹੁੰਚ ਕਰਾਂਗੇ। ਉਹ ਜ਼ਰੂਰ ਪਾਕਿਸਤਾਨ ਵਾਲੇ ਪਾਸੇ ਤੋਂ ਮੋਮਬੱਤੀਆਂ ਜਗਾਉਣ ਲਈ ਕੋਈ ਨਾ ਕੋਈ ਪ੍ਰੋਗਰਾਮ ਬਣਾਉਣਗੇ। ਕੁਲਦੀਪ ਨਈਅਰ ਨੇ ਇਸ ਸਬੰਧ ਵਿਚ ਅਸਮਾ ਜਹਾਂਗੀਰ, ਡਾ: ਮੁਬੱਸਰ ਹੁਸੈਨ ਅਤੇ ਫ਼ੈਜ਼ ਅਹਿਮਦ ਫ਼ੈਜ਼ ਦੀ ਲੜਕੀ ਸਲੀਮਾ ਹਾਸ਼ਮੀ ਨਾਲ ਗੱਲ ਕੀਤੀ। ਉਨ੍ਹਾਂ ਨੇ ਕਿਹਾ ਕਿ ਅਜੇ ਸਾਡੇ ਲਈ ਰਾਤ 12 ਵਜੇ ਮੋਮਬੱਤੀਆਂ ਜਗਾਉਣ ਲਈ ਲੋਕਾਂ ਨੂੰ ਲਾਮਬੰਦ ਕਰਕੇ ਲਿਆਉਣਾ ਤਾਂ ਸ਼ਾਇਦ ਸੰਭਵ ਨਾ ਹੋ ਸਕੇ ਕਿਉਂਕਿ ਪਾਕਿਸਤਾਨ ਵਿਚ ਇਹ ਬਿਲਕੁਲ ਨਵਾਂ ਵਿਚਾਰ ਹੈ ਤੇ ਜਿਸ ਤਰ੍ਹਾਂ ਦੇ ਦੋਵਾਂ ਦੇਸ਼ਾਂ ਦਰਮਿਆਨ ਟਕਰਾਅ ਤੇ ਤਣਾਅ ਭਰੇ ਸਬੰਧ ਹਨ, ਉਸ ਵਿਚ ਇਸ ਵਿਚਾਰ ਦੀ ਇਧਰ ਤਿੱਖੀ ਵਿਰੋਧਤਾ ਵੀ ਹੋਵੇਗੀ ਤੇ ਇਸ ਮਕਸਦ ਲਈ ਬਾਕਾਇਦਾ ਸਾਨੂੰ ਹਰ ਵਾਰ ਸਰਕਾਰ ਤੋਂ ਮਨਜ਼ੂਰੀ ਵੀ ਲੈਣੀ ਪਿਆ ਕਰੇਗੀ। ਹਾਂ, ਅਸੀਂ ਅਜਿਹਾ ਕਰ ਸਕਦੇ ਹਾਂ ਕਿ ਰੀਟ੍ਰੀਟ ਸੇਰੇਮਨੀ (ਝੰਡਾ ਉਤਾਰਨ ਦੀ ਰਸਮ) ਵੇਲੇ ਆਪਣੇ ਕੁਝ ਸਾਥੀਆਂ ਨੂੰ ਲਿਆ ਸਕਦੇ ਹਾਂ ਤੇ ਜੇ ਸੰਭਵ ਹੋਵੇ ਇਕ-ਦੂਜੇ ਨੂੰ ਮਿਲ ਸਕਦੇ ਹਾਂ, ਇਕ-ਦੂਜੇ ਵੱਲ ਦੋਸਤੀ ਲਈ ਹੱਥ ਵੀ ਹਿਲਾਏ ਜਾ ਸਕਦੇ ਹਨ। ਅਸੀਂ ਉਨ੍ਹਾਂ ਨੂੰ ਕਿਹਾ ਕਿ ਫਿਲਹਾਲ ਤੁਸੀਂ ਏਨਾ ਹੀ ਕਰੋ ਕਿ ਰੀਟ੍ਰੀਟ ਵੇਲੇ ਆਪਣੇ ਵੱਧ ਤੋਂ ਵੱਧ ਸਾਥੀਆਂ ਨੂੰ ਨਾਲ ਲਿਆਉ ਤੇ ਘੱਟੋ-ਘੱਟ ਅਸੀਂ ਇਕ-ਦੂਜੇ ਨੂੰ ਮਿਲ ਸਕੀਏ ਤੇ ਇਕ-ਦੂਜੇ ਪ੍ਰਤੀ ਦੋਸਤੀ ਅਤੇ ਸਦਭਾਵਨਾ ਦਾ ਪ੍ਰਗਟਾਵਾ ਕਰ ਸਕੀਏ। ਫਿਰ ਕੁਝ ਸਾਲਾਂ ਤੱਕ ਅਜਿਹਾ ਹੀ ਸਿਲਸਿਲਾ ਚਲਦਾ ਰਿਹਾ। ਰੀਟ੍ਰੀਟ ਸੇਰੇਮਨੀ ਸਮੇਂ ਡਾ: ਮੁਬੱਸਰ ਹੁਸੈਨ, ਅਸਮਾ ਜਹਾਂਗੀਰ ਅਤੇ ਸਲੀਮਾ ਹਾਸ਼ਮੀ ਨੇ ਆਪਣੇ ਸਾਥੀਆਂ ਨਾਲ ਆਉਣਾ ਸ਼ੁਰੂ ਕਰ ਦਿੱਤਾ। ਇਕ ਵਾਰ ਰੀਟ੍ਰੀਟ ਦੀ ਰਸਮ ਸਮੇਂ ਭਾਰਤ-ਪਾਕਿ ਸਰਹੱਦ 'ਤੇ ਬਣੀ ਇਕ ਬੁਰਜੀ ਨੇੜੇ ਕੁਲਦੀਪ ਨਈਅਰ, ਗੁਲਜ਼ਾਰ ਸਾਹਿਬ, ਰਾਜ ਬੱਬਰ ਅਤੇ ਮੇਰੇ ਸਮੇਤ ਕੁਝ ਸਾਡੇ ਸਾਥੀ ਖੜ੍ਹੇ ਸਨ। ਦੂਜੇ ਪਾਸੇ ਤੋਂ ਡਾ: ਮੁਬੱਸਰ ਹੁਸੈਨ, ਸਲੀਮਾ ਹਾਸ਼ਮੀ ਅਤੇ ਪਾਕਿਸਤਾਨ ਦੀ ਪ੍ਰਸਿੱਧ ਨਾਟਕਕਾਰਾ ਮਦੀਹਾ ਗੌਹਰ ਅਤੇ ਉਨ੍ਹਾਂ ਦਾ ਛੋਟਾ ਜਿਹਾ ਲੜਕਾ ਨਿਰਵਾਣ ਨਦੀਮ ਸਾਡੇ ਵੱਲ ਆ ਗਏ ਅਤੇ ਮਦੀਹਾ ਗੌਹਰ ਦੇ ਲੜਕੇ ਨੇ ਗੁਲਜ਼ਾਰ ਸਾਹਿਬ ਨੂੰ ਆਟੋਗ੍ਰਾਫ਼ ਦੇਣ ਲਈ ਕਿਹਾ ਤੇ ਗੁਲਜ਼ਾਰ ਸਾਹਿਬ ਨੇ ਬੁਰਜੀ ਦੇ ਉੱਪਰ ਕਾਗਜ਼ ਰੱਖ ਕੇ ਆਪਣੇ ਦਸਤਖ਼ਤ ਕਰਨੇ ਸ਼ੁਰੂ ਕਰ ਦਿੱਤੇ। ਏਨੇ ਨੂੰ ਹੋਰ ਵੀ ਪਾਕਿਸਤਾਨੀ ਨਾਗਰਿਕ ਗੁਲਜ਼ਾਰ ਸਾਹਿਬ ਅਤੇ ਰਾਜ ਬੱਬਰ ਨੂੰ ਦੇਖ ਕੇ ਇਕੱਠੇ ਹੋ ਗਏ। ਦੇਖਦਿਆਂ ਹੀ ਦੇਖਦਿਆਂ ਹਿੰਦ-ਪਾਕਿਸਤਾਨ ਦੋਸਤੀ ਦੇ ਨਾਅਰੇ ਗੂੰਜਣ ਲੱਗ ਪਏ। ਦੋ-ਤਿੰਨ ਪਾਕਿਸਤਾਨੀ ਰੇਂਜਰ ਆਪਣੇ ਘੋੜੇ ਭਜਾਉਂਦੇ ਉਸ ਪਾਸੇ ਆ ਗਏ ਤੇ ਉਨ੍ਹਾਂ ਨੇ ਧੱਕੇ ਮਾਰ ਕੇ ਅਤੇ ਲਾਠੀਆਂ ਚਲਾ ਕੇ ਪਾਕਿਸਤਾਨੀ ਨਾਗਰਿਕਾਂ ਨੂੰ ਪਿੱਛੇ ਹਟਾਉਣਾ ਸ਼ੁਰੂ ਕਰ ਦਿੱਤਾ। ਸਾਨੂੰ ਵੀ ਬੀ.ਐਸ.ਐਫ. ਦੇ ਜਵਾਨਾਂ ਨੇ ਪਿੱਛੇ ਹਟਣ ਦਾ ਆਦੇਸ਼ ਦਿੱਤਾ। ਇਸੇ ਧੱਕਾ-ਮੁੱਕੀ ਵਿਚ ਮਦੀਹਾ ਗੌਹਰ ਜ਼ਮੀਨ 'ਤੇ ਡਿੱਗ ਪਈ ਅਤੇ ਉੱਪਰੋਂ ਰੇਂਜਰਾਂ ਨੇ ਫਿਰ ਵੀ ਉਨ੍ਹਾਂ ਦੇ ਲਾਠੀਆਂ ਮਾਰਨੀਆਂ ਜਾਰੀ ਰੱਖੀਆਂ। ਸਾਨੂੰ ਇਹ ਘਟਨਾ ਬੇਹੱਦ ਬੁਰੀ ਲੱਗੀ। ਫਿਰ ਅਸੀਂ ਸੋਚਿਆ ਕਿ ਸਰਕਾਰਾਂ ਤੱਕ ਪਹੁੰਚ ਕਰਕੇ ਹਿੰਦ-ਪਾਕਿ ਦੋਸਤੀ ਮੇਲੇ ਲਈ ਵੀਜ਼ੇ ਹਾਸਲ ਕੀਤੇ ਜਾਣ। 14-15 ਅਗਸਤ ਨੂੰ ਕੁਝ ਲੋਕਾਂ ਦਾ ਵਫ਼ਦ ਭਾਰਤ ਤੋਂ ਲਾਹੌਰ ਜਾਵੇ ਅਤੇ ਪਾਕਿਸਤਾਨ ਤੋਂ ਕੁਝ ਲੋਕਾਂ ਦਾ ਵਫ਼ਦ ਵੀਜ਼ੇ ਲੈ ਕੇ ਅੰਮ੍ਰਿਤਸਰ ਆਵੇ ਤੇ ਇਸ ਤਰ੍ਹਾਂ ਅਮਨ ਅਤੇ ਦੋਸਤੀ ਦਾ ਪੈਗਾਮ ਦੇਣ ਲਈ ਬਿਹਤਰ ਢੰਗ ਨਾਲ ਕੰਮ ਕੀਤਾ ਜਾ ਸਕਦਾ ਹੈ। ਹਿੰਦ-ਪਾਕਿ ਦੋਸਤੀ ਮੇਲੇ ਤੋਂ ਪਾਕਿਸਤਾਨ ਤੋਂ ਜਿਨ੍ਹਾਂ ਲੋਕਾਂ ਨੂੰ ਬੁਲਾਉਣ ਲਈ ਅਸੀਂ ਸਭ ਤੋਂ ਪਹਿਲਾਂ ਸੱਦਾ ਦਿੱਤਾ, ਉਨ੍ਹਾਂ ਵਿਚ ਸੁਭਾਵਿਕ ਤੌਰ 'ਤੇ ਅਸਮਾ ਜਹਾਂਗੀਰ ਵੀ ਸ਼ਾਮਿਲ ਸੀ। ਕਈ ਸਾਲਾਂ ਤੱਕ ਉਹ ਲਗਾਤਾਰ ਅੰਮ੍ਰਿਤਸਰ ਆ ਕੇ ਸਾਡੇ ਸੈਮੀਨਾਰਾਂ ਅਤੇ ਸਰਹੱਦ 'ਤੇ ਮੋਮਬੱਤੀਆਂ ਜਗਾਉਣ ਦੀ ਸਰਗਰਮੀ ਵਿਚ ਸ਼ਿਰਕਤ ਕਰਦੀ ਰਹੀ। ਉਹ ਸਰਬਉੱਚ ਅਦਾਲਤ ਦੀ ਬਹੁਤ ਹੀ ਰੁੱਝੀ ਹੋਈ ਵਕੀਲ ਸੀ। ਮਨੁੱਖੀ ਅਧਿਕਾਰ ਕਮਿਸ਼ਨ ਪਾਕਿਸਤਾਨ ਦੇ ਬਾਨੀਆਂ ਵਿਚੋਂ ਸੀ। ਔਰਤਾਂ ਤੇ ਘੱਟ-ਗਿਣਤੀਆਂ ਦੇ ਹੱਕਾਂ-ਹਿਤਾਂ ਲਈ ਹਮੇਸ਼ਾ ਯਤਨਸ਼ੀਲ ਰਹਿੰਦੀ ਸੀ। ਉਸ ਦੀ ਜ਼ਿੰਦਗੀ ਬੇਹੱਦ ਰੁਝੇਵਿਆਂ ਭਰੀ ਸੀ। ਪਰ ਇਸ ਦੇ ਬਾਵਜੂਦ ਜਦੋਂ ਵੀ ਸਾਡੇ ਵਲੋਂ ਉਸ ਨੂੰ ਅੰਮ੍ਰਿਤਸਰ ਆਉਣ ਲਈ ਆਖਿਆ ਜਾਂਦਾ ਸੀ ਤਾਂ ਉਸ ਦੀ ਪੂਰੀ ਕੋਸ਼ਿਸ਼ ਹੁੰਦੀ ਸੀ ਕਿ ਉਹ ਅੰਮ੍ਰਿਤਸਰ ਜ਼ਰੂਰ ਆਵੇ। ਭਾਰਤ ਤੇ ਪਾਕਿਸਤਾਨ ਦਰਮਿਆਨ ਕਿੰਨਾ ਵੀ ਤਣਾਅ ਕਿਉਂ ਨਾ ਹੋਵੇ, ਉਸ ਨੇ ਕਦੇ ਇਸ ਗੱਲ ਦੀ ਪਰਵਾਹ ਨਹੀਂ ਸੀ ਕੀਤੀ ਕਿ ਜੇ ਮੈਂ ਅੰਮ੍ਰਿਤਸਰ ਗਈ ਜਾਂ ਮੈਂ ਭਾਰਤ ਤੇ ਪਾਕਿਸਤਾਨ ਦੀ ਦੋਸਤੀ ਦੀ ਗੱਲ ਕੀਤੀ ਤਾਂ ਮੇਰੇ ਦੇਸ਼ ਦੀ ਸਰਕਾਰ ਜਾਂ ਮੇਰੇ ਦੇਸ਼ ਦੀ ਪ੍ਰੈੱਸ ਮੇਰੇ ਬਾਰੇ ਕੀ ਕਹੇਗੀ ਜਾਂ ਕੀ ਲਿਖੇਗੀ। ਇਕ ਵਾਰ ਉਸ ਦੀ ਇਸ ਸਰਗਰਮੀ 'ਤੇ ਟਿੱਪਣੀ ਕਰਦਿਆਂ 'ਨਵਾਏ ਵਕਤ' ਦੇ ਸੰਪਾਦਕ ਨੇ ਸੰਪਾਦਕੀ ਲੇਖ ਲਿਖਿਆ ਕਿ ਜੇਕਰ ਅਸਮਾ ਨੂੰ ਕੁਲਦੀਪ ਨਈਅਰ ਨਾਲ ਜ਼ਿਆਦਾ ਪਿਆਰ ਹੈ ਤਾਂ ਉਹ ਉਧਰ ਹੀ ਕਿਉਂ ਨਹੀਂ ਚਲੀ ਜਾਂਦੀ। ਪਰ ਉਸ ਉੱਪਰ ਇਸ ਤਰ੍ਹਾਂ ਦੀਆਂ ਟਿੱਪਣੀਆਂ ਦਾ ਕਦੇ ਵੀ ਅਸਰ ਨਹੀਂ ਸੀ ਹੋਇਆ। ਉਹ ਇਸ ਗੱਲ ਦੀ ਦ੍ਰਿੜ੍ਹ ਸਮਰਥਕ ਸੀ ਕਿ ਦੋਵਾਂ ਦੇਸ਼ਾਂ ਦੇ ਰਿਸ਼ਤੇ ਬਿਹਤਰ ਹੋਣੇ ਚਾਹੀਦੇ ਹਨ ਅਤੇ ਲੋਕਾਂ ਨੂੰ ਆਜ਼ਾਦੀ ਨਾਲ ਸਰਹੱਦ ਦੇ ਆਰ-ਪਾਰ ਆਉਣ-ਜਾਣ ਦੀ ਆਗਿਆ ਮਿਲਣੀ ਚਾਹੀਦੀ ਹੈ। ਉਹ ਇਸ ਗੱਲ ਦੀ ਵੀ ਲਗਾਤਾਰ ਵਕਾਲਤ ਕਰਦੀ ਸੀ ਕਿ ਕਸ਼ਮੀਰ ਸਮੇਤ ਸਾਰੇ ਦੁਵੱਲੇ ਮਸਲੇ ਗੱਲਬਾਤ ਰਾਹੀਂ ਹੀ ਸੁਲਝਾਏ ਜਾਣੇ ਚਾਹੀਦੇ ਹਨ ਤੇ ਇਸ ਮਕਸਦ ਲਈ ਜੰਗ ਕੋਈ ਵੀ ਬਦਲ ਨਹੀਂ ਹੋ ਸਕਦੀ। ਦੋਵੇਂ ਦੇਸ਼ਾਂ ਵਿਚ ਵਧ ਰਹੀ ਧਾਰਮਿਕ ਕੱਟੜਤਾ ਤੋਂ ਵੀ ਉਹ ਬੇਹੱਦ ਚਿੰਤਤ ਰਹਿੰਦੀ ਸੀ।
ਆਮ ਵਿਅਕਤੀ ਲਈ ਮੁਹੱਬਤ ਅਤੇ ਦਰਦ ਉਸ ਦੇ ਮਨ ਵਿਚ ਗਹਿਰਾ ਵਸਿਆ ਹੋਇਆ ਸੀ। ਇਕ ਵਾਰ ਅਟਾਰੀ ਦਾਣਾ ਮੰਡੀ ਵਿਚ ਹਿੰਦ-ਪਾਕਿ ਦੋਸਤੀ ਮੰਚ ਅਤੇ ਫੋਕਲੋਰ ਰਿਸਰਚ ਅਕਾਦਮੀ ਅਤੇ ਸਾਫ਼ਮਾ ਵਲੋਂ ਸੱਭਿਆਚਾਰਕ ਪ੍ਰੋਗਰਾਮ ਰੱਖਿਆ ਹੋਇਆ ਸੀ। ਅਸਮਾ ਜਹਾਂਗੀਰ, ਪਾਕਿਸਤਾਨ ਪੀਪਲਜ਼ ਪਾਰਟੀ ਦੇ ਉੱਘੇ ਆਗੂ ਇਤਜਾਜ ਅਹਿਸਨ, ਰਾਜਿੰਦਰ ਸੱਚਰ, ਵਿਨੋਦ ਮਹਿਤਾ, ਕੁਲਦੀਪ ਨਈਅਰ, ਫ਼ਿਲਮ ਐਕਟ੍ਰੈਸ ਨੰਦਿਤਾ ਦਾਸ ਅਤੇ ਭਾਰਤ ਅਤੇ ਪਾਕਿਸਤਾਨ ਦੀਆਂ ਕੁਝ ਹੋਰ ਉੱਘੀਆਂ ਸ਼ਖ਼ਸੀਅਤਾਂ ਨਾਲ ਸਟੇਜ 'ਤੇ ਬੈਠੀ ਸੀ। ਰਾਤ ਦਾ ਸਮਾਂ ਸੀ। ਕੁਝ ਸ਼ਰਾਰਤੀ ਅਨਸਰਾਂ ਨੇ ਸਟੇਜ ਵੱਲ ਪਾਣੀ ਦੀਆਂ ਖਾਲੀ ਬੋਤਲਾਂ ਸੁੱਟਣੀਆਂ ਸ਼ੁਰੂ ਕਰ ਦਿੱਤੀਆਂ ਤੇ ਇਸ 'ਤੇ ਪੁਲਿਸ ਦੇ ਕੁਝ ਸਿਪਾਹੀਆਂ ਨੇ ਉਨ੍ਹਾਂ ਲੋਕਾਂ 'ਤੇ ਲਾਠੀਆਂ ਚਲਾਉਣੀਆਂ ਆਰੰਭ ਦਿੱਤੀਆਂ। ਮੈਂ ਸੱਭਿਆਚਾਰਕ ਸਮਾਗਮ ਦੀ ਸਟੇਜ ਦਾ ਸੰਚਾਲਨ ਕਰ ਰਿਹਾ ਸਾਂ। ਅਸਮਾ ਜਹਾਂਗੀਰ ਨੇ ਇਸ਼ਾਰੇ ਨਾਲ ਤੁਰੰਤ ਮੈਨੂੰ ਆਪਣੇ ਕੋਲ ਬੁਲਾਇਆ ਅਤੇ ਕਿਹਾ ਕਿ ਮੈਂ ਸਿਪਾਹੀਆਂ ਨੂੰ ਆਖਾਂ ਕਿ ਉਹ ਲੋਕਾਂ 'ਤੇ ਲਾਠੀਆਂ ਨਾ ਚਲਾਉਣ, ਸਗੋਂ ਉਨ੍ਹਾਂ ਨੂੰ ਉਂਜ ਹੀ ਪ੍ਰੇਰ ਕੇ ਸ਼ਾਂਤ ਕਰਨ ਜਾਂ ਪਿੱਛੇ ਹਟਾਉਣ। ਅਸਮਾ ਜਹਾਂਗੀਰ ਦੇ ਆਖਣ 'ਤੇ ਮੈਂ ਤੁਰੰਤ ਪੁਲਿਸ ਨੂੰ ਅਜਿਹਾ ਹੀ ਕਰਨ ਦੀ ਅਪੀਲ ਕੀਤੀ। ਇਸ ਨਿੱਕੀ ਜਿਹੀ ਘਟਨਾ ਤੋਂ ਇਸ ਗੱਲ ਦਾ ਪ੍ਰਗਟਾਵਾ ਹੁੰਦਾ ਹੈ ਕਿ ਆਮ ਲੋਕਾਂ ਬਾਰੇ ਅਸਮਾ ਜਹਾਂਗੀਰ ਦੀ ਸੰਵੇਦਨਸ਼ੀਲਤਾ ਕਿਸ ਪ੍ਰਕਾਰ ਦੀ ਸੀ।
ਹਿੰਦ-ਪਾਕਿ ਦੋਸਤੀ ਮੰਚ, ਫੋਕਲੋਰ ਰਿਸਰਚ ਅਕਾਦਮੀ ਤੇ ਸਾਫ਼ਮਾ ਦੇ ਸੈਮੀਨਾਰਾਂ ਵਿਚ ਉਹ ਹਮੇਸ਼ਾ ਖੁੱਲ੍ਹ ਕੇ ਬੋਲਦੀ ਸੀ। ਦੋਵਾਂ ਦੇਸ਼ਾਂ ਦੀ ਰਾਜਨੀਤੀ ਤੋਂ ਲੈ ਕੇ ਪਾਕਿਸਤਾਨ ਵਿਚ ਵਧ ਰਹੇ ਅੱਤਵਾਦ ਅਤੇ ਫ਼ੌਜੀ ਹੁਕਮਰਾਨਾਂ ਦੀਆਂ ਜ਼ਿਆਦਤੀਆਂ ਤੱਕ ਕਿਸੇ ਵੀ ਵਿਸ਼ੇ 'ਤੇ ਬੋਲਣ ਤੋਂ ਉਸ ਨੂੰ ਗੁਰੇਜ਼ ਨਹੀਂ ਸੀ। ਜੇ ਉਸ ਨੂੰ ਭਾਰਤ ਵਿਚ ਵਾਪਰਦਾ ਕੋਈ ਘਟਨਾਕ੍ਰਮ ਨਾ ਪਸੰਦ ਹੋਵੇ ਤਾਂ ਉਸ ਬਾਰੇ ਵੀ ਸਾਡੇ ਸਾਹਮਣੇ ਹੀ ਉਹ ਬੜੀ ਦਲੇਰੀ ਨਾਲ ਆਪਣੀ ਗੱਲ ਰੱਖਦੀ ਸੀ ਅਤੇ ਇਸ ਗੱਲ ਲਈ ਵੀ ਹਮੇਸ਼ਾ ਉਤਸ਼ਾਹਿਤ ਕਰਦੀ ਰਹਿੰਦੀ ਸੀ ਕਿ ਅਸੀਂ ਦੋਵਾਂ ਦੇਸ਼ਾਂ ਦਰਮਿਆਨ ਅਮਨ ਅਤੇ ਦੋਸਤੀ ਲਈ ਯਤਨ ਜਾਰੀ ਰੱਖੀਏ।
ਪਿਛਲੇ ਸਾਲ ਫਰਵਰੀ ਵਿਚ ਉਸ ਨਾਲ ਫੋਨ 'ਤੇ ਗੱਲ ਹੋਈ ਸੀ ਤੇ ਉਸ ਨੂੰ ਮੈਂ ਆਪਣੀ ਲੜਕੀ ਦੇ ਵਿਆਹ ਵਿਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ ਤਾਂ ਉਸ ਨੇ ਆਖਿਆ ਸੀ ਕਿ ਮੈਂ ਤਾਂ ਹੁਣੇ-ਹੁਣੇ ਭਾਰਤ ਤੋਂ ਆਪਣੀ ਲੜਕੀ ਦੇ ਵਿਆਹ ਲਈ ਦਾਜ-ਦਹੇਜ ਦਾ ਸਾਮਾਨ ਖਰੀਦ ਕੇ ਵਾਪਸ ਪਰਤੀ ਹਾਂ। ਏਨੀ ਛੇਤੀ ਮੇਰਾ ਦੁਬਾਰਾ ਆਉਣਾ ਸੰਭਵ ਨਹੀਂ ਹੋਵੇਗਾ ਤੇ ਫਿਰ ਉਸ ਨੇ ਆਖਿਆ ਕਿ ਜੇਕਰ ਮੈਨੂੰ ਬੁਲਾਉਣਾ ਸੀ ਤਾਂ ਭਾਈ ਜਾਨ ਤੁਸੀਂ ਆਪਣੀ ਲੜਕੀ ਦਾ ਵਿਆਹ ਮੈਨੂੰ ਪੁੱਛ ਕੇ ਰੱਖਦੇ ... ਤੇ ਫਿਰ ਉਹ ਉੱਚੀ-ਉੱਚੀ ਹੱਸਣ ਲੱਗ ਪਈ। ਉਸ ਦਾ ਉਹ ਹਾਸਾ ਅੱਜ ਵੀ ਮੇਰੇ ਕੰਨਾਂ ਵਿਚ ਗੂੰਜਦਾ ਹੈ। ਜਦੋਂ ਕੁਝ ਮਹੀਨੇ ਪਹਿਲਾਂ ਨਵਾਜ਼ ਸ਼ਰੀਫ਼ ਨੂੰ ਪਾਕਿਸਤਾਨ ਦੀ ਸਰਬਉੱਚ ਅਦਾਲਤ ਵਲੋਂ ਬਰਖ਼ਾਸਤ ਕਰ ਦਿੱਤਾ ਗਿਆ ਤਾਂ ਉਹ ਬੇਹੱਦ ਗੁੱਸੇ ਵਿਚ ਸੀ। ਉਸ ਦੀ ਦਲੀਲ ਸੀ ਕਿ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਕੋਈ ਫ਼ੌਜੀ ਜਰਨੈਲ ਬਰਖ਼ਾਸਤ ਨਹੀਂ ਹੁੰਦਾ, ਕੋਈ ਜੱਜ ਬਰਖ਼ਾਸਤ ਨਹੀਂ ਹੁੰਦਾ, ਸਿਰਫ ਪ੍ਰਧਾਨ ਮੰਤਰੀ ਹੀ ਕਿਉਂ ਬਰਖ਼ਾਸਤ ਕੀਤੇ ਜਾਂਦੇ ਹਨ? ਉਸ ਨੂੰ ਜਾਪਦਾ ਸੀ ਕਿ ਸਿਆਸਤਦਾਨਾਂ ਨੂੰ ਸਥਾਪਤੀ ਵਲੋਂ ਜਮਹੂਰੀਅਤ ਨੂੰ ਕਮਜ਼ੋਰ ਰੱਖਣ ਲਈ ਹੀ ਵਾਰ-ਵਾਰ ਨਿਸ਼ਾਨਾ ਬਣਾਇਆ ਜਾਂਦਾ ਹੈ। ਇਨ੍ਹਾਂ ਦਿਨਾਂ ਵਿਚ ਹੀ ਮੈਂ ਕਿਸੇ ਸਮਾਗਮ ਲਈ ਉਸ ਨੂੰ ਆਉਣ ਲਈ ਆਖਿਆ ਸੀ ਤਾਂ ਉਸ ਨੇ ਕਿਹਾ, ਭਾਈ ਜਾਨ ਇਨ੍ਹਾਂ ਦਿਨਾਂ ਵਿਚ ਮੈਂ ਨਹੀਂ ਆ ਸਕਦੀ। ਸਾਡੇ ਦੇਸ਼ ਦੇ ਹਾਲਾਤ ਬੜੇ ਖ਼ਰਾਬ ਹਨ ਤੇ ਮੇਰੇ ਲਈ ਇਥੇ ਰਹਿਣਾ ਜ਼ਰੂਰੀ ਹੈ। ਕੁਝ ਹੀ ਦਿਨਾਂ ਬਾਅਦ ਮੈਂ ਦੇਖਿਆ ਕਿ ਉਸ ਨੇ ਇਸਲਾਮਾਬਾਦ ਵਿਚ ਠੋਕ ਕੇ ਇਕ ਪ੍ਰੈੱਸ ਕਾਨਫ਼ਰੰਸ ਕੀਤੀ ਅਤੇ ਜਮਹੂਰੀਅਤ ਨੂੰ ਕਮਜ਼ੋਰ ਕਰਨ ਲਈ ਫ਼ੌਜੀ ਸਥਾਪਤੀ ਨੂੰ ਰੱਜ ਕੇ ਭੰਡਿਆ।
ਉਸ ਦੀ ਸਰਗਰਮੀ ਅਤੇ ਉਸ ਦੀ ਸ਼ਖ਼ਸੀਅਤ ਨੂੰ ਦੇਖ ਕੇ ਹਮੇਸ਼ਾ ਇਹ ਹੈਰਾਨੀ ਹੁੰਦੀ ਸੀ ਕਿ ਇਕ ਦਰਮਿਆਨੇ ਜਿਹੇ ਕੱਦ ਵਾਲੀ ਔਰਤ ਵਿਚ ਏਨਾ ਹੌਸਲਾ, ਏਨੀ ਦ੍ਰਿੜ੍ਹਤਾ ਤੇ ਏਨੀ ਊਰਜਾ ਕਿੱਥੋਂ ਆਉਂਦੀ ਹੈ? ਹਰ ਮਸਲੇ 'ਤੇ ਉਹ ਬਹੁਤ ਹੀ ਸਪੱਸ਼ਟਤਾ ਅਤੇ ਦਲੇਰੀ ਨਾਲ ਗੱਲ ਕਰਦੀ ਸੀ ਅਤੇ ਘੱਟ ਹੀ ਇਹ ਸੋਚਦੀ ਸੀ ਕਿ ਮੇਰੀ ਇਸ ਗੱਲ ਦਾ ਕੀ ਅਸਰ ਹੋਵੇਗਾ ਤੇ ਮੈਨੂੰ ਅਤੇ ਮੇਰੇ ਪਰਿਵਾਰ ਨੂੰ ਇਸ ਦੀ ਕੀ ਕੀਮਤ ਚੁਕਾਉਣੀ ਪਵੇਗੀ? ਮੈਨੂੰ ਕਈ ਵਾਰ ਉਹ ਮਨੁੱਖੀ ਹੱਕਾਂ ਦੇ ਸੰਘਰਸ਼ ਅਤੇ ਅਮਨ ਦੀਆਂ ਕੋਸ਼ਿਸ਼ਾਂ ਵਿਚ ਇਕ ਬਲਦੀ ਮਸ਼ਾਲ ਦੀ ਤਰ੍ਹਾਂ ਹੀ ਜਾਪਦੀ ਸੀ।
ਬਿਨਾਂ ਸ਼ੱਕ 66 ਸਾਲ ਦੀ ਉਮਰ ਵਿਚ ਉਸ ਦਾ ਵਿਛੋੜਾ ਅਸਾਧਾਰਨ ਮਹਿਸੂਸ ਹੁੰਦਾ ਹੈ ਅਤੇ ਇਸ ਤਰ੍ਹਾਂ ਲਗਦਾ ਹੈ ਕਿ ਅਸੀਂ ਹਿੰਦ-ਪਾਕਿ ਦੋਸਤੀ ਦੀ ਲਹਿਰ ਦਾ ਇਕ ਅਹਿਮ ਆਗੂ ਗੁਆ ਲਿਆ ਹੈ। ਉਸ ਦੀ ਘਾਟ ਸਾਨੂੰ ਲੰਮੇ ਸਮੇਂ ਤੱਕ ਮਹਿਸੂਸ ਹੁੰਦੀ ਰਹੇਗੀ। ਪਰ ਉਸ ਦੇ ਵਿਛੋੜੇ ਤੋਂ ਬਾਅਦ ਜਿਸ ਤਰ੍ਹਾਂ ਪਾਕਿਸਤਾਨ ਅਤੇ ਭਾਰਤ ਵਿਚ ਵੱਡੀ ਗਿਣਤੀ ਵਿਚ ਲੋਕਾਂ ਨੇ ਉਸ ਨੂੰ ਭਾਵਭਿੰਨੀਆਂ ਸ਼ਰਧਾਂਜਲੀਆਂ ਦਿੱਤੀਆਂ ਹਨ ਅਤੇ ਜਿੰਨੀ ਵੱਡੀ ਗਿਣਤੀ ਵਿਚ ਲਾਹੌਰ ਵਿਚ ਉਸ ਦੇ ਜਨਾਜ਼ੇ ਵਿਚ ਲੋਕ ਸ਼ਾਮਿਲ ਹੋਏ ਹਨ, ਉਸ ਤੋਂ ਸਾਨੂੰ ਇਹ ਪ੍ਰੇਰਨਾ ਵੀ ਮਿਲੀ ਹੈ ਕਿ ਤੁਹਾਡਾ ਕਾਰਜ ਭਾਵੇਂ ਕਿੰਨਾ ਵੀ ਔਖਾ ਕਿਉਂ ਨਾ ਹੋਵੇ, ਸਥਿਤੀਆਂ ਭਾਵੇਂ ਕਿਹੋ ਜਿਹੀਆਂ ਵੀ ਕਿਉਂ ਨਾ ਹੋਣ, ਜੇਕਰ ਤੁਸੀਂ ਮਾਨਵਤਾ ਦੇ ਭਲੇ ਲਈ ਕੋਈ ਨਿਸ਼ਾਨਾ ਉਲੀਕਦੇ ਹੋ, ਉਸ ਲਈ ਕੰਮ ਕਰਦੇ ਹੋ ਤਾਂ ਉਹ ਕੰਮ ਤੁਹਾਨੂੰ ਪੂਰੀ ਸਮਰੱਥਾ ਅਤੇ ਪੂਰੀ ਊਰਜਾ ਨਾਲ ਕਰਨਾ ਚਾਹੀਦਾ ਹੈ। ਸਾਡੇ ਲਈ ਅਸਮਾ ਜਹਾਂਗੀਰ ਦਾ ਇਹ ਵੱਡਾ ਸੁਨੇਹਾ ਹੈ। ਇਸ ਸੁਨੇਹੇ ਨੂੰ ਲੈ ਕੇ ਸਾਨੂੰ ਦੱਖਣੀ ਏਸ਼ੀਆ ਵਿਚ ਅਤੇ ਖ਼ਾਸ ਕਰਕੇ ਭਾਰਤ ਅਤੇ ਪਾਕਿਸਤਾਨ ਦਰਮਿਆਨ ਅਮਨ ਤੇ ਦੋਸਤੀ ਦਾ ਪੈਗ਼ਾਮ ਦੇਣ ਲਈ ਮੋਮਬੱਤੀਆਂ ਬਾਲਣ ਦਾ ਅਮਲ ਜਾਰੀ ਰੱਖਣਾ ਹੋਵੇਗਾ। ਇਹ ਹੀ ਸਾਡੀ ਉਸ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।
-0-

ਪਹਿਲੀ ਵਾਰ ਭਾਰਤ ਵਿਚ ਹੋ ਰਹੀ ਹੈ ਥੀਏਟਰ ਉਲੰਪਿਕਸ-2018

ਯੂਨਾਨ ਦੇ ਨਾਟ (ਥੀਏਟਰ) ਨਿਰਦੇਸ਼ਕ ਥਿਓਡੋਰੋਸ ਤਜ਼ਰੋਪੌਲੋਸ ਨੇ 'ਥੀਏਟਰ ਉਲੰਪਿਕਸ' ਦਾ ਵਿਚਾਰ ਵਿਕਸਤ ਕੀਤਾ ਸੀ, ਜਿਸ ਦਾ ਪਹਿਲੀ ਵਾਰ ਡੈਲਫੀ, ਯੂਨਾਨ ਵਿਚ ਮੰਚਨ ਕੀਤਾ ਗਿਆ ਸੀ। ਵਿਚਾਰ ਇਹ ਸੀ ਕਿ ਦੁਨੀਆ ਭਰ ਦੇ ਚੰਗੇ ਨਾਟਕਾਂ ਨੂੰ ਇਕੋ ਮੰਚ 'ਤੇ ਲਿਆਂਦਾ ਜਾਵੇ ਅਤੇ ਇਕ ਇਸ ਤਰ੍ਹਾਂ ਦਾ ਮੰਚ ਤਿਆਰ ਕੀਤਾ ਜਾਵੇ ਜਿਥੇ ਵਿਚਾਰਾਂ, ਸੱਭਿਆਚਾਰਾਂ, ਨਾਟ ਰੂਪਾਂ ਅਤੇ ਤਰੀਕਿਆਂ ਦਾ ਆਪਸ ਵਿਚ ਵਟਾਂਦਰਾ ਹੋ ਸਕੇ। ਨਾਲ ਹੀ ਇਹ ਇਕ ਤਰ੍ਹਾਂ ਨਾਲ ਵੱਖ-ਵੱਖ ਯੁਗਾਂ (ਸਮਿਆਂ) ਵਿਚਾਲੇ ਆਪਸੀ ਵਟਾਂਦਰਾ ਵੀ ਹੋਵੇ ਤਾਂ ਕਿ ਨਾਟਕਾਂ ਦੇ ਭੂਤ, ਵਰਤਮਾਨ ਤੇ ਭਵਿੱਖ ਵਿਚਾਲੇ ਲਗਾਤਾਰਤਾ ਨੂੰ ਲੱਭਿਆ ਜਾ ਸਕੇ।
ਇਸੇ ਤੋਂ ਪ੍ਰੇਰਿਤ ਹੋ ਕੇ 'ਥੀਏਟਰ ਉਲੰਪਿਕਸ' 1995 ਤੋਂ ਕੁਝ-ਕੁਝ ਸਾਲਾਂ ਦੇ ਫਰਕ ਨਾਲ ਦੁਨੀਆ ਭਰ ਵਿਚ ਹੁੰਦਾ ਆ ਰਿਹਾ ਹੈ। ਇਸ ਵਾਰ 'ਥੀਏਟਰ ਉਲੰਪਿਕਸ-2018' ਭਾਰਤ ਵਿਚ 17 ਫਰਵਰੀ ਤੋਂ ਸ਼ੁਰੂ ਹੋ ਗਿਆ ਹੈ। ਇਹ ਪਹਿਲਾ ਮੌਕਾ ਹੈ ਜਦੋਂ ਇਹ ਨਾਟਕ ਮੇਲਾ ਭਾਰਤ ਵਿਚ ਹੋ ਰਿਹਾ ਹੈ। 51 ਦਿਨ ਤੱਕ ਚੱਲਣ ਵਾਲੇ ਇਸ ਪ੍ਰੋਗਰਾਮ ਵਿਚ 35 ਦੇਸ਼ਾਂ ਦੇ 465 ਨਾਟਕਾਂ ਵਾਲੇ ਹਿੱਸਾ ਲੈਣਗੇ ਜੋ ਦੇਸ਼ ਦੇ 17 ਸ਼ਹਿਰਾਂ ਵਿਚ ਪੇਸ਼ਕਾਰੀ ਕਰਨਗੇ। ਇਸ ਦਾ ਬਜਟ 51.82 ਕਰੋੜ ਰੁਪਏ ਹੈ, ਜੋ ਸੁਣਨ ਵਿਚ ਤਾਂ ਬਹੁਤ ਲਗਦਾ ਹੈ, ਪਰ ਅਸਲ ਵਿਚ ਇਹ ਬੱਸ ਕੰਮ ਚਲਾਊ ਹੀ ਹੈ ਕਿਉਂਕਿ ਹਰ ਨਾਟਕ ਵਾਲੇ ਨੂੰ ਆਵਾਜਾਈ, ਰਹਿਣ ਤੇ ਮੰਚਨ ਖਰਚ ਤੋਂ ਇਲਾਵਾ ਹਰ ਸ਼ੋਅ ਦੇ 1.5 ਲੱਖ ਰੁਪਏ ਦਿੱਤੇ ਜਾਣਗੇ। ਫਿਰ ਤਕਨੀਕੀ ਮਦਦ ਵਾਲੇ ਸੈੱਟ, ਰੌਸ਼ਨੀ, ਆਵਾਜ਼, ਫੋਟੋਗ੍ਰਾਫ਼ੀ ਆਦਿ ਦਾ ਵੀ ਖਰਚ ਹੁੰਦਾ ਹੈ। ਇਸ ਲਈ ਨੈਸ਼ਨਲ ਸਕੂਲ ਆਫ਼ ਡਰਾਮਾ (ਐਨ. ਐਸ. ਡੀ.) ਦੇ ਨਿਰਦੇਸ਼ਕ ਵਾਮਨ ਕੇਂਦਰੇ ਬਜਟ ਨੂੰ ਬਸ ਕਾਫੀ ਦੱਸਦੇ ਹਨ।
ਇਹ ਇਕ ਵੱਡਾ ਸਮਾਗਮ ਹੈ, ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਮੁੱਖ ਨਾਟਕਾਂ ਤੋਂ ਇਲਾਵਾ, ਹਰ ਮੰਚਨ (ਸ਼ੋਅ) ਤੋਂ ਪਹਿਲਾਂ ਅਨੇਕਾਂ ਪੇਸ਼ਕਾਰੀਆਂ ਹੋਣਗੀਆਂ ਜਿਵੇਂ ਆਦਿਵਾਸੀ, ਲੋਕ, ਸਟ੍ਰੀਟ, ਕਠਪੁਤਲੀ, ਜਾਦੂ ਸ਼ੋਅ ਆਦਿ। ਐਨ. ਐਸ. ਡੀ. ਵਿਦਿਆਰਥੀਆਂ ਵਲੋਂ ਲਗਪਗ 500 ਨੌਜਵਾਨ ਵਲੋਂ ਪੇਸ਼ਕਾਰੀਆਂ ਵੀ ਹੋਣਗੀਆਂ ਜੋ ਹਰ ਦਿਨ ਅੱਧੇ ਘੰਟੇ ਦੀਆਂ ਹੋਣਗੀਆਂ। ਇਸ ਲਈ ਜੇਕਰ ਸਭ ਕੁਝ ਠੀਕ ਰਿਹਾ ਤਾਂ 'ਥੀਏਟਰ ਉਲੰਪਿਕਸ' ਵਿਚ ਤਕਰੀਬਨ 35,000 ਕਲਾਕਾਰ ਆਪਣਾ ਹੁਨਰ ਦਿਖਾਉਣਗੇ। ਕੇਂਦਰੇ ਅਨੁਸਾਰ ਰੰਗਮੰਚ ਨਾਲ ਜੁੜੀਆਂ ਕੁਝ ਹੋਰ ਸਰਗਰਮੀਆਂ ਵੀ ਕਰਵਾਈਆਂ ਜਾਣਗੀਆਂ ਜਿਵੇਂ ਵਿਚਾਰ ਗੋਸ਼ਟੀਆਂ, ਜਿਊਂਦੀਆਂ ਹਸਤੀਆਂ ਨਾਲ ਮਿਲਾਪ ਦੀ ਲੜੀ, ਮਾਹਿਰ ਸ਼੍ਰੇਣੀਆਂ, ਨਿਰਦੇਸ਼ਕ ਮਿਲਣੀਆਂ ਤੇ ਕਾਰਜਸ਼ਾਲਾ। ਕੇਂਦਰੇ ਦਾ ਕਹਿਣਾ ਹੈ, 'ਪਰੰਪਰਾਗਤ, ਸ਼ਾਸਤਰੀ (ਕਲਾਸੀਕਲ), ਲੋਕ ਸੰਗੀਤ, ਨਾਚ, ਆਧੁਨਿਕ, ਉਤਰ ਆਧੁਨਿਕ (ਪੋਸਟ-ਮਾਡਰਨ), ਜਿਹੜੇ ਵੀ ਨਾਟਕਾਂ ਦੀ ਸ਼੍ਰੇਣੀ ਅਸੀਂ ਸ਼ਾਮਿਲ ਕਰ ਸਕਦੇ ਸੀ, ਉਸ ਨੂੰ ਅਸੀਂ ਲਿਆ ਹੈ।' ਸਵਾਲ ਇਹ ਹੈ ਕਿ ਇਹ 'ਥੀਏਟਰ ਉਲੰਪਿਕ' ਦਾ ਭਾਰਤ ਲਈ ਕੀ ਮਹੱਤਵ ਹੈ? ਭਾਰਤ ਵਿਚ ਨਾਟਕਾਂ ਦਾ ਇਤਿਹਾਸ 200 ਈਸਾ ਪੂਰਵ ਤੋਂ ਸ਼ੁਰੂ ਹੁੰਦਾ ਹੈ। 11ਵੀਂ ਈਸਵੀ ਤੱਕ ਕਾਲੀਦਾਸ, ਭਵਭੂਤੀ, ਸੁਦਰਕਾ ਤੇ ਭਾਸਾ ਨੇ ਆਪਣੇ ਅਮਰ ਨਾਟਕਾਂ ਨਾਲ ਇਸ ਦੀ ਮਜਬੂਤ ਨੀਂਹ ਰੱਖ ਦਿੱਤੀ ਸੀ। ਨਾਲ ਹੀ ਭਾਰਤ ਦੀ ਜਰਖੇਜ਼ ਭੂਮੀ ਨੇ ਆਦਿਵਾਸੀ, ਲੋਕ ਆਦਿ ਨਾਟਕਾਂ ਨੂੰ ਵੀ ਵਿਕਸਤ ਹੋਣ ਦਾ ਭਰਪੂਰ ਮੌਕਾ ਦਿੱਤਾ ਜੋ ਕਾਫੀ ਹੱਦ ਤੱਕ ਅੱਜ ਤਕ ਵੀ ਚੱਲਿਆ ਆ ਰਿਹਾ ਹੈ।
19ਵੀਂ ਸ਼ਤਾਬਦੀ ਦੇ ਮੱਧ ਵਿਚ ਬਰਤਾਨਵੀ ਸੱਤਾ ਦਾ ਵਿਰੋਧ ਕਰਨ ਵਾਲੇ ਨਾਟਕਾਂ ਨੇ ਬਹੁਤ ਜ਼ੋਰ ਫੜਿਆ ਸੀ ਜਿਸ ਦੇ ਪ੍ਰਤੀਕਰਮ ਵਜੋਂ 1876 ਦਾ ਨਾਟਕਾਂ ਨੂੰ ਰੋਕਣ ਵਾਲਾ ਕਾਲਾ ਕਾਨੂੰਨ ਲਿਆਂਦਾ ਗਿਆ। ਬਾਅਦ ਵਿਚ ਆਜ਼ਾਦੀ ਤੋਂ ਪਹਿਲਾਂ ਖੱਬੇ ਪੱਖੀ ਅੰਦੋਲਨ ਨੇ 'ਇੰਡੀਅਨ ਪੀਪਲਜ਼ ਥੀਏਟਰ ਐਸੋਸੀਏਸ਼ਨ' (ਇਪਟਾ) ਜ਼ਰੀਏ ਜ਼ਬਰਦਸਤ ਊਰਜਾ ਵਿਕਸਤ ਕੀਤੀ ਅਤੇ ਇਸ ਨਾਲ ਵੱਡੀ ਗਿਣਤੀ ਵਿਚ ਹੋਣਹਾਰ ਕਲਾਕਾਰ ਚਿਹਰੇ ਸਾਹਮਣੇ ਆਏਂਜਿਵੇਂ ਬਲਰਾਜ ਸਾਹਨੀ, ਸ਼ੌਕਤ ਕੈਫ਼ੀ ਆਦਿ। 20ਵੀਂ ਸਦੀ ਦੇ ਅੱਧ ਤੱਕ ਇਬ੍ਰਾਹੀਮ ਅਲਕਾਜ਼ੀ, ਮੋਹਨ ਰਾਕੇਸ਼, ਬਾਦਲ ਸਰਕਾਰ, ਗਿਰੀਸ਼ ਕਰਨਾਡ, ਬੀ. ਵੀ. ਕਾਰੰਥ, ਕਵਲਮ ਪਨਿੱਕਰ, ਸੱਤਿਆਦੇਵ ਦੂਬੇ, ਵਿਜੇ ਤੇਂਦੁਲਕਰ, ਹਬੀਬ ਤਨਵੀਰ, ਸਫ਼ਦਰ ਹਾਸ਼ਮੀ, ਸ਼ੰਕਰ ਨਾਗ ਅਤੇ ਹੋਰ ਅਨੇਕਾਂ ਸ਼ਖ਼ਸੀਅਤਾਂ ਨੇ ਰੰਗਮੰਚ ਨੂੰ ਮਜ਼ਬੂਤ ਕਰਨ ਵਿਚ ਹਿੱਸਾ ਪਾਇਆ।
ਇਸ ਪਿੱਠਭੂਮੀ ਵਿਚ ਦੇਖੀਏ ਤਾਂ ਜੋ 'ਥੀਏਟਰ ਉਲੰਪਿਕ' ਕਰਵਾਇਆ ਜਾ ਰਿਹਾ ਹੈ, ਉਹ ਸਿਰਫ ਇਹ ਨਹੀਂ ਹੈ ਕਿ ਕੌਮਾਂਤਰੀ ਨਾਟਕਾਂ ਨੂੰ ਭਾਰਤ ਲਿਆਂਦਾ ਜਾ ਰਿਹਾ ਹੈ, ਬਲਕਿ ਇਹ ਭਾਰਤੀ ਨਾਟਕਾਂ ਨੂੰ ਭਾਰਤੀਆਂ ਤੱਕ ਪਹੁੰਚਾਉਣ ਦੀ ਵੀ ਕੋਸ਼ਿਸ਼ ਹੈ। ਕੇਂਦਰੇ ਕਹਿੰਦੇ ਹਨ, 'ਅਸੀਂ ਇਹ ਢੋਲ ਵਜਾਉਂਦੇ ਰਹਿੰਦੇ ਹਾਂ ਕਿ ਸਾਡੇ ਕੋਲ ਸਾਲ 2000 ਪੁਰਾਣਾ ਨਾਟਕ ਇਤਿਹਾਸ ਹੈ, ਪਰ ਗੱਲ ਤਾਂ ਤਦੇ ਬਣੇਗੀ ਜਦੋਂ ਅਸੀਂ ਇਸ ਨੂੰ ਦਿਖਾਵਾਂਗੇ, ਉਤਸ਼ਾਹਤ ਕਰਾਂਗੇ। ਭਾਰਤੀ ਨਾਟਕ ਨੂੰ ਹੋਂਦ ਵਿਚ ਲਿਆਉਣ ਲਈ ਇਕ 'ਧੱਕੇ' ਦੀ ਜ਼ਰੂਰਤ ਹੈ ਅਤੇ ਮੈਂ ਸਮਝਦਾ ਹਾਂ ਕਿ ਇਸ 'ਥੀਏਟਰ ਉਲੰਪਿਕਸ' ਨਾਲ ਇਸ ਤਰ੍ਹਾਂ ਹੋ ਜਾਵੇਗਾ।'
ਭਾਰਤੀ ਨਾਟਕਾਂ ਦੀ ਵੱਡੀ ਹਸਤੀ ਅਰੁੰਧਤੀ ਨਾਗ, ਜਿਨ੍ਹਾਂ ਨੂੰ 'ਥੀਏਟਰ ਉਲੰਪਿਕਸ' ਲਈ ਸੱਦਾ ਵੀ ਦਿੱਤਾ ਗਿਆ ਹੈ, ਨੂੰ ਵੀ ਤਰੀਕਾਂ ਆਦਿ ਦਾ ਪਤਾ ਨਹੀਂ ਹੈ। ਉਤੋਂ ਇਹ ਦੇਸ਼ ਦੇ ਕਿਹੜੇ-ਕਿਹੜੇ 17 ਸ਼ਹਿਰਾਂ ਵਿਚ ਕਿਹੜਾ-ਕਿਹੜਾ ਨਾਟਕ ਹੋ ਰਿਹਾ ਹੈ, ਬਾਰੇ ਵੀ ਤਿੰਨ ਦਿਨ ਤਕ ਪਤਾ ਨਹੀਂ ਸੀ। ਜਦੋਂ ਜਾਣਕਾਰੀ ਦਾ ਏਨਾ ਸੰਕਟ ਹੈ ਤਾਂ ਫਿਰ ਦਰਸ਼ਕ ਨਾਟਕ ਦੇਖਣ ਕਿਵੇਂ ਆਉਣਗੇ, ਜਿਨ੍ਹਾਂ ਦੀ ਮੌਜੂਦਗੀ ਤੇ ਪ੍ਰਸੰਸਾ ਹੀ ਸਫਲਤਾ ਦਾ ਆਧਾਰ ਹੁੰਦੀ ਹੈ। ਪਰ ਕੇਂਦਰੇ ਨੂੰ ਵਿਸ਼ਵਾਸ ਹੈ ਕਿ ਸਭ ਕੁਝ ਠੀਕ ਹੋ ਜਾਵੇਗਾ, ਸ਼ਾਇਦ ਜੁਗਾੜ ਲਗ ਜਾਏਗਾ। ਮਾਹਿਰਾਂ ਦਾ ਕਹਿਣਾ ਹੈ ਕਿ ਏਨਾ ਵੱਡਾ ਬੰਦੋਬਸਤ ਐਨ. ਐਸ. ਡੀ. ਨੂੰ ਨਹੀਂ ਦਿੱਤਾ ਜਾਣਾ ਚਾਹੀਦਾ ਸੀ, ਜਿਸ ਦਾ ਕੰਮ ਸਿਰਫ ਸਿੱਖਿਆ ਪ੍ਰਦਾਨ ਕਰਨਾ ਹੀ ਹੈ। ਪਰ ਐਨ. ਐਸ. ਡੀ. ਦੇ ਪੱਖ ਵਿਚ ਇਹ ਗੱਲ ਜ਼ਰੂਰ ਜਾ ਸਕਦੀ ਹੈ ਕਿ ਉਹ ਹਰ ਸਾਲ 'ਭਾਰਤ ਰੰਗ ਉਤਸਵ' ਦਾ ਚੰਗਾ ਬੰਦੋਬਸਤ ਕਰਦਾ ਹੈ। ਫਿਰ ਜ਼ਿੰਮੇਵਾਰੀ ਕੇਂਦਰੇ ਅਤੇ ਰਤਨ ਥਿਯਾਮ, ਕਲਾ ਨਿਰਦੇਸ਼ਕ, ਦੀ ਹੈ ਜੋ ਰੰਗਮੰਚ ਨਾਲ ਹੀ ਜੁੜੇ ਹੋਏ ਲੋਕ ਹਨ। ਉਹ ਨੌਕਰਸ਼ਾਹ ਨਹੀਂ ਹਨ, ਉਨ੍ਹਾਂ ਨੂੰ ਤਾਂ ਨਾਟਕਾਂ ਦਾ ਜਨੂੰਨ ਹੈ। ਭਾਰਤ ਅਨੇਕ ਭਾਸ਼ਾਵਾਂ ਤੇ ਸੱਭਿਆਚਾਰਾਂ ਦਾ ਦੇਸ਼ ਹੈ। ਸਾਰਿਆਂ ਨੂੰ ਸ਼ਾਮਿਲ ਕਰਨਾ ਤੇ ਖੁਸ਼ ਰੱਖਣਾ ਮੁਸ਼ਕਿਲ ਕੰਮ ਹੈ। ਇਹ ਵੀ ਪ੍ਰਬੰਧਕਾਂ ਲਈ ਸਿਰਦਰਦੀ ਹੈ। ਫਿਰ ਅੱਜ ਦੀ ਅਖੌਤੀ ਸੰਸਕਾਰੀ ਸਰਕਾਰੀ ਵਿਚ ਸੈਂਸਰਸ਼ਿਪ ਦਾ ਵੀ ਮਸਲਾ ਹੈ ਜੋ ਅਸੀਂ ਵੱਖ-ਵੱਖ ਫਿਲਮ ਮੇਲਿਆਂ ਵਿਚ ਦੇਖ ਚੁੱਕੇ ਹਾਂ।
ਵਾਮਨ ਕੇਂਦਰੇ ਕਹਿ ਤਾਂ ਰਹੇ ਹਨ ਕਿ ਕੋਈ ਸੈਂਸਰਸ਼ਿਪ ਨਹੀਂ ਹੈ ਸਿਰਫ ਆਮ ਦਿਸ਼ਾ ਨਿਰਦੇਸ਼ ਹਨ ਕਿ ਨੰਗੇਜ਼ ਤੇ ਰਾਸ਼ਟਰ ਵਿਰੋਧੀ ਕੁਝ ਨਹੀਂ ਹੋਵੇਗਾ, ਪਰ ਜੋ ਸਰਕਾਰ ਤੇ ਪਾਰਟੀ ਆਪਣੇ-ਆਪ ਨੂੰ ਰਾਸ਼ਟਰ ਦਾ ਬਦਲ ਮੰਨਦੀ ਹੈ ਉਸ ਲਈ ਕੁਝ ਵੀ 'ਰਾਸ਼ਟਰ ਵਿਰੋਧੀ' ਹੋ ਸਕਦਾ ਹੈ ਅਤੇ ਫਿਰ ਜੇਕਰ ਨੌਜਵਾਨਾਂ ਵਿਚ ਖਰਾਬ ਪ੍ਰਬੰਧ ਦੇ ਪ੍ਰਤੀ ਅਸਹਿਮਤੀ ਨਹੀਂ ਹੋਵੇਗੀ ਤਾਂ ਉਹ ਆਪਣੀ ਕਲਾ ਦਾ ਇਮਾਨਦਾਰੀ ਨਾਲ ਪ੍ਰਦਰਸ਼ਨ ਕਿਵੇਂ ਕਰਨਗੇ। ਫਿਲਹਾਲ, ਬਿਹਤਰ ਤਾਂ ਇਹ ਹੁੰਦਾ ਹੈ ਕਿ ਐਨ. ਐਸ. ਡੀ. ਇਕ ਗਰੁੱਪ ਨੂੰ ਨਿਯੁਕਤ ਕਰਦੀ ਜੋ ਦੇਸ਼ ਦਾ ਦੌਰਾ ਕਰਕੇ ਇਸ 'ਥੀਏਟਰ ਉਲੰਪਿਕਸ' ਲਈ ਚੰਗੇ ਤੇ ਮਿਆਰੀ ਨਾਟਕਾਂ ਦੀ ਚੋਣ ਕਰਦਾ। ਪਰ ਹੁਣ ਲਗਦਾ ਹੈ ਕਿ 20 ਭਾਰਤੀ ਭਾਸ਼ਾਵਾਂ ਦੇ ਨਾਟਕ ਜੋ 'ਥੀਏਟਰ ਉਲੰਪਿਕਸ' ਦਾ ਹਿੱਸਾ ਬਣਨਗੇ, ਉਹ ਬਿਨਾਂ ਸੰਦਰਭ ਦੇ ਸਿਰਫ ਪ੍ਰਭਾਵਸ਼ਾਲੀ ਹੀ ਰਹਿ ਜਾਣਗੇ। ਉਂਝ ਸਮਾਗਮ ਸ਼ੁਰੂ ਹੋਣ ਤੋਂ ਪਹਿਲਾਂ ਹੀ ਨਿਰਾਸ਼ਾ ਪ੍ਰਗਟ ਕਰਨਾ ਚੰਗਾ ਨਹੀਂ ਹੈ ਭਾਵੇਂ ਕਿ ਸਾਰੇ ਸੰਕੇਤ ਨਾਂਹ-ਪੱਖੀ ਹੋਣ।

-ਇਮੇਜ ਰਿਫਲੈਕਸ਼ਨ ਸੈਂਟਰ

ਅਬੂ ਧਾਬੀ ਵਿਸ਼ਵ ਦੇ ਸਭ ਤੋਂ ਵਧ ਡਾਲਫਿਨ ਵਸੋਂ ਵਾਲੇ ਤੱਟੀ ਪਾਣੀ

ਅਬੂ ਧਾਬੀ ਦੇ ਤੱਟੀ ਪਾਣੀਆਂ ਵਿਚ ਡਾਲਫਿਨ ਦੀ ਵਿਸ਼ਵ ਦੀ ਸਭ ਤੋਂ ਵਧ ਵਸੋਂ ਹੈ। ਡਾਲਫਿਨ ਇਕ ਥੁਥਨੀਦਾਰ ਜਲਜੀਵ ਹੈ ਜੋ ਘਟ ਡੂੰਘੇ ਪਾਣੀਆਂ ਵਿਚ ਰਹਿਣਾ ਪਸੰਦ ਕਰਦਾ ਹੈ। ਆਮ ਆਦਮੀ ਇਸ ਨੂੰ ਮੱਛਲੀ ਹੀ ਆਖਦਾ ਹੈ।
ਪਿਛਲੇ ਸਾਲ ਛਪੀਆਂ ਰਿਪੋਰਟਾਂ ਅਨੁਸਾਰ ਅਬੂ ਧਾਬੀ ਦੀ ਵਾਤਾਵਰਨ ਨਾਲ ਸਬੰਧਤ ਸੰਸਥਾ 'ਐਨਵਾਇਰਨਮੈਂਟ ਏਜੈਂਸੀ-ਅਬੂ ਧਾਬੀ, ਈ.ਏ.ਡੀ.' ਨੇ ਆਪਣੇ 'ਡਾਲਫਿਨ ਸਰਵੇ' ਰਾਹੀਂ ਇਹ ਜਾਣਿਆਂ ਹੈ ਕਿ ਮੁਲਕ ਦੇ ਤੱਟੀ ਪਾਣੀਆਂ 'ਚ 701 ਹਿੰਦ ਮਹਾਂਸਾਗਰੀ ਕੁਬਚੀ ਡਾਲਫਿਨਾਂ ਅਤੇ 1,834 ਹਿੰਦ-ਪ੍ਰਸ਼ਾਂਤ ਮਹਾਂਸਾਗਰੀ ਬੋਤਲਨੱਕੀ ਡਾਲਫਿਨਾਂ ਪਾਈਆਂ ਜਾਂਦੀਆਂ ਹਨ।
ਇਸ ਰਿਪੋਰਟ ਅਨੁਸਾਰ ਇਹ ਗਿਣਤੀ ਵਿਸ਼ਵ ਦੀ ਸਭ ਤੋਂ ਵੱਧ ਹੈ। ਅਬੂ ਧਾਬੀ ਤੋਂ ਬਾਅਦ ਦੂਸਰਾ ਨੰਬਰ ਦੱਖਣੀ ਅਫ਼ਰੀਕਾ ਦਾ ਹੈ ਜਿਥੇ ਇਹ ਗਿਣਤੀ ਸਿਰਫ 466 ਹੈ। ਮੋਜ਼ਮਬੀਕ, ਕੀਨੀਆ ਅਤੇ ਤਨਜ਼ਾਨੀਆ ਵਿਚ ਇਹ ਸੰਖਿਆ ਕ੍ਰਮਵਾਰ 105,104 ਅਤੇ 63 ਹੈ।
ਇਹ ਸਰਵੇ 2014 ਵਿਚ ਆਰੰਭ ਕੀਤਾ ਗਿਆ ਸੀ ਅਤੇ ਪਿਛਲੇ ਸਾਲ ਸੰਪੂਰਨ ਹੋਇਆ। ਮੁਲਕ ਦੀ ਸ਼ੇਖਸ਼ਾਹੀ ਸਰਕਾਰ ਇਸ ਗਿਣਤੀ 'ਤੇ ਬਹੁਤ ਪ੍ਰਸੰਨ ਹੈ ਕਿਉਂਕਿ ਇਹ ਦੇਸ਼ ਦੇ ਸਾਗਰੀ ਵਾਤਾਵਰਨ ਦੀ ਗੁਣਵਤਾ ਦਾ ਇਕ ਚੰਗਾ ਸੰਕੇਤ ਮੰਨਿਆ ਜਾਂਦਾ ਹੈ। ਡਾਲਫਿਨ ਇਕ ਸ੍ਰੇਸ਼ਟ ਸ਼ਿਕਾਰਖੋਰ ਜੀਵ ਹੈ ਅਤੇ ਇਹ ਪਾਣੀ ਵਿਚਲੇ ਜ਼ਹਿਰੀਲੇ ਪਦਾਰਥਾਂ ਨੂੰ ਸਮੇਟਦਾ ਹੈ।
ਅਬੂ ਧਾਬੀ ਦੀ ਅਮੀਰਾਤ ਇਸ ਨੂੰ ਇਕ ਪ੍ਰਾਪਤੀ ਸਮਝਦੀ ਹੈ ਕਿਉਂਕਿ ਇਹ ਮੁਲਕ ਦੇ ਸਾਗਰੀ ਜੀਵ-ਵਿਭਿੰਨਤਾ ਦੀ ਲਖਾਇਕ ਹੈ ਅਤੇ ਦੇਸ਼ ਦਾ ਕੌਮਾਂਤਰੀ ਮਹੱਤਵ ਵਧਾਉਂਦੀ ਹੈ। ਇਸ ਨਾਲ ਅਮੀਰਾਤ ਬਾਰੇ ਵਿਸ਼ਵ-ਵਿਆਪੀ ਵਿਗਿਆਨਕ ਦਿਲਚਸਪੀ ਵੀ ਜਾਗ੍ਰਿਤ ਹੋਈ ਹੈ। ਇਸ ਨੇ ਦੇਸ਼ ਨੂੰ ਤੱਟੀ ਡਾਲਫਿਨਾਂ ਦੇ ਬਚਾਅ ਸਬੰਧੀ ਇਕ ਗਲੋਬਲ ਹਵਾਲਾ ਬਣਾ ਦਿੱਤਾ ਹੈ।
ਇਸ ਨਾਲ ਟੂਰਿਜ਼ਮ ਨੂੰ ਵੀ ਹੋਰ ਹੁਲਾਰਾ ਮਿਲੇਗਾ। ਸੰਯੁਕਤ ਅਰਬ ਅਮੀਰਾਤ ਦੇ ਸਾਰੇ ਮੁੱਖ ਅਮੀਰਾਤ, ਸਮੇਤ ਦੁਬਈ ਅਤੇ ਅਬੂ ਧਾਬੀ, ਸੈਰ ਸਪਾਟੇ ਨੂੰ ਬਹੁਤ ਮਹੱਤਵ ਦੇ ਰਹੇ ਹਨ ਅਤੇ ਵੱਖ-ਵੱਖ ਢੰਗਾਂ ਰਾਹੀਂ ਸੈਲਾਨੀਆਂ ਨੂੰ ਆਕਰਸ਼ਤ ਕਰਨ ਲਈ ਯਤਨਸ਼ੀਲ ਹਨ। ਜਿਥੇ ਫ਼ਰਾਂਸ ਦੀ ਖਾੜੀ ਦੇ ਪਾਣੀ ਸੀ-ਕਰੂਸਿੰਗ, ਬੋਟ-ਰੇਸਿੰਗ, ਸੀ-ਸਰਫਿੰਗ, ਫੈਰੀ-ਸੈਰ ਆਦਿ ਰਾਹੀਂ ਸੈਲਾਨੀਆਂ ਦਾ ਮਨੋਰੰਜਨ ਕਰਨ ਦੇ ਸਾਧਨ ਰਚਦੇ ਹਨ, ਉਥੇ ਘੱਟ ਡੂੰਘੇ ਪਾਣੀਆਂ ਵਿਚ ਰਹਿਣ ਵਾਲੀ ਡਾਲਫਿਨ ਨਸਲ ਦਾ ਸਭ ਤੋਂ ਵਧ ਗਿਣਤੀ ਵਿਚ ਅਬੂ ਧਾਬੀ ਦੇ ਤੱਟੀ ਪਾਣੀਆਂ ਵਿਚ ਪਾਇਆ ਜਾਣਾ, ਸੋਨੇ 'ਤੇ ਸੁਹਾਗੇ ਵਾਲੀ ਗੱਲ ਹੈ।
ਇਸ ਨਾਲ ਅਬੂ ਧਾਬੀ ਨੂੰ ਵੀ ਇਸ ਪ੍ਰਜਾਤੀ ਸਬੰਧੀ ਹੋਰ ਖੋਜ ਕਰਨ, ਇਸ ਦੀ ਸੰਭਾਲ ਸਬੰਧੀ ਪਾਲਿਸੀ ਬਣਾਉਣ, ਇਸ ਨੂੰ ਦਰਪੇਸ਼ ਖ਼ਤਰਿਆਂ ਨਾਲ ਨਜਿੱਠਣ ਦੇ ਢੰਗ-ਤਰੀਕੇ ਅਪਨਾਉਣ ਵਿਚ ਸਹਾਇਤਾ ਮਿਲੇਗੀ। ਸਰਵੇ ਦੀ ਰਿਪੋਰਟ ਵਿਚ ਇਹ ਵੀ ਮੰਨਿਆ ਗਿਆ ਹੈ ਕਿ ਡਾਲਫਿਨਾਂ ਨੂੰ ਸਭ ਤੋਂ ਵਧ ਖ਼ਤਰਾ ਮਾਨਵ ਤੋਂ ਹੀ ਹੈ। ਇਹ ਖ਼ਤਰਾ ਸਭ ਤੋਂ ਵਧੇਰੇ ਹਿੰਦ ਮਹਾਂਸਾਗਰੀ ਕੁਬਚੀ ਡਾਲਫਿਨ ਨੂੰ ਹੈ ਕਿਉਂਕਿ ਇਹ ਪੇਤਲੇ ਪਾਣੀਆਂ ਵਿਚ ਅਤੇ ਕਿਨਾਰੇ ਲਾਗੇ ਰਹਿਣਾ ਪਸੰਦ ਕਰਦੀ ਹੈ ਅਤੇ ਇਸ ਕਾਰਨ ਬੰਦੇ ਦੀ ਬੇਰਹਿਮੀ ਦਾ ਸ਼ਿਕਾਰ ਬਣ ਜਾਂਦੀ ਹੈ। ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਸਰਵੇ ਸਮੇਂ ਕਈ ਡਾਲਫਿਨਾਂ ਜ਼ਖ਼ਮੀ ਪਾਈਆਂ ਗਈਆਂ ਅਤੇ ਇਹ ਜ਼ਖ਼ਮ ਆਦਮੀ ਵਲੋਂ ਦਿੱਤੇ ਗਏ ਲਗਦੇ ਸਨ। ਦੂਸਰੀ ਨਸਲ ਡੂੰਘੇ ਪਾਣੀਆਂ ਵਿਚ ਵੀ ਚਲੇ ਜਾਂਦੀ ਹੈ।
ਸਾਨੂੰ ਡਾਲਫਿਨ ਦੋ ਵਾਰ ਦੇਖਣ ਦਾ ਮੌਕਾ ਮਿਲਿਆ ਹੈ। ਪਹਿਲੀ ਵਾਰ ਪਟਨਾ, ਬਿਹਾਰ ਵਿਚ ਗੰਗਾ ਕਿਨਾਰੇ ਬੈਠਿਆਂ ਅਤੇ ਦੂਸਰੀ ਵਾਰ ਅਬੂ ਧਾਬੀ ਦੇ ਤੱਟ ਉਪਰ। ਦੋਨੋਂ ਵਾਰ ਚਾਣਚੱਕ ਹੀ ਦਿਉ-ਕੱਦ ਡਾਲਫਿਨ ਪਾਣੀਆਂ ਨੂੰ ਛੰਡਦੀ ਆਪਣੀ ਥੂਥਨੀ ਅਤੇ ਕੁਹਾਂਡੀ ਛਿਨ-ਭੰਗਰ ਲਈ ਬਾਹਰ ਕੱਢ ਔਹ ਗਈ ਔਹ ਗਈ ਅਤੇ ਅਸੀਂ ਚਕ੍ਰਿਤ ਹੋ ਦੇਖਦੇ ਹੀ ਰਹਿ ਗਏ।

-ਫਗਵਾੜਾ।

ਸਾਹ ਹੈ ਤਾਂ ਜਹਾਨ ਹੈ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਸ਼ੁਕਰਗੁਜ਼ਾਰ ਤਾਂ ਪੂਰੀ ਲੋਕਾਈ ਨੂੰ ਰਹਿਣਾ ਚਾਹੀਦਾ ਹੈ, ਸਾਇੰਸ ਦਾ ਜਿਹੜੀ ਦਿਨ ਰਾਤ ਮਸਰੂਫ਼ ਹੈ ਸਾਡੇ ਇਲਾਜਾਂ ਲਈ, ਸਾਡੀ ਸਿਹਤ ਨੂੰ ਬਿਹਤਰਾਉਣ ਲਈ। ਕੋਈ ਤਿੰਨ, ਚਾਰ ਮਹੀਨੇ ਪਿੱਛੇ ਜਿਹੇ 'ਟਾਈਮ ਮੈਗਜ਼ੀਨ' ਨੇ 'ਅਨੂਲੋਮਾ, ਵਲੋਮਾ ਯਾਨਿ ਪ੍ਰਾਣਯਾਮਾ ਦੇ ਗੁਣਾਂ 'ਤੇ ਇਕ ਸਫ਼ੇ ਦਾ ਲੇਖ ਪੇਸ਼ ਕੀਤਾ ਸੀ, ਜਿਸ ਨੂੰ ਪੜ੍ਹਨ ਨਾਲ ਮੈਨੂੰ ਯਾਦ ਆਇਆ ਕਿ ਮੈਂ ਇਸ ਨੂੰ 1978-80 ਤੱਕ ਕਰਿਆ ਕਰਦਾ ਸੀ। ਪਰ ਫਿਰ ਮੈਂ ਦੁਬਾਰਾ ਹਠਯੋਗਾ, ਸਮਾਧੀ ਵਿਚ ਵੜ ਗਿਆ। ਵੈਸੇ, ਹੱਠਯੋਗਾ ਵਿਚ ਪ੍ਰਾਣਯਾਮਾ ਸ਼ਾਮਿਲ ਹੁੰਦਾ ਹੈ ਪਰ ਓਨਾ ਨਹੀਂ ਜਿੰਨੀ ਇਸ ਦੀ ਅਹਿਮੀਅਤ ਹੁਣ ਫੋਕਸ ਵਿਚ ਆ ਰਹੀ ਹੈ। ਰਿਸ਼ੀ ਪਤੰਜਲੀ ਨੇ ਯੋਗਾ ਸੂਤਰ ਵਿਚ ਯੋਗਾ ਨੂੰ ਅੱਠ ਹਿੱਸਿਆਂ ਵਿਚ ਵੰਡਿਆ ਤੇ ਤਰਤੀਬ ਵਿਚ ਪ੍ਰਾਣਯਾਮਾ ਨੂੰ ਚੌਥੇ ਨੰਬਰ 'ਤੇ ਰੱਖ ਦਿੱਤਾ, ਯਾਨੀ ਯਾਮਾ, ਨਿਆਮਾ, ਆਸਣ ਤੇ ਫਿਰ ਪ੍ਰਾਣਯਾਮਾ। ਯੋਗਾ ਕਰਨ ਦਾ ਅੰਤਿਮ ਨਿਸ਼ਾਨਾ ਹੈ, ਸਮਾਧੀ ਵਿਚ ਪ੍ਰਵੇਸ਼ ਕਰਨਾ। ਯੋਗਾ ਦੇ ਪ੍ਰੇਮੀ (ਮੈਂ ਵੀ ਸ਼ਾਮਿਲ) ਹੱਠਯੋਗਾ ਵਿਚ ਮੁਕੰਮਲ ਹੋਣ ਬਾਅਦ ਸਿੱਧੇ ਸਮਾਧੀ/ਧਿਆਨ ਵਿਚ ਵੜ ਜਾਇਆ ਕਰਦੇ ਹਨ, ਜਿਸ ਕਰਕੇ ਯੋਗਾ ਦੀ ਚੌਥੀ ਪਰਤ, ਪ੍ਰਾਣਯਾਮਾ ਨੂੰ ਇਸ ਦੀ ਬਣਦੀ ਅਹਿਮੀਅਤ ਮਿਲਦੀ ਨਹੀਂ। ਹੱਠਯੋਗਾ ਵਿਚ ਪ੍ਰਾਣਯਾਮਾ ਦਾ ਮੋਕਲਾ ਮਿਸ਼ਰਣ ਹੋਣ ਕਰਕੇ ਅਸੀਂ ਸਾਰੇ ਇਹੋ ਲੈਂਦੇ ਹਾਂ ਕਿ ਇਹੋ ਪ੍ਰਾਣਯਾਮਾ ਹੈ ਜਦ ਕਿ ਇਹ ਵੱਖ ਤੇ ਅਲੱਗ ਵਿਸ਼ਾ ਹੈ।
ਹਿੰਦੂ ਧਰਮ ਵਿਚ ਮੰਨਿਆ ਜਾਂਦਾ ਹੈ ਕਿ ਹਰੇਕ ਪ੍ਰਾਣੀ ਗਿਣਵੇਂ ਸਾਹ ਲੈਂਦਾ ਹੈ, ਜਿਹੜੀ ਕਿ ਪ੍ਰਮਾਤਮਾ ਦੀ ਬਖਸ਼ਿਸ ਹੁੰਦੀ ਹੈ। ਯੋਗੀਆਂ ਨੇ ਸੋਚਿਆ ਕਿ ਕਿਉਂ ਨਾ ਮਿਲੇ ਸਾਹਾਂ ਨੂੰ ਲੰਬਾ ਤੇ ਹੌਲੀ ਕੀਤਾ ਜਾਵੇ ਤਾਂ ਜੋ ਉਮਰ ਲੰਮੇਰੀ ਹੋ ਸਕੇ। ਤਜਰਬੇ ਵਜੋਂ ਕੁਝ ਯੋਗੀਆਂ ਨੇ ਸਾਹ ਨੂੰ ਲਮਕਾ ਕੇ ਤੇ ਹੌਲੀ-ਹੌਲੀ ਲੈਣ ਦਾ ਅਭਿਆਸ ਆਰੰਭ ਦਿੱਤਾ ਤਾਂ ਜੋ ਸਾਹ 'ਤੇ ਕੰਟਰੋਲ ਰਹਿ ਸਕੇ ਤੇ ਅਨੁਕੂਲਤਾ ਨਾਲ ਉਮਰ ਵਧ ਸਕੇ। ਉਮਰ ਦਾ ਵਧਣਾ ਤਾਂ ਦੂਰ ਦੀ ਗੱਲ ਸੀ, ਪਰ ਛੇਤੀ ਦੇ ਫਾਇਦੇ ਜਿਵੇਂ ਚਮੜੀ ਦਾ ਮੁਲਾਇਮ ਹੋਣਾ, ਸਰੀਰ ਨੂੰ ਸ਼ਕਤੀ ਮਿਲਣੀ, ਦਿਮਾਗ ਦੀ ਤਰੋਤਾਜ਼ਗੀ, ਆਪਣੇ ਸਵੈ ਨਾਲ ਨੇੜਤਾ ਆਦਿ, ਝੱਟ ਪ੍ਰਤੱਖ ਹੋਣ ਲੱਗ ਪਏ। ਬਸ, ਇਹੋ ਸੀ ਸ਼ੁਰੂਆਤ ਪ੍ਰਾਣਯਾਮਾ ਦੀ।
ਸਾਹ ਆਉਂਦਾ ਹੈ ਤਾਂ ਅਸੀਂ ਜਿਊਂਦੇ ਹਾਂ। ਸਾਹ ਬੰਦ ਹੋ ਜਾਣ ਤਾਂ ਜ਼ਿੰਦਗੀ ਮੁੱਕ ਜਾਂਦੀ ਹੈ। ਮਤਲਬ ਕਿ ਪ੍ਰਾਣ ਹੈਣ ਤਾਂ ਜਹਾਨ ਹੈ। ਮਤਲਬ, ਪ੍ਰਾਣਾਂ 'ਤੇ ਜ਼ਿੰਦਗੀ ਦਾ ਨਿਚੋੜ ਯਾਨੀ ਰੂਹ ਇਕਮਿਕ ਹਨ ਜਾਂ ਇਉਂ ਕਹੀਏ ਕਿ ਇਕ-ਦੂਜੇ 'ਤੇ ਨਿਰਭਰ ਹਨ। ਰੂਹ ਅਰਚਿਤ ਫਿਰ ਅਨਿੱਖੜਵੇਂ ਹਨ। ਇਸ ਹਿਸਾਬ ਨਾਲ ਪ੍ਰਾਣਾਂ 'ਤੇ ਚਿੱਤ ਦਾ ਆਪਸ ਵਿਚ ਸਬੰਧ ਹੈ। ਬਾਂਦਰ ਚਿੱਤ ਦਾ ਕੰਟਰੋਲ ਬੇਹੱਦ ਜ਼ਰੂਰੀ ਹੈ, ਜੇਕਰ ਇਸ ਨੂੰ ਸ਼ਾਂਤ ਰੱਖਣਾ ਹੈ, ਇਸ ਨੂੰ ਸਹੀ ਵਰਤੋਂ ਵਿਚ ਲਿਆਉਣਾ ਹੈ, ਆਪਣੇ ਇਰਦ-ਗਿਰਦ 'ਤੇ ਕੰਟਰੋਲ ਰੱਖਣਾ ਹੈ, ਆਪਣੇ ਦੁਨਿਆਵੀ ਫ਼ਰਜ਼ਾਂ ਨੂੰ ਸਹੀ ਸਿਰੇ ਚੜ੍ਹਾਉਣਾ ਹੈ। ਚਿੱਤ ਦਾ ਕੰਟਰੋਲ ਹਾਸਲ ਕੀਤਾ ਜਾ ਸਕਦਾ ਹੈ, ਸਾਹ ਦੇ ਕੰਟਰੋਲ ਥਾਣੀਂ। ਉਪਰੋਕਤ ਸਮੀਕਰਨ/ਊਟ-ਪਟਾਂਗ ਸਾਡੇ ਸਾਹਮਣੇ ਲਿਆ ਖੜ੍ਹਾ ਕਰਦਾ ਹੈ, ਇਕ ਜ਼ਬਰਦਸਤ ਤੱਥ...ਪ੍ਰਾਣਯਾਮਾ ਦੀ ਮਹੱਤਤਾ ਨੂੰ।
ਰਿਸ਼ੀ ਪਤੰਜਲੀ ਨੇ ਪ੍ਰਾਣਯਾਮਾ ਦੀ ਵਿਆਖਿਆ ਵਿਚ ਕਿਹਾ ਹੈ ਕਿ ਇਸ ਪ੍ਰਕਿਰਿਆ ਵਿਚ, ਸਾਹ ਜੋ ਜੀਵਨ ਸ਼ਕਤੀ ਹੈ, ਵਿਚ ਖ਼ਲਲ ਪਾਉਣਾ ਹੈ ਯਾਨੀ ਇਸ ਨੂੰ ਪਾਬੰਦੀ ਵਿਚ ਲਿਆਉਣਾ ਹੈ, ਇਸ 'ਤੇ ਕੰਟਰੋਲ ਰੱਖਣਾ ਹੈ। ਪ੍ਰਾਣ... ਹਵਾ+ਹੋਰ ਬਹੁਤ ਕੁਝ ਯੂਨੀਵਰਸਲ ਹਨ, ਜਿਹੜੇ ਇਸ ਗ੍ਰਹਿ 'ਤੇ ਸਮੂਹ ਬਨਸਪਤੀ 'ਤੇ ਜੀਵ-ਜੰਤੂਆਂ ਨੂੰ ਜ਼ਿੰਦਗੀ ਬਖ਼ਸ਼ਦੇ ਹਨ। ਕੁਝ ਜੋਗੀ ਪ੍ਰਾਣਾਂ ਨੂੰ ਦਿਮਾਗੀ ਤਾਕਤ ਨਾਲ, ਦਿਮਾਗੀ ਤਾਕਤ ਨੂੰ ਬੁੱਧੀ ਨਾਲ, ਬੁੱਧੀ ਨੂੰ ਰੂਹ ਨਾਲ ਤੇ ਰੂਹ ਨੂੰ ਪ੍ਰਮਾਤਮਾ ਨਾਲ ਜੋੜਦੇ ਹਨ। ਕੁਝ ਜੋਗੀ ਪ੍ਰਾਣਯਾਮਾ ਨੂੰ ਤਪ ਦੱਸਦੇ ਹਨ ਹਨ ਕਿ ਜਦ ਦਿਮਾਗ ਤੇ ਸਰੀਰ ਇਸ ਵਿਚੋਂ ਦੀ ਲੰਘਦੇ ਹਨ ਤਾਂ ਜਿਵੇਂ ਸੋਨਾ ਅੱਗ ਵਿਚੋਂ ਦੀ ਲੰਘ ਕੇ ਚਮਕਦਾ ਹੈ, ਤਿਵੇਂ ਦਿਮਾਗ ਤੇ ਸਰੀਰ ਨਿਖਰਦੇ ਹਨ। ਹੱਠਯੋਗਾ ਕਰਨ ਵਾਲੇ ਜੇਕਰ ਨਾਲ-ਨਾਲ ਪ੍ਰਾਣਯਾਮਾ ਨਹੀਂ ਕਰਦੇ ਭਾਵ ਅਭਿਆਸਦੇ ਤਾਂ ਯੋਗਾ ਹੈ ਪਰ ਬਿਨਾਂ ਰੂਹ ਦੇ।
ਜਿਹੜੇ ਪ੍ਰਾਣੀ ਪ੍ਰਾਣਯਾਮਾ ਕਰਨ ਦੇ ਇੱਛੁਕ ਹਨ, ਜ਼ਰੂਰ ਕਰਨ ਪਰ ਕਿਸੇ ਕੋਚ/ਗੁਰੂ ਦੀ ਨਿਗਰਾਨੀ ਹੇਠ ਕਿਉਂਕਿ ਕਿਤਾਬ ਵਿਚੋਂ ਥਿਊਰੀ ਨੂੰ ਸਮਝ ਲੈਣਾ ਕਿ ਤੈਰਨਾ ਕਿਵੇਂ ਹੈ ਤੇ ਅਸਲ ਵਿਚ ਤੈਰਨ ਵਿਚ, ਡੁਬਣ ਤੇ ਤੈਰਨ ਦਾ ਫ਼ਰਕ ਹੁੰਦਾ ਹੈ। ਇਸ ਲੇਖ ਵਿਚ ਮੈਂ ਸਾਹ ਦੇ ਸਿਸਟਮ ਨੂੰ ਇਸ ਕਰਕੇ ਵਿਸਥਾਰ ਨਾਲ ਪੇਸ਼ ਕੀਤਾ ਹੈ ਕਿਉਂਕਿ ਅਸੀਂ ਪ੍ਰਾਣੀਆਂ ਨੂੰ ਜੇ ਮਸ਼ੀਨਰੀ ਦਾ ਗਿਆਨ ਹੈ ਤਾਂ ਹੀ ਇਸ ਦਾ ਸਹੀ ਇਸਤੇਮਾਲ ਕੀਤਾ ਜਾ ਸਕਦਾ ਹੈ ਤੇ ਇਸ ਦੀ ਦੇਖ-ਭਾਲ ਕੀਤੀ ਜਾ ਸਕਦੀ ਹੈ। ਝੁਕ ਕੇ ਨਾ ਤਾਂ ਚਲਣਾ ਹੈ ਤੇ ਨਾ ਹੀ ਖੜ੍ਹਨਾ ਤੇ ਬੈਠਣਾ ਹੈ ਕਿਉਂਕਿ ਇਉਂ ਕਰਨ ਨਾਲ ਡਾਇਆ ਫਰਾਮ ਥੱਲੇ ਨੂੰ ਪੂਰਾ ਜਾਏਗਾ ਨਹੀਂ ਜਿਸ ਕਰਕੇ ਪੂਰਾ ਸਾਹ ਫੇਫੜਿਆਂ ਅੰਦਰ ਜਾ ਨਹੀਂ ਸਕੇਗਾ। ਇਸੇ ਤਰਜ਼ 'ਤੇ ਯੋਗਾ, ਸਮਾਧੀ, ਪ੍ਰਾਣਯਾਮਾ ਕਰਦੇ ਵਕਤ ਰੀੜ੍ਹ ਦੀ ਹੱਡੀ ਤੇ ਸਿਰ ਨੂੰ ਸਿੱਧਾ ਇਕ ਲਾਈਨ ਵਿਚ ਰੱਖਣਾ ਜ਼ਰੂਰੀ ਹੈ ਤਾਂ ਜੋ ਫੇਫੜੇ ਪੂਰੀ ਇਕ ਆਜ਼ਾਦੀ ਨਾਲ ਭਰ ਤੇ ਖਾਲੀ ਹੋ ਸਕਣ।
ਪ੍ਰਾਣਯਾਮਾ ਵਿਚ ਸਾਹ ਦੀ ਰਫ਼ਤਾਰ ਨੂੰ ਮੱਠਾ ਕੀਤਾ ਜਾਂਦਾ ਹੈ। ਸਾਹ ਨੂੰ ਪੂਰੀ ਤਰ੍ਹਾਂ ਯਾਨੀ ਫੇਫੜਿਆਂ ਦੇ ਥੱਲੇ ਠੀਕ ਨੂੰ ਘਰੋੜ ਕੇ ਬਾਹਰ ਕੱਢਿਆ ਜਾਂਦਾ ਹੈ ਤੇ ਫਿਰ ਸਾਹ ਨੂੰ ਫੇਫੜਿਆਂ ਦੀ ਗਹਿਰਾਈ ਤੀਕ ਭਰਨ ਦਿੱਤਾ ਜਾਂਦਾ ਹੈ। ਬਾਕੀ ਕੋਚ ਤੁਹਾਨੂੰ ਸਮਝਾਏਗਾ ਕਿ ਸਾਹ ਲੈਣ ਵਿਚ ਪਾਬੰਦੀ ਕਿਵੇਂ ਲਿਆਉਣੀ ਹੈ। ਮੈਂ ਤਾਂ ਏਨਾ ਹੀ ਦੱਸਣਾ ਹੈ ਕਿ ਪ੍ਰਾਣਯਾਮਾ ਵਿਚ ਸਾਹ ਜ਼ਰੀਏ ਫੇਫੜਿਆਂ ਵਿਚੋਂ ਬਾਸੀ ਹਵਾ, ਜਿਹੜੀ ਹੋਛਾ ਸਾਹ ਲੈਣ ਕਰਕੇ ਫੇਫੜਿਆਂ ਦੀਆਂ ਮਹੀਨ ਗੁਥਲੀਆਂ ਅੰਦਰ ਫਸੀ ਅਟਕੀ ਰਹਿੰਦੀ ਹੈ, ਨੂੰ ਘਰੋੜ ਕੇ ਬਾਹਰ ਕੱਢਣਾ ਹੁੰਦਾ ਹੈ। ਇਸ ਤਰ੍ਹਾਂ ਪੈਦਾ ਹੋਏ ਖਲਾਅ ਕਰਕੇ ਸਾਹ ਖੁਦ-ਬਖੁਦ ਫੇਫੜਿਆਂ ਦੀ ਗਹਿਰਾਈ ਤੱਕ ਨੂੰ ਭਰ ਦੇਵੇਗਾ। ਇਉਂ ਕਰਨ ਨਾਲ ਦਿਮਾਗੀ ਟੈਨਸ਼ਨ ਉੱਡ ਜਾਵੇਗੀ ਤੇ ਸਰੀਰ ਨਿਸਲਣ ਲੱਗ ਪਵੇਗਾ। ਬਹੁਤ ਪ੍ਰਾਣੀਆਂ ਨੂੰ ਹਓਕਾ ਇਸ ਕਰਕੇ ਆਉਂਦਾ ਹੈ ਕਿ ਉਹ ਹੋਛੇ ਸਾਹਾਂ ਨਾਲ ਕੰਮ ਸਾਰੀ ਜਾਂਦੇ ਹਨ। ਇਹ ਕੁਦਰਤ ਦੀ ਜੁਗਤ ਹੈ ਕਿ ਅਜਿਹੇ ਪ੍ਰਾਣੀਆਂ ਅੰਦਰ ਡੂੰਘਾ ਸਾਹ ਲੈ ਜਾਣ ਵਾਸਤੇ ਹਓਕਾ ਆਉਂਦਾ ਹੈ।
ਪ੍ਰਾਣਯਾਮਾ ਵਿਚ ਪੂਰਾ, ਡੂੰਘਾ ਸਾਹ ਲੈਣਾ, ਸਾਹ ਨੂੰ ਪਾਬੰਦ ਕਰਨਾ, ਸਾਹ ਨੂੰ ਮੱਠੀ ਰਫ਼ਤਾਰ ਦੀ ਤਾਲ ਵਿਚ ਬੰਨ੍ਹਣਾ... ਪ੍ਰਾਣੀ ਆਪਣੀ ਪੂਰੀ ਸੁਰਤ ਵਿਚ ਰਹਿੰਦਿਆਂ ਹੋਇਆਂ ਇਸ ਪ੍ਰਕਿਰਿਆ ਥਾਣੀਂ ਲੰਘਦਾ ਹੈ, ਜਿਸ ਨਾਲ ਉਸ ਦੀ ਸੁਚੇਤਤਾ ਵਧਦੀ ਹੈ, ਦਿਮਾਗ ਤਿੱਖਾ ਰਹਿੰਦਾ ਹੈ। ਬਲੱਡ ਪ੍ਰੈਸ਼ਰ 'ਤੇ ਕੰਟਰੋਲ ਰਹਿੰਦਾ ਹੈ। ਝੋਰਾ, ਉਦਾਸੀਨਤਾ ਘਟਦੀ ਹੈ। ਨੀਂਦ ਚੰਗੀ ਤਰ੍ਹਾਂ ਆਉਂਦੀ ਹੈ ਤੇ ਘੱਟ ਵਾਰ ਟੁਟਦੀ ਹੈ। ਖ਼ੂਨ ਵਿਚ ਆਕਸੀਜਨ ਦੀ ਮਾਤਰਾ ਉੱਪਰ ਰਹਿੰਦੀ ਹੈ। ਪ੍ਰਾਣਯਾਮਾ ਵਿਚ ਜਦ ਪ੍ਰਾਣੀ ਪੂਰਾ ਸਾਹ ਲੈਂਦਾ ਹੈ ਤਾਂ ਉਸ ਦੀ ਨੰਗੀ ਪਿੱਠ 'ਤੇ ਇਕ ਝਾਤ ਨਾਲ ਤੁਹਾਨੂੰ ਦਿਖੇਗਾ ਕਿ ਉਸ ਦਾ ਪਿੰਜਰ ਥੱਲੇ ਲੱਕ ਤੱਕ ਫੁਲੇਗਾ। ਗਵੱਈਏ ਦੀ ਹੇਕ ਤਾਂ ਹੀ ਲੰਮੀ ਨਿਕਲ ਸਕਦੀ ਹੈ ਜੇ ਇਸ ਪਿੱਛੇ ਪੂਰਾ ਸਾਹ ਹੈ।
ਪ੍ਰਾਣਯਾਮਾ ਵਿਚ ਬੈਠਣ ਤੋਂ ਪਹਿਲਾਂ ਆਪਣੇ ਚਿਹਰੇ 'ਤੇ ਹੱਥ ਫੇਰੋ ਤੇ ਕਰਨ ਤੋਂ ਬਾਅਦ ਫਿਰ ਫੇਰੋ, ਤੁਹਾਡੀ ਚਮੜੀ ਕਿੰਨੀ ਮਖ਼ਮਲੀ ਹੋ ਜਾਏਗੀ। ਅਨੂਲੋਮਾ, ਵਲੋਮਾ ਕਰਨ ਨਾਲ ਦਿਲ ਦੀ ਚਿਰਕਾਲੀ ਨਾਕਾਮੀ ਨੂੰ ਤਾਕਤ ਮਿਲਦੀ ਹੈ... ਕਿਉਂਕਿ ਤੇ ਕਿਵੇਂ... ਸਾਇੰਸ ਅਜੇ ਤੱਕ ਸਮਝ ਨਹੀਂ ਸਕੀ ਪਰ ਮੰਨਦੀ ਹੈ ਕਿ ਇਵੇਂ ਹੁੰਦਾ ਹੈ। ਰਿਸ਼ੀਆਂ ਨੇ ਮੌਤ 'ਤੇ ਫਤਹਿ ਪਾਉਣ ਵਾਸਤੇ ਹੀ ਸਾਹ ਨੂੰ ਲੰਮਾ, ਡੂੰਘਾ ਤੇ ਹੌਲੀ ਕੀਤਾ। ਕਹਿੰਦੇ ਨੇ ਕਿ ਮੌਤ ਦੇ ਡਰ ਕਰ ਕੇ, ਇਸ ਨੂੰ ਲਿੱਚੀ ਲਾਉਣ ਲਈ ਬ੍ਰਹਮਾ... ਸ੍ਰਿਸ਼ਟੀ ਦਾ ਸਿਰਜਣਹਾਰ... ਵੀ ਪ੍ਰਾਮਯਾਮਾ ਕਰਦਾ ਰਹਿੰਦਾ ਹੈ। ਅਜੋਕੇ ਪ੍ਰਸੰਗ ਵਿਚ ਜਿਵੇਂ ਪੈਨਸ਼ਨਰਜ਼ ਕਹਿੰਦੇ ਨੇ ਕਿ ਸਾਹ ਆਉਣਾ ਚਾਹੀਦਾ ਹੈ, ਪੈਨਸ਼ਨ ਨੇ ਤਾਂ ਆਪਣੇ ਆਪ ਬੈਂਕ ਖਾਤੇ ਵਿਚ ਆਣ ਡਿੱਗਣਾ ਹੈ। ਸਾਹ ਹੈ ਤਾਂ ਸਭ ਕੁਝ ਹੈ...। (ਸਮਾਪਤ)

-ਮੋਬਾਈਲ : 97806-66268.

ਭੁੱਲੀਆਂ ਵਿਸਰੀਆਂ ਯਾਦਾਂ

ਜਦੋਂ ਗਿਆਨੀ ਜ਼ੈਲ ਸਿੰਘ ਪੰਜਾਬ ਦੇ ਮੁੱਖ ਮੰਤਰੀ ਹੁੰਦੇ ਸਨ, ਉਸ ਵਕਤ ਉਨ੍ਹਾਂ ਦੇ ਨਾਲ ਅੱਜ ਦੇ ਰਾਜਸੀ ਨੇਤਾਵਾਂ ਵਾਂਗ ਗੰਨਮੈਨਾਂ ਦੀ ਫ਼ੌਜ ਨਹੀਂ ਸੀ ਹੁੰਦੀ। ਇਕ ਵਾਰ ਉਹ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਲਾ-ਮਹੱਲਾ ਵੇਖਣ ਆਏ ਸੀ। ਸ਼ਾਇਦ ਹੀ ਗਿਆਨੀ ਜੀ ਵਾਂਗ ਪੰਜਾਬ ਦੇ ਕਿਸੇ ਹੋਰ ਮੁੱਖ ਮੰਤਰੀ ਨੇ ਸ੍ਰੀ ਅਨੰਦਪੁਰ ਸਾਹਿਬ ਦਾ ਹੋਲਾ-ਮਹੱਲਾ ਦੇਖਿਆ ਹੋਵੇ। ਗਿਆਨੀ ਜੀ ਨਿਹੰਗ ਸਿੰਘਾਂ ਦੇ ਘੋੜਿਆਂ ਦੀਆਂ ਦੌੜਾਂ ਤੇ ਨੇਜ਼ਾਬਾਜ਼ੀ ਚਰਨ ਕੰਵਲ ਗੰਗਾ ਦੇ ਮੈਦਾਨ ਵਿਚ ਵੇਖਣ ਗਏ ਸੀ। ਇਹ ਸ਼ੌਕ ਗਿਆਨੀ ਜ਼ੈਲ ਸਿੰਘ ਮੁੱਖ ਮੰਤਰੀ ਹੁੰਦਿਆਂ ਹੋਇਆਂ ਵੀ ਪੂਰੇ ਕਰਦੇ ਸਨ ਤੇ ਲੋਕਾਂ ਨੂੰ ਮਿਲਦੇ ਰਹਿੰਦੇ ਸਨ। ਇਸ ਕਰਕੇ ਉਨ੍ਹਾਂ ਨੂੰ ਗੰਨਮੈਨਾਂ ਦੀ ਲੋੜ ਨਹੀਂ ਸੀ ਪੈਂਦੀ। ਉਹ ਘੋੜ ਦੌੜਾਂ ਵੇਖਣ ਲਈ ਚਰਨ ਕੰਵਲ ਗੰਗਾ ਦੇ ਮੈਦਾਨ ਵਿਚ ਚਲ ਕੇ ਜਥੇਦਾਰ ਸੰਤਾ ਸਿੰਘ ਕੋਲ ਗਏ ਤੇ ਉਨ੍ਹਾਂ ਸਾਰਿਆਂ ਗਿਆਨੀ ਜੀ ਨੂੰ ਜੀ ਆਇਆਂ ਆਖਿਆ। ਉਥੇ ਗਿਆਨੀ ਜੀ ਇਕ ਨਿਹੰਗ ਸਿੰਘ ਦੀ ਦੋਨਾਲੀ ਬੰਦੂਕ ਵੇਖਣ ਲੱਗ ਪਏ ਤੇ ਨਾਲ ਹੀ ਘੋੜਿਆਂ ਦੀਆਂ ਦੌੜਾਂ ਤੇ ਨੇਜ਼ਾਬਾਜ਼ੀ ਦੇ ਕਰਤਬਾਂ ਦਾ ਵੀ ਅਨੰਦ ਮਾਣਿਆ।

ਮੋਬਾਈਲ : 98767-41231

ਆਮ ਲੋਕਾਂ ਨੂੰ ਪੁਸਤਕਾਂ ਨਾਲ ਜੋੜਦੇ ਹਨ ਪੁਸਤਕ ਬਾਜ਼ਾਰ

ਪੁਸਤਕਾਂ ਵਧੇਰੇ ਜਾਣਨ ਦੀ ਸਾਡੀ ਜਿਗਿਆਸਾ ਨੂੰ ਜਾਗ੍ਰਿਤ ਕਰਦੀਆਂ ਹਨ ਅਤੇ ਸਾਨੂੰ ਅਜਿਹੇ ਮੁਕਾਮ ਉੱਤੇ ਪਹੁੰਚਾ ਦਿੰਦੀਆਂ ਹਨ, ਜਿਥੇ ਸਾਡੀ ਉਦਾਸੀ ਭਰੀ ਜ਼ਿੰਦਗੀ ਵਿਚ ਤਾਜ਼ਗੀ ਅਤੇ ਖੇੜਾ ਭਰ ਜਾਂਦਾ ਹੈ। ਪ੍ਰਸਿੱਧ ਲੇਖਕ ਫਰਾਂਸਿਸ ਬੇਕਨ ਦਾ ਕਥਨ ਹੈ ਕਿ ਪੂਰਾ ਮਨੁੱਖ ਬਣਨ ਲਈ ਪੁਸਤਕਾਂ ਪੜ੍ਹਨਾ ਜ਼ਰੂਰੀ ਹੈ। ਪੁਸਤਕਾਂ ਮਨੁੱਖ ਦੀਆਂ ਸਭ ਤੋਂ ਵਧੀਆ ਦੋਸਤ ਹਨ। ਪੁਸਤਕਾਂ ਜਿਥੇ ਮਨੁੱਖ ਦੇ ਗਿਆਨ ਵਿਚ ਵਾਧਾ ਕਰਦੀਆਂ ਹਨ, ਉਥੇ ਜ਼ਿੰਦਗੀ ਦੇ ਹਰ ਮੋੜ 'ਤੇ ਮਨੁੱਖ ਦਾ ਮਾਰਗ-ਦਰਸ਼ਨ ਵੀ ਕਰਦੀਆਂ ਹਨ।
ਆਮ ਲੋਕਾਂ ਵਿਚ ਪੁਸਤਕਾਂ ਦਾ ਪ੍ਰਚਾਰ-ਪਾਸਾਰ ਕਰਨ ਅਤੇ ਪੜ੍ਹਨ ਦੀ ਰੁਚੀ ਵਧਾਉਣ ਲਈ ਪੁਸਤਕ ਮੇਲੇ ਅਤੇ ਪੁਸਤਕ ਬਾਜ਼ਾਰ ਲਗਾਏ ਜਾਂਦੇ ਹਨ। ਜਿਥੇ ਇਹ ਪੁਸਤਕ ਮੇਲੇ ਅਤੇ ਪੁਸਤਕ ਬਾਜ਼ਾਰ ਪੁਸਤਕਾਂ ਨੂੰ ਲੋਕਾਂ ਤੱਕ ਪਹੁੰਚਾਉਂਦੇ ਹਨ, ਉਥੇ ਇਹ ਲੇਖਕਾਂ, ਪਾਠਕਾਂ, ਪ੍ਰਕਾਸ਼ਕਾਂ ਅਤੇ ਪੁਸਤਕ ਵਿਕਰੇਤਾਵਾਂ ਸਭ ਲਈ ਨਫੇ ਦਾ ਸੌਦਾ ਵੀ ਹੁੰਦੇ ਹਨ। ਛਪੀਆਂ ਹੋਈਆਂ ਪੁਸਤਕਾਂ ਲੋਕਪ੍ਰਿਅਤਾ ਦੇ ਲਿਹਾਜ਼ ਨਾਲ ਅੱਜ ਵੀ ਈ-ਪੁਸਤਕਾਂ ਨਾਲੋਂ ਅੱਗੇ ਹਨ।
ਪਿਛਲੇ ਦਿਨੀਂ ਨਵੀਂ ਦਿੱਲੀ ਦੇ ਪ੍ਰਗਤੀ ਮੈਦਾਨ ਵਿਚ ਸੰਪੰਨ ਹੋਏ 'ਨਵੀਂ ਦਿੱਲੀ ਵਿਸ਼ਵ ਪੁਸਤਕ ਮੇਲੇ' ਵਿਚ 12 ਲੱਖ ਤੋਂ ਵੱਧ ਲੋਕਾਂ ਦਾ ਪਹੁੰਚਣਾ ਇਹ ਦਰਸਾਉਂਦਾ ਹੈ ਕਿ ਪੁਸਤਕ ਪ੍ਰੇਮੀਆਂ ਦੀ ਕੋਈ ਕਮੀ ਨਹੀਂ ਹੈ। ਸਮਾਰਟ ਫੋਨ ਜਨਰੇਸ਼ਨ ਦਾ ਵੀ ਕਹਿਣਾ ਹੈ ਕਿ ਜਿਸ ਤਰ੍ਹਾਂ ਪੁਸਤਕ ਮੇਲਿਆਂ ਵਿਚ ਪੁਸਤਕਾਂ ਦਾ ਫੀਲ ਆਉਂਦਾ ਹੈ, ਉਹ ਆਨਲਾਈਨ ਕਦੇ ਨਹੀਂ ਆਉਂਦਾ।
ਜੇ ਅਸੀਂ ਚਾਹੁੰਦੇ ਹਾਂ ਕਿ ਸਟੋਰਾਂ ਵਿਚ ਬੰਦ ਪੁਸਤਕਾਂ ਬਾਹਰ ਨਿਕਲ ਕੇ ਲੋਕਾਂ ਨੂੰ ਮਿਲਣ ਅਤੇ ਉਨ੍ਹਾਂ ਦੇ ਘਰਾਂ ਤੱਕ ਜਾਣ ਤਾਂ ਪੁਸਤਕ ਮੇਲਿਆਂ, ਪੁਸਤਕ ਬਾਜ਼ਾਰਾਂ ਅਤੇ ਚਲਦੀਆਂ-ਫਿਰਦੀਆਂ ਪੁਸਤਕ ਪ੍ਰਦਰਸ਼ਨੀਆਂ ਦਾ ਪ੍ਰਬੰਧ ਕਰਨਾ ਜ਼ਰੂਰੀ ਹੋ ਜਾਂਦਾ ਹੈ।
ਇਸ ਸੰਦਰਭ ਵਿਚ ਨੈਸ਼ਨਲ ਬੁੱਕ ਟਰੱਸਟ ਇੰਡੀਆ 'ਨਵੀਂ ਦਿੱਲੀ ਵਿਸ਼ਵ ਪੁਸਤਕ ਮੇਲਾ' ਅਤੇ ਭਾਰਤੀ ਪ੍ਰਕਾਸ਼ਨ ਸੰਘ ਵਲੋਂ 'ਦਿੱਲੀ ਪੁਸਤਕ ਮੇਲਾ' ਹਰ ਸਾਲ ਨਵੀਂ ਦਿੱਲੀ ਦੇ ਪ੍ਰਗਤੀ ਮੈਦਾਨ ਵਿਚ ਲਗਾਇਆ ਜਾਂਦਾ ਹੈ। ਇਸ ਤੋਂ ਇਲਾਵਾ ਹੁਣ ਹੋਰ ਵੀ ਕਈ ਸੰਸਥਾਵਾਂ ਸਾਹਮਣੇ ਆ ਰਹੀਆਂ ਹਨ, ਜੋ ਪੁਸਤਕ ਮੇਲਿਆਂ ਦਾ ਲਗਾਤਾਰ ਪ੍ਰਬੰਧ ਕਰ ਰਹੀਆਂ ਹਨ। ਇਨ੍ਹਾਂ ਵਿਚੋਂ ਇਕ ਪ੍ਰਮੁੱਖ ਆਯੋਜਨ ਹਰ ਸਾਲ ਫਰਵਰੀ ਦੇ ਸ਼ੁਰੂ ਵਿਚ ਲੱਗਣ ਵਾਲਾ 'ਕੋਲਕਾਤਾ ਪੁਸਤਕ ਮੇਲਾ' ਹੈ। ਜੇਕਰ ਪੁਸਤਕ ਮੇਲੇ ਦੇਸ਼ ਦੇ ਕੋਨੇ-ਕੋਨੇ ਵਿਚ ਲਗਾਏ ਜਾਣ ਤਾਂ ਇਨ੍ਹਾਂ ਨੂੰ ਦੇਖਣ ਅਤੇ ਪੁਸਤਕਾਂ ਖਰੀਦਣ ਵਾਲਿਆਂ ਦੀ ਗਿਣਤੀ ਵਿਚ ਵੱਡਾ ਵਾਧਾ ਹੋ ਸਕਦਾ ਹੈ।
ਇਸ ਹੀ ਲੜੀ ਵਿਚ ਹਰ ਐਤਵਾਰ ਨੂੰ ਰਾਜਧਾਨੀ ਦਿੱਲੀ ਦੇ ਦਰਿਆਗੰਜ ਵਿਖੇ ਸੜਕ ਦੀਆਂ ਪਟੜੀਆਂ 'ਤੇ ਲੱਗਣ ਵਾਲਾ ਪੁਸਤਕ ਬਾਜ਼ਾਰ ਪੁਸਤਕ ਪ੍ਰੇਮੀਆਂ ਲਈ ਹਮੇਸ਼ਾ ਹੀ ਖਿੱਚ ਦਾ ਕੇਂਦਰ ਰਿਹਾ ਹੈ। ਇਹ ਪੁਸਤਕ ਬਾਜ਼ਾਰ ਦੁਰਲੱਭ ਪੁਰਾਣੀਆਂ ਪੁਸਤਕਾਂ ਲਈ ਜਾਣਿਆ ਜਾਂਦਾ ਹੈ।
ਕੋਲਕਾਤਾ ਵਿਚ ਵੀ ਇਸ ਤਰ੍ਹਾਂ ਦਾ ਹੀ ਪੁਸਤਕ ਬਾਜ਼ਾਰ ਕਾਲਜ ਸਟਰੀਟ ਵਿਖੇ ਲਗਦਾ ਹੈ। ਉਥੇ ਵੀ ਪੁਰਾਣੀਆਂ ਪੁਸਤਕਾਂ ਵੇਚੀਆਂ ਅਤੇ ਖਰੀਦੀਆਂ ਜਾਂਦੀਆਂ ਹਨ। ਮੁੰਬਈ ਦੇ ਫਲੋਰਾ ਫਾਊਂਨਟੇਨ ਵਿਖੇ ਵੀ ਪੁਸਤਕ ਬਾਜ਼ਾਰ ਲਗਦਾ ਹੈ। ਪਰ ਦਰਿਆਗੰਜ ਵਿਚ ਲੱਗਣ ਵਾਲਾ ਪੁਸਤਕ ਬਾਜ਼ਾਰ ਆਪਣੇ-ਆਪ ਵਿਚ ਵਿਲੱਖਣ ਹੈ।
'ਐਤਵਾਰ ਪੁਸਤਕ ਬਾਜ਼ਾਰ' ਵਿਚੋਂ ਹਰ ਵਿਸ਼ੇ ਦੀਆਂ ਅੰਗਰੇਜ਼ੀ ਅਤੇ ਹਿੰਦੀ ਦੀਆਂ ਪੁਸਤਕਾਂ ਦੇ ਨਾਲ-ਨਾਲ ਹੋਰ ਭਾਰਤੀ ਭਾਸ਼ਾਵਾਂ ਦੀਆਂ ਪੁਸਤਕਾਂ ਵੀ ਇਥੋਂ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ। ਇਥੋਂ ਮਹਾਨ ਵਿਅਕਤੀਆਂ ਦੀਆਂ ਜੀਵਨੀਆਂ, ਕੈਲੰਡਰ, ਜੰਤਰੀਆਂ, ਪੋਸਟਰ, ਬੁਝਾਰਤਾਂ ਦੀਆਂ ਪੁਸਤਕਾਂ, ਦਾਖਲਾ ਪ੍ਰੀਖਿਆ ਪੁਸਤਕਾਂ, ਕੌਫੀ ਟੇਬਲ ਪੁਸਤਕਾਂ, ਇਨਸਾਈਕਲੋਪੀਡੀਆ ਅਤੇ ਮੈਗਜ਼ੀਨ ਇਕ ਹੀ ਥਾਂ ਆਪਣੀਆਂ ਨਿਰਧਾਰਤ ਕੀਮਤਾਂ ਨਾਲੋਂ ਅੱਧੇ ਮੁੱਲ 'ਤੇ ਮਿਲ ਸਕਦੇ ਹਨ।
ਪਰ ਪਿਛਲੇ ਕੁਝ ਹਫਤਿਆਂ ਤੋਂ ਉੱਤਰੀ ਦਿੱਲੀ ਮਿਊਂਸਪਲ ਕਾਰਪੋਰੇਸ਼ਨ ਨੇ 'ਐਤਵਾਰ ਪੁਸਤਕ ਬਾਜ਼ਾਰ' ਲੱਗਣ ਨਹੀਂ ਦਿੱਤਾ ਹੈ। ਅਧਿਕਾਰੀਆਂ ਨੇ ਕਿਹਾ ਸੀ ਕਿ ਸ਼ਹਿਰ ਨੂੰ ਸੁੰਦਰ ਬਣਾਉਣ ਲਈ ਅਜਿਹਾ ਕੀਤਾ ਜਾ ਰਿਹਾ ਹੈ।
ਇਹ ਮੰਦਭਾਗੀ ਖ਼ਬਰ ਸਭ ਪੁਸਤਕ ਪ੍ਰੇਮੀਆਂ ਲਈ ਉਦਾਸੀ ਅਤੇ ਗੁੱਸੇ ਦਾ ਕਾਰਨ ਬਣੀ ਹੋਈ ਹੈ। ਯਾਦ ਰਹੇ ਕਿ 1990 ਵਿਚ ਵੀ ਇਹ ਪੁਸਤਕ ਬਾਜ਼ਾਰ ਬੰਦ ਕਰ ਦਿੱਤਾ ਗਿਆ ਸੀ। ਉਸ ਸਮੇਂ ਵੀ ਕੁਝ ਪ੍ਰਸਿੱਧ ਸਾਹਿਤਕਾਰ ਅਤੇ ਵਿਦਵਾਨ ਅੱਗੇ ਆਏ ਸਨ, ਜਿਨ੍ਹਾਂ ਨੇ ਇਸ ਪੁਸਤਕ ਬਾਜ਼ਾਰ ਨੂੰ ਦੁਬਾਰਾ ਸ਼ੁਰੂ ਕਰਨ ਲਈ ਉਦੋਂ ਦੇ ਪ੍ਰਧਾਨ ਮੰਤਰੀ ਸ੍ਰੀ ਨਰਸਿਮ੍ਹਾ ਰਾਓ, ਜੋ ਖੁਦ ਇਕ ਚੰਗੇ ਪਾਠਕ ਅਤੇ ਕਈ ਪੁਸਤਕਾਂ ਦੇ ਲੇਖਕ ਸਨ, ਨੂੰ ਪੱਤਰ ਲਿਖ ਕੇ ਆਮ ਲੋਕਾਂ ਦੀ ਪੀੜਾ ਨੂੰ ਪਹੁੰਚਾਇਆ ਸੀ। ਪ੍ਰਧਾਨ ਮੰਤਰੀ ਨੇ ਉਨ੍ਹਾਂ ਦੀ ਜਾਇਜ਼ ਮੰਗ ਨੂੰ ਸਵੀਕਾਰ ਕਰਦੇ ਹੋਏ ਪੁਸਤਕ ਬਾਜ਼ਾਰ ਫਿਰ ਸ਼ੁਰੂ ਕਰਨ ਦੇ ਹੁਕਮ ਜਾਰੀ ਕੀਤੇ ਸਨ।
ਅੱਜ ਲੋੜ ਇਸ ਗੱਲ ਦੀ ਹੈ ਕਿ ਪੁਸਤਕ ਨੂੰ ਆਮ ਜ਼ਰੂਰਤ ਦੀ ਵਸਤੂ ਬਣਾਇਆ ਜਾਵੇ ਅਤੇ ਹਰ ਹੱਥ ਵਿਚ ਕਿਤਾਬ ਦਿੱਤੀ ਜਾਵੇ। ਇਕ ਬਿਹਤਰ ਸਮਾਜ ਦੀ ਸਿਰਜਣਾ ਅਤੇ ਦੇਸ਼ ਦਾ ਤੇਜ਼ ਗਤੀ ਨਾਲ ਵਿਕਾਸ ਕਰਨ ਲਈ ਆਮ ਲੋਕਾਂ ਅਤੇ ਖਾਸ ਕਰਕੇ ਨੌਜਵਾਨ ਪੀੜ੍ਹੀ ਨੂੰ ਪੁਸਤਕਾਂ ਨਾਲ ਜੋੜਿਆ ਜਾਣਾ ਬਹੁਤ ਜ਼ਰੂਰੀ ਹੈ, ਤਾਂ ਹੀ ਸਮਾਜ ਵਿਚ ਸੰਵੇਦਨਾ ਅਤੇ ਇਕ-ਦੂਜੇ ਨੂੰ ਸਮਝਣ ਦੀ ਭਾਵਨਾ ਬਣੀ ਰਹਿ ਸਕਦੀ ਹੈ।

-ਸਾਬਕਾ ਸੰਪਾਦਕ (ਪੰਜਾਬੀ) ਨੈਸ਼ਨਲ ਬੁੱਕ ਟਰੱਸਟ ਇੰਡੀਆ। ਮੋਬਾ: 072919-45654
misardeep@gmail.com





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX