ਤਾਜਾ ਖ਼ਬਰਾਂ


ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਰੱਖਿਆ ਮੰਤਰਾਲਾ ਨੂੰ ਸਪੇਸ ਕਮਾਂਡ ਬਣਾਉਣ ਦਾ ਦਿੱਤਾ ਨਿਰਦੇਸ਼
. . .  14 minutes ago
ਜੰਮੂ-ਕਸ਼ਮੀਰ ਦੇ ਪੁਣਛ 'ਚ ਪਾਕਿ ਵੱਲੋਂ ਗੋਲਾਬਾਰੀ ਜਾਰੀ , ਭਾਰਤੀ ਸੈਨਾ ਦੇ ਰਹੀ ਜਵਾਬ
. . .  14 minutes ago
ਰਾਜਸਥਾਨ 'ਚ ਨਵੀਂ ਸਰਕਾਰ ਬਣਦਿਆਂ ਹੀ 40 ਆਈ ਏ ਐੱਸ ਅਫ਼ਸਰਾਂ ਦਾ ਤਬਾਦਲਾ
. . .  15 minutes ago
ਅਸਾਮ ਸਰਕਾਰ ਨੇ ਮੁਆਫ ਕੀਤਾ ਕਿਸਾਨਾਂ ਦਾ 600 ਕਰੋੜ ਰੁਪਏ ਦਾ ਕਰਜ਼
. . .  about 1 hour ago
ਗੁਹਾਟੀ, 18 ਦਸੰਬਰ - ਪੰਜ ਰਾਜਾਂ 'ਚ ਚੋਣ ਨਤੀਜਿਆਂ ਤੋਂ ਬਾਅਦ ਕਿਸਾਨਾਂ ਦੀ ਕਰਜ਼ ਮੁਆਫੀ ਦੇ ਮੁੱਦੇ ਨੂੰ ਪੂਰੇ ਦੇਸ਼ 'ਚ ਹਵਾ ਮਿਲੀ ਹੈ। ਮੱਧ ਪ੍ਰਦੇਸ਼ ਤੇ ਛਤੀਸਗੜ੍ਹ ਤੋਂ ਬਾਅਦ ਹੁਣ ਅਸਾਮ ਦੀ ਭਾਜਪਾ ਸਰਕਾਰ ਨੇ ਕਿਸਾਨਾਂ ਨੂੰ ਰਾਹਤ ਦਿੱਤੀ ਹੈ। ਅਸਾਮ ਸਰਕਾਰ ਨੇ 600 ਕਰੋੜ...
ਜ਼ਿਲ੍ਹਾ ਸੰਗਰੂਰ 'ਚ ਤਿੰਨ ਚੋਣ ਅਬਜ਼ਰਵਰ ਨਿਯੁਕਤ
. . .  about 2 hours ago
99 ਫੀਸਦੀ ਚੀਜ਼ਾਂ ਨੂੰ 18 ਫੀਸਦੀ ਜਾਂ ਉਸ ਤੋਂ ਘੱਟ ਜੀ.ਐਸ.ਟੀ. ਦੇ ਦਾਇਰੇ 'ਚ ਲਿਆਂਦਾ ਜਾਵੇਗਾ - ਮੋਦੀ
. . .  about 2 hours ago
ਨਵੀਂ ਦਿੱਲੀ, 18 ਦਸੰਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੀ.ਐਸ.ਟੀ. ਨੂੰ ਲੈ ਕੇ ਵੱਡਾ ਐਲਾਨ ਕੀਤਾ ਹੈ। ਮੋਦੀ ਨੇ ਕਿਹਾ ਹੈ ਕਿ 99 ਫੀਸਦੀ ਚੀਜ਼ਾਂ ਨੂੰ 18 ਫੀਸਦੀ ਜਾਂ ਉਸ ਤੋਂ ਘੱਟ ਜੀ.ਐਸ.ਟੀ. ਦੇ ਦਾਇਰੇ 'ਚ ਲਿਆਂਦਾ ਜਾਵੇਗਾ। ਪ੍ਰਧਾਨ ਮੰਤਰੀ ਮੋਦੀ ਨੇ ਇਹ ਐਲਾਨ ਮੁੰਬਈ...
ਆਈ.ਪੀ.ਐਲ. ਨਿਲਾਮੀ : ਇੰਗਲੈਂਡ ਦੇ ਸੈਮ ਕੁਰੈਨ ਨੂੰ ਪੰਜਾਬ ਨੇ 7 ਕਰੋੜ 20 ਲੱਖ 'ਚ ਖਰੀਦਿਆ
. . .  about 2 hours ago
ਆਈ.ਪੀ.ਐਲ. ਨਿਲਾਮੀ : ਇੰਗਲੈਂਡ ਦੇ ਸੈਮ ਕੁਰੈਨ ਨੂੰ ਪੰਜਾਬ ਨੇ 7 ਕਰੋੜ 20 ਲੱਖ 'ਚ ਖਰੀਦਿਆ...
ਸਰਹੱਦੀ ਇਲਾਕੇ 'ਚ ਭੁਚਾਲ ਦੇ ਝਟਕੇ ਮਹਿਸੂਸ
. . .  about 3 hours ago
ਖੇਮਕਰਨ, 18 ਦਸੰਬਰ - ਪੰਜਾਬ ਦੇ ਸਰਹੱਦੀ ਇਲਾਕੇ ਅੰਦਰ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ...
ਆਈ.ਪੀ.ਐਲ. ਨਿਲਾਮੀ : ਵਰੁਣ ਚਕਰਵਤੀ ਨੂੰ ਪੰਜਾਬ ਨੇ 8 ਕਰੋੜ 40 ਲੱਖ 'ਚ ਖਰੀਦਿਆ
. . .  about 3 hours ago
ਆਈ.ਪੀ.ਐਲ. ਨਿਲਾਮੀ : ਵਰੁਣ ਚਕਰਵਤੀ ਨੂੰ ਪੰਜਾਬ ਨੇ 8 ਕਰੋੜ 40 ਲੱਖ 'ਚ ਖਰੀਦਿਆ...
ਹਾਮਿਦ ਅੰਸਾਰੀ ਭਾਰਤ ਪੁੱਜਿਆ
. . .  about 3 hours ago
ਅੰਮ੍ਰਿਤਸਰ, 18 ਦਸੰਬਰ (ਸੁਰਿੰਦਰਪਾਲ ਸਿੰਘ ਵਰਪਾਲ) - ਪਾਕਿਸਤਾਨ 'ਚ 6 ਸਾਲ ਜੇਲ੍ਹ ਕੱਟਣ ਮਗਰੋਂ ਹਾਮਿਦ ਨਿਹਾਲ ਅੰਸਾਰੀ ਵਾਹਗਾ ਬਾਰਡਰ ਰਾਹੀਂ ਭਾਰਤ ਪੁੱਜ ਗਿਆ। ਆਪਣੇ ਵਤਨ ਦੀ ਮਿੱਟੀ ਨੂੰ ਨਤਮਸਤਕ ਹੋਣ ਮਗਰੋਂ ਉਹ ਆਪਣੇ ਮਾਪਿਆ ਤੇ ਭਰਾ ਨਾਲ ਭਾਵੁਕ...
ਹੋਰ ਖ਼ਬਰਾਂ..

ਸਾਹਿਤ ਫੁਲਵਾੜੀ

ਮਿੰਨੀ ਕਹਾਣੀਆਂ

ਇੱਟਾਂ
ਭੱਠੇ ਦਾ ਮਾਲਕ ਸ਼ਾਮ ਨੂੰ ਘੁੱਟ ਲਾ ਕੇ ਭੱਠੇ ਉੱਤੇ ਆਇਆ ਅਤੇ ਮਜ਼ਦੂਰਾਂ ਨੂੰ ਕਹਿਣ ਲੱਗਾ, 'ਤੁਸੀਂ ਜੋ ਇਹ ਕਮਰੇ ਖੜ੍ਹੇ ਕੀਤੇ ਹਨ, ਇਨ੍ਹਾਂ ਨੂੰ ਅੱਬਲ ਇੱਟ ਕਿਸ ਨੂੰ ਪੁੱਛ ਕੇ ਲਾਈ ਹੈ? ਤੁਹਾਨੂੰ ਟੁੱਟੀ-ਭੱਜੀ ਦੋਮ ਇੱਟ ਲਾਉਣ ਨੂੰ ਕਿਹਾ ਸੀ। ਢਾਹੋ ਸਾਲਿਓ, ਨਹੀਂ ਸਾਰਿਆਂ ਨੂੰ ਏਥੋਂ ਭਜਾ ਦੇਵਾਂਗਾ।' ਐਨਾ ਕਹਿਣ ਦੀ ਦੇਰ ਸੀ, ਸਾਰੇ ਮਜ਼ਦੂਰ ਆਪਣੇ ਛੋਟੇ-ਛੋਟੇ ਕਮਰੇ ਜਲਦੀ-ਜਲਦੀ ਢਾਹੁਣ ਲੱਗ ਪਏ ਸਨ। ਉਹ ਆਖ ਰਹੇ ਸਨ, 'ਬਾਬੂ ਜੀ ਰਾਤ ਕੋ ਬਨਾਏ ਨੇ, ਹਨੇਰੇ ਮੇਂ ਕੁਝ ਅੱਬਲ ਇੱਟ ਲੱਗ ਗਈ ਹੋਵੇਗੀ, ਹਮਨੇ ਜਾਣ ਬੂਝ ਕਰ ਨਹੀਂ ਲਗਾਈ।'
'ਜੇ ਇਹ ਇੱਟਾਂ ਤੁਸੀਂ ਹੀ ਵਰਤ ਲਈਆਂ ਕੁੱਤਿਓ, ਮੈਂ ਲੋਕਾਂ ਨੂੰ ਕੀ ਦੇਵਾਂਗਾ?' ਬਾਬੂ ਜੀ ਹੋਰ ਵੀ ਗੁੱਸੇ ਵਿਚ ਬੋਲੇ। ਜਦੋਂ ਬਾਬੂ ਜੀ ਮੰਦਾ-ਚੰਗਾ ਬੋਲ ਕੇ ਚਲਾ ਗਿਆ ਤਾਂ ਇਕ ਮਜ਼ਦੂਰ ਦਾ ਬੱਚਾ ਜੋ ਸਭ ਕੁਝ ਸੁਣ ਰਿਹਾ ਸੀ, ਬੋਲਿਆ। ਕਹਿੰਦਾ, 'ਪਾਪਾ ਤੂੰ ਕਹਿ ਦਿੰਦਾ ਇਹ ਇੱਟਾਂ ਸਾਡੀਆਂ ਹਨ?'
'ਪੁੱਤਰਾ! ਇਹ ਆਪਣੀਆਂ ਨਹੀਂ।'
'ਪਾਪਾ ਇੱਟਾਂ ਤਾਂ ਸਭ ਤੁਸੀਂ ਬਣਾਈਆਂ ਹਨ। ਬਾਬੂ ਜੀ ਦੀਆਂ ਕਿਵੇਂ ਹੋ ਗਈਆਂ? ਮੈਂ ਤਾਂ ਕਦੇ ਬਣਾਉਂਦਾ ਵੇਖਿਆ ਨਹੀਂ?'
ਇਹ ਸੁਣ ਕੇ ਪਿਤਾ ਪੱਥਰ ਬਣ ਗਿਆ ਸੀ।

-ਅਮਰੀਕ ਸਿੰਘ ਤਲਵੰਡੀ ਕਲਾਂ,
ਗਿੱਲ ਨਗਰ, ਗਲੀ ਨੰ: 13, ਮੁਲਾਂਪੁਰ ਦਾਖਾ (ਲੁਧਿਆਣਾ)। ਮੋਬਾ: 94635-42896

ਚਾਰਾ
ਇਕ ਆਦਮੀ ਨੂੰ ਕੁਝ ਸਾਮਾਨ ਦੀ ਲੋੜ ਸੀ। ਸਾਮਾਨ ਲੈ ਉਹ ਆਪਣੇ ਘਰ ਆ ਗਿਆ। ਕੁਝ ਦਿਨਾਂ ਲਈ ਉਸ ਨੂੰ ਬਾਹਰ ਜਾਣਾ ਪੈ ਗਿਆ। ਵਾਪਸ ਆਉਣ 'ਤੇ ਪਤਾ ਲੱਗਾ ਕਿ ਉਹ ਸਾਮਾਨ ਤਾਂ ਪਹਿਲਾਂ ਹੀ ਘਰ ਪਿਆ ਸੀ। ਉਸ ਦੀ ਘਰਵਾਲੀ ਨੇ ਉਸ ਨੂੰ ਦੱਸਿਆ।
'ਕੋਈ ਗੱਲ ਨ੍ਹੀਂ ਮੈਂ ਦੁਕਾਨਦਾਰ ਨੂੰ ਇਕ-ਅੱਧੇ ਦਿਨ 'ਚ ਮੋੜ ਆਵਾਂਗਾ', ਉਹ ਬੋਲਿਆ।
ਜਦ ਉਸ ਨੇ ਦੁਕਾਨਦਾਰ ਨੂੰ ਸਾਰੀ ਗੱਲ ਦੱਸੀ, ਉਹ ਸਰਾਸਰ ਮੁੱਕਰ ਗਿਆ।
'ਇਹ ਤਾਂ ਸਾਡੀ ਦੁਕਾਨ ਦਾ ਹੋ ਹੀ ਨਹੀਂ ਸਕਦਾ। ਇਹ ਟਰੇਡ ਮਾਰਕਾ ਤਾਂ ਮੈਂ ਦੁਕਾਨ 'ਚ ਵੜਨ ਹੀ ਨਹੀਂ ਦਿੰਦਾ। ਤੁਸੀਂ ਹੋਰ ਕਿਤੋਂ ਖਰੀਦਿਆ ਹੋਣਾ ਐ। ਤੁਹਾਨੂੰ ਭੁਲੇਖਾ ਪੈਂਦਾ ਐ', ਦੁਕਾਨਦਾਰ ਕਹਿਣ ਲੱਗਾ।
'ਸ੍ਰੀਮਾਨ ਜੀ, ਮੇਰੀ ਯਾਦਾਸ਼ਤ ਅਜੇ ਐਨੀ ਕਮਜ਼ੋਰ ਨਹੀਂ ਹੋਈ। ਸੁਬ੍ਹਾ-ਸ਼ਾਮ ਏਹੋ ਕੰਮ ਕਰੀਦੈ।'
'ਸਾਡੀ ਦੁਕਾਨ ਕੋਈ ਨਵੀਂ ਨਹੀਂ। ਇਹ ਪੁਸ਼ਤਾਂ ਤੋਂ ਚਲੀ ਆ ਰਹੀ ਹੈ। ਇਥੋਂ ਇਕ ਵਾਰ ਕੋਈ ਚੀਜ਼ ਲੈ ਕੇ ਚਲਾ ਜਾਵੇ, ਮੁੜਕੇ ਮੁੜਦੀ ਨਹੀਂ। ਗਈ ਸੋ ਗਈ। ਇਹ ਇਸ ਦਾ ਦਸਤੂਰ ਹੈ। ਇਥੇ ਹਰ ਰੋਜ਼ ਬੰਦਿਆਂ ਨਾਲ ਹੀ ਵਾਹ ਪੈਂਦਾ ਐ। ਚੰਗੇ-ਬੁਰੇ ਦੀ ਚੰਗੀ ਤਰ੍ਹਾਂ ਪਰਖ ਐ।'
'ਅੱਛਾ!' ਉਸ ਨੇ ਬੜੀ ਸੂਝ-ਬੂਝ ਨਾਲ ਦੁਕਾਨਦਾਰ ਦੇ ਹੱਥ ਸਾਮਾਨ ਥਮਾ ਦਿੱਤਾ, ਮੁੜ ਚਲਾ ਗਿਆ।
ਸਮਾਂ ਪਾ ਉਸ ਨੂੰ ਉਥੇ ਜਾਣ ਦਾ ਫੇਰ ਮੌਕਾ ਮਿਲਿਆ। ਉਸ ਨੇ ਇਕ ਚੀਜ਼ ਦੀ ਮੰਗ ਕੀਤੀ। ਚੀਜ਼ ਕੁਝ ਮਹਿੰਗੀ ਸੀ। ਮਾਰਕਾ ਉਹੀ। ਉਹਨੇ ਚੁੱਪ-ਚਾਪ ਢੁੱਕੀ ਤੇ ਚਲਦਾ ਬਣਿਆ, ਦੁਕਾਨਦਾਰ ਵੇਖਦਾ ਰਹਿ ਗਿਆ।
ਬੰਦਾ ਮਰਦਾ ਕੀ ਨ੍ਹੀਂ ਕਰਦਾ, ਉਹ ਰੌਲਾ ਪਾਏ ਜਾਂ ਉਸ ਦੇ ਪਿਛੇ ਦੌੜੇ ਤੇ ਕਹੇ, ਆਹ! ਆਹ ਫੜੋ ਆਪਣੇ ਪੈਸੇ, ਮੇਰਾ ਮਾਲ ਮੇਰੇ ਹਵਾਲੇ ਕਰੋ। ਉਸ ਨੇ ਦੜ ਹੀ ਵੱਟ ਲਈ। ਇਸ ਤੋਂ ਬਿਨਾਂ ਉਸ ਕੋਲ ਹੋਰ ਕੋਈ ਚਾਰਾ ਵੀ ਨਹੀਂ ਸੀ। ਨਾਲ ਹੀ ਉਹ ਬਦਨਾਮੀ ਤੋਂ ਡਰਦਾ ਸੀ।

-ਡਾ: ਮਨੋਹਰ ਸਿੰਗਲ
-ਪਿੰਡ ਤੇ ਡਾਕ: ਬਰੀਵਾਲਾ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ-152025.
ਮੋਬਾਈਲ : 94175-30266.


ਖ਼ਬਰ ਸ਼ੇਅਰ ਕਰੋ

ਕਹਾਣੀ: ਸਹੀ ਫ਼ੈਸਲਾ

ਗੁਰਕਿਰਪਾਲ ਨੇ ਵਿਸਕੀ ਦੇ ਦੋ ਜਾਮ ਲਏ ਸਨ। ਉਹ ਦੋ ਦਿਨਾਂ ਨੂੰ ਆਪਣੀ ਇਕਲੌਤੀ ਲਾਡਲੀ ਧੀ ਦੇ ਹੋਣ ਵਾਲੇ ਵਿਆਹ ਬਾਰੇ ਸੋਚ ਰਿਹਾ ਸੀ। ਸਾਰੀਆਂ ਤਿਆਰੀਆਂ ਤੋਂ ਉਹ ਸੰਤੁਸ਼ਟ ਸੀ। ਨੇੜਲੇ ਸ਼ਹਿਰ ਦੇ ਸਭ ਤੋਂ ਵਧੀਆ ਮੈਰਿਜ ਪੈਲੇਸ ਵਿਚ ਇਸ ਦੀਆਂ ਸਭ ਤਿਆਰੀਆਂ ਹੋ ਚੁੱਕੀਆਂ ਸਨ। ਦਿੱਲੀਉਂ ਵਿਸ਼ੇਸ਼ ਕੇਟਰਰ ਨੇ ਆਉਣਾ ਸੀ। ਸਜਾਵਟ ਦਾ ਜੁਮਾ ਵੀ ਚੰਡੀਗੜ੍ਹ ਦੀ ਇਕ ਮਸ਼ਹੂਰ ਏਜੰਸੀ ਨੂੰ ਦਿੱਤਾ ਗਿਆ ਸੀ। ਕਾਰਡ ਵੰਡੇ ਜਾ ਚੁੱਕੇ ਸਨ। ਇਲਾਕੇ ਦੇ ਸਿਰ ਕੱਢ ਪਤਵੰਤਿਆਂ ਦੀ ਸਮਾਗਮ ਵਿਚ ਸ਼ਾਮਿਲ ਹੋਣ ਦੀ ਉਮੀਦ ਸੀ। ਬੀਬਾ ਜੀ ਦੀ ਬਾਰਾਤ ਵੀ ਰਣਜੀਤ ਗੜ੍ਹ ਦੇ ਖਾਨਦਾਨੀ ਸਰਦਾਰਾਂ ਦੀ ਢੁਕਣੀ ਸੀ। ਪਟੜੀ ਫੇਰ ਇਸ ਵਿਆਹ ਦੀਆਂ ਗੱਲਾਂ ਹੋ ਰਹੀਆਂ ਸਨ। ਲੋਕਾਂ ਨੂੰ ਗੁਰਦਾਸ ਮਾਨ ਦੇ ਗੀਤ ਸੁਣਨ ਦਾ ਬੜਾ ਚਾਅ ਸੀ। ਉਸ ਨੂੰ ਇਸ ਸਮਾਗਮ ਲਈ ਸਾਈ ਦਿੱਤੀ ਹੋਈ ਸੀ।
ਬੀਬੀ ਜੀ ਆਪਣੀ ਵੈਡਿੰਗ ਡਰੈਸ ਦੀ ਟਰਾਈ ਦੇਣ ਵਾਸਤੇ ਲੁਧਿਆਣੇ ਗਈ ਹੋਈ ਸੀ। ਉਸ ਤੋਂ ਬਿਨਾਂ ਹਵੇਲੀ ਸੁੰਨੀ-ਸੁੰਨੀ ਜਾਪਦੀ ਸੀ। ਗੁਰਕਿਰਪਾਲ ਨੇ ਸੋਚਿਆ ਬੀਬੀ ਜੀ ਦੇ ਸਹੁਰੇ ਚਲੇ ਜਾਣ ਪਿਛੋਂ ਵੀ ਤਾਂ ਹਵੇਲੀ ਨੇ ਸੁੰਨੀ ਹੋ ਹੀ ਜਾਣਾ ਹੈ। ਹੋ ਸਕਦਾ ਫੇਰ ਉਹ ਆਪਣੀ ਚੰਡੀਗੜ੍ਹ ਵਾਲੀ ਕੋਠੀ ਵਿਚ ਚਲਿਆ ਜਾਵੇ। ਇਥੇ ਇਕੱਲੇ ਦਾ ਉਸ ਦਾ ਦਿਲ ਨਹੀਂ ਸੀ ਲੱਗਦਾ। ਉਹ ਇਨ੍ਹਾਂ ਖਿਆਲਾਂ ਵਿਚ ਹੀ ਰੁੱਝਿਆ ਹੋਇਆ ਸੀ ਕਿ ਉਸ ਨੂੰ ਉਸ ਦੀ ਧੀ ਦੀ ਈ-ਮੇਲ ਮਿਲੀ।
ਪਿਆਰੇ ਪਾਪਾ,
ਮੈਨੂੰ ਪਤਾ ਮੇਰਾ ਇਹ ਸੁਨੇਹਾ ਤੁਹਾਨੂੰ ਬਹੁਤ ਵੱਡਾ ਸਦਮਾ ਦੇਵੇਗਾ। ਮੈਨੂੰ ਮੇਰੀ ਮੰਗਣੀ ਅਤੇ ਵਿਆਹ ਦੀ ਤਾਰੀਖ ਪੱਕੀ ਕਰਨ ਤੋਂ ਪਹਿਲਾਂ ਤੁਹਾਨੂੰ ਦਸ ਦੇਣਾ ਚਾਹੀਦਾ ਸੀ ਕਿ ਮੇਰੇ ਲਈ ਤੁਹਾਡਾ ਲੱਭਿਆ ਰਿਸ਼ਤਾ ਮੈਨੂੰ ਮਨਜ਼ੂਰ ਨਹੀਂ ਸੀ। ਇਸ ਦਾ ਕਾਰਨ ਇਹ ਹੈ ਕਿ ਮੈਂ ਆਪਣੀ ਮਰਜ਼ੀ ਦਾ ਮੁੰਡਾ ਪਹਿਲਾਂ ਹੀ ਲੱਭ ਲਿਆ ਸੀ। ਮੈਂ ਤੁਹਾਡੇ ਨਾਲ ਇਹ ਰਾਜ਼ ਇਸ ਕਰਕੇ ਸਾਂਝਾ ਨਾ ਕਰ ਸਕੀ ਕਿਉਂਕਿ ਉਹ ਅਤੇ ਉਸ ਦਾ ਪਰਿਵਾਰ ਤੁਹਾਡੇ ਸਟੇਟਸ ਦਾ ਨਹੀਂ ਹੈ। ਮੈਨੂੰ ਡਰ ਸੀ ਕਿ ਤੁਸੀਂ ਮੇਰੀ ਚੋਣ ਨੂੰ ਪ੍ਰਵਾਨਗੀ ਨਹੀਂ ਦੇਵੋਗੇ। ਮੈਂ ਉਸ ਨਾਲ ਚੋਰੀ-ਛੁਪੇ ਵਿਆਹ ਕਰਵਾ ਲਿਆ ਹੈ। ਮੈਂ ਆਪਣੀ ਗੁਸਤਾਖੀ ਦੀ ਮੁਆਫ਼ੀ ਮੰਗਦੀ ਹਾਂ। ਮੈਨੂੰ ਉਮੀਦ ਹੈ ਤੁਸੀਂ ਮੈਨੂੰ ਮੁਆਫ਼ ਕਰ ਦੇਵੋਗੇ।
ਤੁਹਾਡੀ ਲਾਡਲੀ
ਨਵਕਿਰਨ।
ਈ-ਮੇਲ ਨੂੰ ਪੜ੍ਹ ਕੇ ਗੁਰਕਿਰਪਾਲ ਨੂੰ ਬੜਾ ਧੱਕਾ ਲੱਗਿਆ। ਉਸ ਦੀ ਪਤਨੀ ਦੀ ਮੌਤ ਤੋਂ ਬਾਅਦ ਉਸ ਨੇ ਦੂਸਰੀ ਸ਼ਾਦੀ ਨਹੀਂ ਕਰਵਾਈ ਸੀ। ਆਪਣੀ ਧੀ ਦੇ ਪਾਲਣ-ਪੋਸ਼ਣ ਅਤੇ ਅੱਛੀ ਪੜ੍ਹਾਈ ਕਰਵਾਉਣ ਨੂੰ ਹੀ ਆਪਣੀ ਜ਼ਿੰਦਗੀ ਦਾ ਉਦੇਸ਼ ਬਣਾ ਲਿਆ ਸੀ। ਉਸ ਨੂੰ ਡਲਹੌਜ਼ੀ ਦੇ ਕਾਲਜ ਵਿਚ ਭੇਜਿਆ। ਉਸ ਤੋਂ ਪਿਛੋਂ ਮਾਸਟਰ ਡਿਗਰੀ ਲਈ ਪੰਜਾਬ ਯੂਨੀਵਰਸਿਟੀ ਵਿਚ ਦਾਖਲ ਕਰਵਾਇਆ। ਉਸ ਨੂੰ ਆਪਣੀ ਧੀ ਉਤੇ ਪੂਰਾ ਵਿਸ਼ਵਾਸ ਸੀ ਕਿ ਉਹ ਕਦੇ ਕੋਈ ਐਸੀ ਗੱਲ ਨਹੀਂ ਕਰੇਗੀ, ਜਿਸ ਨਾਲ ਉਸ ਦੇ ਮਨ ਨੂੰ ਦੁੱਖ ਪਹੁੰਚੇ। ਉਸ ਨੂੰ ਸਮਝਨਾਆਵੇ ਕਿ ਇਸ ਸੰਕਟ ਦਾ ਉਹ ਕਿਸ ਤਰ੍ਹਾਂ ਨਾਲ ਸਾਹਮਣਾ ਕਰੇ। ਅੱਜਕਲ੍ਹ ਔਲਾਦ ਦੇ ਐਸੇ ਆਪ-ਹੁਦਰੇ ਫੈਸਲਿਆਂ ਉਤੇ ਕਈ ਮਾਪੇ ਤਾਂ ਅਣਖ ਦੀ ਖਾਤਰ ਖ਼ੂਨ ਤੱਕ ਕਰ ਦਿੰਦੇ ਹਨ। ਪਰ ਉਹ ਇਕ ਗ਼ਲਤੀ ਦਾ ਜਵਾਬ ਦੂਜੀ ਗਲਤੀ ਨਾਲ ਨਹੀਂ ਸੀ ਦੇ ਸਕਦਾ। ਭਾਵੇਂ ਉਹ ਇਕ ਰਜਵਾੜੇ ਧਨਾਢ ਖਾਨਦਾਨ ਵਿਚੋਂ ਸੀ ਪਰ ਉਹ ਪੜ੍ਹਿਆ-ਲਿਖਿਆ ਸੀ। ਪੱਛਮੀ ਸਾਹਿਤ ਦਾ ਉਸ ਦੀ ਸ਼ਖ਼ਸੀਅਤ 'ਤੇ ਡੂੰਘਾ ਅਸਰ ਸੀ। ਉਹ ਮਹਿਸੂਸ ਕਰਦਾ ਸੀ ਕਿ ਹਰ ਇਕ ਬਾਲਗ ਇਨਸਾਨ ਨੂੰ ਆਪਣੀ ਜ਼ਿੰਦਗੀ ਵਿਚ ਨਿੱਜੀ ਮਾਮਲਿਆਂ ਬਾਰੇ ਫ਼ੈਸਲੇ ਕਰਨ ਦਾ ਪੂਰਾ ਅਧਿਕਾਰ ਹੈ।
ਸਾਰੀ ਰਾਤ ਉਹ ਸੋਚਦਾ ਰਿਹਾ ਕਿ ਇਸ ਮੁਸ਼ਕਿਲ ਵਕਤ ਉਸ ਨੂੰ ਕੀ ਕਰਨਾ ਚਾਹੀਦਾ ਹੈ। ਕਾਫ਼ੀ ਸੋਚ-ਵਿਚਾਰ ਪਿਛੋਂ ਉਸ ਨੇ ਫੈਸਲਾ ਕੀਤਾ ਕਿ ਉਹ ਆਪਣੀ ਧੀ ਚੁੱਕੇ ਕਦਮ ਨੂੰ ਸਵੀਕਾਰ ਕਰ ਲਵੇਗਾ ਪਰ ਫੌਰੀ ਮਾਮਲਾ ਤਾਂ ਉਸ ਦੇ ਇਸ ਕਦਮ ਦੇ ਸਮਾਜਿਕ ਪੱਖਾਂ ਨਾਲ ਨਜਿੱਠਣ ਦਾ ਸੀ।
ਜਿਸ ਪਰਿਵਾਰ ਵਿਚ ਉਸ ਦੀ ਧੀ ਦਾ ਰਿਸ਼ਤਾ ਤੈਅ ਹੋਇਆ ਸੀ, ਉਨ੍ਹਾਂ ਨਾਲ ਉਸ ਦਾ ਦੋਸਤੀ ਵਾਲਾ ਸਬੰਧ ਸੀ। ਆਪਣੀ ਇੱਜ਼ਤ ਨਾਲੋਂ ਉਸ ਨੂੰ ਉਨ੍ਹਾਂ ਦੀ ਇੱਜ਼ਤ ਦਾ ਜ਼ਿਆਦਾ ਫਿਕਰ ਸੀ। ਇਸ ਕਰਕੇ ਤੁਰੰਤ ਉਨ੍ਹਾਂ ਨੂੰ ਭਰੋਸੇ ਵਿਚ ਲੈਣਾ ਜ਼ਰੂਰੀ ਸੀ। ਅਗਲੇ ਦਿਨ ਉਹ ਉਨ੍ਹਾਂ ਪਾਸ ਗਿਆ ਅਤੇ ਸਾਰੀ ਗੱਲ ਉਨ੍ਹਾਂ ਨਾਲ ਸਾਂਝੀ ਕੀਤੀ।
ਦੋਵਾਂ ਧਿਰਾਂ ਨੇ ਬੜੀ ਸੂਝ ਤੋਂ ਕੰਮ ਲਿਆ ਅਤੇ ਇਹ ਨਿਰਣਾ ਕੀਤਾ ਕਿ ਸ਼ਾਦੀ ਉਸੇ ਦਿਨ ਉਸੇ ਸ਼ਾਨੋ-ਸ਼ੌਕਤ ਨਾਲ ਹੋਵੇਗੀ ਜੇ ਨਵਕਿਰਨ ਨੇ ਆਪਣਾ ਵਰ ਆਪ ਲੱਭ ਲਿਆ ਹੈ ਤਾਂ ਕੋਈ ਗੱਲ ਨਹੀਂ। ਗੁਰਕਿਰਪਾਲ ਉਸ ਦੀ ਥਾਂ ਜਿਸ ਕਿਸੇ ਹੋਰ ਕੁੜੀ ਦੀ ਡੋਲੀ ਤੋਰਨਾ ਚਾਹੇਗਾ ਉਨ੍ਹਾਂ ਨੂੰ ਮਨਜ਼ੂਰ ਹੋਵੇਗਾ।
ਗੁਰਕਿਰਪਾਲ ਫੇਰ ਸੋਚੀਂ ਪੈ ਗਿਆ। ਉਸਦੀ ਦੂਰ ਨੇੜੇ ਦੀ ਰਿਸ਼ਤੇਦਾਰੀ ਵਿਚ ਕੋਈ ਐਸੀ ਕੁੜੀ ਨਹੀਂ ਸੀ। ਜਿਸ ਦੇ ਮਾਪਿਆਂ ਨੂੰ ਉਹ ਇਸ ਵੇਲੇ ਦੀ ਮਦਦ ਲਈ ਕਹਿ ਸਕੇ। ਇਸੇ ਸ਼ਸ਼ੋਪੰਜ ਵਿਚ ਉਸ ਨੂੰ ਆਪਣੇ ਦਾਦੇ ਹਰਬਖਸ਼ੀਸ਼ ਦੀ ਯਾਦ ਆਈ ਜੋ ਪੰਜਾਂ ਪਿੰਡਾਂ ਦਾ ਮਾਲਕ ਸੀ ਅਤੇ ਅਨੇਕਾਂ ਮੁਜ਼ਾਰੇ ਉਸ ਦੀਆਂ ਜ਼ਮੀਨਾਂ ਵਾਹੁੰਦੇ ਸਨ ਪਰ ਹੋਰ ਸਰਦਾਰਾਂ ਦੇ ਉਲਟ ਉਹ ਉਨ੍ਹਾਂ ਨਾਲ ਹਮਦਰਦੀ ਦਾ ਵਤੀਰਾ ਕਰਦਾ ਹੁੰਦਾ ਸੀ। ਇਕ ਮੁਜ਼ਾਰੇ ਦਾ ਪੁੱਤਰ ਨੂੰ ਤਾਂ ਉਸ ਨੇ ਉੱਚੀ ਪੜ੍ਹਾਈ ਕਰਵਾਈ ਅਤੇ ਪਿਛੋਂ ਜਾ ਕੇ ਉਹ ਜੱਜ ਬਣਿਆ। ਜਦੋਂ ਮੁਲਕ ਆਜ਼ਾਦ ਹੋਣ ਤੇ ਮੁਜ਼ਾਰਿਆਂ ਨੇ ਸਰਦਾਰਾਂ ਦੀਆਂ ਜ਼ਮੀਨਾਂ ਤੇ ਜਬਰੀ ਕਬਜ਼ਾ ਕਰ ਲਿਆ ਤਾਂ ਉਸ ਦੇ ਦਾਦੇ ਨੇ ਸਵੈ-ਇੱਛਾ ਨਾਲ ਆਪਣੀ ਵਾਧੂ ਜ਼ਮੀਨ ਬਿਨਾਂ ਮੁਆਵਜ਼ ਦੇ ਮੁਜ਼ਾਰਿਆਂ ਵਿਚ ਵੰਡ ਦਿੱਤੀ। ਇਸ ਦਾ ਨਤੀਜਾ ਇਹ ਹੋਇਆ। ਜਦ 1952 ਵਿਚ ਪਹਿਲੀਆਂ ਚੋਣਾਂ ਹੋਈਆਂ ਤਾਂ ਉਸ ਦੇ ਦਾਦੇ ਨੂੰ ਲੋਕਾਂ ਨੇ ਭਾਰੀ ਬਹੁਮਤ ਨਾਲ ਚੁਣ ਕੇ ਪੈਪਸੂ ਦੀ ਅਸੰਬਲੀ ਦਾ ਮੈਂਬਰ ਬਣਾ ਕੇ ਪਟਿਆਲੇ ਭੇਜਿਆ।
ਗੁਰਕਿਰਪਾਲ ਦਾ ਮਨਭਾਉਂਦਾ ਲੇਖਕ ਟਾਲਸਟਾਏ ਸੀ। ਉਸ ਨੂੰ ਯਾਦ ਆਇਆ ਕਿ ਜਦ 1917 ਦੇ ਰੂਸ ਦੇ ਇਨਕਲਾਬ ਵੇਲੇ ਲੋਕਾਂ ਨੇ ਜ਼ਾਰ ਨੂੰ ਮਾਰ ਦਿੱਤਾ ਅਤੇ ਰਜਵਾੜਿਆਂ ਦੀ ਜਾਇਦਾਦ ਲੁੱਟੀ ਅਤੇ ਉਨ੍ਹਾਂ ਦੀਆਂ ਜਾਗੀਰਾਂ 'ਤੇ ਕਬਜ਼ਾ ਕਰ ਲਿਆ ਪਰ ਟਾਲਸਟਾਏ ਦੇ ਭੂਮੀ ਗੁਲਾਮਾਂ ਨੇ ਉਸ ਦੀ ਕੋਠੀ ਅਤੇ ਜਾਇਦਾਦ ਦੀ ਰਾਖੀ ਕੀਤੀ। ਅੱਜ ਵੀ ਉਸ ਦੇ ਜੱਦੀ ਘਰ ਵਿਚ ਅਜਾਇਬ ਘਰ ਬਣਿਆ ਹੋਇਆ ਹੈ। ਉਸ ਨੂੰ ਲੱਗਿਆ ਮੁਜ਼ਾਰਿਆਂ ਦੇ ਕਿਸੇ ਪਰਿਵਾਰ ਵਿਚੋਂ ਉਸ ਨੂੰ ਮਦਦ ਲੈਣੀ ਚਾਹੀਦੀ ਹੈ।
ਗੁਰਕਿਰਪਾਲ ਨੂੰ ਪਤਾ ਲੱਗਿਆ ਉਸ ਦੇ ਪਿੰਡ ਦੇ ਹੀ ਇਕ ਗਰੀਬ ਕਿਸਾਨ ਦੀ ਕੁੜੀ ਨੇ ਐਮ.ਏ. ਪਾਸ ਕੀਤੀ ਹੋਈ ਹੈ। ਪਰ ਅੱਜਕਲ੍ਹ ਦੇ ਮਹਿੰਗਾਈ ਦੇ ਜ਼ਮਾਨੇ ਵਿਚ ਉਹ ਕਿਸੇ ਅੱਛੇ ਪੜ੍ਹੇ-ਲਿਖੇ ਮੁੰਡੇ ਨਾਲ ਉਸ ਦਾ ਰਿਸ਼ਤਾ ਕਰਨ ਵਿਚ ਅਸਮਰੱਥ ਹੈ ਕਿਉਂਕਿ ਉਸ ਪਾਸ ਦਹੇਜ ਦੇਣ ਲਈ ਦੌਲਤ ਨਹੀਂ ਹੈ।
ਗੁਰਕਿਪਾਲ ਉਸ ਕਿਸਾਨ ਦੇ ਘਰ ਗਿਆ ਅਤੇ ਉਸ ਨੂੰ ਆਪਣੀ ਇੱਜ਼ਤ ਅਤੇ ਪਿੰਡ ਦੀ ਇੱਜ਼ਤ ਦਾ ਵਾਸਤਾ ਪਾਇਆ। ਕਹਿੰਦੇ ਨੇ ਅੰਨਾ ਕੀ ਭਾਲੇ ਦੋ ਨੈਣ। ਉਸ ਕਿਸਾਨ ਦੀ ਕੁੜੀ ਦੇ ਤਾਂ ਭਾਗ ਜਾਗ ਪਏ। ਬੈਠੇ ਬਿਠਾਏ ਨੂੰ ਧੀ ਲਈ ਅੱਛਾ ਵਰ ਮਿਲ ਗਿਆ। ਠੀਕ ਹੀ ਹੈ ਰੱਬ ਦਿੰਦਾ ਹੈ ਤਾਂ ਛੱਪਰ ਪਾੜ ਕੇ।
ਮਿਥੀ ਹੋਈ ਤਾਰੀਖ ਨੂੰ ਨਵਕਿਰਨ ਦੀ ਥਾਂ ਉਹ ਗਰੀਬ ਕਿਸਾਨ ਦੀ ਧੀ ਮਿੰਦੋ ਦੀ ਡੋਲੀ ਰਣਜੀਤਗੜ੍ਹ ਦੇ ਸਰਦਾਰ ਲੈ ਕੇ ਗਏ। ਮਿੰਦੋ ਨੇ ਕਦੇ ਸੁਪਨਾ ਵੀ ਨਹੀਂ ਸੀ ਲਿਆ ਕਿ ਉਸ ਨੂੰ ਐਨਾ ਦਾਜ ਮਿਲੇਗਾ ਅਤੇ ਉਸ ਦਾ ਵਿਆਹ ਐਨੀ ਧੂਮ-ਧਾਮ ਨਾਲ ਹੋਵੇਗਾ। ਗੁਰਕਿਰਪਾਲ ਲਈ ਕਠਿਨ ਫੈਸਲਾ ਸੀ ਪਰ ਉਹ ਸੰਤੁਸ਼ਟ ਸੀ ਕਿ ਉਸ ਨੇ ਸਹੀ ਫੈਸਲਾ ਕੀਤਾ।

-161 ਐਫ, ਸ਼ਹੀਦ ਭਗਤ ਸਿੰਘ ਨਗਰ, ਪੱਖੋਵਾਲ ਰੋਡ, ਲੁਧਿਆਣਾ-141013. ਮੋਬਾਈਲ : 94170-06625.

ਪਿਆਰ ਨਫ਼ਰਤ

ਰਾਜ ਵਿਆਹਿਆ ਹੋਇਆ ਸੀ ਅਤੇ ਫਿਰ ਵੀ ਮੈਂ ਦੇਖਦਾ ਪਿਆ ਸਾਂ ਕਿ ਉਹ ਮਿਲਨ ਨਾਲ ਹੀ ਜੁੜਿਆ ਰਹਿੰਦਾ ਸੀ। ਮਿਲਨ ਸਾਡੇ ਵਿਭਾਗ ਵਿਚ ਹੁਣੇ ਹੁਣੇ ਆਈ ਸੀ ਅਤੇ ਉਸ ਕਦੀ ਵੀ ਸਾਨੂੰ ਨਹੀਂ ਸੀ ਦੱਸਿਆ ਕਿ ਉਹ ਕਿੱਥੋਂ ਦੀ ਰਹਿਣ ਵਾਲੀ ਹੈ ਅਤੇ ਅੱਜ ਤੱਕ ਵਿਆਹੀ ਹੋਈ ਹੈ ਜਾਂ ਕੁਆਰੀ ਹੀ ਹੈ। ਉਹ ਅੰਗਰੇਜ਼ੀ ਦੀ ਐਮ. ਏ. ਪਾਸ ਸੀ ਅਤੇ ਸਾਡੇ ਵਿਭਾਗ ਵਿਚ ਉਸ ਦੀ ਭਰਤੀ ਸਿੱਧੀ ਹੀ ਗਜ਼ਟੀ ਅਧਿਕਾਰੀ ਵਜੋਂ ਹੋਈ ਸੀ। ਇਹ ਸੋਹਣੀ-ਸੁਨੱਖੀ ਲੜਕੀ ਹਰ ਕਿਸੇ ਨੂੰ ਚੰਗੀ ਲੱਗਦੀ ਸੀ ਅਤੇ ਸਾਡਾ ਸਾਰਿਆਂ ਦਾ ਦਿਲ ਕਰਦਾ ਰਹਿੰਦਾ ਸੀ ਕਿ ਕਦੀ ਉਹ ਸਾਡੇ ਨਾਲ ਵੀ ਗੱਲਾਂ ਕਰ ਲਵੇ ਪਰ ਅਸੀਂ ਕੋਈ ਵੀ ਉਸ ਤੱਕ ਪਹੁੰਚ ਨਹੀਂ ਸਾਂ ਕਰ ਪਾਏ। ਇਹ ਰਾਜ ਕਦੀ ਉਸ ਨਾਲ ਦੋ ਜਮਾਤਾਂ ਇਕੱਠਿਆਂ ਪੜ੍ਹਿਆ ਸੀ ਅਤੇ ਰਾਜ ਅਤੇ ਇਹ ਲੜਕੀ ਮਿਲਨ ਵੀ ਉਸ ਹੀ ਸ਼ਹਿਰ ਦੀ ਰਹਿਣ ਵਾਲੀ ਸੀ ਅਤੇ ਜਦ ਮਿਲਨ ਸਾਡੇ ਦਫ਼ਤਰ ਵਿਚ ਆਈ ਸੀ ਤਾਂ ਉਹ ਆਪ ਹੀ ਸਭ ਤੋਂ ਪਹਿਲਾਂ ਰਾਜ ਨੂੰ ਹੀ ਮਿਲੀ ਸੀ ਅਤੇ ਰਾਜ ਨੇ ਹੀ ਉਸ ਦੇ ਰਹਿਣ ਦਾ ਸਾਰਾ ਪ੍ਰਬੰਧ ਕੀਤਾ ਸੀ।
ਮਿਲਨ ਬਹੁਤ ਹੀ ਘਟ ਬੋਲਦੀ ਸੀ ਅਤੇ ਕਦੀ ਚਾਰ ਗੱਲਾਂ ਕਰਦੀ ਵੀ ਸੀ ਤਾਂ ਰਾਜ ਨਾਲ ਹੀ ਸਾਂਝੀਆਂ ਕਰਦੀ ਸੀ। ਜੇਕਰ ਦਫ਼ਤਰ ਵਿਚ ਕਦੀ ਚਾਹ ਦਾ ਪਿਆਲਾ ਪੀਣਾ ਹੋਵੇ ਤਾਂ ਵੀ ਰਾਜ ਦੇ ਕਮਰੇ ਵਿਚ ਜਾ ਕੇ ਰਾਜ ਨਾਲ ਹੀ ਸਾਂਝਾ ਕਰਦੀ ਸੀ। ਅਸੀਂ ਕਦੀ ਵੀ ਪਿਆਰ ਮੁਹੱਬਤ ਦੀਆਂ ਗੱਲਾਂ ਕਰਦਿਆਂ ਉਨ੍ਹਾਂ ਨੂੰ ਨਹੀਂ ਸੀ ਤੱਕਿਆ ਅਤੇ ਨਾ ਹੀ ਉਨ੍ਹਾਂ ਦੇ ਚਿਹਰਿਆਂ ਉਤੇ ਕਦੀ ਐਸੀਆਂ ਰੇਖਾਵਾਂ ਹੀ ਉੱਘੜੀਆਂ ਅਸਾਂ ਦੇਖੀਆਂ ਸਨ, ਜਿਸ ਤੋਂ ਇਹ ਅੰਦਾਜ਼ਾ ਲਗਾਇਆ ਜਾ ਸਕੇ ਕਿ ਉਹ ਇਕ-ਦੂਜੇ ਨੂੰ ਪਿਆਰ ਕਰਦੇ ਹਨ। ਰਾਜ ਵਿਆਹਿਆ ਹੋਇਆ ਸੀ ਅਤੇ ਆਪਣੀ ਪਤਨੀ ਨਾਲ ਠੀਕ-ਠਾਕ ਸੀ ਕਿਉਂਕਿ ਕਦੀ ਵੀ ਉਸ ਨੇ ਸਾਡੇ ਨਾਲ ਕੋਈ ਐਸੀ ਗੱਲ ਸਾਂਝੀ ਨਹੀਂ ਸੀ ਕੀਤੀ ਜਿਸ ਤੋਂ ਇਹ ਪਤਾ ਲੱਗਦਾ ਕਿ ਕਦੀ-ਕਦੀ ਉਸ ਦੀ ਪਤਨੀ ਅਤੇ ਉਹ ਲੜ ਵੀ ਪੈਂਦੇ ਹਨ ਅਤੇ ਅਸੀਂ ਸਮਾਗਮਾਂ ਵਿਚ ਦੋਵਾਂ ਨੂੰ ਖੁਸ਼ ਤੇ ਖੁਸ਼ਹਾਲ ਹੀ ਦੇਖਦੇ ਰਹਿੰਦੇ।
ਫਿਰ ਇਕ ਦਿਨ ਚੁੱਪ-ਚਪੀਤੇ ਮੇਰੀ ਮੇਜ਼ ਉੱਤੇ ਇਕ ਵਿਆਹ ਦਾ ਕਾਰਡ ਆਇਆ ਸੀ ਅਤੇ ਇਹ ਕਾਰਡ ਮਿਲਨ ਦੇ ਵਿਆਹ ਦਾ ਸੀ। ਸਾਧਾਰਨ ਜਿਹਾ ਇਹ ਕਾਰਡ ਸੀ ਅਤੇ ਮੇਰੇ ਕਾਰਡ ਉੱਤੇ ਹੀ ਨਹੀਂ ਬਲਕਿ ਸਾਰਿਆਂ ਦੇ ਕਾਰਡਾਂ ਉੱਤੇ ਇਹ ਲਿਖਿਆ ਸੀ ਕਿ ਆਪਣੇ ਪਰਿਵਾਰ ਨਾਲ ਸ਼ਾਮਿਲ ਹੋਣਾ ਹੈ। ਮੈਂ ਮਿਲਨ ਨਾਲੋਂ ਅਤੇ ਰਾਜ ਨਾਲੋਂ ਵੀ ਛੋਟੀ ਅਸਾਮੀ ਉੱਤੇ ਲੱਗਾ ਹੋਇਆ ਸਾਂ ਅਤੇ ਇਹ ਕਾਰਡ ਆਪਣੇ ਹੀ ਵਿਭਾਗ ਦੀ ਇਕ ਗਜ਼ਟੀ ਅਧਿਕਾਰੀ ਦੇ ਵਿਆਹ ਉੱਤੇ ਇਹ ਸਦਾ ਪੱਤਰ ਸਾਡੇ ਲਈ ਫ਼ਖਰ ਦੀ ਗੱਲ ਸੀ। ਮੈਂ ਪੂਰੀ ਤਿਆਰੀ ਕਰ ਕੇ ਅਤੇ ਆਪਣੀ ਪਤਨੀ ਅਤੇ ਦੋ ਬੱਚਿਆਂ ਸਮੇਤ ਸ਼ਾਦੀ ਉਤੇ ਪੁੱਜਾ ਸਾਂ ਅਤੇ ਆਪਣੀ ਹੈਸੀਅਤ ਮੁਤਾਬਿਕ ਸ਼ਗਨ ਵੀ ਪਾ ਆਇਆ ਸਾਂ। ਵਿਭਾਗ ਦੇ ਅਮਲੇ ਲਈ ਖ਼ਾਸ ਪ੍ਰਬੰਧ ਸੀ ਅਤੇ ਸਾਡੇ ਨਾਲ ਕਿਸੇ ਕਿਸਮ ਦਾ ਵਿਤਕਰਾ ਨਹੀਂ ਸੀ ਕੀਤਾ ਗਿਆ। ਮੇਰੀ ਪਤਨੀ ਵੀ ਹੈਰਾਨ ਸੀ ਕਿ ਉਸ ਦੇ ਪਤੀ ਦੀ ਇਕ ਅਫ਼ਸਰ ਨੇ ਬੁਲਾਇਆ ਵੀ ਹੈ ਅਤੇ ਖਾਸ ਮਾਣ ਵੀ ਦਿੱਤਾ ਹੈ। ਆਮ ਤੌਰ 'ਤੇ ਇਹ ਅਫ਼ਸਰ ਲੋਕੀਂ ਆਪਣੇ ਅਧੀਨ ਕਰਮਚਾਰੀਆਂ ਵੱਲ ਖ਼ਾਸ ਧਿਆਨ ਨਹੀਂ ਸਨ ਦਿੰਦੇ ਅਤੇ ਉਸ ਕਈ ਵਾਰੀ ਇਸ ਮੌਕੇ ਦੀ ਸਰਾਹਨਾ ਵੀ ਕੀਤੀ ਸੀ ਅਤੇ ਘਰ ਆ ਕੇ ਵੀ ਕਈ ਵਾਰੀ ਇਹ ਮੌਕਾ ਯਾਦ ਕਰਦੀ ਰਹਿੰਦੀ ਸੀ।
ਅਸੀਂ ਕਦੀ ਵੀ ਇਹ ਜਾਣਨ ਦੀ ਕੋਸ਼ਿਸ਼ ਨਹੀਂ ਸੀ ਕੀਤੀ ਕਿ ਇਹ ਰਾਜ ਮਿਲਨ ਨਾਲ ਕਿਸ ਤਰ੍ਹਾਂ ਦੇ ਸਬੰਧ ਰੱਖਦਾ ਹੈ ਅਤੇ ਕਦੀ ਲੋੜ ਵੀ ਨਹੀਂ ਸੀ ਪਈ। ਰਾਜ ਹਾਲਾਂ ਗਜ਼ਟੀ ਅਧਿਕਾਰੀ ਨਹੀਂ ਸੀ ਪਰ ਮਿਲਨ ਦੀ ਸ਼ਾਦੀ ਦੇ ਦੋ ਸਾਲਾਂ ਬਾਅਦ ਰਾਜ ਵੀ ਗਜ਼ਟੀ ਅਧਿਕਾਰੀ ਤਰੱਕੀ 'ਤੇ ਆ ਗਿਆ ਸੀ ਅਤੇ ਦੋ ਸਾਲ ਬਾਹਰ ਲਗਾ ਕੇ ਫਿਰ ਸਾਡੇ ਸਟੇਸ਼ਨ ਉੱਤੇ ਹੀ ਆ ਗਿਆ ਸੀ। ਸਮਾਂ ਲੰਘਦਾ ਜਾ ਰਿਹਾ ਸੀ, ਪਰ ਅਚਾਨਕ ਇਕ ਹਾਦਸੇ ਵਿਚ ਮਿਲਨ ਦਾ ਪਤੀ ਬਹੁਤ ਹੀ ਗੰਭੀਰ ਜ਼ਖ਼ਮੀ ਹੋ ਗਿਆ ਸੀ ਅਤੇ ਸਾਡੇ ਦੇਖਦਿਆਂ-ਦੇਖਦਿਆਂ ਉਸ ਦੀ ਮੌਤ ਵੀ ਹੋ ਗਈ ਸੀ। ਮਿਲਨ ਫਿਰ ਇਕੱਲੀ ਦੀ ਇਕੱਲੀ ਹੋ ਗਈ ਸੀ ਅਤੇ ਸਾਡੇ ਦੇਖਦਿਆਂ-ਦੇਖਦਿਆਂ ਹੀ ਰਾਜ ਦੀ ਵਹੁਟੀ ਵੀ ਗੁਜ਼ਰ ਗਈ ਸੀ ਅਤੇ ਹੁਣ ਫਿਰ ਅਸੀਂ ਸਾਰੇ ਇਕ ਹੀ ਦਫ਼ਤਰ ਵਿਚ ਇਕੱਠੇ ਹੋ ਗਏ ਸਾਂ ਅਤੇ ਹੁਣ ਮੈਂ ਦੇਖਦਾ ਰਹਿੰਦਾ ਸਾਂ ਕਿ ਰਾਜ ਅਤੇ ਮਿਲਨ ਆਪੋ ਵਿਚ ਘਟ ਹੀ ਇਕੱਠੇ ਬੈਠਦੇ ਸਨ ਅਤੇ ਕਦੀ ਵੀ ਮੈਂ ਨਹੀਂ ਦੇਖਿਆ ਕਿ ਉਹ ਚਾਹ ਦਾ ਕੱਪ ਵੀ ਸਾਂਝਾ ਕਰਦੇ ਹੋਣ। ਮੈਂ ਤਾਂ ਬੈਠਾ-ਬੈਠਾ ਇਹੀ ਸੋਚਦਾ ਰਹਿੰਦਾ ਸਾਂ ਕਿ ਇਨ੍ਹਾਂ ਨੂੰ ਇਕੱਠਿਆਂ ਬੈਠਣਾ ਚਾਹੀਦਾ ਹੈ, ਆਪੋ ਵਿਚ ਦੁੱਖ ਸਾਂਝਾ ਕਰਨਾ ਚਾਹੀਦਾ ਹੈ। ਮੈਂ ਵੀ ਹੁਣ ਗਜ਼ਟੀ ਅਫਸਰ ਬਣ ਚੁੱਕਾ ਸਾਂ ਅਤੇ ਇਸ ਲਈ ਮੈਂ ਕਦੀ-ਕਦੀ ਰਾਜ ਨਾਲ ਅਤੇ ਕਦੀ-ਕਦੀ ਮਿਲਨ ਨਾਲ ਗੱਲਾਂ ਸਾਂਝੀਆਂ ਕਰਨ ਦੇ ਕਾਬਲ ਬਣ ਗਿਆ ਸਾਂ। ਪਰ ਮੈਂ ਹਾਲਾਂ ਵੀ ਹਿੰਮਤ ਨਹੀਂ ਸਾਂ ਕਰ ਪਾ ਰਿਹਾ ਕਿ ਰਾਜ ਅਤੇ ਮਿਲਨ ਨਾਲ ਗੱਲ ਹੀ ਕਰ ਲਵਾਂ ਕਿ ਹੁਣ ਜੇਕਰ ਉਹ ਚਾਹੁਣ ਜਾਂ ਠੀਕ ਸਮਝਣ ਤਾਂ ਆਪੋ ਵਿਚ ਸ਼ਾਦੀ ਹੀ ਕਰ ਲੈਣ। ਦੋਨੋਂ ਇਕ-ਦੂਜੇ ਦੇ ਵਾਕਿਫ ਹਨ ਅਤੇ ਰਾਜ ਦੀ ਵਹੁਟੀ ਗੁਜ਼ਰ ਗਈ ਹੈ ਅਤੇ ਮਿਲਨ ਦਾ ਪਤੀ ਗੁਜ਼ਰ ਗਿਆ ਸੀ।
ਸਮਾਂ ਲੰਘਦਾ ਜਾ ਰਿਹਾ ਸੀ ਅਤੇ ਮੇਰੇ ਅੰਦਰ ਇਨ੍ਹਾਂ ਦੋਵਾਂ ਦਾ ਮਿਲਣ ਕਰਾਉਣ ਦੀ ਖ਼ਾਹਿਸ਼ ਜ਼ੋਰ ਫੜਦੀ ਜਾ ਰਹੀ ਸੀ, ਪਰ ਪਤਾ ਨਹੀਂ ਕਿਉਂ ਜਦ ਵੀ ਉਨ੍ਹਾਂ ਨਾਲ ਬੈਠਦਾ ਸਾਂ, ਤਾਂ ਇਹ ਗੱਲ ਕਰਨ ਦਾ ਮੌਕਾ ਹੀ ਨਹੀਂ ਸੀ ਬਣਦਾ।
ਇਕ ਦਿਨ ਮੈਂ ਹਿੰਮਤ ਕਰ ਹੀ ਬੈਠਾ ਅਤੇ ਮੈਂ ਰਾਜ ਨੂੰ ਆਖ ਹੀ ਦਿੱਤਾ ਕਿ ਉਹ ਮਿਲਨ ਨਾਲ ਸ਼ਾਦੀ ਹੀ ਕਰ ਲਵੇ। ਰਾਜ ਨੇ ਝਟ ਜਵਾਬ ਦੇ ਦਿੱਤਾ ਕਿ ਅਗਰ ਮਿਲਨ ਦੀ ਸ਼ਾਦੀ ਹੁਣ ਤੱਕ ਨਾ ਹੋਈ ਹੁੰਦੀ ਤਾਂ ਉਸ ਆਪ ਹੀ ਮਿਲਨ ਨੂੰ ਆਖ ਦੇਣਾ ਸੀ, ਪਰ ਹੁਣ ਇਹ ਔਰਤ ਕਿਸੇ ਹੋਰ ਦੀ ਬੀਵੀ ਬਣ ਕੇ ਰਹਿ ਚੁੱਕੀ ਹੈ ਅਤੇ ਹੁਣ ਇਸ ਨਾਲ ਉਹ ਸ਼ਾਦੀ ਨਹੀਂ ਕਰ ਸਕਦਾ। ਉਹ ਇਹ ਵੀ ਆਖ ਗਿਆ ਸੀ ਕਿ ਮਿਲਨ ਦੀ ਸ਼ਾਦੀ ਤੋਂ ਪਹਿਲਾਂ ਮਿਲਨ ਉਸ ਨੂੰ ਚੰਗੀ ਵੀ ਲੱਗਦੀ ਸੀ, ਪਰ ਹੁਣ ਤਾਂ ਬਿਲਕੁਲ ਹੀ ਚੰਗੀ ਨਹੀਂ ਲੱਗਦੀ ਹੈ ਅਤੇ ਮੁੜ ਮੈਂ ਇਹ ਸ਼ਾਦੀ ਦੀ ਗੱਲ ਰਾਜ ਨਾਲ ਕਦੀ ਵੀ ਨਹੀਂ ਸੀ ਕੀਤੀ ਅਤੇ ਅੱਜ ਤੱਕ ਸੋਚਦਾ ਹੀ ਆ ਰਿਹਾ ਹਾਂ ਕਿ ਇਹ ਪਿਆਰ, ਇਹ ਨਫ਼ਰਤ ਆਦਮੀ ਅੰਦਰ ਕਿਵੇਂ ਪੈਦਾ ਹੁੰਦੀ ਹੈ, ਇਹ ਵੀ ਅਜੀਬ ਕਹਾਣੀ ਹੈ। ਇਹੀ ਆਦਮੀ ਸੀ ਜਿਹੜਾ ਹਰ ਵਕਤ ਮਿਲਨ ਨਾਲ ਜੁੜਿਆ ਰਹਿੰਦਾ ਸੀ, ਜਦ ਇਸ ਦੇ ਘਰ ਆਪ ਦੀ ਬੀਵੀ ਵੀ ਸੀ ਅਤੇ ਅੱਜ ਇਹ ਔਰਤ ਕਿਸੇ ਹੋਰ ਦੀ ਹੋ ਆਈ ਹੈ ਅਤੇ ਅੱਜ ਰਾਜ ਇਸ ਔਰਤ ਨਾਲ ਨਫ਼ਰਤ ਕਰਨ ਲੱਗ ਪਿਆ ਹੈ।

-101-ਵਿਕਾਸ ਕਾਲੋਨੀ, ਪਟਿਆਲਾ।

ਪ੍ਰਸੰਸਾ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
* ਆਪਣੀਆਂ ਕਿਤਾਬਾਂ ਦੀ ਪ੍ਰਸੰਸਾ ਕਰਨ ਵਾਲਾ ਲੇਖਕ, ਆਪਣੇ ਬੱਚਿਆਂ ਦੀ ਪ੍ਰਸੰਸਾ ਕਰਨ ਵਾਲੀ ਮਾਂ ਦੇ ਸਮਾਨ ਹੈ।
* ਝੂਠੀ ਪ੍ਰਸੰਸਾ ਤੋਂ ਬਚਣਾ ਚਾਹੀਦਾ ਹੈ, ਕਿਉਂਕਿ ਉਹ ਚੰਗਿਆਈਆਂ ਨੂੰ ਘੁਣ ਦੀ ਤਰ੍ਹਾਂ ਖਾ ਜਾਂਦੀ ਹੈ।
* ਜਿਹੜਾ ਸਿਫਤਾਂ (ਪ੍ਰਸੰਸਾ) ਦੇ ਪੁਲ ਬੰਨ੍ਹ ਦੇਵੇ, ਉਹ ਭਰੋਸੇ ਦੇ ਯੋਗ ਨਹੀਂ ਹੁੰਦਾ।
* ਕੋਸ਼ਿਸ਼ ਕਰੋ, ਤਾਰੀਫ ਇਕ ਕੰਨ ਤੋਂ ਸੁਣੋ ਅਤੇ ਦੂਜੇ ਕੰਨ ਵਿਚੋਂ ਕੱਢ ਦਿਓ।
* ਜੋ ਹਮੇਸ਼ਾ ਆਪਣੀ ਪ੍ਰਸੰਸਾ ਕਰੇ, ਉਸ ਤੋਂ ਦੂਰ ਰਹਿਣ ਵਿਚ ਹੀ ਭਲਾਈ ਹੈ।
* ਪ੍ਰਸੰਸਾ ਦਾ ਮੋਹ ਹਮੇਸ਼ਾ ਗੁੰਮਰਾਹ ਕਰਦਾ ਹੈ।
* ਜਦੋਂ ਕੋਈ ਤੁਹਾਡੀ ਪ੍ਰਸੰਸਾ ਕਰਦਾ ਹੈ ਤਾਂ ਤੁਸੀਂ ਆਪਣੇ-ਆਪ ਨੂੰ ਸੰਭਾਲੋ ਤੇ ਹੋਸ਼ ਵਿਚ ਰਹੋ।
* ਜੋ ਆਪਣੀ ਅਸੀਮਤ ਪ੍ਰਸੰਸਾ ਕਰੇ, ਉਸ 'ਤੇ ਕਦੇ ਵਿਸ਼ਵਾਸ ਨਹੀਂ ਕਰਨਾ ਚਾਹੀਦਾ।
* ਆਪਣੇ ਦੁਸ਼ਮਣ ਦੇ ਹਮਲੇ ਅਤੇ ਆਪਣੇ ਮਿੱਤਰਾਂ ਦੀ ਝੂਠੀ ਪ੍ਰਸੰਸਾ ਤੋਂ ਹਮੇਸ਼ਾ ਬਚ ਕੇ ਰਹਿਣਾ ਚਾਹੀਦਾ ਹੈ।
* ਇਸ ਗੱਲ ਨੂੰ ਧਿਆਨ ਵਿਚ ਰੱਖਣਾ ਚਾਹੀਦਾ ਹੈ ਕਿ ਜਦੋਂ ਕੁੱਤਾ ਪੂਛ ਹਿਲਾ ਰਿਹਾ ਹੁੰਦਾ ਹੈ ਤਾਂ ਉਹ ਮਾਲਕ ਬਾਰੇ ਨਹੀਂ, ਸਗੋਂ ਰੋਟੀ ਬਾਰੇ ਸੋਚ ਰਿਹਾ ਹੁੰਦਾ ਹੈ।
* ਅਕਸਰ ਕਈ ਲੋਕ ਝੂਠੀ ਸ਼ਲਾਘਾ ਦੇ ਮੋਹ ਜਾਲ ਵਿਚ ਫਸ ਕੇ ਖੁਦ ਨੂੰ ਬਰਬਾਦ ਕਰ ਲੈਂਦੇ ਹਨ ਪਰ ਆਲੋਚਨਾ ਸੁਣ ਕੇ ਖੁਦ ਨੂੰ ਸੰਭਾਲਣਾ ਭੁੱਲ ਜਾਂਦੇ ਹਨ।
* ਜੋ ਹਰ ਕਿਸੇ ਦੀ ਪ੍ਰਸੰਸਾ ਕਰਦਾ ਹੈ, ਅਸਲ ਵਿਚ ਉਹ ਕਿਸੇ ਦੀ ਵੀ ਪ੍ਰਸੰਸਾ ਨਹੀਂ ਕਰਦਾ।
* ਇਨ੍ਹਾਂ ਦੋ ਚੀਜ਼ਾਂ ਤੋਂ ਬਚਣਾ ਚਾਹੀਦਾ ਹੈ-ਫੋਕੀ ਵਡਿਆਈ ਅਤੇ ਨਿੰਦਿਆ ਤੋਂ।
* ਚੰਗੇ ਕੰਮ ਕਰਦੇ ਰਹੋ, ਚਾਹੇ ਲੋਕ ਤਾਰੀਫ ਕਰਨ ਜਾਂ ਨਾ ਕਰਨ।
* ਪ੍ਰਸੰਸਾ ਤੋਂ ਬਚੋ। ਇਹ ਤੁਹਾਡੀ ਸ਼ਖ਼ਸੀਅਤ ਦੀਆਂ ਚੰਗਿਆਈਆਂ ਨੂੰ ਸਿਉਂਕ ਵਾਂਗ ਚੱਟ ਜਾਂਦੀ ਹੈ।
* ਇਹ ਜ਼ਰੂਰੀ ਗੱਲ ਨਹੀਂ ਕਿ ਜਿਹੜੇ ਲੋਕ ਤੁਹਾਡੇ ਸਾਹਮਣੇ ਤੁਹਾਡੇ ਬਾਰੇ ਚੰਗਾ ਬੋਲਦੇ ਹਨ, ਉਹ ਤੁਹਾਡੇ ਪਿੱਛੇ ਵੀ ਇਹੋ ਰਾਇ ਰੱਖਦੇ ਹੋਣ।
* ਪ੍ਰਸੰਸਾ ਦੀ ਅਣਦੇਖੀ ਵੀ ਨਾ ਕਰੋ, ਕਿਉਂਕਿ ਕੋਈ ਵਿਅਕਤੀ ਨਹੀਂ ਚਾਹੁੰਦਾ ਕਿ ਪ੍ਰਸੰਸਾ ਦੇ ਬਦਲੇ ਉਸ ਨੂੰ ਅਪਮਾਨ ਮਿਲੇ। ਪ੍ਰਸੰਸਾ ਹਾਸਲ ਕਰਨ ਤੋਂ ਬਾਅਦ ਬਹੁਤ ਲੰਮਾ ਭਾਸ਼ਣ ਨਾ ਦਿਓ, ਚੰਗੀ
ਜਿਹੀ ਮੁਸਕਰਾਹਟ ਦਿਓ ਅਤੇ ਧੰਨਵਾਦ ਕਰੋ।
* ਜਦੋਂ ਮਨੁੱਖ ਦੀ ਬਹੁਤ ਪ੍ਰਸੰਸਾ ਹੋਣ ਲੱਗ ਜਾਵੇ ਤਾਂ ਮਨੁੱਖ ਇਹ ਸਮਝਣ ਲੱਗ ਜਾਂਦਾ ਹੈ ਕਿ ਹੁਣ ਦੁਨੀਆ ਦਾ ਉਸ ਦੇ ਬਿਨਾਂ ਨਹੀਂ ਸਰਨਾ ਪਰ ਇਹ ਉਹ ਸਮਾਂ ਹੁੰਦਾ ਹੈ ਜਦੋਂ ਮਨੁੱਖ ਦੇ ਪੈਰ
ਨਹੀਂ ਉਖੜਨੇ ਚਾਹੀਦੇ।
* ਲੋਕਾਂ ਵਲੋਂ ਪ੍ਰਸੰਸਾ ਕੀਤੇ ਜਾਣ ਜਾਂ ਨਿੰਦਾ ਦੇ ਅੰਗਾਰੇ ਵਰ੍ਹਾਉਣ 'ਤੇ ਵੀ ਗਿਆਨੀ ਦਾ ਮਨ ਸ਼ਾਂਤ ਰਹਿੰਦਾ ਹੈ ਤੇ ਇਸ 'ਤੇ ਕੋਈ ਵੀ ਅਸਰ ਨਹੀਂ ਪੈਂਦਾ, ਕਿਉਂਕਿ ਉਸ ਦਾ ਮਨ ਸਦਾਚਾਰ, ਦਇਆ
ਤੇ ਸੰਸਾਰ-ਪ੍ਰੇਮ 'ਤੇ ਹੀ ਕੇਂਦਰਿਤ ਰਹਿੰਦਾ ਹੈ।
* ਚੰਗਾ ਮਨੁੱਖ ਉਹ ਹੈ, ਜੋ ਆਪਣੀ ਵਡਿਆਈ ਸੁਣ ਕੇ ਤਾਂ ਸ਼ਰਮਿੰਦਾ ਹੁੰਦਾ ਹੈ ਤੇ ਆਪਣੀ ਨਿੰਦਾ ਸੁਣ ਕੇ ਖਾਮੋਸ਼ ਰਹਿੰਦਾ ਹੈ।
* ਤਾਰੀਫ ਕਰਨਾ ਕਲਾ ਹੈ ਤਾਂ ਤਾਰੀਫ ਸਵੀਕਾਰਨਾ ਵੀ ਵੱਡਾ ਹੁਨਰ ਹੈ। ਇਕ ਪਿਆਰੀ ਜਿਹੀ ਮੁਸਕਰਾਹਟ ਨਾਲ ਤਾਰੀਫ ਕਰਨ ਵਾਲੇ ਦਾ ਸ਼ੁਕਰੀਆ ਅਦਾ ਕਰੋ।
* ਜੇ ਤੁਸੀਂ ਫੂਕ ਦੇਣ ਦੀ ਕਲਾ ਵਿਚ ਮਾਹਿਰ ਹੋਵੋਗੇ ਤਾਂ ਤੁਸੀਂ ਅਗਲੇ ਦੀ ਪ੍ਰਸੰਸਾ ਦੇ ਪੁਲ ਬੰਨ੍ਹ ਸਕਦੇ ਹੋ ਤੇ ਫਿਰ ਸਫ਼ਲਤਾ ਤੁਹਾਡੇ ਅੱਗੇ-ਪਿੱਛੇ ਫਿਰੇਗੀ।
* ਆਪਣੇ ਮੂੰਹੋਂ ਆਪ ਮੀਆਂ ਮਿੱਠੂ ਨਹੀਂ ਬਣਨਾ ਚਾਹੀਦਾ ਭਾਵ ਆਪਣੀ ਪ੍ਰਸੰਸਾ ਆਪ ਹੀ ਕਰੀ ਜਾਣੀ ਚੰਗੀ ਗੱਲ ਨਹੀਂ ਹੁੰਦੀ।
(ਬਾਕੀ ਅਗਲੇ ਐਤਵਾਰ ਦੇ ਅੰਕ 'ਚ)

-ਮੋਬਾਈਲ : 99155-63406.

ਮਿੰਨੀ ਵਿਅੰਗ: ਟਿਕਟ ਵਾਪਸੀ

ਭੌਂਦੂ ਰਾਮ ਨੇ ਨਾਸ਼ਤਾ ਕਰ ਸੱਜਣਾਂ ਦੇ ਸ਼ਹਿਰ ਜਾਣ ਦੀ ਤਿਆਰੀ ਵੱਟੀ ਤੇ ਸਕੂਟਰ ਸਟੈਂਡ 'ਤੇ ਖੜ੍ਹਾ ਕਰ ਟਿਕਟ ਖਿੜਕੀ 'ਤੇ ਜਾ ਲਾਈਨ 'ਚ ਲੱਗਾ ਤਾਂ ਇੰਜਣ ਨੇ ਕਿਸੇ ਬੇਵਫਾ ਵਾਂਗੂੰ ਚੀਕ ਮਾਰੀ ਤਾਂ ਉਸ ਦਾ ਮੱਥਾ ਠਣਕਿਆ, ਰੱਬ ਖੈਰ ਕਰੇ। ਉਹ ਟਿਕਟ ਲੈ ਕੇ ਪਲੇਟਫਾਰਮ ਵੱਲ ਚੱਲ ਪਿਆ ਤਾਂ ਉਹ ਇਹ ਦੇਖ ਦੰਗ ਰਹਿ ਗਿਆ ਕਿ ਗੱਡੀ ਤਾਂ ਸੱਜ ਵਿਆਹੀ ਮੁਟਿਆਰ ਵਾਂਗੂੰ ਕਿਸੇ ਨਵੇਂ ਸੱਜਣ ਨਾਲ ਗਲਵਕੜੀ ਪਾਈ, ਨੌਂ ਦੋ ਗਿਆਰਾਂ ਹੁੰਦੀ ਠੁੰਮਕ-ਠੁੰਮਕ ਕਰਦੀ ਔਹ ਗਈ, ਔਹ ਗਈ ਤੇ ਉਹ ਦੂਰ ਜਾਂਦੀ ਨੂੰ ਊਠ ਵਾਂਗ ਬੁੱਲ੍ਹ ਲਟਕਾਈ ਤੱਕਦਾ ਰਿਹਾ।
ਭੌਂਦੂ ਰਾਮ ਨੇ ਸਟੇਸ਼ਨ ਮਾਸਟਰ ਕੋਲ ਆ ਕੇ ਫਿਰ ਅਲਖ ਜਗਾਈ, 'ਬਾਬੂ ਜੀ! ਗੱਡੀ ਤਾਂ ਨਿਕਲ ਗਈ ਹੈ, ਇਹ ਟਿਕਟ ਵਾਪਸ ਕਰ ਲਵੋ।'
ਸਟੇਸ਼ਨ ਮਾਸਟਰ ਭੌਂਦੂ ਰਾਮ ਦੀ ਅਲਖ ਪੁੱਟਦੇ ਤੇ ਟਿਕਟ ਨੂੰ ਦੇਖਦੇ ਬੋਲੇ, 'ਦਸ ਰੁਪਏ ਖੁੱਲ੍ਹੇ ਹਨ?'
'ਜੀ ਹਾਂ।' ਉਨ੍ਹਾਂ ਖੋਤੇ ਦੇ ਕੰਨ ਜਿੱਡਾ ਦਸ ਰੁਪਏ ਦਾ ਨਵਾਂ-ਨਕੋਰ ਨੋਟ ਦਿੰਦਿਆਂ ਕਿਹਾ।
ਸਟੇਸ਼ਨ ਮਾਸਟਰ ਨੇ ਦਸ ਰੁਪਏ ਲਏ ਤੇ ਭੌਂਦੂ ਰਾਮ ਦੀ ਟਿਕਟ ਕੈਂਸਲ ਕਰ ਦਿੱਤੀ।
'ਜਨਾਬ! ਪੈਸੇ ਦੇ ਦਿਓ।'
'ਕਾਹਦੇ?'
'ਟਿਕਟ ਕੈਂਸਲ ਕਰਵਾਈ ਦੇ, ਹੋਰ ਕਾਹਦੇ।'
'ਓਹ ਸਾਹਮਣੇ ਵਾਲਾ ਬੋਰਡ ਨਹੀਂ ਪੜ੍ਹਿਆ ਤਾਂ ਹੁਣ ਪੜ੍ਹ ਲਵੋ।'
ਜਦ ਭੌਂਦੂ ਰਾਮ ਨੇ ਬੋਰਡ ਵੱਲ ਦੇਖਿਆ ਤਾਂ ਦੰਗ ਰਹਿ ਗਿਆ, ਜਿਸ 'ਤੇ ਪੰਜਾਬੀ, ਹਿੰਦੀ ਤੇ ਅੰਗਰੇਜ਼ੀ 'ਚ ਬੜੇ ਸੁੰਦਰ ਤੇ ਮੋਟੇ-ਮੋਟੇ ਅੱਖਰਾਂ ਵਿਚ ਲਿਖਿਆ ਹੋਇਆ ਸੀ, 'ਪਲੀਜ਼! ਧਿਆਨ ਦੇਵੋ, ਟਿਕਟ ਕੈਂਸਲ ਕਰਾਈ ਦੇ ਤੀਹ ਰੁਪਏ ਕੱਟੇ ਜਾਂਦੇ ਹਨ।' ਇਹ ਦੇਖ ਉਹ ਚੱਕਰਾਅ ਗਿਆ ਤੇ ਸਕੂਟਰ ਸਟੈਂਡ ਤੋਂ ਸਕੂਟਰ ਲੈ ਕੇ ਦਸ ਰੁਪਏ ਹੋਰ ਦੇ ਕੇ ਤੇ ਇਹ ਸੋਚਾਂ ਸੋਚਦਾ ਬੇਰੰਗ ਲਿਫਾਫੇ ਵਾਂਗੂੰ ਘਰ ਪਰਤ ਆਇਆ ਕਿ ਜੇ ਵੀਹ ਰੁਪਏ ਦੀ ਟਿਕਟ ਕੈਂਸਲ ਨਾ ਕਰਵਾਉਂਦਾ ਤਾਂ ਚੰਗਾ ਸੀ ਕਿ ਦਸ ਰੁਪਏ ਤਾਂ ਬਚ ਜਾਂਦੇ। ਪਰ 'ਅਬ ਪਛਤਾਏ ਹੋਤ ਕਿਆ, ਜਬ ਚਿੜੀਆ ਚੁਗ ਗਈ ਖੇਤ' ਵਾਲਾ ਹਾਲ ਸੀ ਉਸ ਦਾ।

-ਸਟਰੀਟ ਆਰ. ਕੇ. ਸ਼ਟਰਿੰਗ ਵਾਲੀ, ਇੱਛੇ ਵਾਲਾ ਰੋਡ, ਫਿਰੋਜ਼ਪੁਰ ਸ਼ਹਿਰ। ਮੋਬਾ: 90418-26725

ਨਹਿਲੇ 'ਤੇ ਦਹਿਲਾ: ਗੋਲੀ ਮਾਰੋ ਜੀ

ਦੂਜੀ ਸੰਸਾਰ ਜੰਗ ਵੇਲੇ ਅੰਗਰੇਜ਼ ਜੰਗ ਮੰਤਰੀ ਜਨਾਬ ਚਰਚਿਲ ਸਾਹਿਬ ਨੇ ਰੇਡੀਓ 'ਤੇ ਭਾਸ਼ਣ ਦੇਣ ਜਾਣਾ ਸੀ। ਹੰਗਾਮੀ ਹਾਲਾਤ ਹੋਣ ਕਰਕੇ ਗੱਡੀ ਸਮੇਂ ਸਿਰ ਨਾ ਮਿਲ ਸਕੀ। ਸਮੇਂ ਦੀ ਤੰਗੀ ਕਰਕੇ ਉਨ੍ਹਾਂ ਨੇ ਟੈਕਸੀ ਕਰਨ ਦਾ ਫ਼ੈਸਲਾ ਕੀਤਾ ਅਤੇ ਇਕ ਟੈਕਸੀ ਵਾਲੇ ਨੂੰ ਰੇਡੀਓ ਸਟੇਸ਼ਨ ਤੱਕ ਜਾਣ ਲਈ ਕਿਹਾ। ਟੈਕਸੀ ਡਰਾਈਵਰ ਨੇ ਸਾਫ਼ ਲਫ਼ਜ਼ਾਂ ਵਿਚ ਕਿਹਾ ਕਿ ਉਹ ਹੁਣ ਕਿਧਰੇ ਨਹੀਂ ਜਾਵੇਗਾ, ਕਿਉਂਕਿ ਥੋੜ੍ਹੀ ਦੇਰ ਬਾਅਦ ਸਾਡੇ ਜੰਗ ਮੰਤਰੀ ਜਨਾਬ ਚਰਚਿਲ ਸਾਹਿਬ ਦਾ ਰੇਡੀਓ 'ਤੇ ਭਾਸ਼ਣ ਆਉਣਾ ਹੈ। ਮੈਂ ਉਨ੍ਹਾਂ ਦਾ ਭਾਸ਼ਣ ਤਸੱਲੀ ਨਾਲ ਸੁਣਨਾ ਹੈ। ਚਰਚਿਲ ਸਾਹਿਬ ਆਪਣੀ ਸਿਫ਼ਤ ਸੁਣ ਕੇ ਬਾਗੋਬਾਗ ਹੋ ਗਏ ਅਤੇ ਦੁਬਾਰਾ ਬੇਨਤੀ ਵਰਗੇ ਲਹਿਜ਼ੇ ਵਿਚ ਕਿਹਾ, 'ਤੂੰ ਕੋਸ਼ਿਸ਼ ਕਰੇਂ ਤਾਂ ਮੈਨੂੰ ਰੇਡੀਓ ਸਟੇਸ਼ਨ ਕੋਲ ਛੱਡ ਕੇ ਛੇਤੀ ਨਾਲ ਵਾਪਸ ਆ ਕੇ ਜਿਥੇ ਚਰਚਿਲ ਦਾ ਭਾਸ਼ਣ ਸੁਣਨਾ ਹੈ, ਉਥੇ ਆ ਸਕਦਾ ਹੈਂ।' ਇਹ ਗੱਲ ਸੁਣ ਕੇ ਡਰਾਈਵਰ ਮੰਨ ਗਿਆ ਅਤੇ ਟੈਕਸੀ ਤੇਜ਼ ਚਲਾ ਕੇ ਸਮੇਂ ਤੋਂ 5 ਮਿੰਟ ਪਹਿਲਾਂ ਹੀ ਮੰਜ਼ਿਲ 'ਤੇ ਪਹੁੰਚ ਗਿਆ। ਟੈਕਸੀ ਦਾ ਕਿਰਾਇਆ ਦੋ ਪੌਂਡ ਬਣਿਆ। ਚਰਚਿਲ ਸਾਹਿਬ ਨੇ ਉਸ ਨੂੰ 10 ਪੌਂਡ ਦਾ ਨੋਟ ਦਿੰਦੇ ਹੋਏ ਕਿਹਾ, 'ਬਾਕੀ ਅੱਠ ਪੌਂਡ ਤੇਰਾ ਇਨਾਮ ਹੈ, ਰੱਖ ਲੈ।' ਡਰਾਈਵਰ ਨੇ ਮੁਸਕਰਾਉਂਦੇ ਹੋਏ ਨੋਟ ਜੇਬ ਵਿਚ ਪਾ ਲਿਆ ਅਤੇ ਪੁੱਛਿਆ, 'ਜਨਾਬ, ਤੁਸੀਂ ਵਾਪਸ ਕਦੋਂ ਜਾਣਾ ਹੈ?' ਜਨਾਬ ਚਰਚਿਲ ਸਾਹਿਬ ਨੇ ਉੱਤਰ ਦਿੱਤਾ, 'ਤੂੰ ਚਿੰਤਾ ਨਾ ਕਰ, ਮੈਂ ਵਾਪਸ ਚਲਾ ਜਾਵਾਂਗਾ। ਤੂੰ ਛੇਤੀ ਘਰ ਜਾਹ, ਚਰਚਿਲ ਦਾ ਭਾਸ਼ਣ ਸ਼ੁਰੂ ਹੋਣ ਵਾਲਾ ਹੈ।' ਇਹ ਸੁਣ ਕੇ ਟੈਕਸੀ ਡਰਾਈਵਰ ਨੇ ਕਿਹਾ, 'ਗੋਲੀ ਮਾਰੋ ਜੀ ਚਰਚਿਲ ਸਾਹਿਬ ਦੇ ਭਾਸ਼ਣ ਨੂੰ, ਤੁਹਾਡੇ ਵਰਗੇ ਗਾਹਕ ਕਿਤੇ ਰੋਜ਼-ਰੋਜ਼ ਮਿਲਣੇ ਨੇ।'

-ਝੇਠੀ ਨਗਰ, ਮਲੇਰਕੋਟਲਾ ਰੋਡ, ਖੰਨਾ-141401. ਮੋਬਾ: 94170-91668

ਦੋ ਲਘੂ ਕਥਾਵਾਂ

ਇਨਸਾਨੀਅਤ
ਪਲਾਂ-ਛਿਣਾਂ ਵਿਚ ਹੀ ਗੱਲ ਪੂਰੀ ਗਲੀ ਵਿਚ ਫੈਲ ਗਈ। ਪਤਵੰਤਿਆਂ ਦੇ ਸਿਰ ਜੁੜੇ ਤੇ ਉਨ੍ਹਾਂ ਨੇ ਚੌਕੀਦਾਰ ਨੂੰ ਨੌਕਰੀ ਤੋਂ ਫਾਰਗ ਕਰ ਦਿੱਤਾ। ਉਸ ਉੱਤੇ ਬੇਈਮਾਨ ਤੇ ਕੰਮਚੋਰ ਹੋਣ ਦਾ ਦੋਸ਼ ਲਾਇਆ ਗਿਆ। ਉਸ ਦੇ ਹੁੰਦਿਆਂ ਕਿਸੇ ਪਾਗਲ ਔਰਤ ਨੇ ਕਿਵੇਂ ਉਨ੍ਹਾਂ ਦੀ ਗਲੀ ਦੇ ਖਾਲੀ ਪਲਾਟ ਵਿਚ ਡੇਰਾ ਲਾ ਲਿਆ। ਇਸ ਗੱਲ ਤੋਂ ਸਾਰੇ ਉਸ ਨਾਲ ਖਫਾ ਸਨ। ਪਹਿਲਾਂ ਤਾਂ ਉਨ੍ਹਾਂ ਸੋਚਿਆ ਕਿ ਜਿਵੇਂ ਆਈ ਹੈ, ਉਵੇਂ ਹੀ ਚਲੀ ਜਾਵੇਗੀ ਤੇ ਸਭ ਆਪੋ-ਆਪਣੇ ਕੰਮਾਂ ਵਿਚ ਰੁੱਝ ਗਏ। ਪਰ ਸਵੇਰ ਤੋਂ ਦੁਪਹਿਰ ਤੇ ਦੁਪਹਿਰ ਤੋਂ ਸ਼ਾਮ ਹੋ ਗਈ, ਉਹ ਉਥੇ ਹੀ ਬੈਠੀ ਰਹੀ। ਭੁੱਖ ਅਤੇ ਪਿਆਸ ਤਾਂ ਕੀ, ਲਗਦਾ ਸੀ ਜਿਵੇਂ ਅੱਗ ਵਰ੍ਹਾਉਂਦਾ ਸੂਰਜ ਵੀ ਉਸ ਹੱਥੋਂ ਹਾਰ ਉੱਚੀਆਂ ਇਮਾਰਤਾਂ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਗਿਆ ਹੋਵੇ। ਗਲੀ ਦੀਆਂ ਤ੍ਰੀਮਤਾਂ ਸਾਰਾ ਦਿਨ ਆਪਣੇ ਆਲੀਸ਼ਾਨ ਬੰਗਲਿਆਂ ਦੇ ਠੰਢੇ ਕਮਰਿਆਂ ਵਿਚੋਂ ਪਰਦੇ ਹਟਾ ਨੱਕ-ਬੁੱਲ੍ਹ ਚੜ੍ਹਾ ਕੇ ਉਸ ਨੂੰ ਦੇਖਦੀਆਂ ਰਹੀਆਂ। ਜਦ ਵੀ ਉਹ ਉਸ ਨੂੰ ਦੇਖਦੀਆਂ, ਉਹ ਹਰ ਵਾਰ ਕੋਈ ਨਾ ਕੋਈ ਨਵੀਂ ਹਰਕਤ ਕਰ ਰਹੀ ਹੁੰਦੀ। ਉਹ ਕਦੀ ਆਪਣੇ ਵਾਲਾਂ ਨੂੰ ਪੁੱਟ ਰਹੀ ਹੁੰਦੀ ਤੇ ਕਦੀ ਜ਼ੋਰ-ਜ਼ੋਰ ਦੀ ਹੱਸ ਕੇ ਇਕਦਮ ਚੁੱਪ ਹੋ ਜਾਂਦੀ। ਕਦੇ ਉਹ ਆਸਮਾਨ ਵੱਲ ਹੱਥ ਕਰ ਉੱਚੀ ਚੀਕ ਮਾਰਦੀ, ਜਿਵੇਂ ਕਿਸੇ ਗੱਲੋਂ ਰੱਬ ਨੂੰ ਵੰਗਾਰ ਰਹੀ ਹੋਵੇ। ਉਹ ਖੌਫ ਜਿਹਾ ਖਾ ਕੇ ਝੱਟ ਪਰਦੇ ਤੋਂ ਪਿੱਛੇ ਹੋ ਜਾਂਦੀਆਂ ਤੇ ਫੋਨ ਕਰਕੇ ਸਾਰੀ ਖ਼ਬਰ ਆਪਣੇ ਸਾਹਬਾਂ ਨੂੰ ਦਿੰਦੀਆਂ। ਉਸ ਦੀ ਹੋਂਦ ਨੇ ਸਭ ਦੇ ਮਨਾਂ ਵਿਚ ਬੇਚੈਨੀ ਪੈਦਾ ਕਰ ਦਿੱਤੀ। ਉਨ੍ਹਾਂ ਦੀ ਖੂਬਸੂਰਤ ਗਲੀ ਨੂੰ ਜਿਵੇਂ ਕੋਈ ਗ੍ਰਹਿਣ ਲੱਗ ਗਿਆ ਹੋਵੇ। ਬੱਚੇ ਘਰਾਂ ਤੋਂ ਬਾਹਰ ਨਿਕਲਣ ਤੋਂ ਤ੍ਰਭਕਣ ਲੱਗੇ। ਪਤਵੰਤਿਆਂ ਦੇ ਇਕ ਵਾਰ ਫਿਰ ਸਿਰ ਜੁੜੇ। ਬਾਹਰੋਂ ਬੰਦੇ ਮੰਗਵਾ ਕੇ ਰਾਤ ਵੇਲੇ ਹੀ ਗਲੀ ਨੂੰ ਲੱਗਿਆ ਗ੍ਰਹਿਣ ਹਟਵਾ ਦਿੱਤਾ ਗਿਆ।
ਅਗਲੀ ਸਵੇਰ ਉਸੇ ਥਾਂ ਇਕ ਕੁੱਤੀ ਪਤਾ ਨਹੀਂ ਕਿਥੋਂ ਆਪਣੇ ਪੰਜ-ਸੱਤ ਕਤੂਰਿਆਂ ਨੂੰ ਲੈ ਕੇ ਆ ਗਈ। ਗਲੀ ਵਾਲਿਆਂ ਨੂੰ ਨਿੱਕੇ-ਨਿੱਕੇ ਬਲੂਰਾਂ ਤੇ ਉਨ੍ਹਾਂ ਦੀ ਭੁੱਖੀ ਮਾਂ ਦੀ ਚਿੰਤਾ ਹੋਈ। ਕੜਕਦੀ ਧੁੱਪ ਤੋਂ ਬਚਾਉਣ ਲਈ ਉਨ੍ਹਾਂ ਲਈ ਵੱਡੇ-ਵੱਡੇ ਗੱਤੇ ਦੇ ਡੱਬੇ ਰੱਖ ਕੇ ਛਾਂ ਦਾ ਪ੍ਰਬੰਧ ਕੀਤਾ ਗਿਆ। 'ਮਾਂ ਰੱਜੇਗੀ ਤਾਂ ਹੀ ਦੁੱਧ ਆਵੇਗਾ' ਸੋਚ ਕੇ ਕਈ ਘਰਾਂ ਨੇ ਦੋਧੀ ਤੋਂ ਵੱਧ ਦੁੱਧ ਲਿਆ। ਸਾਹਬਾਂ ਵਲੋਂ ਨਵੇਂ ਚੌਕੀਦਾਰ ਨੂੰ ਉਨ੍ਹਾਂ ਦਾ ਖਾਸ ਖਿਆਲ ਰੱਖਣ ਲਈ ਕਿਹਾ ਗਿਆ। ਬੰਗਲਿਆਂ ਦੇ ਠੰਢੇ ਕਮਰਿਆਂ ਵਿਚੋਂ ਪਰਦੇ ਹਟਾ ਕੇ ਤ੍ਰੀਮਤਾਂ ਮੋਹ ਨਾਲ ਉਨ੍ਹਾਂ ਵੱਲ ਤੱਕਦੀਆਂ ਤੇ ਸਭ ਠੀਕ-ਠਾਕ ਹੋਣ ਦੀ ਸੂਚਨਾ ਆਪਣੇ ਸਾਹਬਾਂ ਨੂੰ ਦਿੰਦੀਆਂ। ਆਖਰ ਇਨਸਾਨੀਅਤ ਵੀ ਤਾਂ ਕੋਈ ਚੀਜ਼ ਹੈ।

-ਮਨਜੀਤ ਸਿੱਧੂ,
ਪਿੰਡ ਤੇ ਡਾਕ: ਰਤਨਗੜ੍ਹ, ਤਹਿ: ਰਤੀਆ, ਜ਼ਿਲ੍ਹਾ ਫਤਿਹਾਬਾਦ (ਹਰਿਆਣਾ)-125051.
ਮੋਬਾ: 94664-78709

ਲਿਫ਼ਾਫ਼ੇ ਬਦਲੇ ਅਸੀਸਾਂ
'ਬਾਬਾ ਆਪਣਾ ਸਾਮਾਨ ਚੁੱਕ ਕੇ ਪਾਸੇ ਰੱਖ।' ਬੱਸ ਵਿਚ ਟਿਕਟਾਂ ਕੱਟ ਰਹੇ ਕੰਡਕਟਰ ਨੇ ਅੱਸੀ ਕੁ ਸਾਲ ਦੇ ਇਕ ਮਿਹਨਤਕਸ਼ ਬਜ਼ੁਰਗ ਦਾ ਸਬਜ਼ੀ ਵਾਲਾ ਲਿਫ਼ਾਫ਼ਾ ਵਿਚਾਲੇ ਪਿਆ ਵੇਖਦਿਆਂ ਕਿਹਾ। ਪਿਆਜ਼ੀ ਰੰਗ ਦੇ ਪਾਰਦਰਸ਼ੀ ਲਿਫ਼ਾਫ਼ੇ ਵਿਚੋਂ ਦਿਖਾਈ ਦੇ ਰਹੇ ਦੋ ਗੋਭੀ ਦੇ ਫੁੱਲ, ਦੋ ਆਲੂ, ਦੋ ਪਿਆਜ਼ ਅਤੇ ਇਕ ਟਮਾਟਰ ਉਸ ਬਜ਼ੁਰਗ ਦੀ ਆਰਥਿਕ ਹਾਲਤ ਨੂੰ ਬਾਖ਼ੂਬੀ ਬਿਆਨ ਕਰ ਰਹੇ ਸਨ। ਬਾਬੇ ਨੇ ਸਬਜ਼ੀ ਵਾਲਾ ਲਿਫ਼ਾਫ਼ਾ ਚੁੱਕਿਆ ਤਾਂ ਲਿਫ਼ਾਫ਼ਾ ਪੱਤਰੀ ਵਿਚ ਅੜ ਕੇ ਫਟ ਚੁੱਕਿਆ ਸੀ। ਬਾਬਾ ਵਿਚਾਰਾ ਫਟੇ ਲਿਫ਼ਾਫ਼ੇ ਨੂੰ ਆਪਣੀ ਝੋਲੀ ਵਿਚ ਰੱਖ ਕੇ ਉਸ ਨੂੰ ਗੰਢਣ ਦੀ ਅਸਫ਼ਲ ਕੋਸ਼ਿਸ਼ ਕਰਨ ਲੱਗਾ। ਬਾਬੇ ਦੀ ਮਜਬੂਰੀ ਨੂੰ ਵੇਖ ਰਹੀਆਂ ਸਵਾਰੀਆਂ ਵਿਚੋਂ ਅਧਿਆਪਕਾ ਪਾਲ ਕੌਰ ਨੇ ਝੱਟ ਹੀ ਆਪਣੇ ਹੱਥ ਵਿਚ ਫੜੇ ਲਿਫ਼ਾਫ਼ੇ ਵਿਚੋਂ ਆਪਣੇ ਕਾਗਜ਼-ਪੱਤਰ ਕੱਢ ਕੇ ਪਰਸ ਵਿਚ ਪਾਏ ਅਤੇ ਖਾਲੀ ਲਿਫ਼ਾਫ਼ਾ ਬਾਬੇ ਨੂੰ ਫੜਾਉਂਦਿਆਂ ਕਿਹਾ, 'ਬਾਪੂ ਜੀ, ਸਬਜ਼ੀ ਆਹ ਲਿਫ਼ਾਫ਼ੇ ਵਿਚ ਪਾ ਲਓ।' ਬਜ਼ੁਰਗ ਨੇ ਸਬਜ਼ੀ ਲਿਫ਼ਾਫ਼ੇ ਵਿਚ ਪਾਉਂਦਿਆਂ ਇਕੋ ਸਾਹ ਵਿਚ ਅਨੇਕਾਂ ਹੀ ਅਸੀਸਾਂ ਪਾਲ ਕੌਰ ਨੂੰ ਦੇ ਦਿੱਤੀਆਂ। ਪਾਲ ਕੌਰ ਦੇ ਦਿਲ ਨੂੰ ਜਿਥੇ ਉਸ ਵਡੇਰੀ ਉਮਰ ਦੇ ਬਜ਼ੁਰਗ ਦੀ ਸਹਾਇਤਾ ਕਰਨ 'ਤੇ ਸਕੂਨ ਮਿਲਿਆ, ਉੱਥੇ ਹੀ ਉਸ ਨੂੰ ਇਸ ਗੱਲ ਦੀ ਅਥਾਹ ਖੁਸ਼ੀ ਵੀ ਹੋਈ ਕਿ ਉਸ ਨੂੰ ਬਜ਼ੁਰਗ ਦੀ ਕੀਤੀ ਸਹਾਇਤਾ ਦਾ ਫਲ ਢੇਰ ਸਾਰੀਆਂ ਬੇਸ਼ਕੀਮਤੀ ਅਸੀਸਾਂ ਦੇ ਰੂਪ ਵਿਚ ਮਿਲ ਗਿਆ ਹੈ।

-ਜਗਸੀਰ ਸਿੰਘ ਮੋਹਲ
ਸਰਦੂਲਗੜ੍ਹ, ਜ਼ਿਲ੍ਹਾ ਮਾਨਸਾ।
ਮੋਬਾਈਲ : 94632-56909.

ਆਖ਼ਰੀ ਕਿਸ਼ਤ ਜ਼ਖ਼ਮ ਬੇਵਫ਼ਾਈ ਦੇ

ਬਾਨੋ ਤਾਂ ਜਿਵੇਂ ਦੀਵਾਨੀ, ਮਸਤਾਨੀ ਹੋ ਗਈ। ਬਾਨੋ ਤਾਂ ਜਲ ਵਿਚੋਂ ਕੱਢੀ ਹੋਈ ਮੱਛੀ ਵਾਂਗ ਤੜਫਦੀ ਲੱਗ ਰਹੀ ਸੀ।
ਬਾਨੋ ਤਾਂ ਇੰਜ ਸੀ ਜਿਵੇਂ ਮਦਹੋਸ਼ ਹੋ ਗਈ ਹੋਵੇ। ਨਾ ਮਨ ਦੀ ਹੋਸ਼ ਨਾ ਤਨ ਦੀ ਪ੍ਰਵਾਹ। ਸਲੀਮ ਦੇ ਤਨ ਨਾਲ ਆਪਣੇ ਭਖਦੇ ਤੇ ਕੰਬਦੇ ਬੁੱਲ੍ਹ ਲਾ ਕੇ ਬਾਨੋ ਨੇ ਸੱਪਣੀ ਵਾਂਗੂ ਸ਼ੂਕਰ ਮਾਰੀ। ਆ ਮੇਰੇ ਪਿਆਰੇ। ਮੈਂ ਆਪਣੇ ਪਿਆਰ ਨਾਲ ਤੇਰਾ ਜ਼ਹਿਰਬਾਦ ਮੁਕਾ ਦਿਆਂ। ਮੈਂ ਸੋਨੇ ਦੀ ਸੰਗਲੀ ਹਾਂ, ਮੈਨੂੰ ਗਲ 'ਚ ਪਾ ਲੈ। ਮੈਂ ਪਿਆਰ ਦਾ ਤਵੀਤ ਹਾਂ, ਮੈਨੂੰ ਹਿੱਕ ਨਾਲ ਲਾ ਲੈ। ਸਲੀਮ ਮੇਰੀ ਚੜ੍ਹਦੀ ਜਵਾਨੀ ਮਸਤ ਕਰ ਦੇਣ ਵਾਲੀਆਂ ਖੁਸ਼ਬੂਆਂ ਰੱਜ-ਰੱਜ ਮਾਣ ਲੈ। ਖੁੰਜਿਆ ਵੇਲਾ ਹੱਥ ਨਹੀਂ ਜੇ ਆਉਣਾ। ਫਿਰ ਪਛਤਾਈਂ ਨਾ। ਬਾਨੋ ਪੁਰੇ ਦੀ ਹਵਾ 'ਚ ਮਸਤ ਸੱਪਣੀ ਵਾਂਗ ਸ਼ੂਕਰਾਂ ਮਾਰਦੀ ਵਲ ਖਾ ਰਹੀ ਸੀ।
ਸਲੀਮ ਨੇ ਬਾਨੋ ਨੂੰ ਦੋਵਾਂ ਮੋਢਿਆਂ ਤੋਂ ਫੜ ਕੇ ਜ਼ੋਰ ਨਾਲ ਝੰਜੋੜਿਆ। ਬਾਨੋ ਹੋਸ਼ ਕਰ। ਆਪਣੇ-ਆਪ ਨੂੰ ਸੰਭਾਲ। ਜਵਾਨੀ ਦੀਆਂ ਚੜ੍ਹਦੀਆਂ ਛੱਲਾਂ 'ਚ ਰੁੜ੍ਹ ਗਈ ਤਾਂ ਫੇਰ ਕੁਝ ਨਹੀਂ ਜੇ ਬਚਣਾ। ਨਾ ਇੱਜ਼ਤ, ਨਾ ਅਣਖ ਤੇ ਨਾ ਗ਼ੈਰਤ। ਪਿਆਰ ਰੂਹਾਂ (ਆਤਮਾ) ਦੇ ਮੇਲ ਦਾ ਨਾਂਅ ਹੈ।
ਪਰ ਅੱਜ ਹੁਸਨ ਆਪਣਾ-ਆਪ ਲੁਟਾਉਣ 'ਤੇ ਤੁਲਿਆ ਖੜ੍ਹਾ ਸੀ। ਸਲੀਮ ਦੀ ਕੋਈ ਵਾਹ-ਪੇਸ਼ ਨਹੀਂ ਸੀ ਜਾ ਰਹੀ। ਬਾਨੋ ਦੀਆਂ ਮਸਤੀਆਂ ਦੇਖ ਕੇ ਉਹਦਾ ਗੁੱਸਾ ਵਧਦਾ ਜਾ ਰਿਹਾ ਸੀ।
ਸਲੀਮ ਨੇ ਇਕ ਜ਼ੋਰਦਾਰ ਚੰਡ ਬਾਨੋ ਦੇ ਮੂੰਹ 'ਤੇ ਦੇ ਮਾਰੀ। ਆਪੇ ਆਪਣੀ ਜਵਾਨੀ ਨੂੰ ਖਿਡੌਣਾ ਬਣਾਉਣ ਦੇ ਯਤਨ ਕਰਨ ਵਾਲੀਏ ਹੋਸ਼ ਕਰ ਤੇ ਮੇਰੀ ਗੱਲ ਗ਼ੌਰ ਨਾਲ ਸੁਣ : ਕਿਤੇ ਮੇਰੀ ਜਵਾਨੀ ਮੈਨੂੰ ਭੁਲੀਂ ਨਾ ਪਾ ਦੇਵੇ। ਜਵਾਨੀ ਦੀ ਅੱਗ ਦਾ ਸੜਿਆ ਇਨਸਾਨ ਕਦੀ ਬਚਦਾ ਹੀ ਨਹੀਂ। ਪਲ-ਪਲ ਜਿਊਂਦਾ ਹੈ। ਪਲ-ਪਲ ਮਰਦਾ ਹੈ।
ਮੈਂ ਪਿਆਰ ਦੇ ਸੱਚੇ-ਸੁੱਚੇ ਖੇਡ 'ਚ ਰੌਂਦ (ਰੋਲ) ਨਹੀਂ ਜੇ ਮਾਰ ਸਕਦਾ। ਕਿਸੇ ਭੁੱਲ 'ਚ ਨਾ ਰਹੀਂ। ਮੈਂ ਤੈਨੂੰ 'ਬਾਨੋ' ਰੂਹ ਦੀਆਂ ਡੂੰਘਿਆਈਆਂ ਨਾਲ ਪਿਆਰ ਕਰਦਾ ਹਾਂ। ਮੈਂ ਤੇਰੇ ਪਿਆਰ ਦਾ ਚਾਹਵਾਨ ਹਾਂ। ਜਵਾਨੀ ਦੀ ਅੱਗ 'ਚ ਲਾਲ ਹੋਏ ਜਿਸਮ ਦਾ ਨਹੀਂ। ਮੈਂ ਤੇਰੇ ਮਨ ਦੇ ਪਿਆਰ ਦਾ ਭੁੱਖਾ ਹਾਂ, ਤਨ ਦਾ ਨਹੀਂ।
'ਬਾਨੋ' ਹੱਕੀ-ਬੱਕੀ ਹੈਰਾਨ ਹੋਈ ਸਲੀਮ ਵੱਲ ਦੇਖ ਰਹੀ ਸੀ। ਫਿਰ ਅਚਾਨਕ ਬਾਨੋ ਤੜਫ ਪਈ। ਜਿਵੇਂ ਉਹਦੇ ਦਿਲ 'ਚ ਕਿਸੇ ਤੀਰ ਮਾਰ ਦਿੱਤਾ ਹੋਵੇ।
'ਵੇ ਇਹ ਸਾਡਾ ਘਰ ਹੈ, ਕੋਈ ਪਹਿਲਵਾਨਾਂ ਦਾ ਅਖਾੜਾ ਨਹੀਂ, ਜਿਥੇ ਤੂੰ ਆ ਗਿਐਂ, ਆਪਣੀ ਮਾਸ਼ੂਕ ਨੂੰ ਮਿਲਣ ਆਉਂਦਿਆਂ ਤੈਨੂੰ ਸ਼ਰਮ ਆਉਣੀ ਚਾਹੀਦੀ ਹੈ। ਮੈਂ ਨਾਜ਼ੁਕ ਤੇ ਸੋਹਲ ਜਿਹੀ ਤਿੱਲੇ ਦੀ ਤਾਰ ਵਰਗੀ ਨਾਰ, ਤੂੰ ਕੀ ਸੋਚ ਕੇ ਆ ਗਿਆ।'
ਸਲੀਮ ਤੇਰੇ ਸੀਨੇ 'ਚ ਦਿਲ ਨਹੀਂ ਪੱਥਰ ਹੈ। ਤੂੰ ਠੰਢਾ ਠਾਰ ਬਰਫ਼ ਦਾ ਢੇਲਾਂ ਏਂ ਤੇਰੇ ਨਾਲ ਮੱਥਾ ਲਾ ਕੇ ਮੇਰੇ ਜਜ਼ਬਾਤ ਲਹੂ-ਲੁਹਾਣ ਹੋ ਗਏ ਨੇ। ਤੂੰ ਕਤਲ ਕੀਤਾ ਹੈ ਮੇਰੇ ਜਜ਼ਬਾਤ ਦਾ। ਤੂੰ ਕੀ ਜਾਣੇਂ ਪਿਆਰ ਦੀਆਂ ਰਮਜ਼ਾਂ। ਤੂੰ ਕੀ ਜਾਣੇ ਮੁਹੱਬਤਾਂ ਦੇ ਮਿੱਠੇ ਖੇਡ। ਜਾ ਵੇ ਅਣਜਾਣਾਂ ਤੂੰ ਕੀ ਜਾਣੇ ਇਸ਼ਕ ਦੇ ਮਾਮਲੇ, ਵੱਡਿਆ ਪਹਿਲਵਾਨਾਂ, ਜਾਹ ਦਫ਼ਾ ਹੋ ਜਾਹ, ਮੇਰੀਆਂ ਨਜ਼ਰਾਂ ਤੋਂ ਦੂਰ ਹੋ ਜਾ। ਤੂੰ ਮੇਰਾ ਮਨ ਹੀ ਨਹੀਂ ਤੋੜਿਆ, ਮੇਰੀ ਤੌਹੀਨ ਕੀਤੀ ਹੈ। ਠੁਕਰਾਇਆ ਹੈ ਤੂੰ ਮੇਰੇ ਜਜ਼ਬਾਤ ਨੂੰ। ਫੇਰ ਕਦੀ ਮੇਰੇ ਮੂੰਹ ਨਾ ਲੱਗੀਂ। ਅਗਾਂਹ ਤੋਂ ਮੇਰੀਆਂ ਰਾਹਵਾਂ ਮੱਲਣ ਦਾ ਤੇਰਾ ਕੋਈ ਹੱਕ ਨਹੀਂ। ਚੋਰਾਂ ਖੜਿਆ ਚਾਹੇ ਕਿੱਲੇ ਬੱਧਾ, ਕੰਮ ਦਾ ਨਾ ਕਾਰ ਦਾ, ਜਾ ਦਫ਼ਾ ਹੋ ਜਾ ਇਥੋਂ। ਮੂੰਹ ਕਾਲਾ ਨੀਲੇ ਪੈਰ।
ਸਲੀਮ ਗੁੱਸੇ ਨਾਲ ਭਰਿਆ ਹੋਇਆ ਤੇ ਹਾਰੇ ਹੋਏ ਖਿਡਾਰੀ ਵਾਂਗ ਸਿਰ ਨਿਵਾਈ ਉਥੋਂ ਪਰਤ ਆਇਆ। ਜਿਵੇਂ ਰੈਫਰੀ ਨੇ ਲਾਲ ਕਾਰਡ ਦਿਖਾ ਦਿੱਤਾ ਹੋਵੇ।
ਸਲੀਮ ਦਾ ਦੋਸਤ ਜਮਾਲ ਵਿਆਹਿਆ, ਵਰ੍ਹਿਆ ਅੱਧਖੜ ਜਿਹਾ ਮੱਕਾਰ ਚਲਾਕ ਆਦਮੀ ਸੀ। ਜਵਾਨ ਮੁਟਿਆਰਾਂ ਦੀਆਂ ਖਾਹਿਸ਼ਾਂ (ਭਾਵਨਾਵਾਂ) ਤੇ ਉਨ੍ਹਾਂ ਦੇ ਮਨਾਂ 'ਚ ਪਲ ਰਹੇ ਜਜ਼ਬਾਤ ਨੂੰ ਚੰਗੀ ਤਰ੍ਹਾਂ ਸਮਝਦਾ ਸੀ। ਜਮਾਲ ਬੜਾ ਮੀਸਣਾ, ਧੋਖੇਬਾਜ਼ ਤੇ ਮਤਲਬੀ ਯਾਰ ਸੀ।
ਸਲੀਮ ਨੇ ਬੜੇ ਦੁੱਖ ਤੇ ਹਿਰਖ ਨਾਲ ਆਪਣੇ ਦੋਸਤ ਜਮਾਲ ਨੂੰ ਆਪਣੇ ਨਾਲ ਹੋਈ ਬੀਤੀ ਸਾਰੀ ਘਟਨਾ ਸੁਣਾਈ।
ਜਮਾਲ ਨੇ ਕੁਝ ਅਜਿਹਾ ਚੱਕਰ ਚਲਾਇਆ ਕਿ ਬਾਨੋ ਨੂੰ ਆਪਣੀ ਮੁੱਠ 'ਚ ਕਰ ਲਿਆ। ਅਜਿਹਾ ਜਾਲ ਵਿਛਾਇਆ ਕਿ ਤਿੱਤਰੀ ਕਮਾਦੋਂ ਨਿਕਲਦਿਆਂ ਹੀ ਜਮਾਲ ਦੇ ਵਿਛਾਏ ਹੋਏ ਜਾਲ 'ਚ ਆਣ ਫਸੀ ਤੇ ਜਾਲ ਵਿਚੋਂ ਫਿਰ ਮੁੱਠ 'ਚ ਆ ਗਈ।
ਜਮਾਲ ਯਾਰੀ-ਦੋਸਤੀ ਤੇ ਸਲੀਮ ਨੂੰ ਮਿਲਣ ਦੇ ਬਹਾਨੇ ਉਹਦੀ ਬੈਠਕ 'ਚ ਆਉਂਦਾ। ਜਮਾਲ-ਸਲੀਮ ਨੂੰ ਯਕੀਨ ਦਿਵਾਉਂਦਾ ਕਿ ਦੁਨੀਆ 'ਚ ਸਲੀਮ ਕਲੱਮ-'ਕੱਲਾ ਹੀ ਉਹਦਾ ਗੂੜ੍ਹਾ ਦੋਸਤ ਹੈ।
ਪਰ ਜਮਾਲ ਤਾਂ ਬੈਠਕ 'ਚ ਬਹਿ ਕੇ ਸਾਹਮਣੇ ਫਾਟਕ 'ਚ ਖੜ੍ਹੀ ਬਾਨੋ ਨੂੰ ਵੇਖਣ ਆਉਂਦਾ ਸੀ।
ਜਮਾਲ ਆਪਣੇ ਦੋਸਤ ਸਲੀਮ ਨੂੰ ਬਹਾਨੇ ਨਾਲ ਘਰੋਂ ਪੀਣ ਲਈ ਲੱਸੀ ਲੈਣ ਭੇਜ ਦਿੰਦਾ। ਕਦੀ ਚਾਹ ਦੀ ਫਰਮਾਇਸ਼ ਕਰਦਾ ਤੇ ਕਦੀ ਕਹਿੰਦਾ ਕਿ ਅੱਜ ਮੈਂ ਰੋਟੀ ਖਾ ਕੇ ਹੀ ਜਾਣਾ ਹੈ। ਜਦ ਸਲੀਮ ਘਰ ਅੰਦਰ ਚਲਾ ਜਾਂਦਾ, ਤਾਂ ਜਮਾਲ ਬੈਠਕ ਦੇ ਬੂਹੇ 'ਚ ਖਲੋ ਕੇ ਬਾਨੋ ਨਾਲ ਕਰਨ ਵਾਲੀ ਗੱਲ ਕਰ ਲੈਂਦਾ। ਸਲੀਮ ਦੀ ਮਾਸੂਮੀਅਤ ਤੇ ਭੋਲੇਪਣ ਤੋਂ ਜਮਾਲ ਨੇ ਬਹੁਤ ਫਾਇਦਾ ਉਠਾਇਆ। ਜਮਾਲ ਨੇ ਸਲੀਮ ਨੂੰ ਦੋਸਤੀ ਦਾ ਚੱਕਰ ਦੇ ਕੇ ਬਾਨੋ ਨਾਲ ਨੇੜਤਾ ਪੱਕੀ ਕਰ ਲਈ। ਬਾਨੋ ਪਹਿਲਾਂ ਹੀ...। ਉਹਨੂੰ ਆਪਣੀ ਜਵਾਨੀ ਦੇ ਮੂੰਹ-ਜ਼ੋਰ ਜਜ਼ਬਾਤ ਨਾਲ ਖੇਡਣ ਲਈ ਕਿਸੇ ਦੀ ਚਾਹਤ ਸੀ। ਜਮਾਲ ਕਦੀ ਕੰਧ ਟੱਪ ਕੇ ਬਾਨੋ ਦੇ ਘਰ ਚਲਾ ਜਾਂਦਾ ਤੇ ਪੱਠੇ ਕੁਤਰਨ ਵਾਲੀ ਟੋਕਾ ਮਸ਼ੀਨ ਵਾਲੀ ਝਲਿਆਲੀ 'ਚ ਦੋਵਾਂ ਦੀ ਮੁਲਾਕਾਤ ਹੋ ਜਾਂਦੀ।
ਕਦੀ ਜਮਾਲ ਬਾਨੋ ਨੂੰ ਆਪਣੀ ਹਵੇਲੀ ਸੱਦ ਲੈਂਦਾ। ਚੋਰੀ-ਛੁਪੇ ਦਾ ਇਹ ਖੇਡ ਖ਼ਾਸ ਤੌਰ 'ਤੇ ਸਾਰੇ ਸਿਆਲ ਦੇ ਮੌਸਮ 'ਚ ਚਲਦਾ ਰਹਿੰਦਾ। ਉਨ੍ਹਾਂ ਸਮਿਆਂ 'ਚ ਸਾਡੇ ਪਿੰਡ ਹਾਲੇ ਬਿਜਲੀ ਨਹੀਂ ਸੀ ਲੱਗੀ। ਘਰਾਂ 'ਚ ਬੱਤੀਆਂ ਤੇ ਦੀਵਿਆਂ ਨਾਲ ਰੌਸ਼ਨੀ ਦਾ ਕੰਮ ਕਰ ਲਿਆ ਜਾਂਦਾ ਸੀ। ਸਿਆਲਾਂ ਨੂੰ ਰਾਤ ਨੌਂ ਵਜੇ ਹੀ ਪਿੰਡ ਦੀਆਂ ਰਾਤਾਂ ਸਿਆਹ ਕਾਲੀਆਂ ਤੇ ਫ਼ਿਜ਼ਾ ਬਾਏ-ਬਾਏ ਦੇ ਰੂਪ 'ਚ ਢਲ ਜਾਂਦੀ ਸੀ।
ਇਕ ਰਾਤ ਬਾਨੋ ਜਮਾਲ ਲਈ ਬਦਾਮਾਂ ਵਾਲਾ ਦੇਸੀ ਘਿਓ ਦਾ ਹਲਵਾ ਬਣਾ ਕੇ ਉਹਦੀ ਹਵੇਲੀ ਲੈ ਗਈ।
ਜਮਾਲ ਬੁਖਾਰ ਨਾਲ ਤੱਤਾ ਤਵਾ ਬਣਿਆ ਮੂੰਹ ਸਿਰ ਗਰਮ ਚਾਦਰ 'ਚ ਲਪੇਟੀ ਪਿਆ ਸੀ।
ਜਮਾਲ ਦੀ ਹਵੇਲੀ ਦੀ ਕੰਧ ਕੱਚੀ ਤੇ ਕੇਵਲ ਪੰਜ ਫੁੱਟ ਹੀ ਉੱਚੀ ਸੀ। ਬਾਨੋ ਨੇ ਹਲਵੇ ਵਾਲਾ ਭਾਂਡਾ ਹਵੇਲੀ ਦੀ ਕੰਧ ਉਤੇ ਰੱਖਿਆ। ਕੰਧ ਟੱਪੀ ਤੇ ਹਵੇਲੀ ਦੇ ਫਾਟਕ ਦਾ ਅੰਦਰੋਂ ਕੁੰਡਾ ਖੋਲ੍ਹਿਆ ਤੇ ਕੰਧ ਉਤੋਂ ਹਲਵੇ ਵਾਲਾ ਭਾਂਡਾ ਚੁੱਕ ਹਵੇਲੀ ਅੰਦਰ ਵੜ੍ਹ ਕੇ ਅੰਦਰੋਂ ਫਾਟਕ ਦਾ ਕੁੰਡਾ ਲਾ ਦਿੱਤਾ।
ਬਾਨੋ ਨੇ ਜਦ ਜਮਾਲ ਨੂੰ ਜਗਾਇਆ ਤਾਂ ਉਹ ਹੱਕਾ-ਬੱਕਾ ਰਹਿ ਗਿਆ। ਬਾਨੋ ਹੱਸੀ ਤੇ ਲੱਕ 'ਤੇ ਹੱਥ ਰੱਖ ਕੇ ਬੜੇ ਰੋਹਬ ਨਾਲ ਜਮਾਲ ਨੂੰ ਦੱਸਿਆ ਕਿ ਉਹ ਕੰਧ ਟੱਪ ਕੇ ਆਪਣੇ ਮਿਰਜ਼ੇ ਨੂੰ ਮਿਲਣ ਆਈ ਹੈ।
ਬਾਨੋ ਜਵਾਨੀ ਦੇ ਭਖਦੇ ਜਜ਼ਬਾਤ ਦੀ ਲੱਗੀ ਅੱਗ ਕਾਰਨ ਲਾਲੋ-ਲਾਲ ਹੋ ਰਹੀ ਸੀ। ਬਿਨਾਂ ਪੀਤਿਓਂ ਹੀ ਡਾਵਾਂ-ਡੋਲ ਹੋਈ ਜਾ ਰਹੀ ਸੀ ਬਾਨੋ। ਵੇ ਜਮਾਲਿਆ ਤੇਰੀ ਹਵੇਲੀ 'ਚ ਅੱਜ ਮੇਰਾ ਨੱਚਣੇ ਤੇ ਗਾਉਣੇ ਨੂੰ ਜੀਅ ਕਰਦਾ ਹੈ।
ਕੰਧ ਟੱਪਦੀ ਬੋਚ ਲੈ ਮਾਹੀਆ
ਵੇ ਪਿੱਪਲੀ ਦੇ ਪੱਤ ਵਰਗੀ।
ਬਾਨੋ ਨੇ ਜਮਾਲ ਨੂੰ ਆਪਣੇ ਹੱਥਾਂ ਨਾਲ ਹਲਵਾ ਖੁਆਇਆ। ਉਹਦੇ ਸਿਰ 'ਤੇ ਤੇਲ ਝਸਣ ਲੱਗ ਪਈ, ਨਾਲੇ ਸਲੀਮ ਦੀ ਗੱਲ ਸ਼ੁਰੂ ਕਰ ਲਈ।
ਆਖਣ ਲੱਗੀ ਜਮਾਲ ਜੀ ਅੱਜ ਮੈਂ ਤੈਨੂੰ ਹਾਸੇ ਵਾਲੀ ਇਕ ਗੱਲ ਸੁਣਾਉਂਦੀ ਹਾਂ। ਦੇਖੀਂ ਖਾਂ ਤੇਰਾ ਬੁਖਾਰ ਕਿਵੇਂ ਲਹਿੰਦਾ ਹੈ ਤੇ ਫੇਰ ਬਾਨੋ ਨੇ ਸਲੀਮ ਦੀ ਗੱਲ ਸ਼ੁਰੂ ਕਰ ਦਿੱਤੀ।
ਵੇ ਜਮਾਲਿਆ ਇਕ ਦਿਨ ਸੱਦਿਆ ਮੈਂ ਸਲੀਮ ਨੂੰ ਆਪਣੇ ਘਰ... ਪਰ ਉਹ ਤਾਂ ਲੰਗੋਟਾ ਬੰਨ੍ਹ ਕੇ ਆ ਗਿਆ, ਉਹ ਵੀ ਲਾਲ ਰੰਗ ਦਾ। ਸਲੀਮ ਨੂੰ ਕੋਈ ਦਸ ਜੁੱਤੀਆਂ ਉਹਦੇ ਸਿਰ 'ਚ ਮਾਰ ਕੇ ਪੁੱਛੇ, ਭਈ ਬਾਨੋ ਦੇ ਪਿਓ ਨੇ ਆਪਣੇ ਘਰ ਦੇ ਵਿਹੜੇ 'ਚ ਕੋਈ ਸਿੰਝ (ਅਖਾੜਾ) ਪਵਾਈ ਸੀ ਭਲਾ।
ਲਗਦਾ ਹੈ ਉਹਦੇ ਦਿਮਾਗ 'ਚ ਤੂੜੀ ਭਰੀ ਹੋਈ ਸੀ। ਮੇਰਾ ਘਰ ਕਿਹੜਾ ਸੱਚੀਆਂ ਮੁਹੱਬਤਾਂ ਦਾ ਸਕੂਲ ਸੀ। ਜਿਥੇ ਵੱਡਾ ਪੜ੍ਹਾਕੂ ਆ ਗਿਆ। ਜਮਾਲ ਤੇ ਬਾਨੋ ਖਿੜਖਿੜਾ ਕੇ ਹੱਸ ਪਏ। ਪਿਆਰ ਦੇ ਸੱਚੇ-ਸੁੱਚੇ ਜਜ਼ਬਿਆਂ ਤੇ 'ਸਰੀਰਕ' ਪਿਆਰ ਦੀ ਇਹ ਭੁੱਖੀ ਦੁਨੀਆ ਇੰਜ ਹੀ ਹੱਸਦੀ ਹੈ। ਜਮਾਲ ਤੇ ਬਾਨੋ ਦੀ ਦੋਸਤੀ ਮਹਿਕ ਵਾਂਗ ਸਾਰੇ ਪਿੰਡ 'ਚ ਫੈਲ ਗਈ ਸੀ।
ਬਾਨੋ ਦੇ ਮਾਪਿਆਂ ਕਾਹਲੀ-ਕਾਹਲੀ ਪਿੰਡ ਡੱਲਾ ਸਿੰਘ ਵਾਲਾ 'ਚ ਇਕ ਟਰੱਕ ਡਰਾਈਵਰ ਨਾਲ ਬਾਨੋ ਦਾ ਵਿਆਹ ਕਰ ਦਿੱਤਾ। ਟਰੱਕ ਡਰਾਈਵਰ ਦੇ ਮਾਪਿਆਂ ਦਾ ਵਾਹੀ-ਬੀਜੀ ਦਾ ਵੀ ਚੰਗਾ ਕੰਮ ਸੀ।
25 ਸਾਲ ਗੁਜ਼ਰ ਗਏ ਹਨ। ਬਾਨੋ ਵਲੋਂ ਸਲੀਮ ਦੇ ਮਨ 'ਤੇ ਲਾਏ ਬੇਵਫਾਈ ਦੇ ਜ਼ਖ਼ਮਾਂ ਨੂੰ। ਇਕ ਦਿਨ ਸਲੀਮ ਬਾਜ਼ਾਰ 'ਚ ਆਪਣੀ ਬੈਠਕ ਅੱਗੇ ਕੁਰਸੀ ਡਾਹ ਕੇ ਬੈਠਾ ਸੀ। ਬਾਨੋ ਆਪਣੀ ਮਾਂ ਦੇ ਬਹੁਤ ਬਿਮਾਰ ਹੋਣ ਕਾਰਨ ਆਪਣੇ ਮਾਪਿਆਂ ਘਰ ਆਈ ਹੋਈ ਸੀ। ਬਾਨੋ ਆਪਣੀ ਕਿਸੇ 'ਸਹੇਲੀ ਸਖੀ' ਨੂੰ ਮਿਲਣ ਦੇ ਬਹਾਨੇ ਘਰੋਂ ਨਿਕਲੀ ਤੇ ਕੁਰਸੀ 'ਤੇ ਬੈਠੇ ਸਲੀਮ ਦੇ ਸਾਹਮਣੇ ਆਣ ਖਲੋਤੀ।
ਵੇ ਸਲੀਮ ਤੇਰਾ ਕੀ ਹਾਲ-ਚਾਲ ਏ। ਸਲੀਮ ਨੇ ਨਜ਼ਰਾਂ ਉੱਪਰ ਚੁੱਕ ਕੇ ਬਾਨੋ ਨੂੰ ਤੱਕਿਆ, ਏਨਾ ਹੀ ਜਵਾਬ ਦਿੱਤਾ, 'ਬਾਨੋ, ਬਸ ਚੰਗੀ-ਮਾੜੀ ਜ਼ਿੰਦਗੀ ਗੁਜ਼ਰੀ ਹੀ ਜਾ ਰਹੀ ਹੈ।'
ਬਾਨੋ ਦੇ ਮੁਖੜੇ 'ਚ ਇਕ ਜ਼ਹਿਰੀਲੀ ਮੁਸਕਰਾਹਟ ਖੇਡ ਰਹੀ ਸੀ, 'ਵੇ, ਸਲੀਮ ਮਾਸ਼ੂਕ ਨੂੰ ਮਿਲਣ ਸਮੇਂ ਲੱਕ ਨਾਲ ਬੰਨ੍ਹਣ ਵਾਲਾ ਲੰਗੋਟ ਹੈਗਾ ਕਿ ਪਾੜ ਸੁੱਟਿਆ ਈ?'
ਵਿਚਾਰੇ ਸਲੀਮ ਦੇ ਹੱਥ ਆਪ-ਮੁਹਾਰੇ ਲੱਕ 'ਤੇ ਚਲੇ ਗਏ। ਉਹਨੂੰ ਇੰਜ ਲੱਗਾ ਜਿਵੇਂ ਸਰੀਰਕ ਪਿਆਰ ਦੇ ਗੰਦ ਨਾਲ ਲਿੱਬੜੀ ਡਾਂਗ ਕਿਸੇ ਜ਼ਾਲਮ, ਬੇਵਫ਼ਾ ਨੇ ਉਹਦੇ ਲੱਕ 'ਤੇ ਦੇ ਮਾਰੀ ਹੋਵੇ।
ਜ਼ਬਾਨ ਨਾਲ ਤਾਅਨੇ ਰੰਗੀ ਡਾਂਗ ਮਾਰਨ ਵਾਲੀ ਬੇਕਦਰੀ ਮਾਸ਼ੂਕ ਨੇ ਪਿੱਛਾ ਮੁੜ ਕੇ ਵੀ ਨਾ ਤੱਕਿਆ ਕਿ ਬਰਦਾਸ਼ਤ ਤੋਂ ਬਾਹਰ ਸੱਟ ਖਾਣ ਵਾਲੇ 'ਤੇ ਕੀ ਕਿਆਮਤ ਗੁਜ਼ਰ ਗਈ। (ਸਮਾਪਤ)

-ਖ਼ਾਲਸਾ ਹਾਊਸ, ਚੱਕ ਨੰਬਰ 97/ਆਰ.ਬੀ. ਜੌਹਲ ਤਹਿਸੀਲ ਜੜ੍ਹਾਂਵਾਲਾ, ਜ਼ਿਲ੍ਹਾ ਫ਼ੈਸਲਾਬਾਦ, ਪਾਕਿਸਤਾਨ।ਫੋਨ : 0092-300-7607983,
0092-345-7908695.

ਮਿੰਨੀ ਕਹਾਣੀ- ਥਿੜਕਦੇ ਕਦਮ

ਆਪਣੀਆਂ ਮੈਡੀਕਲ ਰਿਪੋਰਟਾਂ ਲੈ ਕੇ ਉਹ ਆਪਣੇ ਦੋਸਤ ਡਾਕਟਰ ਪਾਸ ਗਿਆ। ਡਾਕਟਰ ਨੇ ਅਲਟਰਾਸਾਊਂਡ ਰਿਪੋਰਟ ਦੇਖੀ ਤੇ ਬੋਲਿਆ, 'ਲੋਕਾਂ ਦੇ ਤਾਂ ਪੱਥਰੀਆਂ ਹੁੰਦੀਆਂ ਹਨ ਤੂੰ ਤਾਂ ਪੱਥਰ ਚੁੱਕੀ ਫਿਰਦਾ ਏਂ।' ਡਾਕਟਰ ਨੇ ਪਹਿਲਾਂ ਉਸ ਵੱਲ ਦੇਖਿਆ ਤੇ ਉਸ ਦੀ ਨਾਲ ਆਈ ਪਤਨੀ ਦੇ ਮੱਥੇ 'ਤੇ ਚਿੰਤਾ ਦੀਆਂ ਲਕੀਰਾਂ ਨੂੰ ਪੜ੍ਹਿਆ ਤੇ ਇਕਦਮ ਗੱਲ ਨੂੰ ਪਲਟਿਆ, 'ਘਬਰਾਉਣ ਵਾਲੀ ਕੋਈ ਗੱਲ ਨਹੀਂ, ਬਥੇਰੀਆਂ ਦਵਾਈਆਂ ਨੇ ਇਸ ਮਰਜ਼ ਦੀਆਂ।'
ਜਦ ਉਹ ਦੂਜੀ ਵਾਰ ਡਾਕਟਰ ਕੋਲ ਆਇਆ ਤਾਂ ਡਾਕਟਰ ਬੋਲਿਆ, 'ਮਿੱਤਰਾ, ਪੱਥਰੀਆਂ ਕਾਫੀ ਵੱਡੀਆਂ ਹਨ, ਤੈਨੂੰ ਸ਼ੂਗਰ ਵੀ ਹੈ। ਇਹ ਦੋਵੇਂ ਬਿਮਾਰੀਆਂ ਗੁਰਦਿਆਂ ਲਈ ਘਾਤਕ ਹਨ। ਮੇਰੀ ਤੈਨੂੰ ਸਲਾਹ ਏ ਕਿ ਮਿੱਠਾ ਖਾਣਾ-ਪੀਣਾ ਬਿਲਕੁਲ ਬੰਦ ਕਰ ਦੇ, ਜੇਕਰ ਚਾਰ ਸਾਲ ਜ਼ਿੰਦਗੀ ਜਿਊਣੀ ਚਾਹੁੰਦਾ ਏਂ। ਮੈਂ ਉਸ ਦਿਨ ਇਸ ਕਰਕੇ ਨਹੀਂ ਕਿਹਾ ਕਿ ਭਰਜਾਈ ਘਬਰਾ ਨਾ ਜਾਵੇ। ਜ਼ਨਾਨੀਆਂ ਛੇਤੀ ਘਬਰਾ ਜਾਂਦੀਆਂ ਨੇ। ਸ਼ੂਗਰ ਗੁਰਦਿਆਂ ਨੂੰ ਵੀ ਪੈਂਦੀ ਏ ਅਤੇ ਨਿਗ੍ਹਾ ਲਈ ਵੀ ਘਾਤਕ ਹੈ। ਜ਼ਰਾ ਬਚ ਕੇ ਭਰਾਵਾ, ਦਵਾਈ ਨਾਲੋਂ ਪ੍ਰਹੇਜ਼ ਜ਼ਰੂਰੀ ਏ। ਮੇਰੀ ਕਹੀ ਦਾ ਬੁਰਾ ਨਾ ਮਨਾਵੀਂ, ਆਪਣਾ ਜਾਣ ਕੇ ਕੁਝ ਜ਼ਿਆਦਾ ਖੁੱਲ੍ਹ ਲੈ ਲਈ ਏ। ਨਹੀਂ ਤਾਂ ਡਾਕਟਰ ਤਾਂ ਦਵਾਈ ਦਿੰਦੇ ਹਨ ਲੰਮਾ ਸਮਾਂ ਚੱਲਣ ਵਾਲੀ।'
ਇਹ ਸੁਣ ਕੇ ਮੌਤ ਦਾ ਭੈਅ ਉਸ ਦੇ ਮਨ 'ਤੇ ਸਵਾਰ ਹੋ ਗਿਆ। ਘਰ ਜਾਂਦਿਆਂ ਉਸ ਨੂੰ ਆਪਣੇ ਕਦਮ ਥਿੜਕਦੇ ਮਹਿਸੂਸ ਹੋਏ। 'ਭਾਗਵਾਨੇ, ਮੈਂ ਆਖਾਂ ਵੀ ਤਾਂ ਚਾਹ ਮਿੱਠੀ ਨਹੀਂ ਦੇਣੀ ਅਤੇ ਨਾ ਹੀ ਕੁਝ ਮਿੱਠਾ ਖਾਣ ਨੂੰ ਦੇਵੀਂ।'
'ਕਿਉਂ? ਤੁਸੀਂ ਤਾਂ ਚਾਹ ਫਿੱਕੀ ਦਈਏ ਤਾਂ ਰੌਲਾ ਪਾਉਂਦੇ ਹੋ।'
ਉਸ ਆਪਣੇ ਅੰਦਰਲੇ ਭੈਅ 'ਤੇ ਕਾਬੂ ਪਾਉਂਦਿਆਂ ਕਿਹਾ, 'ਹੁਣ ਉਮਰ ਮਿੱਠਾ ਖਾਣ ਦੀ ਨਹੀਂ ਰਹੀ।' ਤੇ ਉਹ ਸਿੱਧਾ ਆਪਣੇ ਕਮਰੇ ਅੰਦਰ ਚਲੇ ਗਿਆ।

-ਬਾਸਰਕੇ ਹਾਊਸ, ਭੱਲਾ ਕਾਲੋਨੀ, ਛੇਹਰਟਾ (ਅੰਮ੍ਰਿਤਸਰ)।
ਮੋਬਾ: 99147-16616, msbasarke@gmail.com

ਪ੍ਰਸੰਸਾ

* ਕਿਸੇ ਦੀ ਸਿਫਤ ਕਰਨੀ, ਗੁਣਗਾਣ ਕਰਨਾ, ਸੋਹਲੇ ਗਾਉਣਾ, ਮਹਿਮਾ ਕਰਨੀ, ਸ਼ਲਾਘਾ ਕਰਨੀ, ਵਡਿਆਈ ਕਰਨੀ, ਤਾਰੀਫ ਕਰਨੀ, ਕਿਸੇ ਦੇ ਕੰਮਾਂ ਨੂੰ ਸਲਾਹੁਣਾ ਆਦਿ ਸਾਰੇ ਸ਼ਬਦਾਂ ਦਾ ਅਰਥ ਇਕੋ ਜਿਹਾ ਹੀ ਹੈ, ਕਿਉਂਕਿ ਅਜਿਹਾ ਕਿਸੇ ਵਿਅਕਤੀ ਦੀ ਪ੍ਰਸੰਸਾ ਕਰਨ ਲਈ ਕੀਤਾ ਜਾਂਦਾ ਹੈ ਪਰ ਪ੍ਰਸੰਸਾ ਤੇ ਚਾਪਲੂਸੀ ਵੱਖ-ਵੱਖ ਹਨ ਤੇ ਇਨ੍ਹਾਂ ਵਿਚ ਬਹੁਤ ਹੀ ਫਰਕ ਹੈ। ਕਿਹਾ ਜਾ ਸਕਦਾ ਹੈ ਕਿ ਇਨ੍ਹਾਂ ਵਿਚ ਜ਼ਮੀਨ-ਆਸਮਾਨ ਜਿੰਨਾ ਫਰਕ ਹੈ।
* ਇਸ ਦੁਨੀਆ ਵਿਚ ਹਰੇਕ ਵਿਅਕਤੀ ਦੀ ਇੱਛਾ ਹੁੰਦੀ ਹੈ ਕਿ ਵੱਧ ਤੋਂ ਵੱਧ ਲੋਕ ਉਸ ਦੀ ਪ੍ਰਸੰਸਾ ਕਰਨ। ਉਸ ਦੇ ਕੰਮ ਦੀ ਸ਼ਲਾਘਾ ਕਰਨ। ਲੋਕ ਉਸ ਨੂੰ ਮਿਲਣਾ ਵੀ ਪਸੰਦ ਕਰਨ ਤੇ ਉਸ ਨਾਲ ਗੱਲ ਕਰਨਾ ਵੀ ਪਸੰਦ ਕਰਨ। ਹਰ ਬੰਦਾ ਚਾਹੁੰਦਾ ਹੈ ਕਿ ਮੈਂ ਆਪਣੇ-ਆਪ ਵਿਚ ਕੋਈ ਅਜਿਹੀ ਖਿੱਚ ਪੈਦਾ ਕਰਾਂ, ਜਿਸ ਨਾਲ ਵੱਧ ਤੋਂ ਵੱਧ ਲੋਕ ਮੇਰੇ ਵੱਲ ਖਿੱਚੇ ਚਲੇ ਆਉਣ।
* ਢੁੱਕਵੀਂ ਪ੍ਰਸੰਸਾ ਇਕ ਗੁਣ ਹੈ, ਜਦੋਂ ਕਿ ਮਤਲਬਂਸੇਧਤ ਪ੍ਰਸੰਸਾ ਇਕ ਵੱਡਾ ਔਗੁਣ ਹੈ।
* ਪ੍ਰਸੰਸਾ ਕਰਨਾ ਵੀ ਇਕ ਸ਼ਿਸ਼ਟਾਚਾਰ ਹੈ, ਜੋ ਸਾਡੀ ਸ਼ਖ਼ਸੀਅਤ ਨੂੰ ਨਿਖਾਰਦਾ ਹੈ।
* ਯੋਗ ਪ੍ਰਸੰਸਾ ਕਰਨੀ ਵੀ ਇਕ ਕਲਾ ਹੈ, ਜੋ ਹਰ ਵਿਅਕਤੀ ਕੋਲ ਨਹੀਂ ਹੁੰਦੀ।
* ਪ੍ਰਸੰਸਾ ਕੇਵਲ ਲੋੜ ਅਨੁਸਾਰ ਹੀ ਹੋਣੀ ਚਾਹੀਦੀ ਹੈ। ਗ਼ਲਤ ਸਮੇਂ 'ਤੇ ਕੀਤੀ ਗਈ ਪ੍ਰਸੰਸਾ ਬੇਤੁਕੀ ਜਾਪਦੀ ਹੈ।
* ਇਸ ਗੱਲ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ ਕਿ ਜਿਸ ਵਿਅਕਤੀ ਦੀ ਪ੍ਰਸੰਸਾ ਕਰ ਰਹੇ ਹੋ, ਉਹ ਉਸ ਦੇ ਯੋਗ ਵੀ ਹੈ ਕਿ ਨਹੀਂ। ਯੋਗ ਪ੍ਰਸੰਸਾ ਕਰਨਾ ਇਕ ਗੁਣ ਹੈ।
* ਪ੍ਰਸੰਸਾ ਬੜੀ ਕਮਾਲ ਦੀ ਚੀਜ਼ ਹੈ। ਇਸ ਨਾਲ ਹੋਰਨਾਂ ਵਲੋਂ ਕੀਤੇ ਜਾ ਰਹੇ ਕਮਾਲ ਵੀ ਤੁਹਾਨੂੰ ਆਪਣੇ ਲੱਗਣ ਲਗਦੇ ਹਨ।
* ਪ੍ਰਸੰਸਾ ਦਾ ਲਾਲਚ ਕਦੇ ਬੁੱਢਾ ਨਹੀਂ ਹੁੰਦਾ।
* ਪ੍ਰਸੰਸਾ ਤੇ ਪ੍ਰਸਿੱਧੀ ਉਹੀ ਸੱਚੀ ਹੈ, ਜੋ ਚੰਗੇ ਕੰਮ ਕਰਨ ਲਈ ਮਿਲੇ।
* ਮਹਾਨ ਵਿਅਕਤੀ ਦੀ ਹਰ ਥਾਂ ਪ੍ਰਸੰਸਾ ਹੁੰਦੀ ਹੈ।
* ਪ੍ਰਸੰਸਾ ਚੰਗੇ ਗੁਣਾਂ ਦੀ ਛਾਇਆ ਹੈ ਪਰ ਜਿਨ੍ਹਾਂ ਗੁਣਾਂ ਦੀ ਇਹ ਛਾਇਆ ਹੈ, ਉਨ੍ਹਾਂ ਦੇ ਅਨੁਸਾਰ ਉਸ ਦੀ ਯੋਗਤਾ ਵੀ ਹੁੰਦੀ ਹੈ।
* ਤਾਰੀਫ਼ ਸੁਣਨ ਦੇ ਆਦੀ ਲੋਕਾਂ ਨੂੰ ਇਹ ਘੱਟ ਹੀ ਮਿਲਦੀ ਹੈ।
* ਸੱਚੀ ਤਾਰੀਫ ਕਰਨਾ ਵੀ ਇਕ ਸਰਬੋਤਮ ਗੁਣ ਹੈ।
* ਚਾਪਲੂਸੀ ਝੂਠੀ ਪ੍ਰਸੰਸਾ ਹੁੰਦੀ ਹੈ ਤੇ ਇਹ ਕੇਵਲ ਮਤਲਬ ਕੱਢਣ ਲਈ ਕੀਤੀ ਜਾਂਦੀ ਹੈ।
* ਪ੍ਰਸੰਸਾ ਅਸ਼ੀਰਵਾਦ ਵਰਗੀ ਹੁੰਦੀ ਹੈ, ਜਦੋਂ ਕਿ ਖੁਸ਼ਾਮਦੀ/ਚਾਪਲੂਸੀ ਚੁਗਲੀ ਜਾਂ ਠੱਗੀ ਵਰਗੀ ਹੁੰਦੀ ਹੈ।
* ਪ੍ਰਸੰਸਾ ਦਿਲ ਦੀਆਂ ਡੂੰਘਾਣਾਂ ਤੋਂ ਨਿਕਲਦੀ ਹੈ ਪਰ ਖੁਸ਼ਾਮਦ ਗਰਜ, ਮਤਲਬ ਤੇ ਮੌਕਾਪ੍ਰਸਤੀ ਵਿਚੋਂ ਪੈਦਾ ਹੁੰਦੀ ਹੈ।
* ਨਿੰਦਕ ਹਾਰੇ ਜੁਆਰੀਏ ਵਰਗਾ ਹੁੰਦਾ ਹੈ। ਪ੍ਰਸੰਸਕ ਦਾਨੀ ਵਰਗਾ ਤੇ ਚਾਪਲੂਸ ਭਿਖਾਰੀ ਵਰਗਾ ਹੁੰਦਾ ਹੈ।
* ਚਾਪਲੂਸੀ ਕਰਨਾ ਸੌਖਾ ਹੈ ਪਰ ਪ੍ਰਸੰਸਾ ਕਰਨਾ ਇਸ ਤੋਂ ਔਖਾ ਕੰਮ ਸਮਝਿਆ ਜਾਂਦਾ ਹੈ।
* ਸਹੀ ਸਮੇਂ ਅਤੇ ਸਹੀ ਗੱਲ ਉੱਤੇ ਕੀਤੀ ਗਈ ਪ੍ਰਸੰਸਾ ਹੀ ਅਸਲ ਪ੍ਰਸੰਸਾ ਹੁੰਦੀ ਹੈ। ਬੇਲੋੜੀ ਤੇ ਵਾਰ-ਵਾਰ ਪ੍ਰਸੰਸਾ ਕਰਨੀ ਖੁਸ਼ਾਮਦ/ਚਾਪਲੂਸੀ/ਚਿਮਚਾਗਿਰੀ ਅਖਵਾਉਂਦੀ ਹੈ।
* ਜਦੋਂ ਕੋਈ ਆਦਮੀ ਤੁਹਾਡੇ ਕੋਲੋਂ ਨਸੀਹਤ ਚਾਹੁੰਦਾ ਹੈ ਤਾਂ ਅਸਲ ਵਿਚ ਉਹ ਤੁਹਾਡੀ ਪ੍ਰਸੰਸਾ ਚਾਹੁੰਦਾ ਹੈ।
* ਜਿਹੜੇ ਵਿਅਕਤੀ ਆਪਣੀ ਪ੍ਰਸੰਸਾ ਦੇ ਭੁੱਖੇ ਹੁੰਦੇ ਹਨ, ਉਹ ਸਾਬਤ ਕਰਦੇ ਹਨ ਕਿ ਉਨ੍ਹਾਂ ਵਿਚ ਯੋਗਤਾ ਦੀ ਘਾਟ ਹੈ, ਕਿਉਂਕਿ ਜਿਨ੍ਹਾਂ ਵਿਚ ਯੋਗਤਾ ਹੁੰਦੀ ਹੈ, ਉਨ੍ਹਾਂ ਦਾ ਹਰ ਕੰਮ ਪ੍ਰਸੰਸਾਯੋਗ ਹੁੰਦਾ ਹੈ। (ਚਲਦਾ)

ਮੋਬਾਈਲ : 99155-63406.

ਸਾਰੇ ਜਹਾਂ ਸੇ ਅੱਛਾ...

ਕਿੰਨੇ ਮਾਣ ਨਾਲ ਆਖਿਆ ਜਾਂਦਾ ਹੈ ਕਿ ਭਾਰਤ ਜਿਵੇਂ ਗੁਲਦਸਤੇ 'ਚ ਵੱਖ-ਵੱਖ ਫੁੱਲ ਹੁੰਦੇ ਹਨ, ਇਵੇਂ ਵੱਖ-ਵੱਖ ਫ਼ਿਰਕਿਆਂ, ਵੱਖ-ਵੱਖ ਧਰਮਾਂ, ਵੱਖ-ਵੱਖ ਬੋਲੀਆਂ ਬੋਲਣ ਵਾਲਿਆਂ ਦਾ ਗੁਲਦਸਤਾ ਹੈ।
ਇਕ ਤੱਥ 'ਤੇ ਧਿਆਨ ਦੇਣਾ...।
ਗੁਲਾਬ ਦਾ ਫੁੱਲ ਡਾਲੀ 'ਤੇ ਮਗਰੋਂ ਖਿੜਦਾ ਹੈ, ਇਸ ਦੀਆਂ ਟਾਹਣੀਆਂ 'ਤੇ ਕੰਡੇ ਪਹਿਲਾਂ ਉੱਗ ਆਉਂਦੇ ਨੇ। ਇਹ ਨੁਕੀਲੇ ਕੰਡੇ ਬੜੇ ਬੁਰੀ ਤਰ੍ਹਾਂ ਚੁੱਭਦੇ ਨੇ।
ਰਾਸ਼ਟਰ ਵਾਲੇ ਗੁਲਦਸਤੇ ਦੀ 'ਖ਼ੁਸ਼ਬੂ' ਕਿਸੇ ਨੂੰ ਆਏ ਨਾ ਆਏ... ਪਰ ਤਿੱਖੀਆਂ ਸੂਲਾਂ ਦੀ ਚੋਭ ਸਭਨਾਂ ਨੂੰ ਟੀਸ ਜ਼ਰੂਰ ਪਹੁੰਚਾਉਂਦੀ ਹੈ।
1947 'ਚ ਦੇਸ਼ ਤਾਂ ਵੰਡਿਆ ਹੀ ਗਿਆ ਸੀ, ਧਰਮ ਦੇ ਨਾਂਅ 'ਤੇ... ਹੁਣ 69 ਸਾਲਾਂ ਮਗਰੋਂ ਰਾਸ਼ਟਰੀ ਗੀਤ ਵੀ ਦੋ ਫ਼ਿਰਿਕਿਆਂ 'ਚ ਵੰਡਿਆ ਗਿਆ ਹੈ।
ਵੰਦੇ ਮਾਤਰਮ...
ਬਹੁ-ਗਿਣਤੀ ਫ਼ਿਰਕੇ ਨੂੰ ਮਾਣ ਹੈ, ਇਸ ਰਾਸ਼ਟਰ-ਗੀਤ 'ਤੇ ਜਦ ਕਿ 12 ਫ਼ੀਸਦੀ ਵਾਲੇ ਫ਼ਿਰਕੇ ਦਾ ਦ੍ਰਿੜ੍ਹ ਸੰਕਲਪ ਹੈ... 'ਅਸੀਂ ਨਹੀਂ ਕਹਿਣਾਂਵੰਦੇ ਮਾਤਰਮ...। ਅਸੀਂ ਨਹੀਂ ਗਾਣਾ ਵੰਦੇ ਮਾਤਰਮ। ਅਸੀਂ ਆਖਾਂਗੇ... ਸਾਰੇ ਜਹਾਂ ਸੇ ਅੱਛਾ ਹਿੰਦੋਸਤਾਂ ਹਮਾਰਾ।'
ਅਸੀਂ ਗਾਵਾਂਗੇ ਵੀ... ਸਾਰੇ ਜਹਾਂ ਸੇ ਅੱਛਾ ਹਿੰਦੋਸਤਾਂ ਹਮਾਰਾ।
26 ਜਨਵਰੀ ਨੂੰ ਜਦ ਗਣਤੰਤਰ ਦਿਵਸ ਦਾ ਸਮਾਪਤੀ ਸਮਾਰੋਹ 'ਬੀਟਿੰਗ-ਦ-ਰੀਟ੍ਰੀਟ' ਹੋ ਰਿਹਾ ਸੀ ਤਾਂ ਅੰਤ 'ਚ ਜਲ, ਥਲ, ਹਵਾਈ ਸੈਨਾ ਦੇ ਸਾਰੇ ਬੈਂਡ ਇਹੋ ਧੁਨ ਵਜਾ ਰਹੇ ਸਨ... ਸਾਰੇ ਜਹਾਂ ਸੇ ਅੱਛਾ ਹਿੰਦੁਸਤਾਂ ਹਮਾਰਾ।
ਅਲਾਮਾ ਇਕਬਾਲ ਨੇ ਕਿੰਨੇ ਪਿਆਰ ਨਾਲ ਲਿਖਿਆ ਸੀਂ
ਹਮ ਬੁਲਬੁਲੇ ਹੈਂ ਇਸਕੀ,
ਯੇ ਗੁਲਸਿਤਾਂ ਹਮਾਰਾ।'
ਇਥੇ, ਉਸਤਾਦ ਕਵੀ ਸਵ: ਚਰਨ ਸਿੰਘ ਸਫ਼ਰੀ ਦੀ ਕਵਿਤਾ ਦੀਆਂ ਲਾਈਨਾਂ ਵੀ ਯਾਦ ਆ ਗਈਆਂ ਹਨ :-
ਚਮਨ 'ਚ ਬੈਠ ਕੇ ਬੁਲਬੁਲ
ਖ਼ੁਸ਼ੀ ਦੇ ਗੀਤ ਗਾਉਂਦੀ ਏ।
ਸ਼ਿਕਾਰੀ ਆਣ ਪਹੁੰਚੇ ਤਾਂ...
ਕਦੇ ਕੁਛ ਮਰ ਵੀ ਜਾਂਦੇ ਨੇ।
ਬਹੁ-ਗਿਣਤੀ ਫ਼ਿਰਕੇ ਦੇ ਲੋਕ ਸਾਫ਼-ਸਾਫ਼ ਚੁਣੌਤੀ ਦਿੰਦੇ ਨੇ :-
'ਹਿੰਦੁਸਤਾਨ ਮੇਂ ਰਹਿਨਾ ਹੈ ਤੋ ਵੰਦੇ-ਮਾਤਰਮ ਕਹਿਨਾ ਹੋਗਾ।'
12 ਫ਼ੀਸਦੀ ਵਾਲੇ ਫ਼ਿਰਕੇ ਡੱਟ ਕੇ ਵਿਰੋਧ ਕਰਦੇ ਹਨ, 'ਨਹੀਂ ਕਹੇਂਗੇ, ਨਹੀਂ ਕਹੇਂਗੇ... ਯਹੀ ਰਹੇਂਗੇ, ਯਹੀਂ ਰਹੇਂਗੇ।'
ਨਤੀਜਾ... ਟਕਰਾਅ।
26 ਜਨਵਰੀ ਨੂੰ ਉੱਤਰ ਪ੍ਰਦੇਸ਼ ਦੇ ਸ਼ਹਿਰ ਕਾਸਗੰਜ 'ਚ 'ਵੰਦੇ ਮਾਤਰਮ ਕਹਿਨਾ ਹੋਗਾ' ਵਾਲੇ, ਤਿਰੰਗਾ ਲੈ ਕੇ ਨਹੀਂ ਕਹੇਂਗੇ, ਨਹੀਂ ਕਹੇਂਗੇ' ਵਾਲਿਆਂ ਦੇ ਮੁਹੱਲੇ 'ਚ ਜਾ ਪੁੱਜੇ। ਉਧਰੋਂ ਗੋਲੀ ਚੱਲੀ ਤੇ 'ਵੰਦੇ ਮਾਤਰਮ ਕਹਿਨਾ ਹੋਗਾ' ਵਾਲਾ 20 ਸਾਲਾਂ ਦਾ ਨੌਜਵਾਨ ਥਾਂ 'ਤੇ ਹੀ ਢੇਰ ਹੋ ਗਿਆ।
ਚੱਲੋ, ਉਨ੍ਹਾਂ ਦੀ ਹੀ ਜ਼ਿੱਦ ਮੰਨ ਲੈਂਦੇ ਹਾਂ, ਜਿਹੜੇ ਕਹਿੰਦੇ ਹਨ, ਅਸੀਂ ਗਾਵਾਂਗੇ ਤਾਂ ਇਹੋ ਗਾਵਾਂਗੇ, 'ਸਾਰੇ ਜਹਾਂ ਸੇ ਅੱਛਾ, ਹਿੰਦੋਸਤਾਂ ਹਮਾਰਾ।'
ਜੋ ਕਾਸਗੰਜ 'ਚ ਵਾਪਰਿਆ, ਕੀ ਸੱਚਮੁੱਚ ਦਰਸਾਉਂਦਾ ਹੈ... ਸਾਰੇ ਜਹਾਂ ਸੇ ਅੱਛਾ ਹਿੰਦੋਸਤਾਂ ਹਮਾਰਾ?'
ਇਸ 26 ਜਨਵਰੀ ਨੂੰ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 2018 ਦੀ ਆਪਣੀ ਪਹਿਲੀ 'ਮਨ ਕੀ ਬਾਤ' ਖ਼ਾਸ ਕਰਕੇ, ਦੇਸ਼ ਦੀਆਂ 'ਬੇਟੀਆਂ' ਨੂੰ ਸਮਰਪਿਤ ਕੀਤੀ... ਉਨ੍ਹਾਂ ਨੇ, ਉਨ੍ਹਾਂ ਕੁੜੀਆਂ ਤੇ ਔਰਤਾਂ ਦੀ ਉਸਤਤ ਕੀਤੀ, ਜਿਨ੍ਹਾਂ ਨੇ ਵੱਖ-ਵੱਖ ਖੇਤਰਾਂ 'ਚ ਮੱਲਾਂ ਮਾਰ ਕੇ, ਦੇਸ਼ ਦਾ ਨਾਂਅ ਉੱਚਾ ਕੀਤਾ ਹੈ। ਉਨ੍ਹਾਂ ਮੁਸਲਿਮ ਮਹਿਲਾਵਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਤਿੰਨ-ਤਲਾਕ ਬਿੱਲ ਪਾਸ ਕਰਾਉਣ ਦਾ ਪੂਰਾ ਯਤਨ ਕਰਨਗੇ। 30 ਜਨਵਰੀ 2018, ਅੱਜ ਦੀਆਂ ਅਖ਼ਬਾਰਾਂ 'ਚ ਖ਼ਾਸ ਖ਼ਬਰ ਹੈ ਕਿ ਮਹਾਰਾਸ਼ਟਰ 'ਚ ਭਿਵੰਡੀ 'ਚ ਇਕ ਮੁਸਲਿਮ ਸ਼ੌਹਰ ਨੇ, ਆਪਣੀ ਪਤਨੀ ਨੂੰ 100 ਰੁਪਿਆਂ ਦੇ ਸਟੈਂਪ ਪੇਪਰ 'ਤੇ ਤਿੰਨ ਵਾਰ 'ਤਲਾਕ-ਤਲਾਕ-ਤਲਾਕ' ਲਿਖ ਕੇ, 'ਟ੍ਰਿਪਲ ਤਲਾਕ' ਦਿੱਤਾ ਹੈ। ਇਹ ਵਿਚਾਰੀ ਪਤਨੀ ਦੇ ਮਾਪਿਆਂ ਤੋਂ ਹੋਰ 'ਦਾਜ' ਮੰਗਣ ਲਈ ਕਿੰਨੇ ਮਹੀਨਿਆਂ ਤੋਂ ਤੰਗ ਕਰ ਰਿਹਾ ਸੀ।
ਠੀਕ ਹੈ... ਭਲਾ ਕਰ ਰਹੀ ਹੈ ਸਰਕਾਰ। ਮੁਸਲਿਮ ਭਾਈਚਾਰੇ 'ਚ ਟ੍ਰਿਪਲ-ਤਲਾਕ ਵਾਲੀ ਇਸ ਭੈੜੀ ਪ੍ਰਥਾ ਨੂੰ ਖ਼ਤਮ ਕਰਨ ਲਈ ਯਤਨਸ਼ੀਲ ਹੈ... ਪਰ...। ਜਿਹੜੀਆਂ ਧਰਮ-ਪਤਨੀਆਂ, ਗੁਜਰਾਤ 'ਚ ਆਪਣੇ ਪੇਕੇ ਘਰ, ਬਿਨਾਂ 'ਤਲਾਕ' ਦੇ ਬੈਠੀਆਂ ਹਨ। ਵਿਅੰਗ ਤਿੱਖਾ ਹੈ, ਪਰ ਹੈ ਤਾਂ ਸੱਚ! ਅੰਗਰੇਜ਼ੀ 'ਚ ਇਕ ਕਹਾਵਤ ਹੈਂ
Charity Begings From House. ਇਸ ਤੋਂ ਅੱਗੇ ਕੀ ਲਿਖਾਂ?
ਪਿਛਲੇ ਸਾਲ, ਪਿਛਲੇ ਸਾਲ,
ਕੌਣ ਹੋਇਆ ਹਾਲੋਂ ਬੇਹਾਲ?
ਕੇਜਰੀਵਾਲ, ਕੇਜਰੀਵਾਲ।
ਵਾਲ ਵਾਲ ਬਚੀ ਸਰਕਾਰ।
ਈ.ਸੀ. ਦੀ ਪੈ ਗਈ ਮਾਰ,
ਉੱਡ ਗਈ, ਉੱਡ ਗਈ, ਉੱਡ ਪੁੱਡ ਗਈ।
ਵੀਹ ਐਮ. ਐਲਿਆਂ ਦੀ ਪੂਰੀ ਡਾਰ।
ਕੁਝ ਅੰਦਰ ਨੇ, ਕੁਝ ਰਹਿ ਗਏ ਬਾਹਰ।
ਜਿਹੜੇ ਬਾਹਰ ਨੇ, ਉਹ ਸਹਿਮੇ ਨੇ,
ਕੇਜਰੀਵਾਲ ਨੂੰ ਕਹਿੰਦੇ ਨੇ,
ਜੇ ਹੋ ਗਈਆਂ ਜ਼ਿਮਨੀ ਚੋਣਾਂਂ
ਬਾਬੁਲ ਅਸਾਂ ਉੱਡ ਜਾਣਾ।
ਸਾਡਾ ਚਿੜੀਆਂ ਦਾ ਚੰਬਾ ਵੇ,
ਬਾਬੁਲ ਅਸਾਂ ਉੱਡ ਜਾਣਾ।
ਤੇਰੀ ਦਿੱਲੀ ਦੇ ਵਿਚ-ਵਿਚ ਵੇ,
ਕੇਜਰੀ ਅਸਾਂ ਉੱਡ ਜਾਣਾ।
ਪਹਿਲੇ ਈ. ਵੀ. ਮਸ਼ੀਨਾਂ ਨੂੰ ਰੋਇਆ ਸੈਂ,
ਹੁਣ ਈ. ਸੀ. ਨੂੰ ਰੋਏਂਗਾ।
ਬਾਬੁਲ ਅਸਾਂ ਉੱਡ ਜਾਣਾ।
ਅਸਾਂ ਉੱਡ ਜਾਣਾ,
ਯਮੁਨਾ ਦੇ ਵਿਚ-ਵਿਚ ਵੇ,
ਬਾਬੁਲ ਤੁਸਾਂ ਡੁੱਬ ਜਾਣਾ।
ਸੁਣ ਮਫ਼ਲਰ-ਵਾਲੇ,
ਸੁਣ ਦਰਦ ਭਰੇ ਸਾਡੇ 'ਨਾਲੇ।'
ਆਪ ਤਾਂ ਡੁੱਬੇ ਕੇਜਰੀ, ਜਜਮਾਨ ਵੀ ਨਾਲੇ।
ਅਸੀਂ ਚੰਗੇ ਸਾਂ, ਐਮ. ਐਲ. ਏ. ਸਾਂ।
ਪਾ: ਸੈਕਟਰੀ ਬਣ ਕੇ ਹੋ ਗਏ ਸਭੇ ਕਾਲੇ।
ਨਹੀਂ ਚੱਲਣੇ ਐਦਾਂ ਦੇ ਏਥੇ, ਕੇਜਰੀ ਘਾਲੇ-ਮਾਲੇ।
ਓ ਦਿੱਲੀ ਦੇ 'ਰੱਖਵਾਲੇ', ਤੈਨੂੰ ਕੌਣ ਸੰਭਾਲੇ?
ਜਿਹੜੇ ਅਸੂਲ ਤੂੰ ਪਾਲੇ, ਤੈਨੂੰ ਕੌਣ ਸੰਭਾਲੇਂ??
ਬੋਰੀਆ-ਬਿਸਤਰ ਆਪਣਾ, ਉਠਾ ਲੇ, ਉਠਾ ਲੇ, ਉਠਾ ਲੇ।
ਉਡਤਾ ਪੰਜਾਬ।
ਓਥੋਂ ਵੀ ਕਈਆਂ ਉੱਡ ਜਾਣਾ।
ਸੰਭਾਲ ਸਕੇਂ ਤਾਂ ਸੰਭਾਲ...।
ਓਥੋਂ ਵੀ ਕਈਆਂ ਉੱਡ ਜਾਣਾ।
'ਸਭ ਕਾ ਸਾਥ, ਸਭ ਕਾ ਵਿਕਾਸ।'
ਮਤਲਬ ਸਾਫ਼, ਕਿ ਇਕ ਸੌ 33 ਕਰੋੜ ਭਾਰਤੀਆਂ ਦੇ 'ਅੱਛੇ ਦਿਨ' ਆਉਣਗੇ।
ਮਾੜੇ ਦਿਨ ਜਾਣਗੇ ਤਾਂ ਅੱਛੇ ਦਿਨ ਆਉਣਗੇ।
ਅੱਛੇ ਦਿਨ ਆਉਣਗੇ ਤਾਂ ਮਾੜੇ ਦਿਨ ਜਾਣਗੇ।
ਮਾੜੇ ਦਿਨ... ਇਹ ਜਿਊਣਾ ਵੀ ਕੋਈ ਜਿਊਣਾ ਹੈ?
ਮੁਸਲਮਾਨ ਔਰਤਾਂ ਨੂੰ ਆਸ ਹੋਈ ਕਿ ਟ੍ਰਿਪਲ ਤਲਾਕ ਸੁਪਰੀਮ ਕੋਰਟ ਵਲੋਂ, ਗ਼ੈਰ-ਕਾਨੂੰਨੀ ਕਰਾਰ ਦੇਣ ਮਗਰੋਂ ਉਨ੍ਹਾਂ ਦੇ ਅੱਛੇ ਦਿਨ ਆ ਜਾਣਗੇ ਪਰ ਕੰਡਿਆਲੀਆਂ ਰਾਹਾਂ ਸਾਫ਼ ਕਰਨ ਲਈ ਬੜਾ ਸਮਾਂ ਲਗਦਾ ਹੈ। ਅੱਛੇ ਦਿਨਾਂ ਦੀ ਲਾਟਰੀ ਨਹੀਂ ਲਗਦੀ... ਰਾਹ 'ਚ ਵਿਛੇ ਕੰਡੇ ਸੁਸਾਇਟੀ ਨੂੰ ਆਪ, ਆਪਣੇ ਹੱਥੀਂ ਹਟਾਉਣੇ ਪੈਂਦੇ ਨੇ... ਸੂਲਾਂ ਹੱਥਾਂ 'ਚ ਵੀ ਚੁਭਦੀਆਂ ਨੇ, ਪੈਰਾਂ 'ਚ ਵੀ...।'
ਬੰਬਈ ਹਾਈਕੋਰਟ 'ਚ ਇਥੋਂ ਦੀ ਸਤਾਈ ਹੋਈ ਮੁਸਲਿਮ ਮਹਿਲਾ ਨੇ, ਇਕ ਪਟੀਸ਼ਨ ਦਿੱਤੀ ਹੈ ਕਿ ਹਾਈਕੋਰਟ, ਮੁਸਲਿਮ ਫਿਰਕੇ 'ਚ ਚਾਰ-ਚਾਰ ਨਿਕਾਹਾਂ ਤੇ ਨਿਕਾਹ-ਹਲਾਲਾ ਦੀ ਪ੍ਰਥਾ 'ਤੇ ਵੀ ਪਾਬੰਦੀ ਲਾਏ। ਨਿਕਾਹ-ਹਲਾਲਾ ਵਾਲੀ ਪ੍ਰਥਾ ਦਾ ਪਵਿੱਤਰ ਕੁਰਾਨ 'ਚ ਕੋਈ ਵਰਣਨ ਨਹੀਂ ਹੈ, ਪਰ ਇਸ ਦਾ ਜ਼ਿਕਰ ਕਰਨਾ ਵੀ, ਗ਼ਲੀਜ਼ ਹੈ। ਉੱਪਰ ਜੱਨਤ ਜਾਂ ਜਹਨੁਮ ਹੈ ਜਾਂ ਨਹੀਂ। ਇਹ ਪ੍ਰਥਾ, ਇਸ ਧਰਤੀ 'ਤੇ ਹੀ ਮੁਸਲਿਮ ਔਰਤਾਂ ਲਈ ਜਹਨੁਮ ਹੈ। ਇਸ ਔਰਤ ਦੀ ਕਹਾਣੀ ਇਹ ਹੈ ਕਿ 2012 'ਚ ਇਸ ਨੂੰ ਟ੍ਰਿਪਲ-ਤਲਾਕ ਦੇ ਕੇ, ਇਸ ਨੂੰ ਸਹੁਰੇ ਘਰੋਂ-ਘਰ-ਬਦਰ ਕਰ ਦਿੱਤਾ ਗਿਆ ਸੀ। ਇਹਨੂੰ ਘਰੋਂ ਕੱਢਿਆ, ਨਾਲ ਹੀ ਉਸ ਨੇ ਨਵਾਂ ਨਿਕਾਹ ਕਰ ਕੇ, ਆਪਣਾ ਘਰ ਵਸਾ ਲਿਆ।
ਖ਼ਸਮ ਦੇ ਅੱਛੇ ਦਿਨ... ਝਟਪਟ ਆ ਗਏ, ਬੇਗ਼ਮ ਵਿਚਾਰੀ ਦੇ ਬੁਰੇ ਦਿਨ, ਅੱਜ ਤਾਈਂ ਖ਼ਤਮ ਨਹੀਂ ਹੋਏ...।
-0-

ਲਘੂ ਕਥਾ- ਬਣਾਉਂਦੇ ਨਹੀਂ, ਬਚਾਉਂਦੇ

'ਮਾਸਟਰ ਜੀ! ਲੱਗਦੈ ਸਿਹਤ ਬਣਾਉਣ ਲੱਗੇ ਓ?' ਸਾਈਕਲ 'ਤੇ ਸਕੂਲ ਜਾਂਦੇ ਅੱਧਖੜ੍ਹ ਉਮਰ ਦੇ ਅਧਿਆਪਕ ਨੂੰ ਇਕ ਨੌਜਵਾਨ ਨੇ ਮੋਟਰਸਾਈਕਲ ਹੌਲੀ ਕਰ ਕੇ ਟਿੱਚਰ ਕਰਦਿਆਂ ਕਿਹਾ।
'ਨਹੀਂ ਸ਼ੇਰਾ! ਅਸੀਂ ਤਾਂ ਜਿਹੜੀ ਸਿਹਤ ਬਣਾਉਣੀ ਸੀ, ਬਣਾ ਲਈ, ਹੁਣ ਤਾਂ ਸਿਹਤ ਨੂੰ ਬਚਾਉਣ ਦਾ ਯਤਨ ਕਰਦੇ ਹਾਂ। ਸਿਹਤ ਬਣਾਉਣ ਦੀ ਉਮਰ ਤਾਂ ਤੇਰੇ ਜਿਹੇ ਗੱਭਰੂਆਂ ਦੀ ਹੈ। ਸ਼ਾਇਦ ਇਸੇ ਲਈ ਤੁਸੀਂ ਸਾਰਾ ਦਿਨ ਬੰਬੂਕਾਟਾਂ ਦੇ ਕੰਨ ਮਰੋੜ-ਮਰੋੜ ਕੇ ਸਿਹਤ ਬਣਾਉਣ ਦੇ ਨਾਲ-ਨਾਲ ਵਾਤਾਵਰਨ ਨੂੰ ਵੀ ਸਵੱਛ ਬਣਾਉਣ ਵਿਚ ਆਪਣਾ ਯੋਗਦਾਨ ਪਾ ਰਹੇ ਹੋ।' ਮਾਸਟਰ ਜੀ ਦੁਆਰਾ ਦਿੱਤੇ ਕਰਾਰੇ ਜਿਹੇ ਜੁਆਬ ਨੇ ਸ਼ਾਇਦ ਉਸ ਨੌਜਵਾਨ ਨੂੰ ਸਮੇਂ ਦੀ ਸੱਚਾਈ ਦਾ ਸ਼ੀਸ਼ਾ ਦਿਖਾ ਦਿੱਤਾ ਸੀ। ਇਸੇ ਲਈ ਉਹ ਨੌਜਵਾਨ ਕੰਨ ਜਿਹੇ ਵਲ੍ਹੇਟਦਾ ਮੋਟਰਸਾਈਕਲ ਦੀ ਸਪੀਡ ਵਧਾ ਤੁਰਦਾ ਲੱਗਿਆ।

-ਸਰਦੂਲਗੜ੍ਹ, ਜ਼ਿਲ੍ਹਾ ਮਾਨਸਾ, ਮੋਬਾਈਲ : 94632-56909.

ਪੰਜਾਬ ਦਾ ਲੋਕ ਨਾਇਕ ਦੁੱਲਾ ਭੱਟੀ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਮੂਲ ਚੰਦ ਇਹ ਗੱਲ ਸੁਣ ਕੇ ਹੋਰ ਪ੍ਰੇਸ਼ਾਨ ਹੋ ਗਿਆ ਕਿ ਮੈਂ ਤਾਂ ਦੁੱਲੇ ਕੋਲ ਇਸ ਗੱਲ ਵਾਸਤੇ ਆਇਆ ਸਾਂ ਕਿ ਦੁੱਲਾ ਮੇਰੀ ਇੱਜ਼ਤ ਦਾ ਰਖਵਾਲਾ ਬਣੇਗਾ ਪਰ ਇਹ ਤਾਂ ਆਪਣੇ ਹੱਥੀਂ ਉਸ ਅੱਯਾਸ਼ ਚੌਧਰੀ ਨੂੰ ਮੇਰੀ ਧੀ ਦੇਣ ਲਈ ਤਿਆਰ ਹੋ ਗਿਆ ਹੈ। ਜਦ ਦੁੱਲੇ ਨੇ ਮੂਲ ਚੰਦ ਦੀ ਹਾਲਤ ਵੇਖੀ ਤਾਂ ਉਸ ਨੇ ਕਿਹਾ, 'ਮੌਲਿਆ ਤੂੰ ਪ੍ਰੇਸ਼ਾਨ ਨਾ ਹੋ। ਮੈਂ ਪੰਜਾਬ ਦੀਆਂ ਧੀਆਂ ਦਾ ਰਖਵਾਲਾ ਹਾਂ। ਮੈਂ ਅਣਖੀਂ ਰਾਜਪੂਤ ਹਾਂ ਤੇ ਮੇਰੀਆਂ ਰਗਾਂ 'ਚ ਗ਼ੈਰਤ ਦਾ ਖ਼ੂਨ ਦੌੜਦਾ ਹੈ। ਮੈਂ ਜਿਵੇਂ ਕਿਹਾ ਤੂੰ ਉਵੇਂ ਕਰ।' ਇਹ ਗੱਲ ਸੁਣ ਕੇ ਮੂਲ ਚੰਦ ਨੂੰ ਧਰਵਾਸਾ ਬੱਝਾ ਤੇ ਉਹ ਫੌਰਨ ਆਪਣੇ ਪਿੰਡ ਵਾਪਸ ਆ ਗਿਆ। ਪਿੰਡ ਪੁੱਜ ਕੇ ਮੂਲ ਚੰਦ ਨੇ ਚੌਧਰੀ ਨਾਲ ਮੁਲਾਕਾਤ ਕੀਤੀ ਤੇ ਸੁੰਦਰ ਮੁੰਦਰੀ ਦੀ ਸ਼ਾਦੀ ਦਾ ਦਿਨ ਮੁਕੱਰਰ ਕੀਤਾ ਗਿਆ। ਚੌਧਰੀ ਇਹ ਗੱਲ ਸੁਣ ਕੇ ਬੜਾ ਰਾਜ਼ੀ ਹੋਇਆ ਤੇ ਵਿਆਹ ਦੀਆਂ ਤਿਆਰੀਆਂ ਕਰਨ ਲੱਗਾ।
ਦੂਜੇ ਪਾਸੇ ਦੁੱਲਾ ਫੌਰਨ ਘੋੜੇ 'ਤੇ ਬੈਠ ਕੇ ਸਗਲਾ ਹਿੱਲ ਇਕ ਹਿੰਦੂ ਨੰਬਰਦਾਰ ਕੋਲ ਜਾ ਕੇ ਉਸ ਦੇ ਬੇਟੇ ਲਈ ਸੁੰਦਰ ਮੁੰਦਰੀ ਦੇ ਰਿਸ਼ਤੇ ਦੀ ਗੱਲ ਕੀਤੀ। ਨੰਬਰਦਾਰ ਨੇ ਰਿਸ਼ਤੇ ਲਈ ਹਾਂ ਕਰ ਦਿੱਤੀ। ਦੁੱਲੇ ਨੇ ਨੰਬਰਦਾਰ ਨੂੰ ਵੀ ਜੰਞ ਦੀ ਉਹ ਤਾਰੀਕ ਦਿੱਤੀ ਜਿਹੜੀ ਤਾਰੀਕ ਚੌਧਰੀ ਨੂੰ ਦਿੱਤੀ ਸੀ।
ਚੌਧਰੀ ਮਿਥੀ ਹੋਈ ਤਰੀਕ 'ਤੇ ਬਰਾਤ ਲੈ ਕੇ ਆ ਗਿਆ। ਉਹ ਅਜੇ ਮੂਲ ਚੰਦ ਦੇ ਘਰ ਤੋਂ ਥੋੜ੍ਹਾ ਹੀ ਦੂਰ ਸੀ, ਜਿੱਥੇ ਦੁੱਲੇ ਨੇ ਆਪਣੇ ਜਵਾਨ ਖਲ੍ਹਾਰੇ ਹੋਏ ਸਨ। ਜਦੋਂ ਬਰਾਤ ਉਨ੍ਹਾਂ ਦੇ ਕੋਲ ਆਈ ਤਾਂ ਜਵਾਨਾਂ ਨੇ ਚੌਧਰੀ ਨੂੰ ਘੇਰਾ ਪਾ ਕੇ ਘੋੜੇ ਤੋਂ ਹੇਠਾਂ ਸੁੱਟ ਲਿਆ ਤੇ ਉਸ ਦੇ ਸਿਰ 'ਚ ਛਿੱਤਰ ਮਾਰਨੇ ਸ਼ੁਰੂ ਕਰ ਦਿੱਤੇ। ਦੁੱਲੇ ਦੇ ਸੰਗੀਆਂ ਨੇ ਚੌਧਰੀ ਨੂੰ ਕਿਹਾ, 'ਰੱਬ ਨੂੰ ਹਾਜ਼ਰ-ਨਾਜ਼ਰ ਜਾਣ ਕੇ ਕਹਿ ਕੇ ਸੁੰਦਰ ਮੁੰਦਰੀ ਮੇਰੀ ਧੀ ਹੈ ਤੇ ਮੈਂ ਇਹਦੇ ਪਿਉ ਸਮਾਨ ਹਾਂ। ਜੇਕਰ ਪਿੰਡ ਦੇ ਇਕੱਠ 'ਚ ਇਹ ਗੱਲ ਕਹੇਂਗਾ, ਤਾਂ ਤੇਰੀ ਜਾਨ ਛੁੱਟੇਗੀ।' ਚੌਧਰੀ ਏਨਾ ਡਰ ਗਿਆ ਕਿ ਉਸ ਨੇ ਨੱਕ ਨਾਲ ਲਕੀਰਾਂ ਕੱਢੀਆਂ, ਮੁਆਫੀ ਮੰਗੀ ਤੇ ਸੁੰਦਰ ਮੁੰਦਰੀ ਨੂੰ ਆਪਣੀ ਧੀ ਮੰਨ ਕੇ ਆਪਣੀ ਜਾਨ ਛੁਡਾਈ।
ਕੋਟ ਨੱਕੇ 'ਚ ਚੌਧਰੀ ਅਜੇ ਮੁਆਫੀਆਂ ਹੀ ਮੰਗ ਰਿਹਾ ਸੀ ਕਿ ਸਾਂਗਲੇ ਹਿੱਲ ਤੋਂ ਹਿੰਦੂ ਨੰਬਰਦਾਰ ਦੇ ਬੇਟੇ ਦੀ ਬਰਾਤ ਆ ਗਈ। ਦੁੱਲੇ ਨੇ ਉਸ ਬਰਾਤ ਨੂੰ ਆਪ ਜੀ ਆਇਆਂ ਆਖਿਆ। ਜਦੋਂ ਕੁੜੀ ਤੇ ਮੁੰਡਾ ਫੇਰੇ ਲੈ ਰਹੇ ਸਨ ਤਾਂ ਦੁੱਲੇ ਨੇ ਲਾਲ ਰੰਗ ਦਾ ਦੁਪੱਟਾ ਜਿਸ 'ਚ ਖੱਟੇ ਰੰਗ ਦੇ ਰੇਸ਼ਮੀ ਧਾਗੇ ਨਾਲ ਫੁੱਲ-ਬੂਟੇ ਬਣੇ ਹੋਏ ਸਨ, ਕੁੜੀ ਦੇ ਸਿਰ 'ਤੇ ਰੱਖ ਕੇ, ਉਸ ਦੇ ਪੱਲੂ 'ਚ ਗੁੜ ਤੇ ਸ਼ੱਕਰ ਬੰਨ੍ਹ ਦਿੱਤੀ। ਇਹ ਸਾਰਾ ਮੰਜ਼ਰ ਆਪਣੀ ਮਿਸਾਲ ਆਪ ਸੀ। ਪੂਰਾ ਪਿੰਡ ਇਕੱਠਾ ਹੋਇਆ ਸੀ ਤੇ ਲੋਕ ਖੁਸ਼ੀ ਨਾਲ ਨੱਚ ਤੇ ਗਾ ਰਹੇ ਸਨ। ਇਹ ਜਨਵਰੀ ਦਾ ਮਹੀਨਾ ਸੀ, ਇਸੇ ਦਿਨ ਦੀ ਵਜ੍ਹਾ ਕਾਰਨ ਪੰਜਾਬ 'ਚ ਦੁੱਲੇ ਭੱਟੀ ਨੂੰ ਯਾਦ ਕਰਦਿਆਂ ਲੋਹੜੀ ਦੀ ਰਸਮ ਮਨਾਈ ਜਾਂਦੀ ਹੈ।
ਸੁੰਦਰ ਮੁੰਦਰੀ ਦੇ ਵਿਆਹ ਤੋਂ ਪਤਾ ਲਗਦਾ ਹੈ ਕਿ ਦੁੱਲਾ ਭੱਟੀ ਇਕ ਅਣਖੀ, ਅਸੂਲਾਂ ਵਾਲਾ ਤੇ ਗ਼ੈਰਤਮੰਦ ਇਨਸਾਨ ਸੀ। ਉਹ ਲੋਕਾਂ ਦੀਆਂ ਧੀਆਂ-ਭੈਣਾਂ ਨੂੰ ਆਪਣੀਆਂ ਧੀਆਂ-ਭੈਣਾਂ ਸਮਝਦੇ ਹੋਏ ਉਨ੍ਹਾਂ ਦੀ ਇੱਜ਼ਤ ਨੂੰ ਆਪਣੀ ਇੱਜ਼ਤ ਸਮਝਦਾ ਸੀ। ਉਹ ਹਰ ਭੈੜੇ ਬੰਦੇ ਦੇ ਖਿਲਾਫ਼ ਸੀ ਭਾਵੇਂ ਉਹ ਕਿਸੇ ਵੀ ਮਜ਼੍ਹਬ ਦਾ ਹੋਵੇ। ਉਸ 'ਚ ਰੱਬ ਦੀ ਜਾਤ ਨੇ ਇਨਸਾਨੀਅਤ ਦਾ ਬੜਾ ਵੱਡਾ ਦਰਿਆ ਭਰਿਆ ਹੋਇਆ ਸੀ। ਲੋਕੀਂ ਉਸ ਨੂੰ ਆਪਣਾ ਹੀਰੋ ਮੰਨਦੇ ਹੋਏ ਗ਼ਰੀਬ ਪਰਿਵਰ ਆਖਦੇ ਸਨ। ਦੁੱਲਾ ਲੋਕਾਂ 'ਚ ਗ਼ੈਰਤ ਦਾ ਚਿੰਨ੍ਹ ਬਣ ਕੇ ਉੱਭਰਿਆ। ਅੱਜ ਵੀ ਦੁੱਲੇ ਦੀ ਇਸ ਬਾਰ 'ਚ ਲੋਕ ਦੁੱਲੇ ਨੂੰ ਬੜੇ ਚੰਗੇ ਲਫਜ਼ਾਂ ਨਾਲ ਯਾਦ ਕਰਦੇ ਹੋਏ ਉਸ ਦੀ ਸ਼ਾਨ 'ਚ ਬੜੀਆਂ ਗੱਲਾਂ, ਬੜੇ ਵਾਕਿਆਤ ਬਿਆਨ ਕਰ ਕੇ ਫਖਰ ਦੇ ਨਾਲ ਆਪਣਾਂ ਸਿਰ ਬੁਲੰਦ ਕਰਦੇ ਹਨ ਕਿ ਪੰਜਾਬ ਦੀ ਧਰਤੀ ਸਾਂਦਲ ਬਾਰ 'ਚ ਇਕ ਅਣਖੀ ਤੇ ਗ਼ੈਰਤਮੰਦ ਰਾਜਪੂਤ ਖਾਨਦਾਨ 'ਚ ਇਕ ਯੋਧਾ ਪੈਦਾ ਹੋਇਆ ਜਿਸ ਨੇ ਅਸੂਲਾਂ ਤੇ ਪੰਜਾਬ ਦੇ ਕਿਸਾਨਾਂ ਦੀ ਖਾਤਰ ਜਾਬਰ ਤੇ ਜ਼ਾਲਮ ਵੇਲੇ ਦੇ ਹੁਕਮਰਾਨ ਅਕਬਰ ਨਾਲ ਟੱਕਰ ਲਈ ਤੇ ਫਾਂਸੀ 'ਤੇ ਝੁੱਲ ਗਿਆ ਪਰ ਸੌਦਾ ਨਹੀਂ ਕੀਤਾ। ਅਸੂਲਾਂ ਖਾਤਰ ਆਪਣੀ ਜਾਨ ਦੇ ਦਿੱਤੀ ਤੇ ਦੁਨੀਆ ਦੀ ਨਜ਼ਰ 'ਚ ਅਮਰ ਹੋ ਗਿਆ।
ਦੁੱਲੇ ਦੀ ਸ਼ਹਾਦਤ ਤੋਂ ਬਾਅਦ ਬੇਸ਼ੁਮਾਰ ਲੋਕ ਸ਼ਾਇਰਾਂ ਨੇ ਦੁੱਲੇ ਦੀ ਮਰਦਾਨਗੀ, ਬਹਾਦਰੀ ਤੇ ਗ਼ੈਰਤ ਨੂੰ ਆਪਣੀ ਸ਼ਾਇਰੀ 'ਚ ਬੜਾ ਉੱਚਾ ਮੁਕਾਮ ਦਿੱਤਾ। ਲੋਹੜੀ ਦੇ ਮੌਕੇ 'ਤੇ ਜਿਹੜੇ ਲੋਕ ਗੀਤ ਗਾਏ ਜਾਂਦੇ ਹਨ, ਹਰ ਦੂਸਰੇ ਗੀਤ 'ਚ ਦੁੱਲੇ ਭੱਟੀ ਦਾ ਜ਼ਿਕਰ ਹੁੰਦਾ ਹੈ। ਲਹਿੰਦੇ ਪੰਜਾਬ 'ਚ ਲੋਹੜੀ ਵਾਲੇ ਦਿਨ ਪੁਤਲੀਆਂ ਦੇ ਤਮਾਸ਼ੇ ਹੁੰਦੇ ਹਨ, ਜਿਸ 'ਚ ਦੁੱਲੇ ਦੇ ਕਿਰਦਾਰ ਨੂੰ ਵਿਖਾਇਆ ਜਾਂਦਾ ਹੈ ਕਿ ਉਹ ਕਿਵੇਂ ਅਕਬਰ ਦੀਆਂ ਫ਼ੌਜਾਂ ਦਾ ਸਫਾਇਆ ਕਰਦਾ ਹੈ। ਲਹਿੰਦੇ ਪੰਜਾਬ 'ਚ ਦੁੱਲੇ ਦੇ ਕਿਰਦਾਰ ਤੇ 8 ਫ਼ਿਲਮਾਂ ਬਣੀਆਂ ਤੇ ਬੇਹੱਦ ਸਫਲ ਰਹੀਆਂ। ਇਸ ਤੋਂ ਇਲਾਵਾ ਦੁੱਲੇ ਭੱਟੀ 'ਤੇ ਕਈ ਡਰਾਮੇ ਤੇ ਸਟੇਜ ਸ਼ੋਅ ਹੋ ਚੁੱਕੇ ਹਨ।
ਚੜ੍ਹਦੇ ਪੰਜਾਬ ਦਾ ਲੋਕ-ਗੀਤ ਜਿਹੜਾ ਲੋਹੜੀ ਦੇ ਦਿਹਾੜੇ ਦੁੱਲਾ ਭੱਟੀ ਤੇ ਸੁੰਦਰ ਮੁੰਦਰੀ ਦੀ ਯਾਦ 'ਚ ਗਾਇਆ ਜਾਂਦਾ ਹੈ, ਉਸ ਦੇ ਬੋਲ ਇਸ ਤਰ੍ਹਾਂ ਹਨ:-
ਸੁੰਦਰ ਮੁੰਦਰੀਏ ਹੋ
ਤੇਰਾ ਕੌਣ ਵਿਚਾਰਾ ਹੋ
ਦੁੱਲਾ ਭੱਟੀ ਵਾਲਾ ਹੋ
ਦੁੱਲੇ ਧੀ ਵਿਆਹੀ ਹੋ
ਸੇਰ ਸ਼ੱਕਰ ਪਾਈ ਹੋ
ਕੁੜੀ ਦਾ ਲਾਲ ਪਟਾਕਾ ਹੋ
ਕੁੜੀ ਦਾ ਸਾਲੂ ਪਾਟਾ ਹੋ
ਸਾਲੂ ਕੌਣ ਸਮੇਟੇ ਹੋ
ਚਾਚੇ ਚੂਰੀ ਕੁੱਟੀ,
ਜ਼ਿਮੀਂਦਾਰਾ ਲੁੱਟੀ
ਜ਼ਿਮੀਂਦਾਰ ਸਦਾਏ
ਬੜੇ ਭੋਲੇ ਆਏ
ਇਕ ਭੋਲਾ ਰਹਿ ਗਿਆ
ਸਿਪਾਹੀ ਫੜ੍ਹ ਕੇ ਲੈ ਗਿਆ
ਸਿਪਾਹੀ ਨੇ ਮਾਰੀ ਇੱਟ
ਭਾਵੇਂ ਰੋ ਤੇ ਭਾਵੇਂ ਪਿਟ
ਸਾਨੂੰ ਦੇਹ ਲੋਹੜੀ
ਤੇਰੀ ਜੀਵੇ ਜੋੜੀ। (ਸਮਾਪਤ)

ਲਿੱਪੀ-ਅੰਤਰ :-
1. ਰਾਜਵਿੰਦਰ ਸਿੰਘ ਸਿੱਧੂ
ਮੋਬਾਈਲ: +919855503224
2. ਸਰਬਜੀਤ ਸਿੰਘ ਸੰਧੂ,
ਮੋਬਾਈਲ: 9501011799

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX