ਤਾਜਾ ਖ਼ਬਰਾਂ


ਹਾਲੈਂਡ ਨੇ ਆਸਟ੍ਰੇਲੀਆ ਨੂੰ ਹਰਾ ਕੇ, ਫਾਈਨਲ 'ਚ ਬਣਾਈ ਥਾਂ
. . .  1 day ago
ਭੁਵਨੇਸ਼ਵਰ 15 ਦਸੰਬਰ (ਚਹਿਲ)- ਪਿਛਲੀ ਚੈਂਪੀਅਨ ਆਸਟ੍ਰੇਲੀਆ ਦੀ ਟੀਮ ਨੂੰ ਸਡਨ ਡੈੱਥ ਰਾਹੀਂ ਹਰਾ ਕੇ, ਹਾਲੈਂਡ ਦੀ ਟੀਮ ਨੇ ਵਿਸ਼ਵ ਕੱਪ ਹਾਕੀ ਦੇ ਫਾਈਨਲ 'ਚ ਥਾਂ ਬਣਾ ਲਈ ...
ਸਾਡੀ ਦਲੀਲ ਨੂੰ ਗਲਤ ਸਮਝਿਆ ਗਿਆ - ਸਰਕਾਰ ਨੇ ਸੁਪਰੀਮ ਕੋਰਟ 'ਚ ਦਾਖਲ ਕੀਤੀ ਅਰਜ਼ੀ
. . .  1 day ago
ਨਵੀਂ ਦਿੱਲੀ, 15 ਦਸੰਬਰ - ਰਾਫੇਲ ਸੌਦੇ ਨੂੰ ਲੈ ਕੇ ਮਚੇ ਘਮਸਾਣ ਵਿਚਕਾਰ ਮੋਦੀ ਸਰਕਾਰ ਨੇ ਆਪਣੇ ਬਚਾਅ 'ਚ ਸਫ਼ਾਈ ਪੇਸ਼ ਕੀਤੀ ਹੈ। ਕੇਂਦਰ ਵੱਲੋਂ ਸੁਪਰੀਮ ਕੋਰਟ 'ਚ ਅਰਜ਼ੀ ਦਾਖਲ ਕੀਤੀ ਗਈ ਹੈ। ਜਿਸ ਵਿਚ ਸਰਕਾਰ ਨੇ ਕਿਹਾ ਹੈ ਕਿ ਉਸ ਨੇ ਕੋਰਟ ਨੂੰ ਗੁਮਰਾਹ ਨਹੀਂ...
ਨਾਮਜ਼ਦਗੀਆਂ ਭਰਨ ਦੇ ਪਹਿਲੇ ਦਿਨ ਚਾਹਵਾਨ ਉਮੀਦਵਾਰਾਂ ਨੇ ਭਰੀਆਂ ਫਾਈਲਾਂ
. . .  1 day ago
ਬੈਲਜੀਅਮ ਵਿਸ਼ਵ ਕੱਪ ਹਾਕੀ ਦੇ ਫਾਈਨਲ 'ਚ ਪੁੱਜਿਆ
. . .  1 day ago
ਭੁਵਨੇਸ਼ਵਰ 15 ਦਸੰਬਰ (ਚਹਿਲ)- ਇੱਥੇ ਕਾਲਿੰਗਾ ਸਟੇਡੀਅਮ 'ਚ ਚੱਲ ਰਹੇ ਉਡੀਸ਼ਾ ਵਿਸ਼ਵ ਕੱਪ ਹਾਕੀ ਦੇ ਟੂਰਨਾਮੈਂਟ ਦੇ ਪਹਿਲੇ ਸੈਮੀਫਾਈਨਲ 'ਚ ਬੈਲਜ਼ੀਅਮ ਦੀ ਟੀਮ ਨੇ ਇੰਗਲੈਂਡ ਨੂੰ 6-੦ ਦੇ ਵੱਡੇ ਅੰਤਰ ਨਾਲ ਹਰਾਕੇ, ਪਹਿਲੀ ਵਾਰ ਆਲਮੀ ਕੱਪ ਦੇ ਫਾਈਨਲ 'ਚ ਖੇਡਣ ਦਾ...
ਦਿੱਲੀ ਹਾਈਕੋਰਟ ਸਜਣ ਕੁਮਾਰ 'ਤੇ ਸੋਮਵਾਰ ਸੁਣਾਏਗਾ ਅਹਿਮ ਫ਼ੈਸਲਾ
. . .  1 day ago
ਨਵੀਂ ਦਿੱਲੀ, 15 ਦਸੰਬਰ - ਦਿੱਲੀ ਹਾਈਕੋਰਟ 17 ਦਸੰਬਰ ਸੋਮਵਾਰ ਨੂੰ 1984 ਸਿੱਖ ਕਤਲੇਆਮ ਮਾਮਲੇ 'ਚ ਸੱਜਣ ਕੁਮਾਰ ਨੂੰ ਬਰੀ ਕੀਤੇ ਜਾਣ ਖਿਲਾਫ ਅਰਜ਼ੀ 'ਤੇ ਫ਼ੈਸਲਾ...
ਚੋਰਾਂ ਦੇ ਹੌਸਲੇ ਬੁਲੰਦ, ਖੇਤਾਂ 'ਚੋਂ ਨਿਰੰਤਰ ਟਰਾਂਸਫਾਰਮ ਚੋਰੀ ਕਰਨ ਦਾ ਸਿਲਸਿਲਾ ਜਾਰੀ
. . .  1 day ago
ਜੈਤੋ, 15 ਦਸੰਬਰ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਚੋਰਾਂ ਦੇ ਹੋਏ ਹੌਸਲੇ ਬੁਲੰਦ 'ਤੇ ਕਿਸਾਨਾਂ ਦੇ ਖੇਤਾਂ ਵਿਚੋਂ ਨਿਰੰਤਰ ਟਰਾਂਸਫਾਰਮ ਚੋਰੀ ਕਰਨ ਦਾ ਸਿਲਸਿਲਾ ਜਾਰੀ ਪ੍ਰੰਤੂ ਪੁਲਿਸ ਪ੍ਰਸ਼ਾਸਨ ਚੋਰਾਂ ਨੂੰ ਕਾਬੂ ਕਰਨ 'ਚ ਪੂਰੀ ਅਸਫਲ ਸਾਬਤ ਹੋਇਆ। ਪ੍ਰਾਪਤ...
ਸੁਲਤਾਨਪੁਰ ਲੋਧੀ ਵਿਖੇ ਨੌਜਵਾਨ ਦੀ ਸ਼ੱਕੀ ਹਾਲਤ 'ਚ ਮੌਤ
. . .  1 day ago
ਸੁਲਤਾਨਪੁਰ ਲੋਧੀ, 15 ਦਸੰਬਰ (ਜਗਮੋਹਨ ਸਿੰਗ ਥਿੰਦ, ਨਰੇਸ਼ ਹੈਪੀ)- ਜ਼ਮੀਨੀ ਝਗੜੇ ਦੇ ਚਲਦਿਆ ਸੁਲਤਾਨ ਲੋਧੀ ਵਿਖੇ ਦਰਸ਼ਨ ਸਿੰਘ ਨਾਂਅ ਦੇ ਨੌਜਵਾਨ ਦੀ ਸ਼ੱਕੀ ਹਾਲਤ 'ਚ ਮੌਤ ਹੋਣ ਦੀ ਖ਼ਬਰ ਮਿਲੀ ਹੈ। ਪਰਿਵਾਰਕ ਮੈਂਬਰਾਂ ਅਤੇ ਜਥੇਬੰਦੀਆਂ ਵੱਲੋਂ ਸਿਵਲ .....
ਗ੍ਰਾਮ ਪੰਚਾਇਤਾਂ ਦੀਆਂ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦੀ ਪ੍ਰਕਿਰਿਆ ਹੋਈ ਸ਼ੁਰੂ
. . .  1 day ago
ਨਰੋਟ ਜੈਮਲ ਸਿੰਘ, 15 ਦਸੰਬਰ (ਗੁਰਮੀਤ ਸਿੰਘ)- ਸੂਬੇ 'ਚ 30 ਦਸੰਬਰ ਨੂੰ ਹੋਣ ਜਾ ਰਹੀਆਂ ਗ੍ਰਾਮ ਪੰਚਾਇਤਾਂ ਦੀਆਂ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦੀ ਪ੍ਰਕਿਰਿਆ ਅੱਜ ਸ਼ੁਰੂ ਹੋ ਗਈ ਹੈ। ਹਾਲਾਂਕਿ ਨਾਮਜ਼ਦਗੀ ਪੱਤਰ ਭਰਨ ਦੇ ਪਹਿਲੇ ਦਿਨ ਸਰਪੰਚ ਅਤੇ......
ਅਗਸਤਾ ਵੈਸਟਲੈਂਡ ਮਾਮਲਾ : 19 ਦਸੰਬਰ ਨੂੰ ਹੋਵੇਗੀ ਮਿਸ਼ੇਲ ਦੀ ਜ਼ਮਾਨਤ ਪਟੀਸ਼ਨ 'ਤੇ ਸੁਣਵਾਈ
. . .  1 day ago
ਨਵੀਂ ਦਿੱਲੀ, 15 ਦਸੰਬਰ- ਅਗਸਤਾ ਵੈਸਟਲੈਂਡ ਮਾਮਲੇ 'ਚ ਸੀ.ਬੀ.ਆਈ. ਵਕੀਲ ਨੇ ਕੋਰਟ ਨੂੰ ਦੱਸਿਆ ਕਿ ਹੈਲੀਕਾਪਟਰ ਸੌਦੇ ਦੇ ਕਥਿਤ ਵਿਚੋਲੀਏ ਕ੍ਰਿਸਟੀਅਨ ਮਿਸ਼ੇਲ ਦੇ ਵਕੀਲ ਦਾ ਮਾਮਲਾ ਵਿਦੇਸ਼ ਮੰਤਰਾਲੇ 'ਚ ਵਿਚਾਰ ਅਧੀਨ ਹੈ। ਮਿਸ਼ੇਲ ਦੀ ਜ਼ਮਾਨਤ ਪਟੀਸ਼ਨ ....
ਛੱਤੀਸਗੜ੍ਹ : ਕੱਲ੍ਹ ਹੋਵੇਗਾ ਮੁੱਖ ਮੰਤਰੀ ਦੇ ਨਾਂਅ ਦਾ ਐਲਾਨ- ਪੀ.ਐਲ. ਪੁਨੀਆ
. . .  1 day ago
ਰਾਏਪੁਰ, 15 ਦਸੰਬਰ- ਛੱਤੀਸਗੜ੍ਹ ਕਾਂਗਰਸ ਦੇ ਸੀਨੀਅਰ ਆਗੂ ਪੀ.ਐਲ. ਪੁਨੀਆ ਨੇ ਕਿਹਾ ਕਿ ਰਾਏਪੁਰ 'ਚ ਐਤਵਾਰ ਨੂੰ ਇਕ ਬੈਠਕ ਹੋਵੇਗੀ। ਇਸ ਤੋਂ ਬਾਅਦ ਹੀ ਮੁੱਖ ਮੰਤਰੀ ਦੇ ਨਾਂਅ ਦਾ ਐਲਾਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਰਾਜਪਾਲ ਨੇ ਉਨ੍ਹਾਂ ਨੂੰ ਸਹੁੰ ਚੁੱਕ ਸਮਾਗਮ ਲਈ ....
ਹੋਰ ਖ਼ਬਰਾਂ..

ਖੇਡ ਜਗਤ

ਸਰਦ ਰੁੱਤ ਉਲੰਪਿਕ ਖੇਡਾਂ ਦਾ ਮੇਲਾ ਜੋਬਨ 'ਤੇ

ਸਾਡੇ ਏਸ਼ੀਆਈ ਖਿੱਤੇ ਦੇ ਦੇਸ਼ ਦੱਖਣੀ ਕੋਰੀਆ ਵਿਚ ਲੰਘੇ ਦਿਨੀਂ ਸ਼ੁਰੂ ਹੋਈਆਂ ਸਰਦ ਰੁੱਤ ਉਲੰਪਿਕ ਖੇਡਾਂ ਦਾ ਮੇਲਾ ਹੁਣ ਪੂਰੇ ਜੋਬਨ 'ਤੇ ਹੈ। ਦੱਖਣੀ ਕੋਰੀਆ ਦੇ ਸ਼ਹਿਰ ਪਿਓਂਗਯਾਂਗ ਵਿਚ 9 ਫਰਵਰੀ ਨੂੰ ਸ਼ੁਰੂ ਹੋਈਆਂ ਇਹ ਖੇਡਾਂ 25 ਫਰਵਰੀ ਤੱਕ ਚੱਲਣੀਆਂ ਹਨ। ਨਾਰਵੇ ਵਿਚ 1994 ਦੌਰਾਨ ਹੋਈਆਂ ਖੇਡਾਂ ਤੋਂ ਬਾਅਦ ਇਸ ਵਾਰ ਦਾ ਕੇਂਦਰ ਪਿਉਂਗਯਾਂਗ ਸਭ ਤੋਂ ਠੰਢਾ ਸ਼ਹਿਰ ਮੰਨਿਆ ਗਿਆ ਹੈ। ਸਰਦ ਰੁੱਤ ਦੀਆਂ ਇਨ੍ਹਾਂ ਖਾਸ ਖੇਡਾਂ ਦੌਰਾਨ ਉਥੇ ਦਿਨ ਦਾ ਤਾਪਮਾਨ ਮਨਫੀ 11 ਅਤੇ ਰਾਤ ਨੂੰ ਮਨਫੀ 20 ਡਿਗਰੀ ਚੱਲ ਰਿਹਾ ਹੈ। ਸਰਦ ਰੁੱਤ ਉਲੰਪਿਕ ਖੇਡਾਂ ਵਿਚ ਭਾਰਤ ਸਮੇਤ 90 ਤੋਂ ਵੱਧ ਦੇਸ਼ਾਂ ਦੇ ਖਿਡਾਰੀ ਭਾਗ ਲੈ ਰਹੇ ਹਨ। ਸਕੀਇੰਗ, ਸਕੇਟਿੰਗ, ਲੂਸ਼, ਸਕੀਅ ਜੰਪਿੰਗ, ਆਈਸ ਹਾਕੀ, ਸਨੋਅ ਬੋਰਡਿੰਗ ਆਦਿ ਸਮੇਤ 15 ਖੇਡਾਂ ਵਿਚ 102 ਤੋਂ ਵੱਧ ਮੁਕਾਬਲੇ ਹੋ ਰਹੇ ਹਨ। ਖੇਡਾਂ ਦੇ ਫੈਸਲਾਕੁੰਨ ਗੇੜ ਮੌਕੇ ਅੰਕ ਸੂਚੀ ਵਿਚ ਜਰਮਨੀ, ਹਾਲੈਂਡ ਅਤੇ ਅਮਰੀਕਾ ਅੱਗੇ ਚੱਲ ਰਹੇ ਹਨ, ਜਦਕਿ ਬਾਕੀ ਦੇਸ਼ ਵੀ ਜ਼ਿਆਦਾ ਪਿੱਛੇ ਨਹੀਂ ਹਨ। ਉਲੰਪਿਕ ਸ਼ੁਰੂ ਹੋਣ ਤੋਂ ਇਕ ਦਿਨ ਪਹਿਲਾਂ ਟੀਮਾਂ ਦੇ ਰਸਮੀ ਸਵਾਗਤ ਸਮਾਰੋਹ ਦੌਰਾਨ ਖੇਡ ਪਿੰਡ ਵਿਚ ਭਾਰਤੀ ਝੰਡਾ ਵੀ ਲਹਿਰਾਇਆ ਗਿਆ ਸੀ। ਲਿਊਜ਼ ਖਿਡਾਰੀ ਸ਼ਿਵ ਕੇਸ਼ਵਨ, ਭਾਰਤੀ ਟੀਮ ਦੇ ਮਿਸ਼ਨ ਪ੍ਰਮੁੱਖ ਹਰਜਿੰਦਰ ਸਿੰਘ ਅਤੇ ਖੇਡ ਪਿੰਡ ਦੇ ਮੇਅਰ ਇਸ ਸੰਖੇਪ ਸਮਾਰੋਹ ਦੌਰਾਨ ਹਾਜ਼ਰ ਸਨ।
ਇਨ੍ਹਾਂ ਖੇਡਾਂ ਦੌਰਾਨ ਹੁਣ ਤੱਕ ਕਈ ਰਿਕਾਰਡ ਵੀ ਬਣੇ ਹਨ। ਸਵੀਡਨ ਦੀ ਸ਼ੈਰਲਟ ਕੱਲਾ ਨੇ ਪਿਓਂਗਯਾਂਗ ਸਰਦ ਰੁੱਤ ਉਲੰਪਿਕ ਖੇਡਾਂ ਦੇ ਪਹਿਲੇ ਦਿਨ ਮਹਿਲਾਵਾਂ ਦੀ ਕ੍ਰਾਸ ਕੰਟਰੀ ਸਕੀਅ ਮੁਕਾਬਲਾ ਜਿੱਤ ਕੇ ਇਨ੍ਹਾਂ ਖੇਡਾਂ ਦਾ ਪਹਿਲਾ ਸੋਨ ਤਗਮਾ ਆਪਣੇ ਨਾਂਅ ਕੀਤਾ ਸੀ। ਇਸੇ ਤਰ੍ਹਾਂ ਹਾਲੈਂਡ ਦੇ ਸਪੀਡ ਸਕੇਟਰ ਸਵੈਨ ਕ੍ਰੈਮਰ ਨੇ ਲਗਾਤਾਰ ਤੀਜੀਆਂ ਸਰਦ ਰੁੱਤ ਉਲੰਪਿਕ ਖੇਡਾਂ ਵਿਚ 5000 ਮੀਟਰ ਦੌੜ ਵਿਚ ਸੋਨ ਤਗਮੇ ਦੀ ਹੈਟ੍ਰਿਕ ਲਗਾਉਂਦਿਆਂ ਰਿਕਾਰਡ ਬੁੱਕ ਵਿਚ ਆਪਣਾ ਨਾਂਅ ਦਰਜ ਕਰਵਾ ਲਿਆ ਹੈ। ਪੁਰਸ਼ਾਂ ਦੇ ਸਪੀਡ ਸਕੇਟਿੰਗ ਦੇ ਇਸ ਮੁਕਾਬਲੇ ਵਿਚ ਕ੍ਰੈਮਰ ਨੇ ਉਲੰਪਿਕ ਰਿਕਾਰਡ ਬਣਾਉਂਦਿਆਂ 6 ਮਿੰਟ 09.76 ਸੈਕਿੰਡ ਦਾ ਸਮਾਂ ਲੈ ਕੇ ਉਲੰਪਿਕ ਸੋਨ ਤਗਮਾ ਆਪਣੇ ਨਾਂਅ ਕੀਤਾ ਅਤੇ ਇਸ ਤਰ੍ਹਾਂ ਕਰਦਿਆਂ ਉਹ ਇਕ ਹੀ ਮੁਕਾਬਲੇ ਵਿਚ ਲਗਾਤਾਰ 3 ਉਲੰਪਿਕ ਸੋਨ ਤਗਮਾ ਜਿੱਤਣ ਵਾਲੇ ਦੁਨੀਆ ਦੇ ਪਹਿਲੇ ਅਥਲੀਟ ਬਣ ਗਏ ਹਨ। ਇਨ੍ਹਾਂ ਖੇਡਾਂ ਦੀ ਹੋਰ ਖਾਸੀਅਤ ਇਹ ਵੀ ਰਹੀ ਹੈ ਕਿ ਰੂਸ ਦੀ ਆਜ਼ਾਦ ਅਥਲੀਟ ਸਿਰਫ 15 ਸਾਲ ਦੀ ਏਲੀਨਾ ਜਾਗਿਤੋਵਾ ਨੇ ਫਿਗਰ ਸਕੇਟਿੰਗ ਟੀਮ ਮੁਕਾਬਲੇ ਵਿਚ ਸ਼ਾਨਦਾਰ ਪ੍ਰਦਰਸ਼ਨ ਸਦਕਾ ਚਾਂਦੀ ਦਾ ਤਗਮਾ ਆਪਣੇ ਨਾਂਅ ਕਰ ਕੇ ਸਰਦ ਰੁੱਤ ਉਲੰਪਿਕ ਖੇਡਾਂ ਨੂੰ ਯਾਦਗਾਰ ਬਣਾ ਦਿੱਤਾ।
ਪਲੇਠੀ ਸਰਦ ਰੁੱਤ ਉਲੰਪਿਕ ਖੇਡਦੇ ਹੋਏ ਸਕੂਲੀ ਬੱਚੀ ਜਾਗਿਤੋਵਾ ਨੇ ਬਰਫ ਉੱਤੇ ਫਿਗਰ ਸਕੇਟਿੰਗ ਵਿਚ ਆਪਣੀ ਕਲਾ ਨਾਲ ਸਾਰਿਆਂ ਦਾ ਦਿਲ ਜਿੱਤ ਲਿਆ ਅਤੇ 20 ਤੋਂ ਵੱਧ ਅੰਕ ਲੈ ਕੇ ਅਮਰੀਕਾ ਦੀ ਤਜਰਬੇਕਾਰ ਖਿਡਾਰਨ ਮਿਰਾਈ ਨਾਗਾਸੂ ਨੂੰ ਪਿੱਛੇ ਛੱਡ ਦਿੱਤਾ ਸੀ। ਪਿਛਲੇ ਮਹੀਨੇ ਹੀ ਜਾਗਿਤੋਵਾ ਨੇ ਆਪਣੀ ਸਾਥੀ ਏਵਜਨਿੀਆ ਮੇਦਵੇਦੇਵਾ ਨੂੰ ਯੂਰਪੀਅਨ ਚੈਂਪੀਅਨਸ਼ਿਪ ਵਿਚ ਹਰਾ ਕੇ ਸੋਨ ਤਗਮਾ ਜਿੱਤਿਆ ਸੀ। ਰੂਸ ਵਲੋਂ ਹੀ ਆਜ਼ਾਦ ਐਥਲੀਟ ਅਲੈਕਜ਼ੈਂਡਰ ਕਰੂਸ਼ਚੇਲਨਿਤਕੀ ਅਤੇ ਐਨੇਸਤਾਸੀਆ ਬ੍ਰਿਜਗਾਲੋਵਾ ਦੀ ਪਤੀ-ਪਤਨੀ ਦੀ ਜੋੜੀ ਨੇ ਖੇਡਾਂ ਦੇ ਕੁਰਲਿੰਗ ਮਿਕਸਡ ਡਬਲਜ਼ ਮੁਕਾਬਲੇ ਵਿਚ ਕਾਂਸੀ ਤਗਮਾ ਜਿੱਤ ਕੇ ਉਲੰਪਿਕ 'ਚ ਆਪਣਾ ਪਹਿਲਾ ਤਗਮਾ ਜਿੱਤ ਲਿਆ। ਯਾਦ ਰਹੇ ਕਿ ਕੌਮਾਂਤਰੀ ਉਲੰਪਿਕ ਕਮੇਟੀ (ਆਈ.ਓ.ਸੀ.) ਵਲੋਂ ਰੂਸ ਉੱਤੇ ਪਾਬੰਦੀ ਦੇ ਫੈਸਲੇ ਮੁਤਾਬਕ ਰੂਸੀ ਐਥਲੀਟ ਰੂਸ ਦੀ ਬਜਾਏ 'ਉਲੰਪਿਕ ਐਥਲੀਟ ਰਸ਼ੀਆ' ਦੇ ਤੌਰ 'ਤੇ ਹਿੱਸਾ ਲੈ ਰਹੇ ਹਨ। ਸਾਡੇ ਭਾਰਤ ਦੇਸ਼ ਵਿਚ ਜੀਓ ਟੀ.ਵੀ. ਸਰਦ ਰੁੱਤ ਉਲੰਪਿਕ ਖੇਡਾਂ ਦਾ ਪੂਰੇ ਭਾਰਤ ਵਿਚ ਸਿੱਧਾ ਪ੍ਰਸਾਰਨ ਕਰ ਰਿਹਾ ਹੈ।


-ਪਿੰਡ ਢਿੱਲਵਾਂ, ਡਾਕ: ਦਕੋਹਾ, ਜ਼ਿਲ੍ਹਾ ਜਲੰਧਰ-144023
E-mail : sudeepsdhillon@ymail.com


ਖ਼ਬਰ ਸ਼ੇਅਰ ਕਰੋ

ਸਹੀ ਦਿਸ਼ਾ ਵੱਲ ਸਹੀ ਕਦਮ... ਤਾਂ ਹੀ ਸੁਧਰੇਗੀ ਖੇਡਾਂ ਦੀ ਤਸਵੀਰ

ਦੇਖਣ-ਸੁਣਨ ਅਤੇ ਮੀਡੀਆ ਸੁਰਖੀਆਂ 'ਚ ਖੇਡਾਂ ਲਈ ਖਰਚੇ ਜਾਣ ਵਾਲੇ ਬਜਟ 'ਚ 258 ਕਰੋੜ ਰੁਪਏ ਦਾ ਵਾਧਾ ਇਕ ਸੁਖਾਵੀਂ ਖ਼ਬਰ ਲਗਦੀ ਹੈ, ਜਦਕਿ ਪਿਛਲੀ ਵਾਰ ਇਹ ਵਾਧਾ 350 ਕਰੋੜ ਰੁਪਏ ਸੀ। ਖਿਡਾਰੀਆਂ ਨੂੰ ਪੰਜ ਲੱਖ ਰੁਪਏ ਸਾਲਾਨਾ ਸਕਾਲਰਸ਼ਿਪ ਦੇ ਨਾਲ ਉਲੰਪਿਕ ਮਿਸ਼ਨ 2024 ਦਾ ਪ੍ਰੋਗਰਾਮ ਉਲੀਕਿਆ ਗਿਆ ਹੈ। ਪਹਿਲੀ ਨਜ਼ਰੇ ਅਜਿਹਾ ਲਗਦਾ ਹੈ ਕਿ ਹੁਣ ਸਰਕਾਰੇ-ਦਰਬਾਰੇ ਖਿਡਾਰੀਆਂ ਦੀ ਗੱਲ ਚਲਦੀ ਹੈ ਪਰ ਜ਼ਾਹਰ ਹੈ ਸ਼ਬਦਾਂ ਦੀ ਬਾਜ਼ੀਗਰੀ ਅਤੇ ਜੁਮਲਿਆਂ ਕਰਕੇ ਮਸ਼ਹੂਰ ਜਾਣੀ ਜਾਂਦੀ ਸਰਕਾਰ 'ਚ ਉੱਪਰ ਤੋਂ ਸਭ ਕੁਝ ਅੱਛਾ ਲਗਦਾ ਹੈ ਪਰ ਜਿਨ੍ਹਾਂ ਗੱਲਾਂ 'ਤੇ ਧਿਆਨ ਦੇਣਾ ਚਾਹੀਦਾ ਸੀ, ਉਨ੍ਹਾਂ ਨੂੰ ਇਕ ਵਾਰ ਫਿਰ ਨਜ਼ਰਅੰਦਾਜ਼ ਕਰ ਦਿੱਤਾ ਗਿਆ। ਇਸ ਵਾਰ ਖੇਡ ਬਜਟ ਵਿਚ ਨਾ ਤਾਂ ਕੋਈ ਖੇਡਾਂ ਦੇ ਢਾਂਚਾਗਤ ਸਹੂਲਤਾਂ ਵੱਲ ਧਿਆਨ ਦਿੱਤਾ ਗਿਆ ਅਤੇ ਨਾ ਹੀ ਟ੍ਰੇਨਿੰਗ ਦੀ ਰੂਪ-ਰੇਖਾ ਤਿਆਰ ਕੀਤੀ ਗਈ। ਰਹੀ-ਸਹੀ ਕਸਰ ਨੈਸ਼ਨਲ ਐਂਟੀ ਡੋਪਿੰਗ ਏਜੰਸੀ ਨੂੰ ਵੀ ਨਜ਼ਰਅੰਦਾਜ਼ ਕਰ ਦਿੱਤਾ ਗਿਆ ਹੈ, ਜਿਸ ਦੇ ਬਜਟ 'ਚ ਕੋਈ ਵਾਧਾ ਨਹੀਂ ਕੀਤਾ ਗਿਆ ਹੈ। ਇਹ ਗੱਲ ਬੜੀ ਅੱਖਰਨੇ ਵਾਲੀ ਹੈ ਕਿ ਜਿਸ ਦੇਸ਼ ਨੂੰ ਉਲੰਪਿਕ ਵਿਚ ਕੇਵਲ ਦੋ ਤਗਮੇ ਹਾਸਲ ਹੋਏ ਹੋਣ, ਉਹ ਦੇਸ਼ ਡੋਪਿੰਗ ਦੇ ਦੋਸ਼ੀ ਖਿਡਾਰੀਆਂ ਦੀ ਸੰਖਿਆ ਦੇ ਮਾਮਲੇ 'ਚ ਦੁਨੀਆ 'ਚ ਤੀਜੇ ਨੰਬਰ 'ਤੇ ਹੋਵੇ, ਅੱਜ ਸਥਿਤੀ ਇਹ ਹੈ ਕਿ ਖਿਡਾਰੀਆਂ ਦੀ ਸਫਲਤਾ ਪਿੱਛੇ ਅਮੂਮਨ ਕੋਈ ਨਾ ਕੋਈ ਡੋਪਿੰਗ ਦਾ ਮਾਮਲਾ ਉੱਭਰ ਆਉਂਦਾ ਹੈ, ਜਿਸ ਕਰਕੇ ਖੇਡ ਪ੍ਰੇਮੀਆਂ ਦੇ ਮਨ ਵਿਚ ਸ਼ੱਕ ਰਹਿੰਦਾ ਹੈ ਕਿ ਕੀ ਕੋਈ ਇਮਾਨਦਾਰੀ ਨਾਲ ਸਫਲਤਾ ਹਾਸਲ ਕਰ ਵੀ ਰਿਹਾ ਹੈ?
ਦੇਸ਼ ਦੀ ਭੂਗੋਲਿਕ ਸਥਿਤੀ ਦੇ ਮੱਦੇਨਜ਼ਰ ਬੁਨਿਆਦੀ ਢਾਂਚੇ ਦੀਆਂ ਸਹੂਲਤਾਂ ਵਧਾਉਣਾ ਸਰਕਾਰ ਦੀ ਪ੍ਰਾਥਮਿਕਤਾ ਹੋਣੀ ਚਾਹੀਦੀ ਸੀ। ਕੇਂਦਰ ਸਰਕਾਰ, ਖੇਡ ਸੰਘ ਅਤੇ ਸਪੋਰਟਸ ਅਥਾਰਟੀ ਆਫ ਇੰਡੀਆ ਨੂੰ ਆਪਸੀ ਸਹਿਯੋਗ ਨਾਲ ਦਿੱਲੀ ਸਮੇਤ ਵੱਖ-ਵੱਖ ਰਾਜਾਂ 'ਚ ਹੇਠਲੇ ਪੱਧਰ 'ਤੇ ਲੋੜੀਂਦੀਆਂ ਖੇਡ ਸਹੂਲਤਾਂ ਮੁਹੱਈਆ ਕਰਵਾ ਕੇ ਪ੍ਰਤਿਭਾਵਾਨ ਖਿਡਾਰੀਆਂ ਦਾ ਪੂਲ ਤਿਆਰ ਕਰਨ ਨੂੰ ਪਹਿਲ ਦੇਣੀ ਚਾਹੀਦੀ ਸੀ। ਸਰਕਾਰ ਨੇ ਆਪਣੀ ਵਾਹ-ਵਾਹ ਖੱਟਣ ਲਈ ਰਾਸ਼ਟਰੀ ਸਕੂਲ ਖੇਡਾਂ 'ਚ ਗਲੈਮਰ ਦਾ ਤੜਕਾ ਲਗਾ ਕੇ 'ਖੇਲੋ ਇੰਡੀਆ' ਯੋਜਨਾ ਸ਼ੁਰੂ ਕੀਤੀ। ਇਸ ਵਾਰ ਇਸ ਦੀ ਰਾਸ਼ੀ ਨੂੰ 350 ਕਰੋੜ ਤੋਂ ਵਧਾ ਕੇ 520.9 ਕਰੋੜ ਕਰ ਦਿੱਤਾ ਗਿਆ। ਪਿੰਡਾਂ, ਕਸਬਿਆਂ ਤੋਂ ਸ਼ਹਿਰਾਂ ਤੱਕ ਇਸ ਦਾ ਖੂਬ ਢੰਡੋਰਾ ਪਿੱਟਿਆ ਗਿਆ ਕਿ ਚੁਣੇ ਹੋਏ ਖਿਡਾਰੀਆਂ ਨੂੰ 8 ਸਾਲ ਤੱਕ 5 ਲੱਖ ਰੁਪਏ ਮਿਲਣਗੇ, ਹਾਲਾਂਕਿ ਇਹ ਰਾਸ਼ੀ ਟ੍ਰੇਨਿੰਗ 'ਤੇ ਹੀ ਖਰਚੀ ਜਾਣੀ ਹੈ ਪਰ ਇਹ ਟ੍ਰੇਨਿੰਗ ਕਿਥੇ ਦਿੱਤੀ ਜਾਣੀ ਹੈ, ਇਸ ਦੀ ਪਛਾਣ ਅਜੇ ਤੱਕ ਨਹੀਂ ਕੀਤੀ ਜਾ ਸਕੀ। ਸਚਾਈ ਇਹ ਹੈ ਕਿ 'ਖੇਲੋ ਇੰਡੀਆ' ਯੋਜਨਾ ਨਾ ਤਾਂ ਅਜੇ ਖਿਡਾਰੀਆਂ ਨਾਲ ਪੂਰੀ ਤਰ੍ਹਾਂ ਜੁੜ ਸਕੀ ਹੈ ਅਤੇ ਨਾ ਹੀ ਦਰਸ਼ਕਾਂ ਨਾਲ।
ਇਸ ਸਾਲ ਅਪ੍ਰੈਲ ਵਿਚ ਰਾਸ਼ਟਰ ਮੰਡਲ ਖੇਡਾਂ, ਅਗਸਤ 'ਚ ਏਸ਼ੀਆਈ ਖੇਡਾਂ ਅਤੇ ਵਿਸ਼ਵ ਕੱਪ ਹਾਕੀ ਵੀ ਇਸੇ ਸਾਲ ਹੈ। ਅਜਿਹੇ ਹਾਲਾਤ 'ਚ ਖੇਡਾਂ ਦੀ ਨੀਤੀ ਬਣਾਉਣ ਵਾਲੇ ਜ਼ਿੰਮੇਵਾਰ ਲੋਕਾਂ ਨੂੰ 2010 ਰਾਸ਼ਟਰ ਮੰਡਲ ਖੇਡਾਂ ਤੋਂ ਸਬਕ ਸਿੱਖਣਾ ਚਾਹੀਦਾ ਹੈ, ਜਿਥੇ ਤਿੰਨ ਸਾਲ ਦੀ ਟ੍ਰੇਨਿੰਗ ਲਈ 650 ਕਰੋੜ ਰੁਪਏ ਮੁਹੱਈਆ ਕਰਵਾਏ ਗਏ ਸਨ, ਇਸ ਟ੍ਰੇਨਿੰਗ ਦੀ ਬਦੌਲਤ ਭਾਰਤ ਨੇ ਇਨ੍ਹਾਂ ਖੇਡਾਂ 'ਚ 100 ਤਗਮੇ ਅਤੇ ਲੰਡਨ ਉਲੰਪਿਕ 'ਚ ਹੁਣ ਤੱਕ ਦਾ ਸਭ ਤੋਂ ਸਰਵਸ੍ਰੇਸ਼ਟ ਪ੍ਰਦਰਸ਼ਨ ਕਰਨ 'ਚ ਅਹਿਮ ਭੂਮਿਕਾ ਨਿਭਾਈ ਸੀ। ਸਰਕਾਰ ਨੂੰ ਇਹ ਗੱਲ ਚੰਗੀ ਤਰ੍ਹਾਂ ਸਮਝ ਲੈਣੀ ਚਾਹੀਦੀ ਹੈ ਕਿ ਬੇਵਜ੍ਹਾ ਬਜਟ ਵਧਾਉਣ ਨਾਲ ਚੰਗੇ ਨਤੀਜਿਆਂ ਦੀ ਆਸ ਨਹੀਂ ਰੱਖੀ ਜਾ ਸਕਦੀ। ਅੱਜ ਦੱਖਣੀ ਅਫਰੀਕਾ ਤੋਂ ਲੈ ਕੇ ਸਵੀਡਨ, ਕੀਨੀਆ, ਕਿਊਬਾ ਅਤੇ ਨਾਈਜੀਰੀਆ ਆਦਿ ਦੇਸ਼ਾਂ ਦਾ ਬਜਟ ਭਾਰਤ ਤੋਂ ਕਿਤੇ ਘੱਟ ਹੈ ਪਰ ਇਹ ਦੇਸ਼ ਖੇਡਾਂ ਵਿਚ ਆਪਣਾ ਅਲੱਗ ਵਜੂਦ ਰੱਖਦੇ ਹਨ। ਜ਼ਰੂਰਤ ਹੈ ਸਹੀ ਦਿਸ਼ਾ 'ਚ ਸਹੀ ਕਦਮ ਉਠਾਉਣ ਦੀ, ਖਿਡਾਰੀਆਂ ਦੀ ਟ੍ਰੇਨਿੰਗ, ਢਾਂਚਾਗਤ ਬੁਨਿਆਦੀ ਸਹੂਲਤਾਂ ਅਤੇ ਡੋਪਿੰਗ ਵਰਗੇ ਮੁੱਦਿਆਂ ਦੀ ਅਣਦੇਖੀ, ਖੇਲੋ ਇੰਡੀਆ ਯੋਜਨਾ 'ਤੇ ਕਰੋੜਾਂ ਰੁਪਏ ਵਹਾ ਕੇ ਪੂਰੀ ਨਹੀਂ ਕੀਤੀ ਜਾ ਸਕਦੀ। ਜ਼ਰੂਰਤ ਹੈ ਸਹੀ ਸਮੇਂ 'ਤੇ ਸਹੀ ਕਦਮ ਉਠਾਏ ਜਾਣ।


-ਅੰਤਰਰਾਸ਼ਟਰੀ ਫੁੱਟਬਾਲਰ, ਪਿੰਡ ਤੇ ਡਾਕ: ਪਲਾਹੀ, ਫਗਵਾੜਾ।
ਮੋਬਾ: 94636-12204

ਛੋਟੀ ਉਮਰ ਵਿਚ ਬੁਲੰਦੀਆਂ ਛੂਹੀਆਂ ਚੇਤਨ ਰਾਊਤ ਨੇ

ਮਹਾਰਾਸ਼ਟਰ ਪ੍ਰਾਂਤ ਦੇ ਸ਼ਹਿਰ ਅਮਰਾਵਤੀ ਨੂੰ ਇਹ ਵੱਡਾ ਮਾਣ ਜਾਂਦਾ ਹੈ ਕਿ ਇਸ ਸ਼ਹਿਰ ਨੇ ਅੰਤਰਰਾਸ਼ਟਰੀ ਪੱਧਰ ਦੇ ਦੋ ਅਹਿਮ ਖਿਡਾਰੀ ਦੇਸ਼ ਨੂੰ ਦਿੱਤੇ, ਜਿਸ ਵਿਚ ਭਾਰਤ ਦਾ ਨਾਂਅ ਚਮਕਾਉਣ ਵਾਲੀ ਅੱਖਾਂ ਤੋਂ ਮੁਨਾਖੀ ਤੈਰਾਕ ਖਿਡਾਰਨ ਕੰਚਨਮਾਲਾ ਪਾਂਡੇ ਹੈ, ਜਦ ਕਿ ਦੂਸਰਾ ਨਾਂਅ ਆਉਂਦਾ ਹੈ ਅਪਾਹਜ ਪੈਰਾ ਖਿਡਾਰੀ ਚੇਤਨ ਗਿਰਧਰ ਰਾਉੂੂਤ ਦਾ, ਜਿਸ ਨੇ ਛੋਟੀ ਹੀ ਉਮਰੇ ਉਹ ਬੁਲੰਦੀਆਂ ਛੂਹੀਆਂ ਹਨ ਕਿ ਅੱਜ ਚੇਤਨ ਰਾਉਤ ਭਾਰਤ ਦਾ ਮਾਣ ਹੈ ਅਤੇ ਉਸ ਨੇ ਬਹੁਤ ਹੀ ਛੋਟੀ ਉਮਰੇ ਅੰਤਰਰਾਸ਼ਟਰੀ ਪੱਧਰ 'ਤੇ ਮੱਲਾਂ ਮਾਰੀਆਂ ਹਨ। ਚੇਤਨ ਰਾਊਤ ਦਾ ਜਨਮ 29 ਅਕਤੂਬਰ, 1993 ਨੂੰ ਪਿਤਾ ਗਿਰੀਧਰ ਰਾਊਤ ਦੇ ਘਰ ਮਾਤਾ ਉਮਾ ਗਿਰਧਰ ਰਾਊਤ ਦੀ ਕੁੱਖੋਂ ਅਮਰਾਵਤੀ ਦੇ ਮਹਾਲਕਸ਼ਮੀ ਨਗਰ ਵਿਚ ਹੋਇਆ। ਚੇਤਨ ਰਾਊਤ ਜਨਮ ਤੋਂ ਹੀ ਅਪਾਹਜ ਹੈ, ਜਿੱਥੇ ਉਸ ਦੀ ਸੱਜੀ ਲੱਤ ਛੋਟੀ ਹੈ, ਉਥੇ ਉਹ ਕਮਜ਼ੋਰ ਵੀ ਹੈ ਅਤੇ ਲੰਗੜਾਅ ਕੇ ਤੁਰਨਾ ਤਾਂ ਫਿਰ ਸੁਭਾਵਿਕ ਹੈ। ਚੇਤਨ ਰਾਊਤ ਪੈਰਾ ਤੈਰਾਕ ਖਿਡਾਰੀ ਹੈ ਅਤੇ ਉਹ ਹੁਣ ਤੱਕ ਆਪਣੇ ਇਸ ਖੇਤਰ ਵਿਚ 12 ਸੋਨ ਤਗਮੇ, 12 ਚਾਂਦੀ ਅਤੇ 12 ਹੀ ਕਾਂਸੀ ਦੇ ਤਗਮੇ ਆਪਣੇ ਨਾਂਅ ਕਰ ਚੁੱਕਾ ਹੈ। ਚੇਤਨ ਰਾਊਤ ਨੇ ਆਪਣਾ ਖੇਡ ਖੇਤਰ ਸਾਲ 2007 ਵਿਚ ਸ਼ੁਰੂ ਕੀਤਾ ਸੀ, ਜਦੋਂ ਉਸ ਨੇ ਮਹਾਰਾਸ਼ਟਰ ਦੇ ਸ਼ਹਿਰ ਪੂਨਾ ਵਿਖੇ ਹੋਈ ਪੈਰਾਉਲੰਪਿਕ ਸਵਿਮਿੰਗ ਚੈਂਪੀਅਨਸ਼ਿਪ ਵਿਚ ਭਾਗ ਲਿਆ ਅਤੇ ਆਪਣੇ ਦੂਸਰੇ ਖਿਡਾਰੀਆਂ ਨੂੰ ਪਛਾੜਦੇ ਹੋਏ 3 ਸੋਨ ਤਗਮੇ ਅਤੇ ਇਕ ਚਾਂਦੀ ਦੇ ਤਗਮੇ 'ਤੇ ਜਾ ਕਬਜ਼ਾ ਕੀਤਾ।
ਸਾਲ 2008 ਅਤੇ 2009 ਵਿਚ ਕਰਨਾਲ (ਹਰਿਆਣਾ) ਵਿਖੇ ਹੋਈ ਨੈਸ਼ਨਲ ਪੈਰਾਉਲੰਪਿਕ ਸਵਿਮਿੰਗ ਚੈਂਪੀਅਨਸ਼ਿਪ ਵਿਚ ਤੈਰਦਿਆਂ 2 ਚਾਂਦੀ ਦੇ ਤਗਮੇ ਅਤੇ ਇਕ ਤਗਮਾ ਕਾਂਸੀ ਲੈ ਕੇ ਵਿਜੇਤਾ ਬਣਿਆ। ਚੇਤਨ ਸਾਲ 2011-12 ਵਿਚ ਕੋਹਲਾਪੁਰ (ਮਹਾਰਾਸ਼ਟਰ) ਵਿਖੇ ਹੋਈ ਨੈਸ਼ਨਲ ਪੈਰਾ ਸਵਿਮਿੰਗ ਚੈਂਪੀਅਨਸ਼ਿਪ ਵਿਚ ਵੀ 4 ਸੋਨ ਤਗਮੇ ਜਿੱਤ ਕੇ ਚੈਂਪੀਅਨ ਬਣਿਆ। ਸਾਲ 2012-13 ਵਿਚ ਨੈਸ਼ਨਲ ਪੈਰਾ ਸਵਿਮਿੰਗ ਚੈਂਪੀਅਨਸ਼ਿਪ ਜੋ ਮਦਰਾਸ ਦੇ ਤਾਮਿਲਨਾਡੂ ਸ਼ਹਿਰ ਵਿਚ ਹੋਈ, ਵਿਚ ਵੀ ਦੋ ਸੋਨ ਤਗਮੇ ਜਿੱਤੇ। ਸਾਲ 2013-14 ਵਿਚ ਕਰਨਾਟਕ ਦੇ ਸ਼ਹਿਰ ਬੰਗਲੌਰ ਵਿਖੇ ਹੋਈ ਨੈਸ਼ਨਲ ਪੈਰਾ ਉਲੰਪਿਕ ਸਵਿਮਿੰਗ ਚੈਂਪੀਅਨਸ਼ਿਪ ਵਿਚ ਇਕ ਸੋਨ, ਇਕ ਚਾਂਦੀ ਅਤੇ ਇਕ ਕਾਂਸੀ ਦਾ ਤਗਮਾ ਜਿੱਤਿਆ। ਸਾਲ 2014-15 ਵਿਚ ਮੱਧ ਪ੍ਰਦੇਸ਼ ਦੇ ਸ਼ਹਿਰ ਇੰਦੌਰ ਵਿਖੇ ਹੋਈ ਨੈਸ਼ਨਲ ਪੈਰਾਉਲੰਪਿਕ ਸਵਿਮਿੰਗ ਚੈਂਪੀਅਨਸ਼ਿਪ ਵਿਚ ਵੀ ਇਕ ਸੋਨ, ਇਕ ਚਾਂਦੀ ਅਤੇ ਇਕ ਕਾਂਸੀ ਦਾ ਤਗਮਾ ਪ੍ਰਾਪਤ ਕੀਤਾ। ਸਾਲ 2015-16 ਵਿਚ ਕਰਨਾਟਕ ਦੇ ਸ਼ਹਿਰ ਬੇਲਗਾਮ ਵਿਖੇ ਹੋਈ ਨੈਸ਼ਨਲ ਪੈਰਾ ਉਲੰਪਿਕ ਸਵਿਮਿੰਗ ਚੈਂਪੀਅਨਸ਼ਿਪ ਵਿਚ ਇਕ ਸੋਨ ਤਗਮਾ, ਦੋ ਚਾਂਦੀ ਅਤੇ ਦੋ ਕਾਂਸੀ ਦੇ ਤਗਮੇ ਆਪਣੇ ਨਾਂਅ ਕੀਤੇ।
ਜੇ ਚੇਤਨ ਰਾਊਤ ਦੀਆਂ ਅੰਤਰਰਾਸ਼ਟਰੀ ਪ੍ਰਾਪਤੀਆਂ ਦੀ ਗੱਲ ਕਰੀਏ ਤਾਂ ਸਾਲ 2009 ਵਿਚ ਬੰਗਲੌਰ ਵਿਚ ਹੋਈ ਇੰਟਰਨੈਸ਼ਨਲ ਵੀਲ੍ਹਚੇਅਰ ਜੋ ਕਿ ਸੰਸਾਰ ਪੱਧਰੀ ਖੇਡਾਂ ਸਨ, ਵਿਚ ਵੀ ਭਾਗ ਲੈ ਕੇ ਇਕ ਚਾਂਦੀ ਦਾ ਤਗਮਾ ਜਿੱਤਿਆ। ਸਾਲ 2010 ਵਿਚ ਜਰਮਨ ਦੇ ਸ਼ਹਿਰ ਬਰਲਿਨ ਵਿਖੇ ਹੋਈ ਜਰਮਨ ਪੈਰਾ ਓਪਨ ਸਵਿਮਿੰਗ ਵਿਚ ਵੀ ਹਿੱਸਾ ਲਿਆ। ਸਾਲ 2010 ਵਿਚ ਦਿੱਲੀ ਵਿਖੇ ਹੋਈਆਂ ਕਾਮਨਵੈਲਥ ਖੇਡਾਂ ਵਿਚ ਵੀ ਚੇਤਨ ਨੇ ਇਕ ਤੈਰਾਕ ਵਜੋਂ ਸੰਸਾਰ ਦੇ ਸਾਰੇ ਤੈਰਾਕਾਂ ਵਿਚ ਆਪਣੀ 7ਵੀਂ ਪੁਜ਼ੀਸ਼ਨ ਹਾਸਲ ਕੀਤੀ। ਇੱਥੇ ਹੀ ਬਸ ਨਹੀਂ, ਚੇਤਨ ਰਾਊਤ ਨੇ ਸਮੁੰਦਰ ਵਿਚ ਖੁੱਲ੍ਹੀ ਤੈਰਾਕੀ ਵਿਚ ਵੀ ਆਪਣਾ ਬਹੁਤ ਵੱਡਾ ਨਾਂਅ ਕਮਾਇਆ। ਸਾਲ 2012 ਨੂੰ ਅਰਬ ਦੇਸ਼ ਵਿਚ ਹੋਈ ਦੋ ਕਿਲੋਮੀਟਰ ਦੀ ਲੰਮੀ ਤੈਰਾਕੀ ਕਰ ਕੇ ਇਕ ਚਾਂਦੀ ਦਾ ਤਗਮਾ ਹਾਸਲ ਕੀਤਾ ਅਤੇ 2012 ਵਿਚ 3 ਕਿਲੋਮੀਟਰ ਦੀ ਯਮਨਾ ਨਦੀ ਇਲਾਹਾਬਾਦ ਵਿਚ ਤੈਰਾਕੀ ਕਰ ਕੇ 5ਵਾਂ ਸਥਾਨ ਹਾਸਲ ਕੀਤਾ। ਸਾਲ 2012 ਵਿਚ ਮੁੰਬਈ ਵਿਖੇ ਖੁੱਲ੍ਹੀ ਤੈਰਾਕੀ ਜੋ ਸਮੁੰਦਰ ਵਿਚ ਕਰਵਾਈ ਗਈ, ਵਿਚ ਵੀ ਉਸ ਨੇ ਪੰਜਵਾਂ ਸਥਾਨ ਹਾਸਲ ਕੀਤਾ। ਸਾਲ 2014 ਵਿਚ ਚੇਤਨ ਨੇ 2 ਕਿਲੋਮੀਟਰ ਤੈਰਾਕੀ ਕਰ ਕੇ ਚਾਂਦੀ ਦਾ ਤਗਮਾ ਜਿੱਤਿਆ। ਬੀ.ਏ. ਦੇ ਫਾਈਨਲ ਭਾਗ ਦੇ ਵਿਦਿਆਰਥੀ ਚੇਤਨ ਰਾਊਤ ਨੂੰ ਇਹ ਮਾਣ ਵੀ ਜਾ ਰਿਹਾ ਹੈ ਕਿ ਉਹ ਆਪਣੇ ਹੋਰ ਸਾਥੀਆਂ ਨਾਲ ਮਿਲ ਕੇ ਲੰਡਨ ਅਤੇ ਫਰਾਂਸ ਵਿਚਕਾਰ ਬਣੀ ਸਮੁੰਦਰੀ ਖਾੜੀ ਵਿਚ ਤਿੰਨ ਦਿਨ ਤੈਰਾਕੀ ਕਰ ਕੇ ਵਿਸ਼ਵ ਰਿਕਾਰਡ ਬਣਾਵੇਗਾ। ਚੇਤਨ ਆਖਦਾ ਹੈ ਕਿ ਭਾਵੇਂ ਉਹ ਅਪਾਹਜ ਹੈ ਪਰ ਉਸ ਦੀ ਹਿੰਮਤ ਅਤੇ ਹੌਸਲੇ ਅਪਾਹਜ ਨਹੀਂ ਹਨ।


-ਮੋਬਾ: 98551 14484

ਵਿਰਾਟ ਸੈਨਾ ਨੇ ਵਿਦੇਸ਼ੀ ਧਰਤੀ 'ਤੇ ਵੀ ਗੱਡੇ ਜਿੱਤ ਦੇ ਝੰਡੇ

ਲੰਬੇ ਅਰਸੇ ਤੋਂ ਭਾਰਤੀ ਕ੍ਰਿਕਟ ਟੀਮ ਆਪਣੀ ਸਰਜ਼ਮੀਨ 'ਤੇ ਲਗਾਤਾਰ ਜਿੱਤਾਂ ਦਰਜ ਕਰ ਰਹੀ ਸੀ, ਜਿਸ ਕਾਰਨ ਕਈ ਪਾਸਿਓਂ ਸਵਾਲ ਉੱਠ ਰਹੇ ਸਨ ਕਿ ਭਾਰਤੀ ਟੀਮ ਏਸ਼ੀਆ ਦੀ ਧਰਤੀ ਤੋਂ ਬਾਹਰ ਲੜੀ ਜਿੱਤਣ ਦੇ ਸਮਰੱਥ ਨਹੀਂ ਹੈ। ਪਰ ਪਿਛਲੇ ਹਫਤੇ ਭਾਰਤੀ ਟੀਮ ਨੇ ਦੱਖਣੀ ਅਫਰੀਕਾ ਖਿਲਾਫ ਇਕ-ਦਿਨਾ ਮੈਚਾਂ ਦੀ ਲੜੀ ਇਕਪਾਸੜ ਅੰਦਾਜ਼ 'ਚ ਅਤੇ ਇਕ ਟੈਸਟ ਮੈਚ ਜਿੱਤ ਕੇ ਸਭ ਕਿਆਸਰਾਈਆਂ ਨੂੰ ਵਿਰਾਮ ਲਗਾ ਦਿੱਤੇ, ਜਿਸ ਦਾ ਸਿਹਰਾ ਜੁਝਾਰੂ ਬੱਲੇਬਾਜ਼ ਅਤੇ ਕਪਤਾਨ ਵਿਰਾਟ ਕੋਹਲੀ ਦੀ ਸੁਚੱਜੀ ਅਗਵਾਈ ਵਾਲੀ ਨੌਜਵਾਨ ਭਾਰਤੀ ਟੀਮ ਨੂੰ ਜਾਂਦਾ ਹੈ।
ਭਾਰਤ-ਦੱਖਣੀ ਅਫਰੀਕਾ ਲੜੀ ਦੀ ਸ਼ੁਰੂਆਤ ਭਾਰਤੀ ਟੀਮ ਲਈ ਬੜੀ ਨਿਰਾਸ਼ਜਨਕ ਤਰੀਕੇ ਨਾਲ ਹੋਈ ਸੀ, ਕਿਉਂਕਿ ਪਹਿਲੇ ਦੋ ਟੈਸਟ ਮੈਚਾਂ 'ਚ ਦੱਖਣੀ ਅਫਰੀਕਾ ਦੀ ਟੀਮ ਜੇਤੂ ਰਹੀ। ਪਰ ਭਾਰਤੀ ਟੀਮ ਨੇ ਲੜੀ 'ਚ ਵਾਪਸੀ ਕਰਦਿਆਂ ਤੀਸਰਾ ਟੈਸਟ ਮੈਚ ਜਿੱਤ ਕੇ ਲੜੀ ਨੂੰ ਰੋਮਾਂਚਕ ਬਣਾਇਆ। ਟੈਸਟ ਲੜੀ 2-1 ਨਾਲ ਹਾਰਨ ਉਪਰੰਤ ਭਾਰਤੀ ਟੀਮ ਦੇ ਕੋਚ ਰਵੀ ਸ਼ਾਸਤਰੀ ਨੇ ਕਿਹਾ ਸੀ ਕਿ ਉਨ੍ਹਾਂ ਦੇ ਖਿਡਾਰੀਆਂ ਨੂੰ ਟੈਸਟ ਲੜੀ ਸ਼ੁਰੂ ਹੋਣ ਤੋਂ ਪਹਿਲਾਂ ਅਭਿਆਸ ਦੇ ਲੋੜੀਦੇ ਮੌਕੇ ਨਹੀਂ ਮਿਲੇ, ਜਿਸ ਕਾਰਨ ਉਨ੍ਹਾਂ ਦੇ ਖਿਡਾਰੀ ਦੇਰ ਨਾਲ ਲੈਅ 'ਚ ਆਏ। ਟੈਸਟ ਲੜੀ ਤੋਂ ਬਾਅਦ ਭਾਰਤੀ ਟੀਮ ਨੇ ਇਕ ਦਿਨਾ ਮੈਚਾਂ ਦੀ ਲੜੀ 'ਚ ਬੜੀ ਧੜੱਲੇਦਾਰ ਸ਼ੁਰੂਆਤ ਕੀਤੀ ਅਤੇ ਪਹਿਲੇ ਤਿੰਨ ਮੈਚ ਜਿੱਤ ਕੇ ਦੱਖਣੀ ਅਫਰੀਕਾ ਵਿਸ਼ਵ ਦਰਜਾਬੰਦੀ 'ਚ ਅੱਵਲ ਨੰਬਰ ਦੀ ਟੀਮ ਨੂੰ ਹਰ ਖੇਤਰ 'ਚ ਪਛਾੜ ਦਿੱਤਾ। ਉਕਤ ਲੜੀ 5-1 ਨਾਲ ਜਿੱਤ ਕੇ ਭਾਰਤੀ ਟੀਮ ਨੇ ਇਕ ਦਿਨਾ ਕ੍ਰਿਕਟ ਦੀ ਵਿਸ਼ਵ ਦਰਜਾਬੰਦੀ 'ਚ ਵੀ ਦੱਖਣੀ ਅਫਰੀਕਾ ਨੂੰ ਪਛਾੜ ਕੇ ਮੁੜ ਅੱਵਲ ਨੰਬਰ ਦਾ ਤਾਜ ਪਹਿਨ ਲਿਆ। ਦੱਖਣੀ ਅਫਰੀਕਾ 'ਚ ਭਾਰਤੀ ਟੀਮ ਦੇ ਪ੍ਰਦਰਸ਼ਨ 'ਚ ਮੁੱਖ ਭੂਮਿਕਾ ਕਪਤਾਨ ਵਿਰਾਟ ਕੋਹਲੀ ਦੀ ਰਹੀ। ਉਸ ਨੇ ਬੱਲੇ ਨਾਲ ਜਿੱਥੇ ਆਪਣੀ ਕਾਬਲੀਅਤ ਦਿਖਾਈ, ਉੱਥੇ ਬਤੌਰ ਕਪਤਾਨ ਵੀ ਆਪਣੇ ਜੋਸ਼ੀਲੇ ਅਤੇ ਹਮਲਾਵਰ ਅੰਦਾਜ਼ ਨਾਲ ਨੌਜਵਾਨ ਖਿਡਾਰੀਆਂ 'ਤੇ ਆਧਾਰਤ ਆਪਣੀ ਟੀਮ ਨੂੰ ਵੀ ਜੇਤੂ ਮੰਚ 'ਤੇ ਲੈ ਕੇ ਆਂਦਾ।
ਵਿਰਾਟ ਕੋਹਲੀ ਨੇ ਇਕ-ਦਿਨਾ ਮੈਚਾਂ ਦੀ ਲੜੀ 'ਚ ਤਿੰਨ ਸੈਂਕੜੇ ਲਗਾ ਕੇ, ਆਪਣਾ ਸਰਬੋਤਮ ਬੱਲੇਬਾਜ਼ ਹੋਣ ਦਾ ਲੋਹਾ ਮੰਨਵਾਇਆ। ਕੋਹਲੀ 'ਚ ਆਪਣੀ ਖੇਡ ਕਲਾ ਨਾਲ ਵਿਰੋਧੀ ਟੀਮ ਦੇ ਹਰ ਹਮਲੇ ਨੂੰ ਨਾਕਾਮ ਕਰਨ ਦੀ ਸਮਰੱਥਾ ਹੈ, ਜੋ ਉਸ ਨੇ ਉਕਤ ਲੜੀ 'ਚ ਵਾਰ-ਵਾਰ ਦਿਖਾਇਆ। ਇਸ ਲੜੀ 'ਚ ਭਾਰਤੀ ਗੇਂਦਬਾਜ਼ਾਂ ਭੁਵਨੇਸ਼ਵਰ ਕੁਮਾਰ, ਜਸਪ੍ਰੀਤ ਬੰਮਰਾ, ਕੁਲਦੀਪ ਯਾਦਵ ਅਤੇ ਯੁਜਵੇਂਦਰ ਚਾਹਲ ਨੇ ਵਾਰ-ਵਾਰ ਆਪਣੀ ਕਾਬਲੀਅਤ ਦਿਖਾਈ। ਲੋੜ ਪੈਣ 'ਤੇ ਹਰਫਨਮੌਲਾ ਹਾਰਦਿਕ ਪਾਂਡਿਆ ਨੇ ਵੀ ਵਧੀਆ ਗੇਂਦਬਾਜ਼ੀ ਕੀਤੀ। ਪਾਂਡਿਆ ਦੀ ਬੱਲੇਬਾਜ਼ੀ 'ਚ ਅਜੇ ਗੰਭੀਰਤਾ ਦੀ ਜ਼ਰੂਰਤ ਹੈ। ਬੱਲੇਬਾਜ਼ ਸ਼ਿਖਰ ਧਵਨ, ਮਹਿੰਦਰ ਸਿੰਘ ਧੋਨੀ ਅਤੇ ਅਜਿੰਕਿਆ ਰਹਾਣੇ ਨੇ ਸਮੇਂ-ਸਮੇਂ ਸਿਰ ਕੋਹਲੀ ਦਾ ਢੁਕਵਾਂ ਸਾਥ ਦਿੱਤਾ। ਸ਼ਰੀਅਸ਼ ਅਈਅਰ, ਕੇ.ਐਲ. ਰਾਹੁਲ, ਦਿਨੇਸ਼ ਕਾਰਤਿਕ, ਕੇਦਾਰ ਯਾਦਵ ਤੇ ਮੁਨੀਸ਼ ਪਾਂਡੇ ਨੂੰ ਅਜੇ ਆਪਣਾ ਸਥਾਨ ਪੱਕਾ ਕਰਨ ਲਈ ਹੋਰ ਵਧੀਆ ਕਾਰਗੁਜ਼ਾਰੀ ਦਿਖਾਉਣੀ ਪਵੇਗੀ। ਰੋਹਿਤ ਸ਼ਰਮਾ ਦਾ ਪ੍ਰਦਰਸ਼ਨ ਔਸਤ ਰਿਹਾ।
ਅਗਲੇ ਵਰ੍ਹੇ ਹੋਣ ਵਾਲੇ ਇਕ ਦਿਨਾ ਕ੍ਰਿਕਟ ਦੇ ਵਿਸ਼ਵ ਕੱਪ ਲਈ ਦੁਨੀਆ ਦੇ ਵੱਖ-ਵੱਖ ਦੇਸ਼ਾਂ ਦੀਆਂ ਟੀਮਾਂ ਤਿਆਰੀ ਵਾਲੇ ਪੜਾਅ 'ਚੋਂ ਗੁਜ਼ਰ ਰਹੀਆਂ ਹਨ। ਭਾਰਤੀ ਟੀਮ ਆਲਮੀ ਕੱਪ ਦੇ ਮੱਦੇਨਜ਼ਰ ਖਿਡਾਰੀਆਂ ਦੀ ਪਰਖ ਕਰ ਰਹੀ ਹੈ, ਜਿਸ ਤਹਿਤ ਗੇਂਦਬਾਜ਼ੀ ਦੇ ਖੇਤਰ 'ਚ ਭਾਰਤੀ ਟੀਮ ਵਧੀਆ ਸਥਿਤੀ 'ਚ ਪੁੱਜ ਚੁੱਕੀ ਹੈ। ਅਜੇ ਬੱਲੇਬਾਜ਼ੀ ਦੇ ਖੇਤਰ 'ਚ ਇਸ ਨੂੰ ਹੋਰ ਮਿਹਨਤ ਅਤੇ ਪਰਖ ਦੀ ਜ਼ਰੂਰਤ ਹੈ। ਮੱਧਕ੍ਰਮ 'ਚ ਸਾਰਾ ਭਾਰ ਵਿਰਾਟ ਕੋਹਲੀ ਨੂੰ ਉਠਾਉਣਾ ਪੈ ਰਿਹਾ ਹੈ। ਉਸ ਦਾ ਸਾਥ ਦੇਣ ਲਈ ਅਜੇ ਚੌਥੇ ਅਤੇ ਪੰਜਵੇਂ ਸਥਾਨ ਦੇ ਬੱਲੇਬਾਜ਼ਾਂ ਦੀ ਭਾਲ ਕਰਨ ਲਈ ਭਾਰਤੀ ਟੀਮ ਪ੍ਰਬੰਧਨ ਨੂੰ ਅਜੇ ਹੋਰ ਮਿਹਨਤ ਕਰਨੀ ਪਵੇਗੀ। ਜੇਕਰ ਭਾਰਤੀ ਟੀਮ ਦਾ ਮੱਧਕ੍ਰਮ ਮਜ਼ਬੂਤ ਹੋ ਜਾਵੇ ਤਾਂ ਭਾਰਤੀ ਟੀਮ ਅਗਲੇ ਵਰ੍ਹੇ ਹੋਣ ਵਾਲੇ ਆਲਮੀ ਕੱਪ ਨੂੰ ਜਿੱਤਣ ਦੀ ਮਜ਼ਬੂਤ ਦਾਅਵੇਦਾਰ ਬਣ ਸਕਦੀ ਹੈ ਅਤੇ ਇਕ-ਦਿਨਾ ਕ੍ਰਿਕਟ 'ਚ ਆਪਣਾ ਦਬਦਬਾ ਕਾਇਮ ਰੱਖ ਸਕਦੀ ਹੈ। ਇਸ ਦੇ ਨਾਲ ਹੀ ਭਾਰਤੀ ਟੀਮ ਨੂੰ ਆਸਟਰੇਲੀਆ ਤੇ ਇੰਗਲੈਂਡ ਵਰਗੀਆਂ ਟੀਮਾਂ ਖਿਲਾਫ ਖੇਡਣਾ ਅਤੇ ਜਿੱਤਣਾ ਲਾਜ਼ਮੀ ਹੈ।


-ਪਟਿਆਲਾ। ਮੋਬਾ: 97795-90575

ਬਾਸਕਟਬਾਲ ਖੇਡ ਵਿਚ ਨਵੀਆਂ ਪੈੜਾਂ ਪਾਉਂਦਾ ਬਿਕਰਮ ਕੁਮਾਰ

ਮਾਤਾ ਸ੍ਰੀਮਤੀ ਰੇਨੂੰ ਬਾਲਾ ਅਤੇ ਪਿਤਾ ਸ੍ਰੀ ਕਮਲ ਕੁਮਾਰ ਦੇ ਘਰ ਮਿਤੀ 17.10.2000 ਨੂੰ ਜੰਮਿਆ ਬਿਕਰਮ ਕੁਮਾਰ ਵਾਸੀ ਪ੍ਰੇਮ ਨਗਰ ਬਟਾਲਾ ਇਸ ਸਮੇਂ ਬਾਰ੍ਹਵੀਂ ਕਲਾਸ ਵਿਚ ਬੇਰਿੰਗ ਸਕੂਲ ਬਟਾਲਾ ਜ਼ਿਲ੍ਹਾ ਗੁਰਦਾਸਪੁਰ ਵਿਖੇ ਪੜ੍ਹਾਈ ਕਰ ਰਿਹਾ ਹੈ। ਬਚਪਨ ਤੋਂ ਹੀ ਬਾਸਕਟਬਾਲ ਨੂੰ ਆਪਣੀ ਜਾਨ ਨਾਲੋਂ ਪਿਆਰਾ ਸਮਝਣ ਵਾਲਾ ਬਿਕਰਮ ਕੁਮਾਰ ਜਿੱਥੇ ਸਕੂਲ ਵਿਚ ਪੜ੍ਹਾਈ ਵਿਚ ਚੰਗੇ ਅੰਕ ਲੈਂਦਾ ਰਿਹਾ, ਉਥੇ ਉਸ ਨੇ ਬਾਸਕਟਬਾਲ ਵਿਚ ਵੀ ਆਪਣੀ ਵੱਖਰੀ ਪਹਿਚਾਣ ਬਣਾਈ। ਸਕੂਲ ਪ੍ਰਿੰਸੀਪਲ ਬੇਰਿੰਗ ਸਕੂਲ ਬਟਾਲਾ ਐਚ. ਐਲ. ਪੀਟਰ ਦੀ ਤੇਜ਼ ਨਜ਼ਰ ਅਤੇ ਉਨ੍ਹਾਂ ਦੇ ਸਹਿਯੋਗ ਨਾਲ ਬਾਸਕਟਬਾਲ ਖੇਡ ਵਿਚ ਦਿਨ-ਰਾਤ ਨਵੀਆਂ ਰਾਹਾਂ ਪੈਦਾ ਕਰਦਾ ਗਿਆ। ਆਪਣੇ ਕੋਚ ਸ੍ਰੀ ਰਾਜ ਕੁਮਾਰ ਤੋਂ 5 ਸਾਲ ਦੀ ਅਥਾਹ ਟ੍ਰੇਨਿੰਗ ਲੇਣ ਤੋਂ ਬਾਅਦ 2012 ਵਿਚ ਬਾਸਕਟਬਾਲ ਦੇ ਰਿੰਗ ਵਿਚ ਜਦ ਬਿਕਰਮ ਕੁਮਾਰ ਨੇ ਪੈਰ ਧਰਿਆ ਤਾਂ ਉਸ ਤੋਂ ਬਾਅਦ ਉਸ ਨੇ ਪਿੱਛੇ ਮੁੜ ਕੇ ਦੇਖਿਆ ਨਹੀਂ ਅਤੇ ਸਕੂਲ ਨੂੰ ਹਰ ਸਾਲ ਇਸ ਖੇਡ ਵਿਚ ਤਗਮੇ ਅਤੇ ਟਰਾਫੀਆਂ ਜਿਤਾ ਕੇ ਦਾਦੇ ਅਸ਼ੋਕ ਕੁਮਾਰ, ਦਾਦੀ ਚਰਨਜੀਤ, ਪਿਤਾ ਕਮਲ ਕੁਮਾਰ ਅਤੇ ਮਾਤਾ ਰੇਨੂੰ ਬਾਲਾ ਦੇ ਨਾਲ-ਨਾਲ ਬੇਰਿੰਗ ਸਕੂਲ ਬਟਾਲਾ ਦਾ ਵੀ ਨਾਂਅ ਰੋਸ਼ਨ ਕੀਤਾ।
ਸਭ ਤੋਂ ਪਹਿਲਾਂ ਉਸ ਨੇ ਸਕੂਲ ਪੱਧਰ 'ਤੇ ਡਾਕਟਰ ਰਾਮ ਸਿੰਘ ਮੈਮੋਰੀਅਲ ਟੂਰਨਾਮੈਂਟ ਵਿਚ ਸਕੂਲ ਦੀ ਟੀਮ ਵਲੋਂ ਖੇਡਦੇ ਹੋਏ 2014-2015 ਵਿਚ ਸਕੂਲ ਨੂੰ ਸੋਨ ਤਗਮਾ ਜਿਤਾਇਆ। ਸਾਲ 2016 ਵਿਚ ਬੇਰਿੰਗ ਸਕੂਲ ਬਟਾਲਾ ਸਪੋਰਟਸ ਡੇ ਦੇ ਮੌਕੇ 'ਤੇ ਪਹਿਲੇ ਸਥਾਨ 'ਤੇ ਰਹਿ ਕੇ 12 ਤਗਮੇ ਜਿੱਤੇ, ਫਿਰ ਸਾਲ 2016 ਵਿਚ ਹੀ ਸਕੂਲ ਪੱਧਰ 'ਤੇ ਬੇਰਿੰਗ ਸਕੂਲ ਬਟਾਲਾ ਵਿਚ ਖੇਡ ਮੁਕਾਬਲੇ ਵਿਚ ਦੂਜੇ ਸਥਾਨ 'ਤੇ ਰਹਿ ਕੇ 9 ਤਗਮੇ ਪ੍ਰਾਪਤ ਕੀਤੇ, ਸਾਲ 2015 ਵਿਚ ਸਕੂਲ ਬੇਰਿੰਗ ਖੇਡਾਂ ਵਿਚ ਤੀਜੇ ਸਥਾਨ 'ਤੇ ਰਹਿ ਕੇ 9 ਤਗਮੇ ਜਿੱਤੇ। ਇਸ ਦੇ ਨਾਲ ਹੀ ਜ਼ਿਲ੍ਹਾ ਪੱਧਰ 'ਤੇ ਜੈਵਲਿਨ ਥਰੋਅ ਵਿਚ ਸਾਲ 2015 ਵਿਚ ਸੋਨ ਤਗਮਾ, ਡਾਇਸ ਖੇਡਾਂ ਅੰਮ੍ਰਿਤਸਰ ਵਿਖੇ 2014 ਨੂੰ ਬੇਰਿੰਗ ਸਕੂਲ ਬਟਾਲਾ ਦੀ ਬਾਸਕਟਬਾਲ ਟੀਮ ਦਾ ਕਪਤਾਨ ਬਣਨ 'ਤੇ ਟੀਮ ਦੀ ਅਗਵਾਈ ਕਰਦੇ ਹੋਏ ਟੀਮ ਨੂੰ ਸੋਨ ਤਗਮਾ ਜਿਤਾ ਕੇ ਜੇਤੂ ਬਣਾਇਆ। ਸਾਲ 2016 ਵਿਚ ਸ਼ਿਮਲਾ ਬਿਸ਼ਪ ਕਾਟਨ ਸਕੂਲ ਸ਼ਿਮਲਾ ਵਿਖੇ ਟੀਮ ਦਾ ਕਪਤਾਨ ਬਣਨ ਤੇ ਦੂਜੇ ਦਰਜੇ 'ਤੇ ਟੀਮ ਦੇ ਰਹਿਣ ਨਾਲ ਚਾਂਦੀ ਦਾ ਤਗਮਾ ਜਿੱਤ ਕੇ ਸਕੂਲ ਦਾ ਨਾਂਅ ਰੋਸ਼ਨ ਕੀਤਾ। ਜ਼ਿਲ੍ਹਾ ਪੱਧਰੀ ਖੇਡਾਂ ਲਿਟਲ ਫਲਾਵਰ ਸਕੂਲ ਧਾਰੀਵਾਲ ਵਿਖੇ ਸਾਲ 2014-2015-2016 ਵਿਚ ਬਾਸਕਟਬਾਲ ਟੀਮ ਦੇ ਕਪਤਾਨ ਵਜੋਂ ਟੀਮ ਦੀ ਅਗਵਾਈ ਕੀਤੀ ਤੇ ਟੀਮ ਨੂੰ ਸੋਨ ਤਗਮਾ ਜਿਤਾ ਕੇ ਸਕੂਲ ਅਤੇ ਬਟਾਲੇ ਦਾ ਨਾਂਅ ਰੌਸ਼ਨ ਕੀਤਾ।
ਰਾਜ ਪੱਧਰੀ ਖੇਡਾਂ 2014 ਹਰਿਆਣਾ, 2016 ਲੁਧਿਆਣਾ, 2017 ਜਮਾਲਪੁਰ ਵਿਖੇ ਟੀਮ ਦੀ ਅਗਵਾਈ ਕੀਤੀ ਤੇ ਇਨ੍ਹਾਂ ਮੁਕਾਲਿਆਂ ਵਿਚ ਟੀਮ ਨੇ ਸਾਰੇ ਮੈਚਾਂ ਵਿਚ ਜਿੱਤ ਪ੍ਰਾਪਤ ਕਰਕੇ ਸੋਨ ਤਗਮੇ ਪ੍ਰਾਪਤ ਕੀਤੇ। ਸਰਕਾਰੀ ਸਕੂਲ ਖੇਡਾਂ ਵਿਚ ਭਾਗ ਲੈਂਦੇ ਹੋਏ ਸਰਕਾਰੀ ਸਕੂਲ ਨੈਸ਼ਨਲ ਖੇਡਾਂ ਫਤਹਿਗੜ੍ਹ ਸਾਹਿਬ ਵਿਖੇ ਵੀ ਭਾਗ ਲੈਂਦੇ ਹੋਏ ਟੀਮ ਨੇ ਸੋਨ ਤਗਮਾ ਜਿੱਤਿਆ। ਨੈਸ਼ਨਲ ਸਕੂਲ ਖੇਡਾਂ ਵਿਚ ਸੇਂਟ ਜੋਸਫ਼ ਸਕੂਲ ਨੋਇਡਾ ਵਿਖੇ ਦਸੰਬਰ, 2017 ਵਿਚ ਸਕੂਲ ਵਲੋਂ ਪੰਜਾਬ ਟੀਮ ਦਾ ਕੈਪਟਨ ਬਣ ਕੇ ਟੀਮ ਦੀ ਅਗਵਾਈ ਕੀਤੀ ਤੇ ਇਨ੍ਹਾਂ ਮੁਕਾਬਲਿਆਂ ਵਿਚ ਟੀਮ ਨੇ ਬਿਕਰਮ ਦੀ ਅਗਵਾਈ ਹੇਠ ਤੀਜਾ ਸਥਾਨ ਪ੍ਰਾਪਤ ਕੀਤਾ।


-ਬਹਿਰਾਮਪੁਰ (ਗੁਰਦਾਸਪੁਰ)। ਮੋਬਾ: 98764-35826

ਯੋਗ ਖਿਡਾਰੀਆਂ ਲਈ ਨਿਰਾਸ਼ਾ ਪੈਦਾ ਕਰਦੀਆਂ ਹਨ ਸਿਫਾਰਸ਼ਾਂ

ਖੇਡਾਂ ਦੀ ਦੁਨੀਆ ਦਾ ਇਕ ਦੁਖਾਂਤ ਇਹ ਵੀ ਹੈ ਕਿ ਕਈ ਵਾਰ ਪ੍ਰਤਿਭਾਸ਼ਾਲੀ ਅਤੇ ਯੋਗ ਖਿਡਾਰੀਆਂ ਨਾਲ ਨਾਇਨਸਾਫੀਆਂ ਉਨ੍ਹਾਂ ਨੂੰ ਇਸ ਕਦਰ ਮਾਯੂਸ ਅਤੇ ਉਦਾਸ ਕਰਦੀਆਂ ਹਨ ਕਿ ਉਹ ਆਪ ਤਾਂ ਖੇਡ ਜਗਤ ਤੋਂ ਬੇਮੁੱਖ ਹੋ ਹੀ ਜਾਂਦੇ ਹਨ, ਸਗੋਂ ਹੋਰ ਵੀ ਕਈਆਂ ਨੂੰ ਨਿਰਉਤਸ਼ਾਹਿਤ ਕਰਦੇ ਹਨ। ਕਿਸੇ ਵੀ ਯੋਗ ਖਿਡਾਰੀ ਜਾਂ ਖਿਡਾਰਨ ਨਾਲ ਸਭ ਤੋਂ ਵੱਡੀ ਖੇਡ ਤ੍ਰਾਸਦੀ ਉਦੋਂ ਵਾਪਰਦੀ ਹੈ ਜਦੋਂ ਕੋਈ ਵੱਡੀ ਸਿਫਾਰਸ਼ ਜਾਂ ਰਿਸ਼ਵਤ ਉਸ ਦਾ ਹੱਕ ਖੋਹ ਕੇ ਕਿਸੇ ਅਯੋਗ ਖਿਡਾਰੀ ਦੀ ਝੋਲੀ 'ਚ ਪਾ ਦਿੰਦੀ ਹੈ। ਸਾਰੇ ਨਿਯਮਾਂ ਅਤੇ ਇਖਲਾਕੀ ਕਦਰਾਂ-ਕੀਮਤਾਂ ਨੂੰ ਛਿੱਕੇ 'ਤੇ ਟੰਗ ਕੇ। ਗਰੀਬ ਵੀ ਆਪਣੇ ਪੁੱਤ ਜਾਂ ਧੀ ਨੂੰ ਇਸ ਲਈ ਖੇਡਾਂ ਦੇ ਲੜ ਲਾ ਦਿੰਦਾ ਚਲੋ ਹੋਰ ਤਾਂ ਕੋਈ ਧਨ-ਦੌਲਤ ਉਸ ਕੋਲ ਨਹੀਂ, ਚਲੋ ਉਸ ਦੀ ਔਲਾਦ ਆਪਣੀ ਸਰੀਰਕ ਸਮਰੱਥਾ, ਸਰੀਰਕ ਦੌਲਤ ਦੇ ਸਦਕਾ ਹੀ ਜੀਵਨ ਦੇ ਤਲਖ ਰਾਹਾਂ 'ਤੇ ਕੋਈ ਸੁਨਹਿਰਾ ਰਾਹ ਲੱਭ ਲਵੇ ਪਰ ਉਸ ਨੂੰ ਕੀ ਪਤਾ ਹੁੰਦਾ ਕਿ ਸਾਡੇ ਇਥੇ ਦੇਸ਼ ਦੇ ਖੇਡ ਸਿਸਟਮ ਦੀਆਂ ਕੁਝ ਅਜਿਹੀਆਂ ਊਣਤਾਈਆਂ ਹਨ ਕਿ ਉਸ ਦੇ ਸੁਨਹਿਰੀ ਸੁਪਨਿਆਂ ਦੇ ਕਾਤਲ ਵੀ ਇਥੇ ਹੀ ਮੌਜੂਦ ਹਨ, ਇਨ੍ਹਾਂ ਹੀ ਰਾਹਾਂ 'ਤੇ।
ਸਕੂਲ-ਕਾਲਜ ਪੱਧਰ ਦੀਆਂ ਟੀਮਾਂ ਤੋਂ ਸਿਫਾਰਸ਼ੀ ਖ਼ਤਾਂ ਅਤੇ ਸਿਫਾਰਸ਼ੀ ਫੋਨਾਂ ਦਾ ਰੁਝਾਨ ਸ਼ੁਰੂ ਹੋ ਜਾਂਦਾ ਹੈ। ਯੋਗ ਖਿਡਾਰੀ ਮਿਹਨਤ ਕਰਦਾ ਹੈ, ਖੂਨ-ਪਸੀਨਾ ਇਕ ਕਰਦਾ ਹੈ ਪਰ ਅੰਤਰ-ਸਕੂਲ ਅਤੇ ਅੰਤਰ-ਕਾਲਜ ਮੁਕਾਬਲਿਆਂ ਲਈ ਬਣੀ ਟੀਮ 'ਚੋਂ ਆਪਣਾ ਨਾਂਅ ਨਾ ਦੇਖ ਕੇ ਹੈਰਾਨ ਰਹਿ ਜਾਂਦਾ ਹੈ। ਸਿਫਾਰਸ਼ ਕਰਨ ਵਾਲੇ ਨੂੰ ਕੀ ਪਤਾ ਕਿ ਉਸ ਨੇ ਕਿਸ ਦਾ ਹੱਕ ਕਿਸ ਦੀ ਝੋਲੀ 'ਚ ਪਾ ਦਿੱਤਾ ਹੈ। ਉਸ ਨੂੰ ਤਾਂ ਬਸ ਆਪਣੀ ਚੌਧਰ 'ਤੇ ਫਖ਼ਰ ਹੈ। ਉਹ ਤਾਂ ਸਿਰਫ ਇਹ ਸਾਬਤ ਕਰਨਾ ਚਾਹੁੰਦਾ ਹੈ ਕਿ ਉਸ ਦੀ ਕਿੰਨੀ ਚਲਦੀ ਹੈ। ਜਾਂ ਉਸ ਦੀ ਵਾਕਫ਼ੀਅਤ ਦਾ ਦਾਇਰਾ ਕਿੰਨਾ ਵਿਸ਼ਾਲ ਹੈ। ਕਿਸੇ ਅਯੋਗ ਖਿਡਾਰੀ ਦੀ ਸਿਫਾਰਸ਼ ਕਰਨ ਲੱਗਿਆਂ ਉਸ ਦੀ ਜ਼ਮੀਰ ਉਸ ਨੂੰ ਨਹੀਂ ਝੰਜੋੜਦੀ। ਅੰਤਰ-ਯੂਨੀਵਰਸਿਟੀ ਮੁਕਾਬਲਿਆਂ ਲਈ ਬਣ ਰਹੀਆਂ ਟੀਮਾਂ 'ਚ ਵੀ ਸਿਫਾਰਸ਼ਾਂ ਦਾ ਰੁਝਾਨ ਬਹੁਤ ਤੇਜ਼ੀ ਨਾਲ ਵਧ ਰਿਹਾ ਹੈ। ਜਦੋਂ ਅੰਤਰ ਕਾਲਜ ਮੁਕਾਬਲੇ ਮੁੱਕਦੇ ਹਨ, ਨਾਲ ਹੀ ਅੰਤਰ ਯੂਨੀਵਰਸਿਟੀ ਮੁਕਾਬਲੇ ਉਸ ਖੇਡ ਦੇ ਹੋਣੇ ਹੁੰਦੇ ਹਨ ਅਤੇ ਉਸ ਲਈ ਅੰਤਰ ਯੂਨੀਵਰਸਿਟੀ ਖੇਡਣ ਲਈ ਟੀਮਾਂ ਬਣਾਉਣੀਆਂ ਹੁੰਦੀਆਂ ਹਨ, ਪਹਿਲੇ ਤਿੰਨ ਜਾਂ ਚਾਰ ਨੰਬਰ 'ਤੇ ਆਉਣ ਵਾਲੀਆਂ ਟੀਮਾਂ 'ਚੋਂ ਖਿਡਾਰੀ ਲੈ ਕੇ। ਟ੍ਰਾਇਲ ਫੀਸ ਵੀ ਲਈ ਜਾਂਦੀ ਬਸ ਸਿਰਫ ਪੈਸੇ ਕਮਾਉਣ ਦੇ ਸਾਧਨ ਵਜੋਂ। ਟ੍ਰਾਇਲ ਤਾਂ ਸਿਫਾਰਸ਼ੀ ਖਤਾਂ ਜਾਂ ਸਿਫਾਰਸ਼ੀ ਫੋਨਾਂ 'ਤੇ ਹੀ ਹੋ ਜਾਂਦੇ ਹਨ। ਜਨਾਬ! ਕੌਮੀ ਪੱਧਰ 'ਤੇ ਬਣਨ ਵਾਲੀਆਂ ਟੀਮਾਂ 'ਚ ਵੀ ਕਈ ਖਿਡਾਰੀ ਰਿਸ਼ਵਤ ਜਾਂ ਵੱਡੀ ਸਿਫਾਰਸ਼ ਦੇ ਆਧਾਰ 'ਤੇ ਆ ਜਾਂਦੇ ਹਨ, ਇਹ ਉਹੀ ਹੁੰਦੇ ਹਨ, ਜੋ ਖੇਡ ਵਿੰਗਾਂ ਦੇ ਟ੍ਰਾਇਲ ਵੇਲੇ, ਖੇਡ ਅਕੈਡਮੀਆਂ ਦੇ ਟ੍ਰਾਇਲ ਵੇਲੇ ਸਿਫਾਰਸ਼ਾਂ ਦਾ ਜੁਗਾੜ ਜਾਣਦੇ ਹਨ। ਅਸਲੀ ਪ੍ਰਤਿਭਾਸ਼ਾਲੀ ਖਿਡਾਰਨਾਂ ਜਾਂ ਖਿਡਾਰੀ ਤਾਂ ਬਸ ਖੇਡ ਮੈਦਾਨਾਂ 'ਚ ਆਪਣਾ ਪਸੀਨਾ ਹੀ ਵਹਾਉਂਦੇ ਰਹਿ ਜਾਂਦੇ ਹਨ। ਸੱਚ ਤਾਂ ਇਹ ਹੈ ਕਿ ਖੇਡ ਮੁਕਾਬਲਿਆਂ 'ਚ ਸੁਨਹਿਰੀ ਇਤਿਹਾਸ ਵੀ ਮਿਹਨਤੀ, ਸਿਰੜੀ, ਜੁਝਾਰੂ ਖਿਡਾਰੀ ਹੀ ਸਿਰਜਦੇ ਹਨ ਪਰ ਇਨਾਮ, ਪੁਰਸਕਾਰਾਂ ਦੀ ਬਾਜ਼ੀ ਵੀ ਸਿਫਾਰਸ਼ੀ ਖਿਡਾਰੀ ਹੀ ਮਾਰ ਜਾਂਦੇ ਹਨ। ਸਾਡੇ ਦੇਸ਼ ਦੀਆਂ ਖੇਡਾਂ ਅਤੇ ਖੇਡ ਸੰਸਥਾਵਾਂ ਉੱਪਰ ਪੂਰੀ ਤਰ੍ਹਾਂ ਰਾਜਨੀਤੀ ਦਾ ਕਬਜ਼ਾ ਹੋ ਚੁੱਕਾ ਹੈ, ਜਿਸ ਕਰਕੇ ਚੰਗੇ ਖਿਡਾਰੀ ਨੂੰ ਅੱਖੋਂ-ਪਰੋਖੇ ਕਰਕੇ ਸਿਰਫ ਸਿਫਾਰਸ਼ੀ ਲੋਕਾਂ ਨੂੰ ਵੱਡੇ-ਵੱਡੇ ਇਨਾਮਾਂ ਨਾਲ ਸਨਮਾਨਿਤ ਕੀਤਾ ਜਾਂਦਾ ਹੈ, ਚੌਧਰੀਆਂ ਅਤੇ ਸਿਰਫ ਰਾਜਨੀਤਕ ਲੀਡਰਾਂ ਦੇ ਇਸ਼ਾਰਿਆਂ 'ਤੇ।
ਖੂਨ-ਪਸੀਨਾ ਵਹਾਉਣ ਵਾਲੀਆਂ ਖੇਡ ਹਸਤੀਆਂ ਫਿਰ ਆਪਣੀ ਔਲਾਦ ਨੂੰ ਖੇਡਾਂ ਦੇ ਲੜ ਨਾ ਲਾਉਣ ਦੀ ਤੌਬਾ ਕਰਦੀਆਂ ਹਨ। ਉਹ ਆਪਣੀ ਔਲਾਦ ਨੂੰ ਇਹ ਸਮਝਾਉਣ ਲਈ ਮਜਬੂਰ ਹੋ ਜਾਂਦੀਆਂ ਹਨ ਕਿ ਖੇਡਾਂ 'ਚ ਪੈ ਕੇ ਆਪਣਾ ਭਵਿੱਖ ਨਾ ਖਰਾਬ ਕਰਨ, ਕਿਉਂਕਿ ਇਥੇ ਖੇਡਾਂ ਉੱਪਰ ਸਿਰਫ ਰਾਜਨੀਤੀ ਦਾ ਕਬਜ਼ਾ ਹੈ। ਹਕੀਕਤ ਹੈ ਕਿ ਦੇਸ਼ ਦੀਆਂ ਜ਼ਿਆਦਾਤਰ ਖੇਡ ਸੰਸਥਾਵਾਂ, ਫੈਡਰੇਸ਼ਨਾਂ 'ਤੇ ਸਿਆਸੀ ਆਗੂ ਤੇ ਧਨਾਢ ਵਿਅਕਤੀ ਕਾਬਜ਼ ਹਨ, ਇਹ ਲੋਕ ਖੇਡ ਜਗਤ ਦਾ ਭਲਾ ਸੋਚਣ ਦੀ ਥਾਂ ਨਿੱਜੀ ਹਿਤਾਂ ਦੀ ਰਾਜਨੀਤੀ ਖੇਡਦੇ ਹਨ। ਸਿਫਾਰਸ਼ਾਂ ਦਾ ਜੁਗਾੜ ਕਰਨ ਵਾਲੇ ਖਿਡਾਰੀ ਇਸੇ ਲਈ ਆਪਣੀ ਖੇਡ 'ਚ ਕਾਮਯਾਬ ਹੋ ਜਾਂਦੇ ਹਨ, ਪ੍ਰਤਿਭਾਸ਼ਾਲੀ ਖਿਡਾਰੀਆਂ ਦੇ ਸੁਪਨਿਆਂ ਦਾ ਕਤਲ ਕਰਕੇ।


-ਡੀ. ਏ. ਵੀ. ਕਾਲਜ, ਅੰਮ੍ਰਿਤਸਰ। ਮੋਬਾ: 98155-35410

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX