ਤਾਜਾ ਖ਼ਬਰਾਂ


ਪਾਕਿਸਤਾਨ ਜੇਲ੍ਹ ਤੋਂ ਰਿਹਾਅ ਹੋ ਕੇ ਭਾਰਤ ਪਰਤੇ ਹਾਮਿਦ ਅੰਸਾਰੀ ਨੇ ਸੁਸ਼ਮਾ ਸਵਰਾਜ ਨਾਲ ਕੀਤੀ ਮੁਲਾਕਾਤ
. . .  1 minute ago
ਨਵੀਂ ਦਿੱਲੀ, 19 ਦਸੰਬਰ- ਪਾਕਿਸਤਾਨ ਦੀ ਜੇਲ੍ਹ ਤੋਂ ਮੰਗਲਵਾਰ ਨੂੰ ਕੈਦ ਤੋਂ ਰਿਹਾਅ ਹੋ ਕੇ ਭਾਰਤ ਪਰਤੇ ਹਾਮਿਦ ਨੇਹਾਲ ਅੰਸਾਰੀ ਨੇ ਬੁੱਧਵਾਰ ਨੂੰ ਆਪਣੇ ਪਰਿਵਾਰ ਦੇ ਨਾਲ ਨਵੀਂ ਦਿੱਲੀ 'ਚ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨਾਲ ਮੁਲਾਕਾਤ ਕੀਤੀ....
ਪ੍ਰਧਾਨ ਮੰਤਰੀ ਮੋਦੀ ਸਮੇਤ ਸਿੱਖ ਕਤਲੇਆਮ ਦੇ ਸਾਰੇ ਗਵਾਹਾਂ ਅਤੇ ਵਕੀਲਾਂ ਨੂੰ ਕੀਤਾ ਜਾਵੇਗਾ ਸਨਮਾਨਿਤ - ਮਜੀਠੀਆ
. . .  10 minutes ago
ਅਜਨਾਲਾ, 19 ਦਸੰਬਰ (ਗੁਰਪ੍ਰੀਤ ਸਿੰਘ ਅਜਨਾਲਾ)-1984 ਸਿੱਖ ਕਤਲੇਆਮ ਦੇ ਮਾਮਲੇ 'ਚ ਵਿਸ਼ੇਸ਼ ਜਾਂਚ ਟੀਮ ਬਿਠਾਉਣ ਲਈ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਇਸ ਕੇਸ 'ਚ ਗਵਾਹੀ ਦੇਣ ਵਾਲੀ ਬੀਬੀ ਜਗਦੀਸ਼ ਕੌਰ, ਬੀਬੀ ਨਿਰਪ੍ਰੀਤ ਕੌਰ ਸਮੇਤ ਸਾਰੇ.....
ਆਈ.ਐਨ.ਐਕਸ ਮੀਡੀਆ ਮਾਮਲਾ : ਈ.ਡੀ. ਦੇ ਦਫ਼ਤਰ ਪਹੁੰਚੇ ਪੀ. ਚਿਦੰਬਰਮ
. . .  25 minutes ago
ਨਵੀਂ ਦਿੱਲੀ, 19 ਦਸੰਬਰ - ਆਈ.ਐਨ.ਐਕਸ ਮੀਡੀਆ ਮਾਮਲੇ 'ਚ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਸੰਮਨ ਭੇਜੇ ਜਾਣ ਤੋਂ ਬਾਅਦ ਸਾਬਕਾ ਕੇਂਦਰੀ ਵਿੱਤ ਮੰਤਰੀ ਪੀ. ਚਿਦੰਬਰਮ ਨਵੀਂ ਦਿੱਲੀ ਸਥਿਤ ਈ.ਡੀ. ਦੇ ਦਫ਼ਤਰ ਪਹੁੰਚੇ .....
30 ਅਤੇ 50 ਰੁਪਏ 'ਚ ਉਮੀਦਵਾਰਾਂ ਨੂੰ ਦਿਤੇ ਜਾ ਰਹੇ ਹਨ ਨਾਮਜ਼ਦਗੀਆਂ ਭਰਨ ਵਾਲੇ ਦਸਤਾਵੇਜ਼
. . .  1 minute ago
ਪਟਿਆਲਾ, 19 ਦਸੰਬਰ (ਅਮਨ)- 30 ਦਸੰਬਰ ਨੂੰ ਹੋਣ ਵਾਲੀਆਂ ਗ੍ਰਾਮ ਪੰਚਾਇਤਾਂ ਦੀਆਂ ਚੋਣਾਂ ਲਈ ਅੱਜ ਨਾਮਜ਼ਦਗੀਆਂ ਦਾਖਲ ਕਰਨ ਦੀ ਅੰਤਿਮ ਤਰੀਕ ਹੈ ਜਿਸ ਨੂੰ ਲੈ ਕੇ ਨਾਮਜ਼ਦਗੀ ਫਾਰਮ ਭਰਨ ਆਏ ਉਮੀਦਵਾਰਾਂ 'ਚ ਜਿੱਥੇ ਕਾਫੀ ਉਤਸ਼ਾਹ ਦੇਖਣ ਨੂੰ ਮਿਲਿਆ .....
ਏ.ਆਈ.ਏ.ਡੀ.ਐਮ.ਕੇ ਸੰਸਦਾਂ ਵੱਲੋਂ ਸੰਸਦ ਕੰਪਲੈਕਸ 'ਚ ਪ੍ਰਦਰਸ਼ਨ
. . .  44 minutes ago
ਨਵੀਂ ਦਿੱਲੀ, 19 ਦਸੰਬਰ- ਆਲ ਇੰਡੀਆ ਅੰਨਾ ਦ੍ਰਵਿੜ ਮੁਨੇਤਰ ਕੜਗਾਮ (ਏ.ਆਈ.ਏ.ਡੀ.ਐਮ.ਕੇ) ਦੇ ਸੰਸਦ ਮੈਂਬਰਾਂ ਨੇ ਕਾਵੇਰੀ ਨਦੀ 'ਤੇ ਡੈਮ ਦੇ ਨਿਰਮਾਣ ਦੇ ਖ਼ਿਲਾਫ਼ ਸੰਸਦ ਕੰਪਲੈਕਸ 'ਚ ਮਹਾਤਮਾ ਗਾਂਧੀ ਦੀ ਮੂਰਤੀ ਸਾਹਮਣੇ ਪ੍ਰਦਰਸ਼ਨ ਕੀਤਾ........
ਆਈ.ਐਨ.ਐਕਸ ਮੀਡੀਆ ਮਾਮਲੇ 'ਚ ਈ.ਡੀ. ਨੇ ਪੀ. ਚਿਦੰਬਰਮ ਨੂੰ ਭੇਜਿਆ ਸੰਮਨ
. . .  56 minutes ago
ਨਵੀਂ ਦਿੱਲੀ, 19 ਦਸੰਬਰ - ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ) ਨੇ ਸਾਬਕਾ ਕੇਂਦਰੀ ਵਿੱਤ ਮੰਤਰੀ ਪੀ. ਚਿਦੰਬਰਮ ਨੂੰ ਆਈ.ਐਨ.ਐਕਸ ਮੀਡੀਆ ਮਾਮਲੇ 'ਚ ਈ.ਡੀ. ਸਾਹਮਣੇ ਪੇਸ਼ ਹੋਣ ਲਈ ਸੰਮਨ ਭੇਜਿਆ .....
ਪਟਿਆਲਾ ਹਾਊਸ ਕੋਰਟ 'ਚ ਸੀ.ਬੀ.ਆਈ. ਵੱਲੋਂ ਮਿਸ਼ੇਲ ਦੀ ਜ਼ਮਾਨਤ ਪਟੀਸ਼ਨ ਦਾ ਵਿਰੋਧ
. . .  about 1 hour ago
ਨਵੀਂ ਦਿੱਲੀ, 19 ਦਸੰਬਰ- ਸੀ.ਬੀ.ਆਈ ਵੱਲੋਂ ਅਗਸਤਾ ਵੈਸਟਲੈਂਡ ਮਾਮਲੇ ਦੇ ਕਥਿਤ ਵਿਚੋਲੀਏ ਕ੍ਰਿਸਟੀਅਨ ਮਿਸ਼ੇਲ ਦੀ ਜ਼ਮਾਨਤ ਪਟੀਸ਼ਨ ਦਾ ਪਟਿਆਲਾ ਹਾਊਸ ਕੋਰਟ 'ਚ ਵਿਰੋਧ ਕੀਤਾ ਗਿਆ ਹੈ। ਉੱਥੇ ਹੀ, ਮਿਸ਼ੇਲ ਦੇ ਵਕੀਲ ਅਲਜੋ ਕੇ ਜੋਸਫ ਨੇ ਦਾਅਵਾ ਕੀਤਾ.....
ਟਾਊਨ ਜੰਡਿਆਲਾ ਗੁਰੂ ਦੇ ਇੰਚਾਰਜ ਸਬ ਇੰਸਪੈਕਟਰ ਵੱਲੋਂ ਖ਼ੁਦਕੁਸ਼ੀ
. . .  about 1 hour ago
ਜੰਡਿਆਲਾ ਗੁਰੂ, 19 ਦਸੰਬਰ( ਰਣਜੀਤ ਸਿੰਘ ਜੋਸਨ)- ਪੁਲਿਸ ਟਾਊਨ ਜੰਡਿਆਲਾ ਗੁਰੂ ਦੇ ਇੰਚਾਰਜ ਸਬ ਇੰਸਪੈਕਟਰ ਸਤਿੰਦਰਪਾਲ ਸਿੰਘ ਵੱਲੋਂ ਅੱਜ ਰਾਤ ਪੁਲਿਸ ਚੌਂਕੀ ਵਿਖੇ ਹੀ ਆਪਣੇ ਆਪ ਨੂੰ ਕਥਿਤ ਗੋਲੀ ਮਾਰ ਕੇ ਖ਼ੁਦਕੁਸ਼ੀ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ......
ਦਿਨ ਚੜ੍ਹਨ ਤੋਂ ਪਹਿਲਾਂ ਹੀ ਉਮੀਦਵਾਰਾਂ ਦੀਆਂ ਬੂਥਾਂ ਤੋਂ ਬਾਹਰ ਲੱਗੀਆਂ ਲੰਮੀਆਂ ਕਤਾਰਾਂ
. . .  about 1 hour ago
ਬਾਘਾਪੁਰਾਣਾ, 19 ਦਸੰਬਰ (ਬਲਰਾਜ ਸਿੰਗਲਾ)- ਪੰਚਾਇਤੀ ਚੋਣਾਂ ਨੂੰ ਲੈ ਕੇ ਚੋਣਾਂ ਲੜਨ ਦੇ ਚਾਹਵਾਨਾਂ 'ਚੋਂ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਇਸ ਉਤਸ਼ਾਹ ਦੇ ਚੱਲਦਿਆਂ ਨਾਮਜ਼ਦਗੀ ਪੱਤਰ ਭਰਨ ਦੇ ਆਖ਼ਰੀ ਦਿਨ ਨਗਰ ਕੌਂਸਲ ਬਾਘਾ ਪੁਰਾਣਾ ਅਤੇ ਮਾਰਕੀਟ .....
ਦੇਸ਼ ਦੇ 8.50 ਲੱਖ ਕੈਮਿਸਟਾਂ ਵਲੋਂ 8 ਜਨਵਰੀ ਤੋਂ ਈ. ਫਾਰਮੇਸੀ ਵਿਰੁੱਧ ਹੱਲਾ ਬੋਲਣ ਦਾ ਐਲਾਨ
. . .  about 1 hour ago
ਸੰਗਰੂਰ, 19 ਦਸੰਬਰ (ਧੀਰਜ ਪਸ਼ੋਰੀਆ)- ਆਲ ਇੰਡੀਆ ਕੈਮਿਸਟ ਐਸੋਸੀਏਸ਼ਨ ਦੇ ਜਨਰਲ ਸਕੱਤਰ ਸੁਰਿੰਦਰ ਦੁੱਗਲ ਅਤੇ ਸੀਨੀਅਰ ਆਗੂ ਰਾਜੀਵ ਜੈਨ ਨੇ ਦੱਸਿਆ ਕਿ ਦੇਸ਼ ਦੇ 8.50 ਲੱਖ ਕੈਮਿਸਟ 8 ਜਨਵਰੀ ਤੋਂ ਈ-ਫਾਰਮੇਸੀ ਵਿਰੁੱਧ ਹੱਲਾਂ ਬੋਲ ਮੁਹਿੰਮ ਦੀ...
ਹੋਰ ਖ਼ਬਰਾਂ..

ਬਾਲ ਸੰਸਾਰ

ਬੱਚਿਆਂ ਦੇ ਪ੍ਰਸਿੱਧ ਕਾਰਟੂਨ ਚਰਿੱਤਰ-18; ਛੋਟਾ ਭੀਮ

ਗਰੀਨ ਗੋਲਡ ਐਨੀਮੇਸ਼ਨ ਵਲੋਂ ਪੋਗੋ ਚੈਨਲ ਉਪਰ 2008 ਵਿਚ ਇਕ ਸੀਰੀਅਲ 'ਛੋਟਾ ਭੀਮ' ਦਾ ਨਿਰਮਾਣ ਕੀਤਾ ਗਿਆ ਸੀ। ਇਸ ਸੀਰੀਅਲ ਦੇ ਨਾਇਕ ਛੋਟਾ ਭੀਮ ਨੇ ਇਕ ਕਾਰਟੂਨ ਚਰਿੱਤਰ ਵਜੋਂ ਆਪਣੀ ਖ਼ਾਸ ਥਾਂ ਬਣਾਈ ਹੋਈ ਹੈ। ਇਹ ਇਕ ਹਸਾਉਣਾ ਅਤੇ ਮਜ਼ਾਕੀਆ ਸੁਭਾਅ ਵਾਲਾ ਪਾਤਰ ਹੈ, ਜੋ ਆਪਣੇ ਦੋਸਤਾਂ ਜੱਗੂ ਬਾਂਦਰ, ਰਾਜੂ, ਚੁਟਕੀ ਆਦਿ ਨਾਲ ਅਕਸਰ ਵਿਖਾਈ ਦਿੰਦਾ ਹੈ।
ਛੋਟਾ ਭੀਮ ਢੋਲਨਪੁਰ ਪ੍ਰਾਂਤ ਦਾ ਰਹਿਣ ਵਾਲਾ ਹੈ। ਉਹ ਆਪਣੇ ਵਿਰੋਧੀਆਂ, ਜਿਨ੍ਹਾਂ ਵਿਚ ਕਾਲੀਆ, ਕੀਚਕ, ਡਾਕੂ ਮੰਗਲ ਸਿੰਘ, ਢੋਲੂ, ਪੋਲੂ ਦੀਆਂ ਚਾਲਾਂ ਤੋਂ ਢੋਲਨਪੁਰ ਅਤੇ ਆਪਣੇ ਸਾਥੀਆਂ ਦੀ ਸੁਰੱਖਿਆ ਕਰਦਾ ਹੈ। ਇਹ ਪਾਤਰ ਇੰਨਾ ਸਮਝਦਾਰ ਅਤੇ ਤਾਕਤਵਰ ਹੈ ਕਿ ਆਪਣੇ ਤੋਂ ਵੱਡੀ ਉਮਰ ਦੇ ਪਾਤਰਾਂ ਦਾ ਡਟ ਕੇ ਮੁਕਾਬਲਾ ਕਰਦਾ ਹੈ ਅਤੇ ਉਨ੍ਹਾਂ ਨੂੰ ਮੂੰਹ ਦੀ ਖੁਆ ਦਿੰਦਾ ਹੈ। ਭਾਵੇਂ ਆਮ ਤੌਰ 'ਤੇ ਇਹ ਪਾਤਰ ਕੇਸਰੀ ਰੰਗ ਦੀ ਧੋਤੀ ਵਿਚ ਦਿਖਾਈ ਦਿੰਦਾ ਹੈ ਪਰ ਖਾਸ ਮੌਕਿਆਂ 'ਤੇ ਇਸ ਨੂੰ ਕੁੜਤੇ-ਪਜ਼ਾਮੇ ਵਿਚ ਵੀ ਵੇਖਿਆ ਜਾ ਸਕਦਾ ਹੈ। ਇਹ ਪਾਤਰ ਕੁਸ਼ਤੀ ਅਤੇ ਹੋਰ ਖੇਡਾਂ ਵਿਚ ਮਾਹਿਰ ਹੈ। ਅਨੇਕ ਫ਼ਿਲਮਾਂ ਅਤੇ ਐਨੀਮੇਸ਼ਨਜ਼ ਵਿਚ ਇਕ ਨਾਇਕ ਦੇ ਤੌਰ 'ਤੇ ਛੋਟਾ ਭੀਮ ਨਾ ਕੇਵਲ ਭਾਰਤ ਵਿਚ, ਸਗੋਂ ਗੁਆਂਢੀ ਦੇਸ਼ਾਂ ਵਿਚ ਵੀ ਕਾਫੀ ਹਰਮਨ ਪਿਆਰਾ ਹੈ। ਉਹਦਾ ਇਕੋ ਸੁਨੇਹਾ ਹੈ, 'ਜੀਓ ਅਤੇ ਜਿਊਣ ਦਿਓ।'

-ਪੰਜਾਬੀ ਯੂਨੀਵਰਸਿਟੀ ਕੈਂਪਸ, ਪਟਿਆਲਾ।
ਮੋਬਾ: 98144-23703
email : dsaasht@yahoo.co.in


ਖ਼ਬਰ ਸ਼ੇਅਰ ਕਰੋ

ਬਾਲ ਕਹਾਣੀ: ਸੁੱਚਾ ਮੋਤੀ

ਬੱਚਿਓ, ਇਕ ਵਾਰ ਦੀ ਗੱਲ ਹੈ ਇਕ ਕਿਸਾਨ ਹਰ ਰੋਜ਼ ਆਪਣੀ ਖੇਤੀ ਦਾ ਕੰਮ ਵਿਚਾਲੇ ਹੀ ਛੱਡ ਕੇ ਆਪਣੇ ਖੇਤ ਦੇ ਨਾਲ ਲਗਦੀ ਇਕ ਨਦੀ ਦੇ ਕਿਨਾਰੇ ਜਾ ਬੈਠਦਾ ਸੀ। ਅੱਜ ਦਾ ਕੰਮ ਕੱਲ੍ਹ 'ਤੇ ਛੱਡਣਾ ਉਸ ਦੀ ਸਭ ਤੋਂ ਵੱਡੀ ਕਮਜ਼ੋਰੀ ਸੀ, ਜੋ ਕਿ ਉਸ ਦੀ ਗਰੀਬੀ ਦਾ ਮੁੱਖ ਕਾਰਨ ਬਣਦੀ ਜਾ ਰਹੀ ਸੀ। ਇਕ ਦਿਨ ਆਪਣੀ ਗਰੀਬੀ ਤੋਂ ਦੁਖੀ ਹੋ ਕੇ ਉਹ ਨਦੀ ਦੇ ਕਿਨਾਰੇ ਬੈਠ ਕੇ ਉੱਚੀ-ਉੱਚੀ ਰੋਣ ਲੱਗਾ। ਤੁਰੰਤ ਹੀ ਨਦੀ ਦਾ ਦੇਵਤਾ ਉਸ ਦੀ ਆਵਾਜ਼ ਸੁਣ ਕੇ ਉਥੇ ਪ੍ਰਗਟ ਹੋਇਆ ਤੇ ਬੋਲਿਆ, 'ਪੁੱਤਰ, ਆਪਣੇ ਰੋਣ ਦਾ ਕਾਰਨ ਦੱਸ, ਮੈਂ ਤੇਰੀ ਮਦਦ ਕਰਾਂਗਾ।' ਜਦੋਂ ਕਿਸਾਨ ਨੇ ਆਪਣੀ ਸਾਰੀ ਕਹਾਣੀ ਦੱਸੀ ਤਾਂ ਦੇਵਤਾ ਨੇ ਉਸ ਨੂੰ ਇਕ ਸੁੱਚਾ ਮੋਤੀ ਦਿੱਤਾ ਅਤੇ ਕਿਹਾ, 'ਪੁੱਤਰਾ, ਇਹ ਸੁੱਚਾ ਮੋਤੀ ਆਪਣੇ ਖੇਤ ਵਿਚ ਅਨਾਜ ਦੇ ਨਾਲ ਹੀ ਬੀਜ ਦੇਵੀਂ ਤੇ ਫ਼ਸਲ ਦੀ ਤਰ੍ਹਾਂ ਹੀ ਸਿੰਚਾਈ ਕਰੀਂ। ਮੈਂ ਛੇ ਮਹੀਨੇ ਬਾਅਦ ਆਪਣਾ ਸੁੱਚਾ ਮੋਤੀ ਵਾਪਸ ਲੈ ਜਾਵਾਂਗਾ। ਪਰ ਜਿਥੇ ਮੋਤੀ ਬੀਜੇਂਗਾ, ਉਥੇ ਇਕ ਨਿਸ਼ਾਨੀ ਰੱਖ ਦੇਵੀਂ, ਤਾਂ ਕਿ ਤੂੰ ਮੈਨੂੰ ਮੋਤੀ ਵਾਪਸ ਕਰ ਸਕੇਂ। ਇਸ ਯੋਜਨਾ ਅਨੁਸਾਰ ਤੇਰੇ ਕੋਲ ਇਸ ਸੁੱਚੇ ਮੋਤੀ ਜਿਹੇ ਲੱਖਾਂ ਮੋਤੀ ਹੋਣਗੇ। ਉਨ੍ਹਾਂ ਮੋਤੀਆਂ ਨੂੰ ਵੇਚ ਕੇ ਤੂੰ ਪੈਸੇ ਕਮਾ ਸਕੇਂਗਾ।'
ਕਿਸਾਨ ਨੇ ਲਾਲਚ ਵਿਚ ਆ ਕੇ ਉਵੇਂ ਹੀ ਕੀਤਾ, ਜਿਵੇਂ ਦੇਵਤਾ ਨੇ ਦੱਸਿਆ। ਉਹ ਖੇਤ ਦੀ ਦੇਖਭਾਲ ਕਰਨ ਲੱਗਾ। ਜਦੋਂ ਫ਼ਸਲ ਪੱਕ ਗਈ ਤਾਂ ਕਿਸਾਨ ਉਦਾਸ ਹੋ ਕੇ ਉਸੇ ਨਦੀ ਕਿਨਾਰੇ ਬੈਠ ਕੇ ਰੋਣ ਲੱਗਾ। ਫਿਰ ਦੇਵਤਾ ਪ੍ਰਗਟ ਹੋਏ। ਕਿਸਾਨ ਤੋਂ ਦੁਖੀ ਹੋਣ ਦਾ ਕਾਰਨ ਪੁੱਛਿਆ ਤਾਂ ਕਿਸਾਨ ਨੇ ਕਿਹਾ, 'ਮੈਂ ਤੁਹਾਡੇ ਕਹੇ ਅਨੁਸਾਰ ਉਵੇਂ ਹੀ ਕੀਤਾ ਜਿਵੇਂ ਤੁਸੀਂ ਕਿਹਾ ਸੀ। ਪਰ ਇਥੇ ਤਾਂ ਉਹ ਹੀ ਫ਼ਸਲ ਉੱਗੀ ਜੋ ਮੈਂ ਬੀਜੀ ਸੀ, ਪਰ ਸੁੱਚੇ ਮੋਤੀ ਨਹੀਂ ਉੱਗੇ।
ਦੇਵਤਾ ਜ਼ੋਰ ਨਾਲ ਹੱਸਿਆ ਤੇ ਕਿਹਾ, 'ਪੁੱਤਰਾ, ਅਸਲ ਵਿਚ ਸੁੱਚੇ ਮੋਤੀ ਤਾਂ ਉਹ ਫ਼ਸਲ ਹੀ ਹੈ, ਜੋ ਤੂੰ ਬੀਜੀ ਹੈ। ਹੁਣ ਤੂੰ ਇਸ ਅਨਾਜ ਨੂੰ ਵੇਚ ਕੇ ਆਪਣੀ ਗਰੀਬੀ ਨੂੰ ਦੂਰ ਕਰ ਸਕਦਾ ਹੈਂ। ਮਿਹਨਤ ਕਦੇ ਵਿਅਰਥ ਨਹੀਂ ਜਾਂਦੀ। ਇਸ ਦਾ ਸੁੱਚੇ ਮੋਤੀ ਜਿਹਾ ਫਲ ਜ਼ਰੂਰ ਮਿਲਦਾ ਹੈ। ਹੁਣ ਕਿਸਾਨ ਵੀ ਸਮਝ ਚੁੱਕਾ ਸੀ ਕਿ ਜੇਕਰ ਮੈਂ ਆਲਸ ਤੋਂ ਦੂਰ ਰਹਿ ਕੇ ਮਿਹਨਤ ਕਰਦਾ ਤਾਂ ਗਰੀਬੀ ਮੈਨੂੰ ਛੂਹ ਵੀ ਨਾ ਸਕਦੀ। ਮਿਹਨਤ ਵੀ ਇਕ ਸੁੱਚੇ ਮੋਤੀ ਦੀ ਤਰ੍ਹਾਂ ਹੈ, ਜਿਸ ਦੀ ਚਮਕ ਹਮੇਸ਼ਾ ਰਹਿੰਦੀ ਹੈ। ਮਿਹਨਤ ਸਭ ਤੋਂ ਵੱਡੀ ਕਮਾਈ ਹੈ।

-ਰੀਤੂ ਨਾਗੀ,
ਮਹਾਂਵੀਰ ਇੰਸਟੀਚਿਊਟ, ਈਸ਼ਵਰ ਨਗਰ, ਨੇੜੇ ਸਰਕਾਰੀ ਟਿਊਬਵੈੱਲ, ਕਾਲਾ ਸੰਘਾ ਰੋਡ, ਜਲੰਧਰ।

ਡਬਲ ਰੋਟੀ ਦੀ ਸ਼ੁਰੂਆਤ

ਬੱਚਿਓ, ਸ਼ਹਿਰੀ ਲੋਕਾਂ ਦੇ ਨਾਸ਼ਤੇ 'ਚ ਡਬਲ ਰੋਟੀ ਖਾਸ ਥਾਂ ਰੱਖਦੀ ਹੈ। ਰੂਸ ਦੇ ਲੋਕਾਂ ਦਾ ਭੋਜਨ ਹੀ ਡਬਲ ਰੋਟੀ ਹੈ। ਅੱਜ ਪੂਰੀ ਦੁਨੀਆ ਵਿਚ ਇਹ ਲੋਕਾਂ ਦਾ ਮਨਪਸੰਦ ਭੋਜਨ ਬਣ ਚੁੱਕੀ ਹੈ। ਇਸ ਦੀ ਸ਼ੁਰੂਆਤ ਕਿਵੇਂ ਹੋਈ? ਇਹ ਸ਼ਾਇਦ ਤੁਸੀਂ ਨਹੀਂ ਜਾਣਦੇ। ਜਰਮਨੀ ਦਾ ਇਕ ਰੋਟੀ ਮਿਊਜ਼ੀਅਮ ਹੈ। ਇਥੇ ਕਈ ਆਕਾਰ ਦੀਆਂ ਅਤੇ ਵੱਖ-ਵੱਖ ਸਵਾਦ ਦੀਆਂ ਡਬਲ ਰੋਟੀਆਂ ਰੱਖੀਆਂ ਗਈਆਂ ਹਨ। ਇਨ੍ਹਾਂ ਡਬਲ ਰੋਟੀਆਂ ਤੋਂ ਪਤਾ ਲਗਦਾ ਹੈ ਕਿ ਡਬਲ ਰੋਟੀ ਦਾ ਇਤਿਹਾਸ ਕੋਈ 5000 ਸਾਲ ਪੁਰਾਣਾ ਹੈ।
ਦਸਤਾਵੇਜ਼ਾਂ ਦੇ ਮੁਤਾਬਿਕ ਈਸਾ ਤੋਂ ਕਰੀਬ 3000 ਸਾਲ ਪਹਿਲਾਂ ਲੋਕਾਂ ਨੇ ਡਬਲ ਰੋਟੀ ਖਾਣੀ ਸ਼ੁਰੂ ਕੀਤੀ ਸੀ। ਦੱਸਿਆ ਜਾਂਦਾ ਹੈ ਕਿ ਮਿਸਰ ਦੇ ਰਾਜ ਘਰਾਣੇ 'ਚ ਸਭ ਤੋਂ ਪਹਿਲਾਂ ਡਬਲ ਰੋਟੀ ਦਾ ਪ੍ਰਚਲਣ ਸ਼ੁਰੂ ਹੋਇਆ। ਕਿਸ ਤਰ੍ਹਾਂ ਸ਼ੁਰੂ ਹੋਇਆ, ਇਹ ਕਿੱਸਾ ਵੀ ਬਹੁਤ ਦਿਲਚਸਪ ਹੈ। ਹੋਇਆ ਇਸ ਤਰ੍ਹਾਂ ਕਿ ਇਕ ਵਾਰੀ ਇਕ ਕੁੱਕ ਨੇ ਭੁੱਲ ਵਜੋਂ ਰਾਤੀਂ ਗੁੰਨ੍ਹੇ ਹੋਏ ਬੇਹੇ ਆਟੇ ਦੀ ਰੋਟੀ ਬਣਾ ਕੇ ਰਾਜ ਘਰਾਣੇ ਦੇ ਲੋਕਾਂ ਨੂੰ ਪੇਸ਼ ਕਰ ਦਿੱਤੀ ਅਤੇ ਰਾਜ ਘਰਾਣੇ ਦੇ ਲੋਕਾਂ ਨੂੰ ਇਹ ਫੁੱਲੀ ਹੋਈ ਰੋਟੀ ਬਹੁਤ ਸੁਆਦਲੀ ਲੱਗੀ। ਉਨ੍ਹਾਂ ਕੁੱਕ ਦੀ ਤਾਰੀਫ਼ ਕਰਦੇ ਹੋਏ ਰੋਜ਼ਾਨਾ ਅਜਿਹੀਆਂ ਰੋਟੀਆਂ ਬਣਾਉਣ ਲਈ ਕਿਹਾ। ਇਸ ਤਰ੍ਹਾਂ ਡਬਲ ਰੋਟੀ ਹੋਂਦ ਵਿਚ ਆਈ। ਥੋੜ੍ਹੇ ਦਿਨਾਂ ਵਿਚ ਇਹ ਗੱਲ ਦੂਜੇ ਲੋਕਾਂ ਤੱਕ ਵੀ ਪੁੱਜ ਗਈ ਅਤੇ ਸਾਰਿਆਂ ਨੇ ਇਹੀ ਰੋਟੀ ਖਾਣੀ ਸ਼ੁਰੂ ਕਰ ਦਿੱਤੀ। ਬਾਅਦ ਵਿਚ ਇਸ ਨੂੰ ਡਬਲ ਰੋਟੀ ਦਾ ਨਾਂਅ ਦਿੱਤਾ ਗਿਆ ਅਤੇ ਆਟੇ 'ਚੋਂ ਖਮੀਰ ਚੁੱਕ ਕੇ ਤਰ੍ਹਾਂ-ਤਰ੍ਹਾਂ ਦੀਆਂ ਨਮਕੀਨ ਅਤੇ ਮਿੱਠੀਆਂ ਡਬਲ ਰੋਟੀਆਂ ਬਣਨ ਲੱਗੀਆਂ।
ਇਕ ਸਮਾਂ ਅਜਿਹਾ ਆਇਆ ਕਿ ਡਬਲ ਰੋਟੀ ਨੂੰ ਲੋਕੀਂ ਪ੍ਰਾਹੁਣਚਾਰੀ ਦੀ ਸ਼ਾਨ ਸਮਝਣ ਲੱਗੇ। ਅੱਜ ਹਾਲਾਤ ਇਹ ਹਨ ਕਿ ਦੁਨੀਆ ਦੇ ਕੋਨੇ-ਕੋਨੇ 'ਚ ਡਬਲ ਰੋਟੀ ਇਸਤੇਮਾਲ ਹੋ ਰਹੀ ਹੈ।
ਡਬਲ ਰੋਟੀ ਬਣਾਉਣ ਸਮੇਂ ਆਟੇ ਨੂੰ ਖਮੀਰ ਕੀਤਾ ਜਾਂਦਾ ਹੈ ਅਤੇ ਇਸ ਦੀਆਂ ਲੋਈਆਂ ਬਣਾ ਕੇ ਮਨਚਾਹੇ ਆਕਾਰ ਵਿਚ ਵੇਲ ਲਿਆ ਜਾਂਦਾ ਹੈ। ਫਿਰ ਇਨ੍ਹਾਂ ਨੂੰ ਭੱਠੀ ਜਾਂ ਓਵਨ ਵਿਚ ਸੇਕਿਆ ਜਾਂਦਾ ਹੈ। ਡਬਲ ਰੋਟੀ ਸੇਕਦੇ ਸਮੇਂ ਇਸ ਵਿਚੋਂ ਬੁਲਬੁਲੇ ਉਠਦੇ ਹਨ। ਇਨ੍ਹਾਂ ਬੁਲਬੁਲਿਆਂ ਕਾਰਨ ਹੀ ਡਬਲ ਰੋਟੀ ਫੁੱਲ ਕੇ ਮੋਟੀ ਹੋ ਜਾਂਦੀ ਹੈ ਅਤੇ ਇਸ ਵਿਚ ਛੇਕ ਹੋ ਜਾਂਦੇ ਹਨ।
ਦੁਨੀਆ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਡਬਲ ਰੋਟੀ 382.9 ਮੀਟਰ ਲੰਬੀ ਹੈ। ਇਸ ਨੂੰ ਅਮਰੀਕਾ 'ਚ ਰਹਿਣ ਵਾਲੇ ਇਕ ਇਆਨ ਬੁੱਸ਼ ਨਾਂਅ ਦੇ ਕੁੱਕ ਨੇ ਤਿਆਰ ਕੀਤਾ ਸੀ। 1982 'ਚ ਬਣੀ ਇਸ ਡਬਲ ਰੋਟੀ ਨੂੰ ਕੱਚੇ ਕੋਲਿਆਂ ਦੇ ਖੁੱਲ੍ਹੇ ਭੱਠ ਵਿਚ ਪਕਾਇਆ ਗਿਆ ਸੀ। 'ਗਿੰਨੀਜ਼ ਬੁੱਕ ਆਫ਼ ਵਰਲਡ ਰਿਕਾਰਡਸ' 'ਚ ਇਸ ਡਬਲ ਰੋਟੀ ਨੂੰ ਸ਼ਾਮਿਲ ਕੀਤਾ ਗਿਆ ਹੈ।

-ਪਿੰਡ ਤੇ ਡਾਕ: ਖੋਸਾ ਪਾਂਡੋ (ਮੋਗਾ)-142048

ਤੁਰਨ ਸਮੇਂ ਬਾਹਾਂ ਕਿਉਂ ਹਿਲਾਉਂਦੇ ਹਾਂ?

ਬੱਚਿਓ, ਮਨੁੱਖ ਦੇ ਲੱਤਾਂ ਹੁੰਦੀਆਂ ਹਨ। ਲੱਤ ਦੇ ਸਿਰੇ 'ਤੇ ਇਕ ਪੈਰ ਹੁੰਦਾ ਹੈ। ਪੈਰ ਲੰਬਾ ਅਤੇ ਚਪਟਾ ਹੁੰਦਾ ਹੈ। ਪੈਰ ਤੁਰਨ ਸਮੇਂ ਮਨੁੱਖ ਦੇ ਭਾਰ ਨੂੰ ਸਹਾਰਦੇ ਹਨ। ਮਨੁੱਖ ਦੀਆਂ ਦੋ ਬਾਹਾਂ ਹੁੰਦੀਆਂ ਹਨ। ਬਾਹਾਂ ਅਸਾਨੀ ਨਾਲ ਅੱਗੇ-ਪਿੱਛੇ ਗਤੀ ਕਰ ਸਕਦੀਆਂ ਹਨ। ਮਨੁੱਖ ਇਕ ਅਜਿਹਾ ਜੀਵ ਹੈ, ਜਿਹੜਾ ਦੋ ਲੱਤਾਂ 'ਤੇ ਤੁਰ ਸਕਦਾ ਹੈ।
ਜਦੋਂ ਅਸੀਂ ਸੱਜੀ ਲੱਤ ਨੂੰ ਅੱਗੇ ਵੱਲ ਲੈ ਕੇ ਜਾਂਦੇ ਹਾਂ ਤਾਂ ਸੱਜੀ ਬਾਂਹ ਆਪਣੇ-ਆਪ ਪਿੱਛੇ ਵੱਲ ਨੂੰ ਗਤੀ ਕਰਦੀ ਹੈ। ਉਸੇ ਸਮੇਂ ਖੱਬੀ ਬਾਂਹ ਅੱਗੇ ਵੱਲ ਨੂੰ ਗਤੀ ਕਰਦੀ ਹੈ। ਜਦੋਂ ਖੱਬੀ ਲੱਤ ਅੱਗੇ ਵੱਲ ਜਾਂਦੀ ਹੈ ਤਾਂ ਖੱਬੀ ਬਾਂਹ ਪਿੱਛੇ ਵੱਲ ਗਤੀ ਕਰਦੀ ਹੈ ਅਤੇ ਸੱਜੀ ਬਾਂਹ ਅੱਗੇ ਵੱਲ ਗਤੀ ਕਰਦੀ ਹੈ। ਇਸ ਤਰ੍ਹਾਂ ਬਾਹਾਂ ਤੁਰਨ ਸਮੇਂ ਹਰ ਵਾਰ ਅੱਗੇ-ਪਿੱਛੇ ਜਾਂਦੀਆਂ ਹਨ। ਜੇ ਬਾਹਾਂ ਨੂੰ ਨਾ ਹਿਲਾਇਆ ਜਾਵੇ ਤਾਂ ਸਰੀਰ ਨੂੰ ਤੁਰਨ ਸਮੇਂ 12 ਫੀਸਦੀ ਵਾਧੂ ਊਰਜਾ ਦੀ ਵਰਤੋਂ ਕਰਨੀ ਪਵੇਗੀ। ਮਨੁੱਖ ਬਾਂਹ ਨੂੰ ਤੁਰਨ ਸਮੇਂ ਪੈਦਾ ਹੋਈ ਚੱਕਰਗਤੀ ਨੂੰ ਸੰਤੁਲਨ ਵਿਚ ਰੱਖਣ ਲਈ ਅਤੇ ਸਰੀਰ ਦੇ ਕੋਨੀ ਵੇਗ ਨੂੰ ਘੱਟ ਕਰਨ ਲਈ ਲੱਤ ਦੇ ਉਲਟ ਦਿਸ਼ਾ ਵਿਚ ਹਿਲਾਉਂਦਾ ਹੈ। ਬਾਂਹਾਂ ਮਨੁੱਖ ਦੀ ਤੁਰਨ, ਦੌੜਨ ਅਤੇ ਛਲਾਂਗ ਮਾਰਨ ਵਿਚ ਸਹਾਇਤਾ ਕਰਦੀਆਂ ਹਨ। ਮਨੁੱਖ ਬਾਂਹ ਹਿਲਾਉਣ ਤੋਂ ਬਿਨਾਂ ਅਸਾਨੀ ਨਾਲ ਤੁਰ ਨਹੀਂ ਸਕਦਾ।

-ਕਰਨੈਲ ਸਿੰਘ ਰਾਮਗੜ੍ਹ,
ਸਾਇੰਸ ਮਾਸਟਰ, ਖ਼ਾਲਸਾ ਸਕੂਲ, ਖੰਨਾ। ਮੋਬਾ: 79864-99563

ਬੁਝਾਰਤਾਂ

1. ਗਾਂ ਦਾ ਦੁੱਧ ਚੋਣ ਸਮੇਂ ਗਾਂ ਨੂੰ ਹਿੱਲਣ ਤੋਂ ਰੋਕਣ ਲਈ ਉਸ ਦੀਆਂ ਪਿਛਲੀਆਂ ਲੱਤਾਂ ਵਿਚ ਬੰਨ੍ਹੇ ਰੱਸੇ ਨੂੰ ਕੀ ਕਹਿੰਦੇ ਹਨ?
2. ਫਸਲਾਂ ਦੀ ਰਾਖੀ ਲਈ ਫਸਲਾਂ ਦੇ ਵਿਚ ਲੱਕੜ ਦੀਆਂ ਬੱਲੀਆਂ ਗੱਡ ਕੇ ਬਣਾਈ ਉੱਚੀ ਥਾਂ ਨੂੰ ਕੀ ਕਹਿੰਦੇ ਹਨ?
3. ਉਹ ਕਿਹੜਾ ਸੂਆਂ ਹੈ, ਜਿਸ ਵਿਚ ਇਕ ਵੀ ਬੂੰਦ ਪਾਣੀ ਦੀ ਨਹੀਂ ਹੁੰਦੀ?
4. ਭੁੰਨੇ ਹੋਏ ਜੌਆਂ ਨੂੰ ਕੀ ਕਹਿੰਦੇ ਹਨ?
5. ਬਾਂਸ ਦੀ ਪੰਜ-ਛੇ ਕੁ ਫੁੱਟ ਲੰਮੀ ਸੋਟੀ ਨੂੰ ਕੀ ਕਹਿੰਦੇ ਹਨ?
6. ਤੂਤ ਦੇ ਦਾਣੇਦਾਰ ਫਲ ਨੂੰ ਕੀ ਕਹਿੰਦੇ ਹਨ?
7. ਜਾਗੋ ਕੋਣ ਕੱਢਦੀਆਂ ਹੁੰਦੀਆਂ ਹਨ?
8. ਬੱਚਿਆਂ ਦੇ ਤੁਰਨਾ ਸਿੱਖਣ ਵਾਲੀ ਨਿੱਕੀ ਜਿਹੀ ਲੱਕੜ ਦੀ ਗੱਡੀ ਨੂੰ ਕੀ ਕਹਿੰਦੇ ਹਨ?
9. ਭੇਡਾਂ-ਬੱਕਰੀਆਂ ਦੇ ਇਕੱਠ ਨੂੰ ਕੀ ਕਹਿੰਦੇ ਹਨ?
10. ਹਲ ਜੋੜਨ ਸਮੇਂ ਊਠ ਦੀ ਪਿੱਠ ਉੱਪਰ ਲੱਕੜ, ਰੱਸੇ, ਰੱਸੀਆਂ ਤੇ ਨਮਾਰ ਦੇ ਬਣਾ ਕੇ ਪਾਏ ਢਾਂਚੇ ਨੂੰ ਕੀ ਕਹਿੰਦੇ ਹਨ?
ਉੱਤਰ : (1) ਨਿਆਣਾ, (2) ਮਨ੍ਹਾ, (3) ਬੋਰੀਆਂ ਸੀਣ ਵਾਲਾ ਸੂਆਂ,(4) ਘਾਟ, (5) ਡਾਂਗ, (6) ਤੂਤੀਆਂ, (7) ਨਾਨਕੀਆਂ, (8) ਗਡੀਰਾ, (9) ਇੱਜੜ, (10) ਬੀਂਡੀ।

-ਤਸਵਿੰਦਰ ਸਿੰਘ ਬੜੈਚ
ਪਿੰਡ ਦੀਵਾਲਾ, ਤਹਿ: ਸਮਰਾਲਾ, ਜ਼ਿਲ੍ਹਾ ਲੁਧਿਆਣਾ।
ਮੋਬਾ : 98763-22677.

ਬਾਲ ਕਵਿਤਾ: ਬਿਜਲੀ ਦਾ ਬਲਬ

ਨਿੱਕਾ ਜਿਹਾ ਬਿਜਲੀ ਦਾ ਬਲਬ,
ਚਾਨਣ ਖੂਬ ਬਿਖੇਰੇ।
ਆਥਣ ਵੇਲੇ ਜਦ ਜਗਾਈਏ,
ਦੂਰ ਭਜਾਉਂਦਾ ਨ੍ਹੇਰੇ।
ਬੱਲਬ ਦੇ ਚਾਨਣ ਵਿਚ ਬੈਠ,
ਬੱਚੇ ਕਰਨ ਤਿਆਰੀ।
ਦੇਰ ਰਾਤ ਤੱਕ ਪੜ੍ਹਦੇ ਰਹਿੰਦੇ,
ਪ੍ਰੀਖਿਆ ਦੀ ਆਈ ਵਾਰੀ।
ਫਜ਼ੂਲ ਬੱਲਬ ਨਾ ਜਗੇ,
ਛੱਡ ਦੇਈਏ ਲਾਪ੍ਰਵਾਹੀ।
ਬਿਜਲੀ ਦੀ ਬਰਬਾਦੀ ਹੋਵੇ,
ਧਨ ਦੀ ਹੋਵੇ ਤਬਾਹੀ।

-ਹਰਿੰਦਰ ਸਿੰਘ ਗੋਗਨਾ,
ਪ੍ਰੀਖਿਆ ਸ਼ਾਖਾ, ਪੰਜਾਬੀ ਯੂਨੀਵਰਸਿਟੀ, ਪਟਿਆਲਾ। ਮੋਬਾ: 98723-25960

ਬਾਲ ਸਾਹਿਤ

ਬਾਲਾਂ ਦੀ ਉਸਾਰੂ ਸਿਰਜਣਾ
ਸੰਪਰਕ : 99151-03490

ਪੰਜਾਬੀ ਬਾਲ ਸਾਹਿਤ ਲਈ ਇਹ ਗੌਰਵ ਵਾਲੀ ਗੱਲ ਹੈ ਕਿ ਅਜੋਕੇ ਸਮੇਂ ਵਿਚ ਵੱਖ-ਵੱਖ ਸਕੂਲਾਂ ਦੇ ਹੋਣਹਾਰ ਵਿਦਿਆਰਥੀਆਂ ਦੀਆਂ ਪੁਸਤਕਾਂ ਵੀ ਛਪਣ ਲੱਗ ਪਈਆਂ ਹਨ। ਇਸ ਹਵਾਲੇ ਨਾਲ ਕੁਝ ਨਵੀਆਂ ਛਪੀਆਂ ਪੁਸਤਕਾਂ ਵਿਸ਼ੇਸ਼ ਉਲੇਖ ਦੀ ਮੰਗ ਕਰਦੀਆਂ ਹਨ।
ਪਹਿਲੀ ਪੁਸਤਕ 'ਜਾਦੂਈ ਸਿਤਾਰ' ਹੈ, ਜੋ ਨੌਵੀਂ ਜਮਾਤ ਦੀ ਵਿਦਿਆਰਥਣ ਰਜਨੀ ਰਾਣੀ ਦੁਆਰਾ ਲਿਖੀ ਗਈ ਹੈ। ਇਸ ਪੁਸਤਕ ਵਿਚਲੀਆਂ ਕਹਾਣੀਆਂ ਵਿਚੋਂ 'ਚੂਹੀ ਦਾ ਪਰਿਵਾਰ', 'ਹਾਥੀ ਤੇ ਕੀੜੀ ਦੀ ਦੋਸਤੀ', 'ਉੱਲੂ ਬਣਿਆ ਮੰਤਰੀ' ਅਤੇ 'ਮੋਰਨੀ ਨੂੰ ਮਿਲਿਆ ਸਬਕ' ਕਹਾਣੀਆਂ ਜੀਵ-ਜੰਤੂਆਂ ਰਾਹੀਂ ਮਨੁੱਖੀ ਸੁਭਾਅ ਨੂੰ ਪ੍ਰਗਟ ਕਰਦੀਆਂ ਹਨ। 'ਕਿੱਥੇ ਗਿਆ ਪੰਜਾਬ ਪੁਰਾਣਾ' ਕਹਾਣੀ ਪੰਜਾਬ ਦੀ ਮੁੱਲਵਾਨ ਵਿਰਾਸਤ ਨੂੰ ਯਾਦ ਕਰਵਾਉਂਦੀ ਹੈ। ਬਾਕੀ ਕਹਾਣੀਆਂ ਵੀ ਆਪੋ-ਆਪਣੇ ਵਿਸ਼ਿਆਂ ਦਾ ਸਾਰਥਿਕ ਸੰਚਾਰ ਕਰਦੀਆਂ ਹਨ। ਇਸ ਪੁਸਤਕ ਦੀ ਕੀਮਤ 60 ਰੁਪਏ ਹੈ ਅਤੇ ਕੁੱਲ ਪੰਨੇ 32 ਹਨ।
'ਦੋ ਸਹੇਲੀਆਂ' ਸੱਤਵੀਂ ਜਮਾਤ ਦੀ ਵਿਦਿਆਰਥਣ ਕਿਰਨਦੀਪ ਕੌਰ ਦੀ ਪੁਸਤਕ ਹੈ। ਇਸ ਵਿਚ ਛੋਟੇ ਆਕਾਰ ਦੀਆਂ ਕਹਾਣੀਆਂ ਸ਼ਾਮਿਲ ਹਨ। ਇਹ ਜਨੌਰਾਂ ਅਤੇ ਮਨੁੱਖੀ ਪਾਤਰਾਂ ਨਾਲ ਸਬੰਧਤ ਹਨ। 'ਰੁੱਖ ਅਤੇ ਮਨੁੱਖ' ਅਤੇ 'ਧਰਤੀ ਵਾਲੀ ਬੁਝਾਰਤ' ਮਨੁੱਖ ਨੂੰ ਕੁਦਰਤੀ ਵਾਤਾਵਰਨ ਬਚਾਉਣ ਲਈ ਪ੍ਰੇਰਨਾ ਦੇਣ ਵਾਲੀਆਂ ਕਹਾਣੀਆਂ ਹਨ। ਇਨ੍ਹਾਂ ਕਹਾਣੀਆਂ ਦੁਆਰਾ ਨੈਤਿਕ ਜੀਵਨ ਮੁੱਲਾਂ ਦੀ ਉਸਾਰੀ ਦੇ ਸੁਨੇਹੇ ਮਿਲਦੇ ਹਨ। ਪਾਤਰਾਂ ਦੀ ਭਾਸ਼ਾ ਉਨ੍ਹਾਂ ਦੇ ਸੁਭਾਅ ਦੇ ਅਨੁਕੂਲ ਹੈ। 24 ਪੰਨਿਆਂ ਵਾਲੀ ਇਸ ਪੁਸਤਕ ਦੀ ਕੀਮਤ 60 ਰੁਪਏ ਜ਼ਿਆਦਾ ਹੈ। ਇਨ੍ਹਾਂ ਦੋਵਾਂ ਪੁਸਤਕਾਂ ਦੇ ਚਿੱਤਰ ਨੌਵੀਂ ਜਮਾਤ ਦੀ ਚਿੱਤਰਕਾਰ ਵਿਦਿਆਰਥਣ ਫ਼ਰੀਦਾ ਵਲੋਂ ਬਣਾਏ ਗਏ ਹਨ।
ਤੀਜੀ ਪੁਸਤਕ 'ਜੰਗਲ ਵਿਚ ਮੇਲਾ' ਸੱਤਵੀਂ ਜਮਾਤ ਦੀ ਵਿਦਿਆਰਥਣ ਕਿਰਨਦੀਪ ਕੌਰ ਦੁਆਰਾ ਲਿਖੀ ਹੋਈ ਹੈ। ਇਸ ਪੁਸਤਕ ਵਿਚ ਨਿੱਕੀਆਂ-ਨਿੱਕੀਆਂ ਹਸਾਉਣੀਆਂ ਕਵਿਤਾਵਾਂ ਸ਼ਾਮਿਲ ਹਨ। 'ਪਿਆਰੀ ਤਿਤਲੀ', 'ਜੈ ਜਵਾਨ ਜੈ ਕਿਸਾਨ', 'ਪੰਛੀ ਰੰਗ ਰੰਗੀਲੇ', 'ਰੱਬਾ ਮੈਨੂੰ ਚਿੱਠੀ ਪਾ' ਅਤੇ 'ਧੀ ਸਿਰ ਦਾ ਤਾਜ' ਆਦਿ ਕਵਿਤਾਵਾਂ ਧੀਆਂ ਅਤੇ ਆਲੇ-ਦੁਆਲੇ ਪ੍ਰਤੀ ਚੇਤਨਾ ਦਾ ਅਹਿਸਾਸ ਵੀ ਪੈਦਾ ਕਰਦੀਆਂ ਹਨ। ਪੰਜਵੀਂ ਜਮਾਤ ਦੇ ਵਿਦਿਆਰਥੀ ਮਹਿਕਪ੍ਰੀਤ ਸਿੰਘ ਨੇ ਚਿੱਤਰ ਸਿਰਜੇ ਹਨ। ਇਸ ਪੁਸਤਕ ਦੀ ਕੀਮਤ ਵੀ 60 ਰੁਪਏ ਹੈ ਅਤੇ ਕੁੱਲ ਪੰਨੇ 32 ਹਨ।

ਇਹ ਪੁਸਤਕਾਂ ਸੰਗਮ ਪਬਲੀਕੇਸ਼ਨਜ਼, ਸਮਾਣਾ ਵਲੋਂ ਛਾਪੀਆਂ ਗਈਆਂ ਹਨ।
-ਦਰਸ਼ਨ ਸਿੰਘ

ਅਨਮੋਲ ਬਚਨ

* ਕਦੇ ਵੀ ਆਪਣੇ-ਆਪ 'ਤੇ ਘੁਮੰਡ ਨਾ ਕਰੋ, ਕਿਉਂਕਿ ਅਖੀਰ ਵਿਚ ਅਸੀਂ ਮਿੱਟੀ ਵਿਚ ਮਿਲ ਜਾਣਾ ਹੈ ਤੇ ਫਿਰ ਇਹ ਪਛਾਣਨਾ ਵੀ ਮੁਸ਼ਕਿਲ ਹੋ ਜਾਣਾ ਹੈ ਕਿ ਇਹ ਮਿੱਟੀ ਕਿਸ ਦੀ ਹੈ
* ਔਰਤ ਸਾਰੀ ਦੁਨੀਆ ਨਾਲ ਲੜ ਸਕਦੀ ਹੈ ਜੇਕਰ ਉਸ ਦੇ ਪਤੀ ਦਾ ਸਾਥ ਹੋਵੇ।
* ਮਾਤਾ-ਪਿਤਾ ਦੀ ਸੇਵਾ ਤੋਂ ਵੱਡਾ ਹੋਰ ਕੋਈ ਤੀਰਥ ਨਹੀਂ।
* ਦੂਜਿਆਂ ਨਾਲ ਅਜਿਹਾ ਵਰਤਾਓ ਨਾ ਕਰੋ, ਜਿਸ ਦੀ ਆਸ ਤੁਸੀਂ ਆਪਣੇ ਲਈ ਨਹੀਂ ਰੱਖਦੇ।
* ਖੁਸ਼ੀ ਵਿਚ ਕਿਸੇ ਨੂੰ ਵਚਨ ਨਾ ਦਿਓ, ਦੁੱਖ ਵਿਚ ਕੋਈ ਫ਼ੈਸਲਾ ਨਾ ਕਰੋ ਤੇ ਗੁੱਸੇ ਵਿਚ ਬੋਲ ਨਾ ਬੋਲੋ।

-ਬਲਵਿੰਦਰ ਜੀਤ ਕੌਰ,
ਪਿੰਡ ਚੱਕਲਾਂ (ਰੂਪਨਗਰ)। ਮੋਬਾ: 94649-18164

ਬਾਲ ਨਾਵਲ-50: ਖੱਟੀਆਂ-ਮਿੱਠੀਆਂ ਗੋਲੀਆਂ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਸ਼ਿਕੰਜਵੀ ਪੀਂਦੇ-ਪੀਂਦੇ ਹੀ ਮੇਘਾ ਉੱਠੀ। ਉਸ ਨੇ ਅਲਮਾਰੀ ਖੋਲ੍ਹ ਕੇ ਇਕ ਲਿਫਾਫਾ ਕੱਢਿਆ। ਉਹ ਲਿਫਾਫਾ ਉਸ ਨੇ ਹਰੀਸ਼ ਦੀ ਝੋਲੀ ਵਿਚ ਰੱਖ ਦਿੱਤਾ। ਹਰੀਸ਼ ਅਤੇ ਸਿਧਾਰਥ ਦੋਵੇਂ ਵੱਡੇ ਸਾਰੇ ਲਿਫਾਫੇ ਨੂੰ ਦੇਖ ਕੇ ਹੈਰਾਨ ਹੋ ਗਏ। ਮੇਘਾ ਨੇ ਹਰੀਸ਼ ਨੂੰ ਸ਼ਿਕੰਜਵੀ ਖਤਮ ਕਰਨ ਤੋਂ ਬਾਅਦ ਲਿਫਾਫਾ ਖੋਲ੍ਹਣ ਲਈ ਕਿਹਾ। ਹਰੀਸ਼ ਨੇ ਜਦੋਂ ਲਿਫਾਫਾ ਖੋਲ੍ਹਿਆ ਤਾਂ ਉਸ ਵਿਚੋਂ ਬਹੁਤ ਵਧੀਆ ਕਿਸਮ ਦੀ ਰੈਡੀਮੇਡ ਕਮੀਜ਼ ਅਤੇ ਪੈਂਟ ਨਿਕਲੀ।
ਰੈਡੀਮੇਡ ਕਮੀਜ਼ ਅਤੇ ਪੈਂਟ ਦੇਖ ਕੇ ਹਰੀਸ਼ ਦੀਆਂ ਅੱਖਾਂ ਵਿਚ ਖੁਸ਼ੀ ਦੇ ਅੱਥਰੂ ਆ ਗਏ। ਉਸ ਨੇ ਆਪਣੀ ਉਮਰ ਵਿਚ ਕਦੇ ਵੀ ਐਨੇ ਵਧੀਆ ਕੱਪੜੇ ਅਤੇ ਉਹ ਵੀ ਰੈਡੀਮੇਡ ਨਹੀਂ ਸਨ ਪਾਏ। ਮੇਘਾ ਨੇ ਹਰੀਸ਼ ਨੂੰ ਕੱਪੜੇ ਪਾ ਕੇ ਦੇਖਣ ਨੂੰ ਕਿਹਾ ਤਾਂ ਜੋ ਉਸ ਨੂੰ ਪਤਾ ਲੱਗ ਜਾਵੇ ਕਿ ਕੱਪੜੇ ਉਸ ਨੂੰ ਪੂਰੇ ਆਏ ਹਨ ਜਾਂ ਨਹੀਂ।
ਹਰੀਸ਼ ਬਾਥਰੂਮ ਵਿਚ ਜਾ ਕੇ ਕੱਪੜੇ ਬਦਲ ਕੇ ਆ ਗਿਆ। ਕੱਪੜਿਆਂ ਦੀ ਫਿਟਿੰਗ ਉਸ ਨੂੰ ਐਨੀ ਵਧੀਆ ਆਈ ਸੀ ਕਿ ਜਿਵੇਂ ਮੇਚਾ ਦੇ ਕੇ ਕੱਪੜੇ ਸਿਲਵਾਏ ਹੋਣ। ਨਵੇਂ ਕੱਪੜੇ ਪਾ ਕੇ ਹਰੀਸ਼ ਦੀ ਸ਼ਕਲ-ਸੂਰਤ ਹੀ ਹੋਰ ਲੱਗ ਰਹੀ ਸੀ। ਇਕ ਤਾਂ ਉਹ ਹੈਗਾ ਹੀ ਸੋਹਣਾ-ਸੁਨੱਖਾ ਸੀ, ਦੂਜਾ ਵਧੀਆ ਕੰਪਨੀ ਦਾ ਵਧੀਆ ਕੱਪੜਾ ਅਤੇ ਤੀਜਾ ਫਿਟਿੰਗ ਕਮਾਲ ਦੀ। ਉਨ੍ਹਾਂ ਕੱਪੜਿਆਂ ਵਿਚ ਹਰੀਸ਼ ਕਿਸੇ ਬੜੇ ਉੱਚੇ ਖਾਨਦਾਨ ਦਾ ਬੱਚਾ ਲੱਗ ਰਿਹਾ ਸੀ।
ਸਿਧਾਰਥ ਨੂੰ ਇਸ ਵਕਤ ਦੁੱਗਣੀ ਖੁਸ਼ੀ ਹੋ ਰਹੀ ਸੀ। ਇਕ ਤਾਂ ਉਹ ਹਰੀਸ਼ ਨੂੰ ਨਵੇਂ ਕੱਪੜਿਆਂ ਵਿਚ ਖੁਸ਼ ਦੇਖ ਕੇ ਖੁਸ਼ ਹੋ ਰਿਹਾ ਸੀ ਅਤੇ ਦੂਜਾ ਉਸ ਨੂੰ ਇਸ ਤੋਂ ਵੀ ਜ਼ਿਆਦਾ ਖੁਸ਼ੀ ਹੋ ਰਹੀ ਸੀ, ਮੇਘਾ ਦੇ ਇਸ ਚੰਗੇ ਕੰਮ ਤੋਂ। ਉਸ ਨੂੰ ਪਤਾ ਸੀ ਕਿ ਮੇਘਾ, ਹਰੀਸ਼ ਦਾ ਹਰ ਤਰ੍ਹਾਂ ਨਾਲ ਧਿਆਨ ਰੱਖਦੀ ਹੈ ਪਰ ਕਦੇ-ਕਦੇ ਉਸ ਦੇ ਦਿਲ ਵਿਚ ਆਉਂਦਾ ਸੀ ਕਿ ਮੈਂ ਹਰੀਸ਼ ਨੂੰ ਚੁੱਪ-ਚੁਪੀਤੇ ਆਪਣੇ ਘਰ ਲੈ ਆਇਆ ਸਾਂ, ਮੇਘਾ ਇਸ ਨੂੰ ਕਿਸੇ ਵਕਤ ਬੋਝ ਨਾ ਸਮਝਣ ਲੱਗ ਪਵੇ। ਪਰ ਅੱਜ ਮੇਘਾ ਨੇ ਜੋ ਕੀਤਾ, ਉਸ ਨਾਲ ਉਸ ਦੇ ਦਿਲ ਵਿਚ ਜਿਹੜਾ ਸ਼ੱਕ ਸੀ, ਉਹ ਵੀ ਦੂਰ ਹੋ ਗਿਆ।
'ਹਰੀਸ਼, ਤੂੰ ਥੋੜ੍ਹੀ ਦੇਰ ਆਰਾਮ ਕਰਨਾ ਏਂ ਤਾਂ ਕਰ ਲੈ, ਫਿਰ ਤੂੰ ਮੂੰਹ-ਹੱਥ ਧੋ ਕੇ ਇਹੋ ਨਵੇਂ ਕੱਪੜੇ ਪਾ ਕੇ ਤਿਆਰ ਹੋ ਜਾਈਂ। ਅਸੀਂ ਰਾਤੀਂ ਅੱਠ ਕੁ ਵਜੇ ਸਾਰੇ ਬਾਹਰ ਚੱਲਾਂਗੇ। ਤੇਰੇ ਚੰਗੇ ਨੰਬਰ ਲੈ ਕੇ ਪਾਸ ਹੋਣ ਦੀ ਖੁਸ਼ੀ ਵਿਚ ਅੱਜ ਅਸੀਂ ਖਾਣਾ ਬਾਹਰ ਹੀ ਖਾਵਾਂਗੇ', ਮੇਘਾ ਨੇ ਹਰੀਸ਼ ਨੂੰ ਅੱਜ ਦਾ ਪ੍ਰੋਗਰਾਮ ਦੱਸਿਆ।
'ਦੀਦੀ, ਤੁਸੀਂ ਅੱਗੇ ਹੀ ਬਹੁਤ ਖੇਚਲ ਕੀਤੀ ਹੈ, ਖਾਣਾ ਘਰ ਹੀ ਖਾ ਲਵਾਂਗੇ', ਹਰੀਸ਼ ਅਹਿਸਾਨਾਂ ਦਾ ਬੋਝ ਮਹਿਸੂਸ ਕਰਦਾ ਹੋਇਆ ਬੋਲਿਆ।
'ਵਾਹ ਬਈ ਵਾਹ, ਨਾਲੇ ਤੂੰ ਦੀਦੀ ਕਹਿ ਰਿਹਾ ਏਂ ਤੇ ਨਾਲੇ ਤੂੰ ਨਾਂਹ-ਨੁੱਕਰ ਕਰ ਰਿਹਾ ਏਂ। ਅਸੀਂ ਤੇ ਬਈ ਅੱਜ ਤੇਰੇ ਚੰਗੇ ਨੰਬਰਾਂ ਵਿਚ ਪਾਸ ਹੋਣ ਦੀ ਖੁਸ਼ੀ ਵਿਚ ਪੂਰੀ ਪਾਰਟੀ ਕਰਨੀ ਏਂ', ਮੇਘਾ ਦੀ ਖੁਸ਼ੀ ਫੁੱਟ-ਫੁੱਟ ਪੈ ਰਹੀ ਸੀ, 'ਚੱਲ ਸ਼ਾਬਾਸ਼, ਥੋੜ੍ਹਾ ਆਰਾਮ ਕਰਕੇ ਫਰੈਸ਼ ਹੋ ਜਾ।'
ਹਰੀਸ਼ ਉੱਠ ਕੇ ਆਪਣੇ ਕਮਰੇ ਵਿਚ ਚੱਲਿਆ ਤਾਂ ਮੇਘਾ ਨੇ ਫਿਰ ਕਿਹਾ, 'ਇਹ ਨਵੇਂ ਕੱਪੜੇ ਪਾ ਕੇ ਹੀ ਤਿਆਰ ਹੋਈਂ।'
ਮੇਘਾ ਦੀ ਖੁਸ਼ੀ ਦੇਖ ਕੇ ਅਤੇ ਉਸ ਦੀਆਂ ਗੱਲਾਂ ਸੁਣ ਕੇ ਸਿਧਾਰਥ ਖੁਸ਼ ਹੋ ਰਿਹਾ ਸੀ। (ਚਲਦਾ)

-404, ਗ੍ਰੀਨ ਐਵੇਨਿਊ, ਅੰਮ੍ਰਿਤਸਰ-143001. ਮੋਬਾ: 98889-24664

ਕੀ ਤੁਸੀਂ ਜਾਣਦੇ ਹੋ?

* ਪੰਜਾਬ ਵਿਚ ਖਾਦ ਦਾ ਸਭ ਤੋਂ ਵੱਡਾ ਕਾਰਖਾਨਾ ਨੰਗਲ ਵਿਚ ਹੈ।
* ਕੰਬਾਈਨਾਂ ਭਾਦਸੋਂ ਵਿਖੇ ਬਣਦੀਆਂ ਹਨ।
* ਅਜੋਕੇ ਪੰਜਾਬ ਵਿਚ 12,428 ਪਿੰਡ ਹਨ।
* ਅੰਗਰੇਜ਼ਾਂ ਨੇ ਪੰਜਾਬ ਨੂੰ 1849 ਈ: ਵਿਚ ਆਪਣੇ ਰਾਜ ਵਿਚ ਮਿਲਾਇਆ।
* ਨੈਪੋਲੀਅਨ ਦੀ ਮੌਤ 1821 ਈ: ਵਿਚ ਹੋਈ।
* ਪੰਜਾਬ ਦਾ ਪੁਰਾਣਾ ਨਾਂਅ ਸਪਤ ਸਿੰਧੂ ਸੀ।
* ਔਰੰਗਜ਼ੇਬ ਦੀ ਮੌਤ 1708 ਈ: ਵਿਚ ਹੋਈ।
* ਭਾਰਤ ਦੀ ਸਭ ਤੋਂ ਲੰਬੀ ਨਦੀ ਗੰਗਾ ਹੈ।
* ਭਾਰਤੀ ਸੈਨਾ ਦੇ ਤਿੰਨੋਂ ਅੰਗਾਂ ਦਾ ਮੁਖੀ ਰਾਸ਼ਟਰਪਤੀ ਹੈ।
* ਦਿੱਲੀ ਨੂੰ ਭਾਰਤ ਦੀ ਰਾਜਧਾਨੀ 1911 ਵਿਚ ਬਣਾਇਆ ਗਿਆ ਸੀ।

-ਗੋਬਿੰਦ ਸੁਖੀਜਾ,
ਢਿਲਵਾਂ (ਕਪੂਰਥਲਾ)। ਮੋਬਾ: 98786-05929 

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX