ਤਾਜਾ ਖ਼ਬਰਾਂ


ਲੁਧਿਆਣਾ 'ਚ ਕਾਂਗਰਸੀ ਵਰਕਰਾਂ ਨੇ ਮਨਾਇਆ ਜਸ਼ਨ
. . .  2 minutes ago
ਲੁਧਿਆਣਾ, 11 ਦਸੰਬਰ- ਰਾਜਸਥਾਨ, ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ 'ਚ ਕਾਂਗਰਸ ਦੇ ਸ਼ਾਨਦਾਰ ਪ੍ਰਦਰਸ਼ਨ ਕਾਰਨ ਪਾਰਟੀ ਵਰਕਰਾਂ 'ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਇਸੇ ਦੇ ਚੱਲਦਿਆਂ ਲੁਧਿਆਣਾ ਦੇ ਜ਼ਿਲ੍ਹਾ ਕਾਂਗਰਸ ਪ੍ਰਧਾਨ ਦੀ ਅਗਵਾਈ 'ਚ ਪਾਰਟੀ...
ਅੱਤਵਾਦੀ ਹਮਲੇ ਵਿਚ ਤਿੰਨ ਪੁਲਿਸ ਜਵਾਨ ਹਲਾਕ
. . .  17 minutes ago
ਸ੍ਰੀਨਗਰ, 11 ਦਸੰਬਰ - ਜੰਮੂ ਕਸ਼ਮੀਰ ਦੇ ਸ਼ੋਪੀਆਂ ਸਥਿਤ ਜੈਨਪੋਰਾ 'ਚ ਅੱਤਵਾਦੀਆਂ ਵਲੋਂ ਪੁਲਿਸ ਪੋਸਟ 'ਤੇ ਹੋਏ ਹਮਲੇ 'ਚ ਤਿੰਨ ਪੁਲਿਸ ਜਵਾਨ ਹਲਾਕ ਹੋ ਗਏ...
ਵਿਧਾਨ ਸਭਾ ਚੋਣ ਨਤੀਜੇ : ਮੋਦੀ ਦੇ ਕਾਂਗਰਸ ਮੁਕਤ ਭਾਰਤ ਦਾ ਸੁਪਨਾ ਟੁੱਟਿਆ
. . .  33 minutes ago
ਵਿਧਾਨ ਸਭਾ ਚੋਣ ਨਤੀਜੇ : ਮੋਦੀ ਦੇ ਕਾਂਗਰਸ ਮੁਕਤ ਭਾਰਤ ਦਾ ਸੁਪਨਾ ਟੁੱਟਿਆ
ਚੋਣ ਨਤੀਜੇ : ਰਾਜਸਥਾਨ 'ਚ ਕਾਂਗਰਸ ਨੇ ਮਾਰੀ ਬਾਜ਼ੀ, ਮੱਧ ਪ੍ਰਦੇਸ਼ 'ਚ ਬਸਪਾ ਬਣੀ ਕਿੰਗਮੇਕਰ
. . .  46 minutes ago
ਚੋਣ ਨਤੀਜੇ : ਰਾਜਸਥਾਨ 'ਚ ਕਾਂਗਰਸ ਨੇ ਮਾਰੀ ਬਾਜ਼ੀ, ਮੱਧ ਪ੍ਰਦੇਸ਼ 'ਚ ਬਸਪਾ ਬਣੀ ਕਿੰਗਮੇਕਰ...
ਅੰਮ੍ਰਿਤਸਰ ਦੇ ਪਿੰਡ ਜੱਜੇ ਨੇ ਸਰਬ ਸੰਮਤੀ ਨਾਲ ਚੁਣਿਆ ਸਰਪੰਚ
. . .  59 minutes ago
ਓਠੀਆ 11ਦਸੰਬਰ (ਗੁਰਵਿੰਦਰ ਸਿੰਘ ਛੀਨਾ)- ਜ਼ਿਲ੍ਹਾ ਅੰਮ੍ਰਿਤਸਰ ਦੇ ਬਲਾਕ ਚੋਗਾਵਾ ਦੇ ਪਿੰਡ ਜੱਜੇ ਵਿਖੇ ਸਰਪੰਚੀ ਚੋਣ 'ਚ ਪਹਿਲ-ਕਦਮੀ ਕਰਦਿਆਂ ਅੱਜ ਸਮੂਹ ਪਿੰਡ ਵਾਸੀਆਂ ਨੇ ਸਰਬ ਸੰਮਤੀ ਨਾਲ ਬੀਬੀ ਲਖਵਿੰਦਰ ਕੌਰ ਪਤਨੀ ਨਿਰਮਲਜੀਤ ਸਿੰਘ ਨੂੰ ਸਰਪੰਚ...
ਚੋਣ ਨਤੀਜੇ : ਮੱਧ ਪ੍ਰਦੇਸ਼ 'ਚ ਸਖ਼ਤ ਮੁਕਾਬਲਾ ਜਾਰੀ, ਭਾਜਪਾ 115 ਸੀਟਾਂ, ਕਾਂਗਰਸ 105 ਸੀਟਾਂ ਤੇ ਹੋਰ 10 ਸੀਟਾਂ 'ਤੇ ਅੱਗੇ
. . .  about 1 hour ago
ਚੋਣ ਨਤੀਜੇ : ਮੱਧ ਪ੍ਰਦੇਸ਼ 'ਚ ਸਖ਼ਤ ਮੁਕਾਬਲਾ ਜਾਰੀ, ਭਾਜਪਾ 115 ਸੀਟਾਂ, ਕਾਂਗਰਸ 105 ਸੀਟਾਂ ਤੇ ਹੋਰ 10 ਸੀਟਾਂ 'ਤੇ ਅੱਗੇ...
ਟੀ. ਆਰ. ਐੱਸ. ਦੇ ਪ੍ਰਧਾਨ ਅਤੇ ਤੇਲੰਗਾਨਾ ਦੇ ਮੁੱਖ ਮੰਤਰੀ ਕੇ. ਚੰਦਸ਼ੇਖਰ ਰਾਓ 50,000 ਤੋਂ ਵੱਧ ਵੋਟਾਂ ਨਾਲ ਜਿੱਤੇ
. . .  about 1 hour ago
ਟੀ. ਆਰ. ਐੱਸ. ਦੇ ਪ੍ਰਧਾਨ ਅਤੇ ਤੇਲੰਗਾਨਾ ਦੇ ਮੁੱਖ ਮੰਤਰੀ ਕੇ. ਚੰਦਸ਼ੇਖਰ ਰਾਓ...
ਚੋਣ ਨਤੀਜੇ : ਛੱਤੀਸਗੜ੍ਹ 'ਚ ਕਾਂਗਰਸ 64 ਸੀਟਾਂ ਤੇ ਭਾਜਪਾ 20 ਸੀਟਾਂ 'ਤੇ ਅੱਗੇ
. . .  about 1 hour ago
ਚੋਣ ਨਤੀਜੇ : ਛੱਤੀਸਗੜ੍ਹ 'ਚ ਕਾਂਗਰਸ 64 ਸੀਟਾਂ ਤੇ ਭਾਜਪਾ 20 ਸੀਟਾਂ 'ਤੇ ਅੱਗੇ...
ਕੈਪਟਨ ਨੇ ਪੰਚਾਇਤੀ ਚੋਣਾਂ ਦਾ ਐਲਾਨ ਦਸੰਬਰ 'ਚ ਕਰਵਾ ਕੇ ਸਿੱਖ ਕੌਮ ਨਾਲ ਕਮਾਇਆ ਧ੍ਰੋਹ- ਲੌਂਗੋਵਾਲ
. . .  about 1 hour ago
ਤਪਾ ਮੰਡੀ, 11 ਦਸੰਬਰ (ਵਿਜੇ ਸ਼ਰਮਾ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦਸੰਬਰ 'ਚ ਮਨਾਏ ਜਾ ਰਹੇ ਸ਼ਹੀਦੀ ਜੋੜ ਮੇਲੇ ਮੌਕੇ ਪੰਚਾਇਤੀ ਚੋਣਾਂ ਦਾ ਐਲਾਨ ਕਰਵਾ ਕਰਕੇ ਸਿੱਖ ਕੌਮ ਨਾਲ ਧ੍ਰੋਹ ਕਮਾਇਆ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ...
ਚੋਣ ਨਤੀਜੇ : ਮੱਧ ਪ੍ਰਦੇਸ਼ 'ਚ ਬਸਪਾ ਦੇ ਸੰਪਰਕ 'ਚ ਕਾਂਗਰਸ, ਰਾਜਸਥਾਨ 'ਚ ਆਜ਼ਾਦ ਉਮੀਦਵਾਰਾਂ ਦੇ ਸੰਪਰਕ 'ਚ ਪਾਈਲਟ
. . .  about 1 hour ago
ਚੋਣ ਨਤੀਜੇ : ਮੱਧ ਪ੍ਰਦੇਸ਼ 'ਚ ਬਸਪਾ ਦੇ ਸੰਪਰਕ 'ਚ ਕਾਂਗਰਸ, ਰਾਜਸਥਾਨ 'ਚ ਆਜ਼ਾਦ ਉਮੀਦਵਾਰਾਂ ਦੇ ਸੰਪਰਕ 'ਚ ਪਾਈਲਟ...
ਹੋਰ ਖ਼ਬਰਾਂ..

ਸਾਡੇ ਪਿੰਡ ਸਾਡੇ ਖੇਤ

ਗਰਮੀਆਂ ਦੀਆਂ ਸਬਜ਼ੀਆਂ ਦੀ ਬਿਜਾਈ ਦਾ ਢੁੱਕਵਾਂ ਸਮਾਂ

ਇਹ ਵੇਖਣ ਵਿਚ ਆਇਆ ਹੈ ਕਿ ਸਾਡੇ ਕਿਸਾਨ ਵੀਰ ਬਹੁਤ ਘੱਟ ਸਬਜ਼ੀਆਂ ਦੀ ਕਾਸ਼ਤ ਕਰਦੇ ਹਨ। ਜੇਕਰ ਮੰਡੀ ਲਈ ਨਹੀਂ ਤਾਂ ਘੱਟੋ-ਘੱਟ ਘਰ ਦੀ ਲੋੜ ਪੂਰੀ ਕਰਨ ਲਈ ਸਬਜ਼ੀਆਂ ਦੀ ਕਾਸ਼ਤ ਜ਼ਰੂਰ ਕੀਤੀ ਜਾਵੇ। ਸਬਜ਼ੀਆਂ ਵਿਚ ਬਹੁਤ ਸਾਰੇ ਖ਼ੁਰਾਕੀ ਤੱਤ ਹੁੰਦੇ ਹਨ, ਜਿਨ੍ਹਾਂ ਦੀ ਸਰੀਰ ਦੀ ਤੰਦਰੁਸਤੀ ਲਈ ਬਹੁਤ ਲੋੜ ਹੈ। ਪਰ ਇਹ ਖ਼ੁਰਾਕੀ ਤੱਤ ਜ਼ਹਿਰਾਂ ਰਹਿਤ ਤੇ ਤਾਜ਼ੀਆਂ ਸਬਜ਼ੀਆਂ ਤੋਂ ਹੀ ਪ੍ਰਾਪਤ ਹੋ ਸਕਦੇ ਹਨ। ਇਸ ਵਾਰ ਵੇਲਾਂ ਵਾਲੀਆਂ ਸਬਜ਼ੀਆਂ ਬਾਰੇ ਜਾਣਕਾਰੀ ਦੇਣ ਦਾ ਯਤਨ ਕਰਾਂਗੇ ਤੇ ਅਗਲੇ ਮਹੀਨੇ ਬਾਕੀ ਸਬਜ਼ੀਆਂ ਬਾਰੇ ਦੱਸਿਆ ਜਾਵੇਗਾ। ਇਨ੍ਹਾਂ ਸਬਜ਼ੀਆਂ ਦਾ ਇਹ ਫਾਇਦਾ ਹੈ ਕਿ ਇਕ ਵਾਰ ਲਗਾਈਆਂ ਵੇਲਾਂ ਕਈ ਮਹੀਨੇ ਸਬਜ਼ੀ ਦਿੰਦੀਆਂ ਰਹਿੰਦੀਆਂ ਹਨ।
ਖਰਬੂਜ਼ਾ ਅਤੇ ਤਰਬੂਜ਼ ਗਰਮੀਆਂ ਦੇ ਤੋਹਫ਼ੇ ਹਨ। ਇਨ੍ਹਾਂ ਦੀ ਕੁਝ ਰਕਬੇ ਵਿਚ ਕਾਸ਼ਤ ਜ਼ਰੂਰ ਕੀਤੀ ਜਾਵੇ। ਪੰਜਾਬ ਐਗਰੀ ਯੂਨੀਵਰਸਿਟੀ ਵੱਲੋਂ ਖਰਬੂਜ਼ੇ ਦੀਆਂ ਵਧੀਆ ਕਿਸਮਾਂ ਤਿਆਰ ਕੀਤੀਆਂ ਗਈਆਂ ਹਨ। ਇਨ੍ਹਾਂ ਕਿਸਮਾਂ ਦੇ ਖਰਬੂਜ਼ੇ ਬਹੁਤ ਮਿੱਠੇ ਤੇ ਸੁਆਦੀ ਹੋਣ ਕਰਕੇ ਮੰਡੀ ਵਿਚ ਹੱਥੋ-ਹੱਥ ਵਿਕ ਜਾਂਦੇ ਹਨ।
ਐੱਮ.ਐੱਚ.-51, ਐਮ.ਐੱਚ.-27, ਪੰਜਾਬ ਹਾਈਬ੍ਰਿਡ, ਪੰਜਾਬ ਸੁਨਹਿਰੀ ਤੇ ਹਰੇ ਮਧੂ ਖਰਬੂਜ਼ੇ ਦੀਆਂ ਉੱਨਤ ਕਿਸਮਾਂ ਹਨ। ਇਨ੍ਹਾਂ ਦੀ ਬਿਜਾਈ ਖੇਲਾਂ ਬਣਾ ਕੇ ਕਰਨੀ ਚਾਹੀਦੀ ਹੈ ਤਾਂ ਜੋ ਵੇਲਾਂ ਸੁੱਕੇ ਥਾਂ ਰਹਿਣ। ਖਰਬੂਜ਼ੇ ਲਈ ਖੇਲਾਂ ਵਿਚਕਾਰ ਤਿੰਨ ਮੀਟਰ ਫ਼ਾਸਲਾ ਰੱਖਿਆ ਜਾਵੇ ਪਰ ਹਰਾ ਮਧੂ ਲਈ ਇਹ ਫ਼ਾਸਲਾ ਚਾਰ ਮੀਟਰ ਕਰ ਦੇਣਾ ਚਾਹੀਦਾ ਹੈ। ਜੇਕਰ ਚੋਕੇ ਨਾਲ ਬੀਜ ਬੀਜੇ ਜਾਣ ਤਾਂ ਕੇਵਲ 400 ਗ੍ਰਾਮ ਬੀਜ ਚਾਹੀਦਾ ਹੈ ਅਤੇ ਤਰਬੂਜ਼ ਲਈ ਢਾਈ ਮੀਟਰ ਫ਼ਾਸਲਾ ਰੱਖਿਆ ਜਾਵੇ। ਤਰਬੂਜ਼ ਦਾ ਇਕ ਏਕੜ ਲਈ ਡੇਢ ਕਿਲੋ ਬੀਜ ਚਾਹੀਦਾ ਹੈ। ਸ਼ੂਗਰ ਬੇਬੀ ਤਰਬੂਜ਼ ਦੀ ਸਿਫ਼ਾਰਸ਼ ਕੀਤੀ ਗਈ ਕਿਸਮ ਹੈ । ਖੇਤ ਤਿਆਰ ਕਰਦੇ ਸਮੇਂ ਘੱਟੋ-ਘੱਟ 10 ਟਨ ਰੂੜੀ ਪ੍ਰਤੀ ਏਕੜ ਪਾਈ ਜਾਵੇ। ਇਸ ਤੋਂ ਇਲਾਵਾ ਬਿਜਾਈ ਸਮੇਂ 35 ਕਿਲੋ ਯੂਰੀਆ 155 ਕਿਲੋ ਸੁਪਰਫ਼ਾਸਫ਼ੇਟ ਅਤੇ 25 ਕਿਲੋ ਪੋਟਾਸ਼ ਪਾਈ ਜਾਵੇ। ਇਨ੍ਹਾਂ ਦੀ ਅਗੇਤੀ ਬਿਜਾਈ ਕੀਤੀ ਜਾਵੇ ਤਾਂ ਜੋ ਬਰਸਾਤ ਸ਼ੁਰੂ ਹੋਣ ਤੋਂ ਪਹਿਲਾਂ ਪਹਿਲਾਂ ਪੂਰਾ ਫ਼ਲ ਤੋੜਿਆ ਜਾ ਸਕੇ। ਬਿਜਾਈ ਹਮੇਸ਼ਾ ਚੰਗੀ ਤਰ੍ਹਾਂ ਤਿਆਰ ਕੀਤੇ ਖੇਤ ਵਿਚ ਹੀ ਕਰੋ।
ਕੱਦੂ ਜਾਤੀ ਦੀਆਂ ਸਬਜ਼ੀਆਂ ਵਿਚ ਘੀਆ ਕੱਦੂ, ਚੱਪਣ ਕੱਦੂ, ਹਲਵਾ ਕੱਦੂ, ਕਰੇਲਾ ਅਤੇ ਘੀਆ ਤੋਰੀ ਪ੍ਰਮੁੱਖ ਹਨ। ਪੰਜਾਬ ਚੱਪਣ ਕੱਦੂ-1, ਚੱਪਣ ਕੱਦੂ ਦੀ, ਪੀ.ਬੀ.ਐੱਚ-1 ਅਤੇ ਪੀ.ਪੀ.ਐੱਚ-2 ਹਲਵਾ ਕੱਦੂ ਦੀਆਂ ਪੰਜਾਬ ਬਰਕਤ, ਪੰਜਾਬ ਬਹਾਰ, ਪੰਜਾਬ ਲੌਂਗ ਤੇ ਪੰਜਾਬ ਕੋਮਲ ਘੀਆ ਕੱਦੂ ਦੀਆਂ ਸਿਫ਼ਾਰਸ਼ ਕੀਤੀਆਂ ਕਿਸਮਾਂ ਹਨ। ਪੰਜਾਬ ਕਰੇਲੀ-1, ਪੰਜਾਬ-14, ਕਰੇਲੇ ਦੀਆਂ, ਪੰਜਾਬ ਝਾੜ ਕਰੇਲਾ-1 ਝਾੜ ਕਰੇਲੇ ਦੀ, ਪੰਜਾਬ ਕਾਲੀ ਤੋਰੀ-9 ਤੇ ਪੂਸਾ ਚਿਕਨੀ ਘੀਆ ਤੋਰੀ ਦੀਆਂ ਕਿਸਮਾਂ ਹਨ। ਸਾਰੀਆਂ ਸਬਜ਼ੀਆਂ ਲਈ ਦੋ ਕਿਲੋ ਬੀਜ ਪ੍ਰਤੀ ਏਕੜ ਪਾਇਆ ਜਾਵੇ ਪਰ ਹਲਵਾ ਕੱਦੂ ਲਈ ਇਕ ਕਿਲੋ ਬੀਜ ਹੀ ਕਾਫ਼ੀ ਹੈ। ਕਰੇਲਾ ਅਤੇ ਚੱਪਣ ਕੱਦੂ ਲਈ ਡੇਢ ਮੀਟਰ ਚੌੜੀਆਂ, ਘੀਆ ਕੱਦੂ ਲਈ ਦੋ ਮੀਟਰ, ਹਲਵਾ ਕੱਦੂ ਅਤੇ ਘੀਆ ਤੋਰੀ ਲਈ ਤਿੰਨ ਮੀਟਰ ਚੌੜੀਆਂ ਕਿਆਰੀਆਂ ਬਣਾਵੋ। ਕਿਆਰੀਆਂ ਦੇ ਦੋਵੇਂ ਪਾਸੇ ਬੀਜ ਬੀਜੇ ਜਾਣ ਤੇ ਇੱਕ ਥਾਂ ਦੋ ਬੀਜ ਬੀਜੋ। ਖੇਤ ਵਿਚ ਰੂੜੀ ਪਾਉਣੀ ਜ਼ਰੂਰੀ ਹੈ। ਰਸਾਇਣਕ ਖਾਦਾਂ ਦੀ ਵਰਤੋਂ ਮਿੱਟੀ ਪਰਖ ਦੀਆਂ ਸਿਫ਼ਾਰਸਾਂ ਅਨੁਸਾਰ ਹੀ ਕਰਨੀ ਚਾਹੀਦੀ ਹੈ ।
ਤਰ ਅਤੇ ਖੀਰਾ ਦੋ ਹੋਰ ਵੇਲਾਂ ਵਾਲੀਆਂ ਸਬਜ਼ੀਆਂ ਹਨ ਪਰ ਇਨ੍ਹਾਂ ਦੀ ਵਰਤੋਂ ਸਲਾਦ ਦੇ ਰੂਪ ਵਿਚ ਕੀਤੀ ਜਾਂਦੀ ਹੈ। ਪੰਜਾਬ ਲੌਂਗ ਮੈਲਨ-1 ਤਰ ਦੀ ਅਤੇ ਪੰਜਾਬ ਨਵੀਨ ਖੀਰੇ ਦੀ ਉੱਨਤ ਕਿਸਮ ਹੈ। ਇਕ ਕਿਲੋ ਬੀਜ ਇਕ ਏਕੜ ਦੀ ਬਿਜਾਈ ਲਈ ਕਾਫ਼ੀ ਹੈ। ਇਨ੍ਹਾਂ ਦੀ ਬਿਜਾਈ ਲਈ ਢਾਈ ਮੀਟਰ ਚੌੜੀਆਂ ਕਿਆਰੀਆਂ ਬਣਾਵੋ। ਬਿਜਾਈ ਅਤੇ ਖਾਦਾਂ ਦੀ ਵਰਤੋਂ ਦੂਜੀਆਂ ਸਬਜ਼ੀਆਂ ਵਾਂਗ ਹੀ ਕੀਤੀ ਜਾਵੇ। ਟੀਂਡਾ ਇਕ ਹੋਰ ਵੇਲਾਂ ਵਾਲੀ ਗਰਮੀਆਂ ਦੀ ਮੁੱਖ ਸਬਜ਼ੀ ਹੈ। ਟੀਂਡਾ 48 ਇਸ ਦੀ ਉੱਨਤ ਕਿਸਮ ਹੈ । ਇਕ ਏਕੜ ਲਈ ਡੇਢ ਕਿਲੋ ਬੀਜ ਚਾਹੀਦਾ ਹੈ। ਟੀਂਡੇ ਲਈ ਖੇਲਾਂ ਵਿਚਕਾਰ ਡੇਢ ਮੀਟਰ ਫ਼ਾਸਲਾ ਰੱਖਿਆ ਜਾਵੇ। ਇਸੇ ਲੜੀ ਵਿਚ ਪੇਠਾ ਇਕ ਹੋਰ ਸਬਜ਼ੀ ਹੈ। ਇਸ ਦੀ ਵਰਤੋਂ ਮਠਿਆਈ ਅਤੇ ਵੜੀਆਂ ਬਣਾਉਣ ਲਈ ਕੀਤੀ ਜਾਂਦੀ ਹੈ। ਪੀ.ਏ.ਜੀ-3 ਉੱਨਤ ਕਿਸਮ ਹੈ। ਇਸ ਤੋਂ ਕੋਈ 120 ਕੁਇੰਟਲ ਪੇਠੇ ਪ੍ਰਤੀ ਏਕੜ ਪ੍ਰਾਪਤ ਹੋ ਜਾਂਦੇ ਹਨ। ਇਕ ਏਕੜ ਲਈ ਦੋ ਕਿੱਲੋ ਬੀਜ ਜਿਸ ਦੀ ਬਿਜਾਈ ਤਿੰਨ ਮੀਟਰ ਫ਼ਾਸਲੇ 'ਤੇ ਬਣਾਈਆਂ ਖੇਲਾਂ ਦੇ ਦੋਵੇਂ ਪਾਸੇ ਕਰੋ। ਇਕ ਥਾਂ ਦੋ ਬੀਜ ਬੀਜੋ। ਨਦੀਨਾਂ ਦੀ ਰੋਕਥਾਮ ਲਈ ਗੋਡੀ ਕਰਨੀ ਜ਼ਰੂਰੀ ਹੈ।


ਖ਼ਬਰ ਸ਼ੇਅਰ ਕਰੋ

ਗੰਨੇ ਦੀ ਮੁੱਢੀ ਫ਼ਸਲ ਕਿਵੇਂ ਲਈ ਜਾਵੇ?

ਗੰਨਾ ਪੰਜਾਬ ਦੀ ਬਹੁਤ ਹੀ ਮਹੱਤਵਪੂਰਨ ਫ਼ਸਲ ਹੈ। ਸਾਲ 2015-16 ਦੌਰਾਨ ਤਕਰੀਬਨ 92 ਹਜ਼ਾਰ ਹੈਕਟੇਅਰ ਰਕਬੇ ਵਿਚ ਗੰਨੇ ਦੀ ਬਿਜਾਈ ਕੀਤੀ ਗਈ ਹੈ । ਗੰਨੇ ਦੀ ਪ੍ਰਤੀ ਹੈਕਟੇਅਰ ਔਸਤਨ ਪੈਦਾਵਾਰ 73.4 ਟਨ ਅਤੇ ਖੰਡ ਦੀ ਵਸੂਲੀ 10 ਫ਼ੀਸਦੀ ਹੈ। ਗੰਨੇ ਦੀ ਫ਼ਸਲ ਦੀ ਬਿਜਾਈ ਸਤੰਬਰ-ਅਕਤੂਬਰ ਅਤੇ ਫਰਵਰੀ-ਮਾਰਚ ਦੌਰਾਨ ਕੀਤੀ ਜਾਂਦੀ ਹੈੈ। ਪੰਜਾਬ ਅੰਦਰ ਗੰਨੇ ਦੀ ਫ਼ਸਲ ਦਾ ਬਹੁਤਾ ਵਾਧਾ ਜੁਲਾਈ ਤੋਂ ਸਤੰਬਰ ਮਹੀਨਿਆਂ ਦੌਰਾਨ ਹੋਣ ਕਾਰਨ ਹੀ ਔਸਤਨ ਪੈਦਾਵਾਰ ਘੱਟ ਹੈ। ਗੰਨੇ ਦੀ ਫ਼ਸਲ ਦੇ ਵਾਧੇ ਲਈ 25-30 ਡਿਗਰੀ ਸੈਲਸੀਅਸ ਤਾਪਮਾਨ ਢੁਕਵਾਂ ਹੋਣ ਕਾਰਨ ਦੱਖਣੀ ਰਾਜਾਂ ਵਿਚ ਪ੍ਰਤੀ ਹੈਕਟੇਅਰ ਪੈਦਾਵਾਰ 120 ਤੋਂ 130 ਟਨ ਹੈ। ਪੰਜਾਬ ਵਿਚ 16 ਖੰਡ ਮਿੱਲਾਂ ਸਹਿਕਾਰੀ ਖੇਤਰ ਅਤੇ 7 ਨਿੱਜੀ ਖੇਤਰ ਵਿਚ ਹਨ ਜਿੰਨਾ ਦੀ ਗੰਨਾ ਪੀੜਨ ਦੀ ਸਮਰੱਥਾ 78510 ਟੀ. ਸੀ. ਡੀ. ਹੈ। ਇਨ੍ਹਾਂ 23 ਮਿੱਲਾ ਨੂੰ 150 ਦਿਨ ਗੰਨੇ ਦੀ ਪਿੜਾਈ ਗੰਨਾ ਹੇਠ 2.30 ਲੱਖ ਹੈਕਟੇਅਰ ਰਕਬਾ ਲਿਆਉਣ ਦੀ ਜ਼ਰੂਰਤ ਹੈ। ਇੰਨੇ ਰਕਬੇ ਵਿਚ ਗੰਨੇ ਦੀ ਬਿਜਾਈ ਲਈ ਤਕਰੀਬਨ 20 ਲੱਖ ਟਨ ਬੀਜ ਦੀ ਜ਼ਰੂਰਤ ਹੈ।
ਕਮਾਦ ਦੀ ਫ਼ਸਲ ਕਿਸਾਨਾਂ ਲਈ ਆਰਥਿਕ ਪੱਖੋਂ ਤਾਂ ਹੀ ਫਾਇਦੇਮੰਦ ਮੰਨੀ ਜਾ ਸਕਦੀ ਹੈ ਜੇਕਰ ਘੱਟੋ ਘੱਟ 2 ਮੁੱਢੀਆਂ ਫ਼ਸਲਾਂ ਲਈਆਂ ਜਾਣ। ਜਦਕਿ ਪੰਜਾਬ ਵਿਚ ਗੰਨੇ ਦੀ ਮੁੱਢੀ ਫ਼ਸਲ ਲੈਣ ਦਾ ਰਿਵਾਜ਼ ਖਤਮ ਹੁੰਦਾ ਜਾ ਰਿਹਾ ਹੈ। ਇਸ ਦਾ ਮੁੱਖ ਕਾਰਨ ਖੰਡ ਮਿੱਲਾਂ ਦਾ ਗੰਨੇ ਦੀ ਘਾਟ ਹੋਣ ਕਾਰਨ ਜਲਦੀ ਬੰਦ ਹੋਣਾ ਅਤੇ ਕਿਸਾਨਾਂ ਅੰਦਰ ਗੰਨੇ ਦੀ ਕਟਾਈ ਤੋਂ ਬਾਅਦ ਕਣਕ ਦੀ ਫ਼ਸਲ ਲੈਣ ਦੀ ਲਾਲਸਾ ਹੈ। ਕਿਸਾਨ ਆਮ ਕਰਕੇ ਨਵੰਬਰ-ਦਸੰਬਰ ਦੌਰਾਨ ਕਮਾਦ ਦੀ ਕਟਾਈ ਤੋਂ ਬਾਅਦ ਕਣਕ ਦੀ ਪਿਛੇਤੀ ਬਿਜਾਈ ਨੂੰ ਤਰਜੀਹ ਦਿੰਦੇ ਹਨ ਅਤੇ ਕਣਕ ਦੀ ਕਟਾਈ ਤੋਂ ਬਾਅਦ ਦੁਬਾਰਾ ਗੰਨੇ ਦੀ ਕਾਸ਼ਤ ਕਰਦੇ ਹਨ ਜਿਸ ਨਾਲ ਖੇਤੀ ਲਾਗਤ ਖਰਚੇ ਵਧਣ ਦੇ ਨਾਲ ਪੈਦਾਵਾਰ ਵੀ ਘੱਟ ਮਿਲਦੀ ਹੈ। ਗੰਨੇ ਦੇ ਕੁੱਲ ਰਕਬੇ ਵਿਚੋਂ 50 ਫ਼ੀਸਦੀ ਰਕਬਾ ਮੁੱਢੀ ਫ਼ਸਲ ਹੇਠ ਹੋਣਾ ਚਾਹੀਦਾ ਹੈ ਤਾਂ ਜੋ ਮਿੱਲਾਂ ਨਵੰਬਰ ਦੇ ਪਹਿਲੇ ਹਫਤੇ ਚੱਲ ਕੇ ਫਰਵਰੀ-ਮਾਰਚ ਵਿਚ ਬੰਦ ਹੋਣ ਤਾਂ ਜੋ 30 ਨਵੰਬਰ ਤੋਂ ਪਹਿਲਾਂ ਅਤੇ 15 ਜਨਵਰੀ ਤੋਂ ਕੱਟੀ ਜਾਣ ਵਾਲੀ ਗੰਨੇ ਦੀ ਫ਼ਸਲ ਮੁੱਢੀ ਰੱਖੀ ਜਾ ਸਕੇ। ਪਰ ਮੌਜੂਦਾ ਸਮੇਂ ਵਿਚ ਪੰਜਾਬ ਅੰਦਰ ਤਕਰੀਬਨ 30 ਫ਼ੀਸਦੀ ਹੀ ਰਕਬਾ ਮੁੱਢੀ ਫ਼ਸਲ ਹੇਠਾਂ ਹੈ। ਜੇਕਰ ਗੰਨੇ ਹੇਠ ਕੁੱਲ ਰਕਬੇ ਦਾ 50 ਫੀਸਦੀ ਰਕਬਾ ਮੁੱਢੀ ਫ਼ਸਲ ਹੇਠ ਲੈ ਆਂਦਾ ਜਾਵੇ ਤਾਂ ਤਕਰੀਬਨ 10 ਲੱਖ ਟਨ ਗੰਨੇ ਦੀ ਬੱਚਤ ਕੀਤੀ ਜਾ ਸਕਦੀ ਹੈ ਜਿਸ ਤੋਂ 1 ਲੱਖ ਟਨ ਖੰਡ ਪ੍ਰਾਪਤ ਕੀਤੀ ਜਾ ਸਕਦੀ ਹੈ। ਇਸ ਨਾਲ ਜਿਥੇ ਕਿਸਾਨਾਂ ਦੇ ਖੇਤੀ ਖਰਚੇ ਘਟਣ ਨਾਲ ਵਧੇਰੇ ਆਮਦਨ ਹੋਵੇਗੀ ਉਥੇ ਖੰਡ ਮਿੱਲਾਂ ਨੂੰ ਵੀ ਵਧੇਰੇ ਫਾਇਦਾ ਹੋ ਸਕਦਾ ਹੈ ਅਤੇ ਵਧੇਰੇ ਸਮਾਂ ਚੱਲ ਸਕਦੀਆਂ ਹਨ। ਇਸ ਲਈ ਗੰਨੇ ਦੀ ਫ਼ਸਲ ਤੋਂ ਵਧੇਰੇ ਆਮਦਨ ਲੈਣ ਲਈ ਮੁੱਢੀ ਫ਼ਸਲ ਦੀ ਸੁਚੱਜੀ ਸਾਂਭ-ਸੰਭਾਲ ਕਰਨੀ ਬਹੁਤ ਜ਼ਰੂਰੀ ਹੈ ਜੋ ਹੇਠਾਂ ਦਿੱਤੀਆਂ ਤਕਨੀਕਾਂ ਅਪਣਾ ਕੇ ਕੀਤੀ ਜਾ ਸਕਦੀ ਹੈ।
ਕਿਸਮਾਂ ਦੀ ਚੋਣ: ਕਮਾਦ ਦੀ ਬਿਜਾਈ ਲਈ ਅਜਿਹੀਆਂ ਕਿਸਮਾਂ ਦੀ ਚੋਣ ਕਰਨੀ ਚਾਹੀਦੀ ਜੋ ਵਧੇਰੇ ਪੀੜਨਯੋਗ ਗੰਨੇ ਅਤੇ ਫੁਟਾਰਾ ਪੈਦਾ ਕਰਨ ਦੀ ਸਮਰੱਥਾ ਰੱਖਦੀਆਂ ਹੋਣ। ਸੀ. ਓ. ਜੇ. 85, ਸੀ. ਓ. ਜੇ.-88 ਅਤੇ ਸੀ. ਓ. ਜੇ.-64, ਸੀ. ਓ.-89003, ਸੀ. ਓ.-238 ਅਤੇ ਸੀ. ਓ.-239 ਅਜਿਹੀਆਂ ਕਿਸਮਾਂ ਹਨ ਜੋ ਵਧੇਰੇ ਪੀੜਨਯੋਗ ਗੰਨੇ ਅਤੇ ਫੁਟਾਰ ਪੈਦਾ ਕਰਨ ਦੀ ਸਮਰੱਥਾ ਰੱਖਦੀਆਂ ਹਨ। ਇਸ ਤੋਂ ਇਲਾਵਾ ਉਹ ਕਿਸਮਾਂ ਜੋ ਜਲਦੀ ਉਗਣਯੋਗ ਅਤੇ ਔਸਤਣ ਮੋਟੇ ਗੰਨੇ ਪੈਦਾ ਕਰ ਸਕਣ, ਮੁੱਢੀ ਫ਼ਸਲ ਰੱਖਣ ਲਈ ਵਧੇਰੇ ਢੁਕਵੀਆਂ ਰਹਿੰਦੀਆਂ ਹਨ।
ਰੋਗ ਰਹਿਤ ਅਤੇ ਤੰਦਰੁਸਤ ਬੀਜੜ ਫ਼ਸਲ: ਚੰਗੀ ਮੁੱਢੀ ਫ਼ਸਲ ਹਮੇਸ਼ਾ ਤੰਦਰੁਸਤ ਬੀਜੜ ਫ਼ਸਲ ਤੋਂ ਹੀ ਲਈ ਜਾ ਸਕਦੀ ਹੈ। ਇਸ ਲਈ ਬੀਜੜ ਫ਼ਸਲ ਨੂੰ ਸਿਫਾਰਸ਼ਾਂ ਅਨੁਸਾਰ ਖਾਦਾਂ ਅਤੇ ਦੇਸੀ ਰੂੜੀ ਦੀ ਪਾਉਣੀ ਬਹੁਤ ਜ਼ਰੂਰੀ ਹੈ। ਪਾਣੀ ਦੀ ਘਾਟ ਨਾਲ ਪ੍ਰਭਾਵਿਤ, ਵਿਰਲੀ, ਬਿਮਾਰੀਆਂ ਅਤੇ ਕੀੜਿਆਂ ਨਾਲ ਪ੍ਰਭਾਵਤ ਬੀਜੜ ਫ਼ਸਲ ਨੂੰ ਮੁੱਢੀ ਫ਼ਸਲ ਲਈ ਨਹੀਂ ਰੱਖਣਾ ਚਾਹੀਦਾ।
ਕਟਾਈ ਦਾ ਸਮਾਂ ਅਤੇ ਮਿਆਦ: ਮੁੱਢੀ ਫ਼ਸਲ ਰੱਖਣ ਵਾਲੀ ਬੀਜੜ ਫ਼ਸਲ ਦੀ ਕਟਾਈ ਢੁਕਵੇਂ ਤਾਪਮਾਨ 25 ਤੋਂ 30 ਡਿਗਰੀ ਸੈਲਸੀਅਸ 'ਤੇ ਹੀ ਕਰਨੀ ਚਾਹੀਦੀ ਹੈ। ਜੇਕਰ ਬੀਜੜ ਫ਼ਸਲ ਦੀ ਕਟਾਈ ਜ਼ਿਆਦਾ ਸਰਦੀ ਵਿਚ ਕਰਾਂਗੇ ਤਾਂ ਫੁਟਾਰਾ ਘੱਟ ਹੋਵੇਗਾ ਅਤੇ ਜੇਕਰ ਜ਼ਿਆਦਾ ਗਰਮੀ ਵਿਚ ਕਰਾਂਗੇ ਤਾਂ ਜ਼ਿਆਦਾ ਗਰਮੀ ਕਾਰਨ ਨਵੀਆਂ, ਉੱਗੀਆਂ ਅਤੇ ਵੱਢ ਸੁੱਕ ਜਾਂਦੇ ਹਨ। ਇਸ ਲਈ 5 ਦਸੰਬਰ ਤੋਂ ਪਹਿਲਾਂ ਅਤੇ 15 ਜਨਵਰੀ ਤੋਂ ਬਾਅਦ ਕੱਟੀ ਹੋਈ ਬੀਜੜ ਫ਼ਸਲ ਚੰਗੀ ਮੁੱਢੀ ਫ਼ਸਲ ਦਿੰਦੀ ਹੈ। ਇਸ ਤੋਂ ਇਲਾਵਾ ਚੰਗੀ ਮੁੱਢੀ ਫ਼ਸਲ ਲੈਣ ਲਈ ਬੀਜੜ ਫ਼ਸਲ ਦੀ ਕਟਾਈ ਇਕ ਹਫਤੇ ਦੇ ਅੰਦਰ-ਅੰਦਰ ਕਰ ਲੈਣੀ ਚਾਹੀਦੀ ਹੈ। ਅੱਸੂ ਰੁੱਤੇ ਬੀਜੀ ਗੰਨੇ ਦੀ ਫ਼ਸਲ ਵੀ, ਫਰਵਰੀ-ਮਾਰਚ ਮਹੀਨੇ ਬੀਜੀ ਫ਼ਸਲ ਦੇ ਮੁਕਾਬਲੇ ਚੰਗੀ ਮੁੱਢੀ ਫ਼ਸਲ ਦੇ ਸਕਦੀ ਹੈ। ਕਟਾਈ ਉਪਰੰਤ ਮੁੱਢਾਂ ਉੱਪਰ ਕਾਰਬੈਂਡਾਜ਼ਿਮ ਇਕ ਗ੍ਰਾਮ ਪ੍ਰਤੀ ਲਿਟਰ ਪਾਣੀ ਦਾ ਛਿੜਕਾਅ ਕਰ ਦੇਣਾ ਚਾਹੀਦਾ ਹੈ।
ਖੋਰੀ ਨੂੰ ਸਾਂਭਣਾ: ਗੰਨੇ ਦੀ ਕਟਾਈ ਤੋਂ ਬਾਅਦ ਖੋਰੀ ਨੂੰ ਆਮ ਕਰਕੇ ਕਿਸਾਨ ਖੇਤ ਵਿਚ ਅੱਗ ਲਗਾ ਕੇ ਸਾੜ ਦਿੰਦੇ ਹਨ, ਜਿਸ ਨਾਲ ਵਾਤਾਵਰਨ ਪ੍ਰਦੂਸ਼ਤ ਹੁੰਦਾ ਹੈ। ਖੋਰੀ ਨੂੰ ਸਾੜਨ ਦੀ ਬਜਾਏ ਉਸ ਦੀਆਂ ਗੱਠਾਂ ਬੰਨ੍ਹ ਕੇ ਬਾਹਰ ਰੱਖ ਲਉ।
(ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)


-ਖੇਤੀਬਾੜੀ ਅਫ਼ਸਰ, ਪਠਾਨਕੋਟ
ਮੋਬਾਈਲ : 9463071919

ਆਪਣੀ ਪੰਜਾਬੀ ਹੋਵੇ

ਅੱਜ ਹਰ ਪਾਸੇ ਆਪੋ-ਆਪਣੀ ਮਾਤ ਭਾਸ਼ਾ ਨੂੰੁੰ ਬਚਾਉਣ ਦਾ ਰੌਲਾ ਹੈ। ਕੀ ਪਿੰਡ ਤੇ ਕੀ ਸ਼ਹਿਰ, ਸਭ ਸਮਝਦੇ ਤਾਂ ਹਨ, ਪਰ ਜਦੋਂ ਅਮਲ ਦੀ ਵਾਰੀ ਆਉਂਦੀ ਹੈ ਤਾਂ ਸਭ ਅੱਗ ਲੱਗੀ ਵਾਂਗ ਇਸ ਤੋਂ ਦੂਰ ਭੱਜ ਜਾਂਦੇ ਹਨ। ਪਤਾ ਨਹੀਂ ਕਿਉਂ ਅਸੀਂ ਇਹੀ ਆਪਣੇ ਅੰਦਰ ਭਰਮ ਪਾਲੀ ਬੈਠੇ ਹਾਂ ਕਿ ਪੰਜਾਬੀ ਸਿੱਖਣ ਨਾਲ ਗੁਜ਼ਾਰਾ ਨਹੀਂ ਹੋਣਾ। ਇਹ ਬਿਲਕੁਲ ਸੱਚ ਹੋ ਸਕਦਾ ਹੈ, ਪਰ ਯਾਦ ਰੱਖੋ, ਜਿਹਨੂੰ ਆਪਣੀ ਪੂਰੀ ਮਾਤ ਭਾਸ਼ਾ ਨਹੀਂ ਆਉਂਦੀ ਤਾਂ ਉਹ ਦੂਜੀ ਭਾਸ਼ਾ ਵੀ ਸਹੀ ਨਹੀਂ ਸਿੱਖ ਸਕਦਾ। ਇਹ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਅਸੀਂ ਪੰਜਾਬੀ, ਦੁਨੀਆ ਦੀਆਂ ਉਨ੍ਹਾਂ 5 ਕੌਮਾਂ ਵਿਚੋਂ ਹਾਂ, ਜੋ ਹਰ ਤਰ੍ਹਾਂ ਦੀ ਆਵਾਜ਼ ਪੈਦਾ ਕਰ ਸਕਦੇ ਹਾਂ। ਬਹੁਤ ਸਾਰੀਆਂ ਕੌਮਾਂ, ਕਈ ਅੱਖਰ ਹੀ ਨਹੀਂ ਬੋਲ ਸਕਦੀਆਂ, ਖਾਸ ਕਰਕੇ, ਡ, ਢ, ੜ, ਣ, ਟ, ਙ, ਞ ਅਤੇ ਥ ਆਦਿ। ਇਸੇ ਕਰਕੇ ਮੇਰੇ ਵਰਗਾ ਵੀ ਜੋ ਦੇਸੀ ਤੇ ਸਰਕਾਰੀ ਸਕੂਲ 'ਚ ਪੜ੍ਹਿਆ ਵੀ, ਬਹੁਤੇ ਅੰਗਰੇਜ਼ੀ ਪ੍ਰੋਫੈਸਰਾਂ ਨਾਲੋਂ ਵਧੀਆ ਅੰਗਰੇਜ਼ੀ ਬੋਲ ਲੈਂਦਾ ਹੈ। ਭਾਸ਼ਾ ਰੁਜ਼ਗਾਰ ਵਿਚ ਸਹਾਈ ਹੁੰਦੀ ਹੈ, ਰੁਜ਼ਗਾਰ ਭਾਸ਼ਾ ਨਾਲ ਨਹੀਂ ਮਿਲਦਾ। ਰੁਜ਼ਗਾਰ ਲਈ ਸਮਝ ਚਾਹੀਦੀ ਹੈ ਤੇ ਸਮਝ ਦਾ ਮੂਲਮੰਤਰ, ਮਾਤ ਭਾਸ਼ਾ ਦੀ ਜਾਣਕਾਰੀ ਹੋਣਾ ਹੁੰਦਾ ਹੈ। ਇਸ ਲਈ ਇਹ ਬਹੁਤ ਜ਼ਰੂਰੀ ਹੈ ਕਿ ਉਡਾਰੀ ਮਾਰਨ ਤੋਂ ਪਹਿਲੋਂ, ਖੰਭਾਂ ਨੂੰ ਵਿਕਸਤ ਹੋਣ ਦੇਈਏ। ਇਸੇ ਵਿਚ ਹੀ ਸਾਡੀ ਭਲਾਈ ਹੈ, ਨਹੀਂ ਤਾਂ ਕਿਸੇ ਬਾਜ਼ ਦੇ ਅੜਿੱਕੇ ਆ ਜਾਵਾਂਗੇ।

-ਮੋਬਾ: 98159-45018

ਕਰਜ਼ਾ ਮੁਆਫ਼ੀ ਕਿਸਾਨਾਂ ਲਈ ਬਿਨਾਂ ਖੱਜਲ-ਖੁਆਰੀ ਹੋਵੇ

ਕਰਜ਼ਾ ਮੁਆਫ਼ੀ ਦੇ ਦੂਜੇ ਪੜਾਅ 'ਚ ਭਾਵੇਂ ਪੰਜਾਬ ਸਰਕਾਰ ਨੇ ਪਿਛਲੇ ਫੈਸਲੇ ਵਿਚ ਸੋਧ ਕਰ ਕੇ ਲਾਭ ਲੈਣ ਵਾਲੇ ਕਿਸਾਨਾਂ ਤੋਂ ਢਾਈ ਏਕੜ ਤੋਂ ਪੰਜ ਏਕੜ ਰਕਬੇ ਦੇ ਦਰਮਿਆਨ ਵਾਲੇ ਮਾਲਕ ਕਿਸਾਨਾਂ ਨੂੰ ਲਾਭਪਾਤਰਾਂ ਦੀ ਸ਼੍ਰੇਣੀ ਵਿਚੋਂ ਕੱਢ ਦਿੱਤਾ ਹੈ। ਪਰ ਇਸ ਵਿਚ ਹੋਰ ਗੁੰਝਲਾਂ ਪੈ ਕੇ ਸਾਹਮਣੇ ਆ ਰਹੀਆਂ ਹਨ। ਅੱਧ-ਮਾਰਚ ਤੋਂ ਬਾਅਦ ਸ਼ੁਰੂ ਹੋਣ ਵਾਲੇ ਇਸ ਪੜਾਅ 'ਚ 600 ਕਰੋੜ ਰੁਪਏ ਯੋਗ ਕਿਸਾਨਾਂ ਨੂੰ ਦਿੱਤੇ ਜਾਣ ਦੀ ਯੋਜਨਾ ਹੈ ਜਦੋਂ ਕਿ ਪਹਿਲੇ ਪੜਾਅ ਦੌਰਾਨ 160 ਕਰੋੜ ਰੁਪਏ ਅਦਾ ਕਰ ਕੇ ਸਕੀਮ 'ਚ ਖੜੋਤ ਲਿਆ ਦਿੱਤੀ ਗਈ ਸੀ, ਕਿਉਂਕਿ ਕੁਝ ਅਯੋਗ ਕਿਸਾਨਾਂ ਨੂੰ ਫ਼ਾਇਦਾ ਪਹੁੰਚ ਜਾਣ ਦੀਆਂ ਸ਼ਿਕਾਇਤਾਂ ਆਉਣ ਉਪਰੰਤ ਰੌਲਾ-ਰੱਪਾ ਪੈਣਾ ਸ਼ੁਰੂ ਹੋ ਗਿਆ ਸੀ। ਹੁਣ ਢਾਈ ਏਕੜ ਤੋਂ ਥੱਲੇ ਰਕਬੇ ਦੇ ਮਾਲਕ ਜੋ ਆਪਣਾ ਗੁਜ਼ਾਰਾ ਮਿਹਨਤ ਕਰ ਕੇ ਬਿਨਾਂ ਕਿਸੇ ਐਬ ਅਤੇ ਸਮਾਜਿਕ ਖਰਚਿਆਂ ਤੋਂ ਕਰ ਰਹੇ ਹਨ, ਉਹ ਆਪਣੇ ਪ੍ਰਤੀਨਿਧੀਆਂ ਕੋਲ ਬੇਨਤੀਆਂ ਕਰ ਰਹੇ ਹਨ ਕਿ ਉਨ੍ਹਾਂ ਨੂੰ ਪ੍ਰਤੀ ਏਕੜ ਦੇ ਆਧਾਰ 'ਤੇ ਰਾਹਤ ਦਿੱਤੀ ਜਾਣੀ ਚਾਹੀਦੀ ਹੈ। ਉਨ੍ਹਾਂ ਵਲੋਂ ਮਿਹਨਤ ਅਤੇ ਸੱਚਾ-ਸੁੱਚਾ ਜੀਵਨ ਬਸਰ ਕਰਕੇ ਬਿਨਾਂ ਕਿਸੇ ਫਜ਼ੂਲ ਖਰਚੀ ਦੇ ਅਤੇ ਕੋਈ ਕਰਜ਼ਾ ਲਿੱਤੇ ਬਿਨਾਂ ਇਸ ਮਹਿੰਗਾਈ 'ਚ ਗੁਜ਼ਾਰਾ ਕਰਨਾ ਤਾਂ ਸਗੋਂ ਸਰਾਹਨਾਯੋਗ ਹੈ। ਉਨ੍ਹਾਂ ਨੂੰ ਰਾਹਤ ਦੇ ਕੇ ਸਰਕਾਰ ਨੂੰ ਦੂਜਿਆਂ ਨੂੰ ਪ੍ਰੇਰਨਾ ਦੇਣੀ ਚਾਹੀਦੀ ਹੈ। ਨਹੀਂ ਤਾਂ ਸਹਿਕਾਰੀ ਸਭਾਵਾਂ ਤੇ ਗ੍ਰਾਮੀਣ ਬੈਂਕਾਂ ਦਾ ਭਵਿੱਖ ਤਜਾਰਤੀ ਬੈਂਕਾਂ ਵਿਚ ਹੋਏ ਘੁਟਾਲਿਆਂ ਵਾਂਗ ਹੀ ਹੋਏਗਾ। ਨਾ ਦਹਿੰਦਗੀ (ਡਿਫਾਲਟਰ ਹੋਣ ਵਾਲਿਆਂ ਦੀ ਗਿਣਤੀ) ਵਧ ਕੇ ਇਸ ਹੱਦ ਤੱਕ ਪਹੁੰਚ ਜਾਵੇਗੀ, ਜਿਸ ਨਾਲ ਇਹ ਢਾਂਚਾ ਲੰਗੜਾ ਹੋ ਜਾਵੇਗਾ।
ਪੰਜਾਬ ਨੈਸ਼ਨਲ ਬੈਂਕ ਵਿਚ ਹੋਏ ਐਡੇ ਵੱਡੇ ਘੁਟਾਲੇ ਤੇ ਫਰੇਬ ਨਾਲ ਤਜਾਰਤੀ ਬੈਂਕਾਂ ਦੀ ਸਾਖ ਡਿਗ ਗਈ ਹੈ। ਬੈਂਕਾਂ 'ਚ 8670 ਕਰਜ਼ਿਆਂ ਵਿਚ 61260 ਕਰੋੜ ਰੁਪਏ ਦੀ ਠੱਗੀ ਰਿਜ਼ਰਵ ਬੈਂਕ ਵਲੋਂ ਦਿੱਤੀ ਗਈ ਸੂਚਨਾ ਅਨੁਸਾਰ ਸਾਹਮਣੇ ਆਈ ਹੈ। ਇਸ ਤੋਂ ਪਹਿਲਾਂ ਸਟੇਟ ਬੈਂਕ ਆਫ਼ ਇੰੰਡੀਆ ਵਿਚ ਜਿਸ 'ਤੇ ਕੇਂਦਰ ਸਰਕਾਰ ਦਾ ਸਿੱਧਾ ਕੰਟਰੋਲ ਰਿਹਾ ਹੈ, ਇਕ ਵੱਡਾ ਘੁਟਾਲਾ ਵਾਪਰਿਆ ਸਾਹਮਣੇ ਆਇਆ ਸੀ। ਹੁਣ ਸਾਰੇ ਹੀ ਤਜਾਰਤੀ ਬੈਂਕਾਂ ਦੇ ਅਜਿਹੇ ਕਰਜ਼ਿਆਂ ਵਿਚ ਵਾਪਰੀ ਅਜਿਹੀ ਠੱਗੀ ਦਾ ਪਤਾ ਲੱਗ ਰਿਹਾ ਹੈ। ਲੋਕਾਂ 'ਚ ਇਹ ਚਰਚਾ ਹੈ ਕਿ ਬੈਂਕਾਂ ਦੀ ਮਾਲੀ ਹਾਲਤ ਡਿਗਦੀ ਜਾ ਰਹੀ ਹੈ ਤੇ ਉਨ੍ਹਾਂ ਦੀਆਂ ਬੈਂਕਾਂ 'ਚ ਜਮ੍ਹਾਂ ਅਮਾਨਤਾਂ ਵੀ ਸੁਰੱਖਿਅਤ ਨਹੀਂ। ਐਨ.ਆਰ.ਆਈਜ਼ ਵਲੋਂ ਧੜਾਧੜ ਆਪਣੀਆਂ ਅਮਾਨਤਾਂ ਕਢਵਾਈਆਂ ਜਾ ਰਹੀਆਂ ਹਨ। ਮਿਆਦੀ ਅਮਾਨਤਾਂ ਮਿਆਦ ਖ਼ਤਮ ਹੋਣ ਤੋਂ ਪਹਿਲਾਂ ਹੀ ਸੂਦ ਦਾ ਲਾਭ ਛੱਡ ਕੇ ਵਾਪਸ ਲਏ ਜਾਣ ਦੇ ਕਈ-ਕਈ ਕੇਸ ਹਰ ਬੈਂਕ ਸਬੰਧੀ ਪਤਾ ਲੱਗੇ ਹਨ। ਵਿਸ਼ਵ ਬੈਂਕ ਦੇ ਇਕ ਸਾਬਕਾ ਸੀਨੀਅਰ ਐਨ.ਆਰ.ਆਈ. ਅਧਿਕਾਰੀ, ਜੋ ਅੱਜਕਲ੍ਹ ਭਾਰਤ ਫੇਰੀ 'ਤੇ ਆਏ ਹੋਏ ਹਨ, ਉਨ੍ਹਾਂ ਨੇ ਇਸ ਗੱਲ ਦੀ ਪ੍ਰੋੜ੍ਹਤਾ ਕੀਤੀ ਕਿ ਵਿਦੇਸ਼ਾਂ 'ਚ ਰਹਿ ਰਹੇ ਭਾਰਤੀ ਜਿਨ੍ਹਾਂ ਦਾ ਪੈਸਾ ਇੱਥੇ ਬੈਂਕਾਂ 'ਚ ਜਮ੍ਹਾਂ ਹੈ, ਸਹਿਮੇ ਹੋਏ ਹਨ। ਇਕ ਐਨ.ਆਰ.ਆਈ. ਜੋ ਆਪਣੀ ਅਮਾਨਤ ਮਿਆਦ ਤੋਂ ਪਹਿਲਾਂ ਹੀ ਲੈ ਰਿਹਾ ਹੈ, ਨੇ ਡਰ ਪ੍ਰਗਟ ਕੀਤਾ ਕਿ ਜੇ ਕਿਸੇ ਬੈਂਕ ਤੇ ਅਮਾਨਤਦਾਰਾਂ ਦੀ 'ਰਣ' ਪੈ ਗਈ ਤਾਂ ਹੋ ਸਕਦਾ ਹੈ ਕਿ ਬੈਂਕ ਉਨ੍ਹਾਂ ਦੀਆਂ ਅਮਾਨਤਾਂ ਦਾ ਪੂਰਾ ਪੈਸਾ ਵੀ ਵਾਪਸ ਕਰਨ ਦੇ ਸਮਰੱਥ ਨਾ ਹੋਵੇ। ਸਰਕਾਰ ਵਲੋਂ ਜੋ ਬੈਂਕਾਂ ਦੀ ਵਿੱਤੀ ਹਾਲਤ ਸਥਿਰ ਕਰਨ ਲਈ ਪੈਸਾ ਦਿੱਤਾ ਜਾ ਰਿਹਾ ਹੈ, ਉਸ ਨਾਲ ਬੈਂਕਾਂ ਸਬੰਧੀ ਲੋਕਾਂ ਦਾ ਵਿਸ਼ਵਾਸ ਤਾਂ ਨਹੀਂ ਬੰਨ੍ਹ ਸਕਦਾ। ਜੇ ਵਿਸ਼ਵਾਸ ਇਕ ਵਾਰ ਟੁੱਟ ਜਾਵੇ ਤਾਂ ਮੁੜ ਬੰਨ੍ਹਣ ਨੂੰ ਬੜਾ ਸਮਾਂ ਲਗਦਾ ਹੈ।
ਹੈਰਾਨੀ ਦੀ ਗੱਲ ਇਹ ਹੈ ਕਿ ਆਮ ਤੌਰ 'ਤੇ ਬੈਂਕਾਂ ਵਿਚ ਐਡੇ ਵੱਡੇ-ਵੱਡੇ ਕਰਜ਼ੇ ਦੇ ਕੇ ਜੋ ਫਰਾਡ ਵਾਪਰਦੇ ਹਨ, ਉਨ੍ਹਾਂ ਵਿਚ ਆਮ ਤੌਰ 'ਤੇ ਬੈਂਕ ਕਰਮਚਾਰੀਆਂ ਦੀ ਮਿਲੀਭੁਗਤ ਹੁੰਦੀ ਹੈ। ਮੈਨੂੰ ਯਾਦ ਹੈ ਕਿ ਜਦੋਂ ਪਿਛਲੀ ਸ਼ਤਾਬਦੀ ਦੇ ਛੇਵੇਂ ਦਹਾਕੇ ਵਿਚ ਸਬਜ਼ ਇਨਕਲਾਬ ਸ਼ੁਰੂ ਹੋਣ ਵੇਲੇ ਕੁਝ ਬੈਂਕਾਂ ਵਲੋਂ ਖੇਤੀ ਕਰਜ਼ੇ ਦੇਣੇ ਸ਼ੁਰੂ ਹੋਏ ਤਾਂ ਇਕ ਬੈਂਕ, ਜਿਸ ਨੇ ਇਸ ਖੇਤਰ ਵਿਚ ਲੀਡ ਦਿੱਤੀ, ਦੇ 12 ਸੀਨੀਅਰ ਅਧਿਕਾਰੀ ਇਸ ਲਈ ਚਾਰਜਸ਼ੀਟ ਹੋਏ, ਕਿਉਂਕਿ ਉਨ੍ਹਾਂ ਵਲੋਂ ਕੁਝ ਕਿਸਾਨਾਂ ਨੂੰ ਟਿਊਬਵੈੱਲਾਂ, ਖੇਤੀ ਸੰਦਾਂ ਤੇ ਫ਼ਸਲੀ ਕਰਜ਼ਿਆਂ ਵਜੋਂ ਦਿੱਤੀਆਂ ਗਈਆਂ ਛੋਟੀਆਂ-ਛੋਟੀਆਂ ਰਕਮਾਂ ਵਸੂਲ ਨਹੀਂ ਹੋਈਆਂ। ਉਨ੍ਹਾਂ ਵਿਚੋਂ ਕੁਝ ਅਧਿਕਾਰੀ ਮੁਅੱਤਲ ਕੀਤੇ ਗਏ ਅਤੇ ਕੁਝ ਨੌਕਰੀ ਤੋਂ ਖਾਰਜ ਕਰ ਦਿੱਤੇ ਗਏ। ਇੱਥੋਂ ਤੱਕ ਕਿ ਬੈਂਕ ਦੇ ਸੀਨੀਅਰ ਅਧਿਕਾਰੀਆਂ ਦੀ ਸੀ.ਬੀ.ਆਈ. ਵਲੋਂ ਪੜਤਾਲ ਹੋਈ। ਪਰ ਅੱਜ ਸੈਂਕੜੇ ਕਰੋੜਾਂ ਰੁਪਏ ਦੇ ਫਰਾਡਾਂ ਸਬੰਧੀ ਕਰਜ਼ਾ ਲੈਣ ਵਾਲਿਆਂ 'ਤੇ ਕਾਰਵਾਈ ਸ਼ੁਰੂ ਕਰ ਦਿੱਤੀ ਜਾਂਦੀ ਹੈ, ਪਰ ਕਰਜ਼ਾ ਦੇਣ ਵਾਲੇ ਬੈਂਕ ਅਧਿਕਾਰੀਆਂ ਦੀ ਕਾਰਜਸ਼ੈਲੀ ਦੀ ਕੋਈ ਛਾਣਬੀਣ ਨਹੀਂ ਕੀਤੀ ਜਾਂਦੀ। ਪੰਜਾਬ ਨੈਸ਼ਨਲ ਬੈਂਕ ਦੀ ਇਕ ਬਰਾਂਚ ਵਿਚ ਦੋ ਅਧਿਕਾਰੀਆਂ ਨੇ 1.77 ਬਿਲੀਅਨ ਡਾਲਰ ਦੇ ਕਰਜ਼ੇ ਫਰਮਾਂ ਨੂੰ ਦਿੱਤੇ ਅਤੇ ਇਹ ਫਰਮਾਂ ਨੇ ਠੱਗੀ ਮਾਰੀ। ਇਹ ਫਰਮਾਂ ਜਿਊਲਰ ਨੀਰਵ ਮੋਦੀ ਨਾਲ ਸਬੰਧਿਤ ਸਨ। ਘੁਟਾਲਿਆਂ ਅਤੇ ਗ਼ੈਰ-ਕਾਨੂੰਨੀ ਤੌਰ 'ਤੇ ਦਿੱਤੀਆਂ ਜਾਣ ਵਾਲੀਆਂ ਵੱਡੀਆਂ-ਵੱਡੀਆਂ ਰਕਮਾਂ ਦੇ ਕਰਜ਼ਿਆਂ ਸਬੰਧੀ ਅਧਿਕਾਰੀਆਂ ਦੀ ਪੁੱਛਗਿੱਛ ਨਾ ਹੋਣ ਨਾਲ ਲੋਕਾਂ 'ਚ ਇਹ ਆਮ ਚਰਚਾ ਹੈ ਕਿ ਇਹ ਕਰਜ਼ੇ ਹੁਕਮਰਾਨਾਂ ਤੇ ਰਾਜਨੀਤੀ ਨਾਲ ਜੁੜੇ ਵਿਅਕਤੀਆਂ ਦੇ ਕਹਿਣ 'ਤੇ ਦਿੱਤੇ ਗਏ ਸਨ। ਬੈਂਕ ਵਿੱਤੀ ਸੰਸਥਾਵਾਂ ਹਨ, ਜਿਨ੍ਹਾਂ ਵਿਚ ਵਿੱਤਕ ਅਨੁਸ਼ਾਸਨ ਦੀ ਅਤਿ ਲੋੜ ਹੈ। ਜੇ ਇਹ ਨਾ ਲਿਆਂਦਾ ਗਿਆ ਤਾਂ ਬੈਂਕਾਂ ਦਾ ਭਵਿੱਖ ਸਿਆਹ ਹੋਣ ਦੀ ਸੰਭਾਵਨਾ ਹੈ। ਇਸ ਵੇਲੇ ਬੈਂਕਾਂ ਦੇ ਕਾਰੋਬਾਰ 'ਚ ਵੀ ਕੋਈ ਪਾਰਦਰਸ਼ਤਾ ਨਹੀਂ। ਅਧਿਕਾਰੀ ਜੋ ਚਾਹੁੰਦੇ ਹਨ, ਕਰ ਲੈਂਦੇ ਹਨ। ਅਜਿਹੀਆਂ ਘਟਨਾਵਾਂ ਹਨ ਕਿ ਅਧਿਕਾਰੀਆਂ ਨੇ ਨਿਹਾਇਤ ਗ਼ੈਰ-ਜ਼ਿੰਮੇਵਾਰੀ ਨਾਲ ਖਾਤਿਆਂ 'ਚ ਪੈਸਾ ਹੁੰਦੇ ਹੋਏ ਚੈੱਕ ਵਾਪਸ ਕਰ ਦਿੱਤੇ ਪਰ ਉਨ੍ਹਾਂ ਅਧਿਕਾਰੀਆਂ 'ਤੇ ਪ੍ਰਸ਼ਾਸਨ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਗਾਹਕ ਕੋਈ ਕਾਨੂੰਨੀ ਕਾਰਵਾਈ ਕਰਨ ਲਈ ਸਮਰੱਥਾ ਨਹੀਂ ਰੱਖਦੇ। ਨਾ ਉਨ੍ਹਾਂ ਕੋਲ ਸਮਾਂ ਹੁੰਦਾ ਹੈ, ਨਾ ਸਾਧਨ। ਕੇਂਦਰ ਸਰਕਾਰ ਨੂੰ ਬੈਂਕਾਂ 'ਚ ਵਿੱਤੀ ਅਨੁਸ਼ਾਸਨ ਲਿਆਉਣ ਵੱਲ ਖਾਸ ਧਿਆਨ ਦੇਣਾ ਚਾਹੀਦਾ ਹੈ।
ਪੰਜਾਬ ਸਰਕਾਰ ਵਲੋਂ ਜੋ ਕਿਸਾਨਾਂ ਸਬੰਧੀ ਕਰਜ਼ਾ ਮੁਆਫ਼ੀ ਦਾ ਭਰੋਸਾ ਦਿੱਤਾ ਜਾ ਰਿਹਾ ਹੈ, ਉਸ ਲਈ ਨਾ ਸਾਧਨ ਹਨ, ਨਾ ਖਜ਼ਾਨਾ। ਰਾਜਨੀਤਕ ਪਾਰਟੀਆਂ ਚੋਣ ਮੈਨੀਫੈਸਟੋ 'ਚ ਕੀਤੇ ਸਾਰੇ ਵਾਅਦੇ ਕਦੇ ਵੀ ਪੂਰੇ ਨਹੀਂ ਕਰ ਸਕੀਆਂ। ਭਾਵੇਂ ਸਿਆਸੀ ਪਾਰਟੀਆਂ ਇਸ ਤੋਂ ਲਾਭ ਉਠਾ ਲੈਣ ਪਰ ਆਮ ਲੋਕ ਅਜਿਹੀ ਖੱਜਲ-ਖੁਆਰੀ, ਜੋ ਪਹਿਲੇ ਪੜਾਅ ਦੌਰਾਨ ਵਾਪਰੀ, ਉਸ ਤੋਂ ਬਚਣਾ ਚਾਹੁਣਗੇ। ਉਨ੍ਹਾਂ ਲਈ ਇਹ ਵੱਡੀ ਸੰਤੁਸ਼ਟਤਾ ਹੋਵੇਗੀ ਜੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਰਾਜ ਵਿਚੋਂ ਭ੍ਰਿਸ਼ਟਾਚਾਰੀ ਖ਼ਤਮ ਕਰ ਦੇਣ ਅਤੇ ਦਫ਼ਤਰਾਂ ਵਿਚ ਕਿਸਾਨਾਂ ਤੇ ਆਮ ਲੋਕਾਂ ਦੇ ਕੰਮ ਪਾਰਦਸ਼ਤਾ ਤੇ ਆਸਾਨੀ ਨਾਲ ਹੋਣ। ਥਾਣਿਆਂ, ਤਹਿਸੀਲਾਂ ਤੇ ਹੋਰ ਕਿਸਾਨਾਂ ਨਾਲ ਸਬੰਧਤ ਰੈਵੇਨਿਊ, ਸਿੰਜਾਈ, ਬਿਜਲੀ ਆਦਿ ਅਦਾਰਿਆਂ 'ਚ ਕੰਮ ਬਿਨਾਂ ਕਿਸੇ ਖੱਜਲ-ਖੁਆਰੀ ਅਤੇ ਬਿਨਾਂ ਕੁਝ ਲਿੱਤੇ-ਦਿੱਤੇ ਹੋਣੇ ਚਾਹੀਦੇ ਹਨ।


-ਮੋਬਾ: 98152-36307

ਅਲੋਪ ਹੋ ਕੇ ਰਹਿ ਗਈ ਪੁਰਾਤਨ ਖੂਹਾਂ ਦੀ ਰੌਣਕ

ਪੁਰਾਣੇ ਸਮੇਂ ਵਿਚ ਪਾਣੀ ਦੇ ਸੀਮਤ ਸਾਧਨ ਹੁੰਦੇ ਸਨ। ਪੀਣ ਲਈ ਜ਼ਿਆਦਾਤਰ ਪਾਣੀ ਖੂਹਾਂ ਤੋਂ ਭਰ ਕੇ ਹੀ ਵਰਤਿਆ ਜਾਂਦਾ ਸੀ। ਪਿੰਡਾਂ ਵਿਚ ਪੱਤੀਆਂ ਦੇ ਹਿਸਾਬ ਨਾਲ ਖੂਹ ਲਗਵਾਏ ਹੁੰਦੇ ਸਨ। ਜਿਥੋਂ ਪੱਤੀ ਨਾਲ ਸਬੰਧਤ ਸੁਹਾਣੀਆਂ, ਨਵ-ਵਿਆਹੀਆਂ ਅਤੇ ਮੁਟਿਆਰਾਂ ਘਰ ਲਈ ਪੀਣ ਲਈ ਅਤੇ ਹੋਰ ਵਰਤੋਂ ਲਈ ਪਾਣੀ ਭਰਦੀਆਂ ਹੁੰਦੀਆਂ ਸਨ। ਕਈ ਅਮੀਰ ਪੱਤੀਆਂ ਵਾਲਿਆਂ ਨੇ ਤਾਂ ਖੂਹ ਵਿਚੋਂ ਪਾਣੀ ਭਰ ਕੇ ਘਰ ਤੱਕ ਪਹੁੰਚਾਉਣ ਲਈ ਕਿਸੇ ਨਾ ਕਿਸੇ ਗ਼ਰੀਬ ਪਰਿਵਾਰ ਨੂੰ ਰੱਖਿਆ ਹੁੰਦਾ ਸੀ। ਉਸ ਸਮੇਂ ਵਿਚ ਸਿੱਖਿਆ ਦੇ ਸੀਮਤ ਸਾਧਨਾਂ ਕਰਕੇ ਕੁੜੀਆਂ ਅਤੇ ਮੁੰਡਿਆਂ ਨੂੰ ਕੋਈ ਵਿਰਲਾ ਹੀ ਸਕੂਲ ਪੜ੍ਹਣ ਲਈ ਭੇਜਦਾ ਸੀ। ਜ਼ਿਆਦਾਤਰ ਕੁੜੀਆਂ ਸੁਆਣੀਆਂ ਨਾਲ ਘਰ ਦੇ ਕੰਮਾਂ ਵਿਚ ਹੱਥ ਵਟਾਉਂਦੀਆਂ ਸਨ ਜਾਂ ਫਿਰ ਘਰ ਦਾ ਕੰਮਕਾਜ ਨਬੇੜ ਕੇ ਤ੍ਰਿੰਝਣਾਂ ਵਿਚ ਕੱਢਣਾ, ਕੱਤਣਾ, ਬੁਨਣਾ ਸਿੱਖ ਲੈਂਦੀਆਂ ਸਨ। ਤ੍ਰਿੰਝਣਾਂ ਵਿਚ ਇਕੱਠੀਆਂ ਹੋਈਆਂ ਸੁਆਣੀਆਂ, ਨਵ-ਵਿਆਹੀਆਂ ਅਤੇ ਮੁਟਿਆਰਾਂ ਕਦੇ-ਕਦੇ ਗੀਤ ਗਾ ਬੋਲੀਆਂ, ਗਿੱਧਾ ਪਾ ਕੇ ਆਪਣਾ ਮਨੋਰੰਜਨ ਵੀ ਕਰ ਲੈਂਦੀਆਂ ਸਨ। ਗੱਲ ਕੀ ਉਨ੍ਹਾਂ ਸਮਿਆਂ ਵਿਚ ਖੂਹਾਂ ਅਤੇ ਤ੍ਰਿੰਝਣਾਂ ਵਿਚ ਹੀ ਵਧੇਰੇ ਰੌਣਕ ਲੱਗਦੀ ਸੀ, ਕਿਉਂਕਿ ਖੂਹ ਉੱਤੇ ਵੀ ਘਰਾਂ ਦੀਆਂ ਸੁਆਣੀਆਂ, ਨਵ-ਵਿਆਹੀਆਂ ਅਤੇ ਮੁਟਿਆਰਾਂ ਪਾਣੀ ਭਰਨ ਲਈ ਅਤੇ ਕੱਪੜੇ ਧੋਣ ਲਈ ਜਾਂਦੀਆਂ ਰਹਿੰਦੀਆਂ ਸਨ। ਖੂਹਾਂ ਉੱਤੇ ਲੱਗਦੀ ਰੌਣਕ ਵੀ ਦੇਖਣ ਵਾਲੀ ਹੁੰਦੀ ਸੀ।
ਖੂਹ ਵਿਚੋਂ ਪਾਣੀ ਕੱਢਣਾ ਵੀ ਕੋਈ ਖਾਲਾ ਜੀ ਦਾ ਵਾੜਾ ਨਹੀਂ ਸੀ, 40 ਤੋਂ 50 ਫੁੱਟ ਰੱਸੇ ਦੇ ਨਾਲ ਡੋਲ ਬੰਨ੍ਹ ਕੇ ਚਰਖੜੀ ਦੇ ਰਿਹੜੇ ਉੱਪਰ ਰੱਸੇ ਨਾਲ ਡੋਲ ਨੂੰ ਖੂਹ ਦੇ ਪਾਣੀ ਵਿਚ ਡੁਬੋ ਕੇ ਪਾਣੀ ਨਾਲ ਭਰ ਲੈਂਦੇ, ਫਿਰ ਖੂਹ ਦੀ ਮੌਣ 'ਤੇ ਪੈਰ ਰੱਖ ਕੇ ਬਾਹਾਂ ਦੇ ਜ਼ੋਰ ਨਾਲ ਰੱਸਾ ਖਿੱਚ ਕੇ ਪਾਣੀ ਨਾਲ ਭਰੇ ਡੋਲ ਨੂੰ ਉੱਪਰ ਲੈ ਕੇ ਆਉਣਾ ਹੁੰਦਾ ਸੀ। ਇਸ ਪ੍ਰਕਿਰਿਆ ਦੁਆਰਾ ਪਾਣੀ ਇਕੱਠਾ ਕਰਕੇ ਘੜਿਆਂ ਵਿਚ ਜਾਂ ਕਿਸੇ ਵੱਡੇ ਭਾਂਡੇ ਵਿਚ ਜਮ੍ਹਾਂ ਕਰ ਲਿਆ ਜਾਂਦਾ ਸੀ। ਕਈ ਵਾਰੀ ਜਦੋਂ ਡੋਲ ਪਾਣੀ ਨਾਲ ਭਰ ਕੇ ਉੱਪਰ ਵੱਲ ਨੂੰ ਖਿੱਚਦੇ ਸੀ ਤਾਂ ਰੱਸਾ ਕਮਜ਼ੋਰ ਹੋਣ ਕਰਕੇ ਅੱਧ ਵਿਚਕਾਰ ਤੋਂ ਹੀ ਟੁੱਟ ਜਾਂਦਾ ਸੀ, ਜਦੋਂ ਡੋਲ ਵਾਪਸ ਟੁੱਟ ਕੇ ਪਾਣੀ ਵਿਚ ਡਿੱਗਦਾ ਤਾਂ ਡਿੱਗਣ ਕਾਰਨ ਧੜੱਮ ਦੀ ਅਵਾਜ਼ ਸੁਣ ਪਾਣੀ ਖਿੱਚਦੀ ਕੋਈ ਨਵ-ਵਿਆਹੀ ਮੁਟਿਆਰ ਕਦੇ ਆਪਣੇ ਮਹਿੰਦੀ ਰੰਗੇ ਹੱਥਾਂ ਵੱਲ ਵੇਖ ਕਦੇ ਬਾਹੀਂ ਪਾਇਆ ਸ਼ਗਨਾਂ ਦੇ ਚੂੜੇ ਵੱਲ ਵੇਖ ਕੇ ਉਸ ਦੇ ਮੂੰਹ ਵਿਚ ਮੱਲੋ-ਮੱਲੀ ਨਿਕਲ ਜਾਂਦਾ ਹੈ ਕਿ :-
'ਤੂੰ ਗੜਬਾ ਮੈਂ ਤੇਰੀ ਡੋਰ ਵੇ ਮਾਹੀਆ।'
ਕਈ ਹੁੰਦਲ ਹੇੜ ਜੋਬਨ ਮੱਤੀਆਂ ਮੁਟਿਆਰਾਂ ਤਾਂ ਇਕੋ ਵਾਰੀ ਤਿੰਨ-ਤਿੰਨ ਘੜੇ ਵੀ ਪਾਣੀ ਦੇ ਭਰ ਕੇ ਚੁੱਕ ਕੇ ਆਪਣੇ ਘਰ ਤੱਕ ਲੈ ਜਾਂਦੀਆਂ ਸਨ। ਇਹ ਵੀ ਦ੍ਰਿਸ਼ ਦੇਖਣਯੋਗ ਹੋਵੇਗਾ ਪੈਰਾਂ ਵਿਚ ਪੰਜੇਬਾਂ, ਘੱਗਰਾ ਪਾ ਕੇ ਦੋ ਘੜੇ ਦੋਵੇਂ ਢੱਕਾਂ ਰੱਖ ਤੀਜਾ ਸਿਰ 'ਤੇ ਰੱਖਿਆ ਹੋਵੇਗਾ, ਉਸ ਮਜਾਜਣ ਦੀ ਤੋਰ ਨੂੰ ਦੇਖ ਕੇ ਹੀ ਪ੍ਰਸਿੱਧ ਗੀਤਕਾਰ ਇੰਦਰਜੀਤ ਹਸਨਪੁਰੀ ਨੇ ਇਹ ਗੀਤ ਲਿਖਿਆ ਹੋਵੇਗਾ :-
'ਜੇ ਮੁੰਡਿਆ ਤੂੰ ਸਾਡੀ ਤੋਰ ਵੇ ਵੇਖਣੀ,
ਗੜਬਾ ਲੈ ਦੇ ਚਾਂਦੀ ਦਾ।'
'ਵੇ ਲੱਕ ਹਿਲੂ ਮਜਾਜਣ ਜਾਂਦੀ ਦਾ।'
ਕਈ ਦਾਨੀ ਸੱਜਣਾਂ ਨੇ ਵਰਤੋਂ ਵਿਚ ਆਉਣ ਵਾਲੇ ਰਸਤਿਆਂ, ਸੜਕਾਂ ਜਿਥੇ ਸੰਘਣੀ ਛਾਂ ਅਤੇ ਬੈਠਣ ਲਈ ਥਾਂ ਹੁੰਦੀ ਸੀ, ਖੂਹੀਆਂ ਵੀ ਲਗਵਾਈਆਂ ਸਨ। ਜਿਥੇ ਪਾਂਧੀ ਜੇਠ ਹਾੜ੍ਹ ਦੇ ਸਿਖਰ ਦੁਪਹਿਰੇ ਆਪ ਅਤੇ ਢੱਕਿਆਂ, ਘੋੜਿਆ ਆਦਿ ਨੂੰ ਪਾਣੀ ਪਿਲਾ ਕੇ ਕੁਝ ਆਰਾਮ ਕਰਨ ਤੋਂ ਬਆਦ ਆਪਣੀ ਮੰਜ਼ਿਲ ਵੱਲ ਨੂੰ ਚਾਲੇ ਪਾਉਂਦਾ ਸੀ। ਹੌਲੀ-ਹੌਲੀ ਪੰਜਾਬ ਵਿਚ ਪਹਿਲਾਂ ਕਿਸੇ-ਕਿਸੇ ਨੇ ਫਿਰ ਘਰੋ-ਘਰੀ ਨਲਕੇ ਲਗਵਾ ਲਏ। ਫਿਰ ਇਨ੍ਹਾਂ ਨਲਕਿਆਂ ਦੇ ਉਪਰ ਪਾਣੀ ਕੱਢਣ ਲਈ ਮੋਟਰਾਂ ਵੀ ਫਿੱਟ ਕਰਨ ਲੱਗੇ।
ਹੁਣ ਨਲਕੇ ਅਤੇ ਮੋਟਰਾਂ ਤੋਂ ਬਾਅਦ ਘਰੋ-ਘਰੀ ਸਬਮਰਸੀਬਲ ਪੰਪ ਲੱਗ ਚੱਕੇ ਹਨ। ਇਸ ਤੋਂ ਵੀ ਅੱਗੇ ਸਰਕਾਰਾਂ ਵਲੋਂ ਪਿੰਡਾਂ ਅਤੇ ਸ਼ਹਿਰਾਂ ਵਿਚ ਘਰ-ਘਰ ਪੀਣ ਵਾਲੇ ਪਾਣੀ ਦੀ ਸਪਲਾਈ ਦਿੱਤੀ ਜਾ ਰਹੀ ਹੈ, ਹੁਣ ਨਾ ਉਹ ਖੂਹ, ਨਾ ਉਹ ਡੋਲ ਰਹੇ ਹਨ, ਫਿਰ ਖੂਹਾਂ 'ਤੇ ਲੱਗਦੀਆਂ ਉਹ ਰੌਣਕਾਂ ਤਾਂ ਆਪਣੇ-ਆਪ ਹੀ ਅਲੋਪ ਹੋ ਗਈਆਂ ਹਨ। ਮੌਜੂਦਾ ਸਮੇਂ ਦੌਰਾਨ ਪੀਣ ਵਾਲੇ ਪਾਣੀ ਦੀ ਸਮੱਸਿਆ ਦਿਨੋਂ-ਦਿਨ ਵੱਧਦੀ ਜਾ ਰਹੀ ਹੈ। ਪਾਣੀ ਗੰਧਲਾ ਹੁੰਦਾ ਜਾ ਰਿਹਾ ਹੈ, ਦੂਸ਼ਿਤ ਹੋ ਰਹੇ ਪਾਣੀ ਕਾਰਨ ਭਿਆਨਕ ਬਿਮਾਰੀਆਂ ਫੈਲ ਰਹੀਆਂ ਹਨ। ਪੰਜਾਬ ਦੇ ਕਈ ਇਲਾਕਿਆਂ ਵਿਚ ਤਾਂ ਪਾਣੀ ਪੀਣ ਦੇ ਯੋਗ ਹੀ ਨਹੀਂ ਰਿਹਾ। ਪਾਣੀ ਦੇ ਦੂਸ਼ਿਤ ਹੋਣ ਦਾ ਇਕ ਕਾਰਨ ਉਦਯੋਗਿਕ ਇਕਾਈਆਂ ਵਲੋਂ ਤੇਜ਼ਾਬੀ ਪਾਣੀ ਨੂੰ ਕੁਦਰਤੀ ਸੋਮਿਆਂ ਵਿਚ ਸੁੱਟਿਆ ਜਾ ਰਿਹਾ ਹੈ। ਇਸ ਲਈ ਸਰਕਾਰਾਂ ਨੂੰ ਇਸ ਪਾਸੇ ਵੱਲ ਧਿਆਨ ਦੇਣਾ ਚਾਹੀਦਾ ਹੈ।


-ਮੋਬਾਈਲ: 098158-69735.

ਪੰਜਾਬੀ ਵਿਰਸੇ 'ਚ ਕਲੀਰੇ ਵੰਡਣ ਦੀ ਰਸਮ

ਪੰਜ ਦਰਿਆਵਾਂ ਦੀ ਧਰਤੀ, ਗੁਰੂਆਂ-ਪੀਰਾਂ ਦੀ ਧਰਤੀ 'ਪੰਜਾਬ' ਜਿਸ ਦੀ ਮਿੱਠੀ ਪੰਜਾਬੀ ਬੋਲੀ, ਸੱਭਿਆਚਾਰ, ਰਸਮਾਂ-ਰੀਤਾਂ ਤੇ ਪਹਿਰਾਵੇ ਕਰਕੇ ਪੂਰੀ ਦੁਨੀਆ ਵਿਚ ਵੱਖਰੀ ਪਛਾਣ ਹੈ। ਕੁੜੀ ਦੇ ਵਿਆਹ ਦੀ ਇਕ ਰਸਮ ਕਲੀਰੇ ਵੰਡਣ ਦੀ, ਜੋ ਕਿ ਪੁਰਾਣੇ ਸੱਭਿਆਚਾਰ ਦਾ ਇਕ ਅਨਿੱਖੜਵਾਂ ਅੰਗ ਹੈ। 'ਕਲੀਰੇ' ਸ਼ਬਦ ਤੋਂ ਲਗਪਗ ਹਰ ਪੰਜਾਬੀ ਜਾਣੂ ਹੈ। ਕਲੀਰੇ, ਜੋ ਕਿ ਕੁੜੀ ਵਿਆਹ ਵਾਲੇ ਦਿਨ ਜ਼ਿੰਦਗੀ 'ਚ ਸਿਰਫ਼ ਇਕ ਦਿਨ ਹੀ ਪਾਉਂਦੀ ਹੈ, ਜੋ ਕਿ ਕੁੜੀ ਦੇ ਗਹਿਣਿਆਂ ਵਿਚ ਮਹੱਤਵਪੂਰਨ ਮੰਨੇ ਜਾਂਦੇ ਹਨ। ਕਲੀਰੇ, ਜੋ ਕਿ ਨਾਰੀਅਲ (ਗਰੀ ਗੋਲਾ) ਤੇ ਠੂਠੀਆਂ ਨੂੰ ਸਜਾ ਕੇ ਲਾਲ ਸੂਤੀ ਡੋਰਾਂ ਵਿਚ ਪਰੋਇਆ ਜਾਂਦਾ ਹੈ। ਕਲੀਰਿਆਂ ਨੂੰ ਸਜਾਉਣ ਲਈ ਲਾਲ ਸੂਤੀ ਮੌਲੀ ਦੇ ਧਾਗਿਆਂ ਵਿਚ ਕੌਡੀਆਂ, ਮਖਾਣੇ ਤੇ ਫੁੱਲੀਆਂ ਨੂੰ ਵੀ ਨਾਲ ਪਰੋਇਆ ਜਾਂਦਾ ਹੈ। ਘਰ ਦੀਆਂ ਔਰਤਾਂ, ਭੈਣਾਂ, ਭਾਬੀਆਂ, ਚਾਚੀਆਂ ਤੇ ਤਾਈਆਂ ਵਲੋਂ ਕੁੜੀ ਲਈ ਕਲੀਰੇ ਕੁਝ ਦਿਨ ਪਹਿਲਾਂ ਹੀ ਪਰੋ ਲਏ ਜਾਂਦੇ ਹਨ। ਵਿਆਹ ਵਾਲੇ ਦਿਨ ਵਰੀ ਦਾ ਸੂਟ ਪਹਿਨਣ ਤੋਂ ਬਾਅਦ ਸਭ ਤੋਂ ਪਹਿਲਾਂ ਕਲੀਰਾ ਮਾਮਿਆਂ ਵਲੋਂ ਬੰਨ੍ਹਿਆ ਜਾਂਦਾ ਹੈ ਤੇ ਦੂਜਾ ਕਲੀਰ ਮਾਂ ਵਲੋਂ ਜਿਨ੍ਹਾਂ ਨੂੰ ਜੇਠੇ ਕਲੀਰੇ ਕਿਹਾ ਜਾਂਦਾ ਹੈ। ਫਿਰ ਪਿੰਡ, ਮੁਹੱਲੇ ਤੇ ਰਿਸ਼ਤੇਦਾਰੀ ਸਭ ਵਲੋਂ ਕੁੜੀ ਨੂੰ ਕਲੀਰੇ ਬੰਨ੍ਹੇ ਜਾਂਦੇ ਹਨ। ਵਿਆਹ ਦੀਆਂ ਰਸਮਾਂ ਚਲਦੀਆਂ ਰਹਿੰਦੀਆਂ ਹਨ ਤੇ ਨਾਲ ਹੀ ਸਾਰਿਆਂ ਵਲੋਂ ਕੁੜੀ ਨੂੰ ਕਲੀਰੇ ਬੰਨ੍ਹਣ ਦੀ ਰਸਮ ਵੀ ਚਲਦੀ ਰਹਿੰਦੀ ਹੈ। ਕਲੀਰੇ ਬੰਨ੍ਹਣਾ ਸ਼ੁੱਭ ਸ਼ਗਨ ਮੰਨਿਆ ਜਾਂਦਾ ਹੈ। ਕਲੀਰੇ ਵੰਡਣ ਦੀ ਰਸਮ ਕੁੜੀ ਦੀ ਡੋਲੀ ਤੁਰਨ ਤੋਂ ਪਹਿਲਾਂ ਹੁੰਦੀ ਹੈ। ਕੁੜੀ ਦੇ ਕੋਲ ਉਸ ਦੀਆਂ ਭਾਬੀਆਂ, ਭੈਣਾਂ ਤੇ ਭਰਾਵਾਂ ਨੂੰ ਬੁਲਾਇਆ ਜਾਂਦਾ ਹੈ, ਇਕੱਠੇ ਹੋਏ ਕਲੀਰਿਆਂ ਨੂੰ ਤੋੜ ਕੇ ਉਹ ਆਪਣੇ ਭਰਾਵਾਂ, ਭਾਬੀਆਂ ਤੇ ਭੈਣਾਂ ਨੂੰ ਵੰਡਦੀ ਹੈ, ਤਾਂ ਜੋ ਵਿਆਹ ਤੋਂ ਬਾਅਦ ਘਰ ਵਿਚ ਪਿਆਰ ਤੇ ਬਰਕਤ ਬਣੀ ਰਹੇ ਅਤੇ ਘਰ ਵਿਚ ਸ਼ੁੱਭ ਕਾਰਜ ਹੁੰਦੇ ਰਹਿਣ। ਪੇਕੇ ਘਰ ਦੀ ਸੁੱਖ ਮੰਗਦੀ ਕੁੜੀ ਕੁਝ ਇੰਝ ਸੋਚਦੀ ਹੈ:
ਸ਼ਗਨਾਂ ਦੇ ਵੰਡਦੀ ਫਿਰਾਂ ਸਈਓ ਨੀ ਮੈਂ ਕਲੀਰੇ,
ਮਾਪੇ ਰਹਿਣ ਵਸਦੇ, ਨਾਲੇ ਵਸਣ ਭੈਣਾਂ ਭਾਬੀਆਂ ਤੇ ਵੀਰੇ।
ਬਾਅਦ ਵਿਚ ਬਹੁਤ ਸਾਰੇ ਕਲੀਰੇ ਕੁੜੀ ਦੀ ਬਾਂਹ ਵਿਚ ਪਾਏ ਹੋਏ ਚੂੜੇ ਨਾਲ ਬੰਨ੍ਹ ਕੇ ਡੋਲੀ ਤੁਰਦੀ ਤਾਂ ਜੋ ਸਹੁਰੇ ਘਰ ਵੀ ਬਰਕਤ ਤੇ ਸ਼ਗਨਾਂ ਦੇ ਕਾਰਜ ਹੁੰਦੇ ਰਹਿਣ। ਅੱਜਕਲ੍ਹ ਬਦਲਦੇ ਸਮੇਂ ਵਿਚ ਕਲੀਰੇ ਵੀ ਕਈ ਤਰ੍ਹਾਂ ਦੇ ਬਣੇ-ਬਣਾਏ ਬਾਜ਼ਾਰ ਵਿਚੋਂ ਮਿਲ ਜਾਂਦੇ ਹਨ। ਕਲੀਰੇ ਬੰਨ੍ਹਣ ਤੇ ਕਲੀਰੇ ਵੰਡਣ ਦੀ ਰਸਮ ਵੀ ਅਲੋਪ ਹੋ ਰਹੀ ਹੈ। ਪਹਿਲਾਂ ਜੋ ਵਿਹਾਰ ਸ਼ਗਨ ਸਾਰਾ ਪਿੰਡ ਮੁਹੱਲਾ ਦੇਖਦਾ ਸੀ ਹੁਣ ਉਹ ਘਰਦਿਆਂ ਤੱਕ ਹੀ ਸੀਮਤ ਰਹਿ ਗਏ ਹਨ। ਜ਼ਮਾਨਾ ਬੇਸ਼ੱਕ ਬਦਲ ਰਿਹਾ ਹੈ, ਪਰ ਪੰਜਾਬੀ ਬੇਸ਼ੱਕ ਸੱਤ ਸਮੁੰਦਰੋਂ ਪਾਰ ਤੋਂ ਆ ਕੇ ਵੀ ਆਪਣੀਆਂ ਰਸਮਾਂ-ਰੀਤਾਂ ਤੇ ਪੂਰੇ ਚਾਅ ਨਾਲ ਵਿਆਹ ਕਰਦੇ ਹਨ ਤੇ ਕਲੀਰੇ ਬੰਨ੍ਹਣ ਦੀ ਰਸਮ ਵੀ ਹਮੇਸ਼ਾ ਬਰਕਰਾਰ ਰਹਿਣੀ ਹੈ।


-ਸੈਕਟਰ 3, ਤਲਵਾੜਾ ਟਾਊਨਸ਼ਿਪ, ਹੁਸ਼ਿਆਰਪੁਰ।
ਮੋਬਾਈਲ : 99146-10729.

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX