ਤਾਜਾ ਖ਼ਬਰਾਂ


ਮੋਦੀ ਦੇ ਮੰਤਰੀ ਦਾ ਬਿਆਨ, ਕਿਹਾ- ਭਾਜਪਾ ਵਰਕਰਾਂ 'ਤੇ ਉਂਗਲ ਚੁੱਕੀ ਤਾਂ ਖ਼ੈਰ ਨਹੀਂ
. . .  35 minutes ago
ਨਵੀਂ ਦਿੱਲੀ, 19 ਅਪ੍ਰੈਲ- ਕੇਂਦਰੀ ਮੰਤਰੀ ਮਨੋਜ ਸਿਨਹਾ ਨੇ ਧਮਕੀ ਦਿੱਤੀ ਹੈ ਕਿ ਜਿਹੜਾ ਵੀ ਵਿਅਕਤੀ ਕਿਸੇ ਭਾਜਪਾ ਵਰਕਰ ਵਿਰੁੱਧ ਉਂਗਲੀ ਚੁੱਕੇਗਾ, ਉਸ ਨੂੰ ਸਿਰਫ਼ 'ਚਾਰ ਘੰਟਿਆਂ' 'ਚ ਹੀ ਇਸ ਦੀ ਕੀਮਤ ਚੁਕਾਉਣੀ ਪਵੇਗੀ। ਉੱਤਰ ਪ੍ਰਦੇਸ਼ ਦੀ ਗਾਜੀਪੁਰ ਸੀਟ ਤੋਂ ਮੁੜ...
ਐਨ.ਡੀ. ਤਿਵਾੜੀ ਦੇ ਬੇਟੇ ਰੋਹਿਤ ਦੀ ਮੌਤ ਦਾ ਮਾਮਲਾ ਕ੍ਰਾਇਮ ਬ੍ਰਾਂਚ ਨੂੰ ਸੌਂਪਿਆ ਗਿਆ
. . .  about 1 hour ago
ਨਵੀਂ ਦਿੱਲੀ, 19 ਅਪ੍ਰੈਲ - ਯੂਪੀ-ਉਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਮਰਹੂਮ ਐਨ.ਡੀ. ਤਿਵਾੜੀ ਦੇ ਬੇਟੇ ਰੋਹਿਤ ਸ਼ੇਖਰ ਤਿਵਾੜੀ ਦੀ ਸ਼ੱਕੀ ਹਾਲਤ 'ਚ ਹੋਈ ਮੌਤ ਦੇ ਮਾਮਲੇ ਦੀ ਜਾਂਚ ਨੂੰ ਕ੍ਰਾਇਮ ਬਰਾਂਚ ਨੂੰ ਸੌਂਪਿਆ ਗਿਆ ਹੈ। ਕ੍ਰਾਇਮ ਬ੍ਰਾਂਚ ਦੇ ਕੋਲ ਮਾਮਲਾ ਪਹੁੰਚਣ ਤੋਂ ਬਾਅਦ...
ਪਾਕਿਸਤਾਨ 'ਚ ਯਾਤਰੀ ਬੱਸ ਦੇ ਪਲਟਣ ਕਾਰਨ 8 ਲੋਕਾਂ ਦੀ ਮੌਤ
. . .  about 1 hour ago
ਇਸਲਾਮਾਬਾਦ, 19 ਅਪ੍ਰੈਲ- ਪਾਕਿਸਤਾਨ ਦੇ ਸਿੰਧ ਸੂਬੇ 'ਚ ਅੱਜ ਇੱਕ ਯਾਤਰੀ ਬੱਸ ਦੇ ਪਲਟਣ ਕਾਰਨ ਅੱਠ ਲੋਕਾਂ ਦੀ ਮੌਤ ਹੋ ਗਈ, ਜਦਕਿ 44 ਹੋਰ ਜ਼ਖ਼ਮੀ ਹੋ ਗਏ। ਜਾਣਕਾਰੀ ਮੁਤਾਬਕ ਇਹ ਹਾਦਸਾ ਸਿੰਧ ਸੂਬੇ ਦੇ ਬਦੀਨ 'ਚ ਮਾਰਝਾਰ ਇਲਾਕੇ ਨੇੜੇ ਵਾਪਰਿਆ...
ਜਲੰਧਰ : ਇਸ ਕਾਰਨ ਹੋਇਆ ਸੀ ਬਾਲਕ ਨਾਥ ਮੰਦਰ ਦੇ ਪੁਜਾਰੀ ਦਾ ਕਤਲ, ਪੁਲਿਸ ਨੇ ਸੁਲਝਾਈ ਗੁੱਥੀ
. . .  about 1 hour ago
ਜਲੰਧਰ, 19 ਅਪ੍ਰੈਲ- ਨਸ਼ਿਆਂ ਅਤੇ ਕਤਲ ਦੇ ਕਈ ਮਾਮਲਿਆਂ ਨੂੰ ਸੁਲਝਾਉਣ ਵਾਲੀ ਦਿਹਾਤੀ ਪੁਲਿਸ ਦੇ ਹੱਥ 'ਚ ਇੱਕ ਹੋਰ ਵੱਡੀ ਸਫ਼ਲਤਾ ਲੱਗੀ ਹੈ। ਕੁਝ ਦਿਨ ਪਹਿਲਾਂ ਬਾਬਾ ਬਾਲਕ ਨਾਥ ਮੰਦਰ ਕਰਤਾਰਪੁਰ ਦੇ ਪੁਜਾਰੀ ਦੇ ਅੰਨ੍ਹੇ ਕਤਲ ਦੀ ਗੁੱਥੀ ਨੂੰ ਵੀ ਪੁਲਿਸ ਨੇ...
ਦੱਖਣੀ ਅਫ਼ਰੀਕਾ 'ਚ ਚਰਚ ਦੀ ਛੱਤ ਡਿੱਗਣ ਕਾਰਨ 13 ਲੋਕਾਂ ਦੀ ਮੌਤ
. . .  about 1 hour ago
ਜੋਹਨਸਬਰਗ, 19 ਅਪ੍ਰੈਲ- ਦੱਖਣੀ ਅਫ਼ਰੀਕਾ ਦੇ ਪੂਰਬੀ ਸ਼ਹਿਰ ਡਰਬਨ ਦੇ ਨੇੜੇ ਪ੍ਰਾਰਥਨਾ ਦੌਰਾਨ ਇੱਕ ਚਰਚ ਦੀ ਛੱਤ ਡਿੱਗਣ ਕਾਰਨ 13 ਲੋਕਾਂ ਦੀ ਮੌਤ ਹੋ ਗਈ, ਜਦਕਿ 16 ਹੋਰ ਜ਼ਖ਼ਮੀ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਲੰਘੇ ਦਿਨ ਡਰਬਨ ਦੇ...
ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਲ ਹੋਏ ਜਗਮੀਤ ਸਿੰਘ ਬਰਾੜ
. . .  about 2 hours ago
ਸ੍ਰੀ ਮੁਕਤਸਰ ਸਾਹਿਬ, 19 ਅਪ੍ਰੈਲ (ਰਣਜੀਤ ਸਿੰਘ ਢਿੱਲੋਂ)- ਤੇਜ਼ ਤਰਾਰ ਆਗੂ ਅਤੇ ਸਾਬਕਾ ਲੋਕ ਸਭਾ ਮੈਂਬਰ ਜਗਮੀਤ ਸਿੰਘ ਬਰਾੜ ਅੱਜ ਸ੍ਰੀ ਮੁਕਤਸਰ ਸਾਹਿਬ ਵਿਖੇ ਆਪਣੇ ਘਰ 'ਚ ਹੋਏ ਇੱਕ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਸ਼੍ਰੋਮਣੀ ਅਕਾਲੀ 'ਚ ਸ਼ਾਮਲ ਹੋ ਗਏ...
ਗੈਸਟ ਹਾਊਸ ਕਾਂਡ ਤੋਂ ਬਾਅਦ ਪਹਿਲੀ ਵਾਰ ਇੱਕੋ ਮੰਚ 'ਤੇ ਨਜ਼ਰ ਆਏ ਮੁਲਾਇਮ ਯਾਦਵ ਅਤੇ ਮਾਇਆਵਤੀ
. . .  about 2 hours ago
ਲਖਨਊ, 19 ਅਪ੍ਰੈਲ- ਉੱਤਰ ਪ੍ਰਦੇਸ਼ ਦੇ ਮੈਨਪੁਰੀ 'ਚ ਸਮਾਜਵਾਦੀ ਪਾਰਟੀ (ਸਪਾ), ਬਹੁਜਨ ਸਮਾਜ ਪਾਰਟੀ (ਬਸਪਾ) ਅਤੇ ਰਾਸ਼ਟਰੀ ਲੋਕ ਦਲ (ਰਾਲੋਦ) ਦੀ ਅੱਜ ਸਾਂਝੀ ਰੈਲੀ ਹੋਈ। ਇਸ ਰੈਲੀ 'ਚ ਸਪਾ ਦੇ ਸਰਪ੍ਰਸਤ ਮੁਲਾਇਮ ਸਿੰਘ ਯਾਦਵ ਅਤੇ ਬਸਪਾ ਮੁਖੀ...
ਸ਼ਿਵ ਸੈਨਾ 'ਚ ਸ਼ਾਮਲ ਹੋਈ ਪ੍ਰਿਅੰਕਾ ਚਤੁਰਵੇਦੀ
. . .  about 2 hours ago
ਮੁੰਬਈ, 19 ਅਪ੍ਰੈਲ- ਪ੍ਰਿਅੰਕਾ ਚਤੁਰਵੇਦੀ ਅੱਜ ਸ਼ਿਵ ਸੈਨਾ 'ਚ ਸ਼ਾਮਲ ਹੋ ਗਈ ਹੈ। ਉਨ੍ਹਾਂ ਨੇ ਮੁੰਬਈ 'ਚ ਪਾਰਟੀ ਪ੍ਰਧਾਨ ਊਧਵ ਠਾਕਰੇ ਦੀ ਮੌਜੂਦਗੀ 'ਚ ਸ਼ਿਵ ਸੈਨਾ ਦੀ ਮੈਂਬਰਸ਼ਿਪ ਗ੍ਰਹਿਣ ਕੀਤੀ। ਜ਼ਿਕਰਯੋਗ ਹੈ ਕਿ ਕਾਂਗਰਸ 'ਚ 'ਗੁੰਡਿਆਂ' ਨੂੰ ਤਰਜ਼ੀਹ ਮਿਲਣ ਦਾ ਦੋਸ਼...
ਬਰਾਤੀਆਂ ਨੂੰ ਲਿਜਾ ਰਹੀ ਬੱਸ ਪਲਟੀ, ਸੱਤ ਦੀ ਮੌਤ
. . .  about 3 hours ago
ਰਾਏਪੁਰ, 19 ਅਪ੍ਰੈਲ- ਛੱਤੀਸਗੜ੍ਹ ਦੇ ਬਲੌਦਾ ਬਾਜ਼ਾਰ ਜ਼ਿਲ੍ਹੇ 'ਚ ਬਰਾਤੀਆਂ ਨੂੰ ਲੈ ਕੇ ਜਾ ਰਹੇ ਇੱਕ ਬੱਸ ਦੇ ਪਲਟਣ ਕਾਰਨ 7 ਲੋਕਾਂ ਦੀ ਮੌਤ ਹੋ ਗਈ, ਜਦਕਿ 25 ਹੋਰ ਜ਼ਖ਼ਮੀ ਹੋ ਗਏ। ਪੁਲਿਸ ਤੋਂ ਮਿਲੀ ਜਾਣਕਾਰੀ ਮੁਤਾਬਕ ਬਲੌਦਾ ਬਾਜ਼ਾਰ ਜ਼ਿਲ੍ਹੇ 'ਚ ਬੀਤੀ ਰਾਤ ਕਸਡੋਰ...
ਮੁੰਬਈ ਹਮਲੇ 'ਚ ਸ਼ਹੀਦ ਹੋਏ ਏ. ਟੀ. ਐੱਸ. ਮੁਖੀ ਹੇਮੰਤ ਕਰਕਰੇ ਨੂੰ ਲੈ ਕੇ ਸਾਧਵੀ ਨੇ ਦਿੱਤਾ ਵਿਵਾਦਤ ਬਿਆਨ
. . .  about 3 hours ago
ਭੋਪਾਲ, 19 ਅਪ੍ਰੈਲ- ਲੋਕ ਸਭਾ ਹਲਕੇ ਭੋਪਾਲ ਤੋਂ ਭਾਜਪਾ ਉਮੀਦਵਾਰ ਸਾਧਵੀ ਪ੍ਰਗਿਆ ਠਾਕੁਰ ਵਲੋਂ ਮਹਾਰਾਸ਼ਟਰ ਦੇ ਸ਼ਹੀਦ ਅਤੇ ਸੀਨੀਅਰ ਪੁਲਿਸ ਅਧਿਕਾਰੀ ਹੇਮੰਤ ਕਰਕਰੇ ਨੂੰ ਲੈ ਕੇ ਇੱਕ ਵਿਵਾਦਤ ਬਿਆਨ ਦਿੱਤਾ ਹੈ। ਇਸ ਸੰਬੰਧੀ ਸਾਧਵੀ ਦੀ ਅੱਜ ਸੋਸ਼ਲ ਮੀਡੀਆ...
ਹੋਰ ਖ਼ਬਰਾਂ..

ਧਰਮ ਤੇ ਵਿਰਸਾ

ਸਾਕਾ ਨਨਕਾਣਾ ਸਾਹਿਬ

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਪਿਤਾ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਨੂੰ 'ਧਰਮ ਹੇਤ ਸਾਕਾ' ਕਿਹਾ ਹੈ, ਜਿਸ ਤੋਂ ਸਾਕਾ ਸ਼ਬਦ ਸਿੱਖ ਸ਼ਬਦਾਵਲੀ ਦਾ ਅਟੁੱਟ ਹਿੱਸਾ ਬਣ ਗਿਆ। ਸਾਕੇ ਦਾ ਅਰਥ ਹੈ, ਕੋਈ ਐਸਾ ਕਰਮ ਜੋ ਇਤਿਹਾਸ ਵਿਚ ਪ੍ਰਸਿੱਧ ਰਹਿਣ ਲਾਇਕ ਹੋਵੇ। ਵਚਿੱਤਰ, ਅਨੋਖੀ, ਅਦੁੱਤੀ, ਅਜੀਬ ਘਟਨਾ ਨੂੰ ਸਾਕਾ ਕਿਹਾ ਜਾਂਦਾ ਹੈ। ਸਪੱਸ਼ਟ ਹੈ ਕਿ ਇਹ ਸ਼ਬਦ ਭਾਰੀ ਦੁਖਾਂਤਕ ਘਟਨਾ ਵਾਸਤੇ ਵਰਤਿਆ ਜਾਂਦਾ ਹੈ।
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਤੋਂ ਬਾਅਦ ਪੰਜਾਬੀਆਂ ਤੇ ਖਾਸ ਕਰਕੇ ਸਿੱਖਾਂ ਨੂੰ ਇਸ ਅਰਥ ਭਾਵ ਵਾਲੇ ਸਾਕਿਆਂ ਸਨਮੁੱਖ ਹੋਣਾ ਪਿਆ। ਜਲ੍ਹਿਆਂ ਵਾਲੇ ਬਾਗ ਦਾ ਸਾਕਾ, ਨਨਕਾਣਾ ਸਾਹਿਬ ਦਾ ਸਾਕਾ, ਪੰਜਾ ਸਾਹਿਬ ਦਾ ਸਾਕਾ, ਸਾਕਾ ਗੁਰੂ ਕਾ ਬਾਗ ਆਦਿ। ਅੰਗਰੇਜ਼ੀ ਸ਼ਾਸਕਾਂ ਦੀ ਸ਼ਹਿ 'ਤੇ ਮਹੰਤਸ਼ਾਹੀ ਦੇ ਤਾਂਡਵ ਨਾਚ ਦੀ ਦਰਦਨਾਕ ਕਹਾਣੀ ਨੂੰ ਸਾਕਾ ਨਨਕਾਣਾ ਸਾਹਿਬ ਰੂਪਮਾਨ ਕਰਦਾ ਹੈ। ਇਨ੍ਹਾਂ ਸਾਕਿਆਂ ਨੂੰ ਢਾਡੀ ਬੀਰਰਸੀ ਵਾਰਾਂ ਰਾਹੀਂ ਪ੍ਰਗਟ ਕਰਨ ਲਈ 'ਸਾਕਾ ਕਾਵਿ' ਰੂਪ ਪ੍ਰਚਲਿਤ ਹੋਇਆ।
ਨਨਕਾਣਾ ਸਾਹਿਬ, ਨਾਨਕਿਆਣਾ ਤੋਂ ਬਣਿਆ ਹੈ, ਜਿਸ ਦਾ ਅਰਥ ਹੈ ਨਾਨਕ ਆਯਨ-ਸ੍ਰੀ ਗੁਰੂ ਨਾਨਕ ਦੇਵ ਜੀ ਦਾ ਆਯਨ ਭਾਵ ਘਰ। ਇਸ ਧਰਤ-ਸੁਹਾਵੀ ਦਾ ਪਹਿਲਾ ਨਾਂਅ ਰਾਇਪੁਰ ਫਿਰ ਤਲਵੰਡੀ ਰਾਇ ਭੋਇ ਤੇ ਸਦੀਵੀ ਨਾਂਅ ਨਨਕਾਣਾ ਸਾਹਿਬ ਪ੍ਰਚਲਿਤ ਹੋਇਆ। ਨਨਕਾਣਾ ਸਾਹਿਬ ਦੀ ਧਰਤੀ 'ਤੇ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਅਨੇਕਾਂ ਅਲੌਕਿਕ ਚੋਜ ਕੀਤੇ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਅਸਥਾਨ 'ਤੇ 1613 ਈ: ਨੂੰ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੇ ਆਗਮਨ ਨਾਲ ਯਾਦਗਾਰੀ ਅਸਥਾਨ ਸਥਾਪਿਤ ਹੋਇਆ, ਜੋ ਸਮੇਂ ਦੇ ਬੀਤਣ ਨਾਲ ਗੁਰਦੁਆਰਾ ਜਨਮ ਅਸਥਾਨ ਨਨਕਾਣਾ ਸਾਹਿਬ ਦੇ ਨਾਂਅ ਨਾਲ ਵਿਸ਼ਵ ਪ੍ਰਸਿੱਧ ਹੋਇਆ। ਉਦਾਸੀ ਸੰਪਰਦਾ ਦੇ ਮੁਖੀ ਬਾਬਾ ਅਲਮਸਤ ਜੀ ਨੂੰ ਗੁਰਦੁਆਰਾ ਜਨਮ ਅਸਥਾਨ ਦੀ ਸੇਵਾ-ਸੰਭਾਲ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਸੌਂਪੀ ਸੀ। ਇਸ ਤਰ੍ਹਾਂ ਅਰੰਭ ਤੋਂ ਹੀ ਇਸ ਪਵਿੱਤਰ ਅਸਥਾਨ ਦਾ ਪ੍ਰਬੰਧ ਉਦਾਸੀ ਸੰਪਰਦਾ ਦੇ ਮਹੰਤ-ਪੁਜਾਰੀ ਹੀ ਕਰਦੇ ਰਹੇ। ਸਿੱਖ ਰਾਜ ਕਾਲ ਸਮੇਂ ਗੁਰਦੁਆਰਿਆਂ ਦੇ ਨਾਂਅ ਲੱਗੀਆਂ ਬੇਸ਼ੁਮਾਰ ਜਗੀਰਾਂ-ਜਾਇਦਾਦਾਂ ਨੇ ਮਹੰਤਾਂ ਨੂੰ ਆਲਸੀ-ਅਯਾਸ਼ ਤੇ ਭ੍ਰਿਸ਼ਟ-ਕੁਕਰਮੀ ਕਰ ਦਿੱਤਾ। ਸਿੱਖ ਰਾਜ ਦਾ ਸੂਰਜ ਅਸਤ ਹੋਣ ਦੀ ਦੇਰ ਸੀ ਕਿ ਮਹੰਤਾਂ-ਪੁਜਾਰੀਆਂ ਨੇ ਅੰਗਰੇਜ਼ ਭਗਤ ਬਣ ਐਸ਼ਪ੍ਰਸਤੀ ਕਰਨੀ ਸ਼ੁਰੂ ਕਰ ਦਿੱਤੀ। ਮਹੰਤ-ਪੁਜਾਰੀ ਗੁਰਦੁਆਰਿਆਂ ਦੀਆਂ ਜ਼ਮੀਨਾਂ-ਜਾਇਦਾਦਾਂ ਨੂੰ ਆਪਣੀ ਨਿੱਜੀ ਪਿਤਾਪੁਰਖੀ ਮਾਲਕੀ ਮਹਿਸੂਸ ਕਰਨ ਲੱਗੇ। ਮਹੰਤਾਂ-ਪੁਜਾਰੀਆਂ ਨੇ ਗੁਰਦੁਆਰਿਆਂ ਨੂੰ ਐਸ਼ਪ੍ਰਸਤੀ ਦੇ ਡੇਰੇ (ਅੱਡੇ) ਬਣਾ ਲਿਆ।
ਜਦ ਸਿੱਖਾਂ ਦੇ ਘਰ ਘੋੜਿਆਂ ਦੀਆਂ ਕਾਠੀਆਂ 'ਤੇ ਸਨ, ਤਦ ਵੀ ਗੁਰਦੁਆਰਾ ਪ੍ਰਬੰਧ ਆਮ ਕਰਕੇ ਪਿਤਾਪੁਰਖੀ ਮਹੰਤਾਂ-ਉਦਾਸੀਆਂ ਤੇ ਨਿਰਮਲਿਆਂ ਪਾਸ ਹੀ ਸੀ। ਗੁਰੂ-ਘਰ ਦਾ ਪ੍ਰਬੰਧ ਉਸ ਸਮੇਂ ਤੱਕ ਠੀਕ ਚਲਦਾ ਰਿਹਾ, ਜਦੋਂ ਤੱਕ ਸਿੱਖ ਕਦਰਾਂ-ਕੀਮਤਾਂ ਅਨੁਸਾਰ ਜੀਵਨ ਬਸਰ ਕਰਦੇ ਰਹੇ। ਪਰ ਜਦ ਵੀ ਮਹੰਤਾਂ-ਪੁਜਾਰੀਆਂ, ਧਰਮੀ ਸਦਵਾਉਣ ਵਾਲਿਆਂ ਦਾ ਜੀਵਨ 'ਕਰਤੂਤਿ ਪਸੂ ਕੀ ਮਾਨਸ ਜਾਤਿ' ਵਾਲਾ ਹੋ ਜਾਵੇਗਾ ਤਾਂ ਗਿਰਾਵਟ ਆਉਣੀ ਨਿਸਚਿਤ ਹੈ। ਨਨਕਾਣਾ ਸਾਹਿਬ ਦੇ ਮਹੰਤ ਨਰੈਣ ਦਾਸ ਦਾ ਸ਼ਰਾਬ ਪੀ ਕੇ ਆਈ ਸੰਗਤ ਦੀ ਬੇਇੱਜ਼ਤੀ ਕਰਨਾ, ਬੀਬੀਆਂ ਦੀ ਅਜ਼ਮਤ ਨੂੰ ਹੱਥ ਪਾਉਣਾ ਨਿੱਤ ਦਾ ਕਰਮ ਬਣ ਗਿਆ ਸੀ। ਮਹੰਤਾਂ ਦੇ ਕੁਕਰਮਾਂ-ਦੁਰਾਚਾਰਾਂ ਦੇ ਦਾਗ਼ ਨੂੰ ਧੋਣ ਵਾਸਤੇ ਪਵਿੱਤਰ ਖੂਨ ਦੀ ਜ਼ਰੂਰਤ ਸੀ, ਜਿਸ ਨੂੰ ਨਨਕਾਣਾ ਸਾਹਿਬ ਦੇ ਸ਼ਹੀਦਾਂ ਨੇ ਪੂਰਾ ਕੀਤਾ। ਇਸ ਸਮੇਂ ਸਿੱਖ ਸਮਾਜ ਵਿਚ ਸਿੱਖ ਜਾਗ੍ਰਤੀ ਵਜੋਂ ਸਿੰਘ ਸਭਾ ਲਹਿਰ ਚੱਲ ਰਹੀ ਸੀ। ਚੇਤੰਨ ਗੁਰਸਿੱਖਾਂ ਨੇ ਗੁਰਦੁਆਰਾ ਪ੍ਰਬੰਧ ਨੂੰ ਪਰਿਵਾਰਕ ਪ੍ਰਬੰਧ ਤੋਂ ਪੰਥਕ ਪ੍ਰਬੰਧ 'ਚ ਲਿਆਉਣ ਲਈ ਕਮਰਕੱਸੇ ਕਰ ਲਏ। ਗੁਰਦੁਆਰਾ ਜਨਮ ਅਸਥਾਨ ਨਨਕਾਣਾ ਸਾਹਿਬ ਨੂੰ ਮਹੰਤਾਂ ਦੇ ਪ੍ਰਬੰਧ ਤੋਂ ਆਜ਼ਾਦ ਕਰਾਉਣ ਲਈ ਗੁਰਸਿੱਖ ਮਰਜ਼ੀਵੜਿਆਂ ਦਾ ਸ਼ਾਂਤਮਈ ਜਥਾ ਫਰਵਰੀ, 1920 ਨੂੰ ਦਰਸ਼ਨੀ ਡਿਉੜੀ ਰਸਤੇ ਅੰਦਰ ਦਾਖ਼ਲ ਹੋਇਆ, ਜਿੱਥੇ ਇਨ੍ਹਾਂ ਨਾਨਕ ਨਾਮ ਲੇਵਾ ਗੁਰਸਿੱਖਾਂ ਦਾ 'ਸੁਆਗਤ' ਮਹੰਤ, ਉਸ ਦੇ ਗੁੰਡਿਆਂ, ਬਦਮਾਸ਼ਾਂ ਨੇ ਗੋਲੀਆਂ, ਡਾਂਗਾਂ, ਬਰਛੀਆਂ, ਤਲਵਾਰਾਂ ਆਦਿ ਮਾਰੂ ਹਥਿਆਰਾਂ ਨਾਲ ਕੀਤਾ, ਗੁਰੂ-ਘਰ ਦੀ ਪਵਿੱਤਰਤਾ ਨੂੰ ਕਾਇਮ ਰੱਖਣ ਖ਼ਾਤਰ ਗੁਰੂ ਕੇ ਲਾਲ ਸ਼ਾਂਤਮਈ ਰਹਿ ਕੇ ਸ਼ਹਾਦਤਾਂ ਪ੍ਰਾਪਤ ਕਰ ਗਏ।
ਸਾਕਾ ਨਨਕਾਣਾ ਸਾਹਿਬ ਵਾਪਰਨ ਸਮੇਂ ਕੁਝ ਭੱਟੀ ਮੁਸਲਾਮਾਨਾਂ, ਬਾਬਾ ਕਰਤਾਰ ਸਿੰਘ (ਬੇਦੀ), ਮੰਗਲ ਸਿੰਘ ਕੂਕਾ ਆਦਿ ਨੇ ਵੀ ਕੁਕਰਮੀ ਮਹੰਤਾਂ ਦਾ ਸਾਥ ਦਿੱਤਾ। ਮਹੰਤ ਨਰੈਣ ਦਾਸ ਤੇ ਮਿਸਟਰ ਕਰੀ ਡੀ.ਸੀ. ਅਤੇ ਮਿਸਟਰ ਕਿੰਗ ਕਮਿਸ਼ਨਰ ਲਾਹੌਰ ਡਵੀਜ਼ਨ ਦੀ ਸ਼ਹਿ 'ਤੇ ਨਨਕਾਣਾ ਸਾਹਿਬ ਦੀ ਪਵਿੱਤਰ ਧਰਤੀ ਖੂਨ ਨਾਲ ਲਾਲ ਹੋ ਗਈ। ਬਾਬਾ ਕਰਤਾਰ ਸਿੰਘ (ਬੇਦੀ) ਨੂੰ ਕੁਝ ਸਮੇਂ ਬਾਅਦ ਪੰਥ ਨਾਲ ਕੀਤੀ ਗ਼ਦਾਰੀ ਦਾ ਅਹਿਸਾਸ ਹੋਇਆ ਤਾਂ ਉਹ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਪੇਸ਼ ਹੋਇਆ, ਜਿਸ 'ਤੇ ਉਸ ਨੂੰ ਹੁਣ ਤੱਕ ਦੀ ਸਭ ਤੋਂ ਸਖ਼ਤ ਤਨਖਾਹ ਲਾਈ ਗਈ।
ਇਹ ਦੁਖਾਂਤਕ ਸਾਕਾ ਗੁਰੂ ਨਾਨਕ ਦੇ ਘਰ ਨੂੰ ਕਪਟੀ ਮਹੰਤਾਂ ਤੋਂ ਆਜ਼ਾਦ ਕਰਵਾਉਣ ਗਏ ਗੁਰਸਿੱਖਾਂ ਨਾਲ ਵਾਪਰਿਆ, ਇਸ ਤੋਂ ਵੱਧ ਦਰਦਨਾਕ ਘਟਨਾ ਕੀ ਹੋ ਸਕਦੀ ਹੈ। ਹਰ ਸਿੱਖ ਵਾਸਤੇ ਨਨਕਾਣਾ ਸਾਹਿਬ ਪਵਿੱਤਰ ਧਰਤੀ ਹੈ। ਇਥੋਂ ਦਾ ਮਹੰਤ ਨਰੈਣ ਦਾਸ ਸਭ ਤੋਂ ਵੱਡਾ ਗੁਰੂ-ਘਰ ਦਾ ਦੋਖੀ ਸਾਬਤ ਹੋਇਆ। ਇਹ ਕੁਕਰਮੀ ਬਣ ਚੁੱਕਾ ਸੀ। ਧਰਮ-ਕਰਮ ਇਸ ਵਿਚੋਂ ਗਾਇਬ ਹੋ ਚੁੱਕਾ ਸੀ। ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧ ਨੂੰ ਅਜਿਹੇ ਹੀ ਕਪਟੀ ਮਹੰਤਾਂ ਤੋਂ ਆਜ਼ਾਦ ਕਰਵਾ ਕੇ ਸੰਗਤੀ ਪ੍ਰਬੰਧ 'ਚ ਲਿਆਉਣ ਲਈ ਗੁਰਸਿੱਖਾਂ ਨੇ ਗੁਰਦੁਆਰਾ ਸੁਧਾਰ ਲਹਿਰ ਅਰੰਭ ਕੀਤੀ, ਜਿਸ ਤਹਿਤ ਸਭ ਤੋਂ ਪਹਿਲਾਂ ਗੁਰਦਆਰਾ ਬਾਬੇ ਦੀ ਬੇਰ ਸਿਆਲਕੋਟ ਅਕਤੂਬਰ, 1920 ਨੂੰ ਪੰਥਕ ਪ੍ਰਬੰਧ 'ਚ ਲਿਆ ਗਿਆ। ਫਿਰ ਅਕਤੂਬਰ, 1920 ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਪ੍ਰਬੰਧ ਪੰਥਕ ਹੱਥਾਂ 'ਚ ਆਇਆ।
ਸ਼ਾਂਤਮਈ ਸਿੱਖ ਸੇਵਕਾਂ ਦੇ ਖੂਨ ਨਾਲ ਮਹੰਤ ਨਰੈਣ ਦਾਸ ਤੇ ਉਸ ਦੇ ਗੁੰਡਿਆਂ ਨੇ ਗੁਰਦੁਆਰਾ ਜਨਮ ਅਸਥਾਨ ਨੂੰ ਲਥਪਥ ਕਰ ਦਿੱਤਾ। ਇਹ ਗੁਰਦੁਆਰਾ ਸਾਹਿਬਾਨ ਦੀ ਸੁਤੰਤਰਤਾ, ਆਜ਼ਾਦੀ ਲਈ ਕੀਤਾ ਗਿਆ ਸੱਤਿਆਗ੍ਰਹਿ ਸੀ। ਜਬਰ-ਜ਼ੁਲਮ ਤੇ ਅੱਤਿਆਚਾਰ ਦੇ ਵਿਰੁੱਧ ਸਤਿ-ਸੰਤੋਖ, ਸਬਰ ਦੇ ਧਾਰਨੀ ਹੋ ਸ਼ਾਂਤਮਈ ਰਹਿ ਕੇ ਕੀਤਾ ਗਿਆ ਵਿਦਰੋਹ, ਰੋਸ ਤੇ ਰੋਹ ਸੀ।
ਮਹੰਤ ਨਰੈਣ ਦਾਸ ਦੇ ਬਦਮਾਸ਼ਾਂ ਦੇ ਜਬਰ-ਜ਼ੁਲਮ ਦੀ ਇੰਤਹਾ-ਚਰਮ ਸੀਮਾ ਦੇਖੋ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ 'ਤੇ ਬੈਠਾ ਗ੍ਰੰਥੀ ਸਿੰਘ ਵੀ ਸ਼ਹੀਦ ਹੋ ਗਿਆ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੇ ਪਾਵਨ ਸਰੂਪ 'ਚ ਵੀ ਗੋਲੀਆਂ ਲੱਗੀਆਂ, ਜਿਸ ਨੂੰ 'ਸ਼ਹੀਦੀ ਬੀੜ' ਕਿਹਾ ਜਾਂਦਾ ਹੈ। ਨਨਕਾਣਾ ਸਾਹਿਬ ਦੇ ਸਾਕੇ ਸਮੇਂ ਗੁਰਸਿੱਖਾਂ ਦੇ ਸਤਿ-ਸਿਦਕ, ਸਬਰ ਦੀ ਪਰਖ ਹੋਈ। ਗੁਰੂ ਕੇ ਲਾਲਾਂ ਨੇ 'ਇਤੁ ਮਾਰਗਿ ਪੈਰੁ ਧਰੀਜੈ॥ ਸਿਰੁ ਦੀਜੈ ਕਾਣਿ ਨ ਕੀਜੈ॥' ਦੇ ਮਹਾਂਵਾਕ ਨੂੰ ਪ੍ਰਤੱਖ ਕਰ ਦਿਖਾਇਆ। ਇਹ ਸ਼ਹੀਦਾਂ ਦੇ ਪਵਿੱਤਰ ਖੂਨ ਸਦਕਾ ਹੀ ਅੰਗਰੇਜ਼ ਰਾਜ ਕਾਲ ਸਮੇਂ ਸੁਤੰਤਰ ਸਿੱਖ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਹੋਂਦ 'ਚ ਆਈ, ਜਿਸ ਨੂੰ ਸਿੱਖ ਪਾਰਲੀਮੈਂਟ ਹੋਣ ਦਾ ਮਾਣ-ਸਤਿਕਾਰ ਹਾਸਲ ਹੈ। ਇਸ ਦੁਖਾਂਤਕ ਸਾਕੇ ਨੂੰ ਸ਼ਬਦੀ ਰੂਪ ਨਹੀਂ ਦਿੱਤਾ ਜਾ ਸਕਦਾ। ਅੰਮ੍ਰਿਤ ਵੇਲੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਅਸਥਾਨ 'ਤੇ ਦਰਸ਼ਨ-ਦੀਦਾਰ ਕਰ ਰਹੇ ਸ਼ਾਂਤਮਈ ਗੁਰਸਿੱਖਾਂ 'ਤੇ ਜਦੋਂ ਮਹੰਤ ਤੇ ਉਸ ਦੇ ਗੁੰਡਿਆਂ ਨੇ ਗੋਲੀਆਂ ਦਾ ਮੀਂਹ ਵਰਸਾਇਆ ਹੋਵੇਗਾ, ਕਿੰਨੀ ਕਰੁਣਾਮਈ-ਦੁਖਦਾਈ ਘੜੀ ਹੋਵੇਗੀ, ਕੇਵਲ ਕਲਪਨਾ ਹੀ ਕੀਤੀ ਜਾ ਸਕਦੀ ਹੈ। ਗੁਰੂ ਨਾਨਕ ਨਾਮ ਲੇਵਾ ਗੁਰਸਿੱਖਾਂ ਨੇ ਆਪਣੇ ਪਾਕ-ਪਵਿੱਤਰ ਖੂਨ ਨਾਲ ਮਹੰਤਾਂ ਦੇ ਪਾਪਾਂ ਨਾਲ ਗੰਧਲੀ ਹੋਈ ਧਰਤੀ ਨੂੰ ਧੋ ਕੇ ਪਵਿੱਤਰ ਕਰ ਦਿੱਤਾ।
ਕਿੰਨੇ ਸਬਰ, ਸਹਿਜ, ਸੀਤਲਤਾ ਦੇ ਧਾਰਨੀ ਹੋਣਗੇ ਗੁਰੂ-ਘਰ ਦੇ ਪਰਵਾਨੇ-ਗੁਰਸਿੱਖ, ਜਿਨ੍ਹਾਂ ਨੂੰ ਜ਼ਿੰਦਾ ਜੰਡ ਨਾਲ ਬੰਨ੍ਹ, ਭੱਠ ਵਿਚ ਸੁੱਟ ਸਾੜਿਆ ਗਿਆ, ਪਰ ਕਿਸੇ ਨੇ ਸੀ ਨਹੀਂ ਉਚਾਰੀ। ਗੁਰਦੁਆਰਾ ਜਨਮ ਅਸਥਾਨ ਦੇ ਨਜ਼ਦੀਕ ਸਥਿਤ ਸ਼ਹੀਦੀ ਖੂਹ ਤੇ ਜੰਡ ਦਾ ਦਰੱਖਤ ਸ਼ਹੀਦਾਂ ਦੀ ਸ਼ਹੀਦੀ ਦਾਸਤਾਨ ਬਿਆਨ ਕਰਦਾ ਹੈ। ਜੰਡ ਦੇ ਦਰੱਖਤ ਦੀ ਸਾਂਭ-ਸੰਭਾਲ ਹੋਣੀ ਜ਼ਰੂਰੀ ਹੈ। ਅਪ੍ਰੈਲ, 1921 'ਚ ਮਹੰਤ ਨਰੈਣ ਦਾਸ ਤੇ ਉਸ ਦੇ ਚਾਟੜਿਆਂ 'ਤੇ ਮੁਕੱਦਮਾ ਚੱਲਣਾ ਸ਼ੁਰੂ ਹੋਇਆ। 12 ਅਕਤੂਬਰ, 1921 ਨੂੰ ਮਹੰਤ ਨਰੈਣ ਦਾਸ ਤੇ ਉਸ ਦੇ 7 ਸਾਥੀਆਂ ਨੂੰ ਮੌਤ ਦੀ ਸਜ਼ਾ, 8 ਸਾਥੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ, ਪਰ ਹਾਈ ਕੋਰਟ ਨੇ ਮਹੰਤ ਦੀ ਮੌਤ ਦੀ ਸਜ਼ਾ ਉਮਰ ਕੈਦ 'ਚ ਤਬਦੀਲ ਕਰ ਦਿੱਤੀ। ਪਰ ਗੁਰਦੁਆਰਾ ਜਨਮ ਅਸਥਾਨ ਨਨਕਾਣਾ ਸਾਹਿਬ ਜੀ ਦੀ ਇਤਿਹਾਸਕ ਇਮਾਰਤ, ਵਿਸ਼ਾਲ ਦਰਸ਼ਨੀ ਡਿਉੜੀ ਤੇ ਖੁੱਲ੍ਹਾ ਵਿਹੜਾ ਸਮੇਂ-ਸਥਾਨ ਤੋਂ ਸੁਤੰਤਰ ਸ੍ਰੀ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਨੂੰ ਅੱਜ ਵੀ ਰੂਪਮਾਨ ਕਰਦੇ ਹਨ। ਇਹ ਸਾਕੇ ਸਿੱਖੀ-ਸਿਦਕ, ਸਬਰ, ਸਾਹਸ ਤੇ ਸ਼ਹਾਦਤ ਨੂੰ ਪ੍ਰਤੱਖ ਤੌਰ 'ਤੇ ਰੂਪਮਾਨ ਕਰਦੇ ਹਨ। ਲੋੜ ਹੈ ਇਨ੍ਹਾਂ ਤੋਂ ਪ੍ਰੇਰਨਾ ਲੈ ਸਿੱਖ ਜੀਵਨ ਜਾਚ 'ਚ ਸਤਿ-ਸੰਤੋਖ ਦੇ ਧਾਰਨੀ ਹੋ ਸਮੇਂ ਦੇ ਹਾਣੀ ਹੋਣ ਦੀ!
ਨਨਕਾਣਾ ਸਾਹਿਬ ਦੇ ਸ਼ਹੀਦਾਂ ਦੀ ਯਾਦ 'ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਸ੍ਰੀ ਅੰਮ੍ਰਿਤਸਰ 'ਚ ਸਥਾਪਿਤ ਕੀਤਾ ਅਤੇ ਸ਼ਹੀਦੀ ਜੀਵਨ ਪੁਸਤਕ ਉਚੇਚੇ ਤੌਰ 'ਤੇ ਲਿਖਵਾਈ, ਜਿਸ ਵਿਚ 86 ਸ਼ਹੀਦਾਂ ਦਾ ਜੀਵਨ ਵਰਣਨ ਕੀਤਾ ਗਿਆ।
ਦੇਸ਼ ਦੀ ਵੰਡ ਸਮੇਂ ਤੱਕ ਗੁਰਦੁਆਰਾ ਨਨਕਾਣਾ ਸਾਹਿਬ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਰਦੀ ਰਹੀ, ਪਰ ਦੇਸ਼ ਦੇ ਬਟਵਾਰੇ ਨਾਲ ਜਿੱਥੇ ਸਿੱਖਾਂ ਦਾ ਬੇਸ਼ੁਮਾਰ ਜਾਨੀ ਤੇ ਮਾਲੀ ਨੁਕਸਾਨ ਹੋਇਆ, ਉਸ ਦੇ ਨਾਲ ਜਿੰਦ-ਜਾਨ ਤੋਂ ਪਿਆਰੇ ਗੁਰਦੁਆਰੇ-ਗੁਰਧਾਮਾਂ ਤੋਂ ਵੀ ਸਿੱਖ ਵਿਛੜ ਗਏ। ਵਿਛੋੜੇ ਦੇ ਨਾਸੂਰ ਨੂੰ ਭਰਨ ਵਾਸਤੇ ਹਰ ਸਿੱਖ ਸਵੇਰੇ-ਸ਼ਾਮ ਇਨ੍ਹਾਂ ਗੁਰਦੁਆਰਿਆਂ-ਗੁਰਧਾਮਾਂ ਦੇ ਦਰਸ਼ਨ-ਦੀਦਾਰ ਲਈ ਅਰਜੋਈ-ਜੋਦੜੀ ਕਰਦਾ ਹੈ।


-ਮੋਬਾ: 98146-37979
roopsz@yahoo.com


ਖ਼ਬਰ ਸ਼ੇਅਰ ਕਰੋ

ਸਿੱਖ ਇਤਿਹਾਸ ਦਾ ਸਭ ਤੋਂ ਲੰਮਾ ਮੋਰਚਾ :

ਜੈਤੋ ਦਾ ਮੋਰਚਾ

ਜੈਤੋ ਦਾ ਮੋਰਚਾ ਪਟਿਆਲਾ ਅਤੇ ਨਾਭਾ ਰਿਆਸਤ ਦੇ ਬਾਹਰੀ ਝਗੜੇ ਵਜੋਂ ਹੋਂਦ ਵਿਚ ਆਇਆ, ਕਿਉਂਕਿ ਅੰਗਰੇਜ਼ ਹਕੂਮਤ ਪਹਿਲਾਂ ਹੀ ਇਸ ਤਾਕ ਵਿਚ ਸੀ ਕਿ ਨਾਭਾ ਰਿਆਸਤ ਦੇ ਮਹਾਰਾਜ ਰਿਪੂਦਮਨ ਸਿੰਘ ਦੇ ਵਿਰੁੱਧ ਕੋਈ ਕਾਰਵਾਈ ਕਰਕੇ ਉਸ ਨੂੰ ਅੰਗਰੇਜ਼ੀ ਹਕੂਮਤ ਦਾ ਪ੍ਰਭਾਵ ਕਬੁੂਲ ਕਰਨ ਲਈ ਮਜਬੂਰ ਕੀਤਾ ਜਾ ਸਕੇ। ਅੰਗਰੇਜ਼ੀ ਹਕੂਮਤ ਨੇ ਦੋਵਾਂ ਰਿਆਸਤਾਂ ਦੇ ਵਿਚ-ਵਿਚਾਲੇ ਪੈ ਕੇ ਹੁਸ਼ਿਆਰੀ ਨਾਲ ਦੋਵਾਂ ਮਹਾਰਾਜਿਆਂ ਪਾਸੋਂ ਫ਼ੈਸਲਾ ਕਰਨ ਦੇ ਹੱਕ ਪ੍ਰਾਪਤ ਕਰ ਲਏ। ਹਕੂਮਤ ਨੂੰ ਅਜਿਹਾ ਹੱਕ ਦੇਣਾ ਹੀ ਮਹਾਰਾਜਾ ਨੂੰ ਮਹਿੰਗਾ ਪਿਆ। ਸਰਕਾਰ ਨੇ ਝਗੜੇ ਦੀ ਆੜ ਹੇਠ 8 ਜੂਨ, 1923 ਨੂੰ ਮਹਾਰਾਜਾ ਰਿਪੂਦਮਨ ਸਿੰਘ ਨੂੰ ਨਾਭਾ ਰਿਆਸਤ ਦੀ ਰਾਜਗੱਦੀ ਤੋਂ ਲਾਹ ਕੇ ਉਸ ਨੂੰ ਰਾਜ ਵਿਚੋਂ ਕੱਢ ਦਿੱਤਾ। ਇਸ ਹਕੂਮਤ ਵਿਚ ਸਿੱਖ ਜਗਤ 'ਚ ਬੇਹੱਦ ਸਤਿਕਾਰ ਹੋਣ ਕਰਕੇ ਸਿੱਖਾਂ ਦੀ ਸ਼੍ਰੋਮਣੀ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਵੀ ਇਸ ਦਾ ਸਖ਼ਤ ਵਿਰੋਧ ਕੀਤਾ ਗਿਆ ਅਤੇ ਮਹਾਰਾਜਾ ਨਾਭਾ ਪ੍ਰਤੀ ਹਮਦਰਦੀ ਦਾ ਮਤਾ 9 ਸਤੰਬਰ, 1923 ਨੂੰ 'ਨਾਭਾ ਡੇ' ਮਨਾਉਣ ਦਾ ਐਲਾਨ ਕਰ ਦਿੱਤਾ। ਇਸ ਦਿਨ ਪੰਜਾਬ ਵਿਚ ਥਾਂ-ਥਾਂ 'ਤੇ ਜਲੂਸ ਕੱਢੇ ਗਏ ਅਤੇ ਮਹਾਰਾਜੇ ਦੀ ਬਹਾਲੀ ਲਈ ਮਤੇ ਪਾਸ ਕੀਤੇ ਗਏ। ਜੈਤੋ ਵਿਖੇ ਵੀ ਅਜਿਹਾ ਜਲੂਸ ਕੱਢਿਆ ਗਿਆ। ਜਲੂਸ ਦੀ ਸਮਾਪਤੀ 'ਤੇ ਦੀਵਾਨ ਸਜਾਇਆ ਗਿਆ ਅਤੇ ਗੁਰਦੁਆਰਾ ਗੰਗਸਰ ਸਾਹਿਬ ਵਿਖੇ ਅਖੰਡ ਪਾਠ ਦੀ ਲੜੀ ਆਰੰਭ ਕੀਤੀ ਗਈ।
ਦੂਜੇ ਪਾਸੇ ਅੰਗਰੇਜ਼ੀ ਹਕੂਮਤ ਵਲੋਂ ਮਹਾਰਾਜਾ ਰਿਪੂਦਮਨ ਸਿੰਘ ਦੇ ਹੱਕ ਵਿਚ ਕੋਈ ਵੀ ਮਤਾ ਪਾਸ ਕਰਨ ਦੀ ਸਖ਼ਤ ਮਨਾਹੀ ਸੀ ਅਤੇ ਜੈਤੋ ਵਿਖੇ ਮਹਾਰਾਜੇ ਦੇ ਹੱਕ ਵਿਚ ਅਖੰਡ ਪਾਠਾਂ ਦੀ ਲੜੀ ਹਕੂਮਤੀ ਆਦੇਸ਼ਾਂ ਦੀ ਸਿੱਧੀ ਵਿਰੋਧਤਾ ਸੀ। ਇਸ ਕਰਕੇ 14 ਸਤੰਬਰ, 1923 ਨੂੰ ਜਦੋਂ ਗੁਰਦੁਆਰਾ ਗੰਗਸਰ ਸਾਹਿਬ ਵਿਖੇ ਦੀਵਾਨ ਸਾਹਿਬ ਸਜਿਆ ਹੋਇਆ ਸੀ ਅਤੇ ਗੁਰੂ ਗ੍ਰੰਥ ਸਾਹਿਬ ਦੇ ਅਖੰਡ ਪਾਠ ਚੱਲ ਰਹੇ ਸਨ ਤਾਂ ਅੰਗਰੇਜ਼ੀ ਹਕੂਮਤ ਦੇ ਹਥਿਆਰਬੰਦ ਸਿਪਾਹੀਆਂ ਨੇ ਗੁਰਦੁਆਰਾ ਗੰਗਸਰ ਸਾਹਿਬ ਵਿਖੇ ਦਾਖਲ ਹੋ ਕੇ ਉਥੇ ਹੀ ਇਕੱਤਰ ਸ਼ਰਧਾਲੂਆਂ ਅਤੇ ਸੇਵਾਦਾਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ 'ਚ ਬੈਠੇ ਗ੍ਰੰਥੀ ਸਿੰਘਾਂ ਨੂੰ ਬਾਹਰ ਕੱਢ ਲਿਆਂਦਾ। ਇਸ ਤਰ੍ਹਾਂ ਚੱਲ ਰਹੇ ਅਖੰਡ ਪਾਠਾਂ ਨੂੰ ਖੰਡਿਤ ਕਰ ਦਿੱਤਾ। ਅਖੰਡ ਪਾਠ ਦਾ ਖੰਡਿਤ ਕੀਤਾ ਜਾਣਾ ਸਿੱਖ ਧਰਮ ਲਈ ਬਹੁਤ ਹੀ ਅਸਹਿ ਘਟਨਾ ਸੀ, ਜਿਸ ਦਾ ਵੱਡੇ ਪੱਧਰ 'ਤੇ ਵਿਰੋਧ ਹੋਣ ਲੱਗਾ। ਇਸ ਘਟਨਾ ਨੇ ਮਹਾਰਾਜਾ ਨਾਭਾ ਦੇ ਰਾਜਸੀ ਸਵਾਲ ਨੂੰ ਸਿੱਖ ਧਰਮ ਦਾ ਸਵਾਲ ਬਣਾ ਦਿੱਤਾ ਤੇ ਜੈਤੋ ਵਿਖੇ ਸਿੱਖਾਂ ਨੇ ਇਹ ਮੋਰਚਾ ਆਰੰਭ ਕਰ ਦਿੱਤਾ। ਇਸ ਮੋਰਚੇ ਦਾ ਮੁੱਖ ਨਿਸ਼ਾਨਾ ਖੰਡਿਤ ਕੀਤੇ ਗਏ ਅਖੰਡ ਪਾਠਾਂ ਨੂੰ ਅਖੰਡ ਰੂਪ 'ਚ ਮੁੜ ਚਾਲੂ ਕਰਨਾ ਸੀ।
ਇਹ ਸਿੱਖ ਮਰਯਾਦਾ ਦੀ ਘੋਰ ਉਲੰਘਣਾ ਸੀ ਅਤੇ ਇਸ ਦੁਰਘਟਨਾ ਨੇ ਮਹਾਰਾਜਾ ਦੇ ਰਾਜਸੀ ਸਵਾਲ ਨੂੰ ਧਾਰਮਿਕ ਸਵਾਲ ਬਣਾ ਦਿੱਤਾ। ਜੈਤੋ ਮੋਰਚੇ ਦਾ ਮੁੱਖ ਨਿਸ਼ਾਨਾ ਖੰਡਿਤ ਅਖੰਡ ਪਾਠ ਨੂੰ ਮੁੜ ਅਖੰਡਿਤ ਰੂਪ ਵਿਚ ਚਾਲੂ ਕਰਨਾ ਸੀ। ਸਿੱਖਾਂ ਦੀ ਧਾਰਮਿਕ ਜਥੇਬੰਦੀ ਨੇ ਇਸ ਮੋਰਚੇ ਦੀ ਕਮਾਨ ਸੰਭਾਲਦਿਆਂ ਅੰਮ੍ਰਿਤਸਰ ਤੋਂ ਰੋਜ਼ਾਨਾ 25-25 ਸਿੰਘਾਂ ਦੇ ਜਥੇ ਜੈਤੋ ਵੱਲ ਭੇਜਣੇ ਸ਼ੁਰੂ ਕੀਤੇ। ਹਰ ਰੋਜ਼ ਇਕ ਜਥਾ ਸ੍ਰੀ ਅਕਾਲ ਤਖਤ ਸਾਹਿਬ ਤੋਂ ਚੱਲ ਕੇ ਜਦੋਂ ਜੈਤੋ ਪਹੁੰਚਦਾ ਤਾਂ ਹਕੂਮਤ ਵਲੋਂ ਸਿੰਘਾਂ ਨੂੰ ਗ੍ਰਿਫ਼ਤਾਰ ਕਰਕੇ ਜੰਗਲਾਂ ਵਿਚ ਲਿਜਾ ਕੇ ਛੱਡ ਦਿੱਤਾ ਜਾਂਦਾ। ਮੋਰਚੇ ਦੀ ਚਰਚਾ ਪੰਜਾਬ ਤੋਂ ਬਾਹਰ ਵੀ ਹੋਣ ਲੱਗੀ। ਕਾਂਗਰਸ ਵਲੋਂ ਪੰਡਿਤ ਜਵਾਹਰ ਲਾਲ ਨਹਿਰੂ, ਪ੍ਰਿੰਸੀਪਲ ਗਿਡਵਾਨੀ ਅਤੇ ਮਿਸਟਰ ਕੇ. ਸਨਾਤਮ ਨੂੰ ਸਥਿਤੀ ਦਾ ਜਾਇਜ਼ਾ ਲੈਣ ਲਈ ਜੈਤੋ ਮੰਡੀ ਭੇਜਿਆ ਗਿਆ। ਤਿੰਨਾਂ ਆਗੂਆਂ ਨੂੰ ਜੈਤੋ ਪੁੱਜਣ 'ਤੇ ਹੀ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਇਕ ਰਾਤ ਜੈਤੋ ਕਿਲ੍ਹੇ ਦੀ ਇਕ ਕੋਠੜੀ ਵਿਚ ਬੰਦ ਕਰਨ ਉਪਰੰਤ ਅਗਲੇ ਦਿਨ ਨਾਭਾ ਜੇਲ੍ਹ ਵਿਚ ਭੇਜ ਦਿੱਤਾ। 29 ਸਤੰਬਰ, 1923 ਨੂੰ ਸ਼੍ਰੋਮਣੀ ਗੁਰਦੁਆਰਾ ਕਮੇਟੀ ਵਲੋਂ ਸਿੱਖਾਂ ਦੇ ਧਾਰਮਿਕ ਮਾਮਲਿਆਂ ਵਿਚ ਹਕੂਮਤ ਦੀ ਦਖਲਅੰਦਾਜ਼ੀ ਨਾ ਸਹਿਣ ਕਰਨ ਦਾ ਮਤਾ ਪਾਸ ਕੀਤਾ ਗਿਆ ਅਤੇ 25 ਸਿੰਘਾਂ ਦੇ ਜਥੇ ਭੇਜਣ ਨਾਲ ਕੋਈ ਤਸੱਲੀਬਖਸ਼ ਸਿੱਟਾ ਨਿਕਲਦਾ ਨਾ ਵੇਖ ਕੇ ਮੋਰਚੇ ਨੂੰ ਹੋਰ ਤੇਜ਼ ਕਰਨ ਲਈ 500-500 ਸਿੰਘਾਂ ਦੇ ਜਥੇ ਭੇਜਣ ਦਾ ਫੈਸਲਾ ਕੀਤਾ ਗਿਆ। ਪਹਿਲੇ ਜਥੇ ਨੂੰ 21 ਫਰਵਰੀ, 1924 ਨੂੰ ਜੈਤੋ ਪੁੱਜ ਕੇ ਗੁਰਦੁਆਰਾ ਪਾਤਸ਼ਾਹੀ ਦਸਵੀਂ ਸ੍ਰੀ ਗੰਗਸਰ ਸਾਹਿਬ ਨੂੰ ਕਬਜ਼ੇ ਵਿਚ ਲੈਣ ਅਤੇ ਅਖੰਡ ਪਾਠ ਸ਼ੁਰੂ ਕਰਨ ਦਾ ਆਦੇਸ਼ ਦਿੱਤਾ ਗਿਆ।
ਇਹ ਵਿਸ਼ਾਲ ਜਥਾ 9 ਫਰਵਰੀ, 1924 ਨੂੰ ਅਕਾਲ ਤਖ਼ਤ ਤੋਂ ਚੱਲ ਕੇ 20 ਫਰਵਰੀ ਨੂੰ ਫ਼ਰੀਦਕੋਟ ਜ਼ਿਲ੍ਹੇ ਦੇ ਪਿੰਡ ਬਰਗਾੜੀ ਵਿਖੇ ਪੁੱਜਿਆ। 21 ਫਰਵਰੀ ਨੂੰ ਸਵੇਰੇ ਕੀਰਤਨ ਕਰਨ ਉਪਰੰਤ ਇਹ ਜਥਾ ਜੈਤੋ ਵੱਲ ਕੂਚ ਕਰਨ ਲੱਗਿਆ। ਜਥੇ ਦੇ ਨਾਲ ਹਜ਼ਾਰਾਂ ਦੀ ਗਿਣਤੀ ਵਿਚ ਹੋਰ ਸੰਗਤ ਵੀ ਸ਼ਰਧਾਵੱਸ ਨਾਲ ਚੱਲ ਰਹੀ ਸੀ ਅਤੇ ਬੀਬੀਆਂ ਸਮੇਤ ਵੱਡੀ ਗਿਣਤੀ ਵਿਚ ਦਰਸ਼ਕ ਵੀ ਸਨ। ਕਾਂਗਰਸੀ ਨੇਤਾ ਡਾਕਟਰ ਕਿਚਲੂ, ਪ੍ਰਿੰਸੀਪਲ ਗਿਡਵਾਨੀ ਅਤੇ ਨਿਊਯਾਰਕ ਟਾਈਮਜ਼ ਦੇ ਪ੍ਰਤੀਨਿਧ ਮਿਸਟਰ ਜ਼ਿੰਮਦ ਕਾਰ ਵਿਚ ਸਵਾਰ ਹੋ ਕੇ ਜਥੇ ਦੇ ਨਾਲ-ਨਾਲ ਚੱਲ ਰਹੇ ਸਨ, ਪਰ ਇਨ੍ਹਾਂ ਨੇਤਾਵਾਂ ਨੂੰ ਨਾਭਾ ਰਿਆਸਤ ਦੀ ਹੱਦ ਤੋਂ ਅੱਗੇ ਨਹੀਂ ਜਾਣ ਦਿੱਤਾ ਗਿਆ। ਜਥੇ ਦੇ ਅੱਗੇ ਪੰਜ ਸਿੰਘ ਨਿਸ਼ਾਨ ਸਾਹਿਬ ਲੈ ਕੇ ਚੱਲ ਰਹੇ ਸਨ ਅਤੇ ਵਿਚਾਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਲਕੀ ਸੀ। ਅੰਗਰੇਜ਼ੀ ਹਕੂਮਤ ਵਲੋਂ ਜਥੇ ਨੂੰ ਗੁਰਦੁਆਰਾ ਟਿੱਬੀ ਸਾਹਿਬ ਤੋਂ 150 ਮੀਟਰ ਦੀ ਵਿੱਥ 'ਤੇ ਰੋਕ ਕੇ ਗੋਲੀ ਚਲਾ ਦੇਣ ਦੀ ਧਮਕੀ ਦਿੱਤੀ ਗਈ ਪਰ ਜਥਾ ਸ਼ਾਂਤਮਈ ਅੱਗੇ ਵਧਦਾ ਰਿਹਾ, ਜਿਸ 'ਤੇ ਵਿਲਸਨ ਜਾਨਸਟਨ ਨੇ ਪੁਲਿਸ ਨੂੰ ਗੋਲੀ ਚਲਾਉਣ ਦਾ ਹੁਕਮ ਦੇ ਦਿੱਤਾ ਅਤੇ ਸੈਂਕੜੇ ਸਿੰਘਾਂ ਨੂੰ ਸ਼ਹੀਦ ਕਰ ਦਿੱਤਾ ਗਿਆ (ਸ਼੍ਰੋਮਣੀ ਕਮੇਟੀ ਅਨੁਸਾਰ ਇਸ ਘਟਨਾ ਵਿਚ 300 ਸਿੰਘ ਗੋਲੀ ਦਾ ਸ਼ਿਕਾਰ ਹੋਏ, ਜਿਨ੍ਹਾਂ ਵਿਚੋਂ 100 ਸਿੰਘ ਸ਼ਹਾਦਤ ਹਾਸਲ ਕਰ ਗਏ)।
ਅੰਤ ਹਕੂਮਤ ਸਿੱਖ ਸੰਘਰਸ਼ ਅੱਗੇ ਝੁਕ ਗਈ ਅਤੇ ਇਸ ਇਤਿਹਾਸਕ ਮੋਰਚੇ ਨੂੰ ਸਫਲਤਾ ਮਿਲੀ। ਸਿੱਖ ਸੰਗਤ ਨੇ ਗੁਰਦੁਆਰਾ ਗੰਗਸਰ ਸਾਹਿਬ ਜੈਤੋ ਵਿਖੇ ਮੁੜ ਅਖੰਡ ਪਾਠ ਸ਼ੁਰੂ ਕਰਕੇ ਮੋਰਚੇ ਨੂੰ ਤੋੜ ਚੜ੍ਹਾਇਆ। ਜੈਤੋ ਦੇ ਇਤਿਹਾਸਕ ਗੁਰਦੁਆਰਾ ਸ਼ਹੀਦ ਗੰਜ ਟਿੱਬੀ ਸਾਹਿਬ ਵਿਖੇ ਹਰ ਸਾਲ 21 ਫਰਵਰੀ ਨੂੰ ਸ਼ਹੀਦੀ ਜੋੜ ਮੇਲਾ ਲਗਾਇਆ ਜਾਂਦਾ ਹੈ, ਜਿੱਥੇ ਵੱਡੀ ਗਿਣਤੀ ਵਿਚ ਸੰਗਤਾਂ ਪਹੁੰਚ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਅਰਪਨ ਕਰਦੀਆਂ ਹਨ।


-ਸ: ਸੀ: ਸੈ: ਸਕੂਲ, ਰੋੜੀਕਪੂਰਾ (ਫਰੀਦਕੋਟ)।
ਮੋਬਾ: 98550-31081

ਭਾਰਤੀ ਇਤਿਹਾਸ ਵਿਚ ਮਾਸਟਰ ਤਾਰਾ ਸਿੰਘ ਦਾ ਸਥਾਨ

ਵਿਭਿੰਨ ਭਾਸ਼ਾਵਾਂ ਵਿਚ ਅਖ਼ਬਾਰਾਂ ਦੇ ਪ੍ਰਕਾਸ਼ਨ ਦਾ ਵਿਸਤਾਰ ਅਜੋਕੇ ਯੁੱਗ ਦੀ ਵਿਸ਼ੇਸ਼ਤਾ ਹੈ। ਅਖ਼ਬਾਰਾਂ ਦੇ ਮਾਧਿਅਮ ਰਾਹੀਂ ਕੇਵਲ ਚਲੰਤ ਮਾਮਲਿਆਂ ਦੀਆਂ ਸੂਚਨਾਵਾਂ ਦਾ ਪਸਾਰ ਹੀ ਨਹੀਂ ਕੀਤਾ ਜਾਂਦਾ ਸਗੋਂ ਗਿਆਨ ਦੇ ਵਿਭਿੰਨ ਖੇਤਰਾਂ ਵਿਚ ਹੋ ਰਹੇ ਖੋਜ-ਪਸਾਰ ਬਾਰੇ ਵੀ ਭਰਪੂਰ ਜਾਣਕਾਰੀ ਦੇਣ ਦਾ ਉਪਰਾਲਾ ਕੀਤਾ ਜਾਂਦਾ ਹੈ। ਇਸੇ ਲਈ 'ਪੁਸਤਕ ਸੰਸਾਰ' ਨਾਮੀ ਫ਼ੀਚਰਾਂ ਦੀ ਅਖ਼ਬਾਰਾਂ ਦੇ ਕਾਲਮਾਂ ਵਿਚ ਮਹਤੱਤਾ ਵਧ ਗਈ ਹੈ। ਇਸੇ ਅਮਲ ਵਿਚ ਅਨੁਵਾਦ ਦੀ ਪ੍ਰਕਿਰਿਆ ਨੂੰ ਵੀ ਚੋਖੀ ਪ੍ਰਮਾਣਤਾ ਮਿਲੀ ਹੈ। ਸਿੱਖਿਅਤ ਵਰਗ ਲਈ ਹੁਣ ਆਪਣੀ ਜਾਣਕਾਰੀ ਨੂੰ ਆਧੁਨਿਕ ਸਤਰ ਤੱਕ (update) ਰੱਖਣ ਲਈ ਨਵੀਆਂ ਪ੍ਰਕਾਸ਼ਨਾਵਾਂ ਨਾਲ ਪਰਿਚਿਤ ਰਹਿਣ ਦੀ ਜ਼ਰੂਰਤ ਵੀ ਵਧ ਰਹੀ ਹੈ।
1947 ਉਪਰੰਤ ਭਾਰਤ ਦੇ ਕੌਮੀ/ਖੇਤਰੀ ਇਤਿਹਾਸ ਵਿਚ ਸੁਤੰਤਰਤਾ ਸੰਘਰਸ਼ ਦੇ ਇਤਿਹਾਸ ਦੀ ਖੋਜ ਨੂੰ ਪਹਿਲ ਦਿੱਤੀ ਗਈ। ਇਸੇ ਸੰਦਰਭ ਵਿਚ ਕਾਂਗਰਸ ਅਤੇ ਵਿਭਿੰਨ ਖੇਤਰੀ ਲਹਿਰਾਂ ਦੀ ਇਤਿਹਾਸਕ ਖੋਜ ਵੱਲ ਉਚੇਚਾ ਧਿਆਨ ਦਿੱਤਾ ਗਿਆ। ਖੇਤਰੀ ਨੇਤਾਵਾਂ ਉਪਰ ਉਚੇਚੇ ਤੌਰ 'ਤੇ ਖੋਜ ਪੁਸਤਕਾਂ ਲਿਖਵਾਉਣ ਲਈ ਪ੍ਰਾਜੈਕਟ ਤਿਆਰ ਕੀਤੇ ਗਏ। ਪਰ ਪੰਜਾਬ ਦੀਆਂ ਅਨੇਕ ਵਿਦੇਸ਼ੀ ਸ਼ਾਸਨ ਵਿਰੋਧੀ ਲਹਿਰਾਂ/ਨੇਤਾਵਾਂ ਵੱਲ ਕੋਈ ਧਿਆਨ ਨਾ ਦਿੱਤਾ ਗਿਆ। ਕੇਵਲ ਲਾਲਾ ਲਾਜਪਤ ਰਾਇ ਵੱਲ ਹੀ ਕਾਰਜਸ਼ੀਲ ਹੋਣ ਲਈ ਯੂਨੀਵਰਸਿਟੀ ਵਿਦਵਾਨ ਉਤਸ਼ਾਹਿਤ ਹੋ ਸਕੇ। ਭਾਵੇਂ ਕਿ ਸਿੱਖਾਂ ਵਿਚ ਪੱਸਰੀ ਪੁਨਰ ਸੁਰਜੀਤੀ ਲਹਿਰ ਦੀ ਸੁਤੰਤਰਤਾ ਸਬੰਧੀ ਚੇਤੰਨਤਾ ਉਤੇਜਿਤ ਕਰਨ ਦੀ ਉਚੇੇਚੀ ਭੁਮਿਕਾ ਸੀ ਅਤੇ ਗੁਰਦੁਆਰਾ ਸੁਧਾਰ ਲਹਿਰ ਦੇ ਮੁੱਢਲੇ ਮੋਰਚੇ ਨੂੰ ਮਹਾਤਮਾ ਗਾਂਧੀ ਨੇ 'ਭਾਰਤ ਦੀ ਆਜ਼ਾਦੀ ਲਈ ਜੰਗ ਦੀ ਪਹਿਲੀ ਜਿੱਤ' ਦਰਸਾਇਆ ਸੀ। ਫਿਰ ਵੀ ਇਸ ਲਹਿਰ ਨੂੰ 'ਨਿਰੋਲ ਧਾਰਮਿਕ' ਸਰੋਕਾਰਾਂ ਨੇੜੇ ਰੱਖ ਕੇ ਕੇਰਲ ਦੀ ਵਾਇਕਾਮ ਦਲਿਤ-ਉਧਾਰ ਲਹਿਰ ਨਾਲ ਹੀ ਜੋੜੀ ਰੱਖਿਆ ਗਿਆ। ਇਸ ਕਰਕੇ ਅਕਾਲੀ ਲਹਿਰ ਦੌਰਾਨ ਉੱਭਰੇ ਪ੍ਰਤਿਭਾਸ਼ੀਲ ਨੇਤਾਵਾਂ ਵੱਲ ਵੀ ਅਣਦੇਖੀ ਕੀਤੀ ਗਈ। ਡਾ: ਮਹਿੰਦਰ ਸਿੰਘ ਦੀ 'ਅਕਾਲੀ ਮੂਵਮੈਂਟ' ਪਹਿਲੀ ਅਜਿਹੀ ਪੁਸਤਕ ਸੀ ਜਿਸ ਵਿਚ ਅਕਾਲੀ ਲਹਿਰ ਦੇ ਭਾਰਤੀ ਸੁਤੰਤਰਤਾ ਲਹਿਰ ਤਾਈਂ ਪ੍ਰਾਸਗੰਕਤਾ ਦਾ ਹਵਾਲਾ ਮਿਲਦਾ ਹੈ। ਇਸ ਤੋਂ ਬਹੁਤ ਸਮਾਂ ਪਿੱਛੋਂ ਅਕਾਲੀ ਲਹਿਰ ਨੂੰ ਸੁਤੰਤਰਤਾ ਸੰਗਰਾਮ ਦੀਆਂ ਅਨੇਕ ਲਹਿਰਾਂ ਵਿਚੋਂ ਸਭ ਤੋਂ ਪ੍ਰਤਿਭਾਸ਼ੀਲ ਅਤੇ ਜਨਤਕ ਲਹਿਰ (powerfu& and mass based) ਮੰਨਿਆ ਗਿਆ। ਅਕਾਲੀ ਲਹਿਰ ਨੇ ਚੰਗੇ ਸਿਰੜੀ ਅਤੇ ਦੇਸ਼ ਭਗਤ ਨੇਤਾਵਾਂ ਦੀ ਇਕ ਲੰਬੀ ਕਤਾਰ ਪੈਦਾ ਕੀਤੀ, ਜਿਨਾ ਵਿਚ ਬਾਬਾ ਖੜਕ ਸਿੰਘ, ਮਾਸਟਰ ਤਾਰਾ ਸਿੰਘ, ਸ: ਮਹਿਤਾਬ ਸਿੰਘ ਬੈਰਿਸਟਰ, ਗਿਆਨੀ ਗੁਰਮੁਖ ਸਿੰਘ ਮੁਸਾਫ਼ਰ, ਗਿਆਨੀ ਕਰਤਾਰ ਸਿੰਘ, ਜਥੇਦਾਰ ਊਧਮ ਸਿੰਘ ਨਾਗੋਕੇ, ਬਲਦੇਵ ਸਿੰਘ, ਪ੍ਰਤਾਪ ਸਿੰਘ ਕੈਰੋਂ ਅਤੇ ਸਵਰਨ ਸਿੰਘ ਸ਼ਾਮਿਲ ਸਨ। ਇਨ੍ਹਾਂ ਵਿਚੋਂ ਚੋਖੇ ਵਿਅਕਤੀ ਕਾਂਗਰਸ ਵਿਚ ਸ਼ਾਮਿਲ ਹੋ ਕੇ ਹੀ ਪ੍ਰਵਾਨ ਚੜ੍ਹੇ। ਪਰ ਪਹਿਲੀ ਸਤਰ ਦੇ ਅਕਾਲੀ ਨੇਤਾਵਾਂ ਵਿਚੋਂ ਇਕੱਲੇ ਮਾਸਟਰ ਤਾਰਾ ਸਿੰਘ ਦਾ ਸਰੋਕਾਰ ਵਧੇਰੇ ਕਰਕੇ ਸਿੱਖੀ ਪਛਾਣ ਅਤੇ ਪੰਜਾਬ ਵਿਚ ਸਿੱਖਾਂ ਦੀ ਸਿੱਖ ਧਾਰਮਿਕ ਘੱਟ-ਗਿਣਤੀ ਵਜੋਂ ਸਲਾਮਤੀ ਨਾਲ ਜੁੜਿਆ ਰਿਹਾ।
ਅਸਲ ਵਿਚ ਕੇਵਲ ਮਾਸਟਰ ਤਾਰਾ ਸਿੰਘ ਹੀ ਭਾਰਤ ਦੀ ਅਖੰਡਤਾ ਅਤੇ ਇਸ ਦੇ ਧਾਰਮਿਕ ਅਨੇਕਵਾਦ ਜਾਂ ਵਿਸ਼ਾਲਤਾ ਤਾਈਂ ਪ੍ਰਤੀਬੱਧ ਰਿਹਾ। ਪੰਜਾਬ ਵਿਚ ਉਹ ਇਸਲਾਮੀ ਪ੍ਰਧਾਨਤਾ ਦਾ ਕੱਟੜ ਵਿਰੋਧੀ ਸੀ, ਕਿਉਂਕਿ ਉਸ ਦੀ ਰਾਜਨੀਤਕ ਤਰਜੀਹ ਸਿੱਖ ਪੰਥ ਦੀ ਸਲਾਮਤੀ ਸੁਨਿਸਚਿਤ ਕਰਨਾ ਸੀ। 1921-67 ਤੱਕ ਦੇ ਪੰਜਾਬ ਦਾ ਇਤਿਹਾਸ ਮਾਸਟਰ ਤਾਰਾ ਸਿੰਘ ਦੀਆਂ ਰਾਜਨੀਤਕ ਸਰਗਰਮੀਆਂ ਦਾ ਅਨਿੱਖੜਵਾਂ ਭਾਗ ਹੀ ਬਣਿਆ ਰਿਹਾ। ਇਸੇ ਕਰਕੇ 20ਵੀਂ ਸਦੀ ਦੇ ਲਗਪਗ ਚਾਰ ਦਹਾਕਿਆਂ ਦੀਆਂ ਘਟਨਾਵਾਂ ਉੱਪਰ ਮ: ਤਾਰਾ ਸਿੰਘ ਦੀ ਅਮਿੱਟ ਛਾਪ ਦ੍ਰਿਸ਼ਟਮਾਨ ਰਹੀ। ਇਸੇ ਲਈ, ਸਮਾਂ ਪਾ ਕੇ ਇਤਿਹਾਸਕਾਰਾਂ ਦਾ ਵਿਚਾਰ ਬਣ ਗਿਆ ਕਿ ਮਾਸਟਰ ਤਾਰਾ ਸਿੰਘ ਦੇ ਸਮੇਂ ਦੇ ਇਤਿਹਾਸ ਦੇ ਵਿਸਤ੍ਰਤ ਅਧਿਐਨ ਤੋਂ ਬਿਨਾਂ ਵਰਤਮਾਨ ਭਾਰਤ ਅਤੇ ਪੰਜਾਬ ਦੇ ਇਤਿਹਾਸ ਦਾ ਸੰਤੁਲਤ ਚਿੱਤਰ ਸਾਹਮਣੇ ਨਹੀਂ ਆ ਸਕੇਗਾ। ਏਨੇ ਵਿਚ ਪੰਜਾਬ ਦੇ ਇਤਿਹਾਸ ਦੇ ਪ੍ਰਮੁੱਖ ਕੇਦਰ ਵਜੋਂ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦਾ ਨਿਵੇਕਲਾ ਥਾਂ ਬਣ ਗਿਆ। ਇਸੇ ਲਈ ਡਾ: ਜਸਪਾਲ ਸਿੰਘ ਨੇ ਉਪ ਕੁਲਪਤੀ ਨਿਯੁਕਤ ਹੋਣ ਤੋਂ ਤੁਰੰਤ ਪਿੱਛੋਂ ਇਸ ਪਾਸੇ ਉਚੇਚਾ ਧਿਆਨ ਦਿੱਤਾ। ਉਨ੍ਹਾਂ ਨੇ ਪੰਜਾਬੀ ਯੂਨੀਵਰਸਿਟੀ ਵਿਚ ਕਾਰਜਸ਼ੀਲ ਰਹੇ ਇਤਿਹਾਸ ਦੇ ਪੋੜ੍ਹ ਵਿਦਵਾਨਾਂ ਨਾਲ ਸਲਾਹ-ਮਸ਼ਵਰੇ ਉਪਰੰਤ ਮਾ: ਤਾਰਾ ਸਿੰਘ ਸਬੰਧੀ ਇਕ ਪ੍ਰਾਜੈਕਟ ਉਲੀਕ ਕੇ ਨਾਮੀ ਇਤਿਹਾਸਕਾਰ ਡਾ: ਜੇ. ਐਸ. ਗਰੇਵਾਲ ਦੀ ਸੌਂਪਣਾ ਕੀਤਾ। ਸਿੱਟੇ ਵਜੋਂ 2017 ਈ: ਦਾ ਮਾਅਰਕੇਖੇਜ਼ ਪ੍ਰਕਾਸ਼ਨ '$aster "ara S}n{h }n 9nd}an 8}stor਼' ਸਾਡੇ ਸਾਹਮਣੇ ਹੈ। ਸਾਡੀ ਜਾਣਕਾਰੀ ਅਨੁਸਾਰ ਇਹ ਪਹਿਲੀ ਵਾਰ ਹੈ ਕਿ ਕਿਸੇ ਭਾਰਤੀ ਯੂਨੀਵਰਸਿਟੀ ਵਲੋਂ ਆਕਸਫੋਰਡ ਯੂਨੀਵਰਸਿਟੀ ਪ੍ਰੈੱਸ ਨਾਲ ਸਾਂਝੇ ਤੌਰ 'ਤੇ ਕਿਸੇ ਵੀ ਖੋਜ-ਪੁਸਤਕ ਦਾ ਪ੍ਰਕਾਸ਼ਨ ਸੰਭਵ ਹੋਇਆ ਹੈ।
ਪੁਸਤਕ ਦਾ ਆਕਾਰ ਅਸਾਧਾਰਨ/ਵੱਡਾ ਹੈ, ਪੰਨੇ 750 ਤੋਂ ਵਧੀਕ ਹਨ ਅਤੇ ਮੁੱਲ 2595 ਰੁਪਏ ਹੈ। ਜਾਪਦਾ ਹੈ ਕਿ 21ਵੀਂ ਸਦੀ ਦੀ ਇਹ ਪੁਸਤਕ, ਭਾਰਤ/ਪੰਜਾਬ ਦੀ ਬਰਤਾਨਵੀ ਬਸਤੀਵਾਦੀ ਸ਼ਾਸਨ ਦੁਆਰਾ ਵੰਡ ਅਤੇ ਸਿੱਖ ਹੋਣੀ ਬਾਰੇ ਇਤਿਹਾਸ ਦੀ ਪਹਿਲੀ ਵਿਸਥਾਰਪੂਰਬਕ ਪੁਸਤਕ ਬਣ ਕੇ ਸਾਹਮਣੇ ਆਵੇਗੀ। ਪੰਜਾਬੀ ਯੂਨੀਵਰਸਿਟੀ ਦੀ ਇਸ ਗੱਲ ਤੋਂ ਵੀ ਪ੍ਰਸੰੰਸਾ ਕਰਨੀ ਬਣਦੀ ਹੈ ਕਿ ਪੁਸਤਕ ਲਈ ਲੇਖਕ ਨੂੰ ਸਮਕਾਲੀ ਖੋਜ-ਸਰੋਤ ਉਪਲਬਧ ਕਰਵਾਉਣ ਵਿਚ ਸਾਰੇ ਸੰਭਵ ਯਤਨ ਕੀਤੇ ਗਏ। ਡਾ: ਗਰੇਵਾਲ ਦੀ ਜੀਵਨ ਕਾਲ ਦੀ ਵਡਮੁੱਲੀ ਇਤਿਹਾਸਕ ਖੋਜ ਵਿਚੋਂ ਸ਼ਾਇਦ ਇਹ ਪੁਸਤਕ ਸਿਰਮੌਰ ਗਰਦਾਨੀ ਜਾਵੇਗੀ ਅਤੇ ਨਾਲ ਹੀ ਡਾ: ਜਸਪਾਲ ਸਿੰਘ ਦੀ ਉਪ ਕੁਲਪਤੀ ਦੇ ਕਾਲ ਦੀ ਇਹ ਪੰਜਾਬ ਦੇ ਵਿਦਿਅਕ/ਖੋਜ ਖੇਤਰ ਲਈ ਵਡਮੁੱਲੀ ਦੇਣ ਵੀ ਰਹੇਗੀ। ਪੰਜਾਬ ਦੇ ਇਤਿਹਾਸ ਵਿਚ ਮਾ: ਤਾਰਾ ਸਿੰਘ ਦੇ ਮਹੱਤਵ ਵੱਲ ਉਚੇਚਾ ਧਿਆਨ ਦਿਵਾਉਣ ਵਾਲੀ ਇਸ ਪੁਸਤਕ ਦਾ ਨਿੱਘਾ ਸੁਆਗਤ... 'ਦੇਰ ਆਇਦ ਦਰੁਸਤ ਆਇਦ'।

ਮਹਾਰਾਜਾ ਦੇ ਵਾਰਿਸ ਸਬੰਧੀ ਸਹਿਮਤੀ ਨਾ ਹੋਈ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਖੜਕ ਸਿੰਘ ਦੇ ਪੁੱਤਰ ਨੌ ਨਿਹਾਲ ਸਿੰਘ ਵਿਚ ਉਹ ਸਾਰੀਆਂ ਖੂਬੀਆਂ ਸਨ, ਜਿਨ੍ਹਾਂ ਦੀ ਉਸ ਦੇ ਪਿਤਾ ਵਿਚ ਘਾਟ ਸੀ। ਆਪਣੇ ਦਾਦਾ ਦੀ ਮੌਤ ਵੇਲੇ ਉਹ ਉੱਤਰ-ਪੱਛਮੀ ਸਰਹੱਦ ਉੱਪਰ ਲਾਹੌਰ ਦਰਬਾਰ ਵਲੋਂ ਅਫ਼ਗਾਨਾਂ ਦੇ ਖਿਲਾਫ ਵਿੱਢੀ ਜੰਗ ਦੀ ਅਗਵਾਈ ਕਰ ਰਿਹਾ ਸੀ। ਉਹ ਪੂਰੀ ਤਰ੍ਹਾਂ ਜਾਣਦਾ ਸੀ ਕਿ ਉਸ ਦਾ ਪਿਤਾ ਰਾਜ ਦਾ ਕੰਮ-ਕਾਜ ਨਹੀਂ ਚਲਾ ਸਕਦਾ ਤੇ ਇਹ ਵੀ ਪਤਾ ਸੀ ਕਿ ਉਸ ਦੇ ਦੁਆਲੇ ਬੇਈਮਾਨ ਕਿਸਮ ਦੇ ਦਰਬਾਰੀਆਂ ਦਾ ਘੇਰਾ ਹੈ।
ਰਾਜ ਤਖ਼ਤ ਦਾ ਬਰਾਬਰ ਦਾ ਦਾਅਵੇਦਾਰ ਰਣਜੀਤ ਸਿੰਘ ਦਾ ਦੂਜੇ ਨੰਬਰ ਦਾ ਪੁੱਤਰ ਸ਼ੇਰ ਸਿੰਘ ਵੀ ਸੀ। ਸ਼ੇਰ ਸਿੰਘ ਨੇ ਆਪਣੀ ਖਾਹਿਸ਼ ਗੁਪਤ ਨਹੀਂ ਰੱਖੀ ਸੀ। ਮਹਾਰਾਜਾ ਰਣਜੀਤ ਸਿੰਘ ਦੀ ਪਹਿਲੇ ਵਿਆਹ ਦੀ ਬੀਵੀ ਮਹਿਤਾਬ ਕੌਰ ਦਾ ਪੁੱਤਰ ਹੋਣ ਕਰਕੇ ਉਹ ਆਪਣੇ-ਆਪ ਨੂੰ ਪਹਿਲਾ ਹੱਕਦਾਰ ਦੱਸਦਾ ਸੀ। ਉਧਰ ਖੜਕ ਸਿੰਘ ਦਾ ਕਹਿਣਾ ਸੀ ਕਿ ਸਿਰਫ ਉਹ ਹੀ ਆਪਣੇ ਪਿਤਾ ਦਾ ਅਸਲੀ ਪੁੱਤਰ ਹੈ। ਸ਼ਾਹੀ ਖਾਨਦਾਨ ਵਲੋਂ ਕੋਈ ਅਗਵਾਈ ਨਾ ਹੋਣ ਕਰਕੇ ਦਰਬਾਰੀ ਤੇ ਜਗੀਰਦਾਰੀ ਗਰੁੱਪ ਦਾ ਮਹੱਤਵ ਵਧਦਾ ਜਾਂਦਾ ਸੀ। ਉਨ੍ਹਾਂ ਦਾ ਨਿਸ਼ਾਨਾ ਆਪਣਾ ਰੁਤਬਾ ਤੇ ਆਮਦਨ ਵਗੈਰਾ ਵਧਾਉਣ ਦਾ ਸੀ। ਇਸ ਵਾਸਤੇ ਉਹ ਤਖ਼ਤ ਦੇ ਵਾਰਸਾਂ ਦੀ ਇਕ-ਦੂਜੇ ਦੇ ਵਿਰੁੱਧ ਵੀ ਮਦਦ ਕਰਦੇ ਸਨ। ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਦੋ ਮੁੱਖ ਗਰੁੱਪ ਪੈਦਾ ਹੋ ਗਏ ਸਨ।
ਤਿੰਨ ਡੋਗਰਾ ਭਰਾ : ਗੁਲਾਬ ਸਿੰਘ, ਧਿਆਨ ਸਿੰਘ ਤੇ ਸੁਚੇਤ ਸਿੰਘ ਤੋਂ ਇਲਾਵਾ ਧਿਆਨ ਸਿੰਘ ਦੇ ਪੁੱਤਰ ਹੀਰਾ ਸਿੰਘ ਦਾ ਪ੍ਰਭਾਵ ਬਹੁਤ ਵੱਡਾ ਸੀ, ਕਿਉਂਕਿ ਇਹ ਸਾਰੇ ਮਹਾਰਾਜਾ ਦੇ ਜਿਉਂਦਿਆਂ ਉਸ ਦੇ ਵੱਡੇ ਚਹੇਤੇ ਸਨ। ਇਨ੍ਹਾਂ ਭਰਾਵਾਂ ਦਾ ਆਪਸ ਵਿਚ ਪੂਰਾ ਪਿਆਰ ਨਹੀਂ ਸੀ। ਦੋ ਭਾਈ ਲਾਹੌਰ ਦਰਬਾਰ ਵਿਚ ਆਪਣੀ ਚੜ੍ਹਤ ਬਣਾਉਣ ਵਾਸਤੇ ਸਰਗਰਮ ਰਹਿੰਦੇ ਸਨ ਤੇ ਤੀਜਾ ਜੰਮੂ-ਕਸ਼ਮੀਰ ਵਿਚ ਆਪਣੀ ਆਜ਼ਾਦ ਰਿਆਸਤ ਕਾਇਮ ਕਰਨੀ ਚਾਹੁੰਦਾ ਸੀ। ਡੋਗਰਿਆਂ ਦਾ ਵਿਰੋਧ ਕਰਨ ਵਾਲੇ ਮਹਾਰਾਜਾ ਦੇ ਖਾਨਦਾਨ ਨਾਲ ਜੁੜੇ ਸਿੱਖ ਸਰਦਾਰ ਸਨ, ਜਿਵੇਂ ਕਿ ਸੰਧਾਵਾਲੀਏ, ਅਟਾਰੀਵਾਲੀਏ ਤੇ ਮਜੀਠੀਏ। ਇਨ੍ਹਾਂ ਵਿਚੋਂ ਸਭ ਤੋਂ ਵੱਧ ਪ੍ਰਭਾਵਸ਼ਾਲੀ ਸੰਧਾਵਾਲੀਆ ਸਰਦਾਰ ਲਹਿਣਾ ਸਿੰਘ, ਅਜੀਤ ਸਿੰਘ ਤੇ ਅਤਰ ਸਿੰਘ ਸਨ, ਜਿਨ੍ਹਾਂ ਦੇ ਖੜਕ ਸਿੰਘ ਦੀ ਪਤਨੀ ਚਾਂਦ ਕੌਰ ਨਾਲ ਵੀ ਸੰਪਰਕ ਸਨ। ਉਸ ਵਕਤ ਅਹਿਮ ਅਟਾਰੀਵਾਲੀਏ ਸ਼ਾਮ ਸਿੰਘ, ਚਤਰ ਸਿੰਘ ਤੇ ਉਸ ਦੇ ਪੁੱਤਰ, ਸ਼ੇਰ ਸਿੰਘ ਤੇ ਗੁਲਾਬ ਸਿੰਘ ਸਨ। ਮਜੀਠੀਆ ਪਰਿਵਾਰ ਦਾ ਮੁਖੀ ਲਹਿਣਾ ਸਿੰਘ ਸੀ, ਜੋ ਵਿਦਵਾਨ ਬੰਦਾ ਸੀ ਪਰ ਸੁਸਤ ਸੁਭਾਅ ਵਾਲਾ ਸੀ ਤੇ ਨੌਜਵਾਨ ਰਣਜੋਧ ਸਿੰਘ ਮਿਲਟਰੀ ਕਮਾਂਡਰ ਸੀ। ਕਿਉਂਕਿ ਡੋਗਰੇ ਹਿੰਦੂ ਸਨ, ਇਸ ਵਾਸਤੇ ਕੁਦਰਤੀ ਸੀ ਕਿ ਉਨ੍ਹਾਂ ਅਤੇ ਸਿੱਖ ਸਰਦਾਰਾਂ ਦੇ ਵਿਚਕਾਰ ਦੀ ਕਸ਼ਮਕਸ਼ ਕੁਝ ਫਿਰਕੂ ਰੰਗਤ ਲੈ ਲੈਂਦੀ ਸੀ। ਪਰ ਇਨ੍ਹਾਂ ਸਾਰਿਆਂ ਵਿਚ ਇਕ ਗੱਲ ਸਾਂਝੀ ਸੀ ਕਿ ਇਹ ਸਾਰੇ ਰਾਜ ਵਿਚ ਵੱਡੇ ਤੋਂ ਵੱਡਾ ਹਿੱਸਾ ਹਾਸਲ ਕਰਨਾ ਚਾਹੁੰਦੇ ਸਨ। ਇਸ ਵਾਸਤੇ ਇਕ-ਦੂਜੇ ਦਾ ਕਤਲ ਕਰਨਾ, ਜ਼ਹਿਰ ਦੇਣਾ ਤੇ ਜਾਂ ਝੂਠੀਆਂ ਫਰਦਾਂ ਬਣਾ ਕੇ ਬਦਨਾਮ ਕਰਨਾ ਤੇ ਇਸ ਤੋਂ ਵਧ ਕੇ ਅੰਗਰੇਜ਼ਾਂ ਨਾਲ ਸਾਂਠ-ਗਾਂਠ ਕਰਨੀ, ਜੋ ਉਸ ਵਕਤ ਪੰਜਾਬ ਨੂੰ ਅੰਗਰੇਜ਼ੀ ਰਾਜ ਵਿਚ ਸ਼ਾਮਿਲ ਕਰਨ ਦੀ ਸੋਚ ਰਹੇ ਸਨ। ਇਨ੍ਹਾਂ ਵੱਖ-ਵੱਖ ਲਾਲਚੀ ਗਰੁੱਪਾਂ ਦੇ ਬਾਵਜੂਦ ਕੁਝ ਐਸੇ ਲੋਕ ਵੀ ਸਨ, ਜੋ ਬਿਨਾਂ ਕਿਸੇ ਲਾਲਚ ਤੇ ਇਮਾਨਦਾਰੀ ਨਾਲ ਲਾਹੌਰ ਰਾਜ ਦੀ ਖਿਦਮਤ ਕਰਨਾ ਚਾਹੁੰਦੇ ਸਨ। ਇਨ੍ਹਾਂ ਵਿਚ ਫਕੀਰ ਭਾਈ ਸਨ, ਜਿਨ੍ਹਾਂ ਵਿਚੋਂ ਵੱਡਾ ਭਰਾ ਫਕੀਰ ਅਜ਼ੀਜ਼ੁਦੀਨ ਅਹਿਮ ਸੀ, ਜੋ ਵਿਦੇਸ਼ੀ ਮਾਮਲਿਆਂ ਦਾ ਸਲਾਹਕਾਰ ਸੀ। ਇਨ੍ਹਾਂ ਵਿਚ ਹੀ ਇਕ ਕਸ਼ਮੀਰੀ ਪੰਡਿਤ ਦੀਨਾ ਨਾਥ ਸੀ, ਜੋ ਮਾਲਗੁਜ਼ਾਰੀ ਤੇ ਖਜ਼ਾਨੇ ਦੇ ਮਹਿਕਮੇ ਦੀ ਦੇਖਭਾਲ ਕਰਦਾ ਸੀ। ਫਕੀਰ ਅਜ਼ੀਜ਼ੁਦੀਨ ਤੇ ਦੀਨਾ ਨਾਥ ਵਰਗੇ ਬੰਦੇ ਰਾਜ ਦੇ ਕੰਮਕਾਜ ਵਿਚ ਸਲਾਹਕਾਰੀ ਤਾਂ ਕਰਦੇ ਸਨ ਪਰ ਤਾਕਤ ਵਾਸਤੇ ਲੜਨ ਵਾਲੇ ਕਿਸੇ ਗਰੁੱਪ ਵਿਚ ਸ਼ਾਮਿਲ ਨਹੀਂ ਹੁੰਦੇ ਸਨ।
ਖਿੱਚੋਤਾਣ ਉਦੋਂ ਹੀ ਪੈ ਗਈ ਸੀ, ਜਦੋਂ ਅਜੇ ਮਹਾਰਾਜਾ ਰਣਜੀਤ ਸਿੰਘ ਦੀ ਦੇਹ ਸਸਕਾਰ ਵਾਸਤੇ ਤਿਆਰ ਕੀਤੀ ਜਾ ਰਹੀ ਸੀ। ਉਸ ਵਕਤ ਇਕੱਠੇ ਹੋਏ ਸਾਰੇ ਦਰਬਾਰੀਆਂ ਵਿਚ ਆਮ ਸਹਿਮਤੀ ਸੀ ਕਿ ਕੁੰਵਰ ਖੜਕ ਸਿੰਘ ਤੇ ਕੁੰਵਰ ਨੌਨਿਹਾਲ ਸਿੰਘ ਨੂੰ ਅੱਗੋਂ ਇਸ ਗੱਦੀ ਦੇ ਮਾਲਕ ਬਣਾਏ ਜਾਣ ਬਾਰੇ ਆਮ ਰਾਏ ਨਹੀਂ ਬਣਾਈ ਜਾ ਸਕੇਗੀ। ਅਗਲੇ ਦਿਨ ਸਭ ਦਰਬਾਰੀ ਮਹਿਲ ਵਿਚ ਇਕੱਠੇ ਹੋਏ ਤੇ ਕਿਹਾ ਗਿਆ ਕਿ ਤਖ਼ਤ ਦੇ ਸਾਰੇ ਦਾਅਵੇਦਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਆਪਣੀ ਆਸਥਾ ਪ੍ਰਗਟ ਕਰਨ, ਜਿਸ ਤਰ੍ਹਾਂ ਮਹਾਰਾਜਾ ਕਰਦੇ ਰਹੇ ਸਨ। ਇਸ ਦੇ ਬਾਵਜੂਦ ਹੈਰਾਨੀ ਨਹੀਂ ਹੋਣੀ ਚਾਹੀਦੀ ਕਿ ਅਗਲੇ ਕੁਝ ਦਿਨ ਸ਼ਾਹੀ ਮਹਿਲ ਵਿਚ ਤਖ਼ਤ ਦੇ ਮਾਲਕ ਦਾ ਮੁੱਦਾ ਹੀ ਅਹਿਮ ਰਿਹਾ।
ਮਹਾਰਾਜਾ ਖੜਕ ਸਿੰਘ ਨੇ ਆਪਣੇ ਬਾਰੇ ਦਰਬਾਰੀਆਂ ਨੂੰ ਵਿਸ਼ਵਾਸ ਦੁਆਇਆ ਤੇ ਇਕ ਵਕਤ ਤਾਂ ਆਪਣੇ ਤਾਨਾਸ਼ਾਹ ਹੋ ਜਾਣ ਦੇ ਡਰ ਨੂੰ ਵੀ ਕੱਢਣ ਦੀ ਕੋਸ਼ਿਸ਼ ਕੀਤੀ। ਪਰ ਉਸ ਦੇ ਆਪਣੇ ਭਰਾ ਸ਼ੇਰ ਸਿੰਘ ਨਾਲ ਸਬੰਧ ਚੰਗੇ ਨਾ ਬਣ ਸਕੇ। ਸ਼ੇਰ ਸਿੰਘ ਤਾਂ ਆਖਰੀ ਵਕਤਾਂ ਵਿਚ ਆਪਣੇ ਪਿਤਾ ਦੇ ਬਿਮਾਰੀ ਵਾਲੇ ਬਿਸਤਰ ਦੇ ਕੋਲ ਵੀ ਨਹੀਂ ਆ ਸਕਦਾ ਸੀ ਕਿ ਕਿਤੇ ਖੜਕ ਸਿੰਘ ਇਸ ਦਾ ਫਾਇਦਾ ਉਠਾ ਕੇ ਉਸ ਨੂੰ ਗ੍ਰਿਫ਼ਤਾਰ ਹੀ ਨਾ ਕਰ ਲਵੇ। ਉਸ ਦੀ ਪਹਿਲੀ ਤਰਜੀਹ ਇਹ ਸੀ ਕਿ ਉਹ ਪਹਾੜਾਂ ਵੱਲ ਨਿਕਲ ਜਾਵੇ ਤੇ ਕਾਂਗੜਾ ਦੇ ਕਿਲ੍ਹੇ ਉੱਪਰ ਆਪਣਾ ਕਬਜ਼ਾ ਜਮਾ ਕੇ ਰੱਖੇ। ਉਸ ਨੇ ਉਦੋਂ ਇਹ ਇਰਾਦਾ ਛੱਡ ਦਿੱਤਾ ਜਦੋਂ ਆਪਣੇ ਪਿਤਾ ਦੀ ਮੌਤ ਦੀ ਖ਼ਬਰ ਸੁਣੀ ਤੇ ਆਪਣੀ ਬਟਾਲਾ ਵਾਲੀ ਜਗੀਰ ਨੂੰ ਸੰਭਾਲਣ ਲੱਗ ਪਿਆ। ਉਸ ਨੇ ਦਰਬਾਰ ਨੂੰ ਇਤਲਾਹ ਵੀ ਭੇਜ ਦਿੱਤੀ ਕਿ ਉਹ ਆਪਣੇ ਪਿਤਾ ਦੀਆਂ ਅੰਤਿਮ ਰਸਮਾਂ ਵਿਚ ਸ਼ਾਮਿਲ ਨਹੀਂ ਹੋਵੇਗਾ, ਜਿੰਨੀ ਦੇਰ ਤੱਕ ਉਸ ਨੂੰ ਤਸੱਲੀ ਨਹੀਂ ਦਿਵਾ ਦਿੱਤੀ ਜਾਂਦੀ ਕਿ ਇਸ ਦੌਰਾਨ ਉਸ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾਵੇਗਾ। ਮਹਾਰਾਜਾ ਖੜਕ ਸਿੰਘ ਨੇ ਇਹ ਵਚਨ ਦੇ ਦਿੱਤਾ, ਰਾਜਾ ਸਚੇਤ ਸਿੰਘ ਤੇ ਜਮਾਦਾਰ ਖੁਸ਼ਹਾਲ ਸਿੰਘ ਨੇ ਇਸ ਵਾਅਦੇ ਦੀ ਜਾਤੀ ਜ਼ਮਾਨਤ ਦਿੱਤੀ। ਇਸ ਤਰ੍ਹਾਂ ਸ਼ਹਿਜ਼ਾਦਾ ਲਾਹੌਰ ਆਇਆ ਤੇ ਅੰਤਿਮ ਰਸਮਾਂ ਦੇ ਆਖਰੀ ਦਿਨ ਉਸ ਵੇਲੇ ਸ਼ੁਰੂ ਹੋ ਚੁੱਕੇ ਇਕ ਅਖ਼ਬਾਰ 'ਪੰਜਾਬ ਅਖ਼ਬਾਰ' ਨੇ ਖ਼ਬਰ ਛਾਪੀ ਕਿ ਸ਼ਾਹੀ ਪਰਿਵਾਰ ਅੰਦਰ ਆਮ ਸਹਿਮਤੀ ਪਾਈ ਜਾ ਰਹੀ ਹੈ। ਮਹਾਰਾਜਾ ਖੜਕ ਸਿੰਘ ਨੇ 16 ਜੁਲਾਈ, 1839 ਨੂੰ ਆਪਣੇ ਮਤਰੇਏ ਭਰਾ ਸ਼ੇਰ ਸਿੰਘ ਨੂੰ ਸ੍ਰੀ ਵਾਹਿਗੁਰੂ ਜੀ ਕੇ ਪਿਆਰੇ, ਉੱਜਲ ਦੀਦਾਰ, ਨਿਰਮਲ ਬੁੱਧ, ਆਖਰੀ ਅਰਸ਼ਦੀ ਤੇ 'ਐਤਜ਼ਾਦੀ' ਯਾਨੀ ਕਿ ਸਾਡੇ ਆਪਣੇ ਭਰਾ ਦੀਆਂ ਉਪਾਧੀਆਂ ਨਾਲ ਨਿਵਾਜਿਆ।
ਪਰ ਸ਼ਾਹੀ ਪਰਿਵਾਰ ਦੀ ਇਹ 'ਆਮ ਸਹਿਮਤੀ' ਜ਼ਿਆਦਾ ਦੇਰ ਨਹੀਂ ਚੱਲ ਸਕੀ। ਮਹਾਰਾਜਾ ਖੜਕ ਸਿੰਘ ਦੇ ਪੁੱਤਰ ਨੌਨਿਹਾਲ ਸਿੰਘ ਨੇ ਰਾਜ ਨੂੰ ਆਪਣੇ ਹੱਥ ਵਿਚ ਲੈਣ ਦਾ ਫੈਸਲਾ ਕਰ ਲਿਆ। ਮਹਾਰਾਜਾ ਰਣਜੀਤ ਸਿੰਘ ਦੀ ਮੌਤ ਦੇ 19 ਦਿਨ ਬਾਅਦ 'ਪੰਜਾਬ ਅਖ਼ਬਾਰ' ਨੇ ਖ਼ਬਰ ਦਿੱਤੀ ਕਿ ਸ਼ਹਿਜ਼ਾਦਾ ਨੌਨਿਹਾਲ ਸਿੰਘ ਨੇ ਸਾਰੇ ਸਰਦਾਰਾਂ ਨੂੰ ਇਕ ਦਸਤਾਵੇਜ਼ ਉੱਪਰ ਦਸਤਖਤ ਕਰਨ ਵਾਸਤੇ ਕਿਹਾ, ਜਿਸ ਵਿਚ ਲਿਖਿਆ ਸੀ ਕਿ ਨੌਨਿਹਾਲ ਸਿੰਘ ਨੂੰ ਮਹਾਰਾਜਾ ਖੜਕ ਸਿੰਘ ਦੀ ਗੱਦੀ ਦਾ ਹੁਣ ਤੋਂ ਵਾਰਸ ਐਲਾਨਿਆ ਜਾਵੇ ਤੇ ਹੁਣ ਉਹ ਉਸ ਦਾ ਮੁਖ਼ਤਾਰ ਹੋਵੇਗਾ। ਉਸ ਨੇ ਆਪਣੇ ਵਲੋਂ ਹੁਕਮ ਜਾਰੀ ਕੀਤਾ ਕਿ ਉਸ ਦੇ ਪਿਤਾ ਦੇ ਰਾਜ ਤਿਲਕ ਸਮਾਰੋਹ ਨੂੰ ਉਸ ਦੇ ਲਾਹੌਰ ਪਹੁੰਚਣ ਤੱਕ ਰੋਕ ਦਿੱਤਾ ਜਾਵੇ। ਇਸ ਤੋਂ ਇਲਾਵਾ ਉਸ ਨੇ ਸ਼ਾਹੀ ਖਜ਼ਾਨੇ ਦੇ ਸਾਰੇ ਪੈਸੇ, ਜ਼ੇਵਰਾਤ ਤੇ ਘੋੜਿਆਂ ਦੀ ਗਿਣਤੀ ਦਾ ਹਿਸਾਬ ਵੀ ਬਣਾਉਣ ਨੂੰ ਕਿਹਾ, ਜਿਸ ਦੀ ਜਾਂਚ ਉਹ ਆ ਕੇ ਕਰੇਗਾ। ਰਾਜਾ ਧਿਆਨ ਸਿੰਘ ਇਸ ਪਰਵਾਨੇ ਬਾਰੇ ਸੁਣ ਕੇ ਘਬਰਾ ਗਿਆ। ਤਿਲਕ ਸਮਾਰੋਹ ਅਕਤੂਬਰ ਤੱਕ ਮੁਲਤਵੀ ਕਰ ਦਿੱਤਾ ਗਿਆ ਸੀ। ਕੁਝ ਵਜ਼ੀਰ ਅਤੇ ਕੁਝ ਹੋਰ ਸ਼ਹਿਜ਼ਾਦੇ ਦੀ ਹਮਾਇਤ ਵਿਚ ਖੜ੍ਹੇ ਹੋਏ, ਸੰਧਾਵਾਲੀਏ ਸਮੇਤ, ਧਿਆਨ ਸਿੰਘ ਡੋਗਰਾ ਦੇ ਸਮਰਥਕ ਹੋ ਗਏ। ਕੁਝ ਹੋਰ ਫਕੀਰ ਭਰਾਵਾਂ ਤੇ ਰਾਜਾ ਦੀਨਾ ਨਾਥ ਵਰਗੇ ਨਿਰਪੱਖ ਰਹੇ।
(ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)

ਪਰਤਣ ਲੱਗੇ ਹਨ ਲਾਹੌਰ ਦੇ ਮੰਦਰਾਂ ਦੇ ਚੰਗੇ ਦਿਨ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਧਰਮ ਤੇ ਵਿਰਸਾ ਅੰਕ ਦੇਖੋ)
ਜੈਨ ਮੰਦਰ ਨੂੰ ਗਿਰਾਏ ਜਾਣ ਦੇ ਜਲਦੀ ਬਾਅਦ ਪਾਕਿਸਤਾਨ ਸਰਕਾਰ ਨੇ ਭਰੋਸਾ ਦਿੱਤਾ ਸੀ ਕਿ ਮੰਦਰ ਦਾ ਨਵ-ਨਿਰਮਾਣ ਕਰਵਾਇਆ ਜਾਵੇਗਾ। ਸਰਕਾਰ ਤਾਂ ਭਾਵੇਂ ਅੱਜ ਵੀ ਅਖ਼ਬਾਰੀ ਬਿਆਨਾਂ ਦੀ ਮਾਰਫ਼ਤ ਮੰਦਰ ਦੇ ਨਿਰਮਾਣ ਵਿਚ ਰੁਚੀ ਵਿਖਾਉਂਦੀ ਪ੍ਰਤੀਤ ਹੋ ਰਹੀ ਹੈ, ਪਰ ਮੰਦਰ ਦੀ ਹੇਠਲੀ ਮੰਜ਼ਲ ਵਿਚ ਧਾਰਮਿਕ ਇਸਲਾਮਿਕ ਸਕੂਲ ਅਤੇ ਸਕੂਲ ਦੇ ਪ੍ਰਬੰਧਕ ਕਾਰੀ ਦੀ ਰਿਹਾਇਸ਼ ਰਸਤੇ ਵਿਚ ਰੁਕਾਵਟ ਬਣ ਰਹੀ ਹੈ। ਇਸ ਦੇ ਬਾਵਜੂਦ ਲਾਹੌਰ ਦੇ ਪੀਰ ਅਲੀ ਇਮਰਾਨ ਸ਼ਾਹਿਰ ਇਸ਼ਰਫ਼ੇ, ਸੱਯਦ ਸ਼ਮਹੁਰਸ਼ ਰਿਜ਼ਵਨੁਲ ਮਰਤਜ਼ਾ ਅਤੇ ਵਕੀਲ ਮੁਹੰਮਦ ਜਾਵੇਦ ਇਕਬਾਲ ਜਾਫਰੀ ਨੇ ਸੁਪਰੀਮ ਕੋਰਟ ਵਿਚ ਜੈਨ ਮੰਦਰ ਨੂੰ ਕਬਜ਼ਾ ਮੁਕਤ ਕਰਵਾ ਕੇ ਮੰਦਰ ਦਾ ਨਵ-ਨਿਰਮਾਣ ਕਰਵਾਉਣ ਲਈ ਸਾਲ 2012 ਤੋਂ ਅਪੀਲ ਦਾਇਰ ਕਰ ਰੱਖੀ ਹੈ। ਇਨ੍ਹਾਂ ਦਾ ਇਹ ਵੀ ਦੋਸ਼ ਹੈ ਕਿ ਪ੍ਰਦੇਸ਼ ਸਰਕਾਰ 'ਮੁਲਾਵਾਦ' ਦੇ ਡਰ ਤੋਂ ਮੰਦਰ ਦੀ ਉਸਾਰੀ ਨਹੀਂ ਕਰਵਾ ਰਹੀ।
ਬਾਬਰੀ ਮਸਜਿਦ ਵਿਵਾਦ ਦੇ ਦੌਰਾਨ ਹੀ ਲਾਹੌਰ ਦੀ ਸਰਕੂਲਰ ਰੋਡ 'ਤੇ ਸ਼ਾਹ ਆਲਮੀ ਅਤੇ ਲਾਹੌਰੀ ਗੇਟ ਦੇ ਵਿਚਕਾਰ ਸਥਾਪਤ ਸੀਤਲਾ ਮੰਦਰ ਨੂੰ ਵੀ ਉਸੇ ਦਿਨ ਗਿਰਾਇਆ ਗਿਆ, ਜਿਸ ਦਿਨ ਜੈਨ ਮੰਦਰ ਨੂੰ ਜ਼ਮੀਨਦੋਜ਼ ਕੀਤਾ ਗਿਆ। ਸਥਾਨਕ ਮੁਸਲਿਮ ਦੰਗਾਕਾਰੀਆਂ ਨੇ ਜਦੋਂ ਇਸ ਮੰਦਰ ਦੇ ਗੁੰਬਦ ਨੂੰ ਹਥੌੜਿਆਂ ਨਾਲ ਗਿਰਾਉਣ ਦੀ ਕਾਰਵਾਈ ਸ਼ੁਰੂ ਕੀਤੀ ਤਾਂ ਮੰਦਰ ਦੇ ਗੁੰਬਦ ਦੇ ਧਰਾਸ਼ਾਹੀ ਹੁੰਦਿਆਂ ਹੀ ਗੁੰਬਦ 'ਤੇ ਬੈਠ ਕੇ ਉਸ ਨੂੰ ਤੋੜ ਰਿਹਾ ਨੌਜਵਾਨ ਵੀ ਹੇਠਾਂ ਡਿਗ ਗਿਆ ਅਤੇ ਮੌਕੇ 'ਤੇ ਹੀ ਉਸ ਦੀ ਮੌਤ ਹੋ ਗਈ। ਉਸ ਨੂੰ 'ਸ਼ਹੀਦ' ਦਾ ਦਰਜਾ ਦੇ ਕੇ ਉਸ ਦੀ ਯਾਦ ਵਿਚ ਇਕ ਸਿਲ ਇਸ ਮੰਦਰ ਵਿਚ ਲਗਾ ਦਿੱਤੀ ਗਈ, ਜੋ ਅੱਜ ਵੀ ਮੌਜੂਦ ਹੈ। ਮੰਦਰ ਦੀ ਹੇਠਲੀ ਮੰਜ਼ਲ 'ਤੇ ਮਦਰੱਸਾ ਨੂਰ-ਉਲ-ਕੁਰਾਨ ਸੇਵਾਵਾਂ ਦੇ ਰਿਹਾ ਹੈ ਅਤੇ ਉਪਰਲੀਆਂ ਮੰਜ਼ਿਲਾਂ 'ਤੇ ਸਾਧੂ-ਸੰਨਿਆਸੀਆਂ ਦੇ ਨਿਵਾਸ ਲਈ ਬਣਾਏ ਕਮਰਿਆਂ ਵਿਚ ਦੇਸ਼ ਦੀ ਵੰਡ ਵੇਲੇ ਮੇਵਾੜ ਤੋਂ ਗਏ 80-90 ਮੁਸਲਿਮ ਸ਼ਰਨਾਰਥੀ ਪਰਿਵਾਰ ਰਹਿ ਰਹੇ ਹਨ। ਮਦਰੱਸਾ ਨੂਰ-ਉਲ-ਕੁਰਾਨ ਦੁਆਰਾ ਮੰਦਰ ਦੇ ਅੱਧੇ ਬਚੇ ਗੁੰਬਦ 'ਤੇ 'ਯਾ ਅੱਲ੍ਹਾ' ਲਿਖ ਕੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਹੁਣ ਇਹ ਮੰਦਰ ਹਿੰਦੂਆਂ ਦਾ ਨਹੀਂ ਰਿਹਾ, ਸਗੋਂ ਹੁਣ ਇਹ ਇਸਲਾਮ ਦੀ ਸਰਪ੍ਰਸਤੀ ਹੇਠ ਹੈ। ਸਾਲ 1992 ਦੇ ਸੰਪਰਦਾਇਕ ਦੰਗਿਆਂ ਦੇ ਦੌਰਾਨ ਉਪਰੋਕਤ ਮੰਦਰ ਦੇ ਨਾਲ ਲਗਦੇ ਤਲਾਬ ਨੂੰ ਮਿੱਟੀ ਨਾਲ ਪੂਰ ਕੇ ਉਸ 'ਤੇ ਜਿਨਾਹ ਪਾਰਕ ਬਣਾ ਦਿੱਤਾ ਗਿਆ ਹੈ ਅਤੇ ਮੰਦਰ ਦੇ ਹੀ ਕੁਝ ਹਿੱਸੇ 'ਤੇ ਪਿਛਲੇ ਪਾਸੇ ਇਕ ਮਸਜਿਦ ਬਣਾ ਦਿੱਤੀ ਗਈ। ਦੇਸ਼ ਦੀ ਵੰਡ ਤੋਂ ਪਹਿਲਾਂ ਚੇਚਕ (ਮਾਤਾ ਨਿਕਲਣਾ) ਹੋਣ ਵਾਲੇ ਬੱਚਿਆਂ ਨੂੰ ਮੱਥਾ ਟਿਕਾਉਣ ਲਈ ਲੋਕ ਵੱਡੀ ਗਿਣਤੀ ਵਿਚ ਉਪਰੋਕਤ ਮੰਦਰ ਵਿਚ ਇਕੱਠੇ ਹੁੰਦੇ ਸਨ।
(ਬਾਕੀ ਅਗਲੇ ਮੰਗਲਵਾਰ ਦੇ ਧਰਮ ਤੇ ਵਿਰਸਾ 'ਚ)


ਅੰਮ੍ਰਿਤਸਰ। ਮੋਬਾ: 9356127771, 7837849764

ਜੰਗਨਾਮਾ ਕਾਜ਼ੀ ਨੂਰ ਮੁਹੰਮਦ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਇਸੇ ਨਮੋਸ਼ੀ ਨੂੰ ਧੋਣ ਲਈ ਉਸ ਨੇ 1764 ਵਿਚ ਭਾਰਤ ਉੱਤੇ ਸੱਤਵਾਂ ਹੱਲਾ ਕੀਤਾ। ਇਸੇ ਹੱਲੇ ਵੇਲੇ ਕਾਜ਼ੀ ਨੂਰ ਮੁਹੰਮਦ ਉਸ ਨਾਲ ਪੰਜਾਬ ਆਇਆ। ਗੁੰਜਾਬਾ ਦੇ ਖੈਰ ਮੁਹੰਮਦ ਦੁਆਰਾ ਹੱਥ ਲਿਖਤ ਨੂਰ ਮੁਹੰਮਦ ਦੇ ਜੰਗਨਾਮੇ ਦੀ ਇਕ ਕਾਪੀ ਕੋਟਾ (ਬਲੋਚਿਸਤਾਨ) ਦੇ ਡਿਸਟ੍ਰਿਕਟ ਗਜ਼ਟੀਅਰ ਆਫਿਸ ਵਿਚੋਂ ਪਟਿਆਲਾ ਰਿਆਸਤ ਦੇ ਸਟੇਟ ਰਿਸਟੋਰੀਅਨ ਕਰਮ ਸਿੰਘ ਨੇ ਦੇਖੀ। ਉਸ ਨੇ ਉਸ ਦਾ ਉਤਾਰਾ ਕੀਤਾ। ਪਰਸ਼ੀਅਨ ਵਿਚ ਲਿਖੀ ਉਸ ਲਿਖਤ ਨੂੰ ਪ੍ਰਸਿੱਧ ਸਿੱਖ ਇਤਿਹਾਸਕਾਰ ਡਾ: ਗੰਡਾ ਸਿੰਘ ਨੇ ਸੰਪਾਦਿਤ ਕਰਾ ਕੇ ਅੰਗਰੇਜ਼ੀ ਵਿਚ ਆਪਣੀ ਭੂਮਿਕਾ, ਸਾਰ ਤੇ ਟਿੱਪਣੀਆਂ ਸਮੇਤ 1939 ਵਿਚ ਖਾਲਸਾ ਕਾਲਜ ਅੰਮ੍ਰਿਤਸਰ ਦੇ ਸਿੱਖ ਹਿਸਟਰੀਕਲ ਰਿਸਰਚ ਡਿਪਾਰਟਮੈਂਟ ਵਲੋਂ ਪ੍ਰਕਾਸ਼ਿਤ ਕੀਤਾ। ਸੱਤਵੇਂ ਹੱਲੇ ਸਮੇਂ ਅਬਦਾਲੀ ਨੇ ਕਲਾਤ ਦੇ ਸ਼ਾਸਕ ਮੁਹੰਮਦ ਨਸੀਰ ਖਾਨ ਨੂੰ ਸਿੱਖਾਂ ਵਿਰੁੱਧ ਜਹਾਦ ਵਿਚ ਸ਼ਾਮਿਲ ਹੋਣ ਲਈ ਪ੍ਰੇਰਿਤ ਕੀਤਾ। ਉਹ 12000 ਬਲੋਚ ਸੈਨਿਕ ਲੈ ਕੇ ਲਾਹੌਰ ਤੋਂ 50 ਕਿਲੋਮੀਟਰ ਦੂਰ ਏਮਨਾਬਾਦ ਦੇ ਸਥਾਨ ਉੱਤੇ ਅਬਦਾਲੀ ਦੇ ਲਸ਼ਕਰ ਨਾਲ ਰਲਿਆ। ਕਾਜ਼ੀ ਨੂਰ ਮੁਹੰਮਦ ਸਪੁੱਤਰ ਕਾਜ਼ੀ ਅਬਦੁਲਾ ਕਿਲਾਵਾਰ (ਗੁੰਜਾਬਾ) ਨਾਸਿਰ ਖਾਨ ਨਾਲ ਤੁਰਿਆ। 55 ਬਿਆਨਾਤ ਵਾਲਾ ਇਕ ਜੰਗਨਾਮਾ 1764 ਵਿਚ ਅਬਦਾਲੀ ਤੇ ਨਸੀਰ ਖਾਨ ਦੇ ਲਸ਼ਕਰ ਦੇ ਤੁਰਨ ਤੋਂ ਲੈ ਕੇ ਅਬਦਾਲੀ ਦੀ ਵਾਪਸੀ ਤੱਕ ਦਾ ਅੱਖੀਂ ਡਿੱਠਾ ਹਾਲ ਬਿਆਨ ਕਰਦਾ ਹੈ। ਗੁੰਜਾਬਾ (ਬਲੋਚਿਸਤਾਨ) ਦਾ ਵਾਸੀ ਇਹ ਕਾਜ਼ੀ ਜਹਾਦੀ ਵਜੋਂ ਅਬਦਾਲੀ ਤੇ ਨਾਸੀਰ ਖਾਨ ਦਾ ਸਾਥੀ ਬਣਿਆ। ਨਸੀਰ ਖਾਨ ਨੇ ਕਾਜ਼ੀ ਨੂੰ ਕਿਹਾ ਕਿ ਤੂੰ ਸਾਡੀ ਬਹਾਦਰੀ ਬਾਰੇ ਇਕ ਜੰਗਨਾਮਾ ਲਿਖ ਦੇਵੀਂ। ਦਸ ਮਹੀਨੇ ਬਾਅਦ ਬਚੇ-ਖੁਚੇ ਲਸ਼ਕਰ ਨਾਲ ਕਲਾਤ ਪਰਤੇ ਨਸੀਰ ਖਾਨ ਨੂੰ ਛੇਤੀ ਪਿੱਛੋਂ ਕਾਜ਼ੀ ਨੇ ਇਹ ਜੰਗਨਾਮਾ ਪੇਸ਼ ਕਰ ਦਿੱਤਾ।
ਸਵਾਲ ਹੈ ਕਿ ਅਬਦਾਲੀ ਨੂੰ ਸਿੱਖਾਂ ਨਾਲ ਕੀ ਵੈਰ ਸੀ? 25 ਹਜ਼ਾਰ ਸਿੱਖ ਮਾਰ ਕੇ ਵੀ ਉਸ ਨੂੰ ਸਬਰ ਨਾ ਆਇਆ। ਇਸ ਦਾ ਉੱਤਰ ਇਹ ਹੈ ਕਿ ਅਬਦਾਲੀ ਦੇ ਦਿੱਲੀ ਦੇ ਤਖ਼ਤ ਉੱਤੇ ਬੈਠਣ ਅਤੇ ਹਿੰਦੁਸਤਾਨ ਨੂੰ ਆਪਣੀ ਹਕੂਮਤ ਦਾ ਹਿੱਸਾ ਬਣਾਉਣ ਦੇ ਰਾਹ ਵਿਚ ਸਿੱਖ ਹੀ ਇਕੋ-ਇਕ ਰੁਕਾਵਟ ਸਨ।
(ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)


-ਹਾਊਸ ਨੰ: 2, ਸਟਰੀਟ ਨੰ: 9,
ਗੁਰੂ ਨਾਨਕ ਨਗਰ, ਪਟਿਆਲਾ।

ਦਾਤਾ ਗੰਜਬਖ਼ਸ਼ ਦੇ ਲਕਬ ਨਾਲ ਮਸ਼ਹੂਰ

ਕਸ਼ਫ਼ੁਲ ਮਹਿਜੂਬ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਅਧਿਆਇ ਦੂਜਾ ਫੱਕਰ, ਫਕੀਰੀ ਅਤੇ ਦਰਵੇਸ਼ੀ ਨੂੰ ਸਪੱਸ਼ਟ ਕਰਦਾ ਹੈ। ਫਕੀਰ ਦੀ ਪਰਿਭਾਸ਼ਾ ਅਲੀ ਹੁਜਵੀਰੀ ਨੇ ਇਸ ਤਰ੍ਹਾਂ ਕੀਤੀ ਹੈ, 'ਦਰਵੇਸ਼ ਉਸ ਉੱਚ ਹਸਤੀ ਦਾ ਮਾਲਕ ਹੈ ਕਿ ਪਰਮਾਤਮਾ ਵੀ ਉਸ ਦਾ ਨੇੜ ਚਾਹੁੰਦਾ ਹੈ। ਸੰਸਾਰ ਵਿਚ ਕੇਵਲ ਦਰਵੇਸ਼ ਹੀ ਨਿਮਰਤਾ ਦੇ ਦਰਜੇ ਨੂੰ ਪ੍ਰਾਪਤ ਕਰਦਾ ਹੈ, ਮਤਲਬ ਜਦ ਕਿ ਸਾਰੀ ਦੁਨੀਆ ਹੰਕਾਰ ਵਿਚ ਫਸੀ ਹੋਈ ਹੈ, ਕੇਵਲ ਫਕੀਰ ਹੀ ਹਉੂਮੈ ਤੋਂ ਖਾਲੀ ਹੈ। ਅਧਿਆਇ ਤੀਜਾ ਤਸਵੁੱਫ਼ ਦੀ ਸਿਫ਼ਤ ਬਿਆਨ ਕਰਦਾ ਹੈ। ਕਸ਼ਫ਼ੁਲ ਮਹਿਜੂਬ ਪੁਸਤਕ ਦੀ ਇਕ ਅੰਤਿਕਾ ਵੀ ਤਸਵੁੱਫ਼ ਬਾਰੇ ਹੈ। ਇਨ੍ਹਾਂ ਦੋਵਾਂ ਵਿਚ ਸੂਫ਼ੀ ਦੀ ਪਰਿਭਾਸ਼ਾ ਉਸ ਦੇ ਗੁਣ/ਲੱਛਣ ਅਤੇ ਵਿਸ਼ੇਸ਼ਤਾਈਆਂ ਬਿਆਨ ਕੀਤੀਆਂ ਗਈਆਂ ਹਨ। ਤਸਵੁੱਫ਼ ਦੀ ਪਰਿਭਾਸ਼ਾ ਇਹ ਹੈ, ਤਸਵੁੱਫ਼ ਉਸ ਸਿਫਤ ਦਾ ਨਾਂਅ ਹੈ, ਜਿਸ ਵਿਚ ਇਨਸਾਨ ਸਰੀਰਕ ਸੁੱਖਾਂ ਦਾ ਤਿਆਗ ਕਰ ਕੇ ਅੱਲਾ ਦੀ ਜਾਤ ਵਿਚ ਫਨਾਹ ਹੋ ਜਾਂਦਾ ਹੈ... ਤਸਵੁੱਫ਼ ਇਕ ਐਸਾ ਦੈਵੀ ਗੁਣ ਹੈ ਜੋ ਇਨਸਾਨ ਨੂੰ ਦੁਨੀਆ ਦੇ ਜੰਜਾਲਾਂ ਅਤੇ ਇਸ ਦੀਆਂ ਸੁੱਖ ਦੀਆਂ ਕੈਦਾਂ ਤੋਂ ਮੁਕਤ ਕਰਵਾ ਦਿੰਦਾ ਹੈ। ਤਸਵੁੱਫ਼ ਪਿਆਰ ਦਾ ਸੋਮਾ ਹੈ, ਜੋ ਰੱਬੀ ਮੰਜ਼ਿਲ ਦੀ ਪ੍ਰਾਪਤੀ ਲਈ ਇਕ ਚਾਨਣ ਮੁਨਾਰਾ ਸਾਬਤ ਹੁੰਦਾ ਹੈ। ਤਸਵੁੱਫ਼ ਪਿਆਰ ਹੀ ਪਿਆਰ ਹੈ, ਜਿਸ ਦੀ ਬੁੱਕਲ ਜਾਂ ਲਪੇਟ ਵਿਚ ਸਾਰਾ ਸੰਸਾਰ ਆ ਜਾਂਦਾ ਹੈ। ਜਾਤ-ਪਾਤ, ਊਚ-ਨੀਚ, ਛੂਤ-ਛਾਤ ਅਤੇ ਅਮੀਰ-ਗਰੀਬ ਦੇ ਵਿਤਕਰੇ ਮਿਟ ਜਾਂਦੇ ਹਨ ਤੇ ਕੇਵਲ ਇਕ ਹੀ ਮਜ਼੍ਹਬ ਬਾਕੀ ਰਹਿ ਜਾਂਦਾ ਹੈ ਤੇ ਉਹ ਹੈ ਇਨਸਾਨੀਅਤ, ਸੂਫ਼ੀ ਇਨਸਾਨੀਅਤ ਦਾ ਪੁਜਾਰੀ ਹੈ।'
ਜਿਸ ਚੋਗੇ ਨੂੰ ਸੂਫ਼ੀ ਪਹਿਨਦੇ ਹਨ, ਉਸ ਨੂੰ ਗੋਦੜੀ ਕਿਹਾ ਜਾਂਦਾ ਹੈ। ਅਧਿਆਇ ਚੌਥਾ ਗੋਦੜੀ ਦੀਆਂ ਸਿਫਤਾਂ ਜਾਂ ਵਿਸ਼ੇਸ਼ਤਾਈਆਂ ਬਿਆਨ ਕਰਦਾ ਹੈ। ਅਸੀਂ ਆਮ ਕਰਕੇ ਵੇਖਦੇ ਹਾਂ ਕਿ ਇਨ੍ਹਾਂ ਚੋਗਿਆਂ ਨੂੰ ਟਾਕੀਆਂ ਲੱਗੀਆਂ ਹੁੰਦੀਆਂ ਹਨ। ਟਾਕੀਆਂ ਲੱਗਾ ਚੋਗਾ ਸੰਜਮੀ, ਸਾਦਾ ਅਤੇ ਸੰਤੋਖੀ ਹੋਣ ਦੀ ਨਿਸ਼ਾਨੀ ਹੈ। ਹਜ਼ਰਤ ਮੁਹੰਮਦ ਸਾਹਿਬ ਆਪ ਸਾਦਾ ਕੱਪੜੇ ਪਹਿਨਦੇ ਸਨ। ਉਨ੍ਹਾਂ ਦੇ ਹਵਾਲੇ ਨਾਲ ਬੀਬੀ ਆਇਸ਼ਾ ਨੂੰ ਇਹ ਨਸੀਹਤ ਕੀਤੀ ਗਈ ਹੈ ਕਿ 'ਹੇ ਆਇਸ਼ਾ ਕਪੜੇ ਨੂੰ ਜ਼ਾਇਆ ਨ ਕਰੋ। ਪੈਵੰਦ (ਟਾਕੀਆਂ) ਲਾ ਕੇ ਪਹਿਨੋ। ਹਜ਼ਰਤ ਉਮਰ ਦੇ ਚੋਗੇ ਨੂੰ ਤੀਹ ਟਾਕੀਆਂ ਲੱਗੀਆਂ ਹੁੰਦੀਆਂ ਸਨ। ਅਧਿਆਇ ਛੇਵੇਂ ਤੋਂ ਲੈ ਕੇ ਯਾਰਵੇਂ ਤੱਕ ਸੂਫ਼ੀ ਮੱਤ ਦੇ ਇਤਿਹਾਸ ਅਤੇ ਵਿਕਾਸ ਬਾਰੇ, ਖਾਸ ਕਰਕੇ ਅਰਬ ਮੁਲਕਾਂ ਵਿਚ, ਵੇਰਵਾ ਹੈ। ਇਤਿਹਾਸ ਦੀ ਦ੍ਰਿਸ਼ਟੀ ਤੋਂ ਇਹ ਬਹੁਤ ਮੁੱਲਵਾਨ ਹੈ, ਕਿਉਂਕਿ ਇਸ ਵਿਚ ਨਾਵਾਂ-ਥਾਵਾਂ ਉਪਰ ਵਿਸ਼ੇਸ਼ ਤਵੱਜੋ ਦਿੱਤੀ ਗਈ ਹੈ। ਬਾਰ੍ਹਵਾਂ ਅਧਿਆਇ ਸੂਫ਼ੀ ਫਿਰਕਿਆਂ ਜਾਂ ਸਿਲਸਿਲਿਆਂ ਨੂੰ ਸਮਰਪਿਤ ਹੈ, ਜਿਸ ਵਿਚ ਤੈਫੂਰੀਆ, ਜੁਨੈਦੀ, ਨੂਰੀ, ਹਕੀਮੀਆ, ਸਯਾਰੀਆ, ਹਲੂਲੀਆ ਆਦਿ ਬਾਰੇ ਚਾਨਣਾ ਪਾਇਆ ਗਿਆ ਹੈ। ਸੂਫ਼ੀਆਂ ਬਾਰੇ ਲਿਖੇ ਗਏ ਇਸ ਗ੍ਰੰਥ ਵਿਚ ਇਨ੍ਹਾਂ ਦੀਆਂ ਮਾਨਤਾਵਾਂ ਬਾਰੇ ਵੀ ਚਰਚਾ ਹੈ, ਬੇਸ਼ੱਕ ਜ਼ਕਾਤ ਅਤੇ ਸਖਾਵਤ, ਰੋਜ਼ੇ, ਹੱਜ, ਤੌਬਾ ਆਦਿ ਮਰਯਾਦਿਤ ਇਸਲਾਮ ਬਾਰੇ ਵੀ ਕਾਫੀ ਕੁਝ ਹੈ। ਅਖੀਰਲੇ ਦਸ ਕਾਂਡਾਂ ਵਿਚ ਸਮਾਅ (ਸੰਗੀਤ), ਇਸ ਦੇ ਫਲਸਰੂਪ ਪੈਦਾ ਹੋਏ ਵਜਦ ਦੀ ਕੈਫੀਅਤ, ਰਕਸ (ਨਾਚ) ਆਦਿ ਦਾ ਉਚੇਚਾ ਬਿਆਨ ਹੈ। ਇਸਲਾਮ ਵਿਚ ਵੀ ਦੀਨ ਅਤੇ ਦੁਨੀਆ ਦਾ ਸੁਮੇਲ ਹੈ, ਇਸ ਲਈ ਇਸ ਦੀਆਂ ਧਾਰਮਿਕ ਸਿਧਾਂਤਕ ਗੱਲਾਂ ਤੋਂ ਇਲਾਵਾ ਸੰਸਾਰੀ ਗੱਲਾਂ ਉੱਪਰ ਵੀ ਧਿਆਨ ਕੇਂਦਰਿਤ ਕੀਤਾ ਗਿਆ ਹੈ, ਜਿਵੇਂ ਮੁਸ਼ਾਹਦਾ (ਸੂਫ਼ੀਆਂ ਦੀ ਪਰਿਭਾਸ਼ਾ ਵਿਚ ਨੂਰਿ ਇਲਾਹੀ ਵੇਖਣਾ), ਸੁਹਬਤ (ਸੰਗ ਸਾਥ, ਸੰਗਤ), ਗੱਲਬਾਤ ਕਰਨ ਦਾ ਸਲੀਕਾ, ਨਿਕਾਹ (ਵਿਆਹ) ਤੇ ਤਨਹਾ (ਇਕੱਲਿਆਂ) ਰਹਿਣ ਦੇ ਅਦਬ ਆਦਾਬ, ਪ੍ਰਾਹੁਣਾਚਾਰੀ ਅਤੇ ਆਮ ਸ਼੍ਰਿਸ਼ਟਾਚਾਰ ਦੇ ਤੌਰ-ਤਰੀਕਿਆਂ ਬਾਰੇ ਵੀ ਰੌਸ਼ਨੀ ਪਾਈ ਗਈ ਹੈ।
ਆਪਣੀ ਗੱਲ ਨੂੰ ਵਧੇਰੇ ਪ੍ਰਮਾਣਿਕ ਅਤੇ ਭਰੋਸੇਯੋਗ ਬਣਾਉਣ ਲਈ ਅਲੀ ਹੁਜਵੀਰੀ ਆਪਣੇ ਤੋਂ ਪਹਿਲਾਂ ਦੇ ਦੀਨੀ ਬਜ਼ੁਰਗਾਂ ਅਤੇ ਆਲਮਾਂ ਦੇ ਹਵਾਲੇ ਵੀ ਦਿੰਦਾ ਹੈ। ਪ੍ਰਤੀਤ ਹੁੰਦਾ ਹੈ ਕਿ ਲੇਖਕ ਕੋਲ ਇਨ੍ਹਾਂ ਵਿਸ਼ਿਆਂ ਉੱਪਰ ਕਹਿਣ ਨੂੰ ਹੋਰ ਕਾਫੀ ਕੁਝ ਹੈ, ਪਰ ਵਿਸਥਾਰ ਦੇ ਡਰ ਤੋਂ ਸੰਕੋਚਵੀਂ ਗੱਲ ਹੀ ਕਰਦਾ ਹੈ। ਅਜਿਹੀ ਸੂਚਨਾ ਤਕਰੀਬਨ ਹਰ ਅਧਿਆਇ ਦੇ ਆਖਰ ਵਿਚ ਹੈ। ਕਸ਼ਫੁਲ ਮਹਿਜੂਬ ਦਾ ਡਾ: ਕਾਲਾ ਸਿੰਘ ਬੇਦੀ ਨੇ ਮਾਰਚ, 1983 ਵਿਚ ਅਨੁਵਾਦ ਪੂਰਾ ਕੀਤਾ ਅਤੇ ਇਹ ਪੁਸਤਕ ਪਹਿਲੀ ਵਾਰ 1989 ਵਿਚ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਲੋਂ ਪ੍ਰਕਾਸ਼ਿਤ ਕੀਤੀ ਗਈ ਸੀ। ਸੂਫ਼ੀ ਵਿਚਾਰਧਾਰਾ, ਇਨ੍ਹਾਂ ਦਾ ਤਰਜ਼ਿ ਜ਼ਿੰਦਗੀ ਅਤੇ ਸੂਫ਼ੀ ਦੇ ਫਿਰਕਿਆਂ ਆਦਿ ਬਾਰੇ ਇਹ ਸਿਧਾਂਤ ਪ੍ਰਧਾਨ ਸਰੋਤ ਗ੍ਰੰਥ ਹੈ। ਤਕਰੀਬਨ 30 ਸਾਲ ਹੋ ਚੱਲੇ ਹਨ ਇਸ ਅਨੁਵਾਦ ਨੂੰ ਪ੍ਰਕਾਸ਼ਿਤ ਹੋਇਆਂ, ਪਰ ਪੰਜਾਬੀ ਸੂਫ਼ੀ ਕਾਵਿ ਸਬੰਧੀ ਹੋਈ ਖੋਜ ਜਾਂ ਆਲੋਚਨਾ ਵਿਚ ਇਸ ਦੀ ਵਰਤੋਂ ਬੜੀ ਘੱਟ ਹੋਈ ਹੈ। ਲੋੜ ਹੈ ਅਜਿਹੇ ਗ੍ਰੰਥਾਂ ਦੀ ਰੌਸ਼ਨੀ ਵਿਚ ਇਹ ਕੰਮ ਕੀਤਾ ਜਾਵੇ, ਨਵੇਂ ਖੋਜਕਾਰਾਂ ਕੋਲੋਂ ਇਹੋ ਹੀ ਆਸ ਕੀਤੀ ਜਾਂਦੀ ਹੈ।


-ਮੋਬਾ: 98889-39808

ਸ਼ਬਦ ਵਿਚਾਰ

ਸੰਤ ਜਨਹੁ ਮਿਲਿ ਭਾਈਹੋ ਸਚਾ ਨਾਮੁ ਸਮਾਲਿ॥

ਸਿਰੀਰਾਗੁ ਮਹਲਾ ੫
ਸੰਤ ਜਨਹੁ ਮਿਲਿ ਭਾਈਹੋ
ਸਚਾ ਨਾਮੁ ਸਮਾਲਿ॥
ਤੋਸਾ ਬੰਧਹੁ ਜੀਅ ਕਾ
ਐਥੈ ਓਥੈ ਨਾਲਿ॥
ਗੁਰ ਪੂਰੇ ਤੇ ਪਾਈਐ
ਅਪਣੀ ਨਦਰਿ ਨਿਹਾਲਿ॥
ਕਰਮਿ ਪਰਾਪਤਿ ਤਿਸੁ ਹੋਵੈ
ਜਿਸ ਨੋ ਹੋਇ ਦਇਆਲੁ॥ ੧॥
ਮੇਰੇ ਮਨ ਗੁਰ ਜੇਵਡੁ
ਅਵਰੁ ਨ ਕੋਇ॥
ਦੂਜਾ ਥਾਉ ਨ ਕੋ ਸੁਝੈ
ਗੁਰ ਮੇਲੇ ਸਚੁ ਸੋਇ॥ ੧॥ ਰਹਾਉ॥
ਸਗਲ ਪਦਾਰਥ ਤਿਸੁ ਮਿਲੇ
ਜਿਨਿ ਗੁਰੁ ਡਿਠਾ ਜਾਇ॥
ਗੁਰ ਚਰਣੀ ਜਿਨ ਮਨੁ ਲਗਾ
ਸੇ ਵਡਭਾਗੀ ਮਾਇ॥
ਗੁਰੁ ਦਾਤਾ ਸਮਰਥੁ ਗੁਰੁ
ਗੁਰੁ ਸਭ ਮਹਿ ਰਹਿਆ ਸਮਾਇ॥
ਗੁਰੁ ਪਰਮੇਸਰੁ ਪਾਰਬ੍ਰਹਮੁ
ਗੁਰੁ ਡੁਬਦਾ ਲਏ ਤਰਾਇ॥ ੨॥
ਕਿਤੁ ਮੁਖਿ ਗੁਰੁ ਸਾਲਾਹੀਐ
ਕਰਣ ਕਾਰਣ ਸਮਰਥੁ॥
ਸੇ ਮਥੇ ਨਿਹਚਲ ਰਹੇ
ਜਿਨ ਗੁਰਿ ਧਾਰਿਆ ਹਥੁ॥
ਗੁਰਿ ਅੰਮ੍ਰਿਤ ਨਾਮੁ ਪੀਆਲਿਆ
ਜਨਮ ਮਰਨ ਕਾ ਪਥੁ॥
ਗੁਰੁ ਪਰਮੇਸਰੁ ਸੇਵਿਆ
ਭੈ ਭੰਜਨੁ ਦੁਖ ਲਥੁ॥ ੩॥
ਸਤਿਗੁਰੁ ਗਹਿਰ ਗਭੀਰੁ ਹੈ
ਸੁਖ ਸਾਗਰੁ ਅਘਖੰਡੁ॥
ਜਿਨਿ ਗੁਰੁ ਸੇਵਿਆ ਆਪਣਾ
ਜਮਦੂਤ ਨ ਲਾਗੈ ਡੰਡੁ॥
ਗੁਰ ਨਾਲਿ ਤੁਲਿ ਨ ਲਗਈ
ਖੋਜਿ ਡਿਠਾ ਬ੍ਰਹਮੰਡੁ॥
ਨਾਮੁ ਨਿਧਾਨੁ ਸਤਿਗੁਰਿ ਦੀਆ
ਸੁਖੁ ਨਾਨਕ ਮਨ ਮਹਿ ਮੰਡੁ॥ ੪॥ ੨੦॥ ੧੦॥
(ਅੰਗ 49-50)
ਪਦ ਅਰਥ : ਸਮਾਲਿ-ਸੰਭਾਲ ਕੇ, ਟਿਕਾਅ ਕੇ। ਤੋਸਾ-ਤੋਸ਼ਾ, ਜੀਵਨ ਪੰਧ ਵਿਚ ਕੰਮ ਆਉਣ ਵਾਲਾ ਧਨ ਪਦਾਰਥ। ਬੰਧਹੁ-ਇਕੱਠਾ ਕਰੋ। ਐਥੈ ਓਥੈ-ਲੋਕ ਪਰਲੋਕ ਵਿਚ। ਨਦਰਿ ਨਿਹਾਲਿ-ਮਿਹਰ ਦੀ ਨਜ਼ਰ ਨਾਲ ਦੇਖਦਾ ਹੈ। ਕਰਮਿ-ਬਖਸ਼ਿਸ਼, ਮਿਹਰ। ਜਿਸ ਨੋ ਹੋਇ ਦਇਆਲੁ-ਜਿਸ 'ਤੇ ਪ੍ਰਭੂ ਦਿਆਲ ਹੁੰਦਾ ਹੈ।
ਅਵਰੁ-ਹੋਰ ਕੋਈ। ਸਚੁ ਸੋਇ-ਉਹ ਸਦਾ ਥਿਰ ਰਹਿਣ ਵਾਲਾ ਪਰਮਾਤਮਾ। ਸਗਲ-ਸਾਰੇ। ਡਿਠਾ ਜਾਇ-ਜਾ ਕੇ ਦਰਸ਼ਨ ਕੀਤੇ ਹਨ। ਗੁਰੁ ਦਾਤਾ-ਗੁਰੂ ਨਾਮ ਦਾ ਦਾਤਾ। ਸਮਰਥੁ ਗੁਰੁ-ਗੁਰੂ ਸਭਨੀਂ ਗੱਲੀਂ ਸਮਰੱਥ ਹੈ, ਸਭ ਤਾਕਤਾਂ ਦਾ ਮਾਲਕ ਹੈ। ਗੁਰੁ ਪਰਮੇਸਰੁ ਪਾਰਬ੍ਰਹਮੁ-ਗੁਰੂ ਪਰਮੇਸਰ ਹੈ, ਗੁਰੂ ਪਾਰਬ੍ਰਹਮ ਹੈ। ਡੁਬਦਾ ਲਏ ਤਰਾਇ-ਡੁੱਬਦਿਆਂ ਨੂੰ ਤਾਰਨ ਵਾਲਾ ਹੈ।
ਕਿਤੁ ਮੁਖਿ-ਕਿਸ ਮੂੰਹ ਨਾਲ। ਗੁਰੁ ਸਾਲਾਹੀਐ-ਗੁਰੂ ਦੀ ਸਿਫ਼ਤ ਸਾਲਾਹ ਕਰੀਏ। ਕਰਣ ਕਾਰਣ ਸਮਰਥੁ-ਸਭ ਕੁਝ ਕਰਨ ਦੇ ਸਮਰੱਥ ਹੈ। ਨਿਹਚਲ-ਟਿਕੇ ਰਹਿੰਦੇ ਹਨ। ਧਾਰਿਆ ਹਥੁ-(ਮਿਹਰ ਦਾ) ਹੱਥ ਧਰ ਦਿੱਤਾ। ਪੀਆਲਿਆ-ਪਿਲਾ ਦਿੱਤਾ। ਪਥੁ-ਜੋ ਰੋਗੀ ਲਈ ਗੁਣਕਾਰੀ ਹੋਵੇ, ਜੋ ਰੋਗ ਖੰਡਣ ਵਿਚ ਲਾਭਦਾਇਕ ਹੋਵੇ। ਭੈ ਭੰਜਨੁ-ਭੈ (ਡਰ) ਨੂੰ ਦੂਰ ਕਰਨ ਵਾਲਾ। ਦੁਖ ਲਥੁ-ਦੁੱਖ ਦੂਰ ਹੋ ਗਏ।
ਗਹਿਰ-ਗਹਿਰਾ, ਡੂੰਘਾ। ਗਭੀਰੁ-ਬਹੁਤ ਡੂੰਘਾ, ਅਥਾਹ। ਸੁਖ ਸਾਗਰੁ-ਸੁੱਖਾਂ ਦਾ ਸਾਗਰ (ਸਮੁੰਦਰ)। ਅਘਖੰਡੁ-ਪਾਪਾਂ ਦੇ ਨਾਸ ਕਰਨ ਵਾਲਾ। ਡੰਡੁ-ਡੰਡਾ। ਗੁਰ ਨਾਲਿ ਤੁਲਿ ਨ ਲਗਈ-ਗੁਰੂ ਦੀ ਬਰਾਬਰੀ ਕਰਨ ਵਾਲਾ ਕੋਈ ਨਹੀਂ ਦਿਸਦਾ। ਖੋਜਿ ਡਿਠਾ ਬ੍ਰਹਮੰਡੁ-ਸਾਰਾ ਸੰਸਾਰ ਫਿਰ ਕੇ ਦੇਖ ਲਿਆ ਹੈ। ਨਿਧਾਨੁ-ਖਜ਼ਾਨਾ। ਮਨ ਮਹਿ-ਮਨ ਵਿਚ। ਮੰਡੁ-ਮਾਣ ਲਿਆ ਹੈ।
ਰਾਗੁ ਆਸਾ ਵਿਚ ਤੀਜੇ ਗੁਰਦੇਵ ਦੇ ਪਾਵਨ ਬਚਨ ਹਨ ਕਿ ਜਿਹੜਾ ਜਗਿਆਸੂ ਗੁਰੂ ਦੀ ਸੇਵਾ ਕਰਦਾ ਹੈ, ਉਹ ਸਦਾ ਆਤਮਿਕ ਸੁੱਖ ਪਾਉਂਦਾ ਹੈ। ਅਜਿਹੇ ਪ੍ਰਾਣੀ ਫਿਰ ਸੰਤ ਸੰਗਤਿ ਵਿਚ ਮਿਲ ਬੈਠ ਕੇ ਪਰਮਾਤਮਾ ਦੇ ਗੁਣਾਂ ਨੂੰ ਗਾਉਂਦਾ ਰਹਿੰਦਾ ਹੈ-
ਗੁਰ ਕੀ ਸੇਵਾ ਸਦਾ ਸੁਖੁ ਪਾਏ॥
ਸੰਤਸੰਗਤਿ ਮਿਲਿ ਹਰਿ ਗੁਣ ਗਾਏ॥ (ਅੰਗ 362)
ਗੁਰੂ ਦੇ ਦਰਸਾਏ ਮਾਰਗ 'ਤੇ ਚੱਲਣ ਤੋਂ ਬਿਨਾਂ ਪਰਮਾਤਮਾ ਦੇ ਗੁਣਾਂ ਦੀ ਸੋਝੀ ਨਹੀਂ ਪੈਂਦੀ ਅਰਥਾਤ ਪਰਮਾਤਮਾ ਨਾਲ ਪਿਆਰ ਜਾਂ ਸਾਂਝ ਨਹੀਂ ਬਣਦੀ। ਜਦੋਂ ਤਾਈਂ ਪਰਮਾਤਮਾ ਨਾਲ ਸਾਂਝ ਪਾਉਣੀ ਅਸੀਂ ਆਪਣਾ ਕਰਤੱਵ ਨਹੀਂ ਸਮਝਦੇ, ਉਦੋਂ ਤਾਈਂ ਉਸ ਵਿਚ ਸੁਰਤ ਨਹੀਂ ਜੁੜਦੀ ਭਾਵ ਪ੍ਰਭੂ ਦੇ ਨਾਮ ਨੂੰ ਸਿਮਰਨ ਦੀ ਲਗਨ ਨਹੀਂ ਲਗਦੀ। ਸਦਾ ਥਿਰ ਪ੍ਰਭੂ ਦੇ ਨਾਮ ਸਿਮਰਨ ਤੋਂ ਬਿਨਾਂ ਅੰਤ ਵੇਲੇ ਕਿਸੇ ਨੇ ਹਾਮੀ ਨਹੀਂ ਭਰਨੀ, ਕਿਸੇ ਹੋਰ ਨੇ ਸਹਾਈ ਨਹੀਂ ਹੋਣਾ। ਪਹਿਲਾਂ ਕੀਤੀ ਹੋਈ ਕਮਾਈ ਅਰਥਾਤ ਆਤਮਿਕ ਜੀਵਨ ਦਾ ਇਕੱਠਾ ਕੀਤਾ ਹੋਇਆ ਸਰਮਾਇਆ, ਜਿਸ ਨਾਲ ਮਨੁੱਖਾ ਜਨਮ ਦੀ ਪ੍ਰਾਪਤੀ ਹੋਈ ਸੀ, ਉਹ ਵੀ ਹੇ ਪ੍ਰਾਣੀ, ਤੇਰੇ ਪਾਸ ਨਹੀਂ ਰਹਿਣਾ। ਸਲੋਕ ਵਾਰਾਂ ਤੇ ਵਧੀਕ ਮਹਲਾ ੧ ਵਿਚ ਜਗਤ ਗੁਰੂ ਬਾਬਾ ਦੇ ਪਾਵਨ ਬਚਨ ਹਨ-
ਗੁਰ ਬਿਨੁ ਗਿਆਨੁ ਧਰਮ ਬਿਨੁ ਧਿਆਨੁ॥
ਸਚ ਬਿਨੁ ਸਾਖੀ ਮੂਲੋ ਨ ਬਾਕੀ॥ ੨੩॥
(ਅੰਗ 1412)
ਗਿਆਨੁ-ਆਤਮਿਕ ਜੀਵਨ ਦੀ ਸੋਝੀ। ਧਰਮ-ਕਰਤੱਵ, ਫਰਜ਼। ਧਿਆਨੁ-ਸੁਰਤ। ਸਾਖੀ-ਸਿੱਖਿਆ, ਗਵਾਹੀ, ਹਾਮੀ। ਮੂਲੋ-ਮੂਲ ਵੀ, ਆਤਮਿਕ ਜੀਵਨ ਦਾ ਸਰਮਾਇਆ।
'ਸਵਈਏ ਮਹਲਾ ਚਉਥੇ ਕੇ' ਵਿਚ ਭੱਟ ਨਲ੍ਹ ਜੀ ਦਾ ਕਥਨ ਹੈ ਕਿ ਜਿਸ ਦੇ ਸਿਰ 'ਤੇ ਗੁਰੂ ਦਾ ਹੱਥ ਹੋਵੇ, ਗੁਰੂ ਦੀ ਕਿਰਪਾ ਸਦਕਾ ਉਸ ਜੀਵ ਦੇ ਹਿਰਦੇ ਵਿਚ ਸ਼ਬਦ ਪ੍ਰਗਟ ਹੋ ਜਾਂਦਾ ਹੈ ਅਤੇ ਉਸ ਦੀ ਸੁਰਤ ਸਦਾ ਥਿਰ ਪ੍ਰਭੂ ਦੇ ਘਰ ਵਿਚ ਟਿਕ ਜਾਂਦੀ ਹੈ-
ਜਾਮਿ ਗੁਰੂ ਹੋਇ ਵਲਿ
ਸਬਦੁ ਸਾਖੀ ਸੁ ਸਚਹ ਘਰਿ॥ (ਅੰਗ 1399)
ਸਾਖੀ-ਪ੍ਰਗਟ ਹੋ ਜਾਂਦਾ ਹੈ। ਸਚਹ ਘਰਿ-ਸਦਾ ਥਿਰ ਰਹਿਣ ਵਾਲੇ ਪ੍ਰਭੂ ਦੇ ਘਰ ਵਿਚ।
ਸ਼ਬਦ ਦੇ ਅੱਖਰੀਂ ਅਰਥ : ਹੇ ਮੇਰੇ ਭਾਈਓ, ਸੰਤ ਜਨਾਂ ਨੂੰ ਮਿਲ ਕੇ ਭਾਵ ਸੰਤ ਸੰਗਤ ਵਿਚ ਮਿਲ ਬੈਠ ਕੇ ਸਦਾ ਥਿਰ ਰਹਿਣ ਵਾਲੇ ਪ੍ਰਭੂ ਦੇ ਨਾਮ ਨੂੰ ਸੰਭਾਲ ਕੇ ਰੱਖੋ ਭਾਵ ਉਸ ਦੇ ਨਾਮ ਦਾ ਸਿਮਰਨ ਕਰੋ। ਇਸ ਨਾਮ ਧਨ ਨੂੰ ਇਕੱਠਾ ਕਰੋ, ਜੋ ਲੋਕ ਪਰਲੋਕ ਵਿਚ ਨਾਲ ਨਿਭਦਾ ਹੈ। ਜਦੋਂ ਪਰਮਾਤਮਾ ਦੀ ਨਜ਼ਰ ਸਵੱਲੀ ਹੁੰਦੀ ਹੈ ਤਾਂ ਇਹ ਨਾਮ ਧਨ ਗੁਰ ਪਾਸੋਂ ਮਿਲਦਾ ਹੈ। ਜਿਸ 'ਤੇ ਪ੍ਰਭੂ ਦਇਆਵਾਨ ਹੁੰਦਾ ਹੈ, ਉਸ ਨੂੰ ਬਖਸ਼ਿਸ਼ ਵਜੋਂ ਇਹ (ਨਾਮ ਧਨ) ਪ੍ਰਾਪਤ ਹੁੰਦਾ ਹੈ-
ਹੇ ਮੇਰੇ ਮਨ, (ਜਗਤ ਵਿਚ) ਗੁਰੂ ਤੋਂ ਵੱਡਾ ਹੋਰ ਕੋਈ ਨਹੀਂ ਅਤੇ ਨਾ ਹੀ ਉਸ ਤੋਂ ਬਿਨਾਂ ਹੋਰ ਕੋਈ ਦੂਜਾ ਟਿਕਾਣਾ ਸੁੱਝਦਾ ਹੈ। ਸਦਾ ਥਿਰ ਰਹਿਣ ਵਾਲਾ ਪ੍ਰਭੂ ਆਪ ਹੀ ਗੁਰੂ ਨਾਲ ਮੇਲ ਕਰਵਾਉਂਦਾ ਹੈ। ਜਿਸ ਨੇ ਵੀ ਜਾ ਕੇ ਗੁਰੂ ਦੇ ਦਰਸ਼ਨ ਕੀਤੇ ਹਨ, ਉਸ ਨੂੰ ਸਾਰੇ ਪਦਾਰਥ ਪ੍ਰਾਪਤ ਹੋ ਜਾਂਦੇ ਹਨ, ਜਿਨ੍ਹਾਂ ਦਾ ਗੁਰੂ ਦੇ ਚਰਨਾਂ ਵਿਚ ਮਨ ਜੁੜਦਾ ਹੈ। ਹੇ ਮੇਰੀ ਮਾਂ, ਉਹ ਵੱਡੇ ਭਾਗਾਂ ਵਾਲੇ ਹਨ। ਗੁਰੂ ਨਾਮ ਦੀ ਦਾਤ ਦੇਣ ਵਾਲਾ ਹੈ ਅਤੇ ਸਭਨੀਂ ਗੱਲੀਂ ਸਮਰੱਥ ਹੈ ਭਾਵ ਸਰਬ ਸਮਰੱਥ ਹੈ ਜੋ ਸਭਨਾਂ ਅੰਦਰ ਸਮਾਅ ਰਿਹਾ ਹੈ। ਗੁਰੂ ਪਾਰਬ੍ਰਹਮ ਪਰਮੇਸਰ ਦਾ ਹੀ (ਰੂਪ) ਹੈ ਜੋ ਡੁੱਬਦਿਆਂ ਨੂੰ ਤਾਰਨ ਵਾਲਾ ਹੈ।
ਕਿਸ ਮੂੰਹ ਨਾਲ ਗੁਰੂ ਦੀ ਸਿਫ਼ਤ ਸਾਲਾਹ ਕਰੀਏ, ਜੋ ਸਭ ਕੁਝ ਕਰਨ ਦੇ ਸਮਰੱਥ ਹੈ। ਉਹ ਮੱਥੇ (ਸੀਸ) ਸਦਾ ਗੁਰੂ ਚਰਨਾਂ ਵਿਚ ਟਿਕੇ ਰਹਿੰਦੇ ਹਨ, ਜਿਨ੍ਹਾਂ 'ਤੇ ਗੁਰੂ ਆਪਣੀ (ਮਿਹਰ ਦਾ) ਹੱਥ ਧਰ ਦਿੰਦਾ ਹੈ। ਉਨ੍ਹਾਂ ਨੂੰ ਗੁਰੂ ਨੇ ਨਾਮ ਅੰਮ੍ਰਿਤ ਰੂਪੀ ਜਲ (ਦਾਰੂ) ਪਿਲਾਅ ਦਿੱਤਾ ਹੈ, ਜੋ ਫਿਰ ਜਨਮ-ਮਰਨ ਦੇ ਗੇੜ ਤੋਂ ਬਚੇ ਰਹਿੰਦੇ ਹਨ। ਜਿਨ੍ਹਾਂ-ਜਿਨ੍ਹਾਂ ਨੇ ਗੁਰੂ ਪਰਮੇਸਰ ਨੂੰ ਸੇਵਿਆ ਹੈ, ਉਨ੍ਹਾਂ ਦੇ ਡਰਾਂ ਦਾ ਨਾਸ ਹੋ ਗਿਆ ਹੈ ਅਤੇ ਉਨ੍ਹਾਂ ਦੇ ਦੁੱਖ ਦੂਰ ਹੋ ਗਏ ਹਨ।
ਸਤਿਗੁਰੂ ਸੁੱਖਾਂ ਦਾ ਸਾਗਰ (ਸਮੁੰਦਰ) ਹੈ ਅਤੇ ਪਾਪਾਂ ਦਾ ਨਾਸ ਕਰਨ ਵਾਲਾ ਹੈ। ਜਿਸ ਨੇ ਆਪਣੇ ਗੁਰੂ ਨੂੰ ਸੇਵਿਆ ਹੈ, ਉਸ 'ਤੇ ਜਮ ਦਾ ਡੰਡਾ ਨਹੀਂ ਵੱਜਦਾ। ਅਸੀਂ ਸਾਰਾ ਸੰਸਾਰ ਭਾਲ ਕੇ (ਖੋਜ ਕੇ) ਦੇਖ ਲਿਆ ਹੈ, ਗੁਰੂ ਸਮਾਨ ਅਰਥਾਤ ਬਰਾਬਰ ਦਾ ਕੋਈ ਵੀ ਨਹੀਂ। ਜਿਸ ਨੂੰ ਸਤਿਗੁਰ ਨੇ ਨਾਮ ਰੂਪੀ ਖਜ਼ਾਨਾ ਦਿੱਤਾ ਹੈ, ਉਸ ਨੇ ਸਦਾ ਆਤਮਿਕ ਸੁੱਖ ਨੂੰ ਮਾਣਿਆ ਹੈ।


-217-ਆਰ, ਮਾਡਲ ਟਾਊਨ, ਜਲੰਧਰ।

ਸਾਲਾਨਾ ਜੋੜ ਮੇਲੇ 'ਤੇ ਵਿਸ਼ੇਸ਼

ਗੁਰਦੁਆਰਾ ਸ੍ਰੀ ਡੰਡਾ ਸਾਹਿਬ ਸੱਤਵੀਂ ਪਾਤਸ਼ਾਹੀ, ਸੰਧਵਾਂ (ਨਵਾਂਸ਼ਹਿਰ)

ਫਗਵਾੜਾ-ਬੰਗਾ ਮੁੱਖ ਮਾਰਗ 'ਤੇ ਪੈਂਦੇ ਪਿੰਡ ਬਹਿਰਾਮ ਤੋਂ ਕਰੀਬ 3 ਕਿਲੋਮੀਟਰ ਦੀ ਦੂਰੀ 'ਤੇ ਮਾਹਿਲਪੁਰ ਰੋਡ 'ਤੇ ਸਥਿਤ ਗੁਰਦੁਆਰਾ ਸ੍ਰੀ ਡੰਡਾ ਸਾਹਿਬ ਪਿੰਡ ਸੰਧਵਾਂ ਦਾ ਸਿੱਖ ਇਤਿਹਾਸ ਵਿਚ ਅਹਿਮ ਸਥਾਨ ਹੈ। ਮਿਲੇ ਵੇਰਵਿਆਂ ਅਨੁਸਾਰ ਸੱਤਵੇਂ ਪਾਤਸ਼ਾਹ ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ ਮਾਲਵੇ ਤੋਂ ਹੁੰਦੇ ਮੇਹਰਾਜ ਤੋਂ ਸ੍ਰੀ ਕੀਰਤਪੁਰ ਸਾਹਿਬ ਨੂੰ ਜਾਣ ਸਮੇਂ ਸੰਗਤਾਂ ਨੂੰ ਕਿਰਤ ਕਰੋ, ਵੰਡ ਛਕੋ ਤੇ ਨਾਮ ਜਪੋ ਦਾ ਉਦੇਸ਼ ਦਿੰਦੇ ਫਗਵਾੜਾ ਨੇੜਲੇ ਪਿੰਡ ਪਲਾਹੀ ਤੇ ਪਿੰਡ ਫਰਾਲਾ ਤੋਂ ਹੁੰਦਿਆਂ ਆਪਣੇ 2200 ਘੋੜਸਵਾਰਾਂ ਸਮੇਤ 1713 ਬਿਕ੍ਰਮੀ (1656 ਈ:) ਨੂੰ ਪਿੰਡ ਸੰਧਵਾਂ 'ਚ ਚਰਨ ਪਾਏ। ਸੰਗਤਾਂ ਦੂਰੋਂ-ਦੂਰੋਂ ਗੁਰੂ ਜੀ ਦੇ ਦਰਸ਼ਨ ਤੇ ਉਪਦੇਸ਼ ਸੁਣਨ ਆਉਣ ਲੱਗੀਆਂ। ਇਕ ਦਿਨ ਗੁਰੂ ਸਾਹਿਬ ਨੇ ਮੌਜ ਵਿਚ ਆ ਫਲਾਹੀ ਦੀ ਦਾਤਣ ਕਰ ਕੇ ਉਸ ਜਗ੍ਹਾ ਗੱਡ ਦਿੱਤੀ, ਜਿਥੇ ਗੁਰੂ ਜੀ ਦਾ ਆਸਣ ਲੱਗਾ ਸੀ। ਗੁਰੂ ਸਾਹਿਬ ਵਲੋਂ ਅੰਤਰ-ਧਿਆਨ ਹੋ ਕੇ ਗੱਡੀ ਦਾਤਣ ਹੌਲੀ-ਹੌਲੀ ਇਕ ਫਲਾਹੀ ਦਾ ਵੱਡਾ ਦਰੱਖਤ ਬਣ ਗਿਆ, ਜੋ ਕਿ ਅੱਜ ਵੀ ਗੁਰਦੁਆਰਾ ਸਾਹਿਬ ਦੀ ਆਲੀਸ਼ਾਨ ਇਮਾਰਤ ਵਿਚ ਸੁਸ਼ੋਭਿਤ ਹੈ।
ਇਸ ਦਰੱਖਤ ਦੇ ਨਾਂਅ ਤੋਂ ਹੀ ਗੁਰੂ ਸਾਹਿਬ ਜੀ ਦੀ ਯਾਦ 'ਚ ਗੁਰਦੁਆਰਾ ਸ੍ਰੀ ਡੰਡਾ ਸਾਹਿਬ ਦਾ ਨਾਂਅ ਦੁਨੀਆ ਵਿਚ ਪ੍ਰਸਿੱਧ ਹੋਇਆ। ਗੁਰੂ-ਘਰ ਦੇ ਸੇਵਾਦਾਰ ਜਥੇ ਹਰਜੀਤ ਸਿੰਘ ਸੰਧੂ, ਸੈਕਟਰੀ ਜਥੇ ਬਲਵੀਰ ਸਿੰਘ ਸੰਧੂ, ਚਰਨ ਸਿੰਘ ਸੰਧੂ, ਵੀਰਪਾਲ ਸਿੰਘ, ਪਾਲ ਸਿੰਘ ਸੰਧੂ ਆਦਿ ਸੇਵਾਦਾਰਾਂ ਨੇ ਦੱਸਿਆ ਕਿ 20 ਫਰਵਰੀ ਨੂੰ ਗੁਰੂ ਸਾਹਿਬ ਦੀ ਯਾਦ 'ਚ ਸਮੂਹ ਨਗਰ ਨਿਵਾਸੀਆਂ ਦੇ ਪੂਰਨ ਸਹਿਯੋਗ ਨਾਲ ਧਾਰਮਿਕ ਦੀਵਾਨ ਸਜਾਏ ਜਾ ਰਹੇ ਹਨ, ਜਿਸ 'ਚ ਕੀਰਤਨੀ, ਢਾਡੀ ਜਥੇ ਅਤੇ ਸੰਤ ਜੀਤ ਸਿੰਘ ਜੌਹਲਾਂ ਵਾਲੇ ਗੁਰੂ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕਰਨਗੇ। ਸ੍ਰੀ ਗੁਰੂ ਹਰਿ ਰਾਇ ਸਾਹਿਬ ਸਪੋਰਟਸ ਕਲੱਬ (ਰਜਿ:) ਦੇ ਪ੍ਰਧਾਨ ਅਮਰੀਕ ਸਿੰਘ ਸੰਧੂ, ਖੇਡ ਪ੍ਰਮੋਟਰ ਸ: ਨਿਰਮਲ ਸਿੰਘ ਸੰਧੂ ਯੂ. ਕੇ., ਮਨਜੀਤ ਸਿੰਘ ਸੰਧੂ ਨੇ ਦੱਸਿਆ ਕਿ 21 ਤੋਂ 24 ਫਰਵਰੀ ਤੱਕ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ ਦੀ ਯਾਦ 'ਚ 50ਵਾਂ ਸ਼ਾਨਦਾਰ ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈ। ਪ੍ਰਬੰਧਕਾਂ ਨੇ ਦੱਸਿਆ ਕਿ ਖੇਡ ਮੇਲੇ ਦੇ ਅਖੀਰਲੇ ਦਿਨ 24 ਫਰਵਰੀ ਨੂੰ ਨਾਮਵਰ ਅਕੈਡਮੀਆਂ ਦੇ ਕਬੱਡੀ ਮੁਕਾਬਲੇ ਹੋਣਗੇ।


-ਪ੍ਰੇਮੀ ਸੰਧਵਾਂ, ਸੰਧਵਾਂ (ਨਵਾਂਸ਼ਹਿਰ)।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 1920 ਤੋਂ 2020 ਤੱਕ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਇਸ ਦੀ ਕਾਰਜਸ਼ੈਲੀ ਵਿਚ ਸੁਧਾਰ ਲਿਆਉਣ ਦੇ ਵੱਡੇ ਸੰਦਰਭ ਨੂੰ ਵਿਚਾਰਿਆਂ ਸਾਡੇ ਸਾਹਮਣੇ ਕੁਝ ਅਜਿਹੇ ਸਵਾਲ ਵੀ ਹਨ, ਜਿਨ੍ਹਾਂ ਨੂੰ ਸੰਬੋਧਨ ਹੁੰਦਿਆਂ ਸਾਨੂੰ ਭਵਿੱਖ ਵਿਚ ਅਜਿਹੇ ਸੁਧਾਰ ਲਿਆਉਣੇ ਹੋਣਗੇ ਕਿ ਪੰਥ ਭਵਿੱਖ ਦੀਆਂ ਆਪਣੀਆਂ ਮੰਜ਼ਿਲਾਂ ਨੂੰ ਪ੍ਰਾਪਤ ਕਰਨ ਵਿਚ ਸਫ਼ਲ ਹੋ ਸਕੇ। ਗੁਰਦੁਆਰਾ ਸੰਸਥਾ ਦਾ ਸਮੁੱਚਾ ਪ੍ਰਬੰਧਕੀਤੰਤਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਸਿੰਘ ਸਭਾਵਾਂ ਅਤੇ ਭਾਰਤ ਦੇ ਦੂਜੇ ਸੂਬਿਆਂ ਅਤੇ ਵਿਸ਼ਵ ਭਰ ਵਿਚ ਫੈਲਿਆ ਗੁਰਦੁਆਰਾ ਪ੍ਰਬੰਧਕੀ ਫੈਲਾਅ ਕਿਵੇਂ ਕੰਮ ਕਰ ਰਿਹਾ ਹੈ? ਕੀ ਇਹ ਆਪਣੇ ਰਵਾਇਤੀ ਢੰਗ ਤਰੀਕਿਆਂ ਨਾਲ ਕੰਮ ਕਰਦਾ ਪੰਥ ਨੂੰ ਇਸ ਸੰਸਥਾ ਦੀ ਸਥਾਪਨਾ ਅਨੁਸਾਰ ਭਵਿੱਖ ਦੇ ਨਵੇਂ ਦਿਸਹੱਦਿਆਂ ਤੱਕ ਪਹੁੰਚਾਉਣ ਦੇ ਸਮਰੱਥ ਹੈ? ਕੀ ਇਸ ਵਿਚ ਨੀਤੀਆਂ, ਸਾਧਨਾਂ ਅਤੇ ਪ੍ਰਾਪਤੀਆਂ ਆਦਿ ਦੇ ਖੇਤਰਾਂ ਵਿਚ ਪਰਿਪੂਰਨਤਾ ਅਤੇ ਖੜ੍ਹੋਤ ਵਾਲੀ ਸਥਿਤੀ ਤਾਂ ਨਹੀਂ ਬਣ ਗਈ? ਕੀ ਗੁਰਦੁਆਰਾ ਸੰਸਥਾ ਧਰਮ ਸੱਤਾ-ਰਾਜ ਸੱਤਾ ਦੇ ਮਹੱਤਵਪੂਰਨ ਸ਼ਕਤੀ ਸੋਮੇ ਵਜੋਂ ਪੰਥ ਅਤੇ ਇਸ ਦੇ ਮੂਲ ਪੰਥਕ ਉਦੇਸ਼ਾਂ ਦੀ ਪ੍ਰਾਪਤੀ ਵਿਚ ਸਿੱਖਾਂ ਵੱਲੋਂ ਲਗਾਈ ਜਾ ਰਹੀ ਸ਼ਕਤੀ ਦੇ ਅਨੁਕੂਲ ਨਤੀਜੇ ਦੇ ਰਹੀ ਹੈ? ਗੁਰਦੁਆਰਾ ਸੰਸਥਾ ਵਿਚ ਪੰਥ ਅਤੇ ਮਾਨਵ ਜਾਤੀ ਦੇ ਸਰੋਕਾਰਾਂ ਦੀ ਪ੍ਰਾਪਤੀ ਹਿੱਤ ਭਵਿੱਖ ਵਿਚ ਕਿਹੜੇ ਨਵੇਂ ਸੁਧਾਰ ਲਿਆਂਦੇ ਜਾਣ ਕਿ ਇਹ ਸੰਸਥਾ ਗੁਰੂ ਆਦੇਸ਼ਾਂ ਅਨੁਸਾਰ ਭਵਿੱਖ ਵਿਚ ਆਪਣੀ ਇਤਿਹਾਸਿਕ ਭੂਮਿਕਾ ਨੂੰ ਨਿਸ਼ਚਿਤ ਕਰ ਸਕੇ?
ਸਮੇਂ ਨਾਲ ਜਿਉਂ-ਜਿਉਂ ਇਕ ਮਨੁੱਖ, ਸੰਸਥਾਵਾਂ ਅਤੇ ਸਮਾਜ ਵਿਚ ਵਿਕਾਸ ਅਤੇ ਉਤਪਤੀ ਸਾਕਾਰ ਹੁੰਦੇ ਜਾਂਦੇ ਹਨ, ਉਸੇ ਤਰ੍ਹਾਂ ਅਗਲੇਰੀਆਂ ਮੰਜ਼ਿਲਾਂ ਪ੍ਰਾਪਤ ਕਰਨ ਲਈ ਸੰਸਥਾਵਾਂ ਦੀ ਨਵੀਂ ਭਵਿੱਖ-ਦ੍ਰਿਸ਼ਟੀ ਸਿਰਜਣੀ ਪੈਂਦੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਤਿਹਾਸ ਦੇ ਜਿਸ ਮੁਕਾਮ 'ਤੇ ਪਹੁੰਚ ਚੁੱਕੀ ਹੈ, ਉਸ ਵਿਚ ਖੜ੍ਹੋਤ ਅਥਵਾ ਪਰਿਪੂਰਨਤਾ ਵਾਲੀ ਸਥਿਤੀ ਪੈਦਾ ਨਾ ਹੋਵੇ, ਇਸ ਲਈ ਇਸ ਦੇ ਕੰਮਕਾਜ ਵਿਚ ਬਹੁਪਰਤੀ ਸੁਧਾਰ ਲਿਆਉਣੇ ਜ਼ਰੂਰੀ ਹੋ ਗਏ ਹਨ। ਇਸ ਲਈ ਹੁਣ ਜਦੋਂ 2020 ਵਿਚ ਇਸ ਨੂੰ ਸਥਾਪਤ ਹੋਇਆਂ ਸੌ ਸਾਲ ਪੂਰੇ ਹੋ ਰਹੇ ਹਨ, ਤਾਂ ਇਸ ਦੇ ਅਗਲੇਰੇ ਦਹਾਕਿਆਂ ਲਈ ਨਵੇਂ ਸੁਧਾਰ ਨਾ ਕੇਵਲ ਇਸ ਸੰਸਥਾ, ਸਗੋਂ ਪੰਥ ਨੂੰ ਵੀ ਹੋਰ ਸ਼ਕਤੀਸ਼ਾਲੀ ਬਣਾਉਣਗੇ। ਹੈਰਾਨੀ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਂਝੇ ਯਤਨਾਂ ਨਾਲ 1920 ਵਿਚ ਹੀ ਹੋਂਦ ਵਿਚ ਆਇਆ ਸ਼੍ਰੋਮਣੀ ਅਕਾਲੀ ਦਲ ਤਾਂ ਆਪਣੀ ਸਥਾਪਨਾ ਦੀ ਪਹਿਲੀ ਸ਼ਤਾਬਦੀ ਮਨਾਉਣ ਦੀ ਤਿਆਰੀ ਕਰ ਰਿਹਾ ਹੈ, ਪਰ ਸ਼੍ਰੋਮਣੀ ਕਮੇਟੀ ਦੀ ਸਥਾਪਨਾ ਦੀ ਪਹਿਲੀ ਸ਼ਤਾਬਦੀ ਮਨਾਉਣ ਲਈ ਪੰਥ ਵਿਚ ਕੋਈ ਚੇਤਨਾ ਪੈਦਾ ਨਹੀਂ ਕੀਤੀ ਜਾ ਰਹੀ। ਦ੍ਰਿਸ਼ਟੀ 2020 ਵਿਚ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚ ਲਿਆਂਦੇ ਜਾਣ ਵਾਲੇ ਸੁਧਾਰਾਂ ਦੀ ਰੂਪ-ਰੇਖਾ ਦੇ ਰਹੇ ਹਾਂ, ਜਿਸਦੇ ਵਿਸਤਾਰ ਪੰਥ ਨੇ ਉਲੀਕਣੇ ਹਨ। ਸ਼੍ਰੋਮਣੀ ਕਮੇਟੀ ਵਿਚ ੳਦੇਸ਼ਾਤਮਕ ਸੁਧਾਰ, ਇਸਦਾ ਇਕ ਸਿੱਖ ਸੰਸਦ ਵਾਂਗ ਵਿਹਾਰ ਕਰਨਾ, ਤਖ਼ਤਾਂ ਦੇ ਜਥੇਦਾਰਾਂ ਦੀ ਨਿਯੁਕਤੀ, ਸੰਗਤੀ ਅਤੇ ਕਾਨੂੰਨੀ ਪ੍ਰਕਿਰਿਆ ਦੇ ਸੁਮੇਲ ਅਨੁਸਾਰ ਚੋਣ ਸੁਧਾਰ, ਧਾਰਮਿਕ ਸੁਧਾਰ, ਵਿੱਦਿਅਕ-ਗੁਰਮਤਿ ਸਿੱਖਿਆ ਸੁਧਾਰ, ਬੌਧਿਕ-ਉਤੱਮਤਾ ਸਬੰਧੀ ਸੁਧਾਰ, ਪ੍ਰਸ਼ਾਸਕੀ-ਪ੍ਰਬੰਧਕੀ ਲੀਡਰਸ਼ਿਪ ਸਬੰਧੀ ਸੁਧਾਰ, ਆਰਥਿਕ ਸੁਧਾਰ, ਸਿਹਤ ਸੇਵਾਵਾਂ ਸਬੰਧੀ ਸੁਧਾਰ, ਧਰਮ ਪ੍ਰਚਾਰਕਾਂ ਦੀ ਤਿਆਰੀ ਸਬੰਧੀ ਸੁਧਾਰ ਅਤੇ ਗੁਰਦੁਆਰਾ ਪ੍ਰਬੰਧ ਵਿਵਸਥਾ ਦੇ ਮੂਲ ਸੰਕਲਪ ਅਤੇ ਮਕਸਦਾਂ ਅਨੁਸਾਰ ਅਜਿਹੇ ਸੁਧਾਰ ਲਿਆਉਣ ਦੀ ਲੋੜ ਹੈ, ਜਿਨ੍ਹਾਂ ਨਾਲ ਸੌ ਸਾਲ ਦਾ ਪੰਧ ਤਹਿ ਕਰ ਚੁੱਕੀ ਪੰਥ ਦੀ ਇਹ ਮਹੱਤਵਪੂਰਨ ਸੰਸਥਾ ਹੋਰ ਸ਼ਕਤੀਸ਼ਾਲੀ ਹੋ ਕੇ 21ਵੀਂ ਸਦੀ ਵਿਚ ਉੱਜਵਲ ਸਿੱਖ ਭਵਿੱਖ ਸਿਰਜ ਸਕੇ। ਪਰ ਇੱਥੇ ਪ੍ਰਸ਼ਨਾਂ ਦਾ ਮੂਲ ਪ੍ਰਸ਼ਨ ਹੈ ਕਿ ਇਸ ਕਮੇਟੀ ਦੇ ਵਰਤਮਾਨ ਆਗੂਤੰਤਰ ਦੇ ਮੋਢਿਆਂ ਵਿਚ ਕੀ ਇਤਨਾ ਕੁ ਬਲ ਹੈ ਕਿ ਉਹ ਘੱਟੋ-ਘੱਟ ਅਜਿਹੇ ਸੁਧਾਰ ਲਿਆਉਣ ਲਈ ਇਕ ਵੱਡੀ ਸ਼ੁਰੂਆਤ ਹੀ ਕਰ ਸਕੇ ਜਿਸ ਨਾਲ 2020-2025 ਤੱਕ ਸਾਰਥਿਕ ਨਤੀਜੇ ਨਿਕਲ ਸਕਣ? (ਸਮਾਪਤ)


-ਮੁਖੀ ਭਾਈ ਗੁਰਦਾਸ ਇੰਸਟੀਚਿਊਟ ਆਫ਼ ਐਡਵਾਂਸ ਸਿੱਖ ਸਟੱਡੀਜ਼, ਸ੍ਰੀ ਅਨੰਦਪੁਰ ਸਾਹਿਬ।
ਮੋਬਾ: 98725-91713

ਸਿੱਖ ਸਮਾਜ ਜਾਤ-ਪਾਤ ਦੇ ਪ੍ਰਭਾਵ ਤੋਂ ਕਿਵੇਂ ਮੁਕਤ ਹੋਵੇ?

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਉਨ੍ਹਾਂ ਲਈ ਲੰਗਰ ਦੀ ਵੱਖਰੀ ਪੰਗਤ ਲਗਾਈ ਜਾਂਦੀ ਹੈ। ਉਪਰਲੇ ਪੱਧਰ ਦੀ ਧਾਰਮਿਕ ਅਤੇ ਸਿਆਸੀ ਸਿੱਖ ਲੀਡਰਸ਼ਿਪ ਵਿਚ ਇਸ ਤਰ੍ਹਾਂ ਦੀ ਸਿਧਾਂਤਕ ਗਿਰਾਵਟ ਆਉਣ ਸਦਕਾ ਪਿੰਡਾਂ ਵਿਚ ਸਿੱਖ ਸਮਾਜ ਜਾਤਾਂ ਦੇ ਆਧਾਰ 'ਤੇ ਇੰਨੀ ਬੁਰੀ ਤਰ੍ਹਾਂ ਵੰਡਿਆ ਹੋਇਆ ਹੈ ਕਿ ਜੱਟਾਂ ਅਤੇ ਗ਼ੈਰ-ਜੱਟਾਂ ਵਿਚ ਵਧ ਰਿਹਾ ਪਾੜਾ ਸ਼ੀਆ ਅਤੇ ਸੁੰਨੀ ਮੁਸਲਮਾਨਾਂ ਵਾਲੀ ਸਥਿਤੀ ਪੈਦਾ ਕਰਦਾ ਜਾ ਰਿਹਾ ਹੈ। ਇਹ ਸਿੱਖ ਕੌਮ ਦੇ ਭਵਿੱਖ ਲਈ ਬੇਹੱਦ ਖ਼ਤਰਨਾਕ ਵਰਤਾਰਾ ਹੈ। ਪਿੰਡਾਂ ਵਿਚ ਤੇਜ਼ੀ ਨਾਲ ਜਾਤਾਂ 'ਤੇ ਆਧਾਰਤ ਗੁਰਦੁਆਰੇ ਬਣ ਰਹੇ ਹਨ। ਜੱਟਾਂ ਦੇ ਗੁਰਦੁਆਰਿਆਂ 'ਚ ਗ਼ੈਰ-ਜੱਟਾਂ 'ਤੇ ਦਾਖ਼ਲ ਹੋਣ ਤੱਕ ਪਾਬੰਦੀਆਂ ਲੱਗ ਰਹੀਆਂ ਹਨ। ਜਿਨ੍ਹਾਂ ਲਿਤਾੜੇ ਤੇ ਨਿਆਸਰੇ ਲੋਕਾਂ ਨੂੰ ਗੁਰੂ ਸਾਹਿਬਾਨ ਨੇ ਜਥੇਬੰਦ ਕਰਕੇ ਖ਼ਾਲਸਾ ਪੰਥ ਤਿਆਰ ਕੀਤਾ ਸੀ, ਅੱਜ ਉਹ ਸਾਡੀ ਧਾਰਮਿਕ ਲੀਡਰਸ਼ਿਪ ਦੀ ਅਣਗਹਿਲੀ ਅਤੇ ਸਿਧਾਂਤਕ ਕਮਜ਼ੋਰੀ ਕਾਰਨ ਸਿੱਖੀ ਨਾਲੋਂ ਟੁੱਟ ਰਹੇ ਹਨ। ਸਿੱਖ ਵਿਰੋਧੀ ਡੇਰਾਵਾਦ ਵੀ ਇਸੇ ਪ੍ਰਸੰਗ ਵਿਚੋਂ ਪ੍ਰਫ਼ੁੱਲਤ ਹੋਇਆ ਹੈ। ਗੁਰੂ ਸਾਹਿਬਾਨ ਨੇ ਜਿਸ ਜਾਤ-ਪਾਤ ਨੂੰ ਖ਼ਤਮ ਕਰਨ ਲਈ ਸੰਗਤ ਅਤੇ ਪੰਗਤ, ਸਾਂਝੇ ਸਰੋਵਰ ਅਤੇ ਸ੍ਰੀ ਹਰਿਮੰਦਰ ਸਾਹਿਬ ਦੇ ਚਾਰ ਦਰਵਾਜ਼ੇ ਬਣਾ ਕੇ ਚਾਰੇ ਵਰਣਾਂ, ਚਾਰੇ ਦਿਸ਼ਾਵਾਂ ਤੋਂ ਆਉਣ ਵਾਲੇ ਲੋਕਾਂ ਨੂੰ ਗਲੇ ਨਾਲ ਲਗਾਇਆ ਸੀ, ਅੱਜ ਉਹ ਜਾਤ-ਪਾਤ ਸਿੱਖ ਸਮਾਜ ਨੂੰ ਬੁਰੀ ਤਰ੍ਹਾਂ ਜਕੜ ਚੁੱਕੀ ਹੈ।
ਸਿੱਖ ਧਰਮ ਦਾ ਭਵਿੱਖ ਇਸ ਗੱਲ ਦੀ ਮੰਗ ਕਰਦਾ ਹੈ ਕਿ ਅੱਜ ਸਿੱਖ ਸਮਾਜ ਨੂੰ ਜਾਤ-ਪਾਤ ਤੋਂ ਪੂਰੀ ਤਰ੍ਹਾਂ ਮੁਕਤ ਕਰਨ ਲਈ 'ਸਿੰਘ ਸਭਾ' ਲਹਿਰ ਵਰਗੀ ਵੱਡੇ ਉਦੇਸ਼ਾਂ 'ਤੇ ਆਧਾਰਤ ਧਰਮ ਪ੍ਰਚਾਰ ਲਹਿਰ ਆਰੰਭ ਕੀਤੀ ਜਾਵੇ, ਤਾਂ ਜੋ ਗੁਰੂ ਸਾਹਿਬਾਨ ਦੇ 'ਸਰਬ ਸਾਂਝੀਵਾਲਤਾ' ਵਾਲੇ ਮਹਾਨ ਫ਼ਲਸਫ਼ੇ ਦੀ ਵਿਸ਼ਵ ਸਮਾਜ ਅਤੇ ਮਨੁੱਖੀ ਭਾਈਚਾਰੇ ਦੇ ਪ੍ਰਸੰਗ ਵਿਚ ਦੇਣ ਨੂੰ ਸਹੀ ਰੂਪ ਵਿਚ ਸਮਝਣ ਦੀਆਂ ਅੰਤਰ-ਦ੍ਰਿਸ਼ਟੀਆਂ ਖੋਲ੍ਹੀਆਂ ਜਾ ਸਕਣ। ਸਿੱਖੀ ਤੋਂ ਟੁੱਟ ਰਹੇ ਭਾਈਚਾਰਿਆਂ ਨੂੰ ਗੁਰਮਤਿ ਸੱਭਿਆਚਾਰ ਨਾਲ ਜੋੜ ਕੇ 'ਚਾਰਿ ਵਰਨ ਇਕ ਵਰਨੁ ਕਰਾਇਆ॥' ਅਨੁਸਾਰ ਗੁਰੂ ਨਾਨਕ ਸਾਹਿਬ ਦੇ ਚਿਤਵੇ ਸਮਾਜ ਦੀ ਸਿਰਜਣਾ ਕੀਤੀ ਜਾਵੇ। ਸ਼੍ਰੋਮਣੀ ਕਮੇਟੀ ਦੀ ਧਰਮ ਪ੍ਰਚਾਰ ਲਹਿਰ 'ਜਾਤ-ਪਾਤ ਮੁਕਤ ਸਿੱਖ ਸਮਾਜ' ਦੇ ਸਿੱਟਾਮੁਖੀ ਨਾਅਰੇ ਨੂੰ ਸਮਰਪਿਤ ਹੋਣੀ ਚਾਹੀਦੀ ਹੈ ਅਤੇ ਇਹ ਲਹਿਰ ਸਿਰਫ਼ ਜ਼ੁਬਾਨੀ ਗੱਲਾਂ ਨਾਲ ਨਹੀਂ, ਬਲਕਿ ਅਮਲੀ ਯਤਨਾਂ ਵਾਲੀ ਹੋਣੀ ਚਾਹੀਦੀ ਹੈ। ਇਸ ਤਹਿਤ ਜਾਤ-ਪਾਤ ਤੋਂ ਉਪਰ ਉੱਠ ਕੇ ਸਿੱਖਾਂ ਅੰਦਰ ਵਿਆਹ-ਸ਼ਾਦੀਆਂ ਦੀ ਸ਼ੁਰੂਆਤ ਹੋਣੀ ਚਾਹੀਦੀ ਹੈ। ਪੰਥ ਦੀ ਪ੍ਰਚਲਿਤ 'ਸਿੱਖ ਰਹਿਤ ਮਰਯਾਦਾ' ਦੇ 'ਅਨੰਦ ਸੰਸਕਾਰ' ਅਧਿਆਇ ਵਿਚ ਸਪੱਸ਼ਟ ਲਿਖਿਆ ਹੈ, 'ਸਿੱਖ ਸਿੱਖਣੀ ਦਾ ਵਿਆਹ, ਬਿਨਾਂ ਜਾਤ-ਪਾਤ, ਗੋਤ ਵਿਚਾਰੇ ਦੇ ਹੋਣਾ ਚਾਹੀਦਾ ਹੈ।' ਸਿਰਫ਼ ਗੁਰਸਿੱਖੀ ਦੀ ਯੋਗਤਾ ਨੂੰ ਮੁੱਖ ਰੱਖ ਕੇ, ਜਾਤ-ਪਾਤ ਵਿਚਾਰੇ ਬਗ਼ੈਰ ਵਿਆਹਾਂ ਦੀ ਸ਼ੁਰੂਆਤ ਹੀ ਸਹੀ ਰੂਪ 'ਚ ਅੱਜ ਸਿੱਖ ਸਮਾਜ ਅੰਦਰੋਂ ਜਾਤ-ਪਾਤ ਦੇ ਫ਼ਰਕ ਨੂੰ ਮਿਟਾਉਣ ਲਈ ਫ਼ੈਸਲਾਕੁੰਨ ਸਾਬਤ ਹੋ ਸਕਦੀ ਹੈ। ਇਸ ਦੇ ਲਈ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ, ਅਹੁਦੇਦਾਰਾਂ ਅਤੇ ਮੁਲਾਜ਼ਮਾਂ ਦੇ ਘਰਾਂ ਤੋਂ ਸ਼ੁਰੂਆਤ ਹੋਣੀ ਚਾਹੀਦੀ ਹੈ, ਤਾਂ ਜੋ ਸਿੱਖ ਸਮਾਜ ਨੂੰ ਨਵੀਂ ਸੇਧ ਮਿਲ ਸਕੇ। (ਸਮਾਪਤ)


-ਸ਼ਹੀਦ ਬਾਬਾ ਦੀਪ ਸਿੰਘ ਜੀ ਕਾਲੋਨੀ, ਸ੍ਰੀ ਦਸਮੇਸ਼ ਅਕੈਡਮੀ ਰੋਡ, ਸ੍ਰੀ ਅਨੰਦਪੁਰ ਸਾਹਿਬ। ਮੋਬਾ: 98780-70008
e-mail : ts1984buttar@yahoo.com

ਜਨਮ ਦਿਨ 'ਤੇ ਵਿਸ਼ੇਸ਼

ਦੇਸ਼-ਭਗਤੀ ਤੇ ਦ੍ਰਿੜ੍ਹਤਾ ਦੇ ਮੁਜੱਸਮਾ ਸਨ ਸਰਦਾਰ ਤੇਜਾ ਸਿੰਘ ਸਮੁੰਦਰੀ

ਗੁਰਦੁਆਰਾ ਸੁਧਾਰ ਲਹਿਰ (1920-1925) ਨੂੰ ਸਿਆਣਪ, ਦੂਰਅੰਦੇਸ਼ੀ, ਦ੍ਰਿੜ੍ਹ ਤੇ ਸਫ਼ਲ ਬਣਾਉਣ ਵਾਲੇ ਉੱਘੇ ਆਗੂਆਂ 'ਚੋਂ ਸ: ਤੇਜਾ ਸਿੰਘ ਸਮੁੰਦਰੀ ਇਕ ਸਨ। ਆਪ ਸਿੰਘ ਸਭਾ ਲਹਿਰ ਦੀ ਉਪਜ, ਗੁਰਸਿੱਖੀ 'ਤੇ ਅਤੁੱਟ ਸ਼ਰਧਾ, ਦ੍ਰਿੜ੍ਹਤਾ 'ਤੇ ਵਿਸ਼ਵਾਸ ਰੱਖਣ, ਨਿਗਰ ਤੇ ਉਸਾਰੂ ਕੰਮ ਕਰਨ ਵਾਲੇ, ਕੁਰਬਾਨੀ ਦੇ ਪੁੰਜ ਤੇ ਦੇਸ਼ਭਗਤ ਆਗੂ ਸਨ। ਤੇਜਾ ਸਿੰਘ ਸਮੁੰਦਰੀ ਦਾ ਜਨਮ 20 ਫ਼ਰਵਰੀ, 1881 ਈ: ਵਿਚ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਰਾਏ ਦਾ ਬੁਰਜ ਵਿਖੇ ਮਾਤਾ ਨੰਦ ਕੌਰ ਤੇ ਰਸਾਲਦਾਰ ਦੇਵਾ ਸਿੰਘ ਦੇ ਘਰ ਹੋਇਆ। ਆਪ ਦੇ ਪਿਤਾ ਸ: ਦੇਵਾ ਸਿੰਘ 22 ਨੰਬਰ ਰਸਾਲੇ ਵਿਚ ਰਸਾਲਦਾਰ ਮੇਜਰ ਸਨ। ਉਨ੍ਹਾਂ ਨੂੰ ਤਹਿਸੀਲ ਸਮੁੰਦਰੀ ਜ਼ਿਲ੍ਹਾ ਲਾਇਲਪੁਰ ਦੇ ਚੱਕ 140 ਵਿਚ 6 ਮੁਰੱਬੇ ਜ਼ਮੀਨ ਮਿਲੀ ਹੋਈ ਸੀ। ਇਸ ਲਈ ਆਪ ਤੇਜਾ ਸਿੰਘ ਸਮੁੰਦਰੀ ਕਰਕੇ ਪ੍ਰਸਿੱਧ ਹੋਏ। ਤੇਜਾ ਸਿੰਘ 'ਤੇ ਪਿਤਾ ਦੇਵਾ ਸਿੰਘ ਦੇ ਧਾਰਮਿਕ ਸੰਸਕਾਰਾਂ ਦਾ ਪ੍ਰਭਾਵ ਵੀ ਪਿਆ, ਜਿਸ ਦੇ ਨਤੀਜੇ ਵਜੋਂ ਬਚਪਨ ਵਿਚ ਗੁਰਮੁਖੀ ਪੜ੍ਹੀ ਤੇ ਬਾਣੀ ਦਾ ਪਾਠ ਗ੍ਰਹਿਣ ਕੀਤਾ। ਉਪਰੰਤ ਸਕੂਲ ਵਿਚ ਵੀ ਕੁਝ ਤਾਲੀਮ ਹਾਸਲ ਕੀਤੀ। 18 ਵਰ੍ਹੇ ਦੀ ਉਮਰ ਵਿਚ ਫ਼ੌਜ ਵਿਚ ਭਰਤੀ ਹੋ ਕੇ 10 ਸਾਲ ਰਸਾਲੇ ਵਿਚ ਨੌਕਰੀ ਕੀਤੀ ਤੇ 1911 ਵਿਚ ਆਪਣੇ ਤੀਜੇ ਪੁੱਤਰ ਸ: ਬਿਸ਼ਨ ਸਿੰਘ (1969 ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪਹਿਲੇ ਵਾਈਸ-ਚਾਂਸਲਰ) ਦੇ ਜਨਮ ਮਗਰੋਂ ਫ਼ੌਜੀ ਰਸਾਲੇ ਦੀ ਨੌਕਰੀ ਛੱਡ ਦਿੱਤੀ।
ਸਮੁੰਦਰੀ ਜੀ ਦੂਰਅੰਦੇਸ਼, ਦ੍ਰਿੜ੍ਹ ਤੇ ਦੇਸ਼ਭਗਤ ਵਿਚਾਰਾਂ ਦੇ ਧਾਰਨੀ ਸਨ। ਜਦੋਂ 1920 ਵਿਚ ਅਕਾਲੀ ਲਹਿਰ ਆਰੰਭ ਹੋਈ ਤਾਂ ਸਮੁੰਦਰੀ ਹੁਰਾਂ ਨੇ ਅਹਿਮ ਭੂਮਿਕਾ ਨਿਭਾਈ। ਪੰਜਾਬੀ ਦਾ ਰੋਜ਼ਾਨਾ 'ਅਕਾਲੀ' ਅਖ਼ਬਾਰ ਜਿਸ ਨੇ ਅਕਾਲੀ ਅੰਦੋਲਨ ਵਿਚ ਜਾਨ ਪਾਈ ਅਤੇ ਆਪਣੇ ਲੇਖਾਂ ਨਾਲ ਅੰਗਰੇਜ਼ ਸਰਕਾਰ ਵਿਰੁੱਧ ਬਹੁਤ ਨਫ਼ਰਤ ਫ਼ੈਲਾਈ, ਦੀ ਸਹਾਇਤਾ ਲਈ ਦੋ ਮੁਰੱਬੇ ਜ਼ਮੀਨ ਗਹਿਣੇ ਦਿੱਤੀ। ਤੇਜਾ ਸਿੰਘ ਅਕਾਲੀ ਅਖ਼ਬਾਰ ਦੀ ਪ੍ਰਬੰਧਕ-ਕਮੇਟੀ ਦੇ ਮੁੱਢਲੇ 14 ਮੈਬਰਾਂ 'ਚੋਂ ਇਕ ਸਨ। ਗੁਰਦੁਆਰਾ ਨਨਕਾਣਾ ਸਾਹਿਬ ਦੇ ਸਾਕੇ (ਫ਼ਰਵਰੀ 1921), ਗੁਰੂ-ਕੇ-ਬਾਗ਼ ਦੇ ਮੋਰਚੇ (ਅਗਸਤ 1922), ਗੁਰਦੁਆਰਾ ਖਡੂਰ ਸਾਹਿਬ ਅਤੇ ਗੁਰਦੁਆਰਾ ਮੁਕਤਸਰ ਸੁਧਾਰ ਲਈ ਆਪ ਨੇ ਆਪਣੀ ਜਾਨ ਖ਼ਤਰੇ ਵਿਚ ਪਾ ਕੇ ਅਗਵਾਈ ਕੀਤੀ। ਸਮੁੰਦਰੀ ਹੁਰਾਂ ਨੂੰ 11 ਫ਼ਰਵਰੀ, 1926 ਈ: ਵਿਚ ਲਾਹੌਰ ਦੀ ਕੇਂਦਰੀ ਜੇਲ੍ਹ ਵਿਚ ਤਬਦੀਲ ਕਰ ਦਿੱਤਾ ਗਿਆ ਤੇ ਮੁਕੱਦਮੇ ਦੀ ਕਾਰਵਾਈ ਜਾਰੀ ਰੱਖੀ। ਇਸੇ ਸਮੇਂ ਮੁਕੱਦਮੇ ਦੌਰਾਨ ਸ: ਤੇਜਾ ਸਿੰਘ ਸਮੁੰਦਰੀ 17 ਜੁਲਾਈ, 1926 ਈ: ਨੂੰ 45 ਸਾਲ ਦੀ ਉਮਰ ਵਿਚ ਦਿਲ ਦੀ ਬਿਮਾਰੀ ਨਾਲ ਜੇਲ੍ਹ ਦੇ ਅੰਦਰ ਹੀ ਸ਼ਹੀਦੀ ਪ੍ਰਾਪਤ ਕਰ ਗਏ। ਮਗਰੋਂ ਉਨ੍ਹਾਂ ਦਾ ਮ੍ਰਿਤਕ ਸਰੀਰ ਲਾਹੌਰ ਜੇਲ੍ਹ ਤੋਂ ਲਿਆ ਕੇ 18 ਜੁਲਾਈ ਨੂੰ ਅੰਮ੍ਰਿਤਸਰ ਵਿਚ ਬੜੇ ਸਤਿਕਾਰ ਨਾਲ ਅੰਤਿਮ ਸੰਸਕਾਰ ਕੀਤਾ ਗਿਆ। ਸ੍ਰੀ ਅੰਮ੍ਰਿਤਸਰ ਵਿਚ 1937 ਈ: ਨੂੰ ਇਕ ਲੱਖ ਰੁਪਏ ਦੀ ਲਾਗਤ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਤੇਜਾ ਸਿੰਘ ਸਮੁੰਦਰੀ ਹਾਲ ਨੂੰ ਯਾਦਗਾਰ ਦੇ ਤੌਰ 'ਤੇ ਉਨ੍ਹਾਂ ਦੇ ਨਾਂਅ ਨਾਲ ਜੋੜਿਆ। ਗੁਰਦੁਆਰਾ ਸੁਧਾਰ ਲਹਿਰ ਦੇ ਇਤਿਹਾਸ ਵਿਚ ਸ: ਤੇਜਾ ਸਿੰਘ ਸਮੁੰਦਰੀ ਦਾ ਨਾਂਅ ਹਮੇਸ਼ਾ ਚਮਕਦਾ ਰਹੇਗਾ।


-ਹਰਦੀਪ ਸਿੰਘ ਝੱਜ
ਇਤਿਹਾਸ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ। ਮੋਬਾ: 94633-64992


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX