ਤਾਜਾ ਖ਼ਬਰਾਂ


ਆਈ.ਪੀ.ਐੱਲ : 2019 - ਰੋਮਾਂਚਕ ਮੁਕਾਬਲੇ 'ਚ ਬੈਂਗਲੌਰ ਨੇ ਚੇਨਈ ਨੂੰ 1 ਦੌੜ ਨਾਲ ਹਰਾਇਆ
. . .  1 day ago
ਕੱਲ੍ਹ ਤੋਂ ਅਧਿਆਪਕ ਲਗਾਤਾਰ ਕਰਨਗੇ ਅਰਥੀ ਫ਼ੂਕ ਮੁਜ਼ਾਹਰੇ
. . .  1 day ago
ਸੰਗਰੂਰ, 21 ਅਪ੍ਰੈਲ - (ਧੀਰਜ ਪਿਸ਼ੌਰੀਆ) ਕੱਚੇ ਅਧਿਆਪਕਾਂ ਨੂੰ ਪੱਕਾ ਕਰਨ ਸਮੇਤ ਕਈ ਮੰਗਾਂ ਨੂੰ ਲੈ ਕੇ ਕੱਲ੍ਹ 22 ਅਪ੍ਰੈਲ ਤੋਂ ਅਧਿਆਪਕ ਪੂਰੇ ਰਾਜ ਵਿਚ ਅਧਿਆਪਕ ਸੰਘਰਸ਼ ਕਮੇਟੀ ਦੀ...
ਮੌਲਵੀ ਉੱਪਰ ਜਾਨਲੇਵਾ ਹਮਲਾ
. . .  1 day ago
ਖੇਮਕਰਨ, 21 ਅਪ੍ਰੈਲ (ਰਾਕੇਸ਼ ਕੁਮਾਰ ਬਿੱਲਾ) - ਸ੍ਰੀਲੰਕਾ ਵਿਖੇ ਸੀਰੀਅਲ ਬੰਬ ਧਮਾਕਿਆਂ ਤੋਂ ਬਾਅਦ ਖੇਮਕਰਨ ਵਿਖੇ ਇੱਕ ਮਸਜਿਦ ਦੇ ਮੌਲਵੀ ਉੱਪਰ ਇੱਕ ਵਿਅਕਤੀ ਨੇ ਤੇਜ਼ਧਾਰ...
ਆਈ.ਪੀ.ਐੱਲ : 2019 - ਬੈਂਗਲੌਰ ਨੇ ਚੇਨਈ ਨੂੰ ਜਿੱਤਣ ਲਈ ਦਿੱਤਾ 162 ਦੌੜਾਂ ਦਾ ਟੀਚਾ
. . .  1 day ago
ਅਗਵਾ ਹੋਏ ਵਪਾਰੀ ਦੀ ਲਾਸ਼ ਬਰਾਮਦ
. . .  1 day ago
ਜਲਾਲਾਬਾਦ, 21 ਅਪ੍ਰੈਲ (ਕਰਨ ਚੁਚਰਾ) - ਵੀਰਵਾਰ ਦੀ ਸ਼ਾਮ ਨੂੰ ਅਗਵਾ ਹੋਏ ਜਲਾਲਾਬਾਦ ਦੇ ਵਪਾਰੀ ਅਤੇ ਮੰਡੀ ਪੰਜੇਕੇ ਵਸਨੀਕ ਸੁਮਨ ਮੁਟਨੇਜਾ ਦੀ ਲਾਸ਼ ਫ਼ਾਜ਼ਿਲਕਾ ਅਤੇ ਅਬੋਹਰ...
ਚੌਧਰੀ ਬੱਗਾ ਦੀ 2 ਸਾਲ ਬਾਅਦ ਅਕਾਲੀ ਦਲ ਵਿਚ ਘਰ ਵਾਪਸੀ
. . .  1 day ago
ਲੁਧਿਆਣਾ, 21 ਅਪ੍ਰੈਲ ( ਪੁਨੀਤ ਬਾਵਾ)2019 ਦੀ ਵਿਧਾਨ ਸਭਾ ਚੋਣ ਦੌਰਾਨ ਅਕਾਲੀ ਦਲ ਤੋਂ ਬਾਗ਼ੀ ਹੋ ਕੇ ਆਜ਼ਾਦ ਵਿਧਾਨ ਸਭਾ ਹਲਕਾ ਉਤਰੀ ਤੋਂ ਚੋਣ ਲੜਨ ਵਾਲੇ ਚੌਧਰੀ ਮਦਨ ਲਾਲ ਬੱਗਾ...
ਬਾਲੀਵੁੱਡ ਅਭਿਨੇਤਰੀ ਕ੍ਰਿਸ਼ਮਾ ਕਪੂਰ ਸ੍ਰੀ ਹਰਿਮੰਦਰ ਸਾਹਿਬ ਦਰਸ਼ਨ ਕਰਨ ਪੁੱਜੇ
. . .  1 day ago
ਅੰਮ੍ਰਿਤਸਰ, 21 ਅਪ੍ਰੈਲ (ਜਸਵੰਤ ਸਿੰਘ ਜੱਸ) - ਬਾਲੀਵੁੱਡ ਅਭਿਨੇਤਰੀ ਅਤੇ ਕਪੂਰ ਖਾਨਦਾਨ ਦੀ ਬੇਟੀ ਕ੍ਰਿਸ਼ਮਾ ਕਪੂਰ ਅੱਜ ਸ਼ਾਮ ਸ੍ਰੀ ਹਰਿਮੰਦਰ ਸਾਹਿਬ ਦਰਸ਼ਨ ਕਰਨ ਪੁੱਜੇ। ਉਹ...
ਹਰਦੀਪ ਸਿੰਘ ਪੁਰੀ ਹੋਣਗੇ ਅੰਮ੍ਰਿਤਸਰ ਤੋਂ ਭਾਜਪਾ ਉਮੀਦਵਾਰ
. . .  1 day ago
ਨਵੀਂ ਦਿੱਲੀ, 21 ਅਪ੍ਰੈਲ - ਭਾਰਤੀ ਜਨਤਾ ਪਾਰਟੀ ਵੱਲੋਂ ਅੱਜ ਲੋਕ ਸਭਾ ਚੋਣਾਂ ਲਈ 7 ਹੋਰ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਗਈ, ਜਿਸ ਵਿਚ ਅੰਮ੍ਰਿਤਸਰ ਲੋਕ-ਸਭਾ ਹਲਕੇ ਤੋਂ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ...
ਆਈ.ਪੀ.ਐੱਲ : 2019 - ਟਾਸ ਜਿੱਤ ਕੇ ਚੇਨਈ ਵੱਲੋਂ ਬੈਂਗਲੌਰ ਨੂੰ ਪਹਿਲਾ ਬੱਲੇਬਾਜ਼ੀ ਦਾ ਸੱਦਾ
. . .  1 day ago
ਆਈ.ਪੀ.ਐੱਲ : 2019 - ਹੈਦਰਾਬਾਦ ਨੇ ਕੋਲਕਾਤਾ ਨੂੰ 9 ਵਿਕਟਾਂ ਨਾਲ ਦਿੱਤੀ ਕਰਾਰੀ ਹਾਰ
. . .  1 day ago
ਹੋਰ ਖ਼ਬਰਾਂ..

ਫ਼ਿਲਮ ਅੰਕ

ਅਥੀਆ ਸ਼ੈਟੀ

ਕਰੇ ਸਿਆਣੀਆਂ ਗੱਲਾਂ

ਨਵੀਂ ਪੀੜ੍ਹੀ ਦੀਆਂ ਹੀਰੋਇਨਾਂ 'ਚੋਂ ਅਥੀਆ ਸ਼ੈਟੀ ਅਜਿਹੀ ਕੁੜੀ ਹੈ ਜਿਸ ਨੇ ਸ਼ੁਰੂਆਤ ਸਮੇਂ ਹੀ ਦਿਖਾ ਦਿੱਤਾ ਸੀ ਕਿ ਉਸ ਦਾ ਭਵਿੱਖ ਬਹੁਤ ਹੀ ਸ਼ਾਨਦਾਰ ਹੈ। 'ਹੀਰੋ', 'ਮੁਬਾਰਕਾਂ' ਫ਼ਿਲਮਾਂ ਤਾਂ ਉਸ ਨੇ ਦੋ ਹੀ ਕੀਤੀਆਂ ਹਨ ਪਰ 26ਵੇਂ ਸਾਲ 'ਚ ਪ੍ਰਵੇਸ਼ ਕਰ ਚੁੱਕੀ ਅਥੀਆ ਕਾਫ਼ੀ ਚਮਕ-ਦਮਕ ਨਾਲ ਭਰੀ ਤੇ ਅੰਦਾਜ਼ਾਂ ਦੀ ਰਾਣੀ ਹੈ। ਫੈਸ਼ਨ ਮਾਹਿਰ ਮੰਨਦੇ ਹਨ ਕਿ ਉਹ ਫੈਸ਼ਨ ਦੇ ਮਾਮਲੇ 'ਚ ਸੋਨਮ ਕਪੂਰ ਨੂੰ ਪਿਛਾਂਹ ਛੱਡ ਸਕਦੀ ਹੈ। ਅਥੀਆ ਵੀ ਮਿਹਨਤ ਵਿਚ ਵਿਸ਼ਵਾਸ ਰੱਖਦੀ ਹੈ। ਉਹ ਵਾਰ-ਵਾਰ ਸਲਮਾਨ ਖਾਨ ਦਾ ਜ਼ਿਕਰ ਕਰਦੀ ਹੈ ਕਿ ਉਨ੍ਹਾਂ ਦੁਆਰਾ ਮੌਕੇ ਦਿੱਤੇ ਜਾਣ ਕਾਰਨ ਉਸ ਦੇ ਸਿਰ 'ਤੇ ਜ਼ਿੰਮੇਵਾਰੀਆਂ ਦੀ ਪੰਡ ਭਾਰੀ ਹੈ। ਸਲਮਾਨ ਨੂੰ ਤਾਂ ਅਥੀਆ ਆਪਣਾ ਗੁਰੂ-ਉਸਤਾਦ ਮੰਨਦੀ ਹੈ। ਅਥੀਆ 'ਤੇ ਉਸ ਦੇ ਪਿਤਾ ਸੁਨੀਲ ਸ਼ੈਟੀ ਨੂੰ ਵੀ ਫ਼ਖਰ ਹੈ ਤੇ ਉਹ ਚਾਹੁੰਦੇ ਹਨ ਕਿ ਕਿਸੇ ਫ਼ਿਲਮ 'ਚ ਉਹ ਆਪ ਉਸ ਦੇ ਬਾਪ ਦਾ ਕਿਰਦਾਰ ਨਿਭਾਉਣ। ਅਥੀਆ ਕੁਝ ਦੇਰ ਅਰਾਮ ਕਰ ਰਹੀ ਹੈ। ਉਹ ਚੋਣਵਾਂ ਕੰਮ ਹੀ ਕਰੇਗੀ। ਚੰਗੀ ਕਹਾਣੀ ਦਾ ਇੰਤਜ਼ਾਰ ਹੈ। ਚਾਹੇ ਦੋ ਸਾਲ 'ਚ ਦੋ ਫ਼ਿਲਮਾਂ ਘੱਟ ਹਨ ਪਰ ਅਥੀਆ ਨੂੰ ਇਸ ਦਾ ਕੋਈ ਮਲਾਲ ਨਹੀਂ ਹੈ। ਮਾਂ ਮਾਨਾ ਸ਼ੈਟੀ ਨਾਲ ਮਿਲ ਕੇ ਕਈ ਚੰਗੇ ਕਾਰਜਾਂ ਲਈ ਵੀ ਉਹ ਸਰਗਰਮ ਰਹਿੰਦੀ ਹੈ। ਨਿਊਯਾਰਕ ਦੀ ਸਿੱਖਿਆ ਤੇ ਇਥੋਂ ਦੀ ਸਿੱਖਿਆ ਜ਼ਮੀਨ-ਅਕਾਸ਼ ਦਾ ਅੰਤਰ ਉਸ ਅਨੁਸਾਰ ਹੈ। ਅਥੀਆ ਚਾਹੁੰਦੀ ਹੈ ਕਿ ਇਥੇ ਸਿੱਖਿਆ ਵਪਾਰਕ ਕੰਮਾਂ ਲਈ ਅਗਾਂਹ ਕੰਮ ਆਏ, ਸਿੱਖਿਆ ਅਜਿਹੀ ਹੋਣੀ ਚਾਹੀਦੀ ਹੈ ਤਾਂ ਜੋ ਬਹੁਤ ਸਾਰੇ ਸਿੱਖਿਅਤ ਲੋਕ ਰੁਜ਼ਗਾਰ ਪ੍ਰਾਪਤ ਕਰ ਸਕਣ।


ਖ਼ਬਰ ਸ਼ੇਅਰ ਕਰੋ

ਅਕਸ਼ੈ ਕੁਮਾਰ

ਬਣਿਆ ਲੋਕ ਨਾਇਕ

'ਪੈਡਮੈਨ' ਇਸ ਫ਼ਿਲਮ ਨਾਲ ਫਿਰ ਅਕਸ਼ੈ ਕੁਮਾਰ ਖ਼ਬਰਾਂ ਦਾ ਮੁੱਖ ਮੁੱਦਾ ਹੈ ਫ਼ਿਲਮੀ ਗਲਿਆਰਿਆਂ ਵਿਚ। ਅਕਸ਼ੈ ਦਾ ਚਿਹਰਾ ਲੋਕਾਂ 'ਚ ਸਮਾਜਿਕ ਮੁੱਦਿਆਂ ਨਾਲ ਜੁੜਿਆ ਚਿਹਰਾ ਬਣ ਉੱਭਰ ਰਿਹਾ ਹੈ। ਜਨ-ਕਲਿਆਣ ਲਈ ਸਰਕਾਰ ਨਾਲ ਮਿਲ ਕੇ ਔਰਤਾਂ ਦੀ ਇਸ ਸਮੱਸਿਆ 'ਤੇ ਉਹ ਦਸਤਾਵੇਜ਼ੀ ਫ਼ਿਲਮ ਵੀ ਬਣਾ ਸਕਦਾ ਹੈ। ਭੂਮੀ ਪੇਡਨੇਕਰ ਉਸ ਨਾਲ ਹੋਏਗੀ। ਅੱਕੀ ਨੇ ਸਮਾਜਿਕ ਮੁੱਦਿਆਂ 'ਤੇ ਹੁਣ ਧਿਆਨ ਕੇਂਦਰਿਤ ਕਰ ਲਿਆ ਹੈ ਤੇ ਉਸ ਦੀ ਅਗਲੀ ਫ਼ਿਲਮ 'ਦਾਜ' ਵੀ ਭੈੜੀ ਲਾਹਨਤ 'ਤੇ ਹੋਏਗੀ। ਅੱਕੀ ਦੀ ਪਤਨੀ ਟਵਿੰਕਲ ਦਾ ਸਾਥ ਅਜਿਹੀਆਂ ਫ਼ਿਲਮਾਂ ਲਈ ਉਸ ਨੂੰ ਮਿਲ ਰਿਹਾ ਹੈ। ਅਕਸ਼ੈ ਤਾਂ 'ਪੈਡਮੈਨ' ਤੋਂ ਬਾਅਦ ਬਦਲ ਹੀ ਗਿਆ ਹੈ। ਅਕਸ਼ੈ ਤਾਂ ਮਹਾਂਰਾਸ਼ਟਰ ਸਰਕਾਰ ਨਾਲ ਮਿਲ ਕੇ 'ਅਸਮਿਤਾ ਯੋਜਨਾ' 'ਚ ਵੀ ਸਹਿਯੋਗ ਦੇ ਰਿਹਾ ਹੈ। ਅਕਸ਼ੈ ਨੂੰ ਖੁਸ਼ੀ ਹੈ ਕਿ ਜਿਥੇ 'ਪੈਡਮੈਨ' ਲੋਕਾਂ ਪਸੰਦ ਕੀਤੀ ਹੈ, ਉਥੇ ਉਸ ਦੇ ਪੁੱਤਰ ਆਰਵ ਨੇ ਵੀ ਉਸ ਦੀ ਪਿੱਠ ਥਾਪੜੀ ਹੈ। ਅਕਸ਼ੈ ਨੇ 'ਗੋਲਡ' ਦੀ ਸ਼ੂਟਿੰਗ ਵੀ ਪੂਰੀ ਕਰਵਾ ਦਿੱਤੀ ਹੈ। ਪ੍ਰੇਰਨਾ ਅਰੋੜਾ ਉਸ ਦੀ ਨਵੀਂ ਫ਼ਿਲਮ 'ਚ ਭਾਈਵਾਲ ਬਣੀ ਹੈ। ਪ੍ਰੇਰਨਾ ਦੀ ਅੱਕੀ ਨਾਲ ਹੁਣ ਚੌਥੀ ਨਵੀਂ ਫ਼ਿਲਮ ਹੋਵੇਗੀ। ਸਮਾਜ ਦਾ ਚਿਹਰਾ ਬਣ ਅਕਸ਼ੈ ਲੋਕਾਂ ਦੀ ਹਮਦਰਦੀ ਤੇ ਪਿਆਰ ਹਾਸਿਲ ਕਰ ਰਿਹਾ ਹੈ। 'ਗੋਲਡ' ਤੋਂ ਬਾਅਦ 'ਦਾਜ' ਤੇ ਉਸ ਦੀ ਫ਼ਿਲਮ ਸਮਾਜ 'ਚ ਸੱਚਮੁੱਚ ਅੱਜ ਦੇ ਸਿਨੇਮਾ ਦਾ ਯੋਗਦਾਨ ਪ੍ਰਮੁੱਖ ਹੈ, ਨੂੰ ਦਰਸਾਉਂਦਾ ਹੈ। ਅਕਸ਼ੈ ਨੂੰ ਕੇਂਦਰ ਸਰਕਾਰ ਤੋਂ ਵੀ ਸਮਾਜਿਕ ਫ਼ਿਲਮਾਂ ਬਣਾਉਣ ਲਈ ਪ੍ਰਸੰਸਾ ਮਿਲ ਰਹੀ ਹੈ। ਲੋਕਮੰਚ ਨਾਲ ਜੁੜ ਕੇ ਅਕਸ਼ੈ ਕੁਮਾਰ ਲੋਕ ਅਭਿਨੇਤਾ/ਲੋਕ ਨਾਇਕ ਬਣ ਗਿਆ ਹੈ।

ਅਨੁਸ਼ਕਾ ਸ਼ਰਮਾ ਕੋਹਲੀ ਪਰੀ ਤੋਂ ਆਸ

ਅਨੁਸ਼ਕਾ ਕੋਹਲੀ ਨੂੰ ਖੁਸ਼ੀ ਹੈ ਕਿ ਵਿਰਾਟ ਕ੍ਰਿਕਟ 'ਚ ਨਵੇਂ ਰਿਕਾਰਡ ਬਣਾ ਰਿਹਾ ਹੈ ਤੇ ਉਹ ਕਰਮਾਂਵਾਲੀ ਪਤਨੀ ਬਣ ਗਈ ਹੈ। ਅਨੁਸ਼ਕਾ ਦੱਖਣੀ ਅਫ਼ਰੀਕਾ 'ਚ ਵਿਰਾਟ ਸਦਕਾ ਮਿਲੀ ਇਤਿਹਾਸਕ ਜਿੱਤ 'ਤੇ ਕਹਿ ਰਹੀ ਹੈ ਕਿ ਉਹ ਲੋਕ ਜੋ ਵਿਰਾਟ ਦੇ ਮਾੜੇ ਪ੍ਰਦਰਸ਼ਨ ਲਈ ਉਸ ਨੂੰ ਪਾਣੀ ਪੀ ਪੀ ਕੇ ਕੋਸਦੇ ਸਨ, ਉਹ ਹੁਣ ਜਵਾਬ ਦੇਣ। ਚਾਹੇ ਵਿਰਾਟ ਨੂੰ ਦੁੱਖੀ ਕਰਨ ਲਈ ਫ਼ਿਲਮੀ ਦ੍ਰਿਸ਼ਾਂ ਦੀ ਕਾਂਟ-ਸ਼ਾਂਟ ਕਰ ਕੇ ਅਨੁਸ਼ਕਾ ਦੇ ਵੀਡੀਓ ਵਾਇਰਲ ਕੀਤੇ ਜਾ ਰਹੇ ਹਨ ਪਰ ਅਨੂੰ ਘਬਰਾਈ ਨਹੀਂ ਹੈ। ਅਨੂੰ ਨੂੰ ਆਪਣੇ ਕੰਮ ਤੇ ਵਿਰਾਟ ਨਾਲ ਮਤਲਬ ਹੈ। ਮਾਰਚ ਦੇ ਪਹਿਲੇ ਹਫ਼ਤੇ ਵਿਆਹ ਤੋਂ ਬਾਅਦ ਤੇ ਇਸ ਨਵੇਂ ਸਾਲ 'ਚ ਆ ਰਹੀ ਨਵੀਂ ਫ਼ਿਲਮ 'ਪਰੀ' ਤੋਂ ਅਨੂੰ ਨੂੰ ਕਾਫ਼ੀ ਉਮੀਦ ਹੈ। 'ਪਰੀ' ਇਕ ਰੌਂਗਟੇ ਖੜ੍ਹੇ ਕਰ ਦੇਣ ਵਾਲੀ ਫ਼ਿਲਮ ਹੈ ਤੇ ਅਨੂੰ ਅਨੁਸਾਰ ਕਮਜ਼ੋਰ ਦਿਲ ਇਸ ਫ਼ਿਲਮ ਨੂੰ ਦੇਖਣ ਲਈ ਸਾਵਧਾਨ ਰਹਿਣ। ਅਨੂੰ ਨੇ 'ਪਰੀ' ਦਾ ਟ੍ਰੇਲਰ ਆਪਣੇ ਪਤੀ ਵਿਰਾਟ ਤੋਂ ਜਾਰੀ ਕਰਵਾ ਲਿਆ ਹੈ। ਇਸ ਫ਼ਿਲਮ 'ਚ ਅਨੂੰ ਦਾ ਅੰਦਾਜ਼ ਕਾਫ਼ੀ ਭਿਆਨਕ ਤੇ ਖ਼ੌਫ਼ਨਾਕ ਹੈ। ਯਾਦ ਰਹੇ 'ਪਰੀ' ਦਾ ਨਿਰਮਾਣ ਅਨੂੰ ਨੇ ਆਪ ਕੀਤਾ ਹੈ ਤੇ 'ਐਨ. ਐਚ.-101' ਤੇ 'ਫਿਲੌਰੀ' ਤੋਂ ਬਾਅਦ ਅਨੂੰ ਦੀ ਆਪਣੀ ਘਰ ਦੀ ਇਹ ਤੀਸਰੀ ਫ਼ਿਲਮ ਹੈ। 'ਪਰੀ' ਤੋਂ ਇਲਾਵਾ ਉਹ ਸ਼ਾਹਰੁਖ ਨਾਲ 'ਜ਼ੀਰੋ' ਕਰ ਰਹੀ ਹੈ ਤੇ ਵਰੁਣ ਧਵਨ ਨਾਲ ਉਸ ਦੀ 'ਸੂਈ ਧਾਗਾ' ਵੀ ਤੇਜ਼ੀ ਨਾਲ ਬਣ ਰਹੀ ਹੈ। 'ਪਰੀ', 'ਸੂਈ ਧਾਗਾ' ਲੈ ਕੇ ਦਰਸ਼ਕ ਨਵੇਂ ਸਾਲ 'ਚ ਵੀ ਆਪਣੇ ਪਿਆਰ 'ਚ ਪਰੋਅ ਲੈਣ 'ਚ ਕਾਮਯਾਬ ਰਹੇ ਜਿਵੇਂ 'ਪਰੀ' ਦਾ ਰਾਜ ਕੁਮਾਰ ਵਿਰਾਟ ਕੋਹਲੀ ਕ੍ਰਿਕਟ 'ਚ ਕਾਮਯਾਬ ਹੈ।

ਕੰਗਨਾ ਰਣੌਤ

ਬੋਲੇ ਬੇਬਾਕ ਬੋਲ

ਨਿੱਤ ਨਵੀਂ ਲੜਾਈ, ਨਵਾਂ ਪੰਗਾ, ਨਵਾਂ ਝਮੇਲਾ ਇਹ ਸਭ ਇੰਡਸਟਰੀ ਵਿਚ ਕੰਗਨਾ ਰਣੌਤ ਹੀ ਕਰ ਸਕਦੀ ਹੈ। ਇਧਰ ਕਰਨ ਜੌਹਰ ਨੇ 'ਵਿਕਟਿਮ ਕਾਰਡ', 'ਮਹਿਲਾ ਕਾਰਡ' ਜਿਹੇ ਲਫ਼ਜ਼ ਕੰਗਨਾ ਲਈ ਹੀ ਵਰਤੇ ਤਾਂ ਉਹ ਤਾਂ ਭੜਕ ਪਈ। ਕੰਗਨਾ ਨੇ ਤੁਰੰਤ ਸੰਵਾਦਦਾਤਾ ਸੰਮੇਲਨ ਬੁਲਾਇਆ ਤੇ ਕਿਹਾ ਕਿ ਕਈਆਂ ਨੂੰ ਤਾਂ 'ਭਾਈ ਭਤੀਜਾਵਾਦ' ਦੀ ਪਰਿਭਾਸ਼ਾ ਦਾ ਹੀ ਨਹੀਂ ਪਤਾ। ਉਸ ਦਾ ਇਸ਼ਾਰਾ ਕਰਨ ਜੌਹਰ ਵੱਲ ਸੀ। ਕਰਨ ਨੇ ਕਿਹਾ ਸੀ ਕਿ ਜੇ ਕਿਸੇ ਨੂੰ ਇਥੇ ਤਕਲੀਫ਼ ਹੈ ਤਾਂ ਉਹ ਇੰਡਸਟਰੀ ਤੋਂ ਵਿਦਾਈ ਲੈ ਲਏ ਤਾਂ ਕੰਗਨਾ ਖਿੱਝ ਗਈ। ਉਸ ਨੇ ਕਿਹਾ ਕਿ ਬਾਲੀਵੁੱਡ ਇੰਡਸਟਰੀ ਕਿਸੇ ਦੇ ਪਿਉ ਦਾ ਸਟੂਡੀਓ ਨਹੀਂ ਹੈ ਤੇ ਇਹ ਕਿਸੇ ਦੀ ਨਿੱਜੀ ਜਗੀਰ ਨਹੀਂ ਹੈ। ਇਸ 'ਤੇ ਸਭ ਦਾ ਹੱਕ ਹੈ। ਉਹ ਮਰਦਵਾਚੀ ਸ਼ੋਰ ਦੇ ਖ਼ਿਲਾਫ਼ ਲੜਦੀ ਰਹੇਗੀ। ਕੰਗਨਾ ਤਾਂ ਇਥੋਂ ਤੱਕ ਗੁੱਸੇ 'ਚ ਕਹਿ ਗਈ ਕਿ ਹੁਣ ਖ਼ੁਦ ਕਰਨ ਇਕ ਧੀ ਦੇ ਪਿਤਾ ਹਨ। ਉਹ ਇਨ੍ਹਾਂ ਕਾਰਡਜ਼ ਦਾ ਇਸਤੇਮਾਲ ਆਪਣੀ ਧੀ ਲਈ ਕਰਨ। ਵੈਸੇ ਕੰਗਨਾ ਵਿਚਾਰੀ ਸਹੀ ਹੈ। ਉਸ ਨੂੰ ਕਈ ਪਲੇਟਫਾਰਮ 'ਤੇ ਲੜਨਾ ਪੈ ਰਿਹਾ ਹੈ। ਖਾਸ ਗੱਲ ਇਹ ਹੈ ਕਿ ਇਹ ਸਾਰੇ ਹੀ ਮਰਦ ਹਨ। ਸ਼ੇਖਰ ਸੁਮਨ ਨੇ ਕੰਗਨਾ ਨੂੰ 'ਕੋਕੀਨ ਗਰਲ' ਕਿਹਾ, ਹਾਲਾਂਕਿ ਇਹ ਅਪ੍ਰਤੱਖ ਰੂਪ ਵਿਚ ਕਿਹਾ ਗਿਆ ਸੀ। ਕੰਗਨਾ ਲਈ ਚੰਗੀ ਗੱਲ ਇਹ ਰਹੀ ਕਿ ਲੋਕਾਂ ਨੇ ਸ਼ੇਖਰ ਸੁਮਨ ਦੀ ਇਸ ਟਵੀਟ ਲਈ ਕਾਫ਼ੀ ਆਲੋਚਨਾ ਕੀਤੀ। ਕੰਗਨਾ ਦੀ ਇਸ ਸਮੇਂ 'ਮਣੀਕਰਨ' ਫ਼ਿਲਮ ਆ ਰਹੀ ਹੈ। ਰਿਤਿਕ ਤੋਂ ਲੈ ਕੇ ਸ਼ੇਖਰ ਸੁਮਨ ਤੇ ਕਰਨ ਜੌਹਰ, ਪੂਰੀ ਇੰਡਸਟਰੀ ਦੇ ਵੱਡੇ ਲੋਕਾਂ ਨਾਲ ਲੜ ਰਹੀ ਕੰਗਨਾ ਲਈ ਖ਼ਾਸ ਗੱਲ ਇਹ ਹੈ ਕਿ ਉਸ ਕੋਲ ਪ੍ਰਸੰਸਕਾਂ ਦਾ ਪਿਆਰ ਹੈ। ਈਸ਼ਵਰ ਉਸ ਦੀ ਸਹਾਇਤਾ ਕਰਦਾ ਹੈ ਤੇ ਕੰਗਨਾ ਹਰ ਵਿਵਾਦ 'ਚੋਂ ਜੇਤੂ ਹੋ ਕੇ ਹੀ ਨਿਕਲਦੀ ਹੈ।


-ਸੁਖਜੀਤ ਕੌਰ

'ਮੈਨੂੰ ਪੰਜਾਬੀ ਵਿਆਹ ਪਸੰਦ ਹੈ'

ਕ੍ਰਿਤੀ ਖਰਬੰਦਾ

'ਰਾਜ਼ ਰੀਬੂਟ' ਤੋਂ ਬਾਲੀਵੁੱਡ ਵਿਚ ਪੇਸ਼ ਹੋਈ ਕ੍ਰਿਤੀ ਖਰਬੰਦਾ ਨਾਲ ਮੁੰਬਈ ਦੇ ਇਕ ਹੋਟਲ ਵਿਚ ਕ੍ਰਿਤੀ ਨਾਲ ਮੁਲਾਕਾਤ ਹੋਣ 'ਤੇ ਪਹਿਲਾ ਸਵਾਲ ਇਹੀ ਪੁੱਛਿਆ ਗਿਆ ਕਿ 'ਤੁਹਾਡੀਆਂ ਹਾਲੀਆ ਦੋ ਫ਼ਿਲਮਾਂ ਦੇ ਨਾਂਅ ਦੇਖ ਕੇ ਲਗਦਾ ਹੈ ਕਿ ਤੁਹਾਨੂੰ ਬਰਾਤ ਵਿਚ ਸ਼ਾਮਿਲ ਹੋਣਾ ਕੁਝ ਜ਼ਿਆਦਾ ਪਸੰਦ ਹੈ?'
-ਬਾਰਾਤ ਦੀ ਗੱਲ ਛੱਡੋ, ਮੈਨੂੰ ਤਾਂ ਸਿੱਧੇ ਦੁਲਹਨ ਹੀ ਬਣਾ ਦਿੱਤਾ ਜਾਂਦਾ ਹੈ। 'ਉਹ ਹੱਸਦੇ ਹੋਏ ਕਹਿੰਦੀ ਹੈ।' ਪਿਛਲੇ ਅੱਠ ਮਹੀਨਿਆਂ ਵਿਚ ਮੈਂ ਅੱਠ ਵਾਰ ਦੁਲਹਨ ਬਣੀ ਹਾਂ। 'ਸ਼ਾਦੀ ਮੇਂ ਜ਼ਰੂਰ ਆਨਾ' ਵਿਚ ਮੈਂ ਤਿੰਨ ਵਾਰ ਦੁਲਹਨ ਬਣੀ ਤੇ 'ਗੈਸਟ ਇਨ ਲੰਦਨ' ਵਿਚ ਇਕ ਵਾਰ। ਇਹ ਫ਼ਿਲਮ 'ਵੀਰੇ ਕੀ ਵੈਡਿੰਗ' ਵਿਚ ਫਿਰ ਦੁਲਹਨ ਬਣੀ ਤੇ 'ਸ਼ਾਦੀ ਮੇਂ ਜ਼ਰੂਰ ਆਨਾ' ਦੇ ਪ੍ਰਚਾਰ ਤੇ ਪੋਸਟਰ ਸ਼ੂਟ ਲਈ ਤਿੰਨ ਵਾਰ ਦੁਲਹਨ ਬਣੀ। ਹੁਣ ਤਾਂ ਦੁਲਹਨ ਬਣਨ ਦਾ ਅਭਿਆਸ ਜਿਹਾ ਹੋ ਗਿਆ ਹੈ, ਕਹਿ ਕੇ ਉਹ ਫਿਰ ਇਕ ਵਾਰ ਹੱਸ ਪੈਂਦੀ ਹੈ।
* ਜਦੋਂ ਤੁਸੀਂ ਦੁਲਹਨ ਬਣਦੇ ਹੋ, ਉਦੋਂ ਤੁਹਾਡੇ ਦਿਮਾਗ਼ ਵਿਚ ਕੀ ਕੁਝ ਚੱਲ ਰਿਹਾ ਹੁੰਦਾ ਹੈ?
-ਪਹਿਲੀ ਵਾਰ ਜਦੋਂ ਦੁਲਹਨ ਬਣੀ ਸੀ, ਉਹ ਦੱਖਣ ਦੀ ਫ਼ਿਲਮ ਲਈ ਬਣੀ ਸੀ। ਜਦੋਂ ਖ਼ੁਦ ਨੂੰ ਦੁਲਹਨ ਦੇ ਕੱਪੜਿਆਂ ਵਿਚ ਸਜ਼ੀ ਦੇਖਿਆ ਤਾਂ ਮਨ ਹੀ ਮਨ ਇਹ ਕਿਹਾ ਸੀ 'ਹਾਏ, ਕਿੰਨੀ ਸੋਹਣੀ ਲਗ ਰਹੀ ਹਾਂ।' ਫਿਰ ਮੈਨੂੰ ਆਪਣੇ ਬਚਪਨ ਦੇ ਦਿਨ ਯਾਦ ਆ ਗਏ। ਉਦੋਂ ਮੈਂ ਸੋਚਿਆ ਕਰਦੀ ਸੀ ਕਿ ਚਿੱਟੇ ਘੋੜੇ 'ਤੇ ਬੈਠ ਕੇ ਰਾਜ ਕੁਮਾਰ ਮੈਨੂੰ ਲੈਣ ਆਵੇਗਾ। ਹੁਣ ਜਦੋਂ ਦੁਲਹਨ ਬਣ ਗਈ ਤਾਂ ਸੋਚਿਆ ਕਿ ਰਾਜ ਕੁਮਾਰ ਭਾਵੇਂ ਸਫੈਦ ਘੋੜੇ 'ਤੇ ਸਵਾਰ ਹੋ ਕੇ ਆਵੇ ਪਰ ਜਦੋਂ ਮੈਨੂੰ ਲੈ ਕੇ ਜਾਵੇ ਤਾਂ ਬੀ. ਐਮ. ਡਬਿਲਊ ਵਿਚ ਬਿਠਾ ਕੇ ਲੈ ਜਾਵੇ।
* ਨਿੱਜੀ ਜੀਵਨ ਵਿਚ ਤੁਸੀਂ ਕਈ ਵਿਆਹ ਦੇਖੇ ਹੋਣਗੇ, ਕੋਈ ਯਾਦਗਾਰ ਵਿਆਹ?
-ਮੇਰੇ ਲਈ ਤਾਂ ਹਰ ਵਿਆਹ ਯਾਦਗਾਰ ਰਿਹਾ ਹੈ। ਮੈਂ ਦਿੱਲੀ ਤੋਂ ਹਾਂ ਅਤੇ ਉਥੇ ਮੈਂ ਆਪਣੇ ਰਿਸ਼ਤੇਦਾਰਾਂ ਦੇ ਵਿਆਹਾਂ 'ਚ ਸ਼ਾਮਿਲ ਹੁੰਦੀ ਰਹੀ ਹਾਂ। ਮੈਂ ਆਪਣੀਆਂ ਮਾਸੀਆਂ ਦੇ ਵਿਆਹ ਵੀ ਦੇਖੇ ਹਨ। ਵਿਆਹ ਦੀ ਸਭ ਤੋਂ ਚੰਗੀ ਗੱਲ ਮੈਨੂੰ ਇਹ ਲਗਦੀ ਹੈ ਕਿ ਦੋ ਕਮਰੇ ਦੇ ਫਲੈਟ ਵਿਚ 25 ਲੋਕ ਖ਼ੁਦ ਨੂੰ 'ਅਡਜਸਟ' ਕਰ ਲੈਂਦੇ ਹਨ। ਮੈਨੂੰ ਵਿਆਹ ਦੀਆਂ ਰਸਮਾਂ ਵੀ ਪਸੰਦ ਹਨ। ਖ਼ਾਸ ਕਰ ਕੇ ਪੰਜਾਬੀ ਵਿਆਹ ਪਸੰਦ ਹਨ। ਵਿਆਹ ਦੇ ਮੌਕੇ 'ਤੇ ਰਿਸ਼ਤੇਦਾਰਾਂ ਨਾਲ ਮੇਲ-ਮਿਲਾਪ ਵਿਆਹ ਦੀ ਅਹਿਮੀਅਤ ਵਧਾ ਦਿੰਦਾ ਹੈ।
* 'ਵੀਰੇ ਕੀ ਵੈਡਿੰਗ' ਦੀ ਸ਼ੂਟਿੰਗ ਦਿੱਲੀ ਵਿਚ ਕੀਤੀ ਗਈ ਹੈ। ਭੂਮਿਕਾ ਲਈ ਦਿੱਲੀ ਵਾਲੀ ਕੁੜੀ ਬਣਨਾ ਤੁਹਾਡੇ ਲਈ ਸੌਖਾ ਰਿਹਾ?
-ਸੌਖਾ ਨਹੀਂ ਸਗੋਂ ਮੁਸ਼ਕਿਲ ਰਿਹਾ ਸੀ। ਫ਼ਿਲਮ ਵਿਚ ਮੇਰੇ ਕਿਰਦਾਰ ਦਾ ਨਾਂਅ ਗੀਤ ਹੈ। ਉਹ ਦਿੱਲੀ ਦੀ ਰਹਿਣ ਵਾਲੀ ਹੈ ਅਤੇ ਮਾਂ-ਬਾਪ ਦੀ ਲਾਡਲੀ ਹੈ। ਮੈਂ ਦਿੱਲੀ ਤੋਂ ਹਾਂ ਪਰ ਜਦੋਂ ਮੈਂ ਡੇਢ ਸਾਲ ਦੀ ਸੀ, ਉਦੋਂ ਅਸੀਂ ਬੰਗਲੌਰ ਚਲੇ ਗਏ ਸੀ। ਮੈਂ ਉਥੇ ਪਲੀ ਹਾਂ। ਸੋ, ਮੇਰੇ ਵਿਚ ਦਿੱਲੀ ਦੀ ਕੁੜੀ ਵਾਲੀ ਕੋਈ ਗੱਲ ਨਹੀਂ ਹੈ। ਜਦੋਂ ਮੈਂ ਫ਼ਿਲਮ ਦੀ ਡਬਿੰਗ ਕਰ ਰਹੀ ਸੀ, ਉਦੋਂ ਮੈਂ ਮਹਿਸੂਸ ਕੀਤਾ ਕਿ ਕੁਝ ਕਮੀ ਰੜਕ ਰਹੀ ਹੈ। ਮੈਂ ਡਬਿੰਗ ਰੋਕ ਦਿੱਤੀ ਅਤੇ ਦਿੱਲੀ ਦੇ ਕਿਰਦਾਰਾਂ 'ਤੇ ਆਧਾਰਿਤ ਕਈ ਫ਼ਿਲਮਾਂ ਦੇਖੀਆਂ। ਉਥੋਂ ਦਿੱਲੀ ਵਾਲਾ ਰਹਿਣ-ਸਹਿਣ ਸਿੱਖਿਆ। ਫਿਰ ਜਾ ਕੇ ਫ਼ਿਲਮ ਦੀ ਡਬਿੰਗ ਕੀਤੀ।
* ਤੁਹਾਡੀ ਅਗਲੀ ਫ਼ਿਲਮ?
-ਮੈਂ ਦੋ ਹਿੰਦੀ ਫ਼ਿਲਮਾਂ 'ਯਮਲਾ ਪਗਲਾ ਦੀਵਾਨਾ 3' ਤੇ 'ਕਾਰਵਾਂ' ਕਰ ਰਹੀ ਹਾਂ। 'ਕਾਰਵਾਂ' ਵਿਚ ਮੇਰੀ ਪੂਰੀ ਵੱਡੀ ਭੂਮਿਕਾ ਨਹੀਂ ਹੈ। ਨਾਲ ਹੀ ਕੰਨੜ ਫ਼ਿਲਮ 'ਦਲਪਤੀ' ਕਰ ਰਹੀ ਹਾਂ ਅਤੇ ਹਾਂ, ਇਹ ਕਮਲ ਹਸਨ ਦੀ ਹਿੱਟ ਫ਼ਿਲਮ 'ਦਲਪਤੀ' ਦੀ ਰੀਮੇਕ ਨਹੀਂ ਹੈ।


-ਇੰਦਰਮੋਹਨ ਪੰਨੂੰ

ਅਦਿੱਤੀ ਰਾਉ ਹੈਦਰੀ

ਸਾਦਾਪਨ ਪਸੰਦ

'ਪਦਮਾਵਤ' ਨੇ ਅਦਿਤੀ ਰਾਉ ਹੈਦਰੀ ਨੂੰ ਫਿਰ ਚਰਚਾ ਵਿਚ ਲਿਆਂਦਾ ਹੈ। ਸਮਰ ਰਿਸਾਰਟ 2018 ਦੇ ਚੌਥੇ ਦਿਨ ਅਦਿਤੀ ਡਿਜ਼ਾਈਨਰ ਪਾਇਲ ਸਿੰਘਲ ਲਈ ਰੈਂਪ 'ਤੇ ਆਈ। 'ਪਦਮਾਵਤ' 'ਚ ਮੇਹਰੁਨਿਸਾ ਦੀ ਭੂਮਿਕਾ ਨਿੱਕੀ ਸੀ ਪਰ ਭੰਸਾਲੀ ਨਾਲ ਕੰਮ ਕਰਨ ਦਾ ਉਸ ਦਾ ਸੁਪਨਾ ਪੂਰਾ ਹੋਇਆ। 'ਦਾਸ ਦੇਵ' ਨੂੰ ਲੈ ਕੇ ਅਦਿਤੀ ਬਹੁਤ ਉਤਸ਼ਾਹਿਤ ਹੈ। ਸੁਧੀਰ ਮਿਸ਼ਰਾ ਦੀ ਇਹ ਫ਼ਿਲਮ ਕਿਤੇ 'ਹੇਟ ਸਟੋਰੀ-4' ਨਾਲ ਟਕਰਾ ਨਾ ਜਾਏ, ਡਰ ਇਸ ਗੱਲ ਦਾ ਹੈ। ਰਾਹੁਲ ਭੱਟ ਦੇ ਨਾਲ ਅਦਿਤੀ ਨੇ 'ਚਾਂਦਨੀ' ਦੀ ਭੂਮਿਕਾ ਅਦਾ ਕੀਤੀ ਹੈ। ਭੰਸਾਲੀ ਤੇ ਮਣੀਰਤਨਮ ਨਾਲ ਕੰਮ ਕਰਨ ਤੋਂ ਬਾਅਦ ਹੁਣ ਅਦਿਤੀ ਨਜ਼ਰ ਆਏਗੀ ਉਮੰਗ ਕੁਮਾਰ ਨਾਲ ਫ਼ਿਲਮ ਕਰ ਕੇ। ਇਹ ਫ਼ਿਲਮ ਸੰਜੇ ਦੱਤ ਨਾਲ ਅਦਿਤੀ ਦੀ ਫ਼ਿਲਮ ਹੋਏਗੀ। ਇਸ ਤੋਂ ਇਲਾਵਾ ਅਦਿਤੀ ਇਕ ਤਾਮਿਲ ਫ਼ਿਲਮ ਵੀ ਕਰ ਰਹੀ ਹੈ। ਅਦਿਤੀ ਦਾ ਕਰੀਅਰ ਹੌਲੀ-ਹੌਲੀ ਸੰਵਰ ਰਿਹਾ ਹੈ ਤੇ ਗੁਜ਼ਾਰੇ ਜੋਗੀਆਂ ਉਹ ਫ਼ਿਲਮਾਂ ਕਰੀ ਜਾ ਰਹੀ ਹੈ। ਕਰਨ ਜੌਹਰ ਵਲੋਂ ਦਿੱਤੀ ਪਾਰਟੀ 'ਚ ਅਦਿਤੀ ਦਾ ਆਉਣਾ ਕਈ ਸਵਾਲਾਂ ਨੂੰ ਜਨਮ ਦੇ ਰਿਹਾ ਹੈ। ਅਦਿਤੀ ਦਾ ਅੱਜਕਲ੍ਹ ਰਿਚਾ ਚੱਢਾ ਨਾਲ ਵੀ ਕਾਫੀ ਚੰਗਾ ਤਾਲ-ਮੇਲ ਹੈ। ਚੰਗਾ ਦਿਸਣਾ ਜ਼ਰੂਰੀ ਹੈ ਤੇ ਨਾਲ ਹੀ ਚੰਗਾ ਕਰਨਾ, ਇਹ ਅਦਿਤੀ ਦੀ ਸੋਚ ਹੈ। ਅਦਿਤੀ ਨੂੰ ਬਹੁਤ ਸਾਰੀਆਂ ਚੀਜ਼ਾਂ ਪਸੰਦ ਹਨ। ਚਾਹੇ ਉਹ ਰੈੱਡ ਕਾਰਪੇਟ 'ਤੇ ਚਲਦੀ ਹੈ, ਰੈਂਪ ਕਰਦੀ ਹੈ ਪਰ ਵੈਸੇ ਅਦਿਤੀ ਨੂੰ ਸਰਲਤਾ ਪਸੰਦ ਹੈ। ਸਰਲ ਤੇ ਸਾਧਾਰਨ ਰਹਿਣਾ ਤੇ ਦਿਸਣਾ ਉਸ ਨੂੰ ਚੰਗਾ ਲੱਗਦਾ ਹੈ। ਸ਼ਾਹੀ ਪਰਿਵਾਰ 'ਚੋਂ ਆ ਕੇ ਵੀ ਲੋੜ ਪੈਣ 'ਤੇ ਅਦਿਤੀ ਨੇ ਆਪਣੇ ਸਰਲ ਸੁਭਾਅ ਸਦਕਾ ਨਿਰਮਾਤਾਵਾਂ ਨਾਲ ਸੰਪਰਕ ਵੀ ਕੀਤਾ ਹੈ ਤੇ ਚੰਗਾ ਕੰਮ ਮੰਗਣ ਤੋਂ ਉਸ ਨੇ ਗੁਰੇਜ਼ ਵੀ ਨਹੀਂ ਕੀਤਾ।

ਚਿਤਰਾਂਗਦਾ ਸਿੰਘ ਜੱਜ ਬਣੀ

ਪਿਛਲੇ ਚਾਰ ਸਾਲਾਂ ਵਿਚ 'ਗੱਬਰ ਇਜ਼ ਬੈਕ' ਤੇ 'ਮੁੰਨਾ ਮਾਈਕਲ' ਵਿਚ ਛੋਟੀ ਭੂਮਿਕਾ ਵਿਚ ਨਜ਼ਰ ਆਈ ਚਿਤਰਾਂਗਦਾ ਸਿੰਘ ਉਦੋਂ ਖ਼ਬਰਾਂ ਵਿਚ ਆਈ ਜਦੋਂ ਉਸ ਨੇ ਨਵਾਜ਼ੂਦੀਨ ਸਿਦੀਕੀ ਨੂੰ ਮੁੱਖ ਭੂਮਿਕਾ ਵਿਚ ਚਮਕਾਉਂਦੀ 'ਬਾਬੂਮੋਸ਼ਾਏ ਬੰਦੂਕਬਾਜ਼' ਛੱਡ ਦਿੱਤੀ ਸੀ। ਇਸ ਤੋਂ ਇਲਾਵਾ ਚਿਤਰਾਂਗਦਾ ਦੀਆਂ ਸਰਗਰਮੀਆਂ ਬਾਰੇ ਜ਼ਿਆਦਾ ਕੁਝ ਸੁਣਨ ਵਿਚ ਨਹੀਂ ਆਇਆ। ਹੁਣ ਉਸ ਨੂੰ ਲੈ ਕੇ ਇਹ ਖ਼ਬਰ ਆਈ ਹੈ ਕਿ ਉਹ ਡਾਂਸ ਸ਼ੋਅ ਵਿਚ ਜੱਜ ਦੀ ਕੁਰਸੀ 'ਤੇ ਬੈਠੀ ਨਜ਼ਰ ਆਏਗੀ।
'ਡਾਂਸ ਇੰਡੀਆ ਡਾਂਸ ਲਿਟਲ ਮਾਸਟਰਜ਼' ਸ਼ੋਅ ਲਈ ਚਿਤਰਾਂਗਦਾ ਨੂੰ ਜੱਜ ਦੇ ਤੌਰ 'ਤੇ ਸਾਈਨ ਕਰ ਲਿਆ ਗਿਆ ਹੈ ਅਤੇ ਇਸ ਸ਼ੋਅ ਦੀ ਸ਼ੂਟਿੰਗ ਵੀ ਸ਼ੁਰੂ ਹੋ ਗਈ ਹੈ।
ਉਂਝ ਚਿਤਰਾਂਗਦਾ ਲਈ ਜੱਜ ਦੇ ਕੰਮ ਨੂੰ ਅੰਜਾਮ ਦੇਣਾ ਸੌਖਾ ਰਹੇਗਾ ਕਿਉਂਕਿ 'ਮੁੰਨਾ ਮਾਈਕਲ' ਵਿਚ ਵੀ ਉਹ ਡਾਂਸਿੰਗ ਸ਼ੋਅ ਦੀ ਜੱਜ ਬਣ ਕੇ ਆਪਣੀ ਰਾਏ ਦਿੰਦੀ ਨਜ਼ਰ ਆਈ ਸੀ।
ਭਾਵ, ਜੋ ਉਸ ਨੇ ਵੱਡੇ ਪਰਦੇ 'ਤੇ ਕੀਤਾ, ਉਹੀ ਕੰਮ ਹੁਣ ਛੋਟੇ ਪਰਦੇ 'ਤੇ ਕਰ ਰਹੀ ਹੈ।


-ਪੰਨੂੰ

ਫ਼ਿਲਮ 'ਸੱਸੀ-ਪੁਨੂੰ' (1965)

ਇਸ ਪੰਜਾਬੀ ਫ਼ਿਲਮ ਦੀ ਕਹਾਣੀ ਐੱਸ.ਪੀ. ਬਖ਼ਸ਼ੀ ਨੇ ਲਿਖੀ। ਇਸ ਦਾ ਸੰਗੀਤ ਬੀ.ਐੱਨ. ਬਾਲੀ ਨੇ ਦਿੱਤਾ ਸੀ। ਇਹ ਪਹਿਲੀ ਪੰਜਾਬੀ ਫ਼ਿਲਮ ਸੀ ਜੋ ਈਸਟਮੈਨ ਕਲਰ ਫ਼ਿਲਮ ਸੀ। ਇਸ ਫ਼ਿਲਮ ਦੇ ਮੁੱਖ ਅਦਾਕਾਰ ਰਵਿੰਦਰ ਕਪੂਰ, ਇੰਦਰਾ ਬਿੱਲੀ ਤੇ ਮਜਨੂੰ ਆਦਿ ਸਨ।
ਹਿੱਟ ਗੀਤਾਂ ਦੇ ਬੋਲ : 1. ਉੱਤੇ ਲੱਦਿਆ ਰੂਪ ਕੁੰਵਾਰਾ ਡਾਚੀਆਂ ਨੂੰ ਚਾਅ ਚੜ੍ਹਿਆ, 2. ਹੱਥ ਜੋੜਦੀ ਮੈਂ ਤੈਨੂੰ ਤਸਵੀਰੇ ਨੀ ਇੱਕ ਨਵੀਂ ਗੱਲ ਕਰਦੇ, 3. ਚੰਨ ਚੜ੍ਹਿਆ ਕੁਲ ਆਲਮ ਦੇਖੇ ਸਾਨੂੰ ਸੱਜਣਾ ਬਾਝ ਹਨੇਰਾ, 4. ਅੱਖਾਂ ਦੇ ਵਿੱਚ ਅੱਖਾਂ ਨਾ ਪਾ, ਮੇਰੇ ਦਿਲ ਨੂੰ ਕੁਝ ਕੁਝ ਹੋਵੇ, 5. ਗੱਜਦੇ ਦੇਖ ਲਾਲ ਬੱਦਲ ਜੰਗ ਦੇ, ਉੱਠ ਜਵਾਨਾਂ ਤੇਰਾ ਮੂੰਹ ਰੰਗਦੇ, 6. ਡਾਚੀ ਵਾਲਿਆ ਮੋੜ ਮੁਹਾਰ ਵੇ, 7. ਜੱਗ ਸਾਰਾ ਤਾਹਨੇ ਮਾਰਦਾ. ਵੇ ਰੱਬ ਰਾਖਾ ਸਾਡੇ ਪਿਆਰ ਦਾ। ਇਸ ਫ਼ਿਲਮ ਵਿਚ ਕੁੱਲ ਦਸ ਗੀਤ ਸਨ। ਇਹ ਫ਼ਿਲਮ ਅਤੇ ਇਸ ਦੇ ਗੀਤ ਬਹੁਤ ਹਿੱਟ ਰਹੇ ਸਨ।


-ਸੰਗ੍ਰਹਿ ਕਰਤਾ : ਗੁਰਮੁਖ ਸਿੰਘ ਲਾਲੀ
ਸਟੇਟ ਐਵਾਰਡੀ (ਸੰਗੀਤ), ਪਿੰਡ ਸ਼ੇਰ ਸਿੰਘ ਪੁਰਾ (ਬਰਨਾਲਾ)।

ਮਾਂ ਦਾ ਸੁਪਨਾ ਪੂਰਾ ਕਰ ਰਹੀ ਹਾਂ :

ਰੇਣੂ ਸ਼ਰਮਾ

ਇੰਦੌਰ ਵਿਚ ਜਨਮੀ ਤੇ ਪਲੀ ਰੇਣੂ ਸ਼ਰਮਾ ਹੁਣ ਬਤੌਰ ਗਾਇਕਾ ਬਾਲੀਵੁੱਡ ਵਿਚ ਕਾਫੀ ਨਾਂਅ ਕਮਾ ਰਹੀ ਹੈ। ਇਨ੍ਹੀਂ ਦਿਨੀਂ ਉਸ ਦੀ ਆਵਾਜ਼ ਨਾਲ ਸਜਿਆ ਗੀਤ 'ਦੇਸੀ ਲਵ' ਬਹੁਤ ਚਰਚਾ ਵਿਚ ਹੈ ਅਤੇ ਇਸ ਗੀਤ ਦੇ ਵੀਡੀਓ ਵਿਚ ਉਹ ਖ਼ੁਦ ਨੱਚਦੀ ਦਿਖਾਈ ਦੇ ਰਹੀ ਹੈ। ਇਸ ਤੋਂ ਪਹਿਲਾਂ ਹੈਦਰਾਬਾਦੀ ਹਿੰਦੀ ਵਿਚ ਬਣੀ 'ਦੁਲਹਨ ਹੈਦਰਾਬਾਦ ਕੀ' ਵਿਚ ਉਸ ਵਲੋਂ ਗਾਏ ਗੀਤ ਬਹੁਤ ਪਸੰਦ ਕੀਤੇ ਗਏ ਸਨ।
ਗਾਇਕਾ ਦੇ ਤੌਰ 'ਤੇ ਨਵੇਂ ਮੁਕਾਮ ਹਾਸਲ ਕਰ ਰਹੀ ਰੇਣੂ ਆਪਣੇ ਬਾਰੇ ਕਹਿੰਦੀ ਹੈ, 'ਜਦੋਂ ਮੈਂ ਪੜ੍ਹਾਈ ਕਰ ਰਹੀ ਸੀ ਉਦੋਂ ਆਈ. ਏ. ਐਸ. ਵਿਚ ਜਾਣਾ ਚਾਹੁੰਦੀ ਸੀ। ਨਾਲ ਹੀ ਮੇਰੀ ਸੰਗੀਤ ਵਿਚ ਵੀ ਰੁਚੀ ਸੀ। ਮੈਂ ਸ਼ੌਕੀਆ ਤੌਰ 'ਤੇ ਗਾਇਆ ਕਰਦੀ ਸੀ ਅਤੇ ਮੇਰੀ ਮਾਂ ਨੂੰ ਮੇਰੀ ਆਵਾਜ਼ ਬਹੁਤ ਪਸੰਦ ਸੀ। ਜਦੋਂ ਕਦੀ ਮੈਂ ਗਾਉਂਦੀ ਤਾਂ ਅੱਖਾਂ ਬੰਦ ਕਰ ਕੇ ਗੀਤ ਦਾ ਆਨੰਦ ਲੈਂਦੀ ਅਤੇ ਵੱਖਰੀ ਦੁਨੀਆ ਵਿਚ ਗੁਆਚ ਜਾਂਦੀ। ਮੇਰੇ ਪਿਤਾ ਦਾ ਸਵਰਗਵਾਸ ਹੋ ਗਿਆ ਸੀ ਅਤੇ ਮੇਰੇ ਲਈ ਮੇਰੀ ਮਾਂ ਹੀ ਸਭ ਕੁਝ ਸੀ। ਉਹ ਹੀ ਮੇਰੀ ਦੁਨੀਆ ਸੀ। ਜਦੋਂ ਮੈਂ 15 ਸਾਲ ਦੀ ਹੋਈ ਤਾਂ ਮਾਂ ਵੀ ਇਸ ਦੁਨੀਆ ਨੂੰ ਅਲਵਿਦਾ ਕਹਿ ਗਈ। ਉਨ੍ਹਾਂ ਦੇ ਜਾਣ ਤੋਂ ਬਾਅਦ ਮੈਨੂੰ ਲੱਗਿਆ ਕਿ ਮੈਨੂੰ ਆਪਣੀ ਮਾਂ ਦਾ ਸੁਪਨਾ ਪੂਰਾ ਕਰਨਾ ਚਾਹੀਦਾ ਹੈ ਅਤੇ ਹੁਣ ਗਾਇਕਾ ਬਣ ਕੇ ਮਾਂ ਦਾ ਸੁਪਨਾ ਪੂਰਾ ਕਰ ਰਹੀ ਹਾਂ।
ਆਈ. ਏ. ਐਸ. ਬਣਨ ਦਾ ਇਰਾਦਾ ਛੱਡ ਕੇ ਰੇਣੂ ਨੇ ਗਾਇਕੀ ਵੱਲ ਆਪਣਾ ਪੂਰਾ ਧਿਆਨ ਕਰ ਲਿਆ ਅਤੇ ਸ਼ਾਸਤਰੀ ਸੰਗੀਤ ਵਿਚ ਡਿਪਲੋਮਾ ਹਾਸਲ ਕਰ ਲਿਆ। ਆਪਣੀ ਆਵਾਜ਼ ਨੂੰ ਦੁਨੀਆ ਤੱਕ ਪਹੁੰਚਾਉਣ ਲਈ ਰੇਣੂ ਨੇ ਬਾਲੀਵੁੱਡ ਵੱਲ ਰੁਖ ਕੀਤਾ ਅਤੇ ਉਹ ਇੰਦੌਰ ਤੋਂ ਮੁੰਬਈ ਪਹੁੰਚ ਗਈ।
ਫ਼ਿਲਮੀ ਦੁਨੀਆ ਵਿਚ ਆਪਣੇ ਸੰਘਰਸ਼ ਬਾਰੇ ਉਹ ਕਹਿੰਦੀ ਹੈ, 'ਇਥੇ ਆ ਕੇ ਮੈਨੂੰ ਵੀ ਸਖ਼ਤ ਸੰਘਰਸ਼ ਕਰਨਾ ਪਿਆ। ਤਿੰਨ ਸਾਲਾਂ ਵਿਚ ਬਾਲੀਵੁੱਡ ਬਾਰੇ ਜਾਣੂ ਹੋ ਗਈ। ਇਸ ਦੌਰਾਨ ਮੇਰੇ ਤੋਂ ਤਕਰੀਬਨ ਪੰਜਾਹ ਗੀਤ ਗਵਾਏ ਗਏ ਪਰ ਇਕ ਵੀ ਗੀਤ ਜਾਰੀ ਨਹੀਂ ਕੀਤਾ ਗਿਆ। ਇਹ ਮੇਰੀ ਮੁਸ਼ਕਿਲ ਦੀ ਘੜੀ ਦਾ ਦੌਰ ਸੀ, ਪਰ ਮੈਂ ਹਿੰਮਤ ਨਹੀਂ ਹਾਰੀ। ਜਦੋਂ ਕਦੀ ਨਾਉਮੀਦ ਹੁੰਦੀ ਤਾਂ ਮਾਂ ਨੂੰ ਯਾਦ ਕਰ ਲੈਂਦੀ ਅਤੇ ਅੱਖਾਂ ਸਾਹਮਣੇ ਉਨ੍ਹਾਂ ਦਾ ਚਿਹਰਾ ਆਉਂਦਿਆਂ ਹੀ ਮੇਰੇ ਵਿਚ ਨਵੀਂ ਤਾਕਤ ਆ ਜਾਂਦੀ। ਪਿਛਲੇ ਦਿਨੀਂ ਮੈਨੂੰ ਦੋ ਮਰਾਠੀ ਫ਼ਿਲਮਾਂ ਵਿਚ ਮੌਕਾ ਮਿਲਿਆ ਇਹ ਫ਼ਿਲਮਾਂ ਸਨ, 'ਮੈਮਰੀ ਕਾਰਡ' ਤੇ 'ਲਵ ਝੱਕਾਸ'। ਹਾਲਾਂਕਿ ਮੈਨੂੰ ਮਰਾਠੀ ਭਾਸ਼ਾ ਨਹੀਂ ਆਉਂਦੀ ਪਰ ਮੈਨੂੰ ਜੋ ਗੀਤ ਮਿਲੇ ਉਹ ਪਾਰਟੀ ਗੀਤ ਸਨ। ਸੋ, ਇਨ੍ਹਾਂ ਵਿਚ ਅੰਗਰੇਜ਼ੀ ਸ਼ਬਦ ਜ਼ਿਆਦਾ ਸਨ। ਇਸ ਵਜ੍ਹਾ ਕਰਕੇ ਇਨ੍ਹਾਂ ਨੂੰ ਗਾਉਣ ਵਿਚ ਸੌਖ ਰਹੀ। ਹੁਣ ਜਦੋਂ ਮੈਂ ਆਪਣਾ ਸੋਲੋ ਗੀਤ 'ਦੇਸੀ ਲਵ' ਲੈ ਕੇ ਆਈ ਤਾਂ ਸ਼ੁਰੂ ਵਿਚ ਇਸ ਗੀਤ ਨੂੰ ਠੰਢਾ ਹੁੰਗਾਰਾ ਮਿਲਿਆ। ਉਸ ਦੌਰਾਨ ਯੂ-ਟਿਊਬ 'ਤੇ ਹੋਰ ਗੀਤਾਂ ਨੂੰ ਭਾਰੀ ਹੁੰਗਾਰਾ ਮਿਲਿਆ ਪਰ ਮੇਰੇ ਗੀਤ ਨੂੰ ਜ਼ਿਆਦਾ ਪਸੰਦ ਨਹੀਂ ਕੀਤਾ ਗਿਆ। ਮੇਰੀਆਂ ਦੋਵੇਂ ਵੱਡੀਆਂ ਭੈਣਾਂ ਨੂੰ ਵੀ ਮੇਰਾ ਗੀਤ ਬਹੁਤ ਪਸੰਦ ਆਇਆ ਅਤੇ ਉਨ੍ਹਾਂ ਨੇ ਇਹ ਕਹਿ ਕੇ ਹੌਸਲਾ ਦਿੱਤਾ ਕਿ ਤੂੰ ਇਮਾਨਦਾਰੀ ਨਾਲ ਮਿਹਨਤ ਕੀਤੀ ਹੈ, ਫਲ ਵੀ ਮਿੱਠਾ ਹੀ ਮਿਲੇਗਾ। ਕੁਝ ਦਿਨਾਂ ਬਾਅਦ ਮੇਰੇ ਗੀਤ ਨੂੰ ਹੁੰਗਾਰਾ ਮਿਲਣ ਲੱਗਾ ਅਤੇ ਦੇਖਦੇ ਹੀ ਦੇਖਦੇ ਗਿਣਤੀ ਵਧਣ ਲੱਗੀ। ਸੰਗੀਤ ਦੀ ਦੁਨੀਆ ਵਿਚ ਵੀ ਮੇਰੇ ਗੀਤ ਦੀ ਚਰਚਾ ਹੋਣ ਲੱਗੀ ਅਤੇ ਮੈਂ ਇਹ ਕਹਿ ਸਕਦੀ ਹਾਂ ਕਿ ਇਸ ਗੀਤ ਨੇ ਮੇਰੀ ਕਿਸਮਤ ਬਦਲ ਦਿੱਤੀ।' ਰੇਣੂ ਅਨੁਸਾਰ ਇਸ ਗੀਤ ਦੀ ਸਫਲਤਾ ਨੇ ਉਸ ਨੂੰ ਗਾਇਕੀ ਵੱਲ ਹੋਰ ਗੰਭੀਰ ਬਣਾ ਦਿੱਤਾ ਹੈ ਅਤੇ ਉਹ ਅੱਗੇ ਹੋਰ ਸੁਰੀਲੇ ਗੀਤ ਪੇਸ਼ ਕਰਨਾ ਚਾਹੁੰਦੀ ਹੈ ।

-ਪੰਨੂੰ

ਧੁਰ ਅੰਦਰ ਤੱਕ ਸਕੂਨ ਦੇਣ ਵਾਲੀ ਗਾਇਕੀ ਤੇ ਸ਼ਾਇਰੀ ਦਾ ਮਾਲਕ ਬਾਬਾ ਬੇਲੀ

ਅਜੋਕੇ ਸਮੇਂ ਅੰਦਰ ਸੰਗੀਤਕ ਦੁਨੀਆਂ ਵਿਚ ਭਾਵੇਂ ਮਾਰਧਾੜ, ਹਥਿਆਰ ਅਤੇ ਨਸ਼ਿਆਂ ਦਾ ਬੋਲਬਾਲਾ ਹੈ ਪਰ ਕਈ ਗੀਤਕਾਰ ਤੇ ਗਾਇਕ ਅੱਜ ਵੀ ਅਜਿਹੇ ਹਨ ਜੋ ਸਾਫ-ਸੁਥਰੀ ਤੇ ਪਰਿਵਾਰਕ ਗਾਇਕੀ 'ਚ ਆਪਣਾ ਯੋਗਦਾਨ ਪਾ ਰਹੇ ਹਨ। ਉਨ੍ਹਾਂ ਵਿਚੋਂ ਇਕ ਨਾਂਅ ਬਾਬਾ ਬੇਲੀ ਦਾ ਆਉਂਦਾ ਹੈ ਜੋ ਸਮਾਜਿਕ ਤੇ ਅਰਥ ਭਰਪੂਰ ਲੇਖਣੀ ਵਾਲਾ ਗੀਤਕਾਰ ਤੇ ਗਾਇਕ ਹੈ। 'ਖੁਆਬਾਂ ਦੇ ਦੇਸ਼' ਵਰਗੇ ਦਿਲਖਿੱਚ ਗੀਤ ਦੇ ਗਾਇਕ ਬਾਬਾ ਬੇਲੀ ਦੇ ਰਚੇ ਗੀਤ ਜਿਥੇ ਕਈ ਗਾਇਕਾਂ ਨੇ ਗਾਏ ਹਨ, ਉਥੇ ਹੀ ਉਸ ਵਲੋਂ ਲਿਖਿਆ ਤੇ ਪ੍ਰਸਿੱਧ ਗਾਇਕ ਕੰਵਰ ਗਰੇਵਾਲ ਵਲੋਂ ਗਾਇਆ 'ਜਿਨ੍ਹਾਂ ਨੂੰ ਤੂੰ ਦਿਸਦੈਂ ਓਹ ਹੋਰ ਈ ਅੱਖਾਂ ਨੇ' ਗੀਤ ਬਹੁਤ ਮਕਬੂਲ ਹੋਇਆ ਹੈ। ਹੁਣ ਇਕ ਵਾਰ ਫਿਰ ਨਿਰਦੇਸ਼ਕ ਸਟਾਲਨਵੀਰ ਅਤੇ ਕੇ. ਵੀ. ਸਿੰਘ ਦੇ ਸੰਗੀਤ ਹੇਠ ਵਸਲ ਪ੍ਰੋਡਕਸ਼ਨ ਰਾਹੀਂ ਬਾਬਾ ਬੇਲੀ 'ਲਾਵਾਂ' ਗੀਤ ਲੈ ਕੇ ਹਾਜ਼ਰ ਹੋਇਆ ਹੈ ਜਿਸ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ। ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਦੋਬਲੀਆਂ ਵਿਖੇ ਮਾਤਾ ਹਰਜਿੰਦਰ ਕੌਰ ਦੀ ਕੁੱਖੋਂ ਪਿਤਾ ਸਵਿੰਦਰ ਸਿੰਘ ਦੇ ਘਰ 1986 'ਚ ਜਨਮੇ ਬਾਬਾ ਬੇਲੀ ਦਾ ਅਸਲ ਨਾਂਅ ਹਰਪ੍ਰੀਤ ਸਿੰਘ ਹੈ ਜਿਸ ਨੂੰ ਬਚਪਨ ਵਿਚ ਲਿਖਣ ਦਾ ਸ਼ੌਕ ਪੈ ਗਿਆ ਤੇ ਆਪਣੀ ਮੁੱਢਲੀ ਪੜ੍ਹਾਈ ਪੂਰੀ ਕਰਨ ਉਪਰੰਤ ਪੰਜਾਬੀ ਯੂਨੀਵਰਸਿਟੀ ਤੋਂ ਆਪਣੀ ਉਚੇਰੀ ਸਿੱਖਿਆ ਹਾਸਲ ਕਰਕੇ ਹੁਣ ਸੰਗਰੂਰ ਜ਼ਿਲ੍ਹੇ ਦੇ ਧੂਰੀ ਹਲਕੇ 'ਚ ਪਿੰਡ ਬੇਨੜੇ ਦੇ ਕਾਲਜ ਵਿਚ ਬਤੌਰ ਅਧਿਆਪਕ ਵਲੋਂ ਵਿਚਰ ਰਹੇ ਬਾਬਾ ਬੇਲੀ ਨੇ ਆਪਣੇ ਇਸ ਸ਼ੌਕ ਨੂੰ ਲਗਾਤਾਰ ਜਾਰੀ ਰੱਖਿਆ ਹੈ। ਬਾਬਾ ਬੇਲੀ ਦੀ ਕਲਮ ਤੋਂ ਨਿਕਲੇ 'ਬੇ-ਫਿਕਰੀ ਨੂੰ ਹੱਲਾ ਸ਼ੇਰੀ ਦਿੰਦਾ ਏ, ਸਾਨੂੰ ਤੇਰਾ ਇਸ਼ਕ ਦਲੇਰੀ ਦਿੰਦਾ ਏ' ਵਰਗੇ ਬੋਲ ਦਿਲ ਨੂੰ ਛੂਹ ਜਾਂਦੇ ਹਨ। ਉਨ੍ਹਾਂ ਦੀ ਪੂਰੀ ਟੀਮ ਦੀ ਦਿਲੀ ਇੱਛਾ ਪੰਜਾਬ ਤੇ ਪੰਜਾਬੀ ਲਈ ਸਾਫ-ਸੁਥਰਾ ਤੇ ਪਰਿਵਾਰਕ ਕੰਮ ਕਰਨ ਦੀ ਹੈ।


-ਵਿਕਰਮਜੀਤ ਸਿੰਘ ਬਾਜਵਾ
ਕਕਰਾਲਾ (ਪਟਿਆਲਾ) 'ਅਜੀਤ' ਪੱਤਰਕਾਰ ਘੱਗਾ।

ਕੈਟਰੀਨਾ ਦੀ ਭੈਣ ਵੀ ਕੈਫ ਹੈ

ਸਾਲ 2002-03 ਵਿਚ ਜੈਕੀ ਸ਼ਰਾਫ ਦੀ ਪਤਨੀ ਆਇਸ਼ਾ ਜਦੋਂ ਬਤੌਰ ਨਿਰਮਾਤਰੀ 'ਬੂਮ' ਦਾ ਨਿਰਮਾਣ ਕਰ ਰਹੀ ਸੀ, ਉਦੋਂ ਦੋ ਨਵੀਆਂ ਹੀਰੋਇਨਾਂ ਪਦਮਾ ਲਕਸ਼ਮੀ ਤੇ ਕੈਟਰੀਨਾ ਨੂੰ ਇਸ ਵਿਚ ਚਮਕਾਇਆ ਗਿਆ ਸੀ। ਇਹ ਕੈਟਰੀਨਾ ਦੀ ਪਹਿਲੀ ਹਿੰਦੀ ਫ਼ਿਲਮ ਸੀ। ਜਦੋਂ ਆਪਣੀ ਇਸ ਨਵੀਂ ਹੀਰੋਇਨ ਦਾ ਨਾਂਅ ਰੱਖਣ ਦੀ ਵਾਰੀ ਆਈ ਤਾਂ ਆਇਸ਼ਾ ਦੇ ਨਾਲ-ਨਾਲ ਫ਼ਿਲਮ ਦੇ ਨਿਰਦੇਸ਼ਕ ਕੈਜ਼ਾਦ ਗੁਸਤਾਦ ਨੂੰ ਵੀ ਆਪਣੀ ਹੀਰੋਇਨ ਦਾ ਨਾਂਅ ਬਾਲੀਵੁੱਡ ਲਈ ਅਨੋਖਾ ਲੱਗਿਆ ਸੀ ਕਿਉਂਕਿ ਕੈਟਰੀਨਾ ਦਾ ਅਸਲੀ ਨਾਂਅ ਹੈ ਕੈਟਰੀਨਾ ਟੂਰਕੋਟ। ਉਨ੍ਹਾਂ ਨੂੰ ਲੱਗਿਆ ਕਿ ਹਿੰਦੀ ਫ਼ਿਲਮ ਦੀ ਹੀਰੋਇਨ ਲਈ ਇਹ ਨਾਂਅ ਸਹੀ ਨਹੀਂ ਰਹੇਗਾ। ਸੋ, ਉਸ ਦਾ ਨਾਂਅ ਰੱਖਿਆ ਗਿਆ ਕੈਟਰੀਨਾ ਕਾਜ਼ੀ ਅਤੇ ਫ਼ਿਲਮ ਦੇ ਸਿਲਸਿਲੇ ਵਿਚ ਜੋ ਪਹਿਲਾਂ ਪ੍ਰੈੱਸ ਸਮਾਗਮ ਮੀਡੀਆ ਵਿਚ ਦਿੱਤਾ ਗਿਆ, ਉਸ ਵਿਚ ਇਹ ਨਾਂਅ ਐਲਾਨਿਆ ਗਿਆ ਸੀ। ਫਿਰ ਲੱਗਿਆ ਕਿ ਹੀਰੋਇਨ ਵਿਚ ਗਲੈਮਰ ਹੈ ਅਤੇ ਇਸ ਗਲੈਮਰ ਦੇ ਨਾਲ ਕਾਜ਼ੀ ਨਾਂਅ ਜੱਚਦਾ ਨਹੀਂ ਹੈ ਤੇ ਫਿਰ ਇਕ ਵਾਰ ਨਵੇਂ ਨਾਂਅ 'ਤੇ ਸੋਚ-ਵਿਚਾਰ ਕੀਤਾ ਜਾਣ ਲੱਗਿਆ। ਕਿਉਂਕਿ ਉਨ੍ਹੀਂ ਦਿਨੀਂ ਕ੍ਰਿਕਟ ਵਿਚ ਮੁਹੰਮਦ ਕੈਫ ਦਾ ਬੋਲਬਾਲਾ ਬਹੁਤ ਸੀ। ਸੋ, ਉਸ ਦੇ ਨਾਂਅ ਤੋਂ ਪ੍ਰੇਰਿਤ ਹੋ ਕੇ ਕੈਟਰੀਨਾ ਦੇ ਨਾਂਅ ਦੇ ਪਿੱਛੇ ਲੱਗੇ ਕਾਜ਼ੀ ਸ਼ਬਦ ਨੂੰ ਹਟਾ ਕੇ ਕੈਫ਼ ਜੋੜ ਦਿੱਤਾ ਗਿਆ ਅਤੇ ਇਸ ਨਾਂਅ ਨਾਲ ਉਸ ਨੂੰ ਪੇਸ਼ ਕੀਤਾ ਗਿਆ। ਕੈਟਰੀਨਾ ਨੂੰ ਇਹ ਨਾਂਅ ਫਲਿਆ ਵੀ ਬਹੁਤ ਅਤੇ ਉਹ ਸਟਾਰ ਵੀ ਬਣ ਗਈ।
ਹੁਣ ਕੈਟਰੀਨਾ ਦੀ ਭੈਣ ਇਸਾਬੈਲ ਫ਼ਿਲਮਾਂ ਵਿਚ ਆ ਰਹੀ ਹੈ। ਇਕ 'ਕਾਸਮੈਟਿਕ ਬ੍ਰਾਂਡ' ਲਈ ਇਸਾਬੈਲ ਨੂੰ ਕਰਾਰਬੱਧ ਕਰ ਲਿਆ ਗਿਆ ਹੈ ਅਤੇ ਇਥੇ ਪ੍ਰਚਾਰ ਵਿਚ ਉਸ ਦਾ ਨਾਂਅ ਇਸਾਬੈਲ ਕੈਫ ਰੱਖਿਆ ਗਿਆ ਹੈ। ਭਾਵ ਭੈਣ ਨੇ ਵੀ ਆਪਣੀ ਵੱਡੀ ਭੈਣ ਦਾ ਨਾਂਅ ਅਖ਼ਤਿਆਰ ਕਰ ਲਿਆ। ਕੈਫ਼ ਨਾਂਅ ਕੈਟਰੀਨਾ ਨੂੰ ਤਾਂ ਬਹੁਤ ਫਲਿਆ। ਹੁਣ ਦੇਖਣਾ ਇਹ ਹੈ ਕਿ ਇਹ ਨਾਂਅ ਇਸਾਬੈਲ ਨੂੰ ਕਿੰਨਾ ਕੁ ਫਲਦਾ ਹੈ।


-ਮੁੰਬਈ ਪ੍ਰਤੀਨਿਧ

ਹਸੂੰ-ਹਸੂੰ ਕਰਦਾ ਖ਼ੂਬਸੂਰਤ ਚਿਹਰਾ 'ਨੇਹਾ ਪਵਾਰ'

ਬਾਲੀਵੁੱਡ ਫ਼ਿਲਮਾਂ ਦਾ ਖੂਬਸੂਰਤ ਪੰਜਾਬੀ ਚਿਹਰਾ ਤੇ ਕਮਾਲ ਦੀ ਅਦਾਕਾਰਾ ਨੇਹਾ ਪਵਾਰ ਨਿਰਦੇਸ਼ਕ ਰਾਣਾ ਰਣਬੀਰ ਨਾਲ ਪੰਜਾਬੀ ਫ਼ਿਲਮ 'ਆਸੀਸ' ਜ਼ਰੀਏ ਮੁੜ ਪੰਜਾਬੀ ਸਿਨਮੇ ਨਾਲ ਜੁੜੀ ਹੈ। ਨਵਰੋਜ਼ ਗੁਰਬਾਜ਼ ਇੰਟਰਟੇਨਮੈਂਟ ਲਿਮਟਿਡ, ਬਸੰਤ ਇੰਟਰਟੇਨਮੈਂਟ ਅਤੇ ਜ਼ਿੰਦਗੀ ਜ਼ਿੰਦਾਬਾਦ ਲਿਮਟਿਡ ਦੇ ਬੈਨਰ ਹੇਠ ਨਿਰਮਾਤਾ ਲਵਪ੍ਰੀਤ ਸਿੰਘ ਲੱਕੀ ਸੰਧੂ, ਰਾਣਾ ਰਣਬੀਰ ਤੇ ਬਲਦੇਵ ਸਿੰਘ ਬਾਠ ਦੀ ਇਸ ਫ਼ਿਲਮ 'ਚ ਨੇਹਾ ਪਵਾਰ ਨੇ ਮੁੱਖ ਭੂਮਿਕਾ ਨਿਭਾਈ ਹੈ। ਉਸ ਦਾ ਕਿਰਦਾਰ ਪਿੰਡ ਦੀ ਨੇਕ ਦਿਲ, ਸਾਊ ਜਿਹੀ ਕੁੜੀ ਦਾ ਹੈ, ਜੋ ਉਸ ਦੇ ਦਿਲ ਦੇ ਬਹੁਤ ਨੇੜੇ ਹੈ। ਹਿੰਦੀ ਅਤੇ ਤਾਮਿਲ ਫ਼ਿਲਮਾਂ ਕਰ ਚੁੱਕੀ ਹਸਮੁੱਖ ਸੁਭਾਅ ਵਾਲੀ ਨੇਹਾ ਪਵਾਰ ਨੇ ਦੱਸਿਆ ਕਿ ਮਾਂ-ਬੋਲੀ ਪੰਜਾਬੀ ਲਈ ਇਕ ਵਧੀਆ ਫ਼ਿਲਮ ਕਰਨਾ ਉਸ ਦੀ ਪੁਰਾਣੀ ਤਮੰਨਾ ਸੀ। ਰੰਗਮੰਚ ਤੇ ਫਿਲਮਾਂ ਦੇ ਵੱਡੇ ਕਲਾਕਾਰ ਰਾਣਾ ਰਣਬੀਰ ਦੇ ਨਿਰਦੇਸ਼ਨ 'ਚ ਉਨ੍ਹਾਂ ਨਾਲ ਮੁੱਖ ਭੂਮਿਕਾ 'ਚ ਕੰਮ ਕਰਨਾ ਉਸ ਦੀ ਜ਼ਿੰਦਗੀ ਦੀ ਇਕ ਵੱਡੀ ਪ੍ਰਾਪਤੀ ਹੈ। ਇਸ ਫ਼ਿਲਮ ਲਈ ਸਰਦਾਰ ਸੋਹੀ, ਰੁਪਿੰਦਰ ਰੂਪੀ , ਸੀਮਾ ਕੌਸ਼ਲ ਜਿਹੇ ਕਲਾਕਾਰਾਂ ਤੇ ਨਿਰਮਾਤਾ ਲਵਪ੍ਰੀਤ ਸਿੰਘ ਲੱਕੀ ਸੰਧੁੂ, ਐਗਜ਼ੀਕਿਉਟਿਵ ਪ੍ਰੋਡਿਊਸਰ ਪਰਦੀਪ ਸੰਧੂ ਦਾ ਬਹੁਤ ਸਹਿਯੋਗ ਮਿਲਿਆ। ਇਸ ਫ਼ਿਲਮ 'ਚ ਰਾਣਾ ਰਣਬੀਰ, ਨੇਹਾ ਪਵਾਰ, ਸਰਦਾਰ ਸੋਹੀ, ਸੀਮਾ ਕੌਸ਼ਲ, ਰੁਪਿੰਦਰ ਰੂਪੀ, ਗੁਰਪ੍ਰੀਤ ਕੌਰ ਭੰਗੂ, ਅਨੀਤਾ ਮੀਤ, ਵਿਜੈ ਟੰਡਨ, ਮਲਕੀਤ ਰੌਣੀ, ਕੁਲਜਿੰਦਰ ਸਿੱਧੂ, ਸ਼ੇਵਿਨ ਰੇਖੀ, ਅਰਵਿੰਦਰ ਕੌਰ, ਰਾਜਵੀਰ ਬੋਪਾਰਾਏ, ਰੁਪਿੰਦਰਜੀਤ ਸ਼ਰਮਾ, ਸ਼ਮਿੰਦਰ ਵਿੱਕੀ, ਜੋਤ ਅਰੋੜਾ, ਆਦਿ ਕਲਾਕਾਰਾਂ ਨੇ ਅਹਿਮ ਕਿਰਦਾਰ ਨਿਭਾਏ ਹਨ।
ਜਲੰਧਰ ਸ਼ਹਿਰ ਨਾਲ ਸਬੰਧਤ ਨੇਹਾ ਪਵਾਰ ਭਾਵੇਂ ਕਿ ਦਿੱਲੀ ਦੀ ਜੰਮਪਲ ਹੈ ਪਰ ਉਸਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਮੁੰਬਈ ਤੋਂ ਕੀਤੀ, ਜਿੱਥੇ ਉਸ ਨੇ ਛੋਟੇ ਤੇ ਵੱਡੇ ਪਰਦੇ ਲਈ ਅਨੇਕਾਂ ਵਪਾਰਕ ਫ਼ਿਲਮਾਂ ਤੇ ਲੜੀਵਾਰ ਕੀਤੇ। ਫ਼ਿਰ ਇਕ ਹਿੰਦੀ ਫ਼ਿਲਮ 'ਪਰਾਂਠੇ ਵਾਲੀ ਗਲੀ' ਵਿਚ ਉਸ ਨੇ ਮੁੱਖ ਭੂਮਿਕਾ 'ਚ ਕੰਮ ਕੀਤਾ ਤਾਂ ਉਸ ਦਾ ਕਲਾ ਸਿਤਾਰਾ ਹੋਰ ਵੀ ਚਮਕਿਆ। ਇਸ ਤੋਂ ਬਾਅਦ ਫ਼ਿਲਮ 'ਥੋੜ੍ਹਾ ਲੁਤਫ਼-ਥੋੜ੍ਹਾ ਇਸ਼ਕ' ਨਾਲ ਉਸ ਦੇ ਕੰਮ ਦੀ ਖੂਬ ਚਰਚਾ ਹੋਈ। 'ਕਿਰਦਾਰ-ਏ ਸਰਦਾਰ' ਵਿਚ ਵੀ ਉਸ ਦਾ ਕੰਮ ਬਹੁਤ ਕਾਬਲੇ ਤਾਰੀਫ਼ ਸੀ ਪਰ ਇਸ ਨਵੀਂ ਫ਼ਿਲਮ 'ਆਸੀਸ' ਵਿਚ ਉਸ ਦਾ ਕਿਰਦਾਰ ਪਹਿਲੀਆਂ ਫ਼ਿਲਮਾਂ ਤੋਂ ਬਹੁਤ ਹਟ ਕੇ ਹੈ। ਤੇਜਵੰਤ ਕਿੱਟੂ ਦਾ ਗੀਤ-ਸੰਗੀਤ ਮਨ ਦੀਆਂ ਤਰੰਗਾਂ ਛੁੂੰਹਣ ਦੇ ਸਮਰੱਥ ਹੈ। ਸਮਾਜਿਕ ਸਰੋਕਾਰਾਂ ਨਾਲ ਜੁੜੀ ਇਹ ਫ਼ਿਲਮ ਸਾਡੇ ਸਮਾਜਿਕ ਤਾਣੇ-ਬਾਣੇ ਦੀਆਂ ਉਲਝੀਆਂ ਤੰਦਾਂ ਨੂੰ ਸੁਲਝਾਉਣ ਦਾ ਇਕ ਉਸਾਰੂ ਯਤਨ ਹੈ।


-ਸੁਰਜੀਤ ਜੱਸਲ


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX