ਤਾਜਾ ਖ਼ਬਰਾਂ


ਆਈ.ਪੀ.ਐੱਲ : 2019 - ਰੋਮਾਂਚਕ ਮੁਕਾਬਲੇ 'ਚ ਬੈਂਗਲੌਰ ਨੇ ਚੇਨਈ ਨੂੰ 1 ਦੌੜ ਨਾਲ ਹਰਾਇਆ
. . .  1 day ago
ਕੱਲ੍ਹ ਤੋਂ ਅਧਿਆਪਕ ਲਗਾਤਾਰ ਕਰਨਗੇ ਅਰਥੀ ਫ਼ੂਕ ਮੁਜ਼ਾਹਰੇ
. . .  1 day ago
ਸੰਗਰੂਰ, 21 ਅਪ੍ਰੈਲ - (ਧੀਰਜ ਪਿਸ਼ੌਰੀਆ) ਕੱਚੇ ਅਧਿਆਪਕਾਂ ਨੂੰ ਪੱਕਾ ਕਰਨ ਸਮੇਤ ਕਈ ਮੰਗਾਂ ਨੂੰ ਲੈ ਕੇ ਕੱਲ੍ਹ 22 ਅਪ੍ਰੈਲ ਤੋਂ ਅਧਿਆਪਕ ਪੂਰੇ ਰਾਜ ਵਿਚ ਅਧਿਆਪਕ ਸੰਘਰਸ਼ ਕਮੇਟੀ ਦੀ...
ਮੌਲਵੀ ਉੱਪਰ ਜਾਨਲੇਵਾ ਹਮਲਾ
. . .  1 day ago
ਖੇਮਕਰਨ, 21 ਅਪ੍ਰੈਲ (ਰਾਕੇਸ਼ ਕੁਮਾਰ ਬਿੱਲਾ) - ਸ੍ਰੀਲੰਕਾ ਵਿਖੇ ਸੀਰੀਅਲ ਬੰਬ ਧਮਾਕਿਆਂ ਤੋਂ ਬਾਅਦ ਖੇਮਕਰਨ ਵਿਖੇ ਇੱਕ ਮਸਜਿਦ ਦੇ ਮੌਲਵੀ ਉੱਪਰ ਇੱਕ ਵਿਅਕਤੀ ਨੇ ਤੇਜ਼ਧਾਰ...
ਆਈ.ਪੀ.ਐੱਲ : 2019 - ਬੈਂਗਲੌਰ ਨੇ ਚੇਨਈ ਨੂੰ ਜਿੱਤਣ ਲਈ ਦਿੱਤਾ 162 ਦੌੜਾਂ ਦਾ ਟੀਚਾ
. . .  1 day ago
ਅਗਵਾ ਹੋਏ ਵਪਾਰੀ ਦੀ ਲਾਸ਼ ਬਰਾਮਦ
. . .  1 day ago
ਜਲਾਲਾਬਾਦ, 21 ਅਪ੍ਰੈਲ (ਕਰਨ ਚੁਚਰਾ) - ਵੀਰਵਾਰ ਦੀ ਸ਼ਾਮ ਨੂੰ ਅਗਵਾ ਹੋਏ ਜਲਾਲਾਬਾਦ ਦੇ ਵਪਾਰੀ ਅਤੇ ਮੰਡੀ ਪੰਜੇਕੇ ਵਸਨੀਕ ਸੁਮਨ ਮੁਟਨੇਜਾ ਦੀ ਲਾਸ਼ ਫ਼ਾਜ਼ਿਲਕਾ ਅਤੇ ਅਬੋਹਰ...
ਚੌਧਰੀ ਬੱਗਾ ਦੀ 2 ਸਾਲ ਬਾਅਦ ਅਕਾਲੀ ਦਲ ਵਿਚ ਘਰ ਵਾਪਸੀ
. . .  1 day ago
ਲੁਧਿਆਣਾ, 21 ਅਪ੍ਰੈਲ ( ਪੁਨੀਤ ਬਾਵਾ)2019 ਦੀ ਵਿਧਾਨ ਸਭਾ ਚੋਣ ਦੌਰਾਨ ਅਕਾਲੀ ਦਲ ਤੋਂ ਬਾਗ਼ੀ ਹੋ ਕੇ ਆਜ਼ਾਦ ਵਿਧਾਨ ਸਭਾ ਹਲਕਾ ਉਤਰੀ ਤੋਂ ਚੋਣ ਲੜਨ ਵਾਲੇ ਚੌਧਰੀ ਮਦਨ ਲਾਲ ਬੱਗਾ...
ਬਾਲੀਵੁੱਡ ਅਭਿਨੇਤਰੀ ਕ੍ਰਿਸ਼ਮਾ ਕਪੂਰ ਸ੍ਰੀ ਹਰਿਮੰਦਰ ਸਾਹਿਬ ਦਰਸ਼ਨ ਕਰਨ ਪੁੱਜੇ
. . .  1 day ago
ਅੰਮ੍ਰਿਤਸਰ, 21 ਅਪ੍ਰੈਲ (ਜਸਵੰਤ ਸਿੰਘ ਜੱਸ) - ਬਾਲੀਵੁੱਡ ਅਭਿਨੇਤਰੀ ਅਤੇ ਕਪੂਰ ਖਾਨਦਾਨ ਦੀ ਬੇਟੀ ਕ੍ਰਿਸ਼ਮਾ ਕਪੂਰ ਅੱਜ ਸ਼ਾਮ ਸ੍ਰੀ ਹਰਿਮੰਦਰ ਸਾਹਿਬ ਦਰਸ਼ਨ ਕਰਨ ਪੁੱਜੇ। ਉਹ...
ਹਰਦੀਪ ਸਿੰਘ ਪੁਰੀ ਹੋਣਗੇ ਅੰਮ੍ਰਿਤਸਰ ਤੋਂ ਭਾਜਪਾ ਉਮੀਦਵਾਰ
. . .  1 day ago
ਨਵੀਂ ਦਿੱਲੀ, 21 ਅਪ੍ਰੈਲ - ਭਾਰਤੀ ਜਨਤਾ ਪਾਰਟੀ ਵੱਲੋਂ ਅੱਜ ਲੋਕ ਸਭਾ ਚੋਣਾਂ ਲਈ 7 ਹੋਰ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਗਈ, ਜਿਸ ਵਿਚ ਅੰਮ੍ਰਿਤਸਰ ਲੋਕ-ਸਭਾ ਹਲਕੇ ਤੋਂ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ...
ਆਈ.ਪੀ.ਐੱਲ : 2019 - ਟਾਸ ਜਿੱਤ ਕੇ ਚੇਨਈ ਵੱਲੋਂ ਬੈਂਗਲੌਰ ਨੂੰ ਪਹਿਲਾ ਬੱਲੇਬਾਜ਼ੀ ਦਾ ਸੱਦਾ
. . .  1 day ago
ਆਈ.ਪੀ.ਐੱਲ : 2019 - ਹੈਦਰਾਬਾਦ ਨੇ ਕੋਲਕਾਤਾ ਨੂੰ 9 ਵਿਕਟਾਂ ਨਾਲ ਦਿੱਤੀ ਕਰਾਰੀ ਹਾਰ
. . .  1 day ago
ਹੋਰ ਖ਼ਬਰਾਂ..

ਅਜੀਤ ਮੈਗਜ਼ੀਨ

ਖ਼ਰਚੀਲੇ ਹੁੰਦੇ ਪੰਜਾਬੀ ਵਿਆਹ

ਕਿਸੇ ਵੇਲੇ ਪੰਜਾਬ ਦੀਆਂ ਪੇਂਡੂ ਫ਼ਿਜ਼ਾਵਾਂ ਕੁੜੀਆਂ-ਮੁੰਡਿਆਂ ਦੇ ਵਿਆਹਾਂ ਮੌਕੇ ਸਾਦ-ਮੁਰਾਦੇ ਤਰੀਕੇ ਨਾਲ ਆਪਸ 'ਚ ਰਲ ਮਿਲ ਕੇ ਮਨਾਈਆਂ ਜਾਂਦੀਆਂ ਖੁਸ਼ੀਆਂ, ਚਾਵਾਂ ਤੇ ਮਲ੍ਹਾਰਾਂ ਨਾਲ ਆਪਮੁਹਾਰੇ ਤੋਰ ਤੁਰਦੀ ਜ਼ਿੰਦਗੀ ਦੇ ਨੀਰਸ ਪੈਂਡਿਆਂ ਨੂੰ ਖੁਸ਼ਗਵਾਰ ਬਣਾ ਦਿੰਦੀਆਂ ਸਨ। ਉਦੋਂ ਜ਼ਿੰਦਗੀ 'ਚ ਬੇਹੱਦ ਮਹੱਤਵਪੂਰਨ ਸਥਾਨ ਰੱਖਣ ਵਾਲੇ ਸਮਾਜਿਕ ਉਤਸਵ ਵਿਆਹ ਨੂੰ ਸੁੱਖੀਂ ਸਾਂਦੀ ਨੇਪਰੇ ਚਾੜ੍ਹਨ ਲਈ ਨਾ ਤਾਂ ਅੱਜ ਵਾਂਗ ਪੈਸੇ ਨੂੰ ਪਾਣੀ ਵਾਂਗ ਰੋੜ੍ਹਨ ਦੀ ਲੋੜ ਪਿਆ ਕਰਦੀ ਸੀ ਤੇ ਨਾ ਹੀ ਫ਼ਜ਼ੂਲ ਰਸਮਾਂ ਪੂਰੀਆਂ ਕਰਨ ਲਈ ਵੱਡੇ-ਵੱਡੇ ਆਡੰਬਰ ਰਚਣੇ ਪੈਂਦੇ ਸਨ। ਮੁੰਡੇ-ਕੁੜੀ ਦੀ ਕੁੜਮਾਈ ਤੋਂ ਲੈ ਕੇ ਡੋਲੀ ਤੁਰਨ ਦੀ ਰਸਮ ਤੱਕ ਨਾਨਕੇ-ਦਾਦਕੇ, ਸ਼ਰੀਕੇ ਭਾਈਚਾਰੇ ਦੇ ਲੋਕ ਆਪਸ 'ਚ ਹੀ ਰਲ ਮਿਲ ਕੇ ਮਨਪਰਚਾਵਾ ਕਰਦੇ ਤੇ ਵੱਖ-ਵੱਖ ਪੜ੍ਹਾਵਾਂ ਦੌਰਾਨ ਢੋਲੇ, ਮਾਹੀਏ, ਘੋੜੀਆਂ, ਸੁਹਾਗ ਗਾ-ਗਾ ਕੇ ਰਿਸ਼ਤਿਆਂ ਦੀ ਮਿਠਾਸ ਤੇ ਅਪਣੱਤ ਦਾ ਆਪਮੁਹਾਰਾ ਪ੍ਰਗਟਾਵਾ ਕਰਿਆ ਕਰਦੇ। ਮਾਈਆਂ, ਵਟਣਾ ਤੇ ਜਾਗੋ ਵਰਗੀਆਂ ਰਸਮਾਂ ਨਿਭਾਉਂਦੀਆਂ, ਨਾਨਕੀਆਂ-ਦਾਦਕੀਆਂ ਢੋਲਕੀਆਂ ਤੇ ਛੱਜ ਕੁੱਟ-ਕੁੱਟ ਕੇ ਖੁਸ਼ੀ ਦੇ ਮਾਹੌਲ ਨੂੰ ਹੋਰ ਲੋਰ ਚਾੜ੍ਹ ਛੱਡਦੀਆਂ ਤੇ ਸਿਠਣੀਆਂ ਸੁਣਾਉਂਦੀਆਂ ਤੇ ਜਾਗੋ ਕੱਢਦੀਆਂ ਦਿਲਾਂ 'ਚ ਲੰਮੇ ਸਮੇਂ ਤੋਂ ਦੱਬੇ ਗਰਦ ਗੁਬਾਰਾਂ ਨੂੰ ਬੜੀ ਸਹਿਜਤਾ ਨਾਲ ਬਾਹਰ ਕੱਢ ਕੇ ਮਨ ਦਾ ਸਕੂਨ ਹਾਸਿਲ ਕਰ ਲੈਂਦੀਆਂ ਸਨ। ਵਿਆਹਾਂ 'ਚ ਪ੍ਰਾਹੁਣਿਆਂ ਦੀ ਆਓ-ਭਗਤ ਤੋਂ ਲੈ ਕੇ ਹਰ ਛੋਟਾ ਵੱਡਾ ਕੰਮ ਵਿਆਹ ਵਾਲਿਆਂ ਤੇ ਗਲੀ ਗੁਆਂਢ ਦੇ ਉੱਦਮੀ ਤੇ ਹੁੰਦੜਹੇੜ ਗੱਭਰੂਆਂ ਦੀ ਮਦਦ ਨਾਲ ਨੇਪੜੇ ਚੜ੍ਹਦਾ ਸੀ।
ਅੱਜ ਪੰਜਾਬ ਦੇ ਬਹੁਤੇ ਪਿੰਡਾਂ-ਸ਼ਹਿਰਾਂ ਵਿਚ ਵਿਆਹ ਦਾ ਕਾਰਜ ਸਭ ਤੋਂ ਖਰਚੀਲਾ ਤੇ ਗੁੰਝਲਦਾਰ ਹੋ ਚੁੱਕਾ ਹੈ। ਅੱਜ ਇਸ ਕਾਰਜ ਨੂੰ ਨੇਪਰੇ ਚਾੜ੍ਹਨ ਲਈ ਫ਼ਜ਼ੂਲ ਦੇ ਖਰਚਿਆਂ ਦੀ ਹਿੰਢ ਪੁਗਾਉਣ ਲਈ ਬੇਤਹਾਸ਼ਾ ਪੈਸੇ ਦੀ ਬਰਬਾਦੀ ਤੇ ਖੁਸ਼ੀ ਦਾ ਪ੍ਰਗਟਾਵਾ ਕਰਨਾ ਲਾਜ਼ਮੀ ਸ਼ਰਤ ਬਣ ਗਈ ਹੈ। ਲਾੜੀ ਲਾੜੇ ਦੀ ਅਗਲੇਰੀ ਜ਼ਿੰਦਗੀ ਨੂੰ ਸੁਖਾਵਾਂ ਬਣਾਉਣ ਲਈ ਘਰਾਂ 'ਚ ਵਿੱਤੀ ਵਸੀਲੇ ਦਾ ਪ੍ਰਬੰਧ ਹੋਵੇ ਜਾਂ ਨਾ ਹੋਵੇ, ਪਰ ਇਸ ਕਾਰਜ ਲਈ ਰਿਸ਼ਤੇਦਾਰਾਂ ਲਈ ਲੀੜਾ-ਕੱਪੜਾ, ਗਹਿਣਾ-ਗੱਟਾ, ਮੋੜ-ਮੁੜਾਵੇ, ਦਾਰੂ ਦੀਆਂ ਦਾਅਵਤਾਂ, ਪੈਲੇਸਾਂ 'ਚ ਕੁਝ ਘੰਟਿਆਂ ਦੇ ਪੜਾਅ ਦੌਰਾਨ ਲੋੜੋਂ ਵੱਧ ਖਾਣ ਵਾਲੀਆਂ ਚੀਜ਼ਾਂ, ਕੰਨ ਪਾੜਵੇਂ ਡੀ. ਜੇ. ਸਿਸਟਮ ਅਤੇ ਭਾੜੇ 'ਤੇ ਨੱਚਣ-ਨਚਾਉਣ ਵਾਲਿਆਂ ਦਾ ਪ੍ਰਬੰਧ ਜ਼ਰੂਰੀ ਹੋ ਗਿਆ ਹੈ। ਹੈਰਾਨੀ ਦੀ ਇਕ ਹੋਰ ਗੱਲ ਇਹ ਵੀ ਹੈ ਕਿ ਵਿਆਹ ਵਾਲੇ ਦਿਨ ਬਰਾਤ ਤੇ ਹੋਰ ਰਿਸ਼ਤੇਦਾਰਾਂ ਦੀ ਆਓ ਭਗਤ ਦਾ ਸਾਰਾ ਜ਼ਿੰਮਾ ਸਿਰਫ਼ ਲੜਕੀ ਦੇ ਪਰਿਵਾਰ ਵਾਲਿਆਂ ਸਿਰ ਹੁੰਦਾ ਹੈ, ਕਿਉਂਕਿ ਉਨ੍ਹਾਂ ਪਹਿਲਾਂ ਲੜਕੀ ਨੂੰ ਜੰਮਣ, ਫਿਰ ਪਾਲਣ ਦੇ ਨਾਲ ਪੜ੍ਹਾਈ ਤੇ ਫਿਰ ਘਰੋਂ ਤੋਰਨ ਦੇ ਫ਼ਰਜ਼ ਨੂੰ ਪੂਰਾ ਕਰਨ ਦਾ ਗੁਨਾਹ ਜੁ ਕਰ ਲਿਆ ਹੁੰਦਾ ਹੈ। ਲੜਕੀ ਨੂੰ ਘਰੋਂ ਤੋਰਨ ਦੇ ਫ਼ਰਜ਼ ਵੇਲੇ ਉਸ ਦੇ ਮਾਪਿਆਂ ਕੋਲੋਂ ਹੀ ਸਾਰੇ ਖਰਚ ਕਰਾਉਣ ਦੀ ਜ਼ਿੱਦ ਪੂਰੀ ਕਰਾਉਂਦਿਆਂ ਫਿਰ ਕਿੱਦਾਂ ਕਾਮਨਾ ਕੀਤੀ ਜਾ ਸਕਦੀ ਹੈ ਕਿ ਪੰਜਾਬੀ ਸਮਾਜ ਕੰਨਿਆ ਭਰੂਣ ਹੱਤਿਆ, ਦਹੇਜ ਪ੍ਰਥਾ ਤੇ ਘਰੇਲੂ ਹਿੰਸਾ ਵਰਗੀਆਂ ਸ਼ਰਮਸਾਰ ਕਰਨ ਵਾਲੀਆਂ ਬੁਰਾਈਆਂ ਤੋਂ ਮੁਕਤ ਹੋਵੇ। ਵਿੱਤ ਨਾਲੋਂ ਵੱਧ ਖਰਚ ਕਰਨ ਲਈ ਜ਼ਮੀਨਾਂ ਗਹਿਣੇ ਪਾਉਣੀਆਂ ਤੇ ਬੈਂਕਾਂ ਤੋਂ ਕਰਜ਼ੇ ਚੁੱਕ ਕੇ ਵੱਡੇ ਹੋਣ ਦੇ ਦਿਖਾਵੇ ਕਰਨ ਦੇ ਮਾਰੂ ਰੁਝਾਨ ਕਰਕੇ ਸੂਬੇ ਦੇ ਬਹੁਤੇ ਲੋਕ ਵਿੱਤੀ ਸੰਕਟ ਦਾ ਸ਼ਿਕਾਰ ਹਨ।
ਹੈਰਾਨੀ ਦੀ ਗੱਲ ਹੈ ਕਿ ਇਕ ਪਾਸੇ ਸੂਬੇ 'ਚ ਖੇਤੀ ਦੀ ਮਾੜੀ ਮਾਲੀ ਹਾਲਤ ਹੋਣ ਕਰਕੇ ਚਾਰ ਪੰਜ ਕਿਸਾਨ ਹਰ ਰੋਜ਼ ਖੁਦਕੁਸ਼ੀਆਂ ਕਰ ਰਹੇ ਹਨ, ਦੂਜੇ ਪਾਸੇ ਬਹੁਤੇ ਕਿਸਾਨੀ ਪਿਛੋਕੜ ਵਾਲੇ ਲੋਕ ਹੀ ਦਾਰੂ ਪੀ-ਪੀ ਕੇ ਨੱਚਣ ਵਾਲਿਆਂ ਤੋਂ ਨੋਟ ਵਾਰ-ਵਾਰ ਕੇ ਏਦਾਂ ਸੁੱਟ ਰਹੇ ਹੁੰਦੇ ਹਨ, ਜਿਵੇ ਇਨ੍ਹਾਂ ਨੋਟਾਂ ਦਾ ਜ਼ੀਰੋ ਮੁੱਲ ਹੋਵੇ। ਇਕ ਪਾਸੇ ਸੂਬੇ ਦੀ ਕਿਸਾਨੀ ਖੇਤੀ ਜਿਣਸਾਂ ਦੇ ਸਹੀ ਮੁੱਲ ਨਾ ਮਿਲਣ ਕਰਕੇ ਡਾਹਢੇ ਵਿੱਤੀ ਸੰਕਟ 'ਚੋਂ ਗੁਜ਼ਰ ਰਹੀ ਹੈ, ਦੂਜੇ ਪਾਸੇ ਸੂਬੇ 'ਚ ਬਹੁਤੇ ਲੋਕ ਵਿਆਹਾਂ ਮੌਕੇ ਹਾਈਵੋਲਟੇਜ਼ 'ਤੇ ਚੱਲਣ ਵਾਲੇ ਡੀ ਜੇ ਸਿਸਟਮ ਤੇ ਦਾਰੂ ਪੀ-ਪੀ ਕੇ ਬੜਕਾਂ ਤੇ ਲਲਕਾਰੇ ਮਾਰ-ਮਾਰ ਅੱਧੇ ਪਿੰਡ ਨੂੰ ਸੌਣ ਨਹੀਂ ਦਿੰਦੇ। ਆਪਣੇ ਆਲੇ-ਦੁਆਲੇ 'ਚ ਆਪਣੀ ਧੌਂਸ ਤੇ ਦਬਦਬਾ ਕਾਇਮ ਰੱਖਣ ਦੇ ਰੁਝਾਨ ਤਹਿਤ ਵਿਆਹਾਂ ਦੀ ਜਾਗੋ ਤੇ ਬਰਾਤ 'ਚ ਨੱਚਣ ਵੇਲੇ ਬੰਦੂਕਾਂ ਪਿਸਤੌਲਾਂ ਨਾਲ ਹਵਾਈ ਫਾਇਰ ਕੱਢਣ ਲਈ ਅਸਲ੍ਹੇ ਵਾਲੇ ਮਹਿਮਾਨਾਂ ਨੂੰ ਉਚੇਚਾ ਸੱਦਿਆ ਜਾਂਦਾ ਹੈ। ਵਿਆਹ ਸ਼ਾਦੀ ਮੌਕੇ ਹੀ ਸ਼ਰਬਤ ਵਾਂਗ ਸ਼ਰਾਬਾਂ ਪਿਲਾਉਣ ਅਤੇ ਸ਼ਰੇਆਮ ਵਰਤਾਉਣ ਦਾ ਜਿਹੜਾ ਰੁਝਾਨ ਸਾਡੇ ਲੋਕਾਂ ਨੇ ਸ਼ੁਰੂ ਕਰ ਲਿਆ ਹੈ, ਉਸ ਨੂੰ ਦੇਖ ਕੇ ਲਗਦਾ ਨਹੀਂ ਕਿ ਪੰਜਾਬੀਆਂ ਦੀ ਅਗਲੀ ਪੀੜ੍ਹੀ 'ਚੋਂ ਕੋਈ ਬੱਚਾ ਨਸ਼ੇ ਤੋਂ ਮੁਕਤ ਰਹਿ ਸਕੇਗਾ, ਕਿਸੇ ਵੇਲੇ ਪੰਜਾਬ ਦੇ ਲੋਕਾਂ ਦੀ ਬਹਾਦਰੀ ਤੇ ਜ਼ਿੰਦਾਦਿਲੀ ਦੀਆਂ ਬਾਤਾਂ ਦੂਰ-ਦੂਰ ਤੱਕ ਪੈਂਦੀਆਂ ਰਹੀਆਂ ਹਨ, ਪਰ ਅੱਜ ਦਿਖਾਵੇ ਦੀ ਜ਼ਿੰਦਗੀ 'ਚ ਗਵਾਚੇ ਪੰਜਾਬੀਆਂ ਨੇ ਤਮਾਸ਼ਗਿਰੀ ਦੀਆਂ ਸਾਰੀਆਂ ਹੱਦਾਂ ਉਲੰਘਦਿਆਂ ਪੈਲੇਸਾਂ 'ਚ ਬੇਰੁਜ਼ਗਾਰੀ ਤੇ ਗ਼ਰੀਬੀ ਦੀਆਂ ਮਾਰੀਆਂ ਗ਼ਰੀਬ ਘਰਾਂ ਦੀਆਂ ਮਜਬੂਰ ਤੇ ਲਾਚਾਰ ਕੁੜੀਆਂ ਨੂੰ ਸ਼ਰਾਬੀ ਟੋਲਿਆਂ 'ਚ ਖਾਣ-ਪੀਣ ਤੇ ਹੋਰ ਸਾਜ਼ੋ ਸਾਮਾਨ ਵਰਤਾਉਣ ਲਾ ਲਿਆ ਹੈ, ਜੋ ਪੰਜਾਬੀ ਸਮਾਜ ਲਈ ਠੀਕ ਨਹੀਂ। ਵਿਆਹਾਂ 'ਚ ਇਸ ਤਰ੍ਹਾਂ ਦੇ ਆਪਹੁਦਰੇ ਟੋਲਿਆਂ ਵਲੋਂ ਸਿਰਜੇ ਗ਼ੈਰ-ਸੱਭਿਅਕ ਮਾਹੌਲ ਲਈ ਸਾਡੇ ਘਰਾਂ ਦੇ ਜ਼ਿੰਮੇਵਾਰ ਮਰਦ ਤੇ ਔਰਤਾਂ ਵੀ ਪੂਰੀ ਤਰ੍ਹਾਂ ਜ਼ਿੰਮੇਵਾਰ ਹੁੰਦੇ ਹਨ।
ਅੱਜਕਲ੍ਹ ਪੰਜਾਬੀ ਵਿਆਹਾਂ ਮੌਕੇ ਪੈਦਾ ਹੋਏ ਪ੍ਰੀ-ਵੈਡਿੰਗ ਦੀ ਰਸਮ ਦੇ ਨਾਂਅ 'ਤੇ ਵਿਆਹਾਂ ਵਾਲਿਆਂ ਤੋਂ ਮੋਟੀਆਂ ਰਕਮਾਂ ਵਸੂਲੀਆਂ ਜਾਣ ਲੱਗ ਪਈਆਂ ਹਨ। ਲਾੜੀ-ਲਾੜੇ ਨੂੰ ਵਿਆਹ ਤੋਂ ਕਈ ਦਿਨ ਪਹਿਲਾਂ ਡੈਮਾਂ, ਦਰਿਆਵਾਂ ਦੇ ਕੰਢੇ ਜਾਂ ਵੱਡੇ ਫਾਰਮ ਹਾਊਸਾਂ 'ਤੇ ਲਿਜਾਅ ਕੇ ਵੱਖੋ-ਵੱਖਰੇ ਪੋਜ਼ ਤੇ ਵੀਡੀਓ ਸ਼ੂਟ ਕਰ ਕੇ ਮੋਟੀ ਰਕਮ ਦੇ ਬਿੱਲ ਬਦਲੇ ਬਾਲੀਵੁੱਡ ਦੇ ਵੱਡੇ ਸਿਤਾਰੇ ਹੋਣ ਦਾ ਭਰਮ ਸਿਰਜਿਆ ਜਾਣ ਲੱਗਾ ਹੈ। ਮੋਟੀਆਂ ਰਕਮਾਂ ਖਰਚਾ ਕੇ ਲਾੜੀ ਤੇ ਲਾੜੇ ਕੋਲੋਂ ਕਰਵਾਈ ਜਾਂਦੀ ਕਲਾਕਾਰੀ ਦਾ ਜ਼ਿੰਦਗੀ ਦੀਆਂ ਤਲਖ਼ ਹਕੀਕਤਾਂ ਨਾਲ ਤਾਂ ਕੋਈ ਵਾਹ-ਵਾਸਤਾ ਨਹੀਂ ਹੁੰਦਾ ਤੇ ਨਾ ਹੀ ਪੈਸਿਆਂ ਦੀ ਚਮਕ ਨਾਲ ਪੈਦਾ ਕੀਤੀ ਇਸ ਮ੍ਰਿਗਤ੍ਰਿਸ਼ਨਾ 'ਚੋਂ ਗ੍ਰਹਿਸਤੀ ਜੀਵਨ ਨੂੰ ਕਾਮਯਾਬੀ ਨਾਲ ਚਲਾਉਣ ਦਾ ਕਾਰਗਾਰ ਫਾਰਮੂਲਾ ਲੱਭਦਾ ਹੈ। ਲਾਵਾਂ ਫੇਰਿਆਂ ਤੋਂ ਬਾਅਦ ਆਮ ਘਰਾਂ ਦੇ ਜੰਮਿਆਂ ਨੂੰ ਪੈਲੇਸਾਂ ਦੇ ਰੰਗਲੇ ਸਿੰਘਾਸਣਾਂ 'ਤੇ ਰਾਜੇ-ਮਹਾਰਾਜਿਆਂ ਵਾਂਗ ਬਿਠਾ ਕੇ ਸ਼ਗਨ ਵਿਹਾਰ ਦੀਆਂ ਰਸਮਾਂ ਵੀ ਅਸਲ 'ਚ ਲੋਕਾਂ ਦੀ ਹਊਮੈ ਨੂੰ ਪੱਠੇ ਪਾਉਣ ਵਾਲੀ ਗੱਲ ਤੋਂ ਵੱਧ ਨਹੀਂ ਹੁੰਦੀਆਂ, ਕਿਉਂਕਿ ਅਸਲ 'ਚ ਇਸ ਤਰ੍ਹਾਂ ਦਾ ਸ਼ਾਹੀ ਠਾਠ ਨਾ ਤਾਂ ਆਮ ਪਰਿਵਾਰਾਂ ਦੀ ਅਸਲ ਜ਼ਿੰਦਗੀ 'ਚ ਸ਼ਾਮਿਲ ਹੁੰਦਾ ਹੀ ਹੈ ਤੇ ਨਾ ਹੀ ਉਹ ਤੌਰ-ਤਰੀਕੇ ਆਮ ਜ਼ਿੰਦਗੀ 'ਚ ਨਸੀਬ ਹੁੰਦੇ ਹਨ, ਜਿਨ੍ਹਾਂ ਦਾ ਤਸੱਵਰ ਪੈਲੇਸ ਦੀਆਂ ਸੰਗਮਰਮਰੀ ਕੰਧਾਂ 'ਤੇ ਦੁਧੀਆ ਰੌਸ਼ਨੀਆਂ ਦੀ ਮੌਜੂਦਗੀ 'ਚ ਦਰਸਾਇਆ ਜਾਂਦਾ ਹੈ। ਲਾੜੇ ਦੀ ਸਜਾਵਟੀ ਗੱਡੀ ਤੇ ਪੈਲੇਸਾਂ ਦੇ ਸਜਾਵਟੀ ਗੇਟਾਂ 'ਤੇ ਗੇਂਦਾ, ਗੁਲਦਾਉਦੀ, ਜ਼ਰਬੇਰਾ ਤੇ ਗਲੈਇਡੂਲਸ ਨਾਲ ਸ਼ਾਹੀ ਸੁਆਗਤ ਕਰਾਉਣ ਵੇਲੇ ਸਾਡੇ ਲੋਕਾਂ ਨੇ ਸ਼ਾਇਦ ਹੀ ਇਹ ਕਦੇ ਸੋਚਿਆ ਹੋਵੇ ਕਿ ਕੁਦਰਤ ਦੇ ਰੰਗਾਂ ਤੇ ਮਹਿਕਾਂ ਦੀ ਬਾਤ ਪਾਉਣ ਵਾਲੀਆਂ ਂਿੲਹ ਕੁਦਰਤੀ ਸੌਗਾਤਾਂ ਸਿਰਫ ਕਿਰਾਏ 'ਤੇ ਲਏ ਪੈਲੇਸਾਂ ਦੇ ਸੁਆਗਤੀ ਗੇਟਾਂ ਤੱਕ ਹੀ ਮਹਿਦੂਦ ਨਹੀਂ ਰਹਿਣੀਆਂ ਚਾਹੀਦੀਆਂ, ਇਨ੍ਹਾਂ ਫੁੱਲ ਬੂਟਿਆਂ ਨੂੰ ਆਪਣੇ ਘਰਾਂ ਦੇ ਵਿਹੜਿਆਂ ਤੇ ਬਾਗ਼-ਬਗੀਚਿਆਂ ਤੱਕ ਲਿਜਾਅ ਕੇ ਆਪਣੇ ਹਿੱਸੇ ਦੀ ਧਰਤੀ ਨੂੰ ਵੀ ਸਵਰਗ ਬਣਾਇਆ ਜਾ ਸਕਦਾ ਹੈ। ਫੁੱਲ, ਫਲ ਤੇ ਹਰੀਆਂ ਸਬਜ਼ੀਆਂ ਦੀ ਹੱਥੀਂ ਕਾਸ਼ਤ ਕਰ ਕੇ ਸਿਹਤਮੰਦ ਤੇ ਖੁਸ਼ਹਾਲ ਜ਼ਿੰਦਗੀ ਦੇ ਢੰਗ ਤਰੀਕੇ ਸਿੱਖੇ ਜਾ ਸਕਦੇ ਹਨ। ਸ਼ਰਾਬਾਂ ਤੇ ਵਿਸਕੀਆਂ ਦੀ ਰੱਜਵੀਂ ਵਰਤੋਂ ਤੇ ਮਸਾਲੇਦਾਰ ਪਕਵਾਨਾਂ ਦੇ ਸੁਆਦਾਂ ਤੋਂ ਬਾਅਦ ਰਾਤਾਂ ਨੂੰ ਸਰੀਰ ਦੀ ਤਲਖ਼ੀ ਤੇ ਸੁੱਕ ਰਹੇ ਮੂੰਹ ਨੂੰ ਤਾਜ਼ਗੀ ਦੇਣ ਲਈ ਘਰ ਦੇ ਸਾਦੇ ਪਾਣੀ ਦੀ ਤਲਬ ਵੇਲੇ ਸਾਡੇ ਲੋਕਾਂ ਨੂੰ ਇਕ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਜਿਸ ਸ਼ੁੱਧ ਪਾਣੀ ਦੀ ਅਣਹੋਂਦ ਕਰਕੇ ਇਕ ਰਾਤ ਲੰਘਾਉਣੀ ਔਖੀ ਹੋ ਰਹੀ ਹੈ, ਕੁਦਰਤ ਦੀ ਉਸ ਅਨਮੋਲ ਬਖ਼ਸ਼ਿਸ਼ ਪ੍ਰਤੀ ਸਾਡੀ ਲਾਪ੍ਰਵਾਹੀ ਤੇ ਦੁਰਵਰਤੋਂ ਇਸ ਨੂੰ ਅਗਲੀਆਂ ਪੀੜ੍ਹੀਆਂ ਤੋਂ ਕਿੰਨੀ ਦੂਰ ਕਰ ਰਹੀ ਹੈ।
ਸੂਬੇ ਦੇ ਲੋਕਾਂ ਵਲੋਂ ਇਸ ਤਰ੍ਹਾਂ ਦੇ ਦਿਖਾਵੇ ਅਤੇ ਖਪਤੀ ਵਤੀਰੇ ਦੇ ਹੋਣ ਦਾ ਵੱਡਾ ਕਾਰਣ ਸਰਮਾਏਦਾਰੀ ਪ੍ਰਬੰਧ ਵਲੋਂ ਬੰਦੇ ਦੀ ਹਰ ਖੁਸ਼ੀ ਤੇ ਹਸਰਤ ਨੂੰ ਵਪਾਰਕ ਨੁਕਤੇ ਤੋਂ ਹਾਈਜੈਕ ਕੀਤੇ ਜਾਣ ਦੀ ਬਾਜ਼ਾਰੂ ਨੀਤੀ ਦਾ ਵੱਧਦਾ ਪ੍ਰਭਾਵ ਵੀ ਹੈ, ਜਿਸ ਤਹਿਤ ਹਰ ਬੰਦਾ ਇਸ ਤਰ੍ਹਾਂ ਦੇ ਵਿਛਾਏ ਜਾਲ 'ਚ ਨਾ ਚਾਹੁੰਦਾ ਹੋਇਆ ਵੀ ਫਸ ਰਿਹਾ ਹੈ। ਇਸ ਦਾ ਇੱਕ ਵੱਡਾ ਕਾਰਨ ਆਪਣੀਆਂ ਮਾਣਮੱਤੀਆਂ ਰਵਾਇਤਾਂ ਨਾਲੋਂ ਟੁੱਟਣਾ ਤੇ ਹਾਸਿਲ ਕੀਤੀ ਰਸਮੀ ਤੇ ਗ਼ੈਰ-ਰਸਮੀ ਸਿੱਖਿਆ ਦਾ ਵਿਹਾਰਕ ਪੱਖੋਂ ਲਾਗੂ ਨਾ ਹੋ ਸਕਣਾ ਹੈ। ਉਲਾਰ ਤੇ ਖਪਤੀ ਵਤੀਰੇ ਦਾ ਸ਼ਿਕਾਰ ਹੋਇਆ ਅੱਜ ਦਾ ਬੰਦਾ ਅਖੌਤੀ ਨਾਇਕਤਵ ਦੇ ਭਰਮ ਨੂੰ ਪੂਰਾ ਕਰਦਾ ਆਪਣੀ ਅਸਲੀਅਤ ਤੇ ਸਮਰੱਥਾ ਨੂੰ ਮੁਲਾਂਕਣ ਤੋਂ ਇਨਕਾਰੀ ਹੋਇਆ ਮਾੜਾ-ਧੀੜਾ ਨਾ ਅਖਵਾਉਣ ਦੇ ਮਿਹਣੇ ਤੋਂ ਬਚਣ ਲਈ ਚਾਦਰ ਦੇਖਣ ਤੋਂ ਬਿਨਾਂ ਪੈਰ ਪਸਾਰ ਕੇ ਝੁਗਾ-ਚੌੜ ਕਰਵਾਉਣ ਲਈ ਮਜਬੂਰ ਹੋ ਗਿਆ ਹੈੇ।
ਇਸੇ ਵਰਤਾਰੇ ਤਹਿਤ ਹੀ ਜ਼ਿੰਦਗੀ ਦੇ ਮਹੱਤਵਪੂਰਨ ਮੌਕਿਆਂ 'ਤੇ ਧਨ-ਦੌਲਤ, ਪਦਾਰਥ, ਸਮਾਜਿਕ ਤੇ ਰਾਜਨੀਤਕ ਤਾਕਤ ਦੇ ਬਲਬੂਤੇ ਜ਼ਿੰਦਗੀ ਦੇ ਚਾਵਾਂ ਤੇ ਮਲ੍ਹਾਰਾਂ ਨੂੰ ਹਥਿਆਉਣ ਦੀ ਅਸਫ਼ਲ ਕੋਸ਼ਿਸ਼ ਹੋ ਰਹੀ ਹੈ, ਜਿਨ੍ਹਾਂ ਦਾ ਨਤੀਜਾ ਮਹਿਜ਼ ਲੋਕ ਦਿਖਾਵਾ ਤੇ ਨਾਟਕਬਾਜ਼ੀ ਬਣ ਕੇ ਰਹਿ ਗਿਆ ਹੈ। ਧਿਆਨ ਨਾਲ ਦੇਖੀਏ ਤਾਂ ਪੰਜਾਬੀ ਲੋਕ ਉਹ ਲੋਕ ਹਨ, ਜਿਨ੍ਹਾਂ ਨੂੰ ਜ਼ਿੰਦਗੀ ਦੇ ਚੱਜ-ਆਚਾਰ ਤੇ ਜਿਊਣ ਦਾ ਸਲੀਕਾ ਸਿੱਖਣ ਲਈ ਕਿਸੇ ਪਿੱਛੇ ਭੱਜਣ ਦੀ ਕੋਈ ਲੋੜ ਨਹੀਂ ਹੈ, ਕਿਉਂਕਿ ਇਸ ਧਰਤੀ 'ਤੇ ਸਾਡੇ ਮਹਾਨ ਗੁਰੂਆਂ ਨੇ ਸਾਨੂੰ ਕਿਰਤ ਕਰਨ ਤੇ ਸਰਬੱਤ ਦਾ ਭਲਾ ਮੰਗਣ ਵਾਲੇ ਮਹਾਨ ਫ਼ਲਸਫ਼ੇ ਦੀ ਬਖ਼ਸ਼ਿਸ਼ ਦੇ ਕੇ ਸਾਨੂੰ ਸਾਂਵੀਂ ਤੇ ਸੁਚੱਜੀ ਜ਼ਿੰਦਗੀ ਜਿਊਣ ਦਾ ਸੁਨੇਹਾ ਦਿੱਤਾ ਹੈ। ਭੂਗੋਲਿਕ ਤੌਰ 'ਤੇ ਵੀ ਪੰਜਾਬ ਦੀ ਧਰਤੀ 'ਤੇ ਰੰਗ ਬਦਲਦੇ ਮੌਸਮਾਂ ਦੀ ਤੋਰ, ਖੁੱਲ੍ਹੇ ਖੇਤ, ਖੇਤਾਂ ਦੀ ਮਿੱਟੀ ਨਾਲ ਜੁੜੀਆਂ ਜ਼ਿੰਦਗੀ ਦੀਆਂ ਬਰਕਤਾਂ, ਇਨ੍ਹਾਂ ਬਰਕਤਾਂ ਨਾਲ ਜੁੜੀ ਪੰਜਾਬੀਆਂ ਦੀ ਤਕਦੀਰ ਜ਼ਿੰਦਗੀ ਦੀ ਤੋਰ 'ਚ ਆਪਮੁਹਾਰੇ ਰੰਗ ਭਰਦੀ ਰਹਿੰਦੀ ਹੈ। ਪੰਜਾਬ ਦੀ ਧਰਤੀ ਦੇ ਇਨ੍ਹਾਂ ਰੰਗਾਂ ਤੇ ਨਿੱਗਰ ਰਵਾਇਤਾਂ ਨੂੰ ਸਹਿਜਤਾ ਤੇ ਠਰ੍ਹੰਮੇਂ ਨਾਲ ਮਾਣ ਕੇ, ਮਹਿਸੂਸ ਕਰ ਕੇ ਪਦਾਰਥਕ ਤਸੱਲੀਆਂ ਨਾਲੋਂ ਵੱਡੀਆਂ ਤੇ ਚਿਰਸਥਾਈ ਰਹਿਣ ਵਾਲੇ ਖ਼ਜ਼ਾਨਿਆਂ ਨੂੰ ਵੀ ਹਾਸਿਲ ਕੀਤਾ ਜਾ ਸਕਦਾ ਹੈ। ਲੋੜ ਸਿਰਫ਼ ਆਪਣੇ ਨਜ਼ਰੀਏ ਨੂੰ ਅਸਲੀਅਤ ਨਾਲ ਜੋੜ ਕੇ ਆਪਣੀਆਂ ਅਮੀਰ ਤੇ ਨਿੱਗਰ ਰਵਾਇਤਾਂ 'ਤੇ ਪਹਿਰਾ ਦੇਣ ਦੀ ਹੈ। ਪੰਜਾਬੀਆਂ ਨੂੰ ਆਪਣੀ ਮਿੱਟੀ ਦੀ ਤਾਸੀਰ ਤੇ ਵਿਰਾਸਤ ਦੀ ਅਮੀਰੀ ਨੂੰ ਪਛਾਨਣਾ ਪੈਣਾ ਹੈ ਤਾਂ ਹੀ ਫੋਕੇ ਦਿਖਾਵਿਆਂ ਤੇ ਖ਼ਰਚੀਲੀਆਂ ਰਸਮਾਂ ਤੋਂ ਮੁਕਤੀ ਹਾਸਿਲ ਕੀਤੀ ਜਾ ਸਕਦੀ ਹੈ।

-ਪਿੰਡ ਤਾਜਪੁਰ ਕਲਾਂ, ਡਾਕ: ਹਰਿਆਣਾ, ਜ਼ਿਲ੍ਹਾ ਹੁਸ਼ਿਆਰਪੁਰ।
ਈਮੇਲ : nimana727@gmail.com


ਖ਼ਬਰ ਸ਼ੇਅਰ ਕਰੋ

ਵਿਆਹਾਂ 'ਚ ਵਧ ਰਿਹਾ ਬੰਦੂਕ ਸੱਭਿਆਚਾਰ

ਬਿਨਾਂ ਸ਼ੱਕ ਵੱਡੀ ਗਿਣਤੀ ਵਿਚ ਅੱਜ ਦੇ ਨੌਜਵਾਨਾਂ ਦੇ ਦਿਲ/ਦਿਮਾਗ਼ 'ਤੇ ਅਜੋਕੀ ਗੀਤ/ਗੀਤਕਾਰੀ ਅਤੇ ਉਸ ਗੀਤਾਂ ਦੇ ਵੀਡੀਓ ਫ਼ਿਲਮਾਂਕਣ ਦਾ ਅਸਰ ਡੂੰਘਾ ਅਤੇ ਸਿੱਧੇ ਰੂਪ ਵਿਚ ਹੋ ਰਿਹਾ ਹੈ, ਜਿਸ ਦੀ ਬਦੌਲਤ ਕਿਤੇ ਨਾ ਕਿਤੇ ਨੌਜਵਾਨੀ ਗੁੰਮਰਾਹ ਹੋ ਰਹੀ ਹੈ ਅਤੇ ਸਿੱਟੇ ਵਜੋਂ ਸਕੂਲਾਂ/ਕਾਲਜਾਂ ਵਿਚ ਪੜ੍ਹ ਰਹੇ ਵਿਦਿਆਰਥੀ ਵੀ ਦੇਖਾ-ਦੇਖੀ ਉਹੀ ਕੁਝ ਬਣਨਾ ਲੋਚਦੇ ਹਨ, ਜੋ ਕੁਝ ਉਹ ਟੀ.ਵੀ. ਜਾਂ ਸੋਸ਼ਲ ਮੀਡੀਏ 'ਤੇ ਕਲਾਕਾਰਾਂ ਵਲੋਂ ਕੀਤਾ ਜਾਂਦਾ ਦੇਖਦੇ ਹਨ। ਇਥੇ ਹੀ ਬਸ ਨਹੀਂ ਸਿਆਣੀ ਉਮਰ ਦੇ ਲੋਕ ਵੀ ਇਸ ਸਾਰੇ ਦੇ ਪ੍ਰਭਾਵ ਤੋਂ ਬਚ ਨਹੀਂ ਸਕੇ। ਨਸ਼ਿਆਂ ਅਤੇ ਹਥਿਆਰਾਂ ਨੂੰ ਉਤਸ਼ਾਹਿਤ ਕਰਦੇ ਗੀਤਾਂ ਦਾ ਅਜਿਹਾ ਅਸਰ ਦੇਖਿਆ ਗਿਆ ਹੈ ਕਿ ਛੋਟੀ ਉਮਰ ਦੇ ਜੁਆਕ ਵੀ ਘਰ ਪਏ ਹੋਏ ਹਥਿਆਰਾਂ ਨਾਲ ਸੈਲਫ਼ੀਆਂ ਖਿੱਚ ਕੇ ਸੋਸ਼ਲ ਸਾਈਟਾਂ ਉਤੇ ਬੜੀ ਹੀ ਬੇਫਿਕਰੀ ਨਾਲ ਪਾ ਦਿੰਦੇ ਹਨ, ਜਦਕਿ ਅਜਿਹੇ ਕੇਸਾਂ ਵਿਚ ਕਈ ਮੌਤਾਂ ਹੋ ਚੁੱਕੀਆਂ ਹਨ। ਗੁਰਦਾਸਪੁਰ ਇਲਾਕੇ ਵਿਚ ਹੀ ਦੋ ਭੈਣਾਂ ਦੇ ਭਰਾ ਰਮਨਦੀਪ ਸਿੰਘ ਨਾਂਅ ਦੇ ਇਕ 16 ਸਾਲਾ ਨੌਜਵਾਨ ਦੀ ਮੌਤ ਹੋ ਗਈ, ਜੋ ਆਪਣੇ ਪਿਤਾ ਦੇ .32-ਬੋਰ ਦੇ ਲਾਇਸੰਸੀ ਪਿਸਤੌਲ ਨਾਲ ਸੈਲਫੀ ਲੈ ਰਿਹਾ ਸੀ ਅਤੇ ਅਚਾਨਕ ਘੋੜਾ ਦੱਬ ਹੋ ਗਿਆ। ਇਹ ਕੇਵਲ ਇੱਕ ਅੱਧੀ ਘਟਨਾ ਨਹੀਂ, ਇਹੋ ਜਿਹੀਆਂ ਕਈ ਘਟਨਾਵਾਂ ਵਾਪਰ ਚੁੱਕੀਆਂ ਹਨ। ਵਿਆਹ ਸ਼ਾਦੀਆਂ ਦੌਰਾਨ ਅਸਲ੍ਹੇ ਦੀ ਨੁਮਾਇਸ਼ ਵਿਆਹ ਸ਼ਾਦੀ ਦਾ ਇੱਕ ਜ਼ਰੂਰੀ ਹਿੱਸਾ ਹੀ ਬਣਦਾ ਜਾ ਰਿਹਾ ਹੈ।
ਵਿਆਹ ਸ਼ਾਦੀ ਸਾਡੇ ਸੱਭਿਆਚਾਰਕ ਭਾਈਚਾਰੇ ਦਾ ਪ੍ਰਤੀਕ ਹੋਣ ਦੇ ਨਾਲ-ਨਾਲ ਸਾਰੇ ਰਿਸ਼ੇਤਦਾਰਾਂ/ਸੱਜਣਾਂ ਅਤੇ ਦੋ ਨਵੇਂ ਪਰਿਵਾਰਾਂ ਦਾ ਆਪਸੀ ਮਿਲਾਪ ਦਾ ਬਹੁਤ ਹੀ ਖ਼ੂਬਸੂਰਤ ਦਿਨ-ਦਿਹਾੜਾ ਹੁੰਦਾ ਹੈ, ਪਰ ਇਸ ਖ਼ੂਬਸੂਰਤ ਸਮੇਂ/ਦਿਨ ਨੂੰ ਹਮੇਸ਼ਾ ਹੀ ਨਿੱਜੀ ਸੁਆਰਥਾਂ ਲਈ (ਦਾਜ/ਦਹੇਜ, ਲੋਕ ਵਿਖਾਵਾ, ਫ਼ਜ਼ੂਲ ਖਰਚੀ, ਆਪਣੇ ਅਖੌਤੀ ਵੱਡੇਪਣ ਦੇ ਲੋਕ ਵਿਖਾਵੇ) ਆਦਿ ਦਿਖਾਉਣ ਦਾ ਕਾਰਣ ਬਣਾ ਦਿੱਤਾ ਗਿਆ, ਜਿਸ ਵਿਚ ਸਹਿਜੇ ਹੀ ਇਨ੍ਹਾਂ ਬੁਰਿਆਈਆਂ ਦੇ ਨਾਲ ਫੁਕਰੇਬਾਜ਼ੀ ਅਤੇ ਲੰਡਰਪੁਣਾ ਵੀ ਆ ਵੜਿਆ, ਜਿਸ ਨੇ ਜਨਮ ਦਿੱਤਾ ਵਿਆਹ/ਸ਼ਾਦੀਆਂ ਵਿਚ 'ਹਥਿਆਰਾਂ ਦੀ ਫੋਕੀ ਨੁਮਾਇਸ਼' ਨੂੰ.. ਅਤੇ ਇਸ ਨੂੰ ਹੱਲਾਸ਼ੇਰੀ ਦਿੱਤੀ ਸੱਭਿਆਚਾਰ ਦੇ ਨਾਂਅ ਹੇਠ ਸਾਡੇ ਅਖੌਤੀ ਕਲਾਕਾਰਾਂ ਨੇ। ਵੇਖਾ-ਵੇਖੀ ਇਨ੍ਹਾਂ ਗੀਤਾਂ ਦੀਆਂ ਵੀਡੀਓਜ਼ ਅਤੇ ਸਮਾਜ ਵਿਚ ਚੱਲ ਰਹੀਆਂ ਗ਼ਲਤ ਪ੍ਰੰਪਰਾਵਾਂ ਤੋਂ ਫੂਕ ਛਕ ਕੇ ਕੁਝ ਲੋਕਾਂ ਦਾ ਮੰਗਵੇ ਹਥਿਆਰਾਂ ਨਾਲ ਵਿਆਹਾਂ ਸ਼ਾਦੀਆਂ ਵਿਚ ਆਉਣਾ ਸ਼ੁਗਲ ਦੇ ਨਾਲ-ਨਾਲ ਆਪਣੀ ਉੱਚੀ ਹੈਸੀਅਤ ਦਿਖਾਉਣ ਲਈ ਆਰੰਭੇ ਯਤਨਾਂ ਵਿਚ ਸ਼ਾਮਲ ਹੋਇਆ ਅਤੇ ਕਈ ਅਜਾਈਂ ਜਾਨਾਂ ਗਈਆਂ, ਜਿਸ ਦੇ ਸਿੱਟੇ ਵਜੋਂ ਪੈਲੇਸਾਂ ਵਿਚ ਹਥਿਆਰਾਂ 'ਤੇ ਪਾਬੰਦੀ ਕਾਨੂੰਨੀ ਰੂਪ ਵਿਚ ਲਗਾਈ ਗਈ। ਪਰ ਬਾਵਜੂਦ ਇਸ ਦੇ ਲੁਕਵੇਂ ਰੂਪ ਵਿਚ ਨਾਜਾਇਜ਼ ਢੰਗ ਨਾਲ ਇਨ੍ਹਾਂ ਪੈਲੇਸਾਂ ਵਿਚ ਅਸਲ੍ਹਾ ਦਾਖ਼ਲ ਹੋ ਹੀ ਜਾਂਦਾ ਹੈ। ਜਿਸ ਦੇ ਕਾਰਣ ਦਸੰਬਰ 2016 ਵਿਚ ਆਰਕੈਸਟਰਾ ਗਰੁੱਪ ਦੀ ਇਕ ਲੜਕੀ ਦੀ ਮੌਤ ਹੋਈ। ਇਸੇ ਤਰ੍ਹਾਂ ਨਵੰਬਰ 2017 ਵਿਚ ਫ਼ਰੀਦਕੋਟ ਰੋਡ ਸਥਿਤ ਅਨੰਦ ਨਗਰ ਕੋਟਕਪੂਰਾ ਵਿਚ ਵਿਆਹ ਸਮਾਗਮ ਦੌਰਾਨ ਚੱਲੀਆਂ ਗੋਲੀਆਂ ਨਾਲ ਇੱਕ ਅੱਠ ਸਾਲਾ ਬੱਚੇ ਦੀ ਮੌਤ ਹੋ ਗਈ, ਜਦਕਿ ਦੂਜਾ ਗੰਭੀਰ ਜ਼ਖ਼ਮੀ ਹੋ ਗਿਆ ਹੈ, ਜੋ ਕਿ ਆਪਣੇ ਪਰਿਵਾਰ ਦੀ ਇਕਲੌਤੀ ਔਲਾਦ ਸੀ। ਇਹੋ ਜਿਹੀਆਂ ਖ਼ਬਰਾਂ ਫ਼ਿਰੋਜ਼ਪੁਰ ਅਤੇ ਰੂਪਨਗਰ ਤੋਂ ਵੀ ਆਈਆਂ, ਜਿਸ ਵਿਚ ਵਿਆਹ ਸਮਾਗਮ ਦੌਰਾਨ ਸ਼ੌਕ ਨਾਲ ਚਲਾਈਆਂ ਗੋਲੀਆਂ ਨਾਲ ਬਰਾਤੀ ਦੀ ਮੌਤ ਹੋਈ ਅਤੇ ਇੱਕ ਫੋਟੋਗ੍ਰਾਫਰ ਜ਼ਖ਼ਮੀ ਹੋਇਆ। ਇਸੇ ਤਰ੍ਹਾਂ ਨਵੰਬਰ ਵਿਚ ਮਲੇਰਕੋਟਲਾ ਰੋਡ ਦੇ ਪਿੰਡ ਈਸੜੂ ਦੇ ਇਕ ਮੈਰਿਜ ਪੈਲੇਸ ਵਿਚ ਵਿਆਹ ਮੌਕੇ ਗੋਲੀ ਚੱਲਣ ਨਾਲ ਇਕ ਬਰਾਤੀ ਦੀ ਮੌਤ ਹੋ ਗਈ।
ਤਾਜ਼ੀ ਵਾਪਰੀ ਘਟਨਾ ਅਨੁਸਾਰ ਹੁਸ਼ਿਆਰਪੁਰ ਦੇ ਮੁਹੱਲਾ ਛੱਤਾ ਬਾਜ਼ਾਰ ਵਿਚ ਵਿਆਹ ਤੋਂ ਇੱਕ ਦਿਨ ਪਹਿਲਾਂ ਜਾਗੋ ਦੌਰਾਨ ਕੁੜੀ ਦੇ ਪਿਤਾ ਅਤੇ ਉਸ ਦੇ ਦੋਸਤ ਵਲੋਂ ਜਾਗੋ ਦੌਰਾਨ ਗੋਲੀ ਚਲਾ ਕੇ ਆਪਣੀ ਖੁਸ਼ੀ ਦਾ ਇਜ਼ਹਾਰ ਕਰਦਿਆਂ ਜਦੋਂ ਡੀ. ਜੇ. ਉੱਤੇ ਨੱਚਦੇ ਹੋਏ ਗੋਲੀ ਚਲਾਈ ਤਾਂ ਨਾਲ ਦੇ ਘਰ ਵਿਚ ਰਹਿਣ ਵਾਲੀ ਕੁੜੀ ਸਾਕਸ਼ੀ ਅਰੋੜਾ ਦੇ ਸਿਰ ਵਿਚ ਜਾ ਲੱਗੀ, ਜਿਸ ਨਾਲ ਉਸ ਦੀ ਮੌਕੇ ਉੱਤੇ ਹੀ ਮੌਤ ਹੋ ਗਈ। ਮ੍ਰਿਤਕ ਲੜਕੀ ਐਮ.ਬੀ.ਏ. ਦੀ ਵਿਦਿਆਰਥਣ ਸੀ। ਇਸ ਹਿਸਾਬ ਨਾਲ ਵਿਆਹ ਸਮਾਗਮਾਂ ਲਈ ਬੰਦੂਕ ਕਲਚਰ ਕਾਲ ਬਣਦਾ ਜਾ ਰਿਹਾ ਹੈ।
ਇਕ ਖ਼ਬਰ ਅਨੁਸਾਰ ਪੰਜਾਬ ਦੀ ਆਬਾਦੀ ਭਾਰਤ ਦੀ ਕੁਲ ਆਬਾਦੀ ਦਾ 2.3 ਫ਼ੀਸਦੀ ਹਿੱਸਾ ਹੈ, ਜਿਸ ਕੋਲ ਦੇਸ਼ ਦੀਆਂ 20 ਫ਼ੀਸਦੀ ਬੰਦੂਕਾਂ ਹਨ। ਭਾਰਤ ਵਿਚ ਬੰਦੂਕਾਂ ਖ਼ਰੀਦਣੀਆਂ ਬਹੁਤ ਮੁਸ਼ਕਿਲ ਹਨ ਅਤੇ ਭਾਰਤ ਸਰਕਾਰ ਨੇ ਇਸ ਸਾਲ ਤੋਂ ਲਾਇਸੈਂਸ ਲੈਣਾ ਜ਼ਰੂਰੀ ਕਰ ਦਿਤਾ ਹੈ। ਇਸ ਸਖ਼ਤੀ ਦੇ ਬਾਵਜੂਦ ਪੰਜਾਬ ਵਿਚ ਬੰਦੂਕਾਂ ਦੀ ਵਿਕਰੀ ਤੇਜ਼ੀ ਨਾਲ ਵਧਦੀ ਜਾ ਰਹੀ ਹੈ।ઠ ਪੰਜਾਬ ਵਿਚ ਇਕ ਲਾਇਸੈਂਸ 'ਤੇ ਤਿੰਨ ਬੰਦੂਕਾਂ ਰੱਖਣ ਦੀ ਮਨਜ਼ੂਰੀ ਮਿਲੀ ਹੋਈ ਹੈ ਤੇ ਪੰਜਾਬ ਨੇ 4.5 ਲੱਖ ਲਾਇਸੈਂਸ ਦਿਤੇ ਹਨ, ਜਿਸ ਦਾ ਮਤਲਬ ਲਗਭਗ 17 ਲੱਖ ਬੰਦੂਕਾਂ ਪੰਜਾਬ ਵਿਚ ਆਮ ਇਨਸਾਨਾਂ ਕੋਲ ਹਨ, ਜਦਕਿ ਪੰਜਾਬ ਪੁਲਿਸ ਕੋਲ 77 ਹਜ਼ਾਰ ਬੰਦੂਕਾਂ ਹਨ। ਇਕ ਸੁਰੱਖਿਅਤ ਰਾਜ ਵਾਸਤੇ ਗ੍ਰਹਿ ਮੰਤਰਾਲੇ ਦੇ ਆਦੇਸ਼ ਹਨ ਕਿ ਜਨਤਾ ਕੋਲ ਪੁਲਿਸ ਦੇ ਅਸਲ੍ਹੇ ਨਾਲੋਂ 2-3 ਗੁਣਾ ਤੋਂ ਵੱਧ ਅਸਲ੍ਹਾ ਨਾ ਹੋਵੇ। ਪੰਜਾਬ ਵਿਚ ਆਮ ਜਨਤਾ ਕੋਲ 15-20 ਗੁਣਾ ਵੱਧ ਅਸਲ੍ਹਾ ਹੈ।
ਖ਼ੈਰ! ਸਮਾਂ ਰਹਿੰਦਿਆਂ ਸੰਭਲਣ ਦੀ ਲੋੜ ਹੈ, ਆਪਣੀ ਨਿੱਜੀ ਸੁਰੱਖਿਆਂ ਨੂੰ ਮੁੱਖ ਰੱਖਦੇ ਹੋਏ ਅਸਲ੍ਹੇ ਦੀ ਜਾਇਜ਼ ਵਰਤੋਂ ਅਤੇ ਅਸਲ੍ਹੇ ਦਾ ਰੱਖ/ਰਖਾਓ ਕਰਨਾ ਅਹਿਮ ਜ਼ਿੰਮੇਵਾਰੀ ਹੈ, ਨਹੀਂ ਤਾਂ ਅਸਲ੍ਹੇ ਦੀ ਨੁਮਾਇਸ਼ ਲਗਾਉਣੀ ਅਤੇ ਵਿਖਾਵੇ ਵਜੋਂ ਬੰਦੂਕ ਕਲਚਰ ਨੂੰ ਆਪਣਾ 'ਸਟੇਟਸ ਸਿੰਬਲ' ਬਣਾਉਣਾ ਪੰਜਾਬੀਆਂ ਲਈ ਬਹੁਤ ਨੁਕਸਾਨਦਾਇਕ ਸਾਬਤ ਹੋਵੇਗਾ। ਰੱਬ ਰਾਖਾ!

-ਸੁਲਤਾਨਵਿੰਡ ਰੋਡ, ਅੰਮ੍ਰਿਤਸਰ।
ਮੋ. 9815024920

ਖੇਤਰਫ਼ਲ ਵਿਚ ਸਭ ਤੋਂ ਵੱਡੀ ਅਮੀਰਾਤ ਅਬੂ ਧਾਬੀ

ਅਬੂ ਧਾਬੀ ਖੇਤਰਫਲ ਵਿਚ ਸੰਯੁਕਤ ਅਰਬ ਅਮੀਰਾਤ ਦਾ ਸਭ ਤੋਂ ਵੱਡਾ ਅਮੀਰਾਤ ਹੈ। ਇਹ 67,340 ਵਰਗ ਕਿਲੋ ਮੀਟਰ ਵਿਚ ਫੈਲਿਆ ਹੋਇਆ ਹੈ। ਇਕੱਲੇ ਸ਼ਹਿਰ ਦਾ ਇਲਾਕਾ ਹੀ 972 ਵਰਗ ਕਿਲੋ ਮੀਟਰ ਹੈ। ਵਿੱਕੀਪੀਡੀਆ ਅਨੁਸਾਰ ਖੇਤਰਫਲ ਪੱਖੋਂ ਦੁਬਈ 4,114 ਵਰਗ ਕਿਲੋ ਮੀਟਰ ਦੇ ਇਲਾਕੇ ਨਾਲ ਦੂਸਰੇ ਸਥਾਨ ਉੱਪਰ ਹੈ। ਅਬੂ ਧਾਬੀ ਯੂ.ਏ.ਈ. ਫ਼ੈੱਡਰੇਸ਼ਨ ਦਾ ਲਗਪਗ 87 ਫ਼ੀਸਦੀ ਇਲਾਕਾ ਸਾਂਭੀ ਬੈਠਾ ਹੈ। ਪਰ ਆਬਾਦੀ ਪੱਖੋਂ ਇਹ 2.784 ਮਿਲੀਅਨ (ਅਕਤੂਬਰ 2017) ਵਸੋਂ ਨਾਲ 2.885 ਮਿਲੀਅਨ ਵਸੋਂ ਵਾਲੇ ਦੁਬਈ ਤੋਂ ਦੂਸਰੇ ਸਥਾਨ ਉਪਰ ਹੈ। ਇਸ ਵਸੋਂ ਵਿਚ 80 ਫ਼ੀਸਦੀ ਪਰਵਾਸੀ ਹਨ।
ਅਬੂ ਧਾਬੀ ਯੂ.ਏ.ਈ. ਫ਼ੈੱਡਰੇਸ਼ਨ ਵਿਚ ਬਹੁਤ ਮਹੱਤਵਪੂਰਨ ਅਮੀਰਾਤ ਹੈ। ਇਹ ਐਮੀਰਾਤ ਆਫ਼ ਅਬੂ ਧਾਬੀ ਦੇ ਨਾਲ-ਨਾਲ ਸੰਯੁਕਤ ਅਰਬ ਅਮੀਰਾਤ ਦੀ ਰਾਜਧਾਨੀ ਵੀ ਹੈ। ਫੈਡਰਲ ਸਰਕਾਰ ਦੇ ਸਾਰੇ ਦਫ਼ਤਰ ਇਥੇ ਹਨ। ਸੱਤਾਂ ਅਮੀਰਾਤਾਂ ਵਿਚੋਂ ਸਿਰਫ ਇਸ ਨੂੰ ਅਤੇ ਦੁਬਈ ਨੂੰ ਹੀ ਮਹੱਤਵਪੂਰਨ ਰਾਸ਼ਟਰੀ ਮਸਲਿਆਂ ਉਪਰ ਫੈਡਰਲ ਸੁਪਰੀਮ ਕੌਂਸਲ ਵਿਚ ਵੀਟੋ ਦਾ ਅਧਿਕਾਰ ਹੈ। ਇਹ ਯੂ.ਏ.ਈ. ਦੀ ਸੱਤਾ ਦਾ ਸਿੰਘਾਸਨ ਹੈ। ਇਥੇ ਯੂ.ਏ.ਈ. ਦਾ ਪ੍ਰੈਜ਼ੀਡੈਂਟ ਅਤੇ ਐਮੀਰਾਤ ਆਫ਼ ਅਬੂ ਧਾਬੀ ਦਾ ਹਾਕਮ ਬਿਰਾਜਮਾਨ ਹੈ। ਸ਼ਾਹੀ ਐਮਿਰੀ ਪਰਿਵਾਰ ਇਸ ਜਗ੍ਹਾ ਸੁਭਾਏਮਾਨ ਹੈ। ਐਸ ਵੇਲੇ ਸ਼ੇਖ ਖ਼ਲੀਫ਼ਾ ਬਿਨ ਜ਼ਾਇਦ ਅਲ ਨਾਹਿਨ ਇਥੋਂ ਦਾ ਹਾਕਮ ਹੈ।
ਅਬੂ ਧਾਬੀ ਇਕ ਟੀ-ਆਕਾਰੀ ਟਾਪੂ ਉਪਰ ਵਸਿਆ ਹੈ ਜੋ ਕੇਂਦਰੀ ਪੱਛਮੀ ਤੱਟ ਤੋਂ ਫ਼ਾਰਸ ਦੀ ਖਾੜੀ ਅੰਦਰ ਨੂੰ ਵਧਦਾ ਹੈ। ਫਾਰਸ ਦੀ ਖਾੜੀ ਨਾਲ ਲਗਦੇ ਅਰਬ ਪ੍ਰਾਇਦੀਪ ਦੀ ਦੱਖਣ-ਪੂਰਬੀ ਵੱਖੀ ਵਿਚ ਇਸ ਦਾ ਵਾਸ ਹੈ।
ਇਥੇ ਟ੍ਰੈਫਿਕ ਨਿਯਮਾਂ ਦੀ ਸਖ਼ਤ ਪਾਲਣਾ, ਸ਼ੋਰ/ਹੌਰਨ/ਰੋਡ ਰੋਮੀਉ-ਮੁਕਤ ਵਾਤਾਵਰਨ, ਕਮਾਲ ਦੀ ਸਫ਼ਾਈ, ਪੈਦਲ ਚੱਲਣ ਵਾਲਿਆਂ ਦਾ ਸਤਿਕਾਰ, ਔਰਤ ਦੀ ਸੁਰੱਖਿਆ, ਆਪ-ਮੁਹਾਰਾ ਅਨੁਸ਼ਾਸਨ, ਰੱਖ-ਰਖਾਅ ਆਦਿ ਸਭ ਦੇਖਦਿਆਂ ਹੀ ਬਣਦਾ ਹੈ। ਕਿਸੇ ਕੱਲੀ-ਕਾਹਰੀ ਕੁੜੀ 'ਤੇ ਫ਼ਿਕਰੇ ਕੱਸਣਾ ਤਾਂ ਦੂਰ ਦੀ ਗੱਲ ਹੈ, ਕੋਈ ਅੱਖ ਚੁੱਕ ਕੇ ਵੀ ਨਹੀਂ ਦੇਖਦਾ। ਪੈਦਲ ਚੱਲਣ ਵਾਲੇ ਕਿਸੇ ਥਾਂ ਵੀ ਸੜਕ ਪਾਰ ਕਰ ਰਹੇ ਹੋਣ, ਮੋਟਰ ਗੱਡੀਆਂ ਵਾਲੇ ਆਪਣੇ-ਆਪ ਰੁਕ ਕੇ ਰਾਹ ਦਿੰਦੇ ਹਨ। ਬੀਚਾਂ ਉੱਪਰ ਕੋਈ ਹੁੱਲੜਬਾਜ਼ੀ ਨਹੀਂ, ਕੋਈ ਖਿਲਾਰਾ ਨਹੀਂ। ਖਿਲਾਰਾ ਤਾਂ ਬਹੁਤ ਵੱਡੀ ਗੱਲ ਹੈ, ਕੋਈ ਕਾਗਜ਼ ਦਾ ਟੁਕੜਾ ਤੱਕ ਨਹੀਂ। ਖਾੜੀ ਦਾ ਜਲ ਵੀ ਨਿਰਮਲ ਹੈ।
ਵਿੱਕੀਪੀਡੀਆ, ਮਾਈਕਲ ਕੁਐਂਟਿਨ ਮਾਰਟਿਨ ਦੀ ਸੰਯੁਕਤ ਅਰਬ ਅਮੀਰਾਤ ਦੇ ਇਤਿਹਾਸ ਸਬੰਧੀ ਪੁਸਤਕ ਅਤੇ ਹੋਰ ਸਰੋਤਾਂ ਤੋਂ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਅਬੂ ਧਾਬੀ ਦੇ ਨਾਮਕਰਨ ਬਾਰੇ ਕੋਈ ਬਹੁਤੇ ਨਿਸਚਿਤ ਤੱਥ ਨਹੀਂ ਮਿਲਦੇ। ਹਾਂ, ਦੰਦ ਕਥਾਵਾਂ ਅਤੇ ਗਾਥਾਵਾਂ ਬਥੇਰੀਆਂ ਉਪਲੱਬਧ ਹਨ।
'ਧਾਬੀ' ਅਰਬੀ ਦਾ ਸ਼ਬਦ ਹੈ ਜਿਸ ਦਾ ਅਰਥ ਇਕ ਸਥਾਨਕ ਸੁੰਦਰ, ਫੁਰਤੀਲਾ ਹਿਰਨ (ਗੈਜ਼ੈੱਲ) ਹੈ ਜੋ ਇਸ ਇਲਾਕੇ ਵਿਚ ਕਿਸੇ ਸਮੇਂ ਬਹੁਤ ਗਿਣਤੀ ਵਿਚ ਪਾਇਆ ਜਾਂਦਾ ਸੀ। 'ਅਬ'ੂ ਦਾ ਅਰਥ ਪਿਤਾ/ਬਾਪ ਹੈ, ਭਾਵ ਅਬੂ ਧਾਬੀ ਦਾ ਅਰਥ ਹਿਰਨ ਜਾਂ ਹਿਰਨਾਂ ਦਾ ਪਿਤਾ/ਬਾਪ। ਇਕ ਰਲਦੀ ਮਿਲਦੀ ਕਹਾਣੀ ਇਹ ਵੀ ਹੈ ਕਿ ਇਲਾਕੇ ਵਿਚ 'ਦਿਬਾ' (ਧਾਬੀ ਦਾ ਇਕਵਚਨ ਜਿਸ ਦਾ ਅਰਥ ਹੈ ਹਿਰਨ) ਬਹੁਤ ਸਨ ਇਸ ਲਈ ਇਹ ਨਾਂਅ ਪਿਆ। ਸ਼ਾਖਵਤ-ਅਲ-ਬਿਨ-ਦਿਆਬ ਅਲ ਨਾਹਿਨ ਦੀ ਇਕ ਲੋਕਗਾਥਾ ਕਾਰਨ ਵੀ ਇਹ ਨਾਂਅ ਪਿਆ ਦੱਸਿਆ ਜਾਂਦਾ ਹੈ। ਕਹਿੰਦੇ ਹਨ ਇਕ ਬੰਦਾ 'ਦਿਬਾ' (ਹਿਰਨ) ਦਾ ਪਿੱਛਾ ਕਰਿਆ ਕਰਦਾ ਸੀ। ਲੋਕ ਉਸ ਨੂੰ 'ਦਿਬਾ' ਦਾ 'ਅੱਬੂ' (ਪਿਤਾ) ਸੱਦਣ ਲੱਗ ਪਏ ਜਿਸ ਕਾਰਨ ਅਮੀਰਾਤ ਦਾ ਇਹ ਨਾਮਕਰਨ ਹੋ ਗਿਆ। ਕਿਸੇ ਵੇਲੇ ਇਸ ਭੂ-ਖੰਡ ਨੂੰ 'ਮਿਲਹ', ਭਾਵ ਲੂਣ ਵੀ ਕਿਹਾ ਜਾਂਦਾ ਸੀ, ਜੋ ਫ਼ਾਰਸ ਦੀ ਖਾੜੀ ਦੇ ਲੂਣੇ ਪਾਣੀਆਂ ਜਾਂ ਪੁਰਾਤਨ ਲੂਣ-ਦਲਦਲਾਂ ਦੇ ਹਵਾਲੇ ਨਾਲ ਕਿਹਾ ਜਾਂਦਾ ਸੀ। ਬੈਦੁਇਨ ਕਬੀਲੇ ਦੇ ਕਈ ਮੂਲ-ਨਿਵਾਸੀ ਇਸ ਨੂੰ ਅੰਮ-ਧਾਬੀ ਵੀ ਕਹਿੰਦੇ ਹਨ, ਭਾਵ ਹਿਰਨ ਦੀ ਅੰਮਾਂ (ਮਾਂ)। ਸ਼ਹਿਰ ਦੇ ਪੱਛਮੀ ਤੱਟ ਦੇ ਲੋਕ ਇਸ ਨੂੰ 'ਬੂ ਧਾਬੀ' ਅਤੇ ਪੂਰਬੀ ਤੱਟ ਦੇ ਲੋਕ ਅਬੂ ਧਾਬੀ ਪੁਕਾਰਦੇ ਹਨ। ਬਰਤਾਨਵੀ ਰਿਕਾਰਡਾਂ ਵਿਚ ਇਸ ਦਾ ਜ਼ਿਕਰ ਅਬੂ ਧਾਬੀ ਵਜੋਂ ਹੀ ਕੀਤਾ ਗਿਆ ਹੈ। ਕਈ ਇਤਿਹਾਸਕ ਬਿਰਤਾਂਤਾਂ ਅਨੁਸਾਰ ਇਹ ਨਾਂਅ ਪਹਿਲੀ ਵਾਰ 300 ਸਾਲ ਤੋਂ ਵੀ ਪਹਿਲਾਂ ਵਰਤਿਆ ਗਿਆ ਸੀ।
ਦਰਅਸਲ ਪੁਰਾਣੇ ਸਮਿਆਂ ਵੇਲੇ ਮਿਡਲ-ਈਸਟ ਦੇ ਰੇਗਿਸਤਾਨੀ ਖੇਤਰ, ਸਮੇਤ ਅਰੇਬੀਅਨ ਪ੍ਰਾਇਦੀਪ ਦੇ ਮਾਰੂਥਲ ਦੇ ਖਿੱਤੇ, ਦੇ ਮੂਲ ਵਸਨੀਕ ਬੈਦੁਇਨ ਸਨ ਜੋ ਊਠ ਅਤੇ ਬੱਕਰੀਆਂ ਪਾਲ ਕੇ ਗੁਜ਼ਰ ਬਸਰ ਕਰਦੇ ਸਨ। ਇਹ ਖਾਨਾਬਦੋਸ਼ ਕਬੀਲੇ ਸਨ। ਲੋਕ ਇਨ੍ਹਾਂ ਨੂੰ ਬੱਦੂ, ਬੇਦੂ ਜਾਂ ਬਦਾਵੀ ਪੁਕਾਰਦੇ ਸਨ। । ਮਾਰੂਥਲ ਵਿਚ ਪਾਣੀ ਦੀ ਕਿੱਲਤ ਕਾਰਨ ਇਹ ਰਮਤੇ ਰਹਿੰਦੇ ਸਨ। ਬਾਨੀ ਯਾਸ ਬੈਦੁਇਨ ਮੌਲਿਕ ਤੌਰ 'ਤੇ ਲੀਵਾ ਨਖ਼ਲਿਸਤਾਨ ਦੁਆਲੇ ਵਸੇ ਹੋਏ ਸਨ। ਇਸ ਕਬੀਲੇ ਦੇ 20 ਤੋਂ ਵੱਧ ਗਰੁੱਪ ਸਨ। 1793 ਵਿਚ ਇਸ ਕਬੀਲੇ ਦਾ ਇਕ ਗਰੁੱਪ 'ਅਲ ਬੂ ਫਲਾਹ' ਪਾਣੀ ਲੱਭਣ ਕਾਰਨ ਅਬੂ ਧਾਬੀ ਪਰਵਾਸ ਕਰ ਗਿਆ। ਇਸ ਟੋਲੇ ਵਿਚ ਇਕ ਅਲ ਨਾਹਿਨ ਪਰਿਵਾਰ ਵੀ ਸੀ ਜੋ ਅਬੂ ਧਾਬੀ ਦੇ ਅਜੋਕੇ ਹਾਕਮ ਹਨ।
ਅਬੂ ਧਾਬੀ ਮੋਤੀਆਂ ਦੇ ਕਾਰੋਬਾਰ ਅਤੇ ਵਪਾਰ ਲਈ ਮਸ਼ਹੂਰ ਰਿਹਾ। ਇਸ ਉਪਰ ਬਰਤਾਨਵੀ ਪ੍ਰਭਾਵ ਬਹੁਤ ਰਿਹਾ ਕਿਉਂਕਿ ਬਰਤਾਨੀਆ ਇਸ ਦੇ ਭਾਰਤੀ ਵਪਾਰ ਰਸਤੇ ਦੀ ਸਮੁੰਦਰੀ ਲੁਟੇਰਿਆਂ ਤੋਂ ਰਾਖੀ ਕਰਦਾ ਸੀ। ਇਸ ਕਾਰਨ ਹੀ ਇਸ ਦੇ ਤੱਟ ਦਾ ਨਾਂਅ 'ਪਾਇਰੇਟ ਤੱਟ' ਵੀ ਰਿਹਾ। 19ਵੀਂ ਸਦੀ ਵਿਚ ਸ਼ੇਖ਼ਾਂ ਅਤੇ ਬਰਤਾਨਵੀਆਂ ਵਿਚ ਸਮਝੌਤਾ ਹੋਣ ਕਾਰਨ ਇਸ ਦਾ ਨਾਂਅ 'ਟਰੂਸ਼ਲ ਤੱਟ' ਹੋ ਗਿਆ।
1930 ਵਿਚ 'ਪਰਲ ਟਰੇਡ' ਮੱਠਾ ਪੈ ਗਿਆ। 1936 ਵਿਚ ਤੇਲ ਦੀ ਭਾਲ ਸ਼ੁਰੂ ਹੋ ਗਈ। 1958 ਵਿਚ ਉਮ ਸ਼ਰੀਫ ਦੇ ਖੇਤਰ ਵਿਚ ਤੇਲ ਲੱਭ ਪਿਆ ਅਤੇ ਫਿਰ ਹੋਰ ਥਾਵਾਂ ਤੋਂ ਲੱਭਣ ਉਪਰੰਤ ਅਬੂ ਧਾਬੀ ਦੀ ਬੱਲੇ-ਬੱਲੇ ਹੋ ਗਈ।
ਇਸ ਅਮੀਰਾਤ ਨੇ ਤਰੱਕੀ ਦੇ ਖੇਤਰ ਵਿਚ ਪਿਛਲੇ 40 ਸਾਲਾਂ ਵਿਚ ਬੜੀਆਂ ਧਮਾਲਾਂ ਪਾਈਆਂ ਹਨ। ਇਹ ਰਵਾਇਤੀ ਵਿਰਾਸਤ, ਆਧੁਨਿਕਤਾ ਅਤੇ ਐਸ਼ੋ-ਇਸ਼ਰਤ ਦੇ ਸੁਮੇਲ ਵਜੋਂ ਉੱਭਰਿਆ ਹੈ। ਗਗਨ-ਚੁੰਬੀ ਇਮਾਰਤਾਂ ਵੀ ਦੇਖਣ ਨੂੰ ਮਿਲਦੀਆਂ ਹਨ, ਮਾਲਾਂ ਵੀ, ਖਾਸ ਕਰਕੇ ਮਰੀਨਾ ਮਾਲ,ਬੁਰਜ ਅਤੇ ਟਾਵਰ ਵੀ, ਕੁਦਰਤੀ ਅਤੇ ਬੰਦੇ ਦੇ ਬਣਾਏ ਟਾਪੂ ਅਤੇ ਕਮਾਲ ਦੇ ਇੰਜੀਨੀਅਰਿੰਗ ਨਾਲ ਉਸਾਰੇ ਪੁਲ ਵੀ। ਮਕਤਾ ਤੇ ਮੁਸਾਫਾ, ਸ਼ੇਖ ਜ਼ਾਇਦ, ਅਲ ਮਫਰਕ ਪੁਲ ਕਮਾਲ ਦੇ ਬਣੇ ਹਨ। ਬਹੁ-ਪਰਤੀ ਅਲ ਮਫ਼ਰਕ ਪੁਲ ਦੀਆਂ 27 ਲੇਨਾਂ ਹਨ। ਕਿਹਾ ਜਾਂਦੈ ਕਿ ਇਨ੍ਹਾਂ ਲੇਨਾਂ ਰਾਹੀਂ ਇਕ ਘੰਟੇ ਵਿਚ ਲਗਪਗ 25,000 ਮੋਟਰ-ਗੱਡੀਆਂ ਲੰਘਦੀਆਂ ਹਨ !
ਬੁਰਜ ਮੁਹੰਮਦ ਬਿਨ ਰਾਸ਼ਿਦ ਟਾਵਰ, ਪੰਜ-ਬੁਰਜੀ ਇਤਹਾਦ ਟਾਵਰ, ਐਮੀਰੇਟ ਪੈਲੇਸ, ਸਕਾਈ ਟਾਵਰ, ਦੀ ਲੈਂਡਮਾਰਕ, ਅਬੂ ਧਾਬੀ ਇਨਵੈਸਟਮੈਂਟ ਅਥਾਰਟੀ ਟਾਵਰ, ਗੇਟ ਟਾਵਰ ਆਦਿ ਗਗਨ-ਚੁੰਬੀ ਇਮਾਰਤਾਂ ਸ਼ਿਲਪਕਲਾ ਦੇ ਉੱਤਮ ਨਮੂਨੇ ਹਨ। ਜਿਵੇਂ ਦੁਬਈ ਵਿਚ ਬੁਰਜ ਖ਼ਲੀਫ਼ਾ ਸੈਲਾਨੀਆਂ ਦੀ ਖਿੱਚ ਦਾ ਕੇਂਦਰ ਹੈ, ਇਸੇ ਤਰ੍ਹਾਂ ਅਬੂ ਧਾਬੀ ਵਿਚ ਭਵਨ-ਨਿਰਮਾਣ ਕਲਾ ਦਾ ਸੀਮਾ ਚਿੰਨ੍ਹ (ਲੈਂਡਮਾਰਕ) ਸ਼ੇਖ ਜ਼ਾਇਦ ਮਸਜਿਦ ਹੈ (ਜਿਸ ਦਾ ਜ਼ਿਕਰ ਇਕ ਵੱਖਰੇ ਲੇਖ ਰਾਹੀਂ ਕਰਾਂਗੇ)।
ਅਸਚਰਜ-ਜਨਕ ਇਮਾਰਤਾਂ ਵਿਚ ਆਪਣੀ ਕਿਸਮ ਦਾ ਮਿਡਲ-ਈਸਟ ਵਿਚਲਾ ਪਹਿਲਾ ਅਲਦਾਰ ਹੈੱਡਕੁਆਰਟਰਜ਼ ਅਤੇ ਕੈਪੀਟਲ ਗੇਟ ਸ਼ਾਮਿਲ ਹਨ। ਪਹਿਲੀ ਗੋਲਾਕਾਰ ਇਮਾਰਤ ਹੈ ਅਤੇ ਦੂਸਰੀ ਇਟਲੀ ਦੇ ਲਿਫੇ ਹੋਏ ਪੀਸਾ ਟਾਵਰ ਨਾਲੋਂ ਵੀ ਚਾਰ ਗੁਣਾ ਵਧ ਝੁਕੀ ਹੋਣ ਕਾਰਨ ਗਿੱਨੀਜ਼ ਵਰਲਡ ਰਿਕਾਰਡ ਵਿਚ ਦਰਜ ਹੋ ਚੁਕੀ ਹੈ।
ਸ਼ਹਿਰ ਟਾਪੂ ਉੱਪਰ ਵਸਿਐ ਪਰ ਮਹਾਂਦੀਪ ਉੱਪਰ ਵੀ ਕਈ ਉਪ-ਨਗਰੀ ਜ਼ਿਲ੍ਹੇ ਹਨ-ਖ਼ਲੀਫ਼ਾ ਸਿਟੀ ਏ, ਬੀ.ਸੀ., ਅਲ ਬਾਹੀਆ ਸਿਟੀ ਏ.ਬੀ.ਸੀ, ਖ਼ਲੀਫ਼ਾ ਸਿਟੀ ਅਲ ਰਾਹਾ ਬੀਚ ਆਦਿ। ਜਿਸ ਅਮੀਰਾਤ ਦੀ ਰੂਪ-ਰੇਖਾ 1967 ਵਿਚ ਸ਼ੇਖ ਜ਼ਾਇਦ ਬਿਨ ਸੁਲਤਾਨ ਅਲ ਨਾਹਿਨ ਦੀ ਦੇਖ-ਰੇਖ ਹੇਠ ਜਾਪਾਨੀ ਸ਼ਿਲਪਕਾਰ ਡਾ. ਤਾਕਾਹਾਸ਼ੀ ਨੇ ਪ੍ਰਾਰੰਭਿਕ ਤੌਰ 'ਤੇ 40,000 ਦੀ ਆਬਾਦੀ ਲਈ ਤਿਆਰ ਕੀਤੀ ਸੀ ਹੁਣ ਉਹ ਵਿਸ਼ਵ ਦੇ ਤੇਲ ਅਤੇ ਗੈਸ ਦੇ ਬਹੁਤੇ ਭੰਡਾਰਾਂ ਦਾ ਮਾਲਕ ਹੈ ਅਤੇ ਤੇਜ਼ ਰਫ਼ਤਾਰ ਅਰਥ-ਵਿਵਸਥਾਵਾਂ ਅਤੇ ਵਧੇਰੇ ਪ੍ਰਤੀ ਜੀਅ ਆਮਦਨ ਵਾਲੇ ਦੇਸ਼ਾਂ ਵਿਚ ਸ਼ਾਮਿਲ ਹੈ। ਯੂ.ਏ.ਈ. ਕੋਲ ਹਾਈਡ੍ਰੋਕਾਰਬਨ ਦੀ ਦੌਲਤ ਹੋਣ ਕਾਰਨ ਇਸ ਦੀ ਪ੍ਰਤੀ ਜੀਅ ਵਿਕਾਸ ਦਰ (ਜੀ.ਡੀ.ਪੀ.-ਕੁੱਲ ਰਾਸ਼ਟਰੀ ਆਮਦਨ) ਵਿਸ਼ਵ ਵਿਚ ਸਭ ਤੋਂ ਵਧੇਰੇ ਹੈ। ਤੇ ਇਸ ਦੌਲਤ ਵਿਚਲੇ ਤੇਲ ਦੇ 95 ਫ਼ੀਸਦੀ ਅਤੇ ਗੈਸ ਦੇ 92 ਫ਼ੀਸਦੀ ਸਰੋਤਾਂ ਉਪਰ ਅਬੂ ਧਾਬੀ ਦਾ ਕਬਜ਼ਾ ਹੈ। ਇਸੇ ਕਾਰਨ ਹੀ ਇਹ ਯੂ. ਏ. ਈ. ਵਿਚੋਂ ਪ੍ਰਤੀ ਜੀਅ ਜੀ.ਡੀ.ਪੀ. ਵਿਚ ਸਭ ਤੋਂ ਅਮੀਰ ਹੈ।
ਅਬੂ ਧਾਬੀ ਦਾ ਤੱਟੀ ਇਲਾਕਾ 400 ਕਿਲੋ ਮੀਟਰ ਤੋਂ ਵੱਧ ਹੈ, ਜਿਸ 'ਚੋਂ 10 ਕਿਲੋ ਮੀਟਰ ਜਨਤਕ ਬੀਚ ਹਨ। ਇਸ ਕੋਲ ਯੂ.ਏ.ਈ. ਦੇ ਸਭ ਤੋਂ ਵਧੇਰੇ ਤੇ ਵਿਸ਼ਾਲ 'ਫਰੰਟਵਾਟਰਜ਼' (ਪਾਣੀਆਂ ਵੱਲ ਖੁੱਲ੍ਹਦੇ ਖੇਤਰ) ਹਨ ਜੋ ਸੈਲਾਨੀਆਂ ਲਈ ਖਿੱਚ ਦਾ ਕਾਰਨ ਹਨ। ਇਥੋਂ ਦੀ ਖ਼ਲੀਜ ਦੇ ਪਾਣੀਆਂ ਵਿਚ 'ਇੰਡੋ-ਪੈਸਿਫਿਕ' ਕੂਹਾਂਡੀ/ਕੁਬਚੀ ਡੌਲਫਿਨ (ਮੱਛਲੀ) ਦੀ ਵਿਸ਼ਵ ਦੀ ਸਭ ਤੋਂ ਵਧ ਗਿਣਤੀ ਪਾਈ ਜਾਂਦੀ ਹੈ। ਇਥੋਂ ਦੇ ਬਾਗ਼-ਬਗੀਚਿਆਂ ਅਤੇ ਪਾਰਕਾਂ ਦੀ ਹਰਿਆਵਲ ਅੱਖਾਂ ਨੂੰ ਠੰਢਕ ਪਾਉਂਦੀ ਹੈ।
ਨਵੰਬਰ ਤੋਂ ਮਾਰਚ ਮਹੀਨੇ ਜਾਣ ਲਈ ਚੰਗਾ ਸਮਾਂ ਹੈ। ਜਨਵਰੀ ਠੰਢੀ ਹੁੰਦੀ ਹੈ ਅਤੇ ਦਸੰਬਰ ਸੁਹਾਵਣਾ। ਮਈ-ਅਗਸਤ ਗਰਮੀ ਹੁੰਦੀ ਹੈ, ਹੁੰਮਸ ਵੀ। ਜੂਨ ਵਿਚ ਖਾਸ ਤੌਰ 'ਤੇ ਮਿੱਟੀ-ਘੱਟੇ ਵਾਲੀਆਂ ਹਨੇਰੀਆਂ ਵੀ ਆ ਜਾਂਦੀਆਂ ਹਨ। ਸਰਦੀਆਂ ਵਿਚ ਕਦੇ-ਕਦੇ ਧੁੰਦ ਵੀ ਪੈ ਜਾਂਦੀ ਹੈ।
ਅਬੂ ਧਾਬੀ ਤੋਂ ਦੁਬਈ ਸੜਕ ਰਾਹੀਂ 125 ਕਿਲੋ ਮੀਟਰ ਹੈ। ਤੱਕਲੇ ਵਰਗੀ ਸਿੱਧੀ ਸਮਤਲ ਸੜਕ 'ਅਲ ਜ਼ਾਇਦ ਰੋਡ' (ਈ11) ਉਪਰ ਕਾਰ ਮੇਲ੍ਹਦੀ ਜਾਂਦੀ ਹੈ। ਸਵਾ ਕੁ ਘੰਟਾ ਲਗਦੈ। ਬੱਸ/ਰੇਲ/ਹਵਾਈ ਸਫ਼ਰ ਦੀ ਸਹੂਲਤ ਵੀ ਹੈ।
ਅਬੂ ਧਾਬੀ ਵਿਚ ਸਾਊਦੀ ਅਰਬ ਨਾਲੋਂ ਵਧੇਰੇ ਸਹਿਨਸ਼ੀਲਤਾ ਹੈ ਪਰ ਦੁਬਈ ਨਾਲੋਂ ਵਧੇਰੇ ਸਖ਼ਤੀ ਹੈ। ਪਰ ਹੌਲੀ-ਹੌਲੀ ਦੁਬਈ ਵਾਂਗ ਇਹ ਵੀ ਹਰਮਨ ਪਿਆਰਾ ਦੇਸ਼ ਬਣਦਾ ਜਾ ਰਿਹੈ ਤਾਂ ਕਿ ਸੈਲਾਨੀਆਂ ਨੂੰ ਹੋਰ ਵਧੇਰੇ ਆਕਰਸ਼ਤ ਕਰ ਸਕੇ।

-ਫਗਵਾੜਾ

ਕਲਾਕਾਰਾਂ ਦੀ ਧਰਤੀ-ਅੰਦਰੇਟਾ

ਜ਼ਿਲ੍ਹਾ ਕਾਂਗੜਾ ਨੂੰ 'ਦੇਵਤਿਆਂ ਦੀ ਭੂਮੀ' ਦੇ ਨਾਂਅ ਨਾਲ ਯਾਦ ਕੀਤਾ ਜਾਂਦਾ ਹੈ। ਰੰਗ-ਬਰੰਗੇ ਸੁੰਦਰ ਫੁੱਲਾਂ ਦੇ ਦਰੱਖਤਾਂ ਕਾਰਨ ਇਸ ਨੂੰ 'ਫੁੱਲਾਂ ਦੀ ਘਾਟੀ' ਵੀ ਕਿਹਾ ਜਾਂਦਾ ਹੈ। ਜਿਸ ਗੱਲ ਵਿਚ ਇਸ ਜ਼ਿਲ੍ਹੇ ਨੇ ਅੰਤਰ-ਰਾਸ਼ਟਰੀ ਪ੍ਰਸਿੱਧੀ ਹਾਸਲ ਕੀਤੀ ਹੈ-ਉਹ ਹੈ ਕਲਾ। ਅਠਾਰ੍ਹਵੀਂ ਅਤੇ ਉਨ੍ਹੀਵੀਂ ਸਦੀ ਦੀਆਂ 'ਕਾਂਗੜਾ ਕਲਾ' ਸ਼ੈਲੀ ਦੀਆਂ ਤਸਵੀਰਾਂ ਦੀ ਸੰਸਾਰ ਭਰ ਦੇ ਕਲਾ ਆਲੋਚਕਾਂ ਨੇ ਰੱਜ ਕੇ ਪ੍ਰਸੰਸਾ ਕੀਤੀ ਹੈ। ਡਾ: ਐਮ. ਐਸ. ਰੰਧਾਵਾ ਨੇ ਕਾਂਗੜਾ ਕਲਾ ਬਾਰੇ ਕਈ ਪੁਸਤਕਾਂ ਲਿਖੀਆਂ ਹਨ। ਵੱਡੀਆਂ-ਵੱਡੀਆਂ ਆਰਟ ਗੈਲਰੀਆਂ ਕਾਂਗੜਾ ਕਲਾ ਦੇ ਨਮੂਨੇ ਲੱਭ ਕੇ ਗੈਲਰੀ ਸ਼ਿੰਘਾਰਨ ਦਾ ਯਤਨ ਕਰਦੀਆਂ ਰਹੀਆਂ ਹਨ। ਅਜੋਕੇ ਸਮੇਂ ਵਿਚ ਵੀ ਜ਼ਿਲ੍ਹਾ ਕਾਂਗੜਾ ਕਲਾ ਖੇਤਰ ਵਿਚ ਪਿੱਛੇ ਨਹੀਂ। ਇਸ ਜ਼ਿਲ੍ਹੇ ਦਾ ਇਕ ਨਿੱਕਾ ਜਿਹਾ ਪਿੰਡ ਅੰਦਰੇਟਾ 'ਕਲਕਾਰਾਂ ਦੀ ਧਰਤੀ' ਦੇ ਨਾਂਅ ਨਾਲ ਪ੍ਰਸਿੱਧ ਹੋ ਗਿਆ ਹੈ ਜਿਥੇ ਕਈ ਵੱਡੇ-ਵੱਡੇ ਕਲਾਕਾਰਾਂ ਨੇ ਆਪਣੀ ਜ਼ਿੰਦਗੀ ਦੌਰਾਨ ਅਪਣੇ ਨਿਵਾਸ ਅਸਥਾਨ ਬਣਾ ਕੇ ਇਸ ਦੀ ਸ਼ੋਭਾ ਵਧਾਈ ਹੈ।
ਇਹ ਪਿੰਡ ਪਠਾਨਕੋਟ-ਕਾਂਗੜਾ-ਬੈਜਨਾਥ ਸੜਕ ਉਤੇ ਸਥਿਤ ਪਾਲਮਪੁਰ ਤੋਂ 12 ਕਿਲੋਮੀਟਰ ਦੂਰ ਹੈ। ਮਾਲਵਾ ਤੇ ਦੁਆਬਾ ਖੇਤਰ 'ਚੋਂ ਜਾਣਾ ਹੋਵੇ ਤਾਂ ਹੁਸ਼ਿਆਰਪੁਰ-ਭਰਵਾਈਂ-ਡੇਹਰਾ ਤੋਂ ਹੋ ਕੇ ਕਾਂਗੜਾ ਆ ਜਾਂਦਾ ਹੈ, ਅਗੋਂ ਫਿਰ ਪਾਲਮਪੁਰ। ਪਹਿਲੀ ਨਵੰਬਰ 1966 ਨੂੰ ਭਾਸ਼ਾ ਦੇ ਆਧਾਰ 'ਤੇ ਪੁਨਰਗਠਨ ਤੋਂ ਪਹਿਲਾਂ ਇਹ ਜ਼ਿਲ੍ਹਾ ਪੰਜਾਬ ਦਾ ਹੀ ਇਕ ਹਿੱਸਾ ਸੀ।
ਆਧੁਨਿਕ ਪੰਜਾਬੀ ਰੰਗ-ਮੰਚ ਦੀ ਲਕੜਦਾਦੀ ਮਰਹੂਮ ਮਿਸਿਜ਼ ਨੋਰਾ ਰਿਚਰਡਜ਼ (1876-1971) ਨੇ ਸਭ ਤੋਂ ਪਹਿਲਾਂ 1935 ਵਿਚ ਇਸ ਪਿੰਡ ਨੂੰ ਭਾਗ ਲਾਇਆ। ਉਨ੍ਹਾਂ ਪਾਸ ਨਾਟਕਕਾਰ, ਅਦਾਕਾਰ, ਨਿਰਦੇਸ਼ਕ ਆਦਿ ਅਗਵਾਈ ਲੈਣ ਆਉਂਦੇ ਹੁੰਦੇ ਸਨ। ਪੰਜਾਬ ਵਿਚ ਬਲਾਕਾਂ ਦੇ ਸਮਾਜਿਕ ਸਿਖਿਆ ਅਫ਼ਸਰ ਰੰਗ ਮੰਚ ਦੀ ਟਰੇਨਿੰਗ ਲੈਣ ਆਇਆ ਕਰਦੇ ਸਨ। ਨੋਰਾ ਰਿਚਰਡਜ਼ ਨੇ ਆਪਣੇ ਨਿਵਾਸ ਸਥਾਨ ਤੇ ਇਕ ਓਪਨ-ਏਅਰ ਥੀਏਟਰ ਵੀ ਬਣਾਇਆ ਸੀ, ਜਿਥੇ ਉਹ ਨਾਟਕ ਖਿਡਵਾਇਆ ਕਰਦੇ ਸਨ। ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਸ੍ਰੀਮਤੀ ਰਿਚਰਡਜ਼ ਦੀਆਂ ਪੰਜਾਬੀ ਰੰਗ ਮੰਚ ਦੀਆਂ ਸੇਵਾਵਾਂ ਨੂੰ ਮੁਖ ਰੱਖ ਕੇ 'ਡਾਕਟਰ ਆਫ ਲਿਟਰੇਚਰ ਦੀ ਆਨਰੇਰੀ' ਡਿਗਰੀ ਨਾਲ ਸਨਮਾਨਿਆ ਸੀ। ਅਪਣੀ ਆਖ਼ਰੀ ਵਸੀਹਤ ਰਾਹੀਂ ਸ੍ਰੀਮਤੀ ਰਿਚਰਡਜ਼ ਨੇ ਆਪਣਾ ਨਿਵਾਸ ਸਥਾਨ ਪੰਜਾਬੀ ਯੂਨੀਵਰਸਿਟੀ ਨੂੰ ਦੇ ਦਿੱਤਾ ਸੀ, ਜਿਥੇ ਯੂਨੀਵਰਸਿਟੀ ਨੇ ਆਪਣਾ 'ਸਟੂਡੈਂਟਸ ਹੋਮ' ਬਣਾਇਆ ਹੈ, ਯੂਨੀਵਰਸਿਟੀ ਵਲੋਂ ਅਕਸਰ ਵਿਦਿਆਰਥੀ ਆ ਕੇ ਕੋਈ ਕੈਂਪ ਆਦਿ ਵਿਚ ਸ਼ਾਮਿਲ ਹੁੰਦੇ ਰਹਿੰਦੇ ਹਨ। ਨੋਰਾ ਦਾ ਨਿਵਾਸ ਅਸਥਾਨ 'ਬਦਾਮੀ ਨਿਵਾਸ' ਕੱਚੀਆਂ ਇੱਟਾਂ ਦਾ ਬਣਿਆ ਹੋਇਆ ਸੀ। ਧਰਮਸ਼ਾਲਾ-ਪਾਲਮਪੁਰ ਘਾਟੀ ਵਿਚ ਬਾਰਿਸ਼ ਬਹੁਤ ਹੁੰਦੀ ਹੈ, ਜਿਸ ਕਾਰਨ ਮਕਾਨ ਨੂੰ ਹਰ ਸਾਲ ਬਹੁਤ ਨੁਕਸਾਨ ਹੁੰਦਾ ਸੀ। ਯੂਨੀਵਰਸਿਟੀ ਨੇ ਉਸ ਦਾ ਨਕਸ਼ਾ ਤਿਆਰ ਕਰਵਾ ਕੇ ਹੁਣ ਪੱਕੀਆਂ ਇੱਟਾਂ ਦਾ ਹੂ-ਬ-ਹੂ ਪਹਿਲਾਂ ਵਰਗਾ ਮਕਾਨ ਬਣਾਇਆ ਹੈ ਤੇ ਬਾਹਰੀ ਦਿੱਖ ਕੱਚੀਆਂ ਇੱਟਾਂ ਵਾਲੇ ਮਕਾਨ ਦੀ ਹੀ ਦਿੱਤੀ ਹੈ। ਯੂਨੀਵਰਸਿਟੀ ਦੇ ਤਿੰਨ-ਚਾਰ ਮੁਲਾਜ਼ਮ ਇਸ ਦੀ ਦੇਖ ਭਾਲ ਤੇ ਸੰਭਾਲ ਕਰ ਰਹੇ ਹਨ। ਅੰਦਰੇਟਾ ਦੀ ਬਹੁਤੀ ਪ੍ਰਸਿੱਧੀ ਦਾ ਕਾਰਨ ਨਾਮਵਰ ਚਿੱਤਰਕਾਰ ਪਦਮਸ੍ਰੀ ਸ਼ੋਭਾ ਸਿੰਘ (1901-1986) ਦਾ ਇਥੇ ਆ ਕੇ ਰਹਿਣਾ ਹੈ। 1947 ਵਿਚ ਉਹ ਲਾਹੌਰ ਆਪਣਾ ਸਭ ਕੁਝ ਗੁਆ ਕੇ ਖਾਲੀ ਹੱਥ ਇਥੇ ਆਏ ਸਨ। ਹੌਲੀ-ਹੌਲੀ ਆਪਣਾ ਸਟੂਡੀਓ ਤੇ ਆਰਟ ਗੈਲਰੀ ਇਥੇ ਬਣਾਈ। ਉਨ੍ਹਾਂ ਪੰਜਾਬ ਦਾ ਇਤਿਹਾਸ ਖਾਸ ਕਰ ਗੁਰੂ ਸਾਹਿਬਾਨ ਨੂੰ ਵਧੇਰੇ ਚਿਤਰਿਆ ਹੈ। ਉਨ੍ਹਾਂ ਦਾ ਸ਼ਾਹਕਾਰ 'ਸੋਹਣੀ-ਮਹੀਂਵਾਲ' ਅਤੇ ਗੁਰੂ ਸਾਹਿਬਾਨ ਦੀਆਂ ਤਸਵੀਰਾਂ ਆਮ ਘਰਾਂ ਵਿਚ ਵੇਖੀਆਂ ਜਾ ਸਕਦੀਆਂ ਹਨ। ਅਨੇਕਾਂ ਹੀ ਦਰਸ਼ਕ ਉਨ੍ਹਾਂ ਦੀ ਆਰਟ ਗੈਲਰੀ ਵੇਖਣ ਆਉਂਦੇ ਰਹਿੰਦੇ ਹਨ। ਕਈ ਮੁੱਖ ਮੰਤਰੀ, ਰਾਜਪਾਲ, ਜਰਨੈਲ ਤੇ ਕਲਾ ਪ੍ਰੇਮੀ ਗੈਲਰੀ ਵੇਖਣ ਆ ਚੁੱਕੇ ਹਨ। ਹਿਮਾਚਲ ਸਰਕਾਰ ਦੇ ਟੂਰਿਜ਼ਮ ਵਿਭਾਗ ਨੇ ਸੂਬੇ ਅੰਦਰ ਦੇਖਣਯੋਗ ਸਥਾਨਾਂ ਵਿਚ ਇਸ ਆਰਟ ਗੈਲਰੀ ਦਾ ਵੀ ਜ਼ਿਕਰ ਕੀਤਾ ਹੈ, ਸਮੇਂ ਦੇ ਬੀਤਣ ਨਾਲ ਕੁਝ ਤਸਵੀਰਾਂ ਦੇ ਰੰਗਾਂ ਵਿਚ ਤ੍ਰੇੜਾਂ ਆਉਣ ਲੱਗੀਆਂ ਸਨ, ਪਰਿਵਾਰ ਨੇ ਦਿੱਲੀ ਤੋਂ ਪੁਰਾਤੱਤਵ ਵਿਭਾਗ ਦੇ ਮਾਹਰ ਅਧਿਕਾਰੀਆਂ ਦੇ ਮਾਹਰਾਂ ਦੇ ਸੁਝਾਅ ਉੱਤੇ ਸਲ੍ਹਾਬ ਦੇ ਬਚਾਅ ਲਈ ਪ੍ਰਬੰਧ ਕੀਤੇ ਹਨ। ਗੈਲਰੀ ਦੀ ਦੇਖਭਾਲ ਚਿੱਤਰਕਾਰ ਸ਼ੋਭਾ ਸਿੰਘ ਦੀ ਬੇਟੀ ਬੀਬੀ ਗੁਰਚਰਨ ਕੌਰ ਤੇ ਦੋਹਤਰਾ ਡਾ: ਹਿਰਦੇਪਾਲ ਸਿੰਘ ਅਪਣੇ ਪਰਿਵਾਰ ਸਮੇਤ ਕਰ ਰਹੇ ਹਨ।
ਫ਼ਿਲਮੀ ਦੁਨੀਆ ਦੇ ਪ੍ਰਸਿੱਧ ਅਭਿਨੇਤਾ ਪਦਮ ਭੂਸ਼ਨ ਪ੍ਰਿਥਵੀ ਰਾਜ ਕਪੂਰ ਵੀ ਹਰ ਸਾਲ ਇਥੇ ਆਪਣੇ ਮਿੱਤਰ ਸ: ਸ਼ੋਭਾ ਸਿੰਘ ਅਤੇ ਸ੍ਰੀਮਤੀ ਰਿਚਰਡਜ਼ ਪਾਸ ਆਇਆ ਕਰਦੇ ਸਨ। ਉਨ੍ਹਾਂ ਆਪਣੀ ਕੋਠੀ ਬਣਾਉਣ ਲਈ ਥਾਂ ਖਰੀਦ ਕੇ ਨੀਹਾਂ ਭਰਵਾਈਆਂ ਸਨ, ਪਰ ਜ਼ਿੰਦਗੀ ਨੇ ਵਫਾ ਨਾ ਕੀਤੀ। ਆਰਟ ਗੈਲਰੀ ਦੇ ਬਾਹਰ ਇਕ ਦੀਵਾਰ 'ਤੇ ਸ੍ਰੀ ਕਪੂਰ ਦਾ ਬੁੱਤ ਲੱਗਾ ਹੋਇਆ ਹੈ।
ਦਿੱਲੀ ਬਲਿਊ ਆਰਟ ਪੌਟਰੀ ਵਾਲੇ ਨਾਮਵਰ ਕੁੰਭਕਾਰ ਸ: ਗੁਰਚਰਨ ਸਿੰਘ ਨੇ ਵੀ ਇਥੇ ਆਪਣੀ ਕੋਠੀ ਅਤੇ ਭੱਠੀ ਬਣਾਈ ਸੀ। ਹਰ ਸਾਲ ਗਰਮੀਆਂ ਵਿਚ ਉਹ ਇਥੇ ਆ ਕੇ ਰਹਿੰਦੇ ਸਨ ਅਤੇ ਕੰਮ ਕਰਦੇ ਸਨ। ਉਹ ਦਿੱਲੀ, ਬੰਬਈ, ਮਦਰਾਸ, ਕਲਕੱਤਾ ਜਾਂ ਵਿਦੇਸ਼ਾਂ ਵਿਚ ਜਾ ਕੇ ਆਪਣੀ ਕੁੰਭਕਾਰੀ ਦੇ ਸ਼ਾਹਕਾਰਾਂ ਦੀ ਨੁਮਾਇਸ਼ ਕਰਦੇ। ਕਈ ਅਜਾਇਬ ਘਰਾਂ ਵਿਚ ਉਨ੍ਹਾਂ ਦੀਆਂ ਕ੍ਰਿਤਾਂ ਹਨ। ਅੱਜਕਲ੍ਹ ਉਨ੍ਹਾਂ ਦੇ ਬੇਟੇ ਮਨਸਿਮਰਨ ਸਿੰਘ ਇਸ ਦੀ ਦੇਖਭਾਲ ਰਹੇ ਹਨ।
ਪੰਜਾਬ ਦੀ ਪ੍ਰਸਿੱਧ ਚਿਤਰਕਾਰਾ ਬੀਬੀ ਫੂਲਾ ਰਾਣੀ ਨੇ ਵੀ ਇਥੇ ਆਪਣੀ ਕੋਠੀ ਬਣਾਈ ਸੀ। ਜੁਲਾਈ ਅਗਸਤ ਦੇ ਮਹੀਨੇ ਉਹ ਇਥੇ ਆ ਕੇ ਚਿੱਤਰਕਾਰੀ ਕਰਿਆ ਕਰਦੇ ਸਨ, ਪਰ ਹੁਣ ਵਡੇਰੀ ਉਮਰ 'ਤੇ ਅਪਣੀ ਕਬੀਲਦਾਰੀ ਦੇ ਰੁਝੇਵੇਂ ਕਾਰਨ ਬਹੁਤ ਸਾਲਾਂ ਤੋਂ ਇਥੇ ਨਹੀਂ ਗਏ, ਕੋਠੀ ਢਹਿ-ਢੇਰੀ ਹੋ ਗਈ ਹੈ।
ਮਾਡਰਨ ਆਰਟ ਕਰਨ ਵਾਲੇ ਨਾਮਵਰ ਬੰਗਾਲੀ ਚਿੱਤਰਕਾਰ ਮਰਹੂਮ ਬੀ. ਸੀ. ਸਾਨਿਆਲ ਨੇ ਵੀ ਆਪਣਾ ਘਰ ਇਥੇ ਬਣਾਇਆ ਹੈ, ਪਰ ਉਹ ਇਥੇ ਆ ਕੇ ਕੰਮ ਨਹੀਂ ਕਰਦੇ, ਸਿਰਫ ਆਰਾਮ ਕਰਦੇ ਸਨ। ਬੋਧੀਆਂ ਦੀ ਆਤਮਿਕ ਆਗੂ ਤੇ ਸਮਾਜ ਸੇਵਾ ਕਰਨ ਵਾਲੇ ਸ੍ਰੀਮਤੀ ਫਰੀਦਾ ਬੇਦੀ ਨੇ ਵੀ ਆਪਣਾ ਮਕਾਨ ਇਥੇ ਬਣਾਇਆ ਹੈ। ਉਹ ਸਮਾਜ ਸੁਧਾਰਕ ਆਗੂ ਬਾਬਾ ਪਿਆਰੇ ਲਾਲ ਬੇਦੀ, ਜਿਨ੍ਹਾਂ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 'ਜ਼ਫ਼ਰਨਾਮੇ' ਦਾ ਅੰਗਰੇਜ਼ੀ ਵਿਚ ਅਨੁਵਾਦ ਕੀਤਾ ਹੈ, ਦੀ ਪਤਨੀ ਅਤੇ ਫ਼ਿਲਮੀ ਅਦਾਕਾਰ ਕਬੀਰ ਬੇਦੀ ਦੀ ਮਾਤਾ ਹਨ। ਫਿਲਮ ਜਗਤ ਵਿਚ ਜਾਣ ਤੋਂ ਪਹਿਲਾਂ ਕਬੀਰ ਬੇਦੀ ਇਥੇ ਅਕਸਰ ਆਇਆ ਕਰਦੇ ਸਨ। ਪੰਜਾਬ ਦੇ ਮਰਹੂਮ ਮੁੱਖ ਮੰਤਰੀ ਪਰਤਾਪ ਸਿੰਘ ਕੈਰੋਂ ਨੇ ਇਥੇ ਆਰਟ ਸਕੂਲ ਤੇ ਟੂਰਸਿਟ ਬੰਗਲੇ ਬਣਾਉਣ ਦੀ ਯੋਜਨਾ ਬਣਾਈ ਸੀ। ਸਰਕਾਰੀ ਕਾਰਵਾਈ ਕਰਦਿਆਂ ਦੋ ਸਾਲ ਲੰਘ ਗਏ। ਕੰਮ ਸ਼ੁਰੂ ਹੋਣ ਵਾਲਾ ਸੀ ਕਿ ਪੰਜਾਬ ਦੇ ਪੁਨਰਗਠਨ ਕਾਰਨ ਜ਼ਿਲ੍ਹਾ ਕਾਂਗੜਾ ਪਹਿਲੀ ਨਵੰਬਰ 1966 ਨੂੰ ਹਿਮਾਚਲ ਪ੍ਰਦੇਸ਼ ਵਿਚ ਚਲਾ ਗਿਆ। ਹਿਮਾਚਲ ਸਰਕਾਰ ਨੇ ਇਸ ਪਿੰਡ ਨੂੰ 'ਕਲਾ ਗ੍ਰਾਮ' ਵਜੋਂ ਵਿਕਸਤ ਕਰਨ ਦਾ ਐਲਾਨ ਕੀਤਾ ਸੀ, ਪਰ ਕੁਝ ਵੀ ਕਰਨ ਵੱਲ ਕੋਈ ਧਿਆਨ ਨਹੀਂ ਦਿਤਾ।

# 194-ਸੀ, ਭਾਈ ਰਣਧੀਰ ਸਿੰਘ ਨਗਰ, ਲੁਧਿਆਣਾ।
ਮੋਬਾਈਲ : 0161-2461194

ਦਿਲ ਦੇ ਦੁਸ਼ਮਣ ਆਪ ਨਾ ਬਣੋ

ਇਨਸਾਨ, ਜਾਨਵਰ, ਪੰਛੀਆਂ ਵਿਚ ਦਿਲ ਦੀ ਸਭ ਤੋਂ ਵੱਧ ਮਹੱਤਤਾ ਹੈ, ਅਸੀਂ ਕਹਿ ਸਕਦੇ ਹਾਂ ਕਿ ਦਿਲ ਇਕ ਸਮਰਸੀਬਲ ਪੰਪ ਦੀ ਤਰ੍ਹਾਂ ਡਬਲ ਕੰਮ ਹਰ ਵੇਲੇ ਕਰਦਾ ਹੀ ਰਹਿੰਦਾ ਹੈ। ਪਰਮਾਤਮਾ ਜਦੋਂ ਮਾਤਾ ਦੇ ਗਰਭ ਵਿਚ ਇਨਸਾਨ ਦੀ ਰਚਨਾ ਕਰਦਾ ਹੈ ਤਾਂ ਸਭ ਤੋਂ ਪਹਿਲਾਂ ਦਿਲ ਬਣਾਇਆ ਜਾਂਦਾ ਹੈ ਜਿਵੇਂ ਇਮਾਰਤ ਦੀ ਉਸਾਰੀ ਤੋਂ ਪਹਿਲਾਂ ਸਮਰਸੀਬਲ ਪੰਪ ਜ਼ਮੀਨ ਵਿਚੋਂ ਪਾਣੀ ਕੱਢਣ ਲਈ ਲਗਾਇਆ ਜਾਂਦਾ ਹੈ। ਇਕ ਆਮ ਇਨਸਾਨ ਦਾ ਦਿਲ ਆਰਾਮ ਕਰਦੇ ਸਮੇਂ 60 ਤੋਂ 100 ਵਾਰ ਪ੍ਰਤੀ ਮਿੰਟ ਧੜਕਦਾ ਹੈ, ਭਾਵ 24 ਘੰਟਿਆਂ ਵਿਚ ਦਿਲ ਕਰੀਬ 140,000 ਵਾਰ ਧੜਕਦਾ ਹੈ। ਖੂਨ ਅੰਦਰ ਹਾਜ਼ਰ ਆਕਸੀਜਨ, ਸ਼ੂਗਰ ਅਤੇ ਖਾਦ ਪਦਾਰਥ ਦਿਲ ਧੱਕਾ ਲਗਾ ਕੇ ਸਰੀਰ ਦੇ ਹਰੇਕ ਅੰਗ ਤੱਕ ਭੇਜਦਾ ਹੈ ਅਤੇ ਨਾੜੀਆਂ ਹਰੇਕ ਸੈੱਲ ਤੱਕ ਆਕਸੀਜਨ, ਸ਼ੂਗਰ ਅਤੇ ਭੋਜਨ ਪਹੁੰਚਾਉਂਦੀਆਂ ਹਨ ਅਤੇ ਲਹੂ ਨਸਾਂ ਅਸ਼ੁੱਧ ਖੂਨ ਫੇਰ ਦਿਲ ਤੱਕ ਲੈ ਕੇ ਜਾਂਦੀਆਂ ਹਨ ਅਤੇ ਦਿਲ ਅਸ਼ੁੱਧ ਖੂਨ ਨੂੰ ਸਾਫ਼ ਕਰਨ ਲਈ ਫੇਫੜਿਆਂ ਅਤੇ ਕਿਡਨੀਆਂ ਤੱਕ ਪਹੁੰਚਾਉਂਦਾ ਹੈ ਅਤੇ ਗੁਰਦਿਆਂ ਵਿਚੋਂ ਗੰਦਾ ਪਾਣੀ (ਪਿਸ਼ਾਬ) ਬਾਹਰ ਕੱਢ ਕੇ ਸ਼ੁੱਧ ਖੂਨ ਵਾਪਿਸ ਦਿਲ ਕੋਲ ਤੇ ਫੇਫੜੇ ਖੂਨ ਵਿਚੋਂ ਕਾਰਬਨਡਾਈਕਸਾਈਡ ਮੂੰਹ ਨੱਕ ਰਾਹੀਂ ਬਾਹਰ ਕੱਢ ਕੇ ਉਸ ਵਿਚ ਆਕਸੀਜਨ ਮਿਲਾ ਕੇ ਉਸ ਨੂੰ ਸ਼ੁੱਧ ਕਰਕੇ ਵਾਪਿਸ ਦਿਲ ਦੇ ਖੱਬੇ ਖਾਨੇ ਵਿਖੇ ਫੇਫੜੇ ਨਾਲੀਆਂ ਰਾਹੀਂ ਭੇਜਦੇ ਹਨ। ਇਨ੍ਹਾਂ ਨਾੜੀਆਂ ਅੰਦਰ ਹੀ ਕੈਲੇਸਟਰੋਲ ਦੀ ਮਾਤਰਾ ਵਧਣ ਕਰਕੇ ਦਿਲ ਨੂੰ ਆਕਸੀਜਨ ਦੀ ਕਮੀ ਹੋਣ ਕਰਕੇ ਦਿਲ ਦਾ ਦੌਰਾ ਪੈਂਦਾ ਹੈ। ਸਾਫ਼ ਸ਼ਬਦਾਂ ਵਿਚ ਆਕਸੀਜਨ ਦੀ ਕਮੀ ਕਰਕੇ ਹੀ ਦਿਲ ਦਾ ਦੌਰਾ ਤੇ ਦਿਮਾਗ਼ ਦੀਆਂ ਸਮੱਸਿਆਵਾਂ ਪੈਦਾ ਹੁੰਦੀਆਂ ਹਨ।
ਇਸ ਸਮੇਂ ਦੁਨੀਆ ਦੇ 60 ਫ਼ੀਸਦੀ ਲੋਕ, ਬੱਚੇ, ਨੌਜਵਾਨ ਦਿਲ ਦਿਮਾਗ਼ ਦੀਆਂ ਬਿਮਾਰੀਆਂ ਨਾਲ ਪੀੜਤ ਹਨ ਅਤੇ ਉਹ ਹਮੇਸ਼ਾ ਲਈ ਦਵਾਈਆਂ ਅਤੇ ਜ਼ਿੰਦਗੀ-ਬਚਾਉ ਦਵਾਈਆਂ ਨਾਲ ਹੀ ਜਿਊਂਦੇ ਰਹਿਣ ਦੇ ਯਤਨ ਕਰਦੇ ਹਨ ਪਰ ਫਿਰ ਵੀ ਹਰ ਸਾਲ 2 ਕਰੋੜ ਵਿਅਕਤੀ ਦਿਲ ਦਾ ਦੌਰਾ ਪੈਣ ਕਰਕੇ ਮਰ ਰਹੇ ਹਨ ਜੋ ਦੁਨੀਆ ਅੰਦਰ ਅਚਾਨਕ ਹੋਣ ਵਾਲੀਆਂ ਮੌਤਾਂ ਦਾ ਸਭ ਤੋਂ ਵੱਡਾ ਕਾਰਨ ਹੈ ਅਤੇ ਆਉਣ ਵਾਲੇ ਸਮੇਂ ਵਿਚ ਇਹ ਸਮੱਸਿਆ, ਬਿਮਾਰੀ ਅਤੇ ਮੌਤਾਂ ਦੀ ਗਿਣਤੀ ਤੇਜ਼ੀ ਨਾਲ ਕਰੀਬ 20 ਫ਼ੀਸਦੀ ਦੇ ਹਿਸਾਬ ਨਾਲ ਵਧੇਗੀ।
ਜਦੋਂ ਅਸੀਂ ਦਿਲ ਦਿਮਾਗ਼ ਦੇ ਕੰਮ, ਦੌਰਾ ਪੈਣ, ਸਾਹ ਬੰਦ ਹੋਣ ਜਾਂ ਨਬਜ਼ ਬੰਦ ਹੋਣ ਬਾਰੇ ਪ੍ਰਸ਼ਨ ਪੜ੍ਹਦੇ ਹਾਂ ਤਾਂ ਦੇਖ ਕੇ ਬੇਹੱਦ ਦੁੱਖ ਹੁੰਦਾ ਹੈ ਕਿ 80-90 ਫ਼ੀਸਦੀ ਪੜ੍ਹੇ ਲਿਖੇ ਜਾਂ ਡਿਗਰੀ ਹੋਲਡਰ ਲੋਕਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੁੰਦੀ। ਉਨ੍ਹਾਂ ਨੂੰ ਦਿਲ ਦੇ ਸਥਾਨ 'ਤੇ ਕੰਮ ਬਾਰੇ ਹੀ ਜਾਣਕਾਰੀ ਨਹੀਂ ਹੁੰਦੀ ਕਿਉਂਕਿ ਸਾਡੇ ਦੇਸ਼ ਅੰਦਰ ਸਰਕਾਰਾਂ ਦੇ ਸਿਸਟਮ ਵਿਚ ਨਾਗਰਿਕਾਂ ਤੇ ਵਿਦਿਆਰਥੀਆਂ ਨੂੰ ਸਿਹਤ ਸੰਭਾਲ, ਫਸਟ ਏਡ, ਸੀ. ਪੀ. ਆਰ. ਸੇਫਟੀ, ਬਚਾਓ ਅਤੇ ਮਦਦ ਬਾਰੇ ਕੋਈ ਜਾਣਕਾਰੀ ਹੀ ਨਹੀਂ ਦਿੱਤੀ ਜਾਂਦੀ। ਅਸਲ ਵਿਚ ਸਾਡਾ ਸਿੱਖਿਆ ਸਿਸਟਮ ਬੇਕਾਰ ਦੇ ਸਿਲੇਬਸਾਂ ਨਾਲ ਭਰਿਆ ਪਿਆ ਹੈ ਅਤੇ ਜਿਥੇ ਸਿਹਤ, ਸੇਫਟੀ, ਬਚਾਓ ਫਸਟ ਏਡ ਦੀ ਗੱਲ ਬੱਚਿਆਂ ਤੱਕ ਪਹੁੰਚਾਉਣੀ ਹੁੰਦੀ ਹੈ ਤਾਂ ਅਧਿਆਪਕ ਸਮਝਾਉਣ ਅਤੇ ਪ੍ਰੈਕਟੀਕਲ ਕਰਕੇ ਦਿਖਾਉਣ ਦੀ ਥਾਂ ਬੱਚਿਆਂ ਤੋਂ ਚਾਰਟ, ਟੀ. ਪੀ. ਟੀ. ਲੇਖ ਲਿਖਣ ਆਦਿ ਹਿਤ ਕਹਿ ਕੇ ਆਪਣੀ ਜ਼ਿੰਮੇਵਾਰੀ ਪੂਰੀ ਕਰ ਦਿੰਦੇ ਹਨ ਅਤੇ ਵਿਦਿਆਰਥੀ ਇਸ ਲਈ ਸਭ ਕੁਝ ਦੁਕਾਨਾਂ ਤੋਂ ਖਰੀਦ ਲੈਂਦੇ ਹਨ, ਨੈੱਟ ਤੋਂ ਦੇਖ ਕੇ ਤਿਆਰ ਕਰਵਾ ਲੈਂਦੇ ਹਨ ਅਤੇ ਚੰਗੇ ਨੰਬਰ ਦੇ ਕੇ ਬੱਚਿਆਂ ਨੂੰ ਸਰਟੀਫਿਕੇਟ ਦੇ ਦਿੱਤਾ ਜਾਂਦਾ ਹੈ ਕਿ ਇਸ ਨੇ ਸੇਫਟੀ, ਫਸਟ ਏਡ, ਸਿਹਤ ਸੰਭਾਲ ਦੇ ਪੇਪਰਾਂ ਵਿਚ ਵਧੀਆ ਨੰਬਰ ਪ੍ਰਾਪਤ ਕੀਤੇ। ਇਸੇ ਕਰਕੇ ਪੁਲਿਸ, ਜ਼ਿਲ੍ਹਾ ਪ੍ਰਸ਼ਾਸਨ, ਅਦਾਲਤਾਂ ਵੀ ਡਿਗਰੀ, ਸਰਟੀਫਿਕੇਟ ਹੀ ਦੇਖਦੇ ਹਨ ਜਾਂ ਸਕੂਲਾਂ, ਕਾਲਜਾਂ ਦੀਆਂ ਗੱਡੀਆਂ ਵਿਚ ਪਏ ਫਸਟ ਏਡ ਬਕਸੇ ਅਤੇ ਅੱਗ ਬੁਝਾਉ ਸਿਲੰਡਰ ਦੇਖ ਕੇ ਡਰਾਈਵਰ ਨੂੰ ਬੱਚਿਆਂ ਦਾ ਰੱਖਿਅਕ ਤੇ ਮੱਦਦਗਾਰ ਸਮਝ ਕੇ ਜਾਣ ਦਿੰਦੇ ਹਨ. ਜਦ ਕਿ ਅਸੀਂ ਵਿਸ਼ਵਾਸ ਨਾਲ ਕਹਿ ਸਕਦੇ ਹਾਂ ਕਿ 90 ਫ਼ੀਸਦੀ ਪੁਲਿਸ ਅਧਿਕਾਰੀ, ਜ਼ਿਲ੍ਹਾ ਪੱਧਰ ਤੇ ਅਫ਼ਸਰਾਂ, ਬੱਚਿਆਂ ਦੀ ਜ਼ਿੰਦਗੀ ਦੇ ਰਖਵਾਲੇ, ਬਾਲ ਸੁਰੱਖਿਆ ਅਧਿਕਾਰੀ, ਪ੍ਰਿੰਸੀਪਲ, ਅਧਿਆਪਕ ਫਸਟ ਏਡ, ਰੋਡ ਸੇਫਟੀ, ਫਾਇਰ ਸੇਫਟੀ, ਅੱਗ ਬੁਝਾਉਣ ਦੇ ਸਿਸਟਮ ਬਾਰੇ ਆਪ ਹੀ ਨਹੀਂ ਜਾਣਦੇ।
ਮੈਂ ਅਕਸਰ ਪੁਲਿਸ ਅਧਿਕਾਰੀਆਂ ਨੂੰ ਪੁੱਛਦਾ ਹਾਂ ਕਿ ਕਿਸੇ ਦੇ ਸਿਰ ਦੀ ਸੱਟ ਲੱਗੀ, ਬੇਹੋਸ਼ ਹੋਏ ਨੂੰ ਕੀ ਕਰੋਗੇ, ਦਿਲ ਦਾ, ਮਿਰਗੀ ਦਾ ਦੌਰਾ, ਪੈ ਗਿਆ, ਦਿਲ ਦਿਮਾਗ਼ ਕੰਮ ਕਰਨਾ ਬੰਦ ਕਰ ਗਿਆ ਤਾਂ ਕੀ ਕਰੋਗੇ, ਪੈਟਰੋਲ, ਤੇਲ, ਬਿਜਲੀ ਦੀ ਅੱਗ 'ਤੇ ਕਾਬੂ ਪਾਉਣ ਹਿਤ ਕਿਹੜਾ ਅੱਗ ਬੁਝਾਊ ਸਿਲੰਡਰ ਵਰਤੋਂ ਵਿਚ, ਕਿਵੇਂ ਲਿਆਉਣਗੇ ਤਾਂ ਜਵਾਬ ਹੁੰਦਾ ਹੈ ਕਿ ਲੋਕ ਆਪੇ ਮਰਨਗੇ ਤਾਂ ਹੀ ਆਬਾਦੀ, ਬੇਰੁਜ਼ਗਾਰੀ, ਸਪੀਡ ਤੇ ਹਾਦਸੇ ਘੱਟ ਹੋਣਗੇ।
ਸਨਮਾਨਯੋਗ ਸੁਪਰੀਮ ਕੋਰਟ ਵਲੋਂ ਸੇਫ ਸਕੂਲ ਵਾਹਨ ਨੀਤੀ ਅਧੀਨ ਸਾਫ਼ ਹੁਕਮ ਦਿੱਤੇ ਗਏ ਹਨ ਕਿ ਹਰੇਕ ਸਕੂਲ ਸਾਲ ਵਿਚ ਦੋ ਵਾਰ ਫਸਟ ਏਡ, ਰੋਡ ਸੇਫਟੀ, ਫਾਇਰ ਸੇਫਟੀ, ਸੀ. ਪੀ. ਆਰ. ਬਾਰੇ ਟ੍ਰੇਨਿੰਗ ਜ਼ਰੂਰ ਕਰਵਾਉਣ ਅਤੇ ਸਾਲ ਵਿਚ ਇਕ ਵਾਰ ਮੋਕ ਡਰਿੱਲ। ਫਿਰ ਅੱਜ ਵੀ 80 ਫ਼ੀਸਦੀ ਸਕੂਲਾਂ ਅੰਦਰ ਕਮੇਟੀਆਂ ਹੀ ਨਹੀਂ ਬਣਾਈਆਂ ਗਈਆਂ ਤੇ ਟ੍ਰੇਨਿੰਗ ਤਾਂ ਬਹੁਤ ਦੂਰ ਦੀ ਗੱਲ ਹੈ। ਭਾਵ ਸਾਰੇ ਰਲ ਕੇ ਆਬਾਦੀ ਘਟਾਉਣ ਹਿਤ 'ਆਪਣੀ ਜਾਨ ਆਪ ਗਵਾਓ, ਸਰਕਾਰ ਤੋਂ ਬੀਮਾ ਪਾਓ', ਦੀ ਪਾਲਿਸੀ 'ਤੇ ਕੰਮ ਕਰ ਰਹੇ ਹਨ।
(ਬਾਕੀ ਅਗਲੇ ਐਤਵਾਰ ਦੇ ਅੰਕ 'ਚ)

-ਪਟਿਆਲਾ
ਮੋਬਾਈਲ : 98786-11620.

ਭਾਰਤੀ ਸਿਨੇਮਾ ਦੇ ਅਮਿੱਟ ਹਸਤਾਖ਼ਰ-138

ਰਹੀਏ ਅਬ ਐਸੀ ਜਗ੍ਹਾ... ਰਾਜਿੰਦਰ ਸਿੰਘ ਬੇਦੀ

ਮੇਰੇ ਇਕ ਨਜ਼ਦੀਕੀ ਰਿਸ਼ਤੇਦਾਰ (ਪ੍ਰੋ: ਚੀਮਾ) ਬੰਬਈ ਦੇ ਖ਼ਾਲਸਾ ਕਾਲਜ ਵਿਚ ਪੜ੍ਹਾਇਆ ਕਰਦੇ ਸਨ। ਉਨ੍ਹਾਂ ਨੇ ਉਥੇ ਇਕ ਸਾਹਿਤ ਸਭਾ ਬਣਾਈ ਹੋਈ ਸੀ, ਜਿਸ ਵਿਚ ਬੰਬਈ 'ਚ ਰਹਿ ਰਹੇ ਪੰਜਾਬੀ ਮੂਲ ਦੇ ਕਲਾਕਾਰ ਅਤੇ ਸਾਹਿਤਕਾਰ ਅਕਸਰ ਹਿੱਸਾ ਲੈਣ ਲਈ ਆਇਆ ਕਰਦੇ ਸਨ। ਗੁਲਜ਼ਾਰ, ਸੁਖਬੀਰ ਅਤੇ ਰਾਜਿੰਦਰ ਸਿੰਘ ਬੇਦੀ ਇਨ੍ਹਾਂ ਸਭਾਵਾਂ 'ਚ ਅਕਸਰ ਆ ਕੇ ਆਪੋ-ਆਪਣੀਆਂ ਰਚਨਾਵਾਂ ਪੜ੍ਹਦੇ ਅਤੇ ਬਹਿਸ ਵੀ ਕਰਦੇ ਹੁੰਦੇ ਸਨ। ਕਲਾਕਾਰਾਂ 'ਚੋਂ ਪ੍ਰਿਥਵੀ ਰਾਜ ਕਪੂਰ ਅਤੇ ਬਲਰਾਜ ਸਾਹਨੀ ਵੀ ਇਨ੍ਹਾਂ 'ਚ ਹਾਜ਼ਰੀ ਜ਼ਰੂਰ ਲੁਆਉਂਦੇ ਸਨ।
ਰਾਜਿੰਦਰ ਸਿੰਘ ਬੇਦੀ ਮੈਨੂੰ ਇਕ ਇਸੇ ਤਰ੍ਹਾਂ ਦੀ ਮੀਟਿੰਗ 'ਚ ਹੀ 1970 ਵਿਚ ਉਥੇ ਮਿਲਿਆ ਸੀ। ਉਸ ਨੇ ਆਪਣੀ ਉਰਦੂ 'ਚ ਲਿਖੀ ਹੋਈ ਕਹਾਣੀ 'ਗ੍ਰਹਿਣ' ਉਥੇ ਪੜ੍ਹੀ। ਕਹਾਣੀ 'ਚ ਏਨਾ ਤੇਜ਼ ਘਟਨਾਵਾਂ ਦਾ ਭਾਵੁਕ ਪ੍ਰਵਾਹ ਸੀ ਕਿ ਸੁਣਨ ਵਾਲਿਆਂ ਨੂੰ ਪਤਾ ਹੀ ਨਹੀਂ ਲੱਗਿਆ ਕਿ ਇਕ ਘੰਟੇ ਦਾ ਸਮਾਂ ਕਿਵੇਂ ਬੀਤ ਗਿਆ। ਜਦੋਂ ਕਹਾਣੀ ਖ਼ਤਮ ਹੋਈ ਤਾਂ ਸਾਰੇ ਪਾਸੇ ਤੋਂ ਚੁੱਪ ਦੇਖ ਕੇ ਬੇਦੀ ਨੇ ਆਪਣੇ ਮਜ਼ਾਕੀਆ ਲਹਿਜ਼ੇ 'ਚ ਕਿਹਾ 'ਕੀ ਹੋਇਆ ਏ ਤੁਹਾਨੂੰ? ਮੈਂ ਕਹਾਣੀ ਪੜ੍ਹੀ ਏ, ਕੋਈ ਮਰਸੀਆ ਤਾਂ ਨਹੀਂ ਪੜ੍ਹ ਦਿੱਤਾ?'
ਬੇਦੀ ਦਾ ਇਹੀ ਵਿਅੰਗ ਦਾ ਲਹਿਜ਼ਾ ਉਸ ਦੀਆਂ ਰਚਨਾਵਾਂ ਅਤੇ ਫ਼ਿਲਮਾਂ 'ਚ ਵੀ ਸਪੱਸ਼ਟ ਨਜ਼ਰ ਆਇਆ। ਦਰਅਸਲ ਇਹ ਉਸ ਦੀ ਸ਼ਖ਼ਸੀਅਤ ਅਤੇ ਲੇਖਣੀ ਦਾ ਇਕ ਅਟੁੱਟ ਹਿੱਸਾ ਸੀ। ਹਲਕੇ-ਫੁਲਕੇ ਅੰਦਾਜ਼ 'ਚ ਬਹੁਤ ਵੱਡੀ ਗੱਲ ਕਹਿਣਾ ਫ਼ਿਲਮਾਂ ਦੇ ਮਾਧਿਅਮ 'ਚ ਇਕ ਬਹੁਤ ਕਠਿਨ ਕੰਮ ਹੈ। ਪਰ ਬੇਦੀ ਨੂੰ ਤਾਂ ਸ਼ਬਦਾਂ ਨਾਲ ਖੇਡਣ ਦੀ ਆਦਤ ਸੀ। ਉਹ ਆਪਣੇ ਪਾਤਰਾਂ ਦੀ ਰੂਹ ਬੜੀ ਸਾਦਗੀ ਪਰ ਗਹਿਰਾਈ ਨਾਲ ਪੇਸ਼ ਕਰਦਾ ਸੀ। ਇਸੇ ਕਰਕੇ ਹੀ ਉਰਦੂ ਦੀ ਪ੍ਰਗਤੀਸ਼ੀਲ ਲਹਿਰ ਦੇ ਫ਼ਿਲਮੀ ਲੇਖਕਾਂ 'ਚੋਂ ਸਆਦਤ ਹਸਨ ਮੰਟੋ ਤੋਂ ਬਾਅਦ ਉਸ ਦਾ ਨਾਂਅ ਹੀ ਆਉਂਦਾ ਹੈ। ਮੰਟੋ ਦਾ ਵੀ ਵੱਡਾ ਹਥਿਆਰ ਵਿਅੰਗ ਹੀ ਸੀ। ਪਰ ਵਿਅੰਗ ਤੋਂ ਇਥੇ ਇਹ ਹਰਗਿਜ਼ ਮਤਲਬ ਨਾ ਲਿਆ ਜਾਵੇ ਕਿ ਇਸ ਦਾ ਇਥੇ ਸਬੰਧ ਕਿਸੇ ਹਾਸ-ਰਸ ਨਾਲ ਹੈ। ਵਿਅੰਗਾਤਮਕ ਤਾਂ ਇਨ੍ਹਾਂ ਦਾ ਦ੍ਰਿਸ਼ਟੀਕੋਣ ਸੀ, ਜਿਸ ਦੇ ਰਾਹੀਂ ਇਹ ਕਿਸੇ ਨੂੰ ਠੇਸ ਲਗਾਉਣ ਤੋਂ ਬਗ਼ੈਰ ਕਿਸੇ ਗੰਭੀਰ ਨੁਕਤੇ ਨੂੰ ਵੀ ਉਠਾ ਸਕਦੇ ਸਨ।
ਰਾਜਿੰਦਰ ਸਿੰਘ ਬੇਦੀ ਦਾ ਜਨਮ ਨੂੰ ਸਤੰਬਰ 1915 ਨੂੰ ਸਿਆਲਕੋਟ (ਪਾਕਿਸਤਾਨ) ਵਿਚ ਹੀਰਾ ਸਿੰਘ ਬੇਦੀ ਅਤੇ ਸੇਵਾ ਦੇਈ ਦੇ ਘਰ ਹੋਇਆ ਸੀ। ਆਪਣੇ ਘਰ ਦੇ ਹਾਲਾਤ ਕਰ ਕੇ ਉਹ ਬੀ. ਏ. ਦੀ ਪੜ੍ਹਾਈ ਅੱਧ 'ਚੋਂ ਹੀ ਛੱਡ ਕੇ ਨੌਕਰੀ ਦੀ ਤਲਾਸ਼ ਕਰਨ ਲੱਗ ਪਿਆ ਸੀ। ਉਸ ਨੇ ਆਪਣੀ ਇਹ ਸ਼ਉਰੂਆਤ ਪੋਸਟ ਆਫਿਸ 'ਚ ਕਲਰਕੀ ਕਰਨ ਤੋਂ ਕੀਤੀ। ਇਸ ਦੌਰਾਨ ਉਸ ਨੂੰ ਸਾਹਿਤ ਦੀ ਚੇਟਕ ਲੱਗ ਗਈ ਸੀ। ਉਸ ਦੀ ਕਹਾਣੀ 'ਮਹਾਰਾਨੀ ਕਾ ਤੋਹਫ਼ਾ' ਨੂੰ ਉਸ ਸਮੇਂ ਲਾਹੌਰ ਤੋਂ ਛਪ ਰਹੇ ਮੈਗਜ਼ੀਨ 'ਅਦਬੀ ਦੁਨੀਆ' ਨੇ ਬੜੀ ਰੀਝ ਨਾਲ ਛਾਪਿਆ। ਬੇਦੀ ਨੇ ਕਲਰਕੀ ਛੱਡ ਕੇ ਆਲ ਇੰਡੀਆ ਰੇਡੀਓ ਲਾਹੌਰ ਦੀ ਉਰਦੂ ਸਰਵਿਸ (1931-41) ਨੂੰ ਪਹਿਲ ਦਿੱਤੀ।
ਫਿਰ ਜਦ ਦੇਸ਼ ਦੀ ਵੰਡ ਹੋਈ ਤਾਂ ਉਸ ਨੇ ਇਹੀ ਨੌਕਰੀ ਰੇਡੀਓ ਜੰਮੂ-ਕਸ਼ਮੀਰ 'ਚ ਵੀ ਜਾਰੀ ਰੱਖੀ। ਇਸ ਦੌਰਾਨ ਉਸ ਦੇ ਦੋ-ਤਿੰਨ ਕਹਾਣੀ-ਸੰਗ੍ਰਹਿ ('ਗਰਮ ਕੋਟ', 'ਕੋਖ ਜਲੀ', 'ਅਪਨੇ ਦੁਖ ਮੁਝੇ ਦੇ ਦੋ', 'ਦਾਨੋ ਦਾਮ') ਮਾਰਕਿਟ 'ਚ ਆ ਚੁੱਕੇ ਸਨ। ਰੇਡੀਓ ਦੀ ਨੌਕਰੀ ਕਰਦੇ ਸਮੇਂ ਹੀ ਉਸ ਨੇ ਕੁਝ ਨਾਟਕ ਵੀ ਲਿਖੇ ਸਨ। ਇਨ੍ਹਾਂ ਨਾਟਕਾਂ ਨੂੰ ਉਸ ਨੇ 'ਸਾਤ ਖੇਲ' ਨਾਮਕ ਇਕਾਂਗੀ ਸੰਗ੍ਰਹਿ 'ਚ ਪ੍ਰਕਾਸ਼ਿਤ ਕੀਤਾ ਸੀ। ਪਰ ਇਕ ਦਿਨ ਉਸ ਨੇ ਇਹ ਨੌਕਰੀ ਛੱਡ ਦੇਣ ਦਾ ਵੀ ਫ਼ੈਸਲਾ ਕੀਤਾ ਅਤੇ ਬੰਬਈ ਆ ਗਿਆ।
ਨਿਰਮਾਤਾ-ਨਿਰਦੇਸ਼ਕ ਡੀ. ਡੀ. ਕਸ਼ਿਅਪ ਨੇ ਉਸ ਨੂੰ ਕੁਝ ਲੋਕਾਂ ਨਾਲ ਬੰਬਈ ਮਿਲਵਾਇਆ। ਸਿੱਟੇ ਵਜੋਂ 1949 ਵਿਚ ਉਸ ਨੇ 'ਬੜੀ ਬਹਿਨ' ਦੇ ਲਈ ਸੰਵਾਦ ਲਿਖੇ। ਇਸ ਤੋਂ ਬਾਅਦ ਰਾਜਿੰਦਰ ਸਿੰਘ ਬੇਦੀ ਹਿੰਦੀ ਫ਼ਿਲਮ ਜਗਤ 'ਚ ਬਤੌਰ ਲੇਖਕ ਆਪਣਾ ਸਿੱਕਾ ਚਲਾਉਣ ਲੱਗ ਪਿਆ ਸੀ। ਉਸ ਦੀ ਸਾਹਿਤਕ ਸ਼ਖ਼ਸੀਅਤ ਨੂੰ ਦੇਖਦਿਆਂ ਸਾਰੇ ਹੀ ਫ਼ਿਲਮ ਜਗਤ ਦੇ ਲੋਕ ਉਸ ਦੀ ਇੱਜ਼ਤ ਕਰਦੇ ਸਨ। ਇਸ ਦ੍ਰਿਸ਼ਟੀਕੋਣ ਨੂੰ ਸ਼ਾਇਦ ਇਥੇ ਇਕ ਛੋਟੇ ਜਿਹੇ ਪ੍ਰਸੰਗ ਰਾਹੀਂ ਵਧੇਰੇ ਸਪੱਸ਼ਟ ਕੀਤਾ ਜਾ ਸਕਦਾ ਹੈ।
ਨਿਰਮਾਤਾ-ਨਿਰਦੇਸ਼ਕ ਬਿਮਲ ਰਾਏ ਦੀ ਫ਼ਿਲਮ 'ਮਧੂਮਤੀ' ਦੀ ਸ਼ੂਟਿੰਗ (ਆਊਟ ਡੋਰ) ਨੈਨੀਤਾਲ 'ਚ ਹੋ ਰਹੀ ਸੀ। ਅਚਾਨਕ ਰਾਜਿੰਦਰ ਸਿੰਘ ਬੇਦੀ ਦੀ ਤਬੀਅਤ ਖਰਾਬ ਹੋ ਗਈ ਅਤੇ ਉਹ ਬੇਹੋਸ਼ ਹੋ ਕੇ ਡਿੱਗ ਪਿਆ। ਨਜ਼ਦੀਕ ਕੋਈ ਮੈਡੀਕਲ ਸੁਵਿਧਾ ਨਾ ਹੋਣ ਕਰ ਕੇ ਸਾਰਾ ਯੂਨਿਟ ਪ੍ਰੇਸ਼ਾਨ ਹੋ ਗਿਆ ਅਤੇ ਉਸ ਦੀ ਦੇਖਭਾਲ ਕਰਨ ਲੱਗ ਪਿਆ। ਦਲੀਪ ਕੁਮਾਰ ਅਤੇ ਪ੍ਰਾਣ ਉਸ ਦੇ ਪੈਰ ਘੁੱਟਣ ਲੱਗ ਪਏ ਜਦੋਂ ਕਿ ਬਿਮਲ ਰਾਏ ਉਸ ਦੇ ਮੂੰਹ 'ਚ ਪਾਣੀ ਪਾਉਣ ਲੱਗ ਪਿਆ। ਲਗਪਗ ਵੀਹ ਮਿੰਟ ਬਾਅਦ ਵੀ ਜਦੋਂ ਬੇਦੀ ਹੋਸ਼ 'ਚ ਨਾ ਆਇਆ ਤਾਂ ਬਿਮਲ ਰਾਏ ਨੇ ਤੁਰੰਤ ਪੈਕ-ਅਪ ਦਾ ਫ਼ਰਮਾਨ ਸੁਣਾ ਕੇ ਬੇਦੀ ਨੂੰ ਗੱਡੀ 'ਚ ਪਾਉਣ ਲਈ ਕਿਹਾ। ਪਰ ਜਦੋਂ ਉਹ ਉਸ ਨੂੰ ਚੁੱਕਣ ਲੱਗੇ ਤਾਂ ਉਹ ਅਚਾਨਕ ਬੋਲ ਪਿਆ 'ਕੋਈ ਲੋੜ ਨਹੀਂ' ਸ਼ਹਿਰ ਜਾਣ ਦੀ, ਮੈਂ ਤੇ ਕਦੇ ਦਾ ਠੀਕ ਹੋ ਗਿਆ ਹਾਂ।' ਬਿਮਲ ਰਾਏ ਨੇ ਗੁੱਸੇ 'ਚ ਪੁੱਛਿਆ, 'ਫਿਰ ਤੂੰ ਪਹਿਲਾਂ ਅੱਖਾਂ ਕਿਉਂ ਨਹੀਂ ਖੋਲ੍ਹੀਆਂ?' ਬੇਦੀ ਦਾ ਜੁਆਬ ਸੀ, 'ਜਦੋਂ ਦਲੀਪ ਵਰਗੇ ਨਾਇਕ ਅਤੇ ਪ੍ਰਾਣ ਵਰਗੇ ਖ਼ਲਨਾਇਕ ਪੈਰ ਘੁੱਟ ਰਹੇ ਹੋਣ ਤਾਂ ਕਿਹੜਾ ਬੇਵਕੂਫ਼ ਅੱਖਾਂ ਖੋਲ੍ਹੇਗਾ?'
ਬਿਮਲ ਰਾਏ ਬੇਦੀ ਦੀ ਏਨੀ ਇੱਜ਼ਤ ਕਰਦਾ ਸੀ ਕਿ ਉਸ ਨੇ 'ਦੇਵ ਦਾਸ' ਵਰਗੀ ਸਾਹਿਤਕ ਕਿਰਤ ਲਈ ਵੀ ਉਸ ਦੀਆਂ ਹੀ ਸੇਵਾਵਾਂ ਹੀ ਲਈਆਂ ਸਨ। ਜਦੋਂ 'ਦੇਵਦਾਸ' ਸਫ਼ਲ ਹੋਈ ਤਾਂ ਬਿਮਲ ਰਾਏ ਨੇ ਕਿਹਾ ਸੀ, 'ਸ਼ਰਤ ਚੰਦਰ ਦੀ ਰਚਨਾ ਨੂੰ ਮੈਂ ਨਹੀਂ ਬਲਕਿ ਬੇਦੀ ਨੇ ਸਕਰੀਨ 'ਤੇ ਜ਼ਿੰਦਾ ਕੀਤਾ ਹੈ।'
ਲਗਪਗ ਅਜਿਹਾ ਹੀ ਦ੍ਰਿਸ਼ਟੀਕੋਣ ਹੋਰ ਨਿਰਮਾਤਾਵਾਂ ਦਾ ਵੀ ਬੇਦੀ ਪ੍ਰਤੀ ਸੀ। ਨਿਰਮਾਤਾ-ਨਿਰਦੇਸ਼ਕ ਸੋਹਰਾਬ ਮੋਦੀ ਨੇ 'ਮਿਰਜ਼ਾ ਗ਼ਾਲਿਬ' ਜਦੋਂ ਬਣਾਉਣੀ ਸ਼ੁਰੂ ਕੀਤੀ ਸੀ ਤਾਂ ਉਸ ਕੋਲ ਕਹਾਣੀ ਦੇ ਨਾਂਅ 'ਤੇ ਕੁਝ ਵੀ ਨਹੀਂ ਸੀ। ਪਰ ਰਾਜਿੰਦਰ ਸਿੰਘ ਬੇਦੀ ਨੇ ਗ਼ਾਲਿਬ 'ਤੇ ਖੋਜ ਕਰ ਕੇ ਉਸ ਦੀ ਜੀਵਨੀ ਨੂੰ ਪਰਦੇ 'ਤੇ ਸਾਕਾਰ ਹੀ ਨਹੀਂ ਕੀਤਾ ਸਗੋਂ ਸਿਨੇਮਾ ਦੇ ਖੇਤਰ 'ਚ ਉਸ ਨੂੰ ਇਕ ਅਮਰ ਪਾਤਰ ਵੀ ਬਣਾ ਦਿੱਤਾ ਸੀ।
ਵੈਸੇ ਬੇਦੀ ਨੇ ਨਿਰਦੇਸ਼ਕ ਅਮਰ ਕੁਮਾਰ, ਬਲਰਾਜ ਸਾਹਨੀ ਅਤੇ ਗੀਤਾ ਬਾਲੀ ਦੇ ਨਾਲ ਰਲ ਕੇ 3ਜਅਕ ਫਰ-ਰਬਕਗ਼ਵਜਡਕ ਤਰਫਜਕਵਖ ਦੇ ਬੈਨਰ ਅਧੀਨ ਆਪਣੀ ਹੀ ਕਹਾਣੀ 'ਗਰਮ ਕੋਟ' ਨੂੰ ਪਿਕਚਰਾਈਜ਼ ਵੀ ਕੀਤਾ ਸੀ। ਇਸ ਤੋਂ ਬਾਅਦ ਵੀ ਉਹ ਸਮੇਂ-ਸਮੇਂ ਸਿਰ ਫ਼ਿਲਮ ਨਿਰਮਾਣ ਅਤੇ ਨਿਰਦੇਸ਼ਨ ਪ੍ਰਤੀ ਯੋਗਦਾਨ ਦਿੰਦਾ ਰਿਹਾ ਸੀ।
(ਬਾਕੀ ਅਗਲੇ ਐਤਵਾਰ ਦੇ ਅੰਕ 'ਚ)

ਮੋਬਾਈਲ : 099154-93043.

ਭੁੱਲੀਆਂ ਵਿਸਰੀਆਂ ਯਾਦਾਂ

ਦੋਸਤੀਆਂ ਨਿਭਾਉਣ ਵਾਲਾ ਸ: ਜਗਦੇਵ ਸਿੰਘ ਜੱਸੋਵਾਲ ਹੁਣ ਆਪ ਇਸ ਸੰਸਾਰ ਵਿਚ ਨਹੀਂ ਹੈ। ਉਸ ਨੇ ਪ੍ਰੋ: ਮੋਹਣ ਸਿੰਘ ਦੀ ਯਾਦ ਵਿਚ ਹਰ ਸਾਲ ਮੇਲਾ ਕਰਵਾ ਕੇ ਮੇਲਿਆਂ ਦੀ ਇਕ ਨਵੀਂ ਪਿਰਤ ਪਾਈ ਸੀ। ਉਸ ਦੇ ਹੁੰਦਿਆਂ ਪ੍ਰੋ: ਮੋਹਣ ਸਿੰਘ ਮੇਲੇ 'ਤੇ ਸਾਰਾ ਪੰਜਾਬ ਹੀ ਦੋ ਦਿਨ ਪੰਜਾਬੀ ਸਾਹਿਤ ਅਕਾਦਮੀ ਨੂੰ ਭਾਗ ਲਾਈ ਰੱਖਦਾ ਸੀ। ਉਨ੍ਹਾਂ ਅਨੇਕਾਂ ਨਵੇਂ ਗਾਇਕ ਪੈਦਾ ਕੀਤੇ ਸਨ।
ਗਿਆਨੀ ਸੋਹਣ ਸਿੰਘ ਸੀਤਲ ਸ਼੍ਰੋਮਣੀ ਢਾਡੀ ਸੀ। ਉਨ੍ਹਾਂ ਨੇ ਸਿੱਖ ਇਤਿਹਾਸ ਨੂੰ ਲਿਖਿਆ ਤੇ ਆਪਣੀਆਂ ਵਾਰਾਂ ਵਿਚ ਗਾਇਆ ਵੀ। ਉਸ ਦਾ ਇਕ ਨਾਵਲ 'ਤੂਤਾਂ ਵਾਲਾ ਖੂਹ' ਪਸੰਦ ਕੀਤਾ ਗਿਆ ਤੇ ਬਹੁਤ ਪੜ੍ਹਿਆ ਗਿਆ। ਉਸ ਮਹਾਨ ਸਾਹਿਤਕਾਰ ਦੀ ਅਰਥੀ ਨੂੰ ਸ: ਜਗਦੇਵ ਸਿੰਘ ਜੱਸੋਵਾਲ ਨੇ ਮੋਢਾ ਦੇ ਕੇ ਆਪਣੀ ਦੋਸਤੀ ਦਾ ਸਬੂਤ ਦਿੱਤਾ। ਇਸ ਅਰਥੀ ਦੇ ਪਿੱਛੇ ਕਵੀਸ਼ਰ ਜੋਗਾ ਸਿੰਘ ਜੋਗੀ, ਡਾ: ਪਰਮਿੰਦਰ ਸਿੰਘ ਤੇ ਹੋਰ ਸਾਥੀ ਵੀ ਨਜ਼ਰ ਆਉਂਦੇ ਹਨ, ਜਿਨ੍ਹਾਂ ਨੂੰ ਪੜ੍ਹ ਕੇ ਅਸੀਂ ਉਨ੍ਹਾਂ ਨੂੰ ਯਾਦ ਕਰਦੇ ਹਾਂ।

-ਮੋਬਾਈਲ : 98767-41231

ਉੱਥੇ ਗੋਰਾ, ਇੱਥੇ ਚਿੱਟਾ

ਫੁਕਰਾ ਜਲੰਧਰੀ ਅਤੇ ਉਸ ਦੀ ਪਤਨੀ ਮੈਡਮ ਦੁਪਹਿਰਖਿੜੀ ਅਕਸਰ ਭਾਰਤ ਨੂੰ ਲੰਗਰਾਂ ਅਤੇ ਡੰਗਰਾਂ ਦਾ ਦੇਸ਼ ਆਖ ਕੇ ਭੰਡਦੇ ਰਹੇ ਹਨ। ਤੀਵੀਂ ਆਦਮੀ ਦੇ ਸੁਪਨਿਆਂ 'ਚ ਹਮੇਸ਼ਾ ਕੈਨੇਡਾ ਹੀ ਵਸਿਆ ਰਿਹਾ, ਫਲਾਂ ਅਤੇ ਫੁੱਲਾਂ ਦਾ ਦੇਸ਼। ਇਕ ਦਿਨ ਸੁਪਨੇ ਹਕੀਕਤ ਬਣ ਗਏ। ਦੋਵੇਂ ਤੀਵੀਂ ਆਦਮੀ ਆਪਣੀ ਧੀ ਮਿਸ ਛੂਈ ਮੂਈ ਅਤੇ ਪੁੱਤ ਜਰਨੈਲ ਨੂੰ ਲੈ ਕੇ ਕੈਨੇਡਾ ਜਾ ਵਸੇ। ਕੈਨੇਡਾ ਜਾ ਕੇ ਫੁਕਰਾ ਜਲੰਧਰੀ ਫਰੈਗਰੈਂਸ ਜਲੰਧਰੀ ਬਣ ਗਿਆ ਅਤੇ ਮੈਡਮ ਦੁਪਹਿਰੀਖਿੜੀ ਬਣ ਗਈ ਮੈਡਮ ਸਮਾਈਲ। ਛੂਈ ਮੂਈ ਹੋ ਗਈ ਮਿਸ ਕਲੀਨ ਬੋਲਡ ਅਤੇ ਜਰਨੈਲ ਹੋ ਗਿਆ ਜੈਲੀ। ਪੈਸਾ ਏਧਰੋਂ ਵੀ ਲੈ ਗਏ। ਕਿਲ੍ਹੇ ਵਰਗਾ ਘਰ ਲੈ ਲਿਆ। ਹੌਲੀ-ਹੌਲੀ ਸੈੱਟ ਹੋ ਗਏ। ਜਿਵੇਂ ਸਾਹ ਆਕਸੀਜਨ ਵੀ ਅਤੇ ਅਤੇ ਕਾਰਬਨਡਾਈਆਕਸਾਈਡ ਵੀ, ਤਿਵੇਂ ਸਮੇਂ ਦਾ ਨਾਂਅ 'ਸੈੱਟ' ਵੀ ਹੈ ਅਤੇ 'ਅਪਸੈੱਟ' ਵੀ। ਸਮਾਂ ਨਿੱਤ ਨਵਾਂ ਸੱਪ ਕੱਢਦਾ ਹੈ। ਫਰੈਗਰੈਂਸ ਜਲੰਧਰੀ ਨੇ ਇਹ ਤਾਂ ਕਦੇ ਸੋਚਿਆ ਵੀ ਨਹੀਂ ਸੀ ਕਿ ਉਸ ਦੀ ਜਵਾਨ ਧੀ ਜ਼ੁਬਾਨ ਚਲਾਵੇ, ਦੇਰ ਰਾਤ ਘਰ ਆਵੇ, ਅੱਖ ਨਾ ਮਿਲਾਵੇ, ਕਮਰੇ 'ਚ ਬੰਦ ਹੋ ਜਾਵੇ। ਜਵਾਨ ਬੱਚੇ ਦੀ ਖ਼ੈਰ ਖ਼ੁਦਾ ਤੋਂ ਮੰਗਣੀ ਪੈਂਦੀ ਹੈ, ਬਾਂਹ ਮਰੋੜੀ ਨਹੀਂ ਜਾ ਸਕਦੀ, ਹੱਢੀ ਪਸਲੀ ਤੋੜੀ ਨਹੀਂ ਜਾ ਸਕਦੀ। ਫਰੈਗਰੈਂਸ ਜਲੰਧਰੀ ਨੂੰ ਇਹ ਠੀਕ ਨਾ ਲੱਗਦਾ ਕਿ ਮਿਸ ਕਲੀਨ ਬੋਲਡ 'ਪੈੱਗ' ਲਾਵੇ ਅਤੇ 'ਪੱਬ' ਜਾਵੇ। ਹੱਦ ਤਾਂ ਉਦੋਂ ਹੋ ਗਈ ਜਦੋਂ ਮਿਸ ਕਲੀਨ ਬੋਲਡ ਇਕ ਗੋਰੇ ਨਾਲ ਘੁੰਮਣ ਲੱਗ ਪਈ। ਪਹਿਲਾਂ ਪਹਿਲ ਦੇਰ ਰਾਤ ਘਰ ਆਉਣ ਲੱਗੀ ਤੇ ਫੇਰ ਰਾਤਾਂ ਬਾਹਰ ਬਿਤਾਉਣ ਲੱਗੀ। ਇਕ ਦਿਨ ਤਾਂ ਹੱਦ ਹੀ ਹੋ ਗਈ। ਗੋਰਾ ਗਿਟਾਰ ਲੈ ਕੇ ਉਨ੍ਹਾਂ ਦੇ ਘਰ ਹੀ ਆ ਗਿਆ। ਫਰੈਗਰੈਂਸ ਜਲੰਧਰੀ ਉਸ ਰਾਤ ਬਹੁਤ ਰੋਇਆ। ਘਰ 'ਚ ਹੰਗਾਮਾ ਵੀ ਹੋਇਆ। ਜਲੰਧਰੀ ਸੋਚ ਰਿਹਾ ਸੀ ਕਿ ਜ਼ਿੰਦਗੀ ਦੇ ਸਫ਼ਰ 'ਚ ਅੰਨ੍ਹਾ ਮੋੜ, ਕੈਂਚੀ ਮੋੜ, ਕੂਹਣੀ ਮੋੜ, ਤਿਰਛਾ ਮੋੜ, ਘੁੰਮਾਵਾਂ ਮੋੜ ਇਕੱਠੇ ਕਿਵੇਂ ਆ ਗਏ?
ਜਲੰਧਰੀ ਜੈਲੀ-ਦੁਪਹਿਰੀਖਿੜੀ ਨੇ ਬੜੀ ਗੁਪਤ ਯੋਜਨਾ ਉਲੀਕੀ। ਘਰ ਫਟਾਫਟ ਸੇਲ 'ਤੇ ਲਾਇਆ, ਸਭ ਸਮੇਟਿਆ, ਕੈਨੇਡਾ ਛਲੇਡਾ ਨੂੰ ਮੱਥਾ ਟੇਕਿਆ। ਸੋਹਣੇ ਦੇਸ਼ ਪੰਜਾਬ ਪਰਤ ਆਏ। ਮਿਸ ਕਲੀਨ ਬੋਲਡ ਵੀ ਨਾਲ ਆਈ। ਏਧਰ ਵੱਡੇ ਵਿੱਦਿਅਕ ਅਦਾਰੇ 'ਚ ਪੜ੍ਹਨੇ ਪਾਈ। ਪਿੰਡ ਦੀ ਕੋਠੀ 'ਚ ਦੀਵਾਲੀ ਮਨਾਈ। ਰੌਸ਼ਨੀ ਪਰਤ ਆਈ। ਉਮੀਦ ਪਰਤ ਆਈ। ਖ਼ੁਸ਼ੀ ਪਰਤ ਆਈ। ਸਭ ਕੁਝ ਹੌਲੀ-ਹੌਲੀ ਠੀਕ ਹੋ ਰਿਹਾ ਸੀ ਕਿ ਚਾਣਚੱਕ 'ਚਿੱਟੇ' ਨੇ ਘਰ ਦੀ ਘੰਟੀ ਵਜਾਈ। ਪਰਿਵਾਰ ਨੇ ਕੁੜੀ ਪੜ੍ਹਨੋ ਹਟਾ ਲਈ। ਅੱਜਕਲ੍ਹ ਇਹ ਕੁੜੀ ਇਕ ਨਸ਼ਾ ਛੁਡਾਊ ਕੇਂਦਰ 'ਚ ਭਰਤੀ ਹੈ। ਘਰ ਦੇ ਵਿਹੜੇ 'ਚ ਅਰਾਮ ਕੁਰਸੀ 'ਤੇ ਧੁੱਪੇ ਬੈਠਾ ਜਲੰਧਰੀ ਅਕਸਰ ਹੱਥਾਂ ਦੀਆਂ ਲਕੀਰਾਂ ਦੇਖਦਾ ਹੈ। ਉਹ ਉਦਾਸ ਹੈ ਅਤੇ ਬਹੁਤ ਘੱਟ ਬੋਲਦਾ ਹੈ। ਲੰਗਰਾਂ ਤੇ ਡੰਗਰਾਂ ਦਾ ਦੇਸ਼ ਜਾਂ ਫਲਾਂ ਤੇ ਫੁੱਲਾਂ ਦੇ ਦੇਸ਼ ਵਾਲੀ ਗੱਲ ਹੁਣ ਉਹ ਕਦੇ ਵੀ ਨਹੀਂ ਕਰਦਾ। ਘੱਟ ਬੋਲਦਾ ਹੈ ਪਰ ਤਰਕ ਤੋਲਦਾ ਹੈ, ਉਹ ਅਕਸਰ ਆਖਦੈ 'ਉੱਥੇ ਗੋਰਾ ਇਥੇ ਚਿੱਟਾ।'।
-0-
ਸਵਰਗੀ ਬਿਜਲੀ ਪਹਿਲਵਾਨ ਦਾ ਸਪੁੱਤਰ ਮੋਤੀ ਲਾਲ ਅੱਜਕਲ੍ਹ ਕੈਟਰਿੰਗ ਕਿੰਗ ਬਣ ਗਿਆ ਹੈ। ਮੇਰੀ ਉਸ ਨਾਲ ਮਿੱਤਰਤਾ ਹੈ। ਉਸ ਕੋਲ ਬੜੀਆਂ ਕੰਮ ਦੀਆਂ ਗੱਲਾਂ ਹੁੰਦੀਆਂ ਹਨ। ਮੋਤੀ ਨੇ ਇਕ ਬੜੇ ਹੀ ਅਮੀਰ ਮਨਿਆਰੀ ਵਪਾਰੀ ਬਾਰੇ ਕਮਾਲ ਦੀ ਗੱਲ ਸੁਣਾਈ। ਮੋਤੀ ਇਕ ਦਿਨ ਵਪਾਰੀ ਨੂੰ ਮਿਲਣ ਗਿਆ। ਵਪਾਰੀ ਨੇ ਚਾਹ ਦੀਆਂ ਚੁਸਕੀਆਂ ਲੈਂਦਿਆਂ ਕਿਹਾ, 'ਮੋਤੀ ਯਾਰ ਏਹ ਜਨਾਨੀਆਂ ਨੂੰ ਸਮਝਾ... ਮੰਦਰ 'ਚ ਸਵੇਰੇ ਈ ਕੀਰਤਨ ਸ਼ੁਰੂ ਕਰ ਦਿੰਦੀਆਂ... ਸਿਰ ਖਾ ਜਾਂਦੈ ਸਪੀਕਰ।' ਦਸ ਵਰ੍ਹੇ ਮਗਰੋਂ ਇਹ ਵਪਾਰੀ ਡੈੱਥ ਬੈੱਡ 'ਤੇ ਸੀ।
ਮੋਤੀ ਲਾਲ ਖ਼ਬਰ ਲੈਣ ਗਿਆ। ਵਪਾਰੀ ਨੇ ਮੋਤੀ ਨੂੰ ਕਿਹਾ, 'ਮੋਤੀ ਯਾਰ ਇਨ੍ਹਾਂ ਜਨਾਨੀਆਂ ਨੂੰਸਮਝਾ ਜ਼ਰਾ... 8-9 ਵਜੇ ਤੱਕ ਈ ਕਰਦੀਆਂ ਕੀਰਤਨ... ਜ਼ਰਾ ਘੰਟਾ-ਦੋ ਘੰਟੇ ਹੋਰ ਲਗਾ ਦਿਆ ਕਰਨ... ਕੀਰਤਨ ਸੁਣਦਿਆਂ ਟਾਈਮ ਪਾਸ ਹੋ ਜਾਂਦੈ।'

-ਭਾਖੜਾ ਰੋਡ, ਨੰਗਲ 140124.
ਮੋਬਾਈਲ : 98156-24927.


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX