ਤਾਜਾ ਖ਼ਬਰਾਂ


ਆਈ.ਪੀ.ਐੱਲ : 2019 - ਰੋਮਾਂਚਕ ਮੁਕਾਬਲੇ 'ਚ ਬੈਂਗਲੌਰ ਨੇ ਚੇਨਈ ਨੂੰ 1 ਦੌੜ ਨਾਲ ਹਰਾਇਆ
. . .  1 day ago
ਕੱਲ੍ਹ ਤੋਂ ਅਧਿਆਪਕ ਲਗਾਤਾਰ ਕਰਨਗੇ ਅਰਥੀ ਫ਼ੂਕ ਮੁਜ਼ਾਹਰੇ
. . .  1 day ago
ਸੰਗਰੂਰ, 21 ਅਪ੍ਰੈਲ - (ਧੀਰਜ ਪਿਸ਼ੌਰੀਆ) ਕੱਚੇ ਅਧਿਆਪਕਾਂ ਨੂੰ ਪੱਕਾ ਕਰਨ ਸਮੇਤ ਕਈ ਮੰਗਾਂ ਨੂੰ ਲੈ ਕੇ ਕੱਲ੍ਹ 22 ਅਪ੍ਰੈਲ ਤੋਂ ਅਧਿਆਪਕ ਪੂਰੇ ਰਾਜ ਵਿਚ ਅਧਿਆਪਕ ਸੰਘਰਸ਼ ਕਮੇਟੀ ਦੀ...
ਮੌਲਵੀ ਉੱਪਰ ਜਾਨਲੇਵਾ ਹਮਲਾ
. . .  1 day ago
ਖੇਮਕਰਨ, 21 ਅਪ੍ਰੈਲ (ਰਾਕੇਸ਼ ਕੁਮਾਰ ਬਿੱਲਾ) - ਸ੍ਰੀਲੰਕਾ ਵਿਖੇ ਸੀਰੀਅਲ ਬੰਬ ਧਮਾਕਿਆਂ ਤੋਂ ਬਾਅਦ ਖੇਮਕਰਨ ਵਿਖੇ ਇੱਕ ਮਸਜਿਦ ਦੇ ਮੌਲਵੀ ਉੱਪਰ ਇੱਕ ਵਿਅਕਤੀ ਨੇ ਤੇਜ਼ਧਾਰ...
ਆਈ.ਪੀ.ਐੱਲ : 2019 - ਬੈਂਗਲੌਰ ਨੇ ਚੇਨਈ ਨੂੰ ਜਿੱਤਣ ਲਈ ਦਿੱਤਾ 162 ਦੌੜਾਂ ਦਾ ਟੀਚਾ
. . .  1 day ago
ਅਗਵਾ ਹੋਏ ਵਪਾਰੀ ਦੀ ਲਾਸ਼ ਬਰਾਮਦ
. . .  1 day ago
ਜਲਾਲਾਬਾਦ, 21 ਅਪ੍ਰੈਲ (ਕਰਨ ਚੁਚਰਾ) - ਵੀਰਵਾਰ ਦੀ ਸ਼ਾਮ ਨੂੰ ਅਗਵਾ ਹੋਏ ਜਲਾਲਾਬਾਦ ਦੇ ਵਪਾਰੀ ਅਤੇ ਮੰਡੀ ਪੰਜੇਕੇ ਵਸਨੀਕ ਸੁਮਨ ਮੁਟਨੇਜਾ ਦੀ ਲਾਸ਼ ਫ਼ਾਜ਼ਿਲਕਾ ਅਤੇ ਅਬੋਹਰ...
ਚੌਧਰੀ ਬੱਗਾ ਦੀ 2 ਸਾਲ ਬਾਅਦ ਅਕਾਲੀ ਦਲ ਵਿਚ ਘਰ ਵਾਪਸੀ
. . .  1 day ago
ਲੁਧਿਆਣਾ, 21 ਅਪ੍ਰੈਲ ( ਪੁਨੀਤ ਬਾਵਾ)2019 ਦੀ ਵਿਧਾਨ ਸਭਾ ਚੋਣ ਦੌਰਾਨ ਅਕਾਲੀ ਦਲ ਤੋਂ ਬਾਗ਼ੀ ਹੋ ਕੇ ਆਜ਼ਾਦ ਵਿਧਾਨ ਸਭਾ ਹਲਕਾ ਉਤਰੀ ਤੋਂ ਚੋਣ ਲੜਨ ਵਾਲੇ ਚੌਧਰੀ ਮਦਨ ਲਾਲ ਬੱਗਾ...
ਬਾਲੀਵੁੱਡ ਅਭਿਨੇਤਰੀ ਕ੍ਰਿਸ਼ਮਾ ਕਪੂਰ ਸ੍ਰੀ ਹਰਿਮੰਦਰ ਸਾਹਿਬ ਦਰਸ਼ਨ ਕਰਨ ਪੁੱਜੇ
. . .  1 day ago
ਅੰਮ੍ਰਿਤਸਰ, 21 ਅਪ੍ਰੈਲ (ਜਸਵੰਤ ਸਿੰਘ ਜੱਸ) - ਬਾਲੀਵੁੱਡ ਅਭਿਨੇਤਰੀ ਅਤੇ ਕਪੂਰ ਖਾਨਦਾਨ ਦੀ ਬੇਟੀ ਕ੍ਰਿਸ਼ਮਾ ਕਪੂਰ ਅੱਜ ਸ਼ਾਮ ਸ੍ਰੀ ਹਰਿਮੰਦਰ ਸਾਹਿਬ ਦਰਸ਼ਨ ਕਰਨ ਪੁੱਜੇ। ਉਹ...
ਹਰਦੀਪ ਸਿੰਘ ਪੁਰੀ ਹੋਣਗੇ ਅੰਮ੍ਰਿਤਸਰ ਤੋਂ ਭਾਜਪਾ ਉਮੀਦਵਾਰ
. . .  1 day ago
ਨਵੀਂ ਦਿੱਲੀ, 21 ਅਪ੍ਰੈਲ - ਭਾਰਤੀ ਜਨਤਾ ਪਾਰਟੀ ਵੱਲੋਂ ਅੱਜ ਲੋਕ ਸਭਾ ਚੋਣਾਂ ਲਈ 7 ਹੋਰ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਗਈ, ਜਿਸ ਵਿਚ ਅੰਮ੍ਰਿਤਸਰ ਲੋਕ-ਸਭਾ ਹਲਕੇ ਤੋਂ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ...
ਆਈ.ਪੀ.ਐੱਲ : 2019 - ਟਾਸ ਜਿੱਤ ਕੇ ਚੇਨਈ ਵੱਲੋਂ ਬੈਂਗਲੌਰ ਨੂੰ ਪਹਿਲਾ ਬੱਲੇਬਾਜ਼ੀ ਦਾ ਸੱਦਾ
. . .  1 day ago
ਆਈ.ਪੀ.ਐੱਲ : 2019 - ਹੈਦਰਾਬਾਦ ਨੇ ਕੋਲਕਾਤਾ ਨੂੰ 9 ਵਿਕਟਾਂ ਨਾਲ ਦਿੱਤੀ ਕਰਾਰੀ ਹਾਰ
. . .  1 day ago
ਹੋਰ ਖ਼ਬਰਾਂ..

ਲੋਕ ਮੰਚ

ਬੱਚਿਆਂ ਨਾਲ ਹੋ ਰਹੇ ਜਿਸਮਾਨੀ ਸ਼ੋਸ਼ਣ ਨੂੰ ਠੱਲ੍ਹ ਕਿਵੇਂ ਪਾਈ ਜਾਵੇ?

ਭਾਰਤ ਦੀ ਕੁੱਲ ਆਬਾਦੀ ਦਾ ਲਗਪਗ 42 ਫੀਸਦੀ ਹਿੱਸਾ ਬੱਚੇ ਹਨ। ਭਾਰਤ ਸਰਕਾਰ ਦੇ ਮਹਿਲਾ ਅਤੇ ਬਾਲ ਵਿਕਾਸ ਮੰਤਰਾਲਾ ਵਲੋਂ ਸਾਲ 2007 ਵਿਚ ਕਰਵਾਏ ਗਏ ਇਕ ਸਰਵੇਖਣ ਅਨੁਸਾਰ ਬੱਚਿਆਂ ਦੀ ਕੁੱਲ ਸੰਖਿਆ ਵਿਚੋਂ 50 ਫੀਸਦੀ ਦੇ ਕਰੀਬ ਬੱਚੇ ਜਿਨਸੀ ਸ਼ੋਸ਼ਣ ਦੇ ਸ਼ਿਕਾਰ ਹਨ। ਜਿਸਮਾਨੀ ਸ਼ੋਸ਼ਣ ਜਾਂ ਛੇੜਛਾੜ ਨੁੂੰ ਪਰਿਭਾਸ਼ਿਤ ਕਰਦਾ ਤੇ ਇਸ ਗੁਨਾਹ ਦੇ ਦੋਸ਼ੀਆਂ ਲਈ ਸਖ਼ਤ ਸਜ਼ਾਵਾਂ ਮੁਕੱਰਰ ਕਰਦਾ ਪੀ.ਓ.ਸੀ.ਐਸ.ਓ. ਐਕਟ-2012 ਭਾਵ ਬੱਚਿਆਂ ਦੀ ਜਿਨਸੀ ਸ਼ੋਸ਼ਣ ਤੋਂ ਸੁਰੱਖਿਆ ਕਾਨੂੰਨ ਅੱਜ ਲਾਗੂ ਹੈ ਪਰ ਆਮ ਲੋਕਾਂ ਨੂੰ ਇਸ ਕਾਨੂੰਨ ਬਾਰੇ ਮੁੱਢਲੀ ਜਾਣਕਾਰੀ ਵੀ ਹਾਸਲ ਨਹੀਂ ਹੈ। ਇਹ ਕਾਨੂੰਨ ਬੱਚਿਆਂ ਦੀ ਸੁਰੱਖਿਆ ਅਤੇ ਦੋਸ਼ੀਆਂ ਦੀ ਸਜ਼ਾ ਨੂੰ ਯਕੀਨੀ ਬਣਾਉਂਦਾ ਹੈ ਤੇ ਹਰੇਕ ਆਮ ਅਤੇ ਖ਼ਾਸ ਵਿਅਕਤੀ ਨੂੰ ਇਸ ਐਕਟ ਦੀ ਜਾਣਕਾਰੀ ਜ਼ਰੂਰ ਹੋਣੀ ਚਾਹੀਦੀ ਹੈ। ਇਸ ਐਕਟ ਵਿਚ ਸਭ ਤੋਂ ਪਹਿਲਾਂ ਇਹ ਦੱਸਿਆ ਗਿਆ ਹੈ ਕਿ 'ਬੱਚਾ' ਸ਼ਬਦ ਤੋਂ ਭਾਵ ਹਰ ਉਹ ਲੜਕਾ ਜਾਂ ਲੜਕੀ ਹੈ, ਜਿਸ ਦੀ ਉਮਰ 18 ਸਾਲ ਤੋਂ ਘੱਟ ਹੈ। ਇਸ ਐਕਟ ਅਨੁਸਾਰ ਜੇਕਰ ਕੋਈ ਵਿਅਕਤੀ ਆਪਣੇ ਨਿੱਜੀ ਅੰਗਾਂ ਸਦਕਾ ਬੱਚੇ ਦੇ ਨਿੱਜੀ ਅੰਗਾਂ ਨੂੰ ਕੋਈ ਨੁਕਸਾਨ ਪਹੁੰਚਾਉਦਾ ਹੈ ਤਾਂ ਉਸ ਨੂੰ 7 ਸਾਲ ਤੱਕ ਦੀ ਕੈਦ ਦੀ ਸਜ਼ਾ ਹੋ ਸਕਦੀ ਹੈ, ਜੋ ਕਿ ਜੁਰਮ ਦੀ ਬਰਬਰਤਾ (ਕਰੂਰਤਾ) ਨੂੰ ਵੇਖਦਿਆਂ ਹੋਇਆਂ ਉਮਰ ਕੈਦ ਤੱਕ ਵੀ ਵਧਾਈ ਜਾ ਸਕਦੀ ਹੈ ਤੇ ਨਾਲ ਹੀ ਭਾਰੀ ਜੁਰਮਾਨਾ ਵੀ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਜੇਕਰ ਫੌਜ, ਪੁਲਿਸ, ਜੇਲ੍ਹ, ਹਸਪਤਾਲ, ਅਨਾਥ ਆਸ਼ਰਮ ਜਾਂ ਪਾਗਲਖਾਨਾ ਆਦਿ ਵਿਚ ਨਿਯੁਕਤ ਕਿਸੇ ਕਰਮਚਾਰੀ ਜਾਂ ਅਧਿਕਾਰੀ ਵਲੋਂ ਸਬੰਧਤ ਸੰਸਥਾ ਅੰਦਰ ਕਿਸੇ ਬੱਚੇ ਦਾ ਜਿਨਸੀ ਸ਼ੋਸ਼ਣ ਕੀਤਾ ਜਾਂਦਾ ਹੈ ਤਾਂ ਉਸ ਨੂੰ ਘੱਟੋ-ਘੱਟ 10 ਸਾਲ ਕੈਦ ਦੀ ਸਜ਼ਾ ਤੇ ਵੱਧ ਤੋਂ ਵੱਧ ਉਮਰ ਕੈਦ ਤੇ ਜੁਰਮਾਨਾ ਕੀਤਾ ਜਾ ਸਕਦਾ ਹੈ। ਸਾਡੇ ਸਮਾਜ ਵਿਚੋਂ ਨਿਘਰਦੀ ਨੈਤਿਕਤਾ ਤੇ ਤਕਨੀਕ ਦੀ ਦੁਰਵਰਤੋਂ ਨੇ ਸਾਨੂੰ ਬਰਬਾਦੀ ਦੇ ਕੰਢੇ ਲਿਆ ਖੜ੍ਹਾ ਕੀਤਾ ਹੈ। ਅੱਜ ਇੰਟਰਨੈੱਟ 'ਤੇ ਹਜ਼ਾਰਾਂ ਅਸ਼ਲੀਲ ਸਾਈਟਾਂ ਮੌਜੂਦ ਹਨ। ਫ਼ਿਲਮਾਂ ਅਤੇ ਟੀ.ਵੀ. ਉੱਤੇ ਅਸ਼ਲੀਲਤਾ ਭਾਰੂ ਹੈ, ਜੋ ਕਾਮੁਕਤਾ ਨੂੰ ਉਕਸਾ ਕੇ ਅਪਰਾਧ ਵੱਲ ਤੋਰਦੀ ਹੈ। ਨੌਕਰੀਪੇਸ਼ਾ ਮਾਪਿਆਂ ਦੇ ਬੱਚੇ ਇਕੱਲੇਪਨ ਦੇ ਸ਼ਿਕਾਰ ਹਨ ਤੇ ਮਾਨਸਿਕ ਪੱਖੋਂ ਪ੍ਰੇਸ਼ਾਨ ਹਨ। ਸਾਂਝੇ ਪਰਿਵਾਰ ਟੁੱਟਣ ਕਾਰਨ ਬੱਚਿਆਂ ਦੀ ਸਹੀ ਦੇਖਭਾਲ ਤੇ ਪਰਵਰਿਸ਼ ਕਰਨ ਵਾਲਾ ਕੋਈ ਨਹੀਂ ਹੈ। ਸਕੂਲੀ ਪਾਠਕ੍ਰਮ 'ਚੋਂ ਨੈਤਿਕ ਸਿੱਖਿਆ ਮਨਫੀ ਹੈ ਤੇ ਅਧਿਆਪਕਾਂ ਦੇ ਕਿਰਦਾਰ 'ਚੋਂ ਵੀ ਨੈਤਿਕਤਾ ਮੁੱਕਦੀ ਜਾ ਰਹੀ ਹੈ। ਬੱਚਿਆਂ ਦੀ ਸਹੀ ਸੁਰੱਖਿਆ ਤੇ ਸੁਚੱਜੀ ਪਰਵਰਿਸ਼ ਲਈ ਸਮਾਜ ਦੇ ਹਰੇਕ ਵਰਗ ਨੂੰ ਪੂਰੀ ਜ਼ਿੰਮੇਦਾਰੀ ਨਾਲ ਆਪਣਾ ਯੋਗਦਾਨ ਪਾਉਣਾ ਪਵੇਗਾ।

-410, ਚੰਦਰ ਨਗਰ, ਬਟਾਲਾ। ਮੋਬਾ: 97816-46008


ਖ਼ਬਰ ਸ਼ੇਅਰ ਕਰੋ

ਦਿਲ ਛੋਟੇ ਅਤੇ ਅਨਾਥ-ਆਸ਼ਰਮ ਵੱਡੇ ਹੁੰਦੇ ਜਾ ਰਹੇ

ਰੱਬ ਦੀ ਬਣਾਈ ਦੁਨੀਆ 'ਤੇ ਹਰ ਪ੍ਰਾਣੀ ਇਕ-ਦੂਜੇ 'ਤੇ ਨਿਰਭਰ ਕਰਦਾ ਆ ਰਿਹਾ ਹੈ। ਇਹ ਪਰਮਾਤਮਾ ਦਾ ਨਿਯਮ ਹੈ, ਜਿਸ ਅੰਦਰ ਮਨੁੱਖੀ ਪ੍ਰਾਣੀ ਅਤੇ ਹਰ ਉਹ ਜੀਵ ਜ਼ਿੰਦਗੀ ਬਤੀਤ ਕਰਦਾ ਹੈ, ਪਰ ਇਸ ਜੀਵਨ ਸ਼ੈਲੀ ਦੀ ਕੜੀ ਅੰਦਰ ਮਨੁੱਖ ਹੀ ਇਕ ਅਜਿਹਾ ਕੁਦਰਤੀ ਪ੍ਰਾਣੀ ਹੈ, ਜੋ ਬੌਧਿਕ ਸ਼ਕਤੀ ਦਾ ਮਾਲਕ ਹੈ, ਜੋ ਆਪਣੇ ਜੀਵਨ ਪ੍ਰਤੀ ਚੰਗੀ ਜੀਵਨ ਸ਼ੈਲੀ ਵਾਲੀ ਜਾਚ ਰੱਖਦਾ ਹੈ। ਮਨੁੱਖ ਆਪਣੀ ਚੰਗੀ ਬੌਧਿਕ ਸ਼ਕਤੀ ਸਦਕਾ ਪੱਥਰ ਯੁੱਗ ਤੋਂ ਲੈ ਕੇ ਅੱਜ ਦੇ ਹੈਰਾਨੀਜਨਕ ਜੀਵਨ ਵਿਚ ਪ੍ਰਵੇਸ਼ ਕਰ ਚੁੱਕਾ ਹੈ, ਧਰਤੀ ਤੋਂ ਲੈ ਕੇ ਚੰਦਰਮਾ ਤੱਕ ਮਾਰ ਕਰਨ ਵਾਲਾ ਮਨੁੱਖ ਕੁਦਰਤੀ ਨਿਯਮਾਂ ਨੂੰ ਛਿੱਕੇ ਟੰਗ ਕੇ ਸਵਾਰਥੀ ਜੀਵਨ ਵੱਲ ਬੜੀ ਤੇਜ਼ੀ ਨਾਲ ਵਧ ਰਿਹਾ ਹੈ। ਜਿਸ ਪ੍ਰਕਾਰ ਦੇ ਹਾਲਾਤ ਬਣ ਰਹੇ ਹਨ, ਇਸ ਵਿਚ ਬੱਚਾ ਪਾਲ ਨਹੀਂ ਸਕਦੇ ਅਤੇ ਬਜ਼ੁਰਗ ਘਰ ਵਿਚ ਰੱਖ ਨਹੀਂ ਸਕਦੇ, ਇਹ ਸਾਡੇ ਸਮਾਜ ਦੀ ਹਾਲਤ ਬਣ ਰਹੀ ਹੈ। ਜਿਸ ਸਮੇਂ ਬੱਚੇ ਨੂੰ ਮਾਂ ਦੀਆਂ ਲੋਰੀਆਂ ਤੇ ਉਸ ਅਹਿਸਾਸ ਦੀ ਲੋੜ ਹੁੰਦੀ ਹੈ, ਉਹ ਨਹੀਂ ਮਿਲ ਰਿਹਾ। ਬੱਚੇ ਦੀ ਹਾਲਤ ਕਿਰਾਏ 'ਤੇ ਲਏ ਕਮਰੇ ਵਰਗੀ ਬਣ ਰਹੀ ਹੈ। ਦਿਲ ਛੋਟੇ ਅਤੇ ਅਨਾਥ ਆਸ਼ਰਮ ਵੱਡੇ ਹੋ ਰਹੇ ਉਸ ਸਮੇਂ ਹੋਂਦ ਵਿਚ ਆਏ ਜਦੋਂ ਅਸੀਂ ਜਨਤਕ ਜਗ੍ਹਾ 'ਤੇ ਬੈਠੇ ਹੋਏ ਸੀ, ਇਕ ਸੱਜਣ ਆਇਆ ਕਹਿੰਦਾ ਅਸੀਂ ਅਨਾਥ ਆਸ਼ਰਮ ਤੋਂ ਆਏ ਹਾਂ, ਕੁਝ ਦਾਨ ਦਿਓ ਜੀ।
ਸੱਜਣ ਨਾਲ ਕਾਫੀ ਵਿਚਾਰ-ਚਰਚਾ ਤੋਂ ਬਾਅਦ ਕਹਿੰਦਾ ਇਕ ਗੱਲ ਕਹਾਂ? ਉਸ ਨੇ ਕਿਹਾ ਦੁਨੀਆ ਬਹੁਤ ਹੀ ਜ਼ਿਆਦਾ ਮਤਲਬੀ ਬਣ ਰਹੀ ਹੈ, ਆਪਣੇ ਹੀ ਖੂਨ ਕੋਲ ਆਪਣੇ ਖੂਨ ਨੂੰ ਵੀ ਸਾਂਭਣ ਦਾ ਸਮਾਂ ਨਹੀਂ ਰਿਹਾ। ਇਹ ਸੁਣ ਕੇ ਚੁੱਪ ਹੋ ਗਏ, ਚਿਹਰਿਆਂ 'ਤੇ ਵੀਰਾਨੀ ਛਾ ਗਈ। ਅੱਗੇ ਦੱਸਦੇ ਹੋਏ ਕਿਹਾ ਸਾਡਾ ਆਸ਼ਰਮ ਪਹਿਲਾਂ 200 ਕਮਰਿਆਂ ਦਾ ਸੀ, ਹੁਣ ਬੱਚਿਆਂ ਅਤੇ ਬਜ਼ੁਰਗਾਂ ਦੀ ਗਿਣਤੀ ਜ਼ਿਆਦਾ ਹੋਣ ਕਰਕੇ ਉਸ ਨੂੰ 450 ਕਮਰਿਆਂ ਤੱਕ ਵਧਾਇਆ ਜਾ ਰਿਹਾ ਹੈ। ਦੰਗ ਰਹਿ ਗਏ, ਸੋਚ ਰਹੇ ਸੀ ਕਿ ਜੋ ਰਵਾਇਤ ਖ਼ਤਮ ਹੋਣੀ ਚਾਹੀਦੀ ਸੀ, ਉਸ ਵਿਚ ਕਈ ਗੁਣਾ ਵਾਧਾ ਹੋਣਾ ਬਹੁਤ ਚੰਗਾ ਭਵਿੱਖ ਨਹੀਂ ਦਿਸ ਰਿਹਾ ਸੀ। ਨਾਲ ਦੀ ਨਾਲ ਹੀ ਉਨ੍ਹਾਂ ਦੱਸਿਆ ਕਿ ਇਸ ਦੇ ਦੋਸ਼ੀ ਵੀ ਅਸੀਂ ਆਪ ਹਾਂ, ਕਿਉਂਕਿ ਪੈਸੇ ਕਮਾਉਣ ਅਤੇ ਅੱਗੇ ਨਿਕਲਣ ਦੀ ਦੌੜ ਵਿਚ ਅਸੀਂ ਆਪਣੇ ਬੱਚਿਆਂ ਨੂੰ ਸਮਾਂ ਹੀ ਨਹੀਂ ਦੇ ਸਕੇ, ਜਿਸ ਨਾਲ ਬੱਚਿਆਂ ਨੂੰ ਮਾਂ-ਬਾਪ ਦਾ ਪਿਆਰ ਹੀ ਨਹੀਂ ਮਿਲ ਸਕਿਆ, ਜਿਸ ਦੇ ਉਲਟ ਹੁਣ ਉਨ੍ਹਾਂ ਬੱਚਿਆਂ ਕੋਲ ਆਪਣੇ ਮਾਂ-ਪਿਓ ਲਈ ਸਮਾਂ ਨਹੀਂ ਹੈ, ਦੁਨੀਆ 'ਤੇ ਸਭ ਇੱਥੇ ਹਿਸਾਬ-ਕਿਤਾਬ ਬਰਾਬਰ ਹੁੰਦਾ ਹੈ, ਅਗਲਾ ਦੌਰ ਕਿਸ ਨੇ ਵੇਖਿਆ ਹੈ?
ਇਹ ਸੁਣ ਕੇ ਅਸੀਂ ਚੁੱਪ ਹੋ ਗਏ ਤੇ ਫਿਰ ਸੱਜਣ ਨੇ ਕਿਹਾ ਕੁਝ ਦਾਨ ਤਾਂ ਕਰ ਦਿਓ, ਕਿਧਰੇ ਤੁਹਾਡੇ ਬੱਚੇ ਤਾਂ ਤੁਹਾਡੇ ਪਿਆਰ ਤੋਂ ਸੱਖਣੇ ਨਾ ਰਹਿ ਜਾਣ, ਕਿਧਰੇ ਹੋਰ ਕਮਰੇ ਨਾ ਉਸਾਰਨੇ ਪੈ ਜਾਣ। ਇਹ ਸੁਣ ਕੇ ਅਸੀਂ ਕੁਝ ਬੋਲ ਨਾ ਸਕੇ, ਸੋਚ ਰਹੇ ਸੀ ਦਾਨ ਦੇਈਏ ਜਾਂ ਆਪਣੀ ਔਲਾਦ ਨੂੰ ਪਿਆਰ? ਸੱਜਣ ਇਹ ਗੱਲ ਕਹਿੰਦਾ ਹੋਇਆ ਆਪਣੀ ਜ਼ਿੰਮੇਵਾਰੀ ਨੂੰ ਪੂਰਾ ਕਰਨ ਲਈ ਅੱਗੇ ਚੱਲ ਪਿਆ ਤੇ ਅਸੀਂ ਸੋਚਾਂ ਵਿਚ ਗੁਆਚੇ ਹੋਏ ਚੁੱਪ-ਚਾਪ ਘਰ ਨੂੰ ਤੁਰ ਪਏ।

-ਪਿੰਡ ਗਹਿਲੇ ਵਾਲਾ, ਜ਼ਿਲ੍ਹਾ ਫਾਜ਼ਿਲਕਾ।
ਮੋਬਾ: 99887-66013

ਨੌਜਵਾਨ ਪੀੜ੍ਹੀ ਨੂੰ ਕਿਤਾਬਾਂ ਵੱਲ ਪ੍ਰੇਰਿਤ ਕੀਤਾ ਜਾਵੇ

'ਗੈਂਗਸਟਰ' ਇਹ ਸ਼ਬਦ ਪੰਜਾਬ ਵਿਚ ਆਏ ਦਿਨ ਅਸੀਂ ਅਖ਼ਬਾਰਾਂ ਦੀਆਂ ਸੁਰਖੀਆਂ ਵਿਚ ਪੜ੍ਹਦੇ ਹਾਂ। ਕਿਧਰੇ ਗੈਂਗ ਇਕ-ਦੂਜੇ ਨਾਲ ਭਿੜ ਰਹੇ ਹਨ ਤੇ ਕਿਧਰੇ ਪੁਲਿਸ ਐਨਕਾਊਂਟਰ ਕਰ ਕੇ ਗੈਂਗਸਟਰਾਂ ਨੂੰ ਮਾਰ ਰਹੀ ਹੈ। ਮੈਨੂੰ ਲਗਦਾ ਹੈ ਕਿ ਇਸ ਤਰ੍ਹਾਂ ਐਨਕਾਊਂਟਰਾਂ ਕਰ ਕੇ ਮੌਜੂਦਾ ਗੈਂਗਸਟਰ ਤਾਂ ਮਾਰੇ ਜਾ ਸਕਦੇ ਹਨ ਪਰ ਜਿਹੜੀ ਨਵੀਂ ਪੀੜ੍ਹੀ ਇਸ ਪਾਸੇ ਵੱਲ ਜਾ ਰਹੀ ਹੈ, ਉਸ ਨੂੰ ਐਨਕਾਊਂਟਰ ਵਿਖਾ ਕੇ ਨਹੀਂ ਰੋਕਿਆ ਜਾ ਸਕਦਾ। ਨੌਜਵਾਨ ਪੀੜ੍ਹੀ ਨੂੰ ਗਲਤ ਰਸਤੇ 'ਤੇ ਜਾਣ ਤੋਂ ਰੋਕਣ ਲਈ ਮਾਪਿਆਂ, ਪਿੰਡ ਵਾਸੀਆਂ ਅਤੇ ਸਰਕਾਰਾਂ ਨੂੰ ਮਿਲ ਕੇ ਹੰਭਲਾ ਮਾਰਨਾ ਪਵੇਗਾ। ਤਦ ਹੀ ਇਹ ਗੈਂਗਸਟਰ ਪੈਦਾ ਹੋਣ ਤੋਂ ਰੋਕੇ ਜਾ ਸਕਦੇ ਹਨ।
ਮੇਰਾ ਵਿਚਾਰ ਇਹ ਹੈ ਕਿ ਕਿਤਾਬਾਂ ਸਭ ਤੋਂ ਵਧੀਆ ਸਾਧਨ ਹਨ ਨੌਜਵਾਨਾਂ ਦਾ ਮਾਰਗ ਦਰਸ਼ਕ ਕਰਨ ਲਈ। ਉਦਾਹਰਨ ਦੇ ਤੌਰ 'ਤੇ ਅਸੀਂ ਦੋ ਨੌਜਵਾਨ ਮਿੰਟੂ ਗੁਰੂਸਰੀਆ ਅਤੇ ਲੱਖਾ ਸਿਧਾਣਾ ਨੂੰ ਵੇਖ ਸਕਦੇ ਹਾਂ, ਜੋ ਕਿ ਪਹਿਲਾਂ ਗਲਤ ਸੰਗਤ ਵਿਚ ਪੈ ਗਏ ਸਨ। ਪਰ ਜਦੋਂ ਉਨ੍ਹਾਂ ਦਾ ਲਗਾਓ ਕਿਤਾਬਾਂ ਨਾਲ ਪਿਆ ਤਾਂ ਉਨ੍ਹਾਂ ਦੇ ਜੀਵਨ ਵਿਚ ਤਬਦੀਲੀ ਆਈ ਅਤੇ ਸਹੀ ਰਸਤੇ 'ਤੇ ਤੁਰ ਪਏ। ਸਕੂਲੀ ਕਿਤਾਬਾਂ ਤਾਂ ਉਨ੍ਹਾਂ ਨੇ ਪਹਿਲਾਂ ਪੜ੍ਹੀਆਂ ਸਨ ਪਰ ਸਾਹਿਤਕ ਕਿਤਾਬਾਂ ਨੇ ਹੀ ਉਨ੍ਹਾਂ ਦੇ ਜੀਵਨ ਵਿਚ ਅਸਲੀ ਤਬਦੀਲੀ ਲੈ ਕੇ ਆਂਦੀ। ਜੇ ਇਹੀ ਕਿਤਾਬਾਂ ਇਨ੍ਹਾਂ ਨੌਜਵਾਨਾਂ ਦੇ ਜੀਵਨ ਵਿਚ ਉਦੋਂ ਆ ਜਾਂਦੀਆਂ ਜਦੋਂ ਇਹ ਜਵਾਨੀ ਦੀ ਦਹਿਲੀਜ਼ 'ਤੇ ਪੈਰ ਰੱਖ ਰਹੇ ਸਨ ਤਾਂ ਮੈਂ ਯਕੀਨ ਨਾਲ ਕਹਿ ਸਕਦਾ ਹਾਂ ਕਿ ਇਹ ਨੌਜਵਾਨ ਕਦੇ ਗਲਤ ਰਸਤੇ 'ਤੇ ਪੈਂਦੇ ਹੀ ਨਾ। ਸਕੂਲੀ ਕਿਤਾਬਾਂ ਗਿਆਨ ਦਾ ਸਾਧਨ ਜ਼ਰੂਰ ਹਨ ਪਰ ਇਨ੍ਹਾਂ ਦੇ ਨਾਲ-ਨਾਲ ਹੋਰ ਸਾਹਿਤਕ ਕਿਤਾਬਾਂ ਪੜ੍ਹਨੀਆਂ ਵੀ ਅਤਿ ਜ਼ਰੂਰੀ ਹਨ, ਜੋ ਸਹੀ ਜੀਵਨ ਜਾਚ ਸਿਖਾਉਂਦੀਆਂ ਹਨ। ਸਭ ਤੋਂ ਪਹਿਲਾਂ ਮਾਪਿਆਂ ਦਾ ਫਰਜ਼ ਬਣਦਾ ਹੈ ਕਿ ਬੱਚਿਆਂ ਨੂੰ ਸਕੂਲੀ ਵਿੱਦਿਆ ਦੇ ਨਾਲ-ਨਾਲ ਹੋਰ ਜੀਵਨ ਨੂੰ ਚੰਗੀ ਸੇਧ ਦੇਣ ਵਾਲੀਆਂ ਕਿਤਾਬਾਂ ਪੜ੍ਹਨ ਦੀ ਆਦਤ ਵੀ ਪਾਈ ਜਾਵੇ। ਹਰ ਘਰ ਵਿਚ ਚੰਗੀਆਂ ਸਾਹਿਤਕ ਕਿਤਾਬਾਂ ਰੱਖੀਆਂ ਜਾਣ ਅਤੇ ਬੱਚਿਆਂ ਨੂੰ ਉਹ ਕਿਤਾਬਾਂ ਪੜ੍ਹਨ ਲਈ ਵੀ ਪ੍ਰੇਰਿਤ ਕੀਤਾ ਜਾਵੇ।
ਇਸ ਤੋਂ ਬਾਅਦ ਪਿੰਡਾਂ ਦੀਆਂ ਪੰਚਾਇਤਾਂ ਨੂੰ ਚਾਹੀਦਾ ਹੈ ਕਿ ਹਰ ਪਿੰਡ ਵਿਚ ਸਾਂਝੀ ਜਗ੍ਹਾ 'ਤੇ ਇਕ ਲਾਇਬ੍ਰੇਰੀ ਜ਼ਰੂਰ ਬਣਾਉਣ। ਸਰਕਾਰ ਨੂੰ ਮੇਰੀ ਬੇਨਤੀ ਹੈ ਕਿ ਹਰ ਪਿੰਡ ਵਿਚ ਲਾਇਬ੍ਰੇਰੀ ਖੋਲ੍ਹਣ ਲਈ ਗ੍ਰਾਂਟ ਦਿੱਤੀ ਜਾਵੇ ਅਤੇ ਮੁਫਤ ਕਿਤਾਬਾਂ ਮੁਹੱਈਆ ਕਰਵਾਈਆਂ ਜਾਣ। ਭਗਤ ਸਿੰਘ, ਕਰਤਾਰ ਸਿੰਘ ਸਰਾਭਾ ਅਤੇ ਊਧਮ ਸਿੰਘ ਵਰਗੇ ਦੇਸ਼ ਭਗਤ ਨੌਜਵਾਨਾਂ ਨਾਲ ਸਬੰਧਤ ਕਿਤਾਬਾਂ ਤੇ ਪੱਕੇ ਤੌਰ 'ਤੇ ਹਰ ਪਿੰਡ ਵਿਚ ਸਰਕਾਰ ਨੂੰ ਵੰਡਣੀਆਂ ਚਾਹੀਦੀਆਂ ਹਨ, ਤਾਂ ਜੋ ਸਾਡੀ ਨੌਜਵਾਨ ਪੀੜ੍ਹੀ ਜੋ ਬਿਨਾਂ ਕਿਸੇ ਉਦੇਸ਼ ਦੇ ਨਿੱਤ ਗੋਲੀਆਂ ਦੀ ਭੇਟ ਚੜ੍ਹ ਰਹੀ ਹੈ, ਉਨ੍ਹਾਂ ਦੇ ਜੀਵਨ ਵਿਚ ਸੁਧਾਰ ਆ ਸਕੇ। ਸਰਕਾਰ ਆਪਣੀ ਜ਼ਿੰਮੇਵਾਰੀ ਨੂੰ ਜੇ ਇਮਾਨਦਾਰੀ ਨਾਲ ਨਿਭਾਵੇਗੀ, ਤਦ ਹੀ ਨੌਜਵਾਨਾਂ ਨੂੰ ਸਹੀ ਪਾਸੇ ਲਗਾਇਆ ਜਾ ਸਕੇਗਾ। ਪੰਜਾਬ ਵਿਚ ਕਿਤਾਬਾਂ ਦੀ ਘਰ-ਘਰ ਅਤੇ ਪਿੰਡ-ਪਿੰਡ ਅੱਜ ਦੇ ਸਮੇਂ ਵਿਚ ਬਹੁਤ ਲੋੜ ਹੈ, ਤਾਂ ਜੋ ਕਿਤਾਬਾਂ ਪੜ੍ਹ ਕੇ ਸਾਡੀ ਨੌਜਵਾਨ ਪੀੜ੍ਹੀ ਗਲਤ ਰਸਤੇ ਦੀ ਬਜਾਏ ਚੰਗੇ ਰਸਤੇ ਨੂੰ ਅਪਣਾਵੇ, ਆਪਣੇ ਹੱਕਾਂ ਪ੍ਰਤੀ ਜਾਗਰੂਕ ਹੋਵੇ, ਦੇਸ਼ ਅਤੇ ਆਪਣੇ ਮਾਪਿਆਂ ਦਾ ਨਾਂਅ ਰੌਸ਼ਨ ਕਰੇ।
ਆਉ ਕਿਤਾਬਾਂ ਪੜ੍ਹੀਏ ਤੇ ਵਿਚਾਰੀਏ
ਮਿਲ ਕੇ ਨਵੀਂ ਪੀੜ੍ਹੀ ਨੂੰ ਸੁਧਾਰੀਏ।

-ਪਿੰਡ ਬੜੈਚ, ਡਾਕ: ਦਾਖਾ, ਜ਼ਿਲ੍ਹਾ ਲੁਧਿਆਣਾ।
ਮੋਬਾ: 99144-88265

ਕਿਵੇਂ ਹੋਵੇ ਸੁਖਾਵੇਂ ਮਾਹੌਲ ਵਿਚ ਪ੍ਰੀਖਿਆਵਾਂ ਦੀ ਤਿਆਰੀ

ਅੱਜ ਦੇ ਇਸ ਮੁਕਾਬਲੇ ਦੇ ਯੁੱਗ ਵਿਚ ਜਿਵੇਂ-ਜਿਵੇਂ ਪ੍ਰੀਖਿਆਵਾਂ ਦੇ ਦਿਨ ਨੇੜੇ ਆ ਰਹੇ ਹਨ, ਉਵੇਂ-ਉਵੇਂ ਬੱਚਿਆਂ ਦੇ ਨਾਲ-ਨਾਲ ਮਾਪਿਆਂ ਦੇ ਦਿਲਾਂ ਦੀਆਂ ਧੜਕਣਾਂ ਵੀ ਤੇਜ਼ ਹੁੰਦੀਆਂ ਜਾ ਰਹੀਆਂ ਹਨ। ਕਈ ਮਾਪੇ ਬੱਚਿਆਂ 'ਤੇ ਚੰਗੇ ਨੰਬਰ ਲੈਣ ਲਈ ਦਬਾਅ ਬਣਾ ਰਹੇ ਹਨ ਤੇ ਕਈ ਮਾਪਿਆਂ 'ਤੇ ਇਸ ਗੱਲ ਦਾ ਦਬਾਅ ਹੈ ਕਿ ਕਿਤੇ ਉਨ੍ਹਾਂ ਦਾ ਬੱਚਾ ਦੂਜੇ ਬੱਚਿਆਂ ਤੋਂ ਪਿੱਛੇ ਨਾ ਰਹਿ ਜਾਵੇ। ਪੜ੍ਹਾਈ ਵਿਚ ਵਧੀਆ ਹੋਣ ਦੇ ਬਾਵਜੂਦ ਕਈ ਵਾਰੀ ਬੱਚੇ ਇਸ ਦਬਾਅ ਕਾਰਨ ਚੰਗੀ ਕਾਰਗੁਜ਼ਾਰੀ ਨਹੀਂ ਵਿਖਾ ਸਕਦੇ। ਇਸ ਲਈ ਜ਼ਰੂਰੀ ਹੈ ਕਿ ਅਜਿਹੇ ਮਾਹੌਲ ਵਿਚ ਬੱਚਿਆਂ 'ਤੇ ਦਬਾਅ ਬਣਾਉਣ ਦੀ ਬਜਾਏ ਘਰ ਵਿਚ ਇਕ ਅਜਿਹਾ ਮਾਹੌਲ ਬਣਾਇਆ ਜਾਵੇ, ਜਿਸ ਨਾਲ ਬੱਚੇ ਵਧੀਆ ਕਾਰਗੁਜ਼ਾਰੀ ਦਿਖਾ ਸਕਣ ਅਤੇ ਮਾਪੇ ਵੀ ਖੁਸ਼ ਰਹਿ ਸਕਣ। ਅਜਿਹੇ ਮਾਹੌਲ ਵਾਸਤੇ ਬੱਚਿਆਂ ਅਤੇ ਮਾਪਿਆਂ ਨੂੰ ਤਣਾਅਮੁਕਤ ਰਹਿਣ ਲਈ ਕੁਝ ਗੱਲਾਂ ਵੱਲ ਖਾਸ ਧਿਆਨ ਦੇਣਾ ਜ਼ਰੂਰੀ ਹੈ।
ਸਭ ਤੋਂ ਪਹਿਲਾਂ ਜ਼ਰੂਰੀ ਹੈ ਕਿ ਮਾਪੇ ਬੱਚੇ 'ਤੇ ਚੰਗੇ ਨੰਬਰਾਂ ਦਾ ਦਬਾਅ ਬਣਾਉਣ ਦੀ ਬਜਾਏ ਬੱਚੇ ਦਾ ਹੌਸਲਾ ਵਧਾਉਣ ਕਿ ਉਹ ਚੰਗੇ ਨੰਬਰ ਲੈ ਸਕਦਾ ਹੈ। ਪ੍ਰੀਖਿਆ ਦੇ ਦਿਨਾਂ ਦੌਰਾਨ ਬੱਚੇ ਦੇ ਖਾਣ-ਪੀਣ ਦਾ ਖਾਸ ਧਿਆਨ ਰੱਖਿਆ ਜਾਵੇ। ਹੋ ਸਕੇ ਤਾਂ ਇਨ੍ਹਾਂ ਦਿਨਾਂ ਵਿਚ ਘਰ ਵਿਚ ਉਹੀ ਚੀਜ਼ਾਂ ਬਣਾਈਆਂ ਜਾਣ, ਜੋ ਬੱਚੇ ਨੂੰ ਸਭ ਤੋਂ ਜ਼ਿਆਦਾ ਪਸੰਦ ਹੋਣ। ਹੋ ਸਕੇ ਤਾਂ ਮਾਪਿਆਂ ਨੂੰ ਵੀ ਰਾਤ ਨੂੰ ਓਨੀ ਦੇਰ ਜਾਗਦੇ ਰਹਿਣਾ ਚਾਹੀਦਾ ਹੈ, ਜਿੰਨੀ ਦੇਰ ਬੱਚਾ ਪੜ੍ਹਾਈ ਕਰ ਰਿਹਾ ਹੋਵੇ, ਇਸ ਨਾਲ ਬੱਚੇ ਵਿਚ ਇਕੱਲਾਪਨ ਨਹੀਂ ਆਵੇਗਾ।
ਪ੍ਰੀਖਿਆ ਦੀ ਤਿਆਰੀ ਦੌਰਾਨ ਹਰੇਕ ਵਿਸ਼ੇ ਨੂੰ ਕੁਝ ਸਮਾਂ ਦੇਣਾ ਜ਼ਰੂਰੀ ਹੈ, ਕਿਉਂਕਿ ਚੰਗੇ ਨੰਬਰ ਪ੍ਰਾਪਤ ਕਰਨ ਲਈ ਹਰੇਕ ਵਿਸ਼ੇ ਦਾ ਯੋਗਦਾਨ ਜ਼ਰੂਰੀ ਹੈ। ਜਿਹੜੇ ਵਿਸ਼ੇ ਔਖੇ ਲਗਦੇ ਹਨ, ਉਨ੍ਹਾਂ ਨੂੰ ਜੇਕਰ ਸਵੇਰ ਵੇਲੇ ਪੜ੍ਹਿਆ ਜਾਵੇ ਤਾਂ ਵਧੀਆ ਹੋਵੇਗਾ। ਪ੍ਰੀਖਿਆ ਦੌਰਾਨ ਸ਼ਾਦੀ ਜਾਂ ਹੋਰ ਸਮਾਗਮਾਂ ਵਿਚ ਜਾਣ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ, ਕਿਉਂਕਿ ਅਜਿਹੇ ਪ੍ਰੋਗਰਾਮਾਂ ਵਿਚ ਜਾਣ ਨਾਲ ਮਨ ਦੀ ਇਕਾਗਰਤਾ ਭੰਗ ਹੁੰਦੀ ਹੈ। ਟੀ.ਵੀ. ਦੇਖਣ ਤੋਂ ਹੋ ਸਕੇ ਤਾਂ ਪ੍ਰਹੇਜ਼ ਹੀ ਕਰਨਾ ਚਾਹੀਦਾ ਹੈ, ਪਰ ਜੇਕਰ ਦਿਲ ਕਰਦਾ ਹੋਵੇ ਤਾਂ ਸਿਰਫ਼ ਮਨਪਸੰਦ ਪ੍ਰੋਗਰਾਮ ਕੁਝ ਸਮੇਂ ਵਾਸਤੇ ਵੇਖੇ ਜਾ ਸਕਦੇ ਹਨ। ਆਰਾਮ ਕਰਦੇ ਸਮੇਂ ਆਪਣਾ ਮਨਪਸੰਦ ਸੰਗੀਤ ਸੁਣਨ ਨਾਲ ਵੀ ਮਨ ਨੂੰ ਤਾਜ਼ਗੀ ਮਿਲਦੀ ਹੈ। ਹੋ ਸਕੇ ਤਾਂ ਕੁਝ ਸਮਾਂ ਖੁੱਲ੍ਹੇ ਵਾਤਾਵਰਨ ਵਿਚ ਘੁੰਮ ਲੈਣਾ ਚਾਹੀਦਾ ਹੈ। ਇਮਤਿਹਾਨ ਵਾਲੇ ਦਿਨ ਪ੍ਰੀਖਿਆ ਭਵਨ ਵਿਚ ਅੱਧਾ ਘੰਟਾ ਪਹਿਲਾਂ ਪੁੱਜੋ ਅਤੇ ਆਪਣੇ ਸਾਥੀਆਂ ਨਾਲ ਇਮਤਿਹਾਨ ਦੀ ਤਿਆਰੀ ਬਾਰੇ ਵਿਚਾਰ-ਵਟਾਂਦਰਾ ਕਰਨ ਤੋਂ ਪ੍ਰਹੇਜ਼ ਕਰੋ, ਇਸ ਨਾਲ ਕਈ ਵਾਰੀ ਉਲਝਣ ਪੈਦਾ ਹੋ ਸਕਦੀ ਹੈ। ਕਦੇ ਵੀ ਪ੍ਰੀਖਿਆ ਦੇ ਡਰ ਨੂੰ ਆਪਣੇ ਉੱਤੇ ਹਾਵੀ ਨਾ ਹੋਣ ਦਿਓ। ਜੇਕਰ ਪੇਪਰ ਵਿਚ ਕੋਈ ਪ੍ਰਸ਼ਨ ਰਹਿ ਵੀ ਜਾਵੇ ਤਾਂ ਪੇਪਰ ਖ਼ਤਮ ਹੋਣ ਤੋਂ ਬਾਅਦ ਇਸ ਗੱਲ ਨੂੰ ਮਨ 'ਤੇ ਹਾਵੀ ਨਾ ਹੋਣ ਦਿਓ। ਛੁੱਟ ਗਏ ਪ੍ਰਸ਼ਨ ਦਾ ਜ਼ਿਕਰ ਮਾਪਿਆਂ ਨਾਲ ਨਾ ਕਰੋ, ਕਿਉਂਕਿ ਇਸ ਨਾਲ ਕਈ ਵਾਰ ਮਾਪੇ ਵੀ ਦਬਾਅ ਵਿਚ ਆ ਜਾਂਦੇ ਹਨ ਅਤੇ ਗੁੱਸੇ ਹੋ ਕੇ ਬੱਚੇ ਦਾ ਮਨੋਬਲ ਡਿਗਾ ਦਿੰਦੇ ਹਨ। ਤਰੋ-ਤਾਜ਼ਾ ਹੋ ਕੇ ਅਗਲੀ ਪ੍ਰੀਖਿਆ ਦੀ ਤਿਆਰੀ ਵਿਚ ਜੁਟ ਜਾਓ।
ਜੇਕਰ ਇਨ੍ਹਾਂ ਸਾਰੀਆਂ ਗੱਲਾਂ ਦਾ ਧਿਆਨ ਮਾਪੇ ਅਤੇ ਬੱਚੇ ਦੋਵੇਂ ਰੱਖਣ ਤਾਂ ਪ੍ਰੀਖਿਆਵਾਂ ਦਾ ਸਮਾਂ ਸੁਖਾਵੇਂ ਮਾਹੌਲ ਵਿਚ ਗੁਜ਼ਾਰਿਆ ਜਾ ਸਕਦਾ ਹੈ।

-ਮਾਡਲ ਟਾਊਨ, ਮੁਕੇਰੀਆਂ
।ਮੋਬਾ: 94647-30770

ਜ਼ਖ਼ਮ ਡੂੰਘੇ ਹੀ ਹੁੰਦੇ ਗਏ ਮੇਰੇ ਪਿੰਡ ਦੀ ਸੜਕ ਦੇ

ਨੌਕਰੀ-ਚਾਕਰੀ ਕਰਕੇ ਪਿਛਲੇ ਵੀਹ ਕੁ ਸਾਲਾਂ ਤੋਂ ਭਾਵੇਂ ਮੈਂ ਪਿੰਡ ਨਹੀਂ ਰਹਿ ਰਿਹਾ ਪਰ ਹਰ ਮਹੀਨੇ ਇਕ-ਦੋ ਵਾਰ ਪਿੰਡ ਜ਼ਰੂਰ ਜਾ ਆਉਂਦਾ ਹਾਂ। ਸਰਹਿੰਦ-ਮੁਹਾਲੀ ਸੜਕ ਤੋਂ ਜਦੋਂ ਆਪਣੇ ਪਿੰਡ ਦੀ ਸੜਕ ਵੱਲ ਗੱਡੀ ਮੋੜਦਾ ਹਾਂ ਤਾਂ ਬੀਵੀ ਤੇ ਬੱਚੇ ਅਕਸਰ ਕਹਿੰਦੇ ਹਨ ਪਾਪਾ ਪਿੰਡ ਜਾਣ ਲਈ ਕੋਈ ਹੋਰ ਰਸਤਾ ਨਹੀਂ? ਮੈਂ ਕਹਿੰਦਾ ਹਾਂ ਕਿ ਰਸਤੇ ਤਾਂ ਹਨ, ਪਰ ਹੱਥ ਹੋਰ ਪਾਸੇ ਮੁੜਦਾ ਹੀ ਨਹੀਂ। ਕਿਉਂਕਿ ਮੈਂ ਇਸੇ ਸੜਕੇ ਸਰਹਿੰਦ-ਫ਼ਤਹਿਗੜ੍ਹ ਸਾਹਿਬ ਪੜ੍ਹਨ ਲਈ ਸਕੂਲ/ਕਾਲਜ ਸਾਈਕਲ-ਬੱਸ 'ਤੇ ਜਾਂਦਾ ਸੀ। ਲੋਕ ਵੀ ਕੰਮ-ਕਾਰ ਕਰਨ ਅਤੇ ਅੱਡੇ 'ਤੇ ਜਾਣ ਲਈ ਇਸੇ ਰਸਤੇ ਜਾਂਦੇ ਹਨ। ਇਸੇ ਬਹਾਨੇ ਉਨ੍ਹਾਂ ਦੇ ਦਰਸ਼ਨ-ਮੇਲੇ ਵੀ ਹੋ ਜਾਂਦੇ ਹਨ। ਉਂਜ ਅੱਜ ਦੀ ਕੰਮਾਂ ਭਰੀ ਪਟਾਰੀ ਕਦੋਂ ਕਿਸੇ ਨੂੰ ਮੌਕਾ ਦਿੰਦੀ ਹੈ ਕਿ ਸਿਰੋਂ ਲਾਹ ਕੇ ਪਿੰਡ ਦੇ ਬੋਹੜ ਦੀ ਛਾਵੇਂ ਬੈਠ ਕੇ ਆਰਾਮ ਕਰ ਲਵੇ। ਪਰ ਆਰਾਮ ਕਰਨ ਲਈ ਬੋਹੜ ਹੁਣ ਪਿੰਡਾਂ 'ਚ ਲਭਦੇ ਵੀ ਕਿੱਥੇ ਨੇ। ਪਿੰਡ ਵਾਸੀਆਂ ਦੇ ਟਰੈਕਟਰ, ਟਰਾਲੀਆਂ, ਗੱਡੀਆਂ, ਸਕੂਟਰ, ਮੋਟਰਸਾਈਕਲਾਂ ਵਾਂਗ ਮੇਰੀ ਗੱਡੀ ਦੀਆਂ ਸੱਟਾਂ ਝੱਲਣ ਦੀ ਵੀ ਹੁਣ ਇਹ ਸੜਕ ਆਦੀ ਹੋ ਗਈ ਹੈ। ਇਹ ਅਕਸਰ ਸਵਾਲੀਆ ਨਜ਼ਰਾਂ ਨਾਲ ਮੇਰੀਆਂ ਅੱਖਾਂ 'ਚ ਅੱਖਾਂ ਪਾ ਕੇ ਤੱਕਦੀ ਵੀ ਰਹੀ ਹੈ ਪਰ ਮੈਂ ਪਰਿਵਾਰਕ ਤੇ ਨਿੱਜੀ ਸਵਾਲਾਂ 'ਚ ਗਵਾਚ ਕੇ ਸ਼ਾਇਦ ਅਣਗੌਲਿਆ ਕਰਕੇ ਲੰਘਦਾ ਰਿਹਾ। ਪਰ ਇਸ ਵਾਰ ਵੱਡੇ ਜ਼ਖਮ 'ਤੇ ਮੇਰਾ ਪੈਰ ਧਰਿਆ ਗਿਆ ਤਾਂ ਮੰਨੋ ਇਸ ਨੇ ਮੇਰਾ ਰਾਹ ਹੀ ਰੋਕ ਲਿਆ, ਜਿਵੇਂ ਕਹਿ ਰਹੀ ਹੋਵੇ ਕਿ ਮੇਰੇ ਡੂੰਘੇ ਜ਼ਖਮਾਂ ਨੂੰ ਦਰੜ ਕੇ ਮੇਰੀ ਚੀਸ ਤੈਨੂੰ ਵੀ ਨਹੀਂ ਸੁਣਦੀ? ਬਾਕੀ ਪਿੰਡਾਂ ਦੇ ਲੋਕ ਤਾਂ ਇਸ ਕਰਕੇ ਨਹੀਂ ਸੁਣਦੇ ਕਿ ਕਿਸੇ ਨੇ ਵੋਟਾਂ ਦੇਣੀਆਂ ਹੁੰਦੀਆਂ ਨੇ ਤੇ ਕਿਸੇ ਨੇ ਲੈਣੀਆਂ, ਕਿਸੇ ਨੇ ਹਾਰ ਪਾਉਣੇ ਹੁੰਦੇ ਨੇ ਤੇ ਕਿਸੇ ਨੇ ਪਵਾਉਣੇ। ਪਰ ਮੈਨੂੰ ਕੀ ਭਾਅ? ਤੇਰੀ ਤਾਂ ਹੁਣ ਪਿੰਡ 'ਚ ਵੋਟ ਵੀ ਨਹੀਂ ਰਹੀ ਹੋਣੀ। ਤੂੰ ਹੀ ਮੇਰੀ ਸੁਣ ਲੈ। ਜੇ ਹੁਣ ਵੀ ਕਿਸੇ ਨੇ ਨਾ ਸੁਣੀ ਤਾਂ ਮੈਂ ਵੀ ਬੋਲੀ ਹੀ ਬਣ ਜਾਵਾਂਗੀ।
ਮੈਂ ਸ਼ਰਮਸਾਰ ਹੋਇਆ, ਮੈਂ ਵਾਅਦਾ ਕੀਤਾ ਕਿ ਮੈਂ ਜ਼ਰੂਰ ਲਿਖਾਂਗਾ। ਕਿਉਂਕਿ ਗੱਲ ਤੇਰੀ ਇਕੱਲੀ ਦੀ ਨਹੀਂ, ਤੇਰੇ ਵਰਗੀਆਂ ਹੋਰ ਸੈਂਕੜੇ ਸੜਕਾਂ ਹਨ ਜੋ ਵਿਕਾਸ ਦੇ ਇਸ਼ਤਿਹਾਰਾਂ ਵਿਚਲੀ ਵੱਡੀ ਤਸਵੀਰ ਪਿੱਛੇ ਲੁਕੀਆਂ ਰਹਿ ਜਾਂਦੀਆਂ ਹਨ। ਮੈਂ ਕੁਝ ਪਲ ਸੋਚਦਾ ਰਿਹਾ ਕਿ ਕਹਿਣ ਨੂੰ ਤਾਂ ਪਿੰਡਾਂ ਦਾ ਬਹੁਤ ਵਿਕਾਸ ਹੋਇਆ ਹੈ ਪਰ ਹਾਲੇ ਵੀ ਬੜਾ ਫਰਕ ਹੈ ਪਿੰਡਾਂ ਤੇ ਸ਼ਹਿਰਾਂ 'ਚ ਤੇ ਇਨ੍ਹਾਂ ਪ੍ਰਤੀ ਰਾਜਨੀਤਕ ਮਨਾਂ 'ਚ। ਹਾਲੇ ਤਾਂ ਗਲੀਆਂ-ਨਾਲੀਆਂ ਵੀ ਪੂਰੀਆਂ ਨਹੀਂ ਹੋਈਆਂ ਸਾਡੇ ਨੇਤਾਵਾਂ ਤੋਂ ਸੱਤਰ ਸਾਲਾਂ 'ਚ। ਮੀਡੀਆ ਵਿਚਲੀ ਇਸ਼ਤਿਹਾਰਬਾਜ਼ੀ ਤੇ ਤਸਵੀਰਾਂ 'ਚ ਦੇਖਦਾ ਹਾਂ ਤਾਂ ਲਗਦੈ ਸੜਕਾਂ ਬਹੁਤ ਵਧੀਆ ਬਣ ਗਈਆਂ ਨੇ। ਪਰ ਬਹੁਤ ਸਾਰੇ ਪਿੰਡਾਂ ਨੂੰ ਜੋੜਦੀਆਂ ਲਿੰਕ ਸੜਕਾਂ ਦੀ ਹਾਲਤ ਹਾਲੇ ਵੀ ਵਿਕਾਸ ਲਈ ਪ੍ਰਸ਼ਨ ਚਿੰਨ੍ਹ ਹੈ। ਸ਼ਹਿਰ ਨੂੰ ਸ਼ਹਿਰ ਨਾਲ ਜੋੜਦੀਆਂ ਕਈ ਸੜਕਾਂ ਦੀ ਹਾਲਤ ਵੀ ਅਜਿਹੀ ਹੀ ਦੇਖਦਾ ਆ ਰਿਹਾ ਹਾਂ। ਖੰਨਾ-ਸਮਰਾਲਾ ਸੜਕ 'ਤੇ ਕਦੀ ਲੰਘ ਕੇ ਦੇਖੋ, ਬਦਲਵਾਂ ਰਸਤਾ ਲੱਭੋਗੇ। ਪਰ ਪਿੰਡਾਂ ਵਾਲੇ ਵਿਚਾਰੇ ਕਿਹੜਾ ਬਦਲਵਾਂ ਰਸਤਾ ਲੱਭਣ? ਇਸ ਲਈ ਉਮੀਦ ਕਰਦਾ ਹਾਂ ਕਿ ਕੋਈ ਜ਼ਰੂਰ ਬਹੁੜੇਗਾ ਮੇਰੇ ਪਿੰਡ ਦੀ ਸੜਕ ਦੇ ਜ਼ਖਮਾਂ 'ਤੇ ਮੱਲ੍ਹਮ ਲਾਉਣ ਵਾਲਾ ਦਰਵੇਸ਼!

-ਦੋਰਾਹਾ (ਲੁਧਿਆਣਾ)। ਮੋਬਾ: 98142-45959

ਮਰ ਰਹੀ ਹੈ ਮੇਰੀ ਭਾਸ਼ਾ

ਹੌਲੀ-ਹੌਲੀ ਆਉਂਦੀ ਮੌਤ ਕਦੇ ਕਿਸੇ ਦੇ ਨਜ਼ਰੀਂ ਨਹੀਂ ਪੈਂਦੀ। ਹਰ ਕਿਸੇ ਦਾ ਜਵਾਬ ਇਕੋ ਹੀ ਹੁੰਦਾ ਹੈ-'ਪਤਾ ਹੀ ਨਹੀਂ ਲੱਗਾ ਕਦੋਂ ਪੂਰੀ ਜ਼ਿੰਦਗੀ ਲੰਘ ਗਈ।' ਇਸ ਸਭ ਦੀ ਸਮਝ ਆ ਜਾਣ ਤੋਂ ਬਾਅਦ ਵੀ ਸਾਹਮਣੇ ਦਿਸਦੀ ਮੌਤ ਤੇ ਪਲ-ਪਲ ਖਿਸਕਦੀ ਜਾਂਦੀ ਜ਼ਿੰਦਗੀ ਨੂੰ ਫੜ ਕੇ ਕੋਈ ਬਹਿ ਨਹੀਂ ਸਕਦਾ ਤੇ ਨਾ ਹੀ ਮੌਤ ਟਲਦੀ ਹੈ। ਬਿਲਕੁਲ ਇਸੇ ਤਰ੍ਹਾਂ ਹੀ ਭਾਸ਼ਾ ਨਾਲ ਹੁੰਦਾ ਹੈ। ਇਕ ਸਮੇਂ ਦੇ ਲੋਕ ਪਿਛਲੇ ਸਮੇਂ ਵਿਚ ਬੋਲੇ ਜਾ ਰਹੇ ਸ਼ਬਦਾਂ ਦੇ ਹੌਲੀ-ਹੌਲੀ ਅਲੋਪ ਹੋ ਜਾਣ ਨਾਲ ਭਾਸ਼ਾ ਦੀ ਹੌਲੀ-ਹੌਲੀ ਆ ਰਹੀ ਮੌਤ ਤੋਂ ਬੇਫਿਕਰੇ ਹੁੰਦੇ ਹਨ ਤੇ ਸਿਰਫ ਆਖਰੀ ਪੁਸ਼ਤ, ਜਿਸ ਵਿਚ ਭਾਸ਼ਾ ਨੂੰ ਬੋਲਣ ਵਾਲੇ ਉਂਗਲਾਂ ਉੱਤੇ ਗਿਣੇ ਜਾਣ ਵਾਲੇ ਰਹਿ ਜਾਂਦੇ ਹਨ, ਉਦੋਂ ਹੀ ਸਾਹਮਣੇ ਮੌਤ ਦਿਸਦੀ ਹੈ ਤੇ ਉਦੋਂ ਇਹ ਮੌਤ ਟਲ ਨਹੀਂ ਸਕਦੀ ਹੁੰਦੀ।
ਮੈਂ ਤਾਂ ਆਪਣੀ ਨਿੱਘ ਭਰੀ ਮਾਂ ਦੀ ਬੋਲੀ ਨੂੰ ਆਪਣੇ ਕਲੇਜੇ ਵਿਚ ਸਾਂਭ ਕੇ ਦਫ਼ਨ ਹੋ ਚੁੱਕੀਆਂ ਮਾਵਾਂ ਦੀ ਯਾਦ ਚੇਤੇ ਕਰਵਾ ਰਿਹਾ ਹਾਂ। 'ਮਾਂ ਸਦਕੇ, ਆ ਖਾਂ ਮੇਰੇ ਕਲੇਜੇ ਦੇ ਟੁਕੜਿਆ', 'ਆ ਮੇਰੇ ਲਾਲ... ਆ ਮੇਰਾ', 'ਪੁੱਤ ਕੇਸੀਂ ਇਸ਼ਨਾਨ ਕਰ ਲਾ', 'ਆ ਮੇਰਾ ਪੁੱਤ... ਆ ਬੱਸ਼ੀ ਪਾਈਏ... ਆ ਜਾ ਮੇਰੇ ਕਲੇਜੇ ਠੰਢ ਪਾ ਦੇ, ਮੇਰੇ ਸੋਹਣੇ ਪੁੱਤ... ਆ ਤੇਰੀ ਨਜ਼ਰ ਉਤਾਰ ਲਵਾਂ।' ਮੇਰੀ ਮਾਂ-ਬੋਲੀ 'ਚੋਂ ਅਲੋਪ ਹੋ ਚੁੱਕੇ ਹਨ। ਕੋਈ ਦੱਸੇ ਖਾਂ, ਕਿਨੇ ਕੁ ਘਰ ਬਚੇ ਹਨ ਕਿਸੇ ਪਿਆਰੀ ਦਾਦੀ ਦੀ ਮੋਹ ਭਰੀ ਤੇ ਖੜਕੀ ਆਵਾਜ਼ ਕੰਨੀਂ ਪੈਂਦੀ ਹੈ, 'ਵੇ ਮਰ ਜਾਣਿਆ, ਅਉਂਤਰਿਆ, ਇਧਰ ਆ ਤੇਰੀਆਂ ਲੱਤਾਂ ਭੰਨਾਂ।' ਇਨ੍ਹਾਂ ਬੋਲਾਂ ਵਿਚ ਵੀ ਡੂੰਘਾ ਪਿਆਰ ਲੁਕਿਆ ਹੁੰਦਾ ਸੀ। ਹਾਏ ਡੈਡ, ਡੈਡਾ, ਮੌਮ, ਆਂਟ ਦੇ ਥੱਲੇ ਦਫ਼ਨ ਹੋ ਚੁੱਕੇ ਭਾਪਾ ਜੀ, ਬਾਪੂ ਜੀ, ਬੇਬੇ ਜੀ, ਬੀਬੀ ਜੀ, ਚਾਚੀ ਜੀ, ਫੁੱਫੜ ਜੀ, ਝਾਈ ਜੀ, ਅੰਮੀ ਜੀ ਹੌਲੀ-ਹੌਲੀ ਮਰ ਚੁੱਕੇ ਹਨ। ਮਾਂ ਦੀ ਮੋਹ ਭਰੀ ਬੋਲੀ ਤੇ ਉਸ ਨੂੰ ਸੁਣਨ ਦਾ ਸੁਖਦ ਅਹਿਸਾਸ ਜਦੋਂ ਹੌਲੀ-ਹੌਲੀ ਹੋਰ ਜ਼ੁਬਾਨ ਹੇਠ ਦਫ਼ਨ ਹੋਣਾ ਸ਼ੁਰੂ ਹੋ ਜਾਵੇ ਤਾਂ ਮਾਂ ਦੇ ਮਰ ਜਾਣ ਨਾਲ ਹੀ ਭਾਸ਼ਾ ਦਾ ਉਹ ਹਿੱਸਾ ਤਾਂ ਉਸੇ ਵੇਲੇ ਮਰ ਜਾਂਦਾ ਹੈ। ਬਚੀ-ਖੁਚੀ ਭਾਸ਼ਾ ਵਿਚ ਹੋਰ ਭਾਸ਼ਾ ਮਿਲ ਕੇ ਬਣੀ ਖਿਚੜੀ ਭਾਸ਼ਾ ਦੂਜੀ ਪੁਸ਼ਤ ਤੱਕ ਲੰਗੜੀ ਹੋ ਕੇ ਪਹੁੰਚਦੀ ਹੈ। ਅਜਿਹੇ ਮੌਕੇ ਜੇ ਕੋਈ ਭਾਸ਼ਾ ਵਿਗਿਆਨੀ ਉਸ ਨਾਲ ਜੁੜੇ ਲੋਕਾਂ ਨਾਲ ਵੇਲੇ ਸਿਰ ਭਾਸ਼ਾ ਦੇ ਸਿਰ 'ਤੇ ਮੰਡਰਾਅ ਰਹੇ ਖ਼ਤਰੇ ਬਾਰੇ ਚਿੰਤਾ ਜਤਾਏ ਤਾਂ ਬਹੁਗਿਣਤੀ ਆਮ ਲੋਕ ਬਿਨਾਂ ਸੋਚੇ-ਸਮਝੇ ਉਸ ਨੂੰ ਨਕਾਰ ਦਿੰਦੇ ਹਨ ਕਿ ਚੰਗੀ-ਭਲੀ ਭਾਸ਼ਾ ਬੋਲੀ ਜਾ ਰਹੀ ਹੈ।
ਉਲਾਂਭਾ ਹੈ ਜਿਹੜੇ ਅਚੇਤ-ਸੁਚੇਤ ਪੱਧਰ 'ਤੇ ਪੰਜਾਬੀ ਭਾਸ਼ਾ ਦਾ ਨੁਕਸਾਨ ਕਰ ਰਹੇ ਹਨ, ਇਹ ਲੋਕ ਜਿੰਨਾ ਮਰਜ਼ੀ ਅਖੌਤੀ ਅਗਾਂਹਵਧੂ ਭਾਵ ਮਿਲਗੋਭੇ ਵਾਲਾ ਸੱਭਿਆਚਾਰ ਸਿਰਜੀ ਜਾਣ, ਰਹਿਣਾ ਇਨ੍ਹਾਂ ਨੇ 'ਪੰਜਾਬੀ' ਹੀ ਹੈ। ਬਸ ਏਨਾ ਯਾਦ ਰੱਖਣ ਕਿ ਮਾਂ ਤੇ ਮਾਂ-ਬੋਲੀ ਨੂੰ ਖ਼ਤਮ ਕਰਨ ਵਾਲੇ ਦਾ ਵੀ ਇਸ ਦੁਨੀਆ ਤੋਂ ਨਾਮੋ-ਨਿਸ਼ਾਨ ਮਿਟ ਜਾਇਆ ਕਰਦਾ ਹੈ। ਬਾਕੀ ਇਨ੍ਹਾਂ ਦਾ ਰੱਬ ਰਾਖਾ!

-ਸ: ਸੈ: ਸਕੂਲ, ਪੱਟੀ (ਲੜਕੇ), ਜ਼ਿਲ੍ਹਾ ਤਰਨ ਤਾਰਨ। ਮੋਬਾ: 98147-64344

ਗ਼ਰੀਬੀ ਦੂਰ ਕਰਨ ਲਈ ਰਾਖਵਾਂਕਰਨ ਆਰਥਿਕ ਆਧਾਰ 'ਤੇ ਹੋਵੇ

ਸਮੇਂ ਦੀਆਂ ਸਰਕਾਰਾਂ ਦੇ ਆਗੂਆਂ ਅਤੇ ਮੰਤਰੀਆਂ ਵਲੋਂ ਦਿੱਤੇ ਜਾ ਰਹੇ ਬੇਹੂਦੇ ਬਿਆਨ ਕੁਝ ਹਜ਼ਮ ਨਹੀਂ ਹੋ ਰਹੇ। ਸਰਕਾਰ ਵਲੋਂ ਦੇਸ਼ ਵਿਚੋਂ ਗ਼ਰੀਬੀ ਦੇ ਖਾਤਮੇ ਲਈ ਅਰਬਾਂ ਰੁਪਏ ਗ਼ਰੀਬਾਂ ਦੀ ਭਲਾਈ ਲਈ ਆਏ ਅਤੇ ਖਰਚ ਵੀ ਕੀਤੇ ਜਾਂਦੇ ਹਨ ਪਰ ਉਹ ਅਰਬਾਂ ਰੁਪਏ ਕਿਸੇ ਗ਼ਰੀਬ ਤੱਕ ਪਹੁੰਚਣ ਤੋਂ ਪਹਿਲਾਂ ਹੀ ਨੇਤਾਵਾਂ ਦੇ ਮਹਿਲਾਂ ਤੱਕ ਹੀ ਸੀਮਤ ਹੋ ਕੇ ਰਹਿ ਜਾਂਦੇ ਹਨ ਅਤੇ ਗ਼ਰੀਬ ਵਿਚਾਰਾ ਅਗਲੀ ਸਰਕਾਰ ਦੀ ਉਡੀਕ ਕਰਦਾ-ਕਰਦਾ ਫਾਕੇ ਕੱਟਣ ਲਈ ਮਜਬੂਰ ਹੋ ਜਾਂਦਾ ਹੈ। ਇਸ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਨੌਕਰੀਆਂ ਵਿਚ ਰਾਖਵਾਂਕਰਨ ਦੀ ਨੀਤੀ ਪਰਿਵਾਰ ਦੀ ਆਰਥਿਕ ਸਥਿਤੀ ਨੂੰ ਦੇਖਦੇ ਹੋਏ ਬਣਾਉਣੀ ਚਾਹੀਦੀ ਹੈ, ਤਾਂ ਜੋ ਇਕ ਗ਼ਰੀਬ ਮਾਂ-ਬਾਪ ਦਾ ਧੀ-ਪੁੱਤਰ ਵੀ ਨੌਕਰੀ ਕਰਕੇ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਸਹੀ ਤਰੀਕੇ ਨਾਲ ਕਰ ਸਕੇ ਅਤੇ ਇਸ ਤਰ੍ਹਾਂ ਦੇਸ਼ ਵਿਚੋਂ ਗ਼ਰੀਬੀ ਦਾ ਖਾਤਮਾ ਹੋ ਸਕੇ।
ਸਾਡੇ ਲੋਕਤੰਤਰ ਵਿਚ ਸਰਕਾਰ ਵਲੋਂ ਵੱਖ-ਵੱਖ ਜਾਤੀਆਂ ਦੇ ਆਧਾਰ 'ਤੇ ਨੌਕਰੀਆਂ ਲਈ ਬੇਸ਼ੱਕ ਰਾਖਵਾਂਕਰਨ ਦੀ ਨੀਤੀ ਅਪਣਾਈ ਜਾਂਦੀ ਹੈ। ਇਕ ਪਰਿਵਾਰ ਕੋਲ ਸਿਰਫ ਇਕ ਜਾਂ ਦੋ ਏਕੜ ਜ਼ਮੀਨ ਹੈ, ਜਿਸ ਨੂੰ ਦੋ ਵੇਲੇ ਦੀ ਰੋਟੀ ਦਾ ਜੁਗਾੜ ਕਰਨਾ ਬੜਾ ਮੁਸ਼ਕਿਲ ਹੈ ਅਤੇ ਉਨ੍ਹਾਂ ਦੇ ਬੱਚਿਆਂ ਲਈ ਨੌਕਰੀਆਂ ਵਿਚ ਵੀ ਕੋਈ ਰਾਖਵਾਂਕਰਨ ਨਹੀਂ ਹੈ। ਪਰ ਰਾਖਵੇਂਕਰਨ ਦੇ ਅਧੀਨ ਆਉਂਦੇ ਵਿਅਕਤੀ ਵੱਡੇ-ਵੱਡੇ ਅਫਸਰ, ਮੰਤਰੀ ਅਤੇ ਉੱਚੇ ਅਹੁਦਿਆਂ 'ਤੇ ਬਿਰਾਜਮਾਨ ਹਨ ਅਤੇ ਵੱਡੀਆਂ-ਵੱਡੀਆਂ ਕੋਠੀਆਂ-ਮਹੱਲਾਂ ਵਿਚ ਰਹਿੰਦੇ ਹਨ ਅਤੇ ਜਿਹੜੇ ਆਪਣੀ ਅੱਗੇ ਹਰ ਆਉਣ ਵਾਲੀ ਪੀੜ੍ਹੀ ਨੂੰ ਵੀ ਰਾਖਵੇਂਕਰਨ ਦੇ ਆਧਾਰ 'ਤੇ ਨੌਕਰੀਆਂ ਦਿਵਾਉਣ ਦੀ ਹਿੰਮਤ ਜਤਾਉਂਦੇ ਹਨ। ਦੂਸਰੇ ਪਾਸੇ ਇਸ ਨਾਲ ਸਬੰਧਤ ਉਹ ਲੋਕ ਵੀ ਹਨ, ਜਿਨ੍ਹਾਂ ਨੂੰ ਰੋਜ਼ਾਨਾ ਦਿਹਾੜੀ ਕਰਨ ਤੋਂ ਬਾਅਦ ਵੀ ਪੇਟ ਦੀ ਅੱਗ ਬੁਝਾਉਣ ਲਈ ਪੂਰੀ ਰੋਟੀ ਨਸੀਬ ਨਹੀਂ ਹੁੰਦੀ।
ਪਛੜੀ ਸ਼੍ਰੇਣੀ ਵਿਚ ਸ਼ਾਮਲ ਘੁਮਿਆਰ ਬਰਾਦਰੀ ਦੇ ਲੋਕ, ਜਿਨ੍ਹਾਂ ਦਾ ਮੁੱਖ ਧੰਦਾ ਸੀ ਮਿੱਟੀ ਦੇ ਭਾਂਡੇ ਬਣਾਉਣਾ ਪਰ ਸਮੇਂ ਦੇ ਲਿਹਾਜ ਨਾਲ ਹੁਣ ਉਨ੍ਹਾਂ ਦੁਆਰਾ ਬਣਾਏ ਜਾਂਦੇ ਮਿੱਟੀ ਦੇ ਭਾਡਿਆਂ ਦੀ ਜਗ੍ਹਾ ਹੁਣ ਸਟੀਲ ਦੇ ਭਾਡਿਆਂ ਨੇ ਲੈ ਲਈ ਹੈ, ਜਿਸ ਕਾਰਨ ਇਨ੍ਹਾਂ ਲੋਕਾਂ ਦਾ ਧੰਦਾ ਬਿਲਕੁਲ ਹੀ ਚੌਪਟ ਹੋ ਰਿਹਾ ਹੈ ਅਤੇ ਇਹ ਲੋਕ ਆਪਣੇ ਬੱਚਿਆਂ ਨੂੰ ਪਤਾ ਨਹੀਂ ਕਿਹੜੀਆਂ-ਕਿਹੜੀਆਂ ਮਜਬੂਰੀਆਂ ਵਿਚੋਂ ਲੰਘਦੇ ਹੋਏ ਪੜ੍ਹਾਉਂਦੇ ਹਨ ਅਤੇ ਜਦ ਉਹ ਆਪਣੇ ਬੱਚਿਆਂ ਦੇ ਭਵਿੱਖ ਬਾਰੇ ਸੋਚਦੇ ਹਨ ਤਾਂ ਸਰਕਾਰਾਂ ਨੂੰ ਲਾਹਣਤਾਂ ਪਾਉਣ ਤੋਂ ਬਿਨਾਂ ਉਨ੍ਹਾਂ ਕੋਲ ਕੁਝ ਨਹੀਂ ਹੁੰਦਾ, ਇਸ ਲਈ ਸਮੇਂ ਦੀਆਂ ਸਰਕਾਰਾਂ ਨੂੰ ਚਾਹੀਦਾ ਹੈ ਕਿ ਉਹ ਨੌਕਰੀਆਂ ਲਈ ਰਾਖਵਾਂਕਰਨ ਜਾਤ-ਪਾਤ ਦਾ ਭੇਦਭਾਵ ਕੀਤੇ ਬਿਨਾਂ ਆਰਥਿਕ ਆਧਾਰ 'ਤੇ ਦੇਵੇ, ਤਾਂ ਹੀ ਦੇਸ਼ ਵਿਚੋਂ ਗ਼ਰੀਬੀ ਦਾ ਖਾਤਮਾ ਸੰਭਵ ਹੈ।

-ਮਨਜੀਤ ਸਟੂਡੀਓ, ਨੇੜੇ ਭਾਰੂ ਗੇਟ, ਗਿੱਦੜਬਾਹਾ। ਮੋਬਾ: 94174-47986

ਸਮਾਰਟ ਸ਼ਹਿਰਾਂ ਦਾ ਰੰਗ ਕਦੋਂ ਦਿਖਾਈ ਦੇਵੇਗਾ?

ਪਿਛਲੇ ਸਾਲਾਂ ਦੌਰਾਨ ਕੇਂਦਰ ਸਰਕਾਰ ਨੇ ਦੇਸ਼ ਦੀ ਪਹਿਲੀ ਇਕ ਸੌ ਸਮਾਰਟ ਸ਼ਹਿਰਾਂ ਦੀ ਸੂਚੀ ਵਿਚ ਪੰਜਾਬ ਦੇ ਤਿੰਨ ਜ਼ਿਲ੍ਹੇ ਅੰਮ੍ਰਿਤਸਰ, ਲੁਧਿਆਣਾ ਤੇ ਜਲੰਧਰ ਨੂੰ ਸ਼ਾਮਿਲ ਕੀਤਾ ਸੀ। ਕੇਂਦਰ ਸਰਕਾਰ ਨੇ ਇਸ ਪੂਰੇ ਪ੍ਰੋਜੈਕਟ ਲਈ 48 ਹਜ਼ਾਰ ਕਰੋੜ ਰੁਪਏ ਦੀ ਰਕਮ ਵੰਡਣੀ ਸੀ। ਚੁਣੇ ਹੋਏ ਸ਼ਹਿਰਾਂ ਨੂੰ ਜਿਨ੍ਹਾਂ ਵਿਚ ਪਹਿਲੇ 100 ਸਮਾਰਟ ਸ਼ਹਿਰ ਸੀ, ਸੂਚੀ ਵਿਚੋਂ 98 ਸ਼ਹਿਰਾਂ ਦੇ ਨਾਂਅ ਐਲਾਨ ਕੀਤੇ ਗਏ ਸਨ। ਸ਼ੁਰੂ ਵਿਚ ਸਮਾਰਟ ਸਿਟੀ ਤਹਿਤ ਚੁਣੇ ਹੋਏ ਹਰ ਸ਼ਹਿਰ ਨੂੰ 200 ਕਰੋੜ ਰੁਪਏ ਤੇ ਅਗਲੇ ਸਾਲਾਂ ਲਈ 100-100 ਕਰੋੜ ਰੁਪਏ ਕੇਂਦਰ ਸਰਕਾਰ ਨੇ ਦੇਣੇ ਸਨ। ਸ਼ੁਰੂ ਵਿਚ ਕੇਂਦਰ ਸਰਕਾਰ ਨੇ ਚੁਣੇ ਹੋਏ ਹਰ ਸ਼ਹਿਰ ਨੂੰ ਕੁਝ ਰਾਸ਼ੀ ਰਿਲੀਜ਼ ਕੀਤੀ ਸੀ। ਹੁਣ ਤਾਜ਼ਾ ਖ਼ਬਰਾਂ ਅਨੁਸਾਰ ਪੰਜਾਬ ਸਰਕਾਰ ਨੂੰ ਸਮਾਰਟ ਸਿਟੀ ਯੋਜਨਾ ਤਹਿਤ 500 ਕਰੋੜ ਰੁਪਏ ਮਨਜ਼ੂਰ ਹੋਏ ਹਨ। ਸ਼ਹਿਰਾਂ ਨੂੰ ਸਮਾਰਟ ਸਿਟੀ ਬਣਾਉਣ ਦਾ ਜੋ ਕੇਂਦਰ ਸਰਕਾਰ ਦਾ ਮਨੋਰਥ ਸੀ, ਉਹ ਇਹ ਸੀ ਕਿ ਜਨਤਾ ਨੂੰ ਬਿਹਤਰ ਤੋਂ ਬਿਹਤਰ ਸਹੂਲਤਾਂ ਦੇਣਾ, ਇਸ ਸਮਾਰਟ ਸਿਟੀ ਯੋਜਨਾ ਤਹਿਤ ਸਾਫ਼-ਸੁਥਰਾ ਤੇ ਸ਼ੁੱਧ ਪਾਣੀ ਦੇਣਾ, ਲਗਾਤਾਰ ਬਿਜਲੀ ਸਪਲਾਈ ਦੇਣਾ, ਸ਼ਹਿਰ ਵਿਚ ਕੈਮਰੇ ਲਗਵਾਉਣੇ, ਵਾਇਰਲੈੱਸ ਯੰਤਰ ਦੀਆਂ ਸਹੂਲਤਾਂ ਦੇਣਾ ਵਗੈਰਾ-ਵਗੈਰਾ, ਪਰ ਸਮਾਰਟ ਸਿਟੀ ਲਈ ਚੁਣੇ ਹੋਏ ਹਰ ਸ਼ਹਿਰ ਲਈ ਕੁਝ ਸ਼ਰਤਾਂ ਵੀ ਰੱਖੀਆਂ ਸਨ, ਜੋ ਸੂਬਾ ਸਰਕਾਰਾਂ ਨੇ ਪੂਰੀਆਂ ਕਰਨੀਆਂ ਸਨ, ਜਿਨ੍ਹਾਂ ਵਿਚ ਸਮਾਰਟ ਸਿਟੀ ਯੋਜਨਾ ਤਹਿਤ ਜਿੰਨੀ ਰਕਮ ਕੇਂਦਰ ਸਰਕਾਰ ਨੇ ਦੇਣੀ ਹੈ, ਓਨੀ ਹੀ ਸੂਬਾ ਸਰਕਾਰ ਜਾਂ ਨਿਗਮ ਆਪਣੇ ਕੋਲੋਂ ਪਾਵੇਗਾ।
ਦੂਜੀ ਸ਼ਰਤ ਸ਼ਹਿਰ ਦਾ 15 ਫੀਸਦੀ ਖੇਤਰ ਹਰਿਆ-ਭਰਿਆ ਹੋਣਾ ਚਾਹੀਦਾ ਹੈ। ਤੀਜਾ ਸ਼ਹਿਰ ਵਿਚ 250 ਏਕੜ ਦਾ ਪਾਰਕ ਹੋਣਾ ਲਾਜ਼ਮੀ ਹੈ। ਸ਼ਹਿਰ ਪ੍ਰਦੂਸ਼ਣ ਰਹਿਤ ਹੋਣਾ ਚਾਹੀਦਾ ਹੈ। ਟ੍ਰੈਫਿਕ ਵਿਵਸਥਾ ਸੁਚਾਰੂ ਹੋਣੀ ਚਾਹੀਦੀ ਹੈ। ਗੱਲ ਕਰੀਏ 12 ਲੱਖ ਦੀ ਆਬਾਦੀ ਵਾਲੇ ਸ਼ਹਿਰ ਅੰਮ੍ਰਿਤਸਰ ਦੀ ਤਾਂ ਬਿਜਲੀ ਦੇ ਕੱਟ ਅੱਜ ਵੀ ਜਾਰੀ ਹਨ। ਸੜਕਾਂ ਬਣਦੀਆਂ ਹਨ ਤੇ ਪਹਿਲੀ ਬਰਸਾਤ ਨਾਲ ਹੀ ਰੁੜ੍ਹ ਜਾਂਦੀਆਂ ਹਨ। ਸੜਕਾਂ ਸਮੁੰਦਰ ਦਾ ਰੂਪ ਧਾਰਨ ਕਰ ਜਾਂਦੀਆਂ ਹਨ। ਸੀਵਰੇਜ ਵਿਚੋਂ ਪਾਣੀ ਅੰਦਰ ਜਾਣ ਦੀ ਬਜਾਏ ਬਾਹਰ ਨੂੰ ਆਉਣਾ ਸ਼ੁਰੂ ਹੋ ਜਾਂਦਾ ਹੈ। ਥਾਂ-ਥਾਂ 'ਤੇ ਜਾਮ ਲੱਗੇ ਰਹਿੰਦੇ ਹਨ। ਨਾਜ਼ਾਇਜ ਕਬਜ਼ਿਆਂ ਦੀ ਭਰਮਾਰ ਹੈ। 10 ਫੁੱਟ ਦੀ ਦੁਕਾਨ ਵਾਲੇ ਦੁਕਾਨਦਾਰ ਫੁੱਟਪਾਥ ਸਮੇਤ ਬਾਹਰ 50 ਫੁੱਟ ਤੱਕ ਨਾਜ਼ਾਇਜ ਕਬਜ਼ੇ ਕਰੀ ਬੈਠੇ ਹਨ। ਕੋਈ ਪੁੱਛਣ ਵਾਲਾ ਨਹੀਂ ਹੈ। ਰਾਹਗੀਰਾਂ ਦਾ ਚੱਲਣਾ ਮੁਸ਼ਕਿਲ ਹੋਇਆ ਪਿਆ ਹੈ। ਇਹ ਤਾਂ ਸਮਾਰਟ ਸਿਟੀ ਦਾ ਦਰਜਾ ਮਿਲਣ ਵਾਲੇ ਸ਼ਹਿਰਾਂ ਦਾ ਹਾਲ ਹੈ। ਪੂਰਾ ਪੰਜਾਬ ਤਾਂ ਕੀ, ਪੂਰਾ ਦੇਸ਼ ਹੀ ਇਸ ਮੁਸ਼ਕਿਲ ਨਾਲ ਜੂਝ ਰਿਹਾ ਹੈ।
1 ਜੂਨ, 2017 ਨੂੰ ਸ: ਨਵਜੋਤ ਸਿੰਘ ਸਿੱਧੂ ਨੇ ਇਹ ਐਲਾਨ ਤਾਂ ਕੀਤਾ ਹੈ ਕਿ ਉਨ੍ਹਾਂ ਕੋਲ ਅੰਮ੍ਰਿਤਸਰ ਸਮੇਤ ਨਾਜਾਇਜ਼ ਕਬਜ਼ਿਆਂ ਸਬੰਧੀ ਸ਼ਿਕਾਇਤਾਂ ਪੁੱਜੀਆਂ ਹਨ। ਜਲਦੀ ਹੀ ਸਾਡੀ ਸਰਕਾਰ ਇਕ ਕਾਨੂੰਨ ਲਿਆ ਰਹੀ ਹੈ ਕਿ ਜੋ ਕੋਈ ਵੀ ਸਰਕਾਰੀ ਅਧਿਕਾਰੀ ਨਜਾਇਜ਼ ਕਬਜ਼ਿਆਂ ਸਬੰਧੀ ਕਸੂਰਵਾਰ ਪਾਇਆ ਗਿਆ, ਤਾਂ ਉਸ ਨੂੰ ਨੌਕਰੀ ਤੋਂ ਵਿਹਲਿਆਂ ਕੀਤਾ ਜਾ ਸਕਦਾ ਹੈ। ਸਿੱਧੂ ਸਾਹਿਬ ਨੇ ਫ਼ਰਮਾਨ ਤਾਂ ਕਰ ਦਿੱਤਾ ਹੈ। ਇਹ ਕਾਨੂੰਨ ਜਲਦੀ ਲਾਗੂ ਹੋਣਾ ਚਾਹੀਦਾ ਹੈ। ਦੇਖਦੇ ਹਾਂ ਕਿ ਇਹ ਕਾਨੂੰਨ ਕਿਨਾ ਕੁ ਕਾਰਗਰ ਸਾਬਤ ਹੁੰਦਾ ਹੈ। ਜ਼ਮੀਨੀ ਹਕੀਕਤ ਤੋਂ ਤਾਂ ਸਭ ਜਾਣੂ ਹਨ ਪਰ ਜੇ ਜ਼ਮੀਨ ਤੋਂ ਥੋੜ੍ਹਾ ਜਿਹਾ ਉੱਪਰ ਵੇਖੀਏ ਤਾਂ ਹਵਾ ਵਿਚ ਵੀ ਨਾਜਾਇਜ਼ ਕਬਜ਼ਿਆਂ ਦੀ ਭਰਮਾਰ ਹੈ। ਸ਼ਹਿਰਾਂ ਵਿਚ ਲੋਕਾਂ ਨੇ ਆਪਣੀਆਂ ਦੁਕਾਨਾਂ ਤੇ ਘਰਾਂ ਦੀਆਂ ਨੀਂਹਾਂ ਤਾਂ ਆਪਣੀ ਮਾਲਕੀ ਵਾਲੀ ਜ਼ਮੀਨ ਵਿਚ ਹੀ ਰੱਖੀਆਂ ਹਨ, ਪਰ ਉੱਪਰ ਛੱਤ 'ਤੇ ਪਹੁੰਚ ਕੇ ਆਪਣੇ ਦੁਕਾਨਾਂ ਤੇ ਮਕਾਨਾਂ ਦੇ ਲੈਂਟਰ 5-7 ਫੁੱਟ ਤੱਕ ਅਗਾਂਹ ਸਰਕਾਰੀ ਜਗ੍ਹਾ ਯਾਨੀ ਹਵਾ ਵਿਚ ਵਧਾਏ ਹੋਏ ਹਨ, ਜੋ ਸਰਾਸਰ ਗ਼ਲਤ ਹਨ। ਇਸ ਤਰ੍ਹਾਂ ਦੀਆਂ ਨਾਜਾਇਜ਼ ਉਸਾਰੀਆਂ ਸਬੰਧੀ ਸਬੰਧਤ ਮਹਿਕਮੇ ਨੂੰ ਧਿਆਨ ਦੇਣਾ ਚਾਹੀਦਾ ਹੈ। ਖ਼ਾਸ ਕਰਕੇ ਸ਼ਹਿਰਾਂ ਵਿਚ ਜੋ ਬਿਲਡਿੰਗਾਂ ਉਸਾਰੀਆਂ ਜਾਂਦੀਆਂ ਹਨ, ਉਸ ਦੇ ਨਕਸ਼ੇ ਪਾਸ ਕਰਵਾ ਕੇ ਉਸ ਅਨੁਸਾਰ ਹੀ ਇਮਾਨਦਾਰੀ ਵਰਤ ਕੇ ਉਸਾਰੀ ਹੋਣ ਦੇਣੀ ਚਾਹੀਦੀ ਹੈ। ਇਸ ਪਾਸੇ ਵੀ ਸਰਕਾਰ ਤੇ ਸਬੰਧਤ ਮਹਿਕਮਾ ਜ਼ਰੂਰ ਧਿਆਨ ਦੇਵੇ।

-ਪਿੰਡ ਤੇ ਡਾਕ: ਚੱਬਾ, ਤਰਨਤਾਰਨ ਰੋਡ, ਅੰਮ੍ਰਿਤਸਰ-143022.
ਮੋਬਾ: 97817-51690, harmindersinghchabba@gmail.com


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX