ਤਾਜਾ ਖ਼ਬਰਾਂ


ਆਈ ਪੀ ਐੱਲ 2019 : ਮੁੰਬਈ ਇੰਡੀਅਨਜ਼ ਨੇ ਦਿੱਲੀ ਕੈਪੀਟਲਜ਼ ਨੂੰ 40 ਦੌੜਾਂ ਨਾਲ ਹਰਾਇਆ
. . .  1 day ago
ਆਈ ਪੀ ਐੱਲ 2019 : ਮੁੰਬਈ ਇੰਡੀਅਨਜ਼ ਨੇ ਦਿੱਲੀ ਕੈਪੀਟਲਜ਼ ਨੂੰ ਦਿੱਤਾ 169 ਦੌੜਾਂ ਦਾ ਟੀਚਾ
. . .  1 day ago
ਸਾਬਕਾ ਵਿਧਾਇਕ ਸੁਖਦਰਸ਼ਨ ਸਿੰਘ ਮਰਾੜ ਕਾਂਗਰਸ ਵਿਚ ਸ਼ਾਮਿਲ
. . .  1 day ago
ਸ੍ਰੀ ਮੁਕਤਸਰ ਸਾਹਿਬ, 18 ਅਪ੍ਰੈਲ (ਰਣਜੀਤ ਸਿੰਘ ਢਿੱਲੋਂ)-ਸ੍ਰੀ ਮੁਕਤਸਰ ਸਾਹਿਬ ਦੀ ਰਾਜਨੀਤੀ ਵਿਚ ਉਸ ਸਮੇਂ ਹਿਲਜੁੱਲ ਹੋਈ, ਜਦੋਂ ਸਾਬਕਾ ਵਿਧਾਇਕ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਸੁਖਦਰਸ਼ਨ ਸਿੰਘ ਮਰਾੜ ਕਾਂਗਰਸ ਪਾਰਟੀ ਵਿਚ...
ਸੁਆਂ ਨਦੀ ਵਿਚ ਨਹਾਉਣ ਗਏ ਦੋ ਨੌਜਵਾਨ ਡੁੱਬੇ
. . .  1 day ago
ਨੂਰਪੁਰ ਬੇਦੀ, 18 ਅਪ੍ਰੈਲ (ਹਰਦੀਪ ਸਿੰਘ ਢੀਂਡਸਾ) - ਸ੍ਰੀ ਅਨੰਦਪੁਰ ਸਾਹਿਬ ਤਹਿਸੀਲ ਅਧੀਨ ਪੈਂਦੇ ਕਸਬਾ ਨੂਰਪੁਰ ਬੇਦੀ ਨੇੜਿਓ ਗੁਜ਼ਰਦੀ ਸੁਆਂ ਨਦੀ ਵਿਚ ਦੋ ਨੌਜਵਾਨਾਂ ਦੇ ਡੁੱਬਣ ਦਾ...
ਆਈ.ਪੀ.ਐੱਲ 2019 : ਦਿੱਲੀ ਖ਼ਿਲਾਫ਼ ਟਾਸ ਜਿੱਤ ਕੇ ਮੁੰਬਈ ਵੱਲੋਂ ਪਹਿਲਾ ਬੱਲੇਬਾਜ਼ੀ ਦਾ ਫ਼ੈਸਲਾ
. . .  1 day ago
ਸ਼ਮਸ਼ੇਰ ਸਿੰਘ ਦੂਲੋ ਨੂੰ ਆਪਣੇ ਪ੍ਰਚਾਰ ਦੀ ਕਰਾਂਗੀ ਅਪੀਲ - ਬੀਬੀ ਦੂਲੋ
. . .  1 day ago
ਫ਼ਤਹਿਗੜ੍ਹ ਸਾਹਿਬ, 18 ਅਪ੍ਰੈਲ (ਅਰੁਣ ਅਹੂਜਾ)- ਕਾਂਗਰਸ ਦੇ ਰਾਜ ਸਭਾ ਮੈਂਬਰ ਸ਼ਮਸ਼ੇਰ ਸਿੰਘ ਦੂਲੋ ਦੀ ਪਤਨੀ ਬੀਬੀ ਹਰਬੰਸ ਕੋਰ ਦੂਲੋ ਜੋ ਕਿ ਬੀਤੇ ਦਿਨੀਂ ਆਮ ਆਦਮੀ ਪਾਰਟੀ ਵਿਚ...
ਗੁਰੂ ਹਰਸਹਾਏ : ਪਿੰਡ ਝੋਕ ਮੋਹੜੇ 'ਚ ਚੱਲੀ ਗੋਲੀ
. . .  1 day ago
ਗੁਰੂ ਹਰਸਹਾਏ, 18 ਅਪ੍ਰੈਲ (ਹਰਚਰਨ ਸਿੰਘ ਸੰਧੂ) - ਪਿੰਡ ਝੋਕ ਮੋਹੜੇ ਵਿਖੇ ਪੁਰਾਣੀ ਰੰਜਸ਼ ਦੇ ਚੱਲਦਿਆਂ ਇੱਕ ਪਿੰਡ ਦੇ ਸਰਪੰਚ ਵੱਲੋਂ ਕੁੱਝ ਨੌਜਵਾਨਾਂ ਨੂੰ ਨਾਲ ਲੈ ਕੇ ਇੱਕ ਨੌਜਵਾਨ 'ਤੇ ਗੋਲੀ...
ਕੰਟਰੋਲ ਰੇਖਾ ਤੋਂ ਪਾਰ ਵਪਾਰ ਦੋ ਦਿਨਾਂ ਲਈ ਬੰਦ
. . .  1 day ago
ਨਵੀਂ ਦਿੱਲੀ, 18 ਅਪ੍ਰੈਲ - ਗ੍ਰਹਿ ਮੰਤਰਾਲੇ ਨੇ ਐਨ.ਆਈ.ਏ ਦੀ ਜਾਂਚ ਦੌਰਾਨ ਕੁੱਝ ਅੱਤਵਾਦੀ ਸੰਗਠਨਾਂ ਵੱਲੋਂ ਵਪਾਰ ਚਲਾਏ ਜਾਣ ਦਾ ਪਾਏ ਜਾਣ 'ਤੇ ਜੰਮੂ ਕਸ਼ਮੀਰ ਵਿਖੇ ਕੱਲ੍ਹ...
ਆਮਦਨ ਕਰ ਵਿਭਾਗ ਵੱਲੋਂ ਵਪਾਰੀ ਤੋਂ 42 ਲੱਖ ਦੀ ਬੇਹਿਸਾਬੀ ਨਕਦੀ ਜ਼ਬਤ
. . .  1 day ago
ਨਵੀਂ ਦਿੱਲੀ, 18 ਅਪ੍ਰੈਲ - ਆਮਦਨ ਕਰ ਵਿਭਾਗ ਨੇ ਗੁਜਰਾਤ ਦੇ ਗਾਂਧੀ ਨਗਰ ਵਿਖੇ ਇੱਕ ਵਪਾਰੀ ਤੋਂ 42 ਲੱਖ ਰੁਪਏ ਦੀ ਬੇਹਿਸਾਬੀ ਨਕਦੀ ਜ਼ਬਤ ਕੀਤੀ...
ਲੋਕ ਸਭਾ ਚੋਣਾਂ ਦੇ ਦੂਸਰੇ ਪੜਾਅ ਤਹਿਤ ਹੋਈ 61.12 ਫ਼ੀਸਦੀ ਵੋਟਿੰਗ
. . .  1 day ago
ਨਵੀਂ ਦਿੱਲੀ, 18 ਅਪ੍ਰੈਲ - ਲੋਕ ਸਭਾ ਚੋਣਾਂ ਦੇ ਦੂਸਰੇ ਪੜਾਅ ਤਹਿਤ ਕੁੱਲ 61.12 ਫ਼ੀਸਦੀ ਵੋਟਿੰਗ ਹੋਈ...
ਹੋਰ ਖ਼ਬਰਾਂ..

ਧਰਮ ਤੇ ਵਿਰਸਾ

ਸਿਮਰੌ ਸ੍ਰੀ ਹਰਿਰਾਇ

ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਦੇ ਸਮੁੱਚੇ ਜੀਵਨ ਨੂੰ ਜੇ ਦੋ ਸ਼ਬਦਾਂ ਵਿਚ ਬਿਆਨ ਕਰਨਾ ਹੋਵੇ ਤਾਂ ਉਨ੍ਹਾਂ ਨੂੰ ਨਿਰਭਓ ਨਿਰਵੈਰ ਹੀ ਕਿਹਾ ਜਾ ਸਕਦਾ ਹੈ। ਸਾਰੀ ਉਮਰ ਉਨ੍ਹਾਂ ਨੇ ਕਿਸੇ ਦਾ ਡਰ ਨਹੀਂ ਮੰਨਿਆ, ਕਿਸੇ ਨਾਲ ਵੈਰ ਨਹੀਂ ਕਮਾਇਆ। ਕਿਸੇ ਪ੍ਰਤੀ ਮਾੜਾ ਸ਼ਬਦ ਨਹੀਂ ਬੋਲਿਆ। ਵੱਡੇ ਭਰਾ ਧੀਰਮੱਲ ਨੇ ਡਰਾਵੇ ਵੀ ਦਿੱਤੇ। ਉਸ ਨੇ ਸਮੇਂ ਦੀ ਸਰਕਾਰ ਦਾ ਹੱਥ ਵੀ ਫੜਿਆ ਪਰ ਆਪ ਸ਼ਾਂਤ ਚਿੱਤ ਹੋ ਕੇ ਵਿਚਰਦੇ ਰਹੇ।
ਅਜਿਹੇ ਗੁਣਾਂ ਨਾਲ ਭਰਪੂਰ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਦਾ ਪ੍ਰਕਾਸ਼ ਕੀਰਤਪੁਰ ਵਿਖੇ 16 ਜਨਵਰੀ, 1630 ਨੂੰ ਪਿਤਾ ਗੁਰਦਿੱਤਾ ਜੀ ਅਤੇ ਮਾਤਾ ਰਾਜ ਕੌਰ ਜੀ ਦੇ ਗ੍ਰਹਿ ਵਿਖੇ ਹੋਇਆ।
ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਆਪਣਾ ਅੰਤਿਮ ਸਮਾਂ ਨੇੜੇ ਆਉਣ 'ਤੇ ਸੰਗਤਾਂ ਦੇ ਦੀਵਾਨ ਵਿਚ ਹੀ ਜੋਤੀ-ਜੋਤਿ ਸਮਾਉਣ ਦੀ ਗੱਲ ਕਹੀ ਤੇ ਨਾਲ ਹੀ ਹੁਕਮ ਕੀਤਾ-ਧਰਹੁ ਅਨੰਦ, ਨ ਕੀਜਹਿ ਸ਼ੋਕ। ਉਨ੍ਹਾਂ ਗੁਰਿਆਈ ਦੀ ਜ਼ਿੰਮੇਵਾਰੀ ਆਪਣੇ ਛੋਟੇ ਪੋਤਰੇ ਗੁਰੂ ਹਰਿਰਾਇ ਜੀ ਨੂੰ ਦਿੱਤੀ। ਉਸ ਵਕਤ ਆਪ ਦੀ ਉਮਰ 14 ਵਰ੍ਹੇ ਸੀ ਅਤੇ ਮਾਰਚ, 1644 ਦੀ ਤਿੰਨ ਤਰੀਕ ਸੀ।
ਗੁਰਗੱਦੀ 'ਤੇ ਬਿਰਾਜਮਾਨ ਹੋਣ ਉਪਰੰਤ ਆਪ ਨੇ ਸੰਗਤਾਂ ਨੂੰ ਉਪਦੇਸ਼ ਦਿੱਤਾ ਕਿ ਯਕੀਨ ਦੇ ਘਰ ਰਹੋ। ਸਤਿਨਾਮ ਜਪੋ। ਕਾਮ, ਕ੍ਰੋਧ, ਲੋਭ ਨੂੰ ਨੇੜੇ ਨਾ ਆਉਣ ਦਿਓ। ਸ਼ੁੱਭ ਕਰਮ ਕਰੋ ਤੇ ਮਾੜੇ ਕਰਮਾਂ ਨੂੰ ਨੇੜੇ ਨਾ ਆਉਣ ਦਿਓ। ਸੱਚੀ ਤੇ ਸੁੱਚੀ ਕਿਰਤ ਕਰੋ, ਨਿੱਕੀ-ਨਿੱਕੀ ਗੱਲ 'ਤੇ ਝਗੜੇ ਨਾ ਕਰੋ। ਮਾਂ-ਬਾਪ ਦੀ ਸੇਵਾ ਵੀ ਭਗਤੀ ਦਾ ਰੂਪ ਹੈ। ਘਰ ਵਿਚ ਹੀ ਪ੍ਰਭੂ ਨੂੰ ਪਾਇਆ ਜਾ ਸਕਦਾ ਹੈ। ਮਨੁੱਖਾ ਦੇਹੀ ਦੁਰਲੱਭ ਹੈ। ਵਿਸ਼ੇ ਵਿਕਾਰਾਂ ਵਿਚ ਪੈ ਕੇ ਜੀਵਨ ਦੀ ਬਾਜ਼ੀ ਨਾ ਹਾਰੋ। ਨਾਮ ਜਪਣਾ ਤੇ ਗਿਆਨ ਪ੍ਰਾਪਤ ਕਰਨਾ ਧਰਮ ਦੇ ਮੁੱਖ ਅੰਗ ਹਨ। ਕਿਰਤ ਵਿਚੋਂ ਦਸਵੰਧ ਜ਼ਰੂਰ ਕੱਢੋ। ਇਸ ਤਰ੍ਹਾਂ ਜੀਵਨ ਸੁਖੀ ਬਤੀਤ ਹੋਵੇਗਾ ਤੇ ਸਫ਼ਲ ਹੋਵੇਗਾ।
ਸ੍ਰੀ ਗੁਰੂ ਹਰਿਰਾਇ ਸਾਹਿਬ ਦਾ ਨਿਤ ਕਰਮ ਹੀ ਸਾਰਿਆਂ ਲਈ ਪ੍ਰੇਰਨਾ ਸਰੋਤ ਸੀ। ਆਪ ਪਹਿਰ ਰਹਿੰਦੀ ਰਾਤ ਉੱਠਦੇ, ਇਸ਼ਨਾਨ ਕਰਦੇ ਤੇ ਫਿਰ ਨਿਤਨੇਮ ਤੇ ਸਿਮਰਨ ਵਿਚ ਮਨ ਜੋੜਦੇ। ਫਿਰ ਸੰਗਤ ਵਿਚ ਆ ਕੇ ਰਬਾਬੀਆਂ ਪਾਸੋਂ ਕੀਰਤਨ ਸਰਵਣ ਕਰਦੇ, ਅਰਦਾਸ ਹੁੰਦੀ ਤੇ ਫਿਰ ਲੰਗਰ ਵਿਚ ਪੁੱਜਦੇ। ਪਹਿਲਾਂ ਸਾਰੀ ਸੰਗਤ ਨੂੰ ਪ੍ਰਸ਼ਾਦਾ ਛਕਾਉਂਦੇ ਤੇ ਫਿਰ ਆਪ ਛਕਦੇ। ਸ਼ਾਮ ਨੂੰ ਕਥਾ ਵਿਚਾਰਾਂ ਹੁੰਦੀਆਂ। ਵੱਡੇ-ਵੱਡੇ ਵਿਦਵਾਨ ਵੀ ਆਪ ਦੇ ਦਰਬਾਰ ਵਿਚ ਆਉਂਦੇ। ਗਿਆਨ ਅੰਮ੍ਰਿਤ ਦੀ ਵਰਖਾ ਹੁੰਦੀ। ਫਿਰ ਬਾਗਾਂ ਵਿਚ ਸੈਰ ਕਰਨ ਜਾਂਦੇ। ਬੱਚਿਆਂ ਨੂੰ ਇਕੱਠਿਆਂ ਕਰ ਕੇ ਉਪਦੇਸ਼ ਦਿੰਦੇ। ਰੱਖ ਵਿਚ ਜਾ ਕੇ ਪੰਛੀਆਂ ਨੂੰ ਚੋਗਾ ਆਦਿ ਪਾਉਂਦੇ ਤੇ ਸਾਂਭ-ਸੰਭਾਲ ਕਰਦੇ। ਉਪਰੰਤ ਸ਼ਫ਼ਾਖਾਨੇ ਵਿਚ ਜਾਂਦੇ ਤੇ ਰੋਗੀਆਂ ਨੂੰ ਦਵਾ-ਦਾਰੂ ਦਿੰਦੇ।
ਆਪ ਦਾ ਫੁੱਲਾਂ ਦੇ ਨਾਲ ਬਹੁਤ ਪਿਆਰ ਸੀ। ਕੀਰਤਪੁਰ ਨਗਰ ਦੀ ਆਬਾਦੀ ਘਣੀ ਹੋ ਜਾਣ ਕਾਰਨ ਕਈ ਨਵੀਆਂ ਬਸਤੀਆਂ ਬਣ ਗਈਆਂ ਸਨ। ਆਪ ਨੇ ਵੱਖ-ਵੱਖ ਥਾਵਾਂ 'ਤੇ 52 ਬਾਗ ਤਿਆਰ ਕਰਵਾਏ ਅਤੇ ਸਿਆਣੇ ਤੇ ਸੁਘੜ ਮਾਲੀ ਰੱਖੇ। ਦੂਰੋਂ-ਦੂਰੋਂ ਫੁੱਲਾਂ ਤੇ ਫਲਾਂ ਦੇ ਬੀਜ ਮੰਗਵਾ ਕੇ ਬਾਗ ਨੂੰ ਸਜਾਇਆ। ਸੁੰਦਰ ਵਾੜੀ ਵਾਲੇ ਮਾਲੀ ਨੂੰ ਅਸ਼ੀਰਵਾਦ ਤੇ ਇਨਾਮ ਵੀ ਦਿੰਦੇ। ਕੀਰਤਪੁਰ ਨੂੰ ਬਾਗਾਂ ਦਾ ਸ਼ਹਿਰ ਹੀ ਕਿਹਾ ਜਾਣ ਲੱਗ ਪਿਆ ਸੀ। ਇਨ੍ਹਾਂ ਬਾਗਾਂ ਵਿਚ ਕੇਵਲ ਖੂਬਸੂਰਤ ਤੇ ਸਜਾਵਟੀ ਫਲ-ਬੂਟੇ ਹੀ ਨਹੀਂ ਸਨ, ਸਗੋਂ ਦੁਰਲੱਭ ਦਵਾਈਆਂ ਨਾਲ ਭਰਪੂਰ ਬੂਟੇ ਵੀ ਲਗਵਾ ਕੇ ਕੀਮਤੀ ਦਵਾਈਆਂ ਤਿਆਰ ਕਰਵਾਈਆਂ ਜਾਂਦੀਆਂ ਸਨ।
ਸੰਨ 1646 ਵਿਚ ਪੰਜਾਬ ਵਿਚ ਅਜਿਹਾ ਕਾਲ ਪਿਆ ਕਿ ਲੋਕ ਇਕ ਇਕ ਬੁਰਕੀ ਤੋਂ ਆਤਰ ਹੋਣ ਲੱਗੇ। ਸ੍ਰੀ ਗੁਰੂ ਹਰਿਰਾਇ ਸਾਹਿਬ ਨੇ ਸੰਗਤਾਂ ਨੂੰ ਹੁਕਮ ਭੇਜੇ ਕਿ ਘਰ-ਘਰ ਲੰਗਰ ਲਗਾ ਦਿਓ। ਜਿੱਥੇ ਵੀ ਧਰਮਸ਼ਾਲਾ ਕਾਇਮ ਸੀ, ਲੰਗਰ ਲਗਾਉਣ ਦਾ ਹੁਕਮ ਦੇ ਦਿੱਤਾ। ਲੰਗਰ ਸਬੰਧੀ ਆਪ ਦਾ ਉਚੇਚਾ ਹੁਕਮ ਸੀ ਕੇਵਲ ਸਮੇਂ ਸਿਰ ਜਾਂ ਦੋ ਵਕਤ ਹੀ ਪ੍ਰਸ਼ਾਦਾ ਨਹੀਂ ਦੇਣਾ, ਸਗੋਂ ਜਦੋਂ ਵੀ ਕੋਈ ਆ ਜਾਵੇ, ਉਸ ਨੂੰ ਪਿਆਰ ਨਾਲ ਪ੍ਰਸ਼ਾਦਾ ਛਕਾਇਆ ਜਾਵੇ। ਆਪ ਨੇ ਲੰਗਰ ਵਰਤਾਉਣ ਤੋਂ ਪਹਿਲਾਂ ਨਗਾਰਾ ਵਜਾਉਣ ਦੀ ਮਰਯਾਦਾ ਵੀ ਚਲਾਈ, ਤਾਂ ਜੋ ਦੂਰ ਬੈਠੇ ਲੋਕ ਵੀ ਨਗਾਰਾ ਸੁਣ ਕੇ ਲੰਗਰ ਛਕਣ ਆ ਸਕਣ।
ਸ੍ਰੀ ਗੁਰੂ ਹਰਿਰਾਏ ਸਾਹਿਬ ਨੇ ਆਪਣਾ ਅੰਤਿਮ ਸਮਾਂ ਨੇੜੇ ਜਾਣ ਕੇ ਆਪਣੀ ਥਾਂ ਆਪਣੇ ਛੋਟੇ ਸਾਹਿਬਜ਼ਾਦੇ (ਗੁਰੂ) ਹਰਿਕ੍ਰਿਸ਼ਨ ਸਾਹਿਬ ਨੂੰ ਸਾਰੀ ਸੰਗਤ ਦੇ ਸਾਹਮਣੇ ਗੁਰਿਆਈ ਬਖਸ਼ਿਸ਼ ਕੀਤੀ। ਉਸ ਸਮੇਂ ਉਨ੍ਹਾਂ ਦੀ ਉਮਰ ਸਵਾ ਪੰਜ ਸਾਲ ਦੀ ਸੀ ਅਤੇ ਅਕਤੂਬਰ 1661 ਦੀ 6 ਤਰੀਕ ਸੀ।
ਸ੍ਰੀ ਗੁਰੂ ਹਰਿਰਾਏ ਸਾਹਿਬ ਨੇ ਭਾਵੇਂ ਬਾਣੀ ਦੀ ਰਚਨਾ ਨਹੀਂ ਕੀਤੀ ਪਰ ਆਪਣੇ ਜੀਵਨ ਕਾਲ ਵਿਚ ਉਨ੍ਹਾਂ ਨੇ ਜੋ ਉਪਦੇਸ਼ ਦਿੱਤੇ ਜਾਂ ਜੋ ਸਾਖੀਆਂ ਮਿਲਦੀਆਂ ਹਨ, ਉਨ੍ਹਾਂ ਤੋਂ ਇਹ ਪਤਾ ਲੱਗਦਾ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦਰਸਾਏ ਮਾਰਗ ਤੇ ਆਦਰਸ਼ ਨੂੰ ਪ੍ਰਫੁੱਲਤ ਕਰਨ ਲਈ ਉਨ੍ਹਾਂ ਨੇ ਕੀ ਕੁਝ ਕੀਤਾ। ਗੁਰੂ ਪਾਤਸ਼ਾਹ ਨੇ ਜੋ ਉਪਦੇਸ਼ ਉਸ ਸਮੇਂ ਦੇ ਰਾਜਿਆਂ ਨੂੰ ਦਿੱਤਾ, ਉਸ ਦਾ ਵਰਨਣ ਕਰਦੇ ਹੋਏ ਮੈਕਾਲਫ ਲਿਖਦਾ ਹੈ ਕਿ ਗੁਰੂ ਸਾਹਿਬ ਨੇ ਸਮਝਾਇਆ ਕਿ ਰਾਜਾ ਹੋ ਕੇ ਕਿਸੇ ਨੂੰ ਰੋਹਬ ਨਾ ਦਿਖਾਓ। ਰਾਜੇ ਦਾ ਵਿਲਾਸੀ ਹੋਣਾ ਰਾਜ ਦੀ ਤਬਾਹੀ ਦਾ ਕਾਰਨ ਹੈ। ਰਾਜ ਦੀ ਆਮਦਨ ਲੋਕ ਭਲਾਈ ਦੇ ਕਾਰਜਾਂ ਲਈ ਵਰਤੀ ਜਾਵੇ। ਰਾਜਿਆਂ ਨੇ ਗੁਰੂ ਪਾਤਸ਼ਾਹ ਅੱਗੇ ਸੀਸ ਨਿਵਾਇਆ। ਇਨ੍ਹਾਂ ਰਾਜਿਆਂ ਵਿਚ ਰਾਜਾ ਤਾਰਾ ਚੰਦ ਤੇ ਰਾਜਾ ਦੀਪ ਚੰਦ ਵੀ ਸ਼ਾਮਿਲ ਸਨ।
ਜਦੋਂ ਸੰਗਤਾਂ ਦਾ ਦੀਵਾਨ ਲੱਗਦਾ ਤਾਂ ਗੁਰੂ ਸਾਹਿਬ ਉਨ੍ਹਾਂ ਦੇ ਸ਼ੰਕੇ ਵੀ ਨਵਿਰਤ ਕਰਦੇ। ਸਿੱਖਾਂ ਨੇ ਗੁਰੂ ਸਾਹਿਬ ਤੋਂ ਪੁੱਛਿਆ ਕਿ ਸੋਹਣਾ ਕੌਣ ਹੈ ਤੇ ਕਸੁਹਣਾ ਕੌਣ ਹੈ? ਗੁਰੂ ਜੀ ਕਹਿਣ ਲੱਗੇ ਜਿਸ ਪਾਸ ਸ਼ੀਤਲਤਾ ਹੈ, ਹਿਰਦੇ ਦੀ ਠੰਢਕ ਹੈ ਤੇ ਸ਼ਾਂਤ ਚਿਤ ਹੈ, ਉਹ ਸੋਹਣਾ ਹੈ ਤੇ ਜੋ ਸਦਾ ਉਤੇਜਿਤ ਰਹਿੰਦਾ ਹੈ ਤੇ ਸਾਜਿਸ਼ਾਂ ਘੜਦਾ ਹੈ, ਉਹ ਕਸੁਹਣਾ ਹੈ। ਮੁਕਤਾ ਕੌਣ ਹੈ? ਪੁੱਛਣ 'ਤੇ ਮਹਾਰਾਜ ਨੇ ਕਿਹਾ ਕਿ ਜਿਸ ਨੂੰ ਦੁੱਖ-ਸੁੱਖ ਵਿਚ ਪਰਮਾਤਮਾ ਯਾਦ ਰਹੇ, ਉਹ ਮੁਕਤਾ ਹੈ। ਜਦੋਂ ਸਿੱਖਾਂ ਨੇ ਪੁੱਛਿਆ ਕਿ ਪਾਪਾਂ ਦਾ ਮੂਲ ਕੀ ਹੈ ਤਾਂ ਆਪ ਨੇ ਫੁਰਮਾਇਆ ਕਿ ਲੋਭ ਹੀ ਪਾਪਾਂ ਦਾ ਮੂਲ ਹੈ। ਸਿੱਖਾਂ ਨੇ ਪੁੱਛਿਆ ਕਿ ਕਿਹੜੀ ਅਰਦਾਸ ਥਾਂਇ ਪੈਂਦੀ ਹੈ, ਤਾਂ ਗੁਰੂ ਸਾਹਿਬ ਨੇ ਕਿਹਾ ਕਿ ਜੋ ਅਰਦਾਸ ਸ਼ੁੱਧ ਹਿਰਦੇ ਨਾਲ ਹੋਵੇ ਤੇ ਸਭ ਦੇ ਭਲੇ ਲਈ ਹੋਵੇ, ਉਹੀ ਥਾਈਂ ਪੈਂਦੀ ਹੈ। ਯਾਤਰਾ ਦੇ ਅਸੂਲ ਦ੍ਰਿੜਾਉਂਦੇ ਹੋਏ ਆਪ ਨੇ ਸੰਗਤਾਂ ਨੂੰ ਫੁਰਮਾਇਆ ਕਿ ਸਫਰ 'ਤੇ ਚਲਦਿਆਂ ਕੀਰਤਨ ਕਰਦੇ ਜਾਓ। ਗੁਰੂ ਜਸ ਗਾਓ। ਹਾਸਾ-ਠੱਠਾ ਨਾ ਕਰੋ। ਪੜਾਅ ਕਰਦਿਆਂ ਦੀਵਾਨ ਸਜਾਓ ਤੇ ਗੁਰੂ ਉਪਦੇਸ਼ ਤੇ ਬਾਣੀ ਸੁਣੋ।
ਗੁਰਗੱਦੀ ਸੰਭਾਲਦਿਆਂ ਹੀ ਆਪ ਨੇ ਸ਼ਹਿਰ ਦੇ ਵਾਤਾਵਰਨ ਨੂੰ ਸੁੰਦਰ ਬਣਾਉਣ ਵੱਲ ਉਚੇਚਾ ਧਿਆਨ ਦੇਣਾ ਸ਼ੁਰੂ ਕਰ ਦਿੱਤਾ ਸੀ। ਈਕੋਸਿੱਖ ਸੰਗਠਨ ਵਲੋਂ ਇਸ ਦਿਵਸ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਵਾਤਾਵਰਨ ਦਿਵਸ ਵਜੋਂ ਕਈ ਸਾਲਾਂ ਤੋਂ ਮਨਾਇਆ ਜਾ ਰਿਹਾ ਹੈ। ਗੁਰਦੁਆਰਿਆਂ ਵਿਚ ਇਸ ਦਿਨ ਵਿਸ਼ੇਸ਼ ਦੀਵਾਨ ਸਜਾ ਕੇ ਕੁਦਰਤ ਸਬੰਧੀ ਗੁਰਬਾਣੀ ਦਾ ਕੀਰਤਨ ਅਤੇ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਦੇ ਜੀਵਨ ਸਬੰਧੀ ਵਿਚਾਰਾਂ ਕਰਵਾਈਆਂ ਜਾਂਦੀਆਂ ਹਨ। ਇਸ ਦਿਨ ਨੂੰ ਹੋਰ ਸਾਰਥਕ ਰੂਪ ਵਿਚ ਮਨਾਉਣ ਲਈ ਗੁਰੂ-ਘਰਾਂ ਵਿਚ ਤਿਆਰ ਕੀਤੇ ਜਾਣ ਵਾਲੇ ਲੰਗਰ ਲਈ ਜੈਵਿਕ ਖੇਤੀ ਨੂੰ ਅਪਣਾਉਣ ਦੀ ਲੋੜ ਤੇ ਤਰਜੀਹ ਦਿੱਤੀ ਜਾਣੀ ਚਾਹੀਦੀ ਹੈ। ਡਿਸਪੋਜ਼ੇਬਲ ਪਲੇਟਾਂ, ਚਮਚਿਆਂ ਤੇ ਗਲਾਸਾਂ ਦੀ ਵਰਤੋਂ ਨਾ ਕੀਤੀ ਜਾਵੇ। ਬਿਜਲੀ ਊਰਜਾ ਦੀ ਖਪਤ ਨੂੰ ਘਟਾਉਣ ਲਈ ਸੋਲਰ ਪੈਨਲ ਤੇ ਐਲ.ਈ.ਡੀ. ਬਲਬਾਂ ਦੀ ਵਰਤੋਂ ਕਰੀਏ। ਹਰ ਗੁਰਦੁਆਰੇ ਦੇ ਨਾਲ ਇਕ ਸੁੰਦਰ ਪਾਰਕ ਦੀ ਉਸਾਰੀ ਕਰੀਏ। ਸਾਈਕਲ ਰੈਲੀ ਕਰ ਕੇ ਲੋਕਾਂ ਵਿਚ ਪੈਟਰੋਲ ਦੀ ਖਪਤ ਘਟਾਉਣ ਲਈ ਜਾਗਰੂਕਤਾ ਪੈਦਾ ਕਰੀਏ। ਵਾਤਾਵਰਨ ਦੀ ਸੰਭਾਲ ਲਈ ਗੁਰਦੁਆਰਿਆਂ ਵਿਚ ਸੈਮੀਨਾਰ ਕਰਵਾਈਏ।
ਸ੍ਰੀ ਗੁਰੂ ਹਰਿਰਾਇ ਸਾਹਿਬ ਦਾ ਗੁਰਗੱਦੀ ਦਿਵਸ 14 ਮਾਰਚ ਦਾ ਦਿਨ ਕਈ ਅੰਤਰਰਾਸ਼ਟਰੀ ਸਿੱਖ ਸੰਗਠਨਾਂ ਵਲੋਂ ਲਗਪਗ 22 ਮੁਲਕਾਂ ਵਿਚ ਵਾਤਾਵਰਨ ਦਿਵਸ ਦੇ ਤੌਰ 'ਤੇ ਮਨਾਇਆ ਜਾਂਦਾ ਹੈ। ਇਸ ਦਿਨ ਕਈ ਦੇਸ਼ਾਂ ਵਿਚ ਸਿੱਖ ਸੰਗਤਾਂ ਵਲੋਂ ਵੱਧ ਤੋਂ ਵੱਧ ਦਰੱਖਤ ਲਗਾਏ ਜਾਂਦੇ ਹਨ। ਅਸੀਂ ਵੀ ਇਸ ਤੋਂ ਪ੍ਰੇਰਨਾ ਲੈ ਕੇ ਆਪਣਾ ਵਾਤਾਵਰਨ ਸਾਫ਼-ਸੁਥਰਾ ਰੱਖ ਸਕਦੇ ਹਾਂ।


-105, ਮਾਇਆ ਨਗਰ, ਸਿਵਲ ਲਾਈਨਜ਼, ਲੁਧਿਆਣਾ। ਮੋਬਾ: 99155-15436


ਖ਼ਬਰ ਸ਼ੇਅਰ ਕਰੋ

14 ਮਾਰਚ ਨੂੰ ਸ਼ਹੀਦੀ ਦਿਹਾੜੇ 'ਤੇ ਵਿਸ਼ੇਸ਼

ਸਿਦਕੀ ਸਿੱਖ ਯੋਧਾ ਸ਼ਹੀਦ ਅਕਾਲੀ ਫੂਲਾ ਸਿੰਘ

ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੂੰ ਅਸਲ ਰੂਪ ਵਿਚ ਵਿਸਥਾਰ ਦੇਣ ਲਈ ਆਪਣਾ-ਆਪ ਕੁਰਬਾਨ ਕਰਨ ਵਾਲੇ ਅਤੇ ਸ਼ਹਾਦਤ ਦਾ ਜਾਮ ਪੀਣ ਵਾਲੇ 96ਵੇਂ ਕਰੋੜੀ ਪੰਥ ਅਕਾਲੀ ਬੁੱਢਾ ਦਲ ਦੇ ਛੇਵੇਂ ਮੁਖੀ ਅਤੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਅਕਾਲੀ ਫੂਲਾ ਸਿੰਘ ਨਿਹੰਗ ਸਿੰਘ ਦੀ ਲਾਸਾਨੀ ਕੁਰਬਾਨੀ ਨੂੰ ਸਿੱਖ ਜਗਤ ਕਦੇ ਨਹੀਂ ਭੁੱਲ ਸਕਦਾ। ਇਸ ਮਹਾਨ ਯੋਧੇ ਸਿਦਕੀ ਸਿੱਖ ਦਾ ਜਨਮ ਸੰਗਰੂਰ ਜ਼ਿਲ੍ਹੇ ਦੇ ਮੂਣਕ ਕਸਬੇ ਤੋਂ ਥੋੜ੍ਹੀ ਦੂਰ ਪੱਛਮ ਵਾਲੇ ਪਾਸੇ ਸਥਿਤ ਸੀਹਾਂ ਪਿੰਡ ਵਿਚ ਪਿਤਾ ਸ: ਈਸ਼ਰ ਸਿੰਘ ਦੇ ਗ੍ਰਹਿ ਵਿਖੇ ਮਾਤਾ ਹਰ ਕੌਰ ਦੀ ਕੁੱਖ ਤੋਂ ਜਨਵਰੀ 1760 ਈ: ਵਿਚ ਹੋਇਆ। ਜਦੋਂ ਅਹਿਮਦ ਸ਼ਾਹ ਦੁਰਾਨੀ ਨੇ ਕੁੱਪ ਰਹੀੜੇ ਦੇ ਸਥਾਨ 'ਤੇ ਵੱਡੇ ਘੱਲੂਘਾਰੇ ਦੌਰਾਨ ਹਜ਼ਾਰਾਂ ਸਿੰਘਾਂ ਨੂੰ ਸ਼ਹੀਦ ਕੀਤਾ, ਉਸ ਸਮੇਂ ਸ: ਈਸ਼ਰ ਸਿੰਘ ਗੰਭੀਰ ਰੂਪ ਵਿਚ ਜ਼ਖਮੀ ਹੋਏ, ਜ਼ਖਮ ਬੜੇ ਡੂੰਘੇ ਸਨ, ਠੀਕ ਨਾ ਹੋ ਸਕੇ, ਥੋੜ੍ਹੇ ਸਮੇਂ ਬਾਅਦ ਪੰਜ ਭੂਤਕ ਸਰੀਰ ਤਿਆਗ ਕੇ ਬਾਕੀ ਸ਼ਹੀਦ ਸਿੰਘਾਂ ਨਾਲ ਹੀ ਸੱਚਖੰਡ ਜਾ ਬਿਰਾਜੇ। ਬਾਬਾ ਨਰੈਣ ਸਿੰਘ ਨੇ ਬਾਬਾ ਫੂਲਾ ਸਿੰਘ ਨੂੰ ਬਚਪਨ ਵਿਚ ਹੀ ਧਾਰਮਿਕ ਗ੍ਰੰਥਾਂ ਦੇ ਅਧਿਐਨ ਦੇ ਨਾਲ-ਨਾਲ ਸ਼ਸਤਰ ਵਿੱਦਿਆ, ਘੋੜਸਵਾਰੀ ਅਤੇ ਜੰਗੀ ਕਰਤਬਾਂ ਵਿਚ ਨਿਪੁੰਨ ਕੀਤਾ।
ਪੂਰਨ ਰੂਪ ਵਿਚ ਤਿਆਗੀ ਬਿਰਤੀ ਅਤੇ ਬੰਦਗੀ ਦੇ ਮਾਲਕ ਅਕਾਲੀ ਫੂਲਾ ਸਿੰਘ ਨੇ ਆਪਣਾ ਸਾਰਾ ਘਰ-ਬਾਰ ਅਤੇ ਜਾਇਦਾਦ ਆਪਣੇ ਛੋਟੇ ਭਾਈ ਸ: ਸੰਤਾ ਸਿੰਘ ਨੂੰ ਸੌਂਪ ਕੇ ਨਿਹੰਗ ਸਿੰਘ ਸਜ ਕੇ ਸ਼ਹੀਦਾਂ ਦੀ ਮਿਸਲ ਵਿਚ ਸ਼ਾਮਿਲ ਹੋ ਕੇ ਸਿੱਖ ਪੰਥ ਦੀ ਸੇਵਾ ਨਿਭਾਉਣੀ ਸ਼ੁਰੂ ਕੀਤੀ। ਜਦੋਂ ਸੰਨ 1800 ਈ: ਵਿਚ ਬਾਬਾ ਨਰੈਣ ਸਿੰਘ ਅਕਾਲ ਚਲਾਣਾ ਕਰ ਗਏ ਤਾਂ ਅਕਾਲੀ ਫੂਲਾ ਸਿੰਘ ਨੂੰ ਜਥੇਦਾਰ ਥਾਪਿਆ ਗਿਆ। ਜਥੇਦਾਰੀ ਸੰਭਾਲਣ ਤੋਂ ਬਾਅਦ ਬਾਬਾ ਜੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਪਾਵਨ ਸਰੋਵਰ ਦੀ ਸੇਵਾ ਲਈ ਸ੍ਰੀ ਅੰਮ੍ਰਿਤਸਰ ਪੁੱਜੇ। ਇਸ ਤੋਂ ਬਾਅਦ ਬਾਬਾ ਜੀ ਨੇ ਸਥਾਈ ਤੌਰ 'ਤੇ ਅੰਮ੍ਰਿਤਸਰ ਵਿਖੇ ਰਿਹਾਇਸ਼ ਰੱਖਣੀ ਸ਼ੁਰੂ ਕਰ ਦਿੱਤੀ। ਇਸੇ ਰਿਹਾਇਸ਼ ਵਾਲੀ ਜਗ੍ਹਾ ਉੱਤੇ ਹੁਣ ਬੁਰਜ ਅਕਾਲੀ ਫੂਲਾ ਸਿੰਘ (ਛਾਉਣੀ ਨਿਹੰਗ ਸਿੰਘਾਂ) ਜੋ ਮੌਜੂਦਾ ਮੁਖੀ ਬੁੱਢਾ ਦਲ ਜਥੇਦਾਰ ਬਾਬਾ ਬਲਬੀਰ ਸਿੰਘ ਦੇ ਪ੍ਰਬੰਧ ਹੇਠ ਹੈ। ਜਨਵਰੀ 1802 ਈ: ਵਿਚ ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਅੰਮ੍ਰਿਤਸਰ ਦੇ ਕਬਜ਼ੇ ਲਈ ਭੰਗੀ ਸਰਦਾਰਾਂ ਉੱਤੇ ਹਮਲਾ ਕੀਤਾ ਤਾਂ ਅਕਾਲੀ ਫੂਲਾ ਸਿੰਘ ਨੇ ਦੋਵਾਂ ਧਿਰਾਂ ਵਿਚਕਾਰ ਸੁਲਾਹ ਕਰਵਾ ਕੇ ਖੂਨ-ਖਰਾਬੇ ਤੋਂ ਬਚਾ ਲਿਆ।
ਅਕਾਲੀ ਬਾਬਾ ਫੂਲਾ ਸਿੰਘ ਨੇ ਨਿਹੰਗ ਸਿੰਘਾਂ ਦੀ ਅਕਾਲੀ ਫੌਜ ਦੇ ਮੁਖੀ ਵਜੋਂ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਦੀ ਸਹਾਇਤਾ ਕਰਕੇ ਕਸੂਰ, ਮੁਲਤਾਨ ਅਤੇ ਕਸ਼ਮੀਰ ਦੀ ਜਿੱਤ ਲਈ ਲਾਮਿਸਾਲ ਬਹਾਦਰੀ ਤੇ ਸੂਰਮਗਤੀ ਵਿਖਾਈ। ਖਾਲਸਾਈ ਮਰਿਆਦਾ ਅਤੇ ਨਿਯਮਾਂ ਦੀ ਰੱਖਿਆ ਲਈ ਮਹਾਰਾਜਾ ਰਣਜੀਤ ਸਿੰਘ ਨੂੰ ਤਨਖਾਹ ਲਾਉਣ ਲਈ ਬਤੌਰ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਬਾਬਾ ਜੀ ਨੇ ਜ਼ਰਾ ਜਿੰਨੀ ਵੀ ਹਿਚਕਚਾਹਟ ਨਹੀਂ ਵਿਖਾਈ। ਭਰੇ ਦੀਵਾਨ ਵਿਚ ਮਹਾਰਾਜਾ ਨੂੰ ਤਨਖਾਹ ਲਾਉਣ ਤੋਂ ਸੰਕੋਚ ਨਹੀਂ ਕੀਤਾ।
ਸਿੱਖ ਰਾਜ ਦੀਆਂ ਸਰਹੱਦਾਂ ਦੇ ਵਾਧੇ ਲਈ ਨੌਸ਼ਹਿਰੇ ਦੀ ਆਖਰੀ ਲੜਾਈ ਵਿਚ ਸੂਰਮਗਤੀ ਅਤੇ ਅਦੁੱਤੀ ਬਹਾਦਰੀ ਦੀ ਮਿਸਾਲ ਨੂੰ ਕਾਇਮ ਰੱਖਦਿਆਂ ਹਾਰ ਨੂੰ ਜਿੱਤ ਵਿਚ ਬਦਲਦਿਆਂ ਅਕਾਲੀ ਬਾਬਾ ਫੂਲਾ ਸਿੰਘ ਨਿਹੰਗ ਸਿੰਘ ਨੇ 14 ਮਾਰਚ, 1823 ਈ: ਨੂੰ ਸ਼ਹਾਦਤ ਪ੍ਰਾਪਤ ਕੀਤੀ। ਬਾਬਾ ਜੀ ਦਾ ਸ਼ਹੀਦੀ ਅਸਥਾਨ ਨੌਸ਼ਹਿਰਾ ਤੋਂ 6 ਕਿਲੋਮੀਟਰ ਦੂਰ ਲੁੰਡੇ ਦਰਿਆ (ਕਾਬਲ ਨਦੀ) ਦੇ ਕੰਢੇ ਅਕੋੜਾ ਖਟਕ (ਸਰਹੱਦੀ ਸੂਬਾ) ਪਾਕਿਸਤਾਨ ਵਿਚ ਮੌਜੂਦ ਹੈ। ਬਾਬਾ ਜੀ ਦੀ ਯਾਦ ਵਿਚ ਪੂਸਾ ਰੋਡ, ਦਿੱਲੀ ਵਿਖੇ ਇਕ ਗੁਰੂ-ਘਰ ਅਤੇ ਸਕੂਲ ਚੱਲ ਰਿਹਾ ਹੈ। ਬਾਬਾ ਜੀ ਦੀ ਸ਼ਹੀਦੀ ਯਾਦ ਹਰ ਸਾਲ ਬੁਰਜ ਅਕਾਲੀ ਫੂਲਾ ਸਿੰਘ ਅੰਮ੍ਰਿਤਸਰ ਵਿਖੇ ਬੜੀ ਸ਼ਰਧਾ ਤੇ ਸਤਿਕਾਰ ਨਾਲ ਬੁੱਢਾ ਦਲ ਦੇ ਮੌਜੂਦਾ ਮੁਖੀ ਬਾਬਾ ਬਲਬੀਰ ਸਿੰਘ ਦੀ ਅਗਵਾਈ ਵਿਚ ਮਨਾਈ ਜਾਂਦੀ ਹੈ।


bhagwansinghjohal@gmail.com

ਇਤਿਹਾਸਕ ਗੁਰਦੁਆਰਾ ਗੁਰੂਸਰ ਮੰਜੀ ਸਾਹਿਬ ਪਾਤਸ਼ਾਹੀ ਛੇਵੀਂ ਗੁੱਜਰਵਾਲ (ਲੁਧਿਆਣਾ)

'ਜਿਥੇ ਬਾਬਾ ਪੈਰ ਧਰੇ, ਪੂਜਾ ਆਸਣੁ ਥਾਪਣਿ ਸੋਆ' ਦੇ ਮਹਾਂਵਾਕ ਅਨੁਸਾਰ ਸਾਡੇ ਗੁਰੂਆਂ ਨੇ ਜਿਥੇ ਵੀ ਆਪਣੇ ਪਵਿੱਤਰ ਚਰਨ ਪਾਏ, ਉਹੀ ਜਗ੍ਹਾ ਰਹਿੰਦੀ ਦੁਨੀਆ ਤੱਕ ਸਦਾ ਲਈ ਪੂਜਣਯੋਗ ਤੇ ਦਰਸ਼ਨੀ ਅਸਥਾਨ ਬਣ ਗਏ। ਗੁਰੂ ਹਰਿਗੋਬਿੰਦ ਸਾਹਿਬ ਦੇ ਵਿਸਮਾਦੀ ਪਲਾਂ ਦਾ ਇਕ ਸੁਨਹਿਰੀ ਪੰਨਾ ਗੁੱਜਰਵਾਲ (ਲੁਧਿਆਣਾ) ਦੀ ਧਰਤੀ 'ਤੇ ਸਿਰਜਿਆ ਗਿਆ। ਜਿਥੇ ਗੁਰੂ ਹਰਿਗੋਬਿੰਦ ਸਾਹਿਬ ਨੇ 6 ਮਹੀਨੇ 17 ਦਿਨ ਰਹਿ ਕੇ ਇਲਾਕੇ ਦੀਆਂ ਸੰਗਤਾਂ ਨੂੰ ਕਿਰਤ ਕਰੋ, ਵੰਡ ਛਕੋ ਤੇ ਨਾਮ ਜਪੋ ਦਾ ਉਪਦੇਸ਼ ਦਿੱਤਾ ਹੈ। ਇਸ ਅਸਥਾਨ 'ਤੇ ਅੱਜ ਗੁਰਦੁਆਰਾ ਗੁਰੂਸਰ ਮੰਜੀ ਸਾਹਿਬ ਦੀ ਸੁੰਦਰ ਇਮਾਰਤ ਸੁਸ਼ੋਭਿਤ ਹੈ। ਗੁਰਦੁਆਰਾ ਗੁਰੂਸਰ ਮੰਜੀ ਸਾਹਿਬ ਤੇ ਗੁਰੂੁ ਸਾਹਿਬ ਦੇ ਜੀਵਨ ਬਾਰੇ ਛਪੇ ਗ੍ਰੰਥਾਂ ਤੋਂ ਮਿਲੇ ਵੇਰਵਿਆਂ ਅਨੁਸਾਰ 1688 ਬਿਕਰਮੀ ਨੂੰ ਜਦੋਂ ਪਿੰਡ ਤੋਂ ਬਾਹਰਵਾਰ ਪੁਰਾਣੀ ਢਾਬ 'ਤੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਆਪਣੇ 2200 ਤੋਂ ਵਧੀਕ ਫੌਜੀ ਸਿਪਾਹੀਆਂ ਸਮੇਤ ਚੌਧਰੀ ਫਤੂਹੀ ਦੇ ਇਲਾਕੇ ਵਿਚ ਕੁਝ ਠਹਿਰਨਾ ਕੀਤਾ ਤਾਂ ਸਭਨੀਂ ਪਾਸੀਂ ਰੌਣਕਾਂ ਲੱਗ ਗਈਆਂ। ਸੰਗਤਾਂ ਦੂਰੋਂ-ਦੂਰੋਂ ਗੁਰੂ ਜੀ ਦੇ ਦਰਸ਼ਨ ਕਰਨ ਤੇ ਉਪਦੇਸ਼ ਸੁਣਨ ਆਉਣ ਲੱਗੀਆਂ। ਗੁਰਦੁਆਰਾ ਗੁਰੂਸਰ ਮੰਜੀ ਸਾਹਿਬ ਦੇ ਹੁਣ ਵਾਲੇ ਤਲਾਬ ਵਾਲੇ ਅਸਥਾਨ 'ਤੇ ਪੁਰਾਣੀ ਢਾਬ ਹੁੰਦੀ ਸੀ, ਜਿਸ ਦੇ ਕੰਢੇ ਗੁਰੂ ਸਾਹਿਬ ਉਤਰੇ ਸਨ।
ਗੁੱਜਰਵਾਲ ਪਿੰਡ ਦੇ ਬਾਸ਼ਿੰਦੇ ਜਗਦੇਵ ਸਿੰਘ ਗੁੱਜਰਵਾਲ ਨੇ ਦੱਸਿਆ ਕਿ ਗੁਰਦੁਆਰਾ ਗੁਰੂਸਰ ਮੰਜੀ ਸਾਹਿਬ ਵਿਖੇ ਹਰੇਕ ਮੱਸਿਆ ਤੇ ਸੰਗਰਾਂਦ ਦਾ ਦਿਹਾੜਾ ਮਨਾਇਆ ਜਾਂਦਾ ਹੈ, ਜਦ ਕਿ ਇਸ ਅਸਥਾਨ ਦਾ ਮੁੱਖ ਸਮਾਗਮ ਚੇਤਰ ਚੌਦੇ ਦੀ ਮੱਸਿਆ ਨੂੰ ਲੱਗਣ ਵਾਲਾ ਸਾਲਾਨਾ ਜੋੜ ਮੇਲਾ ਹੈ, ਜੋ ਕਿ ਇਸ ਸਾਲ ਹਰਪ੍ਰੀਤ ਸਿੰਘ ਗਰਚਾ ਮੈਂਬਰ ਸ਼੍ਰੋਮਣੀ ਕਮੇਟੀ ਦੀ ਨਿਗਰਾਨੀ ਹੇਠ ਮਿਤੀ 15 ਤੋਂ 17 ਮਾਰਚ, 2018 ਤੱਕ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਪੂਰੀ ਸ਼ਾਨੋ-ਸ਼ੌਕਤ ਤੇ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਗੁਰਦੁਆਰਾ ਸਾਹਿਬ ਵਿਖੇ ਬਾਬਾ ਹਰਬੰਸ ਸਿੰਘ ਦਿੱਲੀ ਵਾਲਿਆਂ ਦੀ ਕਾਰ ਸੇਵਾ ਚੱਲ ਰਹੀ ਹੈ। ਇਸ ਅਸਥਾਨ 'ਤੇ ਗੁਰਜੀਤ ਸਿੰਘ ਰਾਜੇਵਾਲ ਮੈਨੇਜਰ ਦੀ ਸੇਵਾ ਨਿਭਾ ਰਹੇ ਹਨ ਜਦ ਕਿ ਗੁਰਦੁਆਰਾ ਸਾਹਿਬ ਦੀ ਸੇਵਾ-ਸੰਭਾਲ ਲਈ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਬਣੀ ਹੋਈ ਹੈ। ਪਿੰਡ ਦੀ ਸਮਾਜ ਸੇਵੀ ਸੰਸਥਾ ਸ਼ਹੀਦ ਬਾਬਾ ਜੀਵਨ ਸਿੰਘ ਚੈਰੀਟੇਬਲ ਫਾਊਂਡੇਸ਼ਨ (ਰਜਿ:) ਵਲੋਂ ਤਿੰਨੇ ਦਿਨ ਵਿਸ਼ੇਸ਼ ਯੋਗਦਾਨ ਪਾਇਆ ਜਾਵੇਗਾ। ਇੰਸਪੈਕਟਰ ਪ੍ਰੇਮ ਸਿੰਘ ਭੰਗੂ, ਸੰਤ ਬਾਬਾ ਸੁੱਧ ਸਿੰਘ ਟੂਸੇ ਅਤੇ ਜਥੇਦਾਰ ਜਗਰੂਪ ਸਿੰਘ ਗੁੱਜਰਵਾਲ ਜੋ ਕਿ ਫਾਊਂਡੇਸ਼ਨ ਦੇ ਚੇਅਰਮੈਨ ਹਨ, ਆਪਣੇ ਸਾਥੀਆਂ ਸਮੇਤ ਜੋੜ ਮੇਲੇ ਮੌਕੇ ਸੰਗਤਾਂ ਲਈ ਲੰਗਰਾਂ ਦਾ ਪ੍ਰਬੰਧ ਕਰਨਗੇ।


-ਛਪਾਰ ਰੋਡ, ਅਹਿਮਦਗੜ੍ਹ (ਸੰਗਰੂਰ)। ਮੋਬਾ: 98147-85712

ਦਰਵਾਜ਼ੇ ਉੱਪਰ ਮੌਤ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਧਰਮ ਤੇ ਵਿਰਸਾ ਅੰਕ ਦੇਖੋ)
ਜਿਸ ਤਰੀਕੇ ਨਾਲ ਚੇਤ ਸਿੰਘ ਬਾਜਵਾ ਦਾ ਕਤਲ ਹੋਇਆ ਸੀ, ਮਹਾਰਾਜਾ ਖੜਕ ਸਿੰਘ ਦੇ ਸਾਹਮਣੇ ਕੋਈ ਸ਼ੰਕਾ ਨਹੀਂ ਰਹੀ ਕਿ ਜੇ ਉਹ ਆਪਣੇ-ਆਪ ਸ਼ਾਹੀ ਤਖ਼ਤ ਤੋਂ ਪਾਸੇ ਨਹੀਂ ਹੋਇਆ ਤਾਂ ਉਸ ਦਾ ਅੰਤ ਵੀ ਇਸੇ ਤਰ੍ਹਾਂ ਦਾ ਹੋ ਸਕਦਾ ਹੈ। ਕਿਸੇ ਵੀ ਤਰ੍ਹਾਂ ਉਸ ਦੀਆਂ ਅਪੀਲਾਂ ਰੱਦ ਕਰਦਿਆਂ ਉਸ ਦੀਆਂ ਅੱਖਾਂ ਦੇ ਸਾਹਮਣੇ ਇਸ ਤਰ੍ਹਾਂ ਦੇ ਕਤਲ ਦੀ ਯਾਦ ਉਸ ਨੂੰ ਬਹੁਤ ਸਤਾਉਂਦੀ ਰਹਿੰਦੀ ਸੀ।
ਇਸ ਕਤਲ ਤੋਂ ਅਗਲੇ ਦਿਨ ਹੀ 'ਪੰਜਾਬ ਅਖ਼ਬਾਰ' ਨੇ ਛਾਪਿਆ ਕਿ ਮਹਾਰਾਜਾ ਖੜਕ ਸਿੰਘ ਮਹਿਸੂਸ ਕਰ ਰਹੇ ਹਨ ਕਿ ਉਨ੍ਹਾਂ ਦਾ ਹਕੂਮਤ ਤੇ ਤਖ਼ਤ ਨਾਲ ਕੋਈ ਵਾਸਤਾ ਨਹੀਂ ਰਿਹਾ, ਸਭ ਕੁਝ ਚੇਤ ਸਿੰਘ ਦੇ ਨਾਲ ਹੀ ਚਲਾ ਗਿਆ ਹੈ, ਉਹ ਆਪਣੀ ਪੁਰਾਣੀ ਜਗੀਰ ਨਾਲ ਹੀ ਤਸੱਲੀ ਕਰ ਲਵੇਗਾ ਤੇ ਸਭ ਕੁਝ ਰਾਜਾ ਧਿਆਨ ਸਿੰਘ ਤੇ ਕੁੰਵਰ ਨੌਨਿਹਾਲ ਸਿੰਘ ਦੇ ਸਪੁਰਦ ਕਰ ਦੇਵੇਗਾ।
ਬਾਜਵਾ ਦੇ ਕਤਲ ਤੋਂ ਬਾਅਦ ਉਸ ਦੀ ਜਾਇਦਾਦ ਵੀ ਜ਼ਬਤ ਕੀਤੀ ਗਈ, ਉਸ ਦੇ ਭਰਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਤੇ ਉਸ ਨਾਲ ਦੋਸਤਾਨਾ ਸਬੰਧ ਰੱਖਣ ਵਾਲੇ ਸਾਰਿਆਂ ਨੂੰ ਸਜ਼ਾਵਾਂ ਦਿੱਤੀਆਂ ਗਈਆਂ। ਦਰਬਾਰ ਦਾ ਮੁੱਖ ਮੁਨੀਮ ਮਿਸਤ ਬੇਲੀ ਰਾਮ ਜਿਹੜਾ ਕੋਹ-ਏ-ਨੂਰ ਹੀਰੇ ਦਾ ਇੰਚਾਰਜ ਸੀ ਤੇ ਜਲੰਧਰ ਤੋਂ ਉਸ ਦਾ ਭਰਾ ਰੂਪ ਲਾਲ ਕਰਦਾਰ ਤੇ ਮੇਘ ਰਾਜ ਜੋ ਕਿਲ੍ਹਾ ਗੋਬਿੰਦਗੜ੍ਹ ਦੇ ਖਜ਼ਾਨੇ ਦਾ ਇੰਚਾਰਜ ਸੀ, ਸਭ ਨੂੰ ਕਾਬੂ ਵਿਚ ਲੈ ਲਿਆ ਗਿਆ। ਕੁਝ ਦੇਰ ਵਾਸਤੇ ਇਹ ਬੱਦਲ ਜਨਰਲ ਵੈਨਤੂਰਾ ਅਤੇ ਸ਼ਹਿਜ਼ਾਦਾ ਸ਼ੇਰ ਸਿੰਘ ਉੱਪਰ ਵੀ ਛਾਏ ਰਹੇ, ਜਿਨ੍ਹਾਂ ਨੇ ਚੇਤ ਸਿੰਘ ਦੇ ਖ਼ਿਲਾਫ਼ ਸਾਜ਼ਿਸ਼ ਵਿਚ ਸਾਥ ਦੇਣ ਤੋਂ ਇਨਕਾਰ ਕੀਤਾ ਸੀ।
ਫਕੀਰ ਅਜ਼ੀਜ਼ੁਦੀਨ ਨੂੰ ਇਕ ਗੁਪਤ ਮਿਸ਼ਨ ਵਾਸਤੇ ਸ਼ਿਮਲਾ ਭੇਜਿਆ ਗਿਆ ਸੀ ਕਿ ਉਹ ਅੰਗਰੇਜ਼ ਹਕੂਮਤ ਨੂੰ ਉਨ੍ਹਾਂ ਕਾਰਨਾਂ ਤੋਂ ਜਾਣੂ ਕਰਵਾ ਸਕੇ, ਜਿਨ੍ਹਾਂ ਕਰਕੇ ਚੇਤ ਸਿੰਘ ਦਾ ਕਤਲ ਕੀਤਾ ਗਿਆ ਸੀ ਅਤੇ ਬੇਲੀ ਰਾਮ ਤੇ ਹੋਰਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਮਹਾਰਾਜਾ ਖੜਕ ਸਿੰਘ ਸ਼ਹਿਰ ਵਿਚਲੇ ਆਪਣੇ ਘਰ ਵਿਚ ਚਲਾ ਗਿਆ ਤੇ ਸ਼ਹਿਜ਼ਾਦਾ ਨੌਨਿਹਾਲ ਸਿੰਘ ਨੇ ਕਿਲ੍ਹੇ ਦੇ ਅੰਦਰਲੇ ਮਹੱਲ ਉੱਪਰ ਕਬਜ਼ਾ ਕਰ ਲਿਆ ਤੇ ਮਹਾਰਾਜਾ ਬਣ ਗਿਆ ਪਰ ਕੇਵਲ ਨਾਂਅ ਦਾ ਹੀ। ਉਸ ਦੀ ਉਮਰ ਅਜੇ 18 ਸਾਲ ਦੀ ਸੀ।
ਨੌਨਿਹਾਲ ਸਿੰਘ ਦਾ ਸੁਭਾਅ ਆਪਣੇ ਪਿਤਾ ਨਾਲੋਂ ਵੱਖਰਾ ਸੀ। ਉਸ ਨੂੰ ਬਾਦਸ਼ਾਹਾਂ ਵਾਲੀ ਤੜਕ ਭੜਕ ਪਸੰਦ ਨਹੀਂ ਸੀ ਤੇ ਸਾਰੀਆਂ ਰਵਾਇਤੀ ਸ਼ਾਨ ਦੀਆਂ ਰਸਮਾਂ ਨੂੰ ਉਸ ਨੇ ਆਪਣੇ ਪਿਤਾ ਦੇ ਵੇਲੇ ਦੀਆਂ ਗੱਲਾਂ ਰਹਿਣ ਦਿੱਤੀਆਂ, ਜਿਨ੍ਹਾਂ ਦਾ ਨਾਂਅ ਉਹ ਬਹੁਤ ਇੱਜ਼ਤ ਨਾਲ ਲੈਂਦਾ ਸੀ। ਪਰ ਉਸ ਨੇ ਆਪਣੇ ਵਜ਼ੀਰਾਂ, ਸੂਬਿਆਂ ਦੇ ਸੂਬੇਦਾਰਾਂ ਤੇ ਜਰਨੈਲਾਂ ਨੂੰ ਸਾਫ਼ ਕਰ ਦਿੱਤਾ ਕਿ ਉਹ ਹਕੂਮਤ ਨੂੰ ਆਪਣੇ ਤਰੀਕੇ ਨਾਲ ਚਲਾਵੇਗਾ, ਕਿਉਂਕਿ ਇਹ ਸਾਰੇ ਲੋਕ ਮਹਾਰਾਜਾ ਖੜਕ ਸਿੰਘ ਤੇ ਕੁਝ ਹੱਦ ਤੱਕ ਮਹਾਰਾਜਾ ਰਣਜੀਤ ਸਿੰਘ ਵੇਲੇ ਵੀ ਆਪਣੀਆਂ ਮਨਮਰਜ਼ੀਆਂ ਕਰਦੇ ਸਨ। ਉਹ ਛੇਤੀ ਹੀ ਮਹਾਰਾਜੇ ਦੇ ਸਖ਼ਤ ਹੁਕਮਾਂ ਤੋਂ ਖਿਝਣ ਲੱਗ ਪਏ ਸਨ। ਉੱਤਰੀ-ਪੱਛਮੀ ਸਰਹੱਦ ਦੇ ਪਠਾਨਾਂ ਨੇ ਪੰਜਾਬ ਦੀ ਅਨਿਸਚਿਤ ਹਾਲਤ ਦਾ ਫਾਇਦਾ ਉਠਾਉਂਦਿਆਂ ਬਗਾਵਤ ਕਰ ਦਿੱਤੀ। ਧਿਆਨ ਸਿੰਘ ਡੋਗਰਾ ਨੇ ਕਿਹਾ ਕਿ ਕਿੰਨਾ ਚੰਗਾ ਹੁੰਦਾ ਕਿ ਉਹ ਮਹਾਰਾਜਾ ਰਣਜੀਤ ਸਿੰਘ ਦੀ ਦੇਹ ਦੇ ਨਾਲ ਹੀ ਸਤੀ ਹੋ ਜਾਂਦਾ। ਗੁਲਾਬ ਸਿੰਘ ਡੋਗਰਾ ਹਿੰਦੁਸਤਾਨ ਦੇ ਤੀਰਥਾਂ ਦੀ ਯਾਤਰਾ ਨੂੰ ਚਲਾ ਗਿਆ ਸੀ। ਵੈਨਤੂਰਾ ਨੇ ਵੀ ਘੁਟਨ ਮਹਿਸੂਸ ਕੀਤੀ ਤੇ ਅਸਤੀਫ਼ੇ ਦੀ ਧਮਕੀ ਦੇ ਦਿੱਤੀ।
ਨੌਨਿਹਾਲ ਸਿੰਘ ਨੇ ਇਨ੍ਹਾਂ ਸਾਰੀਆਂ ਹਾਲਤਾਂ ਨੂੰ ਆਪਣੇ ਵਾਸਤੇ ਇਕ ਚਣੌਤੀ ਸਮਝਿਆ। ਉਸ ਨੇ ਕਸ਼ਮੀਰ ਤੇ ਮੁਲਤਾਨ ਦੇ ਸੂਬੇਦਾਰਾਂ ਨੂੰ ਦਰਬਾਰ ਵਿਚ ਬੁਲਾਇਆ ਤੇ ਉਥੋਂ ਦਾ ਲਾਗਾਨ ਬਕਾਇਦਾ ਜਮ੍ਹਾਂ ਕਰਵਾਏ ਜਾਣ ਦੀ ਹਦਾਇਤ ਦਿੱਤੀ। ਉਸ ਨੇ ਗੁਲਾਬ ਸਿੰਘ ਨੂੰ ਵਾਪਸ ਮੁੜਨ ਦਾ ਹੁਕਮ ਦਿੱਤਾ ਤੇ ਵੈਨਤੂਰਾ ਨੂੰ ਪਹਾੜਾਂ ਵੱਲ ਭੇਜ ਦਿੱਤਾ। ਉਸ ਨੇ ਸ਼ਹਿਜ਼ਾਦਾ ਕਸ਼ਮੀਰਾ ਸਿੰਘ ਉੱਪਰ ਦਬਾਅ ਪਾ ਕੇ ਉਸ ਕੋਲੋਂ ਤਖ਼ਤ ਦੀ ਦਾਅਵੇਦਾਰੀ ਨਾ ਰੱਖਣ ਦਾ ਐਲਾਨ ਕਰਵਾਇਆ। ਊਨਾ ਦਾ ਬਿਕਰਮ ਸਿੰਘ ਬੇਦੀ ਆਪਣੇ-ਆਪ ਨੂੰ ਗੁਰੂ ਨਾਨਕ ਦਾ ਵਾਰਸ ਦਰਸਾ ਕੇ ਕਾਨੂੰਨ ਨੂੰ ਹੱਥਾਂ ਵਿਚ ਲੈਂਦਾ ਸੀ, ਉਸ ਨੂੰ ਸਖ਼ਤੀ ਨਾਲ ਤਾੜਨਾ ਕਰ ਦਿੱਤੀ। ਲੋਕ ਭਲਾਈ ਦੇ ਕੰਮ ਮਹਾਰਾਜਾ ਨੇ ਆਪਣੇ ਹੱਥਾਂ ਵਿਚ ਲੈ ਲਏ। ਲਾਹੌਰ ਤੋਂ ਅੰਮ੍ਰਿਤਸਰ ਦੀ ਸੜਕ ਦੇ ਦੋਵੇਂ ਪਾਸੇ ਰੁੱਖ ਲਗਵਾਏ ਤੇ ਇਨ੍ਹਾਂ ਦੋਵਾਂ ਸ਼ਹਿਰਾਂ ਦੇ ਬਾਹਰਲੇ ਪਾਸੇ ਬਾਗ ਲਗਵਾਏ। ਧਿਆਨ ਸਿੰਘ ਆਪਣੇ ਤਰੀਕੇ ਨਾਲ ਮਹਾਰਾਜਾ ਦੇ ਨਜ਼ਦੀਕ ਆਇਆ, ਜਿਸ ਨੂੰ ਮਨਜ਼ੂਰ ਕਰ ਲਿਆ ਗਿਆ। ਹਾਲਾਂਕਿ ਉਸ ਨੂੰ ਸੱਤ ਹੋਰ ਵਜ਼ੀਰਾਂ ਨਾਲ ਬਰਾਬਰ ਦਾ ਦਰਜਾ ਦੇਣਾ ਪਸੰਦ ਨਹੀਂ ਆਇਆ। ਉਹ ਫਕੀਰ ਅਜ਼ੀਜ਼ੁਦੀਨ, ਖੁਸ਼ਹਾਲ ਸਿੰਘ, ਭਾਈਆ ਰਾਮ ਸਿੰਘ, ਅਜੀਤ ਸਿੰਘ ਸੰਧਾਵਾਲੀਆ ਤੇ ਲਹਿਣਾ ਸਿੰਘ ਮਜੀਠੀਆ ਨਾਲ ਬਰਾਬਰ ਦੀ ਹਸਤੀ ਰੱਖਦਾ ਸੀ। ਦੋ ਮਹੀਨੇ ਬਾਅਦ ਹੀ ਲੱਗਣ ਲੱਗ ਪਿਆ ਸੀ ਕਿ ਮਹਾਰਾਜਾ ਰਣਜੀਤ ਸਿੰਘ ਦੀ ਰੂਹ ਉਸ ਦੇ ਪੋਤਰੇ ਨੌਨਿਹਾਲ ਸਿੰਘ ਅੰਦਰ ਆ ਦਾਖਲ ਹੋਈ ਹੈ।
ਅੰਗਰੇਜ਼ ਪੰਜਾਬ ਅੰਦਰ ਇਸ ਤਰ੍ਹਾਂ ਹਕੂਮਤ ਦੀ ਤਬਦੀਲੀ ਨੂੰ ਮਾਨਤਾ ਦੇਣ ਵਾਸਤੇ ਤਿਆਰ ਨਹੀਂ ਸਨ ਪਰ ਉਨ੍ਹਾਂ ਦੀ ਝਿਜਕ ਇਸ ਕਰਕੇ ਦੱਬੀ ਰਹਿ ਗਈ, ਕਿਉਂਕਿ ਉਹ ਅਫ਼ਗਾਨਿਸਤਾਨ ਤੋਂ ਆਪਣੀ ਫੌਜ ਪੰਜਾਬ ਵਿਚੋਂ ਦੀ ਲੰਘਾ ਕੇ ਵਾਪਸ ਬੁਲਾਉਣ ਦੀ ਇਜਾਜ਼ਤ ਚਾਹੁੰਦੇ ਸਨ। ਦਰਬਾਰ ਇਸ ਮੰਗ ਦੇ ਬਿਲਕੁਲ ਖ਼ਿਲਾਫ਼ ਸੀ ਪਰ ਮਹਾਰਾਜਾ ਨੌਨਿਹਾਲ ਸਿੰਘ ਨੇ ਸਭ ਦੀ ਰਾਏ ਰੱਦ ਕਰ ਦਿੱਤੀ ਅਤੇ ਇਸ ਤਰ੍ਹਾਂ ਆਪਣੇ ਮਜ਼ਬੂਤ ਗੁਆਂਢੀ ਦੀ ਹਮਾਇਤ ਜਿੱਤ ਲਈ। ਸਿਰਫ ਇਕ ਹੀ ਸ਼ਰਤ ਰੱਖੀ ਕਿ ਅੰਗਰੇਜ਼ ਫਿਰ ਇਸ ਤਰ੍ਹਾਂ ਦੀ ਮੰਗ ਨਹੀਂ ਰੱਖਣਗੇ ਤੇ ਉਨ੍ਹਾਂ ਦੀ ਫੌਜ ਰਾਜਧਾਨੀ ਲਾਹੌਰ ਤੋਂ ਦੂਰ ਰਹੇਗੀ।
(ਬਾਕੀ ਅਗਲੇ ਮੰਗਲਵਾਰ ਦੇ ਧਰਮ ਤੇ ਵਿਰਸਾ ਅੰਕ 'ਚ)

ਜੋੜ ਮੇਲੇ 'ਤੇ ਵਿਸ਼ੇਸ਼

ਵੀਹਵੀਂ ਸਦੀ ਦੇ ਮਹਾਨ ਤਪੱਸਵੀ ਸੰਤ ਬਾਬਾ ਅਤਰ ਸਿੰਘ ਮਸਤੂਆਣੇ ਵਾਲੇ

ਸੰਤ ਬਾਬਾ ਅਤਰ ਸਿੰਘ ਨੇ ਉਦੋਂ ਇਸ ਧਰਤੀ 'ਤੇ ਜਨਮ ਲਿਆ ਜਦੋਂ ਮਹਾਰਾਜਾ ਰਣਜੀਤ ਸਿੰਘ ਦੇ ਅਕਾਲ ਚਲਾਣੇ ਪਿੱਛੋਂ ਅੰਗਰੇਜ਼ਾਂ ਦੇ ਰਾਜ ਵਿਚ ਪੰਜਾਬ ਭਿਆਨਕ ਹਾਲਾਤ 'ਚੋਂ ਗੁਜ਼ਰ ਰਿਹਾ ਸੀ। ਸੰਤ ਅਤਰ ਸਿੰਘ ਦਾ ਜਨਮ ਪਿੰਡ ਚੀਮਾ (ਸੰਗਰੂਰ) ਵਿਖੇ ਚੇਤ ਸੁਦੀ ਏਕਮ 1923 ਬਿਕਰਮੀ (17 ਮਾਰਚ 1866 ਈ:) ਨੂੰ ਮਾਤਾ ਭੋਲੀ ਕੌਰ ਦੀ ਕੁੱਖੋਂ ਪਿਤਾ ਕਰਮ ਸਿੰਘ ਦੇ ਗ੍ਰਹਿ ਵਿਖੇ ਹੋਇਆ। ਆਪ ਨੇ ਮੁੱਢਲੀ ਵਿੱਦਿਆ ਪਿੰਡ ਦੇ ਨਿਰਮਲਾ ਡੇਰੇ ਵਿਚ ਭਾਈ ਬੂਟਾ ਸਿੰਘ ਪਾਸੋਂ ਲਈ, ਜਿਥੇ ਕਿ ਉਨ੍ਹਾਂ ਨੇ ਗੁਰਮੁਖੀ ਪੜ੍ਹਨੀ-ਲਿਖਣੀ ਸਿੱਖੀ। ਆਪ ਆਪਣੇ ਪਿਤਾ ਨਾਲ ਖੇਤੀਬਾੜੀ ਦਾ ਕੰਮ-ਕਾਜ ਵੀ ਕਰਦੇ ਸਨ। ਸੰਨ 1893 ਈਸਵੀ ਵਿਚ ਆਪ ਮਾਤਾ-ਪਿਤਾ ਦੀ ਆਗਿਆ ਲੈ ਕੇ ਫੌਜ ਵਿਚ ਭਰਤੀ ਹੋ ਗਏ ਅਤੇ ਫੌਜ ਵਿਚ ਹੀ ਪਲਟਨ ਦੇ ਪੰਜ ਪਿਆਰਿਆਂ ਪਾਸੋਂ ਅੰਮ੍ਰਿਤਪਾਨ ਕੀਤਾ। ਸੰਨ 1888 ਈਸਵੀ ਵਿਚ ਆਪ ਨੇ ਫੌਜ ਦੀ ਨੌਕਰੀ ਛੱਡ ਦਿੱਤੀ ਅਤੇ ਡੇਰਾ ਗਾਜ਼ੀ ਖਾਂ ਤੋਂ ਪੈਦਲ ਚੱਲ ਕੇ ਹਜ਼ੂਰ ਸਾਹਿਬ ਨੰਦੇੜ (ਮਹਾਰਾਸ਼ਟਰ) ਪੁੱਜੇ ਤੇ ਉਥੇ ਦੋ ਸਾਲ ਅਤੁੱਟ ਸਿਮਰਨ ਕੀਤਾ। ਫਿਰ ਪੈਦਲ ਹੀ ਹਰਿਦੁਆਰ ਤੇ ਰਿਸ਼ੀਕੇਸ਼ ਆਏ, ਜਿਥੇ ਇਕ ਸਾਲ ਅਤੁੱਟ ਨਾਮ ਅਭਿਆਸ ਕੀਤਾ। ਸ਼ਾਹਾਂ ਦੀ ਢੇਰੀ ਪਿੰਡ ਵਿਚ ਭਾਈ ਗੁਰਮੁਖ ਸਿੰਘ ਦੇ ਬੇਨਤੀ ਕਰਨ 'ਤੇ 9 ਮਹੀਨੇ ਉਨ੍ਹਾਂ ਪਾਸ ਠਹਿਰੇ, ਜਿਥੇ ਉਨ੍ਹਾਂ ਨੇ ਲਗਾਤਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਤੁੱਟ ਪਾਠ ਕੀਤੇ। ਸੰਨ 1893 ਵਿਚ ਕਨੋਹੇ (ਅੱਜਕਲ੍ਹ ਪਾਕਿਸਤਾਨ) ਦੇ ਜੰਗਲਾਂ ਵਿਚ 40 ਦਿਨ, ਫਿਰ 6 ਮਹੀਨੇ, ਫਿਰ ਇਕ ਸਾਲ ਬਿਨਾਂ ਕੁਝ ਖਾਧੇ-ਪੀਤੇ ਭਾਰੀ ਤਪੱਸਿਆ ਕੀਤੀ।
ਇਸ ਮਹਾਨ ਤਪ ਦੇ ਪਿੱਛੋਂ ਸੰਤ ਜੀ ਦੀ ਮਹਿਮਾ ਦੂਰ-ਦੂਰ ਤੱਕ ਫੈਲ ਗਈ ਅਤੇ ਸੰਗਤਾਂ ਦਰਸ਼ਨਾਂ ਲਈ ਖਿੱਚੀਆਂ ਆਉਣ ਲੱਗ ਪਈਆਂ। ਉਨ੍ਹਾਂ ਨੇ ਪੋਠੋਹਾਰ, ਰਾਵਲਪਿੰਡੀ, ਮਾਲਵਾ, ਦੁਆਬਾ, ਮਾਝਾ, ਦਿੱਲੀ ਤੇ ਦੇਸ਼ ਦੇ ਕੋਨੇ-ਕੋਨੇ ਵਿਚ ਸੰਗਤਾਂ ਨੂੰ ਨਾਮ ਸਿਮਰਨ ਨਾਲ ਜੋੜਿਆ। ਉਨਾਂ ਆਪਣੇ ਜੀਵਨ ਕਾਲ ਵਿਚ ਪੁਖਤਾ ਸਾਧਨ ਨਾ ਹੋਣ ਦੇ ਬਾਵਜੂਦ 14 ਲੱਖ ਦੇ ਲਗਪਗ ਪ੍ਰਾਣੀਆਂ ਨੂੰ ਅੰਮ੍ਰਿਤ ਪਾਨ ਕਰਵਾਇਆ ਅਤੇ ਗੁਰਸਾਗਰ ਮਸਤੂਆਣਾ ਸਾਹਿਬ, ਗੁਰੂ ਕਾਸ਼ੀ ਦਮਦਮਾ ਸਾਹਿਬ ਅਤੇ ਹੋਰ ਕਈ ਗੁਰਦੁਆਰਿਆਂ ਦੀ ਮਹਾਨ ਸੇਵਾ ਕਰਵਾਈ। ਆਪ ਦੀ ਸ਼ਖ਼ਸੀਅਤ ਤੋਂ ਪ੍ਰਭਾਵਿਤ ਹੋ ਕੇ ਕਈ ਉੱਘੇ ਵਿਅਕਤੀ ਅਤੇ ਸਿੱਖ ਰਿਆਸਤਾਂ ਦੇ ਕਈ ਰਾਜੇ-ਮਹਾਰਾਜੇ ਗੁਰੂ-ਸ਼ਬਦ ਨਾਲ ਜੁੜੇ। ਵਿੱਦਿਆ ਦੇ ਖੇਤਰ ਵਿਚ ਵੀ ਆਪ ਨੇ ਮਹਾਨ ਕਾਰਜ ਕੀਤੇ। ਮਸਤੂਆਣਾ ਸਾਹਿਬ ਵਿਚ ਸੰਨ 1906 ਈਸਵੀ ਵਿਚ ਲੜਕੀਆਂ ਦਾ ਸਕੂਲ ਖੋਲ੍ਹਿਆ ਅਤੇ ਫਿਰ ਲੜਕਿਆਂ ਦਾ ਸਕੂਲ ਅਤੇ ਅਕਾਲ ਡਿਗਰੀ ਕਾਲਜ ਦੀ ਸਥਾਪਨਾ ਕੀਤੀ। ਮਦਨ ਮੋਹਨ ਮਾਲਵੀਆ ਤੇ ਹੋਰ ਰਾਜੇ-ਮਹਾਰਾਜਿਆਂ ਦੇ ਕਹਿਣ 'ਤੇ ਆਪ ਨੇ ਬਨਾਰਸ ਦੀ ਹਿੰਦੂ ਯੂਨੀਵਰਸਿਟੀ ਦੀ ਨੀਂਹ ਰੱਖੀ। ਹਰ ਸਿੱਖ ਐਜੂਕੇਸ਼ਨ ਕਾਨਫਰੰਸ ਦੀ ਹਾਜ਼ਰੀ ਭਰੀ ਅਤੇ ਅਧਿਆਤਮਿਕ ਅਗਵਾਈ ਕੀਤੀ। ਸੰਤ ਬਾਬਾ ਅਤਰ ਸਿੰਘ 1927 ਈਸਵੀ ਵਿਚ ਜੋਤੀ-ਜੋਤ ਸਮਾ ਗਏ। ਸੰਤ ਮਹਾਰਾਜ ਜੀ ਦੀ ਯਾਦ ਨੂੰ ਤਾਜ਼ਾ ਕਰਨ ਲਈ ਉਨ੍ਹਾਂ ਦਾ ਜਨਮ ਦਿਹਾੜਾ ਹਰ ਸਾਲ 15, 16 ਅਤੇ 17 ਮਾਰਚ ਨੂੰ ਜਿਥੇ ਚੀਮਾ ਸਾਹਿਬ ਵਿਖੇ ਮਨਾਇਆ ਜਾਂਦਾ ਹੈ, ਉਥੇ ਨਾਲ ਹੀ ਸੰਤ ਜੀ ਦੇ ਨਾਨਕਾ ਨਗਰ ਫਤਹਿਗੜ੍ਹ ਗੰਢੂਆਂ ਦੇ ਗੁਰਦੁਆਰਾ ਮਾਤਾ ਭੋਲੀ ਕੌਰ ਵਿਖੇ ਵੀ ਇਸ ਮੌਕੇ ਮਹਾਨ ਇਕੋਤਰੀ ਸਮਾਗਮ ਕਰਵਾਇਆ ਜਾਂਦਾ ਹੈ, ਜਿਥੇ ਕਿ ਦੂਰੋਂ-ਨੇੜਿਓਂ ਸੰਗਤਾਂ ਨਤਮਸਤਕ ਹੋੋਣ ਪਹੁੰਚਦੀਆਂ ਹਨ।


-ਧਰਮਗੜ੍ਹ (ਸੰਗਰੂਰ)।
ਮੋਬਾ: 95014-07381

ਗੁਰਮੁਖੀ ਲਿਪੀ ਦੀ ਸਰਹੱਦ ਪਾਰ ਦਸਤਕ

ਸਾਲ 1947 'ਚ ਹੋਈ ਦੇਸ਼ ਦੀ ਵੰਡ ਦੇ ਨਾਲ ਦੋਵਾਂ ਦੇਸ਼ਾਂ ਦੀ ਆਪਸੀ ਸਾਂਝ ਅਤੇ ਭਾਈਚਾਰੇ ਦੀ ਤਾਂ ਵੰਡ ਹੋਣੀ ਹੀ ਸੀ ਪਰ ਇਸ ਦੇ ਨਾਲ ਹੀ ਭਾਸ਼ਾ ਅਤੇ ਲਿਪੀ ਦੀ ਵੀ ਵੰਡ ਹੋ ਗਈ, ਜਿਸ ਦੇ ਚਲਦਿਆਂ ਪਾਕਿਸਤਾਨ ਤਰਫ਼ ਅਲੱਗ-ਅਲੱਗ ਸੂਬਿਆਂ ਦੀਆਂ ਸਥਾਨਕ ਭਾਸ਼ਾਵਾਂ ਦੇ ਨਾਲ-ਨਾਲ ਪੱਛਮੀ ਪੰਜਾਬ ਵਿਚ ਸ਼ਾਹਮੁਖੀ (ਉਰਦੂ) ਨੂੰ ਉੱਚ ਮੁਕਾਮ ਪ੍ਰਾਪਤ ਹੋਇਆ ਤਾਂ ਇਧਰ ਭਾਰਤ ਦੇ ਅਲੱਗ-ਅਲੱਗ ਰਾਜਾਂ ਵਿਚ ਸੂਬਾਈ ਭਾਸ਼ਾਵਾਂ ਦੇ ਨਾਲ-ਨਾਲ ਚੜ੍ਹਦੇ ਪੰਜਾਬ ਵਿਚ ਗੁਰਮੁਖੀ ਪ੍ਰਧਾਨ ਹੋ ਗਈ। ਭਾਸ਼ਾਵਾਂ ਅਤੇ ਲਿਪੀਆਂ ਦੀ ਵੰਡ ਦੇ ਕਾਰਨ ਸਾਲ 1947 ਦੇ ਛੇਤੀ ਬਾਅਦ ਭਾਰਤ ਵਾਲੇ ਪਾਸੇ ਸ਼ਾਹਮੁਖੀ ਦਾ ਪ੍ਰਸਾਰ ਮੱਧਮ ਪੈ ਗਿਆ ਅਤੇ ਪਾਕਿਸਤਾਨ ਵਿਚ ਗੁਰਮੁਖੀ ਤੇ ਦੇਵਨਾਗਰੀ ਲਿਪੀ ਨਜ਼ਰਅੰਦਾਜ਼ ਕਰ ਦਿੱਤੀ ਗਈ। ਇਸ ਸਭ ਦੇ ਬਾਵਜੂਦ ਧਾਰਮਿਕ ਕੱਟੜਤਾ ਅਤੇ ਸਰਹੱਦਾਂ ਦੀ ਪ੍ਰਵਾਹ ਨਾ ਕਰਦੀ ਹੋਈ ਗੁਰਮੁਖੀ ਲਿਪੀ ਪਿਛਲੇ ਕਰੀਬ 15-16 ਵਰ੍ਹਿਆਂ ਤੋਂ ਪਾਕਿਸਤਾਨ ਵਿਚ ਦਸਤਕ ਦੇ ਚੁੱਕੀ ਹੈ ਅਤੇ ਪਾਕਿਸਤਾਨੀਆਂ ਨੇ ਵੀ ਇਸ ਨੂੰ ਖਿੜੇ ਮੱਥੇ 'ਜੀ ਆਇਆਂ ਨੂੰ' ਕਹਿ ਕੇ ਇਸ ਦਾ ਸਵਾਗਤ ਕੀਤਾ ਹੈ।
ਮੌਜੂਦਾ ਸਮੇਂ ਤਾਲਿਬਾਨ ਦੇ ਗੜ੍ਹ ਮੰਨੇ ਜਾਂਦੇ ਪੇਸ਼ਾਵਰ ਸ਼ਹਿਰ ਵਿਚ ਭਾਈ ਜੋਗਾ ਸਿੰਘ ਖ਼ਾਲਸਾ ਧਾਰਮਿਕ ਸਕੂਲ, ਗੁਰੂ ਅੰਗਦ ਦੇਵ ਜੀ ਖ਼ਾਲਸਾ ਧਾਰਮਿਕ ਸਕੂਲ ਅਤੇ ਪੰਜਾਬ ਦੇ ਜ਼ਿਲ੍ਹਾ ਸ੍ਰੀ ਨਨਕਾਣਾ ਸਾਹਿਬ ਵਿਚ ਗੁਰੂ ਨਾਨਕ ਜੀ ਪਬਲਿਕ ਮਾਡਲ ਹਾਈ ਸਕੂਲ ਆਦਿ ਗੁਰਮੁਖੀ ਸਕੂਲ ਖੁੱਲ੍ਹੇ ਤੌਰ 'ਤੇ ਗੁਰਮੁਖੀ ਲਿਪੀ ਦਾ ਪ੍ਰਚਾਰ ਤੇ ਪ੍ਰਸਾਰ ਕਰ ਰਹੇ ਹਨ। ਕਾਲਜ ਪੱਧਰ 'ਤੇ ਵੀ ਗੁਰਮੁਖੀ ਲਿਪੀ ਦੀ ਸਿਖਲਾਈ ਦੇਣ ਲਈ ਲਾਹੌਰ ਦੇ ਪੰਜਾਬ ਇੰਸਟੀਚਿਊਟ ਆਫ਼ ਲੈਂਗਵੇਜ਼, ਆਰਟ ਐਂਡ ਕਲਚਰ ਵਿਭਾਗ ਦੁਆਰਾ ਅਪ੍ਰੈਲ, 2009 ਤੋਂ ਗੁਰਮੁਖੀ ਲਿਪੀ ਲਿਖਣ ਤੇ ਪੜ੍ਹਨ ਦਾ ਸਿਖਲਾਈ ਕੋਰਸ ਪੰਜਾਬੀ ਭਾਸ਼ਾ ਦੇ ਪਾਕਿਸਤਾਨੀ ਵਿਦਵਾਨ ਪ੍ਰੋ: ਜ਼ਮੀਲ ਪਾਲ ਦੀ ਸਰਪ੍ਰਸਤੀ ਹੇਠ ਸ਼ੁਰੂ ਕਰਵਾਇਆ ਜਾ ਚੁੱਕਾ ਹੈ। ਵਿਭਾਗ ਦੇ ਮੌਜੂਦਾ ਡਾਇਰੈਕਟਰ ਜਨਰਲ ਖ਼ਾਲਿਦ ਮਹਿਮੂਦ ਕਾਜ਼ੀ ਦੱਸਦੇ ਹਨ ਕਿ ਪਹਿਲੇ ਵਰ੍ਹੇ ਇਸ ਕੋਰਸ ਵਿਚ 35 ਵਿਦਿਆਰਥੀਆਂ ਨੇ ਦਾਖ਼ਲਾ ਲਿਆ, ਜਿਨ੍ਹਾਂ ਵਿਚੋਂ 21 ਨੇ ਇਹ ਕੋਰਸ ਪੂਰਾ ਕੀਤਾ ਅਤੇ ਹੁਣ ਤੱਕ 300 ਦੇ ਕਰੀਬ ਵਿਦਿਆਰਥੀ ਗੁਰਮੁਖੀ ਸਰਟੀਫਿਕੇਟ ਕੋਰਸ ਕਰ ਚੁੱਕੇ ਹਨ।
ਪਾਕਿਸਤਾਨ ਵਿਚ ਪਹਿਲਾ ਗੁਰਮੁਖੀ ਸਕੂਲ ਸਵਾਤ ਘਾਟੀ ਵਿਚ ਲੰਮਾ ਸਮਾਂ ਪਹਿਲਾਂ ਸ਼ੁਰੂ ਕੀਤਾ ਗਿਆ ਸੀ, ਜੋ ਘਾਟੀ ਦੇ ਹਾਲਾਤ ਵਿਗੜਨ 'ਤੇ ਬੰਦ ਕਰ ਦਿੱਤਾ ਗਿਆ। ਪਾਕਿਸਤਾਨ ਦੇ ਸਰਹੱਦੀ ਤੇ ਕਬਾਇਲੀ ਇਲਾਕਿਆਂ ਵਿਚ ਰਹਿਣ ਵਾਲੇ ਸਿੱਖਾਂ ਦੇ ਵੱਡੀ ਗਿਣਤੀ ਵਿਚ ਪੇਸ਼ਾਵਰ ਆ ਜਾਣ ਤੋਂ ਬਾਅਦ ਸਾਲ 1991 ਵਿਚ ਸਿੱਖ ਵਿਦਿਆਰਥੀਆਂ ਲਈ ਪਹਿਲਾ ਗੁਰਮੁਖੀ ਸਕੂਲ ਸ਼ਹਿਰ ਦੀ ਨਮਕ ਮੰਡੀ ਦੇ ਮੁਹੱਲਾ ਜੋਗਣ ਸ਼ਾਹ (ਪੁਰਾਣਾ ਨਾਂਅ ਮੁਹੱਲਾ ਆਸੀਆ) ਵਿਚ ਗੁਰਦੁਆਰਾ ਭਾਈ ਜੋਗਾ ਸਿੰਘ ਦੇ ਪਾਸ ਹੀ ਸ਼ੁਰੂ ਕੀਤਾ ਗਿਆ।
(ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)


-ਅੰਮ੍ਰਿਤਸਰ।
ਮੋਬਾ: 9356127771

ਜੰਗਨਾਮਾ ਕਾਜ਼ੀ ਨੂਰ ਮੁਹੰਮਦ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਧਰਮ ਤੇ ਵਿਰਸਾ ਅੰਕ ਦੇਖੋ)
ਹੁਣ ਵਾਪਸੀ ਸੀ। ਸੱਤ ਦਿਨ ਸਿੱਖਾਂ ਨਾਲ ਝੜਪਾਂ ਹੁੰਦੀਆਂ ਰਹੀਆਂ। ਸਤਲੁਜ ਦਰਿਆ ਲੰਘ ਕੇ ਅੱਗੇ ਵਧੇ ਤਾਂ ਪਤਾ ਲੱਗਾ ਕਿ ਬੇਓੜਕ ਸਿੱਖ ਲਸ਼ਕਰ ਅੰਮ੍ਰਿਤਸਰ ਇਕੱਠਾ ਹੋ ਗਿਆ ਹੈ। ਪਾਤਸ਼ਾਹ ਨੇ ਕਾਫ਼ਰਾਂ ਉੱਤੇ ਟੁੱਟ ਪੈਣ ਦਾ ਹੁਕਮ ਦਿੱਤਾ। ਫੌਜਾਂ ਵਿਚਕਾਰ ਅਬਦਾਲੀ ਆਪ, ਖੱਬੇ ਪਾਸੇ ਬਲੋਚ ਨਾਸਿਰ ਖਾਨ ਤੇ ਉਹਦੀ ਫੌਜ, ਸੱਜੇ ਪਾਸੇ ਸ਼ਾਹ ਵਲੀ ਖਾਨ, ਜਹਾਨ ਖਾਨ ਤੇ ਹੋਰ ਵੱਡੇ ਜਰਨੈਲ ਲਸ਼ਕਰ ਸਮੇਤ। ਸਿੱਖਾਂ ਦੇ ਲਸ਼ਕਰ ਵਿਚ ਜੱਸਾ ਸਿੰਘ ਆਹਲੂਵਾਲੀਆ, ਜੱਸਾ ਸਿੰਘ ਰਾਮਗੜ੍ਹੀਆ, ਚੜ੍ਹਤ ਸਿੰਘ, ਝੰਡਾ ਸਿੰਘ, ਲਹਿਣਾ ਸਿੰਘ ਭੰਗੀ, ਹਰੀ ਸਿੰਘ ਭੰਗੀ, ਗੁਲਾਬ ਸਿੰਘ ਭੰਗੀ, ਗੁਜਰ ਸਿੰਘ ਭੰਗੀ ਤੇ ਜੈ ਸਿੰਘ ਕਨ੍ਹਈਆ ਆਦਿ ਵੱਡੇ ਸਰਦਾਰ ਸਨ। ਅਬਦਾਲੀ ਨੇ ਆਪਣੇ ਸਾਥੀਆਂ ਨੂੰ ਸਿੱਖਾਂ ਦੇ ਪਿੱਛੇ ਪੈਣ ਦੀ ਥਾਂ ਆਪਣੇ ਮੋਰਚੇ ਵਿਚ ਪੈਰ ਜਮਾ ਕੇ ਹੀ ਲੜਨ ਲਈ ਵਾਰ-ਵਾਰ ਸਮਝੌਤੀ ਦਿੱਤੀ। ਕਮਾਲ ਹੈ, ਇਕ ਪਾਸੇ ਅਬਦਾਲੀ ਸਿੱਖਾਂ ਦਾ ਬੀਜ ਨਾਸ ਕਰਨ, ਦੀਨ ਲਈ ਲੜ ਮਰਨ ਦੀ ਗੱਲ ਕਰਦਾ ਹੈ, ਦੂਜੇ ਪਾਸੇ ਉਹ ਆਪਣੇ ਜਰਨੈਲਾਂ ਨੂੰ ਸੁਰੱਖਿਅਤ ਮੋਰਚੇ, ਪੈਂਤੜੇ ਤੋਂ ਹੀ ਲੜਨ ਦੀਆਂ ਨਸੀਹਤਾਂ, ਹੁਕਮ ਕਰਦਾ ਹੈ। ਸਿੱਖ ਤਾਂ ਅੱਗੇ ਵਧ ਕੇ ਜਾਂ ਪਿੱਛੇ ਹਟ ਕੇ ਮੌਕੇ ਅਨੁਕੂਲ ਹਰ ਤਰ੍ਹਾਂ ਦਲੇਰੀ ਨਾਲ ਪੈਂਤੜਾ ਲੈਂਦੇ ਹਨ। ਸਿੱਖ ਪਿੱਛੇ ਹਟੇ ਤਾਂ ਨਾਸਿਰ ਖਾਨ ਨੇ ਉਨ੍ਹਾਂ ਦਾ ਪਿੱਛਾ ਕੀਤਾ। ਸਿੱਖ ਖਲੋ ਗਏ। ਚੰਗੀ ਗਹਿਗੱਚ ਲੜਾਈ ਪਿੱਛੋਂ ਖਾਨ ਵਾਪਸ ਤੁਰਿਆ। ਸਿੱਖਾਂ ਨੇ ਉਸ ਦਾ ਪਿੱਛਾ ਦੂਰ ਤੱਕ ਕੀਤਾ। ਇਸ ਲੜਾਈ ਵਿਚ ਜਹਾਦੀ ਫੌਜ ਨੇ ਪੰਜ ਸੌ ਸਿੱਖ ਮਾਰੇ।
ਅਗਲੇ ਦਿਨ ਬਾਦਸ਼ਾਹ ਨੇ ਵਾਪਸੀ ਲਈ ਕੂਚ ਸ਼ੁਰੂ ਕੀਤਾ। ਦੋ-ਤਿੰਨ ਕੋਹ ਹੀ ਗਏ ਤੇ ... (ਸਿੱਖਾਂ) ਨੇ ਪਾਤਸ਼ਾਹ ਨੂੰ ਸੱਜਿਓਂ-ਖੱਬਿਓਂ ਘੇਰ ਲਿਆ। ਅਬਦਾਲੀ ਆਪ ਪੈਂਤੜਾ ਮੱਲ ਕੇ ਖਲੋ ਗਿਆ। ਉਸ ਨੇ ਸਾਥੀ ਜਰਨੈਲਾਂ ਨੂੰ ਵੀ ਅੱਗੇ ਵਧ ਕੇ ਸਿੱਖਾਂ ਉੱਤੇ ਹਮਲਾ ਕਰਨ ਦੀ ਥਾਂ ਆਪਣੇ ਸੁਰੱਖਿਅਤ ਪੈਂਤੜੇ/ਮੋਰਚਿਆਂ ਤੋਂ ਲੜਨ ਲਈ ਜ਼ੋਰਦਾਰ ਨਸੀਹਤ ਕੀਤੀ। ਕੁਝ ਦੇਰ ਬਾਅਦ ਮੌਕਾ ਦੇਖ ਕੇ ਪਾਤਸ਼ਾਹ ਨੇ ਲਸ਼ਕਰ ਨੂੰ ਯਕਦਮ ਸਿੱਖਾਂ ਉੱਤੇ ਹੱਲਾ ਬੋਲਣ ਦਾ ਹੁਕਮ ਦਿੱਤਾ। ਵੈਰੀ (ਸਿੱਖ) ਨੱਸੇ। 2-3 ਕੋਹ ਬਾਅਦ ਗਾਜ਼ੀ ਪਿੱਛੇ ਮੁੜੇ ਤਾਂ ਸਿੱਖ ਫਿਰ ਉਨ੍ਹਾਂ ਉੱਤੇ ਟੁੱਟ ਪਏ। ਸੂਰਜ ਡੁੱਬਣ ਤੱਕ ਲੜਾਈ ਹੁੰਦੀ ਰਹੀ। ਤੇਗਾਂ, ਤੀਰਾਂ, ਬੰਦੂਕਾਂ ਨਾਲ ਕਈ... (ਸਿੱਖ) ਮਾਰੇ ਗਏ।
ਤੀਜੇ ਦਿਨ ਸ਼ਾਹੀ ਹੁਕਮ ਨਾਲ ਸੈਨਾ ਨੇ ਫਿਰ ਕੂਚ ਸ਼ੁਰੂ ਕੀਤਾ। 5-6 ਕੋਹ ਹੀ ਚੱਲੇ ਕਿ ਸਿੱਖਾਂ ਨੇ ਹੱਲਾ ਕਰਕੇ ਰਾਹ ਰੋਕ ਲਿਆ। ਸਾਰਾ ਦਿਨ ਸਿੱਖਾਂ ਦੇ ਭੱਜਣ ਤੇ ਮੁੜ ਆ ਪੈਣ ਦੀ ਖੇਡ ਚਲਦੀ ਰਹੀ। ਰਾਤ ਪਏ ਲੜਾਈ ਬੰਦ ਹੋਈ। ਚੌਥੇ, ਪੰਜਵੇਂ ਤੇ ਛੇਵੇਂ ਦਿਨ ਵੀ ਇਉਂ ਹੀ ਹੁੰਦਾ ਰਿਹਾ। ਸੱਤਵੇਂ ਦਿਨ ਬਿਆਸ ਕੰਢੇ ਪਹੁੰਚੇ। ਪਾਤਸ਼ਾਹ ਨੇ ਪਹਿਲਾਂ ਮਾਲ ਲੱਦੇ ਊਠ, ਔਰਤਾਂ, ਬੱਚੇ, ਡੰਗਰ, ਵਪਾਰੀ, ਨੌਕਰ-ਚਾਕਰ ਪਹਿਲਾਂ ਪਰਲੇ ਪਾਰ ਜਾਣ ਦੀ ਆਗਿਆ ਦਿੱਤੀ। ਉਨ੍ਹਾਂ ਦੇ ਪਾਰ ਹੋਣ ਪਿੱਛੋਂ ਲਸ਼ਕਰ ਲੈ ਕੇ ਪਾਤਸ਼ਾਹ ਪਾਰ ਲੰਘਣ ਲਈ ਤਿਆਰ ਹੋਇਆ ਤਾਂ ਖ਼ਬਰ ਮਿਲੀ ਕਿ ਸਿੱਖ ਆ ਪਏ ਹਨ। ਤੀਹ ਹਜ਼ਾਰ ਸੈਨਿਕ ਉਥੇ ਹੀ ਡਟ ਗਿਆ। ਪਾਤਸ਼ਾਹ ਨੇ ਪਹਿਲਾਂ ਵਾਂਗ ਸਭ ਨੂੰ ਆਪਣੇ ਸੁਰੱਖਿਅਤ ਪੈਂਤੜੇ/ਮੋਰਚੇ ਤੋਂ ਲੜਨ ਦਾ ਹੁਕਮ ਦਿੱਤਾ। ਸਿੱਖ ਉਨ੍ਹਾਂ ਦੇ ਟਿਕਾਣੇ ਉੱਤੇ ਆ ਧਮਕੇ। ਨਾਸਿਰ ਖਾਨ ਨੇ ਭਜਾਏ ਉਹ। ਪੰਜ-ਛੇ ਕੋਹ ਤੱਕ ਉਨ੍ਹਾਂ ਨੂੰ ਭਜਾ ਕੇ ਉਹ ਵਾਪਸ ਮੁੜਿਆ। ਪਹਿਲਾਂ ਪਾਤਸ਼ਾਹ ਤੇ ਉਸ ਦੀ ਫੌਜ ਬਿਆਸ ਤੋਂ ਪਾਰ ਹੋਈ। ਉਸ ਪਿੱਛੋਂ ਨਾਸਿਰ ਖਾਨ ਤੇ ਉਸ ਦੀ ਬਲੋਚ ਫੌਜ। ਬਿਆਸ ਲੰਘ ਕੇ ਪਾਤਸ਼ਾਹ ਕਿਤੇ ਰੁਕਦਾ ਨਹੀਂ। ਵਾਪਸੀ ਲਈ ਰਾਵੀ ਤੱਕ ਜਾਂਦਾ ਹੈ।
ਰਾਵੀ ਕੰਢੇ ਪਹੁੰਚ ਕੇ ਉਸ ਨੇ ਸਰਹੰਦ ਤੋਂ ਆਪਣੇ ਨਾਲ ਤੋਰੇ ਬਾਬਾ ਆਲਾ ਸਿੰਘ ਨੂੰ ਵਾਪਸ ਭੇਜ ਦਿੱਤਾ। ਪ੍ਰਤੀਤ ਹੁੰਦਾ ਹੈ ਕਿ ਉਸ ਨੇ ਬਾਬੇ ਨੂੰ ਇਸ ਲਈ ਨਾਲ ਰੱਖਿਆ ਸੀ ਕਿ ਜੇ ਸਿੱਖਾਂ ਨਾਲ ਟੱਕਰ ਵਿਚ ਬੁਰੀ ਸਥਿਤੀ ਵਿਚ ਫਸ ਗਿਆ ਤਾਂ ਬਾਬੇ ਰਾਹੀਂ ਸਿੱਖਾਂ ਤੋਂ ਜਾਨ ਛੁਡਾ ਲਵਾਂਗਾ। ਸਿੱਖ ਤਾਂ ਬਿਆਸ ਕੋਲੋਂ ਹੀ ਵਾਪਸ ਮੁੜ ਗਏ ਸਨ। ਵਿਸਾਖੀ ਨੇੜੇ ਆ ਰਹੀ ਸੀ। ਉਹ ਟੱਬਰ ਟੀਰ ਸਮੇਤ ਵਿਸਾਖੀ ਅੰਮ੍ਰਿਤਸਰ ਮਨਾਉਣੀ ਚਾਹੁੰਦੇ ਸਨ।
(ਬਾਕੀ ਅਗਲੇ ਮੰਗਲਵਾਰ ਦੇ ਧਰਮ ਤੇ ਵਿਰਸਾ ਅੰਕ 'ਚ)


-ਹਾਊਸ ਨੰ: 2, ਸਟਰੀਟ ਨੰ: 9, ਗੁਰੂ ਨਾਨਕ ਨਗਰ, ਪਟਿਆਲਾ।

ਸ਼ੇਖ ਫ਼ਰੀਦੁਦੀਨ ਦੀ ਪੁਸਤਕ

ਪੰਛੀਆਂ ਦੀ ਮਜਲਿਸ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਧਰਮ ਤੇ ਵਿਰਸਾ ਅੰਕ ਦੇਖੋ)
ਚਲਦੇ ਬਿਰਤਾਂਤ ਵਿਚ ਜਿਸ ਵਿਚਾਰ ਨਾਲ ਮਿਲਦੀ ਕੋਈ ਤੁਕ ਉਸ ਨੂੰ ਢੁਕਵੀਂ ਜਾਪੀ ਹੈ, ਉਸ ਨੇ ਪੈਰ ਟਿੱਪਣੀ ਵਿਚ ਦੇ ਦਿੱਤੀ ਹੈ। ਇਕ-ਦੋ ਥਾਵਾਂ ਉੱਪਰ ਜਨਮ ਸਾਖੀ ਵਿਚੋਂ ਕੁਝ ਸਾਖੀਆਂ ਵੀ ਉਦਰਿਤ ਕੀਤੀਆਂ ਗਈਆਂ ਹਨ। ਅਜਿਹਾ ਕਰਨ ਨਾਲ ਜਿਥੇ ਸੂਫ਼ੀਵਾਦ ਅਤੇ ਗੁਰਮਤਿ ਦੀ ਆਪਸੀ ਸਾਂਝ ਸਥਾਪਿਤ ਹੁੰਦੀ ਹੈ, ਉਥੇ ਵਿਚਾਰਾਂ ਵਿਚ ਹੋਰ ਸਪੱਸ਼ਟਤਾ ਵੀ ਆ ਗਈ ਹੈ।
ਈਰਾਨ ਦੀ ਧਰਤੀ ਉਪਰ ਅਤੇ ਓਪਰੀ ਜ਼ੁਬਾਨ ਵਿਚ ਲਿਖੀ ਗਈ ਪੰਛੀਆਂ ਦੀ ਮਜਲਿਸ ਦਾ ਅਨੁਵਾਦਕ ਨੇ ਪੰਜਾਬੀਕਰਨ ਕਰਕੇ ਇਸ ਨੂੰ ਪੰਜਾਬੀਅਤ ਦੇ ਨੇੜੇ ਲੈ ਆਂਦਾ ਹੈ। ਇਸ ਪੁਸਤਕ ਵਿਚ ਮੁੱਖ ਪੰਛੀ ਹੁਦਹੁਦ (ਚੱਕੀਰਾਹ) ਹੈ, ਜਿਸ ਦੇ ਸਿਰ ਉਪਰ ਖੰਭਾਂ ਨਾਲ ਕਲਗੀ ਦਾ ਅਕਾਰ ਬਣਿਆ ਹੁੰਦਾ ਹੈ। ਜਿੰਨੇ ਵੀ ਸ਼ੰਕੇ, ਜਿਗਿਆਸਾਵਾਂ ਸੂਰਮਾ ਅਤੇ ਸੁਆਲ ਪੰਛੀਆਂ ਦੇ ਮਨਾਂ ਵਿਚ ਪੈਦਾ ਹੁੰਦੇ ਹਨ, ਉਨ੍ਹਾਂ ਦਾ ਨਿਵਾਰਨ ਹੁਦਹੁਦ ਹੀ ਕਰਦਾ ਹੈ। ਇਹ ਹੁਦਹੁਦ, ਅਸਲ ਵਿਚ ਫ਼ਰੀਦੁੱਦੀਨ ਅੱਤਾਰ ਆਪ ਹੈ। ਹੋਰ ਪੰਛੀਆਂ ਵਿਚ ਮੋਰ, ਹੁਮਾ, ਬਾਜ਼, ਬੁਲਬੁਲ, ਬਗਲਾ ਅਤੇ ਚਿੜੀ ਆਦਿ ਹਨ। ਇੰਜ 'ਮਨਤਿਕ-ਉਲ-ਤੈਰ' ਅਜਿਹੀ ਰਚਨਾ ਹੈ, ਜਿਸ ਵਿਚ ਅੱਤਾਰ ਨੇ ਸੂਫ਼ੀਵਾਦ ਅਤੇ ਸੂਫ਼ੀ ਸਾਧਨਾ ਦੇ ਮਸਲੇ ਪੰਛੀਆਂ ਦੇ ਰੂਪਕਾਂ, ਰਮਜ਼ਾਂ ਅਤੇ ਪ੍ਰਤੀਕਾਂ ਰਾਹੀਂ ਸਮਝਾਉਣ ਦਾ ਯਤਨ ਕੀਤਾ ਹੈ। ਸੂਫ਼ੀਵਾਦ ਅਤੇ ਇਸਲਾਮ ਦੇ ਇਤਿਹਾਸਕ ਅਤੇ ਮਿਥਿਹਾਸਕ ਪਾਤਰ ਵੀ ਕਈ ਥਾਈਂ ਹਾਜ਼ਰੀ ਲਗਵਾਉਂਦੇ ਹਨ, ਜਿਨ੍ਹਾਂ ਵਿਚੋਂ ਮੂਸਾ, ਸ਼ਿਬਲੀ, ਜਬਰਾਈਲ, ਅਯਾਜ, ਰਾਬਿਆ, ਅਲੀ ਤੇ ਅਬੂ ਬਕਰ ਆਦਿ ਦੇ ਨਾਂਅ ਲਏ ਜਾ ਸਕਦੇ ਹਨ। ਸਿਲਸਿਲਾ ਚਿਸ਼ਤੀਆਂ ਵਿਚ ਸਮਾਅ ਦੇ ਸਮਾਗਮਾਂ ਵਿਚ ਜਿਨ੍ਹਾਂ ਸੂਫ਼ੀ ਸ਼ਾਇਰਾਂ ਦਾ ਕਲਾਮ ਗਾਇਆ ਜਾਂਦਾ ਹੈ, ਉਨ੍ਹਾਂ ਵਿਚ ਅੱਤਾਰ ਵੀ ਸ਼ਾਮਿਲ ਹੈ।
ਪੰਛੀਆਂ ਦੀ ਮਜਲਿਸ ਪੁਸਤਕ ਬਾਰੇ ਇਕ ਖਾਸ ਗੱਲ ਇਹ ਹੈ ਕਿ ਇਸ ਨੂੰ ਪੰਜਾਬੀ ਪਾਠਕਾਂ ਨੇ ਬੇਹੱਦ ਪਸੰਦ ਕੀਤਾ ਹੈ। ਇਸ ਦਾ ਪਹਿਲਾ ਸੰਸਕਰਣ ਅਕਤੂਬਰ, 2017 ਵਿਚ ਛਪਿਆ ਸੀ ਅਤੇ ਦੂਜਾ ਜਨਵਰੀ, 2018 ਵਿਚ। ਕੇਵਲ ਚਾਰ ਮਹੀਨਿਆਂ ਵਿਚ ਹੀ ਦੂਜਾ ਸੰਸਕਰਣ ਛਪਣ ਦਾ ਅਰਥ ਇਹ ਹੈ ਕਿ ਰਹੱਸਵਾਦੀ ਅਤੇ ਅਧਿਆਤਮਕ ਸਾਹਿਤ ਵਿਚ ਰੁਚੀ ਰੱਖਣ ਵਾਲੇ ਪਾਠਕ ਇਸ ਨੂੰ ਹੱਥੋ-ਹੱਥ ਲੈ ਰਹੇ ਹਨ। ਜਗਦੀਪ ਸਿੰਘ ਦੇੇ ਦੱਸਣ ਮੁਤਾਬਿਕ ਇਸ ਦਾ ਅਨੁਵਾਦ ਚਾਰ ਅੰਗਰੇਜ਼ੀ ਅਤੇ ਇਕ ਫ਼ਾਰਸੀ ਅਨੁਵਾਦ ਨੂੰ ਆਧਾਰ ਬਣਾ ਕੇ ਪੂਰੀ ਦੀ ਪੂਰੀ ਕਿਤਾਬ ਦਾ ਕੀਤਾ ਗਿਆ ਹੈ। 'ਪੰਛੀਆਂ ਦੀ ਮਜਲਿਸ' ਛਪਣ ਤੋਂ ਪਹਿਲਾਂ 'ਮੰਤਿਕੁਤੈਰ' ਦਾ ਖੁਲਾਸਾ-ਨੁਮਾ ਪੰਜਾਬੀ ਤਰਜਮਾ, ਕਾਫੀ ਚਿਰ ਹੋਇਆ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਲੋਂ ਛਪਿਆ ਸੀ ਪਰ ਮੁਕੰਮਲ ਤਰਜਮਾ ਇਹੋ ਹੀ ਹੈ। ਆਸ ਹੈ ਕਿ ਪੰਜਾਬੀ ਸੂਫ਼ੀ ਕਾਵਿ ਵਿਚ ਅਗਲੇਰੀ ਖੋਜ ਲਈ ਸੇਖ ਫ਼ਰੀਦੁੱਦੀਨ ਅੱਤਾਰ ਅਤੇ ਉਸ ਦੀ ਇਹ ਪੁਸਤਕ ਸ਼ੋਹਰਤ ਕਾਰਨ ਖੋਜਕਾਰਾਂ ਦੇ ਕੰਮ ਆਵੇਗੀ।


-ਮੋਬਾ: 98889-39808

ਸ਼ਬਦ ਵਿਚਾਰ

ਤਿਚਰੁ ਵਸਹਿ ਸੁਹੇਲੜੀ ਜਿਚਰੁ ਸਾਥੀ ਨਾਲਿ॥

ਸਿਰੀਰਾਗੁ ਮਹਲਾ ੫
ਤਿਚਰੁ ਵਸਹਿ ਸੁਹੇਲੜੀ
ਜਿਚਰੁ ਸਾਥੀ ਨਾਲਿ॥
ਜਾ ਸਾਥੀ ਉਠੀ ਚਲਿਆ
ਤਾ ਧਨ ਖਾਕੂ ਰਾਲਿ॥ ੧॥
ਮਨਿ ਬੈਰਾਗੁ ਭਇਆ
ਦਰਸਨੁ ਦੇਖਣੈ ਕਾ ਚਾਉ॥
ਧੰਨੁ ਸੁ ਤੇਰਾ ਥਾਨੁ॥ ੧॥ ਰਹਾਉ॥
ਜਿਚਰੁ ਵਸਿਆ ਕੰਤੁ ਘਰਿ
ਜੀਉ ਜੀਉ ਸਭਿ ਕਹਾਤਿ॥
ਜਾ ਉਠੀ ਚਲਸੀ ਕੰਤੜਾ
ਤਾ ਕੋਇ ਨ ਪੁਛੈ ਤੇਰੀ ਬਾਤ॥ ੨॥
ਪੇਈਅੜੈ ਸਹੁ ਸੇਵਿ ਤੂੰ
ਸਾਹੁਰੜੈ ਸੁਖਿ ਵਸੁ॥
ਗੁਰ ਮਿਲਿ ਚਜੁ ਅਚਾਰੁ ਸਿਖੁ
ਤੁਧੁ ਕਦੇ ਨ ਲਗੈ ਦੁਖੁ॥ ੩॥
ਸਭਨਾ ਸਾਹੁਰੈ ਵੰਞਣਾ
ਸਭਿ ਮੁਕਲਾਵਣਹਾਰ॥
ਨਾਨਕ ਧੰਨੁ ਸੋਹਾਗਣੀ
ਜਿਨ ਸਹ ਨਾਲਿ ਪਿਆਰੁ॥ ੪॥ ੨੩॥ ੯੩॥
(ਅੰਗ 50-51)
ਪਦ ਅਰਥ : ਤਿਚਰੁ-ਉਤਨਾ ਚਿਰ। ਸੁਹੇਲੜੀ-ਸੁਖੀ, ਸੌਖੀ। ਜਿਚਰੁ-ਜਿੰਨਾ ਚਿਰ। ਸਾਥੀ-ਸੰਗੀ, ਜੀਵਾਤਮਾ। ਧਨ-ਇਸਤਰੀ, ਕਾਇਆਂ। ਖਾਕੂ ਰਾਲਿ-ਮਿੱਟੀ ਵਿਚ ਰਲ ਜਾਵੇਂਗੀ। ਬੈਰਾਗੁ-ਪਿਆਰ ਪੈਦਾ ਹੋਇਆ ਹੈ। ਦਰਸਨੁ ਦੇਖਣੈ ਕਾ ਚਾਉ-ਦਰਸ਼ਨ ਕਰਨ ਦੀ ਤਾਂਘ। ਥਾਨੁ-ਸਥਾਨ। ਜਿਚਰੁ-ਜਿੰਨੀ ਦੇਰ ਤੱਕ। ਕੰਤੁ-ਪਤੀ, ਜੀਵਾਤਮਾ। ਘਰਿ-ਸਰੀਰ ਵਿਚ। ਵਸਿਆ-ਵਸ ਰਿਹਾ ਹੈ। ਜੀਉ ਜੀਉ-ਜੀ ਜੀ ਕਰ ਕੇ। ਸਭਿ ਕਹਾਤਿ-ਸਾਰੇ ਆਖਦੇ ਹਨ। ਜਾ-ਜਦੋਂ। ਉਠੀ ਚਲਸੀ ਕੰਤੜਾ-ਤੇਰਾ ਕੰਤ ਅਰਥਾਤ ਜੀਵਾਤਮਾ ਉਠ ਕੇ ਤੁਰ ਪਵੇਗਾ। ਤਾ ਕੋਇ-ਤਾਂ ਕਿਸੇ ਨੇ ਵੀ। ਨ ਪੁਛੈ ਤੇਰੀ ਬਾਤ-ਤੇਰੀ ਬਾਤ ਨਹੀਂ ਪੁੱਛਣੀ।
ਪੇਈਅੜੈ-ਪੇਕੇ ਘਰ ਵਿਚ, ਇਸ ਲੋਕ ਵਿਚ। ਸਹੁ-ਮਾਲਕ ਪ੍ਰਭੂ। ਸੇਵਿ-ਸਿਮਰ। ਸਾਹੁਰੜੈ-ਸਹੁਰੇ ਘਰ ਵਿਚ, ਪਰਲੋਕ ਵਿਚ। ਸੁਖਿ ਵਸੁ-ਸੁਖੀ ਵਸੇਂਗੀ। ਚਜੁ-ਜੀਵਨ ਜਾਚ। ਅਚਾਰੁ-ਚੰਗਾ ਆਚਰਣ। ਨ ਲਗੈ ਦੁਖੁ-ਕੋਈ ਦੁੱਖ ਨਹੀਂ ਵਿਆਪੇਗਾ। ਸਭਨਾ-ਸਭ (ਜੀਵ-ਇਸਤਰੀਆਂ) ਨੇ। ਸਾਹੁਰੈ-ਪਰਲੋਕ ਵਿਚ। ਵੰਞਣਾ-ਜਾਣਾ ਹੈ। ਸਭਿ ਮੁਕਲਾਵਣਹਾਰ-ਸਭ ਨੇ ਮੁਕਲਾਵੇ ਜਾਣਾ ਹੈ, ਸਹੁਰੇ (ਪਰਲੋਕ) ਤੁਰ ਜਾਣਾ ਹੈ। ਧੰਨੁ-ਇਸਤਰੀ। ਸੋਹਾਗਣੀ-ਸੁਹਾਗ ਵਾਲੀ। ਜਿਨ-ਜਿਸ ਦਾ। ਸਹ-ਮਾਲਕ ਪ੍ਰਭੂ।
ਜਦੋਂ ਪ੍ਰਭੂ ਦੀ ਬੇਅੰਤਤਾ ਨੂੰ ਦੇਖ ਕੇ ਮਨੁੱਖ ਦੇ ਮਨ ਅੰਦਰ ਪ੍ਰਭੂ ਦੇ ਦਰਸ਼ਨਾਂ ਲਈ ਤਾਂਘ ਪੈਦਾ ਹੁੰਦੀ ਹੈ ਤਾਂ ਉਸ ਦੇ ਮਨ ਵਿਚ ਇਹ ਅਹਿਸਾਸ ਪੈਦਾ ਹੁੰਦਾ ਹੈ ਕਿ ਜਿੰਨੀ ਦੇਰ ਸੁਆਸ ਚਲਦੇ ਹਨ, ਜੇਕਰ ਉਸ ਵੇਲੇ ਮਨੁੱਖ ਪਰਮਾਤਮਾ ਨੂੰ ਚੇਤੇ ਨਹੀਂ ਕਰਦਾ ਤਾਂ ਅੱਗੇ ਪਰਲੋਕ ਵਿਚ ਜਾ ਕੇ ਜੀਵ ਕੀ ਕਰੇਗਾ? ਵਿਹਾਗੜੇ ਕੀ ਵਾਰ ਮਹਲਾ ੪ ਵਿਚ ਗੁਰੂ ਅਮਰ ਦਾਸ ਜੀ ਦਾ ਸਲੋਕ ਅੰਕਿਤ ਹੈ, ਜਿਸ ਵਿਚ ਆਪ ਜੀ ਦੇ ਪਾਵਨ ਬਚਨ ਹਨ-
ਜਿਚਰੁ ਵਿਚਿ ਦੰਮੁ ਹੈ ਤਿਚਰੁ ਨ ਚੇਤਈ
ਕਿ ਕਰੇਗੁ ਅਗੈ ਜਾਇ॥ (ਅੰਗ 556)
ਦੰਮੁ-ਸੁਆਸ ਹਨ। ਨ ਚੇਤਈ-ਚੇਤੇ ਨਹੀਂ ਕਰਦਾ। ਕਰੇਗੁ-ਕਰੇਂਗਾ। ਅਗੈ-ਪਰਲੋਕ ਵਿਚ।
ਮਨੁੱਖ ਜੋ ਕੁਝ ਇਸ ਸੰਸਾਰ ਵਿਚ ਕਰਮ ਕਰਦਾ ਹੈ, ਅੱਗੇ ਪਰਲੋਕ ਵਿਚ ਜਾ ਕੇ ਉਸ ਦਾ ਹੀ ਇਸ ਨੂੰ ਫਲ ਮਿਲਦਾ ਹੈ-
ਨਾਨਕ ਏਥੈ ਕਮਾਵੈ ਸੋ ਮਿਲੈ
ਅਗੈ ਪਾਏ ਜਾਇ॥ (ਅੰਗ 556)
ਹੇ ਮੇਰੀ ਕਾਇਆ, ਤੂੰ ਮਾਇਆ ਦੀ ਨੀਂਦ ਵਿਚ ਹੀ ਮਸਤ ਸੁੱਤੀ ਰਹੀ। (ਤੈਨੂੰ ਇਸ ਗੱਲ ਦੀ ਸੋਝੀ ਹੀ ਨਾ ਰਹੀ) ਕਿ ਤੂੰ ਕੀ ਕਰਮ ਕਰ ਰਹੀ ਹੈਂ? ਚੋਰੀ ਕਰ ਕੇ ਤੂੰ ਜੋ ਕੁਝ ਵੀ ਲਿਆਂਦਾ (ਹੇ ਜਿੰਦੇ) ਉਹ ਤੇਰੇ ਮਨ ਨੂੰ ਚੰਗਾ ਲਗਦਾ ਰਿਹਾ। ਫ਼ਲਸਰੂਪ ਤੈਨੂੰ ਨਾ ਹੀ ਇਸ ਲੋਕ ਵਿਚ ਸੋਭਾ ਮਿਲੀ ਅਤੇ ਨਾ ਹੀ ਪਰਲੋਕ ਵਿਚ ਕਿਸੇ ਪ੍ਰਕਾਰ ਦਾ ਆਸਰਾ। ਇਸ ਪ੍ਰਕਾਰ ਤੂੰ ਆਪਣਾ (ਮਨੁੱਖਾ) ਜਨਮ ਵਿਅਰਥ ਹੀ ਗੁਆ ਲਿਆ। ਰਾਗੁ ਗਉੜੀ ਵਿਚ ਜਗਤ ਗੁਰੂ ਬਾਬਾ ਦੇ ਪਾਵਨ ਬਚਨ ਹਨ-
ਤੂੰ ਕਾਇਆ ਰਹੀਅਹਿ ਸੁਪਨੰਤਰਿ
ਤੁਧੁ ਕਿਆ ਕਰਮ ਕਮਾਇਆ॥
ਕਰਿ ਚੋਰੀ ਮੈ ਜਾ ਕਿਛੁ ਲੀਆ
ਤਾ ਮਨਿ ਭਲਾ ਭਾਇਆ॥
ਹਲਤਿ ਨ ਸੋਭਾ ਪਲਤਿ ਨ ਢੋਈ
ਅਹਿਲਾ ਜਨਮੁ ਗਵਾਇਆ॥
(ਅੰਗ 155)
ਸੁਪਨੰਤਰਿ-ਸੁਪਨੇ ਵਿਚ। ਮਨਿ ਭਲਾ ਭਾਇਆ-ਮਨ ਵਿਚ ਭਲਾ ਭਾਉਂਦਾ ਰਿਹਾ, ਮਨ ਨੂੰ ਚੰਗਾ ਲੱਗਦਾ ਰਿਹਾ। ਹਲਤਿ ਨ ਸੋਭਾ-ਨਾ ਇਸ ਲੋਕ ਵਿਚ ਸੋਭਾ ਮਿਲੀ। ਪਲਤਿ ਨ ਢੋਈ-ਨਾ ਹੀ ਪਰਲੋਕ ਵਿਚ ਆਸਰਾ ਮਿਲਿਆ।
ਪਰ ਜੋ ਜੀਵ-ਇਸਤਰੀ ਪੇਕੇ ਅਤੇ ਸਹੁਰੇ ਅਰਥਾਤ ਲੋਕ ਅਤੇ ਪਰਲੋਕ ਵਿਚ ਮਾਲਕ ਦੀ ਹੋ ਕੇ ਰਹਿੰਦੀ ਹੈ, ਉਹ ਸੁਹਾਗਣ ਇਸਤਰੀ ਅਪਹੁੰਚ ਅਤੇ ਡੂੰਘੇ ਬੇਪ੍ਰਵਾਹ ਪ੍ਰਭੂ ਨੂੰ ਪਿਆਰੀ ਲਗਦੀ ਹੈ ਅਤੇ ਧੰਨਤਾ ਯੋਗ ਹੈ। ਜਗਤ ਗੁਰੂ ਬਾਬੇ ਦਾ ਰਾਗ ਮਾਰੂ ਕੀ ਵਾਰ ਮਹਲਾ ੩ ਦੀ 6ਵੀਂ ਪਉੜੀ ਨਾਲ ਸਲੋਕ ਅੰਕਿਤ ਹੈ-
ਸਸੁਰੈ ਪੇਈਐ ਕੰਤ ਕੀ
ਕੰਤੁ ਅਗੰਮੁ ਅਥਾਹੁ॥
ਨਾਨਕ ਧੰਨੁ ਸੁੋਹਾਗਣੀ
ਜੋ ਭਾਵਹਿ ਵੇਪਰਵਾਹ॥
(ਅੰਗ 1088)
ਕੰਤੁ-ਮਾਲਕ ਪ੍ਰਭੂ। ਅਗੰਮੁ ਅਥਾਹੁ-ਅਪਹੁੰਚ ਅਤੇ ਡੂੰਘੇ ਬੇਪ੍ਰਵਾਹ ਪ੍ਰਭੂ ਨੂੰ।
ਸ਼ੇਖ ਫ਼ਰੀਦ ਜੀ ਦ੍ਰਿੜ੍ਹ ਕਰਵਾ ਰਹੇ ਹਨ ਕਿ ਜਿਸ ਇਸਤਰੀ ਦਾ ਮਾਲਕ ਉਸ ਦੀ ਕੋਈ ਬਾਤ ਤੱਕ ਨਹੀਂ ਪੁੱਛਦਾ, ਅਜਿਹੀ ਇਸਤਰੀ ਭਾਵੇਂ ਆਪਣਾ ਨਾਂਅ ਸੁਹਾਗਣ ਰੱਖਦੀ ਫਿਰੇ, ਉਸ ਨੂੰ ਨਾ ਸਹੁਰੇ ਘਰ ਵਿਚ ਢੋਈ ਮਿਲਦੀ ਹੈ ਅਤੇ ਨਾ ਹੀ ਪੇਕੇ ਘਰ ਵਿਚ ਕੋਈ ਉਸ ਦੀ ਪੁੱਛ-ਪ੍ਰਤੀਤ ਹੁੰਦੀ ਹੈ (ਭਾਵ ਲੋਕ-ਪਰਲੋਕ ਵਿਚ ਉਸ ਦੀ ਕੋਈ ਸੋਭਾ ਨਹੀਂ ਹੁੰਦੀ)-
ਸਾਹੁਰੈ ਢੋਈ ਨਾ ਲਹੈ
ਪੇਈਐ ਨਾਹੀ ਥਾਉ॥
ਪਿਰੁ ਵਾਤੜੀ ਨ ਪੁਛਈ ਧਨ ਸੋਹਾਗਣਿ ਨਾਉ॥
(ਸਲੋਕ ਨੰ: 31, ਅੰਗ 1379)
ਵਾਤੜੀ-ਬਾਤ।
ਰਾਗੁ ਸੂਹੀ ਕੀ ਵਾਰ ਮਹਲਾ ੩ ਦੀ ਪਹਿਲੀ ਪਉੜੀ ਨਾਲ ਆਪ ਦਾ ਸਲੋਕ ਅੰਕਿਤ ਹੈ, ਜਿਸ ਵਿਚ ਗੁਰੂ ਜੀ ਦੇ ਪਾਵਨ ਬਚਨ ਹਨ ਕਿ ਪਰਮਾਤਮਾ ਦੀ ਆਗਿਆ ਵਿਚ ਰਹਿਣ ਵਾਲੀ ਜੀਵ ਇਸਤਰੀ ਸਦਾ ਸੁਹਾਗਣ ਹੈ, ਜਿਸ ਨੂੰ ਕਰਤਾਰ ਨੇ ਆਪਣੇ ਨਾਲ ਆਪ ਮਿਲਾ ਲਿਆ ਹੁੰਦਾ ਹੈ। ਇਸ ਪ੍ਰਕਾਰ ਇਸ ਜੀਵ-ਇਸਤਰੀ ਨੂੰ ਸਦਾ ਥਿਰ ਪ੍ਰਭੂ ਨਾਲ ਮਿਲਾਪ ਹੋ ਗਿਆ ਹੈ। ਉਹ ਜੀਵ ਇਸਤਰੀ ਮਾਨੋ ਸਦਾ ਸੁਹਾਗਣ ਹੈ-
ਆਗਿਆਕਾਰੀ ਸਦਾ ਸੁੋਹਾਗਣਿ
ਆਪਿ ਮੇਲੀ ਕਰਤਾਰਿ॥
ਨਾਨਕ ਪਿਰੁ ਪਾਇਆ ਹਰਿ ਸਾਚਾ
ਸਦਾ ਸੋੁਹਾਗਣਿ ਨਾਰਿ॥ (ਅੰਗ 785)
ਸ਼ਬਦ ਦੇ ਅੱਖਰੀਂ ਅਰਥ : (ਹੇ ਕਾਇਆਂ) ਤੂੰ ਓਨੀ ਦੇਰ ਹੀ ਸੌਖੀ ਅਰਥਾਤ ਸੁਖੀ ਵਸੇਂਗੀ, ਜਿੰਨੀ ਦੇਰ ਤੇਰਾ ਸਾਥੀ (ਜੀਵਾਤਮਾ) ਤੇਰੇ ਨਾਲ ਹੈ। ਜਦੋਂ ਇਹ ਜੀਵਾਤਮਾ ਉਠ ਕੇ ਚਲੇ ਜਾਵੇਗਾ ਤਾਂ ਤੂੰ ਮਿੱਟੀ ਵਿਚ ਰੁਲ ਜਾਵੇਂਗੀ। (ਇਸ ਮਨੁੱਖੀ ਦਸ਼ਾ ਨੂੰ ਦੇਖ ਕੇ) ਮਨ ਵਿਚ ਵੈਰਾਗ ਅਥਵਾ ਪ੍ਰੇਮ ਪੈਦਾ ਹੋ ਗਿਆ ਹੈ ਅਤੇ ਮਨ ਵਿਚ ਪ੍ਰਭੂ ਦਰਸ਼ਨਾਂ ਲਈ ਤਾਂਘ ਪੈਦਾ ਹੋ ਗਈ ਹੈ ਕਿ ਹੇ ਪ੍ਰਭੂ, ਧੰਨ ਹੈ ਉਹ ਸਥਾਨ (ਜਿਥੇ ਤੂੰ ਵਸਦਾ ਹੈਂ)।
ਹੇ ਪ੍ਰਾਣੀ, ਜਿੰਨੀ ਦੇਰ ਜੀਵਾਤਮਾ ਤੇਰੇ ਘਰ ਵਿਚ ਵਸਦਾ ਹੈ, ਸਭ ਤੈਨੂੰ 'ਜੀ-ਜੀ' ਕਰ ਕੇ ਆਖਦੇ ਹਨ ਪਰ ਜਦੋਂ ਜੀਵਾਤਮਾ (ਤੇਰੇ ਅੰਦਰੋਂ) ਉਠ ਕੇ ਤੁਰ ਪਵੇਗਾ ਤਾਂ ਕੋਈ ਵੀ ਤੇਰੀ ਬਾਤ ਨਹੀਂ ਪੁੱਛੇਗਾ, ਸਾਰ ਨਹੀਂ ਲਵੇਗਾ। ਇਸ ਲਈ ਹੇ ਜਿੰਦੇ, ਜਿੰਨੀ ਦੇਰ ਤੂੰ ਪੇਕੇ ਘਰ ਭਾਵ ਇਸ ਲੋਕ (ਸੰਸਾਰ) ਵਿਚ ਹੈਂ, ਮਾਲਕ ਪ੍ਰਭੂ ਦਾ ਸਿਮਰਨ ਕਰਦੀ ਰਹਿ, ਜਿਸ ਨਾਲ ਤੂੰ ਸਹੁਰੇ ਘਰ ਭਾਵ ਪਰਲੋਕ ਵਿਚ ਸੁਖੀ ਵਸੇਂਗੀ। ਹੇ ਭਾਈ, ਗੁਰੂ ਨੂੰ ਮਿਲ ਕੇ ਜੀਵਨ ਜਾਚ ਅਤੇ ਚੰਗਾ ਅਚਾਰਨ ਬਣਾਉਣਾ ਸਿੱਖ, ਜਿਸ ਸਦਕਾ ਤੈਨੂੰ ਫਿਰ ਕਦੇ ਦੁੱਖ ਨਹੀਂ ਲੱਗਣਗੇ, ਵਿਆਪਣਗੇ।
ਅੰਤਲੀ ਤੁਕ ਵਿਚ ਗੁਰੂ ਜੀ ਸੇਧ ਬਖਸ਼ਿਸ਼ ਕਰ ਰਹੇ ਹਨ ਕਿ ਸਭਨਾਂ ਨੇ (ਆਪੋ-ਆਪਣੀ ਵਾਰੀ) ਸਹੁਰੇ ਘਰ ਭਾਵ ਪਰਲੋਕ ਤੁਰ ਜਾਣਾ ਹੈ, ਸਭਨਾਂ ਨੇ ਮੁਕਲਾਵੇ ਜਾਣਾ ਹੈ। ਉਹ ਜੀਵ-ਇਸਤਰੀਆਂ ਸੁਹਾਗ ਵਾਲੀਆਂ ਹਨ, ਜਿਨ੍ਹਾਂ ਦਾ ਪ੍ਰਭੂ ਨਾਲ ਪਿਆਰ ਹੈ।


-217-ਆਰ, ਮਾਡਲ ਟਾਊਨ, ਜਲੰਧਰ।

ਪ੍ਰੇਰਨਾ-ਸਰੋਤ

ਸਰੀਰ ਵਿਚਾਰਾਂ ਦਾ ਅਤੇ ਵਿਚਾਰ ਆਤਮਾ ਦਾ ਪ੍ਰਤੀਕ ਹਨ

ਗਿਆਨ ਸਾਨੂੰ ਸਿੱਖਿਆ ਦਿੰਦਾ ਹੈ ਕਿ ਸੰਸਾਰ ਨੂੰ ਤਿਆਗਣਾ ਚਾਹੀਦਾ ਹੈ ਪਰ ਛੱਡਣਾ ਨਹੀਂ ਚਾਹੀਦਾ। ਇਸ ਦਾ ਭਾਵ ਹੈ ਕਿ ਸੰਸਾਰ ਵਿਚ ਰਹਿੰਦੇ ਹੋਏ ਹੀ ਇਸ ਦਾ ਮੋਹ ਤਿਆਗ ਕਰੋ। ਸਵਾਮੀ ਵਿਵੇਕਾਨੰਦ 'ਗਿਆਨਯੋਗ ਤੇ ਪ੍ਰਵਚਨ' ਵਿਚ ਲਿਖਦੇ ਹਨ ਕਿ ਸੰਨਿਆਸੀ ਦੀ ਅਸਲ ਕਸੌਟੀ ਹੈ ਸੰਸਾਰ ਵਿਚ ਰਹਿਣਾ ਪਰ ਸੰਸਾਰ ਦਾ ਨਾ ਹੋਣਾ। ਤਿਆਗ ਦੀ ਇਹ ਭਾਵਨਾ ਸਾਰੇ ਧਰਮਾਂ ਵਿਚ ਕਿਸੇ ਨਾ ਕਿਸੇ ਰੂਪ ਵਿਚ ਰਹੀ ਹੈ। ਗਿਆਨ ਦਾ ਇਹ ਦਾਅਵਾ ਹੈ ਕਿ ਅਸੀਂ ਸਾਰਿਆਂ ਨੂੰ ਸਮਭਾਵ ਨਾਲ ਦੇਖੀਏ, ਕੇਵਲ ਸਮਾਨਤਾ ਦਾ ਦਰਸ਼ਨ ਕਰੀਏ। ਪ੍ਰਸੰਸਾ-ਨਿੰਦਿਆ, ਭਲਾ-ਬੁਰਾ, ਗਰਮੀ-ਸਰਦੀ ਸਮਾਨ ਰੂਪ ਵਿਚ ਗ੍ਰਹਿਣ ਕਰਨ ਯੋਗ ਹੋਣੇ ਚਾਹੀਦੇ ਹਨ। ਭਾਰਤ ਦੇ ਅਜਿਹੇ ਕਈ ਮਹਾਂਪੁਰਸ਼ ਹੋਏ ਹਨ, ਜਿਨ੍ਹਾਂ ਬਾਰੇ ਇਹ ਬਿਲਕੁਲ ਸੱਚ ਹੈ। ਉਹ ਬਰਫ਼ੀਲੀਆਂ ਚੋਟੀਆਂ ਅਤੇ ਤਪਦੇ ਰੇਗਿਸਤਾਨਾਂ ਵਿਚ ਵਿਚਰੇ ਹਨ। ਸਭ ਤੋਂ ਪਹਿਲਾਂ ਸਾਨੂੰ ਇਹ ਮਾੜੇ ਸੰਸਕਾਰ ਤਿਆਗਣੇ ਪੈਣਗੇ ਕਿ ਅਸੀਂ ਕੇਵਲ ਦੇਹ ਸਰੀਰ ਜਾਂ ਕਾਇਆ ਹਾਂ। ਸਾਨੂੰ ਇਹ ਵੀ ਤਿਆਗਣਾ ਪਵੇਗਾ ਕਿ ਅਸੀਂ ਮਨ ਹਾਂ। ਸਾਡੇ ਸਰੀਰ ਉਨ੍ਹਾਂ ਵਿਚਾਰਾਂ ਦੇ ਪ੍ਰਤੀਕ ਹਨ, ਜੋ ਉਨ੍ਹਾਂ ਦੇ ਪਿੱਛੇ ਹੁੰਦੇ ਹਨ। ਵਿਚਾਰ ਵੀ ਆਪਣੇ ਪਿੱਛੇ ਕਿਸੇ ਵਸਤੂ ਦੇ ਪ੍ਰਤੀਕ ਹੁੰਦੇ ਹਨ। ਉਹ ਹੀ ਇਕ ਅਸਲ ਸੱਤਾ ਹੈ। ਸਾਡੀ ਆਤਮਾ ਦੀ ਆਤਮਾ, ਵਿਸ਼ਵ ਦੀ ਆਤਮਾ ਸਾਡੇ ਜੀਵਨ ਦਾ ਜੀਵਨ ਸਾਡੀ ਅਸਲ ਆਤਮਾ। ਜਦ ਤੱਕ ਅਸੀਂ ਆਪਣੇ-ਆਪ ਨੂੰ ਉਸ ਤੋਂ ਵੱਖ ਸਮਝਦੇ ਹਾਂ ਤਾਂ ਡਰ ਸਾਡੇ ਨਾਲ ਰਹਿੰਦਾ ਹੈ। ਪਰ ਜਦ ਏਕਤਾ ਹੁੰਦੀ ਹੈ ਭਾਵ ਸਾਡਾ ਆਤਮਾ ਨਾਲ ਅਤੇ ਸਾਡੀ ਆਤਮਾ ਦਾ ਪੂਰੇ ਵਿਸ਼ਵ ਦੀ ਆਤਮਾ ਜਾਂ ਪਰਮਾਤਮਾ ਨਾਲ ਮੇਲ ਹੁੰਦਾ ਹੈ ਤਾਂ ਫਿਰ ਡਰ ਕਿਸ ਦਾ? ਗਿਆਨੀ ਤਾਂ ਕੇਵਲ ਇੱਛਾ ਸ਼ਕਤੀ ਨਾਲ ਹੀ ਜਗਤ ਨੂੰ ਝੂਠਾ ਬਣਾਉਂਦੇ ਹੋਏ ਸਰੀਰ ਅਤੇ ਮਨ ਤੋਂ ਦੂਰ ਹੋ ਜਾਂਦਾ ਹੈ। ਉਹ ਆਤਮਾ ਨੂੰ ਜਾਣ ਲੈਂਦਾ ਹੈ, ਜਿਸ ਨਾਲ ਵਿਚਾਰਾਂ ਦੀ ਸ਼ਕਤੀ ਪੈਦਾ ਹੁੰਦੀ ਹੈ।


-ਸਵਾਮੀ ਵਿਵੇਕਾਨੰਦ ਸਟੱਡੀ ਸਰਕਲ, ਜਲੰਧਰ। ਮੋਬਾ: 94175-50741

ਪਤਿਤਪੁਣੇ ਨੂੰ ਰੋਕਣਾ ਤੇ ਘਰ ਵਾਪਸੀ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਧਰਮ ਤੇ ਵਿਰਸਾ ਅੰਕ ਦੇਖੋ)
ਅੱਜ ਤੋਂ ਕੋਈ 30-40 ਸਾਲ ਪਹਿਲਾਂ ਸਿੱਖ ਧਰਮ ਦੀਆਂ ਸਤਿਕਾਰਯੋਗ ਬੀਬੀਆਂ ਵਾਸਤੇ ਬਹੁਤ ਯਾਦਗਾਰਾਂ ਬਣਾਈਆਂ ਗਈਆਂ ਸਨ ਤੇ ਬਹੁਤ ਸ਼ਰਧਾ ਪ੍ਰਗਟ ਕੀਤੀ ਜਾਂਦੀ ਸੀ ਪਰ ਉਨ੍ਹਾਂ ਦੇ ਨਾਂਅ ਇਸ ਤਰ੍ਹਾਂ ਲਏ ਜਾਂਦੇ ਸਨ-ਮਾਤਾ ਗੁਜਰੀ ਜੀ, ਮਾਤਾ ਸੁੰਦਰੀ ਜੀ, ਮਾਈ ਭਾਗੋ ਜੀ ਆਦਿ। ਹੁਣ ਪਿਛਲੇ ਕੁਝ ਸਾਲਾਂ ਤੋਂ ਮਾਤਾ ਗੁਜਰ ਕੌਰ ਜੀ, ਮਾਤਾ ਸੁੰਦਰ ਕੌਰ ਜੀ ਅਤੇ ਮਾਤਾ ਭਾਗ ਕੌਰ ਜੀ ਲੈਣਾ ਸ਼ੁਰੂ ਕਰ ਦਿੱਤਾ ਹੈ। ਇਹਦੇ ਨਾਲ ਕੀ ਇਹ ਸ਼ਰਧਾ ਵਧਦੀ ਹੈ ਜਾਂ ਕਿ ਸਿਰਫ ਦਿਖਾਵਾ ਹੀ ਹੈ? ਸੋਚਣ ਦੀ ਲੋੜ ਹੈ ਕਿ ਪਿੰਡਾਂ ਵਿਚ ਦਿਖਾਵੇ ਵਾਲੀਆਂ ਗੱਲਾਂ ਛੱਡ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਿੱਤੀ ਹੋਈ ਤਾਲੀਮ ਦਾ ਪ੍ਰਚਾਰ ਕੀਤਾ ਜਾਵੇ। ਥਾਂ-ਥਾਂ 'ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਕਾਮ, ਕ੍ਰੋਧ, ਲੋਭ, ਮੋਹ ਅਤੇ ਹੰਕਾਰ ਨੂੰ ਵੱਡੇ ਔਗੁਣ ਦੱਸਿਆ ਗਿਆ ਹੈ। ਇਸ ਤੋਂ ਲੋਕਾਂ ਨੂੰ ਜਾਣੂ ਕਰਵਾਇਆ ਜਾਵੇ, ਕਿਰਤ ਕਰਨ ਦਾ ਪ੍ਰਚਾਰ ਕੀਤਾ ਜਾਵੇ, ਨਸ਼ਿਆਂ ਤੋਂ ਬਚਾਉਣ ਦੇ ਉਪਰਾਲੇ ਕੀਤੇ ਜਾਣ ਅਤੇ ਸਿੱਖਾਂ ਵਿਚ ਉੱਚ ਤਾਲੀਮ ਹਾਸਲ ਕਰਨ ਤੇ ਰੁਜ਼ਗਾਰ ਹਾਸਲ ਕਰਨ ਦੇ ਮੌਕੇ ਪੈਦਾ ਕੀਤੇ ਜਾਣ। ਗ਼ਰੀਬ ਮਰੀਜ਼ਾਂ ਦਾ ਇਲਾਜ, ਵਿਧਵਾ ਔਰਤਾਂ ਦੀ ਮਾਇਕ ਤੇ ਹੋਰ ਮਦਦ ਕੀਤੀ ਜਾਵੇ। ਬਹੁਤਾ ਦਸਵੰਧ ਇਨ੍ਹਾਂ ਕੰਮਾਂ ਵਿਚ ਹੀ ਖਰਚ ਕੀਤਾ ਜਾਵੇ ਤੇ ਲੋਕਾਂ ਵਿਚ ਆਪੇ ਹੀ ਸ਼ਰਧਾ ਵਧਣੀ ਸ਼ੁਰੂ ਹੋ ਜਾਵੇਗੀ ਤੇ ਪਤਿਤਪੁਣੇ ਨੂੰ ਵੀ ਠੱਲ੍ਹ ਪਵੇਗੀ।
ਇਕ ਹੋਰ ਗੱਲ, ਜੋ ਮੈਂ ਸਮਝਦਾ ਹਾਂ ਕਿ ਬਹੁਤ ਜ਼ਰੂਰੀ ਹੈ, ਉਹ ਇਹ ਹੈ ਕਿ ਸਿੱਖ ਬੱਚਿਆਂ ਨੂੰ ਗੁਰਦੁਆਰਿਆਂ ਵਿਚ ਤਰ੍ਹਾਂ-ਤਰ੍ਹਾਂ ਦੀ ਸੇਵਾ ਕਰਨ ਦੇ ਮੌਕੇ ਦੇਣੇ ਚਾਹੀਦੇ ਹਨ। ਗੁਰਦੁਆਰਾ ਸਾਹਿਬਾਨ ਵਿਚ ਜੋੜਿਆਂ ਦੀ ਸੇਵਾ-ਸੰਭਾਲ ਤਾਂ ਸਿੱਖ ਬੱਚੇ ਕਰਦੇ ਹਨ ਤੇ ਲੰਗਰ ਵੀ ਵਰਤਾਉਂਦੇ ਹਨ ਪਰ ਉਨ੍ਹਾਂ ਨੂੰ ਹੋਰ ਕਿਸੇ ਕੰਮ ਵਿਚ ਸ਼ਾਮਿਲ ਨਹੀਂ ਕੀਤਾ ਜਾਂਦਾ। ਮੇਰੇ ਕਈ ਵਾਕਿਫ਼ ਇਕ ਡੇਰੇ ਦੇ ਸਤਿਸੰਗ ਵਿਚ ਜਾ ਕੇ ਡਿਊਟੀਆਂ ਦਿੰਦੇ ਹਨ ਤੇ ਉਨ੍ਹਾਂ ਦੇ ਚਿਹਰਿਆਂ 'ਤੇ ਡਿਊਟੀਆਂ ਦਾ ਜ਼ਿਕਰ ਕਰਨ ਕਾਰਨ ਐਸੀ ਖੁਸ਼ੀ ਆ ਜਾਂਦੀ ਹੈ ਕਿ ਦੇਖਣ ਵਾਲੀ ਹੁੰਦੀ ਹੈ। ਇਕ 95 ਸਾਲ ਦੇ ਬਜ਼ੁਰਗ ਦਾ ਅਸੀਂ ਅੱਖਾਂ ਦਾ ਆਪ੍ਰੇਸ਼ਨ ਕੀਤਾ। ਉਹ ਕਹਿਣ ਲੱਗਾ ਕਿ ਉਸ ਨੇ ਡਿਊਟੀ ਲਈ ਹੋਈ ਹੈ ਤੇ ਉਹ ਹਰ ਐਤਵਾਰ ਨੂੰ ਸਤਿਸੰਗ ਘਰ ਦਾ ਆਪ ਜਾ ਕੇ ਦਰਵਾਜ਼ਾ ਖੁੱਲ੍ਹਵਾਏਗਾ। ਵੀਰਵਾਰ ਨੂੰ ਉਸ ਦਾ ਆਪ੍ਰੇਸ਼ਨ ਕੀਤਾ ਸੀ ਤੇ ਐਤਵਾਰ ਨੂੰ ਉਹ ਸ਼ਰਧਾ ਦੇ ਕਾਰਨ ਸਤਿਸੰਗ ਘਰ ਵਿਚ ਚਲਾ ਗਿਆ। ਸਾਨੂੰ ਵੀ ਲੋਕਾਂ ਵਿਚ ਅਜਿਹੀ ਸ਼ਰਧਾ ਪੈਦਾ ਕਰਨੀ ਚਾਹੀਦੀ ਹੈ। (ਸਮਾਪਤ)


-ਆਈ ਸਰਜਨ, ਮਿਲਾਪ ਚੌਕ, ਜਲੰਧਰ।
ਮੋਬਾ: 94176-23213

ਗੁਰੂ ਸਾਹਿਬਾਨ ਦੇ ਸੰਦੇਸ਼ ਨੂੰ ਪੱਲੇ ਬੰਨ੍ਹਣ ਦੀ ਲੋੜ-ਗਿਆਨੀ ਗੁਰਬਖਸ਼ ਸਿੰਘ ਗੁਲਸ਼ਨ

ਗਿਆਨੀ ਗੁਰਬਖਸ਼ ਸਿੰਘ ਗੁਲਸ਼ਨ ਪੰਥ ਦੇ ਸਿਰਮੌਰ ਵਿਦਵਾਨ, ਵਿਚਾਰਕ ਅਤੇ ਕਥਾਕਾਰ ਹਨ। ਲੰਬੇ ਸਮੇਂ ਤੋਂ ਇੰਗਲੈਂਡ (ਯੂ. ਕੇ.) ਵਿਚ ਰਹਿੰਦਿਆਂ ਉਨ੍ਹਾਂ ਸਿੱਖੀ ਦੇ ਪ੍ਰਚਾਰ ਦੇ ਨਾਲ-ਨਾਲ ਕੁਝ ਇਤਿਹਾਸਕ ਪੁਸਤਕਾਂ ਵੀ ਲਿਖੀਆਂ ਹਨ। ਉਨ੍ਹਾਂ ਦਾ ਵਿਚਾਰ ਹੈ ਕਿ ਸਿੱਖੀ ਸਿਧਾਂਤ ਉੱਪਰ ਚਲਦਿਆਂ ਗੁਰੂ ਸਾਹਿਬਾਨ ਵਲੋਂ ਦਿੱਤੇ ਸੰਦੇਸ਼ ਨੂੰ ਹਰ ਸਿੱਖ ਵਲੋਂ ਅਪਣਾਉਣਾ ਬਣਦਾ ਹੈ, ਕਿਉਂਕਿ ਇਸ 'ਤੇ ਚੱਲ ਕੇ ਆਪਣੀਆਂ ਸਮੱਸਿਆਵਾਂ ਅਤੇ ਤਣਾਅ ਤੋਂ ਰਾਹਤ ਪ੍ਰਾਪਤ ਕੀਤੀ ਜਾ ਸਕਦੀ ਹੈ। ਪਿਛਲੇ ਦਿਨੀਂ ਉਹ ਆਪਣੀ ਪੁਸਤਕ 'ਜ਼ਫਰਨਾਮਹ' ਦੇ ਸਬੰਧ ਵਿਚ 'ਅਜੀਤ ਭਵਨ' ਆਏ ਤਾਂ ਉਨ੍ਹਾਂ ਨਾਲ ਮੁਲਾਕਾਤ ਹੋਈ। ਪੇਸ਼ ਹਨ ਉਨ੍ਹਾਂ ਨਾਲ ਹੋਈ ਗੱਲਬਾਤ ਦੇ ਕੁਝ ਅੰਸ਼-
? ਤੁਹਾਡਾ ਧਰਮ ਪ੍ਰਚਾਰ ਵਾਲੇ ਖੇਤਰ ਵੱਲ ਆਉਣ ਦਾ ਸਬੱਬ ਕਿਵੇਂ ਬਣਿਆ?
-ਮੇਰਾ ਜਨਮ ਅਕਤੂਬਰ, 1951 ਵਿਚ ਫਿਰੋਜ਼ਪੁਰ ਵਿਖੇ ਹੋਇਆ। ਘਰ ਵਿਚ ਧਾਰਮਿਕ ਮਾਹੌਲ ਹੋਣ ਕਾਰਨ ਸਕੂਲ ਪੜ੍ਹਾਈ ਦੌਰਾਨ ਹੀ ਸਥਾਨਕ ਗੁਰਦੁਆਰਾ ਸਾਹਿਬ ਵਿਖੇ ਗ੍ਰੰਥੀ ਦੀ ਸੇਵਾ ਮਿਲ ਗਈ। ਦਸੰਬਰ, 1971 ਵਿਚ ਲੁਧਿਆਣਾ ਆ ਗਿਆ ਤੇ 1981 ਵਿਚ ਸਿੰਘ ਸਾਹਿਬ ਗਿਆਨੀ ਗੁਰਦਿਆਲ ਸਿੰਘ ਅਜਨੋਹਾ ਸਾਬਕਾ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਗੁਰਮਤਿ ਪ੍ਰਚਾਰ ਹਿਤ ਯੂ. ਕੇ. ਭੇਜ ਦਿੱਤਾ, ਜਿਥੇ ਹੁਣ ਤੱਕ ਲਗਾਤਾਰ ਸੇਵਾ ਨਿਭਾਅ ਰਿਹਾ ਹਾਂ।
ਇੰਗਲੈਂਡ ਵਿਚ ਪੰਜਾਬੀ, ਅੰਗਰੇਜ਼ੀ ਅਤੇ ਫਾਰਸੀ ਭਾਸ਼ਾਵਾਂ ਵਿਚ ਯੂਨੀਵਰਸਿਟੀ ਪੱਧਰ ਤੱਕ ਵਿੱਦਿਆ ਪ੍ਰਾਪਤ ਕੀਤੀ। ਉਥੇ ਸਮੇਂ ਦੇ ਪ੍ਰਸਿੱਧ ਵਿਦਵਾਨਾਂ ਪਾਸੋਂ ਗੁਰਬਾਣੀ ਤੇ ਇਤਿਹਾਸ ਦੀ ਕਥਾ ਕਰਨ ਵਿਚ ਮੁਹਾਰਤ ਪ੍ਰਾਪਤ ਕੀਤੀ। ਇਸ ਤੋਂ ਬਿਨਾਂ ਇਧਰ ਪੰਥਕ ਮੋਰਚੇ ਵਿਚ ਜਥੇ ਸਹਿਤ ਤਿਹਾੜ ਜੇਲ੍ਹ ਵਿਚ ਕੈਦ ਕੱਟੀ। ਹੁਣ ਗੁਰਮਤਿ ਗ੍ਰੰਥੀ ਸਭਾ ਲੁਧਿਆਣਾ ਅਤੇ ਇੰਟਰਨੈਸ਼ਨਲ ਸਿੱਖ ਪ੍ਰੀਚਰਜ਼ ਸੁਸਾਇਟੀ ਯੂ. ਕੇ. ਦਾ ਮੁੱਖ ਸੇਵਾਦਾਰ ਹਾਂ। ਇਸ ਤੋਂ ਇਲਾਵਾ ਖਾਲਸਾ ਪ੍ਰਚਾਰਕ ਜਥਾ ਇੰਟਰਨੈਸ਼ਨਲ (ਯੂ. ਕੇ.) ਦਾ ਜਥੇਦਾਰ ਹਾਂ। ਸਿੱਖ ਪੰਥ ਲਈ ਤਿੰਨ ਪੁਸਤਕਾਂ ਲਿਖ ਚੁੱਕਾ ਹਾਂ।
? ਤੁਹਾਨੂੰ ਵੱਖ-ਵੱਖ ਦੇਸ਼ਾਂ ਵਿਚ ਧਰਮ ਪ੍ਰਚਾਰ ਹਿਤ ਜਾਣ ਦਾ ਕਾਫੀ ਮੌਕਾ ਮਿਲਿਆ ਹੈ। ਉਧਰ ਸਿੱਖ ਭਾਈਚਾਰੇ ਵਿਚ ਸਿੱਖੀ ਲਈ ਕਿੰਨੀ ਕੁ ਚੇਤਨਾ ਹੈ? ਇਸ ਬਾਰੇ ਤੁਸੀਂ ਕੀ ਮਹਿਸੂਸ ਕੀਤਾ ਹੈ?
-ਬਿਨਾਂ ਸ਼ੱਕ ਮੈਨੂੰ ਦੁਨੀਆ ਦੇ ਕਈ ਮੁਲਕਾਂ ਵਿਚ ਜਾਣ ਦਾ ਮੌਕਾ ਮਿਲਿਆ ਹੈ। ਉਥੇ ਮੈਂ ਇਹ ਮਹਿਸੂਸ ਕੀਤਾ ਕਿ ਸਿੱਖ ਪਰਿਵਾਰ ਜਿਵੇਂ-ਜਿਵੇਂ ਆਪਣੀ ਮਾਤ-ਭੂਮੀ (ਪੰਜਾਬੀ) ਤੋਂ ਦੂਰ ਹੁੰਦੇ ਜਾ ਰਹੇ ਹਨ, ਉਵੇਂ-ਉਵੇਂ ਉਨ੍ਹਾਂ ਵਿਚ ਆਪਣੀ ਧਰਤੀ ਲਈ ਮੋਹ ਵਧਦਾ ਜਾ ਰਿਹਾ ਹੈ। ਮਨੁੱਖ ਦੀ ਇਹ ਬਿਰਤੀ ਹੈ ਕਿ ਛੇਤੀ ਹੀ ਉਸ ਦਾ ਆਪਣੀਆਂ ਜੜ੍ਹਾਂ ਵੱਲ ਮੋੜਾ ਪੈਣ ਲੱਗ ਪੈਂਦਾ ਹੈ। ਜਿਵੇਂ ਮਾਂ ਤੋਂ ਦੂਰ ਜਾ ਕੇ ਮਾਂ ਦੀ ਯਾਦ ਆਉਂਦੀ ਹੈ। ਪੰਜਾਬ ਸਿੱਖੀ ਦਾ ਪੰਘੂੜਾ ਹੈ। ਇਥੇ ਸ਼ੁਰੂ ਹੋਈ ਹਰ ਲਹਿਰ ਸਾਰੀ ਦੁਨੀਆ 'ਚ ਬੈਠੇ ਸਿੱਖਾਂ ਨੂੰ ਪ੍ਰਭਾਵਿਤ ਕਰਦੀ ਹੈ। ਅੱਜ ਮੀਡੀਆ ਅਤੇ ਇੰਟਰਨੈੱਟ ਨੇ ਦੁਨੀਆ ਨੂੰ ਛੋਟੀ ਕਰ ਦਿੱਤਾ ਹੈ। ਜੇ ਇਥੇ ਭਾਵ ਪੰਜਾਬ ਵਿਚ ਕੁਝ ਚੰਗਾ ਹੁੰਦਾ-ਵਾਪਰਦਾ ਹੈ ਤਾਂ ਉਸ ਦਾ ਪ੍ਰਭਾਵ ਬਾਹਰ ਚੰਗਾ ਗਿਆ ਹੈ, ਜੇ ਮਾੜਾ ਵਾਪਰਦਾ ਹੈ ਤਾਂ ਉਧਰ ਵੀ ਮਾੜਾ ਪ੍ਰਭਾਵ ਹੀ ਗਿਆ ਹੈ। ਬਾਕੀ ਉਤਰਾਅ-ਚੜ੍ਹਾਅ ਤਾਂ ਆਉਂਦੇ ਹੀ ਹਨ। ਪਰ ਕੁੱਲ ਮਿਲਾ ਕੇ ਮੈਂ ਸੰਤੁਸ਼ਟ ਹਾਂ ਕਿ ਇਥੇ ਵੀ ਆਪਣੇ ਵਿਰਸੇ ਵੱਲ ਮੋੜਾ ਪੈ ਚੁੱਕਾ ਹੈ ਤੇ ਬਾਹਰ ਵੀ। ਵੱਖੋ-ਵੱਖਰੇ ਮੁਲਕਾਂ ਕੈਨੇਡਾ, ਅਮਰੀਕਾ, ਇੰਗਲੈਂਡ, ਆਸਟ੍ਰੇਲੀਆ, ਨਿਊਜ਼ੀਲੈਂਡ, ਯੂਰਪ ਆਦਿ ਹਰ ਥਾਂ ਇਕੋ ਜਿਹਾ ਹੀ ਵਰਤਾਰਾ ਹੈ। ਸਾਡੇ ਲੋਕਾਂ ਦੇ ਸੁਭਾਅ ਤੇ ਰਹਿਣ-ਸਹਿਣ 'ਚ ਫਰਕ ਪੈਣ ਵਾਲਾ ਨਹੀਂ ਹੈ।
? ਤੁਸੀਂ ਆਪਣੇ ਰਚਨਾ ਸਫ਼ਰ ਬਾਰੇ ਦੱਸੋ। ਕਿਵੇਂ ਇਧਰ ਆਏ ਤੇ ਕੀ ਅਨੁਭਵ ਰਿਹਾ?
-ਗੱਲ 1998 ਦੀ ਹੈ। ਭਾਵੇਂ ਮੇਰਾ ਸੰਕਲਪ ਛੋਟਾ ਸੀ ਪਰ ਸਿੱਖ ਰਹਿਤ ਮਰਿਆਦਾ ਸਬੰਧੀ ਲੜੀਵਾਰ ਸੀ. ਡੀ. ਬਣਾਉਣ ਦੀ ਮੇਰੀ ਇੱਛਾ ਸੀ। ਉਸ ਵੇਲੇ ਸਮੇਂ ਦਾ ਦੌਰ ਵੀ ਮੁਸ਼ਕਿਲ ਭਰਿਆ ਸੀ। ਪਰ ਮੈਂ ਇਕ ਅਖ਼ਬਾਰ ਵਿਚ 62 ਕਿਸ਼ਤਾਂ ਵਿਚ ਸਿੱਖ ਰਹਿਤ ਮਰਿਆਦਾ ਬਾਰੇ ਇਕ ਲੇਖ ਲੜੀ ਲਿਖੀ। ਬਾਅਦ ਵਿਚ ਉਸ ਲੇਖ ਲੜੀ ਦਾ ਖਰੜਾ ਤਿਆਰ ਕੀਤਾ ਤੇ ਇਸ ਨੂੰ ਛਪਵਾਉਣ ਦਾ ਫੈਸਲਾ ਕੀਤਾ ਅਤੇ 'ਦਰਪਣ ਸਿੱਖ ਰਹਿਤ ਮਰਿਆਦਾ' (ਪੰਜਾਬੀ) ਅਤੇ 'ਅੰਡਰਸਟੈਂਡਿੰਗ ਸਿੱਖ ਰਹਿਤ ਮਰਿਆਦਾ' (ਅੰਗਰੇਜ਼ੀ) ਨਾਂਅ ਹੇਠ ਛਪਵਾਇਆ।
ਦੂਜੀ ਪੁਸਤਕ 'ਬਾਦਸ਼ਾਹ ਦਰਵੇਸ਼' (ਭਾਈ ਨੰਦ ਲਾਲ ਜੀ ਦੀ ਦ੍ਰਿਸ਼ਟੀ ਵਿਚ ਗੁਰੂ ਗੋਬਿੰਦ ਸਿੰਘ) ਲਿਖੀ। ਇਸ ਪੁਸਤਕ ਵਿਚ ਦਸਮ ਪਾਤਸ਼ਾਹ ਬਾਰੇ ਭਾਈ ਸਾਹਿਬ ਦੇ 56 ਸ਼ਿਅਰਾਂ ਦਾ ਜ਼ਿਕਰ ਹੈ। ਇਸ ਪੁਸਤਕ ਵਿਚ ਭਾਈ ਨੰਦ ਲਾਲ ਦੀਆਂ ਫਾਰਸੀ ਵਿਚ ਲਿਖੀਆਂ ਹੋਰ ਪੁਸਤਕਾਂ ਦੇ ਹਵਾਲੇ ਵੀ ਦਿੱਤੇ ਗਏ।
ਤੀਜੀ ਪੁਸਤਕ 'ਜ਼ਫਰਨਾਮਹ', ਜਿਸ ਦਾ ਅਰਥ ਹੈ ਜਿੱਤ ਦੀ ਚਿੱਠੀ ਭਾਵ ਵਿਜੈ ਪੱਤਰ। ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਹ ਪੱਤਰ ਸਮੇਂ ਦੇ ਜ਼ਾਲਮ ਬਾਦਸ਼ਾਹ ਔਰੰਗਜ਼ੇਬ ਨੂੰ ਸੰਬੋਧਨ ਹੁੰਦਿਆਂ 1706 ਦੇ ਸ਼ੁਰੂ ਵਿਚ ਲਿਖਿਆ ਸੀ। ਇਹ ਸਿਰਫ ਬਾਦਸ਼ਾਹ ਦੀਆਂ ਵਧੀਕੀਆਂ ਦੱਸਣ, ਗ਼ਲਤੀਆਂ ਜਾਂ ਦੁਰਕਾਰਨ ਦਾ ਯਤਨ ਹੀ ਨਹੀਂ ਸੀ, ਸਗੋਂ ਉਸ ਨੂੰ ਸਿੱਧੇ ਰਾਹ ਚਲਦਿਆਂ ਸਹੀ ਕੰਮ ਕਰਨ ਅਤੇ ਸੰਵਰ ਕੇ ਪ੍ਰਵਾਨ ਹੋਣ ਦੀ ਜੁਗਤੀ ਵੀ ਦੱਸਦਾ ਹੈ। ਇਹ ਚਾਰ ਬੱਚਿਆਂ ਨੂੰ ਸ਼ਹੀਦ ਕਰ ਕੇ ਗੁਰੂ ਨਾਨਕ ਅਮਲ ਨੂੰ ਸਦਾ ਲਈ ਤਹਿਸ-ਨਹਿਸ ਕਰ ਦਿੱਤੇ ਜਾਣ ਦੇ ਯਤਨਾਂ ਨੂੰ ਪੂਰੀ ਤਰ੍ਹਾਂ ਨਕਾਰਦਿਆਂ ਗੁਰੂ ਖਾਲਸੇ ਦੀ ਅਟੱਲਤਾ ਵੀ ਦ੍ਰਿੜ੍ਹ ਕਰਵਾਉਂਦਾ ਹੈ। ਇਹ ਰਚਨਾ ਸਭਨਾਂ ਲਈ ਦੁਰਲੱਭ ਹੈ।
? ਤੁਹਾਡੇ ਖਿਆਲ ਅਨੁਸਾਰ ਸਿੱਖੀ ਦੇ ਫੈਲਾਅ ਲਈ ਹੋਰ ਕੀ ਯਤਨ ਹੋਣੇ ਚਾਹੀਦੇ ਹਨ?
-ਸਿੱਖੀ ਦਾ ਪੰਘੂੜਾ ਹੈ ਪੰਜਾਬ। ਇਹ ਪੜ੍ਹ-ਸੁਣ ਕੇ ਦੁੱਖ ਹੁੰਦਾ ਹੈ ਕਿ ਇਥੋਂ ਦੇ ਲੋਕ ਦੁਖੀ ਹੋ ਕੇ ਖੁਦਕੁਸ਼ੀਆਂ ਕਰ ਰਹੇ ਹਨ। ਜਿਸ ਧਰਤੀ 'ਤੇ ਜਫਰਨਾਮਹ ਲਿਖਿਆ ਗਿਆ ਹੋਵੇ, ਉਸ ਧਰਤੀ 'ਤੇ ਰਹਿਣ ਵਾਲੇ ਸਿੱਖ ਅਖਵਾਉਂਦੇ ਹੋਣ ਅਤੇ ਉਨ੍ਹਾਂ ਦੇ ਗੁਰੂ ਨੇ ਏਨਾ ਕੁਝ ਸਹਿਆ ਹੋਵੇ ਤੇ ਉਸ ਦੇ ਸਿੱਖ ਖੁਦਕੁਸ਼ੀ ਵਰਗਾ ਕੰਮ ਕਰਨ ਲੱਗ ਪੈਣ ਤਾਂ ਉਨ੍ਹਾਂ ਨੂੰ ਆਪਣੇ ਪਿਛੋਕੜ ਤੇ ਵਿਰਸੇ ਬਾਰੇ ਸੋਚਣ ਦੀ ਲੋੜ ਹੈ। ਸੋ, ਲੋਕਾਂ ਨੂੰ ਗੁਰੂ ਸਾਹਿਬਾਨ ਦੇ ਸੰਦੇਸ਼ ਨੂੰ ਸਹੀ ਅਰਥਾਂ ਵਿਚ ਸਮਝਾਉਣ ਲਈ ਯਤਨ ਹੋਣੇ ਚਾਹੀਦੇ ਹਨ।
? ਸਿੱਖ ਸੰਗਤ ਦੀ ਚੜ੍ਹਦੀ ਕਲਾ ਲਈ ਕੋਈ ਖਾਸ ਸੁਨੇਹਾ ਦੇਣਾ ਚਾਹੋਗੇ?
-ਮੈਂ ਕਹਾਂਗਾ ਕਿ ਜ਼ਫਰਨਾਮਹ ਸਤਿਗੁਰਾਂ ਦਾ ਇਕ ਇਤਿਹਾਸਕ ਅਤੇ ਪਵਿੱਤਰ ਦਸਤਾਵੇਜ਼ ਹੈ, ਜਿਸ ਦਾ ਨਾਂਅ ਹੀ ਜਿੱਤ ਦੀ ਚਿੱਠੀ (ਲੈਟਰ ਆਫ ਵਿਕਟਰੀ) ਹੈ। ਇਸ ਵਿਚ ਸਤਿਗੁਰੂ ਨੇ ਹੋਈਆਂ-ਬੀਤੀਆਂ ਦਾ ਜ਼ਿਕਰ ਕੀਤਾ ਹੈ। ਚਮਕੌਰ ਦੀ ਜੰਗ, ਸਾਹਿਬਜ਼ਾਦਿਆਂ ਦੀਆਂ ਸ਼ਹੀਦੀਆਂ ਅਤੇ ਖ਼ਾਲਸੇ ਦੀ ਹਸਤੀ ਦਾ ਜ਼ਿਕਰ ਕੀਤਾ ਹੈ, ਜਿਸ ਰਾਹੀਂ ਸਤਿਗੁਰੂ ਸਾਰਾ ਵਿਸ਼ਵਾਸ ਉਸ ਅਕਾਲ ਪੁਰਖ ਵਿਚ ਬੰਨ੍ਹਾਉਂਦੇ ਹਨ। ਅੱਜ ਵੀ ਹਰ ਮਨੁੱਖ ਅਤੇ ਖ਼ਾਸ ਕਰਕੇ ਸਿੱਖਾਂ ਨੂੰ ਇਸ ਸੰਦੇਸ਼ ਨੂੰ ਪੱਲੇ ਬੰਨ੍ਹਣ ਦੀ ਲੋੜ ਹੈ। ਤਣਾਅ ਦੇ ਪਸਾਰੇ ਵਿਚ ਵਿਚਰਦੇ ਹੋਏ ਉਸ ਨੂੰ ਕਰਤਾਰ 'ਤੇ ਆਪਣਾ ਅਟੱਲ ਵਿਸ਼ਵਾਸ ਪ੍ਰਗਟ ਕਰਦਿਆਂ ਵਿਚਰਨਾ ਚਾਹੀਦਾ ਹੈ। ਇਸ ਤਰ੍ਹਾਂ ਜ਼ਫਰਨਾਮੇ ਦੀ ਪ੍ਰਸੰਗਕਤਾ ਸਾਡੇ ਸਾਹਮਣੇ ਆਉਂਦੀ ਹੈ ਤੇ ਅੱਜ ਵੀ ਸਾਨੂੰ ਅਗਵਾਈ ਦਿੰਦੀ ਹੈ। ਇਹੀ ਮੇਰਾ ਸੰਦੇਸ਼ ਹੈ।


-ਹਰਜਿੰਦਰ ਸਿੰਘ,
ਪਰਮਜੀਤ ਸਿੰਘ ਵਿਰਕ

16 ਮਾਰਚ ਨੂੰ ਸ਼ਹੀਦੀ ਸਮਾਗਮ 'ਤੇ ਵਿਸ਼ੇਸ਼

ਗ਼ਦਰੀ ਸ਼ਹੀਦ ਭਾਈ ਬਲਵੰਤ ਸਿੰਘ ਅਤੇ ਭਾਈ ਰੰਗਾ ਸਿੰਘ ਖੁਰਦਪੁਰ

ਜ਼ਿਲ੍ਹਾ ਜਲੰਧਰ ਦੇ ਕਸਬਾ ਆਦਮਪੁਰ ਨੇੜਲੇ ਪਿੰਡ ਖੁਰਦਪੁਰ ਦੇ ਜੰਮਪਲ ਭਾਈ ਰੰਗਾ ਸਿੰਘ ਅਤੇ ਭਾਈ ਬਲਵੰਤ ਸਿੰਘ ਨੇ ਦੇਸ਼ ਦੀ ਆਜ਼ਾਦੀ ਲਈ ਗ਼ਦਰ ਪਾਰਟੀ ਦੇ ਝੰਡੇ ਹੇਠ ਲੜੀ ਗਈ ਪਹਿਲੀ ਹਥਿਆਰਬੰਦ ਲੜਾਈ ਵਿਚ ਪੂਰੀ ਸਰਗਰਮੀ ਨਾਲ ਹਿੱਸਾ ਲਿਆ। ਭਾਈ ਬਲਵੰਤ ਸਿੰਘ ਨੇ ਵਿਦੇਸ਼ ਵਿਚ ਗ਼ਦਰ ਲਹਿਰ ਦੇ ਮੋਢੀ ਵਜੋਂ ਇਕ ਆਗੂ ਦੀ ਭੂਮਿਕਾ ਨਿਭਾਈ। ਕੈਨੇਡਾ ਸਰਕਾਰ ਨੇ ਭਾਰਤੀਆਂ ਦੇ ਦਾਖਲੇ ਨੂੰ ਰੋਕਣ ਲਈ ਸਖ਼ਤ ਕਾਨੂੰਨ ਬਣਾਏ ਤੇ ਭਾਈ ਬਲਵੰਤ ਸਿੰਘ ਨੇ ਸਰਕਾਰ ਦੀਆਂ ਨੀਤੀਆਂ ਖ਼ਿਲਾਫ਼ ਪੂਰੀ ਬਹਾਦਰੀ ਨਾਲ ਲੜਾਈ ਲੜੀ। ਜਦੋਂ ਬਰਮਾ-ਸਿਆਮ ਫਰੰਟ ਉੱਤੇ ਹਿੰਦੁਸਤਾਨ ਦੇ ਨਾਲ ਹੀ ਗ਼ਦਰ ਕਰਨ ਦੀ ਸਕੀਮ ਸੀ ਤਾਂ ਇਸ ਵਾਸਤੇ ਗ਼ਦਰ ਪਾਰਟੀ ਦੇ ਜਿਨ੍ਹਾਂ ਆਗੂਆਂ ਦੀ ਡਿਊਟੀ ਲਾਈ ਗਈ ਸੀ, 17 ਜੁਲਾਈ 1915 ਨੂੰ ਭਾਈ ਬਲਵੰਤ ਸਿੰਘ ਵੀ ਉਨ੍ਹਾਂ ਨਾਲ ਆ ਰਲਿਆ ਪਰ ਅਫ਼ਸੋਸ ਕਿ ਉਹ 15 ਦਿਨ ਬਾਅਦ ਹੀ ਗ੍ਰਿਫ਼ਤਾਰ ਹੋ ਗਿਆ। ਉਸ ਨੂੰ ਸਿਆਮ ਤੋਂ ਗ੍ਰਿਫ਼ਤਾਰ ਕਰਕੇ ਭਾਰਤ ਲਿਆਂਦਾ ਗਿਆ ਅਤੇ ਸੰਨ 1917 ਵਿਚ ਫਾਂਸੀ ਲਾ ਕੇ ਸ਼ਹੀਦ ਕਰ ਦਿੱਤਾ ਗਿਆ। ਭਾਈ ਰੰਗਾ ਸਿੰਘ ਨੇ ਗ਼ਦਰੀਆਂ ਵਿਚ ਆਪਸੀ ਸੰਪਰਕ ਬਣਾਉਣ, ਪਾਰਟੀ ਦੇ ਸੁਨੇਹੇ, ਸਾਹਿਤ ਸਾਰਿਆਂ ਤੱਕ ਪਹੁੰਚਾਉਣ ਅਤੇ ਪਾਰਟੀ ਦੇ ਪੱਕੇ ਅੱਡੇ ਕਾਇਮ ਕਰਨ ਦੇ ਕੰਮ ਬੜੇ ਸੁਚਾਰੂ ਢੰਗ ਨਾਲ ਕੀਤੇ। ਪਾਰਟੀ ਲਈ ਹਥਿਆਰਾਂ ਦੀ ਲੋੜ ਪੂਰੀ ਕਰਨ ਵਾਸਤੇ ਹਥਿਆਰ ਲੁੱਟਣ ਦੀਆਂ ਕਾਰਵਾਈਆਂ ਵਿਚ ਵੀ ਭਾਈ ਰੰਗਾ ਸਿੰਘ ਨੇ ਆਪਣੇ ਸਾਥੀਆਂ ਸਮੇਤ ਬੰਤਾ ਸਿੰਘ ਸੰਘਵਾਲ ਦੀ ਅਗਵਾਈ 'ਚ ਡਟ ਕੇ ਹਿੱਸਾ ਲਿਆ, ਜਿਸ ਕਰਕੇ ਭਾਈ ਰੰਗਾ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਸੰਨ 1916 ਵਿਚ ਫਾਂਸੀ ਦੇ ਫੰਦੇ 'ਤੇ ਲਟਕਾ ਕੇ ਸ਼ਹੀਦ ਕੀਤਾ ਗਿਆ।
ਪਿੰਡ ਖੁਰਦਪੁਰ ਦੇ ਵਾਸੀਆਂ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ 16 ਮਾਰਚ (ਦਿਨ ਸ਼ੁੱਕਰਵਾਰ) ਨੂੰ ਗੁਰਦੁਆਰਾ ਸ੍ਰੀ ਤਪਸਰ ਸਾਹਿਬ ਬਖੂਹਾ (ਖੁਰਦਪੁਰ) ਵਿਖੇ ਭਾਈ ਬਲਵੰਤ ਸਿੰਘ ਅਤੇ ਭਾਈ ਰੰਗਾ ਸਿੰਘ ਦਾ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਹੈ। ਇਸ ਮੌਕੇ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਉੱਘੇ ਰਾਗੀ-ਢਾਡੀ ਸੰਗਤਾਂ ਨੂੰ ਨਿਹਾਲ ਕਰਨਗੇ, ਵੱਖ-ਵੱਖ ਬੁਲਾਰੇ ਸ਼ਹੀਦਾਂ ਦੀਆਂ ਕੁਰਬਾਨੀਆਂ 'ਤੇ ਚਾਨਣ ਪਾਉਣਗੇ ਅਤੇ ਗੁਰੂ ਕਾ ਲੰਗਰ ਅਟੁੱਟ ਵਰਤੇਗਾ।


-ਅਮਰਜੀਤ ਸਿੰਘ ਅਟਵਾਲ,
ਪਿੰਡ ਖੁਰਦਪੁਰ (ਜਲੰਧਰ)।
ਮੋਬਾ: 94630-61638

ਧਾਰਮਿਕ ਸਾਹਿਤ

ਸਿੱਖੀ ਯੋਧਿਆਂ ਦੀ ਖਾਣ
ਲੇਖਕ/ਕਵੀ : ਬਲਜੀਤ ਸਿੰਘ ਬਾਗੀ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ।
ਕੀਮਤ : 200 ਰੁਪਏ, ਸਫੇ : 159
ਸੰਪਰਕ : 95924-30738


ਪੰਜਾਬ ਅਮਰ ਸ਼ਹੀਦਾਂ ਦੀ ਧਰਤੀ ਹੈ। ਇਸ ਧਰਤੀ ਦੇ ਇਤਿਹਾਸ ਨੂੰ ਕਲਮ ਰਾਹੀਂ ਪੇਸ਼ ਕਰਨਾ ਕੋਈ ਸੌਖਾ ਕਾਰਜ ਨਹੀਂ। ਇਸ ਪੁਸਤਕ ਵਿਚ ਲੇਖਕ ਬਲਜੀਤ ਸਿੰਘ ਬਾਗੀ ਨੇ ਇਤਿਹਾਸ ਦੇ ਅਮਰ ਕੌਮੀ ਪਰਵਾਨਿਆਂ ਦੇ ਜੀਵਨ ਅਤੇ ਘਟਨਾਵਾਂ ਨੂੰ ਵਾਰਤਿਕ ਪ੍ਰਸੰਗਾਂ ਅਤੇ ਕਵਿਤਾਵਾਂ ਦੀਆਂ ਵੱਖ-ਵੱਖ ਵਿਧਾਵਾਂ/ਰੂਪਾਂ ਅਨੁਸਾਰ ਪੇਸ਼ ਕਰਨ ਦਾ ਸਾਰਥਿਕ ਯਤਨ ਕੀਤਾ ਹੈ। ਪੰਥ ਪ੍ਰਸਿੱਧ ਢਾਡੀ ਜਥਿਆਂ ਨੇ ਕੈਸੇਟਾਂ ਤੇ ਸਟੇਜਾਂ ਉੱਪਰ ਗਾਇਨ ਕਰਕੇ ਲੇਖਕ ਦੀ ਹੌਸਲਾ ਅਫਜ਼ਾਈ ਕੀਤੀ ਹੈ। ਪੰਜਾਬ ਦੀ ਧਰਤੀ ਦੀ ਸ਼ਹੀਦੀ ਗਾਥਾ ਤੇ ਇਤਿਹਾਸ ਨੂੰ ਅਮਰ ਕਰਨ ਵਾਲੇ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ, ਪੰਚਮ ਪਾਤਸ਼ਾਹ ਦੇ ਪੋਤਰੇ ਗੁਰੂ ਤੇਗ਼ ਬਹਾਦਰ ਸਾਹਿਬ ਦੀ ਸ਼ਹੀਦੀ, ਸਾਹਿਬਜ਼ਾਦਿਆਂ ਦੀ ਸ਼ਹਾਦਤ, ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ, ਬਾਬਾ ਦੇ ਪੁੱਤਰ ਅਜੈ ਸਿੰਘ ਦੀ ਸ਼ਹੀਦੀ, ਭਾਈ ਸ਼ਾਹਬਾਜ਼ ਸਿੰਘ, ਭਾਈ ਸੁਬੇਗ ਸਿੰਘ ਦੀ ਸ਼ਹਾਦਤ, ਸਿੱਖ ਬੀਬੀਆਂ ਦੀਆਂ ਸ਼ਹਾਦਤਾਂ, ਮੀਰ ਮੰਨੂ ਦੀ ਜੇਲ੍ਹ ਵਿਖੇ ਸੀਰਖੋਰ ਬੱਚਿਆਂ ਦੀਆਂ ਸ਼ਹਾਦਤਾਂ, ਅਮਰ ਸ਼ਹੀਦ ਬਾਬਾ ਦੀਪ ਸਿੰਘ ਦੀ ਸ਼ਹਾਦਤ ਤੱਕ ਦੀ ਲੰਬੀ ਕਤਾਰ ਹੈ। ਇਸ ਪੁਸਤਕ ਵਿਚ ਸ਼ਾਮਿਲ ਪ੍ਰਸੰਗਾਂ ਵਿਚ ਇੱਜ਼ਤਾਂ ਦੇ ਰਾਖੇ, ਬਿਨਾਂ ਸੀਸ ਤੋਂ ਲੜਦਾ ਧੜ, ਮੱਸਾ ਰੰਘੜ, ਚੌਧਰੀ ਨੱਥਾ ਖਹਿਰਾ, ਪੰਡਤ ਦੀ ਪੰਡਤਾਣੀ ਛੁਡਵਾਉਣੀ, ਸ਼ਾਮ ਸਿੰਘ ਅਟਾਰੀ, ਵੱਡਾ ਘੱਲੂਘਾਰਾ, ਜੰਗ ਪਿੱਪਲੀ ਸਾਹਿਬ ਤੇ ਸ: ਅੱਘੜ ਸਿੰਘ ਨਾਲ ਪ੍ਰਸੰਗ ਨੂੰ ਪੇਸ਼ ਕਰਦਿਆਂ ਇਤਿਹਾਸ ਨੂੰ ਬਾਖੂਬੀ ਬਿਆਨ ਕਰਦਿਆਂ ਬਹਾਦਰ ਯੋਧਿਆਂ ਦੇ ਜੀਵਨ ਨੂੰ ਪਾਠਕਾਂ ਤੇ ਸਰੋਤਿਆਂ ਦੇ ਸਾਹਮਣੇ ਹੂਬਹੂ ਪੇਸ਼ ਕੀਤਾ ਹੈ। ਲੇਖਕ ਨੇ ਇਕ ਇਤਿਹਾਸਕਾਰ ਵਾਂਗ ਖੋਜੀ ਬਿਰਤੀ ਅਧੀਨ ਪਹਿਲਾਂ ਲਹੂ ਭਿੱਜੇ ਵਰਕਿਆਂ ਨੂੰ ਫੋਲਿਆ ਤੇ ਵਾਚਿਆ। ਪਿੱਛੋਂ ਸਾਰੀ ਸਮੱਗਰੀ ਇਕੱਠੀ ਕਰਕੇ ਪਾਠਕਾਂ ਦੇ ਸਨਮੁਖ ਪਰੋਸਣ ਸਮੇਂ ਸਿੱਖ ਯੋਧਿਆਂ ਦੀ ਜੀਵਨ ਗਾਥਾ ਤੇ ਕੁਰਬਾਨੀਆਂ ਨੂੰ ਕਲਮ ਰਾਹੀਂ ਮੌਜੂਦਾ ਰੂਪ ਵਿਚ ਪੇਸ਼ ਕੀਤਾ ਹੈ। ਲੇਖਕ ਦੀ ਮਿਹਨਤ ਨੂੰ ਉਦੋਂ ਬੂਰ ਪਿਆ, ਜਦੋਂ ਸਟੇਜਾਂ ਦਾ ਸ਼ਿੰਗਾਰ ਬਣ ਕੇ ਸਰੋਤਿਆਂ ਦੇ ਹਿਰਦਿਆਂ ਵਿਚ ਢਾਡੀ ਪ੍ਰਸੰਗਾਂ ਰਾਹੀਂ ਇਹ ਸਮੁੱਚੀ ਘਾਲਣਾ ਪਹੁੰਚ ਗਈ। ਸਿੱਖ ਇਤਿਹਾਸ ਨੂੰ ਗਾਇਨ ਤੇ ਪੜ੍ਹਨ ਦੀ ਰੁਚੀ ਰੱਖਣ ਵਾਲੇ ਪਾਠਕਾਂ ਲਈ ਇਹ ਪੁਸਤਕ ਵਡਮੁੱਲਾ ਖਜ਼ਾਨਾ ਕਹੀ ਜਾ ਸਕਦੀ ਹੈ।


-ਭਗਵਾਨ ਸਿੰਘ


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX