ਤਾਜਾ ਖ਼ਬਰਾਂ


ਮਾਰਚ ਦੇ ਪਹਿਲੇ ਹਫ਼ਤੇ ਹੋ ਸਕਦੀ ਹੈ ਲੋਕ ਸਭਾ ਚੋਣਾਂ ਦੀ ਘੋਸ਼ਣਾ - ਸੂਤਰ
. . .  12 minutes ago
ਨਵੀਂ ਦਿੱਲੀ, 17 ਜਨਵਰੀ - ਸੂਤਰਾਂ ਦਾ ਕਹਿਣਾ ਹੈ ਕਿ ਚੋਣ ਕਮਿਸ਼ਨ ਲੋਕ ਸਭਾ ਚੋਣਾਂ ਦੀ ਘੋਸ਼ਣਾ ਮਾਰਚ ਦੇ ਪਹਿਲੇ ਹਫ਼ਤੇ ਕਰ ਸਕਦਾ ਹੈ। ਲੋਕ ਸਭਾ ਚੋਣਾਂ 6-7 ਪੜਾਵਾਂ...
ਲੜਕਿਆ ਨੂੰ ਬਲੈਕਮੇਲ ਕਰਨ ਵਾਲੇ ਗਿਰੋਹ ਦੇ 5 ਮੈਂਬਰ ਗ੍ਰਿਫ਼ਤਾਰ
. . .  26 minutes ago
ਫ਼ਾਜ਼ਿਲਕਾ, 18 ਜਨਵਰੀ (ਪ੍ਰਦੀਪ ਕੁਮਾਰ)- ਫ਼ਾਜ਼ਿਲਕਾ ਜ਼ਿਲ੍ਹਾ ਪੁਲਿਸ ਨੇ ਨੌਜਵਾਨ ਲੜਕਿਆ ਨੂੰ ਆਪਣੇ ਜਾਲ 'ਚ ਫ਼ਸਾਕੇ ਜਬਰਜਨਾਹ ਦਾ ਮਾਮਲਾ ਦਰਜ ਕਰਵਾਉਣ ਦਾ ਡਰ ਪਾ ਕੇ ਬਲੈਕਮੇਲ...
ਸਿਲੰਡਰ ਦੇ ਫਟਣ ਕਾਰਨ ਦੋ ਲੋਕਾਂ ਦੀ ਮੌਤ, 6 ਜ਼ਖਮੀ
. . .  30 minutes ago
ਹੈਦਰਾਬਾਦ, 18 ਜਨਵਰੀ- ਤੇਲੰਗਾਨਾ ਦੇ ਮਡਚਲ ਜ਼ਿਲ੍ਹੇ 'ਚ ਇੱਕ ਘਰ 'ਚ ਸਿਲੰਡਰ ਫਟਣ ਕਾਰਨ 2 ਲੋਕਾਂ ਦੀ ਮੌਤ ਹੋਣ ਦੀ ਖ਼ਬਰ ਹੈ ਜਦਕਿ 6 ਹੋਰ ਗੰਭੀਰ ਜ਼ਖਮੀ ਹੋਏ ਹਨ। ਜ਼ਖਮੀ ਹੋਏ ਲੋਕਾਂ ਨੂੰ ਨੇੜੇ ਦੇ ਨਿੱਜੀ ਹਸਪਤਾਲ 'ਚ ਇਲਾਜ ਲਈ ਦਾਖਲ ਕਰਵਾਇਆ......
ਟੀ.ਐਮ.ਸੀ ਦੀ ਰੈਲੀ ਲਈ ਅਖਿਲੇਸ਼ ਪਹੁੰਚੇ ਕੋਲਕਾਤਾ
. . .  42 minutes ago
ਕੋਲਕਾਤਾ, 18 ਜਨਵਰੀ - ਕੋਲਕਾਤਾ 'ਚ ਟੀ.ਐਮ.ਸੀ ਦੀ 19 ਜਨਵਰੀ ਨੂੰ ਹੋਣ ਵਾਲੀ ਰੈਲੀ 'ਚ ਸ਼ਾਮਲ ਹੋਣ ਲਈ ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ...
ਅਮਿਤ ਸ਼ਾਹ ਨੂੰ ਨਹੀ ਹੈ ਸਵਾਈਨ ਫਲੂ - ਕਾਂਗਰਸੀ ਆਗੂ ਬੀ.ਕੇ ਹਰੀ ਪ੍ਰਸਾਦ
. . .  53 minutes ago
ਨਵੀਂ ਦਿੱਲੀ, 18 ਜਨਵਰੀ - ਕਾਂਗਰਸੀ ਆਗੂ ਬੀ.ਕੇ ਹਰੀ ਪ੍ਰਸਾਦ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਰਿਪੋਰਟ ਹੈ ਕਿ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਨੂੰ ਸਵਾਈਨ ਫਲੂ ਨਹੀ ਹੋਇਆ...
ਸੁਖਜਿੰਦਰ ਰੰਧਾਵਾ ਕੁਲਬੀਰ ਜ਼ੀਰਾ ਨੂੰ ਲੈ ਕੇ ਪਹੁੰਚੇ ਪੰਜਾਬ ਭਵਨ
. . .  about 1 hour ago
ਚੰਡੀਗੜ੍ਹ, 18 ਜਨਵਰੀ (ਵਿਕਰਮਜੀਤ ਸਿੰਘ ਮਾਨ) - ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਕਾਂਗਰਸ ਤੋਂ ਮੁਅੱਤਲ ਕੀਤੇ ਗਏ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੂੰ ਲੈ ਕੇ ਪੰਜਾਬ...
ਅਦਾਲਤ ਨੇ ਮੁਹੰਮਦ ਅਬਸਾਰ ਦੀ ਰਿਮਾਂਡ ਨੂੰ ਸੱਤ ਦਿਨਾਂ ਲਈ ਵਧਾਇਆ
. . .  about 1 hour ago
ਨਵੀਂ ਦਿੱਲੀ, 18 ਜਨਵਰੀ - ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਮੁਹੰਮਦ ਅਬਸਾਰ ਦੀ ਰਿਮਾਂਡ ਨੂੰ ਸੱਤ ਦਿਨਾਂ ਦੇ ਲਈ ਵਧਾ ਦਿੱਤਾ ਹੈ। ਜਾਣਕਾਰੀ ਲਈ ਦੱਸ ਦੇਈਏ ਕਿ 6 ਦਿਨ ਦੀ ਹਿਰਾਸਤ ਖ਼ਤਮ ਹੋਣ ਤੋਂ ਬਾਅਦ ਉਸ ਨੂੰ ਅੱਜ ਕੋਰਟ 'ਚ ਪੇਸ਼ ਕੀਤਾ ਗਿਆ ਸੀ.....
ਹਰਦੀਪ ਸਿੰਘ ਬਣੇ ਚੰਡੀਗੜ੍ਹ ਦੇ ਸੀਨੀਅਰ ਡਿਪਟੀ ਮੇਅਰ
. . .  about 1 hour ago
ਚੰਡੀਗੜ੍ਹ, 18 ਜਨਵਰੀ (ਲਿਬਰੇਟ) - ਸ਼੍ਰੋਮਣੀ ਅਕਾਲੀ ਦਲ ਦੇ ਹਰਦੀਪ ਸਿੰਘ ਚੰਡੀਗੜ੍ਹ ਨਗਰ ਨਿਗਮ ਦੇ ਸੀਨੀਅਰ ਡਿਪਟੀ ਮੇਅਰ ਚੁਣੇ ਗਏ ਹਨ, ਜਦਕਿ ਭਾਜਪਾ ਦੇ ਕੰਵਰਜੀਤ ਰਾਣਾ ਡਿਪਟੀ ਮੇਅਰ...
ਟੈਸਟ ਲੜੀ ਤੋਂ ਬਾਅਦ ਭਾਰਤ ਨੇ ਆਸਟ੍ਰੇਲੀਆ 'ਚ ਪਹਿਲੀ ਵਾਰ ਜਿੱਤੀ ਇੱਕ ਦਿਨਾਂ ਲੜੀ
. . .  about 1 hour ago
ਮੈਲਬੌਰਨ, 18 ਜਨਵਰੀ - ਭਾਰਤ ਨੇ ਟੈਸਟ ਲੜੀ 'ਚ ਜਿੱਤ ਹਾਸਲ ਕਰਨ ਤੋਂ ਬਾਅਦ ਆਸਟ੍ਰੇਲੀਆ 'ਚ ਪਹਿਲੀ ਵਾਰ ਇੱਕ ਦਿਨਾਂ ਲੜੀ ਵੀ ਜਿੱਤ ਲਈ ਹੈ। ਤੀਸਰੇ ਇੱਕ ਦਿਨਾਂ ਮੈਚ ਵਿਚ ਭਾਰਤ...
ਦਿੱਲੀ ਕਮੇਟੀ ਦੇ ਅਹੁਦੇਦਾਰਾਂ ਦੀ ਚੋਣ 'ਤੇ ਕੋਰਟ ਨੇ ਲਗਾਈ ਰੋਕ
. . .  about 1 hour ago
ਨਵੀਂ ਦਿੱਲੀ, 18 ਜਨਵਰੀ (ਜਗਤਾਰ ਸਿੰਘ) -ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ 19 ਜਨਵਰੀ ਨੂੰ ਹੋਣ ਵਾਲੀਆਂ ਕਾਰਜਕਾਰੀ ਚੋਣਾਂ 'ਤੇ ਕੋਰਟ ਵੱਲੋਂ ਰੋਕ ਲਗਾ ਦਿੱਤੀ ਗਈ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਇਸ ਮਾਮਲੇ 'ਚ ਦਿੱਲੀ ਕਮੇਟੀ ਦੇ ਹੀ ਇੱਕ ....
ਹੋਰ ਖ਼ਬਰਾਂ..

ਖੇਡ ਜਗਤ

ਇਤਿਹਾਸ ਰਚ ਗਈਆਂ ਸਰਦ ਰੁੱਤ ਉਲੰਪਿਕ ਖੇਡਾਂ

ਸਰਦ ਰੁੱਤ ਉਲੰਪਿਕ ਖੇਡਾਂ ਦੇ ਇਤਿਹਾਸ ਵਿਚ ਲੰਘੇ ਦਿਨੀਂ ਮੁਕੰਮਲ ਹੋਈਆਂ ਸਰਦ ਰੁੱਤ ਉਲੰਪਿਕ ਖੇਡਾਂ ਇਤਿਹਾਸ ਰਚ ਗਈਆਂ ਹਨ, ਕਿਉਂਕਿ ਇਹ ਆਯੋਜਨ ਇਨ੍ਹਾਂ ਖੇਡਾਂ ਦੇ ਇਤਿਹਾਸ ਦਾ ਸਭ ਤੋਂ ਵੱਡਾ ਉਲੰਪਿਕ ਆਯੋਜਨ ਬਣਦਾ ਹੋਇਆ ਸਮਾਪਤ ਹੋਇਆ ਹੈ। ਐਤਕੀਂ ਦੀਆਂ ਇਨ੍ਹਾਂ ਖੇਡਾਂ ਨੇ ਉਲੰਪਿਕ ਨੂੰ ਨਵੇਂ ਖਿਡਾਰੀਆਂ, ਦੇਸ਼ਾਂ, ਮੁਕਾਬਲਿਆਂ ਅਤੇ ਤਕਨੀਕਾਂ ਲਈ ਖੋਲ੍ਹ ਦਿੱਤਾ। ਕੋਰੀਆ ਦੇ ਸ਼ਹਿਰ ਪਿਓਂਗਯਾਂਗ ਵਿਚ ਹੋਈਆਂ ਸਰਦ ਰੁੱਤ ਉਲੰਪਿਕ ਖੇਡਾਂ ਵਿਚ ਨਾਰਵੇ ਨੇ 14 ਸੋਨੇ ਦੇ, 14 ਚਾਂਦੀ ਦੇ ਅਤੇ 11 ਕਾਂਸੀ ਦੇ ਤਗਮੇ ਜਿੱਤ ਕੇ ਪਹਿਲਾ ਸਥਾਨ ਹਾਸਲ ਕੀਤਾ, ਜਦਕਿ 14 ਸੋਨ ਤਗਮੇ, 10 ਚਾਂਦੀ ਅਤੇ 7 ਕਾਂਸੀ ਦੇ ਤਗਮਿਆਂ ਨਾਲ ਜਰਮਨੀ ਦੂਜੇ ਸਥਾਨ 'ਤੇ ਰਿਹਾ। ਕੈਨੇਡਾ ਤੀਜੇ ਅਤੇ ਅਮਰੀਕਾ ਚੌਥੇ ਸਥਾਨ 'ਤੇ ਰਿਹਾ। ਮੇਜ਼ਬਾਨ ਦੱਖਣੀ ਕੋਰੀਆ 5 ਸੋਨੇ ਸਣੇ 17 ਤਗਮੇ ਜਿੱਤ ਕੇ ਸੱਤਵੇਂ ਸਥਾਨ 'ਤੇ ਰਿਹਾ। ਇਸ ਦੌਰਾਨ ਇਨ੍ਹਾਂ ਖੇਡਾਂ ਨੇ ਸਿਆਸਤ ਦੀ ਦੁਨੀਆ ਦੇ ਲੋਕਾਂ ਨੂੰ ਵੀ ਇਕੋ ਮੰਚ ਉੱਤੇ ਲਿਆਂਦਾ, ਕਿਉਂਕਿ ਸਮਾਪਤੀ ਸਮਾਗਮ ਮੌਕੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਧੀ ਅਤੇ ਸਲਾਹਕਾਰ ਇਵਾਂਕਾ ਟਰੰਪ ਉੱਤਰੀ ਕੋਰੀਆ ਦੇ ਪਾਬੰਦੀਸ਼ੁਦਾ ਜਨਰਲ ਕਿਮ ਯਾਂਗ ਚੋਲ ਦੇ ਨੇੜੇ ਬੈਠੀ ਸੀ, ਜਦਕਿ ਰੂਸ ਦੇ ਪ੍ਰਤੀਨਿਧੀਆਂ ਨੇ ਆਪਣੇ ਦੇਸ਼ ਦਾ ਝੰਡਾ ਫੜਿਆ ਹੋਇਆ ਸੀ। ਉੱਤਰੀ ਅਤੇ ਦੱਖਣੀ ਕੋਰੀਆ ਦੇ ਖਿਡਾਰੀਆਂ ਦੀ ਸੁਰ ਵੀ ਆਮ ਤੌਰ ਉੱਤੇ ਅਲੱਗ-ਅਲੱਗ ਹੀ ਹੁੰਦੀ ਹੈ ਪਰ ਇਨ੍ਹਾਂ ਖੇਡਾਂ ਦੌਰਾਨ ਉੱਤਰੀ ਕੋਰੀਆ ਦੇ ਕੁਝ ਖਿਡਾਰੀਆਂ ਨੇ ਕੋਰੀਆ ਦੀ ਸਾਂਝ ਵਾਲਾ ਚਿੰਨ੍ਹ ਫੜਿਆ ਹੋਇਆ ਸੀ।
ਇਨ੍ਹਾਂ ਖੇਡਾਂ ਦੌਰਾਨ ਨੋਟ ਕਰਨ ਵਾਲੀ ਗੱਲ ਇਹ ਵੀ ਸੀ ਕਿ ਰੂਸ ਦੇ ਅਥਲੀਟਾਂ ਨੇ ਪੁਰਸ਼ਾਂ ਦੇ ਹਾਕੀ ਮੁਕਾਬਲੇ ਵਿਚ ਜਰਮਨੀ ਨੂੰ 4-3 ਨਾਲ ਹਰਾ ਕੇ ਸੋਨੇ ਦਾ ਤਗਮਾ ਜਿੱਤਿਆ। ਇਸ ਹਾਰ ਕਾਰਨ ਦੂਜੇ ਸਥਾਨ 'ਤੇ ਰਹਿੰਦਿਆਂ ਜਰਮਨੀ ਨੂੰ ਚਾਂਦੀ ਦੇ ਤਗਮੇ ਨਾਲ ਸਬਰ ਕਰਨਾ ਪਿਆ। ਚੈੱਕ ਗਣਰਾਜ ਨੂੰ ਹਰਾ ਕੇ ਕੈਨੇਡਾ ਤੀਜੇ ਸਥਾਨ 'ਤੇ ਰਿਹਾ, ਜਿਸ ਨੂੰ ਕਾਂਸੀ ਦਾ ਤਗਮਾ ਮਿਲਿਆ। ਰੂਸ ਦੇ ਸੋਚੀ ਵਿਚ ਕੈਨੇਡਾ ਨੇ ਸੋਨ ਤਗਮਾ ਜਿੱਤਿਆ ਸੀ। ਦੱਖਣੀ ਕੋਰੀਆ ਮਹਿਲਾ ਕਰਲਿੰਗ ਮੁਕਾਬਲੇ ਦੌਰਾਨ ਸੋਨ ਤਗਮਾ ਜਿੱਤਣ ਤੋਂ ਖੁੰਝ ਗਿਆ ਅਤੇ ਫਾਈਨਲ ਵਿਚ ਸਵੀਡਨ ਹੱਥੋਂ ਹੋਈ ਹਾਰ ਕਾਰਨ ਉਸ ਨੂੰ ਚਾਂਦੀ ਦੇ ਤਗਮੇ ਨਾਲ ਸਬਰ ਕਰਨਾ ਪਿਆ। ਕਪਤਾਨ ਅੰਨਾ ਹਾਸੇਲਬੋਰਡ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਸਵੀਡਨ ਨੇ 'ਗਾਰਲਿਕ ਗਰਲਜ' ਦੇ ਨਾਂਅ ਨਾਲ ਮਸ਼ਹੂਰ ਮੇਜ਼ਬਾਨ ਦੇਸ਼ ਦੀ ਟੀਮ ਨੂੰ ਹਰਾ ਕੇ ਸੋਨ ਤਗਮਾ ਆਪਣੇ ਨਾਂਅ ਕੀਤਾ। ਸਵੀਡਨ ਦੀ ਟੀਮ ਵਿਚ ਸਾਰਾ ਮੈਕਮਾਨੁਸ, ਆਗਨੇਸ ਨੋਚੇਨਹਾਇਰ, ਸੋਫੀਆ ਮੈਬਗਰਜ਼ ਅਤੇ ਮਾਰੀਆ ਪ੍ਰਿਟਜ ਸ਼ਾਮਿਲ ਸਨ, ਜੋ ਇਸ ਖੇਡ ਵਿਚ ਰਿਕਾਰਡ-ਦਰ-ਰਿਕਾਰਡ ਬਣਾਉਣ ਲਈ ਮਸ਼ਹੂਰ ਹਨ। ਇਸ ਬਾਰੇ ਖਾਸ ਗੱਲ ਇਹ ਵੀ ਹੈ ਕਿ ਪਿਛਲੇ ਚਾਰ ਵਾਰ ਤੋਂ ਫਾਈਨਲ ਵਿਚ ਪਹੁੰਚ ਰਹੀ ਸਵੀਡਨ ਟੀਮ ਦਾ ਇਹ ਤੀਜਾ ਉਲੰਪਿਕ ਸੋਨ ਤਗਮਾ ਹੈ। ਇਸ ਤੋਂ ਪਹਿਲਾਂ ਟੀਮ ਨੇ ਟਿਉਰਿਨ ਵਿਚ 2006 ਅਤੇ ਵੈਨਕੂਵਰ ਵਿਚ 2010 ਦੌਰਾਨ ਸੋਨ ਤਗਮਾ ਜਿੱਤਿਆ ਸੀ, ਜਦਕਿ 2014 ਵਿਚ ਹੋਈਆਂ ਸੋਚੀ ਉਲੰਪਿਕ ਖੇਡਾਂ ਵਿਚ ਇਹ ਟੀਮ ਦੂਜੇ ਸਥਾਨ 'ਤੇ ਰਹੀ ਸੀ। ਸ਼ਾਇਦ ਇਨ੍ਹਾਂ ਸਭ ਗੱਲਾਂ ਕਰਕੇ ਹੀ ਇਸ ਵਾਰ ਦੀਆਂ ਸਰਦ ਰੁੱਤ ਉਲੰਪਿਕ ਖੇਡਾਂ ਹੁਣ ਤੱਕ ਦੀਆਂ ਸਭ ਤੋਂ ਜ਼ਿਆਦਾ ਵੇਖੀਆਂ ਜਾਣ ਵਾਲੀਆਂ ਸਰਦ ਰੁੱਤ ਉਲੰਪਿਕ ਖੇਡਾਂ ਹੋ ਨਿੱਬੜੀਆਂ। ਇਨ੍ਹਾਂ ਖੇਡਾਂ ਦੀ ਇਸੇ ਕਾਮਯਾਬੀ ਦਾ ਨਤੀਜਾ ਹੈ ਕਿ ਹੁਣੇ ਤੋਂ ਹੀ ਅਗਲੀਆਂ ਸਰਦ ਰੁੱਤ ਉਲੰਪਿਕ ਖੇਡਾਂ ਦੀ ਉਡੀਕ ਸ਼ੁਰੂ ਹੋ ਗਈ ਹੈ, ਜਿਸ ਲਈ ਕੈਨੇਡਾ ਦਾ ਨਾਂਅ ਸਭ ਤੋਂ ਅੱਗੇ ਚੱਲ ਰਿਹਾ ਹੈ।


-ਪਿੰਡ ਢਿੱਲਵਾਂ, ਡਾਕ: ਦਕੋਹਾ, ਜ਼ਿਲ੍ਹਾ ਜਲੰਧਰ-144023
E-mail : sudeepsdhillon@ymail.com


ਖ਼ਬਰ ਸ਼ੇਅਰ ਕਰੋ

ਉੱਭਰੇ ਨਵੇਂ ਸਿਤਾਰੇ

ਭਾਰਤੀ ਖੇਡਾਂ ਦੇ ਨਵੇਂ ਖ਼ਲੀਫ਼ਾ

ਕਿਹਾ ਜਾਂਦਾ ਹੈ ਕਿ ਜਦੋਂ ਪ੍ਰਤਿਭਾ ਨੂੰ ਮੌਕਾ ਮਿਲਦਾ ਹੈ ਤਾਂ ਸਫਲਤਾ ਦੀ ਕਹਾਣੀ ਲਿਖੀ ਜਾਂਦੀ ਹੈ। ਇਹ ਸਾਬਤ ਕਰ ਦਿਖਾਇਆ ਹੈ ਭਾਰਤ ਦੇ ਕੁਝ ਅਜਿਹੇ ਖਿਡਾਰੀਆਂ ਨੇ, ਜੋ ਭਾਰਤੀ ਖੇਡਾਂ ਦੇ ਨਵੇਂ ਖਲੀਫ਼ਾ ਵਜੋਂ ਅੱਜ ਸੁਰਖੀਆਂ 'ਚ ਹਨ। ਛੋਹਲੇ ਕਦਮੀਂ ਭਾਰਤੀ ਖੇਡ ਅੰਬਰ 'ਤੇ ਧਰੂ ਤਾਰਾ ਬਣ ਚਮਕੇ ਇਹ ਖਿਡਾਰੀ ਭਾਰਤੀ ਖੇਡਾਂ ਦੇ ਸੁਨਹਿਰੇ ਭਵਿੱਖ ਦੀ ਸ਼ਾਅਦੀ ਭਰਦੇ ਹਨ।
ਮਨੂ ਭਾਸਕਰ ਅਤੇ ਸ਼ਹਜਾਰ ਰਿਜਵੀ ਦੇ ਸੁਨਹਿਰੀ ਨਿਸ਼ਾਨੇ : ਅਕਸਰ ਖੇਡਾਂ ਦੀ ਦੁਨੀਆ ਵਿਚ ਅਜਿਹੇ ਰਿਕਾਰਡ ਹੁੰਦੇ ਹਨ, ਜੋ ਬਣਦੇ ਤਾਂ ਸੈਕਿੰਡ ਦੇ ਹੇਰ-ਫੇਰ 'ਚ ਹਨ ਪਰ ਵਰ੍ਹਿਆਂਬੱਧੀ ਯਾਦ ਕੀਤੇ ਜਾਂਦੇ ਹਨ। ਅਜਿਹਾ ਹੀ ਕਰ ਦਿਖਾਇਆ ਹਰਿਆਣਾ ਦੇ ਝੱਜਰ ਦੀ ਰਹਿਣ ਵਾਲੀ 16 ਵਰ੍ਹਿਆਂ ਦੀ ਮੁਟਿਆਰ ਮਨੂ ਭਾਸਕਰ ਨੇ, ਜਿਸ ਨੇ ਮੈਕਸੀਕੋ ਦੇ ਗੁਆਡਾਲਾਜਾਰਾ ਵਿਚ ਸੰਪੰਨ ਹੋਈ ਆਈ. ਐਸ. ਐਸ. ਐਫ. ਵਿਸ਼ਵ ਕੱਪ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦੋ ਸੋਨ ਤਗਮੇ ਜਿੱਤ ਕੇ ਨਵਾਂ ਇਤਿਹਾਸ ਸਿਰਜ ਦਿੱਤਾ। ਮਨੂ ਨੇ 10 ਮੀਟਰ ਏਅਰ ਪਿਸਟਲ ਮਹਿਲਾਵਾਂ ਦੇ ਫਾਈਨਲ ਮੁਕਾਬਲੇ 'ਚ ਮੇਜ਼ਬਾਨ ਦੇਸ਼ ਮੈਕਸੀਕੋ ਅਲੈਗਜ਼ੈਂਡਰਾ ਜਵਾਲਾ ਨੂੰ 237.5 ਅੰਕਾਂ ਨਾਲ ਹਰਾ ਕੇ ਸੋਨ ਤਗਮਾ ਜਿੱਤਿਆ। ਮਨੂ ਭਾਸਕਰ ਉਸ ਵੇਲੇ ਸੁਰਖੀਆਂ ਦੀ ਸਿਖਰ ਬਣ ਗਈ, ਜਦੋਂ ਉਸ ਨੇ ਇਸੇ ਟੂਰਨਾਮੈਂਟ 'ਚ ਮਿਕਸਡ ਟੀਮ ਮੁਕਾਬਲੇ ਵਿਚ ਓਮ ਪ੍ਰਕਾਸ਼, ਮਿਥਰਵਾਲ ਨਾਲ ਮਿਲ ਕੇ 10 ਮੀਟਰ ਏਅਰ ਪਿਸਟਲ ਮੁਕਾਬਲੇ ਵਿਚ ਇਕ ਹੋਰ ਤਗਮਾ ਆਪਣੇ ਨਾਂਅ ਕਰ ਲਿਆ। ਇਹ ਸੁਨਹਿਰੀ ਪ੍ਰਦਰਸ਼ਨ ਮਨੂ ਭਾਸਕਰ ਲਈ ਸੀਨੀਅਰ ਵਿਸ਼ਵ ਕੱਪ ਦੇ ਇਤਿਹਾਸ 'ਚ ਮੀਲ ਦਾ ਪੱਥਰ ਬਣ ਕੇ ਉੱਕਰਿਆ ਗਿਆ। ਇਸੇ ਚੈਂਪੀਅਨਸ਼ਿਪ 'ਚ ਸ਼ੂਟਿੰਗ ਗਲਿਆਰਿਆਂ 'ਚ ਨਵੀਂ ਚਰਚਾ ਬਣ ਕੇ ਉੱਭਰਿਆ ਹੈ ਮੇਰਠ (ਉੱਤਰ ਪ੍ਰਦੇਸ਼) ਸ਼ਹਿਰ ਨਾਲ ਸਬੰਧ ਰੱਖਣ ਵਾਲਾ ਸ਼ਹਜਾਰ ਰਿਜਵੀ, ਜਿਸ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 10 ਮੀਟਰ ਏਅਰ ਪਿਸਟਲ ਮੁਕਾਬਲੇ 'ਚ ਆਪਣੇ ਵਿਰੋਧੀ ਉਲੰਪਿਕ ਚੈਂਪੀਅਨ ਨੂੰ ਹਰਾ ਕੇ 242.3 ਅੰਕਾਂ ਨਾਲ ਨਵਾਂ ਰਿਕਾਰਡ ਬਣਾ ਕੇ ਜਿਥੇ ਸੋਨ ਤਗਮਾ ਜਿੱਤਿਆ, ਉਥੇ ਨਿਸ਼ਾਨੇਬਾਜ਼ੀ ਦਾ ਇਹ ਸਿਤਾਰਾ ਭਾਰਤੀ ਸ਼ੂਟਿੰਗ ਦੀ ਨਵੀਂ ਉਮੀਦ ਬਣ ਕੇ ਉੱਭਰਿਆ ਹੈ। ਕੁੱਲ ਮਿਲਾ ਕੇ ਇਸ ਚੈਂਪੀਅਨਸ਼ਿਪ ਵਿਚ ਭਾਰਤ ਦਾ ਪ੍ਰਦਰਸ਼ਨ ਤਸੱਲੀਬਖਸ਼ ਰਿਹਾ।
ਅਰੁਣਾ ਬੁੱਧਾ ਰੈਡੀ : ਰੀਓ ਉਲੰਪਿਕ 'ਚ ਦੀਪਾ ਕਰਮਾਕਰ ਦੇ ਚਮਤਕਾਰੀ ਪ੍ਰਦਰਸ਼ਨ ਤੋਂ ਬਾਅਦ ਇਕ ਵਾਰ ਫਿਰ ਜਿਮਨਾਸਟਿਕ 'ਚ ਭਾਰਤ ਦਾ ਡੰਕਾ ਵੱਜਿਆ। ਹੈਦਰਾਬਾਦ ਦੀ 22 ਵਰ੍ਹਿਆਂ ਦੀ ਅਰੁਣਾ ਬੁੱਧਾ ਰੈਡੀ ਨੇ ਮੈਲਬੋਰਨ 'ਚ ਹੋਈ ਵਿਸ਼ਵ ਚੈਂਪੀਅਨਸ਼ਿਪ 'ਚ ਕਾਂਸੀ ਤਗਮਾ ਜਿੱਤ ਕੇ ਨਵਾਂ ਇਤਿਹਾਸ ਸਿਰਜ ਦਿੱਤਾ। ਆਪਣੀ ਇਸ ਪ੍ਰਾਪਤੀ ਨਾਲ ਉਹ ਵਿਸ਼ਵ ਕੱਪ 'ਚ ਵਿਅਕਤੀਗਤ ਤਗਮਾ ਜਿੱਤਣ ਵਾਲੀ ਪਹਿਲੀ ਭਾਰਤੀ ਬਣ ਗਈ। ਇਹ ਅਰੁਣਾ ਦਾ ਪਹਿਲਾ ਕੌਮਾਂਤਰੀ ਤਗਮਾ ਹੈ। ਹਾਲਾਂਕਿ 2013 ਵਿਸ਼ਵ ਆਰਟਿਸਟਿਕ ਜਿਮਨਾਸਟਿਕ ਚੈਂਪੀਅਨਸ਼ਿਪ, 2014 ਰਾਸ਼ਟਰ ਮੰਡਲ ਖੇਡਾਂ, ਏਸ਼ੀਆਈ ਖੇਡਾਂ ਅਤੇ 2017 ਏਸ਼ੀਆਈ ਚੈਂਪੀਅਨਸ਼ਿਪ ਵਿਚ ਵੀ ਉਹ ਹਿੱਸਾ ਲੈ ਚੁੱਕੀ ਹੈ। ਮੈਲਬੋਰਨ ਦੇ ਹੈਸਿਸੇ ਏਰੀਨਾ 'ਚ ਮਹਿਲਾ ਵੋਲਟ ਮੁਕਾਬਲੇ 'ਚ 13.649 ਦਾ ਸਕੋਰ ਬਣਾ ਕੇ ਕਾਂਸੀ ਤਗਮਾ ਹਿੱਕ 'ਤੇ ਸਜਾ ਕੇ ਭਾਰਤੀ ਜਿਮਨਾਸਟਿਕ ਇਤਿਹਾਸ ਵਿਚ ਇਕ ਨਵਾਂ ਅਧਿਆਇ ਜੋੜ ਦਿੱਤਾ।
ਨਵਜੋਤ ਨੇ ਲਗਾਇਆ ਗੋਲਡਨ ਦਾਅ : ਮਹਿਲਾ ਪਹਿਲਵਾਨ, ਤਰਨ ਤਾਰਨ ਦੇ ਪਿੰਡ ਬਾਗੜੀਆ ਦੀ ਜੰਮਪਲ ਨਵਜੋਤ ਕੌਰ ਨੇ ਕਿਰਗਿਸਤਾਨ ਦੇ ਸ਼ਹਿਰ ਵਿਸ਼ਕੇਕ 'ਚ ਹੋਈ ਸੀਨੀਅਰ ਏਸ਼ੀਅਨ ਚੈਂਪੀਅਨਸ਼ਿਪ 'ਚ 65 ਕਿਲੋਗ੍ਰਾਮ ਭਾਰ ਵਰਗ 'ਚ ਗੋਲਡਨ ਦਾਅ ਲਗਾਉਂਦਿਆਂ ਸੁਨਹਿਰੀ ਜਿੱਤ ਦਰਜ ਕੀਤੀ। ਉਸ ਨੇ ਫਾਈਨਲ ਮੁਕਾਬਲੇ ਵਿਚ ਜਪਾਨ ਦੀ ਮੀਆ ਈਮਾਈ ਨੂੰ 9-1 ਦੇ ਵੱਡੇ ਫਰਕ ਨਾਲ ਹਰਾ ਕੇ ਸੋਨ ਤਗਮਾ ਜਿੱਤਦਿਆਂ ਨਵਾਂ ਇਤਿਹਾਸ ਲਿਖਿਆ। ਏਸ਼ੀਅਨ ਕੁਸ਼ਤੀ ਚੈਂਪੀਅਨਸ਼ਿਪ 'ਚ ਸੋਨ ਤਗਮਾ ਜਿੱਤਣ ਵਾਲੀ ਉਹ ਪਹਿਲੀ ਭਾਰਤੀ ਮਹਿਲਾ ਬਣ ਗਈ। ਇਸ ਤੋਂ ਪਹਿਲਾਂ ਨਵਜੋਤ ਨੇ 2013 ਏਸ਼ੀਅਨ ਚੈਂਪੀਅਨਸ਼ਿਪ 'ਚ ਚਾਂਦੀ ਤਗਮਾ ਅਤੇ 2014 ਰਾਸ਼ਟਰ ਮੰਡਲ ਖੇਡਾਂ 'ਚ 67 ਕਿਲੋ ਭਾਰ ਵਰਗ 'ਚ ਕਾਂਸੀ ਤਗਮਾ ਜਿੱਤਿਆ ਸੀ।


-ਪਿੰਡ ਤੇ ਡਾਕ: ਪਲਾਹੀ, ਫਗਵਾੜਾ। ਮੋਬਾ: 94636-12204

ਝੌਂਪੜ ਪੱਟੀ ਵਾਲੇ ਫੁੱਟਬਾਲ ਦੇ ਜਨਮਦਾਤਾ-ਵਿਜੇ ਬਰਸੇ

2001 ਵਿਚ ਸਨਿੱਚਰਵਾਰ ਦੀ ਦੁਪਹਿਰ-ਵਿਜੇ ਬਰਸੇ ਕੰਮ ਤੋਂ ਜਲਦੀ ਘਰ ਆ ਰਹੇ ਸਨ ਕਿ ਅਚਾਨਕ ਮੀਂਹ ਪੈਣ ਲੱਗਿਆ। ਬਰਸੇ ਨੇ ਇਕ ਦਰੱਖਤ ਹੇਠਾਂ ਸਹਾਰਾ ਲਿਆ ਅਤੇ ਉਸ ਨੇ ਉਹ ਦੇਖਿਆ ਜਿਸ ਨੇ ਉਸ ਦੀਆਂ ਹੀ ਨਹੀਂ ਹਜ਼ਾਰਾਂ ਬੱਚਿਆਂ ਦੀ ਜ਼ਿੰਦਗੀ ਬਦਲ ਦਿੱਤੀ। ਕੋਲ ਦੀਆਂ ਕੁਝ ਝੌਂਪੜੀਆਂ ਤੋਂ ਕੁਝ ਬੱਚੇ ਟੁੱਟੀ ਹੋਈ ਬਾਲਟੀ ਨੂੰ ਇਸ ਤਰ੍ਹਾਂ ਕਿੱਕ ਮਾਰ ਰਹੇ ਸਨ ਜਿਵੇਂ ਫੁੱਟਬਾਲ ਖੇਡਣ ਦੀ ਕੋਸ਼ਿਸ਼ ਕਰ ਰਹੇ ਹੋਣ। ਨਾਗਪੁਰ ਦੇ ਹਿਸਲਾਪ ਕਾਲਜ ਦੇ ਮੈਦਾਨ 'ਤੇ ਵੀ ਬਰਸੇ ਇਨ੍ਹਾਂ ਮੁੰਡਿਆਂ ਨੂੰ ਅਕਸਰ ਦੇਖਦਾ ਸੀ। ਤਦ ਉਹ ਕਿਸੇ ਦੀ ਜੇਬ ਕੱਟਣ ਦੇ ਬਾਅਦ ਪੈਸੇ ਦੀ ਵੰਡ ਕਰ ਰਹੇ ਹੁੰਦੇ ਜਾਂ ਤੰਬਾਕੂਨੋਸ਼ੀ ਕਰ ਰਹੇ ਹੁੰਦੇ। ਬਰਸੇ ਦੱਸਦੇ ਹਨ, 'ਮੈਂ ਇਨ੍ਹਾਂ ਮੁੰਡਿਆਂ ਦੀ ਖੇਡ ਵਿਚ ਦਿਲਚਸਪੀ ਨੂੰ ਦੇਖਿਆ ਅਤੇ ਸੋਚਿਆ ਕਿ ਘੱਟ ਤੋਂ ਘੱਟ ਜਦੋਂ ਤੱਕ ਇਹ ਫੁੱਟਬਾਲ ਖੇਡ ਰਹੇ ਹਨ ਉਦੋਂ ਤੱਕ ਕਿਸੇ ਦੀ ਜੇਬ ਨਹੀਂ ਕੱਟਣਗੇ ਅਤੇ ਨਾ ਹੀ ਤੰਬਾਕੂਨੋਸ਼ੀ ਕਰਨਗੇ।'
ਬਰਸੇ ਇਨ੍ਹਾਂ ਮੁੰਡਿਆਂ ਲਈ ਮੈਚ ਦਾ ਆਯੋਜਨ ਕਰਨਾ ਚਾਹੁੰਦੇ ਸਨ, ਪਰ ਕਾਲਜ ਦਾ ਕੋਈ ਮੁੰਡਾ ਇਨ੍ਹਾਂ ਨਾਲ ਖੇਡਣਾ ਨਹੀਂ ਚਾਹੁੰਦਾ ਸੀ। ਉਹ ਕਹਿੰਦੇ ਹਨ, 'ਸਮਾਜਿਕ ਵੰਡ ਵੱਡੀ ਸਮੱਸਿਆ ਸੀ। ਉਦੋਂ ਮੈਂ ਆਪਣੇ ਇਕ ਪੱਤਰਕਾਰ ਦੋਸਤ ਨੂੰ ਅਖ਼ਬਾਰ ਵਿਚ ਲੇਖ ਲਿਖਣ ਲਈ ਕਿਹਾ ਕਿ ਮੈਂ ਜ਼ਿਲ੍ਹਾ ਝੌਂਪੜਪੱਟੀ ਫੁੱਟਬਾਲ ਮੁਕਾਬਲਾ ਸ਼ੁਰੂ ਕਰਨ ਜਾ ਰਿਹਾ ਹਾਂ, ਜਿਸ ਵਿਚ ਸਿਰਫ ਝੌਂਪੜੀਆਂ ਵਾਲਿਆਂ ਦੀਆਂ ਟੀਮਾਂ ਹੀ ਹਿੱਸਾ ਲੈਣਗੀਆਂ।' ਇਸ ਤਰ੍ਹਾਂ ਨਾਲ ਬਿਨਾਂ ਸਾਧਨਾਂ ਵਾਲੇ ਬੱਚਿਆਂ ਲਈ ਝੌਂਪੜੀਪੱਟੀ ਫੁੱਟਬਾਲ ਜਾਂ ਸਲੱਮ ਸਾਕਰ (ਜਿਵੇਂ ਕਿ ਅੱਜ ਇਸ ਨੂੰ ਜਾਣਿਆ ਜਾਂਦਾ ਹੈ) ਦੇ ਵਿਚਾਰ ਨੇ ਜਨਮ ਲਿਆ। ਬਰਸੇ ਦੀ ਇਸ ਕੋਸ਼ਿਸ਼ ਨੇ ਕੌਮਾਂਤਰੀ ਪੁਰਸਕਾਰ ਜੇਤੂ ਨਿਰਦੇਸ਼ਕ ਨਾਗਰਾਜ ਮੰਜੂਲੇ ਨੂੰ ਏਨਾ ਪ੍ਰੇਰਿਤ ਕੀਤਾ ਕਿ ਉਹ ਬਰਸੇ 'ਤੇ ਫਿਲਮ ਬਣਾ ਰਹੇ ਹਨ। ਬਰਸੇ ਦੀ ਭੂਮਿਕਾ ਅਮਿਤਾਭ ਬੱਚਨ ਕਰਨਗੇ।
ਨਾਗਪੁਰ ਵਿਚ ਭੋਕਾਰਾ ਪਿੰਡ ਦੇ ਰਹਿਣ ਵਾਲੇ ਬਰਸੇ ਕਹਿੰਦੇ ਹਨ, 'ਮੈਂ ਖੇਡ ਅਧਿਆਪਕ ਹਾਂ, ਪਰ ਮੈਂ ਫੁੱਟਬਾਲ ਦੇ ਵਿਕਾਸ ਨੂੰ ਉਤਸ਼ਾਹਿਤ ਨਹੀਂ ਕਰ ਰਿਹਾ ਹਾਂ। ਮੈਂ ਫੁੱਟਬਾਲ ਜ਼ਰੀਏ ਵਿਕਾਸ ਨੂੰ ਉਤਸ਼ਾਹਿਤ ਕਰ ਰਿਹਾ ਹਾਂ।' 2001 ਵਿਚ ਬਰਸੇ ਨਾਗਪੁਰ ਦੇ ਹਿਸਲਾਪ ਕਾਲਜ ਵਿਚ ਖੇਡ ਅਧਿਆਪਕ ਸਨ। 'ਖੇਡ ਮੈਦਾਨ ਬਚਾਓ' ਅੰਦੋਲਨ ਦੌਰਾਨ ਉਨ੍ਹਾਂ ਨੇ ਸਾਈਕਲ ਰੈਲੀਆਂ ਕੱਢੀਆਂ। ਉਨ੍ਹਾਂ ਵਿਚ ਹਮੇਸ਼ਾ ਹੀ ਸਮਾਜਿਕ ਕੰਮ ਤੇ ਅਗਵਾਈ ਲਈ ਜਨੂੰਨ ਸੀ। ਸ਼ਾਇਦ ਇਹ ਉਨ੍ਹਾਂ ਨੂੰ ਆਪਣੇ ਪਿਤਾ ਤੋਂ ਵਿਰਾਸਤ ਵਿਚ ਮਿਲਿਆ ਹੈ, ਜੋ ਪੁਲਿਸ ਕਾਂਸਟੇਬਲ ਸਨ ਅਤੇ ਨਿਆਂ ਲਈ ਆਪਣੇ ਸੀਨੀਅਰਾਂ ਨਾਲ ਵੀ ਟਕਰਾਅ ਜਾਂਦੇ ਸਨ। ਉਨ੍ਹਾਂ ਦੀ ਮੂਲ ਯੋਜਨਾ ਪੂਰੇ ਜ਼ਿਲ੍ਹੇ ਤੋਂ 32 ਟੀਮਾਂ ਪਹਿਲੀ ਪ੍ਰਤੀਯੋਗਿਤਾ ਲਈ ਲੈਣ ਦੀ ਸੀ, ਪਰ 128 ਟੀਮਾਂ ਨੇ ਪੰਜੀਕਰਨ ਕੀਤਾ।
ਇਨ੍ਹਾਂ ਟੀਮਾਂ ਨੇ ਪਹਿਲਾਂ ਕਦੀ ਪ੍ਰੋਫੈਸ਼ਨਲ ਫੁੱਟਬਾਲ ਨਹੀਂ ਖੇਡਿਆ ਸੀ ਅਤੇ ਉਨ੍ਹਾਂ ਨੂੰ ਨਿਯਮ ਵੀ ਨਹੀਂ ਪਤਾ ਸਨ। ਇਸ ਲਈ ਸਿਰਫ਼ ਇਕ ਨਿਯਮ ਹੀ ਰੱਖਿਆ ਗਿਆ-ਜੇਕਰ ਫੁੱਟਬਾਲ ਮੈਦਾਨ ਤੋਂ ਬਾਹਰ ਚਲਾ ਜਾਵੇ ਜਾਂ ਕੋਈ ਸਰੀਰਕ ਸੱਟ ਪਹੁੰਚਾਏ ਤਾਂ ਖਿਡਾਰੀ ਨੂੰ ਪੂਰਾ ਮੈਚ ਬਾਹਰ ਬੈਠਣਾ ਪਵੇਗਾ। ਖਿਡਾਰੀਆਂ ਕੋਲ ਵਰਦੀ ਵੀ ਨਹੀਂ ਸੀ। ਇਸ ਲਈ ਬਰਸੇ ਨੇ ਇਕ ਟੀਮ ਨੂੰ ਟੀ-ਸ਼ਰਟ ਦੇ ਨਾਲ ਹੋਰ ਦੂਜੀ ਟੀਮ ਨੂੰ ਬਿਨਾਂ ਟੀ-ਸ਼ਰਟ ਨਾਲ ਖਿਡਾਇਆ। ਸਥਾਨਕ ਆਗੂਆਂ ਨੇ ਜੇਤੂ ਟੀਮ ਨੂੰ ਸਨਮਾਨਿਤ ਕੀਤਾ ਅਤੇ ਉਨ੍ਹਾਂ ਦੀਆਂ ਤਸਵੀਰਾਂ ਅਖ਼ਬਾਰਾਂ ਵਿਚ ਆਈਆਂ। ਹਾਰੀ ਟੀਮ ਨੂੰ ਬਰਸੇ ਨੇ ਫੁੱਟਬਾਲ ਤੋਹਫੇ ਵਿਚ ਦਿੱਤਾ। ਉਨ੍ਹਾਂ ਦਾ ਤਰਕ? 'ਘੱਟ ਤੋਂ ਘੱਟ ਜਦੋਂ ਤੱਕ ਫੁੱਟਬਾਲ ਫਟੇਗਾ ਨਹੀਂ, ਉਹ ਉਸ ਨਾਲ ਖੇਡਦੇ ਰਹਿਣਗੇ। ਜਿੱਤਣ ਵਾਲੀ ਟੀਮ ਨੂੰ ਤਾਂ ਖ਼ੈਰ ਖੇਡਦੇ ਹੀ ਰਹਿਣਾ ਸੀ।'
ਇਸ ਤਰ੍ਹਾਂ 'ਸਲੱਮ ਸਾਕਰ' ਪ੍ਰਤੀਯੋਗਤਾਵਾਂ ਸ਼ੁਰੂ ਹੋਈਆਂ, ਜਿਨ੍ਹਾਂ ਦਾ ਆਯੋਜਨ ਹੁਣ ਦੇਸ਼ ਦੇ ਸਾਰੇ ਸੂਬਿਆਂ ਵਿਚ ਹੁੰਦਾ ਹੈ। ਇਨ੍ਹਾਂ ਪ੍ਰਤੀਯੋਗਤਾਵਾਂ ਨਾਲ ਦੋ ਟੀਮਾਂ-ਇਕ ਮਰਦ ਤੇ ਇਕ ਔਰਤ ਦੀ ਚੋਣ ਕੀਤੀ ਜਾਂਦੀ ਹੈ, ਜੋ ਹੋਮਲੈੱਸ ਵਰਲਡ ਕੱਪ ਵਿਚ ਭਾਰਤ ਦੀ ਅਗਵਾਈ ਕਰਦੀਆਂ ਹਨ। ਇਹ ਕੌਮਾਂਤਰੀ ਪ੍ਰਤੀਯੋਗਤਾਵਾਂ ਵੀ ਸਾਧਨਹੀਣਾਂ ਲਈ 2001 ਤੋਂ ਹੀ ਆਯੋਜਿਤ ਕੀਤੀਆਂ ਜਾ ਰਹੀਆਂ ਹਨ। 2006 ਵਿਚ ਬਰਸੇ ਕਾਲਜ ਤੋਂ ਰਿਟਾਇਰ ਹੋਏ ਅਤੇ ਉਨ੍ਹਾਂ ਨੂੰ ਚੰਗਾ ਰਿਟਾਇਰਮੈਂਟ ਫੰਡ ਮਿਲਿਆ। ਉਹ ਕਹਿੰਦੇ ਹਨ, 'ਮੈਂ ਸੋਚਦਾ ਸੀ ਕਿ ਮੈਂ ਕੁਝ ਹੀ ਘੰਟਿਆਂ ਲਈ ਕੰਮ ਕਰਦਾ ਹਾਂ ਅਤੇ ਮੈਨੂੰ ਬਹੁਤ ਸਾਰੀਆਂ ਛੁੱਟੀਆਂ ਮਿਲਦੀਆਂ ਹਨ, ਫਿਰ ਵੀ ਮੈਨੂੰ ਪੂਰਾ ਪੈਸਾ ਮਿਲ ਰਿਹਾ ਹੈ। ਮੈਨੂੰ ਲੱਗਿਆ ਕਿ ਮੈਨੂੰ ਜ਼ਰੂਰਤ ਤੋਂ ਜ਼ਿਆਦਾ ਪੈਸੇ ਮਿਲ ਰਹੇ ਹਨ ਅਤੇ ਇਸ ਨੂੰ ਮੈਨੂੰ ਵਾਪਸ ਸਮਾਜ ਨੂੰ ਦੇਣਾ ਚਾਹੀਦਾ।'
ਇਸ ਪੈਸੇ ਨਾਲ ਉਨ੍ਹਾਂ ਨੇ ਜ਼ਮੀਨ ਖਰੀਦੀ, ਹੁਣ ਜਿਥੇ ਉਨ੍ਹਾਂ ਦਾ ਸੰਗਠਨ 'ਸਲੱਮ ਸਾਕਰ' ਕੰਮ ਕਰਦਾ ਹੈ। ਦੋ ਸਾਲ ਬਾਅਦ ਉਨ੍ਹਾਂ ਦੀ ਖੇਡ ਅਧਿਆਪਕ ਪਤਨੀ ਰਚਨਾ ਵੀ ਰਿਟਾਇਰ ਹੋ ਗਈ ਅਤੇ ਉਨ੍ਹਾਂ ਨੂੰ ਵੀ ਆਪਣਾ ਫੰਡ ਕੇਂਦਰ ਦੇ ਵਿਕਾਸ ਲਈ ਦੇ ਦਿੱਤਾ। ਇਸ ਤਰ੍ਹਾਂ ਇਕ ਫੁੱਟਬਾਲ ਗਰਾਊਂਡ ਬਣੀ, ਛੋਟੀ ਜਿਹੀ ਇਕ ਮੰਜ਼ਿਲ ਇਮਾਰਤ ਬਣੀ ਜੋ ਹਫ਼ਤੇ ਬਾਅਦ ਇਕ ਭਾਈਚਾਰੇ ਲਈ ਚਰਚ ਬਣ ਜਾਂਦੀ ਹੈ ਅਤੇ ਹਫਤੇ ਦੇ ਬਾਕੀ ਦਿਨਾਂ ਵਿਚ ਸਰਗਰਮੀ ਸੈਂਟਰ ਅਤੇ ਨਾਲ ਹੀ ਸਲੱਮ ਸਾਕਰ ਦਾ ਮੁੱਖ ਦਫਤਰ ਤੇ ਬਰਸੇ ਦਾ ਘਰ ਵੀ ਇਸੇ ਇਮਾਰਤ ਵਿਚ ਹੈ। ਹਾਲਾਂਕਿ ਬਰਸੇ ਨੂੰ ਆਪਣੀ ਪਤਨੀ ਦਾ ਤਾਂ ਬਿਨਾਂ ਸ਼ਰਤ ਸਮਰਥਨ ਮਿਲਿਆ, ਪਰ ਬੇਟੇ ਡਾ. ਅਭਿਜੀਤ, ਜੋ ਹੁਣ ਸਲੱਮ ਸਾਕਰ ਦੇ ਸੀ. ਈ. ਓ. ਹਨ, ਨੂੰ ਨਾਲ ਲਿਆਉਣਾ ਸੌਖਾ ਨਹੀਂ ਸੀ। ਅਭਿਜੀਤ ਦਾ ਆਪਣੇ ਪਿਤਾ ਨਾਲ ਝਗੜਾ ਹੋਇਆ ਅਤੇ ਉਨ੍ਹਾਂ ਨੇ 2007 ਵਿਚ ਅਮਰੀਕਾ ਵਿਚ ਰਿਸਰਚ ਫੈਲੋ ਦੀ ਨੌਕਰੀ ਲੈ ਲਈ। ਅਭਿਜੀਤ ਕਹਿੰਦੇ ਹਨ, 'ਮੈਂ ਤਰਕਸ਼ੀਲ ਵਿਅਕਤੀ ਹਾਂ। ਮੈਂ ਆਪਣੇ ਆਲੇ-ਦੁਆਲੇ ਦੀ ਹਰ ਚੀਜ਼ 'ਤੇ ਸਵਾਲ ਕਰਦਾ ਹਾਂ, ਆਪਣੇ-ਆਪ ਤੋਂ ਵੀ। ਉਸ ਸਮੇਂ ਮੈਨੂੰ ਆਪਣੇ ਪਿਤਾ ਦੇ ਆਦਰਸ਼ ਸਮਝ ਵਿਚ ਨਹੀਂ ਆਉਂਦੇ ਸਨ।'
ਬਰਸੇ ਦੀ ਤਰ੍ਹਾਂ ਉਨ੍ਹਾਂ ਦੇ ਵਿਦਿਆਰਥੀਆਂ ਨੇ ਵੀ ਪਲਟ ਕੇ ਨਹੀਂ ਦੇਖਿਆ ਹੈ। ਕਿਸਾਨ ਮਜ਼ਦੂਰ ਦੇ ਬੇਟੇ ਹੋਮਕਾਂਤ ਸੁੰਦਰਸੇ ਯਵਤਮਾਲ ਜ਼ਿਲ੍ਹੇ ਦੇ ਆਪਣੇ ਪਿੰਡ ਨੇਰ ਤੋਂ ਭੱਜੇ ਅਤੇ ਸਲੱਮ ਸਾਕਰ ਪ੍ਰਤੀਯੋਗਤਾ ਦਾ ਹਿੱਸਾ ਬਣ ਗਏ। ਉਨ੍ਹਾਂ ਨੇ 2008 ਵਿਚ 'ਹੋਮਲੈੱਸ ਵਰਲਡ ਕੱਪ' ਵਿਚ ਭਾਰਤ ਦੀ ਅਗਵਾਈ ਕੀਤੀ ਅਤੇ ਹੁਣ ਉਹ ਕੋਚ ਹਨ। ਉਨ੍ਹਾਂ ਦੀ ਸਾਥੀ ਕੋਚ ਸ਼ਰੂਤਿਕਾ ਅਮਲੇ ਇਸ ਤਰ੍ਹਾਂ ਦੀ ਥਾਂ ਤੋਂ ਆਉਂਦੀ ਹੈ ਜਿਥੇ ਕੁੜੀਆਂ ਦਾ ਨਿੱਕਰ ਪਾਉਣਾ ਬੁਰਾ ਸਮਝਿਆ ਜਾਂਦਾ ਹੈ। ਚਾਲਕ ਦੀ ਇਸ ਬੇਟੀ ਨੇ 2015 ਵਿਚ ਅਮੈਸਟਰਡਮ ਵਿਚ ਹੋਮਲੈੱਸ ਪ੍ਰਤੀਯੋਗਤਾ ਵਿਚ ਭਾਰਤ ਦੀ ਅਗਵਾਈ ਕੀਤੀ ਅਤੇ ਉਦੋਂ ਤੋਂ ਉਹ ਪ੍ਰਤੀਯੋਗਤਾਵਾਂ ਤੇ ਵਰਕਸ਼ਾਪ ਲਈ ਫਰਾਂਸ, ਜਰਮਨੀ ਆਦਿ ਜਾ ਚੁੱਕੀ ਹੈ। ਉਹ ਕਹਿੰਦੀ ਹੈ, 'ਮੈਂ ਕਦੀ ਹਵਾਈ ਜਹਾਜ਼ ਵਿਚ ਨਹੀਂ ਬੈਠੀ ਸੀ, ਪਾਸਪੋਰਟ ਵੀ ਨਹੀਂ ਸੀ। ਅੱਜ ਮੈਂ ਆਪਣੀ ਅਕਾਦਮੀ ਦੇਖਣ ਦਾ ਸੁਪਨਾ ਦੇਖਦੀ ਹਾਂ। ਇਹ ਸਭ 'ਸਲੱਮ ਸਾਕਰ' ਕਾਰਨ ਹੀ ਹੋ ਸਕਿਆ, ਵਰਨਾ ਮੈਂ ਕਿਤੇ ਗੁੰਮਨਾਮੀ ਦੇ ਹਨੇਰੇ ਵਿਚ ਗਵਾਚੀ ਹੁੰਦੀ।'


-ਇਮੇਜ ਰਿਫਲੈਕਸ਼ਨ ਸੈਂਟਰ

ਕੌਮਾਂਤਰੀ ਖਿਡਾਰਨ ਸਾਬਤ ਹੋਵੇਗੀ ਅੱਖਾਂ ਤੋਂ ਮੁਨਾਖੀ ਖਿਡਾਰਨ ਦੀਪ ਮਾਲਾ ਪਾਂਡੇ

ਜਦੋਂ ਮੈਂ ਆਪਣੇ ਇਸ ਕਾਲਮ ਤਹਿਤ ਲੁਧਿਆਣਾ ਵਿਖੇ ਹੋਈਆਂ ਨੇਤਰਹੀਣ ਖਿਡਾਰੀਆਂ ਦੀਆਂ ਖੇਡਾਂ ਵਿਚ ਨੇਤਰਹੀਣ ਖਿਡਾਰੀਆਂ ਨੂੰ ਮਿਲਣ ਲਈ ਗਿਆ ਤਾਂ ਉਥੇ ਸਾਰੇ ਹੀ ਖਿਡਾਰੀਆਂ 'ਚੋਂ ਮੈਂ ਬਹੁਤ ਹੀ ਛੋਟੀ ਉਮਰ ਵਿਚ ਹੀ ਵੱਡੀਆਂ ਪ੍ਰਾਪਤੀਆਂ ਕਰ ਰਹੀ ਨੇਤਰਹੀਣ ਖਿਡਾਰਨ ਦੀਪ ਮਾਲਾ ਪਾਂਡੇ ਨੂੰ ਮਿਲਿਆ ਤਾਂ ਹੈਰਾਨਗੀ ਦੀ ਕੋਈ ਹੱਦ ਨਾ ਰਹੀ। ਪਾਠਕਾਂ ਦੀ ਜਾਣਕਾਰੀ ਹਿਤ ਦੱਸ ਦੇਵਾਂ ਕਿ ਇਹ ਨੇਤਰਹੀਣ ਖਿਡਾਰਨ ਅੰਤਰਰਾਸ਼ਟਰੀ ਨੇਤਰਹੀਣ ਖਿਡਾਰਨ ਤੈਰਾਕ ਕੰਚਨ ਮਾਲਾ ਪਾਂਡੇ ਦੀ ਛੋਟੀ ਭੈਣ ਹੈ, ਜਿਹੜੀ ਆਪਣੀ ਵੱਡੀ ਭੈਣ ਦੇ ਨਕਸ਼ੇ ਕਦਮਾਂ 'ਤੇ ਚਲਦੀ ਹੋਈ ਤੈਰਾਕੀ ਦੇ ਨਾਲ-ਨਾਲ ਅਥਲੈਟਿਕ ਵਿਚ ਵੀ ਲਗਾਤਾਰ ਪ੍ਰਾਪਤੀਆਂ ਕਰਕੇ ਆਉਣ ਵਾਲੇ ਸਮੇਂ ਦੀ ਦੇਸ਼ ਦੀ ਉੱਚਕੋਟੀ ਦੀ ਖਿਡਾਰਨ ਦੇ ਸੁਪਨੇ ਨੂੰ ਹਕੀਕਤ ਵਿਚ ਬਦਲਣ ਲਈ ਲਗਾਤਾਰ ਮਿਹਨਤ ਦਾ ਪੱਲਾ ਫੜ ਕੇ ਸੰਘਰਸ਼ ਕਰ ਰਹੀ ਹੈ ਅਤੇ ਉਸ ਦੀਆਂ ਪ੍ਰਾਪਤੀਆਂ ਸਦਕਾ ਉਹ ਦਿਨ ਦੂਰ ਨਹੀਂ ਜਦੋਂ ਦੀਪ ਮਾਲਾ ਪਾਂਡੇ ਇਕ ਦਿਨ ਪੂਰੇ ਭਾਰਤ ਦੇਸ਼ ਦੀ ਸ਼ਾਨ ਬਣੇਗੀ। ਦੀਪ ਮਾਲਾ ਪਾਂਡੇ ਦਾ ਜਨਮ ਮਹਾਰਾਸ਼ਟਰ ਪ੍ਰਾਂਤ ਦੇ ਸ਼ਹਿਰ ਅਮਰਾਵਤੀ ਵਿਖੇ ਪਿਤਾ ਧਿਆਨੇਸ਼ਵਰ ਪਾਂਡੇ ਦੇ ਘਰ ਮਾਤਾ ਹਿਰੁਤਾਈ ਪਾਂਡੇ ਦੀ ਕੁੱਖੋਂ 20 ਮਾਰਚ, 1997 ਨੂੰ ਹੋਇਆ ਅਤੇ ਦੀਪ ਮਾਲਾ ਪਾਂਡੇ ਚਾਰ ਭੈਣਾਂ ਅਤੇ ਇਕ ਭਾਈ ਵਿਚੋਂ ਇਕ ਹੈ।
ਜੇਕਰ ਦੀਪ ਮਾਲਾ ਪਾਂਡੇ ਦੀਆਂ ਪ੍ਰਾਪਤੀਆਂ ਦੀ ਗੱਲ ਕਰੀਏ ਤਾਂ ਉਸ ਨੇ ਆਪਣਾ ਖੇਡ ਕੈਰੀਅਰ ਸਾਲ 2009 ਵਿਚ ਸ਼ੁਰੂ ਕੀਤਾ ਅਤੇ ਕੋਹਲਾਪੁਰ ਵਿਖੇ ਹੋਈਆਂ ਪੈਰਾ ਉਲੰਪਿਕ ਖੇਡਾਂ ਵਿਚ 11ਵੀਂ ਸੀਨੀਅਰ ਅਤੇ ਜੂਨੀਅਰ ਵਰਗ ਵਿਚ ਭਾਗ ਲਿਆ ਅਤੇ ਫਰੀ ਸਟਾਈਲ ਤੈਰਾਕੀ ਵਿਚ 50 ਮੀਟਰ ਵਿਚ ਪਹਿਲੀ ਵਾਰ ਹੀ ਸੋਨ ਤਗਮਾ ਆਪਣੇ ਨਾਂਅ ਕੀਤਾ ਅਤੇ ਅਥਲੈਟਿਕ ਵਿਚ ਡਿਸਕਸ ਥਰੋ ਵਿਚ ਕਾਂਸੀ ਦਾ ਤਗਮਾ ਅਤੇ 200 ਮੀਟਰ ਦੌੜ ਵਿਚ ਚਾਂਦੀ ਦੇ ਤਗਮੇ 'ਤੇ ਕਬਜ਼ਾ ਜਮਾਇਆ। ਸਾਲ 2009 ਵਿਚ ਹੀ ਕਲਕੱਤਾ ਵਿਖੇ ਹੋਈ ਨੈਸ਼ਨਲ ਪੈਰਾ ਉਲੰਪਿਕ ਸਵਿਮਿੰਗ ਚੈਂਪੀਅਨਸ਼ਿਪ ਵਿਚ ਵੀ 50 ਮੀਟਰ ਵਿਚ ਸੋਨ ਤਗਮਾ ਹਾਸਲ ਕੀਤਾ। ਸਾਲ 2010 ਵਿਚ ਕੋਹਲਾਪੁਰ ਵਿਖੇ 5ਵੀਂ ਸਵਿਮਿੰਗ ਪੈਰਾ ਉਲੰਪਿਕ ਵਿਚ ਸਵਿਮਿੰਗ ਦੇ ਦੋ ਈਵੈਟਾਂ ਵਿਚ ਖੇਡ ਕੇ ਦੋ ਚਾਂਦੀ ਦੇ ਤਗਮੇ ਜਿੱਤੇ। ਸਾਲ 2012 ਵਿਚ ਪੂਨੇ ਵਿਖੇ ਹੋਈ ਪੈਰਾ ਉਲੰਪਿਕ ਸਵਿਮਿੰਗ ਵਿਚ ਫਰੀ ਸਟਾਇਲ ਤੈਰਾਕੀ ਵਿਚ 50 ਮੀਟਰ ਵਿਚ ਚਾਂਦੀ ਦਾ ਤਗਮਾ ਜੇਤੂ ਰਹੀ। ਸਾਲ 2015 ਵਿਚ ਔਰੰਗਾਬਾਦ ਵਿਖੇ ਹੋਈ 9ਵੀਂ ਪੈਰਾ ਉਲੰਪਿਕ ਸਵਿਮਿੰਗ ਚੈਂਪੀਅਨਸ਼ਿਪ ਵਿਚ ਭਾਗ ਲੈ ਕੇ 100 ਮੀਟਰ ਦੇ ਦੋਵੇਂ ਈਵੈਂਟਾਂ ਵਿਚੋਂ ਦੋ ਚਾਂਦੀ ਦੇ ਤਗਮੇ ਜਿੱਤੇ। ਪੂਨਾ ਵਿਖੇ ਹੋਈ 10ਵੀਂ ਪੈਰਾ ਸਵਿਮਿੰਗ ਚੈਂਪੀਅਨਸ਼ਿਪ ਵਿਚੋਂ 100 ਮੀਟਰ ਦੀਆਂ ਦੋ ਕੈਟਾਗਰੀਆਂ ਵਿਚੋਂ ਦੋ ਚਾਂਦੀ ਦੇ ਤਗਮੇ ਆਪਣੇ ਨਾਂਅ ਫਿਰ ਕੀਤੇ।
ਸਾਲ 2015 ਵਿਚ ਬੇਲਗਾਮ ਕਰਨਾਟਕਾ ਵਿਚ 11ਵੀਂ ਨੈਸ਼ਨਲ ਪੈਰਾ ਉਲੰਪਿਕ ਸਵਿਮਿੰਗ ਚੈਂਪੀਅਨਸ਼ਿਪ ਤੈਰਾਕੀ ਦੀਆਂ ਦੋ ਕੈਟਾਗਰੀਆਂ ਵਿਚ 100 ਮੀਟਰ ਵਿਚ ਇਕ ਸੋਨ ਤਗਮਾ ਅਤੇ ਇਕ ਕਾਂਸੀ ਦਾ ਤਗਮਾ ਜੇਤੂ ਰਹੀ। ਸਾਲ 2018 ਵਿਚ ਲੁਧਿਆਣਾ ਵਿਖੇ ਹੋਈ ਨੇਤਰਹੀਣ ਨੈਸ਼ਨਲ ਅਥਲੈਟਿਕ ਮੀਟ ਵਿਚ ਲੰਮੀ ਛਾਲ ਅਤੇ ਡਿਸਕਸ ਥਰੋ ਵਿਚ ਦੋ ਸੋਨ ਤਗਮੇ ਆਪਣੇ ਨਾਂਅ ਕਰਕੇ ਜਿੱਤ ਦੇ ਦਾਅਵੇ ਨੂੰ ਬਰਕਰਾਰ ਰੱਖਿਆ ਅਤੇ ਹੁਣੇ-ਹੁਣੇ ਕੋਹਲਾਪੁਰ ਵਿਖੇ ਹੋਈਆਂ ਨੇਤਰਹੀਣ ਅਥਲੈਟਿਕ ਖੇਡਾਂ ਵਿਚ ਲੰਮੀ ਛਾਲ ਵਿਚ ਅਤੇ ਦੌੜ ਵਿਚ ਦੋ ਸੋਨ ਤਗਮੇ ਫਿਰ ਆਪਣੇ ਨਾਂਅ ਕਰ ਲਏ। ਦੀਪ ਮਾਲਾ ਆਖਦੀ ਹੈ ਕਿ ਭਾਵੇਂ ਉਹ ਰੰਗਲੇ ਸੰਸਾਰ ਨੂੰ ਤੱਕ ਨਹੀਂ ਸਕਦੀ ਪਰ ਉਹ ਮਹਿਸੂੂਸ ਸਭ ਕੁਝ ਕਰਦੀ ਹੈ ਅਤੇ ਉਹ ਇਸ ਰੰਗਲੇ ਭਾਰਤ ਦੀ ਰੰਗਲੀ ਭਾਅ ਦੀ ਸੁਨਹਿਰੀ ਕਿਰਨ ਹੈ। ਇਸ ਨੇਤਰਹੀਣ ਮਾਣਮੱਤੀ ਖਿਡਾਰਨ ਦੀਪ ਮਾਲਾ ਪਾਂਡੇ ਦੇ ਜਜ਼ਬੇ ਅਤੇ ਹੌਸਲੇ ਨੂੰ ਮੈਂ ਇਕੱਲਾ ਸਲਾਮ ਨਹੀਂ ਕਰਦਾ, ਸਗੋਂ ਪੂਰਾ ਦੇਸ਼ ਸਲਾਮ ਕਰਦਾ ਹੈ।


-ਪਿੰਡ ਬੁੱਕਣ ਵਾਲਾ, ਤਹਿ: ਤੇ ਜ਼ਿਲ੍ਹਾ ਮੋਗਾ। ਮੋਬਾ: 98551-14484

ਖਿਡਾਰੀ ਵਰਗ ਨੂੰ ਇੱਜ਼ਤ ਅਤੇ ਸਨਮਾਨ ਦੇਣ ਦੀ ਲੋੜ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਕਿੰਨੇ ਸਕੂਲਾਂ-ਕਾਲਜਾਂ ਦੇ ਨਾਂਅ ਖਿਡਾਰੀਆਂ ਦੇ ਨਾਵਾਂ ਨੂੰ ਆਧਾਰ ਬਣਾ ਕੇ ਰੱਖੇ ਗਏ ਹਨ। ਹੈ ਕੋਈ ਸ਼ਹਿਰ ਜਿਸ ਦਾ ਨਾਂਅ ਖਿਡਾਰੀ ਦੇ ਨਾਂਅ 'ਤੇ ਹੋਵੇ? ਪਿੰਡਾਂ ਦੇ ਨਾਂਅ ਰੱਖਣ ਲੱਗਿਆਂ ਵੀ ਕੀ ਕਦੇ ਕਿਸੇ ਨੇ ਖਿਡਾਰੀ ਵਰਗ ਨੂੰ ਅਹਿਮੀਅਤ ਦਿੱਤੀ ਹੈ? ਅਸੀਂ ਮੰਨਦੇ ਹਾਂ ਕਿ ਰਾਜਨੀਤੀ ਦੇ ਖੇਤਰ 'ਚ ਦੇਸ਼ ਦੀ ਸੇਵਾ ਕਰਨੀ ਮਹਾਨ ਹੈ। ਸਰਹੱਦਾਂ 'ਤੇ ਲੜਦਿਆਂ ਦੇਸ਼ ਲਈ ਜਾਨ ਦੇਣੀ, ਕੁਰਬਾਨ ਹੋ ਜਾਣਾ, ਸ਼ਹੀਦ ਹੋਣਾ ਬਹੁਤ ਵੱਡਾ ਕਾਰਨਾਮਾ ਹੈ ਪਰ ਦੇਸ਼ ਲਈ ਖੇਡ ਦੇ ਮੈਦਾਨ 'ਚ ਪਸੀਨਾ ਵਹਾਉਣਾ, ਜੱਦੋ-ਜਹਿਦ ਕਰਨੀ, ਲਹੂ, ਪਸੀਨਾ ਇਕ ਕਰਨ ਨੂੰ ਵੀ ਤਾਂ ਘੱਟ ਨਾ ਗਿਣਿਆ ਜਾਵੇ। ਖੇਡਾਂ ਦੇ ਇਨ੍ਹਾਂ ਰਾਜਦੂਤਾਂ ਦਾ ਦੂਜੇ ਖੇਤਰਾਂ 'ਚ ਯੋਗਦਾਨ ਪਾਉਣ ਵਾਲਿਆਂ ਵਾਂਗ ਸਨਮਾਨ ਹੋਣਾ ਜ਼ਰੂਰੀ ਹੈ। ਪਿੰਡ ਦੀ ਪੰਚਾਇਤ ਤੋਂ ਲੈ ਕੇ ਦੇਸ਼ ਦੀ ਕੇਂਦਰ ਸਰਕਾਰ ਤੱਕ ਨੂੰ ਇਸ ਪੱਖੋਂ ਸੁਚੇਤ ਹੋਣ ਦੀ ਲੋੜ ਹੈ, ਜੇ ਭਾਰਤ ਖੇਡ ਖੇਤਰ 'ਚ ਕਿਸੇ ਖੇਡ ਕ੍ਰਾਂਤੀ ਦੇ ਅਰਥ ਲੱਭਣਾ ਚਾਹੁੰਦੈ।
ਦੇਸ਼ ਦਾ ਅਵਾਮ ਤੇ ਸਰਕਾਰ ਉਨ੍ਹਾਂ ਦਿੱਗਜ਼ ਖਿਡਾਰੀਆਂ ਦੇ ਪਰਿਵਾਰਾਂ ਦੀ ਵੀ ਸਾਰ ਲਵੇ, ਜਿਨ੍ਹਾਂ ਦਾ ਜੀਵਨ ਹਮੇਸ਼ਾ ਖੇਡਾਂ ਨੂੰ ਸਮਰਪਿਤ ਰਿਹਾ। ਕਈ ਆਰਥਿਕ ਮਜਬੂਰੀਆਂ ਕਾਰਨ ਪਰਿਵਾਰ ਭਾਵੇਂ ਖੇਰੂੰ-ਖੇਰੂੰ ਹੁੰਦਾ ਰਿਹਾ, ਫਿਰ ਵੀ ਉਨ੍ਹਾਂ ਨੇ ਖੇਡਾਂ ਦਾ ਮੈਦਾਨ ਨਾ ਛੱਡਿਆ। ਜਿਉਂਦੇ ਜੀਅ ਵੀ ਆਰਥਿਕ ਤੰਗੀ ਦਾ ਸ਼ਿਕਾਰ ਰਹੇ। ਬਾਅਦ 'ਚ ਉਨ੍ਹਾਂ ਦਾ ਪਰਿਵਾਰ ਉਹੀ ਆਰਥਿਕ ਥੁੜਾਂ ਭੋਗਦਾ ਰਿਹਾ। ਖੇਡਾਂ ਪ੍ਰਤੀ ਵਚਨਬੱਧਤਾ ਨਿਭਾਉਣ ਵਾਲੇ ਇਹ ਖੇਡ ਹੀਰੋ ਕਈ-ਕਈ ਵਰ੍ਹੇ ਆਪਣੇ ਪਰਿਵਾਰਾਂ ਤੋਂ ਵੀ ਦੂਰ ਰਹੇ। ਯਾਦ ਰੱਖਿਓ! ਜੇ ਅਸੀਂ ਆਪਣੇ ਵੈਟਰਨ, ਦਿੱਗਜ਼ ਖਿਡਾਰੀਆਂ ਅਤੇ ਉਨ੍ਹਾਂ ਦੇ ਪਰਿਵਾਰ ਦਾ ਬਣਦਾ ਸਨਮਾਨ ਨਾ ਕੀਤਾ ਤਾਂ ਆਉਣ ਵਾਲੀ ਨਸਲ ਖੇਡਾਂ ਤੋਂ ਬੇਮੁਖ ਹੋ ਜਾਵੇਗੀ ਅਤੇ ਖੇਡਾਂ ਤੋਂ ਇਹ ਬੇਮੁਖਤਾ ਕਿਸੇ ਵੀ ਦੇਸ਼ ਦੇ ਸਿਹਤਮੰਦ, ਤੰਦਰੁਸਤ ਹੋਣ ਦੀ ਨਿਸ਼ਾਨੀ ਨਹੀਂ ਹੋਵੇਗੀ। ਦੂਜੇ ਖੇਤਰਾਂ 'ਚ ਚਾਹੇ ਕੋਈ ਦੇਸ਼ ਜਿੰਨੀ ਮਰਜ਼ੀ ਤਰੱਕੀ ਕਰ ਲਵੇ। ਵੈਟਰਨ ਖਿਡਾਰੀ ਵੀ ਆਪਣੀ ਖੇਡ ਨੂੰ ਉਤਸ਼ਾਹਿਤ ਕਰਨ ਲਈ ਲਗਾਤਾਰ ਗਤੀਸ਼ੀਲ ਹੋਣ। ਇਸ ਲਈ ਸਰਕਾਰ ਹੀ ਨਹੀਂ, ਸਗੋਂ ਅਵਾਮ ਵਲੋਂ ਵੀ ਛੋਟੀ ਉਮਰ ਦੇ ਖਿਡਾਰੀਆਂ ਨੂੰ ਉਤਸ਼ਾਹਤ ਕਰਨ ਲਈ ਵਿਅਕਤੀਗਤ ਉਪਰਾਲੇ ਹੋਣੇ ਚਾਹੀਦੇ ਹਨ। ਖਿਡਾਰੀਆਂ ਨੂੰ ਸਪਾਂਸਰ ਕਰਨ ਲਈ ਪਿੰਡਾਂ, ਸ਼ਹਿਰਾਂ 'ਚ ਕੁਝ ਸੰਸਥਾਵਾਂ ਬਣਨੀਆਂ ਚਾਹੀਦੀਆਂ ਹਨ। ਕਾਰਪੋਰੇਟ ਘਰਾਣੇ ਵੀ ਇਸ ਪੱਖੋਂ ਦਿਲੀ ਸੁਹਿਰਦਤਾ ਨਾਲ ਅੱਗੇ ਆਉਣ। ਬੇਸ਼ੱਕ ਵਿੱਦਿਅਕ ਸੰਸਥਾਵਾਂ ਅਤੇ ਖੇਡ ਵਿਭਾਗ ਬਿਹਤਰੀਨ ਖਿਡਾਰੀਆਂ ਦੀ ਪੜ੍ਹਾਈ ਦਾ ਖਰਚਾ, ਹੋਸਟਲ ਰਿਹਾਇਸ਼ ਅਤੇ ਰੋਟੀ-ਪਾਣੀ/ਖੁਰਾਕ ਦਾ ਖਰਚਾ ਸਹਾਰਦੇ ਹਨ ਪਰ ਇਸ ਦੇ ਨਾਲ-ਨਾਲ ਸਾਡਾ ਸਭ ਦਾ ਫਰਜ਼ ਵੀ ਬਣਦਾ ਹੈ ਕਿ ਖੇਡਾਂ ਦੇ ਭਲੇ ਲਈ, ਬਿਹਤਰੀ ਲਈ, ਖਿਡਾਰੀਆਂ ਦੇ ਖੇਡ ਕੈਰੀਅਰ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਨ ਲਈ ਜਿਥੇ ਉਨ੍ਹਾਂ ਦਾ ਆਦਰ-ਸਨਮਾਨ ਕਰੀਏ, ਉਥੇ ਉਨ੍ਹਾਂ ਦੀਆਂ ਆਰਥਿਕ ਤੰਗੀਆਂ ਦਾ ਵੀ ਕੁਝ ਬੋਝ ਚੁੱਕੀਏ, ਵੱਖ-ਵੱਖ ਢੰਗਾਂ ਨਾਲ, ਵੱਖ-ਵੱਖ ਤਰੀਕਿਆਂ ਦੇ ਰਾਹੀਂ। (ਸਮਾਪਤ)


-ਡੀ. ਏ. ਵੀ. ਕਾਲਜ, ਅੰਮ੍ਰਿਤਸਰ।
ਮੋਬਾ: 98155-35410

ਕੁਸ਼ਤੀ ਅਖਾੜੇ 'ਚ ਸੁਨਹਿਰੀ ਦਾਅ ਮਾਰਨ ਵਾਲੀ ਪੰਜਾਬਣ-ਨਵਜੋਤ ਕੌਰ

ਪੰਜਾਬੀਆਂ ਦੀ ਰਵਾਇਤੀ ਖੇਡ ਕੁਸ਼ਤੀ 'ਚ ਤਰਨ ਤਾਰਨ ਜ਼ਿਲ੍ਹੇ ਦੇ ਪਿੰਡ ਬਾਗੜੀਆ ਦੀ ਜੰਮਪਲ ਨਵਜੋਤ ਕੌਰ ਨੇ ਭਾਰਤ ਦੀ ਪਹਿਲੀ ਏਸ਼ੀਅਨ ਚੈਂਪੀਅਨ ਪਹਿਲਵਾਨ ਬਣਨ ਦਾ ਮਾਣ ਪ੍ਰਾਪਤ ਕੀਤਾ ਹੈ। ਤਕਰੀਬਨ ਡੇਢ ਦਹਾਕੇ ਤੋਂ ਕੁਸ਼ਤੀ ਦੇ ਖੇਤਰ 'ਚ ਜ਼ੋਰ-ਅਜ਼ਮਾਈ ਕਰਨ ਵਾਲੀ ਨਵਜੋਤ ਕੌਰ ਦੀ ਸਖ਼ਤ ਮਿਹਨਤ, ਦਿੜ੍ਹ ਇਰਾਦਾ ਅਤੇ ਲਗਨ ਆਖਿਰਕਾਰ ਰੰਗ ਲਿਆਈ ਅਤੇ ਉਸ ਨੇ ਏਸ਼ੀਅਨ ਚੈਂਪੀਅਨ ਬਣ ਕੇ ਦੇਸ਼ ਲਈ ਸੁਨਹਿਰੇ ਭਵਿੱਖ ਦੀ ਉਮੀਦ ਜਗਾਈ ਹੈ।
ਸਾਧਾਰਨ ਕਿਸਾਨ ਪਰਿਵਾਰ 'ਚ ਸ: ਸੁਖਚੈਨ ਸਿੰਘ ਦੇ ਘਰ ਸ੍ਰੀਮਤੀ ਗਿਆਨ ਕੌਰ ਦੀ ਕੁੱਖੋਂ 10 ਫਰਵਰੀ, 1990 ਨੂੰ ਜਨਮੀ ਨਵਜੋਤ ਕੌਰ ਨੇ ਆਪਣੀ ਵੱਡੀ ਭੈਣ ਨਵਜੀਤ ਕੌਰ ਨੂੰ ਦੇਖ ਕੇ ਕੁਸ਼ਤੀ ਅਖਾੜੇ 'ਚ ਪੈਰ ਰੱਖਿਆ ਅਤੇ ਕੋਚ ਅਸ਼ੋਕ ਕੁਮਾਰ ਤੋਂ ਸਿਖਲਾਈ ਲੈਣੀ ਸ਼ੁਰੂ ਕੀਤੀ। ਦੋਵੇਂ ਭੈਣਾਂ ਆਪਣੇ ਪਿੰਡ ਤੋਂ ਤਰਨ ਤਾਰਨ ਤੱਕ ਹਰ ਦਿਨ 12 ਕਿਲੋਮੀਟਰ ਸਾਈਕਲ ਚਲਾ ਕੇ, ਕੁਸ਼ਤੀ ਦੇ ਖੇਤਰ 'ਚ ਅੱਗੇ ਵਧਣ ਲਈ ਸਿਖਲਾਈ ਲੈਣ ਜਾਂਦੀਆਂ ਸਨ। ਨਵਜੋਤ ਦੀ ਵੱਡੀ ਭੈਣ ਨਵਜੀਤ 2000 ਤੋਂ 2006 ਤੱਕ ਕੌਮੀ ਪੱਧਰ 'ਤੇ ਕਾਫੀ ਤਗਮੇ ਜਿੱਤ ਚੁੱਕੀ ਹੈ ਅਤੇ ਦੋ ਵਾਰ ਕੌਮੀ ਕੈਂਪਾਂ ਦਾ ਹਿੱਸਾ ਵੀ ਰਹਿ ਚੁੱਕੀ ਹੈ। ਪਰ ਪਿੱਠ ਅਤੇ ਗੋੋਡੇ ਦੀ ਸੱਟ ਨੇ ਨਵਜੀਤ ਕੌਰ ਨੂੰ ਸਮੇਂ ਤੋਂ ਪਹਿਲਾਂ ਖੇਡ ਛੱਡਣ ਲਈ ਮਜਬੂਰ ਕਰ ਦਿੱਤਾ ਪਰ ਉਸ ਦੀ ਭੈਣ ਨਵਜੋਤ ਕੌਰ ਨੇ ਆਪਣੀ ਭੈਣ ਦੇ ਸੁਪਨੇ ਪੂਰੇ ਕਰਨ ਲਈ ਸਖ਼ਤ ਅਭਿਆਸ ਕੀਤਾ, ਜਿਸ ਸਦਕਾ ਉਹ ਪੌੜੀ-ਦਰ-ਪੌੜੀ ਅੱਗੇ ਵਧਦੀ ਗਈ। ਨਵਜੋਤ ਕੌਰ ਨੇ 2005 'ਚ ਜੂਨੀਅਰ ਵਿਸ਼ਵ ਚੈਂਪੀਅਨਸ਼ਿਪ 'ਚ ਦੇਸ਼ ਲਈ ਪਹਿਲੀ ਵਾਰ ਖੇਡਦਿਆਂ ਕਾਂਸੀ ਦਾ ਤਗਮਾ ਜਿੱਤਿਆ। ਇਸ ਚੈਂਪੀਅਨਸ਼ਿਪ 'ਚ ਤਗਮਾ ਜਿੱਤਣ ਵਾਲੀ ਨਵਜੋਤ ਕੌਰ ਦੇਸ਼ ਦੀ ਇਕਲੌਤੀ ਖਿਡਾਰਨ ਸੀ। ਫਿਰ 2011 ਅਤੇ 2013 ਦੀਆਂ ਸੀਨੀਅਰ ਏਸ਼ੀਅਨ ਚੈਂਪੀਅਨਸ਼ਿਪਾਂ 'ਚੋਂ ਵੀ ਨਵਜੋਤ ਕ੍ਰਮਵਾਰ ਕਾਂਸੀ ਅਤੇ ਚਾਂਦੀ ਦੇ ਤਗਮੇ ਜਿੱਤ ਚੁੱਕੀ ਹੈ।
ਸਾਲ 2011 ਦੀ ਏਸ਼ੀਅਨ ਚੈਂਪੀਅਨਸ਼ਿਪ 'ਚੋਂ ਸਿਰਫ ਨਵਜੋਤ ਨੇ ਹੀ ਦੇਸ਼ ਲਈ ਕਾਂਸੀ ਦਾ ਤਗਮਾ ਜਿੱਤਿਆ ਸੀ ਅਤੇ ਹੁਣ ਏਸ਼ੀਅਨ ਚੈਂਪੀਅਨਸ਼ਿਪ 'ਚੋਂ ਸੋਨ ਤਗਮਾ ਜਿੱਤਣਾ ਵੀ ਇਕੱਲੀ ਨਵਜੋਤ ਕੌਰ ਦੇ ਹਿੱਸੇ ਆਇਆ ਹੈ। ਇਸ ਤਰ੍ਹਾਂ ਨਵਜੋਤ ਨੇ ਹਮੇਸ਼ਾ ਹੀ ਇਕੱਲਿਆਂ ਤਿਰੰਗਾ ਕੌਮਾਂਤਰੀ ਖੇਡ ਮੰਚਾਂ 'ਤੇ ਝੁਲਾਉਣ ਦਾ ਮਾਣ ਪ੍ਰਾਪਤ ਕੀਤਾ ਹੈ। ਰਾਸ਼ਟਰ ਮੰਡਲ ਖੇਡਾਂ ਗਲਾਸਗੋ 2014 ਅਤੇ ਕੁਸ਼ਤੀ ਵਿਸ਼ਵ ਕੱਪ 'ਚੋਂ ਵੀ ਨਵਜੋਤ ਕਾਂਸੀ ਦੇ ਤਗਮੇ ਜਿੱਤ ਚੁੱਕੀ ਹੈ। ਨਵਜੋਤ ਦੀ ਭੈਣ ਨਵਜੀਤ ਕੌਰ ਦਾ ਕਹਿਣਾ ਹੈ ਕਿ ਜਦੋਂ ਨਵਜੋਤ ਤਗਮਾ ਜਿੱਤਦੀ ਹੈ ਤਾਂ ਉਸ ਨੂੰ ਜਾਪਦਾ ਹੈ ਕਿ ਉਸ ਦੇ ਸੁਪਨੇ ਪੂਰੇ ਹੋ ਰਹੇ ਹਨ। ਸਾਲ 2008 ਤੋਂ 2011 ਤੱਕ ਮੁੱਖ ਕੌਮੀ ਕੋਚ ਵਜੋਂ ਨਵਜੋਤ ਕੌਰ ਨੂੰ ਸਿਖਲਾਈ ਦੇਣ ਵਾਲੇ ਸ੍ਰੀ ਪੀ.ਆਰ. ਸੌਂਧੀ ਨੇ ਦੱਸਿਆ ਕਿ ਨਵਜੋਤ ਜਦੋਂ ਕੌਮੀ ਕੈਂਪ 'ਚ ਆਈ ਸੀ ਤਾਂ ਉਹ ਰੱਖਿਆਤਮਕ ਖੇਡ ਖੇਡਦੀ ਸੀ ਪਰ ਉਨ੍ਹਾਂ ਉਸ ਨੂੰ ਸਮਝਾਇਆ ਕਿ ਖੇਡਾਂ 'ਚ ਰੱਖਿਆਤਮਕ ਅੰਦਾਜ਼ 'ਚ ਜੇਤੂ ਨਹੀਂ ਬਣਿਆ ਜਾਂਦਾ। ਇਸ ਕਰਕੇ ਨਵਜੋਤ ਨੇ ਹਮਲਾਵਰ ਰੁਖ਼ ਅਖ਼ਤਿਆਰ ਕੀਤਾ ਅਤੇ ਤਗਮੇ ਜਿੱਤਣੇ ਸ਼ੁਰੂ ਕਰ ਦਿੱਤੇ। ਸ੍ਰੀ ਸੌਂਧੀ ਨੇ ਦੱਸਿਆ ਕਿ ਨਵੰਬਰ ਮਹੀਨੇ ਹੋਈ ਸੀਨੀਅਰ ਕੌਮੀ ਚੈਂਪੀਅਨਸ਼ਿਪ 'ਚ ਨਵਜੋਤ ਚੋਟਗ੍ਰਸਤ ਹੋ ਗਈ ਸੀ, ਜਿਸ ਕਾਰਨ ਉਹ ਕੋਈ ਤਗਮਾ ਨਹੀਂ ਜਿੱਤ ਸਕੀ ਅਤੇ ਰਾਸ਼ਟਰ ਮੰਡਲ ਖੇਡਾਂ 'ਚ ਹਿੱਸਾ ਲੈਣ ਦਾ ਮੌਕਾ ਵੀ ਗੁਆ ਬੈਠੀ।
ਨਵਜੋਤ ਨੇ ਸਿਰਫ ਦੋ ਮਹੀਨਿਆਂ 'ਚ ਆਪਣੀ ਸੱਟ ਤੋਂ ਨਿਜਾਤ ਵੀ ਪਾਈ ਅਤੇ ਏਸ਼ੀਅਨ ਚੈਂਪੀਅਨਸ਼ਿਪ ਲਈ ਕੌਮੀ ਟੀਮ 'ਚ ਸ਼ਾਮਿਲ ਹੋਈ, ਜਿਸ ਦੌਰਾਨ ਫ੍ਰੀ ਸਟਾਈਲ ਕੁਸ਼ਤੀ ਦੇ 65 ਕਿਲੋ ਭਾਰ ਵਰਗ 'ਚ ਸੋਨ ਤਗਮਾ ਜਿੱਤ ਕੇ ਉਸ ਨੇ ਇਤਿਹਾਸ ਸਿਰਜ ਦਿੱਤਾ। ਸ੍ਰੀ ਸੋਂਧੀ ਨੇ ਕਿਹਾ ਕਿ ਫਾਈਨਲ ਵਿਚ ਜਪਾਨ ਦੀ ਪਹਿਲਵਾਨ ਮੂਈ ਈਮਾਊ ਨੂੰ 9-1 ਨਾਲ ਹਰਾਉਣਾ ਵੱਡੀ ਜਿੱਤ ਹੈ। ਨਵਜੋਤ ਦੇ ਮੁਢਲੇ ਕੋਚ ਅਸ਼ੋਕ ਕੁਮਾਰ ਦਾ ਕਹਿਣਾ ਹੈ ਕਿ ਉਹ ਬਹੁਤ ਸਹਿਣਸ਼ੀਲਤਾ ਅਤੇ ਨਿਡਰ ਇਰਾਦੇ ਵਾਲੀ ਖਿਡਾਰਨ ਹੈ। ਉਹ ਸਖਤ ਮਿਹਨਤ ਦੇ ਨਾਲ-ਨਾਲ ਵਿਰੋਧੀ ਖਿਡਾਰਨਾਂ ਦੇ ਹਮਲਿਆਂ ਨੂੰ ਨਕਾਮ ਕਰਨ ਦੀ ਸਮਰੱਥਾ ਵੀ ਰੱਖਦੀ ਹੈ। ਨਵਜੋਤ ਦੇ ਭਰਾ ਯੁਵਰਾਜ ਸਿੰਘ ਦਾ ਕਹਿਣਾ ਹੈ ਕਿ ਉਹ ਬਹੁਤ ਹੱਸਮੁੱਖ ਅਤੇ ਚਿੰਤਾਮੁਕਤ ਲੜਕੀ ਹੈ। ਉਹ ਆਪਣੇ ਸਕੇ ਸਬੰਧੀਆਂ ਦੇ ਸਮਾਜਿਕ ਸਮਾਗਮਾਂ ਦੀ ਬਜਾਏ ਆਪਣੀ ਖੇਡ ਨੂੰ ਪਹਿਲ ਦਿੰਦੀ ਹੈ ਅਤੇ ਦੇਸ਼ ਲਈ ਖੇਡਣ ਨੂੰ ਪਹਿਲ ਦਿੰਦੀ ਹੈ। ਸ: ਸੁਖਚੈਨ ਸਿੰਘ ਨੇ ਦੱਸਿਆ ਕਿ 2014 'ਚ ਜਿਸ ਵੇਲੇ ਨਵਜੋਤ ਨੂੰ ਰੇਲਵੇ 'ਚ ਨੌਕਰੀ ਮਿਲੀ ਸੀ ਤਾਂ ਉਸ ਲਈ ਵਿਆਹ ਦੀਆਂ ਕਈ ਪੇਸ਼ਕਸ਼ਾਂ ਆਈਆਂ ਸਨ ਪਰ ਨਵਜੋਤ ਅਤੇ ਉਨ੍ਹਾਂ ਦੇ ਪਰਿਵਾਰ ਦਾ ਟੀਚਾ 2020 ਦੀਆਂ ਉਲੰਪਿਕ ਖੇਡਾਂ 'ਚੋਂ ਦੇਸ਼ ਲਈ ਤਗਮਾ ਜਿੱਤਣਾ ਹੋਣ ਕਰਕੇ, ਵਿਆਹ ਦੀਆਂ ਪੇਸ਼ਕਸ਼ਾਂ ਨਜ਼ਰਅੰਦਾਜ਼ ਕਰ ਦਿੱਤੀਆਂ। ਨਵਜੋਤ ਕੌਰ ਦੀ ਤਮੰਨਾ ਉਲੰਪਿਕ ਖੇਡਾਂ 'ਚੋਂ ਤਗਮਾ ਜਿੱਤਣਾ ਹੈ।


-ਪਟਿਆਲਾ। ਮੋਬਾ: 97795-90575


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX