ਤਾਜਾ ਖ਼ਬਰਾਂ


ਆਈ.ਪੀ.ਐਲ 2019 : ਬੰਗਲੌਰ ਨੇ ਪੰਜਾਬ ਨੂੰ 17 ਦੌੜਾਂ ਨਾਲ ਹਰਾਇਆ
. . .  1 day ago
ਲੜਕੀ ਨੂੰ ਅਗਵਾ ਕਰ ਸਾੜ ਕੇ ਮਾਰਿਆ, ਪੁਲਿਸ ਵੱਲੋਂ 2 ਲੜਕੇ ਕਾਬੂ
. . .  1 day ago
ਸ਼ੁਤਰਾਣਾ, 24 ਅਪ੍ਰੈਲ (ਬਲਦੇਵ ਸਿੰਘ ਮਹਿਰੋਕ)-ਪਟਿਆਲਾ ਜ਼ਿਲ੍ਹੇ ਦੇ ਪਿੰਡ ਗੁਲਾਹੜ ਵਿਖੇ ਇਕ ਨਾਬਾਲਗ ਲੜਕੀ ਨੂੰ ਪਿੰਡ ਦੇ ਹੀ ਕੁੱਝ ਲੜਕਿਆਂ ਵੱਲੋਂ ਅਗਵਾ ਕਰਕੇ ਉਸ ਨੂੰ ਅੱਗ ਲਗਾ ਕੇ ਸਾੜ ਕੇ ਮਾਰ ਦਿੱਤਾ ਗਿਆ ਹੈ। ਪੁਲਿਸ ...
ਆਈ.ਪੀ.ਐਲ 2019 : ਬੰਗਲੌਰ ਨੇ ਪੰਜਾਬ ਨੂੰ 203 ਦੌੜਾਂ ਦਾ ਦਿੱਤਾ ਟੀਚਾ
. . .  1 day ago
29 ਨੂੰ ਕਰਵਾਉਣਗੇ ਕੈਪਟਨ ਸ਼ੇਰ ਸਿੰਘ ਘੁਬਾਇਆ ਦੇ ਕਾਗ਼ਜ਼ ਦਾਖਲ
. . .  1 day ago
ਜਲਾਲਾਬਾਦ ,24 ਅਪ੍ਰੈਲ (ਹਰਪ੍ਰੀਤ ਸਿੰਘ ਪਰੂਥੀ ) - ਲੋਕ ਸਭਾ ਹਲਕਾ ਫ਼ਿਰੋਜ਼ਪੁਰ ਤੋਂ ਕਾਂਗਰਸ ਦੇ ਉਮੀਦਵਾਰ ਸ਼ੇਰ ਸਿੰਘ ਘੁਬਾਇਆ ਦੇ ਨਾਮਜ਼ਦਗੀ ਪੱਤਰ ਭਰਵਾਉਣ ਲਈ ਮੁੱਖ ਮੰਤਰੀ ਕੈਪਟਨ ...
ਆਈ.ਪੀ.ਐਲ 2019 : ਟਾਸ ਜਿੱਤ ਕੇ ਪੰਜਾਬ ਵੱਲੋਂ ਬੈਂਗਲੌਰ ਨੂੰ ਪਹਿਲਾ ਬੱਲੇਬਾਜ਼ੀ ਦਾ ਸੱਦਾ
. . .  1 day ago
ਕਾਰ ਵੱਲੋਂ ਟੱਕਰ ਮਾਰੇ ਜਾਣ ਕਾਰਨ ਐਕਟਿਵਾ ਸਵਾਰ ਲੜਕੀ ਦੀ ਮੌਤ
. . .  1 day ago
ਗੜ੍ਹਸ਼ੰਕਰ, 24 ਅਪ੍ਰੈਲ (ਧਾਲੀਵਾਲ) - ਗੜੰਸ਼ਕਰ-ਹੁਸ਼ਿਆਰਪੁਰ ਰੋਡ 'ਤੇ ਪਿੰਡ ਖਾਬੜਾ ਮੋੜ 'ਤੇ ਇੱਕ ਕਾਰ ਵੱਲੋਂ ਐਕਟਿਵਾ ਤੇ ਬੁਲਟ ਨੂੰ ਟੱਕਰ ਮਾਰੇ ਜਾਣ 'ਤੇ ਐਕਟਿਵਾ ਸਵਾਰ...
ਮਦਰਾਸ ਹਾਈਕੋਰਟ ਦੀ ਮਦੁਰਈ ਬੈਂਚ ਨੇ ਟਿਕਟਾਕ 'ਤੇ ਰੋਕ ਹਟਾਈ
. . .  1 day ago
ਚੇਨਈ, 24 ਅਪ੍ਰੈਲ - ਮਦਰਾਸ ਹਾਈਕੋਰਟ ਦੀ ਮਦੁਰਈ ਬੈਂਚ ਨੇ ਟਿਕਟਾਕ ਵੀਡੀਓ ਐਪ 'ਤੇ ਲੱਗੀ ਰੋਕ ਹਟਾ ਦਿੱਤੀ...
ਅੱਗ ਨਾਲ 100 ਤੋਂ 150 ਏਕੜ ਕਣਕ ਸੜ ਕੇ ਸੁਆਹ
. . .  1 day ago
ਗੁਰੂਹਰਸਹਾਏ, ੨੪ ਅਪ੍ਰੈਲ - ਨੇੜਲੇ ਪਿੰਡ ਸਰੂਪੇ ਵਾਲਾ ਵਿਖੇ ਤੇਜ ਹਵਾਵਾਂ ਦੇ ਚੱਲਦਿਆਂ ਬਿਜਲੀ ਦੀਆਂ ਤਾਰਾਂ ਸਪਾਰਕ ਹੋਣ ਕਾਰਨ ਲੱਗੀ ਅੱਗ ਵਿਚ 100 ਤੋਂ 150 ਏਕੜ ਕਣਕ...
ਜ਼ਬਰਦਸਤ ਹਨੇਰੀ ਤੂਫ਼ਾਨ ਨੇ ਕਿਸਾਨਾਂ ਨੂੰ ਪਾਇਆ ਚਿੰਤਾ 'ਚ
. . .  1 day ago
ਬੰਗਾ, 24 ਅਪ੍ਰੈਲ (ਜਸਬੀਰ ਸਿੰਘ ਨੂਰਪੁਰ) - ਵੱਖ ਵੱਖ ਇਲਾਕਿਆਂ 'ਚ ਚੱਲ ਰਹੀ ਤੇਜ ਹਨੇਰੀ ਅਤੇ ਝਖੜ ਨੇ ਕਿਸਾਨਾਂ ਨੂੰ ਚਿੰਤਾ 'ਚ ਪਾ ਦਿੱਤਾ ਹੈ। ਹਨੇਰੀ ਕਾਰਨ ਆਵਾਜ਼ਾਈ...
ਸੁਖਬੀਰ ਬਾਦਲ 26 ਨੂੰ ਦਾਖਲ ਕਰਨਗੇ ਨਾਮਜ਼ਦਗੀ
. . .  1 day ago
ਮਮਦੋਟ 24 ਅਪ੍ਰੈਲ (ਸੁਖਦੇਵ ਸਿੰਘ ਸੰਗਮ) - ਲੋਕ ਸਭਾ ਹਲਕਾ ਫ਼ਿਰੋਜ਼ਪੁਰ ਤੋਂ ਅਕਾਲੀ-ਭਾਜਪਾ ਗਠਜੋੜ ਦੇ ਉਮੀਦਵਾਰ ਸੁਖਬੀਰ ਸਿੰਘ ਬਾਦਲ 26 ਅਪ੍ਰੈਲ ਨੂੰ ਆਪਣੇ ਨਾਮਜ਼ਦਗੀ...
ਹੋਰ ਖ਼ਬਰਾਂ..

ਬਾਲ ਸੰਸਾਰ

ਬੱਚਿਆਂ ਦੇ ਪ੍ਰਸਿੱਧ ਕਾਰਟੂਨ ਚਰਿੱਤਰ-21 ਟਾਰਜ਼ਨ

ਕਾਰਟੂਨ ਪਾਤਰਾਂ ਵਿਚ ਟਾਰਜ਼ਨ ਨੂੰ ਖਾਸ ਪ੍ਰਸਿੱਧੀ ਪ੍ਰਾਪਤ ਹੈ। ਪਹਿਲੀ ਵਾਰੀ ਇਸ ਕਾਰਟੂਨ ਪਾਤਰ ਦਾ ਜ਼ਿਕਰ ਅਮਰੀਕਾ ਵਾਸੀ ਲੇਖਕ ਐਡਗਰ ਰਾਈਸ ਬੋਰੋਸ ਨੇ ਆਪਣੀ ਇਕ ਕਹਾਣੀ ਵਿਚ ਕੀਤਾ ਸੀ। ਇਹ ਇਕ ਬਹਾਦਰ ਅਤੇ ਸ਼ਿਕਾਰੀ ਕਿਸਮ ਦਾ ਪਾਤਰ ਹੈ, ਜੋ ਖੂੰਖਾਰ ਜੰਗਲੀ ਜਾਨਵਰਾਂ ਦਾ ਸ਼ਿਕਾਰ ਕਰਦਾ ਹੈ। ਇਹ ਰੁੱਖਾਂ 'ਤੇ ਰਹਿੰਦਾ ਹੈ। ਇਕ ਤੋਂ ਦੂਜੇ ਟਹਿਣੇ 'ਤੇ ਕੁੱਦਦਾ ਹੈ, ਛਾਲਾਂ ਮਾਰਦਾ ਹੈ। ਇਸ ਦੀ ਪਤਨੀ ਦਾ ਨਾਂਅ ਜੇਨ ਪੇਰਟਰ ਅਤੇ ਲੜਕੇ ਦਾ ਨਾਂਅ ਕੇਰਕ ਹੈ। ਇਸ ਦੀ ਬਹਾਦਰੀ ਭਰੇ ਕਾਰਨਾਮੇ ਕੁਝ ਹੀ ਅਰਸੇ ਵਿਚ ਪੱਛਮੀ ਮੁਲਕਾਂ ਦੇ ਬੱਚਿਆਂ ਦੀ ਜ਼ੁਬਾਨ ਉਪਰ ਚੜ੍ਹ ਗਏ। ਆਮ ਬੱਚੇ ਇਸ ਪਾਤਰ ਨੂੰ ਆਪਣਾ ਰੋਲ ਮਾਡਲ ਮੰਨਣ ਲੱਗ ਪਏ ਪਰ ਛੇਤੀ ਹੀ ਪਤਾ ਲੱਗ ਗਿਆ ਕਿ ਇਸ ਕਾਰਟੂਨ ਪਾਤਰ ਨਾਲ ਵਾਪਰਨ ਵਾਲੀਆਂ ਘਟਨਾਵਾਂ ਅਸਲੀਅਤ ਤੋਂ ਦੂਰ ਹਨ। ਇਸ ਪਾਤਰ ਦੀ ਜਾਂਬਾਜ਼ੀ ਤੋਂ ਪ੍ਰਭਾਵਿਤ ਹੋ ਕੇ ਕਾਪੀਆਂ, ਕਿਤਾਬਾਂ, ਬੁਨੈਣਾਂ ਅਤੇ ਖਿਡੌਣਿਆਂ ਉੱਪਰ ਟਾਰਜ਼ਨ ਦੇ ਚਿੱਤਰ ਛਪਣ ਲੱਗੇ ਅਤੇ ਬੱਚਿਆਂ ਦੇ ਨਾਂਅ ਵੀ ਟਾਰਜ਼ਨ ਰੱਖੇ ਜਾਣ ਲੱਗ ਪਏ। ਇਸ ਚੁਸਤ-ਫ਼ੁਰਤ ਤੇ ਤੇਜ਼ ਦਿਮਾਗ਼ ਵਾਲੇ ਪਾਤਰ ਨਾਲ ਸਬੰਧਤ ਕਾਰਟੂਨ ਪੱਟੀਆਂ ਹਜ਼ਾਰਾਂ ਦੀ ਗਿਣਤੀ ਵਿਚ ਰਸਾਲਿਆਂ ਅਤੇ ਅਖ਼ਬਾਰਾਂ ਵਿਚ ਛਪ ਚੁੱਕੀਆਂ ਹਨ। ਇਸ ਤੋਂ ਇਲਾਵਾ ਇਸ ਉਪਰ 200 ਫ਼ਿਲਮਾਂ ਬਣ ਚੁੱਕੀਆਂ ਹਨ। ਆਖ਼ਰੀ ਵਾਰੀ ਇਹ ਕਾਰਟੂਨ ਪਾਤਰ 'ਟਾਰਜ਼ਨ ਦ ਲੌਸਟ ਐਡਵੈਂਚਰ' ਫ਼ਿਲਮ ਵਿਚ ਵਿਖਾਈ ਦਿੱਤਾ ਸੀ।

-ਪੰਜਾਬੀ ਯੂਨੀਵਰਸਿਟੀ ਕੈਂਪਸ, ਪਟਿਆਲਾ। ਮੋਬਾ: 98144-23703


ਖ਼ਬਰ ਸ਼ੇਅਰ ਕਰੋ

ਕਹਾਣੀ: ਪਛਤਾਵਾ

ਇਕ ਮੱਧ ਵਰਗੀ ਪਰਿਵਾਰ ਨਾਲ ਸਬੰਧਤ ਟੈਕਸੀ ਡਰਾਈਵਰ ਰਾਜੂ ਸਾਰਾ ਦਿਨ ਸਵਾਰੀਆਂ ਢੋਹ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦਾ ਸੀ। ਪਰ ਉਸ ਦੀ ਇਕ ਬੁਰੀ ਆਦਤ ਸੀ ਕਿ ਉਹ ਵੱਧ ਪੈਸੇ ਕਮਾਉਣ ਦੇ ਚੱਕਰ ਵਿਚ ਅਣਜਾਣ ਸਵਾਰੀ ਨੂੰ ਬਿਨਾਂ ਵਜ੍ਹਾ ਇਧਰ-ਉਧਰ ਘੁਮਾਈ ਫਿਰਦਾ ਸੀ। ਉਹ ਸਵਾਰੀ ਨਾਲ ਗੱਲਾਂ ਕਰ ਕੇ ਪਹਿਲਾਂ ਪਤਾ ਕਰ ਲੈਂਦਾ ਸੀ ਕਿ ਇਹ ਸਵਾਰੀ ਅਣਜਾਣ ਹੈ ਜਾਂ ਨਹੀਂ। ਅਣਜਾਣ ਸਵਾਰੀ ਦੇਖ ਕੇ ਰਾਜੂ ਵੱਧ ਪੈਸੇ ਬਣਾ ਲੈਂਦਾ ਸੀ ਪਰ ਜਾਣਕਾਰ ਸਵਾਰੀ 'ਤੇ ਉਸ ਦੀ ਇਹ ਚਲਾਕੀ ਕੰਮ ਨਹੀਂ ਕਰਦੀ ਸੀ। ਸ਼ਾਮ ਨੂੰ ਰਾਜੂ ਦੀ ਘਰਵਾਲੀ ਉਸ ਨੂੰ ਸਮਝਾਉਂਦੀ ਸੀ ਕਿ ਠੱਗੀ ਨਾਲ ਪੈਸਾ ਕਮਾਉਣਾ ਚੰਗੀ ਗੱਲ ਨਹੀਂ। ਪਰ ਸਮੇਂ ਦੇ ਨਾਲ ਰਾਜੂ ਦੀ ਗ਼ਲਤ ਢੰਗ ਨਾਲ ਪੈਸੇ ਕਮਾਉਣ ਦੀ ਇਹ ਆਦਤ ਰੁਕ ਨਹੀਂ ਰਹੀ ਸੀ।
ਇਕ ਦਿਨ ਜਦੋਂ ਉਹ ਟੈਕਸੀ ਸਟੈਂਡ 'ਤੇ ਖੜ੍ਹਾ ਸਵਾਰੀਆਂ ਉਡੀਕ ਰਿਹਾ ਸੀ ਤਾਂ ਅਚਾਨਕ ਇਕ ਆਦਮੀ ਉਸ ਕੋਲ ਆ ਕੇ ਚਿਰਲਾਇਆ ਤੇ ਕਿਹਾ ਕਿ, 'ਇਕ ਔਰਤ ਦਾ ਐਕਸੀਡੈਂਟ ਹੋ ਗਿਆ ਹੈ, ਜ਼ਿਆਦਾ ਸੱਟ ਲੱਗਣ ਕਰ ਕੇ ਉਹ ਬੇਹੋਸ਼ ਹੋ ਗਈ ਹੈ, ਤੁਸੀਂ ਸਾਨੂੰ ਨਜ਼ਦੀਕੀ ਹਸਪਤਾਲ ਜਲਦੀ ਲੈ ਚਲੋ।' ਵੱਧ ਪੈਸੇ ਕਮਾਉਣ ਖਾਤਰ ਰਾਜੂ ਨੇ ਉਸ ਔਰਤ ਨੂੰ ਵੀ ਨਹੀਂ ਦੇਖਿਆ ਤੇ ਬਿਨਾਂ ਵਜ੍ਹਾ ਇਧਰ-ਉਧਰ ਘੁਮਾ-ਫਿਰਾ ਕੇ ਉਨ੍ਹਾਂ ਨੂੰ ਕਾਫੀ ਸਮੇਂ ਬਾਅਦ ਹਸਪਤਾਲ ਪਹੁੰਚਾਇਆ। ਹਸਪਤਾਲ ਪਹੁੰਚਦੇ ਸਾਰ ਹੀ ਔਰਤ ਨੇ ਪ੍ਰਾਣ ਤਿਆਗ ਦਿੱਤੇ। ਰਾਜੂ ਹਾਲੇ ਹਸਪਤਾਲ ਦੇ ਅੰਦਰ ਹੀ ਸੀ ਕਿ ਉਸ ਨੂੰ ਉਸ ਮਰੀ ਹੋਈ ਔਰਤ ਵਾਲੇ ਕਮਰੇ 'ਚੋਂ ਆਪਣੀ ਘਰਵਾਲੀ ਦੇ ਗੱਲਾਂ ਕਰਨ ਦੀ ਆਵਾਜ਼ ਤੇ ਬਾਅਦ 'ਚ ਰੋਣ ਦੀ ਆਵਾਜ਼ ਸੁਣਾਈ ਦਿੱਤੀ। ਜਦੋਂ ਉਹ ਕਮਰੇ ਅੰਦਰ ਗਿਆ ਤਾਂ ਉਸ ਦੇ ਹੱਥਾਂ ਦੇ ਤੋਤੇ ਉੱਡ ਗਏ, ਕਿਉਂਕਿ ਰੋਣ ਵਾਲੀ ਔਰਤ ਉਸ ਦੀ ਘਰਵਾਲੀ ਸੀ ਤੇ ਮਰਨ ਵਾਲੀ ਔਰਤ ਉਸ ਦੀ ਮਾਂ। ਰਾਜੂ ਦੀ ਗਲਤੀ ਕਾਰਨ ਉਸ ਦੀ ਮਾਂ ਮਰ ਚੁੱਕੀ ਸੀ, ਜੇਕਰ ਉਸ ਦੇ ਅੰਦਰ ਵੱਧ ਪੈਸੇ ਕਮਾਉਣ ਦੀ ਲਾਲਸਾ ਨਾ ਹੁੰਦੀ ਤਾਂ ਉਸ ਦੀ ਮਾਂ ਅੱਜ ਜ਼ਿੰਦਾ ਹੁੰਦੀ। ਇਹ ਸਭ ਕੁਝ ਦੇਖ ਕੇ ਰਾਜੂ ਧਾਹਾਂ ਮਾਰ ਕੇ ਰੋਣ ਲੱਗ ਪਿਆ। ਹੁਣ ਉਸ ਨੂੰ ਆਪਣੀ ਕੀਤੀ ਗ਼ਲਤੀ ਦਾ ਪਛਤਾਵਾ ਹੋ ਰਿਹਾ ਸੀ।
ਸੋ, ਆਓ ਸਾਨੂੰ ਸਾਰਿਆਂ ਨੂੰ ਇਸ ਕਹਾਣੀ ਤੋਂ ਸਿੱਖਿਆ ਲੈਣੀ ਚਾਹੀਦੀ ਹੈ ਕਿ ਕਿਸੇ ਵੀ ਕੰਮ ਵਿਚ ਗ਼ਲਤ ਢੰਗ ਤੇ ਧੋਖੇ ਨਾਲ ਕਮਾਇਆ ਪੈਸਾ ਕਦੇ ਰਾਸ ਨਹੀਂ ਆਉਂਦਾ। ਅਸਲ ਵਿਚ ਮਿਹਨਤ ਨਾਲ ਹੱਕ-ਹਲਾਲ ਦੀ ਕਮਾਈ ਹੀ ਰਾਸ ਆਉਂਦੀ ਹੈ।

-ਪਿੰਡ ਸੋਹੀਆਂ, ਡਾਕ: ਚੀਮਾ ਖੁੱਡੀ, ਜ਼ਿਲ੍ਹਾ ਗੁਰਦਾਸਪੁਰ।

ਹਾਨੀਕਾਰਕ ਸੰਗੀਤਕ ਸ਼ੋਰ!

ਬੱਚਿਓ, ਅੱਜਕਲ੍ਹ ਦੀ ਨੌਜਵਾਨ ਪੀੜ੍ਹੀ ਵਿਚ ਈਅਰਫੋਨ ਦਾ ਵਧਦਾ ਜਾ ਰਿਹਾ ਇਸਤੇਮਾਲ ਸਿਹਤ ਲਈ ਚੰਗਾ ਨਹੀਂ ਹੈ। ਸੰਗੀਤ ਸੁਣਨਾ ਤਾਂ ਬਹੁਤ ਚੰਗੀ ਗੱਲ ਹੈ, ਇਸ ਨਾਲ ਰੂਹ ਨੂੰ ਖੁਰਾਕ ਅਤੇ ਮਨ ਨੂੰ ਸ਼ਾਂਤੀ ਮਿਲਦੀ ਹੈ, ਪਰ ਲਗਾਤਾਰ ਕੰਨ ਵਿਚ ਈਅਰਫੋਨ ਲਗਾ ਕੇ ਤੇਜ਼ ਆਵਾਜ਼ ਵਿਚ ਗਾਣੇ ਸੁਣਨਾ, ਕੰਨਾਂ ਦੇ ਨਾਲ-ਨਾਲ ਦਿਮਾਗ਼ ਦੀ ਸਿਹਤ ਲਈ ਵੀ ਠੀਕ ਨਹੀਂ ਹੈ। ਜੇ ਤੁਸੀਂ ਈਅਰਫੋਨ 'ਤੇ ਤੇਜ਼ ਆਵਾਜ਼ ਵਿਚ ਲਗਾਤਾਰ ਗਾਣੇ ਸੁਣਦੇ ਹੋ ਤਾਂ ਇਸ ਨਾਲ ਸੁਣਨ ਦੀ ਸਮਰੱਥਾ ਵੀ ਪ੍ਰਭਾਵਿਤ ਹੋਣ ਲਗਦੀ ਹੈ। ਧੁਨੀ, ਹਵਾ ਵਿਚ ਕੰਪਨ ਨਾਲ ਪੈਦਾ ਹੁੰਦੀ ਹੈ। ਜਦੋਂ ਕੰਪਨ ਕੰਨ ਦੇ ਪੜਦਿਆਂ 'ਤੇ ਪੈਂਦੀ ਹੈ, ਤਾਂ ਸਾਨੂੰ ਕੁਝ ਵੀ ਸੁਣਾਈ ਨਹੀਂ ਦਿੰਦਾ। ਹੈੱਡਫੋਨ 'ਤੇ ਤੇਜ਼ ਆਵਾਜ਼ ਵਿਚ ਗਾਣੇ ਸੁਣਨ ਨਾਲ ਕੰਨ ਦੇ ਪੜਦਿਆਂ 'ਤੇ ਲਗਾਤਾਰ ਤੇਜ਼ ਵਾਰ ਹੁੰਦਾ ਹੈ, ਜਿਸ ਨਾਲ ਬਾਹਰ ਦੀਆਂ ਆਵਾਜ਼ਾਂ ਸੁਣਾਈ ਨਹੀਂ ਦਿੰਦੀਆਂ। ਇਸ ਨਾਲ ਦਿਮਾਗ਼ ਤੇਜ਼ ਵਾਰ ਨੂੰ ਸਹਿਣ ਕਰਨ ਦੀ ਸਮਰੱਥਾ ਵਿਕਸਿਤ ਕਰ ਲੈਂਦਾ ਹੈ, ਸੋ ਹੌਲੇ ਜਿਹੇ ਵਾਰ ਨੂੰ ਦਿਮਾਗ਼ ਪੜ੍ਹ ਨਹੀਂ ਪਾਉਂਦਾ, ਜਿਸ ਨਾਲ ਸਾਧਾਰਨ ਆਵਾਜ਼ ਨੂੰ ਸੁਣਨ ਵਿਚ ਪਰੇਸ਼ਾਨੀ ਹੁੰਦੀ ਹੈ।
ਹੈੱਡਫੋਨ/ਈਅਰਫੋਨ ਲਗਾ ਕੇ ਗਾਣੇ ਸੁਣਨ ਨਾਲ ਜਾਂ ਇਕ-ਦੂਜੇ ਦਾ ਈਅਰਫੋਨ ਵਰਤਣ ਨਾਲ ਕੰਨਾਂ ਵਿਚ ਇਨਫੈਕਸ਼ਨ ਹੋਣ ਦਾ ਖ਼ਤਰਾ ਵਧ ਜਾਂਦਾ ਹੈ। ਕੁਝ ਲੋਕਾਂ ਦੀ ਆਦਤ ਹੁੰਦੀ ਹੈ ਕਿ ਉਹ ਹੈੱਡਫੋਨ ਲਗਾ ਕੇ ਟਾਇਲੇਟ ਚਲੇ ਜਾਂਦੇ ਹਨ। ਹੈੱਡਫੋਨ ਨੂੰ ਕਿਤੇ ਵੀ ਰੱਖ ਦਿੰਦੇ ਹਨ ਜਿਸ ਨਾਲ ਹੈੱਡਫੋਨ ਉੱਪਰ ਹਾਨੀਕਾਰਕ ਬੈਕਟੀਰੀਆ ਜਮ੍ਹਾਂ ਹੋ ਜਾਂਦੇ ਹਨ, ਜ਼ਾਹਿਰ ਹੈ ਕੰਨਾਂ ਵਿਚ ਇਨਫੈਕਸ਼ਨ ਹੋਣ ਦੀ ਸਮੱਸਿਆ ਵੱਧ ਸਕਦੀ ਹੈ। ਜੇ ਤੁਹਾਨੂੰ ਲਗਦਾ ਹੈ ਕਿ ਕੰਮ ਕਰਦੇ ਸਮੇਂ ਹੈੱਡਫੋਨ 'ਤੇ ਸੰਗੀਤ ਸੁਣਨ ਨਾਲ ਇਕਾਗਰਤਾ ਵੱਧਦੀ ਹੈ ਤਾਂ, ਤੁਸੀਂ ਗ਼ਲਤ ਹੋ। ਸ਼ੁਰੂਆਤ ਵਿਚ ਭਲੇ ਤੁਹਾਨੂੰ ਇਹ ਮਹਿਸੂਸ ਹੋਵੇ ਕਿ ਤੇਜ਼ ਸੰਗੀਤ ਤੁਹਾਨੂੰ ਕੰਮ ਦੇ ਪ੍ਰਤੀ ਇਕਾਗਰ ਕਰ ਰਿਹਾ ਹੈ, ਲੇਕਿਨ ਲੰਬੇ ਸਮੇਂ ਤੱਕ ਇਸ ਆਦਤ ਨੂੰ ਅਪਨਾਉਣ ਨਾਲ ਤੁਸੀਂ ਆਪਣੀ ਸਾਧਾਰਨ ਇਕਾਗਰਤਾ ਵੀ ਗੁਆ ਸਕਦੇ ਹੋ। ਇਸ ਨਾਲ ਕੰਨਾਂ ਦੇ ਨਾਲ-ਨਾਲ ਦਿਮਾਗ਼ ਨੂੰ ਵੀ ਨੁਕਸਾਨ ਪਹੁੰਚਦਾ ਹੈ।
ਸੋਚਣ ਵਾਲੀ ਗੱਲ ਇਹ ਹੈ ਕਿ ਅੱਜ ਦੀ 'ਲਗ਼ਜ਼ਰੀ ਆਈਟਮ' ਭਵਿੱਖ ਵਿਚ ਕਿੰਨੀ ਮਹਿੰਗੀ ਪੈਣ ਵਾਲੀ ਹੈ। ਜੇ ਤੁਸੀਂ ਆਪਣੇ ਬੱਚੇ ਦੇ ਕੰਨਾਂ 'ਤੇ ਲੱਗੇ ਏਅਰਫੋਨ ਵਿਚੋਂ ਦੀ ਆਵਾਜ਼ ਨੂੰ ਸੁਣ ਪਾ ਰਹੇ ਹੋ, ਤਾਂ ਨਿਰਸੰਦੇਹ ਇਹ ਆਵਾਜ਼ ਬੱਚੇ ਦੇ ਕੰਨਾਂ ਨੂੰ ਪੱਕੇ ਤੌਰ 'ਤੇ ਪ੍ਰਭਾਵਿਤ ਕਰੇਗੀ। 85 ਡੈਸੀਬਲ ਤੱਕ ਦੀ ਧੁਨੀ, ਕੁਝ ਸੀਮਤ ਸਮੇਂ ਲਈ ਕੰਨਾਂ ਲਈ ਸੁਰੱਖਿਅਤ ਹੈ, ਪਰ 90 ਡੈਸੀਬਲ ਤੋਂ ਵੱਧ ਧੁਨੀ, 8 ਘੰਟੇ ਪ੍ਰਤੀਦਿਨ, ਸੁਣਨ ਸ਼ਕਤੀ ਨੂੰ ਪ੍ਰਭਾਵਿਤ ਕਰੇਗੀ। ਤੱਥਾਂ ਅਨੁਸਾਰ 95 ਡੈਸੀਬਲ ਧੁਨੀ, 4 ਘੰਟੇ ਪ੍ਰਤੀਦਿਨ; ਸੁਣਨ ਤੋਂ ਬਾਅਦ, 100 ਡੈਸੀਬਲ ਧੁਨੀ, 2 ਘੰਟੇ ਪ੍ਰਤੀਦਿਨ; 105 ਡੈਸੀਬਲ ਧੁਨੀ, 1 ਘੰਟੇ ਪ੍ਰਤੀਦਿਨ; 110 ਡੈਸੀਬਲ ਧੁਨੀ 30 ਮਿੰਟ ਪ੍ਰਤੀਦਿਨ; 115 ਡੈਸੀਬਲ ਧੁਨੀ, 15 ਮਿੰਟ ਪ੍ਰਤੀਦਿਨ ਸੁਣਨ ਤੋਂ ਬਾਅਦ ; ਅਤੇ 120 ਡੈਸੀਬਲ ਤੋਂ ਵੱਧ ਧੁਨੀ, ਉਸੇ ਸਮੇਂ ਹੀ ਸੁਣਨ ਸ਼ਕਤੀ ਨੂੰ ਖਤਮ ਕਰ ਦਿੰਦੀ ਹੈ। ਈਅਰਫੋਨ ਦੀ ਲਗਾਤਾਰ ਵਰਤੋਂ ਨਾਲ ਸੁਣਨ ਸ਼ਕਤੀ 40-50 ਡੈਸੀਬਲ ਤੱਕ ਘੱਟ ਜਾਂਦੀ ਹੈ, ਸੋ 90 ਡੈਸੀਬਲ ਤੋਂ ਤੇਜ਼ ਆਵਾਜ਼ ਵਿਚ ਗਾਣੇ ਨਾ ਸੁਣੋ ਅਤੇ ਗਾਣੇ ਸੁਣਦੇ ਹੋਏ ਵਿੱਚ ਵਿੱਚ ਬਰੇਕ ਜ਼ਰੂਰ ਲਓ।

maninderkaurcareers@gmail.com

ਚੁਟਕਲੇ

* ਪਤੀ : ਕੌਫੀ ਛੇਤੀ ਪੀ ਲੈ, ਨਹੀਂ ਤਾਂ ਠੰਢੀ ਹੋ ਜਾਵੇਗੀ।
ਪਤਨੀ : ਠੰਢੀ ਹੋ ਜਾਊ ਤਾਂ ਕੀ ਆ? ਮੈਂ ਤਾਂ ਘਰੇ ਵੀ ਚਾਹ ਠੰਢੀ ਕਰ ਕੇ ਈ ਪੀਂਦੀ ਆਂ।
ਪਤੀ : ਮੂਰਖ, ਸਾਹਮਣੇ ਦੇਖ ਕੀ ਲਿਖਿਆ-'ਗਰਮ ਕੌਫ਼ੀ=15/- ਤੇ ਠੰਢੀ ਕੌਫੀ=40/- ਰੁਪਏ ਕੱਪ।
* ਬੇਟਾ : ਬਾਪੂ, ਇਧਰ ਆ।
ਬਾਪੂ : ਇੰਜ ਨਹੀਂ ਸੱਦਦੇ ਬੇਟਾ, ਪਿਤਾ ਨੂੰ ਇੱਜ਼ਤ ਨਾਲ ਬੁਲਾਈਦਾ।
ਬੇਟਾ : ਬਾਪੂ, ਇੱਜ਼ਤ ਨਾਲ ਇਧਰ ਆ।
* ਅਧਿਆਪਕ : ਰਮੇਸ਼, ਜਿਸ ਨੂੰ ਕੁਝ ਵੀ ਸੁਣਾਈ ਨਾ ਦੇਵੇ, ਉਸ ਨੂੰ ਕੀ ਕਹਾਂਗੇ?
ਰਮੇਸ਼ : ਸਰ, ਉਸ ਨੂੰ ਕੁਝ ਵੀ ਕਹਿ ਲਓ, ਉਸ ਨੂੰ ਕਿਹੜਾ ਸੁਣਾਈ ਦੇਵੇਗਾ।
* ਚੂਚਾ : ਮਾਂ, ਅਸੀਂ ਆਦਮੀਆਂ ਵਾਂਗ ਆਪਣਾ ਨਾਂਅ ਕਿਉਂ ਨਹੀਂ ਰੱਖਦੇ?
ਮੁਰਗੀ : ਆਪਣੇ ਨਾਂਅ ਪੁੱਤ ਮਰਨ ਤੋਂ ਬਾਅਦ ਰੱਖੇ ਜਾਂਦੇ ਨੇ, ਜਿਵੇਂ ਚਿਕਨ ਟਿੱਕਾ, ਚਿਕਨ ਚਿੱਲੀ, ਚਿਕਨ ਤੰਦੂਰੀ, ਚਿਕਨ ਮਲਾਈ, ਚਿਕਨ ਰੋਸਟ, ਚਿਕਨ ਕੜਾਹੀ ਆਦਿ।
* ਸ਼ੀਲਾ : ਤੁਸੀਂ ਹਰ ਗੱਲ ਵਿਚ ਮੇਰੇ ਪੇਕਿਆਂ ਨੂੰ ਕਿਉਂ ਲਿਆਉਂਦੇ ਹੋ? ਜੋ ਵੀ ਕਹਿਣਾ ਮੈਨੂੰ ਕਹੋ।
ਸੁਭਾਸ਼ : ਜਦੋਂ ਟੀ. ਵੀ. ਖਰਾਬ ਹੋ ਜਾਵੇ ਤਾਂ ਟੀ. ਵੀ. ਨੂੰ ਕੋਈ ਨਹੀਂ ਕੋਸਦਾ। ਗਾਲਾਂ ਤਾਂ ਕੰਪਨੀ ਵਾਲਿਆਂ ਨੂੰ ਹੀ ਖਾਣੀਆਂ ਪੈਂਦੀਆਂ ਹਨ।

-ਸਰਬਜੀਤ ਸਿੰਘ ਝੱਮਟ,
ਪਿੰਡ ਝੱਮਟ, ਡਾਕ: ਅਯਾਲੀ ਕਲਾਂ (ਲੁਧਿਆਣਾ)-142027.
ਮੋਬਾ: 94636-00252

ਨਕਲ ਤੋਂ ਬਚੋ

ਨਕਲ ਤੋਂ ਬਚੋ, ਸਫਲਤਾ ਦਾ ਫਲ ਮਿਹਨਤ ਰਾਹੀਂ ਪਾਵੋ।
ਮਿਹਨਤ ਨਾਲ ਹੀ, ਆਪਣੇ ਮਨ ਵਿਚ ਪੈਦਾ ਡਰ ਭਜਾਵੋ।
ਪਿਆਰੇ ਬੱਚਿਓ ਸਮਝੋ, ਮਿਹਨਤ ਹੀ ਸਫਲਤਾ ਦੀ ਪੌੜੀ ਚੜ੍ਹਾਵੇ।
ਮਿਹਨਤ ਦਾ ਰੰਗ, ਚੁਫੇਰੇ ਮਾਪਿਆਂ ਦਾ ਨਾਂਅ ਸਦਾ ਚਮਕਾਵੇ।
ਕੰਮਚੋਰਾਂ ਤੋਂ ਦੂਰੀ, ਜ਼ਿੰਦਗੀ ਵਿਚ ਸਫਲਤਾ ਤੁਹਾਡੇ ਪੱਲੇ ਪਾਵੇ।
ਨਕਲ ਤੋਂ ਬਚੋ...........।
ਨਕਲਚੀਆਂ ਨੂੰ ਸਦਾ, ਛਾਪਿਆਂ ਦਾ ਡਰ ਹੀ ਸਤਾਈ ਜਾਵੇ।
ਨਕਲ ਮਾਰੇ ਜੋ, ਜ਼ਿੰਦਗੀ ਵਿਚ ਉਹ ਸਦਾ ਧੱਕੇ ਖਾਵੇ।
ਆਲਸੀ ਰਹਿੰਦੇ ਜੋ, ਸਮਾਂ ਗੁਆ ਪਛਤਾਵੇ ਨਾਲ ਭਰਦੇ ਹਉਕੇ-ਹਾਵੇ।
ਮਿਹਨਤੀ ਬੱਚੇ ਹੀ, ਪੈਰਾਂ 'ਤੇ ਖੜ੍ਹੋਵੇ ਭਵਿੱਖ ਰੌਸ਼ਨ ਬਣਾਵੇ।
ਨਕਲ ਤੋਂ ਬਚੋ............।
ਮਿਹਨਤੀ ਪਾਵੇ ਸਤਿਕਾਰ, ਕੰਮਚੋਰ ਫਿਟਕਾਰਾਂ ਰਾਹੀਂ ਜ਼ਿੰਦਗੀ ਨਰਕ ਬਣਾਵੇ।
ਮਿਹਨਤ ਦਾ ਬੂਟਾ, ਨਕਲਾਂ ਦੇ ਦਾਗ ਤੋਂ ਸਦਾ ਬਚਾਵੇ।
ਨਕਲ ਦੀਆਂ ਜੋਕਾਂ, ਬੱਚਿਆਂ ਦਾ ਦ੍ਰਿੜ੍ਹ ਜੋਸ਼ ਮਾਰ ਮੁਕਾਵੇ।
ਮਿਹਨਤ ਲਈ ਤਮੰਨਾ, ਨਕਲ ਦਾ ਕੋਹੜ ਭਸਮ ਕਰ ਦੇਵੇ।
ਨਕਲ ਤੋਂ ਬਚੋ, ਸਫਲਤਾ ਦਾ ਫਲ ਮਿਹਨਤ ਰਾਹੀਂ ਪਾਵੋ।

-ਅਮਰ ਕੌਰ,
ਲਾਲ ਨਗਰ, ਮਾਡਲ ਟਾਊਨ, ਜਲੰਧਰ-3. ਮੋਬਾ: 99881-76886

ਬਾਲ ਸਾਹਿਤ

ਘੋਰ ਕੰਡੇ ਚੂਹੇ ਲੰਡੇ
ਲੇਖਕ : ਰਜਿੰਦਰ ਰਾਜਨ
ਸਫ਼ੇ : 48, ਮੁੱਲ : 45 ਰੁਪਏ
ਪ੍ਰਕਾਸ਼ਕ : ਨਵਰੰਗ ਪਬਲੀਕੇਸ਼ਨਜ਼, ਸਮਾਣਾ।
ਸੰਪਰਕ : 98761-84954

ਇਹ ਚੰਗੀ ਗੱਲ ਹੈ ਕਿ ਪੰਜਾਬੀ ਬਾਲ ਸਾਹਿਤਕਾਰਾਂ ਦਾ ਕਾਫ਼ਲਾ ਦਿਨ-ਬ-ਦਿਨ ਵਧ ਰਿਹਾ ਹੈ। ਬਾਲ ਪੁਸਤਕਾਂ ਪੜ੍ਹਨਗੇ ਅਤੇ ਨਵੇਂ ਪੰਜਾਬੀ ਪਾਠਕ ਪੈਦਾ ਹੋਣਗੇ। ਪੁਸਤਕ 'ਘੋਰ ਕੰਡੇ ਚੂਹੇ ਲੰਡੇ' ਵਿਚ ਲੇਖਕ ਰਜਿੰਦਰ ਰਾਜਨ ਨੇ 36 ਕਵਿਤਾਵਾਂ ਸ਼ਾਮਿਲ ਕੀਤੀਆਂ ਹਨ। ਕਵਿਤਾਵਾਂ ਬੱਚਿਆਂ ਦੇ ਹਾਣਦੀਆਂ ਹਨ। ਬਾਲਾਂ ਦਾ ਆਲਾ-ਦੁਆਲਾ, ਸਕੂਲ, ਪੰਛੀ, ਫਲ ਅਤੇ ਉਨ੍ਹਾਂ ਦੀਆਂ ਖੇਡਾਂ ਨੂੰ ਕਵਿਤਾਵਾਂ ਵਿਚ ਪੇਸ਼ ਕੀਤਾ ਹੈ। ਕਵਿਤਾਵਾਂ ਲਈ ਸਰਲ ਸ਼ਬਦਾਂ ਦੀ ਵਰਤੋਂ ਕੀਤੀ ਗਈ ਹੈ। ਇਹ ਕਵਿਤਾਵਾਂ ਬਾਲ ਪਾਠਕ ਆਪਮੁਹਾਰੇ ਗਾਉਣਗੇ।
'ਜਾਵਾਂਗੇ ਜੀ ਜਾਵਾਂਗੇ, ਰੋਜ਼ ਸਕੂਲੇ ਜਾਵਾਂਗੇ।
ਅਨਪੜ੍ਹ ਕੋਈ ਹੋਵੇ ਨਾ, ਸਭ ਨੂੰ ਪੜ੍ਹਨ ਲਿਜਾਵਾਂਗੇ।'
(ਜਾਵਾਂਗੇ ਜੀ ਜਾਵਾਂਗੇ)
'ਉਹ ਬਚਪਨ ਕਿੰਨਾ ਚੰਗਾ ਸੀ,
ਨਾ ਕਿਸੇ ਕਿਸਮ ਦਾ ਪੰਗਾ ਸੀ।' (ਬਚਪਨ)
'ਭਾਈ ਗੁਬਾਰੇ ਵਾਲਾ ਆਇਆ,
ਲਓ ਗੁਬਾਰੇ ਹੋਕਾ ਲਾਇਆ।'
(ਗੁਬਾਰੇ ਵਾਲਾ)
'ਰੰਗਾ ਰੰਗ ਰੰਗੀਲੀ ਤਿਤਲੀ,
ਕਿੰਨੀ ਹੈ ਫੁਰਤੀਲੀ ਤਿਤਲੀ।
ਫੁੱਲਾਂ ਦੇ ਦਰਬਾਰ 'ਚ ਮਸਤੀ,
ਕਰ ਮੋਹੇ ਚਮਕੀਲੀ ਤਿਤਲੀ।'
(ਰੰਗ-ਰੰਗੀਲੀ ਤਿਤਲੀ)
ਜ਼ਰੂਰੀ ਨਹੀਂ ਬਾਲ ਪਾਠਕਾਂ ਨੂੰ ਹਰ ਕਵਿਤਾ ਵਿਚ ਸਿੱਖਿਆ ਹੀ ਦਿੱਤੀ ਜਾਵੇ। ਬਾਲਾਂ ਦਾ ਮਨੋਰੰਜਨ ਕਰਨਾ ਵੀ ਬਾਲ ਸਾਹਿਤ ਦਾ ਉਦੇਸ਼ ਹੈ। ਕਵਿਤਾਵਾਂ ਬੜੀਆਂ ਹੀ ਦਿਲਚਸਪ ਹਨ। ਬਾਲ ਪਾਠਕ ਇਹ ਕਵਿਤਾਵਾਂ ਵਾਰ-ਵਾਰ ਪੜ੍ਹਨਗੇ। ਕਵਿਤਾਵਾਂ ਨਾਲ ਖੂਬਸੂਰਤ ਚਿੱਤਰ ਹਨ। ਪੁਸਤਕ ਦਾ ਮੁੱਖ ਪੰਨਾ ਪੁਸਤਕ ਪੜ੍ਹਨ ਲਈ ਉਤਸ਼ਾਹਿਤ ਕਰਦਾ ਹੈ। ਰਜਿੰਦਰ ਰਾਜਨ ਵਧੀਆ ਪੁਸਤਕ ਲਿਖਣ ਲਈ ਵਧਾਈ ਦਾ ਪਾਤਰ ਹੈ। ਆਸ ਹੈ ਨੇੜ ਭਵਿੱਖ ਵਿਚ ਉਹ ਇਸ ਤਰ੍ਹਾਂ ਦੀਆਂ ਸੁਗਾਤਾਂ ਬਾਲ ਪਾਠਕਾਂ ਨੂੰ ਜ਼ਰੂਰ ਭੇਟ ਕਰਦੇ ਰਹਿਣਗੇ।

-ਅਵਤਾਰ ਸਿੰਘ ਸੰਧੂ,
ਸੰਪਰਕ : 99151-82971

ਬੁਝਾਰਤਾਂ

1. ਦਿਨ ਵਿਚ ਸੌਵੇਂ, ਰਾਤ ਨੂੰ ਰੋਵੇ, ਜਿੰਨਾ ਰੋਵੇ, ਓਨਾ ਹੀ ਖੋਵੇ।
2. ਇਕ ਬੁਝਾਰਤ ਮੈਂ ਪਾਵਾਂ, ਸਿਰ ਨੂੰ ਕੱਟ ਨਮਕ ਛਿੜਕਾਵਾਂ।
3. ਨਾ ਗੁਠਲੀ ਨਾ ਬੀਜ ਦੇਖਿਆ, ਹਰ ਮੌਸਮ ਵਿਚ ਵਿਕਦਾ ਦੇਖਿਆ।
4. ਦੋ ਭਰਾ ਲੜਦੇ ਜਾਂਦੇ, ਨਿੰਮ ਦੇ ਪੱਤੇ ਝੜਦੇ ਜਾਂਦੇ।
5. ਬੁਝਾਰਤਾਂ ਵਿਚੋਂ ਬੁਝਾਰਤ ਨਿਕਲੇ, ਜਿਊਂਦੇ ਵਿਚੋਂ ਮੁਰਦਾ ਨਿਕਲੇ, ਮੁਰਦੇ ਵਿਚੋਂ ਜਿਊਂਦਾ ਨਿਕਲੇ।
6. ਇਕ ਰਜਾਈ, ਬਾਰਾਂ ਭਾਈ।
7. ਢਿੱਡ 'ਚੋਂ ਕੱਢੀ, ਵੱਖੀ 'ਚ ਮਾਰੀ।
ਉੱਤਰ : (1) ਮੋਮਬੱਤੀ, (2) ਖੀਰਾ, (3) ਕੇਲਾ, (4) ਟੋਕਾ ਮਸ਼ੀਨ, (5) ਆਂਡਾ, (6) ਸੰਗਤਰਾ, (7) ਤੀਲ੍ਹਾਂ ਦੀ ਡੱਬੀ।

-ਸ਼ੰਕਰ ਦਾਸ,
ਮੋਗਾ। ਮੋਬਾ: 96469-27646

ਬਾਲ ਨਾਵਲ-54: ਖੱਟੀਆਂ-ਮਿੱਠੀਆਂ ਗੋਲੀਆਂ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
'ਹਰੀਸ਼, ਮੈਨੂੰ ਪਤੈ ਕਿ ਤੂੰ ਬਹੁਤ ਮਿਹਨਤ ਕਰੇਂਗਾ ਪਰ ਮੈਡੀਕਲ ਕਾਲਜ ਜਾਣ ਲਈ ਮਿਹਨਤ ਦੇ ਨਾਲ-ਨਾਲ ਠੀਕ ਗਾਇਡੈਂਸ ਵੀ ਬੜੀ ਜ਼ਰੂਰੀ ਹੈ। ਇਸੇ ਲਈ ਮੈਂ ਚਾਹੁੰਦਾ ਹਾਂ ਕਿ ਤੈਨੂੰ ਸ਼ੁਰੂ ਵਿਚ ਹੀ ਟਿਊਸ਼ਨਾਂ ਰਖਵਾ ਦਿੱਤੀਆਂ ਜਾਣ, ਤਾਂ ਜੋ ਤੂੰ ਠੀਕ ਲਾਈਨ 'ਤੇ ਮਿਹਨਤ ਕਰ ਸਕੇਂ।'
'ਮੈਂ ਤੇ ਟਿਊਸ਼ਨ ਬਾਰੇ ਕਦੇ ਸੋਚਿਆ ਨਹੀਂ ਸੀ, ਜੇ ਤੁਸੀਂ ਠੀਕ ਸਮਝਦੇ ਹੋ ਤਾਂ ਮੈਂ ਮਹੀਨਾ-ਦੋ ਮਹੀਨੇ ਰੱਖ ਲੈਂਦਾ ਹਾਂ।'
'ਪਹਿਲਾਂ ਸ਼ੁਰੂ ਤਾਂ ਕਰ, ਫਿਰ ਵੇਖ ਲਵਾਂਗੇ ਕਿ ਕਿੰਨੀ ਦੇਰ ਰੱਖਣੀ ਐ।' ਇਸ ਤੋਂ ਬਾਅਦ ਸਿਧਾਰਥ ਨੇ ਪ੍ਰਾਸਪੈਕਟਸ ਅਤੇ ਫੀਸ ਦੀਆਂ ਰਸੀਦਾਂ ਸੰਭਾਲੀਆਂ ਅਤੇ ਘਰ ਵੱਲ ਤੁਰ ਪਏ।
ਚਾਰ ਦਿਨ ਬਾਅਦ ਕਾਲਜ ਸ਼ੁਰੂ ਹੋ ਜਾਣਾ ਸੀ। ਸਿਧਾਰਥ ਨੇ ਚਾਰੇ ਦਿਨਾਂ ਵਿਚ ਸਾਰਾ ਪਤਾ ਕਰ ਲਿਆ ਕਿ ਹਰੀਸ਼ ਦੇ ਸੈਕਸ਼ਨ ਨੂੰ ਕਿਹੜਾ ਸਬਜੈਕਟ ਕਿਹੜੇ ਪ੍ਰੋਫੈਸਰ ਨੇ ਪੜ੍ਹਾਉਣਾ ਹੈ ਅਤੇ ਕਿਹੜੇ ਸਬਜੈਕਟ ਦੀ ਟਿਊਸ਼ਨ ਲਈ ਕਿਹੜਾ ਪ੍ਰੋਫੈਸਰ ਮਸ਼ਹੂਰ ਹੈ। ਉਹ ਚਾਹੁੰਦਾ ਸੀ ਕਿ ਕਾਲਜ ਸ਼ੁਰੂ ਹੁੰਦਿਆਂ ਹੀ ਇਸ ਦੀ ਟਿਊਸ਼ਨ ਸ਼ੁਰੂ ਕਰਵਾ ਦਿੱਤੀ ਜਾਵੇ।
ਉਸ ਨੇ ਕਈ ਵਾਕਫਾਂ ਅਤੇ ਪ੍ਰੋਫੈਸਰਾਂ ਨਾਲ ਸਲਾਹ ਕਰਨ ਤੋਂ ਬਾਅਦ ਇਹ ਫੈਸਲਾ ਕੀਤਾ ਕਿ ਕੈਮਿਸਟਰੀ ਅਤੇ ਫਿਜਿਕਸ ਦੀ ਟਿਊਸ਼ਨ ਪੜ੍ਹਾਈ ਦੇ ਨਾਲ ਹੀ ਸ਼ੁਰੂ ਹੋ ਜਾਵੇ ਪਰ ਬੌਟਨੀ ਅਤੇ ਜਿਓਲੌਜੀ ਦੀ ਕੁਝ ਮਹੀਨੇ ਬਾਅਦ। ਬਹੁਤੇ ਬੱਚੇ ਇਸੇ ਤਰ੍ਹਾਂ ਹੀ ਕਰਦੇ ਹਨ। ਸਿਧਾਰਥ ਨੇ ਹਰੀਸ਼ ਨੂੰ ਦੋ ਟਿਊਸ਼ਨਾਂ ਕਾਲਜ ਲੱਗਣ ਦੇ ਨਾਲ ਹੀ ਸ਼ੁਰੂ ਕਰਨ ਲਈ ਰਾਜ਼ੀ ਕਰ ਲਿਆ।
ਮਾਤਾ ਜੀ ਨੇ ਸਿਧਾਰਥ ਨੂੰ ਫੋਨ ਕੀਤਾ ਕਿ ਸ਼ਾਮੀਂ ਜਦੋਂ ਤੂੰ ਸਕੂਲ ਆਏਂਗਾ ਤਾਂ ਮੇਘਾ ਅਤੇ ਹਰੀਸ਼ ਨੂੰ ਵੀ ਨਾਲ ਲੈ ਕੇ ਆਵੀਂ।
ਸਿਧਾਰਥ ਨੇ ਮੇਘਾ ਅਤੇ ਹਰੀਸ਼ ਦੋਵਾਂ ਨੂੰ ਮਾਤਾ ਜੀ ਦਾ ਸੁਨੇਹਾ ਦੇ ਦਿੱਤਾ। ਸ਼ਾਮ ਨੂੰ ਹਰੀਸ਼ ਸਾਈਕਲ 'ਤੇ ਸਕੂਲ ਪਹੁੰਚ ਗਿਆ ਅਤੇ ਸਿਧਾਰਥ ਸਕੂਟਰ 'ਤੇ ਮੇਘਾ ਨੂੰ ਲੈ ਆਇਆ।
ਉਹ ਤਿੰਨੇ ਇਕੱਠੇ ਹੀ ਮਾਤਾ ਜੀ ਦੇ ਕਮਰੇ ਵਿਚ ਪਹੁੰਚੇ। ਮਾਤਾ ਜੀ ਉਨ੍ਹਾਂ ਨੂੰ ਉਡੀਕ ਰਹੇ ਸਨ। ਮਾਤਾ ਜੀ ਨੇ ਸਾਰਿਆਂ ਦਾ ਹਾਲ-ਚਾਲ ਪੁੱਛਣ ਤੋਂ ਬਾਅਦ ਕਿਹਾ, 'ਅੱਜ ਮੈਂ ਤੁਹਾਡੇ ਨਾਲ ਇਕ ਜ਼ਰੂਰੀ ਗੱਲ ਕਰਨੀ ਏਂ। ਇਸ ਦਾ ਸਬੰਧ ਤੁਹਾਡੇ ਤਿੰਨਾਂ ਨਾਲ ਐ।' ਉਨ੍ਹਾਂ ਨੇ ਸਿਧਾਰਥ ਅਤੇ ਮੇਘਾ ਵੱਲ ਤੱਕਦਿਆਂ ਕਿਹਾ, 'ਹਰੀਸ਼ ਹੁਣ ਕਾਲਜ ਦਾਖਲ ਹੋ ਗਿਆ ਏ ਅਤੇ ਇਸ ਦੀ ਪੜ੍ਹਾਈ ਵੀ ਬੜੀ ਜ਼ਿਆਦੈ। ਟਿਊਸ਼ਨਾਂ ਸ਼ੁਰੂ ਕਰਨ ਪਿੱਛੋਂ ਇਸ ਨੂੰ ਸਵੇਰੇ ਤੜਕੇ ਨਿਕਲਣਾ ਪਿਆ ਕਰਨੈ। ਮੈਂ ਸੋਚਿਆ ਕਿ ਹਰੀਸ਼ ਹੁਣ ਮੇਰੇ ਕੋਲ ਰਿਹਾ ਕਰੇ। ਮੈਂ ਵੀ ਇਕੱਲੀ ਹਾਂ ਅਤੇ ਕਮਰੇ ਸਾਰੇ ਵਿਹਲੇ ਪਏ ਨੇ। ਮਾਲੀ ਦੀ ਵਹੁਟੀ ਸਾਰੇ ਘਰ ਦਾ ਕੰਮ ਕਰ ਦਿੰਦੀ ਏ। ਹੁਣ ਤਾਂ ਉਹ ਸਬਜ਼ੀ-ਭਾਜੀ ਵੀ ਸਵਾਦ ਬਣਾਉਂਦੀ ਐ ਅਤੇ ਫੁਲਕੇ ਵੀ ਚੰਗੇ ਬਣਾਉਣ ਲੱਗ ਪਈ ਐ...।'
'ਪਰ ਮਾਤਾ ਜੀ, ਸਾਨੂੰ ਤੇ ਹਰੀਸ਼ ਨਾਲ ਕੋਈ ਮੁਸ਼ਕਿਲ ਨਹੀਂ ਆਉਂਦੀ। ਘਰ ਵਿਚ ਸਗੋਂ ਰੌਣਕ ਹੈ', ਸਿਧਾਰਥ ਨੇ ਮਾਤਾ ਜੀ ਦੀ ਗੱਲ ਟੋਕਦਿਆਂ ਕਿਹਾ।

(ਬਾਕੀ ਅਗਲੇ ਐਤਵਾਰ ਦੇ ਅੰਕ 'ਚ)
-404, ਗ੍ਰੀਨ ਐਵੇਨਿਊ, ਅੰਮ੍ਰਿਤਸਰ-143001. ਮੋਬਾ: 98889-24664

ਬਾਲ ਗੀਤ: ਪੇਪਰਾਂ ਦੇ ਦਿਨ

ਪੇਪਰਾਂ ਦੇ ਦਿਨ ਹੁਣ ਆ ਗਏ ਨੇੜੇ-ਨੇੜੇ।
ਛੱਡੋ ਘੁੰਮਣਾ-ਘੁੰਮਾਉਣਾ ਬਹੁਤ ਲਾ ਲਏ ਤੁਸੀਂ ਗੇੜੇ।
ਬਹਿ ਜਾਓ ਸ਼ਾਂਤ ਹੋ ਕੇ ਤੁਸੀਂ, ਪੜ੍ਹੋ ਹਰ ਇਕ ਵਿਸ਼ਾ,
ਪੁੱਛੋ ਵੱਡਿਆਂ ਤੋਂ ਤੁਸੀਂ, ਜੇ ਨਾ ਪਤੇ ਲੱਗੇ ਦਿਸ਼ਾ।
ਪਾਰ ਮਿਹਨਤਾਂ ਦੇ ਨਾਲ ਹੋਣੇ ਪ੍ਰੀਖਿਆ ਦੇ ਬੇੜੇ।
ਪੇਪਰਾਂ ਦੇ ਦਿਨ........।
ਹਰ ਵਿਸ਼ੇ ਵਿਚ ਹੋਵੇ, ਐਸੀ ਪਕੜ ਮਜ਼ਬੂਤ,
ਚੰਗੇ ਅੰਕਾਂ ਨਾਲ ਆਉਣਾ, ਫਿਰ ਕੰਮ ਸੂਤ।
ਫਿਰ ਮੈਰਿਟਾਂ ਦੇ ਮੁੱਕ ਜਾਣੇ ਝਗੜੇ ਤੇ ਝੇੜੇ,
ਪੇਪਰਾਂ ਦੇ ਦਿਨ..........।
ਲਿਖ-ਲਿਖ ਯਾਦ ਕਰੋ, ਚੰਗੀ ਤਾਂ ਇਹੀਓ ਗੱਲ,
ਜੇ ਬਹਿਣਾ ਤੁਸੀਂ ਪੜ੍ਹ-ਲਿਖ ਅਹੁਦਾ ਵੱਡਾ ਮੱਲ।
ਤਾਹੀਓਂ ਭਾਗਾਂ ਵਾਲੇ ਖੁੱਲ੍ਹਦੇ ਨੇ ਬੂਹੇ ਜਿਹੜੇ ਭੇੜੇ,
ਪੇਪਰਾਂ ਦੇ ਦਿਨ..........।
ਖਿਝ-ਖਿਝ ਬੋਲੋ ਨਾ ਬਈ, ਪਿਆਰ ਨਾਲ ਬੋਲੋ,
'ਜੱਜ ਅਵਿਨਾਸ਼' ਆਖੇ, ਸਤਿਕਾਰ ਨਾਲ ਬੋਲੋ।
ਆਪ ਖੁਸ਼ ਹੋਵੋ, ਵੰਡੋ ਖੁਸ਼ੀਆਂ ਤੇ ਖੇੜੇ,
ਪੇਪਰਾਂ ਦੇ ਦਿਨ..........।

-ਅਵਿਨਾਸ਼ ਜੱਜ,
ਪਿੰਡ ਖੁੱਥੀ, ਡਾਕ: ਗਾਹਲੜੀ, ਤਹਿ: ਤੇ ਜ਼ਿਲ੍ਹਾ ਗੁਰਦਾਸਪੁਰ-143526. ਮੋਬਾ: 99140-39666


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX