ਤਾਜਾ ਖ਼ਬਰਾਂ


ਹਰਦੀਪ ਸਿੰਘ ਪੁਰੀ ਹੋਣਗੇ ਅੰਮ੍ਰਿਤਸਰ ਤੋਂ ਭਾਜਪਾ ਉਮੀਦਵਾਰ
. . .  43 minutes ago
ਨਵੀਂ ਦਿੱਲੀ, 21 ਅਪ੍ਰੈਲ - ਭਾਰਤੀ ਜਨਤਾ ਪਾਰਟੀ ਵੱਲੋਂ ਅੱਜ ਲੋਕ ਸਭਾ ਚੋਣਾਂ ਲਈ 7 ਹੋਰ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਗਈ, ਜਿਸ ਵਿਚ ਅੰਮ੍ਰਿਤਸਰ ਲੋਕ-ਸਭਾ ਹਲਕੇ ਤੋਂ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ...
ਆਈ.ਪੀ.ਐੱਲ : 2019 - ਟਾਸ ਜਿੱਤ ਕੇ ਚੇਨਈ ਵੱਲੋਂ ਬੈਂਗਲੌਰ ਨੂੰ ਪਹਿਲਾ ਬੱਲੇਬਾਜ਼ੀ ਦਾ ਸੱਦਾ
. . .  about 1 hour ago
ਆਈ.ਪੀ.ਐੱਲ : 2019 - ਹੈਦਰਾਬਾਦ ਨੇ ਕੋਲਕਾਤਾ ਨੂੰ 9 ਵਿਕਟਾਂ ਨਾਲ ਦਿੱਤੀ ਕਰਾਰੀ ਹਾਰ
. . .  about 1 hour ago
ਸ੍ਰੀਲੰਕਾ 'ਚ ਧਮਾਕਿਆਂ ਕਾਰਨ ਮੌਤਾਂ ਦੀ ਗਿਣਤੀ ਵੱਧ ਕੇ ਹੋਈ 207
. . .  about 1 hour ago
ਕੋਲੰਬੋ, 21 ਅਪ੍ਰੈਲ - ਸ੍ਰੀਲੰਕਾ ਦੀ ਰਾਜਧਾਨੀ ਕੋਲੰਬੋ ਸਮੇਤ ਕਈ ਸ਼ਹਿਰਾਂ 'ਚ ਅੱਜ ਈਸਟਰ ਮੌਕੇ ਚਰਚਾਂ ਅਤੇ ਹੋਟਲਾਂ 'ਚ ਹੋਏ ਅੱਠ ਬੰਬ ਧਮਾਕਿਆਂ 'ਚ ਹੁਣ ਤੱਕ...
ਅੱਗ ਲੱਗਣ ਨਾਲ 15 ਏਕੜ ਕਣਕ ਸੜ ਕੇ ਸੁਆਹ
. . .  1 minute ago
ਤਲਵੰਡੀ ਭਾਈ, 21 ਅਪ੍ਰੈਲ (ਕੁਲਜਿੰਦਰ ਸਿੰਘ ਗਿੱਲ) - ਤਲਵੰਡੀ ਭਾਈ ਵਿਖੇ ਖੇਤਾਂ 'ਚ ਲੱਗੀ ਅੱਗ ਕਾਰਨ 4 ਕਿਸਾਨਾਂ ਦੀ 15 ਏਕੜ ਕਣਕ ਦੀ ਫਸਲ ਸੜ ਕੇ ਸੁਆਹ ਹੋ ਗਈ। ਅੱਗ ਬੁਝਾਉਣ...
13 ਸਾਲਾ ਲੜਕੀ ਨਾਲ ਜਬਰ ਜਨਾਹ ਕਰਨ ਵਾਲੇ ਦੋਸ਼ੀ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜਿਆ
. . .  about 2 hours ago
ਫ਼ਤਹਿਗੜ੍ਹ ਸਾਹਿਬ, 21 ਅਪ੍ਰੈਲ (ਅਰੁਣ ਆਹੂਜਾ)- ਨੇੜਲੇ ਪਿੰਡ ਰਾਮਦਾਸ ਨਗਰ 'ਚ 13 ਸਾਲਾ ਨਾਬਾਲਗ ਲੜਕੀ ਨਾਲ ਜਬਰ ਜਨਾਹ ਕਰਨ ਵਾਲੇ ਨੌਜਵਾਨ ਨੂੰ ਅੱਜ ਸਰਹਿੰਦ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਥਾਣਾ ਸਰਹਿੰਦ ਦੇ...
ਅੱਠ ਧਮਾਕਿਆਂ ਕਾਰਨ ਸ੍ਰੀਲੰਕਾ 'ਚ 188 ਲੋਕਾਂ ਦੀ ਮੌਤ, 500 ਤੋਂ ਵੱਧ ਜ਼ਖ਼ਮੀ
. . .  about 2 hours ago
ਕੋਲੰਬੋ, 21 ਅਪ੍ਰੈਲ- ਸ੍ਰੀਲੰਕਾ ਦੀ ਰਾਜਧਾਨੀ ਕੋਲੰਬੋ ਸਮੇਤ ਕਈ ਸ਼ਹਿਰਾਂ 'ਚ ਅੱਜ ਈਸਟਰ ਮੌਕੇ ਚਰਚਾਂ ਅਤੇ ਹੋਟਲਾਂ 'ਚ ਹੋਏ ਅੱਠ ਬੰਬ ਧਮਾਕਿਆਂ 'ਚ ਹੁਣ ਤੱਕ 188 ਲੋਕਾਂ ਦੀ ਮੌਤ ਹੋ ਚੁੱਕੀ ਹੈ। ਧਮਾਕਿਆਂ ਕਾਰਨ 500 ਤੋਂ ਵੱਧ ਲੋਕ ਜ਼ਖ਼ਮੀ ਹੋਏ ਹਨ, ਜਿਨ੍ਹਾਂ ਨੂੰ ਵੱਖ-ਵੱਖ...
ਵਾਰਾਣਸੀ ਤੋਂ ਮੋਦੀ ਵਿਰੁੱਧ ਚੋਣ ਲੜਨ 'ਤੇ ਪ੍ਰਿਅੰਕਾ ਨੇ ਕਿਹਾ- ਕਾਂਗਰਸ ਪ੍ਰਧਾਨ ਕਹਿਣਗੇ ਤਾਂ ਖ਼ੁਸ਼ੀ ਨਾਲ ਲੜਾਂਗੀ
. . .  about 3 hours ago
ਤਿਰੂਵਨੰਤਪੁਰਮ, 21 ਅਪ੍ਰੈਲ- ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਵਲੋਂ ਪ੍ਰਧਾਨ ਮੰਤਰੀ ਮੋਦੀ ਵਿਰੁੱਧ ਵਾਰਾਣਸੀ ਤੋਂ ਚੋਣ ਲੜਨ ਦੀਆਂ ਅਟਕਲਾਂ ਫਿਰ ਤੇਜ਼ ਹੋ ਗਈਆਂ ਹਨ। ਚੋਣ ਪ੍ਰਚਾਰ ਕਰਨ ਲਈ ਕੇਰਲ ਦੇ ਵਾਇਨਾਡ 'ਚ ਪਹੁੰਚੀ ਪ੍ਰਿਅੰਕਾ ਗਾਂਧੀ...
ਅਕਾਲੀ ਦਲ ਨੂੰ ਛੱਡ ਕਾਂਗਰਸ 'ਚ ਸ਼ਾਮਲ ਹੋਏ 50 ਪਰਿਵਾਰ
. . .  about 3 hours ago
ਨਾਭਾ, 21 ਅਪ੍ਰੈਲ (ਕਰਮਜੀਤ ਸਿੰਘ)- ਪਿੰਡ ਅੱਚਲ ਦੇ ਸਾਬਕਾ ਸਰਪੰਚ ਜਸਵਿੰਦਰ ਸਿੰਘ ਅਤੇ ਮੌਜੂਦਾ ਸਰਪੰਚ ਯਾਦਵਿੰਦਰ ਸਿੰਘ ਦੇ ਨਾਲ ਅੱਜ 50 ਪਰਿਵਾਰ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਕਾਂਗਰਸ 'ਚ ਸ਼ਾਮਲ ਹੋ ਗਏ। ਉਕਤ ਪਰਿਵਾਰਾਂ ਨੇ ਬਲਵਿੰਦਰ ਬਿੱਟੂ ਢੀਗੀਂ...
ਨਹੀਂ ਰਹੇ ਸਾਬਕਾ ਵਿਧਾਇਕ ਕਰਨੈਲ ਸਿੰਘ ਡੋਡ
. . .  about 3 hours ago
ਫ਼ਰੀਦਕੋਟ, 21 ਅਪ੍ਰੈਲ (ਜਸਵੰਤ ਪੁਰਬਾ, ਸਰਬਜੀਤ ਸਿੰਘ)- ਫ਼ਰੀਦਕੋਟ ਦੇ ਸਾਬਕਾ ਵਿਧਾਇਕ ਅਤੇ ਦਸਮੇਸ਼ ਵਿੱਦਿਅਕ ਤੇ ਸਿਹਤ ਸੰਸਥਾਵਾਂ ਦੇ ਬਾਨੀ ਕਰਨੈਲ ਸਿੰਘ ਡੋਡ ਦਾ ਅੱਜ ਉਨ੍ਹਾਂ ਦੇ ਗ੍ਰਹਿ ਚੰਡੀਗੜ੍ਹ ਵਿਖੇ ਦੇਹਾਂਤ ਹੋ ਗਿਆ। ਉਨ੍ਹਾਂ ਦਾ ਅੰਤਿਮ ਸਸਕਾਰ...
ਹੋਰ ਖ਼ਬਰਾਂ..

ਅਜੀਤ ਮੈਗਜ਼ੀਨ

ਮਨੁੱਖੀ ਭਵਿੱਖ ਬਾਰੇ ਕੀ ਕਹਿ ਗਏ ਸਟੀਫ਼ਨ ਵਿਲੀਅਮ ਹਾਕਿੰਗ

ਸਟੀਫ਼ਨ ਵਿਲੀਅਮ ਹਾਕਿੰਗ ਇਸ ਲਈ ਦੁਨੀਆ ਦੇ ਮਹਾਨ ਵਿਗਿਆਨੀ ਸਨ ਕਿਉਂਕਿ ਉਹ ਸਾਰੀ ਉਮਰ ਮਨੁੱਖਤਾ ਦੇ ਭਵਿੱਖ ਸਬੰਧੀ ਸਵਾਲਾਂ ਨੂੰ ਲੈ ਕੇ ਚਿੰਤਤ ਰਹੇ। 10 ਸਾਲ ਪਹਿਲਾਂ 'ਦ ਟੈਲੀਗ੍ਰਾਫ਼, ਲੰਦਨ' ਨੇ ਉਨ੍ਹਾਂ ਨਾਲ ਬਹੁਤ ਮਹੱਤਵਪੂਰਨ ਮੁਲਾਕਾਤ ਕੀਤੀ ਸੀ, ਜਿਸ ਵਿਚ ਉਨ੍ਹਾਂ ਨੇ ਮਨੁੱਖ ਦੇ ਭਵਿੱਖ ਨਾਲ ਸਬੰਧਿਤ ਬਹੁਤ ਸਾਰੇ ਸਵਾਲਾਂ ਦੇ ਜਵਾਬ ਦਿੱਤੇ ਸਨ। ਪੇਸ਼ ਹਨ ਉਸ ਮੁਲਾਕਾਤ ਦੇ ਕੁਝ ਮਹੱਤਵਪੂਰਨ ਅੰਸ਼ :-
ਸਟੀਫ਼ਨ ਵਿਲੀਅਮ ਹਾਕਿੰਗ, ਆਈਨਸਟਾਈਨ ਤੋਂ ਬਾਅਦ ਬਿਨਾਂ ਸ਼ੱਕ 20ਵੀਂ ਸਦੀ ਦੇ ਸਭ ਤੋਂ ਵੱਡੇ ਵਿਗਿਆਨੀ ਸਨ। ਉਨ੍ਹਾਂ ਬਾਰੇ ਕਿਹਾ ਜਾਂਦਾ ਸੀ ਕਿ ਉਨ੍ਹਾਂ ਦੀ ਤ੍ਰਾਸਦੀ ਹੀ ਉਨ੍ਹਾਂ ਦੀ ਮਹਾਨਤਾ ਦਾ ਆਧਾਰ ਬਣ ਗਈ। ਦਰਅਸਲ ਜਿਸ ਬਚਿੱਤਰ ਬਿਮਾਰੀ ਕਾਰਨ ਉਹ ਨਾ ਬੋਲ ਸਕਦੇ ਸਨ, ਨਾ ਕੁਝ ਸੁਣ ਸਕਦੇ ਸਨ, ਮੰਨਿਆ ਜਾਂਦਾ ਹੈ ਕਿ ਉਸੇ ਦੇ ਕਾਰਨ ਉਨ੍ਹਾਂ ਨੇ ਆਪਣੇ ਦਿਮਾਗ਼ ਨੂੰ ਇਸ ਹੱਦ ਤੱਕ ਇਕਾਗਰ ਕਰਨ ਵਿਚ ਮੁਹਾਰਤ ਹਾਸਲ ਕੀਤੀ ਕਿ ਉਹ ਗਣਿਤ ਦੇ ਵੱਡੇ-ਵੱਡੇ ਸਵਾਲਾਂ ਨੂੰ ਦਿਮਾਗ਼ ਵਿਚ ਹੀ ਇਕ, ਦੋ ਨਹੀਂ ਬਲਕਿ 11 ਤਰੀਕਿਆਂ ਨਾਲ ਹੱਲ ਕਰ ਲੈਂਦੇ ਸਨ।
ੲ ਦੁਨੀਆ ਦੀ ਆਬਾਦੀ ਹਰ 40 ਸਾਲਾਂ ਵਿਚ ਦੁੱਗਣੀ ਹੋ ਰਹੀ ਹੈ। ਜੇਕਰ ਇਹ ਇਸੇ ਰਫ਼ਤਾਰ ਨਾਲ ਵੱਧਦੀ ਰਹੀ ਤਾਂ ਸੰਨ 2600 ਤੱਕ ਧਰਤੀ 'ਤੇ ਸਾਡੇ ਰਹਿਣ ਲਈ ਸਹੀ ਥਾਂ ਹੀ ਨਹੀਂ ਰਹੇਗੀ। ਇਸ ਤਰ੍ਹਾਂ ਦੀ ਸਥਿਤੀ ਵਿਚ ਕੀ ਅਸੀਂ ਦੂਜੇ ਗ੍ਰਹਿਆਂ ਤੱਕ ਜਾ ਸਕਾਂਗੇ?
-ਸਟੀਫ਼ਨ ਵਿਲੀਅਮ ਹਾਕਿੰਗ : ਇਸ ਸਦੀ ਦੇ ਅੰਤ ਤੱਕ ਅਸੀਂ ਮਨੁੱਖਯੁਕਤ ਪੁਲਾੜੀ ਵਾਹਨਾਂ ਰਾਹੀਂ ਹੀ ਨਹੀਂ ਬਲਕਿ ਨਿੱਜੀ ਜਹਾਜ਼ਾਂ ਨਾਲ ਵੀ ਮੰਗਲ ਗ੍ਰਹਿ ਤੱਕ ਉੱਡ ਸਕਾਂਗੇ। ਪਰ ਸਾਡੇ ਸੂਰਜ ਪਰਿਵਾਰ ਵਿਚ ਧਰਤੀ ਹੀ ਸਾਡੇ ਰਹਿਣਯੋਗ ਸਭ ਤੋਂ ਵਧੀਆ ਥਾਂ ਹੈ। ਮੰਗਲ ਬਹੁਤ ਠੰਢਾ ਅਤੇ ਬਹੁਤ ਘੱਟ ਵਾਯੂਮੰਡਲ ਵਾਲਾ ਗ੍ਰਹਿ ਹੈ। ਹੋਰ ਗ੍ਰਹਿ ਤਾਂ ਮਨੁੱਖ ਦੇ ਰਹਿਣ ਲਾਇਕ ਹੈ ਹੀ ਨਹੀਂ। ਇਸ ਤਰ੍ਹਾਂ ਸਾਨੂੰ ਜਾਂ ਤਾਂ ਪੁਲਾੜ ਸਟੇਸ਼ਨਾਂ 'ਤੇ ਰਹਿਣਾ ਸਿੱਖਣਾ ਪਵੇਗਾ ਜਾਂ ਫਿਰ ਦੂਜੇ ਤਾਰਾ ਪ੍ਰਣਾਲੀ (ਸੂਰਜ ਮੰਡਲ) ਦੀ ਯਾਤਰਾ ਕਰਨੀ ਪਵੇਗੀ ਜੋ ਅਸੀਂ ਇਸ ਸਦੀ ਵਿਚ ਵੀ ਕਰ ਸਕਾਂਗੇ। ਉਂਝ, ਆਬਾਦੀ ਵਧਣ ਦੀ ਇਹ ਰਫ਼ਤਾਰ ਹਮੇਸ਼ਾ ਨਹੀਂ ਰਹੇਗੀ। ਖ਼ਦਸ਼ਾ ਤਾਂ ਇਹ ਵੀ ਹੈ ਕਿ ਅਸੀਂ ਖ਼ੁਦ ਆਪਣਾ ਸਫਾਇਆ ਕਰ ਲਵਾਂਗੇ।
* ਦੂਜੇ ਤਾਰੇ ਤੱਕ ਦੀ ਯਾਤਰਾ ਲਈ ਅਸੀਂ ਆਪਣੀ ਰਫ਼ਤਾਰ ਨੂੰ ਕਿਸ ਹੱਦ ਤੱਕ ਵਧਾ ਸਕਾਂਗੇ?
-ਸਟੀਫ਼ਨ ਵਿਲੀਅਮ ਹਾਕਿੰਗ : ਮੇਰਾ ਖਿਆਲ ਹੈ ਕਿ ਅਸੀਂ ਚਾਹੇ ਜਿੰਨੇ ਵੀ ਚਲਾਕ ਹੋ ਜਾਈਏ, ਰੌਸ਼ਨੀ ਦੀ ਰਫ਼ਤਾਰ ਤੋਂ ਤੇਜ਼ ਯਾਤਰਾ ਕਦੀ ਵੀ ਨਹੀਂ ਕਰ ਸਕਾਂਗੇ। ਜੇਕਰ ਅਸੀਂ ਰੌਸ਼ਨੀ ਤੋਂ ਵੀ ਤੇਜ਼ ਯਾਤਰਾ ਕਰ ਸਕੀਏ ਤਾਂ ਅਸੀਂ ਸਮੇਂ ਵਿਚ ਵਾਪਸ ਚਲੇ ਜਾਵਾਂਗੇ। ਰੈਪ ਡ੍ਰਾਈਵ ਦੀ ਥਾਂ ਰਾਕੇਟਾਂ ਦੀ ਵਰਤੋਂ ਕਰ ਕੇ ਦੂਜੇ ਤਾਰਿਆਂ ਦੀ ਯਾਤਰਾ ਕਰਨਾ ਬਹੁਤ ਥਕਾਊ ਅਤੇ ਘੱਟ ਤੇਜ਼ ਪ੍ਰਕਿਰਿਆ ਹੋਵੇਗੀ। ਆਕਾਸ਼ਗੰਗਾ ਦੇ ਕੇਂਦਰ ਦੀ ਯਾਤਰਾ ਦੇ ਇਕ ਚੱਕਰ ਵਿਚ ਹੀ ਇਕ ਲੱਖ ਸਾਲ ਲੱਗ ਜਾਣਗੇ ਅਤੇ ਇਸ ਸਮੇਂ ਤੱਕ ਤਾਂ ਮਨੁੱਖ ਜਾਤੀ ਏਨੀ ਬਦਲ ਜਾਵੇਗੀ ਕਿ ਉਸ ਨੂੰ ਕੋਈ ਪਛਾਣ ਹੀ ਨਹੀਂ ਸਕੇਗਾ। ਬਸ਼ਰਤੇ ਉਸ ਦਾ ਸਫਾਇਆ ਨਾ ਹੋਇਆ ਹੋਵੇ।
* ਕੀ ਅਸੀਂ ਲੋਕ (ਵਿਕਾਸ ਤਰਤੀਬ ਤਹਿਤ) ਬਦਲਦੇ ਰਹਾਂਗੇ ਜਾਂ ਫਿਰ ਵਿਕਾਸ ਅਤੇ ਗਿਆਨ ਦੇ ਆਖਰੀ ਪੱਧਰ ਤੱਕ ਪਹੁੰਚਣ ਦੇ ਸਮਰੱਥ ਹੋਵਾਂਗੇ?
-ਸਟੀਫ਼ਨ ਵਿਲੀਅਮ ਹਾਕਿੰਗ : ਸੰਭਵ ਹੈ ਕਿ ਅਗਲੇ 100 ਸਾਲਾਂ ਵਿਚ ਜਾਂ ਹੋ ਸਕਦਾ ਹੈ ਅਗਲੇ 20 ਹੀ ਸਾਲਾਂ ਵਿਚ ਅਸੀਂ ਬ੍ਰਹਿਮੰਡ ਦੇ ਪੂਰਨ ਮੂਲਭੂਤ ਸਿਧਾਂਤਾਂ ਨੂੰ ਖੋਜ ਲਈਏ (ਸਭ ਕੁਝ ਦਾ ਅਖੌਤੀ ਸਿਧਾਂਤ ਜਿਸ ਵਿਚ ਕਵਾਂਟਮ ਸਿਧਾਂਤ ਨੂੰ ਆਈਨਸਟਾਈਨ ਦੇ ਸਧਾਰਨ ਸਾਪੇਖਤਾਵਾਦ ਨਾਲ ਜੋੜਿਆ ਜਾਂਦਾ ਹੈ) ਪਰ ਇਨ੍ਹਾਂ ਨਿਯਮਾਂ ਤਹਿਤ ਸਾਡੇ ਵਲੋਂ ਬਣਾਏ ਜਾਣ ਵਾਲੇ ਜੈਵਿਕ ਅਤੇ ਇਲੈਕਟ੍ਰੋਨਿਕ ਗੁੰਝਲਾਂ ਦੀ ਹੱਦ ਨਹੀਂ ਹੋਵੇਗੀ। ਹੁਣ ਤੱਕ ਸਾਡੇ ਕੋਲ ਜੋ ਸਭ ਤੋਂ ਗੁੰਝਲਦਾਰ ਪ੍ਰਣਾਲੀ ਹੈ, ਉਹ ਸਾਡਾ ਆਪਣਾ ਸਰੀਰ ਹੈ। ਮਨੁੱਖ ਦੇ ਡੀ. ਐਨ. ਏ. ਵਿਚ ਪਿਛਲੇ ਦਸ ਹਜ਼ਾਰ ਸਾਲਾਂ ਵਿਚ ਕੋਈ ਸਾਰਥਕ ਬਦਲਾਅ ਨਹੀਂ ਹੋਇਆ ਹੈ। ਪਰ ਛੇਤੀ ਹੀ ਅਸੀਂ ਆਪਣੀਆਂ ਅੰਦਰੂਨੀ ਗੁੰਝਲਾਂ, ਆਪਣੇ ਡੀ. ਐਨ. ਏ. ਨੂੰ ਹੋਰ ਵੀ ਵਿਕਸਤ ਕਰਨ ਵਿਚ ਕਾਮਯਾਬ ਹੋਵਾਂਗੇਂਜੈਵਿਕ ਵਿਕਾਸ ਲੜੀ ਦੀ ਮੱਠੀ ਪ੍ਰਕਿਰਿਆ ਦਾ ਇੰਤਜ਼ਾਰ ਕੀਤੇ ਬਿਨਾਂ। ਬੜਾ ਸੰਭਵ ਹੈ ਕਿ ਅਗਲੇ ਇਕ ਹਜ਼ਾਰ ਸਾਲਾਂ ਵਿਚ ਅਸੀਂ ਇਸ ਨੂੰ ਪੂਰੀ ਤਰ੍ਹਾਂ ਦੁਬਾਰਾ ਡਿਜ਼ਾਈਨ ਕਰ ਲਈਏ। ਉਦਾਹਰਨ ਲਈ ਅਸੀਂ ਆਪਣੇ ਦਿਮਾਗ਼ ਦਾ ਆਕਾਰ ਵਧਾ ਕੇ ਇਸ ਤਰ੍ਹਾਂ ਕਰ ਸਕਾਂਗੇ। ਯਕੀਨੀ ਤੌਰ 'ਤੇ ਬਹੁਤੇ ਲੋਕ ਇਸ 'ਤੇ ਇਤਰਾਜ਼ ਕਰਨਗੇ ਕਿਉਂਕਿ ਮਨੁੱਖ 'ਤੇ ਜੈਨੇਟਿਕ ਇੰਜੀਨੀਅਰਿੰਗ ਦੀ ਰੋਕ ਲੱਗੀ ਹੋਵੇਗੀ, ਪਰ ਮੈਨੂੰ ਸ਼ੱਕ ਹੈ ਕਿ ਅਸੀਂ ਇਸ ਨੂੰ ਰੋਕ ਸਕਾਂਗੇ। ਇਹ ਇਕ ਦਿਨ ਜ਼ਰੂਰ ਅਸਲੀਅਤ ਬਣੇਗੀ ਭਾਵੇਂ ਕਿ ਅਸੀਂ ਚਾਹੀਏ ਜਾਂ ਨਾ ਚਾਹੀਏ। ਆਰਥਿਕ ਕਾਰਨਾਂ ਦੇ ਚਲਦਿਆਂ ਬਨਸਪਤੀਆਂ ਅਤੇ ਜੰਤੂਆਂ 'ਤੇ ਜੈਨੇਟਿਕ ਇੰਜੀਨੀਅਰਿੰਗ ਦੀ ਛੋਟ ਦੇ ਦਿੱਤੀ ਜਾਵੇਗੀ। ਕੋਈ ਨਾ ਕੋਈ ਇਸ ਨੂੰ ਮਨੁੱਖ 'ਤੇ ਵੀ ਅਜ਼ਮਾਏਗਾ, ਜਦੋਂ ਤੱਕ ਕਿ ਇਸ 'ਤੇ ਕੋਈ ਸਰਬਪ੍ਰਵਾਨਤ ਨਿਯਮ ਨਾ ਬਣੇ।
* ਜੇਕਰ ਇਸ ਤਰ੍ਹਾਂ ਦੇ ਵਿਕਾਸ ਨੇ ਮਨੁੱਖ ਨੂੰ ਵਿਕਸਿਤ ਕਰ ਦਿੱਤਾ ਤਾਂ ਵਿਕਸਿਤ ਸਥਿਤੀ ਵਿਚ ਉਹ ਹੋਰ ਅਵਿਕਿਸਤ ਲੋਕਾਂ ਲਈ ਸਮਾਜਿਕ, ਰਾਜਨੀਤਕ ਮੁਸ਼ਕਿਲਾਂ ਪੈਦਾ ਨਹੀਂ ਕਰੇਗਾ?
-ਸਟੀਫ਼ਨ ਵਿਲੀਅਮ ਹਾਕਿੰਗ : ਮੈਂ ਮਨੁੱਖੀ ਜੈਨੇਟਿਕ ਇੰਜੀਨੀਅਰਿੰਗ ਦੇ ਪੱਖ ਵਿਚ ਨਹੀਂ ਹਾਂ। ਮੈਂ ਸਿਰਫ਼ ਇਹ ਕਹਿ ਰਿਹਾ ਹਾਂ ਕਿ ਇਸ ਤਰ੍ਹਾਂ ਹੋ ਸਕਦਾ ਹੈ ਅਤੇ ਸਾਨੂੰ ਇਸ 'ਤੇ ਵਿਚਾਰ ਕਰਨਾ ਹੋਵੇਗਾ ਕਿ ਇਸ ਨਾਲ ਕਿਵੇਂ ਨਿਪਟਿਆ ਜਾਵੇ। ਇਕ ਤਰ੍ਹਾਂ ਨਾਲ ਮਨੁੱਖ ਜਾਤੀ ਨੂੰ ਆਪਣੀਆਂ ਮਾਨਸਿਕ ਅਤੇ ਸਰੀਰਕ ਗੁੰਝਲਾਂ ਵਧਾਉਣੀਆਂ ਪੈਣਗੀਆਂ। ਜੇਕਰ ਉਸ ਨੂੰ ਆਪਣੇ ਚਾਰੇ ਪਾਸੇ ਦੀ ਗੁੰਜਲਦਾਰ ਦੁਨੀਆ ਤੋਂ ਕੰਮ ਲੈਣਾ ਹੈ ਅਤੇ ਪੁਲਾੜ ਯਾਤਰਾ ਵਰਗੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਹੈ। ਸਾਨੂੰ ਉਦੋਂ ਹੋਰ ਵੀ ਔਖਾ (ਵਿਕਸਿਤ) ਹੋਣਾ ਪਵੇਗਾ ਜੇਕਰ ਅਸੀਂ ਆਪਣੀ ਜੈਵਿਕ ਪ੍ਰਣਾਲੀ ਨੂੰ ਇਲੈਕਟ੍ਰੋਨਿਕ ਪ੍ਰਣਾਲੀ ਤੋਂ ਅੱਗੇ ਰੱਖਣਾ ਹੈ। ਮੌਜੂਦਾ ਸਮੇਂ ਵਿਚ ਕੰਪਿਊਟਰ ਨੂੰ ਰਫ਼ਤਾਰ ਦਾ ਲਾਭ ਮਿਲ ਰਿਹਾ ਹੈ ਪਰ ਉਨ੍ਹਾਂ ਵਿਚ ਮਨੁੱਖ ਵਰਗੀ ਬੁੱਧੀ ਦੀ ਘਾਟ ਹੈ। ਇਸ ਵਿਚ ਕੋਈ ਹੈਰਾਨੀ ਨਹੀਂ ਕਿ ਅੱਜ ਦੇ ਕੰਪਿਊਟਰ ਗੰਡੋਏ ਦੇ ਦਿਮਾਗ ਤੋਂ ਜ਼ਿਆਦਾ ਗੁੰਝਲਦਾਰ ਨਹੀਂ ਹਨ। ਗੰਡੋਆ, ਸੂਝ ਦੇ ਮਾਮਲੇ 'ਚ ਬਹੁਤ ਪਛੜਿਆ ਮੰਨਿਆ ਜਾਂਦਾ ਹੈ। ਪਰ ਕੰਪਿਊਟਰ ਦੀ ਸਪੀਡ ਹਰ 18 ਮਹੀਨਿਆਂ ਵਿਚ ਦੁੱਗਣੀ ਹੋ ਜਾਂਦੀ ਹੈ ਅਤੇ ਸੰਭਵ ਹੈ ਕਿ ਇਹ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਕਿ ਉਹ ਮਨੁੱਖ ਦਿਮਾਗ ਦੇ ਬਰਾਬਰ ਨਾ ਪਹੁੰਚ ਜਾਵੇ।
* ਕੰਪਿਊਟਰ ਕਿੰਨਾ ਹੀ ਵਿਕਸਿਤ ਕਿਉਂ ਨਾ ਹੋਵੇ, ਕੀ ਉਹ ਸਹੀ ਮਾਇਨਿਆਂ ਵਿਚ ਸਹੀ ਬੁੱਧੀ ਦਾ ਪ੍ਰਦਰਸ਼ਨ ਕਰ ਸਕੇਗਾ?
-ਸਟੀਫ਼ਨ ਵਿਲੀਅਮ ਹਾਕਿੰਗ : ਮੇਰਾ ਖਿਆਲ ਹੈ ਕਿ ਬਹੁਤ ਗੁੰਝਲਦਾਰ ਰਸਾਇਣਕ ਅਣੂ ਜਦੋਂ ਮਨੁੱਖ ਵਿਚ ਸਰਗਰਮ ਹੋ ਕੇ ਉਸ ਨੂੰ ਸੂਝਵਾਨ ਬਣਾ ਸਕਦੇ ਹਨ, ਉਸੇ ਤਰ੍ਹਾਂ ਗੁੰਝਲਦਾਰ ਬਿਜਲਈ ਸਰਕਟ (ਇਲੈਕਟ੍ਰੋਨਿਕ ਸਰਕਟ) ਕੰਪਿਊਟਰ ਨੂੰ ਬੁੱਧੀਮਾਨ ਢੰਗ ਨਾਲ ਕੰਮ ਕਰਨ ਵਿਚ ਵੀ ਸਮਰੱਥ ਬਣਾ ਸਕਦਾ ਹੈ ਅਤੇ ਜੇਕਰ ਉਹ ਸੂਝਵਾਨ ਹੋਏ ਤਾਂ ਇਸ ਤਰ੍ਹਾਂ ਕੰਪਿਊਟਰ ਡਿਜ਼ਾਈਨ ਕਰ ਸਕਦੇ ਹਨ ਜਿਨ੍ਹਾਂ ਵਿਚ ਵਿਆਪਕ ਸੂਝ ਅਤੇ ਗੁੰਝਲਾਂ ਹੋਣ।
* ਵਧਾਈਆਂ ਗਈਆਂ ਇਹ ਜੈਵਿਕ ਅਤੇ ਬਿਜਲਈ ਗੁੰਝਲ ਕੀ ਹਮੇਸ਼ਾ ਲਈ ਹੋਣਗੀਆਂ ਜਾਂ ਫਿਰ ਇਨ੍ਹਾਂ ਦੀਆਂ ਵੀ ਕੁਦਰਤੀ ਹੱਦਾਂ ਹੋਣਗੀਆਂ?
-ਸਟੀਫ਼ਨ ਵਿਲੀਅਮ ਹਾਕਿੰਗ : ਜੈਵਿਕ ਜਾਂ ਬਾਇਓਲੋਜੀਕਲ ਪੱਖ ਵਿਚ ਮਨੁੱਖੀ ਬੁੱਧੀ ਦੀਆਂ ਹੱਦਾਂ ਹੁਣ ਤੱਕ ਮਨੁੱਖੀ ਦਿਮਾਗ ਦੇ ਆਕਾਰ ਵਲੋਂ ਮਿੱਥੀਆਂ ਹੋਈਆਂ ਹਨ ਜੋ ਬਰਥ ਕੈਨਾਮ ਦੇ ਮਾਧਿਅਮ ਰਾਹੀਂ ਲੰਘਦੀਆਂ ਹਨ। ਪਰ ਅਗਲੇ 100 ਸਾਲਾਂ ਵਿਚ ਮੈਨੂੰ ਉਮੀਦ ਹੈ ਕਿ ਅਸੀਂ ਇਹ ਜਾਣ ਸਕਾਂਗੇ ਕਿ ਮਨੁੱਖੀ ਸਰੀਰ ਤੋਂ ਵੱਖ ਬੱਚਿਆਂ ਨੂੰ ਕਿਵੇਂ ਪੈਦਾ ਕਰਨਾ ਹੈ, ਵਿਕਸਤ ਕਰਨਾ ਹੈ। ਇਸ ਤਰ੍ਹਾਂ ਇਹ ਹੱਦ ਟੁੱਟ ਜਾਵੇਗੀ ਪਰ ਅਖੀਰ ਜੈਨੇਟਿਕ ਇੰਜੀਨੀਅਰਿੰਗ ਜ਼ਰੀਏ ਮਨੁੱਖੀ ਦਿਮਾਗ਼ ਦਾ ਵਾਧਾ ਸਮੱਸਿਆ ਵੀ ਪੈਦਾ ਕਰੇਗਾ ਕਿਉਂਕਿ ਸਾਡਾ ਦਿਮਾਗ ਸਰਗਰਮੀ ਲਈ ਜ਼ਿੰਮੇਦਾਰ ਰਸਾਇਣਕ ਸੰਦੇਸ਼ ਆਸ ਨਾਲੋਂ ਮੱਠੀ ਰਫ਼ਤਾਰ ਨਾਲ ਚਲਦੇ ਹਨ। ਇਸ ਤਰ੍ਹਾਂ ਦਿਮਾਗ ਦੀਆਂ ਗੁੰਝਲਾਂ ਵਿਚ ਵਾਧਾ ਰਫ਼ਤਾਰ ਦੀ ਕੀਮਤ 'ਤੇ ਹੋਵੇਗਾ। ਅਸੀਂ ਹਾਜ਼ਰ-ਜਵਾਬ ਜਾਂ ਬਹੁਤ ਬੁੱਧੀਮਾਨ ਹੋ ਸਕਦੇ ਹਾਂ ਪਰ ਦੋਵੇਂ ਨਹੀਂ।
ਦੂਜਾ ਢੰਗ, ਜਿਸ ਵਿਚ ਇਲੈਟ੍ਰਾਨਿਕ ਸਰਕਟ ਰਫ਼ਤਾਰ ਨੂੰ ਬਣਾਉਂਦੇ ਹੋਏ ਆਪਣੀ ਗੁੰਝਲ ਨੂੰ ਵਧਾ ਸਕਦੇ ਹਾਂ, ਮਨੁੱਖੀ ਦਿਮਾਗ ਦੀ ਨਕਲ ਹੈ ਜਿਸ ਵਿਚ ਇਕ ਸੀ. ਪੀ. ਯੂ. (ਸੈਂਟਰਲ ਪ੍ਰੋਸੈਸਿੰਗ ਯੂਨਿਟ ਆਫ ਕੰਪਿਊਟਰ) ਨਹੀਂ, ਜੋ ਹਰੇਕ ਕਮਾਂਡ ਨੂੰ ਤਰਤੀਬ ਨਾਲ ਪ੍ਰੋਸੈੱਸ ਕਰਦਾ ਹੈ, ਜਦੋਂ ਕਿ ਇਸ (ਮਨੁੱਖੀ ਦਿਮਾਗ਼) ਵਿਚ ਲੱਖਾਂ ਪ੍ਰੋਸੈਸਰ ਹਨ, ਜੋ ਇਕ ਹੀ ਸਮੇਂ ਵਿਚ ਇਕੱਠੇ ਕੰਮ ਕਰ ਰਹੇ ਹਨ। ਇਲੈਟ੍ਰਾਨਿਕ ਬਿਜਲਈ ਸੂਝ ਦਾ ਭਵਿੱਖ ਇਸ ਤਰ੍ਹਾਂ ਹੀ ਵਿਆਪਕ ਸਮਾਨਾਂਤਰ ਪ੍ਰੋਸੈਸਰ ਦਾ ਹੋਵੇਗਾ।
* ਕੀ ਅਸੀਂ ਕਦੇ ਬ੍ਰਹਿਮੰਡੀ ਸੱਭਿਅਤਾ (ਏਲੀਅਨ) ਨਾਲ ਸੰਪਰਕ ਕਰ ਸਕਾਂਗੇ?
-ਸਟੀਫ਼ਨ ਵਿਲੀਅਮ ਹਾਕਿੰਗ : ਮਨੁੱਖ ਜਾਤੀ ਆਪਣੇ ਇਸ ਮੌਜੂਦਾ ਰੂਪ ਵਿਚ ਪਿਛਲੇ 20 ਲੱਖ ਸਾਲਾਂ ਤੋਂ ਹੈ ਜਦੋਂ ਕਿ ਬਿੱਗ ਬੈਂਗ ਤੋਂ ਬਾਅਦ 15 ਅਰਬ ਸਾਲਾਂ ਤੋਂ ਬ੍ਰਹਿਮੰਡ ਹੋਂਦ ਵਿਚ ਹੈ। ਇਸ ਤਰ੍ਹਾਂ ਜੇਕਰ ਹੋਰ ਤਾਰਾ ਪ੍ਰਣਾਲੀਆਂ ਵਿਚ ਜੀਵਨ ਵਿਕਸਿਤ ਵੀ ਹੋਇਆ ਹੋਵੇ ਤਾਂ ਮਨੁੱਖ ਕੋਲ ਵਿਕਾਸ ਦੇ ਇਸ ਪੜਾਅ ਵਿਚ ਉਸ ਨੂੰ ਜਾਣਨ ਦੇ ਮੌਕੇ ਬਹੁਤ ਘੱਟ ਹਨ। ਏਲੀਅਨ ਸੱਭਿਅਤਾ ਨਾਲ ਜੇਕਰ ਕਦੀ ਸਾਡਾ ਸਾਹਮਣਾ ਹੋਇਆ ਤਾਂ ਜਾਂ ਉਹ ਬਹੁਤ ਹੀ ਅਵਿਕਸਿਤ ਹੋਵੇਗੀ ਜਾਂ ਫਿਰ ਸਾਡੇ ਤੋਂ ਬਹੁਤ ਜ਼ਿਆਦਾ ਵਿਕਸਿਤ ਹੋਵੇਗੀ।
* ਪਰ ਜੇਕਰ ਉਹ ਸੱਭਿਅਤਾ ਬਹੁਤ ਵਿਕਸਤ ਹੋਵੇਗੀ ਤਾਂ ਉਸ ਨੇ ਸਾਡੇ ਨਾਲ ਹਾਲੇ ਤੱਕ ਸੰਪਰਕ ਕਿਉਂ ਨਹੀਂ ਕੀਤਾ?
-ਸਟੀਫ਼ਨ ਵਿਲੀਅਮ ਹਾਕਿੰਗ : ਹੋ ਸਕਦਾ ਹੈ, ਉਥੇ ਕੋਈ ਵਿਕਸਤ ਸੱਭਿਅਤਾ ਹੋਵੇ ਜੋ ਸਾਡੀ ਹੋਂਦ ਤੋਂ ਵੀ ਜਾਣੂ ਹੋਵੇ ਪਰ ਉਹ ਸਾਨੂੰ ਆਪਣੇ ਹੀ ਹਾਲ 'ਤੇ (ਬੇਹੱਦ ਘੱਟ ਵਿਕਸਿਤ ਸਮਝ ਕੇ) ਛੱਡ ਦੇਣਾ ਚਾਹੁੰਦੀ ਹੋਵੇ। ਇਸ ਤਰ੍ਹਾਂ ਮੈਨੂੰ ਸ਼ੱਕ ਹੈ ਕਿ ਕੋਈ ਅਤਿ ਵਿਕਸਿਤ ਸੱਭਿਅਤਾ ਆਪਣੇ ਤੋਂ ਅਤਿਅੰਤ ਘੱਟ ਵਿਕਸਿਤ ਜੀਵਨ ਰੂਪ ਬਾਰੇ ਸੋਚਣਾ ਵੀ ਚਾਹੁੰਦੀ ਹੋਵੇ।

(ਦ ਟੈਲੀਗ੍ਰਾਫ਼, ਲੰਡਨ ਵਿਚ ਪ੍ਰਕਾਸ਼ਿਤ ਇੰਟਰਵਿਊ ਦੇ ਕੁਝ ਅੰਸ਼)
-ਇਮੇਜ ਰਿਫਲੈਕਸ਼ਨ ਸੈਂਟਰ


ਖ਼ਬਰ ਸ਼ੇਅਰ ਕਰੋ

20 ਮਾਰਚ ਨੂੰ ਵਿਸ਼ਵ 'ਚਿੜੀ ਦਿਵਸ' 'ਤੇ ਵਿਸ਼ੇਸ਼

ਖ਼ਤਮ ਹੋ ਰਹੀਆਂ ਹਨ ਚਿੜੀਆਂ, ਚਲੋ ਕੁਝ ਕਰੀਏ

20 ਮਾਰਚ ਨੂੰ ਵਿਸ਼ਵ ਭਰ ਵਿਚ ਚਿੜੀ ਦਿਵਸ ਵਜੋਂ ਮਨਾਇਆ ਜਾਂਦਾ ਹੈ। ਚਿੜੀ ਪੰਛੀਆਂ ਦੀ ਇਕ ਵੱਡੀ ਸ੍ਰੇਣੀ ਹੈ ਜਿਸ ਵਿਚ ਅੱਧ ਤੋਂ ਵੱਧ ਪੰਛੀ ਆਉਂਦੇ ਹਨ। ਇਨ੍ਹਾਂ ਨੂੰ ਗਾਉਣ ਵਾਲੇ ਪੰਛੀ ਵੀ ਕਿਹਾ ਜਾਂਦਾ ਹੈ। ਚਿੜੀਆਂ ਦੀ ਇਕ ਖਾਸੀਅਤ ਇਨ੍ਹਾਂ ਦੇ ਪਹੁੰਚਿਆਂ ਦਾ ਨਮੂਨਾ ਹੈ। ਤਿੰਨ ਉਂਗਲਾ ਅੱਗੇ ਵੱਲ ਅਤੇ ਇਕ ਪਿੱਛੇ ਵੱਲ ਹੈ ਜੋ ਏਕਤਾ ਦੀ ਮਹੱਤਤਾ ਦਾ ਪ੍ਰਤੀਕ ਹੈ। ਵਿਸ਼ਵ ਪੱਧਰ 'ਤੇ ਚਿੜੀਆਂ ਦੀਆਂ ਕੁੱਲ 24 ਪ੍ਰਜਾਤੀਆਂ ਪਾਈਆਂ ਜਾਂਦੀਆਂ ਹਨ। ਇਹ ਇਕ 5-6 ਇੰਚ ਅਕਾਰ ਦਾ ਪੰਛੀ ਹੈ। ਚਿੜੀ ਦਾਣੇ, ਬੀਜ ਜਾਂ ਛੋਟੇ ਕੀੜੇ-ਮਕੌੜੇ ਖਾ ਕੇ ਗੁਜ਼ਾਰਾ ਕਰਦੀ ਹੈ। ਕਦੇ ਚਿੜੀਆਂ ਦਾ ਰੈਣ-ਬਸੇਰਾ ਪਿੰਡਾਂ ਵਿਚ ਬਾਲੇ ਵਾਲੀਆਂ ਛੱਤਾਂ ਤੇ ਝਾੜੀਆਂ, ਦਰੱਖਤਾਂ ਉੱਤੇ ਘਾਹ-ਫੂਸ ਦਾ ਹੁੰਦਾ ਸੀ।
ਨਰ ਚਿੜੀ ਦਾ ਆਕਾਰ ਮਾਦਾ ਚਿੜੀ ਨਾਲੋਂ ਥੋੜ੍ਹਾ ਵੱਡਾ ਹੁੰਦਾ ਹੈ। ਮਾਦਾ ਚਿੜੀ 5-7 ਤੱਕ ਆਂਡੇ ਦਿੰਦੀ ਹੈ ਜਿਨ੍ਹਾਂ ਵਿਚੋਂ 14 ਤੋਂ 17 ਦਿਨਾਂ ਤੱਕ ਬੋਟ (ਨਿੱਕੇ ਬੱਚੇ) ਨਿਕਲ ਆਉਂਦੇ ਹਨ। ਪੰਜਾਬ ਵਿਚ ਮੁਨੀਆਂ ਪ੍ਰਜਾਤੀ ਦੀ ਚਿੜੀ ਜ਼ਿਆਦਾਤਰ ਪਾਈ ਜਾਂਦੀ ਹੈ। ਵਿਸ਼ਵ ਭਰ ਦੇ ਵਿਚ ਇਸ ਦੀਆਂ 11 ਉਪ-ਜਾਤੀਆਂ ਹਨ ਜੋ ਰੰਗ ਅਤੇ ਆਕਾਰ ਤੋਂ ਇਕ ਦੂਸਰੇ ਨਾਲੋਂ ਵੱਖ-ਵੱਖ ਹਨ। ਚਿੜੀ ਹੀ ਹੈ ਜਿਸ ਦੀ ਤੁਲਨਾ ਸਾਡੇ ਪੰਜਾਬੀ ਸੱਭਿਆਚਾਰ ਵਿਚ ਕੁੜੀਆਂ ਦੇ ਨਾਲ ਕੀਤੀ ਜਾਂਦੀ ਹੈ। ਕਿੰਨੇ ਹੀ ਕਲਮਕਾਰਾਂ ਨੇ ਕੁੜੀਆਂ-ਚਿੜੀਆਂ ਤੇ ਲੋਕ ਤੱਥ ਲਿਖੇ ਹਨ। ਚਿੜੀਆਂ ਜੋ ਸ਼ਾਂਤੀ ਦਾ ਪ੍ਰਤੀਕ ਹਨ, ਅਣਭੋਲ ਹਨ ਤੇ ਧੀਆਂ ਵਾਂਗ ਸਭ ਦਾ ਭਲਾ ਚਾਹੁੰਦੀਆਂ ਹਨ। ਪਰ ਦੁੱਖ ਦੀ ਗੱਲ ਹੈ ਕਿ ਐਨਾ ਪਿਆਰਾ ਤੇ ਅਨਭੋਲ ਇਹ ਪੰਛੀ ਸਾਡੀਆਂ ਰੋਜ਼ਾਨਾ ਦੀਆਂ ਬਦਲ ਚੁੱਕੀਆਂ ਆਦਤਾਂ ਕਰ ਕੇ ਸਾਡੇ ਕੋਲੋਂ ਦੂਰ ਹੁੰਦਾ ਜਾ ਰਿਹਾ ਹੈ। ਜੇਕਰ ਮਨੁੱਖਾਂ ਨੇ ਅਜੇ ਵੀ ਆਪਣੇ-ਆਪ ਨੂੰ ਨਾ ਬਦਲਿਆ ਤਾਂ ਉਹ ਦਿਨ ਦੂਰ ਨਹੀਂ ਕਿ ਚਿੜੀਆਂ ਸਾਡੇ ਕੋਲ ਸਿਰਫ ਤਸਵੀਰਾਂ ਵਿਚ ਹੀ ਵੇਖਣਯੋਗ ਰਹਿ ਜਾਣਗੀਆਂ। ਭਾਰਤ ਵਿਚ ਚਿੜੀਆਂ ਦੀਆਂ 14 ਕਿਸਮਾਂ ਆਲੋਪ ਹੋਣ ਕਿਨਾਰੇ ਹਨ ਅਤੇ ਪਿਛਲੇ ਦੋ ਦਹਾਕਿਆਂ ਤੋਂ ਸ਼ਹਿਰਾਂ ਵਿਚ ਚਿੜੀਆਂ ਦੀ ਗਿਣਤੀ ਵਿਚ ਵੱਡੀ ਕਮੀ ਆਈ ਹੈ। ਸਾਲ 2012 ਵਿਚ ਚਿੜੀ ਨੂੰ ਦਿੱਲੀ ਸਰਕਾਰ ਵਲੋਂ ਰਾਜ ਪੰਛੀ ਐਲਾਨਿਆ ਗਿਆ ਸੀ। ਸ਼ਹਿਰਾਂ ਦੇ ਨਾਲ-ਨਾਲ ਹੁਣ ਤਾਂ ਪਿੰਡਾਂ ਵਿਚੋਂ ਵੀ ਚਿੜੀਆਂ ਘਟਦੀਆਂ ਜਾ ਰਹੀਆਂ ਹਨ ਕਿਉਂਕਿ ਖੁੱਲ੍ਹੇ ਕੱਚੇ ਬਾਲੇ-ਸ਼ਤੀਰਾਂ ਦੇ ਠੰਢੇ ਘਰਾਂ ਨੂੰ ਛੱਡ ਕੇ ਪਿੰਡਾਂ ਦੇ ਬਾਸ਼ਿੰਦੇ ਵੀ ਹੁਣ ਤੰਗ ਪੱਕੀਆਂ ਕੋਠੀਆਂ ਦੇ ਵੱਲ ਹੋ ਤੁਰੇ ਹਨ। ਦਿਨੋ ਦਿਨ ਕੀਟਨਾਸ਼ਕਾਂ ਤੇ ਮੋਬਾਈਲ ਟਾਵਰਾਂ ਦੀ ਵਧ ਰਹੀ ਵਰਤੋਂ 'ਤੇ ਗਿਣਤੀ ਵੀ ਚਿੜੀਆਂ ਤੇ ਹੋਰ ਪੰਛੀਆਂ ਲਈ ਖਤਰਾ ਬਣ ਰਹੀ ਹੈ। ਲੋੜ ਹੈ ਸਮੇਂ ਦੇ ਨਾਲ ਚਲਦੇ ਹੋਏ ਅਸੀਂ ਆਪਣੀ ਇਸ ਅਨਮੋਲ ਵਿਰਾਸਤ ਨੂੰ ਵੀ ਸਾਂਭ ਕੇ ਰੱਖੀਏ ਅਤੇ ਜਿੰਨਾ ਸਾਡੇ ਕੋਲੋਂ ਹੋ ਸਕਦਾ ਹੈ ਆਪਣਾ ਫ਼ਰਜ਼ ਸਮਝਦੇ ਹੋਏ ਜ਼ਰੂਰ ਕਰੀਏ।
ਹੁਣ ਜਦੋਂ ਗਰਮੀ ਦਾ ਮੌਸਮ ਵੀ ਆਉਣ ਵਾਲਾ ਹੈ ਦੇਸੀ ਮਹੀਨਾ ਜੇਠ ਤੇ ਹਾੜ ਪੂਰੀ ਤਪਦੀ ਗਰਮੀ ਲਈ ਹੀ ਜਾਣੇ ਜਾਂਦੇ ਹਨ ਤਾਂ ਮਨੁੱਖਾਂ ਨੂੰ ਅਸੀਂ ਅਕਸਰ ਦੇਖਦੇ ਹਾਂ ਕਿ ਦੋ-ਪਹੀਆਂ ਵਾਹਨਾਂ 'ਤੇ ਵੀ ਧੁੱਪ ਤੋਂ ਬਚਾਅ ਲਈ ਆਪਣੇ ਸਰੀਰ ਨੂੰ ਪੂਰਾ ਢਕ ਕੇ ਬਾਹਰ ਨਿਕਲਦੇ ਹਨ ਅਤੇ ਹਰ ਕੋਈ ਠੰਢੇ ਪਾਣੀ ਵੱਲ ਭੱਜ ਕੇ ਜਾਂਦਾ ਹੈ। ਜਗ੍ਹਾ-ਜਗ੍ਹਾ ਲੋਕ-ਸੇਵਾ ਲਈ ਠੰਢੇ ਪਾਣੀ ਦੀਆਂ ਛਬੀਲਾਂ ਲਗਾਈਆਂ ਜਾਂਦੀਆਂ ਹਨ ਜੋ ਮਾਨਵਤਾ ਦੀ ਸੇਵਾ ਲਈ ਬਹੁਤ ਹੀ ਚੰਗਾ ਕਦਮ ਹੈ ਪਰ ਮੈਂ ਸੋਚਦਾ ਹਾਂ ਕਿ ਜਿਵੇਂ ਇਨਸਾਨ ਤਾਂ ਆਪਣੇ ਵਿੱਤ ਮੁਤਾਬਕ ਗਰਮੀ ਤੋਂ ਬਚਣ ਦੇ ਲਈ ਛੋਟਾ ਵੱਡਾ ਪ੍ਰਬੰਧ ਕਰ ਹੀ ਲੈਂਦਾ ਹੈ ਪਰ ਕੁਦਰਤ ਦੀ ਬਹੁਤ ਹੀ ਸੁੰਦਰ ਸਿਰਜਣਾ ਇਹ ਅਨਭੋਲ ਪਿਆਰੇ ਪੰਛੀਆਂ ਨੂੰ ਇਸ ਜਾਨਲੇਵਾ ਗਰਮੀ ਤੋਂ ਬਚਾਉਣ ਲਈ ਕੌਣ ਹੰਭਲਾ ਮਾਰਦਾ ਹੋਵੇਗਾ? ਮੇਰੇ ਸਵਾਲ ਦਾ ਜਵਾਬ ਮੇਰੇ ਅੰਦਰ ਹੀ ਸੀ ਕਿ ਸਾਰੇ ਜੀਵ ਮੰਡਲ ਵਿਚੋਂ ਇਕ ਇਨਸਾਨ ਹੀ ਹੈ ਜੋ ਆਪਣੇ ਕਾਰਜ ਆਪ ਸੰਵਾਰਨ ਦੇ ਸਮਰੱਥ ਹੈ ਅਤੇ ਪ੍ਰਮਾਤਮਾ ਨੇ ਆਪਣੇ ਕਾਰਜਾਂ ਦੇ ਨਾਲ-ਨਾਲ ਦੂਸਰੇ ਅਜਿਹੇ ਜੀਵ ਜਿਹੜੇ ਬਹੁਤੇ ਕੰਮਾਂ ਲਈ ਇਨਸਾਨਾਂ 'ਤੇ ਨਿਰਭਰ ਹਨ, ਦੀ ਸੇਵਾ ਸੰਭਾਲ ਦਾ ਜ਼ਿੰਮਾ ਵੀ ਇਨਸਾਨਾਂ ਨੂੰ ਹੀ ਦਿੱਤਾ ਹੈ ਅਤੇ ਸਾਨੂੰ ਚਿੜੀਆਂ ਸਮੇਤ ਸਾਰੇ ਪੰਛੀਆਂ ਪ੍ਰਤੀ ਆਪਣੀ ਇਹ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ।
ਗਰਮੀ ਦੇ ਮੌਸਮ ਵਿਚ ਬਹੁਤ ਸਾਰੇ ਛੋਟੇ ਪਿਆਰੇ ਪੰਛੀ ਸਿਰਫ ਪਾਣੀ ਦੀ ਘਾਟ ਕਰਕੇ ਹੀ ਮਰ ਜਾਂਦੇ ਹਨ ਕਿਉਂਕਿ ਜਿਵੇਂ-ਜਿਵੇਂ ਗਰਮੀ ਦਾ ਪਾਰਾ ਵਧਦਾ ਜਾਂਦਾ ਹੈ ਤਲਾਬਾਂ, ਟੋਭਿਆਂ, ਖੂਹਾਂ ਅਤੇ ਖੇਤਾਂ ਵਿਚੋਂ ਪਾਣੀ ਸੁੱਕ ਜਾਂਦਾ ਹੈ ਅਤੇ ਇਹ ਸਾਰੇ ਸਾਧਨ ਹੀ ਮੁੱਖ ਹਨ ਪੰਛੀਆਂ ਦੇ ਪਾਣੀ ਪੀਣ ਲਈ। ਵਸੋਂ ਵਾਲੀਆਂ ਥਾਵਾਂ 'ਤੇ ਇਹ ਮਨਮੋਹਕ ਪੰਛੀ ਇਨਸਾਨਾਂ ਦੇ ਭੈਅ ਕਾਰਨ ਘੱਟ ਹੀ ਥੱਲੇ ਆਉਂਦੇ ਹਨ ਪਰ ਅਸੀਂ ਇਸ ਗਰਮੀ ਤੋਂ ਜਿੱਥੇ ਆਪਣੇ ਬੱਚਿਆਂ ਅਤੇ ਆਪਣੇ ਬਚਾਅ ਲਈ ਹਰ ਸੰਭਵ ਕੋਸਿਸ਼ ਕਰਦੇ ਹਾਂ ਉੱਥੇ ਇਸ ਵਾਰ ਵਾਤਾਵਰਨ ਦੇ ਸ਼ਿੰਗਾਰ ਇਨ੍ਹਾਂ ਪੰਛੀਆਂ ਦੇ ਬਚਾਅ ਲਈ ਵੀ ਅੱਗੇ ਆਈਏ। ਪੰਛੀਆਂ ਦੀ ਮਦਦ ਦੇ ਲਈ ਸਭ ਤੋਂ ਪਹਿਲਾ ਅਤੇ ਸੌਖਾ ਕਾਰਜ ਹੈ ਕਿ ਅਸੀਂ ਆਪਣੇ ਘਰਾਂ, ਦੁਕਾਨਾਂ, ਦਫਤਰਾਂ ਦੀਆਂ ਛੱਤਾਂ 'ਤੇ ਪਾਣੀ ਭਰ ਕੇ ਰੱਖੀਏ ਇਹ ਪਾਣੀ ਕਿਸੇ ਵੀ ਭਾਂਡੇ ਵਿਚ ਭਰ ਕੇ ਰੱਖਿਆ ਜਾ ਸਕਦਾ ਹੈ ਪਰ ਅਗਰ ਮਿੱਟੀ ਦੇ ਬਰਤਨ ਵਿਚ ਰੱਖਿਆ ਜਾਵੇ ਤਾਂ ਜ਼ਿਆਦਾ ਠੀਕ ਰਹੇਗਾ ਕਿਉਂਕਿ ਮਿੱਟੀ ਦੇ ਬਰਤਨ ਵਿਚ ਪਾਣੀ ਜ਼ਿਆਦਾ ਸਮਾਂ ਠੰਢਾ ਰਹਿੰਦਾ ਹੈ ਅਤੇ ਇਹ ਪਾਣੀ ਰੋਜ਼ਾਨਾ ਸ਼ਵੇਰੇ ਸ਼ਾਮ ਬਦਲਿਆ ਜਾਵੇ। ਸਾਡੀ ਇਸ ਛੋਟੀ ਜਿਹੀ ਕੋਸ਼ਿਸ਼ ਨਾਲ ਹਜ਼ਾਰਾਂ ਪੰਛੀਆਂ ਦੀ ਜਾਨ ਇਸ ਗਰਮੀ ਤੋਂ ਬਚ ਸਕਦੀ ਹੈ। ਇਸ ਦੇ ਨਾਲ ਹੀ ਜੇਕਰ ਦਿਨ ਭਰ ਵਿਚ ਇਕ ਵਾਰ ਘਰ ਦੀ ਛੱਤ 'ਤੇ ਇਕ ਮੁੱਠੀ ਦਾਣੇ ਵੀ ਪਾਏ ਜਾਣ ਤਾਂ ਹੋਰ ਵੀ ਚੰਗਾ ਹੋਵੇਗਾ। ਅਜਿਹਾ ਸਾਡੇ ਬਜ਼ੁਰਗ ਵੀ ਰੋਜ਼ਾਨਾ ਕਰਦੇ ਹੁੰਦੇ ਸਨ।
ਇਕ ਸਮਾਂ ਸੀ ਜਦੋਂ ਸਾਡੇ ਘਰ ਕੱਚੇ ਹੁੰਦੇ ਸਨ, ਘਰ ਦੀਆਂ ਛੱਤਾਂ ਬਾਲਿਆਂ ਨਾਲ ਕਾਹੀ ਦੇ ਪੂਲਿਆਂ ਦੀਆਂ ਹੁੰਦੀਆਂ ਸਨ। ਘਰਾਂ ਵਿਚ ਨਿੰਮ, ਤੂਤ, ਡੇਕ ਜਿਹੇ ਦੇਸੀ ਦਰੱਖਤ ਲੱਗੇ ਹੁੰਦੇ ਸਨ ਜਿਨ੍ਹਾਂ ਅੰਦਰ ਅਕਸਰ ਛੋਟੀਆਂ ਪਿਆਰੀਆਂ ਚਿੜੀਆਂ, ਘੁੱਗੀਆਂ ਜਾਂ ਹੋਰ ਪੰਛੀ ਆਲ੍ਹਣੇ ਪਾ ਕੇ ਰਹਿੰਦੇ ਸਨ ਪਰ ਜਿਉਂ-ਜਿਉਂ ਸਾਡੇ ਘਰ ਕੋਠੀਆਂ ਦੇ ਰੂਪ ਵਿਚ ਤਬਦੀਲ ਹੋ ਗਏ, ਪੁਰਾਣੇ ਘਰਾਂ ਵਿਚਲੇ ਬਾਲੇ ਵਾਲੀਆਂ ਕੱਚੀਆਂ ਛੱਤਾਂ ਦੇ ਨਾਲ-ਨਾਲ ਚਿੜੀਆਂ ਦੇ ਘਰ ਵੀ ਚਲੇ ਗਏ ਤੇ ਘਰਾਂ ਅੰਦਰ ਦੇਸੀ ਦਰੱਖਤਾਂ ਦੀ ਥਾਂ ਵਿਦੇਸ਼ੀ ਦਰੱਖਤਾਂ ਨੇ ਲੈ ਲਈ। ਹੁਣ ਪੁਰਾਣੇ ਸਮੇਂ ਤਾਂ ਵਾਪਸ ਆ ਨਹੀਂ ਸਕਦੇ ਪਰ ਇਨ੍ਹਾਂ ਪੰਛੀਆਂ ਦੇ ਰੈਣ ਬਸੇਰੇ ਲਈ ਅਸੀਂ ਇਕ ਹੰਭਲਾ ਹੋਰ ਮਾਰ ਸਕਦੇ ਹਾਂ, ਉਹ ਇਹ ਕਿ ਕਿਸੇ ਯੋਗ ਥਾਵੇਂ ਪੰਛੀਆਂ ਦੇ ਰਹਿਣ ਲਈ ਵੱਧ ਤੋਂ ਵੱਧ ਦੇਸੀ ਦਰੱਖਤ ਲਗਾਈਏ ਜਿਨ੍ਹਾਂ 'ਤੇ ਰੈਣ-ਬਸੇਰੇ ਬਣਾ ਕੇ ਇਹ ਚਿੜੀਆਂ ਤੇ ਹੋਰ ਪੰਛੀ ਕੁਦਰਤ ਦੀਆਂ ਮੌਜਾਂ ਲੁੱਟ ਸਕਣ। ਆਪਣੇ ਘਰਾਂ ਵਿਚ ਲੱਕੜੀ ਦੇ ਆਲ੍ਹਣੇ ਲਗਾ ਕੇ ਵੀ ਅਸੀਂ ਪੰਛੀਆਂ ਨੂੰ ਆਪਣੇ ਨਾਲ ਰੱਖ ਸਕਦੇ ਹਾਂ।
ਇਨ੍ਹਾਂ ਉਪਰਾਲਿਆਂ ਦੇ ਲਈ ਸਾਨੂੰ ਸਭ ਤੋਂ ਪਹਿਲਾਂ ਇਨ੍ਹਾਂ ਪਿਆਰੇ ਪੰਛੀਆਂ ਪ੍ਰਤੀ ਪ੍ਰੇਮ ਭਾਵਨਾ ਪੈਦਾ ਕਰਨੀ ਚਾਹੀਦੀ ਹੈ ਇਨ੍ਹਾਂ ਲਈ ਹਮੇਸ਼ਾ ਸੁਖਾਵੇ ਮਹੌਲ ਨੂੰ ਬਣਾਉਣ ਦੇ ਯਤਨ ਕਰਨੇ ਚਾਹੀਦੇ ਹਨ। ਪੰਛੀਆਂ ਨੂੰ ਕੈਦ ਕਰਕੇ ਰੱਖਣ ਜਾਂ ਕਿਸੇ ਪ੍ਰਕਾਰ ਦੇ ਸ਼ੌਕ ਦੀ ਪੂਰਤੀ ਲਈ ਤਸ਼ੱਦਦ ਨਹੀਂ ਕਰਨਾ ਚਾਹੀਦਾ ਭਾਵੇਂ ਕਿ ਅਜਿਹਾ ਕਾਨੂੰਨੀ ਅਪਰਾਧ ਵੀ ਹੈ ਪਰ ਫਿਰ ਵੀ ਅਜਿਹਾ ਵਤੀਰਾ ਪੰਛੀਆਂ ਨਾਲ ਹੋ ਰਿਹਾ ਹੈ। ਪੰਛੀਆਂ ਦੀ ਸੇਵਾ ਸੰਭਾਲ ਲਈ ਪੰਛੀ-ਪ੍ਰੇਮੀ ਅਤੇ ਬਹੁਤ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਪਾਣੀ ਧਰਨ ਅਤੇ ਪੰਛੀਆਂ ਦੇ ਲਈ ਰੈਣ-ਬਸੇਰੇ ਲਗਾਉਣ ਜਿਹੇ ਪ੍ਰਸੰਸਾਯੋਗ ਕਾਰਜ ਵੀ ਕਰ ਰਹੀਆਂ ਹਨ ਪਰ ਇਸ ਮੁਹਿੰਮ ਨੂੰ ਲੋਕ ਲਹਿਰ ਬਣਾਉਣ ਦੀ ਲੋੜ ਹੈ ਅਤੇ ਸਾਰਿਆਂ ਨੂੰ ਇਸ ਕਾਰਜ ਵਿਚ ਵੱਧ-ਚੜ੍ਹ ਕੇ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ। ਆਓ! ਇਸ ਗਰਮੀ ਤੋਂ ਹੀ ਰਲ-ਮਿਲ ਕੇ ਹੰਭਲਾ ਮਾਰੀਏ ਅਤੇ ਨੀਲੇ ਅੰਬਰਾਂ ਵਿਚ ਮਸਤ ਉਡਾਰੀਆਂ ਲਾਉਂਦੇ ਇਨ੍ਹਾਂ ਮਸਤ ਪੰਛੀਆਂ ਨੂੰ ਸਿਰਫ ਦਾਣੇ ਪਾਣੀ ਦੀ ਘਾਟ ਕਾਰਨ ਹੀ ਅਜਾਈਂ ਨਾ ਜਾਣ ਦੇਈਏ ਤੇ ਇਨ੍ਹਾਂ ਨਾਲ ਮਿੱਤਰਤਾ ਵਧਾਈਏ।

-ਪਿੰਡ ਤੇ ਡਾਕ: ਫਤਿਹਗੜ੍ਹ ਪੰਜਗਰਾਈਆਂ (ਸੰਗਰੂਰ)
ਮੋਬਾਈਲ : 93565-52000.

ਸੈਰ-ਸਪਾਟੇ ਦਾ ਕੇਂਦਰ ਬਣ ਸਕਦੈ ਹੁਸ਼ਿਆਰਪੁਰ ਦਾ ਕੁਦਰਤੀ ਸੁਹੱਪਣ

ਘੁੰਮਣਾ ਫਿਰਨਾ ਤੇ ਕੁਦਰਤ ਦੇ ਜਲਵਿਆਂ ਨੂੰ ਆਪਣੀਆਂ ਸਿਮਰਤੀਆਂ ਦਾ ਹਿੱਸਾ ਬਣਾਉਣਾ, ਜਿੱਥੇ ਬੰਦੇ ਦੀ ਘੁਮੱਕੜ ਪ੍ਰਵਿਰਤੀ ਵੱਲ ਇਸ਼ਾਰਾ ਕਰਦੇ ਹਨ, ਨਾਲ ਹੀ ਇਨਸਾਨੀ ਮਨ ਦੇ ਸੁਹਜ-ਭਰਪੂਰ, ਕੋਮਲ ਭਾਵੀ ਤੇ ਕੁਦਰਤ ਪ੍ਰੇਮੀ ਹੋਣ ਵੱਲ ਵੀ ਸੰਕੇਤ ਕਰਦੇ ਹਨ। ਕਿਸੇ ਖਿੱਤੇ ਦਾ ਕੁਦਰਤੀ ਸੁਹੱਪਣ, ਨਦੀਆਂ, ਝਰਨੇ, ਪਹਾੜ, ਮੈਦਾਨ, ਹਰੀ ਭਰੀ ਬਨਸਪਤੀ, ਖਾਣ ਪੀਣ ਵਾਲੇ ਸੁਆਦੀ ਖਾਧ ਪਦਾਰਥ, ਆਵਾਜਾਈ ਤੇ ਸੰਚਾਰ ਸਾਧਨ, ਵਿੱਤੀ ਤੇ ਰਿਹਾਇਸ਼ੀ ਸਹੂਲਤਾਂ, ਕਲਾ, ਮਨੋਰੰਜਨ ਤੇ ਸੱਭਿਆਚਾਰਕ ਵਿਲੱਖਣਤਾ ਦੂਜੇ ਖਿੱਤੇ 'ਚ ਰਹਿਣ ਵਾਲੇ ਲੋਕਾਂ ਲਈ ਆਕਰਸ਼ਣ ਦਾ ਸਬੱਬ ਬਣਦੇ ਹਨ। ਹਿਮਾਲਾ ਖੰਡ ਤੋਂ ਹੇਠ ਸ਼ਿਵਾਲਕ ਦੀਆਂ ਪਹਾੜੀਆਂ ਦੇ ਪੈਰਾਂ 'ਚ ਵਸਿਆ ਹੁਸ਼ਿਆਰਪੁਰ ਜ਼ਿਲ੍ਹਾ, ਪਹਾੜੀ, ਕੰਢੀ ਤੇ ਮੈਦਾਨੀ ਖ਼ੂਬਸੂਰਤੀ ਵਾਲਾ ਇਲਾਕਾ ਹੈ। ਮੈਦਾਨੀ ਖ਼ੂਬਸੂਰਤੀ ਦੇ ਨਾਲ ਜ਼ਿਲ੍ਹੇ ਦੇ ਪਹਾੜੀ ਤੇ ਕੰਢੀ ਖੇਤਰ 'ਚ ਪਾਣੀ ਦੇ ਕੁਦਰਤੀ ਸੋਮੇ ਪਹਾੜੀ ਖੱਡਾਂ, ਚੋਅ, ਖੱਡਾਂ 'ਤੇ ਬਣੇ ਡੈਮ, ਜੰਗਲੀ ਤੇ ਕੁਦਰਤੀ ਬਨਸਪਤੀ ਇਸ ਦੇ ਭੂਗੋਲਿਕ ਸੁਹੱਪਣ ਦੀਆਂ ਬਾਤਾਂ ਪਾਉਂਦੇ ਹਨ। ਸ਼ਿਵਾਲਿਕ ਦੇ ਦਰਵਾਜ਼ੇ ਵਾਲੇ ਇਲਾਕੇ 'ਚ ਵਿਚਰਦਿਆਂ ਮੈਦਾਨੀ ਖੇਤਰਾਂ ਤੋਂ ਸ਼ਿਵਾਲਿਕ ਖੰਡ ਵੱਲ ਨੂੰ ਆਪਣੇ ਸਫ਼ਰ ਲਈ ਤੁਰੀਆਂ ਮਸਤ-ਚੰਚਲ ਹਵਾਵਾਂ ਦੇ ਬੁੱਲ੍ਹੇ, ਜ਼ਿੰਦਗੀ ਲਈ ਤੁਰਦੇ ਰਹਿਣ ਦੀ ਜਾਚ ਤੇ ਰਵਾਨਗੀ ਦੇ {ਰਹੱਸ ਸਿਖਾਉਂਦੇ ਕਿਸੇ ਉੱਚੀ ਪਹਾੜੀ ਓਹਲੇ ਦਿਨ ਭਰ ਦੇ ਸਫ਼ਰ ਨੂੰ ਵਿਰਾਮ 2ਲਾਉਂੁਦਾ ਸੂਰਜ ਦੇਵਤਾ, ਵੱਖ-ਵੱਖ ਮੌਸਮਾਂ 'ਚ ਮਿਹਨਤ ਮੁਸ਼ੱਕਤ ਨਾਲ ਜ਼ਿੰਦਗੀ ਦੀ ਆਪ-ਮੁਹਾਰੀ ਤੋਰ ਤੁਰਦੀ ਪਹਾੜੀ ਪੇਂਡੂ ਜ਼ਿੰਦਗੀ, ਜੰਗਲੀ ਬਨਸਪਤੀ 'ਚ ਵੱਖ-ਵੱਖ ਜੀਵ ਜੰਤੂਆਂ ਦੇ ਆਪ-ਮੁਹਾਰੇ ਕੌਤਕ ਕੁਦਰਤ ਨੂੰ ਨੀਝ ਨਾਲ ਨਿਹਾਰਨ ਵਾਲੇ ਨੂੰ ਬਹੁਤ ਕੁਝ ਸਮਝਾ ਦਿੰਦੇ ਹਨ। ਇੱਥੇ ਇਕ ਪਾਸੇ ਢੋਲਵਾਹਾ, ਜਨੌੜੀ, ਮਹਿੰਗਰੋਵਾਲ, ਚੋਹਾਲ, ਟੱਪਾ, ਬਹੇੜਾ, ਬਾੜੀਖੱਡ, ਅਮਰੋਹ, ਧਰਮਪੁਰ, ਕਮਾਹੀਦੇਵੀ ਵਰਗੇ ਨਿਰੋਲ ਪਹਾੜੀ ਖੇਤਰਾਂ ਦੇ ਕੁਦਰਤੀ ਮਾਹੌਲ 'ਚ ਜ਼ਿੰਦਗੀ ਦੀਆਂ ਔਕੜਾਂ ਤੇ ਸਮੱਸਿਆਵਾਂ ਦੀਆਂ ਉਚਾਈਆਂ ਨਾਲ ਠਰ੍ਹੰਮੇ ਤੇ ਸਬਰ ਨਾਲ ਸਾਹਮਣਾ ਕਰਦੀ ਮਨੁੱਖੀ ਜ਼ਿੰਦਗੀ ਦੇ ਰੰਗ ਦੇਖਣ ਨੂੰ ਮਿਲਦੇ ਹਨ, ਦੂਜੇ ਪਾਸੇ ਬਿਆਸ ਦਰਿਆ ਦੇ ਕੰਢੇ ਪੈਂਦੇ ਪਿੰਡਾਂ 'ਚ ਦਰਿਆ ਦੇ ਨਿਰੰਤਰ ਵਗਦੇ ਪਾਣੀਆਂ, ਵਿਸ਼ਾਲਤਾ ਤੇ ਨਿਰਮਲਤਾ ਦਾ ਸਾਥ ਮਾਣਦੀ ਘੁੱਗ ਵਸਦੀ ਲੋਕਾਈ ਤੇ ਭੂਗੋਲਿਕ ਹਾਲਾਤ ਨੂੰ ਵੀ ਸਹਿਜੇ ਦੇਖਿਆ ਜਾ ਸਕਦਾ ਹੈ।
ਡਾ: ਗੁਰਦਿਆਲ ਸਿੰਘ ਫੁੱਲ ਨੇ 'ਪੰਜਾਬੀ ਸੱਭਿਆਚਾਰ ਇਕ ਦ੍ਰਿਸ਼ਟੀਕੋਣ' ਪੁਸਤਕ 'ਚ ਦੁਆਬੇ ਦੀ ਖ਼ੂਬਸੂਰਤੀ ਬਾਰੇ ਲਿਖਿਆ ਹੈ: ਇਸ ਧਰਤੀ ਦੀ ਅਲੋਕਾਰੀ ਪ੍ਰਾਕਿਰਤੀ ਦੇਖਣ ਵਾਲੀ ਹੈ। ਹਰਿਆਵਲ ਤੇ ਸੋਕਾ, ਗਰਮੀ ਤੇ ਸਰਦੀ, ਮੀਂਹ ਤੇ ਔੜ, ਹੁੱਸੜ ਤੇ ਹਨੇਰੀਆਂ, ਸਰੀਰਕ ਬਲ ਤੇ ਕੋਮਲ ਕਲਾਵਾਂ ਅਤੇ ਸ਼ਾਂਤ ਸਮਾਧੀ ਮਾਲਾ ਤੇ ਲਿਸ਼ਕਦੀ ਤਲਵਾਰ ਦਾ ਅਦਭੁਤ ਵਚਿੱਤਰ ਸਮਾਧੀ ਸੁਮੇਲ ਹੈ। ਇੱਥੋਂ ਦੀਆਂ ਰੁੱਤਾਂ ਰੰਗਲੀਆਂ ਹਨ। ਇੱਥੋਂ ਦੀਆਂ ਬਹਾਰਾਂ ਟੂਣੇਹਾਰੀਆਂ ਹਨ। ਧੁੱਪਾਂ ਜੋਬਨ ਵੰਡਦੀਆਂ ਹਨ। ਧਰਤੀ ਸੋਨਾ ਉਗਲਦੀ ਹੈ । ਪੌਣਾਂ ਨਸ਼ਿਆਉਂਦੀਆਂ ਹਨ। ਪੰਜਾਬ ਦੇ ਇਨ੍ਹਾਂ ਕੁਦਰਤੀ ਨਜ਼ਾਰਿਆਂ ਤੇ ਭੂਗੋਲਿਕ ਸਥਿਤੀ ਦਾ ਪੰਜਾਬੀ ਸੱਭਿਆਚਾਰ ਦੇ ਵਿਕਾਸ 'ਚ ਬੜਾ ਵੱਡਾ ਹੱਥ ਹੈ।
ਇਲਾਕੇ 'ਚ ਗਰਮੀ ਦੇ ਚਾਰ ਪੰਜ ਮਹੀਨਿਆਂ ਨੂੰ ਛੱਡ, ਬਾਕੀ ਸਾਰਾ ਸਮਾਂ ਘੁੰਮਣ ਫਿਰਨ ਦੇ ਸ਼ੌਕੀਨਾਂ ਦੇ ਸੈਰ ਸਪਾਟੇ ਲਈ ਵਰਤਿਆ ਜਾ ਸਕਦਾ ਹੈ। ਬਰਸਾਤਾਂ ਦੇ ਦਿਨਾਂ 'ਚ ਦੇਸੀ ਤੇ ਦੁਸਹਿਰੀ ਅੰਬਾਂ ਦੇ ਬਾਗ਼ਾਂ ਦੀ ਨਿਸ਼ਾਨਦੇਹੀ ਕਰ ਕੇ ਅੰਬ ਚੂਪਣ ਦੇ ਬਹਿਸ਼ਤੀ ਸਵਾਦ ਨਾਲ ਰਵਾਇਤੀ ਤਰੀਕੇ ਨਾਲ ਮਹਿਮਾਨ ਨਿਵਾਜ਼ੀ ਹੋ ਸਕਦੀ ਹੈ। ਜੂਨ ਮਹੀਨੇ ਲੀਚੀ ਦੇ ਬਾਗ਼ਾਂ ਦਾ ਸਵਾਦੀ ਫਲ, ਹਰੇ ਕਚੂਰ ਬੂਟਿਆਂ ਦੀ ਠੰਢਕ ਵਿਲੱਖਣ ਨਜ਼ਾਰਾ ਪੇਸ਼ ਕਰਦੀ ਹੈ। ਜ਼ਿਲ੍ਹੇ 'ਚ ਕਿੰਨੂ ਦੀ ਵੱਧ ਕਾਸ਼ਤਕਾਰੀ ਵੀ ਪੇਂਡੂ ਸੈਰ ਸਪਾਟੇ ਲਈ ਇੱਕ ਆਕਰਸ਼ਣ ਵਜੋਂ ਕੰਮ ਆ ਸਕਦੀ ਹੈ। ਕਿੰਨੂ ਅਕਤੂਬਰ-ਨਵੰਬਰ ਤੋਂ ਮਾਰਚ ਤੱਕ ਜੂਸ ਲਈ ਵਰਤਿਆ ਜਾਂਦਾ ਹੈ। ਫਲਾਂ ਦੀ ਤਾਜ਼ਗੀ ਦਾ ਸਵਾਦ ਮਾਣਨ, ਫਲਾਂ ਨਾਲ ਲੱਦੇ ਪੌਦਿਆਂ 'ਚ ਟਹਿਲਣ, ਅਜੋਕੀ ਦੌੜ-ਭੱਜ ਤੋਂ ਦੂਰ ਸ਼ਾਂਤ ਮਾਹੌਲ 'ਚ ਟਿਕੀ ਹੋਈ ਕੁਦਰਤ ਦਾ ਲੁਤਫ਼ ਲੈਣ ਦੇ ਸ਼ੌਕੀਨਾਂ ਲਈ ਕਿੰਨੂ ਦੇ ਬਾਗ਼ ਵੱਡੇ ਸਾਧਨ ਵਜੋਂ ਵਰਤੇ ਜਾ ਸਕਦੇ ਹਨ। ਬਾਗ਼ਬਾਨੀ ਮਹਿਕਮੇ ਦੀ ਮਦਦ ਨਾਲ ਜ਼ਿਲ੍ਹੇ ਦੇ ਵੱਖ-ਵੱਖ ਖੇਤਰਾਂ 'ਚ ਕਿੰਨੂ ਦੇ ਵਧੀਆ ਤੇ ਕੁਦਰਤੀ ਵਾਤਾਵਰਨ ਵਾਲੇ ਬਾਗ਼ਾਂ ਦੀ ਨਿਸ਼ਾਨਦੇਹੀ ਕਰ ਕੇ ਅਗਾਂਹਵਧੂ ਕਿਸਾਨਾਂ ਨੂੰ ਅਜਿਹੇ ਕਾਰਜ ਲਈ ਪ੍ਰੇਰਿਤ ਕੀਤਾ ਜਾ ਸਕਦਾ ਹੈ। ਕਿੰਨੂ ਵਾਂਗ ਹੀ ਜ਼ਿਲ੍ਹੇ ਦੇ ਵੱਖ-ਵੱਖ ਮਾਰਗਾਂ 'ਤੇ ਵੀ ਗੰਨੇ ਦੇ ਤਾਜ਼ੇ ਰਸ ਤੇ ਤੱਤੇ ਗੁੜ ਦਾ ਸਵਾਦ ਮਾਣਨ ਵਾਲਿਆਂ ਦੀ ਭੀੜ ਵੀ ਪੂਰਾ ਸਿਆਲ ਬਰਕਰਾਰ ਰਹਿੰਦੀ ਹੈ। ਸੈਰ ਸਪਾਟਾ ਵਿਭਾਗ ਜ਼ਿਲ੍ਹੇ ਦੇ ਮੁੱਖ ਮਾਰਗਾਂ 'ਤੇ ਗੁੜ ਬਨਾਉਣ ਵਾਲੇ ਵੇਲਣਿਆਂ ਦੇ ਮਾਲਕਾਂ ਨੂੰ ਸਾਫ਼-ਸੁਥਰੇ ਗੰਨੇ ਦੇ ਰਸ ਤੇ ਗੁੜ-ਸ਼ੱਕਰ ਦੀ ਰਵਾਇਤੀ ਰੂਪ 'ਚ ਤਿਆਰੀ ਦੇ ਕੰਮ ਨੂੰ ਘੁੰਮਣ ਫਿਰਨ ਵਾਲਿਆਂ ਲਈ ਆਕਰਸ਼ਣ ਬਣਾ ਸਕਦਾ ਹੈ। ਕੰਢੀ ਤੇ ਪੇਂਡੂ ਇਲਾਕਿਆਂ 'ਚ ਬਣਾਏ ਫਾਰਮ ਹਾਊਸਾਂ 'ਚ ਕੁਦਰਤ ਦੀਆਂ ਰਮਜ਼ਾਂ ਨਾਲ ਸੰਵਾਦ ਰਚਾਉਂਦਾ ਸ਼ਾਂਤ ਤੇ ਧਿਆਨ ਇਕਾਗਰ ਕਰਦਾ ਮਾਹੌਲ ਵਿਲੱਖਣ ਤੇ ਤਣਾਅ ਮੁਕਤ ਹੋਣ ਦਾ ਤਜਰਬਾ ਬਣਦਾ ਹੈ। ਸਰਕਾਰ ਇਨ੍ਹਾਂ ਫਾਰਮ ਹਾਊਸਾਂ ਦੇ ਮਾਲਿਕਾਂ ਨੂੰ ਰਿਹਾਇਸ਼ੀ ਸਹੂਲਤਾਂ, ਮਨੋਰੰਜਨ, ਖਾਣ ਪੀਣ ਦੀਆਂ ਸਹੂਲਤਾਂ ਲਈ ਪ੍ਰੇਰਿਤ ਕਰਵਾ ਕੇ ਘੁੰਮਣ-ਫਿਰਨ ਵਾਲਿਆਂ ਨੂੰ ਆਕਰਸ਼ਿਤ ਕਰ ਸਕਦੀ ਹੈ। ਫਾਰਮ ਹਾਊਸਾਂ ਤੇ ਪੇਂਡੂ ਇਲਾਕਿਆਂ 'ਚ ਸ਼ੌਂਕੀਆ ਤੌਰ 'ਤੇ ਰੱਖੇ ਵਧੀਆ ਨਸਲਾਂ ਦੇ ਘੋੜਿਆਂ ਰਾਹੀਂ ਘੋੜਸਵਾਰੀ ਦਾ ਤਜ਼ਰਬਾ ਵੀ ਆਪਣੇ-ਆਪ 'ਚ ਨਿਵੇਕਲਾ ਤਜਰਬਾ ਹੋ ਸਕਦਾ ਹੈ। ਪਿੰਡਾਂ 'ਚ ਸਰਦੀਆਂ ਦੇ ਦਿਨਾਂ 'ਚ ਪੰਜਾਬ ਦਾ ਰਵਾਇਤੀ ਖਾਣਾ ਸਰ੍ਹੋਂ ਦਾ ਸਾਗ, ਮੱਕੀ ਦੀ ਰੋਟੀ, ਖੋਏ ਦੀਆਂ ਪਿੰਨੀਆਂ, ਸੁੰਢ ਤੇ ਮੂੰਗਫਲੀ ਵਾਲਾ ਗੁੜ ਵੀ ਖਾਣ-ਪੀਣ ਦਾ ਲੁਤਫ਼ ਲੈਣ ਵਾਲਿਆਂ ਲਈ ਵੱਡੀ ਸੌਗਾਤ ਹੁੰਦਾ ਹੈ। ਪੇਂਡੂ ਖੇਤਰਾਂ 'ਚ ਖੁੱਲ੍ਹੇ ਵਿੱਦਿਅਕ ਅਦਾਰਿਆਂ ਦੇ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਰਿਹਾਇਸ਼ੀ ਤੇ ਖਾਣ ਪੀਣ ਦੀਆਂ ਸਹੂਲਤਾਂ ਲੋਕਾਂ ਵੱਲੋਂ ਦਿੱਤੇ ਜਾਣ ਦਾ ਤਜਰਬਾ ਦੱਸਦਾ ਹੈ ਕਿ ਸਿੱਖਿਆ ਦੇ ਪਾਸਾਰ, ਜੀਵਨ ਸ਼ੈਲੀ 'ਚ ਆ ਰਹੀ ਤਬਦੀਲੀ ਤੇ ਰੋਜ਼ਗਾਰ ਲਈ ਪੈਦਾ ਹੋਈਆਂ ਜ਼ਰੂਰਤਾ ਦੇ ਮੱਦੇਨਜ਼ਰ ਹੁਣ ਆਮ ਲੋਕ ਆਪਣੇ ਆਪ ਨੂੰ ਸਮੇਂ ਦੀ ਨਵੀਂ ਤੋਰ ਨਾਲ ਢਾਲ ਰਹੇ ਹਨ। ਪੇਂਡੂ ਲੋਕਾਂ ਦੇ ਮਹਿਮਾਨ-ਨਿਵਾਜ਼ੀ ਦੇ ਅਜਿਹੇ ਤਜਰਬੇ ਵਪਾਰਕ ਨੁਕਤੇ ਤੋਂ ਸੈਰ ਸਪਾਟਾ ਸਨਅਤ ਲਈ ਮਦਦਗਾਰ ਹੋ ਸਕਦੇ ਹਨ। ਫਰਵਰੀ ਮਾਰਚ ਦੇ ਮਹੀਨਿਆਂ 'ਚ ਜ਼ਿਲ੍ਹੇ ਦੇ ਪੇਂਡੂ ਇਲਾਕਿਆਂ ਦੇ ਬਾਗ਼-ਬਗ਼ੀਚਿਆਂ ਨੂੰ ਬੂਰ ਪੈਣ ਨਾਲ ਧਰਤੀ 'ਤੇ ਉੱਤਰੀਆਂ ਬਹਾਰਾਂ ਦੀ ਤਸਵੀਰ ਮਨ 'ਚ ਤਰੰਗਾਂ ਭਰਨ ਦੇ ਸਮਰੱਥ ਹੁੰਦੀ ਹੈ।


(ਬਾਕੀ ਅਗਲੇ ਐਤਵਾਰ ਦੇ ਅੰਕ 'ਚ)
-ਪਿੰਡ ਤਾਜਪੁਰ ਕਲਾਂ, ਡਾਕ: ਹਰਿਆਣਾ, ਜ਼ਿਲ੍ਹਾ ਹੁਸ਼ਿਆਰਪੁਰ
ਮੋਬਾਈਲ : 7087787700

ਪੰਜਾਬੀ ਗੀਤਾਂ ਵਿਚ ਆਏ ਨਿਘਾਰ ਲਈ ਕੌਣ ਜ਼ਿੰਮੇਵਾਰ?

ਬੇਸ਼ੱਕ ਪੰਜਾਬੀ ਗੀਤ-ਸੰਗੀਤ ਸਾਡੇ ਸੱਭਿਆਚਾਰ ਦਾ ਇਕ ਅਨਿੱਖੜਵਾਂ ਅੰਗ ਹੈ ਪਰੰਤੂ ਪਿਛਲੇ ਕੁਝ ਸਮੇਂ ਤੋਂ ਪੰਜਾਬੀ ਗੀਤ ਤੇ ਗੀਤਾਂ ਦੇ ਵੀਡੀਓ, ਸਾਡੇ ਅਮੀਰ ਵਿਰਸੇ ਨੂੰ ਕਲੰਕਿਤ ਕਰ ਰਹੇ ਹਨ। ਇਕ ਪਾਸੇ ਤਾਂ ਪੰਜਾਬੀ ਗਾਣੇ ਸਾਰੀਆਂ ਭਾਸ਼ਾਈ ਹੱਦਾਂ ਟੱਪ ਕੇ ਪੂਰੀ ਦੁਨੀਆ ਵਿਚ ਲੋਕਾਂ ਨੂੰ ਆਪਣੀ ਤਾਲ 'ਤੇ ਪੈਰ ਥਿਰਕਾਉਣ ਵਾਸਤੇ ਮਸ਼ਹੂਰ ਹਨ, ਇੱਥੋਂ ਤੱਕ ਕਿ ਬਾਲੀਵੁੱਡ ਵਾਲੇ ਵੀ ਪੰਜਾਬੀ ਗੀਤ ਦੇ ਤੜਕੇ ਬਿਨਾਂ ਫ਼ਿਲਮ ਨੂੰ ਸੰਪੂਰਨ ਨਹੀਂ ਮੰਨਦੇ । ਦੂਜੇ ਪਾਸੇ ਮੌਜੂਦਾ ਗ਼ੈਰ-ਮਿਆਰੀ ਗੀਤਾਂ ਨੇ ਹਰ ਸੁਹਿਰਦ ਪੰਜਾਬੀ ਨੂੰ ਸ਼ਰਮਸਾਰ ਕੀਤਾ ਹੈ ।
ਪਿਛਲੇ ਕੁਝ ਵਰ੍ਹਿਆਂ ਤੋਂ ਪੰਜਾਬੀ ਗੀਤ ਸੰਗੀਤ ਨਾਲ ਸਬੰਧਤ ਜ਼ਿਆਦਾਤਰ ਧਿਰਾਂ ਸਮਾਜ ਨੂੰ ਗ਼ਲਤ ਦਿਸ਼ਾ ਵੱਲ ਲੈ ਜਾਣ ਵਾਲੀ ਸਮੱਗਰੀ ਪਰੋਸਦੀਆਂ ਆ ਰਹੀਆਂ ਹਨ। ਗੀਤਕਾਰ ਤੋਂ ਲੈ ਕੇ ਪੇਸ਼ਕਾਰ ਤੱਕ ਗ਼ੈਰ ਜ਼ਿੰਮੇਵਾਰਾਨਾ ਢੰਗ ਨਾਲ ਇਕ ਅਨੋਖੀ ਦੌੜ ਵਿਚ ਲੱਗੇ ਹੋਏ ਹਨ। ਗੀਤਕਾਰਾਂ ਨੇ ਬਰੂਦ ਉਗਲਦੇ ਅੱਖ਼ਰਾਂ ਨਾਲ ਗੀਤ ਲਿਖ-ਲਿਖ, ਵੀਡੀਓਗ੍ਰਾਫ਼ਰਾਂ ਨੇ ਗਾਇਕਾਂ ਦੇ ਸੁਰਾਂ ਚੋਂ ਅੱਗ ਦੇ ਗੋਲੇ ਦਾਗ-ਦਾਗ, ਪੰਜਾਬੀ ਗੀਤ ਨੂੰ ਏਨਾ ਦਾਗ਼ਦਾਰ ਬਣਾ ਦਿੱਤਾ ਕਿ ਘਰਾਂ ਵਿਚ ਟੀ.ਵੀ. ਤੱਕ ਬੰਦ ਕਰਨ ਦੀ ਨੌਬਤ ਆ ਗਈ ਹੈ । ਗੀਤਾਂ ਵਿਚ ਗੈਂਗਵਾਦ, ਜੱਟਵਾਦ, ਨਸ਼ਾਵਾਦ, ਲੱਚਰਤਾਵਾਦ, ਨੰਗੇਜ਼ਵਾਦ ਐਨਾ ਜ਼ਿਆਦਾ ਵਧ ਗਿਆ ਕਿ ਪੰਜਾਬੀ ਗੀਤਾਂ ਵਿਚਲੇ ਪੰਜਾਬੀ ਨਾਗਰਿਕਾਂ ਦੀ ਪਛਾਣ ਹੀ, ਅਫ਼ਗਾਨਿਸਤਾਨ ਵਿਚ ਸ਼ਰ੍ਹੇਆਮ ਘੁੰਮ ਰਹੇ ਹਥਿਆਰਬੰਦ ਦਹਿਸ਼ਤਗਰਦਾਂ ਵਰਗੀ ਬਣਾ ਦਿੱਤੀ ।
ਪੰਜਾਬੀਆਂ ਦਾ ਮੁੱਢ ਤੋਂ ਸੁਭਾਅ ਹੈ ਕਿ ਉਹ ਪੀਣ ਖਾਣ ਅਤੇ ਅਸਲ੍ਹਾ ਰੱਖਣ ਦੇ ਸ਼ੌਕੀਨ ਹਨ, ਖਾਧੀ ਪੀਤੀ ਵਿਚ ਕਈ ਵਾਰ ਉਹ ਗ਼ਲਤੀ ਵੀ ਕਰ ਜਾਂਦੇ ਹਨ ਪਰੰਤੂ ਜੋ ਵਰਤਾਰਾ ਪਿਛਲੇ ਸਮੇਂ ਤੋਂ ਸ਼ੁਰੂ ਹੋਇਆ ਹੈ, ਉਹ ਬੜਾ ਹੀ ਸ਼ਰਮਨਾਕ ਤੇ ਦੁਖ਼ਦ ਹੈ ਕਿਉਂਕਿ ਵਿਆਹਾਂ-ਸ਼ਾਦੀਆਂ ਦੇ ਸਮਾਗਮਾਂ ਵਿਚ ਹੁਣ ਚੱਤੋ ਪਹਿਰ ਜਾਨ ਦਾ ਖੌਅ ਬਣਿਆ ਰਹਿੰਦਾ ਹੈ। ਡੀ.ਜੇ. ਉੱਪਰ ਬੰਦਾ ਮਾਰਨ ਦੇ ਗੀਤ ਲੜੀਵਾਰ ਵੱਜਦੇ ਹਨ। ਖਾਧੀ ਪੀਤੀ ਵਿਚ ਪੰਜਾਬੀ ਖ਼ੂਨ ਅਨਰਥ ਕਰ ਬੈਠਦਾ ਹੈ । ਅਸੀਂ ਅਜਿਹੇ ਗੀਤਾਂ ਦੇ ਵੱਜਦਿਆਂ ਕਿੰਨੀਆਂ ਹੀ ਕੀਮਤੀ ਜਾਨਾਂ ਗੁਆ ਬੈਠੇ ਹਾਂ, ਆਖ਼ਿਰ ਇਨ੍ਹਾਂ ਕਤਲਾਂ ਵਾਸਤੇ ਕੌਣ ਜ਼ਿੰਮੇਵਾਰ ਹੈ?
ਅਜਿਹੇ ਗੀਤਾਂ ਨਾਲ ਹੋਏ ਨੁਕਸਾਨ ਦੀ ਜੁਵਾਬਦੇਹੀ ਕਿਸ ਦੀ ਹੈ?
ਡੀ.ਜੇ. ਵਾਲੇ ਦੀ? ਗੀਤਕਾਰ ਦੀ? ਗਾਇਕ ਦੀ? ਪੇਸ਼ਕਾਰ ਦੀ? ਜਾਂ ਫ਼ਿਰ ਸਰਕਾਰ ਦੀ ।
ਹੌਲੀ-ਹੌਲੀ ਪਨਪੀ ਇਸ ਨਵੀਂ ਤੇ ਮਾਰੂ ਕੁਰੀਤੀ ਵਾਲੇ ਪਾਸਿਓਂ ਸਰਕਾਰਾਂ ਵੀ ਕਿਉਂ ਚੁੱਪ ਰਹਿ ਰਹੀਆਂ ਹਨ, ਇਹ ਗੱਲ ਹਰ ਪੰਜਾਬੀ ਦੀ ਸਮਝ ਤੋਂ ਬਾਹਰ ਹੈ।
ਕਈ ਸੰਗੀਤਕ ਜੁੰਡਲੀਆਂ ਦਾ ਤਰਕ ਹੁੰਦਾ ਹੈ ਕਿ ਉਹ, ਉਹੀ ਗੀਤ ਤਿਆਰ ਕਰਦੇ ਹਨ ਜੋ ਲੋਕ ਸੁਣਦੇ ਹਨ। ਇਹ ਤਰਕ ਨਿਰੀ ਗ਼ੈਰ-ਜ਼ਿੰਮੇਵਾਰਾਨਾ ਗੱਲ ਹੈ ਤੇ ਗ਼ੈਰ ਇਖ਼ਲਾਕੀ ਹੈ, ਲੋਕ ਉਹ ਹੀ ਸੁਣਦੇ ਜਾਂ ਵੇਖਦੇ ਹਨ ਜੋ ਉਨ੍ਹਾਂ ਸਾਹਮਣੇ ਪੇਸ਼ ਕੀਤਾ ਜਾਂਦਾ ਹੈ । ਸਭ ਤੋਂ ਪਹਿਲਾਂ ਗੀਤਕਾਰ ਇਕ ਗੀਤ ਸਿਰਜਦਾ ਹੈ ਉਸ ਤੋਂ ਬਾਅਦ ਗਾਇਕ ਦੀ ਸ਼ਮੂਲੀਅਤ ਹੁੰਦੀ ਹੈ, ਫਿਰ ਸੰਗੀਤਕਾਰ, ਫਿਰ ਨਿਰਦੇਸ਼ਕ, ਫਿਰ ਕੰਪਨੀ ਜਾਂ ਪੇਸ਼ਕਾਰ, ਇਸ ਤੋਂ ਅੱਗੇ ਮੀਡੀਆ ਦਾ ਰੋਲ ਸ਼ੁਰੂ ਹੁੰਦਾ ਹੈ ।ਜੇਕਰ ਇਹ ਸਾਰੀਆਂ ਧਿਰਾਂ, ਆਪਣੀ ਆਪਣੀ ਜਗ੍ਹਾ ਇਕ ਜ਼ਿੰਮੇਵਾਰਾਨਾ ਭੂਮਿਕਾ ਨਿਭਾਉਣ ਵਾਲੇ ਪਾਸੇ ਤੁਰ ਪੈਣ ਤਾਂ ਇਹ ਵਰਤਾਰਾ ਕੁਝ ਦਿਨਾਂ ਵਿਚ ਬਦਲਿਆ ਜਾ ਸਕਦਾ ਹੈ ।
ਇਨ੍ਹਾਂ ਲੋਕਾਂ ਨੂੰ ਇਕ ਬਹੁਤ ਵੱਡਾ ਭੁਲੇਖਾ ਹੈ ਕਿ ਅਸੀਂ ਮਾਰ-ਧਾੜ, ਗੋਲੀਆਂ ਬੰਦੂਕਾਂ ਵਾਲੇ ਗੀਤ ਨਹੀਂ ਫ਼ਿਲਮਾਵਾਂਗੇ ਤਾਂ ਸਾਡਾ ਗੀਤ ਲੋਕੀਂ ਪਸੰਦ ਨਹੀਂ ਕਰਨਗੇ।ਇਹ ਲੋਕ ਨਵੀਂ ਪੀੜ੍ਹੀ ਦੇ ਕੁਝ ਪ੍ਰਤੀਸ਼ਤ ਲੋਕਾਂ ਨੂੰ ਖ਼ੁਸ਼ ਰੱਖਣ ਦੇ ਚੱਕਰ ਵਿਚ, ਕਿੰਨੇ ਪ੍ਰਤੀਸ਼ਤ ਬਾਕੀ ਸਰੋਤਿਆਂ, ਦਰਸ਼ਕਾਂ ਨੂੰ ਪੰਜਾਬੀ ਗੀਤ-ਸੰਗੀਤ ਨਾਲੋਂ ਤੋੜ ਬੈਠੇ, ਸ਼ਾਇਦ ਇਹ ਲੋਕ ਇਨ੍ਹਾਂ ਅੰਕੜਿਆਂ ਤੋਂ ਅਨਜਾਣ ਹਨ । ਪਿਛਲੇ ਸਮੇਂ ਦੇ ਮੁਕਾਬਲੇ ਲੋਕੀਂ ਘਰਾਂ ਵਿਚ ਗੀਤਾਂ ਵਾਲੇ ਪੰਜਾਬੀ ਚੈਨਲ ਵੇਖਣ ਤੋਂ ਗੁਰੇਜ਼ ਕਰਨ ਲੱਗੇ ਹਨ। ਪਰਿਵਾਰ ਨਾਲ ਕਿਤੇ ਜਾਂਦਿਆਂ ਲੋਕੀ ਕਾਰਾਂ ਵਿਚ ਨਵੇਂ ਪੰਜਾਬੀ ਗਾਣੇ ਨਹੀਂ ਵਜਾਉਂਦੇ। ਗਾਣਿਆਂ ਵਿਚ ਕੋਈ ਠੋਸ ਕੰਨ-ਰਸ ਜਾਂ ਰੂਹ ਨੂੰ ਸਕੂਨ ਦੇਣ ਵਾਲਾ ਗੀਤ ਸੰਗੀਤ ਨਾ ਹੋਣ ਕਰਕੇ, ਗਾਣਿਆਂ ਦੀ ਡਿਜੀਟਲ ਵਿਕਰੀ ਨਹੀਂ ਹੋ ਰਹੀ।ਗਾਣੇ ਲੋਕਾਂ ਤੱਕ ਨਾ ਅੱਪੜਨ ਕਰਕੇ ਗਾਇਕਾਂ ਦਾ ਘੇਰਾ ਬਹੁਤ ਸੁੰਗੜ ਗਿਆ ਹੈ, ਉਨ੍ਹਾਂ ਦੇ ਪ੍ਰੋਗਰਾਮ ਨਹੀਂ ਲਗਦੇ।
ਦੂਜੇ ਪਾਸੇ ਇਹ ਵਰਤਾਰਾ ਪੰਜਾਬੀ ਮਾਂ-ਬੋਲੀ ਨੂੰ ਵੱਡਾ ਨੁਕਸਾਨ ਪਹੁੰਚਾ ਰਿਹਾ ਹੈ, ਜਿਸ ਦੇ ਚਲਦਿਆਂ ਪੰਜਾਬੀ ਗੀਤਾਂ ਰਾਹੀਂ ਅੰਗਰੇਜ਼ੀ ਦੇ ਸ਼ਬਦ ਸਾਡੀ ਭਾਸ਼ਾ ਦਾ ਮੂੰਹ ਮੁਹਾਂਦਰਾ ਵਿਗਾੜ ਰਹੇ ਹਨ। ਗੀਤਾਂ ਵਿਚ ਵਿਖਾਈ ਜਾ ਰਹੀ ਅਸ਼ਲੀਲਤਾ, ਪੂਰੀ ਦੁਨੀਆ ਦੇ ਸਾਹਮਣੇ ਪੰਜਾਬ-ਪੰਜਾਬੀ-ਪੰਜਾਬੀਅਤ ਦੀ ਗ਼ਲਤ ਦਿੱਖ ਪੇਸ਼ ਕਰ ਰਹੀ ਹੈ। ਹੋਛੀਆਂ ਕਲਮਾਂ ਸਾਡੀਆਂ ਧੀਆਂ ਭੈਣਾਂ ਦੀ ਇੱਜ਼ਤ ਨਾਲ ਖਿਲਵਾੜ ਕਰ ਰਹੀਆਂ ਹਨ । ਕਿਸਾਨੀ ਦੀ ਗ਼ਲਤ ਤਸਵੀਰ ਪੇਸ਼ ਕਰਕੇ ਇਹ ਕਲਮਾਂ ਕਿਸਾਨਾਂ ਦੇ ਮਾਣ-ਸਨਮਾਨ ਨੂੰ ਠੇਸ ਪਹੁੰਚਾਉਣ ਦਾ ਕੰਮ ਕਰ ਰਹੀਆਂ ਹਨ, ਇਨ੍ਹਾਂ ਦੁਆਰਾ ਰਚੇ ਜਾਂਦੇ ਗੀਤ ਕਰਜ਼ਈ ਕਿਸਾਨ ਦੇ ਜ਼ਖ਼ਮਾਂ ਤੇ ਲੂਣ ਛਿੜਕਣ ਦਾ ਕੰਮ ਕਰ ਰਹੇ ਹਨ। ਆਖ਼ਿਰ ਇਸ ਐਡੇ ਵੱਡੇ ਨਿਘਾਰ ਲਈ ਜ਼ਿੰਮੇਵਾਰ ਕੌਣ ਹੈ?
ਮੇਰੀ ਸਮਝ ਮੁਤਾਬਿਕ ਗੀਤਕਾਰ ਅਤੇ ਪੇਸ਼ਕਾਰ, ਕਿਉਂਕਿ ਇਕ ਤੋਂ ਕੁਰੀਤੀ ਜਨਮ ਲੈਂਦੀ ਹੈ ਅਤੇ ਇਕ ਉਸ ਨੂੰ ਪੂਰੀ ਦੁਨੀਆ 'ਚ ਪਰੋਸਦਾ ਹੈ ।
ਇਸ ਅਲਾਮਤ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ ਜੇਕਰ ਲੋਕ ਜਾਗਰੂਕ ਹੋ ਜਾਣ । ਲੋਕਾਂ ਸਾਹਮਣੇ ਕਿਸੇ ਵੀ ਗ਼ਲਤ ਚੀਜ਼ ਨੇ ਕਦੇ ਪੈਰ ਨਹੀਂ ਅੜਾਏ ਬਸ਼ਰਤੇ ਲੋਕ ਇਸ ਕਾਂਗਿਆਰੀ ਨੂੰ ਜੜ੍ਹੋਂ ਪੁੱਟਣ ਵਾਸਤੇ ਮਨ ਬਣਾ ਲੈਣ। ਪੰਜਾਬ -ਪੰਜਾਬੀ-ਪੰਜਾਬੀਅਤ ਅਤੇ ਪੰਜਾਬੀ ਨੂੰ ਪਿਆਰ ਕਰਨ ਵਾਲਾ ਹਰੇਕ ਇਨਸਾਨ, ਸੰਸਥਾ ਭਾਵੇਂ ਅੰਦਰੋ-ਅੰਦਰੀ ਇਸ ਵਰਤਾਰੇ ਤੋਂ ਦੁਖੀ ਹੈ ਲੇਕਿਨ ਜ਼ਿਆਦਾਤਰ ਖੁੱਲ੍ਹ ਕੇ ਬੋਲਣ ਤੋਂ ਕੰਨੀ ਕਤਰਾਉਂਦੇ ਨਜ਼ਰ ਆਉਂਦੇ ਹਨ। ਗੀਤਕਾਰ, ਗਾਇਕ, ਪੇਸ਼ਕਾਰ ਆਦਿ ਸਾਡੇ ਆਪਣੇ ਵਿਚੋਂ ਹੀ ਹਨ ਜੇਕਰ ਇਨ੍ਹਾਂ ਨੂੰ ਇਨ੍ਹਾਂ ਦੀ ਸਮਾਜ ਪ੍ਰਤੀ ਬਣਦੀ ਜ਼ਿੰਮੇਦਾਰੀ ਦਾ ਅਹਿਸਾਸ ਕਰਵਾਇਆ ਜਾਵੇ ਤਾਂ ਸ਼ਾਇਦ ਇਨ੍ਹਾਂ ਦੀ ਸੌਂ ਚੁੱਕੀ ਜ਼ਮੀਰ ਜਾਗ ਪਵੇ । (ਬਾਕੀ ਅਗਲੇ ਐਤਵਾਰ ਦੇ ਅੰਕ 'ਚ)

-ਵਿਸ਼ਵ ਪੰਜਾਬੀ ਗੀਤਕਾਰ ਤੇ ਲੇਖਕ ਪਰਿਵਾਰ।

ਵਿਰਾਸਤੀ ਖੇਡ ਅਤੇ ਸ਼ਸਤਰ ਕਲਾ ਦਾ ਸੁਮੇਲ : ਗਤਕਾ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਅਜੋਕੇ ਸਮੇਂ ਵਿਚ ਕੁਝ ਉਸਾਰੂ ਸੋਚ ਦੇ ਵਿਅਕਤੀਆਂ ਦੀ ਪਹਿਲ ਕਦਮੀ ਨਾਲ ਇਸ ਕਲਾ ਨੂੰ ਆਮ ਲੋਕਾਂ ਵਿਚ ਪ੍ਰਚਲਿਤ ਕਰਨ ਲਈ ਹੰਭਲਾ ਮਾਰਿਆ ਗਿਆ ਤਾਂ ਜੋ ਇਸ ਕਲਾ ਨੂੰ ਧਰਮ ਦੇ ਨਾਲ-ਨਾਲ ਆਮ ਲੋਕਾਂ ਵਿਚ ਪ੍ਰਚਲਿਤ ਕੀਤਾ ਜਾ ਸਕੇ ਅਤੇ ਪੂਰੀ ਦੁਨੀਆ ਵਿਚ ਇਸ ਦਾ ਵਿਸਥਾਰ ਹੋ ਸਕੇ। ਇਸ ਸਬੰਧੀ ਪਹਿਲੀ ਕਿਤਾਬ 'ਨਿਯਮਾਵਲੀ' ਸਰਦਾਰ ਕਰਤਾਰ ਸਿੰਘ ਅਕਾਲੀ, ਡਾਇਰੈਕਟਰ, ਫਿਜ਼ੀਕਲ ਐਜੂਕੇਸ਼ਨ, ਆਰ.ਐਸ.ਡੀ. ਕਾਲਜ, ਫਿਰੋਜ਼ਪੁਰ ਵਲੋਂ 1936 ਈ. ਵਿਚ ਤਿਆਰ ਕੀਤੀ ਗਈ। ਇਹ ਕਿਤਾਬ ਗਤਕੇ ਦੇ ਨਿਯਮਾਂ 'ਤੇ ਆਧਾਰਿਤ ਹੈ। ਅਜ਼ਾਦੀ ਤੋਂ ਪਹਿਲਾਂ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਵਿਚ ਇਸ ਕਲਾ ਨੂੰ ਖੇਡ ਵਜੋਂ ਪ੍ਰਚਾਰਿਆ ਗਿਆ ਅਤੇ ਇਸ ਦੇ ਖੇਡ ਮੁਕਾਬਲੇ 'ਆਰਟ ਆਫ ਫਾਈਟਿੰਗ ਗਤਕਾ' ਦੇ ਨਿਯਮਾਵਲੀ ਕਿਤਾਬ ਦੇ ਅਨੁਸਾਰ ਕਰਵਾਏ ਜਾਂਦੇ ਰਹੇ।
ਇਹ ਕਲਾ ਹੁਣ ਨਾ ਸਿਰਫ਼ ਨਿਹੰਗ ਸਿੰਘਾਂ ਜਾਂ ਕਿਸੇ ਖ਼ਾਸ ਧਰਮ ਦੇ ਲੋਕਾਂ ਵਲੋਂ ਖੇਡੀ ਜਾਂਦੀ ਹੈ, ਸਗੋਂ ਪੂਰੀ ਦੁਨੀਆ ਵਿਚ ਇਸ ਖੇਡ ਦਾ ਵਿਸਥਾਰ ਹੋਣਾ ਸ਼ੁਰੂ ਹੋ ਗਿਆ ਹੈ। ਗਤਕੇ ਨੂੰ ਹੁਣ ਦੋ ਰੂਪਾਂ ਵਿਚ ਖੇਡਿਆ ਜਾਂਦਾ ਹੈ। ਪਹਿਲਾ ਰੂਪ ਉਹ ਹੈ ਜਿਸ ਵਿਚ ਇਹ ਇਕ ਵਿਰਾਸਤੀ, ਸੱਭਿਆਚਾਰਕ, ਧਾਰਮਿਕ ਅਤੇ ਕਲਾ ਦੇ ਪ੍ਰਤੀਕ ਵਜੋਂ ਖੇਡਿਆ ਜਾਂਦਾ ਹੈ। ਇਸ ਸਮੇਂ ਇਹ ਇਸ ਦੇ ਮੂਲ ਰੂਪ ਵਿਚ ਯਾਨੀ ਕਿ ਬਾਣੇ ਵਿਚ ਹੀ ਨਗਰ ਕੀਤਰਨਾਂ, ਸਟੇਜਾਂ, ਧਾਰਮਿਕ, ਸੱਭਿਆਚਾਰਕ, ਵਿਰਸਾ ਸੰਭਾਲ, ਮੇਲਿਆਂ ਆਦਿ ਵਿਚ ਖੇਡਿਆ ਜਾਂਦਾ ਹੈ। ਦੂਸਰਾ ਰੂਪ ਉਹ ਹੈ ਜਿਸ ਵਿਚ ਇਸ ਨੂੰ ਇਕ ਖੇਡ ਦੇ ਰੂਪ ਵਿਚ ਇਕ ਖ਼ਾਸ ਪ੍ਰਮਾਣਿਤ ਮੈਦਾਨ ਵਿਚ ਕੁਝ ਨਿਯਮਾਂ ਦੇ ਅਧੀਨ ਜਾਂ ਆਧਾਰਿਤ ਹੋ ਕੇ ਖੇਡਿਆ ਜਾਂਦਾ ਹੈ। ਗਤਕੇ ਦੇ ਮੁਕਾਬਲਿਆਂ ਵਿਚ ਭਾਗ ਲੈਣ ਵਾਲੇ ਗਤਕੇਬਾਜ਼ ਕੋਈ ਵੀ ਖੇਡ ਵਰਦੀ ਜਾਂ ਨਿਯਮਾਂ ਦੇ ਅਨੁਸਾਰ ਲਾਗੂ ਕੀਤੀ ਖੇਡ ਵਰਦੀ ਪਾ ਕੇ ਖੇਡ ਸਕਦੇ ਹਨ। ਇਸ ਤਰ੍ਹਾਂ ਇਸ ਕਲਾ ਨੂੰ ਇਕ ਖੇਡ ਦੇ ਰੂਪ ਵਿਚ ਹੋਰ ਮਕਬੂਲ, ਰੌਚਕ ਅਤੇ ਦਿਲਚਸਪ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ।
ਗਤਕਾ ਕਲਾ ਦੀ ਬੁਨਿਆਦ ਪੈਂਤਰੇ 'ਤੇ ਆਧਾਰਿਤ ਹੈ ਜਿਸ ਵਿਚ ਹੱਥਾਂ, ਪੈਰਾਂ, ਸਰੀਰ ਅਤੇ ਹਥਿਆਰ ਨੂੰ ਤਾਲਮੇਲ ਅਤੇ ਤਰਤੀਬਬੰਦੀ ਨਾਲ ਹਿਲਾਉਣਾ ਸ਼ਾਮਿਲ ਹੁੰਦਾ ਹੈ। ਇਹ ਪੈਂਤਰਾ ਸਾਧਾਰਨ ਚਾਰ ਪੈਰਾਂ ਤੋਂ ਸ਼ੁਰੂ ਹੁੰਦਾ ਹੈ। ਪੈਂਤਰਾ ਇਕ ਸੰਤੁਲਨ ਅਤੇ ਸਹਿ-ਤਾਲਮੇਲ ਦੀ ਕਸਰਤ ਹੈ ਅਤੇ ਵਾਰ-ਵਾਰ ਇਸ ਦਾ ਅਭਿਆਸ ਕਰਨ ਨਾਲ ਹੀ ਗਤਕੇਬਾਜ਼ ਇਸ ਵਿਚ ਨਿਪੁੰਨਤਾ ਹਾਸਲ ਕਰਦਾ ਹੈ। ਇਨ੍ਹਾਂ ਚਾਰ ਪੈਰਾਂ ਨੂੰ 'ਘੁਰੇ' ਵੀ ਕਿਹਾ ਜਾਂਦਾ ਹੈ। ਜਦੋਂ ਗਤਕਾਬਾਜ਼ ਇਸ ਵਿਚ ਨਿਪੁੰਨ ਹੋ ਜਾਂਦਾ ਹੈ ਤਾਂ ਉਸ ਨੂੰ ਵਾਰਾਂ ਦੀ ਸਿਖਲਾਈ ਦਿੱਤੀ ਜਾਂਦੀ ਹੈ। ਵਾਰਾਂ ਦੀ ਸਿਖਲਾਈ ਵਿਚ ਸਭ ਤੋਂ ਪਹਿਲਾਂ ਦੋ ਵਾਰ, ਚਾਰ ਵਾਰ, ਛੇ ਵਾਰ ਅਤੇ ਦਸ ਵਾਰ ਦੀ ਤਰਤੀਬ ਬੰਦੀ ਨਾਲ ਸਿਖਲਾਈ ਦਿੱਤੀ ਜਾਂਦੀ ਹੈ। ਇਸ ਤੋਂ ਅਗਲੇਰੀ ਸਿਖਲਾਈ ਗਤਕੇਬਾਜ਼ ਨੂੰ ਹਥਿਆਰਾਂ ਤੋਂ ਇਲਾਵਾ ਕਿਰਪਾਨ, ਖੰਡਾ (ਦੋ ਧਾਰੀ ਤਲਵਾਰ), ਤਬਰ (ਕੁਹਾੜਾ) ਅਤੇ ਬਰਛਾ ਵੀ ਇਸ ਖੇਡ ਵਿਚ ਅਹਿਮ ਸਥਾਨ ਰੱਖਦੇ ਹਨ। ਚੱਕਰ, ਤੀਰ, ਨੇਜ਼ਾ ਅਤੇ ਜਾਲ ਵੀ ਇਸ ਖੇਡ ਦੇ ਪ੍ਰਮੁੱਖ ਹਥਿਆਰਾਂ ਵਿਚ ਸ਼ਾਮਿਲ ਹਨ।
ਗਤਕਾ ਕੇਵਲ ਖੇਡਣ ਮਾਤਰ ਇਕ ਖੇਡ ਨਹੀਂ ਹੈ। ਇਹ ਸਰੀਰਿਕ, ਮਾਨਸਿਕ, ਭਾਵਨਾਤਮਿਕ, ਸਮਾਜਿਕ ਅਤੇ ਅਧਿਆਤਮਿਕ ਤੌਰ 'ਤੇ ਮਨੁੱਖੀ ਜੀਵਨ 'ਤੇ ਬਹੁਤ ਡੂੰਘਾ ਪ੍ਰਭਾਵ ਪਾਉਂਦਾ ਹੈ। ਇਸ ਖੇਡ ਦੇ ਮਨੁੱਖੀ ਜੀਵਨ 'ਤੇ ਬਹੁਤ ਡੂੰਘੇ, ਚੰਗੇ ਪ੍ਰਭਾਵ ਪੈਣ ਕਾਰਨ ਇਹ ਖੇਡ ਹੁਣ ਹਰ ਵਰਗ ਵਿਚ ਹਰਮਨਪਿਆਰੀ ਹੋ ਗਈ ਹੈ। ਪੰਜਾਬ ਵਿਚ ਇਸ ਦੇ ਜ਼ਿਲ੍ਹਾ ਪੱਧਰੀ, ਰਾਜ ਪੱਧਰੀ ਮੁਕਾਬਲਿਆਂ ਦੇ ਨਾਲ-ਨਾਲ ਇਹ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਪੱਧਰ 'ਤੇ ਵੀ ਖੇਡੀ ਜਾਣ ਲੱਗੀ ਹੈ। ਗਤਕੇ ਨਾਲ ਸਬੰਧਿਤ ਕਈ ਜਥੇਬੰਦੀਆਂ ਹੋਂਦ ਵਿਚ ਆਈਆਂ ਹਨ ਅਤੇ ਵਿਸ਼ਵ ਪੱਧਰ 'ਤੇ ਮੁਕਾਬਲੇ ਕਰਵਾਏ ਜਾਣ ਲੱਗ ਪਏ ਹਨ।
ਜੀਵਨ ਦੇ ਹਰ ਪਹਿਲੂ ਨੂੰ ਮੱਦੇ-ਨਜ਼ਰ ਰੱਖਦੇ ਹੋਏ ਇਹ ਖੇਡ ਹਰ ਪੱਖੋਂ ਲਾਹੇਵੰਦ ਸਾਬਤ ਹੁੰਦੀ ਹੈ। ਅੰਤਰ-ਰਾਸ਼ਟਰੀ ਪੱਧਰ ਅਤੇ ਉਲੰਪਿਕ ਪੱਧਰ 'ਤੇ ਜੇਕਰ ਝਾਤ ਮਾਰੀ ਜਾਵੇ ਤਾਂ ਇਹ ਤੱਥ ਸਾਹਮਣੇ ਆਉਂਦੇ ਹਨ ਕਿ ਦੁਨੀਆ ਦੇ ਹਰ ਇਕ ਦੇਸ਼ ਨੇ ਆਪਣੇ ਦੇਸ਼ ਦੇ ਸੱਭਿਆਚਾਰ ਜਾਂ ਵਿਰਸੇ ਨਾਲ ਸਬੰਧਿਤ ਖੇਡ ਨੂੰ ਅੰਤਰ-ਰਾਸ਼ਟਰੀ ਪੱਧਰ 'ਤੇ ਮਾਨਤਾ ਦਿਵਾਈ ਹੈ। ਇਸ ਲਈ ਗਤਕੇ ਨਾਲ ਜੁੜੇ ਧਾਰਮਿਕ, ਸਮਾਜਿਕ, ਭਾਵਨਾਤਮਿਕ ਅਤੇ ਜੋ ਵੀ ਇਸ ਨੂੰ ਆਪਣਾ ਵਿਰਸਾ ਮੰਨਦੇ ਹਨ, ਉਨ੍ਹਾਂ ਦਾ ਵੀ ਇਹ ਫਰਜ਼ ਬਣਦਾ ਹੈ ਕਿ ਉਹ ਵੀ ਇਸ ਨੂੰ ਅੰਤਰ-ਰਾਸ਼ਟਰੀ ਅਤੇ ਉਲੰਪਿਕ ਪੱਧਰ 'ਤੇ ਮਾਨਤਾ ਦਿਵਾਉਣ ਲਈ ਹੰਭਲਾ ਮਾਰਨ।

(ਸਮਾਪਤ)
-ਖੋਜਾਰਥੀ, ਸਪੋਰਟਸ ਸਾਇੰਸ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ। ਮੋਬਾਈਲ : 94631-05000

ਭੁੱਲੀਆਂ ਵਿਸਰੀਆਂ ਯਾਦਾਂ

ਇਹ ਤਿੰਨ ਸ਼ਖ਼ਸੀਅਤਾਂ ਆਪਣੇ ਪਿਆਰੇ ਮਿੱਤਰ ਦੀ ਭੈਣ ਦੀ ਸ਼ਾਦੀ 'ਤੇ ਗਈਆਂ ਸਨ। ਸੰਤ ਹਰਚੰਦ ਸਿੰਘ ਲੌਂਗੋਵਾਲ ਮਹਾਨ ਦਰਵੇਸ਼ ਮਨੁੱਖ ਸਨ। ਉਨ੍ਹਾਂ ਨੂੰ ਅੱਜ ਦੇ ਸਿਆਸਤਦਾਨਾਂ ਵਾਲੇ ਦਾਅਪੇਚ ਨਹੀਂ ਸਨ ਆਉਂਦੇ। ਉਹ ਸੱਚ ਦੇ ਪੁਜਾਰੀ ਸਨ।
ਸ: ਸੋਭਾ ਸਿੰਘ ਆਰਟਿਸਟ ਨੇ ਆਪਣੀ ਮਾਸਟਰ ਪੀਸ ਪੇਂਟਿੰਗ 'ਸੋਹਣੀ ਮਹੀਵਾਲ' ਤੋਂ ਪੈਸੇ ਕਮਾਏ ਤੇ ਹੋਰ ਪੇਂਟਿੰਗਾਂ 'ਤੇ ਖਰਚੇ। ਇਹ ਗੱਲ ਸ: ਸੋਭਾ ਸਿੰਘ ਆਪ ਵੀ ਕਈ ਵਾਰ ਆਖਦੇ ਹੁੰਦੇ ਸਨ। ਸ: ਸੋਭਾ ਸਿੰਘ ਕਲਾਸੀਕਲ ਆਰਟ ਦੇ ਮਾਸਟਰ ਸਨ। ਉਨ੍ਹਾਂ ਨੇ ਕੁਦਰਤ ਦੀ ਗੋਦ ਵਿਚ ਰਹਿ ਕੇ ਕੁਦਰਤ ਨੂੰ ਪੜ੍ਹਿਆ। ਉਨ੍ਹਾਂ ਦੀ ਲਿਖੀ ਕਿਤਾਬ 'ਕਲਾ ਵਾਹਿਗੁਰੂ ਦੀ' ਬੜੀ ਪੜ੍ਹੀ ਗਈ ਤੇ ਪੇਂਟਿੰਗ ਸੋਹਣੀ-ਮਹੀਵਾਲ ਹਰ ਘਰ ਦਾ ਸ਼ਿੰਗਾਰ ਬਣੀ।
ਸ: ਜੀ. ਐਸ. ਸੋਹਣ ਸਿੰਘ ਆਰਟਿਸਟ ਨੇ ਵੀ ਹੋਰ ਪੇਂਟਿੰਗਾਂ ਅਤੇ ਹੋਰ ਵੀ ਬਹੁਤ ਸਾਰੀਆਂ ਕੁਦਰਤ ਨਾਲ ਸਬੰਧਤ ਪੇਂਟਿੰਗਜ਼ ਬਣਾਈਆਂ ਹਨ। ਵਾਪਰਕ ਕੰਮ ਵੀ ਕੀਤਾ ਸੀ। ਇਸ ਵਕਤ ਇਹ ਤਿੰਨੇ ਮਹਾਨ ਮਨੁੱਖ ਇਸ ਸੰਸਾਰ ਵਿਚ ਨਹੀਂ ਹਨ। ਪਰ ਉਹ ਆਪਣੇ ਕੀਤੇ ਕੰਮਾਂ ਦੀਆਂ ਯਾਦਾਂ ਸਾਡੇ ਲਈ ਛੱਡ ਗਏ ਹਨ, ਜਿਨ੍ਹਾਂ ਨੂੰ ਦੇਖ ਕੇ ਅਸੀਂ ਉਨ੍ਹਾਂ ਨੂੰ ਵਾਰ-ਵਾਰ ਯਾਦ ਕਰਦੇ ਹਾਂ।

-ਮੋਬਾਈਲ : 98767-41231

ਭਾਰਤੀ ਸਿਨੇਮਾ ਦੇ ਅਮਿੱਟ ਹਸਤਾਖ਼ਰ-140: ਅਰੇ ਦੀਵਾਨੋ, ਹਮੇ ਪਹਿਚਾਨੋ... ਸਲੀਮ-ਜਾਵੇਦ

ਫ਼ਿਲਮ ਜਗਤ 'ਚ ਕਹਾਣੀ ਲੇਖਕ ਨੂੰ ਸਹੀ ਜਗ੍ਹਾ ਦੁਆਉਣ 'ਚ ਸਲੀਮ-ਜਾਵੇਦ ਦਾ ਬੜਾ ਹੀ ਯੋਗਦਾਨ ਹੈ। ਇਨ੍ਹਾਂ ਤੋਂ ਪਹਿਲਾਂ ਲੇਖਕਾਂ ਨੂੰ ਨਾ ਤਾਂ ਫ਼ਿਲਮਾਂ 'ਚ ਸਹੀ ਕ੍ਰੈਡਿਟ ਦਿੱਤਾ ਜਾਂਦਾ ਸੀ ਅਤੇ ਨਾ ਹੀ ਢੁਕਵਾਂ ਮੁਆਵਜ਼ਾ ਮਿਲਦਾ ਹੁੰਦਾ ਸੀ। ਉਨ੍ਹਾਂ ਨੇ ਉਸ ਸਮੇਂ ਆਪਣਾ ਮੁਆਵਜ਼ਾ ਇਕ ਲੱਖ ਪ੍ਰਤੀ ਫ਼ਿਲਮ ਵਸੂਲ ਕੀਤਾ ਜਦੋਂ ਰਾਜੇਸ਼ ਖੰਨਾ ਖ਼ੁਦ ਡੇਢ ਲੱਖ ਵਸੂਲ ਕਰਦਾ ਹੁੰਦਾ ਸੀ। ਪਰ ਇਸ ਮੁਕਾਮ ਤੱਕ ਪਹੁੰਚਣ ਲਈ ਇਸ ਲੇਖਕ ਜੋੜੀ ਨੂੰ ਅਨੇਕਾਂ ਹੀ ਮੁਸ਼ਕਿਲਾਂ 'ਚੋਂ ਲੰਘਣਾ ਪਿਆ ਸੀ। ਇਨ੍ਹਾਂ ਦਾ ਆਪਸ 'ਚ ਜੋੜੀਦਾਰ ਬਣਨਾ ਅਤੇ ਫਿਰ ਜੁਦਾ ਹੋਣਾ, ਕਿਸੇ ਵੀ ਪਟਕਥਾ ਤੋਂ ਘੱਟ ਰੌਚਿਕ ਨਹੀਂ ਹੈ।
ਜਾਵੇਦ ਅਖ਼ਤਰ ਪ੍ਰਸਿੱਧ ਉਰਦੂ ਦੇ ਸ਼ਾਇਰ ਜਾਂਨਿਸਾਰ ਖਾਂ ਅਖ਼ਤਰ ਦਾ ਬੇਟਾ ਹੈ। ਉਸ ਦਾ ਜਨਮ 17 ਜਨਵਰੀ 1945 ਨੂੰ ਖੈਰਾਬਾਦ (ਯੂ. ਪੀ.) ਵਿਚ ਹੋਇਆ ਸੀ। ਅਲੀਗੜ੍ਹ ਮੁਸਲਿਮ ਯੂਨੀਵਰਸਿਟੀ 'ਚ ਪੜ੍ਹਦਿਆਂ-ਪੜ੍ਹਦਿਆਂ ਹੀ ਉਸ ਨੂੰ ਸ਼ਾਇਰੀ ਦਾ ਸ਼ੌਕ ਪੈਦਾ ਹੋਇਆ ਕਿਉਂਕਿ ਉਸ ਦਾ ਪਿਤਾ ਬੰਬਈ 'ਚ ਫ਼ਿਲਮੀ ਗੀਤਕਾਰ ਵੀ ਸੀ, ਇਸ ਲਈ ਜਾਵੇਦ ਉਸ ਦੇ ਕੋਲ 1964 ਵਿਚ ਆ ਗਿਆ ਪਰ ਜਾਂਨਿਸਾਰ ਖਾਂ ਦਾ ਖ਼ੁਦ ਦਾ ਗੁਜ਼ਾਰਾ ਉਸ ਵੇਲੇ ਬੜੀ ਮੁਸ਼ਕਿਲ ਨਾਲ ਚਲਦਾ ਸੀ, ਇਸ ਲਈ ਜਾਵੇਦ ਦਾ ਖਰਚਾ ਚਲਾਉਣਾ ਉਸ ਲਈ ਅਸੰਭਵ ਹੀ ਸੀ।
ਇਸ ਦੇ ਨਤੀਜੇ ਵਜੋਂ ਜਾਵੇਦ ਨੇ ਆਪਣੇ ਪਿਤਾ ਦਾ ਘਰ ਆਪਣੀ ਮਰਜ਼ੀ ਨਾਲ ਹੀ ਛੱਡ ਦਿੱਤਾ ਅਤੇ ਫੁਟਕਲ ਕੰਮ ਕਰਕੇ ਆਪਣੀ ਜ਼ਿੰਦਗੀ ਦੀ ਗੱਡੀ ਪਟਰੀ 'ਤੇ ਲਿਆਉਣ ਦੀ ਕੋਸ਼ਿਸ਼ ਕਰਨ ਲੱਗ ਪਿਆ। ਉਹ ਕਦੇ ਸਾਹਿਰ ਲੁਧਿਆਣਵੀ ਦੇ ਘਰ ਰਾਤ ਕਟਦਾ ਅਤੇ ਕਦੇ ਕਿਸੇ ਸਟੂਡੀਓ ਦੇ ਕੋਨੇ 'ਚ ਆਪਣਾ ਰਹਿਣ-ਬਸੇਰਾ ਬਣਾ ਲੈਂਦਾ ਸੀ। 1964 ਤੋਂ 1970 ਦੇ ਦਰਮਿਆਨ ਜਾਵੇਦ ਨੇ ਬਤੌਰ ਕਲੈਮਰ ਬੁਆਏ ਤੋਂ ਲੈ ਕੇ ਸਹਾਇਕ ਨਿਰਦੇਸ਼ਕ ਦਾ ਕੰਮ ਵੀ ਕੀਤਾ ਸੀ।
ਕੁਝ ਚਿਰ ਜਾਵੇਦ ਹਨੀ ਇਰਾਨੀ ਦੇ ਘਰ ਵੀ ਉਹ ਠਹਿਰਿਆ ਸੀ। ਬਾਅਦ 'ਚ ਇਸੇ ਨਾਲ ਹੀ ਉਸ ਨੇ ਸ਼ਾਦੀ ਕੀਤੀ ਅਤੇ ਉਸ ਦੇ ਦੋ ਬੱਚੇ (ਫਰਹਾਨ ਅਖ਼ਤਰ, ਜ਼ੋਇਆ ਅਖ਼ਤਰ) ਵੀ ਇਸ ਤੋਂ ਪੈਦਾ ਹੋਏ ਸਨ। ਪਰ ਕੁਝ ਸਮੇਂ ਬਾਅਦ ਉਸ ਨੇ ਹਨੀ ਇਰਾਨੀ ਨੂੰ ਤਲਾਕ ਦੇ ਕੇ ਸ਼ਬਾਨਾ ਆਜ਼ਮੀ ਨਾਲ ਸ਼ਾਦੀ ਕਰ ਲਈ ਸੀ।
ਦੂਜੇ ਪਾਸੇ ਸਲੀਮ ਖਾਨ ਦਾ ਜਨਮ 24 ਨਵੰਬਰ 1935 ਨੂੰ ਇੰਦੌਰ (ਮੱਧ ਪ੍ਰਦੇਸ਼) ਵਿਚ ਹੋਇਆ ਸੀ। ਭੁਪਾਲ 'ਚ ਇਕ ਸ਼ਾਦੀ ਦੇ ਉਤਸਵ 'ਚ ਨਿਰਮਾਤਾ-ਨਿਰਦੇਸ਼ਕ ਕੇ. ਅਮਰਨਾਥ ਦੀ ਉਸ ਨਾਲ ਜਦੋਂ ਮੁਲਾਕਾਤ ਹੋਈ ਤਾਂ ਅਮਰਨਾਥ ਨੇ ਉਸ ਨੂੰ ਬੰਬਈ ਆਉਣ ਲਈ ਕਿਹਾ। ਬੰਬਈ 'ਚ ਸਲੀਮ ਖਾਨ ਦਾ ਫ਼ਿਲਮੀ ਨਾਂਅ ਪ੍ਰਿੰਸ ਸਲੀਮ ਰੱਖਿਆ ਗਿਆ ਅਤੇ ਅਮਰਨਾਥ ਨੇ ਉਸ ਨੂੰ 400 ਰੁਪਏ ਮਹੀਨਾ ਤਨਖਾਹ ਦੇਣੀ ਸ਼ੁਰੂ ਕਰ ਦਿੱਤੀ ਸੀ। ਸਲੀਮ ਖਾਨ ਨੇ ਬਹੁਤ ਸਾਰੀਆਂ (ਲਗਪਗ 10) ਫ਼ਿਲਮਾਂ 'ਚ ਬਤੌਰ ਨਾਇਕ ਜਾਂ ਕਈ ਵਾਰ ਮਹੱਤਵਹੀਣ ਭੂਮਿਕਾਵਾਂ ਵੀ ਨਿਭਾਈਆਂ ਸਨ। ਨਿਰਮਾਤਾ ਬੀ. ਕੇ. ਆਦਰਸ਼ ਨਾਲ ਵੀ ਉਸ ਨੇ 'ਸੀ' ਗ੍ਰੇਡ ਦੀਆਂ ਇਕ-ਦੋ ਫ਼ਿਲਮਾਂ ਕੀਤੀਆਂ ਸਨ। ਕਦੇ-ਕਦੇ ਉਹ 'ਤੀਸਰੀ ਮੰਜ਼ਲ' (1966) ਵਰਗੀਆਂ ਵੱਡੀਆਂ ਫ਼ਿਲਮਾਂ ਵਿਚ ਵੀ ਛੋਟੀਆਂ-ਮੋਟੀਆਂ ਭੂਮਿਕਾਵਾਂ ਕਰਦਾ ਨਜ਼ਰ ਆਇਆ ਸੀ। ਕਹਿਣ ਦਾ ਭਾਵ ਇਹ ਹੈ ਕਿ ਜਾਵੇਦ ਅਖ਼ਤਰ ਦੀ ਤਰ੍ਹਾਂ ਸਲੀਮ ਖਾਨ ਵੀ ਆਪਣੀ ਜੀਵਿਕਾ ਚਲਾਉਣ ਲਈ ਸੰਘਰਸ਼ ਹੀ ਕਰ ਰਿਹਾ ਸੀ।

(ਬਾਕੀ ਅਗਲੇ ਐਤਵਾਰ ਦੇ ਅੰਕ 'ਚ)
-ਮੋਬਾਈਲ : 099154-93043

ਸੱਭਿਆਚਾਰ ਦਾ ਦਰਪਣ: ਪੰਜਾਬ ਦੇ ਲੋਕ-ਨਾਚ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਗਿੱਧਾ ਪਾਉਣ ਵੇਲੇ ਕੁੜੀਆਂ ਘੇਰਾ ਘੱਤ ਕੇ ਖਲੋ ਜਾਂਦੀਆਂ ਹਨ। ਇਨ੍ਹਾਂ ਵਿਚੋਂ ਇਕ ਕੁੜੀ ਘੇਰੇ ਅੰਦਰ ਢੋਲਕੀ ਜਾਂ ਘੜਾ ਲੈ ਕੇ ਬਹਿ ਜਾਂਦੀ ਹੈ। ਢੋਲਕੀ ਵੱਜਦੀ ਹੈ ਤਾਂ ਇਕ ਕੁੜੀ ਘੇਰੇ ਵਿਚ ਆ ਕੇ ਬੋਲੀ ਪਾਉਂਦੀ ਹੈ। ਬੋਲੀ ਪਾਉਂਦੇ ਸਮੇਂ ਉਹ ਚਾਰੇ ਪਾਸੇ ਘੁੰਮਦੀ ਹੈ ਤਾਂ ਜੋ ਪਿੜ ਵਿਚ ਖਲੋਤੀਆਂ ਸਭ ਕੁੜੀਆਂ ਉਸ ਨੂੰ ਵੇਖ ਸਕਣ। ਜਦ ਉਹ ਬੋਲੀ ਦਾ ਅਖ਼ੀਰਲਾ ਟੱਪਾ ਬੋਲਦੀ ਹੈ ਤਾਂ ਪਿੜ ਦੀਆਂ ਸਭ ਕੁੜੀਆਂ ਉਸ ਟੱਪੇ ਨੂੰ ਚੁੱਕ ਲੈਂਦੀਆਂ ਹਨ। ਭਾਵ ਇਹ ਕਿ ਸਭ ਕੁੜੀਆਂ ਉਸ ਟੱਪੇ ਨੂੰ ਉੱਚੀ-ਉੱਚੀ ਗਾਉਣ ਲੱਗ ਜਾਂਦੀਆਂ ਹਨ ਅਤੇ ਆਪਣੇ ਹੱਥਾਂ ਨਾਲ ਤਾੜੀ ਮਾਰ ਕੇ ਤਾਲ ਦਿੰਦੀਆਂ ਹਨ। ਇਸ ਬੋਲੀ ਦੇ ਚੁੱਕਣ ਉੱਤੇ ਦੋ ਕੁੜੀਆਂ ਘੇਰੇ 'ਚੋਂ ਅੱਗੇ ਵਧ ਕੇ ਨੱਚਣ ਲੱਗ ਜਾਂਦੀਆਂ ਹਨ। ਇਨ੍ਹਾਂ ਨੱਚਣ ਵਾਲੀਆਂ ਕੁੜੀਆਂ ਦੇ ਪੈਰਾਂ ਵਿਚ ਆਮ ਤੌਰ 'ਤੇ ਝਾਂਜਰਾਂ ਪਾਈਆਂ ਹੁੰਦੀਆਂ ਹਨ। ਝਾਂਜਰਾਂ ਦੀ ਮਿੱਠੀ ਝੁਣਕਾਰ ਅਤੇ ਪੈਰਾਂ ਦੀ ਧਮਕ, ਢੋਲਕੀ ਜਾਂ ਘੜੇ ਦੀ ਤਾਲ ਉੱਤੇ ਰਲਵੀਂ ਤਾਲ ਅਤੇ ਰਲਵੀਂ ਤਾਲ ਵਿਚ ਵੱਜਦੀ ਤਾੜੀ ਇਕ ਅਨੋਖਾ ਸਮਾਂ ਬੰਨ੍ਹ ਦਿੰਦੀ ਹੈ। ਜਦ ਤੱਕ ਪਿੜ ਬੋਲੀ ਚੁੱਕੀ ਰੱਖਦਾ ਹੈ, ਤਦ ਤੱਕ ਦੋਵੇਂ ਕੁੜੀਆਂ ਨੱਚਦੀਆਂ ਰਹਿੰਦੀਆਂ ਹਨ। ਜਦੋਂ ਪਿੜ ਬੋਲੀ ਛੱਡਦਾ ਹੈ, ਉਦੋਂ ਨੱਚਣਾ ਬੰਦ ਹੋ ਜਾਂਦਾ ਹੈ। ਫ਼ਿਰ ਨੱਚਣ ਵਾਲੀਆਂ ਕੁੜੀਆਂ ਘੇਰੇ ਵਿਚ ਆ ਕੇ ਰਲ ਜਾਂਦੀਆਂ ਹਨ। ਫ਼ਿਰ ਕੋਈ ਹੋਰ ਕੁੜੀ ਘੇਰੇ ਵਿਚ ਆ ਕੇ ਨਵੀਂ ਬੋਲੀ ਪਾਉਂਦੀ ਹੈ ਅਤੇ ਉਸ ਤੋਂ ਪਿੱਛੋਂ ਕੋਈ ਹੋਰ ਦੋ ਕੁੜੀਆਂ ਘੇਰੇ ਵਿਚ ਆ ਕੇ ਨੱਚਣ ਲੱਗ ਜਾਂਦੀਆਂ ਹਨ। ਇਉਂ ਇਹ ਸਿਲਸਿਲਾ ਘੰਟਿਆਂ-ਬੱਧੀ ਚਲਦਾ ਰਹਿੰਦਾ ਹੈ।
ਘੇਰੇ ਅੰਦਰ ਨਾਚ ਕਿਸੇ ਬੱਝੇ ਹੋਏ ਨਿਯਮਾਂ ਅਨੁਸਾਰ ਨਹੀਂ ਹੁੰਦਾ, ਸਗੋਂ ਹਰ ਮੁਟਿਆਰ ਆਪਣੇ ਮਨ-ਮਰਜ਼ੀ ਦੇ ਢੰਗ ਨਾਲ ਨੱਚਦੀ ਹੈ। ਬੱਸ ਲੋੜ ਹੈ ਤਾਂ ਕੇਵਲ ਇਸ ਗੱਲ ਦੀ ਕਿ ਪੈਰ ਤਾਲ ਤੋਂ ਨਾ ਖੁੰਝੇ। ਹਰ ਨੱਚਣ ਵਾਲੀ ਕੁੜੀ ਇਸ ਨਾਚ ਵਿਚ ਆਪਣੇ ਸਰੀਰ ਦੀ ਲੋਹੜੇ ਦੀ ਲਚਕ ਦਾ ਪ੍ਰਗਟਾਵਾ ਕਰਦੀ ਹੈ। ਨੱਚਦੇ-ਨੱਚਦੇ ਸਰੀਰ ਨੂੰ ਵਲ਼ ਦੇਣਾ, ਬਾਹਾਂ ਨੂੰ ਉਲਾਰ ਕੇ ਹਿਲਾਉਣਾ, ਤਾੜੀ ਮਾਰਦੇ ਹੋਏ ਕੋਡੇ ਹੋ ਕੇ ਨੱਚਣਾ ਅਤੇ ਕਦੇ ਘੁੰਡ ਕੱਢ ਕੇ ਨੱਚਣਾ, ਗੱਲ ਕੀ ਜਿਸ ਤਰੰਗ ਵਿਚ ਕੋਈ ਕੁੜੀ ਤਾਲ ਉੱਤੇ ਪੈਰ ਮਾਰੇ ਅਤੇ ਸਰੀਰ ਨੂੰ ਹਲੂਣਾ ਦੇਵੇ, ਸਭ ਠੀਕ ਹੈ। ਕਦੇ-ਕਦੇ ਨੱਚਦੀਆਂ ਕੁੜੀਆਂ ਤਾਲ ਉੱਤੇ 'ਉਈ, ਉਈ' ਆਖ ਕੇ ਪੀਪੂ ਬੁਲਾਉਂਦੀਆਂ ਹਨ ਅਤੇ ਕਦੇ-ਕਦੇ ਦੋਵੇਂ ਬੁੱਲ੍ਹਾਂ ਨੂੰ ਬੰਦ ਕਰ ਕੇ ਫੂਕ ਮਾਰ ਕੇ ਆਵਾਜ਼ਾਂ ਕੱਢਦੀਆਂ ਹਨ, ਜਿਸ ਨੂੰ 'ਖਰੂੰਡਾ ਬੁਲਾਉਣਾ' ਕਹਿੰਦੇ ਹਨ। ਇਹ ਆਵਾਜ਼ਾਂ ਉਸ ਸਮੇਂ ਆਪਣਾ ਇਕ ਵੱਖਰਾ ਹੀ ਰੰਗ ਬੰਨ੍ਹਦੀਆਂ ਹਨ। ਇਹ ਨਾਚ ਇੰਨਾ ਸਰੂਰ ਭਰਿਆ ਹੁੰਦਾ ਹੈ ਕਿ ਨੱਚਣ ਵਾਲੀਆਂ ਮੁਟਿਆਰਾਂ ਹੀ ਨਹੀਂ, ਸਗੋਂ ਪਿੜ ਵਿਚ ਖਲੋਤੀਆਂ ਸਾਰੀਆਂ ਬੁੱਢੀਆਂ-ਨੱਢੀਆਂ ਮਸਤ ਹੋ ਜਾਂਦੀਆਂ ਹਨ ਅਤੇ ਜਦੋਂ ਬੋਲੀ ਛੱਡਦੀਆਂ ਹਨ, ਉਦੋਂ ਹੀ ਪਤਾ ਲੱਗਦਾ ਹੈ ਕਿ ਉਹ ਧਰਤੀ ਉੱਤੇ ਖਲੋਤੀਆਂ ਹਨ।
ਗਿੱਧੇ ਵਿਚ ਓਨਾ ਹੀ ਜੋਸ਼, ਵਲਵਲਾ, ਤੇਜ਼ੀ ਅਤੇ ਸਾਹਸ ਹੁੰਦਾ ਹੈ, ਜਿੰਨਾ ਕਿ ਪੰਜਾਬ ਦੀਆਂ ਤਕੜੀਆਂ ਅਤੇ ਤਕੜੀ ਸਿਹਤ ਵਾਲੀਆਂ ਮੁਟਿਆਰਾਂ ਲਈ ਜ਼ਰੂਰੀ ਹੈ। ਗਿੱਧੇ ਵਿਚ ਇਕ ਪਾਲ ਅੰਦਰ ਖਲੋ ਕੇ ਅਤੇ ਇਕ ਸਾਂਝਾ ਪਿੜ ਬਣਾ ਕੇ ਸਭ ਵਿੱਥਾਂ ਦੂਰ ਕਰ ਦਿੱਤੀਆਂ ਜਾਂਦੀਆਂ ਹਨ। ਅਸਲ ਵਿਚ ਗਿੱਧਾ ਸਮੁੱਚੇ ਪੰਜਾਬ ਦਾ ਰਲਵਾਂ ਨਾਚ ਹੈ। ਇਹ ਸਭ ਵਖਰੇਵੇਂ ਦੂਰ ਕਰ ਕੇ ਮਨੁੱਖਤਾ ਨੂੰ ਇਕ ਲੜੀ ਵਿਚ ਪਰੋਂਦਾ ਹੋਇਆ ਏਕਤਾ ਦਾ ਸੁਨੇਹਾ ਦਿੰਦਾ ਹੈ।
ਗਿੱਧਾ ਕੇਵਲ ਮੁਟਿਆਰਾਂ ਦਾ ਨਾਚ ਹੀ ਨਹੀਂ ਹੈ, ਸਗੋਂ ਪੰਜਾਬ ਦੇ ਮਰਦ ਵੀ ਗਿੱਧਾ ਪਾਉਂਦੇ ਹਨ। ਮਰਦਾਂ ਦੇ ਗਿੱਧੇ ਦੀ ਤਕਨੀਕ ਉਹੀ ਹੈ, ਜੋ ਤੀਵੀਂਆਂ ਦੇ ਗਿੱਧੇ ਦੀ ਹੈ। ਪਰ ਮਰਦਾਂ ਦੇ ਗਿੱਧੇ ਵਿਚ ਨਾਚ ਦਾ ਰੰਗ ਇੰਨਾ ਨਹੀਂ ਹੁੰਦਾ, ਜਿੰਨਾ ਕਿ ਤੀਵੀਂਆਂ ਦੇ ਗਿੱਧੇ ਵਿਚ ਹੁੰਦਾ ਹੈ। ਮਰਦ ਵੀ ਗਿੱਧਾ ਪਾਉਣ ਸਮੇਂ ਉਵੇਂ ਹੀ ਘੇਰੇ ਵਿਚ ਬੋਲੀਆਂ ਪਾਉਂਦੇ ਹਨ ਅਤੇ ਤਾੜੀ ਮਾਰ ਕੇ ਨੱਚਦੇ ਹਨ। ਪਰ ਇਨ੍ਹਾਂ ਦਾ ਬਹੁਤਾ ਜ਼ੋਰ ਬੋਲੀ ਉੱਤੇ ਹੁੰਦਾ ਹੈ। ਤੀਵੀਂਆਂ ਦੇ ਗਿੱਧੇ ਵਿਚ ਤਾਂ ਕੇਵਲ ਢੋਲਕੀ ਵੱਜਦੀ ਹੈ, ਪਰ ਮਰਦਾਂ ਦੇ ਗਿੱਧੇ ਵਿਚ ਹਰ ਕਿਸਮ ਦੇ ਸਾਜ਼ ਵਰਤੋਂ ਵਿਚ ਲਿਆਂਦੇ ਜਾਂਦੇ ਹਨ। ਤੂੰਬਾ, ਕਾਟੋ, ਸੱਪ, ਚਿਮਟਾ, ਇਕਤਾਰਾ, ਅਲਗੋਜ਼ੇ, ਗੱਲ ਕੀ ਜਿਹੜਾ ਵੀ ਸਾਜ਼ ਕਿਸੇ ਕੋਲ ਹੋਵੇ, ਮਰਦਾਂ ਦੇ ਗਿੱਧੇ ਲਈ ਢੁੱਕ ਜਾਂਦਾ ਹੈ। ਪਰ ਇਨ੍ਹਾਂ ਸਾਜ਼ਾਂ ਦੇ ਹੁੰਦਿਆਂ ਵੀ ਢੋਲ ਦਾ ਦਰਜਾ ਸਭ ਤੋਂ ਉੱਚਾ ਹੈ। ਅਸਲ ਤਾਲ ਢੋਲ ਦੀ ਹੀ ਹੁੰਦੀ ਹੈ ਅਤੇ ਬਾਕੀ ਸਾਰੇ ਸਾਜ਼ ਉਸ ਦੀ ਤਾਲ ਨੂੰ ਰੰਗ ਦਿੰਦੇ ਹਨ। ਮਰਦਾਂ ਦੇ ਗਿੱਧੇ ਨੂੰ 'ਮਲਵਈ ਬਾਬਿਆਂ ਦਾ ਗਿੱਧਾ' ਵੀ ਕਿਹਾ ਜਾਂਦਾ ਹੈ।

(ਬਾਕੀ ਅਗਲੇ ਐਤਵਾਰ ਦੇ ਅੰਕ 'ਚ)
-ਪ੍ਰਿੰਸੀਪਲ, ਮਾਤਾ ਰਾਜ ਕੌਰ ਸ: ਸੀ: ਸੈ: ਸਕੂਲ, ਬਡਰੁੱਖਾਂ (ਸੰਗਰੂਰ)। ਮੋਬਾ: 84276-85020

ਚੁੱਲ੍ਹੇ ਤੋਂ ਅੱਜ ਤੱਕ

ਸਮੇਂ-ਸਮੇਂ ਦੀ ਗੱਲ ਹੈ। ਕਦੇ ਸਮਾਂ ਹੁੰਦਾ ਹੈ ਕਿਸੇ ਚੀਜ਼ ਦੀ ਬਹੁਤ ਕਦਰ ਹੁੰਦੀ ਹੈ। ਸਮਾਂ ਬਦਲ ਜਾਂਦਾ ਹੈ ਤਾਂ ਉਹ ਚੀਜ਼ ਦੀ ਕੋਈ ਬੁੱਕਤ ਨਹੀਂ ਰਹਿ ਜਾਂਦੀ। ਮਨੁੱਖ ਨੇ ਜਦੋਂ ਦਾ ਅੰਨ ਪਕਾ ਕੇ ਖਾਣਾ ਸ਼ੁਰੂ ਕੀਤਾ, ਉਦੋਂ ਤੋਂ ਹੀ ਚੁੱਲ੍ਹਾ ਕਿਸੇ ਨਾ ਕਿਸੇ ਰੂਪ ਵਿਚ ਮਨੁੱਖ ਨਾਲ ਜੁੜ ਗਿਆ। ਸਭ ਤੋਂ ਪਹਿਲਾਂ ਮਨੁੱਖ ਨੇ ਜ਼ਮੀਨ ਉਤੇ ਅੱਗ ਬਾਲੀ। ਫਾਸਲਾ ਰੱਖ ਕੇ ਦੋ ਡੰਡੇ ਗੱਡੇ। ਡੰਡਿਆਂ ਨੂੰ ਰੱਸੀ ਬੰਨ੍ਹ ਕੇ ਉਸ ਰੱਸੀ ਨਾਲ ਅੱਗ ਦੇ ਉਤੇ ਤੌੜੀ ਵਗੈਰਾ ਬੰਨ੍ਹ ਕੇ ਲਟਕਾ ਦਿੱਤੀ ਜਾਂਦੀ ਸੀ। ਉਸ ਵਿਚ ਅੰਨ ਰਿਝ ਜਾਂਦਾ ਸੀ। ਫਿਰ ਜ਼ਮੀਨ ਵਿਚ ਟੋਇਆ ਕੱਢ ਕੇ ਅੱਗ ਬਾਲੀ ਜਾਣ ਲੱਗੀ। ਇਸ ਅੱਗ ਨੂੰ ਕਾਫ਼ੀ ਸਮੇਂ ਤੱਕ ਢੱਕ ਕੇ ਰੱਖਿਆ ਜਾ ਸਕਦਾ ਸੀ। ਫਿਰ ਜ਼ਮੀਨ ਉੱਤੇ ਪੱਥਰ ਵਗੈਰਾ ਰੱਖ ਕੇ ਉਨ੍ਹਾਂ ਵਿਚ ਅੱਗ ਬਾਲੀ ਜਾਣ ਲੱਗੀ। ਜਿਵੇਂ-ਜਿਵੇਂ ਮਨੁੱਖ ਨੂੰ ਸੋਝੀ ਆਉਂਦੀ ਗਈ, ਚੁੱਲ੍ਹੇ ਦਾ ਰੰਗ ਰੂਪ ਵੀ ਬਦਲਣ ਲੱਗ ਪਿਾ। ਜ਼ਮੀਨ ਉੱਤੇ ਗਿੱਲੀ ਮਿੱਟੀ ਦੀਆਂ ਤਿੰਨ ਦੀਵਾਰਾਂ ਖੜ੍ਹੀਆਂ ਕਰ ਕੇ ਉਸ ਵਿਚ ਅੱਗ ਬਾਲੀ ਜਾਣ ਲੱਗੀ। ਏਸੇ ਤਰ੍ਹਾਂ ਘੜੇ, ਤੌੜੀਆਂ ਦੇ ਗਲਵੇਂ ਵਾਲੇ ਅੱਧੇ ਹਿੱਸੇ ਉੱਤੇ ਚੱਕਵੇਂ ਚੁੱਲ੍ਹੇ ਬਣਨ ਲੱਗ ਪਏ। ਉਸ ਨੂੰ ਚੁੱਕ ਕੇ ਜਿਥੇ ਮਰਜ਼ੀ ਰੱਖ ਲਓ। ਅੰਗੀਠੀਆਂ ਵੀ ਇਸੇ ਚੁੱਲ੍ਹੇ ਦਾ ਹੀ ਸੁਧਰਿਆ ਹੋਇਆ ਵਧੀਆ ਰੂਪ ਸੀ।
ਚੁੱਲ੍ਹੇ ਵਿਚ ਘਾਹ-ਫੂਸ ਬਰੀਕ-ਬਰੀਕ ਲੱਕੜ ਦੀਆਂ ਛਿਟੀਆਂ, ਸੱਕ ਵਗੈਰਾ ਬਾਲੇ ਜਾਂਦੇ ਸਨ। ਕਿਉਂਕਿ ਉਸ ਸਮੇਂ ਮਨੁੱਖ ਪਸ਼ੂਆਂ ਦੀ ਮਦਦ ਨਾਲ ਖੇਤੀ ਕਰਦਾ ਸੀ। ਪਸ਼ੂਆਂ ਦਾ ਗੋਹਾ ਬਹੁਤ ਇਕੱਠਾ ਹੋ ਜਾਂਦਾ ਸੀ। ਘਰ ਦੀਆਂ ਸੁਆਣੀਆਂ ਉਸ ਗੋਹੇ ਨੂੰ ਪੱਥ ਕੇ ਪਾਥੀਆਂ ਬਣਾ ਲੈਂਦੀਆਂ ਸਨ। ਉਹ ਸੁੱਕੀਆਂ ਹੋਈਆਂ ਪਾਥੀਆਂ ਬਾਲਣ ਦਾ ਬਹੁਤ ਵਧੀਆ ਸਰੋਤ ਸੀ। ਉਨ੍ਹਾਂ ਦਾ ਸੇਕ ਵੀ ਬਹੁਤ ਹੁੰਦਾ ਸੀ। ਉਨ੍ਹਾਂ ਦੀ ਅੱਗ ਧੁੱਦਲ ਵਿਚ ਬਹੁਤ ਚਿਰ ਸਾਂਭੀ ਰਹਿੰਦੀ ਸੀ। ਸੱਠ ਦੇ ਦਹਾਕੇ ਤੱਕ ਸ਼ਹਿਰਾਂ ਵਿਚ ਵੀ ਚੁੱਲ੍ਹੇ ਆਮ ਘਰਾਂ ਵਿਚ ਬਲਦੇ ਸਨ। ਜਿਨ੍ਹਾਂ ਲੋਕਾਂ ਨੇ ਘਰਾਂ ਵਿਚ ਪਸ਼ੂ ਰੱਖੇ ਹੁੰਦੇ ਸਨ, ਉਹ ਦੁੱਧ ਵੇਚਣ ਦੇ ਨਾਲ-ਨਾਲ ਪਾਥੀਆਂ ਵੀ ਵੇਚਦੇ ਸਨ। ਪਾਥੀਆਂ ਪੱਥਣੀਆਂ ਵੀ ਇਕ ਕਲਾ ਸੀ। ਐਨ ਗੋਲ ਅਤੇ ਇਕੋ ਜਿਹਾ ਉਭਾਰ। ਪਾਥੀਆਂ ਪੱਥਦੀ ਮੁਟਿਆਰ ਦੀਆਂ ਵੀਣੀਆਂ ਵਿਚ ਪਾਈਆਂ ਕੱਚ ਦੀਆਂ ਵੰਗਾਂ ਜਾਦੂਈ ਸੰਗੀਤ ਪੈਦਾ ਕਰਦੀਆਂ ਸਨ। ਆਮ ਪਾਥੀ ਛੇ ਕੁ ਇੰਚ ਗੋਲ ਅਤੇ ਇੰਚੀ ਕੁ ਮੋਟੀ ਹੁੰਦੀ ਸੀ। ਇਹ ਪਾਥੀ ਆਮ ਚੁੱਲ੍ਹੇ ਵਿਚ ਬਲ ਜਾਂਦੀ ਸੀ ਤੇ ਅੱਠ ਕੁ ਆਨੇ ਦੀ ਸੌ ਮਿਲ ਜਾਂਦੀਆਂ ਸਨ। ਬਹੁਤੀਆਂ ਮੋਟੀਆਂ ਪਾਥੀਆਂ ਚੁੱਲ੍ਹੇ ਵਿਚ ਬਾਲਣੀਆਂ ਔਖੀਆਂ ਹੁੰਦੀਆਂ ਸਨ। ਉਹ ਤੰਦੂਰ ਜਾਂ ਲੋਹ ਦੀ ਭੱਠੀ ਵਿਚ ਬਲਦੀਆਂ ਸਨ। ਉਹ ਰੁਪਏ ਸਵਾ ਰੁਪਏ ਦੀਆਂ ਸੌ ਮਿਲਦੀਆਂ ਸਨ। ਛੋਟੀਆਂ ਪਾਥੀਆਂ ਨੂੰ ਚੁੱਲ੍ਹੇ ਦੀਆਂ ਕੰਧਾਂ ਨਾਲ ਖੜ੍ਹੀਆਂ ਕਰ ਕੇ ਉਨ੍ਹਾਂ ਦੇ ਉਤੇ ਇਕ ਪਾਥੀ ਰੱਖ ਕੇ ਵਿਚਲੀ ਖਾਲੀ ਥਾਂ ਵਿਚ ਘਾਹ-ਫੂਸ ਰੱਖ ਕੇ ਅੱਗ ਬਾਲ ਦਿੱਤੀ ਜਾਂਦੀ ਸੀ। ਉਹ ਅੱਗ ਸੁੱਕੀਆਂ ਪਾਥੀਆਂ ਨੂੰ ਝੱਟ ਹੀ ਲੱਗ ਜਾਂਦੀ ਸੀ, ਜਿਸ ਨਾਲ ਚੁੱਲ੍ਹਾ ਮਘ ਪੈਂਦਾ ਸੀ। ਫਿਰ ਉਸ ਉਤੇ ਤੌੜੀ (ਮਿੱਟੀ ਦਾ ਬਣਿਆ ਪਤੀਲੇ ਵਰਗਾ ਭਾਂਡਾ) ਰੱਖ ਕੇ ਦਾਲ ਸਬਜ਼ੀ ਬਣ ਜਾਂਦੀ ਸੀ। ਤਵਾ ਰੱਖ ਕੇ ਰੋਟੀ ਪੱਕ ਜਾਂਦੀ ਸੀ। ਕਈ ਵਾਰੀ ਪਾਥੀਆਂ ਜਾਂ ਲੱਕੜ ਦੀਆਂ ਛਿਟੀਆਂ ਗਿੱਲੀਆਂ ਹੋਣ ਕਰਕੇ ਅੱਗ ਮਚਦੀ ਨਹੀਂ ਸੀ ਤੇ ਧੂੰਆਂ ਬਹੁਤਾ ਹੋ ਜਾਂਦਾ ਸੀ। ਜੋ ਉਪਰ ਪਏ ਭਾਂਡੇ ਨੂੰ ਬਹੁਤਾ ਕਾਲਾ ਕਰ ਦਿੰਦਾ ਸੀ, ਭਾਵ ਧੁਆਂਖ ਦਿੰਦਾ ਸੀ। ਕਈ ਵਾਰ ਤੌੜੀ ਵਿਚਲੀ ਦਾਲ ਸਬਜ਼ੀ ਵੀ ਧੁਆਂਖ ਹੋ ਕੇ ਬੇਸੁਆਦੀ ਹੋ ਜਾਂਦੀ ਸੀ। ਅੱਗ ਤੇਜ਼ ਕਰਨ ਲਈ ਫੂਕਨੇ ਨਾਲ ਫੂਕਾਂ ਵੀ ਮਾਰਨੀਆਂ ਪੈਂਦੀਆਂ ਸਨ। ਕਈ ਲੋਕ ਘਰ ਦੀ ਬਣੀ ਲੱਸੀ ਨੂੰ ਕੱਪੜੇ ਵਿਚ ਨਚੋੜ ਲੈਂਦੇ ਸਨ। ਉਹ ਦਹੀਂ ਵਾਂਗੂੰ ਸਖ਼ਤ ਹੋ ਜਾਂਦੀ ਸੀ। ਫਿਰ ਉਸ ਵਿਚ ਲੂਣ-ਮਿਰਚ ਪਾ ਕੇ ਰਾਇਤਾ ਬਣਾਇਆ ਜਾਂਦਾ ਸੀ। ਕਈ ਲੋਕ ਉਸ ਰਾਇਤੇ ਨੂੰ ਖਾਸ ਤੌਰ 'ਤੇ ਧੁਆਂਖਦੇ ਸਨ। ਉਨ੍ਹਾਂ ਦਾ ਮੰਨਣਾ ਸੀ ਕਿ ਧੁੰਆਂਖਣ ਨਾਲ ਉਹ ਸੁਆਦੀ ਹੋ ਜਾਂਦਾ ਹੈ। ਆਪਣੇ-ਆਪਣੇ ਸੁਆਦ ਦੀ ਗੱਲ ਹੈ।
ਗ਼ਰੀਬ ਪਰਿਵਾਰਾਂ ਲਈ ਮਿੱਟੀ ਦਾ ਇਹ ਚੁੱਲ੍ਹਾ ਬਹੁਤ ਮਹੱਤਵ ਰੱਖਦਾ ਸੀ। ਅੱਜ ਦੇ ਇਸ ਤੇਜ਼ ਯੁੱਗ ਵਿਚ ਵੀ ਬਹੁਤੇ ਪਿੰਡਾਂ ਦੇ ਗਰੀਬ ਪਰਿਵਾਰਾਂ ਦਾ ਇਹ ਛਿਟੀਆਂ, ਘਾਹ-ਫੂਸ ਨਾਲ ਬਲਣ ਵਾਲਾ ਚੁੱਲ੍ਹਾ ਹੀ ਅੰਨ ਪਕਾਉਣ ਦਾ ਵੱਡਾ ਸਾਧਨ ਹੈ।
ਹੌਲੀ-ਹੌਲੀ ਸਮਾਂ ਬਦਲ ਗਿਆ। ਲੋਕ ਫੈਸ਼ਨ ਵਿਚ ਆ ਗਏ। ਚੁੱਲ੍ਹੇ ਦਾ ਧੂੰਆਂ ਅੱਖਾਂ ਨੂੰ ਖਾਣ ਲੱਗਾ। ਵਪਾਰੀ ਲੋਕਾਂ ਨੇ ਆਪਣੇ ਲਾਭ ਲਈ ਚੁੱਲ੍ਹੇ ਨੂੰ ਨਿੰਦਣਾ ਸ਼ੁਰੂ ਕਰ ਦਿੱਤਾ। ਸਾਇੰਸ ਨੇ ਮਿੱਟੀ ਦੇ ਤੇਲ ਨਾਲ ਬਲਣ ਵਾਲੇ ਸਟੋਬ ਦੀ ਕਾਢ ਕੱਢ ਲਈ। ਫਿਰ ਹਰ ਰਸੋਈ ਵਿਚ ਸਟੋਬ ਦੀ ਸਰਦਾਰੀ ਹੋਣ ਲੱਗੀ। ਸਾਇੰਸ ਤਰੱਕੀ ਕਰਦੀ ਗਈ, ਗੈਸ ਅਤੇ ਬਿਜਲੀ ਦੇ ਚੁੱਲ੍ਹਿਆਂ ਨੇ, ਤੇਲ ਵਾਲੇ ਚੁੱਲ੍ਹਿਆਂ ਨੂੰ ਰਸੋਈ ਵਿਚੋਂ ਨਿਕਲਣ ਲਈ ਮਜਬੂਰ ਕਰ ਦਿੱਤਾ। ਐਸ ਵੇਲੇ ਗੈਸ ਚੁੱਲ੍ਹੇ ਦਾ ਹੀ ਹਰ ਪਾਸੇ ਰਾਜ ਹੈ। ਅੱਗੇ ਦੇਖੋ ਇਸ ਚੁੱਲ੍ਹੇ ਨੂੰ ਕੌਣ ਰਸੋਈ ਵਿਚੋਂ ਕੱਢਦਾ ਹੈ।

-ਫੋਨ : 98762-08542.


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX