ਤਾਜਾ ਖ਼ਬਰਾਂ


ਆਈ ਪੀ ਐੱਲ 2019 : ਮੁੰਬਈ ਇੰਡੀਅਨਜ਼ ਨੇ ਦਿੱਲੀ ਕੈਪੀਟਲਜ਼ ਨੂੰ 40 ਦੌੜਾਂ ਨਾਲ ਹਰਾਇਆ
. . .  1 day ago
ਆਈ ਪੀ ਐੱਲ 2019 : ਮੁੰਬਈ ਇੰਡੀਅਨਜ਼ ਨੇ ਦਿੱਲੀ ਕੈਪੀਟਲਜ਼ ਨੂੰ ਦਿੱਤਾ 169 ਦੌੜਾਂ ਦਾ ਟੀਚਾ
. . .  1 day ago
ਸਾਬਕਾ ਵਿਧਾਇਕ ਸੁਖਦਰਸ਼ਨ ਸਿੰਘ ਮਰਾੜ ਕਾਂਗਰਸ ਵਿਚ ਸ਼ਾਮਿਲ
. . .  1 day ago
ਸ੍ਰੀ ਮੁਕਤਸਰ ਸਾਹਿਬ, 18 ਅਪ੍ਰੈਲ (ਰਣਜੀਤ ਸਿੰਘ ਢਿੱਲੋਂ)-ਸ੍ਰੀ ਮੁਕਤਸਰ ਸਾਹਿਬ ਦੀ ਰਾਜਨੀਤੀ ਵਿਚ ਉਸ ਸਮੇਂ ਹਿਲਜੁੱਲ ਹੋਈ, ਜਦੋਂ ਸਾਬਕਾ ਵਿਧਾਇਕ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਸੁਖਦਰਸ਼ਨ ਸਿੰਘ ਮਰਾੜ ਕਾਂਗਰਸ ਪਾਰਟੀ ਵਿਚ...
ਸੁਆਂ ਨਦੀ ਵਿਚ ਨਹਾਉਣ ਗਏ ਦੋ ਨੌਜਵਾਨ ਡੁੱਬੇ
. . .  1 day ago
ਨੂਰਪੁਰ ਬੇਦੀ, 18 ਅਪ੍ਰੈਲ (ਹਰਦੀਪ ਸਿੰਘ ਢੀਂਡਸਾ) - ਸ੍ਰੀ ਅਨੰਦਪੁਰ ਸਾਹਿਬ ਤਹਿਸੀਲ ਅਧੀਨ ਪੈਂਦੇ ਕਸਬਾ ਨੂਰਪੁਰ ਬੇਦੀ ਨੇੜਿਓ ਗੁਜ਼ਰਦੀ ਸੁਆਂ ਨਦੀ ਵਿਚ ਦੋ ਨੌਜਵਾਨਾਂ ਦੇ ਡੁੱਬਣ ਦਾ...
ਆਈ.ਪੀ.ਐੱਲ 2019 : ਦਿੱਲੀ ਖ਼ਿਲਾਫ਼ ਟਾਸ ਜਿੱਤ ਕੇ ਮੁੰਬਈ ਵੱਲੋਂ ਪਹਿਲਾ ਬੱਲੇਬਾਜ਼ੀ ਦਾ ਫ਼ੈਸਲਾ
. . .  1 day ago
ਸ਼ਮਸ਼ੇਰ ਸਿੰਘ ਦੂਲੋ ਨੂੰ ਆਪਣੇ ਪ੍ਰਚਾਰ ਦੀ ਕਰਾਂਗੀ ਅਪੀਲ - ਬੀਬੀ ਦੂਲੋ
. . .  1 day ago
ਫ਼ਤਹਿਗੜ੍ਹ ਸਾਹਿਬ, 18 ਅਪ੍ਰੈਲ (ਅਰੁਣ ਅਹੂਜਾ)- ਕਾਂਗਰਸ ਦੇ ਰਾਜ ਸਭਾ ਮੈਂਬਰ ਸ਼ਮਸ਼ੇਰ ਸਿੰਘ ਦੂਲੋ ਦੀ ਪਤਨੀ ਬੀਬੀ ਹਰਬੰਸ ਕੋਰ ਦੂਲੋ ਜੋ ਕਿ ਬੀਤੇ ਦਿਨੀਂ ਆਮ ਆਦਮੀ ਪਾਰਟੀ ਵਿਚ...
ਗੁਰੂ ਹਰਸਹਾਏ : ਪਿੰਡ ਝੋਕ ਮੋਹੜੇ 'ਚ ਚੱਲੀ ਗੋਲੀ
. . .  1 day ago
ਗੁਰੂ ਹਰਸਹਾਏ, 18 ਅਪ੍ਰੈਲ (ਹਰਚਰਨ ਸਿੰਘ ਸੰਧੂ) - ਪਿੰਡ ਝੋਕ ਮੋਹੜੇ ਵਿਖੇ ਪੁਰਾਣੀ ਰੰਜਸ਼ ਦੇ ਚੱਲਦਿਆਂ ਇੱਕ ਪਿੰਡ ਦੇ ਸਰਪੰਚ ਵੱਲੋਂ ਕੁੱਝ ਨੌਜਵਾਨਾਂ ਨੂੰ ਨਾਲ ਲੈ ਕੇ ਇੱਕ ਨੌਜਵਾਨ 'ਤੇ ਗੋਲੀ...
ਕੰਟਰੋਲ ਰੇਖਾ ਤੋਂ ਪਾਰ ਵਪਾਰ ਦੋ ਦਿਨਾਂ ਲਈ ਬੰਦ
. . .  1 day ago
ਨਵੀਂ ਦਿੱਲੀ, 18 ਅਪ੍ਰੈਲ - ਗ੍ਰਹਿ ਮੰਤਰਾਲੇ ਨੇ ਐਨ.ਆਈ.ਏ ਦੀ ਜਾਂਚ ਦੌਰਾਨ ਕੁੱਝ ਅੱਤਵਾਦੀ ਸੰਗਠਨਾਂ ਵੱਲੋਂ ਵਪਾਰ ਚਲਾਏ ਜਾਣ ਦਾ ਪਾਏ ਜਾਣ 'ਤੇ ਜੰਮੂ ਕਸ਼ਮੀਰ ਵਿਖੇ ਕੱਲ੍ਹ...
ਆਮਦਨ ਕਰ ਵਿਭਾਗ ਵੱਲੋਂ ਵਪਾਰੀ ਤੋਂ 42 ਲੱਖ ਦੀ ਬੇਹਿਸਾਬੀ ਨਕਦੀ ਜ਼ਬਤ
. . .  1 day ago
ਨਵੀਂ ਦਿੱਲੀ, 18 ਅਪ੍ਰੈਲ - ਆਮਦਨ ਕਰ ਵਿਭਾਗ ਨੇ ਗੁਜਰਾਤ ਦੇ ਗਾਂਧੀ ਨਗਰ ਵਿਖੇ ਇੱਕ ਵਪਾਰੀ ਤੋਂ 42 ਲੱਖ ਰੁਪਏ ਦੀ ਬੇਹਿਸਾਬੀ ਨਕਦੀ ਜ਼ਬਤ ਕੀਤੀ...
ਲੋਕ ਸਭਾ ਚੋਣਾਂ ਦੇ ਦੂਸਰੇ ਪੜਾਅ ਤਹਿਤ ਹੋਈ 61.12 ਫ਼ੀਸਦੀ ਵੋਟਿੰਗ
. . .  1 day ago
ਨਵੀਂ ਦਿੱਲੀ, 18 ਅਪ੍ਰੈਲ - ਲੋਕ ਸਭਾ ਚੋਣਾਂ ਦੇ ਦੂਸਰੇ ਪੜਾਅ ਤਹਿਤ ਕੁੱਲ 61.12 ਫ਼ੀਸਦੀ ਵੋਟਿੰਗ ਹੋਈ...
ਹੋਰ ਖ਼ਬਰਾਂ..

ਸਾਡੇ ਪਿੰਡ ਸਾਡੇ ਖੇਤ

ਕੰਢੀ ਦੇ ਕਿਸਾਨਾਂ ਲਈ ਵਰਦਾਨ - ਖੇਤਰੀ ਖੋਜ ਕੇਂਦਰ ਬੱਲੋਵਾਲ ਸੌਂਖੜੀ

ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਬਲਾਚੌਰ ਸ਼ਹਿਰ ਤੋਂ 13 ਕਿਲੋਮੀਟਰ ਦੀ ਦੂਰੀ 'ਤੇ ਸਥਾਪਿਤ ਪੰਜਾਬ ਖੇਤੀਬਾੜੀ ਯੂਨੀਵਰਸਟੀ ਲੁਧਿਆਣਾ ਦਾ ਖੇਤਰੀ ਖੋਜ ਕੇਂਦਰ ਬੱਲੋਵਾਲ ਸੌਂਖੜੀ ਜਿਸ ਨੂੰ ਲੋਕ ਕੰਢੀ ਖੋਜ ਕੇਂਦਰ ਵੀ ਆਖਦੇ ਹਨ, ਦਾ ਨੀਂਹ ਪੱਥਰ ਉਸ ਵਕਤ ਦੇ ਖੇਤੀਬਾੜੀ ਤੇ ਸਿੰਚਾਈ ਮੰਤਰੀ ਸ੍ਰੀ ਕਾਂਸ਼ੀ ਰਾਮ ਨੇ 28 ਅਗਸਤ 1982 ਨੂੰ ਰੱਖਿਆ ਸੀ। ਇਸ ਖੋਜ ਕੇਂਦਰ ਦਾ ਮੁੱਖ ਉਦੇਸ਼ ਕੰਢੀ ਇਲਾਕੇ ਵਿਚ ਭੌਂਇ ਖੋਰ ਦੀ ਸਮੱਸਿਆ ਦਾ ਹੱਲ ਕਰਨ ਲਈ ਖੋਜ ਕਰਨਾ, ਘੱਟ ਪਾਣੀ ਤੇ ਬਰਾਨੀ ਹਾਲਤਾਂ ਵਿਚ ਵਧੀਆ ਪੈਦਾਵਾਰ ਦੇਣ ਵਾਲੀਆਂ ਫ਼ਸਲਾਂ ਤੇ ਕਿਸਮਾਂ ਸ਼ਿਫ਼ਾਰਿਸ਼ ਕਰਨੀਆਂ ਅਤੇ ਖੇਤੀ ਦੇ ਨਾਲ-ਨਾਲ ਬਾਗ਼ਵਾਨੀ ਤੇ ਵਣ-ਖੇਤੀ ਵਿਚ ਖੋਜ ਕਰਨਾ ਸ਼ਾਮਿਲ ਹਨ। ਇਸ ਖੋਜ ਕੇਂਦਰ ਦੇ ਕੁੱਲ 328 ਏਕੜ ਰਕਬੇ ਵਿਚੋਂ 100 ਏਕੜ ਖੇਤੀ ਤਜਰਬਿਆਂ ਅਧੀਨ ਅਤੇ 100 ਏਕੜ ਜੰਗਲ ਤੇ ਬਾਕੀ ਸ਼ਿਵਾਲਿਕ ਦੀਆਂ ਨੀਮ ਪਹਾੜੀਆਂ ਵਾਲਾ ਇਲਾਕਾ ਹੈ। ਡਾ: ਮਨਮੋਹਣਜੀਤ ਸਿੰਘ ਜੋ ਕਿ ਇਸ ਕੇਂਦਰ ਦੇ ਮੌਜੂਦਾ ਨਿਰਦੇਸ਼ਕ ਹਨ, ਨੇ 'ਅਜੀਤ' ਨਾਲ ਗੱਲਬਾਤ ਕਰਦਿਆਂ ਦੱਸਿਆਂ ਇਸ ਕੇਂਦਰ ਵਿਚ ਭਾਰਤ ਸਰਕਾਰ ਵੱਲੋਂ ਸਰਵ ਭਾਰਤੀ ਬਰਾਨੀ ਖੇਤੀ ਪ੍ਰੋਜੈਕਟ ਸ਼ੁਰੂ ਤੋਂ ਚੱਲ ਰਿਹਾ ਹੈ, ਜਿਸ ਅਧੀਨ ਮੀਂਹ ਅਧਾਰਤ ਖੇਤੀ ਪੈਦਾਵਾਰ ਵਧਾਉਣ ਲਈ ਕਈ ਤਕਨੀਕਾਂ ਵਿਕਸਤ ਕਰ ਕੇ ਕਿਸਾਨਾਂ ਤੱਕ ਪੁੱਜਦੀਆਂ ਕੀਤੀਆਂ ਹਨ। ਇਸ ਤੋਂ ਬਿਨਾਂ ਪੰਜਾਬ ਸਰਕਾਰ ਵੱਲੋਂ ਵਾਟਰ ਸ਼ੈਡ ਪ੍ਰਬੰਧਕੀ ਸਕੀਮਾਂ, ਭਾਰਤ ਸਰਕਾਰ ਦੇ ਸਾਇੰਸ ਤੇ ਤਕਨਾਲੋਜੀ ਵਿਭਾਗ ਵੱਲੋਂ ਪਿੰਡਾਂ ਦੇ ਛੱਪੜਾਂ ਦੇ ਨਵੀਨੀਕਰਨ ਲਈ ਖੋਜ ਸਕੀਮ ਅਤੇ ਸਾਰਥੀ ਸਕੀਮ ਅਧੀਨ ਖੋਜ ਕਾਰਜ ਚੱਲ ਰਹੇ ਹਨ, ਵਿਸ਼ਵ ਬੈਂਕ ਦੀ ਸਹਾਇਤਾ ਨਾਲ ਉੱਤਰੀ ਭਾਰਤ ਲਈ ਭੂਮੀ ਤੇ ਪਾਣੀ ਸੰਭਾਲ ਲਈ ਚੱਲ ਰਹੇ ਸਿਖਲਾਈ ਕੇਂਦਰਾਂ ਵਿਚ ਉੱਤਰ ਭਾਰਤ ਨਾਲ ਸੰਬਧਤ ਖੇਤੀ ਮਹਿਰ ਸਿਖਲਾਈ ਪ੍ਰਾਪਤ ਕਰ ਰਹੇ ਹਨ।
ਖੇਤੀ ਵਿਗਿਆਨੀ ਦੀ ਟੀਮ ਤੇ ਪ੍ਰਯੋਗਸ਼ਾਲਾ-ਇਸ ਖੋਜ ਕੇਂਦਰ ਵਿਚ ਵੱਖ-ਵੱਖ ਵਿਸ਼ਿਆਂ ਦੇ 16 ਸਾਇੰਸਦਾਨ ਤੇ ਹੋਰ ਸਟਾਫ਼ ਤਾਇਨਾਤ ਹੈ, ਜੋ ਇਥੇ ਸਥਾਪਿਤ ਪ੍ਰਯੋਗਸ਼ਾਲਾਵਾਂ ਤੇ ਖੋਜ ਫਾਰਮਾਂ 'ਤੇ ਖੋਜ ਕਰ ਕੇ ਨਵੀਆਂ ਤਕਨੀਕਾਂ ਵਿਕਸਤ ਕਰਦੇ ਹਨ। ਇਸੇ ਤਰ੍ਹਾਂ ਕੁਝ ਸਾਲਾਂ ਤੋਂ ਕੰਢੀ ਖੇਤਰ ਵਿਚ ਘੱਟ ਰਹੀ ਵਰਖ਼ਾ ਤੇ ਮੌਨਸੂਨ ਵਿਚ ਸਥਿਰਤਾ ਨਾ ਰਹਿਣ ਕਾਰਨ ਇਥੇ ਫ਼ਸਲਾਂ ਦੀਆਂ ਅਜਿਹੀਆਂ ਕਿਸਮਾਂ ਤੇ ਤਕਨੀਕਾਂ ਵਿਕਸਿਤ ਕੀਤੀਆਂ ਜਾ ਰਹੀਆਂ ਹਨ ਜਿਨ੍ਹਾਂ ਨਾਲ ਮੌਸਮੀ ਤਬਦੀਲੀਆਂ ਦੇ ਹੁੰਦਿਆਂ ਵੱਧ ਝਾੜ ਲਿਆ ਜਾ ਸਕੇ। ਜੰਗਲੀ ਜਾਨਵਰਾਂ ਵਲੋਂ ਕੀਤੇ ਜਾਂਦੇ ਫ਼ਸਲੀ ਉਜਾੜੇ ਨੂੰ ਮੁੱਖ ਰੱਖਦਿਆਂ ਤਿਲ, ਤਾਰਾਮੀਰਾ ਆਦਿ ਦੀ ਸ਼ਿਫਾਰਿਸ਼ ਕੀਤੀ ਜਾਂਦੀ ਹੈ, ਇਸ ਤੋਂ ਇਲਾਵਾ ਅਦਰਕ, ਸੇਬ ਤੇ ਬਾਂਸ ਤੇ ਇਸ ਕੇਂਦਰ ਵਿਚ ਖੋਜਾਂ ਲਗਾਤਾਰ ਜਾਰੀ ਹਨ।
ਮੌਸਮ ਦੀ ਅਗਾਊਂ ਸੂਚਨਾਂ-ਕੇਂਦਰ ਵਿਚ ਭਾਰਤ ਸਰਕਾਰ ਦੇ ਮੌਸਮ ਵਿਭਾਗ ਵਲੋਂ ਆਟੋਮੈਟਿਕ ਮੌਸਮ ਯੰਤਰ ਲਗਾਏ ਗਏ ਹਨ, ਜਿਨ੍ਹਾਂ ਦੀ ਸਹਾਇਤਾ ਨਾਲ ਮੌਸਮ ਦੀ ਅਗਾਊਂ ਭਵਿੱਖਬਾਣੀ ਕਰ ਕੇ ਸੈਂਕੜੇ ਕਿਸਾਨਾਂ ਨੂੰ ਮੋਬਾਈਲ ਫੋਨ ਦੇ ਜ਼ਰੀਏ ਤੇ ਈਮੇਲ ਰਾਹੀ ਸੰਦੇਸ਼ ਭੇਜੇ ਜਾਣ ਦਾ ਸਿਲਸਿਲਾ ਕਿਸਾਨਾਂ ਲਈ ਲਾਭਦਾਇਕ ਸਿੱਧ ਹੋ ਰਹੇ ਹਨ।
ਦੋ ਦੇਖਣਯੋਗ ਕਿਸਾਨ ਮੇਲੇ-ਖੋਜ ਕਾਰਜਾਂ ਦੇ ਨਾਲ-ਨਾਲ ਖੇਤੀ ਤਕਨੀਕਾਂ ਨੂੰ ਕਿਸਾਨਾਂ ਤੱਕ ਪੁੱਜਦਾ ਕਰਨ ਲਈ ਯਤਨਸ਼ੀਲ ਇਸ ਕੇਂਦਰ ਵਿਚ ਹਰ ਸਾਲ ਦੋ ਵਾਰ ਵੱਡੀ ਪੱਧਰ 'ਤੇ ਕਿਸਾਨ ਮੇਲਿਆਂ ਵਿਚ ਦੂਰ-ਦੁਰਾਡੇ ਦੇ ਕਿਸਾਨ ਹੁੰਮ-ਹੁਮਾ ਕੇ ਭਾਗ ਲੈਂਦੇ ਹਨ, ਇਨ੍ਹਾ ਮੇਲਿਆਂ ਵਿਚ ਖੇਤੀ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਤੇ ਹੋਰ ਅਦਾਰਿਆ 'ਤੇ ਖੇਤੀ ਆਧਾਰਤ ਮਸ਼ੀਨਰੀ ਫਰਮਾਂ ਵਲੋਂ ਲਾਈਆਂ ਜਾਂਦੀਆਂ ਪ੍ਰਦਰਸ਼ਨੀ ਤੇ ਸਟਾਲ ਕਿਸਾਨਾਂ ਦੀ ਖਿੱਚ ਦਾ ਕੇਂਦਰ ਬਣਦੇ ਹਨ। ਕਿਸਾਨਾਂ ਲਈ ਫ਼ਸਲਾਂ ਦੇ ਪ੍ਰਦਰਸ਼ਨੀ ਪਲਾਂਟ ਲਾਏ ਜਾਂਦੇ ਹਨ ਤੇ ਯੂਨੀਵਰਸਟੀ ਵਲੋਂ ਸ਼ਿਫਾਰਿਸ਼ ਕੀਤੇ ਜਾਂਦੇ ਫ਼ਸਲਾਂ ਦੇ ਸੁੱਧਰੇ ਹੋਏ ਬੀਜ ਵਿਕਰੀ ਕੀਤੇ ਜਾਂਦੇ ਹਨ।
ਕਿਸਾਨਾਂ ਲਈ ਵਰਦਾਨ-ਅੱਜ ਦੇ ਸਮੇਂ ਵਿਚ ਇਸ ਕੇਂਦਰ ਦੀਆਂ ਖੋਜਾਂ ਸਦਕਾ ਕੰਢੀ ਇਲਾਕੇ ਵਿਚ ਫਸਲਾਂ ਦੇ ਨਵੇਂ ਬੀਕਾਂ ਨੂੰ ਕਰੀਬ 80 ਫ਼ੀਸਦੀ ਕਿਸਾਨਾਂ ਨੇ ਅਪਣਾ ਕੇ ਆਪਣੀ ਖੇਤਰੀ ਪੈਦਾਵਾਰ ਵਿਚ ਭਾਰੀ ਵਾਧਾ ਕੀਤਾ ਹੈ। ਸਿਫਾਰਿਸ਼ ਕੀਤੀਆਂ ਭੂਮੀ ਤੇ ਪਾਣੀ ਤੇ ਪਾਣੀ ਦੀ ਸੰਭਾਲ ਦੀਆਂ ਤਕਨੀਕਾਂ ਨੂੰ ਰਾਜ ਸਰਕਾਰ ਦੇ ਭੂਮੀ ਤੇ ਪਾਣੀ ਸੰਭਾਲ ਵਿਭਾਗ ਵੱਲੋਂ ਅਪਣਾਅ ਕੇ ਕੰਢੀ ਇਲਾਕੇ ਵਿਚ ਲਾਗੂ ਕੀਤਾ ਗਿਆ ਹੈ। ਕਿਸਾਨਾਂ ਨੂੰ ਕੰਢੀ ਦੇ ਢੁੱਕਵੇ ਫ਼ਲਦਾਰ ਬੂਟੇ ਜਿਵੇਂ ਆਮਲਾ, ਨਿੰਬੂ, ਗਲਗਲ ਅਤੇ ਅਮਰੂਦ ਆਦਿ ਨੂੰ ਪੈਦਾ ਕਰਨ ਦੀਆਂ ਤਕਨੀਕਾਂ ਅਤੇ ਬੂਟੇ ਵੀ ਦਿੱਤੇ ਗਏ ਜਿਸ ਨਾਲ ਕੰਢੀ ਫ਼ਸਲੀ ਵਿਭਿੰਨਤਾ ਆਈ। ਇਸ ਤੋਂ ਇਲਾਵਾ ਇਲਾਕੇ ਦੇ ਨੌਜਵਾਨਾਂ ਨੂੰ ਖੇਤੀ ਗਿਆਨ ਦੇਣ ਹਿੱਤ ਇਸ ਕੇਂਦਰ ਵਿਚ ਦੋ ਸਾਲਾ ਡਿਪਲੋਮਾ/ਕੋਰਸ ਸ਼ੁਰੂ ਕੀਤਾ ਜਾ ਰਿਹਾ ਹੈ, ਇਸ ਕੋਰਸ ਨੂੰ ਕਰਨ ਨਾਲ ਨੌਜਵਾਨ ਆਧੁਨਿਕ ਖੇਤੀ ਗਿਆਨ ਹਾਸਿਲ ਕਰ ਕੇ ਸਵੈ ਰੁਜ਼ਗਾਰ ਸਥਾਪਿਤ ਕਰ ਸਕਦੇ ਹਨ।


-ਬਲਾਚੌਰ (ਸ਼ਹੀਦ ਭਗਤ ਸਿੰਘ ਨਗਰ।
ਮੋਬਾਈਲ : 62806 58168
ਈਮੇਲ didarblc@gmail.com


ਖ਼ਬਰ ਸ਼ੇਅਰ ਕਰੋ

ਘੱਟੋ-ਘੱਟ ਸਮਰਥਨ ਮੁੱਲ ਦਾ ਭੇਦ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਡਾ: ਰਮੇਸ਼ ਚੰਦ ਦੀ ਪ੍ਰਧਾਨਗੀ ਹੇਠ ਇਕ ਕਮੇਟੀ ਦਾ ਗਠਨ ਕੀਤਾ ਗਿਆ ਤਾਂ ਜੋ ਘੱਟੋ-ਘੱਟ ਸਮਰਥਨ ਮੁੱਲ ਨੂੰ ਤੈਅ ਕਰਨ ਲਈ ਮੁੱਦਿਆਂ ਦੀ ਵਿਧੀਵਤ ਢੰਗ ਨਾਲ ਪੜਚੋਲ ਕੀਤੀ ਜਾ ਸਕੇ। ਇਸ ਕਮੇਟੀ ਵਲੋਂ ਉਤਪਾਦਨ ਦੇ ਲਾਗਤ ਮੁੱਲ ਨੂੰ ਜੋੜਨ ਲਈ ਜੋ ਸਿਫ਼ਾਰਸ਼ਾਂ ਕੀਤੀਆਂ ਗਈਆਂ ਉਹ ਇਸ ਪ੍ਰਕਾਰ ਹਨ : ਜਿਵੇਂ ਕਿ ਲਾਗਤ ਸੀ2 ਪਰਿਵਾਰ ਦੇ ਮੈਂਬਰ ਵਲੋਂ ਕੀਤੀ ਜਾਂਦੀ ਮਿਹਨਤ ਨੂੰ ਇਕ ਅਸਿੱਖਿਅਤ ਕਾਮੇ ਦੀ ਬਜਾਏ ਸਿੱਖਿਅਤ ਕਾਮੇ ਵਜੋਂ ਮੰਨਣਾ, ਕੰਮ ਕਾਜ ਚਲਾਉਣ ਲਈ ਵਰਤੀ ਜਾਂਦੀ ਪੂੰਜੀ ਉਤੇ ਅੱਧੇ ਸੀਜ਼ਨ ਦੀ ਬਜਾਏ ਪੂਰੇ ਸੀਜ਼ਨ ਦਾ ਬਣਦਾ ਵਿਆਜ ਜੋੜਣਾ, ਠੇਕੇ ਦੀ ਰਕਮ ਉਤੇ ਬਿਨਾਂ ਕੋਈ ਪਾਬੰਦੀ ਲਗਾਏ ਪਿੰਡ ਵਿਚ ਜ਼ਮੀਨ ਦੇ ਚੱਲਦੇ ਠੇਕੇ ਅਨੁਸਾਰ ਆਪਣੀ ਜ਼ਮੀਨ 'ਤੇ ਬਣਦੀ ਠੇਕੇ ਦੀ ਰਕਮ ਅਤੇ ਕਟਾਈ ਉਪਰੰਤ ਆਉਂਦੀਆਂ ਲਾਗਤਾਂ (ਸਾਫ਼-ਸਫ਼ਾਈ, ਗਰੇਡਿੰਗ, ਸਕਾਉਣਾ, ਡੱਬਾਬੰਦ ਕਰਨ, ਮੰਡੀਕਰਨ, ਢੋਆ-ਢੋਆਈ) ਨੂੰ ਸ਼ਾਮਿਲ ਕਰਨਾ । ਇਸ ਕਮੇਟੀ ਵਲੋਂ ਲਾਗਤ ਸੀ2 ਵਿਚ 10 ਫ਼ੀਸਦੀ ਵਾਧਾ ਕਰਨ ਦੀ ਵੀ ਸਿਫ਼ਾਰਸ਼ ਕੀਤੀ ਗਈ ਤਾਂ ਜੋ ਕਿਸਾਨ ਵਲੋਂ ਸਮੁੱਚੇ ਪ੍ਰਬੰਧਨ ਅਤੇ ਮਾੜੇ ਹਾਲਾਤਾਂ ਨਾਲ ਜੂਝਨ ਲਈ ਆਉਂਦੇ ਖਰਚ ਨੂੰ ਪੂਰਿਆ ਜਾ ਸਕੇ। ਭਾਵੇਂ ਇਸ ਕਮੇਟੀ ਦੀ ਰਿਪੋਰਟ ਵਿਚ ਘੱਟੋ ਘੱਟ ਸਮਰਥਨ ਮੁੱਲ ਨੂੰ ਤੈਅ ਕਰਨ ਦੇ ਆਧਾਰ (ਅੰਤਿਮ ਲਾਗਤ ਮੁੱਲ) ਬਾਰੇ ਕੁਝ ਵੀ ਸਾਫ਼ ਤੌਰ 'ਤੇ ਨਹੀਂ ਕਿਹਾ ਗਿਆ ਪਰ ਕਿਸਾਨਾਂ ਦੀ ਆਰਥਿਕ ਦਸ਼ਾ ਨੂੰ ਸੁਧਾਰਨ ਲਈ ਇਸ ਕਮੇਟੀ ਦੀਆਂ ਸਿਫ਼ਾਰਸ਼ਾਂ ਮੁਤਾਬਕ ਲਾਗਤ ਸੀ2 ਨੂੰ ਆਧਾਰ ਬਣਾ ਕੇ ਘੱਟੋ-ਘੱਟ ਸਮਰਥਨ ਮੁੱਲ ਨੂੰ ਤੈਅ ਕਰਨਾ ਬਣਦਾ ਹੈ। ਮੌਜੂਦਾ ਸਮੇਂ 23 ਫ਼ਸਲਾਂ ਦਾ ਘੱਟੋ-ਘੱਟ ਸਮਰਥਨ ਮੁੱਲ ਐਲਾਨਿਆ ਗਿਆ ਹੈ ਪਰ ਸਹੀ ਖ਼ਰੀਦੋ-ਫ਼ਰੋਖਤ ਸਿਰਫ਼ ਦੋ ਫ਼ਸਲਾਂ; ਕਣਕ ਅਤੇ ਝੋਨੇ ਦੀ ਹੀ ਹੋ ਰਹੀ ਹੈ। ਦੂਜੀਆਂ ਫ਼ਸਲਾਂ ਦਾ ਐਲਾਨਿਆ ਘੱਟੋ-ਘੱਟ ਸਮਰਥਨ ਮੁੱਲ ਸਿਰਫ਼ ਦਿਖਾਵਾ ਮਾਤਰ ਹੀ ਹੈ। ਜੇਕਰ ਫ਼ਸਲਾਂ ਦੀ ਖ਼ਰੀਦੋ-ਫ਼ਰੋਖਤ ਦਾ ਮੌਜੂਦਾ ਰੁਝਾਨ ਹੀ ਕਾਇਮ ਰਿਹਾ ਤਾਂ ਫ਼ਸਲੀ ਚੱਕਰ ਵਿਚ ਵੰਨ-ਸੁਵੰਨਤਾ ਲਿਆਉਣ ਵਿਚ ਬਹੁਤ ਔਖ ਹੋ ਜਾਵੇਗੀ ਜੋ ਕਿ ਖੇਤੀ ਨਿਰੰਤਰਤਾ ਨੂੰ ਕਾਇਮ ਰੱਖਣ ਲਈ ਬਹੁਤ ਜ਼ਰੂਰੀ ਹੈ। ਸੋ ਉਹ ਫ਼ਸਲਾਂ, ਜਿਨ੍ਹਾਂ ਦੇ ਉਤਪਾਦਨ ਦੀ ਖ਼ਰੀਦੋ-ਫ਼ਰੋਖਤ ਨਹੀਂ ਹੋ ਰਹੀ ਹੈ, ਦੇ ਘੱਟੋ-ਘੱਟ ਸਮਰਥਨ ਮੁੱਲ ਨੂੰ ਸਹੀ ਤੌਰ 'ਤੇ ਲਾਗੂ ਕਰਨ ਲਈ ਉੱਚਿਤ ਨੀਤੀ ਬਣਾਉਣ ਦੀ ਲੋੜ ਹੈ।
ਅਨਾਜ ਇਨਸਾਨ ਦੀ ਮੁਢਲੀ ਲੋੜ ਹੈ ਅਤੇ ਦੇਸ਼ ਨੂੰ ਅੰਨ ਸੁਰੱਖਿਆ ਪ੍ਰਦਾਨ ਕਰਨਾ ਸਾਡੀ ਪਹਿਲੀ ਤਰਜ਼ੀਹ ਹੈ। ਕਾਮਿਆਂ ਦੀਆਂ ਸਾਰੀਆਂ ਸ਼੍ਰੇਣੀਆਂ ਵਿਚੋਂ ਕਿਸਾਨ ਜਿਸ ਨੂੰ ਕਿ ਅਸੀਂ ਅੰਨਦਾਤਾ ਕਹਿੰਦੇ ਹਾਂ, ਸਭ ਤੋਂ ਔਖੇ ਸਰੀਰਕ ਕੰਮ ਕਰਦਾ ਹੈ ਅਤੇ ਬਹੁਤੀ ਵਾਰ ਇਹ ਕੰਮ ਕਰਦਿਆਂ ਉਸ ਨੂੰ ਅੱਤ ਦੀ ਗਰਮੀ ਅਤੇ ਸਰਦੀ ਵੀ ਝੱਲਣੀ ਪੈਂਦੀ ਹੈ। ਏਨੀ ਮਿਹਨਤ ਉਪਰੰਤ ਖੇਤੀ ਤੋਂ ਹਾਸਲ ਹੋਣ ਵਾਲੀ ਆਮਦਨ ਮੌਸਮ ਦੀ ਅਨਿਸ਼ਚਿਤਤਾ ਦੇ ਨਾਲ-ਨਾਲ ਮੰਡੀ ਅਤੇ ਹੋਰ ਤਾਕਤਾਂ ਦੇ ਹੱਥ ਵਸ ਹੁੰਦੀ ਹੈ। ਮੌਜੂਦਾ ਸਮੇਂ ਸਾਡਾ ਕਿਸਾਨ ਆਰਥਿਕ ਪੱਖੋਂ ਬਹੁਤ ਪੱਛੜ ਕੇ ਕਰਜ਼ਾਈ ਹੋਇਆ ਖ਼ੁਦਕੁਸ਼ੀਆਂ ਦੇ ਰਾਹ ਪਿਆ ਹੋਇਆ ਹੈ। ਬਹੁਤ ਸਖ਼ਤ ਲੋੜ ਹੈ, ਉਸ ਨੂੰ ਸੰਭਾਲਣ ਦੀ ਅਤੇ ਉਸ ਦੀ ਆਰਥਿਕ ਦਸ਼ਾ ਨੂੰ ਸੁਧਾਰਨ ਦੀ । ਖੇਤੀ ਦੇਸ਼ ਦੇ ਸਮੁੱਚੇ ਮੁੱਲ ਵਾਧੇ ਵਿਚ 17.2 ਫ਼ੀਸਦੀ ਦਾ ਯੋਗਦਾਨ ਪਾਉਂਦੀ ਹੈ ਇਸ ਵਿਚ 54.6 ਫ਼ੀਸਦੀ ਲੋਕਾਂ ਨੂੰ ਰੁਜ਼ਗਾਰ ਹਾਸਲ ਹੈ ਅਤੇ ਦੇਸ਼ ਦੀ ਲਗਪਗ ਦੋ-ਤਿਹਾਈ ਆਬਾਦੀ ਇਸ ਉਤੇ ਨਿਰਭਰ ਕਰ ਰਹੀ ਹੈ। ਭਾਰਤੀ ਸਮਾਜ ਵਿਚ ਕਿਸਾਨਾਂ ਦੀ ਮਾੜੀ ਸਥਿਤੀ ਅਤੇ ਅਸਾਂਵੇਪਣ ਨੂੰ ਸਿੱਧ ਕਰਨ ਲਈ ਕਿਸੇ ਹੋਰ ਪ੍ਰਮਾਣ ਪੱਤਰ ਦੀ ਲੋੜ ਨਹੀਂ। ਸੋ ਘੱਟੋ-ਘੱਟ ਸਮਰਥਨ ਮੁੱਲ ਨੂੰ ਤਹਿ ਕਰਨ ਦੇ ਆਧਾਰਾਂ ਨੂੰ ਮੁੜ ਤੋਂ ਵੇਖਣ ਦੀ ਲੋੜ ਹੈ ਅਤੇ ਇਸ ਸਬੰਧ ਵਿਚ ਡਾ: ਰਮੇਸ਼ ਚੰਦ ਦੀ ਕਮੇਟੀ ਜਾਂ ਘੱਟੋ-ਘੱਟ ਡਾ: ਸਵਾਮੀਨਾਥਨ ਕਮਿਸ਼ਨ ਵਲੋਂ ਦਿੱਤੀਆਂ ਸਿਫ਼ਾਰਸ਼ਾਂ ਪ੍ਰਤੀ ਹਾਂ ਪੱਖੀ ਹੁੰਗਾਰਾ ਭਰਨ ਦੀ ਲੋੜ ਹੈ। ਹਾਲਾਂਕਿ ਘੱਟੋ-ਘੱਟ ਸਮਰਥਨ ਮੁੱਲ ਨੂੰ ਵਧਾਉਣ ਨਾਲ ਕਿਸਾਨਾਂ ਨੂੰ ਦਰਪੇਸ਼ ਸਾਰੀਆਂ ਮੁਸ਼ਕਲਾਂ ਹੱਲ ਨਹੀਂ ਹੋ ਜਾਣੀਆਂ ਕਿਉਂਕਿ ਹਾਸ਼ੀਆਗਤ ਅਤੇ ਛੋਟੇ ਕਿਸਾਨਾਂ ਕੋਲ ਤਾਂ ਗੁਜ਼ਾਰੇ ਜੋਗੇ ਦਾਣਿਆਂ ਤੋਂ ਬਾਅਦ ਵੇਚਣ ਨੂੰ ਬਹੁਤਾ ਕੁਝ ਨਹੀਂ ਬਚਦਾ ਪਰ ਦੇਸ਼ ਦੇ ਸਮੁੱਚੇ ਹਿੱਤਾਂ ਲਈ ਇਹ ਬਹੁਤ ਜ਼ਰੂਰੀ ਹੈ ਕਿਉਂਕਿ ਭਾਰਤੀ ਅਰਥਚਾਰੇ ਦੇ ਹੋਰ ਖੇਤਰਾਂ ਨੂੰ ਵਿਕਾਸ ਦੀਆਂ ਲੀਹਾਂ 'ਤੇ ਪਾਉਣ ਵਿਚ ਖੇਤੀਬਾੜੀ ਦਾ ਧੰਦਾ ਅਹਿਮ ਯੋਗਦਾਨ ਪਾਉਂਦਾ ਹੈ। ਸਮਕਾਲੀ ਹਾਲਾਤਾਂ ਦੇ ਮੱਦੇਨਜ਼ਰ ਸਾਲ 2018-19 ਲਈ ਤਜਵੀਜ਼ ਕੀਤਾ ਗਿਆ ਕੇਂਦਰੀ ਬਜਟ ਕਿਰਸਾਨੀ ਅਤੇ ਕਿਸਾਨਾਂ ਨੂੰ ਦਰਪੇਸ਼ ਚੁਣੌਤੀਆਂ ਨਾਲ ਨਜਿੱਠਣ ਲਈ ਘੱਟੋ-ਘੱਟ ਸਮਰਥਨ ਮੁੱਲ ਦੇ ਸਬੰਧ ਵਿਚ ਲੋੜੀਂਦੀ ਤਵੱਜੋਂ ਦਿੰਦਾ ਨਜ਼ਰ ਨਹੀਂ ਆਉਂਦਾ। ਮੌਜੂਦਾ ਮਦਦਗਾਰੀ ਸਿਸਟਮ ਵਿਚ ਸੁਧਾਰ ਲਿਆਉਣ ਦੀ ਥਾਂ ਇਹ ਖਦਸ਼ਾ ਲਗਦੈ ਕਿ ਕਿਤੇ ਇਹ ਕੁਝ ਫ਼ਸਲਾਂ, ਜਿਨ੍ਹਾਂ ਵਿਚ ਕਣਕ ਵੀ ਹੋ ਸਕਦੀ ਹੈ, ਜੋ ਕਿ ਪੰਜਾਬ ਦੀ ਪ੍ਰਮੁੱਖ ਅਤੇ ਦੇਸ਼ ਭਰ ਦੀ ਦੂਜੀ ਪ੍ਰਮੁੱਖ ਫ਼ਸਲ (ਰਾਸ਼ਟਰੀ ਪੱਧਰ 'ਤੇ ਝੋਨਾ ਸਭ ਤੋਂ ਪ੍ਰਮੁੱਖ ਫ਼ਸਲ ਹੈ) ਹੈ, ਲਈ ਨੁਕਸਾਨਦੇਹ ਹੀ ਸਾਬਤ ਨਾ ਹੋ ਜਾਵੇ। ਸੋ ਕਿਸਾਨ, ਜੋ ਕਿ ਸਮਾਜ ਦਾ ਵੱਡਾ ਅੰਗ ਹਨ, ਉਨ੍ਹਾਂ ਦੀ ਭਲਾਈ ਲਈ ਅਤੇ ਇਕ ਤਾਕਤਵਰ ਰਾਸ਼ਟਰ ਦੇ ਵਿਕਾਸ ਲਈ ਇਸ ਤਜ਼ਵੀਜ਼ ਨੂੰ ਮੁੜ ਤੋਂ ਵਿਚਾਰਨ ਦੀ ਲੋੜ ਹੈ। ਆਰਥਿਕਤਾ ਵਿਚ ਵਾਧਾ ਅਤੇ ਦੇਸ਼ ਦੀ ਅੰਨ-ਸੁਰੱਖਿਆ ਖੇਤੀ ਖੇਤਰ ਦੇ ਵਿਕਾਸ ਤੋਂ ਬਿਨਾਂ ਸੰਭਵ ਨਹੀਂ ਹੋ ਸਕਦਾ। (ਸਮਾਪਤ)


-ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ

ਜਦੋਂ ਉਲਝ ਜਾਵੋ !

ਦੇਰ-ਸਵੇਰ ਹਰ ਬੰਦੇ 'ਤੇ ਇਕ ਸਮਾਂ ਆਉਂਦਾ ਹੈ, ਜਦੋਂ ਉਸ ਨੂੰ ਇਹ ਨਹੀਂ ਪਤਾ ਲੱਗਦਾ ਕੇ ਹੁਣ ਕੀ ਕੀਤਾ ਜਾਵੇ? ਇਹ ਜਾਤੀ ਰਿਸ਼ਤਿਆਂ ਨਾਲ ਸੰਚਾਰ ਵੀ ਹੋ ਸਕਦਾ ਹੈ। ਇਹ ਕੰਮਕਾਰ ਵਿਚ ਅੱਗੇ ਵਧਣ ਜਾਂ ਬੰਦ ਕਰਨ ਦਾ ਫੈਸਲਾ ਵੀ ਹੋ ਸਕਦਾ ਹੈ। ਇਹ ਕਿਹੜੀ ਫ਼ਸਲ ਬੀਜਣ ਦਾ ਉਲਝਾਅ ਵੀ ਹੋ ਸਕਦਾ ਹੈ। ਰਵਾਇਤੀ ਝੋਨੇ-ਕਣਕ 'ਚੋਂ ਨਿਕਲਣ ਲਈ ਹੱਥ-ਪੈਰ ਮਾਰਨਾ ਵੀ ਹੋ ਸਕਦਾ ਹੈ। ਮਨੁੱਖੀ ਮਨ ਨੂੰ ਉਲਝਾਣ ਲਈ ਲੱਖਾਂ ਹਾਲਾਤ ਬਣ ਸਕਦੇ ਹਨ। ਬਹੁਤ ਵਾਰੀ ਅਸੀਂ ਦੂਸਰਿਆਂ ਵੱਲ ਵੇਖ ਕੇ ਨਕਲ ਕਰਨਾ ਚਾਹੁੰਦੇ ਹਾਂ ਜਾਂ ਫਿਰ ਅੱਧੇ ਗਿਆਨ ਵਾਲੇ ਦੇ ਮਗਰ ਲੱਗ ਜਾਂਦੇ ਹਾਂ। ਕਈ ਵਾਰੀ ਤਾਂ ਸਾਨੂੰ ਦੂਜੇ ਦੀ ਥਾਲੀ ਵਿਚ ਪਿਆ ਲੱਡੂ ਵੱਡਾ ਲੱਗਣ ਲੱਗ ਪੈਂਦਾ ਹੈ। ਅਸਲ ਵਿਚ ਉਲਝਾਅ ਉਦੋਂ ਪੈਦਾ ਹੁੰਦਾ ਹੈ ਜਦ ਅਸੀਂ ਮਿਹਨਤ ਕੀਤੇ ਬਗੈਰ ਹੀ ਫ਼ਲ ਪਾਉਣਾ ਚਾਹੁੰਦੇ ਹਾਂ ਤੇ ਉਹ ਵੀ ਦੂਸਰਿਆਂ ਤੋਂ ਪਹਿਲੋਂ। ਸਾਡਾ ਲਾਲਚ ਤੇ ਸਾਡੀ ਕਾਹਲ਼ੀ ਹੀ ਸਾਡੇ ਲਈ ਗਲ਼ ਦੀ ਹੱਡੀ ਬਣ ਜਾਂਦੇ ਹਨ। ਜਦੋਂ ਵੀ ਕਿਸੇ ਨੇ ਸਬਰ ਤੇ ਸਹਿਜ ਨਾਲ ਕੰਮ ਕੀਤਾ ਹੈ, ਸਫ਼ਲਤਾ ਜ਼ਰੂਰ ਮਿਲੀ ਹੈ। ਜੇ ਮੰਜ਼ਿਲ ਦਾ ਟੀਚਾ ਪਤਾ ਹੋਵੇ ਤੇ ਮਿਹਨਤ ਕਰੋ ਤਾਂ, ਸੂਰਜ ਦੀਆਂ ਕਿਰਨਾਂ ਦੇ ਦਰਸ਼ਨ ਜ਼ਰੂਰ ਹੋਣਗੇ।


-ਮੋਬਾ: 98159-45018

ਖਰਬੂਜ਼ੇ, ਹਲਵਾ ਕੱਦੂ ਦੀਆਂ ਦੋਗਲੀਆਂ ਕਿਸਮਾਂ ਅਤੇ ਬੀਜ ਉਤਪਾਦਨ

ਮਨੁੱਖੀ ਖੁਰਾਕ ਵਿਚ ਕੱਦੂ ਜਾਤੀ ਦੀਆਂ ਸਬਜ਼ੀਆਂ ਦਾ ਇਕ ਆਪਣਾ ਹੀ ਵਿਲੱਖਣ ਸਥਾਨ ਹੈ। ਪੰਜਾਬ ਵਿਚ ਲਗਪਗ 14.1 ਹਜ਼ਾਰ ਹੈਕਟੇਅਰ ਰਕਬੇ ਵਿਚ ਵੇਲਾਂ ਵਾਲੀਆਂ ਸਬਜ਼ੀਆਂ ਦੀ ਕਾਸ਼ਤ ਕੀਤੀ ਜਾਂਦੀ ਹੈ, ਜਿਸ ਵਿਚੋਂ 2.1 ਲੱਖ ਟਨ ਸਾਲਾਨਾ ਪੈਦਾਵਾਰ ਹੁੰਦੀ ਹੈ। ਖਰਬੂਜ਼ਾ ਅਤੇ ਹਲਵਾ ਕੱਦੂ, ਕੱਦੂ ਜਾਤੀ ਦੀਆਂ ਅਹਿਮ ਫ਼ਸਲਾਂ ਹਨ। ਦੋਵੇਂ ਹੀ ਸਬਜ਼ੀਆਂ ਵਿਟਾਮਿਨ-ਏ (ਬੀਟਾ-ਕੈਰੋਟੀਨ) ਦਾ ਬਹੁਤ ਵਧੀਆ ਸਰੋਤ ਹਨ। ਜਿਥੇ ਖਰਬੂਜ਼ਾ ਆਪਣੀ ਅਨੋਖੀ ਮਹਿਕ ਅਤੇ ਰਸੀਲੀ ਮਿਠਾਸ ਕਰਕੇ ਜਾਣਿਆ ਜਾਂਦਾ ਹੈ, ਉਤੇ ਹਲਵੇ ਕੱਦੂ ਦਾ ਪੀਲਾ-ਰੇਸ਼ੇਦਾਰ ਗੁੱਦਾ ਵੰਨ-ਸੁਵੰਨੇ ਤਰੀਕਿਆਂ ਨਾਲ ਪਕਾ ਕੇ ਸਬਜ਼ੀ ਦੇ ਤੌਰ 'ਤੇ ਮਾਣਿਆ ਜਾਂਦਾ ਹੈ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵਲੋਂ ਪਿਛਲੇ ਸਾਲਾਂ ਦੌਰਾਨ ਖਰਬੂਜ਼ੇ ਦੀਆਂ ਤਿੰਨ (ਐਮ. ਐਚ.-51 ਐਮ. ਐਚ.-27 ਅਤੇ ਪੰਜਾਬ ਹਾਈਬ੍ਰਿਡ) ਅਤੇ ਹਲਵੇ ਕੱਦੂ ਦੀਆਂ ਦੋ (ਪੀ. ਪੀ. ਐਚ.-1 ਅਤੇ ਪੀ. ਪੀ. ਐਚ.-2) ਦੋਗਲੀਆਂ ਕਿਸਮਾਂ ਦੀ ਸਿਫ਼ਾਰਿਸ਼ਾਂ ਕੀਤੀਆਂ ਗਈਆਂ ਹਨ। ਦੋਗਲੀਆਂ ਕਿਸਮਾਂ ਕਿਸਾਰ, ਅਗੇਤੀ ਅਤੇ ਵੱਧ ਉਪਜ ਲਈ ਲਾਹੇਵੰਦ ਰਹਿੰਦੀਆਂ ਹਨ। ਇਸ ਤੋਂ ਇਲਾਵਾ ਹਲਵੇ ਕੱਦੂ ਦੀਆਂ ਛੋਟੇ ਫਲ ਵਾਲੀਆਂ ਦੋਗਲੀਆਂ ਕਿਸਮਾਂ ਸੰਘਣੀ ਖੇਤੀ ਲਈ ਢੁਕਵੀਆਂ ਹਨ। ਦੋਗਲੇ ਬੀਜ ਉਤਪਾਦਨ ਲਈ ਕਿਸਾਨ ਨੂੰ ਫਸਲ ਦੀ ਸਫਲ ਕਾਸ਼ਤ ਤੋਂ ਲੈ ਕੇ ਮਾਪਿਆਂ ਨੂੰ ਪਛਾਨਣ, ਪਰਾਂਗਣ ਕਿਰਿਆ ਅਤੇ ਬੀਜ ਸੰਭਾਲਣ ਤੱਕ ਪੂਰੀ ਮੁਹਾਰਤ ਹੋਣਾ ਲਾਜ਼ਮੀ ਹੈ।
ਖਰਬੂਜ਼ਾ : ਐਮ. ਐਚ.-51 : ਇਹ ਦੋਗਲੀ ਕਿਸਮ ਸੰਨ 2017 ਵਿਚ ਐਮ. ਐਮ.-5 ਐਮ. ਐਮ.-1 ਦੇ ਸੁਮੇਲ ਤੋਂ ਤਿਆਰ ਕੀਤੀ ਗਈ ਹੈ। ਇਸ ਦੋਗਲੀ ਕਿਸਮ ਦੀਆਂ ਵੇਲਾਂ ਕਾਫੀ ਲੰਬੀਆਂ ਅਤੇ ਪਤਰਾਲ ਗੂੜ੍ਹੇ ਹਰੇ ਰੰਗ ਦਾ ਹੁੰਦਾ ਹੈ। ਇਸ ਕਿਸਮ ਦੇ ਫਲ ਗੋਲ, ਗੂੜ੍ਹੀ ਹਰੀ ਧਾਰੀ ਵਾਲੇ ਅਤੇ ਦਰਮਿਆਨੀ ਜਾਲੀ ਵਾਲੇ ਹੁੰਦੇ ਹਨ। ਇਸ ਦੇ ਫਲ ਦਾ ਔਸਤਨ ਭਾਰ 890 ਗ੍ਰਾਮ ਹੁੰਦਾ ਹੈ। ਫਲ ਦਾ ਗੁੱਦਾ ਮੋਟਾ, ਸੁਨਹਿਰੀ, ਰਸੀਲਾ ਅਤੇ ਮਹਿਕ ਭਰਿਆ ਹੁੰਦਾ ਹੈ, ਜਿਸ ਦੇ ਰਸ ਵਿਚ ਮਿਟਾਸ ਦੀ ਮਾਤਰਾ 12 ਫ਼ੀਸਦੀ ਹੁੰਦੀ ਹੈ। ਇਸ ਕਿਸਮ ਦੇ ਫਲ ਛੇਤੀ ਪੱਕਦੇ ਹਨ ਅਤੇ ਲਵਾਈ ਤੋਂ ਤਕਰੀਬਨ 62 ਦਿਨਾਂ ਬਾਅਦ ਪਹਿਲੀ ਤੁੜਾਈ ਲਈ ਤਿਆਰ ਹੋ ਜਾਂਦੇ ਹਨ। ਇਸ ਕਿਸਮ ਦਾ ਅਗੇਤਾ ਝਾੜ ਐਮ. ਐਚ.-27 ਅਤੇ ਪੰਜਾਬ ਹਾਬ੍ਰਿਡ ਦੇ ਮੁਕਾਬਲੇ ਕ੍ਰਮਵਾਰ 32 ਫ਼ੀਸਦੀ ਅਤੇ 51 ਫ਼ੀਸਦੀ ਜ਼ਿਆਦਾ ਹੈ। ਇਸ ਦਾ ਕੁੱਲ ਝਾੜ ਤਕਰੀਬਨ 89 ਕੁਇੰਟਲ ਪ੍ਰਤੀ ਏਕੜ ਹੈ।
ਐਮ. ਐਚ. 37 : ਇਹ ਦੋਗਲੀ ਕਿਸਮ ਸੰਨ 2015 ਵਿਚ ਐਮ. ਐਸ.-1 ਐਮ. ਐਮ. ਸਲੈਕਸ਼ਨ-103 ਦੇ ਸੁਮੇਲ ਤੋਂ ਤਿਆਰ ਕਰਕੇ ਸਿਫ਼ਾਰਿਸ਼ ਕੀਤੀ ਗਈ ਹੈ। ਇਸ ਦੀਆਂ ਵੇਲਾਂ ਕਾਫੀ ਵਧਦੀਆਂ ਹਨ ਅਤੇ ਗੂੜ੍ਹੇ ਹਰੇ ਰੰਗ ਦੀਆਂ ਹੁੰਦੀਆਂ ਹਨ। ਇਸ ਕਿਸਮ ਦੇ ਫਲ ਗੋਲ, ਗੂੜ੍ਹੀ ਹਰੀ ਧਾਰੀ ਵਾਲੇ ਅਤੇ ਜਾਲੀਦਾਰ ਹੁੰਦੇ ਹਨ। ਇਸ ਦੇ ਫਲ ਦਾ ਔਸਤਨ ਭਾਰ 856 ਗ੍ਰਾਮ ਹੁੰਦਾ ਹੈ। ਫਲ ਦਾ ਗੁੱਦਾ ਮੋਟਾ, ਸੁਨਹਿਰੀ ਰੰਗ ਦਾ, ਰਸੀਲਾ ਅਤੇ ਮਹਿਕ ਭਰਿਆ ਹੁੰਦਾ ਹੈ, ਜਿਸ ਦੇ ਰਸ ਵਿਚ ਮਿਠਾਸ ਦੀ ਮਾਤਰਾ 12.5 ਫ਼ੀਸਦੀ ਹੁੰਦੀ ਹੈ। ਇਹ ਕਿਸਮ ਉਖੇੜਾ ਅਤੇ ਜੜ੍ਹ ਗੰਢ ਰੋਗ ਦਾ ਟਾਕਰਾ ਕਰਨ ਦੀ ਸਮਰੱਥਾ ਰੱਖਦੀ ਹੈ। ਇਸ ਦਾ ਕੁੱਲ ਝਾੜ ਤਕਰੀਬਨ 87.5 ਕੁਇੰਟਲ ਪ੍ਰਤੀ ਏਕੜ ਹੈ। ਇਹ ਕਿਸਮ ਦੁਰੇਡੇ ਮੰਡੀਕਰਨ ਲਈ ਢੁਕਵੀਂ ਹੈ।
ਪੰਜਾਬ ਹਾਈਬ੍ਰਿਡ : ਇਹ ਦੋਗਲੀ ਕਿਸਮ ਸੰਨ 1981 ਵਿਚ ਐਮ. ਐਸ.-1 ਹਰਾ ਮਧੂ ਦੇ ਸੁਮੇਲ ਤੋਂ ਤਿਆਰ ਕਰਕੇ ਸਿਫਾਰਸ਼ ਕੀਤੀ ਗਈ ਹੈ। ਇਸ ਦੀਆਂ ਵੇਲਾਂ ਕਾਫੀ ਵਧਦੀਆਂ ਹਨ ਅਤੇ ਗੂੜ੍ਹੇ ਹਰੇ ਰੰਗ ਦੀਆਂ ਹੁੰਦੀਆਂ ਹਨ। ਇਸ ਕਿਸਮ ਦੇ ਫਲ ਗੋਲ, ਫਿੱਕੀ ਹਰੀ ਧਾਰੀ ਵਾਲੇ ਅਤੇ ਜਾਲੀਦਾਰ ਹੁੰਦੇ ਹਨ। ਇਸ ਦਾ ਗੁੱਦਾ ਸੁਨਹਿਰੀ, ਰਸਦਾਰ ਅਤੇ ਮਹਿਕ ਭਰਿਆ ਹੁੰਦਾ ਹੈ, ਜਿਸ ਦੇ ਰਸ ਵਿਚ ਮਿਠਾਸ ਦੀ ਮਾਤਰਾ 12 ਫ਼ੀਸਦੀ ਹੁੰਦੀ ਹੈ। ਇਸ ਦੇ ਫਲ ਪੱਕ ਕੇ ਆਪਣੇ ਆਪ ਡੰਡੀ ਤੋਂ ਵੱਖ ਹੋ ਜਾਂਦੇ ਹਨ। ਇਸ ਦੇ ਫਲ ਦਾ ਔਸਤਨ ਭਾਰ 800 ਗ੍ਰਾਮ ਹੁੰਦਾ ਹੈ। ਇਸ ਨੂੰ ਚਿੱਟਾ ਰੋਗ ਘੱਟ ਲਗਦਾ ਹੈ ਅਤੇ ਫਲ ਦੀ ਮੱਖੀ ਵੀ ਘੱਟ ਹਮਲਾ ਕਰਦੀ ਹੈ। ਇਸ ਦਾ ਝਾੜ ਤਕਰੀਬਨ 65 ਕੁਇੰਟਲ ਪ੍ਰਤੀ ਏਕੜ ਹੈ।
ਹਲਵਾ ਕੱਦੂ : ਪੀ.ਪੀ.ਐਚ.-1 (2016) : ਇਸ ਦੋਗਲੀ ਕਿਸਮ ਦੀਆਂ ਵੇਲਾਂ ਛੋਟੀਆਂ, ਜਿਨ੍ਹਾਂ 'ਤੇ ਗੰਢਾਂ ਵਿਚਲਾ ਫਾਸਲਾ ਬਹੁਤ ਘੱਟ ਅਤੇ ਪਤਰਾਲ ਗੂੜ੍ਹਾ ਹਰਾ ਹੁੰਦਾ ਹੈ। ਇਸ ਦੇ ਫਲ ਛੋਟੇ, ਗੋਲ, ਡੱਬੇ-ਹਰੇ ਹੁੰਦੇ ਹਨ, ਜੋ ਪਕਣ 'ਤੇ ਡੱਬੇ-ਭੂਰੇ ਹੋ ਜਾਂਦੇ ਹਨ। ਇਸ ਦਾ ਬੀਜ ਵਾਲਾ ਖੋਲ ਛੋਟਾ ਅਤੇ ਗੁੱਦਾ ਸੁਨਹਿਰੀ ਹੁੰਦਾ ਹੈ। ਇਹ ਤੁੜਾਈ ਲਈ ਜਲਦੀ ਤਿਆਰ ਹੋ ਜਾਂਦਾ ਹੈ ਅਤੇ ਇਸ ਦਾ ਔਸਤਨ ਝਾੜ 206 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।
ਪੀ. ਪੀ. ਐਚ.-2 (2016) : ਇਸ ਦੋਗਲੀ ਕਿਸਮ ਦੀਆਂ ਵੇਲਾਂ ਛੋਟੀਆਂ, ਜਿਨ੍ਹਾਂ 'ਤੇ ਗੰਢਾਂ ਵਿਚਲਾ ਫ਼ਾਸਲਾ ਬਹੁਤ ਘੱਟ ਅਤੇ ਪਤਰਾਲ ਗੂੜ੍ਹਾ ਹਰਾ ਹੁੰਦਾ ਹੈ। ਇਸ ਦੇ ਫਲ ਛੋਟੇ, ਗੋਲ, ਹਲਕੇ-ਹਰੇ ਹੁੰਦੇ ਹਨ ਅਤੇ ਜੋ ਪੱਕਣ ਤੇ ਭੂਰੇ ਹੋ ਜਾਂਦੇ ਹਨ। ਇਸ ਦਾ ਬੀਜ ਵਾਲਾ ਖੋਲ ਛੋਟਾ ਅਤੇ ਗੁੱਦਾ ਸੁਨਹਿਰੀ ਹੁੰਦਾ ਹੈ। ਇਹ ਤੁੜਾਈ ਲਈ ਜਲਦੀ ਤਿਆਰ ਹੋ ਜਾਂਦਾ ਹੈ ਅਤੇ ਇਸ ਦਾ ਔਸਤਨ ਝਾੜ 222 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।
ਕਾਸ਼ਤ ਦੇ ਢੰਗ : ਖਰਬੂਜ਼ੇ ਅਤੇ ਹਲਵੇ ਕੱਦੂ ਦੀ ਸਫ਼ਲ ਕਾਸ਼ਤ ਲਈ ਚੰਗੇ ਮਾਦੇ ਅਤੇ ਜਲ ਨਿਕਾਸੀ ਵਾਲੀ ਵਧੀਆ ਉਪਜਾਊ ਅਤੇ ਮੈਰਾ ਮਿਟੀ, ਜਿਸ ਦੀ ਪੀ. ਐਚ. 6.0 ਤੋਂ 7.0 ਵਿਚਕਾਰ ਹੋਵੇ, ਦੀ ਲੋੜ ਹੁੰਦੀ ਹੈ। ਦੋਗਲੀਆਂ ਕਿਸਮਾਂ ਦੀ ਬਿਜਾਈ ਫਰਵਰੀ-ਮਾਰਚ ਵਿਚ ਕਰੋ, ਪਰ ਅਗੇਤੀ ਫਸਲ ਲੈਣ ਲਈ ਪਲਗ ਵਾਲੀਆਂ ਟਰੇਆਂ ਵਿਚ ਜਨਵਰੀ ਦੇ ਦੂਜੇ ਪੰਦਰਵਾੜੇ ਨਰਸਰੀ ਦੀ ਬਿਜਾਈ ਕਰ ਸਕਦੇ ਹੋ। ਬੀਜ ਨੂੰ ਬੀਜਣ ਤੋਂ ਪਹਿਲਾਂ ਕੈਪਟਾਨ ਜਾਂ ਥੀਰਮ ਦਵਾਈ ਲਗਾ ਲਉ। ਅਗੇਤੀ ਪਨੀਰੀ ਲਗਪਗ 20-15 ਦਿਨਾਂ ਵਿਚ ਤਿਆਰ ਹੋ ਜਾਂਦੀ ਹੈ।
ਐਮ. ਐਮ.-5 : ਇਹ ਇਕ ਪੁੰਕੇਸਰ ਰਹਿਤ ਮਾਦਾ ਲਾਇਨ ਹੈ। ਇਸ ਕਿਸਮ ਦੇ ਫਲ ਗੋਲ, ਫਿੱਕੀ ਹਰੀ ਧਾਰੀ ਅਤੇ ਜਾਲੀ ਰਹਿਤ ਹੁੰਦੇ ਹਨ। ਇਸ ਦਾ ਗੁੱਦਾ ਸੁਨਹਿਰੀ, ਰਸਦਾਰ ਅਤੇ ਮਹਿਕ ਭਰਿਆ ਹੁੰਦਾ ਹੈ, ਜਿਸ ਦੇ ਰਸ ਵਿਚ ਮਿਠਾਸ ਦੀ ਮਾਤਰਾ 10 ਫ਼ੀਸਦੀ ਹੁੰਦੀ ਹੈ। ਇਸ ਦੇ ਫਲ ਦਾ ਔਸਤਨ ਭਾਰ 700 ਗ੍ਰਾਮ ਹੁੰਦਾ ਹੈ। ਇਸ ਕਿਸਮ ਦੇ ਫਲ ਛੇਤੀ ਪੱਕਦੇ ਹਨ ਅਤੇ ਲੁਵਾਈ ਤੋਂ ਤਕਰੀਬਨ 62 ਦਿਨਾਂ ਬਾਅਦ ਪਹਿਲੀ ਤੁੜਾਈ ਲਈ ਤਿਆਰ ਹੋ ਜਾਂਦੇ ਹਨ।
ਐਮ. ਐਸ.-1 : ਇਹ ਵੀ ਇਕ ਪੁੰਕੇਸਰ ਰਹਿਤ ਮਾਦਾ ਲਾਇਨ ਹੈ। ਇਸ ਕਿਸਮ ਦੇ ਫਲ ਅੰਡਾਕਾਰ ਗੋਲ, ਗੂੜ੍ਹੀ ਹਰੀ ਧਾਰੀ ਅਤੇ ਸੰਘਣੀ ਜਾਲੀ ਵਾਲੇ ਹੁੰਦੇ ਹਨ। ਇਸ ਦਾ ਗੁੱਦਾ ਸੁਨਹਿਰੀ, ਰਸਦਾਰ ਅਤੇ ਮਹਿਕ ਭਰਿਆ ਹੁੰਦਾ ਹੈ, ਜਿਸ ਦੇ ਰਸ ਵਿਚ ਮਿਠਾਸ ਦੀ ਮਾਤਰਾ 10-12 ਫ਼ੀਸਦੀ ਹੁੰਦੀ ਹੈ। ਇਸ ਦੇ ਫਲ ਦਾ ਔਸਤਨ ਭਾਰ 700 ਗ੍ਰਾਮ ਹੁੰਦਾ ਹੈ।
(ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)

ਵਿਰਸੇ ਦੀਆਂ ਬਾਤਾਂ

ਬਚਪਨ ਵਾਲੇ ਉਹ ਦਿਨ ਕਿੱਥੇ ਮੁੜ ਕੇ ਆਉਣੇ

ਬਚਪਨ ਵੀ ਕਮਾਲ ਹੁੰਦਾ ਹੈ। ਨਾ ਕੋਈ ਫ਼ਿਕਰ, ਨਾ ਫਾਕਾ। ਇਹ ਬਚਪਨ ਹੀ ਹੈ, ਜਿਸ ਦੀ ਅਮੀਰੀ ਆਖਰੀ ਸਾਹ ਤੱਕ ਨਹੀਂ ਭੁੱਲਦੀ। ਬਚਪਨ ਔਖ 'ਚ ਲੰਘਿਆ ਹੋਵੇ ਜਾਂ ਸੌਖ 'ਚ, ਚੇਤੇ ਜ਼ਰੂਰ ਰਹਿੰਦਾ। ਨਿੱਕੀਆਂ-ਨਿੱਕੀਆਂ ਖੇਡਾਂ, ਨਿੱਕੀਆਂ-ਨਿੱਕੀਆਂ ਖੁਸ਼ੀਆਂ, ਲੜਨਾ, ਰੁੱਸਣਾ, ਮਨਾਉਣਾ ਤੇ ਹੋਰ ਪਤਾ ਨਹੀਂ ਕੀ-ਕੀ ਕੁਝ।
ਬਚਪਨ ਦੇ ਦਿਨ ਸਰਮਾਏ ਨਾਲ ਵਾਪਸ ਨਹੀਂ ਆਉਂਦੇ, ਇਹ ਦਿਨ ਆਪ ਸਰਮਾਇਆ ਹੁੰਦੇ ਹਨ। ਉਹ ਦਿਨ ਜਦੋਂ ਰੋਣ ਤੇ ਰੁੱਸਣ ਸਾਰ ਮਾਪਿਆਂ ਕੋਲੋਂ ਚੀਜ਼ ਮਿਲ ਜਾਂਦੀ ਹੋਵੇ, ਉਹ ਮੁੜ ਕੇ ਕਿੱਥੇ ਲੱਭਦੇ ਹਨ? ਬਚਪਨ ਨੂੰ ਚੇਤੇ ਕਰਦਿਆਂ ਕਿੰਨੀ ਵਾਰ ਬੰਦਾ ਭਾਵੁਕ ਹੋ ਜਾਂਦਾ। ਕੁੜੀਆਂ ਘਰ-ਘਰ ਖੇਡਦੀਆਂ, ਮੁੰਡੇ ਕਬੱਡੀ, ਗੁੱਲੀ ਡੰਡਾ ਤੇ ਹੋਰ ਕੁੱਝ। ਕੁੜੀਆਂ ਗੁੱਡੀਆਂ ਨਾਲ ਖੇਡਦੀਆਂ ਤੇ ਮੁੰਡੇ ਆਪਣੀਆਂ ਪਸੰਦੀਦਾ ਖੇਡਾਂ। ਖੇਡਦੇ-ਖੇਡਦੇ ਲੜ ਪੈਣਾ, ਚੰਗਾ-ਭਲਾ ਬਣਿਆ ਘਰ ਠੁੱਡ ਮਾਰ ਕੇ ਢਾਹ ਦੇਣਾ, ਫੇਰ ਘਸੁੰਨ-ਮੁੱਕੇ ਦਾ ਦੌਰ ਚੱਲਣਾ ਤੇ ਕੁਝ ਪਲਾਂ ਬਾਅਦ ਮੁੜ ਉਹੀ ਖੇਡ, ਉਹੀ ਗੱਲਾਂ, ਉਹੀ ਹਾਸਾ-ਠੱਠਾ ਤੇ ਮੁੜ ਉਹੀ ਲੜਾਈ।
ਬਚਪਨ 'ਚ ਖੇਡਦਿਆਂ ਆਪਣੀ ਵਾਰੀ ਪਿੱਛੇ ਲੜਨਾ ਕੁਦਰਤੀ ਹੈ। 'ਮੇਰੀ ਵਾਰੀ, ਹੁਣ ਮੇਰੀ ਵਾਰੀ' ਕਹਿੰਦਿਆਂ-ਕਹਿੰਦਿਆਂ ਇਕ-ਦੂਜੇ ਨੂੰ ਚਿੰਬੜ ਜਾਣਾ। ਇਹ ਤਸਵੀਰ ਦੇਖ ਬਚਪਨ ਦੀਆਂ ਕਿੰਨੀਆਂ ਬਾਤਾਂ ਚੇਤੇ ਆ ਗਈਆਂ। ਨਿੱਕੀਆਂ-ਨਿੱਕੀਆਂ ਬੱਚੀਆਂ ਮਿੱਟੀ ਨਾਲ ਭਾਂਡੇ ਬਣਾਈ ਬੈਠੀਆਂ ਹਨ। ਕਿੰਨੀ ਮਿਹਨਤ ਕੀਤੀ ਹੋਵੇਗੀ ਇਨ੍ਹਾਂ ਨੇ। ਇਨ੍ਹਾਂ ਦੇ ਕੋਮਲ ਹੱਥਾਂ ਦੀ ਛੋਹ ਨੇ ਮਿੱਟੀ ਨੂੰ ਕਿਵੇਂ ਅਕਾਰ ਦਿੱਤਾ ਹੈ। ਪਤਾ ਨਹੀਂ ਕਿੰਨੀ ਵਾਰ ਇਹ ਭਾਂਡੇ ਬਣਾਉਂਦੀਆਂ ਲੜੀਆਂ ਤੇ ਮੰਨੀਆਂ ਹੋਣਗੀਆਂ। ਹੁਣ ਭਾਂਡਿਆਂ ਨੂੰ ਸੁੱਕਣੇ ਪਾ ਕੇ ਇਹ ਕਿੰਨੀਆਂ ਖੁਸ਼ ਹਨ। ਖੇਡਦਿਆਂ-ਖੇਡਦਿਆਂ ਬਣਾਏ ਘਰ ਵਿਚ ਇਹ ਭਾਂਡੇ ਰੱਖ ਆਪਣੇ ਵਲਵਲਿਆਂ ਦਾ ਪ੍ਰਗਟਾਵਾ ਕਰਨਗੀਆਂ।
ਇਨ੍ਹਾਂ ਦਾ ਅਸਲੀ ਭਾਂਡਿਆਂ ਨਾਲ ਓਨਾ ਮੋਹ ਨਹੀਂ ਹੋਣਾ। ਇਨ੍ਹਾਂ ਲਈ ਸਭ ਉਹੀ ਹੈ, ਜੋ ਖੁਦ ਤਿਆਰ ਕੀਤਾ। ਇਨ੍ਹਾਂ ਦੀ ਮਿਹਨਤ, ਇਨ੍ਹਾਂ ਦਾ ਆਪਣਾ। ਹੁਣ ਕੋਈ ਇਨ੍ਹਾਂ ਨੂੰ ਕਹੇ ਕਿ ਦੋ ਭਾਂਡੇ ਮੈਨੂੰ ਦੇ ਦੇ, ਇਹ ਰੁੱਸਣਗੀਆਂ, ਰੌਲਾ ਪਾਉਣਗੀਆਂ, ਲੜਨਗੀਆਂ।
ਇਹੀ ਮਨੁੱਖਾ ਬਚਪਨ ਹੈ। ਜਦੋਂ ਇਹ ਵੱਡੀਆਂ ਹੋਣਗੀਆਂ ਤਾਂ ਅੱਜ ਵਾਲੇ ਦਿਨ ਚੇਤੇ ਕਰਿਆ ਕਰਨਗੀਆਂ। ਬਚਪਨ ਦੀਆਂ ਇਹ ਯਾਦਾਂ ਇਨ੍ਹਾਂ ਨੂੰ ਸਕੂਨ ਦੇਣਗੀਆਂ, ਜਿਵੇਂ ਸਾਨੂੰ ਦਿੰਦੀਆਂ।
ਹਰ ਇਨਸਾਨ ਚਾਹੁੰਦਾ ਹੈ ਕਿ ਬਚਪਨ ਦੇ ਦਿਨ ਮੁੜ ਆਉਣ, ਪਰ ਉਹ ਮੁੜਦੇ ਨਹੀਂ ਤੇ ਹਰ ਇਨਸਾਨ ਚਾਹੁੰਦਾ ਹੈ ਕਿ ਜ਼ਿੰਮੇਵਾਰੀਆਂ, ਮੁਸ਼ਕਿਲਾਂ, ਤੰਗੀਆਂ-ਤੁਰਸ਼ੀਆਂ, ਔਖ ਵਾਲੇ ਦਿਨ ਛੇਤੀ ਨਿਕਲ ਜਾਣ, ਪਰ ਉਹ ਨਿਕਲਦੇ ਨਹੀਂ। ਇਹੀ ਬਚਪਨ ਦੀ ਖਾਸੀਅਤ ਹੈ ਕਿ ਚੋਰ ਭਲਾਈਆਂ ਦੇ ਕੇ ਨਿਕਲ ਜਾਂਦਾ।


-37, ਪ੍ਰੀਤ ਇਨਕਲੇਵ, ਲੱਧੇਵਾਲੀ, ਜਲੰਧਰ।
ਮੋਬਾਈਲ : 98141-78883

ਕਿੰਨੂ ਦੀ 'ਪ੍ਰੋਸੈਸਿੰਗ' ਲਈ ਵਿਕਸਤ ਤਕਨੀਕਾਂ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਕਿੰਨੂ ਦੀ ਸਕੈਸ਼: ਫ਼ਲ ਦੇ ਰਸ ਅਤੇ ਚੀਨੀ ਦਾ ਮਿਸ਼ਰਣ ਬਣਾ ਕੇ ਸਕੈਸ਼ ਬਣਾਈ ਜਾਂਦੀ ਹੈ। 1 ਕਿ.ਗ੍ਰ. ਕਿੰਨੂ ਦੇ ਜੂਸ ਦੀ ਸਕੈਸ਼ ਤਿਆਰ ਕਰਨ, 1.35 ਕਿ.ਗ੍ਰ. ਚੀਨੀ, 650 ਮਿ.ਲੀ. ਪਾਣੀ, 30 ਗ੍ਰਾਮ ਸਿਟ੍ਰਿਕ ਐਸਿਡ ਅਤੇ 1.2 ਗ੍ਰਾਮ ਪੋਟਾਸ਼ੀਅਮ ਮੈਟਾਬਾਈਸਲਫਾਈਟੲ ਦੀ ਲੋੜ ਪੈਂਦੀ ਹੈ। ਪਾਣੀ ਵਿਚ ਲੋੜੀਂਦੀ ਮਾਤਰਾ ਵਿਚ ਚੀਨੀ ਅਤੇ ਐਸਿਡ ਮਿਲਾ ਕੇ ਇਸ ਨੂੰ ਉਬਾਲ ਲਓ। ਇਸ ਘੋਲ ਨੂੰ ਠੰਢਾ ਕਰਕੇ ਮਲਮਲ ਦੇ ਕੱਪੜੇ ਨਾਲ ਛਾਣ ਲਵੋ। ਹੌਲੀ-ਹੌਲੀ ਰਲਾਓ ਅਤੇ ਇਸ ਘੋਲ ਵਿਚ ਕਿੰਨੂ ਦਾ ਜੂਸ ਪਾ ਕੇ ਇਸ ਘੋਲ ਨੂੰ ਹਿਲਾਉਂਦੇ ਰਹੋ। ਥੋੜ੍ਹੇ ਜਿਹੇ ਜੂਸ ਵਿਚ ਪੋਟਾਸ਼ੀਅਮ ਬੈਂਜ਼ੋਏਟ ਨੂੰ ਘੋਲੋ ਅਤੇ ਫਿਰ ਇਸ ਘੋਲ ਨੂੰ ਸਾਰੇ ਮਿਸ਼ਰਣ ਵਿਚ ਰਲਾ ਦਿਓ। ਇਸ ਸਕੈਸ਼ ਨੂੰ ਬੋਤਲਾਂ ਵਿਚ ਭਰ ਕੇ ਇਨ੍ਹਾਂ ਨੂੰ ਬੰਦ ਕਰ ਦਿਓ। ਵਰਤੋਂ ਤੋਂ ਪਹਿਲਾਂ ਇਸ ਸਕੈਸ਼ ਨੂੰ ਪਾਣੀ ਵਿਚ ਪਾ ਕੇ ਪਤਲਾ ਕੀਤਾ ਜਾਂਦਾ ਹੈ।
ਕਿੰਨੂ ਤੋਂ ਰੈਡੀ ਟੂ ਸਰਵ ਪੇਅ ਪਦਾਰਥ: ਚੀਨੀ, ਐਸਿਡ ਅਤੇ ਪਾਣੀ ਨੂੰ ਲੋੜੀਂਦੀ ਮਾਤਰਾ ਵਿਚ ਇਕ ਸਟੀਲ ਦੀ ਕੇਤਲੀ ਵਿਚ ਪਾ ਕੇ ਘੋਲ ਤਿਆਰ ਕੀਤਾ ਜਾਂਦਾ ਹੈ। ਇਸ ਘੋਲ ਵਿਚ ਕਿੰਨੂ ਦਾ ਜੂਸ (20 ਫ਼ੀਸਦੀ) ਰਲਾ ਕੇ ਇਸ ਨੂੰ ਮਲਮਲ ਦੇ ਕਪੜੇ ਨਾਲ ਛਾਣਿਆ ਜਾਂਦਾ ਹੈ। ਇਸ ਘੋਲ ਦੀ ਕੁੱਲ ਘੁਲਣਸ਼ੀਲ ਸ਼ੂਗਰ 10 ਅਤੇ ਖਟਾਸ 0.25 ਫ਼ੀਸਦੀ ਰੱਖੀ ਜਾਂਦੀ ਹੈ। ਇਸ ਘੋਲ ਨੂੰ 80-82 ਡਿਗਰੀ ਤਾਪਮਾਨ ਉਪਰ ਕੱਚ ਦੀਆਂ ਬੋਤਲਾਂ ਵਿਚ ਭਰਿਆ ਜਾਂਦਾ ਹੈ। ਇਨ੍ਹਾਂ ਬੋਤਲਾਂ ਨੂੰ ਡਾਟ (ਕੋਰਕ) ਨਾਲ ਬੰਦ ਕਰਕੇ 20 ਮਿੰਟ ਤੱਕ ਉਬਲਦੇ ਪਾਣੀ ਵਿਚ ਰੱਖਿਆ ਜਾਂਦਾ ਹੈ।
ਕਿੰਨੂ ਨੈਕਟਰ: ਇਕ ਸਟੀਲ ਦੀ ਕੇਤਲੀ ਵਿਚ ਚੀਨੀ ਦਾ ਘੋਲ ਤਿਆਰ ਕੀਤਾ ਜਾਂਦਾ ਹੈ। ਇਸ ਘੋਲ ਵਿਚ ਕਿੰਨੂ ਦਾ ਜੂਸ (20 ਫ਼ੀਸਦੀ) ਰਲਾ ਕੇ ਇਸ ਨੂੰ ਮਲਮਲ ਦੇ ਕੱਪੜੇ ਨਾਲ ਛਾਣਿਆ ਜਾਂਦਾ ਹੈ। ਇਸ ਘੋਲ ਦੀ ਕੁੱਲ ਘੁਲਣਸ਼ੀਲ ਸ਼ੂਗਰ 15 ਫ਼ੀਸਦੀ ਅਤੇ ਖਟਾਸ 0.32 ਫ਼ੀਸਦੀ ਰੱਖੀ ਜਾਂਦੀ ਹੈ। ਇਸ ਘੋਲ ਨੂੰ 80-82 ਫ਼ੀਸਦੀ ਤਾਪਮਾਨ ਉਪਰ ਕੱਚ ਦੀਆਂ ਬੋਤਲਾਂ ਵਿਚ ਭਰਿਆ ਜਾਂਦਾ ਹੈ। ਇਨ੍ਹਾਂ ਬੋਤਲਾਂ ਨੂੰ ਡਾਟ (ਕੋਰਕ) ਨਾਲ ਬੰਦ ਕਰਕੇ 20 ਮਿੰਟ ਤੱਕ ਉਬਲਦੇ ਪਾਣੀ ਵਿਚ ਰੱਖਿਆ ਜਾਂਦਾ ਹੈ।
ਕਿੰਨੂ-ਅਮਰੂਦ ਦਾ ਮਿਸ਼ਰਣ: ਚੀਨੀ, ਐਸਿਡ ਅਤੇ ਪਾਣੀ ਨੂੰ ਲੋੜੀਂਦੀ ਮਾਤਰਾ ਵਿਚ ਇਕ ਸਟੀਲ ਦੀ ਕੇਤਲੀ ਵਿਚ ਪਾ ਕੇ ਘੋਲ ਤਿਆਰ ਕੀਤਾ ਜਾਂਦਾ ਹੈ। ਇਸ ਘੋਲ ਵਿਚ ਕਿੰਨੂ ਦਾ ਜੂਸ ਅਤੇ ਅਮਰੂਦ ਦਾ ਗੁੱਦਾ (40 ਫ਼ੀਸਦੀ) ਪਾਇਆ ਜਾਂਦਾ ਹੈ। ਇਸ ਮਿਸ਼ਰਣ ਨੂੰ 3 ਮਿੰਟ ਲਈ 82 ਫ਼ੀਸਦੀ ਤਾਪਮਾਨ ਉਪਰ ਹੋਮੋਜੀਨਾਈਜ਼ ਕਰਨ ਮਗਰੋਂ ਪਾਸਚੂਰਾਈਜ਼ ਕੀਤਾ ਜਾਂਦਾ ਹੈ। ਇਸ ਘੋਲ ਦੀ ਕੁੱਲ ਘੁਲਣਸ਼ੀਲ ਸ਼ੂਗਰ 12 ਅਤੇ ਖਟਾਸ 0.03 ਫ਼ੀਸਦੀ ਰੱਖੀ ਜਾਂਦੀ ਹੈ। ਇਸ ਘੋਲ ਨੂੰ 80-82 ਫ਼ੀਸਦੀ ਤਾਪਮਾਨ ਉਪਰ ਕੱਚ ਦੀਆਂ ਬੋਤਲਾਂ ਵਿਚ ਭਰਿਆ ਜਾਂਦਾ ਹੈ। ਇਨ੍ਹਾਂ ਬੋਤਲਾਂ ਨੂੰ ਡਾਟ (ਕੋਰਕ) ਨਾਲ ਬੰਦ ਕਰਕੇ 20 ਮਿੰਟ ਤੱਕ ਉਬਲਦੇ ਪਾਣੀ ਵਿਚ ਰੱਖਿਆ ਜਾਂਦਾ ਹੈ।
ਕਿੰਨੂ-ਅੰਬ ਦਾ ਮਿਸ਼ਰਣ: ਚੀਨੀ, ਐਸਿਡ ਅਤੇ ਪਾਣੀ ਨੂੰ ਲੋੜੀਂਦੀ ਮਾਤਰਾ ਵਿਚ ਇਕ ਸਟੀਲ ਦੀ ਕੇਤਲੀ ਵਿਚ ਪਾ ਕੇ ਘੋਲ ਤਿਆਰ ਕੀਤਾ ਜਾਂਦਾ ਹੈ। ਇਸ ਘੋਲ ਵਿਚ ਕਿੰਨੂ ਦਾ ਜੂਸ ਅਤੇ ਅੰਬ ਦਾ ਗੁੱਦਾ (35%) ਪਾਇਆ ਜਾਂਦਾ ਹੈ ਅਤੇ ਉਪਰੋਕਤ ਵਿਧੀ ਰਾਹੀਂ ਕਿੰਨੂ-ਅੰਬ ਦਾ ਮਿਸ਼ਰਣ ਤਿਆਰ ਕੀਤਾ ਜਾਂਦਾ ਹੈ।
ਸਸਪੈਂਡਿਡ ਗੁੱਦੇ ਨਾਲ ਕਿੰਨੂ ਦਾ ਜੂਸ: ਕਿੰਨੂ ਦੇ ਜੂਸ ਨੂੰ 3 ਮਿੰਟ ਲਈ 7200 ਰਪਮ ਅਤੇ 3 ਮਿੰਟ ਲਈ 3600 ਰਪਮ ਉਪਰ ਹੋਮੋਜੀਨਾਈਜ਼ੇਸ਼ਨ ਕਰਕੇ ਇਸ ਵਿਚ 0.4ਫ਼ੀਸਦੀ ਛੰਛ+0.4 ਫ਼ੀਸਦੀ ਸੋਡੀਅਮਲ ਐਲਜ਼ੀਨੇਟ ਪਾ ਕੇ ਇਸ ਨੂੰ "ਗੁੱਦੇ ਵਾਲੇ ਜੂਸ" ਵਿਚ ਤਬਦੀਲ ਕੀਤਾ ਜਾਂਦਾ ਹੈ। ਪੰਜਾਬ ਐਗਰੋ ਜੂਸਿੰਗ ਕਾਰਪੋਰੇਸ਼ਨ ਨੇ ਇਸ ਕੰਮ ਦਾ ਵਪਾਰੀਕਰਨ ਕੀਤਾ ਹੈ।
ਕਿੰਨੂ ਤੋਂ ਬਣਨ ਵਾਲੇ ਹੋਰ ਪਦਾਰਥ : ਕਿੰਨੂ ਦੇ ਛਿਲਕੇ ਦੀ ਵਰਤੋਂ: ਕਿੰਨੂ ਦੇ ਛਿਲਕੇ ਨੂੰ ਛਾਂ ਵਿਚ ਜਾਂ ਫਿਰ 55 ਡਿਗਰੀ ਤਾਪਮਾਨ ਉੱਪਰ 5-7 ਘੰਟਿਆਂ ਲਈ ਕੈਬੀਨੇਟ ਡਰਾਇਰ ਵਿਚ ਸੁਕਾਇਆ ਜਾਂਦਾ ਹੈ। ਕਿੰਨੂ ਦੇ ਇਸ ਛਿਲਕੇ ਨੂੰ ਆਈਸਕ੍ਰੀਮ ਅਤੇ ਹੋਰ ਬੇਕਰੀ ਉਤਪਾਦਾਂ ਵਿਚ ਵਰਤਿਆ ਜਾ ਸਕਦਾ ਹੈ।
ਕਿੰਨੂ ਲੈਧਰ: ਕਿੰਨੂ ਦਾ ਜੂਸ ਤਿਆਰ ਕਰਨ ਮਗਰੋਂ ਬਚੀ ਰਹਿੰਦ-ਖੂੰਹਦ ਨੂੰ ਫਰੂਟ ਬਾਰ ਬਣਾਉਣ ਲਈ ਵਰਤਿਆ ਜਾਂਦਾ ਹੈ। ਇਹ ਵਧੇਰੇ ਰੇਸ਼ੇ ਵਾਲੇ ਹੁੰਦੇ ਹਨ ਅਤੇ ਐਂਟੀਆਕਸੀਡੇਂਟ ਗੁੱਣਾਂ ਪੱਖੋਂ ਬਹੁਤ ਗੁਣਕਾਰੀ ਹੁੰਦੇ ਹਨ। ਇਨ੍ਹਾਂ ਨੂੰ ਬਣਾਉਣ ਲਈ ਕਿੰਨੂ, ਅਮਰੂਦ ਅਤੇ ਅੰਗੂਰਾਂ ਦੀ ਰਹਿੰਦ-ਖੂੰਹਦ ਇਕੱਠੀ ਕੀਤੀ ਜਾਂਦੀ ਹੈ। ਇਸ ਵਿਚ 20 ਫ਼ੀਸਦੀ ਚੀਨੀ ਅਤੇ 0.2 ਫ਼ੀਸਦੀ ਸਿਟ੍ਰਿਕ ਐਸਿਡ ਮਿਲਾ ਕੇ ਇਸ ਨੂੰ 2-5 ਮਿੰਟ ਲਈ ਪਕਾਇਆ ਜਾਂਦਾ ਹੈ। ਇਸ ਘੋਲ ਨੂੰ ਘੱਟ ਸੇਕ 'ਤੇ ਉਦੋਂ ਤੱਕ ਪਕਾਇਆ ਜਾਂਦਾ ਜਦੋਂ ਤੱਕ ਇਹ ਗਾੜ੍ਹਾ ਨਾ ਹੋ ਜਾਵੇ। ਪਲਾਸਟਿਕ ਦੀ ਸ਼ੀਟ ਨੂੰ ਵਿਛਾ ਕੇ ਇਸ ਘੋਲ ਨੂੰ ਉਸ ਉਪਰ ਖਿਲਾਰ ਦਿਓ। ਇਸ ਗੁੱਦੇ ਨੂੰ 55 ਫ਼ੀਸਦੀ ਤਾਪਮਾਨ ਉਪਰ ਟ੍ਰੇਅ ਡਰਾਇਰ ਵਿਚ ਸੁਕਾ ਲਵੋ। ਇਨ੍ਹਾਂ ਜੂਸ ਬਾਰਾਂ ਵਿਚ ਫਿਨੋਲ, ਐਂਟੀਆਕਸੀਡੈਂਟ, ਐਸਕਾਰਬਿਕ ਐਸਿਡ ਅਤੇ ਐਂਥੋਸਾਇਅਨਿਨਸ ਦੀ ਭਰਮਾਰ ਹੁੰਦੀ ਹੈ।
ਕਿੰਨੂ ਦੇ ਛਿਲਕੇ ਦੀ ਆਈਸਕ੍ਰੀਮ: ਕਿੰਨੂ ਦੇ ਛਿਲਕੇ ਨੂੰ ਧੋ ਕੇ ਛਿਲਕੇ ਦੇ ਅੰਦਰ ਲੱਗੇ ਚਿੱਟੇ ਹਿੱਸੇ ਨੂੰ ਵੱਖ ਕੀਤਾ ਜਾਂਦਾ ਹੈ। ਇਨ੍ਹਾਂ ਸਾਫ਼ ਛਿਲਕਿਆਂ ਨੂੰ ਟੁਕੜਿਆਂ ਵਿਚ ਕੱਟ ਕੇ ਆਈਸਕ੍ਰੀਮ ਵਿਚ 3 ਫ਼ੀਸਦੀ ਪੱਧਰ ਤੱਕ ਪਾਇਆ ਜਾਂਦਾ ਹੈ। 10 ਫ਼ੀਸਦੀ ਫੈਡ, 11 ਫ਼ੀਸਦੀ ਸੋਲਿਡ ਨਾਟ ਫੈਟ, 15 ਫ਼ੀਸਦੀ ਖੰਡ, 0.3 ਫ਼ੀਸਦੀ ਸਟੇਬੇਲਾਈਜ਼ਰ, 0.1 ਫ਼ੀਸਦੀ ਐਮਲਸੀਫਾਇਰ ਅਤੇ ਕਿੰਨੂ ਦੇ ਛਿਲਕੇ ਦੀ ਲੋੜੀਂਦੀ ਮਾਤਰਾ ਦੇ ਘੋਲ ਤੋਂ ਮੱਝ ਦੇ ਦੁੱਧ, ਕ੍ਰੀਮ, ਸਕਿਮ ਮਿਲਕ ਪਾਊਡਰ, ਸ਼ੂਗਰ, ਸੋਡੀਅਮ ਐਲਜ਼ੀਨੇਟ ਅਤੇ ਗਲੀਸਰੋਲ ਮੋਨੋਸਟੀਰੇਟ ਦੀ ਵਰਤੋਂ ਕਰਕੇ ਆਈਸਕ੍ਰੀਮ ਤਿਆਰ ਕੀਤੀ ਜਾਂਦੀ ਹੈ। ਕਿੰਨੂ ਦਾ ਛਿਲਕਾ ਪਾਉਣ ਨਾਲ ਆਈਸਕ੍ਰੀਮ ਦੀ ਦਿੱਖ, ਸੁਆਦ ਅਤੇ ਪੌਸ਼ਟਿਕਤਾ ਵਿਚ ਵਾਧਾ ਹੁੰਦਾ ਹੈ।
ਕਿੰਨੂ ਦੇ ਛਿਲਕੇ ਦੀ ਕੈਂਡੀ: ਕਿੰਨੂ ਤੋਂ ਕੈਂਡੀ ਬਣਾਉਣ ਲਈ, ਬਿਨਾਂ ਛਿੱਲੇ ਹੋਏ ਫ਼ਲ ਲਏ ਜਾਂਦੇ ਹਨ। ਇਸ ਨੂੰ ਉਸੇ ਵਿਧੀ ਨਾਲ ਬਣਾਇਆ ਜਾਂਦਾ ਹੈ ਜਿਸ ਵਿਧੀ ਨਾਲ ਕਿੰਨੂ ਕੈਂਡੀ ਬਣਾਈ ਜਾਂਦੀ ਹੈ। ਸਿਰਫ ਚੀਨੀ ਦੀ ਘਣਤਾ ਥੋੜ੍ਹੀ ਵਧੇਰੇ ਹੁੰਦੀ ਹੈ। ਇਸ ਕੈਂਡੀ ਨੂੰ ਬੇਕਰੀ ਵਿਚ ਕੇਕ, ਕੁਕੀਸ, ਸਟੀਮਡ ਪਡਿੰਗਸ (ਗੁਲਗੁਲੇ), ਮਿੱਟੀ ਬ੍ਰੈਡ ਅਤੇ ਮੁਰੱਬੇ ਵਿਚ ਵੀ ਵਰਤਿਆ ਜਾ ਸਕਦਾ ਹੈ। (ਸਮਾਪਤ)


-ਫੂਡ ਸਾਇੰਸ ਅਤੇ ਟੈਕਨਾਲੋਜੀ ਵਿਭਾਗ, ਮੋਬਾਈਲ : 98550-55871


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX