ਤਾਜਾ ਖ਼ਬਰਾਂ


ਆਈ.ਪੀ.ਐੱਲ 2019 : ਰਾਜਸਥਾਨ ਨੇ ਕੋਲਕਾਤਾ ਨੂੰ 3 ਵਿਕਟਾਂ ਨਾਲ ਹਰਾਇਆ
. . .  1 day ago
ਆਈ.ਪੀ.ਐੱਲ 2019 : ਕੋਲਕਾਤਾ ਨੇ ਰਾਜਸਥਾਨ ਨੂੰ 176 ਦੌੜਾਂ ਦਾ ਦਿੱਤਾ ਟੀਚਾ
. . .  1 day ago
ਟਰੱਕ ਡਰਾਈਵਰ ਵੱਲੋਂ ਖ਼ੁਦਕੁਸ਼ੀ
. . .  1 day ago
ਅਜੀਤਵਾਲ, 25 ਅਪ੍ਰੈਲ (ਸ਼ਮਸ਼ੇਰ ਸਿੰਘ ਗਾਲ਼ਿਬ) - ਮੋਗਾ ਬਲਾਕ ਦੇ ਪਿੰਡ ਮਟਵਾਣੀ ਵਿਖੇ ਇੱਕ ਟਰੱਕ ਡਰਾਈਵਰ ਨੇ ਸੜਕ 'ਤੇ ਪੈਂਦੇ ਰਜਵਾਹੇ 'ਤੇ ਦਰਖਤ ਨਾਲ ਫਾਹਾ ਲੈ ਕੇ ਆਪਣੀ ਜੀਵਨ...
ਆਈ.ਪੀ.ਐੱਲ 2019 : ਟਾਸ ਜਿੱਤ ਕੇ ਰਾਜਸਥਾਨ ਵੱਲੋਂ ਕੋਲਕਾਤਾ ਨੂੰ ਪਹਿਲਾ ਬੱਲੇਬਾਜ਼ੀ ਦਾ ਸੱਦਾ
. . .  1 day ago
ਕਰਜ਼ੇ ਕਾਰਨ ਕਿਸਾਨ ਨੇ ਕੀਤੀ ਖ਼ੁਦਕੁਸ਼ੀ
. . .  1 day ago
ਫ਼ਤਿਹਗੜ੍ਹ ਸਾਹਿਬ, 25 ਅਪ੍ਰੈਲ (ਅਰੁਣ ਅਹੂਜਾ) - ਨਜ਼ਦੀਕੀ ਪਿੰਡ ਪੱਤੋ ਵਿਖੇ ਇਕ ਬਜ਼ੁਰਗ ਕਿਸਾਨ ਵੱਲੋਂ ਕਰਜ਼ੇ ਕਾਰਨ ਜ਼ਹਿਰੀਲੀ ਚੀਜ਼ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰਨ...
ਪਟਿਆਲਾ ਜੇਲ੍ਹ ਦੇ 4 ਅਧਿਕਾਰੀ ਮੁਅੱਤਲ
. . .  1 day ago
ਚੰਡੀਗੜ੍ਹ, 25 ਅਪ੍ਰੈਲ - ਜੇਲ੍ਹ ਮੰਤਰੀ ਪੰਜਾਬ ਸੁਖਜਿੰਦਰ ਸਿੰਘ ਰੰਧਾਵਾ ਦੇ ਹੁਕਮਾਂ 'ਤੇ ਜੇਲ੍ਹ ਨਿਯਮਾਂ ਦੀ ਉਲੰਘਣਾ ਕਰਨ 'ਤੇ ਪਟਿਆਲਾ ਜੇਲ੍ਹ ਦੇ 4 ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ...
27 ਅਤੇ 28 ਨੂੰ ਨਹੀ ਲਏ ਜਾਣਗੇ ਨਾਮਜ਼ਦਗੀ ਪੱਤਰ - ਸੀ.ਈ.ਓ ਡਾ. ਰਾਜੂ
. . .  1 day ago
ਚੰਡੀਗੜ੍ਹ, 25 ਅਪ੍ਰੈਲ - ਮੁੱਖ ਚੋਣ ਅਧਿਕਾਰੀ ਪੰਜਾਬ ਡਾ. ਐੱਸ ਕਰੁਣਾ ਰਾਜੂ ਨੇ ਦੱਸਿਆ ਕਿ 27 ਅਤੇ 28 ਅਪ੍ਰੈਲ ਨੂੰ ਲੋਕ ਸਭਾ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖਲ ਨਹੀ ਕਰਵਾਏ ਜਾ ਸਕਣਗੇ। ਉਨ੍ਹਾਂ ਦੱਸਿਆ ਕਿ 27 ਅਪ੍ਰੈਲ ਜੋ ਕਿ ਮਹੀਨੇ ਦਾ ਚੌਥਾ ਸ਼ਨੀਵਾਰ...
ਸਾਬਕਾ ਫੌਜ ਮੁਖੀ ਜਨਰਲ ਦਲਬੀਰ ਸਿੰਘ ਸੁਹਾਗ ਸੈਸ਼ੇਲਸ ਗਣਰਾਜ 'ਚ ਭਾਰਤ ਦੇ ਹਾਈ ਕਮਿਸ਼ਨਰ ਨਿਯੁਕਤ
. . .  1 day ago
ਨਵੀਂ ਦਿੱਲੀ, 25 ਅਪ੍ਰੈਲ - ਸਾਬਕਾ ਫੌਜ ਮੁਖੀ ਜਨਰਲ ਦਲਬੀਰ ਸਿੰਘ ਸੁਹਾਗ ਨੂੰ ਸੈਸ਼ੇਲਸ ਗਣਰਾਜ 'ਚ ਭਾਰਤ ਦਾ ਹਾਈ ਕਮਿਸ਼ਨਰ ਨਿਯੁਕਤ ਕੀਤਾ ਗਿਆ...
ਪ੍ਰਧਾਨ ਮੰਤਰੀ ਵੱਲੋਂ ਵਾਰਾਨਸੀ 'ਚ ਕੱਢਿਆ ਗਿਆ ਰੋਡ ਸ਼ੋਅ
. . .  1 day ago
ਵਾਰਾਨਸੀ, 25 ਅਪ੍ਰੈਲ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਅੱਜ ਉੱਤਰ ਪ੍ਰਦੇਸ਼ ਦੇ ਵਾਰਾਨਸੀ 'ਚ ਰੋਡ ਸ਼ੋਅ ਕੱਢਿਆ ਗਿਆ। ਉਨ੍ਹਾਂ ਨਾਲ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ...
1993 ਮੁੰਬਈ ਬੰਬ ਧਮਾਕਿਆਂ ਦੇ ਦੋਸ਼ੀ ਅਬਦੁਲ ਗਨੀ ਤੁਰਕ ਦੀ ਮੌਤ
. . .  1 day ago
ਨਾਗਪੁਰ, 25 ਅਪ੍ਰੈਲ - 1993 ਦੇ ਮੁੰਬਈ ਬੰਬ ਧਮਾਕਿਆਂ ਦੇ ਦੋਸ਼ੀ ਅਬਦੁਲ ਗਨੀ ਤੁਰਕ ਦੀ ਨਾਗਪੁਰ ਦੇ ਹਸਪਤਾਲ 'ਚ ਮੌਤ ਹੋ ਗਈ। ਉਹ ਨਾਗਪੁਰ ਸੈਂਟਰਲ ਜੇਲ੍ਹ 'ਚ ਬੰਦ...
ਹੋਰ ਖ਼ਬਰਾਂ..

ਦਿਲਚਸਪੀਆਂ

ਕਦੇ-ਕਦੇ ਹੱਸਣਾ ਵੀ ਚਾਹੀਦੈ...

* ਹਮੇਸ਼ਾ ਦਫ਼ਤਰ ਤੋਂ ਲੇਟ ਆਉਣ ਵਾਲਾ ਪਤੀ ਇਕ ਵਾਰ ਆਪਣੇ ਰੋਜ਼ਾਨਾ ਸਮੇਂ ਤੋਂ ਕਾਫ਼ੀ ਪਹਿਲਾਂ ਘਰ ਆ ਗਿਆ। ਪਤਨੀ ਵੇਖਦਿਆਂ ਹੀ ਹੈਰਾਨ ਹੁੰਦੀ ਹੈ ਅਤੇ ਛੇਤੀ ਆਉਣ ਦਾ ਕਾਰਨ ਪੁੱਛਦੀ ਹੈ।
ਅੱਗੋਂ ਪਤੀ ਦਾ ਜਵਾਬ ਸੀ ਕਿ ਮੇਰਾ ਅੱਜ ਆਪਣੇ ਬੌਸ ਨਾਲ ਝਗੜਾ ਹੋ ਗਿਆ ਤੇ ਉਹ ਕਹਿੰਦਾ ਕਿ 'ਜਾਹ ਚਲਾ ਜਾ ਇਥੋਂ, ਕਿਸੇ ਨਰਕ ਵਿਚ।' ਫਿਰ ਮੈਂ ਘਰ ਆ ਗਿਆ।
* ਇਕ ਵਾਰੀ ਘਰ ਵਾਲੀ ਪੇਕੇ ਗਈ ਹੋਈ ਸੀ। ਪਿੱਛੋਂ ਘਰਵਾਲੇ ਨੂੰ ਬੁਖਾਰ ਤੇ ਸਿਰਦਰਦ ਹੋ ਗਿਆ। ਡਾਕਟਰ ਨੇ ਦਵਾਈ ਦੇ ਦਿੱਤੀ। ਜਦੋਂ ਦੂਜੇ ਦਿਨ ਡਾਕਟਰ ਨੇ ਪੁੱਛਿਆ ਕਿ ਹੁਣ ਤੁਹਾਡਾ ਸਿਰਦਰਦ ਠੀਕ ਹੈ, ਅੱਗੋਂ ਘਰਵਾਲੇ ਨੇ ਜਵਾਬ ਦਿੱਤਾ ਕਿ, 'ਹਾਂ ਜੀ ਠੀਕ ਹੈ। ਉਹ ਸ਼ਹਿਰ ਤੋਂ ਬਾਹਰ (ਆਊਟ ਆਫ਼ ਸਟੇਸ਼ਨ) ਹੈ।' ਗੱਲ ਸਮਝ ਆਉਣ 'ਤੇ ਡਾਕਟਰ ਵੀ ਹੱਸ ਪਿਆ।

-ਨਰਿੰਦਰਪਾਲ ਕੌਰ
ਪਟਿਆਲਾ।


ਖ਼ਬਰ ਸ਼ੇਅਰ ਕਰੋ

ਵਿਅੰਗ: ਕਿਉਂ - ਆਇਆ ਸੁਆਦ

ਮੇਰੇ ਕੋਲ ਦਫ਼ਤਰ ਜਾਣ ਆਉਣ ਲਈ ਸਕੂਟਰ ਐ। ਤੇ ਮੇਰੀ ਘਰਵਾਲੀ ਕੋਲ ਕਾਰ ਐ। ਉਸ ਦੀ ਕਾਰ 'ਚ ਪੈਟਰੋਲ ਪੁਆਉਣ ਦੀ ਡਿਊਟੀ ਮੇਰੀ ਐ।
ਇਕ ਦਿਨ ਕਿਸੇ ਗੱਲ ਤੋਂ ਸਾਡੇ ਦੋਵਾਂ ਮੀਆਂ-ਬੀਬੀ 'ਚ ਨੋਕ-ਝੋਕ ਹੋ ਗਈ ਤੇ ਆਪਸ 'ਚ ਬੋਲਚਾਲ ਬੰਦ ਹੋ ਗਈ।
ਮੈਡਮ ਦੀ ਗੱਡੀ 'ਚ ਪੈਟਰੋਲ ਵੀ ਪੁਆਉਣ ਵਾਲਾ ਸੀ। ਰਾਤ ਨੂੰ ਮੈਂ ਵੇਖਿਆ ਮੇਰੀ ਮੈਡਮ...।
... ਬਈ ਸੌਂ ਜਾ... ਸਵੇਰੇ ਜਲਦੀ ਉਠਣੈ...। ਮੈਂ ਪੈਟਰੋਲ ਵੀ ਪੁਆਉਣੈ।
ਬਈ ਅਲਾਰਮ ਲਾ ਲਵਾਂ... ਸਵੇਰੇ ਮੈਂ ਜਲਦੀ ਉਠੂੰ ਤਾਈਂ ਪੈਟਰੋਲ ਪੁਆਊਂ।
ਮੈਂ ਗੱਲ ਨੂੰ ਅਣਸੁਣੀ ਜਿਹੀ ਕਰਦੇ ਕੰਨ ਲਪੇਟੀ ਪਿਆ ਰਿਹਾ। ਸਵੇਰੇ ਉੱਠਦੇ ਮੈਡਮ ਕਹਿੰਦੀ... ਮੈਂ ਕਿਹਾ ਜੀ... ਸੁਣਦੇ ਨੀ... ਬੋਲਦੇ ਨੀਂ...।
ਮੈਡਮ ਤੂੰ ਬੁਲਾਇਆ ਈ ਕਦੋਂ ਐਂ ਜਿਹੜਾ ਮੈਂ ਬੋਲਿਆ ਨੀ। ਉਹ ਹੋ... ਇਹ ਜਨਾਨੀਆਂ ਦੇ ਬੁਲਾਉਣ ਦਾ ਤਰੀਕਾ ਹੁੰਦੈ।
ਅੱਛਾ, ਮੈਂ ਮਨ 'ਚ ਸੋਚਿਆ... ਤਰੀਕਾ ਇਕ ਹੋਵੇ ਤਾਂ ਯਾਦ ਰੱਖੀਏ।
-ਅੱਛਾ ਮੈਂ ਪੁੱਛਦੀ ਸੀ ਮੈਂ ਪੈਟਰੋਲ ਕਿੱਥੋਂ ਪੁਆਵਾਂ।
-ਮੇਰੇ ਖ਼ਿਆਲ 'ਚ ਮੈਡਮ ਪੈਟਰੋਲ ਤਾਂ ਪੈਟਰੋਲ ਪੰਪ ਤੋਂ ਈ ਪੁਆਉਣਾ ਪਊ। -ਉਹ ਹੋ... ਉਹ ਤਾਂ ਮੈਨੂੰ ਵੀ ਪਤੈ ਮੇਰਾ ਮਤਲਬ ਸੀ ਕਿਹੜੇ ਪੰਪ ਤੋਂ ਪੁਆਵਾਂ।
ਕਿਸੇ ਤੋਂ ਪੁਆ ਲੈ। ਸਭ ਨੇ ਪੈਸੇ ਲੈ ਕੇ ਈ ਪਾਉਣੈ। ਮੈਂ ਹੌਲੀ ਜਿਹੀ ਬੋਲਿਆ।
ਉਹ ਹੋ... ਇਕ ਤਾਂ ਨਾ... ਬੁੜ-ਬੁੜ ਕਰਦੀ ਚਾਬੀ ਚੱਕ ਕੇ ਚਲੀ ਗਈ।
ਸ਼ਾਮ ਨੂੰ ਆਈ ਤਾਂ ਆਉਂਦੇ ਈ ਆਪਣਾ ਪਰਸ ਰੱਖ ਕੇ ਕਹਿੰਦੀ, ਮੈਂ ਕਿਹਾ ਜੀ... ਮੈਂ ਕੀ ਕਹਿਨੀ ਐਂ...।
ਮੈਡਮ ਕੁਝ ਕਹੇਂਗੀ ਤਾਂ ਈ ਪਤਾ ਲੱਗੂ। ਹੁਣ ਮੈਨੂੰ ਕੀ ਪਤੈ ਕੀ ਕਹਿੰਦੀ ਐਂ।
ਇਕ ਤਾਂ ਨਾ...
ਅੱਛਾ, ਚਲੋ ਛੱਡੋ... ਮੈਂ ਕਹਿੰਦੀ ਸੀ ਕਿਹੜਾ ਘਰ ਐ ਜਿਥੇ ਮੀਆਂ-ਬੀਬੀ ਦੀ ਆਪਸ 'ਚ ਨੋਕ-ਝੋਕ ਨਹੀਂ ਹੁੰਦੀ। ਨਾਲੇ ਸਿਆਣੇ ਵੀ ਕਹਿੰਦੇ ਐ ਜਿਥੇ ਦੋ ਭਾਂਡੇ ਹੋਣਗੇ ਥੋੜ੍ਹਾ ਤਾਂ ਖੜਕਣਗੇ ਈ।
ਮੈਨੂੰ ਨੀ ਪਤਾ ਪੈਟਰੋਲ ਤੁਸੀਂ ਹੀ ਪੁਆਇਆ ਕਰੋ। ਕਿਉਂ ਕੀ ਹੋਇਆ... ਮੈਂ ਬੜੀ ਹੈਰਾਨੀ ਨਾਲ ਪੁੱਛਿਆ।
ਹੋਣਾ ਕੀ ਐ... ਮੈਂ ਜਾ ਕੇ ਗੱਡੀ ਪੰਪ 'ਤੇ ਲਾਈ ਤਾਂ ਪੁੱਛਿਆ ਹਾਂ ਬਈ ਪੈਟਰੋਲ ਕੀ ਰੇਟ ਲਾਇਆ।
ਤਾਂ ਉਹ ਕਹਿੰਦਾ ਮੈਡਮ 80 ਰੁਪਏ ਲੀਟਰ। ਅੱਛਾ, ਜੇ ਮੈਂ 15 ਲੀਟਰ ਪੁਆਵਾਂ ਫਿਰ ਕੀ ਰੇਟ ਲੱਗੂ। ਤਾਂ ਉਹ ਮੇਰੇ ਵੱਲ ਨੂੰ ਵੇਖ ਕੇ ਕਹਿੰਦਾ...
ਮੈਡਮ ਚਾਹੇ 50 ਲੀਟਰ ਪੁਆ ਲਓ ਰੇਟ ਤਾਂ ਉਹ ਹੀ ਰਹੂ।
ਤੁਸੀਂ ਦੱਸੋਂਐਂ ਥੋੜ੍ਹੀ ਹੁੰਦੈ। ਆਪਾਂ ਜਦੋਂ ਕੋਈ ਚੀਜ਼ ਲੈਂਦੇ ਐਂ ਤਾਂ ਥੋੜ੍ਹਾ ਰੇਟ ਤਾਂ ਘੱਟ ਕਰਵਾਉਂਦੇ ਈ ਆਂ। ਐਨੇ ਨੂੰ ਮੇਰੀ ਨਜ਼ਰ ਸੱਜੇ ਪਾਸੇ ਪਈ ਤਾਂ ਉਥੇ ਲਿਖਿਆ ਸੀ ਰੇਟ 70 ਰੁਪਏ। ਮੈਂ ਕਿਹਾ ਓਏ ਤੂੰ ਮੈਨੂੰ ਮੂਰਖ ਬਣਾਉਣੈ। ਤੇਰੇ ਨਾਲ ਆਲਾ 70 ਰੁਪਏ ਪਾ ਰਿਹੈ।
ਤਾਂ ਉਹ ਮੇਰੇ ਵੱਲ ਵੇਖ ਕੇ ਕਹਿੰਦਾ ਮੈਡਮ ਉਹ ਡੀਜਲ ਐ। ਉਹ ਪੁਆ ਲਓ।
ਬਸ ਮੈਨੂੰ ਨੀ ਪਤਾ... ਪੈਟਰੋਲ ਤੁਸੀਂ ਪੁਆਇਆ ਕਰੋ। ਮੇਰੀ ਪੈਟਰੋਲ ਪਵਾਉਣ ਦੀ ਡਿਊਟੀ ਭਾਵੇਂ ਫਿਰ ਲੱਗ ਗਈ ਸੀ, ਪਰ ਮੈਂ ਅੰਦਰੋਂ ਸੋਚ ਰਿਹਾ ਸੀ...
'ਕਿਉਂ ਆਇਆ ਸੁਆਦ, ਹੋਰ ਲੈ ਪੰਗੇ।'

-2221/ਸੀ, ਸੀ. ਐਚ. ਬੀ. ਫਲੈਟਸ, ਸੈਕਟਰ-63. ਚੰਡੀਗੜ੍ਹ।

ਬਾਤਾਂ ਵਾਲੇ ਬਾਈ

ਸਿਆਣੇ ਬੰਦੇ ਦੀ ਮੰਜੀ ਦੁਆਲੇ ਜੁਆਕਾਂ ਦਾ ਝੁਰਮਟ ਲਗਪਗ ਬੀਤੇ ਵੇਲੇ ਦੀ ਗੱਲ ਬਣ ਗਿਆ ਹੈ। ਅਜੋਕੇ ਘਰਾਂ ਵਿਚ ਹਰ ਮੈਂਬਰ ਦਾ ਆਪਣਾ ਕਮਰਾ ਤੇ ਆਪਣਾ ਸੀਮਤ ਦਾਇਰਾ ਹੈ। ਇਕੱਲਤਾ ਦੇ ਜੰਗਲ ਵਿਚੋਂ ਗੁਜ਼ਰਦਿਆਂ ਕਈ ਵਾਰੀ ਕੋਈ ਪੁਰਾਣੀ ਯਾਦ ਆਪ ਮੁਹਾਰੇ ਸੱਜਰੀ ਮਹਿਕ ਬਣ ਕੇ ਕੋਲੋਂ ਲੰਘਦੀ ਹੈ। ਅਤੀਤ ਦੇ ਅਸੀਮ ਅਨੰਤ ਵਿਚ ਸਮਾਏ ਪਾਤਰ ਜਿਵੇਂ ਫਿਰ ਤੋਂ ਗੱਲਾਂ ਕਰਨ ਲਗਦੇ ਹਨ।
ਛੁੱਟੀਆਂ ਵਿਚ ਅਸੀਂ ਆਪਣੇ ਨਾਨਕੇ ਤੇ ਦਾਦਕੇ ਪਿੰਡਾਂ ਦੇ ਗੇੜੇ ਲਾਉਂਦੇ। ਆਪਣੇ ਨਾਨੇ ਨੂੰ ਮਾਮਿਆਂ ਦੀ ਰੀਸੇ ਅਸੀਂ ਵੀ ਬਾਈ ਆਖ਼ਦੇ। ਬਾਈ ਨੇ ਸ਼ਾਮ ਢਲੇ ਘਰ ਪਰਤਣਾ ਅਤੇ ਰੋਟੀ ਟੁੱਕ ਮਗਰੋਂ ਸਭ ਨੇ ਬਾਈ ਦੇ ਮੰਜੇ ਦੁਆਲੇ ਕੱਠੇ ਹੋ ਜਾਣਾ। 'ਬਾਈ ਕਹਾਣੀ ਸੁਣਾ ...' ਆਲ੍ਹਾ ਊਦਲ ਆਲ਼ੀ ... ਜਾਂ ਫਿਰ ਜਾਨੀ ਚੋਰ ... '
'ਚੁੱਪ ਕਰਕੇ ਸੌਂ ਜੋ ਓਇ ਭਾਈ .. ਤੜਕੇ ਸਾਝਰੇ ਮੈਂ ਕੰਮ 'ਤੇ ਜਾਣੈ .. ਬੜੀ ਵਾਟ ਐ ! ਸੌਣ ਦਿਓ ਘੜੀ ਬਿੰਦ...'
'ਨਹੀਂ ਬਾਈ... ਚੱਲ ਫ਼ੇਰ ਕੌਰੂ-ਪਾਂਡੂਆਂ ਆਲ਼ੀ ਕਥਾ ਚੋਂ ਭੋਰਾ ਕੁ ਸੁਣਾ ਦੇ ... ਹਾੜ੍ਹੇ ਹਾੜ੍ਹੇ !'
'ਆਹੋ ਬਾਈ... ਮੈਂ ਚਾਹ ਧਰ ਲੈਂਦੀ ਆਂ ਓਨੀ ਦੇਰ...' ਕੋਈ ਸੁਰੀਲੀ ਆਵਾਜ਼ ਟਹਿਕਦੀ।
ਬਾਈ ਨੇ ਉੱਠ ਕੇ ਬਹਿ ਜਾਣਾ ਅਤੇ ਇਉਂ ਕਥਾ ਕਹਾਣੀ ਸ਼ੁਰੂ ਕਰਨੀ ਜਿਵੇਂ ਕੋਈ ਬਹੁਤ ਕਰਨੀ ਵਾਲੇ ਸੰਤ ਨੇ ਕਲਯੁਗੀ ਜੀਵਾਂ ਨੂੰ ਤਾਰਨ ਖ਼ਾਤਰ ਹੁਣੇ ਹੁਣੇ ਧਰਤੀ 'ਤੇ ਅਵਤਾਰ ਧਾਰਿਆ ਹੋਵੇ। ਕਹਾਣੀ ਪਰਤ-ਦਰ-ਪਰਤ ਚਲਦੀ ਅਤੇ ਟਿਕੀ ਰਾਤ ਵਿਚ ਸਾਰੇ ਜੀਅ ਅੰਤਰਧਿਆਨ ਹੋ ਕੇ ਇਉਂ ਸੁਣਦੇ, ਜਿਵੇਂ ਕਿਸੇ ਨੇ ਕੀਲ ਕੇ ਬਿਠਾ ਦਿੱਤੇ ਹੋਣ।
ਕਿਸੇ ਨੂੰ ਚਿੱਤ ਚੇਤੇ ਨਹੀਂ ਰਹਿੰਦਾ ਕਿ ਅੱਜ ਸਾਰਾ ਦਿਨ ਕਿਸੇ ਗੱਲ ਨੂੰ ਲੈ ਕੇ ਕਿੰਨਾ ਕਜੀਆ ਕਲੇਸ਼ ਹੁੰਦਾ ਰਿਹਾ ਸੀ। ਕੁਝ ਮੈਂਬਰ ਸਾਰਾ ਦਿਨ ਕਚੀਰਾ ਕਰ-ਕਰ ਕੇ ਦੱਸਦੇ ਰਹੇ ਹਨ ਕਿ ਕਿਵੇਂ ਉਨ੍ਹਾਂ ਤੋਂ ਵੱਡਾ ਦੁਖੀ ਧਰਤੀ 'ਤੇ ਕੋਈ ਹੋਰ ਨਹੀਂ ...। ਏਸ ਵੇਲੇ ਸਭ ਦੀ ਸੁਰਤ ਵਿਚ ਬਾਈ ਦੀ ਕਹਾਣੀ ਸਿਨੇਮੇ ਵਾਂਗ ਚਲ ਰਹੀ ਹੁੰਦੀ, ਜੀਵੰਤ !
ਅੱਧੀ ਰਾਤ ਹੋਈ ਤਾਂ ਪਿੱਤਲ ਦੇ ਗਲਾਸਾਂ ਵਿਚ ਇਕ ਜਣਾ ਇਉਂ ਚਾਹ ਵਰਤਾਉਂਦਾ ਜਿਵੇਂ ਬਹੁਤ ਵੱਡਾ ਧਾਰਮਿਕ ਸਮਾਗਮ ਹੋ ਰਿਹਾ ਹੋਵੇ ਅਤੇ ਅਰਸ਼ੋਂ ਉੱਤਰੀ ਪ੍ਰਵਚਨਾਂ ਦੀ ਗੰਗਾ ਦੇ ਵਹਿਣਾਂ ਨੂੰ ਟੋਕੇ ਬਿਨਾਂ ਬੜੀ ਸੂਖ਼ਮ ਕਲਾਕਾਰੀ ਨਾਲ ਸਭ ਕੋਲ ਚਾਹ ਪਹੁੰਚ ਜਾਂਦੀ। ਜਦੋਂ ਕਹਾਣੀ ਖ਼ਤਮ ਹੋਣੀ ਤਾਂ ਸਭ ਸੌਣ ਲਈ ਆਪੋ-ਆਪਣੇ ਬਿਸਤਰਿਆਂ ਵਿਚ ਖਿਸਕ ਜਾਂਦੇ। ਇਹ ਸਿਲਸਿਲਾ ਦਾਦਕੇ ਪਿੰਡ ਵੀ ਚਲਦਾ। ਜਿੱਥੇ ਸ਼ਬਦਾਂ ਦਾ ਸ਼ਾਹਸਵਾਰ ਬਣਦਾ ਸੀ ਜੱਗਾ ਚਾਚਾ ! ਉਨ੍ਹਾਂ ਨੂੰ ਸੰਗੀਤ ਦੀ ਜਾਣਕਾਰੀ ਵੀ ਤੇ ਟਿਕੀ ਰਾਤ ਵਿਚ ਜਦੋਂ ਕਿਸੇ ਪ੍ਰਸੰਗ ਨੂੰ ਪੇਸ਼ ਕਰਦਿਆਂ ਵਜ਼ਦ ਵਿਚ ਆਉਣਾ ਤਾਂ ਅਜਬ ਸਮਾਂ ਬਣ ਜਾਂਦਾ, ਖ਼ਾਸ ਕਰਕੇ ਮਹਾਂਭਾਰਤ ਦੇ ਭੀਮ, ਅਰਜਨ ਤੇ ਹੋਰ ਯੋਧੇ ਜਿਊਂਦੇ-ਜਾਗਦੇ ਹੀ ਜਾਪਦੇ॥
ਬਾਈ ਅਤੇ ਜੱਗਾ ਚਾਚਾ ਦੋਵੇਂ ਹੁਣ ਪਰਲੋਕ ਵਿਚ ਹਨ। ਪੈਸੇ ਦੀ ਅੰਨ੍ਹੀ ਦੌੜ ਨਾਲ ਉਡਦੀ ਧੂੜ ਵਿਚ ਉਨ੍ਹਾਂ ਦੋਵਾਂ ਦੀਆਂ ਕਹਾਣੀਆਂ ਵੀ ਉਨ੍ਹਾਂ ਦੇ ਨਾਲ ਹੀ ਗੁਆਚ ਗਈਆਂ ਹਨ। ਮੋਬਾਈਲ, ਲੈਪਟਾਪ, ਆਈਪੈਡ, ਸੋਸ਼ਲ ਮੀਡੀਆ ਅਤੇ ਡਿਜੀਟਲ ਕਿਤਾਬਾਂ... ਕਥਾ ਕਹਾਣੀਆਂ ਸੁਨਣ ਸੁਣਾਉਣ ਵਾਲਾ ਸਮਾਂ ਸੱਚਮੁਚ ਬੀਤ ਗਿਆ ਹੈ। ਵੇਖਣ ਨੂੰ ਪਰਿਵਾਰ ਜਾਪਦੇ, ਇਕ ਛੱਤ ਹੇਠ ਰਹਿੰਦੇ ਲੋਕ ਪਤਾ ਨਹੀਂ ਮੁੜ ਇਕ-ਦੂਜੇ ਨੂੰ ਕਦੋਂ ਮਿਲਣਗੇ... ਮਿਲ ਸਕਣਗੇ ਜਾਂ ਨਹੀਂ... ਇਹ ਸਵਾਲ ਵੀ ਲਗਦੈ ਹੁਣ ਗੂਗਲ ਤੋਂ ਪੁੱਛਣਾ ਪਊ !

-1680 ਐੱਲ ਟੀ-3, ਸੈਕਟਰ-3, ਤਲਵਾੜਾ ਟਾਊਨਸ਼ਿਪ ਜ਼ਿਲ੍ਹਾ ਹੁਸ਼ਿਆਰਪੁਰ।
ਸੰਪਰਕ: 94 173 55724

ਬਿਰਧ ਆਸ਼ਰਮ

ਪਤਨੀ ਦੀ ਮੌਤ ਤੋਂ ਬਾਅਦ ਕਰਮ ਸਿੰਘ ਪੂਰੀ ਤਰ੍ਹਾਂ ਟੁੱਟ ਚੁੱਕਾ ਸੀ, ਚਾਹੇ ਘਰ ਵਿਚ ਨੂੰਹ-ਪੁੱਤ, ਪੋਤੇ ਪੋਤੀਆਂ ਸਨ, ਪਰ ਉਹ ਆਪਣੇ-ਆਪ ਨੂੰ ਇਕੱਲਾ ਮਹਿਸੂਸ ਕਰਦਾ ਸੀ। ਉਸ ਨੂੰ ਘਰ-ਘਰ ਨਹੀਂ ਸੀ ਲੱਗਦਾ ਅਤੇ ਸੋਚਦਾ, ਕਿੰਨਾ ਚੰਗਾ ਹੁੰਦਾ ਜੇ ਉਹ ਵੀ ਉਸ ਦੇ ਨਾਲ ਹੀ ਚਲਾ ਜਾਂਦਾ। ਮਨ ਨੂੰ ਬਹੁਤ ਸਮਝਾਉਣ ਦੀ ਕੋਸ਼ਿਸ਼ ਕਰਦਾ, ਪਰ ਮਨ ਟਿਕਦਾ ਨਹੀਂ ਸੀ। ਇਕ ਦਿਨ ਉਸ ਨੇ ਆਪਣੇ ਪੁੱਤਰ ਨੂੰ ਕਮਰੇ ਵਿਚ ਬੁਲਾਇਆ ਤੇ ਕਹਿਣ ਲੱਗਾ ਕਿ ਹੁਣ ਸਹੂਲਤਾਂ ਦੀ ਕੋਈ ਕਮੀ ਨਹੀਂ ਹੈ, ਘਰ, ਗੱਡੀਆਂ, ਨੌਕਰ-ਚਾਕਰ ਸਭ ਤੇਰੇ ਵਾਸਤੇ ਹਨ। ਹੁਣ ਉਹ ਚਾਹੁੰਦਾ ਹੈ ਕਿ ਉਸ ਦਾ ਪੁੱਤਰ ਸਾਰਾ ਕੰਮ-ਕਾਜ ਸੰਭਾਲੇ ਅਤੇ ਉਹ ਬਾਕੀ ਦੀ ਜ਼ਿੰਦਗੀ ਆਪਣੇ ਪੋਤੇ-ਪੋਤੀਆਂ ਨਾਲ ਖੇਡ ਕੇ ਬਿਤਾਵੇ। ਪੁੱਤਰ ਨੇ ਹਾਂ ਵਿਚ ਸਿਰ ਹਿਲਾ ਦਿੱਤਾ ਅਤੇ ਸਾਰੇ ਕੰਮ-ਕਾਜ ਸੰਭਾਲਣ ਦੀ ਜ਼ਿੰਮੇਵਾਰੀ ਲੈ ਲਈ, ਪਰ ਕਹਿਣ ਲੱਗਾ ਕਿ ਉਹ ਚੌਕੀਦਾਰ ਬਣ ਕੇ ਰਹੇਗਾ। ਮਾਲਿਕ ਪਿਤਾ ਜੀ ਹੀ ਹੋਣਗੇ।
ਕਰਮ ਸਿੰਘ ਹੁਣ ਸਵੇਰੇ ਉੱਠ ਕੇ ਪਰਮਾਤਮਾ ਦਾ ਸ਼ੁਕਰਾਨਾ ਕਰ ਕੇ ਬੱਚਿਆਂ ਦੇ ਉੱਠਣ ਦੀ ਉਡੀਕ ਕਰਨ ਲੱਗ ਜਾਂਦਾ। ਬੱਚੇ ਵੀ ਉੱਠਦਿਆਂ ਬਾਬੇ ਨੂੰ ਲੱਭਦੇ ਅਤੇ ਉਹ ਵੀ ਉਨ੍ਹਾਂ ਨਾਲ ਬੱਚਾ ਹੀ ਬਣ ਜਾਂਦਾ। ਕੋਈ ਉਸ ਨੂੰ ਛੁਕ-ਛੁਕ ਗੱਡੀ ਬਣਾ ਦਿੰਦਾ ਤੇ ਕੋਈ ਉਸ ਨੂੰ ਘੋੜਾ। ਇਸ ਤਰ੍ਹਾਂ ਉਹ ਹੌਲੀ-ਹੌਲੀ ਆਪਣੇ ਗ਼ਮ ਨੂੰ ਭੁਲਾਉਣ ਦੀ ਕੋਸ਼ਿਸ਼ ਕਰਦਾ ਸੀ। ਉਸ ਦਾ ਪੁੱਤਰ ਵੀ ਉਸ ਦੇ ਕੰਮ-ਕਾਜ ਨੂੰ ਪੂਰੀ ਮਿਹਨਤ ਅਤੇ ਲਗਨ ਨਾਲ ਸੰਭਾਲ ਰਿਹਾ ਸੀ। ਉਹ ਅਕਸਰ ਸੋਚਦਾ ਕਿ ਹੁਣ ਪੁੱਤਰ ਸਿਆਣਾ ਹੋ ਗਿਆ ਹੈ, ਇਸ ਲਈ ਉਸ ਨੂੰ ਫੈਕਟਰੀ ਦਾ ਮਾਲਕ ਬਣਾ ਦੇਣਾ ਚਾਹੀਦਾ ਹੈ ਅਤੇ ਸਾਰਾ ਕੁਝ ਉਸ ਦੇ ਨਾਂਅ ਕਰ ਕੇ ਆਪਣੇ ਤੋਂ ਭਾਰ ਲਾਹ ਦੇਣਾ ਚਾਹੀਦਾ ਹੈ। ਉਸ ਨੇ ਨੂੰਹ-ਪੁੱਤਰ ਨੂੰ ਸੱਦਿਆ ਤੇ ਕਹਿਣ ਲੱਗਾ ਕਿ ਉਹ ਬਹੁਤ ਖੁਸ਼ ਹੈ ਕਿ ਪੁੱਤਰ ਨੇ ਉਸ ਤੋਂ ਵੀ ਚੰਗੀ ਤਰ੍ਹਾਂ ਹਰ ਕੰਮ-ਕਾਜ ਨੂੰ ਸੰਭਾਲਿਆ ਹੈ, ਹੁਣ ਉਹ ਹਰ ਜ਼ਿੰਮੇਵਾਰੀ ਤੋਂ ਮੁਕਤ ਹੋਣਾ ਚਾਹੁੰਦਾ ਹੈ ਅਤੇ ਆਪਣਾ ਸਭ ਕੁਝ ਉਨ੍ਹਾਂ ਦੇ ਨਾਂਅ ਕਰ ਦੇਣਾ ਚਾਹੁੰਦਾ ਹੈ। ਪੁੱਤਰ ਅੱਖਾਂ ਵਿਚ ਹੰਝੂ ਭਰ ਕੇ ਕਹਿਣ ਲੱਗਾ ਕਿ ਇਸ ਦੀ ਕੋਈ ਜ਼ਰੂਰਤ ਨਹੀਂ, ਬਲਕਿ ਉਨ੍ਹਾਂ ਦਾ ਹੱਥ ਸਿਰ 'ਤੇ ਬਣਿਆ ਰਹੇ, ਇਹ ਜ਼ਿਆਦਾ ਜ਼ਰੂਰੀ ਹੈ। ਨੂੰਹ ਇਹ ਗੱਲ ਸੁਣ ਕੇ ਬਹੁਤ ਖੁਸ਼ ਹੋਈ ਅਤੇ ਦਿਨ ਵੇਲੇ ਹੀ ਸੁਪਨੇ ਵੇਖਣ ਲੱਗ ਪਈ।
ਨੂੰਹ ਉਸ ਦਿਨ ਦੀ ਉਡੀਕ ਵਿਚ ਸੀ ਕਿ ਕਿਸ ਦਿਨ ਹਰ ਚੀਜ਼ 'ਤੇ ਉਨ੍ਹਾਂ ਦਾ ਹੱਕ ਹੋ ਜਾਏਗਾ ਅਤੇ ਉਹ ਆਪਣੀ ਮਨ-ਮਰਜ਼ੀ ਕਰ ਸਕਣਗੇ। ਅਚਾਨਕ ਕਰਮ ਸਿੰਘ ਬਿਮਾਰ ਹੋ ਗਿਆ ਅਤੇ ਨੂੰਹ ਉਸ ਨੂੰ ਡਾਕਟਰ ਕੋਲ ਲੈ ਗਈ। ਡਾਕਟਰ ਕਹਿਣ ਲੱਗਾ ਕਿ ਚਿੰਤਾ ਦੀ ਕੋਈ ਗੱਲ ਨਹੀਂ, ਇਹ ਕੁਝ ਜ਼ਿਆਦਾ ਸੋਚਦੇ ਹਨ, ਇਸ ਕਰਕੇ ਇਨ੍ਹਾਂ ਨੂੰ ਇਕੱਲੇ ਨਾ ਛੱਡਿਆ ਕਰੋ, ਪਰਿਵਾਰ ਵਿਚ ਬੈਠਣਗੇ ਤਾਂ ਦਿਲ ਲੱਗਿਆ ਰਿਹਾ ਕਰੇਗਾ ਅਤੇ ਛੇਤੀ ਠੀਕ ਹੋ ਜਾਣਗੇ। ਰਾਤ ਨੂੰ ਪਤੀ-ਪਤਨੀ ਗੱਲਾਂ ਕਰ ਰਹੇ ਸਨ ਤਾਂ ਨੂੰਹ ਨੇ ਕਿਹਾ ਕਿ ਡਾਕਟਰ ਦੀ ਸਲਾਹ ਹੈ ਕਿ ਜੇ ਉਹ ਆਪਣੇ ਵਰਗਿਆਂ ਨਾਲ ਰਹਿਣ ਤਾਂ ੰਜਲਦੀ ਠੀਕ ਹੋ ਜਾਣਗੇ, ਬੱਚੇ ਵੀ ਉਨ੍ਹਾਂ ਕੋਲ ਕਿੰਨੀ ਕੁ ਦੇਰ ਰਹਿ ਸਕਦੇ ਹਨ। ਉਹ ਕੋਈ ਮਨੋਰੰਜਨ ਦਾ ਸਾਧਨ ਥੋੜ੍ਹੇ ਹੀ ਹਨ, ਜੋ ਹਰ ਵੇਲੇ ਉਨ੍ਹਾਂ ਦਾ ਦਿਲ ਲਾਈ ਰੱਖਣ, ਹੁਣ ਸਭ ਕੁਝ ਸਾਡੇ ਨਾਂਅ ਹੋ ਜਾਣਾ ਹੈ, ਅਸੀਂ ਬਿਰਧ ਆਸ਼ਰਮ ਦਾ ਖਰਚ ਆਸਾਨੀ ਨਾਲ ਭਰ ਸਕਦੇ ਹਾਂ ਕਿਉਂ ਨਾ ਪਿਤਾ ਜੀ ਨੂੰ ਉਥੇ ਭੇਜ ਦਈਏ। ਉਹ ਹੀ ਉਥੇ ਹਮ-ਉਮਰਾਂ ਨਾਲ ਜ਼ਿਆਦਾ ਖ਼ੁਸ਼ ਰਹਿ ਸਕਣਗੇ। ਬਾਹਰ ਸੈਰ ਕਰ ਰਹੇ ਪਿਤਾ ਕਰਮ ਸਿੰਘ ਨੇ ਆਪਣੀ ਕੰਨੀ ਸਭ ਕੁਝ ਸੁਣ ਲਿਆ, ਉਸ ਦੇ ਕਦਮ ਅੱਗੇ ਨਹੀਂ ਚੱਲ ਰਹੇ ਸਨ ਪਰ ਉਸ ਨੇ ਆਪਣੇ ਆਪ ਨੂੰ ਸੰਭਾਲਿਆ ਅਤੇ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ ਕਿ ਅਜੇ ਸੰਭਲਣ ਦਾ ਮੌਕਾ ਹੈ, ਸ਼ੁਕਰ ਹੈ ਉਸ ਨੇ ਆਪਣੇ ਹੱਥ ਵੱਢ ਕੇ ਨਹੀਂ ਦੇ ਦਿੱਤੇ। ਦੂਸਰੇ ਪਾਸੇ ਨੂੰਹ ਆਪਣੇ ਪਤੀ ਨੂੰ ਪੱਕਾ ਕਰ ਰਹੀ ਸੀ ਕਿ ਕੱਲ੍ਹ ਪਿਤਾ ਜੀ ਨਾਲ ਗੱਲ ਕਰ ਲੈਣ।
ਦੂਸਰੇ ਦਿਨ ਰਾਤ ਨੂੰ ਰੋਟੀ ਖਾ ਕੇ ਪੁੱਤਰ ਆਪਣੇ ਪਿਤਾ ਜੀ ਕੋਲ ਚਲਾ ਗਿਆ। ਕਰਮ ਸਿੰਘ ਨੇ ਅੱਗੇ ਕੁਰਸੀ ਕੀਤੀ ਅਤੇ ਉਹ ਬੈਠ ਗਿਆ। ਬੈਠਦਿਆਂ ਹੀ ਪੁੱਤਰ ਨੇ ਕਿਹਾ, 'ਪਿਤਾ ਜੀ ਤੁਹਾਡੇ ਨਾਲ ਇਕ ਗੱਲ ਕਰਨੀ ਸੀ।' ਕਰਮ ਸਿੰਘ ਨੇ ਕਿਹਾ ਚੰਗਾ ਕੀਤਾ, ਉਹ ਆ ਗਿਆ, ਉਸ ਨੇ ਵੀ ਇਕ ਜ਼ਰੂਰੀ ਗੱਲ ਕਰਨੀ ਹੈ। ਪੁੱਤਰ ਕਹਿਣ ਲੱਗਾ ਕਿ ਪਿਤਾ ਜੀ ਪਹਿਲੋਂ ਤੁਸੀਂ ਗੱਲ ਕਰੋ। ਉਹ ਕਹਿਣ ਲੱਗਾ ਕਿ ਉਸ ਦੀ ਸਲਾਹ ਹੈ ਕਿ ਬਾਕੀ ਉਮਰ ਆਪਣੇ ਵਰਗੇ ਲੋਕਾਂ ਨਾਲ ਰਹਿ ਕੇ ਕੱਟੀ ਜਾਏ ਤਾਂ ਜੀਵਨ ਚੰਗਾ ਬੀਤ ਜਾਏਗਾ। ਇਹ ਸੁਣ ਕੇ ਪੁੱਤਰ ਮਨ ਹੀ ਮਨ ਖ਼ੁਸ਼ ਹੋ ਗਿਆ ਕਿ ਉਸ ਨੂੰ ਤਾਂ ਕੁਝ ਕਹਿਣ ਦੀ ਲੋੜ ਹੀ ਨਹੀਂ ਪਈ ਅਤੇ ਪਿਤਾ ਜੀ ਨੇ ਆਪੇ ਫ਼ੈਸਲਾ ਕਰ ਲਿਆ। ਉਹ ਮਾਣ ਰੱਖਣ ਲਈ ਕਹਿਣ ਲੱਗਾ ਕਿ ਉਹ ਉਨ੍ਹਾਂ ਨੂੰ ਛੱਡ ਕੇ ਕਿਤੇ ਨਹੀਂ ਜਾਣਗੇ ਅਤੇ ਹਮੇਸ਼ਾ ਉਨ੍ਹਾਂ ਨਾਲ ਰਹਿਣਗੇ। ਕਰਮ ਸਿੰਘ ਕਹਿਣ ਲੱਗਾ ਕਿ ਉਹ ਕਿਥੇ ਜਾ ਰਿਹਾ ਹੈ, ਪੁੱਤਰ ਕਹਿਣ ਲੱਗਾ ਕਿ ਹੁਣੇ ਤਾਂ ਉਹ ਆਪਣੇ ਵਰਗੇ ਲੋਕਾਂ ਨਾਲ ਰਹਿ ਕੇ ਜੀਵਨ ਬਿਤਾਉਣ ਦੀ ਗੱਲ ਕਰ ਰਹੇ ਸਨ। ਕਰਮ ਸਿੰਘ ਨੇ ਪੁੱਤਰ ਨੂੰ ਕਿਹਾ ਕਿ ਤੁਸੀਂ ਆਪਣਾ ਇੰਤਜ਼ਾਮ ਕਰ ਲਓ ਕਿਉਂਕਿ ਉਹ ਇਸ ਘਰ ਨੂੰ ਬਿਰਧ ਆਸ਼ਰਮ ਬਣਾ ਰਿਹਾ ਹੈ ਤਾਂ ਕਿ ਜਾਇਦਾਦ ਲੈਣ ਤੋਂ ਬਾਅਦ ਧੀਆਂ-ਪੁੱਤਰਾਂ ਦੁਆਰਾ ਸਤਾਏ ਲੋਕ ਉਸ ਕੋਲ ਰਹਿ ਸਕਣ।

-ਮੋਬਾਈਲ : 98782-49944.

ਮਿੰਨੀ ਕਹਾਣੀਆਂ

ਖਾ ਪੀ ਜਾਣਾ
ਇਕ ਮੁੰਡਾ ਲਿੱਬੜਿਆ ਜਿਹਾ ਨੰਗੇ ਪਿੰਡੇ ਫਟੀ ਪੁਰਾਣੀ ਜਿਹੀ ਨਿੱਕਰ ਪਾਈ, ਖਿੱਲਰੀਆਂ ਬੂਦਾਂ ਰੂੜੀਆਂ 'ਚ ਖੜ੍ਹਾ ਗਾਜਰ ਖਾ ਰਿਹਾ ਸੀ। ਇਕ ਔਰਤ ਕੂੜੇ ਦੀ ਟੋਕਰੀ ਸੁੱਟਣ ਆਈ। ਟੋਕਰੀ ਰੂੜੀ 'ਤੇ ਸੁੱਟ ਕੇ ਕਹਿਣ ਲੱਗੀ, 'ਵੇ ਭੋਲਿਆ ਮਰ ਜਾਣਿਆ ਤੂੰ ਇਥੇ ਖੜ੍ਹਾ ਕੀ ਖਾਈ ਜਾਨੈ?
ਭੋਲਾ ਕਹਿੰਦਾ, 'ਭਾਬੀ ਬੱਲ ਖਾ ਪੀ ਜਾਣਾ ਹੋਰ ਦੁਨੀਆ ਤੋਂ ਤਾਂ ਕਿਸੇ ਨੇ ਕੁਛ ਨੀਂ ਲੈ ਕੇ ਜਾਣਾ।'

-ਮਾ: ਮਹਿੰਦਰ ਸਿੰਘ ਸਿੱਧੂ
ਸਿੱਧਵਾਂ ਕਲਾਂ, ਜ਼ਿਲ੍ਹਾ ਲੁਧਿਆਣਾ। ਮੋਬਾਈਲ : 98720-86101.

ਸਕੂਨ
ਅੱਜ ਅਜੀਤ ਕੌਰ ਇਕੱਲੀ ਆਪਣੇ ਘਰ ਦੇ ਵਿਹੜੇ ਵਿਚ ਬੈਠੀ ਹੋਈ ਆਪਣੇ ਅਤੀਤ ਨੂੰ ਯਾਦ ਕਰ ਇਸ ਬਦਲਦੇ ਹੋਏ ਸਮੇਂ ਦੀ ਰਫ਼ਤਾਰ ਉੱਪਰ ਝੂਰ ਰਹੀ ਸੀ ਕਿ ਖਬਰੇ ਇਸ ਬਦਲਦੇ ਹੋਏ ਸਮੇਂ ਵਿਚ ਐਸੀ ਕਿਹੜੀ ਹਵਾ ਚੱਲੀ ਜੋ ਆਪਸੀ ਰਿਸ਼ਤਿਆਂ ਦੇ ਮੋਹ-ਪਿਆਰ ਨੂੰ ਉਡਾ ਕੇ ਲੈ ਗਈ। ਅਸਲ ਵਿਚ 2 ਦਿਨ ਪਹਿਲਾਂ ਹੀ ਉਸ ਦਾ ਪਰਿਵਾਰ ਪੁੱਤ, ਨੂੰਹ ਤੇ ਪਿਆਰੇ ਜਿਹੇ ਪੋਤਾ ਤੇ ਪੋਤੀ ਜੋ ਕਿ ਉਸ ਨੂੰ ਜਾਨੋਂ ਵੱਧ ਪਿਆਰੇ ਸੀ, ਉਹ ਸਭ ਸ਼ਹਿਰ ਚਲੇ ਗਏ। ਕਿਉਂਕਿ ਉਹ ਇਕ ਸਕੂਨ ਭਰੀ ਜ਼ਿੰਦਗੀ ਬਤੀਤ ਕਰਨਾ ਚਾਹੁੰਦੇ ਸੀ, ਜੋ ਕਿ ਉਨ੍ਹਾਂ ਮੁਤਾਬਿਕ ਪਿੰਡ ਵਾਲੇ ਜੱਦੀ ਘਰ ਵਿਚ ਮੁਮਕਿਨ ਨਹੀਂ ਸੀ। ਅਜੀਤ ਕੌਰ ਅਤੇ ਉਸ ਦੇ ਪਤੀ ਨੂੰ ਕਾਮਿਆਂ ਦੇ ਆਸਰੇ ਛੱਡ ਗਏ ਸਨ। ਉਹ ਉਸ ਸਮੇਂ ਨੂੰ ਯਾਦ ਕਰ-ਕਰ ਕੇ ਹੰਝੂ ਵਹਾ ਰਹੀ ਸੀ ਜਦੋਂ ਅੱਜ ਤੋਂ ਕਈ ਵਰ੍ਹੇ ਪਹਿਲਾਂ ਇਸੇ ਘਰ ਵਿਚ ਜਦੋਂ ਅੱਜ ਵਾਂਗ ਕੋਈ ਖਾਸ ਸਹੂਲਤ ਵੀ ਮੌਜੂਦ ਨਹੀਂ ਸੀ, ਫਿਰ ਵੀ ਉਸ ਕੱਚੇ ਘਰ ਵਿਚ ਮਿੱਠੀ-ਮਿੱਠੀ ਮਿੱਟੀ ਦੀ ਖੁਸ਼ਬੂ ਵਿਚ ਸੰਤੁਸ਼ਟੀ ਭਰੀ ਜ਼ਿੰਦਗੀ ਬਤੀਤ ਕਰਦੀ ਸੀ ਤੇ ਇਕ ਅੱਜ ਦਾ ਸਮਾਂ ਸੀ ਜਦੋਂ ਉਸ ਦੇ ਦੋਵੇਂ ਸਰਕਾਰੀ ਨੌਕਰੀ ਵਾਲੇ ਨੂੰਹ-ਪੁੱਤ ਇਸ ਪੱਕੇ ਮਕਾਨ (ਜਿਸ ਵਿਚ ਹਰ ਸਹੂਲਤ ਲਗਪਗ ਮੌਜੂਦ ਸੀ) ਨੂੰ ਛੱਡ ਕੇ ਇਕ ਸਕੂਨ ਭਰੀ ਜ਼ਿੰਦਗੀ ਜਿਊਣ ਸ਼ਹਿਰ ਚਲੇ ਗਏ ਸਨ ਤੇ ਹੁਣ ਉਹ ਵਿਚਾਰੀ ਆਪਣੀਆਂ ਬੁੱਢੀਆਂ ਅੱਖਾਂ ਵਿਚੋਂ ਹੰਝੂ ਵਗਾ ਰਹੀ ਤੇ ਸੋਚ ਰਹੀ ਸੀ ਕਿ ਮੇਰਾ ਇਕਲੌਤਾ ਪੁੱਤਰ ਅੱਜ ਕਿਹੜਾ ਸਕੂਨ ਲੱਭਣ ਘਰੋਂ ਚਲਾ ਗਿਆ, ਜਦੋਂ ਕਿ ਸਾਰੀ ਦੁਨੀਆ ਕਹਿੰਦੀ ਹੈ ਕਿ ਅਸਲੀ ਸਕੂਨ ਆਪਣੀ ਮਾਂ ਦੇ ਚਰਨਾਂ ਵਿਚ ਆਪਣੇਉਸ ਘਰ ਵਿਚ ਮਿਲਦਾ ਹੈ, ਜਿਥੇ ਜ਼ਿੰਦਗੀ ਦੀ ਪਹਿਲੀ ਕਿਲਕਾਰੀ ਮਾਰਦੇ ਹਾਂ ਤੇ ਆਪਣੀ ਜ਼ਿੰਦਗੀ ਦੀ ਸ਼ੁਰੂਆਤ ਕਰਦੇ ਹਾਂ ਤੇ ਆਪਣਾ ਪਿਆਰਾ ਬਚਪਨ ਬਤੀਤ ਕਰਦੇ ਹਾਂ।

-ਰਜਿੰਦਰ ਕੌਰ ਗਿੱਲ
ਪਿੰਡ ਮੱਲ੍ਹੀਆਂ ਕਲਾਂ (ਤਰਨ ਤਾਰਨ) ਮੋਬਾਈਲ : 70876-74742.

ਖੜਾਕ

ਇਕ ਵਾਰ ਕਿਸੇ ਔਰਤ ਦੀ ਸੱਸ ਆਪਣੀ ਬੁੱਕਲ 'ਚ ਆਪਣਾ ਛੋਟਾ ਜਿਹਾ ਪੋਤਰਾ ਲੈ ਕੇ ਮੰਜੇ 'ਤੇ ਧਰਤੀ ਵੱਲ ਨੂੰ ਲੱਤਾਂ ਲਮਕਾਈ ਬੈਠੀ ਸੀ ਕਿ ਅਚਾਨਕ ਉਹ ਬੱਚੇ ਨੂੰ ਲੋਰੀ ਦਿੰਦੀ ਹੋਈ ਧੜ੍ਹੰਮ ਕਰਕੇ ਧਰਤੀ 'ਤੇ ਮੂਧੇ ਮੂੰਹ ਡਿੱਗ ਪਈ, ਪ੍ਰੰਤੂ ਉਹ ਬਜ਼ੁਰਗ ਔਰਤ ਐਨੀ ਸੁੱਘੜ ਸਿਆਣੀ ਸੀ। ਕਿ ਉਹ ਬੁਰੀ ਤਰ੍ਹਾਂ ਮੂਧੇ-ਮੂੰਹ ਡਿੱਗਦੀ ਹੋਈ ਆਪਣੇ-ਆਪ ਅਤੇ ਬੁੱਕਲ 'ਚ ਪਏ ਮਾਸੂਮ ਬਾਲ ਨੂੰ ਸੱਟ ਲੱਗਣ ਤੋਂ ਬਚਾਅ ਗਈ ਸੀ।
ਵਿਹੜੇ 'ਚ ਨਿੰਮ ਦੀ ਛਾਵੇਂ ਬੈਠੀ ਉਸਦੀ ਨੂੰਹ ਦੇ ਜਿਉਂ ਹੀ ਅੰਦਰ ਜ਼ੋਰਦਾਰ ਖੜਾਕ ਹੋਣ ਦੀ ਆਵਾਜ਼ ਕੰਨੀਂ ਪਈ, ਤਾਂ ਉਹ ਪਹਿਲਾਂ ਤਾਂ ਅੰਦਰ ਵੱਲ ਨੂੰ ਬੜੀ ਤੇਜ਼ੀ ਨਾਲ ਭੱਜੀ-ਭੱਜੀ ਗਈ, ਪ੍ਰੰਤੂ ਉਹ ਗੋਡਣੀਆਂ ਪਰਨੇ ਮੂਧੀ ਪਈ ਸੱਸ ਨੂੰ ਦੇਖ ਉਹਨੂੰ ਚੁੱਕਣ ਦੀ ਬਜਾਏ ਫਟਾਫਟ ਦੱਬਵੇਂ ਪੈਰੀਂ ਇਉਂ ਵਾਪਸ ਮੁੜ ਆਈ, ਜਿਵੇਂ ਅੱਗ ਲੱਗ ਜਾਣ 'ਤੇ ਕਿਸੇ ਨੇ ਦੋ ਸੌ ਦੀ ਸਪੀਡ 'ਤੇ ਤੇਜ਼ ਰਫਤਾਰ ਜਾ ਰਹੀ ਹਾਵੜਾ ਮੇਲ ਟਰੇਨ ਦੀ ਚੇਨ ਖਿੱਚ ਦਿੱਤੀ ਹੋਵੇ।
ਕੁੜੇ ਧੀਏ ਬੇਕਿਰਕ ਹੋ ਕੇ ਵਾਪਸ ਕਿਉਂ ਮੁੜ ਗਈ ਐ, ਮੇਰੀ ਬੁੱਕਲ 'ਚ ਤੇਰਾ ਮੁੰਡਾ ਵੀ ਐ। ਜਿਹਨੂੰ ਮੈਂ ਕੋਈ ਚੋਟ ਲੱਗਣ ਤੋਂ ਵਾਲ-ਵਾਲ ਬਚਾਅ ਲਿਆ ਹੈ।
ਉਏ ਹੋਏ ਕੁੜੇ ਸੱਸੂ ਮਾਂ ਜੀ ਮੈਂ ਤਾਂ ਸੋਚਿਆ, ਕਿਤੇ ਤੂੰ 'ਕੱਲੀ ਹੀ ਮੂਧੇ-ਮੂੰਹ...? ਲਿਆ ਫਟਾਫਟ ਫੜਾ ਮੇਰੇ ਸੋਹਣੇ ਲਾਲ ਨੂੰ...।

-ਪਿੰਡ:-ਲੰਗੇਆਣਾ ਕਲਾਂ (ਮੋਗਾ) ਮੋਬਾਈਲ-98781-17285.

ਨੁੱਕਰਾਂ

ਮੈਨੂੰ ਯਾਦ ਏ ਮੈਂ ਘਰ ਵਿਚ ਇਕੱਲੀ ਲੜਕੀ ਸੀ। ਮੇਰੇ ਪਿਤਾ ਜੀ ਸਭ ਤੋਂ ਛੋਟੇ ਸਨ ਤੇ ਉਹਨਾਂ ਤੋਂ ਵੱਡੇ ਉਨ੍ਹਾਂ ਦੇ ਤਿੰਨ ਭਰਾ, ਮੇਰੇ ਤਿੰਨੇ ਤਾਇਆਂ ਦੇ ਦੋ-ਦੋ ਮੁੰਡੇ ਸਨ ਤੇ ਇਸ ਤਰ੍ਹਾਂ ਅਸੀਂ 7 ਭੈਣ ਭਰਾ ਸੀ। ਵੱਡੇ ਤਾਇਆ ਜੀ ਦੇ ਮੁੰਡਿਆਂ ਨੂੰ ਛੱਡ ਕੇ ਅਸੀਂ ਪੰਜ ਭੈਣ ਭਰਾ ਹਮ ਉਮਰ ਸੀ। ਪਰਿਵਾਰ ਇਕੱਠਾ ਰਹਿੰਦਾ ਸੀ। ਘਰ ਦੀ ਖੇਤੀ-ਵਾਹੀ ਸੀ। ਵੱਡਾ ਸਾਰਾ ਵਿਹੜਾ ਤੇ ਵਿਹੜੇ ਦੇ ਚਾਰੇ ਪਾਸੇ ਪੱਕੀ ਕੰਧ ਦੀ ਵਲਗਣ 'ਤੇ ਰੋਜ਼ ਅਸੀਂ ਭੈਣ ਭਰਾ ਸ਼ਾਮ ਨੂੰ ਨੁੱਕਰਾਂ ਮੱਲਣ ਖੇਡਦੇ ਸੀ। ਕਦੇ ਕਿਸੇ ਨੇ ਕਿਸੇ ਦੀ ਨੁੱਕਰ ਮੱਲ ਲੈਣੀ ਤੇ ਕਦੇ ਕਿਸੇ ਨੇ ਕਿਸੇ ਦੀ ਤੇ ਫੇਰ ਸਮਾਂ ਇੰਨੀ ਤੇਜੀ ਬੀਤਿਆ ਮੈਂ ਵੀ ਵਿਆਹ ਕੇ ਆਪਣੇ ਘਰ ਚਲੀ ਗਈ। ਬਾਕੀ ਸਭ ਦਾ ਵੀ ਵਿਆਹ ਹੋ ਗਿਆ। ਮੈਂ ਵਿਦੇਸ਼ ਵਿਚ ਵੱਸ ਗਈ ਤੇ ਫਿਰ ਕਈ ਸਾਲ ਬਾਅਦ ਵਾਪਸ ਆਈ ਸੀ। ਬੜਾ ਚਾਅ ਸੀ ਪਿੰਡ ਜਾ ਕੇ ਸਭ ਨੂੰ ਮਿਲਣ ਦਾ। ਬੇਬੇ ਜੀ ਤੇ ਬਾਪੂ ਜੀ ਬਜ਼ੁਰਗ ਹੋ ਗਏ ਸਨ। ਵੱਡੇ ਦੋਵੇਂ ਤਾਏ ਗੁਜਰ ਗਏ ਸਨ। ਟੈਲੀਫੋਨ ਰਾਹੀਂ ਸਭ ਪਤਾ ਲੱਗਦਾ ਰਹਿੰਦਾ ਸੀ। ਕੁਝ ਦੇਰ ਬਾਅਦ ਹੀ ਸਾਡੀ ਗੱਡੀ ਆਪਣੇ ਘਰ ਅੱਗੇ ਖੜ੍ਹੀ ਸੀ। ਪਰ ਇਹ ਉਹ ਪਹਿਲਾਂ ਵਾਲਾ ਵੱਡੇ ਗੇਟ ਵਾਲਾ ਘਰ ਨਹੀਂ ਸੀ ਸਗੋਂ ਚਾਰ ਹਿੱਸਿਆ ਵਿਚ ਵੰਡਿਆ ਹੋਇਆ ਛੋਟੇ ਛੋਟੇ ਬੂਹਿਆਂ ਵਾਲਾ ਘਰ ਸੀ। ਵਿਚੋਂ ਹਰੇਕ ਦੇ ਘਰ ਜਾਣ ਨੂੰ ਇਕ ਨਿੱਕੀ ਜਿਹੀ ਗਲੀ ਕੱਢੀ ਗਈ ਸੀ। ਦਿਲ ਨੂੰ ਇਕ ਹੌਲ ਜਿਹਾ ਪਿਆ ਸੀ। ਸਾਰਿਆਂ ਨੂੰ ਮਿਲੀ ਪਰ ਇਕ ਅਜੀਬ ਜਿਹਾ ਓਪਰਾਪਨ ਸੀ। ਪਹਿਲਾਂ ਜਦ ਆਉਣਾ ਤਾਂ ਖੁੱਲ੍ਹੇ ਵਿਹੜੇ ਵਿਚ ਮੰਜੀਆਂ ਡਾਹ ਲੈਣੀਆਂ ਤੇ ਸਭ ਨੇ ਇਕੱਠੇ ਹੋ ਜਾਣਾ। ਉੱਚੀ-ਉੱਚੀ ਹੱਸਣਾ ਖੇਡਣਾ। ਹੁਣ ਤਾਂ ਮਿਲਣ ਲਈ ਹਰੇਕ ਦੇ ਬੂਹੇ 'ਤੇ ਲੱਗੀ ਡੋਰ ਬੈਲ ਖੜਕਾਉਣੀ ਪੈ ਰਹੀ ਸੀ ਤੇ ਜਾਂਦੀ ਵਾਰੀ ਜੀਤ ਸਭ ਤੋਂ ਛੋਟੇ ਤਾਇਆ ਜੀ ਦਾ ਬੇਟਾ ਜੋ ਕਿ ਮੇਰਾ ਹਾਣੀ ਸੀ ਤੇ ਮੇਰਾ ਪਿਆਰ ਸਭ ਤੋਂ ਜ਼ਿਆਦਾ ਉਸ ਨਾਲ ਹੀ ਸੀ, ਬਾਹਰ ਤੱਕ ਛੱਡਣ ਆਇਆ ਤਾਂ ਮੈਥੋਂ ਰਿਹਾ ਨਾ ਗਿਆ। ਮੈਂ ਪੁੱਛ ਬੈਠੀ ਜੀਤ ਵੀਰੇ ਤੈਨੂੰ ਯਾਦ ਏ ਅਸੀਂ ਨੁੱਕਰਾਂ ਮੱਲਣ ਖੇਡਦੇ ਸੀ ਪਤਾ ਹੀ ਨਹੀਂ ਸੀ ਲੱਗਦਾ ਟਾਈਮ ਦਾ ਕਦੋਂ ਰਾਤ ਪੈ ਜਾਂਦੀ ਸੀ।
ਉਸ ਹਉਕਾ ਜਿਹਾ ਭਰਕੇ ਕਿਹਾ ਸੀ, ਹਾਂ ਭੈਣੇ, ਯਾਦ ਏ ਉਦੋਂ ਚਾਰ ਨੁੱਕਰਾਂ ਹੁੰਦੀਆਂ ਸਨ ਹੁਣ ਸੋਲਾਂ ਹੋ ਗਈਆਂ ਨੇ। ਪਹਿਲਾਂ ਜਿਹੜੀ ਦਿਲ ਕਰਦਾ ਸੀ ਉਹੋ ਨੁੱਕਰ ਮੱਲ ਲਈਦੀ ਸੀ। ਹੁਣ ਨੁੱਕਰਾਂ ਵੀ ਪੱਕੀਆਂ ਮੱਲ ਲਈਆਂ ਨੇ, ਨੁੱਕਰਾਂ ਜ਼ਮੀਨ 'ਤੇ ਹੁੰਦੀਆਂ ਤਾਂ ਠੀਕ ਸੀ ਪਰ ਹੁਣ ਤੇ ਇਹ ਦਿਲ ਵਿਚ ਵੀ ਬਣ ਗਈਆਂ ਨੇ। ਇਹ ਕਹਿ ਉਸ ਦੀਆਂ ਅੱਖਾਂ ਭਰ ਆਈਆਂ ਸਨ। ਅੱਖਾਂ ਮੇਰੀਆਂ ਵੀ ਭਰ ਗਈਆਂ ਸਨ। ਮੇਰਾ ਦਿਲ ਕੀਤਾ ਮੈਂ ਉਸ ਨੂੰ ਕਹਾਂ ਵੀਰਾ ਫੇਰ ਦਿਲ ਕਰਦੈ ਉਸ ਖੁੱਲ੍ਹੇ ਵਿਹੜੇ ਵਿਚ ਨੁੱਕਰਾਂ ਮੱਲਣ ਖੇਡਣ ਨੂੰ ਤੇ ਮੈਂ ਆਪਣੇ ਅੱਥਰੂ ਰੋਕਦੀ ਹੋਈ ਭੱਜ ਕੇ ਕਾਰ ਵਿਚ ਜਾ ਵੜੀ ਸੀ।

-2974, ਗਲੀ ਨੰ:1, ਹਰਗੋਬਿੰਦਪੁਰਾ, ਵਡਾਲੀ ਰੋਡ, ਛੇਹਰਟਾ, ਅੰਮ੍ਰਿਤਸਰ। ਮੋਬਾ: 9855250502

ਆਪਣਾ ਘਰ

'ਚੰਗਾ ਹੁਣ ਮੈਂ ਚਲਦੀ ਹਾਂ, ਸ਼ਾਮ ਦੇ ਚਾਰ ਵੱਜ ਗਏ ਨੇ, ਘਰ ਸਾਰੇ ਉਡੀਕਦੇ ਹੋਣਗੇ।' ਆਪਣੇ ਮੁੰਡੇ ਕੋਲ ਆਈ ਪੁਸ਼ਪਾ ਦੇਵੀ ਨੇ ਕੰਧ 'ਤੇ ਲੱਗੀ ਘੜੀ 'ਤੇ ਨਜ਼ਰ ਮਾਰਦਿਆਂ ਕਿਹਾ।
'ਆਹ ਕੀ ਬੀਜੀ ਅੱਜ ਹੀ ਆਏ ਤੇ ਅੱਜ ਹੀ ਚੱਲੇ, ਰਹੋ ਏਥੇ ਹੀ।' ਰਾਜ ਨੇ ਆਪਣੀ ਮਾਂ ਨੂੰ ਰੁਕਣ ਲਈ ਕਿਹਾ। 'ਨਾ ਕਾਕਾ ਨਾ, ਜੇ ਇਥੇ ਰਹਿ ਗਈ ਤਾਂ ਉਥੇ ਘਰ ਦੇ ਕੰਮ ਕੌਣ ਵੇਖੂ। ਮਿੰਟੂ ਦੇ ਬੱਚਿਆਂ ਨੇ ਟਿਊਸ਼ਨ ਜਾਣਾ, ਤੇਰੇ ਬਾਊ ਜੀ ਦੀ ਦੁਆਈ, ਕੰਮ ਵਾਲੀ ਤੋਂ ਕੱਪੜੇ ਧੁਆਣੇ ਹੁੰਦੇ ਨੇ, ਬਹੁਤ ਕੰਮ ਨੇ।' ਪੁਸ਼ਪਾ ਦੇਵੀ ਨੂੰ ਘਰੇਲੂ ਜ਼ਿੰਮੇਵਾਰੀ ਦਾ ਖਿਆਲ ਆਇਆ। ਉਹ ਵਾਪਸ ਜਾਣ ਲਈ ਹੋਰ ਵੀ ਕਾਹਲ ਕਰਨ ਲੱਗੀ। 'ਬੀਜੀ ਇਹ ਵੀ ਤਾਂ ਤੁਹਾਡਾ ਹੀ ਘਰ ਹੈ। ਏਥੇ ਰਹੋ, ਕੰਮ ਕਰੋ, ਚਾਹੇ ਵਿਹਲੇ ਰਹੋ, ਤੁਹਾਨੂੰ ਕੌਣ ਕੁਝ ਕਹਿੰਦਾ ਹੈ।' ਰਾਜ ਨੇ ਸਨੇਹ ਨਾਲ ਆਪਣੀ ਮਾਂ ਵੱਲ ਵੇਖਿਆ। ਉਹ ਚਾਹੁੰਦਾ ਸੀ ਕਿ ਮਾਂ ਏਥੇ ਹੀ ਦੋ-ਚਾਰ ਦਿਨ ਰਹੇ। 'ਬੀਜੀ ਮੈਂ ਪਿਤਾ ਜੀ ਨੂੰ ਵੀ ਇਥੇ ਹੀ ਲੈ ਆਉਂਦਾ ਹਾਂ। ਆਹ ਨੇੜੇ ਹੀ ਤਾਂ ਹੈ ਆਪਣਾ ਪੁਰਾਣਾ ਘਰ।' ਰਾਜ ਹਰ ਯਤਨ ਨਾਲ ਪੁਸ਼ਪਾ ਦੇਵੀ ਨੂੰ ਇਥੇ ਰੱਖਣਾ ਚਾਹੁੰਦਾ ਸੀ।
'ਨਾ ਨਾ, ਮੇਰਾ ਨੀ ਜੀਅ ਲਗਦਾ ਇਥੇ, ਨਾ ਤੇਰੇ ਬਾਊ ਜੀ ਦਾ, ਸਾਨੂੰ ਤਾਂ ਉਹੀ ਪੁਰਾਣਾ ਘਰ ਚੰਗਾ ਲੱਗਦਾ ਹੈ, ਜਿਥੇ ਸਾਰੀ ਉਮਰ ਕੱਟ ਲਈ, ਉਹੀ ਆਪਣਾ ਘਰ ਹੈ।'
'ਚੰਗਾ ਪੁੱਤ ਮੈਂ ਚੱਲਦੀ ਹਾਂ'। ਪੁਸ਼ਪਾ ਦੇਵੀ ਸਿਰ ਦੀ ਚੁੰਨੀ ਠੀਕ ਕਰਦੀ ਹੋਈ ਕੁਰਸੀ ਤੋਂ ਉਠ ਪਈ। ਰਾਜ ਦੀਆਂ ਅੱਖਾਂ 'ਚ ਉਦਾਸੀ ਜਿਹੀ ਸੀ।

-ਕੋਟ ਈਸੇ ਖਾਂ (ਮੋਗਾ)। ਮੋਬਾਈਲ : 94633-84051.

ਰੂਹ ਦਾ ਪਿਆਰ

ਪਿਆਰ : ਉਹ ਸ਼ਬਦ ਜਿਸ ਬਾਰੇ ਸੋਚਦਿਆਂ ਹੀ ਦਿਲ ਸਕੂਨ ਨਾਲ ਭਰ ਜਾਵੇ, ਇਕ ਤਸੱਲੀ ਮਹਿਸੂਸ ਹੋਵੇ। ਉਹ ਸੰਤੁਸ਼ਟੀ ਜਿਸ ਬਾਰੇ ਸੋਚਦਿਆਂ ਹੀ ਸਾਰੇ ਦੁੱਖ-ਦਰਦ ਭੁੱਲ ਜਾਣ। ਇਸ ਸ਼ਬਦ ਵਿਚ ਉਹ ਸਕੂਨ ਤੇ ਸੁਖ ਹੈ, ਜਿਸ ਨੂੰ ਦੁਨੀਆ ਦਾ ਹਰ ਵਿਅਕਤੀ ਮਹਿਸੂਸ ਕਰਨਾ ਚਾਹੁੰਦਾ ਹੈ। ਪਰ ਇਹ ਹਰ ਇਕ ਦੇ ਹਿੱਸੇ ਨਹੀਂ ਆਉਂਦਾ। ਦੁਨੀਆ ਵਿਚ ਕੁਝ ਵਿਅਕਤੀ ਹੀ ਹੋਣਗੇ, ਜਿਨ੍ਹਾਂ ਦੇ ਹਿੱਸੇ ਇਹ ਅਮੁੱਲੀ ਦਾਤ ਆਈ ਹੈ।
ਪਿਆਰ ਦੇ ਕਈ ਰੂਪ ਹਨ। ਕੁਝ ਲੋਕ 'ਉਸ ਪਰਮ-ਪਿਤਾ ਪਰਮਾਤਮਾ ਨੂੰ ਬਹੁਤ ਪਿਆਰ ਕਰਦੇ ਹਨ। ਹਰ ਰੂਹ ਵਿਚ ਪਰਮਾਤਮਾ ਦਾ ਵਾਸਾ ਹੈ, ਤਾਂ ਹੀ ਕਹਿੰਦੇ ਹਨ ਕਿ ਆਤਮਾ ਵਿਚ ਹੀ ਪਰਮਾਤਮਾ ਹੈ। ਜੋ ਰੂਹਾਂ ਪਰਮਾਤਮਾ ਨਾਲ ਇਕ-ਮਿਕ ਹਨ, ਉਨ੍ਹਾਂ ਦੀ ਅਵਸਥਾ ਨੂੰ ਬਿਆਨ ਕਰਨਾ ਸ਼ਾਇਦ ਮੇਰੇ ਵੱਸ ਤੋਂ ਬਾਹਰ ਦੀ ਗੱਲ ਹੈ।
ਪਿਆਰ ਅਤੇ ਪਰਮਾਤਮਾ ਦਾ ਕੋਈ ਸਿਧਾਂਤ ਨਹੀਂ ਹੁੰਦਾ। ਇਹ ਦੋਵੇਂ ਆਪਣੇ ਰਹੱਸ ਕਾਰਨ ਮਹੱਤਵਪੂਰਨ ਹਨ। ਇਨ੍ਹਾਂ ਵਿਚ ਰਹੱਸ ਦੀ ਸਾਂਝ ਹੈ। ਰਹੱਸ ਉਸ ਭੇਦ ਨੂੰ ਕਹਿੰਦੇ ਹਨ, ਜਿਸ ਨੂੰ ਸਮਝਣ ਦਾ ਜਿੰਨਾ ਯਤਨ ਕੀਤਾ ਜਾਵੇ, ਉਹ ਓਨਾ ਹੀ ਗੁੰਝਲਦਾਰ ਹੁੰਦਾ ਜਾਂਦਾ ਹੈ। ਰਹੱਸ ਦਾ ਸਬੰਧ ਦਿਮਾਗ ਨਾਲ ਨਹੀਂ ਦਿਲ ਨਾਲ ਹੈ। ਸਮਝ ਨਾਲ ਨਹੀਂ ਮਹਿਸੂਸ ਕਰਨ ਨਾਲ ਹੈ, ਪਰਮਾਤਮਾ ਅਤੇ ਪਿਆਰ ਦਿਸਦੇ ਨਹੀਂ, ਪਰ ਅਸੀਂ ਇਨ੍ਹਾਂ ਨੂੰ ਪ੍ਰਾਪਤ ਕਰਨ ਲਈ ਨਿਰੰਤਰ ਤਾਂਘ ਰੱਖਦੇ ਹਾਂ। ਇਹੀ ਰਹੱਸ ਹੈ। ਜੇ ਪਿਆਰ ਵਿਚ ਰਹੱਸ ਨਾ ਹੋਵੇ ਤਾਂ ਕਿਹਾ ਜਾਂਦਾ ਹੈ, ਉਹ ਸੋਹਣਾ ਤਾਂ ਬਹੁਤ ਹੈ ਪਰ ਪਿਆਰੇ ਵਰਗਾ ਪਿਆਰਾ ਨਹੀਂ। ਉਸ ਦੀ ਸੁੰਦਰਤਾ ਖਿੱਚ ਤਾਂ ਪਾਉਂਦੀ ਹੈ ਪਰ ਭਰੋਸੇਯੋਗ ਨਹੀਂ ਹੈ। ਜਿਥੇ ਪਿਆਰ ਹੈ, ਉਥੇ ਭਰੋਸਾ ਆਪਣੇ-ਆਪ ਆ ਜਾਂਦਾ ਹੈ।
ਬਚਪਨ ਵਿਚ ਬੱਚਾ ਆਪਣੇ ਮਾਤਾ-ਪਿਤਾ ਤੇ ਭੈਣ-ਭਰਾਵਾਂ ਨਾਲ ਸਭ ਤੋਂ ਜ਼ਿਆਦਾ ਪਿਆਰ ਕਰਦਾ ਹੈ, ਉਹ ਆਪਣੇ ਪਰਿਵਾਰ ਵਿਚ ਹੀ ਆਪਣੇ-ਆਪ ਨੂੰ ਜ਼ਿਆਦਾ ਸੁਰੱਖਿਅਤ ਮਹਿਸੂਸ ਕਰਦਾ ਹੈ। ਉਸ ਦਾ ਪਰਿਵਾਰ ਹੀ ਉਸ ਦੀ ਛੋਟੀ ਜਿਹੀ ਦੁਨੀਆ ਹੁੰਦੀ ਹੈ। ਉਹ ਆਪਣੀ ਹਰ ਛੋਟੀ ਤੋਂ ਛੋਟੀ ਗੱਲ ਤੇ ਹਰ ਤਕਲੀਫ਼ ਆਪਣੇ ਪਰਿਵਾਰ ਨਾਲ ਸਾਂਝੀ ਕਰਦਾ ਹੈ।
ਜਦ ਅਸੀਂ ਥੋੜ੍ਹੇ ਜਿਹੇ ਵੱਡੇ ਹੁੰਦੇ ਹਾਂ ਤਾਂ ਸਾਡੇ ਕਈ ਦੋਸਤ ਮਿੱਤਰ ਬਣ ਜਾਂਦੇ ਹਨ। ਉਨ੍ਹਾਂ ਵਿਚੋਂ ਕਈ ਸਾਡੇ ਦਿਲ ਦੇ ਬਹੁਤ ਕਰੀਬ ਹੁੰਦੇ ਹਨ। ਅਸੀਂ ਆਪਣੀ ਹਰ ਖੁਸ਼ੀ ਤੇ ਹਰ ਦਰਦ ਉਨ੍ਹਾਂ ਨਾਲ ਸਾਂਝਾ ਕਰਦੇ ਹਾਂ। ਹੁਣ ਜੇ ਗੱਲ ਕਰੀਏ 'ਰੂਹ ਦੇ ਪਿਆਰ' ਦੀ, ਜੋ ਹਰ ਇਕ ਨਾਲ ਨਹੀਂ ਹੁੰਦਾ। ਜਦ ਸਾਨੂੰ ਕੋਈ ਇਹੋ ਜਿਹਾ ਇਨਸਾਨ ਮਿਲ ਜਾਵੇ, ਜਿਸ ਨੂੰ ਮਿਲ ਕੇ ਲੱਗੇ ਕਿ ਇਸ ਨੂੰ ਤਾਂ ਅਸੀਂ ਤਮਾਮ ਉਮਰ ਤੋਂ ਲੱਭ ਰਹੇ ਸੀ, ਫਿਰ ਦਿਲ ਹਰ ਪਲ ਇਕ ਅੰਦਰੂਨੀ ਖ਼ੁਸ਼ੀ ਮਹਿਸੂਸ ਕਰਦਾ ਹੈ, ਇੰਜ ਲਗਦਾ ਹੈ ਜਿਵੇਂ ਸਭ ਕੁਝ ਸਾਡੇ ਕੋਲ ਹੀ ਹੋਵੇ। ਅਸੀਂ ਹਰ ਪਲ ਉਸ ਅਨੰਦ ਨੂੰ, ਉਸ ਸਕੂਨ ਨੂੰ ਮਹਿਸੂਸ ਕਰਦੇ ਹਾਂ। ਇਹ ਵੀ ਸੋਚਦੇ ਹਾਂ ਕਿ ਇਹ ਖ਼ੁਸ਼ੀ ਸਾਨੂੰ ਪਹਿਲਾਂ ਕਿਉਂ ਨਹੀਂ ਮਿਲੀ? ਜ਼ਿੰਦਗੀ ਵਿਚ ਇਕ ਇਹੋ ਜਿਹੇ ਇਨਸਾਨ ਦਾ ਹੋਣਾ ਬਹੁਤ ਜ਼ਰੂਰੀ ਹੈ... ਜਿਸ ਨੂੰ ਦਿਲ ਦੀ ਗੱਲ ਦੱਸਣ ਲਈ ਲਫ਼ਜ਼ਾਂ ਦੀ ਜ਼ਰੂਰਤ ਨਾ ਪਵੇ... ਜਦ ਸਾਨੂੰ ਅਜਿਹਾ ਇਨਸਾਨ ਮਿਲ ਜਾਂਦਾ ਹੈ ਫਿਰ ਅਸੀਂ ਦੁਨੀਆ ਵਿਚ ਕਿਤੇ ਵੀ ਹੋਈਏ, ਪਿਆਰ ਦਾ ਸਰੂਰ ਸਾਡੇ ਦਿਲ-ਦਿਮਾਗ 'ਤੇ ਛਾਇਆ ਰਹਿੰਦਾ ਹੈ। ਅਸੀਂ ਮਹਿਸੂਸ ਕਰਦੇ ਹਾਂ ਕਿ ਸਾਡੇ ਵਰਗਾ ਖੁਸ਼ਨਸੀਬ ਹੋਰ ਕੋਈ ਨਹੀਂ ਹੈ। ਹਰ ਇਕ ਨੂੰ ਆਪਣਾ ਪਿਆਰ ਸਾਰੀ ਦੁਨੀਆ ਤੋਂ ਉੱਪਰ ਲਗਦਾ ਹੈ। ਦਰਦ ਉਸ ਨੂੰ ਹੁੰਦਾ ਹੈ, ਪਾਣੀ ਸਾਡੀਆਂ ਅੱਖਾਂ ਵਿਚ ਆ ਜਾਂਦਾ ਹੈ। ਜੇ ਖੁਸ਼ੀ ਉਸ ਦੇ ਦਰਵਾਜ਼ੇ 'ਤੇ ਦਸਤਕ ਦੇਵੇ, ਪਰਮਾਤਮਾ ਅੱਗੇ ਸ਼ੁਕਰਾਨੇ ਲਈ ਸਾਡੇ ਹੱਥ ਆਪਣੇ-ਆਪ ਜੁੜ ਜਾਂਦੇ ਹਨ। ਪਿਆਰ ਇਕ ਅਜਿਹਾ ਰਿਸ਼ਤਾ ਹੈ, ਜੋ ਸਾਰੇ ਰਿਸ਼ਤਿਆਂ ਨੂੰ ਆਪਣੇ ਵਿਚ ਸਮੋ ਲੈਂਦਾ ਹੈ। ਪਿਆਰ ਤੋਂ ਅਸੀਂ ਹਰ ਰਿਸ਼ਤੇ ਦਾ ਨਿੱਘ ਮਾਣਨਾ ਚਾਹੁੰਦੇ ਹਾਂ। ਰੂਹ ਦਾ ਰਿਸ਼ਤਾ ਸਵਾਰਥ ਰਹਿਤ ਹੁੰਦਾ ਹੈ। ਇਸ ਲਈ ਇਸ ਵਿਚ ਸਕੂਨ ਸਭ ਤੋਂ ਜ਼ਿਆਦਾ ਹੁੰਦਾ ਹੈ। ਪਰ ਇਹ ਸਾਰੀਆਂ ਗੱਲਾਂ ਤਾਂ ਹੁੰਦੀਆਂ ਹਨ ਜੇ 'ਰੂਹ ਨਾਲ ਰੂਹ' ਪਰਣਾਈ ਹੋਵੇ। ਪਿਆਰ ਵਿਚ ਕੋਈ ਦਿਖਾਵਾ ਨਾ ਹੋਵੇ। ਇਹੋ ਜਿਹਾ ਰਿਸ਼ਤਾ ਸਭ ਨੂੰ ਨਸੀਬ ਹੋਵੇ।
ਅਸੀਂ ਜ਼ਿੰਦਗੀ ਨਹੀਂ ਜਿਊਂਦੇ, ਜ਼ਿੰਦਗੀ ਸਾਡੇ ਰਾਹੀਂ ਜ਼ਿਊਂਦੀ ਹੈ। ਸਾਡੀ ਆਪਣੀ ਖੁਸ਼ੀ ਸਾਡੀ ਜ਼ਿੰਦਗੀ ਦਾ ਉਦੇਸ਼ ਨਹੀਂ ਹੋਣਾ ਚਾਹੀਦਾ। ਜੇ ਅਸੀਂ ਆਪਣੇ ਕਿਸੇ ਵੀ ਰਿਸ਼ਤੇ ਨੂੰ 'ਰੂਹ ਤੋਂ ਪਿਆਰ' ਕਰਦੇ ਹਾਂ ਤਾਂ ਸਿਰਫ਼ ਉਸ ਨੂੰ ਹੀ ਨਹੀਂ ਸਗੋਂ ਆਪਣੇ-ਆਪ ਨੂੰ ਵੀ ਇਕ ਮਿੱਠੇ ਤੇ ਅਨੰਦਮਈ ਅਹਿਸਾਸ ਨਾਲ ਭਰ ਲੈਂਦੇ ਹਾਂ।
'ਰੂਹ ਦਾ ਰਿਸ਼ਤਾ ਜਾਂ ਪਿਆਰ' ਅਜਿਹਾ ਵਿਸ਼ਾ ਨਹੀਂ ਕਿ ਕੁਝ ਸਫਿਆਂ 'ਤੇ ਉਤਾਰਿਆ ਜਾ ਸਕੇ। ਪੂਰੀ ਜ਼ਿੰਦਗੀ ਲੱਗ ਜਾਂਦੀ ਹੈ ਇਸ ਦੀ ਡੂੰਘਾਈ ਨੂੰ ਸਮਝਣ ਲਈ। ਉਸ 'ਸੋਹਣੇ ਰੱਬ' ਅੱਗੇ ਇਹੀ ਅਰਦਾਸ ਹੈ ਕਿ ਹਰ ਇਕ ਦੇ ਨਸੀਬ ਵਿਚ 'ਰੂਹ ਦੀ ਮੁਹੱਬਤ' ਦਾ ਵਾਸਾ ਕਰੇ। ਕਿਸੇ ਨੇ ਠੀਕ ਕਿਹਾ...
'ਰੂਹ ਨੂੰ ਸਮਝਣਾ ਵੀ ਜ਼ਰੂਰੀ ਹੈ
ਸਿਰਫ ਹੱਥਾਂ ਦਾ ਫੜਨਾ
ਸਾਥ ਨਹੀਂ ਹੁੰਦਾ...।'

-ਮੋਬਾਈਲ : 98147-29028.

ਇੱਜ਼ਤ

ਇਕ ਵਾਕਫਕਾਰ ਦੇ ਸੱਦੇ 'ਤੇ ਮੈਂ ਉਸ ਦੇ ਘਰ ਗਿਆ। ਉਹ ਆਪਣੇ ਬਾਪ ਨਾਲ ਝਗੜ ਰਿਹਾ ਸੀ। ਉਸ ਦੀ ਲਾਹ-ਪਾਹ ਕਰ ਰਿਹਾ ਸੀ। ਮੈਂ ਉਸ ਨੂੰ ਕੁਝ ਕਹਿਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਕਿਹਾ, 'ਤੂੰ ਚੁੱਪ ਰਹਿ, ਇਹ ਸਾਡੇ ਘਰ ਦਾ ਮਾਮਲਾ ਹੈ।'
ਮੈਂ ਕਿਹਾ, 'ਜੇ ਤੁਸੀਂ ਆਪਣੇ ਬਜ਼ੁਰਗ ਮਾਤਾ-ਪਿਤਾ ਦੀ ਇੱਜ਼ਤ ਨਹੀਂ ਕਰਦੇ ਤਾਂ ਕਿਸੇ ਹੋਰ ਦੀ ਇੱਜ਼ਤ ਕਰੋਗੇ, ਇਸ ਗੱਲ ਦੀ ਕੋਈ ਸੰਭਾਵਨਾ ਨਹੀਂ...।'
ਤੇ ਮੈਂ ਉਨ੍ਹੀਂ ਪੈਰੀਂ ਉਸ ਦੇ ਘਰੋਂ ਵਾਪਸ ਨਿਕਲ ਆਇਆ।

-ਜਗੀਰ ਸੱਧਰ,
ਮੋਬਾ: 98881-79758

ਕਾਵਿ-ਵਿਅੰਗ

ਹੱਦ 'ਤੇ
* ਨਵਰਾਹੀ ਘੁਗਿਆਣਵੀ *
ਐਸ਼ਾਂ ਕਰਨ ਵਾਲੇ ਐਸ਼ਾਂ ਕਰੀ ਜਾਂਦੇ,
ਸੈਨਿਕ ਜਿੰਦੜੀਆਂ ਘੋਲ ਘੁਮਾਉਣ ਹੱਦ 'ਤੇ।
ਮਗਰਮੱਛ ਦੇ ਹੰਝੂ ਪਏ ਕੇਰਦੇ ਨੇ,
ਪੁੱਤ ਮਾਵਾਂ ਦੇ ਜਾਨ ਗਵਾਉਣ ਹੱਦ 'ਤੇ।
ਵੱਡੇ ਭਾਸ਼ਣਾਂ ਨਾਲ ਨਾ ਗੱਲ ਬਣਨੀ,
ਰਾਖੇ ਦੇਸ਼ ਦੇ ਲਹੂ ਵਹਾਉਣ ਹੱਦ 'ਤੇ।
ਆਓ, ਦਿਲਾਂ ਅੰਦਰ ਝਾਤੀ ਮਾਰ ਲਈਏ,
ਕੀ ਹਨ ਮਾਮਲੇ ਜੋ ਟਕਰਾਉਣ ਹੱਦ 'ਤੇ।

-ਨਹਿਰ ਨਜ਼ਾਰਾ, ਨਵਾਂ ਹਰਿੰਦਰ ਨਗਰ, ਫ਼ਰੀਦਕੋਟ। ਮੋਬਾਈਲ : 98150-02302.

ਸੂਚੀ ਬਦਨਾਮੀਆਂ ਦੀ
* ਹਰਦੀਪ ਢਿੱਲੋਂ *
ਫਸੇ ਨੇਤਾ ਦੇ ਕਰਨ ਅਫਸੋਸ ਚਮਚੇ,
ਔਖੀ ਨਿਕਲਣੀ ਚੀਲ੍ਹੇ 'ਚੋਂ ਗੱਡ ਬਾਬਾ।
ਗੱਫੇ ਸਬਰ ਦੇ ਨਾਲ ਨਾ ਬੈਠ ਖਾਧੇ,
ਮੂੰਹ ਲੋਭ ਦਾ ਬਹੁਤਾ ਲਿਆ ਟੱਡ ਬਾਬਾ।
ਲੰਮੀ ਹੋ ਗਈ ਸੂਚੀ ਬਦਨਾਮੀਆਂ ਦੀ,
ਖਹਿੜਾ ਸਿਆਸੀ ਅਖਾੜੇ ਦਾ ਛੱਡ ਬਾਬਾ।
'ਮੁਰਾਦਵਾਲਿਆ' ਏਥੇ ਨਾ ਦਾਲ ਗਲਨੀ,
ਝੰਡੇ ਬਾਹਰਲੇ ਦੇਸ਼ ਹੁਣ ਗੱਡ ਬਾਬਾ।

-1-ਸਿਵਲ ਹਸਪਤਾਲ, ਅਬੋਹਰ-152116. ਮੋਬਾ: 98764-57242


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX