ਤਾਜਾ ਖ਼ਬਰਾਂ


ਸੜਕ ਹਾਦਸੇ ਚ 2 ਨੌਜਵਾਨਾ ਦੀ ਮੌਤ
. . .  about 1 hour ago
ਉਸਮਾਨਪੁਰ ,21 ਜਨਵਰੀ {ਸੰਦੀਪ }-ਪਿੰਡ ਉਸਮਾਨਪੁਰ - ਚੱਕਲ਼ੀ ਸੰਪਰਕ ਸੜਕ 'ਤੇ ਟਰੈਕਟਰ ਟਰਾਲੀ ਅਤੇ ਮੋਟਰ ਸਾਈਕਲ ਦੀ ਟੱਕਰ 'ਚ 2 ਨੌਜਵਾਨਾ ਦੀ ਮੌਤ ਹੋ ਗਈ ।
ਲੰਡਨ 'ਚ ਈ.ਵੀ.ਐਮ ਸਬੰਧੀ ਕਰਵਾਏ ਜਾ ਰਹੇ ਪ੍ਰੋਗਰਾਮ 'ਤੇ ਨਜ਼ਰ - ਚੋਣ ਕਮਿਸ਼ਨ
. . .  about 2 hours ago
ਨਵੀਂ ਦਿੱਲੀ, 21 ਜਨਵਰੀ - ਇੰਗਲੈਂਡ ਦੇ ਲੰਡਨ 'ਚ ਈ.ਵੀ.ਐਮ ਸਬੰਧੀ ਕਰਵਾਏ ਜਾ ਰਹੇ ਪ੍ਰੋਗਰਾਮ ਜਿਸ ਵਿਚ ਦਾਅਵਾ ਕੀਤਾ ਗਿਆ ਹੈ ਕਿ ਭਾਰਤੀ ਚੋਣ ਕਮਿਸ਼ਨ ਦੀ ਈ.ਵੀ.ਐਮ...
ਅਮਰੀਕੀ ਸੈਨੇਟਰ ਕਮਲਾ ਹੈਰਿਸ ਵੱਲੋਂ 2020 ਰਾਸ਼ਟਰਪਤੀ ਚੋਣ ਲੜਨ ਦਾ ਐਲਾਨ
. . .  about 2 hours ago
ਨਿਊਯਾਰਕ, 21 ਜਨਵਰੀ - ਅਮਰੀਕੀ ਸੈਨੇਟਰ ਕਮਲਾ ਹੈਰਿਸ ਨੇ ਐਲਾਨ ਕੀਤਾ ਹੈ ਕਿ ਉਨ੍ਹਾਂ ਵੱਲੋਂ 2020 ਦੀ ਰਾਸ਼ਟਰਪਤੀ ਚੋਣ ਲੜੀ...
ਟਾਟਾ ਸੂਮੋ ਅਤੇ ਟਰੱਕ ਦੀ ਟੱਕਰ 'ਚ 3 ਮੌਤਾਂ, ਇੱਕ ਜ਼ਖਮੀ
. . .  about 3 hours ago
ਮੂਨਕ, 21 ਜਨਵਰੀ (ਰਾਜਪਾਲ ਸਿੰਗਲਾ) - ਇੱਥੋਂ ਨੇੜਲੇ ਪਿੰਡ ਕੋਲ ਹੋਏ ਦਰਦਨਾਕ ਸੜਕ ਹਾਦਸੇ ਵਿਚ 3 ਲੋਕਾਂ ਦੀ ਮੌਤ ਹੋ ਗਈ, ਜਦਕਿ ਇੱਕ ਜ਼ਖਮੀ ਹੋ ਗਿਆ। ਇਹ ਹਾਦਸਾ...
ਖ਼ਰਾਬ ਮੌਸਮ ਦੇ ਮੱਦੇਨਜ਼ਰ ਦੇਹਰਾਦੂਨ ਦੇ ਸਕੂਲਾਂ 'ਚ ਕੱਲ੍ਹ ਛੁੱਟੀ
. . .  about 3 hours ago
ਦੇਹਰਾਦੂਨ, 21 ਜਨਵਰੀ - ਭਾਰੀ ਬਰਸਾਤ ਤੇ ਬਰਫ਼ਬਾਰੀ ਦੀ ਸੰਭਾਵਨਾ ਨੂੰ ਦੇਖਦੇ ਹੋਏ ਉੱਤਰਾਖੰਡ ਦੇ ਦੇਹਰਾਦੂਨ ਪ੍ਰਸ਼ਾਸਨ ਨੇ 22 ਜਨਵਰੀ ਨੂੰ ਜ਼ਿਲ੍ਹੇ ਦੇ ਸਾਰੇ ਸਕੂਲਾਂ ਅਤੇ ਆਂਗਣਵਾੜੀ...
ਕਰਨਾਟਕ : ਵਿਧਾਇਕ ਜੇ.ਐਨ ਗਣੇਸ਼ ਕਾਂਗਰਸ ਤੋਂ ਮੁਅੱਤਲ
. . .  about 3 hours ago
ਬੈਂਗਲੁਰੂ, 21 ਜਨਵਰੀ - ਕਾਂਗਰਸ ਦੇ ਵਿਧਾਇਕ ਜੇ.ਐਨ ਗਣੇਸ਼ ਵੱਲੋਂ ਕਾਂਗਰਸ ਦੇ ਹੀ ਵਿਧਾਇਕ ਅਨੰਦ ਸਿੰਘ ਨਾਲ ਮਾਰਕੁੱਟ ਤੋਂ ਬਾਅਦ ਕਰਨਾਟਕ ਕਾਂਗਰਸ ਦੇ ਜਨਰਲ ਸਕੱਤਰ...
ਕਰਨਾਟਕ ਕਿਸ਼ਤੀ ਹਾਦਸਾ : ਹੁਣ ਤੱਕ 16 ਲਾਸ਼ਾਂ ਬਰਾਮਦ
. . .  about 4 hours ago
ਬੈਂਗਲੁਰੂ, 21 ਜਨਵਰੀ - ਕਰਨਾਟਕ ਦੇ ਕਰਵਾੜ 'ਚ 24 ਲੋਕਾਂ ਨੂੰ ਲੈ ਕੇ ਜਾ ਰਹੀ ਕਿਸ਼ਤੀ ਪਲਟਣ ਤੋਂ ਬਾਅਦ ਸਮੁੰਦਰੀ ਫ਼ੌਜ ਤੇ ਕੋਸਟ ਗਾਰਡ ਨੇ ਹੁਣ ਤੱਕ 16 ਲੋਕਾਂ ਦੀਆਂ ਲਾਸ਼ਾਂ...
680 ਪੇਟੀਆਂ ਨਾਜਾਇਜ਼ ਸ਼ਰਾਬ ਸਮੇਤ ਇੱਕ ਗ੍ਰਿਫ਼ਤਾਰ
. . .  about 4 hours ago
ਜਲੰਧਰ, 21 ਜਨਵਰੀ - ਸੀ.ਆਈ.ਏ ਸਟਾਫ਼ ਨੇ 680 ਪੇਟੀਆਂ ਨਾਜਾਇਜ਼ ਸ਼ਰਾਬ ਸਮੇਤ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਡੀ.ਸੀ.ਪੀ ਜਾਂਚ ਗੁਰਮੀਤ ਸਿੰਘ ਨੇ ਦੱਸਿਆ ਕਿ...
ਗੋਦਾਮ ਦੀ ਕੰਧ ਡਿੱਗਣ ਕਾਰਨ 2 ਲੋਕਾਂ ਦੀ ਮੌਤ
. . .  about 4 hours ago
ਨਵੀਂ ਦਿੱਲੀ, 21 ਜਨਵਰੀ- ਦਿੱਲੀ ਦੇ ਨਜਫਗੜ੍ਹ ਦੇ ਨਾਂਗਲੀ 'ਚ ਇੱਕ ਗੋਦਾਮ ਦੀ ਕੰਧ ਡਿੱਗਣ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ......
ਸੁਨੰਦਾ ਪੁਸ਼ਕਰ ਮਾਮਲੇ ਦੀ ਸੁਣਵਾਈ 29 ਜਨਵਰੀ ਤੱਕ ਮੁਲਤਵੀ
. . .  about 4 hours ago
ਨਵੀਂ ਦਿੱਲੀ, 21 ਜਨਵਰੀ- ਸੁਨੰਦਾ ਪੁਸ਼ਕਰ ਦੀ ਮੌਤ ਦੇ ਮਾਮਲੇ 'ਚ ਸੁਣਵਾਈ ਨੂੰ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ 29 ਜਨਵਰੀ ਤੱਕ ਮੁਲਤਵੀ ਕਰ ਦਿੱਤਾ.....
ਹੋਰ ਖ਼ਬਰਾਂ..

ਲੋਕ ਮੰਚ

ਅਣਗਹਿਲੀ ਕਾਰਨ ਮਨੁੱਖਤਾ ਦਾ ਹੁੰਦਾ ਘਾਣ

ਦੇਸ਼ ਨੂੰ ਆਜ਼ਾਦ ਹੋਇਆਂ ਲਗਪਗ 70 ਵਰ੍ਹੇ ਹੋ ਗਏ ਹਨ, ਪਰ ਸਾਡੇ ਦੇਸ਼ ਦੀਆਂ ਸਰਕਾਰਾਂ, ਪ੍ਰਸ਼ਾਸਨ, ਪੰਜਾਬ ਪੁਲਿਸ ਦਾ ਟ੍ਰੈਫ਼ਿਕ ਵਿਭਾਗ, ਸਮਾਜ ਸੇਵੀ ਸੰਗਠਨ ਅਤੇ ਆਪਾਂ ਸਾਰੇ ਕੋਈ ਅਜਿਹਾ ਪ੍ਰਬੰਧ ਨਹੀਂ ਉਸਾਰ ਸਕੇ, ਜਿਸ ਨਾਲ ਸਾਡੇ ਵਿਚ ਜ਼ਿੰਮੇਵਾਰੀ ਦੀ ਭਾਵਨਾ ਦਾ ਵਿਕਾਸ ਹੋ ਸਕਦਾ। ਅਜਿਹੀ ਸਥਿਤੀ ਲਈ ਅਸੀਂ ਸਾਰੇ ਹੀ ਕਸੂਰਵਾਰ ਹਾਂ। ਕਾਰਨ ਇਹ ਹੈ ਕਿ ਅਸੀਂ ਆਪਣੇ ਅਧਿਕਾਰਾਂ ਨੂੰ ਤਾਂ ਸਾਰੇ ਮਾਣਨਾ ਚਾਹੁੰਦੇ ਹਾਂ, ਪਰ ਆਪਣੇ ਫ਼ਰਜ਼ਾਂ ਪ੍ਰਤੀ ਪੂਰੀ ਤਰ੍ਹਾਂ ਲਾਪ੍ਰਵਾਹੀ ਵਰਤਦੇ ਹਾਂ। ਸਰਕਾਰਾਂ ਦੀ ਇਹ ਇਕ ਚੰਗੀ ਨੀਤੀ ਹੈ ਕਿ ਵਧਦੀ ਆਬਾਦੀ ਕਾਰਨ ਅਤੇ ਵਧਦੇ ਆਵਾਜਾਈ ਦੇ ਸਾਧਨਾਂ ਕਾਰਨ ਸੜਕਾਂ ਦਾ ਨਵੀਨੀਕਰਨ ਕੀਤਾ ਜਾ ਰਿਹਾ ਹੈ। ਸਵਾਲ ਤਾਂ ਇਹ ਹੈ ਕਿ ਜਿਨ੍ਹਾਂ ਲੋਕਾਂ ਨੇ ਇਨ੍ਹਾਂ ਸੜਕਾਂ 'ਤੇ ਚੱਲਣਾ ਹੈ, ਕੀ ਉਨ੍ਹਾਂ ਨੂੰ ਸੜਕੀ ਨਿਯਮਾਂ ਦੀ ਚੰਗੇ ਢੰਗ ਨਾਲ ਪੂਰੀ ਜਾਣਕਾਰੀ ਦੇ ਦਿੱਤੀ ਗਈ ਹੈ?
16 ਜਨਵਰੀ, 2018 ਦੀ ਸਵੇਰ ਨੂੰ ਲੁਧਿਆਣਾ-ਜਲੰਧਰ ਹਾਈਵੇ 'ਤੇ ਪੀ.ਆਰ.ਟੀ.ਸੀ. ਸੰਗਰੂਰ ਡਿਪੂ ਦੀ ਬੱਸ ਸੜਕ 'ਤੇ ਖੜ੍ਹੇ ਇਕ ਟਰੱਕ ਵਿਚ ਵੱਜਣ ਕਾਰਨ ਇਕ ਅਧਿਆਪਕ ਦੀ ਘਟਨਾ ਸਥਾਨ 'ਤੇ ਹੀ ਮੌਤ ਹੋ ਗਈ ਅਤੇ 7 ਸਕੂਲੀ ਵਿਦਿਆਰਥਣਾਂ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਈਆਂ। ਦੁਰਘਟਨਾ ਹੋਣ ਦਾ ਕਾਰਨ ਸੰਘਣੀ ਧੁੰਦ ਦਾ ਹੋਣਾ, ਟਰੱਕ ਦਾ ਨੈਸ਼ਨਲ ਹਾਈਵੇ 'ਤੇ ਗ਼ਲਤ ਪਾਰਕ ਕਰਨਾ ਅਤੇ ਬੱਸ ਦੀ ਰਫ਼ਤਾਰ 100 ਕਿਲੋਮੀਟਰ ਪ੍ਰਤੀ ਘੰਟੇ ਤੋਂ ਉੱਪਰ ਹੋਣਾ ਸੀ। ਹੁਣ ਸਵਾਲ ਤਾਂ ਇਹ ਹੈ ਕਿ ਟਰੱਕ ਨੂੰ ਹਾਈਵੇ 'ਤੇ ਖੜ੍ਹਾ ਕਰਨਾ ਹੀ ਗ਼ਲਤ ਸੀ। ਦੂਜਾ, ਜੇਕਰ ਸੰਘਣੀ ਧੁੰਦ ਸੀ ਤਾਂ ਬੱਸ ਦੇ ਡਰਾਈਵਰ ਨੂੰ ਕੀ ਮਜਬੂਰੀ ਸੀ ਕਿ ਉਹ ਬੱਸ ਨੂੰ ਇੰਨੀ ਤੇਜ਼ ਚਲਾ ਰਿਹਾ ਸੀ, ਇਥੇ ਇਹ ਵੀ ਸਵਾਲ ਉੱਠਦਾ ਹੈ ਕਿ ਨੈਸ਼ਨਲ ਹਾਈਵੇ 'ਤੇ ਡਿਊਟੀ 'ਤੇ ਤਾਇਨਾਤ ਸਟਾਫ਼ ਨੇ ਗ਼ਲਤ ਢੰਗ ਨਾਲ ਪਾਰਕ ਕੀਤੇ ਟਰੱਕ ਦਾ ਸਮਾਂ ਰਹਿੰਦੇ ਨੋਟਿਸ ਕਿਉਂ ਨਹੀਂ ਲਿਆ ਅਤੇ ਉਸ ਨੂੰ ਇਕ ਪਾਸੇ ਹਟਾਉਣ ਲਈ ਲੋੜੀਂਦੀ ਕਾਰਵਾਈ ਕਿਉਂ ਨਹੀਂ ਕੀਤੀ? ਲਗਪਗ ਦੋ ਸਾਲ ਪਹਿਲਾਂ ਮੇਰੇ ਪਰਮ ਮਿੱਤਰ ਆਪਣੀ ਧਰਮ ਪਤਨੀ ਨਾਲ ਮੋਟਰਸਾਈਕਲ 'ਤੇ ਜਾ ਰਹੇ ਸਨ। ਪਿਛਲੇ ਪਾਸਿਉਂ ਆ ਰਹੇ ਓਵਰਲੋਡਿਡ ਟਰਾਲੇ ਨੇ ਪਿੱਛੋਂ ਟੱਕਰ ਮਾਰ ਦਿੱਤੀ। ਮੇਰੇ ਦੋਸਤ ਤਾਂ ਸੜਕ ਦੇ ਖੱਬੇ ਪਾਸੇ ਡਿੱਗ ਪਏ। ਜਿੱਥੇ ਥੋੜ੍ਹੀ ਦੇਰ ਪਹਿਲਾਂ ਹੀ ਕੱਚੀ ਮਿੱਟੀ ਪਾਈ ਗਈ ਸੀ ਪਰ ਦੋਸਤ ਦੀ ਪਤਨੀ ਦੀ ਸੜਕ 'ਤੇ ਸੱਜੇ ਪਾਸੇ ਡਿਗਣ ਕਾਰਨ ਉਸੇ ਵੇਲੇ ਮੌਤ ਹੋ ਗਈ। ਟਰਾਲਾ ਚਾਲਕ ਦੀ ਨਜ਼ਰ ਇੰਨੀ ਜ਼ਿਆਦਾ ਘੱਟ ਹੈ ਕਿ ਸਾਰਾ ਪਿੰਡ ਉਸ ਨੂੰ ਅੰਨ੍ਹਾ ਕਹਿ ਕੇ ਸੱਦਦਾ ਹੈ। ਹੁਣ ਸਵਾਲ ਤਾਂ ਇਹ ਹੈ ਕਿ ਜਿਸ ਆਦਮੀ ਦੀ ਨਜ਼ਰ ਹੀ ਇੰਨੀ ਘੱਟ ਹੈ, ਉਸ ਨੂੰ ਟਰਾਲਾ ਚਲਾਉਣ ਦਾ ਲਾਇਸੰਸ ਕਿਸ ਨੇ ਦਿੱਤਾ? ਕਿਉਂ ਨਾ ਉਸ ਡੀ.ਟੀ.ਓ. ਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਜਿਸ ਨੇ ਇਕ ਅਯੋਗ ਵਿਅਕਤੀ ਨੂੰ ਡਰਾਈਵਿੰਗ ਲਾਇਸੰਸ ਜਾਰੀ ਕੀਤਾ। ਸਾਰੇ ਅਯੋਗ ਵਿਅਕਤੀਆਂ ਦੇ ਲਾਇਸੰਸ ਰੱਦ ਕੀਤੇ ਜਾਣ, ਤਾਂ ਜੋ ਅਨਾੜੀ ਡਰਾਈਵਰਾਂ ਵਲੋਂ ਕੀਤੀ ਗਈ ਅਣਗਹਿਲੀ ਕਾਰਨ ਕਿਸੇ ਦੀ ਅਜਾਈਂ ਮੌਤ ਨਾ ਹੋਵੇ ਅਤੇ ਬਹੁਤ ਸਾਰੀਆਂ ਕੀਮਤੀ ਜਾਨਾਂ ਬਚਾਈਆਂ ਜਾ ਸਕਣ। ਇਸ ਦੇ ਨਾਲ ਹੀ ਇਹ ਵੀ ਜ਼ਰੂਰੀ ਹੈ ਕਿ ਪੁਲਿਸ ਟ੍ਰੈਫ਼ਿਕ ਵਿਭਾਗ ਨੂੰ ਚੁਸਤ-ਦਰੁਸਤ ਕੀਤਾ ਜਾਵੇ। ਅਯੋਗ ਅਤੇ ਲਾਪ੍ਰਵਾਹ ਪੁਲਿਸ ਮੁਲਾਜ਼ਮਾਂ ਨੂੰ ਜਬਰੀ ਘਰ ਭੇਜਿਆ ਜਾਵੇ। ਸਕੂਲਾਂ, ਕਾਲਜਾਂ, ਹੋਰ ਵਿੱਦਿਅਕ ਅਦਾਰਿਆਂ, ਸਾਂਝੀਆਂ ਥਾਂਵਾਂ, ਪਿੰਡਾਂ ਅਤੇ ਸ਼ਹਿਰਾਂ ਵਿਚ ਸੜਕ ਸੁਰੱਖਿਆ ਸੰਬੰਧੀ ਚੇਤਨਾ ਪੈਦਾ ਕਰਨ ਲਈ ਸੈਮੀਨਾਰ ਕਰਵਾਏ ਜਾਣ। ਇਹ ਸਾਰੇ ਉਪਰਾਲੇ ਕਰ ਕੇ ਹੀ ਅਸੀਂ ਸੜਕੀ ਦੁਰਘਟਨਾਵਾਂ ਤੋਂ ਬਚਾਅ ਕਰ ਸਕਦੇ ਹਾਂ।

ਪ੍ਰਿੰਸੀਪਲ, ਮਾਤਾ ਰਾਜ ਕੌਰ ਸ: ਸੀ: ਸੈ: ਸਕੂਲ, ਬਡਰੁੱਖਾਂ (ਸੰਗਰੂਰ)। ਮੋਬਾ: 84276-85020


ਖ਼ਬਰ ਸ਼ੇਅਰ ਕਰੋ

ਰਿਸ਼ਵਤ ਇਕ ਕੋਹੜ

ਆਪਣੇ ਦੇਸ਼ ਵਿਚ ਰਿਸ਼ਵਤ ਦਿਨੋ-ਦਿਨ ਵਧਦੀ ਜਾ ਰਹੀ ਹੈ, ਭਾਵ ਕਿ ਆਦਮੀ ਦੇ ਖੂਨ ਵਿਚ ਰਚੀ ਹੋਈ ਹੈ। ਬਾਹਰਲੇ ਕੰਮ ਹੋਣ ਜਾਂ ਸਰਕਾਰੀ, ਰਿਸ਼ਵਤ ਤੋਂ ਬਗੈਰ ਨਹੀਂ ਹੁੰਦੇ। ਕਿਸੇ ਆਮ ਬੰਦੇ ਜਾਂ ਸਰਕਾਰੀ ਬੰਦੇ ਦੇ ਮੱਥੇ 'ਤੇ ਨਹੀਂ ਲਿਖਿਆ ਹੁੰਦਾ ਕਿ ਇਹ ਬੰਦਾ ਰਿਸ਼ਵਤਖੋਰ ਹੈ। ਉਸ ਦੇ ਕੰਮ ਕਰਨ ਦੇ ਤਰੀਕਿਆਂ ਤੋਂ ਹੀ ਪਤਾ ਲੱਗ ਜਾਂਦਾ ਹੈ ਕਿ ਇਹ ਬੰਦਾ ਰਿਸ਼ਵਤਖੋਰ ਹੈ। ਉਹ ਕੰਮ ਕਰਾਉਣ ਆਏ ਬੰਦੇ ਨੂੰ ਏਨਾ ਕੁ ਉਲਝਾ ਲੈਂਦਾ ਹੈ ਕਿ ਬੰਦਾ ਰਿਸ਼ਵਤ ਦੇਣ ਲਈ ਮਜਬੂਰ ਹੋ ਜਾਂਦਾ ਹੈ ਤੇ ਜਦੋਂ ਰਿਸ਼ਵਤ ਦੇ ਪੈਸੇ ਉਸ ਦੀ ਜੇਬ ਵਿਚ ਪੈ ਜਾਂਦੇ ਹਨ ਤਾਂ ਉਹੀ ਕੰਮ ਬੰਦੇ ਦੇ ਬੈਠੇ-ਬੈਠੇ ਹੀ ਹੋ ਜਾਂਦਾ ਹੈ। ਗਰੀਬਾਂ ਲਈ ਇਹ ਰਿਸ਼ਵਤ ਜ਼ਹਿਰ ਹੈ ਤੇ ਅਮੀਰਾਂ ਲਈ ਨਿਰਾ ਸ਼ਹਿਦ, ਕਿਉਂਕਿ ਉਨ੍ਹਾਂ ਨੇ ਰਿਸ਼ਵਤ ਦੇ ਕੇ ਹੱਥੋ-ਹੱਥੀ ਕੰਮ ਕਰਵਾ ਲੈਣੇ ਹਨ ਤੇ ਗਰੀਬ ਵਿਚਾਰੇ ਵਿਚੇ ਲਟਕਦੇ ਰਹਿੰਦੇ ਹਨ।
ਆਮ ਦੇਖਿਆ ਜਾਂਦਾ ਹੈ ਕਿ ਬਾਜ਼ਾਰਾਂ ਵਿਚ ਜਾਮ ਲੱਗੇ ਰਹਿੰਦੇ ਹਨ। ਇਕ ਦੁਕਾਨਦਾਰ ਦੀ ਦੁਕਾਨ 8 ਜਾਂ 10 ਫੁੱਟ ਦੀ ਹੁੰਦੀ ਹੈ ਤੇ 5 ਫੁੱਟ ਉਸ ਨੇ ਸੜਕ 'ਤੇ ਲਗਾਈ ਹੁੰਦੀ ਹੈ। ਇਥ ਤੋਂ ਇਹੀ ਸਿੱਧ ਹੁੰਦਾ ਹੈ ਕਿ ਇਥੇ ਰਿਸ਼ਵਤ ਦਾ ਬੋਲਬਾਲਾ ਹੈ।
ਫਿਰ ਇਕ ਦੁਕਾਨਦਾਰ ਖਾਣ-ਪੀਣ ਦੀਆਂ ਮਿਲਾਵਟੀ ਚੀਜ਼ਾਂ ਬੇਰੋਕ ਵੇਚ ਰਿਹਾ ਹੈ, ਉਹ ਚੀਜ਼ਾਂ ਖਾਣ ਨਾਲ ਬੰਦਾ ਬਿਮਾਰ ਹੋਵੇ ਜਾਂ ਮਰ ਜਾਵੇ, ਉਸ ਨੂੰ ਉਸ ਨਾਲ ਕੋਈ ਮਤਲਬ ਨਹੀਂ। ਇਥੋਂ ਵੀ ਇਹੀ ਪਤਾ ਲੱਗਦਾ ਹੈ ਕਿ ਰਿਸ਼ਵਤ ਇਸ ਦੇ ਆਲੇ-ਦੁਆਲੇ ਘੁੰਮਦੀ ਹੈ, ਨਹੀਂ ਤਾਂ ਕਿਸੇ ਦੀ ਕੀ ਮਜਾਲ ਕਿ ਦੁਕਾਨਦਾਰ ਸੜਕ 'ਤੇ ਦੁਕਾਨ ਲਗਾ ਲਵੇ ਤੇ ਖਾਣ-ਪੀਣ ਦੀਆਂ ਮਿਲਾਵਟੀ ਚੀਜ਼ਾਂ ਬੇਰੋਕ ਵੇਚੇ।
ਇਹ ਰਿਸ਼ਵਤ ਤਾਂ ਘਰ ਵਿਚ ਹੀ ਵੜੀ ਹੋਈ ਹੈ। ਜੇ ਕਿਸੇ ਜੁਆਕ ਨੂੰ ਬਾਜ਼ਾਰੋਂ ਕੋਈ ਸਾਮਾਨ ਲਿਆਉਣ ਲਈ ਕਹੋ ਤਾਂ ਉਹ ਵੀ ਪਹਿਲਾਂ ਚਾਕਲੇਟ ਦੀ ਮੰਗ ਕਰੇਗਾ।
ਜਿਸ ਦੇਸ਼ ਵਿਚ ਰਿਸ਼ਵਤ ਦਾ ਬੋਲਬਾਲਾ ਹੋਵੇ, ਉਸ ਦੇਸ਼ ਵਿਚ ਬੰਦਾ ਰਹਿ ਤਾਂ ਸਕਦਾ ਹੈ ਪਰ ਖੁਸ਼ਹਾਲ ਨਹੀਂ। ਲੋਕ ਸਰਕਾਰਾਂ ਤੋਂ ਵੱਡੀਆਂ-ਵੱਡੀਆਂ ਤਨਖਾਹਾਂ ਲੈਣ ਦੇ ਬਾਵਜੂਦ ਰਿਸ਼ਵਤਖੋਰ ਬਣੇ ਹੋਏ ਹਨ।
ਅਖੀਰ ਮੈਂ ਇਹੀ ਕਹਾਂਗਾ ਕਿ ਰਿਸ਼ਵਤ ਬਿਲਕੁਲ ਨਹੀਂ ਹੋਣੀ ਚਾਹੀਦੀ। ਰਿਸ਼ਵਤਖੋਰਾਂ ਨੂੰ ਨੱਥ ਪਾਉਣੀ ਚਾਹੀਦੀ ਹੈ। ਸਰਕਾਰੀ ਕੰਮ ਆਸਾਨ ਹੋਣੇ ਚਾਹੀਦੇ ਹਨ, ਤਾਂ ਕਿ ਆਮ ਬੰਦਾ ਵੀ ਅਸਾਨੀ ਨਾਲ ਕੰਮ ਕਰਾ ਸਕੇ। ਜੇ ਅਜਿਹਾ ਹੋਵੇ ਤਾਂ ਆਦਮੀ ਦੀ ਕਦਰ ਵੀ ਹੋਵੇਗੀ ਤੇ ਦੇਸ਼ ਖੁਸ਼ਹਾਲ ਵੀ ਹੋਵੇਗਾ।

102, ਵਿਜੈ ਨਗਰ, ਜਗਰਾਉਂ। ਮੋਬਾ: 99146-37239

ਆਓ, ਸਾਈਕਲ ਚਲਾਉਣ ਦੀ ਆਦਤ ਪਾਈਏ

ਸਾਈਕਲ ਇਕ ਅਜਿਹਾ ਦੋਪਹੀਆ ਵਾਹਨ ਹੈ, ਜਿਸ ਨੂੰ ਚਲਾਉਣ ਲਈ ਨਾ ਕਿਸੇ ਈਂਧਨ ਦੀ ਲੋੜ ਪੈਂਦੀ ਹੈ ਅਤੇ ਨਾ ਹੀ ਕੋਈ ਖਰਚਾ ਆੳਂੁਦਾ ਹੈ। ਸਾਈਕਲ ਚਲਾਉਣ ਦਾ ਇਕ ਇਹ ਫਾਇਦਾ ਹੈ ਕਿ ਇਸ ਨਾਲ ਇਕ ਤਾਂ ਕਸਰਤ ਹੋ ਜਾਂਦੀ ਹੈ ਅਤੇ ਦੂਜਾ ਆਪਣੀ ਮੰਜ਼ਿਲ 'ਤੇ ਅੱਪੜ ਜਾਈਦੈ। ਨਾਲੇ ਪੁੰਨ ਤੇ ਨਾਲੇ ਫਲੀਆਂ ਵਾਲੀ ਗੱਲ ਹੋ ਜਾਂਦੀ ਹੈ।
ਸਾਈਕਲ ਖਰੀਦਣ ਲਈ ਬਹੁਤਾ ਮੁੱਲ ਵੀ ਨਹੀਂ ਦੇਣਾ ਪੈਦਾ। ਬਸ ਇਕ ਵਾਰ ਪੈਸੇ ਲਾਓ ਤੇ ਸਾਰੀ ਉਮਰ ਮੁਫ਼ਤ ਦੀ ਸਵਾਰੀ। ਅੱਜ ਦੇ ਭੱਜ-ਦੌੜ ਦੇ ਸਮੇਂ ਵਿਚ ਹੋਰਨਾਂ ਵਾਹਨਾਂ (ਕਾਰ, ਜੀਪ, ਮੋਟਰਸਾਈਕਲ) ਦੇ ਚੱਲਦਿਆਂ ਲੋਕ ਸਾਈਕਲ ਨੂੰ ਤਾਂ ਜਿਵੇਂ ਭੁੱਲ ਹੀ ਗਏ ਹਨ। ਲੋਕਾਂ ਨੇ ਸਾਈਕਲ ਨੂੰ ਅਜਿਹਾ ਵਿਸਾਰ ਦਿੱਤਾ ਕਿ ਸਾਈਕਲ ਚਲਾਉਣ ਨੂੰ ਸ਼ਰਮ ਦਾ ਕੰਮ ਸਮਝਿਆ ਜਾਂਦਾ ਹੈ। ਅੱਜਕਲ੍ਹ ਹਰ ਕੋਈ ਸਾਈਕਲ ਚਲਾਉਣ ਤੋਂ ਕੰਨੀ ਕਤਰਾਉਂਦਾ ਹੈ। ਸੜਕਾਂ, ਗਲੀਆਂ ਵਿਚ ਅੱਜਕਲ੍ਹ ਕੋਈ ਟਾਵਾਂ-ਟਾਵਾਂ ਸਾਈਕਲ ਹੀ ਨਜ਼ਰ ਆਉਂਦਾ ਹੈ। ਕੀ ਬੱਚੇ, ਕੀ ਬਜ਼ੁਰਗ, ਹਰ ਕੋਈ ਸਾਈਕਲ ਛੱਡ ਹੋਰਨਾਂ ਮੋਟਰ ਵਾਹਨਾਂ ਨੂੰ ਪਹਿਲ ਦਿੰਦੇ ਹਨ। ਨੌਜਵਾਨ ਤਾਂ ਸਾਈਕਲ ਚਲਾਉਣ ਬਾਰੇ ਸੋਚਣ ਤੋਂ ਵੀ ਗੁਰੇਜ਼ ਕਰਦੇ ਹਨ, ਜੋ ਕਿ ਬਹੁਤ ਗ਼ਲਤ ਹੈ।
ਮੋਟਰ ਵਾਹਨਾਂ ਵਿਚੋਂ ਨਿਕਲਣ ਵਾਲਾ ਧੂੰਆਂ ਵਾਤਾਵਰਨ ਵਿਚਲੇ ਪ੍ਰਦੂਸ਼ਣ ਨੂੰ ਵਧਾਉਂਦਾ ਹੈ, ਜਿਸ ਕਰ ਕੇ ਦਿਨ ਪ੍ਰਤੀ ਦਿਨ ਪ੍ਰਦੂਸ਼ਣ ਵਧਦਾ ਜਾ ਰਿਹਾ ਹੈ, ਨਾਲ ਹੀ ਪੈਟਰੋਲ ਅਤੇ ਡੀਜ਼ਲ ਦੀ ਮਾਤਰਾ ਦਿਨੋ-ਦਿਨ ਘਟਦੀ ਜਾ ਰਹੀ ਹੈ। ਇਕ ਦਿਨ ਪੈਟਰੋਲ ਅਤੇ ਡੀਜ਼ਲ ਖ਼ਤਮ ਹੋ ਜਾਣਗੇ। ਇਸ ਕਰਕੇ ਸਾਡਾ ਇਹ ਫ਼ਰਜ਼ ਹੈ ਕਿ ਅਸੀਂ ਮੋਟਰ ਵਾਹਨਾਂ ਦੀ ਵਰਤੋਂ ਘਟਾ ਕੇ ਵਾਤਾਵਰਨ ਨੂੰ ਵਧ ਰਹੇ ਪ੍ਰਦੂਸ਼ਣ ਦੀ ਸਮੱਸਿਆ ਤੋਂ ਬਚਾਈਏ ਅਤੇ ਪੈਟਰੋਲੀਅਮ ਦੀ ਸੰਭਾਲ ਕਰੀਏ, ਤਾਂ ਜੋ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਇਨ੍ਹਾਂ ਦਾ ਲਾਭ ਉਠਾ ਸਕਣ।
ਜਿਥੇ ਸਾਨੂੰ ਲੱਗਦਾ ਹੈ ਕਿ ਅਸੀਂ ਉਥੇ ਸਾਈਕਲ ਚਲਾ ਕੇ ਜਾ ਸਕਦੇ ਹਾਂ, ਤਾਂ ਉਥੇ ਸਾਨੂੰ ਸਾਈਕਲ ਚਲਾ ਕੇ ਹੀ ਜਾਣਾ ਚਾਹੀਦਾ ਹੈ। ਬਾਜ਼ਾਰ ਜਾਣਾ ਹੋਵੇ ਜਾਂ ਫਿਰ ਖੇਤ ਗੇੜਾ ਮਾਰਨ, ਖਾਸ ਕਰ ਕੇ ਪਿੰਡ ਜਾਂ ਸ਼ਹਿਰ ਵਿਚ ਸਥਾਨਕ ਸਾਨੂੰ ਮੋਟਰਸਾਈਕਲ ਦੀ ਬਜਾਏ ਸਾਈਕਲ 'ਤੇ ਹੀ ਜਾਣਾ ਚਾਹੀਦਾ ਹੈ। ਦੇਖਣ ਵਿਚ ਆਇਆ ਹੈ ਕਿ ਲੋਕ ਨੇੜੇ ਤੋਂ ਨੇੜੇ ਜਾਣ ਲਈ ਵੀ ਮੋਟਰਸਾਈਕਲ ਦੀ ਵਰਤੋਂ ਕਰਦੇ ਹਨ।
ਸਾਈਕਲ ਚਲਾਉਣ ਨਾਲ ਕਦੇ ਕਿਸੇ ਦਾ ਨੁਕਸਾਨ ਨਹੀਂ ਹੋਇਆ। ਸਗੋਂ ਸਾਈਕਲ ਚਲਾਉਣ ਦੇ ਫਾਇਦੇ ਹੀ ਫਾਇਦੇ ਹਨ। ਡਾਕਟਰ ਵੀ ਸਾਈਕਲ ਚਲਾਉਣ ਦੀ ਸਲਾਹ ਦਿੰਦੇ ਹਨ। ਸਾਈਕਲ ਚਲਾਉਣ ਨਾਲ ਗੋਡਿਆਂ ਦੀ ਤਕਲੀਫ ਨਹੀਂ ਹੁੰਦੀ ਅਤੇ ਸਾਰੀ ਉਮਰ ਲੱਤਾਂ-ਪੈਰਾਂ ਨੂੰ ਕੋਈ ਬਿਮਾਰੀ ਨਹੀਂ ਲੱਗਦੀ। ਸਾਈਕਲ ਚਲਾਉਣ ਨਾਲ ਸਾਡਾ ਸਰੀਰ ਵੀ ਤੰਦਰੁਸਤ ਰਹਿੰਦਾ ਹੈ। ਕਈ ਲੋਕ ਤਾਂ ਜਿੰਮ ਵਿਚ ਜਾ ਕੇ ਸਾਈਕਲ ਚਲਾਉਣ ਦੀ ਕਸਰਤ ਕਰਦੇ ਹਨ। ਇਸ ਲਈ ਜੇਕਰ ਤੁਸੀਂ ਵੀ ਤੰਦਰੁਸਤ ਰਹਿਣਾ ਚਾਹੁੰਦੇ ਹੋ ਤਾਂ ਤੁਹਾਨੂੰ ਸਾਈਕਲ ਚਲਾਉਣ ਦੀ ਆਦਤ ਪਾਉਣੀ ਹੀ ਪਵੇਗੀ। ਸਾਈਕਲ ਚਲਾਉਣਾ ਕੋਈ ਸ਼ਰਮ ਦੀ ਗਲ ਨਹੀਂ ਹੈ। ਜਿਸ ਕੰਮ ਨਾਲ ਸਾਡਾ ਫਾਇਦਾ ਹੁੰਦਾ ਹੋਵੇ, ਉਸ ਕੰਮ ਨੂੰ ਕਰਨ ਦੀ ਸ਼ਰਮ ਕਾਹਦੀ? ਕੋਸ਼ਿਸ਼ ਕਰੀਏ ਕਿ ਨੇੜਲੀਆਂ ਥਾਵਾਂ 'ਤੇ ਹਮੇਸ਼ਾ ਸਾਈਕਲ ਚਲਾ ਕੇ ਹੀ ਜਾਓ। ਇਸ ਲਈ ਆਓ, ਅਸੀਂ ਸਾਰੇ ਸਾਈਕਲ ਚਲਾਉਣ ਦੀ ਇਕ ਚੰਗੀ ਆਦਤ ਪਾ ਕੇ ਆਪਣੇ ਸਰੀਰ ਨੂੰ ਤੰਦਰੁਸਤ ਬਣਾਈਏ ਅਤੇ ਵਾਤਾਵਰਨ ਬਚਾਈਏ।

-ਅਰਾਈਆਂ ਵਾਲਾ ਕਲਾਂ, ਫ਼ਰੀਦਕੋਟ।ਮੋਬਾ: 87290-43571

ਡਿਗਦੀਆਂ ਕਦਰਾਂ-ਕੀਮਤਾਂ ਲਈ ਜ਼ਿੰਮੇਵਾਰ ਕੌਣ?

ਅੱਜ ਦਾ ਮਨੁੱਖ ਗਿਆਨਵਾਨ ਅਤੇ ਵਿਗਿਆਨਕ ਸਦੀ ਵਿਚ ਜੀਅ ਰਿਹਾ ਹੈ। ਅੱਜ ਚਾਰੇ ਪਾਸੇ ਵਿੱਦਿਆ ਦਾ ਪਸਾਰ ਹੋ ਰਿਹਾ ਹੈ। ਫਿਰ ਵੀ ਅੱਜ ਦੇ ਬੱਚਿਆਂ ਅਤੇ ਨੌਜਵਾਨਾਂ ਵਿਚ ਨੈਤਿਕ ਕਦਰਾਂ-ਕੀਮਤਾਂ ਦਿਨੋ-ਦਿਨ ਡਿਗਦੀਆਂ ਜਾ ਰਹੀਆਂ ਹਨ। ਅੱਜ ਸਾਡੇ ਦੇਸ਼ ਦੀ ਸਭ ਤੋਂ ਵੱਡੀ ਸਮੱਸਿਆ ਹੈ ਗਰੀਬੀ, ਬੇਰੁਜ਼ਗਾਰੀ, ਨਸ਼ਾਖੋਰੀ। ਇਨ੍ਹਾਂ ਸਮੱਸਿਆਵਾਂ ਵਿਚੋਂ ਹੀ ਅਨੁਸ਼ਾਸਨਹੀਣਤਾ, ਭ੍ਰਿਸ਼ਟਾਚਾਰੀ, ਦੁਸ਼ਕਰਮੀ, ਵਹਿਸ਼ੀਪਣ, ਹਵਸ ਜਨਮ ਲੈਂਦੀ ਹੈ, ਜੋ ਦਿਨੋ-ਦਿਨ ਸਾਡੇ ਸਮਾਜਿਕ ਢਾਂਚੇ ਨੂੰ ਖੋਖਲਾ ਕਰੀ ਜਾ ਰਹੀ ਹੈ। ਬੇਰੁਜ਼ਗਾਰ ਨੌਜਵਾਨ ਪੀੜ੍ਹੀ ਆਪਣੇ ਰੁਜ਼ਗਾਰ ਦੀ ਭਾਲ ਵਿਚ ਦੂਰ-ਦੁਰਾਡੇ ਜਾ ਕੇ ਦਰ-ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਹੋ ਰਹੀ ਹੈ, ਜਿਸ ਦਾ ਸਿੱਧਾ ਅਸਰ ਪਰਿਵਾਰ ਅਤੇ ਬੱਚਿਆਂ ਉੱਤੇ ਪੈਂਦਾ ਹੈ। ਰੁਜ਼ਗਾਰ ਦੀ ਘਾਟ ਅਤੇ ਮਹਿੰਗਾਈ ਦੀ ਮਾਰ ਨੇ ਆਮ ਵਰਗ ਦਾ ਲੱਕ ਤੋੜ ਸੁੱਟਿਆ ਹੈ। ਘਰਾਂ ਦੇ ਖਰਚੇ ਪੂਰੇ ਕਰਨ ਲਈ ਜੇਕਰ ਔਰਤ ਮਰਦ ਦੇ ਮੋਢੇ ਨਾਲ ਮੋਢਾ ਜੋੜਦੀ ਹੈ ਤਾਂ ਉਹ ਆਪਣੇ ਬੱਚਿਆਂ ਅਤੇ ਪਰਿਵਾਰ ਨੂੰ ਪੂਰਾ ਵਕਤ ਨਹੀਂ ਦੇ ਸਕਦੀ। ਜਦੋਂ ਬੱਚਿਆਂ ਨੂੰ ਆਪਣੇ ਮਾਪਿਆਂ ਵਲੋਂ ਹੀ ਸਮਾਂ ਨਹੀਂ ਮਿਲੇਗਾ ਤਾਂ ਉਹ ਚੰਗੇ ਸੰਸਕਾਰਾਂ ਦੇ ਧਾਰਨੀ ਕਿਵੇਂ ਬਣ ਸਕਦੇ ਹਨ? ਸਾਂਝੇ ਪਰਿਵਾਰਾਂ ਵਿਚ ਰਹਿ ਕੇ ਬੱਚੇ ਚੰਗੇ ਸੰਸਕਾਰ ਸਿੱਖਦੇ ਸਨ। ਟੀ. ਵੀ., ਕੰਪਿਊਟਰ, ਇੰਟਰਨੈੱਟ ਰਾਹੀਂ ਬੱਚੇ ਗ਼ਲਤ ਆਦਤਾਂ ਦੇ ਧਾਰਨੀ ਬਣਦੇ ਜਾ ਰਹੇ ਹਨ। ਅੱਜ ਅਧਿਆਪਕ ਤੇ ਵਿਦਿਆਰਥੀ ਦਾ ਰਿਸ਼ਤਾ ਵੀ ਪਹਿਲਾਂ ਦੀ ਤਰ੍ਹਾਂ ਪਵਿੱਤਰ ਨਹੀਂ ਰਿਹਾ। ਅੱਜ ਅਧਿਆਪਕ ਤੇ ਵਿਦਿਆਰਥੀ ਦਾ ਰਿਸ਼ਤਾ ਵੀ ਨੈੱਕ-ਟਾਈ ਅਤੇ ਰੋਲ ਨੰਬਰ ਵਾਲਾ ਹੀ ਬਣ ਕੇ ਰਹਿ ਗਿਆ ਹੈ। ਓਧਰ ਅਮੀਰ ਘਰਾਣਿਆਂ ਨਾਲ ਸਬੰਧਤ ਬੱਚੇ ਵੀ ਹੈਂਕੜ ਤੇ ਹਉਮੈ ਨਾਲ ਸਕੂਲਾਂ ਅੰਦਰ ਪ੍ਰਵੇਸ਼ ਕਰਦੇ ਹਨ। ਬਹੁਤੇ ਮਾਪੇ ਵੀ ਸਕੂਲ, ਸਕੂਲ ਪ੍ਰਬੰਧ ਅਤੇ ਅਧਿਆਪਕਾਂ ਨੂੰ ਆਪਣੇ ਪੈਸੇ ਨਾਲ ਖਰੀਦੇ ਹੋਏ ਗੁਲਾਮ ਸਮਝਦੇ ਹਨ। ਇਸ ਕਰਕੇ ਅਧਿਆਪਕਾਂ ਤੇ ਸਕੂਲਾਂ ਦਾ ਸਤਿਕਾਰ ਦਿਨੋ-ਦਿਨ ਘਟਦਾ ਜਾ ਰਿਹਾ ਹੈ। ਬੱਚਿਆਂ ਦੀ ਜ਼ਿੰਦਗੀ ਵਿਚ ਘਰ ਅਤੇ ਸਕੂਲ ਅਹਿਮ ਭੂਮਿਾ ਅਦਾ ਕਰਦੇ ਹਨ। ਅਨਪੜ੍ਹਤਾ, ਬੇਰੁਜ਼ਗਾਰੀ, ਗਰੀਬੀ, ਨਸ਼ਾਖੋਰੀ ਦੇ ਖਾਤਮੇ ਲਈ ਸਰਕਾਰਾਂ ਦਾ ਵੱਡਾ ਫਰਜ਼ ਬਣਦਾ ਹੈ। ਅੱਜ ਦੀ ਪੀੜ੍ਹੀ ਅੰਦਰ ਆਈ ਨੈਤਿਕ ਕਦਰਾਂ-ਕੀਮਤਾਂ ਦੀ ਗਿਰਾਵਟ ਲਈ ਜਿਥੇ ਸਾਡੀਆਂ ਸਮਾਜਿਕ ਬੁਰਾਈਆਂ ਜ਼ਿੰਮੇਵਾਰ ਹਨ, ਉਥੇ ਜ਼ਿੰਮੇਵਾਰ ਸਾਡੀ ਸਰਕਾਰ ਅਤੇ ਸਾਡਾ ਸਮਾਜਿਕ ਪ੍ਰਬੰਧ ਵੀ ਹੈ, ਨਸ਼ਿਆਂ ਨੂੰ ਖੁਦ ਬੜ੍ਹਾਵਾ ਦੇ ਕੇ ਸਰਕਾਰੀ ਖਜ਼ਾਨੇ ਭਰਨ ਲੱਗੀ ਹੋਈ ਸਰਕਾਰ ਨੂੰ ਕੋਈ ਫਿਕਰ ਨਹੀਂ ਕਿ ਦੇਸ਼ ਦੀ ਜਵਾਨੀ ਖਤਮ ਹੋ ਰਹੀ ਹੈ। ਬਚੀ-ਖੁਚੀ ਜਵਾਨੀ ਅਤੇ ਦੇਸ਼ ਦਾ ਪੈਸਾ ਵਿਦੇਸ਼ਾਂ ਵਿਚ ਜਾਣ ਲਈ ਮਜਬੂਰ ਹੋ ਰਿਹਾ ਹੈ। ਲੋੜ ਹੈ ਸਾਨੂੰ ਸਭ ਨੂੰ ਲਾਮਬੰਦ ਹੋਣ ਦੀ, ਸੁਚੇਤ ਹੋਣ ਦੀ, ਆਪਣੇ ਲਈ, ਆਪਣੇ ਭਵਿੱਖ ਲਈ, ਆਪਣੇ ਦੇਸ਼ ਲਈ।

ਪਿੰਡ ਧਨੌਲਾ, ਜ਼ਿਲ੍ਹਾ ਬਰਨਾਲਾ-148105. ਮੋਬਾ: 94179-63260

ਮੁਢਲੀਆਂ ਸਹੂਲਤਾਂ ਤੋਂ ਵਾਂਝੇ ਸਰਕਾਰੀ ਹਸਪਤਾਲ

ਸਰਕਾਰੀ ਸਿਹਤ ਕੇਂਦਰਾਂ/ਹਸਪਤਾਲਾਂ ਦੀ ਅਣਦੇਖੀ ਸਮੇਂ ਦੀਆਂ ਸਰਕਾਰਾਂ ਵਲੋਂ ਹੀ ਨਹੀਂ ਕੀਤੀ ਜਾਂਦੀ, ਸਗੋਂ ਅਸੀਂ ਖ਼ੁਦ ਵੀ ਇਸ ਦੇ ਕਿਤੇ ਨਾ ਕਿਤੇ ਜ਼ਿੰਮੇਵਾਰ ਹਾਂ। ਸਾਡੇ ਘਰਾਂ ਵਿਚ ਜਦੋਂ ਵੀ ਕੋਈ ਵਿਅਕਤੀ ਕਿਸੇ ਬਿਮਾਰੀ ਦਾ ਸ਼ਿਕਾਰ ਹੋ ਜਾਂਦਾ ਹੈ ਤਾਂ ਅਸੀਂ ਸਰਕਾਰੀ ਸਿਹਤ ਕੇਂਦਰਾਂ/ਹਸਪਤਾਲਾਂ ਵਿਚ ਲੈ ਕੇ ਜਾਣ ਦੀ ਬਜਾਏ ਨਿੱਜੀ ਮਹਿੰਗੇ ਹਸਪਤਾਲਾਂ ਵਿਚ ਉਸ ਦਾ ਇਲਾਜ ਕਰਵਾਉਣ ਨੂੰ ਤਰਜੀਹ ਦਿੰਦੇ ਹਾਂ, ਇਥੋਂ ਤੱਕ ਕਿ ਜ਼ਿਆਦਾਤਰ ਰਾਜਨੀਤਕ ਸ਼ਖ਼ਸੀਅਤਾਂ ਜੋ ਖ਼ੁਦ ਸਰਕਾਰ ਦੇ ਕਿਸੇ ਨਾ ਕਿਸੇ ਅਹੁਦੇ 'ਤੇ ਹੁੰਦੀਆਂ ਹਨ, ਆਪਣਾ ਇਲਾਜ ਕਰਵਾਉਣ ਲਈ ਵਿਦੇਸ਼ਾਂ ਦੇ ਹਸਪਤਾਲਾਂ ਨੂੰ ਤਰਜੀਹ ਦਿੰਦੀਆਂ ਹਨ, ਜਦੋਂ ਕਿ ਸਰਕਾਰ ਵਲੋਂ ਕਈ ਤਰ੍ਹਾਂ ਦੀਆਂ ਪ੍ਰੀਖਿਆਵਾਂ ਪਾਸ ਕਰਨ ਤੋਂ ਬਾਅਦ ਸਿਹਤ ਕੇਂਦਰਾਂ/ਹਸਪਤਾਲਾਂ ਵਿਚ ਮਾਹਿਰ ਡਾਕਟਰਾਂ ਨੂੰ ਭਰਤੀ ਕੀਤਾ ਜਾਂਦਾ ਹੈ।
ਦੂਜੇ ਪਾਸੇ ਸਰਕਾਰੀ ਸਿਹਤ ਕੇਂਦਰਾਂ/ਹਸਪਤਾਲਾਂ ਵਿਚ ਉੱਥੇ ਦੇ ਮਾਹਿਰ ਡਾਕਟਰਾਂ ਦੁਆਰਾ ਲਿਖੀਆਂ ਦਵਾਈਆਂ ਜੋ ਮੁਫ਼ਤ ਮਿਲਦੀਆਂ ਹਨ, ਉਪਲਬਧ ਨਹੀਂ ਹੁੰਦੀਆਂ ਅਤੇ ਉਸ ਨਾਲ ਮਿਲਦੀ-ਜੁਲਦੀ ਦਵਾਈ ਬਾਹਰੋਂ ਮੁੱਲ ਲੈਣੀ ਪੈਂਦੀ ਹੈ। ਸਰਕਾਰਾਂ ਵਲੋਂ ਸਿਹਤ ਸੁਧਾਰ ਸਹੂਲਤਾਂ ਲਈ ਵੱਖ-ਵੱਖ ਯੋਜਨਾਵਾਂ ਪਾਸ ਕੀਤੀਆਂ ਜਾਂਦੀਆਂ ਹਨ, ਜਿਨ੍ਹਾਂ ਦਾ ਲਾਭ ਬਹੁਤ ਘੱਟ ਮਿਲਦਾ ਹੈ। ਜ਼ਿਆਦਾਤਰ ਸਰਕਾਰੀ ਸਿਹਤ ਕੇਂਦਰਾਂ/ਹਸਪਤਾਲਾਂ ਦੇ ਪਖਾਨਿਆਂ ਦੀ ਸਫ਼ਾਈ ਘੱਟ ਹੀ ਦੇਖਣ ਨੂੰ ਮਿਲਦੀ ਹੈ। ਸਭ ਤੋਂ ਵੱਧ ਧਿਆਨ ਦੇਣ ਯੋਗ ਗੱਲ ਇਹ ਹੈ ਕਿ ਜਦੋਂ ਸਰਕਾਰੀ ਹਸਪਤਾਲ ਵਿਚ ਕਿਸੇ ਗਰਭਵਤੀ ਮਹਿਲਾ ਦੀ ਡਿਲਿਵਰੀ ਹੁੰਦੀ ਹੈ ਤਾਂ ਉਸ ਦੇ ਵਾਰਡ ਦੀ ਸਫ਼ਾਈ ਕਰਨ ਵਾਲੇ ਕਰਮਚਾਰੀ ਵਲੋਂ ਮੁੰਡਾ ਜਾਂ ਕੁੜੀ ਦੇ ਜਨਮ ਲੈਣ 'ਤੇ ਵਧਾਈ ਦਿੱਤੀ ਜਾਂਦੀ ਹੈ, ਜੇਕਰ ਵਧਾਈਆਂ ਮੰਨ ਕੇ ਉਨ੍ਹਾਂ ਨੂੰ ਨਕਦ ਰੂਪ ਵਿਚ ਸ਼ਗਨ ਨਾ ਦਿੱਤਾ ਜਾਵੇ ਤਾਂ ਜੱਚਾ-ਬੱਚਾ ਦੀ ਸੰਭਾਲ/ਸਫ਼ਾਈ ਵਿਚ ਇਲਾਇਦਗੀ ਦਿਖਾਈ ਜਾਂਦੀ ਹੈ ਅਤੇ ਨਾ ਹੀ ਆਸ਼ਾ ਵਰਕਰਾਂ ਵਲੋਂ ਗਰਭਵਤੀ ਮਹਿਲਾ ਦੀ ਜਾਂਚ ਸਮੇਂ ਸਿਰ ਕਰਵਾਈ ਜਾਂਦੀ ਹੈ। ਸਮੇਂ-ਸਮੇਂ 'ਤੇ ਮਿਲਣ ਵਾਲੀਆਂ ਦਵਾਈਆਂ (ਆਇਰਨ ਦੀਆਂ ਗੋਲੀਆਂ/ ਓ.ਆਰ.ਐੱਸ.) ਅਤੇ ਹੋਰ ਸਹੂਲਤਾਂ ਆਦਿ ਨਹੀਂ ਦਿੱਤੀਆਂ ਜਾਂਦੀਆਂ ਅਤੇ ਆਪਣੇ ਫ਼ਾਇਦੇ ਲਈ ਗਰਭਵਤੀ ਮਹਿਲਾ ਦੀ ਡਿਲਿਵਰੀ ਨਾਰਮਲ ਤੋਂ ਛੋਟੇ ਜਾਂ ਵੱਡੇ ਆਪ੍ਰੇਸ਼ਨ ਰਾਹੀਂ ਕਰਵਾਉਣ ਨੂੰ ਤਰਜੀਹ ਦੇ ਕੇ ਸਹਿਮਤੀ ਪ੍ਰਗਟਾਈ ਜਾਂਦੀ ਹੈ।
ਕੁਝ ਸਿਹਤ ਕੇਂਦਰ/ਹਸਪਤਾਲ ਸੀ.ਟੀ. ਸਕੈਨਾਂ ਅਤੇ ਹੋਰ ਟੈਸਟ ਕਰਨ ਵਰਗੀਆਂ ਸਹੂਲਤਾਂ ਤੋਂ ਵਾਂਝੇ ਪਏ ਹਨ। ਪੀ. ਜੀ. ਆਈ. ਚੰਡੀਗੜ੍ਹ ਵਰਗੇ ਮਲਟੀ ਸਪੈਸ਼ਲਿਟੀ ਹਸਪਤਾਲ ਹਰ ਵੱਡੇ ਸ਼ਹਿਰ ਵਿਚ ਖੋਲ੍ਹੇ ਜਾਣ ਤਾਂ ਕਿ ਗ਼ਰੀਬ ਵਿਅਕਤੀ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਇਲਾਜ ਕਰਵਾਉਣ ਵਿਚ ਸੌਖ ਮਹਿਸੂਸ ਹੋਵੇ। ਸਰਕਾਰ ਨੂੰ ਕੁਝ ਗੱਲਾਂ 'ਤੇ ਧਿਆਨ ਦੇਣ ਦੀ ਲੋੜ ਹੈ ਜਿਵੇਂ ਸਿਹਤ ਕੇਂਦਰਾਂ/ਹਸਪਤਾਲਾਂ ਵਿਚ ਸਟਾਫ਼ ਦੀ ਪੂਰਤੀ ਲਈ ਨਵੀਂ ਭਰਤੀ ਕੀਤੀ ਜਾਵੇ, ਉਨ੍ਹਾਂ ਦੀ ਹਾਜ਼ਰੀ ਬਾਇਓਮੈਟਰਿਕ ਕੀਤੀ ਜਾਵੇ।

-ਪਿੰਡ ਤੇ ਡਾਕ: ਸੇਹ, ਜ਼ਿਲ੍ਹਾ ਲੁਧਿਆਣਾ। ਮੋਬਾ: 98729-00497

 

ਜ਼ਿੰਦਗੀਆਂ ਨਾਲ ਖਿਲਵਾੜ ਕਰ ਰਹੇ ਗੀਤ-ਸੰਗੀਤ ਨੂੰ ਠੱਲ੍ਹ ਪਾਉਣ ਦੀ ਲੋੜ

ਪੰਜਾਬ ਅੰਦਰ ਬੀਤੇ ਸਮੇਂ ਤੋਂ ਸੈਂਕੜੇ ਘਟਨਾਵਾਂ ਮਾੜੇ ਗੀਤ-ਸੰਗੀਤ ਦੀ ਬਦੌਲਤ ਵਿਆਹਾਂ ਜਾਂ ਹੋਰ ਸਮਾਗਮਾਂ ਸਮੇਂ ਵਾਪਰ ਚੁੱਕੀਆਂ ਹਨ। ਉਕਸਾਹਟ ਭਰੇ ਗੀਤ ਪਲੋ-ਪਲੀ ਵਿਚ ਖ਼ੁਸ਼ੀ ਦੇ ਮੌਕਿਆਂ ਨੂੰ ਗ਼ਮੀ ਦੀ ਤਸਵੀਰ ਵਿਚ ਬਦਲਣ ਲਈ ਜ਼ਿੰਮੇਵਾਰ ਹੋ ਨਿਬੜਦੇ ਹਨ। ਬਹੁਤੇ ਘਰਾਂ ਦੇ ਇਕਲੌਤੇ ਵਾਰਿਸ ਇਸ ਨਰ-ਸੰਘਹਾਰ ਦੀ ਭੇਟ ਚੜ੍ਹ ਚੁੱਕੇ ਹਨ। ਕਈ ਵਾਰ ਖ਼ੁਦ ਵਿਆਹ ਵਾਲੇ ਨੌਜਵਾਨ ਲਾੜੇ ਨੂੰ ਵੀ ਸਟੇਜ 'ਤੇ ਚੱਲ ਰਹੀਆਂ ਗੋਲੀਆਂ ਲੱਗੀਆਂ। ਪਰ ਅਫ਼ਸੋਸ ਅਸੀਂ ਫਿਰ ਵੀ ਨਾ ਸਮਝੇ। ਇਹ ਸਿਲਸਿਲਾ ਅੱਜ ਵੀ ਬਾਦਸਤੂਰ ਜਾਰੀ ਹੈ।
ਇਕ ਗ਼ੈਰ-ਸਰਕਾਰੀ ਅਨੁਮਾਨ ਮੁਤਾਬਿਕ ਹੁਣ ਤੱਕ ਕੁੱਲ 215 ਦੇ ਕਰੀਬ ਮਨੁੱਖੀ ਜਾਨਾਂ ਪੈਲੇਸ ਅੰਦਰ ਵਿਆਹ ਜਾਂ ਖ਼ੁਸ਼ੀ ਦੇ ਸਮਾਗਮਾਂ ਮੌਕੇ ਚੱਲੀਆਂ ਗੋਲੀਆਂ ਦੇ ਕਾਰਨ ਇਸ ਦੁਨੀਆ ਤੋਂ ਭੰਗ ਦੇ ਭਾਣੇ ਚਲੀਆਂ ਗਈਆਂ। ਉਨ੍ਹਾਂ ਵਿਚੋਂ ਬਹੁਤਿਆਂ ਦਾ ਕਾਰਨ ਭੜਕਾਊ ਅਤੇ ਨਸ਼ੇ ਭਰਪੂਰ ਗੀਤ-ਸੰਗੀਤ ਸੀ। ਸਾਡੇ ਲੋਕਾਂ ਦੇ ਨਾਲ-ਨਾਲ ਸਰਕਾਰ ਦਾ ਰਵੱਈਆ ਵੀ ਇਸ ਘਟਨਾਕ੍ਰਮ ਪ੍ਰਤੀ ਨਾਂਹ-ਪੱਖੀ ਹੀ ਰਿਹੈ। ਘਟਨਾਵਾਂ ਤੋਂ ਬਾਅਦ ਭਾਵੇਂ ਕਾਨੂੰਨ ਹਰਕਤ ਵਿਚ ਜ਼ਰੂਰ ਆਇਆ ਪਰ ਪਹਿਲਾਂ ਤੋਂ ਇਸ ਸਾਰੇ ਵਰਤਾਰੇ ਨੂੰ ਰੋਕਣ ਵਿਚ ਅਸੀਂ ਅਸਫ਼ਲ ਹੋਏ ਹਾਂ।
ਕਿਸੇ ਫ਼ਿਲਾਸਫ਼ਰ ਨੇ ਜ਼ਿੰਦਗੀ ਦੇ ਯਥਾਰਥ ਨੂੰ ਬਿਆਨਦਿਆਂ ਆਖਿਐ ਕਿ 'ਜੋ ਗੀਤ-ਸੰਗੀਤ ਕਿਸੇ ਸਮਾਜ ਨੂੰ ਪਸੰਦ ਹੋਵੇਗਾ, ਜ਼ਰੂਰੀ ਹੈ ਕਿ ਉੱਥੋਂ ਦੀ ਨੌਜਵਾਨੀ ਉਸ ਧਾਰਨਾ ਤੇ ਸੋਚ ਨੂੰ ਹੀ ਪਰਣਾਈ ਹੋਵੇਗੀ।' ਇਕ ਵਧੀਆ ਤੇ ਨਰੋਆ ਸਮਾਜ ਸਿਰਜਣ ਲਈ ਨੌਜਵਾਨ ਦੀ ਭੂਮਿਕਾ ਪਹਿਲ ਦੇ ਆਧਾਰ 'ਤੇ ਹੁੰਦੀ ਹੈ। ਲਾਜ਼ਮੀ ਹੈ ਕਿ ਉਸ ਦਾ ਵੱਡਾ ਅਸਰ ਨੌਜਵਾਨੀ 'ਤੇ ਪਵੇਗਾ ਅਤੇ ਜੁਆਨੀ ਅਪਰਾਧਿਕ ਬਿਰਤੀ ਵੱਲ ਧੱਕੀ ਜਾਵੇਗੀ।
ਪੈਸੇ ਤੇ ਸ਼ੋਹਰਤ ਦੀ ਲਾਲਸਾ ਨੇ ਅੱਜ ਮਨੁੱਖ ਨੂੰ ਮਸ਼ੀਨ ਵਾਂਗ ਚੱਲਣ ਲਾ ਦਿੱਤੈ। ਬਹੁਤੇ ਅਣਸਿੱਖ ਗਵੱਈਏ ਘਰ ਦੀ ਆਰਥਿਕ ਤੰਗੀ ਦੇ ਬਾਵਜੂਦ ਗਾਇਕੀ ਦੇ ਅਸਮਾਨ 'ਤੇ ਚਮਕਣ ਦੀ ਤਮੰਨਾ ਦੇ ਚਲਦਿਆਂ ਆਪਣਾ-ਆਪ ਗੁਆ ਬੈਠੇ। ਅੱਜ ਸੰਗੀਤ ਇੰਡਸਟਰੀ ਵਿਚ ਅਜਿਹੇ ਨੌਜਵਾਨਾਂ ਦੀ ਕਿਰਪਾ ਸਦਕਾ ਤਿੰਨ ਸੌ ਕਰੋੜ ਰੁਪਏ ਦਾ ਸਾਲਾਨਾ ਕਾਰੋਬਾਰ ਹੋ ਰਿਹੈ, ਜੋ ਮਿਹਨਤ ਤੇ ਮੁਸ਼ੱਕਤੀ ਪਰਿਵਾਰਾਂ ਦੇ ਖੀਸਿਆਂ ਵਿਚੋਂ ਹੋ ਕੇ ਵੱਡੇ-ਵੱਡੇ ਨਿਰਮਾਤਾਵਾਂ ਦੀਆਂ ਝੋਲੀਆਂ ਭਰ ਰਿਹੈ। ਆਪਣੇ-ਆਪ, ਆਪਣੇ ਸੱਭਿਆਚਾਰ ਅਤੇ ਪੰਜਾਬੀ ਮਾਂ-ਬੋਲੀ ਨੂੰ ਪਿਆਰ ਕਰਨ ਵਾਲੇ ਹਰ ਇਨਸਾਨ ਦਾ ਇਕ ਚਿੱਤ ਹੋ ਕੇ ਸੋਚਣਾ ਬਣਦੈ ਕਿ ਲੱਚਰਤਾ, ਹਿੰਸਾ ਅਤੇ ਨਸ਼ੇ ਭਰਪੂਰ ਗੀਤ-ਸੰਗੀਤ ਨੇ ਆਖ਼ਰ ਸਾਨੂੰ ਦਿੱਤਾ ਕੀ ਹੈ? ਸਿਵਾਏ ਮੌਤ ਵੰਡਣ ਦੇ।
ਸੋ, ਸਮੂਹਿਕ ਸਾਹਿਤ ਸਭਾਵਾਂ ਅਤੇ ਸੱਭਿਆਚਾਰਕ ਸੰਸਥਾਵਾਂ ਨੂੰ ਵੀ ਇਸ ਮੰਚ ਦਾ ਸਾਥ ਦਿੰਦਿਆਂ ਆਪੋ-ਆਪਣੇ ਪੱਧਰ 'ਤੇ ਯਤਨ ਕਰਨੇ ਚਾਹੀਦੇ ਹਨ, ਤਾਂ ਜੋ ਸਾਡਾ ਬੇਸ਼ਕੀਮਤੀ ਵਿਰਸਾ ਤੇ ਸੱਭਿਅਕ ਕਦਰਾਂ-ਕੀਮਤਾਂ ਅਤੇ ਇਨਸਾਨੀ ਜ਼ਿੰਦਗੀਆਂ ਬਚ ਸਕਣ। ਫਿਰ ਹੀ ਅਸੀਂ ਇਕ ਸਿਹਤਮੰਦ ਅਤੇ ਭਰਵਾਂ ਸਮਾਜ ਸਿਰਜ ਸਕਦੇ ਹਾਂ।

-ਮੋਬਾ: 94634-63136

ਖੁੱਲ੍ਹੇ-ਡੁੱਲ੍ਹੇ ਵਾਤਾਵਰਨ ਵਾਲੇ ਸਕੂਲ ਤੋਂ ਹੋਵੇ ਸ਼ੁਰੂਆਤ

ਜਨਮ ਤੋਂ ਬਾਅਦ ਨੰਨ੍ਹੇ-ਮੁੰਨ੍ਹੇ ਬੱਚਿਆਂ ਨੂੰ ਜਦੋਂ ਤੱਕ ਤਾਂ ਘਰ ਵਿਚ ਹੀ ਰੱਖਿਆ ਜਾਂਦਾ ਹੈ, ਉਦੋਂ ਤੱਕ ਤਾਂ ਉਹ ਬਹੁਤ ਖੁਸ਼ ਰਹਿੰਦੇ ਹਨ। ਹਰ ਪਲ ਦਾ ਆਨੰਦ ਮਾਣਦੇ ਹੋਏ ਖੇਡਣ, ਕੁੱਦਣ ਦੇ ਨਾਲ-ਨਾਲ ਜੋ ਦੇਖ ਲੈਂਦੇ ਹਨ, ਉਸ ਨੂੰ ਹਾਸਲ ਕਰ ਕੇ ਆਪਣੇ ਭੋਲੇਪਨ ਵਾਲੇ ਬਚਪਨ ਨੂੰ ਖੁਸ਼ੀ ਭਰੇ ਢੰਗ ਨਾਲ ਬਤੀਤ ਕਰਦੇ ਹਨ। ਜਦੋਂ ਉਨ੍ਹਾਂ ਨੂੰ ਸਕੂਲ ਲਈ ਤਿਆਰ ਕਰਨਾ ਸ਼ੁਰੂ ਕਰ ਦਿੱਤਾ ਜਾਂਦਾ ਹੈ ਤਾਂ ਉਹ ਨਾਲ ਦੀ ਨਾਲ ਰੋਣਾ ਸ਼ੁਰੂ ਕਰ ਦਿੰਦੇ ਹਨ, ਕਿਉਂਕਿ ਬੱਚੇ ਆਪਣੇ ਸਕੂਲ ਅੰਦਰ ਵੀ ਘਰ ਵਰਗਾ ਖੁੱਲ੍ਹੇ-ਡੁੱਲ੍ਹੇ ਵਾਤਾਵਰਨ ਵਾਲਾ ਮਾਹੌਲ ਲੱਭਦੇ ਹਨ।
ਜੇਕਰ ਦੇਖਿਆ ਜਾਵੇ ਤਾਂ ਬਹੁਤ ਥਾਵਾਂ 'ਤੇ ਅਜਿਹੇ ਸਕੂਲ ਜਿੱਥੇ ਬੱਚਿਆਂ ਨੂੰ ਸਿਰਫ਼ ਸਕੂਲ ਵਿਚ ਬੈਠਣ ਲਈ ਤਿਆਰ ਕਰਨ ਦੇ ਮਕਸਦ ਨਾਲ ਤਿਆਰ ਕੀਤਾ ਜਾਂਦਾ ਹੈ, ਉਥੇ ਸਿਰਫ਼ ਇਕ ਜਾਂ ਦੋ ਕਮਰੇ ਹੁੰਦੇ ਜਾਂ ਇਸ ਤੋਂ ਵੱਧ ਕਮਰੇ ਤਿਆਰ ਕਰ ਕੇ ਹੀ ਇਕ ਤਰ੍ਹਾਂ ਦਾ ਪਲੇਅ ਵੇਅ ਸਕੂਲ ਬਣਾਇਆ ਜਾਂਦਾ ਹੈ। ਜਿੱਥੇ ਆਲਾ-ਦੁਆਲਾ ਬੰਦ ਹੁੰਦਾ ਹੈ। ਅਜਿਹੇ ਮਾਹੌਲ ਵਿਚ ਰਹਿਣਾ ਬੱਚੇ ਲਈ ਬਹੁਤ ਔਖਾ ਹੁੰਦਾ ਹੈ। ਉਸ ਦੇ ਸਰੀਰਕ ਅਤੇ ਮਾਨਸਿਕ ਵਿਕਾਸ ਵਿਚ ਰੁਕਾਵਟ ਆਉਣੀ ਸੁਭਾਵਿਕ ਹੈ, ਕਿਉਂਕਿ ਉਸ ਨੂੰ ਖੇਡਣ-ਕੁੱਦਣ ਤੋਂ ਵਰਜਿਆ ਜਾਂਦਾ ਹੈ। ਉਦਾਹਰਨ ਵਜੋਂ ਜੇਕਰ ਦੇਖਿਆ ਜਾਵੇ ਤਾਂ ਜੇ ਬੱਚਿਆਂ ਨੂੰ ਇਹ ਕਿਹਾ ਜਾਵੇ ਕਿ 'ਚਲੋ ਪਾਰਕ ਆਦਿ 'ਚ ਚੱਲ ਕੇ ਆਈਏ' ਤਾਂ ਉਹ ਬੜੀ ਖੁਸ਼ੀ ਅਤੇ ਉਤਸ਼ਾਹ ਨਾਲ ਤਿਆਰ ਹੋਣਗੇ, ਕਿਉਂਕਿ ਉਥੇ ਉਨ੍ਹਾਂ ਨੂੰ ਖੇਡਣ ਅਤੇ ਝੂਲਿਆਂ ਵਿਚ ਝੂਟੇ ਲੈਣ, ਖੁੱਲ੍ਹੇ-ਡੁੱਲ੍ਹੇ ਵਾਤਾਵਰਨ ਵਿਚ ਜਾਣ ਦਾ ਮੌਕਾ ਮਿਲਣਾ ਹੁੰਦਾ ਹੈ। ਇਸੇ ਕਰਕੇ ਉਸ ਦੀ ਰੁਚੀ ਇਸ ਪਾਸੇ ਵੱਲ ਵਧੇਰੇ ਹੁੰਦੀ ਹੈ, ਕਿਉਂਕਿ ਬੱਚਿਆਂ ਦਾ ਕੁਦਰਤ ਨਾਲ ਬੜਾ ਗੂੜ੍ਹਾ ਰਿਸ਼ਤਾ ਹੁੰਦਾ ਹੈ। ਉਹ ਹਮੇਸ਼ਾ ਹੀ ਪਾਰਕ ਵਰਗੇ ਵਾਤਾਵਰਨ ਵਿਚ ਜਾਣ ਲਈ ਤਿਆਰ ਰਹਿੰਦੇ ਹਨ।
ਜੇਕਰ ਇੱਥੇ ਅਜਿਹੇ ਸਮੇਂ ਬੱਚੇ ਨੂੰ ਖੁੱਲ੍ਹੇ-ਡੁੱਲ੍ਹੇ ਮਾਹੌਲ ਵਿਚ ਰੱਖਿਆ ਜਾਵੇਗਾ ਤਾਂ ਉਸ ਵਿਚ ਨਿਡਰਤਾ ਅਤੇ ਚੰਗੀ ਲੀਡਰਸ਼ਿਪ ਵਾਲੇ ਗੁਣ ਪੈਦਾ ਹੋਣਗੇ, ਨਹੀਂ ਤਾਂ ਉਹ ਜਦੋਂ ਅੱਗੇ ਪੜ੍ਹਾਈ ਲਈ ਸਕੂਲ ਵਿਚ ਜਾਵੇਗਾ ਤਾਂ ਇੱਥੇ ਉਹ ਘਬਰਾਹਟ ਮਹਿਸੂਸ ਕਰਦਾ ਹੋਇਆ ਆਪਣੀ ਜ਼ਿੰਦਗੀ ਦੀ ਸ਼ੁਰੂਆਤ ਕਰੇਗਾ। ਇਸ ਲਈ ਬੱਚਿਆਂ ਦੀ ਮਾਸੂਮੀਅਤ ਦਾ ਅਤੇ ਉਸ ਦੇ ਭਵਿੱਖ ਦਾ ਧਿਆਨ ਰੱਖਦੇ ਹੋਏ ਅਜਿਹੇ ਸਕੂਲ ਚੁਣੇ ਜਾਣ, ਜਿੱਥੇ ਉਨ੍ਹਾਂ ਦੀ ਨੀਂਹ ਚੰਗੀ ਤਰੀਕੇ ਨਾਲ ਸਥਾਪਤ ਹੋਵੇ। ਇਹ ਦੇਖਣਾ ਵੀ ਸਭ ਤੋਂ ਜ਼ਰੂਰੀ ਹੈ ਕਿ ਜਿੱਥੇ ਬੱਚੇ ਨੂੰ ਭੇਜ ਰਹੇ ਹਾਂ, ਉਥੇ ਉਹ ਜਾਣਾ ਪਸੰਦ ਵੀ ਕਰਦਾ ਹੈ ਜਾਂ ਨਹੀਂ। ਖੁੱਲ੍ਹੇ ਵਾਤਾਵਰਨ ਅਤੇ ਵਧੀਆ ਖੇਡਾਂ ਲਈ ਪ੍ਰਬੰਧ ਕੀਤੇ ਹੋਣੇ ਚਾਹੀਦੇ ਹਨ ਤਾਂ ਜੋ ਬੱਚਿਆਂ ਅੰਦਰਲਾ ਭੈਅ ਖ਼ਤਮ ਕੀਤਾ ਜਾ ਸਕੇ ਅਤੇ ਬੱਚਿਆਂ ਲਈ ਉਹ ਖਿੱਚ ਦਾ ਕੇਂਦਰ ਬਣਨ ਤਾਂ ਕਿ ਬੱਚੇ ਆਪਣੇ-ਆਪ ਖੁਸ਼ੀ-ਖੁਸ਼ੀ ਸਕੂਲ ਜਾਣ ਤੇ ਆਪਣੀ ਜ਼ਿੰਦਗੀ ਵਿਚ ਤਰੱਕੀਆਂ ਕਰਨ।

-ਧਨੌਲਾ (ਬਰਨਾਲਾ)-148105.
ਮੋਬਾ: 78892-93014

ਲੋਕਾਂ 'ਤੇ ਟੈਕਸਾਂ ਦਾ ਦਿਨੋ-ਦਿਨ ਵਧਦਾ ਬੋਝ

ਕਹਿਣ ਨੂੰ ਤਾਂ ਭਾਵੇਂ ਦੇਸ਼ ਅੰਦਰ ਲੋਕਤੰਤਰ ਹੈ ਪਰ ਦੇਸ਼ ਦੀਆਂ ਸਰਕਾਰਾਂ, ਜਿਨ੍ਹਾਂ ਨੂੰ ਲੋਕ ਚੁਣਦੇ ਹਨ, ਉਹ ਮੁੜ ਕਿਸੇ ਨਾ ਕਿਸੇ ਤਰੀਕੇ ਨਾਲ ਲੋਕਾਂ ਦਾ ਕਚੂਮਰ ਕੱਢਦੀਆਂ ਹਨ। ਦੇਸ਼ ਦੀ ਜਨਤਾ ਤਾਂ ਪਹਿਲਾਂ ਹੀ ਮਹਿੰਗਾਈ, ਗ਼ਰੀਬੀ ਅਤੇ ਬੇਰੁਜ਼ਗਾਰੀ ਦੀ ਮਾਰੀ ਹੋਈ ਹੈ ਪਰ ਅੱਜਕਲ੍ਹ ਸਭ ਤੋਂ ਵੱਧ ਦੁੱਖ ਲੋਕਾਂ 'ਤੇ ਲਗਾਏ ਗਏ ਵੱਖਰੇ-ਵੱਖਰੇ ਕਰਾਂ (ਟੈਕਸਾਂ) ਨੇ ਲੋਕਾਂ ਦਾ ਜਿਊਣਾ ਔਖਾ ਕੀਤਾ ਹੋਇਆ ਹੈ।
ਇਹ ਗੱਲ ਤਾਂ ਠੀਕ ਹੈ ਕਿ ਸਰਕਾਰ ਨੂੰ ਕੰਮ ਚਲਾਉਣ ਲਈ ਸਰਕਾਰੀ ਵਿੱਤੀ ਵਸੀਲਿਆਂ ਦਾ ਪ੍ਰਬੰਧ ਕਰਨਾ ਪੈਂਦਾ ਹੈ। ਮਾਲੀ ਹਾਲਤ ਠੀਕ ਰੱਖਣ ਲਈ ਲੋਕਾਂ 'ਤੇ ਟੈਕਸ ਲਗਾਉਣੇ ਹੀ ਪੈਂਦੇ ਹਨ ਪਰ ਜੇ ਇਹ ਟੈਕਸ ਇੰਨੇ ਲਗਾ ਦਿੱਤੇ ਜਾਣ ਕਿ ਲੋਕ ਟੈਕਸ ਦੇਣ ਲਈ ਅਸਮਰੱਥ ਹੋ ਜਾਣ ਤਾਂ ਸਰਕਾਰ ਨੂੰ ਲੋਕ ਹਿਤੈਸ਼ੀ ਨਹੀਂ ਕਿਹਾ ਜਾ ਸਕਦਾ। ਅੱਜਕਲ੍ਹ ਭਾਰਤ ਦੀ ਖਾਸ ਕਰਕੇ ਪੰਜਾਬ ਦੀ ਜਨਤਾ 'ਤੇ ਟੈਕਸਾਂ ਦਾ ਇੰਨਾ ਬੋਝ ਹੈ ਕਿ ਗਰੀਬ ਤਾਂ ਕੀ, ਅਮੀਰ ਵਰਗ ਵੀ ਇਨ੍ਹਾਂ ਟੈਕਸਾਂ ਤੋਂ ਦੁਖੀ ਹੈ। ਮੱਧ ਵਰਗੀ ਲੋਕਾਂ ਦਾ ਤਾਂ ਇਹ ਹਾਲ ਹੈ ਕਿ ਉਨ੍ਹਾਂ ਦੀ ਕਮਾਈ ਦੇ ਸਾਧਨ ਘੱਟ ਹੁੰਦੇ ਜਾਂਦੇ ਹਨ ਅਤੇ ਟੈਕਸਾਂ ਦਾ ਬੋਝ ਇੰਨਾ ਵਧ ਚੁੱਕਾ ਹੈ ਕਿ ਉਹ ਤਰਾਹ-ਤਰਾਹ ਕਰਨ ਲੱਗੇ ਹਨ। ਹਰ ਚੀਜ਼ 'ਤੇ ਟੈਕਸ ਉਹ ਦੇਣ ਦੇ ਸਮਰੱਥ ਨਹੀਂ ਰਹੇ। ਜੀ.ਐਸ.ਟੀ. ਨੇ ਤਾਂ ਹਰ ਵਰਗ ਨੂੰ ਝੰਜੋੜ ਕੇ ਰੱਖਿਆ ਹੀ ਹੈ, ਇਸ ਦੇ ਨਾਲ ਬੈਂਕਾਂ ਦੇ ਸੇਵਾ ਲਈ ਜਾਂ ਏ.ਟੀ.ਐਮ. ਵਰਤਣ ਸਮੇਂ ਅਨੇਕਾਂ ਪ੍ਰਕਾਰ ਦੇ ਟੈਕਸ ਹਨ। ਕਈ ਵਾਰ ਤਾਂ ਬੈਂਕਾਂ ਵਿਚ ਵਿਆਜ ਪਾ ਕੇ ਪੈਸੇ ਵਧਣ ਦੀ ਬਜਾਏ ਘੱਟ ਹੋ ਜਾਂਦੇ ਹਨ। ਪੇ-ਟੀ.ਐਮ. ਰਾਹੀਂ ਖਰੀਦ ਕਰਨ ਜਾਂ ਪੈਟਰੋਲ ਪੁਆਉਣ ਸਮੇਂ ਤੁਰੰਤ ਟੈਕਸ ਲੱਗ ਜਾਂਦਾ ਹੈ। ਪਤਾ ਨਹੀਂ ਕਿੱਥੋਂ ਨਵੇਂ-ਨਵੇਂ ਟੈਕਸ ਕੱਢ ਲਿਆਂਦੇ ਹਨ। ਲੋਕਾਂ ਪਾਸੋਂ ਗਊ ਟੈਕਸ ਜਾਂ ਸਿੱਖਿਆ ਟੈਕਸ ਇਕੱਠਾ ਕਰ ਕੇ ਕਦੇ ਨਹੀਂ ਦੱਸਿਆ ਜਾਂਦਾ ਕਿ ਇਹ ਕਿੱਥੇ ਜਾਂਦਾ ਹੈ।
ਬਿਜਲੀ-ਪਾਣੀ ਦੇ ਭਾਅ ਪਹਿਲਾਂ ਹੀ ਬਹੁਤ ਵੱਧ ਹਨ, ਉੱਤੋਂ ਇਨ੍ਹਾਂ 'ਤੇ ਲੱਗੇ ਟੈਕਸ ਲੋਕਾਂ ਲਈ ਮੁਸ਼ਕਿਲ ਦਾ ਕਾਰਨ ਬਣਦੇ ਹਨ। ਆਮਦਨ ਕਰ ਦਾਤਿਆਂ ਲਈ ਤਾਂ ਹੋਰ ਵੀ ਕਈ ਪ੍ਰਕਾਰ ਦੀਆਂ ਮੁਸ਼ਕਿਲਾਂ ਖੜ੍ਹੀਆਂ ਹੋ ਚੁੱਕੀਆਂ ਹਨ। ਲੋਕ ਆਪਣੀ ਮਰਜ਼ੀ ਨਾਲ ਆਪਣੇ ਪੈਸੇ ਦੀ ਲੋੜ ਅਨੁਸਾਰ ਵਰਤੋਂ ਨਹੀਂ ਕਰ ਸਕਦੇ, ਉਨ੍ਹਾਂ ਦੀ ਵਿੱਤੀ ਆਜ਼ਾਦੀ ਬਹੁਤ ਹੱਦ ਤੱਕ ਸਮਾਪਤ ਹੋ ਗਈ ਹੈ। ਇਨ੍ਹਾਂ ਟੈਕਸਾਂ ਦਾ ਭਾਰ ਇੰਨਾ ਵਧ ਚੁੱਕਾ ਹੈ ਕਿ ਹਰ ਵਰਗ ਦੇ ਲੋਕ ਕਈ ਪ੍ਰਕਾਰ ਦੇ ਗੁਪਤ ਟੈਕਸਾਂ ਤੋਂ ਆਪਣੇ-ਆਪ ਨੂੰ ਠੱਗਿਆ ਜਿਹਾ ਮਹਿਸੂਸ ਕਰਦੇ ਹਨ। ਜੇ ਕਦੇ ਕਿਤੇ ਲੰਬੀ ਯਾਤਰਾ 'ਤੇ ਆਪਣੀ ਗੱਡੀ ਵਿਚ ਜਾਣਾ ਹੋਵੇ ਜਾਂ ਮਨ ਕਿਤੇ ਧਾਰਮਿਕ ਸਥਾਨ 'ਤੇ ਜਾਣ ਲਈ ਕਾਹਲਾ ਹੋਵੇ ਤਾਂ ਰਸਤੇ ਵਿਚ ਕਿੰਨੇ-ਕਿੰਨੇ ਟੋਲ ਪਲਾਜ਼ਾ ਉੱਤੇ ਜੇਬ ਢਿੱਲੀ ਕਰਨੀ ਪੈਂਦੀ ਹੈ, ਜਿਨ੍ਹਾਂ ਉੱਤੇ ਲੋੜ ਤੋਂ ਵੱਧ ਵਸੂਲੀ ਕੀਤੀ ਜਾਂਦੀ ਹੈ।
ਸਰਕਾਰਾਂ ਨੂੰ ਚਾਹੀਦਾ ਹੈ ਕਿ ਉਹ ਲੋਕਾਂ ਲਈ ਲੋੜੀਂਦੀਆਂ ਵਸਤਾਂ ਬਿਜਲੀ-ਪਾਣੀ, ਤੇਲ ਆਦਿ ਦੀਆਂ ਦਰਾਂ ਨੂੰ ਘੱਟ ਕਰੇ ਅਤੇ ਲੋਕਾਂ ਨੂੰ ਬੇਲੋੜੇ ਟੈਕਸਾਂ ਤੋਂ ਛੁਟਕਾਰਾ ਦੇਵੇ।


-ਮ: ਨੰ: 3098, ਸੈਕਟਰ 37-ਡੀ, ਚੰਡੀਗੜ੍ਹ। ਮੋਬਾ: 98764-52223

ਅਵਾਰਾ ਪਸ਼ੂਆਂ ਤੋਂ ਤੰਗ ਲੋਕ

ਅੱਜਕਲ੍ਹ ਪੰਜਾਬ ਅਵਾਰਾ ਸ਼ਬਦ ਦੀ ਭੇਟ ਚੜ੍ਹ ਚੁੱਕਾ ਹੈ। ਇੱਥੇ ਅਵਾਰਾ ਗਾਵਾਂ, ਅਵਾਰਾ ਕੁੱਤੇ ਆਦਿ ਦੇ ਨਾਲ-ਨਾਲ ਅਵਾਰਾਗਰਦੀ ਕਰਦੇ ਮਨੁੱਖਾਂ ਦੀ ਵੀ ਭਰਮਾਰ ਹੈ। ਜਿੱਥੇ ਸੜਕਾਂ 'ਤੇ ਫਿਰਦੇ ਅਵਾਰਾ ਪਸ਼ੂ ਲੋਕਾਂ ਦੀ ਜਾਨ ਲੈ ਰਹੇ ਹਨ, ਉੱਥੇ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਫ਼ਸਲ ਦਾ ਵੀ ਨੁਕਸਾਨ ਕਰ ਦਿੰਦੇ ਹਨ। ਅੱਜਕਲ੍ਹ ਅਵਾਰਾ ਕੁੱਤਿਆਂ ਦੁਆਰਾ ਕਈ ਬੱਚਿਆਂ ਅਤੇ ਬਜ਼ੁਰਗਾਂ ਨੂੰ ਵੱਢਣ ਦੀਆਂ ਖ਼ਬਰਾਂ ਅਸੀਂ ਰੋਜ਼ਾਨਾ ਅਖ਼ਬਾਰਾਂ ਵਿਚ ਪੜ੍ਹਦੇ ਹਾਂ। ਇੱਥੇ ਤਾਂ ਸਰਕਾਰੀ ਅਹੁਦਿਆਂ 'ਤੇ ਕਈ ਆਦਮੀ ਸਿਰਫ ਅਵਾਰਾਗਰਦੀ ਕਰ ਕੇ ਹੀ ਮੁੜ ਜਾਂਦੇ ਹਨ। ਅਵਾਰਾ ਮਨੁੱਖ ਅਤੇ ਪਸ਼ੂ ਵਿਚ ਵੀ ਜ਼ਮੀਨ-ਅਸਮਾਨ ਦਾ ਫਰਕ ਹੈ। ਅਵਾਰਾ ਪਸ਼ੂ ਆਪਣਾ ਪੇਟ ਭਰਨ ਲਈ ਹੀ ਕਿਸੇ ਦਾ ਖੇਤ ਉਜਾੜਦੇ ਹਨ। ਉਸ ਖੇਤ ਦਾ ਮਾਲਕ ਇਨ੍ਹਾਂ ਨੂੰ ਕੁੱਟ ਕੇ ਕੁੱਤੇ ਆਦਿ ਮਗਰ ਲਾ ਕੇ ਆਪਣੇ ਖੇਤੋਂ ਭਜਾ ਦਿੰਦਾ ਹੈ।
ਕਈ ਪਿੰਡਾਂ ਦੇ ਲੋਕ ਇਨ੍ਹਾਂ ਅਵਾਰਾ ਪਸ਼ੂਆਂ ਨੂੰ ਫੜ ਕੇ ਦੂਰ ਪਿੰਡਾਂ ਵਿਚ ਛੱਡ ਆਉਂਦੇ ਹਨ। ਛੱਡਣ ਗਏ ਕਿਸਾਨਾਂ ਦੀ ਲੜਾਈ ਵੀ ਹੋ ਜਾਂਦੀ ਹੈ। ਇਹ ਅਵਾਰਾ ਪਸ਼ੂ ਆਪਣੇ-ਆਪ ਘਰੋਂ ਨਹੀਂ ਜਾਂਦੇ, ਸਗੋਂ ਇਨ੍ਹਾਂ ਦਾ ਮਾਲਕ ਇਨ੍ਹਾਂ ਨੂੰ ਆਪ ਦੂਰ ਛੱਡ ਕੇ ਆਉਂਦਾ ਹੈ, ਜਦੋਂ ਇਹ ਉਸ ਦੇ ਕੰਮ ਦੇ ਨਹੀਂ ਰਹਿੰਦੇ। ਪਰ ਸਰਕਾਰ ਕੋਲ ਕਈ ਅਜਿਹੇ ਅਹੁਦੇ ਵੀ ਹਨ, ਜਿਨ੍ਹਾਂ ਕੋਲ ਕੋਈ ਕੰਮ ਨਹੀਂ, ਸਿਰਫ ਭੱਤੇ ਤੇ ਤਨਖਾਹਾਂ ਹੀ ਲੈਂਦੇ ਹਨ। ਅਵਾਰਾ ਪਸ਼ੂਆਂ ਤੋਂ ਬਿਨਾਂ ਪੰਜਾਬ ਦੀ ਧਰਤੀ 'ਤੇ ਅਵਾਰਾਗਰਦੀ ਕਰਦੇ ਨੌਜਵਾਨਾਂ ਦੀ ਭਰਮਾਰ ਹੈ, ਜਿਸ ਨੂੰ ਸਰਕਾਰ ਬਦਲਣ ਨਾਲ ਵੀ ਕੋਈ ਫਰਕ ਨਹੀਂ ਪਿਆ, ਜਦੋਂਕਿ ਲੋਕਾਂ ਨੂੰ ਇਸ ਅਵਾਰਾਗਰਦੀ ਤੋਂ ਨਿਜਾਤ ਮਿਲਣ ਦੀ ਪੂਰੀ ਆਸ ਸੀ ਅਤੇ ਲੋਕਾਂ ਨੇ ਇਸ ਮੁੱਦੇ ਉੱਪਰ ਹੀ ਵੋਟਿੰਗ ਕਰ ਕੇ ਭਾਰੀ ਬਹੁਮੱਤ ਨਾਲ ਸਰਕਾਰ ਲਿਆਂਦੀ ਹੈ। ਇਹ ਅਵਾਰਾਗਰਦੀ ਕਰਦੇ ਨੌਜਵਾਨ ਬੇਰੁਜ਼ਗਾਰੀ ਦੀ ਮਾਰ ਝੱਲਦੇ, ਨਸ਼ੇ ਵਿਚ ਡੁੱਬੇ ਹੋਏ ਨੌਜਵਾਨ ਹਨ, ਜੋ ਆਪਣਾ ਨਸ਼ਾ ਪੂਰਾ ਕਰਨ ਲਈ ਲੋਕਾਂ ਦੇ ਪਰਸ ਖੋਹਣ ਤੋਂ ਲੈ ਕੇ ਸੰਗੀਨ ਤੋਂ ਸੰਗੀਨ ਅਪਰਾਧ ਵੀ ਕਰਦੇ ਹਨ। ਅੱਜ ਪੰਜਾਬ ਨੂੰ ਹਰ ਤਰ੍ਹਾਂ ਦੀ ਅਵਾਰਾਗਰਦੀ ਤੋਂ ਬਚਾਉਣ ਦੀ ਲੋੜ ਹੈ। ਜੇ ਇਸ ਵਿਸ਼ੇ 'ਤੇ ਸਰਕਾਰ ਨੇ ਹੋਰ ਦੇਰ ਕਰ ਦਿੱਤੀ ਤਾਂ ਸਰਕਾਰ ਦਾ ਅਕਸ ਧੁੰਦਲਾ ਪੈ ਜਾਵੇਗਾ।

-ਪਿੰਡ ਤੇ ਡਾਕ: ਲੰਡੇ (ਮੋਗਾ)। ਮੋਬਾ: 94176-17337


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX