ਤਾਜਾ ਖ਼ਬਰਾਂ


ਲੁਧਿਆਣਾ 'ਚ ਕਾਂਗਰਸੀ ਵਰਕਰਾਂ ਨੇ ਮਨਾਇਆ ਜਸ਼ਨ
. . .  1 minute ago
ਲੁਧਿਆਣਾ, 11 ਦਸੰਬਰ- ਰਾਜਸਥਾਨ, ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ 'ਚ ਕਾਂਗਰਸ ਦੇ ਸ਼ਾਨਦਾਰ ਪ੍ਰਦਰਸ਼ਨ ਕਾਰਨ ਪਾਰਟੀ ਵਰਕਰਾਂ 'ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਇਸੇ ਦੇ ਚੱਲਦਿਆਂ ਲੁਧਿਆਣਾ ਦੇ ਜ਼ਿਲ੍ਹਾ ਕਾਂਗਰਸ ਪ੍ਰਧਾਨ ਦੀ ਅਗਵਾਈ 'ਚ ਪਾਰਟੀ...
ਅੱਤਵਾਦੀ ਹਮਲੇ ਵਿਚ ਤਿੰਨ ਪੁਲਿਸ ਜਵਾਨ ਹਲਾਕ
. . .  15 minutes ago
ਸ੍ਰੀਨਗਰ, 11 ਦਸੰਬਰ - ਜੰਮੂ ਕਸ਼ਮੀਰ ਦੇ ਸ਼ੋਪੀਆਂ ਸਥਿਤ ਜੈਨਪੋਰਾ 'ਚ ਅੱਤਵਾਦੀਆਂ ਵਲੋਂ ਪੁਲਿਸ ਪੋਸਟ 'ਤੇ ਹੋਏ ਹਮਲੇ 'ਚ ਤਿੰਨ ਪੁਲਿਸ ਜਵਾਨ ਹਲਾਕ ਹੋ ਗਏ...
ਵਿਧਾਨ ਸਭਾ ਚੋਣ ਨਤੀਜੇ : ਮੋਦੀ ਦੇ ਕਾਂਗਰਸ ਮੁਕਤ ਭਾਰਤ ਦਾ ਸੁਪਨਾ ਟੁੱਟਿਆ
. . .  31 minutes ago
ਵਿਧਾਨ ਸਭਾ ਚੋਣ ਨਤੀਜੇ : ਮੋਦੀ ਦੇ ਕਾਂਗਰਸ ਮੁਕਤ ਭਾਰਤ ਦਾ ਸੁਪਨਾ ਟੁੱਟਿਆ
ਚੋਣ ਨਤੀਜੇ : ਰਾਜਸਥਾਨ 'ਚ ਕਾਂਗਰਸ ਨੇ ਮਾਰੀ ਬਾਜ਼ੀ, ਮੱਧ ਪ੍ਰਦੇਸ਼ 'ਚ ਬਸਪਾ ਬਣੀ ਕਿੰਗਮੇਕਰ
. . .  44 minutes ago
ਚੋਣ ਨਤੀਜੇ : ਰਾਜਸਥਾਨ 'ਚ ਕਾਂਗਰਸ ਨੇ ਮਾਰੀ ਬਾਜ਼ੀ, ਮੱਧ ਪ੍ਰਦੇਸ਼ 'ਚ ਬਸਪਾ ਬਣੀ ਕਿੰਗਮੇਕਰ...
ਅੰਮ੍ਰਿਤਸਰ ਦੇ ਪਿੰਡ ਜੱਜੇ ਨੇ ਸਰਬ ਸੰਮਤੀ ਨਾਲ ਚੁਣਿਆ ਸਰਪੰਚ
. . .  57 minutes ago
ਓਠੀਆ 11ਦਸੰਬਰ (ਗੁਰਵਿੰਦਰ ਸਿੰਘ ਛੀਨਾ)- ਜ਼ਿਲ੍ਹਾ ਅੰਮ੍ਰਿਤਸਰ ਦੇ ਬਲਾਕ ਚੋਗਾਵਾ ਦੇ ਪਿੰਡ ਜੱਜੇ ਵਿਖੇ ਸਰਪੰਚੀ ਚੋਣ 'ਚ ਪਹਿਲ-ਕਦਮੀ ਕਰਦਿਆਂ ਅੱਜ ਸਮੂਹ ਪਿੰਡ ਵਾਸੀਆਂ ਨੇ ਸਰਬ ਸੰਮਤੀ ਨਾਲ ਬੀਬੀ ਲਖਵਿੰਦਰ ਕੌਰ ਪਤਨੀ ਨਿਰਮਲਜੀਤ ਸਿੰਘ ਨੂੰ ਸਰਪੰਚ...
ਚੋਣ ਨਤੀਜੇ : ਮੱਧ ਪ੍ਰਦੇਸ਼ 'ਚ ਸਖ਼ਤ ਮੁਕਾਬਲਾ ਜਾਰੀ, ਭਾਜਪਾ 115 ਸੀਟਾਂ, ਕਾਂਗਰਸ 105 ਸੀਟਾਂ ਤੇ ਹੋਰ 10 ਸੀਟਾਂ 'ਤੇ ਅੱਗੇ
. . .  about 1 hour ago
ਚੋਣ ਨਤੀਜੇ : ਮੱਧ ਪ੍ਰਦੇਸ਼ 'ਚ ਸਖ਼ਤ ਮੁਕਾਬਲਾ ਜਾਰੀ, ਭਾਜਪਾ 115 ਸੀਟਾਂ, ਕਾਂਗਰਸ 105 ਸੀਟਾਂ ਤੇ ਹੋਰ 10 ਸੀਟਾਂ 'ਤੇ ਅੱਗੇ...
ਟੀ. ਆਰ. ਐੱਸ. ਦੇ ਪ੍ਰਧਾਨ ਅਤੇ ਤੇਲੰਗਾਨਾ ਦੇ ਮੁੱਖ ਮੰਤਰੀ ਕੇ. ਚੰਦਸ਼ੇਖਰ ਰਾਓ 50,000 ਤੋਂ ਵੱਧ ਵੋਟਾਂ ਨਾਲ ਜਿੱਤੇ
. . .  about 1 hour ago
ਟੀ. ਆਰ. ਐੱਸ. ਦੇ ਪ੍ਰਧਾਨ ਅਤੇ ਤੇਲੰਗਾਨਾ ਦੇ ਮੁੱਖ ਮੰਤਰੀ ਕੇ. ਚੰਦਸ਼ੇਖਰ ਰਾਓ...
ਚੋਣ ਨਤੀਜੇ : ਛੱਤੀਸਗੜ੍ਹ 'ਚ ਕਾਂਗਰਸ 64 ਸੀਟਾਂ ਤੇ ਭਾਜਪਾ 20 ਸੀਟਾਂ 'ਤੇ ਅੱਗੇ
. . .  about 1 hour ago
ਚੋਣ ਨਤੀਜੇ : ਛੱਤੀਸਗੜ੍ਹ 'ਚ ਕਾਂਗਰਸ 64 ਸੀਟਾਂ ਤੇ ਭਾਜਪਾ 20 ਸੀਟਾਂ 'ਤੇ ਅੱਗੇ...
ਕੈਪਟਨ ਨੇ ਪੰਚਾਇਤੀ ਚੋਣਾਂ ਦਾ ਐਲਾਨ ਦਸੰਬਰ 'ਚ ਕਰਵਾ ਕੇ ਸਿੱਖ ਕੌਮ ਨਾਲ ਕਮਾਇਆ ਧ੍ਰੋਹ- ਲੌਂਗੋਵਾਲ
. . .  about 1 hour ago
ਤਪਾ ਮੰਡੀ, 11 ਦਸੰਬਰ (ਵਿਜੇ ਸ਼ਰਮਾ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦਸੰਬਰ 'ਚ ਮਨਾਏ ਜਾ ਰਹੇ ਸ਼ਹੀਦੀ ਜੋੜ ਮੇਲੇ ਮੌਕੇ ਪੰਚਾਇਤੀ ਚੋਣਾਂ ਦਾ ਐਲਾਨ ਕਰਵਾ ਕਰਕੇ ਸਿੱਖ ਕੌਮ ਨਾਲ ਧ੍ਰੋਹ ਕਮਾਇਆ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ...
ਚੋਣ ਨਤੀਜੇ : ਮੱਧ ਪ੍ਰਦੇਸ਼ 'ਚ ਬਸਪਾ ਦੇ ਸੰਪਰਕ 'ਚ ਕਾਂਗਰਸ, ਰਾਜਸਥਾਨ 'ਚ ਆਜ਼ਾਦ ਉਮੀਦਵਾਰਾਂ ਦੇ ਸੰਪਰਕ 'ਚ ਪਾਈਲਟ
. . .  about 1 hour ago
ਚੋਣ ਨਤੀਜੇ : ਮੱਧ ਪ੍ਰਦੇਸ਼ 'ਚ ਬਸਪਾ ਦੇ ਸੰਪਰਕ 'ਚ ਕਾਂਗਰਸ, ਰਾਜਸਥਾਨ 'ਚ ਆਜ਼ਾਦ ਉਮੀਦਵਾਰਾਂ ਦੇ ਸੰਪਰਕ 'ਚ ਪਾਈਲਟ...
ਹੋਰ ਖ਼ਬਰਾਂ..

ਸਾਹਿਤ ਫੁਲਵਾੜੀ

ਬੱਸ... ਹੱਥ ਨਾ ਲਾਈਂ...

ਭਾਈ ਸਾਹਿਬ ਜਿਨ੍ਹਾਂ ਦੀ ਗੱਲ ਹੋ ਰਹੀ ਹੈ, ਉਨ੍ਹਾਂ ਦਾ ਅਸਲੀ ਨਾਂਅ ਤਾਂ ਮਾਨ ਸਿੰਘ ਹੈ, ਪਰ ਲੋਕ ਉਨ੍ਹਾਂ ਨੂੰ ਸ੍ਰੀਮਾਨ ਜੀ ਕਹਿ ਕੇ ਸੰਬੋਧਨ ਕਰਦੇ ਹਨ, ਇਸ ਦੀ ਵੀ ਇਕ ਖਾਸ ਵਜ੍ਹਾ ਹੈ।
ਮਾਨ ਸਿੰਘ ਦਾ ਇਸ ਸਮੇਂ ਹੱਥ ਬਹੁਤ ਤੰਗ ਸੀ, ਚਾਹੇ ਉਹ ਬੀ.ਏ. ਪਾਸ ਸੀ ਅਤੇ ਮਕੈਨੀਕਲ ਦਾ ਡਿਪਲੋਮਾ ਵੀ ਕੀਤਾ ਹੋਇਆ ਸੀ, ਪਰ ਕੋਈ ਰੁਜ਼ਗਾਰ ਨਾ ਹੋਣ ਕਾਰਨ, ਧੱਕੇ-ਧੋੜਿਆਂ ਨਾਲ ਹੀ ਜ਼ਿੰਦਗੀ ਦਾ ਨਿਰਵਾਹ ਕਰ ਰਿਹਾ ਸੀ। ਮਨ ਵਿਚ ਚੰਗੇ ਭਵਿੱਖ ਦੀ ਆਸ ਨੂੰ ਲੈ ਕੇ ਰੋਜ਼ ਗੁਰਦੁਆਰਾ ਸਾਹਿਬ ਜਾਂਦਾ, ਅਰਦਾਸ ਕਰਦਾ... ਮਾਲਕਾ ਮਿਹਰ ਦੀ ਨਿਗ੍ਹਾ ਕਰ... ਕਿਰਪਾਲਤਾ ਕਰ ਆਪਣੀ।
ਇਕ ਦਿਨ ਗੁਰਦੁਆਰਾ ਸਾਹਿਬ ਵਿਖੇ ਬਹੁਤ ਵੱਡਾ ਸਮਾਗਮ ਸੀ... ਦੂਰ-ਦੁਰਾਡੇ ਤੋਂ ਲੋਕ ਆਏ ਹੋਏ ਸਨ। ਮਾਨ ਸਿੰਘ ਦਾ ਕਲਾਸ-ਫੈਲੋ ਰੁਪਿੰਦਰ ਵੀ ਆਪਣੇ ਮਾਮਾ-ਮਾਮੀ ਜੀ ਨੂੰ ਮਿਲਣ ਆਇਆ ਹੋਇਆ ਸੀ। ਮਾਨ ਸਿੰਘ ਨਾਲ ਉਸ ਦਾ ਮੇਲ ਹੋ ਗਿਆ। ਮਾਨ ਸਿੰਘ ਦੀ ਹਾਲਤ ਸੁਣ ਕੇ, ਰੁਪਿੰਦਰ ਨੇ ਉਸ ਨੂੰ ਆਪਣੇ ਪਾਸ ਇੰਗਲੈਂਡ ਬੁਲਾ ਲਿਆ।
ਮਾਨ ਸਿੰਘ ਰੱਜ ਕੇ ਸਿਆਣਾ, ਪੁੱਜ ਕੇ ਮਿਹਨਤੀ, ਵਚਨਾਂ ਦਾ ਪੱਕਾ ਅਤੇ ਆਪਣੇ ਬੌਸ ਦਾ ਸੱਚਾ ਵਫ਼ਾਦਾਰ। ਤਿੰਨ ਚਾਰ ਸਾਲ ਮਾਨ ਸਿੰਘ ਰੁਪਿੰਦਰ ਪਾਸ ਹੀ ਰਹਿੰਦਾ ਰਿਹਾ।
ਇਕ ਦਿਨ ਜਦ ਮਾਨ ਸਿੰਘ ਕੰਮ ਤੋਂ ਵਾਪਸ ਆਇਆ, ਉਸ ਦਾ ਚਿਹਰਾ ਬਹੁਤ ਉਡਿਆ ਹੋਇਆ ਸੀ, ਜਿਵੇਂ ਫੁਟਬਾਲ 'ਚੋਂ ਪੂਰੀ ਤਰ੍ਹਾਂ ਹਵਾ ਨਿਕਲ ਗਈ ਹੋਵੇ... ਰੁਪਿੰਦਰ ਉਸ ਨੂੰ ਦੇਖ ਕੇ ਬਹੁਤ ਘਬਰਾਇਆ... ਹਾਏ ਕਿਤੇ ਨੌਕਰੀ ਤੋਂ ਹੀ ਨਾ ਜਵਾਬ ਮਿਲ ਗਿਆ ਹੋਵੇ?
'ਰੁਪਿੰਦਰ ਕੀ ਦੱਸਾਂ, ਕੱਲ੍ਹ ਇਕ ਬਹੁਤ ਕੀਮਤੀ ਪੈਨ ਸੈੱਟ ਖਰੀਦਿਆ ਸੀ, ਜਿਸ ਬਸ ਵਿਚ ਮੈਂ ਆਇਆ ਹਾਂ, ਉਸ ਵਿਚ ਰਹਿ ਗਿਆ... ਅੱਜ ਮੇਰਾ ਦਿਲ ਬਹੁਤ ਹੀ ਉਦਾਸ ਹੈ... ਪੈੱਨ ਸੈੱਟ ਬਹੁਤ ਵਧੀਆ ਸੀ।'
ਰੁਪਿੰਦਰ ਝੱਟ ਬੋਲਿਆ, 'ਫਿਕਰ ਨਾ ਕਰ... ਮਾਨ ਤੈਨੂੰ ਉਸ ਬੱਸ ਦਾ ਨੰਬਰ ਪਤਾ ਏ?'
'ਹਾਂ ਪਤਾ।'
'ਫਿਰ ਇਸ ਤਰ੍ਹਾਂ ਕਰ, ਉੱਡਜਾ ਅਭੀ... ਪੰਦਰਾਂ ਮਿੰਟ ਬਾਅਦ ਬੱਸ ਨੇ ਫੇਰ ਸਟੈਂਡ 'ਤੇ ਵਾਪਸ ਆਉਣਾ ਹੈ... ਜਾ ਕੇ ਆਪਣੀ ਸੀਟ ਚੈੱਕ ਕਰ।'
ਮਾਨ ਦਾ ਮਨ ਨਹੀਂ ਸੀ ਮੰਨਦਾ... ਐਵੇਂ ਫੇਰਾ ਹੀ ਪੈਣਾ... ਪਰ ਸਾਥੀ ਦੇ ਜ਼ੋਰ ਪਾਉਣ 'ਤੇ ਚਲਾ ਹੀ ਗਿਆ। ਬਸ ਆ ਗਈ। ਜਲਦੀ ਨਾਲ ਆਪਣੀ ਸੀਟ 'ਤੇ ਗਿਆ.. ਦੇਖਿਆ ਹੈਂ, ਪੈੱਨ ਸੈੱਟ ਤਾਂ ਉਥੇ ਹੀ ਪਿਆ ਸੀ... ਝੱਟ ਚੁੱਕ ਲਿਆ, ਪਹਿਲਾਂ ਦੋ-ਤਿੰਨ ਬਾਰ ਉਸ ਨੂੰ ਚੁੰਮਿਆ... ਫੇਰ ਮਨ ਹੀ ਮਨ ਵਿਚ ਰੁਪਿੰਦਰ ਦਾ ਧੰਨਵਾਦ ਕੀਤਾ, ਸੋਚਦਾ ਚੰਗਾ ਹੀ ਹੋਇਆ ਸਾਥੀ ਦੀ ਗੱਲ ਵੀ ਮੰਨੀ ਗਈ ਤੇ ਆਪਣਾ ਕਾਲਜਾ ਵੀ ਠੰਢਾ....।
ਰੁਪਿੰਦਰ ਯਾਰ ਮਿਲ ਗਿਆ ਮੇਰਾ ਪੈੱਨ ਸੈੱਟ। ਰੁਪਿੰਦਰ ਤੇਰੀ ਬੁੱਧੀ ਤਾਂ ਬੜੀ ਤੇਜ਼ ਹੈ, ਨਹੀਂ ਤਾਂ ਮੇਰਾ ਕੂੰਡਾ ਹੋ ਜਾਣਾ ਸੀ, ਸਾਰੀ ਉਮਰ ਨਹੀਂ ਸੀ ਭੁੱਲਣਾ... ਦੇਖ ਕੈਪ ਉੱਪਰ ਕਿੰਨੇ ਕੀਮਤੀ ਨਗ ਲੱਗੇ ਹੋਏ ਹਨ... ਆਪਣੇ ਹੀਰਾ ਸਿੰਘ ਨੂੰ ਨਗਾਂ ਵਾਲਾ ਫੈਂਸੀ ਗਿਫਟ ਦੇਣਾ ਸੀ।'
'ਮਾਨ ਮੇਰੀ ਬੁੱਧੀ ਦੀ ਗੱਲ ਨਾ ਕਰ... ਏਥੇ ਦੇ ਲੋਕਾਂ ਦੀ ਮਾਨਸਿਕਤਾ ਬਹੁਤ ਵੱਖਰੀ ਹੈ। ਇਹ ਲੋਕ ਮਾੜੀਆਂ-ਧੀੜੀਆਂ ਚੀਜ਼ਾਂ 'ਤੇ ਨਹੀਂ ਡੁੱਲ੍ਹਦੇ। ਸੈਂਕੜੇ ਚੜ੍ਹੇ-ਉਤਰੇ, ਤੇਰਾ ਪੈੱਨ ਸੈੱਟ ਕਿਸੇ ਨਹੀਂ ਛੇੜਿਆ। ਸਾਡੇ ਲੋਕ ਤਾਂ, ਰਾਹ ਵਿਚ ਜੁੱਤੀ ਦਾ ਇਕ ਪੈਰ ਵੀ ਪਿਆ ਮਿਲ ਜਾਏ ਤਾਂ ਅੱਗੇ-ਪਿੱਛੇ ਦੇਖ ਕੇ ਝੋਲੇ ਵਿਚ ਪਾ ਲੈਂਦੇ ਨੇ, ਕਿਤੇ ਕੰਮ ਆਊ...' ਜੁੱਤੀ ਦੇ ਪੈਰ ਵਾਲੀ ਗੱਲ ਤੋਂ ਦੋਵੇਂ ਬੜੇ ਹੱਸੇ।
ਕੁਝ ਸਮਾਂ ਚੁੱਪ ਰਹਿਣ ਤੋਂ ਬਾਅਦ ਰੁਪਿੰਦਰ ਬੋਲਿਆ, 'ਮਾਨ ਯਾਰ, ਇਕ ਗੱਲ ਯਾਦ ਆ ਗਈ, ਬੜੀ ਮਜ਼ੇਦਾਰ ਸੱਚਮੁੱਚ... ਜਦ ਮੈਂ ਪਿਛਲੀ ਵਾਰ ਦੇਸ ਗਿਆ... ਕੀ ਦੇਖਦਾ ਹਾਂ... ਦੋ ਬੀਬੀਆਂ ਆਪਸ ਵਿਚ ਬੜੀਆਂ ਮਿੱਠੀਆਂ-ਮਿੱਠੀਆਂ ਗੱਲਾਂ ਕਰ ਰਹੀਆਂ ਸਨ... ਭੈਣ ਜੀ ਕੀ ਦੱਸਾਂ, ਵੀਰ ਜੀ ਕੁਝ ਢਿੱਲੇ ਸਨ... ਬਹੁਤ ਵਾਰ ਪੇਕਿਆਂ ਨੂੰ ਫੋਨ ਲਗਾਇਆ, ਉਥੇ ਤੱਕ ਪਤਾ ਨਹੀਂ ਕੀ ਗੱਲ ਰੇਂਜ ਹੀ ਨਹੀਂ ਪਹੁੰਚਦੀ... ਇਕ ਅੱਧਾ ਦਿਨ ਬਾਅਦ ਮੈਂ ਫੇਰ ਉਧਰੋਂ ਲੰਘ ਰਿਹਾ ਸੀ... ਉਹ ਦੋਵੇਂ ਆਪਸ ਵਿਚ ਗੁੱਤਮ-ਗੁੱਤੀ ਹੋ ਰਹੀਆਂ ਸਨ। ਨੀਂ ਮੈਂ ਜਾਣਦੀ ਆਂ ਤੇਰਿਆਂ ਪੇਕਿਆਂ ਨੂੰ... ਤੇਰੇ ਪੇਕੇ ਤਾਂ ਮੇਰੇ ਪੇਕਿਆਂ ਦੀ ਜੁੱਤੀ ਦੇ ਪੈਰ ਵਰਗੇ ਵੀ ਨਹੀਂ। ਆ ਗਈ ਵੱਡੀ ਚਲਾਕੋ...।' ਉਨ੍ਹਾਂ ਦੀ ਵਾਰਤਾਲਾਪ ਸੁਣ ਕੇ ਖਿਆਲ ਆਇਆ ਫੋਨ ਦੀ ਰੇਂਜ ਤਾਂ ਇਕ ਦੇ ਪੇਕਿਆਂ ਤੀਕ ਨਹੀਂ ਪਹੁੰਚਦੀ, ਜੁੱਤੀ ਦੇ ਪੈਰ ਦੀ ਰੇਂਜ ਤਾਂ ਸੁਪਰ ਫਾਸਟ ਦੋਵਾਂ ਦੇ ਪੇਕਿਆਂ ਤੱਕ... ਵਿਦਿਨ ਨੋ ਟਾਈਮ (ਰੁਜਵੀਜਅ ਅਰ ਵਜਠਕ) ਦੋਵੇਂ ਹੱਸ-ਹੱਸ ਜੋ ਮੂੰਹ ਆਇਆ ਬੋਲਦੇ ਰਹੇ।
.....
ਇੰਗਲੈਂਡ ਵਿਚ ਰਹਿੰਦਿਆਂ ਮਾਨ ਸਿੰਘ ਪਾਸ ਕਾਫ਼ੀ ਧਨ ਜਮ੍ਹਾ ਹੋ ਗਿਆ ਸੀ। ਹੁਣ ਉਸ ਦਾ ਮਨ ਕਰਦਾ ਸੀ, ਦੇਸ ਜਾਵਾਂ, ਪਰਿਵਾਰ ਨੂੰ ਮਿਲਾਂ, ਖਾਸ ਕਰ ਆਪਣੇ ਬੁੱਢੇ ਮਾਤਾ-ਪਿਤਾ ਨੂੰ... ਛੋਟੀ ਭੈਣ ਦੇ ਵਿਆਹ ਦਾ ਬੋਝ ਵੀ ਆਪਣੇ ਸਿਰ ਤੋਂ ਉਤਾਰਾਂ ਪਰ ਰੁਪਿੰਦਰ ਚਾਹੁੰਦਾ ਸੀ, ਕੁਝ ਸਮਾਂ ਹੋਰ ਰੁਕੇ, ਇਕੱਠੇ ਜਾਵਾਂਗੇ...।
ਇਕ ਦਿਨ ਘਰੋਂ ਫੋਨ ਆਇਆ, ਪਿਤਾ ਜੀ ਸਖ਼ਤ ਬਿਮਾਰ ਹਨ, ਮਾਨ ਜਲਦੀ ਆਵੇ। ਰੁਪਿੰਦਰ ਨੇ ਸਮੇਂ ਦੀ ਗੰਭੀਰਤਾ ਨੂੰ ਵਾਚਦਿਆਂ ਜ਼ਰੂਰੀ ਕਾਰਵਾਈਆਂ ਕਰਨ ਉਪਰੰਤ ਉਸ ਨੂੰ ਦੇਸ਼ ਭੇਜ ਦਿੱਤਾ।
ਘਰ ਆ ਕੇ, ਮਾਤਾ-ਪਿਤਾ, ਭੈਣ-ਭਰਾਵਾਂ ਸਭ ਦਾ ਹਾਲ-ਚਾਲ ਪੁੱਛਣ ਤੋਂ ਬਾਅਦ ਤੁਰੰਤ ਖਿਆਲ ਆਇਆ... ਉਸ ਮਾਲਕ ਦਾ, ਜਿਸ ਨੇ ਏਨੀ ਅਪਾਰ ਕਿਰਪਾ ਕੀਤੀ, ਘਰ-ਬਾਰ, ਕਾਰ, ਕੋਠੀ ਤੇ ਸਭ ਤੋਂ ਵੱਡੀ ਗੱਲ...ਉਹ ਦੁਕਾਨ ਜੋ ਉਸ ਦੇ ਬੇਟਿਆਂ ਨੇ ਖੋਲ੍ਹੀ... 'ਸ੍ਰੀਮਾਨ ਜੀ ਦੀ ਹੱਟੀ ਜੋ ਸਾਰੇ ਇਲਾਕੇ ਵਿਚ ਇਕੋ ਇਕ ਦੁਕਾਨ ਸੀ, ਜਿਥੋਂ ਸਭ ਸੌਦੇ ਮਿਲਦੇ, ਸ਼ੁਕਰੀਆ ਅਦਾ ਕਰਨ ਤੋਂ ਬਾਅਦ ਮਾਨ ਗੁਰਦੁਆਰਾ ਸਾਹਿਬ ਤੋਂ ਵਾਪਸ ਆ ਰਿਹਾ ਸੀ, ਰਸਤੇ ਵਿਚ ਇਕ ਬਟੂਆ ਪਿਆ ਨਜ਼ਰ ਆਇਆ... ਦੁਚਿੱਤੀ ਵਿਚ ਪੈ ਗਿਆ... ਚੁੱਕਾਂ, ਨਾ ਚੁੱਕਾਂ?... ਚੁੱਕ ਕੇ ਜੇਬ ਵਿਚ ਪਾ ਲਿਆ। ਪਾਉਂਦੇ ਸਾਰ ਹੀ ਦਿਲ ਦੀ ਧੜਕਣ ਬਹੁਤ ਤੇਜ਼ ਹੋ ਗਈ... ਸਿਰ ਵੀ ਕੁਝ ਕੁਚਰ-ਕੁਚਰ ਹੋਣਾ ਸ਼ੁਰੂ ਹੋ ਗਿਆ।
ਘਰ ਆ ਕੇ ਬਟੂਆ ਕਿਤਾਬਾਂ ਦੇ ਪਿੱਛੇ ਰੱਖ ਦਿੱਤਾ...ਫੇਰ ਚੈੱਕ ਕਰ ਲਵਾਂਗੇ। ਘਰ ਵਾਲੇ ਆਰਾਮ ਕਰ ਰਹੇ ਸਨ। ਮਾਨ ਨੇ ਆਪਣੇ ਬੂਟ ਖੋਲ੍ਹੇ... ਟੀ. ਵੀ. ਆਨ ਕੀਤਾ। ਟੀ.ਵੀ. 'ਤੇ ਪ੍ਰੋਗਰਾਮ ਚਲ ਰਿਹਾ ਸੀ 'ਛੂਤ ਦੀਆਂ ਭਿਆਨਕ ਬਿਮਾਰੀਆਂ ਅਤੇ ਉਨ੍ਹਾਂ ਦੀ ਰੋਕਥਾਮ' ਡਾਕਟਰ ਦੱਸ ਰਿਹਾ ਸੀ ਕਿ ਛੂਤ ਦੀਆਂ ਕੁਝ ਐਸੀਆਂ ਬਿਮਾਰੀਆਂ ਵੀ ਹਨ ਜੋ ਮਰੀਜ਼ ਵੱਲੋਂ ਛੂਏ ਹੋਏ ਕਿਸੇ ਵਸਤੂ ਦੇ ਸੰਪਰਕ ਵਿਚ ਆਉਣ ਨਾਲ ਵੀ ਲੱਗ ਸਕਦੀਆਂ ਹਨ। ਪ੍ਰੋਗਰਾਮ ਚਲ ਹੀ ਰਿਹਾ ਸੀ, ਸੋਚਿਆ ਬਟੂਆ ਕਿਉਂ ਨਾ ਚੈੱਕ ਕਰ ਲਈਏ... ਖੋਲ੍ਹਿਆ... ਬਾਰਾਂ ਸੌ ਪੈਂਤੀ ਰੁਪਏ, ਡਰਾਈਵਿੰਗ ਲਾਈਸੈਂਸ ਤੇ ਇਕ ਪਰਚੀ ਹਸਪਤਾਲ ਦੀ... ਹੈਂਅ? ਇਹ ਕੀ? ਇਸ ਉਪਰ ਤਾਂ ਉਸੇ ਬਿਮਾਰੀ ਦਾ ਨਾਂਅ ਲਿਖਿਆ ਹੋਇਆ ਹੈ? ... ਮੈਂ ਇਹ ਕੀ ਕੀਤਾ??? ਹੋ ਸਕਦਾ ਹੈ ਇਸ ਪਰਚੀ ਨੂੰ ਵੀ ਬਿਮਾਰ ਦੇ ਹੱਥ ਲੱਗੇ ਹੋਣ...? ਫਿਰ ਖਿਆਲ ਆਇਆ, ਪਰਚੀ ਆਪਣੇ-ਆਪ ਤਾਂ ਅੰਦਰ ਨਹੀਂ ਵੜ ਗਈ, ਉਸ ਨੇ ਹੀ ਰੱਖੀ ਹੋਵੇਗੀ, ਜਿਸ ਦਾ ਇਹ ਬਟੂਆ ਹੈ।
ਦਿਲ ਹੋਰ ਤੇਜ਼ੀ ਨਾਲ ਧੜਕਣ ਲੱਗਾ... ਅੰਦਰੋਂ ਆਵਾਜ਼ ਆਈ, 'ਜ਼ਰਾ ਸਮਝ, ਤੂੰ ਤਾਂ ਚੁੱਕ ਲਿਆ, ਜਿਸ ਦਾ ਬਟੂਆ ਗੁੰਮ ਹੋਇਆ, ਉਸ ਨੂੰ ਕਿੰਨੀ ਪ੍ਰੇਸ਼ਾਨੀ ਹੋਈ ਹੋਵੇਗੀ... ਪੈਸੇ ਗਏ... ਪੁਲਿਸ ਦਾ ਡਰ, ਅੱਗੋਂ ਡਾਕਟਰ ਸਾਹਿਬ ਬਹਾਦਰ, ਸਭ ਤੋਂ ਮਗਰੋਂ ਆਈਂ, ਪਹਿਲਾਂ ਪਰਚੀਆਂ ਵਾਲੇ, ਫੇਰ ਤੇਰੀ ਵਾਰੀ, ਆ ਜਾਂਦੇ ਮੂੰਹ ਚੁੱਕ ਕੇ...।'
ਮਾਨ ਨੂੰ ਜ਼ੋਰ-ਜ਼ੋਰ ਨਾਲ ਚੱਕਰ ਆਉਣੇ ਸ਼ੁਰੂ ਹੋ ਗਏ, ਦਿਲ ਘਬਰਾਉਣ ਲੱਗਾ, ਤਬੀਅਤ ਬਹੁਤ ਵਿਗੜ ਗੀ...
ਬੇਟੀ ਨੇ ਪਾਪਾ ਦੀ ਹਾਲਤ ਦੇਖ ਕੇ ਕਿਹਾ, 'ਪਾਪਾ! ਡਾਕਟਰ ਨੂੰ ਬੁਲਾਵਾਂ?'
'ਨਹੀਂ, ਨਹੀਂ ਬੇਟੀ... ਡਾਕਟਰ ਨੂੰ ਬੁਲਾਉਣ ਤੋਂ ਪਹਿਲਾਂ ਇਕ ਕੰਮ ਕਰ... ਇਸ ਬਟੂਏ ਵਿਚ ਜਿਹੜਾ ਫੋਨ ਨੰਬਰ ਮਿਲਦਾ ਹੈ, ਉਸ ਨੂੰ ਆਪਣਾ ਪਤਾ ਦੱਸ ਦੇ... ਕਹਿ ਤੁਹਾਡਾ ਬਟੂਆ ਜੋ ਗੁੰਮ ਹੋਇਆ ਸੀ, ਸਾਡੇ ਕੋਲ ਹੈ, ਆ ਕੇ ਲੈ ਜਾਵੋ।'
'ਅਭੀ ਆ ਰਹਾਂ ਹਾਂ... ਆਪ ਕੇ ਘਰ ਕਾ ਪਤਾ ਹੈ ਮੈਨੂੰ ਬੀਬੀ ਜੀ।'
'ਘੰਟੀ ਵੱਜੀ...' ਮੈਂ ਭਗਵਾਨ ਦਾਸ... ਤੁਸੀਂ ਫੋਨ ਕੀਤਾ।'
ਬੇਟੀ ਨੇ ਭਗਵਾਨ ਦਾਸ ਨੂੰ ਪਹਿਲਾਂ ਵੀ ਕਈ ਵਾਰ ਸਬਜ਼ੀ ਵੇਚਦਿਆਂ ਦੇਖਿਆ ਹੋਇਆ ਸੀ। ਮਾਨ ਸਿੰਘ ਨੂੰ ਵੀ ਚੰਗੀ ਤਰ੍ਹਾਂ ਜਾਣਦਾ ਸੀ।
ਇੰਗਲੈਂਡ ਜਾ ਕੇ ਮਾਨ ਸਿੰਘ ਨੇ, ਲੋੜ ਅਨੁਸਾਰ ਆਪਣੀ ਦਾੜ੍ਹੀ ਅਤੇ ਮੁੱਛਾਂ ਨੂੰ ਅਪ-ਡਾਊਨ ਕਰਕੇ ਆਪਣਾ ਹੁਲੀਆ ਬਦਲ ਲਿਆ ਸੀ ਅਤੇ ਹੁਣ ਉਹ ਮੱਥੇ 'ਤੇ ਚੰਦਨ ਦਾ ਟਿੱਕਾ ਵੀ ਲਗਾਉਣ ਲੱਗ ਪਿਆ ਸੀ... ਸੱਚਮੁੱਚ ਉਹ ਹੁਣ 'ਸ੍ਰੀਮਾਨ ਜੀ' ਨਜ਼ਰ ਆ ਰਿਹਾ ਸੀ।
ਦੁਆ-ਸਲਾਮ ਤੋਂ ਬਾਅਦ ਸ੍ਰੀਮਾਨ ਜੀ ਨੇ ਭਗਵਾਨ ਦਾਸ ਨੂੰ ਬਟੂਆ ਦੇਣ ਲਈ ਆਪਣੇ ਹੱਥ ਅੱਗੇ ਵਧਾਏ... ਭਗਵਾਨ ਦਾਸ ਨੇ ਬਟੂਆ ਲੈਂਦਿਆਂ ਹੋਇਆਂ, ਆਪਣਾ ਸਿਰ ਉਨ੍ਹਾਂ ਦੇ ਹੱਥਾਂ ਉੱਪਰ ਝੁਕਾਅ ਦਿੱਤਾ... 'ਮੁਬਾਰਕ ਹਨ, ਇਹ ਹੱਥ, ਜਿਨ੍ਹਾਂ ਮੇਰੇ ਵਰਗੇ ਗ਼ਰੀਬ ਦੀ ਖੂਨ-ਪਸੀਨੇ ਦੀ ਕਮਾਈ ਮੋੜੀ... ਭਗਵਾਨ ਦਾਸ ਆਪਣੇ ਬਟੂਏ ਵਿਚ ਸਭ ਕੁਝ ਓ. ਕੇ. ਵੇਖ ਕੇ ਅਤਿਅੰਤ ਖੁਸ਼ ਸੀ। ਉਸ ਨੇ ਕਿਹਾ, 'ਸ੍ਰੀਮਾਨ ਜੀ ਮੇਰੇ ਦਿਲ ਦੀ ਆਵਾਜ਼ ਸੁਣੋ... ਤੁਸੀਂ ਸ੍ਰੀਮਾਨ ਜੀ ਨਹੀਂ, ਤੁਸੀਂ ਤਾਂ ਸ੍ਰੀ ਮਹਾਨ ਜੀ ਹੋ... ਏਥੇ ਮਾਇਆ ਕੌਣ ਮੋੜਦਾ', ਹੱਸਦਿਆਂ ਕਹਿੰਦਾ, 'ਕੁਝ ਸਮਾਂ ਪਹਿਲਾਂ ਮੇਰੇ ਸਾਈਕਲ ਦੇ ਕੈਰੀਅਰ ਤੋਂ ਮੇਰੀ ਜੁੱਤੀ ਦਾ ਇਕ ਪੈਰ ਗਿਰ ਗਿਆ ਸੀ... ਉਹ ਵੀ ਨਾ ਮੁੜਿਆ ਆਪਣੇ ਘਰ ਅੱਜ ਤੱਕ...' ਭਗਵਾਨ ਦਾਸ ਦੀ ਗੱਲ ਸੁਣ ਕੇ ਸ੍ਰੀਮਾਨ ਜੀ ਬਹੁਤ ਮੁਸਕਰਾਏ... ਆਪਣੇ ਨੌਕਰ ਰਾਜੂ ਨੂੰ ਆਵਾਜ਼ ਦਿੱਤੀ, 'ਰਾਜੂ ਪੁੱਤਰਾ, ਤੂੰ ਪਿੱਛੇ ਜਿਹੇ ਕਹਿੰਦਾ ਸੀ, ਸਾਡੇ ਘਰ ਜੁੱਤੀ ਦਾ ਇਕ ਪੈਰ ਕੋਈ ਸੁੱਟ ਕੇ ਚਲਾ ਗਿਆ, ਕਿਸੀ ਨੇ ਟੂਣਾ ਕਰ ਦਿੱਤਾ।'
ਰਾਜੂ ਝੱਟ ਬੋਲਿਆ, 'ਯਾਦ ਹੈ ਬਾਬੂ ਜੀ, ਮੈਂ ਟੂਣਾ ਸਮਝ ਕੇ ਘਰੋਂ ਬਾਹਰ ਉਸ ਪੈਰ ਨੂੰ ਰੱਸੀ ਨਾਲ ਬੰਨ੍ਹ ਕੇ ਪੇੜ ਨਾਲ ਲਟਕਾ ਦਿੱਤਾ ਸੀ... ਰਾਜੂ ਜੁੱਤੀ ਦਾ ਪੈਰ ਲੈ ਆਇਆ... ਬੱਲੇ ਓ ਰਾਜੂ ਸ਼ੇਰਾ। ਇਹੀ ਤਾਂ ਹੈ ਉਹ ਪੈਰ... ਸ੍ਰੀਮਾਨ ਜੀ ਦੇ ਦਰਸ਼ਨਾਂ ਸਦਕਾ ਪੈਰ ਵੀ ਆਪਣੇ-ਆਪ ਚਲ ਕੇ ਘਰ ਮੁੜ ਆਇਆ... ਬਟੂਏ 'ਚੋਂ ਸੌ-ਸੌ ਦੇ ਦੋ ਨੋਟ ਰਾਜੂ ਨੂੰ ਦਿੱਤੇ... ਇਹ ਤੇਰਾ ਇਨਾਮ ਪੁੱਤਰਾ।' ਇਕ ਨੋਟ ਬੇਟੀ ਵੱਲ ਵਲ ਵਧਾਇਆ... ਬੇਟੀ ਨੇ ਹੱਥ ਲਗਾ ਦਿੱਤਾ... 'ਬਸ ਅੰਕਲ ਜੀ ਪਹੁੰਚ ਗਿਆ ਤੁਹਾਡਾ ਪਿਆਰ...।'
ਭਗਵਾਨ ਦਾਸ ਦੇ ਜਾਣ ਤੋਂ ਬਾਅਦ, ਸ੍ਰੀਮਾਨ ਜੀ ਸ਼ਾਂਤ ਹੋ ਗਏ। ਮਨ ਤੋਂ ਸਾਰਾ ਭੈਅ ਤੇ ਭਰਮ ਉੱਡ-ਪੁੱਡ ਗਿਆ। ਰਾਤ ਆਰਾਮ ਨਾਲ ਸੁੱਤੇ।
ਅਗਲੇ ਦਿਨ ਬੇਟੀ ਦੌੜੀ-ਦੌੜੀ ਆਈ, ਅਖ਼ਬਾਰ ਹੱਥ ਵਿਚ ਸੀ, 'ਪਾਪਾ ਇਹ ਦੇਖੋ, ਮੈਂ ਤੁਹਾਡੇ ਨਾਂਅ ਦੀ ਲਾਟਰੀ ਪਾਈ ਸੀ... ਇਕ ਲੱਖ ਦਾ ਇਨਾਮ, ਤੁਹਾਡਾ ਨੰਬਰ ਨਿਕਲ ਆਇਆ... ਪਾਪਾ ਵਧਾਈ।'
ਵਧਾਈ ਸਵੀਕਾਰ ਕਰਦਿਆਂ, ਸ੍ਰੀਮਾਨ ਜੀ ਸੋਚ ਰਹੇ ਸਨ, ਇਹ ਕੀ ਹੋ ਰਿਹਾ ਹੈ, ਇਹ ਕਿਹੜੀ ਦੈਵੀ ਸ਼ਕਤੀ ਹੈ ਜੋ ਕਰਵਾ ਰਹੀ ਹੈ ਐਸਾ ਵਰਤਾਰਾ। ਅੰਦਰੋਂ ਆਵਾਜ਼ ਆਈ 'ਪੈਰ ਪੈਰ 'ਤੇ ਸਮਝਾਉਂਦੇ ਹਾਂ, ਕੀ ਕਰਨਾ...ਕੀ ਨਹੀਂ ਕਰਨਾ... ਅਰੇ ਇਨਸਾਨ! ਚੁੱਕ ਲਿਆਇਆ ਢਾਈ ਆਨੇ ਦਾ ਬਟੂਆ... ਬਸ ਅਗੇ ਲਈ ਸਾਵਧਾਨ...।' ਆਵਾਜ਼ ਬੰਦ ਹੋ ਗਈ।
ਸ੍ਰੀਮਾਨ ਜੀ ਦੀਆਂ ਅੱਖਾਂ ਪੂਰੀ ਤਰ੍ਹਾਂ ਖੁੱਲ੍ਹ ਗਈਆਂ... ਚਾਨਣ ਹੋ ਗਿਆ...।
ਹੁਣ ਉਹ ਲੋਕਾਂ ਨੂੰ ਵੀ ਕਹਿੰਦਾ ਸੁਣਿਆ ਗਿਆ... 'ਭਰਾਵੋ ਆਪਣੇ ਹੱਕ 'ਤੇ ਰਹੋ। ਪ੍ਰਾਈ ਵਸਤੂ ਕੁਝ ਦਿੰਦੀ ਨਹੀਂ ਸਗੋਂ ਕੋਲੋਂ ਕੁਝ ਲੈ ਕੇ ਜਾਂਦੀ ਹੈ...' ਆਪਣੇ ਚੰਦਨ ਦੇ ਟਿੱਕੇ ਵੱਲ ਇਸ਼ਾਰਾ ਕਰਦਿਆਂ ਕਿਹਾ, 'ਇਹ ਉਹੀ ਮਾਨ ਸਿੰਘ ਹੈ, ਇਨ੍ਹਾਂ ਗਲੀਆਂ ਦਾ ਕੱਖ... ਜਿਸ ਨੂੰ ਲੋਕ ਅੱਜ ਸ੍ਰੀਮਾਨ ਜੀ ਕਹਿੰਦੇ ਹਨ।'

-ਪਿੰਡ ਅਤੇ ਡਾਕ: ਮਾਣਕ ਢੇਰੀ, ਜ਼ਿਲ੍ਹਾ ਹੁਸ਼ਿਆਰਪੁਰ-144204.
ਮੋਬਾਈਲ : 98153-10043.


ਖ਼ਬਰ ਸ਼ੇਅਰ ਕਰੋ

ਪ੍ਰਸੰਸਾ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
* ਇਹ ਮਨੁੱਖ ਦਾ ਸੁਭਾਅ ਹੈ ਕਿ ਹਰ ਮਨੁੱਖ ਆਪਣੀ ਪ੍ਰਸੰਸਾ ਸੁਣਨ ਦਾ ਇੱਛੁਕ ਹੁੰਦਾ ਹੈ। ਜਦੋਂ ਕਿਸੇ ਦੀ ਸ਼ਲਾਘਾ ਹੁੰਦੀ ਹੈ ਤਾਂ ਉਹ ਉਸ ਕੰਮ ਨੂੰ ਹੋਰ ਵੀ ਵਧੀਆ ਤਰੀਕੇ ਨਾਲ ਕਰਨ ਦਾ ਯਤਨ ਕਰਦਾ ਹੈ।
* ਵਿਰੋਧੀ ਵਲੋਂ ਕੀਤੀ ਗਈ ਸ਼ਲਾਘਾ ਸਭ ਤੋਂ ਵੱਡੀ ਪ੍ਰਾਪਤੀ ਹੈ।
* ਤਾਰੀਫ ਸਮਝਦਾਰ ਨੂੰ ਨਰਮ ਬਣਾਉਂਦੀ ਹੈ ਅਤੇ ਮੂਰਖ ਨੂੰ ਹੰਕਾਰੀ।
* ਪ੍ਰਸੰਸਾ ਕਰਨ ਲਈ ਕੋਈ ਸਰੀਰਕ ਮਿਹਨਤ ਨਹੀਂ ਕਰਨੀ ਪੈਂਦੀ। ਬਸ ਥੋੜ੍ਹਾ ਜਿਹਾ ਜੀਭ ਨੂੰ ਕਸ਼ਟ ਹੀ ਦੇਣਾ ਹੁੰਦਾ ਹੈ। ਥੋੜ੍ਹੀ ਜਿਹੀ ਤਾਰੀਫ ਨਾਲ ਹੀ ਤੁਹਾਡਾ ਜੀਵਨ ਸਾਥੀ ਹਰ ਵੇਲੇ ਖੁਸ਼ ਰਹਿ ਸਕਦਾ ਹੈ।
* ਮੁਕਾਬਲੇਬਾਜ਼ ਵਲੋਂ ਕੀਤੀ ਤਾਰੀਫ਼ ਸਭ ਤੋਂ ਵੱਡਾ ਇਨਾਮ ਹੈ। ਵਿਰੋਧੀ ਵਲੋਂ ਕੀਤੀ ਤਾਰੀਫ ਸਭ ਤੋਂ ਵਧੀਆ ਸ਼ੋਹਰਤ ਹੈ।
* ਇਕ ਬੁੱਧੀਮਾਨ ਪੁਰਸ਼ ਦੀ ਪ੍ਰਸੰਸਾ ਉਸ ਦੀ ਗ਼ੈਰ-ਹਾਜ਼ਰੀ ਵਿਚ ਕਰਨੀ ਚਾਹੀਦੀ ਹੈ ਪਰ ਔਰਤ ਦੀ ਪ੍ਰਸੰਸਾ ਉਸ ਦੇ ਮੂੰਹ 'ਤੇ।
* ਕੁਝ ਲੋਕ ਸਾਡੀ ਸ਼ਲਾਘਾ ਕਰਨਗੇ, ਕੁਝ ਲੋਕ ਸਾਡੀ ਆਲੋਚਨਾ ਕਰਨਗੇ। ਦੋਵਾਂ ਹੀ ਮਾਮਲਿਆਂ ਵਿਚ ਅਸੀਂ ਫਾਇਦੇ ਵਿਚ ਹਾਂ, ਕਿਉਂਕਿ ਇਕ ਸਾਨੂੰ ਪ੍ਰੇਰਿਤ ਕਰੇਗਾ ਅਤੇ ਦੂਜਾ ਸਾਡੇ ਅੰਦਰ ਸੁਧਾਰ ਲਿਆਏਗਾ।
* ਤਾਰੀਫ ਇਨਸਾਨ ਅੰਦਰ ਖਾਸ ਤਰ੍ਹਾਂ ਦੀ ਊਰਜਾ ਦਾ ਪ੍ਰਵਾਹ ਕਰਦੀ ਹੈ। ਬੱਚੇ ਪੜ੍ਹਾਈ ਆਦਿ ਵਿਚ ਜੇ ਕੋਈ ਖਾਸ ਪ੍ਰਾਪਤੀ ਕਰਨ ਤਾਂ ਉਨ੍ਹਾਂ ਦੀ ਤਾਰੀਫ ਕਰਨੀ ਬਣਦੀ ਹੈ।
* ਜੇ ਤੁਸੀਂ ਤਾਰੀਫ ਕਰਨ ਵਿਚ ਮਾਹਿਰ ਹੋ ਤਾਂ ਤੁਹਾਨੂੰ ਕਿਸੇ ਦਾ ਦਿਲ ਜਿੱਤਣ ਵਿਚ, ਵਪਾਰੀ ਬਣ ਕੇ ਗਾਹਕਾਂ ਦੀਆਂ ਜੇਬਾਂ ਖਾਲੀ ਕਰਨ ਤੇ ਸਿਆਸੀ ਆਗੂ ਬਣਨ ਵਿਚ ਜ਼ਰਾ ਵੀ ਤਕਲੀਫ ਨਹੀਂ ਹੋਵੇਗੀ।
* ਕਾਂ ਤੇ ਲੂੰਬੜੀ ਦੀ ਕਹਾਣੀ ਤੋਂ ਪ੍ਰਸੰਸਾ ਤੇ ਚਾਪਲੂਸੀ ਦਾ ਫਰਕ ਪਤਾ ਲਗਦਾ ਹੈ। ਮੂਰਖ ਕਾਂ ਲੂੰਬੜੀ ਦੀਆਂ ਮਿੱਠੀਆਂ ਗੱਲਾਂ ਵਿਚ ਫਸ ਗਿਆ। ਲੂੰਬੜੀ ਨੇ ਕਾਂ ਦੀ ਪ੍ਰਸੰਸਾ ਨਹੀਂ ਕੀਤੀ, ਸਗੋਂ ਚਾਪਲੂਸੀ ਕੀਤੀ, ਜਿਸ ਨਾਲ ਲੂੰਬੜੀ ਨੂੰ ਲਾਭ ਤੇ ਕਾਂ ਦੇ ਪੱਲੇ ਪਛਤਾਵਾ ਪਿਆ।
* ਜਿਹੜਾ ਵਿਅਕਤੀ ਬੇਨਾਮ ਰਹਿ ਕੇ ਅਤੇ ਪ੍ਰਸਿੱਧੀ ਤੇ ਪ੍ਰਸੰਸਾ ਤੋਂ ਦੂਰ ਰਹਿ ਕੇ ਪਰਉਪਕਾਰ ਕਰਦਾ ਹੈ, ਸੱਚੇ ਅਰਥਾਂ ਵਿਚ ਉਹੀ ਸਮਾਜ ਸੇਵਕ ਹੁੰਦਾ ਹੈ।
* ਹਰ ਸੰਭਵ ਕੋਸ਼ਿਸ਼ ਕਰੋ ਕਿ ਜੇ ਨਿਖੇਧੀ/ਆਲੋਚਨਾ ਨਾ ਹੀ ਕੀਤੀ ਜਾਵੇ ਤਾਂ ਚੰਗਾ ਹੈ। ਪ੍ਰਸੰਸਾ ਜ਼ਰੂਰ ਕਰੋ। ਰੋਜ਼ਾਨਾ ਘੱਟ ਤੋਂ ਘੱਟ ਤਿੰਨ ਲੋਕਾਂ ਦੀ ਪ੍ਰਸੰਸਾ ਕਰੋ।
* ਦੁਨੀਆ ਵਿਚ ਅਜਿਹੇ ਲੋਕ ਘੱਟ ਹੀ ਨਜ਼ਰ ਆਉਂਦੇ ਹਨ, ਜਿਨ੍ਹਾਂ ਦੀ ਨਿਰੀ ਪ੍ਰਸੰਸਾ ਜਾਂ ਨਿਰੀ ਨਿੰਦਾ ਹੀ ਹੋਈ ਹੋਵੇ।
* ਪ੍ਰਸੰਸਾ ਕਿਸਮਤ ਨਾਲ ਮਿਲਦੀ ਹੈ ਪਰ ਇਮਾਨਦਾਰ ਤੁਸੀਂ ਖੁਦ ਬਣ ਸਕਦੇ ਹੋ।
* ਜੇ ਤੁਸੀਂ ਮੇਰੀ ਘੱਟ ਪ੍ਰਸੰਸਾ ਕੀਤੀ ਹੁੰਦੀ ਤਾਂ ਮੈਂ ਤੁਹਾਡੀ ਜ਼ਿਆਦਾ ਕਰਦਾ।
* ਹਰ ਮਨੁੱਖ ਸਭ ਤੋਂ ਵੱਡਾ ਪ੍ਰਮੁੱਖ ਨਿੰਦਕ ਜਾਂ ਪ੍ਰਸੰਸਕ ਉਹ ਖੁਦ ਹੈ। ਇਸੇ ਤਰ੍ਹਾਂ ਹੰਕਾਰ ਅਤੇ ਨਿਮਰਤਾ ਭਾਵਨਾ ਦੀਆਂ ਚੁਣੌਤੀਆਂ ਵਿਚੋਂ ਲੰਘਣ ਵਾਲਾ ਵੀ ਉਹ ਖੁਦ ਹੈ।
* ਦਾਨੀ ਵਿਅਕਤੀ ਉਹੀ ਹੈ, ਜੋ ਉਸ ਦੀ ਪ੍ਰਸੰਸਾ ਨਹੀਂ ਚਾਹੁੰਦਾ।
* ਦੁਨੀਆ ਦਾ ਅਸੂਲ ਹੈ-ਜਬ ਤਕ ਕਾਮ ਹੈ, ਤੇਰਾ ਨਾਮ ਹੈ, ਵਰਨਾ ਦੂਰ ਸੇ ਹੀ ਸਲਾਮ ਹੈ। ਮਤਲਬ ਹੋਵੇ ਤਾਂ ਬੰਦਾ ਕਈ ਰੰਗ ਬਦਲਦਾ ਹੈ।
* ਨਿੰਦਾ ਤੇ ਪ੍ਰਸੰਸਾ ਵੱਲ ਧਿਆਨ ਨਾ ਦੇ ਕੇ ਸਾਨੂੰ ਚੁੱਪਚਾਪ ਆਪਣੇ ਕੰਮ ਵਿਚ ਲੱਗੇ ਰਹਿਣਾ ਚਾਹੀਦਾ ਹੈ।

-ਮੋਬਾਈਲ : 99155-63406.

ਚਲੋ ਜੀ, ਬੁਲਾਵਾ ਆਇਆ ਹੈ

ਇਕ ਪ੍ਰਾਣੀ ਨੇ ਪ੍ਰਾਣ ਛੱਡ ਦਿੱਤੇ ਸਨ ਜਾਂ ਉਸ ਦੇ ਪ੍ਰਾਣ, ਪ੍ਰਾਣ ਦੇਣ ਵਾਲੇ ਨੇ ਕੱਢ ਲਏ ਸਨ, ਉਹਦੀ ਅੰਤਿਮ ਯਾਤਰਾ, ਬਿਨਾਂ ਉਹਦੀ ਆਤਮਾ ਵਾਲੇ ਸਰੀਰ ਨੂੰ ਚੁੱਕੀ ਲੋਕੀਂ ਉਹਦੀ ਅੰਤਿਮ ਕਿਰਿਆ ਸੰਪੂਰਨ ਕਰਨ ਲਈ, ਉਹਨੂੰ ਅੰਤਿਮ ਸਥਾਨ ਵੱਲ ਲੈ ਜਾ ਰਹੇ ਸਨ। ਬੇਸ਼ੱਕ ਸ਼ੋਕਗ੍ਰਸਤ ਸਨ, ਫਿਰ ਵੀ ਢੋਲਕੀਆਂ, ਛੈਣਿਆਂ ਦੀ ਗੁੰਜਾਰ ਵਿਚ ਸਭੇ ਇਕਸੁਰ ਗਾ ਰਹੇ ਸਨ:-
ਅਸਾਂ ਵੀ ਉਥੇ ਜਾਣਾ...
ਅਸਾਂ ਵੀ ਉਥੇ ਜਾਣਾ...।
ਕੀ ਪਤਾ, ਕਦੋਂ ਕਿਸ ਵੇਲੇ, ਕਿਸ ਨੂੰ ਬੁਲਾਵਾ ਆ ਜਾਏ।
ਚਲੋ ਬੁਲਾਵਾ ਆਇਆ ਹੈ। ਹੈ ਤਾਂ ਕਦੇ ਨਾ ਝੁਠਲਏ ਜਾਣ ਵਾਲਾ ਸੱਚ। ਕੋਈ ਇਕ ਮਹੀਨਾ ਪਹਿਲਾਂ ਪ੍ਰਭਾਤ ਵੇਲੇ, ਮੇਰੇ ਕੰਨਾਂ ਵਿਚ ਵੀ ਇਕ ਅਗਿਆਤ ਜਿਹੀ ਆਵਾਜ਼ ਨੇ ਮੈਨੂੰ ਹਲੂਣਿਆ... 'ਚਲੋ ਜੀ, ਚਲੋ ਬੁਲਾਵਾ ਆਇਆ ਹੈ।' ਮੇਰੀ ਨੀਂਦ ਅੱਭੜਵਾਹੇ ਖੁੱਲ੍ਹ ਗਈ, ਵੇਖਿਆ ਆਲੇ-ਦੁਆਲੇ ਕੋਈ ਕੁਝ ਵੀ ਨਹੀਂ ਸੀ, ਸਿਰਫ਼ ਪ੍ਰਭਾਤ ਤੋਂ ਪਹਿਲਾਂ ਵਾਲਾ ਘੁਸਮੁਸਾ ਜਿਹਾ ਸੀ, ਪਤਾ ਨਹੀਂ ਕਿਉਂ, ਕੁਝ ਮਿੰਟਾਂ ਲਈ ਮੈਂ ਡੌਰ-ਭੌਰ ਹੋਇਆ ਬਿਸਤਰ 'ਤੇ ਹੀ ਬੈਠਾ ਰਿਹਾ, ਉਸੇ ਵੇਲੇ ਫੋਨ ਵੱਜਣ ਲੱਗਾ। ਮੈਂ ਫੋਨ ਚੁੱਕਿਆ, ਇਹ ਮਹਾਰਾਸ਼ਟਰ ਦੇ ਸ਼ਹਿਰ ਅਮਰਾਵਤੀ ਤੋਂ ਇਕ ਅਣ-ਵੇਖੇ ਸੱਜਣ ਦਾ ਸੀ, 'ਗੁੱਡ ਮਾਰਨਿੰਗ' ਵਾਲੀ ਪ੍ਰੰਪਰਾ ਦੇ ਵਟਾਂਦਰੇ ਮਗਰੋਂ ਉਨ੍ਹਾਂ ਨੇ ਮੇਰੀਆਂ ਸਿਫ਼ਤਾਂ ਦੇ ਪੁਲ ਬੰਨ੍ਹ ਦਿੱਤੇ, ਆਖਿਆ, 'ਆਤਿਸ਼ ਸਾਹਿਬ, ਮੈਂ ਤੁਹਾਡਾ ਫੈਨ ਹਾਂ। ਤੁਸੀਂ ਬਹੁਤ ਸੋਹਣਾ ਲਿਖਦੇ ਹੋ।' ਚਿਹਰਾ ਖਿੜ ਗਿਆ, ਮਨ ਪੁਲਕਿਤ ਪੁਲਕਿਤ ਹੋ ਗਿਆ। ਫਿਰ ਚਾਹ ਪਾਣੀ ਪੀਣ ਤੱਕ, ਕੁਝ ਪੰਜਾਬੋਂ ਤੇ ਕੁਝ ਵਿਦੇਸ਼ਾਂ ਤੋਂ ਚਾਰ-ਪੰਜ ਹੋਰ ਫੋਨ ਆਏ, ਸਭਨਾਂ ਦਾ ਮਜ਼ਮੂਨ ਇਕੋ ਸੀ, ਆਤਿਸ਼ ਜੀ ਤੁਸੀਂ ਬੜਾ ਵਧੀਆ ਲਿਖਦੇ ਹੋ।'
ਆਪਣੀ ਉਸਤਤ ਕਿਸ ਨੂੰ ਪਸੰਦ ਨਹੀਂ ਹੈ? ਖਾਲੀ ਫੁਕਾਨੇ 'ਚ ਹਵਾ ਭਰਨੀ ਸ਼ੁਰੂ ਕਰੋ ਤਾਂ ਉਹ ਫੁਲਣਾ ਸ਼ੁਰੂ ਹੋ ਜਾਂਦਾ ਹੈ। ਸੁਫਨੇ ਵਿਚ ਜੋ ਵਾਪਰਿਆ ਸੀ, ਸਭ ਭੁਲ ਭੁੱਲਾ ਗਿਆ। ਜਿਵੇਂ ਭਰਿਆ ਫੁਕਾਨਾ ਜ਼ਮੀਨ 'ਤੇ ਨਹੀਂ ਟਿਕਦਾ, ਉਵੇਂ ਹੀ ਲਗਦਾ ਸੀ, ਪੈਰ ਜ਼ਮੀਨ 'ਤੇ ਨਹੀਂ ਟਿਕ ਰਹੇ.... ਹਵਾ 'ਚ ਉੱਡ ਰਹੇ ਹਨ।
ਤਿਆਰ ਹੋ ਕੇ, ਰੋਜ਼ਮਰ੍ਹਾ ਦੀ ਜ਼ਿੰਦਗੀ ਵਾਲੀ, ਲੋਕਾਂ ਦੀ ਆਪੋ-ਧਾਪੀ ਵਾਲੀ (ਭੱਜ-ਨੱਠ) 'ਚ ਸ਼ਾਮਿਲ ਹੋ ਗਿਆ। ਅੱਗੋਂ ਇਕ ਸੱਜਣ ਨੇ ਰੋਕ ਲਿਆ। ਪੈਂਦੀ ਸੱਟੀ ਆਖਿਆ, 'ਆਤਿਸ਼ ਸਾਹਿਬ, ਕੀ ਹੋਇਆ? ਅੱਜ ਬੜੇ ਕਮਜ਼ੋਰ ਲੱਗ ਰਹੇ ਹੋ?'
ਝਟਕਾ ਤਾਂ ਲੱਗਾ ਪਰ ਮੈਂ ਮੁਸਕਰਾ ਕੇ ਕਿਹਾ, 'ਕੁਝ ਨਹੀਂ, ਹੋਇਆ, ਮੈਂ ਠੀਕ-ਠਾਕ ਹਾਂ, ਚੜ੍ਹਦੀ ਕਲਾ 'ਚ ਹਾਂ।'
ਲੱਤਾਂ-ਪੈਰ ਠੀਕ ਸਨ, ਅੱਗੇ ਵਧਾਏ ਇਕ ਹੋਰ ਮਿੱਤਰ-ਪਿਆਰੇ ਮਿਲ ਗਏ, ਉਨ੍ਹਾਂ ਨਾਲ ਪੰਜ-ਛੇ ਹੋਰ ਸਾਥੀ ਵੀ ਸਨ। ਉਨ੍ਹਾਂ ਨੇ ਤਬੀਅਤ ਖੁਸ਼ ਕਰ ਦਿੱਤੀ, ਪੈਂਦੀ ਸੱਟੀਂ ਪੁੱਛਿਆ, 'ਆਤਿਸ਼ ਜੀ, ਇਹ ਦਸੋ ਤੁਸਾਂ ਆਪਣੇ-ਆਪ ਨੂੰ ਇਸ ਤਰ੍ਹਾਂ ਮੇਂਨਟੇਂਨ ਕਿਵੇਂ ਕਰ ਰੱਖਿਐ? ਪਿਛਲੇ ਚਾਲੀ ਸਾਲਾਂ ਤੋਂ ਤੁਹਾਨੂੰ ਵੇਖ ਰਿਹਾ ਹਾਂ, 'ਜੈਸੇ ਥੇ ਵੈਸੇ ਆਜ ਭੀ ਹੈਂ।'
ਜਵਾਬ ਸਿਰਫ਼ ਧੰਨਵਾਦ ਵਾਲੀ ਮੁਸਕਰਾਹਟ ਸੀ, ਪਰ ਉਸ ਨੇ ਇਕਦਮ ਫਿਰ ਜਿਸਮ 'ਚ ਫੁਰਤੀ ਲਿਆ ਦਿੱਤੀ। ਪੈਰ ਧਰਤੀ ਤੋਂ ਫਿਰ ਉੱਪਰ ਉੱਠਣ ਲੱਗੇ, ਉਸਤਤ ਮਨੁੱਖ ਨੂੰ ਕਿੰਨਾ ਫੁਲਾ ਦਿੰਦੀ ਹੈ।
ਸੂਰਜ ਡੁੱਬਿਆ-ਪਰਛਾਵੇਂ ਵੀ ਖਤਮ ਹੋ ਗਏ, ਅਚਾਨਕ ਮੈਨੂੰ ਚੱਕਰ ਜਿਹਾ ਆਇਆ, ਮੈਂ ਡਿਗ ਪਿਆ...।
ਦੋਸਤਾਂ, ਮਿੱਤਰਾਂ, ਪਿਆਰਿਆਂ ਦੀ ਭੀੜ ਦੀਆਂ ਆਵਾਜ਼ਾਂ ਮੇਰੇ ਕੰਨੀਂ ਪੈ ਰਹੀਆਂ ਸਨ, 'ਕੀ ਹੋਇਆ? ਕੀ ਹੋਇਆ?'
ਮੈਂ ਕਹਿਣਾ ਚਾਹੁੰਦਾ ਸਾਂ, ਕੁਝ ਨਹੀਂ ਹੋਇਆ, ਮੈਂ ਚੜ੍ਹਦੀ ਕਲਾ 'ਚ ਹਾਂ, ਪਰ ਮੇਰੇ 'ਚ ਸਤਿਆ ਨਹੀਂ ਸੀ ਰਹੀ ਕਿ ਮੈਂ ਇਹ ਬੋਲ ਸਕਾਂ। ਰਤਾ ਕੁ ਹੋਸ਼ ਆਈ ਤਾਂ ਮੇਰੀਆਂ ਲੱਤਾਂ-ਪੈਰ ਜ਼ਮੀਨ 'ਤੇ ਨਹੀਂ ਸਨ, ਮੈਂ ਇਕ ਨਰਸਿੰਗ ਹੋਮ 'ਚ ਬਤੌਰ ਮਰੀਜ਼ ਇਕ ਬੈੱਡ 'ਤੇ ਲੰਮਾ ਪਿਆ ਸਾਂ। ਇਕ ਵਾਰ ਫਿਰ ਪਤਾ ਨਹੀਂ ਕਿਥੋਂ ਆਉਂਦੀਆਂ ਇਹੋ ਆਵਾਜ਼ਾਂ ਗੂੰਜੀਆਂ...
'ਅਸਾਂ ਵੀ ਉਥੇ ਜਾਣਾ... ਅਸਾਂ ਵੀ ਉਥੇ ਜਾਣਾ।'
ਫਿਰ ਇਕ ਹੋਰ ਆਵਾਜ਼ ਆਈ, 'ਧਰਮ ਰਾਏ ਜਬ ਲੇਖਾ ਮਾਂਗੇ, ਕਿਆ ਮੁਖ ਲੇਕਰ ਜਾਏਗਾ?'
ਵੈਰਾਗ, ਡਰ, ਭਓ, ਸਭ ਖ਼ਤਮ, ਉਹੀਓ ਮਸਤੀ, ਉਹੀਓ ਜ਼ਿੰਦਾਦਿਲੀ, ਉਹੀਓ ਚੜ੍ਹਦੀ ਕਲਾ, ਮੁੜ ਸੁਰਜੀਤ ਹੋ ਗਈ, ਮੈਂ ਆਪਣੇ-ਆਪ ਬੋਲ ਪਿਆ, 'ਕਿਆ ਮੁੱਖ ਲੈ ਕੇ ਜਾਏਗਾ, ਦਾ ਕੀ ਮਤਲਬ', ਜਿਹੜਾ ਮੁਖ ਉਹਨੇ ਸਿਰਜਿਐ, ਉਹੀਓ ਮੁਖ ਲੈ ਕੇ ਜਾਵਾਂਗੇ।'
ਸ਼ਾਇਦ ਨਰਸਾਂ, ਡਾਕਟਰਾਂ ਨੂੰ ਸਮਝ ਨਹੀਂ ਆਈ। ਨਰਸਾਂ ਕੇਰਲਾ ਦੀਆਂ ਸਨ ਤੇ ਡਾਕਟਰ ਮਰਾਠੀ ਜਾਂ ਨਾਨ-ਹਿੰਦੀ ਰਾਜਾਂ ਦੇ ਸਨ। ਪਰ ਉਨ੍ਹਾਂ ਨੇ ਇਕ ਕੰਮ ਜ਼ਰੂਰ ਕੀਤਾ। ਇਕ ਟੀਕਾ ਹੋਰ ਲਾ ਦਿੱਤਾ, ਬੇਹੋਸ਼ੀ ਦਾ।
ਉਨ੍ਹਾਂ ਲਈ ਮੈਂ ਬੇਹੋਸ਼ ਸਾਂ, ਮੇਰਾ ਸੁਚੇਤ ਮਨ ਬੇਹੋਸ਼ ਸੀ ਪਰ ਮੇਰਾ ਅਚੇਤ ਮਨ ਜਾਗ੍ਰਿਤ ਸੀ। ਮੈਂ ਦੋ ਦਿਨ ਪਹਿਲਾਂ ਤੋਂ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਰਚਨਾ 'ਗੁਰੂ ਨਾਨਕ ਚਮਤਕਾਰ' ਪੜ੍ਹ ਰਿਹਾ ਸਾਂ। ਉਸ ਵਿਚ ਉਨ੍ਹਾਂ ਜ਼ਿਕਰ ਕੀਤਾ ਹੈ, ਇਸ ਬ੍ਰਹਿਮੰਡ ਦੀ ਅਨੋਖੀ ਹੋਈ ਰਚਨਾ ਦਾ ਵੀ... ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਾਦਰ ਦੀ ਕੁਦਰਤ ਤੇ ਕੁਦਰਤ ਦੇ ਕਾਦਰ ਦੀ ਇਸ ਭੌਤਿਕ ਰਚਨਾ ਦੀ ਉਸਤਤ ਇਉਂ ਕੀਤੀ ਹੈ:
ਤੂੰ ਸਭਨੀ ਥਾਈਂ...
ਜਿਥੇ ਹਉ ਜਾਈਂ
ਸਾਚਾ ਸਿਰਜਣਹਾਰ ਜੀਓ...
ਮੈਂ ਬ੍ਰਹਿਮੰਡ 'ਚ ਘੁੰਮ ਰਿਹਾ ਸਾਂ, ਘੁੰਮ ਕਾਹਨੂੰ, ਮੈਂ ਤਾਂ ਉੱਡ ਰਿਹਾ ਸਾਂ, ਐਧਰ-ਉਧਰ, ਆਰੇ ਕਿ ਸਿਤਾਰੇ, ਲੱਖ ਧਰਤੀਆਂ, ਲੱਖ ਦਰਿਆਓ ਸਭੇ ਕਿਸੇ ਸ਼ੋਰ-ਸ਼ਰਾਬੇ ਦੇ ਬਿਨਾਂ ਇਕ-ਦੂਜੇ ਦੇ ਗਿਰਦ ਘੁੰਮ ਰਹੇ ਸਨ, ਚੱਕਰ ਕੱਟ ਰਹੇ ਸਨ। ਬਿਲਕੁਲ ਸੁੰਨਸਾਨ ਸੀ। ਆਪਣੀ ਧਰਤੀ 'ਤੇ ਜਿਹੜਾ ਧਰਤੀ ਦੇ ਧੁਰੇ ਵਾਲੀ ਖਿੱਚ ਹੈ, ਉਥੇ ਨਹੀਂ ਸੀ।
ਖ਼ੁਦਾ ਖ਼ਾਮੋਸ਼, ਖ਼ੁਦਾਈ ਸੁੰਨ... ਇਸ ਸੁੰਨਤਾ ਵਿਚ ਵੀ ਆਵਾਜ਼ ਤਾਂ ਆ ਹੀ ਰਹੀ ਸੀ:
ਸਜਨ ਰੇ ਝੂਠ ਮਤ ਬੋਲੋ,
ਖ਼ੁਦਾ ਕ ਪਾਸ ਜਾਨਾ ਹੈ।
ਕਿਥੇ ਪੈਦਲ? ਕਿਵੇਂ ਪੈਦਲ, ਉਥੇ ਤਾਂ ਪੈਰ ਟਿਕਣ ਵਾਲੀ ਕੋਈ ਗੱਲ, ਥਹੁ ਹੀ ਨਹੀਂ ਸੀ।
ਕਿੰਨਾ, ਮਨਮੋਹਕ, ਕਿੰਨਾ ਅਜਬ ਨਜ਼ਾਰਾ ਸੀਂਚੰਨ, ਸੂਰਜ, ਕਈ ਹੋਰ ਧਰਤੀਆਂ, ਚੁੱਪ-ਚਾਪ ਇਕ-ਦੂਜੇ ਦੇ ਗਿਰਦ ਘੁੰਮ ਰਹੀਆਂ ਸਨ, ਕੋਈ ਸ਼ੋਰ-ਸ਼ਰਾਬਾ ਨਹੀਂ ਸੀ, ਭੈਅ ਵਿਚ ਚੱਲੇ ਲੱਖ ਦਰਿਆਓ... ਭੈਅ ਦਾ ਭਾਵ ਹੈ ਡਿਸਿਪਲਨ, ਹੁਕਮੈ ਅੰਦਰ ਚਲ ਰਹੀ ਸੀ ਬ੍ਰਹਿਮੰਡ ਦੀ ਹਰ ਸ਼ੈਅ। ਹੁਕਮ, ਡਿਸਿਪਲਨ, ਇਕੋ ਭਾਵ ਦੇ ਅਰਥ ਹਨ। ਪਰ ਇਨ੍ਹਾਂ ਸਭਨਾਂ ਦੇ ਵਿਚਾਲੇ ਇਕ ਨਿੱਕੀ ਜਿਹੀ ਧਰਤੀ, ਜਿਹੜੀ ਰੱਬ ਤੋਂ ਡਰਨ ਵਾਲੇ ਮਨੁੱਖ, ਮਾਤਰ ਦਾ ਵਸੇਬਾ ਹੈ, ਉਥੇ ਤਾਂ ਹਾਹਾਕਾਰ ਮਚੀ ਹੋਈ ਹੈ। ਡਿਸਿਪਲਨ ਨਾਂਅ ਦੀ ਕੋਈ ਚੀਜ਼ ਹੈ ਨਹੀਂ। ਆਪਸ 'ਚ ਲੜ ਰਹੇ ਸਨ, ਆਪਸ 'ਚ ਮਰ ਰਹੇ ਸਨ। ਕੋਈ ਧਰਮ ਦੇ ਨਾਂਅ 'ਤੇ, ਕੋਈ ਧਰਮ ਅਸਥਾਨਾਂ ਦੇ ਨਾਂਅ 'ਤੇ, ਕੋਈ ਜਾਤ-ਪਾਤ ਦੇ ਨਾਂਅ 'ਤੇ। ਐਥੇ ਸੁੰਨ ਹੈ, ਧਰਤੀ 'ਤੇ ਚੀਕ, ਚਿਹਾੜਾ ਹੈ।
ਖ਼ੈਰ, ਆਖਰ, ਜਿਹਨੇ ਬੁਲਾਇਆ ਸੀ, ਧਰਮਰਾਜ ਦੇ ਦੁਆਰੇ ਮੈਂ ਪਹੁੰਚ ਗਿਆ। ਉਹਨੇ ਵੇਖਦਿਆਂ ਹੀ ਆਪਣੇ ਕਾਸਿਦਾਂ ਨੂੰ ਕਿਹਾ, 'ਓਏ ਅਹਿਨੂੰ ਇਥੇ ਕਾਹਨੂੰ ਲੈ ਆਏ ਓ?'
ਸ਼ਾਇਦ ਮੁੱਖ ਪਸੰਦ ਨਹੀਂ ਸੀ ਆਇਆ, ਧਰਮਰਾਜ ਨੂੰ। ਐਨੇ ਨੂੰ ਅੰਬਰੋਂ ਉਤਰੀ ਨਹੀਂ ਸਗੋਂ ਧਰਤੀ ਤੋਂ ਉੱਪਰ ਆਈ ਇਕ ਪਰੀ ਆ ਗਈ। ਮੁੱਖ ਵੇਖ ਕੇ ਧਰਮਰਾਜ ਖੁਸ਼ ਹੋ ਗਿਆ... ਇਹ ਸੀ ਫਿਲਮੀ ਹੀਰੋਇਨ...। ਧਰਮ ਰਾਏ ਦਾ ਆਲਾ-ਦੁਆਲਾ ਰੁਸ਼ਨਾ ਗਿਆ ਸੀ। ਧਰਮ ਰਾਏ ਨੇ ਸਾਡੇ ਵੱਲ ਵੇਖ ਕੇ ਆਖਿਆ, 'ਜਾਓ ਬਾਦਸ਼ਾਹੋ, ਜਿਥੋਂ ਆਏ ਹੋ ਮੁੜ ਜਾਓ ਵਾਪਸ ਸਾਨੂੰ ਤਾਂ ਲੇਖਕਾਂ ਦੀ ਲੋੜ ਕੋਈ ਨਾ।'
ਮੈਂ ਅਰਜ਼ ਕੀਤੀ, 'ਧਰਮ ਰਾਏ ਜੀ, ਲੇਖਾ ਤਾਂ ਲੈ ਲਓ।'
'ਤੇਰਾ ਲੇਖਾ ਤਾਂ ਲੇਖ ਹਨ ਜਾਹ ਲਿਖ ਤੂੰ ਆਪਣੇ 'ਲੇਖ' ਜਾਹ ਵਗ ਜਾ।'
'ਤੂੰ ਅੱਖਾਂ ਬੰਦ ਕਰ ਬੰਦਿਆ, ਫਿਰ ਖੋਲ੍ਹ ਤੂੰ ਧਰਤੀ 'ਤੇ ਹੋਵੇਂਗਾ। ਪੈਰ ਧਰਤੀ 'ਤੇ ਟਿਕ ਜਾਣਗੇ। ਅੱਖਾਂ ਖੋਲ੍ਹੀਆਂ ਹਸਪਤਾਲ 'ਚ ਹੀ ਮੇਰੇ ਬੈੱਡ ਦੇ ਆਸੇ-ਪਾਸੇ ਮੇਰੇ ਫਿਲਮੀ ਮਿੱਤਰ, ਸਾਊਂਡ ਡਾਇਰੈਕਟਰ, ਅਨਿਲ, ਸ਼ਤਰੂਘਨ ਸਿਨ੍ਹਾ, ਦੋਵਾਂ ਦੀਆਂ ਪਤਨੀਆਂ, ਆਂਢੀ-ਗੁਆਂਢੀ ਸਭੇ ਖੜ੍ਹੇ ਸਨਂਦਿੱਲੀਓਂ ਮੇਰਾ ਛੋਟਾ ਭਰਾ ਗੁਰਿੰਦਰਪਾਲ ਸਿੰਘ, ਤੀਰਥ ਹੰਸਪਾਲ ਸਿੰਘ ਨਾਲ ਖੜ੍ਹਾ ਸੀਂਮੇਰੀ ਦਿੱਲੀ ਦੀ ਟਿਕਟ ਇਨ੍ਹਾਂ ਪਹਿਲਾਂ ਰਿਜ਼ਰਵ ਕਰਾ ਰੱਖੀ ਸੀ।
'ਉਠੋ ਜੀ ਉਠੋ, ਚਲੋ ਜੀ ਚਲੋ' ਦੀਆਂ ਆਵਾਜ਼ਾਂ ਨਾਲ ਸਵਾਗਤ ਸੀ।
ਸਾਹਮਣੇ ਟੀ.ਵੀ. 'ਤੇ ਜਿਹੜੀ ਐਡ ਚਲ ਰਹੀ ਸੀ, ਉਹ ਸੀ 'ਟਾਈਗਰ ਜ਼ਿੰਦਾ ਹੈ', ਐਧਰ ਮੈਨੂੰ ਵੀ ਅਹਿਸਾਸ ਹੋ ਗਿਆ, 'ਆਤਿਸ਼ ਜ਼ਿੰਦਾ ਹੈ।'
ਜਦ ਤਾਈਂ ਆਤਿਸ਼ ਜ਼ਿੰਦਾ ਹੈ, 'ਆਤਿਸ਼ਬਾਜ਼ੀ' ਚੱਲੇਗੀ।

ਕਹਾਣੀ: ਤੇ ਓਪਰੇਸ਼ਨ ਸਫ਼ਲ ਰਿਹਾ

ਨਾਲ-ਨਾਲ ਰਹਿੰਦੇ ਖ਼ਿਆਲ ਨਹੀਂ ਆਉਂਦਾ ਕੇ ਮਰ ਮੁੱਕ ਵੀ ਜਾਣਾ ਹੈ ਇਕ ਦਿਨ। ਸ਼ਾਇਦ ਇਹੋ ਬੇਖ਼ਿਆਲੀ ਲੜਾਈ ਨਫ਼ਰਤ ਤਾਹਨੇ ਮੇਹਣਿਆਂ ਦਾ ਕਾਰਨ ਹੁੰਦੀ ਹੈ। ਡੈਡੀ ਨੂੰ ਅਕਸਰ ਉੱਚੀ ਆਵਾਜ਼ ਵਿਚ ਖ਼ਬਰਾਂ ਸੁਣਨ ਦੀ ਆਦਤ ਹੁੰਦੀ ਸੀ ਤੇ ਨਿੱਤ ਦਾ ਝਗੜਾ 'ਡੈਡੀ ਆਵਾਜ਼ ਘੱਟ ਕਰੋ' ਤੇ ਚੁਬਾਰੇ ਵਿਚ ਖ਼ਬਰਾਂ ਸੁਣਦੇ ਡੈਡੀ ਦੀ ਆਵਾਜ਼ 'ਕੋਈ ਕੰਮ ਦੀ ਗੱਲ ਨਾ ਸੁਣੀਂ ਤੂੰ ਆਹ ਕੰਜਰ ਘਾਟ ਚੰਗਾ ਲਗਦਾ ਤੈਨੂੰ ਵੇਖਣਾ।'
ਮੈਂ ਸਕੂਟਰ ਦੀ ਕਿੱਕ ਮਾਰ ਡਿਊਟੀ ਤੁਰ ਜਾਣਾ ਬਾਅਦ ਵਿਚ ਡੈਡੀ ਦਾ ਇਕ ਹੀ ਸਵਾਲ 'ਕੋਈ ਪੈਸਾ ਵੀ ਸੀ ਉਸ ਦੀ ਜੇਬ ਵਿਚ ਗੁੱਸਾ ਇਸ ਦੇ ਨੱਕ 'ਤੇ ਰੱਖਿਆ ਹੈ ਇਹ ਨੀਂ ਸੁਧਰ ਸਕਦਾ' ਹਾਂ ਡੈਡੀ ਅਕਸਰ ਇਕ ਗੱਲ ਹੋਰ ਕਹਿੰਦੇ ਸਨ ਰੋਟੀ ਰੱਜ ਕੇ ਖਾਓ, ਡਾਕਟਰਾਂ ਪਿਛੇ ਨੀਂ ਲੱਗੀਦਾ ਬੁਖਾਰ ਆਪ ਹੀ ਦੌੜ ਜਾਂਦਾ ਹੈ। ਡੈਡੀ ਕੁਝ ਦਿਨਾਂ ਤੋਂ ਛੁੱਟੀ 'ਤੇ ਸਨ, ਕਿਉਂ ਸਨ ਇਹ ਨਹੀਂ ਪੁੱਛਿਆ ਕਦੀ ਵੀ ਬਸ ਰਾਤ ਨੂੰ ਆਉਣਾ ਘੁੱਟ ਪੀ ਕੇ ਤੇ ਸਵੇਰੇ ਤੁਰ ਜਾਣਾ ਸਕੂਟਰ ਚੁੱਕ। ਇਹੋ ਕੰਮ ਸੀ ਮੇਰਾ, ਘਰ ਵਿਚ ਕੀ ਹੋ ਰਿਹਾ, ਕੋਈ ਖ਼ਬਰ ਨਹੀਂ।
ਇਕ ਦਿਨ ਬੀਬੀ ਜੀ ਦਾ ਫੋਨ ਆਇਆ, 'ਦੀਪ ਘਰ ਜਲਦੀ ਆ ਜਾਵੀਂ ਤੇਰੇ ਭਾਪਾ ਜੀ ਨੂੰ ਦਾਖਲ ਕਰਵਾਇਆ ਹਸਪਤਾਲ।' ਮੇਰੇ ਕੰਨਾਂ ਦੀ ਸੁਣਨ ਸ਼ਕਤੀ ਬੰਦ ਹੋ ਗਈ ਸੀ ਜਾਂ ਮਾਂ ਨੇ ਝੂਠ ਕਿਹਾ ਜਾਣ ਕੇ ਕਿ ਰੋਜ਼ ਲੇਟ ਆਉਂਦੈ, ਬਹਾਨੇ ਨਾਲ ਜਲਦੀ ਆਵੇਗਾ ਘਰ। ਡੈਡੀ ਤੇ ਕਹਿੰਦੇ ਸੀ, 'ਮੈਂ ਕਦੀ ਹਸਪਤਾਲ ਤੇ ਡਾਕਟਰਾਂ ਦਾ ਮੂੰਹ ਨਹੀਂ ਵੇਖਣਾ।'
ਦਿਲ ਵਿਚ ਅਜੀਬ ਖ਼ਿਆਲ ਹੋਇਆ ਕੀ ਸੀ ਡੈਡੀ ਜੀ ਨੂੰ, ਸਵੇਰੇ ਠੀਕ ਸਨ, ਪਰ ਜਦੋਂ ਘਰ ਪਹੁੰਚਿਆ ਪਤਾ ਲੱਗਿਆ ਹਸਪਤਾਲ ਗਏ ਨੇ। ਮੈਂ ਹਸਪਤਾਲ ਪਹੁੰਚਿਆ। 'ਮਰੀਜ਼ ਦਾਖਲ ਨੇ, ਮੇਰੇ ਡੈਡੀ ਨੇ, ਮਿਲਣਾ ਮੈਂ ਉਨ੍ਹਾਂ ਨੂੰ', ਹਸਪਤਾਲ ਦਾ ਗੇਟ ਜਿਵੇਂ ਜੇਲ੍ਹ ਦਾ ਗੇਟ ਹੋਵੇ। 'ਟਾਇਮ ਖ਼ਤਮ ਹੋ ਗਿਆ ਮਰੀਜ਼ਾਂ ਨੂੰ ਮਿਲਣ ਦਾ, ਸਵੇਰੇ ਆਉਣਾ ਤੁਸੀਂ।'
ਮੈਂ ਕੁਝ ਨਹੀਂ ਬੋਲਿਆ, ਚੁੱਪ ਕਰਕੇ ਘਰ ਪਰਤ ਆਇਆ। ਰਿਪੋਰਟਾਂ ਵਿਚ ਡੈਡੀ ਦੇ ਸਿਰ 'ਚ ਰਸੌਲੀ ਸੀ। ਦੂਸਰੇ ਹਸਪਤਾਲ ਲੈ ਗਏ, ਜਾਂਦਿਆਂ ਹੀ ਡਾਕਟਰ ਨੇ ਓਪ੍ਰੇਸ਼ਨ ਕਰਨ ਬਾਰੇ ਦੱਸਿਆ। ਅਸੀਂ ਪਰਿਵਾਰ ਨੇ ਹਾਂ ਕਰ ਦਿੱਤੀ, ਸਾਇਨ ਕਰਵਾਏ ਗਏ। ਮਰੀਜ਼ ਦੀ ਮੌਤ ਦੇ ਜ਼ਿੰਮੇਵਾਰ ਅਸੀਂ ਹੋਵਾਂਗੇ, ਡਾਕਟਰ ਜਾਂ ਹਸਪਤਾਲ ਦੇ ਕਰਮਚਾਰੀਆਂ ਦੀ ਕੋਈ ਗ਼ਲਤੀ ਨਹੀਂ। ਓਪ੍ਰੇਸ਼ਨ ਹੋ ਗਿਆ। ਡੈਡੀ ਜੀ ਨੂੰ ਘਰ ਲੈ ਆਏ। ਰੋਟੀ ਖਾਣ ਲੱਗੇ, ਹੌਲੀ-ਹੌਲੀ। ਚੈੱਕਅੱਪ ਲਈ ਲੈ ਕੇ ਗਏ ਡਾਕਟਰ ਨੇ ਹੁਕਮ ਸੁਣਾ ਦਿੱਤਾ, 'ਦੂਸਰਾ ਓਪ੍ਰੇਸ਼ਨ ਕਰਨਾ ਪਵੇਗਾ ਅੱਜ ਹੀ, ਤੁਸੀਂ ਖ਼ੂਨ ਦਾ ਤੇ ਐਮ.ਆਰ.ਆਈ. ਰਿਪੋਰਟਾਂ ਦਾ ਇੰਤਜ਼ਾਮ ਕਰੋ ਤੇ ਫੀਸ ਜਮ੍ਹਾ ਕਰਵਾ ਦਿਓ।' ਪੂਰਾ ਪਰਿਵਾਰ ਹੈਰਾਨ ਸੀ ਪਰ ਚਾਰਾ ਕੋਈ ਹੋਰ ਹੈ ਨਹੀਂ ਸੀ। ਮਰੀਜ਼ ਜਾਣੀ ਮੇਰੇ ਡੈਡੀ ਦਾ ਸਿਰ ਚੀਰ-ਫਾੜ ਕਰ ਕੇ ਕਿਸੇ ਨਰਸ ਹੱਥ ਸੁਨੇਹਾ ਦਿੱਤਾ ਕੇ ਲੈਬ ਤੋਂ ਰਿਪੋਰਟਾਂ ਲੈ ਕੇ ਆਓ ਜਲਦੀ।'
ਗੁੱਸਾ ਸਿਰ ਤੋਂ ਪਾਰ ਹੋ ਗਿਆ। ਵੱਡੇ ਭਰਾ ਵਿਚ ਸਬਰ ਸੀ, ਉਹ ਰਿਪੋਰਟਾਂ ਲੈ ਆਇਆ। ਚਾਚਾ ਜੀ ਨੇ ਲਹੂ ਦਿੱਤਾ, ਗੁਲਸ਼ਨ ਮੇਰਾ ਦੋਸਤ ਤੇ ਮੇਰੇ ਵੱਡੇ ਚਾਚਾ ਜੀ ਦਾ ਬੇਟਾ ਵੀ ਖ਼ੂਨ ਦਾਨ ਕਰ ਆਇਆ।
ਓਪਰੇਸ਼ਨ ਦੇ ਬਾਅਦ ਵੀ ਡੈਡੀ ਦੀ ਸਿਹਤ ਵਿਚ ਕੋਈ ਸੁਧਾਰ ਨਾ ਆਇਆ। ਦੋ ਦਿਨ ਬਾਅਦ ਡਾਕਟਰ ਨੇ ਸਾਨੂੰ ਦੋਵਾਂ ਭਰਾਵਾਂ ਨੂੰ ਆਪਣੇ ਕਮਰੇ ਵਿਚ ਬੁਲਾਇਆ। 'ਸਬਰ ਤੋਂ ਕੰਮ ਲੈਣਾ, ਇਹ ਚਾਰ ਮਹੀਨੇ ਤੋਂ ਵੱਧ ਨਹੀਂ ਜੀਅ ਸਕਦੇ।' ਜੀਅ ਤੇ ਕੀਤਾ ਸੀ ਸਿੱਧਾ ਗੋਲੀ ਮਾਰ ਦਿਆਂ ਉਸ ਐਨਕਾਂ ਵਾਲੇ ਡਾਕੂ ਨੂੰ, ਫਿਰ ਵੱਡੇ ਭਰਾ ਨੇ ਸਮਝਾਇਆ, 'ਬੀਬੀ ਜੀ ਨੂੰ ਨਾ ਪਤਾ ਲੱਗੇ ਤੇ ਨਾ ਹੀ ਤੂੰ ਰੋਏਂਗਾ ਉਨ੍ਹਾਂ ਸਾਹਮਣੇ' ਅਕਲਾਂ ਵਾਲਾ ਮੈਨੂੰ ਕਹਿ ਕੇ ਉੱਚੀ-ਉੱਚੀ ਰੋ ਪਿਆ ਉਹ ਜੋ ਡੈਡੀ ਨਾਲ ਲੜਿਆ ਹੋਇਆ ਸੀ ਕੁਝ ਸਾਲਾਂ ਤੋਂ।
ਘਰ ਵਿਚ ਸਭ ਉਦਾਸ-ਉਦਾਸ ਸਨ। ਮਾਂ ਨੂੰ ਕਹਿੰਦੇ, 'ਸੁਧਾਰ ਹੋ ਰਿਹਾ ਹੈ ਸਿਹਤ ਵਿਚ, ਅੱਜ ਡੈਡੀ ਨੇ ਦੋ ਘੁੱਟ ਜੂਸ ਪੀਤਾ।'
ਮਾਂ ਡੈਡੀ ਦੀ ਦਿਨੋ-ਦਿਨ ਢਲ ਰਹੀ ਸਿਹਤ ਵੇਖ ਕੇ ਵਿਸ਼ਵਾਸ ਕਿਵੇਂ ਤੇ ਕਿਉਂ ਕਰ ਲੈਂਦੀ। ਘਰ ਵਿਚ ਸਭ ਦਾ ਆਉਣ-ਜਾਣ ਲੱਗਿਆ ਰਹਿੰਦਾ, ਹੁਣ ਪਛਾਨਣ ਦੀ ਸ਼ਕਤੀ ਭੁੱਲ ਗਏ ਸਨ।
ਪਤਾ ਸੀ ਪੰਛੀ ਉੱਡ ਜਾਣਾ ਘਰ ਖਾਲੀ ਕਰ ਕੇ, 'ਡਿਊਟੀ 'ਤੇ ਫੋਨ ਆਇਆ ਡੈਡੀ ਪੂਰੇ ਹੋ ਗਏ।'
ਮੈਂ ਰੋਇਆ ਨਹੀਂ, ਸਿੱਧਾ ਡਾਕਟਰ ਨੂੰ ਫੋਨ ਕਰ ਕੇ ਕਿਹਾ, 'ਵਧਾਈ ਹੋਵੇ ਡਾਕਟਰ ਸਾਹਿਬ ਓਪਰੇਸ਼ਨ ਸਫ਼ਲ ਰਿਹਾ ਤੇ ਮੇਰੀ ਇਕ ਸਲਾਹ ਹੋਰ ਮੰਨੋ ਹਸਪਤਾਲ ਦੀ ਥਾਂ ਹੋਟਲ ਲਿਖ ਦੇਵੋ', ਘਰ ਪਹੁੰਚਿਆ ਉੱਚੀ-ਉੱਚੀ ਕੀਰਨੇ ਪੈ ਰਹੇ ਸਨ। ਮੇਰੇ ਡੈਡੀ ਬੈੱਡ ਉਤੇ ਓਪਰੇਸ਼ਨ ਸਫ਼ਲ ਹੋਣ ਦੇ ਬਾਅਦ ਸਦਾ ਦੀ ਨੀਂਦ ਸੌਂ ਰਹੇ ਸੀ। ਮੈਂ ਦੂਸਰੇ ਕਮਰੇ ਵਿਚ, ਜਾ ਕੇ ਬੈਠ ਗਿਆ। ਆਂਟੀ ਨੂੰ ਕਿਹਾ, 'ਆਂਟੀ ਇਕ ਕੱਪ ਚਾਹ ਪਿਲਾ ਦੇ ਡੈਡੀ ਲਈ ਵੀ ਬਣਾ ਲਈਂ। ਮੈਂ ਆਇਆ ਦੁਕਾਨ ਤੋਂ ਹੋ ਕੇ।
ਆਂਟੀ ਮੇਰੇ ਵੱਲ ਵੇਖ ਰਹੀ ਸੀ, 'ਵੇ ਪੁੱਤ ਰੋ ਲੈ, ਰੋ ਲੈ ਪਾਗ਼ਲ ਹੋ ਜਾਵੇਂਗਾ ਤੂੰ।'
ਮਾਂ ਮੇਰੇ ਗਲ ਲੱਗ ਉੱਚੀ-ਉੱਚੀ ਰੋਈ, ਮੈਨੂੰ ਰੋਣਾ ਨਹੀਂ ਆ ਰਿਹਾ ਸੀ। ਉੱਪਰ ਚੁਬਾਰੇ ਵੱਲ ਵੇਖ ਰਿਹਾ ਸੀ, ਦਿਲ ਕਰੇ ਕਹਾਂ ਡੈਡੀ ਨੂੰ ਉੱਠੋ ਖ਼ਬਰਾਂ ਸੁਣੋ, ਉੱਚੀ ਆਵਾਜ਼ ਵਿਚ, ਇਹ ਰੋਣ ਦੀਆਂ ਆਵਾਜ਼ਾਂ ਨਾਲ ਮੇਰੇ ਕੰਨ ਪਾਟ ਰਹੇ ਨੇ।'

-ਮੋਬਾਈਲ : 86991-57303.

ਮਿੰਨੀ ਕਹਾਣੀ: ਖਿਡੌਣਾ

ਬਾਹਰਲੇ ਮੁਲਕ 'ਚ ਰਹਿੰਦੀ ਸ਼ੀਤਲ ਦਾ ਬੇਟਾ ਐਪੀ ਕਈ ਦਿਨਾਂ ਤੋਂ ਰੋ-ਰੋ ਕੇ ਕਹਿ ਰਿਹਾ ਸੀ ਕਿ 'ਮੈਂ ਉਹ ਵੱਡੇ ਵਾਲਾ ਟੋਆਏ ਹੀ ਲਉੂਂਗਾ ਜਿਹੜਾ ਮੈਨੂੰ ਬਹੁਤ ਪਿਆਰ ਕਰਦਾ ਸੀ... ਜਦੋਂ ਮੈਨੂੰ ਭੁੱਖ ਲੱਗਦੀ ਸੀ, ਚੀਜ਼ੀ ਵੀ ਦਿੰਦਾ ਸੀ....ਨੀਨੀ ਆਉਣ 'ਤੇ ਪਿਆਰ ਨਾਲ ਘੁੱਟ ਕੇ ਆਪਣੇ ਨਾਲ ਲਾ ਕੇ ਨੀਨੀ ਕਰਾਉਂਦਾ ਸੀ...ਮੈਨੂੰ ਬਹੁਤ ਅੱਛਾ ਲੱਗਦਾ ਸੀ ਉਹ ਟੋਆਏ... ਮੇਰੇ ਨਾਲ ਗੇਮ ਵੀ ਖੇਡਦਾ ਹੁੰਦਾ ਸੀ... ਮੇਰਾ ਦਿਲ ਨ੍ਹੀ ਲੱਗਦਾ ਉਸ ਦੇ ਬਿਨਾਂ ਮੈਨੂੰ ਉਸ ਦੀ ਬਹੁਤ ਯਾਦ ਆ ਰਹੀ ਹੈ ਮੰਮਾ।'
ਐਪੀ ਦੇ ਜ਼ਿਆਦਾ ਜ਼ਿੱਦ ਕਰਨ ਤੇ ਸੀਤਲ ਖਿੱਝ ਗਈ ਕਿਉਂਕਿ ਉਸ ਕੋਲ ਐਨਾ ਸਮਾਂ ਵੀ ਨਹੀਂ ਸੀ ਕਿ ਉਹ ਉਸ ਦੀ ਕੋਈ ਗੱਲ ਸੁਣ ਸਕੇ। ਉਹ ਐਪੀ ਨੂੰ ਗਲੋਂ ਲਾਹੁਣ ਲੱਗਦੀ ਹੈ ਤਾਂ ਉਹ ਉਸਦੇ ਕੱਪੜੇ ਫੜ ਲੈਂਦਾ ਹੈ ਤਾਂ ਸੀਤਲ ਉਸ ਨੂੰ ਜ਼ੋਰ ਨਾਲ ਆਪਣੇ ਤੋਂ ਦੂਰ ਕਰ ਦਿੰਦੀ ਹੈ ਤੇ ਐਪੀ ਰੋਣ ਲੱਗ ਪੈਂਦਾ ਹੈ । ਸੀਤਲ ਨੂੰ ਮਜਬੂਰ ਹੋ ਕੇ ਐਪੀ ਨੂੰ ਗੋਦੀ ਚੁੱਕਣਾ ਪੈ ਗਿਆ, 5-7 ਮਿੰਟ ਤੋਂ ਬਾਅਦ ਫੇਰ ਉਸ ਨੂੰ ਥੱਲੇ ਉਤਾਰ ਕੇ ਗੁੱਸੇ 'ਚ ਬੋਲਦੀ ਹੈ , 'ਬੇਵਕੂਫ ਨੇ ਰੋ-ਰੋ ਕੇ ਹੰਝੂਆਂ ਨਾਲ ਮੇਰੀ ਸ਼ਰਟ ਖਰਾਬ ਕਰ ਦਿੱਤੀ... ਚੁੱਪ-ਚਾਪ ਇਨਾਂ ਖਿਡੌਣਿਆਂ ਨਾਲ ਖੇਡ.... ਐਨੇ ਮਹਿੰਗੇ ਖਿਡੌਣੇ ਕਿਸੇ ਬੱਚੇ ਕੋਲ ਨਹੀਂ ਹੋਣੇ... ਮੈਨੂੰ ਤਿਆਰ ਹੋਣ ਦੇ ਨਹੀਂ ਤਾਂ ਮੈਂ ਲੇਟ ਹੋ ਜਾਵਾਂਗੀ...ਧਿਆਨ ਨਾਲ ਸੁਣ ਲੈ ਉਸ ਖਿਡੌਣੇ ਬਾਰੇ ਕਦੇ ਗੱਲ ਵੀ ਨਾ ਕਰੀਂ... ਆਪਣੇ ਡੈਡ ਕੋਲ ਤਾਂ ਬਿਲਕੁਲ ਵੀ ਨ੍ਹੀਂ...ਮੈਂ ਫਰੀ 'ਚ ਕਿਸੇ ਨੂੰ ਰੋਟੀਆਂ ਨ੍ਹੀ ਖਵਾ ਸਕਦੀ... ਸੀਤਲ ਮੂੰਹ 'ਚ ਹੀ ਬੁੜਬੜਾ ਰਹੀ ਸੀ... ਨਾ ਕੰਮ ਦੇ ਨਾ ਕਾਜ ਦੇ ਦੁਸ਼ਮਣ ਅਨਾਜ ਦੇ... ਉਸ ਖਿਡੌਣੇ ਨੂੰ ਰੱਖਣਾ ਮੇਰੇ ਵੱਸ ਦੀ ਗੱਲ ਨਹੀਂ ...ਪਿਆਰ ਨਾਲ ਕਹਿਣੀ ਆ ਖਿਡੌਣਿਆਂ ਵਾਲੇ ਕਮਰੇ 'ਚ ਜਾ ਤੇ ਖੇਡ... ਤੇਰੇ ਡੈਡ ਆ ਰਹੇ ਨੇ ਡਿਊਟੀ ਤੋਂ... ਮੈਂ ਡਿਊਟੀ ਜਾਵਾਂਗੀ ਤਾਂ ਹੀ ਪੈਸੇ ਮਿਲਣਗੇ ਤੇ ਫੇਰ ਹੋਰ ਨਵੇਂ ਖਿਡੌਣੇ ਵੀ ਲਿਆਂਵਾਂਗੀ।'
'ਥੀਕ ਐ ਮੰਮਾ, ਮੈਂ ਉਹ ਵਾਲਾ ਟੋਆਏ ਕਦੇ ਨ੍ਹੀ ਲਊਂਗਾ ...ਗੰਦਾ ਸੀ ਉਹ.... ਬਹੁਤ ਵੱਡਾ ਸੀ ਜਦ ਵੀ ਮੈਨੂੰ ਗੋਦੀ ਚੁੱਕਦਾ ਸੀ ਤਾਂ ਉਹ ਵੀ ਮੇਰੇ ਕੱਪੜੇ ਖਰਾਬ ਕਰ ਦਿੰਦਾ ਸੀ ਰੋ-ਰੋ ਕੇ ਤੇ ਕੁਛ ਸਮਝ ਵੀ ਨ੍ਹੀ ਸੀ ਆਉਂਦੀ ਕੀ-ਕੀ ਬੋਲਦਾ ਰਹਿੰਦਾ ਸੀ....ਮੈਂ ਤੇਰਾ ਬਾਪੂ ਹਾਂ ਪੁੱਤ ਮੈਂ ਤੇਰਾ ਬਾਪੂ ਹਾਂ... ਮੰਮਾ ਬਾਪੂ ਕੀ ਹੁੰਦਾ ਹੈ?' ਸੀਤਲ ਕੁਝ ਨਾ ਬੋਲੀ। ਥੋੜ੍ਹੀ ਦੇਰ ਚੁੱਪ ਕਰ ਕੇ ਐਪੀ ਮੇਕਅੱਪ ਕਰ ਰਹੀ ਆਪਣੀ ਮੰਮਾ ਨੂੰ ਫੇਰ ਕਹਿੰਦਾ ਹੈ, 'ਜਿਹੜਾ ਨਿਊ ਟੋਆਏ ਤੁਸੀਂ ਹੋਰ ਲੈ ਕੇ ਆਓਗੇ ਉਹ ਥੋੜ੍ਹਾ ਛੋਟਾ ਪਰ ਸੇਮ ਟੂ ਸੇਮ ਬਾਪੂ ਵਰਗਾ ਹੀ ਲੈ ਕੇ ਆਉਣਾ,ਓ ਕੇ ਬਾਏ ਮੰਮਾ ਕਹਿੰਦਾ ਹੋਇਆ ਐਪੀ ਆਪਣੇ ਖਿਡੌਣਿਆਂ ਵਾਲੇ ਕਮਰੇ 'ਚ ਚਲਾ ਜਾਂਦਾ ਹੈ।'

-ਪਟਿਆਲਾ। ਮੋਬਾਈਲ : 9417738737

ਲਘੂ ਕਥਾ: ਪੁਸਤਕ ਭੇਟਾ

ਆਪਣੀ ਪਲੇਠੀ ਪੁਸਤਕ ਛਪਣ 'ਤੇ ਉਹ ਬੇਹੱਦ ਖੁਸ਼ ਸੀ। ਉਸ ਨੇ ਇਹ ਪੁਸਤਕ ਆਪਣੇ ਕਾਰਖਾਨੇਦਾਰ ਮਿੱਤਰ ਕ੍ਰਿਪਾਲ ਨੂੰ ਭੇਟ ਕੀਤੀ।
'ਕਿੰਨੀ ਕੀਮਤ ਰੱਖੀ ਐ ਇਹਦੀ?' ਕ੍ਰਿਪਾਲ ਨੇ ਉਸ ਨੂੰ ਪੁੱਛਿਆ।
'ਡੇਢ ਸੌ ਰੁਪਏ', ਉਸ ਦਾ ਜਵਾਬ ਸੀ।
ਉਸ ਦੇ ਨਾਂਹ-ਨੁੱਕਰ ਕਰਦਿਆਂ ਵੀ ਕ੍ਰਿਪਾਲ ਨੇ ਡੇਢ ਸੌ ਰੁਪਿਆ ਉਸ ਦੀ ਜੇਬ ਵਿਚ ਪਾ ਦਿੱਤਾ।
'ਇਹ ਪੜ੍ਹੀਂ ਜ਼ਰੂਰ', ਉਸ ਨੇ ਆਪਣੇ ਮਿੱਤਰ ਨੂੰ ਤਾਕੀਦ ਕੀਤੀ।
'ਮੇਰੇ ਕੋਲ ਕਿਥੇ ਟਾਈਮ ਐ ਪੜ੍ਹਨ ਦਾ। ਆਹ ਫੜ, ਤੂੰ ਆਪੇ ਈ ਪੜ੍ਹ ਲਈਂ।' ਕ੍ਰਿਪਾਲ ਨੇ ਉਸ ਦੀ ਪੁਸਤਕ ਉਸੇ ਨੂੰ ਫੜਾ ਦਿੱਤੀ। ਉਹ ਡੌਰ-ਭੌਰ ਹੋਇਆ ਉਸ ਦੇ ਮੂੰਹ ਵੱਲ ਦੇਖਣ ਲੱਗਾ।

-ਮੁਹੱਲਾ ਪ੍ਰਤਾਪ ਨਗਰ, ਗੁਰੂਸਰ ਸਧਾਰ (ਲੁਧਿਆਣਾ)। ਮੋਬਾ: 99145-94867

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX