ਤਾਜਾ ਖ਼ਬਰਾਂ


ਕੈਪਟਨ ਅਮਰਿੰਦਰ ਸਿੰਘ ਪੀ.ਜੀ.ਆਈ. ਦਾਖਲ
. . .  1 day ago
ਚੰਡੀਗੜ੍ਹ, 16 ਦਸੰਬਰ (ਮਨਜੋਤ ਸਿੰਘ ਜੋਤ)- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅੱਜ ਸ਼ਾਮ ਪੀ.ਜੀ.ਆਈ. ਵਿਖੇ ਦਾਖਲ ਕੀਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮੁੱਖ ਮੰਤਰੀ...
ਬੈਲਜੀਅਮ ਨੇ ਹਾਲੈਂਡ ਨੂੰ ਹਰਾ ਕੇ ਪਹਿਲੀ ਵਾਰ ਜਿੱਤਿਆ ਹਾਕੀ ਵਿਸ਼ਵ ਕੱਪ
. . .  1 day ago
ਭੁਵਨੇਸ਼ਵਰ 16 ਦਸੰਬਰ (ਚਹਿਲ)- ਇੱਥੇ ਕਾਲਿੰਗਾ ਸਟੇਡੀਅਮ 'ਚ ਖੇਡੇ ਗਏ ਵਿਸ਼ਵ ਕੱਪ ਹਾਕੀ ਦੇ ਫਾਈਨਲ ਮੁਕਾਬਲੇ 'ਚ ਬੈਲਜੀਅਮ ਨੇ ਤਿੰਨ ਵਾਰ ਦੇ ਚੈਂਪੀਅਨ ਹਾਲੈਂਡ ਨੂੰ ਸਡਨ...
ਵਿਸ਼ਵ ਹਾਕੀ ਕੱਪ ਦਾ ਗੋਲ ਰਹਿਤ ਫਾਈਨਲ ਪੈਨਲਟੀ ਸ਼ੂਟ ਆਊਟ 'ਚ ਦਾਖਲ
. . .  1 day ago
ਵਿਸ਼ਵ ਹਾਕੀ ਕੱਪ ਫਾਈਨਲ : ਪੂਰਾ ਸਮਾਂ ਖ਼ਤਮ ਹੋਣ ਤੱਕ ਬੈਲਜੀਅਮ ਤੇ ਹਾਲੈਂਡ 0-0 ਦੀ ਬਰਾਬਰੀ 'ਤੇ
. . .  1 day ago
ਵਿਸ਼ਵ ਕੱਪ ਹਾਕੀ: ਫਾਈਨਲ 'ਚ ਹਾਲੈਂਡ ਤੇ ਬੈਲਜ਼ੀਅਮ ਤੀਸਰੇ ਕੁਆਰਟਰ ਤੱਕ ਬਰਾਬਰੀ 'ਤੇ
. . .  1 day ago
ਵਿਸ਼ਵ ਕੱਪ ਹਾਕੀ: ਆਸਟ੍ਰੇਲੀਆ ਨੇ ਇੰਗਲੈਂਡ ਨੂੰ ਹਰਾ ਕੇ ਜਿੱਤਿਆ ਕਾਂਸੀ ਦਾ ਤਗਮਾ
. . .  1 day ago
ਭੁਵਨੇਸ਼ਵਰ 16 ਦਸੰਬਰ (ਚਹਿਲ) - ਇੱਥੇ ਖੇਡੇ ਜਾ ਰਹੇ ਵਿਸ਼ਵ ਕੱਪ ਹਾਕੀ ਦੇ ਆਖ਼ਰੀ ਦਿਨ ਤੀਸਰੇ ਸਥਾਨ ਲਈ ਹੋਏ ਮੈਚ 'ਚ ਆਸਟ੍ਰੇਲੀਆ ਦੀ ਟੀਮ ਨੇ ਇੰਗਲੈਂਡ ਨੂੰ 8-1 ਨਾਲ...
ਵਿਸ਼ਵ ਹਾਕੀ ਕੱਪ ਫਾਈਨਲ : ਦੂਸਰਾ ਕੁਆਟਰ ਖ਼ਤਮ ਹੋਣ ਤੱਕ ਬੈਲਜੀਅਮ ਤੇ ਹਾਲੈਂਡ 0-0 ਦੀ ਬਰਾਬਰੀ 'ਤੇ
. . .  1 day ago
ਵਿਸ਼ਵ ਹਾਕੀ ਕੱਪ ਫਾਈਨਲ : ਪਹਿਲਾ ਕੁਆਟਰ ਖ਼ਤਮ ਹੋਣ ਤੱਕ ਬੈਲਜੀਅਮ ਤੇ ਹਾਲੈਂਡ 0-0 ਦੀ ਬਰਾਬਰੀ 'ਤੇ
. . .  1 day ago
ਸੰਗਰੂਰ 'ਚ ਇਕੱਠੇ ਹੋਏ ਜਮਹੂਰੀ ਕਾਰਕੁਨਾਂ ਵੱਲੋਂ ਗ੍ਰਿਫ਼ਤਾਰ ਬੁੱਧੀਜੀਵੀਆਂ ਦੀ ਰਿਹਾਈ ਦੀ ਮੰਗ
. . .  1 day ago
ਸੰਗਰੂਰ, 16 ਦਸੰਬਰ (ਧੀਰਜ ਪਸ਼ੋਰੀਆ)- ਸੰਗਰੂਰ ਵਿਖੇ ਜਮਹੂਰੀ ਅਧਿਕਾਰ ਸਭਾ ਪੰਜਾਬ ਦੀ ਅਗਵਾਈ 'ਚ ਪੰਜਾਬ ਭਰ ਤੋਂ ਇਕੱਠੇ ਹੋਏ ਜਮਹੂਰੀ ਕਾਰਕੁਨਾਂ ਨੇ ਇਕ ਮਤਾ ਪਾਸ ਕਰ ਕੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਮਨੁੱਖੀ ਹੱਕਾਂ ਲਈ ਲੜਨ ਵਾਲੇ ਜਮਹੂਰੀ....
ਵਰਲਡ ਟੂਰ ਫਾਈਨਲਸ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਖਿਡਾਰੀ ਬਣੀ ਸਿੰਧੂ
. . .  1 day ago
ਨਵੀਂ ਦਿੱਲੀ, 16 ਦਸੰਬਰ- ਭਾਰਤੀ ਸ਼ਟਲਰ ਪੀ. ਵੀ. ਸਿੰਧੂ ਨੇ ਨੋਜੋਮੀ ਓਕੁਹਾਰਾ ਨੂੰ ਹਰਾ ਕੇ ਬੈਡਮਿੰਟਨ ਵਰਲਡ ਟੂਰ ਫਾਈਨਲਸ 2018 ਦਾ ਖ਼ਿਤਾਬ ਆਪਣੇ ਨਾਂਅ ਕਰ ਇਤਿਹਾਸ ਰਚ ਦਿੱਤਾ ਹੈ। ਇਹ ਖ਼ਿਤਾਬ ਜਿੱਤਣ ਨਾਲ ਸਿੰਧੂ ਪਹਿਲੀ ਭਾਰਤੀ ਮਹਿਲਾ ਖਿਡਾਰੀ ਬਣ ....
ਹੋਰ ਖ਼ਬਰਾਂ..

ਨਾਰੀ ਸੰਸਾਰ

ਔਰਤ ਦੀ ਦੋਹਰੀ ਜ਼ਿੰਮੇਵਾਰੀ ਦੀਆਂ ਚੁਣੌਤੀਆਂ

ਅਜੋਕੇ ਤੇਜ਼ ਰਫ਼ਤਾਰੀ ਅਤੇ ਭੌਤਿਕਵਾਦੀ ਯੁੱਗ ਵਿਚ ਔਰਤ ਮਰਦ ਦੇ ਨਾਲ ਆਰਥਿਕਤਾ ਵਿਚ ਹੱਥ ਵੰਡਾ ਰਹੀ ਹੈ। ਭਾਵੇਂ ਅੱਜ ਦੀ ਔਰਤ, ਡਾਕਟਰ, ਇੰਜੀਨੀਅਰ, ਪ੍ਰੋਫੈਸਰ, ਅਫਸਰ ਆਦਿ ਵੱਡੇ-ਵੱਡੇ ਰੁਤਬਿਆਂ ਨੂੰ ਨਿਭਾਅ ਰਹੀ ਹੈ ਪਰ ਉਹ ਗ੍ਰਹਿਲਕਸ਼ਮੀ ਜਾਂ ਗ੍ਰਹਿਣੀ/ਸੁਆਣੀ ਵਰਗੇ ਅਹੁਦਿਆਂ ਨੂੰ ਵੀ ਨਾਲ-ਨਾਲ ਨਿਭਾਅ ਰਹੀ ਹੈ। ਭਾਵੇਂ ਉਹ ਵੱਡੇ ਤੋਂ ਵੱਡੇ ਰੁਤਬੇ 'ਤੇ ਹੋਵੇ ਤੇ ਬਹੁਤ ਸਾਰਾ ਪੈਸਾ ਕਮਾਉਣ ਦੀ ਸਮਰੱਥਾ ਰੱਖਦੀ ਹੋਵੇ, ਫਿਰ ਵੀ ਬੱਚੇ ਪੈਦਾ ਕਰਨਾ, ਉਨ੍ਹਾਂ ਦੀ ਪਾਲਣਾ ਕਰਨਾ, ਉਨ੍ਹਾਂ ਦੀ ਪੜ੍ਹਾਈ-ਲਿਖਾਈ ਵਿਚ ਉਨ੍ਹਾਂ ਦੀ ਮਦਦ ਕਰਨਾ, ਰਸੋਈ ਦਾ ਕੰਮ, ਸਮਾਜਿਕ ਜ਼ਿੰਮੇਵਾਰੀਆਂ ਨੂੰ ਨਿਭਾਉਣਾ ਸਾਰਾ ਕੁਝ ਔਰਤ ਦੇ ਹਿੱਸੇ ਆਇਆ ਹੈ। ਹੋ ਸਕਦਾ ਹੈ ਕੁਝ ਕੁ ਔਰਤਾਂ ਇਹੋ ਜਿਹੀਆਂ ਹੋਣ, ਜਿਹੜੀਆਂ ਘਰ ਵਿਚ ਭਾਵੇਂ ਕੁਝ ਵੀ ਹੋਵੇ, ਉਸ ਦੀ ਪ੍ਰਵਾਹ ਕੀਤੇ ਬਿਨਾਂ ਆਪਣੀ ਨੌਕਰੀ ਉੱਪਰ ਵਧੇਰੇ ਧਿਆਨ ਦਿੰਦੀਆਂ ਹਨ ਪਰ ਵਧੇਰੇ ਕਰਕੇ ਔਰਤਾਂ ਦਾ ਸੁਭਾਅ ਅਜਿਹਾ ਹੁੰਦਾ ਹੈ ਕਿ ਉਹ ਆਪਣੀਆਂ ਪਰਿਵਾਰਕ, ਸਮਾਜਿਕ ਅਤੇ ਦਫ਼ਤਰੀ ਜ਼ਿੰਮੇਵਾਰੀਆਂ ਵਿਚ ਸੰਤੁਲਨ ਬਣਾਉਣ ਦੀ ਕੋਸ਼ਿਸ਼ ਵਿਚ ਲੱਗੀਆਂ ਰਹਿੰਦੀਆਂ ਹਨ। ਇਹ ਦੋਵੇਂ ਕੰਮ ਕਿਸ ਤਰ੍ਹਾਂ ਸੁਭਾਵਿਕ ਢੰਗ ਨਾਲ ਕੀਤੇ ਜਾ ਸਕਣ, ਇਸ ਵਾਸਤੇ ਥੋੜ੍ਹੀ ਜਿਹੀ ਸੂਝ-ਸਮਝ ਤੋਂ ਕੰਮ ਲਿਆ ਜਾਵੇ ਤਾਂ ਔਰਤ ਘਰ ਨੂੰ ਖੁਸ਼ਹਾਲ ਅਤੇ ਆਪਣੀ ਨੌਕਰੀ ਨੂੰ ਬੜੇ ਅਨੰਦ ਤੇ ਖੁਸ਼ੀ ਨਾਲ ਨਿਭਾਅ ਸਕਦੀ ਹੈ।
ਕੰਮਕਾਜੀ ਔਰਤਾਂ ਵਿਚ ਕੁਝ ਅਜਿਹੀਆਂ ਔਰਤਾਂ ਹੋਣਗੀਆਂ, ਜਿਨ੍ਹਾਂ ਦੇ ਕੋਲ ਸਹਾਇਕ ਵੀ ਮੌਜੂਦ ਹੁੰਦੇ ਹਨ ਜਾਂ ਫਿਰ ਸੰਯੁਕਤ ਪਰਿਵਾਰਾਂ ਵਿਚ ਜੇਠਾਣੀ, ਸੱਸ ਜਾਂ ਕੋਈ ਹੋਰ ਔਰਤ ਵੀ ਸਹਾਇਤਾ ਕਰ ਸਕਦੀ ਹੈ। ਕੁਝ ਔਰਤਾਂ ਅਜਿਹੀਆਂ ਹਨ, ਜਿਨ੍ਹਾਂ ਨੂੰ ਸਾਰਾ ਕੰਮ ਆਪ ਹੀ ਕਰਨਾ ਪੈਂਦਾ ਹੈ। ਉਨ੍ਹਾਂ ਦੇ ਪਤੀ ਜਾਂ ਬੱਚੇ ਥੋੜ੍ਹਾ ਸਹਿਯੋਗ ਜ਼ਰੂਰ ਦਿੰਦੇ ਹਨ। ਬਿਨਾਂ ਕਿਸੇ ਦੇ ਸਹਿਯੋਗ ਤੋਂ ਨੌਕਰੀ ਕਰਨਾ ਅਤੇ ਘਰ ਦੇ ਵਾਤਾਵਰਨ ਨੂੰ ਸਾਫ਼-ਸੁਥਰਾ ਤੇ ਵਧੀਆ ਰੱਖਣਾ ਨੌਕਰੀਸ਼ੁਦਾ ਔਰਤ ਲਈ ਵੱਡੀ ਚੁਣੌਤੀ ਹੈ।
ਜੇਕਰ ਘਰ ਵਿਚ ਪੱਕਾ ਜਾਂ ਪਾਰਟ ਟਾਈਮ ਸਹਾਇਕ ਹੈ ਤਾਂ ਉਸ ਨੂੰ ਕੰਮ ਕਰਨ ਦਾ ਤਰੀਕਾ ਸਿਖਾ ਕੇ ਆਪਣੀ ਲੋੜ ਅਨੁਸਾਰ ਕੰਮ ਲਿਆ ਜਾ ਸਕਦਾ ਹੈ, ਜਿਸ ਨਾਲ ਨੌਕਰੀਸ਼ੁਦਾ ਔਰਤਾਂ ਆਪਣੇ ਕੰਮਕਾਜ ਲਈ ਜਾਣ ਤੋਂ ਪਹਿਲਾਂ ਕਾਫੀ ਕੰਮ ਨਿਪਟਾ ਸਕਦੀਆਂ ਹਨ। ਰਾਤ ਨੂੰ ਸੌਣ ਤੋਂ ਪਹਿਲਾਂ ਸਵੇਰ ਦੇ ਨਾਸ਼ਤੇ ਤੇ ਦੁਪਹਿਰ ਦੇ ਖਾਣੇ ਦੀ ਸਹੀ ਯੋਜਨਾ ਅਤੇ ਤਿਆਰੀ ਕਰ ਕੇ ਕਾਫ਼ੀ ਹੱਦ ਤੱਕ ਆਪਣੇ ਨੌਕਰੀਸ਼ੁਦਾ ਜੀਵਨ ਨੂੰ ਆਸਾਨ ਬਣਾਇਆ ਜਾ ਸਕਦਾ ਹੈ।
ਜੇਕਰ ਬੱਚੇ ਵੱਡੇ ਹਨ ਤਾਂ ਉਨ੍ਹਾਂ ਨੂੰ ਆਪਣੇ ਕੰਮ ਆਪ ਕਰਨ ਦੀ ਆਦਤ ਪਾ ਕੇ ਅਸੀਂ ਕਾਫੀ ਹੱਦ ਤੱਕ ਆਪਣੀਆਂ ਮੁਸ਼ਕਿਲਾਂ ਘਟਾ ਸਕਦੇ ਹਾਂ ਤੇ ਸਮਾਂ ਬਚਾਅ ਸਕਦੇ ਹਾਂ। ਕੰਮਕਾਜੀ ਔਰਤਾਂ ਲਈ ਆਪਣੇ ਆਂਢ-ਗੁਆਂਢ ਨਾਲ ਸਬੰਧ ਵਧੀਆ ਬਣਾ ਕੇ ਰੱਖਣਾ ਲੋੜ ਵੀ ਹੈ ਤੇ ਮਜਬੂਰੀ ਵੀ ਤਾਂ ਕਿ ਜ਼ਰੂਰਤ ਪੈਣ 'ਤੇ ਕੋਈ ਕੰਮ ਆ ਸਕੇ। ਜੇਕਰ ਬੱਚੇ ਛੋਟੇ ਹਨ, ਕਿਸੇ ਸਹਾਇਕ ਜਾਂ ਆਯਾ ਕੋਲ ਛੱਡਣੇ ਪੈਂਦੇ ਹਨ ਤਾਂ ਉਨ੍ਹਾਂ ਦਾ ਸਹੀ ਪ੍ਰਬੰਧ (ਖਾਣ-ਪੀਣ ਅਤੇ ਪਹਿਨਣ ਦਾ) ਕਰ ਕੇ ਹੀ ਜਾਣਾ ਚਾਹੀਦਾ ਹੈ। ਆਪਣਾ ਕੀਮਤੀ ਸਾਮਾਨ ਆਪਣੀਆਂ ਅਲਮਾਰੀਆਂ ਵਿਚ ਹੀ ਰੱਖੋ। ਬੱਚਿਆਂ ਦੇ ਭਰੋਸੇ 'ਤੇ ਨਾ ਛੱਡ ਕੇ ਜਾਓ। ਨੌਕਰੀਪੇਸ਼ਾ ਔਰਤਾਂ ਲਈ ਸਭ ਤੋਂ ਵੱਡੀ ਚੁਣੌਤੀ ਹੁੰਦੀ ਹੈ ਘਰ ਦੇ ਬਜ਼ੁਰਗਾਂ ਅਤੇ ਬੱਚਿਆਂ ਦੀ ਦੇਖਭਾਲ।
ਜੇਕਰ ਘਰ ਵਿਚ ਕਿਚਨ ਗਾਰਡਨ ਜਾਂ ਗਮਲੇ ਪੌਦੇ ਲਗਾ ਕੇ ਰੱਖੇ ਹੋਏ ਹਨ ਤਾਂ ਉਨ੍ਹਾਂ ਦੀ ਦੇਖ-ਰੇਖ ਲਈ ਛੁੱਟੀ ਵਾਲੇ ਦਿਨ 'ਚੋਂ ਥੋੜ੍ਹਾ ਸਮਾਂ ਕੱਢਿਆ ਜਾ ਸਕਦਾ ਹੈ। ਛੁੱਟੀ ਵਾਲੇ ਦਿਨ ਦਾ ਸਹੀ ਉਪਯੋਗ ਕਰ ਕੇ ਘਰ ਦੀ ਸਾਫ਼-ਸਫ਼ਾਈ, ਝਾੜ-ਪੂੰਝ ਵਿਚ ਸਹਾਇਕ ਜਾਂ ਘਰ ਦੇ ਹੋਰ ਜੀਆਂ ਦੀ ਮਦਦ ਲਈ ਜਾ ਸਕਦੀ ਹੈ। ਨੌਕਰੀਪੇਸ਼ਾ ਔਰਤਾਂ ਨੂੰ ਘਰ ਅਤੇ ਆਪਣੇ ਕੰਮ ਦੀ ਦੋਹਰੀ ਜ਼ਿੰਮੇਵਾਰੀ ਨਿਭਾਉਣ ਲਈ ਪਤੀ, ਬੱਚਿਆਂ ਅਤੇ ਘਰ ਦੇ ਹੋਰ ਜੀਆਂ ਤੋਂ ਸਹਿਯੋਗ ਦੀ ਬੜੀ ਉਮੀਦ ਹੁੰਦੀ ਹੈ। ਪਰਿਵਾਰ ਦੇ ਬਾਕੀ ਜੀਆਂ ਨੂੰ ਵੀ ਚਾਹੀਦਾ ਹੈ ਕਿ ਉਹ ਸਹਿਯੋਗ ਦੇ ਕੇ ਕੰਮਕਾਜੀ ਔਰਤਾਂ ਲਈ ਮਦਦਗਾਰ ਸਾਬਤ ਹੋਣ, ਕਿਉਂਕਿ ਉਹ ਘਰ ਦੀ ਆਰਥਿਕ ਸਥਿਤੀ ਨੂੰ ਸੰਵਾਰਨ ਵਿਚ ਮਹੱਤਵਪੂਰਨ ਯੋਗਦਾਨ ਪਾਉਂਦੀ ਹੈ। ਕੰਮਕਾਜੀ ਔਰਤਾਂ ਦੀ ਜ਼ਿੰਦਗੀ ਵਿਚ ਘਰੇਲੂ ਔਰਤਾਂ ਦੇ ਮੁਕਾਬਲੇ ਵਿਚ ਆਪਣੇ ਲਈ ਸਮੇਂ ਦੀ ਕਮੀ ਹੁੰਦੀ ਹੈ ਪਰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਸਮਾਂ ਕੱਢ ਕੇ ਸਰੀਰਕ ਅਤੇ ਮਾਨਸਿਕ ਸਿਹਤ ਦਾ ਧਿਆਨ ਰੱਖਿਆ ਜਾਵੇ। ਕਸਰਤ, ਯੋਗਾ, ਸਾਈਕਲਿੰਗ ਦੀ ਸਹਾਇਤਾ ਲਈ ਜਾ ਸਕਦੀ ਹੈ। ਕਿਉਂਕਿ ਨੌਕਰੀਪੇਸ਼ਾ ਔਰਤਾਂ ਦੀ ਜ਼ਿੰਦਗੀ ਵਿਚ ਤਣਾਅ ਦੀਆਂ ਸੰਭਾਵਨਾਵਾਂ ਅਤੇ ਸਥਿਤੀਆਂ ਵਧੇਰੇ ਹੁੰਦੀਆਂ ਹਨ, ਇਸ ਲਈ ਉਨ੍ਹਾਂ ਨੂੰ ਚਾਹੀਦਾ ਹੈ ਕਿ ਉਹ ਆਪਣੀ ਸਿਹਤ ਪ੍ਰਤੀ ਚੌਕਸੀ ਵਰਤਣ ਅਤੇ ਸਮੇਂ-ਸਮੇਂ ਆਪਣਾ ਚੈਕਅੱਪ ਕਰਵਾਉਂਦੀਆਂ ਰਹਿਣ। ਪਰਿਵਾਰ ਨਾਲ ਛੁੱਟੀ ਵਾਲੇ ਦਿਨ ਸਮਾਂ ਬਿਤਾ ਕੇ ਵੀ ਆਪਣੀਆਂ ਚਿੰਤਾਵਾਂ ਅਤੇ ਤਣਾਅ ਘੱਟ ਕੀਤੇ ਜਾ ਸਕਦੇ ਹਨ। ਨੌਕਰੀਪੇਸ਼ਾ ਔਰਤਾਂ ਦੀ ਮਦਦ ਲਈ ਬਹੁਤ ਸਾਰੇ ਅਜਿਹੇ ਬਿਜਲੀ ਉਪਕਰਨ ਆ ਚੁੱਕੇ ਹਨ, ਜੋ ਉਨ੍ਹਾਂ ਦਾ ਸਮਾਂ ਅਤੇ ਊਰਜਾ ਬਚਾਅ ਸਕਦੇ ਹਨ। ਅਜਿਹੇ ਉਪਕਰਨਾਂ ਨੂੰ ਖਰੀਦਣਾ ਆਪਣੀਆਂ ਮੁਢਲੀਆਂ ਲੋੜਾਂ 'ਚ ਸ਼ਾਮਿਲ ਕਰ ਕੇ ਨੌਕਰੀਪੇਸ਼ਾ ਔਰਤਾਂ ਆਪਣੀ ਜ਼ਿੰਦਗੀ ਸੌਖੀ ਬਣਾ ਸਕਦੀਆਂ ਹਨ।
ਇਸ ਤਰ੍ਹਾਂ ਸਮੇਂ ਦਾ ਸਹੀ ਉਪਯੋਗ ਕਰ ਕੇ ਰਿਸ਼ਤਿਆਂ ਵਿਚ ਸੁਖਾਵਾਂਪਨ ਲਿਆ ਕੇ ਪਰਿਵਾਰਕ ਲੋੜਾਂ ਅਤੇ ਜ਼ਿੰਮੇਵਾਰੀਆਂ ਦਾ ਧਿਆਨ ਰੱਖ ਕੇ ਅਤੇ ਪਰਿਵਾਰ ਦੇ ਹੋਰ ਜੀਆਂ ਦੇ ਸਹਿਯੋਗ ਸਦਕਾ ਨੌਕਰੀਪੇਸ਼ਾ ਔਰਤਾਂ ਆਪਣੀਆਂ ਦੋਹਰੀ ਜ਼ਿੰਮੇਵਾਰੀ ਨੂੰ ਬਾਖੂਬੀ ਨਿਭਾਅ ਸਕਦੀਆਂ ਹਨ। ਛੋਟੀਆਂ-ਛੋਟੀਆਂ ਗੱਲਾਂ ਦਾ ਧਿਆਨ ਰੱਖ ਕੇ ਤਣਾਅ ਮੁਕਤ ਰਿਹਾ ਜਾ ਸਕਦਾ ਹੈ। ਗ੍ਰਹਿਸਥੀ ਅਤੇ ਨੌਕਰੀ ਦੋਵਾਂ ਕੰਮਾਂ ਨੂੰ ਖੂਬਸੂਰਤ ਤੇ ਅਨੰਦਮਈ ਢੰਗ ਨਾਲ ਨਿਭਾਇਆ ਜਾ ਸਕਦਾ ਹੈ।


-ਐਚ. ਐਮ. ਵੀ., ਜਲੰਧਰ।


ਖ਼ਬਰ ਸ਼ੇਅਰ ਕਰੋ

ਤੁਹਾਡੇ ਜਾਣਕਾਰਾਂ ਵਿਚ ਤੁਹਾਡਾ ਅਕਸ ਕਿਹੋ ਜਿਹਾ ਹੈ?

1. ਤੁਹਾਡੀ ਦੋਸਤ ਮੰਨੀ ਜਾਣ ਵਾਲੀ ਇਕ ਸਹਿਕਰਮੀ ਕਈ ਦਿਨਾਂ ਤੋਂ ਦਫ਼ਤਰ ਨਹੀਂ ਗਈ। ਦੁਬਾਰਾ ਦਫ਼ਤਰ ਜਾਣਾ ਸ਼ੁਰੂ ਕਰਨ ਤੋਂ ਪਹਿਲਾਂ ਉਹ ਤੁਹਾਨੂੰ ਫੋਨ ਕਰਦੀ ਹੈ, ਤਾਂ ਕਿ ਜਾਣ ਸਕੇ ਕਿ ਇਸ ਦੌਰਾਨ ਦਫ਼ਤਰ ਵਿਚ ਕੀ ਹੋਇਆ-(ਕ) ਹਾਂ, ਅਜਿਹਾ ਹੁੰਦਾ ਹੈ। (ਖ) ਤੁਹਾਡੇ ਨਾਲ ਦੋਸਤੀ ਹੋਣ ਦੇ ਬਾਵਜੂਦ ਉਹ ਅਜਿਹਾ ਕਰਦੇ ਹੋਏ ਹਿਚਕਿਚਾਉਂਦੀ ਹੈ। (ਗ) ਤੁਸੀਂ ਕਦੇ ਇਸ 'ਤੇ ਧਿਆਨ ਨਹੀਂ ਦਿੱਤਾ।
2. ਤੁਹਾਡੀ ਖਾਣਾ ਬਣਾਉਣ ਵਾਲੀ ਅੱਜ ਆ ਕੇ ਤੁਹਾਨੂੰ ਕਹਿੰਦੀ ਹੈ ਕਿ ਉਸ ਨੇ ਇਕ ਪਕਵਾਨ ਬਣਾਉਣਾ ਸਿੱਖਿਆ ਹੈ ਅਤੇ ਉਹ ਉਸ ਨੂੰ ਅਜ਼ਮਾਉਣਾ ਚਾਹੁੰਦੀ ਹੈ-
(ਕ) ਹਾਂ, ਕਈ ਵਾਰ ਉਹ ਅਜਿਹਾ ਕਰਦੀ ਹੈ। (ਖ) ਨਹੀਂ, ਮੈਂ ਉਸ ਨੂੰ ਏਨੀ ਛੋਟ ਨਹੀਂ ਦਿੱਤੀ। (ਗ) ਅਜਿਹਾ ਬਹੁਤ ਘੱਟ ਹੀ ਹੁੰਦਾ ਹੈ।
3. ਤੁਹਾਡੀ ਗੁਆਂਢਣ ਅਚਾਨਕ ਅੱਧੀ ਰਾਤ ਨੂੰ ਤੁਹਾਨੂੰ ਫੋਨ ਕਰਦੀ ਹੈ, ਕਿਉਂਕਿ ਉਸ ਦੇ ਪਤੀ ਡਿਊਟੀ ਤੋਂ ਨਹੀਂ ਆਏ ਅਤੇ ਫੋਨ ਉਨ੍ਹਾਂ ਦਾ ਲੱਗ ਨਹੀਂ ਰਿਹਾ-(ਕ) ਜ਼ਾਹਿਰ ਹੈ ਅਜਿਹੀ ਸਥਿਤੀ ਵਿਚ ਉਹ ਅਜਿਹਾ ਹੀ ਕਰੇਗੀ। (ਖ) ਨਹੀਂ, ਉਹ ਮੈਨੂੰ ਕਿਉਂ ਅੱਧੀ ਰਾਤ ਨੂੰ ਫੋਨ ਕਰੇਗੀ, ਆਪਣੇ ਘਰ ਵਾਲਿਆਂ ਨੂੰ ਦੱਸੇਗੀ। (ਗ) ਮੈਂ ਇਸ ਤਰ੍ਹਾਂ ਕਦੇ ਨਹੀਂ ਸੋਚਿਆ।
4. ਤੁਹਾਡੇ ਪਤੀ ਦੇ ਦਫ਼ਤਰ ਵਿਚ ਇਨ੍ਹਾਂ ਦਿਨਾਂ ਵਿਚ ਕੰਮ ਜ਼ਿਆਦਾ ਹੈ। ਉਹ ਆਪਣੇ ਨਾਲ ਕੁਝ ਕੰਮ ਘਰ ਵੀ ਲੈ ਆਉਂਦੇ ਹਨ-
(ਕ) ਇਸ 'ਤੇ ਤੁਹਾਡੀ ਅਕਸਰ ਲੜਾਈ ਹੁੰਦੀ ਹੈ। (ਖ) ਤੁਸੀਂ ਪਤੀ ਦਾ ਬੋਝ ਵੰਡ ਲੈਂਦੇ ਹੋ ਭਾਵ ਤੁਸੀਂ ਵੀ ਦੇਰ ਰਾਤ ਤੱਕ ਉਨ੍ਹਾਂ ਦੇ ਕੰਮ ਵਿਚ ਮਦਦ ਕਰਦੇ ਹੋ। (ਗ) ਇਹ ਸਭ ਕੁਝ ਮੂਡ 'ਤੇ ਨਿਰਭਰ ਹੈ।
5. ਤੁਹਾਡੀ ਸਹੇਲੀ ਦੀ ਲੜਕੀ ਇਕ ਨੌਕਰੀ ਲਈ ਦੂਜੇ ਸ਼ਹਿਰ ਇੰਟਰਵਿਊ ਦੇਣ ਜਾ ਰਹੀ ਹੈ, ਜਿਥੇ ਤੁਹਾਡੇ ਜਾਣ-ਪਛਾਣ ਵਾਲੇ ਲੋਕ ਰਹਿੰਦੇ ਹਨ। ਅਜਿਹੇ ਵਿਚ ਉਹ ਤੁਹਾਨੂੰ-
(ਕ) ਤੁਹਾਡੇ ਜਾਣੂਆਂ ਦੇ ਕੋਲ ਠਹਿਰਾਉਣ ਲਈ ਕਹਿੰਦੀ ਹੈ। (ਖ) ਨਹੀਂ, ਤੁਸੀਂ ਏਨੇ ਗ਼ੈਰ-ਰਸਮੀ ਰਿਸ਼ਤੇ ਨਹੀਂ ਰੱਖਦੇ। (ਗ) ਅੱਜ ਤੱਕ ਤਾਂ ਕਦੇ ਅਜਿਹਾ ਕਿਸੇ ਨੇ ਨਹੀਂ ਕੀਤਾ।
ਨਤੀਜਾ : (ਕ) ਜੇ ਤੁਹਾਡੇ ਪ੍ਰਾਪਤ ਅੰਕ 10 ਤੋਂ ਘੱਟ ਹਨ ਤਾਂ ਤੁਸੀਂ ਭਾਵੇਂ ਕਿਸੇ ਦੇ ਪ੍ਰਤੀ ਨਾਕਾਰਾਤਮਕ ਭਾਵਨਾਵਾਂ ਨਾ ਰੱਖਦੇ ਹੋਵੋ, ਪਰ ਤੁਸੀਂ ਕਿਸੇ ਨੂੰ ਏਨੀ ਛੋਟ ਨਹੀਂ ਦਿੰਦੇ ਹੋ ਕਿ ਉਹ ਤੁਹਾਨੂੰ ਆਪਣੀ ਦੋਸਤ ਸਮਝੇ ਅਤੇ ਹਰ ਗੱਲ ਸਾਂਝੀ ਕਰ ਸਕੇ।
(ਖ) ਜੇ ਤੁਹਾਡੇ ਪ੍ਰਾਪਤ ਅੰਕ 10 ਤੋਂ ਜ਼ਿਆਦਾ ਅਤੇ 15 ਤੋਂ ਘੱਟ ਹਨ ਤਾਂ ਤੁਸੀਂ ਆਪਣੇ ਜਾਣੂਆਂ ਦੇ ਵਿਚ ਕਾਫੀ ਭਰੋਸੇਯੋਗ ਸਮਝੇ ਜਾਂਦੇ ਹੋ, ਫਿਰ ਵੀ ਇਹ ਜ਼ਰੂਰੀ ਨਹੀਂ ਕਿ ਹਰ ਕੋਈ ਤੁਹਾਨੂੰ ਆਪਣਾ ਦੋਸਤ ਹੀ ਸਮਝੇ।
(ਗ) ਜੇ ਤੁਹਾਡੇ ਪ੍ਰਾਪਤ ਅੰਕ 15 ਤੋਂ ਜ਼ਿਆਦਾ ਹਨ ਤਾਂ ਤੁਹਾਡਾ ਸਾਰਿਆਂ ਵਿਚ ਅਕਸ ਬਹੁਤ ਚੰਗਾ ਹੈ, ਹਰ ਕੋਈ ਤੁਹਾਨੂੰ ਆਪਣਾ ਮਦਦਗਾਰ ਅਤੇ ਦੋਸਤ ਸਮਝਦਾ ਹੈ। ਇਹੀ ਕਾਰਨ ਹੈ ਕਿ ਕੋਈ ਵੀ ਤੁਹਾਡੇ ਨਾਲ ਆਪਣੀ ਪ੍ਰੇਸ਼ਾਨੀ ਸਾਂਝੀ ਕਰਨ ਤੋਂ ਨਹੀਂ ਝਿਜਕਦਾ।


-ਪਿੰਕੀ ਅਰੋੜਾ,
ਇਮੇਜ ਰਿਫ਼ਲੈਕਸ਼ਨ ਸੈਂਟਰ

ਇੰਜ ਕਰੋ ਚਮੜੀ ਦੀ ਦੇਖਭਾਲ

* ਚਮੜੀ ਦੀ ਸੁਰੱਖਿਆ ਲਈ ਸਭ ਤੋਂ ਪਹਿਲਾਂ ਸਾਨੂੰ ਉਸ ਦੀ ਸ਼ੁੱਧਤਾ ਦਾ ਧਿਆਨ ਰੱਖਣਾ ਚਾਹੀਦਾ ਹੈ। ਹਰ ਰੋਜ਼ ਇਸ਼ਨਾਨ ਜ਼ਰੂਰ ਕਰੋ। ਨਹਾਉਣ ਤੋਂ ਬਾਅਦ ਸਰੀਰ ਨੂੰ ਤੌਲੀਏ ਨਾਲ ਰਗੜ-ਰਗੜ ਕੇ ਨਾ ਪੂੰਝੋ। ਹਮੇਸ਼ਾ ਨਰਮ ਤੌਲੀਏ ਨਾਲ ਸਰੀਰ ਨੂੰ ਥਪਥਪਾ ਕੇ ਹੀ ਸੁਕਾਓ।
* ਨਹਾਉਣ ਲਈ ਹਮੇਸ਼ਾ ਵਧੀਆ ਸਾਬਣ ਦੀ ਹੀ ਵਰਤੋਂ ਕਰੋ। ਜ਼ਿਆਦਾ ਕਾਸਟਿਕ ਵਾਲੇ ਸਾਬਣ ਚਮੜੀ ਨੂੰ ਨੁਕਸਾਨ ਪਹੁੰਚਾ ਸਕਦੇ ਹਨ। * ਭੋਜਨ ਵਿਚ ਫਲ, ਹਰੀਆਂ ਸਬਜ਼ੀਆਂ, ਪੁੰਗਰੇ ਅਨਾਜ, ਸਲਾਦ ਅਤੇ ਦਾਲਾਂ ਦੀ ਵਰਤੋਂ ਬਹੁਤਾਤ ਵਿਚ ਕਰੋ। ਦੁੱਧ, ਦਹੀਂ, ਨਿੰਬੂ ਪਾਣੀ, ਮੱਠਾ, ਨਾਰੀਅਲ ਪਾਣੀ ਨੂੰ ਵੀ ਆਪਣੇ ਭੋਜਨ ਦਾ ਹਿੱਸਾ ਬਣਾਓ।
* ਮਿਰਚ-ਮਸਾਲੇ ਵਾਲੀ ਦਾਲ ਅਤੇ ਤਲੀਆਂ-ਭੁੰਨੀਆਂ ਚੀਜ਼ਾਂ ਦੀ ਵਰਤੋਂ ਘੱਟ ਤੋਂ ਘੱਟ ਕਰੋ। * ਦਿਨ ਭਰ ਵਿਚ 8-10 ਗਿਲਾਸ ਪਾਣੀ ਜ਼ਰੂਰ ਪੀਓ। ਇਹ ਚਮੜੀ ਲਈ ਜ਼ਰੂਰੀ ਨਮੀ ਨੂੰ ਬਣਾਈ ਰੱਖਣ ਵਿਚ ਸਹਾਇਕ ਹੁੰਦਾ ਹੈ।
* ਧੁੱਪ ਵਿਚ ਨਿਕਲਦੇ ਸਮੇਂ ਹਮੇਸ਼ਾ ਸਨਸਕ੍ਰੀਨ ਦੀ ਵਰਤੋਂ ਕਰੋ। ਸਨਸਕ੍ਰੀਨ ਬਿਹਤਰੀਨ ਹੁੰਦਾ ਹੈ।
* ਸੁੰਦਰਤਾ ਪ੍ਰਸਾਧਨਾਂ ਦੀ ਵਰਤੋਂ ਜ਼ਿਆਦਾ ਨਾ ਕਰੋ। ਇਨ੍ਹਾਂ ਵਿਚ ਮੌਜੂਦ ਹਾਨੀਕਾਰਕ ਰਸਾਇਣ ਚਮੜੀ ਨੂੰ ਨੁਕਸਾਨ ਪਹੁੰਚਾ ਸਕਦੇ ਹਨ। ਸੌਣ ਤੋਂ ਪਹਿਲਾਂ ਮੇਕਅਪ ਪੂਰੀ ਤਰ੍ਹਾਂ ਸਾਫ਼ ਕਰ ਲਓ। ਸੰਭਵ ਹੋਵੇ ਤਾਂ ਰਾਤ ਨੂੰ ਇਸ਼ਨਾਨ ਕਰ ਕੇ ਸੌਵੋਂ। ਅਜਿਹਾ ਕਰਨ ਨਾਲ ਨੀਂਦ ਚੰਗੀ ਆਉਂਦੀ ਹੈ, ਜੋ ਚਮੜੀ 'ਤੇ ਅਨੁਕੂਲ ਅਸਰ ਪਾਉਂਦੀ ਹੈ।
* ਮੁਹਾਸੇ ਆਦਿ ਹੋਣ 'ਤੇ ਉਨ੍ਹਾਂ ਨੂੰ ਕਦੇ ਵੀ ਖੁਰਚੋ ਨਾ। ਆਪਣੇ-ਆਪ ਜਾਂ ਸਹੇਲੀਆਂ-ਮਿੱਤਰਾਂ ਆਦਿ ਤੋਂ ਪੁੱਛ ਕੇ ਖੁਦ ਹੀ ਇਸ ਦਾ ਇਲਾਜ ਸ਼ੁਰੂ ਨਾ ਕਰ ਦਿਓ। ਇਸ ਦੇ ਲਈ ਕਿਸੇ ਚਮੜੀ ਰੋਗਾਂ ਦੇ ਮਾਹਿਰ ਨੂੰ ਦਿਖਾਓ, ਉਸ ਦੀ ਸਲਾਹ ਅਨੁਸਾਰ ਹੀ ਇਲਾਜ ਸ਼ੁਰੂ ਕਰੋ। ਯਾਦ ਰੱਖੋ ਕਿ ਸਾਰੇ ਲੋਕਾਂ ਦੀ ਚਮੜੀ ਦੀ ਪ੍ਰਕਿਰਤੀ ਵੱਖ-ਵੱਖ ਹੁੰਦੀ ਹੈ ਅਤੇ ਮਾਹਿਰਾਂ ਹੀ ਤੁਹਾਨੂੰ ਤੁਹਾਡੀ ਚਮੜੀ ਦੇ ਅਨੁਰੂਪ ਸਹੀ ਸਲਾਹ ਅਤੇ ਇਲਾਜ ਦੱਸ ਸਕਦੇ ਹਨ। * ਬਾਜ਼ਾਰ ਵਿਚ ਮਿਲਣ ਵਾਲੇ ਸੁੰਦਰਤਾ ਪ੍ਰਸਾਧਨਾਂ ਦੀ ਬਜਾਏ ਘਰ ਹੀ ਤਿਆਰ ਜਿਵੇਂ ਮੁਲਤਾਨੀ ਮਿੱਟੀ, ਬੇਸਣ ਅਤੇ ਹਲਦੀ ਦਾ ਉਬਟਨ, ਚੋਕਰ, ਉੜਦ ਦੀ ਦਾਲ ਅਤੇ ਫਲਾਂ ਨਾਲ ਬਣੇ ਹੋਏ ਉਬਟਨ ਅਤੇ ਪੈਕ ਹੀ ਵਰਤੋ। ਇਨ੍ਹਾਂ ਨਾਲ ਚਮੜੀ ਨੂੰ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਦੀ ਕੋਈ ਸੰਭਾਵਨਾ ਨਹੀਂ ਹੁੰਦੀ। * ਕਿਸੇ ਕੋਲੋਂ ਸੁਣੀ-ਸੁਣਾਈ ਜਾਂ ਦੱਸੀ ਗਈ ਮੈਡੀਕੇਟਿਡ ਕ੍ਰੀਮ ਦੀ ਵਰਤੋਂ ਡਾਕਟਰ ਦੀ ਸਲਾਹ ਤੋਂ ਬਿਨਾਂ ਕਦੇ ਨਾ ਕਰੋ। * ਭਰਪੂਰ ਨੀਂਦ ਲਓ। 7-8 ਘੰਟੇ ਦੀ ਨੀਂਦ ਚਮੜੀ 'ਤੇ ਅਨੁਕੂਲ ਪ੍ਰਭਾਵ ਪਾਉਂਦੀ ਹੈ।


-ਜਯੋਤੀ ਗੁਪਤਾ

ਇੰਜ ਦੂਰ ਕਰੋ ਦੁਰਗੰਧਾਂ ਨੂੰ

ਸੁਗੰਧ ਜਿਥੇ ਸਾਹ ਵਾਲੀ ਹਵਾ ਨੂੰ ਪ੍ਰਬਲ ਬਣਾਉਂਦੀ ਹੈ, ਉਥੇ ਕਿਸੇ ਵੀ ਤਰ੍ਹਾਂ ਦੀ ਦੁਰਗੰਧ ਮਨੁੱਖ ਦੇ ਸਾਹ ਨੂੰ ਰੋਕਣ ਵਾਲੀ ਹੋਇਆ ਕਰਦੀ ਹੈ। ਅਕਸਰ ਇਹ ਦੇਖਿਆ ਗਿਆ ਹੈ ਕਿ ਘਰੇਲੂ ਦੁਰਗੰਧਾਂ ਗ੍ਰਹਿਣੀਆਂ ਨੂੰ ਕਈ ਤਰ੍ਹਾਂ ਪ੍ਰੇਸ਼ਾਨ ਕਰ ਦਿੰਦੀਆਂ ਹਨ, ਕਿਉਂਕਿ ਘਰ ਦੇ ਅੰਦਰ ਹੀ ਉਨ੍ਹਾਂ ਦਾ ਬਹੁਤਾ ਸਮਾਂ ਬੀਤਦਾ ਹੈ।
ਮੁੱਖ ਦੁਰਗੰਧ : ਮੂੰਹ ਵਿਚੋਂ ਦੁਰਗੰਧ ਆਉਣ ਦੇ ਮੁੱਖ ਕਾਰਨ ਹਨ ਦੰਦਾਂ ਦੀ ਸਫ਼ਾਈ ਨਾ ਹੋਣੀ ਅਤੇ ਭੋਜਨ ਕਰਨ ਤੋਂ ਬਾਅਦ ਸਹੀ ਤਰ੍ਹਾਂ ਮੂੰਹ ਦੀ ਸਫ਼ਾਈ ਨਾ ਕਰਨੀ। ਮੂੰਹ ਅਤੇ ਸਾਹ ਨਾਲ ਨਿਕਲਣ ਵਾਲੀ ਦੁਰਗੰਧ ਨੂੰ ਰੋਕਣ ਲਈ ਮੂੰਹ ਦੀ ਸਾਫ਼-ਸਫ਼ਾਈ ਵੱਲ ਧਿਆਨ ਦੇਣਾ ਚਾਹੀਦਾ ਹੈ। ਦੰਦਾਂ ਨਾਲ ਸਬੰਧਤ ਕਿਸੇ ਨੁਕਸ ਸਬੰਧੀ ਦੰਦਾਂ ਦੇ ਡਾਕਟਰ ਨੂੰ ਤੁਰੰਤ ਮਿਲਣਾ ਚਾਹੀਦਾ ਹੈ। ਫਟਕਰੀ ਵਾਲੇ ਪਾਣੀ ਨਾਲ ਕੁਰਲੀ ਕਰਨੀ ਚਾਹੀਦੀ ਹੈ ਅਤੇ ਖਾਣੇ ਤੋਂ ਬਾਅਦ ਸੌਂਫ ਦੀ ਵਰਤੋਂ ਕਰਨੀ ਚਾਹੀਦੀ ਹੈ। ਕਪੂਰ ਵਾਲੇ ਪਾਣੀ ਨਾਲ ਕੁਰਲੀ ਕਰਨ 'ਤੇ ਮੂੰਹ ਅਤੇ ਸਾਹ ਨਾਲ ਨਿਕਲਣ ਵਾਲੀ ਦੁਰਗੰਧ 'ਤੇ ਕਾਬੂ ਪਾਇਆ ਜਾ ਸਕਦਾ ਹੈ।
ਰਸੋਈ ਵਿਚ ਦੁਰਗੰਧ : ਰਸੋਈ ਵਿਚ ਦੁਰਗੰਧ ਦੇ ਮੁੱਖ ਕਾਰਨਾਂ ਵਿਚੋਂ ਇਕ ਕਾਰਨ ਹੈ ਸਿੱਲ੍ਹ। ਪਾਣੀ ਦਾ ਕੰਮ ਤਾਂ ਰਸੋਈ ਵਿਚ ਰਹਿੰਦਾ ਹੀ ਹੈ। ਇਸ ਲਈ ਸਿੱਲ੍ਹ ਹੋ ਜਾਣੀ ਆਮ ਗੱਲ ਹੈ, ਖਾਸ ਕਰਕੇ ਸਿੰਕ ਦੇ ਨੇੜੇ-ਤੇੜੇ ਜਾਂ ਫਿਰ ਅਲਮਾਰੀਆਂ ਵਿਚ। ਇਨ੍ਹਾਂ ਦੁਰਗੰਧਾਂ ਨੂੰ ਦੂਰ ਕਰਨ ਲਈ ਰਸੋਈ ਵਿਚ ਹਵਾ ਅਤੇ ਧੁੱਪ ਦਾ ਆਉਣਾ ਜ਼ਰੂਰੀ ਹੈ।
ਰਸੋਈ ਵਿਚ ਰੱਖੇ ਕੂੜੇਦਾਨ ਨੂੰ ਨਿਯਮਤ ਸਾਫ਼ ਨਾ ਕਰਨ ਨਾਲ ਵੀ ਉਸ ਵਿਚ ਪਈ ਸਬਜ਼ੀ ਆਦਿ ਦੀਆਂ ਛਿੱਲਾਂ ਆਦਿ ਸੜ ਕੇ ਦੁਰਗੰਧ ਫੈਲਾਉਣ ਲਗਦੀਆਂ ਹਨ। ਇਸ ਲਈ ਕੂੜੇਦਾਨ ਨੂੰ ਹਮੇਸ਼ਾ ਸਾਫ਼ ਰੱਖਣਾ ਚਾਹੀਦਾ ਹੈ। ਮਹੀਨੇ ਵਿਚ ਇਕ-ਦੋ ਵਾਰ ਸਾਰਾ ਸਾਮਾਨ ਕੱਢ ਕੇ ਬਾਹਰ ਧੁੱਪ ਵਿਚ ਰੱਖ ਦਿਓ। ਇਸ ਦੀਆਂ ਢਕੀਆਂ ਹੋਈਆਂ ਥਾਵਾਂ 'ਤੇ ਹਵਾ ਲੱਗ ਕੇ ਸਿੱਲ੍ਹ ਨੂੰ ਸੋਖ ਸਕੇਗੀ। ਇਸ ਦੇ ਨਾਲ ਹੀ ਖਾਧ ਪਦਾਰਥਾਂ ਅਤੇ ਭਾਂਡਿਆਂ ਦੀ ਨਮੀ ਵੀ ਧੁੱਪ ਲੱਗਣ ਨਾਲ ਦੂਰ ਹੋ ਜਾਵੇਗੀ।
ਫਰਿੱਜ ਦੀ ਦੁਰਗੰਧ : ਨਿਯਮਤ ਸਫ਼ਾਈ ਦੇ ਕਮੀ ਕਾਰਨ ਫਰਿੱਜ ਵਿਚੋਂ ਦੁਰਗੰਧ ਆਉਣ ਲਗਦੀ ਹੈ। ਇਸ ਲਈ ਹਫ਼ਤੇ ਵਿਚ ਘੱਟ ਤੋਂ ਘੱਟ ਇਕ ਵਾਰ ਫਰਿੱਜ ਬੰਦ ਕਰ ਕੇ ਬਰਫ਼ ਪਿਘਲਾ ਦਿਓ, ਫਿਰ ਸਾਰਾ ਸਾਮਾਨ ਕੱਢ ਕੇ ਫਰਿੱਜ ਦੀ ਚੰਗੀ ਤਰ੍ਹਾਂ ਸਫ਼ਾਈ ਕਰੋ। ਫਰਿੱਜ ਵਿਚ ਖਾਧ ਪਦਾਰਥਾਂ ਨੂੰ ਖੁੱਲ੍ਹਾ ਨਾ ਰੱਖੋ।
ਫਰਿੱਜ ਵਿਚ ਪਿਆਜ਼, ਲਸਣ, ਪੱਕੇ ਕੇਲੇ, ਪੱਕਿਆ ਹੋਇਆ ਕੱਟਿਆ ਅੰਬ ਆਦਿ ਤੇਜ਼ ਮਹਿਕ ਵਾਲੇ ਸਾਮਾਨ ਫਰਿੱਜ ਵਿਚ ਨਾ ਰੱਖੋ। ਇਨ੍ਹਾਂ ਦੀ ਤੇਜ਼ ਮਹਿਕ ਨਾਲ ਫਰਿੱਜ ਵਿਚ ਰੱਖੇ ਦੂਜੇ ਸਾਮਾਨ ਦੇ ਸਵਾਦ ਅਤੇ ਮਹਿਕ 'ਤੇ ਪ੍ਰਭਾਵ ਪਵੇਗਾ। ਦੁਰਗੰਧ ਦੇ ਜ਼ਿਆਦਾ ਵਧ ਜਾਣ 'ਤੇ ਕਟੋਰੀ ਵਿਚ ਥੋੜ੍ਹਾ ਜਿਹਾ ਸੋਢਾ ਬਾਈ ਕਾਰਬ ਪਾ ਕੇ ਫਰਿੱਜ ਵਿਚ ਰੱਖ ਦਿਓ। ਇਸ ਨਾਲ ਦੁਰਗੰਧ ਖ਼ਤਮ ਹੋ ਜਾਂਦੀ ਹੈ। ਸੋਢਾ ਬਾਈ ਕਾਰਬ ਨਾ ਮਿਲੇ ਤਾਂ ਫਰਿੱਜ ਵਿਚ ਇਕ-ਦੋ ਨਿੰਬੂ ਕੱਟ ਕੇ ਰੱਖਣ ਨਾਲ ਵੀ ਦੁਰਗੰਧ ਖ਼ਤਮ ਹੋ ਜਾਂਦੀ ਹੈ।
ਬੰਦ ਘਰ ਵਿਚ ਦੁਰਗੰਧ : ਘਰ ਕੁਝ ਦਿਨ ਬੰਦ ਰਹੇ ਤਾਂ ਉਸ ਦੇ ਦਰਵਾਜ਼ੇ ਖੋਲ੍ਹਦੇ ਹੀ ਇਕ ਅਜੀਬ ਜਿਹੀ ਦੁਰਗੰਧ ਆਉਂਦੀ ਹੈ। ਅਜਿਹੇ ਵਿਚ ਘਰ ਵਿਚ ਦਾਖਲ ਹੁੰਦੇ ਹੀ ਉਸ ਦੀ ਸਫ਼ਾਈ ਤੁਰੰਤ ਕਰਨੀ ਜ਼ਰੂਰੀ ਹੋ ਜਾਂਦੀ ਹੈ। ਸਭ ਤੋਂ ਪਹਿਲਾਂ ਘਰ ਵਿਚ ਦਾਖਲ ਹੁੰਦੇ ਹੀ ਉਸ ਦੇ ਸਾਰੇ ਖਿੜਕੀਆਂ-ਦਰਵਾਜ਼ੇ, ਰੌਸ਼ਨਦਾਨ ਆਦਿ ਖੋਲ੍ਹ ਦਿਓ ਤਾਂ ਕਿ ਸ਼ੁੱਧ ਹਵਾ ਅੰਦਰ ਜਾ ਸਕੇ ਅਤੇ ਦੁਰਗੰਧ ਬਾਹਰ ਨਿਕਲ ਸਕੇ। ਇਸ ਤੋਂ ਬਾਅਦ ਘਰ ਵਿਚ ਟੰਗੇ ਸਾਰੇ ਪਰਦਿਆਂ, ਵਿਛੇ ਗੱਦਿਆਂ, ਮੇਜ਼ਪੋਸ਼ਾਂ, ਕਾਰਪੇਟ, ਕੁਸ਼ਨ ਕਵਰ, ਚਾਦਰਾਂ ਆਦਿ ਨੂੰ ਲਾਹ ਕੇ ਧੁੱਪ ਵਿਚ ਰੱਖ ਦਿਓ। ਪੂਰੇ ਘਰ ਵਿਚ ਝਾੜੂ ਲਗਾਓ। ਦੀਵਾਰਾਂ 'ਤੇ ਟੰਗੇ ਕੈਲੰਡਰਾਂ ਆਦਿ ਨੂੰ ਸੁੱਕੇ ਕੱਪੜੇ ਨਾਲ ਪੂੰਝੋ। ਪਾਣੀ ਵਿਚ ਫਿਨਾਈਲ ਪਾ ਕੇ ਪੂਰੇ ਘਰ ਵਿਚ ਪੋਚਾ ਲਗਾਓ। ਫਿਰ ਪੱਖਾ ਚਲਾ ਕੇ ਫਰਸ਼ ਸੁੱਕਣ ਦਿਓ। ਚਾਦਰ, ਮੇਜ਼ਪੋਸ਼, ਕੁਸ਼ਨ ਕਵਰ, ਪਰਦਿਆਂ ਆਦਿ ਨੂੰ ਧੋ ਕੇ ਚੰਗੀ ਤਰ੍ਹਾਂ ਸੁਕਾ ਕੇ ਹੀ ਵਿਛਾਓ ਤਾਂ ਕਿ ਇਨ੍ਹਾਂ ਵਿਚ ਰਚੀ ਪੁਰਾਣੀ ਗੰਧ ਧੁਲਾਈ ਨਾਲ ਦੂਰ ਹੋ ਜਾਵੇ।
**

ਆ ਜਾਵੇ ਜੇ ਜ਼ਿੰਦਗੀ ਜਿਊਣ ਦਾ ਸਲੀਕਾ

ਜੋ ਕਿਸੇ ਤੋਂ ਪ੍ਰੇਰਿਤ ਨਹੀਂ ਹੁੰਦੇ, ਉਹ ਕਿਸੇ ਲਈ ਵੀ ਪ੍ਰੇਰਨਾ ਨਹੀਂ ਬਣਦੇ। ਜਿਹੜੇ ਸਾਡੇ ਰਸਤੇ ਵਿਚ ਕੰਡੇ ਵਿਛਾਉਂਦੇ ਹਨ, ਅਕਸਰ ਉਨ੍ਹਾਂ ਕਰਕੇ ਹੀ ਅਸੀਂ ਤੁਰਨ ਦੀ ਜਾਚ ਸਿੱਖਦੇ ਹਾਂ। ਰਸਤੇ ਦੇ ਕੰਡਿਆਂ ਕਾਰਨ ਅਸੀਂ ਸਿੱਖ ਜਾਂਦੇ ਹਾਂ ਕਿ ਪੈਰ ਕਿੱਥੇ ਰੱਖਣਾ ਹੈ, ਆਪਣੇ ਕਦਮਾਂ ਨੂੰ ਕਿੱਥੇ ਰੋਕਣਾ ਹੈ ਅਤੇ ਕਿਥੇ ਪੈਰ ਨਹੀਂ ਰੱਖਣਾ। ਇੱਛਾ ਸ਼ਕਤੀ ਜਿੰਨੀ ਵੱਧ ਮਜ਼ਬੂਤ ਹੁੰਦੀ ਹੈ, ਜ਼ਿੰਦਗੀ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਦੀ ਸਮਰੱਥਾ ਓਨੀ ਵੱਧ ਹੁੰਦੀ ਹੈ। ਮੰਜ਼ਿਲਾਂ ਨੂੰ ਪਾਉਣ ਦੀ ਜ਼ਿਦ ਅੱਗੇ ਅਕਸਰ ਮੁਸ਼ਕਿਲਾਂ ਸਿਰ ਝੁਕਾ ਲੈਂਦੀਆਂ ਹਨ। ਆਪਣੇ-ਆਪ 'ਤੇ ਭਰੋਸਾ ਜਿੰਨਾ ਵੱਧ ਹੋਵੇਗਾ, ਨਿਰਾਸ਼ਾ ਓਨੀ ਹੀ ਘੱਟ ਹੁੰਦੀ ਹੈ। ਦਿਲ ਜਿੰਨਾ ਵੱਧ ਮਜ਼ਬੂਤ ਹੁੰਦਾ ਹੈ, ਸਬਰ ਓਨਾ ਹੀ ਵੱਡਾ ਹੁੰਦਾ ਹੈ। ਬਿਨਾਂ ਮਨੋਰਥ ਤੋਂ ਜ਼ਿੰਦਗੀ ਬਿਨਾਂ ਪਤਾ ਲਿਖੀ ਚਿੱਠੀ ਵਾਂਗ ਹੈ, ਜੋ ਕਿਤੇ ਨਹੀਂ ਪਹੁੰਚਦੀ। ਦਿਲ ਅਤੇ ਰੂਹ ਨਾਲ ਕੀਤੇ ਕੰਮਾਂ ਵਿਚੋਂ ਖੁਸ਼ੀ ਮਿਲਦੀ ਹੈ ਅਤੇ ਖੁਸ਼ੀ ਨਾਲ ਕੀਤੇ ਕੰਮਾਂ ਵਿਚੋਂ ਸਫਲਤਾ। ਕਈ ਵਾਰ ਵਖਤ ਹੀ ਵਕਤ ਦੀ ਪਛਾਣ ਕਰਵਾਉਂਦਾ ਹੈ। ਜ਼ਿੰਦਗੀ ਦੇ ਕੀ ਅਨੁਭਵ ਬਹੁਤ ਮਹਿੰਗੇ ਮਿਲਦੇ ਹਨ ਪਰ ਇਹ ਮਹਿੰਗੇ ਅਨੁਭਵ ਜ਼ਿੰਦਗੀ ਦੀ ਕੀਮਤ ਵਿਚ ਵੀ ਵਾਧਾ ਕਰਦੇ ਹਨ। ਤੁਹਾਡੀ ਕਿਸਮਤ ਤੁਹਾਡਾ ਫੈਸਲਾ ਨਹੀਂ ਬਦਲ ਸਕਦੀ ਪਰ ਤੁਹਾਡਾ ਫੈਸਲਾ ਤੁਹਾਡੀ ਕਿਸਮਤ ਜ਼ਰੂਰ ਬਦਲ ਦਿੰਦਾ ਹੈ। ਜੇਕਰ ਸਾਨੂੰ ਚੰਗੇ ਅਤੇ ਬੁਰੇ ਦੀ ਪਹਿਚਾਣ ਕਰਨੀ ਆ ਜਾਵੇ ਤਾਂ ਸਾਡਾ ਯਕੀਨ ਸਾਨੂੰ ਕਦੇ ਵੀ ਧੋਖਾ ਨਹੀਂ ਦਿੰਦਾ। ਆਪਣੇ-ਆਪ 'ਤੇ ਪ੍ਰਾਪਤ ਕੀਤੀ ਜਿੱਤ ਅਜਿਹੀ ਜਿੱਤ ਹੈ, ਜਿਸ ਨੂੰ ਕੋਈ ਖੋਹ ਨਹੀਂ ਸਕਦਾ।
ਆਪਣੀ ਸਮਰੱਥਾ ਅਤੇ ਯੋਗਤਾ ਦਾ ਗਿਆਨ ਸਾਡੀ ਜ਼ਿੰਦਗੀ ਦੀ ਸਭ ਤੋਂ ਵੱਡੀ ਪ੍ਰਾਪਤੀ ਹੈ। ਆਪਣਾ ਕੰਮ ਆਪ ਕਰਨ ਦੀ ਰੀਝ, ਆਪਣਾ ਕੋਈ ਕੰਮ ਦੂਜਿਆਂ ਕੋਲੋਂ ਕਰਵਾਉਣ ਦਾ ਹੁਨਰ, ਦੂਜਿਆਂ ਕੋਲੋਂ ਕੁਝ ਨਵਾਂ ਸਿੱਖਣ ਦੀ ਸਮਝ, ਸਮੇਂ ਦੀ ਸਹੀ ਵਰਤੋਂ ਦਾ ਅਮਲ, ਦੂਜਿਆਂ ਦੇ ਕੰਮ ਆਉਣ ਦੀ ਪ੍ਰਸੰਨਤਾ, ਆਪਣੇ ਟੀਚੇ ਨੂੰ ਪ੍ਰਾਪਤ ਕਰਨ ਦੀ ਲਗਨ, ਵਿਹਾਰ ਵਿਚ ਇਮਾਨਦਾਰੀ, ਉਸਾਰੂ ਅਤੇ ਚੰਗੀਆਂ ਆਦਤਾਂ ਦੀ ਮਾਲਕੀ ਆਦਿ ਜ਼ਿੰਦਗੀ ਜਿਉਣ ਦੇ ਸਲੀਕੇ ਵਿਚ ਆਉਂਦੇ ਅਜਿਹੇ ਗੁਣ ਹਨ, ਜਿਹੜੇ ਸਾਡੇ ਕਿਰਦਾਰ ਅਤੇ ਸ਼ਖ਼ਸੀਅਤ ਦੇ ਕੱਦ ਨੂੰ ਸਮਾਜ ਵਿਚ ਵੱਖਰਾ ਸਥਾਨ ਦਿੰਦੇ ਹਨ। ਸਭ ਤੋਂ ਸੌਖਾ ਕੰਮ ਹੈ ਦੂਜਿਆਂ ਵਿਚੋਂ ਗ਼ਲਤੀਆਂ ਕੱਢਣਾ ਅਤੇ ਸਭ ਤੋਂ ਔਖਾ ਕੰਮ ਹੈ ਆਪਣੀ ਗ਼ਲਤੀ ਨੂੰ ਸੁਧਾਰਨਾ। ਸਿਰਫ ਵਿਖਾਵੇ ਲਈ ਚੰਗਾ ਬਣਨਾ ਬੁਰੇ ਹੋਣ ਨਾਲੋਂ ਵੱਧ ਬੁਰਾ ਹੈ। ਹੱਸਦਾ ਹੋਇਆ ਚਿਹਰਾ ਤੁਹਾਡੀ ਸ਼ਾਨ ਵਿਚ ਵਾਧਾ ਕਰਦਾ ਹੈ ਅਤੇ ਹੱਸ ਕੇ ਕੀਤਾ ਕੰਮ ਤੁਹਾਡੀ ਪਛਾਣ ਵਿਚ ਵਾਧਾ ਕਰਦਾ ਹੈ। ਅਕਸਰ ਲੋਕ ਜਜ਼ਬਾਤੀ ਹੁੰਦੇ ਹਨ ਪਰ ਜਜ਼ਬਾ ਕਿਸੇ-ਕਿਸੇ ਕੋਲ ਹੀ ਹੁੰਦਾ ਹੈ। ਇਕ ਮਜ਼ਬੂਤ ਨਿਸਚਾ ਤੁਹਾਨੂੰ ਆਪਣੀ ਮੰਜ਼ਿਲ ਤੱਕ ਲੈ ਕੇ ਜਾਂਦਾ ਹੈ। ਗਿਆਨ ਤੁਹਾਨੂੰ ਰੌਸ਼ਨ ਕਰਦਾ ਹੈ ਅਤੇ ਇਮਾਨਦਾਰੀ ਤੁਹਾਡੀ ਜ਼ਿੰਦਗੀ ਦੇ ਦਾਇਰੇ ਨੂੰ ਵਿਸ਼ਾਲ ਕਰਦੀ ਹੈ। ਤੁਹਾਡਾ ਹੌਸਲਾ ਤੁਹਾਡੇ ਤੋਂ ਉਹ ਕੁਝ ਕਰਵਾਉਂਦਾ ਹੈ, ਜੋ ਤੁਸੀਂ ਕਰਨਾ ਚਾਹੁੰਦੇ ਹੋ। ਤੁਹਾਡਾ ਅਨੁਭਵ ਤੁਹਾਡੇ ਤੋਂ ਉਹ ਕੁਝ ਕਰਵਾਉਂਦਾ ਹੈ, ਜੋ ਅਸਲ ਵਿਚ ਤੁਹਾਨੂੰ ਕਰਨਾ ਚਾਹੀਦਾ ਹੈ। ਚਿੰਤਾ ਇਸ ਗੱਲ ਦੀ ਨਾ ਕਰੋ ਕਿ ਸਾਡੇ ਨਾਲ ਬੁਰਾ ਹੋਇਆ ਹੈ ਪਰ ਸਾਡੇ ਲਈ ਇਹ ਗੱਲ ਚਿੰਤਾ ਵਾਲੀ ਹੈ, ਜਦੋਂ ਅਸੀਂ ਖੁਦ ਕਿਸੇ ਦਾ ਬੁਰਾ ਕਰਦੇ ਹਾਂ।
ਸਾਡੀ ਸਫਲਤਾ ਇਸ ਗੱਲ ਵਿਚ ਵੀ ਹੈ ਕਿ ਅਸੀਂ ਉਹ ਕੰਮ ਨਾ ਕਰੀਏ, ਜਿਹੜਾ ਸਾਨੂੰ ਨਹੀਂ ਕਰਨਾ ਚਾਹੀਦਾ। ਤੁਹਾਡੀ ਜ਼ਿੰਦਗੀ ਦਾ ਅਸਲੀ ਚਿਹਰਾ ਤੁਹਾਡਾ ਚਰਿੱਤਰ ਹੈ। ਅਸੀਂ ਆਪਣੀ ਜ਼ਿੰਦਗੀ ਵਿਚ ਕਿਨ੍ਹਾਂ ਲੋਕਾਂ ਦਾ ਸਾਥ ਦਿੰਦੇ ਹਾਂ, ਇਹ ਸਾਡੀ ਸੋਚ ਅਤੇ ਚਰਿੱਤਰ 'ਤੇ ਨਿਰਭਰ ਹੈ। ਤੁਸੀਂ ਜ਼ਿੰਦਗੀ ਵਿਚ ਉਹੀ ਕੁਝ ਬਣਦੇ ਹੋ, ਜਿਸ ਤਰ੍ਹਾਂ ਦਾ ਤੁਸੀਂ ਕਰਦੇ ਹੋ। ਤੁਹਾਡੀ ਸਿਹਤ ਕਿਸ ਤਰ੍ਹਾਂ ਦੀ ਹੈ, ਇਹ ਜ਼ਿਆਦਾਤਰ ਤੁਹਾਡੀਆਂ ਖਾਣ-ਪੀਣ ਅਤੇ ਰਹਿਣ-ਸਹਿਣ ਦੀਆਂ ਆਦਤਾਂ 'ਤੇ ਨਿਰਭਰ ਕਰਦਾ ਹੈ। ਛੋਟੀਆਂ ਗੱਲਾਂ ਹੀ ਵੱਡੇ ਨਤੀਜਿਆਂ ਵਿਚ ਤਬਦੀਲ ਹੁੰਦੀਆਂ ਹਨ। ਤੁਹਾਡੀ ਸ਼ਖ਼ਸੀਅਤ ਤੁਹਾਡੇ ਕੀਤੇ ਹੋਏ ਕੰਮਾਂ ਦਾ ਇਤਿਹਾਸ ਹੈ। ਤੁਹਾਡੀ ਕਿਸਮਤ ਦਾ ਲੇਖਾ-ਜੋਖਾ ਤੁਹਾਡੇ ਕੰਮ ਹੀ ਕਰਦੇ ਹਨ। ਬਾਹਰੀ ਰੌਸ਼ਨੀ ਅੰਦਰਲੇ ਹਨੇਰੇ ਨੂੰ ਦੂਰ ਨਹੀਂ ਕਰਦੀ। ਜੇਕਰ ਤੁਸੀਂ ਆਪਣੇ ਵਰਤਮਾਨ ਨੂੰ ਬਰਬਾਦ ਕਰੋਗੇ ਤਾਂ ਤੁਸੀਂ ਭਵਿੱਖ ਦੀ ਸਜ਼ਾ ਤੋਂ ਬਚ ਨਹੀਂ ਸਕਦੇ। ਚੰਗੇ ਕੰਮਾਂ ਦਾ ਨਤੀਜਾ ਕਦੇ ਵੀ ਬੁਰਾ ਨਹੀਂ ਹੁੰਦਾ ਅਤੇ ਬੁਰੇ ਕੰਮਾਂ ਦਾ ਨਤੀਜਾ ਕਦੇ ਚੰਗਾ ਨਹੀਂ ਹੁੰਦਾ। ਜੇਕਰ ਜ਼ਿੰਦਗੀ ਜਿਉਣ ਦਾ ਸਲੀਕਾ ਆ ਜਾਵੇ ਤਾਂ ਜ਼ਿੰਦਗੀ ਦੀਆਂ ਦੁੱਖ-ਤਕਲੀਫਾਂ ਅਤੇ ਮੁਸ਼ਕਿਲਾਂ ਆਪਣੇ-ਆਪ ਹੀ ਘਟ ਜਾਣਗੀਆਂ। ਇਕ ਸੱਚੀ ਜਿੱਤ ਉਹ ਹੁੰਦੀ ਹੈ ਜੋ ਨਾ ਖੁਦ ਹਾਰਦੀ ਹੈ ਅਤੇ ਨਾ ਉਹ ਕਿਸੇ ਨੂੰ ਹਾਰਨ ਦਿੰਦੀ ਹੈ। ਇਸ ਤਰ੍ਹਾਂ ਜੀਓ ਕਿ ਤੁਹਾਡਾ ਰੁਝੇਵਾਂ ਵੀ ਤੁਹਾਨੂੰ ਰੱਜ ਅਤੇ ਖੁਸ਼ੀ ਦੇਵੇ। ਇੱਛਾ ਰੱਖਣ 'ਤੇ ਜੋ ਮਿਲੇ, ਉਹ ਸਫਲਤਾ ਹੈ ਅਤੇ ਜੋ ਮਿਲੇ, ਉਸ ਨੂੰ ਆਪਣੀ ਪਸੰਦ ਬਣਾ ਲੈਣਾ ਪ੍ਰਸੰਨਤਾ ਹੈ।


-ਪਿੰਡ ਗੋਲੇਵਾਲਾ (ਫ਼ਰੀਦਕੋਟ)।
ਮੋਬਾ: 94179-49079

ਪੰਜ ਮਿੰਟ ਦੀ ਕਲਾਕਾਰੀ

ਆਓ ਬਣਾਈਏ ਬੁੱਕ-ਮਾਰਕ

ਜੇਕਰ ਕੋਈ ਲੰਮੀ ਕਹਾਣੀ ਸਾਨੂੰ ਪੜ੍ਹਨ ਵਿਚ ਬਹੁਤ ਹੀ ਚੰਗੀ ਲੱਗ ਰਹੀ ਹੋਵੇ ਤਾਂ ਅਸੀਂ ਉਸ ਵਿਚ ਏਨਾ ਖੁੱਭ ਜਾਂਦੇ ਹਾਂ ਕਿ ਅਗਲੇ ਦਿਨ ਪਤਾ ਹੀ ਨਹੀਂ ਲਗਦਾ ਕਿ ਛੱਡਿਆ ਕਿਥੇ ਸੀ, ਜਿਸ ਨਾਲ ਕਈ ਵਾਰ ਅਸੀਂ ਪਿਛਲੇ ਪੰਨੇ ਵੀ ਦੁਬਾਰਾ ਪੜ੍ਹ ਬੈਠਦੇ ਹਾਂ। ਫਿਰ ਇਸ ਸਥਿਤੀ ਵਿਚ ਅਸੀਂ ਉਸ ਪੰਨੇ ਵਾਲੀ ਥਾਂ 'ਤੇ ਪੈੱਨ ਜਾਂ ਪੈਨਸਿਲ ਰੱਖ ਦਿੰਦੇ ਹਾਂ।
ਹੁਣ ਸਾਨੂੰ ਉਹ ਰੱਖਣ ਦੀ ਲੋੜ ਨਹੀਂ ਪਵੇਗੀ, ਕਿਉਂਕਿ ਅੱਜ ਅਸੀਂ ਬਣਾਉਣਾ ਸਿੱਖਾਂਗੇ-ਬੁੱਕ ਮਾਰਕ।
ਬੁੱਕ ਮਾਰਕ ਦੀ ਵਰਤੋਂ ਕੋਈ ਕਿਤਾਬ ਪੜ੍ਹਦੇ ਵੇਲੇ ਵੀ ਕੀਤੀ ਜਾ ਸਕਦੀ ਹੈ ਤੇ ਡਾਇਰੀ ਜਾਂ ਕਿਤਾਬ ਲਿਖਦੇ ਵੇਲੇ ਵੀ। ਬੱਚਿਆਂ ਦੀਆਂ ਕਿਤਾਬਾਂ ਵਿਚ ਵੀ ਇਨ੍ਹਾਂ ਨੂੰ ਰੱਖਿਆ ਜਾ ਸਕਦਾ ਹੈ, ਜਿਸ ਨਾਲ ਉਹ ਵੀ ਬੜੇ ਮਜ਼ੇ ਨਾਲ ਅੱਗੇ-ਅੱਗੇ ਪੜ੍ਹਦੇ ਜਾਣਗੇ।
ਆਓ ਸਿੱਖੀਏ-
ਲੋੜੀਂਦਾ ਸਾਮਾਨ : ਕੁਝ ਰੰਗੀਨ ਕਾਗਜ਼, ਫੈਵੀਕੋਲ ਜਾਂ ਗੂੰਦ, ਪੇਪਰ ਪਿੰਨ, ਧਾਗਾ (ਮਠਿਆਈ ਦੇ ਡੱਬਿਆਂ 'ਤੇ ਬੰਨ੍ਹਿਆ ਜਾਣ ਵਾਲਾ), ਡਿਜ਼ਾਈਨ ਵਾਲੇ ਕਾਗਜ਼ (ਵਿਆਹ ਦੇ ਕਾਰਡ/ਗਿਫਟ ਰੈਪਰ)।
ਬਣਾਉਣ ਦੀ ਵਿਧੀ : * ਸਭ ਤੋਂ ਪਹਿਲਾਂ ਰੰਗੀਨ ਜਾਂ ਸਫੈਦ ਕਾਗਜ਼ 'ਤੇ ਕੋਈ ਜਾਨਵਰ ਜਿਵੇਂ ਸ਼ੇਰ ਜਾਂ ਖਰਗੋਸ਼ ਆਦਿ ਦੀ ਤਸਵੀਰ ਬਣਾ ਕੇ ਕੱਟ ਲਓ। ਹੁਣ ਕੱਟੇ ਹੋਏ ਭਾਗ ਵਰਗਾ ਹੀ ਦੂਜਾ ਪੀਸ ਕੱਟ ਲਓ। ਜੇਕਰ ਤੁਸੀਂ ਸ਼ੇਰ ਜਾਂ ਖਰਗੋਸ਼ ਬਣਾਉਂਦੇ ਹੋ ਤਾਂ ਉਸ ਦਾ ਢਿੱਡ ਮੋਟਾ ਰੱਖੋ।
* ਹੁਣ ਕੱਟੇ ਹੋਏ ਦੋਵਾਂ ਪੀਸਾਂ ਦੇ ਵਿਚਕਾਰ ਇਕ ਪੇਪਰ ਪਿੰਨ ਰੱਖੋ। ਉਸ ਨੂੰ ਅੱਧਾ ਅੰਦਰ ਵਾਲੇ ਪਾਸੇ ਨੂੰ ਤੇ ਅੱਧਾ ਬਾਹਰ ਵੱਲ ਨੂੰ ਰੱਖੋ। ਦੋਵਾਂ ਪੀਸਾਂ ਨੂੰ ਪੇਪਰ ਪਿੰਨ ਨਾਲ ਚੰਗੀ ਤਰ੍ਹਾਂ ਚਿਪਕਾ ਦਿਓ।
* ਪਿੰਨ ਦਾ ਬਾਕੀ ਬਚਿਆ ਹਿੱਸਾ ਖੁੱਲ੍ਹੇ ਮੂੰਹ ਵਾਲਾ ਹੋਵੇ। ਹੁਣ ਉਸ ਨਾਲ ਧਾਗਾ ਬੰਨ੍ਹ ਦਿਓ।
* ਧਾਗੇ ਦੇ ਲਮਕਦੇ ਦੋਵਾਂ ਸਿਰਿਆਂ 'ਤੇ ਡਿਜ਼ਾਈਨ ਵਾਲੇ ਕਾਗਜ਼ਾਂ ਤੋਂ ਦੋ ਪੀਸ ਬੂੰਦ/ਤਾਰਾ/ਦਿਲ ਆਕਾਰ ਦੇ ਕੱਟ ਲਵੋ ਤੇ ਆਖਰੀ ਸਿਰਿਆਂ 'ਤੇ ਚਿਪਕਾ ਦਿਓ। ਤਿਆਰ ਹੈ ਬੁੱਕ ਮਾਰਕ। ਜਿਸ ਤਰੀਕੇ ਨਾਲ ਪੇਪਰ ਪਿੰਨ ਲਗਾਉਂਦੇ ਹਾਂ, ਉਸੇ ਤਰੀਕੇ ਨਾਲ ਇਸ ਦੀ ਵਰਤੋਂ ਕਰਨੀ ਹੈ।
ਜਦੋਂ ਤੁਸੀਂ ਕਿਤਾਬ ਬੰਦ ਕਰੋਗੇ ਤਾਂ ਤੁਹਾਡਾ ਬਣਾਇਆ ਜਾਨਵਰ ਬਾਹਰ ਤੁਹਾਨੂੰ ਨਜ਼ਰ ਆਵੇਗਾ।


-ਸਿਮਰਨਜੀਤ ਕੌਰ
simranjeet.dhiman16@gmail.com

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX