ਤਾਜਾ ਖ਼ਬਰਾਂ


ਬਲਟਾਣਾ 'ਚ ਸ਼ਰਾਬ ਦੇ ਅਹਾਤੇ 'ਚ ਚੱਲੀ ਗੋਲੀ, 2 ਜ਼ਖ਼ਮੀ
. . .  1 day ago
ਜ਼ੀਰਕਪੁਰ, 16 ਨਵੰਬਰ {ਹੈਪੀ ਪੰਡਵਾਲਾ} - ਬਲਟਾਣਾ ਖੇਤਰ 'ਚ ਇਕ ਅਹਾਤੇ 'ਤੇ ਸ਼ਰਾਬ ਪੀਂਦੇ ਨੌਜਵਾਨਾਂ ਦੀ ਹੋਈ ਤਕਰਾਰ 'ਚ ਇਕ ਧਿਰ ਵੱਲੋਂ ਗੋਲੀ ਚਲਾ ਦਿੱਤੀ ਗਈ ਜਿਸ ਵਿਚ ਦੋਵੇਂ ਧਿਰਾਂ ਦੇ ਦੋ ਜਣੇ ...
ਮੈਨੂੰ ਮਿਲ ਰਹੀਆਂ ਹਨ ਜਾਨੋਂ ਮਾਰਨ ਦੀਆਂ ਧਮਕੀਆਂ - ਬੋਨੀ
. . .  1 day ago
ਅਜਨਾਲਾ, 16 ਨਵੰਬਰ (ਗੁਰਪ੍ਰੀਤ ਸਿੰਘ ਢਿੱਲੋਂ)- ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਕੋਰ ਕਮੇਟੀ ਦੀ ਹੋਈ ਮੀਟਿੰਗ ਦੌਰਾਨ ਪਿਛਲੇ ਦਿਨੀਂ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਖ਼ਾਰਜ ਕੀਤੇ ਗਏ ਹਲਕਾ ਅਜਨਾਲਾ ਦੇ ਸਾਬਕਾ ਵਿਧਾਇਕ ਬੋਨੀ ਅਮਰਪਾਲ ਸਿੰਘ ਅਜਨਾਲਾ ਨੇ...
ਵੱਖ-ਵੱਖ ਦੇਸ਼ਾਂ ਦੀ ਮੁਦਰਾ ਸਮੇਤ ਇਕ ਕਾਬੂ
. . .  1 day ago
ਰਾਜਾਸਾਂਸੀ, 16 ਨਵੰਬਰ (ਹੇਰ) - ਅੱਜ ਇੰਡੀਗੋ ਰਾਹੀ ਦੁਬਈ ਤੋਂ ਆਏ ਪ੍ਰਦੀਪ ਸਿੰਘ ਵਾਸੀ ਲੁਧਿਆਣਾ ਤੋਂ ਕਸਟਮ ਵਿਭਾਗ ਦੇ ਅਧਿਕਾਰੀਆਂ ਵੱਲੋਂ ਵੱਖ-ਵੱਖ ਦੇਸ਼ਾਂ ਦੀ ਮੁਦਰਾ ਦੇ ਨੋਟ ਬਰਾਮਦ ਕੀਤੇ ਗਏ ਹਨ। ਕਸਟਮ ਵਿਭਾਗ ਦੇ ਅਧਿਕਾਰੀਆਂ ਦੇ ਅਨੁਸਾਰ ਬਰਾਮਦ....
ਪ੍ਰਧਾਨ ਮੰਤਰੀ ਮੋਦੀ ਅਤੇ ਸ਼ਾਹ ਰਾਜਸਥਾਨ 'ਚ ਕਰਨਗੇ ਚੋਣ ਰੈਲੀ
. . .  1 day ago
ਰਾਏਪੁਰ, 16 ਨਵੰਬਰ- ਰਾਜਸਥਾਨ ਵਿਧਾਨ ਸਭਾ ਚੋਣਾਂ 2018 ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਭਾਜਪਾ ਪ੍ਰਧਾਨ ਅਮਿਤ ਸ਼ਾਹ, ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ, ਸੁਸ਼ਮਾ ਸਵਰਾਜ, ਨਿਤਿਨ ਗੜਕਰੀ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ....
ਅਪ੍ਰੈਲ 'ਚ ਹੋਵੇਗੀ ਧਾਰਾ 370 ਦੀ ਸੰਵਿਧਾਨਿਕ ਵੈਦਤਾ ਨੂੰ ਚੁਨੌਤੀ ਦੇਣ ਵਾਲੀ ਪਟੀਸ਼ਨ 'ਤੇ ਸੁਣਵਾਈ
. . .  1 day ago
ਨਵੀਂ ਦਿੱਲੀ, 16 ਨਵੰਬਰ- ਸੁਪਰੀਮ ਕੋਰਟ ਨੇ ਕੇਂਦਰ ਅਤੇ ਰਾਜ ਸਰਕਾਰ ਦੀ ਬੇਨਤੀ 'ਤੇ ਸ਼ੁੱਕਰਵਾਰ ਨੂੰ ਕਿਹਾ ਕਿ ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਸੰਬੰਧੀ ਸੰਵਿਧਾਨ ਦੀ ਧਾਰਾ 370 ਦੀ ਵੈਧਤਾ ਵਾਲੀ ਪਟੀਸ਼ਨ 'ਤੇ ਅਪ੍ਰੈਲ 'ਚ ਸੁਣਵਾਈ ਕੀਤੀ ਜਾਵੇਗੀ....
ਆਂਧਰਾ ਪ੍ਰਦੇਸ਼ 'ਚ ਪਾਬੰਦੀ ਦੀ ਨਹੀ ਮਿਲੀ ਜਾਣਕਾਰੀ - ਸੀ.ਬੀ.ਆਈ
. . .  1 day ago
ਨਵੀਂ ਦਿੱਲੀ, 16 ਨਵੰਬਰ - ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰ ਬਾਬੂ ਨਾਇਡੂ ਵੱਲੋਂ 'ਚ ਸੀ.ਬੀ.ਆਈ ਦੇ ਆਂਧਰਾ ਪ੍ਰਦੇਸ਼ 'ਚ ਨਾ ਆਉਣ ਦੇਣ ਸਬੰਧੀ ਦਿੱਤੇ ਬਿਆਨ 'ਤੇ ਸੀ.ਬੀ.ਆਈ...
ਟੀ-20 ਮਹਿਲਾ ਵਿਸ਼ਵ ਕੱਪ : ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਮੁਕਾਬਲਾ ਕੱਲ੍ਹ
. . .  1 day ago
ਗੁਆਨਾ, 16 ਨਵੰਬਰ - ਵੈਸਟ ਇੰਡੀਜ਼ 'ਚ ਚੱਲ ਰਹੇ ਟੀ-20 ਮਹਿਲਾ ਵਿਸ਼ਵ ਕੱਪ ਦੌਰਾਨ ਗਰੁੱਪ ਬੀ ਵਿਚ ਭਾਰਤ ਅਤੇ ਆਸਟ੍ਰੇਲੀਆ ਦਾ ਮੁਕਾਬਲਾ 17 ਨਵੰਬਰ ਨੂੰ ਹੋਵੇਗਾ। ਭਾਰਤ...
ਝੂਠ ਅਤੇ ਸਚਾਈ ਤੋਂ ਕੋਸਾਂ ਦੂਰ ਹਨ ਨਾਨਾ ਪਾਟੇਕਰ 'ਤੇ ਲਗਾਏ ਦੋਸ਼ -ਵਕੀਲ
. . .  1 day ago
ਮੁੰਬਈ, 16 ਨਵੰਬਰ- ਬਾਲੀਵੁੱਡ ਅਦਾਕਾਰਾ ਤਨੁਸ਼੍ਰੀ ਦੱਤਾ ਦੇ ਕਥਿਤ ਜਿਨਸੀ ਸ਼ੋਸ਼ਣ ਮਾਮਲੇ 'ਚ ਰਾਜ ਮਹਿਲਾ ਆਯੋਗ ਵੱਲੋਂ ਨਾਨਾ ਪਾਟੇਕਰ ਨੂੰ ਜਾਰੀ ਕੀਤੇ ਨੋਟਿਸ 'ਤੇ ਪਾਟੇਕਰ ਦੇ ਵਕੀਲ ਅਨੀਕੇਤ ਨਿਕਮ ਨੇ ਕਿਹਾ ਕਿ ਉਨ੍ਹਾਂ 'ਤੇ ਲਗਾਏ ਸਾਰੇ ਦੋਸ਼ ਝੂਠੇ ਹਨ ਅਤੇ ਸਚਾਈ ...
ਟਰਾਂਸਪੋਰਟ ਮੰਤਰੀ ਪੰਜਾਬ ਅਰੁਣਾ ਚੌਧਰੀ ਸ੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਕ
. . .  1 day ago
ਅੰਮ੍ਰਿਤਸਰ, 16 ਨਵੰਬਰ (ਜੱਸ) - ਪੰਜਾਬ ਦੇ ਟਰਾਂਸਪੋਰਟ ਮੰਤਰੀ ਸ੍ਰੀਮਤੀ ਅਰੁਣਾ ਚੌਧਰੀ ਅੱਜ ਪਰਿਵਾਰ ਸਮੇਤ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ। ਨਤਮਸਤਕ ਹੋਣ ਉਪਰੰਤ ਅਰੁਣਾ ਚੌਧਰੀ...
ਦੋ ਮਹੀਨਿਆਂ ਦੇ ਲਈ ਖੋਲ੍ਹਿਆ ਗਿਆ ਸਬਰੀਮਾਲਾ ਮੰਦਰ
. . .  1 day ago
ਤਿਰੂਵਨੰਤਪੁਰਮ, 16 ਨਵੰਬਰ- ਕੇਰਲ ਦਾ ਸਬਰੀਮਾਲਾ ਮੰਦਰ ਦੋ ਮਹੀਨਿਆਂ ਦੇ ਲਈ ਇੱਕ ਵਾਰ ਫਿਰ ਖੋਲ੍ਹਿਆ ਗਿਆ....
ਹੋਰ ਖ਼ਬਰਾਂ..

ਧਰਮ ਤੇ ਵਿਰਸਾ

ਬਰਤਾਨੀਆ ਵਿਚ ਆਰੰਭ ਹੋਇਆ ਸਿੱਖਾਂ ਤੇ ਪੰਜਾਬੀਆਂ ਬਾਰੇ ਅਧਿਐਨ

ਬਰਤਾਨੀਆ ਵਿਚ ਸਿੱਖ ਅਤੇ ਪੰਜਾਬੀ ਸਟੱਡੀਜ਼ ਦੇ ਵਿਕਾਸ ਅਤੇ ਸਥਾਪਨਾ ਦੇ ਯਤਨਾਂ ਦਾ ਇਤਿਹਾਸ ਪੰਜ ਦਹਾਕਿਆਂ ਤੋਂ ਉੱਪਰ ਹੈ। ਹੁਣ ਵੁਲਵਰਹੈਂਪਟਨ ਯੂਨੀਵਰਸਿਟੀ ਵਲੋਂ ਸੈਂਟਰ ਫਾਰ ਸਿੱਖ ਅਤੇ ਪੰਜਾਬੀ ਸਟੱਡੀਜ਼ ਦੀ ਸਥਾਪਨਾ ਨਾਲ ਇਹ ਵਿਸ਼ਾ ਬਰਤਾਨੀਆ ਦੀ ਮੁੱਖ ਧਾਰਾ ਵਿਚ ਸਥਾਪਤ ਹੋ ਗਿਆ ਹੈ। ਅਗਾਂਹ ਹੋਰ ਯੂਨੀਵਰਸਿਟੀਆਂ ਵੀ ਇਸ ਪਹਿਲਕਦਮੀ ਤੋਂ ਪ੍ਰੇਰਨਾ ਲੈ ਕੇ ਯਤਨ ਆਰੰਭ ਕਰ ਸਕਦੀਆਂ ਹਨ ਪਰ ਇਨ੍ਹਾਂ ਯਤਨਾਂ ਪਿੱਛੇ ਅੰਦਰੂਨੀ ਅਤੇ ਬਹਿਰੂਨੀ ਤੌਰ 'ਤੇ ਬੜੀਆਂ ਘਾਲਣਾਵਾਂ ਘਾਲਣੀਆਂ ਪਈਆਂ ਹਨ। ਆਰੰਭ ਵਿਚ ਵੁਲਵਰਹੈਂਪਟਨ ਯੂਨੀਵਰਸਿਟੀ ਵਿਚ ਸਥਾਪਤ ਹੋਇਆ ਸੈਂਟਰ, ਪੋਸਟ ਗ੍ਰੈਜੂਏਟ, ਰਿਸਰਚ ਅਤੇ ਕਮਿਊਨਿਟੀ ਸਟੱਡੀਜ਼ ਵੱਲ ਯਤਨਸ਼ੀਲ ਹੋਵੇਗਾ, ਉਪਰੰਤ ਅੰਡਰ-ਗ੍ਰੈਜੂਏਟ ਅਧਿਐਨ ਲਈ ਵਿਉਂਤਬੰਦੀ ਕਰੇਗਾ।
1960ਵਿਆਂ ਤੋਂ ਹੁਣ ਤੱਕ ਬਹੁਤ ਸਾਰੇ ਵਿਦਵਾਨ ਲੇਖਕਾਂ ਦੀਆਂ ਪ੍ਰਕਾਸ਼ਨਾਵਾਂ ਅਤੇ ਕੁਝ ਮਾਹਰ ਕਲਾਤਮਕ ਉਪਰਾਲਿਆਂ ਸਦਕਾ ਕੁਝ ਵਡਮੁੱਲੀ ਸਮੱਗਰੀ ਉਪਲਬਧ ਹੈ। ਕੁਝ ਖੋਜ ਸਮੱਗਰੀ ਅਣਛਪੀ ਵੀ ਪ੍ਰਾਪਤ ਹੋ ਸਕਦੀ ਹੈ ਅਤੇ ਦੇਸ਼ ਤੋਂ ਵੀ ਮੰਗਵਾਈ ਜਾ ਸਕਦੀ ਹੈ। ਕੁਝ ਕਲਾਕ੍ਰਿਤਾਂ ਅਤੇ ਖੋਜ ਸਹਿਤ ਡਿਜੀਟਲ-ਇੰਟਰਨੈੱਟ ਪਲੇਟਫਾਰਮਾਂ ਤੋਂ ਵੀ ਮਿਲ ਜਾਂਦਾ ਹੈ। ਕੁੱਲ ਮਿਲਾ ਕੇ ਕੇਂਦਰ ਨਾਲ ਸਬੰਧਤ, ਵਧੀਆ ਪੱਧਰ ਦੀ ਰੈਫਰੈਂਸ ਲਾਇਬ੍ਰੇਰੀ ਵੀ ਸਥਾਪਤ ਹੋ ਸਕਦੀ ਹੈ, ਜਿਸ ਤੋਂ ਬਾਹਰਲੇ ਵਿਦਿਆਰਥੀ ਅਤੇ ਖੋਜੀ ਅਧਿਆਪਕ ਲਾਭ ਲੈ ਸਕਦੇ ਹਨ। ਸਿੱਖਾਂ ਅਤੇ ਮੋਟੇ ਤੌਰ 'ਤੇ ਪੰਜਾਬੀਆਂ ਨਾਲ ਸਬੰਧਤ ਅਵਾਸ-ਪ੍ਰਵਾਸ, ਦੇਸ਼ ਦੀ ਵੰਡ ਅਤੇ ਆਜ਼ਾਦੀ ਤੋਂ ਪਹਿਲੇ ਅਤੇ ਬਾਅਦ ਵਾਲੇ ਇਤਿਹਾਸ, ਪੰਜਾਬੀਆਂ ਦੀ ਦੇਸ਼-ਵਿਦੇਸ਼ਾਂ ਵਿਚ ਆਰਥਿਕਤਾ, ਰਾਜਨੀਤੀ, ਸੱਭਿਆਚਾਰ, ਵਿਰਸੇ ਨਵੇਂ ਮੌਕਿਆਂ ਅਤੇ ਵੰਗਾਰਾਂ ਬਾਰੇ ਖੋਜ, ਬਰਤਾਨੀਆ ਵਿਚ ਸਿੱਖਾਂ ਅਤੇ ਪੰਜਾਬੀ ਭਾਈਚਾਰੇ ਦੀ ਸਥਾਪਨਾ ਅਤੇ ਵਿਕਾਸ ਆਦਿ ਵਿਸ਼ਿਆਂ 'ਤੇ ਬਹੁਤ ਸਾਰੀ ਸਮੱਗਰੀ ਪ੍ਰਕਾਸ਼ਿਤ ਹੋ ਚੁੱਕੀ ਹੈ। ਨਸਲਵਾਦ, ਜਾਤੀਵਾਦ, ਮਨੁੱਖੀ ਅਧਿਕਾਰਾਂ, ਸਮਾਜਿਕ ਬਰਾਬਰਤਾ, ਪਰਿਵਾਰਾਂ ਅਤੇ ਸਮੂਹ ਭਾਈਚਾਰੇ ਵਿਚ ਆ ਰਹੀਆਂ ਤਬਦੀਲੀਆਂ ਆਦਿ ਵਿਸ਼ਿਆਂ 'ਤੇ ਵੀ ਖੋਜਾਂ ਹੋ ਰਹੀਆਂ ਹਨ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਕੈਂਬਰਿਜ ਯੂਨੀਵਰਸਿਟੀ ਨਾਲ ਕੁਝ ਸਕਾਲਰਸ਼ਿਪ ਆਧਾਰਿਤ ਵਿੱਦਿਆ ਅਤੇ ਖੋਜ ਦਾ ਪ੍ਰਬੰਧ ਕੀਤਾ ਹੋਇਆ ਹੈ ਪਰ ਜ਼ਰੂਰੀ ਨਹੀਂ ਕਿ ਉਸ ਉਪਰਾਲੇ ਵਿਚ ਬਰਤਾਨੀਆ ਸਥਿਤ ਸਿੱਖ ਅਤੇ ਪੰਜਾਬੀ ਭਾਈਚਾਰੇ ਨਾਲ ਸਬੰਧਤ ਕੋਈ ਪ੍ਰਾਜੈਕਟ ਸ਼ਾਮਿਲ ਹੋਣ। ਬਰਤਾਨੀਆ ਵਿਚ ਹੋਰਨਾਂ ਧਰਮਾਂ ਨਾਲ ਸਬੰਧਤ ਖੋਜ ਅਤੇ ਵਿੱਦਿਆ ਕੇਂਦਰ ਵੀ ਸਥਾਪਤ ਹਨ। ਸਿੱਖਾਂ ਵਲੋਂ ਨਿਰੰਤਰ ਯਤਨ ਵੱਖ-ਵੱਖ ਰੂਪਾਂ ਵਿਚ ਚਲਦੇ ਰਹੇ ਹਨ, ਜਿਨ੍ਹਾਂ ਦਾ ਠੋਸ ਇਤਿਹਾਸ ਹੈ ਪਰ ਹੁਣ ਤੱਕ ਬਾਵਜੂਦ ਸਿਰਕੱਢ ਯੂਨੀਵਰਸਿਟੀਆਂ ਨਾਲ ਤਾਲਮੇਲ ਅਤੇ ਯਤਨਾਂ ਦੇ, ਪਹਿਲਕਦਮੀ ਵੁਲਵਰਹੈਂਪਟਨ ਯੂਨੀਵਰਸਿਟੀ ਨੇ ਕੀਤੀ ਹੈ। ਇਸ ਲੋੜ ਬਾਰੇ ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਮਨਿਸਟਰਾਂ ਤੇ ਸਬੰਧਤ ਕਮੇਟੀ ਨਾਲ ਵੀ ਤਾਲਮੇਲ ਕੀਤਾ ਗਿਆ। ਇਸ ਸਫਲਤਾ ਲਈ ਹੋਰਨਾਂ ਤੋਂ ਇਲਾਵਾ ਵੁਲਵਰਹੈਂਪਟਨ ਯੂਨੀਵਰਸਿਟੀ ਵਿਖੇ ਸਿੱਖ ਅਤੇ ਪੰਜਾਬੀ ਸਟੱਡੀਜ਼ ਦੇ ਕੇਂਦਰ ਦੀ ਸਥਾਪਨਾ ਲਈ ਵਾਈਸ ਚਾਂਸਲਰ ਪ੍ਰੋ: ਜੈਫ਼ ਲੇਅਰ ਅਤੇ ਸੈਂਟਰ ਦੇ ਨਿਯੁਕਤ ਹੋਏ ਡਾਇਰੈਕਟਰ ਡਾ: ਉਪਿੰਦਰਜੀਤ ਕੌਰ ਤੱਖਰ, ਸਮੂਹਿਕ ਮੁਬਾਰਕ ਅਤੇ ਧੰਨਵਾਦ ਦੇ ਪਾਤਰ ਹਨ। 8 ਮਾਰਚ, 2018 ਬਰਤਾਨੀਆ ਦੇ ਸਿੱਖ ਅਤੇ ਪੰਜਾਬੀ ਵਿੱਦਿਅਕ ਇਤਿਹਾਸ ਵਿਚ ਇਕ ਹੋਰ ਵਿਸ਼ੇਸ਼ਤਾ ਵਾਲਾ ਦਿਨ ਬਣ ਗਿਆ, ਜਦ ਵਿਸ਼ੇਸ਼ ਸੱਦੇ 'ਤੇ ਪੁੱਜੀਆਂ ਸ਼ਖ਼ਸੀਅਤਾਂ ਅਤੇ ਪੰਜਾਬੀ ਦੇ ਪ੍ਰਸਿੱਧ ਸੰਗੀਤਕਾਰ ਅਤੇ ਫਿਲਮੀ ਕਲਾਕਾਰ, ਜਿਨ੍ਹਾਂ 'ਬਲੈਕ ਪ੍ਰਿੰਸ' ਵਿਚ ਸ਼ਹਿਜ਼ਾਦਾ ਦਲੀਪ ਸਿੰਘ ਦਾ ਰੋਲ ਅਦਾ ਕੀਤਾ ਸੀ, ਡਾ: ਸਤਿੰਦਰ ਸਿੰਘ ਸਰਤਾਜ ਦੀ ਹਾਜ਼ਰੀ ਵਿਚ ਇਸ ਸੈਂਟਰ ਦਾ ਰਸਮੀ ਉਦਘਾਟਨ ਕੀਤਾ ਗਿਆ। ਸੈਂਟਰ ਪੰਜਾਬ ਅਤੇ ਦਿੱਲੀ ਵਿਚ ਵੀ ਖੋਜ ਤੇ ਵਿੱਦਿਅਕ ਤਾਲਮੇਲ ਬਣਾ ਰਿਹਾ ਹੈ, ਤਾਂ ਕਿ ਇਸ ਦੀਆਂ ਸੇਵਾਵਾਂ ਤੋਂ ਵਿਦਿਆਰਥੀ, ਅਧਿਆਪਕ, ਖੋਜੀ ਅਤੇ ਪ੍ਰਚਾਰਕ ਦੋਹਰੀ ਮਾਨਤਾ ਪ੍ਰਾਪਤ ਕਰ ਸਕਣ।
ਵੱਡੇ ਉਪਰਾਲਿਆਂ ਉਪਰੰਤ ਇੰਗਲੈਂਡ ਦੀ ਮੁੱਖ ਧਾਰਾ ਸਕੂਲੀ ਵਿੱਦਿਆ ਵਿਚ ਹੁਣ ਤੱਕ ਪੰਜਾਬੀਆਂ ਦੇ ਇਕ ਦਰਜਨ ਦੇ ਲਗਪਗ ਪ੍ਰਾਇਮਰੀ ਅਤੇ ਹਾਈ ਸਕੂਲ ਸਥਾਪਤ ਹੋ ਚੁੱਕੇ ਹਨ। ਉਚੇਰੀ ਸਿੱਖਿਆ ਵਿਚ ਪੰਜਾਹ ਦੇ ਕਰੀਬ ਅਧਿਆਪਕ, ਖੋਜੀ, ਫੈਲੋ ਅਤੇ ਕੁਝ ਇਕ ਪ੍ਰੋਫੈਸਰ ਰੁਤਬਿਆਂ ਤੱਕ ਪੁੱਜੇ ਪੰਜਾਬੀ ਪਿਛੋਕੜ ਵਾਲੇ ਵਿਅਕਤੀ, ਵੱਖ-ਵੱਖ ਯੂਨੀਵਰਸਿਟੀਆਂ ਵਿਚ ਕੰਮ ਕਰ ਰਹੇ ਹਨ। ਪੰਜਾਬ ਰਿਸਰਚ ਗਰੁੱਪ, ਇੰਟਰਨੈਸ਼ਨਲ ਸਿੱਖ ਰਿਸਰਚ ਕਾਨਫਰੰਸਾਂ, ਯੂਨੀਵਰਸਿਟੀਆਂ 'ਚ ਸਰਗਰਮ ਸਿੱਖ ਵਿਦਿਆਰਥੀ ਸੁਸਾਇਟੀਆਂ ਅਤੇ ਹੋਰ ਸਰਗਰਮੀਆਂ ਸਾਬਤ ਕਰਦੀਆਂ ਹਨ ਕਿ ਨੌਜਵਾਨ ਲੜਕੀਆਂ ਅਤੇ ਲੜਕੇ, ਚਾਹੇ ਉਹ ਡਾਕਟਰੀ, ਇੰਜੀਨੀਅਰਿੰਗ, ਅਕਾਊਂਟੈਂਸੀ, ਲਾਅ, ਹਿਊਮੈਨਿਟੀਜ਼, ਬਿਜ਼ਨੈਸ, ਰਾਜਨੀਤੀ ਤੇ ਧਰਮ ਜਾਂ ਕੋਈ ਹੋਰ ਵਿਸ਼ਾ ਪੜ੍ਹ ਰਹੇ ਹੋਣ, ਨਾਲ ਸੰਭਵ ਹੋਵੇ ਤਾਂ ਸਿੱਖ ਅਤੇ ਪੰਜਾਬੀ ਸਟੱਡੀਜ਼ ਨਾਲ ਸਬੰਧਤ ਮੌਡਿਊਲ ਪੜ੍ਹਨਾ ਵੀ ਪਸੰਦ ਕਰਦੇ ਹਨ। ਕੁਝ ਖੋਜੀ ਵਿਦਿਆਰਥੀ ਤਾਂ ਪੰਜਾਬੀਅਤ, ਸਿੱਖ ਵਿਰਸੇ, ਵਰਤਮਾਨ ਕੌਮਾਂਤਰੀ ਪ੍ਰਸੰਗ ਵਿਚ ਪੰਜਾਬ ਅਤੇ ਪੰਜਾਬੀਆਂ ਦੇ ਦੇਸ਼-ਵਿਦੇਸ਼ਾਂ ਵਿਚਲੇ ਮਸਲਿਆਂ ਦੇ ਵਰਤਮਾਨ ਅਤੇ ਭਵਿੱਖ, ਉਭਾਰਾਂ, ਚੁਣੌਤੀਆਂ ਬਾਰੇ ਬੜੇ ਸ਼ੌਕ ਨਾਲ ਅਧਿਐਨ ਕਰਦੇ ਹਨ ਪਰ ਉਨ੍ਹਾਂ ਨੇ ਨਾਲ-ਨਾਲ ਰੁਜ਼ਗਾਰ ਦੀਆਂ ਸੰਭਾਵਨਾਵਾਂ ਬਾਰੇ ਵੀ ਖਿਆਲ ਰੱਖਣਾ ਹੁੰਦਾ ਹੈ। ਭਾਰਤ ਸਮੇਤ ਪੰਜਾਬੀ ਵਸੋਂ ਵਾਲੇ ਦੇਸ਼ਾਂ ਦੇ ਸਨਅਤੀ, ਵਪਾਰਕ, ਸੱਭਿਆਚਾਰਕ ਅਤੇ ਸੈਲਾਨੀ ਸਬੰਧਾਂ ਦੇ ਕਾਰਪੋਰੇਟ ਪ੍ਰਸੰਗ ਵਿਚ ਵਧ ਰਹੀਆਂ ਸੰਭਾਵਨਾਵਾਂ ਨਵੇਂ ਆਰਥਿਕ ਮੌਕੇ, ਰੁਜ਼ਗਾਰ ਪੈਦਾ ਕਰ ਰਹੇ ਹਨ। ਇਨ੍ਹਾਂ ਤੋਂ ਵੀ ਪੂਰਾ ਲਾਭ ਲੈਣਾ ਜ਼ਰੂਰੀ ਹੈ।
ਬਰਤਾਨੀਆ ਵਿਚ 1960ਵਿਆਂ ਤੋਂ 2010ਵਿਆਂ ਤੱਕ ਵੱਖ-ਵੱਖ ਰੂਪਾਂ ਵਿਚ ਸਿੱਖ ਅਤੇ ਪੰਜਾਬੀ ਵਿੱਦਿਆ ਦੀ ਪੜ੍ਹਾਈ ਅਤੇ ਅਧਿਐਨ ਦੇ ਵਿਕਾਸ ਬਾਰੇ ਸਰਗਰਮੀਆਂ ਚਲਦੀਆਂ ਰਹੀਆਂ ਹਨ। 2018-19 ਵਿਚਾਲੇ ਸਮੇਤ ਔਕਸਫੋਰਡ ਅਤੇ ਲੰਡਨ ਯੂਨੀਵਰਸਿਟੀਆਂ ਦੇ ਸਿੱਖ ਅਤੇ ਪੰਜਾਬੀ ਸਟੱਡੀਜ਼ ਬਾਰੇ ਤਾਲਮੇਲ ਚਲਦੇ ਰਹੇ ਹਨ। ਬਰਤਾਨੀਆ ਦੇ ਪੰਜਾਬੀ ਅਤੇ ਸਿੱਖ ਹਲਕਿਆਂ ਵਿਚ ਇਹ ਵੱਡੀ ਤਸੱਲੀ ਵਾਲੀ ਘਟਨਾ ਹੈ ਕਿ ਘੱਟੋ-ਘੱਟ ਇਕ ਯੂਨੀਵਰਸਿਟੀ ਨੇ ਪਹਿਲਕਦਮੀ ਕਰਕੇ ਸੈਂਟਰ ਦੀ ਸਥਾਪਨਾ ਕਰ ਦਿੱਤੀ ਹੈ। ਟੈਕਸ ਦਿੰਦੇ ਸ਼ਹਿਰੀਆਂ ਅਤੇ ਉਧਾਰ ਲੈ ਕੇ ਭਾਰੀ ਫੀਸਾਂ ਤਾਰਦੇ ਵਿਦਿਆਰਥੀਆਂ ਦਾ ਹੱਕ ਬਣਦਾ ਹੈ ਕਿ ਉਹ ਆਪਣੀਆਂ ਉਮੀਦਾਂ ਅਤੇ ਲੋੜਾਂ ਅਨੁਸਾਰ ਯੂਨੀਵਰਸਿਟੀਆਂ ਤੋਂ ਵਿੱਦਿਆ ਅਤੇ ਖੋਜ ਸੇਵਾਵਾਂ ਪ੍ਰਾਪਤ ਕਰਨ। 2018 ਦੌਰਾਨ ਹੋ ਰਹੇ ਰਿਵਿਊ ਦੇ ਸੰਦਰਭ ਵਿਚ, ਖਾਸ ਕਰਕੇ ਨੌਜਵਾਨ ਪੀੜ੍ਹੀ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਆਪੋ-ਆਪਣੇ ਵਿਚਾਰ ਹਾਇਰ ਐਜੂਕੇਸ਼ਨ ਮੰਤਰਾਲੇ ਨੂੰ ਭੇਜ ਕੇ ਇਕ ਜ਼ਿੰਮੇਵਾਰੀ ਅਤੇ ਸਾਂਝਾ ਫਰਜ਼ ਨਿਭਾਉਣ ਦੀ ਲੋੜ ਹੈ। ਅਜਿਹੀ ਵਿਵਸਥਾ ਹਰ ਥਾਂ ਲੋੜ ਅਨੁਸਾਰ ਸਥਾਪਤ ਹੋਣੀ ਚਾਹੀਦੀ ਹੈ।


E-mail : sujinder.sangha@gmail.com


ਖ਼ਬਰ ਸ਼ੇਅਰ ਕਰੋ

ਪ੍ਰਾਚੀਨ ਸਤੂਪ ਤੇ ਮੰਦਰਾਂ ਦਾ ਨਗਰ ਸ਼ਰਾਵਸਤੀ

ਪ੍ਰਸਿੱਧ ਤੀਰਥ ਸਥਾਨਾਂ 'ਚੋਂ ਸ਼ਰਾਵਸਤੀ ਬੁੱਧ, ਜੈਨ ਅਤੇ ਹਿੰਦੂਆਂ ਦੁਆਰਾ ਸਮਾਨ ਰੂਪ ਵਿਚ ਪੂਜਣਯੋਗ ਧਾਰਮਿਕ ਸਥਾਨ ਹੈ। ਅਜੋਕੇ ਸਮੇਂ ਵਿਚ ਇਸ ਨੂੰ ਸਹੇਥ-ਮਹੇਥ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ, ਜੋ ਕਿ ਉੱਤਰ ਪ੍ਰਦੇਸ਼ ਦੇ ਗੋਂਡਾ ਅਤੇ ਬਹਿਰਾਈਚ ਜ਼ਿਲ੍ਹੇ ਦੇ ਵਿਚਕਾਰ ਸਥਿਤ ਹੈ। ਸਹੇਥ-ਮਹੇਥ ਖੰਡਰਾਂ ਦੇ ਦੋ ਅਲੱਗ-ਅਲੱਗ ਸਮੂਹ ਹਨ। ਸਹੇਥ ਜੇਤਵਨ ਵਿਹਾਰ ਲਈ ਪ੍ਰਸਿੱਧ ਹੈ ਅਤੇ ਮਹੇਥ ਪ੍ਰਾਚੀਨ ਸ਼ਰਾਵਸਤੀ ਲਈ ਜਾਣਿਆ ਜਾਂਦਾ ਹੈ। ਨਗਰ ਦੀ ਰੂਪ-ਰੇਖਾ ਇਸ ਦੇ ਚਾਰੇ ਪਾਸਿਆਂ ਤੋਂ ਬਣੀ ਹੋੋਈ ਦੀਵਾਰ ਅਤੇ ਦਰਵਾਜ਼ਿਆਂ ਤੋਂ ਸਪੱਸ਼ਟ ਹੁੰਦੀ ਹੈ। ਸ਼ਰਾਵਸਤੀ ਨਗਰ ਦਾ ਜ਼ਿਕਰ ਰਮਾਇਣ ਤੇ ਮਹਾਂਭਾਰਤ ਕੌਸ਼ਲ ਰਾਜ ਦੇ ਸਮੁੰਦ ਰੂਪ ਵਿਚ ਵੀ ਮਿਲਦਾ ਹੈ। ਪੁਰਾਣਾਂ ਵਿਚ ਵੀ ਇਸ ਦਾ ਵਰਨਣ ਕੌਸ਼ਲ ਦੀ ਰਾਜਧਾਨੀ ਦੇ ਰੂਪ ਵਿਚ ਹੁੰਦਾ ਹੈ।
ਸ਼ਰਾਵਸਤੀ ਦਾ ਜ਼ਿਕਰ ਸਭ ਤੋਂ ਪਹਿਲਾਂ ਕਨਿੰਘਮ ਨੇ ਕੀਤਾ। ਉਸ ਨੇ ਸੰਨ 1863 ਈ: ਵਿਚ ਸਹੇਥ-ਮਹੇਥ ਦੇ ਟਿੱਲਿਆਂ ਦੀ ਖੋਜ ਕੀਤੀ ਅਤੇ ਉਸ ਨੂੰ ਜੇਤਵਨ ਅਤੇ ਪ੍ਰਾਚੀਨ ਸ਼ਰਾਵਸਤੀ ਨਗਰ ਨਾਲ ਪਹਿਚਾਣਿਆ। ਇੱਥੇ ਹੀ ਕੁਸ਼ਾਨ ਕਾਲ ਦੀ ਬੋਧੀਸਤਵ ਪ੍ਰਤਿਮਾ ਵੀ ਮਿਲੀ ਹੈ। ਸ਼ਰਾਵਸਤੀ ਨਗਰ ਵਿਚ ਤਕਰੀਬਨ ਹਰੇਕ ਭਾਰਤੀ ਧਰਮ ਸਬੰਧੀ ਕੁਝ ਚਿੰਨ੍ਹ ਮਿਲਦੇ ਹਨ ਪਰ ਜ਼ਿਆਦਤਰ ਖੋਜਾਂ ਤੋਂ ਪਤਾ ਲਗਦਾ ਹੈ ਕਿ ਬੁੱਧ ਧਰਮ ਬਾਰੇ ਵਧੇਰੇ ਜਾਣਕਾਰੀ ਮਿਲਦੀ ਹੈ। ਬਾਅਦ ਵਿਚ ਵਿਦਵਾਨਾਂ ਨੇ ਸਹੇਥ-ਮਹੇਥ ਦੀ ਖੁਦਾਈ ਕਰਕੇ ਕਈ ਸ਼ਿਲਾਲੇਖ ਵੀ ਪ੍ਰਾਪਤ ਕੀਤੇ ਹਨ, ਜੋ ਕਨੌਜ ਦੇ ਮਦਨ ਪਾਲ ਨੇ 1176 ਸੰਮਤ ਵਿਚ ਬਣਾਏ ਸਨ। ਇਨ੍ਹਾਂ ਖੋਜਾਂ ਤੋਂ ਬਾਅਦ ਕੇ.ਕੇ. ਸਿਨਹਾ ਦੀ ਅਗਵਾਈ ਹੇਠ 1959 ਈ: ਵਿਚ ਬਨਾਰਸ ਹਿੰਦੂ ਯੂਨੀਵਰਸਿਟੀ ਵਲੋਂ ਖੋਜ ਕੀਤੀ ਗਈ, ਜਿਸ ਤੋਂ ਪਤਾ ਲੱਗਾ ਕਿ ਇਹ ਛੇਵੀਂ ਸਦੀ ਈਸਾ ਪੂਰਵ ਤੱਕ ਸਿੱਧ ਹੋ ਗਿਆ ਸੀ ਕਿ ਇੱਥੇ ਹੀ ਬਸ ਨਹੀਂ, ਸਗੋਂ ਸਿਨਹਾ ਨੂੰ ਖੁਦਾਈ ਸਮੇਂ ਦਾ ਇੱਟਾਂ ਨਾਲ ਬਣਾਇਆ ਪੁਰਾਤਨ ਨਗਰ ਵੀ ਮਿਲਿਆ, ਜਿਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਹ ਸ਼ਹਿਰ ਕਿਸੇ ਸਮੇਂ ਆਬਾਦ ਹੋਇਆ ਸੀ ਤੇ ਲਗਪਗ ਪੰਜਵੀਂ ਸਦੀ ਵਿਚ ਖੰਡਰ ਹੋ ਗਿਆ ਸੀ। ਫਾਹੀਯਾਨ (405-411) ਜੋ ਚੀਨੀ ਯਾਤਰੀ ਭਾਰਤ ਆਇਆ, ਉਸ ਨੇ ਵੀ ਇਸ ਸਬੰਧੀ ਜ਼ਿਕਰ ਕੀਤਾ। ਕੁਟੱਲਿਆ ਦੇ ਅਰਥ-ਸ਼ਾਸਤਰ ਵਿਚ ਵੀ ਇਸ ਦਾ ਜ਼ਿਕਰ ਮਿਲਦਾ ਹੈ।
ਪਰ ਅਜੋਕੇ ਸਮੇਂ ਵਿਚ ਸ਼ਰਾਵਸਤੀ ਇਕ ਖੰਡਰ ਦੇ ਰੂਪ ਵਿਚ ਵਿਖਾਈ ਦਿੰਦਾ ਹੈ। ਇੱਥੇ ਮਹਾਤਮਾ ਬੁੱਧ ਨੇ ਆਪਣੀ ਜ਼ਿੰਦਗੀ ਦੇ 45 ਵਰ੍ਹੇ ਦੇ ਬਨਵਾਸ ਵਿਚੋਂ 25 ਸਾਲ ਬਿਤਾਏ। ਉਨ੍ਹਾਂ ਆਪਣੇ ਜੀਵਨ ਵਿਚ ਸਭ ਤੋਂ ਵਧੇਰੇ ਉਪਦੇਸ਼ ਵੀ ਇਸੇ ਸਥਾਨ 'ਤੇ ਦਿੱਤੇ, ਜੋ ਤ੍ਰਿਪਿਟਕ ਦੇ ਵਿਨੇਪਿਟਕ ਵਿਚ ਸ਼ਾਮਿਲ ਹਨ। ਮੁਝਿਮ ਨਿਕਾਏ ਦੇ 152 ਸੂਤਰਾਂ ਵਿਚੋਂ 65 ਜੇਤਵਨ ਵਿਚ ਦਿੱਤੇ ਗਏ ਹਨ। ਅਨਾਥ ਪਿੰਡਕ ਨੇ ਰਾਜਕੁਮਾਰ ਜੇਤ ਪਾਸੋਂ ਸਭ ਤੋਂ ਵੱਧ ਸੋਨੇ ਦੀਆਂ ਮੁੱਦਰਾ ਨਾਲ ਜਿਹੜਾ ਜੰਗਲ ਖਰੀਦਿਆ ਸੀ, ਉਹ ਵੀ ਸ਼ਰਾਵਸਤੀ ਵਿਚ ਹੈ। ਕਿਹਾ ਜਾਂਦਾ ਹੈ ਕਿ 18 ਕਰੋੜ ਸੋਨੇ ਦੀਆਂ ਮੁੱਦਰਾ ਖਰੀਦਣ ਅਤੇ ਐਨੀਆਂ ਹੀ ਇਸ ਦੇ ਨਿਰਮਾਣ 'ਤੇ ਲੱਗੀਆਂ। ਇਸੇ ਸਥਾਨ 'ਤੇ ਹੀ ਉਂਗਲੀ ਮਾਲ ਡਾਕੂ ਦੇ ਹਿਰਦੇ ਵਿਚ ਵੀ ਪਰਿਵਰਤਨ ਹੋਇਆ ਸੀ। ਗੁਪਤ ਕਾਲ ਵਿਚ ਸ਼ਰਾਵਸਤੀ ਦਾ ਪਤਨ ਹੋਣਾ ਸ਼ੁਰੂ ਹੋ ਗਿਆ ਸੀ। ਹਰਸ਼ਵਰਧਨ ਤੋਂ (604 ਤੋਂ 645 ਈ:) ਕਾਲ ਦੌਰਾਨ ਹਿਊਂਨਸਾਂਗ ਨੇ ਇੱਥੇ ਬਣੇ ਵਿਹਾਰਾਂ ਨੂੰ ਸਮਾਪਤ ਪਾਇਆ। ਕਿਹਾ ਜਾਂਦਾ ਹੈ ਪਤਨ ਹੋਣ ਦੇ ਕਾਰਨ ਇੱਥੇ ਬਣੇ ਮੰਦਰਾਂ ਨੂੰ ਅਲਾਉਦੀਨ ਖ਼ਿਲਜੀ (1296-1326 ਈ:) ਨੇ ਨਸ਼ਟ ਕਰ ਦਿੱਤਾ ਸੀ। ਪਰ 14 ਸ਼ਤਾਬਦੀ ਤੋਂ ਅੱਜ ਤੱਕ ਦੇ ਇਤਿਹਾਸ ਬਾਰੇ ਸਾਰਾ ਗਿਆਨ ਅਲੋਪ ਹੈ। ਅਜੋਕੇ ਸਮੇਂ ਵਿਚ ਚੀਨੀ ਅਤੇ ਬ੍ਰਹਮੀ ਬੁੱਧਾਂ ਦੁਆਰਾ ਮੰਦਰਾਂ ਅਤੇ ਸਤੂਪਾਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ।
ਅਸੀਂ ਇਹ ਵੀ ਕਹਿ ਸਕਦੇ ਹਾਂ ਕਿ ਸ਼ਰਾਵਸਤੀ ਜੈਨ ਧਰਮ ਲਈ ਇਕ ਤੀਰਥ ਦੇ ਰੂਪ ਵਿਚ ਜਾਣਿਆ ਜਾਂਦਾ ਹੈ, ਕਿਉਂਕਿ ਇੱਥੇ ਤੀਰਥੰਕਰ ਤੀਜੇ ਸੰਭਵਨਾਥ ਨੇ ਗਰਭ, ਜਨਮ, ਤਪ ਅਤੇ ਗਿਆਨ ਪ੍ਰਾਪਤ ਕੀਤਾ ਸੀ ਅਤੇ ਭਗਵਾਨ ਮਹਾਂਵੀਰ ਵੀ ਕਈ ਵਾਰ ਇਸ ਸਥਾਨ 'ਤੇ ਆਏ ਸਨ। ਸ਼ਰਾਵਸਤੀ ਦਾ ਜੈਨ ਪੁਰਾਤੱਤਵ ਉਸ ਦੇ ਫਿਰਕੇ ਨਾਲ ਜੁੜਿਆ ਹੋਇਆ ਹੈ। ਅਸ਼ੋਕ ਨੇ ਮੰਦਰ ਵਿਹਾਰ ਤੇ ਸਤੂਪ ਬਣਾਏ ਸਨ। ਉਸ ਦਾ ਕਾਰਨ ਉਸ ਦੀ ਤੀਜੇ ਤੀਰਥੰਕਰ ਸੰਭਵਨਾਥ ਲਈ ਅਥਾਹ ਸ਼ਰਧਾ-ਭਾਵਨਾ ਸੀ। ਖੁਦਾਈ ਤੋਂ ਮਿਲੀਆਂ ਤਾਮ-ਪੱਤਰ, ਮੂਰਤੀਆਂ, ਮੁੰਦਰਾਵਾਂ ਆਦਿ ਲਖਨਊ ਅਤੇ ਕਲਕੱਤਾ ਵਿਚ ਸੁਸ਼ੋਭਿਤ ਹਨ। ਅਸ਼ੋਕ ਨੇ ਜੈਨ ਧਰਮ ਤੋਂ ਇਲਾਵਾ ਬੁੱਧ ਧਰਮ ਦੀਆਂ ਅਸਥੀਆਂ ਉੱਪਰ ਸਤੂਪ ਬਣਵਾਏ। ਇਹ ਸਮਾਂ ਸ਼ਰਾਵਸਤੀ ਵਿਚ ਮਹੱਤਵਪੂਰਨ ਮੰਨਿਆ ਜਾਂਦਾ ਹੈ।
ਇੱਥੇ ਆਜੀਵੀਕਾਂ ਦਾ ਕਾਫੀ ਪ੍ਰਭਾਵ ਰਿਹਾ ਹੈ। ਉਨ੍ਹਾਂ ਦੇ ਪ੍ਰਮੁੱਖ ਅਚਾਰੀਆ ਮੋਖਲੀ ਗੋਸ਼ਾਲ ਇਸੇ ਸਥਾਨ 'ਤੇ ਜਨਮੇ ਅਤੇ ਸਾਰਾ ਜੀਵਨ ਬਤੀਤ ਕੀਤਾ ਸੀ ਅਤੇ ਆਪਣੇ ਵਚਨਾਂ ਨਾਲ ਸਮਰਥਕਾਂ ਤੋਂ ਜਾਣੂ ਕਰਵਾਇਆ। ਕੁਝ ਖੋਜਾਂ ਤੋਂ ਪਤਾ ਲਗਦਾ ਹੈ ਕਿ ਇੱਥੇ ਪੂਰਨ ਕੱਸ਼ਪ ਅਜੈਵਿਕ ਨੇ ਬੁੱਧ ਦੇ ਧਾਰਮਿਕ ਵਿਵਾਦ ਦੇ ਕਾਰਨ ਆਤਮਹੱਤਿਆ ਕਰ ਲਈ ਸੀ। ਇਸ ਤਰ੍ਹਾਂ ਅਸੀਂ ਇਹ ਕਹਿ ਸਕਦੇ ਹਾਂ ਕਿ ਕੌਸ਼ਲ, ਕੋਸਾਂਭੀ ਅਤੇ ਸ਼ਰਾਵਸਤੀ ਜਨਪਦਾਂ 'ਚੋਂ ਪ੍ਰਾਪਤ ਪੁਰਾਤਨ ਸਮੱਗਰੀ ਦੇ ਨਾਲ ਸਿੱਟਾ ਕੱਢਣਾ ਬੜਾ ਸਹਿਜ ਹੈ ਕਿ ਇਹ ਜਨਪੱਦ ਜੈਨ ਸੰਸਕ੍ਰਿਤੀ, ਬੁੱਧ ਸੰਸਕ੍ਰਿਤੀ ਅਤੇ ਹਿੰਦੂ ਸੰਸਕ੍ਰਿਤੀ ਵਿਚ ਪ੍ਰਮੁੱਖ ਭੁੂਮਿਕਾ ਅਦਾ ਕਰਦੇ ਹਨ। ਇੱਥੇ ਇਨ੍ਹਾਂ ਜਨਪਦਾਂ ਤੋਂ ਮਿਲੀ ਸਮੱਗਰੀ ਦਾ ਉਲੇਖ ਕਰਨਾ ਤਾਂ ਸੰਭਵ ਨਹੀਂ ਸੀ ਪਰ ਜੋ ਵੀ ਵਧੇਰੇ ਮਹੱਤਵਪੂਰਨ ਸਮੱਗਰੀ ਮਿਲੀ ਹੈ, ਉਹ ਅਸੀਂ ਮੁੱਖ ਰੂਪ 'ਚ ਉਸੇ ਆਧਾਰ ਨਾਲ ਦੱਸਣ ਦਾ ਯਤਨ ਕੀਤਾ ਹੈ।


ਅਸਿ: ਪ੍ਰੋਫੈਸਰ, ਮੀਰੀ ਪੀਰੀ ਖਾਲਸਾ ਕਾਲਜ, ਭਦੌੜ। ਮੋਬਾ: 97804-63939

'24ਵੇਂ ਪ੍ਰਗਟਿਓ ਖਾਲਸਾ' ਸਾਲਾਨਾ ਸਮਾਗਮ 'ਤੇ ਵਿਸ਼ੇਸ਼

ਸਿੱਖੀ ਦੇ ਪ੍ਰਚਾਰ ਅਤੇ ਮਾਨਵ ਸੇਵਾ ਦਾ ਕੇਂਦਰ ਗੁਰਦੁਆਰਾ ਸੰਤਸਰ ਸਾਹਿਬ

ਸੰਤ ਬਾਬਾ ਅਤਰ ਸਿੰਘ ਮਸਤੂਆਣਾ ਸਾਹਿਬ ਵਾਲੇ, ਸੰਤ ਕਰਤਾਰ ਸਿੰਘ ਭੈਰੋਂਮਾਜਰੇ ਵਾਲਿਆਂ ਤੋਂ ਇਲਾਵਾ ਹੋਰ ਵੀ ਸੰਤਾਂ-ਮਹਾਂਪੁਰਸ਼ਾਂ ਦੁਆਰਾ ਕੀਤੇ ਬਚਨਾਂ ਤੋਂ ਬਾਅਦ ਸੰਤ ਬਾਬਾ ਸਰੂਪ ਸਿੰਘ ਚੰਡੀਗੜ੍ਹ ਵਾਲਿਆਂ ਨੇ ਗੁਰਦੁਆਰਾ ਸੰਤਸਰ ਸਾਹਿਬ, ਸੈਕਟਰ-38 ਵੈਸਟ ਵਿਖੇ ਅਸਥਾਨ ਦੀ ਕਾਰ ਸੇਵਾ ਆਰੰਭ ਕਰਵਾਈ ਅਤੇ ਇਸ ਦਾ ਨਾਂਅ ਵੀ ਗੁਰਦੁਆਰਾ ਸੰਤਸਰ ਸਾਹਿਬ ਹੀ ਰੱਖਿਆ ਗਿਆ। ਅੱਜ ਸੰਤ ਬਾਬਾ ਸਰੂਪ ਸਿੰਘ ਚੰਡੀਗੜ੍ਹ ਵਾਲਿਆਂ ਦਾ ਇਹ ਅਸਥਾਨ ਇਕ ਸਿੱਖ ਧਰਮ ਦੇ ਪ੍ਰਚਾਰ ਦਾ ਹੀ ਕੇਂਦਰ ਨਹੀਂ ਰਿਹਾ, ਬਲਕਿ ਦੀਨ-ਦੁਖੀਆਂ ਦੀ ਮਦਦ ਅਤੇ ਦੁਖੀ ਮਨੁੱਖਤਾ ਦੀ ਭਲਾਈ ਦਾ ਕੇਂਦਰ ਬਣਦਾ ਜਾ ਰਿਹਾ ਹੈ। ਸਿੱਖੀ ਦੇ ਪ੍ਰਚਾਰ ਅਤੇ ਮਨੁੱਖਤਾ ਦੀ ਭਲਾਈ ਲਈ ਸੰਤਾਂ ਨੇ ਨਾ ਸਿਰਫ ਗੁਰਮਤਿ ਦਾ ਪ੍ਰਚਾਰ ਕੀਤਾ, ਸਗੋਂ ਕਈ ਗੁਰੂ-ਘਰਾਂ ਦਾ ਸੇਵਾ ਕਾਰਜ ਵੀ ਸ਼ੁਰੂ ਕੀਤਾ ਅਤੇ ਦੇਸ਼-ਵਿਦੇਸ਼ 'ਚ ਵੱਖ-ਵੱਖ ਥਾਵਾਂ 'ਤੇ ਗੁਰੂ-ਘਰਾਂ ਦੀ ਸਥਾਪਨਾ ਕਰਵਾਈ ਅਤੇ ਸੇਵਾਵਾਂ ਲਗਾਤਾਰ ਚੱਲ ਰਹੀਆਂ ਹਨ। ਸੰਤਾਂ ਵਲੋਂ ਸਮਾਜ ਸੇਵਾ ਦੇ ਕੀਤੇ ਜਾ ਰਹੇ ਕਾਰਜਾਂ ਦੀ ਲੜੀ ਤਹਿਤ ਹਰ ਸਾਲ ਲੋੜਵੰਦ ਪਰਿਵਾਰਾਂ ਦੇ ਵਿਆਹ ਸਮਾਗਮ ਕਰਵਾਏ ਜਾ ਰਹੇ ਹਨ ਅਤੇ ਸਾਮਾਨ ਵੀ ਦਿੱਤਾ ਜਾਂਦਾ ਹੈ, ਤਾਂ ਜੋ ਉਹ ਆਪਣੇ ਵਿਆਹੁਤਾ ਜੀਵਨ ਦੀ ਨਵੀਂ ਸ਼ੁਰੂਆਤ ਕਰ ਸਕਣ।
ਗੁਰਦੁਆਰਾ ਸੰਤਸਰ ਸਾਹਿਬ, ਸੈਕਟਰ-38 ਵੈਸਟ ਚੰਡੀਗੜ੍ਹ ਵਿਖੇ ਸੰਤ ਬਾਬਾ ਸਰੂਪ ਸਿੰਘ ਚੰਡੀਗੜ੍ਹ ਵਾਲਿਆਂ ਦੀ ਯੋਗ ਅਗਵਾਈ ਵਿਚ ਬਿਰਧ ਆਸ਼ਰਮ, ਯਤੀਮ ਆਸ਼ਰਮ, ਸਕੂਲ, ਚੈਰੀਟੇਬਲ ਹਸਪਤਾਲ, ਯਾਤਰੀ ਨਿਵਾਸ, 24 ਘੰਟੇ ਲੰਗਰ, ਲਾਇਬ੍ਰੇਰੀ ਅਤੇ ਡਿਸਪੈਂਸਰੀ ਆਦਿ ਦੀਆਂ ਸੇਵਾਵਾਂ ਚੱਲ ਰਹੀਆਂ ਹਨ। ਹੁਸ਼ਿਆਰਪੁਰ ਵਿਖੇ ਇਕ ਵੱਡਾ ਹਸਪਤਾਲ ਸੰਗਤ ਦੀ ਸੇਵਾ ਲਈ ਚੈਰੀਟੇਬਲ ਸਹਾਇਤਾ ਪ੍ਰਦਾਨ ਕਰ ਰਿਹਾ ਹੈ। ਇਸ ਤੋਂ ਇਲਾਵਾ 1336 ਵਾਰ ਅੰਮ੍ਰਿਤ ਸੰਚਾਰ ਕਰਵਾ ਕੇ ਵੱਡੀ ਗਿਣਤੀ ਵਿਚ ਸੰਗਤ ਨੂੰ ਅਮ੍ਰਿਤ ਛਕਾਇਆ ਗਿਆ। ਹਰ ਸਾਲ ਜਿਥੇ ਸੰਤਾਂ ਵਲੋਂ ਉਪਰਾਲਾ ਕੀਤਾ ਜਾਂਦਾ ਹੈ ਅਤੇ ਵਿਸ਼ਾਲ ਅੱਖਾਂ ਦਾ ਕੈਂਪ ਲਾ ਕੇ ਮੁਫਤ ਆਪ੍ਰੇਸ਼ਨ ਕਰਵਾਏ ਜਾ ਰਹੇ ਹਨ, ਉਥੇ ਲੋੜਵੰਦਾਂ ਦੀ ਮਦਦ ਵੀ ਕੀਤੀ ਜਾ ਰਹੀ ਹੈ। ਮਨੁੱਖਤਾ ਦੀ ਭਲਾਈ ਲਈ ਖੂਨਦਾਨ ਕੈਂਪ ਲਾਏ ਜਾ ਰਹੇ ਹਨ ਅਤੇ ਮੁਫਤ ਮੈਡੀਕਲ ਜਾਂਚ ਕੈਂਪਾਂ 'ਚ ਹਜ਼ਾਰਾਂ ਲੋਕ ਆਪਣੀ ਸਿਹਤ ਦੀ ਜਾਂਚ ਕਰਵਾ ਕੇ ਲਾਹਾ ਪ੍ਰਾਪਤ ਕਰਦੇ ਹਨ। ਭਾਈ ਗੁਰਪ੍ਰੀਤ ਸਿੰਘ ਚੰਡੀਗੜ੍ਹ ਵਾਲਿਆਂ ਨੇ ਦੱਸਿਆ ਕਿ ਸੰਤਾਂ ਵਲੋਂ ਗੁਰਦੁਆਰਾ ਸੰਤਸਰ ਸਾਹਿਬ ਵਿਖੇ ਜਿਥੇ ਸ਼ਬਦ ਗੁਰੂ ਦੇ ਪ੍ਰਚਾਰ ਲਈ ਕਾਰਜ ਕੀਤੇ ਜਾ ਰਹੇ ਹਨ, ਉਥੇ ਸਮਾਜ ਭਲਾਈ ਦੇ ਕਾਰਜ ਕਰ ਕੇ ਲੋੜਵੰਦਾਂ ਦੀ ਮਦਦ ਕੀਤੀ ਜਾ ਰਹੀ ਹੈ। ਗੁਰਦੁਆਰਾ ਸੰਤਸਰ ਸਾਹਿਬ, ਸੈਕਟਰ-38 ਵੈਸਟ ਚੰਡੀਗੜ੍ਹ ਵਿਖੇ '24ਵਾਂ ਪ੍ਰਗਟਿਓ ਖਾਲਸਾ'ਦੇ ਸਬੰਧ 'ਚ ਸਾਲਾਨਾ ਗੁਰਮਤਿ ਸਮਾਗਮ 1 ਤੋਂ8 ਅਪ੍ਰੈਲ, 2018 ਨੂੰ ਧਰਮ ਦੇ ਪ੍ਰਚਾਰਕ ਸੰਤ ਸਰੂਪ ਸਿੰਘ ਚੰਡੀਗੜ੍ਹ ਵਾਲਿਆਂ ਦੀ ਅਗਵਾਈ ਵਿਚ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਭਾਈ ਗੁਰਪ੍ਰੀਤ ਸਿੰਘ ਸੰਤਸਰ ਵਾਲਿਆਂ ਨੇ ਦੱਸਿਆ ਕਿ ਇਨ੍ਹਾਂ ਸਮਾਗਮਾਂ ਵਿਚ1 ਤੋਂ 5 ਅਪ੍ਰੈਲ ਤੱਕ ਰੋਜ਼ਾਨਾ ਦੁਪਹਿਰ 3 ਵਜੇ ਤੋਂ ਸ਼ਾਮ 5 ਵਜੇ ਤੱਕ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਹੋਣਗੇ ਅਤੇ ਸ਼ਾਮ 7 ਤੋਂ ਰਾਤ 9 ਵਜੇ ਤੱਕ ਮਹਾਨ ਗੁਰਮਤਿ ਸਮਾਗਮ ਕਰਵਾਏ ਜਾਣਗੇ। ਇਸ ਦੌਰਾਨ 6 ਅਪ੍ਰੈਲ ਨੂੰ ਵਿਸ਼ਾਲ ਗੁਰਮਤਿ ਸ਼ਾਮ 4 ਵਜੇ ਤੋਂ ਰਾਤ 11 ਵਜੇ ਤੱਕ, 6 ਅਪ੍ਰੈਲ ਨੂੰ ਸਵੇਰੇ 9 ਵਜੇ 51 ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ ਅਤੇ 8 ਅਪ੍ਰੈਲ ਨੂੰ ਸਵੇਰੇ 11 ਵਜੇ ਭੋਗ ਪਾਏ ਜਾਣਗੇ , 7 ਅਪ੍ਰੈਲ ਨੂੰ ਮਹਾਨ ਸੰਤ ਦਰਬਾਰ ਸ਼ਾਮ 4 ਤੋਂ ਰਾਤ 11 ਵਜੇ ਤੱਕ, 8 ਅਪ੍ਰੈਲ ਨੂੰ ਮਹਾਨ ਗੁਰਮਤਿ ਸਮਾਗਮ ਦੌਰਾਨ ਸਮਾਪਤੀ ਕੀਤੀ ਜਾਵੇਗੀ। ਇਸ ਸਮਾਗਮ ਵਿਚ ਪੰਥ ਦੀਆਂ ਮਹਾਨ ਸ਼ਖ਼ਸੀਅਤਾਂ ਸ਼ਿਰਕਤ ਕਰਨਗੀਆਂ। ਸਮਾਗਮ ਦੌਰਾਨ ਅੱਖਾਂ ਦਾ ਮੁਫਤ ਕੈਂਪ 6 ਅਪ੍ਰੈਲ ਨੂੰ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ, 7 ਅਪ੍ਰੈਲ ਨੂੰ ਦਸਤਾਰਬੰਦੀ ਮੁਕਾਬਲਾ ਦੁਪਹਿਰ 12 ਵਜੇ, ਪ੍ਰਸ਼ਨ ਮੁਕਾਬਲੇ 7 ਅਪ੍ਰੈਲ ਨੂੰ ਦੁਪਹਿਰ 2 ਵਜੇ, ਖੂਨਦਾਨ ਕੈਂਪ 8 ਅਪ੍ਰੈਲ ਨੂੰ ਸਵੇਰੇ 10 ਵਜੇ ਤੇ ਅੰਮ੍ਰਿਤ ਸੰਚਾਰ 7 ਅਪ੍ਰੈਲ ਨੂੰ ਸਵੇਰੇ 11 ਵਜੇ ਕਰਵਾਇਆ ਜਾ ਰਿਹਾ ਹੈ। ਸਮੁੱਚੀ ਸੰਗਤ ਦੇ ਆਉਣ ਅਤੇ ਜਾਣ ਲਈ ਅਸਥਾਨ ਵਲੋਂ ਮੁਫਤ ਬੱਸਾਂ ਦਾ ਪ੍ਰਬੰਧ ਕੀਤਾ ਗਿਆ ਹੈ।


-ਮੁਹਾਲੀ। ਮੋਬਾ: 98157-07865

ਮਹਾਰਾਜਾ ਨੌਨਿਹਾਲ ਸਿੰਘ ਜੋਤਸ਼ੀਆਂ ਤੇ ਚਾਪਲੂਸਾਂ ਵਿਚ ਘਿਰ ਗਿਆ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਧਰਮ ਤੇ ਵਿਰਸਾ ਅੰਕ ਦੇਖੋ)
ਫਿਰ ਵੀ ਵਾਪਸੀ ਉੱਪਰ ਅੰਗਰੇਜ਼ੀ ਫੌਜ ਦਾ ਕਮਾਂਡਰ ਲਾਰਡ ਕੀਨੇ ਲਾਹੌਰ ਆਇਆ ਤੇ ਮਹਾਰਾਜਾ ਨੌਨਿਹਾਲ ਸਿੰਘ ਦੇ ਸਾਹਮਣੇ ਪੇਸ਼ ਹੋ ਕੇ ਅੰਗਰੇਜ਼ਾਂ ਦੀ ਅਫ਼ਗਾਨ ਮੁਹਿੰਮ ਵਿਚ ਪੰਜਾਬ ਦੀ ਹਕੂਮਤ ਦੀ ਮਦਦ ਵਾਸਤੇ ਉਸ ਦਾ ਧੰਨਵਾਦ ਕੀਤਾ। ਉਸ ਨੂੰ ਤਰੀਕੇ ਨਾਲ ਦੱਸ ਦਿੱਤਾ ਗਿਆ ਸੀ ਕਿ ਉਹ ਆਪਣੀ ਹਕੂਮਤ ਨੂੰ ਅਗਾਹ ਕਰੇ ਕਿ ਕਰਨਲ ਵਾਡੇ ਵਲੋਂ ਮਹਾਰਾਜਾ ਖੜਕ ਸਿੰਘ ਦੀ ਮਦਦ ਜਾਰੀ ਰੱਖਣਾ ਇਸ ਦਰਬਾਰ ਦੇ ਵਜ਼ੀਰਾਂ ਨੂੰ ਪਸੰਦ ਨਹੀਂ ਹੈ। ਕੁਝ ਹਫ਼ਤੇ ਬਾਅਦ ਕਰਨਲ ਵਾਡੇ ਖੁਦ ਅਫ਼ਗਾਨਿਸਤਾਨ ਤੋਂ ਵਾਪਸ ਆਉਂਦਾ ਹੋਇਆ ਲਾਹੌਰ ਵਿਚ ਰੁਕਿਆ ਤਾਂ ਉਸ ਨੂੰ ਮਹਾਰਾਜਾ ਨਾਲ ਮਿਲਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਮਹਾਰਾਜਾ ਨੌਨਿਹਾਲ ਸਿੰਘ ਦੀ ਹਕੂਮਤ ਨੂੰ ਅੰਗਰੇਜ਼ਾਂ ਵਲੋਂ ਮਾਨਤਾ ਦੀ ਝਿਜਕ ਨਾਲ ਸ਼ਹਿਜ਼ਾਦੇ ਦੇ ਮਨ ਵਿਚ ਸ਼ੰਕੇ ਪੈਦਾ ਹੋ ਗਏ ਸਨ। ਬਾਅਦ ਵਿਚ ਅਜਿਹੇ ਸ਼ੰਕੇ ਦੋਵੇਂ ਪਾਸਿਓਂ ਪੈਦਾ ਹੋ ਗਏ ਸਨ। ਮਹਾਰਾਜਾ ਨੌਨਿਹਾਲ ਸਿੰਘ ਦਾ ਦੋਸਤ ਮੁਹੰਮਦ ਨੂੰ ਲਿਖਿਆ ਖ਼ਤ ਕਿ ਦੋਵੇਂ ਤਾਕਤਾਂ ਮਿਲ ਕੇ ਅੰਗਰੇਜ਼ਾਂ ਦਾ ਮੁਕਾਬਲਾ ਕਰਨ, ਕਲਕੱਤੇ ਪਹੁੰਚ ਗਿਆ ਸੀ। ਜਦੋਂ ਗੱਲ ਖੁੱਲ੍ਹੀ ਤਾਂ ਮਹਾਰਾਜਾ ਨੌਨਿਹਾਲ ਸਿੰਘ ਨੇ ਇਸ ਖਤ ਨੂੰ ਜਾਅਲੀ ਦੱਸਿਆ। ਇਸ ਦੇ ਨਾਲ ਹੀ ਮਹਾਰਾਜਾ ਨੂੰ ਸਮਝ ਆ ਗਈ ਸੀ ਕਿ ਸਾਰਾ ਭਰੋਸਾ ਅੰਗਰੇਜ਼ਾਂ 'ਤੇ ਨਹੀਂ ਕੀਤਾ ਜਾ ਸਕਦਾ।
ਪੰਜਾਬੀ ਅਖ਼ਬਾਰ ਨੇ ਰਿਪੋਰਟ ਕੀਤੀ ਕਿ ਕੈਪਟਨ ਲਾਰੈਂਸ ਰਾਤ-ਦਿਨ ਇਕ ਕਰਕੇ ਫਿਰੋਜ਼ਪੁਰ ਦੇ ਕਿਲ੍ਹੇ ਨੂੰ ਮਜ਼ਬੂਤ ਕਰਨ ਉੱਪਰ ਲੱਗਾ ਹੋਇਆ ਹੈ। ਸਰਦਾਰਾਂ ਨੇ ਰਾਏ ਦਿੱਤੀ ਕਿ ਸਾਨੂੰ ਵੀ ਕਸੂਰ ਦਾ ਕਿਲ੍ਹਾ ਮਜ਼ਬੂਤ ਕਰਨਾ ਚਾਹੀਦਾ ਹੈ। ਉਧਰ ਅੰਗਰੇਜ਼ਾਂ ਦੇ ਇਤਰਾਜ਼ ਦੇ ਬਾਵਜੂਦ ਮਹਾਰਾਜਾ ਨੌਨਿਹਾਲ ਸਿੰਘ ਨੇ ਇਕ ਗੋਰਖਾ ਜਰਨੈਲ ਮਾਤਾਬਰ ਸਿੰਘ ਨੂੰ ਲਾਹੌਰ ਵਿਚ ਰੱਖਿਆ, ਜੋ ਅੰਗਰੇਜ਼ਾਂ ਦਾ ਜਾਣਿਆ ਵਿਰੋਧੀ ਸੀ। ਇਸ ਤੋਂ ਬਾਅਦ ਅੰਗਰੇਜ਼ ਗਵਰਨਰ ਜਨਰਲ ਨੇ ਮਹਿਸੂਸ ਕੀਤਾ ਕਿ ਲਾਹੌਰ ਦਰਬਾਰ ਨੂੰ ਦਬਾਅ ਕੇ ਨਹੀਂ ਰੱਖਿਆ ਜਾ ਸਕਦਾ। ਉਸ ਨੇ ਅਪ੍ਰੈਲ, 1840 ਨੂੰ ਕਰਨਲ ਵਾਡੇ ਨੂੰ ਹਟਾ ਦਿੱਤਾ ਤੇ ਉਸ ਦੀ ਜਗ੍ਹਾ ਮਿਸਟਰ ਕਲੇਰਕ ਨੂੰ ਨਾਮਜ਼ਦ ਕੀਤਾ, ਜੋ ਲਾਹੌਰ ਦਰਬਾਰ ਨੂੰ ਮਨਜ਼ੂਰ ਸੀ। ਹੁਣ ਨੌਨਿਹਾਲ ਸਿੰਘ ਆਪਣੇ ਹੋਰਨਾਂ ਕੰਮਾਂ ਵੱਲ ਧਿਆਨ ਦੇ ਸਕਦਾ ਸੀ, ਜਿਨ੍ਹਾਂ ਵਿਚੋਂ ਸਭ ਤੋਂ ਜ਼ਰੂਰੀ ਡੋਗਰਾ ਭਰਾਵਾਂ ਨੂੰ ਆਪਣੀ ਸੀਮਾ ਵਿਚ ਰੱਖਣਾ ਸੀ।
ਮਈ, 1840 ਵਿਚ ਜ਼ੋਰਾਵਰ ਸਿੰਘ ਨੇ ਲੱਦਾਖ ਦੇ ਇਸਕਾਰਦੂ ਤੋਂ ਇਤਲਾਹ ਭੇਜੀ ਕਿ ਇਥੋਂ ਦੇ ਲੋਕਾਂ ਵਿਚ ਅਹਿਮਦ ਸ਼ਾਹ ਦੀ ਹਕੂਮਤ ਦੇ ਖਿਲਾਫ਼ ਵੱਡਾ ਰੋਸ ਹੈ ਤੇ ਉਸ ਨੇ ਉਸ ਦੇ ਪੁੱਤਰ ਮੁਹੰਮਦ ਸ਼ਾਹ ਦੀ ਮਦਦ ਕਰ ਕੇ ਉਸ ਨੂੰ ਤਖ਼ਤ ਉੱਪਰ ਬਿਠਾ ਦਿੱਤਾ ਹੈ। ਨੌਨਿਹਾਲ ਸਿੰਘ ਨਹੀਂ ਚਾਹੁੰਦਾ ਸੀ ਕਿ ਉਸ ਛੋਟੇ ਤਿੱਬਤ ਵਿਚ ਜ਼ੋਰਾਵਰ ਸਿੰਘ ਹਾਕਮ ਬਣਾਉਣ ਵਾਲਾ ਯਾਨੀ 'ਕਿੰਗਮੇਕਰ' ਬਣ ਜਾਵੇ। ਉਸ ਨੇ ਹੁਕਮ ਜਾਰੀ ਕੀਤਾ ਕਿ ਅਹਿਮਦ ਸ਼ਾਹ ਨੂੰ ਇਸ ਸ਼ਰਤ ਉੱਪਰ ਬਹਾਲ ਕਰ ਦਿੱਤਾ ਜਾਵੇ ਕਿ ਉਹ ਲਾਹੌਰ ਦਰਬਾਰ ਨੂੰ ਨਜ਼ਰਾਨਾ ਭੇਜਦਾ ਰਹੇਗਾ। ਜ਼ੋਰਾਵਰ ਸਿੰਘ ਨੇ ਇਹ ਇਤਲਾਹ ਆਪਣੇ ਰਹਿਨੁਮਾ ਗੁਲਾਬ ਸਿੰਘ ਡੋਗਰਾ ਨੂੰ ਦੇ ਦਿੱਤੀ ਤੇ ਉਨ੍ਹਾਂ ਦੋਵਾਂ ਨੇ ਮਿਲ ਕੇ ਇਕ ਰਸਤਾ ਬਣਾ ਲਿਆ ਕਿ ਮਹਾਰਾਜ ਦੀ ਖੁੱਲ੍ਹੀ ਹੁਕਮ ਅਦੂਲੀ ਤੋਂ ਬਿਨਾਂ ਹੀ ਆਪਣੀ ਮਰਜ਼ੀ ਦਾ ਕੰਮ ਕਰ ਲਿਆ ਜਾਵੇ।
ਮਹਾਰਾਜਾ ਨੌਨਿਹਾਲ ਸਿੰਘ ਮਹਿਸੂਸ ਕਰ ਰਿਹਾ ਸੀ ਕਿ ਡੋਗਰਾ ਭਰਾ ਹਿਸਾਬ ਤੋਂ ਵੱਧ ਤਾਕਤਵਰ ਹੋਈ ਜਾ ਰਹੇ ਹਨ। ਉਨ੍ਹਾਂ ਕੋਲ ਨਮਕ ਦੀਆਂ ਖਾਨਾਂ ਸਨ, ਜਿਨ੍ਹਾਂ ਦਾ ਉਹ ਭਰਪੂਰ ਲਾਭ ਪ੍ਰਾਪਤ ਕਰਦੇ ਸਨ। ਸ਼ਹਿਜ਼ਾਦੇ ਨੇ ਆਪਣੀ ਖਾਹਿਸ਼ ਜ਼ਾਹਿਰ ਕੀਤੀ ਕਿ ਨਮਕ ਦੀਆਂ ਖਾਨਾਂ ਨੂੰ ਸਰਕਾਰੀ ਕਬਜ਼ੇ ਵਿਚ ਲੈ ਲਿਆ ਜਾਵੇ ਤਾਂ ਜੋ ਲੋਕਾਂ ਨੂੰ ਸਸਤਾ ਨਮਕ ਪ੍ਰਾਪਤ ਹੋ ਸਕੇ। ਇਸ ਤੋਂ ਪਹਿਲਾਂ ਕਿ ਨੌਨਿਹਾਲ ਸਿੰਘ ਨਮਕ ਦੀ ਇਜ਼ਾਰੇਦਾਰੀ ਨੂੰ ਹੱਥ ਪਾਵੇ, ਡੋਗਰਿਆਂ ਨੇ ਆਪਣੇ ਪਹਾੜੀ ਪੜੋਸੀ ਮੰਡੀ ਦੇ ਬਲਬੀਰ ਸੈਨ ਨੂੰ ਬਗਾਵਤ ਦਾ ਸੱਦਾ ਦਿੱਤਾ। ਮਹਾਰਾਜਾ ਨੌਨਿਹਾਲ ਸਿੰਘ ਨੇ ਸੰਧਾਵਾਲੀਏ ਤੇ ਵੈਨਤੂਰਾ ਨੂੰ ਪਹਾੜੀ ਰਾਜਪੂਤ ਨੂੰ ਦਰੁਸਤ ਕਰਨ ਵਾਸਤੇ ਭੇਜਿਆ, ਜਿਹੜੇ ਦੋਵੇਂ ਹੀ ਡੋਗਰਾ ਭਰਾਵਾਂ ਦੇ ਵਿਰੁੱਧ ਸਨ। ਦਰਬਾਰ ਦੀਆਂ ਫੌਜਾਂ ਨੇ ਪਹਾੜੀ ਰਾਜਿਆਂ ਨੂੰ ਹਰਾ ਦਿੱਤਾ ਤੇ ਕਿਲ੍ਹਿਆਂ ਉੱਪਰ ਕਬਜ਼ਾ ਕਰ ਲਿਆ। ਬਲਬੀਰ ਸੈਨ ਨੂੰ ਕੈਦੀ ਬਣਾ ਕੇ ਅੰਮ੍ਰਿਤਸਰ ਦੇ ਗੋਬਿੰਦਗੜ੍ਹ ਕਿਲ੍ਹੇ ਵਿਚ ਕੈਦ ਕਰ ਲਿਆ। ਵੈਨਤੂਰਾ ਨੇ ਪਹਾੜਾਂ ਵਿਚ ਬਹੁਤ ਜਗ੍ਹਾ ਪੁਲਿਸ ਥਾਣੇ ਵੀ ਕਾਇਮ ਕਰ ਦਿੱਤੇ। ਮਹਾਰਾਜਾ ਦੀ ਹਦਾਇਤ ਮੁਤਾਬਿਕ ਉਸ ਨੇ ਛੋਟੇ ਰਾਜਿਆਂ ਵਲੋਂ ਆਪਣੀ ਮਰਜ਼ੀ ਦੇ ਟੈਕਸ ਲਾਉਣ ਦੀ ਮਨਾਹੀ ਕਰ ਦਿੱਤੀ। ਔਰਤਾਂ ਤੇ ਬੱਚਿਆਂ ਨੂੰ ਵੇਚਣ ਉੱਪਰ ਵੀ ਪਾਬੰਦੀ ਲਗਾ ਦਿੱਤੀ ਗਈ, ਜਿਸ ਦਾ ਉਦੋਂ ਇਨ੍ਹਾਂ ਪਹਾੜਾਂ ਵਿਚ ਰਿਵਾਜ ਸੀ। ਇਸ ਤਰ੍ਹਾਂ ਇਕ ਵਾਰ ਵੈਨਤੂਰਾ ਨੇ ਡੋਗਰਾ ਭਰਾਵਾਂ ਦੀ ਚਾਲ ਨੂੰ ਵੀ ਬਰੇਕਾਂ ਲਗਾ ਦਿੱਤੀਆਂ।
1840 ਦੀਆਂ ਗਰਮੀਆਂ ਵਿਚ ਲਾਹੌਰ ਦੇ ਕਿਲ੍ਹੇ ਦੀਆਂ ਤੋਪਾਂ ਸ਼ਾਹੀ ਫੌਜਾਂ ਦੀਆਂ ਜਿੱਤਾਂ ਦੇ ਜਸ਼ਨਾਂ ਵਜੋਂ ਗੋਲੇ ਦਾਗਣ ਵਿਚ ਰੁੱਝ ਗਈਆਂ। ਲੋਕਾਂ ਨੂੰ ਮਹਿਸੂਸ ਹੋਣ ਲੱਗਾ ਕਿ ਰਾਜ ਦੀ ਬੀਤੀ ਸ਼ਾਨ ਵਾਪਸ ਆ ਗਈ ਹੈ।
ਪਰ ਗਰਮੀਆਂ ਦੀਆਂ ਇਹ ਜਿੱਤਾਂ ਬੁਝਦੇ ਦੀਵੇ ਦੀ ਝਮਕਦੀ ਲੋਅ ਵਰਗੀਆਂ ਸਾਬਤ ਹੋਈਆਂ। ਬੁਰਾਈ ਉੱਪਰੋਂ ਸ਼ੁਰੂ ਹੋਈ ਤੇ ਸਾਰੇ ਸਰੀਰ ਵਿਚ ਹੇਠਾਂ ਤੱਕ ਫੈਲਦੀ ਗਈ। ਮਹਾਰਾਜਾ ਖੜਕ ਸਿੰਘ ਜੋ ਹੁਣ ਬਿਲਕੁਲ ਨਕਾਰਾ ਕਰ ਦਿੱਤਾ ਗਿਆ ਸੀ, ਬਹੁਤ ਜ਼ਿਆਦਾ ਸ਼ਰਾਬ ਪੀਣ ਲੱਗ ਪਿਆ ਤੇ ਅਫੀਮ ਵੀ ਬਹੁਤ ਵਧ ਗਈ ਸੀ। ਮਹਾਰਾਜਾ ਨੌਨਿਹਾਲ ਸਿੰਘ ਵੀ ਲੋੜ ਤੋਂ ਵੱਧ ਸ਼ਰਾਬ ਪੀਣ ਲੱਗ ਪਿਆ। ਮੰਡੀ ਦੀ ਜਿੱਤ ਨੇ ਉਸ ਦਾ ਘੁਮੰਡ ਵਧਾ ਦਿੱਤਾ ਸੀ। ਉਹ ਜੋਤਸ਼ੀਆਂ ਤੇ ਚਾਪਲੂਸਾਂ ਵਿਚ ਘਿਰਿਆ ਰਹਿਣ ਲੱਗ ਪਿਆ, ਜੋ ਭਵਿੱਖਬਾਣੀ ਕਰਦੇ ਸਨ ਕਿ ਉਹ ਇਕ ਦਿਨ ਕਾਬਲ ਤੋਂ ਲੈ ਕੇ ਗੰਗਾ ਦਰਿਆ ਤੱਕ ਦੇ ਇਲਾਕੇ ਦਾ ਬਾਦਸ਼ਾਹ ਬਣੇਗਾ। ਸ਼ਹਿਜ਼ਾਦਾ ਇਨ੍ਹਾਂ ਸੁਪਨਿਆਂ ਵਿਚ ਖੋਹ ਜਾਣ ਨੂੰ ਬਹੁਤ ਪਸੰਦ ਕਰਦਾ ਸੀ।
(ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)

ਗੁਰਮੁਖੀ ਲਿਪੀ ਦੀ ਸਰਹੱਦ ਪਾਰ ਦਸਤਕ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਧਰਮ ਤੇ ਵਿਰਸਾ ਅੰਕ ਦੇਖੋ)
ਮੌਜੂਦਾ ਸਮੇਂ ਇਹ ਭਾਈ ਜੋਗਾ ਸਿੰਘ ਖ਼ਾਲਸਾ ਧਾਰਮਿਕ ਸਕੂਲ ਪੇਸ਼ਾਵਰੀ ਸਿੱਖਾਂ ਦੀ ਘੁੱਗ-ਵਸਦੀ ਆਬਾਦੀ ਅਤੇ ਮੁਹੱਲਾ ਜੋਗਣ ਸ਼ਾਹ ਦੀਆਂ ਤੰਗ ਗਲੀਆਂ ਵਿਚ ਮੌਜੂਦ ਹੈ। ਪੇਸ਼ਾਵਰ ਲਾਰੀ ਅੱਡੇ ਤੋਂ ਮੁਹੱਲਾ ਜੋਗਣ ਸ਼ਾਹ ਤੱਕ ਆਟੋ-ਰਿਕਸ਼ਾ ਆਮ ਮਿਲ ਜਾਂਦੇ ਹਨ ਪਰ ਅਗਾਂਹ ਗਲੀਆਂ ਤੰਗ ਹੋਣ ਕਰਕੇ ਗੁਰਦੁਆਰਾ ਸਾਹਿਬ ਤੱਕ ਪੈਦਲ ਹੀ ਜਾਣਾ ਪੈਂਦਾ ਹੈ। ਇਸ ਕਰੀਬ 3000 ਦੀ ਸਿੱਖ ਆਬਾਦੀ ਵਾਲੇ ਇਲਾਕੇ ਵਿਚ ਇਕ ਹੋਰ ਗੁਰਮੁਖੀ ਸਕੂਲ ਗੁਰੂ ਅੰਗਦ ਦੇਵ ਜੀ ਖ਼ਾਲਸਾ ਧਾਰਮਿਕ ਸਕੂਲ ਸਾਲ 1996 ਤੋਂ ਆਪਣੀਆਂ ਸੇਵਾਵਾਂ ਦੇ ਰਿਹਾ ਹੈ। ਇਥੇ ਅਧਿਆਪਕਾਂ ਵਲੋਂ ਵਿਦਿਆਰਥੀਆਂ ਨੂੰ ਧਾਰਮਿਕ ਤੇ ਗੁਰਮੁਖੀ ਲਿਪੀ ਦੀ ਸਿੱਖਿਆ ਦਿੱਤੀ ਜਾ ਰਹੀ ਹੈ।
ਸਾਲ 1992 ਤੋਂ ਬਾਅਦ ਸਵਾਤ ਘਾਟੀ, ਪੇਸ਼ਾਵਰ ਅਤੇ ਖੈਬਰ ਪਖ਼ਤੂਨਖਵਾ (ਨਾਰਥ ਵੈਸਟ ਫਰੰਟੀਅਰ ਪੋਸਟ) ਦੇ ਕਬਾਇਲੀ ਇਲਾਕਿਆਂ ਵਿਚ ਤਾਲਿਬਾਨ ਦੀਆਂ ਸਿੱਖ ਵਿਰੋਧੀ ਕਾਰਵਾਈਆਂ ਵਧ ਜਾਣ ਕਾਰਨ ਵੱਡੀ ਗਿਣਤੀ ਵਿਚ ਸਿੱਖ ਪਰਿਵਾਰ ਪਲਾਇਨ ਕਰਕੇ ਗੁਰੂ ਨਾਨਕ ਸਾਹਿਬ ਦੀ ਜਨਮ ਭੂਮੀ ਸ੍ਰੀ ਨਨਕਾਣਾ ਸਾਹਿਬ ਵਿਖੇ ਆ ਗਏ। ਸ੍ਰੀ ਨਨਕਾਣਾ ਸਾਹਿਬ ਵਿਚ ਵਸਣ ਤੋਂ ਬਾਅਦ ਉਨ੍ਹਾਂ ਦੀਆਂ ਪਹਿਲੀਆਂ ਮੰਗਾਂ ਵਿਚ ਸ੍ਰੀ ਨਨਕਾਣਾ ਸਾਹਿਬ ਵਿਚ ਉਨ੍ਹਾਂ ਦੀ ਰੂਹ ਦੀ ਖੁਰਾਕ ਗੁਰਮੁਖੀ ਸਕੂਲ ਖੋਲ੍ਹਣ ਦੀ ਵੀ ਮੰਗ ਸ਼ਾਮਿਲ ਸੀ। ਸਾਲ 2000 ਵਿਚ ਜਦੋਂ ਇਹ ਮੰਗ ਇਕ ਉਗਰ ਰੂਪ ਧਾਰਨ ਕਰ ਗਈ ਤਾਂ ਸ: ਮਸਤਾਨ ਸਿੰਘ (ਸਾਬਕਾ ਪ੍ਰਧਾਨ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ) ਦੀਆਂ ਕੋਸ਼ਿਸ਼ਾਂ ਸਦਕਾ ਸਿੱਖਿਆ ਵਿਭਾਗ ਪਾਕਿਸਤਾਨ ਅਤੇ ਔਕਾਫ ਬੋਰਡ ਨੇ ਇਸ ਮੰਗ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਸ੍ਰੀ ਨਨਕਾਣਾ ਸਾਹਿਬ ਵਿਚਲੇ ਗੁਰਦੁਆਰਾ ਪੱਟੀ ਸਾਹਿਬ 'ਚ ਗੁਰਮੁਖੀ ਸਕੂਲ ਖੋਲ੍ਹਣ ਦੀ ਮਨਜ਼ੂਰੀ ਦੇ ਦਿੱਤੀ। ਸ਼ੁਰੂ ਵਿਚ ਗੁਰਦੁਆਰੇ ਦੀ 13 ਕਨਾਲ ਭੂਮੀ 'ਤੇ ਵਿਦਿਆਰਥੀਆਂ ਵਾਸਤੇ ਸਿਰਫ਼ ਪੰਜ ਹੀ ਕਮਰੇ ਬਣਾਏ ਗਏ। ਪਾਕਿਸਤਾਨੀ ਸਿੱਖਾਂ ਨੇ ਮੁੜ ਸਰਕਾਰ 'ਤੇ ਜ਼ੋਰ ਪੁਆ ਕੇ ਸਕੂਲ ਪ੍ਰਾਇਮਰੀ ਤੋਂ ਮਿਡਲ ਤੱਕ ਕਰਵਾ ਲਿਆ ਅਤੇ ਇਸ ਸਕੂਲ ਵਿਚ ਸਭ ਧਰਮਾਂ ਦੇ ਵਿਦਿਆਰਥੀਆਂ ਨੂੰ ਦਾਖ਼ਲਾ ਦੇਣ ਦੀ ਪ੍ਰਵਾਨਗੀ ਲੈ ਲਈ।
ਸਕੂਲ ਦਾ ਦਰਜਾ ਵਧਣ 'ਤੇ ਇਸ ਨੂੰ ਸ੍ਰੀ ਨਨਕਾਣਾ ਸਾਹਿਬ ਦੇ ਤਹਿਸੀਲ ਮੋੜ 'ਤੇ ਗੁਰਦੁਆਰਾ ਤੰਬੂ ਸਾਹਿਬ ਦੀ ਭੂਮੀ 'ਤੇ ਤਬਦੀਲ ਕਰ ਦਿੱਤਾ ਗਿਆ। ਪਾਕਿਸਤਾਨ ਬਣਨ ਤੋਂ ਪਹਿਲਾਂ ਇਸ ਸਥਾਨ 'ਤੇ ਖ਼ਾਲਸਾ ਲਾਇਬ੍ਰੇਰੀ ਹੁੰਦੀ ਸੀ। ਲਾਇਬ੍ਰੇਰੀ ਦੇ ਸਰਕਾਰ ਵਲੋਂ ਨਿਯਤ ਕੀਤੇ ਸਥਾਨ 'ਤੇ ਤਬਦੀਲ ਕਰਨ ਤੋਂ ਬਾਅਦ ਇਸੇ ਸਥਾਨ 'ਤੇ ਲੜਕੀਆਂ ਦਾ ਕਾਲਜ ਖੋਲ੍ਹਿਆ ਗਿਆ ਪਰ ਕਾਲਜ ਦੇ ਬੰਦ ਹੋਣ ਤੋਂ ਬਾਅਦ ਲੰਬੇ ਸਮੇਂ ਤੱਕ ਇਹ ਇਮਾਰਤ ਵੀਰਾਨ ਪਈ ਰਹੀ। ਪਾਕਿਸਤਾਨੀ ਸਿੱਖਾਂ ਵਲੋਂ ਇਕ ਵਾਰ ਫਿਰ ਵੱਡਾ ਹੱਲਾ ਮਾਰ ਕੇ ਇਸੇ ਜਗ੍ਹਾ 'ਤੇ ਗੁਰਮੁਖੀ ਸਕੂਲ 'ਗੁਰੂ ਨਾਨਕ ਜੀ ਪਬਲਿਕ ਮਾਡਲ ਸਕੂਲ' ਸ਼ੁਰੂ ਕੀਤਾ ਗਿਆ, ਜੋ ਹੁਣ ਹਾਈ ਸਕੂਲ ਵਿਚ ਤਬਦੀਲ ਹੋ ਚੁੱਕਾ ਹੈ। ਮਹਿਕਮਾ ਸਿੱਖਿਆ ਬੋਰਡ ਅਤੇ ਦੇਸ਼-ਵਿਦੇਸ਼ ਦੀਆਂ ਸੰਗਤਾਂ ਦੇ ਆਰਥਿਕ ਸਹਿਯੋਗ ਦੇ ਨਾਲ ਉਪਰੋਕਤ ਸਕੂਲ ਦੇ ਮੌਜੂਦਾ ਸਮੇਂ ਤੱਕ 50 ਤੋਂ ਵਧੇਰੇ ਕਮਰੇ ਤਿਆਰ ਹੋ ਚੁੱਕੇ ਹਨ ਅਤੇ ਬਿਨਾਂ ਕਿਸੇ ਜਾਤ-ਪਾਤ ਦੇ ਭਿੰਨ-ਭੇਦ ਦੇ ਇਸ ਸਮੇਂ 1000 ਦੇ ਕਰੀਬ ਵੱਖ-ਵੱਖ ਧਰਮਾਂ ਦੇ ਵਿਦਿਆਰਥੀ ਸਕੂਲ ਵਿਚ ਸਿੱਖਿਆ ਪ੍ਰਾਪਤ ਕਰ ਰਹੇ ਹਨ। ਇਨ੍ਹਾਂ ਵਿਚੋਂ 400 ਦੇ ਕਰੀਬ ਸਿੱਖ, 40 ਹਿੰਦੂ ਤੇ ਕ੍ਰਿਸਚੀਅਨ ਅਤੇ ਬਾਕੀ ਮੁਸਲਮਾਨ ਹਨ। ਸਕੂਲ ਵਿਚ 50 ਦੇ ਕਰੀਬ ਅਧਿਆਪਕ ਹਨ, ਜਿਨ੍ਹਾਂ ਵਿਚੋਂ 22 ਅਧਿਆਪਕਾਵਾਂ ਹਨ। ਸਕੂਲ ਦੇ ਮੌਜੂਦਾ ਪ੍ਰਿੰਸੀਪਲ ਜਨਾਬ ਮੁਹੰਮਦ ਰਾਸ਼ਿਦ ਹਨ।
ਇਸ ਸਮੇਂ ਡਿਸਟ੍ਰਿਕਟ ਸ੍ਰੀ ਨਨਕਾਣਾ ਸਾਹਿਬ ਵਿਚ ਗੁਰੂ ਨਾਨਕ ਸਾਹਿਬ ਦੇ ਨਾਂਅ 'ਤੇ ਕਈ ਗਲੀਆਂ-ਬਾਜ਼ਾਰਾਂ ਅਤੇ ਵਿੱਦਿਅਕ ਸੰਸਥਾਨ ਸਥਾਪਿਤ ਕੀਤੇ ਗਏ ਹਨ, ਜਿਵੇਂ ਕਿ ਗੁਰੂ ਨਾਨਕ ਜੀ ਪਬਲਿਕ ਮਾਡਲ ਹਾਈ ਸਕੂਲ, ਗੁਰੂ ਨਾਨਕ ਸੀਨੀਅਰ ਸੈਕੰਡਰੀ ਸਕੂਲ, ਗੁਰੂ ਨਾਨਕ ਗਰਲਜ਼ ਕਾਲਜ ਅਤੇ ਗੁਰੂ ਨਾਨਕ ਵਿੱਦਿਆ ਕੇਂਦਰ ਆਦਿ। ਪਾਕਿਸਤਾਨ ਸਰਕਾਰ ਵਲੋਂ ਪਿਛਲੇ ਲੰਬੇ ਸਮੇਂ ਤੋਂ ਸਿੱਖ ਕੌਮ ਨੂੰ ਪਾਕਿਸਤਾਨ ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੀ ਖੋਲ੍ਹੇ ਜਾਣ ਦਾ ਭਰੋਸਾ ਦਿਵਾਇਆ ਜਾ ਰਿਹਾ ਹੈ। ਉਪਰੋਕਤ ਸਭ ਤੋਂ ਬਾਅਦ ਜੇ ਇਹ ਵਿਸ਼ਵਾਸ ਕੀਤਾ ਜਾਵੇ ਕਿ ਆਉਣ ਵਾਲੇ ਸਮੇਂ ਵਿਚ ਪਾਕਿਸਤਾਨੀ ਪੰਜਾਬ 'ਚ ਗੁਰਮੁਖੀ ਲਿਪੀ ਨੂੰ ਉਸ ਦਾ ਬਣਦਾ ਰੁਤਬਾ ਤੇ ਸਨਮਾਨ ਜ਼ਰੂਰ ਮਿਲੇਗਾ ਤਾਂ ਸ਼ਾਇਦ ਇਹ ਕੁਝ ਗ਼ਲਤ ਨਹੀਂ ਹੋਵੇਗਾ।


-ਅੰਮ੍ਰਿਤਸਰ। ਮੋਬਾ: 9356127771, 7837849764

ਜੰਗਨਾਮਾ ਕਾਜ਼ੀ ਨੂਰ ਮੁਹੰਮਦ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਧਰਮ ਤੇ ਵਿਰਸਾ ਅੰਕ ਦੇਖੋ)
ਅਬਦਾਲੀ ਬਿਆਸ ਤੋਂ ਰਾਵੀ, ਚਨਾਬ ਤੱਕ ਤੇਜ਼ੀ ਨਾਲ ਵਾਪਸੀ ਯਾਤਰਾ ਕਰਦਾ ਹੈ, ਜਿਵੇਂ ਡਰਦਾ ਹੋਵੇ ਕਿ ਸਿੱਖ ਹੁਣ ਵੀ ਕਿਤੇ ਪਿੱਛੇ ਨਾ ਆ ਪੈਣ। ਉਹ ਅਜੇ ਮਸਾਂ ਚਨਾਬ ਕੰਢੇ ਪੁੱਜਾ ਕਿ ਸਿੱਖਾਂ ਨੇ ਲਾਹੌਰ ਉੱਤੇ ਕਬਜ਼ਾ ਕਰ ਲਿਆ। ਅਬਦਾਲੀ ਦਾ ਲਾਇਆ ਲਾਹੌਰ ਦਾ ਹਾਕਮ ਕਾਬਲੀ ਮਲ ਉਨ੍ਹਾਂ ਤੋਂ ਡਰਦਾ ਜੰਮੂ ਭੱਜ ਗਿਆ। ਝਨਾਂ ਕੰਢੇ ਬੈਠੇ ਅਬਦਾਲੀ ਨੂੰ ਇਸ ਸਾਰੇ ਘਟਨਾਕ੍ਰਮ ਦੀ ਖ਼ਬਰ ਮਿਲ ਗਈ ਪਰ ਉਸ ਨੇ ਚੁੱਪ ਵੱਟ ਕੇ ਵਾਪਸ ਪਰਤਣ ਵਿਚ ਹੀ ਭਲਾ ਸਮਝਿਆ। ਸਿੱਖਾਂ ਨੇ ਵਿਸਾਖੀ ਧੂਮਧਾਮ ਨਾਲ ਅੰਮ੍ਰਿਤਸਰ ਵਿਚ ਮਨਾਈ। ਦੂਜੇ ਪਾਸੇ ਅਬਦਾਲੀ ਤੇ ਉਸ ਦੇ ਲਸ਼ਕਰ ਨੂੰ ਸ਼ੂਕਦੇ ਝਨਾਂ ਨੇ ਵਕਤ ਪਾ ਦਿੱਤਾ। ਵੱਡੀ ਗਿਣਤੀ ਵਿਚ ਊਠ, ਘੋੜੇ, ਖੱਚਰਾਂ, ਗਾਵਾਂ, ਮੱਝਾਂ, ਬਲਦ, ਤੰਬੂ, ਕਨਾਤਾਂ, ਮਾਲ ਅਸਬਾਬ, ਮਰਦ-ਔਰਤਾਂ, ਸੈਨਿਕ ਰੁੜ੍ਹ ਗਏ। ਕਿਆਮਤ ਦਾ ਨਜ਼ਾਰਾ ਸੀ ਇਹ। ਉਸ ਦਿਨ ਜੋ ਕਿਆਮਤ ਸਾਡੇ (ਕਾਜ਼ੀ ਤੇ ਉਸ ਦੇ ਸਾਥੀਆਂ) ਉੱਤੇ ਟੁੱਟੀ, ਉਸ ਦਾ ਚੇਤਾ ਕਰਕੇ ਸਰੀਰ ਕੰਬ ਜਾਂਦਾ ਹੈ। ਸਿੱਖਾਂ ਨਾਲ ਹੋਈਆਂ ਲੜਾਈਆਂ ਵਿਚ ਸਾਡੇ ਏਨੇ ਬੰਦੇ ਨਹੀਂ ਮਰੇ, ਜਿੰਨੇ ਝਨਾਂ ਵਿਚ ਰੁੜ੍ਹ ਕੇ ਮਰੇ। ਝਨਾਂ ਪਾਰ ਕਰਾ ਕੇ ਪਾਤਸ਼ਾਹ ਨੇ ਜਹਾਨ ਖਾਨ ਨੂੰ ਅਗਾਉਂ ਤੋਰ ਦਿੱਤਾ ਕਿ ਉਹ ਜਿਹਲਮ ਪਾਰ ਕਰਨ ਲਈ ਬੇੜੀਆਂ ਇਕੱਠੀਆਂ ਕਰੇ। ਕਿਸੇ ਪੁਲ ਦਾ ਬੰਦੋਬਸਤ ਕਰੇ, ਤਾਂ ਜੋ ਲਸ਼ਕਰ ਤੇ ਮਾਲ ਅਸਬਾਬ ਦਾ ਹੋਰ ਨੁਕਸਾਨ ਨਾ ਹੋਵੇ।
ਝਨਾਂ ਪਾਰ ਕਰਕੇ ਪਾਤਸ਼ਾਹ ਨੇ ਵਾਪਸੀ ਦੀ ਯਾਤਰਾ ਹੌਲੀ ਕਰ ਦਿੱਤੀ। ਰੋਜ਼ 5-7 ਕੋਹ ਤੁਰਦਾ। ਇਕ ਦਿਨ ਉਸ ਨੇ ਨਾਸਿਰ ਖਾਨ ਨੂੰ ਬੁਲਾ ਕੇ ਕਿਹਾ, 'ਤੁਸੀਂ ਜਹਾਦ ਵਿਚ ਮੇਰੀ ਮਦਦ ਕੀਤੀ ਹੈ। ਇਸ ਦਾ ਸਿਲਾ ਤਾਂ ਖੁਦਾ ਦੇਵੇਗਾ। ਮੈਨੂੰ ਦੱਸ ਕਿ ਮੈਂ ਤੇਰੀ ਕੀ ਮਦਦ ਕਰ ਸਕਦਾ ਹਾਂ? ਕੀ ਇਨਾਮ ਦਿਆਂ ਤੈਨੂੰ? ਖਾਨ ਨੇ ਕਿਹਾ, 'ਸ਼ਾਲ ਕੋਇਟੇ ਦਾ ਇਲਾਕਾ ਮੈਨੂੰ ਦੇ ਦਿਓ।' ਪਾਤਸ਼ਾਹ ਨੇ ਉਹ ਤਾਂ ਦਿੱਤਾ ਹੀ, ਸਗੋਂ ਚਨਾਬ, ਝੰਗ, ਮੁਲਤਾਨ, ਡੇਰਾ ਇਸਮਾਈਲ ਖਾਨ ਤੇ ਡੇਰਾ ਗਾਜ਼ੀ ਖਾਨ ਵੀ ਦੇਣ ਦੀ ਪੇਸ਼ਕਸ਼ ਕੀਤੀ। ਖਾਨ ਨੇ ਇਸ ਤੋਂ ਨਾਂਹ ਕਰ ਦਿੱਤੀ। ਪਾਤਸ਼ਾਹ ਨੇ ਖਾਨ ਨੂੰ ਇਥੇ ਛੁੱਟੀ ਦੇ ਕੇ ਵਾਪਸ ਆਪਣੇ ਵਤਨ ਜਾਣ ਦੀ ਆਗਿਆ ਦੇ ਦਿੱਤੀ। ਪੁਲ/ਬੇੜੀਆਂ ਦਾ ਪ੍ਰਬੰਧ ਪਹਿਲਾਂ ਹੋ ਚੁੱਕਾ ਸੀ। ਜਿਹਲਮ ਪਾਰ ਕਰਕੇ ਕਾਜ਼ੀ ਤੇ ਨਾਸਿਰ ਖਾਨ ਹੁਰੀਂ ਲਸ਼ਕਰ ਸਮੇਤ ਕਲਾਤ ਚਲੇ ਗਏ। ਪਾਤਸ਼ਾਹ ਆਪਣੇ ਲਸ਼ਕਰ ਸਮੇਤ ਆਪਣੇ ਵਤਨ ਨੂੰ ਤੁਰ ਗਿਆ। ਕਾਜ਼ੀ ਨੇ ਕਲਾਤ ਪਹੁੰਚ ਕੇ ਇਹ ਜੰਗਨਾਮਾ ਸੰਪੂਰਨ ਕੀਤਾ।
ਕਾਜ਼ੀ ਨੂਰ ਮੁਹੰਮਦ ਦੇ ਜੰਗਨਾਮੇ ਦੇ ਉਪਰੋਕਤ ਬਿਰਤਾਂਤ ਤੋਂ ਸਪੱਸ਼ਟ ਹੈ ਕਿ ਉਹ ਅਬਦਾਲੀ, ਨਾਸਿਰ ਖਾਨ ਤੇ ਉਨ੍ਹਾਂ ਦੇ ਜਹਾਦੀਆਂ ਨੂੰ ਗਾਜ਼ੀਡੇ ਇਸਲਾਮ ਦੇ ਖ਼ਿਦਮਤਗਾਰ ਮੰਨਦਾ ਹੈ। ਸਿੱਖਾਂ ਲਈ ਉਸ ਦੇ ਮਨ ਵਿਚ ਨਫਰਤ ਕੁੱਟ-ਕੁੱਟ ਕੇ ਭਰੀ ਹੋਈ ਹੈ। ਜਿਥੇ ਵੀ ਸਿੱਖਾਂ/ਸਿੱਖ ਯੋਧਿਆਂ ਦੀ ਗੱਲ ਤੁਰਦੀ ਹੈ, ਉਹ ਇਨ੍ਹਾਂ ਨੂੰ ਹਰ ਕਿਸਮ ਦੀ ਗਾਲ/ਅਪਸ਼ਬਦ ਤੋਂ ਬਿਨਾਂ ਨਹੀਂ ਰਹਿੰਦਾ। ਇਸ ਦੇ ਬਾਵਜੂਦ ਇਸ ਜੰਗਨਾਮੇ ਦੇ ਪਚਵੰਜਾ ਵਿਚੋਂ ਦੋ ਬਿਆਨਾਂ (ਅਧਿਆਇ/ਕਾਂਡ ਕਹਿ ਸਕਦੇ ਹੋ) ਵਿਚ ਉਹ ਸਿੱਖਾਂ ਦੀ ਬਹਾਦਰੀ ਅਤੇ ਚਰਿੱਤਰ ਦੀ ਪ੍ਰਸੰਸਾ ਕਰਨੋਂ ਨਹੀਂ ਰਹਿੰਦਾ। ਇਹ ਵੱਖਰੀ ਗੱਲ ਹੈ ਕਿ ਪ੍ਰਸੰਸਾ ਕਰਦੇ ਵੇਲੇ ਵੀ ਉਹ ਇਨ੍ਹਾਂ ਲਈ ਘਟੀਆ ਸ਼ਬਦ ਵਰਤਣੋਂ ਨਹੀਂ ਰਹਿੰਦਾ। ਇਹ ਬਿਆਨ ਹਨ ਬਿਆਨ ਇਕਤਾਲੀਵਾਂ ਤੇ ਬਿਆਲੀਵਾਂ।
ਸਵਾਲ ਉਠਦਾ ਹੈ ਕਿ ਉਸ ਨੂੰ ਕਿਸ ਗੱਲ ਨੇ ਅਜਿਹੀ ਪ੍ਰਸੰਸਾ ਲਈ ਮਜਬੂਰ ਕੀਤਾ। ਕਹਿੰਦੇ ਹਨ ਬਹਾਦਰੀ ਹੁੰਦੀ ਹੀ ਉਹ ਹੈ, ਜਿਸ ਦੀ ਤਾਰੀਫ ਦੁਸ਼ਮਣ ਵੀ ਕਰੇ। ਸਿੱਖਾਂ ਦੀ ਬਹਾਦਰੀ ਅਤੇ ਆਚਰਣ ਦੀ ਉੱਚਤਾ ਨੇ ਕਾਜ਼ੀ ਨੂੰ ਉਨ੍ਹਾਂ ਦੀ ਪ੍ਰਸੰਸਾ ਲਈ ਮਜਬੂਰ ਕਰ ਦਿੱਤਾ। ਇਤਿਹਾਸਕਾਰਾਂ ਦਾ ਕਿਆਸ ਹੈ ਕਿ ਉਸ ਨੂੰ ਉਸ ਦੇ ਜ਼ਾਤੀ ਅਨੁਭਵ ਨੇ ਅਜਿਹਾ ਕਰਨ ਲਈ ਮਜਬੂਰ ਕੀਤਾ। ਕਹਿੰਦੇ ਹਨ ਕਿ ਅਫ਼ਗਾਨ ਫੌਜਾਂ ਕਿਤੇ ਤੰਬੂ ਗੱਡ ਕੇ ਸਿੱਖਾਂ ਨਾਲ ਟੱਕਰ ਲਈ ਤਿਆਰੀ ਕਰ ਰਹੀਆਂ ਸਨ। ਇਸੇ ਦੌਰਾਨ ਇਕ ਰਾਤ ਕਾਜ਼ੀ ਤੰਬੂਆਂ ਤੋਂ ਨਿਕਲ ਫਿਰ ਤੁਰ ਰਿਹਾ ਸੀ। ਅਚਾਨਕ ਕਿਤਿਓਂ ਸਿੱਖਾਂ ਦਾ ਇਕ ਜਥਾ ਨਿਕਲਿਆ। ਉਹ ਗੁਰੀਲਾ ਹੱਲੇ ਲਈ ਨਿਕਲੇ ਹੋਏ ਹਨ।
(ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)


-ਹਾਊਸ ਨੰ: 2, ਸਟਰੀਟ ਨੰ: 9, ਗੁਰੂ ਨਾਨਕ ਨਗਰ, ਪਟਿਆਲਾ।

ਸੂਫ਼ੀ ਕਾਵਿ ਅਤੇ ਪ੍ਰੋ: ਮੋਹਨ ਸਿੰਘ

ਪਰੰਪਰਾ ਅਤੇ ਆਧੁਨਿਕਤਾ ਜਾਂ ਮੱਧਕਾਲੀਨਤਾ ਬਨਾਮ ਆਧੁਨਿਕਤਾ ਦੇ ਆਪਸੀ ਦਵੰਦ ਅਤੇ ਰਿਸ਼ਤੇ ਬਾਰੇ ਬਹਿਸ ਨਾ ਨਵੀਂ ਹੈ ਅਤੇ ਨਾ ਕਦੇ ਮੁੱਕਣ ਵਾਲੀ। ਮੋਟੇ ਤੌਰ 'ਤੇ ਕਿਹਾ ਜਾ ਸਕਦਾ ਹੈ ਕਿ ਆਧੁਨਿਕਤਾ ਦੇ ਬੀਜ ਪਰੰਪਰਾ ਵਿਚ ਪਏ ਹੁੰਦੇ ਹਨ ਅਤੇ ਹਰ ਤਜਰਬੇ ਦੀਆਂ ਜੜ੍ਹਾਂ ਅਤੀਤ ਵਿਚ ਖੋਜੀਆਂ ਜਾ ਸਕਦੀਆਂ ਹਨ। ਸਾਹਿਤ ਰਚਨਾ ਅਸਲ ਵਿਚ ਇਕ ਨਿਰੰਤਰ ਅਮਲ ਹੈ, ਜਿਸ ਨੂੰ ਅਧਿਐਨ ਦੇ ਸੌਖ ਲਈ ਇਸ ਵਿਚ ਕੁਝ ਨਿਖੇੜ-ਬਿੰਦੂ ਨਿਸਚਿਤ ਕਰ ਲਏ ਜਾਂਦੇ ਹਨ ਪਰ ਕਿਸੇ ਵੀ ਕਲਾਤਮਕ ਅਮਲ ਨੂੰ ਅਸਲੋਂ ਨਵਾਂ ਕਹਿਣਾ ਸ਼ਾਇਦ ਬਹੁਤਾ ਤਰਕਸੰਗਤ ਨਹੀਂ। ਜਿਸ ਕਵਿਤਾ ਨੂੰ ਅੱਜ ਅਸੀਂ ਆਧੁਨਿਕ ਕਰਕੇ ਜਾਣਦੇ ਹਾਂ, ਉਸ ਵਿਚੋਂ ਪਰੰਪਰਾਗਤ ਤੱਤਾਂ ਦਾ ਮਿਸ਼ਰਣ ਲੱਭਿਆ ਜਾ ਸਕਦਾ ਹੈ ਅਤੇ ਅਜਿਹਾ ਹੀ ਯਤਨ ਅੱਜ ਅਸੀਂ ਕਰ ਰਹੇ ਹਾਂ।
ਪ੍ਰੋ: ਮੋਹਨ ਸਿੰਘ ਆਧੁਨਿਕ ਪੰਜਾਬੀ ਕਵਿਤਾ ਦੇ ਇਕ ਯੁੱਗ ਦਾ ਨਾਂਅ ਹੈ। ਕਿਸੇ ਵੇਲੇ ਪੰਜਾਬੀ ਕਵਿਤਾ ਦੇ ਇਕ ਕਾਲ-ਖੰਡ ਨੂੰ ਮੋਹਨ ਸਿੰਘ-ਅੰਮ੍ਰਿਤਾ ਯੁੱਗ ਦਾ ਨਾਂਅ ਦਿੱਤਾ ਜਾਂਦਾ ਸੀ। ਪ੍ਰੋ: ਮੋਹਨ ਸਿੰਘ ਦੀ ਕਵਿਤਾ ਨੂੰ ਜੇ ਗਹਿਰਾਈ ਨਾਲ ਪਰਖੀਏ ਤਾਂ ਸਿੱਧ ਹੁੰਦਾ ਹੈ ਕਿ ਉਹ ਪੰਜਾਬੀ ਸੂਫ਼ੀ ਕਾਵਿ ਪਰੰਪਰਾ ਨਾਲ ਪੂਰੀ ਤਰ੍ਹਾਂ ਜੁੜਿਆ ਹੋਇਆ ਸੀ। ਸੂਫ਼ੀ ਕਾਵਿ ਦਾ ਉਸ ਉੱਪਰ ਪ੍ਰਭਾਵ ਕਈਆਂ ਰੰਗਾਂ ਅਤੇ ਰੂਪਾਂ ਵਿਚ ਹੈ। ਪ੍ਰੋ: ਮੋਹਨ ਸਿੰਘ ਦੀ ਕਵਿਤਾ ਵਿਚ ਪੰਜਾਬ ਦਾ ਧਾਰਮਿਕ ਅਤੇ ਸਾਹਿਤਕ ਵਿਰਸਾ ਸੂਖਮ ਰੂਪ ਵਿਚ ਸਮਾਇਆ ਹੋਇਆ ਹੈ। ਫ਼ਾਰਸੀ ਦੀ ਐੱਮ. ਏ. ਹੋਣ ਕਰਕੇ ਅਤੇ ਫ਼ਾਰਸੀ ਪੜ੍ਹਾਉਣ ਕਰਕੇ ਉਸ ਨੇ ਇਹ ਵਿਰਸਾ ਚੰਗੀ ਤਰ੍ਹਾਂ ਖੰਘਾਲਿਆ ਹੋਇਆ ਸੀ ਅਤੇ ਕਹਿਣਾ ਅਤਿਕਥਨੀ ਨਹੀਂ ਹੋਵੇਗਾ ਕਿ ਉਹ ਈਰਾਨੀ ਸੂਫ਼ੀ ਕਾਵਿ ਪਰੰਪਰਾ ਅਤੇ ਤਸਵੁਫ ਬਾਰੇ ਸਮਕਾਲੀਆਂ ਨਾਲੋਂ ਵੱਧ ਗਿਆਨ ਰੱਖਦਾ ਸੀ। ਮਗਰੋਂ ਪੰਜਾਬੀ ਵੱਲ ਰੁਚਿਤ ਹੋਣ ਕਰਕੇ ਉਸ ਨੇ ਪੰਜਾਬੀ ਸੂਫ਼ੀ ਕਾਵਿ ਦਾ ਗਹਿਨ ਅਧਿਐਨ ਵੀ ਕੀਤਾ, ਜਿਸ ਨੇ ਉਸ ਦੀ ਆਪਣੀ ਕਵਿਤਾ ਨੂੰ ਵੀ ਇਸੇ ਰੰਗ ਵਿਚ ਰੰਗ ਦਿੱਤਾ ਅਤੇ ਉਸ ਦੀ ਸਭ ਤੋਂ ਪਹਿਲੀ ਕਾਵਿ ਪੁਸਤਕ 'ਸਾਵੇ ਪੱਤਰ' (1926) ਵਿਚ ਤਾਂ ਉਰਦੂ ਫ਼ਾਰਸੀ ਦਾ ਰੰਗ ਪਹਿਲੀ ਨਜ਼ਰੇ ਹੀ ਦਿਸ ਪੈਂਦਾ ਹੈ। ਪੰਜਾਬੀ ਕਵੀਆਂ ਵਿਚ ਬਾਬਾ ਫਰੀਦ, ਬੁੱਲ੍ਹੇ ਸ਼ਾਹ ਅਤੇ ਅਲੀ ਹੈਦਰ ਦੇ ਨਾਂਅ ਸਿਰਕੱਢਵੇਂ ਹਨ। ਬਾਬਾ ਫਰੀਦ ਦੇ ਸਲੋਕ, ਬੁੱਲ੍ਹੇ ਸ਼ਾਹ ਦੀਆਂ ਕਾਫ਼ੀਆਂ ਅਤੇ ਅਲੀ ਹੈਦਰ ਦੀਆਂ ਸੀਹਰਫੀਆਂ ਪੰਜਾਬੀ ਸੂਫ਼ੀ ਕਾਵਿ ਦਾ ਸਰਮਾਇਆ ਹਨ। ਇਨ੍ਹਾਂ ਤਿੰਨਾਂ ਕਵੀਆਂ ਦਾ ਅਸਰ ਪ੍ਰੋ: ਮੋਹਨ ਸਿੰਘ ਉੱਪਰ ਬੜਾ ਪ੍ਰਤੱਖ ਹੈ। ਬਾਬਾ ਫਰੀਦ ਦਾ ਇਕ ਸਲੋਕ ਹੈ :
ਫਰੀਦਾ ਸਕਰ ਖੰਡੁ ਨਿਵਾਤ ਗੁੜੁ
ਮਾਖਿਓ ਮਾਂਝਾ ਦੁਧੁ॥
ਸਭੇ ਵਸਤੂ ਮਿਠੀਆਂ
ਰਬ ਨਾ ਪੁਜਨਿ ਤੁਧੁ॥
ਬਾਬਾ ਜੀ ਦੇ ਇਸ ਸਲੋਕ ਵਿਚਲੇ ਭਾਵਾਂ ਅਤੇ ਸ਼ਬਦਾਂ ਨੂੰ ਮੋਹਨ ਸਿੰਘ ਨੇ ਇਸ ਤਰ੍ਹਾਂ ਬੰਨ੍ਹਿਆ ਹੈ :
ਮਾਖਿਓ ਮਾਝਾ ਦੁਧ,
ਸਕਰ ਖੰਡ ਨਿਵਾਤ ਗੁੜ,
ਨਾਲ ਨਾ ਪੁੱਜਣ ਤੁਧ,
ਵਿਚ ਮਿਠਤ ਤੇ ਨਿਮਰਤਾ।
ਅਠਾਰ੍ਹਵੀਂ ਸਦੀ ਦਾ ਪ੍ਰਸਿੱਧ ਸੂਫ਼ੀ ਕਵੀ ਅਲੀ ਹੈਦਰ ਹੋਇਆ ਹੈ। ਇਸ ਦੀ ਇਕ ਸੀਹਰਫੀ ਦਾ ਬੰਦ ਹੈ :
ਮੀਮ ਮਾਰ ਵੇ ਢੋਲੀ ਢੋਲ ਵੇਖਾਂ,
ਕੋਈ ਇਸ਼ਕ ਦਾ ਤ੍ਰਿਲੜਾ ਤਾਲ ਵਲੇ।
ਕਰ ਧੁਹ ਧੁਹ ਧਾਣਾ ਇਸ਼ਕ ਅਵੱਲਾ,
ਧੂੰ ਧੂੰ ਕੀਤੋਸ ਥਾਲ ਵਲੇ।
ਮੈਂ ਤਾ ਸੋਹਣੀਆਂ ਖੇਡਾਂ ਖੇਡੀਆਂ ਨੀ,
ਹੁਣ ਵਤ ਖੇਡਾਂ ਇਸ਼ਕ ਧਮਾਲ ਵਲੇ।
ਪ੍ਰੋ: ਮੋਹਨ ਸਿੰਘ ਦੀ ਪ੍ਰਸਿੱਧ ਪੁਸਤਕ 'ਕਸੁੰਭੜਾ' (1939 ਈ:) ਹੈ, ਜਿਸ ਵਿਚ ਇਕ ਗੀਤ-ਨੁਮਾ ਕਵਿਤਾ 'ਆਓ ਨੱਚੀਏ' ਹੈ। ਅਲੀ ਹੈਦਰ ਦੀ ਸੀਹਰਫੀ ਵਿਚਲੇ ਉਪਰਲੇ ਬੰਦ ਦੀ ਜ਼ਮੀਨ, ਬਹਿਰ, ਤਾਲ ਅਤੇ ਸ਼ਬਦਾਵਲੀ ਨਾਲ ਗੁੱਧਾ ਪ੍ਰੋ: ਮੋਹਨ ਸਿੰਘ ਇਹ ਦਾ ਗੀਤ ਪੜ੍ਹਦਿਆਂ ਪਾਠਕ ਨੂੰ ਸਹਿਜੇ ਹੀ ਇਸ ਪ੍ਰਭਾਵ ਦਾ ਪਤਾ ਲੱਗ ਜਾਂਦਾ ਹੈ। ਕਿਸੇ ਵੇਲੇ ਅਕਾਸ਼ਵਾਣੀ ਜਲੰਧਰ ਉੱਪਰ ਇਹ ਗੀਤ ਬਹੁਤਾ ਮਕਬੂਲ ਹੋਇਆ ਸੀ, ਕਿਉਂਕਿ ਇਸ ਵਿਚ ਕੌਮੀ ਏਕਤਾ, ਭਰੱਪਣ, ਸਹਿਣਸ਼ੀਲਤਾ ਆਦਿ ਦੇ ਭਾਵ ਪ੍ਰਮੁੱਖਤਾ ਨਾਲ ਉਜਾਗਰ ਹੁੰਦੇ ਹਨ।
(ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)


ਮੋਬਾ: 98889-39808

ਸ਼ਬਦ ਵਿਚਾਰ

ਕਰਣ ਕਾਰਣ ਏਕੁ ਓਹੀ ਜਿਨਿ ਕੀਆ ਅਕਾਰੁ॥

ਸਿਰੀਰਾਗੁ ਮਹਲਾ ੫ ਘਰੁ ੬
ਕਰਣ ਕਾਰਣ ਏਕੁ ਓਹੀ
ਜਿਨਿ ਕੀਆ ਅਕਾਰੁ॥
ਤਿਸਹਿ ਧਿਆਵਹੁ ਮਨ ਮੇਰੇ
ਸਰਬ ਕੋ ਆਧਾਰੁ॥ ੧॥
ਗੁਰ ਕੇ ਚਰਨ ਮਨ ਮਹਿ ਧਿਆਇ॥
ਛੋਡਿ ਸਗਲ ਸਿਆਣਪਾ
ਸਾਚਿ ਸਬਦਿ ਲਿਵ ਲਾਇ॥ ੧॥ ਰਹਾਉ॥
ਦੁਖੁ ਕਲੇਸੁ ਨ ਭਉ ਬਿਆਪੈ
ਗੁਰ ਮੰਤ੍ਰੁ ਹਿਰਦੈ ਹੋਇ॥
ਕੋਟਿ ਜਤਨਾ ਕਰਿ ਰਹੇ
ਗੁਰ ਬਿਨੁ ਤਰਿਓ ਨਾ ਕੋਇ॥ ੨॥
ਦੇਖਿ ਦਰਸਨੁ ਮਨੁ ਸਾਧਾਰੈ
ਪਾਪ ਸਗਲੇ ਜਾਹਿ॥
ਹਉ ਤਿਨ ਕੈ ਬਲਿਹਾਰਣੈ
ਜਿ ਗੁਰ ਕੀ ਪੈਰੀ ਪਾਹਿ॥ ੩॥
ਸਾਧਸੰਗਤਿ ਮਨਿ ਵਸੈ
ਸਾਚੁ ਹਰਿ ਕਾ ਨਾਉ॥
ਸੇ ਵਡਭਾਗੀ ਨਾਨਕਾ
ਜਿਨਾ ਮਨਿ ਇਹੁ ਭਾਉ॥ ੪॥ ੨੪॥ ੯੪॥
(ਅੰਗ 51)
ਪਦ ਅਰਥ : ਕਰਣ ਕਾਰਣ-ਸਭ ਕਾਰਨਾਂ ਦੇ ਕਰਨ ਵਾਲਾ, ਜਗਤ ਦਾ ਮੂਲ। ਏਕੁ ਓਹੀ-ਇਕ ਉਹੀ (ਪਰਮਾਤਮਾ) ਹੈ। ਜਿਨਿ-ਜਿਸ ਨੇ। ਕੀਆ ਅਕਾਰੁ-ਇਹ ਜਗਤ ਪਸਾਰਾ ਕੀਤਾ ਹੈ। ਤਿਸਹਿ ਧਿਆਵਹੁ-ਉਸ ਨੂੰ ਧਿਆਉਣਾ ਕਰੋ, ਉਸ ਪ੍ਰਭੂ ਨੂੰ ਸਿਮਰੋ। ਸਰਬ ਕੋ ਆਧਾਰੁ-ਸਭ ਦਾ ਆਸਰਾ ਹੈ।
ਸਗਲ-ਸਾਰੀਆਂ। ਸਿਆਣਪਾਂ-ਚਤੁਰਾਈਆਂ। ਸਾਚਿ-ਸਦਾ ਥਿਰ ਰਹਿਣ ਵਾਲਾ ਪਰਮਾਤਮਾ। ਸਬਦਿ-(ਗੁਰੂ ਦੇ) ਸ਼ਬਦ ਦੁਆਰਾ। ਲਿਵ ਲਾਇ-ਲਿਵ ਲਾ, ਸੁਰਤ ਨੂੰ ਜੋੜਿ। ਭਉ-ਡਰ। ਗੁਰ ਮੰਤ੍ਰੁ-ਗੁਰੂ ਦੀ ਉਪਦੇਸ਼। ਕੋਟਿ-ਕਰੋੜਾਂ। ਜਤਨਾ-ਜਤਨ। ਕਰਿ ਰਹੇ-ਕਰਕੇ ਰਹਿ ਗਏ ਹਨ। ਤਰਿਓ ਨਾ ਕੋਇ-(ਭਵ ਸਾਗਰ 'ਚੋਂ) ਤਰ ਕੇ ਕੋਈ ਪਾਰ ਨਹੀਂ ਲੰਘ ਸਕਦਾ।
ਮਨੁ ਸਾਧਾਰੈ-ਮਨ ਨੂੰ ਆਸਰਾ ਮਿਲ ਜਾਂਦਾ ਹੈ। ਪਾਪ ਸਗਲੇ ਜਾਹਿ-ਸਾਰੇ ਪਾਪ ਜਾਂਦੇ ਰਹਿੰਦੇ ਹਨ, ਸਾਰੇ ਪਾਪਾਂ ਦਾ ਨਾਸ ਹੋ ਜਾਂਦਾ ਹੈ। ਹਉ-ਮੈਂ। ਤਿਨ ਕੈ-ਉਨ੍ਹਾਂ ਤੋਂ। ਜਿ-ਜੋ, ਜਿਹੜੇ। ਪੈਰੀ ਪਾਹਿ-ਪੈਰੀਂ ਪੈਂਦੇ ਹਨ, ਚਰਨੀਂ ਲਗਦੇ ਹਨ। ਮਨਿ ਵਸੈ-ਮਨ ਵਿਚ ਆ ਵਸਦਾ ਹੈ। ਸਾਚੁ ਹਰਿ ਕਾ ਨਾਉ-ਸਦਾ ਥਿਰ ਰਹਿਣ ਵਾਲਾ ਪ੍ਰਭੂ ਦਾ ਨਾਮ। ਇਹੁ ਭਾਉ-ਇਹ ਪ੍ਰੇਮ ਹੈ।
ਪਰਮਾਤਮਾ ਸਾਰੇ ਜਗਤ ਦਾ ਰਚਨਹਾਰਾ ਹੈ, ਉਸ ਤੋਂ ਬਿਨਾਂ ਸਾਨੂੰ ਹੋਰ ਕੋਈ ਅਜਿਹਾ ਨਹੀਂ ਸੁੱਝਦਾ। ਉਹ ਜੋ ਕੁਝ ਕਰਦਾ ਹੈ, ਉਹੀ ਕੁਝ ਹੁੰਦਾ ਹੈ। ਹੇ ਮੇਰੇ ਮਨਾਂ, ਜੇਕਰ ਉਸ ਦੇ ਦਰ 'ਤੇ ਢਹਿ ਪਈਏ ਤਾਂ ਮਨ ਨੂੰ ਧੀਰਜ ਆ ਜਾਂਦਾ ਹੈ ਅਤੇ ਆਤਮਿਕ ਅਡੋਲਤਾ ਵਿਚ ਲੀਨ ਹੋ ਕੇ ਮਨ ਅਨੰਦਮਈ ਅਵਸਥਾ ਵਿਚ ਟਿਕਿਆ ਰਹਿੰਦਾ ਹੈ। ਰਾਗੁ ਆਸਾ ਵਿਚ ਹਜ਼ੂਰ ਪੰਚਮ ਗੁਰਦੇਵ ਦੇ ਪਾਵਨ ਬਚਨ ਹਨ-
ਕਾਰਨ ਕਰਨ ਤੂੰ ਹਾਂ॥
ਅਵਰੁ ਨਾ ਸੂਝੈ ਮੂੰ ਹਾਂ॥
ਕਰਹਿ ਸੁ ਹੋਈਐ ਹਾਂ॥
ਸਹਜਿ ਸੁਖਿ ਸੋਈਐ ਹਾਂ॥
ਧੀਰਜ ਮਨਿ ਭਏ ਹਾਂ॥
ਪ੍ਰਭ ਕੈ ਦਰਿ ਪਏ ਮੇਰੇ ਮਨਾ॥ ੧॥ ਰਹਾਉ॥
(ਅੰਗ 410)
ਅਵਰੁ-ਹੋਰ ਕੋਈ। ਮੂੰ-ਮੈਨੂੰ। ਸਹਜਿ-ਆਤਮਿਕ ਅਡੋਲਤਾ।
ਹੇ ਭਾਈ, ਆਪਣੀਆਂ ਸਾਰੀਆਂ ਚਤੁਰਾਈਆਂ ਨੂੰ ਛੱਡ ਕੇ ਆਪਣੇ ਮਨ ਤੇ ਤਨ ਗੁਰੂ ਨੂੰ ਅਰਪਣ ਕਰ ਦੇਹ। ਗੁਰੂ ਦੇ ਚਰਨਾਂ ਦਾ ਓਟ ਆਸਰਾ ਲੈ, ਇਸ ਤਰ੍ਹਾਂ ਤੇਰੇ ਮਨ ਦੀ ਭੈੜੀ ਮੱਤ ਸਾਰੀ ਸੜ ਜਾਵੇਗੀ। ਗੁਰਵਾਕ ਹੈ-
ਛੋਡਿ ਸਿਆਣਪ ਸਗਲ
ਮਨੁ ਤਨੁ ਅਰਪਿ ਧਰਿ॥
ਪੂਜਹੁ ਗੁਰ ਕੈ ਪੈਰ
ਦੁਰਮਤਿ ਜਾਇ ਜਰਿ॥
(ਰਾਗੁ ਗੂਜਰੀ ਕੀ ਵਾਰ ਮਹਲਾ ੫, ਅੰਗ 519)
ਸਿਆਣਪ-ਚਤਰਾਈਆਂ। ਸਗਲ-ਸਾਰੀਆਂ। ਅਰਪਿ ਧਰਿ-ਅਰਪਨ ਕਰ। ਦੁਰਮਤਿ-ਭੈੜੀ ਮੱਤ। ਜਾਇ ਜਰਿ-ਸੜ ਜਾਵੇਗੀ।
ਅਜਿਹਾ ਸਾਧਕ ਫਿਰ ਮਨ ਨੂੰ ਗੁਰੂ ਦੇ ਸ਼ਬਦ ਵਿਚ ਜੋੜ ਕੇ ਪਰਮਾਤਮਾ ਦੇ ਨਾਮ ਦਾ ਸਿਮਰਨ ਕਰਦਾ ਹੈ। ਅਜਿਹੀ ਭਗਤੀ ਹੀ ਪਰਮਾਤਮਾ ਨੂੰ ਭਾਉਂਦੀ ਹੈ, ਚੰਗੀ ਲਗਦੀ ਹੈ। ਗੁਰੂ ਅਮਰਦਾਸ ਜੀ ਦੇ ਰਾਗੁ ਮਾਝ ਵਿਚ ਪਾਵਨ ਬਚਨ ਹਨ-
ਗੁਰ ਕੈ ਸਬਦਿ ਸਦਾ ਹਰਿ ਧਿਆਏ
ਏਹਾ ਭਗਤਿ ਹਰਿ ਭਾਵਣਿਆ॥
(ਅੰਗ 122)
ਏਹਾ-ਅਜਿਹੀ। ਭਾਵਣਿਆ-ਭਾਉਂਦੀ ਹੈ, ਚੰਗੀ ਲਗਦੀ ਹੈ।
ਆਪ ਜੀ ਦੇ ਰਾਗੁ ਮਾਰੂ ਸੋਲਹੇ ਵਿਚ ਪਾਵਨ ਬਚਨ ਹਨ ਕਿ ਪਰਮਾਤਮਾ ਕਿਸੇ ਵਿਰਲੇ ਗੁਰਮੁਖ ਨੂੰ ਹੀ ਇਸ ਗੱਲ ਦੀ ਸੋਝੀ ਬਖਸ਼ਦਾ ਹੈ ਕਿ ਗੁਰੂ ਦੇ ਸ਼ਬਦ ਤੋਂ ਬਿਨਾਂ ਮਨੁੱਖੀ ਜੀਵਨ ਵਿਚ ਸਭ ਥਾਂ ਹਨੇਰਾ ਹੀ ਹਨੇਰਾ ਹੈ-
ਬਿਨੁ ਸਬਦੈ ਸਭੁ ਅੰਧ ਅੰਧੇਰਾ
ਗੁਰਮੁਖਿ ਕਿਸਹਿ ਬੁਝਾਇਦਾ॥
(ਅੰਗ 1065)
ਬੁਝਾਇਦਾ-ਸੋਝੀ ਬਖਸ਼ਦਾ ਹੈ।
ਇਸ ਪ੍ਰਕਾਰ ਜੋ ਗੁਰੂ ਦੇ ਸ਼ਬਦ ਦੁਆਰਾ ਪਰਮਾਤਮਾ ਦੀ ਹਰ ਵੇਲੇ ਸਿਫਤ ਸਾਲਾਹ ਕਰਦਾ ਰਹਿੰਦਾ ਹੈ, ਉਹ ਸਦਾ ਥਿਰ ਪ੍ਰਭੂ ਨੂੰ ਮਿਲ ਕੇ ਆਤਮਿਕ ਸੁੱਖ ਨੂੰ ਪ੍ਰਾਪਤ ਹੁੰਦਾ ਹੈ-
ਗੁਰ ਕੈ ਸਬਦਿ ਸਦਾ ਸਾਲਾਹੇ
ਮਿਲਿ ਸਾਚੇ ਸੁਖੁ ਪਾਇਦਾ॥ (ਅੰਗ 1065)
ਗੁਰ ਦਾ ਬਚਨ ਅਰਥਾਤ ਸ਼ਬਦ ਜੋ ਜੀਵ ਦੇ ਨਾਲ ਵਸਦਾ ਹੈ, ਇਹ ਨਾ ਤਾਂ ਪਾਣੀ ਵਿਚ ਡੁੱਬਦਾ ਹੈ, ਨਾ ਕੋਈ ਚੋਰ ਚੁਰਾ ਸਕਦਾ ਹੈ ਅਤੇ ਨਾ ਹੀ ਅੱਗ ਇਸ ਨੂੰ ਸਾੜ ਸਕਦੀ ਹੈ-
ਗੁਰ ਕਾ ਬਚਨੁ ਬਸੈ ਜੀਅ ਨਾਲੇ॥
ਜਲਿ ਨਾਹੀ ਡੂਬੈ ਤਸਕਰੁ ਨਹੀ ਲੇਵੈ
ਭਾਹਿ ਨ ਸਾਕੈ ਜਾਲੇ॥ ੧॥ ਰਹਾਉ॥
(ਰਾਗੁ ਧਨਾਸਰੀ ਮਹਲਾ ੫, ਘਰੁ ੯ ਦੁਪਦੇ, ਅੰਗ 679)
ਤਸਕਰੁ-ਚੋਰ। ਭਾਹਿ-ਅੱਗ।
ਇਸ ਲਈ ਹੇ ਭਾਈ, (ਪ੍ਰਭੂ ਦੇ) ਕਮਲ ਵਰਗੇ ਸੋਹਣੇ ਚਰਨਾਂ ਨੂੰ ਆਪਣੇ ਹਿਰਦੇ ਵਿਚ ਵਸਾ ਕੇ ਇਕ ਪਰਮਾਤਮਾ ਵਿਚ ਲਿਵ ਨੂੰ ਲਾਓ। ਸਾਧ ਸੰਗਤ ਕਰਨ ਨਾਲ ਤੂੰ ਨਿਰਮਲ ਭਾਵ ਸਾਫ਼-ਸੁਥਰੇ ਜੀਵਨ ਵਾਲਾ ਹੋ ਜਾਵੇਂਗਾ ਅਤੇ ਮੁੜ-ਮੁੜ ਜੂਨਾਂ ਵਿਚ ਨਹੀਂ ਆਵੇਂਗਾ-
ਚਰਨ ਕਮਲ ਬਸਾਇ ਹਿਰਦੈ
ਏਕ ਸਿਉ ਲਿਵ ਲਾਉ॥
ਸਾਧਸੰਗਤਿ ਹੋਹਿ ਨਿਰਮਲੁ
ਬਹੁੜਿ ਜੋਨਿ ਨ ਆਉ॥
(ਰਾਗੁ ਸਾਰਗ ਮਹਲਾ ੫,
ਅੰਗ 1220)
ਬਹੁੜਿ-ਮੁੜ ਮੁੜ।
ਅਥਵਾ
ਸਾਧੂ ਸੰਗਤਿ ਨਿਰਮਲਾ
ਅਠਸਠਿ ਮਜਨਾਗਾ॥
(ਰਾਗੁ ਰਾਮਕਲੀ ਕੀ ਵਾਰ ਮਹਲਾ ੫, ਅੰਗ 965)
ਅਠਸਠਿ ਮਜਨਾਗਾ-ਅਠਾਹਠ ਤੀਰਥ ਦੇ ਇਸ਼ਨਾਨ।
ਸ਼ਬਦ ਦੇ ਅੱਖਰੀਂ ਅਰਥ : ਸਾਰੇ ਕਾਰਨਾਂ ਦੇ ਕਰਨ ਵਾਲਾ ਭਾਵ ਜਗਤ ਦਾ ਮੂਲ ਕੇਵਲ ਇਕ ਉਹ ਪਰਮਾਤਮਾ ਹੀ ਹੈ, ਜਿਸ ਨੇ ਇਹ ਸਾਰਾ ਜਗਤ ਪਸਾਰਾ ਕੀਤਾ ਹੈ। ਇਸ ਲਈ ਹੇ ਮੇਰੇ ਮਨ, ਉਸ ਪ੍ਰਭੂ ਨੂੰ ਸਿਮਰ ਜਿਸ ਦਾ ਸਭਨਾਂ ਨੂੰ ਆਸਰਾ ਹੈ। ਮਨ ਵਿਚ ਗੁਰੂ ਦੇ ਚਰਨਾਂ ਅਰਥਾਤ ਗੁਰੂ ਦੇ ਬਚਨਾਂ ਨੂੰ ਮਨ ਵਿਚ ਵਸਾ। ਬਾਕੀ ਸਾਰੀਆਂ ਚਤੁਰਾਈਆਂ ਨੂੰ ਛੱਡ ਕੇ (ਤਿਆਗ ਕੇ) ਗੁਰੂ ਦੇ ਸ਼ਬਦ ਦੁਆਰਾ ਸਦਾ ਥਿਰ ਪ੍ਰਭੂ ਵਿਚ ਲਿਵ ਨੂੰ ਲਾਓ।
ਹੇ ਭਾਈ, ਜੇਕਰ ਗੁਰੂ ਦਾ ਉਪਦੇਸ਼ ਹਿਰਦੇ ਵਿਚ ਵਸਿਆ ਹੋਵੇ ਤਾਂ ਕਿਸੇ ਪ੍ਰਕਾਰ ਦੇ ਦੁੱਖ, ਕਲੇਸ਼ ਜਾਂ ਡਰ ਨਹੀਂ ਵਿਆਪਦੇ। ਭਾਵੇਂ ਕਰੋੜਾਂ ਯਤਨ ਕਰ ਲਓ, ਗੁਰੂ (ਦੇ ਸ਼ਬਦ) ਤੋਂ ਬਿਨਾਂ ਇਸ ਭਵ ਸਾਗਰ 'ਚੋਂ ਤਰ ਕੇ ਪਾਰ ਨਹੀਂ ਲੰਘ ਸਕੀਦਾ। ਹੇ ਭਾਈ, ਗੁਰੂ ਦੇ ਦਰਸ਼ਨ ਕਰਨ ਨਾਲ ਮਨ ਨੂੰ ਆਸਰਾ ਮਿਲ ਜਾਂਦਾ ਹੈ ਅਤੇ ਪਾਪ ਜਾਂਦੇ ਰਹਿੰਦੇ ਹਨ, ਸਾਰੇ ਪਾਪਾਂ ਦਾ ਨਾਸ ਹੋ ਜਾਂਦਾ ਹੈ। ਪੰਚਮ ਗੁਰਦੇਵ ਦੇ ਪਾਵਨ ਬਚਨ ਹਨ ਕਿ ਮੈਂ ਉਨ੍ਹਾਂ ਤੋਂ ਸਦਕੇ ਜਾਂਦਾ ਹਾਂ, ਜੋ ਗੁਰੂ ਦੇ ਪੈਰੀਂ ਪੈਂਦੇ ਹਨ, ਗੁਰੂ ਦੇ ਚਰਨੀਂ ਲਗਦੇ ਹਨ।
ਸਾਧ ਸੰਗਤ ਕਰਨ ਨਾਲ ਸਦਾ ਥਿਰ ਪ੍ਰਭੂ ਦਾ ਨਾਮ ਮਨ ਵਿਚ ਆ ਵਸਦਾ ਹੈ। ਗੁਰੂ ਜੀ ਸੇਧ ਬਖਸ਼ਿਸ਼ ਕਰ ਰਹੇ ਹਨ ਕਿ ਉਹ ਪ੍ਰਾਣੀ ਵੱਡੇ ਭਾਗਾਂ ਵਾਲੇ ਹਨ, ਜਿਨ੍ਹਾਂ ਦੇ ਮਨ ਵਿਚ ਸਾਧ ਸੰਗਤ ਲਈ ਇਹ ਪ੍ਰੇਮ ਹੈ।


-217-ਆਰ, ਮਾਡਲ ਟਾਊਨ, ਜਲੰਧਰ।

ਪ੍ਰੇਰਨਾ-ਸਰੋਤ

ਸੱਚ ਨੂੰ ਕੇਵਲ ਗਿਆਨ ਨਾਲ ਹੀ ਜਾਣਿਆ ਜਾ ਸਕਦਾ ਹੈ

ਵੇਦਾਂ ਦੀ ਸਿੱਖਿਆ ਹੈ ਕਿ ਨਿਰਵਾਣ ਕੇਵਲ ਹੁਣ ਅਤੇ ਇਥੇ ਹੀ ਪ੍ਰਾਪਤ ਕੀਤਾ ਜਾ ਸਕਦਾ ਹੈ। ਇਸ ਦੀ ਪ੍ਰਾਪਤੀ ਲਈ ਮੌਤ ਜਾਂ ਕਿਸੇ ਹੋਰ ਜਨਮ ਦਾ ਇੰਤਜ਼ਾਰ ਕਰਨ ਦੀ ਲੋੜ ਨਹੀਂ। ਨਿਰਵਾਣ ਤਾਂ ਆਤਮਾ ਦਾ ਅਨੁਭਵ ਹੈ ਅਤੇ ਜੇ ਕੋਈ ਨਿਰਵਾਣ ਨੂੰ ਇਕ ਪਲ ਲਈ ਵੀ ਅਨੁਭਵ ਕਰ ਲਵੇ ਤਾਂ ਉਸ ਅਨੋਖੀ ਸ਼ਖ਼ਸੀਅਤ ਨੂੰ ਕਿਸੇ ਤਰ੍ਹਾਂ ਵੀ ਭਰਮਾਇਆ ਨਹੀਂ ਜਾ ਸਕਦਾ। ਗਿਆਨ ਰੂਪੀ ਅੱਖਾਂ ਨਾਲ ਅਸੀਂ ਕੇਵਲ ਅਸਲੀਅਤ ਨੂੰ ਦੇਖਾਂਗੇ ਹੀ ਨਹੀਂ, ਸਗੋਂ ਇਹ ਵੀ ਜਾਣ ਲਵਾਂਗੇ ਕਿ ਇਹ ਕਿਸ ਲਈ ਹੈ। ਗਿਆਨਯੋਗ ਵਿਚ ਸਵਾਮੀ ਵਿਵੇਕਾਨੰਦ ਲਿਖਦੇ ਹਨ ਕਿ 'ਸੱਚ ਨੂੰ ਤਾਂ ਕੇਵਲ ਗਿਆਨ ਨਾਲ ਹੀ ਜਾਣਿਆ ਜਾ ਸਕਦਾ ਹੈ। ਗਿਆਨ ਨਾਲ 'ਈਸਾ' ਦੇ ਇਸ ਕਥਨ ਦੀ ਗੰਭੀਰਤਾ ਵੀ ਸਮਝ ਆਉਂਦੀ ਹੈ, 'ਪੁੱਤਰ ਤੋਂ ਸਿਵਾ ਕੋਈ ਵੀ ਪਰਮ ਪਿਤਾ ਨੂੰ ਨਹੀਂ ਦੇਖ ਸਕਦਾ।' ਗਿਆਨ ਨਾਲ ਅਸੀਂ ਉਸ ਦੇ ਅਸਲ ਸਰੂਪ ਨੂੰ ਪਛਾਣ ਲੈਂਦੇ ਹਾਂ। ਕੇਵਲ ਇਕ ਪਰਦਾ (ਮਾਇਆ) ਹੀ ਹੈ ਜੋ ਉਸ ਆਤਮਾ ਨੂੰ ਛੁਪਾ ਕੇ ਰੱਖਦਾ ਹੈ। ਜਦ ਪਰਦਾ ਹਟ ਜਾਂਦਾ ਹੈ ਤਾਂ ਅਸੀਂ ਉਸ ਦੇ ਪਿੱਛੇ ਆਤਮਾ ਨੂੰ ਪਾ ਲੈਂਦੇ ਹਾਂ। ਜਿਵੇਂ-ਜਿਵੇਂ ਗਿਆਨ ਪ੍ਰਾਪਤ ਹੁੰਦਾ ਜਾਂਦਾ ਹੈ, ਇਹ ਪਰਦਾ ਪਤਲਾ ਹੁੰਦਾ ਜਾਂਦਾ ਹੈ। ਗਿਆਨੀ ਦੀ ਆਤਮਾ ਦਾ ਪਰਦਾ ਬਹੁਤ ਹੀ ਬਰੀਕ ਹੋ ਜਾਂਦਾ ਹੈ ਅਤੇ ਉਸ ਨੂੰ ਆਤਮਾ ਦਾ ਪ੍ਰਕਾਸ਼ ਦਿਖਾਈ ਦਿੰਦਾ ਹੈ ਪਰ ਅਗਿਆਨੀਆਂ ਅਤੇ ਪਾਪੀ ਲੋਕਾਂ ਲਈ ਇਹ ਪਰਦਾ ਮੋਟਾ ਹੁੰਦਾ ਹੈ ਅਤੇ ਉਹ ਇਸ ਸਚਾਈ ਨੂੰ ਨਹੀਂ ਦੇਖ ਸਕਦੇ। ਗਿਆਨ ਪ੍ਰਾਪਤੀ ਉਪਰੰਤ ਅਸੀਂ ਉਸ ਨਿਰਪੇਖ ਨੂੰ ਸਾਪੇਖ ਰੂਪ ਵਿਚ ਦੇਖ ਸਕਦੇ ਹਾਂ।


-ਸਵਾਮੀ ਵਿਵੇਕਾਨੰਦ ਸਟੱਡੀ ਸਰਕਲ, ਜਲੰਧਰ। ਮੋਬਾ: 94175-50741

ਸ਼੍ਰੋਮਣੀ ਕਮੇਟੀ 'ਸਭੇ ਸਾਂਝੀਵਾਲ' ਦੇ ਸਿਧਾਂਤ 'ਤੇ ਪਹਿਰਾ ਦੇਵੇ

ਲੰਮੇ ਸਮੇਂ ਤੋਂ ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉੱਤੇ ਸਿਆਸੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦਾ ਦਬਦਬਾ ਹੋਣ ਕਾਰਨ, ਇਸ ਸਿਰਮੌਰ ਸੰਸਥਾ ਦੇ ਗੁਰਦੁਆਰਿਆਂ ਦੇ ਪ੍ਰਬੰਧਾਂ ਅਤੇ ਧਰਮ ਪ੍ਰਚਾਰ ਦੇ ਸਮਾਗਮ ਵੀ ਕਥਿਤ ਤੌਰ 'ਤੇ ਇਕ ਖ਼ਾਸ ਸਿਆਸੀ ਪਾਰਟੀ ਦਾ ਲੋਕ ਆਧਾਰ ਮਜ਼ਬੂਤ ਕਰਨ ਵੱਲ ਜ਼ਿਆਦਾ ਕੇਂਦਰਿਤ ਹੋ ਚੁੱਕੇ ਹਨ, ਜਿਸ ਦੇ ਸਿੱਟੇ ਵਜੋਂ ਸਿੱਖਾਂ ਦੇ ਸਰਬੋਤਮ ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਮੇਂ-ਸਮੇਂ ਜਾਰੀ ਹੋਏ ਕਥਿਤ ਸਿਆਸਤ ਤੋਂ ਪ੍ਰੇਰਿਤ ਵਿਵਾਦਿਤ ਹੁਕਮਨਾਮਿਆਂ ਕਾਰਨ ਜਿਥੇ ਸਿੱਖ ਪੰਥ 'ਚ ਦੁਬਿਧਾ ਅਤੇ ਧੜੇਬੰਦੀਆਂ ਪੈਦਾ ਹੋਈਆਂ ਅਤੇ ਸਿੱਖਾਂ ਦੇ ਸਰਬੋਤਮ ਤਖ਼ਤ ਦੀ ਮਾਣ ਮਰਿਆਦਾ ਨੂੰ ਢਾਹ ਲੱਗੀ, ਉਥੇੇ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਾਂ ਅਧੀਨ ਚਲਦੇ ਗੁਰਦੁਆਰਿਆਂ ਦੀ ਗੋਲਕ, ਲੰਗਰ ਅਤੇ ਮੁਲਾਜ਼ਮਾਂ ਦੀ ਵਰਤੋਂ ਵੀ ਸਿੱਧੇ-ਅਸਿੱਧੇ ਢੰਗ ਨਾਲ ਇਸ ਖ਼ਾਸ ਸਿਆਸੀ ਪਾਰਟੀ ਦੇ ਸਿਆਸੀ ਫ਼ਾਇਦੇ ਲਈ ਹੋਣ ਦੀ ਚਰਚਾ ਹਮੇਸ਼ਾ ਮੀਡੀਆ ਅਤੇ ਆਮ ਲੋਕਾਂ ਦੀ ਚਰਚਾ ਵਿਚ ਰਹਿੰਦੀ ਹੈ। ਸਿਆਸੀ ਪ੍ਰਭਾਵ ਹੇਠ ਸ਼੍ਰੋਮਣੀ ਕਮੇਟੀ ਅਤੇ ਇਸ ਦੇ ਬਹੁਤੇ ਮੈਂਬਰਾਂ ਦੀ ਹਰ ਪੱਧਰ 'ਤੇ ਸਿਆਸਤ ਵਿਚ ਸ਼ਮੂਲੀਅਤ ਕਾਰਨ, ਇਸ ਦੇ ਗੁਰਮਤਿ ਪ੍ਰਚਾਰ, ਸੁਚੱਜੇ ਗੁਰਦੁਆਰਾ ਪ੍ਰਬੰਧਾਂ, ਲੋੜਵੰਦ ਸਿੱਖ ਪਰਿਵਾਰਾਂ ਅਤੇ ਸਿੱਖ ਨੌਜਵਾਨਾਂ ਦੀ ਬਾਂਹ ਫੜਨ ਤੋਂ ਮੂੰਹ ਫ਼ੇਰਨ ਨਾਲ ਸਮੁੱਚਾ ਸਿੱਖ ਜਗਤ ਗੁੱਸੇ ਅਤੇ ਨਿਰਾਸ਼ਾ ਦੇ ਆਲਮ ਵਿਚ ਹੈ।
ਸ਼੍ਰੋਮਣੀ ਕਮੇਟੀ ਦੇ ਬਹੁਤੇ ਮੈਂਬਰ ਵੀ ਆਪਣੇ ਹਲਕਿਆਂ ਵਿਚ ਗੁਰਮਤਿ ਪ੍ਰਚਾਰ ਅਤੇ ਸਿੱਖ ਪਰਿਵਾਰਾਂ ਦੀਆਂ ਮੁਸ਼ਕਿਲਾਂ ਸੁਣਨ ਦੀ ਥਾਂ ਸਿਆਸੀ ਆਕਾਵਾਂ ਦੇ ਰੋਜ਼ਨਾਮਚੇ 'ਚ ਆਪਣੀ ਹਾਜ਼ਰੀ ਲਵਾਉਣ ਨੂੰ ਹੀ ਆਪਣੀ ਡਿਊਟੀ ਸਮਝਦੇ ਹਨ ਅਤੇ ਇਸ ਸਿਆਸੀ ਪਾਰਟੀ ਨਾਲ ਜੁੜੇ ਲੋਕਾਂ ਨੂੰ ਹੀ ਸਿੱਖ ਸਮਝਦੇ ਹਨ। ਇਨ੍ਹਾਂ ਦੇ ਸਿਆਸੀ ਵਤੀਰੇ, ਗੁਰਮਤਿ ਤੋਂ ਸੱਖਣੇ ਅਤੇ ਆਰਥਿਕ ਲੋੜਾਂ ਦੇ ਸਤਾਏ ਕਈ ਸਿੱਖ ਪਰਿਵਾਰ ਧਰਮ ਪਰਿਵਰਤਨ ਕਰ ਚੁੱਕੇ ਹਨ। ਮਜੀਠਾ ਹਲਕੇ ਦੇ ਬਹੁਤ ਸਾਰੇ ਪਿੰਡਾਂ ਵਿਚ ਜਿਥੇ ਕਦੇ ਇਕ 'ਖਾਸ ਧਰਮ' ਨਾਲ ਸਬੰਧਤ ਕੋਈ ਵੀ ਪਰਿਵਾਰ ਨਹੀਂ ਸੀ, ਅੱਜਕਲ੍ਹ ਹਰ ਪਿੰਡ ਵਿਚ ਇਸ ਧਰਮ ਦੇ ਕਈ ਪਰਿਵਾਰ ਹਨ ਅਤੇ ਬਹੁਤੇ ਪਿੰਡਾਂ ਵਿਚ ਉਨ੍ਹਾਂ ਦੇ ਧਾਰਮਿਕ ਅਸਥਾਨ ਵੀ ਹਨ। ਧਰਮ ਪ੍ਰਚਾਰ ਦੇ ਮਾਮਲੇ ਵਿਚ ਜਿਥੇ ਸ਼੍ਰੋਮਣੀ ਕਮੇਟੀ ਅਤੇ ਇਸ ਦੀ ਸਿਆਸੀ ਸਰਪ੍ਰਸਤ ਪਾਰਟੀ ਗੁਰਮਤਿ ਦੇ 'ਸਭੇ ਸਾਂਝੀਵਾਲ' ਦੇ ਸਿਧਾਂਤ ਦੇ ਉਲਟ ਹਰ ਪਿੰਡ, ਕਸਬੇ ਵਿਚ ਜਾਤੀਵਾਦ 'ਤੇ ਆਧਾਰਿਤ ਵੱਖ-ਵੱਖ ਗੁਰਦੁਆਰੇ ਅਤੇ ਸ਼ਮਸ਼ਾਨਘਾਟ ਬਣਾ ਕੇ ਸਿੱਖਾਂ ਵਿਚ ਵੰਡੀਆਂ ਪਾ ਰਹੀ ਹੈ, ਉਥੇ ਨਵੇਂ ਧਰਮ ਦੇ ਪ੍ਰਚਾਰਕ ਹਰ ਲੋੜਵੰਦ ਦੀ ਲੋੜ ਪੂਰੀ ਕਰਕੇ ਉਨ੍ਹਾਂ ਨੂੰ ਗਲ ਲਾ ਕੇ ਸਭ ਨੂੰ ਇਕ ਛੱਤ ਹੇਠ ਇਕੱਠਾ ਕਰ ਰਹੇ ਹਨ। ਉਹ ਹਰ ਹਫ਼ਤੇ, ਮਹੀਨਾਵਾਰ ਅਤੇ ਸਾਲਾਨਾ ਸਮਾਗਮ ਕਰਦੇ ਹਨ।
ਦੂਸਰੇ ਪਾਸੇ ਸ਼੍ਰੋਮਣੀ ਕਮੇਟੀ ਵਲੋਂ ਪਿੰਡਾਂ ਅਤੇ ਸਕੂਲਾਂ ਵਿਚ ਕਦੇ-ਕਦਾਈਂ ਚਲਾਈਆਂ ਜਾਂਦੀਆਂ ਧਰਮ ਪ੍ਰਚਾਰ ਸਰਗਰਮੀਆਂ, ਨਗਰ ਕੀਰਤਨ, ਗੁਰਪੁਰਬ ਵੀ ਮਹਿਜ ਖਾਨਾਪੂਰਤੀ ਤੱਕ ਹੀ ਸੀਮਤ ਹਨ। ਪਿਛਲੇ ਸਾਲਾਂ 'ਚ ਕੇਸ ਸੰਭਾਲ, ਦਸਤਾਰ ਮੁਕਾਬਲੇ ਜਾਂ ਧਾਰਮਿਕ ਪ੍ਰੀਖਿਆਵਾਂ ਵਰਗੀਆਂ ਧਾਰਮਿਕ ਸਰਗਮੀਆਂ ਦਾ ਖ਼ੁਲਾਸਾ ਕਰਦਿਆਂ ਕੁਝ ਸਕੂਲ ਪ੍ਰਬੰਧਕਾਂ ਨੇ ਦੱਸਿਆ ਕਿ ਕੇਸ ਸੰਭਾਲ ਅਤੇ ਦਸਤਾਰ ਮੁਕਾਬਲਿਆਂ ਲਈ ਕਦੇ ਵੀ ਕਿਸੇ ਪ੍ਰਚਾਰਕ ਨੇ ਸਕੂਲ 'ਚ ਬੱਚਿਆਂ ਨੂੰ ਪ੍ਰੇਰਨ ਦਾ ਯਤਨ ਨਹੀਂ ਕੀਤਾ ਅਤੇ ਕੇਵਲ ਇਨਾਮ (ਮੈਡਲ) ਦੇਣ ਤੱਕ ਹੀ ਪ੍ਰਚਾਰ ਸੀਮਤ ਹੈ। ਗੁਰਬਾਣੀ ਅਤੇ ਸਿੱਖ ਇਤਿਹਾਸ ਸਬੰਧੀ ਲਈ ਜਾਂਦੀ ਧਾਰਮਿਕ ਪ੍ਰੀਖਿਆ ਵਿਚ ਗੁਰਬਾਣੀ ਦੇ ਸਤਿਕਾਰ, ਮਹੱਤਵ ਜਾਂ ਨੈਤਿਕਤਾ ਸਬੰਧੀ ਕਦੇ ਕੋਈ ਪ੍ਰਚਾਰਕ ਸਕੂਲ ਵਿਦਿਆਰਥੀਆਂ ਦੇ ਰੂਬਰੂ ਨਹੀਂ ਹੁੰਦਾ। ਇਸੇ ਕਰਕੇ ਇਨ੍ਹਾਂ ਪ੍ਰੀਖਿਆਵਾਂ ਵਿਚ ਸਕੂਲ ਪ੍ਰਬੰਧਕਾਂ ਅਤੇ ਵਿਦਿਆਰਥੀਆਂ ਦਾ ਮਕਸਦ ਕੇਵਲ ਵੱਧ ਤੋਂ ਵੱਧ ਨੰਬਰ ਹਾਸਲ ਕਰਕੇ ਇਨਾਮ ਰਾਸ਼ੀ ਲੈਣ ਤੱਕ ਸੀਮਤ ਹੁੰਦਾ ਹੈ ਅਤੇ ਉਸ ਮਕਸਦ ਲਈ ਪ੍ਰੀਖਿਆਵਾਂ ਦੌਰਾਨ ਨਕਲ ਕਰਵਾਈ ਜਾਂਦੀ ਹੈ ਅਤੇ ਗੁਰਬਾਣੀ ਦੇ ਗੁਟਕਾ ਸਾਹਿਬ ਦੀ ਬੇਅਦਬੀ ਆਮ ਹੁੰਦੀ ਹੈ।
ਨਾ ਤਾਂ ਅਖੌਤੀ ਸਿੱਖ ਹਿਤੈਸ਼ੀ ਅਖਵਾਉਂਦੇ ਸ਼੍ਰੋਮਣੀ ਅਕਾਲੀ ਦਲ ਨੇ ਆਪਣੀ ਦਸ ਸਾਲ ਸਰਕਾਰ ਸਮੇਂ ਅਤੇ ਨਾ ਹੀ ਸ਼੍ਰੋਮਣੀ ਕਮੇਟੀ ਨੇ ਕਦੇ ਸਿੱਖ ਨੌਜਵਾਨਾਂ ਦੀ ਰੁਜ਼ਗਾਰ ਜਾਂ ਗੁਰਮਤਿ ਪੱਖੋਂ ਬਾਂਹ ਫੜੀ ਹੈ, ਜਿਸ ਕਾਰਨ ਬੇਰੁਜ਼ਗਾਰ ਅਤੇ ਗੁਰਮਤਿ ਗਿਆਨ ਤੋਂ ਵਿਹੂਣੇ ਲਾਚਾਰ ਤੇ ਮਾਯੂਸ ਵੱਡੀ ਗਿਣਤੀ ਵਿਚ ਨੌਜਵਾਨ ਨਸ਼ਿਆਂ ਦੀ ਦਲ ਦਲ ਵਿਚ ਫ਼ਸਦੇ ਜਾ ਰਹੇ ਹਨ। ਬਿਮਾਰ ਸਰਕਾਰੀ ਤੰਤਰ ਅਤੇ ਸਿਆਸੀ ਬਦਲਾਖੋਰੀ ਤੋਂ ਡਰਦੇ ਪੜ੍ਹੇ-ਲਿਖੇ ਨੌਜਵਾਨ ਜਾਇਦਾਦਾਂ ਵੇਚ ਕੇ ਜਾਂ ਕਰਜ਼ੇ ਚੁੱਕ ਕੇ ਪੰਜਾਬ ਛੱਡ ਕੇ ਵਿਦੇਸ਼ ਜਾ ਰਹੇ ਹਨ। ਸਿਆਸੀ ਮੁਫ਼ਾਦਾਂ ਖ਼ਾਤਰ ਸਰਬੋਤਮ ਸਿੱਖ ਸੰਸਥਾਵਾਂ ਅਤੇ ਸ਼੍ਰੋਮਣੀ ਕਮੇਟੀ ਦੀ ਦੁਰਵਰਤੋਂ ਕਾਰਨ ਖ਼ਤਮ ਹੋਏ ਸਿਆਸੀ ਲੋਕ ਆਧਾਰ ਨੂੰ ਫਿਰ ਬਟੋਰਨ ਲਈ ਸ਼੍ਰੋਮਣੀ ਕਮੇਟੀ ਵਲੋਂ ਪਿਛਲੇ ਦਿਨੀਂ ਸ਼ੁਰੂ ਕੀਤੀ ਗੁਰਮਤਿ ਪ੍ਰਚਾਰ ਲਹਿਰ ਤੋਂ ਲੋਕਾਂ ਦਾ ਦੂਰ ਰਹਿਣਾ, ਸ਼੍ਰੋਮਣੀ ਕਮੇਟੀ ਦੇ ਸਿਆਸੀਕਰਨ ਵਿਰੁੱਧ ਲੋਕ ਰੋਹ ਦੀ ਨਿਸ਼ਾਨੀ ਹੈ।
ਮੁੱਕਦੀ ਗੱਲ, ਆਮ ਲੋਕ ਅਤੇ ਸਿੱਖ ਭਾਈਚਾਰਾ ਸਿਆਸੀ ਆਕਾਵਾਂ ਦੀ ਚੋਬਦਾਰ ਬਣੀ ਸ਼੍ਰੋਮਣੀ ਕਮੇਟੀ ਦੇ ਧਰਮ ਪ੍ਰਚਾਰ ਤੋਂ ਬੇਮੁੱਖ ਹੋਣ ਕਾਰਨ ਸਿੱਖ ਪਰਿਵਾਰਾਂ ਦੇ ਧਰਮ ਪਰਿਵਰਤਨ, ਬੇਰੁਜ਼ਗਾਰੀ ਅਤੇ ਨੌਜਵਾਨਾਂ ਦੇ ਨਸ਼ਿਆਂ 'ਚ ਗਲਤਾਨ ਹੋਣ 'ਤੇ ਭਾਰੀ ਨਿਰਾਸ਼ਾ ਅਤੇ ਗੁੱਸੇ ਵਿਚ ਹੈ। ਸਿੱਖ ਚਿੰਤਕ, ਵਿਦਵਾਨ ਅਤੇ ਸ਼੍ਰੋਮਣੀ ਕਮੇਟੀ ਵਿਚ ਖਾਮੋਸ਼ ਬੈਠੇ ਇਮਾਨਦਾਰ ਆਗੂ ਸਿੱਖ ਪਰਿਵਾਰਾਂ ਨੂੰ ਸੰਭਾਲਣ ਲਈ ਕਦੋਂ ਜਾਗਣਗੇ? ਇਹ ਸਮਾਂ ਦੱਸੇਗਾ।

-ਟਾਹਲੀ ਸਾਹਿਬ।

ਗੋਬਿੰਦ ਸਦਨ ਦਿੱਲੀ ਵਿਖੇ ਗੋਲਡਨ ਜੁਬਲੀ ਸੈਮੀਨਾਰ

ਬਾਬਾ ਵਿਰਸਾ ਸਿੰਘ ਦੇ ਯੋਗਦਾਨ ਦੀ ਹੋਈ ਪ੍ਰਸੰਸਾ
ਬਾਬਾ ਵਿਰਸਾ ਸਿੰਘ ਜੀ ਮਹਾਰਾਜ ਮੈਮੋਰੀਅਲ ਟਰੱਸਟ ਗਦਾਈਪੁਰ, ਨਵੀਂ ਦਿੱਲੀ ਵਲੋਂ ਗੋਬਿੰਦ ਸਦਨ ਦੀ ਸਥਾਪਨਾ ਦੇ ਗੋਲਡਨ ਜੁਬਲੀ ਸਮਾਗਮਾਂ ਦੀ ਲੜੀ ਵਿਚ ਭਾਵਪੂਰਤ ਸੈਮੀਨਾਰ ਕਰਵਾਇਆ ਗਿਆ, ਜਿਸ ਦਾ ਵਿਸ਼ਾ ਸੀ-'ਗੋਬਿੰਦ ਸਦਨ ਦਾ ਵਿੱਦਿਅਕ, ਸਮਾਜਿਕ ਅਤੇ ਧਾਰਮਿਕ ਯੋਗਦਾਨ।'
ਵਿਸ਼ੇ ਦੀ ਜਾਣਕਾਰੀ ਦਿੰਦੇ ਹੋਏ ਮੰਚ ਸੰਚਾਲਕਾ ਡਾ: ਸੁਰਜੀਤ ਕੌਰ ਜੌਲੀ ਨੇ ਕਿਹਾ ਕਿ ਪਿਛਲੇ 50 ਸਾਲਾਂ ਤੋਂ ਹੁਣ ਤੱਕ ਗੋਬਿੰਦ ਸਦਨ ਤਰੱਕੀ ਦੇ ਜਿਹੜੇ ਪੜਾਵਾਂ 'ਚੋਂ ਗੁਜ਼ਰਿਆ ਹੈ, ਆਏ ਵਿਦਵਾਨਾਂ ਨੇ ਇਸ ਸਬੰਧੀ ਮੁਲਾਂਕਣ ਪੇਸ਼ ਕਰਨਾ ਹੈ। ਗੋਬਿੰਦ ਸਦਨ ਇੰਸਟੀਚਿਊਟ ਫਾਰ ਐਡਵਾਂਸਡ ਸਟੱਡੀਜ਼ ਇਨ ਕੰਪੈਰੇਟਿਵ ਰਿਲੀਜਨ ਦੇ ਪ੍ਰਧਾਨ ਬਾਬਾ ਹਰਦੀਪ ਸਿੰਘ ਦੇ ਅਸ਼ੀਰਵਾਦੀ ਬਚਨਾਂ ਉਪਰੰਤ ਸੈਮੀਨਾਰ ਵਿਚ ਦੇਸ਼-ਵਿਦੇਸ਼ ਤੋਂ ਪਹੁੰਚੇ ਵਿਦਵਾਨਾਂ, ਮਹਿਮਾਨਾਂ ਅਤੇ ਮੀਡੀਆ ਹਸਤੀਆਂ ਨੂੰ ਖੁਸ਼ਆਮਦੀਦ ਆਖਦੇ ਹੋਏ ਮੇਜ਼ਬਾਨ ਟਰੱਸਟ ਦੇ ਪ੍ਰਧਾਨ ਡਾ: ਰਾਏ ਸਿੰਘ (ਸਾਬਕਾ ਪ੍ਰਮੁੱਖ ਸਕੱਤਰ ਉੱਤਰ ਪ੍ਰਦੇਸ਼) ਨੇ ਦੱਸਿਆ ਕਿ ਗੋਬਿੰਦ ਸਦਨ ਦੀ ਆਤਮਨਿਰਭਰਤਾ ਲਈ ਬਾਬਾ ਵਿਰਸਾ ਸਿੰਘ ਨੇ ਬੰਜਰ ਜ਼ਮੀਨਾਂ ਨੂੰ ਉਪਜਾਊ ਬਣਾ ਕੇ ਖੇਤੀ ਸ਼ੁਰੂ ਕੀਤੀ ਤਾਂ ਕਿ ਲੰਗਰ ਲਈ ਕਿਸੇ ਅੱਗੇ ਹੱਥ ਨਾ ਅੱਡਣਾ ਪਵੇ। ਇਸ ਮੌਕੇ ਪ੍ਰੋ: ਰੌਣਕੀ ਰਾਮ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਡਾ: ਜਗਮੋਹਣ ਸਿੰਘ ਰਾਜਪੂਤ, ਪ੍ਰਿੰ: ਸ਼ਰਦੇਵ ਸਿੰਘ ਗਿੱਲ ਅਤੇ ਮੈਰੀ ਪੈਟ ਫਿਸਰ ਨੇ ਭਾਵਪੂਰਤ ਸ਼ਬਦਾਂ ਵਿਚ ਸੰਬੋਧਨ ਕੀਤਾ।
ਦਸਮ ਗ੍ਰੰਥ ਬਾਰੇ ਕਰਵਾਏ ਸੈਮੀਨਾਰਾਂ ਅਤੇ ਖੋਜ ਕਾਰਜਾਂ ਦੀ ਜਾਣਕਾਰੀ ਦਿੰਦੇ ਹੋਏ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਆਏ ਪ੍ਰੋਫੈਸਰ ਹਰਪਾਲ ਸਿੰਘ ਪੰਨੂੰ ਦਾ ਕਥਨ ਸੀ ਕਿ ਗੋਬਿੰਦ ਸਦਨ ਵਾਹਦ ਸੰਸਥਾ ਹੈ, ਜਿਥੇ ਚਰਿਤਰੋ ਪਖਿਆਨ ਬਾਰੇ ਫੈਸਲਾਕੁੰਨ ਸੈਮੀਨਾਰਾਂ ਦੇ ਨਾਲ-ਨਾਲ ਸਵਾਮੀ ਬ੍ਰਹਮਦੇਵ ਸਿੰਘ ਉਦਾਸੀ ਬੱਧਨੀ ਕਲਾਂ ਦੁਆਰਾ ਕਥਾਵਾਚਨਾ ਵੀ ਸਫਲਤਾਪੂਰਵਕ ਕੀਤੀ ਗਈ।
ਰੂਸੀ ਸੰਗਤਾਂ ਦਾ ਮੁਬਾਰਕੀ ਸੁਨੇਹਾ ਲੈ ਕੇ ਪਹੁੰਚੀ ਲੀਨਾ ਸ਼ੇਗੇਦਨੋਵ ਨੇ ਆਖਿਆ ਕਿ ਗੋਬਿੰਦ ਸਦਨ ਧਰਤੀ ਉੱਪਰ ਅਜਿਹਾ ਖੂਬਸੂਰਤੀ ਭਰਪੂਰ ਤੀਰਥ ਹੈ, ਜਿਹੜਾ ਇਨਸਾਨਾਂ ਨੂੰ ਕੰਧਾਂ ਦੀ ਵਲਗਣ ਵਿਚ ਕੈਦ ਨਹੀਂ ਕਰਦਾ, ਸਗੋਂ ਪ੍ਰੇਮ ਅਤੇ ਤਰੱਕੀ ਦੇ ਖੁੱਲ੍ਹੇ ਆਕਾਸ਼ ਵਿਚ ਉਡਾਰੀਆਂ ਲਾਉਣ ਦੀ ਉਤਸ਼ਾਹੀ ਪ੍ਰੇਰਨਾ ਦਿੰਦਾ, ਅੱਜ ਆਪਣੀ ਗੋਲਡਨ ਜੁਬਲੀ ਮਨਾ ਰਿਹਾ ਹੈ।
ਸੈਮੀਨਾਰ ਵਿਚ ਉਚੇਚੇ ਤੌਰ 'ਤੇ ਪਹੁੰਚੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਬਕਾ ਉਪ-ਕੁਲਪਤੀ ਡਾ: ਜਸਪਾਲ ਸਿੰਘ ਅਤੇ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਇਕਬਾਲ ਸਿੰਘ ਨੇ ਜਾਪੁ ਸਾਹਿਬ ਦੇ ਸਵੀਡਿਸ਼ ਅਤੇ ਪੋਲਿਸ਼ ਅਨੁਵਾਦਾਂ ਨੂੰ ਲੋਕ ਅਰਪਣ ਕਰਦਿਆਂ ਆਖਿਆ ਕਿ ਜਾਪੁ ਸਾਹਿਬ ਦਾ ਪਾਠ, ਵਿਆਖਿਆ ਅਤੇ ਸੰਗੀਤਕ ਗਾਇਨ ਵਿਸ਼ਵੀ ਮੰਚ 'ਤੇ ਪਹੁੰਚਾਉਣ ਦਾ ਮਾਣ ਸਿਰਫ ਤੇ ਸਿਰਫ ਗੋਬਿੰਦ ਸਦਨ ਦੀਆਂ ਸੰਗਤਾਂ ਦੇ ਹਿੱਸੇ ਹੀ ਆਇਆ ਹੈ। ਗੋਬਿੰਦ ਸਦਨ ਅਮਰੀਕਾ ਦੇ ਬਾਨੀ ਪ੍ਰਧਾਨ ਰਾਲਫ ਸਿੰਘ ਅਤੇ ਨਾਮਧਾਰੀ ਦਰਬਾਰ ਦੇ ਪ੍ਰਧਾਨ ਹਰਵਿੰਦਰ ਸਿੰਘ ਹੰਸਪਾਲ ਦੇ ਯਾਦਗਾਰੀ ਖੁਲਾਸਿਆਂ ਉਪਰੰਤ ਕੌਮੀ ਪ੍ਰਸਿੱਧੀ ਪ੍ਰਾਪਤ ਉਰਦੂ ਸ਼ਾਇਰ ਸਰਦਾਰ ਪੰਛੀ, ਜ਼ਮੀਰ ਅਲੀ ਜ਼ਮੀਰ ਅਤੇ ਸੁਨੀਤਾ ਰੈਨਾ ਦੀਆਂ ਕਾਵਿ-ਛਹਿਬਰਾਂ ਵੀ ਤਾਰੀਫੀ ਤਾੜੀਆਂ ਹਾਸਲ ਕਰਦੀਆਂ ਰਹੀਆਂ।
ਸੈਮੀਨਾਰ ਦੀ ਪ੍ਰਧਾਨਗੀ ਕਰਦੇ ਹੋਏ ਕੌਮੀ ਘੱਟ-ਗਿਣਤੀ ਕਮਿਸ਼ਨ ਦੇ ਮੈਂਬਰ ਮਨਜੀਤ ਸਿੰਘ ਰਾਏ ਨੇ ਮੇਜ਼ਬਾਨਾਂ ਅਤੇ ਵਿਚਾਰਵਾਨਾਂ ਨੂੰ ਸਫਲਤਾ ਦੀ ਵਧਾਈ ਦਿੰਦੇ ਹੋਏ ਆਖਿਆ ਕਿ ਬਾਬਾ ਵਿਰਸਾ ਸਿੰਘ ਨੇ ਸਾਨੂੰ ਇਕ ਨਵਾਂ ਕੰਮ ਸੱਭਿਆਚਾਰ ਸਿਖਾਇਆ, ਜਿਸ ਵਿਚ ਪਿਆਰ ਹੈ, ਨਿੱਘ ਹੈ, ਸਹਿਜ ਹੈ, ਸੁਹਜ ਹੈ ਅਤੇ ਧਾਰਮਿਕ ਸਹਿਣਸ਼ੀਲਤਾ ਵੀ ਹੈ। ਇਹ ਧਾਰਮਿਕ ਸਹਿਣਸ਼ੀਲਤਾ ਹੀ ਸੁਨੱਖੇ ਅਤੇ ਸੁਚੱਜੇ ਸਮਾਜ ਦੀ ਸਥਾਪਤੀ ਨੂੰ ਕਾਇਮ ਦਾਇਮ ਰੱਖਦੀ ਹੈ। ਗੋਬਿੰਦ ਸਦਨ ਇੰਸਟੀਚਿਊਟ ਦੇ ਉਪ ਪ੍ਰਧਾਨ ਚਰਚਿਲ ਸਿੰਘ ਚੱਢਾ ਨੇ ਧੰਨਵਾਦੀ ਸ਼ਬਦ ਬੋਲਦਿਆਂ ਪ੍ਰਣ ਦ੍ਰਿੜ੍ਹਾਇਆ ਕਿ ਬਾਬਾ ਵਿਰਸਾ ਸਿੰਘ ਨੇ ਜਿਹੜਾ ਕਲਿਆਣਕਾਰੀ ਮਿਸ਼ਨ ਤੋਰਿਆ, ਇਸ ਨੂੰ ਹੋਰ ਵੀ ਸਦਾਚਾਰੀ ਸਾਰਥਿਕਤਾ ਭਰਪੂਰ ਬਣਾਉਣ ਲਈ ਸਾਡੇ ਉਪਰਾਲੇ ਚਲਦੇ ਰਹਿਣਗੇ।


-(ਲਾਇਬ੍ਰੇਰੀਅਨ) ਗੋਬਿੰਦ ਸਦਨ, ਗਦਾਈਪੁਰ, ਵਾਇਆ ਮਹਿਰੌਲੀ, ਨਵੀਂ ਦਿੱਲੀ-110030. ਮੋਬਾ: 98764-57242

ਧਾਰਮਿਕ ਸਾਹਿਤ

ਗੁਰਮਤਿ ਸੰਗੀਤਾਂਜਲੀ
ਲੇਖਕ : ਪ੍ਰੋ: ਗੁਰਮੀਤ ਸਿੰਘ 'ਮੀਤ'
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ।
ਪੰਨੇ : 242, ਮੁੱਲ : 395 ਰੁਪਏ
ਸੰਪਰਕ : 82880-04726


ਗੁਰਮਤਿ ਸੰਗੀਤ ਪਧਤੀ ਅਨੁਸਾਰ 'ਆਸਾ ਕੀ ਵਾਰ' ਦਾ ਗਾਇਨ ਰਾਗ ਆਸਾ ਵਿਚ ਹੀ ਕਰਨ ਨੂੰ ਉਚਿਤ ਮੰਨਿਆ ਜਾਂਦਾ ਹੈ ਪਰ ਇਸ ਦੇ ਨਾਲ-ਨਾਲ ਅੰਮ੍ਰਿਤ ਵੇਲੇ ਇਸ ਵਾਰ ਦਾ ਕੀਰਤਨ ਵੱਖ-ਵੱਖ ਰਾਗਾਂ ਵਿਚ ਵੀ ਕੀਤਾ ਜਾਂਦਾ ਹੈ। ਇਸ ਪੁਸਤਕ ਦਾ ਲੇਖਕ ਇਕ ਸੁਲਝਿਆ ਹੋਇਆ ਸੰਗੀਤਕਾਰ ਹੈ, ਜਿਸ ਨੇ ਸੁਗਮ-ਸੰਗੀਤ, ਸ਼ਾਸਤਰੀ ਸੰਗੀਤ ਅਤੇ ਗੁਰਮਤਿ ਸੰਗੀਤ ਦੀ ਉੱਚ ਸਿੱਖਿਆ ਪ੍ਰਾਪਤ ਕੀਤੀ ਹੈ। ਇਸ ਪੁਸਤਕ ਵਿਚ ਉਸ ਨੇ ਆਸਾ ਦੀ ਵਾਰ ਨੂੰ 24 ਰਾਗਾਂ ਵਿਚ ਸੁਰਤਾਲਬੱਧ ਕਰਨ ਦਾ ਕਾਰਜ ਕੀਤਾ ਹੈ। ਇਸ ਵਿਚ 116 ਰਾਗ-ਰੀਤਾਂ (ਬੰਦਸ਼ਾਂ) ਹਨ, ਜਿਨ੍ਹਾਂ ਵਿਚ 49 ਛੰਤ, 25 ਪਉੜੀਆਂ, 40 ਸ਼ਬਦ ਅਤੇ 7 ਰਾਗਾਂ ਦੀਆਂ ਬੰਦਸ਼ਾਂ ਦਾ 7 ਤਾਲਾਂ ਵਿਚ ਗੁੰਦਿਆ ਇਕ ਗੁਲਦਸਤਾ ਸ਼ਾਮਿਲ ਹੈ।
ਸੁਰ ਗਿਆਨ ਦੇ ਨਾਲ-ਨਾਲ ਲੇਖਕ ਨੇ ਸੰਗੀਤ ਪ੍ਰੇਮੀਆਂ ਲਈ ਤਾਲ ਗਿਆਨ ਬਾਰੇ ਭਰਪੂਰ ਜਾਣਕਾਰੀ ਦਿੱਤੀ ਹੈ। ਇਹ ਪੁਸਤਕ ਆਸਾ ਦੀ ਵਾਰ ਦਾ ਵਿਸ਼ੇਸ਼ ਅੰਕ ਹੈ। ਪੁਸਤਕ ਦੇ ਆਰੰਭ ਵਿਚ ਸੰਗੀਤ ਥਿਊਰੀ (ਸਪਤਕ, ਥਾਟ, ਰਾਗ, ਜਾਤੀਆਂ, ਅਲੰਕਾਰ, ਅਲਾਪ, ਤਾਨਾਂ ਆਦਿ) ਬਾਰੇ ਵਿਸਥਾਰ ਨਾਲ ਚਾਨਣਾ ਪਾਇਆ ਗਿਆ ਹੈ। ਉਪਰੰਤ 24 ਰਾਗਾਂ ਬਾਰੇ ਸੁਰਲਿਪੀ ਸਹਿਤ ਦੱਸਿਆ ਗਿਆ ਹੈ। ਤਾਲ ਗਿਆਨ ਅਧੀਨ ਲੇਖਕ ਨੇ ਪਉੜੀ ਤਾਲ, ਦਾਦਰਾ ਤਾਲ, ਰੂਪਕ ਤਾਲ, ਕਹਿਰਵਾ ਤਾਲ, ਅੰਕ ਤਾਲ, ਝੱਪ ਤਾਲ, ਇਕ ਤਾਲ, ਚਾਰ ਤਾਲ, ਦੀਪ ਚੰਦੀ ਤਾਲ, ਤਿੰਨ ਤਾਲ, ਪੰਜਾਬੀ ਠੇਕਾ ਆਦਿ ਬਾਰੇ ਦੱਸ ਕੇ ਪਾਠਕਾਂ ਦੇ ਗਿਆਨ ਵਿਚ ਵਾਧਾ ਕੀਤਾ ਹੈ।
ਗੁਰਮਤਿ ਸੰਗੀਤ ਦੇ ਵਿਦਿਆਰਥੀਆਂ ਅਤੇ ਕੀਰਤਨ ਪ੍ਰੇਮੀਆਂ ਲਈ ਇਹ ਪੁਸਤਕ ਬਹੁਤ ਮਹੱਤਵਪੂਰਨ ਤੇ ਲਾਭਦਾਇਕ ਹੈ।


-ਕੰਵਲਜੀਤ ਸਿੰਘ ਸੂਰੀ,
ਮੋਬਾ: 93573-24241

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX