ਤਾਜਾ ਖ਼ਬਰਾਂ


ਪਿੰਡ ਵਲੀਪੁਰ ਵਿਖੇ ਆਰ.ਐੱਮ.ਪੀ. ਡਾਕਟਰ ਨੂੰ ਗੋਲੀਆਂ ਮਾਰ ਕੇ ਕੀਤਾ ਜ਼ਖ਼ਮੀ
. . .  1 day ago
ਤਰਨ ਤਾਰਨ, 20 ਮਈ (ਹਰਿੰਦਰ ਸਿੰਘ)-ਥਾਣਾ ਸਦਰ ਤਰਨ ਤਾਰਨ ਅਧੀਨ ਪੈਂਦੇ ਪਿੰਡ ਵਲੀਪੁਰ ਵਿਖੇ ਆਰ.ਐਮ.ਪੀ. ਡਾਕਟਰ ਵਜੋਂ ਕੰਮ ਕਰਦੇ ਇਕ ਵਿਅਕਤੀ ਨੂੰ ਪਿੰਡ ਦੇ ਇਕ ਨੌਜਵਾਨ ਨੇ ਆਪਣੇ ਸਾਥੀਆਂ
ਦਿੱਲੀ ਦੇ ਸੰਗਮ ਬਿਹਾਰ 'ਚ ਵਿਅਕਤੀ ਦਾ ਚਾਕੂ ਮਾਰ ਕੇ ਕਤਲ
. . .  1 day ago
ਨਵੀਂ ਦਿੱਲੀ, 20 ਮਈ- ਦਿੱਲੀ ਦੇ ਸੰਗਮ ਬਿਹਾਰ 'ਚ ਇਕ 29 ਸਾਲ ਦੇ ਵਿਅਕਤੀ ਦਾ ਕੁਝ ਅਣਪਛਾਤੇ ਹਮਲਾਵਰਾਂ ਵੱਲੋਂ ਚਾਕੂ ਮਾਰ ਕੇ ਕਤਲ ਕੀਤਾ ਜਾਣ ਦੀ ਮਾਮਲਾ ਸਾਹਮਣੇ ਆਇਆ...
ਅੰਮ੍ਰਿਤਸਰ ਦੇ ਵਿਧਾਨ ਸਭਾ ਹਲਕਾ ਰਾਜਾਸਾਂਸੀ 'ਚ 22 ਮਈ ਨੂੰ ਮੁੜ ਪੈਣਗੀਆਂ ਵੋਟਾਂ
. . .  1 day ago
ਅੰਮ੍ਰਿਤਸਰ, 20 ਮਈ (ਅਮਨ ਮੈਨੀ) - ਰਾਜਾਸਾਂਸੀ ਵਿਧਾਨ ਸਭਾ ਹਲਕੇ ਦੇ ਪੋਲਿੰਗ ਸਟੇਸ਼ਨ ਨੰਬਰ 123 'ਤੇ 22 ਮਈ ਨੂੰ ਮੁੜ ਵੋਟਾਂ ਪੈਣਗੀਆਂ। ਇਸ ਦੇ ਨਾਲ ਹੀ ਦੱਸ ਦੇਈਏ ਕਿ ਵੋਟਿੰਗ ਦਾ ਸਮਾਂ 7 ਵਜੇ ਤੋਂ ਸ਼ਾਮ 6 ਵਜੇ ਤਕ ਹੋਵੇਗਾ। ਇਸ ਸੰਬੰਧੀ....
ਨਸ਼ੇ ਦੀ ਓਵਰ ਡੋਜ਼ ਲੈਣ ਕਾਰਨ ਨੌਜਵਾਨ ਦੀ ਮੌਤ
. . .  1 day ago
ਹੰਡਿਆਇਆ, 20 ਮਈ (ਗੁਰਜੀਤ ਸਿੰਘ ਖੁੱਡੀ)- ਜ਼ਿਲ੍ਹਾ ਬਰਨਾਲਾ ਦੇ ਪਿੰਡ ਖੁੱਡੀ ਕਲਾਂ ਵਿਖੇ ਆਏ ਪਿੰਡ ਮਾਂਗੇਵਾਲ ਦੇ ਵਾਸੀ ਸੁਖਦੇਵ ਸਿੰਘ ਪੁੱਤਰ ਦਰਸ਼ਨ ਦੀ ਨਸ਼ੇ ਦੀ ਓਵਰ ਡੋਜ਼ ਲੈਣ ਦੇ ਕਾਰਨ....
ਮਹਾਰਾਸ਼ਟਰ ਮਹਿਲਾ ਕਮਿਸ਼ਨ ਨੇ ਵਿਵੇਕ ਓਬਰਾਏ ਨੂੰ ਨੋਟਿਸ ਕੀਤਾ ਜਾਰੀ
. . .  1 day ago
ਨਵੀਂ ਦਿੱਲੀ, 20 ਮਈ- ਬਾਲੀਵੁੱਡ ਅਦਾਕਾਰ ਵਿਵੇਕ ਓਬਰਾਏ ਇੰਨੀ ਦਿਨੀਂ ਆਪਣੀ ਫ਼ਿਲਮ 'ਪੀ.ਐਮ ਨਰਿੰਦਰ ਮੋਦੀ' ਨੂੰ ਲੈ ਕੇ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਇਸ ਦੌਰਾਨ, ਐਗਜ਼ਿਟ ਪੋਲ ਦੇ ਨਤੀਜਿਆਂ ਨੂੰ ਲੈ ਕੇ ਵਿਵੇਕ ਨੇ ਆਪਣੇ ਟਵਿਟਰ ਹੈਂਡਲ 'ਤੇ ਇਕ ਪੋਸਟ ....
ਅਫ਼ਗ਼ਾਨਿਸਤਾਨ 'ਚ 11 ਤਾਲਿਬਾਨੀ ਅੱਤਵਾਦੀ ਢੇਰ
. . .  1 day ago
ਕਾਬੁਲ, 20 ਮਈ- ਅਫ਼ਗ਼ਾਨਿਸਤਾਨ ਦੇ ਪੱਛਮੀ ਪ੍ਰਾਂਤ ਫਰਾਹ 'ਚ ਨਾਟੋ ਦੀ ਅਗਵਾਈ ਹੇਠ ਗੱਠਜੋੜ ਫੌਜ ਦੇ ਹਵਾਈ ਹਮਲਿਆਂ 'ਚ 11 ਅੱਤਵਾਦੀ ਮਾਰੇ ਗਏ ਹਨ। ਸੂਬਾਈ ਪੁਲਿਸ ਦੇ ਬੁਲਾਰੇ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਗੱਠਜੋੜ....
ਮਮਤਾ ਨੂੰ ਮਿਲਣ ਲਈ ਕੋਲਕਾਤਾ ਪਹੁੰਚੇ ਚੰਦਰਬਾਬੂ ਨਾਇਡੂ
. . .  1 day ago
ਕੋਲਕਾਤਾ, 20 ਮਈ- ਤੇਲਗੂ ਦੇਸ਼ਮ ਪਾਰਟੀ ਦੇ ਪ੍ਰਧਾਨ ਚੰਦਰਬਾਬੂ ਨਾਇਡੂ ਤ੍ਰਿਣਮੂਲ ਕਾਂਗਰਸ ਦੀ ਪ੍ਰਧਾਨ ਅਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਮਿਲਣ ਲਈ ਅੱਜ...
ਘਰੇਲੂ ਲੜਾਈ ਦੌਰਾਨ ਹਿੰਸਕ ਹੋਇਆ ਪਤੀ, ਦੰਦੀਆਂ ਵੱਢ ਕੇ ਕੱਟਿਆ ਪਤਨੀ ਦਾ ਨੱਕ
. . .  1 day ago
ਬਠਿੰਡਾ, 20 ਮਈ (ਕੰਵਲਜੀਤ ਸਿੰਘ ਸਿੱਧੂ)- ਬਠਿੰਡਾ ਦੀ ਅਗਰਵਾਲ ਕਲੋਨੀ 'ਚ ਅੱਜ ਘਰੇਲੂ ਲੜਾਈ ਦੌਰਾਨ ਇੱਕ ਪਤੀ ਇੰਨਾ ਹਿੰਸਕ ਹੋ ਗਿਆ ਕਿ ਉਸ ਨੇ ਦੰਦੀਆਂ ਵੱਢ ਕੇ ਆਪਣੀ ਪਤਨੀ ਦਾ ਨੱਕ ਹੀ ਕੱਟ ਦਿੱਤਾ। ਇੰਨਾ ਹੀ ਨਹੀਂ, ਪਤੀ ਨੇ ਆਪਣੀ ਪਤਨੀ ਦੀ ਬਾਹ...
ਪਿਕਅਪ ਵਲੋਂ ਟੱਕਰ ਮਾਰੇ ਜਾਣ ਕਾਰਨ ਮਾਂ-ਪੁੱਤ ਦੀ ਮੌਤ
. . .  1 day ago
ਅਬੋਹਰ, 20 ਮਈ (ਸੁਖਜਿੰਦਰ ਸਿੰਘ ਢਿੱਲੋਂ)- ਅੱਜ ਸ਼ਾਮੀਂ ਅਬੋਹਰ-ਮਲੋਟ ਰੋਡ 'ਤੇ ਬੱਲੂਆਣਾ ਨੇੜੇ ਵਾਪਰੇ ਇੱਕ ਸੜਕ ਹਾਦਸੇ 'ਚ ਮਾਂ-ਪੁੱਤਰ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਅਬੋਹਰ ਤੋਂ ਮਲੋਟ ਵੱਲ ਜਾ ਰਹੀ ਇੱਕ ਤੇਜ਼ ਰਫ਼ਤਾਰ...
ਅੰਮ੍ਰਿਤਸਰ ਦੇ ਪਿੰਡ ਸ਼ਹੂਰਾ ਦੇ ਇੱਕ ਪੋਲਿੰਗ ਬੂਥ ਦੀ ਚੋਣ ਰੱਦ
. . .  1 day ago
ਬੱਚੀਵਿੰਡ, 20 ਮਈ (ਬਲਦੇਵ ਸਿੰਘ ਕੰਬੋ)- ਚੋਣ ਕਮਿਸ਼ਨ ਨੇ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਸ਼ਹੂਰਾ ਦੇ ਇੱਕ ਪੋਲਿੰਗ ਬੂਥ ਦੀ ਨੂੰ ਚੋਣ ਰੱਦ ਕਰ ਦਿੱਤਾ ਹੈ। ਇੱਥੇ ਹੁਣ 21 ਮਈ ਨੂੰ ਮੁੜ ਵੋਟਾਂ ਪੈਣਗੀਆਂ। ਚੋਣਾਂ ਵਾਲੇ ਦਿਨ ਵਿਰੋਧੀ ਧਿਰ ਨੇ ਇਹ ਇਲਜ਼ਾਮ ਲਾਇਆ ਸੀ ਕਿ...
ਹੋਰ ਖ਼ਬਰਾਂ..

ਫ਼ਿਲਮ ਅੰਕ

ਨਰਗਿਸ ਫਾਖਰੀ

ਫਿਕਰ ਦੂਜਿਆਂ ਦਾ

ਮੈਟ ਦੇ ਨਾਲ ਨਰਗਿਸ ਦੀ ਦੋਸਤੀ ਜੱਗ ਜ਼ਾਹਿਰ ਹੈ। 'ਘਿਸੀ ਪਿਟੀ' ਜਿਹੀ 'ਅਮਾਵਸ' ਫ਼ਿਲਮ ਨੇ ਉਸ ਦੇ ਕਰੀਅਰ ਨੂੰ ਡੋਬਣ ਵਾਲੀ ਗੱਲ ਕੀਤੀ ਹੈ। ਆਪ ਹਨੇਰੇ 'ਚ ਤੇ ਫਿਕਰ ਦੂਸਰਿਆਂ ਦਾ, ਇਹ ਹਾਲ ਨਰਗਿਸ ਦਾ ਹੈ। ਹਾਲੇ ਪ੍ਰਿਅੰਕਾ ਚੋਪੜਾ ਵਿਆਹ ਦੇ ਚਾਅ ਹੀ ਪੂਰੇ ਕਰ ਰਹੀ ਹੈ ਕਿ ਮਿਸ ਫਾਖਰੀ ਨੇ ਉਸ ਦੇ ਜੁਆਕਾਂ ਦੀ ਵੀ ਕਲਪਨਾ ਕਰ ਛੱਡੀ ਹੈ। 'ਨਿਆਣੇ ਬਹੁਤ ਹੋਣਗੇ ਇਸ ਜੋੜੀ ਦੇ ਸਿਆਣੇ' ਉਸ ਨੇ ਕਿਹਾ ਹੈ। ਇਸ ਸਮੇਂ ਉਸ ਦਾ ਭਾਰ ਵਧ ਗਿਆ ਹੈ। ਜਨਤਕ ਜ਼ਿੰਦਗੀ ਜਿਊਣ ਦੀ ਉਹ ਇਛੁਕ ਹੈ ਪਰ ਖਾਸ ਹਸਤੀ ਹੋਣ ਕਾਰਨ ਜੀਅ ਨਹੀਂ ਸਕਦੀ ਜਨਤਕ ਜ਼ਿੰਦਗੀ। ਨਿੱਕੀ ਹੁੰਦੀ ਫਾਖਰੀ ਡਰਾਉਣੀਆਂ ਫ਼ਿਲਮਾਂ ਦੀ ਸ਼ੌਕੀਨ ਸੀ। ਸ਼ਾਇਦ 'ਅਮਾਵਸ' ਕਰਕੇ ਉਸ ਨੂੰ ਸਕੂਨ ਮਿਲਿਆ ਹੋਵੇਗਾ। ਇਕ ਹੀ ਹਫ਼ਤਾ ਪਹਿਲਾਂ ਸੋਸ਼ਲ ਮੀਡੀਆ 'ਤੇ ਹੋਈ ਵਾਇਰਲ ਫੋਟੋ 'ਚ ਨਰਗਿਸ ਫਾਖਰੀ ਨਾਲ ਸ਼ਰੇਆਮ ਅਸ਼ਲੀਲ ਹਰਕਤ ਇਕ ਵਿਅਕਤੀ ਕਰ ਰਿਹਾ ਹੈ। ਉਦੈ ਚੋਪੜਾ, ਮੈਟ ਅਲੌਂਜ਼ੋ ਨਾਲ ਰਿਸ਼ਤੇ ਜ਼ਰੂਰ ਹਨ ਪਰ ਅਜਿਹੀ ਗੰਦੀ ਹਰਕਤ ਉਨ੍ਹਾਂ ਵੀ ਨਹੀਂ ਉਸ ਨਾਲ ਕੀਤੀ ਹੋਣੀ। ਪਾਕਿਸਤਾਨ ਦੀ 'ਜੰਗ' ਅਖ਼ਬਾਰ ਵਿਚ ਨਰਗਿਸ ਦੇ ਛਪੇ ਇਕ ਵਿਗਿਆਪਨ ਨੇ ਧਮਾਲ ਤੇ ਰੌਲਾ ਪੁਆਇਆ ਹੈ। ਮੋਬੀਲਿੰਕ ਦੇ ਇਸ ਵਿਗਿਆਪਨ 'ਚ ਨਰਗਿਸ ਦੀ ਖੁੱਲ੍ਹੀ-ਡੁੱਲ੍ਹੀ ਫੋਟੋ ਤੇ ਪਾਕਿਸਤਾਨੀ ਪੱਤਰਕਾਰਾਂ ਨੇ 'ਜੰਗ' ਅਖ਼ਬਾਰ ਦਾ ਵਿਰੋਧ ਕੀਤਾ। ਹਾਲਾਂਕਿ ਮੇਹਰ ਤਰਾਰ ਜ਼ਰੂਰ ਨਰਗਿਸ ਦੇ ਹੱਕ ਵਿਚ ਆਈ ਹੈ। '4 ਵੈਡਿੰਗਜ਼', 'ਟੌਰਬਾਜ਼' ਫ਼ਿਲਮਾਂ ਨੇ ਗੁੰਮਨਾਮ ਹੋਣ ਜਾ ਰਹੀ ਨਰਗਿਸ ਨੂੰ ਫ਼ਿਲਮੀ ਦੁਨੀਆ 'ਚ ਜੀਵਤ ਕੀਤਾ ਹੈ। ਵਿਦੇਸ਼ਣ ਹੋਣ ਕਾਰਨ ਭਾਰਤ-ਪਾਕਿਸਤਾਨ ਦੀ ਸੰਸਕ੍ਰਿਤੀ ਜ਼ਰੂਰ ਉਸ ਨਾਲ ਖਾਰ ਖਾਂਦੀ ਹੈ ਕਿਉਂਕਿ ਉਹ ਜ਼ਿਆਦਾ ਹੀ ਹੱਦਾਂ-ਬੰਨ੍ਹੇ ਕਈ ਵਾਰ ਟੱਪ ਜਾਂਦੀ ਹੈ।


ਖ਼ਬਰ ਸ਼ੇਅਰ ਕਰੋ

ਰਕੁਲਪ੍ਰੀਤ ਸਿੰਘ

ਛਾ ਗਈ ਮੁਟਿਆਰ

29 ਸਾਲ ਦੀ ਪੰਜਾਬਣ ਕੁੜੀ ਰਕੁਲਪ੍ਰੀਤ ਸਿੰਘ ਦੀ ਪਛਾਣ 'ਵੱਡੀ ਸ਼ਰਾਬਣ' ਦੇ ਤੌਰ 'ਤੇ ਇਸ ਸਮੇਂ ਹੈ। ਕਹਿਣ ਦਾ ਭਾਵ ਇਹ ਕਿ 'ਦੇ ਦੇ ਪਿਆਰ ਦੇ' ਦੇ ਗੀਤ 'ਵੱਡੀ ਸ਼ਰਾਬਣ' 'ਤੇ ਜਿਵੇਂ ਉਹ ਜੰਮ ਕੇ ਨੱਚੀ ਹੈ, ਧਰਤੀ ਨੂੰ ਕਲੀ ਕਰਵਾਉਣ ਦੀ ਨੌਬਤ ਆਈ ਹੈ। ਆਪਣੇ ਉਮਰ ਤੋਂ ਕਿਤੇ ਵੱਡੇ ਅਜੈ ਦੇਵਗਨ ਨਾਲ ਰਕੁਲ ਨੇ ਇਹ ਫ਼ਿਲਮ ਕਰ ਕੇ ਆਪਣੀ ਇਮੇਜ਼ ਬੀ-ਟਾਊਨ ਵਿਚ ਸ਼ਾਨਦਾਰ ਬਣਾ ਲਈ ਹੈ। 18 ਸਾਲ ਦੀ ਉਮਰ ਤੋਂ ਹੀ ਮਾਡਲਿੰਗ ਨਾਲ ਜੁੜਨ ਵਾਲੀ ਪੰਜਾਬਣ ਰਕੁਲਪ੍ਰੀਤ ਦੱਖਣ ਦੀ ਰਾਣੀ ਹੈ ਤੇ ਉਥੇ ਪ੍ਰਸੰਸਕ ਉਸ ਦੀ ਇਕ ਝਲਕ ਲਈ ਮਰਨ ਤੱਕ ਜਾਂਦੇ ਹਨ। ਮਿਲਾਪ ਜਾਵੇਰੀ ਨੇ 'ਵੱਡੀ ਸ਼ਰਾਬਣ' ਰਕੁਲਪ੍ਰੀਤ ਦਾ ਇਹ ਗਾਣਾ ਦੇਖ ਕੇ ਕਿਹਾ 'ਮਰਜਾਵਾਂ' ਮੇਰੀ ਇਸ ਫ਼ਿਲਮ 'ਚ ਰਿਤੇਸ਼ ਦੇਸ਼ਮੁਖ, ਤਾਰਾ ਸੁਤਾਰੀਆ ਤਾਂ ਹਨ ਹੀ ਹੁਣ ਸਿਧਾਰਥ ਮਲਹੋਤਰਾ ਦੇ ਨਾਲ 'ਅੱਯਾਰੀ' ਤੋਂ ਬਾਅਦ ਫਿਰ ਰਕੁਲਪ੍ਰੀਤ ਦੀ ਜੋੜੀ ਬਣੇਗੀ। ਰਸਤੇ ਵਿਚ ਡਾਇਲਾਗਬਾਜ਼ੀ ਤੇ ਧਮਾਕਾ ਰਕੁਲ ਨੂੰ 'ਮਰਜਾਵਾਂ' ਦਾ ਹਿੱਸਾ ਬਣਾ ਕੇ ਟਵਿੱਟਰ 'ਤੇ ਇਹ ਟਵੀਟ ਮਿਲਾਪ ਜਾਵੇਰੀ ਨੇ ਕੀਤਾ ਹੈ। ਰਕੁਲ ਕਹਿ ਰਹੀ ਹੈ ਕਿ 'ਵੱਡੀ ਸ਼ਰਾਬਣ' ਨੇ ਪ੍ਰਚਾਰ ਦਿੱਤਾ ਤੇ 'ਮਰਜਾਵਾਂ' ਐਕਸ਼ਨ ਵੀ ਹੋਊ, ਡਰਾਮਾ ਵੀ ਤੇ ਪਿਆਰ ਵੀ। 'ਇਸ਼ਕ ਮੇਂ ਮਰੇਂਗੇ ਭੀ, ਮਾਰੇਂਗੇ ਭੀ' ਇਹ ਪੰਕਤੀ 'ਮਰਜਾਵਾਂ' ਦੀ ਝਲਕ ਦਿਖਾ ਰਹੀ ਹੈ। ਦੱਖਣ 'ਚ ਜਲਵਾ, ਬਾਲੀਵੁੱਡ 'ਚ 'ਵੱਡੀ ਸ਼ਰਾਬਣ' ਦਾ ਧਮਾਕਾ ਤੇ 'ਮਰਜਾਵਾਂ' ਦੇ ਨਾਲ ਰਕੁਲਪ੍ਰੀਤ ਸਿੰਘ ਨੱਚਣ ਦੇ ਸਟੇਜ ਸ਼ੋਅ ਧੜਾਧੜ ਕਰ ਰਹੀ ਹੈ। ਇਕ ਸਟੇਜ ਸ਼ੋਅ ਲਈ 15 ਮਿੰਟ ਨੱਚ ਕੇ 25 ਲੱਖ ਕਮਾਉਣ ਵਾਲੀ ਰਕੁਲਪ੍ਰੀਤ ਦੇ ਜਿਸਮ ਦੀ ਹਰ ਨਾੜ ਸਾਹ ਲੈਂਦੀ ਹੈ। ਕਸਰਤ ਤੇ ਚੰਗੀ ਖੁਰਾਕ, ਜੋ ਬੀਜਣਾ ਉਹ ਵੱਡ ਲੈਣਾ, ਕਹਿੰਦੀ ਰਕੁਲਪ੍ਰੀਤ ਸਿੰਘ ਇਸ ਸਮੇਂ 'ਮਰਜਾਵਾਂ' ਤੋਂ ਬਾਅਦ ਇਕ ਹੋਰ ਵੱਡੀ ਫ਼ਿਲਮ ਪ੍ਰਾਪਤ ਕਰਨ ਵਾਲੀ ਹੈ ਤੇ ਇਸ ਨਾਲ ਬਹੁਤ ਅੱਗੇ ਜਾਵੇਗੀ ਰਕੁਲਪ੍ਰੀਤ...।


-ਸੁਖਜੀਤ ਕੌਰ

ਆਲੀਆ ਭੱਟ

ਇੰਸ਼ਾਅੱਲਾਹ 'ਤਖ਼ਤ' ਮਿਲੇਗਾ

ਈਸ਼ਾ ਅੰਬਾਨੀ ਦੀ ਸ਼ਾਨਦਾਰ ਪਾਰਟੀ 'ਚ ਚਾਹੇ ਆਲੀਆ ਭੱਟ ਨਹੀਂ ਸੀ ਪਰ ਪ੍ਰਿਅੰਕਾ ਚੋਪੜਾ ਨੇ ਇਸ ਮੌਕੇ ਗੱਲਾਂ ਹੀ ਆਲੀਆ ਦੀਆਂ ਕੀਤੀਆਂ। ਗੱਲ ਇਹ ਵੀ ਸਾਹਮਣੇ ਆਈ ਕਿ ਆਲੀਆ ਦੀ ਮਾਂ ਸੋਨੀ ਰਾਜ਼ਦਾਨ ਦਿਲੋਂ ਆਲੀਆ ਨਾਲ ਕਿਸ ਤਰ੍ਹਾਂ ਦਾ ਵਿਹਾਰ ਕਰਦੀ ਹੈ। ਸੋਨੀ ਨੇ ਫਿਲਹਾਲ ਆਲੀਆ ਸਬੰਧੀ ਕਿਹਾ ਹੈ ਕਿ ਆਲੀਆ ਹਾਲੇ ਵਿਆਹ ਨਹੀਂ ਕਰਵਾ ਰਹੀ ਤੇ ਨਾ ਹੀ ਇਹ ਰਣਬੀਰ ਕਪੂਰ ਨਾਲ ਹੋ ਰਿਹਾ ਹੈ। ਆਲੀਆ ਨੇ ਇਸ 'ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ। ਖ਼ੈਰ ਆਲੀਆ ਵੀ 'ਸੜਕ-2' 'ਚ ਦਿਲਚਸਪੀ ਲੈ ਰਹੀ ਹੈ। ਆਲੀਆ ਇਸ ਫ਼ਿਲਮ 'ਚ ਇਕ ਢੌਂਗੀ ਬਾਬਾ ਦਾ ਪਰਦਾਫਾਸ਼ ਕਰੇਗੀ। ਚਾਹੇ ਆਲੀਆ ਦੀ ਫ਼ਿਲਮ 'ਕਲੰਕ' ਫਲਾਪ ਰਹੀ ਹੈ ਪਰ 'ਬ੍ਰਹਮਸ਼ਾਸਤਰ' ਤੋਂ ਉਸ ਨੂੰ ਉਮੀਦਾਂ ਹਨ। ਅਨੰਦ ਰਾਏ ਹੋਰੀਂ ਆਲੀਆ ਦੇ ਘਰੇ ਚੱਕਰ ਕੱਟ ਰਹੇ ਹਨ। ਆਲੀਆ ਦੀ ਝੋਲੀ ਇਸ ਵੇੇਲੇ ਫ਼ਿਲਮਾਂ ਨਾਲ ਭਰੀ ਪਈ ਹੈ। 'ਕਲੰਕ' ਲਾਹੁਣ ਲਈ ਕਈ 'ਬ੍ਰਹਮਸ਼ਾਸਤਰ' ਉਸ ਕੋਲ ਹਨ। 'ਆਰ ਪਾਰ ਆਰ' ਇਹ ਖਾਸ ਫ਼ਿਲਮ ਆ ਰਹੀ ਹੈ। 'ਇੰਸ਼ਾਅੱਲਾਹ' ਵਿਚ ਆਲੀਆ ਭੱਟ ਹੈ। 'ਤਖ਼ਤ' ਫ਼ਿਲਮ ਉਸ ਨੂੰ ਕਾਮਯਾਬੀ ਦੇ 'ਤਖ਼ਤ' 'ਤੇ ਬਿਠਾ ਸਕਦੀ ਹੈ। 'ਸਟੂਡੈਂਟ ਆਫ਼ ਦਾ ਯੀਅਰ-2' ਵਿਚ ਖਾਸ ਗਾਣਾ ਆਲੀਆ ਦਾ ਹੈ। ਚਾਰੇ ਪਾਸੇ ਆਲੀਆ ਦਾ ਡੰਕਾ ਵੱਜ ਰਿਹਾ ਹੈ। ਇਧਰ ਲੋਕ ਹਨ ਕਿ ਫਿਰ ਵੀ ਉਸ ਦੇ ਤਵੇ 'ਤੇ ਤਵੇ ਲਾ ਰਹੇ ਹਨ। ਪੰਜ ਲੱਖ ਦਾ ਬੈਗ ਲੈ ਕੇ ਏਅਰਪੋਰਟ ਗਈ ਆਲੀਆ ਦਾ ਮਜ਼ਾਕ ਸਮਾਜਿਕ ਮੀਡੀਆ 'ਤੇ ਖੂਬ ਉਡਿਆ ਹੈ। 'ਕਲੰਕ ਬੈਗ', 'ਕਾਰਟੂਨ ਬਣਦੀ ਜਾ ਰਹੀ ਆਲੀਆ', ਇਹ ਸਭ ਸੁਣ ਦੇਖ ਆਲੀਆ ਨੇ ਢੀਠ ਹੁੰਦਿਆਂ ਇਹੀ ਕਿਹਾ ਕਿ ਕੋਈ ਫਰਕ ਨਹੀਂ ਪੈਂਦਾ, ਲੋਕਾਂ ਦਾ ਕੰਮ ਹੀ ਗੱਲਾਂ ਕਰਨਾ ਹੈ। ਆਲੀਆ ਦੀ ਸਿਫ਼ਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਕੀਤੀ ਹੈ ਰਣਦੀਪ ਹੁੱਡਾ ਨੇ ਕੰਗਨਾ ਨੂੰ ਕਹਿ ਕੇ ਆਲੀਆ ਨੂੰ ਟਵਿੱਟਰ 'ਤੇ ਨੱਥੀ ਕਰਦਿਆਂ ਕਿਹਾ ਕਿ ਧੰਨ ਹੈਂ ਤੂੰ ਆਲੀਆ ਤੇ ਆਲੀਆ ਦੀ ਖਾਤਰ ਕੰਗਨਾ ਦੀ ਦੀਦੀ ਰੰਗੋਲੀ ਤੋਂ ਰਣਦੀਪ ਹੁੱਡਾ ਨੇ ਚਮਚੇ ਦਾ ਖਿਤਾਬ ਲੈ ਲਿਆ।

ਅਕਸ਼ੈ ਕੁਮਾਰ

ਦਿਲ ਹੈ ਹਿੰਦੋਸਤਾਨੀ

ਖਾਸ ਕਰ ਮੁੰਬਈ ਫ਼ਿਲਮ ਨਗਰੀ ਹੁਣ ਸ਼ੌਂਕਣਾ ਦੀ ਤਰ੍ਹਾਂ ਮਿਹਣੇ ਮਾਰਦੀ ਹੈ। ਅਕਸ਼ੈ ਕੁਮਾਰ ਨੂੰ ਵੋਟਾਂ ਸਬੰਧੀ ਅਪੀਲ ਕਰਨ 'ਤੇ ਮਿਹਣਾ ਵੱਜਿਆ ਕਿ ਆਪਣੀ ਤਾਂ ਵੋਟ ਨਹੀਂ ਤੇ ਡਰਾਮਾ ਦੇਸ਼ ਭਗਤੀ ਦਾ ਅੱਕੀ ਕਰਦਾ ਹੈ। ਵੱਡਾ ਦੇਸ਼ ਭਗਤ ਕਹਿ ਕੇ ਲੋਕਾਂ ਨੇ ਅਕਸ਼ੈ ਦੇ ਮੱਥੇ 'ਤੇ ਕੇਰਾਂ ਤਰੇਲੀਆਂ ਹੀ ਲੈ ਆਂਦੀਆਂ। ਭਲਾ ਹੋਵੇ ਅਨੁਪਮ ਖੇਰ ਦਾ ਜਿਹੜਾ ਅਕਸ਼ੈ ਦੇ ਹੱਕ ਵਿਚ ਆਇਆ ਕਿ ਚਾਹੇ ਅਕਸ਼ੈ ਕੁਮਾਰ ਕੈਨੇਡੀਅਨ ਹੈ ਪਰ ਦਿਲ ਹੈ ਹਿੰਦੁਸਤਾਨੀ। ਕਰਮ ਕਰੋ, ਲੋਕਾਂ ਦੀ ਛੱਡੋ ਤੇ ਲੋਕਾਂ ਨੂੰ ਜਲਣ ਹੋਈ ਕਿ ਇਕ ਕੈਨੇਡੀਅਨ ਨੇ ਪ੍ਰਧਾਨ ਮੰਤਰੀ ਮੋਦੀ ਦਾ ਇੰਟਰਵਿਊ ਕਿਉਂ ਕੀਤਾ? ਖ਼ੈਰ ਇਹ ਅਕਸ਼ੈ ਦੀ ਮਹਾਨਤਾ, ਲੋਕਪ੍ਰਿਅਤਾ ਹੈ ਤੇ ਅਕਸ਼ੈ ਦਿਲੋਂ ਇੰਡੀਆ ਦਾ ਬਹੁਤ ਦੀਵਾਨਾ ਹੈ। ਇਧਰ ਅਕਸ਼ੈ ਨੇ ਸਮਝਦਾਰ ਬਣਦਿਆਂ ਈਦ ਤੋਂ ਹਫ਼ਤਾ ਪਹਿਲਾਂ ਆਪਣੀ 'ਸੂਰਯਵੰਸ਼ੀ' ਫ਼ਿਲਮ ਜਾਰੀ ਕਰਨ ਦਾ ਫ਼ੈਸਲਾ ਕੀਤਾ ਹੈ ਤੇ ਜੋ ਈਦ 'ਤੇ ਸਲਮਾਨ ਦੀ 'ਇੰਸ਼ਾਅੱਲਾਹ' ਨਾਲ ਮੁਕਾਬਲਾ ਨਾ ਹੋਵੇ। ਬੇਟੇ ਆਰਵ ਨੂੰ ਉਹ ਨਾਬਾਲਿਗ ਸਮਝ ਕੇ ਆਪਣੇ ਨਾਗਰਿਕਤਾ ਵਿਵਾਦ ਤੋਂ ਤਾਂ ਦੂਰ ਰੱਖ ਹੀ ਰਿਹਾ ਹੈ, ਨਾਲ ਹੀ ਉਸ ਦੀ ਨਿਆਣੀ ਉਮਰ ਕਾਰਨ ਆਪਣੀਆਂ ਕਈ ਫ਼ਿਲਮਾਂ ਨਹੀਂ ਦੇਖਣ ਦੇੇਵੇਗਾ। ਖਾਸ ਕਰ ਜਦ ਤੱਕ 20 ਸਾਲ ਦਾ ਆਰਵ ਨਹੀਂ ਹੁੰਦਾ ਤਦ ਤੱਕ ਉਹ ਅਕਸ਼ੈ ਦੀ 'ਗਰਮ ਮਸਾਲਾ' ਫ਼ਿਲਮ ਨਾ ਦੇਖੇ। ਲੋਕਾਂ ਦੇ ਨਿਆਣਿਆਂ ਦਾ ਕੀ ਫਿਕਰ ਹੈ ਆਪਣੇ ਦੀ। ਅਜਿਹਾ ਹੈ ਤਾਂ 'ਗਰਮ ਮਸਾਲਾ' ਜਿਹੀ ਫ਼ਿਲਮ ਅਕਸ਼ੈ ਨੇ ਕੀਤੀ ਹੀ ਕਿਉਂ? 100 ਤੋਂ ਜ਼ਿਆਦਾ ਫ਼ਿਲਮਾਂ ਕਰ ਚੁੱਕੇ ਅਕਸ਼ੈ ਕੁਮਾਰ 'ਤੇ ਕਾਂਗਰਸ ਪਾਰਟੀ ਬਹੁਤ ਖਫ਼ਾ ਹੈ। ਕਾਂਗਰਸ ਅਕਸ਼ੈ ਕੁਮਾਰ ਦੀਆਂ ਸ਼ਿਕਾਇਤਾਂ ਕਰ ਰਹੀ ਹੈ ਕਿ ਕੈਨੇਡੀਅਨ ਨਾਗਰਿਕ ਅਕਸ਼ੈ ਭਾਰਤ ਦੀ ਹਵਾਈ ਸਮਰੱਥਾ ਸਬੰਧੀ ਉਸ ਦੇ ਗੁਪਤ ਟਿਕਾਣੇ ਦੇਖ ਰਿਹਾ ਹੈ। 'ਹਾਊਸਫੁਲ-4' ਦੀਆਂ ਤਿਆਰੀਆਂ ਕਰ ਰਹੇ ਅਕਸ਼ੈ ਕੁਮਾਰ ਨੇ ਮਿਹਣੇ, ਤਾਅਨੇ ਸੁਣ ਕੇ ਵੀ ਆਪਾ ਨਹੀਂ ਕਾਬੂ ਤੋਂ ਬਾਹਰ ਹੋਣ ਦਿਤਾ ਤੇ ਰਾਜਨੀਤੀ 'ਚ ਅਪ੍ਰਤੱਖ ਪ੍ਰਵੇਸ਼ ਕਰ ਕੇ ਵਿਰੋਧੀਆਂ ਦਾ ਬੁਰਾ ਵੀ ਨਹੀਂ ਮਨਾਇਆ। ਅਸਲੀ 'ਸੂਰਵਯੰਸ਼ੀ' ਹੈ ਅਕਸ਼ੈ ਕੁਮਾਰ...।

'ਛਲ' ਰਾਹੀਂ ਕਰੀਮਾ ਦਾ ਆਗਮਨ

ਸਾਲ 2002 ਵਿਚ ਇਕ ਫ਼ਿਲਮ ਆਈ ਸੀ 'ਛਲ'। ਇਸ ਦੇ ਨਿਰਦੇਸ਼ਕ ਸਨ ਹੰਸਲ ਮਹਿਤਾ ਅਤੇ ਕਲਾਕਾਰ ਸਨ ਕੇ. ਕੇ. ਮੈਨਨ ਅਤੇ ਜਯਾ ਸੀਲ। ਹੁਣ ਇਕ ਹੋਰ 'ਛਲ' ਦਾ ਨਿਰਮਾਣ ਕੀਤਾ ਗਿਆ ਹੈ ਅਤੇ ਇਸ ਦੀ ਨਿਰਮਾਤਰੀ ਹੈ ਕਰੀਮਾ। ਉਂਝ ਤਾਂ ਕਰੀਮਾ ਆਸਾਮ ਦੀ ਵਸਨੀਕ ਹੈ ਅਤੇ ਅਸਾਮੀ ਫ਼ਿਲਮ 'ਓਜੋਲਾ ਕੋਕਾਯ' ਸਮੇਤ ਉਥੋਂ ਦੀਆਂ ਕੁਝ ਫ਼ਿਲਮਾਂ ਵਿਚ ਅਭਿਨੈ ਵੀ ਕੀਤਾ ਹੈ। ਹੁਣ ਉਹ 'ਛਲ' ਰਾਹੀਂ ਬਾਲੀਵੁੱਡ ਵਿਚ ਆਪਣੀ ਮੌਜੂਦਗੀ ਦਰਜ ਕਰਵਾਉਣ ਆ ਪਹੁੰਚੀ ਹੈ ਅਤੇ ਇਸ ਵਿਚ ਉਸ ਨੇ ਅਭਿਨੈ ਵੀ ਕੀਤਾ ਹੈ।
ਇਹ ਨਿਰਮਾਤਰੀ ਦੇ ਤੌਰ 'ਤੇ ਉਨ੍ਹਾਂ ਦੀ ਪਹਿਲੀ ਫ਼ਿਲਮ ਹੈ ਅਤੇ ਇਸ ਦੀ ਖ਼ਾਸ ਗੱਲ ਇਹ ਹੈ ਕਿ ਇਸ ਦੇ ਨਿਰਦੇਸ਼ਕ ਹਨ ਰਾਜੂ ਸ਼੍ਰੇਸ਼ਠਾ। ਉਹੀ ਰਾਜੂ ਜੋ ਬਤੌਰ ਬਾਲ ਕਲਾਕਾਰ 'ਪਰਿਚਯ', 'ਦਾਗ਼', 'ਕਿਤਾਬ' ਆਦਿ ਫ਼ਿਲਮਾਂ ਵਿਚ ਸਨ ਅਤੇ ਹੁਣ ਫ਼ਿਲਮਾਂ ਤੇ ਲੜੀਵਾਰਾਂ ਵਿਚ ਚਰਿੱਤਰ ਭੂਮਿਕਾਵਾਂ ਨਿਭਾਅ ਰਹੇ ਹਨ। ਨਿਰਦੇਸ਼ਕ ਦੇ ਤੌਰ 'ਤੇ ਰਾਜੂ ਦੀ ਵੀ ਇਹ ਪਹਿਲੀ ਫ਼ਿਲਮ ਹੈ।
ਰਾਜੂ ਨਾਲ ਜਾਣ-ਪਛਾਣ ਕਿਵੇਂ ਹੋਈ ਅਤੇ ਇਸ ਫ਼ਿਲਮ ਦੀ ਯੋਜਨਾ ਕਿਵੇਂ ਬਣੀ ਇਸ ਬਾਰੇ ਉਹ ਕਹਿੰਦੇ ਹਨ, 'ਇਸ ਫ਼ਿਲਮ ਦੇ ਕਲਾਕਾਰ ਪ੍ਰਿੰਸ ਸਿਦੀਕੀ ਨਾਲ ਰਾਜੂ ਦੀ ਦੋਸਤੀ ਹੈ। ਪ੍ਰਿੰਸ ਜਾਣਦੇ ਸਨ ਕਿ ਰਾਜੂ ਦੇ ਕੋਲ ਇਕ ਥ੍ਰਿਲਰ ਫ਼ਿਲਮ ਦੀ ਕਹਾਣੀ ਹੈ ਅਤੇ ਉਹ ਨਿਰਮਾਤਾ ਦੀ ਭਾਲ ਵਿਚ ਸਨ। ਪ੍ਰਿੰਸ ਨੇ ਮੇਰੀ ਜਾਣ-ਪਛਾਣ ਰਾਜੂ ਨਾਲ ਕਰਵਾਈ ਅਤੇ ਮੈਨੂੰ ਕਹਾਣੀ ਪਸੰਦ ਆ ਗਈ। ਜਦੋਂ ਨਿਰਦੇਸ਼ਨ ਦੀ ਗੱਲ ਆਈ ਤਾਂ ਮੈਨੂੰ ਲੱਗਿਆ ਕਿ ਰਾਜੂ ਹੀ ਇਸ ਦੇ ਨਿਰਦੇਸ਼ਨ ਲਈ ਸਹੀ ਰਹਿਣਗੇ। ਇਸ ਦੀ ਅਹਿਮ ਵਜ੍ਹਾ ਇਹ ਸੀ ਕਿ ਉਨ੍ਹਾਂ ਨੂੰ ਤਿੰਨ ਸੌ ਤੋਂ ਜ਼ਿਆਦਾ ਫ਼ਿਲਮਾਂ ਵਿਚ ਕੰਮ ਕਰਨ ਦਾ ਅਨੁਭਵ ਹੈ ਅਤੇ ਉਹ ਬਾਲੀਵੁੱਡ ਦੇ ਢੰਗ-ਤਰੀਕੇ ਚੰਗੀ ਤਰ੍ਹਾਂ ਜਾਣਦੇ ਹਨ।
ਇਸ ਥ੍ਰਿਲਰ ਫ਼ਿਲਮ ਦੀ ਕਹਾਣੀ ਇਕ ਬਲੈਕਮੇਲਰ ਨੂੰ ਮੁੱਖ ਰੱਖ ਕੇ ਬਣਾਈ ਗਈ ਹੈ। ਇਸ ਬਲੈਕਮੇਲਰ ਨੇ ਆਪਣੀਆਂ ਕਰਤੂਤਾਂ ਨਾਲ ਕਈ ਲੋਕਾਂ ਨੂੰ ਆਪਣਾ ਦੁਸ਼ਮਣ ਬਣਾ ਲਿਆ ਹੁੰਦਾ ਹੈ ਅਤੇ ਹਰ ਕੋਈ ਉਸ ਨੂੰ ਰਸਤੇ ਤੋਂ ਹਟਾ ਦੇਣ ਦੀ ਤਾੜ ਵਿਚ ਹੈ। ਇਕ ਦਿਨ ਇਸ ਬਲੈਕਮੇਲਰ ਦਾ ਖੂਨ ਹੋ ਜਾਂਦਾ ਹੈ ਅਤੇ ਸ਼ੱਕ ਦੀ ਸੂਈ ਕਈਆਂ ਵੱਲ ਜਾਂਦੀ ਹੈ। ਅਖੀਰ ਇਹ ਰਾਜ਼ ਖੁੱਲ੍ਹਦਾ ਹੈ ਕਿ ਕਾਤਲ ਕਿਹੜਾ ਸੀ।
ਕਰੀਮਾ ਨੇ ਇਸ ਵਿਚ ਨਾਂਹ-ਪੱਖੀ ਭੂਮਿਕਾ ਨਿਭਾਈ ਹੈ ਤੇ ਰਾਜੂ ਇਸ ਵਿਚ ਜਾਂਚ ਅਫ਼ਸਰ ਬਣਿਆ ਹੈ। ਇਨ੍ਹਾਂ ਨਾਲ ਇਸ ਵਿਚ ਪ੍ਰਿੰਸ ਸਿਦੀਕੀ, ਅਰਜੁਨ ਦਵੇ, ਤਮੰਨਾ ਚੌਹਾਨ, ਰਾਜੂ ਖੇਰ, ਮੁਸ਼ਤਾਕ ਖਾਨ ਤੇ ਅਰੁਣ ਬਖ਼ਸ਼ੀ ਨੇ ਵੀ ਕੰਮ ਕੀਤਾ ਹੈ।

ਕਰੀਨਾ ਕਪੂਰ

'ਅੰਗਰੇਜ਼ੀ ਮੀਡੀਅਮ' ਨਾਲ ਚਰਚਾ 'ਚ

'ਅੰਗਰੇਜ਼ੀ ਮੀਡੀਅਮ' ਨਾਂਅ ਦੀ ਨਵੀਂ ਫ਼ਿਲਮ 'ਚ ਇਰਫ਼ਾਨ ਖਾਨ ਦੇ ਨਾਲ ਸੈਫੀਨਾ ਨਜ਼ਰ ਆਏਗੀ। ਕਈ ਲੋਕ 'ਅੰਗਰੇਜ਼ੀ ਮੀਡੀਅਮ' ਕਰਨ ਜਾ ਰਹੀ ਕਰੀਨਾ ਕਪੂਰ ਨੂੰ ਸੈਫੀਨਾ ਦੇ ਨਾਂਅ ਨਾਲ ਸੰਬੋਧਿਤ ਹੁੰਦੇ ਹਨ। ਦਿਨੇਸ਼ ਇਸ਼ਾਨ ਨੇ ਅਧਿਕਾਰਤ ਤੌਰ 'ਤੇ ਕਿਹਾ ਹੈ ਕਿ ਕਰੀਨਾ ਕਪੂਰ 'ਅੰਗਰੇਜ਼ੀ ਮੀਡੀਅਮ' ਵਿਚ ਥਾਣੇਦਾਰਨੀ ਦੀ ਭੂਮਿਕਾ ਨਿਭਾਏਗੀ। 2017 ਵਿਚ ਆਈ 'ਹਿੰਦੀ ਮੀਡੀਅਮ' ਦੀ ਅਗਾਂਹ ਦੀ ਕਹਾਣੀ 'ਅੰਗਰੇਜ਼ੀ ਮੀਡੀਅਮ' ਹੈ। ਕੇਰਲ ਜਾਏਗੀ ਅਗਲੇ ਮਹੀਨੇ ਬੇਬੋ, ਜਿਥੇ 'ਅੰਗਰੇਜ਼ੀ ਮੀਡੀਅਮ' ਦੀ ਸ਼ੂਟਿੰਗ ਹੋਣ ਜਾ ਰਹੀ ਹੈ। ਦੇਰ ਬਾਅਦ ਇਰਫ਼ਾਨ ਖਾਨ ਇਸ ਫ਼ਿਲਮ ਨਾਲ ਫਿਰ ਵਾਪਸੀ ਕਰਨ ਜਾ ਰਹੇ ਹਨ। ਕਰੀਨਾ ਨੇ ਲੋਕ ਸਭਾ ਚੋਣਾਂ ਦੌਰਾਨ ਆਪਣੇ ਸ਼ਹਿਜ਼ਾਦੇ ਤੈਮੂਰ ਅਲੀ ਨੂੰ ਕੁੱਛੜ ਚੁੱਕ ਕੇ ਵੋਟ ਪਾਈ ਪਰ ਏਅਰਪੋਰਟ 'ਤੇ ਸੁਪਰ ਸਟਾਰ ਬੱਚੇ 'ਤੈਮੂਰ' ਦੀਆਂ ਫੋਟੋਆਂ ਖਿੱਚ ਰਹੇ ਬਹੁਤ ਸਾਰੇ ਪੱਤਰਕਾਰ ਜਦ ਅਗਾਂਹ ਨਿਕਲਣ ਦੀ ਕੋਸ਼ਿਸ਼ 'ਚ ਧੱਕਾਮੁੱਕੀ ਹੋਏ ਤਾਂ ਕਰੀਨਾ ਨੇ ਕਿਹਾ ਕਿ ਬਸ ਯਾਰ ਐਨੀ ਫਲੈਸ਼ ਲਾਈਟ ਤੈਮੂਰ ਦੀਆਂ ਅੱਖਾਂ ਲਈ ਨੁਕਸਾਨਦੇਹ ਹੈ। ਕਰੀਨਾ ਆਪਣੇ ਬੇਟੇ ਲਈ ਕਈ ਕਾਰੋਬਾਰ ਕੁਰਬਾਨ ਕਰਨ ਲਈ ਤਿਆਰ ਹੈ। ਬੇਟੇ ਨੂੰ ਸਕੂਲ ਤੋਂ ਛੁੱਟੀਆਂ ਹੋਈਆਂ ਹਨ ਤਾਂ ਉਸ ਨੂੰ ਸਮਾਂ ਦੇਣ ਲਈ 'ਅੰਗਰੇਜ਼ੀ ਮੀਡੀਅਮ' ਦੀ ਸ਼ੂਟਿੰਗ ਮਹੀਨੇ ਬਾਅਦ ਲੰਡਨ ਜਾ ਕੇ ਕਰੇਗੀ।

ਨੋਟਬੰਦੀ 'ਤੇ ਬਣ ਰਹੀ ਫ਼ਿਲਮ ਵਿਚ ਅਮੀਸ਼ਾ ਪਟੇਲ

ਫ਼ਿਲਮ ਪੱਤਰਕਾਰ ਤੋਂ ਨਿਰਮਾਤਾ ਬਣੇ ਚੰਦਰਕਾਂਤ ਸ਼ਰਮਾ 'ਦ ਗ੍ਰੇਟ ਇੰਡੀਅਨ ਕੇਸੀਨੋ' ਦਾ ਨਿਰਮਾਣ ਕਰ ਰਹੇ ਹਨ। ਆਪਣੀ ਇਸ ਫ਼ਿਲਮ ਵਿਚ ਉਨ੍ਹਾਂ ਨੇ ਅਮੀਸ਼ਾ ਪਟੇਲ ਨੂੰ ਕਾਸਟ ਕੀਤਾ ਹੈ। ਅਮੀਸ਼ਾ ਵੀ ਫ਼ਿਲਮ ਵਿਚ ਆਪਣੀ ਭੂਮਿਕਾ ਨੂੰ ਲੈ ਕੇ ਚੰਗੀ ਉਤਸ਼ਾਹੀ ਹੈ।
ਭੂਮਿਕਾ 'ਤੇ ਰੌਸ਼ਨੀ ਪਾਉਂਦੇ ਹੋਏ 'ਗ਼ਦਰ' ਦੀ ਇਹ ਸਕੀਨਾ ਕਹਿੰਦੀ ਹੈ, 'ਹੁਣ ਤੱਕ ਮੈਂ ਤੀਹ ਤੋਂ ਜ਼ਿਆਦਾ ਫ਼ਿਲਮਾਂ ਕਰ ਚੁੱਕੀ ਹਾਂ ਪਰ ਇਥੇ ਜਿਸ ਭੂਮਿਕਾ ਦੀ ਪੇਸ਼ਕਸ਼ ਹੋਈ ਹੈ ਉਸ ਤਰ੍ਹਾਂ ਦੀ ਮੈਂ ਪਹਿਲਾਂ ਕਦੀ ਨਹੀਂ ਨਿਭਾਈ ਹੈ। ਇਥੇ ਮੇਰਾ ਪਾਲਾ ਚਾਰ ਬਦਮਾਸ਼ਾਂ ਨਾਲ ਪੈਂਦਾ ਦਿਖਾਇਆ ਗਿਆ ਹੈ ਅਤੇ ਬਦਮਾਸ਼ ਦੀ ਭੂਮਿਕਾ ਵਿਚ ਹੈ ਰਾਜੇਸ਼ ਸ਼ਰਮਾ, ਆਸਿਫ਼ ਬਸਰਾ, ਪੰਕਜ ਬੇਰੀ ਅਤੇ ਦੀਪ ਰਾਜ ਰਾਣਾ। ਫ਼ਿਲਮ ਦੀ ਕਹਾਣੀ ਵਿਚ ਨੋਟਬੰਦੀ ਨੂੰ ਵੀ ਅਹਿਮੀਅਤ ਦਿੱਤੀ ਗਈ ਹੈ। ਨੋਟਬੰਦੀ ਦੇ ਐਲਾਨ ਤੋਂ ਬਾਅਦ ਇਹ ਚਾਰੇ ਆਪਣੇ ਕਾਲੇ ਧਨ ਨੂੰ ਸਫੈਦ ਧਨ ਵਿਚ ਬਦਲਣ ਲਈ ਇਕ ਕੈਸੀਨੋ ਦਾ ਸਹਾਰਾ ਲੈਂਦੇ ਹਨ। ਜਦੋਂ ਮੈਨੂੰ ਇਨ੍ਹਾਂ ਦੀ ਅਸਲੀਅਤ ਪਤਾ ਲਗਦੀ ਹੈ ਤਾਂ ਮੈਂ ਇਨ੍ਹਾਂ ਪਿੱਛੇ ਹੱਥ ਧੋ ਕੇ ਪੈ ਜਾਂਦੀ ਹਾਂ ਅਤੇ ਫਿਰ ਜੋ ਖੇਡ ਖੇਡੀ ਜਾਂਦੀ ਹੈ, ਇਹ ਰੋਮਾਂਚਕ ਅੰਦਾਜ਼ ਵਿਚ ਪੇਸ਼ ਕੀਤਾ ਗਿਆ ਹੈ।
ਅੱਗੇ ਨੋਟਬੰਦੀ ਦਾ ਜ਼ਿਕਰ ਕਰਦੇ ਹੋਏ ਉਹ ਕਹਿੰਦੀ ਹੈ, 'ਇਨ੍ਹੀਂ ਦਿਨੀਂ ਨੋਟਬੰਦੀ ਨਾਲ ਮੇਰਾ ਪਾਲਾ ਕੁਝ ਜ਼ਿਆਦਾ ਹੀ ਪਿਆ ਹੋਇਆ ਹੈ। ਇਕ ਪਾਸੇ ਜਿਥੇ ਮੈਂ ਨੋਟਬੰਦੀ 'ਤੇ ਆਧਾਰਿਤ ਇਹ ਫ਼ਿਲਮ ਕਰ ਰਹੀ ਹਾਂ, ਉਥੇ ਦੂਜੇ ਪਾਸੇ ਚੋਣ ਪ੍ਰਚਾਰ ਲਈ ਜਿਥੇ ਕਿਤੇ ਗਈ, ਉਥੇ ਨੋਟਬੰਦੀ ਦੇ ਮੁੱਦੇ ਨੂੰ ਬਹੁਤ ਉਭਾਰਿਆ ਸੀ। ਮੈਨੂੰ ਉਮੀਦ ਹੈ ਕਿ ਨੋਟਬੰਦੀ ਦਾ ਮੁੱਦਾ ਮੇਰੀ ਫ਼ਿਲਮ ਤੇ ਜਿਨ੍ਹਾਂ-ਜਿਨ੍ਹਾਂ ਕਾਂਗਰਸੀ ਉਮੀਦਵਾਰਾਂ ਲਈ ਮੈਂ ਪ੍ਰਚਾਰ ਕੀਤਾ ਹੈ, ਉਨ੍ਹਾਂ ਲਈ ਫਲਦਾਈ ਸਾਬਤ ਹੋਵੇਗਾ।
ਦੇਖੋ, ਅਮੀਸ਼ਾ ਦੀ ਮਿਹਨਤ ਕੀ ਰੰਗ ਲਿਆਉਂਦੀ ਹੈ, ਸਿਨੇਮਾਘਰਾਂ ਵਿਚ ਅਤੇ ਚੋਣਾਂ ਦੇ ਨਤੀਜਿਆਂ ਵਿਚ।

ਮੈਂ ਲੋਕਾਂ ਦੇ ਫੋਨ ਤੱਕ ਪਹੁੰਚਣਾ ਚਾਹੁੰਦਾ ਸੀ : ਫ੍ਰੈਡੀ ਦਾਰੂਵਾਲਾ

'ਕਮਾਂਡੋ-2' ਵਿਚ ਵਰਦੀ ਵਿਚ ਨਜ਼ਰ ਆਏ ਫ੍ਰੈਡੀ ਦਾਰੂਵਾਲਾ ਨੇ ਹੁਣ ਵੈੱਬ ਸੀਰੀਜ਼ 'ਪੋਆਇਜ਼ਨ' ਵਿਚ ਪੁਲਿਸ ਅਫ਼ਸਰ ਵਿਕਰਮ ਸਿੰਘ ਦੀ ਭੂਮਿਕਾ ਨਿਭਾਈ ਹੈ। ਇਹ ਉਨ੍ਹਾਂ ਦੀ ਪਹਿਲੀ ਵੈੱਬ ਸੀਰੀਜ਼ ਹੈ। ਇਸ ਨਵੇਂ ਅਨੁਭਵ ਨੂੰ ਸਾਂਝਾ ਕਰਦੇ ਹੋਏ ਉਹ ਕਹਿੰਦੇ ਹਨ, 'ਉਂਝ ਤਾਂ ਮੈਨੂੰ ਪਹਿਲਾਂ ਵੀ ਵੈੱਬ ਸੀਰੀਜ਼ ਦੀਆਂ ਪੇਸ਼ਕਸ਼ਾਂ ਹੁੰਦੀਆਂ ਰਹੀਆਂ ਸਨ ਪਰ ਵਿਸ਼ਾ ਤੇ ਦ੍ਰਿਸ਼ਾਂ ਵਿਚ ਬੋਲਨੈੱਡਸ ਜ਼ਿਆਦਾ ਹੋਣ ਕਾਰਨ ਮੈਂ ਨਕਾਰ ਦਿੱਤੀਆਂ ਸਨ। ਮੈਂ ਜਾਣਦਾ ਸੀ ਕਿ ਅੱਜ ਵੈੱਬ ਸੀਰੀਜ਼ ਦਾ ਰੁਝਾਨ ਕਿੰਨਾ ਵਧ ਗਿਆ ਹੈ ਅਤੇ ਇਕ ਚੰਗੀ ਤੇ ਰੋਮਾਂਚਕ ਸੀਰੀਜ਼ ਵਿਚ ਕੰਮ ਕਰਨ ਦੀ ਮੇਰੀ ਵੀ ਤਮੰਨਾ ਸੀ ਜੋ ਹੁਣ ਪੂਰੀ ਹੋਈ ਹੈ। ਇਹ ਅਸੀਂ ਗੋਆ ਵਿਚ ਸ਼ੂਟ ਕੀਤੀ ਹੈ ਅਤੇ ਇਸ ਤੋਂ ਪਤਾ ਲੱਗਦਾ ਹੈ ਕਿ ਹਿੰਦੀ ਵੈੱਬ ਸੀਰੀਜ਼ ਦਾ ਬਜਟ ਵੀ ਚੰਗਾ ਹੋਣ ਲੱਗਿਆ ਹੈ। ਹਾਂ, ਇਥੇ ਕੰਮ ਕਰਨ ਤੋਂ ਪਹਿਲਾਂ ਮੈਂ ਆਪਣੀਆਂ ਸ਼ਰਤਾਂ ਰੱਖੀਆਂ ਸਨ। ਜਿਵੇਂ ਕਿ ਨਾ ਤਾਂ ਮੈਂ ਇਸ ਵਿਚ ਗਾਲ੍ਹਾਂ ਕੱਢਾਂਗਾ ਅਤੇ ਨਾ ਹੀ ਬੋਲਡ ਦ੍ਰਿਸ਼ ਦੇਵਾਂਗਾ। ਮੇਰੀਆਂ ਇਹ ਸ਼ਰਤਾਂ ਮੰਨ ਲਈਆਂ ਗਈਆਂ ਅਤੇ ਮੇਰਾ ਇਸ ਵਿਚ ਦਾਖ਼ਲਾ ਹੋ ਗਿਆ।
ਵੈੱਬ ਸੀਰੀਜ਼ ਦੇ ਕ੍ਰੇਜ਼ ਵਿਚ ਵਾਧਾ ਹੋਣ ਦਾ ਆਕਲਨ ਕਰਦੇ ਹੋਏ ਫ੍ਰੈਡੀ ਕਹਿੰਦੇ ਹਨ, 'ਕਈ ਕਹਾਣੀਆਂ ਇਸ ਤਰ੍ਹਾਂ ਦੀਆਂ ਹੁੰਦੀਆਂ ਹਨ, ਜਿਨ੍ਹਾਂ 'ਤੇ ਫ਼ਿਲਮ ਨਹੀਂ ਬਣਾਈ ਜਾ ਸਕਦੀ। ਇਸ ਤਰ੍ਹਾਂ ਦੀਆਂ ਕਹਾਣੀਆਂ 'ਤੇ ਵੈੱਬ ਸੀਰੀਜ਼ ਬਣਾਉਣਾ ਸਹੀ ਰਹਿੰਦਾ ਹੈ। ਇਸ ਨੂੰ ਕਿਤੇ ਵੀ ਦੇਖਿਆ ਜਾ ਸਕਦਾ ਹੈ। ਬਸ ਵਿਚ, ਗੱਡੀ ਵਿਚ ਜਾਂ ਬਾਥਰੂਮ ਵਿਚ ਵੀ। ਇਸੇ ਵਜ੍ਹਾ ਕਰਕੇ ਲੋਕ ਇਸ ਨੂੰ ਦੇਖਣਾ ਪਸੰਦ ਕਰਨ ਲੱਗੇ ਹਨ।
ਫ੍ਰੈਡੀ ਨੇ 'ਰੇਸ-3' ਵਿਚ ਵੀ ਕੰਮ ਕੀਤਾ ਸੀ ਅਤੇ ਇਸ ਨਾਲ ਉਸ ਦੀ ਪਛਾਣ ਵਿਚ ਵਾਧਾ ਵੀ ਹੋਇਆ ਪਰ ਜੋ ਪਛਾਣ ਬਣਾਉਣ ਦੀ ਉਨ੍ਹਾਂ ਦੀ ਇੱਛਾ ਸੀ, ਉਹ ਹੁਣ ਵੈੱਬ ਸੀਰੀਜ਼ ਜ਼ਰੀਏ ਪੂਰੀ ਹੋ ਰਹੀ ਹੈ। ਉਹ ਕਹਿੰਦੇ ਹਨ, 'ਮੈਂ ਲੋਕਾਂ ਦੇ ਫੋਨ ਤੱਕ ਪਹੁੰਚਣਾ ਚਾਹੁੰਦਾ ਸੀ ਅਤੇ ਫੋਨ ਤੋਂ ਦਿਲਾਂ ਤੱਕ। ਹੁਣ ਇਸ ਵੈੱਬ ਸੀਰੀਜ਼ ਦੀ ਬਦੌਲਤ ਮੈਂ ਆਪਣੇ ਮਕਸਦ ਵਿਚ ਕਾਮਯਾਬ ਰਿਹਾ ਹਾਂ ਅਤੇ ਉਮੀਦ ਹੈ ਕਿ ਲੰਬੇ ਸਮੇਂ ਤੱਕ ਲੋਕਾਂ ਦੇ ਦਿਲਾਂ ਵਿਚ ਵਸਿਆ ਰਹਾਂਗਾ। ਫ੍ਰੈਡੀ ਨੇ ਹਾਲ ਹੀ ਵਿਚ ਹਾਲੀਵੁੱਡ ਦੀ ਫ਼ਿਲਮ ਸਾਈਨ ਕੀਤੀ ਹੈ।

ਫ਼ਿਲਮ ਦੀ ਬਦੌਲਤ ਦੇਸ਼ ਨੂੰ ਨਵੀਂ ਪਛਾਣ ਮਿਲੀ : ਗੈਵੀ ਚਾਹਲ

'ਏਕ ਥਾ ਟਾਈਗਰ' ਤੇ 'ਟਾਈਗਰ ਜ਼ਿੰਦਾ ਹੈ' ਸਮੇਤ ਕਈ ਹਿੰਦੀ ਤੇ ਪੰਜਾਬੀ ਫ਼ਿਲਮਾਂ ਕਰਨ ਵਾਲੇ ਗੈਵੀ ਚਾਹਲ ਹੁਣ ਜਲਦੀ ਪ੍ਰਦਰਸ਼ਿਤ ਹੋਣ ਜਾ ਰਹੀ ਫ਼ਿਲਮ 'ਯੇ ਹੈ ਇੰਡੀਆ' ਵਿਚ ਮੁੱਖ ਭੂਮਿਕਾ ਵਿਚ ਦਿਖਾਈ ਦੇਣਗੇ। ਉਹ ਇਸ ਵਿਚ ਮਿੱਕੀ ਦੀ ਭੂਮਿਕਾ ਨਿਭਾਅ ਰਿਹਾ ਹੈ, ਜੋ ਕਿ ਐਨ. ਆਰ. ਆਈ. ਹੈ ਅਤੇ ਆਪਣੇ ਦੇਸ਼ ਦੀਆਂ ਖੂਬੀਆਂ ਜਾਣਨ ਲਈ ਉਹ ਇੰਗਲੈਂਡ ਤੋਂ ਇਥੇ ਆਉਂਦਾ ਹੈ। ਫ਼ਿਲਮ ਵਿਚ ਸਾਡੇ ਦੇਸ਼ ਦੀ ਵਿਭਿੰਨਤਾ ਪੇਸ਼ ਕੀਤੀ ਗਈ ਹੈ ਅਤੇ ਇਸੇ ਵਜ੍ਹਾ ਕਰਕੇ ਇਸ ਦੀ ਸ਼ੂਟਿੰਗ ਕਈ ਥਾਵਾਂ 'ਤੇ ਕੀਤੀ ਗਈ ਹੈ।
ਫ਼ਿਲਮ ਵਿਚ ਕੰਮ ਕਰਨ ਦੇ ਅਨੁਭਵ ਬਾਰੇ ਗੈਵੀ ਕਹਿੰਦੇ ਹਨ, 'ਜਦੋਂ ਨਿਰਦੇਸ਼ਕ ਲੋਮਹਰਸ਼ ਨੇ ਕਹਾਣੀ ਦੀ ਰੂਪ-ਰੇਖਾ ਦੱਸੀ ਉਦੋਂ ਇਹ ਗੱਲ ਸਮਝ ਵਿਚ ਆ ਗਈ ਸੀ ਕਿ ਇਹ ਵੱਖਰੀ ਜਿਹੀ ਫ਼ਿਲਮ ਹੈ। ਇਹ ਇਕ ਇਸ ਤਰ੍ਹਾਂ ਦੀ ਫ਼ਿਲਮ ਹੈ, ਜੋ ਸਾਡੇ ਦੇਸ਼ ਦੀ ਪਛਾਣ ਦਰਸ਼ਕਾਂ ਨੂੰ ਕਰਵਾਉਂਦੀ ਹੈ। ਸਾਡੇ ਦੇਸ਼ ਦੀਆਂ ਜੋ ਵਿਭਿੰਨਤਾਵਾਂ ਹਨ, ਉਸ ਦੀ ਝਾਕੀ ਇਥੇ ਪੇਸ਼ ਕੀਤੀ ਗਈ ਹੈ। ਸੱਚ ਕਹਾਂ ਤਾਂ ਮੈਨੂੰ ਵੀ ਫ਼ਿਲਮ ਦੀ ਬਦੌਲਤ ਭਾਰਤ ਦੀ ਨਵੀਂ ਪਛਾਣ ਦੇਖਣ ਨੂੰ ਮਿਲੀ। ਅਸੀਂ ਇਸ ਦੀ ਸ਼ੂਟਿੰਗ ਦਿੱਲੀ, ਪੰਜਾਬ, ਹਰਿਆਣਾ, ਰਾਜਸਥਾਨ, ਮੁੰਬਈ, ਬਨਾਰਸ ਤੇ ਹਰਿਦੁਆਰ ਆਦਿ ਥਾਵਾਂ 'ਤੇ ਕੀਤੀ ਹੈ ਅਤੇ ਮੈਂ ਉਥੇ ਜਾ ਕੇ ਇਨ੍ਹਾਂ ਥਾਵਾਂ ਦੀਆਂ ਖ਼ੂਬੀਆਂ ਤੋਂ ਜਾਣੂ ਹੋਇਆ। ਫ਼ਿਲਮ ਵਿਚ ਕੰਮ ਕਰਨਾ ਮੇਰੇ ਲਈ ਬੋਨਸ ਵਰਗਾ ਰਿਹਾ, ਕਿਉਂਕਿ ਫ਼ਿਲਮ ਦੀ ਬਦੌਲਤ ਮੈਨੂੰ ਆਪਣੇ ਦੇਸ਼ ਨੂੰ ਨੇੜੇ ਤੋਂ ਦੇਖਣ ਦਾ ਚੰਗਾ ਮੌਕਾ ਮਿਲਿਆ।'
ਫ਼ਿਲਮ ਵਿਚ ਜੋ ਗੱਲ ਕਹੀ ਗਈ ਹੈ, ਉਸ ਨੂੰ ਲੈ ਕੇ ਗੈਵੀ ਕਹਿੰਦੇ ਹਨ, 'ਇਸ ਵਿਚ ਕੁਝ ਨਵਾਂਪਣ ਹੈ ਪਰ ਇਹ ਤਾਂ ਤੈਅ ਹੈ ਕਿ ਇਸ ਨੂੰ ਦੇਖ ਕੇ ਲੋਕਾਂ ਦਾ ਦੇਸ਼ ਪ੍ਰਤੀ ਜ਼ਿਆਦਾ ਲਗਾਅ ਵਧੇਗਾ। ਇਹ ਫ਼ਿਲਮ ਦੇਸ਼ ਪ੍ਰਤੀ ਜ਼ਿੰਮੇਦਾਰੀ ਦਾ ਅਹਿਸਾਸ ਕਰਾਉਂਦੀ ਹੈ। ਨਾਲ ਹੀ ਮੈਨੂੰ ਇਸ ਗੱਲ ਦੀ ਵੀ ਖੁਸ਼ੀ ਹੈ ਕਿ ਇਥੇ ਦੇਸ਼ ਦੀ ਗ਼ਰੀਬੀ ਨੂੰ ਨਹੀਂ ਵੇਚਿਆ ਗਿਆ ਹੈ, ਬਲਕਿ ਦੇਸ਼ ਦੀ ਮਿੱਟੀ ਦੇ ਅਨੇਕ ਰੰਗ ਇਸ ਵਿਚ ਪੇਸ਼ ਕੀਤੇ ਗਏ ਹਨ। ਫ਼ਿਲਮ ਦੇ ਅਖੀਰ ਵਿਚ ਮੇਰੇ ਹਿੱਸੇ 15 ਮਿੰਟ ਦਾ ਭਾਸ਼ਣ ਆਇਆ ਹੈ ਅਤੇ ਉਸ ਵਿਚ ਜੋ ਗੱਲਾਂ ਕਹੀਆਂ ਗਈਆਂ ਹਨ, ਉਸ ਨੂੰ ਸੁਣ ਕੇ ਹਰ ਕੋਈ ਆਪਣੇ ਦੇਸ਼ ਪ੍ਰਤੀ ਫ਼ਖ਼ਰ ਮਹਿਸੂਸ ਕਰੇਗਾ।'ਇਸ ਫ਼ਿਲਮ ਨੂੰ ਰਿਲੀਜ਼ ਹੋਣ ਲਈ ਚਾਰ ਸਾਲ ਦਾ ਸਮਾਂ ਲੱਗ ਗਿਆ ਪਰ ਗੈਵੀ ਇਸ ਦੇਰੀ ਤੋਂ ਨਰਾਜ਼ ਨਹੀਂ ਹੈ, ਬਲਕਿ ਖ਼ੁਸ਼ ਹੈ। ਉਹ ਕਹਿੰਦੇ ਹਨ, 'ਅੱਜ ਦੇਸ਼ ਵਿਚ ਦੇਸ਼ ਭਗਤੀ ਦਾ ਮਾਹੌਲ ਪੂਰੇ ਜ਼ੋਰ 'ਤੇ ਹੈ। ਅਜਿਹੇ ਮਾਹੌਲ ਵਿਚ ਇਹ ਫ਼ਿਲਮ ਆ ਰਹੀ ਹੈ। ਸੋ, ਮੈਂ ਇਹ ਕਹਿ ਸਕਦਾ ਹਾਂ ਕਿ ਫ਼ਿਲਮ ਭਾਵੇਂ ਦੇਰੀ ਨਾਲ ਆ ਰਹੀ ਹੈ ਪਰ ਦਰੁੱਸਤ ਆ ਰਹੀ ਹੈ।' ਉਮੀਦ ਹੈ ਕਿ ਅੱਜ ਦਾ ਮਾਹੌਲ ਫ਼ਿਲਮ ਲਈ ਲਾਭਦਾਇਕ ਸਿੱਧ ਹੋਵੇਗਾ।

ਨਵੇਂ ਕਲਾਕਾਰਾਂ ਨੂੰ ਚਮਕਾਉਂਦੀ ਕਾਮੇਡੀ ਫ਼ਿਲਮ 'ਨਾਟੀ ਗੈਂਗ'

'ਨਾਨ ਸਟਾਪ ਗੱਡੀ', 'ਕਰੁਣਾ ਕੇ ਸਾਗਰ ਮਹਾਵੀਰ' ਸਮੇਤ ਕੁਝ ਹੋਰ ਲੜੀਵਾਰਾਂ ਦੇ ਨਾਲ-ਨਾਲ ਕਈ ਵੀਡੀਓ ਐਲਬਮਾਂ ਤੇ ਐਡ ਫ਼ਿਲਮਾਂ ਦੇ ਨਿਰਦੇਸ਼ਕ ਪੰਕਜ ਕੁਮਾਰ ਵਿਰਾਟ ਨੇ ਹੁਣ 'ਨਾਟੀ ਗੈਂਗ' ਦੇ ਰੂਪ ਵਿਚ ਕਾਮੇਡੀ ਫ਼ਿਲਮ ਬਣਾਈ ਹੈ। ਆਪਣੀ ਇਸ ਫ਼ਿਲਮ ਵਿਚ ਉਨ੍ਹਾਂ ਨੇ ਕਈ ਨਵੇਂ ਕਲਾਕਾਰਾਂ ਨੂੰ ਚਮਕਾਇਆ ਹੈ। ਨਾਲ ਹੀ ਫ਼ਿਲਮ ਰਾਹੀਂ ਨੌਜਵਾਨਾਂ ਨੂੰ ਇਹ ਸੰਦੇਸ਼ ਵੀ ਦਿੱਤਾ ਹੈ ਕਿ ਸਫ਼ਲਤਾ ਹਾਸਲ ਕਰਨ ਲਈ ਕੋਈ ਸ਼ਾਟਕਟ ਨਹੀਂ ਹੁੰਦਾ।
ਇਥੇ ਤਿੰਨ ਇਸ ਤਰ੍ਹਾਂ ਦੇ ਮੁੰਡਿਆਂ ਦੀ ਕਹਾਣੀ ਹੈ, ਜੋ ਬਚਪਨ ਦੇ ਦੋਸਤ ਹਨ ਅਤੇ ਦਿਨ-ਰਾਤ ਇਹੀ ਸੁਪਨਾ ਦੇਖਦੇ ਰਹਿੰਦੇ ਹਨ ਕਿ ਬਿਨਾਂ ਮਿਹਨਤ ਕੀਤੇ ਰਾਤੋ-ਰਾਤ ਅਮੀਰ ਕਿਵੇਂ ਬਣਿਆ ਜਾਵੇ। ਇਸ ਸੁਪਨੇ ਨੂੰ ਸੱਚ ਕਰਨ ਲਈ ਉਹ ਵੱਡੀ ਚੋਰੀ ਵਿਚ ਫਸ ਕੇ ਪਿੰਡ ਤੋਂ ਭੱਜ ਜਾਂਦੇ ਹਨ। ਦੂਜੇ ਪਾਸੇ ਇਕ ਗੈਂਗ ਕੁੜੀਆਂ ਦਾ ਹੈ, ਜੋ ਇਲਾਜ ਦੇ ਬਹਾਨੇ ਲੋਕਾਂ ਨਾਲ ਠੱਗੀ ਕਰਦਾ ਰਹਿੰਦਾ ਹੈ। ਇਨ੍ਹਾਂ ਨਾਲ ਇਥੇ ਇਕ ਡਾਨ ਵੀ ਹੈ, ਜੋ ਕੁੜੀਆਂ ਦੇ ਗੈਂਗ ਦੀ ਮੁਖੀ ਦਾ ਦੀਵਾਨਾ ਹੈ। ਇਹ ਸਾਰਿਆਂ ਦਾ ਜਦੋਂ ਆਪਸ ਵਿਚ ਆਹਮਣਾ-ਸਾਹਮਣਾ ਹੁੰਦਾ ਹੈ ਤਾਂ ਉਦੋਂ ਇਸ਼ਕਬਾਜ਼ੀ ਤੋਂ ਲੈ ਕੇ ਠੱਗੀ ਤੱਕ ਕੀ ਕੁਝ ਵਾਪਰਦਾ ਹੈ, ਇਹ ਕਹਾਣੀ ਵਿਚ ਪੇਸ਼ ਕੀਤਾ ਗਿਆ ਹੈ।
ਵੀਰੇਨ ਬਾਂਕਾ, ਰਮਨਜੀਤ ਸਿੰਘ, ਕੈਫ ਖਾਨ, ਰਸ਼ਿਮ ਮਿਸ਼ਰਾ, ਮੋਨਿਕਾ ਰਾਵਣ, ਵਿਵੀਧਾਕਿਤੀ, ਸੋਨੀਆ ਬਾਂਸਲ ਆਦਿ ਨਵੇਂ ਕਲਾਕਾਰਾਂ ਦੇ ਨਾਲ ਇਸ ਵਿਚ ਮੁਕੇਸ਼ ਤਿਵਾੜੀ, ਰਣਜੀਤ, ਵਿਜੈ ਪਾਟਕਰ, ਫਿਰਦੌਸ ਮੇਵਾਲਾ, ਰਾਜ ਕੁਮਾਰ ਕਨੌਜੀਆ ਨੇ ਵੀ ਇਸ ਵਿਚ ਅਭਿਨੈ ਕੀਤਾ ਹੈ ਅਤੇ ਇਹ ਫ਼ਿਲਮ ਹੁਣ ਪ੍ਰਦਰਸ਼ਨ ਲਈ ਤਿਆਰ ਹੈ।


-ਮੁੰਬਈ ਪ੍ਰਤੀਨਿਧ

ਨਵਾਜ਼ੂਦੀਨ ਹੁਣ ਰੋਮਾਂਟਿਕ ਭੂਮਿਕਾ ਵਿਚ

ਇਕ ਸਮਾਂ ਉਹ ਸੀ ਜਦੋਂ ਨਵਾਜ਼ੂਦੀਨ ਸਿਦੀਕੀ ਨੂੰ ਫ਼ਿਲਮਾਂ ਵਿਚ ਕੰਮ ਲੈਣ ਲਈ ਭੁੱਖੇ ਢਿੱਡ ਦਰ-ਦਰ ਭਟਕਣਾ ਪੈਂਦਾ ਸੀ ਅਤੇ ਅੱਜ ਸਥਿਤੀ ਇਹ ਹੈ ਕਿ ਉਨ੍ਹਾਂ ਨੂੰ ਧਿਆਨ ਵਿਚ ਰੱਖ ਕੇ ਰੋਲ ਲਿਖੇ ਜਾਣ ਲੱਗੇ ਹਨ। ਆਪਣੇ ਅਭਿਨੈ ਦੇ ਦਮ 'ਤੇ ਬਾਲੀਵੁੱਡ ਵਿਚ ਸਫ਼ਲਤਾ ਹਾਸਲ ਕਰਨ ਵਾਲੇ ਨਵਾਜ਼ੂਦੀਨ ਨੇ 'ਬਜਰੰਗੀ ਭਾਈਜਾਨ', 'ਬਦਲਾਪੁਰ', 'ਮੌਮ', 'ਫੋਟੋਗ੍ਰਾਫ', 'ਕਿਕ' ਸਮੇਤ ਹੋਰ ਕਈ ਫ਼ਿਲਮਾਂ ਵਿਚ ਯਾਦਗਾਰ ਅਭਿਨੈ ਪੇਸ਼ ਕੀਤਾ ਅਤੇ ਹੁਣ ਉਹ ਵੱਡੇ ਪਰਦੇ 'ਤੇ ਇਸ਼ਕ ਫਰਮਾਉਂਦੇ ਨਜ਼ਰ ਆਉਣਗੇ। ਇਨ੍ਹੀਂ ਦਿਨੀਂ ਕੁਝ ਇਸ ਤਰ੍ਹਾਂ ਦੀਆਂ ਫ਼ਿਲਮਾਂ ਬਣ ਰਹੀਆਂ ਹਨ, ਜਿਨ੍ਹਾਂ ਵਿਚ ਨਵਾਜ਼ੂ ਨੂੰ ਰੋਮਾਂਟਿਕ ਹੀਰੋ ਦੇ ਤੌਰ 'ਤੇ ਪੇਸ਼ ਕੀਤਾ ਗਿਆ ਹੈ।
ਨਵਾਜ਼ੂ ਨੂੰ ਰੋਮਾਂਟਿਕ ਭੂਮਿਕਾ ਵਿਚ ਚਮਕਾਉਂਦੀ ਇਕ ਫ਼ਿਲਮ ਹੈ 'ਮੋਤੀਚੂਰ ਚਕਨਾਚੂਰ', ਜਿਸ ਵਿਚ ਉਨ੍ਹਾਂ ਦੀ ਨਾਇਕਾ ਹੈ ਅਥੀਆ ਸ਼ੈਟੀ। ਇਕ ਹੋਰ ਫ਼ਿਲਮ 'ਬੋਲੇ ਚੂੜੀਆਂ' ਵਿਚ ਉਹ ਮੌਨੀ ਰਾਏ ਦੇ ਨਾਲ ਇਸ਼ਕਬਾਜ਼ੀ ਕਰਦੇ ਦਿਸਣਗੇ ਤੇ ਹਨੀ ਤ੍ਰੇਹਾਨ ਵਲੋਂ ਨਿਰਦੇਸ਼ਿਤ 'ਰਾਤ ਅਕੇਲੀ ਹੈ' ਵਿਚ ਵੀ ਉਨ੍ਹਾਂ ਦੇ ਹਿੱਸੇ ਰੋਮਾਂਟਿਕ ਭੂਮਿਕਾ ਆਈ ਹੈ।
ਆਪਣੀ ਇਸ ਨਵੀਂ ਦਿੱਖ ਬਾਰੇ ਉਹ ਕਹਿੰਦੇ ਹਨ, 'ਮੇਰੀ ਸ਼ੁਰੂ ਤੋਂ ਇਹੀ ਇੱਛਾ ਰਹੀ ਹੈ ਕਿ ਬਤੌਰ ਕਲਾਕਾਰ ਮੈਂ ਕਿਸੇ ਇਕ ਦਿੱਖ ਵਿਚ ਨਾ ਬੱਝ ਕੇ ਰਹਿ ਜਾਵਾਂ। ਇਹੀ ਵਜ੍ਹਾ ਰਹੀ ਕਿ ਕਿਤੇ ਮੈਂ ਕਾਮੇਡੀਅਨ ਬਣਿਆ ਤੇ ਕਿਤੇ ਖ਼ਲਨਾਇਕ। ਕੁਝ ਫ਼ਿਲਮਾਂ ਵਿਚ ਸਪੋਰਟਿੰਗ ਭੂਮਿਕਾਵਾਂ ਵੀ ਕੀਤੀਆਂ। ਫਿਰ 'ਮਾਂਝੀ-ਦ ਮਾਊਨਟਨਮੈਨ', 'ਮੰਟੋ' ਤੇ 'ਠਾਕਰੇ' ਦੇ ਰੂਪ ਵਿਚ ਬਾਇਓਪਿਕ ਵੀ ਕੀਤੀਆਂ। ਕੁਝ ਸਮੇਂ ਤੋਂ ਮੈਨੂੰ ਲੱਗਣ ਲੱਗਿਆ ਸੀ ਕਿ ਮੈਨੂੰ ਰੋਮਾਂਟਿਕ ਭੂਮਿਕਾ ਕਰਕੇ ਦਰਸ਼ਕਾਂ ਨੂੰ ਕੁਝ ਨਵਾਂ ਦੇਣਾ ਚਾਹੀਦਾ ਹੈ ਅਤੇ ਮੈਨੂੰ ਹੁਣ ਰੋਮਾਂਟਿਕ ਭੂਮਿਕਾਵਾਂ ਵੀ ਮਿਲ ਗਈਆਂ।
ਉਮੀਦ ਹੈ ਕਿ ਦਰਸ਼ਕ ਨਵਾਜ਼ ਨੂੰ ਇਸ ਨਵੀਂ ਭੂਮਿਕਾ ਵਿਚ ਵੀ ਸਵੀਕਾਰਨਗੇ।


-ਮੁੰਬਈ ਪ੍ਰਤੀਨਿਧ

'ਜੱਟ ਕਿਹੜੀ ਗੱਲੋਂ ਘੱਟ' ਲੈ ਕੇ ਆਇਆ-ਗਿੱਲ ਕਮਲ

ਪੰਜਾਬੀ ਗਾਇਕੀ ਦੇ ਖੇਤਰ ਨਾਲ ਜੁੜੇ ਗਾਇਕ ਕਲਾਕਾਰਾਂ ਨੇ ਪੰਜਾਬੀ ਸੱਭਿਆਚਾਰ ਦੇ ਅਮੀਰ ਵਿਰਸੇ ਨੂੰ ਸੰਭਾਲਿਆ ਹੀ ਨਹੀਂ, ਬਲਕਿ ਦੇਸ਼ਾਂ ਵਿਦੇਸ਼ਾਂ ਵਿਚ ਪੇਸ਼ਕਾਰੀ ਰਾਹੀਂ ਕਲਾ ਦਾ ਲੋਹਾ ਵੀ ਮਨਵਾਇਆ। ਅੱਜ ਦੇ ਇਸ ਮੁਕਾਬਲੇਬਾਜ਼ੀ ਦੇ ਯੁੱਗ ਵਿਚ ਹਰ ਇਕ ਗਾਇਕ ਕਲਾਕਾਰ ਪੈਸੇ ਦੇ ਜ਼ੋਰ ਤੇ ਨੰਗੇਜ਼ਵਾਦ ਦੇ ਹੱਥਕੰਢੇ ਅਪਣਾ ਕੇ ਰਾਤੋ-ਰਾਤ ਸਟਾਰ ਬਣਨ ਲਈ ਤਤਪਰ ਹੈ। ਪਰ ਕੁਝ ਅਜਿਹੇ ਗਾਇਕ ਵੀ ਹਨ ਜੋ ਮਿਹਨਤ ਤੇ ਰਿਆਜ ਦੇ ਬਲਬੂਤੇ ਅੱਗੇ ਵਧਣਾ ਲੋਚਦੇ ਹਨ। ਅਜਿਹਾ ਇਕ ਨਾਂਅ ਹੈ ਗਾਇਕ ਗਿੱਲ ਕਮਲ ਜੋ ਕਿਸੇ ਜਾਣ ਪਹਿਚਾਣ ਦਾ ਮੁਥਾਜ਼ ਨਹੀਂ ਜਿਸ ਨੇ ਸਖ਼ਤ ਮਿਹਨਤ ਅਤੇ ਲਗਨ ਨਾਲ ਪੰਜਾਬੀ ਗਾਇਕੀ ਦੇ ਖੇਤਰ ਵਿਚ ਚੰਗਾ ਨਾਮਣਾ ਖੱਟਿਆ ਹੈ। ਮੋਗਾ ਜ਼ਿਲ੍ਹਾ ਦੇ ਪਿੰਡ ਭਿੰਡਰ ਖੁਰਦ ਦੇ ਜੰਮਪਲ ਗਾਇਕ ਗਿੱਲ ਕਮਲ ਦਾ ਜਨਮ 5 ਮਾਰਚ, 1979 ਨੂੰ ਪਿਤਾ ਮੇਜਰ ਸਿੰਘ ਦੇ ਗ੍ਰਿਹ ਮਾਤਾ ਸੁਖਦੇਵ ਕੌਰ ਦੀ ਕੁੱਖੋਂ ਹੋਇਆ। ਗਾਉਣ ਦਾ ਸ਼ੌਕ ਕਮਲ ਨੂੰ 6 ਵੀਂ ਜਮਾਤ ਵਿਚ ਪੜ੍ਹਦੇ ਸਮੇਂਂ ਮੈਡਮ ਪ੍ਰੀਆ ਸਟੋਨੀ ਮੋਗੇ ਵਾਲਿਆਂ ਦੀ ਪ੍ਰੇਰਨਾ ਸਦਕਾ ਹੀ ਪੈ ਗਿਆ ਸੀ ਅਤੇ ਗਾਇਕੀ ਦੀਆਂ ਬਾਰੀਕੀਆਂ ਸਿੱਖਣ ਲਈ ਫਿਰ ਛਿੰਦਾ ਅਨਪੜ੍ਹ ਲੰਗੇਆਣਾ ਨੂੰ ਉਸਤਾਦ ਧਾਰਿਆ ਤੇ ਪਹਿਲੀ ਐਲਬਮ ਮਾਰਕੀਟ ਵਿਚ 'ਗੱਭਰੂ ਦਾ ਦਿਲ ਟੁੱਟਜੂ' ਸਰੋਤਿਆਂ ਦੇ ਸਨਮੁੱਖ ਕੀਤੀ ਅਤੇ ਚੰਗਾ ਹੁੰਗਾਰਾ ਮਿਲਿਆ ਅਤੇ ਹੁਣ ਲੰਮੇ ਅਰਸੇ ਤੋਂ ਬਾਅਦ ਨਵੀਂ ਐਲਬਮ 'ਜੱਟ ਕਿਹੜੀ ਗੱਲੋਂ ਘੱਟ' ਲੈ ਕੇ ਸਰੋਤਿਆਂ ਦੀ ਕਚਹਿਰੀ ਵਿਚ ਹਾਜ਼ਰ ਹੈ ਜਿਸ ਦੇ ਗੀਤ ਨੂੰ ਸੇਮਾ ਇੰਦਗੜ੍ਹ ਵਾਲਾ ਨੇ ਕਲਮਬੱਧ ਕੀਤਾ ਹੈ ਤੇ ਸੰਗੀਤਕ ਛੋਹਾਂ ਰਾਜੇਸ਼ ਰਾਜਾ ਨੇ ਪ੍ਰਦਾਨ ਕੀਤੀਆਂ ਹਨ। ਅਨੇਕਾਂ ਸੱਭਿਆਚਾਰਕ ਮੇਲਿਆਂ 'ਤੇ ਪ੍ਰਵਾਨਿਤ ਹੋ ਚੁੱਕੇ ਗਾਇਕ ਗਿੱਲ ਕਮਲ ਨੂੰ ਇਸ ਐਲਬਮ ਤੋਂ ਬਹੁਤ ਆਸਾਂ ਹਨ ਕਿ ਇਹ ਐਲਬਮ ਵੀ ਸਰੋਤਿਆ ਦੀ ਕਸਵੱਟੀ 'ਤੇ ਪੂਰੀ ਤਰ੍ਹਾਂ ਖਰੀ ਉਤਰੇਗੀ।


-ਕਸਬਾ ਭੂੰਦੜੀ ਜ਼ਿਲ੍ਹਾ, ਲੁਧਿਆਣਾ।


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX