ਤਾਜਾ ਖ਼ਬਰਾਂ


ਭਿਆਨਕ ਸੜਕ ਹਾਦਸੇ 'ਚ ਤਿੰਨ ਨੌਜਵਾਨਾਂ ਦੀ ਮੌਤ
. . .  1 day ago
ਫ਼ਾਜ਼ਿਲਕਾ, 18 ਸਤੰਬਰ (ਪ੍ਰਦੀਪ ਕੁਮਾਰ) - ਫ਼ਾਜ਼ਿਲਕਾ ਦੇ ਨੇੜਲੇ ਪਿੰਡ ਜੱਟ ਵਾਲੀ ਰਾਣਾ ਰੋਡ 'ਤੇ ਟਰੈਕਟਰ ਟਰਾਲੀ ਅਤੇ ਪਲਸਰ ਮੋਟਰਸਾਈਕਲ ਦੀ ਟੱਕਰ ਵਿਚ ਤਿੰਨ ਨੌਜਵਾਨਾਂ ਦੀ...
ਏਸ਼ੀਆ ਕੱਪ ਭਾਰਤ ਹਾਂਗਕਾਂਗ ਮੈਚ : 9.2 ਓਵਰਾਂ 'ਚ ਹਾਂਗਕਾਂਗ ਦੀਆਂ 50 ਦੌੜਾਂ ਪੂਰੀਆਂ
. . .  1 day ago
ਏਸ਼ੀਆ ਕੱਪ ਭਾਰਤ ਹਾਂਗਕਾਂਗ ਮੈਚ : ਭਾਰਤ ਨੇ ਹਾਂਗਕਾਂਗ ਨੂੰ ਜਿੱਤਣ ਲਈ ਦਿੱਤਾ 286 ਦੌੜਾਂ ਦਾ ਟੀਚਾ
. . .  1 day ago
ਟਰੈਕਟਰ-ਸਫਾਰੀ ਦੀ ਟੱਕਰ 'ਚ 2 ਦੀ ਮੌਤ, 2 ਜ਼ਖਮੀ
. . .  1 day ago
ਲੋਹੀਆਂ ਖ਼ਾਸ, ੧੮ ਸਤੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ) - ਲੋਹੀਆਂ ਤੋਂ ਮਲਸੀਆਂ ਸੜਕ 'ਤੇ ਸਥਿਤ ਫੱਤੂਵਾਲ ਪਿੰਡ ਦੇ ਵਿਚਕਾਰ ਟਰੈਕਟਰ ਟਰਾਲੀ ਅਤੇ ਸਫ਼ਾਰੀ ਵਿਚਕਾਰ ਹੋਈ...
ਏਸ਼ੀਆ ਕੱਪ ਭਾਰਤ ਹਾਂਗਕਾਂਗ ਮੈਚ : ਭਾਰਤ ਨੂੰ ਤੀਸਰਾ ਝਟਕਾ, ਸ਼ਿਖਰ ਧਵਨ 127 ਦੌੜਾਂ ਬਣਾ ਕੇ ਆਊਟ
. . .  1 day ago
ਏਸ਼ੀਆ ਕੱਪ 2018 : 40 ਓਵਰਾਂ ਤੋਂ ਬਾਅਦ ਭਾਰਤ 237/2
. . .  1 day ago
ਏਸ਼ੀਆ ਕੱਪ ਭਾਰਤ ਹਾਂਗਕਾਂਗ ਮੈਚ : ਸ਼ਿਖਰ ਧਵਨ ਦੀਆਂ 100 ਦੌੜਾਂ ਪੂਰੀਆਂ
. . .  1 day ago
ਏਸ਼ੀਆ ਕੱਪ ਭਾਰਤ ਹਾਂਗਕਾਂਗ ਮੈਚ : ਭਾਰਤ ਨੂੰ ਦੂਸਰਾ ਝਟਕਾ, ਅੰਬਾਤੀ ਰਾਇਡੂ 60 ਦੌੜਾਂ ਬਣਾ ਕੇ ਆਊਟ
. . .  1 day ago
ਏਸ਼ੀਆ ਕੱਪ ਭਾਰਤ ਹਾਂਗਕਾਂਗ ਮੈਚ : ਅੰਬਾਤੀ ਰਾਇਡੂ ਦੀਆਂ 50 ਦੌੜਾਂ ਪੂਰੀਆਂ
. . .  1 day ago
ਏਸ਼ੀਆ ਕੱਪ 2018 : ਹਾਂਗਕਾਂਗ ਖ਼ਿਲਾਫ਼ ਬੱਲੇਬਾਜ਼ੀ ਕਰਦਿਆ 25 ਓਵਰਾਂ ਤੋਂ ਬਾਅਦ ਭਾਰਤ 135/1
. . .  1 day ago
ਹੋਰ ਖ਼ਬਰਾਂ..

ਸਾਡੇ ਪਿੰਡ ਸਾਡੇ ਖੇਤ

ਖੇਤੀ ਨਾਲ ਜੁੜੇ ਸਹਾਇਕ ਧੰਦਿਆਂ ਨੂੰ ਪ੍ਰਫੁੱਲਿਤ ਕਰ ਰਹੇ ਹਨ ਕ੍ਰਿਸ਼ੀ ਵਿਗਿਆਨ ਕੇਂਦਰ

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਅਧੀਨ 22 ਜ਼ਿਲ੍ਹਿਆਂ ਵਿਚੋਂ 18 ਜ਼ਿਲ੍ਹਿਆਂ ਵਿਚ ਕ੍ਰਿਸ਼ੀ ਵਿਗਿਆਨ ਕੇਂਦਰ ਚੱਲਦੇ ਹਨ, ਤਿੰਨ ਕ੍ਰਿਸ਼ੀ ਵਿਗਿਆਨ ਕੇਂਦਰ ਗੁਰੂ ਅੰਗਦ ਦੇਵ ਐਨੀਮਲ ਵੈਟਰਨਰੀ ਯੂਨੀਵਰਸਿਟੀ (ਗਡਵਾਸੂ) ਲੁਧਿਆਣਾ ਅਧੀਨ ਚੱਲਦੇ ਹਨ ਅਤੇ ਇਕ ਕ੍ਰਿਸ਼ੀ ਵਿਗਿਆਨ ਕੇਂਦਰ (ਆਈ.ਸੀ.ਆਰ.) ਇੰਡੀਅਨ ਕੌਂਸਲ ਆਫ਼ ਐਗਰੀਕਲਚਰ ਰਿਸਰਚ (ਅਟਾਰੀ) ਐਗਰੀ ਕਲਚਰ ਟੈਕਨਾਲੋਜੀ ਲੁਧਿਆਣਾ ਦਫ਼ਤਰ ਵਲੋਂ ਚਲਾਇਆ ਜਾ ਰਿਹਾ ਹੈ। ਅਟਾਰੀ ਲੁਧਿਆਣਾ ਅਧੀਨ ਪੰਜਾਬ, ਹਿਮਾਚਲ ਪ੍ਰਦੇਸ਼, ਜੰਮੂ ਕਸ਼ਮੀਰ ਅਤੇ ਉੱਤਰਾਖੰਡ ਦੇ 70 ਕ੍ਰਿਸ਼ੀ ਵਿਗਿਆਨ ਕੇਂਦਰ ਕੰਮ ਕਰਦੇ ਹਨ। ਦੇਸ਼ ਭਰ ਵਿਚ 680 ਜ਼ਿਲ੍ਹਿਆਂ ਵਿਚ ਖੇਤੀਬਾੜੀ ਅਤੇ ਖੇਤੀ ਨਾਲ ਜੁੜੇ ਸਹਾਇਕ ਧੰਦਿਆਂ ਨੂੰ ਪ੍ਰਫੁੱਲਿਤ ਕਰਨ, ਪਿੰਡਾਂ ਦੇ ਕਿਸਾਨਾਂ, ਨੌਜਵਾਨਾਂ, ਔਰਤਾਂ ਸਮੇਤ ਪਸ਼ੂ ਪਾਲਕਾਂ ਨੂੰ ਨਵੀਂ-ਨਵੀਂ ਤਕਨੀਕ ਦੇ ਕੇ ਸਵੈ-ਰੁਜ਼ਗਾਰ ਪੈਦਾ ਕਰਨ ਦੇ ਨਾਲ-ਨਾਲ ਆਮਦਨ 'ਚ ਵਾਧਾ ਕਰਵਾਉਣ ਲਈ ਵਧੀਆ ਸਹਾਈ ਸਿੱਧ ਹੋ ਰਹੇ ਹਨ। ਪੰਜਾਬ ਭਰ ਵਿਚ ਬਣੇ ਕ੍ਰਿਸ਼ੀ ਵਿਗਿਆਨ ਕੇਂਦਰਾਂ ਵਿਚ ਖੇਤੀ ਦੇ ਨਾਲ-ਨਾਲ ਸਹਾਇਕ ਧੰਦੇ ਅਪਣਾਉਣ ਲਈ ਤੇ ਸਵੈ ਰੁਜ਼ਗਾਰ ਬਣਾਉਣ ਵਾਸਤੇ 25 ਪ੍ਰਕਾਰ ਦੀ ਟਰੇਨਿੰਗ ਹਫ਼ਤੇ ਤੋਂ ਲੈ ਕੇ 30 ਅਤੇ 45 ਦਿਨਾਂ ਦੀ ਸਿਖਲਾਈ ਦੇਣ ਲਈ ਕੈਂਪ ਲਗਾਏ ਜਾਂਦੇ ਹਨ। ਪੰਜਾਬ ਦੇ ਪਿੰਡਾਂ ਦੇ ਕਿਸਾਨ ਇਨ੍ਹਾਂ ਸਹਾਇਕ ਧੰਦਿਆਂ ਦੀ ਸਿਖਲਾਈ ਲੈ ਕੇ ਵਧੀਆ ਆਮਦਨ ਦਾ (ਸੋਰਸ) ਪੈਦਾ ਕਰ ਚੁੱਕੇ ਹਨ। ਜਿਨ੍ਹਾਂ ਵਿਚੋਂ ਪਿੰਡਾਂ ਦੇ ਕਿਸਾਨਾਂ ਨੂੰ ਵਧੀਆਂ ਸੈਲਫ ਹੈਲਪ ਗਰੁੱਪ ਬਣਾ ਕੇ ਜਾਂ ਇਕੱਲੇ-ਇਕੱਲੇ ਨੂੰ ਚੰਗਾ ਕੰਮ ਕਰਨ ਬਦਲੇ ਕੌਮੀ ਤੇ ਪੰਜਾਬ ਪੱਧਰ 'ਤੇ ਸਨਮਾਨਿਤ ਵੀ ਕੀਤਾ ਜਾ ਚੁੱਕਾ ਹੈ। ਹਰੇਕ ਕੇਂਦਰ ਵਿਚ ਵੱਖ-ਵੱਖ ਵਿਸ਼ਿਆਂ ਦੇ 6 ਮਾਹਰ ਹੁੰਦੇ ਹਨ। ਗਡਵਾਸੂ ਲੁਧਿਆਣਾ ਦੇ ਅਧੀਨ ਚੱਲਦੇ ਕੇਂਦਰਾਂ ਨੂੰ ਉਪ ਕੁਲਪਤੀ ਡਾ: ਅਮਰਜੀਤ ਸਿੰਘ ਨੰਦਾ, ਡਾਇਰੈਕਟਰ ਸਿੱਖਿਆ ਤੇ ਪ੍ਰਸਾਰ ਡਾ: ਹਰੀਸ਼ ਕੁਮਾਰ ਵਰਮਾ, ਕ੍ਰਿਸ਼ੀ ਵਿਗਿਆਨ ਕੇਂਦਰ ਹੰਡਿਆਇਆ, ਜ਼ਿਲ੍ਹਾ ਬਰਨਾਲਾ ਦੇ ਐਸੋਸੀਏਟ ਡਾਇਰੈਕਟਰ ਡਾ: ਪ੍ਰਹਿਲਾਦ ਸਿੰਘ ਤੰਵਰ ਸਮੇਤ ਪੰਜਾਬ ਭਰ ਦੇ ਕੇ.ਵੀ.ਕੇ. ਵਲੋਂ ਕਿਸਾਨਾਂ ਨੂੰ ਪਿੰਡ-ਪਿੰਡ ਜਾ ਕੇ ਟਰੇਨਿੰਗਾਂ ਦੇ ਕੇ, ਖੇਤਾਂ 'ਚ ਡੈਮੋ ਸਟੇਸ਼ਨ ਲਾ ਕੇ ਭਰਪੂਰ ਜਾਣਕਾਰੀ ਦੇ ਰਹੇ ਹਨ। ਪੀ.ਏ.ਯੂ. ਤੇ ਗਡਵਾਸੂ ਵਲੋਂ ਨਵੀਆਂ ਖੇਤੀ ਤਕਨੀਕਾਂ ਅਪਣਾਉਣ ਲਈ ਕਿਸਾਨਾਂ ਨੂੰ ਜਾਗਰੂਕ ਕੀਤਾ ਜਾਂਦਾ ਹੈ, ਜੋ ਸਮੇਂ-ਸਮੇਂ 'ਤੇ ਪਿੰਡਾਂ 'ਚ ਕੈਂਪ ਲਗਾਉਂਦੇ ਹਨ। ਕਿਸਾਨਾਂ ਵਲੋਂ ਫ਼ਸਲਾਂ ਵਿਚ ਯੂਰੀਏ ਖਾਦ ਦੀ ਯੋਗ ਵਰਤੋਂ ਕਰਨ ਲਈ ਪੱਤਾ ਰੰਗ ਚਾਰਟ ਵਰਤਣ ਨਾਲ ਝੋਨਾ, ਮੱਕੀ, ਕਣਕ ਵਿਚ ਯੂਰੀਆ ਖਾਦ ਪਾਉਣ ਵੇਲੇ ਪ੍ਰਤੀ ਏਕੜ ਵਿਚ 25 ਕਿੱਲੋ ਯੂਰੀਏ ਖਾਦ ਘੱਟ ਪਾ ਕੇ ਬੱਚਤ ਕੀਤੀ ਜਾ ਸਕਦੀ ਹੈ। ਖੇਤ ਵਿਚ ਮਿੱਟੀ ਨਮੀ ਪਰਖ ਜਾਂਚ ਯੰਤਰ ਦੀ ਵਰਤੋਂ ਕਰਨ ਨਾਲ ਕਿਸਾਨ ਝੋਨੇ ਦੀ ਫ਼ਸਲ ਨੂੰ ਛੱਡ ਕੇ ਬਾਕੀ ਫ਼ਸਲਾਂ ਵਿਚ ਇਸ ਪ੍ਰਯੋਗ ਕਰਨ ਨਾਲ ਫ਼ਸਲ ਵਿਚ ਇਕ ਪਾਣੀ ਦੀ ਬੱਚਤ ਕਰ ਸਕਦੇ ਹਨ। ਜਿਸ ਨਾਲ ਧਰਤੀ ਹੇਠਲਾ ਪਾਣੀ ਬਚਾ ਕੇ, ਫ਼ਸਲਾਂ ਦਾ ਵਾਧਾ ਕਰ ਕੇ ਕਿਸਾਨ ਆਮਦਨ ਵਧਾ ਸਕਦੇ ਹਨ। ਪੀ.ਏ.ਯੂ., ਗਡਵਾਸੂ ਤੇ ਇਨ੍ਹਾਂ ਕ੍ਰਿਸ਼ੀ ਵਿਗਿਆਨ ਕੇਂਦਰਾਂ ਵਿਚ ਕਿਸਾਨਾਂ ਲਈ ਫ਼ਸਲਾਂ ਦੇ ਬੀਜ, ਸਬਜ਼ੀਆਂ ਦੀ ਪੌਦ, ਫੁੱਲਦਾਰ ਬੂਟੇ, ਪਸ਼ੂਆਂ ਲਈ ਧਾਤਾਂ ਦਾ ਚੂਰਾ, ਬਾਈਪਾਸ ਫੈਂਟ, ਕਿਤਾਬਾਂ (ਲਿਟਰੇਚਰ) ਪੜ੍ਹਨ ਲਈ ਮਿਲਦੀਆਂ ਹਨ। ਤਕਨੀਕੀ ਜਾਣਕਾਰੀ ਕਿਸਾਨਾਂ ਦੇ ਖੇਤਾਂ 'ਚ ਜਾ ਕੇ ਪ੍ਰਦਰਸ਼ਨੀ ਲਗਾਉਣੀ, ਟੈਕਨਾਲੋਜੀ ਟੈਸਟ ਕਰ ਕੇ ਜ਼ਿਲ੍ਹੇ ਭਰ ਦੇ ਕਿਸਾਨਾਂ ਨਾਲ ਤਜਰਬਿਆਂ ਨੂੰ ਸਾਂਝਾ ਕਰਨਾ ਮੁੱਖ ਮਕਸਦ ਹਨ। ਪੰਜਾਬ ਨੂੰ ਤਿੰਨ ਜ਼ੋਨਾਂ 'ਚ ਵੰਡ ਕੇ ਜਿਵੇਂ ਮਾਝਾ, ਮਾਲਵਾ, ਦੁਆਬਾ ਦੇ ਜ਼ੋਨ ਅਨੁਸਾਰ ਪਸ਼ੂਆਂ ਵਾਸਤੇ ਧਾਤਾਂ ਦਾ ਚੂਰਾ ਬਣਾ ਕੇ ਵੇਚਣਾ। ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਗਡਵਾਸੂ ਅਤੇ ਇਸ ਨਾਲ ਜੁੜੇ ਕ੍ਰਿਸ਼ੀ ਵਿਗਿਆਨ ਕੇਂਦਰ ਪੰਜਾਬ ਦੇ ਪਿੰਡਾਂ ਦੇ ਕਿਸਾਨਾਂ ਪਸ਼ੂ ਪਾਲਕਾਂ ਲਈ ਖੇਤੀ, ਪਸ਼ੂਆਂ ਅਤੇ ਖੇਤੀ ਨਾਲ ਜੁੜੇ ਸਹਾਇਕ ਧੰਦਿਆਂ ਲਈ ਹਸਪਤਾਲ ਦਾ ਕੰਮ ਕਰਦੇ ਹਨ। ਜਿੱਥੇ ਖੇਤੀ ਅਤੇ ਸਹਾਇਕ ਧੰਦਿਆਂ ਬਾਰੇ ਉਪਾਅ ਕੀਤੇ ਜਾਂਦੇ ਹਨ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ 23-24 ਮਾਰਚ ਨੂੰ ਕਿਸਾਨ ਮੇਲਾ, ਸ੍ਰੀ ਗੁਰੂ ਅੰਗਦ ਦੇਵ ਐਨੀਮਲ ਸਾਇੰਸ ਯੂਨੀਵਰਸਿਟੀ (ਗਡਵਾਸੂ) ਲੁਧਿਆਣਾ ਵਿਖੇ 23-24 ਮਾਰਚ ਨੂੰ ਪਸ਼ੂ ਪਾਲਕ ਮੇਲਾ ਲੱਗੇਗਾ। ਹਰੇਕ ਕ੍ਰਿਸ਼ੀ ਵਿਗਿਆਨ ਕੇਂਦਰ 'ਚ ਪੀ.ਏ.ਯੂ. ਤੇ ਗਡਵਾਸੂ ਦੇ ਮੇਲੇ ਦੇ ਨਾਲ-ਨਾਲ ਹਾੜੀ-ਸਾਉਣੀ ਫ਼ਸਲਾਂ ਸਬੰਧੀ ਜ਼ਿਲ੍ਹਾ ਪੱਧਰੀ ਮੇਲੇ ਲਾ ਕੇ ਕਿਸਾਨਾਂ, ਪਸ਼ੂ ਪਾਲਕਾਂ ਤੇ ਔਰਤਾਂ ਨੂੰ ਜਾਣਕਾਰੀ ਦਿੱਤੀ ਜਾਂਦੀ ਹੈ। ਇਨ੍ਹਾਂ ਮੇਲਿਆਂ ਵਿਚ ਵੱਖ-ਵੱਖ ਕੰਪਨੀਆਂ ਵਲੋਂ ਪ੍ਰਦਰਸ਼ਨੀਆਂ ਵੀ ਲਗਾਈਆਂ ਜਾਂਦੀਆਂ ਹਨ। ਜਿਨ੍ਹਾਂ ਤੋਂ ਕਿਸਾਨ, ਪਸ਼ੂ ਪਾਲਕ ਤੇ ਔਰਤਾਂ ਲਾਭ ਲੈਂਦੇ ਹਨ।


-ਪ੍ਰਤੀਨਿਧ 'ਅਜੀਤ' ਪਿੰਡ ਖੁੱਡੀ ਖ਼ੁਰਦ (ਬਰਨਾਲਾ)
ਮੋਬਾਈਲ : 98725-45131
ਈਮੇਲ : gurjitkhudi@gmail.com


ਖ਼ਬਰ ਸ਼ੇਅਰ ਕਰੋ

ਨਵੀਂ ਵਿਗਿਆਨਕ ਸੋਝੀ ਦਿੰਦਾ 'ਪਸ਼ੂ ਪਾਲਣ ਮੇਲਾ'

ਮੇਲੇ ਸਾਡੇ ਸੱਭਿਆਚਾਰ ਦਾ ਅਨਿੱਖੜਵਾਂ ਅੰਗ ਹਨ। ਅੱਜ ਦੇ ਸਮੇਂ ਵਿਚ ਗਿਆਨ ਅਤੇ ਵਿਗਿਆਨ ਨੂੰ ਦਰਸਾਉਣ ਵਾਲੇ ਮੇਲੇ ਵੀ ਲਗਾਏ ਜਾਂਦੇ ਹਨ। ਇਸੇ ਸੰਦਰਭ ਵਿਚ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵਲੋਂ ਸਾਲ ਵਿਚ ਦੋ ਵਾਰ ਮਾਰਚ ਅਤੇ ਸਤੰਬਰ ਦੇ ਮਹੀਨੇ 'ਪਸ਼ੂ ਪਾਲਣ ਮੇਲਾ' ਯੂਨੀਵਰਸਿਟੀ ਦੇ ਕੈਂਪਸ ਲੁਧਿਆਣਾ ਵਿਖੇ ਲਗਾਇਆ ਜਾਂਦਾ ਹੈ। ਸੰਨ 2006 ਵਿਚ ਸਥਾਪਿਤ ਹੋਈ ਇਹ ਯੂਨੀਵਰਸਿਟੀ ਪਸ਼ੂ ਪਾਲਣ ਕਿੱਤਿਆਂ ਸਬੰਧੀ ਬੜੇ ਸੁਚਾਰੂ ਤਰੀਕੇ ਨਾਲ ਪਸ਼ੂ ਪਾਲਕਾਂ ਨੂੰ ਜਾਗਰੂਕ ਕਰ ਰਹੀ ਹੈ। ਭਾਰਤੀ ਖੇਤੀ ਖੋਜ ਪਰਿਸ਼ਦ, ਨਵੀਂ ਦਿੱਲੀ ਵਲੋਂ ਅਜੇ ਥੋੜ੍ਹੀ ਦੇਰ ਪਹਿਲਾਂ ਹੀ ਇਸ ਯੂਨੀਵਰਸਿਟੀ ਨੂੰ ਦੇਸ਼ ਦੀ ਚੋਟੀ ਦੀ ਪਸ਼ੂ ਵਿਗਿਆਨ ਯੂਨੀਵਰਸਿਟੀ ਮੰਨਿਆ ਗਿਆ ਹੈ। ਇਸ ਯੂਨੀਵਰਸਿਟੀ ਵਲੋਂ ਮਾਰਚ ਦੇ ਮਹੀਨੇ ਵਿਚ ਇਹ ਮੇਲਾ 23 ਅਤੇ 24 ਤਾਰੀਖ ਨੂੰ ਲਗਾਇਆ ਜਾ ਰਿਹਾ ਹੈ। ਇਸ ਮੇਲੇ ਵਿਚ ਇਨ੍ਹਾਂ ਕਿੱਤਿਆਂ ਨਾਲ ਜੁੜੇ ਕਿਸਾਨਾਂ ਦੀ ਹਰ ਜ਼ਰੂਰਤ, ਮੁਸ਼ਕਿਲ ਅਤੇ ਜਗਿਆਸਾ ਦੇ ਹੱਲ ਲਈ ਭਿੰਨ-ਭਿੰਨ ਤਕਨੀਕਾਂ ਅਤੇ ਗਿਆਨ ਪ੍ਰਦਰਸ਼ਿਤ ਕੀਤਾ ਜਾਂਦਾ ਹੈ।
ਯੂਨੀਵਰਸਿਟੀ ਦੇ ਉੱਤਮ ਪਸ਼ੂ ਜਿਨ੍ਹਾਂ ਵਿਚ ਮੱਝਾਂ, ਗਾਵਾਂ, ਬੱਕਰੀਆਂ, ਮੁਰਗੀਆਂ, ਬਟੇਰ, ਖਰਗੋਸ਼, ਸੂਰ ਅਤੇ ਮੱਛੀਆਂ ਦੀਆਂ ਵੱਖ-ਵੱਖ ਕਿਸਮਾਂ ਮੇੇਲੇ ਵਿਚ ਖਿੱਚ ਦਾ ਕੇਂਦਰ ਬਣਦੇ ਹਨ। ਪਸ਼ੂਆਂ ਦੇ ਵਧੀਆ ਨਸਲ ਦੇ ਬੱਚੇ ਲੈਣ ਲਈ ਪਸ਼ੂ ਪਾਲਕਾਂ ਨੂੰ ਬਿਹਤਰ ਤਰੀਕਿਆਂ ਅਤੇ ਨਸਲ ਸੁਧਾਰ ਦੀ ਜਾਣਕਾਰੀ ਦਿੱਤੀ ਜਾਂਦੀ ਹੈ। ਪਸ਼ੂਆਂ ਦੀ ਵਧੀਆ ਖੁਰਾਕ ਸਬੰਧੀ ਧਾਤਾਂ ਦਾ ਚੂਰਾ ਅਤੇ ਪਸ਼ੂ ਚਾਟ ਬਣਾਉਣ ਲਈ ਪੂਰਨ ਸਮੱਗਰੀ ਬਾਰੇ ਚਾਨਣਾ ਪਾਇਆ ਜਾਂਦਾ ਹੈ। ਚੰਗੇ ਉਤਪਾਦਨ ਲਈ ਜਿਨ੍ਹਾਂ ਖੁਰਾਕੀ ਵਸਤਾਂ ਦਾ ਉਪਯੋਗ ਲਾਹੇਵੰਦ ਹੁੰਦਾ ਹੈ ਉਸ ਬਾਰੇ ਜਾਣਕਾਰੀ ਸਾਂਝੀ ਕੀਤੀ ਜਾਂਦੀ ਹੈ। ਇਥੇ ਪਸ਼ੂਆਂ ਦੀ ਜਾਂਚ ਕਰਨ ਤੋਂ ਇਲਾਵਾ ਉਨ੍ਹਾਂ ਦੇ ਗੋਹੇ, ਥੁੱਕ, ਖੂਨ ਅਤੇ ਪਿਸ਼ਾਬ ਦੀ ਜਾਂਚ ਵੀ ਕੀਤੀ ਜਾਂਦੀ ਹੈ। ਜਾਂਚ ਰਾਹੀਂ ਬਿਮਾਰੀ ਦਾ ਨਿਰੀਖਣ ਕਰ ਕੇ ਸਹੀ ਤੇ ਸਟੀਕ ਇਲਾਜ ਬਾਰੇ ਮਾਹਿਰ ਡਾਕਟਰ ਦਵਾਈ ਵੀ ਦੱਸਦੇ ਹਨ। ਪਸ਼ੂ ਪਾਲਣ ਸਬੰਧੀ ਗਿਆਨ ਵਧਾਉਣ ਵਾਸਤੇ ਯੂਨੀਵਰਸਿਟੀ ਵਲੋਂ ਕਈ ਪ੍ਰਕਾਸ਼ਨਾਵਾਂ ਕੀਤੀਆਂ ਗਈਆਂ ਹਨ ਜੋ ਕਿ ਸੌਖੀ ਪੰਜਾਬੀ ਅਤੇ ਘੱਟ ਕੀਮਤ 'ਤੇ ਇਥੇ ਉਪਲਬਧ ਹੋਣਗੀਆਂ। ਯੂਨੀਵਰਸਿਟੀ ਵਲੋਂ ਛਾਪੇ ਜਾਂਦੇ ਮਹੀਨੇਵਾਰ ਰਸਾਲੇ 'ਵਿਗਿਆਨਕ ਪਸ਼ੂ ਪਾਲਣ' ਦਾ ਚੰਦਾ ਵੀ ਪਸ਼ੂ ਪਾਲਕ ਇਥੇ ਜਮ੍ਹਾਂ ਕਰਵਾ ਸਕਦਾ ਹੈ ਤੇ ਇਹ ਰਸਾਲਾ ਫਿਰ ਉਸ ਦੇ ਘਰ ਵੀ ਪਹੁੰਚਦਾ ਕੀਤਾ ਜਾਂਦਾ ਹੈ। ਪਸ਼ੂਆਂ ਦੇ ਦੁੱਧ ਅਤੇ ਮੀਟ ਤੋਂ ਨਵੇਂ ਉਤਪਾਦ ਬਣਾ ਕੇ ਉਨ੍ਹਾਂ ਨੂੰ ਬਾਜ਼ਾਰ ਵਿਚ ਵੇਚਣ ਸਬੰਧੀ ਸਿਖਲਾਈ ਦੀ ਨੁਮਾਇਸ਼ ਵੀ ਲਗਾਈ ਜਾਂਦੀ ਹੈ। ਇਹ ਵਸਤਾਂ ਸੁਆਦ ਵੇਖਣ ਅਤੇ ਖਰੀਦਣ ਵਾਸਤੇ ਵੀ ਉਪਲਬਧ ਹੁੰਦੀਆਂ ਹਨ। ਪਸ਼ੂ ਪਾਲਕ ਕਿੱਤਿਆਂ ਸਬੰਧੀ ਸਿਖਲਾਈ ਲੈਣ ਲਈ ਮੇਲੇ ਵਿਚ ਆਪਣਾ ਨਾਂਅ ਵੀ ਦਰਜ ਕਰਵਾ ਸਕਦੇ ਹਨ। ਪੰਜਾਬ ਸਰਕਾਰ ਦੇ ਵੱਖ-ਵੱਖ ਵਿਭਾਗ ਜਿਵੇਂ ਡੇਅਰੀ ਵਿਕਾਸ ਵਿਭਾਗ, ਮੱਛੀ ਪਾਲਣ ਵਿਭਾਗ, ਮਿਲਕਫੈਡ, ਮਾਰਕਫੈਡ ਅਤੇ ਪਸ਼ੂ ਪਾਲਣ ਵਿਭਾਗਾਂ ਦੇ ਨੁਮਾਇੰਦੇ ਵੀ ਇਥੇ ਪਹੁੰਚਦੇ ਹਨ ਅਤੇ ਪਸ਼ੂ ਪਾਲਕਾਂ ਨੂੰ ਸਰਕਾਰੀ ਸਕੀਮਾਂ ਅਤੇ ਸਬਸਿਡੀਆਂ ਬਾਰੇ ਜਾਗਰੂਕ ਕਰਦੇ ਹਨ। ਯੂਨੀਵਰਸਿਟੀ ਦੇ ਮਾਹਿਰਾਂ ਵਲੋਂ ਪਸ਼ੂ ਪਾਲਕਾਂ ਦੀਆਂ ਮੁਸ਼ਕਿਲਾਂ ਅਤੇ ਜਗਿਆਸਾਵਾਂ ਸਬੰਧੀ ਇਕ ਸੁਆਲ-ਜੁਆਬ ਸੈਸ਼ਨ ਵੀ ਰੱਖਿਆ ਜਾਂਦਾ ਹੈ। ਜਿਸ ਵਿਚ ਪਸ਼ੂ ਪਾਲਕ ਆਪਣੀ ਕੋਈ ਵੀ ਸਮੱਸਿਆ ਦਾ ਹੱਲ ਪਤਾ ਕਰ ਸਕਦਾ ਹੈ।
ਇਸ ਮੇਲੇ ਵਿਚ ਗਾਵਾਂ, ਮੱਝਾਂ, ਬੱਕਰੀਆਂ, ਸੂਰ, ਮੁਰਗੀਆਂ, ਮੱਛੀਆਂ ਅਤੇ ਪਸ਼ੂਧਨ ਉਤਪਾਦ ਬਣਾਉਣ ਵਾਲੇ ਕਿੱਤਿਆਂ ਵਿਚ ਅਗਾਂਹਵਧੂ ਪਸ਼ੂ ਪਾਲਕਾਂ ਨੂੰ ਮੁੱਖ ਮੰਤਰੀ ਪੁਰਸਕਾਰਾਂ ਨਾਲ ਨਿਵਾਜ਼ਿਆ ਜਾਂਦਾ ਹੈ,. ਜਿਸ ਵਿਚ ਨਕਦ ਰਕਮ ਤੋਂ ਇਲਾਵਾ ਸਨਮਾਨ ਪੱਤਰ ਅਤੇ ਦੁਸ਼ਾਲਾ ਭੇਟ ਕੀਤਾ ਜਾਂਦਾ ਹੈ।
ਪਸ਼ੂ ਪਾਲਕਾਂ ਦੇ ਇਲਾਜ ਅਤੇ ਖੁਰਾਕ ਨਾਲ ਜੁੜੀਆਂ ਕੰਪਨੀਆਂ ਆਪਣੀਆਂ ਦਵਾਈਆਂ ਅਤੇ ਉਤਪਾਦਾਂ ਦੀ ਨੁਮਾਇਸ਼ ਕਰਦੀਆਂ ਹਨ ਜਿਨ੍ਹਾਂ ਵਿਚ ਪਸ਼ੂਆਂ ਦੇ ਫੀਡ ਨਿਰਮਾਤਾ, ਪਸ਼ੂ ਪਾਲਣ ਧੰਦਿਆਂ ਦੀ ਮਸ਼ੀਨਰੀ ਬਣਾਉਣ ਵਾਲੇ, ਪਸ਼ੂ ਚਾਰੇ ਦੇ ਬੀਜਾਂ ਵਾਲੇ, ਬੈਂਕ ਅਤੇ ਹੋਰ ਵਿਤੀ ਸੰਸਥਾਵਾਂ ਕਿਸਾਨਾਂ ਵਾਸਤੇ ਲਾਹੇਵੰਦ ਜਾਣਕਾਰੀਆਂ ਦਿੰਦੀਆਂ ਹਨ। ਇਹ ਦਵਾਈਆਂ ਅਤੇ ਉਤਪਾਦ ਇੱਥੇ ਪਸ਼ੂ ਪਾਲਕਾਂ ਨੂੰ ਬਾਜ਼ਾਰ ਤੋਂ ਘੱਟ ਕੀਮਤ 'ਤੇ ਅਤੇ ਇਕੋ ਥਾਂ ਤੋਂ ਪ੍ਰਾਪਤ ਹੋ ਜਾਂਦੇ ਹਨ।
ਪਸ਼ੂ ਪਾਲਣ ਮੇਲੇ ਦੀ ਇਕ ਵਿਸ਼ੇਸ਼ਤਾ ਇਹ ਵੀ ਹੈ ਕਿ ਇਹ ਹਰ ਉਮਰ ਵਰਗ ਦੇ ਮਰਦਾਂ, ਔਰਤਾਂ ਅਤੇ ਬੱਚਿਆਂ ਦੀ ਰੁਚੀ ਦਾ ਕੁਝ ਨਾ ਕੁਝ ਜ਼ਰੂਰ ਪ੍ਰਦਾਨ ਕਰਦਾ ਹੈ। ਬੱਚਿਆਂ ਲਈ ਜਿੱਥੇ ਇਕ ਖੁੱਲ੍ਹਾ ਖੁਲਾਸਾ ਪੇਂਡੂ ਦਿਖ ਵਾਲਾ ਮਹੌਲ ਉਨ੍ਹਾਂ ਨੂੰ ਨਵਾਂ ਸੁਆਦ ਦਿੰਦਾ ਹੈ, ਉੱਥੇ ਸਿਹਤਮੰਦ ਤੇ ਸੁੰਦਰ ਜਾਨਵਰ ਵੀ ਉਨ੍ਹਾਂ ਨੂੰ ਆਕਰਸ਼ਿਤ ਕਰਦੇ ਹਨ। ਘਰੇਲੂ ਸੁਆਣੀਆਂ ਕਈ ਤਰ੍ਹਾਂ ਦੇ ਪਕਵਾਨ ਅਤੇ ਪੀਣ ਵਾਲੇ ਪਦਾਰਥ ਬਣਾਉਣ ਦੀਆਂ ਤਕਨੀਕਾਂ ਸਬੰਧੀ ਗਿਆਨ ਹਾਸਿਲ ਕਰ ਸਕਦੀਆਂ ਹਨ। ਪਸ਼ੂ ਪਾਲਣ ਮੇਲੇ ਦਾ ਮੁੱਖ ਉਦੇਸ਼ ਇਹ ਹੈ ਕਿ ਪਸ਼ੂ ਪਾਲਣ ਕਿੱਤਿਆਂ ਨੂੰ ਵਿਗਿਆਨਕ ਨੁਕਤਿਆਂ ਰਾਹੀਂ ਨਵੀਆਂ ਲੀਹਾਂ 'ਤੇ ਸੀਮਿਤ ਖਰਚ ਨਾਲ ਅਤੇ ਸੁਚੱਜੇ ਤਰੀਕੇ ਨਾਲ ਕੀਤਾ ਜਾਏ। ਲੋਕਾਂ ਨੂੰ ਨਕਲੀ ਵਸਤਾਂ ਦੇ ਪ੍ਰਯੋਗ ਤੋਂ ਸਾਵਧਾਨ ਕੀਤਾ ਜਾਏ ਅਤੇ ਪਸ਼ੂਆਂ ਅਤੇ ਜਾਨਵਰਾਂ ਨੂੰ ਸੰਤੁਲਿਤ, ਪੌਸ਼ਟਿਕ ਅਤੇ ਸ਼ੁੱਧ ਖੁਰਾਕ ਪ੍ਰਾਪਤ ਹੋਏ।


-ਮੋਬਾਈਲ : 98159-09003

ਖਰਬੂਜ਼ੇ, ਹਲਵਾ ਕੱਦੂ ਦੀਆਂ ਦੋਗਲੀਆਂ ਕਿਸਮਾਂ ਅਤੇ ਬੀਜ ਉਤਪਾਦਨ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਐਮ. ਐਮ. ਸਲੈਕਸ਼ਨ-103 : ਇਸ ਕਿਸਮ ਦੇ ਫਲ ਗੋਲ, ਗੂੜ੍ਹੀ ਹਰੀ ਧਾਰੀ ਅਤੇ ਜਾਲੀਦਾਰ ਹੁੰਦੇ ਹਨ। ਇਸ ਦਾ ਗੁੱਦਾ ਸੁਨਹਿਰੀ, ਰਸਦਾਰ ਅਤੇ ਮਹਿਕ ਭਰਿਆ ਹੁੰਦਾ ਹੈ, ਜਿਸ ਦੇ ਰਸ ਵਿਚ ਮਿਠਾਸ ਦੀ ਮਾਤਰਾ 12-13 ਫ਼ੀਸਦੀ ਹੁੰਦੀ ਹੈ। ਇਕ ਫਲ ਦਾ ਔਸਤ ਭਾਰ 1,000 ਗ੍ਰਾਮ ਹੁੰਦਾ ਹੈ। ਇਹ ਕਿਸਮ ਉਖੇੜਾ ਰੋਗ ਦਾ ਟਾਕਰਾ ਕਰਨ ਦੀ ਸਮਰੱਥਾ ਰੱਖਦੀ ਹੈ।
ਐਮ. ਐਮ.-1 : ਇਸ ਦੀਆਂ ਵੇਲਾਂ ਕਾਫੀ ਵਧੀਆਂ ਅਤੇ ਗੂੜ੍ਹੇ ਹਰੇ ਰੰਗ ਦੀਆਂ ਹੁੰਦੀਆਂ ਹਨ। ਇਸ ਕਿਸਮ ਦੇ ਫਲ ਗੋਲ, ਗੂੜ੍ਹੀ ਹਰੀ ਧਾਰੀ ਅਤੇ ਜਾਲੀਦਾਰ ਹੁੰਦੇ ਹਨ। ਇਸ ਦਾ ਗੁੱਦਾ ਸੁਨਹਿਰੀ, ਰਸਦਾਰ ਅਤੇ ਮਹਿਕ ਭਰਿਆ ਹੁੰਦਾ ਹੈ, ਜਿਸ ਦੇ ਰਸ ਵਿਚ ਮਿਠਾਸ ਦੀ ਮਾਤਰਾ 12.0 ਫ਼ੀਸਦੀ ਹੁੰਦੀ ਹੈ। ਇਕ ਫਲ ਦਾ ਔਸਤ ਭਾਰ 850 ਗਰਾਮ ਹੁੰਦਾ ਹੈ। ਇਹ ਕਿਸਮ ਉਖੇੜਾ ਰੋਗ ਦਾ ਟਾਕਰਾ ਕਰਨ ਦੀ ਸਮਰੱਥਾ ਰੱਖਦੀ ਹੈ।
ਹਲਵੇ ਕੱਦੂ ਦਾ ਦੋਗਲਾ ਬੀਜ ਉਤਪਾਦਨ : ਹਲਵੇ ਕੱਦੂ ਨੂੰ ਨਰ ਅਤੇ ਮਾਦਾ ਵੱਖ-ਵੱਖ ਫੁੱਲ ਲਗਦੇ ਹਨ, ਇਸ ਲਈ ਦੋਗਲੇ ਬੀਜ ਉਤਪਾਦਨ ਲਈ ਫੁੱਲਾਂ ਦੇ ਖਸੀਕਰਨ ਦੀ ਜ਼ਰੂਰਤ ਨਹੀਂ ਪੈਂਦੀ। ਮਾਦਾ ਫੁੱਲਾਂ ਦੀ ਪਹਿਚਾਣ ਅਸਾਨੀ ਨਾਲ ਹੋ ਜਾਂਦੀ ਹੈ, ਜਿਨ੍ਹਾਂ ਵਿਚ ਪਰਾਗਣ ਵਾਲਾ ਹਿੱਸਾ ਨਹੀਂ ਹੁੰਦਾ ਅਤੇ ਫੁੱਲ ਵੱਡੇ ਹੁੰਦੇ ਹਨ, ਜਦ ਕਿ ਨਰ ਫੁੱਲਾਂ ਵਿਚ ਸਿਰਫ਼ ਪਰਾਗ ਹੁੰਦਾ ਹੈ। ਇਸ ਦੇ ਦੋਗਲੇ ਬੀਜ ਉਤਪਾਦਨ ਲਈ ਮਾਦਾ ਕਿਸਮ ਦੀ ਮਾਦਾ ਡੋਡੀ ਕੱਢ ਕੇ ਦੂਜੇ ਦਿਨ ਨਰ ਕਿਸਮ ਦੇ ਪਰਾਂਗਣ ਵਾਲੇ ਫੁੱਲਾਂ ਨਾਲ ਪਰਪਰਾਂਗਣ ਕੀਤਾ ਜਾਂਦਾ ਹੈ।
ਮਾਦਾ ਅਤੇ ਨਰ ਕਿਸਮਾਂ ਦੀ ਜਾਣ-ਪਹਿਚਾਣ : ਪੀ.-111 : ਇਹ ਪੀ. ਪੀ. ਐਚ.-2 ਦੀ ਮਾਦਾ ਕਿਸਮ ਹੈ। ਇਸ ਦੀਆਂ ਵੇਲਾਂ ਮਧ ਲੰਬੀਆਂ, ਤਣਾ ਤਿਕੋਣਾ, ਗੰਢਾਂ ਵਿਚਲਾ ਫਾਸਲਾ ਦਰਮਿਆਨਾ ਅਤੇ ਪਤਰਾਲ ਹਰਾ ਤੇ ਦਰਮਿਆਨਾ ਹੁੰਦਾ ਹੈ। ਇਸ ਦੇ ਫਲ ਦਰਮਿਆਨੇ ਬੈਠਵੇਂ-ਗੋਲ ਤੇ ਗੂੜ੍ਹੇ-ਹਰੇ ਹੁੰਦੇ ਹਨ, ਜੋ ਪਕਣ 'ਤੇ ਭੂਰੇ ਹੋ ਜਾਂਦੇ ਹਨ। ਇਸ ਦਾ ਗੁੱਦਾ ਸੁਨਹਿਰੀ ਹੁੰਦਾ ਹੈ।
ਪੀ-112 : ਇਹ ਪੀ.ਪੀ.ਐਚ.-1 ਦੀ ਮਾਦਾ ਕਿਸਮ ਹੈ। ਇਸ ਦੀਆਂ ਵੇਲਾਂ ਮੱਧ ਲੰਬੀਆਂ, ਤਣਾ ਤਿਕੋਣਾ, ਗੰਢਾਂ ਵਿਚਲਾ ਫਾਸਲਾ ਦਰਮਿਆਨਾ ਅਤੇ ਪਤਰਾਲ ਹਰਾ ਤੇ ਦਰਮਿਆਨਾ ਹੁੰਦਾ ਹੈ। ਇਸ ਦੇ ਫਲ ਦਰਮਿਆਨੇ ਬੈਠਵੇਂ-ਗੋਲ ਤੇ ਫਿੱਕੇ-ਹਰੇ ਹੁੰਦੇ ਹਨ, ਜੋ ਪੱਕਣ 'ਤੇ ਭੂਰੇ ਹੋ ਜਾਂਦੇ ਹਨ। ਇਸ ਦਾ ਗੁੱਦਾ ਸੁਨਹਿਰੀ ਹੁੰਦਾ ਹੈ।
ਪੀ. ਬੀ. ਐਨ.-364 : ਇਹ ਪੀ. ਪੀ. ਐਚ.-1 ਅਤੇ ਪੀ.ਪੀ. ਐਚ.-2 ਦੀ ਨਰ ਕਿਸਮ ਹੈ। ਇਸ ਦੀਆਂ ਵੇਲਾਂ ਛੋਟੀਆਂ, ਤਣਾ ਤਿਕੋਣਾ, ਗੰਢਾਂ ਵਿਚਲਾ ਫਾਸਲਾ ਘੱਟ ਅਤੇ ਪਤਰਾਲ ਹਰਾ ਤੇ ਛੋਟਾ ਹੁੰਦਾ ਹੈ। ਇਸ ਦੇ ਫਲ ਛੋਟੇ ਬਟਰਨਟ, ਫਿੱਕੇ-ਹਰੇ ਹੁੰਦੇ ਹਨ, ਜੋ ਪੱਕਣ 'ਤੇ ਭੂਰੇ ਹੋ ਜਾਂਦੇ ਹਨ। ਇਸ ਦਾ ਗੁੱਦਾ ਮੋਟਾ ਅਤੇ ਸੁਨਿਹਰੀ ਹੁੰਦਾ ਹੈ। ਇਹ ਇਕ ਅਗੇਤੀ ਕਿਸਮ ਹੈ।
ਫਾਸਲਾ ਅਤੇ ਨਰ-ਮਾਦਾ ਕਿਸਮਾਂ ਦਾ ਅਨੁਪਾਤ : ਮਾਦਾ ਅਤੇ ਨਰ ਕਿਸਮਾਂ ਨੂੰ 3:1 ਅਨੁਪਾਤ ਵਿਚ ਖੇਤ ਵਿਚ ਲਗਾਇਆ ਜਾਂਦਾ ਹੈ। ਮਾਦਾ ਕਿਸਮ ਦੀਆਂ ਵੇਲਾਂ ਲੰਬੀਆਂ ਹੋਣ ਕਾਰਨ 3 ਮੀਟਰ ਚੌੜੀਆਂ ਪਟਰੀਆਂ ਦੇ ਦੋਵੇਂ ਪਾਸੇ 60 ਸੈਂ. ਮੀ. ਫਾਸਲੇ 'ਤੇ ਅਤੇ ਨਰ ਕਿਸਮ ਦੀਆਂ ਵੇਲਾਂ ਛੋਟੀਆਂ ਹੋਣ ਕਾਰਨ 1.5 ਮੀਟਰ ਚੌੜੀਆਂ ਪਟਰੀਆਂ ਦੇ ਦੋਵੇਂ ਪਾਸੇ 45 ਸੈਂ.ਮੀ. ਫਾਸਲੇ 'ਤੇ ਲਗਦੀਆਂ ਹਨ। ਸਿੱਧੀ ਬਿਜਾਈ ਵੀ ਇਸੇ ਫਾਸਲੇ 'ਤੇ ਕੀਤੀ ਜਾਂਦੀ ਹੈ। ਹਲਵੇ ਕੱਦੂ ਦੇ ਦੋਗਲੇ ਬੀਜ ਉਤਪਾਦਨ ਲਈ ਦੂਜੇ ਖੇਤਾਂ ਤੋਂ ਜ਼ਿਆਦਾ ਦੂਰੀ ਰੱਖਣ ਦੀ ਲੋੜ ਨਹੀਂ। ਜਦੋਂ ਵੇਲਾਂ ਥੋੜ੍ਹੀਆਂ ਵੱਧ ਜਾਣ ਤਾਂ ਉੱਪਰੇ ਬੂਟੇ ਪੁੱਟ ਦਿਉ ਅਤੇ ਪਰਪਰਾਂਗਣ ਦਾ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਫਲ ਤੋੜ ਦਿਉ।
ਫੁੱਲ-ਡੋਡੀ ਢਕਣਾ ਅਤੇ ਪਰਪਰਾਂਗਣ ਕਰਨਾ : ਹਲਵਾ ਕੱਦੂ ਦਾ ਪਰਪਰਾਂਗਣ ਦਾ ਕੰਮ ਨਰ ਅਤੇ ਮਾਦਾ ਦੇ ਫੁੱਲ ਆਉਣ 'ਤੇ ਸ਼ੁਰੂ ਕਰੋ। ਮਾਦਾ ਕਿਸਮ ਦੀਆਂ ਮਾਦਾ ਡੋਡੀਆਂ ਅਤੇ ਨਰ ਕਿਸਮ ਦੀਆਂ ਨਰ ਡੋਡੀਆਂ ਨੂੰ ਖੁੱਲ੍ਹਣ ਤੋਂ ਇਕ ਦਿਨ ਪਹਿਲਾਂ ਮੱਖੀਆਂ ਤੋਂ ਬਚਾਉਣ ਲਈ ਲਿਫ਼ਾਫ਼ੇ ਨਾਲ ਢਕ ਦਿਉ। ਅਗਲੀ ਸਵੇਰ ਨਰ ਕਿਸਮ ਦੇ ਢਕੇ ਅਤੇ ਖੁੱਲ੍ਹੇ ਫੁੱਲ ਤੋੜ ਕੇ ਮਾਦਾ ਕਿਸਮ ਦੇ ਫੁੱਲਾਂ ਦਾ ਪਰਪਰਾਂਗਣ ਕਰੋ ਅਤੇ ਡੋਡੀਆਂ ਨੂੰ ਲਿਫ਼ਾਫ਼ੇ ਨਾਲ ਫਿਰ ਢਕ ਕੇ ਲੇਬਲ ਲਗਾ ਦਿਉ। ਸਮੇਂ-ਸਮੇਂ 'ਤੇ ਅਲੱਗ ਦਿਖ ਅਤੇ ਬਿਮਾਰੀ ਵਾਲੇ ਬੂਟੇ ਪੁੱਟ ਕੇ ਨਸ਼ਟ ਕਰਦੇ ਰਹੋ। ਹਲਵਾ ਕੱਦੂ ਦੇ ਫੁੱਲ ਵੱਡੇ ਅਤੇ ਫਲ ਵਿਚ ਜ਼ਿਆਦਾ ਬੀਜ ਹੋਣ ਕਰਕੇ ਪਰਪਰਾਂਗਣ ਕਰਨਾ ਸੌਖਾ ਹੁੰਦਾ ਹੈ। ਇਕ ਵੇਲ ਨੂੰ 2-3 ਫਲ ਲਗਦੇ ਹਨ। ਔਸਤਨ ਇਕ ਆਦਮੀ ਇਕ ਘੰਟੇ ਵਿਚ ਲਗਪਗ 55 ਫੁੱਲ ਪਰਪਰਾਂਗਣ ਕਰ ਲੈਂਦਾ ਹੈ। ਜੇਕਰ ਇਕ ਫਲ ਵਿਚੋਂ 30 ਗ੍ਰਾਮ ਬੀਜ ਨਿਕਲਦਾ ਹੈ ਤਾਂ ਇਕ ਘੰਟੇ ਦੇ ਪਰਪਰਾਂਗਣ ਨਾਲ 1.65 ਕਿਲੋ ਬੀਜ ਤਿਆਰ ਹੋ ਜਾਂਦਾ ਹੈ। ਇਸ ਤਰ੍ਹਾਂ ਇਕ ਮਹੀਨੇ ਵਿਚ 49.5 ਕਿਲੋ ਬੀਜ ਤਿਆਰ ਹੋ ਜਾਂਦਾ ਹੈ।
ਤੁੜਾਈ ਅਤੇ ਬੀਜ ਕੱਢਣਾ : ਖਰਬੂਜ਼ੇ ਵਿਚ ਮਾਦਾ ਕਿਸਮਾਂ ਦੇ ਪਰਾਗ ਰਹਿਤ ਵੇਲਾਂ ਤੋਂ ਹੀ ਦੋਗਲਾ ਬੀਜ ਪ੍ਰਾਪਤ ਕਰੋ। ਇਸ ਦੇ ਲਈ ਪੂਰੇ ਪੱਕੇ ਫਲਾਂ ਦੀ ਤੁੜਾਈ ਕਰਨੀ ਚਾਹੀਦੀ ਹੈ, ਜਿਸ ਦੀ ਪਹਿਚਾਣ ਡੰਡੀ ਕੋਲ ਹਲਕੀ ਜਿਹੀ ਬਿਆਈ ਤੋਂ ਕੀਤੀ ਜਾ ਸਕਦੀ ਹੈ। ਤੁੜਾਈ ਉਪਰੰਤ ਫਲਾਂ ਨੂੰ ਕਟ ਕੇ ਬੀਜ ਕੱਢੋ ਅਤੇ ਜਾਲਾ ਗਲਣ ਲਈ ਰੱਖ ਦਿਉ। ਮਿੱਟੀ ਦੇ ਬਰਤਨ ਜਾਂ ਪਲਾਸਟਿਕ ਦੇ ਲਿਫ਼ਾਫ਼ੇ ਵਿਚ ਜਾਲਾ ਗਲਣ ਦਿਉ। ਗਲੇ ਹੋਏ ਜਾਲੇ ਵਿਚੋਂ ਧੋ ਕੇ ਬੀਜ ਸਾਫ ਕਰ ਲਉ ਅਤੇ 6-7 ਫ਼ੀਸਦੀ ਨਮੀ ਤਕ ਸੁਕਾ ਲਉ। ਜਦ ਕਿ ਹਲਵੇ ਕੱਦੂ ਦੇ ਮਾਦਾ ਬੂਟੇ ਤੋਂ ਪਰਪਰਾਂਗਣ ਨਾਲ ਤਿਆਰ ਕੀਤੇ ਪੂਰੇ ਪੱਕੇ ਅਤੇ ਭੂਰੇ ਫਲ ਤੋੜੋ। ਬੀਜ ਨੂੰ ਕੱਢ ਕੇ ਸਾਦੇ ਪਾਣੀ ਨਾਲ ਧੋ ਲਉ ਅਤੇ ਛਾਂ ਵਿਚ ਸੁਕਾ ਕੇ (8 ਫ਼ੀਸਦੀ ਨਮੀ) ਸੁੱਕੀ ਜਗ੍ਹਾ 'ਤੇ ਰੱਖ ਲਉ। (ਸਮਾਪਤ)


-ਸਬਜ਼ੀ ਵਿਭਾਗ

ਖਾ ਕੇ ਛੱਲੀਆਂ, ਉੱਡ ਗਏ ਕਾਂ

ਕਾਂ ਇਕ ਸ਼ੈਤਾਨ ਪੰਛੀ ਹੈ। ਇਸ ਨੂੰ ਪਤਾ ਹੁੰਦਾ ਕਿ ਕਿੱਥੇ ਭੋਜਨ ਪਿਆ ਹੈ ਅਤੇ ਉਹ ਪ੍ਰਾਪਤ ਕਿਵੇਂ ਕਰਨਾ ਹੈ। ਜਦੋਂ ਵੀ ਫ਼ਸਲਾਂ ਖਾਣ ਯੋਗ ਹੋ ਜਾਂਦੀਆਂ ਹਨ ਤਾਂ ਇਸ ਦੀ ਤੇਜ਼ ਅੱਖ ਤੇ ਤਰਾਰ ਦਿਮਾਗ ਵਾਧੂ ਕੰਮ ਕਰਨ ਲੱਗ ਪੈਂਦੇ ਹਨ। ਇਹ ਕਾਰਨ ਹੈ ਕਿ ਇਹ ਕਦੇ ਭੁੱਖਾ ਨਹੀਂ ਮਰਦਾ। ਆਪ ਇਹ ਉਨ੍ਹਾਂ ਰੁੱਖਾਂ 'ਤੇ ਆਲ੍ਹਣਾ ਪਾਉਂਦਾ ਹੈ, ਜਿੱਥੋਂ, ਕਿਸੇ ਨੂੰ, ਕਦੇ ਵੀ, ਕੁਝ ਵੀ ਪ੍ਰਾਪਤ ਨਹੀਂ ਹੋ ਸਕਦਾ। ਇਸ ਦੇ ਕੋੜਮੇ ਵਿਚ ਹੋਰ ਪਰਜੀਵ ਵੀ ਆਉਂਦੇ ਹਨ। ਧਿਆਨ ਨਾਲ ਵੇਖੋ, ਸਾਡੇ ਧਨ ਉੱਤੇ, ਕਿੰਨੇ ਹੋਰ ਲੋਕਾਂ ਦੀ ਅੱਖ ਹੁੰਦੀ ਹੈ। ਸਾਨੂੰ ਤਾਂ ਪਤਾ ਵੀ ਨਹੀਂ ਲੱਗਦਾ ਕਿ ਕਦੋਂ ਕੋਈ ਠੂੰਗਾ ਮਾਰ ਗਿਆ। ਛੋਟੀ ਉਮਰੇ ਤਾਂ ਬੱਚੇ ਦੇ ਹੱਥ 'ਚੋਂ ਕੁੱਤਾ ਵੀ ਰੋਟੀ ਖੋਹ ਕੇ ਭੱਜ ਜਾਂਦਾ ਹੈ। ਬਾਕੀ ਉਮਰੇ ਵੀ, ਕਈ ਤਰ੍ਹਾਂ ਦੇ ਲਾਲਚ ਦੇ ਕੇ, ਕਦੇ ਨੌਕਰੀ ਦੇ ਸੁਪਨੇ, ਕਦੇ ਰਾਤੋ ਰਾਤ ਅਮੀਰ ਬਣਾਉਣ ਦਾ ਲਾਲਚ, ਕਦੇ ਵਿਦੇਸ਼ੀ ਝਾਂਸੇ, ਕਦੇ ਬਿਜਲੀ ਮੁਆਫ਼, ਕਦੇ ਕਰਜ਼ੇ ਮੁਆਫ਼, ਕਦੇ ਅੱਛੇ ਦਿਨਾਂ ਦੇ ਵਾਅਦੇ, ਕਦੇ ਆਹ, ਕਦੇ ਓਹ, ਗੱਲ ਕੀ ਸਭ ਸਾਡੀਆਂ ਛੱਲੀਆਂ ਚੁੱਗਣ ਦੇ ਫਾਰਮੂਲੇ ਹਨ। ਕਮਾਈਏ ਅਸੀਂ ਤੇ ਖਾਣ ਉਹ। ਵਾਹ ਤੇਰੀ ਕੁਦਰਤ।


-ਮੋਬਾ: 98159-45018

ਖੇਤੀ ਦੌਰਾਨ ਰਸਾਇਣਾਂ ਤੋਂ ਵਾਪਰਨ ਵਾਲੇ ਹਾਦਸੇ ਤੇ ਉਨ੍ਹਾਂ ਤੋਂ ਬਚਾਅ

ਅੱਜ ਦੀ ਖੇਤੀ ਵਿਚ ਕੀਟਨਾਸ਼ਕ ਅਤੇ ਵੱਖ-ਵੱਖ ਰਸਾਇਣਾਂ ਦੀ ਬਹੁਤ ਵਰਤੋਂ ਹੋਣ ਲੱਗ ਗਈ ਹੈ। ਖਾਸ ਕਰਕੇ ਉੱਤਰੀ ਭਾਰਤ ਜਿਵੇਂ ਕਿ ਪੰਜਾਬ, ਹਰਿਆਣਾ ਅਤੇ ਹੋਰ ਰਾਜਾਂ ਵਿਚ ਰਸਾਇਣਕ ਕੰਪਨੀਆਂ ਦੀਆਂ ਵੱਖ-ਵੱਖ ਤਰ੍ਹਾਂ ਦੀਆਂ ਰਸਾਇਣਕ ਦਵਾਈਆਂ ਆਉਂਦੀਆਂ ਹਨ। ਇਹ ਦਵਾਈਆਂ ਜ਼ਹਿਰੀਲੀਆਂ ਹੋਣ ਦੇ ਨਾਲ-ਨਾਲ ਮਨੁੱਖ, ਵਾਤਾਵਰਨ ਅਤੇ ਮਿੱਤਰ ਕੀੜਿਆਂ ਲਈ ਬਹੁਤ ਘਾਤਕ ਹੁੰਦੀਆਂ ਹਨ। ਸੋ, ਇਨ੍ਹਾਂ ਨੂੰ ਵਰਤਣ ਲਈ ਖਾਸ ਗੱਲਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਜੋ ਕਿ ਹੇਠ ਲਿਖੇ ਅਨੁਸਾਰ ਹੈ:
* ਦਵਾਈ ਦੀ ਸ਼ੀਸ਼ੀ ਜਾਂ ਡੱਬੇ ਉਤੇ ਲੱਗੇ ਲੇਬਲਾਂ ਨੂੰ ਧਿਆਨ ਨਾਲ ਪੜ੍ਹੋ ਅਤੇ ਹਦਾਇਤਾਂ ਅਨੁਸਾਰ ਅਮਲ ਕਰੋ।
* ਦਵਾਈਆਂ ਨੂੰ ਲੇਬਲ ਲੱਗੇ ਡੱਬੇ ਜਾਂ ਸ਼ੀਸ਼ੀ ਵਿਚ ਹੀ ਰੱਖੋ।
* ਦਵਾਈਆਂ ਨੂੰ ਸੁਰੱਖਿਅਤ ਥਾਂ 'ਤੇ ਜਿੰਦਰਾ ਲਾ ਕੇ ਬੱਚਿਆਂ ਦੀ ਪਹੁੰਚ ਤੋਂ ਦੂਰ ਰੱਖੋ।
* ਦਵਾਈਆਂ ਦਾ ਘੋਲ ਬਣਾਉਣ ਜਾਂ ਘੋਲਣ ਲਈ ਲੰਮੇ ਦਸਤੇ ਵਾਲੀ ਚੀਜ਼ ਵਰਤੋ।
* ਦਵਾਈ ਛਿੜਕਣ ਵੇਲੇ ਹੋਰ ਕੱਪੜੇ ਪਾ ਲਓ ਅਤੇ ਮੂੰਹ ਨੂੰ ਢੱਕ ਕੇ ਰੱਖੋ।
* ਕਿਸੇ ਵੀ ਸਪਰੇਅ ਪੰਪ ਦੀ ਨੋਜਲ ਨੂੰ ਫੂਕ ਮਾਰਨ ਜਾਂ ਸਾਹ ਖਿੱਚਣ ਲਈ ਮੂੰਹ ਨਾ ਲਾਓ।
* ਜ਼ਹਿਰੀਲੀਆਂ ਦਵਾਈਆਂ ਦੇ ਖਾਲੀ ਡੱਬੇ ਕਿਸੇ ਹੋਰ ਵਰਤੋਂ ਵਿਚ ਨਾ ਲਿਆਓ। ਇਨ੍ਹਾਂ ਨੂੰ ਮਿੱਟੀ ਵਿਚ ਦਬਾ ਦਿਓ।
* ਛਿੜਕਾਅ ਹਵਾ ਦੇ ਰੁਖ਼ ਨੂੰ ਧਿਆਨ ਵਿਚ ਰੱਖ ਕੇ ਕਰੋ ਤਾਂ ਜੋ ਜ਼ਹਿਰ ਛਿੜਕਾਅ ਕਰਨ ਵਾਲੇ ਵਿਅਕਤੀ ਉੱਪਰ ਨਾ ਪਵੇ।
* ਨਦੀਨਨਾਸ਼ਕ ਦਵਾਈਆਂ ਵਾਲੇ ਗੱਤੇ ਦੇ ਡੱਬੇ ਸਾੜਨ ਦੀ ਬਜਾਏ ਜ਼ਮੀਨ ਵਿਚ ਦਬਾ ਦਿਓ।
* ਦਵਾਈਆਂ ਦੇ ਬੋਰੇ ਪਾੜ ਕੇ ਨਾ ਖੋਲ੍ਹੋ ਸਗੋਂ ਖੋਲ੍ਹਣ ਲਈ ਚਾਕੂ ਦੀ ਵਰਤੋਂ ਕਰੋ।


-ਪਿੰਡ ਤੇ ਡਾਕ: ਇੰਦਰਗੜ੍ਹ (ਮੋਗਾ)।
ਮੋਬਾਈਲ: 78372-88186

ਖ਼ੁਦਕੁਸ਼ੀ ਨਾ ਕਰ ਕਿਸਾਨਾਂ

ਖ਼ੁਦਕੁਸ਼ੀ ਨਾ ਕਰ ਕਿਸਾਨਾਂ, ਭੁੱਲ ਕੇ ਖ਼ੁਦਕੁਸ਼ੀ ਨਾ ਕਰ
ਕੀ ਹੋਇਆ ਹਾਲਾਤ ਨੇ ਮਾੜੇ, ਤੂੰ ਨਾਲ ਹਲਾਤਾਂ ਲੜ
ਗੁਰੂੁ ਸਾਹਿਬ ਸਮਰੱਥ ਸਨ ਸਾਡੇ, ਫਿਰ ਵੀ ਲੜੇ ਹਲਾਤਾਂ ਨਾਲ
ਸੱਤ ਅਤੇ ਨੌ ਸਾਲ ਦੇ ਸਨ, ਗੁਰੁ ਗੋਬਿੰਦ ਸਿੰਘ ਦੇ ਲਾਲ
ਖ਼ੁਦਕੁਸ਼ੀ ਕਰਨ ਤੋਂ ਪਹਿਲਾਂ, ਤੂੰ ਧਿਆਨ ਉਨ੍ਹਾਂ ਦਾ ਧਰ
ਖ਼ੁਦਕੁਸ਼ੀ ਨਾ ਕਰ ਕਿਸਾਨਾਂ, ਭੁੱਲ ਕੇ ਖ਼ੁਦਕੁਸ਼ੀ ਨਾ ਕਰ
ਨਿਰਾਸ਼ ਹੋ ਕੇ ਨਾ ਹੋਸ਼ ਗੁਆ, ਸੰਭਲ ਜ਼ਰਾ, ਕਰ ਤੂੰ ਹੋਸ਼
ਮੌਤ ਨੂੰ ਗਲ ਲਾਉੁਣ ਤੋਂ ਪਹਿਲਾਂ, ਆਪਣੇ ਬੱਚਿਆਂ ਬਾਰੇ ਸੋਚ
ਸਿਰ ਤੋਂ ਉੱਠ ਗਿਆ ਸਹਾਰਾ, ਉੱਜੜ ਜਾਊਗਾ ਤੇਰਾ ਘਰ
ਖ਼ੁਦਕੁਸ਼ੀ ਨਾ ਕਰ ਕਿਸਾਨਾਂ, ਭੁੱਲ ਕੇ ਖ਼ੁਦਕੁਸ਼ੀ ਨਾ ਕਰ
ਤਕੜੇ ਦੀ ਤੂੰ ਰੀਸ ਨਾ ਕਰ, ਚਾਦਰ ਦੇਖ ਕੇ ਪੈਰ ਪਸਾਰ
ਫਸਲ ਤੋਂ ਜਿੰਨੀ ਆਮਦਨੀ ਹੈ, ਅਜੇ ਤੂੰ ਉਸੇ ਨਾਲ ਹੀ ਸਾਰ
ਬਿਨ੍ਹਾਂ ਲੋੜ ਤੋਂ ਕਰਜਾ ਚੁੱਕ ਕੇ, ਐਵੇਂ ਤੂੰ ਵਿਆਜ ਨਾ ਭਰ
ਖ਼ੁਦਕੁਸ਼ੀ ਨਾ ਕਰ ਕਿਸਾਨਾਂ, ਭੁੱਲ ਕੇ ਖ਼ੁਦਕੁਸ਼ੀ ਨਾ ਕਰ
ਮੰਨਿਆਂ ਸਮੱਸਿਆ ਵੱਡੀ ਹੈ, ਪਰ ਖ਼ੁਦਕੁਸ਼ੀ ਨਹੀਂ ਇਹਦਾ ਹੱਲ
ਖੇਤੀ ਮਾਹਰਾਂ ਤੋਂ ਲੈ ਸਲਾਹ, ਯੂਨੀਵਰਸਿਟੀ ਲੁਧਿਆਣੇ ਚੱਲ
'ਭਲੂਰੀਆ' ਹੱਲ ਜ਼ਰੂਰ ਲੱਭੇਗਾ, ਨਾਲ ਤੂੰ ਖੇਤੀ ਸਾਹਿਤ ਵੀ ਪੜ੍ਹ
ਖ਼ੁਦਕੁਸ਼ੀ ਨਾ ਕਰ ਕਿਸਾਨਾਂ, ਭੁੱਲ ਕੇ ਖ਼ੁਦਕੁਸ਼ੀ ਨਾ ਕਰ।


-ਜਸਵੀਰ ਸਿੰਘ ਭਲੂਰੀਆ
ਪਿੰਡ ਤੇ ਡਾਕ:- ਭਲੂਰ (ਮੋਗਾ) ਮੋਬਾਈਲ : 99159-95505

ਸੁੱਬੜ ਵੱਟਣ ਦੀ ਰੀਤ ਹੋਈ ਬੀਤੇ ਦੀ ਬਾਤ

ਸਮਾਂ ਆਪਣੀ ਚਾਲੇ ਚਲਦਾ ਰਹਿੰਦਾ ਹੈ, ਇਹ ਪ੍ਰਵਿਰਤੀ ਦਾ ਨੇਮ ਹੈ, ਜੋ ਜੁਗਾਂ ਜੁਗਾਂਤਰਾਂ ਤੋਂ ਏਸੇ ਤਰ੍ਹਾਂ ਹੀ ਚਲਦਾ ਆਇਆ ਹੈ ਅਤੇ ਚਲਦਾ ਰਹਿਣਾ ਹੈ। ਸਾਡੇ ਸਮਾਜ ਦੇ ਵਿਚ ਪਰਿਵਰਤਨ ਹੋਣਾ ਵੀ ਏਸੇ ਅਧੀਨ ਹੀ ਆਉਂਦਾ ਹੈ। ਜੋ ਕੱਲ੍ਹ ਸੀ ਉਹ ਅੱਜ ਨਹੀਂ ਤੇ ਜੋ ਅੱਜ ਹੈ ਉਹ ਆਉਣ ਵਾਲੇ ਕੱਲ੍ਹ ਨੂੰ ਨਹੀਂ ਹੋਵੇਗਾ।
ਅੱਜ ਬੇਸ਼ੱਕ ਹਰ ਖੇਤਰ ਵਿਚ ਤਰੱਕੀ ਦੀਆਂ ਬਹੁਤ ਵੱਡੀਆਂ-ਵੱਡੀਆਂ ਪੁਲਾਂਘਾ ਪੁੱਟ ਲਈਆਂ ਹਨ ਪਰ ਜੋ ਸਾਡੇ ਪੁਰਾਣੇ ਬਜ਼ੁਰਗ, ਸਾਡੇ ਪੁਰਖੇ ਸਾਨੂੰ ਦੱਸਦੇ ਹਨ ਆਪਣੀ ਉਮਰ ਦੇ ਵਿਚ ਕੀਤੇ ਕੰਮਾਂ ਦੀ ਬਾਬਤ ਤੇ ਹੱਥੀਂ ਕੀਤੇ ਕੰਮਾਂ ਦਾ ਵੇਰਵਾ, ਉਹ ਸੁਣ ਕੇ ਅੱਜ ਦੇ ਨੌਜਵਾਨ ਬਹੁਤ ਹੀ ਹੈਰਾਨ ਹੀ ਨਹੀਂ ਹੁੰਦੇ ਸਗੋਂ ਉਨ੍ਹਾਂ ਦੀਆਂ ਕਈ ਗੱਲਾਂ 'ਤੇ ਤਾਂ ਇਤਬਾਰ ਹੀ ਨਹੀਂ ਕਰਦੇ ਕਿ ਇਹ ਕਿਵੇਂ ਹੋ ਸਕਦਾ ਹੈ।
ਸਾਰਾ ਕੰਮ ਆਪਣੇ ਹੱਥੀਂ ਕਰਦੇ ਸਨ ਸਾਡੇ ਵੱਡ-ਵਡੇਰੇ, ਜੋ ਅੱਜ ਦੀ ਨੌਜਵਾਨ ਪੀੜ੍ਹੀ ਉਨ੍ਹਾਂ 'ਤੇ ਆਏ ਬੁਢਾਪੇ ਜਾਂ ਬੁਢਾਪੇ ਨਾਲ ਆਈ ਕਮਜ਼ੋਰੀ ਕਰਕੇ ਮੰਨਣ ਲਈ ਤਿਆਰ ਹੀ ਨਹੀਂ ਸਗੋਂ ਇਹ ਕਹਿੰਦੇ ਆਮ ਹੀ ਸੁਣੇ ਜਾਂਦੇ ਹਨ ਕਿ ਛੱਡ ਬਾਪੂ ਕਿਉਂ ਕੁਫ਼ਰ ਤੋਲ ਰਹੇ ਹੋ ਭਾਵ ਝੂਠ ਬੋਲਦੇ ਹੋ। ਪਰ ਉਨ੍ਹਾਂ ਨੇ ਇਹ ਸਭ ਆਪਣੇ ਹੱਡੀਂ ਹੰਢਾਏ ਹੋਏ ਸੱਚ ਹਨ।
ਤਿੰਨ ਚਾਰ ਦਹਾਕੇ ਪਹਿਲਾਂ ਤੱਕ ਕਣਕ ਝੋਨਾ ਸਭ ਹੱਥੀਂ ਵੱਢਣ ਦੀ ਰੀਤ ਸੀ, ਮੰਗ ਪਾ ਕੇ ਜਾਂ ਵਿੜੀ ਸਿੜੀ ਕਰ ਕੇ ਸਭ ਕੁਝ ਕਰ ਲੈਣਾ ਤੇ ਅਗਲੇ ਦਾ ਕਰ ਦੇਣਾ 'ਤੇ ਕੋਈ ਜ਼ਿਆਦਾ ਖ਼ਰਚ ਵੀ ਨਹੀਂ ਹੁੰਦਾ ਸੀ ਅਤੇ ਸਿਹਤ ਵੀ ਨੌ-ਬਰ-ਨੌ ਰਹਿੰਦੀ ਸੀ। ਝੋਨੇ ਦੀ ਪਰਾਲੀ ਨੂੰ ਗਿੱਲਾ ਕਰਕੇ ਸੁੱਬੜ ਵੱਟ ਕੇ ਥੋੜ੍ਹਾ ਚਿਰ ਸੰਭਾਲ ਰੱਖਣੀ ਤੇ ਕਣਕ ਦੀ ਹੱਥੀਂ ਵਢਾਈ ਕਰ ਕੇ ਦੁਬਾਰਾ ਸੁੁੱਬੜ ਗਿੱਲੇ ਕਰ ਕੇ ਕਣਕ ਦੀਆਂ ਭਰੀਆਂ ਬੰਨ੍ਹ ਕੇ ਫਲ੍ਹੇ ਵਾਲੇ ਪਿੜ ਤੱਕ ਜਾਂ ਫਿਰ ਹੜੰਬੇ ਤੱਕ ਭਰੀਆਂ ਗੱਡਿਆਂ ਤੇ ਢੋਹ ਕੇ ਦਾਣੇ ਕੱਢੇ ਜਾਂਦੇ ਸਨ। ਸੁੱਬੜ ਵੀ ਅਣਗਿਣਤ ਵੱਟੇ ਜਾਂਦੇ ਸਨ, ਆਪ ਵਰਤਣੇ ਤੇ ਗੱਡੇ ਭਰ ਕੇ ਜਿੱਧਰ ਕਿਤੇ ਰਿਸ਼ਤੇਦਾਰੀਆਂ 'ਚ ਝੋਨਾ ਘੱਟ ਹੋਣਾ ਉੱਥੇ ਗੱਡੇ 'ਤੇ ਲੱਦ ਕੇ ਭੇਜ ਵੀ ਦੇਣੇ, ਕਿਉਂਕਿ ਝੋਨਾ ਵੀ ਹੱਥੀਂ ਡਰੰਮ ਰੱਖ ਕੇ ਜਾਂ ਫਿਰ ਵੱਡੀ ਵੱਟ ਮਾਰ ਕੇ ਝਾੜ-ਝਾੜ ਕੇ ਕੱਢਿਆ ਜਾਂਦਾ ਰਿਹਾ ਹੈ। ਕੁਝ ਪਰਾਲੀ ਪਸ਼ੂਆਂ ਲਈ ਵਰਤ ਲੈਣੀ, ਕੁਛ ਪਰਾਲੀ ਦੇ ਸੁੱਬੜ ਵੱਟ ਲੈਣੇ। ਖੇਤਾਂ ਦੇ ਵਿਚ ਕੋਈ ਕਦੇ ਪਰਾਲੀ ਨੂੰ ਅੱਗ ਨਹੀਂ ਸੀ ਲਾਉਂਦਾ ਤੇ ਪ੍ਰਦੂਸ਼ਣ ਵੀ ਨਹੀਂ ਸੀ ਫੈਲਦਾ। ਵਾਤਾਵਰਨ ਵਧੀਆ ਸੀ ਤੇ ਜ਼ਮੀਨਾਂ ਦੇ ਵਧੀਆ ਝਾੜ ਸਨ। ਸਮੇਂ ਦੇ ਬਦਲਾਅ ਨਾਲ ਸਾਡੀ ਅਜੋਕੀ ਪੀੜ੍ਹੀ ਸੁੱਬੜ ਦਾ ਨਾਂਅ ਤੱਕ ਲਏ ਜਾਣ ਤੋਂ ਵੀ ਹੱਸ ਪੈਂਦੀ ਹੈ, ਭਾਵ ਸੁੱਬੜ ਦਾ ਉਨ੍ਹਾਂ ਨੂੰ ਕੋਈ ਪਤਾ ਹੀ ਨਹੀਂ ਕਿ ਕਿਸ ਨੂੰ ਕਿਹਾ ਜਾਂਦਾ ਸੀ ਤੇ ਕਿਵੇਂ ਵੱਟਿਆ ਜਾਂਦਾ ਸੀ ਜਦੋਂਕਿ ਸਾਡੀ ਪੁਰਾਤਨ ਖੇਤੀਬਾੜੀ ਦਾ ਇਹ ਸਾਡੇ ਵਿਰਸੇ ਦਾ ਅੰਗ ਰਿਹਾ ਹੈ।


-ਸ੍ਰੀ ਮੁਕਤਸਰ ਸਾਹਿਬ। ਮੋਬਾਈਲ : 94176-22046


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX