ਤਾਜਾ ਖ਼ਬਰਾਂ


ਕੇਂਦਰ ਵੱਲੋਂ ਸੂਬਾ ਸਰਕਾਰਾਂ ਦੇ ਤਕਨੀਕੀ ਅਦਾਰਿਆਂ 'ਚ 7ਵੇਂ ਤਨਖ਼ਾਹ ਕਮਿਸ਼ਨ 'ਚ ਵਾਧੇ ਨੂੰ ਮਨਜ਼ੂਰੀ
. . .  1 day ago
ਨਵੀਂ ਦਿੱਲੀ, 15 ਜਨਵਰੀ - ਕੇਂਦਰ ਸਰਕਾਰ ਨੇ ਸੂਬਾ ਸਰਕਾਰ/ਸਰਕਾਰੀ ਸਹਾਇਤਾ ਪ੍ਰਾਪਤ ਡਿਗਰੀ ਪੱਧਰ ਦੇ ਤਕਨੀਕੀ ਅਦਾਰਿਆਂ ਦੇ ਅਧਿਆਪਕਾਂ ਅਤੇ ਹੋਰ ਅਕਾਦਮਿਕ ਸਟਾਫ਼...
2019 ਦੇ ਸੈਸ਼ਨ ਤੋਂ ਸਾਰੇ ਵਿੱਦਿਅਕ ਅਦਾਰਿਆਂ 'ਚ ਲਾਗੂ ਹੋਵੇਗਾ 10 ਫ਼ੀਸਦੀ ਰਾਖਵਾਂਕਰਨ - ਪ੍ਰਕਾਸ਼ ਜਾਵੜੇਕਰ
. . .  1 day ago
ਨਵੀਂ ਦਿੱਲੀ, 15 ਜਨਵਰੀ - ਕੇਂਦਰੀ ਮਨੁੱਖੀ ਸਰੋਤ ਵਿਕਾਸ ਮੰਤਰੀ ਪ੍ਰਕਾਸ਼ ਜਾਵੜੇਕਰ ਦਾ ਕਹਿਣਾ ਹੈ ਕਿ ਜਨਰਲ ਵਰਗ ਦੇ ਆਰਥਿਕ ਰੂਪ ਵਿਚ ਕਮਜ਼ੋਰ ਲੋਕਾਂ ਲਈ ਵਿਦਿਅਕ...
ਕੀਨੀਆ ਦੇ ਨੈਰੋਬੀ 'ਚ ਧਮਾਕਾ
. . .  1 day ago
ਨੈਰੋਬੀ, 15 ਜਨਵਰੀ - ਕੀਨੀਆ ਦੇ ਨੈਰੋਬੀ 'ਚ ਧਮਾਕਾ ਅਤੇ ਭਾਰੀ ਗੋਲੀਬਾਰੀ ਹੋਣ ਦੀ ਖ਼ਬਰ...
ਏ.ਟੀ.ਐਮ 'ਚੋਂ ਸੜੇ ਹੋਏ ਨਿਕਲੇ 2 ਹਜ਼ਾਰ ਦੇ ਤਿੰਨ ਨੋਟ
. . .  1 day ago
ਜੈਤੋ, 15 ਜਨਵਰੀ (ਗੁਰਚਰਨ ਸਿੰਘ ਗਾਬੜੀਆ) - ਅੱਜ ਦੁਪਹਿਰ ਦੋ ਵਿਅਕਤੀਆਂ ਨੇ ਸਟੇਟ ਬੈਂਕ ਦੇ ਏ.ਟੀ.ਐਮ 'ਚੋਂ ਪੈਸੇ ਕਢਵਾਏ ਤਾਂ ਇੱਕ ਵਿਅਕਤੀ ਦੇ 2 ਹਜ਼ਾਰ ਦੇ 3 ਨੋਟਾਂ...
ਡੇਰਾ ਮੁਖੀ ਨੂੰ ਵੀਡੀਓ ਕਾਨਫਰੰਂਸਿੰਗ ਰਾਹੀ ਪੇਸ਼ ਕਰਨ ਦੀ ਅਰਜ਼ੀ ਮਨਜ਼ੂਰ
. . .  1 day ago
ਪੰਚਕੂਲਾ, 15 ਜਨਵਰੀ - ਪੱਤਰਕਾਰ ਛਤਰਪਤੀ ਹੱਤਿਆਕਾਂਡ ਮਾਮਲੇ 'ਚ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀ ਨੂੰ ਸਜ਼ਾ ਸੁਣਾਏ ਜਾਣ ਦੇ ਮਾਮਲੇ 'ਚ ਹਰਿਆਣਾ ਸਰਕਾਰ ਵੱਲੋਂ...
ਝਾਰਖੰਡ ਵੱਲੋਂ 10 ਫ਼ੀਸਦੀ ਰਾਖਵੇਂਕਰਨ ਨੂੰ ਮਨਜ਼ੂਰੀ
. . .  1 day ago
ਰਾਂਚੀ, 15 ਜਨਵਰੀ - ਝਾਰਖੰਡ ਸਰਕਾਰ ਨੇ ਜਨਰਲ ਵਰਗ ਦੇ ਆਰਥਿਕ ਰੂਪ ਵਿਚ ਕਮਜ਼ੋਰ ਲੋਕਾਂ ਲਈ ਸਰਕਾਰੀ ਨੌਕਰੀਆਂ ਤੇ ਵਿਦਿਅਕ ਸੰਸਥਾਵਾਂ ਵਿਚ 10 ਫ਼ੀਸਦੀ ਰਾਖਵੇਂਕਰਨ...
ਕਿਸ਼ਤੀ ਪਲਟਣ ਕਾਰਨ 6 ਮੌਤਾਂ
. . .  1 day ago
ਅਹਿਮਦਾਬਾਦ, 15 ਜਨਵਰੀ - ਗੁਜਰਾਤ ਦੇ ਨੰਦੁਰਬਰ ਜ਼ਿਲੇ 'ਚ ਇੱਕ ਕਿਸ਼ਤੀ ਦੇ ਨਰਮਦਾ ਨਦੀ 'ਚ ਪਲਟਣ ਕਾਰਨ 6 ਲੋਕਾਂ ਦੀ ਮੌਤ ਹੋ...
ਕੈਪਟਨ ਨੇ ਗ੍ਰਹਿ ਮੰਤਰੀ ਨੂੰ ਲਿਖੀ ਚਿੱਠੀ, ਕਰਤਾਰਪੁਰ ਲਾਂਘੇ ਲਈ ਪਾਸਪੋਰਟ ਦੀ ਸ਼ਰਤ ਹਟਾਉਣ ਦੀ ਕੀਤੀ ਮੰਗ
. . .  1 day ago
ਚੰਡੀਗੜ੍ਹ, 15 ਜਨਵਰੀ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਰਤਾਰਪੁਰ ਸਾਹਿਬ ਲਾਂਘੇ 'ਤੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਚਿੱਠੀ ਲਿਖੀ ਹੈ। ਚਿੱਠੀ 'ਚ ਉਨ੍ਹਾਂ ਨੇ ਗ੍ਰਹਿ ਮੰਤਰੀ ਨੂੰ ਬੇਨਤੀ ਕੀਤੀ ਹੈ ਕਿ ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ...
ਪੰਜਾਬ ਵਿਚ ਕਈ ਥਾਵਾਂ 'ਤੇ ਮਨਾਇਆ ਗਿਆ ਮਾਇਆਵਤੀ ਦਾ ਜਨਮ ਦਿਨ
. . .  1 day ago
ਸੰਗਰੂਰ, 15 ਜਨਵਰੀ (ਧੀਰਜ ਪਿਸ਼ੋਰੀਆ) - ਬਸਪਾ ਸੁਪਰੀਮੋ ਮਾਇਆਵਤੀ ਦਾ 63ਵਾਂ ਜਨਮ ਦਿਨ ਅੱਜ ਪੰਜਾਬ ਵਿਚ ਥਾਂ ਥਾਂ 'ਤੇ ਜਨ ਕਲਿਆਣ ਦਿਵਸ ਵਜੋ ਮਨਾਇਆ ਗਿਆ। ਇਸ ਸਬੰਧੀ...
ਅਧਿਆਪਕਾਂ ਆਗੂਆਂ ਦੀ ਮੁਅੱਤਲੀ ਦੀਆਂ ਫੂਕੀਆਂ ਕਾਪੀਆਂ
. . .  1 day ago
ਸੰਗਰੂਰ, 15 ਜਨਵਰੀ (ਧੀਰਜ ਪਿਸ਼ੋਰੀਆ) - ਸਿੱਖਿਆ ਵਿਭਾਗ ਵੱਲੋਂ ਸਾਂਝਾ ਅਧਿਆਪਕ ਮੋਰਚਾ ਦੇ 5 ਆਗੂਆਂ ਨੂੰ ਮੁਅੱਤਲ ਕੀਤੇ ਜਾਣ ਨੂੰ ਲੈ ਕੇ ਅਧਿਆਪਕਾਂ ਵਿਚ ਰੋਸ ਕਾਫੀ ਭੜਕ ਗਿਆ...
ਹੋਰ ਖ਼ਬਰਾਂ..

ਦਿਲਚਸਪੀਆਂ

ਵਿਅੰਗ: ਅਗਲਾ ਪ੍ਰੋਗਰਾਮ

ਸਰਕਾਰੀ ਸਕੂਲ ਦਾ ਨਤੀਜ਼ਾ ਬਹੁਤ ਹੀ ਵਧੀਆ ਆਇਆ ਸੀ | ਇਸ ਸਕੂਲ ਦਾ ਇਕ ਵਿਦਿਆਰਥੀ ਦਸਵੀਂ ਜਮਾਤ ਵਿਚੋਂ ਜ਼ਿਲ੍ਹੇ ਵਿਚੋਂ ਪਹਿਲੀ ਪੁਜ਼ੀਸ਼ਨ ਲੈ ਕੇ ਪਾਸ ਹੋਇਆ | ਇਨਾਮ ਵੰਡ ਸਮਾਰੋਹ ਵਿਚ ਮੰਤਰੀ ਜੀ ਨੇ ਸ਼ਿਰਕਤ ਕੀਤੀ |
ਜਦੋਂ ਹੈੱਡ ਮਾਸਟਰ ਸਾਹਿਬ ਜੀ ਨੇ ਮੰਤਰੀ ਨੂੰ ਦੱਸਿਆ ਕਿ ਇਹ ਬੱਚਾ ਜ਼ਿਲ੍ਹੇ ਵਿਚੋਂ ਪਹਿਲੇ ਨੰਬਰ 'ਤੇ ਆਇਆ ਹੈ | ਤਾਂ ਮੰਤਰੀ ਜੀ ਨੇ ਵਿਦਿਆਰਥੀ ਨੂੰ ਥਾਪੀ ਦਿੱਤੀ ਤੇ ਖੁਸ਼ੀ ਵਿਚ ਪੁੱਛਿਆ ਬੇਟਾ ਹੁਣ ਤੇਰਾ ਅਗਲਾ ਪ੍ਰੋਗਰਾਮ ਕੀ ਐ |
ਸਰ ਹੁਣ ਮੈਂ ਪਾਣੀ ਵਾਲੀ ਟੈਂਕੀ 'ਤੇ ਚੜਿ੍ਹਆ ਕਰੂੰਗਾ | ਬੱਚੇ ਦਾ ਜਵਾਬ ਸੁਣ ਕੇ ਮੰਤਰੀ ਗੁੰਮ ਸੁੰਮ ਜਿਹਾ ਹੋ ਗਿਆ |

-ਜੋਗਿੰਦਰ ਸਿੰਘ ਪ੍ਰਵਾਨਾ
ਨੈਣੇਵਾਲ | ਮੋਬਾਈਲ : 98767 24267


ਖ਼ਬਰ ਸ਼ੇਅਰ ਕਰੋ

ਪ੍ਰੇਰਨਾਦਾਇਕ ਘੜਾ ਤੇ ਕਾਂ

ਸ਼ਹਿਰ ਤੋਂ ਦੂਰ ਕਈ ਪਿੰਡਾਂ ਨੂੰ ਜਾਣ ਵਾਲੇ ਰਸਤੇ 'ਤੇ ਲੋਕਾਂ ਦੇ ਪੀਣ ਲਈ ਘੜੇ ਰੱਖੇ ਹੋਏ ਸਨ | ਉਨ੍ਹਾਂ ਦੇ ਵਿਚ ਕੋਈ ਵਿਅਕਤੀ ਸ਼ਾਮ ਨੂੰ ਪਾਣੀ ਭਰ ਦਿੰਦਾ ਸੀ ਅਤੇ ਦੂਸਰੇ ਦਿਨ ਲੋਕ ਠੰਢਾ ਪਾਣੀ ਪੀ ਕੇ ਦੁਆਵਾਂ ਦਿੰਦੇ ਸਨ | ਇਸੇ ਹੀ ਥਾਂ 'ਤੇ ਪੰਛੀ ਵੀ ਡੁੱਲਿ੍ਹਆ ਪਾਣੀ ਪੀਣ ਆ ਜਾਂਦੇ ਸਨ | ਇਕ ਵਾਰ ਇਕ ਕਾਂ ਨੇ ਘੜੇ ਕੋਲੋਂ ਬੜੀ ਨਿਮਰਤਾ ਨਾਲ ਪੁੱਛਿਆ ਕਿ ਤੈਨੂੰ ਇਨਸਾਨ ਕੁੱਟ-ਕੁੱਟ ਕੇ ਗੰੁਨ੍ਹਦਾ ਹੋਇਆ ਚੱਕ 'ਤੇ ਘੁਮੇਰੀਆਂ ਦਿੰਦੇ ਹੋਏ ਥੱਪੜ ਮਾਰ ਕੇ ਸਿੱਧਾ-ਪੁੱਠਾ ਕਰਦੇ ਹੋਏ ਅਖੀਰ ਤੈਨੂੰ ਅੱਗ ਵਿਚ ਤਪਾਉਂਦਾ ਹੈ, ਪੰ੍ਰਤੂ ਤੂੰ ਫਿਰ ਵੀ ਲੋਕਾਂ ਨੂੰ ਠੰਢਾ ਪਾਣੀ ਦੇ ਕੇ ਉਨ੍ਹਾਂ ਦੀ ਪਿਆਸ ਬੁਝਾਉਂਦਾ ਹੈਾ, ਤੈਨੂੰ ਇਨਸਾਨ ਤੋਂ ਨਫ਼ਰਤ ਨਹੀਂ? ਘੜੇ ਨੇ ਕਾਂ ਦੀ ਗੱਲ ਨੂੰ ਧਿਆਨ ਨਾਲ ਸੁਣ ਕੇ ਕਿਹਾ ਕਿ ਮੇਰੀ ਜੋ ਆਦਤ ਹੈ ਮੈਂ ਉਸ ਨੂੰ ਕਦੇ ਨਹੀਂ ਬਦਲ ਸਕਦਾ, ਮੈਂ ਇਨਸਾਨ ਨੂੰ ਅਪੀਲ ਕਰ ਸਕਦਾ ਹਾਂ ਕਿ ਉਹ ਮੇਰੇ ਵਾਂਗ ਅੰਦਰ ਠੰਢਕ ਰੱਖਦੇ ਹੋਏ ਜਾਤ-ਪਾਤ, ਵੈਰ-ਵਿਰੋਧ, ਲੜਾਈ-ਝਗੜੇ, ਮੋਹ ਮਾਇਆ, ਊਚ-ਨੀਚ ਤੇ ਧਰਮ ਦੇ ਚੱਕਰਾਂ ਵਿਚ ਨਾ ਪੈ ਕੇ ਇਨਸਾਨੀਅਤ ਨੂੰ ਅੱਗੇ ਰੱਖ ਕੇ ਪਿਆਰ ਵੰਡੇ | ਕਾਂ ਨੇ ਘੜੇ ਨੂੰ ਬੇਨਤੀ ਕਰਦੇ ਹੋਏ ਕਿਹਾ ਕਿ ਸਾਡਾ (ਪੰਛੀਆਂ ਦਾ) ਵੀ ਇਕ ਸੁਨੇਹਾ ਇਨਸਾਨ ਤੱਕ ਪੁੱਜਦਾ ਕਰ ਦੇਣਾ ਕਿ ਉਹ ਆਪਣੇ ਤੋਂ ਸਾਨੂੰ ਦੂਰ ਨਾ ਕਰਦੇ ਹੋਏ ਸਾਨੂੰ ਵੀ ਗਲੇ ਲਗਾਏ, ਕਿਉਂਕਿ ਪੰਛੀਆਂ ਬਿਨਾਂ ਇਨਸਾਨ ਦਾ ਜੀਵਨ ਵੀ ਅਧੂਰਾ ਹੈ |

-ਬਲਵਿੰਦਰ ਸਿੰਘ ਸੋਢੀ (ਮੀਰਹੇੜੀ)
551/2, ਰਿਸ਼ੀ ਨਗਰ, ਸ਼ਕੂਰ ਬਸਤੀ, ਰਾਣੀ ਬਾਗ਼, ਨਵੀਂ ਦਿੱਲੀ-110034.
ਮੋਬਾਈਲ : 092105-88990.

ਰੰਗਾਂ ਵਿਚ ਧੜਕੇ ਜ਼ਿੰਦਗੀ

ਰੰਗਾਂ ਨੂੰ ਗੱਲਾਂ ਕਰਦੇ ਤੱਕਿਆ ਜਾ ਸਕਦਾ ਹੈ | ਬਸ, ਰਤਾ ਧਿਆਨ ਦੇਣ ਦੀ ਲੋੜ ਹੈ | ਤੁਹਾਨੂੰ ਉਨ੍ਹਾਂ ਦੀ ਗੱਲ ਸਮਝ ਆ ਜਾਵੇਗੀ | ਸਵੇਰੇ-ਸਵੇਰੇ ਜਦੋਂ ਸਾਡੀਆਂ ਅੱਖਾਂ ਹਰਿਆਲੀ ਤੱਕ ਕੇ ਤਾਜ਼ਗੀ ਮਹਿਸੂਸ ਕਰਦੀਆਂ ਹਨ ਤਾਂ ਤੁਹਾਨੂੰ ਲੱਗੇਗਾ ਕਿ ਹਰਾ ਰੰਗ ਕੁਝ ਕਹਿ ਰਿਹਾ ਹੈ | ਸੈਨਤਾਂ ਮਾਰ ਰਿਹਾ ਹੈ, ਜਿਵੇਂ ਕਹਿ ਰਿਹਾ ਹੋਵੇ, 'ਮੈਨੂੰ ਤੱਕੋ ਅਤੇ ਸੁਸਤੀ ਦੂਰ ਭਜਾਓ |' ਰੰਗਾਂ ਦੀ ਭਾਸ਼ਾ ਸਾਡੀਆਂ ਗਿਆਨ ਇੰਦਰੀਆਂ ਭਲੀ ਭਾਂਤ ਸਮਝਦੀਆਂ ਹਨ | ਇਨ੍ਹਾਂ ਗਿਆਨ ਇੰਦਰੀਆਂ ਦੀਆਂ ਸਰਦਾਰ ਹਨ ਸਾਡੀਆਂ ਅੱਖਾਂ | ਜਿਹੜੀਆਂ ਰੰਗਾਂ ਦਾ ਪ੍ਰਭਾਵ ਸਾਡੇ ਅਹਿਸਾਸ ਤੱਕ ਪਹੁੰਚਾਉਂਦੀਆਂ ਹਨ | ਲਾਲ ਰੰਗ ਦੀ ਸਾਂਝ ਸਾਡੇ ਸਰੀਰ ਵਿਚ ਦੌੜਦੇ ਲਹੂ ਨਾਲ ਹੈ | ਇਸੇ ਕਰਕੇ ਸ਼ਾਇਦ ਖ਼ਤਰਨਾਕ ਥਾਵਾਂ ਤੋਂ ਜ਼ਿੰਦਗੀ ਨੂੰ ਮਹਿਫੂਜ਼ ਰੱਖਣ ਲਈ ਲਾਲ ਰੰਗ ਨਾਲ ਖਤਰੇ ਦੇ ਨਿਸ਼ਾਨ ਬਣਾਏ ਜਾਂਦੇ ਹਨ | ਡਾਕਟਰੀ ਦਾ ਸਬੰਧ ਵੀ ਜ਼ਿੰਦਗੀ ਦਾ ਬਚਾਓ ਕਰਨ ਨਾਲ ਹੀ ਹੈ | ਡਾਕਟਰੀ ਦਾ ਚਿੰਨ੍ਹ 'ਜਮ੍ਹਾਂ ਦਾ ਨਿਸ਼ਾਨ' ਇਸੇ ਲਈ ਲਾਲ ਰੰਗ ਨਾਲ ਬਣਿਆ ਹੁੰਦਾ ਹੈ |
ਚੁੱਪ ਰਹਿ ਕੇ ਵੀ ਰੰਗ ਆਪਣੀ ਚਮਕ, ਖਿੱਚ ਅਤੇ ਅਸਰ ਸਦਕਾ ਉੱਚੀ-ਉੱਚੀ ਬੋਲਦੇ ਮਹਿਸੂਸ ਕੀਤੇ ਜਾ ਸਕਦੇ ਹਨ | ਖੇਤਾਂ 'ਚ ਖਿੜੀ ਸਰ੍ਹੋਂ ਦਾ ਨਜ਼ਾਰਾ ਤੱਕਣਾ ਕਿਧਰੇ, ਸਰ੍ਹੋਂ ਦੇ ਫੁੱਲਾਂ ਦੀ ਪੀਲੇ ਰੰਗ ਦੀ ਭਾਅ ਤੁਹਾਡੇ ਜੀਅ ਨੂੰ ਬੰਨ੍ਹ ਕੇ ਬਿਠਾ ਲੈਂਦੀ ਹੈ | ਇਹੋ ਪੀਲੀ ਭਾਅ ਕਿਸੇ ਖੂਬਸੂਰਤ ਮੁਟਿਆਰ ਦੇ ਗੋਰੇ ਮੁੱਖ 'ਤੇ ਵੀ ਘੁਲੀ ਤੱਕੀ ਜਾ ਸਕਦੀ ਹੈ | ਬਸੰਤੀ ਰੰਗ ਵੀਰਤਾ, ਬਹਾਦਰੀ ਨਾਲ ਜਿਊਣ ਦਾ ਵਲ ਸਿਖਾਉਂਦਾ ਹੈ | ਜਦੋਂ ਅਸੀਂ ਸ਼ਹੀਦਾਂ ਦੀਆਂ ਕੁਰਬਾਨੀਆਂ ਜਾਂ ਉਨ੍ਹਾਂ ਦੀ ਬਹਾਦਰੀ ਵੱਲ ਧਿਆਨ ਧਰਦੇ ਹਾਂ ਤਾਂ ਸਾਡੇ ਚਿੱਤ 'ਚ ਕੇਸਰੀ, ਬਸੰਤੀ ਰੰਗ ਘੁਲ ਜਾਂਦੇ ਹਨ | ਨੀਲਾ ਫਿੱਕਾ, ਆਸਮਾਨੀ ਰੰਗ ਮਨੁੱਖ ਦੀ ਸੋਚ ਨੂੰ ਵਿਸ਼ਾਲਤਾ ਦਾ ਅਹਿਸਾਸ ਕਹਾਉਂਦਾ ਹੈ | ਸਾਡੇ ਸਿਰਾਂ 'ਤੇ ਫੈਲਿਆ ਨੀਲਾ ਆਸਮਾਨ ਇਸ ਵਿਸ਼ਾਲਤਾ ਦੀ ਵੱਡੀ ਮਿਸਾਲ ਹੈ |
ਸਫੇਦ ਰੰਗ ਉੱਚੀ-ਉੱਚੀ ਕੂਕੇ, 'ਮੈਨੂੰ ਧਾਰਨ ਕਰੋ | ਮੈਂ ਤੁਹਾਨੂੰ ਪਵਿੱਤਰਤਾ ਦਾ ਲਜਵਾਬ ਅਹਿਸਾਸ ਬਖ਼ਸ਼ਾਂਗਾ |' ਸਫੇਦ ਰੰਗ ਸਫਾਈ ਅਤੇ ਸੁੱਚਮਤਾ ਨਾਲ ਜ਼ਿੰਦਗੀ ਜਿਊਣ ਦੀ ਪ੍ਰੇਰਨਾ ਦਿੰਦਾ ਹੈ | ਇਹ ਰੰਗ ਸਾਦਗੀ ਨਾਲ ਜਿਊਣ ਲਈ ਕਹਿੰਦਾ ਹੈ | ਜ਼ਿੰਦਗੀ ਦੇ ਹਰਖ-ਸੋਗ ਤੋਂ ਮੁਕਤ ਹੋ ਚੁੱਕੇ ਰੱਬ ਦੇ ਪਿਆਰੇ ਸਫੇਦ ਰੰਗ ਦੇ ਬਸਤਰਾਂ ਨੂੰ ਆਪਣਾ ਪੱਕਾ ਪਹਿਰਾਵਾ ਬਣਾਉਂਦੇ ਹਨ | ਜਦੋਂ ਕਿਧਰੇ ਮੌਤ ਦੀ ਸਫ਼ ਵਿਛਦੀ ਹੈ ਤਾਂ ਇਹ ਸਫੇਦ ਰੰਗ ਹੀ ਇਸ ਨੂੰ ਸਹੀ ਰੂਪ ਵਿਚ ਪ੍ਰਦਰਸ਼ਿਤ ਕਰਦਾ ਹੈ |
ਰੰਗਾਂ ਦੀ ਮਹਾਨ ਸਾਜ਼ਗਾਰ ਕੁਦਰਤ ਹੈ | ਕਿਸੇ ਕੁਸ਼ਲ ਮਾਹਿਰ ਚਿੱਤਰਕਾਰ ਵਾਂਗ ਕੁਦਰਤ ਰੰਗ 'ਚ ਰੰਗ ਮਿਲਾ ਕੇ ਨਵੇਂ ਰੰਗ ਸਿਰਜਦੀ ਹੈ | ਸਿਆਣਾ ਚਿੱਤਰਕਾਰ ਕੁਦਰਤ ਦੇ ਰੰਗਾਂ ਦੇ ਖੇਲ ਨੂੰ ਸਮਝਿਆ ਜਾਂਦਾ ਹੈ | ਇਸੇ ਲਈ ਕਿਹਾ ਜਾਂਦਾ ਹੈ ਕਿ ਸੱਚਾ-ਸੁੱਚਾ ਚਿੱਤਰਕਾਰ ਰੰਗਾਂ ਨਾਲ ਸੰਵਾਦ ਰਚਾਉਂਦਾ ਹੈ | ਰੰਗ ਉਸ ਨਾਲ ਆਪਣਾ ਭੇਦ ਸਾਂਝਾ ਕਰਦੇ ਹਨ | ਰੰਗ ਸਮਰਪਿਤ ਮਨੁੱਖ ਨਾਲ ਜ਼ਬਾਨ ਸਾਂਝੀ ਕਰਦੇ ਹਨ | ਜਿਹਦੇ ਲਈ ਇਨ੍ਹਾਂ ਦਾ ਕੋਈ ਮਹੱਤਵ ਨਹੀਂ ਉਹ ਨਹੀਂ ਸੁਣ ਸਕਦਾ, ਇਨ੍ਹਾਂ ਦੀ ਵਾਰਤਾਲਾਪ | ਰੰਗ ਪ੍ਰੇਮ-ਪਿਆਰ, ਇਸ਼ਕ ਮੁਹੱਬਤ ਦੇ ਤਲਬਗਾਰ ਹਨ | ਰੰਗਾਂ ਦੀ ਬੋਲੀ ਦੀ ਖਿੱਚ ਅਤੇ ਖਾਸੀਅਤ ਇਹ ਹੈ ਕਿ ਬੰਦਾ ਜ਼ਰਾ ਕੁ ਧਿਆਨ ਦੇਵੇ ਸਹੀ ਇਹ ਬੋਲੀ ਉਸ ਦੀ ਆਤਮਾ ਨਾਲ ਸਾਂਝ ਪਾ ਲੈਂਦੀ ਹੈ | ਇਸੇ ਲਈ ਹਰ ਕੋਈ ਆਪਣੇ ਪਹਿਰਾਵੇ ਲਈ ਕੱਪੜੇ ਖਰੀਦਣ ਸਮੇਂ ਰੰਗਾਂ ਦੀ ਭਾਸ਼ਾ ਮੁਤਾਬਿਕ ਕੱਪੜੇ ਦਾ ਰੰਗ ਚੁਣਦਾ ਹੈ ਕਈ ਬੰਦੇ ਭੜਕੀਲੇ ਰੰਗ ਅਤੇ ਕਈ ਸ਼ਾਂਤ-ਚਿੱਤ ਰੱਖਣ ਵਾਲੇ ਰੰਗਾਂ ਨਾਲ ਸੰਤੁਸ਼ਟੀ ਮਹਿਸੂਸ ਕਰਦੇ ਹਨ | ਰੰਗ ਮਨੁੱਖ ਦੀ ਮਾਨਸਿਕਤਾ ਅਨੁਸਾਰ ਉਸ ਤੋਂ ਦੂਰ ਅਤੇ ਨੇੜੇ ਹੁੰਦੇ ਹਨ | ਪਾਪੀ ਮਾਨਸਿਕਤਾ ਵਾਲੇ ਨੂੰ ਕਾਲਾ ਰੰਗ ਵਧੇਰੇ ਰਾਸ ਆਉਂਦਾ ਹੈ | ਸ਼ੈਤਾਨੀ ਤਾਕਤਾਂ ਕਾਲੇ ਹਨੇਰੇ ਦਾ ਸਾਥ ਸਦਾ ਭਾਲਦੀਆਂ ਰਹਿੰਦੀਆਂ ਹਨ |
ਵੱਖ-ਵੱਖ ਧਰਮਾਂ ਨੇ ਵੀ ਰੰਗਾਂ ਦੀ ਬੋਲੀ ਨੂੰ ਸਵੀਕਾਰਿਆ ਹੈ | ਖਾਲਸਾ ਪੰਥ ਦੀ ਵਿਚਾਰਧਾਰਾ ਨੂੰ ਕੇਸਰੀ, ਨੀਲਾ ਅਤੇ ਪੀਲਾ ਰੰਗ ਬਾਖੂਬੀ ਬਿਆਨਦਾ ਹੈ | ਮੁਸਲਮਾਨ ਕੌਮ ਹਰੇ ਰੰਗ ਦੀਆਂ ਚਾਦਰਾਂ ਪੀਰਾਂ-ਫਕੀਰਾਂ ਦੀਆਂ ਦਰਗਾਹਾਂ 'ਤੇ ਚੜ੍ਹਾ ਕੇ ਆਪਣੀ ਸ਼ਰਧਾ ਦਾ ਇਜ਼ਹਾਰ ਕਰਦੀ ਹੈ | ਸਿੱਖ ਧਰਮ 'ਚ ਹੋਏ ਨਿਰਮਲੇ ਸੰਤ ਮਹਾਂਪੁਰਸ਼ ਸਫੇਦ ਰੰਗ ਦੇ ਬਸਤਰ ਪਹਿਨਦੇ ਹਨ | ਇਹ ਚਿੱਟਾ ਰੰਗ ਉਨ੍ਹਾਂ ਦੀ ਪਰਮਾਤਮਾ ਨਾਲ ਇਕਮਿਕ ਹੋਈ ਆਤਮਾ ਦਾ ਝਲਕਾਰਾ ਹੈ | ਸੰਨਿਆਸੀਆਂ ਦੇ ਗੇਰੂਏ ਬਸਤਰ ਉਨ੍ਹਾਂ ਦੇ ਰੱਬ ਦੇ ਰੰਗ 'ਚ ਰੰਗੇ ਹੋਣ ਦੀ ਨਿਸ਼ਾਨੀ ਹੈ | ਇਸਾਈ ਲੋਕ ਸਫੇਦ ਰੰਗ ਨੂੰ ਆਪਣੇ ਧਰਮ ਨਾਲ ਜੋੜਦੇ ਹਨ | ਜੈਨੀ ਵੀ ਇਸੇ ਰੰਗ ਨੂੰ ਮਹੱਤਵ ਦਿੰਦੇ ਹਨ |
ਕਿਸੇ ਵੀ ਮੁਲਕ ਦੇ ਕੌਮੀ ਝੰਡੇ ਵਿਚ ਰੰਗਾਂ ਦੀ ਵਰਤੋਂ ਇਨ੍ਹਾਂ ਦੀ ਭਾਸ਼ਾ ਨੂੰ ਸਮਝਕੇ ਕੀਤੀ ਜਾਂਦੀ ਹੈ | ਸਾਡੇ ਕੌਮੀ ਝੰਡੇ ਤਿਰੰਗੇ ਦੇ ਤਿੰਨੋਂ ਰੰਗ ਵੱਖ-ਵੱਖ ਸੁਨੇਹੇ ਦਿੰਦੇ ਹਨ | ਜਿਹੜੇ ਦੇਸ਼ ਵਾਸੀਆਂ ਦੇ ਮਨਾਂ ਵਿਚ ਦੇਸ਼ ਭਗਤੀ ਦੀ ਭਾਵਨਾ ਸੰਚਾਰਦੇ ਹਨ | ਇਸੇ ਲਈ ਕਿਹਾ ਜਾਂਦਾ ਹੈ ਕਿ ਰੰਗਾਂ ਬਿਨਾਂ ਜ਼ਿੰਦਗੀ ਅਧੂਰੀ ਹੈ | ਜਿਹੜੇ ਲੋਕ ਰੰਗਾਂ ਦੀ ਭਾਸ਼ਾ 'ਚ ਦਿਲਚਸਪੀ ਨਹੀਂ ਲੈਂਦੇ ਉਹ ਜਾਂ ਤਾਂ ਦਿਮਾਗੀ ਨੁਕਸ ਦਾ ਸ਼ਿਕਾਰ ਹੁੰਦੇ ਹਨ ਜਾਂ ਹਾਲਾਤ ਦੇ ਸਤਾਏ ਹੁੰਦੇ ਹਨ | ਅੱਖਾਂ ਦੀ ਲੋਅ ਤੋਂ ਹੀਣੇ ਲੋਕਾਂ ਲਈ ਇਕੋ ਰੰਗ ਚਾਰੇ ਪਾਸੇ ਛਾਇਆ ਹੁੰਦਾ ਹੈ | ਉਹ ਹੈ ਕਾਲਾ ਰੰਗ | ਕਈ ਐਸੇ ਰੰਗ ਹਨ ਜਿਨ੍ਹਾਂ ਨੂੰ ਮਨੁੱਖੀ ਭਾਸ਼ਾ ਨਾਂਅ ਨਹੀਂ ਦੇ ਸਕੀ | ਇਹ ਕਹਿਣਾ ਕਿੰਨਾ ਸਹੀ ਅਤੇ ਢੁਕਵਾਂ ਹੈ ਕਿ, 'ਰੰਗਾਂ 'ਚ ਧੜਕਦੀ ਹੈ ਜ਼ਿੰਦਗੀ, ਜ਼ਿੰਦਗੀ ਨੂੰ ਧੜਕਣ ਦਿੰਦੇ ਰੰਗ |'

-ਮੋਬਾਈਲ : 98146-81444.

ਮਿੰਨੀ ਕਹਾਣੀ: ਰੋਬੋਟ

ਰਾਜਵੀਰ ਅਤੇ ਉਸ ਦਾ ਦੋਸਤ ਦੀਪ ਦੋਵੇਂ ਚੰਡੀਗੜ੍ਹ ਜਾ ਰਹੇ ਸਨ | ਜਦ ਉਹ ਦੋਵੇਂ ਮੋਗੇ ਤੋਂ ਚੰਡੀਗੜ੍ਹ ਵਾਲੀ ਬਸ ਵਿਚ ਚੜ੍ਹਨ ਲੱਗੇ ਤਾਂ ਉਨ੍ਹਾਂ ਨੇ ਉਥੋਂ ਇਕ ਅਖ਼ਬਾਰ ਖਰੀਦ ਲਿਆ ਤਾਂ ਕਿ ਤਾਜ਼ੀਆਂ ਖ਼ਬਰਾਂ ਦੀ ਸਾਰ ਵੀ ਮਿਲ ਜਾਵੇ ਅਤੇ ਟਾਈਮ ਪਾਸ ਵੀ ਹੋ ਜਾਵੇ |
ਸੀਟ ਉੱਪਰ ਬੈਠ ਕੇ ਜਦ ਰਾਜਵੀਰ ਨੇ ਅਖ਼ਬਾਰ ਖੋਲਿ੍ਹਆ ਤਾਂ ਇਕ ਖ਼ਬਰ ਨੇ ਰਾਜਵੀਰ ਦਾ ਧਿਆਨ ਖਿੱਚਿਆ | ਖ਼ਬਰ ਸੀ ਕਿ 'ਆਉਣ ਵਾਲਾ ਸਮਾਂ ਰੋਬਟ ਦਾ ਹੋਵੇਗਾ', ਵੱਡੇ-ਵੱਡੇ ਦਫ਼ਤਰਾਂ, ਮਾਲਜ਼, ਹੋਟਲਾਂ ਆਦਿ ਥਾਵਾਂ 'ਤੇ ਮਨੁੱਖ ਦੀ ਥਾਂ ਰੋਬਟ ਹੀ ਕੰਮ ਕਰਨਗੇ |
ਜਦੋਂ ਇਹ ਖ਼ਬਰ ਪੜ੍ਹ ਕੇ ਰਾਜਵੀਰ ਨੇ ਦੀਪ ਨੂੰ ਸੁਣਾਈ ਤਾਂ ਦੀਪ ਕਹਿਣ ਲੱਗਾ, 'ਭਰਾ ਰੋਬਟ ਤਾਂ ਹੁਣ ਪਿੰਡਾਂ, ਸ਼ਹਿਰਾਂ ਵਿਚ ਵੀ ਤਿਆਰ ਹੋਣ ਲੱਗ ਪਏ ਹਨ |'
'ਓ ਭੋਲੇ ਪੰਛੀਆ, ਰੋਬਟ ਆਏਾ ਨੀ ਤਿਆਰ ਹੁੰਦੇ, ਰੋਬਟ ਤਾਂ ਸਾਇੰਸਦਾਨ ਬੜੀ ਸਖ਼ਤ ਮਿਹਨਤ ਨਾਲ ਕਰੋੜਾਂ ਰੁਪਏ ਖਰਚ ਕੇ ਤਿਆਰ ਕਰਦੇ ਨੇ', ਰਾਜਵੀਰ ਨੇ ਦੀਪ ਨੂੰ ਜਾਣਕਾਰੀ ਦਿੰਦਿਆਂ ਕਿਹਾ |
'ਰਾਜਵੀਰ ਮੈਂ ਤੇਰੀ ਗੱਲ ਨਾਲ ਸਹਿਮਤ ਹਾਂ ਕਿ ਭਵਿੱਖ ਰੋਬਟ ਦਾ ਹੈ | ਜਿਹੜੇ ਰੋਬਟ ਦੀ ਗੱਲ ਤੂੰ ਕਰ ਰਿਹਾ ਏਾ, ਉਹ ਵੀ ਠੀਕ ਏ | ਪਰ ਅੱਜ ਇਨਸਾਨ ਵਿਚੋਂ ਇਨਸਾਨੀਅਤ ਗਾਇਬ ਹੋ ਗਈ ਹੈ, ਜਿਵੇਂ ਵੱਡੀ ਮੱਛੀ ਛੋਟੀ ਮੱਛੀ ਨੂੰ ਖਾ ਰਹੀ ਹੈ, ਇਹੋ ਹਾਲ ਇਨਸਾਨ ਦਾ ਵੀ ਹੈ | ਜਦੋਂ ਜਦੋਂ ਇਨਸਾਨ ਵਿਚੋਂ ਇਨਸਾਨੀਅਤ ਖ਼ਤਮ ਹੋ ਗਈ ਤਾਂ ਇਹ ਇਨਸਾਨੀ ਸਰੀਰ ਵੀ ਇਕ ਰੋਬਟ ਹੀ ਬਣ ਕੇ ਰਹਿ ਜਾਵੇਗਾ |

-ਪਿੰਡ ਤੇ ਡਾਕ: ਭਲੂਰ, ਜ਼ਿਲ੍ਹਾ ਮੋਗਾ |
ਮੋਬਾਈਲ : 99159-95505.

ਬੋਲੀ

ਭਿਖਾਰਨ ਦੀ ਪੰਜ ਕੁ ਸਾਲ ਦੀ ਧੀ ਨੇ ਪੇਟ-ਮੰੂਹ 'ਤੇ ਹੱਥ ਰੱਖ ਕੇ ਤੇਜ਼ ਲੱਗੀ ਭੁੱਖ ਦਾ ਪ੍ਰਗਟਾਵਾ ਕਰਦੇ ਹੋਏ ਕਿਹਾ, 'ਮਾਂ... ਰੋਟੀ...' ਮਸਾਂ ਹੀ ਬੋਲ ਸਕੀ |
ਮਾਂ ਵੱਡੇ ਦਰਵਾਜ਼ੇ ਦੇ ਮੂਹਰੇ ਖੜ੍ਹੀਆਂ ਕਾਰਾਂ ਵੱਲ ਵੇਖ ਕੇ ਅੱਖਾਂ ਵਿਚ ਚਮਕ ਲਿਆਉਂਦੀ ਬੋਲੀ, 'ਚਲ, ਭੁੱਖੀ ਔਹ ਘਰੇ, ਕੁਝ ਨਾ ਕੁਝ ਤੈਨੂੰ ਮਿਲ ਜੂਗਾ ਖਾਣ ਵਾਸਤੇ', ਐਨਾ ਕਹਿ ਉਹ ਬੱਚੀ ਨੂੰ ਉਂਗਲੀ ਲਾ ਟੁਰ ਪਈ | ਹੌਲੀ-ਹੌਲੀ ਕਦਮ ਪੁਟਦੇ ਉਹ ਉਸ ਦਰ ਅੱਗੇ ਜਾ ਬੋਲੀ, 'ਭਾਗਾਂ ਵਾਲੀਏ, ਭਰਾਵਾਂ ਵਾਲੀਏ, ਉੱਚੇ ਦਰਾਂ ਵਾਲੀਏ, ਕੋਈ ਇਕ ਅੱਧੀ ਬਾਸੀ ਬਚੀ-ਖੁਚੀ ਰੋਟੀ ਦੇ ਟੁਕਰ ਦੇ ਦੇਹ, ਬੱਚੀ ਨੂੰ ਭੁੱਖ ਲੱਗੀ ਐ, ਰੱਬ ਤੁਹਾਨੂੰ ਰਾਜ਼ੀ-ਖੁਸ਼ੀ ਰੱਖੇ | ਰੰਗ ਭਾਗ ਲੱਗੇ ਰਹਿਣ, ਸਰਦਾਰੀਆਂ ਬਣੀਆਂ ਰਹਿਣ', ਕਿੰਨੀ ਹੀ ਦੇਰ ਉਹ ਇਹ ਸ਼ਬਦ ਆਪਣੀ ਮਿੱਠੀ ਜ਼ਬਾਨ 'ਚੋਂ ਬੋਲਦੀ ਰਹੀ |
ਕਾਫੀ ਦੇਰ ਪਿਛੋਂ ਇਕ ਪ੍ਰਾਣੀ ਬਾਹਰ ਆਇਆ ਜੋ ਉਨ੍ਹਾਂ ਦਾ ਨੌਕਰ ਸੀ ਬੋਲਿਆ, 'ਤੁਸੀਂ ਅੱਗੇ ਚਲੇ ਜਾਓ, ਅੱਜ ਇਥੇ ਮਹਿਮਾਨ ਆਏ ਹੋਏ ਨੇ | ਕਿਸੇ ਅਗਲੇ ਘਰ ਜਾ ਕੇ ਮੰਗੋ |' ਐਨਾ ਸੁਣਦਿਆਂ ਹੀ ਧੀ ਨੇ ਮਾਂ ਦੀਆਂ ਅੱਖਾਂ ਵਿਚ ਆਸ ਦੀ ਚਮਕ ਉਭਰੀ ਤੇ ਕੁਝ ਧਰਵਾਸ ਕਰਦੀ ਭਿਖਾਰਨ ਦੁਬਾਰਾ ਬੋਲੀ, 'ਭਾਗਾਂ ਵਾਲੀਏ, ਤੇਰੇ ਬੱਚੇ ਜਿਊਾਦੇ ਰਹਿਣ | ਇਸ ਭੁੱਖੀ ਬੱਚੀ ਨੂੰ ਕੁਝ ਨਾ ਕੁਝ ਖਾਣ ਦੇ ਦਿਓ | ਰੱਬ ਤੁਹਾਡਾ ਭਲਾ ਕਰੇ | ਵਸਦੇ ਰਹਿਮ ਦੁਆਰੇ ਥੋਡੇ ਭਾਗਾਂ ਭਰੀਏ |'
ਉਹ ਕਿੰਨੀ ਦੇਰ ਏਦਾਂ ਹੀ ਗੁਣਗਾਨ ਕਰਦੀ ਰਹੀ ਪਰ ਕੁਝ ਵੀ ਪੱਲੇ ਨਾ ਪੈਂਦਾ ਵੇਖ ਉਹ ਵਾਪਸ ਮੁੜਦੀ ਰਸਤੇ ਦੇ ਲਾਗੇ ਉਸੇ ਘਰ ਦੀ ਖਿੜਕੀ ਕੋਲ ਦੀ ਲੰਘਣ ਲੱਗੀ ਤਾਂ ਭਿਖਾਰਨ ਦੇ ਕੰਨੀ ਭਿਣਕ ਪਈ, 'ਦੇਖ ਲੋ ਭੈਣ ਜੀ, ਲੜਕਾ ਐਨਾ ਪੜਿ੍ਹਆ-ਲਿਖਿਆ, ਸੋਹਣਾ ਬਣਦਾ-ਫਬਦਾ ਹੈ | ਦਾਜ ਵਿਚ ਤੀਹ ਤੋਲੇ ਸੋਨਾ, ਵੱਡੀ ਕਾਰ ਤੇ ਹੋਰ ਨਿੱਕ-ਸੁੱਕ ਤਾਂ ਕਰਨਾ ਪੈਣਾ ਹੈ | ਤੇ ਨਾਲ ਬਰਾਤ ਦੀ ਸੇਵਾ ਵੀ ਪੂਰੀ ਕਰਨੀ ਈ ਪੈਣੀ ਐ ਜੀ...' ਕਾਫੀ ਕੁਝ ਚਰਚਾ 'ਚ ਬੋਲਿਆ, ਸੁਣਦਿਆਂ ਭਿਖਾਰਨ ਆਪਣੀ ਧੀ ਦੀ ਉਂਗਲੀ ਫੜਦੀ ਬੋਲੀ, 'ਚਲ ਧੀਏ ਕਿਸੇ ਹੋਰ ਦਾ ਦਰ ਖੜਕਾਉਂਦੇ ਆਂ, ਇਥੇ ਕੋਈ ਬੁਰਕੀ ਨੀ ਮਿਲਣੀ ਤੈਨੂੰ', ਇਹ ਘਰ ਵਾਲੇ ਤਾਂ ਆਪ ਧਨ ਦੇ ਬਹੁਤ ਭੁੱਖੇ ਨੇ ਤੇ ਆਪਾਂ ਤਾਂ ਫੇਰ ਵੀ ਪੇਟ ਦੇ ਭੁੱਖੇ ਇਨ੍ਹਾਂ ਤੋਂ ਕਿਤੇ ਉੱਚੇ ਆਂ | ਇਹ ਤਾਂ ਆਪਣੇ ਪੁੱਤਰ ਦੀ ਮੰਡੀ 'ਚ ਵਿਕਰੀ ਵਸਤੂ ਵਾਂਗ ਬੋਲੀ ਲਾ ਰਹੇ ਨੇ |'

-10-ਸੀ, 102, ਸ਼ਿਵਪੁਰੀ ਮੁਹੱਲਾ, ਧੂਰੀ (ਪੰਜਾਬ) |

ਵਕਤ-ਵਕਤ ਦੀਆਂ ਗੱਲਾਂ

ਮਾਸਟਰ ਜੀ ਦਾ ਸਾਈਕਲ ਅਤੇ ਪੈੱਨ-ਘੜੀ

ਸਮਾਂ ਆਪਣੀ ਚਾਲੇ ਚਲਦਾ ਰਹਿੰਦਾ ਹੈ | ਕੁਝ ਘਟਨਾਵਾਂ ਚੇਤਿਆਂ ਦੀ ਚੰਗੇਰ ਵਿਚ ਘਰ ਕਰ ਲੈਂਦੀਆਂ ਹਨ | ਕੋਈ ਸਮਾਂ ਸੀ ਜਦੋਂ ਸਮਾਂ ਵੇਖਣ ਲਈ ਗੁੱਟ-ਘੜੀਆਂ ਕਿਸੇ ਟਾਵੇਂ-ਵਿਰਲੇ ਕੋਲ ਹੀ ਹੁੰਦੀਆਂ ਸਨ | ਘੜੀ ਵਾਲਾ ਬੰਦਾ ਕਮੀਜ਼ ਦੀ ਬਾਂਹ ਉਤਾਂਹ ਟੁੰਗੀ ਫਿਰਦਾ | ਸਕੂਟਰ, ਮੋਟਰ-ਸਾਈਕਲ ਤਾਂ ਦੂਰ ਦੀ ਗੱਲ, ਸਾਈਕਲ ਵਾਲੇ ਦਾ ਚੰਗਾ ਟੌਹਰ-ਟੱਪਾ ਹੁੰਦਾ ਸੀ | ਸਾਡੇ ਮਾਸਟਰ ਜੀ ਨੇ ਨਵਾਂ-ਨਵਾਂ ਸਾਈਕਲ ਖਰੀਦਿਆ ਸੀ | ਜਿਸ ਦਿਨ ਮਾਸਟਰ ਜੀ ਸਾਈਕਲ ਲਿਆਏ ਸਨ, ਪੂਰੇ ਪਿੰਡ ਵਿਚ ਖ਼ਬਰ ਹੋ ਗਈ ਸੀ | ਤਰਕਾਲਾਂ ਵੇਲੇ ਜਦੋਂ ਸਾਈਕਲ ਬੱਸ ਦੀ ਛੱਤ ਤੋਂ ਲਾਹ ਕੇ ਮਾਸਟਰ ਜੀ ਘਰ ਵੱਲ ਨੂੰ ਤੁਰੇ, ਤਾਂ ਨਿਆਣਿਆ ਦੀ ਟੋਲੀ ਮਗਰ ਹੀ ਤੁਰ ਪਈ ਸੀ | ਮਾਸਟਰ ਜੀ ਦੇ ਝਿੜਕਣ ਦੇ ਬਾਵਜੂਦ ਵੀ ਨਿਆਣੇ ਸਾਈਕਲ ਦੇ ਨਾਲ-ਨਾਲ ਘਰ ਤੱਕ ਅੱਪੜ ਗਏ ਸਨ | ਮਾਸਟਰ ਜੀ ਦਬਕਾ ਮਾਰਕੇ ਵਾਪਸ ਭਜਾਉਣ ਲੱਗੇ ਤਾਂ ਉਨ੍ਹਾਂ ਦੀ ਖੁਸ਼ੀ 'ਚ ਖੀਵੀ ਹੋਈ ਘਰ ਵਾਲੀ ਵਿਚੋਂ ਬੋਲ ਪਈ ਸੀ, ਕਾਹਤੋਂ ਤਾੜਦੇ ਓ ਇਨ੍ਹਾਂ ਵਿਚਾਰਿਆਂ ਨੂੰ | ਗੁੜ ਦੀ ਰੋੜੀ-ਰੋੜੀ ਦੇ ਕੇ ਵਾਪਸ ਤੋਰੇ ਸਨ | ਨਿਆਣਿਆਂ ਲਈ ਇਹ ਨਵੀਂ ਸ਼ੈਅ ਸੀ | ਪਿੰਡ ਵਿਚ ਪਹਿਲਾਂ ਵੀ ਇਕ ਮੁਲਾਜ਼ਮ ਸਾਈਕਲ ਲਿਆਇਆ ਸੀ, ਪਰ ਛੁੱਟੀ ਖਤਮ ਹੁੰਦੇ ਸਾਰ ਹੀ ਜਿੰਦਰਾ ਮਾਰ ਪਿਛਲੇ ਅੰਦਰ ਖੇਸੀ ਨਾਲ ਢਕ ਸੰਭਾਲ ਗਿਆ ਸੀ | ਹੁਣ ਪਿੰਡ ਵਿਚ ਮਾਸਟਰ ਜੀ ਦੀ ਪੂਰੀ ਚੜ੍ਹਾਈ ਸੀ | ਦੂਜੇ ਦਿਨ ਸਾਈਕਲ 'ਤੇ ਚੜ੍ਹ ਸਕੂਲ ਗਏ ਤਾਂ ਸਾਥੀ ਮਾਸਟਰਾਂ ਨਾਲ ਸਾਰੀ ਦਿਹਾੜੀ ਚਰਚਾ ਦਾ ਵਿਸ਼ਾ ਸਾਈਕਲ ਹੀ ਰਿਹਾ | ਜਦੋਂ ਸਕੂਲ ਦੇ ਨਿਆਣੇ ਨੇੜੇ ਹੋ-ਹੋ ਦੇਖਣ ਤਾਂ ਮਾਸਟਰ ਜੀ ਦਬਕਾ ਮਾਰਦੇ, 'ਓਏ ਖਰਾਬ ਨਾ ਕਰ ਦਿਓ ਪਤੰਦਰੋ! ਜਦੋਂ ਖੱਬਾ ਪੈਰ ਪੈਡਲ 'ਤੇ ਰੱਖ ਸਾਈਕਲ ਨੂੰ ਰੇੜ੍ਹ ਸੱਜੀ ਲੱਤ ਘੁਮਾਕੇ ਸਾਈਕਲ 'ਤੇ ਚੜ੍ਹਦੇ ਤਾਂ ਦੇਖਣ ਵਾਲਿਆਂ ਲਈ ਅਲੋਕਾਰੀ ਘਟਨਾ ਜਾਪਦੀ | ਸ਼ਾਮ ਵੇਲੇ ਸਾਈਕਲ ਦੇ ਡੰਡੇ 'ਤੇ ਤੌਲੀਆਂ ਰੱਖ ਛੋਟੇ ਜੁਆਕ ਨੂੰ ਮੂਹਰੇ ਬਿਠਾਉਂਦੇ ਅਤੇ ਵੱਡੇ ਨੂੰ ਪਿੱਛੇ ਬਿਠਾ ਪਿੰਡ ਦੀ ਕੱਚੀ ਫਿਰਨੀ ਦੁਆਲੇ ਝੂਟੇ ਦਿੰਦੇ | ਛੁੱਟੀ ਵਾਲੇ ਦਿਨ ਘਰ ਵਾਲੀ ਨੂੰ ਸਾਈਕਲ ਪਿੱਛੇ ਬਿਠਾ ਕੇ ਸਹੁਰੇ ਜਾਂਦਿਆਂ ਮਾਸਟਰ ਜੀ ਹਵਾ ਨਾਲ ਗੱਲਾਂ ਕਰਦੇ ਜਾਂਦੇ | ਪਿੰਡਾਂ ਵਿਚੋਂ ਘੰਟੀ ਮਾਰ ਜਦੋਂ ਰਸਤਾ ਮੰਗਦੇ ਤਾਂ ਸੱਥ ਵਿਚ ਬੈਠੇ ਲੋਕਾਂ ਦਾ ਧਿਆਨ ਆਪ-ਮੁਹਾਰੇ ਹੀ ਮਾਸਟਰ ਜੀ ਵੱਲ ਖਿੱਚਿਆ ਜਾਂਦਾ | 'ਬਈ ਮਾਸਟਰ... ਸਿੰਹੁ ਨੇ ਸ਼ੈਕਲ ਖਰੀਦਿਐ, ਸੁਣਿਐ ਪੂਰੇ ਡੂਢ ਸੌ ਐ | ਘਰ ਦਾ ਸੰਦ ਬਣ ਗਿਆ, ਨਾਲੇ ਆਪਣੀ ਮਸ਼ੀਨਰੀ ਦੀ ਮੌਜ ਐ, ਜਦ ਮਰਜੀ ਹੱਕ ਲਓ |' ਸੱਥ ਵਿਚ ਬੈਠੇ ਬਜ਼ੁਰਗਾਂ 'ਚ ਚਰਚਾ ਛਿੜ ਜਾਂਦੀ |
ਮਾਸਟਰ ਜੀ ਤਾਂ ਪਹਿਲਾਂ ਹੀ ਮਾਣ ਨਹੀਂ ਸਨ, ਉੱਪਰੋਂ ਉਨ੍ਹਾਂ ਦੇ ਦੁਬਈ ਰਹਿੰਦੇ ਦੋਸਤ ਨੇ ਚਾਂਦੀ ਰੰਗੀ ਸਟੀਲ ਦੇ ਖੋਲ ਵਾਲੀ ਪੈੱਨ-ਘੜੀ ਭੇਜ ਦਿੱਤੀ | ਮਾਸਟਰ ਜੀ ਦੀ ਹੋ ਗਈ ਬੱਲੇ-ਬੱਲੇ | ਪੈੱਨ ਦੇ ਨਾਲ-ਨਾਲ ਘੜੀ | ਮਾਸਟਰ ਜੀ ਟੂ-ਇੰਨ-ਵੰਨ ਜੇਬ 'ਚ ਪਾਈ ਫਿਰਨ, ਨਾਲੇ ਸਾਈਕਲ ਹੇਠਾਂ | ਜਦੋਂ ਵੀ ਕੋਈ ਟਾਈਮ ਪੁੱਛਦਾ ਮਾਸਟਰ ਜੀ ਚਾਈਾ-ਚਾਈਾ ਪੈੱਨ ਕੱਢਦੇ, ਟਾਈਮ ਦੱਸਦੇ | ਸਵੇਰੇ ਸਕੂਲ ਲੱਗਣ ਤੋਂ ਪਹਿਲਾਂ ਅਤੇ ਛੁੱਟੀ ਤੋਂ ਬਾਅਦ ਜਦੋਂ ਮਾਸਟਰ ਜੀ ਸਾਈਕਲ 'ਤੇ ਸਵਾਰ ਹੁੰਦੇ ਤਾਂ ਬੱਚੇ ਆਵਾਜ਼ ਦਿੰਦੇ, 'ਮਾਸਟਰ ਜੀ, ਕੀ ਟੈਮ ਹੋਇਆ? ਮਾਸਟਰ ਜੀ , ਕੀ ਟੈਮ ਹੋਇਆ?' ਮਾਸਟਰ ਜੀ ਸਾਈਕਲ ਰੋਕ ਕੇ ਸਟੈਂਡ 'ਤੇ ਲਾਉਂਦੇ, ਸਾਈਕਲ ਦੇ ਹੈਂਡਲ ਨਾਲ ਟੰਗੇ ਝੋਲੇ ਵਿਚੋਂ ਐਨਕ ਕੱਢ ਕੇ ਸੈੱਟ ਕਰਦੇ, ਜੇਬ ਵਿਚੋਂ ਪੈੱਨ-ਘੜੀ ਕੱਢ ਟਾਈਮ ਦੱਸਦੇ, ਫਿਰ ਸਾਈਕਲ ਰੇੜ੍ਹ ਲੈਂਦੇ | ਇਕ ਦਿਨ ਮਾਸਟਰ ਜੀ ਦਾ ਸਾਈਕਲ ਪੈਂਚਰ ਹੋ ਗਿਆ | ਸਾਈਕਲ ਮੁਰੰਮਤ ਵਾਲੀ ਦੁਕਾਨ ਪਿੰਡ ਤੋਂ ਪੂਰੇ ਪੰਜ ਕਿਲੋਮੀਟਰ ਦੂਰ ਸੀ, ਹਾਈ ਸਕੂਲ ਲਾਗੇ | ਹਾੜ੍ਹ ਮਹੀਨਾ, ਉੱਤੋਂ ਕਹਿਰ ਦੀ ਗਰਮੀ | ਫਿਰ ਕੀ ਸੀ, ਮਾਸਟਰ ਜੀ ਚਲ ਪਏ ਸਾਈਕਲ ਦੇ ਨਾਲ-ਨਾਲ | ਕੱਚੀ ਸੜਕ ਦੇ ਆਲੇ-ਦੁਆਲੇ ਵਾਲੇ ਖੇਤਾਂ ਵਿਚ ਮੱਕੀ ਦੀ ਗੋਡੀ ਕਰਦੇ ਲੋਕਾਂ ਦੀਆਂ ਅਵਾਜ਼ਾਂ ਸ਼ੁਰੂ ਹੋ ਗਈਆਂ, 'ਮਾਸਟਰ ਜੀ, ਕੀ ਟਾਈਮ ਹੋਇਆ, ਮਾਸਟਰ ਜੀ ਕੀ...?' ਬੱਚਿਆਂ ਦੀ ਦੇਖਾ-ਦੇਖੀ ਪਿੰਡ ਦੇ ਲੋਕ ਵੀ ਮਾਸਟਰ ਜੀ ਤੋਂ ਟਾਈਮ ਪੁੱਛਣ ਲੱਗ ਪਏ ਸਨ | ਮਾਸਟਰ ਜੀ ਨੂੰ ਘਰ ਤੋਂ ਸਕੂਲ ਅਤੇ ਸਕੂਲ ਤੋਂ ਘਰ ਤੱਕ ਪਹੁੰਚਦਿਆਂ ਇਹ ਐਕਸਰਸਾਈਜ਼ ਕਈ ਵਾਰ ਦੁਹਰਾਉਣੀ ਪੈਂਦੀ, ਪਰ ਉਨ੍ਹਾਂ ਕਦੇ ਅਕੇਵਾਂ ਮਹਿਸੂਸ ਨਹੀਂ ਕੀਤਾ | ਤਮਾਸ਼ਬੀਨਾਂ ਦੀ ਇਸ ਮਸ਼ਕਰੀ ਬਾਰੇ ਕਈ ਮਹੀਨਿਆਂ ਬਾਅਦ ਜਦੋਂ ਮਾਸਟਰ ਜੀ ਨੂੰ ਪਤਾ ਲੱਗਾ ਤਾਂ ਉਨ੍ਹਾਂ ਅਗਾਂਹ ਤੋਂ ਟਾਈਮ ਦੱਸਣ ਤੋਂ ਤੋਬਾ ਕੀਤੀ | ਜੇ ਹੁਣ ਕੋਈ ਟਾਈਮ ਪੁੱਛਦਾ ਵੀ ਤਾਂ ਬੁੜ੍ਹ-ਬੁੜ੍ਹ ਕਰਦੇ ਸਾਈਕਲ ਹੋਰ ਤੇਜ਼ ਤੋਰ ਲੈਂਦੇ |

-ਪਿੰਡ ਤੇ ਡਾ: ਕਾਲੇਵਾਲ ਬੀਤ, ਤਹਿਸੀਲ : ਗੜ੍ਹਸ਼ੰਕਰ, ਜ਼ਿਲ੍ਹਾ ਹੁਸ਼ਿਆਰਪੁਰ |
ਮੋਬਾ: 94638-51568. amrikdayal@gmail.com

ਹਮਦਰਦੀ ਭਰੇ ਬੋਲਾਂ ਦਾ ਅਸਰ

ਉਸ ਪਿੰਡ ਦਾ ਇਕ ਸਾਧਾਰਨ ਕਿਸਾਨ ਗਹਿਣਾ ਸਿੰਘ ਖੇਤੀ ਕਰਜ਼ੇ ਦੇ ਬੋਝ ਹੇਠ ਬੁਰੀ ਤਰ੍ਹਾਂ ਦੱਬਿਆ ਪਿਆ ਸੀ | ਆਪਣੀ ਤਿੰਨ ਕੁ ਕਿੱਲੇ ਜਰਖੇਜ਼ ਜ਼ਮੀਨ ਬੈਂਕ ਨੂੰ ਗਿਰਵੀ ਰੱਖ ਲਿਆ ਕਰਜ਼ਾ ਤਾਂ ਉਸ ਨੇ ਆਪਣੇ ਲਾਡਲੇ/ਜ਼ਿੱਦੀ ਪੁੱਤਰ ਨੂੰ ਗ਼ੈਰ-ਕਾਨੂੰਨੀ ਤੌਰ 'ਤੇ ਅਮਰੀਕਾ ਭੇਜਣ 'ਤੇ ਰੋੜ੍ਹ ਦਿੱਤਾ ਸੀ | ਉਥੇ ਪਹੁੰਚ ਕੇ ਉਹਦਾ ਪੁੱਤਰ ਵਿਦੇਸ਼ੀ ਰੰਗੀਨੀਆਂ ਵਿਚ ਗੁਆਚ ਗਰੀਬ ਮਾਂ-ਬਾਪ ਦੀਆਂ ਆਸਾਂ-ਉਮੀਦਾਂ 'ਤੇ ਪਾਣੀ ਫੇਰ ਆਪਣੇ ਪਿਛੋਕੜ ਨੂੰ ਭੁੱਲ-ਭੁਲਾ ਸ਼ਰਾਬ ਅਤੇ ਸ਼ਬਾਬ ਦੇ ਨਸ਼ੇ ਵਿਚ ਲਬਰੇਜ਼ ਹੋ ਗਿਆ |
ਘਰੇਲੂ ਮੋਹ ਤੋਂ ਮੰੂਹ ਮੋੜ ਗਏ ਪੁੱਤਰ ਦੇ ਗ਼ਮ ਤੋਂ ਇਲਾਵਾ ਗਹਿਣਾ ਸਿੰਘ ਨੂੰ ਬੂਹੇ ਬੈਠੀ ਜਵਾਨ ਧੀ ਦੇ ਵਿਆਹ ਦਾ ਫਿਕਰ ਵੀ ਵੱਢ-ਵੱਢ ਖਾਣ ਲੱਗਾ | ਕਰਜ਼ੇ 'ਤੇ ਲਿਆ ਟਰੈਕਟਰ ਕਿਸ਼ਤਾਂ ਨਾ ਮੋੜਨ ਕਾਰਨ ਕੰਪਨੀ ਵਾਲਿਆਂ ਆਪਣੇ ਕਬਜ਼ੇ ਕਰ ਲਿਆ | ਓਧਰ ਬੈਂਕ ਦੇ ਕਰਜ਼ੇ ਦੀ ਮਿਆਦ ਪੁੱਗ ਜਾਣ 'ਤੇ ਕਰਜ਼ਾ ਨਾ ਮੋੜ ਸਕਣ ਦੇ ਸਿੱਟੇ ਵਜੋਂ ਬੈਂਕ ਵਲੋਂ ਪੂਰਾ ਕਰਜ਼ਾ ਚੁਕਾਉਣ ਜਾਂ ਜ਼ਮੀਨ ਨਿਲਾਮ ਕਰਨ ਹਿਤ ਨਿਲਾਮੀ ਨੋਟਿਸ ਆਉਣ ਲੱਗ ਪਏ ਸਨ | ਕਿਉਂਕਿ ਸਰਕਾਰ ਦੀ ਕਰਜ਼ਾਈ ਕਿਸਾਨ ਦੀ ਕਰਜ਼ਾ ਮੁਆਫ਼ੀ ਦਾ ਵਾਅਦਾ ਖਿਲਾਫ਼ੀ ਸਦਕਾ ਸਰਕਾਰੇ-ਦਰਬਾਰੇ ਵੀ ਉਸ ਦੀ ਬਾਂਹ ਫੜਨ ਲਈ ਕੋਈ ਤਿਆਰ ਨਹੀਂ ਸੀ |
ਹੁਣ ਆਰਥਿਕ ਮੰਦਹਾਲੀ ਦਾ ਸ਼ਿਕਾਰ ਹੋਇਆ ਗਹਿਣਾ ਸਿੰਘ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਰਹਿੰਦਾ ਢਹਿੰਦੀਆਂ ਕਲਾਂ ਵੱਲ ਸੋਚਣ ਲੱਗਾ | ਆਰਥਿਕ ਤੰਗੀ-ਤੁਰਸ਼ੀ ਨਾ ਸਹਾਰਦੇ ਹੋਏ ਵੱਡੀ ਗਿਣਤੀ ਵਿਚ ਕਿਸਾਨਾਂ ਵਲੋਂ ਦੇਸ਼ ਭਰ ਵਿਚ ਝੁਲੀ ਖੁਦਕੁਸ਼ੀਆਂ ਦੀ ਹਨੇਰੀ ਗਹਿਣਾ ਸਿੰਘ ਦੇ ਦਿਲੋ-ਦਿਮਾਗ 'ਤੇ ਛਾ ਗਈ | ਉਹਦੀ ਅਜਿਹੀ ਨਿਰਾਸ਼ਾਵਾਦੀ ਸੋਚ ਉਸ ਰਾਤ ਅੱਧ-ਸੁੱਤੇ ਪਿਆਂ ਸਵੈ-ਸੰਵਾਦ ਰਚਾਉਂਦਿਆਂ/ਬੁੜਬੁੜਾਉਂਦਿਆਂ ਇੰਜ ਜ਼ਾਹਿਰ ਹੋਈ, 'ਇਹ ਜ਼ਮੀਨ ਤਾਂ ਜੱਟ ਦੀ ਮਾਂ ਹੁੰਦੀ ਏ ਬੈਂਕ ਵਾਲਿਓ | ਇਹਦੀ ਬੈਅ/ਨਿਲਾਮੀ ਦੀ ਗੱਲ ਭੁੱਲ ਜਾਓ | ਮੈਂ ਆਪਣੇ ਜਿਊਾਦੇ ਜੀਅ ਇਥੇ ਕਿਸੇ ਨੂੰ ਪੈਰ ਵੀ ਨਹੀਂ ਧਰਨ ਦਿਆਂਗਾ | ਇਹਦੇ ਬਦਲੇ ਮੇਰੀ ਜਾਨ ਵੀ ਚਲੀ ਜਾਏ ਪ੍ਰਵਾਹ ਨਹੀਂ | ਮੈਨੂੰ ਖੁਦਕੁਸ਼ੀ ਵੀ ਕਰਨੀ ਪਈ ਤਾਂ ਪਿਛੇ ਨਹੀਂ ਹਟਾਂਗਾ |'
ਗਹਿਣਾ ਸਿੰਘ ਦੇ ਅੰਦਰ ਦੀ ਗੱਲ ਸੁਣ ਕੇ ਨੇੜਲੇ ਮੰਜੇ 'ਤੇ ਪਈ ਪਿੰਡ ਵਿਚ ਚੰਗਾ ਅਸਰ ਰਸੂਖ ਰੱਖਣ ਵਾਲੀ ਉਹਦੀ ਪਤਨੀ ਨਸੀਬ ਕੌਰ ਸਭ ਕੁਝ ਜਾਂਚ-ਭਾਂਪ ਗਈ | ਆਪਣੇ ਘਰ 'ਤੇ ਮੁਸੀਬਤ ਦਾ ਪਹਾੜ ਡਿੱਗਦਾ ਵੇਖ ਉਹ ਅੰਦਰੋ-ਅੰਦਰ ਸੁਲਘਦੀ ਸਵੇਰ ਹੁੰਦਿਆਂ ਹੀ ਪਿੰਡ ਦੇ ਸਿਆਣੇ ਸਰਪੰਚ ਕੋਲ ਗਈ ਤੇ ਉਸ ਨੂੰ ਗਹਿਣਾ ਸਿੰਘ ਦੀ ਗਮਗੀਨ ਗਾਥਾ ਖੋਲ੍ਹ ਸੁਣਾਈ | ਪਤੀ ਨੂੰ ਸਮਝਾਉਣ ਲਈ ਸਰਪੰਚ ਨੂੰ ਬੇਨਤੀ ਸਹਿਤ ਆਪਣੇ ਘਰ ਬੁਲਾਇਆ |
ਸੁਲਝੇ ਹੋਏ ਸਰਪੰਚ ਨੇ ਗਹਿਣਾ ਸਿੰਘ ਨੂੰ ਨਸੀਹਤ ਦਿੰਦਿਆਂ ਕਿਹਾ, 'ਗਹਿਣਾ ਸਿਹਾਂ, ਮੈਂ ਤੇਰੀ ਮਾਨਸਿਕ ਅਵਸਥਾ ਨੂੰ ਭਲੀ-ਭਾਂਤ ਵੇਖ ਸੁਣ ਲਿਆ | ਖ਼ੁਦਕੁਸ਼ੀਆਂ ਦੇ ਖੂਨੀ ਖੂਹਾਂ ਵਿਚ ਛਾਲ ਮਾਰਨੀ ਕਿਸੇ ਸਮੱਸਿਆ ਦਾ ਹੱਲ ਨਹੀਂ ਸਰਦਾਰ ਜੀ | ਇਹ ਤਾਂ ਬੁਜ਼ਦਿਲ ਅਤੇ ਕਾਇਰ ਲੋਕਾਂ ਦੀਆਂ ਕੋਝੀਆਂ ਕਮੀਨੀਆਂ ਸ਼ਰਮਨਾਕ ਹਰਕਤਾਂ ਨੇ | ਮੈਨੂੰ ਪਤੈ ਜ਼ਿਮੀਂਦਾਰ ਅਤੇ ਜ਼ਮੀਨ ਦਾ ਰਿਸ਼ਤਾ ਬੜਾ ਕਰੀਬ ਹੁੰਦੈ | ਬਾਕੀ ਤੇਰੇ ਨਾਲ ਮੇਰਾ ਵਾਅਦਾ ਰਿਹਾ ਮੈਂ ਤੇਰੀ ਗਹਿਣੇ ਪਈ ਜ਼ਮੀਨ ਨਿਲਾਮ ਨਹੀਂ ਹੋਣ ਦਿਆਂਗਾ | ਮੈਂ ਤੇਰੀ ਜ਼ਿੰਦਗੀ ਦੇ ਬੁਝਦੇ ਹੋਏ ਦੀਵੇ ਨੂੰ ਰੌਸ਼ਨੀ ਦਿਆਂਗਾ | ਤੇਰੀ ਡੁੱਬਦੀ ਜੀਵਨ ਬੇੜੀ ਨੂੰ ਮੋਢਾ ਦਿਆਂਗਾ | ਬਸ਼ਰਤੇ ਤੂੰ ਆਪਣੇ ਮਨ-ਮਸਤਕ ਦੀ ਕੈਨਵਸ 'ਤੇ ਚਿਤਰੇ ਖੁਦਕੁਸ਼ੀ ਦੇ ਖ਼ੂਨੀ ਖੰਡਰ ਮਿਟਾਅ, ਖੁਦ ਖੁਸ਼ੀ ਦੇ ਖੁਸ਼ਹਾਲ ਚਿੱਤਰ ਸਿਰਜ ਲੈ ਤੇ ਫਿਰ ਵੇਖ ਤੇਰਾ ਆਪਾ ਖੁਦ-ਖੁਸ਼ੀਆਂ-ਖੇੜੇ ਵੰਡਦਾ ਤੇਰੇ ਘਰ ਪਰਿਵਾਰ ਨੂੰ ਸਰਸ਼ਾਰ ਕਰ ਦੇਵੇਗਾ |
ਸਰਪੰਚ ਦੇ ਵਿਦਵਤਾ ਭਰਪੂਰ, ਦਲੇਰੀ ਅਤੇ ਹਮਦਰਦੀ ਭਰੇ ਬੋਲ ਸੁਣ ਕੇ ਕਿਸਾਨ ਗਹਿਣਾ ਸਿੰਘ ਦੇ ਬੇਜਾਨਨੁਮਾ ਬੁੱਤ ਨੂੰ ਜਿਵੇਂ ਜੀਵਨਦਾਇਕ ਆਕਸੀਜਨ ਮਿਲ ਗਈ ਹੋਵੇ |

-234, ਸੁਦਰਸ਼ਨ ਪਾਰਕ, ਮਕਸੂਦਾਂ, ਜਲੰਧਰ |
ਮੋਬਾਈਲ : 99887-10234.

ਕਾਵਿ ਵਿਅੰਗ: ਖੁੱਲ੍ਹੇ ਖਰਚੇ

• ਰਾਜਾ ਗਿੱਲ (ਚੜਿੱਕ) •
ਵਿਰਲੇ ਟਾਵੇਂ ਹੀ ਮੁੱਖ 'ਤੇ ਅੱਜ ਦਿਸੇ ਹਾਸਾ,
ਝੋਰੇ ਟੈਨਸ਼ਨਾਂ ਹਰੇਕ ਨੂੰ ਹੀ ਖਾਈ ਜਾਂਦੇ |
ਓਨੀ ਆਮਦ ਲੋਕਾਂ ਨੂੰ ਨਹੀਂ ਹੁੰਦੀ,
ਜਿੰਨੇ ਖਰਚ ਮਹੀਨੇ ਦੇ ਆਈ ਜਾਂਦੇ |
ਤੰਦਰੁਸਤ ਨਾ ਕੋਈ ਵੀ ਨਜ਼ਰ ਆਉਂਦਾ,
ਪੱਤੇ ਦਵਾਈਆਂ ਦੇ ਹਰ ਘਰੋਂ ਥਿਆਈ ਜਾਂਦੇ |
ਆਪਣੇ ਅੰਦਰ ਨਹੀਂ ਮਾਰਦਾ ਕੋਈ ਝਾਤੀ,
ਗੱਲਾਂ ਹੋਰਾਂ ਨੂੰ ਬੜੇ ਸਮਝਾਈ ਜਾਂਦੇ |
ਕਰਨਾ ਕੁਝ ਨੀ ਝੂਠੇ ਇਥੇ ਸਭ ਨੇਤਾ,
ਆਸਾਂ ਝੂਠੀਆਂ ਇਨ੍ਹਾਂ ਤੋਂ ਲੋਕ ਲਾਈ ਜਾਂਦੇ |
ਭਵਿੱਖ 'ਚ ਉਹੀ ਰਾਜੇ ਰਹਿਣੇ ਬੜੇ ਸੌਖੇ,
ਖੁੱਲ੍ਹੇ ਖਰਚਿਆਂ ਉਤੇ ਜੋ ਕਾਬੂ ਪਾਈ ਜਾਂਦੇ |

-ਪਿੰਡ ਤੇ ਡਾਕ: ਚੜਿੱਕ, ਜ਼ਿਲ੍ਹਾ ਮੋਗਾ | ਮੋਬਾ : 94654-11585.

ਪਤੇ ਦੀ ਗੱਲ: ਵਫ਼ਾਦਾਰੀ

ਸੁਲੇਮਾਨ ਬਾਦਸ਼ਾਹ ਗੁਲਾਮ ਰੱਖੇ ਗਏ ਜਮੀਲ ਦਾ ਿਖ਼ਆਲ ਆਪਣੇ ਬੱਚੇ ਵਾਂਗ ਰੱਖਦੇ ਸਨ | ਇਕ ਦਿਨ ਸੁਲੇਮਾਨ ਬਾਦਸ਼ਾਹ ਜਮੀਲ ਨੂੰ ਲੈ ਕੇ ਸ਼ਿਕਾਰ ਖੇਡਣ ਲਈ ਜੰਗਲ ਵੱਲ ਗਏ | ਜੰਗਲ 'ਚ ਘੰੁਮਦਿਆਂ-ਘੰੁਮਦਿਆਂ ਉਨ੍ਹਾਂ ਨੂੰ ਭੁੱਖ ਲੱਗ ਗਈ | ਜਮੀਲ ਥੋੜ੍ਹੀ ਦੂਰ ਗਿਆ ਤਾਂ ਬਾਦਸ਼ਾਹ ਲਈ ਇਕ ਰਸਿਆ ਹੋਇਆ ਫਲ ਤੋੜ ਕੇ ਲਿਆਇਆ | ਬਾਦਸ਼ਾਹ ਨੂੰ ਫਲ ਦੇਣ ਤੋਂ ਪਹਿਲਾਂ ਜਮੀਲ ਨੇ ਇਸ ਫਲ ਦਾ ਸਵਾਦ ਆਪ ਦੇਖਣਾ ਚਾਹਿਆ ਤਾਂ ਉਹ ਲਗਾਤਾਰ ਫਲ ਖਾਣ ਲੱਗ ਪਿਆ | ਬਾਦਸ਼ਾਹ ਨੂੰ ਇਹ ਦੇਖ ਕੇ ਗੁੱਸਾ ਆਇਆ ਕਿ ਜਮੀਲ ਬੜਾ ਖੁਦਗਰਜ਼ ਬੰਦਾ ਹੈ, ਮੈਨੂੰ ਭੁੱਖ ਲੱਗੀ ਹੈ ਤੇ ਇਹ ਫਲ ਮੈਨੂੰ ਦੇਣ ਦੀ ਬਜਾਏ ਆਪ ਹੀ ਖਾਈ ਜਾਂਦਾ ਹੈ | ਜਦੋਂ ਫਲ ਥੋੜ੍ਹਾ ਜਿਹਾ ਰਹਿਗਿਆ ਤਾਂ ਬਾਦਸ਼ਾਹ ਨੇ ਗੁੱਸੇ ਨਾਲ ਝਪਟ ਮਾਰ ਕੇ ਬਾਕੀ ਬਚਦਾ ਫਲ ਜਮੀਲ ਤੋਂ ਖੋਹ ਲਿਆ ਤੇ ਖਾਣਾ ਸ਼ੁਰੂ ਕਰ ਦਿੱਤਾ | ਪਰ ਉਸੇ ਪਲ ਬਾਦਸ਼ਾਹ ਨੇ ਇਸ ਫਲ ਦੀ ਗਰਾਹੀ ਥੂ-ਥੂ ਕਰ ਕੇ ਪਰ੍ਹੇ ਸੁੱਟ ਦਿੱਤੀ ਤੇ ਗੁੱਸੇ ਨਾਲ ਜਮੀਲ ਨੂੰ ਬੋਲੇ, 'ਕੰਬਖ਼ਤ ਇਹ ਏਨਾ ਕੌੜਾ ਫਲ ਤੂੰ ਦੱਸਿਆ ਤੱਕ ਨਹੀਂ ਪਰ ਅਰਾਮ ਨਾਲ ਖਾਈ ਜਾ ਰਿਹਾ ਹੈਾ |' ਤਾਂ ਜਮੀਲ ਨੇ ਬੜੀ ਹਲੀਮੀ ਨਾਲ ਜਵਾਬ ਦਿੱਤਾ, 'ਜਹਾਂ ਪਨਾਹ ਆਪ ਜੀ ਨਾਲ ਰਹਿੰਦਿਆਂ ਹਮੇਸ਼ਾ ਹੀ ਮੈਂ ਮਿੱਠੇ ਫਲ ਖਾਧੇ ਨੇ ਸੋਚਿਆ ਕਿ ਫਿਰ ਕੀ ਹੋਇਆ ਜੇ ਅੱਜ ਕੌੜਾ ਫਲ ਖਾਣਾ ਪੈ ਗਿਆ |'ਇਹ ਤਾਂ ਤੁਸੀਂ ਮੈਥੋਂ ਖੋਹ ਲਿਆ ਨਹੀਂ ਤਾਂ ਮੈਂ ਇਸ ਕੌੜੇ ਫਲ ਦਾ ਤੁਹਾਨੂੰ ਜਰਾ ਵੀ ਪਤਾ ਨਹੀਂ ਸੀ ਲੱਗਣ ਦੇਣਾ |' ਸੁਲੇਮਾਨ ਬਾਦਸ਼ਾਹ ਗੁਲਾਮ ਕੀਤੇ ਜਮੀਲ ਦਾ ਜਵਾਬ ਸੁਣ ਕੇ ਬੇਹੱਦ ਖ਼ੁਸ਼ ਹੋਇਆ ਤੇ ਜਮੀਲ ਨੂੰ ਆਪਣੀ ਛਾਤੀ ਨਾਲ ਲਾ ਲਿਆ | ਹੁਣ ਬਾਦਸ਼ਾਹ ਨੇ ਗੁਲਾਮ ਜਮੀਲ ਨੂੰ ਉਸ ਦੀ ਇਸ ਵਫ਼ਾਦਾਰੀ ਦਾ ਇਨਾਮ ਦੇਣਾ ਚਾਹਿਆ | ਬਾਦਸ਼ਾਹ ਨੇ ਜਮੀਲ ਨੂੰ ਸਦਾ-ਸਦਾ ਲਈ ਇਸ ਗੁਲਾਮੀ ਤੋਂ ਮੁਕਤ ਕਰ ਦਿੱਤਾ | ਇਹ ਸੀ ਜਮੀਲ ਦੀ ਵਫ਼ਾਦਾਰੀ ਦਾ ਇਨਾਮ |

-511, ਖਹਿਰਾ ਇਨਕਲੇਵ, ਜਲੰਧਰ-144007.
ਮੋਬਾਈਲ : 94173-89003.

ਜਦੋਂ ਬਚਪਨ ਦੀ ਘਟਨਾ ਨੇ ਸਿੱਖਿਆ ਦਿੱਤੀ

ਇਕ ਦਿਨ ਦੀ ਗੱਲ ਹੈ ਕਿ ਇਕ ਬੱਚਾ ਨਰਸਰੀ ਕਲਾਸ ਵਿਚ ਪਹਿਲੇ ਹੀ ਦਿਨ ਆਇਆ | ਬੜਾ ਰੋ ਰਿਹਾ ਸੀ | ਜਿੰਨਾ ਆਪਾਂ ਸੋਚ ਲਈਏ ਕਿ ਏਨਾ ਕੁ ਰੋ ਸਕਦਾ ਨਵਾਂ ਦਾਖ਼ਲ ਹੋਇਆ ਬੱਚਾ, ਉਸ ਤੋਂ ਬਹੁਤ ਜ਼ਿਆਦਾ | ਬੜਾ ਲਾਡਲਾ ਜਾਪਦਾ ਸੀ ਤਾਂ ਹੀ ਉਸ ਦੀ ਮਾਂ ਸਕੂਲ ਦੀ ਵੈਨ ਵਿਚ ਉਸ ਦੇ ਨਾਲ, ਉਸ ਨੂੰ ਸਕੂਲ ਛੱਡਣ ਆਈ ਸੀ ਪਰ ਉਸ ਨੂੰ ਰੋਂਦਿਆਂ ਛੱਡ ਕੇ, ਚੀਸ ਵੱਟ ਕੇ, ਆਪਣਾ ਫ਼ੋਨ ਨੰਬਰ ਦਿੰਦਿਆਂ ਤੇ ਇਹ ਕਹਿੰਦਿਆਂ ਮੁੜ ਗਈ ਸੀ, 'ਜੇ ਜ਼ਿਆਦਾ ਰੋਵੇ ਤਾਂ ਫੋਨ ਕਰ ਦਇਓ | '
ਅੱਧੀ ਛੁੱਟੀ ਬੰਦ ਹੋਈ ਤਾਂ ਉਹ ਬੱਚਾ ਆਪਣੀ ਕਲਾਸ ਤੇ ਸਾਰੇ ਸਕੂਲ ਵਿਚ ਵੀ ਕਿਧਰੇ ਦਿਖਾਈ ਨਾ ਦੇਵੇ | ਸਭ ਨੂੰ ਹੱਥਾਂ-ਪੈਰਾਂ ਦੀਆਂ ਪੈ ਗਈਆਂ | ਅਧਿਆਪਕ, ਵੱਡੇ ਬੱਚੇ ਤੇ ਡਰਾਈਵਰ ਉਸ ਦੀ ਭਾਲ ਵਿਚ ਏਧਰ-ਓਧਰ ਦੌੜੇ ਪਰ ਅਸਫ਼ਲ | ਮੈਂ ਵੀ ਉਸ ਦੀ ਭਾਲ ਵਿਚ ਨਿਕਲਿਆ ਹੋਇਆ ਸਾਂ ਕਿ ਅਚਾਨਕ ਮੈਨੂੰ ਆਪਣੇ ਬਚਪਨ ਦੀ ਪਿੱਛੇ ਇਕ ਘਟਨਾ ਚੇਤੇ ਆ ਗਈ ਤੇ ਉਸ ਦਾ ਇਕ ਸਿੱਟਾ ਜਿਹਾ ਨਿਕਲ ਕੇ ਸਾਹਮਣੇ ਆਉਂਦਾ ਦਿਸਿਆ ਕਿ ਬੱਚਾ ਜਿਸ ਸੇਧ ਵਿਚ ਹੋਵੇ, ਓਧਰ ਨੂੰ ਹੀ ਤੁਰਿਆ ਜਾਂਦਾ ਹੈ | ਪਿੰਡ ਵੱਲ ਤਾਂ ਸਾਰੇ ਦੇਖਣ ਗਏ ਹੋਏ ਸਨ ਤੇ ਇਕ ਜਿਹੜਾ ਕੱਚਾ ਰਾਹ ਸਕੂਲ ਦੇ ਸਾਹਮਣਿਓਾ ਪਿੰਡੋਂ ਬਾਹਰ ਖੇਤਾਂ ਵੱਲ ਨੂੰ ਜਾਂਦਾ ਸੀ, ਮੈਂ ਉਸ ਰਾਹੇ ਬੱਚੇ ਦੀ ਭਾਲ ਵਿਚ ਤੁਰ ਪਿਆ | ਅੱਧਾ ਕੁ ਕਿਲੋਮੀਟਰ ਗਿਆ ਹੋਵਾਂਗਾ ਕਿ ਖੱਬੇ ਹੱਥ ਇਕ ਹਟਵੇਂ ਖੂਹ (ਖੇਤਾਂ ਵਿਚ ਬਣਾਇਆ ਘਰ) 'ਤੇ ਮੈਨੂੰ ਇਕ ਔਰਤ ਇਕ ਬੱਚੇ ਨੂੰ ਖਿਡਾਉਂਦੀ ਦਿਸੀ | ਇਕ ਬੱਚਾ ਉਸ ਦੇ ਨੇੜੇ ਹੋਰ ਖਲੋਤਾ ਸੀ |
ਮੈਂ ਉਸ ਪਾਸੇ ਸਾਈਕਲ ਪਾ ਲਿਆ ਤੇ ਔਰਤ ਨੂੰ ਬੱਚੇ ਬਾਰੇ ਪੁੱਛਿਆ | ਉਸ ਨੇ ਆਖਿਆ, 'ਇਹ ਬੱਚਾ ਏਧਰ ਰਾਹੇ-ਰਾਹ ਤੁਰਿਆ ਜਾਂਦਾ ਸੀ ਤੇ ਰੋਂਦਾ ਸੀ | ਮੈਂ ਇਹਨੂੰ ਏਥੇ ਲੈ ਆਈ ਤੇ ਗਡੀਰਨਾ (ਰਿੜ੍ਹਦਿਆਂ ਹੋਇਆਂ ਬੱਚਿਆਂ ਨੂੰ ਰਿੜ੍ਹਦਿਆਂ ਤੋਂ ਤੁਰਨ ਲਈ ਆਸਰਾ ਦਿੰਦਾ ਲੱਕੜ ਦਾ ਇਕ ਖਿਡੌਣਾ-ਨੁਮਾ ਯੰਤਰ) ਦੇ ਰਹੀ ਆਂ ਕਿ ਚੁੱਪ ਕਰ ਜਾਵੇ... ਮੰਨਦਾ ਨਹੀਂ | '
ਮੈਂ ਸਾਰੀ ਗੱਲ ਦੱਸੀ | ਜਦ ਨੂੰ ਮੇਰੇ ਹੋਰ ਸਾਥੀ ਵੀ ਉਥੇ ਪੁੱਜ ਗਏ ਤੇ ਉਸ ਸੁਹਿਰਦ ਔਰਤ ਦਾ ਦਿਲੀ ਸ਼ੁਕਰਾਨਾ ਕਰਦੇ, ਉਸ ਬੱਚੇ ਨੂੰ ਗੋਦੀ ਵਿਚ ਉਠਾ ਕੇ ਵਾਪਸ ਮੁੜ ਆਏ |
ਸਕੂਲ ਦੇ ਨੇੜੇ ਪਹੁੰਚੇ ਹੀ ਸਾਂ ਤੇ ਸਕੂਲ ਦੇ ਅੰਦਰ ਅਜੇ ਵੜੇ ਨਹੀਂ ਸਾਂ ਕਿ ਉਸ ਬੱਚੇ ਦੀ ਬਿਹਬਲ ਹੋਈ ਮਾਂ ਉਸ ਨੂੰ ਸਾਡੇ ਤੋਂ ਫੜ ਕੇ ਗੋਦੀ ਵਿਚ ਚੁੱਕ, ਬਾਹਾਂ ਵਿਚ ਘੁੱਟ, ਚੁੰਮਣ ਲੱਗੀ | ਉਹ ਵੀ ਹੁਣੇ ਜਿਹੇ ਸਾਡੇ ਮਗਰੋਂ ਸਕੂਲ ਆ ਗਈ ਸੀ ਤੇ ਆ ਕੇ ਉਸ ਨੂੰ ਸਾਰੀ ਗੱਲ ਦਾ ਪਤਾ ਲੱਗ ਗਿਆ ਸੀ |
ਅਜੇ ਬੱਚੇ ਦੀ ਸਕੂਲੋਂ ਛੁੱਟੀ ਦਾ ਟਾਈਮ ਹੁਣ ਹੋਣਾ ਸੀ ਤੇ ਉਸ ਨੇ ਵੈਨ ਵਿਚ ਘਰ ਜਾਣਾ ਸੀ, ਭਾਵ ਕਿ ਉਸ ਨੇ ਲਗਪਗ ਘੰਟੇ ਬਾਅਦ ਘਰ ਪਹੁੰਚਣਾ ਸੀ ਪਰ ਅਸੀਂ ਹੈਰਾਨ ਸਾਂ ਕਿ ਉਸ ਦੀ ਮਾਂ ਪਹਿਲਾਂ ਹੀ ਸਕੂਲ ਕਿਉਂ ਆ ਗਈ | ਪੁੱਛਣ 'ਤੇ ਉਸ ਨੇ ਦੱਸਿਆ, 'ਮੈਨੂੰ ਘਰ ਬੈਠੀ-ਬੈਠੀ ਨੂੰ ਬਾਰਾਂ ਕੁ ਵਜੇ ਘਬਰਾਹਟ ਜਿਹੀ ਹੋਈ ਤੇ ਮੈਨੂੰ ਲੱਗਾ ਕਿ ਮੇਰਾ... (ਉਸ ਨੇ ਆਪਣੇ ਬੱਚੇ ਦਾ ਉਹ ਨਾਂਅ ਲਿਆ ਸੀ, ਜਿਸ ਨਾਲ ਉਹ ਉਸਨੂੰ ਘਰ ਵਿਚ ਬੁਲਾਇਆ ਕਰਦੀ ਹੋਵੇਗੀ) ਠੀਕ ਹੋਵੇ | ਬਸ, ਮੈਂ ਨੱਠੀ ਆਈ | '
ਇਸ ਤਰ੍ਹਾਂ ਬਚਪਨ ਵਿਚ ਖ਼ੁਦ ਨਾਲ ਵਾਪਰੀ ਘਟਨਾ ਬੱਚੇ ਦੇ ਮਿਲਣ ਦਾ ਸਬੱਬ ਬਣੀ |

-ਮੋਬਾਈਲ : 94173-45485.

ਕਮੀਨੀ ਬੋਤਲ

ਇਕ ਸ਼ਰਾਬੀ ਨੇ ਸ਼ਾਮ ਨੂੰ ਠੇਕੇ ਤੋਂ ਬੋਤਲ ਖਰੀਦੀ ਤੇ ਨਾਲ ਵਾਲੇ ਅਹਾਤੇ ਵਿਚ ਬੈਠ ਕੇ ਇਕ ਪਟਿਆਲਾ ਸ਼ਾਹੀ ਪੈੱਗ ਲਾਇਆ | ਕੁਝ ਮਿੰਟਾਂ ਬਾਅਦ ਸਰੂਰ ਵਿਚ ਆ ਕੇ ਗੁਣਗੁਣਾਉਣ ਲਗਾ:
'ਦਸ ਮੈਨੂੰ ਦਾਰੂ ਦੀਏ ਬੋਤਲੇ ਕਮੀਨੀਏਾ,
ਮੈਂ ਤੈਨੂੰ ਪੀਨਾ ਹਾਂ ਕਿ ਤੂੰ ਮੈਨੂੰ ਪੀਨੀਏਾ |
ਸਾਹਮਣੇ ਬੈਠੇ ਇਕ ਹੋਰ ਸ਼ਰਾਬੀ ਨੇ ਸ਼ੇਅਰ ਸੁਣ ਕੇ ਕਿਹਾ, 'ਬਾਈ ਜੀ, ਇਸ ਵੇਲੇ ਤਾਂ ਇਹ ਕਮੀਨੀ ਬੋਤਲ ਆਪਣੇ ਮੂਹਰੇ ਕੁਸਕ ਨਹੀਂ ਸਕਦੀ | ਪੀ ਕੇ ਨਾਲੀ ਵਿਚ ਰੋੜ੍ਹ ਦਿਆਂਗੇ | ਫਿਰ ਬੇਫਿਕਰ ਹੋ ਕੇ ਸੌਵਾਂਗੇ | ਪਰ ਜਦੋਂ ਸਵੇਰੇ ਉਠਾਂਗੇ, ਤਦ ਸਿਰ ਪੀੜ ਹੋਊ, ਢਿੱਡ ਵਿਚ ਚੀਰ ਪੈਣਗੇ ਤੇ ਆਟੇ-ਦਾਲ ਦਾ ਫਿਕਰ ਹੋਵੇਗਾ | ਕੋਈ ਬੱਚਾ ਫੀਸ, ਕਿਤਾਬ, ਕਾਪੀ ਲਈ ਸਿਰਹਾਣੇ ਖੜ੍ਹਾ ਰੋਂਦਾ ਹੋਵੇਗਾ | ਤਦ ਬਾਈ ਜੀ ਪਤਾ ਲੱਗੇਗਾ ਕਿ ਆਪਾਂ ਇਸ ਨੂੰ ਨਹੀਂ ਪੀਂਦੇ,ਇਹ ਸਾਨੂੰ ਪੀਂਦੀ ਹੈ |'
ਹੁਣ ਨਸ਼ੇ ਵਿਚ ਵੀ ਸ਼ਰਾਬੀ ਦੀਆਂ ਅੱਖਾਂ ਖੁੱਲ੍ਹ ਗਈਆਂ ਸਨ |

-ਪਿੰਡ ਤੇ ਡਾਕ: ਮਹਿਰਾਜ (ਬਠਿੰਡਾ) | ਮੋਬਾਈਲ : 94633-80503.


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX