ਤਾਜਾ ਖ਼ਬਰਾਂ


ਆਈ ਪੀ ਐੱਲ 2018 : ਮੁੰਬਈ ਇੰਡੀਅਨਜ਼ ਨੂੰ ਮਿਲਿਆ 119 ਦੌੜਾਂ ਦਾ ਟੀਚਾ
. . .  about 1 hour ago
ਫ਼ਤਿਹਗੜ੍ਹ ਸਾਹਿਬ ਦੇ ਪਿੰਡ ਭਮਾਰਸੀ ਜ਼ੇਰ ਦੇ ਨੌਜਵਾਨ ਦੀ ਰੋਮ ਵਿਖੇ ਮੌਤ
. . .  1 minute ago
ਫ਼ਤਿਹਗੜ੍ਹ ਸਾਹਿਬ, 24 ਅਪ੍ਰੈਲ (ਅਰੁਣ ਅਹੂਜਾ)- ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਦੇ ਬਲਾਕ ਸਰਹਿੰਦ ਦੇ ਪਿੰਡ ਭਮਾਰਸੀ ਜ਼ੇਰ ਦੇ ਇਕ ਨੌਜਵਾਨ ਦੀ ਇਟਲੀ ਦੇ ਰੋਮ ਵਿਖੇ ਮੌਤ ਹੋ ਜਾਣ ਦੀ ਸੂਚਨਾ ਮਿਲੀ ਹੈ। ਮੌਤ ਦੇ ਕਾਰਨਾਂ ਦੀ ...
ਬਾਰ੍ਹਵੀਂ ਜਮਾਤ 'ਚ ਫ਼ੇਲ੍ਹ ਹੋਣ 'ਤੇ ਵਿਦਿਆਰਥੀ ਵੱਲੋਂ ਖ਼ੁਦਕੁਸ਼ੀ
. . .  about 2 hours ago
ਸਰਹਾਲੀ ਕਲਾਂ ,24 ਅਪ੍ਰੈਲ [ਅਜੇ ਸਿੰਘ ਹੁੰਦਲ]- ਕੱਲ੍ਹ ਆਏ ਬਾਰ੍ਹਵੀਂ ਜਮਾਤ ਦੇ ਨਤੀਜੇ 'ਚੋਂ ਅਸਫਲ ਹੋਣ 'ਤੇ ਵਿਦਿਆਰਥੀ ਵੱਲੋਂ ਖ਼ੁਦਕੁਸ਼ੀ ਕਰ ਲਈ ।
ਆਈ ਪੀ ਐੱਲ 2018 : ਸਨਰਾਈਜ਼ਰਜ਼ ਹੈਦਰਾਬਾਦ ਨੂੰ ਪੰਜਵਾਂ ਝਟਕਾ , ਕਪਤਾਨ ਵਿਲਿਅਮਸਨ 29 ਦੌੜਾਂ ਬਣਾ ਕੇ ਆਊਟ
. . .  about 2 hours ago
ਅੱਵਲ ਆਉਣ ਤੇ ਜ਼ਿਲ੍ਹਾ ਪ੍ਰੀਸ਼ਦ ਚੇਅਰਮੈਨ ਬਲਜੀਤ ਸਿੰਘ ਭੁੱਟਾ ਦਾ ਭਾਰਤ ਸਰਕਾਰ ਵੱਲੋਂ ਸਨਮਾਨ
. . .  about 2 hours ago
ਫ਼ਤਿਹਗੜ੍ਹ ਸਾਹਿਬ, 24 ਅਪ੍ਰੈਲ (ਅਰੁਣ ਅਹੂਜਾ)- ਪੰਜਾਬ ਭਰ 'ਚੋਂ ਇਮਾਨਦਾਰੀ ਨਾਲ ਲੋਕ ਭਲਾਈ ਸਕੀਮਾਂ ਨੂੰ ਲਾਗੂ ਕਰਵਾਉਣ ਵਿਚ ਫ਼ਤਿਹਗੜ੍ਹ ਸਾਹਿਬ ਦੀ ਜ਼ਿਲ੍ਹਾ ਪ੍ਰੀਸ਼ਦ ਪਹਿਲੇ ਸਥਾਨ 'ਤੇ ਰਿਹਾ। ਜਿਸ ...
ਆਈ ਪੀ ਐੱਲ 2018 : ਸਨਰਾਈਜ਼ਰਜ਼ ਹੈਦਰਾਬਾਦ ਨੂੰ ਚੌਥਾ ਝਟਕਾ , ਸ਼ਾਕਿਬ ਅਲ ਹਸਨ 2 ਦੌੜਾਂ ਬਣਾ ਕੇ ਆਊਟ
. . .  about 2 hours ago
ਆਈ ਪੀ ਐੱਲ 2018 : ਸਨਰਾਈਜ਼ਰਜ਼ ਹੈਦਰਾਬਾਦ ਨੂੰ ਤੀਜਾ ਝਟਕਾ , ਮਨੀਸ਼ ਪਾਂਡੇ 16 ਦੌੜਾਂ ਬਣਾ ਕੇ ਆਊਟ
. . .  about 2 hours ago
ਆਈ ਪੀ ਐੱਲ 2018 : ਸਨਰਾਈਜ਼ਰਜ਼ ਹੈਦਰਾਬਾਦ ਨੂੰ ਲਗਾਤਾਰ 2 ਝਟਕੇ
. . .  about 2 hours ago
ਲੜਕੇ ਦੀ ਹੱਤਿਆ ਕਰਨ ਵਾਲੇ ਨੂੰ ਇਕ ਵਿਅਕਤੀ ਨੂੰ ਉਮਰ ਕੈਦ
. . .  about 3 hours ago
ਫ਼ਿਰੋਜ਼ਪੁਰ, 24 ਅਪ੍ਰੈਲ (ਰਾਕੇਸ਼ ਚਾਵਲਾ)- ਇਕ ਲੜਕੇ ਦੀ ਹੱਤਿਆ ਕਰਨ ਵਾਲੇ ਮਾਮਲੇ ਵਿਚ ਜ਼ਿਲ੍ਹਾ ਅਦਾਲਤ ਨੇ ਇਕ ਵਿਅਕਤੀ ਨੂੰ ਭੁਗਤੇ ਸਬੂਤਾਂ ਦੇ ਆਧਾਰ 'ਤੇ ਕਾਤਲ ਕਰਾਰ ਦਿੰਦੇ ਹੋਏ ਉਮਰ ਕੈਦ ਦੀ ਸਜ਼ਾ ਦਾ ਹੁਕਮ...
ਗੈਂਗਸਟਰ ਗਿਰੋਹ ਨੂੰ ਕਾਬੂ ਕਰਨ ਵਾਲੇ ਸਰਬਜੀਤ ਨੂੰ ਬੈੱਸਟ ਐੱਸ.ਐੱਚ.ਓ. ਐਵਾਰਡ
. . .  about 3 hours ago
ਫ਼ਤਿਹਗੜ੍ਹ ਸਾਹਿਬ, 24 ਅਪ੍ਰੈਲ (ਅਰੁਣ ਅਹੂਜਾ)- ਮਾਲਵਾ, ਮਾਝਾ ਤੇ ਦੁਆਬੇ ਨਾਲ ਸਬੰਧਿਤ ਅਹਿਮ ਅੰਤਰਰਾਜੀ ਗੈਂਗਸਟਰ ਗਿਰੋਹ ਦੇ ਸਰਗਨੇ ਸਮੇਤ 3 ਮੈਂਬਰਾਂ ਨੂੰ ਕਾਬੂ ਕਰਨ ਵਿਚ ਵੱਡੀ ਸਫਲਤਾ ਹਾਸਲ ਕਰਨ ਬਦਲੇ ...
ਹੋਰ ਖ਼ਬਰਾਂ..
  •     Confirm Target Language  

ਬਾਲ ਸੰਸਾਰ

ਬਾਲ ਕਹਾਣੀ

ਗੋਲੂ ਦੀ ਗ਼ਲਤੀ

ਗੋਲੂ ਬੜਾ ਹੀ ਸ਼ਰਾਰਤੀ ਤੇ ਚਲਾਕ ਵਿਦਿਆਰਥੀ ਸੀ। ਸਾਰੇ ਜਿੱਥੇ ਉਸ ਨੂੰ ਸ਼ਰਾਰਤਾਂ ਨਾ ਕਰਨ ਬਾਰੇ ਸਮਝਾਉਂਦੇ ਰਹਿੰਦੇ, ਉੱਥੇ ਤੇਜ਼ ਦਿਮਾਗ ਕਰ ਕੇ ਕਦੇ-ਕਦੇ ਉਸ ਦੀ ਸ਼ਲਾਘਾ ਵੀ ਕਰਦੇ ਸਨ। ਅੱਜ ਸਕੂਲ ਵਿਚ ਪਿੰਡ ਤੋਂ ਹੀ ਵਾਤਾਵਰਨ ਦੀ ਸੰਭਾਲ ਲਈ ਚਲਾਈ 'ਪੰਛੀ ਪਿਆਰੇ' ਮੁਹਿੰਮ ਵਾਲੇ ਨੌਜਵਾਨਾਂ ਨੇ ਪੌਦੇ ਲਗਾਏ ਸਨ। ਇਕ ਦਿਨ ਪਹਿਲਾਂ ਉਨ੍ਹਾਂ ਨੇ ਸਕੂਲ ਦਾ ਸਾਰਾ ਮੈਦਾਨ ਸਾਫ ਕਰਕੇ ਉੱਥੇ ਪੌਦੇ ਲਗਾਉਣ ਲਈ ਟੋਏ ਕੱਢ ਦਿੱਤੇ ਸਨ। ਅੱਧੀ ਛੁੱਟੀ ਗੋਲੂ ਖੇਡਦਾ-ਖੇਡਦਾ ਮੈਦਾਨ ਵੱਲ ਚਲਾ ਗਿਆ, ਜਿੱਥੇ ਨਵੇਂ-ਨਵੇਂ ਪੌਦੇ ਲਗਾਏ ਗਏ ਸਨ। ਆਲੇ-ਦੁਆਲੇ ਕਿਸੇ ਨੂੰ ਨਾ ਦੇਖ ਗੋਲੂ ਦੇ ਮਨ ਵਿਚ ਸ਼ਰਾਰਤ ਸੁੱਝੀ। ਗੋਲੂ ਨੇ ਕਈ ਪੌਦੇ ਪੁੱਟ ਕੇ ਸੁੱਟ ਦਿੱਤੇ ਤੇ ਫਿਰ ਭੱਜ ਕੇ ਜਮਾਤ ਕਮਰਿਆਂ ਦੇ ਪਿੱਛੇ ਸਾਥੀਆਂ ਨਾਲ ਖੇਡਣ ਲੱਗ ਪਿਆ, ਤਦ ਹੀ ਅੱਧੀ ਛੁੱਟੀ ਖ਼ਤਮ ਹੋਣ ਦੀ ਘੰਟੀ ਵੱਜੀ। ਹੁਣ ਸਾਰੇ ਬੱਚੇ ਸਕੂਲ ਵਿਚ ਪਿੱਪਲ ਥੱਲੇ ਬਾਲ ਸਭਾ ਲਗਾਉਣ ਲਈ ਇਕੱਤਰ ਹੋ ਗਏ ਤੇ ਉਨ੍ਹਾਂ ਕੋਲ ਸਾਰੇ ਅਧਿਆਪਕ ਕੁਰਸੀਆਂ 'ਤੇ ਬੈਠ ਗਏ। ਸਾਰੇ ਬੱਚਿਆਂ ਨੂੰ ਚੁੱਪ ਕਰਾਉਂਦਿਆਂ ਮੁੱਖ ਅਧਿਆਪਕਾ ਸ੍ਰੀਮਤੀ ਦਲੀਪ ਕੌਰ ਨੇ ਕਿਹਾ ਕਿ 'ਪਿਆਰੇ ਵਿਦਿਆਰਥੀਓ, ਜਿਵੇਂ ਤੁਸੀਂ ਸਾਰੇ ਜਾਣਦੇ ਹੋ ਕਿ ਅੱਜ ਆਪਣੇ ਸਕੂਲ ਵਿਚ ਬਹੁਤ ਸਾਰੇ ਪੌਦੇ ਲਗਾਏ ਗਏ ਹਨ ਅਤੇ ਅੱਜ ਦੀ ਬਾਲ ਸਭਾ ਵਿਚ ਸਾਡੇ ਅਧਿਆਪਕ ਬਲਵੀਰ ਸਿੰਘ ਤੁਹਾਨੂੰ ਪੌਦਿਆਂ ਬਾਰੇ ਵਿਸਥਾਰ ਵਿਚ ਦੱਸਣਗੇ।'
ਪੰਜਾਬੀ ਅਧਿਆਪਕ ਬਲਵੀਰ ਸਿੰਘ ਜਿਹੜੇ ਹਮੇਸ਼ਾ ਹੀ ਬੱਚਿਆਂ ਨੂੰ ਚੰਗੀਆਂ ਗੱਲਾਂ ਦੱਸਦੇ ਰਹਿੰਦੇ ਸਨ, ਖੜ੍ਹੇ ਹੋ ਕੇ ਵਿਦਿਆਰਥੀਆਂ ਨਾਲ ਗੱਲ ਕਰਨ ਲੱਗੇ-'ਸਤਿਕਾਰਯੋਗ ਅਧਿਆਪਕ ਸਾਹਿਬਾਨ ਤੇ ਪਿਆਰੇ ਵਿਦਿਆਰਥੀਓ, ਅੱਜ ਦਾ ਸਾਡਾ ਵਿਸ਼ਾ ਹੈ 'ਸਾਡੇ ਜੀਵਨ ਵਿਚ ਪੌਦਿਆਂ ਦੀ ਮਹੱਤਤਾ'। ਪੌਦੇ ਸਾਰੇ ਮਨੁੱਖਾਂ ਲਈ ਬਹੁਤ ਲਾਭਦਾਇਕ ਹਨ। ਜਿਵੇਂ ਤੁਸੀਂ ਪਾਠ ਵਿਚ ਪੜ੍ਹਦੇ ਹੋ, ਇਨ੍ਹਾਂ ਤੋਂ ਸਾਨੂੰ ਆਕਸੀਜਨ ਗੈਸ ਮਿਲਦੀ ਹੈ, ਜਿਹੜੀ ਸਾਡੇ ਜੀਵਨ ਲਈ ਬਹੁਤ ਜ਼ਰੂਰੀ ਹੈ। ਪੌਦੇ ਸਾਡੀਆਂ ਬਹੁਤ ਸਾਰੀਆਂ ਜ਼ਰੂਰਤਾਂ ਵੀ ਪੂਰੀਆਂ ਕਰਦੇ ਹਨ, ਜਿਵੇਂ ਫਲ, ਲੱਕੜ, ਦਵਾਈਆਂ, ਵਾਤਾਵਰਨ ਦੀ ਸ਼ੁੱਧਤਾ, ਗਰਮੀ ਤੋਂ ਰਾਹਤ, ਛਾਂ, ਬਾਲਣ, ਕੁਦਰਤੀ ਸੁੰਦਰਤਾ, ਜੀਵ-ਪੰਛੀਆਂ ਦੇ ਰੈਣ ਬਸੇਰੇ ਆਦਿ। ਹੁਣ ਤੁਸੀਂ ਹੀ ਦੱਸੋ, ਜੇਕਰ ਪੌਦੇ ਨਾ ਹੋਣ ਤਾਂ ਫਿਰ ਕੀ ਸਾਡਾ ਜੀਵਨ ਸੰਭਵ ਹੈ? ਸਾਡੇ ਘਰਾਂ ਵਿਚ ਕੁਰਸੀਆਂ, ਮੇਜ਼, ਦਰਵਾਜ਼ੇ, ਸਾਡੇ ਬੈਂਚ, ਹੋਰ ਸਾਰਾ ਕੁਝ ਸਾਨੂੰ ਕਿਵੇਂ ਮਿਲੇਗਾ? ਫਿਰ ਜਿਹੜੇ ਫਲ ਤੁਸੀਂ ਸਵਾਦ ਨਾਲ ਖਾਂਦੇ ਹੋ, ਉਹ ਸਾਨੂੰ ਕਿਵੇਂ ਮਿਲਣਗੇ? ਫਿਰ ਕਿੰਨੀਆਂ ਹੀ ਦਵਾਈਆਂ ਦਰੱਖਤਾਂ ਤੋਂ ਬਣਦੀਆਂ ਹਨ, ਜੇ ਇਹ ਦਰੱਖਤ ਨਾ ਹੋਣ ਤਾਂ ਲੋਕ ਬਿਮਾਰੀਆਂ ਨਾਲ ਮਰ ਜਾਣਗੇ। ਸਾਡਾ ਵਾਤਾਵਰਨ ਏਨਾ ਖਰਾਬ ਹੋ ਜਾਵੇਗਾ ਕਿ ਅਸੀਂ ਸਾਹ ਵੀ ਨਹੀਂ ਲੈ ਸਕਾਂਗੇ। ਧੂੜ-ਮਿੱਟੀ ਦੇ ਕਣ ਵਧ ਜਾਣਗੇ। ਆਵਾਜ਼ ਪ੍ਰਦੂਸ਼ਣ ਸਾਡੇ ਕੰਨ ਪਾੜ ਦੇਵੇਗਾ। ਬੱਚਿਓ, ਮੁੱਕਦੀ ਗੱਲ ਇਹ ਹੈ ਕਿ ਜੇਕਰ ਦਰੱਖਤ ਨਾ ਹੋਣ ਤਾਂ ਮਨੁੱਖ, ਜੀਵ-ਜੰਤੂ ਸਾਰੇ ਰਹਿ ਨਹੀਂ ਸਕਦੇ। ਇਸ ਲਈ ਸਾਨੂੰ ਸਾਰਿਆਂ ਨੂੰ ਜਿੱਥੇ ਵੱਧ ਤੋਂ ਵੱਧ ਦਰੱਖਤ ਲਗਾਉਣੇ ਚਾਹੀਦੇ ਹਨ, ਉੱਥੇ ਲਗਾਏ ਦਰੱਖਤਾਂ ਦੀ ਸੰਭਾਲ ਕਰਨੀ ਚਾਹੀਦੀ ਹੈ।'
ਅਧਿਆਪਕ ਬਲਵੀਰ ਸਿੰਘ ਦੀਆਂ ਦੱਸੀਆਂ ਗੱਲਾਂ ਸੁਣ ਕੇ ਗੋਲੂ ਨੂੰ ਜਿਵੇਂ ਝਟਕਾ ਲੱਗਿਆ ਹੋਵੇ, ਉਸ ਨੂੰ ਆਪਣੀ ਕੀਤੀ ਗ਼ਲਤੀ ਯਾਦ ਆਈ। ਗੋਲੂ ਮਨ ਹੀ ਮਨ ਵਿਚ ਸੋਚਣ ਲੱਗਾ ਕਿ ਦਰੱਖਤਾਂ ਦੇ ਤਾਂ ਸਾਨੂੰ ਬਹੁਤ ਲਾਭ ਹਨ ਤੇ ਨੁਕਸਾਨ ਕੋਈ ਵੀ ਨਹੀਂ। ਫਿਰ ਮੈਂ ਤਾਂ ਅੱਜ ਨਵੇਂ ਲਗਾਏ ਪੌਦੇ ਪੁੱਟ ਕੇ ਆਪਣਾ ਤੇ ਸਾਰੇ ਵਿਦਿਆਰਥੀਆਂ ਦਾ ਨੁਕਸਾਨ ਹੀ ਕਰ ਦਿੱਤਾ। ਉਸ ਨੂੰ ਆਪਣੀ ਕੀਤੀ ਗ਼ਲਤੀ ਦਾ ਅਹਿਸਾਸ ਹੋਇਆ ਤੇ ਗੋਲੂ ਨੇ ਡਰਦਿਆਂ-ਡਰਦਿਆਂ ਬਾਲ ਸਭਾ ਵਿਚ ਹੀ ਖੜ੍ਹੇ ਹੋ ਕੇ ਕਿਹਾ 'ਸਰ ਮੇਰੇ ਤੋਂ ਅੱਜ ਬਹੁਤ ਵੱਡੀ ਗ਼ਲਤੀ ਹੋ ਗਈ, ਮੈਂ ਅੱਜ ਲਗਾਏ ਕਈ ਪੌਦੇ ਪੁੱਟ ਕੇ ਸੁੱਟ ਦਿੱਤੇ, ਮੈਨੂੰ ਪਤਾ ਨਹੀਂ ਸੀ ਕਿ ਦਰੱਖਤਾਂ ਦੇ ਸਾਨੂੰ ਬਹੁਤ ਸਾਰੇ ਲਾਭ ਹਨ। ਮੈਂ ਆਪਣੀ ਗ਼ਲਤੀ 'ਤੇ ਸ਼ਰਮਿੰਦਾ ਹਾਂ ਤੇ ਮੁੜ ਕਦੇ ਵੀ ਅਜਿਹਾ ਨਹੀਂ ਕਰਾਂਗਾ, ਮੈਨੂੰ ਮੁਆਫ਼ ਕਰ ਦਿਓ।' ਗੋਲੂ ਦੁਆਰਾ ਕੀਤੀ ਗਈ ਗ਼ਲਤੀ ਨੂੰ ਸੱਚੇ ਮਨ ਨਾਲ ਮੰਨਣ 'ਤੇ ਸਾਰੇ ਅਧਿਆਪਕ ਖੁਸ਼ ਹੋ ਗਏ ਤੇ ਮੁੱਖ ਅਧਿਆਪਕਾ ਸ੍ਰੀਮਤੀ ਦਲੀਪ ਕੌਰ ਨੇ ਕਿਹਾ ਕਿ 'ਭਾਵੇਂ ਗੋਲੂ ਦੀ ਗ਼ਲਤੀ ਬਹੁਤ ਨੁਕਸਾਨਦਾਇਕ ਹੈ ਪਰ ਸੱਚ ਬੋਲਣਾ ਤੇ ਆਪਣੀ ਗ਼ਲਤੀ ਮੰਨ ਲੈਣਾ ਵੀ ਮਹਾਨਤਾ ਹੈ, ਇਸ ਲਈ ਗੋਲੂ ਨੂੰ ਮੁਆਫ਼ ਕਰਨਾ ਬਣਦਾ ਹੈ। ਹੁਣ ਮੁੜ ਤੋਂ ਅਜਿਹੀ ਗ਼ਲਤੀ ਕੋਈ ਨਾ ਕਰੇ, ਸਗੋਂ ਪੌਦਿਆਂ ਦੀ ਸੇਵਾ ਸੰਭਾਲ ਦਾ ਵਾਅਦਾ ਕੀਤਾ ਜਾਵੇ।' ਸਾਰੇ ਵਿਦਿਆਰਥੀਆਂ ਨੇ ਹੱਥ ਖੜ੍ਹੇ ਕਰਕੇ ਹਮੇਸ਼ਾ ਪੌਦੇ ਲਗਾਉਣ ਤੇ ਉਨ੍ਹਾਂ ਦੀ ਸੇਵਾ ਸੰਭਾਲ ਦਾ ਵਾਅਦਾ ਕੀਤਾ ਤੇ ਅਧਿਆਪਕ ਬਲਵੀਰ ਸਿੰਘ ਤੇ ਗੋਲੂ ਖਾਲੀ ਹੋਏ ਟੋਇਆਂ ਵਿਚ ਪੌਦੇ ਲਗਾਉਣ ਲੱਗ ਪਏ।


-ਪਿੰਡ ਤੇ ਡਾਕ: ਪੰਜਗਰਾਈਆਂ (ਸੰਗਰੂਰ)। ਮੋਬਾ: 93565-52000


ਖ਼ਬਰ ਸ਼ੇਅਰ ਕਰੋ

ਬੱਚਿਆਂ ਦੇ ਪ੍ਰਸਿੱਧ ਕਾਰਟੂਨ ਚਰਿੱਤਰ-22

ਡੋਨਾਲਡ ਡਕ

ਗੁੱਸੇਖ਼ੋਰ ਅਤੇ ਰੋਅਬਦਾਰ ਆਵਾਜ਼ ਵਾਲਾ ਡੋਨਾਲਡ ਡਕ ਦੁਨੀਆ ਦੇ ਪ੍ਰਸਿੱਧ ਕਾਰਟੂਨ ਪਾਤਰਾਂ ਵਿਚ ਖ਼ਾਸ ਸਥਾਨ ਰੱਖਦਾ ਹੈ। ਨਾਰੰਗੀ ਵਰਗੇ ਰੰਗ ਦੀ ਚੁੰਝ ਵਾਲਾ ਇਹ ਪਾਤਰ ਆਪਣੇ ਸਿਰ 'ਤੇ ਹਮੇਸ਼ਾ ਸਰਕਸ ਦੇ ਜੋਕਰ ਵਰਗੀ ਟੋਪੀ ਪਹਿਨ ਕੇ ਰੱਖਦਾ ਹੈ, ਜਿਸ ਦਾ ਰੰਗ ਨੀਲਾ ਹੁੰਦਾ ਹੈ। ਹੂਈ, ਡੂਈ ਅਤੇ ਲੂਈ ਨਾਮਕ ਭਤੀਜਿਆਂ ਨਾਲ ਉਸ ਦਾ ਰਿਸ਼ਤਾ ਬੜਾ ਪਿਆਰ ਭਰਿਆ ਹੈ, ਕਿਉਂਕਿ ਇਹ ਉਸ ਦੀ ਮਦਦ ਕਰਨ ਲਈ ਹਮੇਸ਼ਾ ਤਿਆਰ ਰਹਿੰਦੇ ਹਨ। ਵੀਹਵੀਂ ਸਦੀ ਵਿਚ ਪ੍ਰਸਿੱਧ ਕਾਰਟੂਨਿਸਟ ਕਾਰਲ ਬਾਕਰਸ ਨੇ ਇਸ ਕਾਰਟੂਨ ਪਾਤਰ ਦੀ ਸਿਰਜਣਾ ਕੀਤੀ ਸੀ। ਇਹ ਕਾਰਟੂਨ ਪੱਛਮੀ ਮੁਲਕਾਂ ਦੀਆਂ ਪ੍ਰਸਿੱਧ ਅਖ਼ਬਾਰਾਂ ਵਿਚ ਛਪਣ ਲੱਗੇ ਤਾਂ ਬੱਚੇ ਇਸ ਪਾਤਰ ਦੇ ਦੀਵਾਨੇ ਹੋ ਗਏ। ਡੋਨਾਲਡ ਹਮੇਸ਼ਾ ਚੁਸਤ ਰਹਿਣ ਵਾਲਾ ਪਾਤਰ ਹੈ। ਅੱਜ ਭਾਰਤ ਸਮੇਤ ਦੁਨੀਆ ਦੇ ਬਹੁਤ ਸਾਰੇ ਮੁਲਕਾਂ ਵਿਚ ਇਸ ਪਾਤਰ ਨੂੰ ਇਸ਼ਤਿਹਾਰਾਂ ਵਿਚ ਇਸਤੇਮਾਲ ਕੀਤਾ ਜਾਂਦਾ ਹੈ। ਪਹਿਲਾਂ ਇਸ ਪਾਤਰ ਦੀ ਵਰਦੀ ਸਾਧਾਰਨ ਕਿਸਮ ਦੀ ਸੀ ਪਰ ਬਾਅਦ ਵਿਚ ਇਸ ਦੀ ਵਰਦੀ ਵਿਚ ਤਬਦੀਲੀ ਕੀਤੀ ਗਈ। ਕਈ ਹੋਰ ਚਿੱਤਰਕਾਰਾਂ ਨੇ ਇਸ ਚਰਿੱਤਰ ਦੀ ਨਕਲ ਕਰਨ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਉੱਪਰ ਕੇਸ ਦਰਜ ਹੋ ਗਏ ਸਨ। ਅਨੇਕ ਪ੍ਰਕਾਰ ਦੀਆਂ ਵੀਡੀਓ ਖੇਡਾਂ ਵਿਚ ਡੋਨਾਲਡ ਡਕ ਨੂੰ ਬੱਚਿਆਂ ਦਾ ਮਨ ਪਰਚਾਉਂਦੇ ਵੇਖਿਆ ਜਾ ਸਕਦਾ ਹੈ।


-ਪੰਜਾਬੀ ਯੂਨੀਵਰਸਿਟੀ ਕੈਂਪਸ, ਪਟਿਆਲਾ।
ਮੋਬਾ: 98144-23703
email : dsaasht@yahoo.co.in

ਅਗਰਬੱਤੀ

ਦੀ ਖੁਸ਼ਬੂ ਕਿਵੇਂ ਫੈਲਦੀ ਹੈ?

ਪਿਆਰੇ ਬੱਚਿਓ! ਜਦੋਂ ਅਸੀਂ ਪੂਜਾ ਪਾਠ ਤੇ ਧਾਰਮਿਕ ਕਾਰਜਾਂ ਲਈ ਅਗਰਬੱਤੀ ਜਾਂ ਧੂਫਬੱਤੀ ਲਗਾਉਂਦੇ ਹਾਂ ਤਾਂ ਉਸ ਦੀ ਖੁਸ਼ਬੂ ਚਾਰੇ ਪਾਸੇ ਫੈਲ ਜਾਂਦੀ ਹੈ। ਕੀ ਤੁਸੀਂ ਜਾਣਦੇ ਹੋ ਕਿ ਅਜਿਹਾ ਕਿਉਂ ਹੁੰਦਾ ਹੈ? ਬੱਚਿਓ, ਇਹ ਸਭ ਕੁਝ ਵਿਗਿਆਨ ਦੀ ਪ੍ਰਸਰਨ ਵਿਧੀ ਕਾਰਨ ਹੁੰਦਾ ਹੈ। ਇਕਸਾਰਤਾ ਦੇ ਸਿਧਾਂਤ ਅਨੁਸਾਰ ਹਰੇਕ ਪਦਾਰਥ ਸਥਿਰ ਅਵਸਥਾ ਵਿਚ ਆਉਣ ਦੀ ਕੋਸ਼ਿਸ਼ ਕਰਦਾ ਹੈ। ਹਰੇਕ ਪਦਾਰਥ ਦੇ ਕਣ ਲਗਾਤਾਰ ਬੇਤਰਤੀਬੀ ਗਤੀ ਕਰਦੇ ਰਹਿੰਦੇ ਹਨ। ਅਜਿਹਾ ਤੁਸੀਂ ਕਿਸੇ ਹਨੇਰੇ ਕਮਰੇ ਵਿਚ ਟਾਰਚ ਦੀ ਰੌਸ਼ਨੀ ਨਾਲ ਜਾਂ ਸੂਰਜ ਦੀ ਆ ਰਹੀ ਕਿਰਨ ਨਾਲ ਦੇਖ ਸਕਦੇ ਹੋ। ਹਰੇਕ ਪਦਾਰਥ ਦੇ ਕਣ ਵੱਧ ਸੰਘਣਤਾ ਤੋਂ ਘੱਟ ਸੰਘਣਤਾ ਵੱਲ ਉਦੋਂ ਤੱਕ ਚਲਦੇ ਰਹਿੰਦੇ ਹਨ, ਜਦੋਂ ਤੱਕ ਦੋਵੇਂ ਪਾਸੇ ਬਰਾਬਰ ਨਹੀਂ ਹੋ ਜਾਂਦੇ। ਇਸ ਤੋਂ ਇਲਾਵਾ ਹਵਾ ਦੇ ਅਣੂ ਧੂੰਏਂ ਵਿਚ ਮੌਜੂਦ ਸੁਗੰਧ ਵਾਲੇ ਅਣੂਆਂ ਨਾਲ ਟਕਰਾਅ ਕੇ ਇਨ੍ਹਾਂ ਖੁਸ਼ਬੂ ਵਾਲੇ ਅਣੂਆਂ ਨੂੰ ਸਾਰੇ ਪਾਸੇ ਫੈਲਾਅ ਦਿੰਦੇ ਹਨ।
ਦੋ ਪਦਾਰਥਾਂ ਦੇ ਅਣੂਆਂ ਦਾ ਇਕਸਾਰ ਮਿਸ਼ਰਣ ਬਣਾਉਣ ਦੀ ਕਿਰਿਆ ਨੂੰ ਹੀ ਪ੍ਰਸਰਨ ਵਿਧੀ ਆਖਦੇ ਹਨ। ਸਾਡੇ ਰਸੋਈ ਘਰਾਂ ਵਿਚ ਗੈਸ ਸਿਲੰਡਰ ਵਿਚਲੀ ਗੈਸ ਦੀ ਭਾਵੇਂ ਆਪਣੀ ਕੋਈ ਸੁਗੰਧ ਨਹੀਂ ਹੁੰਦੀ ਪਰ ਇਸ ਵਿਚ ਈਥਾਈਲ ਆਈਸੋਸਾਇਆਨੇਟ ਪਾਇਆ ਜਾਂਦਾ ਹੈ, ਜੋ ਗੰਦੀ ਦੁਰਗੰਧ ਪੈਦਾ ਕਰਦਾ ਹੈ। ਘਰ ਵਿਚ ਗੈਸ ਸਿਲੰਡਰ ਲੀਕ ਹੋਣ ਦਾ ਪਤਾ ਵੀ ਸਾਨੂੰ ਪ੍ਰਸਰਨ ਵਿਧੀ ਰਾਹੀਂ ਹੀ ਲਗਦਾ ਹੈ। ਅਗਰਬੱਤੀ ਸਿਰਫ ਅਧਿਆਤਮਿਕ ਹੀ ਨਹੀਂ, ਸਗੋਂ ਸ਼ਾਂਤੀ ਤੇ ਸ਼ੁੱਧਤਾ ਦਾ ਪ੍ਰਤੀਕ ਹੈ। ਅਗਰਬੱਤੀ ਦੇ ਬਲਣ 'ਤੇ ਨਿਕਲਣ ਵਾਲੀ ਖੁਸ਼ਬੂ ਭਾਵੇਂ ਸਾਨੂੰ ਸਾਰਿਆਂ ਨੂੰ ਬਹੁਤ ਚੰਗੀ ਲਗਦੀ ਹੈ ਪਰ ਇਸ ਵਿਚੋਂ ਨਿਕਲਣ ਵਾਲਾ ਧੂੰਆਂ ਸਿਗਰਟ ਦੇ ਧੂੰਏਂ ਤੋਂ ਵੀ ਵੱਧ ਖ਼ਤਰਨਾਕ ਹੈ। ਖ਼ੁਸ਼ਬੂਦਾਰ ਅਗਰਬੱਤੀ ਦੇ ਧੂੰਏਂ ਅੰਦਰ ਪਾਏ ਜਾਂਦੇ ਤਿੰਨ ਤਰ੍ਹਾਂ ਦੇ ਜ਼ਹਿਰੀਲੇ ਤੱਤ ਮਿਊਟਾਜੈਨਿਕ, ਜੀਨੋਟਾਕਸਿਕ ਤੇ ਸਾਈਟੋਟਾਕਸਿਕ ਤੇ ਕਈ ਗੈਸਾਂ ਹੋਣ ਨਾਲ ਸਾਨੂੰ ਸਿਰਦਰਦ, ਮਾਈਗ੍ਰੇਨ, ਦਿਲ ਦਾ ਦੌਰਾ, ਅਸਥਮਾ, ਅੱਖਾਂ ਚ ਜਲਣ, ਫੇਫੜਿਆਂ ਨੂੰ ਨੁਕਸਾਨ ਤੇ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਹੋਣ ਦਾ ਖ਼ਤਰਾ ਰਹਿੰਦਾ ਹੈ।


-ਪਿੰਡ ਸੋਹੀਆਂ, ਡਾਕ: ਚੀਮਾ ਖੁੱਡੀ, ਜ਼ਿਲ੍ਹਾ ਗੁਰਦਾਸਪੁਰ।

ਚੁਟਕਲੇ

* ਮਾਲਿਕ-ਸਾਨੂੰ ਆਪਣੇ ਦਫਤਰ ਵਾਸਤੇ ਇਕ ਅਜਿਹੇ ਵਿਅਕਤੀ ਦੀ ਜ਼ਰੂਰਤ ਹੈ, ਜੋ ਨਿਡਰ, ਸਾਹਸੀ ਅਤੇ ਬਹਾਦਰ ਹੋਵੇ, ਕਿਸੇ ਦੀ ਗੱਲ ਵੱਲ ਕੰਨ ਨਾ ਕਰੇ, ਬੱਸ ਆਪਣੀ ਧੁੰਨ ਦਾ ਪੱਕਾ ਹੋਵੇ ਅਤੇ ਸਦਾ ਆਪਣੇ ਰਸਤੇ 'ਤੇ ਚੱਲੇ ਤੇ ਕਿਸੇ ਰੁਕਾਵਟ ਤੋਂ ਨਾ ਡਰੇ।
ਮੈਨੇਜਰ-'ਜਨਾਬ, ਕੱਲ੍ਹ ਮੈਂ ਅਜਿਹੇ ਵਿਅਕਤੀ ਨੂੰ ਲੈ ਕੇ ਆਵਾਂਗਾ, ਜਿਸ ਵਿਚ ਇਹ ਸਾਰੇ ਗੁਣ ਹੋਣਗੇ।'
ਮਾਲਿਕ-ਕੌਣ ਹੈ ਉਹ?
ਮੈਨੇਜਰ-ਉਹ ਇਕ ਬੱਸ ਦਾ ਡਰਾਈਵਰ ਹੈ ਅਤੇ ਤੇਜ਼ ਬੱਸ ਚਲਾਉਣ ਦੇ ਦੋਸ਼ ਵਿਚ ਕਈ ਵਾਰ ਫੜਿਆ ਜਾ ਚੁੱਕਾ ਹੈ।
* ਚਿੰਕੀ-'ਮੇਰੇ ਪਿਤਾ ਜੀ ਜਦੋਂ ਸਿਨੇਮਾ ਹਾਲ ਪਹੁੰਚਦੇ ਹਨ ਤਾਂ ਉਸ ਸਮੇਂ ਹੀ ਸਿਨੇਮਾ ਹਾਲ ਦਾ ਗੇਟ ਖੁੱਲ੍ਹਦਾ ਹੈ।
ਜੈਪਾਲ (ਹੈਰਾਨੀ ਨਾਲ)-ਕੀ ਤੁਹਾਡੇ ਪਿਤਾ ਮੈਨੇਜਰ ਹਨ?
ਚਿੰਕੀ-ਨਹੀਂ, ਉਹ ਗੇਟਕੀਪਰ ਹਨ।
* ਡਾਕਟਰ (ਬਜ਼ੁਰਗ ਮਰੀਜ਼ ਨੂੰ)-ਜਿਸ ਸਮੇਂ ਤਹਾਨੂੰ ਠੰਢ ਲੱਗੀ ਤਾਂ ਤੁਹਾਡੇ ਦੰਦ ਕੰਬ ਰਹੇ ਸਨ?
ਬਜ਼ੁਰਗ ਮਰੀਜ਼-ਇਹ ਕਹਿਣਾ ਤਾਂ ਮੁਸ਼ਕਿਲ ਹੈ।
ਡਾਕਟਰ-ਕਿਉਂ?
ਬਜ਼ੁਰਗ ਮਰੀਜ਼-ਉਸ ਸਮੇਂ ਤਾਂ ਦੰਦ ਮੈਂ ਗੁਸਲਖਾਨੇ ਵਿਚ ਰੱਖੇ ਹੋਏ ਸਨ।


-ਗੋਬਿੰਦ ਸੁਖੀਜਾ
ਢਿੱਲਵਾਂ (ਕਪੂਰਥਲਾ)।
ਮੋਬਾ: 98786-05929

ਬਾਲ ਨਾਵਲ-55

ਖੱਟੀਆਂ-ਮਿੱਠੀਆਂ ਗੋਲੀਆਂ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
'ਉਹ ਤੇ ਠੀਕ ਐ ਪਰ ਵੇਖੋ ਨਾ, ਤੁਸੀਂ ਦੋਵੇਂ ਕੰਮ-ਕਾਰ ਵਾਲੇ। ਕੁੜੀ ਨੇ ਵੀ ਸਵੇਰੇ ਸਾਰੇ ਕੰਮ ਕਰਕੇ ਆਪਣੇ ਸਕੂਲ ਜਾਣਾ ਹੁੰਦੈ। ਮੈਂ ਸਾਰਾ ਦਿਨ ਵਿਹਲੀ। ਹੁਣ ਐਸ ਉਮਰੇ ਨੀਂਦਰ ਵੀ ਬੜੀ ਘੱਟ ਆਉਂਦੀ ਐ। ਮੁੰਡਾ ਰਾਤੀਂ ਪੜ੍ਹੇਗਾ ਤਾਂ ਮੈਂ ਉਸ ਕੋਲ ਬੈਠੀ ਰਿਹਾ ਕਰਾਂਗੀ। ਜਦੋਂ ਉਸ ਨੂੰ ਨੀਂਦ ਆਉਣ ਲੱਗੇ, ਮੈਂ ਕੋਈ ਗੱਲ ਕਰਕੇ ਉਸ ਦੀ ਨੀਂਦ ਉਡਾ ਦਿਆ ਕਰਾਂਗੀ। ਸਵੇਰੇ ਵੀ ਵੇਲੇ ਸਿਰ ਉਠਾ ਦਿਆ ਕਰਾਂਗੀ। ਰਹੀ ਤੁਹਾਡੀ ਰੌਣਕ ਦੀ ਗੱਲ, ਹੁਣ ਤੁਸੀਂ ਘਰ ਵਿਚ ਆਪਣੀਆਂ ਰੌਣਕਾਂ ਲਿਆਓ...।'
ਮਾਤਾ ਜੀ ਹੋਰ ਵੀ ਕਈ ਕੁਝ ਕਹਿ ਰਹੇ ਸਨ ਪਰ ਮੇਘਾ ਸ਼ਰਮਾਉਂਦੀ ਹੋਈ ਬੋਲੀ, 'ਮਾਤਾ ਜੀ, ਤੁਸੀਂ ਜਿਵੇਂ ਠੀਕ ਸਮਝੋ, ਉਸੇ ਤਰ੍ਹਾਂ ਹੀ ਕਰਾਂਗੇ। ਵੈਸੇ ਹਰੀਸ਼ ਨਾਲ ਸਾਡਾ ਜੀਅ ਬਹੁਤ ਲੱਗਾ ਹੋਇਐ ਅਤੇ ਇਸ ਦੀ ਕੋਈ ਖੇਚਲ ਵੀ ਨਹੀਂ। ਮੇਰਾ ਖਿਆਲ ਹੈ ਕਿ ਅਸੀਂ ਸਾਰੇ ਹਰੀਸ਼ ਦੀ ਰਾਏ ਵੀ ਪੁੱਛੀਏ, ਉਹ ਕਿਥੇ ਰਹਿਣਾ ਪਸੰਦ ਕਰੇਗਾ।' ਇਹ ਕਹਿੰਦਿਆਂ ਉਹ ਹਰੀਸ਼ ਨੂੰ ਇਸ ਬਾਰੇ ਪੁੱਛਣ ਲੱਗੀ।
'ਹਰੀਸ਼, ਤੇਰਾ ਕੀ ਵਿਚਾਰ ਐ? ਤੂੰ ਆਪਣੇ ਮਨ 'ਤੇ ਕਿਸੇ ਕਿਸਮ ਦਾ ਬੋਝ ਨਾ ਪਾਈਂ। ਤੇਰੇ ਦੋਵੇਂ ਘਰ ਆਪਣੇ ਹਨ ਪਰ ਇਸ ਬਾਰੇ ਫੈਸਲਾ ਤੇਰਾ ਹੀ ਹੋਵੇਗਾ ਕਿ ਤੂੰ ਕਿਥੇ ਰਹਿਣਾ ਚਾਹੇਂਗਾ?'
'ਮੈਨੂੰ ਤੇ ਮਾਤਾ ਜੀ ਦੀ ਗੱਲ ਚੰਗੀ ਲੱਗੀ ਐ। ਜੇ ਮੈਂ ਮਾਤਾ ਜੀ ਕੋਲ ਰਹਾਂਗਾ ਤਾਂ ਮਾਤਾ ਜੀ ਦੀ ਸੇਵਾ ਵੀ ਕਰ ਸਕਾਂਗਾ। ਇਸ ਤੋਂ ਇਲਾਵਾ ਤੁਹਾਨੂੰ ਪਤੈ ਕਿ ਮੈਨੂੰ ਫੁੱਲਾਂ-ਬੂਟਿਆਂ ਦਾ ਵੀ ਸ਼ੌਕ ਐ। ਮੈਂ ਮਾਲੀ ਅੰਕਲ ਕੋਲੋਂ ਬੂਟਿਆਂ ਬਾਰੇ ਕੁਝ ਸਿੱਖਾਂਗਾ ਵੀ ਅਤੇ ਉਨ੍ਹਾਂ ਦੇ ਕੰਮ ਵਿਚ ਹੱਥ ਵੀ ਵਟਾਵਾਂਗਾ', ਹਰੀਸ਼, ਮਾਤਾ ਜੀ ਵੱਲ ਦੇਖਦਾ ਹੋਇਆ ਕਹਿ ਰਿਹਾ ਸੀ। ਫਿਰ ਉਹ ਸਿਧਾਰਥ ਅਤੇ ਮੇਘਾ ਵੱਲ ਦੇਖਦਾ ਹੋਇਆ ਬੋਲਿਆ, 'ਤੁਹਾਡੇ ਤੇ ਮੈਂ ਹਰ ਵੇਲੇ ਕੋਲ ਹੀ ਹਾਂ। ਮੇਰਾ ਜਦੋਂ ਜੀਅ ਕੀਤਾ, ਸਾਈਕਲ ਫੜਿਆ ਅਤੇ ਦਸ ਮਿੰਟਾਂ ਵਿਚ ਤੁਹਾਡੇ ਕੋਲ ਪਹੁੰਚ ਗਿਆ।'
ਸਿਧਾਰਥ ਕੁਝ ਕਹਿਣ ਲੱਗਾ ਸੀ ਪਰ ਉਸ ਤੋਂ ਪਹਿਲਾਂ ਮਾਤਾ ਜੀ ਬੋਲ ਪਏ, 'ਉਹ ਸਭ ਤਾਂ ਠੀਕ ਹੈ ਬੇਟਾ ਪਰ ਤੇਰੇ ਕੋਲ ਇਨ੍ਹਾਂ ਕੰਮਾਂ ਲਈ ਵਕਤ ਹੀ ਨਹੀਂ ਹੋਣਾ। ਮੈਂ ਵੀ ਨਹੀਂ ਚਾਹਵਾਂਗੀ ਕਿ ਤੇਰਾ ਕਿਸੇ ਹੋਰ ਕੰਮ ਲਈ ਇਕ ਮਿੰਟ ਵੀ ਖਰਾਬ ਹੋਵੇ। ਜਦੋਂ ਤੂੰ ਮੇਰੇ ਕੋਲ ਬੈਠ ਕੇ ਪੜ੍ਹਦਾ ਹੋਵੇਂਗਾ ਤਾਂ ਮੇਰੀ ਉਹੋ ਹੀ ਸਭ ਤੋਂ ਵੱਡੀ ਸੇਵਾ ਹੋਵੇਗੀ।'
'ਉਹ ਕਿਸ ਤਰ੍ਹਾਂ ਮਾਤਾ ਜੀ?' ਹਰੀਸ਼ ਨੇ ਪੁੱਛਿਆ।
'ਬੇਟਾ, ਤੈਨੂੰ ਅਜੇ ਨਹੀਂ ਪਤਾ ਕਿ ਇਕੱਲਾਪਣ ਹੀ ਬੰਦੇ ਨੂੰ ਸਭ ਤੋਂ ਜ਼ਿਆਦਾ ਤੰਗ ਕਰਦੈ। ਇਹੋ ਹੀ ਕਈ ਬਿਮਾਰੀਆਂ ਦਾ ਕਾਰਨ ਹੁੰਦੈ। ਤੂੰ ਜਦੋਂ ਮੇਰੇ ਕੋਲ ਹੋਵੇਂਗਾ ਤਾਂ ਮੈਨੂੰ ਘਰ ਭਰਿਆ-ਭਰਿਆ ਲੱਗੇਗਾ।'
ਹੁਣ ਮਾਤਾ ਜੀ ਦੀ ਗੱਲ ਨਾਲ ਸਾਰੇ ਸਹਿਮਤ ਹੋ ਗਏ। ਹਰੀਸ਼ ਕਿਸ ਦਿਨ ਮਾਤਾ ਜੀ ਵੱਲ ਆਵੇਗਾ, ਇਸ ਬਾਰੇ ਵੀ ਕਿਸੇ ਨੂੰ ਸੋਚਣ ਦੀ ਲੋੜ ਨਹੀਂ ਪਈ। ਮਾਤਾ ਜੀ ਨੇ ਆਪੇ ਹੀ ਫੈਸਲਾ ਕਰ ਦਿੱਤਾ, 'ਹਰੀਸ਼, ਤੂੰ ਸਵੇਰੇ ਹੀ ਆਪਣਾ ਸਮਾਨ ਅਤੇ ਕਿਤਾਬਾਂ ਵਗੈਰਾ ਲੈ ਆਈਂ। ਮੈਂ ਮਾਲੀ ਦੀ ਵਹੁਟੀ ਨੂੰ ਕਹਿ ਕੇ ਅੱਜ ਹੀ ਸਾਹਮਣੇ ਵਾਲੇ ਕਮਰੇ ਦੀ ਚੰਗੀ ਤਰ੍ਹਾਂ ਸਫਾਈ ਕਰਵਾ ਕੇ ਸੈੱਟ ਕਰਵਾ ਦਿੰਦੀ ਹਾਂ। (ਬਾਕੀ ਅਗਲੇ ਐਤਵਾਰ ਦੇ ਅੰਕ 'ਚ)


-404, ਗ੍ਰੀਨ ਐਵੇਨਿਊ, ਅੰਮ੍ਰਿਤਸਰ-143001. ਮੋਬਾ: 98889-24664

ਬਾਲ ਕਵਿਤਾ

ਚਿੜੀ ਤੇ ਅੱਗ

ਗਿੱਦੜਾਂ ਅਤੇ ਬਾਂਦਰਾਂ ਰਲ,
ਜੰਗਲ ਨੂੰ ਸੀ ਅੱਗ ਲਗਾਈ।
ਚਿੜੀ ਨੂੰ ਜਦੋਂ ਪਤਾ ਲੱਗਿਆ,
ਚਿੰਤਾ ਦੇ ਵਿਚ ਉੱਡੀ ਆਈ।
ਆਸੇ-ਪਾਸੇ ਨਜ਼ਰ ਦੌੜਾਈ,
ਨਦੀ ਉਸ ਦੇ ਨਜ਼ਰੀਂ ਆਈ।
ਅੱਗ ਬੁਝਾਵਣ ਖਾਤਰ ਚਿੜੀ,
ਆਪਣੀ ਚੁੰਝ ਭਰ ਲਿਆਈ।
ਲਗਾਤਾਰ ਜਦ ਪਾਣੀ ਲਿਆਈ,
ਤਮਾਸ਼ਬੀਨਾਂ ਖਿੱਲੀ ਉਡਾਈ।
ਐਨੀ ਅੱਗ ਕਿਵੇਂ ਇਹ ਬੁਝੂ,
ਕਮਲੀ ਨੂੰ ਨਾ ਸਮਝ ਕਾਈ।
ਗੁੱਸੇ ਦੇ ਵਿਚ ਚਿੜੀ ਸੀ ਬੋਲੀ,
ਇਤਿਹਾਸ ਲਿਖਿਆ ਜਾਵੇਗਾ।
ਤੁਹਾਨੂੰ ਲਾਹਣਤਾਂ ਪੈਣਗੀਆਂ,
ਜੱਗ ਮੇਰੇ ਹੀ ਗੁਣ ਗਾਵੇਗਾ।
ਚਿੜੀ ਵਾਂਗਰਾਂ ਤੁਸੀਂ ਬੱਚਿਓ,
ਚੰਗੇ ਕੰਮੀਂ ਨਾਂਅ ਚਮਕਾਉਣਾ।
'ਤਲਵੰਡੀ' ਵਰਗੇ ਹੋਰਾਂ ਨੂੰ ਵੀ,
ਤੁਸਾਂ ਆਪਣੇ ਨਾਲ ਰਲਾਉਣਾ।


-ਅਮਰੀਕ ਸਿੰਘ ਤਲਵੰਡੀ ਕਲਾਂ,
ਮੋਬਾ: 94635-42896

ਬਾਲ ਸਾਹਿਤ

ਚੰਨ ਤਾਰੇ...
ਲੇਖਕ : ਪਰਮਜੀਤ ਸਿੰਘ ਮਿੰਟੂ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ।
ਮੁੱਲ : 50 ਰੁਪਏ, ਪੰਨੇ : 32
ਸੰਪਰਕ : 94171-22074


ਪਰਮਜੀਤ ਸਿੰਘ ਮਿੰਟੂ ਆਪਣਾ ਨਵਾਂ ਬਾਲ ਕਾਵਿ-ਸੰਗ੍ਰਹਿ 'ਚੰਨ ਤਾਰੇ...' ਲੈ ਕੇ ਬਾਲ ਪਾਠਕਾਂ ਦੇ ਸਨਮੁੱਖ ਹੈ। ਕਵੀ ਨੇ 'ਸਫਾਈ ਵਾਲਾ ਮੁੱਲ', 'ਰੁੱਖੋ ਪਿਆਰਿਓ ਵੇ', 'ਲੰਘਿਆ ਵਕਤ ਹੱਥ ਨਹੀਂ ਆਉਂਦਾ', 'ਪਿਆਰੇ ਅਬਦੁਲ ਕਲਾਮ', 'ਛੂਹਣੇ ਨੇ ਚੰਨ ਤਾਰੇ', 'ਹੱਥੀਂ ਕਰੋ ਕੰਮ' ਅਤੇ 'ਸਲਾਮ' ਆਦਿ ਕਵਿਤਾਵਾਂ ਵਿਚ ਢਾਲਿਆ ਹੈ। 'ਕਾਂ ਤੇ ਲੂੰਬੜੀ' ਦੀ ਰਵਾਇਤੀ ਕਹਾਣੀ ਨੂੰ ਕਵੀ ਨੇ ਕਾਵਿ-ਕਹਾਣੀ ਦੇ ਰੂਪ ਵਿਚ ਪਰਿਵਰਤਿਤ ਕੀਤਾ ਹੈ ਅਤੇ ਲੂੰਬੜੀ ਫਿਰ ਦਾਅ ਲਗਾ ਕੇ ਕਾਂ ਨੂੰ ਬੁੱਧੂ ਬਣਾ ਦਿੰਦੀ ਹੈ। 'ਸਲਾਮ' ਕਵਿਤਾ ਵਿਚ ਕਵੀ ਦੇਸ਼ ਦੇ ਰਾਖਿਆਂ ਦੀ ਦੇਸ਼-ਕੌਮ ਪ੍ਰਤੀ ਕੁਰਬਾਨੀ ਦੇ ਜਜ਼ਬਿਆਂ ਨੂੰ ਦਰਸਾਉਂਦੀ ਹੈ। ਇਸ ਕਵਿਤਾ ਦੀਆਂ ਕੁਝ ਸਤਰਾਂ ਹਨ :
ਜਾਨ ਤਲੀ ਉਤੇ ਧਰ
ਸੁੱਖ ਚੈਨ ਲਾਂਭੇ ਕਰ
ਬਾਰਡਰਾਂ ਦੇ ਉਤੇ ਸਦਾ ਰਹਿੰਦੇ ਬੇਆਰਾਮ
ਦੇਸ਼ ਦਿਆਂ ਰਾਖਿਆਂ ਨੂੰ ਸਾਡਾ ਏ ਸਲਾਮ। (ਪੰਨਾ 31)
ਇਸ ਕਾਵਿ-ਸੰਗ੍ਰਹਿ ਵਿਚ ਕਵੀ ਨੇ ਭਾਂਤ-ਭਾਂਤ ਦੇ ਮਨੁੱਖੀ ਰਿਸ਼ਤੇ-ਨਾਤਿਆਂ, ਚਿੜੀ ਜਨੌਰਾਂ, ਸੱਭਿਆਚਾਰਕ ਵਸਤਾਂ ਅਤੇ ਪ੍ਰਕ੍ਰਿਤਕ ਨਜ਼ਾਰਿਆਂ ਨੂੰ ਸੋਹਣੇ ਅੰਦਾਜ਼ ਵਿਚ ਪ੍ਰਸਤੁਤ ਕੀਤਾ ਹੈ। ਇਹ ਕਵਿਤਾਵਾਂ ਬਾਲ ਪਾਠਕਾਂ ਦੇ ਮਨ ਵਿਚ ਸੋਹਜ ਪੈਦਾ ਕਰਦੀਆਂ ਹਨ। ਸੁਖਚੰਚਲ ਕੌਰ ਅਤੇ ਕੁਲਦੀਪ ਸਿੰਘ ਸਹੋਤਾ ਦੁਆਰਾ ਬਣਾਏ ਚਿੱਤਰ ਇਨ੍ਹਾਂ ਕਵਿਤਾਵਾਂ ਨੂੰ ਸਮਝਣ ਲਈ ਮਦਦਗਾਰ ਬਣਦੇ ਹਨ ਅਤੇ ਦਿਲਚਸਪੀ ਵੀ ਵਧਾਉਂਦੇ ਹਨ। ਕੁੱਲ ਮਿਲਾ ਕੇ ਇਹ ਪੁਸਤਕ ਬੱਚਿਆਂ ਨੂੰ ਮਾਤ ਭਾਸ਼ਾ ਦਾ ਗਿਆਨ ਵੀ ਪ੍ਰਦਾਨ ਕਰਦੀ ਹੈ ਅਤੇ ਉਨ੍ਹਾਂ ਅੰਦਰ ਛਿਪੀਆਂ ਸਿਰਜਣਾਤਮਕ ਰੁਚੀਆਂ ਨੂੰ ਵੀ ਹੁਲਾਰਾ ਦਿੰਦੀ ਹੈ।


-ਦਰਸ਼ਨ ਸਿੰਘ 'ਆਸ਼ਟ' (ਡਾ:)

ਬੁਝਾਰਤਾਂ

1. ਤੀਰ-ਤੁੱਕੇ ਨਾਲ ਕੰਮ ਨ੍ਹੀਂ ਚੱਲਣਾ, ਪਾਸ ਹੋਣ ਲਈ ਪੜ੍ਹਨਾ ਈ ਪੈਣਾ। ਹੋਰ ਤੁੱਕਾ ਕਿਸ ਨੂੰ ਕਹਿੰਦੇ ਹਨ?
2. ਮੱਝ ਬਹੁਤ ਤਿਹਾਈ ਸੀ, ਕਾਫੀ ਸਾਰਾ ਪਾਣੀ ਪੀ ਗਈ। ਹੋਰ ਤਿਹਾਈ ਕਿਸ ਨੂੰ ਕਹਿੰਦੇ ਹਨ?
3. ਇਕ ਟੀਕਾ ਡਾਕਟਰ ਮਰੀਜ਼ ਦੇ ਆਰਾਮ ਆ ਜਾਣ ਲਈ ਲਾਉਂਦਾ ਹੈ। ਇਸ ਤੋਂ ਬਿਨਾਂ ਟੀਕਾ ਹੋਰ ਕਿਸ ਨੂੰ ਕਿਹਾ ਜਾਂਦਾ ਹੈ?
4. ਡੰਡੀ-ਡੰਡੀ (ਛੋਟਾ ਰਾਹ ਵੱਟ ਵਰਗਾ) ਤੁਰਿਆ ਜਾਈਂ, ਅੱਗੇ ਆਪਣਾ ਖੇਤ ਆ ਜਾਵੇਗਾ। ਹੋਰ ਡੰਡੀ ਕਿਸ ਨੂੰ ਕਹਿੰਦੇ ਹਨ?
5. ਬਿਹਾਰੀ ਅੱਖਰ ਲਿਖਣ ਤੋਂ ਬਾਅਦ ਲਗਾਈ ਜਾਂਦੀ ਹੈ। ਬਿਹਾਰੀ ਹੋਰ ਕਿਸ ਨੂੰ ਕਿਹਾ ਜਾਂਦਾ ਹੈ?
6. ਬੇੜੀ (ਕਿਸ਼ਤੀ) ਵਿਚ ਬੈਠ ਕੇ ਦਰਿਆ ਪਾਰ ਕੀਤਾ ਜਾਂਦਾ ਹੈ। ਹੋਰ ਬੇੜੀ ਕਿਹੜੀ ਕਿਸਮ ਦੀ ਹੁੰਦੀ ਹੈ?
7. ਮੰਡੀ ਵਿਚ ਸਬਜ਼ੀ ਜਾਂ ਅਨਾਜ ਵੇਚਿਆ ਜਾਂਦਾ ਹੈ। ਇਸ ਤੋਂ ਬਿਨਾਂ ਮੰਡੀ ਕਿਥੇ ਹੈ?
ਉੱਤਰ : (1) ਕਿੱਕਰ ਦਾ ਫਲ, (2) ਇਕ ਤਿਹਾਈ ਹਿੱਸੇ, (3) ਕਿਸੇ ਬਾਣੀ ਦੀ ਅਰਥ ਸਹਿਤ ਵਿਆਖਿਆ, (4) ਤੱਕੜੀ ਦੀ ਡੰਡੀ, (5) ਬਿਹਾਰ ਦਾ ਰਹਿਣ ਵਾਲਾ, (6) ਦੋਸ਼ੀ ਦੇ ਪੈਰਾਂ 'ਚ ਪਾਈ ਲੋਹੇ ਦੀ ਮੋਟੀ ਸੰਗਲੀ, (7) ਹਿਮਾਚਲ ਦਾ ਸ਼ਹਿਰ ਮੰਡੀ।


-ਸਰਬਜੀਤ ਸਿੰਘ ਝੱਮਟ,
ਪਿੰਡ ਝੱਮਟ, ਡਾਕ: ਅਯਾਲੀ ਕਲਾਂ (ਲੁਧਿਆਣਾ)-142027. ਮੋਬਾ: 94636-00252

ਗਣਿਤ

ਬੱਚਿਓ ਗਣਿਤ ਤੋਂ ਮੂੰਹ ਨਾ ਮੋੜੋ,
ਗਣਿਤ ਦੇ ਨਾਂਅ ਤੋਂ ਡਰਨਾ ਛੱਡੋ।
ਸ਼ੁਰੂ ਕਰੋਗੇ ਜਦ ਰੁਚੀ ਲੈਣਾ,
ਗਣਿਤ ਲੱਗੇਗਾ ਤੁਹਾਨੂੰ ਖਿਡੌਣਾ।
ਜ਼ਿੰਦਗੀ ਵਿਚ ਕੁਝ ਵੀ ਬਣਨਾ ਚਾਹੋਗੇ,
ਬਿਨਾਂ ਗਣਿਤ ਦੇ ਨਾ ਬਣ ਪਾਵੋਗੇ।
ਡਾਕਟਰ, ਵਕੀਲ, ਇੰਜੀਨੀਅਰ, ਦੁਕਾਨਦਾਰ,
ਗਣਿਤ 'ਤੇ ਟਿਕਿਆ ਸਭ ਦਾ ਕਾਰੋਬਾਰ।
ਪੜ੍ਹਨਾ-ਲਿਖਣਾ ਤੇ ਗਣਿਤ ਦਾ ਗਿਆਨ,
ਸਾਖਰਤਾ ਦੀ ਇਹੋ ਹੈ ਪਹਿਚਾਣ।


-ਅੰਜੂ ਸੂਦ,
ਸ: ਪ੍ਰਾ: ਸਕੂਲ, ਲਲਹੇੜੀ, ਬਲਾਕ ਖੰਨਾ-2 (ਲੁਧਿਆਣਾ)। ਮੋਬਾ: 81465-58019

ਮੇਰਾ ਬਸਤਾ

ਮੇਰਾ ਬਸਤਾ ਸਭ ਤੋਂ ਸੋਹਣਾ,
ਮੈਨੂੰ ਲੱਗੇ ਬੜਾ ਮਨਮੋਹਣਾ।
ਵਿਚ ਕਿਤਾਬਾਂ ਪਾਵਾਂ ਮੈਂ,
ਜਦੋਂ ਸਕੂਲੇ ਜਾਵਾਂ ਮੈਂ।
ਮੇਰੇ ਮਿੱਤਰ ਵੀ ਕਰਨ ਪਸੰਦ,
ਬਸਤੇ ਮੇਰੇ ਦਾ ਸੋਹਣਾ ਰੰਗ।
ਲਾਲ, ਹਰਾ, ਪੀਲਾ, ਨੀਲਾ,
ਮੇਰਾ ਬਸਤਾ ਰੰਗ-ਰੰਗੀਲਾ।
ਮਨ ਲਗਾ ਕੇ ਪੜ੍ਹਾਂਗਾ ਮੈਂ,
ਵੱਡਾ ਕਲੈਕਟਰ ਬਣਾਂਗਾ ਮੈਂ।


-ਰਮਿੰਦਰ ਕੌਰ,
ਸਟਾਰ ਪਬਲਿਕ ਸਕੂਲ, ਮੁਕੇਰੀਆਂ (ਹੁਸ਼ਿਆਰਪੁਰ)।


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX