ਤਾਜਾ ਖ਼ਬਰਾਂ


ਸੜਕ ਹਾਦਸੇ ਚ 2 ਨੌਜਵਾਨਾ ਦੀ ਮੌਤ
. . .  about 1 hour ago
ਉਸਮਾਨਪੁਰ ,21 ਜਨਵਰੀ {ਸੰਦੀਪ }-ਪਿੰਡ ਉਸਮਾਨਪੁਰ - ਚੱਕਲ਼ੀ ਸੰਪਰਕ ਸੜਕ 'ਤੇ ਟਰੈਕਟਰ ਟਰਾਲੀ ਅਤੇ ਮੋਟਰ ਸਾਈਕਲ ਦੀ ਟੱਕਰ 'ਚ 2 ਨੌਜਵਾਨਾ ਦੀ ਮੌਤ ਹੋ ਗਈ ।
ਲੰਡਨ 'ਚ ਈ.ਵੀ.ਐਮ ਸਬੰਧੀ ਕਰਵਾਏ ਜਾ ਰਹੇ ਪ੍ਰੋਗਰਾਮ 'ਤੇ ਨਜ਼ਰ - ਚੋਣ ਕਮਿਸ਼ਨ
. . .  about 2 hours ago
ਨਵੀਂ ਦਿੱਲੀ, 21 ਜਨਵਰੀ - ਇੰਗਲੈਂਡ ਦੇ ਲੰਡਨ 'ਚ ਈ.ਵੀ.ਐਮ ਸਬੰਧੀ ਕਰਵਾਏ ਜਾ ਰਹੇ ਪ੍ਰੋਗਰਾਮ ਜਿਸ ਵਿਚ ਦਾਅਵਾ ਕੀਤਾ ਗਿਆ ਹੈ ਕਿ ਭਾਰਤੀ ਚੋਣ ਕਮਿਸ਼ਨ ਦੀ ਈ.ਵੀ.ਐਮ...
ਅਮਰੀਕੀ ਸੈਨੇਟਰ ਕਮਲਾ ਹੈਰਿਸ ਵੱਲੋਂ 2020 ਰਾਸ਼ਟਰਪਤੀ ਚੋਣ ਲੜਨ ਦਾ ਐਲਾਨ
. . .  about 2 hours ago
ਨਿਊਯਾਰਕ, 21 ਜਨਵਰੀ - ਅਮਰੀਕੀ ਸੈਨੇਟਰ ਕਮਲਾ ਹੈਰਿਸ ਨੇ ਐਲਾਨ ਕੀਤਾ ਹੈ ਕਿ ਉਨ੍ਹਾਂ ਵੱਲੋਂ 2020 ਦੀ ਰਾਸ਼ਟਰਪਤੀ ਚੋਣ ਲੜੀ...
ਟਾਟਾ ਸੂਮੋ ਅਤੇ ਟਰੱਕ ਦੀ ਟੱਕਰ 'ਚ 3 ਮੌਤਾਂ, ਇੱਕ ਜ਼ਖਮੀ
. . .  about 3 hours ago
ਮੂਨਕ, 21 ਜਨਵਰੀ (ਰਾਜਪਾਲ ਸਿੰਗਲਾ) - ਇੱਥੋਂ ਨੇੜਲੇ ਪਿੰਡ ਕੋਲ ਹੋਏ ਦਰਦਨਾਕ ਸੜਕ ਹਾਦਸੇ ਵਿਚ 3 ਲੋਕਾਂ ਦੀ ਮੌਤ ਹੋ ਗਈ, ਜਦਕਿ ਇੱਕ ਜ਼ਖਮੀ ਹੋ ਗਿਆ। ਇਹ ਹਾਦਸਾ...
ਖ਼ਰਾਬ ਮੌਸਮ ਦੇ ਮੱਦੇਨਜ਼ਰ ਦੇਹਰਾਦੂਨ ਦੇ ਸਕੂਲਾਂ 'ਚ ਕੱਲ੍ਹ ਛੁੱਟੀ
. . .  about 3 hours ago
ਦੇਹਰਾਦੂਨ, 21 ਜਨਵਰੀ - ਭਾਰੀ ਬਰਸਾਤ ਤੇ ਬਰਫ਼ਬਾਰੀ ਦੀ ਸੰਭਾਵਨਾ ਨੂੰ ਦੇਖਦੇ ਹੋਏ ਉੱਤਰਾਖੰਡ ਦੇ ਦੇਹਰਾਦੂਨ ਪ੍ਰਸ਼ਾਸਨ ਨੇ 22 ਜਨਵਰੀ ਨੂੰ ਜ਼ਿਲ੍ਹੇ ਦੇ ਸਾਰੇ ਸਕੂਲਾਂ ਅਤੇ ਆਂਗਣਵਾੜੀ...
ਕਰਨਾਟਕ : ਵਿਧਾਇਕ ਜੇ.ਐਨ ਗਣੇਸ਼ ਕਾਂਗਰਸ ਤੋਂ ਮੁਅੱਤਲ
. . .  about 3 hours ago
ਬੈਂਗਲੁਰੂ, 21 ਜਨਵਰੀ - ਕਾਂਗਰਸ ਦੇ ਵਿਧਾਇਕ ਜੇ.ਐਨ ਗਣੇਸ਼ ਵੱਲੋਂ ਕਾਂਗਰਸ ਦੇ ਹੀ ਵਿਧਾਇਕ ਅਨੰਦ ਸਿੰਘ ਨਾਲ ਮਾਰਕੁੱਟ ਤੋਂ ਬਾਅਦ ਕਰਨਾਟਕ ਕਾਂਗਰਸ ਦੇ ਜਨਰਲ ਸਕੱਤਰ...
ਕਰਨਾਟਕ ਕਿਸ਼ਤੀ ਹਾਦਸਾ : ਹੁਣ ਤੱਕ 16 ਲਾਸ਼ਾਂ ਬਰਾਮਦ
. . .  about 3 hours ago
ਬੈਂਗਲੁਰੂ, 21 ਜਨਵਰੀ - ਕਰਨਾਟਕ ਦੇ ਕਰਵਾੜ 'ਚ 24 ਲੋਕਾਂ ਨੂੰ ਲੈ ਕੇ ਜਾ ਰਹੀ ਕਿਸ਼ਤੀ ਪਲਟਣ ਤੋਂ ਬਾਅਦ ਸਮੁੰਦਰੀ ਫ਼ੌਜ ਤੇ ਕੋਸਟ ਗਾਰਡ ਨੇ ਹੁਣ ਤੱਕ 16 ਲੋਕਾਂ ਦੀਆਂ ਲਾਸ਼ਾਂ...
680 ਪੇਟੀਆਂ ਨਾਜਾਇਜ਼ ਸ਼ਰਾਬ ਸਮੇਤ ਇੱਕ ਗ੍ਰਿਫ਼ਤਾਰ
. . .  about 4 hours ago
ਜਲੰਧਰ, 21 ਜਨਵਰੀ - ਸੀ.ਆਈ.ਏ ਸਟਾਫ਼ ਨੇ 680 ਪੇਟੀਆਂ ਨਾਜਾਇਜ਼ ਸ਼ਰਾਬ ਸਮੇਤ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਡੀ.ਸੀ.ਪੀ ਜਾਂਚ ਗੁਰਮੀਤ ਸਿੰਘ ਨੇ ਦੱਸਿਆ ਕਿ...
ਗੋਦਾਮ ਦੀ ਕੰਧ ਡਿੱਗਣ ਕਾਰਨ 2 ਲੋਕਾਂ ਦੀ ਮੌਤ
. . .  about 4 hours ago
ਨਵੀਂ ਦਿੱਲੀ, 21 ਜਨਵਰੀ- ਦਿੱਲੀ ਦੇ ਨਜਫਗੜ੍ਹ ਦੇ ਨਾਂਗਲੀ 'ਚ ਇੱਕ ਗੋਦਾਮ ਦੀ ਕੰਧ ਡਿੱਗਣ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ......
ਸੁਨੰਦਾ ਪੁਸ਼ਕਰ ਮਾਮਲੇ ਦੀ ਸੁਣਵਾਈ 29 ਜਨਵਰੀ ਤੱਕ ਮੁਲਤਵੀ
. . .  about 4 hours ago
ਨਵੀਂ ਦਿੱਲੀ, 21 ਜਨਵਰੀ- ਸੁਨੰਦਾ ਪੁਸ਼ਕਰ ਦੀ ਮੌਤ ਦੇ ਮਾਮਲੇ 'ਚ ਸੁਣਵਾਈ ਨੂੰ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ 29 ਜਨਵਰੀ ਤੱਕ ਮੁਲਤਵੀ ਕਰ ਦਿੱਤਾ.....
ਹੋਰ ਖ਼ਬਰਾਂ..

ਫ਼ਿਲਮ ਅੰਕ

ਜੈਕਲਿਨ ਫਰਨਾਂਡਿਜ਼

ਨਵੇਂ ਟੀਚੇ, ਨਵੇਂ ਰਾਹ

ਪੂਰੇ 29 ਸਾਲ ਯਾਨੀ ਢਲਦੀ ਜਵਾਨੀ ਪਰ ਜਵਾਨੀ ਫਿਰ ਵੀ ਸ਼ਬਾਬ 'ਤੇ ਹੈ। ਇਸ ਉਮਰ 'ਚ ਤੇ 29 ਸਾਲ ਬਾਅਦ 'ਮੋਹਿਨੀ' ਦਾ ਰੂਪ ਅੱਜਕਲ੍ਹ ਸੁਰਖੀਆਂ 'ਚ ਹੈ। 'ਬਾਗੀ-2' ਦੇ ਟੀਜ਼ਰ ਨੇ ਹੱਲਾ ਮਚਾਇਆ ਹੋਇਆ ਹੈ ਤੇ ਜ਼ਾਹਿਰ ਹੈ ਕਿ ਖੁੱਲ੍ਹੀ-ਡੁੱਲ੍ਹੀ ਮਸਤ ਅਦਾਵਾਂ ਵਾਲੀ ਜੈਕਲਿਨ ਫਰਨਾਂਡਿਜ਼ ਦੀ ਬੱਲੇ-ਬੱਲੇ ਹੈ। 29 ਸਾਲ ਪਹਿਲਾਂ 'ਏਕ ਦੋ ਤੀਨ' ਮਾਧੁਰੀ ਦੇ ਇਸ ਡਾਂਸ ਗੀਤ ਨੇ 'ਤੇਜ਼ਾਬ' ਫ਼ਿਲਮ ਬੇਹੱਦ ਕਾਮਯਾਬ ਕੀਤੀ ਸੀ। ਅੱਜ ਵੀ ਇਹ ਗਾਣਾ ਲੋਕਪ੍ਰਿਯ ਹੈ। 'ਚਿੱਟੀਆਂ ਕਲਾਈਆਂ', 'ਬੰਨੋ' ਤੋਂ ਬਾਅਦ 'ਏਕ ਦੋ ਤੀਨ' ਨਾਲ ਜੈਕੀ ਨੇ 29 ਸਾਲ ਪਹਿਲਾਂ ਵਾਲੀ ਮਾਧੁਰੀ ਦੀ ਯਾਦ ਤਾਜ਼ਾ ਕਰਵਾਈ ਹੈ। ਟਾਈਗਰ ਸ਼ਰਾਫ-ਦਿਸ਼ਾ ਪਟਾਨੀ ਵਾਲੀ 'ਬਾਗੀ-2' 30 ਮਾਰਚ ਨੂੰ ਜੈਕੀ ਦੇ 'ਏਕ ਦੋ ਤੀਨ' ਨਾਲ ਆ ਰਹੀ ਹੈ। ਜੈਕਲਿਨ ਇਸ ਤਰ੍ਹਾਂ ਚੜ੍ਹਦੀਆਂ ਗਰਮੀਆਂ 'ਚ ਬੀ. ਟਾਊਨ ਦਾ ਮਾਹੌਲ 'ਏਕ ਦੋ ਤੀਨ' ਨਾਲ ਗਰਮ ਕਰ ਰਹੀ ਹੈ। ਜੈਕੀ ਆਪਣੀ ਜ਼ਿੰਦਗੀ 'ਚ ਨਵਾਂ ਹੀ ਕਰਨ ਨੂੰ ਤਰਜੀਹ ਦਿੰਦੀ ਹੈ। ਕਦੇ ਪੋਲ ਡਾਂਸ, ਕਦੇ ਘੋੜ ਸਵਾਰੀ ਤੇ ਹੁਣ 'ਏਕ ਦੋ ਤੀਨ' ਤੋਂ ਬਾਅਦ ਹੱਥ 'ਚ ਜਿਊਂਦਾ ਸੱਪ ਲੈ ਕੇ ਖਿਚਵਾਈ ਤਸਵੀਰ ਸ੍ਰੀਲੰਕਾ ਦੇ ਜਾਨਵਰਾਂ ਦੇ ਇਕ ਕੇਂਦਰ 'ਚ ਦਰਅਸਲ ਉਹ ਗਈ ਸੀ। ਉਥੇ ਜੈਕੀ ਨੇ ਜਾਣਿਆ ਕਿ ਸੱਪ ਜੀਭ ਨਾਲ ਹੀ ਹਰ ਚੀਜ਼ ਨੂੰ ਮਹਿਸੂਸ ਕਰਦਾ ਹੈ। ਬਹਾਦਰ, ਨਿਡਰ ਤੇ ਵਾਹ ਇਹ ਪ੍ਰਤੀਕਿਰਿਆਵਾਂ ਜੈਕੀ ਨੂੰ ਇਸ ਤਸਵੀਰ ਕਾਰਨ ਮਿਲੀਆਂ ਹਨ। ਜੈਕੀ ਰੋਮੀ ਡਿਸੂਜ਼ਾ ਦੀ 'ਰੇਸ-3' ਵੀ ਕਰ ਰਹੀ ਹੈ। ਈਦ ਮੌਕੇ 15 ਜੂਨ ਨੂੰ ਇਹ ਆਉਣੀ ਹੈ। 'ਅਲਾਦੀਨ' ਵਾਲੀ ਜੈਕਲਿਨ ਨੇ 9 ਸਾਲ 'ਚ ਸ਼ਾਨਦਾਰ ਪ੍ਰਾਪਤੀਆਂ ਹਾਸਲ ਕੀਤੀਆਂ ਹਨ। ਨਿੱਤ ਨਵਾਂ ਕੰਮ, ਨਿੱਤ ਨਵੇਂ ਤਜਰਬੇ, ਹਰ ਦਿਨ ਨਵਾਂ ਕਰਨਾ ਜੈਕਲਿਨ ਫਰਨਾਂਡਿਜ਼ ਦਾ ਸ਼ੌਕ ਹੈ, ਸੁਭਾਅ ਹੈ, ਆਦਤ ਹੈ। ਸੋਨਮ ਕਪੂਰ ਨਾਲ ਉਸ ਦੀ ਦੋਸਤੀ ਸ਼ਾਇਦ ਜਿਊਂਦੇ ਜੀਅ ਨਹੀਂ ਟੁੱਟੇਗੀ। ਵਾਹ! ਸ੍ਰੀਲੰਕਨ ਕੁੜੀ ਜੈਕਲਿਨ ਦੇ ਜੋ ਲਾ ਕੇ ਤੋੜ ਨਿਭਾਉਂਦੀ ਹੈ, ਆਪਣੇ ਕਿੱਤੇ 'ਚ ਸਫ਼ਲ ਹੈ ਤੇ ਉਸ ਦੇ ਤਜਰਬੇ ਵੀ ਸਫ਼ਲ ਹਨ। ਸੱਚੀਂ ਜੈਕਲਿਨ ਦੀਆਂ ਰੀਸਾਂ ਕਰਨੀਆਂ ਅਸੰਭਵ ਹਨ।


ਖ਼ਬਰ ਸ਼ੇਅਰ ਕਰੋ

ਪ੍ਰਿਅੰਕਾ ਚੋਪੜਾ

ਮਿੱਟੀ 'ਵਾਜ਼ਾਂ ਮਾਰਦੀ

ਹਮੇਸ਼ਾ ਸੁਰਖੀਆਂ ਬਟੋਰ ਲੈਂਦੀ ਹੈ ਪ੍ਰਿਅੰਕਾ ਚੋਪੜਾ ਆਪਣੀ ਸ਼ਾਨਦਾਰ ਅਦਾਕਾਰੀ ਨਾਲ ਤੇ ਹਾਲੀਵੁੱਡ ਤੱਕ ਪੀ.ਸੀ. ਦੀ ਧਮਾਲ ਪਈ ਹੋਈ ਹੈ। ਅੱਧੀ ਰਾਤ ਨੂੰ ਕੀਤੀ ਵੀਡੀਓ ਕਾਲ ਨੇ ਪੀ.ਸੀ. ਦੀ ਚਰਚਾ ਮੁੰਬਈ ਦੀ ਫ਼ਿਲਮੀ ਮੰਡੀ ਦੀ ਹਰ ਦੁਕਾਨ 'ਤੇ ਛੇੜ ਦਿੱਤੀ ਹੈ। ਉਸ ਨੇ ਰਣਵੀਰ ਸਿੰਘ ਨੂੰ ਰਾਤ ਸਵਾ ਬਾਰਾਂ ਵਜੇ ਆਪਣੇ ਖੂਬਸੂਰਤ ਵੱਡੇ ਮੋਬਾਈਲ ਫੋਨ ਤੋਂ ਵੀਡੀਓ ਕਾਲ ਕੀਤੀ। ਕਾਲ ਕੀ ਸੀ ਇਹ ਫਿਰ ਇੰਟਰਨੈੱਟ 'ਤੇ ਵੀ ਪੈ ਗਈ ਤੇ ਕਾਲ ਦਾ ਸਬੰਧ ਅੰਤਰਰਾਸ਼ਟਰੀ ਔਰਤ ਦਿਨ ਨਾਲ ਸੀ। 'ਬਾਜੀਰਾਓ ਮਸਤਾਨੀ', 'ਗੁੰਡੇ', 'ਦਿਲ ਧੜਕਨੇ ਦੋ' ਰਣਵੀਰ ਸਿੰਘ ਨਾਲ ਕਰ ਚੁੱਕੀ ਪੀ.ਸੀ. ਨੇ ਵੀਡੀਓ ਕਾਲ 'ਚ ਕਿਹਾ ਕਿ ਅਰਾਮ ਵੀ ਜ਼ਰੂਰੀ ਹੈ। ਔਰਤ ਦੀ ਇੱਜ਼ਤ ਵੀ ਜ਼ਰੂਰੀ ਹੈ ਤੇ ਉਹ ਆਪਣੇ ਕਰੀਬੀ ਦੋਸਤ ਰਣਵੀਰ ਨੂੰ ਕਾਲ ਕਰਕੇ ਦੁਨੀਆ ਨੂੰ ਦੱਸ ਰਹੀ ਹੈ। ਪ੍ਰਿਅੰਕਾ ਚੋਪੜਾ ਕਾਫੀ ਦੇਰ ਤੋਂ ਮੁੰਬਈ ਨਗਰੀ ਨਾਲੋਂ ਇਕ ਤਰ੍ਹਾਂ ਨਾਲ ਟੁੱਟੀ ਪਈ ਹੈ। ਹਾਂ ਉਸ ਨੂੰ ਜਦ ਗੁੱਸਾ ਆ ਜਾਏ ਤਦ ਦੇਖਣ ਹੀ ਵਾਲਾ ਹੁੰਦਾ ਹੈ। ਗੁੱਸਾ ਪੀ.ਸੀ. ਦਾ ਤੇ 3 ਅਪ੍ਰੈਲ ਨੂੰ ਤੀਸਰਾ ਹਿੱਸਾ 'ਕੁਆਂਟਿਕੋ' ਅਮਰੀਕਨ ਲੜੀ ਦਾ ਫਿਰ ਆ ਰਿਹਾ ਹੈ। ਘਰ ਤੋਂ ਦੂਰੀ ਦਾ ਗੁੱਸਾ ਕਿ ਵਾਇਨ ਸਿਪ ਕਰਕੇ ਫਿਰ ਗਲਾਸ ਆਪਣੇ ਹੀ ਸਿਰ 'ਚ ਮਾਰ ਲਿਆ। ਨੀਰਵ ਮੋਦੀ ਦੀ 'ਬਰਾਂਡ ਅੰਬੈਸਡਰ' ਵਾਲਾ ਸਮਝੌਤਾ ਹੁਣ ਪ੍ਰਿਅੰਕਾ ਨੇ ਰੱਦ ਕਰ ਦਿੱਤਾ ਹੈ। 14 ਸਾਲ ਬਾਅਦ ਫਿਰ ਪੀ.ਸੀ. ਖ਼ਾਸ ਰੂਪ ਨਾਲ ਨਜ਼ਰ ਆਉਣ ਲਈ ਤਿਆਰ ਹੋ ਰਹੀ ਹੈ। 'ਏਤਰਾਜ਼' ਨਾਲ 2004 'ਚ ਫ਼ਿਲਮੀ ਪਰਦੇ 'ਤੇ ਆਈ ਪੀ.ਸੀ. ਹੁਣ 'ਏਤਰਾਜ਼' ਦੇ ਨਵੇਂ ਭਾਗ ਨੂੰ ਕਰਨ ਲਈ ਸੁਭਾਸ਼ ਘਈ ਨੂੰ ਮਿਲ ਚੁੱਕੀ ਹੈ। ਫ਼ਿਲਮ ਦਾ ਨਾਂਅ ਨਵਾਂ ਹੋਏਗਾ। ਅਸਲ 'ਚ ਵਿਦੇਸ਼ ਤੋਂ ਮਨ ਉਸ ਦਾ ਭਰ ਗਿਆ ਹੈ ਤੇ ਮਿੱਟੀ ਵਾਜਾਂ ਮਾਰ ਰਹੀ ਹੈ। ਇਸ ਲਈ 'ਕੁਆਂਟਿਕੋ' ਖ਼ਤਮ ਕਰਕੇ ਫਿਰ ਭਾਰਤੀ ਸਿਨੇਮਾ 'ਚ ਸਰਗਰਮ ਹੋਣ ਦੇ ਇਰਾਦੇ ਪੀ.ਸੀ. ਦੇ ਹਨ। 'ਬੇਵਾਚ' ਤੇ ਦੋ ਹੋਰ ਹਾਲੀਵੁੱਡ ਫ਼ਿਲਮਾਂ ਤੋਂ ਬਾਅਦ ਪ੍ਰਿਅੰਕਾ ਨੂੰ ਮਿੱਟੀ ਦਾ ਮੋਹ ਜਾਗ ਪਿਆ ਹੈ। ਵਾਇਨ ਦਾ ਸਤਾਰਾ, ਘਰ ਤੋਂ ਦੂਰ ਰਹਿ ਕੇ ਇਕਾਂਤ ਝੋਰੇ ਵਾਂਗ ਖਾ ਰਿਹਾ ਹੈ। ਮੁੰਬਈ ਦੇ ਲੋਕਾਂ, ਇੰਡਸਟਰੀ ਤੇ ਸੁਭਾਸ਼ ਘਈ ਨਾਲ ਸੰਪਰਕ ਗਵਾਹੀ ਹੈ ਕਿ ਪ੍ਰਿਅੰਕਾ ਚੋਪੜਾ ਹੁਣ ਦੇਸ਼ 'ਚ ਕੰਮ ਕਰੇਗੀ। ਵਿਦੇਸ਼ ਤੋਂ ਮਨ ਭਰ ਕੇ ਛਲਕਣ ਲੱਗ ਪਿਆ ਹੈ।

ਕੈਟਰੀਨਾ ਕੈਫ

ਦਿਲ ਹੈ ਹਿੰਦੁਸਤਾਨੀ

ਵਲੈਤਣ ਕੈਟਰੀਨਾ ਕੈਫ ਦੀ ਫ਼ਿਲਮ 'ਠੱਗਜ਼ ਆਫ ਹਿੰਦੁਸਤਾਨ' ਨੂੰ ਲੈ ਕੇ ਅਫ਼ਵਾਹਾਂ ਦੀ ਮੰਡੀ ਭਖੀ ਪਈ ਹੈ। ਖ਼ਬਰ ਤਾਂ ਇਹ ਵੀ ਚਰਚਾ ਵਿਚ ਹੈ ਕਿ ਇਸ ਫ਼ਿਲਮ ਦੇ ਕੁਝ ਦ੍ਰਿਸ਼ ਫਿਰ ਫ਼ਿਲਮਾਏ ਜਾ ਰਹੇ ਹਨ। ਹਾਲਾਂਕਿ ਯਸ਼ਰਾਜ ਫ਼ਿਲਮਜ਼ ਦੇ ਬੁਲਾਰੇ ਨੇ ਇਹ ਖ਼ਬਰ ਤੱਥਾਂ ਤੋਂ ਪਰ੍ਹੇ ਤੇ ਗ਼ਲਤ ਕਹੀ ਹੈ। ਕਿਹਾ ਗਿਆ ਹੈ ਕਿ ਕੈਟਰੀਨਾ ਦੀ ਐਕਟਿੰਗ ਨੂੰ ਲੈ ਕੇ ਆਮਿਰ ਤੇ ਕੈਟਰੀਨਾ ਨੇ ਸਬੰਧ ਜ਼ਰੂਰ ਵਿਗਾੜ ਦਿੱਤੇ ਹਨ ਤੇ ਇਹ ਮੰਨਣਾ ਹੀ ਪਏਗਾ। ਸਲਮਾਨ ਖਾਨ ਤੋਂ ਕੁਝ-ਕੁਝ ਦੂਰ ਰਹਿ ਰਹੀ ਕੈਟੀ ਇਸ ਸਮੇਂ ਮਹੱਤਵਪੂਰਨ ਫ਼ਿਲਮ 'ਜ਼ੀਰੋ' ਵੀ ਕਰ ਰਹੀ ਹੈ। ਉਸ ਦੀ ਇਹ ਵੀ ਤਮੰਨਾ ਹੈ ਕਿ ਉਸ ਦੀ ਇਸ ਸਨਅਤ 'ਚ ਥਾਂ ਉਸ ਦੀ ਦੀਦੀ ਈਸਾਬੇਲ ਲਏ, ਹਾਲਾਂ ਕਿ ਇਹ ਐਨਾ ਆਸਾਨ ਨਹੀਂ ਹੈ। ਕੈਟੀ ਨੇ ਸ਼ਸ਼ੀ ਕਪੂਰ ਲਈ ਇੰਸਟਾਗਰਾਮ 'ਤੇ ਭਾਵੁਕ ਸੰਦੇਸ਼ ਲਿਖ ਕੇ ਲੋਕਾਂ ਦੀ ਹਮਦਰਦੀ ਹਾਸਲ ਕੀਤੀ ਹੈ। ਕੈਟੀ 'ਬਿਗ ਬੌਸ-11' ਦੇ ਸੈੱਟ 'ਤੇ ਵੀ ਭਾਵੁਕ ਹੋਈ ਸੀ ਤੇ ਰੋ ਪਈ ਸੀ। ਉਹ ਸੰਦੇਸ਼ ਦੇ ਰਹੀ ਹੈ ਕਿ ਚਾਹੇ ਉਹ ਵਿਦੇਸ਼ੀ ਮੂਲ ਦੀ ਹੈ ਪਰ 'ਦਿਲ ਹਿੰਦੁਸਤਾਨੀ' ਹੈ। ਹਿੰਦੁਸਤਾਨੀ ਦੇ ਸਿਤਾਰਿਆਂ, ਇੰਡਸਟਰੀ ਤੇ ਲੋਕਾਂ ਦੇ ਸਮਾਜਿਕ ਕੰਮਾਂ ਲਈ ਕੈਟੀ ਯੋਗਦਾਨ ਵੀ ਇਸ ਤਰ੍ਹਾਂ ਦਿੰਦੀ ਹੈ ਜਿਵੇਂ ਇਸ ਮਿੱਟੀ 'ਚੋਂ ਹੀ ਉਸ ਦਾ ਜਨਮ ਹੋਇਆ ਹੋਵੇ। ਅਮਿਤਾਭ ਬੱਚਨ ਤੇ ਆਮਿਰ ਖਾਨ 'ਠੱਗਜ਼ ਆਫ ਹਿੰਦੁਸਤਾਨ' ਤੇ ਸ਼ਾਹਰੁਖ਼ ਦੀ ਖਾਨ 'ਜ਼ੀਰੋ' ਕਰ ਰਹੀ ਕੈਟਰੀਨਾ ਕੈਫ ਕਦੇ-ਕਦੇ ਅਜੀਬੋ-ਗ਼ਰੀਬ ਬਿਆਨ ਦੇ ਕੇ ਫਿਰ ਹਿੰਦੁਸਤਾਨੀ ਨੇਤਾਵਾਂ ਦੀ ਤਰ੍ਹਾਂ ਮੁੱਕਰ ਵੀ ਜਾਂਦੀ ਹੈ। ਆਲੀਆ ਭੱਟ ਨਾਲ ਤਾਂ ਉਸ ਦੀ ਦੋਸਤੀ ਦਿਨ-ਬ-ਦਿਨ ਪੱਕੀ ਹੁੰਦੀ ਜਾ ਰਹੀ ਹੈ। ਕੈਟਰੀਨਾ ਨੇ ਇਹ ਵੀ ਕਿਹਾ ਹੈ ਕਿ ਜਦ ਵੀ ਆਲੀਆ ਦਾ ਵਿਆਹ ਹੋ ਜਾਏਗਾ, ਉਹ ਵੀ ਵਿਆਹ ਕਰਵਾ ਲਏਗੀ। ਕੈਟੀ ਹਿੰਦੁਸਤਾਨੀ ਰਸਮ-ਰਿਵਾਜ਼ ਅਨੁਸਾਰ ਫੇਰੇ ਲਏਗੀ। ਇਕ ਤਰ੍ਹਾਂ ਨਾਲ ਉਸ 'ਤੇ ਠੱਪਾ ਹੀ ਵਿਦੇਸ਼ੀ ਦਾ ਹੈ ਜਦ ਕਿ ਉਹ ਪੂਰੀ ਦੇਸੀ ਹੋ ਚੁੱਕੀ ਹੈ। ਜ਼ਰੀਨ ਖਾਨ ਨਾਲ ਉਸ ਦੀ ਬਣਦੀ ਨਹੀਂ ਪਰ ਭਾਰਤੀ ਲੋਕਾਂ ਦੀ ਤਰ੍ਹਾਂ ਵਿਸ਼ਾਲ ਦਿਲ ਉਸ ਕੋਲ ਹੈ ਤੇ ਉਹ ਜ਼ਰੀਨ ਦਾ ਬੁਰਾ ਵੀ ਨਹੀਂ ਸੋਚੇਗੀ।


-ਸੁਖਜੀਤ ਕੌਰ

ਸੁਸ਼ਾਂਤ ਸਿੰਘ ਰਾਜਪੂਤ

ਸਿਤਾਰੇ ਬੁਲੰਦ ਨੇ

ਆਪਣੀ ਦਿਖ ਨਾਲ ਤਰ੍ਹਾਂ-ਤਰ੍ਹਾਂ ਦੇ ਤਜਰਬੇ ਕਰਨ ਵਾਲੇ ਬਾਲੀਵੁੱਡ ਸਿਤਾਰਿਆਂ 'ਚੋਂ ਇਕ ਹੈ ਸੁਸ਼ਾਂਤ ਸਿੰਘ ਰਾਜਪੂਤ ਤੇ ਚੰਬਲ ਦੇ ਡਾਕੂਆਂ 'ਤੇ ਬਣਨ ਵਾਲੀ ਨਵੀਂ ਫ਼ਿਲਮ 'ਸੋਨ ਚਿੜੀਆ' ਵਿਚ ਸੁਸ਼ਾਂਤ ਨੂੰ ਲਿਆ ਗਿਆ ਹੈ। ਉਸ ਨਾਲ ਇਸ ਵਾਰ ਭੂਮੀ ਪੇਡੇਨਕਰ ਹੈ। ਅਭਿਸ਼ੇਕ ਚੌਬੇ ਨਾਲ 'ਸੋਨ ਚਿੜੀਆ' ਕਰ ਰਹੇ ਸੁਸ਼ਾਂਤ ਸਿੰਘ ਰਾਜਪੂਤ ਨੇ ਖੁਸ਼ੀ ਜ਼ਾਹਿਰ ਕੀਤੀ ਹੈ ਕਿ ਇਸ ਫ਼ਿਲਮ ਦੇ ਬਹਾਨੇ ਚੰਬਲ ਦੇਖਣ ਦਾ ਮੌਕਾ ਉਸ ਨੂੰ ਮਿਲ ਰਿਹਾ ਹੈ। 'ਸੋਨ ਚਿੜੀਆ' ਦੀ ਕਹਾਣੀ 1970 ਵੇਲੇ ਦੀ ਹੈ। ਮਨੋਜ ਵਾਜਪਾਈ ਤੇ ਰਣਵੀਰ ਸ਼ੋਰੀ ਵੀ ਸੁਸ਼ਾਂਤ ਨਾਲ ਇਸ ਫ਼ਿਲਮ 'ਚ ਨਜ਼ਰ ਆਉਣਗੇ। ਉਧਰ ਵੱਡੀ ਖ਼ਬਰ ਇਹ ਹੈ ਕਿ ਹਾਲੀਵੁੱਡ ਫ਼ਿਲਮ 'ਦਾ ਫਾਲਟ ਇਨ ਆਵਰ ਸਟਾਰਜ਼' ਦੇ ਹਿੰਦੀ ਰੀਮੇਕ 'ਚ ਸੁਸ਼ਾਂਤ ਰਾਜਪੂਤ ਹੀਰੋ ਹੈ ਤੇ ਇਸ ਦਾ ਸੰਗੀਤ ਏ. ਆਰ. ਰਹਿਮਾਨ ਤਿਆਰ ਕਰ ਰਿਹਾ ਹੈ। ਸੁਸ਼ਾਂਤ ਇਸ ਨੂੰ ਲੈ ਕੇ ਵੀ ਖੁਸ਼ ਹੈ ਕਿ ਮਨੂੰ ਛਾਬੜਾ ਦੀ ਇਹ ਫ਼ਿਲਮ ਰਹਿਮਾਨ ਦੇ ਸੰਗੀਤ ਨਾਲ ਇਕ ਸ਼ਾਨਦਾਰ ਫ਼ਿਲਮ ਬਣੇਗੀ। 'ਸੋਨ ਚਿੜੀਆ' ਦੇ ਡਾਕੂ ਤੇ ਮੁਕੇਸ਼ ਛਾਬੜਾ ਦੇ ਇਸ ਹੀਰੋ ਦੀ ਜੈਕਲਿਨ ਫਰਨਾਂਡਿਜ਼ ਨਾਲ ਫ਼ਿਲਮ 'ਡਰਾਈਵ' ਤੇਜ਼ੀ ਨਾਲ ਬਣ ਰਹੀ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਇਸ ਸਮੇਂ ਸੁਸ਼ਾਂਤ ਦਾ ਸਿਤਾਰਾ ਚਮਕ ਰਿਹਾ ਹੈ। ਇਸ ਵਕਤ ਸੁਸ਼ਾਂਤ ਕੋਲ ਫ਼ਿਲਮਾਂ ਦੇ ਪ੍ਰਸਤਾਵ ਆ ਰਹੇ ਹਨ। ਕ੍ਰਿਤੀ ਸੈਨਨ ਦੀ ਦੀਦੀ ਨੂਪੁਰ ਸੇਨਨ ਵੀ ਸੁਸ਼ਾਂਤ ਨਾਲ ਇਕ ਫ਼ਿਲਮ ਕਰ ਰਹੀ ਹੈ। ਕ੍ਰਿਤੀ ਸੈਨਨ ਦਾ ਸਾਥ ਸੁਸ਼ਾਂਤ ਲਈ ਭਾਗਾਂਵਾਲਾ ਸਾਬਿਤ ਹੋ ਰਿਹਾ ਹੈ। ਹਾਂ ਇਕੋ ਫ਼ਿਲਮ ਉਸ ਤੋਂ ਜਾਨ ਅਬਰਾਹਮ ਨੇ ਖੋਹ ਲਈ ਹੈ ਤੇ ਇਸ ਦਾ ਉਸ ਨੂੰ ਦੁੱਖ ਹੈ। ਫਿਰ ਵੀ ਸੁਸ਼ਾਂਤ ਨੂੰ ਦੁੱਖ ਜ਼ਿਆਦਾ ਨਹੀਂ ਕਿਉਂਕਿ ਤੇਜ਼ੀ ਨਾਲ ਫ਼ਿਲਮਾਂ ਉਸ ਨੂੰ ਮਿਲ ਰਹੀਆਂ ਹਨ।

'ਯਮਲਾ ਪਗਲਾ...' 'ਚ ਸੋਨਾਕਸ਼ੀ ਅਤੇ ਸ਼ਤਰੂ ਵੀ

ਇਨ੍ਹੀਂ ਦਿਨੀਂ 'ਯਮਲਾ ਪਗਲਾ ਦੀਵਾਨਾ' ਲੜੀ ਦੀ ਤੀਜੀ ਫ਼ਿਲਮ 'ਯਮਲਾ ਪਗਲਾ ਦੀਵਾਨਾ ਫਿਰ ਸੇ' ਦਾ ਨਿਰਮਾਣ ਤੇਜ਼ੀ ਨਾਲ ਚੱਲ ਰਿਹਾ ਹੈ ਅਤੇ ਪਹਿਲਾਂ ਦੀਆਂ ਦੋ ਫ਼ਿਲਮਾਂ ਦੀ ਤਰ੍ਹਾਂ ਇਸ ਵਿਚ ਵੀ ਧਰਮਿੰਦਰ, ਸੰਨੀ ਤੇ ਬੌਬੀ ਦਿਉਲ ਅਭਿਨੈ ਕਰ ਰਹੇ ਹਨ। ਸਮੀਰ ਕਾਰਣਿਕ ਵਲੋਂ ਨਿਰਦੇਸ਼ਿਤ ਕੀਤੀ ਜਾ ਰਹੀ ਇਸ ਫ਼ਿਲਮ ਨੂੰ ਪੂਰੀ ਤਰ੍ਹਾਂ ਨਾਲ ਮਨੋਰੰਜਕ ਬਣਾਉਣ ਲਈ ਇਸ ਵਿਚ ਕਈ ਤਰ੍ਹਾਂ ਦੇ ਮਸਾਲੇ ਪਾਏ ਜਾ ਰਹੇ ਹਨ। ਇਸ ਦੇ ਲਈ ਇਸ ਵਿਚ 'ਤੀਸਰੀ ਮੰਜ਼ਿਲ' ਦਾ ਸਦਾਬਹਾਰ ਗੀਤ 'ਓ ਮੇਰੀ ਸੋਨਾ ਰੇ...' ਨੂੰ ਵੀ ਰੱਖਿਆ ਗਿਆ ਹੈ ਅਤੇ ਇਹ ਸੋਨਾਕਸ਼ੀ ਸਿਨਹਾ ਤੇ ਸ਼ਤਰੂਘਨ ਸਿਨਹਾ 'ਤੇ ਫ਼ਿਲਮਾਇਆ ਗਿਆ ਹੈ। ਸੋਨਾਕਸ਼ੀ ਨੂੰ ਘਰ ਵਿਚ ਪਿਆਰ ਨਾਲ ਸੋਨਾ ਕਹਿ ਕੇ ਬੁਲਾਇਆ ਜਾਂਦਾ ਹੈ। ਇਸ ਲਈ ਸੋਨਾਕਸ਼ੀ ਤੇ ਉਸ ਦੇ ਪਿਤਾ ਨੂੰ ਇਸ ਗੀਤ ਰਾਹੀਂ ਮਹਿਮਾਨ ਭੂਮਿਕਾ ਵਿਚ ਚਮਕਾਇਆ ਗਿਆ ਹੈ। ਇਹੀ ਨਹੀਂ, ਸੱਤਰ ਦੇ ਦਹਾਕੇ ਵਿਚ ਆਈ ਧਰਮਿੰਦਰ-ਰੇਖਾ ਦੀ ਹਿੱਟ ਫ਼ਿਲਮ 'ਕਹਾਨੀ ਕਿਸਮਤ ਕੀ' ਦੇ ਗੀਤ 'ਰਾਫਤਾ ਰਾਫਤਾ' ਨੂੰ ਵੀ ਇਥੇ ਰੱਖਿਆ ਗਿਆ ਹੈ ਅਤੇ ਇਹ ਰੇਖਾ ਤੇ ਸਲਮਾਨ ਖਾਨ 'ਤੇ ਫ਼ਿਲਮਾਇਆ ਗਿਆ ਹੈ। ਇਸੇ ਤੀਜੇ ਵਰਸ਼ਨ ਵਿਚ ਸੰਨੀ ਅਤੇ ਬੌਬੀ ਦੋਵੇਂ ਭਰਾ ਦੀ ਭੂਮਿਕਾ ਵਿਚ ਹਨ ਜਦੋਂ ਕਿ ਧਰਮਿੰਦਰ ਇਥੇ ਵਕੀਲ ਦੀ ਭੂਮਿਕਾ ਵਿਚ ਦਿਖਾਈ ਦੇਣਗੇ। 'ਦਾਮਿਨੀ' ਵਿਚ ਵਕੀਲ ਬਣ ਕੇ 'ਤਾਰੀਖ ਪੇ ਤਾਰੀਖ...' ਸੰਵਾਦ ਬੋਲ ਕੇ ਸੰਨੀ ਨੇ ਬਹੁਤ ਤਾੜੀਆਂ ਬਟੋਰੀਆਂ ਸਨ। ਦੇਖੋ, ਧਰਮਿੰਦਰ ਕੀ ਕਮਾਲ ਦਿਖਾਉਂਦੇ ਹਨ।


-ਇੰਦਰਮੋਹਨ ਪੰਨੂੰ

ਸੰਨੀ ਦਾ ਉਤਕਰਸ਼ ਸ਼ਰਮਾ ਨੂੰ ਥਾਪੜਾ

ਇਸ ਵਿਚ ਕੋਈ ਸ਼ੱਕ ਨਹੀਂ ਕਿ ਨਿਰਦੇਸ਼ਕ ਅਨਿਲ ਸ਼ਰਮਾ ਦਾ ਕੈਰੀਅਰ ਚਮਕਾਉਣ ਵਿਚ ਦਿਓਲ ਪਰਿਵਾਰ ਦਾ ਵੱਡਾ ਹੱਥ ਰਿਹਾ ਹੈ। 'ਸ਼ਰਧਾਂਜਲੀ' ਤੇ 'ਬੰਧਨ ਕੱਚੇ ਧਾਗੋਂ ਕਾ' ਤੋਂ ਬਾਅਦ ਜਦੋਂ ਅਨਿਲ ਸ਼ਰਮਾ ਨੇ ਧਰਮਿੰਦਰ ਦੇ ਨਾਲ ਪਹਿਲੀ ਵਾਰ ਕੰਮ ਕਰਦੇ ਹੋਏ 'ਹਕੂਮਤ' ਬਣਾਈ ਤਾਂ ਇਸ ਫ਼ਿਲਮ ਦੇ ਸੁਪਰ ਹਿੱਟ ਹੁੰਦਿਆਂ ਹੀ ਉਹ ਟਾਪ ਨਿਰਦੇਸ਼ਕਾਂ ਦੀ ਗਿਣਤੀ ਵਿਚ ਆ ਗਏ। ਫਿਰ ਉਨ੍ਹਾਂ ਨੇ ਧਰਮਿੰਦਰ ਦੇ ਨਾਲ 'ਐਲਾਨ-ਏ-ਜੰਗ', 'ਫਰਿਸ਼ਤੇ', 'ਤਹਿਲਕਾ' ਬਣਾਈ ਤਾਂ ਸੰਨੀ ਨੂੰ ਲੈ ਕੇ 'ਗ਼ਦਰ' ਬਣਾ ਕੇ ਟਿਕਟ ਖਿੜਕੀ 'ਤੇ ਗ਼ਦਰ ਮਚਾ ਦਿੱਤਾ। ਫਿਰ ਸੰਨੀ ਦੇ ਨਾਲ 'ਦ ਹੀਰੋ' ਤੇ 'ਸਿੰਘ ਸਾਹਿਬ ਦ ਗ੍ਰੇਟ' ਵੀ ਬਣਾਈ ਤੇ ਤਿੰਨੇ ਦਿਓਲ ਨੂੰ ਲੈ ਕੇ 'ਅਪਨੇ' ਵੀ ਬਣਾਈ। ਉਨ੍ਹਾਂ ਦੀ 'ਅਬ ਤੁਮਹਾਰੇ ਹਵਾਲੇ ਵਤਨ ਸਾਥੀਓ' ਵਿਚ ਬੌਬੀ ਦਿਓਲ ਵੀ ਸਨ।
ਹੁਣ ਅਨਿਲ ਸ਼ਰਮਾ ਨੇ ਆਪਣੇ ਬੇਟੇ ਉਤਕਰਸ਼ ਨੂੰ ਹੀਰੋ ਦੇ ਤੌਰ 'ਤੇ ਲਾਂਚ ਕਰਦੇ ਹੋਏ 'ਜੀਨੀਅਸ' ਬਣਾਈ ਹੈ। ਇਹ ਉਹੀ ਉਤਕਰਸ਼ ਹੈ ਜਿਸ ਨੇ 'ਗ਼ਦਰ' ਵਿਚ ਸੰਨੀ-ਅਮੀਸ਼ਾ ਦੇ ਬੇਟੇ ਜੀਤੇ ਦੀ ਭੂਮਿਕਾ ਨਿਭਾਈ ਸੀ। ਆਪਣੇ ਬੇਟੇ ਨੂੰ ਮੀਡੀਆ ਸਾਹਮਣੇ ਪੇਸ਼ ਕਰਨ ਲਈ ਅਨਿਲ ਸ਼ਰਮਾ ਨੇ ਸੰਨੀ ਦਿਓਲ ਨੂੰ ਵਿਸ਼ੇਸ਼ ਤੌਰ 'ਤੇ ਸੱਦਾ ਦਿੱਤਾ ਸੀ ਅਤੇ ਇਸ ਮੌਕੇ 'ਤੇ ਵੱਡੇ ਭਰਾ ਦਾ ਸਾਥ ਦੇਣ ਬੌਬੀ ਦਿਓਲ ਵੀ ਪਹੁੰਚੇ ਸਨ। ਨਾਲ ਹੀ ਬੱਬੂ ਮਾਨ, ਨਵਾਜ਼ੂਦੀਨ ਸਦੀਕੀ, ਅਰੁਣਾ ਇਰਾਨੀ, ਟੀਨੂ ਵਰਮਾ, ਭਰਤ ਸ਼ਾਹ, ਕੇ. ਆਰ. ਰੈਡੀ, ਮਧੂ ਚੋਪੜਾ, ਕੇ. ਕੇ. ਰੈਨਾ, ਹਿਮੇਸ਼ ਰੇਸ਼ਮੀਆ, ਅਭਿਮਨਿਊ ਸਿੰਘ ਆਦਿ ਫ਼ਿਲਮੀ ਹਸਤੀਆਂ ਵੀ ਉਥੇ ਮੌਜੂਦ ਸਨ।
ਉਥੇ 'ਗ਼ਦਰ' ਦੇ ਕੁਝ ਦ੍ਰਿਸ਼ ਦਿਖਾਏ ਗਏ ਅਤੇ ਪਰਦੇ 'ਤੇ ਨੰਨ੍ਹੇ ਉਤਕਰਸ਼ ਨੂੰ ਦੇਖ ਕੇ ਸੰਨੀ ਨੇ ਕਿਹਾ, 'ਸਮਾਂ ਕਿਵੇਂ ਬੀਤ ਜਾਂਦਾ ਹੈ, ਪਤਾ ਹੀ ਨਹੀਂ ਲੱਗਦਾ।


-ਮੁੰਬਈ ਪ੍ਰਤੀਨਿਧ

ਕਿਆਰਾ ਅਡਵਾਨੀ

ਗੋਰੀ-ਗੋਰੀ

ਸਟਾਰ ਪਿਉ ਦੀ ਔਲਾਦ ਨੂੰ ਪਰਦੇ 'ਤੇ ਦੇਖਣ ਲਈ ਲੋਕਾਂ ਵਿਚ ਚਾਅ ਹੁੰਦਾ ਹੈ ਤੇ ਕਿਆਰਾ ਅਡਵਾਨੀ ਇਹ ਗੱਲ ਕਹਿ ਕੇ ਕੰਗਨਾ ਰਣੌਤ ਦਾ ਮੂੰਹ ਭੰਨਣ ਵਾਲੀ ਗੱਲ ਕਹਿ ਰਹੀ ਹੈ ਕਿ ਬਾਲੀਵੁੱਡ ਪਰਿਵਾਰਵਾਦ ਦਾ ਹਮਾਇਤੀ ਹੈ ਤੇ ਸਟਾਰ ਘਰਾਣਿਆਂ ਦੇ ਇਸ਼ਾਰਿਆਂ 'ਤੇ ਨੱਚਦਾ ਹੈ। ਜੇ ਅਭਿਨੈ ਹੋਊ ਤਾਂ ਚਲ ਜਾਊ ਨਹੀਂ ਤਾਂ ਮਨੋਜ ਕੁਮਾਰ, ਦੇਵ ਅਨੰਦ ਦੇ ਪੁੱਤਰਾਂ ਦੀ ਤਰ੍ਹਾਂ ਘਰੇ ਬੈਠਣ ਵਾਲੀ ਗੱਲ। ਕਿਆਰਾ ਨੂੰ ਅੱਜ ਦਾ ਦਰਸ਼ਕ ਪਹਿਲਾਂ ਨਾਲੋਂ ਜ਼ਿਆਦਾ ਸਿਆਣਾ ਲਗਦਾ ਹੈ। ਤਿੰਨ ਖਾਨ, ਤਿੰਨੇ ਹੀ ਸਟਾਰ ਤੇ ਕਿਸੇ ਨਾਲ ਵੀ ਉਸ ਨੂੰ ਮੌਕਾ ਮਿਲਿਆ ਤਾਂ ਸਮਝੋ ਉਸ ਦੀ ਈਦ ਹੀ ਹੋਵੇਗੀ। ਅੱਬਾਸ ਮਸਤਾਨ ਦੀ ਸਿਫ਼ਤ ਉਹ ਬਹੁਤ ਕਰਦੀ ਹੈ। ਅੱਬਾਸ ਦੀਆਂ ਸਹੂਲਤਾਂ ਨੇ ਉਸ ਨੂੰ ਵਿਗਾੜ ਦਿੱਤਾ ਹੈ। 'ਬੰਬੇ ਟਾਕੀਜ਼' ਨਾਂਅ ਦੀ ਨਵੀਂ ਹਿੰਦੀ ਫ਼ਿਲਮ ਤੋਂ ਇਲਾਵਾ 'ਭਾਰਤ ਐਨੇ ਨੇਨੂ' ਤਾਮਿਲ ਫ਼ਿਲਮ ਉਹ ਇਸ ਵੇਲੇ ਕਰ ਰਹੀ ਹੈ। ਕਿਆਰਾ ਅਡਵਾਨੀ ਨੇ ਧੋਨੀ ਦੀ ਬਾਇਓਪਿਕ ਕਰਨ ਤੋਂ ਬਾਅਦ 'ਮਸ਼ੀਨ' ਫ਼ਿਲਮ ਕੀਤੀ ਸੀ। ਅਸਲ 'ਚ ਉਸ ਦਾ ਨਾਂਅ ਅਲੀਆ ਅਡਵਾਨੀ ਹੈ ਤੇ ਸਲਮਾਨ ਖਾਨ ਨੇ ਉਸ ਨੂੰ ਕਿਆਰਾ ਨਾਂਅ ਦਿੱਤਾ। ਅਮਰੀਕਨ ਟੀ.ਵੀ. ਸ਼ੋਅ 'ਬਲੈਕਲਿਸਟ' ਤੇ 'ਕੈਸਲ' ਜਿਹੇ ਸ਼ੋਅ ਉਹ ਕਰਨਾ ਚਾਹੁੰਦੀ ਹੈ ਤੇ ਇਕ ਲੜੀਵਾਰ 'ਰਿਵੈਂਜ' ਸ਼ਾਇਦ ਉਹ ਵਿਦੇਸ਼ੀ ਚੈਨਲ ਲਈ ਕਰੇ। ਚਿੱਟੇ ਰੰਗ ਦੀ ਉਹ ਕਾਇਲ ਹੈ। ਚਿੱਟੀ ਟੀ. ਸ਼ਰਟ ਤੇ ਪੀਲੀ ਸਕਰਟ ਦੇ ਨਾਲ ਚਿੱਟੇ ਸ਼ੂਅਜ਼, ਚਿੱਟੀਆਂ ਕਲਾਈਆਂ 'ਚ ਚਿੱਟੀਆਂ ਹੀ ਚੂੜੀਆਂ ਪੂਰੀ ਗੋਰੀ-ਹੋਰੀ ਕਿਆਰਾ ਲਗਦੀ ਹੈ। ਕਿਆਰਾ ਕੋਲ ਦੱਖਣ ਦੀਆਂ ਤਿੰਨ ਤੇ ਬਾਲੀਵੁੱਡ ਦੀਆਂ ਦੋ ਫ਼ਿਲਮਾਂ ਇਸ ਸਮੇਂ ਉਹ ਕਰ ਰਹੀ ਹੈ।

ਕ੍ਰਿਤੀ ਦਾ ਪ੍ਰਚਾਰ-ਤੰਤਰ

ਹਾਲ ਹੀ ਵਿਚ ਅਭਿਨੇਤਰੀ ਕ੍ਰਿਤੀ ਸੇਨਨ ਇਕ ਜ਼ਰੂਰੀ ਮੀਟਿੰਗ ਵਿਚ ਜਾ ਰਹੀ ਸੀ। ਜਾਂਦੇ ਸਮੇਂ ਰਸਤੇ ਵਿਚ ਹੀ ਉਸ ਦੀ ਲਿਫਟ ਬੰਦ ਹੋ ਗਈ। ਜ਼ਾਹਰ ਹੈ ਕਿ ਰਸਤੇ ਵਿਚ ਹੀ ਉਹ ਫ਼ਸ ਗਈ। ਇਸ ਤਰ੍ਹਾਂ ਡਰ ਦੇ ਮਾਰੇ ਲੋਕ ਕਿੰਨਾ ਕੁਝ ਉਪਾਅ ਕਰਦੇ ਹਨ। ਪਰ ਕ੍ਰਿਤੀ ਨੇ ਉਸ ਤਰ੍ਹਾਂ ਦਾ ਕੁਝ ਵੀ ਨਹੀਂ ਕੀਤਾ। ਉਸ ਨੇ ਪਹਿਲਾਂ ਫੋਨ ਦੇਖਿਆ, ਉਸ ਵਿਚ ਨੈੱਟਵਰਕ ਹੈ ਜਾਂ ਨਹੀਂ। ਜੀ ਨਹੀਂ, ਕਿਸੇ ਨੂੰ ਬੁਲਾਉਣ ਦੇ ਉਦੇਸ਼ ਨਾਲ ਉਸ ਨੇ ਇਸ ਤਰ੍ਹਾਂ ਨਹੀਂ ਕੀਤਾ ਸੀ। ਇੰਟਰਨੈੱਟ ਦੇਖਿਆ ਤੇ ਉਹ ਬਹੁਤ ਖੁਸ਼ ਹੋ ਗਈ। ਇਸ ਖੁਸ਼ੀ ਨੂੰ ਉਸ ਨੇ ਸੋਸ਼ਲ ਮੀਡੀਆ ਵਿਚ ਵੀ ਪ੍ਰਗਟ ਕੀਤਾ। ਇਸ ਤੋਂ ਬਾਅਦ ਇਕ-ਇਕ ਟਵੀਟ ਕਰਕੇ ਉਸ ਦਾ 'ਵਾਲ' ਭਰ ਗਿਆ। ਉਦੋਂ ਉਸ ਨੇ ਦੱਸਿਆ ਕਿ ਉਹ ਲਿਫਟ ਵਿਚ ਫਸ ਗਈ ਹੈ। ਇਹ ਜਾਣਦੇ ਹੋਏ ਵੀ ਕਿ ਇਹ ਸੰਭਵ ਨਹੀਂ ਹੈ, ਉਸ ਨੇ ਇਕ ਦੋਸਤ ਨੂੰ ਟੈਗ ਕਰਕੇ ਕਿਹਾ ਕਿ ਉਹ ਉਸ ਨੂੰ ਇਸ ਮੁਸੀਬਤ ਤੋਂ ਬਾਹਰ ਕੱਢੇ। ਇਹ ਪੜ੍ਹ ਕੇ ਕਿਸੇ ਨੂੰ ਤਾਂ ਮਜ਼ਾ ਆਇਆ ਪਰ ਕੋਈ ਡਰ ਵੀ ਗਿਆ। ਇਸ ਤੋਂ ਬਾਅਦ ਕ੍ਰਿਤੀ ਵੀ ਆਪਣੇ 'ਵਾਲ' 'ਚ ਇਸ ਤਰ੍ਹਾਂ ਦੀਆਂ ਗੱਲਾਂ ਕਰਦੀ ਰਹਿੰਦੀ ਹੈ। ਇਸ ਤੋਂ ਬਾਅਦ ਲਿਫ਼ਟ ਚਾਲੂ ਹੋਣ ਪਿਛੋਂ ਉਸ ਨੂੰ ਜਿਵੇਂ ਰਾਹਤ ਮਿਲੀ, ਉਸ ਦੇ ਟਵਿਟਰ ਵਿਚ ਮੌਜੂਦ ਲੋਕਾਂ ਨੇ ਵੀ ਇਕ ਸੁੱਖ ਦਾ ਸਾਹ ਲਿਆ। ਸੱਚ ਲੋਕਾਂ ਨੂੰ ਆਕਰਸ਼ਿਤ ਕਰਨ ਲਈ ਸੈਲੀਬ੍ਰੇਟੀ ਕੀ-ਕੀ ਨਹੀਂ ਕਰਦੇ। ਕੋਈ ਭਲਾ ਲਿਫ਼ਟ ਵਿਚ ਫਸ ਜਾਣ ਤੋਂ ਬਾਅਦ ਅਰਾਮ ਨਾਲ ਟਵੀਟ ਕਿਵੇਂ ਕਰਦਾ ਰਹਿੰਦਾ ਹੈ। ਸੱਚ ਕਿਸ-ਕਿਸ ਤਰ੍ਹਾਂ ਦੇ ਨਜ਼ਾਰੇ ਸਾਹਮਣੇ ਆਉਣ ਲੱਗੇ ਹਨ।

ਨਹੀਂ ਭੁੱਲਣਾ 'ਮਿੱਤਰਾਂ ਦੀ ਲੂਣ ਦੀ ਡਲੀ' ਵਾਲਾ ਗਾਇਕ ਕਰਮਜੀਤ ਧੂਰੀ

ਕਰਮਜੀਤ ਧੂਰੀ ਪੰਜਾਬੀ ਲੋਕ ਗਾਇਕੀ ਦੇ ਸੁਨਹਿਰੀ ਯੁੱਗ ਦਾ ਇਕ ਅਜਿਹਾ ਮਸ਼ਹੂਰ ਗਾਇਕ ਸੀ ਜਿਸ ਨੂੰ ਲੋਕਾਂ ਨੇ ਏਨਾ ਮਾਣ-ਸਤਿਕਾਰ ਦਿੱਤਾ ਸੀ ਕਿ ਲੋਕ ਉਸ ਦੇ ਗਾਏ ਸੋਲੋ ਗੀਤ 'ਮਿੱਤਰਾਂ ਦੀ ਲੂਣ ਦੀ ਡਲੀ, ਨੀਂ ਤੂੰ ਮਿਸ਼ਰੀ ਬਰੋਬਰ ਜਾਣੀਂ' ਨੂੰ ਵਾਰ ਵਾਰ ਰੇਡੀਓ ਤੋਂ ਸੁਣਨ ਦੀ ਫ਼ਰਮਾਇਸ਼ ਕਰਦੇ ਸਨ। ਉਹ ਬਹੁਤ ਵਧੀਆ ਸੁਭਾਅ ਦੇ ਮਾਲਕ ਸਨ।
ਕਰਮਜੀਤ ਧੂਰੀ ਦਾ ਜਨਮ ਸਾਲ 1944 ਵਿਚ ਪਿੰਡ ਬੁਤਾਲਾ ਜ਼ਿਲ੍ਹਾ ਕਪੂਰਥਲਾ ਵਿਖੇ ਪਿਤਾ ਸਾਧੂ ਸਿੰਘ ਦੇ ਘਰ ਮਾਤਾ ਹਰਨਾਮ ਕੌਰ ਦੀ ਕੁੱਖੋਂ ਹੋਇਆ। ਗੁਰਦੁਆਰਾ ਬੇਰ ਸਾਹਿਬ ਸੁਲਤਾਨਪੁਰ ਲੋਧੀ ਤੋਂ ਉਨ੍ਹਾਂ ਗਾਉਣਾ ਸ਼ੁਰੂ ਕੀਤਾ। ਦਸਵੀਂ ਦੀ ਪੜ੍ਹਾਈ ਕਰਨ ਉਪਰੰਤ ਉਹ ਆਪਣੇ ਪਰਿਵਾਰ ਨਾਲ ਧੂਰੀ ਆ ਗਏ। ਸੰਗੀਤ ਦਾ ਸ਼ੌਕ ਹੋਣ ਕਰ ਕੇ ਪ੍ਰਿੰਸੀਪਲ ਸੰਤ ਸਿੰਘ ਸੇਖੋਂ ਨੇ ਉਨ੍ਹਾਂ ਨੂੰ ਕਾਲਜ 'ਚ ਦਾਖ਼ਲ ਕਰਵਾ ਦਿੱਤਾ, ਜਿੱਥੇ ਕਾਲਜ ਦੇ ਪ੍ਰੋਗਰਾਮਾਂ 'ਚ ਇਨਾਮ ਪ੍ਰਾਪਤ ਕਰਨ ਨਾਲ ਉਨ੍ਹਾਂ ਦਾ ਗਾਇਕੀ 'ਚ ਉਤਸ਼ਾਹ ਵਧਦਾ ਗਿਆ। 'ਚੁੰਨੀ ਲੈ ਕੇ ਸੂਹੇ ਰੰਗ ਦੀ', 'ਗੋਹਾ ਕੂੜਾ ਨਾ ਕਰੀਂ ਮੁਟਿਆਰੇ' ਸੋਲੋ ਗੀਤ ਨਾਲ ਸਭ ਤੋਂ ਪਹਿਲਾਂ ਸਰੋਤਿਆਂ ਨੂੰ ਕਰਮਜੀਤ ਧੂਰੀ ਦੀ ਆਵਾਜ਼ ਸੁਣਨ ਨੂੰ ਮਿਲੀ। ਕਰਮਜੀਤ ਧੂਰੀ ਦਾ ਗਾਇਆ ਤੇ ਗੁਰਦੇਵ ਸਿੰਘ ਮਾਨ ਦਾ ਲਿਖਿਆ ਗੀਤ 'ਮਿੱਤਰਾਂ ਦੀ ਲੂਣ ਦੀ ਡਲੀ' ਜਦੋਂ ਮਾਰਕੀਟ 'ਚ ਆਇਆ ਤਾਂ ਇਸ ਨੇ ਤਰਥੱਲੀ ਮਚਾ ਦਿੱਤੀ। ਕਰਮਜੀਤ ਧੂਰੀ ਨੇ ਪੰਜਾਬ ਦੀਆਂ ਕਈ ਮਸ਼ਹੂਰ ਗਾਇਕਾਵਾਂ ਨਾਲ ਦੋਗਾਣੇ ਰਿਕਾਰਡ ਕਰਵਾਏ, ਜਿਨ੍ਹਾਂ 'ਚੋਂ 'ਭਾਬੀ ਸਾਗ ਨੂੰ ਨਾ ਜਾਈਂ ਤੇਰਾ ਮੁੰਡਾ ਰੋਊਗਾ', 'ਦਿਨੇ ਲੜਦਾ ਤੇ ਰਾਤੀਂ ਗੱਲਾਂ ਗੂੜ੍ਹੀਆਂ ਵੇ', 'ਛੜਾ ਕੋਠੇ 'ਤੇ ਸਪੀਕਰ ਲਾਈ ਰੱਖਦਾ', 'ਥਮਲੇ ਦੇ ਕੋਲ ਕੋਲ ਦੀ', 'ਘੜਾ ਨਾ ਚਕਾਇਓ ਕੁੜੀਓ', 'ਗੋਰੀ ਗਲ੍ਹ ਦਾ ਬਣੇ ਖਰਬੂਜ਼ਾ', 'ਖਾ ਗਿਆ ਕੱਲੀ ਨੂੰ ਮੈਨੂੰ ਮੱਛਰ ਵੇ ਤੋੜ ਕੇ', 'ਉੱਤੇ ਲੈ ਕੇ ਕਾਲਾ ਡੋਰੀਆ', 'ਲੈਣ ਸਾਉਣ ਦੇ ਮਹੀਨੇ ਨੀ ਸੁਦਾਈ ਆ ਗਿਆ', 'ਜੇਠਾ ਵੇ ਦੇਵੀਂ ਪੰਜ ਰੁਪਈਏ ਮੈਂ ਚੜ੍ਹਵਾਉਣੀਆਂ ਵੰਗਾਂ' ਬਹੁਤ ਹੀ ਮਕਬੂਲ ਹੋਏ। ਧਾਰਮਿਕ ਗਾਇਕੀ ਵਿਚ ਵੀ ਕਰਮਜੀਤ ਧੂਰੀ ਨੇ 'ਹੁੰਦੀਆਂ ਸ਼ਹੀਦ ਜੋੜੀਆਂ' ਤੇ 'ਰੱਬ ਨਾਲ ਠੱਗੀਆਂ ਕਿਉਂ ਮਾਰੇ ਬੰਦਿਆ' ਗੀਤ ਗਾ ਕੇ ਚੰਗੀ ਪਹਿਚਾਣ ਬਣਾਈ। ਕਰਮਜੀਤ ਧੂਰੀ ਪੂਰੀ ਮਿਹਨਤ ਕਰਕੇ ਹੀ ਗੀਤ ਰਿਕਾਰਡ ਕਰਵਾਉਂਦਾ ਸੀ। ਉਸਦਾ ਸੁਭਾਅ ਭਾਵੇਂ ਅੜ੍ਹਬ ਸੀ ਪਰ ਉਹ ਯਾਰਾਂ ਦਾ ਯਾਰ ਸੀ। ਗਾਇਕੀ 'ਚ ਵਿਸ਼ੇਸ਼ ਯੋਗਦਾਨ ਸਦਕਾ ਉਸ ਨੂੰ ਕਈ ਸੱਭਿਆਚਾਰਕ ਮੰਚਾਂ ਵਲੋਂ ਸਨਮਾਨਿਆ ਵੀ ਗਿਆ ਸੀ। 18 ਮਾਰਚ ਨੂੰ ਪਿੰਡ ਬਾਗੜੀਆਂ ਜ਼ਿਲ੍ਹਾ ਸੰਗਰੂਰ ਕੋਲ ਹੋਏ ਇਕ ਦਰਦਨਾਕ ਸੜਕ ਹਾਦਸੇ ਵਿਚ ਕਰਮਜੀਤ ਧੂਰੀ ਦਾ ਵਿਛੋੜਾ ਉਸ ਦੇ ਚਾਹੁਣ ਵਾਲਿਆਂ ਦੇ ਪੱਲੇ ਹੰਝੂ ਪਾ ਗਿਆ। ਉਸ ਦਾ ਬੇਟਾ ਮਿੰਟੂ ਧੂਰੀ ਗਾਇਕੀ 'ਚ ਚੰਗੀ ਪਹਿਚਾਣ ਬਣਾ ਚੁੱਕਾ ਹੈ। ਲੰਮਾ ਸਮਾਂ ਲੋਕ ਦਿਲਾਂ 'ਤੇ ਰਾਜ ਕਰਨ ਵਾਲੇ ਇਸ ਮਸ਼ਹੂਰ ਪੰਜਾਬੀ ਲੋਕ ਗਾਇਕ ਨੂੰ ਸਰੋਤੇ ਰਹਿੰਦੀ ਦੁਨੀਆ ਤੱਕ ਯਾਦ ਕਰਦੇ ਰਹਿਣਗੇ।

ਮਿੱਠੇ ਲਫਜ਼ਾਂ ਦੀ ਸੁਨਾਮੀ : ਗੀਤਕਾਰ ਮੱਖਣ ਲੁਹਾਰ

ਹਮੇਸ਼ਾ ਆਪਣੀ ਕਲਮ ਨਾਲ ਨਵਾਂ ਹੀ ਬਿਖੇਰਿਆ ਹੈ, ਪ੍ਰਸਿੱਧ ਗੀਤਕਾਰ ਮੱਖਣ ਲੁਹਾਰ ਨੇ ਤੇ ਇਸ ਸਮੇਂ ਯੂ. ਐਸ. ਏ. 'ਚ ਰਹਿ ਕੇ ਵੀ ਉਹ ਪੰਜਾਬੀ ਦੀ ਪ੍ਰਫੁਲਤਾ ਲਈ ਸਰਗਰਮ ਹੈ। ਉਸ ਦੀ ਹਰ ਸਵੇਰ ਨਵੇਂ ਗੀਤਾਂ ਨਾਲ ਚੜ੍ਹਦੀ ਹੈ ਤੇ ਐਮ. ਟਰੈਕ ਇੰਟਰਟੇਨਮੈਂਟ ਦੇ ਬੈਨਰ ਹੇਠ ਨਾਮਵਰ ਫਨਕਾਰਾਂ, ਸੁਰੀਲੇ ਕਲਾਕਾਰਾਂ ਨੂੰ ਪੇਸ਼ ਕਰਨ ਦਾ ਜ਼ਿੰਮਾ ਵੀ ਉਹ ਲੈ ਰਿਹਾ ਹੈ। ਕਦੇ ਸੁਖਵਿੰਦਰ ਪੰਛੀ ਦੇ ਗਾਏ ਗੀਤ 'ਸ਼ਾਹਾਂ ਦੀ ਕੁੜੀਏ' ਨਾਲ ਨਾਮਵਰ ਗੀਤਕਾਰ ਬਣੇ ਮੱਖਣ ਲੁਹਾਰ ਦੀ ਪਛਾਣ ਨਵੀਂ ਪੀੜ੍ਹੀ 'ਚ ਜੈਜ਼ੀ ਬੀ. ਦੇ ਗਾਏ ਗੀਤ 'ਨਾਗ ਸਾਂਭ ਲੈ ਜੁਲਫਾਂ ਦੇ' ਨਾਲ ਖੂਬ ਬਣੀ ਸੀ ਤੇ ਪੰਜਾਬੀ ਫ਼ਿਲਮ 'ਵੀਰਾਂ ਨਾਲ ਸਰਦਾਰੀ' ਦੇ ਗੀਤ ਵੀ ਉਸ ਨੇ ਲਿਖੇ। ਸੁਖਵੰਤ ਸੁੱਖੀ ਦੇ ਗੀਤ 'ਖੁਸ਼ੀ' ਤੋਂ ਇਲਾਵਾ ਕੁਲਦੀਪ ਕੌਰ ਦੇ ਸਫ਼ਲ ਗੀਤ 'ਦੂਰੀ' ਦਾ ਉਹ ਪੇਸ਼ਕਰਤਾ ਹੈ। ਸੱਤੀ ਪਾਬਲਾ ਦੀ ਆਵਾਜ਼ 'ਚ 'ਸਿੱਖੀ', ਐਸ. ਐਸ. ਆਜ਼ਾਦ ਦੇ ਟਰੈਕ 'ਪੰਗਾ' ਤੋਂ ਇਲਾਵਾ ਸਤੀਸ਼ ਮਹਿਮੀ, ਪਾਕਿਸਤਾਨ ਤੋਂ ਜਨਾਬ ਸ਼ੌਕਤ ਅਲੀ ਸਾਹਿਬ ਨੇ ਮੱਖਣ ਲੁਹਾਰ ਦੇ ਗੀਤਾਂ ਨੂੰ ਆਵਾਜ਼ਾਂ ਦੀ ਖੁਸ਼ੀ ਦਿੱਤੀ ਹੈ।
ਸੁਖਦੇਵ ਸਾਹਿਲ ਦੇ ਗੀਤ 'ਸੁਪਨਾ', ਮੀਨੂੰ ਅਟਵਾਲ ਦੇ 'ਮਹਿੰਦੀ' ਗੀਤ ਐਮ. ਟਰੈਕ ਇੰਟਰਟੇਨਮੈਂਟ 'ਚੋਂ ਪੇਸ਼ ਕਰਕੇ ਮੱਖਣ ਲੁਹਾਰ ਨੇ ਪੇਸ਼ਕਾਰੀ 'ਚ ਵੀ ਆਪਣੇ ਵਜੂਦ ਦਾ ਝੰਡਾ ਗੱਡ ਰੱਖਿਆ ਹੈ। ਗੁਰੂ ਰਵਿਦਾਸ ਜੀ ਦੇ ਮਿਸ਼ਨ ਬਾਰੇ ਉਸ ਦੇ ਲਿਖੇ ਗੀਤ ਸਮੇਂ-ਸਮੇਂ 'ਤੇ ਮਕਬੂਲ ਹੋਏ ਹਨ। ਕੇ. ਬੀ. ਕਮਲ, ਬਲਵੀਰ ਕੈਂਥ, ਅਮਰਜੀਤ ਅਮਰ, ਮੰਗਾ ਧਾਲੀਵਾਲ, ਲੱਖਾ-ਨਾਜ਼, ਬਲਜਿੰਦਰ ਰਿੰਪੀ, ਬੇਬੀ ਸਰਗਮ ਦੀਆਂ ਆਵਾਜ਼ਾਂ 'ਚ ਮੱਖਣ ਦੇ ਲਿਖੇ ਬੋਲ ਕਾਫੀ ਮਕਬੂਲ ਹੋਏ ਹਨ। ਪੰਜਾਬੀ ਗੀਤਕਾਰੀ ਤੇ ਗਾਇਕੀ ਦੀ ਸਾਖ ਵਿਸ਼ਵ 'ਚ ਵਧੇ, ਯੂ. ਐਸ. ਏ. ਰਹਿ ਕੇ ਗੁਰਮੁਖ ਲੁਹਾਰ ਜਿਹੇ ਭਰਾਵਾਂ ਦੀ ਉਤਸ਼ਾਹਬੰਦੀ ਸਦਕਾ ਉਹ ਆਪਣੇ ਸੱਭਿਆਚਾਰ ਤੇ ਮਿੱਟੀ ਨੂੰ ਨਹੀਂ ਭੁੱਲਿਆ। ਨਿੱਤ ਚੇਤੇ ਰੱਖਣਯੋਗ ਗੀਤਾਂ ਦੀ ਰਚਨਾ, ਘਰ-ਪਰਿਵਾਰ ਲਈ ਕੰਮ ਤੇ ਐਮ. ਟਰੈਕ ਸਭ ਨੂੰ ਸਮਾਂ ਦੇ ਕੇ ਮੱਖਣ ਲੁਹਾਰ ਸੁਰਾਂ ਦੇ ਅੰਬਰ 'ਚ ਸੂਰਜ ਬਣ ਚਮਕ ਰਿਹਾ ਹੈ।


-ਅੰਮ੍ਰਿਤ ਪਵਾਰ

ਮੈਨੂੰ ਰਾਜਨੀਤੀ ਦੀ ਸਮਝ ਹੈ ਰਾਹੁਲ ਭੱਟ

ਲੜੀਵਾਰ 'ਹੀਨਾ' ਵਿਚ ਸਮੀਰ ਦਾ ਕਿਰਦਾਰ ਨਿਭਾਉਣ ਵਾਲੇ ਰਾਹੁਲ ਭੱਟ ਵੱਡੇ ਪਰਦੇ 'ਤੇ ਵੀ ਚਮਕਦੇ ਰਹਿੰਦੇ ਹਨ। 'ਯੇ ਮੁਹੱਬਤੇਂ ਹੈਂ', 'ਨਈ ਪੜੋਸਨ', 'ਅਗਲੀ', 'ਫਿਤੂਰ', 'ਜੈ ਗੰਗਾਜਲ', 'ਯੂਨੀਅਨ ਲੀਡਰ' ਆਦਿ ਫ਼ਿਲਮਾਂ ਵਿਚ ਅਭਿਨੈ ਕਰਨ ਵਾਲੇ ਰਾਹੁਲ ਹੁਣ 'ਦਾਸ ਦੇਵ' ਵਿਚ ਦਿਖਾਈ ਦੇਣਗੇ। ਸੁਧੀਰ ਮਿਸ਼ਰਾ ਵਲੋਂ ਨਿਰਦੇਸ਼ਿਤ ਕੀਤੀ ਗਈ ਇਸ ਫ਼ਿਲਮ ਦੀ ਖ਼ਾਸ ਗੱਲ ਇਹ ਹੈ ਕਿ ਇਹ 'ਦੇਵਦਾਸ' ਨਾਵਲ ਤੋਂ ਭਾਵੇਂ ਪ੍ਰੇਰਿਤ ਹੈ ਪਰ ਇਥੇ ਦੇਵਦਾਸ ਦੇ ਕਿਰਦਾਰ ਨੂੰ ਨਹੀਂ ਦਿਖਾਇਆ ਗਿਆ ਹੈ। ਇਸ 'ਰਿਵਰਸ ਵਰਸ਼ਨ' ਨੂੰ ਵਿਸਥਾਰ ਨਾਲ ਦੱਸਦੇ ਹੋਏ ਰਾਹੁਲ ਕਹਿੰਦੇ ਹਨ, 'ਦੇਵਦਾਸ ਦੀ ਕਹਾਣੀ ਵਿਚ ਇਹ ਦਿਖਾਇਆ ਗਿਆ ਹੈ ਕਿ ਇਕ ਅਮੀਰ ਘਰਾਣੇ ਦੇ ਮੁੰਡੇ ਨੂੰ ਗ਼ਰੀਬ ਘਰ ਦੀ ਕੁੜੀ ਨਾਲ ਪਿਆਰ ਹੋ ਜਾਂਦਾ ਹੈ। ਜਦੋਂ ਉਹ ਪਿਆਰ ਅਧੂਰਾ ਰਹਿ ਜਾਂਦਾ ਹੈ ਤਾਂ ਇਸ ਗ਼ਮ ਵਿਚ ਉਹ ਖ਼ੁਦ ਨੂੰ ਸ਼ਰਾਬ ਵਿਚ ਡੁਬੋ ਦਿੰਦਾ ਹੈ ਅਤੇ ਅਖੀਰ ਸ਼ਰਾਬ ਉਸ ਦੀ ਜਾਨ ਲੈ ਲੈਂਦੀ ਹੈ। ਪਰ ਸਾਡੀ ਇਸ ਫ਼ਿਲਮ ਵਿਚ ਇਹ ਦਿਖਾਇਆ ਗਿਆ ਹੈ ਕਿ ਜਦੋਂ ਦੇਵ ਨੂੰ ਆਪਣਾ ਪਿਆਰ ਨਹੀਂ ਮਿਲ ਪਾਉਂਦਾ ਤਾਂ ਉਹ ਸ਼ਰਾਬ ਦਾ ਸਹਾਰਾ ਨਹੀਂ ਲੈਂਦਾ ਸਗੋਂ ਖ਼ੁਦ ਨੂੰ ਚੰਗੇ ਕੰਮਾਂ ਵਿਚ ਲਗਾ ਕੇ ਉਹ ਇਕ ਮਿਸਾਲ ਬਣ ਜਾਂਦਾ ਹੈ।
* ਇਸ ਕਿਰਦਾਰ ਦੇਵ ਬਾਰੇ ਕੁਝ ਹੋਰ ਜ਼ਿਆਦਾ ਜਾਣਕਾਰੀ...?
-ਦੇਵ ਦੇ ਪਿਤਾ ਰਾਜਨੇਤਾ ਹਨ ਅਤੇ ਉਹ ਚਾਹੁੰਦੇ ਹਨ ਕਿ ਉਨ੍ਹਾਂ ਦਾ ਬੇਟਾ ਉਨ੍ਹਾਂ ਦੀ ਰਾਜਨੀਤੀ ਦੀ ਕਮਾਨ ਸੰਭਾਲੇ। ਦੇਵ ਨੂੰ ਆਪਣੇ ਪਿਤਾ ਦੇ ਸਕੱਤਰ ਦੀ ਬੇਟੀ ਨਾਲ ਪਿਆਰ ਹੋ ਜਾਂਦਾ ਹੈ ਅਤੇ ਪਿਤਾ ਨੂੰ ਇਹ ਗੱਲ ਪਸੰਦ ਨਹੀਂ ਆਉਂਦੀ। ਦੇਵ ਨੂੰ ਸੱਚਾ ਪਿਆਰ ਨਹੀਂ ਮਿਲ ਪਾਉਂਦਾ ਤਾਂ ਉਹ ਜਨਸੇਵਾ ਵਿਚ ਖ਼ੁਦ ਨੂੰ ਰੁਝਾ ਕਰ ਲੈਂਦਾ ਹੈ।
ਇਥੇ ਕਹਾਣੀ ਪੂਰੀ ਤਰ੍ਹਾਂ ਨਾਲ ਦੇਵਦਾਸ ਨਾਵਲ 'ਤੇ ਆਧਾਰਿਤ ਨਹੀਂ ਹੈ। ਉਸ ਕਹਾਣੀ ਨੂੰ ਅੱਜ ਦੇ ਦੌਰ ਦੇ ਹਿਸਾਬ ਨਾਲ ਪੇਸ਼ ਕੀਤਾ ਗਿਆ ਹੈ। ਇਥੇ ਕਹਾਣੀ ਦੀ ਭੂਮੀ ਰਾਜਨੀਤੀ ਰੱਖੀ ਗਈ ਹੈ।


-ਮੁੰਬਈ ਪ੍ਰਤੀਨਿਧ

ਦੋ ਪਿਤਾਵਾਂ ਨਾਲ ਕੀਤਾ ਲੰਚ ਮੈਨੂੰ ਹਮੇਸ਼ਾ ਯਾਦ ਰਹੇਗਾ-ਮਨੀਸ਼ ਪਾਲ

ਮਨੀਸ਼ ਪਾਲ ਦੀ ਪਛਾਣ ਟੀ. ਵੀ. ਸ਼ੋਅ ਦੇ ਐਂਕਰ ਦੇ ਰੂਪ ਵਿਚ ਬਹੁਤ ਹੈ ਕਿਉਂਕਿ ਬਤੌਰ ਐਂਕਰ ਦਰਜਨ ਤੋਂ ਜ਼ਿਆਦਾ ਵੱਡੇ ਟੀ. ਵੀ. ਸ਼ੋਅ ਉਸ ਦੇ ਨਾਂਅ ਹਨ। ਪਰ ਇਸ ਤਰ੍ਹਾਂ ਦੀ ਗੱਲ ਨਹੀਂ ਹੈ ਕਿ ਉਨ੍ਹਾਂ ਨੇ ਖ਼ੁਦ ਨੂੰ ਸ਼ੋਅ ਸੰਚਾਲਕ ਤਕ ਹੀ ਸੀਮਿਤ ਰੱਖਿਆ ਹੈ। ਸਹੀ ਭੂਮਿਕਾ ਮਿਲਣ 'ਤੇ ਉਹ ਵੱਡੇ ਪਰਦੇ 'ਤੇ ਵੀ ਆਪਣਾ ਕਮਾਲ ਦਿਖਾ ਜਾਂਦੇ ਹਨ। ਮਨੀਸ਼ ਦੀ ਅਗਲੀ ਫ਼ਿਲਮ ਹੈ 'ਬਾ ਬਾ ਬਲੈਕ ਸ਼ੀਪ' ਅਤੇ ਇਸ ਵਿਚ ਉਹ ਬਾਬਾ ਦੇ ਕਿਰਦਾਰ ਵਿਚ ਹਨ।
ਇਹ ਪੁੱਛਣ 'ਤੇ ਕਿ ਫ਼ਿਲਮ ਵਿਚ ਬਾਬਾ ਕਰਦਾ ਕੀ ਹੈ? ਉਹ ਕਹਿਣ ਲੱਗੇ, 'ਕਹਾਣੀ ਦੇ ਹਿਸਾਬ ਨਾਲ ਬਾਬਾ ਪੰਜਾਬੀ ਮੁੰਡਾ ਹੈ ਅਤੇ ਉਹ ਆਪਣੇ ਪਿਤਾ ਦੇ ਨਾਲ ਗੋਆ ਵਿਚ ਰਹਿ ਰਿਹਾ ਹੁੰਦਾ ਹੈ। ਇਥੇ ਅਨੁਪਮ ਖੇਰ ਮੇਰੇ ਪਿਤਾ ਦੀ ਭੂਮਿਕਾ ਵਿਚ ਹਨ। ਜਦੋਂ ਬਾਬਾ 25 ਸਾਲ ਦਾ ਹੋ ਜਾਂਦਾ ਹੈ ਉਦੋਂ ਪਿਤਾ ਉਸ ਦੇ ਸਾਹਮਣੇ ਇਹ ਰਾਜ਼ ਖੋਲ੍ਹਦੇ ਹਨ ਕਿ ਉਹ ਕੰਟ੍ਰੈਕਟ ਕਿੱਲਰ ਹੈ। ਪੈਸੇ ਲੈ ਕੇ ਕਿਸੇ ਦੀ ਜਾਨ ਲੈਣਾ ਉਸ ਦਾ ਖਾਨਦਾਨੀ ਕੰਮ ਹੈ ਅਤੇ ਪਿਛਲੀਆਂ 12 ਪੀੜ੍ਹੀਆਂ ਤੋਂ ਉਹ ਕੰਮ ਕਰਦੇ ਆ ਰਹੇ ਹਨ। ਬਾਬਾ ਇਹ ਪੇਸ਼ਾ ਅਪਣਾਉਣ ਤੋਂ ਇਨਕਾਰ ਕਰ ਦਿੰਦਾ ਹੈ ਪਰ ਬਾਅਦ ਵਿਚ ਉਹ ਕਿਸ ਤਰ੍ਹਾਂ ਆਪਣੇ ਪਰਿਵਾਰ ਨੂੰ ਬਚਾਉਂਦਾ ਹੈ, ਇਹ ਮੇਰਾ ਕਿਰਦਾਰ ਹੈ।
* ਇਥੇ ਅਨੁਪਮ ਖੇਰ ਨਾਲ ਕੰਮ ਕਰਨ ਦਾ ਅਨੁਭਵ ਕਿਸ ਤਰ੍ਹਾਂ ਦਾ ਰਿਹਾ?
-ਬਹੁਤ ਵਧੀਆ। ਮੈਂ ਪਹਿਲੀ ਵਾਰ ਉਨ੍ਹਾਂ ਨਾਲ ਕੰਮ ਕੀਤਾ ਹੈ। ਪਰਦੇ 'ਤੇ ਉਹ ਜਿਸ ਕਿਸੇ ਦੇ ਪਿਤਾ ਬਣੇ ਹਨ, ਉਸ ਐਕਟਰ ਦੀ ਤਾਂ ਕਿਸਮਤ ਚਮਕ ਪੈਂਦੀ ਹੈ। 'ਦਿਲਵਾਲੇ ਦੁਲਹਨੀਆ...' ਵਿਚ ਉਹ ਸ਼ਾਹਰੁਖ ਦੇ ਪਿਤਾ ਬਣੇ ਅਤੇ ਸ਼ਾਹਰੁਖ ਸਟਾਰ ਬਣ ਗਏ। ਇਥੇ ਉਨ੍ਹਾਂ ਤੋਂ ਕਾਫੀ ਕੁਝ ਸਿੱਖਿਆ ਅਤੇ ਉਨ੍ਹਾਂ ਨੇ ਮੇਰਾ ਬਹੁਤ ਮਾਰਗ ਦਰਸ਼ਨ ਵੀ ਕੀਤਾ।
* ਇਥੇ ਪਿਤਾ-ਬੇਟੇ ਵਿਚਾਲੇ ਚੰਗੀ ਕੈਮਿਸਟਰੀ ਦਿਖਾਈ ਗਈ ਹੈ। ਇਸ ਕਮਿਸਟਰੀ ਲਈ ਤੁਹਾਡੇ ਦੋਵਾਂ ਨੂੰ ਕੀ ਕਰਨਾ ਪਿਆ ਸੀ?
-ਸੈੱਟ 'ਤੇ ਪਹਿਲੇ ਹੀ ਦਿਨ ਤੋਂ ਉਹ ਮੈਨੂੰ ਪਿਤਾ ਲੱਗਣ ਲੱਗੇ ਸਨ। ਉਹ ਸਾਥੀ ਕਲਾਕਾਰ ਦਾ ਬਹੁਤ ਹੌਸਲਾ ਵਧਾਉਂਦੇ ਹਨ। ਉਨ੍ਹਾਂ ਵਿਚ ਹਉਮੈ ਨਾਂਅ ਦੀ ਚੀਜ਼ ਨਹੀਂ ਹੈ। ਇਸ ਵਜ੍ਹਾ ਕਰਕੇ ਪਹਿਲੇ ਹੀ ਦਿਨ ਤੋਂ ਸਾਡਾ ਚੰਗਾ ਤਾਲਮੇਲ ਹੋ ਗਿਆ ਸੀ। ਜਦੋਂ ਅਸੀਂ ਗੋਆ ਵਿਚ ਸ਼ੂਟਿੰਗ ਕਰ ਰਹੇ ਸੀ ਤਾਂ ਉਥੇ ਇਕ ਦਿਨ ਮੇਰੇ ਪਾਪਾ ਵੀ ਸ਼ੂਟਿੰਗ ਵਾਲੀ ਥਾਂ 'ਤੇ ਪਹੁੰਚੇ ਸਨ। ਜਦੋਂ ਲੰਚ ਬ੍ਰੇਕ ਦਾ ਐਲਾਨ ਕੀਤਾ ਗਿਆ ਤਾਂ ਮੈਂ ਆਪਣੇ ਪਿਤਾ ਨੂੰ ਲੈ ਕੇ ਵੈਨਿਟੀ ਵੈਨ ਵਿਚ ਚਲਾ ਗਿਆ। ਥੋੜ੍ਹੀ ਦੇਰ ਬਾਅਦ ਅਨੁਪਮ ਜੀ ਮੇਰੀ ਵੈਨ ਵਿਚ ਆਏ ਅਤੇ ਹੱਕ ਦੇ ਲਹਿਜ਼ੇ 'ਚ ਝਿੜਕਦੇ ਹੋਏ ਕਹਿਣ ਲੱਗੇ, 'ਨਾਲਾਇਕ, ਤੇਰੇ ਪਿਤਾ ਆ ਗਏ ਤਾਂ ਤੂੰ ਇਸ ਫ਼ਿਲਮੀ ਪਾਪਾ ਨੂੰ ਭੁੱਲ ਗਿਆ। ਪਿਆਰ ਪ੍ਰਗਟਾਉਣ ਦਾ ਉਨ੍ਹਾਂ ਦਾ ਇਹ ਅੰਦਾਜ਼ ਮੇਰੇ ਦਿਲ ਨੂੰ ਛੂਹ ਗਿਆ ਅਤੇ ਉਸ ਦਿਨ ਮੈਂ ਆਪਣੇ ਦੋ ਪਿਤਾਵਾਂ ਦੇ ਨਾਲ ਲੰਚ ਕੀਤਾ। ਉਹ ਲੰਚ ਮੈਨੂੰ ਜ਼ਿੰਦਗੀ ਭਰ ਯਾਦ ਰਹੇਗਾ।


-ਮੁੰਬਈ ਪ੍ਰਤੀਨਿਧ

ਫ਼ਿਲਮੀ ਜਾਣਕਾਰੀ

* ਗੋਵਿੰਦਾ ਨੂੰ ਉਸ ਦੇ ਸਨੇਹੀ 'ਚੀਚੀ' ਕਹਿ ਕੇ ਬੁਲਾਉਂਦੇ ਹਨ।
* ਕਈ ਦਹਾਕਿਆਂ ਤੋਂ ਫ਼ਿਲਮਾਂ 'ਚ ਗਾਇਕਾ ਦੇ ਤੌਰ 'ਤੇ ਸਥਾਪਿਤ ਬਾਲੀਵੁੱਡ ਦੀ ਮਹਾਨ ਗਾਇਕਾ ਲਤਾ ਮੰਗੇਸ਼ਕਰ ਦਾ ਪਹਿਲਾ ਮਿਹਨਤਾਨਾ ਸਿਰਫ਼ 18 ਰੁਪਏ ਸੀ।
* ਕ੍ਰਿਸ਼ਮਾ ਕਪੂਰ ਨੂੰ ਉਸ ਦੇ ਸਨੇਹੀ ਤੇ ਪਰਿਵਾਰ ਵਾਲੇ 'ਲੋਲੋ' ਕਹਿੰਦੇ ਹਨ।
* ਰਿਤਿਕ ਰੌਸ਼ਨ ਦੇ ਦਾਦਾ ਜੀ ਮਹਾਨ ਸੰਗੀਤਕਾਰ ਰੋਸ਼ਨ ਸਨ।
* ਕਰੀਨਾ ਕਪੂਰ ਜੋ ਵਿਆਹ ਤੋਂ ਬਾਅਦ ਕਰੀਨਾ ਕਪੂਰ ਖ਼ਾਨ ਬਣ ਗਈ, ਦਾ ਘਰੇਲੂ ਨਾਂਅ 'ਬੇਬੋ' ਹੈ।
* ਫ਼ਿਲਮ ਅਭਿਨੇਤਾ ਸਲਮਾਨ ਖ਼ਾਨ ਜਿਸ ਦੇ ਵਿਆਹ ਦੀ ਚਿੰਤਾ ਉਸ ਦੇ ਪਰਿਵਾਰ ਵਾਲਿਆਂ ਨਾਲੋਂ ਜ਼ਿਆਦਾ ਉਸ ਦੇ ਚਾਹੁਣ ਵਾਲੇ ਕਰਦੇ ਹਨ, ਉਸ ਨੂੰ ਲੋਕ 'ਸੱਲੂ' ਸੱਦਦੇ ਹਨ।


ਪੇਸ਼ : ਧਰਮਪਾਲ ਡੋਗਰਾ 'ਮਿੰਟੂ'
E-Mail-mintucartoonistjournalist@gmail.com


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX